Jodhpur Di Hadd (Punjabi Story) : Ali Akbar Natiq

ਜੋਧਪੁਰ ਦੀ ਹੱਦ (ਕਹਾਣੀ) : ਅਲੀ ਅਕਬਰ ਨਾਤਿਕ

“ਮਰਦਾਂ ‘ਤੇ ਤਾਂ ਊਚ-ਨੀਚ ਆਉਂਦੀ ਈ ਰਹਿੰਦੀ ਐ, ਪਰ ਐਹੋ ਜਿਹਾ ਕਹਿਰ ਨਹੀਂ ਢੱਠਾ। ਹੁਣ ਤਾਂ ਜਿਉਣ ਜੋਗੇ ਨਹੀਂ ਰਹੇ|”
“ਅੱਬਾ ਹੁਣ ਤਾਂ ਜੋ ਹੋ ਗਿਆ, ਸੋ ਹੋ ਗਿਆ| ਦਾਗ ਤਾਂ ਲੱਥਣਾ ਨਹੀਂ ਭਾਵੇਂ ਲੱਖ ਸਫਾਈਆਂ ਦਿੰਦੇ ਫਿਰੀਏ। ਹੁਣ ਤਾਂ ਕੁਛ ਇਉਂ ਕੀਤਾ ਜਾਵੇ ਕਿ ਕਿਵੇਂ ਨਾ ਕਿਵੇਂ ਲੋਕਾਂ ਦੇ ਮੂੰਹ ਬੰਦ ਹੋ ਜਾਣ।” ਇਲਿਆਸੇ ਨੇ ਮੂੰਹ ਉਤਾਂਹ ਚੁੱਕੇ ਬਗੈਰ ਜਵਾਬ ਦਿੱਤਾ|
“ਬੇਗੈਰਤ, ਆਪ ਮਰ ਗਿਆ ਤੇ ਇਹ ਸੌਗਾਤ ਛੱਡ ਗਿਆ ਸਾਡੇ ਵਾਸਤੇ, ਬਈ ਸਾਰੀ ਜ਼ਿੰਦਗੀ ਸਿਰ ਨਾ ਚੁੱਕ ਸਕੀਏ।” ਹਾਜੀ ਦੁਬਾਰਾ ਬੋਲਿਆ। ਫਿਰ ਸ਼ਰੀਫ ਵੱਲ ਮੂੰਹ ਕਰ ਕੇ ਜੋ ਅਜੇ ਤੱਕ ਚੁੱਪ ਬੈਠਾ ਸੀ, ਕਹਿਣ ਲੱਗਾ, “ਸ਼ਰੀਫੇ, ਹੁਣ ਤੂੰ ਹੀ ਕੋਈ ਹੱਲ ਦੱਸ, ਮੇਰੀ ਸਮਝ ‘ਚ ਤਾਂ ਕੁਝ ਨਹੀਂ ਆ ਰਿਹਾ।”
ਕੁਝ ਚਿਰ ਠਹਿਰ ਕੇ ਸ਼ਰੀਫ ਬੋਲਿਆ, “ਹਾਜੀ, ਮੈਂ ਬਥੇਰਾ ਸੋਚਿਆ। ਮੈਥੋਂ ਪੁੱਛੋ ਤਾਂ ਹੁਣ ਇਹਦਾ ਇੱਕੋ ਹੱਲ ਹੈ।” ਫਿਰ ਮੂੰਹ ਅੱਗੇ ਕਰ ਕੇ ਹੌਲੀ ਜਿਹੇ ਹਾਜੀ ਸ਼ਰੀਫ ਨੇ ਲਤੀਫ ਅਤੇ ਇਲਿਆਸੇ ਨੂੰ ਆਪਣੀ ਗੱਲ ਸੁਝਾਅ ਦਿੱਤੀ, ਜਿਹਨੂੰ ਸੁਣ ਕੇ ਇਲਿਆਸ ਤਾਂ ਫੌਰਨ ਰਾਜ਼ੀ ਹੋ ਗਿਆ, ਪਰ ਉਹਦਾ ਪਿਓ ਲਤੀਫ ਸੋਚੀਂ ਪੈ ਗਿਆ ਪਰ ਅਖੀਰ ਉਸ ਨੇ ਵੀ ਸਹਿਮਤੀ ਦੇ ਦਿੱਤੀ।


ਜਦੋਂ ਗਫੂਰ ਦੀ ਮਾਂ ਦਾ ਤਲਾਕ ਹੋਇਆ ਸੀ ਤਾਂ ਉਹ ਤਿੰਨ ਕੁ ਵਰ੍ਹਿਆਂ ਦਾ ਸੀ, ਇਸ ਕਰ ਕੇ ਜੋਧਪੁਰ ਪਿੰਡ ਆਉਣ ਵੇਲੇ ਮਾਂ ਉਹਨੂੰ ਵੀ ਆਪਣੇ ਨਾਲ ਲੈ ਆਈ। ਏਥੇ ਗਫੂਰੇ ਦਾ ਨਾਨਾ ਉਹਦੇ ਨਖਰੇ ਝੱਲਣ ਲੱਗਾ। ਜਦੋਂ ਵੀ ਮਸੀਤ ‘ਚ ਨਮਾਜ਼ ਪੜ੍ਹਨ ਜਾਂਦਾ, ਮੁੜਨ ਵੇਲੇ ਮਠਿਆਈ ਜਾਂ ਫਲ ਲੈ ਕੇ ਆਉਂਦਾ। ਖਿਡਾਉਣਿਆਂ ਤੇ ਕੱਪੜਿਆਂ ਦੇ ਢੇਰ ਲੱਗ ਗਏ। ਮਾਂ ਅੱਡ ਪਿਆਰ ਕਰਦੀ। ਬਚਪਨ ਲਾਡ ਪਿਆਰ ਤੇ ਸੁਖ ਸਹੂਲਤਾਂ ਵਿਚ ਲੰਘਣ ਲੱਗਾ। ਪੰਜ ਵਰ੍ਹਿਆਂ ਦਾ ਹੋਇਆ ਤਾਂ ਪਿੰਡ ਦੇ ਸਕੂਲ ‘ਚ ਦਾਖਲ ਕਰਵਾ ਦਿੱਤਾ ਗਿਆ ਪਰ ਕਿਸਮਤ ਨਾਲ ਗਫੂਰੇ ਨੂੰ ਮੱਤ ਇਹੋ ਜਿਹੀ ਮਿਲੀ, ਜੋ ਪੜ੍ਹਾਈ ਦਾ ਭਾਰ ਚੁੱਕਣ ਦੇ ਬਿਲਕੁਲ ਕਾਬਿਲ ਨਹੀਂ ਸੀ। ਇੱਕ ਸਾਲ ਸਕੂਲ ਜਾਂਦੇ ਨੂੰ ਹੋ ਗਿਆ ਪਰ ਮਜਾਲ ਐ, ਇੱਕ ਵੀ ਲਫਜ਼ ਉਹਦੇ ਦਿਮਾਗ ਵਿਚ ਵੜਿਆ ਹੋਵੇ।
ਇੱਕ ਦਿਨ ਉਸਤਾਦ ਨੇ ਗਫੂਰੇ ਅੱਗੇ ਹੱਥ ਜੋੜ ਦਿੱਤੇ ਕਿ ਹਜ਼ੂਰ, ਸਾਡੇ ਵਿਚ ਐਨੀ ਹਿੰਮਤ ਹੈਨੀ, ਬਈ ਤੁਹਾਡੇ ਦਿਮਾਗ ਦਾ ਸਾਥ ਦੇ ਸਕੀਏ ਜਿਹੜਾ ਪੜ੍ਹਾਈ ਲਈ ਬਣਿਆ ਹੀ ਨਹੀਂ, ਪਰ ਗਫੂਰੇ ਦੀ ਮਾਂ ਉਹਨੂੰ ਹਰ ਹਾਲਤ ਵਿਚ ਪੜ੍ਹਾਉਣ ਵਾਸਤੇ ਅੜੀ ਹੋਈ ਸੀ ਤੇ ਸ਼ਾਇਦ ਅੜੀ ਹੀ ਰਹਿੰਦੀ ਕਿ ਅਚਾਨਕ ਗਫੂਰੇ ਦਾ ਨਾਨਾ ਚੱਲ ਵਸਿਆ।
ਚਾਲ੍ਹੀਵਾਂ ਹੋਏ ਨੂੰ ਅਜੇ ਪੰਜ ਦਿਨ ਹੀ ਹੋਏ ਸਨ ਕਿ ਲਤੀਫ ਨੇ ਗਫੂਰੇ ਤੇ ਉਹਦੀ ਮਾਂ ਵਾਸਤੇ ਇੱਕ ਅੱਡ ਜਗ੍ਹਾ ਤੈਅ ਕਰ ਦਿੱਤੀ। ਹੁਣ ਘਰ ਦੇ ਛੋਟੇ ਮੋਟੇ ਕੰਮ ਇਹੀ ਕਰਨ ਲੱਗ ਪਿਆ ਪਰ ਸਿੱਧਾ ਕੰਮ ਮੁਸ਼ਕਿਲ ਨਾਲ ਹੀ ਇਹਦੇ ਹੱਥੋਂ ਸਿਰੇ ਚੜ੍ਹਦਾ। ਹੁਕਮ ਮੰਨਣ ਦੀ ਆਦਤ ਐਨੀ ਕਿ ਘਰ ਦਾ ਨੌਕਰ ਵੀ ਕੋਈ ਕੰਮ ਕਹਿੰਦਾ ਤਾਂ ਇਹ ਭੱਜਿਆ ਫਿਰਦਾ। ਮੋਟੇ ਦਿਮਾਗ ਦਾ ਹੋਣ ਕਰ ਕੇ ਕੰਮ ‘ਚ ਕੋਈ ਨਾ ਕੋਈ ਗੜਬੜ ਜ਼ਰੂਰ ਹੋ ਜਾਂਦੀ ਜਿਸ ਕਰ ਕੇ ਡਾਂਟ ਫਿਟਕਾਰ ਵੀ ਸੁਣਨੀ ਪੈਂਦੀ। ਗਫੂਰੇ ਦੀ ਮਾਂ ਅੰਦਰੇ-ਅੰਦਰ ਕੁੜ੍ਹਦੀ ਰਹਿੰਦੀ ਪਰ ਵਿਚਾਰੀ ਕਰ ਕੁਝ ਨਹੀਂ ਸੀ ਸਕਦੀ ਕਿਉਂਕਿ ਬਾਪ ਦੇ ਮਰਨ ਪਿਛੋਂ ਭਰਾ ਦੇ ਦਰਵਾਜੇ ‘ਤੇ ਏਵੇਂ ਹੀ ਗੁਜ਼ਾਰਾ ਹੁੰਦਾ ਹੈ। ਦੋ ਤਿੰਨ ਮਹੀਨੇ ਏਦਾਂ ਹੀ ਲੰਘ ਗਏ, ਫੇਰ ਸਕੂਲ ਛੱਡ ਦਿੱਤਾ ਕਿਉਂਕਿ ਇਹ ਉਸ ਦੇ ਵੱਸੋਂ ਬਾਹਰ ਸੀ। ਹੁਣ ਹਰ ਕੋਈ ਗਫੂਰੇ ਨੂੰ ਹੀ ਕੰਮ ਕਹਿਣ ਲੱਗਾ: ਗਫੂਰੇ, ਭੱਜ ਕੇ ਜਾ ਸਬਜ਼ੀ ਲੈ ਆ; ਗਫੂਰੇ ਦੌੜ, ਚੱਕੀ ਤੋਂ ਆਟਾ ਪਿਹਾ ਲਿਆ; ਕੋਈ ਕਹਿੰਦਾ- ਗਫੂਰੇ ਭੌਂਦੂ, ਮੇਰੇ ਸਿਰ ‘ਚੋਂ ਜੂਆਂ ਕੱਢ ਦੇ, ਤੇ ਕੋਈ ਉਹਤੋਂ ਲੱਤਾਂ ਘੁਟਵਾਉਂਦਾ। ਮਾਂ ਉਹਨੂੰ ਸਭ ਕੁਝ ਕਰਦੇ ਨੂੰ ਦੇਖਦੀ ਪਰ ਬੇਵਸ ਰਹਿੰਦੀ। ਕਦੇ ਕਦੇ ਉਹਨੇ ਇਹਨੂੰ ਕੰਮ ਕਰਨ ਤੋਂ ਵਰਜਿਆ ਵੀ, ਪਰ ਇਹ ਸ਼ਾਇਦ ਐਹੋ ਜਿਹੇ ਕੰਮ ਕਰ ਕੇ ਖੁਸ਼ ਸੀ ਕਿ ਸਕੂਲ ਤੋਂ ਜਾਨ ਛੁੱਟੀ ਹੋਈ ਹੈ।
ਹੌਲੀ ਹੌਲੀ ਮਾਮਲਾ ਛੋਟੇ ਛੋਟੇ ਕੰਮਾਂ ਤੋਂ ਵਧ ਕੇ ਵੱਡੇ ਕੰਮਾਂ ਤੱਕ ਜਾ ਪਹੁੰਚਿਆ। ਲਤੀਫ ਨੇ ਜ਼ਿਮੀਂਦਾਰੇ ਦੀ ਦੇਖਭਾਲ ਤੇ ਮਾਲ-ਡੰਗਰ ਦਾ ਬੋਝ ਵੀ ਇਹਦੇ ਸਿਰ ਮੜ੍ਹ ਦਿੱਤਾ, ਜਿਵੇਂ ਮੁਫਤ ਦਾ ਨੌਕਰ ਲਤੀਫ ਦੇ ਹੱਥ ਆ ਗਿਆ ਹੋਵੇ। ਵੈਸੇ ਲਤੀਫ ਦਾ ਇੱਕ ਮੁੰਡਾ ਮੁਹੰਮਦ ਇਲਿਆਸ ਵੀ ਸੀ ਪਰ ਉਹ ਵੀ ਆਪਣੇ ਹਿੱਸੇ ਦਾ ਕੰਮ ਗਫੂਰੇ ਤੋਂ ਕਰਵਾਉਂਦਾ ਤੇ ਰੋਅਬ ਅੱਡ ਝਾੜਦਾ। ਕਦੇ ਕਦੇ ਬੜੀ ਬੇਦਰਦੀ ਨਾਲ ਕੁੱਟਦਾ ਵੀ। ਪੰਦਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮਾਂ ਚੱਲ ਵਸੀ, ਜਿਹਦੇ ਕਰ ਕੇ ਪੰਦਰਾਂ ਵੀਹ ਦਿਨ ਤਾਂ ਲੋਕ ਸਲੀਕੇ ਨਾਲ ਪੇਸ਼ ਆਏ, ਫੇਰ ਉਸ ਤੋਂ ਬਾਅਦ ਖੁੱਲ੍ਹ ਕੇ ਖੇਡਣ ਲੱਗੇ।
ਹੁਣ ਗਫੂਰੇ ਭੌਂਦੂ ਨੂੰ ਦੋ ਹੀ ਕੰਮ ਰਹਿ ਗਏ ਸਨ ਕਿ ਹਰ ਕਿਸੇ ਦਾ ਹੁਕਮ ਮੰਨਣਾ ਅਤੇ ਰੋਟੀ ਖਾ ਕੇ ਮੱਝਾਂ ਵਾਲੇ ਵਾੜੇ ਵਿਚ ਹੀ ਸੌਂ ਜਾਣਾ। ਨੌਕਰ ਚਾਕਰ ਵੀ ਆਪਣਾ ਕੰਮ ਇਸੇ ਤੋਂ ਕਰਵਾਉਣ ਲੱਗੇ। ਐਨਾ ਜ਼ਿਆਦਾ ਆਗਿਆਕਾਰੀ ਹੋਣ ਦੀ ਆਦਤ ਨੇ ਉਹਨੂੰ ਡਰਪੋਕ ਵੀ ਬਣਾ ਦਿੱਤਾ ਸੀ। ਆਪਣਾ ਵਿਚਾਰ ਤੇ ਆਪਣੀ ਸੋਚ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਸਨ, ਏਥੋਂ ਤੱਕ ਕੇ ਰੋਟੀ ਵੀ ਉਦੋਂ ਖਾਂਦਾ ਜਦੋਂ ਕੋਈ ਉਹਨੂੰ ਕਹਿੰਦਾ। ਕਈ ਵਾਰ ਤਾਂ ਭੁੱਖਾ ਹੀ ਸੌਂ ਜਾਂਦਾ। ਮੱਝਾਂ ਦਾ ਦੁੱਧ ਚੋ ਕੇ ਘਰੇ ਪੁਚਾਉਂਦਾ, ਮਜਾਲ ਐ ਇੱਕ ਤੁਪਕਾ ਵੀ ਕਦੇ ਪੀਤਾ ਹੋਵੇ। ਇਨ੍ਹਾਂ ਖੂਬੀਆਂ ਤੇ ਗੀਦੀਪੁਣੇ ਕਰ ਕੇ ਗਫੂਰੇ ਦਾ ਨਾਂ ਗਫੂਰਾ ਭੌਂਦੂ ਪਿਆ ਸੀ। ਆਪਣੇ ਮਮੇਰੇ ਭਰਾ ਇਲਿਆਸ ਤੋਂ ਤਾਂ ਏਵੇਂ ਡਰਦਾ ਸੀ ਜਿਵੇਂ ਉਹ ਯਮਦੂਤ ਹੋਵੇ। ਹਾਲਾਂਕਿ ਦੋਵੇਂ ਜਣੇ ਇੱਕੋ ਉਮਰ ਦੇ ਸਨ ਪਰ ਗਫੂਰਾ ਉਹਦਾ ਹਰ ਹੁਕਮ ਬਿਨਾ ਚੂੰ ਕੀਤੇ ਮੰਨਦਾ ਸੀ। ਇਨ੍ਹਾਂ ਹਾਲਾਤ ਵਿਚ ਉਹ ਪੱਚੀ ਵਰ੍ਹਿਆਂ ਦਾ ਹੋ ਗਿਆ।


ਕਰੀਮਾਂ ਘਰ ਤੋਂ ਬਾਹਰ ਨਿਕਲਦੀ ਤਾਂ ਪਿੰਡ ਵਿਚ ਤੂਫਾਨ ਆ ਜਾਂਦਾ। ਮਰ ਜਾਣੀ ਦੇ ਨੈਣ ਨਕਸ਼ ਇਹੋ ਜਿਹੇ ਸਨ ਕਿ ਕਹਿਰ ਸੀ। ਸਫੈਦ ਕਲੀਆਂ ਦੇ ਗਜਰੇ ਵਾਲਾਂ ਵਿਚ ਟੰਗੀ ਰੱਖਦੀ, ਕਲਾਈਆਂ ਚੂੜੀਆਂ ਨਾਲ ਭਰੀਆਂ ਰਹਿੰਦੀਆਂ ਤੇ ਨੱਕ ਦੀ ਨੱਥ ਤਾਂ ਚੰਦ ਵਰਗੀ ਸੁਹਣੀ ਸੀ। ਸੀ ਤਾਂ ਅਜੇ ਕੁਆਰੀ ਪਰ ਤੌਰ ਤਰੀਕੇ ਸਾਰੇ ਵਿਆਹੀਆਂ ਵਾਲੇ। ਅਜੇ ਦਸਾਂ ਕੁ ਵਰ੍ਹਿਆਂ ਦੀ ਹੋਣੀ ਐ ਕਿ ਪਿਉ ਅਸਮਾਨੀ ਬਿਜਲੀ ਡਿੱਗਣ ਨਾਲ ਸੜ ਕੇ ਚੱਲ ਵਸਿਆ, ਤੇ ਏਸ ਕਰ ਕੇ ਭਤੀਜੀ ਦਾ ਪਾਲਣ ਪੋਸਣ ਵੀ ਲਤੀਫ ਦੇ ਜ਼ਿੰਮੇ ਆ ਪਿਆ। ਪਿਓ ਕਿਉਂਕਿ ਪੰਜਾਹ ਏਕੜ ਛੱਡ ਕੇ ਮਰਿਆ ਸੀ, ਇਸ ਕਰ ਕੇ ਨਖਰੇ ਸਿਰ ਚੜ੍ਹ ਕੇ ਬੋਲਦੇ। ਲਤੀਫ ਤੇ ਇਲਿਆਸ ਤਾਂ ਇੱਕ ਪਾਸੇ, ਇਹਨੇ ਤਾਂ ਕਦੇ ਮਾਂ ਦੀ ਵੀ ਨਹੀਂ ਸੀ ਸੁਣੀ। ਕਦੇ ਕਿਸੇ ਸਹੇਲੀ ਦੇ ਘਰੇ ਚਲੀ ਜਾਂਦੀ ਤੇ ਕਦੇ ਆਪਣੇ ਖੇਤ ਨੂੰ ਸਾਗ ਲੈਣ। ਇਹ ਕੰਮ ਤਾਂ ਸਿਰਫ ਬਹਾਨੇ ਸੀ, ਅਸਲ ‘ਚ ਉਸ ਨੇ ਆਪਣੇ ਹੁਸਨ ਦੀ ਮਸ਼ਹੂਰੀ ਕਰਨੀ ਹੁੰਦੀ ਸੀ। ਇਲਿਆਸ ਨੇ ਫੜ੍ਹ ਕੇ ਕਈ ਵਾਰ ਕੁੱਟਿਆ ਬਲਕਿ ਇੱਕ ਦਿਨ ਤਾਂ ਕੁੱਟ ਕੁੱਟ ਕੇ ਅਧਮਰਿਆ ਕਰ ਦਿੱਤਾ ਤੇ ਸਿਰ ਵੀ ਪਾੜ ਛੱਡਿਆ, ਪਰ ਓਧਰ ਓਹੀ ਬੰਸਰੀ ਓਹੀ ਰਾਗ। ਸਾਫ ਕਹਿੰਦੀ, ਮੈਂ ਨਹੀਂ ਕਿਸੇ ਤੋਂ ਦੱਬਣ ਵਾਲੀ, ਜੋ ਜੀ ‘ਚ ਆਊ, ਕਰੂੰਗੀ।
ਆਖਿਰ ਇੱਕ ਦਿਨ ਲਤੀਫ ਨੇ ਹਾਜੀ ਸ਼ਰੀਫ ਨਾਲ ਸਲਾਹ ਕਰ ਕੇ ਕਰੀਮਾਂ ਨੂੰ ਗਫੂਰੇ ਭੌਂਦੂ ਨਾਲ ਗੰਢ ਦਿੱਤਾ। ਵਿਚਾਰੀ ਬਹੁਤ ਚੀਕੀ, ਬਈ ਮੈਂ ਕਿਸੇ ਹਾਲਤ ਵਿਚ ਵੀ ਭੌਂਦੂ ਨਾਲ ਵਿਆਹ ਨਹੀਂ ਕਰਨਾ। ਕਰੀਮਾਂ ਦੀ ਮਾਂ ਨੇ ਅੱਡ ਰੌਲਾ ਪਾਇਆ ਕਿ ਇਹ ਜ਼ੁਲਮ ਕਿਉਂ ਕਰਦੇ ਓਂ, ਮੇਰੀ ਧੀ ਨੂੰ ਬੇਵਕੂਫ ਬੁੱਧੂ ਪੱਲੇ ਕਿਉਂ ਬੰਨ ਰਹੇ ਓਂ। ਪਰ ਅਖੀਰ ਫੈਸਲਾ ਉਹੀ ਹੋਇਆ ਜੋ ਲਤੀਫ ਤੇ ਹਾਜੀ ਸ਼ਰੀਫ ਨੇ ਕੀਤਾ। ਤੇ ਠੀਕ ਓਸੇ ਦਿਨ ਇਲਿਆਸ ਦਾ ਵਿਆਹ ਹਾਜੀ ਸ਼ਰੀਫ ਦੀ ਧੀ ਸਮੀਨਾ ਨਾਲ ਪੜ੍ਹਾ ਦਿੱਤਾ ਗਿਆ। ਇਸ ਤਰ੍ਹਾਂ ਨਾਲ ਹਾਜੀ ਸ਼ਰੀਫ ਤੇ ਲਤੀਫ ਹੋਰ ਨੇੜੇ ਦੇ ਸਾਂਝੀਵਾਲ ਬਣ ਗਏ, ਸਾਢੂ ਤਾਂ ਪਹਿਲਾਂ ਹੀ ਸਨ।
ਉਂਜ ਤਾਂ ਕਰੀਮਾਂ ਦਾ ਆਪਣੇ ਪਿਓ ਦੀ ਜਾਇਦਾਦ ‘ਤੇ ਹੱਕ ਸੀ ਪਰ ਸਿਰਫ ਕਾਗਜ਼ਾਂ ਦੀ ਹੱਦ ਤੱਕ; ਉਸ ਜਮੀਨ ‘ਤੇ ਅਸਲ ਕਬਜ਼ਾ ਇਲਿਆਸ ਤੇ ਲਤੀਫ ਦਾ ਹੀ ਸੀ। ਗਫੂਰਾ ਭੌਂਦੂ ਕਹਿਣ ਨੂੰ ਤਾਂ ਉਨ੍ਹਾਂ ਦਾ ਜਵਾਈ ਸੀ ਪਰ ਅਸਲ ਵਿਚ ਉਸ ਦੀ ਹੈਸੀਅਤ ਅਜੇ ਵੀ ਨੌਕਰਾਂ ਵਾਲੀ ਸੀ। ਕਰੀਮਾਂ ਨੇ ਗਫੂਰੇ ਨਾਲ ਵਿਆਹੀ ਆਉਣ ਤੋਂ ਬਾਅਦ ਪਹਿਲਾਂ ਪਹਿਲਾਂ ਤਾਂ ਕਾਫੀ ਸਿਰ ਚੁੱਕਿਆ ਤੇ ਗਫੂਰੇ ਨਾਲ ਗਾਲੀ ਗਲੋਚ ਵੀ ਕਰਦੀ, ਇਥੋਂ ਤੱਕ ਕੇ ਚਿਮਟੇ ਤੇ ਡੋਲੂ ਨਾਲ ਮੁਰੰਮਤ ਵੀ ਕਰ ਦਿੰਦੀ। ਫੇਰ ਹੌਲੀ ਹੌਲੀ ਸਹਿਜ ਹੋ ਗਈ ਤੇ ਉਹਨੂੰ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਨੌਕਰ ਨਹੀਂ ਬਲਕਿ ਇਸ ਘਰ ਦਾ ਮਾਲਿਕ ਹੈ ਪਰ ਉਹ ਰਿਹਾ ਭੌਂਦੂ ਦਾ ਭੌਂਦੂ। ਐਨਾ ਗੱਭਰੂ ਹੋਣ ਦੇ ਬਾਵਜੂਦ ਇਲਿਆਸ ਤੋਂ ਬਿਨਾ ਕਿਸੇ ਵਿਰੋਧ ਦੇ ਕੁੱਟ ਖਾਂਦਾ।
ਕਰੀਮਾਂ ਲੱਖ ਰੌਲਾ ਪਾਉਂਦੀ ਕਿ ਆਪਣਾ ਕੰਮ ਕਰ, ਪਰ ਇਹ ਮਾਂ ਦਾ ਪੁੱਤ ਉਨ੍ਹਾਂ ਦੇ ਘਰ ਦਾ ਨੌਕਰ। ਵਿਆਹ ਹੋਏ ਨੂੰ ਦੋ ਸਾਲ ਹੋ ਗਏ ਪਰ ਭੌਂਦੂ ਨੇ ਅਜੇ ਤੱਕ ਮੱਝਾਂ ਵਾਲਾ ਵਾੜਾ ਨਹੀਂ ਸੀ ਛੱਡਿਆ। ਹੱਥ ਪੈਰ ਹਰ ਵੇਲੇ ਗੋਹੇ ਨਾਲ ਲਿੱਬੜੇ ਰਹਿੰਦੇ। ਕਰੀਮਾਂ ਹਫਤੇ ਦਸੀਂ ਦਿਨੀਂ ਜ਼ਬਰਦਸਤੀ ਨਵ੍ਹਾ ਦਿੰਦੀ। ਜਿੰਨੀ ਉਹ ਸੁਘੜ ਤੇ ਸਜ-ਫਬ ਕੇ ਰਹਿਣ ਵਾਲੀ ਸੀ, ਓਨਾ ਹੀ ਇਹ ਬੂਝੜ ਤੇ ਮੈਲਾ-ਕੁਚੈਲਾ ਰਹਿਣ ਵਾਲਾ ਸੀ। ਕਰੀਮਾਂ ਜਦ ਵੀ ਇਲਿਆਸ ਨੂੰ ਵੇਖਦੀ ਕਿ ਉਹ ਗਫੂਰੇ ‘ਤੇ ਹੁਕਮ ਝਾੜ ਰਿਹਾ ਹੈ ਤਾਂ ਉਹ ਸੜ ਕੇ ਸਵਾਹ ਹੋ ਜਾਂਦੀ ਅਤੇ ਸੋਚਦੀ ਕਿ ਰੱਬ ਜਾਣੇ ਮਰ ਜਾਣਿਆਂ ਨੇ ਕੀ ਘੋਲ ਤਵੀਤ ਪਿਆਏ ਨੇ ਕਿ ਐਨਾ ਹੱਟਾ ਕੱਟਾ ਹੋ ਗਿਐ ਪਰ ਬਲਦ ਵਾਂਗੂ ਹੁਕਮ ਮੰਨਦਾ ਰਹਿੰਦੈ।

ਏਸੇ ਤਰ੍ਹਾਂ ਤਿੰਨ ਸਾਲ ਲੰਘ ਗਏ। ਇਲਿਆਸੇ ਦੇ ਘਰ ਦੋ ਬੱਚੇ ਹੋ ਗਏ। ਸਮੀਨਾ ਹਿੱਕ ਤਾਣ ਕੇ ਕਰੀਮਾਂ ਦੇ ਕੋਲ ਦੀ ਲੰਘਦੀ ਤੇ ਗੱਲ-ਗੱਲ ‘ਤੇ ਚੋਟ ਕਰ ਜਾਂਦੀ। ਐਧਰ ਇਹ ਖਾਲੀ ਕੁੱਖ, ਅੰਦਰ ਹੀ ਅੰਦਰ ਕੁੜ੍ਹਦੀ ਰਹਿੰਦੀ ਤੇ ਗਫੂਰੇ ਨੂੰ ਕੋਸਦੀ, ਪਰ ਉਹ ਬਰਫ ਵਾਂਗੂੰ ਠੰਢਾ, ਜਿਵੇਂ ਕੋਈ ਰੋਬੋਟ ਕੰਮ ਵਾਸਤੇ ਬਣਾਇਆ ਗਿਆ ਹੋਵੇ। ਕਰੀਮਾਂ ਦੇ ਕੋਲ ਆਉਣੋਂ ਵੀ ਡਰਦਾ ਕਿ ਕਿਤੇ ਕਰੰਟ ਨਾ ਵੱਜ ਜਾਵੇ। ਵਿਚਾਰੀ ਪਿੰਡ ਦੀਆਂ ਬੁੜ੍ਹੀਆਂ ਦੇ ਤਾਅਨੇ ਅੱਡ ਸੁਣਦੀ।
ਫਿਰ ਇਕ ਰਾਤੀਂ ਉਹੀ ਹੋਇਆ ਜੋ ਆਖਿਰ ਹੋਣਾ ਸੀ। ਕਰੀਮਾਂ ਸ਼ਾਕੇ ਨਾਲ ਭੱਜ ਗਈ, ਜੋ ਇਸ ਘਰ ਦਾ ਨੌਕਰ ਸੀ, ਅਤੇ ਚੌਧਰੀਆਂ ਦੀ ਨੱਕ ਵੱਢੀ ਗਈ। ਪਿੰਡ ‘ਚ ਗੱਲਾਂ ਹੋਣ ਲੱਗੀਆਂ। ਹਾਜੀ ਲਤੀਫ ਜੋ ਅਜੇ ਦੋ ਮਹੀਨੇ ਪਹਿਲਾਂ ਹੀ ਹੱਜ ਕਰ ਕੇ ਆਇਆ ਸੀ, ਮਸੀਤੇ ਜਾਣ ਤੋਂ ਡਰਨ ਲੱਗਾ। ਇਲਿਆਸੇ ਦੇ ਪੈਰਾਂ ਹੇਠਾਂ ਤਾਂ ਜਿਵੇਂ ਅੰਗਾਰੇ ਆ ਗਏ। ਉਹ ਕਦੇ ਗਫੂਰੇ ਨੂੰ ਕੁੱਟਦਾ ਅਤੇ ਕਦੇ ਕਰੀਮਾਂ ਦੀ ਮਾਂ ਨੂੰ ਕੋਸਦਾ ਕਿ ਉਹਨੇ ਕਿਹੋ ਜਿਹੀ ਡਾਇਣ ਪੈਦਾ ਕੀਤੀ ਜੋ ਘਰ ਦੀ ਇੱਜਤ ਖਾ ਗਈ।
ਏਧਰ ਗਫੂਰੇ ਨੇ ਚੁੱਪ ਸਾਧ ਲਈ। ਉਹ ਕੰਮ ਤਾਂ ਓਸੇ ਤਰ੍ਹਾਂ ਹੀ ਕਰਦਾ ਰਿਹਾ ਪਰ ਵਿਹਾਰ ‘ਚ ਬੇਚੈਨੀ ਅਤੇ ਰੁੱਖਾਪਣ ਆ ਗਿਆ। ਹੁਣ ਉਹ ਵਾੜੇ ‘ਚ ਰਹਿਣ ਦੀ ਥਾਂ ਘਰੇ ਆ ਜਾਂਦਾ ਅਤੇ ਗਈ ਰਾਤ ਤੱਕ ਚੁੱਲ੍ਹੇ ਦੀ ਠੰਢੀ ਸੁਆਹ ਫਰੋਲਦਾ ਰਹਿੰਦਾ। ਜੇ ਕੋਈ ਬੁਲਾਉਂਦਾ ਤਾਂ ਬਿਲਕੁਲ ਜਵਾਬ ਨਾ ਦਿੰਦਾ। ਉਠ ਕੇ ਅੰਦਰ ਚਲਿਆ ਜਾਂਦਾ ਅਤੇ ਕਰੀਮਾਂ ਦੇ ਕੱਪੜਿਆਂ ‘ਚ ਮੂੰਹ ਲੁਕੋ ਕੇ ਰੋਣ ਲੱਗ ਪੈਂਦਾ ਅਤੇ ਵਾਰ ਵਾਰ ਕਰੀਮਾਂ ਦੇ ਸਮਾਨ ਅਤੇ ਚੀਜ਼ਾਂ ਟਟੋਲਦਾ ਤੇ ਫੇਰ ਘਰੋਂ ਚਲਿਆ ਜਾਂਦਾ। ਇਸ ਹਾਲਤ ‘ਚ ਕਾਫੀ ਦਿਨ ਲੰਘ ਗਏ। ਹਾਲਤ ਕਮਲੇ ਵਰਗੀ ਹੋ ਗਈ। ਬਿਨਾ ਗੱਲ ਤੋਂ ਡੰਗਰਾਂ ਨੂੰ ਕੁੱਟਣ ਲੱਗ ਜਾਂਦਾ ਅਤੇ ਹੌਲੀ ਹੌਲੀ ਪਤਾ ਨਹੀਂ ਕੀ-ਕੀ ਬੁੜਬੁੜਾਉਂਦਾ।
ਇੱਕ ਪਾਸੇ ਗਫੂਰੇ ਦੀ ਇਹ ਹਾਲਤ ਸੀ, ਦੂਜੇ ਪਾਸੇ ਇਲਿਆਸੇ ਨੇ ਆਪਣੇ ਸਾਰੇ ਵਸੀਲੇ ਸ਼ਾਕੇ ਤੇ ਕਰੀਮਾਂ ਨੂੰ ਲੱਭਣ ‘ਚ ਲਾ ਦਿੱਤੇ। ਉਨ੍ਹਾਂ ਨੂੰ ਇਹੋ ਦੁੱਖ ਸੀ ਕਿ ਕੋਈ ਤੇਲੀ ਉਨ੍ਹਾਂ ਦੀ ਇੱਜਤ ਕਿਵੇਂ ਲੈ ਗਿਆ।
ਆਖਿਰ ਤਿੰਨ ਮਹੀਨੇ ਦੀ ਭੱਜ ਦੌੜ ਤੋਂ ਬਾਅਦ ਦੋਹਾਂ ਦਾ ਪਤਾ ਲੱਗ ਗਿਆ। ਹਵੇਲੀ ਲੱਖਾ ਦੇ ਪਿੰਡ ਦੇਵਾ ਸਿੰਘ ਜੋ ਜ਼ਿਲ੍ਹਾ ਕਸੂਰ ਤੋਂ ਡੇਢ ਸੌ ਮੀਲ ਦੂਰ ਸੀ, ਦੇ ਕਿਸੇ ਚੌਧਰੀ ਕੋਲ ਪਨਾਹ ਲਈ ਹੋਈ ਸੀ। ਛਾਪਾ ਮਾਰਿਆ ਤਾਂ ਸ਼ਾਕਾ ਤੇਲੀ ਤਾਂ ਭੱਜ ਗਿਆ, ਪਰ ਕਰੀਮਾਂ ਫੜ੍ਹੀ ਗਈ। ਉਹ ਉਹਨੂੰ ਘਰ ਲੈ ਆਏ। ਮਾਂ ਨੇ ਕੋਸਿਆ, ਇਲਿਆਸੇ ਨੇ ਕੁੱਟ ਕੁੱਟ ਕੇ ਬਾਹਵਾਂ ਤੋੜ ਦਿੱਤੀਆਂ। ਹਾਜੀ ਲਤੀਫ ਤੇ ਹਾਜੀ ਸ਼ਰੀਫ ਨੇ ਅੱਡ ਸਿਰ ‘ਚ ਡਾਂਗਾਂ ਦੇ ਵਾਰ ਕੀਤੇ। ਰਾਤ ਨੂੰ ਕਮਰੇ ‘ਚ ਬੰਦ ਕਰ ਕੇ ਜਿੰਦਾ ਲਾ ਦਿੱਤਾ, ਜਿਹਦੀ ਚਾਬੀ ਇਲਿਆਸੇ ਨੇ ਆਪਣੇ ਕੋਲ ਰੱਖ ਲਈ ਅਤੇ ਕਰੀਮਾਂ ਬਾਰੇ ਆਖਰੀ ਫੈਸਲਾ ਕਰਨ ਲੱਗੇ ਕਿ ਹੁਣ ਇਸ ਦਾ ਕੀਤਾ ਕੀ ਜਾਵੇ। ਪੂਰੇ ਪਿੰਡ ‘ਚ ਸੰਨਾਟਾ ਪਸਰਿਆ ਹੋਇਆ ਸੀ। ਕਿਸੇ ਬੰਦੇ ਦੀ ਮਜਾਲ ਨਹੀਂ ਸੀ ਕਿ ਕੋਈ ਗੱਲ ਕਰੇ। ਇਲਿਆਸੇ ਦਾ ਰੋਅਬ ਅਤੇ ਦਬਦਬਾ ਨਾ ਸਿਰਫ ਸਾਰੇ ਘਰ ‘ਤੇ ਸੀ ਬਲਕਿ ਪਿੰਡ ਦਾ ਹਰ ਬੰਦਾ ਓਸ ਤੋਂ ਡਰਦਾ ਸੀ। ਹਰ ਕਿਸੇ ਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੈ।
ਹੁਣ ਜਦੋਂ ਫੈਸਲਾ ਕਰਨ ਬੈਠੇ ਤਾਂ ਹਾਜੀ ਲਤੀਫ, ਹਾਜੀ ਸ਼ਰੀਫ ਤੇ ਇਲਿਆਸੇ ਤੋਂ ਬਿਨਾ ਓਥੇ ਕੋਈ ਨਹੀਂ ਸੀ। ਨਾ ਕਿਸੇ ਨੂੰ ਕੋਈ ਇਜਾਜ਼ਤ ਸੀ ਕਿ ਉਨ੍ਹਾਂ ਨੂੰ ਕੋਈ ਸਲਾਹ ਦੇਵੇ। ਕਰੀਮਾਂ ਦੀ ਮਾਂ ਨੇ ਦੋ ਤਿੰਨ ਵਾਰ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਇਲਿਆਸੇ ਦੀ ਘੂਰ ਤੋਂ ਡਰ ਕੇ ਪਿਛਾਂਹ ਮੁੜ ਗਈ।


ਰਾਤ ਦੇ ਇਕ ਵਜੇ ਇਲਿਆਸੇ ਨੇ ਗਫੂਰੇ ਭੌਂਦੂ ਨੂੰ ਬੁਲਾਇਆ ਅਤੇ ਕਰੀਮਾਂ ਨੂੰ ਕਮਰੇ ਤੋਂ ਬਾਹਰ ਲਿਆ ਕੇ ਤੁਰ ਪਏ। ਹਾਜੀ ਸ਼ਰੀਫ ਵੀ ਨਾਲ ਸੀ। ਕਰੀਮਾਂ ਦੀ ਮਾਂ ਦੋਹੱਥੜ ਪਿੱਟਣ ਲੱਗੀ ਕਿ ਮੇਰੀ ਧੀ ਨੂੰ ਨਾ ਮਾਰੋ, ਥੋਨੂੰ ਰੱਬ ਦਾ ਵਾਸਤਾ ਹੈ, ਤੇ ਇਲਿਆਸੇ ਦੇ ਹੱਥੋਂ ਕਰੀਮਾਂ ਨੂੰ ਖੋਹਣ ਲੱਗੀ। ਓਸੇ ਹੱਥੋ-ਪਾਈ ‘ਚ ਓਹਨੇ ਇਲਿਆਸੇ ਦੀ ਬਾਂਹ ‘ਤੇ ਦੰਦੀ ਵੀ ਵੱਢ ਦਿੱਤੀ। ਇਲਿਆਸੇ ਨੇ ਦੋ ਤਿੰਨ ਲੱਫੜ ਆਪਣੀ ਤਾਈ, ਕਰੀਮਾਂ ਦੀ ਮਾਂ ਦੇ ਵੀ ਜੜ ਦਿੱਤੇ। ਵਿਚਾਰੀ ਮੂੰਹ ਭਾਰ ਭੁੰਜੇ ਡਿੱਗ ਪਈ। ਜਦੋਂ ਕਰੀਮਾਂ ਦੀ ਮਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਇਲਿਆਸੇ ਨੇ ਉਹਨੂੰ ਫੜ੍ਹ ਕੇ ਓਸੇ ਕਮਰੇ ‘ਚ ਹੀ ਬੰਦ ਕਰ ਦਿੱਤਾ ਜਿਸ ਵਿਚ ਕਰੀਮਾਂ ਨੂੰ ਕੀਤਾ ਸੀ, ਅਤੇ ਕਰੀਮਾਂ ਨੂੰ ਲੈ ਕੇ ਬਾਹਰ ਵੀਰਾਨੇ ‘ਚ ਆ ਗਏ। ਕੁਹਾੜੀ ਤੇ ਕਹੀ ਉਨ੍ਹਾਂ ਦੇ ਕੋਲ ਸੀ। ਇਲਿਆਸ ਨੇ ਕਰੀਮਾਂ ਦੇ ਮੂੰਹ ‘ਚ ਕੱਪੜਾ ਤੁੰਨ ਕੇ ਤੇ ਹੱਥ ਪੈਰ ਬੰਨ੍ਹ ਕੇ ਇੱਕ ਪਾਸੇ ਲੰਮੇ ਪਾ ਦਿੱਤਾ ਤੇ ਗਫੂਰੇ ਨੂੰ ਨਾਲ ਲਾ ਕੇ ਟੋਇਆ ਪੁੱਟਣ ਲੱਗਾ। ਹਾਜੀ ਸ਼ਰੀਫ ਬੈਠਾ ਦੇਖਦਾ ਰਿਹਾ, ਜਦੋਂ ਟੋਇਆ ਛੇ ਫੁੱਟ ਡੂੰਘਾ ਪੁੱਟਿਆ ਗਿਆ ਤਾਂ ਇਲਿਆਸੇ ਨੇ ਫੜ੍ਹ ਕੇ ਕਰੀਮਾਂ ਨੂੰ ਅੰਦਰ ਸੁੱਟ ਦਿੱਤਾ ਤੇ ਗਫੂਰੇ ਨੂੰ ਹੁਕਮ ਦਿੱਤਾ ਕਿ ਕਹੀ ਨਾਲ ਉੱਪਰ ਮਿੱਟੀ ਸੁੱਟੇ। ਹਾਜੀ ਸ਼ਰੀਫ ਵੀ ਹੱਥਾਂ ਨਾਲ ਮਿੱਟੀ ਸੁੱਟਣ ਲੱਗਾ। ਕਰੀਮਾਂ ਦੇ ਮੂੰਹ ‘ਚ ਕੱਪੜਾ ਤੁੰਨਿਆ ਹੋਇਆ ਸੀ, ਫੇਰ ਵੀ ਉਹ ਵਾਰ ਵਾਰ ਕਦੇ ਇਲਿਆਸੇ, ਕਦੇ ਹਾਜੀ ਸ਼ਰੀਫ ਵੱਲ ਰਹਿਮ ਭਰੀ ਨਜ਼ਰ ਨਾਲ ਦੇਖਦੀ ਰਹੀ, ਜਿਸ ਦਾ ਉਨ੍ਹਾਂ ਉਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਬਲਕਿ ਹਾਜੀ ਸ਼ਰੀਫ ਹੋਰ ਵੀ ਤੇਜ਼ੀ ਨਾਲ ਮਿੱਟੀ ਸੁੱਟਣ ਲੱਗ ਪਿਆ।

ਗਫੂਰਾ ਵੀ ਹੌਲੀ ਹੌਲੀ ਮਿੱਟੀ ਸੁੱਟਣ ਲੱਗਾ ਪਰ ਇਲਿਆਸੇ ਨੇ ਗਫੂਰੇ ਹੱਥੋਂ ਕਹੀ ਫੜ੍ਹ ਕੇ ਛੇਤੀ ਛੇਤੀ ਮਿੱਟੀ ਪਾਉਣੀ ਸ਼ੁਰੂ ਕਰ ਦਿਤੀ। ਕਰੀਮਾਂ ਦਾ ਚਿਹਰਾ ਮਿੱਟੀ ‘ਚ ਲੁਕਣ ਲੱਗਾ ਤਾਂ ਉਸ ਨੇ ਆਖਿਰੀ ਵਾਰ ਰਹਿਮ ਭਰੀਆਂ ਨਜ਼ਰਾਂ ਨਾਲ ਗਫੂਰੇ ਭੌਂਦੂ ਵੱਲ ਵੇਖਿਆ। ਉਸੇ ਵੇਲੇ ਗਫੂਰੇ ਦਾ ਹੱਥ ਕੁਹਾੜੀ ‘ਤੇ ਜਾ ਪਿਆ ਤੇ ਇਕੋ ਦਮ ਇਲਿਆਸੇ ਦੇ ਸਿਰ ‘ਤੇ ਲੋਹੇ ਦਾ ਪਹਾੜ ਡਿੱਗ ਪਿਆ, ਉਸ ਤੋਂ ਬਾਅਦ ਹਾਜੀ ਸ਼ਰੀਫ ਦੋ ਪੈਰ ਵੀ ਨਾ ਭੱਜ ਸਕਿਆ। ਫੇਰ ਭੌਂਦੂ ਤੇ ਕਰੀਮਾਂ ਨੇ ਰਲ ਕੇ ਇਲਿਆਸੇ ਤੇ ਸ਼ਰੀਫ ਨੂੰ ਓਸ ਟੋਏ ‘ਚ ਦਫਨ ਕਰ ਦਿੱਤਾ ਅਤੇ ਰਾਤ ਦੇ ਚਾਰ ਵਜੇ ਤੋਂ ਪਹਿਲਾਂ ਪਿੰਡ ਜੋਧਪੁਰ ਪਿੰਡ ਦੀ ਹੱਦ ਟੱਪ ਗਏ।

(ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ: ਜਸਦੀਪ ਸਿੰਘ)

  • ਮੁੱਖ ਪੰਨਾ : ਅਲੀ ਅਕਬਰ ਨਾਤਿਕ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ