Kaahle (Punjabi Story) : Charan Singh Shaheed

ਕਾਹਲੇ (ਕਹਾਣੀ) : ਚਰਨ ਸਿੰਘ ਸ਼ਹੀਦ

ਸ਼ਾਮ ਵੇਲੇ ਮਿਸਟਰ ਸਮਿੱਥ ਕਾਹਲੀ ਕਾਹਲੀ ਦਫ਼ਤਰੋਂ ਨਿਕਲਿਆ ਤੇ ਸਾਹਮਣੇ ਖਲੋਤੀਆਂ ਮੋਟਰਾਂ ਵਿਚੋਂ ਇਕ ਮੋਟਰ ਦੀ ਬਾਰੀ ਖੋਲ੍ਹਕੇ ਫ਼ੌਰਨ ਅੰਦਰ ਬਹਿ ਗਿਆ ਤੇ ਡਰਾਈਵਰ ਨੂੰ ਹੁਕਮ ਦਿੱਤਾ ‘ਜਲਦੀ ਚੱਲ, ਦੇਰ ਨਾ ਲਾ......।'

ਮੋਟਰ ਹਵਾ ਨਾਲ ਗੱਲਾਂ ਕਰਨ ਲੱਗ ਪਈ......ਠੰਡੀ ਹਵਾ ਦੇ ਫ਼ਰਾਟੇ ਬਾਰੀ ਥਾਣੀ ਅੰਦਰ ਆ ਰਹੇ ਸਨ, ਸਮਿੱਥ ਨੇ ਬਾਰੀ ਬੰਦ ਕਰ ਦਿੱਤੀ । ਥੋੜ੍ਹੀ ਦੂਰ ਜਾਕੇ ਇਕ ਮੋੜ ਉਤੋਂ ਮੋਟਰ ਬੜੇ ਜ਼ੋਰ ਨਾਲ ਮੁੜਨ ਲੱਗੀ ਤੇ ਪਹੀਏ ਹੇਠਾਂ ਇਕ ਵੱਡਾ ਸਾਰਾ ਪੱਥਰ ਆ ਜਾਣ ਕਰਕੇ ਜ਼ੋਰ ਦਾ ਹੁੱਜਕਾ ਲੱਗਾ ਤਾਂ ਸਮਿੱਥ ਦੇ ਉਤੇ ਉਸਦੀ ਸੀਟ ਦੀ ਦੂਜੀ ਨੁਕਰ ਤੋਂ ਇਕ ਗਠੜੀ ਜੇਹੀ ਆ ਪਈ। ਸਮਿੱਥ ਕਹਿਣ ਲੱਗਾ ‘ਲੂਸੀ, ਕਦੋਂ ਤਕ ਸੁੱਤੀ ਰਹਿਣਾ ਈ...'

ਅੱਗੋਂ ਕਿਸੇ ਤੀਵੀਂ ਨੇ ਅਜੀਬ ਜੇਹੀ ਅਵਾਜ਼ ਵਿਚ ਕਿਹਾ ‘ਜਾਰਜ ਤੁਸੀਂ ਜਿਸ ਵੇਲੇ ਆਵੋ ?' ਸਮਿੱਥ ਉਸ ਆਵਾਜ਼ ਨੂੰ ਸੁਣਕੇ ਹੈਰਾਨ ਪਰੇਸ਼ਾਨ ਰਹਿ ਗਿਆ, ਕਿਉਂਕਿ ਆਵਾਜ਼ ਉਸਦੀ ਭੈਣ ਲੂਸੀ ਦੀ ਨਹੀਂ ਸੀ। ਉਸਨੇ ਖੀਸੇ ਵਿਚੋਂ ਦੀਵਾ ਸਲਾਈ ਕੱਢਕੇ ਜਗਾਈ ਤੇ ਜਦ ਦੋਹਾਂ ਨੇ ਇਕ ਦੂਜੇ ਦੇ ਚਿਹਰੇ ਦੇਖੇ ਤਾਂ ਐਂਊਂ ਭੁੜਕ ਉੱਠੇ ਜਿਉਂ ਦੋਹਾਂ ਨੂੰ ਬਿੱਛੂ ਲੜ ਗਏ ਹੁੰਦੇ ਹਨ-ਮੋਟਰ ਬ੍ਰਾਬਰ ਤੇਜ਼ ਦੌੜੀ ਜਾ ਰਹੀ ਸੀ ।

ਇਕ ਛਿਨ ਮਗਰੋਂ ਉਸ ਤੀਵੀਂ ਨੇ ਹੌਂਸਲਾ ਕਰਕੇ ਕਿਹਾ ਕਿ ‘ਜਨਾਬ ! ਤੁਸੀਂ ਕੌਣ ਹੋ ? ਤੇ ਮੇਰੀ ਮੋਟਰਕਾਰ ਵਿਚ ਇਸ ਤਰ੍ਹਾਂ ਆ ਬੈਠਣ ਦਾ ਤੁਹਾਨੂੰ ਕੀ ਹੱਕ ਹੈ?'

ਮਿਸਟਰ ਸਮਿੱਥ ਨੇ ਗੰਭੀਰਤਾ ਨਾਲ ਕਿਹਾ, ‘ਸ਼੍ਰੀ ਮਤੀ ਜੀ ! ਇਹੋ ਲਫ਼ਜ਼ ਤੁਹਾਨੂੰ ਮੈਂ ਪੁੱਛ ਸਕਦਾ ਹਾਂ......ਜਿੱਥੋਂ ਤੱਕ ਮੇਰਾ ਖਿਆਲ ਏ, ਇਹ ਮੋਟਰ ਮੇਰੀ ਭੈਣ ਨੇ ਕਰਾਏ ਲੀਤੀ ਹੋਈ ਏ.....'

ਔਰਤ ਨੇ ਜ਼ਰਾ ਤੇਜ਼ ਹੋਕੇ ਕਿਹਾ 'ਬਿਲਕੁਲ ਗ਼ਲਤ, ਤੁਸੀਂ ਜਾਂ ਤਾਂ ਕੋਈ ਚੋਰ ਡਾਕੂ ਹੋ, ਤੇ ਜਾਂ ਪੂਰੇ ਅਹਿਮਕ ਹੋ,......ਕ੍ਰਿਪਾ ਕਰਕੇ ਮੋਟਰ ਫ਼ੌਰਨ ਖੜੀ ਕਰਾਓ, ਤੇ ਇਸ ਵਿਚੋਂ ਉਤਰ ਜਾਓ...ਇਹ ਮੋਟਰ ਮੇਰੀ ਏ ....!”

ਸਮਿੱਥ ਨੇ ਦ੍ਰਿੜਤਾ ਨਾਲ ਕਿਹਾ ‘ਹਰਗਿਜ਼ ਨਹੀਂ.....ਮੈਂ ਨਾ ਕੋਈ ਚੋਰ ਹਾਂ ਤੇ ਨਾ ਕੋਈ ਡਾਕੂ, ਜੇ ਕੋਈ ਮਰਦ ਇਹ ਲਫ਼ਜ਼ ਕਹਿੰਦਾ ਤਾਂ ਮੈਂ ਉਸ ਨੂੰ ਹੁਣੇ ਸੁਆਦ ਚਖਾ ਦੇਂਦਾ..... ਪਰ ਖੈਰ, ਤੁਹਾਨੂੰ ਮੇਰੇ ਪਾਸੋਂ ਬਿਲਕੁਲ ਕੋਈ ਖ਼ਤਰਾ ਨਹੀਂ...... ।’

'ਮੈਂ ਕਹਿੰਦੀ ਹਾਂ ਕਿ ਮੋਟਰ ਫ਼ੌਰਨ ਖੜੀ ਕਰਾਓ, ਵਰਨਾ ਮੈਂ ਚੀਕਾਂ ਮਾਰਾਂਗੀ......'

'ਬਿਲਕੁਲ ਨਹੀਂ......ਮੇਰਾ ਇਕ ਇਕ ਸਕਿੰਟ ਕੀਮਤੀ ਹੈ, ਵਰਨਾ ਮੇਰਾ ਭਰਾ ਸਾਰੀ ਉਮਰ ਲਈ ਮੁਸੀਬਤ ਵਿਚ ਫਸ ਜਾਵੇਗਾ...... ਮੈਂ ਕੇਵਲ ਸਟੇਸ਼ਨ ਤਕ ਜਾਣਾ ਹੈ......'

ਔਰਤ ਨੇ ਇਕ ਸਕਿੰਟ ਸੋਚਕੇ ਆਖਿਆ ‘ਜਾਣਾ ਤਾਂ ਮੈਂ ਭੀ ਸਟੇਸ਼ਨ ਤੇ ਹੀ ਹੈ, ਪਰ ਜਦ ਤਕ ਮੇਰਾ ਭਰਾ ਮੇਰੇ ਨਾਲ ਨਾ ਹੋਵੇ......'

ਹੁਣ ਸਮਿੱਥ ਦਾ ਹੌਸਲਾ ਜ਼ਰਾ ਵਧ ਗਿਆ, ਕਹਿਣ ਲੱਗਾ 'ਬੀਬੀ ਜੀ, ਮੈਂ ਦਿੱਲੀ ਦੀ ਗੱਡੀ ਚੜ੍ਹਨਾ ਏ, ਕੇਵਲ ਦਸ ਮਿੰਟ ਬਾਕੀ ਹਨ....ਮੈਂ ਸਟੇਸ਼ਨ ਤੇ ਉਤਰ ਜਾਵਾਂਗਾ, ਤੇ ਤੁਸੀਂ......'

ਹੁਣ ਉਸ ਤੀਵੀਂ ਦੇ ਬੁੱਲਾਂ ਤੇ ਥੋੜ੍ਹੀ ਜੇਹੀ ਮੁਸਕ਼ਾਹਟ ਆ ਗਈ, ਬੋਲੀ ‘ਅਜੀਬ ਗੱਲ ਏ, ਮੈਂ ਭੀ ਇਸੇ ਗੱਡੀ ਚੜ੍ਹਨਾ ਏ.......'

'.......ਤਦ ਕੋਈ ਫਿਕਰ ਵਾਲੀ ਗੱਲ ਨਹੀਂ.......'

‘ਪਰ ਮੇਰੇ ਪਾਸ ਤਾਂ ਟਿਕਟ ਨਹੀਂ ਏ ਤੇ ਨਾ ਹੀ ਕੋਈ ਪੈਸਾ ਏ, ਸਭ ਕੁਛ ਮੇਰੇ ਭਰਾ ਦੇ ਪਾਸ ਏ........'

‘ਕੋਈ ਹਰਜ ਨਹੀਂ.....ਮੈਂ ਦੋ ਟਿਕਟ ਖਰੀਦੇ ਹੋਏ ਹਨ, ਮੇਰੀ ਭੈਣ ਨੇ ਮੇਰੇ ਨਾਲ ਜਾਣਾ ਸੀ, ਸੋ ਉਹ ਹੁਣ ਪਿੱਛੇ ਰਹਿ ਗਈ ਏ ਉਸ ਦਾ ਟਿਕਟ ਤੁਸੀਂ ਹੀ ਲੈ ਲੈਣਾ । ਮੇਰੇ ਪਾਸ ਵਾਧੂ ਈ ਏ......?'

‘ਖ਼ੈਰ, ਮੈਨੂੰ ਇਹ ਤੁਹਾਡਾ ਹਸਾਨ ਝੱਲਣਾ ਈ ਪਊ, ਭਾਵੇਂ ਕਾਹਲੀ ਦੀ ਗ਼ਲਤੀ ਤੁਹਾਡੀ ਏ । ਤੁਹਾਨੂੰ ਅੱਖਾਂ ਖੋਲ੍ਹ ਕੇ ਮੋਟਰ ਵਿਚ ਚੜਨਾ ਚਾਹੀਦਾ ਸੀ......'

'ਮੈਂ ਬੇਸ਼ੱਕ ਬੜੀ ਕਾਹਲੀ ਵਿਚ ਸਾਂ, ਗੱਲ ਇਹ ਏ ਕਿ ਅੱਜ ਹੀ ਦਿੱਲੀਓਂ ਤਾਰ ਆਈ ਏ ਕਿ ਮੇਰਾ ਛੋਟਾ ਭਰਾ ਕੱਲ੍ਹ ਇਕ ਅਜੇਹੀ ਮਿਸ ਨਾਲ ਵਿਆਹ ਕਰਨ ਵਾਲਾ ਏ, ਜਿਸ ਨੂੰ ਉਸ ਨੇ ਸਿਰਫ ਇਕ ਦਿਨ ਤੋਂ ਹੀ ਦੇਖਿਆ ਏ । ਮੈਂ ਤੇ ਮੇਰੀ ਭੈਣ ਨੇ ਉਸ ਨੂੰ ਇਸ ਬੇਵਕੂਫ਼ੀ ਤੋਂ ਰੋਕਣ ਜਾਣਾ ਸੀ । ਮੇਰੀ ਭੈਣ ਮੋਟਰ ਵਿਚ ਮੇਰੇ ਦਫ਼ਤਰ ਦੇ ਬੂਹੇ ਅੱਗੇ ਖਲੋਤੀ ਸੀ, ਮੈਂ ਵਕਤ ਤੰਗ ਹੋਣ ਕਰ ਕੇ ਕਾਹਲੀ ਕਾਹਲੀ ਆਇਆ ਤੇ ਤੁਹਾਨੂੰ ਲੂਸੀ ਸਮਝ ਕੇ ਮੋਟਰ ਵਿਚ ਚੜ੍ਹ ਬੈਠਾ.....ਜੇ ਮੈਂ ਏਸ ਗੱਡੀ ਤੇ ਨਾ ਜਾਵਾਂ ਤਾਂ ਵਕਤ ਸਿਰ ਦਿੱਲੀ ਨਹੀਂ ਪਹੁੰਚ ਸਕਦਾ ਤੇ ਮੇਰਾ ਭਰਾ ਉਮਰ ਭਰ ਲਈ ਖ਼ਬਰੇ ਕਿਸ ਬਿਪਤਾ ਵਿਚ ਪੈ ਜਾਵੇ।'

"ਬੜੀ ਅਚਰਜ ਗੱਲ ਏ ਕਿ ਮੇਰੀ ਭੈਣ ਵੀ ਕੱਲ ਦਿੱਲੀ ਵਿਚ ਇਕ ਅਜੇਹੇ ਆਦਮੀ ਨਾਲ ਵਿਆਹ ਕਰਨ ਵਾਲੀ ਏ, ਜਿਸ ਨਾਲ ਉਸ ਦੀ ਇਕੋ ਦਿਨ ਦੀ ਵਾਕਫ਼ੀ ਏ, ਮੈਂ ਤੇ ਮੇਰੇ ਭਰਾ ਨੇ ਉਸ ਨੂੰ ਬਚਾਉਣ ਲਈ ਜਾਣਾ ਸੀ ਜਦ ਤੁਸੀਂ ਵਾਹੋ ਦਾਹੀ ਮੇਰੀ ਮੋਟਰ ਵਿਚ ਆ ਬੈਠੇ ਸੀ ਤਾਂ ਮੈਂ ਨੀਂਦਰ ਵਿਚ ਏਹੋ ਸਮਝਿਆ ਕਿ ਮੇਰਾ ਭਰਾ ਜਾਰਜ ਆਇਆ ਏ। ਵਰਨਾ ਮੈਂ ਉਸੇ ਵੇਲੇ ਧੱਕਾ ਦੇ ਕੇ ਤੁਹਾਨੂੰ ਬਾਹਰ ਕੱਢ ਦੇਂਦੀ.......''

‘ਭਲਾ ਤੁਹਾਡੀ ਭੈਣ ਦਾ ਨਾਂ ਕੀ ਹੈ ?'

‘ਮਿੱਸ ਰੋਜ਼ੀ ਰੇਮੰਡ--ਤੇ ਤੁਹਾਡੇ ਭਰਾ ਦਾ ਕੀ ਨਾਂ ਹੈ ?'

‘ਉਸ ਦਾ ਨਾਮ ਜੇਮਜ਼......'

‘ਓਹੋ, ਅਜ਼ੀਬ ਇਤਫਾਕ ਏ, ਜਿਸ ਦੀ ਸ਼ਾਦੀ ਨੂੰ ਰੋਕਣ ਚੱਲੇ ਹੋ, ਓਸੇ ਦੀ ਸ਼ਾਦੀ ਨੂੰ ਮੈਂ ਰੋਕਣ ਚੱਲੀ ਹਾਂ। ਮਲੂਮ ਹੁੰਦਾ ਏ ਕਿ ਮੇਰੀ ਭੈਣ ਤੁਹਾਡੇ ਭਰਾ ਨਾਲ ਹੀ ਸ਼ਾਦੀ ਕਰਨ ਲੱਗੀ ਏ।'

ਇਸ ਪਰ ਦੋਵੇਂ ਜਣੇ ਖੂਬ ਹਸੇ... ...ਤੀਵੀਂ ਪੁੱਛਣ ਲੱਗੀ 'ਤੁਹਾਡੇ ਭਰਾ ਦੀ ਕੀ ਉਮਰ ਏ ?

‘ਬੱਸ ਮੇਰੇ ਨਾਲੋਂ ਇਕ ਸਾਲ ਛੋਟਾ ਹੈ, ਤੇ ਮੇਰੇ ਵਰਗਾ ਹੀ ਜਾਪਦਾ ਹੈ....'

‘ਤੇ ਮੇਰੀ ਭੈਣ ਭੀ ਮੇਰੇ ਨਾਲੋਂ ਇਕ ਸਾਲ ਛੋਟੀ ਏ ਤੇ ਮੇਰੇ ਵਰਗੀ ਹੀ ਲੱਗਦੀ ਏ.....'

ਇਸ ਪਰ ਫੇਰ ਦੋਵੇਂ ਜਣੇ ਖੂਬ ਹਸੇ...... ਹੁਣ ਸਟੇਸ਼ਨ ਬਹੁਤ ਨੇੜੇ ਆ ਗਿਆ ਸੀ।

ਸਮਿੱਥ ਕਹਿਣ ਲੱਗਾ 'ਸਾਡਾ ਖ਼ਾਨ ਦਾਨ ਹੀ ਕਾਹਲਿਆਂ ਆਦਮੀਆਂ ਦਾ ਏ । ਮੇਰੇ ਪੜਦਾਦੇ ਨੇ ਮੇਰੀ ਪੜਦਾਦੀ ਨਾਲ ਕੇਵਲ ਚਾਰ ਦਿਨ ਦੀ ਵਾਕਫ਼ੀ ਦੇ ਬਾਦ ਸ਼ਾਦੀ ਕਰ ਲਈ ਸੀ ਤੇ ਮੇਰਾ ਦਾਦਾ ਤਿੰਨਾਂ ਦਿਨਾਂ ਦੀ ਵਾਕਫ਼ੀ ਬਾਦ ਹੀ ਪਰਨਾਇਆ ਗਿਆ ਸੀ। ਮੇਰੇ ਪਿਤਾ ਹੁਰਾਂ ਨੇ ਸ਼ਾਦੀ ਲਈ ਦੋ ਦਿਨਾਂ ਦੀ ਵਾਕਫ਼ੀ ਕਾਫ਼ੀ ਸਮਝ ਲਈ ਤੇ ਹੁਣ ਮੇਰਾ ਭਰਾ ਸਿਰਫ਼ ਇਕ ਦਿਨ ਦੀ ਵਾਕਫ਼ੀ ਦੇ ਬਾਦ ਹੀ ਤੁਹਾਡੀ ਭੈਣ ਨਾਲ ਸ਼ਾਦੀ ਕਰਨ ਲੱਗਾ ਏ........'

'ਖੂਬ, ਖ਼ੂਬ, ਤਦ ਤਾਂ ਮੈਨੂੰ ਕੋਈ ਗੁੱਸਾ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਕਾਹਲੀ ਵਿਚ ਅੰਨ੍ਹੇ ਵਾਹ ਮੇਰੀ ਮੋਟਰ ਦੇ ਅੰਦਰ ਕਿਉਂ ਵੜੇ ?'

‘ਮੈਂ ਤਾਂ ਇਕ ਹੋਰ ਕੰਮ ਵੀ ਕਾਹਲੀ ਦਾ ਕਰਨ ਲੱਗਾ ਹਾਂ......'

‘ਉਹ ਕੀ ?'

‘ਉਹ ਇਹ ਕਿ ਤੁਹਾਡੇ ਅੱਗੇ ਸ਼ਾਦੀ ਲਈ ਬੇਨਤੀ ਕਰਨ ਲੱਗਾ ਹਾਂ, ਦੱਸੋ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ?'

ਮਿੱਸ ਵਾਲਿਓ ਲੈਟ ਰੇਮੰਡ ਹੱਕੀ ਬੱਕੀ ਹੋ ਕੇ ਉਹਦੇ ਮੂੰਹ ਵਲ ਤਕਣ ਲੱਗ ਪਈ ਤੇ ਸ਼ਰਾਰਤ ਨਾਲ ਖਿੜ ਖਿੜਾ ਕੇ ਹਸ ਪਈ । ਮਿਸਟਰ ਸਮਿਥ ਬੋਲਿਆ ‘ਕਿਉਂ ਹਸਦੇ ਕਿਉਂ ਹੋ ? ਮੈਂ ਕੋਈ ਬੁਰਾ ਆਦਮੀ ਹਾਂ ? ਮੇਰਾ ਖ਼ਾਨਦਾਨ ਸਾਰੇ ਸ਼ਹਿਰ ਵਿਚ ਪ੍ਰਸਿਧ ਏ ਮੈਂ ਖ਼ੁਦ ੬੦੦) ਤਨਖ਼ਾਹ ਲੈਂਦਾ ਹਾਂ, ਮੇਰੀ ਉਮਰ ਮਸਾਂ ੨੮ ਸਾਲ ਹੈ ਤੇ ਸ਼ਕਲ ਵੀ ਮਾੜੀ ਨਹੀਂ.......'

ਮਿੱਸ ਦਾਇਓਲੈਟ ਨੇ ਨੀਮ ਰਜ਼ਾਮੰਦੀ ਜਹੀ ਨਾਲ ਕਿਹਾ ‘ਤੇ ਮੇਰੀ ਭੈਣ ਤੇ ਤੁਹਾਡੇ ਵੀਰ ਦਾ ਕੀ ਬਣੇਗਾ ?'

‘ਉਹਨਾਂ ਨੂੰ ਮਾਰਨ ਦਿਓ ਟੱਕਰਾਂ, ਅਸੀਂ ਕੋਈ ਉਹਨਾ ਦਾ ਠੇਕਾ ਲੀਤਾ ਹੋਇਆ ਏ ? ਨਿਸਚੇ ਹੀ ਉਹ ਵਿਆਹ ਕਰਕੇ ਸੁਖੀ ਰਹਿਣਗੇ। ਚਲੋ, ਅਸੀਂ ਹੁਣ ਗਿਰਜੇ ਚਲੀਏ।'

ਉਸਨੇ ਬਾਰੀ ਵਿਚੋਂ ਸਿਰ ਕੱਢਕੇ ਡਰਾਈਵਰ ਨੂੰ ਹੁਕਮ ਦਿੱਤਾ :-‘ਮੋਟਰ ਮੋੜ ਲਓ, ਗਿਰਜੇ ਲੈ ਚੱਲੋ । ਜਲਦੀ, ਦੇਰ ਮਤ ਕਰੋ.......'

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ