ਪਾਤਰ ਸੂਚੀ ਜੂਲੀਅਸ ਸੀਜ਼ਰ
ਜੂਲੀਅਸ ਸੀਜ਼ਰ
ਜੂਲੀਅਸ ਸੀਜ਼ਰ ਪਿੱਛੋਂ ਬਣਿਆ ਤ੍ਰਿਤੰਤਰਫ-
ਔਕਟੇਵੀਅਸ ਸੀਜ਼ਰ
ਮਾਰਕਸ ਐਨਟਨੀ
ਐਮ.ਐਮਿਲ ਲੈਪੀਡਸ
ਸਾਂਸਦ
ਸਿਸੈਰੋ
ਪਬਲੀਅਸ
ਪੌਪੀਲੀਅਸ ਲੀਨਾ
ਸੀਜ਼ਰ ਵਿਰੁੱਧ ਸਾਜ਼ਸ਼ੀਆਂ ਦੀ ਟੋਲੀ
ਮਾਰਕਸ ਬਰੂਟਸ
ਕੈਸੀਅਸ,
ਕਾਸਕਾ,
ਟਰੈਬੋਨੀਅਸ,
ਲਿਗੇਰੀਅਸ,
ਡੇਸੀਅਸ ਬਰੂਟਸ,
ਮੈਟੀਲੀਅਸ ਸਿੰਬਰ,
ਸਿੰਨਾ
ਫਲਾਵੀਅਸ ਤੇ ਮਾਰੂਲਸ---ਜਨਭਾਖ
ਆਰਟੈਮੀਡੋਰਸ---ਨੀਡਜ਼ ਦਾ ਇੱਕ ਵਿਤੰਡੀ
ਭਵਿੱਖ ਵਾਚਕ
ਸਿੰਨਾ-----ਇੱਕ ਕਵੀ
ਇੱਕ ਹੋਰ ਕਵੀ
ਲੂਸੀਲੀਅਸ, ਟਿਟੀਨੀਅਸ, ਮੈਸਾਲਾ, ਕਮਉਮਰ ਕੇਟੋ
ਤੇ ਵੌਲਯੂਮੀਨੀਅਸ ਬਰੂਟਸ, ਕੈਸੀਅਸ ਦੇ ਮਿੱਤਰ
ਵੱਰੋ, ਕਲੀਟਸ, ਕਲਾਡੀਅਸ, ਸਟਰੈਟੋ, ਲੂਸੀਅਸ,
ਦਾਰਦੇਨੀਅਸ ਬਰੂਟਸ ਦੇ ਗ਼ੁਲਾਮ
ਪਿੰਡਾਰਸ-ਕੈਸੀਅਸ ਦਾ ਗ਼ੁਲਾਮ
ਕਲਫੂਰਨੀਆ ਸੀਜ਼ਰ ਦੀ ਪਤਨੀ
ਪੋਰਸ਼ੀਆ ਬਰੂਟਸ ਦੀ ਪਤਨੀ
ਸਾਂਸਦ, ਸ਼ਹਿਰੀ, ਪਹਿਰੇਦਾਰ, ਸਹਾਇਕ ਆਦਿ।
ਐਕਟ-੧ ਜੂਲੀਅਸ ਸੀਜ਼ਰ
ਸੀਨ-੧- ਐਕਟ-੧
ਰੋਮ ਦੀ ਸੜਕ
-ਪਰਵੇਸ਼ ਫਲਾਵੀਅਸ, ਮਾਰੂਲਸ ਅਤੇ
ਨਿਮਣ-ਵਰਗੀ ਨਾਗਰਿਕਾਂ ਦੇ ਵੱਡੇ ਹਜੂਮ ਦਾ
ਫਲਾਵੀਅਸ-:ਹੋ ਜੋ ਤਿੱਤਰ, ਤੁਰੋ ਘਰਾਂ ਨੂੰ,
ਓ ਨਿਕੰਮੀ ਹਾਰੀ ਸਾਰੀ !
ਅੱਜ ਕਿਹੜਾ ਤਿਓਹਾਰ ਦਿਹਾੜਾ,
ਕਿਉਂ ਹੈ ਛੁੱਟੀ ਮਾਰੀ?
ਖਬਰਦਾਰ! ਪਤਾ ਨਹੀਂ ਤੁਹਾਨੂੰ?
ਇੰਜ ਨਹੀਂ ਰਾਹਵਾਂ ਕੱਛਦੇ
ਮਸਰੂਫ ਦਿਨੀਂ ਸਭ ਕਿਰਤੀ ਕੰਮੀ,
ਘਰੀਂ ਛੱਡ ਔਜ਼ਾਰਾਂ ਨੂੰ:
ਬੋਲੋ, ਦੱਸੋ ਕੀ ਕੀ ਤੁਹਾਡੇ ਕਿੱਤੇ?
ਸ਼ਹਿਰੀ- ੧:ਕੀ ਗੱਲ ਏ ਸਰਕਾਰ? ਮੈਂ ਤਾਂ ਹਾਂ ਤਰਖਾਣ।
ਮਾਰੂਲਸ-:ਕਿੱਥੇ ਹੈ ਫਿਰ ਤੇਰਾ ਗੁਣੀਆ?
ਕਿੱਥੇ ਹੈ ਚਮੜੇ ਦਾ ਪੱਲਾ?
ਸੋਹਣੇ ਵਸਤਰ ਮੇਲੇ ਵਾਲੇ,
ਕਿਉਂ ਫਿਰਦੈਂ ਤੂੰ ਏਥੇ ਪਾਕੇ?
ਕੀਹਨੂੰ ਆਇਐਂ ਟੌਰ੍ਹ ਵਖਾਣ?
ਤੇ ਤੂੰ ਓਏ ਵੱਡਿਆ! ਕੀ ਏ ਤੇਰਾ ਕਿੱਤਾ?
ਸ਼ਹਿਰੀ-੨:ਸੱਚ ਮੰਨਿਓ ਸਰਕਾਰ!
ਬਤੌਰ ਸਹੁੱਨਰੇ ਕਾਰੀਗਰ ਦੇ
ਮੋਚੀ ਕਹੋ ਜਾਂ ਕਹੋ ਚਮਾਰ।
ਮਾਰੂਲਸ-:ਓ ਪਰ ਤੇਰਾ ਕਿੱਤਾ ਕੀ ਏ?
ਮੈਨੂੰ ਸਿੱਧਾ ਸਿੱਧਾ ਦੱਸ।
ਸ਼ਹਿਰੀ-੨:ਨਾਲ ਈਮਾਨ ਮੈਂ ਧੰਦਾ ਕਰਦਾਂ,
ਫਟੇ ਪੁਰਾਣੇ ਤਲਵੇ ਗੰਢਦਾਂ,
ਨਾਲ ਮੁਸ਼ੱਕਤ ਢਿੱਡ ਮੈਂ ਭਰਦਾਂ।
ਮਾਰੂਲਸ-:ਪਰ ਓ ਬਦਮਾਸ਼, ਕਮੀਨੇ ਕੰਮੀ,
ਬਾਤੂਨੀ, ਸ਼ੋਹਦੇ ਮੱਕਾਰ!
ਕੀ ਏ ਤੇਰਾ ਕਿੱਤਾ ਬੋਲ।
ਸ਼ਹਿਰੀ-੨:ਨਾਂ ਸਾਹਿਬ ਨਾਂ! ਬਿਨੇ ਹੈ ਮੇਰੀ,
ਪੰਗਾ ਪਾਓ ਨਾਂ ਮੇਰੇ ਨਾਲ;
ਤੁਹਾਨੂੰ ਵੀ ਮੈਂ ਗੰਢ ਦਿਆਂਗਾ
ਪੂਰੀ ਹਿੰਮਤ ਨਾਲ।
ਮਾਰੂਲਸ-:ਕੀ ਬਕਦੈਂ ਢੀਠਾ! ਗੰਢੇਂਗਾ ਤੂੰ ਮੈਂਨੂੰ?
ਸ਼ਹਿਰੀ-੨:ਜੀ ਹਾਂ ਸਰਕਾਰ ਤੁਹਾਡੇ ਵੀ ਮੈਂ
ਗੰਢ ਦਿਆਂਗਾ ਜੋੜੇ।
ਫ਼ਲਾਵੀਅਸ-:ਤਾਂ ਤੇ ਤੂੰ ਫਿਰ ਮੋਚੀ ਹੋਇਆ; ਹੈਨਾਂ?
ਸ਼ਹਿਰੀ-੨:ਸੱਚ ਕਿਹੈ ਮੇਰੇ ਸਰਕਾਰ,
'ਆਰ' ਸੰਗ ਮੇਰਾ ਰੁਜ਼ਗਾਰ,
ਕਿੱਤੇ ਅਪਣੇ ਨਾਲ ਪਿਆਰ:
ਨਾਂ ਰੰਨਾਂ ਨੂੰ ਮੰਦਾ ਬੋਲਾਂ,
ਨਾਂ ਕੋਈ ਨਿੰਦਾਂ ਧੰਦਾ;
ਬੱਸ 'ਆਰ' ਨਾਲ ਹੈ ਵਾਹ,
ਏਹੀ ਹੈ ਮੇਰਾ ਨਿਰਵਾਹ।
ਸੱਚ ਪੁਛੋਂ ਤਾਂ ਪੂਰਨ ਜੱਰਾਹ,
ਹੰਢੇ ਪੁਰਾਣੇ ਜੋੜਿਆਂ ਦਾ:
ਜਦ ਓਹਨਾਂ ਤੇ ਅੱਤ ਬਣਦੀ ਹੈ,
ਗੰਢ ਤਰੁੱਪ ਕੇ, ਕਾਂਟ ਛਾਂਟ ਕੇ,
ਮੁੜ ਸੁਰਜੀਤ ਮੈਂ ਕਰ ਦੇਂਦਾ ਹਾਂ,
ਜਾਨ ਨਵੀਂ ਮੈਂ ਪਾ ਦੇਂਦਾ ਹਾਂ।
ਭੱਦਰ ਲੋਕ ਮਰਾਤਬ ਵਾਲੇ,
ਪਹਿਨਣ ਕੁਰਮ ਦੇ ਸੁੰਦਰ ਜੋੜੇ
ਚਰਮ ਕਲਾ ਦੀ ਟੀਸੀ ਛੋਂਹਦੇ,
ਹੁਨਰ ਮੇਰੇ ਦੀ ਕਰਨ ਨੁਮਾਇਸ਼।
ਫ਼ਲਾਵੀਅਸ-:ਪਰ ਅੱਜ ਕਿਉਂ ਛੱਡ ਕੇ ਹੱਟੀ,
ਪਿੱਛੇ ਲਾਕੇ ਆਹ ਹਜੂਮ
ਸ਼ਹਿਰ ਦੀਆਂ ਗਲੀਆਂ ਕੱਛਦਾ ਫਿਰਦੈਂ?
ਸ਼ਹਿਰੀ-੨-:ਸੱਚ ਮੰਨੋ ਸਰਕਾਰ!
ਜਿੰਨੇ ਵੱਧ ਘਸਣਗੇ ਜੋੜੇ
ਓਨਾ ਵਧੂ ਮੇਰਾ ਕੰਮਕਾਰ:
ਪਰ ਅਸਲ 'ਚ ਗੱਲ ਹੈ ਇਹ:
ਸੀਜ਼ਰ ਦੇ ਸ਼ੁਭ ਦਰਸ਼ਨ ਖਾਤਰ,
ਛੁੱਟੀ ਕਰਕੇ ਆਏ ਹਾਂ
ਵਿਜੈ ਜਲੂਸ 'ਚ ਸ਼ਾਮਲ ਹੋਕੇ,
ਖੁਸ਼ੀਆਂ ਵੰਡਣ ਆਏ ਹਾਂ।
ਮਾਰੂਲਸ-:ਕਾਹਦੀਆਂ ਖੁਸ਼ੀਆਂ ਕਾਹਦੇ ਚਾਅ?
ਕਿਹੜੀਆਂ ਲਾਮਾਂ ਜਿੱਤ ਕੇ ਅਇਐ,
ਕਿੰਨੇ ਕੀਤੇ ਮੁਲਕ ਤਬਾਹ?
ਕਿਹੜੀਆਂ ਮਾਰੀਆਂ ਮੱਲਾਂ ਉਸ ਨੇ,
ਵਤਨ ਲਈ ਕੀ ਲਿਆਇਐ ਮਾਲ?
ਕਿਹੜੇ ਰਾਜੇ, ਕਿੰਨੇ ਸਮਰਾਟ,
ਤੌਕ, ਜ਼ੰਜੀਰਾਂ ਪਾ ਗਲਾਂ 'ਚ
ਬੰਨ੍ਹ ਲਿਆਇਐ ਰਥ ਦੇ ਨਾਲ?
ਲੱਖ ਲਾਅਣਤ ਦੁਸ਼ਮਣ ਅਕਲ ਦਿਓ!
ਬਦਬਖਤੋ ਵਾਸੀ ਰੋਮ ਦਿਓ!
ਸਿਲ ਵੱਟੇ ਹੋਗੇ ਮਸਤਕ ਤੁਹਾਡੇ,
ਅੱਤ ਸੱਖਣੇ ਅੱਤ ਕੋਰੇ
ਤਰਸਹੀਣ ਤੇ ਹਿੱਸਹੀਣ ਹਨ
ਪੱਥਰ ਦਿਲ ਅੱਤ ਖੋਰੇ;
ਜੜ੍ਹ ਹੋ ਗਏ ਕਿਉਂ ਤੁਹਾਡੇ ਚੇਤੇ,
ਵਿਸਰ ਗਇਆ ਕਿਉਂ ਪੌਂਪੀ?
ਯਾਦ ਨਹੀਂ ਹੁਣ? ਉਹ ਸੀ ਜੋਧਾ
ਜਿਸ ਦੀ ਇੱਕ ਝਲਕ ਦੀ ਖਾਤਰ,
ਤੜਕਸਾਰ ਹੀ ਚੜ੍ਹ ਬਹਿੰਦੇ ਸੀ,
ਕੁਛੱੜ ਮਾਰ ਬਾਲ ਨਿਆਣੇਕੰਧੀਂ ਕੋਠੀਂ, ਬੁਰਜ ਬਨੇਰੀਂ,
ਚੌਬਾਰੇ ਅਤੇ ਮੀਨਾਰਾਂ ਉੱਤੇ,
ਕੋਟ ਫਸੀਲਾਂ ਚਿਮਨੀਆਂ ਉਪਰ,
ਬੂਹੇ ਬਾਰੀਆਂ ਮੋਰੀਆਂ ਅੰਦਰ
ਫੱਸ ਬਹਿੰਦੇ ਸੀਰੁੱਖ ਟਾਹਣਾਂ ਤੇ ਟੰਗੇ ਰਹਿੰਦੇ
ਘੰਟਿਆਂ ਬੱਧੀਅੱਤ ਦਰਿੜ੍ਹਤਾ ਤੇ ਧੀਰਜ ਨਾਲ
ਤਾਂਘਣ ਨਜ਼ਰਾਂ, ਨੈਣ ਲੋਚਦੇ
ਡੂੰਘੀਆਂ ਸ਼ਾਮਾਂ ਤੀਕ;
ਵੇਖਣ ਲਈ ਵਿਜੇ-ਜਲੂਸ ਪੌਂਪੀ ਦਾ
ਰੋਮ ਦੀਆਂ ਗਲੀਆਂ ਵਿੱਚੋਂ ਲੰਘਦਾ।
ਨਜ਼ਰ ਪੈਣ ਤੇ ਰਥ ਜੋਧੇ ਦਾ
ਇੱਕਸੁਰ ਹੋਕੇ ਖਲਕਤ ਸਾਰੀ,
ਨਹੀਂ ਭਲਾ ਸੀ ਛੱਡਦੀ ਜੈਕਾਰਾ?
ਅਵਤਲ ਕੰਢੀਂ ਟਾਈਬਰ ਦੇ ਜੀਹਦੀ
ਧਾਅ ਵਜਦੀ ਗੁੰਜਾਰ,
ਮਾਰੇ ਟੱਕਰਾਂ, ਮੁੜ ਮੁੜ ਆਵੇ,
ਪਾਣੀਆਂ ਉਪਰ ਤਾਂਡਵ ਨੱਚੇ
ਦਹਿਲਾ ਦੇਂਦੀ ਟਾਈਬਰ ਦੀ ਧਾਰ।
ਬਣ ਸੰਵਰ ਕੇ,ਪਹਿਨ ਪੱਚਰ ਕੇ,
ਕੀ ਅੱਜ ਉਹੀਓ ਖਲਕਤ ਆਈ?
ਕੰਮ ਧੰਦੇ ਛੱਡ ਕੇ ਸਾਰੇ,
ਕੀ ਛੁੱਟੀ ਹੈ ਫੇਰ ਮਨਾਈ?
ਕਿਵੇਂ ਕਰੇਗੀ ਫੁੱਲ ਵਰਖਾ ਹੁਣ,
ਉਸ ਦੀ ਆਮਦ ਉੱਤੇ ਇਹ,
ਰੱਤ ਪੌਂਪੀ ਦੀ ਨਾਲ ਹੈ ਜਿਸ ਨੇ
ਅਪਣੀ ਜਿੱਤ ਨੁਹਾਈ?
ਹੋਜੋ ਦਫਾਅ! ਘਰਾਂ ਨੂੰ ਜਾਓ,
ਸਜਦੇ ਕਰੋ ਦੇਵਤਿਆਂ ਅੱਗੇ,
ਡਿੱਗੋ ਗੋਡਿਆਂ ਭਾਰ,
ਉਹੀਓ ਨੇ ਬਸ ਬਖਸ਼ਣਹਾਰ
ਕੱਚੇ ਕੋੜ੍ਹੋਂ, ਕਚੀਲ ਪਲੇਗੋਂ
ਜਿਸ ਦੇ ਤੁਸੀਂ ਸ਼ਿਕਾਰ
ਹੋ ਹੀ ਜਾਣੈਂ ਅਕਿਰਤਘਣੋ
ਜਦ ਅੰਬਰੋਂ ਪੈਣੀ ਮਾਰ!
ਫ਼ਲਾਵੀਅਸ-:ਜਾਓ ਭਲਿਓ ਦੇਸ਼ਵਾਸੀਓ!
ਕਰੋ ਇਕੱਤਰ ਹਮ੍ਹਾਂ ਤੁਮ੍ਹਾਂ ਨੂੰ
ਸੱਦ ਲਿਆਓ ਟਾਈਬਰ ਦੇ ਕੰਢੇ;
ਕਰੋ ਤਲਾਫੀ ਏਸ ਗੁਨਾਹ ਦੀ;
ਪਾਓ ਕੀਰਨੇ, ਧਾਹਾਂ ਮਾਰੋ,
ਪਿੱਟੋ ਛਾਤੀਆਂ, ਪੁੱਟੋ ਝਾਟੇ,
ਵਗਣ ਨਿਰੰਤਰ ਅੱਥਰੂ ਧਾਰਾਂ,
ਟਾਈਬਰ ਦੇ ਵਿਚ ਹੜ੍ਹ ਆ ਜਾਵੇ;
ਸਭ ਤੋਂ ਨੀਵੀਂ ਇਸ ਦੀ ਧਾਰ,
ਤੋੜਕੇ ਕੰਢੇ, ਭੜੀਓਂ ਪਾਰ,
ਕਰ ਦੇਵੇ ਜਲ ਥਲ।
(ਸਾਰੇ ਲੋਕ ਚਲੇ ਜਾਂਦੇ ਹਨ)
ਵੇਖਿਆ! ਕਿੰਜ ਲਗਾਇਐ ਜਾਗ
ਤੇ ਉਠਾਇਐ ਕਿਵੇਂ ਖਮੀਰ?
ਕਿਵੇਂ ਤੇ ਕਿੱਥੋਂ ਨਹੀਂ ਛੇੜਨੀ
ਅੱਤ ਖੋਟੀ ਖੁਦਗਰਜ਼ ਜ਼ਮੀਰ ?
ਅਹਿਸਾਸ ਗੁਨਾਹ ਦਾ ਬੁੱਲ੍ਹ ਸੀਅ ਗਿਆ,
ਐੇਸੀ ਫਿਰ ਗਈ ਤੰਦ;
ਖਿਸਕ ਗਏ ਚੁੱਪ ਚਾਪ ਘਰਾਂ ਨੂੰ
ਕਰ ਸਾਰੇ ਮੂੰਹ ਬੰਦ।
ਮੈਂ ਹੁਣ ਚੱਲਿਆਂ ਐਧਰ,
ਤੁਸੀਂ ਵੀ ਹੁਣ ਓਧਰ ਜਾਓ,
ਬਿਰਹਸਪਤੀ ਮੰਦਰ/ਸੰਸਦ ਭਵਨ ਦਾ
ਗੇੜਾ ਮਾਰਕੇ ਆਓ।
ਸਜ ਧਜ ਵੇਖੋ ਜੇ ਸ਼ਾਹੀ ਪੂਜਾ ਵਾਲੀ,
ਬੁੱਤ ਕਰੋ ਸਭ ਨੰਗੇ,
ਰਸਮ ਕੋਈ ਵੀ ਹੋਣ ਨ੍ਹੀਂ ਦੇਣੀ,
ਪਾ ਦੇਣੇ ਨੇ ਪੰਗੇ।
ਮਾਰੂਲਸ-:ਪਰ ਕੀ ਆਪਾਂ ਇਹ ਕੁਝ ਕਰ ਸਕਦੇ ਹਾਂ?
ਤੁਹਾਨੂੰ ਪਤੈ ਅੱਜ ਉਹਦਾ ਤਿਓਹਾਰ,
ਉਰਵਰ ਦੇਵ ਜੋ ਭਰੇ ਭੰਡਾਰ।
ਫ਼ਲਾਵੀਅਸ-:ਇਸ ਦੀ ਫਿਕਰ ਕਰੋ ਨਾਂ ਕਾਈ,
ਗੱਲ ਬੱਸ ਏਨੀ ਪੱਕ ਪਕਾਈ-
ਸੀਜ਼ਰ ਦਾ ਕੋਈ ਵਿਜੈ-ਨਿਸ਼ਾਨ,
ਮੂਰਤੀਆਂ, ਬੁੱਤਾਂ ਦੇ ਗਲ ਦੀ
ਬਨਣ ਨਹੀਂ ਦੇਣਾ ਸ਼ਾਨ।
ਮੈਂ ਵੀ ਰਹੂੰਗਾ ਨੇੜੇ ਤੇੜੇ,
ਗਲੀਆਂ ਕੂਚਿਆਂ ਵਿੱਚੋਂ ਦਬੱਲੂੰ
ਲੰਡੀ ਬੁੱਚੀ, ਹਾਰੀ ਸਾਰੀ;
ਤੁਸੀਂ ਵੀ ਜਿਥੇ ਵੇਖੋਂ ਭੀੜ,
ਸਖਤੀ ਨਾਲ ਭਜਾਓ ਕੁਤ੍ਹੀੜ।
ਸੀਜ਼ਰ ਦੇ ਅਸਾਂ ਖੋਹ ਕੇ ਖੰਭ,
ਅਰਸ਼ੋਂ ਹੇਠਾਂ ਲਾਹ ਲੈਣੇ
ਰੜੇ ਮਦਾਨੀਂ ਸੁੱਟ ਕੇ ਉਹਨੂੰ
ਮੁਰਗ-ਉਡਾਰੀ ਪਾ ਲੈਣੇਹੋਰ ਨਾ ਕੋਈ ਨਜ਼ਰ 'ਚ ਐਸਾ,
ਸ਼ਾਹੀਂ ਬਣ ਜਿੱਤੇ ਆਕਾਸ਼ਪਾ ਕੇ ਪੱਟੇ ਗਲੀਂ ਅਸਾਡੇ,
ਵਿਚ ਹਜ਼ੂਰੀ ਖੜਾ ਕਰੇ।
ਸੀਨ-੨- ਐਕਟ-੧ ਜੂਲੀਅਸ ਸੀਜ਼ਰ
ਰੋਮ ਦਾ ਇਕ ਜਨਸਥਾਨ-
{ਪ੍ਰਵੇਸ਼ ਸੀਜ਼ਰ ਦੇ ਵਿਜੇ ਜਲੂਸ ਦਾ
ਵਾਜੇ ਗਾਜੇ ਅਤੇ ਰਾਗ ਸੰਗੀਤ ਨਾਲ-
ਐਨਟਨੀ ਛੁਹ-ਦੌੜ ਮਾਰਗ ਤੇ ਤਿਆਰ;ਕਲਫੂਰਨੀਆ,
ਪੋਰਸ਼ੀਆ,ਡੇਸੀਅਸ,ਸਿਸਰੋ,ਬਰੂਟਸ,ਕੈਸੀਅਸ, ਕਾਸਕਾ
ਅਤੇ ਇਕ ਭਵਿਖ-ਵਾਚਕ।ਪਿਛੇ ਲੱਗਾ ਖਾਸਾ ਹਜੂਮ,
ਮਾਰੂਲਸ ਅਤੇ ਫਲਾਵੀਅਸ-}
ਸੀਜ਼ਰ-:ਕਲਫੁਰਨੀਆ
ਕਾਸਕਾ-:ਖਾਮੋਸ਼, ਹੋ- ! ਸੀਜ਼ਰ ਦਾ ਸੁਣੋ ਇਰਸ਼ਾਦ।
(ਰਾਗ, ਸੰਗੀਤ ਬੰਦ ਹੋ ਜਾਂਦਾ ਹੈ)
ਸੀਜ਼ਰ-:ਕਲਫੂਰਨੀਆ,-
ਕਲਫੂਨੀਆ-:ਜੀ, ਸੁਆਮੀ
ਸੀਜ਼ਰ-:ਸਿੱਧਾ ਰੋਕੀਂ ਰਾਹ ਐਨਟਨੀ ਦਾ,
ਜਦ ਨੱਸੇ ਓਹ ਅਪਣੀ ਵਾਰੀ;
ਠੀਕ ਐਨਟਨੀ !
ਐਨਟਨੀ-:ਜੀ ਸੀਜ਼ਰ, ਸਰਕਾਰ।
ਸੀਜ਼ਰ-:ਤੇਜ਼ਗਾਮੀ 'ਚ ਭੁੱਲ ਨਾਂ ਜਾਵੀਂ,
ਕਲਫੂਰਨੀਆ ਨੂੰ ਛੁਹਣਾ:
ਕਹਿਣ ਸਿਆਣੇ ਬਜ਼ੁਰਗ ਆਪਣੇ,
ਐੇਸਾ ਹੈ ਇਹ ਟੂਣਾਬੰਜਰ ਕੁੱਖ ਵੀ ਹਰੀ ਹੋ ਜਾਵੇ
ਨਾਲ ਸਰਾਪਾਂ ਮਾਰੀ,
ਜੇ ਕਿਸੇ ਧਾਵਕ ਪਾਕ ਦੌੜ 'ਚ
ਕੱਸ ਕੇ ਛਮਕੀ ਮਾਰੀ।
ਐਨਟਨੀ-:ਨਹੀਂ ਭੁੱਲਾਂਗਾ ਸੁਆਮੀ ਮੇਰੇ!
ਹੁਕਮ ਸੀਜ਼ਰ ਦਾ ਸਿਰ ਮੱਥੇ ਤੇ,
ਹਰ ਸ਼ਬਦ ਫਰਮਾਨ
ਸੀਜ਼ਰ ਕਹੇ ਤੇ ਕੰਮ ਨਾਂ ਹੋਵੇ?
ਐਸਾ ਨਹੀਂ ਵਿਧਾਨ।
ਸੀਜ਼ਰ-:ਮਾਰੋ ਛਾਲਾਂ, ਸ਼ੁਰੂ ਕਰੋ ਫਿਰ
ਰਸਮ ਰਹੇ ਨਾਂ ਕੋਈ ਬਾਕੀ।
(ਸੰਗੀਤ ਸ਼ੁਰੂ ਹੋ ਜਾਂਦਾ ਹੈ)
ਭਵਿੱਖ-ਵਾਚਕ-:ਸੀਜ਼ਰ!
ਸੀਜ਼ਰ-:ਹਾ-! ਕੌਣ ਪੁਕਾਰੇ ਮੈਨੂੰ?
ਕਾਸਕਾ-:ਬਾ ਹੁਕਮ ਸਰਕਾਰ, ਰੌਲੇ ਸਾਰੇ ਬੰਦ;
ਮੁੜ ਸ਼ਾਂਤੀ ਹੋਏ ਸਥਾਪਤ।
(ਸੰਗੀਤ ਬੰਦ ਹੁੰਦਾ ਹੈ)
ਸੀਜ਼ਰ-:ਕਿਹੜਾ ਹੈ ਇਸ ਭੀੜ ਦੇ ਅੰਦਰ,
ਜਿਹੜਾ ਮੈਨੂੰ ਵਾਜਾਂ ਮਾਰੇ?
ਏਨੀ ਤਿੱਖੀ ਜੀਭ ਹੈ ਕਿਹੜੀ
ਸੰਗੀਤੋਂ ਉੱਚੀ ਕੂਕ ਜੋ ਮਾਰੇ?
ਫੁੱਟੋ ਵੀ ਹੁਣ! ਸੀਜ਼ਰ ਕਹਿੰਦੈ,
ਵੱਲ ਤੁਹਾਡੇ ਉਸ ਦਾ ਕੰਨ।-
ਭਵਿੱਖ-ਵਾਚਕ-:ਖਬਰਦਾਰ! ਮਾਰਚ ਦਾ ਅੱਧ ਖਤਰਨਾਕ ਹੈ,
ਜੇ ਮੰਨੋਂ ਮੇਰੀ!
ਸੀਜ਼ਰ-:ਕਿਹੜਾ ਹੈ ਇਹ ਬੰਦਾ?
ਬਰੂਟਸ-:ਭਵਿਖ-ਵਾਚਕ ਇੱਕ ਕਰੇ ਪੁਕਾਰ,
'ਅੱਧ ਮਾਰਚ ਤੋਂ ਖਬਰਦਾਰ!
ਹੋਕੇ ਰਹਿਣਾ ਹੋਸ਼ਿਆਰ!'
ਸੀਜ਼ਰ-:ਪੇਸ਼ ਕਰੋ ਫਿਰ ਮੇਰੇ ਹਜ਼ੂਰ!
ਵੇਖਾਂ ਜ਼ਰਾ ਕੌਣ ਹੈ ਇਹ-
ਕੈਸੀਅਸ-:ਭੀੜੋਂ ਨਿਕਲ ਸਾਮ੍ਹਣੇ ਆ,
ਸੀਜ਼ਰ ਨੂੰ ਆ ਕੇ ਮੂੰਹ ਵਖਾ-
ਸੀਜ਼ਰ-:ਕੀ ਕਹਿਨੈ ਹੁਣ ਤੂੰ ਮੈਨੂੰ?
ਮੁੜ ਕੇ ਫੇਰ ਤੂੰ ਮੈਨੂੰ ਦੱਸ-
ਭਵਿੱਖ-ਵਾਚਕ-:ਅੱਧ ਮਾਰਚ ਤੋਂ ਖਬਰਦਾਰ!
(ਕਹਿ ਕੇ ਲੰਘ ਜਾਂਦਾ ਹੈ)
ਸੀਜ਼ਰ-:ਇਹ ਤਾਂ ਕੋਈ ਸ਼ੇਖ ਚਿੱਲ਼ੀ ਹੈ,
ਚੱਲੋ! ਛੱਡੋ ਇਹਨੂੰ ਸਾਰੇ
ਜਾਗਦਿਆਂ ਇਹ ਸੁਪਨੇ ਵੇਖੇ
ਦਿਨ 'ਚ ਗਿਣਦਾ ਤਾਰੇ।
(ਵਾਜੇ ਤੇ ਪ੍ਰਸਥਾਨ ਧੁਨ ਵਜਦੀ ਹੈ-
ਕੈਸੀਅਸ ਤੇ ਬਰੂਟਸ ਬਿਨਾਂ
ਸਾਰੇ ਮੰਚ ਤੋਂ ਚਲੇ ਜਾਂਦੇ ਹਨ)
ਕੈਸੀਅਸ-:ਚੱਲੋਂ ਗੇ ਤੁਸੀਂ ਵੀ ਵੇਖਣ,
ਪਰਬੰਧ, ਤਰਤੀਬ, ਧਾਵਕ-ਸਫ ਦੀ?
ਬਰੂਟਸ-:ਨਾਂ, ਮੈਂ ਨ੍ਹੀਂ ਜਾਣਾ।
ਕੈਸੀਅਸ-:ਆਓ ਚੱਲੀਏ! ਬਿਨੇ ਹੈ ਮੇਰੀ
ਬਰੂਟਸ-:ਨਾਂ ਕੋਈ ਸ਼ੌਕ, ਸ਼ੁਗਲ ਇਹ ਮੇਰਾ,
ਨਾਂ ਹੈ ਐਨਟਨੀ ਵਾਲਾ ਜੋਸ਼,
ਚੁਸਤ ਚਲਾਕੀ ਰੂਹ 'ਚ ਹੈ ਨੀ,
ਰਹੇ ਬਰਾਬਰ ਹੋਸ਼;
ਪਰ ਤੁਹਾਡੇ ਸ਼ੌਕ ਦੀ ਰਾਹ ਵਿੱਚ
ਨਹੀਂ ਬਨਣਾ ਮੈਂ ਰੋੜਾ-
ਮਾਫ ਕਰੋ ਹੁਣ ਮੈਂ ਚਲਦਾ ਹਾਂ-
ਕੈਸੀਅਸ-:ਸੁਣੋ ਬਰੂਟਸ! ਪਿੱਛੇ ਜਹੇ ਤੋਂ,
ਵੇਖ ਰਿਹਾ ਹਾਂ-
ਤੂੰ ਨਹੀਂ ਹੈਂ ਪਹਿਲਾਂ ਵਾਲਾ-
ਨੈਣਾਂ ਵਿਚ ਉਹ ਸ਼ਫਕਤ ਹੈ ਨੀ
ਨਾਂ ਬੋਲ ਮੁਰੱਵਤ ਵਾਲਾ;
ਹੁਣ ਤੂੰ ਪਰੇਮ ਕਰੇਂ ਨਾ ਮੈਨੂੰ,
ਮੈਂ ਜਿਸ ਦਾ ਸੀ ਆਦੀ,
ਮੂੰਹ ਮੱਥਾ ਕਰ ਲਿਐ ਕਠੋਰ,
ਗ਼ੈਰਾਂ ਵਾਲੀ ਕਰ ਲੀ ਵਾਦੀ;
ਅਪਣੇ ਪਿਆਰਿਆਂ ਨਾਲ ਦੱਸ ਖਾਂ,
ਕਿਉਂ ਐੇਸਾ ਵਰਤਾਰਾ?
ਬਰੂਟਸ-:ਨਹੀਂ ਕੈਸ! ਨਾਂ ਹੋ ਗੁਮਰਾਹ:
ਜੇ ਮੈਂ ਅਸਲੀ ਭਾਵ ਛੁਪੌਨਾਂ-
ਨਿੱਜ ਅਹਿਸਾਸ ਦਬਾਕੇ ਅੰਦਰ,
ਖੁਦ ਨੂੰ ਹੀ ਤਕਲੀਫ ਪੁਚੌਨਾਂ-
ਬਹੁਤ ਦੁਖੀ ਹਾਂ ਕੁਝ ਦਿਨਾਂ ਤੋਂ,
ਓਪਰੇ ਜਿਹੇ ਜਜ਼ਬਾਤਾਂ ਤੋਂ,
ਜੀਹਨਾਂ ਦੀ ਮਿੱਟੀ ਚੋਂ ਜੰਮੇ,
ਨਿੱਜੀ ਕੁਝ ਵਿਚਾਰ,
ਬਦਲ ਦਿੱਤੈ ਜਿਨ ਮੇਰਾ ਵਿਓਹਾਰ ।
ਦੁਖੀ ਹੋਣ ਕਿਉਂ ਮਿੱਤਰ ਪਰੰਤੂ-
ਤੂੰ ਵੀ ਉਹਨਾਂ ਵਿੱਚ ਹੈਂ ਸ਼ਾਮਿਲ-
ਤਾਂ ਫਿਰ ਹੋਰ ਗਲਤ ਨਾਂ ਸਮਝੋ,
ਇਹੀ ਕਾਰਨ ਹੈ ਬੱਸ ਹਾਮਿਲ-
ਆਪੇ ਨਾਲ ਬਜੰਗ ਬਰੂਟਸ,
ਅਦਬ ਆਦਾਬ ਭੁੱਲ ਜਾਂਦਾ ਹੈ-
ਮੋਹ ਪਰਰਗਟਾਵਾ ਦੂਜਿਆਂ ਤਾਂਈਂ,
ਮਿੱਤਰਾਚਾਰੀ ਭੁੱਲ ਜਾਂਦਾ ਹੈ।
ਕੈਸੀਅਸ-:ਮੈਂ ਤਾਂ ਫੇਰ ਬਰੂਟਸ!
ਤੇਰੇ ਜਜ਼ਬਾਤ ਗਲਤ ਸਮਝਿਆ,
ਏਸੇ ਕਰਕੇ ਹਿੱਕ ਅਪਣੀ ਵਿੱਚ
ਦੱਬੀਂ ਰੱਖੇ ਵਿਚਾਰ ਅਮੋਲ-
ਕਈ ਮਸਾਅਿਲ ਕਾਬਲੇ ਗੌਰ,
ਚਿੰਤਨ ਕਈ ਅਨਮੋਲ।
ਦੱਸ ਖਾਂ ਭਾਈ ਬਰੂਟਸ ਭਲਿਆ!
ਵੇਖ ਸਕਨੈ ਤੂੰ ਆਪਣਾ ਚਿਹਰਾ?
ਬਰੂਟਸ-:ਨਹੀਂ, ਕੈਸ!ਨਜ਼ਰ ਨਾਂ ਵੇਖੇ ਆਪਣਾ ਆਪਾ,
ਦਰਪਨ ਬਣੇ ਜੇ ਹੋਰ ਸ਼ੈਅ ਕੋਈ,
ਅਕਸ ਰਾਹੀਂ ਬਸ ਦਰਸ ਕਰੇ।
ਕੈਸੀਅਸ-:ਬਿਲਕੁਲ ਠੀਕ ਕਿਹੈ ਬਰੂਟਸ!
ਪਰ ਅਫਸੋਸ ਬੜਾ ਹੈ
ਕਿਹੜਾ ਦੱਸ ਅਜਿਹਾ ਦਰਪਨ,
ਹੈ ਜੋ ਤੇਰੇ ਕੋਲ,
ਅਕਸ ਗੁੱਝੀ ਪਰਤਿਸ਼ਠਾ ਦਾ ਜੋ,
ਤੇਰੀ ਨਜ਼ਰ ਨੂੰ ਪੇਸ਼ ਕਰੇ
ਤਾਂ ਜੋ ਆਪਣਾ ਅਕਸ ਤੂੰ,
ਆਪਣੀ ਅੱਖੀਂ ਵੇਖ ਸਕੇਂ-
ਮੈਂ ਤਾਂ ਸੁਣਿਐ ਵੱਡੇ ਵੱਡੇ ਪਤਵੰਤੇ ਰੋਮਨ
-ਲਾਫਾਨੀ ਸੀਜ਼ਰ ਨੂੰ ਛੱਡ ਕੇ-
ਬਰੂਟਸ ਦੀ ਪਰਸੰਸਾ ਕਰਦੇ,
ਬਰੂਟਸ ਦਾ ਹੀ ਦਮ ਪਏ ਭਰਦੇ:
ਦੱਬੇ ਏਸ ਯੁੱਗ ਦੀ ਦਾਸਤਾ ਥੱਲੇ
ਆਹਾਂ ਭਰਦੇ, ਕਾਮਨਾ ਕਰਦੇ-
ਕਾਸ਼! ਬਰੂਟਸ ਖੋਲ੍ਹੇ ਅੱਖਾਂ,
ਆਪਣਾ ਆਪਾ ਵੇਖ ਸਕੇ।
ਬਰੂਟਸ-:ਕਿਹੜੇ ਖਤਰੀਂ ਧੱਕ ਰਿਹੈਂ, ਕੈਸ ਤੂੰ ਮੈਨੂੰ?
ਕਿਉਂ ਤੂੰ ਚਾਹੁਨੈ ਅਪਣੇ ਵਿਚ
ਤਲਾਸ਼ਾਂ ਮੈਂ ਉਹ ਸਭ ਕੁਝ,
ਜੋ ਹੈ ਨਹੀਂ ਮੇਰੇ ਕੋਲ?
ਕੈਸੀਅਸ-:ਤਾਂ ਫਿਰ ਨੇਕ ਬਰੂਟਸ!
ਕੰਨ ਕਰ ਮੇਰੇ ਵੱਲ,
ਬਣਦਾਂ ਤੇਰਾ ਆਈਨਾ ਮੈਂ,
ਏਹੋ ਹੈ ਇਕ ਹੱਲ-
ਤਾਂ ਜੋ ਅਕਸ ਆਪਣੇ ਅੰਦਰ
ਆਪੂੰ ਖੁਦ ਤੂੰ ਵੇਖੇਂ
ਅਪ੍ਰਤੱਖ ਸ਼ਖਸੀਅਤ ਤੇਰੀ,
ਜੋ ਨਜ਼ਰ ਤੇਰੀ ਨਾ ਵੇਖੇ;
ਕੋਸ਼ਿਸ਼ ਮੈਂ ਮਾਕੂਲ ਕਰਾਂਗਾ
ਖੋਜ ਕੇ ਤੈਨੂੰ ਪੇਸ਼ ਕਰਾਂ
ਜਿਸ ਬਰੂਟਸ ਨੂੰ ਤੂੰ ਬਰੂਟਸ,
ਨਾਂ ਜਾਣੇਂ ਨਾਂ ਵੇਖੇਂ।
ਜੇ ਫਿਰ ਭਲਿਆ! ਲਗਦੈ ਤੈਨੂੰ
ਮੈਂ ਹਾਂ ਕੋਈ ਭੰਡ ਮਸਖਰਾ;
ਜਾਂ ਫਿਰ ਝੂਠੇ ਵਾਅਦੇ ਕਰਕੇ
ਖਾ ਕੇ ਚਾਲੂ ਕਸਮਾਂ
ਨਵੇਂ ਨਵੇਲੇ ਰੁੱਸੇ ਮਿੱਤਰਾਂ
ਨਾਲ ਨਿਭਾਕੇ ਰਸਮਾਂ,
ਬਾਸੀ ਕਰਾਂ ਮੁਹੱਬਤ ਅਪਣੀ:
ਜਾਂ ਫਿਰ ਵੱਡਿਆਂ ਅੱਗੇ ਪੂੰਛ ਹਿਲਾਵਾਂ,
ਜੱਫੀਆਂ ਪਾਵਾਂ,
ਲੰਘ ਜਾਣ ਤਾਂ ਮੰਦਾ ਬੋਲਾਂ, ਦੰਦ ਚਲਾਵਾਂ;
ਜਾਂ ਫਿਰ ਰਾਜ ਭੋਜਾਂ ਤੇ ਜਾ ਕੇ,
ਹਰ ਐਰੇ ਗੈਰੇ ਅੱਗੇ, ਉੱਚਾ ਬੋਲਾਂ,
ਡੀਂਗਾਂ ਮਾਰਾਂ ਤੇ ਰੋਅਬ ਵਿਖਾਵਾਂ-
ਸਮਝ ਲਈਂ, ਖਤਰਨਾਕ ਬੜਾ ਹਾਂ,
ਕਾਬਲ ਨਹੀਂ ਮੁਹੱਬਤ ਦੇ ਮੈਂ,
ਕਰੀਂ ਮਾਣ ਨਾਂ ਮੇਰੇ ਉੱਤੇ।
(ਵਾਜੇ ਗਾਜੇ ਦੀ ਆਵਾਜ਼ ਤੇ ਸ਼ੋਰਸ਼ਰਾਬਾ ਸੁਣਦੈ)
ਬਰੂਟਸ-:ਇਸ ਰੌਲੇ ਨੂੰ ਕੀ ਸਮਝੀਏ?
ਡਰ ਹੈ ਸ਼ਾਇਦ ਏਸ ਲੁਕਾਈ
ਸੀਜ਼ਰ ਨੂੰ ਚੁਣਐ ਮਹਾਰਾਜ!
ਕੈਸੀਅਸ-:ਹਾਂ, ਤੇ ਤੈਨੂੰ ਡਰ ਹੈ ਏਸ ਗੱਲ ਦਾ?
ਫਿਰ ਤਾਂ ਤੂੰ ਨਹੀਂ ਚਾਹੁੰਦਾ
ਕਿ ਇੰਜ ਹੋ ਜਾਵੇ?
ਬਰੂਟਸ-:ਹਾਂ, ਕੈਸ!ਨਹੀਂ ਮੈਂ ਚਾਹੁੰਦਾ ਇੰਜ ਹੋ ਜਾਵੇ-
ਫਿਰ ਵੀ ਉਸ ਨੂੰ ਪਿਆਰ ਬੜਾ ਮੈਂ ਕਰਦਾਂ
ਪਰ ਮੈਨੂੰ ਤੂੰ ਏਨਾਂ ਚਿਰ ਕਿਉਂ
ਰੋਕੀਂ ਰੱਖਿਐ ਏਥੇ?
ਕੀ ਤੂੰ ਮੈਨੂੰ ਦਸਣਾ ਚਾਹੁਨੈ?
ਕੀ ਤੂੰ ਮੈਂਨੂੰ ਕਹਿਣੈ ?
ਜੇ ਇਹ ਜਨ-ਹਿਤ ਦੀ ਗੱਲ ਹੈ ਕੋਈ
ਤਾਂ ਫਿਰ ਡਰ, ਫਿਕਰ ਨਾਂ ਕੋਈ
ਇਹ ਤਾਂ ਗੱਲ ਸਨਮਾਨ ਦੀ ਹੋਈ:
ਮੌਤ ਬਰਾਬਰ ਰੱਖੋ ਸਨਮਾਨ,
ਮੈਨੂੰ ਦੋਵੇਂ ਇਕ ਸਮਾਨ:
ਪਿਛਲੇ ਨਾਲ ਇਸ਼ਕ ਹੈ ਮੈਨੂੰ
ਹੱਸ ਕੇ ਵਾਰਾਂ ਜਾਨ,
ਮੌਤ ਦਾ ਮੈਨੂੰ ਭੈ ਨਾਂ ਕੋਈ।
ਕੈਸੀਅਸ-:ਖੂਬ ਜਾਣਦਾਂ ਬਰੂਟਸ ਤੈਨੂੰ,
ਅੰਦਰੋਂ ਵੀ ਤੇ ਬਾਹਰੋਂ ਵੀ
ਇਹ ਖੂਬੀ, ਇਹ ਸਦਗੁਣ ਤੇਰਾ,
ਸੱਚਾ, ਸਾਫ ਕਿਰਪਾਲੂ ਚਿਹਰਾ;
ਮੇਰੀ ਏਸ ਕਹਾਣੀ ਦਾ ਵੀ
ਇਜ਼ੱਤ ਤੇ ਸਨਮਾਨ ਵਿਸ਼ਾ ਹੈ :
ਕਹਿ ਨਾਂ ਸੱਕਾਂ ਤੁੰ ਕੀ ਸਮਝੇਂ,
ਕੀ ਸਮਝਣ ਲੋਕੀ ਹੋਰ?
ਕਿ ਜ਼ਿੰਦਗਾਨੀ, ਕਿਵੇਂ ਚਲਾਣੀ?
ਮੇਰੀ ਸਮਝ ਪਰ ਹੋਰ:
ਮੈਂ ਰਹਾਂ ਨਾਂ ਭਾਵੇਂ ਜਿਉਂਦਾ,
ਪਿਆਰੀ ਪਰ ਮੇਰੀ ਜ਼ਿੰਦਗਾਨੀ
ਮੇਰੇ ਜਿਹੀ ਕਿਸੇ ਹੋਰ 'ਸ਼ੈਅ' ਦੇ
ਭੈਅ ਵਿਚ ਨਹੀਂ ਮਨਜ਼ੂਰ ਬਿਤਾਣੀ:
ਸੀਜ਼ਰ ਵਾਂਗ ਹੀ ਜੰਮੇ ਸੁਤੰਤਰ,
ਮੈਂ ਵੀ ਤੂੰ ਵੀ ਦੋਵੇਂ,
ਚੰਗੇ ਘਰੀਂ ਪਰਵਾਨ ਚੜ੍ਹੇ ਹਾਂ,
ਖਾਧਾ ਪੀਤਾ ਓਵੇਂ;
ਡੰਕ ਸਿਆਲੇ ਦਾ ਉਸ ਵਾਂਗੂੰ,
ਅਸੀਂ ਵੀ ਸਾਰੇ ਸਹਿ ਸਕਦੇ;
ਚੰਗਾ ਕਿੱਧਰੋਂ ਫੇਰ ਉਹ ਸਾਥੋਂ
ਕਿਵੇਂ ਤੁਸੀਂ ਹੋ ਕਹਿ ਸਕਦੇ?
ਇਕ ਦਿਨ ਦੀ ਮੈਂ ਗੱਲ਼ ਸੁਣਾਵਾਂ:
ਕੱਚਾ ਦਿਨ ਸੀ, ਤੇਜ਼ ਤੂਫਾਨੀ,
ਹਿਰਖਿਆ ਟਾਈਬਰ ਕੰਢੇ ਝਾੜੇ,
ਛਾਤੇ ਵਿੱਚ ਤਲਾਤੁਮ ਹੈ ਸੀ:
ਸੀਜ਼ਰ ਪੁੱਛਿਆ: "ਹੈ ਜੁੱਰਅਤ ਕੈਸ!
ਕੁੱਦੇਂ ਹੜ੍ਹ ਵਿੱਚ ਮੇਰੇ ਨਾਲ?
ਪਾਰਲੇ ਕੰਢੇ ਤਰ ਕੇ ਚੱਲ਼ੀਏ-
ਮੇਰਾ ਇਹ ਸਵਾਲ"-
ਕਹਿਣਸਾਰ ਮੈਂ ਮਾਰੀ ਛਾਲ,
ਪੂਰੀ ਵਰਦੀ ਨਾਲ-
ਬੋਲ ਮਾਰ ਕੇ ਆਖਿਆ ਉਸ ਨੂੰ:
'ਪਿੱਛਾ ਕਰ ਤਤਕਾਲ';
ਇੰਜ ਹੀ ਕੀਤਾ ਸੀਜ਼ਰ ਨੇ ਵੀ,
ਜ਼ੋਰ ਦੀ ਮਾਰੀ ਛਾਲ ।
ਗਰਜ ਰਹੀ ਬਿੱਫਰੀ ਜਲਧਾਰ,
ਤੇਜ਼ ਤੱਰਾਰ, ਮਾਰੇ ਫੁੰਕਾਰ-
ਪਿੰਡਾ ਉਹਦਾ ਕੁੱਟੀਂ ਜਾਈਏ,
ਬਲਸ਼ਾਲੀ ਬਾਹਵਾਂ ਦੇ ਨਾਲ;
ਧੱਕੀਂ ਜਾਈਏ ਕੰਧ ਹੜ੍ਹਾਂ ਦੀ
ਸਜਿੰਦ ਪੱਠਿਆਂ ਨਾਲ:
ਮੰਜ਼ਲੋਂ ਉਰੇ, ਵਿੱਚ ਮੰਝਧਾਰ,
ਸੀਜ਼ਰ ਦੀ ਫਿਰ ਸੁਣੀ ਪੁਕਾਰ:
"ਕੈਸ! ਬਚਾ ਲੈ ਮੈਨੂੰ, ਨਹੀਂ ਤਾਂ ਡੁੱਬ ਚੱਲਾਂ":
ਸੜਦੇ ਸ਼ਹਿਰ ਟਰਾਏ ਅੰਦਰ
ਬਿਰਧ ਅੰਕੀਸਸ ਰਿਹਾ ਸੀ ਕੱਲਾ
ਬਲੀ ਪੁਰਖਾ ਆਈਨੀਜ਼ ਅਸਾਡਾ
ਜਿਉਂ ਚੁੱਕ ਲਿਆਇਆ ਮੋਢੇ ਉਹਨੂੰ
ਮੈਂ ਵੀ ਟਾਈਬਰ ਦੀਆਂ ਛੱਲਾਂ ਚੋਂ
ਡੁੱਬਦਾ ਸੀਜ਼ਰ ਖਿੱਚ ਲਿਆਂਦਾ;
ਵੇਖੋ! ਅੱਜ ਉਹੀਓ ਸੀਜ਼ਰ 'ਦੇਵ' ਕਹਾਵੇ;
ਜੀਹਦੇ ਇੱਕ ਇਸ਼ਾਰੇ ਉੱਤੇ,
'ਕੈਸ' ਜਿਹਾ ਵੀ ਹੁਕਮ ਬਜਾਵੇ।
ਸਪੇਨ ਗਿਆ ਸੀ ਉਹ ਇੱਕ ਵਾਰ;
ਉੱਥੇ ਚੜ੍ਹਿਆ ਤੇਜ਼ ਬੁਖਾਰ,
ਮੈਂ ਵੇਖਿਆ ਕੰਬੀਂ ਜਾਵੇ ਥਰ ਥਰ ਡਰ ਦੇ ਨਾਲ;
ਬੁੱਲ੍ਹ ਕਾਇਰ ਦੇ ਚਿੱਟੇ ਹੋ ਗਏ,
ਮੂੰਹ ਪੈ ਗਿਆ ਪੀਲਾ;
ਜਿਸ ਅੱਖ ਦੀ ਲਾਲੀ ਅੱਗੇ,
ਦੁਨੀਆਂ ਝੁਕਦੀ ਸਾਰੀ,
ਉਹੀਓ ਦਿੱਸੇ ਸੁੰਨੀ ਸੁੰਨੀ
ਨਾ ਕੋਈ ਲਿਸ਼ਕ ਨਾ ਲਾਲੀ
ਹਾਕਮ ਜੀਭਾ ਉਸ ਦੀ ਬੋਲੇ,
ਰੋਮ ਖਲੋਵੇ ਸਾਵਧਾਨ;
ਭਾਸ਼ਨ ਨੋਟ ਕਤੇਬੀਂ ਹੁੰਦੇ,
ਏਨਾਂ ਮਿਲੇ ਜੀਹਨੂੰ ਸਨਮਾਨ-
ਓਹੀ ਜੀਭਾ ਹੂੰਗਾਂ ਮਾਰੇ ਰੋਗੀ ਕੁੜੀ ਸਮਾਨ;
ਟਿਟੀਨਸ ਨੂੰ ਆਖੀਂ ਜਾਵੇ:
'ਛੇਤੀ ਕਰ, ਪਿਆ ਕੁੱਝ ਮੈਨੂੰ,
ਨਿਕਲ ਰਹੀ ਐ ਮੇਰੀ ਜਾਨ'।
ਆਹ, ਓ 'ਦੇਵੋ' !ਕਿੱਡੀ ਗੱਲ ਹੈਰਾਨੀ ਵਾਲੀ,
ਐੇਨੀ ਕਮਜ਼ੋਰ ਤਬੀਅਤ ਵਾਲਾ,
ਕਿਵੇਂ ਬਣ ਗਿਆ ਸਾਡਾ ਵਾਲੀ?
ਏਡੀ ਸ਼ਾਹੀ ਦੁਨੀਆ ਅੰਦਰ ,
ਤਾੜਪੱਤੇ ਦਾ ਤਾਜ ਪਹਿਨ ਕੇ
ਬਣਿਆ ਫਿਰਦੈ ਤਾਨਾ ਸ਼ਾਹ!
(ਸ਼ੋਰ ਅਤੇ ਢੋਲ-ਢਮੱਕੇ ਦੀ ਆਵਾਜ਼)
ਬਰੂਟਸ-:ਜੰਤਾ ਮਾਰਿਐ ਹੋਰ ਜੈਕਾਰਾ!
ਪੱਕਾ ਲਗਦੈ ਮੈਨੂੰ,
ਸੀਜ਼ਰ ਦੇ ਗਲ ਪਾ ਦਿੱਤਾ ਹੈ
ਨਵੇਂ ਹੋਰ ਸਨਮਾਨਾਂ ਵਾਲਾ
ਫੁੱਲਾਂ ਦਾ ਕੋਈ ਸੁੰਦਰ ਹਾਰ।
ਕੈਸੀਅਸ-:ਬੱਲੇ ਬਈ ਬੱਲੇ!
ਅਸ਼ਕੇ ਏਸ ਮਹਾਨ ਮਨੁੱਖ ਨੇ,
ਇੱਕੋ ਪਲਾਂਘੇ, ਸੌੜੀ ਦੁਨੀਆਂ ਟੱਪ ਲਈ ਹੈ!
ਵਿਰਾਟ ਬੁੱਤ ਇਹ ਰਵੀ ਰਾਜ ਦਾ
ਟੰਗਾਂ ਦੇ ਥੰੰਮਾਂ ਵਿਚਕਾਰ,
ਨੱਪੀਂੇ ਖੜੈ ਧਰਤੀ ਦਾ ਗੋਲਾ!
ਅਸੀਂ ਵਿਚਾਰੇ ਹੀਣੇ ਬੰਦੇ,
ਟੰਗਾਂ ਹੇਠੋਂ ਲੰਘ ਕੇ,
ਕਲੰਕਤ ਸਾਡੀਆਂ ਕਬਰਾਂ ਖਾਤਰ
ਲੱਭਦੇ ਫਿਰਦੇ ਖਾਲੀ ਥਾਵਾਂ!
ਮਿਲੇ ਜੇ ਮੌਕਾ ਬੰਦੇ ਸਾਂਭਣ,
ਖੁਦ ਅਪਣੀ ਤਕਦੀਰ ਲਿਖਣ:
ਨਕਸ਼ੱਤਰਾਂ ਨੂੰ ਦੋਸ਼ ਦੇਣ ਦੀ
ਲੋੜ ਨਹੀਂ ਹੈ ਕੋਈ।
ਸੁਣੋ ਬਰੂਟਸ ਪਿਅਰੇ!
ਦਿਨ ਕੱਟਦੇ ਹਾਂ ਗੋਲੇ ਬਣਕੇ,
ਅਸੀਂ ਅਧੀਨ ਵਿਚਾਰੇ ।
ਤੂੰ ਬਰੂਟਸ, ਉਹ ਹੈ ਸੀਜ਼ਰ-
ਤੂੰ ਵੀ ਬੰਦਾ ਉਹ ਵੀ ਬੰਦਾ:
ਕੀ ਖੁਬੀ ਫਿਰ ਸੀਜ਼ਰ ਅੰਦਰ,
ਕਿੱਡਾ ਵੱਡਾ ਹੈ ਉਹ ਬੰਦਾ?
ਤੂਤੀ ਬੋਲੇ ਫਿਰ ਕਿਉਂ ਉਹਦੀ,
ਕਿਸ ਗੱਲੋਂ ਉਹ ਚੰਗਾ?
ਲਿਖੀਏ ਬਰਾਬਰ ਨਾਮ ਜੇ ਤੇਰਾ,
ਓਨਾ ਈ ਏ ਚੰਗਾ;
ਬੋਲਣ ਲੱਗਿਆਂ ਮੂੰਹ ਓਨਾਂ ਈ ਭਰਦੈ,
ਤੋਲ ਤੁਕਾਂੰਤੇ ਸੱਠੇ
ਓਨੀ ਛੇਤੀ ਰੂਹ ਵੀ ਸੱਦੇ,
ਜੇ 'ਬੀਰ' ਬੁਲਾਵਣ ਕੱਠੇ ।
(ਜੈ ਜੈਕਾਰ ਦਾ ਸ਼ੋਰ)
ਕੁੱਲ ਦੇਵਾਂ ਦੀ ਦਿਆਂ ਦੁਹਾਈ!
ਦੱਸੋ ਹੁਣ ਫਿਰ ਮੈਨੂੰ,
ਕਿਸ 'ਚੱਕੀ ਦਾ ਖਾ ਕੇ ਆਟਾ',
ਹੋਇਐ ਏਨਾਂ ਮਹਾਨ?
ਲਾਅਣਤ ਏਸ 'ਯੁੱਗ' ਦੇ ਨਾਂ!
ਕੁਲੀਨ ਲਹੂ ਦੀ ਧਾਰਾ ਸੁੱਕੀ
ਭੱਦਰ ਪੌਧ ਰੋਮ ਦੀ ਮੁੱਕੀ;
ਕਿੱਧਰ ਗਿਆ ਉਹ ਯੁੱਗ ਮਹਾਨ?
'ਨੂਹ' ਦੇ ਤੂਫਾਨ ਤੋਂ ਲੈ ਕੇ, ਜਿਸ ਵਿੱਚ ਜੰਮੇ
ਘਰ ਘਰ ਰੋਮ ਦੇ ਪੂਤ ਮਹਾਨ-
ਹੁਣ ਤੀਕ ਕੋਈ ਕਹਿ ਨਹੀਂ ਸੱਕਿਆ,
ਪਰ ਹੁਣ ਸਾਰੇ ਪੁੱਛ ਰਹੇ ਨੇ:
ਏਹ ਹੈ ਰੋਮ, ਜੀਹਦੇ ਚੌੜੇ ਕੋਟਾਂ ਅੰਦਰ
ਬੱਸ ਇੱਕੋ 'ਮਾਨਵ' ਰਹਿੰਦੈ?
ਦੱਸੋ ਖਾਂ ਫਿਰ ਰੋਮ ਏਹੀ ਹੈ ਸੱਚੀਂ?
ਥਾਂ ਤਾਂ ਜਿਸ ਵਿੱਚ ਬੁਹਤ ਪਈ ਹੈ,
ਮਹਾਂ ਨਗਰ ਅਖਵਾਓਂਦੈ
ਪਰ ਇਨਸਾਨ ਤਾਂ ਏਥੇ ਇੱਕੋ ਰਹਿੰਦੈ,
ਬਾਕੀ ਸਭ ਗੁਲਾਮ?
ਓ! ਮੈਂ ਵੀ ਸੁਣਿਐ, ਤੂੰ ਵੀ ਸੁਣਿਐ,
ਬਾਪੂ ਬਾਤਾਂ ਪਾਓਂਦੇ ਹੁੰਦੇ:
ਹੁੰਦਾ ਸੀ ਕਦੀ ਇੱਕ ਬਰੂਟਸ,
ਜੀਹਦੀ ਐਨੀ ਹਿੰਮਤ ਹੈ ਸੀ
ਮਹਾਂ ਸ਼ੈਤਾਨ ਅਬਨਾਸ਼ੀ ਨੂੰ ਵੀ,
ਫੜਦਾ ਜਾ ਕੇ ਸਿੰਗੋਂ,
ਸੌਖਿਆਂ ਹੀ ਬਣਦਾ ਮਹਾਰਾਜ;
ਰੋਮ ਰਿਆਸਤ ਤੇ ਕਰਦਾ ਰਾਜ।
ਬਰੂਟਸ-:ਸੱਚ ਮੁੱਚ ਮੈਨੂੰ ਮੋਹ ਕਰੇਂ ਤੂੰ,
ਸ਼ੱਕ ਨਹੀਂ ਹੈ ਭੋਰਾ;
ਜਿਸ ਗੱਲ ਦੀ ਤਰਗੀਬ ਦੇ ਰਿਹੈਂ,
ਉਸ ਦਾ ਭੀ ਅਨੁਮਾਨ ਹੈ ਪੂਰਾ:
ਇਹਦੇ ਅਤੇ ਜ਼ਮਾਨੇ ਬਾਰੇ ਕੀ ਹੈ ਮੇਰੀ ਸੋਚ,
ਫੇਰ ਕਦੀ ਮੈਂ ਖੁਦ ਦੱਸਾਂ ਗਾ,
ਅੱਜ ਲਈ ਹੈ ਕਾਫੀ;
ਸਨਿਮਰ ਕਹਾਂ ਉਕਸਾ ਨਾਂ ਹੋਰ,
ਦੇ ਦੇ ਹੁਣ ਤੂੰ ਮਾਫੀ।
ਜੋ ਕਿਹੈ, ਜੋ ਤੂੰ ਕਹਿਣੈ, ਵੱਡੇ ਮਸਲਿਆਂ ਬਾਰੇ
ਸੁਣ, ਸਮਝ ਕੇ ਉੱਤੱਰ ਦੇਣ ਲਈ
ਸਮਾਂ ਕੱਢਾਂਗਾ ਛੇਤੀ;
ਨਾਲ ਤਹੱਮਲ ਬੈਠ ਕੇ ਆਪਾਂ
ਕਰਾਂਗੇ ਫੇਰ ਵਿਚਾਰ।
ਓਦੋਂ ਤੀਕ ਤੂੰ ਕੈਸ ਪਿਆਰੇ
ਏਸ ਕਥਨ ਤੇ ਕਰ ਵਿਚਾਰ:
ਬਦਬਖਤੀ ਵਾਲਾ ਭਵਿੱਖ ਜੋ ਆਉਣੈ,
ਏਸ ਜ਼ਮਾਨੇ ਜੋ ਵਿਖਾਉਣੈ
ਕਾਸ਼! ਨਾਂ ਹੁੰਦਾ ਸਪੂਤ ਰੋਮ ਦਾ,
ਬਰੂਟਸ ਜੰਮਦਾ ਉਜੱਡ ਗੰਵਾਰ।
ਕੈਸੀਅਸ-:ਮੈਂ ਖੁਸ਼ ਹਾਂ ਖੀਣ ਸ਼ਬਦ ਇਹ ਮੇਰੇ,
ਅਸਰ ਕਰਗਏ ਗਹਿਰਾ
ਸੀਨੇ ਸੱਟ ਬਰੂਟਸ ਖਾਧੀ,
ਸੇਕ ਤਪਾਇਆ ਚਿਹਰਾ।
ਬਰੂਟਸ-:ਮੁੱਕੀਆਂ ਖੇਡਾਂ, ਸੀਜ਼ਰ ਮੁੜਿਆ ਆਉਂਦੈ-
ਕੈਸੀਅਸ-:ਜਿਉਂ ਲੰਘਣ ਉਹ ਅਪਣੇ ਕੋਲੋਂ,
ਕਾਸਕਾ ਦੀ ਬਾਂਹ ਫੜੀਂ ਤੂੰ;
ਆਪਣੀ ਤੁਰਸ਼-ਜ਼ੁਬਾਨੀ ਰਾਹੀਂ,
ਦੱਸੇ ਗਾ ਉਹ ਸਭ ਕਹਾਣੀ ,
ਜੋ ਵੀ ਹੋਇਆ ਹੋਣੈ ਓਥੇ।
(ਮੁੜ ਪਰਵੇਸ਼ ਸੀਜ਼ਰ ਤੇ ਉਹਦੇ ਲਾਣੇ ਦਾ)
ਬਰੂਟਸ-:ਠੀਕ ਹੈ, ਮੈਂ ਕਰੂਗਾਂ ਏਵੇਂ ।ਪਰ ਵੇਖੇਂ ਨਾ ਕੈਸ!
ਭਖਦੈ ਮੱਥਾ ਸੀਜ਼ਰ ਦਾ ਗੁੱਸੇ ਦੇ ਨਾਲ!
ਲੱਗਾ ਤੁੱਗਾ ਸਭ ਛਿੱਥਾ ਲਗਦੈ
ਕੌੜੀਆਂ ਝਿੜਕਾਂ ਨਾਲ।
ਪੀਲੀ ਭੂਕ ਕਲਫੂਰਨੀਆ ਦਿੱਸੇ,
ਮੱਚ ਰਹੀਆਂ ਸਿਸਰੋ ਦੀਆਂ ਅੱਖਾਂ
ਮੁਸ਼ਕਬਿੱਲੇ ਦੀਆਂ ਅੱਖਾਂ ਵਾਂਗੂ:
ਸੰਸਦ ਭਵਨ 'ਚ ਜਿਵੇਂ ਤੱਕਿਆ ਆਪਾਂ
ਸੰਮੇਲਨ ਵਿੱਚ ਖਿਝਿਆ।
ਕੈਸੀਅਸ-:ਕਾਸਕਾ ਹੀ ਦੱਸੂ ਸਾਨੂੰ, ਗੱਲ ਕੀ ਹੋਈ ਸਾਰੀ।
ਸੀਜ਼ਰ-:ਐਨਟੋਨੀਅਸ!
ਐਨਟੋਨੀਅਸ-:ਜੀ, ਸੀਜ਼ਰ?
ਸੀਜ਼ਰ-:ਮੇਰੇ ਗਿਰਦ ਰੱਖ ਤੂੰ ਬੰਦੇ,
ਰਿਸ਼ਟ ਪੁਸ਼ਟ ਭਲਵਾਨ,
ਤਿੱਖੀ ਸੋਚਣੀ, ਚਤੁਰ ਦਿਮਾਗ,
ਸੌਣ ਨਾਂ ਜਿਹੜੇ ਰਾਤੀਂ :
ਔਹ ਪਰੇ ਜੋ ਕੈਸੀਅਸ ਦਿੱਸੇ
ਸੁੱਕੇ ਜੁੱਸੇ ਵਾਲਾ, ਅੱਖ 'ਚ ਓਹਦੇ ਭੁੱਖ ਵੱਸੀ ਹੈ
ਸੋਚੇ ਪਿਆ ਦਿਨ ਰਾਤੀਂ;
ਅਜਿਹੇ ਬੰਦੇ ਜੋ ਸੋਚਣ ਏਨਾ,
ਬੜੇ ਹੀ ਖਤਰਨਾਕ ਨੇ ਹੁੰਦੇ।
ਐਨਟਨੀ-:ਡਰ ਨਾਂ ਉਸ ਤੋਂ ਮੂਲੋਂ ਸੀਜ਼ਰ!
ਉਹ ਤਾਂ ਹੈ ਕੁਲੀਨ ਰੋਮਨ-
ਖਾਂਦਾ ਪੀਂਦਾ,ਰੱਜਿਆ ਪੁੱਜਿਆ
ਸਭ ਕੁਝ ਉਹਦੇ ਪੱਲੇ।
ਸੀਜ਼ਰ-:ਕਾਸ਼, ਕਿ ਉਹ ਭਰਵਾਂ ਹੁੰਦਾ, ਮੋਟਾ ਤਾਜ਼ਾ!
ਪਰ ਨਹੀਂ ਮੈਂ ਡਰਦਾ ਉਹਤੋਂ-
ਫਿਰ ਵੀ ਜੇ ਕਿਸੇ ਤੇਂ ਡਰਨਾ ਪੈ ਜੇ,
ਮੈਂ ਨਾਂ ਜਾਣਾਂ ਹੋਰ ਕਿਸੇ ਨੂੰ,
ਜਿਸ ਤੋਂ ਮੈਂ ਕੰਨੀਂ ਕਤਰਾਵਾਂ,
ਇਸ ਬੰਦੇ ਤੋਂ ਜ਼ਿਆਦਾ:
ਇਹ ਕੈਸੀਅਸ ਵੱਡਾ ਪੜ੍ਹਾਕੂ, ਵੱਡਾ ਖੋਜੀ,
ਤੀਖਣ ਨਜ਼ਰੀਂ ਜੋਖੇ, ਪਰਖੇ ਲੋਕਾਂ ਦੇ ਕੰਮ;
ਨਾਂ ਕੋਈ ਏ ਸ਼ੁਗਲ ਏਸ ਦਾ,
ਨਾਟਕ ਨਹੀਂ ਪਸੰਦ;
ਤੈਥੋਂ ਉਲਟ ਸੁਭਾਅ ਹੈ ਉਸਦਾ-
ਬੁੱਲ੍ਹਾਂ ਤੇ ਮੁਸਕਾਣ ਨ੍ਹੀਂ ਆਉਂਦੀ,
ਰਾਗ, ਸੰਗੀਤ ਨਹੀਂ ਸੁਣਦਾ-
ਜੇ ਮੁਸਕਾਂਦੈ, ਇੰਜ ਮੁਸਕਾਂਦੈ
ਖੁਦ ਨੂੰ ਕਰੇ ਮਖੌਲ ਜਿਵੇਂ-
ਜਾਂ ਉਸ ਰੂਹ ਨੂੰ ਪਾਏ ਮਲਾਮਤ, ਕਰੇ ਗਿਲਾਨੀ
ਨਿੱਕੀ ਨਿਗੂਣੀ ਗੱਲ ਵੀ ਜੀਹਨੂੰ
ਹੱਸਣ ਤੇ ਮਜਬੂਰ ਕਰੇ-
ਅਜਿਹੇ ਬੰਦੇ ਸਦਾ ਹੀ ਸੜਦੇ
ਵੇਖਣ ਜਦੋਂ ਓਹ ਵੱਡਿਆਂ ਵੱਲ -
ਸ਼ਾਂਤ ਚਿੱਤ ਨਹੀਂ ਰਹਿ ਸਕਦੇ ਉਹ
ਖਤਰਨਾਕ ਬੜੇ ਸੜੀਅਲ ਹੁੰਦੇ।
ਮੈਂ ਨਹੀਂ ਕਹਿੰਦਾ ਮੈਂ ਡਰਦਾ ਹਾਂ-
ਮੈਂ ਤਾਂ ਬੱਸ ਏਹੋ ਹੀ ਕਹਿਨਾਂ
ਕਿਉਂ ਤੇ ਕੀਹਤੋਂ ਇਸ ਦੁਨੀਆਂ ਅੰਦਰ
ਚਾਹੀਏ ਡਰਦੇ ਰਹਿਣਾ-
ਡਰ ਕਿਹਾ? ਤੇ ਡਰਾਂ ਕਿਉਂ ਮੈਂ?
ਮੈਂ ਤਾਂ ਸਦਾ ਹੀ ਸੀਜ਼ਰ ਰਹਿਣਾ।
ਆ ਜਾ ਸੱਜੇ ਹੱਥ ਜ਼ਰਾ ਤੂੰ,
ਕੰਨ ਖੱਬਾ ਏ ਮੇਰਾ ਬੰਦ
ਦੱਸ ਖਾਂ ਸੱਚੀਂ ਤੂੰ ਕੀ ਸੋਚੇਂ
ਇਸ ਬੰਦੇ ਦੇ ਬਾਰੇ
(ਸੀਜ਼ਰ ਤੇ ਲਾਣਾ ਚਲੇ ਜਾਂਦੇ ਨੇ। ਕਾਸਕਾ
ਪਿੱਛੇ ਰਹਿ ਜਾਂਦਾ ਹੈ)
ਕਾਸ਼ਕਾ-:ਕਿਉਂ ਖਿੱਚਿਆ ਈ ਮੇਰਾ ਪੱਲਾ?
ਕੀ ਕਰਨੀ ਏ ਗੱਲ?
ਬਰੂਟਸ-:ਹਾਂ ਕਾਸਕਾ! ਦੱਸ ਖਾਂ ਸਾਨੂੰ
ਕੀ ਅੱਜ ਉੱਥੇ ਹੋਇਆ,
ਘਾਬਰਿਆ ਕਿਉਂ ਸੀਜ਼ਰ ਦਿੱਸੇ
ਕੀ ਹੋਈ ਏ ਗੱਲ?
ਕਾਸਕਾ-:ਕਿਉਂ ਭਲਾ ਤੂੰ ਨਹੀਂ ਸੀ ਉਹਦੇ ਨਾਲ?
ਬਰੂਟਸ-:ਫੇਰ ਭਲਾ ਕਿਉਂ ਪੁੱਛਾਂ ਤੈਨੂੰ
ਕੀ ਸੀ ਓਥੇ ਹੋਇਆ?
ਕਾਸਕਾ-:ਹੋਰ ਕੀ? ਤਾਜ ਦੀ ਉਹਨੂੰ ਪੇਸ਼ਕਸ਼ ਹੋਈ;
ਪੁੱਠੇ ਹੱਥ ਇੰਜ ਠੁਕਰਾਈ ਉਹਨੇ,
ਜੰਤਾ ਜੋਸ਼ ਚ ਪਾਗਲ ਹੋਈ
ਮਾਰਨ ਲੱਗੀ ਨਾਅਰੇ।
ਬਰੂਟਸ-:ਦੂਜੀ ਵਾਰ ਕਿਉਂ ਮਾਰੇ ਜੈਕਾਰੇ?
ਕਾਸਕਾ-:ਹੋਰ ਕੀ? ਉਹ ਵੀ ਏਸੇ ਗੱਲੇ।
ਕੈਸੀਅਸ-:ਤਿੰਨ ਵਾਰ ਲੋਕਾਂ ਮਾਰੇ ਨਾਅਰੇ;
ਤੀਜਾ ਕਾਹਦੀ ਖਾਤਰ?
ਕਾਸਕਾ-:ਹੋਰ ਕੀ? ਉਹ ਵੀ ਏਸੇ ਖਾਤਰ।
ਬਰੂਟਸ-:ਤਾਜ ਕੀ ਹੋਇਆ ਤਿੰਨ ਵਾਰੀਂ ਪੇਸ਼?
ਕਾਸਕਾ-:ਹਾਂ ਬਈ ਹਾਂ,ਤੌਬਾ ਮੇਰੀ!
ਤਿੰਨ ਵਾਰੀਂ ਹੋਇਆ ਸੀ ਪੇਸ਼;
ਤਿੰਨੇ ਵਾਰ ਠੁਕਰਾਇਆ ਉਸਨੇ,
ਹੋਰ ਵਧੇਰੀ ਨਰਮੀ ਨਾਲ:
ਤਿੰਨੇ ਵਾਰੀ ਭੋਲੀ ਜੰਤਾ ਛੱਡ ਦਿੱਤੇ ਜੈਕਾਰੇ।
ਕੈਸੀਅਸ-:ਕੀਹਨੇ ਪੇਸ਼ ਕੀਤਾ ਸੀ ਤਾਜ?
ਕਾਸਕਾ-:ਕਿਉਂ ਬਈ! ਐਨਟਨੀ ਨੇ ਕੀਤਾ ਸੀ ਪੇਸ਼।
ਬਰੂਟਸ-:ਕੁਲੀਨ ਕਾਸਕਾ! ਦੱਸ ਜ਼ਰਾ ਤੂੰ,
ਕੀ ਅੰਦਾਜ਼ ਸੀ ਪੇਸ਼ ਕਰਨ ਦਾ?
ਕਾਸਕਾ-:
ਅੰਦਾਜ਼ ਅਜਿਹਾ ਦੱਸਣ ਨਾਲੋਂ
ਚੰਗਾ ਏ ਫਾਹੇ ਲੱਗ ਜਾਣਾ!
ਝੱਲਪੁਣਾ ਸੀ, ਨਿਰੀ ਹਮਾਕਤ,
ਮੈਂ ਧਿਆਨ ਨਹੀਂ ਕੋਈ ਦਿੱਤਾ;
ਵੇਖਿਆ ਸੀ ਬੱਸ ਮਾਰਕ ਐੇਨਟਨੀ
ਪੇਸ਼ ਕਰ ਰਿਹਾ ਤਾਜ;
ਬੱਸ ਮਾਮੂਲੀ ਤਾਜੜੀ ਜਿਹੀ,
ਕਿਹੜਾ ਉਹ ਤਾਜਾਂ ਚੋਂ ਤਾਜ!
ਭਾਵੇਂ ਉਹਨੇ ਮੋੜਿਆ ਇੱਕ ਵਾਰ,
ਪਰ ਮੈਨੂੰ ਇਉਂ ਲੱਗਾ ਜਿੱਦਾਂ
ਮਜਬੂਰਨ ਸੀ ਮੋੜਿਆ ਉਹਨੇ,
ਦਿਲੋਂ ਸੀ ਰੱਖਣਾ ਚਾਹੁੰਦਾ।
ਦੂਜੀ ਵਾਰ ਫਿਰ ਕੀਤਾ ਪੇਸ਼
ਫੇਰ ਮੋੜਿਆ ਉਹਨੇ-
ਏੇਸ ਵਾਰ ਵੀ ਲੱਗਾ ਮੈਨੂੰ,
ਚਾਹੇ ਨਾਂ ਉਹ ਛੱਡਣਾ;
ਤੀਜੀ ਵਾਰ ਫਿਰ ਕੀਤਾ ਪੇਸ਼,
ਰੱਦ ਕੀਤਾ ਜਦ ਪਹਿਲਾਂ ਵਾਂਗ
ਲੰਡੀ ਬੁੱਚੀ ਨੇ ਮਾਰੇ ਨਾਅਰੇ,
ਛੱਡੀਆਂ ਚਾਂਘਰਾਂ, ਹੋਕਰੇ ਮਾਰੇ
ਮੁੜ੍ਹਕੇ ਭਿੱਜੀਆਂ ਟੋਪੀਆਂ,
ਵਿੱਚ ਹਵਾ ਉਛਾਲਣ ਲੱਗੇ
ਬਿਆਈਂਆ ਪਾਟੇ ਹੱਥੀਂ ਸਾਰੇ,
ਮਾਰ ਤਾੜੀਆਂ ਟੱਪਣ ਲੱਗੇਏ
ਨੀ ਸੜ੍ਹਿਆਂਦ! ਏਨੀ ਬੁਸਿਆਂਦ!
ਮੂੰਹਾਂ ਦੀ ਹਵਾੜ੍ਹ ਫੇਲਾਈ,
ਸੀਜ਼ਰ ਦਾ ਦਮ ਘੁੱਟਣ ਲੱਗਾ,
ਚੱਕਰ ਆਏ,ਨ੍ਹੇਰੀ ਆਈ-
ਮੂਧੇ ਮੂੰਹ ਉਹ ਡਿੱਗ ਪਿਆ ਸੀ,
ਛੇਤੀ ਕਰ ਕੇ ਹੋਸ਼ ਨਾ ਆਈ-
ਡਰਦਾ ਮੂੰਹ ਨਾਂ ਖੋਲ੍ਹ ਸਕਾਂ ਮੈਂ,
ਭਾਵੇਂ ਹਾਸਾ ਆਈਂ ਜਾਵੇ:
ਸਾਹ ਨਾਲ ਸੜ੍ਹਿਆਂਦ ਨਾ ਕਿੱਧਰੇ
ਅੰਦਰ ਹੀ ਲੰਘ ਜਾਵੇ।
ਕੈਸੀਅਸ-:ਧੀਰੇ ਜ਼ਰਾ, ਬਿਨੇ ਕਰਾਂ ਮੈਂ;
ਹੋਇਆ ਸੀ ਸੀਜ਼ਰ ਬੇਹੋਸ਼?
ਕਾਸਕਾ-:ਡਿੱਗਾ ਸੀ ਉਹ ਵਿੱਚ ਮੈਦਾਨ,
ਮੂੰਹੋਂ ਸੁੱਟਦਾ ਝੱਗ,
ਜੀਭ ਆਕੜੀ, ਦੰਦਲ ਪੈ ਗੀ,
ਪੂਰਾ ਸੀ ਬੇਹੋਸ਼।
ਬਰੂਟਸ-:ਬੇਸ਼ੱਕ ਇੰਜ ਹੀ ਹੋਇਆ ਹੋਣੈ,ਮਿਰਗੀ ਦਾ ਬੀਮਾਰ ਪੁਰਾਣਾ।
ਕੈਸੀਅਸ-:ਬਿਲਕੁਲ ਨਹੀਂ!ਸੀਜ਼ਰ ਬੀਮਾਰ ਨਹੀਂ ਹੈ;
ਡਿੱਗੜ ਰੋਗ ਤਾਂ ਸਾਨੂੰ ਲੱਗੈ - ਸਾਨੂੰ!
ਤੈਨੂੰ, ਮੈਨੂੰ, ਕਾਸਕਾ ਵਰਗੇ ਭਲੇ ਪੁਰਸ਼ ਨੂੰ;
ਅਸਲ ਚ ਅਸੀਂ ਹਾਂ ਸਭ ਬੀਮਾਰ!
ਕਾਸਕਾ-:ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋ,
ਕੀ ਹੈ ਤੁਹਾਡਾ ਮਤਲਬ;
ਡਿੱਗ ਪਿਆ ਸੀ ਸੱਚੀਂ ਸੀਜ਼ਰ,
ਏਹੋ ਮੇਰਾ ਮਤਲਬ।
ਰੰਗ-ਮੰਚ ਦੇ ਦਰਸ਼ਕ ਜਿੱਦਾਂ,
ਸੀਟੀ ਮਾਰ, ਵਜਾਕੇ ਤਾੜੀ
ਅਭਿਨੈ ਦੀ ਪਰਸੰਸਾ ਕਰਦੇ,
ਜਾਂ ਕਰਦੇ ਤ੍ਰਿਸਕਾਰ,
ਲੰਡੀ ਬੁੱਚੀ ਨੇ ਜੇ ਨਹੀਂ ਕੀਤਾ
ਸੀਜ਼ਰ ਨਾਲ ਇੰਜ ਵਿਓਹਾਰ
ਤਾਂ ਫਿਰ ਮੈਂ ਹਾਂ ਪੱਕਾ ਝੂਠਾ !
ਮਤ ਕੋਈ ਆਖੋ ਮੈਨੂੰ ਸੱਚਾ।
ਬਰੂਟਸ-:ਹੋਸ਼ ਆਈ ਤੇ ਕੀ ਕਹਿੰਦਾ ਸੀ?
ਇਹ ਵੀ ਸਾਨੂੰ ਦੱਸ
ਕਾਸਕਾ-:ਪਹਿਲੀ ਵਾਰ ਜਦ ਠੁਕਰਾਇਆ ਤਾਜ
ਵੇਖਿਆ ਉਸ ਨੇ ਖੁਸ਼ ਬੜੀ ਸੀ
ਲੱਲੀ ਛੱਲੀ, ਹਾਰੀ ਸਾਰੀ;
ਜੋਸ਼ 'ਚ ਆਕੇ ਮੈਨੂੰ ਆਖਿਆ:
'ਖ੍ਹੋਲ ਗਲਾਂਮਾ ਮੇਰਾ';
ਕਰਕੇ ਪੇਸ਼ ਲੋਕਾਂ ਨੂੰ ਗਰਦਨ,
ਕਹਿੰਦਾ ਭਾਵੇਂ ਵੱਢ ਦੇਵੋ ਮੈਨੂੰ
'ਤੁਹਾਡਾ ਹਾਂ ਮੈਂ ਸਦਾ ਤੁਹਾਡਾ,
ਰੱਖੋ ਭਾਵੇਂ ਛੱਡ ਦੇਵੋ ਮੈਨੂੰ'।
ਕੁੱਝ ਵੀ ਹੁੰਦਾ ਭਾਵੇਂ ਕਿੱਤਾ ਮੇਰਾ,
ਭੀੜ 'ਚ ਹੁੰਦਾ ਜੇਕਰ ਮੈਂ
ਵਚਨ ਪਾਲਦਾ, ਗਲ ਵੱਢ ਦੇਂਦਾ,
ਇੰਜ ਨਾ ਕਰਦਾ ਜੇਕਰ ਮੈਂ
ਨਾਲ ਲਫੰਗਿਆਂ ਨਰਕੀਂ ਜਾਂਦਾ
ਮੰਨਕੇ ਅਪਣੀ ਹਾਰ।
ਤੇ ਫੇਰ ਉਹ ਡਿੱਗਿਆ, ਬੇਸੁੱਧ ਹੋਇਆ-
ਉੱਠਿਆ ਫੇਰ ਤੇ ਮੰਗੀ ਮਾਫੀ,
ਆਇਆ ਜਦ ਸੀ ਹੋਸ਼
'ਮਾਨਯੋਗ ਜੰਤਾ' ਨੂੰ ਕਹਿੰਦਾ:
'ਸੀ ਮੇਰੀ ਕਮਜ਼ੋਰੀ,
ਜੇ ਕੁੱਝ ਕੀਤਾ ਗਲਤ, ਬੋਲਿਆ,
ਕਰਦਿਓ ਮੈਨੂੰ ਮਾਫ'।
ਮੇਰੇ ਲਾਗੇ ਖੜੀਆਂ ਹੈ ਸਨ
ਕੁੱਝ ਆਵਾਰਾ ਰੰਨਾਂ,
ਮੋਮ ਵਾਂਗ ਢਲ ਗਈਆਂ ਅੰਦਰੋਂ,
ਹੋਈਆਂ ਪਾਣੀ ਪਾਣੀ:
ਧੁਰ ਅੰਦਰੋਂ ਕਰ ਦਿੱਤਾ ਮਾਫ,
ਕਹਿਣ ਬੜਾ ਹੈ ਧਰਮੀ:
ਪਰ ਇਹਨਾਂ ਵਲ ਧਿਆਨ ਦਿਓ ਨਾ,
ਇਹ ਤਾਂ ਏਹੋ ਜਿਹੀਆਂ;
ਇਹਨਾਂ ਦੀਆਂ ਮਾਂਵਾਂ ਦੇ ਢਿੱਡ ਵੀ,
ਜੇ ਸੀਜ਼ਰ ਦੇਂਦਾ ਪਾੜ,
ਫਿਰ ਵੀ ਇਹਨਾਂ ਕਰਨੀ ਹੈ ਸੀ
ਇਹੋ ਨਿਰੀ ਬਸ਼ਰਮੀ।
ਬਰੂਟਸ-:ਪਰ ਫਿਰ ਉਹ ਏਸ ਤੋਂ ਪਿੱਛੋਂ,
ਆਇਆ ਕਿਉਂ ਏਨਾ ਬੇਹਾਲ?
ਕਾਸਕਾ-:ਹਾਂ ਜੀ ਹਾਂ।
ਕੈਸੀਅਸ-:ਬੋਲਿਆ ਕੁੱਝ ਸਿਸੈਰੋ?
ਕਾਸਕਾ-:ਆਹੋ, ਪਰ ਬੋਲੀ ਸੀ ਉਹਦੀ ਪਸ਼ਤੋ।
ਕੈਸੀਅਸ-:ਕੀ ਮਤਲਬ ਸੀ ਉਹਦਾ?
ਕਾਸਕਾ-:ਨਾਂ ਜੀ ਨਾਂ! ਜੇ ਮੈਂ ਸਾਰਾ ਕੁਝ ਦੱਸ ਦਿੱਤਾ,
ਕਿਵੇਂ ਵਿਖਾਊਂ ਮੁੜ ਕੇ ਮੂੰਹ?
ਪਰ ਉਹ ਲੋਕ ਜੋ ਸਮਝ ਗਏ ਸੀ,
ਸਿਰ ਮਾਰਕੇ ਹੱਸਦੇ ਵੇਖੇਮੇਰੇ ਪੱਲੇ ਕੁੱਝ ਪਿਆ ਨਾਂ,
ਮੈਨੂੰ ਸਭ ਕੁੱਝ ਪਸ਼ਤੋ ਲੱਗਾ!
ਪਰ ਇਕ ਹੋਰ ਖਬਰ ਮੈਂ ਦੱਸਾਂ:
ਫਲਾਵੀਅਸ ਤੇ ਮਾਰੂਲਸ ਦੋਵੇਂ,
ਬੁੱਤ ਸੀਜ਼ਰ ਦੇ ਨੰਗੇ ਕਰਦੇ,
ਫੜੇ ਗਏੇ ਤਾਂ ਦਿੱਤੇ ਮਾਰ।
ਚੰਗਾ ਬਈ! ਹੁਣ ਅਲਵਿਦਾ;
ਝੱਲ ਤਾਂ ਓਥੇ ਬੁਹਤ ਖਿਲਰਿਆ
ਪਰ ਸਭ ਕੁਝ ਮੈਨੂੰ ਯਾਦ ਨਹੀਂ।
ਕੈਸੀਅਸ-:ਰਾਤ੍ਰੀ ਭੋਜ ਅੱਜ ਮੇਰੇ ਵੱਲ; ਹੈਂ ਕਾਸਕਾ?
ਕਾਸਕ-:ਨਹੀਂ, ਅੱਜ ਤਾਂ ਹੋਰ ਕਿਤੇ ਹੈ ਵਾਅਦਾ।
ਕੈਸੀਅਸ-:ਕੱਲ ਫੇਰ ਸ਼ਾਮ ਨੂੰ ਖਾਈਏ ਕੱਠੇ?
ਕਾਸਕਾ-:ਹਾਂ, ਜੀਂਦਾ ਰਿਹਾ ਜ਼ਰੂਰ ਆਵਾਂਗਾ,
ਬਚਨ ਜੇ ਤੇਰਾ ਪੱਕਾ ਰਿਹਾ ਤੇ
ਭੋਜਨ ਖਾਣ ਦੇ ਕਾਬਲ ਹੋਇਆ,
ਤੇਰੇ ਨਾਲ ਹੀ ਖਾਵਾਂਗਾ।
ਕੈਸੀਅਸ-:ਚੰਗਾ ਫਿਰ ਮੈਂ ਕਰੂੰ ਉਡੀਕ।
ਕਾਸਕਾ-:ਅੱਛਾ! ਅਲਵਿਦਾਅ ਦੋਵਾਂ ਤਾਂਈਂ
(ਜਾਂਦਾ ਹੈ)
ਬਰੂਟਸ-:ਭਾਵੇਂ ਵਿੱਚ ਸਕੂਲੇ ਵੀ ਇਹ
ਹੁੰਦਾ ਬੜਾ ਸੀ ਤਿੱਖਾ,
ਪਰ ਹੁਣ ਹੋਗਿਐ ਕਿੰਨਾ ਅੱਖੜ, ਕਿੰਨਾ ਕੋਰਾ!
ਕੈਸੀਅਸ-:ਹੁਣ ਵੀ ਕਰਿੰਦਾ ਉੱਨਾ ਈ ਤਿੱਖਾ,
ਜੁੱਰਅਤ ਵਾਲਾ ਕੰਮ ਜੇ ਹੋਵੇ ਕੋਈ ਮਹਾਨ;
ਢਿਲੜ ਦਿਸਣਾ ਬੱਸ ਢੋਂਗ ਹੈ ਇਹਦਾ,
ਹਾਜ਼ਰਜਵਾਬੀ ਨੂੰ ਇਹ ਚਾੜ੍ਹੇ,
ਗੁਸਤਾਖੀ ਦੀ ਪਾਣ:
ਚਸਕੇ ਲੈਕੇ ਸੁਣਨ ਸਰੋਤੇ,
ਕੰਨਾਂ ਦੀ ਭੁੱਖ ਵੱਧ ਜਾਵੇ
ਸ਼ਬਦ ਨਾਂ ਧਰਤੀ ਡਿੱਗਣ ਦੇਵਣ
ਸਾਰੇ ਖਾ ਪੀ ਜਾਣ।
ਬਰੂਟਸ-:ਏਵੇਂ ਹੀ ਹੈ ਗੱਲ ਏਸ ਦੀ;
ਚੰਗਾ, ਹੁਣ ਮੈਂ ਚਲਦਾਂ;
ਜੇ ਮਰਜ਼ੀ ਤੇਰੀ ਗੱਲ ਕਰਨ ਦੀ
ਫੇਰ ਮਿਲਾਂਗੇ ਕੱਲ੍ਹ,
ਜਾਂ ਮੈਂ ਤੇਰੇ ਘਰ ਆ ਜੂੰ ਗਾ,
ਜਾਂ ਤੂੰ ਆ ਜੀਂ ਮੇਰੇ ਵੱਲ,
ਉਡੀਕ ਕਰਾਂਗਾ ਤੇਰੀ।
ਕੈਸੀਅਸ:ਮੈਂ ਆਊਂਗਾ ਪੱਕਾ;
ਉਦੋਂ ਤੀਕ ਤੂੰ ਕਰੀਂ ਵਿਚਾਰ
ਇਸ ਦੁਨੀਆ ਦੇ ਬਾਰੇ।
(ਬਰੂਟਸ ਟੁਰ ਜਾਂਦਾ ਹੈ)
ਹਾਂ ਬਈ ਬਰੂਟਸ, ਹੈਂ ਤਾਂ ਤੂੰ ਕੁਲੀਨ;
ਪਰ ਪਤਾ ਏ ਮੈਨੂੰ,
ਢਾਲਕੇ ਤੇਰਾ ਭੱਦਰ ਮਾਦਾ,
ਬਦਲੀ ਜਾ ਸਕਦੀ ਏ ਤੇਰੀ ਪਰਵਿਰਤੀ;
ਤਾਂ ਹੀ ਸੁਹਬਤ ਚੰਗੀ ਰਹਿੰਦੀ
ਆਪਣੇ ਜਹੇ ਸ਼ਰੀਫਾਂ ਦੀ;
ਕਿਉਂ ਜੋ ਮਨ ਕੋਈ ਨਾ ਏਨਾ ਪੱਕਾ,
ਜੋ ਕੁਰਾਹੇ ਪਾ ਨਾਂ ਸਕੀਏ-
ਸੀਜ਼ਰ ਖਾਵੇ ਖਾਰ ਮੇਰੇ ਨਾਲ,
ਪਰ ਬਰੂਟਸ ਨੂੰ ਪਿਆਰ ਕਰੇ:
ਜੇ ਹੁੰਦਾ ਮੈਂ ਉਹਦੀ ਥਾਂ
ਉਹ ਨਾ ਸਕਦਾ ਮੈਨੂੰ ਪਤਿਆ।
ਅੱਜ ਦੀ ਰਾਤ ਲਿਖਾਈ ਬਦਲ ਕੇ
ਚਿੱਠੀਆਂ ਕਈ ਦਿਊਂ ਸੁਟਵਾ
ਖਿੜਕੀ ਰਾਹੀਂ ਘਰ ਉਹਦੇ ਮੈਂ;
ਸ਼ਹਿਰੀ ਕਈ ਸੁੱਟ ਗਏ ਜਿਉਂ ਆਪੂੰ ਓਥੇ ਆ।
ਵਿਸ਼ਾ ਹੋਵੇਗਾ ਏਹੋ ਸਭ ਦਾ,
'ਰੋਮ ਜਪੇਂਦਾ ਉਹਦਾ ਨਾਂਅ',
ਸੀਜ਼ਰ ਦੀ ਆਕਾਂਖਿਆ ਵੱਲ ਵੀ
ਇਸ਼ਾਰਾ ਜਚਦਾ ਕਰ ਦੇਣੈ:
ਸੀਜ਼ਰ ਬੈਠੇ ਪੱਕਾ ਹੋਕੇ
ਅਸੀਂ ਤਖਤ ਹਿਲਾ ਦੇਣੈ ;
ਬਦਬਖਤੀ ਦੀ ਮਾਰ ਸਹੇ ਇਉਂ
ਲੰਮੇ ਪੈਂਡੇ ਪਾ ਦੇਣੈ।
(ਟੁਰ ਜਾਂਦਾ ਹੈ)
ਸੀਨ-੩- ਐਕਟ-੧ ਜੂਲੀਅਸ ਸੀਜ਼ਰ
ਰੋਮ ਦੀ ਇੱਕ ਗਲੀ
ਬੱਦਲ ਦੀ ਗਰਜ,ਬਿਜਲੀ ਦੀ ਚਮਕ।
ਦੂਜੇ ਪਾਸਿਓਂ ਕਾਸਕਾ ਅਤੇ ਸਿਸੈਰੋ ਦਾ ਪਰਵੇਸ਼
ਕਾਸਕਾ ਦੇ ਹੱਥ 'ਚ ਨੰਗੀ ਤਲਵਾਰ ਹੈ-
ਸਿਸੈਰੋ-:ਸ਼ੁਭ ਸ਼ਾਮ ਕਾਸਕਾ!
ਛੱਡ ਆਇਐਂ ਘਰ ਸੀਜ਼ਰ ਨੂੰ ?
ਸਾਹ ਕਿਉਂ ਪਰ ਚੜ੍ਹਿਐ ਏਨਾਂ,
ਏਦਾਂ ਕਿਉਂ ਤੂੰ ਅੱਖਾਂ ਪਾੜੇਂ?
ਕਾਸਕਾ-:ਅੰਦਰ ਤੇਰੇ ਕੁੱਝ ਨਹੀਂ ਹੁੰਦਾ?
ਪੱਤੇ ਵਾਂਗ ਜਦ ਧਰਤੀ ਡੋਲੇ?
ਓ, ਸਿਸੈਰੋ! ਵੇਖੇ ਨੇ ਮੈਂ ਤੇਜ਼ ਤੂਫਾਨ,
ਝਾਂਬੇ, ਝੱਖੜ ਬੇ ਲਗਾਮ
ਗੰਢਲ ਤਣੇ ਬਲੂਤਾਂ ਦੇ ਜੋ
ਪਾੜਣ ਕੁੱਲ ਤਮਾਮ;
ਭਰੇ, ਪੀਤੇ ਵੇਖੇ ਨੇ ਸਾਗਰ,
ਮਹਾਂ ਕਰੋਧੀ, ਝੱਗੋ ਝੱਗ,
ਕਾਲੇ ਬੱਦਲ ਦੇਣ ਡਰਾਵੇ,
ਹੁਣੇ ਪੈਣ ਗੇ ਵੱਗ,
ਬਿੱਫਰੇ ਸਾਗਰ ਧਾੜਾਂ ਮਾਰਨ,
ਵੇਖੇ ਨੇ ਕਈ ਵਾਰ,
ਪਰ ਕਦੇ ਨਹੀਂ ਡਿੱਠਾ ਅੱਜ ਤੱਕ,
ਕਰਦਾ ਮਾਰੋ ਮਾਰ,
ਅੱਗ ਉਗਲਦਾ, ਲਾਟਾਂ ਛੱਡਦਾ,
ਇਸ ਰਾਤ ਜਿਹਾ ਤੂਫਾਨ।
ਜਾਂ ਫਿਰ, ਦੇਵਲੋਕ 'ਚ ਹੋਈ ਬਗਾਵਤ,
ਜਾਂ ਮਾਤਲੋਕ ਹੋਇਆ ਗੁਸਤਾਖ
ਲੋਹੇ ਲਾਖੇ ਦੇਵ ਚੜ੍ਹ ਆਏ
ਕਰਨ ਤਬਾਹੀ ਜੱਗ ਦੀ।
ਸਿਸੈਰੋ-:ਕਿਉਂ ਬਈ! ਇਸ ਤੋਂ ਵੱਧ ਵੀ
ਵੇਖਿਆ ਕੋਈ ਅਚੰਭਾ?
ਕਾਸਕਾ-:ਇੱਕ ਮਾਮੂਲੀ ਦਾਸ ਤੱਕਿਆ,
ਸ਼ਕਲੋਂ ਹੀ ਜੋ ਗੋਲਾ ਲੱਗੇ-
ਬਲਦਾ ਹੱਥ ਸੀ ਉੱਚਾ ਕੀਤਾ
ਜਗਦੀ ਮਹਾਂ ਮਸ਼ਾਲ ਉਹ ਲੱਗੇ
ਫਿਰ ਵੀ ਹੱਥ ਨੂੰ ਫਰਕ ਪਵੇ ਨਾਂ,
ਨਾਂ ਝੁਲਸੇ ਨਾਂ ਲੂਹਿਆ ਜਾਵੇਤਾਂਹੀਓਂ ਮੈਂ ਤਲਵਾਰ ਰੱਖੀ ਨਾਂ
ਹਾਲੀਂ ਤੀਕ ਮਿਆਨੇ-
ਬੱਬਰ ਸ਼ੇਰ ਇੱਕ ਟੱਕਰਿਆ ਮੈਨੂੰ
ਬਿਰਹੱਸਪਤੀ ਮੰਦਰ ਕੋਲੇ,
ਘੂਰ ਘੂਰ ਉਹ ਵੇਂਹਦਾ ਮੈਨੂੰ,
ਕੋਲੋਂ ਲੰਘ ਗਿਆ ਸੀ,
ਖਿਝਿਆ ਹੋਇਆ, ਚਿੜਿਆ ਚਿੜਿਆ,
ਦੰਦ ਕਢਦਾ ਤੇ ਗ਼ੁੱਰਾਂਦਾ,
ਪਰ ਉਸ ਮੈਨੂੰ ਤੰਗ ਨਹੀਂ ਕੀਤਾ।
ਫੇਰ ਵੇਖੀਆਂ ਕੱਠੀਆਂ ਹੋਈਆਂ
ਇੱਕ ਰੂੜੀ ਦੇ ਲਾਗੇ-
ਸੌ ਤੀਵੀਆਂ ਭੁਕ ਪੀਲੀਆਂ
ਅੱਤ ਦਹਿਸ਼ਤ ਦੇ ਨਾਲ-
ਸੌਹਾਂ ਖਾ ਖਾ ਦੱਸ ਰਹੀਆਂ ਸੀ,
ਵੇਖੇ ਮਨੁੱਖ ਨਿਆਰੇ
ਗਲੀਆਂ ਦੇ ਵਿੱਚ ਭਾਂਬੜ ਬਣਕੇ
ਸੜਦੇ ਬਲਦੇ ਸਾਰੇ;
ਹੋਰ ਸੁਣੋ, ਕਲ੍ਹ ਬੋਲ ਰਿਹਾ ਸੀ
ਸਿਖਰ ਦੁਪਹਿਰੇ ਊੱਲੂ-
ਰਾਤ ਦਾ ਪੰਛੀ ਹੂਕ ਰਿਹਾ ਸੀ
ਬੈਠਾ ਵਿੱਚ ਬਜ਼ਾਰੇ!
ਸੰਜੋਗ ਵੱਸ ਜਦ ਕੱਠੇ ਹੋਵਣ
ਅਜਿਹੇ ਕੌਤਕ ਸਾਰੇ:
ਇਹ ਅਲਾਮਤੀ ਗੱਲਾਂ ਹਨ ਜੋ
ਸਿੱਧੇ ਕਰਨ ਇਸ਼ਾਰੇ
ਉਸ ਭਿਆਨਕ ਮੌਸਮ ਵੱਲੇ
ਜਿਤਵੱਲ ਦੁਨੀਆ ਪਈ ਪਧਾਰੇ।
ਸਿਸੈਰੋ:ਸੱਚੀਂ, ਬੜਾ ਅਜੀਬ ਸਮਾਂ ਇਹ ਸਾਡਾ!
ਲੋਕੀ ਕੱਢਣ ਅਪਣਾ ਅਪਣਾ ਮਤਲਬ,
ਹੁੰਦਾ ਹੈ ਜੋ ਆਮ ਤੌਰ ਤੇ
ਸ਼ੈਆਂ ਦੇ ਮਕਸਦ ਤੋਂ ਉਲਟਾ।
ਕੀ ਸੀਜ਼ਰ ਕਲ੍ਹ ਸੰਸਦ ਭਵਨ ਆਵੇਗਾ ਫੇਰ?
ਕਾਸਕਾ:ਹਾਂ, ਆਵੇਗਾ।
ਹੁਕਮ ਕੀਤਾ ਸੀ ਐੇਨਟੋਨੀਅਸ ਨੂੰ,
ਤੈਨੂੰ ਵੀ ਦੱਸ ਦੇਵੇ।
ਸਿਸੈਰੋ:ਚੰਗਾ ਫੇਰ ਕਾਸਕਾ! ਸ਼ੁਭ ਰਾਤ੍ਰੀ;
ਇਸ ਤੂਫਾਨੀ ਅੰਬਰ ਹੇਠਾਂ,
ਚੰਗਾ ਨਹੀਂ ਹੈ ਹੋਰ ਘੁੰਮਣਾ।
ਕਾਸਕਾ:ਅਲਵਿਦਾਅ ਸਿਸੈਰੋ!
(ਸਿਸੈਰੋ ਜਾਂਦਾ ਹੈ; ਕੈਸੀਅਸ ਦਾ ਪਰਵੇਸ਼ ਹੁੰਦਾ ਹੈ)
ਕੈਸੀਅਸ:ਕੌਣ ਐ ਬਈ?
ਕਾਸਕਾ:ਮੈਂ ਹਾਂ ਰੋਮ ਹੀ ਦਾ ਵਸਨੀਕ।
ਕੈਸੀਅਸ:ਬੋਲੋਂ ਤਾਂ ਤੂੰ ਕਾਸਕਾ ਲਗਦੈਂ।
ਕਾਸਕਾ:ਕੰਨ ਤਾਂ ਤੇਰੇ ਠੀਕ ਨੇ ਕੈਸ!
ਪਰ ਰਾਤ ਇਹ ਕਿੰਨੀ ਹੈ ਅਜੀਬ!
ਕੈਸੀਅਸ:ਈਮਾਨਦਾਰ ਮਨੁੱਖਾਂ ਲਈ ਪਰ
ਬੜੀ ਆਨੰਦਮਈ ਇਹ ਰਾਤ।
ਕਾਸਕਾ-:ਅੱਜ ਤੀਕ ਨਾ ਡਿੱਠੀ ਹੋਸੀ ਹੋਰ ਕਿਸੇ ਨੇ
ਅੰਬਰੋਂ ਵਰ੍ਹਦੀ ਦਹਿਸ਼ਤ ਏਦਾਂ?
ਕੈਸੀਅਸ-:ਹਾਂ, ਉਹਨਾਂ ਨੇ ਵੇਖੀ ਹੋ ਸੀ-
ਜਿਹੜੇ ਜਾਨਣ ਇਹ ਦੁਨੀਆਂ ਪਾਪੀ।
ਮੈਂ ਵੀ ਤਾਂ ਆਪਣੇ ਵੱਲੋਂ
ਸਾਰੀਆਂ ਗਲੀਆਂ ਗਾਹ ਆਇਆ ਹਾਂ-
ਸਿਰ ਤੇ ਝੱਲੀ ਨ੍ਹੇਰੀ ਰਾਤ, ਖਤਰਿਆਂ ਵਾਲੀ,
ਖੋਲ੍ਹਕੇ ਬੀੜੇ, ਡਾਹਕੇ ਛਾਤੀ ਨੰਗੀ,
ਵੇਖ ਕਾਸਕਾ! ਵੱਜਰਪਾਤਾਂ ਅੱਗੇ;
ਤੇ ਨੀਲੀ, ਕਟੀਲੀ ਤੇਜ਼ ਦਾਮਣੀ
ਜੋ ਅਰਸ਼ ਦੀ ਪਾੜੇ ਛਾਤੀ,
ਤੁਰਦਾ ਰਿਹਾਂ ਨਿਸ਼ਾਨੇ ਉਹਦੇ ਤੇ
ਪਾ ਮੌਤ ਦੀ ਅੱਖ'ਚ ਅੱਖ।
ਕਾਸਕਾ-:ਪਰ ਕਿਉਂ ਤੂੰ ਅੰਬਰ ਇੰਜ ਵੰਗਾਰੇ?
ਕੀ ਸੀ ਤੈਨੂੰ ਲੋੜ?
ਦੇਵ ਮਹਾਨ ਸ਼ਕਤੀਸ਼ਾਲੀ,
ਮਨੁੱਖਾਂ ਤਾਂਈਂ ਚੱਕ੍ਰਿਤ ਕਰਦੇ
ਦਹਿਸ਼ਤ ਦੇ ਜਦ ਭੇਜਣ ਦੂਤ;
ਕੰਬੀਂ ਜਾਣ ਮਨੁੱਖ ਵਿਚਾਰੇ
ਦਹਿਸ਼ਤ ਵਹਿਸ਼ਤ, ਡਰ ਹੀ ਪੱਲੇ,
ਮਰ ਜਾਂਦੇ ਨੇ ਡਰ ਦੇ ਮਾਰੇ।
ਕੈਸੀਅਸ-:ਤੇਰੀ ਬੁੱਧੀ ਕੁੰਦ ਕਾਸਕਾ,
ਜੀਵਨ ਚਿਣਗ ਨਹੀਂ ਤੇਰੇ ਅੰਦਰ
ਜੋ ਲੋੜੀਂਦੀ ਹਰ ਰੋਮਨ ਨੂੰ,
ਉਹ ਸ਼ੈਅ ਨਹੀਂ ਤੇਰੇ ਅੰਦਰ;
ਜੇ ਕਿਧਰੇ ਹੈ ਰੱਤੀ, ਮਾਸਾ,
ਤੂੰ ਵਰਤੇਂ ਨਾਂ ਉਹਨੂੰ।
ਪੀਲਾ ਭੂਕ ਤੂੰ ਤੱਕੀਂ ਜਾਵੇਂ
ਪਾ ਕੇ ਭੈਅ ਦਾ ਅੱਖੀਂ ਪਰਦਾ;
ਏਹ ਅਨੋਖੀ ਬੇਚੈਨੀ ਜੋ ਅੰਬਰੀਂ ਫੈਲੀ,
ਤੈਨੂੰ ਸ਼ਾਇਦ ਕਰਦੀ ਪਰੇਸ਼ਾਨ।
ਪਰ ਜੇ ਕੋਸ਼ਿਸ਼ ਕਰੇਂ ਲੱਭਣ ਦੀ,
ਕੀ ਏ ਅਸਲ 'ਚ ਗੱਲ--
ਕਿਉਂ ਇਹ ਭਾਂਬੜ ਮੱਚ ਰਹੇ ਨੇ,
ਭੂਤ, ਚੁੜੇਲਾਂ ਹਵਾ 'ਚ ਘੁੰੱਮਣ
ਚਰਿੰਦ ਪਰਿੰਦ ਕਿਉਂ ਹਰ ਨਸਲ ਦੇ,
ਹਰ ਕਿਸਮ ਦੇ, ਫਿਰਦੇ ਨੇ ਘਬਰਾਏ:
ਸਿਆਣੇ ਬੁਜ਼ੁਰਗ ਕਿਉਂ ਕਰਨ ਹਮਾਕਤ,
ਬੱਚੇ ਲਾਵਣ ਕਿਉਂ ਤਖਮੀਨੇ,
ਛੱਡਕੇ ਹੁਕਮ ਖੁਦਾਏ ਵਾਲਾ,
ਸਭ ਕੁਝ ਹੋਇਐ ਕਿਉਂ ਵਿਪਰੀਤ?-
ਆਪਣੇ ਆਪਣੇ ਸੁਭਾਅ ਤਿਆਗੇ,
ਕਾਰਜ ਰੁਚੀਆਂ ਤਜੀਆਂ:
ਤਿਆਗ ਦਿੱਤੀ ਕਿਉਂ ਇਹਨਾਂ ਸਭ ਨੇ
ਜਮਾਂਦਰੂ ਅਪਣੀ ਰੀਤ?
ਕਿਉਂ ਰਾਖਸ਼ੀ ਰੂਪ ਧਾਰਿਆ,
ਬਣੇ ਭਿਅੰਕਰ ਕਿਉਂ ਸੁਭਾਅ--
ਆਪੂੰ ਫਿਰ ਤੂੰ ਸਮਝ ਲਵੇਂਗਾ,
ਉੱਪਰ ਵਾਲੇ ਦੀ ਰਜ਼ਾ:
ਭਿਅੰਕਰ ਰੂਪ ਦਿੱਤੇ ਸਭ ਤਾਈਂ,
ਵਾੜ ਦਿੱਤੇ ਜਿੰਨ ਅੰਦਰ:
ਵੇਖੇ ਦੁਨੀ ਤੇ ਕੰਬੀਂ ਜਾਵੇ,
ਤਿਲ ਤਿਲ ਮਰੇ ਡਰਾਵੇ ਨਾਲ,
ਸਿਰ ਤੇ ਜਿਵੇਂ ਕਆਮਤ ਆਈ।
ਸੁਣ ਕਾਸਕਾ! ਦੱਸਾਂ ਤੈਨੂੰ
ਉਹਦਾ ਹੁਣ ਮੈਂ ਨਾਂਅ,
ਭਿਅੰਕਰ ਏਸ ਰਾਤ੍ਰੀ ਵਰਗਾ-
ਜੋ ਗਰਜੇ, ਲਿਸ਼ਕੇ, ਖ੍ਹੋਲੇ ਕਬਰਾਂ
ਬਿਰਹਸਪਤੀ ਮੰਦਰ ਵਾਲੇ
ਸ਼ੇਰ ਵਾਂਗ ਜੋ ਧਾੜੇ-
ਨਿੱਜ ਕਰਮੀਂ ਉਹ ਤੈਥੋਂ ਮੈਥੋਂ
ਨਹੀਂ ਹੈ ਤਕੜਾ ਬੰਦਾ
ਫਿਰ ਵੀ ਏਨਾਂ ਵਡਆਕਾਰੀ,
ਭਿਅੰਕਰ ਏਨਾਂ ਬਣਿਆ ਫਿਰਦੈ,
ਜਿੰਨੇ ਭਿਅੰਕਰ ਹੈਨ ਕੁਦਰਤੀ,
ਅਚਰਜ ਇਹ ਵਿਸਫੋਟ!
ਕਾਸਕਾ-:ਤੇਰਾ ਮਤਲਬ ਸੀਜ਼ਰ ਤੋਂ ਹੈ-ਹੈ ਨਾਂ ਕੈਸ?
ਕੈਸੀਅਸ-:ਛੱਡੋ ਤੁਸੀਂ ਕਿਸ ਤੋਂ ਹੈ ਮੇਰਾ ਮਤਲਬ:
ਰੋਮਨਾਂ ਦੇ ਅੰਗ, ਪੈਰ ਤੇ ਪੱਠੇ
ਭਾਵੇਂ ਪੁਰਖਿਆਂ ਵਾਂਗ ਮਜ਼ਬੂਤ
ਪਰ ਉਹ ਸਵੈ-ਵਿਸ਼ਵਾਸ ਹੈ ਕਿਥੇ?
ਮਨ ਤਾਂ ਸਭ ਦੇ ਮਰ ਚੁੱਕੇ ਨੇ
ਮਾਵਾਂ ਵਾਂਗ ਪਹਿਨ ਪੰਜਾਲੀ,
ਨਿਰੇ ਜ਼ਨਾਨੇ ਬਣ ਚੁੱਕੇ ਨੇ।
ਕਾਸਕਾ-:ਸੱਚੀਂ, ਸਾਰੇ ਗੱਲ ਉੱਡੀ ਹੈ,
ਸਭੇ ਸਾਂਸਦਾਂ ਮਤਾ ਪਕਾਇਐ,
ਸੀਜ਼ਰ ਨੂੰ ਕੱਲ ਰਾਜ ਭੇਟਣਾ,
ਬਣਾ ਦੇਣੈ ਸਮਰਾਟ;
ਕਰੂ ਹਕੂਮਤ ਜਲ ਥਲ ਉੱਤੇ,
ਇਟਲੀ ਪਰ ਰਹੂ ਆਜ਼ਾਦ।
ਕੈਸੀਅਸ-:ਮੈਨੂੰ ਪਤੈ ਫਿਰ ਖੰਜਰ ਮੇਰਾ
ਕਿੱਥੇ ਆਊ ਕੰਮ;
ਗੁਲਾਮੀ ਦੀਆਂ ਜ਼ੰਜੀਰਾਂ ਕੱਟੂ,
ਖੁਦ ਨੂੰ ਕੈਸੀਅਸ ਆਜ਼ਾਦ ਕਰਾਊ;
ਅਜਿਹੇ ਕੰਮਾਂ 'ਚ ਸੱਭੇ ਦੇਵਗਣ
ਨਿਤਾਣਿਆਂ ਤਾਈਂ ਬਖਸ਼ਣ ਤਾਣ;
ਜਬਰ ਦੀ ਜੜ੍ਹ ਪੁੱਟਣ ਖਾਤਰ
ਚਿੜੀਆਂ ਤੋਂ ਵੀ ਬਾਜ਼ ਤੁੜਾਣ:
ਸੁਤੰਤਰ ਰੂਹ ਨੂੰ ਡੱਕ ਨਾ ਸੱਕਣ
ਪਿੱਤਲ ਦੀਆਂ ਨਿੱਗਰ ਦੀਵਾਰਾਂ,
ਬੁਰਜ ਪੱਥਰੀਲੇ, ਲੋਹ-ਜ਼ੰਜੀਰਾਂ,
ਘੁੱਪ ਨ੍ਹੇਰੀਆਂ ਗ਼ਾਰਾਂ।
ਪਰ ਹਿਆਤੀ ਟੁੱਟ ਜੇ ਜਾਵੇ
ਇਸ ਗੁਲਾਮੀ ਅੱਗੇ,
ਹੱਥੀਂ ਮੁਕਤ ਕਰਨ ਦਾ ਖੁਦ ਨੂੰ
ਸਾਹਸ ਵੀ ਉਹ ਰੱਖੇ।
ਇਹ ਮੈਂ ਜਾਣਾਂ, ਦੁਨੀਆਂ ਜਾਣੇ,
ਤੌਕ ਗੁਲਾਮੀ ਵਾਲਾ
ਜਦ ਵੀ ਚਾਹਾਂ ਲਾਹ ਸੁੱਟਾਂ ਮੈਂ,
ਇਹ ਮਰਜ਼ੀ ਹੈ ਮੇਰੀ।
(ਗੜਗੜਾਹਟ ਹੋਈਂ ਜਾਂਦੀ ਹੈ)
ਕਾਸਕਾ-:ਇੰਜ ਤਾਂ ਮੈਂ ਵੀ ਕਰ ਸਕਦਾ ਹਾਂ:
ਹਰ ਗੁਲਾਮ 'ਚ ਹੈ ਇਹ ਸ਼ਕਤੀ,
ਕੱਟ ਸੁਟੇ ਜ਼ੰਜੀਰਾਂ।
ਕੈਸੀਅਸ-:ਪਤੈ ਸੀਜ਼ਰ ਬਣਿਐ ਕਿਉਂ ਫਿਰ ਜਾਬਰ?
ਮੈਂ ਜਾਣਦਾਂ ਉਹ ਬੇਚਾਰਾ!
ਕਦੇ ਬਘਿਆੜ ਨਾਂ ਬਣਦਾ
ਹਰ ਰੋਮਨ ਜੇ ਉਹਦੇ ਅੱਗੇ ਭੇਡ ਕਦੇ ਨਾਂ ਬਣਦਾ-
ਬਣ ਗਿਆ ਬੱਬਰ ਸ਼ੇਰ ਉਹ ਤਾਂਹੀ,
ਰੋਮਨ ਬਣੇ ਜੇ ਮੂਨਾਂ।
ਕਿੰਨਾ ਰੱਦੀ ਰੋਮ ਹੋ ਗਿਐ,
ਕਿੰਨੇ ਨੀਚ ਹੋ ਗਏ ਰੋਮਨ,
ਸੱਭੇ ਹੋ ਗਏ ਕੂੜਾ ਕਰਕਟ,
ਭੁਰ ਚੂਰ ਤੇ ਠੱਠਰ, ਸੂਹੜੀ-
ਆਪਾ ਬਾਲ ਰੁਸ਼ਨਾਈਂ ਜਾਂਦੇ
ਸੀਜ਼ਰ ਜੇਹੀ ਹੀਣੀ ਸ਼ੈ ਨੂੰ।
ਪਰ ਆਹ! ਇਹ ਮੇਰਾ ਰੰਜ, ਇਹ ਦੁੱਖ ਮੇਰਾ
ਕਿੱਧਰ ਲੈਕੇ ਤੁਰ ਪਿਐ ਮੈਨੂੰ?
ਬੋਲ਼ੇ ਨੂੰ ਸੰਗੀਤ ਸੁਣਾਕੇ
ਸੁੱਤੀ ਰੂਹ ਜਗਾਵਣ ਲੱਗਾਂ;
ਹਾਰ ਸਮਝ ਜਿਸ ਤੌਕ ਪਹਿਨਿਆ,
ਗਲ ਚੋਂ ਉਹਦੇ ਲਾਹਵਣ ਲੱਗਾਂ।
ਜੇਕਰ ਮੇਰੇ ਸੁਆਲ ਦਾ ਉੱਤਰ
ਏਹੋ ਹੀ ਹੈ ਹੋਣਾ,
ਹਥਿਆਰਬੰਦ ਮੈਂ ਸਦਾ ਤਿਆਰ,
ਖਤਰੇ ਮੈਨੂੰ ਪੋਹ ਨਾਂ ਸੱਕਣ।
ਕਾਸਕਾ-:ਚੇਤੇ ਰੱਖ ਜ਼ਰਾ ਇਹ ਕੈਸ!
ਗੱਲ ਕਰਦੈਂ ਤੂੰ ਕਾਸਕਾ ਨਾਲ:
ਚੁਗਲੀ ਕਰੇ ਨਾਂ ਪਾਏ ਕਹਾਣੀ,
ਐੇਸਾ ਹੈ ਇਨਸਾਨ;
ਸੁੱਟ ਖਾਂ ਹੱਥ ਫਿਰ ਧੜਾ ਬਣਾਈਏ,
ਰੰਜਸ਼ ਕੱਢੀਏ, ਧੂਹ ਕਿਰਪਾਨ;
ਸਭ ਤੋਂ ਮੂਹਰੇ ਮੈਂ ਲੱਗੂੰ ਗਾ,
ਵੇਖ ਲਈਂ ਤੂੰ ਆਪੇ।
ਕੈਸੀਅਸ-:ਚੱਲ ਫਿਰ ਹੋ ਗਈ ਪੱਕੀ ਗੱਲ।
ਸੁਣ ਹੁਣ ਮੇਰੀ ਤੂੰ ਕਾਸਕਾ!
ਅੱਤ ਕੁਲੀਨ ਕੁਝ ਰੋਮਨ ਤਕੜੇ
ਕਰੀਏ ਸਹਿਮਤ ਅਪਣੇ ਨਾਲ;
ਮਹਾਂ ਕਾਜ ਇਹ ਇਜ਼ੱਤ ਵਾਲਾ
ਸਿਰੇ ਚਾੜ੍ਹਨੈ ਮਿਲ ਕੇ,
ਖਤਰੇ ਭਾਵੇਂ ਕਿੱਡੇ ਹੋਸਨ,
ਇਸ ਕਾਰਜ ਦੇ ਨਾਲ;
ਮੈਨੂੰ ਪਤੈ ਉਡੀਕਣ ਮੈਨੂੰ
ਉਹ ਪੌਂਪੀ ਦੀ ਪੋਰਚ ਥੱਲੇ,
ਰਾਤ ਭਿਆਨਕ, ਸੁੰਨੀਆਂ ਸੜਕਾਂ,
ਲੋਕ ਨਹੀਂ ਫਿਰਦੇ ਕੱਲ ਦੁਕੱਲੇ,
ਮਹਾਂ ਕਾਜ ਇਹ ਖੂਨੀ ਸਾਕਾ,
ਅੱਗੋ ਅੱਗ, ਭਿਆਨਕ ਅੱਤ,
ਅੱਜ ਇਹਦੇ ਵਿੱਚ ਕਰਨ ਸਹਾਇਤਾ
ਪ੍ਰਕਿਰਤੀ ਦੇ ਸਾਰੇ ਤੱਤ।
ਕਾਸਕਾ-:ਰੁਕ ਜ਼ਰਾ ਤੂੰ ਨੇੜੇ ਹੋਕੇ;
ਕਾਹਲੀ ਵਿੱਚ ਕੋਈ ਆਉਂਦਾ ਦਿੱਸੇ-
ਕੈਸੀਅਸ-:ਸਿੰਨਾ ਲਗਦੈ। ਮੈਂ ਪਛਾਣਦਾਂ ਇਹਦੀ ਤੋਰ,
ਇਹ ਅਪਣਾ ਹੀ ਮਿੱਤਰ ਹੈਗਾ।
-ਪਰਵੇਸ਼ ਸਿੰਨਾ-
ਸਿੰਨਾ ਬਈ, ਕਿਉਂ ਏਨੀ ਹੈ ਕਾਹਲੀ?
ਸਿੰਨਾ-:ਲੱਭਦਾ ਫਿਰਦਾਂ ਤੈਨੂੰ ਹੀ ਮੈਂ।
ਇਹ ਕਿਹੜੈ? ਮੈਟੀਲਸ ਸਿੰਬਰ?
ਕੈਸੀਅਸ-:ਨਹੀਂ, ਇਹ ਤਾਂ ਕਾਸਕਾ ਹੈਗਾ,
ਸਾਡਾ ਹੀ ਸਹਿਯੋਗੀ।
ਸਿੰਨਾ! ਕੀ ਮੇਰੀ ਉਡੀਕ ਉਨ੍ਹਾਂ ਨੂੰ?
ਸਿੰਨਾ-:ਇਹਨੂੰ ਮਿਲਕੇ ਖੁਸ਼ ਬੜਾ ਹਾਂ;
ਪਰ ਕਿੰਨੀ ਏ ਰਾਤ ਭਿਆਨਕ!
ਦੋਂ ਤਿੰਨਾਂ ਨੇ ਸਾਡੇ ਵਿੱਚੋਂ
ਬੜੇ ਅਜੀਬ ਨਜ਼ਾਰੇ ਵੇਖੇ
ਕੈਸੀਅਸ-:ਕਰਦੇ ਹਨ ਉਡੀਕ ਮੇਰੀ ਉਹ?
ਦੱਸ ਖਾਂ ਪਹਿਲਾਂ ਮੈਨੂੰ।
ਸਿੰਨਾ-:ਹਾਂ, ਤੇਰੀ ਉਡੀਕ ਨੇ ਕਰਦੇ।
ਕਾਸ਼! ਕੈਸ ਕੁਝ ਕਰ ਵਿਖਾਵੇਂ,
ਕੁਲੀਨ ਬਰੂਟਸ ਨੂੰ ਖਿੱਚ ਲਿਆਵੇਂ
ਅਪਣੇ ਧੜੇ ਦੇ ਅੰਦਰ!
ਕੈਸੀਅਸ-:ਭਲੇ ਸਿੰਨਾ! ਤੂੰ ਚਿੰਤਾ ਕਰ ਨਾ ;
ਆਹ ਲੈ ਕਾਗਜ਼:
ਇੱਕ ਰੱਖੀਂ ਤੂੰ ਆਸਣ ਉੱਤੇ
ਦੰਡ-ਅਧਿਕਾਰੀ ਵਾਲੇ,
ਤਾਂ ਜੋ ਮਿਲੇ ਬਰੂਟਸ ਨੂੰ ਹੀ-
ਅੰਦਰ ਸੁੱਟੀਂ ਖਿੜਕੀ ਰਾਹ ਦੂਜਾ;
ਲੇਵੀ ਲਾ ਚਿਪਕਾਈਂ ਤੀਜਾ
ਬਰੂਟਸ ਵਡੇਰੇ ਦੇ ਬੁੱਤ ਥੱਲੇ।
ਕੰਮ ਮੁਕਾਕੇ ਸਾਰਾ ਆਈਂ,
ਮੁੜ ਪੌਂਪੀ ਦੀ ਪੋਰਚ ਥੱਲੇ,
ਉਡੀਕਾਂ ਗੇ ਅਸੀਂ ਸਭ ਓਥੇ ਹੀ।
ਡੇਸੀਅਸ ਬਰੂਟਸ ਅਤੇ ਟਰੈਬੋਨੀਅਸ
ਕੀ ਪੁੱਜੇ ਨੇ ਓੁਥੇ?
ਸਿੰਨਾ-:ਹਾਂ! ਸਾਰੇ ਹੀ ਸਨ ਓਥੇ
ਮਤੇਲੀਅਸ ਸਿੰਬਰ ਬਾਝੋਂ;
ਉਹ ਗਿਆ ਸੀ ਘਰ ਤੁਹਾਡੇ ,
ਸੱਦਣ ਤੁਹਾਨੂੰ।
ਚੰਗਾ, ਫੇਰ ਮੈਂ ਚਲਦਾਂ,
ਪਰਚੇ ਸੁੱਟ, ਚਿਪਕਾ ਕੇ ਆਉਨਾਂ
ਜਿਵੇਂ ਹੈ ਹੁਕਮ ਤੁਹਾਡਾ।
ਕੈਸੀਅਸ-:ਕੰਮ ਮੁਕਾਕੇ ਸਿੱਧਾ ਆਵੀਂ,
ਪੌਂਪੀ ਦੇ ਖਾੜੇ ਪੁੱਜ ਜਾਵੀਂ।
-ਸਿੰਨਾ ਜਾਂਦਾ ਹੈ-
ਆ ਕਾਸਕਾ! ਚੱਲੀਏ ਆਪਾਂ
ਮਿਲਣ ਬਰੂਟਸ ਤਾਂਈਂ,
ਪੌਹ ਫਟਣ ਤੋਂ ਪਹਿਲਾਂ ਪਹਿਲਾਂ
ਪੁੱਜੀਏ ਉਹਦੇ ਘਰ।
ਤਿੰਨ ਹਿੱਸੇ ਉਹ ਪਹਿਲੋਂ ਈ ਸਾਡਾ,
ਇਸ ਮਿਲਣੀ ਤੋਂ ਮਗਰੋਂ,
ਹੋ ਜੂ ਪੂਰੇ ਦਾ ਪੂਰਾ ਸਾਡਾ।
ਕਾਸਕਾ-:ਉਹ ਤਾਂ ਲੋਕ-ਮਨਾਂ ਚ ਵੱਸਿਐ,
ਜੰਤਾ ਦਾ ਬਣਿਐ ਦਿਲਦਾਰ,
ਪਾਰਸ ਨਿਰੀ ਸ਼ਖਸੀਅਤ ਉਹਦੀ,
ਆਕਰਸ਼ਕ ਚਿਹਰਾ ਬੜਾ ਉਦਾਰ,
ਸਾਡੇ ਵਿੱਚ ਜੋ ਅਵਗੁਣ ਦਿੱਸਣ,
ਉਹਦੇ ਮੱਥੇ ਗੁਣ ਬਣ ਜਾਂਦੇ,
ਸਾਡੇ ਹੱਥ ਜੋ ਲੋਹਾ ਦਿੱਸੇ,
ਉਹਦੇ ਵਿੱਚ ਸੋਨਾ ਬਣ ਜਾਵੇ
ਏਨੀ ਮਹਿਮਾ ਉਹਦੀ।
ਕੈਸੀਅਸ-:ਠੀਕ ਕਿਹੈ ਤੂੰ ਠੀਕ ਸੋਚਿਐ,
ਲੋੜ ਬੜੀ ਹੈ ਸਾਨੂੰ
ਉਹਦੀ ਅਤੇ ਉਹਦੀ ਮਹਿਮਾ ਦੀ।
ਆ ਹੁਣ ਚੱਲੀਏ,
ਅੱਧੀ ਰਾਤ ਬੀਤਣ ਨੂੰ ਆਈ,
ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ,
ਜਾ ਜਗਾਈਏ ਉਹਨੂੰ,
ਪੱਕਾ ਕਰ ਕੇ ਨਾਲ ਮਿਲਾਈਏ ।
-ਦੋਵੇਂ ਜਾਂਦੇ
ਐਕਟ-੨ ਜੂਲੀਅਸ ਸੀਜ਼ਰ
ਸੀਨ-੧ ਐਕਟ-੨
ਬਰੂਟਸ ਦਾ ਬਗੀਚਾ-ਪ੍ਰਵੇਸ਼ ਬਰੂਟਸ-
ਬਰੂਟਸ-:ਓ, ਲੂਸੀਅਸ! ਹੋ-
ਤਾਰਿਆਂ ਦੇ ਪਰਗਮਨ ਤੋਂ ਮੈਨੂੰ
ਲੱਗੇ ਨਾਂ ਅੰਦਾਜ਼ਾ,
ਕਦੋਂ ਕੁ ਜਾਕੇ ਪੌਹ ਫੁੱਟੂਗੀ,
ਮੱਲਾ! ਲਾ ਅੰਦਾਜ਼ਾ।
ਕਾਸ਼! ਮੈਂਨੂੰ ਵੀ ਆਦਤ ਹੁੰਦੀ ਮਾੜੀ-
ਘੂਕ ਸੌਣ ਦੀ ਤੇਰੇ ਵਾਂਗੂੰ-;
ਉੱਠ ਲੂਸੀਅਸ! ਕਦ ਉੱਠੇਂ ਗਾ?
ਜਾਗ ਲੂਸੀਅਸ! ਮੈਂ ਬੁਲਾਵਾਂ ਜਾਗ ਜ਼ਰਾ।
-ਪਰਵੇਸ਼ ਲੂਸੀਅਸਲ-:
ਲੂਸੀਅਸ-:ਤੁਸੀਂ ਬੁਲਾਇਐ, ਮਾਲਿਕ?
ਬਰੂਟਸ-:ਮੇਰੇ ਦਫਤਰ ਵਿੱਚ ਲੂਸੀਅਸ!
ਲੈ ਜਾ ਇੱਕ ਸ਼ਮਾਅ,
ਰੌਸ਼ਨ ਕਰਕੇ ਆਜੀਂ ਏਥੇ,
ਸੱਦ ਲੈ ਜਾਈਂ ਮੈਨੂੰ।
ਲੂਸੀਅਸ-:ਸੱਤਬਚਨ, ਸਰਕਾਰ!
ਕਰਦਾਂ ਹੁਣੇ ਤਾਮੀਲ ਹੁਕਮ ਦੀ।
ਬਰੂਟਸ (ਆਪਣੇ ਆਪ ਨਾਲ)-:ਉਹਨੂੰ ਤਾਂ ਹੁਣ ਮਰਨਾ ਪੈਣੈ;
ਭਾਵੇਂ ਨਿੱਜੀ ਰੰਜ ਨਾਂ ਕੋਈ,
ਏਦਾਂ ਸੁੱਟ ਦਿਆਂ ਜੋ ਲਾਹਕੇ;
ਇਹ ਸਭ ਕੁਝ ਤਾਂ ਬੱਸ ਕਰਨਾ ਪੈਣੈ
ਲੋਕ ਭਲੇ ਦੀ ਖਾਤਰ।
ਕਿਵੇਂ ਬਦਲੇਗੀ ਤਾਜ ਪਹਿਨਕੇ
ਫਿਤਰਤ ਉਹਦੀ ?
ਇਹ ਸਵਾਲ ਹੈ ਵੱਡਾ:
ਦਿਨ ਉੱਗੇ ਤਾਂ ਸੱਪ ਜਲੇਬੀ
ਬਾਂਬੀ ਤੋਂ ਬਾਹਰ ਆ ਜਾਂਦੇ;
ਬਚ ਬਚ ਕੇ ਫਿਰ ਟੁਰਨਾ ਪੈਂਦਾ;
ਤਾਜ ਪਹਿਨਾਈਏ ਉਹਨੂੰ? -ਤਾਂ ਜੋ--
ਤੇ ਤਾਜ 'ਚ ਰੱਖੀਏੇ ਮਾਰੂ ਸੱਪ,
ਚੱਕੀਂ ਫਿਰੇ ਜੋ ਨਾਲ ਖੁਸ਼ੀ ਦੇ
ਸਿਰ ਤੇ ਮੌਤ ਪੰਡਾਰੀ।
ਵੱਡਪੁਣੇ ਦਾ ਭੈੜ ਹੈ ਏਹੋ,
ਸੱਤਾ ਵਿੱਚ ਦਯਾ ਨਾਂ ਛੱਡੇ
ਨਾਂ ਛੱਡੇ ਪਛਤਾਵਾ;
ਜੇਕਰ ਕਰੀਏ ਸੀਜ਼ਰ ਦੀ ਗੱਲ,
ਮੈਨੂੰ ਯਾਦ ਨਹੀਂ ਹੈ ਕਿਧਰੇ
ਦਿਲ ਜੇ ਉਸਦਾ ਹੋਇਆ ਹੋਵੇ
ਕਦੇ ਦਿਮਾਗ ਤੇ ਭਾਰੂ।
ਪਰ ਲੋਕ-ਤਜਰਬਾ ਇਹੋ ਦੱਸੇ
ਨਿਵਾਣ ਹੀ ਤਾਂ ਬਣ ਜਾਂਦੀ ਹੈ
ਨਵਜੰਮੀ ਆਕਾਂਖਿਆ ਦੀ ਸੀੜ੍ਹੀ,
ਜਿੱਥੇ ਖੜਾ ਚੜ੍ਹਾਕੂ ਤੱਕੇ,
ਵੱਲ ਅਸਮਾਨੇ ਕਰ ਕੇ ਮੂੰਹ।
ਪਰ ਪੁੱਜੇ ਜਦ ਟੀਸੀ ਉੱਤੇ,
ਪਿੱਠ ਸੀੜ੍ਹੀ ਵੱਲ ਕਰਦਾ-
ਨਿਮਾਣੇ ਆਖੇ ਡੰਡਿਆਂ ਤਾਈਂ
ਜਿਨ ਟੀਸੀ ਤੇ ਪੈਰ ਧਰਾਇਆ;
ਅਰਸ਼ਾਂ ਵੱਲ ਬੱਸ ਤੱਕੀਂ ਜਾਵੇ,
ਨਜ਼ਰ ਨਾਂ ਨੀਵੀਂ ਕਰਦਾ।
ਏਵੇਂ ਸ਼ਾਇਦ ਕਰੂਗਾ ਸੀਜ਼ਰ--
ਤਾਂ ਜੋ ਕਰ ਸੱਕੇ ਨਾਂ ਏਦਾਂ,
ਹੁਣੇ ਹੀ ਲਈਏੇ ਨੱਪ ਓਸ ਨੂੰ।
ਗੱਲੀਂ ਬਾਤੀਂ ਮੰਨਣਾਂ ਨਹੀਂ ਉਸ,
ਬਹਿਸ ਦਾ ਕੋਈ ਅਸਰ ਨ੍ਹੀਂ ਹੋਣਾ
ਇਹ ਝਗੜਾ ਹੁਣ ਇਉਂ ਨਿਪਟਾਈਏ:
ਜੋ ਹੈਗਾ ਉਹ, ਰਹਿਣ ਨਾਂ ਦੇਈਏ।
ਜਿਉਂ ਜਿਉਂ ਕੱਦ ਵਧੂਗਾ ਉਹਦਾ,
ਵਧ ਜਾਣੀ ਉਹਦੀ ਅੱਤਤਾਈ:
ਅੰਡੇ ਵਿਚਲੇ ਸੱਪ ਵਾਂਗੂੰ ਹੀ,
ਕਰੂ ਸ਼ਰਾਰਤ ਜੰਮਣਸਾਰ
ਨਸਲ ਆਪਣੀ ਵਾਂਗੂੰ;
ਜਿਉਂ ਜਿਉਂ ਵਧੂ, ਜ਼ਹਿਰ ਵਧੂਗਾ-
ਬਣ ਜੂ ਅੱਤ ਜ਼ਹਿਰੀਲਾ-
ਅੰਡਖੋਲ ਚ ਮਾਰੀਏ ਉਹਨੂੰ,
ਬਾਹਰ ਆਉਣ ਨਹੀਂ ਦੇਣਾ।
-ਲੂਸੀਅਸ ਦਾ ਮੁੜ ਪ੍ਰਵੇਸ਼-
ਲੂਸੀਅਸ-:ਸ਼ਮਾਅ ਰੌਸ਼ਨ ਹੈ ਦਫਤਰ ਵਿੱਚ, ਸਰਕਾਰ!
ਚਕਮਾਕ ਜਦੋਂ ਮੈਂ ਲੱਭ ਰਿਹਾ ਸੀ,
ਮੋਹਰਬੰਦ ਇਹ ਪੱਤਰ ਮੈਨੂੰ
ਮਿਲਿਆ ਖਿੜਕੀ ਲਾਗੇ;
ਪਰ ਮੈਨੂੰ ਵਿਸ਼ਵਾਸ ਹੈ ਪੱਕਾ
ਸੌਣ ਜਾਣ ਤੋਂ ਪਹਿਲਾਂ ਹੈ ਨੀਂ ਸੀਗਾ ਓਥੇ-
ਬਰੂਟਸ-:ਜਾਹ ਫਿਰ ਜਾਕੇ ਸੌਂ ਦੋਬਾਰਾ,
ਦਿਨ ਨਹੀਂ ਚੜ੍ਹਿਆ ਹਾਲੇ;
ਪਰ ਮੁੰਡੂ! ਤੂੰ ਦੱਸ ਜਾ ਮੈਂਨੂੰ,
ਹੋਸੀ ਕਲ੍ਹ ਮਾਰਚ ਦਾ ਅੱਧ?
ਲੂਸੀਅਸ-:ਪਤਾ ਨਹੀਂ ਮੈਨੂੰ ਸਰਕਾਰ!
ਬਰੂਟਸ-:ਵੇਖ ਜੰਤਰੀ, ਦੱਸ ਖਾਂ ਮੈਨੂੰ।
ਲੂਸੀਅਸ-:ਜੀ, ਸਰਕਾਰ!
ਬਰੂਟਸ-:ਟੁੱਟਣ ਤਾਰੇ, ਨ੍ਹੇਰ ਚੀਰਦੇ,
ਸ਼ੂਕਣ ਵਿੱਚ ਅਕਾਸ਼ੀਂ,
ਚਾਨਣ ਏਨਾਂ ਕਰੀਂ ਜਾਂਦੇ ਨੇਪੜ੍ਹਨ ਲਈ ਜੋ ਕਾਫੀ ਏਥੇ।
-ਪੱਤਰ ਖੋਲਕੇ ਪੜ੍ਹਦੈ-
ਜਾਗ ਬਰੂਟਸ, ਤਿਆਗ ਨੀਂਦ ਤੂੰ,
ਵੇਖ ਆਪਣਾ ਆਪਾ
ਰੋਮ ਵਗੈਰਾ-:--
ਆਵਾਜ਼ ਉਠਾ, ਮਾਰ ਗਰਮ ਲੋਹੇ ਤੇ ਸੱਟ,
ਕਰ ਏਨ੍ਹਾਂ ਦੀ ਹੱਕਰਸਾਈ:
ਉੱਠ, ਜਾਗ ਜ਼ਰਾ ਤੂੰ ਕਿਉਂ ਸੁੱਤਾ ਏਂ?"
ਅਜਿਹੇ ਤੁੱਖਣੇ ਤੇ ਉਕਸਾਹਟ
ਅਕਸਰ ਮਿਲਦੇ ਰਹੇ ਨੇ ਮੈਨੂੰ,
ਪਰ ਮੈਂ ਕਦੇ ਗ਼ੌਰ ਨੀਂ ਕੀਤਾ,
ਨਾਂ ਕੀਤਾ ਹੈ ਗਨਣ ਕਦੇ।
"ਕੀ ਰੋਮ ਵਗੈਰਾ"-ਨੂੰ ਪੂਰਾ ਕਰਾਂ ਮੈਂ ਏਦਾਂ:
"ਕੀ ਰੋਮ ਰਹੂ ਸਦਾ ਹੀ
ਤਾਨਾਸ਼ਾਹੀ ਦੇ ਡੰਡੇ ਥੱਲੇ?"
ਕਿਹੜਾ ਰੋਮ?
ਉਹੀ ਰੋਮ ਜੀਹਦੀਆਂ ਗਲੀਆਂ ਵਿੱਚੋਂ
ਮੇਰੇ ਪੁਰਖਿਆਂ ਮਾਰ ਭਜਾਇਆ
ਤਾਰਕੁਇਨ ਨੂੰ
ਲੋਕ ਆਖਦੇ ਜੀਹਨੂੰ ਸਮਰਾਟ?
"ਆਵਾਜ਼ ਉਠਾ, ਮਾਰ ਗਰਮ ਲੋਹੇ ਤੇ ਸੱਟ,
ਕਰ ਏਨਾਂ ਦੀ ਹੱਕਰਸਾਈ"-
ਕੀ ਕੋਈ ਮੈਨੂੰ ਅਰਜ਼ ਕਰ ਰਿਹੈ ?
ਛੱਡ ਜੈਕਾਰਾ ਉਠ ਖਲੋਵਾਂ,
ਵਾਰ ਕਰਾਂ ਮੈਂ?
ਓ, ਰੋਮ-ਮੇਰੇ ਵਤਨ, ਪਿਅਰੇ ਵਤਨ!
ਵਚਨ ਇਹ ਤੈਨੂੰ ਅੱਜ ਦੇਂਦਾ ਹਾਂ
ਜੇ ਕੀਤੀ ਤਾਂ ਕਰੂੰ ਤਸੱਲੀ,
ਪੂਰੀ ਕਰੂੰ ਮੈਂ ਹੱਕਰਸਾਈ-
ਫਰਯਾਦ ਤੇਰੀ ਕੀਤੀ ਸਵੀਕਾਰ।
-ਲੂਸੀਅਸ ਦਾ ਮੁੜ ਪ੍ਰਵੇਸ਼-
ਲੂਸੀਅਸ-:ਚੌਦਾਂ ਦਿਨ ਬੀਤੇ ਮਾਰਚ ਦੇ,
ਪੰਦਰਾਂ ਹੋਈ ਅੱਜ ਸਰਕਾਰ!
-ਦਸਤਕ ਦੀ ਆਵਾਜ਼-
ਬਰੂਟਸ-:ਅੱਛਾ। ਗੇਟ ਤੇ ਜਾਕੇ ਵੇਖ ਜ਼ਰਾ;
ਕੌਣ ਏ ਦਸਤਕ ਦੇਂਦਾ?
(ਖ਼ੁਦ ਨੂੰ)-:ਕੈਸ ਉਕਸਾਇਆ ਜਦੋਂ ਦਾ ਮੈਨੂੰ,
ਫੇਰ ਨਹੀਂ ਸੌਂ ਸੱਕਿਆ ਮੈਂ:
ਕਰਮ ਅਤੇ ਫੁਰਨੇ ਵਿਚਕਾਰ
ਹੁੰਦੈ ਅਤੀ ਭਿਆਨਕ ਅੰਤਰ
ਅੱਤ ਭਿਆਨਕ ਸੁਪਨੇ ਵਾਂਗ;
ਜਾਂ ਫਿਰ ਹੁੰਦੈ ਭੈ ਦਾ ਛਾਇਆਵਾਸ:
ਤੀਖਣ ਬੁੱਧੀ, ਸਹਿਜ ਯੋਗਿਤਾ,
ਨਾਸ਼ਵਾਨ ਹੱਥਿਆਰ
ਸਿਰ ਜੋੜਕੇ ਸਾਜ਼ਿਸ਼ ਕਰਦੇ:
ਬੰਦਾ ਜਿਵੇਂ ਰਿਆਸਤ ਹੋਵੇ,
ਬਗਾਵਤ ਕਿਸੇ ਦੀ ਹੋਈ ਸ਼ਿਕਾਰ।
-ਲੂਸੀਅਸ ਦੀ ਵਾਪਸੀ-
ਲੂਸੀਅਸ-:ਜੀ ਸਰਕਾਰ!
ਆਇਐ ਤੁਹਾਡਾ ਭਰਾ ਕੈਸੀਅਸ
ਕਰੇ ਦਰਾਂ 'ਚ ਇੰਤਜ਼ਾਰ।
ਬਰੂਟਸ-:ਹੈ ਕੀ ਕੱਲਾ?
ਲੂਸੀਅਸ-:ਨਾਂ, ਸਰਕਾਰ! ਉਸਦੇ ਨਾਲ ਹੋਰ ਵੀ ਹੈਗੇ।
ਬਰੂਟਸ-:ਜਾਣਦੈਂ ਤੂੰ ਉਹਨਾਂ ਨੂੰ ਵੀ?
ਲੂਸੀਅਸ-:ਨਹੀਂ ਸਰਕਾਰ!
ਟੋਪੀਆਂ ਨਾਲ ਕੰਨ ਢਕੇ ਨੇ
ਅੱਧੇ ਚਿਹਰੇ ਚੋਗਿਆਂ ਵਿੱਚ ਲੁਕੇ ਨੇ;
ਕੋਈ ਅਜਿਹਾ ਚਿੰਨ੍ਹ ਨਾਂ ਦਿੱਸੇ
ਜੀਹਤੋਂ ਕਰਾਂ ਪਛਾਣ।
ਬਰੂਟਸ-:ਲੈ ਆ ਅੰਦਰ ਉਹਨਾਂ ਤਾਈਂ।
-ਲੂਸੀਅਸ ਜਾਂਦਾ ਹੈ-
ਲਗਦੈ ਸਾਰਾ ਧੜਾ ਹੈ ਆਇਆ।
ਆਹ, ਓ ਸਾਜ਼ਿਸ਼!
ਰਾਤ ਹਨੇਰੀ ਦੇ ਵਿੱਚ ਵੀ
ਨੰਗਾ ਮੂੰਹ ਵਖਾ ਨਾ ਸੱਕੇਂ,
ਖੁੱਲ੍ਹੇ ਜਦ ਘੁੰਮ ਰਹੇ ਨੇ
ਕੁੱਲ ਬਦੀ ਤੇ ਮੁਜਰਮ ਸਾਰੇ?
ਚਿੱਟੇ ਦਿਨ ਫਿਰ ਲੱਭੂ ਕਿਹੜੀ
ਨ੍ਹੇਰੀ ਕੰਦਰ ਤੈਨੂੰ,
ਭਿਆਨਕ ਮੂੰਹ, ਇਹ ਕੋਝਾ ਚਿਹਰਾ
ਜਿੱਥੇ ਜਾ ਲੁਕਾਵੇਂ?
ਲੱਭ ਨਾਂ ਕੋਈ ਨ੍ਹੇਰੀ ਕੰਦਰ,
ਕੀ ਲੋੜ ਹੈ ਤੈਨੂੰ?
ਮੁਸਕਾਣਾਂ ਅਤੇ ਮੁਹੱਬਤਾਂ
ਲਿਖ ਲੈ ਮੂੰਹ ਦੇ ਉੱਤੇ,
ਲੁਕ ਜੂ ਸਾਰੀ ਬਦਸੂਰਤੀ, ਬਦਨੁਮਾਈ।
ਫਿਰਦੀ ਰਹੀ ਜੇ ਨੰਗੇ ਮੂੰਹ ਹੀ
ਚਿਹਰਾ ਅਸਲੀ ਲੈਕੇ
ਨਰਕ ਦਾ ਨ੍ਹੇਰਾ ਫਿੱਕਾ ਪੈਜੂ,
ਹੋ ਜੂ ਤੇਰੀ ਪਛਾਣ ।
-ਪਰਵੇਸ਼ ਕੈਸੀਅਸ, ਕਾਸਕਾ,
ਡੇਸੀਅਸ ਬਰੂਟਸ, ਸਿੰਨਾ,
ਮੈਟੀਲਸ ਸਿੰਬਰ ਤੇ ਟਰੈਬੋਨੀਅਸ-
ਕੈਸੀਅਸ-:ਮੈਨੂੰ ਲਗਦੈ ਵਿਘਨ ਪਾਇਐ ਆਰਾਮ 'ਚ ਤੇਰੇ;
ਸ਼ੁਭ ਪਰਭਾਤ ਬਰੂਟਸ ਭਾਈ!
ਮਾਫ ਕਰੀਂ ਤਕਲੀਫ ।
ਬਰੂਟਸ-:ਹੁਣ ਤਾਂ ਮੈਂ ਉੱਠਿਆ ਬੈਠਾਂ,
ਜਾਗਿਆਂ ਸਾਰੀ ਰਾਤ;
ਦੱਸ ਹੁਣ ਮੈਨੂੰ ਨਾਂਅ ਏਨ੍ਹਾਂ ਦੇ,
ਕੌਣ ਨੇ ਤੇਰੇ ਨਾਲ।
ਕੈਸੀਅਸ-:ਹਾਂ; ਇਹਨਾਂ ਵਿੱਚੋਂ ਹਰ ਕੋਈ-
ਤੇ ਇੱਥੇ ਐਸਾ ਹੈ ਨਹੀਂ ਕੋਈ-
ਜੋ ਤੇਰਾ ਆਦਰ ਨਹੀਂ ਕਰਦਾ-
ਸੱਭੇ ਕਰਨ ਪੂਰਨ ਸਤਿਕਾਰ;
ਤੇ ਹਰ ਕੋਈ ਚਾਹੁੰਦੈ ਏਹੋ,
ਆਪਣਾ ਆਪ ਪਛਾਣੇਂ ਤੂੰ।
ਇਹਦਾ ਨਾਂ ਏ ਟਰੈਬੋਨੀਅਸ-
ਬਰੂਟਸ-:ਜੀ ਆਇਆਂ ਨੂੰ-
ਕੈਸੀਅਸ-:ਇਹ ਹੈ ਡੇਸੀਅਸ ਬਰੂਟਸ-
ਬਰੂਟਸ-:ਜੀ ਆਇਆਂ ਨੂੰ-
ਕੈਸੀਅਸ-:ਇਹ ਹੈ ਕਾਸਕਾ; ਇਹ ਹੈ ਸਿੰਨਾ,
ਮੈਟੀਲਸ ਸਿੰਬਰ ਇਹ ਖੜਾ ਹੈ।
ਬਰੂਟਸ-:ਸਭ ਨੂੰ ਜੀ ਆਇਆਂ ਨੂੰ ਕਹਿਨਾਂ-
ਕੀ ਚਿੰਤਾਵਾਂ ਨੇ, ਕੀ ਨੇ ਗੱਲਾਂ,
ਜੀਹਨਾਂ ਤੁਹਾਡੀ ਰਾਤ ਹੰਢਾਈ-
ਕਿਉਂ ਜਗਰਾਤਾ ਕੀਤੈ?
ਕੈਸੀਅਸ-:ਨਿੱਕੀ ਜਿਹੀ ਇੱਕ ਅਰਜ਼ ਕਰਾਂ ਮੈਂ,
ਜ਼ਰਾ ਸੁਣੋਂ ਗੇ ਮੇਰੀ?
-ਬਰੂਟਸ ਤੇ ਕੈਸ ਕਾਨਾਫੂਸੀ ਕਰਦੇ ਹਨ-
ਡੇਸੀਅਸ-:ਆਹ ਰਿਹਾ ਪੂਰਬ;
ਪੌਹ ਭਲਾ ਏਥੋਂ ਨਹੀਂ ਫੁੱਟਦੀ?
ਕਾਸਕਾ-:ਨਹੀਂ।
ਸਿੰਨਾ-:ਮਾਫ ਕਰਨਾਂ, ਇਹੋ ਹੈ ਉਹ ਥਾਂ।
ਸਲੇਟੀ ਰੇਖਾਵਾਂ ਦਿਸ ਰਹੀਆਂ
ਦੂਰ ਪਰੇ ਦਿਸਹੱਦੇ ਉੱਤੇ,
ਜਾਲੀਦਾਰ ਕਰਨ ਨੱਕਾਸ਼ੀ
ਬਦਲਾਂ ਦੀ ਧੌਲੀ ਚਾਦੱਰ ਉੱਤੇ
ਅਗਰਦੂਤ ਬਣ ਦੇਣ ਸੁਨੇਹਾ
ਰਵੀ ਰਾਜ ਦੀ ਖੁਸ਼ ਆਮਦ ਦਾ।
ਕਾਸਕਾ-:ਮੰਨੋ ਜੇ ਤੁਸੀਂ ਮੇਰੀ,
ਭੁਲੇਖਾ ਲਗਦੈ ਦੋਵਾਂ ਨੂੰ ਹੀ:
ਖੰਜਰ ਮੇਰੇ ਦੀ ਨੋਕ ਹੈ ਜਿਤਵੱਲ
ਉੱਥੋਂ ਸੂਰਜ ਚੜ੍ਹਦੈ-
ਨਵੇਂ ਸਾਲ ਦੀ ਚੜ੍ਹਦੀ ਰੁੱਤੋਂ
ਜੇ ਅੰਦਾਜ਼ਾ ਲਾਈਏ,
ਵਾਹਵਾ ਦੱਖਣ ਵੱਲ ਹੀ ਉਗਦੈ-
ਦੋ ਮਹੀਨੇ ਪਿੱਛੋਂ ਪਰ ਇਹ
ਉੱਗਿਆ ਕਰੂ ਉੱਤਰ ਦੀ ਕੁਖੋਂ
ਪਹਿਨ ਪੱਚਰ ਕੇ
ਨਿੱਘੀਆਂ ਨਰਮ ਸਵੇਰਾਂ;
ਪਰ ਹੁਣ ਚੜ੍ਹਦੇ ਸੂਰਜ ਦਾ ਪੂਰਬ,
ਔੋਹ ਸਿੱਧਾ ਹੈ ਬਿਰਹਸਪਤੀ ਮੰਦਰ ਉੱਤੇ,
ਬਿਲਕੁਲ ਸਿੱਧਾ ਅਤੇ ਸਾਹਮਨੇ।
ਬਰੂਟਸ-:ਆਓ! ਸਾਰੇ ਹੱਥ ਮਿਲਾਓ
ਵਾਰੀ ਵਾਰੀ ਮੇਰੇ ਨਾਲ-
ਕੈਸੀਅਸ-:ਤੇ ਖਾ ਕੇ ਸਾਰੇ ਕਸਮਾਂ
ਮਤਾ ਆਪਣਾ ਪੱਕਾ ਕਰੀਏ-
ਬਰੂਟਸ-:ਨਹੀਂ। ਕੋਈ ਕਸਮ ਨਹੀਂ ਖਾਣੀ:
ਜੇ ਮੂੰਹ ਮੱਥੇ ਦੁਖੀ ਲੋਕਾਂ ਦੇ,
ਸਾਡੀਆਂ ਰੂਹਾਂ ਦੇ ਸੰਤਾਪ,
ਤੇ ਮਾਰ ਜ਼ਮਾਨੇ ਵਾਲੀ-
ਕਾਫੀ ਨਹੀਂ ਪਰੇਰਕ ਇਸ ਲਈ;
ਜਾਂ ਕਮਜ਼ੋਰ ਨੇ ਕਾਰਨ,
ਛੁੱਟੀ ਕਰੋ, ਹੋਵੋ ਬਰਖਾਸਤ,
ਜਾਕੇ ਵਿਹਲੇ ਮੰਜੇ ਤੋੜੋ।
ਜਬਰ, ਜ਼ੁਲਮ ਹਿੰਸਾ ਹੰਕਾਰ
ਭੜਕਣ ਦਿਉ ਜਿੰਨਾ ਵੀ ਭੜਕੇ-
ਜਿੰਨਾ ਚਿਰ ਨਾਂ ਪਰਚੀ ਨਿਕਲੇ,
ਤੁਹਾਡੇ ਨਾਂਅ ਦੀ, ਤੇ ਮਰ ਨਾ ਜਾਵੋਂ
ਇੱਕ ਇੱਕ ਕਰ ਕੇ-
ਮੁੱਕ ਨਾ ਜਾਵੋਂ ਵਾਰੀ ਵਾਰੀ।
ਪਰ ਮੇਰਾ ਵਿਸ਼ਵਾਸ ਹੈ ਪੱਕਾ,
ਇਹ ਪਰੇਰਕ ਅਗਨ ਨਿਰੀ,
ਨਿਰਾ ਜੋਸ਼ ਨੇ,
ਚਿੜੀਓਂ ਬਾਜ਼ ਬਣਾ ਸਕਦੇ ਨੇ,
ਮੋਇਆਂ ਨੂੰ ਜਿਵਾ ਸਕਦੇ ਨੇ;
ਤਾਂ ਫਿਰ ਆਓ, ਦੇਸ਼ ਵਾਸੀਓ!
ਲੋੜ ਕਿਸੇ ਉਕਸਾਹਟ ਦੀ ਕੀ,
ਕਿਉਂ ਕੋਈ ਸਾਨੂੰ ਮਾਰੇ ਆਰ,
ਜਾਂ ਫਿਰ ਉਂਗਲ ਲਾਵੇ-?
ਸਾਡੇ ਆਪਣੇ 'ਕਾਜ' ਦੀਆਂ ਹੀ ਚੋਭਾਂ
ਕਾਫੀ ਨਹੀਂ ਕੀ ਸਾਨੂੰ,
ਕਿ ਆਪਣੇ ਹੱਥੀਂ ਆਪਣਾ
ਆਪੇ ਹੀ ਕਾਜ ਸੁਅਰੀਏ?
ਹੋਰ ਅਜੇਹਾ ਪ੍ਰਤੀਬੰਧਨ ਕਿਹੜਾ?
ਜਿਸ ਗੁਪਤ ਤੌਰ ਤੇ ਰੋਮਨ ਬੰਨ੍ਹੇ ;
ਵਚਨ ਪੱਕਾ ਹੈ ਸਭ ਨੇ ਕੀਤਾ,
ਕੱਚਾ ਨਹੀਂ ਕਮਜ਼ੋਰ ਨਹੀਂ ਹੈ:
ਕਸਮ ਕੋਈ ਨਾਂ ਇਸ ਤੋਂ ਵੱਡੀ-
ਧਰਮ ਈਮਾਨ ਦੀ ਸੌਂਹ ਖਾਧੀ ਹੈ:
ਕਰਾਂਗੇ ਜਾਂ ਫਿਰ ਮਰ ਜਾਵਾਂਗੇ,
ਕਦਮ ਹੁਣ ਪਿੱਛੇ ਹਟ ਨਹੀਂ ਸਕਦੇ।
ਕਾਇਰ, ਕਮੀਨੇ ਤੇ ਕਮਜ਼ੋਰ,
ਪਰਹੇਜ਼ਗਾਰ, ਪ੍ਰੋਹਤ, ਮੁਰਦਾਰ
ਮਸ਼ਕੂਕ ਬੰਦੇ ਤੇ ਬਦਮਾਸ਼-
ਚੋਰਾਂ, ਯਾਰਾਂ, ਆਸ਼ਕਾਂ'
ਕਸਮਾਂ ਨਾਲ ਵਿਹਾਰ;
ਪਰ ਅਸੀਂ ਕਿਉਂ ਦਾਗੀ ਕਰੀਏ
ਸਹਿਜ ਗੁਣ ਆਪਣੇ ਉਦੱਮ ਵਾਲਾ।
ਸਾਡਾ ਜੋਸ਼ ਕੀ ਏਨਾਂ ਮੱਠਾ
ਕਿ ਚਿਤਵੀਏ-
ਅਮਲਾਂ ਅਤੇ ਉਦੇਸ਼ਾਂ ਦੀ
ਪੱਕਿਆਈ ਖਾਤਰ
ਕਸਮਾਂ ਹੈਨ ਜ਼ਰੂਰੀ?
ਕਤਰਾ ਕਤਰਾ ਲਾਲ ਲਹੂ ਦਾ
ਬੜਾ ਸੁਅੱਛ ਤੇ ਬੜਾ ਕੁਲੀਨ,
ਜਦ ਥੀਂ ਰੋਮਨ ਰਗਾਂ 'ਚ ਵਗਦਾ,
ਜੇ ਕੋਈ ਰੋਮਨ ਕਦੇ ਵੀ ਤੋੜੇ
ਕੌਲ ਕਰਾਰ ਦਾ ਨਿੱਕਾ ਹਿੱਸਾ
ਆਦਿ ਹਰਾਮੀ, ਜੁਗਾਦ ਹਰਾਮੀ,
ਸਦਾ ਹਰਾਮੀ, ਰਹੂ ਹਰਾਮੀ।
ਕੈਸੀਅਸ-:ਪਰ ਸਿਸੈਰੋ ਬਾਰੇ ਕੀ ਸੋਚਿਐ?
ਦੱਸਣੈ ਕੁੱਝ ਉਹਨੂੰ ਵੀ?
ਮੇਰਾ ਖਿਆਲ ਏ ਪੱਕੇ ਪੈਰੀਂ
ਉਹ ਖੜੂਗਾ ਸਾਡੇ ਨਾਲ।
ਕਾਸਕਾ-:ਆਪਾਂ ਉਹਨੂੰ ਬਾਹਰ ਨਾ ਰੱਖੀਏ।
ਸਿੰਨਾ-:ਹਾਂ, ਉਹਨੂੰ ਬਾਹਰ ਨਾ ਰੱਖੀਏ।
ਮੈਟੀਲਸ-:ਚੰਗੈ ਉਹਨੂੰ ਨਾਲ ਮਿਲਾਈਏ:
ਚਾਂਦੀ ਚਿੱਟੇ ਵਾਲ ਓਸਦੇ
ਨੇਕਨਾਮੀ ਖੱਟਣਗੇ ਸਾਨੂੰ
ਜੰਤਾ ਦੀ ਆਵਾਜ਼ ਖਰੀਦਣ;
ਲੋਕ ਕਹਿਣਗੇ-
ਸਿਆਣਪ ਅਤੇ ਵਿਵੇਕ ਨੇ ਉਹਦੇ
ਰਾਹ ਵਖਾਈ ਸਾਡੇ ਹੱਥਾਂ ਨੂੰ;
ਧੰਨ ਕਹਿਣਗੇ ਸਾਨੂੰ ਤੇ ਉਹਨੂੰ:
ਜਵਾਂਸਾਲੀ ਦੀ ਖੁਦਰੌਅ ਵਹਿਸ਼ਤ,
ਨਜ਼ਰ ਨ੍ਹੀਂ ਪੈਣੀ,
ਛੁਪ ਜੂ ਉਹਦੀ ਸਿਆਣਪ ਥੱਲੇ।
ਬਰੂਟਸ-:ਨਾਂਅ ਲਈਏ ਨਾ ਉਹਦਾ,
ਦੰਦ ਟੁੱਕੀਏ ਨਾਂ ਉਹਦੇ ਨਾਲ;
ਹੋਰ ਕੋਈ ਆਗਾਜ਼ ਕਰੇ ਤਾਂ
ਪਿੱਛੇ ਨਹੀਂ ਉਹ ਲਗਦਾ,
ਰਹਬਰ ਹੋਰ ਜੇ ਹੋਵੇ ਕੋਈ
ਚੱਲ ਨਹੀਂ ਸਕਦਾ ਉਹਦੇ ਨਾਲ।
ਕੈਸੀਅਸ-:ਫਿਰ ਤਾਂ ਛੱਡੋ ਉਹਦੀ ਗੱਲ-
ਕਾਸਕਾ-:ਦਰਅਸਲ ਉਹ
ਚੱਲ ਨਹੀਂ ਸਕਦਾ ਸਾਡੇ ਨਾਲ-
ਡੇਸੀਅਸ-:ਹੋਰ ਕਿਸੇ ਨੂੰ ਕੁੱਝ ਨਹੀਂ ਕਹਿਣਾ?
ਕੱਲੇ ਸੀਜ਼ਰ ਨੂੰ ਹੀ ਪਾਉਣੈ ਹੱਥ?
ਕੈਸੀਅਸ-:ਡੇਸੀਅਸ! ਠੀਕ ਪੁੱਛਿਐ ਤੂੰ ਸਵਾਲ।
ਮੈਂ ਸੋਚਦਾਂ ਮਾਰਕ ਐਨਟਨੀ,
ਸੀਜ਼ਰ ਨੂੰ ਹੈ ਬਹੁਤ ਪਿਆਰਾ
ਉਸ ਮਗਰੋਂ ਨਾ ਰਹੇ ਜਿਉਂਦਾ:
ਜੁਗਤੀ ਬੜਾ, ਜੁਗਾੜੂ ਸਿਆਣਾ,
ਟੱਕਰੂ ਬੁਰਾ ਉਹ ਸਾਨੂੰ;
ਇਹ ਵੀ ਪਤੈ ਤੁਹਾਨੂੰ,
ਸਾਧਨ ਬੜੇ ਨੇ ਉਹਦੇ,
ਹੋਰ ਵਧਾਕੇ, ਚੜ੍ਹਤ ਬਣਾਕੇ,
ਸਾਨੂੰ ਬੜਾ ਸਤਾ ਸਕਦੈ;
ਉਸ ਖਤਰੇ ਨੂੰ ਨੱਪਣ ਖਾਤਰ,
ਮਾਰੀਏ ਉਹਨੂੰ ਸੀਜ਼ਰ ਦੇ ਨਾਲ।
ਬਰੂਟਸ-:ਓ, ਕਾਇਸ ਕੈਸੀਅਸ!
ਘੋਰ ਭਿਆਨਕ, ਲਹੂ ਭਿਜਿਆ
ਦੁਨੀ ਨੂੰ ਲੱਗੂ ਸਾਡਾ ਇਹ ਕਾਰਾ:
ਵੱਢ ਕੇ ਸਿਰ ਜਿਉਂ ਅੰਗ ਅੰਗ ਤੱਛੀਏ,
ਮੁਰਦੇ ਨਾਲ ਜਿਉਂ ਕੱਢੀਏ ਸਾੜਾ,
ਰੋਹ ਲਾਟਾਂ ਤੇ ਪਾ ਪਾ ਤੇਲ;
ਸੀਜ਼ਰ ਦਾ ਹੈ ਅੰਗ ਐਨਟਨੀ।
ਬਲੀਦਾਨੀ ਹਾਂ ਆਪਾਂ ਕਾਇਸ!
ਲੋਕਾਂ ਨੂੰ ਬੁੱਚੜ ਨਾ ਲੱਗੀਏ:
ਸੀਜ਼ਰ ਦੀ ਫਿਤਰਤ ਹੈ ਮਾੜੀ,
ਉਸਦੇ ਅਸੀਂ ਵਿਰੋਧੀ;
ਪਰ ਖਲਕ ਦੀ ਫਿਤਰਤ
ਹੁੰਦੀ ਨਹੀਂ ਰੱਤ ਪੀਣੀ।
ਕਾਸ਼! ਫਿਤਰਤ ਉਹਦੀ ਬਦਲੀ ਜਾਂਦੀ,
ਕਿਉਂ ਕਰਦੇ ਫਿਰ ਟੋਟੇ ਉਹਦੇ-;
ਪਰ ਅਫਸੋਸ! ਇੰਜ ਹੋ ਨਹੀਂ ਸਕਦਾ,
ਕਤਲ ਤੇ ਉਹਦਾ ਕਰਨਾ ਈ ਪੈਣੈ।
ਆਓ ਮੇਰੇ ਚੰਗੇ ਮਿੱਤਰੋ!
ਦਲੇਰਾਂ ਵਾਂਗ ਸੀਜ਼ਰ ਨੂੰ ਹੱਤੋ,
ਨਾ ਗੁੱਸਾ ਨਾ ਘਿਰਣਾ ਕਾਈ,
ਨਰ-ਬਲੀ ਦਾ ਉਦੱਮ ਪਾਕ ਚਾੜ੍ਹੋ ਨੇਪਰੇ,
ਪੂਰਣ ਸ਼ਰਧਾ ਨਾਲ,
ਪਰੋਸੋ ਥਾਲੀ, ਦੇਵਤਿਆਂ ਨੂੰ ਭੋਗ ਲਗਾਓ:
ਮੁਰਦਾ ਲਾਸ਼ ਨੂੰ ਇਉਂ ਨਹੀਂ ਟੁੱਕਣਾ
ਜਿਉਂ ਕੁੱਤਿਆਂ ਨੂੰ ਪਾਣੀ ਹੋਵੇ:
ਪਰਵੀਣ ਮਾਲਕਾਂ ਵਾਂਗ
ਇਹ ਸਾਡੇ ਹਿਰਦੇ
ਜਾਇਜ਼ ਹੱਦ ਤੱਕ ਰੋਹ ਉਕਸਾਂਦੇ,
ਘੂਰ ਕੇ ਕਰਦੇ ਸ਼ਾਂਤ ਉਹਨੂੰ,
ਜਦ ਵੀ ਕੰਮ ਸਿਰੇ ਚੜ੍ਹ ਜਾਵੇ।
ਇੰਜ ਕੀਤਿਆਂ ਕਾਰਜ ਸਾਡਾ,
ਲੱਗੂ ਬੜਾ ਮਹਤੱਵ ਵਾਲਾ
ਈਰਸ਼ਾ-ਵੱਸ ਨਾ ਕੀਤਾ ਲੱਗੂ:
ਮੁਕਤੀ ਦਾਤੇ ਕਹੂ ਲੁਕਾਈ,
ਬੁੱਚੜ ਕੋਈ ਨਾਂ ਸੱਦੂ ਸਾਨੂੰ।
ਮਾਰਕ ਐਨਟਨੀ ਦੀ ਫਿਕਰ ਕਰੋ ਨਾ,
ਮੁਰਦਾ ਸੀਜ਼ਰ ਦੀ ਭੁਜ ਵਰਗਾ,
ਕੁੱਝ ਵੀ ਕਰ ਨਹੀਂ ਸਕਦਾ ਉਹ।
ਕੈਸੀਅਸ-:ਫਿਰ ਵੀ ਮੈਨੂੰ ਡਰ ਹੈ ਲਗਦਾ;
ਮੋਹ ਸੀਜ਼ਰ ਦਾ ਦਿਲ ਉਹਦੇ ਤੇ
ਖੁਣਿਆ ਹੋਇਐ।
ਬਰੂਟਸ-:ਅਫਸੋਸ ਕੈਸ! ਤੂੰ ਸੋਚੇਂ ਏਦਾਂ-
ਸੀਜ਼ਰ ਨੂੰ ਜੇ ਕਰੇ ਪਿਆਰ,
ਵੱਧ ਤੋਂ ਵੱਧ ਕੀ ਕਰ ਲੂ?
ਗ਼ਮ ਵਿੱਚ ਡੁੱਬੂ, ਰੋਊ ਪਿੱਟੂ,
ਚਿੰਤਾ ਨਾਲ ਹੀ ਮਰ ਜੂ:
ਪਰ ਏਨੇ ਜੋਗਾ ਵੀ ਹੈ ਉਹ ਕਿੱਥੇ?
ਮੌਜ ਮੇਲੇ ਤੇ ਸ਼ੁਗਲ ਅੱਥਰੇ,
'ਨੱਚਣਾ ਕੁੱਦਣਾ, ਮਨ ਕਾ ਚਾਓ'
ਖਾਓ, ਪੀਓ ਰੰਗ ਹੰਢਾਓ-
ਇਹੀ ਉਹਦਾ ਜੀਵਨ।
ਟਰੈਬੋਨ-:ਉਹਦਾ ਸਾਨੂੰ ਡਰ ਨਾਂ ਕੋਈ,
ਕਿਉਂ ਮਾਰੀਏ ਉਹਨੂੰ?
ਜੀਂਦਾ ਰਹੂ, ਕੱਲ੍ਹ ਕੱਲ੍ਹਾਂ ਨੂੰ
ਹੱਸ ਹੱਸ ਬਿਆਨ ਕਰੂਗਾ ਕਿੱਸੇ।
ਬਰੂਟਸ-:ਸ਼ਾਂਤ ਹੋ ਜੋ, ਸੁਣੋ ਆਵਾਜ਼ ਘੜੀ ਦੀ।
ਕੈਸੀਅਸ-:ਘੰਟੇ ਵੱਜੇ ਨੇ ਤਿੰਨ।
ਟਰੈਬੋਨ-:ਵਕਤ ਹੋ ਗਿਐ ਜੁਦਾ ਹੋਣਦਾ।
ਕੈਸੀਅਸ-:ਹਾਲੀਂ ਪਰ ਪਤਾ ਨਹੀਂ ਪੱਕਾ,
ਸੀਜ਼ਰ ਅੱਜ ਨਿਕਲੂ ਕਿ ਨਾਂ:
ਕੁੱਝ ਸਮੇਂ ਤੋਂ ਵਹਿਮੀ ਹੋ ਗਿਐ ਬੁਹਤਾ-
ਚੰਗੇ ਮਾੜੇ ਸ਼ਗਨਾਂ ਬਦਸ਼ਗਨਾਂ
ਅਤੇ ਸੁਪਨਿਆਂ ਬਾਰੇ,
ਬਿਲਕੁਲ ਉਲਟ ਉਨ੍ਹਾਂ ਵਿਚਾਰਾਂ ਦੇ
ਜੋ ਕਦੇ ਸੀ ਹੁੰਦੇ ਉਹਦੇ,
ਭਰਮ ਭੁਲੇਖੇ, ਪਰਛਾਂਵੇ
ਤੇ ਸੁਪਨ-ਚਿੱਤਰਾਂ ਬਾਰੇ ।
ਭਿਅੰਕਰ ਮੱਥਾ ਏਸ ਰਾਤ ਦਾ,
ਜੋ ਤੱਕਿਆ ਨਾਂ ਸੁਣਿਆ ਪਹਿਲਾਂ,
ਮਹਾਂ ਕਾਲੀਆਂ ਉਹ ਘਟਨਾਂਵਾਂ
ਤੱਕ ਜਿਨ੍ਹਾਂ ਨੂੰ ਹੱਕੀ ਬੱਕੀ ਰਹੀ ਲੁਕਾਈ,
ਤੇ ਜੋਤਸ਼ੀਆਂ ਦੇ ਸਲਾਹ ਮਸ਼ਵਰੇ
ਅਤੇ ਵਹਿਮ ਮਹੂਰਤ ਵਾਲਾ,
ਰੋਕ ਨਾ ਦੇਵਣ ਸੀਜ਼ਰ ਤਾਈਂ
'ਗੁਰੂ' ਮੰਦਰ ਨੂੰ ਜਾਣੋਂ ਅੱਜ।
ਡੇਸੀਅਸ-:ਇਹਦੀ ਕੋਈ ਫਿਕਰ ਕਰੋ ਨਾਂ-
ਜੇ ਉਸ ਕੀਤਾ ਇਹ ਫੈਸਲਾ,
ਬਦਲ ਦਿਆਂਗਾ ਮੈਂ:
ਕੰਨਰਸੀਆ, ਕੰਨਾਂ ਦਾ ਕੱਚਾ
ਉਹ ਬੜਾ ਹੈ;
ਸ਼ੌਕ ਬੜਾ ਹੈ ਸੁਨਣ ਦਾ ਉਹਨੂੰ,
ਅਚਰਜ ਕਥਾ ਕੋਈ ਜੇ ਹੋਵੇ-
ਇੱਕ-ਸਿੰਗਿਆਂ ਨੂੰ ਰੁੱਖ ਛਲ ਲੈਂਦੇ,
ਰਿੱਛਾਂ ਨੂੰ ਦਰਪਨ ਭਰਮਾਵੇ,
ਹਾਥੀ ਡਿੱਗਣ ਟੋਇਆਂ ਅੰਦਰ,
ਬੱਬਰ ਸ਼ੇਰ ਫੰਦੇ ਫਸ ਜਾਵੇ,
ਚਾਪਲੂਸੀ ਤੇ ਬੰਦੇ ਮਰਦੇ,
ਖੁਸ਼ਾਮਦ ਧੁਰ ਥੀਂ ਉੱਤਰ ਜਾਵੇ।
ਪਰ ਜਦ ਮੈਂ 'ਮੱਖਣ' ਲਾਵਾਂ, ਆਖਾਂ ਉਹਨੂੰ
'ਸੀਜ਼ਰ ਤੂੰ ਤਾਂ ਖਰਾ ਬੜਾ ਏ,
ਚਾਪਲੂਸਾਂ ਨੂੰ ਮੂੰਹ ਨੀ ਲਾਉਂਦਾ'
ਫੁੱਲ ਕੇ ਬਣ ਜਾਂਦਾ ਏ ਕੁੱਪਾ
ਤੇ ਫਿਰ ਕਹਿੰਦੈ:
'ਚਾਪਲੂਸਾਂ ਨੂੰ ਮੈਂ ਘਿਰਣਾ ਕਰਦਾਂ'।-
ਇਸ ਲਈ ਮੈਨੂੰ ਕੰਮ ਕਰਨ ਦਿਓ ਅਪਣਾ
ਸੱਚੀਂ ਪਰਭਾਵਤ ਕਰ ਸੱਕਨਾ ਮੈਂ
ਰੁਚੀ ਓਸ ਦੀ;
'ਗੁਰੂ' ਦੇ ਮੰਦਰ ਲੈਕੇ ਆਵਾਂ
ਪੱਕੀ ਰਹੀ ਇਹ ਜ਼ਿੰਮੇਵਾਰੀ।
ਕੈਸੀਅਸ-:ਨਹੀਂ ਅਸੀਂ ਸਾਰੇ ਹੀ ਚੱਲਾਂਗੇ ਓਥੇ,
ਲੈ ਆਵਾਂਗੇ ਉਹਨੂੰ।
ਬਰੂਟਸ-:ਅੱਠ ਬਜੇ ਪੂਰੇ, ਇਸ ਤੋਂ ਲੇਟ ਨਹੀਂ।
ਸਿੰਨਾ-:ਠੀਕ ਐ ਫੇਰ, ਇਸ ਤੋਂ ਲੇਟ ਨੀ ਹੋਣਾ।
ਮੈਟੀਲਸ-:ਕਾਇਸ ਲਿਗੇਰੀਅਸ ਨੂੰ ਵੀ
ਖਾਰ ਬੜੀ ਸੀਜ਼ਰ ਦੋ ਨਾਲ;
ਪੌਂਪੀ ਦੀ ਸ਼ਲਾਘਾ ਕਾਰਨ
ਤਾੜਿਆ ਸੀ ਉਸ ਉਹਨੂੰ;
ਕਿਉਂ ਕਿਸੇ ਨਹੀਂ ਸੋਚਿਆ ਉਹਦੇ ਬਾਰੇ,
ਬੜੀ ਹੈਰਾਨੀ ਮੈਨੂੰ।
ਬਰੂਟਸ-:ਸਹੀ ਸੋਚਿਆ ਮੈਟੀਲਸ ਵੀਰਾ!
ਜਾ ਜ਼ਰਾ ਹੁਣ ਉਹਦੇ ਵੱਲ;
ਕਾਰਨ ਮੈਂ ਦੱਸ ਚੁੱਕਾਂ ਉਹਨੂੰ,
ਭੇਜ ਤੂੰ ਉਹਨੂੰ ਮੇਰੇ ਵੱਲ,
ਮੈਂ ਸਮਝਾਊਂ ਉਹਨੂੰ।
ਕੈਸੀਅਸ-:ਚੜ੍ਹ ਰਿਹੈ ਹੁਣ ਦਿਨ ਬਰੂਟਸ!
ਅਸੀਂ ਤੇਥੋਂ ਖਿਮਾ ਮੰਗੀਏ;
ਚਲੋ ਦੋਸਤੋ! ਆਪਣੇ ਆਪਣੇ ਰਾਹ ਫੜੋ,
ਪਰ ਨਾਂ ਭੁੱਲਿਓ ਪ੍ਰਣ ਆਪਣੇ,
ਰੋਮਨ ਸੱਚੇ ਬਣ ਵਖਾਇਓ।
ਬਰੂਟਸ-:ਚੰਗਾ ਫੇਰ ਬਈ ਭੱਦਰ ਮਿੱਤਰੋ!
ਮੂੰਹ ਮੱਥੇ ਤੇ ਖੇੜਾ ਰੱਖੋ,
ਲੱਗੋ ਤਾਜ਼ਾ-ਦਮ;
ਦਿੱਖ ਤੁਹਾਡੀ ਨਾ ਪਾਏ ਕਹਾਣੀ
ਗੁਪਤ ਮਨੋਰਥ ਬਾਰੇ,
ਚਿਹਰੇ ਨਾ ਸੰਜੀਦਾ ਲੱਗਣ,
ਕੋਈ ਫਿਕਰ ਦਿੱਸੇ ਨਾ ਗ਼ਮ,
ਮੰਚਕਰਮੀਆਂ ਵਾਂਗ ਕਰੋ ਅਭਿਨੈ,
ਵਿਹਾਰ 'ਚ ਰੱਖੋ ਸਥਿਰਤਾ ਪੁਰੀ।
ਇਸੇ ਨਾਲ ਖਿਮਾ ਮੰਗਦਾ ਹਾਂ,
ਆਖਾਂ ਸ਼ੁਭ ਪਰਭਾਤ!
-ਬਰੂਟਸ ਬਿਨਾਂ ਸਾਰੇ ਚਲੇ ਜਾਂਦੇ ਹਨ-
ਲੂਸੀਅਸ, ਬੱਲਿਆ!
ਸੌਂ ਗਿਐ ਗੂੜ੍ਹੀ ਨੀਂਦੇ?
ਕੋਈ ਨੀ ਮੱਲਾ! ਕਰ ਤੂੰ ਮੌਜਾਂ-
ਮਾਖਿਓਂ ਮਿੱਠੀ ਗ਼ਨੂਦਗੀ ਤਾਰੀ,
ਅੰਮਿਓਂ ਰਸ ਜਿਓਂ ਬਰਸ ਰਿਹਾ ਹੈ
ਮਾਣ ਏਸ ਨੂੰ ਕਰ ਮਜ਼ੇ ਤੂੰ
ਨਾ ਕੋਈ ਫਿਕਰ ਨਾ ਫਾਕੇ ਤੈਨੂੰ
ਨਾ ਧੰਦਿਆਂ ਦੇ ਖਿਆਲ ਸਤਾਵਣ
ਨਾ ਕਲਪਣਾ ਦੇ ਪਰਛਾਂਵਂੇ,
ਨਾ ਆਂਕੜਿਆਂ ਦੇ ਸੁਪਨੇ ਆਵਣ-
ਦੁਨੀਆਦਾਰੀ ਦੀ ਫਿਕਰ ਤੋਂ ਬੱਚੇ,
ਮਨ ਤੇਰਾ ਹੈ ਨਿਰਮਲ
ਸੌਂ ਜਾ ਪਿਅਰੇ ਸੌਂ ਜਾ, ਲੁੱਟ ਮਜ਼ੇ ਤੂੰ।
-ਪਰਵੇਸ਼ ਪੋਰਸ਼ੀਆ-
ਪੋਰਸ਼ੀਆ-:ਜੀ, ਬਰੂਟਸ, ਸੁਆਮੀ ਮੇਰੇ!
ਬਰੂਟਸ-:ਪੋਰਸ਼ੀਆ! ਕੀ ਗੱਲ ਹੈ,
ਕਿਉਂ ਉੱਠੀ ਏਂ ਏਨੇ ਤੜਕੇ?
ਕਮਜ਼ੋਰ ਸਿਹਤ ਲਈ ਠੀਕ ਨਹੀਂ ਹੈ
ਕੱਚੀ ਠੰਢ 'ਚ ਬਾਹਰ ਫਿਰਨਾ,
ਏਨੇ ਮੂੰਹ ਨ੍ਹੇਰੇ।
ਪੋਰਸ਼ੀਆ-:ਤੁਹਾਨੂੰ ਵੀ ਤਾਂ ਠੀਕ ਨਹੀਂ
ਏਦਾਂ ਕਰਨਾ,
ਅਸਾਊਆਂ ਵਾਂਗ
ਖਿਸਕ ਆਏ ਹੋ ਚੋਰੀ ਚੋਰੀ
ਸੇਜ ਮੇਰੀ ਨੂੰ ਸੁੰਨੀ ਛੱਡਕੇ!
ਕੱਲ੍ਹ ਰਾਤੀਂ ਵੀ ਭੋਜਨ ਵੇਲੇ,
ਉੱਠੇ ਅਚਾਨਕ ਛੱਡ ਕੇ ਖਾਣਾ
ਐਧਰ ਓੁਧਰ ਗੇੜੇ ਕੱਢਦੇ,
ਸੋਚੀਂ ਪੈਕੇ ਆਹਾਂ ਭਰਦੇ,
ਬਾਜ਼ੂ ਹਿੱਕ ਤੇ ਬੰਨ੍ਹੀਂ ਫਿਰਦੇ ;
ਕਾਰਨ ਪੁੱਛਿਆ ਤਾਂ ਕੱਢੀਆਂ ਅੱਖਾਂ-,
ਘੂਰਨ ਲੱਗੇ;
ਜ਼ਿੱਦ, ਜ਼ੋਰ ਨਾਲ ਪੁੱਛਿਆ ਜਦ ਮੈਂ
ਹੋਰ ਵੀ ਹੋਕੇ ਬੇਕਰਾਰ
ਸਿਰ ਬੱਸ ਅਪਣਾ ਖੁਰਕਣ ਲੱਗੇ-
ਧੱਪ ਧੱਪ ਮਾਰੇ ਧਰਤੀ ਤੇ ਪੈਰ।
ਜ਼ਿੱਦ ਬੜੀ ਮੈਂ ਕੀਤੀ ਤਾਂ ਵੀ
ਤੁਸਾਂ ਨਾ ਦਿੱਤਾ ਕੋਈ ਜਵਾਬ,
ਗ਼ੁੱਸੇ ਨਾਲ ਬੱਸ ਸਿਰ ਝਟਕਿਆ,
ਤਖਲੀਏ ਦਾ ਦਿੱਤਾ ਆਦੇਸ਼।
ਚਲੀ ਗਈ ਮੈਂ ਛੱਡ ਕੇ ਕੱਲੇ
ਤਾਂ ਜੋ ਹੋਰ ਚੜ੍ਹੇ ਨਾ ਗ਼ੁੱਸਾ
ਭੜਕੀ ਹੋਈ ਬੇਕਰਾਰੀ
ਭਾਂਬੜ ਨਾ ਬਣ ਜਾਵੇ।
ਇਹ ਫੁਰਨਾ ਵੀ ਫੁਰਿਆ ਸੀ
ਕਿ ਰੌਂ ਹੋਸੀ ਕੋਈ ਮਨੋਦੋਸ਼ ਦਾ,
ਕਦੀ ਕਦਾਈਂ ਜੋ ਹਰ ਮਨੁੱਖ ਨੂੰ
ਹੋ ਜਾਂਦਾ ਹੈਨਾਂ ਸੌਵੇਂ ਨਾਂ ਖਾਵੇ ਚੱਜ ਨਾਲ,
ਗੱਲ ਕਰੇ ਨਾ ਕੋਈ :
ਪਰ ਏਦਾਂ ਜੇ ਵਿਗੜੀ ਹੁੰਦੀ
ਤਬੀਅਤ ਤੁਹਾਡੀ
ਮੈਨੂੰ ਕਿਵੇਂ ਪਤਾ ਨਾ ਚਲਦਾ,
ਅਰਧਾਂਗਣੀ ਹਾਂ ਫਿਰ ਵੀ ਤੁਹਾਡੀ ।
ਸੁਆਮੀ ਮੇਰੇ! ਆਪੇ ਦੱਸੋ
ਦੁਵਿਧਾ ਕਿਸ ਸਤਾਇਐ ਤੁਹਾਨੂੰ?
ਬਰੂਟਸ-:ਸਿਹਤ ਮੇਰੀ ਠੀਕ ਨਹੀਂ ਹੈ,
ਏਨੀ ਹੈ ਬੱਸ ਗੱਲ।
ਪੋਰਸ਼ੀਆ-:ਤੁਸੀਂ ਬੜੇ ਸਿਆਣੇ, ਬਰੂਟਸ!
ਤੁਹਾਨੂੰ ਪਤੈ ਵੱਲ ਕਿੱਦਾਂ ਹੋਣੈ।
ਬਰੂਟਸ-:ਇਹੀ ਤਾਂ ਮੈਂ ਕਹਿਨਾਂ!
ਜਾ ਭਲੀਏ ਹੁਣ ਸੌਂ ਜਾ ਸੇਜੇ।
ਪੋਰਸ਼ੀਆ-:ਬਰੂਟਸ! ਤੁਸੀਂ ਬੀਮਾਰ ਹੋ ਸੱਚੀਂ?
ਜੇ ਜਿਸਮਾਨੀ ਇਹ ਬੀਮਾਰੀ,
ਚੰਗਾ ਨਹੀਂ ਇਉਂ ਫਿਰਨਾ
ਖ੍ਹੋਲਕੇ ਤਣੀਆਂ ਜਾਮੇ ਵਾਲੀਆਂ
ਸਿੱਲ੍ਹੀ ਸੀਤ ਪ੍ਰਭਾਤੇ।
ਜੇ ਬਰੂਟਸ ਸੱਚੀਂ ਬੀਮਾਰ,
ਸੁੱਖਾਂ-ਲੱਧੀ ਸੇਜ ਨਾ ਛੱਡੇ
ਕਾਲੀ ਬੋਲੀ ਨਹਿਸ਼ ਰਾਤ ਦੇ
ਛੂਤ ਰੋਗ ਨਾਲ ਲਵੇ ਨਾ ਪੰਗਾ;
ਨਜ਼ਲੇ ਵਾਲੀ ਅਸ਼ੁੱਧ ਹਵਾ 'ਚ
ਸਾਹ ਲਵੇ ਕਿਉਂ,
ਕਿਉਂ ਵਧਾਵੇ ਅਪਣੀ ਬੀਮਾਰੀ?
ਨਹੀਂ ਬਰੂਟਸ ਪਿਆਰੇ!
ਇੰਜ ਨਹੀਂ ਹੈ;
ਬੀਮਾਰ ਦੋਸ਼ ਕੋਈ ਮਨ ਤੇਰੇ ਵਿੱਚ,
ਤੰਗ ਕਰ ਰਿਹੈ ਤੈਨੂੰ;
ਬੇਗ਼ਮ ਤੇਰੀ ਹੋਣ ਦੇ ਨਾਤੇ
ਜਾਨਣ ਦਾ ਹੱਕ ਹੈਗਾ ਮੈਨੂੰ:
ਸਜਦਾ ਕਰਾਂ ਮੈਂ ਤੇਰੇ ਅੱਗੇ,
ਉਸ ਹੁਸਨ ਦੇ ਸਦਕੇ,
ਜੀਹਦਾ ਕਦੇ ਦੀਵਾਨਾ ਸੀ ਤੂੰ,
ਛਿਣ ਭਰ ਦੂਰ ਕਰੇਂ ਨਾ ਮੈਨੂੰ:
ਪਿਆਰ ਦੀਆਂ ਸਭ ਕਸਮਾਂ ਦੇਵਾਂ
ਸਣੇ ਮਹਾਂ ਕਸਮ ਦੇ-
ਅਰਧਾਂਗਣੀ ਹੋਣ ਦਾ ਤੇਰੀ
ਜਿਸ ਸ਼ਰਫ ਬਖਸ਼ਿਆ ਮੈਨੂੰ;
ਦਿਲ ਦੇ ਵਰਕੇ ਫੋਲ ਦੇ ਸਾਰੇ
ਰਾਜ਼ ਦੱਸ ਦੇ ਮੈਨੂੰ,
ਦੱਸ ਖਾਂ ਕਿਉਂ ਮਨ ਭਾਰੀ ਤੇਰਾ?
ਕੌਣ ਸੀ ਛੇ ਸੱਤ ਬੰਦੇ?
ਨ੍ਹੇਰੇ ਤੋਂ ਸ਼ਰਮਿੰਦਾ ਕਿਉਂ ਸਨ?
ਕਿਉਂ ਸੀ ਮੂੰਹ ਲੁਕਾਏ?
ਬਰੂਟਸ-:ਸਜਦੇ ਵਿੱਚ ਤੂੰ ਡਿੱਗ ਨਾ ਏਦਾਂ,
ਉੱਠ ਖੜ ਭਾਗਾਂ ਭਰੀਏ!
ਪੋਰਸ਼ੀਆ-:ਡਿੱਗਾਂ ਮੈਂ ਕਿਓਂ ਗੋਡਿਆਂ ਪਰਨੇ
ਜੇ ਬਰੂਟਸ ਸਾਊ ਬਣ ਜਾਵੇ?
ਸ਼ਾਦੀ ਦਾ ਕੀ ਮਤਲਬ ਇਹੋ,
ਦਿਲ ਤੁਹਾਡੇ ਦੀ ਜਾਨਣ ਦਾ
ਹੱਕ ਨਾ ਕੋਈ ਮੈਨੂੰ?
ਤੁਹਾਡੇ ਵਿਅਕਤਿੱਤਵ ਦਾ ਹਿੱਸਾ
ਕੀ ਏਨਾਂ ਹੀ ਮੈਂ ਹਾਂ?
ਕੱਠੇ ਖਾਈਏ, ਗੱਪ ਸ਼ੱਪ ਕਰੀਏ,
ਸੇਜ ਮਾਣੀਏ ਤੇ ਸੌਂ ਜਾਈਏ?
ਭੋਗ ਵਿਲਾਸ ਦੀ ਹੱਦ ਤੱਕ ਹੀ
ਜੇਕਰ ਹੈ ਟਿਕਾਣਾ ਮੇਰਾ,
ਪੋਰਸ਼ੀਆ ਫਿਰ ਕੋਠੇ ਵਾਲੀ,
ਬੇਗ਼ਮ ਫਿਰ ਕਿਉਂ ਆਖੋਂ ਮੈਨੂੰ?
ਬਰੂਟਸ-:ਤੂੰ ਹੀ ਅਸਲੀ ਬੀਵੀ ਮੇਰੀ,
ਮਾਨਯੋਗ ਤੇ ਬੜੀ ਪਿਅਰੀ
ਏਨੀ ਨੇੜੇ ਏਨੀ ਪਿਅਰੀ
ਜਿਉਂ ਲਹੂ ਦੇ ਸੂਹੇ ਕਤਰੇ
ਗ਼ਮ ਦੇ ਮਾਰੇ ਦਿਲ ਨੂੰ ਮੇਰੇ
ਜੋ ਧੜਕਾਈਂ ਰੱਖਦੇ।
ਪੋਰਸ਼ੀਆ-:ਜੇ ਇਹ ਸੱਚ ਹੈ ਤਾਂ ਦੱਸੋ ਮੈਨੂੰ
ਕੀ ਲਕੋਇਐ ਰਾਜ਼?
ਮੈਂ ਮੰਨਦੀ ਹਾਂ ਮੈਂ ਹਾਂ ਔੋਰਤ,
ਪਰ ਉਹ ਔੋਰਤ
ਜੋ ਸਾਮੰਤ ਬਰੂਟਸ ਪਰਣਾਈ;
ਉਹ ਔਰਤ ਜੀਹਨੂੰ ਜੱਗ ਜਾਣੇ,
ਕੇਟੋ ਦੀ ਧੀ ਅਖਵਾਵੇ-
ਐਡੇ ਘਰ ਦੀ ਧੀ ਧਿਆਣੀ,
ਐਡੇ ਘਰ ਦੀ ਵਹੁਟੀ
ਕਿਉਂ ਹੋਵੇਗੀ ਥੋੜ੍ਹਦਿਲੀ ਉਹ
ਬਾਕੀ ਰੰਨਾਂ ਵਰਗੀ?
ਰੱਖੂੰ ਸਾਂਭਕੇ ਰਾਜ਼ ਜੋ ਦੱਸੋਂ,
ਏਨਾ ਜਿਗਰਾ ਹੈਗਾ;
ਵਫਾ ਮੇਰੀ ਦਾ ਸਬੂਤ ਪਕੇਰਾ
ਪੱਟ ਮੇਰੇ ਵਿੱਚ ਹੈਗਾ
ਜ਼ਖਮ ਝੱਲਿਆ ਸਵੈ-ਇੱਛਾ ਨਾ',
ਭੇਦ ਪਤੀ ਦੇ ਕਿਵੇਂ ਨਾ ਸਾਂਭੂੰ?
ਬਰੂਟਸ-:ਆਹ, ਓ ਸਰਬਸਮਰੱਥ ਖੁਦਾਓ!
ਅੱਤ ਸ਼ਰੀਫ, ਕੁਲੀਨ ਬੀਵੀ ਦੇ,
ਮੈਂਨੂੰ ਯੋਗ ਬਣਾਓ!
-ਦਸਤਕ ਦੀ ਆਵਾਜ਼-
ਸੁਣੋ, ਸੁਣੋ! ਕੋਈ ਦਸਤਕ ਦੇਂਦੈ:
ਪੋਰਸ਼ੀਆ ਜ਼ਰਾ ਅੰਦਰ ਜਾਓ;
ਹੌਲੀ ਹੌਲੀ ਹਿੱਕ ਤੇਰੀ ਵਿੱਚ,
ਮੇਰੇ ਦਿਲ ਦੇ ਰਾਜ਼ ਵੀ ਹੋਸਨ-
ਸੱਭੇ ਰੁਝੇਵੇਂ ਮੇਰੇ, ਮੈਂ ਤੈਨੂੰ ਸਮਝਾ ਦੂੰ,
ਉਦਾਸ ਮੱਥੇ ਦੇ ਅੱਖਰ ਸੱਭੇ
ਪੱਲੇ ਤੇਰੇ ਪਾ ਦੂੰ।
ਛੇਤੀ ਕਰ ਹੁਣ ਜਾ ਤੂੰ ਏਥੋਂ।
-ਪੋਰਸ਼ੀਆ ਜਾਂਦੀ ਹੈ-
ਲੁਸੀਅਸ! ਕੌਣ ਹੈ ਬਾਹਰ?
-ਪਰਵੇਸ਼ ਲੂਸੀਅਸ ਅਤੇ ਲਿਗੇਰੀਅਸ ਦਾ-
ਲੂਸੀਅਸ-:ਇਹ ਇੱਕ ਬੀਮਾਰ ਬੰਦਾ ਹੈ ਆਇਆ,
ਕਹਿੰਦੈ ਗੱਲ ਤੁਹਾਡੇ ਨਾਲ ਕਰਨੀ।
ਬਰੂਟਸ-:(ਖੁਦ ਨਾਲ) ਕਾਇਸ ਲਿਗੇਰੀਅਸ,
ਜੀਹਦੀ ਗੱਲ ਮੈਟੀਲਸ ਕੀਤੀ
(ਗ਼ੁਲਾਮ ਨੂੰ) ਲਾਂਭੇ ਹੋ ਕਾਕਾ!-
(ਆਣ ਵਾਲੇ ਨੂੰ) ਕਾਇਸ ਲਿਗੇਰੀਅਸ, -ਕਿੱਦਾਂ ਬਈ!
ਲਿਗੇਰੀਅਸ-:ਕਿਰਪਾ ਕਰੋ, ਮੰਨੋ ਸ਼ੁਭ ਪਰਭਾਤ,
ਇਸ ਕਮਜ਼ੋਰ ਜ਼ੁਬਾਨੋਂ।
ਬਰੂਟਸ-:ਓ, ਕਿਹੜਾ ਵਕਤ ਇਹ ਚੁਣਿਐ ਵੀਰ ਕਾਇਸ!
ਬਾਹਰ ਫਿਰਨ ਦਾ ਬੰਨ੍ਹ ਸਿਰ ਤੇ ਦਸਤਾਰ!
ਕਾਸ਼, ਤੂੰ ਬੀਮਾਰ ਨਾ ਹੁੰਦਾ!
ਲਿਗੇਰੀਅਸ-:ਬਰੂਟਸ ਕੋਲ ਜੇ ਕੰਮ ਹੈ ਕੋਈ ਸਨਮਾਨਜਨਕ,
ਮੈਂ ਬੀਮਾਰ ਨਹੀਂ ਹਾਂ।
ਬਰੂਟਸ-:ਅਜੇਹਾ ਕੰਮ ਹੈ ਹੱਥ 'ਚ ਮੇਰੇ
ਜੇ ਲਿਗੇਰੀਅਸ ਕੰਨ 'ਚ ਤੇਰੇ
ਸੁਨਣ ਦੀ ਸਮਰੱਥਾ ਹੋਵੇ।
ਲਿਗੇਰੀਅਸ-:ਦੇਵਤਿਆਂ ਦੀ ਸੌਂਹ ਹੈ ਮੈਨੂੰ,
ਰੋਮ ਜਿਨ੍ਹਾਂ ਨੂੰ ਮੱਥਾ ਟੇਕੇ
ਮੈਂ ਬੀਮਾਰੀ ਲਾਹ ਸੁੱਟੀ ਹੈ;
ਰੂਹ ਰੋਮ ਦੀ, ਸਪੂਤ ਬਹਾਦਰ,
ਮਹਾਂ ਕੁਲੀਨ ਤੁਖਮ ਦੇ!
ਕਿਸੇ ਮਾਂਦਰੀ ਵਾਂਗ ਜਗਾਈ
ਮੁਰਦਾ ਰੂਹ ਤੂੰ ਮੇਰੀ;
ਹੁਕਮ ਕਰ ਤੂੰ ਪੈ ਜਾਂ ਕੁੱਦਕੇ,
ਅਸੰਭਵ ਨੂੰ ਵੀ ਸੰਭਵ ਕਰਦਾਂ
'ਨਿਸ਼ਚੇ ਕਰ ਅਪਣੀ ਜੀਤ ਕਰਾਂ' ਮੈਂ;
ਹੁਕਮ ਕਰ ਕੀ ਹੈ ਕਰਨਾ?
ਬਰੂਟਸ-:ਇੱਕ ਕੰਮ ਅਜੇਹਾ
ਜੋ ਸਿਹਤ ਬਖਸ਼ੂ
ਸਭ ਬੀਮਾਰਾਂ ਤਾਂਈਂ।
ਲਿਗੇਰੀਅਸ-:ਪਰ ਕੁਝ ਤਕੜੇ ਹੈਨ ਅਜਿਹੇ ,
ਕਰੂ ਜਿਹੜੇ ਬੀਮਾਰ?
ਬਰੂਟਸ-:ਇਹੋ ਸਾਨੂੰ ਕਰਨਾ ਪੈਣੈ;
ਪਰ ਕ੍ਹੀਨੂੰ ਕਰਨੈ, ਕਾਇਸ ਪਿਆਰੇ!
ਰਾਹ 'ਚ ਦੱਸੂੰ ਤੈਨੂੰ।
ਲਿਗੇਰੀਅਸ-:ਕਦਮ ਵਧਾ ਤੂੰ, ਮੈਂ ਪਿੱਛੇ ਹਾਂ
ਨਵੇਂ ਵਲਵਲੇ, ਜੋਸ਼ ਨਵੇਂ ਨਾਲ
ਭਾਵੇਂ ਪਤਾ ਨਹੀਂ ਕੀ ਮੈਂ ਕਰਨਾ,
ਕਾਫੀ ਹੈ ਬੱਸ ਮੈਨੂੰ ਇਹ ਕਿ-
ਬਰੂਟਸ ਮੇਰਾ ਰਾਹਬਰ ਬਣਿਐ।
ਆ ਜਾ ਫੇਰ ਤੂੰ ਮੇਰੇ ਪਿੱਛੇ।
-ਜਾਂਦੇ ਹਨ-
ਸੀਨ-੨ ਐਕਟ-੨
ਰੋਮ। ਸੀਜ਼ਰ ਦੇ ਮਹਿਲ ਦਾ ਇੱਕ ਕਮਰਾ-
ਬੱਦਲ ਦੀ ਗਰਜ, ਬਿਜਲੀ ਦੀ ਚਮਕ-
ਸੀਜ਼ਰ ਰਾਤ੍ਰੀ ਚੋਗੇ 'ਚ ਨਜ਼ਰ ਆਉਂਦੈ-
ਸੀਜ਼ਰ-:(ਖੁਦ ਨੂੰ)-:ਨਾਂ ਧਰਤੀ ਨਾਂ ਆਕਾਸ਼,
ਸ਼ਾਂਤ ਰਹੇ ਨਾਂ ਅੱਜ ਦੀ ਰਾਤ
ਤਿੰਨ ਬਾਰ ਕਲਫੋਰਨੀਆ ਬਰੜਾਈ:
'ਸਹਾਇਤਾ ਹੋ, ਸਹਾਇਤਾ!
ਮਾਰਨ ਲੱਗੇ ਉਹ ਸੀਜ਼ਰ ਤਾਈਂ!'
(ਉੱਚੀ ਆਵਾਜ਼ 'ਚ) ਕੌਣ ਹੈ ਬਈ ਅੰਦਰ?
-ਇੱਕ ਗੁਲਾਮ ਦਾ ਪ੍ਰਵੇਸ਼-
ਗ਼ੁਲਾਮ-:ਹਜ਼ੂਰ?
ਸੀਜ਼ਰ-:ਜਾ, ਪੁਜਾਰੀਆਂ ਤਾਂਈਂ ਹੁਕਮ ਸੁਣਾ-,
'ਕੁਰਬਾਨੀ ਤੱਯਾਰ ਕਰੋ';
ਤੇ ਲਿਆ ਰਾਏ ਉਹਨਾਂ ਦੀ
ਕੀ ਕਹਿੰਦੇ ਨੇ ਸਫਲਤਾ ਬਾਰੇ।
ਗ਼ੁਲਾਮ-:ਜੀ ਹਜ਼ੂਰ! ਹੁਣੇ ਜਾਂਦਾ ਹਾਂ।
-ਪ੍ਰਵੇਸ਼ ਕਲਫੋਰਨੀਆ ਦਾ-
ਕਲਫੋਰਨੀਆ-:ਸੀਜ਼ਰ! ਕੀ ਮਤਲਬ ਏ ਤੁਹਾਡਾ?
ਅੱਜ ਵੀ ਜਾਣੈ ਬਾਹਰ?
ਅੱਜ ਨਹੀਂ ਤੁਸਾਂ ਘਰੋਂ ਨਿਕਲਣਾ।
ਸੀਜ਼ਰ-:ਸੀਜ਼ਰ ਜਾਊ ਅੱਜ ਜ਼ਰੁਰ:
ਡਰਾਵਣ ਤੇ ਧਮਕਾਵਣ ਵਾਲੇ
ਮੇਰੇ ਅੱਗੇ ਨਹੀਂਓ ਖੜਦੇ;
ਸੀਜ਼ਰ ਅੱਗੇ ਖੜ ਨਹੀਂ ਸਕਦੇ,
ਪਿੱਠ ਪਿੱਛੇ ਜੋ ਬਕਦੇ।
ਸੀਜ਼ਰ ਸਾਹਮਣੇ ਆਉਂਦਿਆਂ ਹੀ,
ਪੇਸ਼ਾਬ ਖਤਾ ਹੋ ਜਾਵੇ।
ਕਲਫੋਰਨੀਆ-:ਸੀਜ਼ਰ! ਮੈਂ ਕਦੇ ਪਰਵਾਹ ਨਹੀਂ ਕੀਤੀ
ਸ਼ਗਨਾਂ, ਅੱਪ-ਸ਼ਗਨਾਂ ਦੀ,
ਪਰ ਇਹ ਅੱਜ ਡਰਾਵਣ ਮੈਨੂੰ;
ਇੱਕ ਸਾਡੇ ਵੀ ਘਰ ਵਿੱਚ ਹੈਗਾ,
ਅਸੀਂ ਆਪ ਜੋ ਵੇਖਿਆ ਸੁਣਿਆ
ਉਸ ਤੋਂ ਵੀ ਉਹ ਵੱਧ ਸੁਣਾਵੇ
ਅਤੀ ਭਿਆਨਕ ਗੱਲਾਂ-
ਸੁਣ ਸੁਣ ਹਿਰਦਾ ਕੰਬੇ, ਗਤ ਥੱਰਾਵੇ-
ਅੱਤ ਡਰੌਣੇ ਉਹ ਨਜ਼ਾਰੇ ਸੰਤਰੀਆਂ ਜੋ ਵੇਖੇ-
ਬੱਬਰ ਸ਼ੇਰਨੀ ਇੱਕ ਵੇਖੀ ਸੀ
ਵਿੱਚ ਗਲੀ ਦੇ ਸੂੰਦੀ;
ਮੂੰਹ ਅੱਡ ਕਬਰਾਂ ਲੈਣ ਉਬਾਸੀ-
ਮੁਰਦੇ ਨਿਕਲ ਨੱਸੇ-
ਬੱਦਲਾਂ ਉੱਪਰ ਲੜਣ ਸੂਰਮੇ
ਅੱਗ ਦੇ ਜਾਮੇ ਪਾਕੇ,
ਆਪਣੇ ਆਪਣੇ ਦਸਤੇ ਲੈਕੇ,
ਮਰਾਤਬ ਸਿਰ ਕਰਨ ਅਗਵਾਈ,
ਸੱਚੀਂ ਮੁੱਚੀਂ ਜਿਉਂ ਜੰਗ ਹੁੰਦੀ ,
ਓਵੇਂ ਕਰਨ ਲੜਾਈ;
ਤੇ ਫਿਰ ਰੱਤ ਦੀ ਬਰਖਾ ਹੋਈ
ਬਿਰਹਸਪਤੀ ਮੰਦਰ ਉੱਤੇ;
ਯੁੱਧ-ਸ਼ੋਰ ਦਾ ਖੜਕਾ ਉੱਡੇ ਵਿੱਚ ਫਜ਼ਾ ਦੇ-
ਹਿਨਕਣ ਘੋੜੇ, ਮਰਦੇ ਜ਼ਖਮੀ ਆਹਾਂ ਭਰਦੇ
ਲੇਰਾਂ ਮਾਰਨ, ਚੀਖੀਂ ਜਾਵਣ,
ਗਲੀਏਂ ਘੁੰਮਦੇ ਪਰੇਤ ਪਰਛਾਂਵੇ;
ਓ ਸੀਜ਼ਰ! ਇਹ ਸਾਰੀਆਂ ਗੱਲਾਂ,
ਪਰਕਿਰਤੀ ਦੇ ਉਲਟ ਨੇ ਬੜੀਆਂ,
ਤਾਂ ਹੀ ਮੈਨੂੰ ਸੱਚੀਂ ਡਰ ਲਗਦਾ।
ਸੀਜ਼ਰ-:ਮਹਾਂਦੇਵ ਜੋ ਕਰਨ ਫੈਸਲਾ
ਉਹ ਨਾ ਡੱਕਿਆ ਜਾਵੇ,
ਅਸੀਂ ਨਿਮਾਣੇ ਕਿਵੇਂ ਰੋਕੀਏੇ
ਜੋ 'ਅੰਤ' ਉਨ੍ਹਾਂ ਨੂੰ ਭਾਵੇ?
ਭਵਿੱਖ ਬਾਣੀਆਂ ਹੋਈਆਂ ਸੁਣੀਆਂ,
ਸਾਰੇ ਜੱਗ ਦੇ ਬਾਰੇ
ਸੀਜ਼ਰ ਕੱਲੇ ਤੇ ਭਲਾ ਕਿਉਂ ਹੋਵੇ
ਮਾੜਾ ਕੋਈ ਅਸਰ?
ਤਾਂ ਤੇ ਸੀਜ਼ਰ ਨਿਕਲੂ ਬਾਹਰ
ਕੋਈ ਨਾ ਉਹਨੂੰ ਡਰਾਵੇ।
ਕਲਫੋਰਨੀਆ-:ਗਲੀਆਂ ਵਿੱਚ ਜੇ ਮਰਨ ਭਿਖਾਰੀ,
ਧੂਮ ਕੇਤੂ ਨਾਂ ਟੁੱਟਦੇ ਦਿੱਸਣ;
ਐਪਰ ਜੇ ਕੋਈ ਰਾਜਾ ਮਰਦਾ,
ਅੱਗ ਬਹਿਸ਼ਤੀਂ ਲੱਗੇ।
ਸੀਜ਼ਰ-:ਮਰਨ ਬਹਾਦਰ ਇੱਕੋ ਵਾਰੀਂ,
ਕਾਇਰ ਸੌ ਸੌ ਵਾਰੀਂ ਮਰਦੇ
ਮੌਤ ਆਉਣ ਤੋਂ ਪਹਿਲਾਂ।
ਸਭ ਤੋਂ ਵੱਡਾ ਇੱਕ ਅਚੰਭਾ
ਇਸ ਦੁਨੀਆ ਦੇ ਉਤੇ:
ਮੌਤ ਹੈ ਸੱਚੀ ਜੀਵਨ ਝੂਠਾ,
ਜੋ ਜੰਮਿਆ ਸੋ ਮਰ ਸੀ
ਫਿਰ ਕਿਉਂ ਡਰੇ ਮਨੁੱਖ ਏਸ ਤੋਂ
ਬੜੀ ਹੈਰਾਨੀ ਹੈ ਇਸ ਗੱਲ ਦੀ:
ਮੌਤ ਹੀ ਜੇਕਰ ਅੰਤ ਨਿਰਧਾਰਤ,
ਰੁੱਕ ਨਹੀਂ ਸਕਦਾ ਪੱਕਾ ਹੋਸੀ।
-ਗ਼ੁਲਾਮ ਦਾ ਮੁੜ ਪ੍ਰਵੇਸ਼-
ਕੀ ਆਖਿਆ ਭਵਿਖ-ਵਾਚਕਾਂ?
ਗ਼ੁਲਾਮ-:ਕਹਿੰਦੇ ਅੱਜ ਨਹੀਂ ਜਾਣਾ ਬਾਹਰ,
ਅੱਪਸ਼ਗਨ ਬੜਾ ਹੈ ਹੋਇਆ-
ਕੁਰਬਾਨੀ ਦੇ ਜਾਨਵਰ ਦੀਆਂ
ਜਦੋਂ ਆਂਦਰਾਂ ਕੱਢੀਆਂ
ਦਿਲ ਉਸ ਦਾ ਨਾ ਲੱਭਾ ਅੰਦਰ!
ਸੀਜ਼ਰ-:ਕਾਇਰਤਾ ਨੂੰ ਪਾਉਣ ਮਲਾਮਤ,
ਦਿਓਤੇ ਇਹ ਕੁਝ ਕਰ ਕੇ;
ਸੀਜ਼ਰ ਕੋਈ ਕਾਇਰ ਨਹੀਂ ਹੈ,
ਬੈਠੂ ਘਰ ਜੋ ਡਰਕੇ;
ਹਿਰਦੇ-ਹੀਣ ਬਲੀ ਦਾ ਬੱਕਰਾ
ਕੋਈ ਨਾ ਉਸ ਨੂੰ ਆਖੇ।
ਖਤਰਿਓਂ ਵੱਡਾ ਖਤਰਾ ਸੀਜ਼ਰ,
ਇਹ 'ਖਤਰਾ' ਵੀ ਜਾਣੇ
ਅਸੀਂ ਦੋਵੇਂ ਹਾਂ ਬੱਬਰ ਸ਼ੇਰ,
ਇੱਕੋ ਝੋਲੀ, ਇੱਕੋ ਦਿਨ ਜੰਮੇ
ਵੱਡਾ ਹਾਂ ਮੈਂ, ਖੂੰਖਾਰ ਵਧੇਰਾ
ਝਾਲ ਨ ਕੋਈ ਮੇਰੀ ਝੱਲੇ:
ਅੱਜ ਤਾਂ ਸੀਜ਼ਰ ਜਾਊ ਜ਼ਰੂਰ।
ਕਲਫੋਰਨੀਆ-:ਸਦ ਅਫਸੋਸ! ਸੁਆਮੀ ਮੇਰੇ,
ਸਵੈ-ਭਰੋਸਾ ਏਨਾ ਭਾਰੀ
ਸਿਆਣਪ ਤੁਹਾਡੀ ਦੱਬ ਗਈ ਸਾਰੀ-
ਤੁਸੀਂ ਨਹੀਂ ਡਰਦੇ ਮੈਂ ਡਰਦੀ ਹਾਂ,
ਦੱਸੋ ਭਾਵੇਂ ਏਹੀ-
ਪਰ ਅੱਜ ਨਹੀਂ ਜਾਣਾ ਬਾਹਰ।
ਗੋਡਿਆਂ ਪਰਨੇ ਅਰਜ਼ ਕਰਾਂ ਮੈਂ,
ਮੰਨੋ ਬੇਨਤੀ ਮੇਰੀ:
ਸੰਸਦ ਭਵਨ ਸੁਨੇਹਾ ਭੇਜੋ,
'ਤੁਸੀਂ ਬੀਮਾਰ ਬੜੇ ਹੋ',
ਮਾਰਕ ਐਨਟਨੀ ਭੇਜੋ ਉਥੇ,
ਦਿਊ ਸੁਨੇਹਾ ਜਾਕੇ।
ਸੀਜ਼ਰ-:ਮਾਰਕ ਐਨਟਨੀ ਕਹਿ ਦੂ ਜਾਕੇ,
ਮੈਂ ਬੀਮਾਰ ਬੜਾ ਹਾਂ
ਮੈਂ ਨਹੀਂ ਜਾਂਦਾਂ, ਘਰ ਰਹਿ ਜਾਨਾਂ,
ਜਿਵੇਂ ਖੁਸ਼ੀ ਹੈ ਤੇਰੀ।
-ਡੇਸੀਅਸ-
ਆਹ ਆ ਗਿਆ ਡੇਸੀਅਸ ਬਰੂਟਸ,
ਇਹ ਕਹਿ ਦੂਗਾ ਜਾਕੇ-
ਡੇਸੀਅਸ-:ਜੈ ਸੀਜ਼ਰ ਦੀ, ਫਤਿਹ ਬੁਲਾਵਾਂ,
ਸ਼ੁਭ ਪਰਭਾਤ ਤੁਹਾਨੂੰ!
ਆਓ ਚੱਲੀਏ ਸੰਸਦ ਭਵਨ ਨੂੰ,
ਆਇਆਂ ਲੈਣ ਤੁਹਾਨੂੰ।
ਸੀਜ਼ਰ-:ਬੜਾ ਵੇਲੇ ਸਿਰ ਆਇਐਂ ਡੇਸੀਅਸ!
ਲੈਜਾ ਮੇਰਾ ਸੁਨੇਹਾ;
ਸਾਂਸਦਾਂ ਨੂੰ ਕਹਿ ਦੀਂ ਜਾਕੇ,
ਮੈਂ ਨਹੀਂ ਅੱਜ ਆਉਣਾ;
'ਆ ਨਹੀਂ ਸਕਦਾ 'ਝੂਠ ਹੋਵੇਗਾ,
'ਜੁੱਰਅਤ ਨਹੀਂ ਹੈ' ਉਸ ਤੋਂ ਝੂਠ
ਬੱਸ ਕਹਿ ਦੀਂ ਤੂੰ ਮੈਂ ਨਹੀਂ ਆਉਣਾ ।
ਕਲਫੋਰਨੀਆ-:ਕਹਿ ਦੇਵੀਂ ਬੀਮਾਰ ਹੈ ਸੀਜ਼ਰ-
ਸੀਜ਼ਰ-:ਕਿਉਂ ਭੇਜਾਂ ਮੈਂ ਝੂਠ ਸੁਨੇਹਾ?
ਕਾਹਦੇ ਲਈ ਮੈਂ ਮੱਲਾਂ ਮਾਰੀਆਂ,
ਏਨੀਆਂ ਦੂਰ ਪਸਾਰੀਆਂ ਬਾਹਵਾਂ,
ਜਿੱਤੇ ਦੇਸ ਪਰਾਏ?
ਸੁਨੇਹੇ ਝੂਠੇ ਕਿਉਂ ਭਿਜਵਾਵਾਂ
ਧੌਲਦਾੜ੍ਹੀਆਂ ਅੱਗੇ ਭਲਾ ਮੈਂ,
ਬਹਾਨੇ ਕਿਉਂ ਬਣਵਾਵਾਂ?
ਜਾਹ ਜਾਕੇ ਤੂੰ ਕਹਿ ਦੇ ਡੇਸੀਅਸ,
ਮੈਂ ਨਹੀਓਂ ਅੱਜ ਆਉਣਾ।
ਮਡੇਸੀਅਸ-:ਹਾਂ ਬਲੀ ਸੀਜ਼ਰ!
ਦੱਸੋ, ਕੀ ਮੈਂ ਕਾਰਨ ਦੱਸਾਂ?
ਤਾਂ ਜੋ ਖਿੱਲੀ ਉਡੇ ਨਾ ਮੇਰੀ,
ਕੁਝ ਤਾਂ ਜਾਕੇ ਦੱਸਾਂ?
ਸੀਜ਼ਰ-:ਮੇਰੀ ਰਜ਼ਾ ਹੈ ਕਾਰਨ ਇਹਦਾ-
ਮੈਂ ਨਹੀਂ ਆਉਣਾ, ਬੱਸ ਨਹੀਂ ਆਉਣਾ:
ਸੰਸਦ ਲਈ ਬੱਸ ਕਾਫੀ ਏਨਾ;
ਤੂੰ ਹੈਂ ਬੜਾ ਪਰੇਮੀ ਮੇਰਾ,
ਤੇਰੀ ਨਿੱਜ ਤਸੱਲੀ ਖਾਤਰ
ਮੈਂ ਤੈਨੂੰ ਦੱਸ ਦੇਨਾਂ :
ਮੇਰੀ ਘਰ ਵਾਲੀ ਕਲਫੋਰਨੀਆ ਨੇ
ਡੱਕ ਲਿਆ ਹੈ ਮੈਨੂੰ;
ਸੁਪਨੇ ਵਿੱਚ ਉਸ ਤੱਕਿਆ ਰਾਤੀਂ
ਮੇਰੀ ਮੂਰਤੀ ਵਿੱਚੋਂ,
ਸ਼ੁੱਧ ਲਹੂ ਦੇ ਵਗਣ ਫੁਆਰੇ
ਸੈਂਕੜੇ ਮੂੰਹਾਂ ਵਾਲੇ,
ਛੈਲੇ ਰੋਮੀ ਹੱਟੇ ਕੱਟੇ ਧੋਵਣ ਹੱਥ,
ਮੁਸਕਾਈਂ ਜਾਵਣ।
ਹੋਣੀ ਭੌਂਦੀ ਪਈ ਸਿਰਾਂ ਤੇ,
ਸ਼ਗਨ ਇਹ ਮਾੜੇ ਦੇਣ ਤਾੜਨਾ,
ਏਸੇ ਲਈ ਹੋ ਗੋਡਿਆਂ ਪਰਨੇ
ਰੋਕ ਲਿਆ ਉੁਸ ਮੈਂਨੂੰ-
ਕਹਿੰਦੀ 'ਸੁਆਮੀ!
ਅੱਜ ਨਹੀਂ ਜਾਣਾ ਬਾਹਰ'-।
ਡੇਸੀਅਸ-:ਠੀਕ ਨਹੀਂ ਹੈ ਇਹ ਤਾਅਬੀਰ,
ਸੁਪਨਾ ਤਾਂ ਇਹ ਬੜਾ ਸੁਭਾਗਾ-
ਬੁੱਤ ਤੇਰਾ ਜੋ ਛੱਡੇ ਫੁਆਰੇ,
ਰੱਤ 'ਚ ਤੇਰੀ ਰੋਮਨ ਨ੍ਹਾਵਣ,
ਵਧੀਆ ਸ਼ਗਨ ਨੇ ਇਹ ਤਾਂ ਸਾਰੇ,
ਜੋ ਇਹੋ ਦਰਸਾਵਣ:
ਮਹਾਨ ਰੋਮ ਦੀ ਚੜ੍ਹਤ ਵਧੂਗੀ,
ਆਬਿ-ਹਿਯਾਤ ਜਿਉਂ ਪੀਤਾ,
ਹੋਰ ਵੀ ਫੇਰ ਮਹਾਨ ਬਣੂਗਾ
ਰੋਮ ਇਹ ਤੇਰਾ ਮੀਤਾ।
ਵੱਡੇ ਵੱਡੇ ਲੋਕਾਂ ਦਾ ਫਿਰ
ਲੱਗੂ ਭੀੜ ਭੜੱਕਾ,
ਕੁਲ-ਚਿੰਨ੍ਹ ਦੀ ਝਾਲਰ, ਕਲਗ਼ੀ,
ਲਹੂ ਦੇ ਲਿੱਬੜੇ ਕੱਪੜੇ,
ਬਾਕੀ ਹੋਰ ਨਿਸ਼ਾਨੀਆਂ ਖਾਤਰ
ਹੋਵੇ ਖੜਕਾ ਦੜਕਾ:
ਕਲਫੋਰਨੀਆ ਦੇ ਸੁਪਨੇ ਦੀ,
ਇਹੀ ਹੈ ਸਹੀ ਤਾਅਬੀਰ।
ਸੀਜ਼ਰ-:ਵਾਹ!ਬੜੀ ਸਪਸ਼ਟ ਵਿਆਖਿਆ ਕੀਤੀ-
ਡੇਸੀਅਸ-:ਪੂਰੀ ਗੱਲ ਤਾਂ ਸੁਣ ਲੌ ਪਹਿਲਾਂ;
ਪਤਾ ਮੈਨੂੰ ਏ ਪੱਕਾ-
ਸਾਂਸਦਾਂ ਰਲ ਕੇ ਫੈਸਲਾ ਕੀਤੈ,
ਮਹਾਂਬਲੀ ਸੀਜ਼ਰ ਦੇ ਸਿਰ ਤੇ,
ਅੱਜ ਹੀ ਮੁਕਟ ਸਜਾ ਦੇਣੈ;
ਜੇ ਕਹਾਇਆ ਤੂੰ ਨਹੀਂ ਜਾਣਾ,
ਸ਼ਾਇਦ ਬਦਲ ਜੇ ਮਨ ਉਹਨਾਂ ਦਾ
ਹੋ ਸਕਦੈ ਮਖੌਲ ਵੀ ਬਣਜੇ,
ਠੱਠਾ ਕਰੇ ਜੇ ਕੋਈ:-
'ਭੰਗ ਰੱਖੋ ਸੰਸਦ ਓਨਾਂ ਚਰ,
ਸੀਜ਼ਰ ਦੀ ਬੇਗ਼ਮ ਨਾ ਵੇਖੇ
ਜਿੰਨਾ ਚਿਰ ਸੁੰਦਰ ਸਪਨਾ'-।
ਜੇ ਤੂੰ ਸੀਜ਼ਰ ਮੂੰਹ ਲਕੋਇਆ,
ਕੰਨੋ ਕੰਨ ਅਫਵਾਹ ਨਹੀ ਫੈਲੂ?
'ਵੇਖੋ, ਸੀਜ਼ਰ ਡਰਿਆ ਬੈਠੈ!-
'ਖਿਮਾਂ ਦਾ ਜਾਚਕ ਹਾਂ ਮੈਂ ਸੀਜ਼ਰ!
ਚੜ੍ਹਤ ਤੇਰੀ ਦਾ ਦੀਵਾਨਾ ਹਾਂ:
ਤਾਂ ਹੀ ਫਰਜ਼ ਸਮਝਕੇ ਆਪਣਾ,
ਤੈਨੂੰ ਇਹ ਨਸੀਹਤ ਕਰਦਾਂ;
ਮੋਹ ਮੇਰੇ ਦਾ ਤਰਕ ਵੀ ਇਹੋ ਕਹਿੰਦੈ।
ਸੀਜ਼ਰ-:ਕਿਉਂ, ਕਲਫੋਰਨੀਆ!
ਕਿੰਨੇ ਮੂਰਖਾਂ ਵਾਲੇ ਡਰ ਸੀ ਤੇਰੇ!
ਸ਼ਰਮ ਆਉਂਦੀ ਹੈ ਸੋਚਕੇ ਮੈਨੂੰ।
ਜਾਹ ਲਿਆ ਮੇਰਾ ਅੰਗਰੱਖਾ, ਮੈਂ ਜਾਣਾ ਹੈ।
{ਪ੍ਰਵੇਸ਼ ਪਬਲੀਅਸ, ਬਰੁਟਸ, ਲਿਗੇਰੀਅਸ, ਮੇਟੀਲਸ,
ਕਾਸਕਾ, ਟਰੈਬੋਨੀਅਸ ਅਤੇ ਸਿੰਨਾ}
ਤੇ ਵੇਖ ਜ਼ਰਾ, ਪਬਲੀਅਸ ਵੀ ਆਇਐ
ਲੈ ਕੇ ਜਾਣ ਲਈ ਮੈਨੂੰ।
ਪਬਲੀਅਸ-:ਸ਼ੁਭ ਪ੍ਰਭਾਤ ਸੀਜ਼ਰ!
ਸੀਜ਼ਰ-:ਜੀ ਆਇਆਂ ਨੂੰ, ਪਬਲੀਅਸ।
ਕਿਵੇਂ ਬਰੂਟਸ! ਤੂੰ ਵੀ ਉੱਠਿਐਂ ਬੜੇ ਸਵਖਤੇ?
ਸ਼ੁਭ ਪ੍ਰਭਾਤ ਕਾਸਕਾ!-
ਕਾਇਸ ਲਿਗੇਰੀਅਸ!
ਜਿਸ ਬੁਖਾਰ ਤੈਨੂੰ ਏਨਾ ਲਿੱਸਾ ਕੀਤਾ
ਉਸ ਜਿੱਨੀ ਦੁਸ਼ਮਨੀ ਮੈਂ ਕਦੇ ਨਹੀਂ ਕੀਤੀ!
ਹੁਣ ਭਲਾ ਕੀ ਵੱਜਿਆ ਹੋਣੈ?
ਬਰੂਟਸ-:ਸੀਜ਼ਰ, ਹੁਣ ਤਾਂ ਅੱਠ ਵੱਜੇ ਨੇ।
ਸੀਜ਼ਰ-:ਤਕਲੀਫ ਅਤੇ ਮਿਹਰ ਲਈ ਧੰਨਬਾਦ ਤੁਹਾਡਾ।
-ਪ੍ਰਵੇਸ਼ ਐੇਨਟਨੀ-
ਆਹ ਵੇਖੋ, ਅੈਨਟਨੀ ਵੀ ਆਇਆ,
ਦੇਰ ਰਾਤ ਤੱਕ ਸ਼ੁਗ਼ਲ ਮਨਾਵੇ,
ਖਾਵੇ, ਪੀਵੇ, ਸੇਜ ਹੰਡਾਵੇ
ਏਨੇ ਫੇਰ ਸਵਖਤੇ ਉਠਿਐ;
ਸ਼ੁਭ ਪ੍ਰਭਾਤ ਐਨਟਨੀ ਪਿਆਰੇ!
ਐਨਟਨੀ-:ਮਹਾਂ ਸ੍ਰੇਸ਼ਟ ਸੀਜ਼ਰ ਨੂੰ ਵੀ।
ਸੀਜ਼ਰ-:ਅੰਦਰ ਕਹੋ ਤਿਆਰੀ ਹੋਵੇ-
ਇਲਜ਼ਾਮ ਮੈਂ ਲੈਨਾਂ ਅਪਣੇ ਸਿਰ ਤੇ,
ਇਓਂ ਸਭ ਨੂੰ ਇੰਤਜ਼ਾਰ ਕਰਾਇਆ।-
ਕਿਵੇਂ ਬਈ ਸਿੰਨਾ?-ਕਿਵੇਂ ਮੈਟੀਲਸ?
ਕਿਉਂ ਬਈ ਟਰੈਬੋਨੀਅਸ!
ਇੱਕ ਘੰਟੇ ਦਾ ਸਲਾਹ ਮਸ਼ਵਰਾ
ਮੈਂ ਤੇਰੇ ਨਾਲ ਕਰਨੈ,
ਯਾਦ ਨਾਲ ਅੱਜ ਮਿਲਨੈ ਮੈਨੂੰ;
ਨੇੜੇ ਰਹੀਂ ਤੂੰ ਮੇਰੇ,ਤਾਂ ਜੋ ਯਾਦ ਰਹੇ ਫਿਰ ਮੈਨੂੰ।
ਟਰੈਬੋਨੀਅਸ-:ਠੀਕ ਹੈ ਸੀਜ਼ਰ!ਰਹੂੰ ਮੈਂ ਏਨਾ ਨੇੜੇ
ਸਭ ਤੋਂ ਚੰਗੇ ਮਿੱਤਰ ਤੇਰੇ ਰਸ਼ਕ ਕਰਨਗੇ
ਚਾਹਣਗੇ ਮੈਂ ਦੂਰ ਹੀ ਰਹਿੰਦਾ!
ਸੀਜ਼ਰ-:ਆਓ ਭਲਿਓ! ਅੰਦਰ ਆਓ,
ਮੇਰੇ ਨਾਲ ਇੱਕ ਜਾਮ ਛਲਕਾਓ;
ਤੇ ਫਿਰ ਚੱਲੀਏੇ ਸਿੱਧੇ ਏਥੋਂ ਆਪਾਂ ਮਿੱਤਰਾਂ ਵਾਂਗੂੰ।
ਬਰੂਟਸ-:(ਇੱਕ ਪਾਸੇ ਹੋਕੇ) ਦਿਲ ਮਜਬੂਰ ਬਰੂਟਸ ਦਾ ਇਹ
ਸੋਚੀਂ ਜਾਵੇ:
ਹਰ ਉਹ ਸ਼ੈਅ ਜੋ ਪੀਲੀ ਭਾਹ ਮਾਰੇ,
ਜ਼ਰੂਰੀ ਨਹੀਂ ਸੋਨਾ ਹੀ ਹੋਵੇ!
-ਪ੍ਰਸਥਾਨ-
ਸੀਨ-੩ ਐਕਟ-੨
ਰੋਮ-ਸੰਸਦ ਭਵਨ ਦੇ ਨੇੜੇ ਇੱਕ ਗਲੀ-
ਪ੍ਰਵੇਸ਼ ਆਰਤੇਮੀਦੋਰਸ ਜੋ ਇੱਕ ਪੱਤਰ ਪੜ੍ਹਦਾ ਹੈ-
ਆਰਤੇਮੀਦੋਰਸ-:"ਸੀਜ਼ਰ, ਖਬਰਦਾਰ! ਬਰੂਟਸ ਕੋਲੋਂ;
ਰੱਖੀਂ ਨਜ਼ਰ ਕੈਸੀਅਸ ਉਤੇ;
ਕਾਸਕਾ ਦੇ ਨੇੜੇ ਨਾ ਲੱਗੀਂ;
ਏਤਬਾਰ ਕਰੀਂ ਨਾ ਟਰੈਬੋਨੀਅਸ ਉੱਤੇ;
ਸਿੰਨਾ ਲਾਗੇ ਆਉਣ ਨਾ ਦੇਵੀਂ;
ਮੈਟੀਲਸ ਸਿੰਬਰ ਰਹੇ ਦੂਰ ਹੀ;
ਡੇਸੀਅਸ ਬਰੂਟਸ ਤੈਨੂੰ ਪ੍ਰੇਮ ਨਹੀਂ ਕਰਦਾ;
ਕਾਇਸ ਲਿਗੇਰੀਅਸ ਨਾਲ
ਤੂੰ ਸੀ ਜ਼ਿਆਦਤੀ ਕੀਤੀ।
ਸਾਰਿਆਂ ਇੱਕ ਇਰਾਦਾ ਕੀਤੈ;
ਸਾਰੇ ਵਿਰੁੱਧ ਹੋਏ ਨੇ ਤੇਰੇ।
ਮੱਤ ਖੁਦ ਨੂੰ ਅਮਰ ਸਮਝ ਤੂੰ,
ਖਬਰਦਾਰ! ਰੱਖ ਚੌਕਸੀ:
ਜਿੰਨੀ ਸੁਰੱਖਿਆ, ਓਡੀ ਹੀ ਸਾਜ਼ਿਸ਼-
ਦੇਵ ਰੱਖਣ ਤੈਨੂੰ ਮਹਿਫੂਜ਼!"
ਪਰੇਮੀ ਤੇਰਾ,
ਆਰਤੇਮੀਦੋਰਸ।
ਏਥੇ ਖੜਾ ਰਹੂੰਗਾ ਮੈਂ,
ਜਦ ਤੱਕ ਸੀਜ਼ਰ ਨਹੀਂ ਆਉਂਦਾ,
ਬਣ ਫਰਿਯਾਦੀ ਪੇਸ਼ ਕਰੂੰ ਗਾ ਪੱਤਰ।
ਹਸਦ ਦੇ ਤਿੱਖੇ ਦੰਦਾਂ ਕੋਲੋਂ ਨੇਕੀ ਬਚ ਨਾ ਸੱਕੇ-
ਦਿਲ ਮੇਰਾ ਇਹ ਰੋ ਰੋ ਕਹਿੰਦਾ:
ਪੜ੍ਹ ਲੈਂ ਪੱਤਰ ਤਾਂ ਜੀ ਸੱਕੇਂ ਸ਼ਾਇਦ,
ਨਹੀਂ ਤਾਂ 'ਹੋਣੀ' ਗੱਦਾਰਾਂ ਨਾਲ ਮਿਲ ਕੇ
ਪੱਕਾ ਕਰੂ ਕੋਈ ਜੁਗਾੜ।
-ਪ੍ਰਸਥਾਨ-
ਸੀਨ-੪ ਐਕਟ-੨
ਰੋਮ-ਉਸੇ ਗਲੀ ਦਾ ਇੱਕ ਹੋਰ ਹਿੱਸਾ,
ਬਰੂਟਸ ਦੇ ਘਰ ਅੱਗੇ ਪੋਰਸ਼ੀਆ ਤੇ ਲੂਸੀਅਸ ਦਾ
ਪ੍ਰਵੇਸ਼ -
ਪੋਰਸ਼ੀਆ-:ਸੁਣ ਖਾਂ, ਮੁੰਡੂ! ਸੰਸਦ ਭਵਨ ਨੂੰ ਦੌੜ ਲਗਾ ਤੂੰ,
ਹਾਂ, ਨਾਂ, ਤੇਰੀ ਮੈਂ ਨਹੀਂ ਸੁਨਣੀ,
ਬੱਸ ਤਿੱਤਰ ਹੋ ਜਾ ਤੂੰ,
ਰੁਕ ਨਾਂ ਏਥੇ; ਕਿਉਂ ਖੜਾ ਏਂ ਗੁੰਨਾਂ ਵਾਂਗੂੰ?
ਲੂਸੀਅਸ-:ਸ਼੍ਰੀਮਤੀ ਜੀ! ਕੰਮ ਪੁੱਛਣ ਲਈ ਖੜਾ ਹਾਂ ਹੁਣ ਤੱਕ।
ਪੋਰਸ਼ੀਆ-:ਮੈਂ ਚਾਹਾਂ ਤੂੰ ਉੱਥੇ ਜਾ ਤੇ ਮੁੜਕੇ ਛੇਤੀ ਆ,
ਇਸ ਤੋਂ ਪਹਿਲਾਂ ਕੁਝ ਦੱਸਾਂ ਤੈਨੂੰ,
ਉੱਥੋਂ ਖਬਰ ਲਿਆ।
(ਖੁਦ ਨਾਲ) 'ਹਿਰਦਾ ਰੱਖਾਂ ਅਡੋਲ ਆਪਣਾ,
ਦ੍ਰਿੜ੍ਹਤਾ ਰੱਖਾਂ ਪੱਕੀ;
ਅਹਿਸਾਸ ਨੂੰ ਰੱਖਾਂ ਆਪਣੇ ਤੀਕਰ,
ਪਰਬਤ ਵਰਗੀ ਕੰਧ ਉਸਾਰਾਂ
ਦਿਲ ਜ਼ੁਬਾਂ ਵਿਚਕਾਰ;
ਸ਼ਕਤੀ ਵਿੱਚ ਮੈਂ ਤੀਵੀਂ ਮਾਨੀ,
ਮਨ ਪਰ ਬੰਦਿਆਂ ਵਾਲਾ,
ਮੁਸ਼ਕਲ ਕਿੰਨਾ ਹੁੰਦੈ ਅੜਿਆ!
ਔਰਤ ਨੂੰ ਭੇਦ ਛੁਪਾਣਾ?'-
(ਲੂਸ ਨੂੰ) ਕਿਉਂ ਹਾਲੇ ਵੀ ਸੁੰਨ ਖੜਾ ਏਂ,
ਕਿਉਂ ਨਹੀਂ ਜਾਂਦਾ ਛੇਤੀ?
ਲੂਸੀਅਸ-:ਸ਼੍ਰਮਤੀ ਜੀ! ਮੈਂ ਕੀ ਕਰਨੈ? ਦੱਸੋ ਮੈਨੂੰ
ਭੱਜਿਆ ਜਾਣੈ ਸੰਸਦ ਭਵਨ ਨੂੰ ਤੇ ਮੁੜ ਆਉਣੈ?
ਬੱਸ ਹੋਰ ਕੁਝ ਨਹੀਂ ਕਰਨਾ ਓਥੇ?
ਪੋਰਸ਼ੀਆ-:ਹਾਂ, ਲਿਆ ਸੁਨੇਹੜਾ ਸੁਆਮੀ ਅਪਣੇ ਦਾ
ਤਬੀਅਤ ਜੇ ਵੱਲ ਹੈ ਸੀ,
ਘਰੋਂ ਤਾਂ ਬੀਮਾਰ ਗਏ ਸੀ;
ਤੇ ਧਿਆਨ ਰੱਖੀਂ ਸੀਜ਼ਰ ਦਾ ਖਾਸ,
ਕੀ ਉਹ ਕਰਦੈ? ਫਰਯਾਦੀ ਕਿਹੜੇ,
ਕੀ ਫਰਯਾਦਾਂ ਕਰਦੇ?
ਪਰ ਸੁਣ ਖਾਂ ਮੁੰਡਿਆ!
ਆਹ ਰੌਲਾ ਕਾਹਦਾ ਪੈਂਦੈ?
ਲੂਸੀਅਸ-:ਮੈਂ ਤਾਂ ਕੁਝ ਨੀ ਸੁਣਿਆ ਸ਼੍ਰੀਮਤੀ ਜੀ!
ਪੋਰਸ਼ੀਆ-:ਮੈਂ ਆਖਾਂ ਸੁਣ ਕੰਨ ਲਾਕੇ,
ਆਵਾਜ਼ਾਂ ਦਾ ਸ਼ੋਰ ਸ਼ਰਾਬਾ
ਜਿਵੇਂ ਫਸਾਦ ਜਾਂ ਦੰਗਾ ਹੋਵੇ,
ਸੰਸਦ ਭਵਨ ਤੋਂ ਪੌਣ ਜੋ ਆਵੇ,
ਰੌਲਾ ਨਾਲ ਲਿਆਵੇ।
ਲੂਸੀਅਸ-:ਸ਼ਾਂਤ, ਸ਼੍ਰੀਮਤੀ ਜੀ! ਸ਼ਾਂਤ,
ਮੈਂ ਤਾਂ ਕੁਝ ਨਹੀਂ ਸੁਣਿਆ ਹਾਲੇ।
-ਪ੍ਰਵੇਸ਼ ਆਰਤੇਮੀਦੋਰਸ-
ਪੋਰਸ਼ੀਆ-:ਸੁਣ ਭਰਾਵਾ! ਤੂੰ ਕਿੱਧਰੋਂ ਆਇਐ?
ਆਰਟੇਮੀਦੋਰਸ-:ਸ਼੍ਰੀਮਤੀ ਜੀ ਮੈਂ ਤਾਂ ਘਰੋਂ ਹੀ ਆਇਆਂ।
ਪੋਰਸ਼ੀਆ-:ਹੁਣ ਕੀ ਵੱਜਿਐ?
ਆਰਟੇਮੀਦੋਰਸ-:ਜੀ, ਨੌਂ ਵੱਜੇ ਨੇ।
ਪੋਰਸ਼ੀਆ-:ਕੀ ਸੀਜ਼ਰ ਗਿਆ ਸੰਸਦ ਨੂੰ?
ਆਰਟੇਮੀਦੋਰਸ-:ਹਾਲੇ ਨਹੀਂ ਜੀ:
ਮੈਂ ਵੀ ਚੱਲਿਆਂ ਵੇਖਣ ਉਹਨੂੰ
ਸੰਸਦ ਭਵਨ ਦੀ ਰਾਹ ਤੇ।
ਪੋਰਸ਼ੀਆ-:ਤੂੰ ਵੀ ਕੋਈ ਫਰਿਯਾਦ ਹੈ ਕਰਨੀ; ਹੈਂ ਨਾ?
ਆਰਟੇਮੀਦੋਰਸ-:ਹਾਂ ਜੀ ਹਾਂ; ਖੁਸ਼ੀ ਨਾਲ ਜੇ ਸੁਣੀ ਓਸਨੇ।
ਮੈਂ ਉਸ ਨੂੰ ਅਰਜ਼ ਹੈ ਕਰਨੀ,
ਨਿੱਜ ਅਪਣੇ ਦਾ ਮਿੱਤਰ ਬਣਜੇ।
ਪੋਰਸ਼ੀਆ-:ਕਿਉਂ ਭਲਾ, ਪਤਾ ਹੈ ਤੈਨੂੰ,
ਉਹਨੂੰ ਕਿਸੇ ਨੁਕਸਾਨ ਪੁਚਾਉਣੈ?
ਆਰਟੋਮੀਦੋਰਸ-:ਪੱਕਾ ਤਾਂ ਮੈਂ ਕਹਿ ਨਹੀਂ ਸਕਦਾ,
ਪਰ ਡਰ ਲਗਦਾ ਏ,
ਅਨਹੋਣੀ ਕਿਧਰੇ ਹੋ ਨਾ ਜਾਵੇ!
ਸ਼ੁਭ ਪਰਭਾਤ ਤੁਹਾਨੂੰ,
ਸੜਕ ਬੜੀ ਹੈ ਸੌੜੀ ਏਥੇ
ਸੀਜ਼ਰ ਪਿੱਛੇ ਭੀੜ ਬੜੀ ਹੈ:
ਸਾਂਸਦ, ਮੁਨਸਫ ਤੇ ਫਰਿਯਾਦੀ-
ਹਜੂਮ ਬੜਾ ਹੈ ਸੰਘਣਾ
ਕਮਜ਼ੋਰ ਬੰਦਾ ਤਾਂ ਫਸ ਹੀ ਜਾਂਦੈ,
ਸਾਹ ਰੁਕ ਜਾਂਦੈ
ਮਰ ਵੀ ਸਕਦੈ।
ਛੀੜ ਵਾਲੀ ਮੈਂ ਥਾਂ ਹੈ ਲੱਭਣੀ
ਖਲੋਕੇ ਜਿੱਥੇ ਕਰਾਂ ਬੇਨਤੀ,
ਸੀਜ਼ਰ ਮਹਾਨ ਜਦ ਕੋਲੋਂ ਲੰਘੇ।
-ਟੁਰ ਜਾਂਦਾ ਹੈ-
ਪੋਰਸ਼ੀਆ-:ਹੁਣ ਤੇ ਅੰਦਰ ਜਾਣਾ ਪੈਣੈ-
ਕਿੰਨਾ ਨਿਰਬਲ ਦਿਲ ਤੀਵੀਂ ਦਾ,
ਕਿੰਨੀ ਨਿਰਬਲ ਜਾਨ!
ਓ, ਬਰੂਟਸ! ਉਪਰ ਵਾਲਾ ਜੇ ਹੋਵੇ ਮਿਹਰਵਾਨ,
ਕਾਰਜ ਤੇਰਾ ਚੜ੍ਹੇ ਨੇਪਰੇ, ਹੋਵੇ ਉੱਚੀ ਸ਼ਾਨ।
(ਪਾਸੇ ਹੋਕੇ) ਮੁੰਡੂ ਨੇ ਲਗਦੈ ਗੱਲ ਸੁਣ ਲੀ ਸਾਰੀ,-
ਬਰੂਟਸ ਦੀ ਵੀ ਹੈ ਦਰਖਾਸਤ,
ਸੀਜ਼ਰ ਨੇ ਪਰ ਮਨਜ਼ੂਰ ਨਹੀਂ ਕਰਨੀ।
(ਪਾਸੇ ਹੋ ਕੇ) ਆਹ, ਓ ਦੇਵੋ! ਆਹ ਕੀ ਹੋਇਆ?
ਕੰਬਣ ਲੱਤਾਂ, ਡਿੱਗਦੀ ਜਾਵਾਂ!
(ਲੁਸ ਨੂੰ) ਜਾਹ ਦੌੜਕੇ ਲੂਸਸ! ਸੁਅਮੀ ਨੂੰ ਦੇ ਮੇਰਾ ਸਤਿਕਾਰ,
ਮੁੜਕੇ ਆ ਤੇ ਖਬਰ ਲਿਆ, ਕੀ ਆਖਿਆ ਓਹਨੇ
-ਪ੍ਰਸਥਾਨ-
ਐਕਟ-੩ ਜੂਲੀਅਸ ਸੀਜ਼ਰ
ਸੀਨ-੧- ਐਕਟ-੩
ਰੋਮ-ਸੰਸਦ ਭਵਨ ਦੀ
ਬੈਠਕ-ਬਾਹਰ ਲੋਕਾਂ ਦਾ ਹਜੂਮ-
ਆਰਟੇਮੀਦੋਰਸ ਅਤੇ ਭਵਿੱਖ-ਵਾਚਕ ਦਿਸਦੇ ਹਨ-
-ਵਾਜੇ ਗਾਜੇ ਨਾਲ ਸੀਜ਼ਰ ਦਾ ਪ੍ਰਵੇਸ਼-
ਸੀਜ਼ਰ-:ਮਾਰਚ ਦੀ ਤੇ ਆ ਗਈ ਈਦ।
ਭਵਿੱਖ-ਵਾਚਕ-:ਹਾਂ, ਪਰ ਹਾਲੇ ਲੰਘੀ ਕਿੱਥੇ?
ਆਰਟੇਮੀਦੋਰਸ-:ਜੈ ਸੀਜ਼ਰ ਦੀ, ਫਤਿਹ ਬੁਲਾਵਾਂ!
ਆਹ ਪੱਤਰ ਹੈ ਤੁਹਾਡੇ ਪੜ੍ਹਣ ਦਾ।
ਡੇਸੀਅਸ-:ਟਰੈਬੋਨੀਅਸ ਚਾਹੁੰਦੈ, ਵਕਤ ਕੱਢਕੇ
ਪੜ੍ਹਿਓ ਅਰਜ਼ੀ ਉਹਦੀ-
ਆਰਟੇਮੀਦੋਰਸ-:ਜੀ ਸੀਜ਼ਰ! ਪਹਿਲਾਂ ਪੜ੍ਹ ਲੋ ਅਰਜ਼ੀ ਮੇਰੀ;
ਮੇਰਾ ਇਹ ਦਾਅਵਾ ਤੁਹਾਡੇ ਨਾਲ ਤਅੱਲੁਕ ਰੱਖੇ-
ਪੜ੍ਹ ਲੋ ਇਸ ਨੂੰ ਪਹਿਲਾਂ।
ਸੀਜ਼ਰ-:ਜੀਹਦਾ ਮੇਰੇ ਨਾਲ ਤਅੱਲੁਕ
ਉਹਦੀ ਵਾਰੀ ਸਭ ਤੋਂ ਪਿੱਛੋਂ।
ਆਰਟੇਮੀਦੋਰਸ-:ਦੇਰ ਕਰੋ ਨਾ ਬਿਲਕੁਲ ਸੀਜ਼ਰ!
ਹੁਣੇ ਪੜ੍ਹੋ ਤੁਸੀਂ ਏਸ ਨੂੰ।
ਸੀਜ਼ਰ-:ਕੀ ਹੋ ਗਿਐ? ਕੀ ਇਹ ਕਰਦੈ?
ਹੈ ਕੇਹਾ, ਇਹ ਮੁਰਖ ਬੰਦਾ?
ਪਬਲੀਅਸ-:ਚੱਲ ਓਏ ਜਣਿਆਂ! ਲਾਂਭੇ ਹੋ।
ਕੈਸੀਅਸ-:ਇਹ ਕੀ ? ਅਰਜ਼ੀ, ਪਰਚਾ ਵਿੱਚ ਬਜ਼ਾਰ?
ਸੰਸਦ ਭਵਨ 'ਚ ਆ ਜਾ ਪਿੱਛੇ
ਜੇ ਕਰਨੀ ਫਰਿਯਾਦ।
ਪੌਪੀਲੀਅਸ-:ਅੱਜ ਦਾ ਕਾਜ ਸਿਰੇ ਚੜ੍ਹ ਜਾਵੇ-
ਸ਼ੁਭ ਇੱਛਾਵਾਂ ਦਿਆਂ ਤੁਹਾਨੂੰ।
ਕੈਸੀਅਸ-:ਪੌਪੀਲਸ! ਕਿਹੜੇ ਕਾਜ ਦੀ ਕਰੇਂ ਤੂੰ ਗੱਲ?
ਪੌਪੀਲੀਅਸ-:ਅਲਵਿਦਾਅ-ਦਿਓਤਿਆਂ ਦੀ ਰੱਖ!
(ਸੀਜ਼ਰ ਨਾਲ ਜਾ ਰਲਦਾ ਹੈ)
ਬਰੂਟਸ-:ਕੀ ਕਹਿੰਦਾ ਸੀ ਪੌਪੀਲਸ ਲੀਨਾ?
ਕੈਸੀਅਸ-:ਸ਼ੁਭ ਇੱਛਾਵਾਂ ਦੇਕੇ ਕਹਿੰਦਾ,
'ਤੁਹਾਡਾ ਕਾਜ ਸਿਰੇ ਚੜ੍ਹ ਜਾਵੇ'।
ਮੈਨੂੰ ਡਰ ਹੈ ਸਾਡਾ ਰਾਜ਼, ਹੁਣ ਰਾਜ਼ ਰਿਹਾ ਨੀ।
ਬਰੂਟਸ-:ਸੀਜ਼ਰ ਵੱਲ ਵੇਖ ਕਿਵੇਂ ਹੈ ਵਧਿਆ!
ਨਜ਼ਰ 'ਚ ਰੱਖੋ ਇਹਨੂੰ।
ਕੈਸੀਅਸ-:ਕਾਸਕਾ! ਕਰੋ ਅਚਾਨਕ ਹਮਲਾ,
ਸਾਰੇ ਜਾਣ ਭਮੱਤਰ:
ਡਰ ਬੜਾ ਹੈ ਕੋਈ ਰੁਕਾਵਟ ਪੈ ਨਾ ਜਾਵੇ;
ਬੋਲ ਬਰੂਟਸ, ਫਿਰ ਕੀ ਕਰੀਏ,
ਭੇਦ ਜੇ ਸਾਡਾ ਖੁੱਲ ਗਿਆ ਤਾਂ?
ਫਿਰ ਸੀਜ਼ਰ ਰਹਿ ਸੀ ਜਾਂ ਕੈਸੀਅਸ,
ਪਿੱਛੇ ਕਿਸੇ ਨਹੀਂ ਹਟਣਾ
ਅਪਣਾ ਕਤਲ ਮੈਂ ਆਪ ਕਰੂੰਗਾ।
ਬਰੂਟਸ-:ਕੈਸੀਅਸ! ਬੱਸ ਪੱਕਾ ਰਹਿ ਤੂੰ, ਰਹਿ ਅਡੋਲ;
ਪੌਪੀਲਸ ਲੀਨਾ ਗੱਲ ਨਹੀਂ ਕਰਦਾ ਸਾਡੀ,
ਵੇਖ ਕਿਵੇਂ ਮੁਸਕਾਈਂ ਜਾਂਦੈ।
ਸੀਜ਼ਰ ਵੀ ਓਵੇਂ ਦਾ ਓਵੇਂ,
ਤਬਦੀਲੀ ਕੋਈ ਨਹੀਂ ਚਿਹਰੇ ਉ ੱਤੇ।
ਕੈਸੀਅਸ-:ਟਰੈਬੋਨੀਅਸ ਖੂਬ ਸਮਝਦੈ ਸਮੇਂ ਦੀ ਮੰਗ-
ਵੇਖ ਬਰੂਟਸ! ਮਾਰਕ ਐਨਟਨੀ ਕਿਵੇਂ ਹਟਾਇਐ
ਆਪਣੇ ਰਾਹ ਚੋਂ!
-ਐਨਟਨੀ ਅਤੇ ਟਰੈਬੋਨੀਅਸ ਜਾਂਦੇ ਹਨ,
ਸੀਜ਼ਰ ਤੇ ਸਾਂਸਦ ਅਪਣੇ ਸਥਾਨ
ਗ੍ਰਿਹਣ ਕਰਦੇ ਹਨ-
ਡੇਸੀਅਸ-:ਕਿੱਥੇ ਹੈ ਮੈਟੀਲਸ ਸਿੰਬਰ?
ਹੁਣ ਉਹ ਜਾਵੇ, ਪੇਸ਼ ਕਰੇ ਤੁਰੰਤ,
ਸੀਜ਼ਰ ਨੂੰ ਅਪਨੀ ਅਰਜ਼ੋਈ-
ਬਰੂਟਸ-:ਉਹ ਬਿਲਕੁਲ ਤਿਆਰ ਹੈ ਦਿਸਦਾ;
ਤੁਸੀਂ ਵੀ ਢੁੱਕੋ ਨੇੜੇ, ਤੇ ਉਸਦੀ ਤਾਈਦ ਕਰੋ।
ਸਿੰਨਾ-:ਕਾਸਕਾ!ਤੂੰ ਹੀ ਪਹਿਲਾ ਵਾਰ ਕਰੇਂਗਾ।
ਕਾਸਕਾ-:ਕੀ ਸਾਰੇ ਤਿਆਰ ਹਾਂ ਆਪਾਂ?
ਸੀਜ਼ਰ-:ਦੱਸੋ ਹੈ ਕੋਈ ਦੁੱਖ ਕਿਸੇ ਨੂੰ,
ਜਾਂ ਨੁਕਸਾਨ ਕਿਸੇ ਦਾ ਹੋਇਆ,
ਸੀਜ਼ਰ ਅਤੇ ਸਭਾ ਤੋਂ ਜਿਸ ਦੀ
ਮੰਗ ਰਹੇ ਭਰਪਾਈ?
ਮੈਟੀਲੀਅਸ ਸਿੰਬਰ-:ਸ਼ਾਹਾਂ ਦੇ ਸ਼ਾਹ, ਮਹਾਂ ਬਲੀ ਸੀਜ਼ਰ!
ਤੇਰੇ ਉੱਚ ਸਿੰਘਾਸਨ ਅੱਗੇ
ਪੇਸ਼ ਕਰੇ ਨਜ਼ਰਾਨਾ-
ਹੋ ਦੋਜ਼ਾਨੂ ਮੈਟੀਲਸ ਸਿੰਬਰ
ਅਪਣੇ ਆਜਜ਼ ਦਿਲ ਦਾ-
-ਸਜਦੇ 'ਚ ਗਿਰਦਾ ਹੈ-
ਸੀਜ਼ਰ-:ਸਿੰਬਰ! ਉੱਠ ਖੜਾ ਹੋ ਸਿੱਧਾ,
ਇੰਜ ਕਰਨ ਤੋਂ ਸਖਤੀ ਨਾਲ ਰੋਕਾਂ;
ਇਹ ਆਜਜ਼ੀ, ਇਹ ਡੰਡਵਤ,
ਖਾਕਸਾਰੀ ਅਤੇ ਵੰਦਨਾ,
ਨੱਕ ਰਗੜਨੇ ਧਰਤੀ ਉੱਤੇ,
ਸਿੱਧਿਆਂ ਨੂੰ ਭਰਮਾ ਸਕਦੇ ਨੇ,
ਸਾਧਾਰਣ ਖੁਨ ਗਰਮਾ ਸਕਦੇ ਨੇ-
ਅੱਧਿਆਦੇਸ਼ਾਂ, ਜ਼ਬਤ,ਨਜ਼ਮ ਨੂੰ
ਬਚਗਾਨਾ ਕਾਨੂਨ ਬਣਾ ਸਕਦੇ ਨੇ-।
ਗ਼ਲਤਫਹਿਮੀ ਚ ਰਹਿ ਨਾ ਬਿਲਕੁਲ
ਸੀਜ਼ਰ ਕੋਈ ਨਾਦਾਨ ਨਹੀਂ ਹੈ
ਗੱਦਾਰਾਂ ਵਾਲਾ ਖੂਨ ਨਹੀਂ ਉਸਦਾ
ਜੋ ਹੋ ਕੇ ਪਾਣੀ ਪਾਣੀ, ਅਸਲਾ ਛੱਡੂ ;
ਏਦਾਂ ਤਾਂ ਬੱਸ ਮੂਰਖ ਪਿੱਘਰਨ।
ਮਤਲਬ ਮੇਰਾ ਮਿੱਠੀਆਂ ਮਿੰਤਾਂ,
ਕੋਰਨਸ਼ਾ ਤੇ ਕਦਮ ਬੋਸੀਆਂ,
ਕਮੀਨੇ ਕੂਕਰ ਵਾਲੀ ਚੱਟਾ ਚੱਟੀ
ਤੇ ਚਾਪਲੂਸੀ ਤੋਂ ਹੈ ਸਿੰਬਰ!
ਸਮਝ ਗਿਆ ਤੂੰ?
ਤੇਰੇ ਭਾਈ ਦਾ ਦੇਸ਼ ਨਿਕਾਲਾ
ਨਿਆਂ-ਪਰਬੰਧ ਦਾ ਸੀ ਫਰਮਾਨ-
ਜੇ ਝੁਕਦੈਂ ਤੂੰ ਉਹਦੀ ਖਾਤਰ,
ਖੁਸ਼ਾਮਦ ਅਤੇ ਬੇਨਤੀ ਕਰਦੈਂ,
ਕੂਕਰ ਸਮਝ ਕੇ ਠੋਕਰ ਮਾਰਾਂ
ਪਰੇ ਹਟਾਵਾਂ ਤੈਨੂਂ ।
ਸੀਜ਼ਰ ਕਦੇ ਬੁਰਾ ਨਹੀਂ ਕਰਦਾ
ਜਾਣ, ਸਮਝ ਲੈ ਸਿੰਬਰ!
ਬਿਨਾ ਕਾਰਨ ਤੋਂ ਕਰੇ ਨਾ ਕਿਰਪਾ,
ਕਰਦਾ ਨਾਲ ਤਸੱਲੀ।
ਮੈਟੀਲੀਅਸ ਸਿੰਬਰ-:ਹੈ ਕੋਈ ਏਥੇ ਹੋਰ ਆਵਾਜ਼
ਮੇਰੀ ਨਾਲੋਂ ਤਕੜੀ,
ਜੋ ਸੀਜ਼ਰ ਦੇ ਕੰਨਾਂ ਨੂੰ ਭਾਵੇ
ਲੱਗੇ ਵੱਧ ਪਿਆਰੀ-
ਭਰਾ ਮੇਰੇ ਦਾ ਦੇਸ਼ ਨਿਕਾਲਾ
ਜੋ ਮਨਸੂਖ ਕਰਾਵੇ?
ਬਰੂਟਸ-:ਹੱਥ ਤੇਰੇ ਨੂੰ ਚੁੰਮਾਂ ਸੀਜ਼ਰ,
ਪਰ ਨਾਂ ਕਰਾਂ ਖੁਸ਼ਾਮਦ ਤੇਰੀ,
ਕਰ ਮਨਸੂਖ ਇਹ ਦੇਸ਼ ਨਿਕਾਲਾ,
ਪਬਲੀਅਸ ਸਿੰਬਰ ਨੂੰ ਕਰ ਬਹਾਲ-
ਮੰਨ ਗੁਜ਼ਾਰਸ਼ ਮੇਰੀ।
ਸੀਜ਼ਰ-:ਇਹ ਕੀ ਕਹਿਨੈ ਤੂੰ ਬਰੂਟਸ?
ਕੈਸੀਅਸ-:ਮੁਆਫੀ ਸੀਜ਼ਰ; ਸੀਜ਼ਰ ਮੁਆਫੀ:
ਪੈਰੀਂ ਤੇਰੇ ਡਿੱਗੇ ਕੈਸੀਅਸ, ਕਰੇ ਗੁਜ਼ਾਰਸ਼:
ਪਬਲੀਅਸ ਸਿੰਬਰ ਨੂੰ ਕਰ ਆਜ਼ਾਦ।
ਸੀਜ਼ਰ-:ਦਿਲ ਮੇਰਾ ਵੀ ਜਾਂਦਾ ਪਸੀਜ
ਜੇ ਮੈਂ ਤੇਰੇ ਵਰਗਾ ਹੁੰਦਾ:
ਬੇਨਤੀਆਂ ਜੇ ਕਰ ਸਕਦਾ ਮੈਂ
ਪਰਭਾਵ ਪਾਉਣ ਨੂੰ ਦਿਲ ਕਿਸੇ ਤੇ,
ਮੈਂ ਵੀ ਹੋ ਜਾਂਦਾ ਪ੍ਰਭਾਵਤ,
ਅਰਜ਼ੋਈ ਤੋਂ ਤੇਰੀ:
ਪਰ ਮੈਂ ਤਾਂ ਸਦਾ ਅਟੱਲ,
ਧਰੁਵ ਤਾਰੇ ਵਾਂਗੂੰ-
ਸੱਤ ਦੇ ਸੱਥਰ ਵਿਸ਼ਰਾਮ ਕਰਨ ਦੋ
ਅਹਿੱਲ ਸਥਿਰਤਾ ਵਾਲੀ
ਸਿਫਤ ਜੋ ਇਹਦੀ-
ਪੂਰੇ ਏਸ ਬ੍ਰਹਮੰਡ ਦੇ ਅੰਦਰ
ਹੋਰ ਕਿਸੇ ਵਿੱਚ ਨਾਂਹੀ।
ਅਰਸ਼ਾਂ ਦੀ ਫੁਲਕਾਰੀ ਚਿੱਤਰੀ,
ਚਿਣਗਾਂ ਚਮਕਣ ਬੇਸ਼ੁਮਾਰ
ਸਾਗਰ ਵਿੱਚ ਜਿਉਂ ਦੀਪਕ ਤਰਦੇ,
ਲੈਕੇ ਆਪਣੀ ਆਪਣੀ ਲਾਟ;
ਪਰ ਹੈ ਇੱਕ ਅਜੇਹਾ ਉੱਥੇ ਬੱਝਾ ਆਪਣੇ ਖੂੰਟੇ-
ਸਦਾ ਅਟੱਲ, ਸਦਾ ਅਡੋਲ,
ਸਦਾ ਅਹਿੱਲ, ਸਦਾ ਸਥਿਰ:
ਏਸੇ ਤਰਾਂ ਇਸ ਦੁਨੀਆ ਅੰਦਰ
ਖਲਕਤ ਰੰਗ ਬਰੰਗੀ-
ਐਪਰ ਬੰਦੇ ਲਹੂ ਮਾਸ ਦੇ
ਸੂਝਵਾਨ ਤੇ ਚਿੰਤਾਵਾਨ ਵੀ;
ਭੈਮਾਨ ਵੀ ਹੋ ਜਾਂਦੇ ਨੇ,
ਰਹਿ ਨਾ ਸੱਕਣ ਸਦਾ ਅਡੋਲ।
ਬੇਸ਼ੁਮਾਰ ਇਸ ਖਲਕਤ ਅੰਦਰ
ਮੈਂ ਤਾਂ ਬੱਸ ਇੱਕੋ ਪਹਿਚਾਣਾਂ
ਜੋ ਪਦਵੀ ਰੁਤਬਾ ਬਦਨਾਮ ਨਹੀਂ ਕਰਦਾ,
ਜੀਹਦਾ ਵਚਨ ਅਕੱਟ;
ਕੋਈ ਧੱਕਾ, ਕੋਈ ਹਰਕਤ
ਪੈਰੋਂ ਉਹਨੂੰ ਕੱਢ ਨਾ ਸੱਕੇ:
ਤੇ ਉਹ ਮੈਂ ਹੀ ਹਾਂ, ਪਹਿਚਾਣੋ ਮੈਨੂੰ ਮਿੱਤਰੋ:
ਅੱਜ ਉਹੀ ਪੱਕਿਆਈ ਵਿਖਾਵਾਂ
ਏਸ ਮਾਮਲੇ ਵਿੱਚ ਵੀ,
ਅਡੋਲ ਰਿਹਾ ਮੈਂ ਜਦ ਸਿੰਬਰ ਕੱਢਿਆ
ਅੱਜ ਵੀ ਰਹਾਂ ਅਡੋਲ, ਵਚਨ ਅਕੱਟ ਹੈ ਮੇਰਾ:
ਦੇਸ਼ ਨਿਕਾਲਾ ਸਿੰਬਰ ਵਾਲਾ
ਅੱਜ ਵੀ ਰਹੂ ਬਹਾਲ।
ਸਿੰਨਾ-:ਓ, ਸੀਜ਼ਰ!
ਸੀਜ਼ਰ-:ਪਰੇ ਹੱਟ ਤੂੰ! ਕਿਰਲੀਆਂ ਪਾਣ ਛਤੀਰੀਂ ਜੱਫੇ?
ਪਰਬੱਤ ਕਿਵੇਂ ਹਲਾਵੇਂ ਥਾਂ ਤੋਂ?
ਡੇਸੀਅਸ-:ਸੀਜ਼ਰ ਮਹਾਨ!
ਸੀਜ਼ਰ-:ਬਰੂਟਸ! ਕਿਉਂ ਫਜ਼ੂਲ ਤੂੰ ਸਜਦੇ ਕਰਦੈਂ?
ਕਾਸਕਾ-:ਜ਼ੁਬਾਂ ਤਾਂ ਮੇਰੀ ਬਾਜ਼ੂ ਆਹ ਮੇਰਾ!
(ਸੀਜ਼ਰ ਦੀ ਗਰਦਨ 'ਚ ਖੰਜਰ ਘੋਂਪਦਾ ਹੈ;
ਸੀਜ਼ਰ ਉਸਦੀ ਬਾਂਹ ਫੜਦਾ ਹੈ; ਕਈ ਹੋਰ ਸਾਜ਼ਸ਼ੀ
ਖੰਜਰਾਂ ਨਾਲ ਵਾਰ ਕਰਦੇ ਹਨ ਤੇ ਆਖਰ ਵਿੱਚ
ਮਾਰਕਸ ਬਰੂਟਸ ਵੀ ਵਾਰ ਕਰਦਾ ਹੈ)
ਸੀਜ਼ਰ-:ਹਾ-, ਬਰੂਟਸ! ਤੂੰ ਵੀ?-
ਫਿਰ ਤਾਂ ਸੀਜ਼ਰ, ਚੱਲ ਹੁਣ ਚੱਲੀਏ!
(ਸੀਜ਼ਰ ਡਿਗਦਾ ਹੈ ਤੇ ਮਰ ਜਾਂਦਾ ਹੈ;ਜੰਤਾ ਅਤੇ
ਸਾਂਸਦ ਰਾਮ ਰੌਲੇ 'ਚ ਪਿੱਛੇ ਹਟ ਜਾਂਦੇ ਹਨ)
ਸਿੰਨਾ-:ਆਜ਼ਾਦੀ! ਸੁਤੰਤਰਤਾ, ਇਨਕਲਾਬ!
ਜ਼ੁਲਮ, ਜਬਰ ਹੈ ਮੋਇਆ!-
ਦੌੜੋ ਏਥੋਂ, ਕਰੋ ਐਲਾਨ,
ਗਲੀਏਂ ਸੜਕੀਂ ਰੌਲਾ ਪਾਓ।
ਕੈਸੀਅਸ-:ਕੁਝ ਬੰਦੇ ਜਾਓ ਸਾਂਝੇ ਸੱਥੀਂ,
ਕੁਝ ਉਪਦੇਸ਼ ਮੰਚਾਂ ਤੇ ਜਾਓ-
ਸੰਘ ਫਾੜ ਕੇ ਰੌਲਾ ਪਾਓ-
ਆਈ ਆਜ਼ਾਦੀ, ਸੁਤੰਤਰਤਾ ਆਈ,
ਮੱਤ-ਅਧਿਕਾਰ ਲਿਆਈ'!
ਬਰੂਟਸ-:ਲੋਕੋ ਅਤੇ ਸਾਂਸਦੋ! ਡਰ ਨਹੀਂ ਕੋਈ,
ਨੱਸਣ ਭੱਜਣ ਦੀ ਲੋੜ ਨਹੀਂ ਹੈ,
ਰੁਕੋ, ਖਲੋਵੋ, ਅਹਿੱਲ ਰਹੋ ਤੇ ਗੱਲ ਸੁਣੋ-
ਇਹ ਤਾਂ ਬੱਸ ਆਕਾਂਖਿਆ ਨੇ
ਹੈ ਰਿਣ ਚੁਕਾਇਆ।
ਕਾਸਕਾ-:ਮੰਚ ਤੇ ਚੜ੍ਹ ਕੇ ਬੋਲ ਬਰੂਟਸ!
ਡੇਸੀਅਸ-:ਕੈਸੀਅਸ! ਤੂੰ ਵੀ ਚੜ੍ਹ ਮੰਚ ਤੇ-
ਬਰੂਟਸ-:ਕਿੱਥੇ ਗਿਐ ਪਬਲੀਅਸ?
ਸਿੰਨਾ-:ਏਥੇ ਹੀ ਹੈ; ਗਦਰ ਨੇ ਉਹਨੂੰ ਸੁੰਨ ਕਰ ਦਿੱਤੈ,
ਹੋਸ਼ ਖਤਾ ਨੇ ਉਹਦੇ।
ਮੈਟੀਲੀਅਸ ਸਿੰਬਰ-:ਕੱਠੇ ਰਹੋ ਸਭ ਪੱਕੇ ਪੈਰੀਂ,
ਮਤੇ ਕੋਈ ਮਿੱਤਰ ਸੀਜ਼ਰ ਵਾਲਾ,
ਲੈ ਬੈਠੇ ਕੋਈ ਪੰਗਾ।
ਬਰੂਟਸ-:ਕੱਠੇ ਹੋ ਖਲੋਵਣ ਵਾਲੀ ਗੱਲ ਕਰੋ ਨਾਂ;
ਮੂੰਹ ਤੇ ਖੇੜਾ ਲਿਆ ਪਬਲੀਅਸ!
ਨਿੱਜ ਤੇਰੇ ਦੀ ਹਾਨੀ ਕੋਈ ਨਾ ਚਾਹੇ,
ਨਾਂ ਕਿਸੇ ਰੋਮਨ ਨੂੰ ਹੁਣ ਕੋਈ,
ਐੇਵੇਂ ਹੀ ਨੁਕਸਾਨ ਪੁਚਾਵੇ:
ਬੱਸ ਇਹੋ ਗੱਲ ਸਭ ਨੂੰ ਆਖੋ।
ਕੈਸੀਅਸ-:ਤੇ ਪਬਲੀਅਸ! ਲਾਂਭੇ ਹੋ ਜਾ ਸਾਥੋਂ;
ਚੜ੍ਹ ਜੇ ਆਏ ਦੁਸ਼ਮਨ ਸਾਡੇ, ਵੱਡੀ ਉਮਰ ਦਾ ਤੇਰੀ
ਕਰ ਬੈਠਣ ਨਾ ਕੋਈ ਨਿਰਾਦਰ।
ਬਰੂਟਸ-:ਕਰ ਤੂੰ ਏਵੇਂ; ਨਾਲੇ ਜੋ ਵੀ ਹੋਇਐ, ਅਸਾਂ ਨੇ ਕੀਤੈ
ਸਾਡੀ ਸਾਰੀ ਜ਼ਿੰਮੇਵਾਰੀ, ਹੋਰ ਕਿਸੇ ਦੀ ਨਾਂਹੀਂ।
-ਟਰੈਬੋਨੀਅਸ ਦਾ ਮੁੜ ਪ੍ਰਵੇਸ-
ਕੈਸੀਅਸ:ਕਿੱਥੇ ਰਹਿ ਗਿਆ ਅੈਨਟਨੀ?
ਟਰੈਬੋਨੀਅਸ-:ਅਪਣੇ ਘਰ ਨੂੰ ਭੱਜ ਗਿਆ ਘਬਰਾਕੇ।
ਤੀਵੀਆਂ, ਬੰਦੇ, ਬੱਚੇ, ਬੁੱਢੇ ਟੱਡਣ ਅੱਖਾਂ ਰੋਈਂ ਜਾਵਣ
ਡਰ ਦੇ ਮਾਰੇ ਨੱਸੀਂ ਜਾਵਣ,
ਪਰਲੋਂ ਦਾ ਜਿਉਂ ਦਿਨ ਹੈ ਆਇਆ।
ਬਰੂਟਸ-:ਆਹ, ਓ 'ਹੋਣੀ'! ਭਾਣਾ ਤੇਰਾ
ਲੱਗੂ ਪਤਾ ਅਸਾਨੂੰ-
ਕੀ ਪੌਣੈ ਤੂੰ ਝੋਲ ਅਸਾਡੀ;
ਅਸੀਂ ਜਾਣੀਏ ਮੌਤ ਹੈ ਆਣੀ-
ਬੱਸ ਗੱਲ ਸਮੇਂ ਦੀ ਹੀ ਹੈ ਸੀ-
ਉਮਰਾਂ ਖਿੱਚ ਵਧਾਈਏ ਕਿੱਦਾਂ
ਚਿੰਤਾ-ਗ੍ਰਸਤ ਰਹੇ ਜੱਗ ਸਾਰਾ।
ਕੈਸੀਅਸ-:ਵੀਹ ਵਰ੍ਹੇ ਜੋ ਉਮਰ ਚ ਕਰੇ ਕਟੌਤੀ,
ਮੌਤ ਦਾ ਭੈ ਵੀ ਕੱਟ ਸੁੱਟਦਾ ਹੈ ਵੀਹ ਵਰ੍ਹਿਆਂ ਦਾ।
ਬਰੂਟਸ-:ਜੇ ਇਹ ਮੰਨੀਏ, ਮੌਤ ਦਾ ਫਿਰ ਲਾਭ ਬੜਾ ਹੈ:
ਸੀਜ਼ਰ ਦੇ ਅਸੀਂ ਮਿੱਤਰ ਨਿਕਲੇ,
ਕਜ਼ਾ ਦੇ ਭੈ ਤੋਂ ਮੁਕਤੀ ਬਖਸ਼ੀ,
ਕੱਟ ਅਧਵਾਟੇ ਉਹਨੂੰ ।
ਆਓ, ਰੋਮ ਵਾਸੀਓ! ਝੁਕੋ ਜ਼ਰਾ ਸੀਜ਼ਰ ਉੱਤੇ,
ਨੀਵੇਂ ਹੋਕੇ ਆਦਰ ਨਾਲ,
ਕਰੀਏ ਵਜ਼ੂ ਲਹੂ ਨਾਲ ਇਹਦੇ,
ਬਾਵ੍ਹਾਂ ਧੋਈਏ ਅਰਕਾਂ ਤੀਕਰ,
ਲਹੂ ਲਾਈਏ ਤਲਵਾਰਾਂ ਉੱਤੇ
ਟੁਰੀਏ ਫੇਰ ਬਜ਼ਾਰਾਂ ਵੱਲੇ,
ਸਿਰੋਂ ਉੱਚੀਆਂ ਖੂਨੀ ਤਲਵਾਰਾਂ
ਸਾਰੇ ਕੱਠੇ ਮਾਰੀਏ ਨਾਅਰੇ-
'ਇਨਕਲਾਬ! ਸ਼ਾਂਤੀ ਲਿਆਇਆ;
ਇਨਕਲਾਬ! ਆਜ਼ਾਦੀ ਲਿਆਇਆ;
ਇਨਕਲਾਬ! ਮੁਕਤੀ ਲਿਆਇਆ'।
ਕੈਸੀਅਸ-:ਆਓ ਫੇਰ ਧੋਈਏ ਅਰਕਾਂ,
ਨਾਲ ਨਮ੍ਰਤਾ ਨੀਂਵੇ ਹੋਕੇ।-
ਜਾਣੇ ਕਿੰਨੇ ਯੁੱਗਾਂ ਉਪ੍ਰੰਤ
ਦੁਨੀਆ ਦੇ ਇਸ ਰੰਗ-ਮੰਚ ਤੇ,
ਕਿਸੇ ਅਜੰਮੀ ਰਿਆਸਤ ਅੰਦਰ,
ਓਪਰੇ ਕਿਸੇ ਉਚਾਰਣ ਰਾਹੀਂ
ਜਦ ਫਿਰ ਗੌਰਵਮਈ, ਇਹ ਕਰਮ ਅਸਾਡਾ
ਦੁਹਰਾਇਆ ਜਾਊਗਾ ਦਰਸ਼ਕਾਂ ਅੱਗੇ।
ਬਰੂਟਸ-:ਫੇਰ ਪਤਾ ਨੀ ਖੇਡ ਖੇਡ ਵਿੱਚ
ਕਿੰਨੇ ਵਾਰੀਂ ਕਤਲ ਹੋਵੇਗਾ ਸੀਜ਼ਰ-
ਮਿੱਟੀ ਹੋ ਕੇ ਢੇਰ ਪਿਆ ਅੱਜ,
ਪੌਂਪੀ ਦੇ ਬੁੱਤ ਥੱਲੇ ।
ਕੈਸੀਅਸ-:ਜਿੰਨੇ ਵਾਰੀਂ ਹੋਊ ਅਜੇਹਾ
ਓਨੇ ਵਾਰੀਂ ਯਾਦ ਕਰਨਗੇ-
ਲੋਕੀ ਆਖਣ ਸਾਡੇ ਗੁੱਟ ਨੂੰ
ਮੁਕਤੀ-ਦਾਤਾ ਅਪਣੇ ਵਤਨ ਦੇ।
ਡੇਸੀਅਸ-:ਹੁਣ ਕਿੱਧਰ ਚੱਲੀਏ ਆਪਾਂ?
ਕੈਸੀਅਸ-:ਹਾਂ, ਚੱਲੀਏ ਹੁਣ ਸਾਰੇ:
ਬਰੂਟਸ ਸਾਡਾ ਨੇਤਾ ਹੋਇਆ;
ਪਿੱਛੇ ਲਗਣਾ ਮਾਣ ਹੈ ਸਾਡਾ
ਅਸੀਂ ਬਹਾਦੁਰ ਬਿਹਤਰੀਨ ਹਾਂ, ਦਿਲ ਰੋਮ ਦੇ।
ਬਰੂਟਸ-:ਚੁੱਪ ਰਹੋ; ਵੇਖੋ ਕੌਣ ਹੈ ਆਉਂਦਾ?
-ਇੱਕ ਗੁਲਾਮ ਦਾ ਪ੍ਰਵੇਸ਼-
ਮਿੱਤਰ ਕੋਈ ਐਨਟਨੀ ਦਾ-
ਗ਼ੁਲਾਮ-:ਹੁਕਮ ਕੀਤਾ ਮਾਲਿਕ ਨੇ ਮੈਂਨੂੰ,
ਪਵਾਂ ਮੈਂ ਚਰਨੀਂ ਆਕੇ:
ਮਾਰਕ ਐਨਟਨੀ ਆਦੇਸ਼ ਕੀਤਾ ਸੀ-
ਸਜਦੇ ਡਿੱਗਾਂ, ਕਰਾਂ ਡੰਡਵਤ, ਅਰਜ਼ ਗੁਜ਼ਾਰਾਂ:-
ਬਰੂਟਸ ਬੜਾ ਕੁਲੀਨ ਸਿਆਣਾ,
ਬੜਾ ਬਹਾਦੁਰ ਸੱਚਾ ਸੁੱਚਾ;
ਸੀਜ਼ਰ ਸੀ ਸ਼ਹਿਜ਼ੋਰ, ਸਾਹਸੀ,
ਸ਼ਾਹਾਨਾ ਅਤੇ ਸਨੇਹੀ,
ਕਹੀਂ ਬਰੂਟਸ ਨਾਲ ਪਿਆਰ ਮੈਂ ਕਰਨਾਂ,
ਇਜ਼ੱਤ ਕਰਨਾਂ ਉਹਦੀ;
ਕਹੀਂ: ਡਰਦਾ ਸੀ ਮੈਂ ਸੀਜ਼ਰ ਕੋਲੋਂ,
ਇਜ਼ੱਤ ਅਤੇ ਪਿਅਰ ਵੀ ਕਰਦਾ-
ਬਰੂਟਸ ਜੇਕਰ ਮਿਹਰ ਕਰੇ ਤਾਂ ਹੁਕਮ ਕਰੇ;
ਜਾਨ ਦੀ ਅਮਾਨ ਮਿਲੇ ਤਾਂ
ਐਨਟਨੀ ਆਕੇ ਅਰਜ਼ ਕਰੇ-
ਸੀਜ਼ਰ ਨੇ ਤਾਂ ਮਰਨਾ ਹੀ ਸੀ,
ਹੈ ਸੀ ਲਾਇਕ ਇਸੇ ਦੇ ਉਹ,
ਬਰੂਟਸ ਜ਼ਿੰਦਾ, ਸੀਜ਼ਰ ਮੋਇਆ,
ਮੋਇਆਂ ਦਾ ਹੁਣ ਮੋਹ ਕੀ ਕਰਨਾ;
ਰਾਹਬਰ ਮੇਰਾ ਬਰੂਟਸ ਹੋ ਸੀ,
ਮਹਾਨ, ਕੁਲੀਨ, ਬਹਾਦੁਰ ਬਰੂਟਸ
ਹਰ ਹਾਲਤ ਜਾਣੀ ਅਣਜਾਣੀ,
ਹਰ ਮੁਸ਼ਕਲ ਹਰ ਖਤਰੇ ਵਿੱਚੀਂ
ਨਿੱਤਰੂੰ ਉਹਦੇ ਨਾਲ,
ਸੱਚੇ ਦਿਲੋਂ ਨਿਭਾਊਂ ਯਾਰੀ
ਪੂਰੀ ਵਫਾ ਦੇ ਨਾਲ।
ਸੰਦੇਸਾ ਹੈ ਇਹ ਸੁਆਮੀ ਦਾ।
ਬਰੂਟਸ-:ਮਾਲਿਕ ਤੇਰਾ ਸਿਆਣਾ ਬੜਾ ਬਹਾਦੁਰ ਰੋਮਨ:
ਏਦੂੰ ਘੱਟ ਕਦੇ ਨੀ ਮੰਨਿਆ ਉਹਨੂੰ;
ਕਹਿ ਦੇ ਬਖੁਸ਼ੀ ਆ ਜੇ ਏਥੇ, ਕਰੂੰ ਤਸੱਲ਼ੀ ਉਹਦੀ;
ਸੌਂਹ ਮੇਰੇ ਸਨਮਾਨ ਦੀ ਮੈਨੂੰ, ਡਰ ਨਾ ਉਹਨੂੰ ਕੋਈ,
ਮੁੜਕੇ ਜਾਊ ਸਹੀ ਸਲਾਮਤ ਬਾਲ ਨੀ ਵਿੰਗਾ ਹੋਣਾ।
ਗ਼ੁਲਾਮ-:ਮੈਂ ਸੁਆਮੀ ਨੂੰ ਹੁਣੇ ਲਿਆਉਨਾਂ।
-ਗ਼ੁਲਾਮ ਜਾਂਦਾ ਹੈ-
ਬਰੂਟਸ-:ਮੈਨੂੰ ਪਤੈ ਭਲਾਈ ਏਸੇ ਵਿਚ ਸਾਡੀ,
ਉਹਨੂੰ ਅਪਣਾ ਮਿੱਤਰ ਬਣਾਈਏ।
ਕੈਸੀਅਸ-:
ਮੈਂ ਵੀ ਏਹੀ ਚਾਹਾਂ;
ਫਿਰ ਵੀ ਡਰ ਬੜਾ ਹੈ ਮਨ ਵਿੱਚ,
ਤੇ ਸ਼ੱਕ ਇਹ ਮੇਰਾ ਏਸ ਵਾਰ ਵੀ ਸੱਚ ਹੀ ਲਗਦੈ।
ਬਰੂਟਸ-:ਪਰ ਐਨਟਨੀ ਤਾਂ ਆਹ ਪਿਆ ਆਉਂਦੈ!
-ਐਨਟਨੀ ਦਾ ਮੁੜ ਪ੍ਰਵੇਸ਼-
ਜੀ ਆਇਆਂ ਨੂੰ ਮਾਰਕ ਐੇਨਟਨੀ!
ਐਨਟਨੀ-:ਆਹ, ਓ ਮਹਾਂਬਲੀ ਸੀਜ਼ਰ!
ਏਹੋ ਸੀ ਤੇਰਾ ਅੰਜਾਮ,
ਧੂਲ ਚੱਟਣੀ ਏਦਾਂ?
ਤੇਰੀਆਂ ਸ਼ਾਨਾਂ, ਫਤਿਹਆਬੀਆਂ,
ਮਾਲਿ-ਗ਼ਨੀਮਤ ਤੇ ਉਹ ਜਿੱਤਾਂ,
ਸੁੰਗੜ ਗਈਆਂ ਕਬਰ ਦੇ ਨਾਪ?-
ਅਲਵਿਦਾਅ ਓ, ਸੀਜ਼ਰ!-
ਮੈਂ ਨਾ ਜਾਣਾਂ ਭਲਿਓ!
ਕੀ ਏ ਤੁਹਾਡੀ ਮਨਸ਼ਾ,
ਕੀਹਦਾ ਲਹੂ ਹੋਰ ਡੋਲ੍ਹਣਾ,
ਕੌਣ ਏ ਏਨਾਂ ਘਿਰਣਤ?
ਜੇ ਹਾਂ ਮੈਂ ਨਿਸ਼ਾਨੇ ਉਤੇ,
ਜ਼ਰਾ ਕਰੋ ਨਾ ਦੇਰੀ-
ਅੰਤਮ ਘੜੀ ਸੀਜ਼ਰ ਦੀ ਨਾਲੋਂ
ਚੰਗਾ ਕਿਹੜਾ ਮਹੂਰਤ?
ਨਾਂ ਹਥਿਆਰ ਕੋਈ ਓਦੂੰ ਚੰਗੇ,
ਜੋ ਤਲਵਾਰਾਂ ਤੁਹਾਡੇ ਹੱਥੀਂ,
ਅਤੀ ਉੱਤਮ ਲਹੂ ਸੀਜ਼ਰ ਦਾ
ਪੀਕੇ ਪਿਆਸ ਬੁਝਾਈ ਇਹਨਾਂ,
ਜਗ ਸਾਰੇ ਵਿੱਚ ਕੋਈ ਨਾ ਸਾਨੀ
ਜੀਹਦੀ ਉਤੱਮਤਾ ਦਾ।
ਦੋ ਕਰ ਜੋੜ ਕਰਾਂ ਬੇਨਤੀ,
ਜੇਕਰ ਰੰਜ ਹੈ ਮੇਰੇ ਨਾਲ,
ਕਿੱਸਾ ਕਰੋ ਖਤਮ ਸਵਖਤੇ
ਸੂਹੇ ਹੱਥਾਂ ਨਾਲ-
ਤਾਜ਼ਾ ਲਹੂ ਨਾਲ ਭਿੱਜੇ ਹੋਏ
ਭਾਫਾਂ ਛੱਡਣ, ਲਾਲੋ ਲਾਲ,
ਕਰੋ ਮਨੋਰਥ ਪੂਰਾ।
ਚਾਹੇ ਜੀਵਾਂ ਹਜ਼ਾਰ ਵਰ੍ਹੇ ਮੈਂ,
ਏਦੂੰ ਚੰਗੀ ਮੌਤ ਨਹੀਂ ਆਉਣੀ:
ਏਦੂੰ ਚੰਗੇ ਸਾਧਨ ਮੌਤ ਦੇ,
ਏਸ ਥਾਂ ਤੋਂ ਥਾਂ ਚੰਗੇਰੀ
ਜਿੱਥੇ ਹੋਈ ਸੀਜ਼ਰ ਦੀ ਹੱਤਿਆ
ਓਥੇ ਕਤਲ ਕਰੋਂ ਜੇ ਮੈਂਨੂੰ,
ਉੱਚ ਕੋਟੀ ਦੀਆਂ ਰੂਹਾਂ ਵਾਲਿਓ,
ਯੁੱਗਪੁਰਸ਼ੋ ਇਸ ਕਾਲ ਦਿਓ।
ਬਰੂਟਸ-:ਓ, ਐਨਟਨੀ! ਮੌਤ ਲਈ ਫਰਿਯਾਦ ਨਾ ਕਰ।
ਹੁਣ ਤਾਂ ਭਾਵੇਂ ਖੂਨੀ ਕਹਿ ਲੈ
ਭਾਵੇਂ ਜ਼ਾਲਮ ਕਹਿ ਦੇ
ਵੇਖ ਕੇ ਅੱਜ ਦਾ ਕਾਰਾ,
ਕੀਤਾ ਅਸੀਂ ਜੋ ਏਨ੍ਹੀਂ ਹੱਥੀਂ;
ਤੂੰ ਤਾਂ ਸਾਡੇ ਹੱਥ ਵੇਖਦੈਂ, ਵੇਖੇਂ ਖੂਨੀ ਕਾਰਾ ,
ਵੇਖੇਂ ਨਾਂ ਤੂੰ ਦਿਲ ਅਸਾਡੇ,
ਤਰਸ ਦੇ ਪਾਤਰ ਭਰੇ ਪਏ ਨੇ;
ਏਨ੍ਹਾਂ ਹੱਥਾਂ ਤਰਸ ਕੀਤਾ ਸੀ ਓਸ ਰੋਮ ਤੇ
ਜਿੱਥੇ ਸਭ ਨਾਲ ਮਾੜੀ ਹੁੰਦੀ,
ਸਾਰਿਆਂ ਦਾ ਸੀ ਸ਼ੋਸ਼ਨ ਹੁੰਦਾ;-
ਅੱਗ ਜਿਵੇਂ ਅੱਗ ਨੂੰ ਸਾੜੇ,
ਤਰਸ ਤਰਸ ਨੂੰ ਮਾਰੇ:
ਇਹੋ ਕੁਝ ਸੀਜ਼ਰ ਨਾਲ ਹੋਇਆ,
ਵਰਤਿਆ ਏਹੋ ਭਾਣਾ।
ਤੇਰੇ ਲਈ ਪਰ ਮਾਰਕ ਐਨਟਨੀ!
ਖੁੰਢੀਆਂ ਇਹ ਤਲਵਾਰਾਂ
ਸਿੱਕੇ ਵਾਂਗੂੰ ਭਾਰੀ ਹੋਈਆਂ
ਬਾਹਵਾਂ ਚੁੱਕ ਨਾ ਸੱਕਣ
ਦੁਵੈਖ, ਦੋਖ ਤੇ ਕੀਨੇ ਵਾਲੀ
ਨਹੀਂ ਇਨ੍ਹਾਂ ਵਿੱਚ ਸ਼ਕਤੀ;
ਭਾਈਬੰਦੀ ਦਿਲਾਂ ਚ ਸਾਡੇ,
ਕਹੀਏ ਤੈਨੂੰ ਜੀ ਆਇਆਂ ਨੂੰ,
ਸਾਰੀ ਕਿਰਪਾ, ਮਿਹਰਬਾਨੀ,
ਪਿਆਰ ਅਤੇ ਸਤਿਕਾਰ ਦਿਲਾਂ ਦਾ
ਪੱਲੇ ਤੇਰੇ ਪਾਈਏ।
ਕੈਸੀਅਸ-:ਆਵਾਜ਼ ਤੇਰੀ ਨੂੰ ਬਲ ਮਿਲੂ ਬਰਾਬਰ,
ਤੇ ਸਤਿਕਾਰ ਵੀ ਪੂਰਾ ਮਿਲ ਸੀ-
ਨਵੇਂ ਮਰਾਤਬ ਵੰਡਣ ਵੇਲੇ।
ਬਰੂਟਸ-:ਓਦੋਂ ਤੱਕ ਬੱਸ ਸਬਰ ਕਰੇਂ ਤੂੰ
ਜਦ ਥੀਂ ਲੋਕ ਨੀ ਠੰਢੇ ਹੁੰਦੇ,
ਆਪੇ ਤੋਂ ਬਾਹਰ ਨੇ ਸਾਰੇ,
ਡਰ ਨਾਲ ਘਬਰਾਏ ਫਿਰਦੇ;
ਫੇਰ ਅਸੀਂ ਦੱਸਾਂਗੇ ਤੈਨੂੰ
ਕਿਉਂ ਅਸੀਂ ਇਹ ਕਾਰਾ ਕੀਤਾ-
ਮੈਂ ਕਰਦਾ ਸੀ ਪਿਆਰ ਸੀਜ਼ਰ ਨੂੰ,
ਫਿਰ ਵੀ ਕਿਓਂ ਵਾਰ ਮੈਂ ਕੀਤਾ-
ਕਿਉਂ ਮਾਰਿਆ ਉਹਨੂੰ?
ਐਨਟਨੀ-:ਤੁਹਾਡੀ ਸਿਆਣਪ ਤੇ ਸ਼ੱਕ ਨਹੀਂ ਮੈਨੂੰ,
ਪੇਸ਼ ਇਸੇ ਲਈ ਮੇਰਾ ਹੱਥ;
ਵਾਰੀ ਵਾਰੀ ਆਓ ਮਿਲਾਓ,
ਅਪਣੇ ਅਪਣੇ ਖੁਨੀ ਹੱਥ:
ਪਹਿਲਾਂ ਮਾਰਕਸ ਬਰੂਟਸ ਆਓ,
ਮੇਰੇ ਨਾਲ ਮਿਲਾਓ ਹੱਥ
ਫੇਰ ਕਾਇਸ ਕੈਸੀਅਸ ਦਾ ਮੈਂ,
ਲੈਨਾਂ ਅਪਣੇ ਹੱਥ ਚ ਹੱਥ,
ਡੇਸੀਅਸ ਬਰੂਟਸ ਹੁਣ ਤੁਹਾਡਾ,
ਹੁਣ ਮੈਟੀਲਸ ਤੇਰਾ,
ਹੁਣ ਆ ਜਾ ਤੂੰ ਸਿੰਨਾ ਪਿਆਰੇ
ਹੱਥ ਮਿਲਾਵਾਂ ਤੇਰਾ।
ਤੂੰ ਵੀ ਆ ਜਾ ਵੀਰ ਕਾਸਕਾ,
ਆ ਜਾਂ ਤੂੰ ਟਰੇਬੋਨੀਅਸ!
ਭਾਵੇਂ ਸਭ ਤੋਂ ਪਿੱਛੇ ਭਲਿਆ,
ਪਿਆਰ ਘੱਟ ਨੀ ਤੇਰੇ ਨਾਲ।
ਅਫਸੋਸ! ਸ਼ਬਦ ਨਹੀਂ ਮੇਰੇ ਕੋਲ,
ਕੀ ਆਖਾਂ ਮੈਂ ਤੁਹਾਨੂੰ?
ਸਾਰੇ ਭੱਦਰ ਪੁਰਸ਼ ਤੁਸੀਂ ਹੋ
ਕੀ ਐ ਮੇਰੇ ਪੱਲੇ ,
ਮੇਰੀ ਪਰਤੀਤ, ਮਨੌਤ ਮੇਰੀ ਤੇ ਮੇਰਾ ਸਨਮਾਨ-
ਤਿਲ੍ਹਕਣ ਉੱਤੇ ਫਿਸਲ ਰਹੇ ਨੇ
ਪੈਰ ਨਾ ਕਿੱਧਰੇ ਲੱਗੇ:
ਕਾਇਰ ਆਖੋ ਜਾਂ ਕਹੋ ਖੁਸ਼ਆਮਦੀ
ਕਹਿ ਲੋ ਜੋ ਕੁਝ ਕਹਿਣਾ,
ਇੱਕ ਇਲਜ਼ਾਮ ਤਾਂ ਦੋਵਾਂ ਵਿੱਚੋਂ
ਦੇਣਾਂ ਤੁਸੀਂ ਹੈ ਮੈਨੂੰ।-
ਓ ਸੀਜ਼ਰ! ਮੈਂ ਤੇਰਾ ਪਰੇਮੀ
ਇਸ ਵਿੱਚ ਝੂਠ ਨਾ ਰਾਈ
ਆਤਮਾ ਤੇਰੀ ਵੇਖ ਰਹੀ ਹੈ,
ਮੌਤੋਂ ਵੱਧ ਦੁੱਖ ਵੀ ਹੋਸੀ
ਲਾਸ਼ ਤੇਰੀ ਦੇ ਹਜ਼ੂਰ ਖਲੋਕੇ,
ਹੱਥ ਖੂਨੀ ਮੈਂ ਥੰਮ੍ਹੇ,
ਰਾਜ਼ੀਨਾਮਾ ਕਰੇ ਐਨਟਨੀ
ਤੇਰੇ ਕਾਤਲ਼ਾਂ ਨਾਲ, ਸ਼ਰਮ ਨਾ ਓਹਨੂੰ ਕਾਈ।
ਜੇ ਕਿਤੇ ਹੁੰਦੀਆਂ ਏਨੀਆਂ ਅੱਖਾਂ,
ਜ਼ਖਮ ਜਿੰਨੇ ਨੇ ਤੇਰੇ
ਪਰਲ ਪਰਲ ਪਏ ਵਗਦੇ ਅੱਥਰੂ
ਲਹੂ ਤੇਰਾ ਜਿਉਂ ਵਗਿਆ ਜ਼ਖਮੀਂ,
ਰੋਈਂ ਜਾਂਦਾਂ ਕਦੇ ਨਾਂ ਡੱਕਦਾ,
ਭਾਵੇਂ ਸੰਧੀ ਕੀਤੀ ਨਾਲ ਦੁਸ਼ਮਣਾਂ ਤੇਰੇ-
ਖਿਮਾਂ ਦਾ ਜਾਚਕ ਮੈਂ ਜੂਲੀਅਸ!-
ਘਿਰਿਆ ਬੁਰਾ ਤੂੰ ਬੰਦਿਆ,
ਲਾਲ ਸੂਹਿਆ ਹੀਰਿਆ ਹਰਨਾ!
ਐਥੇ ਧੂਲ ਚਟਾਈ ਤੈਨੂੰ;
ਤੇ ਆਹ ਖੜੇ ਨੇ ਉਹ ਸ਼ਿਕਾਰੀ
ਕਰ ਇਕਰਾਰ:
'ਬਰਾਬਰ ਵੰਡੀਏ ਕਤਲ ਤੇਰੇ ਦਾ ਲਾਹਾ';
ਭਾਹ ਮੌਤ ਦੀ ਮੁੱਖ ਤੇਰੇ ਦੀ
ਸੂਹੇ ਕੀਤੇ ਏਨ੍ਹਾਂ ਦੇ ਚਿਹਰੇ।-
ਓ ਦੁਨੀਆ, ਤੂੰ ਜੰਗਲ਼ ਹੈ ਸੀ
ਹੀਰੇ ਏਸ ਹਰਨ ਦਾ,
ਪਰ ਇਹ ਸੋਹਣਾ ਹੀਰਾ ਹੈ ਸੀ
ਹਿਰਦਾ ਇਸ ਜੰਗਲ ਦਾ-
ਸ਼ਾਹਜ਼ਾਦੇ ਕਈ ਕੱਠੇ ਹੋ ਕੇ
ਆਏ ਆਖੇਟ ਕਰਨ ਨੂੰ:
ਮਾਰਿਆ ਕਿਵੇਂ ਪਿਐਂ ਹੁਣ ਐਥੇ
ਹੀਰੇ ਹਰਨ ਦੇ ਵਾਂਗੂੰ!
ਕੈਸੀਅਸ-:ਮਾਰਕ ਐਨਟਨੀ!
ਐਨਟਨੀ-:ਖਿਮਾਂ ਕਰੋ, ਕਾਇਸ ਕੈਸੀਅਸ! ਕੱਲ੍ਹ ਕੱਲ੍ਹਾਂ ਨੂੰ,
ਸੀਜ਼ਰ ਦੇ ਦੁਸ਼ਮਣ ਵੀ ਆਖਣ-
ਏਸ ਪਰਮ ਮਿੱਤਰ ਨੇ ਵੇਖੋ,
ਕੇਹੀ 'ਸੀਤ' ਵਿਖਾਈ ਨੰਮ੍ਰਤਾ!
ਕੈਸੀਅਸ-:ਏਡੀ ਸੀਜ਼ਰ ਦੀ ਪ੍ਰਸੰਸਾ?
ਪਰ ਇਲਜ਼ਾਮ ਨਾਂ ਦੇਵਾਂ ਤੈਨੂੰ;
ਸਾਡੇ ਨਾਲ ਕੀ ਸੰਧੀ ਤੇਰੀ,
ਕੀ ਮਤਲਬ ਹੈ ਤੇਰਾ?
ਮਿੱਤਰ ਸੂਚੀ ਤੇ ਨਾਂਅ ਲਿਖਵਾਉਣੈ,
ਚਿੰਨ੍ਹ ਲਗਵਾਉਣੈ?
ਜਾਂ ਫਿਰ ਹੁਣੇ ਵਿੱਛੜੀਏ ਆਪਾਂ,
ਵਿਸ਼ਵਾਸ ਨਾ ਕਰੀਏ ਤੇਰੇ ਉੱਤੇ?
ਐਨਟਨੀ-:ਤਾਂਹੀ ਤਾਂ ਮੈਂ ਹੱਥ ਮਿਲਾਏ ਨਾਲ ਤੁਹਾਡੇ,
ਪਰ ਸੱਚੀਂ, ਕੁੱਝ ਪਲ ਖਾਤਰ,
ਵੇਖੀ ਜਦ ਸੀਜ਼ਰ ਦੀ ਲਾਸ਼
ਵਿੱਸਰ ਗਿਆ ਸੀ ਮੈਨੂੰ ਕੀ ਹੈ ਮੇਰਾ ਇਰਾਦਾ
ਹੁਣ ਦੋਸਤੋ! ਮੈਂ ਹਾਂ ਪੱਕਾ ਨਾਲ ਤੁਹਾਡੇ,
ਤੁਹਾਨੂੰ ਹੀ ਮੈਂ ਕਰਦਾਂ ਪਿਆਰ;
ਪਰ ਇੱਕ ਆਸ ਹੈ ਮੈਨੂੰ:
ਦੱਸੋਂ ਗੇ ਉਹ ਕਾਰਨ ਮੈਨੂੰ,
ਕਿੱਦਾਂ ਸੀਜ਼ਰ ਖਤਰਾ ਬਣਿਆ।
ਬਰੂਟਸ-:ਐਪਰ ਜੇ ਖਤਰਾ ਨਾਂ ਹੁੰਦਾ,
ਇਹ ਵਹਿਸ਼ੀ ਦ੍ਰਿਸ਼ ਨਾਂ ਹੁੰਦਾ:
ਸਾਡੇ ਕਾਰਨ ਏਨੇ ਪੱਕੇ ਏਨੇ ਸੁੱਚੇ,
ਜੇ ਤੂੰ ਸੱਕਾ ਪੁੱਤ ਵੀ ਹੁੰਦਾ
ਤਸੱਲ਼ੀ ਕਰਦੇ ਪੂਰੀ।
ਐਨਟਨੀ-:ਬੱਸ ਏਹੋ ਮੈਂ ਚਾਹਵਾਂ।
ਇਸ ਤੋਂ ਅੱਗੇ ਦਾਅਵਾ ਮੇਰਾ-
ਲਾਸ਼ ਦਿਉ ਇਹ ਮੈਨੂੰ;
ਵਿੱਚ ਬਜ਼ਾਰੇ ਰੱਖਾਂ ਜਾਕੇ,
ਚੜ੍ਹਾਂ ਮੰਚ ਤੇ ਮਿੱਤਰ ਵਾਂਗੂੰ,
ਅਰਪਿਤ ਕਰਾਂ ਸ਼ਰਧਾਂਜਲ਼ੀ ਆਪਣੀ।
ਬਰੂਟਸ-:ਠੀਕ, ਐਨਟਨੀ!
ਤੂੰ ਹੀ ਕਰ ਰਸਮ ਇਹ ਪੂਰੀ।
ਕੈਸੀਅਸ-:ਬਰੂਟਸ! ਸੁਣ ਜ਼ਰਾ ਤੂੰ ਮੇਰੀ।-
(ਪਾਸੇ ਹੋਕੇ ਬਰੂਟਸ ਨਾਲ ਗੱਲ ਕਰਦਾ ਹੈ)
ਤੈਨੂੰ ਪਤਾ ਨਹੀਂ ਤੂੰ ਕੀ ਕਰਦੈਂ,
'ਹਾਂ' ਨਾ ਕਰ ਕਿ ਦੇਵੇ ਐਨਟਨੀ
ਮਾਤਮੀ ਭਾਸ਼ਨ ਉਹਦਾ ।
ਪਤਾ ਹੈ ਤੈਨੂੰ ਕਿੰਨਾ ਭਾਵੁਕ ਹੋਸਕਦੇ ਨੇ
ਲੋਕ ਜਨਾਜ਼ੇ ਉਤੇ, ਜਦ ਇਹਨੇ ਕੁਝ ਕਹਿਣੈ?
ਬਰੂਟਸ-:ਖਿਮਾ ਕਰੋਂ ਜੇ ਮੈਨੂੰ, ਤਾਂ ਕਰਾਂ ਬੇਨਤੀ:ਪਹਿਲਾਂ ਮੈਂ ਮੰਚ ਤੇ ਜਾਊਂ,
ਤੇ ਲੋਕਾਂ ਨੂੰ ਦੱਸੂੰ ਕਾਰਣ ਸਾਰੇ,
ਕਿਉਂ ਸੀਜ਼ਰ ਨੂੰ ਸਾਡੇ ਹੱਥੋਂ
ਪੈਗਿਆ ਏਦਾਂ ਮਰਨਾ-
ਐਨਟਨੀ ਜੋ ਵੀ ਆਖੂ, ਮੈਂ ਦਿਊਂ ਜਵਾਬ;
ਅਸੀਂ ਕਹਾਂ ਗੇ ਉਹ ਬੋਲ ਰਿਹਾ ਹੈ
ਸਾਡੀ ਆਗਿਆ ਨਾਲ;
ਤੇ ਅਸੀਂ ਇਰਾਦਾ ਕੀਤੈ
ਕਿ ਸੀਜ਼ਰ ਦੀ ਅੰਤੇਸ਼ਠੀ ਹੋਵੇ
ਧਾਰਮਕ ਅਤੇ ਸਮਾਜਕ-
ਪੂਰੇ ਰਸਮ ਰਵਾਜਾਂ ਨਾਲ,
ਜੋ ਹੈ ਸੀ ਅਧਿਕਾਰ ਸੀਜ਼ਰ ਦਾ।
ਏਦਾਂ ਸਾਨੂੰ ਫਾਇਦਾ ਹੋਸੀ
ਨੁਕਸਾਨ ਨਾਲੋਂ ਕਿਤੇ ਵਧੇਰਾ।
ਕੈਸੀਅਸ-:ਮੈਂ ਕੀ ਜਾਣਾਂ, ਕੀ ਹੋ ਜਾ ਸੀ?
ਪਰ ਮੈਨੂੰ ਇਹ ਚੰਗਾ ਨਹੀਂ ਲਗਦਾ।
ਬਰੂਟਸ:-ਮਾਰਕ ਐਨਟਨੀ! ਆ ਜਾ, ਚੁੱਕ ਸੀਜ਼ਰ ਦੀ ਲਾਸ਼।
ਅਪਣੇ ਮਾਤਮੀ ਭਾਸ਼ਨ ਵਿੱਚ ਤੂੰ,
ਕਰਲੀਂ ਸੀਜ਼ਰ ਦੀ ਪ੍ਰਸੰਸਾ ਜਿੰਨੀ ਸੋਚ ਸਕੇਂ ਤੂੰ,
ਪਰ ਸਾਨੂੰ ਇਲਜ਼ਾਮ ਨਾ ਦੇਵੀਂ;
ਆਖੀਂ ਸਾਡੀ ਇਜਾਜ਼ਤ ਨਾਲ ਤੂੰ ਬੋਲੇਂ;
ਤੇ ਬੋਲੀਂ ਮੇਰੇ ਪਿੱਛੋਂ ਉਸੇ ਮੰਚ ਤੋਂ,
ਜਿੱਥੇ ਮੈਂ ਹੁਣ ਚੱਲਿਆਂ;
ਨਹੀਂ ਤਾਂ ਜਲੂਸ ਜਨਾਜ਼ੇ ਅੰਦਰ
ਅਸੀਂ ਨਹੀਂ ਕਰਨਾ ਤੈਨੂੰ ਸ਼ਾਮਿਲ।
ਐਨਟਨੀ:-ਏਦਾਂ ਹੀ ਹੋਵੇ ਗਾ;
ਇਸ ਤੋਂ ਵੱਧ ਮੈਂ ਕੁਝ ਨਹੀਂ ਚਾਹੁੰਦਾ।
ਬਰੂਟਸ:-ਕਰ ਫਿਰ ਲਾਸ਼ ਤਿਆਰ
ਤੇ ਲੱਗ ਜਾ ਸਾਡੇ ਪਿੱਛੇ।
-ਸਭ ਜਾਂਦੇ ਹਨ।
ਐਨਟਨੀ ਰਹਿ ਜਾਂਦਾ ਹੈ-
ਮਾਫ ਕਰੀਂ ਤੂੰ ਮੈਨੂੰ,
ਓ, ਲਹੂ-ਭਿੱਜੀ ਮਿੱਟੀ ਦੀ ਮੁੱਠੀ!
ਮਸਕੀਨ ਬਣ ਗਿਆਂ ਸਾਊਆਂ ਵਾੰਗੂ,
ਬੁੱਚੜਾਂ ਦੀ ਇਸ ਟੋਲੀ ਅੱਗੇ!
ਮਲਬਾ ਹੈਂ ਤੂੰ ਓਸ ਮਨੂੱਖ ਦਾ-
ਮਹਾਂ ਕੁਲੀਨ, ਮਹਾਂ ਮਨੁੱਖ ਜੋ
ਸਮੇਂ ਦੀ ਕਾਂਗੇ ਚੜ੍ਹ ਆਇਆ ਸੀ
ਨਾਂ ਕੋਈ ਪਹਿਲਾਂ ਸਾਨੀ ਉਹਦਾ,
ਨਾਂ ਕਦੇ ਪਿੱਛੋਂ ਹੋ ਸੀ।
ਤੇਰੇ ਰਿਸਦੇ ਜ਼ਖਮ ਇਹ ਸੀਜ਼ਰ!
ਜ਼ੁਬਾਂ ਮੇਰੀ ਉਕਸਾਵਣ ਲੱਗੇ:
ਲਾਲ ਬੁੱਲ੍ਹ ਜਿਉਂ ਗੁੰਗ ਮੂੰਹਾਂ ਦੇ
ਬੇਨਤੀਆਂ ਲਈ ਖੁਲ੍ਹ ਜਾਂਦੇ ਨੇ,
ਸੱਜਰੇ ਏਨਾਂ ਘਾਵਾਂ ਅੱਗੇ ਪੇਸ਼ਗੋਈ ਮੈਂ ਕਰਦਾਂ:-
ਸਰਾਪੇ ਜਾਣਗੇ ਅੰਗ ਉਨ੍ਹਾਂ ਦੇ
ਜਿਨ ਇਹ ਕਾਰਾ ਕੀਤਾ!
ਇਟਲੀ ਦੇ ਹਰ ਹਿੱਸੇ ਭੜਕੂ
ਖਾਨਾਜੰਗੀ, ਖੂੰਖਾਰ ਬਗ਼ਾਵਤ,
ਗ਼ਾਰਤਗਰੀ ਤੇ ਖੂਨ ਖਰਾਬਾ
ਕੰਮ ਰੋਜ਼ ਦਾ ਹੋਸੀ;
ਅੱਤ ਭਿਅੰਕਰ ਗੱਲਾਂ ਹੋਸਨ
ਆਮ ਚਲਣ ਜੀਵਨ ਦਾ;
ਜੰਗੀ ਹੱਥ ਕਰੂਰ ਜਦ ਕਰਸਨ
ਟੋਟੇ ਟੋਟੇ ਨੰਨ੍ਹੇ ਲਾਲ,
ਮਾਂਵਾਂ ਵੇਖ ਮੁਸਕਾਈਂ ਜਾਵਣ,
ਕੋਈ ਨਾ ਹੋ ਸੀ ਫਿਕਰ ਮਲਾਲ;
ਮੰਦੇ ਕਰਮਾਂ ਦੀ ਰੌਹ ਰੀਤ,
ਪੀ ਜੂ ਸਾਰਾ ਲਾਕੇ ਡੀਕ
ਤਰਸ ਮੁਹੱਬਤ ਵਾਲਾ ਸ਼ੀਰ।
ਰੂਹ ਭਟਦਕੀ ਸੀਜ਼ਰ ਤੇਰੀ,
ਨਰਕੀ ਕਿਸੇ ਲਾਟ ਦੇ ਵਾਂਗੂੰ,
ਬਦਲੇ ਵਾਲੀ ਅੱਗ ਚ ਬਲ਼ਦੀ,
ਬਣੂ ਭਿਅੰਕਰ 'ਏਟੀ'
ਦੋਜ਼ਖ ਦੀ ਦੇਵੀ ਰੱਤਪੀਣੀ-
ਝਪਟੂ ਨਿਕਰਮੀ ਇਟਲੀ ਉਤੇ;
ਏਨ੍ਹੀਂ ਸਰਹੱਦੀਂ ਮਾਰੂ ਨਾਅਰਾ:
'ਤਬਾਹੀ, ਹੋ!-ਵਿਨਾਸ਼-, ਸਰਵਨਾਸ਼, ਹੋ-!'
ਖੁੱਲ੍ਹੇ ਛੱਡੂ ਜੰਗੀ 'ਕੁੱਤੇ';
ਤਾਕਿ ਬਦਬੂ ਜੋ ਫੈਲੀ ਧਰਤੀ ਉੱਤੇ
ਮੰਦੇ ਏਸ ਕਰਮ ਦੀ-
ਕਬਰਾਂ ਲਈ ਰੋਂਦੀਆਂ ਲਾਸ਼ਾਂ ਦੀ
ਸੜ੍ਹਿਆਂਦ ਚ ਰਲ ਕੇ-ਇੱਕ ਮਿੱਕ ਹੋ ਜੇ।
-ਪ੍ਰਵੇਸ਼ ਇੱਕ ਗ਼ੁਲਾਮ ਦਾ-
ਔਕਟੇਵੀਅਸ ਸੀਜ਼ਰ ਦਾ ਗ਼ੁਲਾਮ ਏ ਤੂੰ, ਹੈਂ ਨਾਂ?
ਗ਼ੁਲਾਮ:-ਜੀ ਹਾਂ, ਮਾਰਕ ਐਨਟਨੀ!
ਐਨਟਨੀ:-ਸੀਜ਼ਰ ਨੇ ਲਿਖਿਆ ਸੀ ਉਹਨੂੰ
ਰੋਮ ਆਣ ਲਈ?
ਗ਼ੁਲਾਮ:-ਪੱਤਰ ਉਹਨੂੰ ਮਿਲ ਗਿਆ ਸੀ ਉਸ ਦਾ,
ਤੇ ਓਹ ਆ ਰਿਹੈ;
ਹੁਕਮ ਕੀਤਾ ਹੈ ਮੈਨੂੰ
ਤੁਹਾਨੂੰ ਦਿਆਂ ਜ਼ੁਬਾਨੀ ਸੁਨੇਹਾ;
-ਹੈਂ-? ਇਹ ਕੀ? ਹਾਏ, ਓ, ਸੀਜ਼ਰ!-
(ਗ਼ੁਲਾਮ ਲਾਸ਼ ਵੇਖਕੇ ਤ੍ਰਬਕਦਾ ਹੈ)
ਐਨਟਨੀ:-ਅਚਾਨਕ ਗ਼ਮ ਨਾਲ ਦਿਲ ਜੇ ਭਰਿਐ
ਲਾਂਭੇ ਹੋਕੇ ਰੋਲੈ;
ਮੈਨੂੰ ਲਗਦੈ ਸੋਗ ਅਤੇ ਆਵੇਸ਼
ਫੜਦੇ ਜੜ੍ਹ ਦਿਲਾਂ ਵਿੱਚ;
ਪਲਕਾਂ ਤੇਰੀਆਂ ਤੇ ਤਰਦੇ ਮੋਤੀ,
ਮੇਰੀਆਂ ਵਿੱਚ ਉਕਸਾਂਦੇ ਹੰਝੂ।
ਸੱਚੀਂ ਆ ਰਿਹੈ ਸੁਆਮੀ ਤੇਰਾ?
ਗ਼ੁਲਾਮ:-ਰੋਮ ਤੋਂ ਇੱਕੀਆਂ ਮੀਲਾਂ ਤੇ ਹੈ
ਪੜਾਅ ਕੀਤਾ ਉਸ ਅੱਜ ਦੀ ਰਾਤੇ।
ਐਨਟਨੀ:-ਦੌੜ ਲਗਾ ਤੂੰ ਪੁੱਠੇ ਪੈਰੀਂ,
ਪਿੱਠ ਨੂੰ ਲਾਲੈ ਅੱਡੀਆਂ
ਜਾਕੇ ਦੱਸ ਮਾਲਕ ਨੂੰ ਅਪਣੇ,
ਜੋ ਵੀ ਏਥੇ ਹੋਇਐ:
ਸੋਗ ਪਿਆ ਹੈ ਰੋਮ ਦੇ ਅੰਦਰ,
ਖਤਰਿਆਂ ਭਰਿਆ ਹੈ ਰੋਮ ਬੜਾ,
ਔਕਟੇਵੀਅਸ ਲਈ ਮਹਿਫੂਜ਼ ਨਹੀਂ ਹੈ,
ਹਾਲੇ ਏਥੇ ਆਉਣਾ;
ਤਿੱਤਰ ਹੋ ਜਾ ਦੱਸਦੇ ਜਾਕੇ ਉਹਨੂੰ।
--ਪਰ ਰੁਕ, ਠਹਿਰ ਜ਼ਰਾ;
ਓਨਾਂ ਚਿਰ ਨਾਂ ਮੁੜੀਂ ਓਥੇ ਨੂੰ,
ਜਿੰਨਾ ਚਿਰ ਮੈਂ ਲੈ ਨਹੀਂ ਜਾਂਦਾ
ਲਾਸ਼ ਨੂੰ ਵਿੱਚ ਬਜ਼ਾਰੇ:
ਓਥੇ ਮੇਰੀ ਕੋਸ਼ਿਸ਼ ਹੋ ਸੀ
ਮੇਰੇ ਭਾਸ਼ਨ ਰਾਹੀਂ
ਜੰਤਾ ਤਾਂਈ ਦੱਸਾਂ ਖੁਲ੍ਹ ਕੇ
ਹੁਣ ਕੀ ਚਾਹੀਏ ਕਰਨਾ,
ਕਿਵੇਂ ਚਾਹੀਦੈ ਲੋਕਾਂ ਨੂੰ ਹੁਣ,
ਨਾਲ ਬੁੱਚੜਾਂ ਸਿੱਝਣਾ।
ਫਿਰ ਜੋ ਵੇਖੇਂ ਜਾਕੇ ਦੱਸੀਂ
ਜਵਾਂਉਮਰ ਔਕਟੇਵੀਅਸ ਤਾਈਂ।
ਆ ਜ਼ਰਾ, ਹੱਥ ਲੁਆ ਮੇਰੇ ਨਾਲ-।
-ਸੀਜ਼ਰ ਦੀ ਲਾਸ਼ ਲੈਕੇ ਜਾਂਦੇ ਹਨ-
ਸੀਨ-੨- ਐਕਟ-੩
ਰੋਮ ਦਾ ਬਾਜ਼ਾਰ-ਦਰਬਾਰ।
-ਬਰੂਟਸ, ਕੈਸੀਅਸ ਅਤੇ ਲੋਕਾਂ ਦਾ ਹਜੂਮ-
ਲੋਕ:-ਸਾਡੀ ਹੁਣ ਕਰਵਾਓ ਤਸੱਲੀ!
ਦੱਸੋ ਸਾਰੀ ਗੱਲ।
ਬਰੂਟਸ:-ਤਾਂ ਫਿਰ ਆ ਜੋ ਮੇਰੇ ਪਿੱਛੇ,
ਸੁਣ ਲੋ ਪੂਰੀ ਗੱਲ।
ਦੂਜੀ ਸੜਕ ਤੇ ਜਾ ਤੂੰ ਕੈਸੀਅਸ!
ਗੱਲ ਕਰ ਅੱਧਿਆਂ ਨਾਲ,
ਜੋ ਸੁਨਣਾ ਚਾਹਣ ਮੇਰਾ ਭਾਸ਼ਨ,
ਰੁਕ ਜੋ ਏਥੇ ਮੇਰੇ ਨਾਲ;
ਜੋ ਕੈਸੀਅਸ ਦੇ ਜਾਣ ਗੇ ਪਿੱਛੇ,
ਗੱਲ ਸੁਨਣ ਗੇ ਉਹਦੀ
ਦੱਸਾਂਗੇ ਫਿਰ ਅਸੀਂ ਤੁਹਾਨੂੰ,
ਕਿਉਂ ਅਸੀਂ ਮਾਰਿਆ ਸੀਜ਼ਰ ਤਾਈਂ।
ਸ਼ਹਿਰੀ-੧:-ਮੈਂ ਤਾਂ ਬਰੂਟਸ ਦੀ ਗੱਲ ਸੁਣੂਂਗਾ।
ਸ਼ਹਿਰੀ-੨:-ਮੈਂ ਸੁਣਾਂਗਾ ਕੈਸੀਅਸ ਤਾਈਂ,
ਫਿਰ ਮਿਲਾਈਏ ਬਿਆਨ ਦੋਵਾਂ ਦੇ
ਜਾਨਣ ਲਈ ਸੱਚ ਪੁਰਾ॥
-ਕੈਸੀਅਸ ਕੁਝ ਬੰਦਿਆਂ ਨੂੰ ਲੈਕੇ ਜਾਂਦਾ ਹੈ-
-ਬਰੂਟਸ ਮੰਚ ਤੇ ਚੜ੍ਹ ਜਾਂਦਾ ਹੈ-
ਸ਼ਹਿਰੀ-੩:-ਰੌਲਾ ਕਰ ਦੋ ਬੰਦੋ;
ਭੱਦਰ ਬਰੂਟਸ ਮੰਚ ਤੇ ਚੜ੍ਹਇਐ
ਸੁਣੋ ਓਸ ਦਾ ਭਾਸ਼ਨ।
ਬਰੂਟਸ:-ਸ਼ਾਂਤ ਰਹਿਓ ਅਖੀਰ ਤੱਕ,
ਸੁਣਿਓ ਪੂਰੀ ਗੱਲ:
ਰੋਮਵਾਸੀਓ, ਦੇਸ਼ਵਾਸੀਓ,
ਦੇਸ਼ਪਰੇਮੀ ਵੀਰੋ!
ਸੱਚ ਆਖਾਂ ਮੈਂ ਯਕੀਨ ਜਾਣਿਓ,
ਸੌਂਹ ਇਜ਼ੱਤ ਦੀ ਖਾਵਾਂ,
ਇਜ਼ੱਤ ਮੇਰੀ ਦੀ ਲਾਜ ਰੱਖਿਓ,
ਭਰੋਸਾ ਕਰਿਓ ਮੇਰਾ,
ਸੂਝ ਬੂਝ ਤੋਂ ਕੰਮ ਲਿਓ,
ਮੁਨਸਿਫ ਬਣ ਕਰਿਓ ਇਨਸਾਫ
ਬਿਆਨ ਦੀ ਮੇਰੇ ਕਰ ਪੂਰੀ ਤਫਤੀਸ਼।
ਜੇ ਕੋਈ ਏਸ ਹਜੂਮ ਚ ਹੈਸੀ,
ਜੀਹਨੂੰ ਸੀਜ਼ਰ ਬੜਾ ਪਿਆਰਾ
ਬਰੂਟਸ ਨੂੰ ਵੀ, ਜਾਣ ਲਵੇ ਉਹ,
ਸੀਜ਼ਰ ਨਹੀਂ ਸੀ ਘੱਟ ਪਿਆਰਾ;
ਫਿਰ ਵੀ ਜੇ ਕਰ ਜਾਨਣਾ ਚਾਹੇ,
ਕਿਉਂ ਬਰੂਟਸ ਨੇ ਹੱਥ ਉਠਾਇਆ
ਇਹ ਹੈ ਮੇਰਾ ਜਵਾਬ:-ਏਸ ਲਈ ਨਹੀਂ
ਕਿ ਮੈਨੂੰ ਸੀਜ਼ਰ ਨਾਲ ਸੀ ਘੱਟ ਪਿਆਰ;
ਏਸ ਲਈ ਕਿ ਰੋਮ ਨਾਲ ਸੀ
ਕਿਤੇ ਵੱਧ ਪਿਆਰ-।
ਕੀ ਤੁਸੀਂ ਚਾਹੋਂ ਸੀਜ਼ਰ ਜੀਵੇ
ਭਾਵੇਂ ਤੁਸੀਂ ਗ਼ੁਲਾਮ ਮਰੋਂ
ਜਾਂ ਫਿਰ ਆਜ਼ਾਦੀ ਨੂੰ ਤਰਜੀਹੋਂ
ਸੀਜ਼ਰ ਦੀ ਜ਼ਿੰਦਗਾਨੀ ਨਾਲੋਂ?-
ਸੀਜ਼ਰ ਮੈਨੂੰ ਪਿਆਰ ਸੀ ਕਰਦਾ,
ਚਲਾ ਗਿਆ ਤਾਂ ਉਸ ਲਈ ਰੋਵਾਂ;
ਖੁਸ਼ਕਿਸਮਤ ਬੜਾ ਸੀ, ਖੁਸ਼ੀ ਸੀ ਮੈਨੂੰ,
ਵੀਰ ਬੜਾ ਸੀ, ਸਤਿਕਾਰ ਮੈਂ ਕਰਦਾਂ:
ਪਰ ਉੱਚੀ ਸੀ ਬੜੀ ਆਕਾਂਖਿਆ,
ਕਤਲ਼ ਏਸ ਲਈ ਕੀਤਾ ਮੈਂ।
ਪੇਸ਼ ਨੇ ਹੰਝੂ ਪਿਆਰ ਲਈ;
ਖੁਸ਼ੀ ਹੈ ਖੁਸ਼ਨਸੀਬੀ ਖਾਤਰ,
ਜੁੱਰਅਤ ਅਤੇ ਵੀਰਤਾ ਖਾਤਰ
ਪੇਸ਼ ਹੈ ਸਨਮਾਨ ਮਿਰਾ,
ਪਰ ਉਸ ਦੀ ਆਕਾੰਖਿਆ ਖਾਤਰ,
ਮੌਤੋਂ ਵੱਧ ਕੁਝ ਦੇ ਨਹੀਂ ਸਕਦਾ ।
ਹੈ ਕੋਈ ਏਥੇ ਏਨਾਂ ਹੀਣਾ,ਏਨਾਂ ਖੋਟਾ
ਰਹਿਣਾ ਚਾਹੁੰਦੈ ਬੰਧੂਆ ਬਣਕੇ?
ਜੇ ਹੈ ਕੋਈ ਅੈਸਾ ਆਵੇ ਅੱਗੇ
ਮੈਂ ਖੜਾ ਲਲਕਾਰਾਂ।
ਹੈ ਕੋਈ ਏਨਾ ਜ਼ਲੀਲ ਕਮੀਨਾ,
ਵਤਨ ਨੂੰ ਆਪਣੇ ਪਿਆਰ ਕਰੇ ਨਾ?
ਜੇ ਹੈ ਕੋਈ ਐੇਸਾ, ਬੋਲੇ; ਮੈਂ ਓਹਨੂੰ ਲਲਕਾਰਾਂ-
ਉੱਤਰ ਲਈ ਕੁਝ ਦੇਰ ਮੈਂ ਰੁਕਦਾਂ; ਫਿਰ ਬੋਲਾਂਗਾਂ।
ਭੀੜ-:ਨਹੀਂ ਬਰੂਟਸ! ਕੋਈ ਨਹੀਂ ਐਸਾ।
ਬਰੂਟਸ-:ਫਿਰ ਤਾਂ ਮੈਂ ਨਾਰਾਜ਼ ਨਹੀਂ ਕੀਤਾ ਕੋਈ।
ਮੈਂ ਸੀਜ਼ਰ ਨਾਲ ਕੁਝ ਨਹੀਂ ਕੀਤਾ,
ਜੋ ਨਾ ਕਰੋਂ ਤੁਸੀਂ ਮੇਰੇ ਨਾਲ:
ਸੰਸਦ ਵਿੱਚ ਹੈ ਪਿਆ ਰਜਿਸਟਰ,
ਜਿਸ ਵਿੱਚ ਸਭ ਕੁਝ ਲਿਖਿਐ
ਸ਼ਾਨ ਉਹਦੀ ਚ ਘੱਟ ਨਹੀਂ ਲਿਖਿਆ,
ਜਿੱਥੇ ਹੱਕ ਬਣਦਾ ਸੀ ਉਹਦਾ,
ਨਾਂ ਹੀ ਘਟਾਏ ਦੋਸ਼ ਓੁਸਦੇ,
ਜਿਨ ਕਰਕੇ ਉਹ ਮਰਿਐ ।
ਆਹ ਆਉਂਦੀ ਹੈ ਲਾਸ਼ ਓਸਦੀ,
ਮਾਰਕ ਐਨਟਨੀ ਸੋਗੀ ਬਣਿਐ।
-ਸੀਜ਼ਰ ਦੀ ਲਾਸ਼ ਲੈਕੇ ਐਨਟਨੀ
ਤੇ ਹੋਰ ਬੰਦੇ ਆਉਂਦੇ ਹਨ-
ਭਾਵੇਂ ਕੋਈ ਹੱਥ ਨਹੀਂ ਉਹਦਾ
ਏਸ ਕਤਲ਼ ਦੇ ਅੰਦਰ
ਫਿਰ ਵੀ ਪਰਜਾ ਤੰਤਰ ਦੇ ਵਿੱਚ
ਮਹਿਫੂਜ਼ ਹੈ ਪਦਵੀ ਉਹਦੀ,
ਉਹ ਪਦਵੀ ਜੋ ਕੌਣ ਨਹੀਂ ਚਾਹੁੰਦਾ
ਏਸ ਭੀੜ ਦੇ ਅੰਦਰ?
ਇਹ ਕਹਿਕੇ ਮੈਂ ਖਿਮਾ ਮੰਗੂਗਾ;-
ਜੇ ਕਦੇ ਦੇਸ਼ ਨੇ ਮੰਗੀ ਜਾਨ
ਉਹੀ ਖੰਜਰ ਘੁਸੇੜੂ ਛਾਤੀ,
ਸੋਹਣੇ ਰੋਮ ਦੀ ਖਾਤਰ
ਜੀਹਨੇ ਲੈ ਲਈ ਯਾਰ ਮੇਰੇ ਦੀ ਜਾਨ।
ਭੀੜ-:ਜੀਓ, ਬਰੂਟਸ! ਜ਼ਿੰਦਾਬਾਦ, ਜ਼ਿੰਦਾਬਾਦ!
ਸ਼ਹਿਰੀ-੧-:ਜੈ ਜੈਕਾਰ ਕਰੋ ਏਸ ਦੀ,
ਘਰ ਥਾਈਂ ਕੱਢੋ ਵਿਜੇ ਜਲੂਸ।
ਸ਼ਹਿਰੀ-੨-:ਬਣਾਓ ਮੂਰਤੀ ਇਹਦੀ,
ਇਹਦੇ ਪੁਰਖਿਆਂ ਕੋਲ।
ਸ਼ਹਿਰੀ-੩-:ਸੀਜ਼ਰ ਦੀ ਇਹਨੂੰ ਪਦਵੀ ਦੇਵੋ।
ਸ਼ਹਿਰੀ-੪-:ਸੀਜ਼ਰ ਨਾਲੋਂ ਕਿਤੇ ਚੰਗੇ ਗੁਣਾਂ ਦਾ ਮਾਲਕ,
ਇਹਨੂੰ ਉਹਦਾ ਮੁਕਟ ਪਹਿਨਾਓ।
ਸ਼ਹਿਰੀ-੧-:ਮੋਢਿਆਂ ਉਤੇ ਚੁੱਕ ਲੈ ਚੱਲੀਏ
ਘਰ ਉਹਦੇ ਨੂੰ, ਕਰਦੇ ਜੈ ਜੈਕਾਰ।
ਬਰੂਟਸ-:ਓ, ਮੇਰੇ ਹਮਵਤਨੋ!-
ਸ਼ਹਿਰੀ-੨-:ਸ਼ਾਂਤ ਹੋ! ਬਰੂਟਸ ਬੋਲੇ, ਸੁਣੋ ਓਸ ਨੂੰ।
ਸ਼ਹਿਰੀ-੧-:ਸ਼ਾਂਤ, ਹੋ!
ਬਰੂਟਸ-:ਭਲਿਓ ਮੇਰੇ ਦੇਸ਼ਵਾਸੀਓ!
ਕੱਲਾ ਈ ਮੈਨੂੰ ਜਾਣ ਦਿਓ
ਮੇਰੀ ਖਾਤਰ ਰੁਕ ਜੋ ਐਥੇ,
ਐਨਟਨੀ ਦੀ ਹੁਣ ਗੱਲ ਸੁਣੋ;
ਸੀਜ਼ਰ ਦੀ ਦੇਹ ਨੂੰ ਮਾਣ ਦਿਓ,
ਅਮਰ ਕਹਾਣੀ ਸੁਣੋ ਸੀਜ਼ਰ ਦੀ,
ਐਨਟਨੀ ਨੂੰ ਵੀ ਮਾਣ ਦਿਓ;
ਅਸੀਂ ਆਗਿਆ ਦਿੱਤੀ ਇਹਨੂੰ,
ਗੱਲ ਕਹਿਣ ਦੀ ਆਪਣੀ,
ਕੋਈ ਨਾਂ ਜਾਇਓ ਏਥੋਂ
ਜਿੰਨਾਂ ਚਿਰ ਉਹ ਬੋਲੇ,
ਮੈਂ ਕੱਲਾ ਈ ਜਾਊਂ ਏਥੋਂ
ਮੰਨੋ ਗੁਜ਼ਾਰਸ਼ ਮੇਰੀ।
ਸ਼ਹਿਰੀ-੧-:ਰੁਕ ਜੋ ਸਾਰੇ; ਆਓ ਸੁਣੀਏ
ਕੀ ਐਨਟਨੀ ਆਖੇ।
ਸ਼ਹਿਰੀ-੨-:ਚੜ੍ਹਾਓ ਓਹਨੂੰ ਫੇਰ ਮੰਚ ਤੇ,
ਅਸੀਂ ਸੁਣਾਂਗੇ ਉਹਦੀ ਗੱਲ;
ਕੁਲੀਨ ਐਨਟਨੀ! ਚੜ੍ਹੋ ਮੰਚ ਤੇ, ਆਜੋ ਅੱਗੇ।
ਐਨਟਨੀ-:ਬਰੂਟਸ ਦਾ ਸਦਕਾ! ਰਹਾਂ ਰਿਣੀ ਤੁਹਾਡਾ।
-ਮੰਚ ਤੇ ਚੜ੍ਹਦਾ ਹੈ-
ਸ਼ਹਿਰੀ-੪-:ਕੀ ਆਖੇ ਇਹ ਬਰੂਟਸ ਬਾਰੇ?
ਸ਼ਹਿਰੀ-੩-:ਉਹ ਕਹਿੰਦਾ ਬਰੂਟਸ ਦਾ ਸਦਕਾ,
ਰਿਣੀ ਹੈ ਸਾਡਾ ਸਾਰਿਆਂ ਦਾ।
ਸ਼ਹਿਰੀ-੪-:ਚੰਗਾ ਰਹੂ ਬਰੂਟਸ ਬਾਰੇ
ਗੱਲ ਕਰੇ ਨਾ ਕੋਈ ਮਾੜੀ।
ਸ਼ਹਿਰੀ-੧-:ਇਹ ਸੀਜ਼ਰ ਸੀ ਬੜਾ ਹੀ ਜ਼ਾਲਮ।
ਸ਼ਹਿਰੀ-੩-:ਨਾਂ, ਨਾਂ! ਇਹ ਤਾਂ ਗੱਲ ਹੈ ਪੱਕੀ,
ਮਿਹਰ ਹੋਈ ਹੈ ਸਾਡੇ ਉੱਤੇ,
ਰੋਮ ਦਾ ਉਸ ਤੋਂ ਖਹਿੜਾ ਛੁੱਟਿਆ।
ਸ਼ਹਿਰੀ-੨-:ਸ਼ਾਂਤ! ਆਓ ਸੁਣੀਏ ਕੀ ਕਹਿ ਸਕਦੈ ਐਨਟਨੀ।
ਐਨਟਨੀ:ਭਲਿਓ ਰੋਮਵਾਸੀਓ!-
ਸ਼ਹਿਰੀ-:ਸ਼ਾਂਤੀ, ਹੋ! ਸੁਣੋ ਓਸ ਨੂੰ।
ਐਨਟਨੀ-:ਦੋਸਤੋ, ਰੋਮਨੋ, ਦੇਸ਼ਵਾਸੀਓ! ਗੱਲ ਸੁਣੋ ਸਭ ਮੇਰੀ
ਆਇਆਂ ਮੈਂ ਸੀਜ਼ਰ ਦਫਨਾਣ,
ਗੁਣ ਗੌਣ ਨਹੀਂ ਆਇਆ ਉਹਦੇ।
ਮੰਦੇ ਕਰਮ ਜੋ ਬੰਦੇ ਕਰਦੇ,
ਉਹਨਾਂ ਮਗਰੋਂ ਜੀਂਦੇ ਰਹਿੰਦੇ
ਪਰ ਅਕਸਰ ਚੰਗਿਆਈ
ਦਫਨ ਹੋ ਜਾਵੇ ਹੱਡੀਆਂ ਨਾਲ,
ਹੋਣ ਦਿਓ ਬੱਸ ਏਹੀ ਸੀਜ਼ਰ ਨਾਲ।
ਭੱਦਰ ਬਰੂਟਸ ਦੱਸਿਆ ਤੁਹਾਨੂੰ,
ਸੀਜ਼ਰ ਸੀ ਆਕਾਂਖਿਆਵਾਨ:
ਜੇ ਏਦਾਂ ਈ ਹੁੰਦਾ,
ਖਤਰਨਾਕ ਹੋਣਾ ਸੀ ਦੋਸ਼;
ਬਰੂਟਸ ਅਤੇ ਸਾਥੀ ਉਹਦੇ
ਇਜ਼ੱਤਦਾਰ ਤੇ ਮਾਨਯੋਗ ਨੇ ਸਾਰੇ;
ਉਹਨਾਂ ਦੀ ਆਗਿਆ ਦੇ ਨਾਲ,
ਆਇਆਂ ਏਥੇ,
ਸੀਜ਼ਰ ਨੁੰ ਸ਼ਰਧਾਂਜਲੀ ਦੇਣ;
ਉਹ ਸੀ ਮਿੱਤਰ ਮੇਰਾ,
ਵਫਾਦਾਰ ਤੇ ਅਦਲੀ ਬੜਾ ਸੀ ਮੇਰੇ ਨਾਲ।
ਪਰ ਬਰੂਟਸ ਕਹਿੰਦੈ ਉਹ
ਆਕਾਂਖਿਆਵਾਨ ਸੀ-
ਤੇ ਬਰੂਟਸ ਇਜ਼ੱਤਦਾਰ ਹੈ ਵੱਡਾ!
ਕਿੰਨੇ ਬੰਦੀ ਬੰਨ੍ਹ ਲਿਆਂਦੇ ਸੀ ਸੀਜ਼ਰ ਨੇ ਰੋਮ,
ਕਿੰਨੇ ਭਰੇ ਖਜ਼ਾਨੇ ਉਹਨੇ ਸੋਨੇ ਚਾਂਦੀ ਨਾਲ,
ਧਨ ਦੌਲਤ ਜੋ ਮਿਲਿਆ ਰੋਮ ਨੂੰ,
ਉਨ੍ਹਾਂ ਫਰੌਤੀਆਂ ਬਦਲੇ;
ਕੀ ਇਹ ਸਭ ਕੁੱਝ ਲੱਗਿਆ ਸਾਨੂੰ,
ਆਕਾਂਖਿਆ ਸੀਜ਼ਰ ਦੀ?
ਰੋਇਆ ਕਦੇ ਗ਼ਰੀਬ ਜੇ ਕੋਈ,
ਹੰਝੂ ਸੀਜ਼ਰ ਦੇ ਵੱਗੇ:
ਆਕਾਂਖਿਅ ਤਾਂ ਬਣੀ ਹੋਣੀ ਸੀ
ਪੱਥਰ ਵਰਗੀ ਠੋਸ;
ਬਰੂਟਸ ਤਾਂ ਪਰ ਮਾਨਯੋਗ ਹੈ
ਵੱਡੀ ਇਜ਼ੱਤ ਵਾਲਾ!
ਤੁਸਾਂ ਸਾਰਿਆਂ ਵੇਖਿਆ ਹੋਸੀ
ਉਪਜ-ਦੇਵ ਦੇ ਅਵਸਰ ਉਤੇ
ਤਿੰਨ ਵਾਰ ਠੁਕਰਾਇਆ ਉਹਨੇ
ਸ਼ਾਹੀ ਤਾਜ ਜੋ ਪੇਸ਼ ਮੈਂ ਕੀਤਾ:
ਕੀ ਇਹੀ ਸੀ ਆਕਾਂਖਿਆ ਉਹਦੀ?
ਫਿਰ ਭੀ ਕਹੇ ਬਰੂਟਸ
ਸੀਜ਼ਰ ਸੀਗਾ ਬੜਾ ਆਕਾਂਖਿਆਵਾਨ!
ਤੇ ਇਸ ਵਿੱਚ ਸ਼ੱਕ ਨਹੀਂ ਹੈ ਕੋਈ,
ਬਰੂਟਸ ਤਾਂ ਹੈਸੀ ਮਾਨਯੋਗ ਤੇ ਇਜ਼ੱਤਵਾਨ!
ਮੈਂ ਬੋਲਦਾਂ ਏਸ ਮੰਚ ਤੋਂ
ਜੋ ਮੈਂ ਨਿੱਜੀ ਤੌਰ ਤੇ ਜਾਂਣਾਂ
ਝੂਠਾ ਕਰਨ ਬਰੂਟਸ ਤਾਈਂ
ਮੈਂ ਨਹੀਂ ਆਇਆ ਏਥੇ।
ਯਾਦ ਕਰੋ ਜਦ ਸਾਰੀ ਜੰਤਾ
ਪਿਅਰ ਸੀ ਕਰਦੀ ਉਹਨੂੰ,
ਕੋਈ ਤਾਂ ਕਾਰਨ ਅਵੱਸ਼ ਹੋਊਗਾ
ਕਿਉਂ ਕਰਦੇ ਸੀ ਏਦਾਂ,
ਪਰ ਹੁਣ ਉਹ ਕਾਰਨ ਕਿਹੜਾ,
ਰੋਕ ਰਿਹੈ ਜੋ ਅੱਜ ਤੁਹਾਨੂੰ,
ਰੋਣ ਧੋਣ ਤੇ ਸੋਗ ਮਨਾਉਣੋਂ
ਅਰਥੀ ਉਹਦੀ ਉੱਤੇ।
ਆਹ, ਓ ਸੂਝ ਬੂਝ ਤੇ ਤਰਕ ਸਿਆਣਪ!
ਖੋਗਈ ਕਿੱਥੇ ਸਾਡੀ
ਹਰਨਾਂ ਦੇ ਜਾਂ ਚੜ੍ਹ ਗਈ ਸਿੰਗੀਂ,
ਜਾਂ ਨਿਰਦਈ ਹੈਵਾਨਾਂ ਖਾਹਦੀ;
ਤੇ ਫਿਰ ਵਿਵੇਕ ਮਨੁੱਖਤਾ ਵਾਲਾ
ਖੋ ਗਿਆ ਜਾ ਕੇ ਕਿੱਥੇ?
ਸੀਜ਼ਰ ਦੇ ਤਾਬੂਤ ਚ ਹੋਇਆ
ਹਿਰਦਾ ਮੇਰਾ ਬੰਦ,
ਓਨਾਂ ਚਿਰ ਮੈਨੂੰ ਰੁਕਣਾ ਪੈਣੈ
ਜਦ ਤੱਕ ਮੁੜ ਨਾ ਆਵੇ।
ਸ਼ਹਿਰੀ-੧-:ਮੈਨੂੰ ਲਗਦੈ ਵਜ਼ਨ ਬੜਾ ਹੈ, ਜੋ ਇਹ ਕਹਿੰਦੈ।
ਸ਼ਹਿਰੀ-੨-:ਜੇ ਤੂੰ ਠੀਕ ਵਿਚਾਰੇਂ ਮਾਮਲਾ,
ਲਗਦੈ ਸੀਜ਼ਰ ਨਾਲ ਧੱਕਾ ਹੋਇਆ।
ਸ਼ਹਿਰੀ-੩-:ਹੈ ਨਹੀਂ ਧੱਕਾ ਹੋਇਆ ਮਾਲਕੋ?
ਡਰ ਲਗਦੈ ਕੋਈ ਓਦੂੰ ਭੈੜਾ
ਹੁਣ ਸੰਭਾਲੂ ਗੱਦੀ।
ਸ਼ਹਿਰੀ-੪-:ਸੁਣੀ ਗੱਲ ਤੁਸੀਂ ਓਸਦੀ?
ਤਾਜ ਠੁਕਰਾਇਆ ਉਹਨੇ ਤਿੰਨ ਵਾਰ!
ਫਿਰ ਤਾਂ ਗੱਲ ਹੈ ਪੱਕੀ-
ਕਿੱਧਰੋਂ ਸੀ ਫਿਰ ਆਕਾਂਖਿਆਵਾਨ?
ਸ਼ਹਿਰੀ-੧-:ਜੇ ਏਦਾਂ ਦੀ ਨਿਕਲੀ ਗੱਲ,
ਕਈਆਂ ਨੂੰ ਹੈ ਮਹਿੰਗੀ ਪੈਣੀ।
ਸ਼ਹਿਰੀ-੨-:ਬੇਚਾਰੇ ਨੇ ਰੋ ਰੋ ਕੀਤੀਆ ਅੱਖਾਂ ਲਾਲ!
ਸ਼ਹਿਰੀ-੩-:ਐਨਟਨੀ ਨਾਲੋਂ ਸਾਊ
ਕੋਈ ਨਹੀਂ ਪੂਰੇ ਰੋਮ ਦੇ ਅੰਦਰ।
ਸ਼ਹਿਰੀ-੪-:ਸੁਣੋ ਜ਼ਰਾ ਹੁਣ ਹੋਰ ਕੀ ਕਹਿੰਦੈ;
ਬੋਲਣ ਲੱਗਿਐ ਉਹ।
ਐਨਟਨੀ-:ਉਹ ਸੀਜ਼ਰ ਜੀਹਦਾ ਇੱਕ ਇਸ਼ਾਰਾ
ਡੱਕਦਾ ਸਾਰੀ ਦੁਨੀਆ ਕਲ੍ਹ,
ਅੱਜ ਪਿਆ ਹੈ ਭੋਂ ਤੇ ਮਰਿਆ;
ਕੋਈ ਨਿਮਾਣਾ ਇਸ ਤੋਂ ਬਾਹਲਾ,
ਕਿਤੇ ਨਾ ਦਿੱਸੇ ਮੈਨੂੰ,
ਜੋ ਇਸ ਨੂੰ ਪ੍ਰਨਾਮ ਕਰੇ।
ਜੇ ਮਾਲਕੋ! ਮੈਂ ਕਰਾਂ ਇਰਾਦਾ
ਤੁਹਾਨੂੰ ਜੋਸ਼ ਦਲਾਵਾਂ,
ਗੁੱਸਾ ਭਰਾਂ ਤੁਹਾਡੇ ਅੰਦਰ,
ਬਗ਼ਾਵਤ ਰੋਮ ਕਰਾਵਾਂ,
ਕੈਸੀਅਸ ਅਤੇ ਬਰੂਟਸ ਦਾ
ਫਿਰ ਹੋਵਾਂਗਾ ਮੈਂ ਦੋਸ਼ੀ-
ਕਿਉਂਕਿ ਉਹ ਤਾਂ ਇਜ਼ੱਤਦਾਰ ਨੇ,
ਮਾਨਯੋਗ, ਸਨਮਾਨਯੋਗ ਨੇ!
ਮੈਂ ਨਹੀਂ ਕਰਨਾ ਬੁਰਾ ਏਨ੍ਹਾਂ ਇਜ਼ੱਤਦਾਰਾਂ ਦਾ-
ਏਦੂੰ ਚੰਗੈ ਮੋਇਆਂ ਨਾਲ ਧਰੋਹ ਕਮਾ ਲਾਂ,
ਮਾੜਾ ਕਰ ਲਾਂ ਆਪਣੇ ਅਤੇ ਤੁਹਾਡੇ ਨਾਲ।
ਪਰ ਆਹ ਇੱਕ ਭੋਜਪੱਤਰ ਹੈ ਮੇਰੇ ਕੋਲ,
ਸੀਜ਼ਰ ਵਾਲੀ ਮੋਹਰ ਲੱਗੀ ਹੈ ਇਹਦੇ ਉੱਤੇ,
ਲੱਭੀ ਮੈਨੂੰ ਕਮਰੇ ਵਿੱਚ ਉਹਦੇ
ਇਹ ਵਸੀਅਤ ਸੀਜ਼ਰ ਦੀ:
ਅਵਾਮ ਦੇ ਕੇਵਲ ਕੰਨਾਂ ਖਾਤਰ
ਇਹ ਗਈ ਸੀ ਲਿੱਖੀ-
ਖਿਮਾ ਕਰੋ, ਪਰ ਨਹੀਂ ਇਰਾਦਾ
ਪੜ੍ਹਨ ਦਾ ਇਹਨੂੰ ਏਥੇ;-
ਸੀਜ਼ਰ ਦੇ ਲੋਕੀ ਜ਼ਖਮ ਚੁੰਮਣਗੇ,
ਲਹੂ ਪਵਿੱਤਰ ਲਾਣ ਰੁਮਾਲੀਂ,
ਦੋ ਕਰ ਜੋੜ ਵਾਲ਼ ਮੰਗਣ ਗੇ,
ਯਾਦਗਾਰ ਸੰਭਾਲਣ ਖਾਤਰ,
ਵਕਤ ਆਖਰੀ ਕਰਨ ਵਸੀਅਤ
ਔਲਾਦਾਂ ਦੇ ਨਾਂਅ,
'ਏਸ ਅਮੀਰ ਵਿਰਸੇ ਦੀ ਕਰਿਓ
ਪੁਸ਼ਤਾਂ ਤੀਕ ਨਿਗਰਾਨੀ'।
ਸ਼ਹਿਰੀ-੪-:ਸੁਣਨੀ ਅਸੀਂ ਹੈ ਇਹ ਵਸੀਅਤ,
ਪੜ੍ਹੋ ਏਸ ਨੂੰ ਮਾਰਕ ਐਨਟਨੀ!
ਭੀੜ-:ਵਸੀਅਤ, ਅਸੀਂ ਸੁਣਾਂਗੇ
ਇਹ ਵਸੀਅਤ ਸੀਜ਼ਰ ਦੀ।
ਐਨਟਨੀ-:ਸ਼ਾਂਤ ਹੋ ਜੋ, ਸਬਰ ਕਰੋ, ਮੇਰੇ ਸਾਊ ਮਿੱਤਰੋ!
ਇਹ ਮੈਨੂੰ ਨਹੀਂ ਪੜ੍ਹਨੀ ਚਾਹੀਦੀ:
ਮੁਨਾਸਬ ਨਹੀਂ ਮੈਂ ਦੱਸਾਂ ਤੁਹਾਨੂੰ,
ਸੀਜ਼ਰ ਕਿੰਨਾ ਪਿਆਰ ਸੀ ਕਰਦਾ
ਇਸ ਜੰਤਾ ਨੂੰ, ਜੋ ਅੱਜ ਏਥੇ ਕੱਠੀ ਹੋਈ;
ਨਾਂ ਤੁਸੀਂ ਪੱਥਰ ਨਾਂ ਹੀ ਲੱਕੜ,
ਹੱਡ ਮਾਸ ਦੇ ਬੰਦੇ ਸਾਰੇ,
ਸੁਣਕੇ ਬੋਲ ਵਸੀਅਤ ਵਾਲੇ,
ਕਰੋਧ ਜੁਆਲਾ ਭੜਕ ਉੱਠੁਗੀ,
ਲਾਲ ਸੂਹੀਆਂ ਅੱਖਾਂ ਹੋ ਜਾਵਣ,
ਰੋਹ ਦੀ ਬਿਜਲੀ ਕੜਕ ਉੱਠੁਗੀ।
ਬਦਲਾ ਲੈਣ ਲਈ ਪਾਗਲ ਹੋਕੇ
ਫਿਰੋਂਗੇ ਤਾਂਡਵ ਨੱਚਦੇ।
ਚੰਗਾ ਰਹੂ ਪਤਾ ਨਾ ਲੱਗੇ,
ਆਪ ਤੁਸੀਂ ਹੋਂ ਵਾਰਸ ਉਹਦੇ;
ਲੱਗ ਗਿਆ ਤੇ ਕੀ ਹੋਵੇਗਾ?
ਬੱਸ ਉਹ ਰੱਬ ਹੀ ਜਾਣੇ!
ਸ਼ਹਿਰੀ-੪-:ਪੜ੍ਹੋ, ਅਸੀਂ ਸੁਣਾਂਗੇ ਵਸੀਅਤ ਸੀਜ਼ਰ ਦੀ;
ਮਾਰਕ ਐਨਟਨੀ ਪੜ੍ਹੋ ਏਸ ਨੂੰ।
ਐਨਟਨੀ-:ਸਬਰ ਕਰੋਂਗੇ ਜ਼ਰਾ? ਜ਼ਰਾ ਰੁਕੋਂਗੇ?
ਗ਼ਲਤੀ ਹੋ ਗਈ ਮੈਥੋਂ,
ਕਾਹਲਾ ਜ਼ਰਾ ਪੈਗਿਆ ਮੈਂ;
ਡਰ ਹੈ ਮੈਨੂੰ ਧਰੋਹ ਕੀਤੈ ਮੈਂ
'ਇਜ਼ੱਤਦਾਰ' ਲੋਕਾਂ ਦੇ ਨਾਲ
ਖੰਜਰ ਜਿਨ੍ਹਾਂ ਦੇ ਉਤਰੇ ਗਏ ਸੀ
ਸੀਜ਼ਰ ਦੀ ਛਾਤੀ ਦੇ ਪਾਰ;
ਡਰ ਮੈਨੂੰ ਬੜਾ ਹੈ ਲਗਦਾ, ਕੰਬੇ ਜੁੱਸਾ ਮੇਰਾ।
ਸ਼ਹਿਰੀ-੪-:ਕਿਹੋ ਜਹੇ ਉਹ 'ਇਜ਼ੱਤਦਾਰ'?
ਉਹ ਤਾਂ ਬੱਸ ਸੀਗੇ ਗੱਦਾਰ!
ਭੀੜ-:ਵਸੀਅਤ ਕਿੱਥੇ?
ਵਸੀਅਤ ਕੱਢੋ, ਪੜ੍ਹੋ ਓਸ ਨੂੰ।
ਸ਼ਹਿਰੀ-੨-:ਖੂਨੀ ਤੇ ਖਲਨਾਇਕ ਸਨ ਉਹ;
ਵਸੀਅਤ ਕੱਢ ਤੂੰ, ਪੜ੍ਹ ਵਸੀਅਤ।
ਐਨਟਨੀ-:ਮਜਬੂਰ ਜੇ ਕੀਤੈ ਪੜ੍ਹਨ ਤੇ ਮੈਨੂੰ;
ਘੇਰ ਲਵੋ ਸੀਜ਼ਰ ਦੀ ਲਾਸ਼,
ਕਰਾਵਾਂ ਦਰਸ ਤੁਹਾਨੂੰ ਉਹਦੇ,
ਜਿਸ ਲਿਖਿਆ ਇਹ ਪਰਚਾ-
ਉੱਤਰਾਂ ਮੰਚੋਂ ਥੱਲੇ? ਹੈ ਇਜਾਜ਼ਤ ਤੁਹਾਡੀ?
ਭੀੜ-:ਆ ਜਾ ਥੱਲੇ, ਉੱਤਰ ਆ ਤੂੰ।
ਸ਼ਹਿਰੀ-੨-:ਉੱਤਰ ਹੇਠਾਂ।
ਸ਼ਹਿਰੀ-੩-:ਆਗਿਆ ਜ਼ਰੂਰ ਮਿਲੂਗੀ ਤੈਨੂੰ।
ਸ਼ਹਿਰੀ-੪-:ਗੋਲ ਬਣਾਓ ਘੇਰਾ, ਆ ਜੋ ਲਾਗੇ।
ਸ਼ਹਿਰੀ-੧-:ਤਾਬੂਤ ਤੋ ਜ਼ਰਾ ਹਟਕੇ,
ਲਾਸ਼ ਤੋਂ ਜ਼ਰਾ ਹਟਕੇ।
ਸ਼ਹਿਰੀ-੨-:ਐਨਟਨੀ ਨੂੰ ਜ਼ਰਾ ਦੇਵੋ ਥਾਂ
ਉਤੱਮ ਕੁਲ, ਅਤੀ ਭੱਦਰ ਜਿਹੜਾ।
ਨਾਂ, ਨਾਂ, ਐਨੀ ਭੜਿ ਕਰੋ ਨਾਂ ਦੁਆਲੇ ਮੇਰੇ,
ਹਟਕੇ ਜ਼ਰਾ ਖਲੋਵੋ।
ਭੀੜ-:ਰੁਕ ਜੋ ਪਿੱਛੇ, ਪਿੱਛੇ ਹਟ ਜੋ,ਦੇਵੋ ਥਾਂ।
ਅੱਖੀਆਂ ਵਿੱਚ ਜੇ ਹੈਸੀ ਪਾਣੀ,
ਹੰਝੂਆਂ ਦੀ ਹੁਣ ਕਰੋ ਤਿਆਰੀ;
ਆਹ ਪਹਿਰਨ ਤੁਸੀਂ ਸਾਰੇ ਪਛਾਣੋਂ,
ਪਰ ਮੈਨੂੰ ਯਾਦ ਉਹ ਸਮਾਂ ਵੀ
ਤੰਬੂ ਚ ਅਪਣੇ ਪਹਿਨਿਆ ਸੀਜ਼ਰ ਨੇ
ਜਦ ਇਹ ਪਹਿਲੀ ਵਾਰੀਂ,
ਗਰਮੀ ਦੀ ਇੱਕ ਸ਼ਾਮ ਸੀ,
ਉਸ ਦਿਨ 'ਨਰਵੀ' ਸੀ ਉਸ ਜਿੱਤੀ:
ਆਹ ਉਹੀ ਹੈ ਥਾਂ ਜਿੱਥੇ
ਕੈਸੀਅਸ ਮਾਰਿਆ ਖੰਜਰ;
ਤੇ ਐਥੇ ਵੇਖੋ ਪਾੜ ਪਾਇਆ ਏ ਕਿੱਡਾ
ਕਾਸਕਾ ਜਹੇ ਹਾਸਦ ਨੇ;
ਇਹ ਕਾਰੀ ਜ਼ਖਮ ਬਰੂਟਸ ਦਿੱਤਾ,
ਜੋ ਸੀ ਬੁਹਤ ਪਿਆਰਾ ਮਿੱਤਰ,
ਮਾਰ ਕੇ ਖੰਜਰ ਜਦ ਬਾਹਰ ਖਿੱਚਿਆ,
ਰੱਤ ਸੀਜ਼ਰ ਦੀ ਦੌੜੀ ਬਾਹਰ
ਵਿਸ਼ਵਾਸ ਨਾ ਹੋਇਆ,
ਦੌੜੀ ਸ਼ੱਕ ਨਿਵਾਰਨ,
ਸੱਚੀਂ ਸੱਟ ਬਰੂਟਸ ਮਾਰੀ?
ਦੁਨੀਆਂ ਜਾਣੇ ਬਰੂਟਸ ਹੈਸੀ
ਫਰਿਸ਼ਤਾ ਇਸ ਸੀਜ਼ਰ ਦਾ!
ਆਹ, ਓ ਦਿਉਤਿਓ! ਤੁਸੀਂ ਜਾਣਦੇ,
ਇਨਸਾਫ ਤੁਸੀਂ ਹੀ ਕਰਨਾ
ਕਿੰਨਾ ਨੇੜਲਾ ਬਰੂਟਸ ਹੈਸੀ,
ਕਿੰਨਾ ਪਿਆਰਾ ਸੀ ਸੀਜ਼ਰ ਨੂੰ,
ਤੁਹਾਤੋਂ ਬਿਹਤਰ ਕੌਣ ਜਾਣਦਾ,
ਤੁਸੀਂ ਹੋ ਅੰਤ੍ਰਯਾਮੀ।
ਅੱਤ ਬੇਰਹਿਮ,ਬੇਕਿਰਕ ਵਾਰ ਸੀ
ਜੋ ਬਰੂਟਸ ਨੇ ਕੀਤਾ,
ਤੱਕਿਆ ਜਦ ਮਹਾਨ ਸੀਜ਼ਰ ਨੇ
ਉਲਰਿਆ ਬਾਜ਼ੂ ਉਹਦਾ
ਅਕਿਰਤਘਣਤਾ ਦਾ ਵੱਜਾ ਧੱਕਾ,
ਗੱਦਾਰ ਬਾਹਵਾਂ ਤੋਂ ਤਕੜਾ
ਹਾਰ ਗਿਆ ਉਹ ਡਿੱਗਾ ਭੋਂ ਤੇ,
ਮੁੜਕੇ ਉੱਠ ਨ੍ਹੀ ਸਕਿਆ:
ਅੱਤ ਸ਼ਕਤੀਵਰ ਹਿਰਦਾ ਉਹਦਾ,
ਫੁੱਟਿਆ ਮਾਰ ਭੜਾਕਾ,
ਸ਼ਰਮ ਦੇ ਮਾਰੇ ਮੂੰਹ ਢਕਿਆ ਸੀ
ਚੋਗ਼ੇ ਦੇ ਲੜ ਥੱਲੇ,
ਪੌਂਪੀ ਦੇ ਬੁੱਤ ਲਾਗੇ ਡਿੱਗਾ,
ਰੱਤ ਜੀਹਦੇ ਚੋਂ ਵੱਗੇ-
ਸੀਜ਼ਰ ਬੜਾ ਮਹਾਨ ਓਹ ਲੋਕੋ!
ਅਕਿਰਤਘਣਤਾ ਦੀ ਬਲੀ ਚੜ੍ਹ ਗਿਆ।
ਆਹ, ਓ ਹਮਵਤਨੋ! ਅਚਰਜ ਕਿੱਡੀ
ਜਿੱਤ ਸੀ ਏਹੇ, ਕਿੱਡੀ ਅਚਰਜ ਹਾਰ!
ਮੈਂ ਤੇ ਤੁਸੀਂ ਸਭ ਚਿੱਤ ਹੋਗਏ
ਉਸ ਪਲ ਸੀਜ਼ਰ ਨਾਲ!
ਤੇ ਰਹੀ ਪਣਪਦੀ ਬਗ਼ਾਵਤ ਖੂਨੀ
ਸਾਡੀਆ ਲਾਸ਼ਾਂ ਉੱਤੇ।
ਆਹ, ਓ ਲੋਕੋ! ਤਰਸ ਦੇ ਹੰਝੂ
ਛਲਕ ਪਏ ਨੇ ਤੁਹਾਡੇ ਅੱਖੀਂ?
ਇਹ ਮਿਹਰਾਂ ਦੇ ਮੋਤੀ ਸੋਹਣੇ,
ਪਲਕਾਂ ਉੱਤੇ ਤਰਦੇ-
ਮਿਹਰਾਂ ਵਾਲਿਓ! ਕਿਉਂ ਰੋਂਦੇ ਹੋ ਭੁੱਬੀਂ ਭੁੱਬੀਂ?
ਹਾਲੀਂ ਤਾਂ ਤੁਸੀਂ ਬੱਸ ਵੇਖਿਐ
ਸੀਜ਼ਰ ਦਾ ਪੈਹਰਾਵਾ ਜ਼ਖਮੀ:
ਆਹ ਵੇਖੋ ਹੁਣ, ਆਹ ਪਿਆ ਹੈ ਸ਼ਰੀਰ
ਕੱਟਿਆ, ਵੱਢਿਆ ਗੱਦਾਰਾਂ ਦੇ ਹੱਥੀਂ ।
ਸ਼ਹਿਰੀ-੧-:ਆਹ! ਕਿੰਨਾ ਤਰਸਯੋਗ ਹੈ ਸਭ ਕੁੱਝ ਏਥੇ-
ਸ਼ਹਿਰੀ-੨-:ਆਹ, ਓ ਕੁਲੀਨ ਸੀਜ਼ਰ!
ਸ਼ਹਿਰੀ-੩-:ਆਹ, ਓ! ਕਿੰਨਾ ਗ਼ਮਗੀਨ,
ਕਿੰਨਾ ਰੰਜੀਦਾ ਪਲ ਹੈ ਏਹੇ!-
ਸ਼ਹਿਰੀ-੪-:ਓ ਗ਼ੱਦਾਰੋ! ਓ ਬਦਮਾਸ਼ੋ!-
ਸ਼ਹਿਰੀ-੧-:ਹਾਏ, ਕਿੰਨਾ ਖੂਨੀ ਇਹ ਨਜ਼ਾਰਾ!
ਸ਼ਹਿਰੀ-੨-:ਬਦਲਾ ਲਵਾਂਗੇ: ਬਦਲਾ,-ਮੁੜੋ ਪਿੱਛੇ,-ਲੱਭੋ,-
ਲਾਵੋ ਅੱਗਾਂ,-ਮਾਰੋ-ਕਰੋ ਕਤਲਿ ਆਮ
ਛੱਡੋ ਨਾਂ ਇੱਕ ਵੀ ਗ਼ੱਦਾਰ!
ਐਨਟਨੀ-:ਰੁਕੋ, ਹਮਵਤਨੋ! ਠਹਿਰੋ ਜ਼ਰਾ!
ਸ਼ਹਿਰੀ-੧-:ਸ਼ਾਂਤ ਹੋਜੋ, ਸੁਣੋ ਜ਼ਰਾ, ਭੱਦਰ ਐਨਟਨੀ ਬੋਲੇ!
ਸ਼ਹਿਰੀ-੨-:ਅਸੀਂ ਸੁਣਾਂਗੇ ਉਹਦੀ, ਉਹ ਸਾਡੀ ਅਗਵਾਈ ਕਰੇ;
ਜਾਨ ਵਾਰਾਂਗੇ ਉਹਦੀ ਖਾਤਰ।
ਐਨਟਨੀ-:ਚੰਗੇ ਮਿੱਤਰੋ, ਮਿੱਠੇ ਯਾਰੋ!
ਅਚਾਨਕ ਏਸ ਬਗ਼ਾਵਤ ਖਾਤਰ
ਨਾਂ ਭੜਕਾਵਾਂ ਤੁਹਾਨੂੰ;
ਜੀਹਨਾਂ ਬੰਦਿਆਂ ਕਾਰਾ ਕੀਤਾ
ਬੜੇ ਹੀ ਇਜ਼ੱਤਦਾਰ ਨੇ ਉਹ;-
ਕਿਹੜਾ ਨਿੱਜੀ ਰੰਜ ਉਨ੍ਹਾਂ ਨੂੰ
ਨਾਲ ਸੀ ਏਹਦੇ-ਮੈਂ ਨਾਂ ਜਾਣਾਂ,
ਜਿਸ ਤੋਂ ਉਹ ਮਜਬੂਰ ਹੋਏ
ਤੇ ਕਰ ਦਿੱਤਾ ਇਹ ਕਾਲਾ ਕਾਰਾ,
ਫਿਰ ਵੀ 'ਇਜ਼ੱਤਦਾਰ' ਬੜੇ ਨੇ!
ਇਸੇ ਲਈ ਤਾਂ ਸ਼ੱਕ ਨਹੀਂ ਮੈਨੂੰ,
ਦੇਵਣ ਗੇ ਜਵਾਬ ਉਹ ਤੁਹਾਨੂੰ,
ਦੱਸਣ ਗੇ ਸਭ ਕਾਰਨ।
ਮੈਂ ਏਥੇ ਨ੍ਹੀ ਆਇਆ ਯਾਰੋ!
ਤੁਹਾਡੇ ਦਿਲ ਪਸੀਜਣ,
ਮੈਂ ਨਹੀਂ ਬਰੂਟਸ ਵਰਗਾ ਵਕਤਾ;
ਪਰੰਤੂ ਤੁਸੀਂ ਜਾਣਦੇ ਮੈਨੂੰ
ਸਿੱਧਾ, ਸੱਚਾ, ਖਰ੍ਹਵਾ ਬੰਦਾ
ਮਿੱਤਰਾਂ ਨੂੰ ਜੋ ਕਰੇ ਪਿਆਰ;
ਉਹ ਵੀ ਸਭ ਕੁੱਝ ਜਾਨਣ ਏਹੇ ਭਲੀ ਭਾਂਤ ਹੀ,
ਜੀਹਨਾਂ ਮੈਨੂੰ ਆਗਿਆ ਦਿੱਤੀ
ਤੁਹਾਨੂੰ ਸੰਬੋਧਨ ਦੀ।
ਨਾਂ ਹੀ ਅਕਲ ਨਾਂ ਕਾਬਲੀਅਤ ਹੈ,
ਨਾਂ ਸ਼ਬਦ ਨੇ ਮੇਰੇ ਕੋਲ
ਕਰਮ ਨਹੀਂ ਹੈ,ਕਥਨ ਨਹੀਂ ਹੈ,
ਨਾਂ ਇਜ਼ਹਾਰ ਦੀ ਸ਼ਕਤੀ
ਲਹੂ ਲੋਕਾਂ ਦਾ ਗਰਮਾ ਸੱਕਾ ਮੈਂ ਜੀਹਦੇ ਨਾਲ:
ਮੇਰੇ ਕੋਲ ਤਾਂ ਸਿੱਧੀ ਸਪਸ਼ਟ ਜ਼ੁਬਾਂ ਹੈ ਸੱਚੀ;
ਦੱਸਾਂ ਉਹੀ ਜੋ ਤੁਸੀਂ ਆਪ ਜਾਣਦੇ;
ਪਿਆਰੇ ਸੀਜ਼ਰ ਦੇ ਜ਼ਖਮ ਵਿਖਾਵਾਂ-
ਖੁੱਲ੍ਹੇ, ਗੁੰਗੇ ਮੂੰਹ ਬਿਚਾਰੇ
ਕਰਾਂ ਬੇਨਤੀ ਉਹਨਾਂ ਤਾਈਂ,
ਮੇਰੀ ਥਾਂ ਉਹ ਬੋਲਣ,
ਦੱਸਣ ਵਿੱਥਿਆ ਸਾਰੀ:
ਪਰ ਜੇ ਮੈਂ ਹੁੰਦਾ ਬਰੂਟਸ
ਤੇ ਬਰੂਟਸ ਐਨਟਨੀ ਹੁੰਦਾ;
ਐਨਟਨੀ ਫਿਰ ਅਜੇਹਾ ਹੁੰਦਾ
ਤੂਫਾਨ ਉਠਆਉਂਦਾ ਤੁਹਾਡੇ ਅੰਦਰ,
ਜ਼ੁਬਾਂ ਬਖਸ਼ਦਾ ਸੀਜ਼ਰ ਦੇ ਜ਼ਖਮਾਂ ਨੂੰ;
ਪੱਥਰਾਂ ਤਾਈਂ ਰੁਲਾ ਦੇਂਦੇ ਉਹ,
ਬਗ਼ਾਵਤ ਰੋਮ ਮਚਾ ਦੇਂਦੇ ਉਹ।
ਭੀੜ-:ਬਗ਼ਾਵਤ ਅਸੀਂ ਕਰਾਂਗੇ।
ਸ਼ਹਿਰੀ-੧-:ਬਰੂਟਸ ਦਾ ਅਸੀਂ ਘਰ ਸਾੜਾਂ ਗੇ।
ਸ਼ਹਿਰੀ-੩-:ਚਲੋ ਫੇਰ! ਆਓ ਸਾਜ਼ਸ਼ੀਆਂ ਨੂੰ ਕਰੀਏ ਕਾਬੂ।
ਐਨਟਨੀ-:ਗੱਲ ਤਾਂ ਮੇਰੀ ਮੁੱਕ ਲੈਣ ਦਿਓ,
ਹਾਲੀਂ ਤਾਂ ਮੈਂ ਬੋਲ ਰਿਹਾ ਹਾਂ।
ਭੀੜ-:ਸ਼ਾਂਤੀ ਹੋ! ਸ਼ਾਂਤੀ, ਸੁਣੋ ਐਨਟਨੀ ਕਹਿੰਦਾ ਕੀ ਏ;
ਅਤੀ ਭੱਦਰ ਐਨਟਨੀ ਬੋਲ ਰਿਹਾ ਹੈ-
ਐਨਟਨੀ-:ਨਹੀਂ ਮਿੱਤਰੋ! ਪਤਾ ਨਹੀਂ ਤੁਹਾਨੂੰ
ਕੀ ਕਰਨ ਤੁਸੀਂ ਹੋ ਚੱਲੇ:
ਅਫਸੋਸ ਹੈ ਮੈਨੂੰ ਤੁਹਾਨੂੰ ਪਤਾ ਨਹੀਂ ਹਾਲੀਂ,
ਜੰਤਾ ਦੇ ਇਸ ਮੋਹ ਪਿਆਰ ਦਾ,
ਕਿਵੇਂ ਕਮਾਇਆ ਹੱਕ ਸੀਜ਼ਰ ਨੇ;
ਆਓ ਫਿਰ ਮੈਂ ਦੱਸਾਂ ਤੁਹਾਨੂੰ-
ਵਿੱਸਰ ਗਈ ਜੋ ਗੱਲ ਤੁਹਾਨੂੰ,
ਜ਼ਿਕਰ ਕੀਤਾ ਮੈਂ ਇੱਕ ਵਸੀਅਤ ਬਾਰੇ।
ਭੀੜ-:ਸੱਚੀ ਗੱਲ ਹੈ;-ਵਸੀਅਤ:-
ਰੁਕ ਜੋ ਐਥੇ, ਤੇ ਸੁਣੋ ਵਸੀਅਤ।
ਐਨਟਨੀ-:ਇਹ ਹੈ ਉਹ ਵਸੀਅਤ ਹੱਥ ਚ ਮੇਰੇ;
ਸੀਜ਼ਰ ਦੀ ਮੋਹਰ ਵੀ ਲੱਗੀ ਇਹਦੇ ਉੱਤੇ;
ਸੀਜ਼ਰ ਦਿੰਦੈ ਹਰ ਰੋਮਨ ਨੂੰ,
ਰੋਮ ਦੇ ਵੱਖਰੇ ਵੱਖਰੇ ਹਰ ਵਾਸੀ ਨੂੰ
ਪੰਝੱਤਰ ਪੰਝੱਤਰ ਸਿੱਕੇ ਪੂਰੇ-।
ਸ਼ਹਿਰੀ-੨-:ਸੀਜ਼ਰ ਮਹਾਨ! ਜ਼ਿੰਦਾਬਾਦ-
ਖੂਨ ਦਾ ਬਦਲਾ ਅਸੀਂ ਲਵਾਂਗੇ-
ਅਸੀਂ ਲਵਾਂਗੇ-।
ਸ਼ਹਿਰੀ-੩-:ਹਾਏ ਓ,ਸ਼ਾਹ ਸੀਜ਼ਰ!-
ਐਨਟਨੀ-:ਟਾਈਬਰ ਦੇ ਇਸ ਕੰਢੇ ਵਾਲੇ
ਨਵੇਂ ਲਗਾਏ ਬਾਗ਼ ਜੋ ਉਹਨੇ,
ਨਾਲੇ ਨਿੱਜੀ ਲਤਾ-ਕੁੰਜ ਤੇ
ਸਾਰੀਆਂ ਅਪਣੀਆਂ ਸੈਰਗਾਹਾਂ ਵੀ,
ਦਿੱਤੀਆਂ ਉਹਨੇ ਤੁਹਾਨੂੰ;
ਕਰ ਦਿੱਤੀਆਂ ਮੌਰੂਸੀ ਤੁਹਾਡੇ ਨਾਂਅ;
ਨਿੱਕੀਆ ਨਿੱਕੀਆਂ ਇਹ
ਸਭ ਖੁਸ਼ੀਆਂ ਬਖਸ਼ੀਆਂ ਓਸ ਤੁਹਾਨੂੰ,
ਖੁੱਲ਼੍ਹੀ ਹਵਾ ਚ ਮਨੋਰੰਜਨ ਹੋਵੇ, ਤਾਜ਼ਾ ਦਮ ਰਹਿ ਸੱਕੋਂ;
ਆਹ ਸੀ ਸੀਜ਼ਰ, ਤੁਹਾਡਾ ਸੀਜ਼ਰ!
ਹੈ ਕੋਈ ਉਹਦੇ ਵਰਗਾ ਹੋਰ?
ਸ਼ਹਿਰੀ-੧-:ਕਦੇ ਨਹੀਂ ਤੇ ਕਿਤੇ ਨਹੀਂ ਹੋ ਸਕਦਾ ਹੋਰ।
ਆਓ ਚੱਲੀਏ ਕੱਠੇ ਹੋਕੇ!
ਸ਼ਮਸ਼ਾਨ ਸਾੜੀਏ ਸ਼ਰੀਰ ਓਸਦਾ,
ਚੋਰੜਿਆਂ ਨਾਂ ਮਹਿਲ ਸਾੜੀਏ
ਸਾਜ਼ਸ਼ੀਆਂ ਗੱਦਾਰਾਂ ਦੇ।
ਚੱਕੋ ਅਰਥੀ, ਰਵਾਨਾ ਹੋਈਏ ਆਪਾਂ।
ਸ਼ਹਿਰੀ-੨-:ਜਾਓ ਕੋਈ ਅੱਗ ਲਿਆਓ।
ਸ਼ਹਿਰੀ-੩-:ਆਸਣ ਭੰਨੋ, ਬੈਂਚ ਤੋੜਦੋ।
ਸ਼ਹਿਰੀ-੪-:ਬੂਹੇ ਬਾਰੀਆਂ ਅਤੇ ਚੌਗਾਠਾਂ,
ਭੰਨ ਲਿਆਓ ਜੋ ਸਾਹਵੇਂ ਆਵੇ।
-ਭੀੜ ਅਰਥੀ ਲੈਕੇ ਤੁਰ ਜਾਂਦੀ ਹੈ-
ਐਨਟਨੀ-:ਹੋਣ ਦਿਓ ਹੁਣ ਜਿਹੜੀ ਹੁੰਦੀ:
ਓ ਸ਼ਰਾਰਤ!ਹੁਣ ਤੂੰ ਪਈ ਏਂ ਰਾਹ!
ਫੜ ਜੋ ਤੂੰ ਹੁਣ ਰਸਤਾ ਫੜਨਾ।
-ਇੱਕ ਗ਼ਲਾਮ ਦਾ ਪ੍ਰਵੇਸ਼-
ਹੁਣ ਕੀ ਖਬਰ ਲਿਆਇਆ ਤੂੰ?
ਗ਼ੁਲਾਮ-:ਔਕਟੇਵੀਅਸ ਤਾਂ, ਮਾਲਿਕ!
ਰੋਮ ਪੁਜ ਗਿਐ ਪਹਿਲੋਂ ਹੀ।
ਐਨਟਨੀ-:ਕਿੱਥੇ ਹੈ ਉਹ।
ਗ਼ੁਲਾਮ-:ਉਹ ਤੇ ਲੈਪੀਡਸ ਬੈਠੇ ਨੇ ਸੀਜ਼ਰ ਦੇ ਘਰ।
ਐਨਟਨੀ-:ਸਿੱਧਾ ਚੱਲਿਆਂ ਓਥੇ ਮੈਂ ਮਿਲਨ ਨੂੰ ਉਹਨੂੰ:
ਮੈਂ ਚਾਹਿਆ ਉਹ ਆ ਗਿਆ,
ਨਸੀਬ ਸਾਡੇ ਤੇ ਖੁਸ਼ ਨੇ,
ਏਦਾਂ ਰਹੇ ਤਾਂ ਮਿਲਨ ਮੁਰਾਦਾਂ,
ਕੁਝ ਵੀ ਮਿਲ ਸਕਦੈ-।
ਗ਼ੁਲਾਮ-:ਮੈਂ ਸੁਣਿਆ ਉਹ ਕਹਿੰਦਾ,
ਬਰੂਟਸ ਅਤੇ ਕੈਸੀਅਸ ਕੋਲੋਂ
ਛੁਟਕਾਰਾ ਰੋਮ ਨੇ ਪਾਇਆ;
ਵਾਂਗ ਪਾਗਲਾਂ ਭੱਜ ਗਏ ਓਹ
ਕੋਟ ਫਸੀਲੋਂ ਬਾਹਰ।
ਐਨਟਨੀ-:ਹੋ ਸਕਦੈ ਉਹ ਜਾਣ ਗਏ ਸੀ
ਇੱਛਾ ਲੋਕਾਂ ਦੀ;
ਪਤਾ ਲੱਗ ਗਿਆ ਹੋਸੀ
ਕਿਵੇਂ ਮੈਂ ਭੀੜ ਉਕਸਾਈ।
ਚੱਲ ਮਿਲਾ ਔਕਟੇਵੀਅਸ ਮੈਨੂੰ।
-ਦੋਵੇਂ ਜਾਂਦੇ ਹਨ-
ਸੀਨ-੩- ਐਕਟ-੩
ਰੋਮ ਸ਼ਹਿਰ ਦੀ ਇੱਕ ਗਲੀ-
-ਪ੍ਰਵੇਸ਼ ਕਵੀ ਸਿੰਨਾ ਦਾ-:
ਸਿੰਨਾ-:ਰਾਤੀਂ ਮੈਨੂੰ ਸੁਪਨਾ ਆਇਆ
ਮੈਂ ਭੋਜ ਸੀਜ਼ਰ ਨਾਲ ਕੀਤਾ,
ਬਦਬਖਤੀ, ਬਦਸ਼ਗਨੀ ਵਾਲੇ
ਕਈ ਸੁਪਨਦ੍ਰਿਸ਼ ਮੈਂ ਵੇਖੇ;
ਜੀ ਨਹੀਂ ਕਰਦਾ ਬਾਹਰ ਫਿਰਨ ਨੂੰ,
ਫਿਰ ਵੀ ਕੁੱਝ ਹੈ ਖਿੱਚੀਂ ਜਾਂਦਾ।
-ਪ੍ਰਵੇਸ਼ ਭੀੜ ਦਾ-
ਸ਼ਹਿਰੀ-੧-:ਕੀ ਨਾਮ ਐ ਬਈ ਤੇਰਾ?
ਸ਼ਹਿਰੀ-੨-:ਕਿੱਧਰ ਚੱਲਿਐਂ?
ਸ਼ਹਿਰੀ-੩-:ਕਿੱਥੇ ਘਰ ਨੇ?
ਸ਼ਹਿਰੀ-੪-:ਵਿਆਹਿਆ ਏਂ ਕਿ ਛੜਾ ਏਂ ਤੂੰ?
ਸ਼ਹਿਰੀ-੨-:ਹਰ ਬੰਦੇ ਨੂੰ ਉੱਤਰ ਦੇ ਤੂੰ ਸਿੱਧਾ।
ਸ਼ਹਿਰੀ-੧-:ਹਾਂ, ਬਿਲਕੁਲ ਸੰਖੇਪ।
ਸ਼ਹਿਰੀ-੪-:ਹਾਂ, ਤੇ ਸਿਆਣਪ ਨਾਲ।
ਸ਼ਹਿਰੀ-੩-:ਹਾਂ, ਤੇ ਸੱਚ ਬੋਲੇਂਗਾ ਤਾਂ ਰਹੇਂਗਾ ਚੰਗਾ।
ਸਿੰਨਾ-:ਕੀ ਏ ਮੇਰਾ ਨਾਂ? ਕਿੱਧਰ ਮੈਂ ਚੱਲਿਆਂ?
ਗ੍ਰਿਹਸਥੀ ਹਾਂ ਕਿ ਛੜਾ?
ਹਰ ਬੰਦੇ ਨੂੰ ਸਿੱਧਾ, ਸੰਖੇਪ
ਤੇ ਸਿਆਣਪ ਵਾਲਾ
ਸੱਚਾ ਸੱਚਾ ਦਿਆਂ ਜਵਾਬ,-
ਸਿਆਣਪ ਨਾਲ ਮੈਂ ਦੱਸਾਂ
ਮੈਂ ਤਾਂ ਛੜਾ ਹਾਂ ਸਰਕਾਰ!
ਸ਼ਹਿਰੀ-੨-:ਇਸ ਦਾ ਤਾਂ ਮਤਲਬ ਏਨਾ-
ਜੋ ਸ਼ਾਦੀ ਕਰਦੈ ਉਹ ਮੂਰਖ ਹੁੰਦੇ:
ਇੱਕ ਲਵੇਂਗਾ ਮੈਥੋਂ! ਮੈਨੂੰ ਤਾਂ ਇਹ ਡਰ ਹੈ!
ਗੱਲ ਕਰ ਅੱਗੇ ਸਿੱਧੀ।
ਸਿੰਨਾ-:ਸਿੱਧੀ ਗੱਲ ਹੈ ਇਹ,
ਮੈਂ ਸੀਜ਼ਰ ਦੀ 'ਮੰਜ਼ਲ' ਜਾਣੈ।
ਸ਼ਹਿਰੀ-੧-:ਦੁਸ਼ਮਣ ਵਾਂਗ ਜਾਂ ਦੋਸਤ ਵਾਂਗ?
ਦੋਸਤ ਵਾਂਗ।
ਸ਼ਹਿਰੀ-੨-:ਸਿੱਧਾ ਮਿਲਿਆ ਉੱਤਰ ਗੱਲ ਦਾ।
ਅਪਣੇ ਘਰ ਬਾਰੇ ਬੋਲ-ਬਿਲਕੁਲ ਸੰਖੇਪ।
ਸੰਖੇਪ 'ਚ ਦੱਸਾਂ-
ਮੈਂ ਬਰਹਿਸਪਤੀ ਮੰਦਰ ਲਾਗੇ ਰਹਿਨਾਂ।
ਸ਼ਹਿਰੀ-੪-:ਸੱਚੀ ਦੱਸ, ਕੀ ਏ ਤੇਰਾ ਨਾਮ?
ਸਿੰਨਾ-:ਸੱਚੀਂ, ਮੇਰਾ ਨਾਮ ਏ ਸਿੰਨਾ।
ਸ਼ਹਿਰੀ-੩-:ਵੱਢੋ ਏਹਨੂੰ, ਕਰੋ ਦੋਫਾੜ:
ਇਹ ਹੈ ਸਾਜ਼ਸ਼ੀਆਂ ਦਾ ਯਾਰ।
ਸਿੰਨਾ-:ਮੈਂ ਤਾਂ ਕਵੀ ਸਿੰਨਾ ਹਾਂ-ਸਿੰਨਾ ਕਵੀ।
ਸ਼ਹਿਰੀ-੧-:ਵੱਢੋ ਏਹਨੂੰ, ਕਰੋ ਦੋਫਾੜ:
ਇਹ ਹੈ ਸਾਜ਼ਸ਼ੀਆਂ ਦਾ ਯਾਰ।
ਸਿੰਨਾ-:ਮੈਂ ਤਾਂ ਕਵੀ ਸਿੰਨਾ ਹਾਂ-ਸਿੰਨਾ ਕਵੀ।
ਸ਼ਹਿਰੀ-੪-:ਫਾੜ ਦਿਉ ਏਹਨੂੰ,
ਮਾੜੀਆਂ ਰਚਨਾਵਾਂ ਖਾਤਰ
ਰਚੇ ਮਾੜੀਆਂ ਕਵਿਤਾਵਾਂ
ਚੀਰ ਕੇ ਰੱਖ ਦੋ ਇਹਨੂੰ।
ਸਿੰਨਾ-:ਮੈਂ ਨਹੀਂ ਹਾਂ ਸਾਜ਼ਸ਼ੀ ਸਿੰਨਾ।
ਸ਼ਹਿਰੀ-੪-:ਕੋਈ ਗੱਲ ਨਹੀਂ;
ਨਾਮ ਤਾਂ ਹੈ ਨਾ ਸਿੰਨਾ;
ਦਿਲ ਇਹਦੇ 'ਚੋਂ ਖਿੱਚ ਕੇ ਕੱਢੋ ਇਹਦਾ ਨਾਮ,
ਤੇ ਫਿਰ ਮਾਰੋ ਧੱਕੇ, ਇਹਨੂੰ ਦਫਾ ਕਰੋ।
ਸ਼ਹਿਰੀ-੩-:ਚੀਰੋ ਇਹਨੂੰ, ਮਾਰੋ ਦਿਉ-!
ਲਿਆਓ ਚੋਰੜੇ, ਹੋ!
ਅੱਗ ਦੇ ਚੋਰੜੇਬਰੂਟਸ,
ਕੈਸੀਅਸ ਦੇ ਘਰ ਸਾੜੋ;
ਲਾਓ ਹਰ ਥਾਂ ਅੱਗਾਂ,
ਕੁਝ ਜਾਓ ਡੇਸੀਅਸ ਵੰਨੀਂ,
ਤੇ ਕੁਝ ਕਾਸਕਾ ਵੱਲੇ,
ਬਾਕੀ ਜਾਓ ਲਿਗੇਰੀਅਸ ਦੇ ਘਰ,
ਜਾ ਮਚਾਓ ਭਾਂਬੜ।
-ਭੀੜ ਨਿੱਕਲ ਤੁਰਦੀ ਹੈ-
ਐਕਟ-੪ ਜੂਲੀਅਸ ਸੀਜ਼ਰ
ਸੀਨ-੧- ਐਕਟ-੪
ਰੋਮ। ਐਨਟਨੀ ਦੇ ਘਰ
ਇੱਕ ਕਮਰਾ-ਟੇਬਲ ਦੁਆਲੇ ਐਨਟਨੀ,
ਔਕਟੇਵੀਅਸ ਅਤੇ ਲੈਪੀਡਸ ਬੈਠੇ ਹਨ।
ਐਨਟਨੀ-:ਐਨੇ ਤਾਂ ਹੁਣ ਮਾਰੇ ਜਾਣੇ;
ਨਾਂਵਾਂ ਅੱਗੇ ਲਾ ਤੇ ਕਾਟੇ।
ਔਕਟੇਵੀਅਸ-:
ਭਰਾ ਤੇਰਾ ਵੀ ਮਾਰਨਾ ਪੈਣੈ;
ਹੈ ਮਨਜ਼ੂਰੀ ਲੈਪੀਡਸ?
ਲੈਪੀਡਸ-:ਮਨਜ਼ੂਰ ਹੈ ਮੈਨੂੰ।
ਔਕਟੇਵੀਅਸ-:ਉਹਦਾ ਨਾਂ ਵੀ ਕੱਟ ਐਨਟਨੀ।
ਲੈਪੀਡਸ-:
ਪਰ ਸ਼ਰਤ ਇਹ ਹੈ,
ਪਬਲੀਅਸ ਵੀ ਨਾਲ ਮਰੂਗਾ,
ਤੇਰੀ ਭੈਣ ਦਾ ਪੁੱਤਰ ਐਨਟਨੀ!
ਐਨਟਨੀ-:ਉਹ ਨਹੀਂ ਛੱਡਣਾ।
ਆਹ ਵੇਖ ਮੈਂ ਸਿਆਹੀ ਡੋਲ੍ਹੀ ਨਾਂ ਤੇ ਉਹਦੇ।
ਹੁਣ ਲੈਪੀਡਸ! ਸੀਜ਼ਰ ਦੇ ਘਰ ਜਾ ਤੂੰ;
ਐਥੇ ਲਿਆ ਵਸੀਅਤ ਉਹਦੀ,
ਤਾਂ ਜੋ ਆਪਾਂ ਨਿਰਣਾ ਕਰੀਏ
ਕਿਹੜੀ ਕਿਹੜੀ ਵਰਾਸਤ ਕੱਟਣੀ।
ਲੈਪੀਡਸ-:ਕੀ ਫਿਰ ਆਪਾਂ ਐਥੇ ਈ ਮਿਲੀਏ?
ਔਕਟੇਵੀਅਸ-:ਐਥੇ ਹੀ ਜਾਂ ਫਿਰ ਬ੍ਰਹਿਸਪਤੀ ਮੰਦਰ।
-ਲੈਪੀਡਸ ਜਾਂਦਾ ਹੈ-
ਐਨਟਨੀ-:ਇਹ ਬੰਦਾ ਕਮਜ਼ੋਰ ਜਿਹਾ,
ਤੁੱਛ ਯੋਗਿਤਾ ਵਾਲਾ,
ਪਿਆਦਾ ਹੈ ਬੱਸ ਪਿਆਦਗੀ ਜੋਗਾ;
ਤਿੰਨ ਹਿੱਸਿਆਂ ਵਿੱਚ ਦੁਨੀਆਂ ਵੰਡਣੀ,
ਤੀਜਾ ਹਿੱਸਾ ਇਹਨੂੰ ਦੇਣਾ
ਕਿੱਥੋਂ ਤੱਕ ਇਹ ਵਾਜਬ ਹੋਸੀ?
ਸੋਚਣ ਵਾਲੀ ਗੱਲ ਹੈ।
ਔਕਟੇਵੀਅਸ-:ਤੂੰ ਹੀ ਐਸਾ ਸੋਚਿਆ ਇਹਦੇ ਬਾਰੇ;
ਤੇ ਪੁੱਛਿਆ ਸੀ ਇਹਨੂੰ ,
ਕਿਸ ਕਿਸ ਦੇ ਨਾਂ ਤੇ ਲਾਣਾ ਕਾਟਾ,
ਸਜ਼ਾ ਜੋ ਆਪਾਂ ਤਜਵੀਜ਼ ਕੀਤੀ ਸੀ
ਸਿਆਹ ਸੂਚੀ ਦੇ ਉੱਤੇ।
ਐਨਟਨੀ-:ਔਕਟੇਵੀਅਸ! ਤੇਥੋਂ ਵੱਧ ਦੁਨੀਆ ਮੈਂ ਵੇਖੀ:
ਭਾਵੇਂ ਇਹ ਸਨਮਾਨ ਦਿੱਤੇ ਨੇ ਇਹਨੂੰਕਈ ਤਰਾਂ ਦੀ ਖੁਨਾਮੀ ਵਾਲੇ
ਬੋਝੇ ਵੰਡਣ ਖਾਤਰ;ਇਹ ਸਨਮਾਨ ਇਹ ਚੱਕੀਂ ਫਿਰੂਗਾ,
ਜਿਵੇਂ ਗਧੇ ਤੇ ਲੱਦਿਆ ਸੋਨਾ
ਜਿੱਧਰ ਹੱਕੀਏ, ਤੁਰ ਪੂ ਓਧਰ
ਸਾਹੋ ਸਾਹ ਤੇ ਪਾਣੀ ਪਾਣੀ,
ਪੁੱਜ ਕੇ ਮੰਜ਼ਲ ਖਜ਼ਾਨਾ ਲਾਹੀਏ
ਪਿੱਠ ਤੋਂ ਇਹਦੀ
ਡੰਡਾ ਮਾਰ ਭਜਾਈਏ ਇਹਨੂੰਖਾਲੀ ਗਧੇ ਨੂੰ-ਚਰਾਂਦਾਂ ਵੱਲੇ
ਛੰਡੇ ਕੰਨ ਤੇ ਚਰਦਾ ਲੱਗੇ।
ਔਕਟੇਵੀਅਸ-:ਜਿੱਦਾਂ ਮਰਜ਼ੀ ਤੇਰੀ।
ਪਰ ਹੈ ਇਹ ਬੜਾ ਬਹਾਦੁਰ,
ਜੁੱਰਅਤ ਵਾਲਾ,
ਵੇਖਿਆ ਪਰਖਿਆ ਇੱਕ ਸਿਪਾਹੀ।
ਐਨਟਨੀ-:ਔਕਟੇਵੀਅਸ! ਮੇਰਾ ਘੋੜਾ ਵੀ ਹੈ
ਬਿਲਕੁਲ ਇਹਦੇ ਵਾਂਗੂੰ;
ਇਸੇ ਲਈ ਮੈਂ ਇਹਦੇ ਵਾਸਤੇ
ਦਾਣੇ, ਚਨੇ ਤੇ ਰਸਦਾਂ ਦਾ ਭੰਡਾਰ ਰੱਖਿਐ;
ਹੈ ਤਾਂ ਜਾਨਵਰ ਫਿਰ ਵੀ ਇਹਨੂੰ
ਸਿੱਖਿਆ ਦੇਨਾਂ ਯੁੱਧ ਕਲਾ ਦੀਕਿੱਦਾਂ ਘੁੰਮਣਾ, ਮੁੜਨਾ ਕਿੱਦਾ,
ਕਿੱਥੇ ਰੁਕਣਾ-,
ਫਿਰ ਹੋਕੇ ਸਿੱਧੇ
ਸਰਪਟ ਕਰਨਾ ਹਮਲਾ,ਸੱਭੇ ਹਰਕਤਾਂ ਏਸ ਦੀਆਂ ਨੇ
ਮੇਰੀ ਇੱਛਾ ਤਾਬਿਹ।
ਕੁੱਝ ਕੁੱਝ ਇਸੇ ਤਰਾਂ ਹੈ ਲੈਪੀਡਸ ਵੀ;
ਸਬਕ ਦਿਓ, ਸਿਖਲਾਓ ਇਸ ਨੂੰ,
ਹੁਕਮ ਦਿਓ ਤੇ ਭੇਜੋ ਅੱਗੇ:
ਬੁੱਧਹੀਣ ਤੇ ਜੋਸ਼ਹੀਣ ਹੈ ਬੰਦਾ:
ਜਾਅਲ੍ਹੀ, ਹੀਣੀਆਂ,ਰਹਿੰਦ ਖੁਹੰਦ,
ਹੰਢੀਆਂ ਵਰਤੀਆਂਏਸ ਲਈ ਨੇ ਫੈਸ਼ਨ ਤਾਜ਼ਾ:
ਉਹਦੀ ਤੁਸੀਂ ਗੱਲ ਕਰੋ ਨਾ,
ਬੱਸ ਉਸਨੂੰ ਸਮਝੋ ਜਾਇਦਾਦ।
ਤੇ ਹੁਣ ਔੋਕਟੇਵੀਅਸ!
ਕਰੀਏ ਵੱਡੀਆ ਗੱਲਾਂ;-
ਬਰੂਟਸ ਅਤੇ ਕੈਸੀਅਸ ਵਰਗੇ
ਕੱਠੀਆਂ ਕਰਦੇ ਫੋਜਾਂ:
ਅਸੀਂ ਵੀ ਹੁਣ ਨੱਕ ਦੀ ਸੇਧੇ
ਤੁਰੀਏ ਇੱਕ ਦਮ:
ਸਾਰੇ ਸਾਥੀ ਕੱਠੇ ਕਰੀਏ,
ਸਭ ਤੋਂ ਚੰਗੇ ਅਪਣੇ ਮਿੱਤਰ,
ਸਾਧਨ ਅਪਣੇ ਹੋਰ ਵਧਾਈਏ;
ਤੇ ਹੁਣ ਫੋਰਨ ਬੈਠਕ ਕਰਕੇ,
ਕਰੀਏ ਮਸ਼ਵਰੇਕਿਵੇਂ ਸੁਲਝਾਈਏ ਗੁਪਤ ਮਾਮਲੇ,
ਕੀਕਣ ਕਰੀਏ ਪੇਸ਼ ਉਨ੍ਹਾਂ ਨੂੰ,
ਤੇ ਕਿਵੇਂ ਨਜਿੱਠੀਏ
ਖਤਰੇ ਖੁਲ੍ਹੇ, ਖੜੇ ਜੋ ਸਾਹਵੇਂ ਅੱਡੀਂ ਮੂੰਹ।
ਔਕਟੇਵੀਅਸ-:ਹਾਂ, ਏਦਾਂ ਹੀ ਕਰਨਾ ਪੈਣੈ:
ਅਸੀਂ ਹਾਂ ਅਗਨੀ-ਦੰਡ ਦੀ ਥੰੰਮ੍ਹੀ ਬੱਝੇ
ਦੁਸ਼ਮਣਾਂ ਰਲ ਕੇ ਘੇਰਾ ਘੱਤਿਆ;
ਤੇ ਉਹ ਜਿਹੜੇ ਮੁਸਕਾਂਦੇ ਦਿੱਸਣ,
ਡਰ ਹੈ ਮੈਨੂੰ ਦਿਲਾਂ ਚ ਅਪਣੇ
ਪਾਲ ਰਹੇ ਨੇ ਲੱਖਾਂ ਖੋਟਾਂ।
-ਪ੍ਰਸਥਾਨ-
ਸੀਨ-੨- ਐਕਟ-੪
ਸਾਰਡੀਜ਼ ਦੇ ਪੜਾਓ ਚ ਬਰੁਟਸ ਦਾ ਤੰਬੂ
ਨੱਕਾਰੇ ਦੀ ਚੋਟ ਨਾਲ ਬਰੂਟਸ, ਲੂਸੀਲੀਅਸ, ਲੁਸੀਅਸ,
ਅਤੇ ਸਪਾਹੀਆਂ ਦਾ ਪ੍ਰਵੇਸ਼: ਟਿਟੀਨੀਅਸ ਤੇ ਪਿੰਡਾਰਸ
ਅੱਗੋਂ ਮਿਲਦੇ ਹਨ-
ਬਰੂਟਸ-:ਰੁਕੋ-ਹੋ-!
ਲੂਸੀਲੀਅਸ-:ਬੋਲੋ-, ਪਛਾਣ-ਸ਼ਬਦ ਹੈ ਕੀ, ਹੋ-!
ਰੁਕ ਜੋ ਏਥੇ।
ਬਰੂਟਸ-:ਕਿਵੇਂ ਹੁਣ,ਲੂਸੀਲੀਅਸ!
ਕੈਸੀਅਸ ਨੇੜੇ ਪੁੱਜਾ ਕਿ ਨਾਂ?
ਲੂਸੀਲੀਅਸ:ਉਹ ਬੱਸ ਪੁੱਜਿਆ ਕਿ ਪੁਜਿਆ;
ਪਿੰਡਾਰਸ ਤਾਂ ਆ ਹੀ ਗਿਐ,
ਲੈ ਕੇ ਸਲਾਮ ਅਪਣੇ ਮਾਲਿਕ ਦਾ।
-ਪਿੰਡਾਰਸ ਬਰੂਟਸ ਨੂੰ ਇੱਕ ਪੱਤਰ
ਦਿੰਦਾ ਹੈ-
ਬਰੂਟਸ-:ਨਾਲ ਅਦਬ ਸਲਾਮ ਭੇਜਿਆਪਿੰਡਾਰਸ ਤੇਰੇ ਮਾਲਿਕ;
ਜਾਂ ਖੁਦ ਹੀ ਉਹ ਬਦਲ ਗਿਆ ਹੈ
ਜਾਂ ਮਾੜੇ ਮਾਤਹਿਤਾਂ ਕਾਰਨ
ਮਿਲਿਆ ਮੈਨੂੰ ਮੌਕਾ
ਕਿ ਮੈਂ ਲੋਚਾਂ ਜੋ ਹੋਇਆ ਹੈ
ਅਣ ਹੋਇਆ ਕਰੀਏ!ਪਰ ਜੇ ਹੈ ਉਹ ਲਾਗੇ ਚਾਗੇ,
ਮੈਨੂੰ ਮਨਜ਼ੂਰ ਸਫਾਈ ਉਹਦੀ।
ਪਿੰਡਾ-:ਪੂਰਣ ਵਿਸ਼ਵਾਸ ਹੈ ਮੈਨੂੰ
ਸੁਆਮੀ ਮੇਰਾ ਅਤੀ ਭੱਦਰ ਹੈ;
ਸਤਿਕਾਰ ਸਹਿਤ ਉਸ ਹਾਜ਼ਰ ਹੋਣਾ,
ਐਸਾ ਸਨਮਾਨਜਨਕ ਹੈ ਉਹ।
ਬਰੂਟਸ-:ਸਾਨੂੰ ਸ਼ੱਕ ਨਹੀਂ ਹੈ ਕੋਈ।
ਸੁਣ ਲੂਸੀਲੀਅਸ! ਦੱਸ ਖਾਂ ਮੈਨੂੰ
ਕਿੰਜ ਕੀਤਾ ਉਸ ਸੁਆਗਤ ਤੇਰਾ?
ਲੂਸੀਲੀਅਸ-:ਨਮਰਤਾ ਤੇ ਸਤਿਕਾਰ ਬੜਾ ਸੀ,
ਪਰ ਪਹਿਲਾਂ ਵਾਲੀ ਅਪਣੱਤ ਨਹੀਂ ਸੀ,
ਨਾਂ ਖੁਲ੍ਹੀ ਡੁਲ਼੍ਹੀ ਮਿੱਤਰਾਚਾਰੀ,
ਨਾਂ ਪਹਿਲਾਂ ਵਾਲੀ ਨਜ਼ਦੀਕੀ ਸੀ,
ਨਾਂ ਕੀਤਾ ਕੋਈ ਸਲਾਹ ਮਸ਼ਵਰਾ
ਅੱਗੇ ਵਾਂਗੂੰ।
ਬਰੂਟਸ:-ਤੇਰਾ ਮਤਲਬ ਗਰਮਜੋਸ਼ੀ ਸਭ ਠੰਡੀ ਪੈ ਗੀ,
ਯਾਰੀ ਵਿੱਚ ਤਕੱਲੁਫ ਆਇਆ-।
ਲੂਸੀਲੀਅਸ!ਕਦੇ ਅਨੁਭਵ ਕੀਤੈ?-
ਯਾਰੀ ਘਟੇ ਤਾਂ ਆਏ ਬਨਾਵਟ,
ਨਿਰਾ ਉਚੇਚ ਰਹਿ ਜਾਂਦਾ,
ਮੱਲੋਮੱਲੀ ਦਾ ਪਿਆਰ ਮੁਹੱਬਤ
ਬੋਝ ਜਿਹਾ ਹੋ ਜਾਂਦਾ।
ਸਾਫ ਸਿੱਧੇ ਵਿਸ਼ਵਾਸ ਦੇ ਅੰਦਰ
ਲਾਈ ਬੁਝਾਈ ਕਦੇ ਨਾ ਹੁੰਦੀ:
ਹੌਲੇ ਬੰਦੇ ਵੀ ਘੋੜਿਆਂ ਵਾਂਗੂੰ,
ਪਹਿਲਾਂ ਹੋਵਣ ਤੇਜ਼ ਤੱਰਾਰ,
ਮਾਰ ਫੱਰਾਟੇ ਜੋਸ਼ ਵਖਾਉਂਦੇ,
ਥਾਨੀਂ ਖੜੇ ਧੂੜ ਉਡਾਣ,
ਪਰ ਜਦ ਤਿੱਖੀ ਅੱਡੀ ਦਿਸਦੀ
ਫੂਕ ਸਰਕ ਸਭ ਜਾਂਦੀ,
ਮੌਕਾ ਪੈਣ ਤੇ ਸਿੱਟਣ ਧੌਣਾਂ,
ਮੰਝਧਾਰੇ ਬਹਿ ਜਾਂਦੇ;
ਸਾਰੀ ਗਰਮੀ ਹਵਾ ਹੋ ਜਾਂਦੀ।
--ਫੌਜ ਵੀ ਆਓਂਦੀ ਉਹਦੀ?
ਲੂਸੀਅਸ:-ਸਾਰਡੀਜ਼ ਵਿੱਚ ਪੜਾਅ ਕਰੂਗੀ
ਅੱਜ ਓਸਦੀ ਫੋਜ,
ਵੱਡਾ ਹਿੱਸਾ ਰਸਾਲੇ ਵਾਲਾ
ਨਾਲ ਕੈਸੀਅਸ ਆਇਐ।
-ਪ੍ਰਵੇਸ਼ ਕੈਸੀਅਸ ਦਾ ਫੌਜ ਨਾਲ-
ਬਰੂਟਸ:-ਸੁਣੋ, ਸੁਣੋ! ਪੁੰਹਚ ਗਿਆ ਹੈ ਉਹ।
ਨਾਲ ਨਮ੍ਰਤਾ ਅੱਗੇ ਵਧਕੇ
ਕਰੋ ਸੁਆਗਤ ਉਹਦਾ।
ਕੈਸੀਅਸ:-ਠਹਿਰੋ,- ਹੋ-! ਕੌਣ ਤੁਸੀਂ ਹੋਂ?
ਬਰੂਟਸ:-ਰੁਕ ਜੋ ਥਾਂਈਂ ਹੋ-!
ਪਛਾਣ-ਸ਼ਬਦ ਹੈ ਕੀ ਤੁਹਾਡਾ?
-ਕਮਾਣ ਅਫਸਰ ਅੱਗੇ ਅੱਗੇ ਹੁਕਮ
ਵਧਾਓਂਦੇ ਹਨ-
ਪਹਿਲਾ:-ਠਹਿਰੋ-ਹੋ-!
ਦੂਜਾ:-ਠਹਿਰੋ-ਹੋ-!
ਤੀਜਾ:-ਠਹਿਰੋ-ਹੋ-!
ਕੈਸੀਅਸ:-ਅੱਤ ਕੁਲੀਨ ਭਰਾ ਮੇਰੇ ਤੂੰ
ਚੰਗਾ ਨਹੀਂ ਕੀਤਾ ਮੇਰੇ ਨਾਲ।
ਬਰੂਟਸ:-ਕਰੋ ਇਨਸਾਫ ਦੇਵਗਣ ਮੇਰੇ!
ਦੁਸ਼ਮਣ ਦਾ ਜਦ ਕਰਾਂ ਨਾ ਮੰਦਾ
ਭਰਾ ਦਾ ਮਾੜਾ ਕਰੂੰ ਮੈਂ ਕਿੱਦਾਂ?
ਕੈਸੀਅਸ:-ਬਰੂਟਸ ਆਹ ਸੰਜੀਦਗੀ ਤੇਰੀ,
ਜ਼ਿਆਦਤੀਆਂ ਛੁਪਾ ਲੈਂਦੀ ਹੈ;
ਤੇ ਜਦ ਤੂੰ ਕਰੇਂ ਵਧੀਕੀ ਕੋਈ--
ਬਰੂਟਸ:-ਕੈਸੀਅਸ! ਠੰਢ ਰੱਖ ਥੋੜੀ;
ਨੀਵੀਂ ਰੱਖ ਆਵਾਜ਼ ਆਪਣੀ;
ਰੰਜ ਜੋ ਦੱਸਣ ਲੱਗਿਐਂ;
ਚੰਗੀ ਤਰਾਂ ਮੈਂ ਜਾਣਾਂ ਤੈਨੂੰ:-
ਕਰੀਏ ਕਿਉਂ ਕੋਈ ਝਗੜਾ,
ਦੋਵਾਂ ਫੋਜਾਂ ਸਾਹਵੇਂ,
ਇਹ ਤਾਂ ਬੱਸ ਵੇਖਣ ਪਿਆਰ ਆਪਣਾ:
ਲਾਂਭੇ ਕਰਕੇ ਇਹਨਾਂ ਤਾਈਂ
ਤੰਬੂ ਦੇ ਵਿੱਚ ਆ ਜਾ,
ਰੱਜ ਰੱਜ ਦੱਸ ਤੂੰ ਰੰਜ ਆਪਣੇ,
ਮੈਂ ਸੁਣੂੰ ਗਾ ਸਾਰੇ।
ਕੈਸੀਅਸ:-ਪਿੰਡਾਰਸ! ਕੁਮੇਦਾਨਾਂ ਨੂੰ ਹੁਕਮ ਦੇ ਤੂੰ ਜਾਕੇ:
ਆਪਣੇ ਆਪਣੇ ਦਸਤੇ ਲੈ ਕੇ
ਹੋ ਜਾਵਣ ਉਹ ਲਾਂਭੇ-
ਥੋੜੀ ਦੂਰ ਇਸ ਥਾਂ ਤੋਂ।
ਬਰੂਟਸ:-ਲੂਸੀਲੀਅਸ! ਤੂੰ ਵੀ ਕਰ ਏਦਾਂ ਹੀ;
ਜਿੰਨਾ ਚਿਰ ਸਾਡੀ ਬੈਠਕ ਚੱਲ਼ੇ,
ਤੰਬੂ ਵਿੱਚ ਨਾ ਕੋਈ ਆਵੇ ।
ਲੂਸੀਅਸ ਅਤੇ ਟਿਟੀਨਸ
ਪਹਿਰਾ ਦੇਣ ਦਰਵਾਜ਼ੇ ਉੱਤੇ।
-ਪ੍ਰਸਥਾਨ-
ਸੀਨ-੩- ਐਕਟ-੪
ਬਰੂਟਸ ਦੇ ਤੰਬੂ ਅੰਦਰ-
ਪ੍ਰਵੇਸ਼ ਬਰੂਟਸ ਅਤੇ ਕੈਸੀਅਸ-
ਕੈਸੀਅਸ:-ਤੂੰ ਮੇਰੇ ਨਾਲ ਮਾੜੀ ਕੀਤੀ,
ਸਾਫ ਦਿੱਸੇ ਇਸ ਗੱਲੋਂ:
ਲੂਸੀਅਸ ਪੈਲੇ ਤਾਈਂ ਭੰਡਿਆ
ਤੇ ਸਜ਼ਾ ਵੀ ਦਿੱਤੀ;
ਸਾਰਡੀਜ਼ ਦੇ ਲੋਕਾਂ ਕੋਲੋਂ
ਰਿਸ਼ਵਤ ਖਾਹਧੀ-
ਇਹ ਇਲਜ਼ਾਮ ਤੂੰ ਲਾਇਆ-;
ਮੈਂ ਪੱਤਰ ਲਿੱਖੇ,
ਬੇਨਤੀ ਅਤੇ ਸਿਫਾਰਸ਼ ਕੀਤੀ;
ਲਿੱਖਿਆ ਚੰਗਾ ਬੰਦਾ ਹੈ ਉਹ;
ਪਰ ਤੂੰ ਸਾਰੇ ਪੂੰਝ ਕੇ ਸੁੱਟੇ!
ਬਰੂਟਸ:-ਤੂੰ ਆਪਣੇ ਆਪ ਨਾਲ ਮੰਦਾ ਕੀਤਾ,
ਲਿੱਖੇ ਜੋ ਪੱਤਰ ਐਸੇ।
ਕੈਸੀਅਸ:-ਸਮਾਂ ਜੋ ਅਪਣਾ ਚੱਲ ਰਿਹਾ ਹੈ,
ਨਿੱਕੇ ਮੋਟੇ ਹਰ ਦੋਸ਼ ਲਈ
ਚੰਗਾ ਨਹੀਂ ਨਖੇਧੀ ਖੱਟੀਏ।
ਬਰੂਟਸ:-ਜੇ ਸੱਚ ਪੁੱਛੇਂ ਕੈਸੀਅਸ ਮੈਥੋਂ,
ਤੂੰ ਵੀ ਤਾਂ ਹੈਂ ਲੋਭੀ ਬੰਦਾ
ਹਥੇਲੀ ਤੇਰੀ ਚ ਖੁਰਕ ਹੈ ਰਹਿੰਦੀ,
ਸੋਨੇ ਖਾਤਰ ਵੇਚੀਂ ਜਾਵੇਂ
ਨਾਲਾਇਕਾਂ ਨੂੰ ਅਹੁਦੇ।
ਕੈਸੀਅਸ:-ਮੇਰੀ ਹਥੇਲ਼ੀ ਤੇ ਖਾਜ?
ਬਰੂਟਸ ਇਹ ਕੀ ਬੋਲ ਰਿਹਾ ਹੈਂ:
ਹੋਰ ਜੇ ਹੁੰਦਾ ਤੇਰੀ ਥਾਂ ਤੇ,
ਕਸਮ ਦੇਵਾਂ ਦੀ, ਆਖਰੀ ਬੋਲ ਹੋਣੇ ਸੀ ਉਹਦੇ!
ਬਰੂਟਸ:-ਇਜ਼ੱਤ ਬਖਸ਼ੇ ਰਿਸ਼ਵਤਖੋਰੀ ਤਾਈਂ ਤੇਰਾ ਨਾਮ
ਭਰਿਸ਼ਟਾਚਾਰ ਨੂੰ ਸਜ਼ਾ ਜੋ ਮਿਲਣੀ,
ਲੁਕ ਜਾਂਦੀ ਇਸ ਨਾਮ ਦੇ ਪਿੱਛੇ।
ਕੈਸੀਅਸ:-ਸਜ਼ਾ-!
ਬਰੂਟਸ:-ਯਾਦ ਕਰ ਮਾਰਚ ਦੀ ਪੰਦਰਾਂ-ਈਦ ਮਾਰਚ ਦੀ-
ਲਹੂ ਨਹੀਂ ਸੀ ਡੁਲ੍ਹਾ
ਮਹਾਨ ਸੀਜ਼ਰ ਦਾ ਇਨਸਾਫ ਦੀ ਖਾਤਰ?
ਸੀ ਕੋਈ ਐਸਾ ਗੁੰਡਾ, ਬਦਮਾਸ਼ ਕਾਤਲਾਂ ਅੰਦਰ:
ਵਾਹਿਆ ਨਹੀਂ ਸੀ ਖੰਜਰ ਜਿਸ ਨੇ
ਇਨਸਾਫ ਦੀ ਖਾਤਰ?
ਹੈ ਕੋਈ ਐਸਾ ਸਾਡੇ ਵਿੱਚੋਂ,
ਜੱਗ ਦਾ ਮਹਾਂ ਬਲੀ ਜਿਨ ਕੱਪਿਆਂ-
ਕਿਉਂਕਿ ਉਸ ਲੁਟੇਰੇ ਪਾਲੇ,
ਧਾੜਵੀਆਂ ਦਾ ਮੁੱਢ ਕਹਾਇਆ-
ਹੱਥ ਜੋ ਅਪਣੇ ਕਰੂਗਾ ਮੈਲੇ ਖੋਟੀ ਰਿਸ਼ਵਤ ਲੈਕੇ,
ਤੇ ਇੰਜ ਵੇਚੂ ਅਹੁਦੇ, ਮਰਤਬੇ ਅਪਣੇ ਖੇਤਰ ਅੰਦਰ
ਕੇਵਲ ਇੱਕ ਮੁੱਠ ਕਚਰੇ ਖਾਤਰ,
ਸੋਨਾ ਜਿਸ ਨੂੰ ਕਹਿੰਦੇ?
ਮੇਰੇ ਲਈ ਤਾਂ ਚੰਗਾ ਹੋਸੀ ਅਜੇਹਾ ਰੋਮਨ ਹੋਣੋਂ,
ਕੁੱਤਾ ਕਿਧਰੇ ਬਣ ਜਾਵਾਂ
ਤੇ ਭੌਂਕਾਂ ਚੰਦ ਵੱਲ ਕਰਕੇ ਮੂੰਹ।
ਕੈਸੀਅਸ:-ਬਰੂਟਸ! ਭੌਂਕ ਨਾ ਮੇਰੇ ਉੱਤੇ-
ਮੈਂ ਨਹੀਂ ਕਰਨਾ ਇਹ ਬਰਦਾਸ਼ਤ-
ਘੇਰਨ ਦੀ ਮੈਨੂੰ ਕੋਸ਼ਿਸ਼ ਨਾਂ ਕਰ ;
ਯੋਧਾ ਹਾਂ ਮੈਂ, ਤੈਥੋਂ ਵੱਧ ਤਜਰਬਾ ਮੇਰਾ,
ਕਾਬਲ ਹਾਂ ਵੱਧ ਤੇਰੇ ਨਾਲੋਂ;
ਤੈਅ ਕਰੂੰ ਗਾ ਸ਼ਰਤਾਂ ਵੀ ਮੈਂ।
ਬਰੂਟਸ:-ਚੱਲ, ਚੱਲ! ਤੂੰ ਨਹੀਂ ਕੈਸੀਅਸ ਪਹਿਲਾਂ ਵਾਲਾ।
ਕੈਸੀਅਸ:-ਮੈਂ ਹੀ ਹਾਂ ਉਹ ਕੈਸੀਅਸ।
ਬਰੂਟਸ:-ਮੈਂ ਕਹਿਨਾਂ ਤੂੰ ਉਹ ਰਿਹਾ ਨਹੀਂ।
ਕੈਸੀਅਸ:-ਹੋਰ ਨਾਂ ਮੈਨੂੰ ਉਂਗਲ ਲਾ ਤੂੰ,
ਭੁੱਲ ਜਾਵਾਂਗਾ ਆਪਾ;
ਸਿਹਤ ਅਪਣੀ ਦਾ ਰੱਖ ਧਿਆਨ,
ਹੋਰ ਨਾ ਮੈਨੂੰ ਤੂੰ ਉਕਸਾ।
ਬਰੂਟਸ:-ਦਫਾ ਹੋ-ਕਮੀਨੇ, ਮੱਕਾਰ!
ਕੈਸੀਅਸ:-ਕਿਵੇਂ ਹੈ ਇਹ ਹੋ ਸਕਦਾ ਮੁਮਕਿਨ?
ਬਰੂਟਸ:-ਸੁਣ ਜੋ ਮੈਂ ਹੁਣ ਕਹਿਨਾਂ!
ਅਜੇਹੇ ਅੰਨ੍ਹੇ ਗੁੱਸੇ ਤਾਈਂ ਕਿਵੇਂ ਕਰਾਂ ਬਰਦਾਸ਼ਤ?
ਪਾਗਲ ਜੇ ਕੋਈ ਅੱਖਾਂ ਟੱਡੇ
ਕੀ ਭਲਾ ਮੈਂ ਡਰ ਜੂੰ?
ਕੈਸੀਅਸ:-ਆਹ, ਓ ਦੇਵੋ, ਓ ਮੇਰੇ ਦੇਵੋ!
ਕਿਵੇਂ ਸਹਾਂ ਏਡਾ ਅਪਮਾਨ?
ਬਰੂਟਸ:-ਇਹ ਸਭ ਕੁੱਝ ਤੇ ਹੋਰ ਬੜਾ ਕੁੱਝ:
ਪਊ ਬਰਦਾਸ਼ਤ ਕਰਨਾ:
ਖਪ, ਖਿਝ ਤੇ ਕਰੋਧ ਚੜ੍ਹਾ ਤੂੰ,
ਦਿਲ ਪਾੜ ਲੈ ਆਪਣਾ;
ਜਾ ਵਖਾ ਗ਼ੁਲਾਮਾਂ ਤਾਈਂ ਕਿੰਨਾ ਤੂੰ ਕਰੋਧੀ;
ਕਾਂਬਾ ਛੇੜ ਬੰਧੂਆਂ ਨੂੰ ਜਾਕੇ,
ਹੁਕਮ ਤੇਰੇ ਦੇ ਜੋ ਗ਼ੁਲਾਮ;
ਮੇਰੇ ਉਪਰ ਅਸਰ ਨਾ ਕਾਈ।
ਕੀ ਮੈਂ ਕਰਾਂ ਖੁਸ਼ਾਮਦ ਤੇਰੀ?
ਤੱਕਾਂ ਖੜਾ ਮੈਂ ਤੇਰਾ ਮੂੰਹ?
ਕੋਡਾ ਹੋ ਕੇ ਕੰਨ ਫੜਾਂ ਸੜੀਅਲ ਗੁੱਸੇ ਅੱਗੇ?
ਦੇਵਤਿਆਂ ਦੀ ਕਸਮ ਐ ਮੈਨੂੰ,
ਇਹ ਕੁਝ ਨਹੀਂਓ ਹੋਣਾ:
ਜ਼ਹਿਰ ਆਪਣੀ ਪੀਣੀ ਪੈਸੀ
ਭਾਵੇਂ ਤੇਰਾ ਅੰਦਰ ਫੱਟਜੇ,
ਅੱਜ ਤੋਂ ਬਾਅਦ ਸਦਾ ਬਣੇਂਗਾ,
ਮਜ਼ਾਕ ਮੇਰੇ ਦਾ ਮੌਜੂ,
ਹੱਸੂਂਗਾ ਮੈਂ ਤੇਰੇ ਉੱਤੇ,
ਉੜਾਊਂ ਖਿੱਲੀ ਜਦ ਵੀ ਏਦਾਂ ਡੰਗ ਚਲਾਵੇਂ।
ਕੈਸੀਅਸ:-ਕੀ ਹੁਣ ਨੌਬਤ ਏਥੋਂ ਤੱਕ ਆਈ?
ਬਰੂਟਸ:-ਤੂੰ ਆਖੇਂ ਤੂੰ ਬਿਹਤਰ ਸੈਨਿਕ:
ਜ਼ਰਾ ਵਖਾ ਤਾਂ ਬਣਕੇ;
ਮੈਨੂੰ ਖੁਸ਼ੀ ਬੜੀ ਹੋਵੇਗੀ,
ਕਰ ਖਾਂ ਅਪਣਾ ਦਾਅਵਾ ਸੱਚਾ:
ਜਿੱਥੋਂ ਤੱਕ ਹੈ ਮੇਰਾ ਤਅੱਲੁੱਕ,
ਖੁਸ਼ੀ ਨਾਲ ਮੈਂ ਸਿੱਖਿਆ ਲੈਣੀ
ਤੇਰੇ ਜਿਹੇ 'ਅਸੀਲਾਂ' ਕੋਲੋਂ।
ਕੈਸੀਅਸ:-ਤੂੰ ਮੇਰੇ ਨਾਲ ਮਾੜੀ ਕਰਦੈਂ-
ਹਰ ਪੱਖੋਂ ਤੂੰ ਮਾੜੀ ਕਰੇਂ ਬਰੂਟਸ!
ਮੈਂ ਕਿਹਾ ਸੀ 'ਉਮਰ ਚ ਵੱਡਾ ਸੈਨਿਕ ਹਾਂ ਮੈਂ',
ਨਹੀਂ ਕਿਹਾ ਸੀ 'ਬਿਹਤਰ ਸੈਨਿਕ':
ਕਿਹਾ ਭਲਾ ਸੀ 'ਬਿਹਤਰ'?
ਬਰੂਟਸ:-ਜੇ ਤੂੰ ਕਿਹਾ ਪਰਵਾਹ ਨਹੀਂ ਮੈਨੂੰ।
ਕੈਸੀਅਸ:-ਜ਼ਿੰਦਾ ਸੀਜ਼ਰ ਚ ਜੁਰਅੱਤ ਨਹੀਂ ਸੀ,
ਮੈਨੂੰ ਏਦਾਂ ਚੜ੍ਹਾਵੇ ਗੁੱਸਾ।
ਬਰੂਟਸ:-ਠੰਢ ਰੱਖ, ਠੰਢ! ਤੂੰ ਜੁਰਅੱਤ ਨਹੀਂ ਸੀ ਕਰਦਾ
ਉਕਸਾਣ ਦੀ ਉਹਨੂੰ।
ਕੈਸੀਅਸ:-ਮੈਂ ਜੁੱਰਅੱਤ ਨਹੀਂ ਸੀ ਕਰਦਾ?
ਬਰੂਟਸ:-ਨਹੀਂ, ਬਿਲਕੁਲ ਨਹੀਂ।
ਕੈਸੀਅਸ:-ਕੀ ਕਿਹਾ? ਜੁਰਅੱਤ ਨਹੀਂ ਸੀ ਕਰਦਾ
ਉਕਸਾਣ ਦੀ ਉਹਨੂੰ?
ਬਰੂਟਸ:-ਅਪਣੀ ਜਾਨ ਬਚਾਵਣ ਖਾਤਰ-
ਨਹੀਂ ਸੀ ਕਰਦਾ ਤੂੰ।
ਕੈਸੀਅਸ:-ਏਨੀ ਖੁੱਲ੍ਹ ਨਾ ਲੈ ਬਰੂਟਸ! ਮੇਰੀ ਮੁਹੱਬਤ ਨਾਲ;
ਕਰ ਨਾਂ ਬੈਠਾਂ ਕੁੱਝ ਅਜੇਹਾ,
ਅਫਸੋਸ ਰਹੇ ਫਿਰ ਮੈਨੂੰ।
ਬਰੂਟਸ:-ਪਹਿਲਾਂ ਹੀ ਕਰ ਬੈਠੈਂ ਉਹ ਕੁੱਝ,
ਅਫਸੋਸ ਰਹੂ ਜੀਹਦਾ ਤੈਨੂੰ;
ਤੇਰੀਆਂ ਧਮਕੀਆਂ ਵਿੱਚ ਕੈਸੀਅਸ!
ਜਾਨ ਨਹੀਂ ਹੈ ਕੋਈ;
ਢਾਲ ਮੇਰੀ ਈਮਾਨ ਹੈ ਮੇਰਾ,
ਕੁੱਝ ਵਿਗਾੜ ਨਾ ਸੱਕੇ,
ਲੰਘ ਜਾਵਣ ਇਹ ਮੇਰੇ ਕੋਲੋਂ, ਹਵਾ ਦੇ ਬੁੱਲ੍ਹੇ ਵਾਂਗੂੰ।
ਮੈਂ ਕੱਠੀ ਨਹੀਂ ਕਰਦਾ ਮਾਇਆ ਮਾੜੇ ਸਾਧਨਾਂ ਨਾਲ;
ਇਸੇ ਲਈ ਮੰਗਾਇਆ ਕੁੱਝ ਸੀ ਤੇਰੇ ਕੋਲੋਂ ਸੋਨਾ-
ਜਿਸ ਤੋਂ ਤੂੰ ਕੀਤਾ ਇਨਕਾਰ:
ਕਸਮ ਰੱਬ ਦੀ!
ਚੀਰਾਂ ਦਿਲ ਆਪਣਾ ਤੇ ਲਹੂ ਵਗਾਵਾਂ,
ਹਰ ਕਤਰੇ ਦੇ ਦਿਰਹਮ ਬਣਾਵਾਂਪਰ ਕਿਸਾਨਾਂ ਦੇ ਖਰ੍ਹਵੇ ਹੱਥੋਂ
ਕਦੇ ਨਾ ਖੋਹਾਂ ਸਖਤ ਕਮਾਈ,
ਸੁੱਕੇ ਲੁਕਮੇ ਭੁੱਖੇ ਮੂਹਾਂ ਚੋਂ-
ਖੋਹ ਨਾ ਸੱਕਾਂ ਹੀਣੀ ਕਮਾਈ।
ਦੇਣੀ ਸੀ ਤਨਖਾਹ ਫੌਜਾਂ ਨੂੰ,
ਇਸ ਲਈ ਮੰਗਿਆ ਤੇਥੋਂ ਸੋਨਾ,
ਪਰ ਤੂੰ ਕੀਤਾ ਇਨਕਾਰ:
ਕੀ ਹੈ ਸੀ ਇਹ ਕੈਸੀਅਸ ਦੀ ਕਰਨੀ?
ਤੇਰੀ ਥਾਂ ਜੇ ਮੈਂ ਹੁੰਦਾ,ਕਰਦਾ ਕਦੇ ਇਨਕਾਰ?
ਮਾਰਕਸ ਬਰੂਟਸ ਜਿੱਦੇਂ ਹੋਇਆ ਏਨਾਂ ਲੋਭੀ:
ਤਾਲਿਆਂ ਅੰਦਰ ਰੱਖੂ ਸਾਂਭ ਕੇ,
ਭੰਨ ਘੜ ਸਾਰੀ ਮਿੱਤਰਾਂ ਤੋਂ ਛੁਪਾਕੇ-
ਓਦੇਂ, ਦੇਵਗਣ! ਕਰੋ ਵੱਜਰ ਦਾ ਵਾਰ,
ਭੰਨ ਹੰਕਾਰੀ ਸਿਰ ਓਸਦਾ
ਕਰ ਦਿਉ ਟੁਕੜੇ ਟੁਕੜੇ!
ਕੈਸੀਅਸ:-ਮੈਂ ਤੈਨੂੰ ਇਨਕਾਰ ਨਹੀਂ ਕੀਤਾ।
ਬਰੂਟਸ:-ਤੂੰ ਕੀਤਾ।
ਕੈਸੀਅਸ:-ਮੈਂ ਨਹੀਂ ਕੀਤਾ: ਉਹ ਤਾਂ ਮੂਰਖ ਸੀ
ਜੋ ਲਿਆਇਆ ਮੇਰਾ ਉੱਤਰ-
ਬਰੂਟਸ! ਤੂੰ ਤਾਂ ਦਿਲ ਫੱਟਿਆ ਮੇਰਾ:
ਕਮਜ਼ੋਰੀਆਂ ਕਰਦੇ ਯਾਰ ਹੀ ਮੁਆਫ,
ਪਰ ਤੂੰ ਤਾਂ ਬਰੂਟਸ ਪੁੱਠਾ ਵਗਦੈਂ;
ਮੇਰੀਆਂ ਨੂੰ ਐਵੇਂ ਵੱਡਿਆਂ ਕਰਦੈਂ,
ਪਰ ਇਹ ਐਡੀਆਂ ਹੈ ਨੀ ਯਾਰ!
ਬਰੂਟਸ:-ਮੈਂ ਨੀ ਕਰਦਾ ਓਨਾ ਚਿਰ
ਜਦ ਤੀਕ ਨਾਂ ਵਰਤੇਂ ਮੇਰੇ ਉੱਤੇ।
ਕੈਸੀਅਸ:-ਤੇਰਾ ਮੇਰੇ ਨਾਲ ਮੋਹ ਈ ਹੈ ਨੀ।
ਬਰੂਟਸ:-ਦੋਸ਼ ਤੇਰੇ ਨੇ ਮਾੜੇ ਲਗਦੇ।
ਕੈਸੀਅਸ:-ਯਾਰ ਯਾਰੀ ਦੇ ਪਿੱਛੇ ਜਾਂਦੇ
ਦੋਸ਼ ਨਾ ਲੱਭੇ ਯਾਰ ਦੀ ਅੱਖ।
ਬਰੂਟਸ:-ਪਰਬਤ ਜਿੱਡੇ ਦੋਸ਼ ਜੇ ਹੋਵਣ,
ਚਾਪਲੂਸ ਦੀ ਅੱਖ ਨਾ ਵੇਖੇ।
ਕੈਸੀਅਸ:-ਆਓ ਐਨਟਨੀ ਅਤੇ ਅੋਕਟੇਵੀਅਸ!
ਕੈਸੀਅਸ ਕੱਲੇ ਤੋਂ ਲੈਲੋ ਬਦਲਾ:
ਅੱਕਿਆ ਥੱਕਿਆ ਫਿਰਦੈ ਦੁਨੀਆਂ ਕੋਲੋਂ;
ਉਹੀਓ ਉਹਨੂੰ ਨਫਰਤ ਕਰਦਾ
ਜਿਸ ਨੂੰ ਹੈ ਪਿਆਰ ਉਹ ਕਰਦਾ
ਭਾਈਬੰਦ ਲਲਕਾਰੇ ਉਹਨੂੰ,
ਰੋਕੇ ਟੋਕੇ ਜਿਉਂ ਹੋਏ ਗ਼ੁਲਾਮ,
ਕੱਢੇ ਦੋਸ਼, ਬਣਾਵੇ ਸੂਚੀ, ਰੱਟਾ ਮਾਰੇ ਰੱਖੇ ਯਾਦ:
ਗੱਲ ਗੱਲ ਉੱਤੇ ਮਾਰੇ ਮੂੰਹ ਤੇ, ਕਰੇ ਕਦੇ ਨਾ ਮਾਫ।
ਓ, ਬੰਦਿਆ! ਮੈਂ ਰੋ ਤਾਂ ਸਕਦਾਂ;
ਅਸ਼ਕਾਂ ਰਾਹੀਂ ਵਗ ਸੱਕੇ ਰੂਹ ਵੀ!-
ਪਰ ਆਹ ਲੈ ਖੰਜਰ ਮੇਰਾ ਫੜ ਲੈ,
ਨੰਗਾ ਸੀਨਾ ਹਾਜ਼ਰ ਮੇਰਾ,
ਜਹਿਦੇ ਅੰਦਰ ਦਿਲ ਵੀ ਹੈ ਸੀ,
ਕੁਬੇਰ ਦੇ ਕੁਲ ਧਨ ਤੋਂ ਮਹਿੰਗਾ-
ਮਹਿੰਗਾ ਸੋਨੇ ਨਾਲੋਂ:
ਜੇ ਤੂੰ ਸੱਚਾ ਰੋਮਨ ਹੈਸੀ, ਪਾੜਕੇ ਕੱਢ ਲੈ ਇਹਨੂੰ;
ਕੀਤਾ ਸੀ ਇਨਕਾਰ ਸੋਨੇ ਤੋਂ,
ਦਿਲ ਹੁਣ ਹਾਜ਼ਰ ਮੇਰਾ:
ਸੀਜ਼ਰ ਤੇ ਜਿਵੇਂ ਵਾਰ ਕੀਤਾ ਸੀ, ਮਾਰ ਹੁਣ ਖੰਜਰ ਮੇਰੇ;
ਮੈਂ ਜਾਣਦਾਂ ਸੀਜ਼ਰ ਨੂੰ ਤੂੰ ਘਿਰਣਾ ਕੀਤੀ,
ਪਰ ਪਿਆਰ ਕੀਤਾ ਸੀ ਕੈਸੀਅਸ ਨਾਲੋਂ ਬਾਹਲਾ।
ਬਰੂਟਸ:-ਅਪਣਾ ਖੰਜਰ ਰੱਖ ਮਿਆਨੇ ,
ਗੁੱਸਾ ਕਰ ਲੀਂ ਜਦ ਤੂੰ ਕਰਨਾ,
ਮੌਕੇ ਮਿਲਣ ਗੇ ਹੋਰ ਬਹੁਤੇਰੇ,
ਕਰ ਲੀਂ ਫੇਰ ਤੂੰ ਜੋ ਵੀ ਕਰਨਾ;
ਤੇਰੀ ਹੱਤਕ, ਮਸਖਰੀ ਮੇਰੀ
ਬਣੂੰ ਸੁਭਾਅ ਇਹ ਤੇਰਾ;
ਓ, ਕੈਸੀਅਸ! ਤੂੰ ਤਾਂ ਜੁੜਿਆ ਲੇਲ਼ੇ ਨਾਲ ਪੰਜਾਲੀ,
ਚਕਮਾਕ ਦੀ ਚੰਗਿਆੜੀ ਵਰਗਾ ਗੁੱਸਾ ਜੀਹਦਾ:
ਤੇਜ਼ੀ ਨਾਲ ਚੰਗਾੜੀ ਚਮਕੇ, ਧੱਕੇ ਨਾਲ ਘਸਾਈਏ,
ਓਨੀ ਛੇਤੀ ਗ਼ਾਇਬ ਹੋ ਜਾਂਦੀ, ਜਿੰਨੀ ਤੇਜ਼ ਲਿਆਈਏ -
ਪਲ ਛਿਨ ਅੰਦਰ ਅੱਗ ਓਸਦੀ ਕਿਧਰੇ ਹੀ ਖੋ ਜਾਵੇ।
ਕੈਸੀਅਸ:-ਤਾਂ ਤੇ ਕੈਸੀਅਸ ਜ਼ਿੰਦਾ ਹੈ ਸੀ ਸਿਰਫ ਬਰੂਟਸ ਖਾਤਰ:
ਖੂਨ ਚ ਉਹਦੇ ਹੋਏ ਖਰਾਬੀ ਤਬੀਅਤ ਉਹਦੀ ਵਿਗੜੇ
ਗੁੱਸਾ ਜੇ ਆ ਜਾਵੇ ਉਹਨੂੰ, ਹੱਸ ਤੁੱਸ ਛੱਡੇ ਟਾਲ,
ਕੈਸੀਅਸ ਦਾ ਉਹ ਮੌਜੂ ਬੰਨ੍ਹੇ, ਠੱਠਾ ਕਰੇ ਓਸਦੇ ਨਾਲ-
ਕਰੇ ਤਬੀਅਤ ਬਹਾਲ ਆਪਣੀ ਸਦਾ ਰਹੇ ਖੁਸ਼ਹਾਲ।
ਬਰੂਟਸ:-ਜਦ ਮੈਂ ਗੱਲ ਕਹੀ ਸੀ ਏਹੇ,
ਗੁੱਸੇ ਨਾਲ ਸੀ ਲਾਲੋ ਲਾਲ-।
ਕੈਸੀਅਸ:-ਏਨੀ ਜੇ ਸਵੀਕਾਰ ਕਰੇਂ ਤੂੰ, ਹੱਥ ਸੁੱਟ ਮੇਰੇ ਵੱਲ।
ਬਰੂਟਸ:-ਦਿਲ ਵੀ ਮੇਰਾ ਹਾਜ਼ਰ-।
ਕੈਸੀਅਸ:-ਓ, ਬਰੂਟਸ!-
ਬਰੂਟਸ:-ਹੁਣ ਕੀ ਹੋਇਆ?
ਕੈਸੀਅਸ:-ਏਨਾਂ ਪਿਆਰ ਨਹੀਂ ਹੈ ਤੈਨੂੰ
ਕਿ ਜਰ ਸੱਕੇਂ ਮੇਰੇ ਨਾਲ
ਜਦ ਵੀ ਮੈਨੂੰ ਆਵੇ ਗੁੱਸਾ ਆਪਾ ਜਦ ਭੱਲ ਜਾਵਾਂ,
ਮਾਂ ਦੇ ਦੁੱਧ ਦਾ ਅਸਰ ਸਮਝਕੇ ਟਾਲ ਛੱਡੇਂ ਤੂੰ ਇਹਨੂੰ?
ਬਰੂਟਸ:-ਠੀਕ ਕੈਸੀਅਸ!
ਹੁਣ ਤੋਂ ਬਾਅਦ ਬਰੂਟਸ ਨਾਲ ਕਰੇਂ ਜਦ ਗੁੱਸਾ
ਸਮਝ ਲਵਾਂਗਾ 'ਮਾਂ' ਨੇ ਤੈਨੂੰ ਕੀਤੈ ਤੰਗ!
ਹੱਸ ਕੇ ਦੇਵਾਂ ਟਾਲ।
-ਸ਼ੋਰ ਦੀ ਆਵਾਜ਼-
ਕਵੀ:-(ਬਾਹਰੋਂ) ਜਾਣ ਦਿਉ ਮੈਨੂੰ ਅੰਦਰ-
ਮਿਲਣ ਦਿਓ ਜਰਨੈਲਾਂ ਤਾਈਂ।
ਨਾਰਾਜ਼ ਨੇ ਦੋਵੇਂ-ਚੰਗਾ ਨਹੀਂ ਹੈ ਛੱਡਣਾ ਕੱਲੇ।
ਲੂਸੀਅਸ:-(ਬਾਹਰ) ਤੂੰ ਨਹੀਂ ਜਾਂਣਾ ਅੰਦਰ।
(ਬਾਹਰ) ਮਰ ਜਾਵਾਂ ਗਾ ਪਰ ਨਹੀਂ ਰੁਕਾਂ ਗਾ।
-ਕਵੀ ਅੰਦਰ ਆਓਂਦਾ ਹੈ।
ਲੁਸੀਲੀਅਸ ਤੇ ਟਿਟੀਨਸ ਪਿੱਛੇ ਆਓਂਦੇ ਹਨ-
ਕੈਸੀਅਸ:-ਕੀ ਹੈ ਬਈ? ਗੱਲ ਤੇ ਦੱਸੋ?
ਕਵੀ:-ਸ਼ਰਮ ਨਹੀਂ ਆਉਂਦੀ ਜਰਨੈਲਾਂ ਨੂੰ?
ਕੀ ਪਏ ਕਰਦੇ?
ਰੱਖੋ ਦੋਸਤੀ, ਬੰਦਿਆਂ ਵਾਂਗੂੰ ਪਿਆਰ ਕਰੋ:
ਮੈਂ ਵਡੇਰਾ ਤੁਹਾਡੇ ਨਾਲੋਂ ਵੇਖੀ ਦੁਨੀਆ ਬਹੁਤੀ।
ਕੈਸੀਅਸ:-ਹਾ-ਹਾ-! ਕਿੰਨੀ ਮਾੜੀ ਇਸ ਸਨਕੀ ਨੇ
ਤੁਕ ਮਿਲਾਈ!
ਬਰੂਟਸ:-ਓ ਨਵਾਬਾ! ਦਫਾ ਹੋ ਏਥੋਂ, ਤੁਰਸ਼ ਜ਼ੁਬਾਨਾ!
ਕੈਸੀਅਸ:-ਸਬਰ ਕਰ ਬਰੂਟਸ!
ਐਸਾ ਹੀ ਇਹ ਹੈ ਸੀ।
ਬਰੂਟਸ:-ਖਬਤ ਏਸ ਦਾ ਤਾਂ ਹੀ ਸਮਝਾਂ,
ਜੇ ਇਹ ਵਕਤ ਵਿਚਾਰੇ:
ਅਜਿਹੇ ਮਲੰਗ ਨਚਾਰਾਂ ਦਾ ਤਅੱਲੁਕ ਕੀ ਏ ਯੁੱਧ ਦੇ ਨਾਲ!
ਚਲ ਬਈ ਜਣਿਆ! ਕਰ ਵਿਹਲਾ ਵਿਹੜਾ!
ਕੈਸੀਅਸ-:ਦੂਰ- ਦੂਰ ਹੋ ਏਥੋਂ!
-ਕਵੀ ਜਾਂਦਾ ਹੈ-
ਬਰੂਟਸ-:ਲੂਸੀਲੀਅਸ ਅਤੇ ਟਿਟੀਨੀਅਸ!
ਹੁਕਮ ਦਿਓ ਕੁਮੇਦਾਨਾਂ ਤਾਈਂ
ਤਿਆਰੀ ਕਰਨ ਪੜਾਅ ਦੀ,
ਏਥੇ ਰਾਤ ਰਹਾਂਗੇ ।
ਕੈਸੀਅਸ-:ਆਪੂੰ ਮੁੜਕੇ ਆਓ ਛੇਤੀ,
ਨਾਲ ਲਿਆਓ ਮੈਸੱਲੇ ਨੂੰ ਵੀ।
-ਲੂਸੀਲੀਅਸ ਤੇ ਟਿਟੀਨਸ ਜਾਂਦੇ ਹਨ-
ਬਰੂਟਸ-:ਲੂਸੀਅਸ!ਲਿਆ ਇੱਕ ਪਿਆਲਾ ਸ਼ਰਾਬ
ਲਿਆ ਤੂੰ।
ਕੈਸੀਅਸ-:ਬਰੂਟਸ! ਏਨਾ ਗੁੱਸਾ?
ਬਰੂਟਸ-:ਓ ਕੈਸੀਅਸ! ਮੈਂ ਦੁਖੀ ਹਾਂ, ਰੰਜ ਬੜੇ ਨੇ!
ਕੈਸੀਅਸ-:ਜੇ ਇਤਫਾਕਨ ਮੰਦਾ ਹੁੰਦੈ,
ਦਰਸ਼ਨ, ਦਲੀਲ ਦਾ ਆਪਣੀ
ਕਿਉਂ ਪ੍ਰਯੋਗ ਨਹੀਂ ਕਰਦਾ?
ਬਰੂਟਸ-:ਕੋਈ ਨਹੀਂ ਜੋ ਜਰ ਸੱਕੇ
ਮੇਰੇ ਵਾਂਗੂੰ ਰੰਜ ਓ ਗ਼ਮ!
ਪੋਰਸ਼ੀਆ ਟੁਰ ਗਈ ਐ!
ਕੈਸੀਅਸ-:ਹਾ-! ਪੋਰਸ਼ੀਆਂ-!
ਬਰੂਟਸ-:ਉਹ ਮਰ ਗਈ ਐ।
ਕੈਸੀਅਸ-:ਤੇ ਕਿਵੇਂ ਮੈਂ ਬਚਿਆ ਤੇਰੇ ਹੱਥੋਂ,
ਜਦ ਤੇਰੇ ਨਾਲ ਆਢਾ ਲਾਇਆ?
ਆਹ! ਕਿੰਨਾ ਅਸਹਿ, ਕਿੰਨਾ ਦਿਲਵਿੰਨਵਾਂ
ਪਿਆ ਇਹ ਘਾਟਾ!
ਪਰ ਹੋਇਆ ਕੀ ਸੀ ਆਖਰ?
ਕਿਹੜੀ ਸੀ ਬੀਮਾਰੀ?
ਬਰੂਟਸ-:ਮੈਂ ਘਰੋਂ ਗਾਇਬ ਸੀ,
ਕਾਹਲੀ ਪਈ ਸੀ ਓਹ;
ਦੁਖੀ ਬੜੀ ਸੀ, ਰੰਜ ਸੀ ਉਹਨੂੰ:
ਐਨਟਨੀ ਤੇ ਔੋਕਟੇਵੀਅਸ ਗੱਭਰੂ
ਹੱਥ ਮਿਲਾਕੇ ਹੋਏ ਸੀ ਤਕੜੇ;
ਉਹਦੀ ਮਰਗ ਤੇ ਆਹ ਖਬਰ
ਇੱਕੋ ਵੇਲੇ ਆਈਆਂ;-
ਸੁਣ ਕੇ ਇਹ ਚਕਰਾ ਗਈ ਸੀ
ਗ਼ੁਲਾਮ ਨਹੀਂ ਸਨ ਹਾਜ਼ਰ,
ਫੱਕੀ ਅੱਗ ਕੱਲੀ ਨੇ।
ਕੈਸੀਅਸ-:ਤੇ ਬੱਸ ਮਰ ਗਈ ਏਦਾਂ?
ਬਰੂਟਸ-:ਬਿਲਕੁਲ ਏਵੇਂ।
ਕੈਸੀਅਸ-:ਆਹ, ਓ ਅਬਨਾਸ਼ੀ ਦੇਵੋ!
-ਲੂਸੀਅਸ ਸ਼ਰਾਬ ਤੇ ਸ਼ਮਾਅ ਲੈਕੇ ਆਓਂਦਾ ਹੈ-
ਬਰੂਟਸ-:ਬੱਸ, ਹੋਰ ਨਾਂ ਉਹਦੀ ਗੱਲ ਕਰ ਹੁਣ।-
ਲਿਆ ਇੱਕ ਪਿਆਲਾ ਸ਼ਰਾਬ ਦੇ ਮੈਨੂੰ।-
ਬੇਲਿਹਾਜ਼ੀ ਤੇ ਬੇਤਰਸੀ ਨੂੰ
ਏਦ੍ਹੇ ਵਿੱਚ ਡਬੋਵਾਂ ਕੈਸੀਅਸ!
(ਜਾਮ ਪੀਂਦਾ ਹੈ)
ਕੈਸੀਅਸ-:ਦਿਲ ਤਾਂ ਮੇਰਾ ਵੀ ਤਰਸੇ
ਸੁਆਦ ਚੱਖਣ ਨੂੰ ਇਹਦਾ,
ਭਰ ਪਿਆਲਾ ਲੂਸੀਅਸ! ਲਬਾਲਬ ਮੇਰਾ,
ਪੀਵਾਂ ਲਾਕੇ ਡੀਕ, ਭਾਵੇਂ ਪਿਆਰ ਬਰੂਟਸ ਦਾ
ਜ਼ਿਆਦਾ ਨਹੀਂ ਪੀ ਸਕਦਾ।
-ਪੀਂਦਾ ਹੈ-
ਬਰੂਟਸ-:ਆ ਜਾ, ਅੰਦਰ ਆ ਜਾ ਟਿਟੀਨੀਅਸ!
-ਟਿਟੀਨੀਅਸ ਦਾ ਮੈਸਾਲੇ ਨਾਲ ਮੁੜ ਪ੍ਰਵੇਸ਼-
ਆਓ ਬੈਠੋ ਸ਼ਮਾਅ ਦੁਅਲੇ ਨੇੜੇ ਹੋਕੇ,
ਉਂਗਲਾਂ ਉੱਤੇ ਗਿਣੀਏ ਆਪਾਂ
ਕੀ ਨੇ ਲੋੜਾਂ ਆਪਣੀਆਂ।
ਕੈਸੀਅਸ-:ਹਾਏ, ਪੋਰਸ਼ੀਆ! ਤੂੰ ਛੱਡ ਗਈ ਦੁਨੀਆਂ!
ਬਰੂਟਸ-:ਗੁਜ਼ਾਰਸ਼ ਮੇਰੀ ਹੋਰ ਨਾਂ ਬੋਲ!-
ਮੈਸਾਲਾ! ਮੇਰੇ ਕੋਲ ਨੇ ਪੱਤਰ ਆਏ,
ਜਵਾਂਸਾਲ ਔਕਟੇਵੀਅਸ
ਤੇ ਮਾਰਕ ਐਨਟਨੀ ਲੈਕੇ ਸ਼ਕਤੀਸ਼ਾਲੀ ਫੋਜ,
ਹਮਲਾ ਕਰਨਗੇ ਆਪਣੇ ਉੱਤੇ,
ਮੋੜਣ ਮੁਹਿੰਮ ਫਿਲਪੀ ਦੇ ਵੱਲ।
ਮੈਸਾਲਾ-:ਮੇਰੇ ਕੋਲ ਵੀ ਪੱਤਰ ਆਏ,
ਉਹਨਾਂ ਦਾ ਵੀ ਇਹੋ ਲਹਿਜਾ।
ਬਰੂਟਸ-:ਹੋਰ ਵੀ ਹੋਣੈ ਕੁੱਝ ਉਹਨਾਂ ਵਿੱਚ?
ਮੈਸਾਲਾ-:ਇਹ ਕਿ ਪ੍ਰਤੀਬੰਧਨ ਦੇ ਫਤਵੇ ਲਾਕੇ,
ਔਕਟੇਵੀਅਸ, ਐਨਟਨੀ, ਲੈਪੀਡਸ ਤਿੱਕੜੀ
ਮਾਰ ਮੁਕਾਏ ਇੱਕ ਸੈਂਕੜਾ ਸਾਂਸਦ।
ਬਰੂਟਸ-:ਏਸ ਗੱਲ ਚ ਮਿਲਦੇ ਨਹੀਂ
ਪੱਤਰ ਅਸਾਡੇ;
ਮੇਰਿਆਂ ਵਿੱਚ ਤਾਂ ਲਿਖਿਐ,
ਪੰਝੱਤਰ ਮਾਰੇ ਸਾਂਸਦ
ਫਤਵੇ ਨਾਲ ਉਨ੍ਹਾਂ ਦੇ; ਤੇ ਸਿਸਰੋ ਵੀ ਹੈ ਵਿੱਚੇ।
ਕੈਸੀਅਸ-:ਸਿਸਰੋ ਵੀ ਓਹਨਾਂ ਚੋਂ ਇੱਕ?
ਮੈਸਾਲਾ-:ਸਿਸਰੋ ਕਤਲ ਹੋ ਗਿਐ ਓਸੇ ਫਤਵੇ ਕਾਰਨ।
ਕੀ ਚਿੱਠੀਆਂ ਇਹ ਘਰਵਾਲੀ ਭੇਜੀਆਂ ਤੁਹਾਨੂੰ?
ਬਰੂਟਸ-:ਨਹੀਂ ਮੈਸਾਲਾ।
ਮੈਸਾਲੇ-:ਨਾਂ ਹੀ ਉਨ੍ਹਾਂ ਚ ਕੁੱਝ ਸ਼੍ਰੀਮਤੀ ਬਾਰੇ ਲਿਖਿਆ?
ਬਰੂਟਸ-:ਬਿਲਕੁਲ ਨਹੀਂ ਮੈਸਾਲਾ।
ਮੈਸਾਲਾ-:ਇਹ ਤਾਂ ਗੱਲ ਬੜੀ ਵਚਿੱਤਰ ਲੱਗੇ!
ਬਰੂਟਸ-:ਕਿਉਂ ਪੁੱਛਦਾ ਹੈਂ? ਕੀ ਤੇਰੇ ਪੱਤਰਾਂ ਵਿੱਚ
ਹੈ ਕੁੱਝ ਉਹਦੇ ਬਾਰੇ?
ਮੈਸਾਲਾ-:ਨਹੀਂ, ਮਾਲਿਕ।
ਬਰੂਟਸ-:ਰੋਮਨ ਹੈਂ ਤੂੰ, ਸੱਚ ਦੱਸ ਮੈਨੂੰ।
ਮੈਸਾਲਾ-:ਸੱਚ ਫਿਰ ਸੁਣ ਰੋਮਨਾਂ ਵਾਂਗੂੰ,
ਤੇ ਕਰ ਸਹਿਣ ਵੀ:
ਸੱਚੀਂ ਉਹ ਮਰ ਗਈ ਹੈ
ਬੜੇ ਅਜੀਬ ਸਬੱਬੀਂ।
ਬਰੂਟਸ-:ਆਹ, ਅਲਵਿਦਾ ਪੋਰਸ਼ੀਆ!-
ਅਸੀਂ ਵੀ ਮਰ ਜਾਣਾ ਮੈਸਾਲਾ:
ਇਹ ਸੋਚਕੇ ਉਹਨੇ ਇੱਕੋ ਵਾਰੀਂ ਸੀ ਮਰਨਾ,
ਕਰ ਲੀ ਸਬਰ ਸਬੂਰੀ ਮੈਂ ਤਾਂ।
ਮੈਸਾਲਾ-:ਮਹਾਂ ਮਨੁੱਖ ਏਵੇਂ ਹੀ ਸਹਿੰਦੇ ਮਹਾਨ ਹਾਨੀਆਂ!
ਕੈਸੀਅਸ-:ਭਾਵੇਂ ਸਹਿਨਸ਼ੀਲ ਹਾਂ ਮੈਂ ਵੀ,
ਪਰ ਸੁਭਾਅ ਹੈ ਮੇਰਾ
ਇਉਂ ਸਹਿ ਨਹੀਂ ਸਕਦਾ ਤੇਰੇ ਵਾਂਗੂੰ।
ਬਰੂਟਸ-:ਚੰਗਾ ਫਿਰ ਹੁਣ ਜਿਉਂਦਿਆਂ ਵਾਲੀ ਕਰੀਏ ਗੱਲ-
ਹੱਥ ਦਾ ਕੰਮ ਮੁਕਾਈੇਏ।
ਕੀ ਕਹਿੰਦੇ ਹੋ ਚੜ੍ਹਾਈ ਕਰੀਏ ਫਿਲਪੀ ਉੱਤੇ?
ਕੈਸੀਅਸ-:ਮੈਨੂੰ ਇਹ ਤਜਵੀਜ਼ ਲੱਗੀ ਨਹੀਂ ਚੰਗੀ।
ਬਰੂਟਸ-:ਕੀ ਦਲੀਲ ਹੈ ਤੇਰੀ?
ਕੈਸੀਅਸ-:ਦਲੀਲ ਮੇਰੀ ਹੈ, ਦੁਸ਼ਮਣ ਸਾਨੂੰ ਲੱਭਦਾ ਆਵੇ:
ਸਾਧਨ ਉਹਦੇ ਹੋਸਨ ਨਾਸ਼,
ਜੁਆਨਾਂ ਤਾਂਈਂ ਥਕੇਵਾਂ ਤੋੜੇ
ਅਪਣੇ ਰਾਹ ਰੋੜੇ ਅਟਕਾਵੇ;
ਤੇ ਆਪਾਂ ਕਰੀਏ ਆਰਾਮ,
ਬਚਕੇ ਰੱਹੀਏ, ਤਿੱਖੇ ਰੱਹੀਏ ਹਰ ਵੇਲੇ ਤੱਆਰ।
ਬਰੂਟਸ-:ਚੰਗੀ ਰਾਏ ਮਜਬੂਰਨ ਦੇਵੇ ਬਿਹਤਰ ਰਾਏ ਨੂੰ ਰਾਹ:
ਫਿਲਪੀ ਤੇ ਇਸ ਮੈਦਾਨ ਵਿਚਾਲੇ,
ਲੋਕੀਂ ਸਾਡੇ ਨਾਲ ਤਾਂ ਹੈਸਨ ਪਰ ਮਜਬੂਰਨ;
ਤਾਵਾਨ ਦੇਣ ਦਾ ਸਾਨੂੰ ਗਿਲਾ ਕਰਦੇ ਨੇ-:
ਜੇ ਦੁਸ਼ਮਨ ਉਹਨਾਂ ਵਿੱਚੀਂ ਆਇਆ,
ਮਿਲੂ ਹਮਾਇਤ ਉਹਨੂੰ,
ਗਿਣਤੀ ਵਧਜੂ, ਤਾਜ਼ਾ ਦਮ ਹੋ ਜੂ,
ਧਾਵਾ ਕਰੂ ਨਵੀਂ ਸ਼ਕਤੀ ਨਾਲ,
ਨਾਲੇ ਹੌਸਲਾ ਵਧਜੂ ਉਹਦਾ।
ਪਰ ਜੇ ਅਸੀਂ ਜਾ ਟੱਕਰੇ ਫਿਲਪੀ,
ਇਸ ਲਾਭ ਤੋਂ ਵੰਚਤ ਹੋ ਜੂ,
ਤੇ ਇਹ ਲੋਕੀਂ ਸਾਡੀ ਪਿੱਠ ਤੇ ਰਹਿਣੇ।
ਕੈਸੀਅਸ-:ਭਲੇ ਭਾਊ! ਜ਼ਰਾ ਸੁਣ ਤੂੰ ਮੇਰੀ-
ਖਿਮਾਂ ਚਾਹਾਂਗਾ-ਇਲਾਵਾ ਇਸ ਤੋਂ-
ਵੇਖਣ ਵਾਲੀ ਗੱਲ ਹੈ ਇਹ:
ਆਪਾਂ ਅਪਣੇ ਮਿੱਤਰਾਂ ਕੋਲੋਂ ਲਈ ਸਹਾਇਤਾ ਪੂਰੀ,
ਛਾਉਣੀਆਂ ਸਾਡੀਆਂ ਭਰੀਆਂ ਪਈਆਂ,
ਕਾਰਨ ਸਾਡੇ ਕੋਲ ਹੈ ਪੱਕਾ:
ਦੁਸ਼ਮਣ ਹਰ ਪਲ ਵਧੀਂ ਜਾਵੇ-
ਸਿਖਰ ਤੇ ਪੁੱਜੇ ਅਸੀਂ ਖੜੇ ਹਾਂ,
ਇਸ ਤੋਂ ਬਾਅਦ ਹੈ ਘਟਣਾ।
ਬੰਦਿਆਂ ਦੇ ਕੰਮਾਂ ਵਿੱਚ ਕਾਂਗ ਜਦੋਂ ਹੈ ਉੱਠਦੀ-
ਜੁਆਰ ਤੇ ਆਵੇ ਲਾਹਾ ਲੈ ਲੋ,
ਕਿਸਮਤ ਚਮਕ ਹੈ ਜਾਂਦੀ;
ਚੂਕ ਕਦੇ ਜੇ ਹੋ ਜਾਵੇ ਤਾਂ
ਬਣਦੀ ਵਿਗੜ ਹੈ ਜਾਂਦੀ,
ਜੀਵਨ ਭਰ ਦੀ ਕਰਨੀ ਕੀਤੀ ਰੇਤੇ ਵਿੱਚ ਰੁਲ ਜਾਵੇ,
ਪੇਤਲੇ ਪਾਣੀ ਬੇੜਾ ਫੱਸੇ,ਕੰਢੇ ਤੇ ਡੁੱਬ ਜਾਵੇ।
ਹੁਣ ਵੇਲਾ ਹੈ ਲਾਹਾ ਲੈ ਲੋ, ਜੁਆਰ ਤੇ ਕਾਂਗ ਚੜ੍ਹੀ ਹੈ
ਨਹੀਂ ਤਾਂ ਧੋ ਲੋ ਹੱਥ ਫਤਿਹ ਤੋਂ ਜਦ ਭਾਟਾ ਆ ਜਾਵੇ।
ਕੈਸੀਅਸ-:ਤਾਂ ਫਿਰ ਤੇਰੀ ਮਰਜ਼ੀ ਨਾਲ ਹੀ ਚੱਲੀਏ;
ਮੱਥਾ ਲਾਈਏ ਚੱਲ ਕੇ ਫਿਲਪੀ।
ਬਰੂਟਸ-:ਡੂੰਘੀ ਰਾਤ ਸਿਰਾਂ ਤੇ ਆਈ,
ਫਿਤਰਤ ਤੋਂ ਹੈ ਲੋੜ ਜ਼ਰੂਰੀ
ਰੋਕੀਏ ਕੰਮ, ਕਰੀਏ ਆਰਾਮ:
ਗੱਲ ਕਰਨ ਨੂੰ ਰਹੀ ਨਹੀਂ ਕੋਈ।
ਕੈਸੀਅਸ-:ਕੁੱਝ ਨਹੀਂ ਹੈ ਹੋਰ। ਸ਼ੁਭ ਰਾਤ੍ਰੀ:
ਕੱਲ ਸਵਖਤੇ ਚਾਲੇ ਪਾਈਏ।
ਬਰੂਟਸ-:ਲੂਸੀਅਸ! ਚੋਗ਼ਾ ਮੇਰਾ
(ਪ੍ਰਸਥਾਨ ਲੂਸੀਅਸ)
ਅਲਵਿਦਾ ਮੈਸਾਲਾ!-
ਸ਼ੁਭ ਰਾਤ੍ਰੀ ਟਿਟੀਨੀਅਸ;
ਕੁਲੀਨ, ਭੱਦਰ ਕੈਸੀਅਸ ਪਿਆਰੇ
ਸ਼ੁਭ ਰਾਤ੍ਰੀ, ਮਿੱਠੀ ਨੀਂਦਰ!
ਕੈਸੀਅਸ-:ਓਹ, ਮੇਰੇ ਵੀਰ ਪਿਆਰੇ!
ਸ਼ੁਰੂਆਤ ਰਾਤ ਦੀ ਸੀ ਕਿੰਨੀ ਮਾੜੀ:
ਏਡੀ ਦਰਾੜ ਕਦੇ ਨਾਂ ਆਈ ਸਾਡੀਆਂ ਰੂਹਾਂ ਅੰਦਰ!
ਆਣ ਨਾਂ ਦੇਵੀਂ ਕਦੇ ਫੇਰ ਬਰੂਟਸ।
ਬਰੂਟਸ-:ਸਭ ਕੁੱਝ ਠੀਕ ਏ ਹੁਣ ਤਾਂ।
ਕੈਸੀਅਸ-:ਸ਼ੁਭ ਰਾਤ੍ਰੀ ਸਰਦਾਰ ਸਾਹਿਬ!
ਬਰੂਟਸ-:ਸ਼ੁਭ ਰਾਤ੍ਰੀ, ਭਲੇ ਭਰਾਵਾ!
ਟਿਟੀਨੀਅਸ ਤੇ ਮੈਸਾਲਾ-:ਸ਼ੁਭ ਰਾਤ੍ਰੀ ਸਰਦਾਰ ਬਰੂਟਸ!
ਬਰੂਟਸ-:ਅਲਵਿਦਾ, ਹਰ ਇੱਕ ਤਾਂਈਂ।
-ਬਰੂਟਸ ਬਿਨਾਂ ਸਭ ਜਾਂਦੇ ਹਨ-
-ਲੂਸੀਅਸ ਚੋਗ਼ਾ ਲੈ ਕੇ ਆਂਉਂਦਾ ਹੈ-
ਚੋਗ਼ਾ ਦੇ ਮੈਨੂੰ। ਕਿਥੇ ਹੈ ਤੇਰਾ ਸਾਜ਼?
ਲੂਸੀਅਸ-:ਏਥੇ ਹੀ ਹੈ ਖੇਮੇ ਅੰਦਰ।
ਬਰੂਟਸ-:ਕਿਵੇਂ ਬਈ? ਤੂੰ ਤਾਂ ਊਂਘੀਂ ਜਾਨੈ!
ਨਫਰ ਬੇਚਾਰੇ! ਤੈਨੂੰ ਕੀ ਕਹਿਣਾ?
ਤੂੰ ਉਨੀਂਦਰਾ ਬੁਹਤ ਹੈ ਕੱਟਿਆ।
ਕੁਲਾਡੀਅਸ ਵਗੈਰਾ ਨੂੰ ਲਿਆ ਬੁਲਾਕੇ;
ਸੌਣਗੇ ਉਹ ਮੇਰੇ ਗੱਦਿਆ ਉੱਤੇ।
ਲੂਸੀਅਸ-:ਕੁਲਾਡੀਅਸ ਹੋ-!- ਵੱਰੋ, ਹੋ-!
-ਦੋਵੇਂ ਪ੍ਰਵੇਸ਼ ਕਰਦੇ ਹਨ_
ਵੱਰੋ-:ਜੀ, ਸੁਅਮੀ! ਤੁਸੀਂ ਬੁਲਾਇਐ?
ਬਰੂਟਸ:-ਗੁਜ਼ਾਰਸ਼ ਮੇਰੀ ਭਲਿਓ ਲੋਕੋ! ਏਥੇ ਹੀ ਸੌਂ ਜਾਓ
ਸ਼ਾਇਦ ਪਵੇ ਭੇਜਣਾ ਤੁਹਾਨੂੰ, ਇੱਕ ਦੂਜੇ ਦੇ ਪਿੱਛੇ,
ਸੁਨੇਹੇ ਲੈਕੇ, ਵੀਰ ਕੈਸੀਅਸ ਦੇ ਖੈਮੇ ਤਾਈਂ।
ਵੱਰੋ-:ਹੁਕਮ ਹੋਵੇ ਜੇ ਖੜੇ ਉਡੀਕੀਏ ਖੁਸ਼ੀ ਤੁਹਾਡੀ।
ਬਰੂਟਸ-:ਏਦਾਂ ਲੱਗੇ ਨਾਂ ਚੰਗਾ ਮੈਨੂੰ: ਪੈ ਜੋ ਏਥੇ, ਭਲਿਓ!
ਨਹੀਂ ਤਾਂ ਕੁੱਝ ਹੋਰ ਸੋਚਣਾ ਪੈ ਜੂ ਮੈਨੂੰ।-
ਵੇਖ ਲੂਸੀਅਸ! ਆਹ ਸੀ ਉਹ ਕਿਤਾਬ
ਜਿਹੜੀ ਮੈਂ ਲੱਭਦਾ ਸੀ; ਚੋਗੇ ਦੀ ਜੇਬ ਚ ਪਾਈ ਸੀ ਮੈਂ।
-ਵੱਰੋ ਤੇ ਕਲਾਡੀਅਸ ਲੰਮੇ ਪੈਂਦੇ ਹਨ-
ਲੂਸੀਅਸ-:ਮੈਨੂੰ ਪੱਕਾ ਯਕੀਨ ਸੀ,
ਹਜ਼ੂਰ ਨੇ ਨਹੀਂ ਫੜਾਈ ਮੈਨੂੰ।
ਬਰੂਟਸ-:ਕੋਈ ਨਹੀਂ ਕਾਕਾ! ਮੈਂ ਹੀ ਹੋਇਆਂ ਭੁਲੱਕੜ ਖਾਸਾ।
ਰੱਖ ਸਕਨੈਂ ਕੁੱਝ ਪਲ ਹੋਰ, ਖੁੱਲ੍ਹੇ ਨੈਣ ਇਹ ਬੋਝਲ,
ਸਾਜ਼ ਅਪਣੇ ਤੇ ਛੇੜ ਸੱਕੇਂ ਇੱਕ ਦੋ ਗੀਤ ਪਿਆਰੇ?
ਲੂਸੀਅਸ-:ਹਾਂ ਮੇਰੇ ਆਕਾ! ਜੇ ਹੈ ਇਹ ਖੁਸ਼ੀ ਤੁਹਾਡੀ।
ਬਰੂਟਸ-:ਇਹੋ ਖੁਸ਼ੀ ਹੈ ਮੇਰੀ:
ਤਕਲੀਫ ਦੇਵਾਂ ਮੈਂ ਬਹੁਤੀ ਤੈਨੂੰ
ਪਰ ਹੈ ਨਾਂ ਮਰਜ਼ੀ ਤੇਰੀ?
ਲੂਸੀਅਸ-:ਇਹ ਤਾਂ ਫਰਜ਼ ਹੈ ਮੇਰਾ, ਸੁਆਮੀ!
ਬਰੂਟਸ-:ਤਾਕਤ ਤੋਂ ਵੱਧ ਫਰਜ਼ ਨੂੰ ਮਜਬੂਰ ਕਰਾਂ ਨਾਂ
ਪਤੈ ਮੈਨੂੰ ਜਵਾਂ ਲਹੂ ਨੂੰ ਆਰਾਮ ਵੀ ਲੋੜੀਂਦਾ।
ਲੂਸੀਅਸ-:ਮੈਂ ਤਾਂ ਪਹਿਲਾਂ ਵੀ ਸੌਂ ਚੁੱਕਾਂ ਮਾਲਿਕ।
ਬਰੂਟਸ-:ਚੰਗਾ ਕੀਤਾ।ਫੇਰ ਵੀ ਸੌਂ ਲੀਂ ਏਸ ਤੋਂ ਬਾਅਦ;
ਜ਼ਿਆਦਾ ਦੇਰ ਨਾਂ ਰੋਕਾਂ ਤੈਨੂੰ:
ਜ਼ਿੰਦਾ ਰਿਹਾ ਤਾਂ ਕੁੱਝ ਚੰਗਾ ਕਰੂੰ ਮੈਂ ਤੇਰੀ ਖਾਤਰ।
-ਸਾਜ਼ ਤੇ ਸੰਗੀਤ ਦੀ ਆਵਾਜ਼-
ਇਹ ਧੁਨ ਨੀਂਦ ਉਕਸਾਵੇ।-ਓ,ਕਾਤਲ ਨੀਂਦਰ!
ਸਿੱਕੇ ਭਰੀ ਗੁਰਜ਼ ਆਪਣੀ ਰੱਖੀ ਮੁੰਡੂ ਦੇ ਸਿਰ ਤੇ
ਜੋ ਸੰਗੀਤ ਵਜਾਵੇ?
ਨਫਰ ਸ਼ਰੀਫ! ਸ਼ੁਭ ਰਾਤ੍ਰੀ।-
ਡਿੱਗੀਂ ਜਾਵੇ ਸਿਰ ਤੇਰਾ ਇਹ,
ਤੋੜ ਲਵੀਂ ਨਾਂ ਅਪਣਾ ਸਾਜ਼;
ਇਹ ਮੈਂ ਤੈਥੋਂ ਫੜ ਲੈਂਦਾ ਹਾਂ;
ਚੰਗਾ ਫੇਰ ਹੁਣ ਸ਼ੁਭ ਰਾਤ੍ਰੀ।-
ਵੇਖਾਂ ਭਲਾ ਕਿੱਥੋਂ ਛੱਡਿਆ ਸੀ ਪੜ੍ਹਨਾ-
ਏੇਥੋਂ ਹੀ ਸੀ ਖਿਆਲ ਹੈ ਮੇਰਾ।
-ਪੜ੍ਹਨ ਬੈਠਦਾ ਹੈ-
-ਸੀਜ਼ਰ ਦੇ ਪਰੇਤ ਦਾ ਪ੍ਰਵੇਸ਼-
ਇਹ ਸ਼ਮਾਅ ਠੀਕ ਨਹੀਂ ਜਗਦੀ!
ਹਾ-! ਇਹ ਕੌਣ ਏਧਰ ਨੂੰ ਆਵੇ?
ਮੈਨੂੰ ਲਗਦੈ ਨਜ਼ਰ ਦੀ ਕਮਜ਼ੋਰੀ ਮੇਰੀ
ਇਹ ਭਿਆਨਕ ਭੁਤ ਦਰਸਾਵੇ,
ਮੇਰੇ ਵੱਲ ਜੋ ਚੜ੍ਹਿਆ ਆਵੇ।-
ਕੀ ਏਂ ਤੂੰ ਚੀਜ਼? ਕੋਈ ਫਰਿਸ਼ਤਾ, ਕੋਈ ਦੇਵਤਾ,
ਜਾਂ ਫਿਰ ਕੋਈ ਦਾਨਵ;
ਠੰਢਾ ਕਰਦੈ ਲਹੂ ਮੇਰਾ ਜੋ, ਖੜੇ ਰੌਂਗਟੇ ਕਰਦੈ,
ਗੱਲ ਕਰ ਮੇਰੇ ਨਾਲ, ਕੀ ਚੀਜ਼ ਏਂ ਤੂੰ?
ਪਰੇਤ-:ਦੱਸਣ ਆਇਆਂ ਤੈਨੂੰ,
ਟੱਕਰੂੰਗਾ ਮੈਂ ਫਿਲਪੀ ਤੈਨੂੰ।
ਬਰੂਟਸ-:ਅੱਛਾ! ਤਾਂ ਤੇ ਫੇਰ ਇੱਕ ਵਾਰ ਮੈਂ ਤੈਨੂੰ ਵੇਖੂੰ?
ਪਰੇਤ-:ਹਾਂ! ਮਿਲਾਂਗੇ ਫਿਲਪੀ ਆਪਾਂ।
ਬਰੂਟਸ-:ਕੋਈ ਨੀ ਫੇਰ, ਟੱਕਰਾਂਗੇ ਤੈਨੂੰ ਫਿਲਪੀ।
-ਪਰੇਤ ਅਲੋਪ ਹੋ ਜਾਂਦਾ ਹੈ_
ਤੂੰ ਗਿਐਂ ਤਾਂ ਦਿਲ ਕੁਝ ਧਰਿਐ:
ਬਦ ਰੂਹ! ਗੱਲ ਕਰੂੰਗਾ ਫੇਰ ਮੈਂ ਤੇਰੇ ਨਾਲ਼।-
ਲੂਸੀਅਸ ਪੁੱਤਰਾ!-ਵੱਰੋ!-
ਕਲਾਡੀਅਸ!-ਉੱਠੋ ਓਏ ਨਵਾਬੋ!-
ਓ, ਕੁਲਾਡੀਅਸ-ਹੋ-!
ਲੂਸੀਅਸ-:ਤਾਰਾਂ, ਮੇਰੇ ਆਕਾ!ਨਕਲੀ ਨੇ।
ਬਰੂਟਸ-:ਇਹ ਸੋਚੇ ਇਹ ਸਾਜ਼ ਬਜਾਵੇ ਹਾਲੀਂ ਤੀਕ:-
ਉੱਠ ਲੂਸੀਅਸ! ਜਾਗ ਜ਼ਰਾ!
ਲੂਸੀਅਸ-:ਮੇਰੇ ਆਕਾ!-
ਬਰੂਟਸ-:ਸੁਪਨੇ ਕਿਸੇ ਚ ਤੂੰ ਚੀਖਿਆ ਲੂਸੀਅਸ?
ਲੂਸੀਅਸ-:ਮੇਰੇ ਆਕਾ! ਪਤਾ ਨਹੀਂ ਮੈਨੂੰ
ਕਿ ਮੈਂ ਮਾਰੀ ਸੀ ਚੀਖ।
ਬਰੂਟਸ-:ਹਾਂ, ਤੂੰ ਮਾਰੀ ਸੀ ਚੀਖ:
ਵੇਖੀ ਕੋਈ ਡਰਾਉਣੀ ਸ਼ੈ?
ਲੂਸੀਅਸ-:ਨਹੀਂ ਸੁਆਮੀ! ਕੋਈ ਨਹੀਂ।
ਬਰੂਟਸ-:ਜਾ ਸੌਂ ਜਾ ਫੇਰ।-
ਓ ਕੁਲਾਡੀਅਸ, ਨਵਾਬਾ!
ਉੱਠ ਤੂੰ ਬੰਦਿਆ! ਜਾਗ ਜ਼ਰਾ।
ਵੱਰੋ-:ਮੇਰੇ ਆਕਾ!
ਕੁਲਾਡੀਅਸ-:ਜੀ, ਮੇਰੇ ਆਕਾ!
ਬਰੂਟਸ-:ਨੀਂਦ ਵਿੱਚ ਕਿਉਂ ਬਰੜਾਏ,
ਕਿਉਂ ਮਾਰੀਆਂ ਚੀਕਾਂ?
ਦੱਸੋ ਜ਼ਰਾ ਨਵਾਬੋ!
ਵੱਰੋ ਤੇ ਕੁਲਾਡੀਅਸ-:ਸੱਚੀਂ ਸਰਕਾਰ?
ਬਰੂਟਸ-:ਹਾਂ।-ਵੇਖਿਆ ਸੀ ਕੁੱਝ?
ਵੱਰੋ-:ਨਹੀਂ ਸਰਕਾਰ!ਮੈਂ ਕੁੱਝ ਨਹੀਂ ਵੇਖਿਆ।
ਬਰੂਟਸ-:ਜਾਹ, ਆਖੀਂ ਆਦਾਬ ਕੈਸੀਅਸ ਭਾਈ ਸਾਹਿਬ ਨੂੰ,
ਦਈਂ ਸੁਨੇਹਾ: ਵਕਤੋਂ ਪਹਿਲਾਂ
ਕਰੇ ਤਿਆਰੀ ਫੌਜ ਅਪਣੀ ਦੀ,
ਤੇ ਅਸੀਂ ਆਵਾਂ ਗੇ ਪਿੱਛੇ।
ਵੱਰੋ/ਕੁਲਾਡੀਅਸ-:ਤਾਮੀਲਿ ਹੁਕਮ ਕਰੀਏ ਸਰਕਾਰ!
-ਪ੍ਰਸਥਾਨ ਕਰਦੇ ਹਨ_
ਐਕਟ-੫ ਜੂਲੀਅਸ ਸੀਜ਼ਰ
ਸੀਨ-੧ - ਐਕਟ-੫
ਫਿਲਪੀ ਦਾ ਮੈਦਾਨ-
-ਪ੍ਰਵੇਸ਼ ਔਕਟੇਵੀਅਸ, ਐਨਟਨੀ ਅਤੇ ਫੌਜ-
ਔਕਟੇਵੀਅਸ-:ਵੇਖ ਐਨਟਨੀ! ਆਸਾਂ ਸਾਡੀਆਂ
ਠੀਕ ਨਿਕਲੀਆਂ
ਕਹਿੰਦਾ ਸੀ ਤੂੰ ਹੇਠ ਨਹੀਂ ਆਂਉਂਦੇ,
ਪਰਬਤ, ਟੀਲੀਂ ਰਹਿਣ ਚੜ੍ਹੇ,
ਕਦੇ ਨਾ ਉੱਤਰਨ ਥੱਲੇ;
ਇਹ ਤਾਂ ਕੁੱਝ ਸਾਬਤ ਨਹੀਂ ਹੋਇਆ:
ਜੂਝਣ ਲਈ ਤਿਆਰ ਨੇ ਉਹ;
ਮੰਗਣੋਂ ਪਹਿਲਾਂ ਦੇਣ ਗੇ ਉੱਤਰ,
ਟੱਕਰਨ ਸਾਨੂੰ ਫਿਲ਼ਪੀ ਆ ਕੇ।
ਐਨਟਨੀ-:ਹੱਤ-! ਜੋ ਉਹਨਾਂ ਦੇ ਢਿੱਡੀਂ ਹੁੰਦੈ,
ਨੌਂਹਾਂ ਚ ਮੇਰੇ ਹੁੰਦੈ;
ਮੈਂ ਜਾਣਦਾਂ ਕਿਉਂ ਇੰਜ ਕਰਦੇ:
ਭਾਵੇਂ ਵਕਤ ਬਿਤਾ ਸਕਦੇ ਸੀ ਐਧਰ ਓਂਧਰ ਫਿਰ ਕੇ,
ਪਰ ਉੱਤਰ ਕੇ ਥੱਲੇ ਭਿਅੰਕਰ ਜੁੱਰਅਤ ਵਿਖਾਵਣ ਸਾਨੂੰ;
ਸਾਡੇ ਅੰਦਰ ਡਰ ਬੈਠਾਵਣ, 'ਵੱਡੇ ਹਾਂ ਅਸੀਂ ਹੌਸਲੇ ਵਾਲੇ'
ਪਰੰਤੂ ਇਸ ਵਿੱਚ ਤੱਤ ਨਹੀਂ ਹੈ।
-ਹਰਕਾਰੇ ਦਾ ਪ੍ਰਵੇਸ਼-
ਹਰਕਾਰਾ-:ਤਿਆਰ ਰਹੋ ਜਰਨੈਲੋ!
ਦੁਸ਼ਮਨ ਚੜ੍ਹਿਆ ਮਾਰੋ ਮਾਰ;
ਲਹੂਲਹਾਣ ਯੁੱਧ-ਚਿੰਨ੍ਹ ਭਿਆਨਕ
ਨੇਜ਼ੇ ਤੇ ਲਹਿਰਾਵੇ;
ਕੁੱਝ ਤਾਂ ਤੁਹਾਨੂੰ ਹੁਣ ਕਰਨਾ ਪੈਣੈ, ਉਹ ਵੀ ਬੜਾ ਹੀ ਛੇਤੀ।
ਐਨਟਨੀ-:ਔਕਟੇਵੀਅਸ! ਸਹਿਜੇ ਭਾਅ ਨਾਲ
ਖੱਬਿਓਂ ਕਰ ਯੁੱਧ ਦੀ ਅਗਵਾਈ;
ਮੈਦਾਨ ਪੱਧਰਾ, ਖੁੱਲ਼੍ਹਾ ਡੁੱਲ੍ਹਾ, ਛੱਕੇ ਛੁਡਾ ਦੁਸ਼ਮਨ ਦੇ।
ਔਕਟੇਵੀਅਸ-:ਪਰ ਮੈਂ ਵਧੂੰਗਾ ਸੱਜਿਓਂ, ਤੂੰ ਚੱਲ ਖੱਬੇ ਪਾਸੇ।
ਐਨਟਨੀ-:ਕਿਉਂ ਕੱਟਦਾ ਏਂ ਗੱਲ ਮੇਰੀ ਤੂੰ
ਇਸ ਤੱਦੀ ਦੇ ਵੇਲੇ?
ਔਕਟੇਵੀਅਸ-:ਕੱਟਦਾ ਨਹੀਂ ਮੈਂ ਤੇਰੀ ਗੱਲ;
ਪਰ ਮੈਂ ਤਾਂ ਇੰਜ ਹੀ ਕਰਨੈ।
-ਅੱਗੇ ਵਧਦੇ ਹਨ-ਨਗਾਰਿਆਂ ਦੀ ਆਵਾਜ਼-
-ਬਰੂਟਸ, ਕੈਸੀਅਸ ਫੌਜ ਸਮੇਤ ਪ੍ਰਵੇਸ਼ ਕਰਦੇ ਹਨ-
ਬਰੂਟਸ-:ਰੋਕੀਂ ਖੜੇ ਨੇ ਰਾਹ
ਜਿਵੇਂ ਗੱਲ ਕਰਨੀ ਹੋਵੇ।
ਕੈਸੀਅਸ-:ਤੱਕੜਾ ਰਹੀਂ ਟਿਟੀਨੀਅਸ!
ਅਸੀਂ ਤਾਂ ਅੱਗੇ ਵਧ ਕੇ ਗੱਲ ਕਰਾਂ ਗੇ।
ਔਕਟੇਵੀਅਸ-:ਮਾਰਕ ਐਨਟਨੀ!
ਕਰੀਏ ਇਸ਼ਾਰਾ, ਹੋਵੇ ਯਲਗ਼ਾਰ?
ਐਨਟਨੀ-:ਨਹੀਂ, ਸੀਜ਼ਰ! ਅਸੀਂ ਤਾਂ ਬੱਸ
ਜਵਾਬ ਦਿਆਂਗੇ ਉਹਨਾਂ ਦੇ ਹਮਲੇ ਦਾ।
ਅੱਗੇ ਵੱਧ, ਜਰਨੈਲ ਕੁੱਝ ਗੱਲ ਕਰਨਗੇ।
ਔਕਟੇਵੀਅਸ-:ਜਿੰਨਾ ਚਿਰ ਨਾ ਮਿਲੇ ਇਸ਼ਾਰਾ
ਅਹਿੱਲ ਖਲੋਵੋ।
ਬਰੂਟਸ-:ਪ੍ਰਹਾਰਨ ਤੋਂ ਪਹਿਲਾਂ ਗੱਲਾਂ,
ਕੀ ਇਰਾਦਾ ਦੇਸ਼ਵਾਸੀਓ?
ਔਕਟੇਵੀਅਸ-:ਗੱਲਾਂ ਕਰਨ ਦਾ ਸ਼ੌਕ ਨਹੀਂ ਹੈ;
ਤੇਰੇ ਵਾਂਗੂੰ ਸ਼ਬਦਾਂ ਨਾਲ ਪਿਆਰ ਨਹੀਂ ਸਾਨੂੰ ।
ਬਰੂਟਸ-:ਔਕਟੇਵੀਅਸ!
ਚੰਗੇ ਸ਼ਬਦ ਚੰਗੇਰੇ ਹੁੰਦੇ ਮਾੜੇ ਵਾਰਾਂ ਨਾਲੋਂ।
ਐਨਟਨੀ-:ਮਾੜੇ ਵਾਰ ਕਰੇਂ ਬਰੂਟਸ
ਪਰ ਸ਼ਬਦ ਚੰਗੇਰੇ ਬੋਲੇਂ;
ਚੇਤੇ ਹੈ ਸੀ ਉਹ ਮਘੋਰਾ
ਸੀਜ਼ਰ ਦੀ ਛਾਤੀ ਜੋ ਕੀਤਾ
ਕਰਦਿਆਂ ਉਹਦੀ ਜੈ ਜੈਕਾਰ:
'ਜੁਗ ਜੁਗ ਜੀਓ ਸੀਜ਼ਰ ਪਿਆਰੇ, ਸਦਾ ਤੇਰੀ ਜੈਕਾਰ!'
ਕੈਸੀਅਸ-:ਤੇਰੇ 'ਵਾਰਾਂ' ਦਾ ਅੰਤ ਐਨਟਨੀ!
ਅਜੇ ਹੈ ਵੇਖਣ ਵਾਲਾ,
ਪਰ ਸ਼ਬਦ ਤੇਰਿਆਂ 'ਮਖਿਆਲਾਂ' ਦਾ
ਸ਼ਹਿਦ ਚੁਰਾਇਆ ਸਾਰਾ।
ਐਨਟਨੀ-:ਪਰ ਡੰਗ ਤਾਂ ਨਹੀਂ ਚੁਰਾਇਆ।
ਬਰੂਟਸ-:ਹਾਂ ਚੁਰਾਇਆ-
ਨਾਲੇ ਚੁਰਾਈ ਭਿਨਭਿਨਾਹਟ ਤੂੰ ਉਹਨਾਂ ਦੀ!
ਧਮਕੀ ਦੇਵੇਂ ਸਿਆਣਿਆਂ ਵਾਂਗੂੰ, ਡੱਸਣ ਤੋਂ ਪਹਿਲਾਂ।
ਐਨਟਨੀ-:ਬਦਮੁਆਸ਼ੋ! ਤੁਸੀਂ ਤਾਂ ਇੰਜ ਨਾਂ ਕੀਤਾ!
ਇੱਕ ਦੂਜੇ ਦੇ ਕਾਤਲ ਹੋ ਗਏ,
ਜਦ ਸੀਜ਼ਰ ਦੀਆਂ ਕੋਹੀਆਂ ਵੱਖੀਆਂ!
ਲੰਗੂਰਾਂ ਵਾਂਗ ਦੰਦ ਚੜਾਉਂਦੇ,
ਪੱਪੀਆਂ ਵਾਂਗ ਲਾਡ ਸੀ ਕਰਦੇ
ਵਾਂਗ ਗ਼ੁਲਾਮਾਂ ਸਜਦੇ ਕਰਦੇ,
ਸੀਜ਼ਰ ਦੇ ਤਲਵੇ ਸੀ ਚੱਟਦੇ
ਘਟੀਆ ਗਲੀ ਦੇ ਕੂਕਰ ਵਾਂਗੂੰ;
ਬਦਬਖਤ ਕਾਸਕਾ ਪਿੱਛੋਂ ਦੀ ਆਇਆ
ਗਰਦਨ ਉੱਤੇ ਖੰਜਰ ਚਲਾਇਆ:
ਸ਼ਰਮ ਨਾ ਆਈ ਤੁਹਾਨੂੰ,
ਓ,ਘਟੀਆ ਨਸਲ ਦੇ ਚਾਪਲੂਸੋ!
ਕੈਸੀਅਸ-:ਚਾਪਲੂਸ!- ਵਾਹ, ਬਰੂਟਸ! ਸਦਕੇ ਤੇਰੇ!
ਅੱਜ ਇਹ ਜੀਭ ਨਾ ਜ਼ਹਿਰ ਉਗਲਦੀ ਏਨਾ
ਜੇ ਕੈਸੀਅਸ ਦੀ ਓਦੋਂ ਪੁੱਗਦੀ।
ਔਕਟੇਵੀਅਸ-:ਛੱਡੋ ਸਭ ਕਾਰਨ ਵਾਰਨ, ਛੱਡੋ:
ਬਹਿਸ ਮਬਾਹਿਸਾ ਨਾ ਕੱਢੇ ਪਸੀਨਾ;
ਰੱਤ ਵੱਗੇ ਤਾਂ ਹੋਵੇ ਫੈਸਲਾ,
ਲਾਲ ਲਹੂ ਦੇ ਕਤਰੇ ਦੇਵਣ
ਸਬੂਤ ਮੇਰੀ ਇਸ ਗੱਲ ਦਾ:
ਵੇਖੋ, ਤਲਵਾਰ ਮੈਂ ਅਪਣੀ ਸੂੰਤ ਲਈ ਹੈ
ਸਾਜ਼ਸ਼ੀਆਂ ਨੂੰ ਸੋਧਨ ਖਾਤਰ:
ਹੁਣ ਮਿਆਨੇ ਜਾਊ ਇਹ ਓਦੋਂ
ਸੀਜ਼ਰ ਦੇ ਤੇਤੀ ਜ਼ਖਮਾਂ ਦਾ,
ਜਦ ਇਹ ਮੁੱਲ ਚੁਕਾ ਲੂ,
ਜਾਂ ਫਿਰ ਸੀਜ਼ਰ ਸਾਨੀ ਗੱਦਾਰਾਂ ਦੇ ਹੱਥੋਂ,
ਹੋ ਜੂ ਖੁਦ ਜ਼ਿਬਾਹ।
ਬਰੂਟਸ-:ਸੀਜ਼ਰ ਤੂੰ ਨਹੀਂ ਮਰਦਾ ਗੱਦਾਰਾਂ ਦੇ ਹੱਥੋਂ,
ਜੇ ਤੂੰ ਜੋਖ ਪਰਖ ਲਈ ਹੈ ਅਪਣੀ ਟੋਲੀ।
ਔਕਟੇਵੀਅਸ-:ਫਿਰ ਤਾਂ ਜਨਮ ਨਹੀਂ ਹੋਇਆ ਮੇਰਾ
ਤਲਵਾਰ ਤੇਰੀ ਦਾ ਬਣਾਂ ਸ਼ਿਕਾਰ।
ਬਰੂਟਸ-:ਓ, ਜੇ ਨਸਲ ਚੋਂ ਅਪਣੀ ਜੁਆਨਾਂ!
ਸਭ ਤੋਂ ਉੱਤਮ ਹੋਵੇਂ ਤੂੰ ਅਸੀਲ,
ਤਲਵਾਰ ਮੇਰੀ ਦੀ ਧਾਰ ਉਤਰਨਾ
ਅਤੀ ਉੱਤਮ ਹੋਵੇ ਤੇਰੀ ਵਡਿਆਈ।
ਕੈਸੀਅਸ-:ਇਹ ਖਿਝੀਅਲ ਜਿਹਾ ਪਾੜੂ ਮੁੰਡਾ,
ਬਹੁਰੂਪੀਏ ਯਾਸ਼ ਦਾ ਆੜੀ
ਕਾਬਲ ਨਹੀਂ ਹੈ ਏਸ ਮਾਣ ਦੇ।
ਐਨਟਨੀ-:ਰਿਹਾ ਨਾ ਓਹੀ ਪੁਰਾਣਾ ਕੈਸੀਅਸ!
ਔਕਟੇਵੀਅਸ-:ਆ ਐਨਟਨੀ! ਚੱਲੀਏ ਏਥੋਂ!-
ਸੁਣੋ ਗੱਦਾਰੋ! ਸਾਡੀ ਲਲਕਾਰ-
ਆਕੀ ਡਟੇ ਨੇ ਤੁਹਾਡੇ ਅੱਗੇ,
ਹਿੰਮਤ ਹੈ ਤੇ ਚੁੱਕੋ ਤਲਵਾਰ;
ਅੱਜ ਲੜਨੈ ਤਾਂ ਹੁਣੇ ਈ ਨਿੱਤਰੋ,
ਨਹੀਂ ਤਾਂ ਜਦ ਵੀ ਜੀ ਕਰੇ।
-ਔਕਟੇਵੀਅਸ, ਐਨਟਨੀ ਤੇ ਫੌਜ ਦਾ ਪ੍ਰਸਥਾਨ-
ਕੈਸੀਅਸ-:ਕਿਉਂ ਆਇਆ ਹੁਣ ਮਜ਼ਾ?
ਝੱਖੜ ਝੁੱਲਿਐ, ਕਾਂਗ ਚੜ੍ਹੀ ਐ
ਬੇੜੀ ਠਿੱਲੀ, ਘਿਰੀ ਤੂਫਾਨੀਂ ,
ਸਭਕੁਝ ਦਾਅ ਤੇ ਲੱਗਾ!
ਬਰੂਟਸ-:ਹੋ-ਲੂਸੀਲੀਅਸ ਹੋ-!ਸੁਣ ਜ਼ਰਾ,
ਗੱਲ ਕਰਨੀ ਐ ਤੇਰੇ ਨਾਲ।
ਲੂਸੀਅਸ-:ਜੀ, ਸਰਦਾਰ!
-ਬਰੂਟਸ ਤੇ ਲੂਸੀਲੀਅਸ ਗੱਲ ਕਰਦੇ ਹਨ-
ਕੈਸੀਅਸ-:ਮੈਸਾਲਾ!,-
ਮੈਸਾਲਾ-:ਜੀ ਸਰਦਾਰ!-
ਕੈਸੀਅਸ-:ਅੱਜ ਮੇਰਾ ਹੈ ਜਨਮ ਦਿਹਾੜਾ:
ਅੱਜ ਕੈਸੀਅਸ ਪੈਦਾ ਸੀ ਹੋਇਆ।
ਮਿਲਾ ਹੱਥ ਮੈਸਾਲਾ!ਬਣ ਗਵਾਹ ਤੂੰ ਮੇਰਾ:
ਅਪਣੀ ਰਜ਼ਾ ਵਿਰੁੱਧ, ਇੱਕ ਮੁਠਭੇੜ ਦੇ ਉੱਤੇ-
ਹੋਈ ਜਿਵੇਂ ਸੀ ਪੌਂਪੀ ਨਾਲ-
ਰਾਸ ਲੀਲਾ ਇਸ ਜੀਵਨ ਵਾਲੀ
ਤੇ ਸੰਪੂਰਨ ਆਜ਼ਾਦੀ-
ਸਭ ਕੁੱਝ ਲਾਣਾ ਪੈ ਗਿਐ ਦਾਅ ਉੱਤੇ ਅੱਜ!
ਤੈਨੂੰ ਪਤੈ ਜੀਵਨ ਭਰ ਮੈਂ
ਐਪੀਕਿਯੂਰਸ ਦਾ ਰਿਹਾ ਪੱਕਾ ਅਨੁਯਾਈ।
ਪਰ ਹੁਣ ਮੈਂ ਬਦਲ ਗਿਆ ਹਾਂ,
ਮੰਨਣ ਲੱਗਾਂ ਸ਼ਗਨ ਸ਼ਗੂਨ,
ਭਵਿੱਖ ਵੱਲ ਜੋ ਕਰਨ ਇਸ਼ਾਰੇ:
ਸਾਰਡੀਜ਼ ਤੋਂ ਚੱਲਣ ਲੱਗਿਆਂ,
ਪੁਰਾਣੇ ਸਾਡੇ ਪਰਚਮ ਉੱਤੇ,
ਬਾਜ਼ ਦੋ ਤੱਕੜੇ ਮਾਰ ਝਪੱਟਾ ਆ ਬੈਠੇ ਸੀ,
ਖਾਂਦੇ ਪੀਂਦੇ ਫੌਜੀਆਂ ਹੱਥੋਂ,
ਫਿਲਪੀ ਤੀਕਰ ਆ ਪੁਹੰਚੇ ਸੀ;
ਪਰ ਅੱਜ ਸਵੇਰੇ ਉਡ ਗਏ ਕਿਧਰੇ,
ਪਤਾ ਨਹੀਂ ਕਿੱਥੇ?
aੁੱਡਦੇ ਹੋਏ ਸਿਰਾਂ ਤੋਂ ਸਾਡੇ ਵੇਖ ਰਹੇ ਸੀ ਥੱਲੇ
ਸਾਨੂੰ ਭੁੱਖੀਆਂ ਨਜ਼ਰਾਂ ਨਾਲ਼-
ਜਿਵੇਂ ਅੱਧਮੋਏ ਸ਼ਿਕਾਰ ਉਨ੍ਹਾਂ ਦਾ ਹੋਈਏ:
ਪਰਛਾਵੇਂ ਉਨ੍ਹਾਂ ਦੇ ਲੱਗਦੇ ਛਤਰ ਕਜ਼ਾ ਦਾ
ਸਾਡੀ ਫੌਜ ਦੇ ਸਿਰ ਤੇ ਤਣਿਆ:
ਲਗਦਾ ਜਿਵੇਂ ਪਰੇਤ ਜੂਨ ਨੂੰ ਪ੍ਰਾਪਤ ਹੋਣੀ।
ਮੈਸਾਲਾ-:ਵਿਸ਼ਵਾਸ ਕਰੋ ਨਾਂ ਏਦਾਂ।
ਕੈਸੀਅਸ-:ਵਿਸ਼ਵਾਸ ਤਾਂ ਹੈ ਪਰ ਅੱਧ ਪਚੱਧਾ;
ਇਉਂ ਤਾਂ ਮੈਂ ਹਾਂ ਤਾਜ਼ਾ ਦਮ ਵੀ-
ਪੂਰਾ ਤਿਆਰ ਜੂਝਣ ਨੂੰ ਹਰ ਖਤਰੇ ਨਾਲ।
ਬਰੂਟਸ-:ਤਾਂ ਵੀ ਲੂਸੀਲੀਅਸ।
ਕੈਸੀਅਸ-:ਸੁਣ,ਅੱਤ ਕੁਲੀਨ ਬਰੂਟਸ ਪਿਆਰੇ!
ਦੇਵਤੇ ਅੱਜ ਮਿਹਰਬਾਨ ਨੇ ਸਾਡੇ ਉੱਤੇ
ਅਮਨ ਦੇ ਆਸ਼ਕ ਰਹਿਕੇ,
ਭੋਗੀਏ ਪੂਰੀਆਂ ਉਮਰਾਂ!
ਪਰ ਮਾਮਲੇ ਮਨੁੱਖਾਂ ਵਾਲੇ
ਰਹਿਣ ਸਦਾ ਹੀ ਡਾਵਾਂਡੋਲ,
ਅੱਤ ਮੰਦੇ ਨੂੰ ਰੱਖ ਨਿਗਾਹੇ,
ਜੋ ਕਦੇ ਵੀ ਵਾਪਰ ਸਕਦੈ,
ਸੋਚ ਸਮਝਕੇ ਚੱਲੀਏ ਆਪਾਂ ਫਿਰ ਅੱਗੇ ਨੂੰ ਵਧੀਏ।
ਹੱਥਲਾ ਯੁੱਧ ਜੇ ਹਾਰ ਗਏ ਤਾਂ,
ਇਹ ਸਮਾਂ ਕਦੇ ਨਹੀਂ ਮਿਲਣਾ,
ਜੋ ਕੁਝ ਕਹਿਣਾ ਸੁਨਣਾ ਆਪਾਂ,
ਇਹੋ ਪਲ ਹੈ ਆਖਰੀ ਮੌਕਾ:
ਦੱਸੋ ਫਿਰ ਕੀ ਤੁਹਾਡੀ ਮਰਜ਼ੀ,
ਕੀ ਕੀਤਾ ਏ ਪੱਕਾ ਇਰਾਦਾ?
ਬਰੂਟਸ-:ਜੋ ਅਸੂਲ ਦਰਸ਼ਨ ਦਾ ਕਹਿੰਦੈ,
ਜੀਹਦੇ ਲਈ ਖੁਦ ਕੈਟੋ ਨੂੰ ਹੀ
ਇਲਜ਼ਾਮ ਮੈਂ ਦਿੱਤਾ ਮੌਤ ਉਹਦੀ ਦਾ,
ਜੋ ਅਪਣੇ ਹੱਥੀਂ ਉਸ ਆਪ ਖਰੀਦੀ-
ਮੈਂ ਨਾ ਜਾਣਾਂ ਕਿਉਂ?-ਪਰ ਮੈਨੂੰ ਲਗਦੈ:
ਡਰ 'ਹੋਣੀ' ਦਾ ਅੱਤ ਕਮੀਨੀ ਕਾਇਰਤਾ ਹੁੰਦੀ-
ਮਤਲਬ ਹੈ ਜੀਹਦਾ ਅੰਤ ਸਮੇਂ ਨੂੰ ਡੱਕਨ ਦੀ ਕੋਸ਼ਿਸ਼।
ਮੈਂ ਤਾਂ ਬਸ ਨਾਲ ਸਬਰ ਦੇ ਵੇਖੀਂ ਜਾਵਾਂ, ਕਰਾਂ ਉਡੀਕ:
ਉੱਪਰ ਵਾਲਿਆਂ ਦੀ ਕੀ ਏ ਮਰਜ਼ੀ-
ਮਾਤ ਲੋਕ ਦੇ ਲੋਕਾਂ ਦੀ ਜੋ ਲਿਖਦੇ ਤਕਦੀਰ।
ਕੈਸੀਅਸ-:ਤਾਂ ਫਿਰ ਹਾਰ ਗਏ ਲੜਾਈ ਜੇ ਆਪਾਂ,
ਚੰਗਾ ਲੱਗੂ ਤੈਨੂੰ
ਵਿਜੇ ਜਲੂਸ ਚ ਰੋਮ ਦੀਆਂ ਸੜਕਾਂ ਉ ੱਤੇ,
ਬੰਦੀ ਬਣਕੇ ਟੁਰਨਾ?
ਬਰੂਟਸ-:ਨਾਂ, ਕੈਸੀਅਸ! ਨਹੀਂ-ਓ ਪ੍ਰਤਿਸ਼ਠਤ ਰੋਮਨ,
ਐਸਾ ਕਦੀ ਵੀ ਸੋਚੀਂ ਨਾਂ-
ਕਿ ਕਦੇ ਬਰੂਟਸ ਪਹਿਨ ਜ਼ੰਜੀਰਾਂ,
ਰੋਮਨ ਸੜਕੀਂ, ਚੱਲੂ ਬੰਦੀ ਬਣਕੇ-
ਏਨਾ ਨੀਵਾਂ ਗਿਰ ਨਹੀਂ ਸਕਦਾ,
ਮਨ ਏ ਉਹਦਾ ਬੜਾ ਮਹਾਨ।
ਪਰ ਮਾਰਚ ਈਦੇ ਕੰਮ ਜੋ ਛਿੜਿਆ
ਸਿਰੇ ਚਾੜ੍ਹਨਾ ਪੈਣੈ ਅੱਜ:
ਪਤਾ ਨਹੀਂ ਮੈਨੂੰ ਏਸ ਤੋਂ ਪਿੱਛੋਂ
ਫੇਰ ਕਦੇ ਮਿਲ ਸਕੀਏ ਆਪਾਂ,
ਹੁਣੇ ਆਖੀਏ ਇੱਕ ਦੂਜੇ ਨੂੰ ਸਦਾ ਲਈ ਅਲਵਿਦਾ।
ਸਦਾ ਲਈ ਅਲਵਿਦਾ-ਸਦਾ ਲਈ ਅਲਵਿਦਾ ਕੈਸੀਅਸ!
ਸੁੱਖੀਂ ਸਾਂਦੀਂ ਜੇ ਫੇਰ ਮਿਲ ਗਏ, ਹੱਸਾਂ ਗੇ ਮੁਸਕਾਵਾਂ ਗੇ;
ਨਹੀਂ ਤਾਂ ਮਿੱਤਰਾ!ਇਹ ਅਲਵਿਦਾ ਸਦੀਵੀ,
ਚੰਗੀ ਰਹਿ ਸੀ ਕਹੀ ਕਹਾਈ।
ਕੈਸੀਅਸ-:ਸਦਾ ਲਈ ਅਲਵਿਦਾ ਬਰੂਟਸ! ਸਦਾ ਲਈ ਅਲਵਿਦਾ;
ਮੁਸਕਾਵਾਂਗੇ ਸੱਚੀਂ, ਜੇ ਫੇਰ ਮਿਲਾਂ ਗੇ, ਨਹੀਂ ਤਾਂ ਮਿੱਤਰਾ!
ਸੱਚੀਂ ਮੁਚੀਂ ਚੰਗੀ ਰਹਿਣੀ ਕਹੀ ਕਹਾਈ-
ਇਹ ਅਲਵਿਦਾ ਸਦੀਵੀ।
ਬਰੂਟਸ-:ਚੱਲ ਫੇਰ ਕਰ ਅਗਵਾਈ ਹੋ ਕੇ ਅੱਗੇ:-
ਜੋ ਵੀ ਵੇਖੇ ਮੂੰਹ ਪਾਵੇ ਉਂਗਲਾਂ,
ਅੱਜ ਦੇ ਯੁੱਧ ਦਾ ਦੱਸੇ ਅੰਤ ਸ਼ਾਮ ਹੋਣ ਤੋਂ ਪਹਿਲਾਂ!
ਹਾਲੀਂ ਤਾਂ ਪਰ ਇਹੋ ਕਾਫੀ ਕਿ ਅੰਤ ਇਸ ਦਿਨ
ਦਾ ਪੱਕਾ ਹੋਣਾ; ਤੇ ਜਦ ਹੋ ਜਾ ਸੀ ਪਤਾ ਲੱਗ ਜੂ
ਜੋ ਵੀ ਹੋਇਆ।
ਚੱਲੋ-ਹੋ-! ਪਾਓ ਚਾਲੇ ਅੱਗੇ ਵੱਲ!
-ਪ੍ਰਸਥਾਨ-
ਸੀਨ-੨ - ਐਕਟ-੫
ਫਿਲਪੀ ਦਾ ਯੁੱਧ ਖੇਤਰ-
ਬਰੂਟਸ-:ਹੋ ਸਵਾਰ, ਸਰਪਟ ਭਜਾ ਲੈ ਘੋੜਾ ਮੈਸਾਲਾ!
ਦੇ ਹੁਕਮ ਜੋ ਲਿਖੇ ਪਰਚਿਆਂ ਉਤੇ,
ਦੂਜੇ ਪਾਸੇ ਫੌਜਾਂ ਨੂੰ:
(ਖਤਰੇ ਦੇ ਬਿਗਲ ਵਜਦੇ ਹਨ)
ਸਭ ਨੂੰ ਕਹੋ ਕਰਨ ਯਲਗ਼ਾਰ,ਪੈਣ ਟੁੱਟ ਕੇ ਹੋਕੇ ਕੱਠੇ;
ਔਕਟੇਵੀਅਸ ਵਾਲੇ ਪਾਸੇ ਮੈਨੂੰ ਕੰਮ ਠੰਢਾ ਹੀ ਲਗਦੈ-
ਅਚਾਨਕ ਇੱਕ ਕਰਾਰਾ ਧੱਕਾ ਪੈਰ ਹਲਾ ਦੂ, ਲੰਮੇ ਪਾ ਦੂ।
ਕਰ ਮੈਸਾਲਾ! ਸੁਆਰੀ-ਤੇਜ਼ ਤੱਰਾਰੀ:
ਆਖ ਉਨ੍ਹਾਂ ਨੂੰ 'ਕੱਠੇ ਬੋਲੋ ਹੱਲਾ'।
-ਪ੍ਰਸਥਾਨ-
ਸੀਨ-੩ - ਐਕਟ-੫
ਫਿਲਪੀ ਦੇ ਮੈਦਾਨ-
-ਯੁੱਧ ਖੇਤਰ ਦਾ ਇੱਕ ਹੋਰ ਹਿੱਸਾ-
-ਯੁੱਧ ਨਾਦ-ਕੈਸੀਅਸ ਤੇ ਟਿਟੀਨੀਅਸ ਦਾ ਪ੍ਰਵੇਸ਼-
ਕੈਸੀਅਸ-:ਓ ਵੇਖ, ਟਿਟੀਨਅਿਸ! ਵੇਖ ਕਾਇਰ ਨੱਸ ਰਹੇ ਨੇ!
ਮੈਂ ਤਾਂ ਆਪੂੰ ਅਪਣਾ ਵੈਰੀ ਹੋਇਆ;
ਜਦ ਵੇਖਿਆ ਪਿੱਠ ਵਿਖਾਉਂਦਾ ਪਰਚਮ ਬਰਦਾਰ
ਕਾਇਰ ਨੂੰ ਮੈਂ ਵੱਢ ਸੁੱਟਿਆ ਤੇ ਪਰਚਮ ਲਿਆ ਉਠਾ।
ਟਿਟੀਨੀਅਸ-:ਓ ਕੈਸੀਅਸ! ਬਰੂਟਸ ਕੀਤੀ ਕਾਹਲੀ
ਹੁਕਮ ਸੁਣਾਇਆ, ਹੱਲਾ ਬੁਲਵਾਇਆ:
ਔਕਟੇਵੀਅਸ ਵਾਲੇ ਪਾਸੇ ਕੁੱਝ ਲਾਭ ਮਿਲ ਗਿਆ ਸਾਨੂੰ,
ਕਾਹਲੀ ਕਾਹਲੀ ਹੱਥ ਜਾ ਪਾਇਆ:
ਲੁੱਟਣ ਪੈ ਗੀ ਫੌਜ ਓਧਰ:
ਐਧਰ ਐੇਨਟਨੀ ਚੜ੍ਹ ਅਇਆ,
ਚਾਰੇ ਪਾਸਿਓਂ ਘੇਰਾ ਪਾਇਆ,
ਹੋ ਗਏ ਅਸੀਂ ਸਾਰੇ ਲਾਚਾਰ।
-ਪ੍ਰਵੇਸ਼ ਪਿੰਡਾਰਸ-
ਪਿੰਡਾਰਸ:-ਹੋਰ ਹਟੋ ਪਿੱਛੇ ਸਰਕਾਰ!ਹੋਰ ਵੀ ਪਿੱਛੇ;
ਮਾਰਕ ਐਨਟਨੀ ਆ ਵੜਿਆ ਹੈ ਖੇਮੀਂ ਸਰਕਾਰ!
ਭੱਜੋ ਏਥੋਂ, ਕੁਲੀਨ ਕੈਸੀਅਸ! ਹੋਰ ਵੀ ਪਿੱਛੇ ਦੌੜੋ।
ਕੈਸੀਅਸ:-ਇਹ ਟੀਲਾ ਤਾਂ ਕਾਫੀ ਹੈ ਪਿੱਛੇ।
ਵੇਖ-ਵੇਖ, ਟਿਟੀਨੀਅਸ!
ਕੀ ਮੇਰੇ ਹੀ ਹਨ ਉਹ ਤੰਬੂ ਅੱਗ ਜਿਨ੍ਹਾਂ ਨੂੰ ਲੱਗੀ?
ਟਿਟੀਨੀਅਸ:-ਜੀ, ਸਰਦਾਰ! ਤੁਹਾਡੇ ਹੀ ਹਨ ਉਹ ਖੇਮੇ।
ਕੈਸੀਅਸ:-ਟਿਟੀਨੀਅਸ! ਜੇ ਤੈਨੂੰ ਹੈ ਪਿਆਰ ਮੇਰੇ ਨਾਲ
ਚੜ੍ਹ ਜਾ ਮੇਰੇ ਘੋੜੇ ਉੱਤੇ,
ਗੱਡ ਦੇ ਅੱਡੀਆਂ ਵੱਖੀਆਂ ਦੇ ਵਿੱਚ
ਤੇ ਹਵਾ ਵਾਕਰਾਂ ਮੁੜਕੇ ਆ,
ਤਸੱਲੀਬਖਸ਼ ਤੂੰ ਖਬਰ ਲਿਆ
ਔਹ ਪਰੇ ਫੌਜ ਹੈ ਜਿਹੜੀ ਦੁਸ਼ਮਣ ਹੈ ਕਿ ਦੋਸਤ?
ਟਿਟੀਨੀਅਸ:-ਮੈਂ ਤਾਂ ਗਿਆ ਕਿ ਆਇਆ ਸਰਦਾਰ!
-ਪ੍ਰਸਥਾਨ-
ਕੈਸੀਅਸ:-ਜਾ ਪਿੰਡਾਰਸ! ਉੱਚਾ ਚੜ੍ਹ ਏਸ ਟੀਲੇ ਦੇ ਉ ੱਤੇ,
ਜਿੱਥੋਂ ਤੈਨੂੰ ਟਿਟੀਨੀਅਸ ਨਜ਼ਰੀਂ ਆਵੇ:
ਜੋ ਵੀ ਵੇਖੇਂ ਦੱਸੀਂ ਮੈਨੂੰ, ਕੀ ਮੈਦਾਨੇ ਹੁੰਦਾ,
ਮੇਰੀ ਨਜ਼ਰ ਤਾਂ ਪਹਿਲੋਂ ਈ ਮੋਟੀ,
ਕੁਝ ਵੀ ਨਜ਼ਰ ਨਾ ਆਵੇ।
-ਪਿੰਡਾਰਸ ਪ੍ਰਸਥਾਨ ਕਰਦਾ ਹੈ-
ਅੱਜ ਦਿਹਾੜੇ ਮੈਂ ਪਹਿਲਾ ਸਾਹ ਲੀਤਾ ਇਸ ਜੱਗ ਦੇ ਉੱਤੇ,
ਸਮੇਂ ਦਾ ਚੱਕਰ ਪੂਰਾ ਚੱਲਕੇ ਪੁੱਜਾ ਓਸੇ ਥਾਂ ਤੇ-
ਜਿੱਥੋਂ ਮੇਰਾ ਆਦਿ ਸੀ ਹੋਇਆ,
ਓਥੇ ਅੰਤ ਅੱਜ ਹੋ ਸੀ-
ਇਸ ਜੀਵਨ ਦਾ ਚੱਕਰ ਅੱਜ ਤਾਂ ਬੱਸ ਸਮਾਪਤ ਦਿੱਸੇ।
-ਹਾਂ, ਬਈ ਵੱਡਿਆ! ਕੀ ਤੂੰ ਖਬਰ ਲਿਆਇਆ?
ਪਿੰਡਾਰਸ:-(ਉੱਪਰੋਂ) ਓਹ! ਮੇਰੇ ਸਰਦਾਰ!
ਕੈਸੀਅਸ:-ਕੀ ਖਬਰ ਹੈ?
ਪਿੰਡਾਰਸ:-ਟਿਟੀਨੀਅਸ ਘੇਰ ਲਿਆ ਹੈ ਘੁੜਸਵਾਰਾਂ
ਜੋ ਉਹਦੇ ਵੱਲ ਲਾਉਂਦੇ ਅੱਡੀਆਂ, ਹਮਲਾ ਕਰਦੇ;
ਪਰ ਉਹ ਵੀ ਅੱਡੀ ਲਾਈਂ ਜਾਵੇ:
ਹੁਣ ਤਾਂ ਚੜ੍ਹੇ ਨੇ ਬਿਲਕੁਲ ਉਹਦੇ ਉੱਤੇ;-
ਹੁਣ ਟਿਟੀਨੀਅਸ!--, ਤੇ ਹੁਣ ਕੁੱਝ ਉੱਤਰੇ:
ਓ! ਹੁਣ ਤਾਂ ਉਹ ਵੀ ਉੱਤਰ ਆਇਆ:-
ਹੋਇਆ ਗਿਰਫਤਾਰ:-ਤੇ ਸੁਣੋ ਜ਼ਰਾ!-
ਮਾਰ ਰਹੇ ਨੇ ਜੈਕਾਰੇ ਨਾਲ ਖੁਸ਼ੀ ਦੇ, ਨੱਚਦੇ ਟੱਪਦੇ।
(ਜੈਕਾਰਿਆਂ ਦਾ ਸ਼ੋਰ)
ਕੈਸੀਅਸ:-ਆ ਜਾਂ ਥੱਲੇ, ਵੇਖ ਨਾਂ ਹੋਰ।
ਓਹ! ਕਿੱਡਾ ਵੱਡਾ ਕਾਇਰ ਹਾਂ ਮੈਂ!
ਜੀਂਦੇ ਜੀ ਵੇਖ ਲਿਆ ਮੈਂ ਤਾਂ,
ਸਭ ਤੋਂ ਚੰਗਾ ਮਿੱਤਰ ਮੇਰਾ
ਬੰਦੀ ਬਣਦਾ ਅੱਖਾਂ ਸਾਹਵੇਂ!
-ਪ੍ਰਵੇਸ਼ ਪਿੰਡਾਰਸ-
ਐਧਰ ਆ ਬਈ ਵੱਡਿਆ!
ਪਾਰਥੀਆ ਵਿੱਚ ਮੈਂ ਬਣਾਇਆ ਬੰਦੀ ਤੈਨੂੰ, ਹੈਂ ਕਿ ਨਾਂ?
ਤੇ ਕਸਮ ਖੁਆਈ, ਬਖਸ਼ੀ ਜਾਨ-
ਕਿ ਹੁਕਮ ਮੇਰਾ ਬਜਾਏਂ ਗਾ ਤੂੰ:
ਆ ਜਾ ਫਿਰ ਹੁਣ ਕਸਮ ਨਿਭਾ-
ਜਾਹ ਕੀਤਾ ਤੈਨੂੰ ਆਜ਼ਾਦ;
ਓਹੀ ਤਿੱਖੀ ਤਲਵਾਰ ਉਤਾਰ ਛਾਤੀ ਵਿੱਚ ਮੇਰੀ,
ਸੀਜ਼ਰ ਦੀਆਂ ਆਂਦਰਾਂ ਜਿਸ ਦਿੱਤੀਆਂ ਸੀ ਫਾੜ।
ਉੱਤਰ ਦੇਣ ਲਈ ਰੁਕਣ ਦੀ ਲੋੜ ਨਹੀਂ ਹੈ:
ਆਹ ਲੈ ਫੜ ਏਸਦਾ ਕਬਜ਼ਾ;
ਪਰ ਕੱਜਣ ਦੇ ਚਿਹਰਾ ਪਹਿਲਾਂ-
ਵੇਖ ਜਿਵੇਂ ਮੈਂ ਕੱਜ ਲਿਆ ਹੈ-
ਹੁਣ ਉਤਾਰ ਸਿੱਧੀ ਤਲਵਾਰ ਵਿੱਚ ਸੀਨੇ ਦੇ ਮੇਰੇ।-
ਸੀਜ਼ਰ! ਬਦਲਾ ਤੇਰਾ ਹੋਇਆ ਪੂਰਾ ਨਾਲ ਉਸੇ ਤਲਵਾਰ
ਜੀਹਨੇ ਲਈ ਸੀ ਤੇਰੀ ਜਾਨ।
-ਮਰ ਜਾਂਦਾ ਹੈ-
ਪਿੰਡਾਰਸ-:ਏਦਾਂ ਮੈਂ ਹੋਇਆਂ ਆਜ਼ਾਦ!
ਪਰ ਮੈਂ ਇੰਜ ਕਦੇ ਨਾ ਕਰਦਾ-
ਜੇ ਮੰਨੀ ਜਾਂਦੀ ਮੇਰੀ।
ਓ ਕੈਸੀਅਸ! ਦੇਸ਼ ਏਸ ਤੋਂ ਦੂਰ ਜਾਵਾਂ ਗਾ ਦੌੜ,
ਜਿੱਥੇ ਕੋਈ ਰੋਮ ਦਾ ਵਾਸੀ ਪਛਾਣੂੰ ਕਦੇ ਨਾ ਮੈਨੂੰ।
-ਪ੍ਰਸਥਾਨ ਕਰਦਾ ਹੈ-
-ਟਿਟੀਨੀਅਸ ਤੇ ਮੈਸਾਲੇ ਦਾ ਮੁੜ ਪ੍ਰਵੇਸ਼-
ਮੈਸਾਲਾ-:ਟਿਟੀਨੀਅਸ! ਇਹ ਤਾਂ ਹੈ ਬੱਸ ਬਦਲਾ ਸ਼ਦਲਾ;
ਸਰਦਾਰ ਬਰੂਟਸ ਦੀ ਸ਼ਕਤੀ ਨੇ
ਔਕਟੇਵੀਅਸ ਤਾਈਂ ਧੂਲ ਚਟਾਈ,
ਜਿਵੇਂ ਕੈਸੀਅਸ ਦੀਆਂ ਫੌਜਾਂ ਨੂੰ
ਐਨਟਨੀ ਮਾਰ ਭਜਾਇਆ।
ਟਿਟੀਨੀਅਸ-:ਇਹੋ ਖਬਰਾਂ ਧਰਵਾਸ ਦੇਣ ਗੀਆਂ
ਕੈਸੀਅਸ ਤਾਈਂ ਪੂਰਾ।
ਮੈਸਾਲਾ-:ਕਿੱਥੇ ਤੂੰ ਸੀ ਛੱਡਿਆ ਉਹਨੂੰ?
ਟਿਟੀਨੀਅਸ-:ਨਿੰਮੋਝੂਣਾ ਤੇ ਉਪਰਾਮ,
ਗ਼ੁਲਾਮ ਪਿੰਡਾਰਸ ਨਾਲ,
ਛੱਡਿਆ ਸੀ ਇਸ ਟੀਲੇ ਉੱਤੇ।
ਮੈਸਾਲਾ-:ਕੀ ਉਹ ਪਿਆ ਨੀ ਧਰਤੀ ਉੱਤੇ?
ਟਿਟੀਨੀਅਸ-:ਜਿਉਂਦਿਆਂ ਵਾਂਗ ਪਿਆ ਨਹੀਂ ਉਹ।
ਹਾਏ! ਮੇਰਾ ਦਿਲ!
ਮੈਸਾਲਾ-:ਕੀ ਓਹੀਓ ਨਹੀਂ ਹੈ ਇਹ?
ਟਿਟੀਨੀਅਸ-:ਨਹੀਂ ਮੈਸਾਲਾ! ਹੈ ਤਾਂ ਉਹੀਓ-
ਪਰ ਜ਼ਿੰਦਾ ਨਹੀਂ ਹੈ ਕੈਸੀਅਸ-
ਓ ਛਿਪਦੇ ਸੂਰਜ!
ਜਿਵੇਂ ਅਪਣੀਆਂ ਸੁਰਖ ਕਿਰਨਾਂ ਵਿੱਚ
ਡੁੱਬ ਰਿਹੈਂ ਤੂੰ ਅੱਜ ਦੀ ਰਾਤ:
ਓਵੇਂ ਲਾਲ ਲਹੂ ਚ ਆਪਣੇ
ਕੈਸੀਅਸ ਦਾ ਦਿਨ ਡੁੱਬ ਗਿਆ ਏ,-
ਰੋਮ ਦਾ ਸੂਰਜ ਡੁੱਬ ਗਿਆ ਏ!
ਸਾਡਾ ਦਿਨ ਵੀ ਲੱਥ ਗਿਆ ਏ;
ਘਿਰੇ ਨੇ ਬੱਦਲ, ਤਰੇਲਾਂ ਪਈਆਂ,
ਭਿਆਨਕ ਖਤਰੇ ਉੱਤਰ ਆਏ ਨੇ;
ਸਾਡੇ ਵੀ ਸਭ ਕਾਰਜ ਮੁੱਕੇ!
ਸਵੈ-ਵਿਸ਼ਵਾਸ ਦੀ ਕਮੀ ਨੇ ਮੇਰੀ
ਸ਼ਾਇਦ ਇਹ ਕਾਰਾ ਹੈ ਕੀਤਾ।
ਮੈਸਾਲਾ-:ਚੰਗੀ ਸਫਲਤਾ ਦੇ ਅਵਿਸ਼ਵਾਸ,
ਕਰ ਦਿੱਤਾ ਇਹ ਕਾਰਾ!
ਆਹ! ਓ, ਘਿਰਣਤ ਗਲਤੀ-
ਸੋਗੀ ਦਿਲਗੀਰੀ ਦੀ ਦੁਖਤਰ!-
ਸਿੱਧੀ ਸੋਚ ਕਿਉਂ ਪਾਏਂ ਕੁਰਾਹੇ,
ਕਿਓਂ ਵਿਖਾਵੇਂ ਐਸੇ ਸੁਪਨੇ,
ਜੋ ਸਾਕਾਰ ਕਦੇ ਨਹੀਂ ਹੁੰਦੇ?
ਆਹ! ਓ ਗ਼ਲਤੀ, ਭਰਮ ਭੁਲੇਖਾ!-
ਤੇਜ਼ਗਾਮ ਪ੍ਰਵੇਸ਼ ਹੈ ਤੇਰਾ ਗਰਭ ਦੁਆਰੇ;
ਪਾਏਂ ਡੇਰਾ ਪੱਕਾ ਓਥੇ, ਜਨਮ ਲਵੇਂ ਨਾਂ:
ਮਾਰ ਦੇਵੇਂ ਮਾਂ ਬੇਚਾਰੀ ਜਿਸ ਧਾਰਿਆ ਤੈਨੂੰ!
ਟਿਟੀਨੀਅਸ-:ਪਿੰਡਾਰਸ! ਓ ਪਿੰਡਾਰਸ! ਕਿੱਥੇ ਹੈਂ ਤੂੰ?
ਮੈਸਾਲਾ-:ਤੂੰ ਲੱਭ ਓਸਨੂੰ ਟਿਟੀਨੀਅਸ!
ਮੈਂ ਜਾਨਾਂ ਸਰਦਾਰ ਬਰੂਟਸ ਵੱਲੇ,
ਠੋਸਣ ਇਹ ਇਤਲਾਅ ਉਹਦੇ ਕੰਨੀਂ-
'ਠੋਸਣ' ਸ਼ਬਦ ਪ੍ਰਯੋਗ ਕਰਾਂ ਏਸ ਲਈ:
ਮਾਰੂ ਫੌਲਾਦ, ਤੀਰ ਜ਼ਹਿਰੀਲੇ, ਉਹਦੇ ਕੰਨਾਂ ਖਾਤਰ
ਮਿੱਠੇ ਹੋਸਨ ਕਿਤੇ ਜ਼ਿਆਦਾ ਏਸ ਖਬਰ ਦੇ ਨਾਲੋਂ।
ਟਿਟੀਨੀਅਸ-:'ਰੱਬ ਰਾਖਾ', ਮੈਸਾਲਾ!
-ਮੈਸਾਲਾ ਜਾਂਦਾ ਹੈ-
ਓਨਾਂ ਚਿਰ ਮੈਂ ਲੱਭਦਾਂ ਪਿੰਡਾਰਸ।
'ਵੀਰ' ਕੈਸੀਅਸ! ਕਿਉਂ ਘੱਲਿਆਂ ਸੀ ਏਥੋਂ ਮੈਨੂੰ?
ਕੀ ਮੈਂ ਮਿਲਿਆ ਨਾ ਸੀ ਤੇਰੇ ਮਿੱਤਰਾਂ ਤਾਂਈਂ?
ਕੀ ਇਹ ਜੈ ਮਾਲਾ ਮੇਰੇ ਮੱਥੇ ਨਹੀਂ ਧਰੀ ਸੀ ਉਹਨਾਂ
ਤਾਂ ਜੋ ਦੇ ਦੇਵਾਂ ਮੈਂ ਤੈਨੂੰ ਫਤਿਹ ਦਾ ਸੁੱਖ ਸੁਨੇਹਾ?
ਸੁਣੇ ਨਹੀਂ ਸਨ ਤੈਨੂੰ ਉਹਨਾਂ ਦੇ ਜੈਕਾਰੇ?
ਸਦ ਅਫਸੋਸ! ਤੂੰ ਤਾਂ ਸਭ ਕੁਝ ਗ਼ਲਤ ਸਮਝਿਆ।
ਪਰ ਠਹਿਰ ਜ਼ਰਾ, ਲੈ ਫੜ ਅਪਣਾ ਹਾਰ, ਧਰ ਮੱਥੇ ਤੇ-
ਤੇਰੇ ਮਿੱਤਰ ਬਰੂਟਸ ਹੁਕਮ ਸੀ ਕੀਤਾ,
ਦੇ ਦੇਵਾਂ ਇਹ ਤੈਨੂੰ, ਤੇ ਮੈਂ ਕਰਦਾਂ ਤਾਮੀਲ ਹੁਕਮ ਦੀ।
ਝਬਦੇ ਆ ਬਰੂਟਸ! ਆ ਕੇ ਵੇਖ ਜ਼ਰਾ
ਕਿਵੇਂ ਕੀਤੈ ਸਤਿਕਾਰ ਮੈਂ 'ਵੀਰ' ਕਾਇਸ ਕੈਸੀਅਸ ਦਾ;-
ਇਜਾਜ਼ਤ ਹੋਵੇ ਦੇਵਗਣ ਤੁਹਾਡੀ,
ਰੋਮਨ ਹੋਣ ਦਾ ਫਰਜ਼ ਨਿਭਾਵਾਂ-
ਕੈਸੀਅਸ ਦੀ ਸ਼ਮਸ਼ੀਰ ਸੁਆਗਤ,
ਟਿਟੀਨੀਅਸ ਦੇ ਉਤਰ ਦਿਲ ਵਿੱਚ।
-ਮਰ ਜਾਂਦਾ ਹੈ-
-ਖਤਰੇ ਦਾ ਬਿਗਲ ਵੱਜਦਾ ਹੈ-ਮੈਸਾਲੇ ਨਾਲ ਬਰੂਟਸ,
ਜਵਾਂਸਾਲ ਕੇਟੋ, ਸਟਰੇਟੋ ਵਾਲਯੂਮੀਨੀਅਸ
ਤੇ ਲੂਸੀਲੀਅਸ ਦਾ ਪ੍ਰਵੇਸ਼-
ਬਰੂਟਸ-:ਕਿੱਥੇ ਮੈਸਾਲਾ! ਪਈ ਹੈ ਉਹਦੀ ਲਾਸ਼?
ਮੈਸਾਲਾ-:ਔਹ ਪਰੇ; ਤੇ ਟਿਟੀਨੀਅਸ
ਕਰ ਰਿਹੈ ਵਿਰਲਾਪ।
ਬਰੂਟਸ-:ਟਿਟੀਨੀਅਸ ਦਾ ਮੂੰਹ ਤੇ ਉੱਪਰ ਵੱਲ ਹੈ।
ਗੱਬਰੂ ਕੇਟੋ-:ਉਹ ਤੇ ਕਤਲ ਪਿਆ ਹੈ ਹੋਇਆ।
ਬਰੂਟਸ-:ਓ ਜੂਲੀਅਸ ਸੀਜ਼ਰ!
ਤੂੰ ਹਾਲੀਂ ਵੀ ਸ਼ਕਤੀਵਰ ਹੈਂ!
ਆਤਮਾ ਤੇਰੀ ਫਿਰੇ ਆਵਾਰਾ,
ਸਾਡੇ ਢਿੱਡੀਂ ਧੱਕੀਂ ਜਾਵੇ ਸਾਡੀਆਂ ਹੀ ਤਲਵਾਰਾਂ।
-ਖਤਰੇ ਦੇ ਬਿਗਲ ਦੀ ਧੀਮੀ ਆਵਾਜ਼-
ਗੱਬਰੂ ਕੇਟੋ-:ਵੇਖੋ- 'ਵੀਰ' ਟਿਟੀਨੀਅਸ!-
ਵੇਖੋ ਇਹਨੇ ਕਿੱਦਾਂ ਕੈਸੀਅਸ ਨੂੰ ਜੈਮਾਲਾ ਪਹਿਨਾਈ!
ਬਰੂਟਸ-:ਹੈ ਸਨ ਕੋਈ ਦੋ ਰੋਮਨ ਜ਼ਿੰਦਾ ਏਨ੍ਹਾਂ ਵਰਗੇ?
ਰੋਮਨਾਂ ਦੇ ਸਿਰਤਾਜ ਰੋਮਨੋ! ਅਲਵਿਦਾ ਤੁਹਾਨੂੰ!
ਸੰਭਵ ਨਹੀਂ ਫਿਰ ਪੈਦਾ ਹੋਸੀ ਰੋਮ ਚ ਤੁਹਾਡਾ ਸਾਨੀ।
ਮਿੱਤਰੋ! ਮੈਂ ਰਿਣੀ ਬੜਾ ਹੰਝੂਆਂ ਦਾ,
ਦੇਣੇ ਇਸ ਮਿੱਤਰ ਨੂੰ
ਪਰ ਹੁਣ ਵਕਤ ਨਹੀਂ ਮੇਰੇ ਕੋਲ,
ਵਿਖਾ ਨਹੀਂ ਸਕਦਾ ਤੁਹਾਨੂੰ-
ਪਰ ਕੈਸੀਅਸ! ਮੈਂ ਵਕਤ ਕੱਢਾਂ ਗਾ,
ਕੱਢੂੰ ਸਮਾਂ ਜ਼ਰੂਰ।-
ਏਸ ਲਈ ਹੁਣ ਚੱਲੋ ਏਥੋਂ,ਇਹਦੀ ਲਾਸ਼ ਨੂੰ ਭੇਜੋ ਥੈਸੋਸ!
ਕਿਰਿਆ ਕਰਮ ਨਹੀਂ ਕਰਨਾ ਪੜਾਅ ਤੇ-
ਤਾਂ ਜੋ ਤਕਲੀਫ ਨਾਂ ਹੋਵੇ ਸਭ ਨੂੰ।
ਲੂਸੀਲੀਅਸ! ਆ, ਤੇ ਕੇਟੋ ਗਭਰੇਟ!ਤੂੰ ਵੀ ਆ;
ਚੱਲੀਏ ਆਪਾਂ ਮੈਦਾਨਿ ਜੰਗ ਨੂੰ।-
ਲੇਬੀਓ ਤੇ ਫਲਾਵੀਅਸ! ਵਧਾਓ ਅੱਗੇ ਫੌਜਾਂ:-
ਤਿੰਨ ਵੱਜੇ ਨੇ ਹੁਣ; ਓ ਰੋਮਨ ਵੀਰੋ!ਰਾਤ ਪੈਣ ਤੋਂ ਪਹਿਲਾਂ,
ਕਰ ਕੇ ਦੂਜਾ ਹੱਲਾ ਕਿਸਮਤ ਅਜ਼ਮਾਈਏ ਆਪਾਂ।
-ਪ੍ਰਸਥਾਨ-
ਸੀਨ-੪ - ਐਕਟ-੫
ਮੈਦਾਨਿ ਜੰਗ ਦਾ ਹੋਰ ਹਿੱਸਾ-
-ਜੰਗੀ ਬਿਗਲ ਵੱਜਦੇ ਹਨ; ਦੋਵਾਂ ਧਿਰਾਂ ਦੇ ਸਿਪਾਹੀ ਜੂਝ ਰਹੇ ਹਨ;
ਬਰੂਟਸ, ਗੱਭਰੂ ਕੇਟੋ, ਲੂਸੀਲੀਅਸ ਤੇ ਹੋਰਾਂ ਦਾ ਪ੍ਰਵੇਸ਼-
ਬਰੂਟਸ-:ਕੁੱਝ ਨਹੀਂ ਵਿਗੜਿਆ ਹਾਲੇ ਮਿੱਤਰੋ! ਵਕਤ ਸੰਭਾਲੋ,
ਕਰ ਲੋ ਉੱਚੀਆਂ ਧੌਣਾਂ!
ਹੈ ਕੋਈ ਹਰਾਮੀ ਐਸਾ, ਜੋ ਕਰੇ ਨਾ ਉੱਚੀ ਧੌਣ?
ਹੈ ਕੋਈ ਜੋ ਆਉਂਦੈ ਮੇਰੇ ਨਾਲ?
ਮੈਦਾਨਿ ਜੰਗ ਚ ਖੜਾ ਕਰਾਂ ਐਲਾਨ:-
ਮਾਰਕ ਕੇਟੋ ਦਾ ਪੁੱਤ ਲਲਕਾਰੇ, ਹੋ!-
ਜਾਬਰਾਂ ਦਾ ਦੁਸ਼ਮਣ ਜਾਨੀ,
ਪਰ ਦੇਸ਼ ਦਾ ਅਪਣੇ ਮਿੱਤਰ;
ਮਾਰੇ ਲਲਕਾਰੇ ਪੁੱਤ ਕੇਟੋ ਦਾ-ਹੋ-!
-ਦੁਸ਼ਮਣ ਨੂੰ ਟੁੱਟ ਕੇ ਪੈ ਜਾਂਦਾ ਹੈ-
ਬਰੂਟਸ-:ਤੇ ਮੈਂ ਬਰੂਟਸ-ਮਾਰਕਸ ਬਰੂਟਸ-
ਦੇਸ਼ ਪ੍ਰੇਮੀ ਬਰੂਟਸ ਹਾਂ ਮੈਂ;
ਪਹਿਚਾਣੋ ਅੱਜ ਬਰੂਟਸ ਤਾਈਂ !
-ਹਮਲਾ ਕਰਦਾ ਹੈ। ਜਵਾਂਸਾਲ ਕੇਟੋ ਕਾਬੂ ਆ ਜਾਂਦਾ ਹੈ।
ਓਹ ਧਰਾਸ਼ਾਹੀ ਹੋ ਜਾਂਦਾ ਹੈ।
ਲੂਸੀਅਸ-:ਆਹ, ਓ ਜਵਾਨ ਜਹਾਨ ਕੇਟੋ!
ਡਿੱਗ ਪਿਆ ਹੈਂ ਧਰਤੀ?
ਟਿਟੀਨੀਅਸ ਵਾਂਗੂੰ ਤੂੰ ਵੀ
ਵੀਰਗਤੀ ਨੂੰ ਪ੍ਰਾਪਤ ਹੋਇਆ;
ਸ਼ਾਇਦ ਮਿਲੇ ਸਨਮਾਨ ਵੀ ਤੈਨੂੰ
ਕੇਟੋ ਦਾ ਪੁੱਤਰ ਜਿਉਂ ਹੋਇਆ।
ਸ਼ਹਿਰੀ-੧-:ਬੰਦੀ ਹੋ, ਜਾਂ ਮਰਦਾ ਹੋ!
ਲੂਸੀਅਸ-:ਬੰਦੀ ਬਣਾਂ ਕਿਉਂ ਮਰਨ ਦੀ ਖਾਤਰ?
ਮਾਰ ਤਤਕਾਲ ਤੂੰ ਮੈਨੂੰ, ਲੁੱਟ ਲੈ ਮਾਲ।
(ਧਨ ਪੇਸ਼ ਕਰਦੈ)
ਹੁਣੇ ਮਾਰ ਬਰੂਟਸ ਤਾਈਂ,ਖੱਟ ਨਾਮਣਾ ਮਾਰ ਕੇ ਮੈਨੂੰ।
ਸ਼ਹਿਰੀ-੧-:ਏਦਾਂ ਅਸੀਂ ਨਹੀਂ ਕਰਨਾ,
ਹੁਕਮ ਨਹੀਂ ਹੈ ਸਾਨੂੰ-
ਸਰਦਾਰਾਂ ਨੂੰ ਕੈਦ ਹੈ ਕਰਨਾ!
ਸਿਪਾਹੀ-੨-:ਰਸਤਾ ਛੱਡੋ, ਛੀੜ ਕਰੋ-ਹੋ!-
ਐਨਟਨੀ ਨੂੰ ਦੱਸੋ ਜਾਕੇ ਬਰੂਟਸ ਗਿਆ ਹੈ ਫੜਿਆ।
ਸ਼ਹਿਰੀ-੧-:ਮੈਂ ਦੇਨਾਂ ਇਤਲਾਹ।-
ਜਰਨੈਲ ਗਿਆ ਹੈ ਆਪ ਹੀ ਆ।
-ਪ੍ਰਵੇਸ਼ ਐਨਟਨੀ-
ਬਰੂਟਸ ਫੜ ਲਿਆ-ਫੜਿਆ ਗਿਆ ਬਰੂਟਸ,ਸਰਕਾਰ!
ਐਨਟਨੀ-:ਕਿੱਥੇ ਹੈ ਉਹ?
ਲੂਸੀਅਸ-:ਸੁਰੱਖਿਅਤ ਐਨਟਨੀ! ਬਿਲਕੁਲ ਸੁਰੱਖਿਅਤ ਹੈ ਬਰੂਟਸ:
ਜੁੱਰਅਤ ਕਰ ਵਿਸ਼ਵਾਸ ਦਿਲਾਵਾਂ
ਕੋਈ ਦੁਸ਼ਮਣ ਛੂਹ ਨਾ ਸੱਕੇ ਜ਼ਿੰਦਾ ਬਰੂਟਸ ਤਾਈਂ-
ਵੀਰ ਬੜਾ ਹੈ, ਬੜਾ ਹੀ ਭੱਦਰ ਉਹ ਜੀਆਲਾ:
ਰੱਖਿਆ ਕਰਨ ਦੇਵਤੇ ਉਸਦੀ ਏਸ ਜ਼ਲਾਲਤ ਕੋਲੋਂ!
ਜਦ ਵੀ ਮਿਲਿਆ ਮਿਲੂਗਾ ਤੈਨੂੰ ਜ਼ਿੰਦਾ ਜਾਂ ਫਿਰ ਮੁਰਦਾ,
ਬਰੂਟਸ ਵਾਂਗੂ ਮਿਲੂ ਬਰੂਟਸ, ਤੜਕ ਭੜਕ ਨਹੀਂ ਪੈਣੀ ਮੰਦੀ।
ਐਨਟਨੀ-:ਇਹ ਬਰੂਟਸ ਨਹੀਂ ਹੈ ਮਿੱਤਰ!
ਪਰ ਮੈਂ ਯਕੀਨ ਦਿਲਾਵਾਂ ਤੈਨੂੰ,
ਇਨਾਮ ਮਿਲੂਗਾ ਓਨਾ ਹੀ ਏਹਦਾ:
ਇਹਨੂੰ ਰੱਖੋ ਸੁਰੱਖਿਆ ਨਾਲ,
ਦੇਖ ਭਾਲ ਤੁਸੀਂ ਕਰਨੀ ਪੂਰੀ;
ਦੁਸ਼ਮਣ ਨਾਲੋਂ ਮਿੱਤਰ ਚੰਗੇ ਅਜੇਹੇ ਬੰਦੇ ਮੇਰੇ।
ਜਾਓ ਲੱਭੋ ਬਰੂਟਸ ਤਾਈਂ, ਜ਼ਿੰਦਾ ਹੈ ਜਾਂ ਮੋਇਆ,
ਦਿਓ ਇਤਲਾਹ ਲਿਆਕੇ ਮੈਨੂੰ ਔਕਟੇਵੀਅਸ ਵਾਲੇ ਤੰਬੂ,
ਕਿ ਕਿਵੇਂ, ਕਿੱਥੇ, ਕੀ ਕੀ ਹੋਈਂ ਜਾਂਦੈ।
ਸੀਨ-੫ - ਐਕਟ-੫
ਮੈਦਾਨ ਦਾ ਇੱਕ ਹੋਰ ਹਿੱਸਾ।
-ਪ੍ਰਵੇਸ਼ ਬਰੂਟਸ, ਡਾਰਡੇਨੀਅਸ, ਕਲੀਟਸ, ਸਟਰੇਟੋ ਤੇ
ਵੌਲਯੂਮੀਨੀਅਸਬਰੂਟਸ-:
ਬਰੂਟਸ-:ਬਚਿਓ ਖੁਚਿਓ,ਬੇਚਾਰੇ ਮਿੱਤਰੋ!
ਆਓ ਬੈਠੋ; ਕਰੋ ਅਰਾਮ ਇਸ ਪੱਥਰ ਉੱਤੇ।
ਕਲੀਟਸ-:ਸਟਾਟੀਲੀਅਸ ਮਸ਼ਾਲਚੀ ਸੀ ਜੋ ਰਾਹ ਵਿਖਾਵਣ ਵਾਲਾ,
ਮਾਲਿਕ! ਮੁੜਕੇ ਨਹੀਂ ਉਹ ਆਇਆ:
ਆਜ਼ਾਦ ਹੈ ਜਾਂ ਬੰਦੀ ਬਣਿਆ
ਜਾਂ ਫਿਰ ਕਤਲ ਉਹ ਹੋਇਆ-
ਕੋਈ ਪਤਾ ਨਹੀਂ ਲੱਗਾ-।
ਬਰੂਟਸ-:ਆ ਬੈਠ ਕਲੀਟਸ ਏਥੇ! 'ਕਤਲ' ਸ਼ਬਦ ਹੀ ਸਹੀ ਹੈ;
ਕਤਲ ਕਰਨਾ ਤਾਂ ਰਵਾਜ ਬਣ ਗਿਐ।
ਆ ਜ਼ਰਾ ਹੁਣ ਗੱਲ ਸੁਣ ਮੇਰੀ-(ਕੰਨ ਚ ਕੁੱਝ ਕਹਿੰਦਾ ਹੈ)
ਕਲੀਟਸ-:ਕੀ ਆਖਿਆ? ਮੈਂ, ਸਰਕਾਰ? ਨਾਂ-ਨਾਂ, ਕਦੇ ਵੀ ਨਾਂ-
ਸਾਰੀ ਮਿਲਦੀ ਹੋਵੇ ਦੁਨੀਆਂ-ਤਾਂ ਵੀ ਨਾਂ।
ਬਰੂਟਸ-:ਸ਼ਾਂਤ, ਤਾਂ ਫਿਰ ਠੰਢ ਰੱਖ; ਕੁੱਝ ਨਾ ਬੋਲ।
ਕਲੀਟਸ-:ਉਲਟ ਏਸ ਦੇ ਆਪਣੇ ਆਪ ਨੂੰ ਮਾਰ ਲਵਾਂ ਮੈਂ!
ਬਰੂਟਸ-:ਦਰਦੇਨੀਅਸ! ਤੂੰ ਸੁਣ ਜ਼ਰਾ-
(ਕੰਨ ਚ ਕੁੱਝ ਕਹਿੰਦਾ ਹੈ)
ਦਰਦੇਨੀਅਸ-:ਅਜੇਹੀ ਕਰਾਂ ਮੈਂ ਕਰਤੂਤ?
ਕਲੀਟਸ-:ਓ ਦਰਦੇਨੀਅਸ!
ਦਰਦੇਨੀਅਸ-:ਓ ਕਲੀਟਸ!
ਕਲੀਟਸ-:ਕਿਹੜੀ ਕੋਝੀ-ਕਿਹੜੀ ਮਾੜੀ-
ਕਰੇ ਬੇਨਤੀ ਬਰੂਟਸ ਤੈਨੂੰ?
ਦਰਦੇਨੀਅਸ-:ਕਹਿੰਦੈ ਕਤਲ ਕਰਾਂ ਮੈਂ ਉਹਨੂੰ।
ਵੇਖ ਕਲੀਟਸ! ਉਹ ਧਿਆਨ ਮਗਨ ਹੈ।
ਕਲੀਟਸ-:ਕੁਲੀਨ ਪਿਆਲਾ ਗ਼ਮ ਦਾ ਭਰਿਆ-
ਪਲਕਾਂ ਉਪਰੋਂ ਛਲਕ ਰਿਹਾ ਹੈ।
ਬਰੂਟਸ-:ਐਧਰ ਆ ਵੌਲਯੂਮੀਨਸ ਭਲਿਆ! ਸੁਣ ਮੇਰੀ ਇੱਕ ਗੱਲ-
ਵੌਲਯੂਮੀਨਸ-:ਹੁਕਮ ਕਰੇ ਮੇਰੇ ਸਰਦਾਰ?
ਬਰੂਟਸ-:ਸੁਣ ਵੌਲਯੂਮੀਨਸ! ਗੱਲ ਹੈ ਏਦਾਂ:
ਪਰੇਤ ਸੀਜ਼ਰ ਦਾ ਨਜ਼ਰੀਂ ਆਇਐ ਰਾਤੀਂ,
ਵੱਖੋ ਵੱਖਰੇ ਮੌਕਿਆਂ ਉੱਤੇ,ਵੱਖੋ ਵੱਖਰੀ ਥਾਈਂ;
ਪਹਿਲਾਂ ਸਾਰਡੀਜ਼ ਨਾਜ਼ਲ ਹੋਇਆ,
ਰਾਤੀਂ ਫਿਲਪੀ ਦੇ ਮੈਦਾਨੀਂ:ਮੈਂ ਜਾਣਦਾਂ ਆ ਗਿਐ ਮੇਰਾ ਵੇਲਾ।
ਵੌਲਯੂਮੀਨਸ-:ਐਸਾ ਨਹੀਂ ਹੈ ਮੇਰੇ ਸਰਦਾਰ।
ਬਰੂਟਸ-:ਨਹੀਂ, ਮੈਨੂੰ ਵਿਸ਼ਵਾਸ ਏ ਪੱਕਾ, ਏਦਾਂ ਹੀ ਹੈ ਹੋਣਾ;
ਵੇਖ ਵੌਲਯੂਮੀਨਸ! ਵੇਖ ਇਹ ਦੁਨੀਆਂ
ਕਿਵੇਂ ਬਦਲਦੀ ਜਾਂਦੀ;
ਮਾਰ ਮਾਰ ਕੇ ਕਿਵੇਂ ਦੁਸ਼ਮਣਾਂ,
ਖਾਤੇ ਕੰਢੇ ਧੱਕ ਲਿਆਂਦੈ?
-ਖਤਰੇ ਦਾ ਧੀਮਾ ਸ਼ੋਰਆਪੂੰ ਜੇ ਕੁੱਦ ਪਈਏ ਆਪਾਂ
ਇਜ਼ੱਤ ਰਹਿ ਜੂ ਅਪਣੀ;
ਰੁਕੇ ਰਹੇ ਤਾਂ ਮੂਧੇ ਸੁੱਟੂ ਦੇ ਕੇ ਧੱਕੇ ਦੁਸ਼ਮਣ।
ਵੌਲਯੂਮੀਨਸ ਭਲਿਆ! ਪਤਾ ਏ ਤੈਨੂੰ
ਆਪਾਂ ਦੋਵੇਂ ਕੱਠੇ ਪਾਠਸ਼ਾਲਾ ਸੀ ਜਾਇਆ ਕਰਦੇ:
ਉਸ ਪੁਰਾਣੇ ਪਰੇਮ ਦਾ ਸਦਕਾ
ਬਿਨੇ ਕਰਾਂ ਮੈਂ ਤੈਨੂੰ :
ਫੜ ਮੇਰੀ ਤਲਵਾਰ ਦਾ ਕਬਜ਼ਾ,
ਕਰ ਲੈ ਸਿੱਧੀ ਮੇਰੇ ਵੱਲ,
ਦੌੜ ਕੇ ਆਵਾਂ ਉੱਤਰ ਜਾਵਾਂ,
ਤਿੱਖੀ ਧਾਰ ਤੋਂ ਇਹਦੀ।
ਵੌਲਯੂਮੀਨਸ-:ਮਿੱਤਰਾਂ ਜੋਗਾ ਕੰਮ ਨਹੀਂ ਹੈ ਇਹ ਮੇਰੇ ਸਰਦਾਰ।
-ਖਤਰੇ ਦਾ ਸ਼ੋਰ-
ਕਲੀਟਸ-:ਭੱਜੋ-ਭੱਜੋ-ਮੇਰੇ ਆਕਾ!
ਹੁਣ ਠਹਿਰਣ ਦਾ ਵੇਲਾ ਹੈ ਨੀ।
ਬਰੂਟਸ-:ਅਲਵਿਦਾ ਮਿੱਤਰੋ ਸਭ ਤਾਈਂ;
ਤੈਨੂੰ ਵੀ ਵੌਲਯੂਮੀਨਸ; ਤੇ ਤੈਨੂੰ ਸਟਰੈਟੋ,
ਤੂੰ ਤਾਂ ਸਾਰਾ ਵਕਤ ਲੰਘਾਇਐ ਸੌਂ ਕੇ।-
ਐ ਮੇਰੇ ਹਮਵਤਨੋ! ਮੈਂ ਚੱਲਿਆਂ ਗਦ ਗਦ-
ਖੁਸ਼ਨਸੀਬ ਬੜਾ ਹਾਂ-ਜੋ ਵੀ ਮਿਲਿਆ
ਵਫਾ ਦਾ ਪੁਤਲਾ ਮਿਲਿਆ-
ਬੇਵਫਾ ਨਹੀਂ ਮਿਲਿਆ ਕੋਈ।
ਅੱਜ ਦਿਹਾੜੇ ਜੰਗ ਹਾਰਨ ਦੇ-
ਹਾਰ ਕੇ ਵੀ ਮੈਂ ਜਿੱਤਣਾ-
ਔਕਟੇਵੀਅਸ ਤੇ ਮਾਰਕ ਐਨਟਨੀ,
ਹੀਣੀ ਅਪਣੀ ਜਿੱਤ ਤੇ ਜੋ ਫੁੱਲ ਰਹੇ ਨੇ-
ਫਿੱਕੀ ਪੈ ਜੂ ਸ਼ਾਨ ਉਨ੍ਹਾਂ ਦੀ,
ਤੇਜ ਮੇਰੇ ਦੇ ਅੱਗੇ-। ਏਸ ਲਈ ਹੁਣ
ਫਤਿਹ ਬੁਲਾਉਂਨਾਂ ਫੌਰਨ; ਬਰੂਟਸ ਦੇ ਹੁਣ
ਮੁੱਕ ਚੱਲੇ ਬੋਲ-ਹਿਆਤੀ ਦਾ ਮੁੱਕਿਆ ਇਤਹਾਸ।
ਮੌਤ ਰਾਤ੍ਰੀ ਪਲਕਾਂ ਚੁੰਮੀਆਂ, ਨੀਂਦ ਚੜ੍ਹੀ ਐ ਨੈਣੀਂ,
ਅਹਿੱਲ ਆਰਾਮ ਕਰੂ ਇਹ ਦੇਹੀ-
ਪ੍ਰਾਪਤੀ ਏਸ ਘੜੀ ਦੀ ਖਾਤਰ
ਹੱਡ ਤੋੜ ਮੁਸ਼ੱਕਤ ਕੀਤੀ ਜੀਹਨੇ।
-ਖਤਰੇ ਦਾ ਸ਼ੋਰ-'ਭੱਜੋ, ਦੌੜੋ, ਭੱਜੋ' ਦੀਆਂ ਚੀਖਾਂ-
ਕਲੀਟਸ-:ਦੌੜੋ, ਮੇਰੇ ਸਰਦਾਰ, ਦੌੜੋ।
ਬਰੂਟਸ-:ਚਲੋ ਤੁਸੀਂ-ਮੈਂ ਆਉਨਾ ਪਿੱਛੇ।
-ਕਲੀਟਸ, ਦਰਦੇਨੀਅਸ ਤੇ ਵੌਲਯੂਮੀਨਸ ਦਾ ਪ੍ਰਸਥਾਨ-
ਸਟਰੈਟੋ! ਬਿਨੇ ਹੈ ਮੇਰੀ,
ਰੁਕ ਜਾ ਅਪਨੇ ਮਾਲਿਕ ਕੋਲ:
ਚੰਗਾ ਨਾਮ ਕਮਾਇਐ ਤੂੰ-ਮਾਣਮੱਤਾ ਏ ਜੀਵਨ ਤੇਰਾ,
ਤਾਂ ਤੇ ਕਬਜ਼ਾ ਫੜ ਸ਼ਮਸ਼ੀਰ ਦਾ ਮੇਰੀ,
ਮੂੰਹ ਫੇਰ ਲੀਂ ਦੂਜੇ ਪਾਸੇ;
ਦੌੜ ਕੇ ਜਦ ਮੈਂ ਉੱਤਰਾਂ ਧਾਰ ਤੋਂ ਇਹਦੀ।
ਸਟਰੇਟੋ-:ਪਹਿਲਾਂ ਹੱਥ ਮਿਲਾ ਲੋ ਸਰਦਾਰ!
ਤੇ ਲਓ ਅਲਵਿਦਾ ਮੇਰੀ।
ਬਰੂਟਸ-:ਅਲਵਿਦਾ, ਨੇਕ ਸਟਰੈਟੋ!ਸੀਜ਼ਰ! ਹੁਣ ਤਾਂ ਸ਼ਾਂਤ ਹੋ ਜਾ;
ਨਹੀਂ ਸੀ ਮਾਰਿਆ ਤੈਨੂੰ,
ਏਦੂ ਘੱਟ ਸ਼ੁਭ ਕਾਮਨਾਂ ਨਾਲ।
(ਅਪਣੀ ਤਲਵਾਰ ਤੇ ਦੌੜ ਕੇ ਮਰ ਜਾਂਦਾ ਹੈ)
-ਖਤਰੇ ਦਾ ਨਾਦ-ਸੈਨਾ ਵਾਪਸੀ ਦਾ ਬਿਗਲ਼-
ਔਕਟੇਵੀਅਸ, ਐਨਟਨੀ ਤੇ ਸੈਨਾ ਦਾ ਪ੍ਰਵੇਸ਼-ਲ਼ੀਸੀਲੀਅਸ
ਤੇ ਮੈਸਾਲਾ ਜ਼ੰਜੀਰਾਂ ਚ ਬੰਨ੍ਹੇ ਹਨ-
ਔਕਟੇਵੀਅਸ-:ਇਹ ਕਿਹੜੈ ਬੰਦਾ?
ਮੈਸਾਲਾ-:ਮੇਰੇ ਮਾਲਿਕ ਦਾ ਹੈ ਇਹ ਬੰਦਾ।-
ਹਾਂ, ਸਟਰੈਟੋ! ਕਿੱਥੇ ਮਾਲਿਕ ਤੇਰਾ?
ਸਟਰੈਟੋ-:ਮੈਸਾਲਾ! ਜਿਸ ਗ਼ੁਲਾਮੀ ਵਿੱਚ ਤੂੰ ਬੱਝਾ,
ਉਸ ਤੋਂ ਆਜ਼ਾਦ ਹੈ ਉਹ:
ਇਹ ਫਾਤਿਹ ਕੁੱਝ ਕਰ ਨਹੀਂ ਸਕਦੇ,
ਬੱਸ ਸਾੜ ਹੀ ਸਕਦੇ ਉਹਨੂੰ;
ਬਰੂਟਸ ਤਾਂ ਖੁਦ ਅਪਣਾ ਫਾਤਿਹ
ਕੋਈ ਬਲੀ ਨਹੀਂ ਹੈ ਐਸਾ,
ਜੋ ਉਸ ਦਾ ਕਾਤਲ ਕਹਿਲਾਵੇ,
ਜਿੱਤ ਦਾ ਸਿਰ ਤੇ ਮੁਕਟ ਸਜਾਵੇ।
ਲੁਸੀਅਸ-:ਸ਼ਾਨ ਬਰੂਟਸ ਦੀ ਇਹੋ ਹੈ
ਇੰਜ ਖੰਡੇ ਦੀ ਧਾਰ ਉਤਰਨਾ!
ਸ਼ੁਕਰਗੁਜ਼ਾਰ ਲੂਸੀਲੀਅਸ ਤੇਰਾ
ਕਥਨ ਉਸਦਾ ਸਿਰ ਨਾਲ ਨਿਭਾਇਆ।
ਔਕਟੇਵੀਅਸ-:ਬਰੂਟਸ ਦੇ ਸਭ ਖਿਦਮਤਗਾਰ,
ਮੇਰੀ ਸੇਵਾ ਲਈ ਰਹਿਣ ਤਿਆਰ।
ਕਿਉਂ ਓ ਜਣਿਆ! ਬਣੇਂਗਾ ਚਾਕਰ ਮੇਰਾ?
ਸਟਰੈਟੋ-:ਜੀ ਸਰਕਾਰ! ਜੇ ਮੈਸਾਲਾ ਕਰੇ ਸਿਫਰਾਸ਼ ਮੇਰੀ।
ਔਕਟੇਵੀਅਸ-:ਭਲੇ ਮੈਸਾਲਾ! ਕਰ ਸਿਫਾਰਸ਼ ਇਹਦੀ।
ਮੈਸਾਲਾ-:ਮਾਲਿਕ ਮੇਰਾ ਕਿੱਦਾਂ ਮਰਿਆ? ਦੱਸ ਸਟਰੈਟੋ!
ਸਟਰੈਟੋ-:ਮੈਂ ਫੜੀ ਸੀ ਖੜਗ ਓਸਦੀ,
ਉਹ ਜਦ ਧਾਰ ਉੱਤਰਿਆ।
ਮੈਸਾਲਾ-:ਜੀ ਔਕਟੇਵੀਅਸ! ਰੱਖ ਲਓ ਚਾਕਰ ਆਪਣਾ:
ਜਿਨ ਤੋੜ ਨਿਭਾਈ ਮਾਲਿਕ ਮੇਰੇ ਨਾਲ।
ਐਨਟਨੀ-:ਅੱਤ ਕੁਲੀਨ, ਅੱਤ ਭੱਦਰ ਸੀ ਇਹ,
ਰੋਮਨ ਅੱਤ ਮਹਾਨ, ਇਸ ਜੁੰਡਲੀ ਵਿੱਚੋਂ :
ਬਾਕੀ ਸਾਰੇ ਹਸਦ ਦੇ ਮਾਰੇ
ਨਿਰਮਮ ਕਾਤਲ ਮਹਾਨ ਸੀਜ਼ਰ ਦੇ:
ਪਰ ਇਹ ਇੱਕ ਇੱਕਲਾ ਹੀ ਸੀ
ਜਿਸ ਸਰਬੱਤ ਦਾ ਭਲਾ ਸੋਚਿਆ
ਨਾਲ ਈਮਾਨ ਹੱਥ ਮਿਲਾਇਆ
ਬੇਈਮਾਨ ਸਾਜ਼ਸ਼ੀਆਂ ਨਾਲ;
ਜੀਵਨ ਉਸਦਾ ਸਹਿਜਮਈ ਸੀ,
ਭੱਦਰ ਸੀ, ਅਸੀਲ ਸੀ ਉਹ
ਤੱਤ-ਮਿਸ਼੍ਰਣ ਸੀ ਐਸਾ ਉਸ ਵਿੱਚ
ਵਕਤ ਪਵੇ ਤਾਂ ਖੁਦ ਕੁਦਰਤ ਉਠੇ
ਪੂਰੀ ਦੁਨੀਆਂ ਨੂੰ ਲਲਕਾਰੇ :
'ਆਹ ਸੀਗਾ ਇੱਕੋ ਇੱਕ ਮਾਨਵ ਪੂਰਾ'-
'ਮੇਰਾ ਲਹੂ, ਮੇਰਾ ਤੁਖਮ, ਪੁੱਤਰ ਮੇਰਾ'!
ਔਕਟੇਵੀਅਸ-:ਗੁਣਾਂ ਅਨੁਸਾਰ ਕਰੋ ਵਿਹਾਰ,
ਪੂਰੇ ਰਸਮ ਰਿਵਾਜਾਂ ਨਾਲ ਕਰੋ ਸਸਕਾਰ,
ਪੂਰਾ ਦਿਓ ਸਤਿਕਾਰ।
ਅੱਜ ਦੀ ਰਾਤ ਮੇਰੇ ਖੈਮੇ ਅੰਦਰ,
ਦਿਹ ਇਸਦੀ ਸੁਖਆਸਣ ਹੋਵੇ,
ਸ਼ੂਰਵੀਰ ਕਿਸੇ ਯੋਧੇ ਵਾਂਗੂੰ,
ਇਜ਼ੱਤ ਮਾਣ ਵੀ ਪੂਰਾ ਹੋਵੇ।-
ਬੱਸ ਫਿਰ ਆਰਾਮ ਕਰੇ ਹੁਣ ਸੈਨਾ: ਆਪਾਂ ਏਥੋਂ ਚੱਲੀਏ,
ਖੁਸ਼ੀਆਂ ਲੱਧੇ ਦਿਹੂੰ ਦੀ ਦੌਲਤ ਹਿੱਸੇ ਆਉਂਦੀ ਮੱਲੀਏ॥
-ਪ੍ਰਸਥਾਨ-