Jutti (Punjabi Story) : Ahmad Nadeem Qasmi

ਜੁੱਤੀ (ਕਹਾਣੀ) : ਅਹਿਮਦ ਨਦੀਮ ਕਾਸਮੀ

ਕਰਮੂ ਇਕ ਕੱਵਾਲ ਪਾਰਟੀ ਵਿਚ ਸਾਲਾਂ-ਬੱਧੀ ਤਾੜੀ ਮਾਰ ਮਾਰ ਕੇ ਤਾਨ ਦਿੰਦਾ ਰਿਹਾ। ਫੇਰ ਆਵਾਜ਼ ਲਾਉਣੀ ਵੀ ਸਿੱਖ ਗਿਆ। ਪਿੱਛੋਂ ਤੋਂ ਅੱਗੇ ਆ ਗਿਆ ਅਤੇ ਵੱਡੇ ਕੱਵਾਲ ਦੇ ਗੋਡੇ ਨਾਲ ਗੋਡਾ ਜੋੜ ਕੇ ਬਹਿਣ ਲੱਗਾ ਤਾਂ ਵੱਡੇ ਕੱਵਾਲ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਕਿਧਰੇ ਉਹ ਓਸ ਤੋਂ ਅੱਗੇ ਨਾ ਵੱਧ ਜਾਏ। ਇਸ ਲਈ ਉਹਨੇ ਕਰਮੂ ਨੂੰ ਚਲਦਾ ਕਰ ਦਿੱਤਾ। ਕਰਮੂ ਦੀ ਆਵਾਜ਼ ਤਾਂ ਆਮ ਜਿਹੀ ਸੀ ਪਰ ਓਨ੍ਹੇ ਕੱਵਾਲੀ ਦੇ ਗੁਰ ਸਿੱਖ ਲਏ ਸਨ ਤੇ ਉਹ ਵਾਜੇ ਦੀ ਆਵਾਜ਼ ਵਿਚ ਆਪਣੀ ਆਵਾਜ਼ ਨੂੰ ਲੁਕਾ ਲੈਣ ਦੀ ਮੁਹਾਰਤ ਪ੍ਰਾਪਤ ਕਰ ਚੁੱਕਾ ਸੀ। ਓਨ੍ਹੇ ਆਪਣੀ ਕੱਵਾਲ ਪਾਰਟੀ ਬਣਾ ਲਈ ਅਤੇ ਉਰਸਾਂ, ਮੇਲਿਆਂ ਤੇ ਵਿਆਹ ਸ਼ਾਦੀਆਂ ਵਿਚ ਗਾਉਂਦਾ ਰਿਹਾ ਤੇ ਆਪਣੇ ਤਿੰਨਾਂ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ। ਅਸਲ 'ਚ ਉਹਨੂੰ ਵੱਡੇ ਕੱਵਾਲ ਦੇ ਨਾਲ ਵੱਡੇ ਵੱਡੇ ਸ਼ਹਿਰਾਂ ਵਿਚ ਜਾਣ ਦਾ ਮੌਕਾ ਮਿਲਿਆ ਸੀ ਉਨ੍ਹੇ ਮਹਿਸੂਸ ਕੀਤਾ ਸੀ ਕਿ ਜੇਕਰ ਉਨ੍ਹੇ ਬੱਚਿਆਂ ਨੂੰ ਸਿੱਖਿਆ ਨਾ ਦਿੱਤੀ ਤਾਂ ਉਹ ਵੀ ਓਸੇ ਵਾਂਗ ਉਹਦੇ ਪਿਓ ਦਾਦੇ ਵਾਂਗ ਢੋਲ ਢਮੱਕੇ ਵਜਾਉਂਦੇ ਜਾਂ ਕੱਵਾਲਾਂ ਦੇ ਪਿੱਛੇ ਬਹਿ ਕੇ ਤਾੜੀਆਂ ਮਾਰਦੇ ਫਿਰਨਗੇ। ਉਹਨਾਂ ਦੀਆਂ ਵਰਾਛਾਂ ਵੀ ਉਹਦੇ ਵਾਂਗ ਜਾਂ ਉਹਦੇ ਪਿਓ ਵਾਂਗ ਢਿੱਲੀਆਂ ਈ ਰਹਿਣਗੀਆਂ।
ਜਦੋਂ ਉਨ੍ਹੇ ਤਿੰਨਾਂ ਬੱਚਿਆਂ ਨੂੰ ਪਿੰਡ ਦੇ ਸਕੂਲ ਵਿਚ ਦਾਖ਼ਲ ਕਰਾਇਆ ਸੀ ਤਾਂ ਸਾਰਾ ਪਿੰਡ ਹੈਰਾਨ ਰਹਿ ਗਿਆ ਸੀ। ਲੋਕ ਆਖਦੇ ਸਨ ਬਾਬਾ ਆਦਮ ਦੇ ਅਸਮਾਨ ਤੋਂ ਧਰਤੀ 'ਤੇ ਉਤਰਨ ਤੋਂ ਲੈ ਕੇ ਹੁਣ ਤਕ ਦੇ ਜ਼ਮਾਨੇ ਦਾ ਇਹ ਪਹਿਲਾ ਮਰਾਸੀ ਏ ਜਿਹਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਸੁੱਝੀ ਏ। ਚੌਧਰੀ ਨੇ ਉਹਨੂੰ ਦਾਰੇ ਵਿਚ ਸੱਦਿਆ ਤੇ ਝਿੜਕਿਆ, ''ਸ਼ਰਮ ਕਰ ਕਰਮੂ! ਮਰਾਸੀ ਹੋ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਏਂ! ਕੀ ਵਿਆਹਵਾਂ ਵਿਚ ਲੋਕ ਉਨ੍ਹਾਂ ਕੋਲੋਂ ਢੋਲ, ਸ਼ਹਿਨਾਈ ਦੀ ਥਾਂ ਕਿਤਾਬਾਂ ਸੁਣਨਗੇ। ਕਿਉਂ ਉਨ੍ਹਾਂ ਨੂੰ ਵਿਗਾੜਦਾ ਏਂ? ਕਿਉਂ ਨਾਸ ਮਾਰਦਾ ਏਂ ਆਪਣੇ ਪਿਤਾ-ਪੁਰਖੀ ਪੇਸ਼ੇ ਦਾ?''
ਕਰਮੂ ਇਹ ਸਭ ਕੁੱਝ ਚੁੱਪ ਕਰ ਕੇ ਸੁਣਦਾ ਰਿਹਾ। ਫਿਰ ਉਹ ਚੌਧਰੀ ਦੀ ਉਸ ਫਟਕਾਰ 'ਤੇ ਮੁਸਕਰਾਇਆ। ਉਨੇ ਕੁਝ ਕਿਹਾ ਤਾਂ ਬਸ ਇੰਨਾ ਈ ''ਭਾਗ ਲੱਗੇ ਰਹਿਣ! ਸਾਰੀ ਉਮਰ ਦਾਲ ਖਾਣ ਵਾਲੇ ਦਾ ਇਕ ਅੱਧ ਵਾਰੀ ਕੁੱਕੜ ਬਟੇਰੇ ਦਾ ਸਲੂਣਾ ਚੱਖਣ ਨੂੰ ਜੀ ਚਾਹੁੰਦਾ ਈ ਏ!''
ਕਰਮੂ ਨੇ ਕੱਵਾਲੀ ਦੇ ਨਾਂ 'ਤੇ ਚੀਕਾਂ ਮਾਰ ਮਾਰ ਕੇ ਪੈਸਾ ਜੋੜਿਆ ਸੀ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਪੜ੍ਹਾਇਆ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਵਿਚ ਘਰ ਆਉਂਦੇ ਸਨ ਤਾਂ ਮਰਾਸੀ ਦੀ ਔਲਾਦ ਲੱਗਦੇ ਈ ਨਹੀਂ ਸਨ। ਫੇਰ ਪਤਾ ਨਹੀਂ ਉਹ ਕੀ ਪੱਟੀ ਪੜ੍ਹ ਕੇ ਆਉਂਦੇ ਸਨ ਕਿ ਮਰਾਸੀ ਦੇ ਪੁੱਤਰ ਹੋਣ 'ਤੇ ਸ਼ਰਮਿੰਦੇ ਵੀ ਨਹੀਂ ਸਨ। ਕਹਿੰਦੇ ਸਨ ਠੀਕ ਏ, ਅਸੀਂ ਕਰਮੂ ਮਰਾਸੀ ਦੇ ਪੁੱਤਰ ਹਾਂ ਪਰ ਚੌਧਰੀ ਵਾਂਗ ਸਾਡੀ ਪੀੜ੍ਹੀ ਵੀ ਤਾਂ ਬਾਬਾ ਆਦਮ ਨਾਲ ਮਿਲਦੀ ਏ।
ਫੇਰ ਉਹ ਮੁੰਡੇ ਲਾਹੌਰ, ਕਾਲਾਸ਼ਾਹ ਕਾਕੂ ਤੇ ਫੈਸਲਾਬਾਦ ਵੱਲ ਮਿੱਲਾਂ ਵਿਚ ਕੰਮ ਕਰਨ ਲੱਗੇ ਤੇ ਪਿਓ ਨੂੰ ਹਰ ਮਹੀਨੇ ਏਨਾ ਰੁਪਈਆਂ ਘੱਲਣ ਲੱਗੇ ਕਿ ਕਰਮੂ ਆਪਣੀ ਕੱਵਾਲੀ ਪਾਰਟੀ ਤੋੜ ਕੇ ਆਪਣੇ ਪਿੰਡ ਰਹਿਣ ਲੱਗਾ। ਸਾਫ਼ੇ ਸੁਥਰੇ ਕੱਪੜੇ ਪਾਉਣ ਤੇ ਖ਼ੈਰਾਤ (ਦਾਨ) ਵੀ ਦੇਣ ਲੱਗ ਪਏ। ਫੇਰ ਇਕ ਸਾਲ ਜ਼ੱਕਾਤ (ਸ਼ੁਕਰਾਨੇ ਦੇ ਤੌਰ 'ਤੇ ਆਪਣੀ ਕਮਾਈ ਦਾ ਚਾਲ੍ਹੀਵਾਂ ਹਿੱਸਾ ਰੱਬ ਦੇ ਨਾਂਅ 'ਤੇ ਸਾਲ 'ਚ ਇਕ ਵਾਰੀ ਦੇਣਾ) ਵੀ ਦਿੱਤੀ। ਚੌਧਰੀ ਨੇ ਇਹ ਸੁਣਿਆ ਤਾਂ ਉਹ ਇੰਨਾ ਹੱਸਿਆ ਕਿ ਉਹਦੀਆਂ ਅੱਖਾਂ 'ਚੋਂ ਪਾਣੀ ਵਗਣ ਲੱਗਾ। ਹਰਾਮ ਦੀ ਔਲਾਦ, ਉਨ੍ਹੇ ਕਿਹਾ। ''ਕਮੀਨਾ ਕਿਸੇ ਥਾਂ ਦਾ। ਵੇਖ ਲਿਆ ਜੇ ਲੋਕੋ ਸਾਲ ਦੋ ਸਾਲ 'ਚ ਆਪ ਜ਼ੱਕਾਤ ਮੰਗਣ ਖਲੋਤਾ ਹੋਵੇਗਾ, ਜੇਕਰ ਓਸ ਵੇਲੇ ਤਾਈਂ ਕਿਆਮਤ ਨਾ ਆਈ ਤਾਂ। ਇਕ ਮਰਾਸੀ ਜਦੋਂ ਜ਼ੱਕਾਤ ਦੇਣ ਲੱਗ ਪਏ ਤਾਂ ਸਮਝੋ ਸੂਰਜ ਸਵਾ ਨੇਜ਼ੇ (ਕਿਹਾ ਜਾਂਦਾ ਏ ਕਿ ਕਿਆਮਤ ਵਾਲੇ ਦਿਨ ਸੂਰਜ ਸਿਰਾਂ ਤੋਂ ਸਵਾ ਨੇਜ਼ੇ ਦੀ ਉਚਾਈ ਤੱਕ ਆ ਜਾਏਗਾ) ਤਕ ਉਤਰਨ ਵਾਲਾ ਏ।'' ਅਤੇ ਚੌਧਰੀ ਫੇਰ ਇਸ ਤਰ੍ਹਾਂ ਹੱਸਣ ਲੱਗਾ ਜਿਵੇਂ ਰੋ ਰਿਹਾ ਹੋਵੇ।
ਕਿਸੇ ਨੇ ਕਰਮੂ ਨੂੰ ਚੌਧਰੀ ਦੀ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗਾ, ''ਚੌਧਰੀ ਕਿਉਂ ਖ਼ਫ਼ਾ ਹੋ ਰਿਹਾ ਏ? ਮੈਂ ਉਹਨੂੰ ਤਾਂ ਜ਼ਕਾਤ ਨਹੀਂ ਘੱਲੀ। ਉਹਨੂੰ ਵੀ ਦਿੰਦਾ ਪਰ ਅਜੇ ਜ਼ੱਕਾਤ ਲੈਣ ਦਾ ਉਹਦਾ ਹੱਕ ਨਹੀਂ ਬਣਦਾ। ਹੌਲੀ ਹੌਲੀ ਹੱਕਦਾਰ ਹੋ ਜਾਏਗਾ। ਜਮਾਨਾ ਬਦਲ ਰਿਹਾ ਏ।''
ਜਿਨ੍ਹਾਂ ਲੋਕਾਂ ਕਰਮੂ ਨੂੰ ਚੌਧਰੀ ਦੀ ਗੱਲ ਦੱਸੀ ਸੀ, ਉਨ੍ਹਾਂ ਚੌਧਰੀ ਨੂੰ ਕਰਮੂ ਦੀ ਗੱਲ ਦੱਸਣਾ ਵੀ ਜ਼ਰੂਰੀ ਸਮਝਿਆ। ਉਸ ਵੇਲੇ ਚੌਧਰੀ ਸ਼ਰਬਤ ਪੀ ਰਿਹਾ ਸੀ। ਇਹ ਗੱਲ ਸੁਣਦਿਆਂ ਈ ਉਹਨੂੰ ਹੁੱਥੂ ਆ ਗਿਆ ਤੇ ਸ਼ਰਬਤ ਉਹਦੇ ਨੱਕ 'ਚੋਂ ਵਗ ਗਿਆ।
ਫੇਰ ਇਕ ਦਿਨ ਕਰਮੂ ਗਲੀ 'ਚ ਬੈਠਾ ਗੱਪਾਂ ਮਾਰ ਰਿਹਾ ਸੀ। ਗੱਲਾਂ ਗੱਲਾਂ 'ਚ ਕਹਿਣ ਲੱਗਾ, ''ਮੈਂ ਮਰਾਸੀ ਹਾਂ ਪਰ ਤਿੰਨ ਬਾਊਆਂ ਦਾ ਪਿਓ ਵੀ ਹਾਂ। ਇਸ ਲਈ ਮੇਰਾ ਜੀ ਕਰਦਾ ਏ, ਇਥੇ ਗਲੀ 'ਚ ਬਹਿਣ ਦੀ ਬਜਾਏ ਇਕ ਪੱਕੀ ਬੈਠਕ ਬਣਵਾ ਲਵਾਂ, ਉਸ ਵਿਚ ਪਲੰਘ ਤੇ ਮੂੜੇ ਡਾਹ ਦਿਆਂ ਤੇ ਤੁਹਾਡੇ ਸਾਰਿਆਂ ਨਾਲ ਬਹਿ ਕੇ ਦੁਨੀਆਂ ਭਰ ਦੀਆਂ ਗੱਲਾਂ ਕਰਾਂ। ਬਹਿਣ ਲਈ ਚੌਧਰੀ ਦਾ ਦਾਰਾ ਤੇ ਹੈ ਹੀ ਏ ਪਰ ਉਥੇ ਬਹਿੰਦਾ ਹਾਂ ਤਾਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਸਿਰ ਪਰਨੇ ਖਲੋਤਾ ਹੋਵਾਂ।''
ਇਹ ਗੱਲ ਕਰ ਕੇ ਉਹ ਆਪਣੇ ਘਰ ਗਿਆ। ਹੁੱਕਾ ਤਾਜ਼ਾ ਕਰਕੇ ਚਿਲਮ ਵਿਚ ਅੱਗ ਰੱਖੀ ਤੇ ਸੂਟਾ ਮਾਰਨ ਲਈ ਅਜੇ ਮੰਜੀ ਤੇ ਬਹਿਣ ਈ ਲੱਗਾ ਸੀ ਕਿ ਚੌਧਰੀ ਵਲੋਂ ਉਹਨੂੰ ਸੱਦਾ ਆ ਗਿਆ। ਉਹਨੇ ਦਾਰੇ ਵਿਚ ਪੈਰ ਰੱਖਿਆ ਸੀ ਕਿ ਤਿੰਨ ਚਾਰ ਮੁਸ਼ਟੰਡਿਆਂ ਉਹਨੂੰ ਫੜ ਲਿਆ ਤੇ ਚੌਧਰੀ ਦਾ ਪਾਲਤੂ ਮੁਨਸ਼ੀ ਉਹਦੀ ਪਿੱਠ 'ਤੇ ਜੁੱਤੀਆਂ ਮਾਰਨ ਲੱਗ ਪਿਆ। ਨਾਲ ਈ ਚੌਧਰੀ ਗਾਲ੍ਹਾਂ ਕੱਢਣ ਲੱਗ ਪਿਆ। ''ਬੈਠਕ ਬਣਵਾਏਗਾ ਕਮੀਨਾ ਮੇਰੇ ਵਾਂਗ ਦਾਰਾ ਲਾਏਂਗਾ ਚਾਰ ਪੈਸੇ ਕੀ ਆ ਗਏ ਨੇ ਕਿ ਆਪਣੀ ਔਕਾਤ ਈ ਭੁੱਲ ਗਿਆ ਏ ਕੁੱਤਾ! ਮਾਰੋ ਹੋਰ ਮਾਰੋ।''
ਕਰਮੂ ਨੂੰ ਇੰਨੀਆਂ ਜੁੱਤੀਆਂ ਵੱਜੀਆਂ ਕਿ ਜੇਕਰ ਕਿਸੇ ਹੋਰ ਨੂੰ ਵੱਜਦੀਆਂ ਤਾਂ ਉਹ ਗਿਣਤੀ ਭੁੱਲ ਜਾਂਦਾ ਪਰ ਕਰਮੂ ਗਿਣਦਾ ਰਿਹਾ।
''ਮੈਂ ਤਾਂ ਗਿਣਦਾ ਰਿਹਾ ਹਾਂ।'' ਉਹਨੇ ਆਪਣੇ ਮਿਲਣ ਵਾਲੇ ਨੂੰ ਦੱਸਿਆ ''ਮੈਂ ਤਾਂ ਇਸ ਲਈ ਗਿਣਦਾ ਰਿਹਾ ਕਿ ਕਿਆਮਤ (ਪਰਲੋ) ਵਾਲੇ ਦਿਨ ਰੱਬ ਦੇ ਸਾਹਮਣੇ ਜੁੱਤੀਆਂ ਦਾ ਹਿਸਾਬ ਦੇਣ ਵੇਲੇ ਮੈਥੋਂ ਕੋਈ ਗ਼ਲਤੀ ਨਾ ਹੋ ਜਾਏ। ਬਾਠ ਵੱਜੀਆਂ ਸਨ। ਬਾਠ ਪੂਰੀਆਂ ਕਰਾਂਗਾ ਰੱਬ ਦੀ ਹਜ਼ੂਰੀ 'ਚ। ਇਕ ਦੀਆਂ ਸੱਤਰ ਨਾ ਸਹੀ, ਚੌਧਰੀ ਲਈ ਸਾਰੀ ਦੁਨੀਆਂ ਦੇ ਲੋਕਾਂ ਦੇ ਸਾਹਮਣੇ ਮੇਰੀ ਤਾਂ ਇਕੋ ਜੁੱਤੀ ਈ ਬਹੁਤ ਏ।''
ਉਨ੍ਹਾਂ ਦਿਨਾਂ ਵਿਚ ਵੋਟਰ ਲਿਸਟ ਤਿਆਰ ਹੋ ਰਹੀ ਸੀ। ਲਿਸਟ ਤਿਆਰ ਕਰਨ ਵਾਲੇ ਉਸ ਪਿੰਡ ਵਿਚ ਵੀ ਆਏ ਅਤੇ ਕਰਮੂ ਦਾ ਨਾਂ ਵੀ ਦਰਜ ਕਰਨ ਲੱਗੇ, ਤਾਂ ਉਨ੍ਹਾਂ ਚੋਂ ਇਕ ਨੇ ਕਿਹਾ, ''ਭਾਈ ਤੂੰ ਆਪਣਾ ਨਾ ਕਰਮਾ ਦੱਸਦਾ ਏਂ। ਪਰ ਕਰਮਾ ਕੀ ਨਾਂ ਹੋਇਆ? ਕਰਮ ਇਲਾਹੀ ਹੋਵੇਗਾ ਜਾਂ ਕਰਮ ਅਲੀ ਜਾਂ ਫੇਰ ਕਰਮਦੀਨ। ਕਰਮਾ ਕੋਈ ਨਾਂ ਨਹੀਂ ਹੁੰਦਾ। ਇਹ ਤੇਰੇ ਅਸਲੀ ਨਾਂ ਦਾ ਵਿਗੜਿਆ ਹੋਇਆ ਰੂਪ ਜਾਪਦਾ ਏ।''
ਕਰਮੂ ਕਹਿਣ ਲੱਗਾ, ''ਮੈਂ ਮਰਾਸੀ ਹਾਂ ਜੀ ਅਤੇ ਮਰਾਸੀਆਂ ਦੇ ਨਾਂ ਇਸੇ ਤਰ੍ਹਾਂ ਦੇ ਹੁੰਦੇ ਨੇ। ਮੇਰੇ ਨਾਂ ਦਾ ਵਿਗਾੜ ਤਾਂ ਕਰਮੂ ਏ ਜਿਸ ਤਰ੍ਹਾਂ ਮੇਰੇ ਪਿਉ ਨੂੰ ਲੋਕ ਗਾਮੂ ਕਹਿੰਦੇ ਸਨ ਪਰ ਉਹਦਾ ਅਸਲੀ ਨਾਂ ਗਾਮਾ ਸੀ।''
ਅੱਕ ਕੇ ਉਨ੍ਹਾਂ ਸੂਚੀ ਵਿਚ ਕਰਮਾ ਸਪੁੱਤਰ ਗਾਮਾ ਜਾਤ ਮਰਾਸੀ ਕਿੱਤਾ 'ਭਿਖਾਰੀ' ਦੇ ਸ਼ਬਦ ਲਿਖੇ ਤਾਂ ਕਰਮੂ ਨੂੰ ਗੁੱਸਾ ਆ ਗਿਆ।
''ਨਹੀਂ ਸਾਹਬ ਜੀ, ਮੈਂ ਭਿਖਾਰੀ ਨਹੀਂ ਹਾਂ, ਭੀਖ ਦਾ ਇਕ ਪੈਸਾ ਵੀ ਮੇਰੇ ਲਈ ਹਰਾਮ ਏ। ਮੈਂ ਤਾਂ ਸਾਰੀ ਉਮਰ ਆਪਣੀ ਮਿਹਨਤ ਦੀ ਕਮਾਈ ਖਾਂਦਾ ਰਿਹਾ ਹਾਂ। ਮੇਰੇ ਬੱਚੇ ਪੜ੍ਹ ਲਿਖ ਗਏ ਤਾਂ ਇਹ ਵੀ ਸਾਡੀ ਮਿਹਨਤ ਦੀ ਕਮਾਈ ਏ। ਹੁਣ ਉਹ ਮਿਹਨਤ ਕਰਦੇ ਨੇ ਤੇ ਸਾਡੀ ਮਿਹਨਤ ਦਾ ਬਦਲਾ ਚਕਾਉਂਦੇ ਨੇ। ਮੈਂ ਤਾਂ ਹੁਣ ਜ਼ੱਕਾਤ ਵੀ ਕੱਢਦਾ ਹਾਂ ਫੇਰ ਮੈਂ ਭਿਖਾਰੀ ਕਿਵੇਂ ਹੋ ਗਿਆ? ਭਿਖਾਰੀ ਲਿਖਣਾ ਏਂ ਤਾਂ ਚੌਧਰੀ ਨੂੰ ਲਿਖੋ। ਕਿਸਾਨ ਮਿਹਨਤ ਕਰਦਾ ਏ ਤੇ ਚੌਧਰੀ ਖਾਂਦਾ ਏ।''
ਚੌਧਰੀ ਨੂੰ ਪਤਾ ਲੱਗਾ ਕਿ ਕਰਮੂ ਨੇ ਵੋਟਰ ਲਿਸਟ ਬਨਾਉਣ ਵਾਲਿਆਂ ਦੇ ਸਾਹਮਣੇ ਉਹਨੂੰ ਭਿਖਾਰੀ ਕਿਹਾ ਏ ਤਾਂ ਉਹਨੂੰ ਤੁਰੰਤ ਦਾਰੇ ਵਿਚ ਸੱਦਿਆ ਗਿਆ ਅਤੇ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਉਹਨੂੰ ਮੁਨਸ਼ੀ ਕੋਲੋਂ ਜੁੱਤੀਆਂ ਮਰਵਾਈਆਂ। ਅਜੇ ਜੁੱਤੀਆਂ ਵੱਜ ਈ ਰਹੀਆਂ ਸਨ ਕਿ ਕਰਮੂ ਅਚਾਨਕ ਉਠ ਬੈਠਾ ਅਤੇ ਮੁਨਸ਼ੀ ਦੀ ਬਾਂਹ ਫੜ ਕੇ ਕਹਿਣ ਲੱਗਾ, ''ਬੱਸ ਬਾਠ੍ਹ ਪੂਰੀਆਂ ਹੋ ਗਈਆਂ। ਮੇਰਾ ਕੋਟਾ ਮੈਨੂੰ ਮਿਲ ਗਿਆ। ਮੈਨੂੰ ਜ਼ਿਆਦਾ ਮਾਰੋਗੇ ਤਾਂ ਕਿਆਮਤ ਵਾਲੇ ਦਿਨ ਚੌਧਰੀ ਜੀ ਨੂੰ ਜ਼ਿਆਦਾ ਤਕਲੀਫ਼ ਹੋਵੇਗੀ।''
''ਮੈਨੂੰ ਤਕਲੀਫ਼ ਹੋਵੇਗੀ'' ਚੌਧਰੀ ਇਸ ਤਰ੍ਹਾਂ ਹੈਰਾਨ ਹੋਇਆ ਜਿਵੇਂ ਉਹਦੇ ਸਿਰ 'ਤੇ ਸੂਰਜ ਡਿੱਗ ਪਿਆ ਹੋਵੇ, ''ਮੈਨੂੰ ਕਹੀ ਤਕਲੀਫ ਹੋਵੇਗੀ ਕਮੀਨਿਆਂ?''
ਕਰਮੂ ਨੇ ਕਿਹਾ, ''ਚਲੋ ਜੇ ਤੁਹਾਨੂੰ ਤਕਲੀਫ ਨਹੀਂ ਹੋਵੇਗੀ ਤਾਂ ਤੁਹਾਡਾ ਹਿਸਾਬ ਪੂਰਾ ਕਰਨ ਵਾਲੇ ਫਰਿਸ਼ਤੇ ਨੂੰ ਹੋਵੇਗੀ।''
''ਮੇਰਾ ਹਿਸਾਬ'' ਚੌਧਰੀ ਨੇ ਇਸ ਤਰ੍ਹਾਂ ਪਾਸਾ ਬਦਲਿਆ ਜਿਵੇਂ ਪਲੰਘ ਉਤੇ ਈ ਖਲੋ ਜਾਏਗਾ, ''ਕੀ ਬਕਦਾ ਪਿਆ ਏਂ?''
''ਜੀ ਇਹ ਈ, ਗਰੀਬਾਂ ਨੂੰ ਜੁੱਤੀਆਂ ਮਰਵਾਉਣ ਦਾ ਹਿਸਾਬ। ਇਕ ਦੀਆਂ ਸੱਤਰ।'' ਕਰਮੂ ਹੋਰ ਜੁੱਤੀਆਂ ਵੱਜਣ ਦੀ ਉਡੀਕ ਕੀਤੇ ਬਿਨਾਂ ਉਠ ਖਲੌਤਾ ਸੀ ਤੇ ਜ਼ਮੀਨ ਤੋਂ ਆਪਣੀ ਪੱਗ ਚੁੱਕ ਕੇ ਝਾੜ ਰਿਹਾ ਸੀ। ''ਭਾਗ ਲੱਗੇ ਰਹਿਣ ਹੁਣ ਤੁਸੀਂ ਆਪ ਈ ਹਿਸਾਬ ਲਾ ਲਓ, ਬਾਠ੍ਹ ਅੱਜ ਦੀਆਂ ਤੇ ਬਾਠ੍ਹ ਪਿਛਲੀਆਂ। ਰੱਬ ਤੁਹਾਡਾ ਭਲਾ ਕਰੇ ਕੁਲ ਇਕ ਸੌ ਚੌਵੀ ਹੋਈਆਂ। ਕਿਆਮਤ ਵਾਲੇ ਦਿਨ ਇਕ ਦੇ ਬਦਲੇ ਸੱਤਰ ਵੱਜਣਗੀਆਂ ਤਾਂ ਇਕ ਸੌ ਚੌਵੀਆਂ ਦੀਆਂ ਕਿੰਨੀਆਂ ਵੱਜਣਗੀਆਂ? ਮੁਨਸ਼ੀ ਜੀ ਹਿਸਾਬ ਲਾ ਕੇ ਦੱਸ ਦਿਓ ਚੌਧਰੀ ਹੋਰਾਂ ਨੂੰ।''
ਚੌਧਰੀ ਨੇ ਗੁੱਸੇ ਨਾਲ ਆਪਣੀ ਜੁੱਤੀ ਵੱਲ ਹੱਥ ਵਧਾਇਆ ਪਰ ਜਦੋਂ ਵੇਖਿਆ ਕਿ ਦਾਰੇ ਵਿਚ ਖਲੋਤੇ ਬਹੁਤੇ ਲੋਕ ਕਰਮੂ ਦੀ ਗੱਲ 'ਤੇ ਹੱਸ ਰਹੇ ਨੇ ਤਾਂ ਹੱਥ ਪਿੱਛੇ ਖਿਚਣ ਦੀ ਬਜਾਏ ਉਸ ਨਾਲ ਧਰਤੀ ਤੋਂ ਇਕ ਤੀਲਾ ਚੁੱਕਿਆ ਤੇ ਪੋਟਿਆਂ ਨਾਲ ਉਹਨੂੰ ਭੋਰ ਦਿੱਤਾ। ਗਾਲ੍ਹਾਂ ਉਹਦੇ ਬੁੱਲ੍ਹਾਂ ਵਿਚ ਈ ਰਹਿ ਗਈਆਂ।
ਇਸ ਘਟਨਾ ਤੋਂ ਮਗਰੋਂ ਚੌਧਰੀ ਕਰਮੂ ਨਾਲ ਬੜਾ ਸੰਭਲ ਕੇ ਬੋਲਦਾ। ਕਰਮੂ ਮਰਾਸੀ ਤਾਂ ਹੈ ਈ ਸੀ ਪਰ ਖਾਂਦਾ ਪੀਂਦਾ ਮਰਾਸੀ ਤੇ ਖਾਂਦੇ ਪੀਂਦੇ ਲੋਕਾਂ ਨਾਲ ਗੱਲਬਾਤ ਬੜੀ ਸੋਚ ਵਿਚਾਰ ਕੇ ਕੀਤੀ ਜਾਂਦੀ ਏ। ਜਿਸ ਤਰ੍ਹਾਂ ਅਮਰੀਕਾ ਰੂਸ ਨਾਲ ਤੇ ਰੂਸ ਅਮਰੀਕਾ ਨਾਲ ਗੱਲਬਾਤ ਕਰਦਾ ਏ। ਫੇਰ ਵੀ ਜਦੋਂ ਕਦੀ ਚੌਧਰੀ ਦੇ ਦਾਰੇ 'ਚੋਂ ਫਾਲਤੂ ਲੋਕ ਟੁਰ ਜਾਂਦੇ ਤੇ ਉਹਦੇ ਆਪਣੇ ਬੰਦੇ ਰਹਿ ਜਾਂਦੇ ਤਾਂ ਉਹ ਆਪਣੇ ਦਿਲ ਦੀ ਭੜਾਸ ਕੱਢਦਾ ''ਇਹ ਕਮੀਨਾਂ ਕੌੜੀ ਗੋਲੀ ਥੁੱਕ ਦਿੰਦਾ ਏ। ਹੁਣ ਮੈਂ ਇਹਨੂੰ ਖੰਡ ਨਾਲ ਗਲੇਫੀਆਂ ਹੋਈਆਂ ਗੋਲੀਆਂ ਖੁਆਵਾਂਗਾ।'' ਫੇਰ ਉਹ ਹਾਲਾਤ 'ਤੇ ਵਿਚਾਰ ਕਰਨ ਲੱਗਦਾ ''ਲੋਕ ਆਖਦੇ ਨੇ ਪਈ ਸ਼ਰਾਬ ਦਾ ਨਸ਼ਾ ਭੈੜਾ ਹੁੰਦਾ ਏ। ਮੈਂ ਕਹਿਨਾਂ ਨਹੀਂ, ਅਮੀਰਾਂ ਲਈ ਪੈਸੇ ਦਾ ਨਸ਼ਾ ਉਸ ਤੋਂ ਵੀ ਭੈੜਾ ਏ। ਕਰਮੂ ਵੱਲ ਈ ਵੇਖੋ ਇਹ ਮਰਾਸੀ ਦਾ ਪੁੱਤਰ ਜਦੋਂ ਵੀ ਮੈਨੂੰ ਮਿਲਦਾ ਸੀ, 'ਭਾਗ ਲੱਗੇ ਰਹਿਣ, ਭਾਗ ਲੱਗੇ ਰਹਿਣ' ਦੀ ਮੁਹਾਰਨੀ ਬੋਲਦਾ ਹੋਇਆ ਨਿਉਂਈ ਜਾਂਦਾ ਹੁੰਦਾ ਸੀ ਅਤੇ ਕਿਥੇ ਇਹ ਦਿਨ ਕਿ ਕਲ੍ਹ ਆਖਣ ਲੱਗਾ ''ਮੈਂ ਓਧਰ ਲਾਹੌਰ, ਫੈਸਲਾਬਾਦ ਵੱਲ ਜਾ ਰਿਹਾ ਹਾਂ ਕੋਈ ਚੀਜ਼ ਚਾਹੀਦੀ ਹੋਵੇ ਤਾਂ ਲੈਂਦਾ ਆਵਾਂ। ਕੋਈ ਖੂੰਡੀ ਸ਼ੁੰਡੀ, ਕੋਈ ਜੁੱਤੀ ਸ਼ੁੱਤੀ। ਇਹ ਸਭ ਪੈਸੇ ਦਾ ਨਸ਼ਾ ਏ।'' ਫੇਰ ਚੌਧਰੀ ਨੇ ਧੌਣ ਘੁਮਾ ਕੇ ਏਧਰ ਓਧਰ ਵੇਖਿਆ ਤੇ ਕਹਿਣ ਲੱਗਾ, ''ਉਹ ਕਿਧਰੇ ਕਿਸੇ ਖੂੰਜੇ ਵਿਚ ਬੈਠਾ ਤਾਂ ਨਹੀਂ! ਹਰਾਮ ਦੀ ਸੱਟ। ਯਾਦ ਜੇ ਇਕ ਵਾਰੀ ਮੈਂ ਇਥੇ ਦਾਰੇ ਵਿਚ ਉਹਦੀਆਂ ਗੱਲਾਂ ਕਰ ਰਿਹਾ ਸਾਂ। ਹਨੇਰੇ ਵਿਚ ਮੈਨੂੰ ਪਤਾ ਈ ਨਹੀਂ ਲੱਗਾ ਕਿ ਉਹ ਕਮੀਨਾ ਵੀ ਇਕ ਪਾਸੇ ਬੈਠਾ ਹੋਇਆ ਏ। ਉਸ ਖਾਨਦਾਨੀ ਕੰਗਾਲ ਦੇ ਨਵੇਂ ਠਾਠ ਬਾਠ ਦੀ ਗੱਲ ਕਰਦਿਆਂ ਮੈਂ ਆਖ ਦਿੱਤਾ ਕਿ ਜੇਕਰ ਕਾਂ ਮੋਰ ਦੇ ਖੰਭ ਸਜਾ ਲਵੇ ਤਾਂ ਵੀ ਕਾਂ, ਕਾਂ ਈ ਰਹਿੰਦਾ ਏ। ਮੇਰੀਆਂ ਚਿਲਮਾਂ ਭਰਨ ਵਾਲਾ ਤੇ ਮੇਰਾ ਤਬੇਲਾ ਸਾਫ ਕਰਨ ਵਾਲਾ, ਮੇਰੀ ਇਹ ਗੱਲ ਸੁਣ ਕੇ ਭਰੇ ਦਾਰੇ ਵਿਚ ਬੋਲ ਪਿਆ 'ਉਂਝ ਚੌਧਰੀ ਜੀ, ਸਿਆਣਿਆਂ ਕੋਲੋਂ ਸੁਣਿਆ ਏ ਪਈ ਮੋਰ ਵੀ ਕਾਂ ਦੀ ਈ ਨਸਲ 'ਚੋਂ ਏ। ਸਿਰਫ ਰੰਗਦਾਰ ਪਰ ਕੱਢ ਲਏ ਤੇ ਨੱਚਣਾ ਸਿੱਖ ਗਿਆ ਏ!' ਯਾਦ ਏ ਨਾ ਤੁਹਾਨੂੰ? ਪੈਸੇ ਨੇ ਇੰਨਾ ਹੌਸਲਾ ਵਧਾ ਦਿੱਤਾ ਏ ਓਸ ਅਫਲਾਤੂਨ ਦੇ ਪੁੱਤਰ ਦਾ, ਨਹੀਂ ਤਾਂ ਇੱਥੇ ਮੇਰੇ ਸਾਹਮਣੇ ਬਿੱਲੀ ਵਾਂਗ ਮਿਆਓਂ ਮਿਆਓਂ ਕਰਦਾ ਫਿਰਦਾ ਸੀ। ਪੈਸੇ ਨੇ ਉਹਦੀ ਜ਼ਬਾਨ ਖਿੱਚ ਕੇ ਮੇਰੀ ਜੁੱਤੀ ਜਿੱਡੀ ਕਰ ਦਿੱਤੀ ਏ। ਪਰ ਫੇਰ ਵੀ ਅਜਿਹੇ ਨਵੇਂ ਹੋਏ ਅਮੀਰਾਂ ਨੂੰ ਥਾਂ ਸਿਰ ਰੱਖਣ ਦੇ ਗੁਰ ਮੈਨੂੰ ਪਤਾ ਨੇ! ਜੁੱਤੀ ਉਤੇ ਭਾਵੇਂ ਤਿੱਲੇ ਦੀ ਕਢਾਈ ਕੀਤੀ ਹੋਈ ਹੋਵੇ ਪਰ ਰਹੇਗੀ ਤਾਂ ਜੁੱਤੀ ਈ ਅਤੇ ਪੈਰੀਂ ਪਾਈ ਜਾਏਗੀ। ਉਸ ਮਰਾਸੀ ਦੇ ਪੁੱਤਰ ਨੇ ਮੇਰੇ ਪਿੰਡ ਵਿਚ ਰਹਿਣਾ ਏ ਤਾਂ ਮਰਾਸੀ ਬਣ ਕੇ ਰਹਿਣਾ ਪਏਗਾ। ਤੁਸੀਂ ਵੇਖ ਲੈਣਾ।''
ਸਿਆਲ ਦਾ ਦਿਨ ਸੀ। ਕਰਮੂ ਕੁਝ ਦਿਨ ਆਪਣੇ ਪੁੱਤਰ ਕੋਲ ਰਹਿ ਕੇ ਵਾਪਸ ਪਿੰਡ ਆਇਆ ਤਾਂ ਉਹਨੇ ਸੁਨਹਿਰੇ ਰੰਗ ਦੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ। ਲੋਕ ਉਸ ਕੰਬਲ ਨੂੰ ਹੱਥ ਲਾਉਂਦੇ ਤੇ ਹੈਰਾਨ ਹੁੰਦੇ ਕਿ ਕਿਸੇ ਭੇਡ ਦੀ ਉਨ ਇੰਨੀ ਮੁਲੈਮ ਵੀ ਹੋ ਸਕਦੀ ਏ। ਕਰਮੂ ਦੇ ਇਕ ਰਿਸ਼ਤੇਦਾਰ ਨੇ ਕੰਬਲ ਨੂੰ ਹੱਥ ਲਾਇਆ ਤਾਂ ਬਿਸਮਿਲਾ ਪੜ੍ਹ ਕੇ ਕੰਬਲ ਦੀ ਇਕ ਕੰਨੀ ਮੂੰਹ 'ਚ ਪਾ ਕੇ ਕਹਿਣ ਲੱਗਾ, ''ਸੂਜੀ ਦਾ ਕੜਾਹ ਹੋਵੇ ਤਾਂ ਅਜਿਹਾ ਹੋਵੇ ਕਿ ਜਦੋਂ ਜੀ ਕੀਤਾ ਉਤੇ ਲੈ ਲਿਆ ਜੀ ਕੀਤਾ ਤੇ ਖਾ ਲਿਆ।''
ਕਰਮੂ ਮਿਲਣ ਵਾਲਿਆਂ ਨੂੰ ਆਪ ਦੱਸਦਾ ਰਿਹਾ, ''ਪੂਰੇ ਇਕ ਸੌ ਦਾ ਏ। ਨਿਰਾ ਸੁਹਣਾ ਈ ਨਹੀਂ, ਅੰਦਰੋਂ ਵੀ ਬੜਾ ਗੁਣੀ ਏ। ਪੋਹ ਦੀ ਠੰਡ ਵਿਚ ਵੀ ਮੁੜ੍ਹਕਾ ਆ ਜਾਂਦੇ ਏ। ਖੁਦਾ ਦੀ ਕਸਮ।''
ਸਾਰੇ ਪਿੰਡ ਵਿਚ ਉਸ ਕੰਬਲ ਦੀ ਚਰਚਾ ਹੋਣ ਲੱਗੀ। ਗੱਲ ਚੌਧਰੀ ਤੱਕ ਵੀ ਅੱਪੜੀ ਪਰ ਇਸ ਤਰ੍ਹਾਂ ਕਿ ਕਰਮੂ ਕਹਿ ਰਿਹਾ ਸੀ, ''ਅਜਿਹਾ ਕੰਬਲ ਤਾਂ ਚੌਧਰੀ ਨੂੰ ਵੀ ਨਸੀਬ ਨਹੀਂ ਹੋਣਾ।'' ਇਸ ਤੇ ਚੌਧਰੀ ਇੰਜ ਮੁਸਕਰਾਇਆ ਜਿਵੇਂ ਕਿਸੇ ਨੇ ਖਰਬੂਜੇ ਦਾ ਇਕ ਸਿਰਾ ਛੁਰੀ ਨਾਲ ਚੀਰ ਦਿੱਤਾ ਹੋਵੇ। ਕਰਮੂ ਦੇ ਵਤੀਰੇ ਨੇ ਚੌਧਰੀ ਨੂੰ ਸਿਆਸਤਦਾਨ ਬਣਾ ਦਿੱਤਾ ਸੀ। ਇਕ ਦਿਨ ਕਰਮੂ ਇਸ ਕੰਬਲ ਦੀ ਬੁੱਕਲ ਮਾਰ ਕੇ ਚੌਧਰੀ ਦੇ ਦਾਰੇ ਦੀ ਗਲੀ 'ਚੋਂ ਲੰਘਿਆ ਤਾਂ ਚੌਧਰੀ ਆਪਣੇ ਬੰਦਿਆਂ ਨਾਲ ਬੈਠਾ ਧੁੱਪ ਸੇਕ ਰਿਹਾ ਸੀ। ਕਰਮੂ ਨੂੰ ਸੱਦਿਆ ਤੇ ਉਹਦੇ ਕੰਬਲ ਉਤੇ ਹੱਥ ਫੇਰ ਕੇ ਕਿਹਾ, ''ਕਿਥੋਂ ਮਾਰਿਆ ਈ?''
ਕਰਮੂ ਇਕ ਸਿਲ 'ਤੇ ਬਹਿ ਗਿਆ, ''ਭਾਗ ਲੱਗੇ ਰਹਿਣ! ਮੈਂ ਤਾਂ ਸਾਰੀ ਉਮਰ ਇਕ ਤਰਿੱਡੀ ਵੀ ਨਹੀਂ ਮਾਰੀ, ਕੰਬਲ ਕਿਥੋਂ ਮਾਰਾਂਗਾ? ਫੇਰ ਕੰਬਲ ਵੀ ਅਜਿਹਾ ਕਿ ਤੁਸਾਂ ਹੱਥ ਲਾਇਆ ਤਾਂ ਮੈਂ ਤੁਹਾਡੇ ਲੂੰ ਕੰਡੇ ਖੜੇ ਹੁੰਦੇ ਵੇਖੇ।''
ਚੌਧਰੀ ਦਾ ਚਿਹਰਾ ਇਸ ਤਰ੍ਹਾਂ ਹੋ ਗਿਆ ਜਿਵੇਂ ਉਹਦੀ ਚੋਰੀ ਫੜੀ ਗਈ ਹੋਵੇ। ਖਰਬੂਜੇ ਨੂੰ ਇਕ ਹੋਰ ਚੀਰ ਆ ਗਿਆ। ਚੌਧਰੀ ਨੇ ਕਿਹਾ, ''ਚਲੋ ਮਾਰਿਆ ਨਹੀਂ ਤਾਂ ਲਿਆ ਕਿਥੋਂ?''
ਕਰਮੂ ਨੇ ਜਵਾਬ ਵਿਚ ਪਲ ਕੁ ਦੀ ਦੇਰ ਕੀਤੀ। ਉਹਦੀਆਂ ਅੱਖਾਂ ਚਮਕੀਆਂ। ਆਪਣੇ ਪੁੱਤਰ ਦੀ ਚਰਚਾ ਵੇਲੇ ਹਮੇਸ਼ਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹਦੀਆਂ ਪੁਤਲੀਆਂ ਵਿਚ ਰੱਖੇ ਹੋਏ ਦੀਵਿਆਂ ਦੀਆਂ ਲਾਟਾਂ ਬਲ ਪੈਣ। ''ਕਾਲਾਸ਼ਾਹ ਕਾਕੂ 'ਚ ਮੇਰਾ ਪੁੱਤਰ ਏ ਨਾ ਸਰਫ਼ਰਾਜ਼...''
''ਹਾਂ ਉਹ ਸਰਫ਼ਾ!'' ਚੌਧਰੀ ਨੇ ਕਰਮੂ ਦੀ ਗਲਤੀ ਸੁਧਾਰੀ।
''ਹਾਂ ਜੀ, ਉਹ ਈ ਸਰਫਰਾਜ਼'' ਕਰਮੂ ਨੇ ਆਪਣੀ ਗਲਤੀ ਦੀ ਸੋਧ ਵੱਲ ਕੋਈ ਧਿਆਨ ਨਾ ਦਿੱਤਾ, ''ਉਹ ਆਖਣ ਲੱਗਾ ਬਾਬਾ ਇਸ ਵਾਰੀ ਇਥੋਂ ਇਕ ਚੰਗੀ ਜਿਹੀ ਜੁੱਤੀ ਲੈ ਜਾ। ਮੈਂ ਕਿਹਾ ਪੁੱਤਰ, ਜੁੱਤੀਆਂ ਉਧਰ ਪਿੰਡ ਵਿਚ ਬਹੁਤ ਨੇ, ਕੁਝ ਹੋਰ ਲਿਆ, ਕੋਈ ਤੋਫ੍ਹਾ। ਉਹ ਇਹ ਕੰਬਲ ਲੈ ਆਇਆ। ਮਲੇਸ਼ੀਆ ਵਿਚ ਉਹਦੇ ਕਿਸੇ ਦੋਸਤ ਦਾ ਪਿਉ ਰਹਿੰਦਾ ਏ। ਉਹ ਇਹ ਕੰਬਲ ਆਪਣੇ ਪੁੱਤਰ ਲਈ ਲਿਆਇਆ ਸੀ। ਸਰਫਰਾਜ਼ ਨੇ ਮੇਰੇ ਲਈ ਉਸ ਤੋਂ ਖਰੀਦ ਲਿਆ।''
ਚੌਧਰੀ ਨੇ ਕਿਹਾ, ''ਵੇਖ ਕਰਮੂ ਜੇਕਰ ਮੈਂ ਕਿਹਾ ਕਿ ਮੈਨੂੰ ਇਹ ਕੰਬਲ ਚਾਹੀਦਾ ਏ.... ਤਾਂ?
''ਤੇ ਲੈ ਲਓ ਨਾ, ਭਾਗ ਲੱਗੇ ਰਹਿਣ।'' ਕਰਮੂ ਨੇ ਤੁਰਤ ਜਵਾਬ ਦਿੱਤਾ। ''ਸਰਫਰਾਜ਼ ਪੁੱਛੇਗਾ ਤਾਂ ਕਹਿ ਦਿਆਂਗਾ ਚੋਰ ਲੈ ਗਏ।''
ਚੌਧਰੀ ਨੇ ਕਰਮੂ ਦੀ ਗੱਲ ਨੂੰ ਹਾਸੇ ਵਿਚ ਗਵਾਉਣਾ ਚਾਹਿਆ ਪਰ ਸਾਫ਼ ਪਤਾ ਲੱਗਦਾ ਸੀ ਕਿ ਇਸ ਹਾਸੇ ਦਾ ਫੇਫੜਿਆਂ ਨਾਲ ਕੋਈ ਸਬੰਧ ਨਹੀਂ ਸੀ। ਫੇਰ ਵੀ ਉਹ ਇਕਦਮ ਗੰਭੀਰ ਹੋ ਕੇ ਬੋਲਿਆ, ''ਇਹਦਾ ਕੀ ਕਰੇਂਗਾ?''
''ਕੁੱਝ ਵੀ ਨਹੀਂ, ਭਾਗ ਲੱਗੇ ਰਹਿਣ।'' ਕਰਮੂ ਦੀ ਆਵਾਜ਼ 'ਚ ਬੜੀ ਬੇਪਰਵਾਹੀ ਸੀ। ਬੜਾ ਠਰ੍ਹੰਮਾ ਸੀ।
''ਪਰ ਮੈਂ ਮੁਫ਼ਤ ਨਹੀਂ ਲਵਾਂਗਾ'', ਚੌਧਰੀ ਨੇ ਕਿਹਾ, ''ਇਹ ਸਾਡੀ ਖਾਨਦਾਨੀ ਆਦਤ ਏ ਕਿ ਅਸੀਂ ਮੁਫ਼ਤ ਚੀਜ਼ਾਂ ਦਿੰਦੇ ਹਾਂ, ਲੈਂਦੇ ਨਹੀਂ। ਤੂੰ ਤਾਂ ਜਾਣਦਾ ਈ ਏਂ। ਤੈਨੂੰ ਉਮਰ ਭਰ ਦਾ ਤਜ਼ਰਬਾ ਏ।''
''ਹਾਂ ਜੀ'' ਕਰਮੂ ਨੇ ਕਿਹਾ, ''ਪਰ ਕਦੀ ਕਦੀ ਲੈਣ ਵਾਲੇ 'ਤੇ ਦੇਣ ਦਾ ਵੇਲਾ ਵੀ ਆ ਜਾਂਦਾ ਏ। ਲੈ ਲਓ ਨਾ, ਸਰਫਰਾਜ ਮੈਨੂੰ ਹੋਰ ਘੱਲ ਦੇਵੇਗਾ।''
''ਨਹੀਂ ਕਰਮੂ'' ਚੌਧਰੀ ਬੋਲਿਆ, ''ਤੂੰ ਸਾਡਾ ਮਰਾਸੀ ਏਂ। ਤੇਰੇ ਪਿਓ ਦਾਦੇ ਨੇ ਸਾਡੇ ਬਜ਼ੁਰਗਾਂ ਦੀਆਂ ਜੁੱਤੀਆਂ ਝਾੜੀਆਂ ਨੇ। ਮੰਗ ਕੀ ਮੰਗਦਾ ਏਂ ਇਸ ਕੰਬਲ ਦਾ? ਸਰਫੇ ਨੇ ਤੈਨੂੰ ਦੱਸਿਆ ਤਾਂ ਹੋਣਾ ਈ ਏ ਪਈ ਇਸ ਕੰਬਲ ਦੇ ਕਿੰਨੇ ਰੁਪਏ ਦਿੱਤੇ ਸਨ।''
''ਹਾਂ ਜੀ ਸਰਫਰਾਜ ਨੇ ਦੱਸਿਆ ਤਾਂ ਸੀ।'' ਕਰਮੂ ਦੀ ਆਵਾਜ਼ 'ਚ ਯੋਜਨਾ ਬਣਾਉਣ ਦੀ ਡੂੰਘਾਈ ਸੀ। ਫੇਰ ਉਹ ਇਕ ਨਿਰਣੇ ਤੇ ਪਹੁੰਚ ਕੇ ਮੁਸਕਰਾਉਂਦਾ ਹੋਇਆ ਬੋਲਿਆ, ''ਕੰਬਲ ਦੂਜੇ ਦੇਸ਼ ਦਾ ਏ ਨਾ ਜੀ। ਮੈਂ ਆਖਿਆ ਵੀ ਸੀ ਸਰਫਰਾਜ਼ ਨੂੰ ਪਈ ਇੰਨੀਆਂ ਫਜ਼ੂਲ ਖਰਚੀਆਂ ਨਾ ਕਰਿਆ ਕਰ। ਕਹਿਣ ਲੱਗਾ ਕੋਈ ਵੀ ਚੀਜ਼ ਮੇਰੇ ਬਾਪ ਦੇ ਆਰਾਮ ਨਾਲੋਂ ਮਹਿੰਗੀ ਨਹੀਂ। ਤੁਸੀਂ ਠੀਕ ਆਖਦੇ ਸੀ, ਸਿੱਖਿਆ ਨੇ ਮੁੰਡਿਆਂ ਦੇ ਦਿਮਾਗ ਵਿਗਾੜ ਦਿੱਤੇ ਨੇ। ਕੀਮਤ ਕੁੱਝ ਜ਼ਿਆਦਾ ਈ ਏ ਭਾਗ ਲੱਗੇ ਰਹਿਣ।''
''ਮਤਲਬ ਇੰਨੀ ਜ਼ਿਆਦਾ ਏ ਕਿ ਸਿਰਫ ਮਰਾਸੀ ਦੇ ਸਕਦਾ ਏ ਅਤੇ ਮੈਂ ਨਹੀਂ ਦੇ ਸਕਦਾ?''
ਚੌਧਰੀ ਆਪਣਾ ਗੁੱਸਾ ਛੁਪਾਉਣ ਦੇ ਯਤਨ ਦੇ ਬਾਵਜੂਦ ਛੁਪਾ ਨਾ ਸਕਿਆ। ''ਦੱਸ ਕਿੰਨੇ ਦਾ ਆਇਆ ਹੈ? ਪੰਜਾਹ, ਸੌ, ਦੋ ਸੌ, ਤਿੰਨ ਸੌ,... ਕਿੰਨੇ ਦਾ ਏ?''
''ਤਿੰਨ ਸੌ ਨਹੀਂ ਜੀ'' ਕਰਮੂ ਨੇ ਚੌਧਰੀ ਦੇ ਮੁਨਸ਼ੀ ਵੱਲ ਉਸੇ ਤਰ੍ਹਾਂ ਈ ਵੇਖਿਆ ਜਿਸ ਤਰ੍ਹਾਂ ਜੁੱਤੀਆਂ ਮਾਰਨ ਤੋਂ ਪਹਿਲਾਂ ਮੁਨਸ਼ੀ ਨੇ ਕਰਮੂ ਨੂੰ ਵੇਖਿਆ ਸੀ। ਕੁਲ ਦੋ ਸੌ ਬਾਠ੍ਹਾਂ ਦਾ ਆਇਆ ਏ।'' ਉਹਨੇ ਪ੍ਰਸੰਸਾ ਪ੍ਰਾਪਤੀ ਵਾਲੀ ਨਜ਼ਰ ਨਾਲ ਲੋਕਾਂ ਵੱਲ ਝਾਕਿਆ।
''ਅਤੇ ਇੰਨੀ ਰਕਮ ਤੇਰੇ ਪੁੱਤਰ ਨੇ ਤਾਰ ਦਿੱਤੀ?''
''ਕਮਾਂਦਾ ਖਾਂਦਾ ਏ ਨਾ, ਰੱਬ ਤੁਹਾਨੂੰ ਭਾਗ ਲਾਏ।''
''ਤੂੰ ਮੇਰੇ ਕੋਲੋਂ ਦੋ ਸੋ ਬਾਠ੍ਹ ਰੁਪਏ ਲਏਂਗਾ?''
''ਤੁਸੀਂ ਬਾਠ੍ਹ ਰਹਿਣ ਦਿਓ, ਉਹਨਾਂ ਦਾ ਹਿਸਾਬ ਫੇਰ ਹੁੰਦਾ ਰਹੇਗਾ। ਦੋ ਸੌ ਦੇ ਦਿਓ।''
''ਦੋ ਸੌ ਬਾਠ੍ਹਾਂ ਵਿਚ ਬਾਠ੍ਹ ਰਲਾ ਕੇ ਕਿਉਂ ਨਾ ਦਿਆਂ?'' ਚੌਧਰੀ ਨੇ ਬਾਜ਼ੀ ਮਾਰਨ ਵਾਲੇ ਅੰਦਾਜ਼ 'ਚ ਕਿਹਾ, ''ਉਏ ਤੂੰ ਸਾਡਾ ਮਰਾਸੀ ਏਂ।''
''ਚਲੋ ਜ਼ਿਆਦਾ ਦੇ ਦਿਓ। ਭਾਗ ਲੱਗੇ ਰਹਿਣ! ਤਿੰਨ ਸੌ ਚੋਵ੍ਹੀ ਦੇ ਦਿਓ।''
''ਤੈਨੂੰ ਤਾਂ ਦੁਕਾਨਦਾਰਾਂ ਵਾਂਗ ਹਿਸਾਬ ਕਰਨਾ ਵੀ ਆ ਗਿਆ ਏ'', ਚੌਧਰੀ ਨੇ ਦਿਲਲਗੀ ਕਰਨ ਦੀ ਕੋਸ਼ਿਸ਼ ਕੀਤੀ।
ਅਤੇ ਕਰਮੂ ਕੰਬਲ ਲਾਹੁੰਦਾ ਹੋਇਆ ਬੋਲਿਆ, ''ਮੈਂ ਤਾਂ ਹੁਣ ਬੇਹਿਸਾਬ ਖ਼ਰਚ ਕਰਦਾ ਹਾਂ ਜੀ। ਬਸ ਕੁਝ ਆਉਂਦਾ ਏ ਤਾਂ ਇਹ ਬਾਠ੍ਹਾਂ ਦਾ ਹਿਸਾਬ ਆਉਂਦਾ ਏ।''
ਚੌਧਰੀ ਨੇ ਕਰਮੂ ਵਲੋਂ ਚਲਾਏ ਹੋਏ ਤੀਰ ਤੋਂ ਬੇਪਰਵਾਹ ਹੋ ਕੇ ਆਪਣੇ ਮੁਨਸ਼ੀ ਨੂੰ ਕਿਹਾ, ''ਲੈ ਭਾਈ ਦੇ ਦੇ ਇਹਨੂੰ ਤਿੰਨ ਸੌ ਚੌਵ੍ਹੀ।''
''ਰੁਪਏ ਮੁਨਸ਼ੀ ਜੀ, ਤਿੰਨ ਸੌ ਚੋਵ੍ਹੀ ਰੁਪਏ'' ਕਰਮੂ ਨੇ ਮੁਨਸ਼ੀ ਨੂੰ ਤਾਕੀਦ ਕੀਤੀ।
''ਰੁਪਏ ਨਹੀਂ ਤਾਂ ਪੈਸੇ? ਮੁਨਸ਼ੀ ਨੇ ਕਮੀਜ਼ ਹੇਠਾਂ ਪਾਈ ਹੋਈ ਕੁੜਤੀ ਦੀ ਅੰਦਰਲੀ ਜੇਬ ਵਿਚੋਂ ਨੋਟਾਂ ਦੀ ਗੱਠੀ ਕੱਢਦਿਆਂ ਹੋਇਆ ਪੁੱਛਿਆ।
''ਮੇਰਾ ਮਤਲਬ ਸੀ ਕਿਧਰੇ ਤੁਸੀਂ ਤਿੰਨ ਸੌ ਚੋਵ੍ਹੀ ਰੁਪਏ ਦੇਣ ਦੀ ਬਜਾਏ ਤਿੰਨ ਸੌ ਚੋਵ੍ਹੀ ਜੁੱਤੀਆਂ ਮਾਰਨ ਨਾ ਲੱਗ ਜਾਓ।''
ਚੌਧਰੀ ਸਣੇ ਸਾਰੇ ਲੋਕ ਜ਼ੋਰ ਨਾਲ ਹੱਸੇ, ਪਰ ਸਾਰਿਆਂ ਦੇ ਹਾਸੇ ਦਾ ਅਰਥ ਵੱਖੋ ਵੱਖਰਾ ਪਛਾਣਿਆ ਜਾ ਸਕਦਾ ਸੀ। ਚੌਧਰੀ ਤਾਂ ਇਸ ਤਰ੍ਹਾਂ ਹੱਸਿਆ ਜਿਸ ਤਰ੍ਹਾਂ ਉਹਦਾ ਸੀਨਾ ਟੀਨ ਦਾ ਇਕ ਪੀਪਾ ਹੋਵੇ ਤੇ ਕਰਮੂ ਨੇ ਹਿਲਾ ਕੇ ਉਸ ਵਿਚ ਪਏ ਰੋੜੇ ਖੜਕਾ ਦਿੱਤੇ ਹੋਣ।
ਕਰਮੂ ਨੇ ਰੁਪਏ ਲਏ ਤੇ ਮੁਸਕਰਾਉਂਦਾ ਹੋਇਆ ਸਵੈਮਾਣ ਨਾਲ ਟੁਰ ਗਿਆ।
ਫੇਰ ਚੌਧਰੀ ਆਪਣੇ ਸਾਹਮਣੇ ਕੰਬਲ ਖਿਲਾਰ ਕੇ ਹੱਸਿਆ। ਉਹਨੂੰ ਚੰਗੀ ਤਰ੍ਹਾਂ ਝਾੜਿਆ ਜਿਵੇਂ ਕੰਬਲ ਦਾ ਮਰਾਸੀਪੁਣਾ ਕੱਢ ਰਿਹਾ ਹੋਵੇ। ਉਹਨੂੰ ਤਹਿ ਕਰ ਕੇ ਮੁਨਸ਼ੀ ਨੂੰ ਦਿੱਤਾ ਕਿ ਘਰ ਪਹੁੰਚਾ ਦੇ, ''ਕਹਿਣਾ ਕਿ ਇਹਨੂੰ ਸਾਰਾ ਦਿਨ ਧੁੱਪੇ ਪਾ ਕੇ ਕਿਸੇ ਪੇਟੀ ਵਿਚ ਸੁੱਟ ਦੇਣ।'' ਫੇਰ ਉਥੇ ਬੈਠੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ, ''ਦਰਜਨਾਂ ਪਏ ਨੇ ਇਸ ਤਰ੍ਹਾਂ ਦੇ ਕੰਬਲ ਪਰ ਮੈਂ ਦੋ ਪੈਸੇ ਦੇ ਮਰਾਸੀ ਨੂੰ ਢਾਈ ਤਿੰਨ ਸੌ ਦੇ ਕੰਬਲ ਦੀ ਬੁੱਕਲ ਮਾਰਿਆਂ ਵੇਖ ਨਹੀਂ ਸੀ ਸਕਦਾ। ਜੁੱਤੀ ਨੂੰ ਪੈਰਾਂ ਦੇ ਹੇਠਾਂ ਈ ਰਹਿਣਾ ਚਾਹੀਦਾ ਏ।''

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਹਿਮਦ ਨਦੀਮ ਕਾਸਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ