Kahani Aje Jari Hai (Punjabi Story) : Gurmeet Karyalvi

ਕਹਾਣੀ ਅਜੇ ਜਾਰੀ ਹੈ (ਕਹਾਣੀ) : ਗੁਰਮੀਤ ਕੜਿਆਲਵੀ

ਪਾਖਰ ਦੀ ਲਾਸ਼ ਵਿਹੜੇ ਦੇ ਵਿਚਕਾਰ ਮੰਜੀ ਤੇ ਪਈ ਸੀ । ਲਾਸ਼ 'ਤੇ ਪਾਈ ਹੋਈ ਤਿੰਨ ਗਜ਼ੀ ਲੱਠੇ ਦੀ ਚਾਦਰ ਹਵਾ ਕਾਰਨ ਲਾਸ਼ ਤੋਂ ਉੱਡ ਰਹੀ ਸੀ, ਜਿਸ ਦੇ ਬਚਾਅ ਵਾਸਤੇ ਚਾਦਰ ਦੀਆਂ ਚਾਰੇ ਕੰਨੀਆਂ ਮੰਜੇ ਦੀਆਂ ਸਲਾਂਘਾਂ ਵਿਚ ਫਸਾਈਆਂ ਹੋਈਆਂ ਸਨ । ਕਿਸੇ ਭੱਦਰ ਪੁਰਸ਼ ਨੇ ਕੱਚੀ ਕੰਧ ਨਾਲ ਇਕ ਪੱਲੀ ਤੇ ਦੋ-ਤਿੰਨ ਫਟੀਆਂ ਪੁਰਾਣੀਆਂ ਦਰੀਆਂ ਵਿਛਾ ਦਿੱਤੀਆਂ ਸਨ । ਪਿੰਡ ਦੇ ਦਸ- ਬਾਰਾਂ ਪਤਵੰਤੇ ਸੱਜਣ ਇਹਨਾਂ ਉਪਰ ਬੈਠੇ ਪਾਖਰ ਦੀ ਮੌਤ ਦਾ ਅਫਸੋਸ ਕਰ ਰਹੇ ਸਨ । ਪਿੰਡ ਦੀਆਂ ਕੁਝ ਬਜ਼ੁਰਗ ਔਰਤਾਂ ਧਰਮਸ਼ਾਲਾ 'ਚੋਂ ਲਿਆਂਦੀ ਅਧੋਰਾਣੀ ਜਿਹੀ ਪੱਟੀ ਤੇ ਬਿਰਾਜਮਾਨ ਸਨ । ਇਹਨਾਂ ਦੇ ਇਕੱਠ ਜਿਸ ਨੂੰ ਕਿ ਝੁੰਡ ਕਹਿਣਾ ਵਧੇਰੇ ਠੀਕ ਹੋਵੇਗਾ, ਵਿਚੋਂ-ਵਿਚੋਂ ਕਦੇ-ਕਦੇ ਰੋਣ ਦੀ ਅਵਾਜ਼ ਵੀ ਸੁਣਾਈ ਦੇਣ ਲੱਗ ਪੈਂਦੀ। ਪਾਖਰ ਦੀ ਛੋਟੀ ਕੁੜੀ ਆਪਣੇ ਸਹੁਰਿਆਂ ਤੋਂ ਰੋਟੀ ਵੇਲੇ ਹੀ ਆ ਗਈ ਸੀ । ਉਸ ਨੇ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ । ਆਖਰ ਉਸ ਨੂੰ ਵੀ ਚੁੱਪ ਹੋਣਾ ਪਿਆ । ਹੁਣ ਜਦੋਂ ਕੋਈ ਨਵੀਂ ਬਜ਼ੁਰਗ ਔਰਤ ਵਿਹੜੇ ਵਿਚ ਆ ਕੇ ਬੈਠਦੀ, ਰੋਣ ਦੀ ਕਾਰਗੁਜ਼ਾਰੀ ਫਿਰ ਤੋਂ ਸ਼ੁਰੂ ਹੋ ਗਈ ਹੁੰਦੀ ।

ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ । ਮਾਰਚ ਦਾ ਪਹਿਲਾ ਅੱਧ ਲੰਘ ਚੁੱਕਾ ਸੀ । ਰਾਤੀਂ ਸਵਖ਼ਤੇ ਸੌਣ ਦੀ ਆਦਤ ਹੋਣ ਕਰ ਕੇ ਜਾਗ ਸਵੇਰੇ ਚਿਰੋਕਾ ਪਹਿਲਾਂ ਹੀ ਆ ਗਈ ਸੀ । ਦਫ਼ਤਰ ਦੀਆਂ ਦੋ-ਚਾਰ ਫਾਈਲਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਹੋਰ ਕੋਈ ਕੰਮ ਨਹੀਂ ਸੀ । ਗਰਮੀਆਂ ਦੀ ਇਸ ਅੱਧ ਕੱਚੀ ਰੁੱਤ ਦਾ ਪੂਰਾ ਦਿਨ ਹੀ ਵਿਹਲਾ ਲੰਘਾਉਣਾ, ਮੇਰੇ ਲਈ ਤਾਂ ਬਹੁਤ ਹੀ ਔਖਾ ਕੰਮ ਸੀ । ਪਾਖਰ ਦੀ ਮੌਤ ਬਾਰੇ ਬੀਵੀ ਨੇ ਰਾਤ ਹੀ ਦੱਸ ਦਿੱਤਾ ਸੀ ਪਰ ਥਕਾਵਟ ਹੋਣ ਕਰਕੇ ਉਸ ਦੀ ਗੱਲ ਵਲ ਬਹੁਤਾ ਧਿਆਨ ਨਹੀਂ ਸੀ ਦਿੱਤਾ। ਹੁਣ ਰਾਤ ਵਾਲੀ ਗੱਲ ਚੇਤੇ ਆਉਂਦਿਆਂ ਹੀ ਮੈਂ ਪਾਖਰ ਦੇ ਘਰ ਆ ਗਿਆ ਸਾਂ।

''ਨਾ ਕੀ ਕਹਿੰਦਾ ! ਪਾਖਰ ਨੇ ਤਾਂ ਨਰਕ ਈ ਭੋਗਿਆ ਅਖਰੀਲੀ ਉਮਰ 'ਚ । ਊਂ ਤਾਂ ਚੰਗਾ ਈ ਹੋਇਆ ਵਿਚਾਰਾ ਛੁਟ ਗਿਆ, ਕੋਈ ਜਿਊਣ ਥੋੜਾ ਸੀ ।''

''ਇਹ ਤਾਂ ਸਰਦਾਰਾ ਸਿਆਂ ਹੈ ਈ, ਆਪਾਂ ਨੂੰ ਭਲਾ ਕੀ ਭੁਲਿਆ, ਪਾਖਰ ਨੇ ਕਿੰਨਾ ਕੰਮ ਕੀਤਾ ਮਗਰਲੀ ਉਮਰ 'ਚ। ਖੁਰਾਕ ਸਾਲੀ ਮਿਲੀ ਨ੍ਹੀ । ਦੇਹ ਨੂੰ ਰੋਗ ਲਗਾ ਲਿਆ। ਉਤੋਂ ਸਹੁਰਿਆਂ ਮੁੰਡਿਆਂ ਨੇ ਦੁਖੀ ਕਰੀ ਰੱਖਿਆ ।" ਗੱਲ ਕਰਨ ਵਾਲੇ ਨੇ ਆਸੇ ਪਾਸੇ ਵੇਖ ਕੇ ਤਸੱਲੀ ਕਰ ਲਈ, ਪਾਖਰ ਦਾ ਕੋਈ ਮੁੰਡਾ ਨੇੜੇ ਨਹੀ ਸੀ ।

''ਲਾਦ ਵੀ ਤਾਂ ਕਿਸੇ-ਕਿਸੇ ਦੀ ਸਲੱਗ ਨਿਕਲਦੀ ਆ । ਆਪਣੇ ਸਾਧੇ ਮਿੰਬਰ ਕੰਨੀ ਵੇਖ ਲਾ, ਕਿੰਨਾ ਖਬਾਕ ਆ ਸਾਰੇ ਜੀਆਂ 'ਚ । ਮਖ ਸਾਹ ਨ੍ਹੀ ਲੈਂਦੇ ਇਕ ਦੂਜੇ ਤੋਂ ਬਿਨਾ। ਮਜ਼ਾਲ ਕੀ ਆ ਮਿੰਬਰ ਨੂੰ ਡੱਕਾ ਦੂਹਰਾ ਵੀ ਕਰਨ ਦੇਣ । ਸਾਡੇ ਛੋਹਰ ਤਾਂ ਕੰਜਰ ਦੇ ਚੌਵੀ ਘੰਟੇ ਧੀਅੋ-ਭੈਣੀ ਹੋਏ ਰਹਿੰਦੇ ।'' ਮਿਲਖੀ ਨੇ ਭਾਨੇ ਨੰਬਰਦਾਰ ਦੀ ਗੱਲ ਕੱਟਦਿਆਂ ਆਖਿਆ । ਦਰਅਸਲ ਮਿਲਖੀ ਨੇ ਜਿੰਨੀ ਸਾਧੇ ਮਿੰਬਰ ਦੇ ਮੁੰਡਿਆਂ ਦੀ ਤਾਰੀਫ਼ ਕੀਤੀ ਸੀ, ਉਸ ਤੋਂ ਵੱਧ ਆਪਣੇ ਮੁੰਡਿਆਂ ਦੀ ਬੁਰਾਈ ।

''ਓ ਬਈ ਜਵਾਨੋਂ ਹੁਣ ਕਿੰਨੀ ਕੁ ਡੇਰ ਆ ਸਸਕਾਰ 'ਚ । ਸੂਰਜ ਤਾਂ ਟੀਸੀ ਪਰਨੇ ਆ ਗਿਆ ਸਿਰ 'ਤੇ ।'' ਬਸਾਖੇ ਬੁੜੇ ਨੇ ਉਚੀ ਆਵਾਜ਼ ਵਿਚ ਸਸਕਾਰ ਕਰਨ ਲਈ ਲੱਕੜਾਂ ਆਦਿ ਦਾ ਇੰਤਜ਼ਾਮ ਕਰਨ ਵਿਚ ਲੱਗੇ ਬੰਦਿਆਂ ਨੂੰ ਪੁੱਛਿਆ ।
''ਬਸ ਚਾਚਾ ਹੁਣ ਕਾਹਦੀ ਦੇਰ ? ਵੱਡੀ ਕੁੜੀ ਨੂੰ ਡੀਕਦੇ ਸੀਗੇ । '' ਪਾੜਿਆਂ ਦੇ ਰਾਜੇ ਨੇ ਬੈਠੇ ਬੰਦਿਆਂ ਵਲ ਮੂੰਹ ਕਰ ਕੇ ਕਿਹਾ।
ਪਾਖਰ ਦੇ ਤਿੰਨ ਮੁੰਡੇ ਅਤੇ ਦੋ ਕੁੜੀਆਂ ਸਨ । ਕੁੜੀਆਂ ਤਾਂ ਬਹੁਤ ਪਹਿਲਾਂ ਹੀ ਵਿਆਹ ਕੇ ਪਾਖਰ ਸੁਰਖਰੂ ਹੋ ਗਿਆ ਸੀ ।
ਬਾਅਦ ਵਿਚ ਜਿਹੜੇ ਮੁੰਡੇ ਦਾ ਵਿਆਹ ਹੁੰਦਾ, ਪਾਖਰ ਨਾਲ ਲੜ ਕੇ ਅੱਡ ਹੁੰਦਾ ਗਿਆ।
''ਊਂ ਨਾ ਬਈ ਕਹਿੰਦੇ ਹੁੰਦੇ ਆ, ਅਖੇ ਨਾ ਕਰ ਬੰਦਿਆ ਮੇਰੀ-ਮੇਰੀ… ਪਾਖਰ ਤੁਰ ਗਿਆ । ਕੱਲ੍ਹ ਨੂੰ …?'' ਗੁਰਦਿੱਤਾ ਨੰਬਰਦਾਰ ਵਾਕ ਅਧੂਰਾ ਛੱਡ ਸਿਰ ਹਿਲਾਉਣ ਲੱਗ ਪਿਆ।
''ਜੋ ਘੜਿਆ ਸੋ ਭੱਜ ਜਾਣਾ, ਤੁਰ ਜਾਣਾ ਅਪਣੀ ਵਾਰੀ ।'' ਮਿਲਖੀ ਨੇ ਸੁਣੀ ਸੁਣਾਈ ਤੁਕ ਮੌਕੇ ਮੂਜ਼ਬ ਵਰਤ ਲਈ ।
''ਮਖ ਐਥੇ, ਚੁਗਾਠਾ ਸੀ ਪਾਖਰ ਸਿਓ' ਦਾ ।'' ਸਰਦਾਰੇ ਨੇ ਆਪਣੇ ਦੋਵੇਂ ਹੱਥ ਆਪਣੀ ਛਾਤੀ ਬਰਾਬਰ ਲਿਆਂਦੇ, ''ਅਜੇ ਕੱਲ ਦੀਆਂ ਗੱਲਾਂ, ਦੋ ਮਣ ਭਾਰ ਨੂੰ ਠੱਡਾ ਨ੍ਹੀ ਸੀ ਲੱਗਣ ਦਿੰਦਾ । ਕੋਹੜਾ ਕੇਰਾਂ ਈ ਡਿੱਗ ਪਿਆ ।''
ਪਾਖਰ ਅਤੇ ਸਰਦਾਰਾ ਜਵਾਨੀ ਵੇਲੇ ਗੂੜ੍ਹੇ ਯਾਰ ਸਨ । ਸੁਣਿਆ ਸੀ ਕਿ ਸੰਤਾਲੀ ਦੇ ਰੌਲੇ ਗੌਲੇ ਤੋਂ ਪਹਿਲਾਂ ਉਹ ਇਲਾਕੇ ਦੇ ਬਦਮਾਸ਼ਾਂ ਨਾਲ ਰਲ ਕੇ ਡਾਕੇ ਵੀ ਮਾਰਦੇ ਰਹੇ ਸਨ।
''ਉਂ ਸਰਦਾਰਾ ਸਿਆਂ, ਤੇਰੇ ਨਾਲ ਬਣਦੀ ਬੜੀ ਸੀ ਮਰਨ ਵਾਲੇ ਦੀ ।'' ਮਿਲਖੀ ਨੂੰ ਗੱਲਾਂ ਸੁਨਣ ਦਾ ਭੁਸ ਸੀ । ਉਹ ਚਾਹੁੰਦਾ ਸੀ ਕਿ ਸਰਦਾਰਾ ਕੋਈ ਗਲ ਸ਼ੁਰੂ ਕਰੇ ।
''ਹੁਣ ਤਾਂ ਕੁਛ ਘਟਗੀ ਸੀ, ਸਾਡੀ ਤਾਂ ਬੜੀ ਗੂੜ੍ਹੀ ਯਾਰੀ ਹੁੰਦੀ ਸੀ । ਮਖ ਸਾਹ ਨ੍ਹੀ ਸੀ ਲੈਂਦੇ ਇਕ ਦੂਜੇ ਤੋਂ ਬਿਨਾ ।''
''ਤਾਇਆ ਬਾਪੂ ਦੱਸਦਾ ਹੁੰਦਾ ਸੀ , ਵਈ ਤਾਏ ਪਾਖਰ ਦਾ ਅਤੇ ਤੇਰਾ ਰਕਾਟ ਹੁੰਦਾ ਸੀ ਲਾਕੇ 'ਚ ।'' ਜ਼ੈਲੇ ਨੇ ਸੁਣੀ ਸੁਣਾਈ ਗੱਲ ਛੱਡ ਦਿੱਤੀ ।
''ਹੋਰ ਕੀ ਝੂਠ ? ਆਹ ਬੇਟ ਦੇ 'ਲਾਕੇ ਵਿਚ ਤਾਂ ਲੋਕ ਸਾਨੂੰ ਕੋਹਾਂ ਤੱਕ ਦੂਰ ਜਾਣਦੇ ਹੁੰਦੇ ਸੀ ।
ਆਪਣੀ ਗੱਲ ਦਾ ਪ੍ਰਭਾਵ ਪਾਉਣ ਲਈ ਸਰਦਾਰੇ ਨੇ ਕੁਝ ਰੁਕਣਾ ਠੀਕ ਸਮਝਿਆ । ਉਹ ਖੱਬੇ ਹੱਥ ਨਾਲ ਆਪਣੀਆਂ ਐਨਕਾਂ ਠੀਕ ਕਰਨ ਲਗ ਪਿਆ, ਜੋ ਢਿਲਕ ਕੇ ਉਸ ਦੇ ਨੱਕ ਉਪਰ ਆ ਗਈਆਂ ਸਨ ।
''ਖ਼ਾਕੀ ਵਰਦੀ ਹੁੰਦੀ ਸੀ ਸਾਡੇ ਦੋਵਾਂ ਕੋਲ, ਜਿਮੇ ਦੀ ਪੁਲਸ ਆਲਿਆਂ ਦੀ ਹੁੰਦੀ ਐ। ਪੂਰੇ ਬਣਕੇ ਜਾਂਦੇ ਸੀ ਡਾਕੇ ਮਾਰਨ । ਪਾਖਰ ਸਿੰਹੁ ਦੇ ਕੋਲ ਗਿੱਠ ਕੁ ਦਾ ਪਿਸਤੌਲ ਹੁੰਦਾ ਸੀ ।''
''ਪਿਸਤੌਲ ਕਿੱਥੋਂ ਲੈ ਆਂਦਾ ਸੀ ਤਾਇਆ ਤੁਸਾਂ ?'' ਜ਼ੈਲੇ ਨੇ ਹੈਰਾਨੀ ਜ਼ਾਹਰ ਕੀਤੀ ।
''ਹੈਥੇ ਬਣਾ ਲਿਆ ਸੀ ਝੰਡੂ ਦੇ ਖਰਖਾਨੇ 'ਚ ਹੋਰ ਕਿਤੇ ਲਿਆਉਣੇ ਸੀ ਟਾਟੇ ਬਿਰਲੇ ਵਰਗੇ ਦੀ ਫੱਕਟਰੀ 'ਚੋਂ ।''
''… ਲੈ ਖਾਂ…।''

"ਹੋਰ ਕੀ ਝੂਠ ? ਡਾਕੇ ਮਾਰਨ ਵਾਲੀ ਕੋਈ ਕਸਰ ਨਾ ਛੱਡੀ। ਉਦੋਂ ਲੋਕ ਤੁਰ ਕੇ ਵਿਆਹੁਣ ਜਾਂਦੇ ਸੀ ਜਾਂ ਵੱਧ ਤੋਂ ਵੱਧ ਟਾਂਗੇ-ਟੂੰਗੇ ਹੁੰਦੇ ਸੀ । ਅਸੀਂ ਮੂੰਹ 'ਤੇ ਬੰਨ ਲੈਣੇ ਵੱਡੇ-ਵੱਡੇ ਠਾਠੇ । ਮਖ ਕਹਿੰਦੀ ਕਹਾਉਂਦੀ ਜੰਨ ਲੁੱਟ ਲੈਂਦੇ ਸੀ । ਆਹ ਲੱਤ ਉਦੋਂ ਦੀ ਈ ਵਿੰਗੀ ਹੋਈ ਆ।'' ਸਰਦਾਰਾ ਆਪਣੀ ਵਿੰਗੀ ਹੋਈ ਲੱਤ ਵਿਖਾਉਣ ਲੱਗਾ ।
''ਊਂ ਨਾ ਸਰਦਾਰਾ ਸਿਆਂ ਤੂੰ ਕਹੇਂਗਾ ਬਈ ਦੀਪਾ ਭਕਾਈ ਮਾਰਦਾ, ਪਾਖਰ ਦਾ ਸੁਭਾਅ ਸੀ ਥੋੜਾ ਜਿਹਾ ਕੌੜਾ । '' ਦੀਪਾ ਬੜਾ ਗੱਲ ਕਰਦਾ ਡਰਦਾ ਸੀ ਕਿਤੇ ਸਰਦਾਰਾ ਸਿਓਂ ਗੁੱਸਾ ਈ ਨਾ ਕਰ ਜਾਵੇ।
''ਥੋੜਾ ਕਿਉਂ….? ਗੁੱਸੇ 'ਚ ਤਾਂ ਪੀਰ ਬਖਸ਼-ਈ-ਸਮਝ ।''
"ਪੀਰ ਬਖਸ਼ ਕਿਹੜਾ….ਤਾਇਆ ?'' ਜ਼ੈਲਾ ਇਸ ਨਵੇਂ ਪਾਤਰ ਬਾਰੇ ਜਾਣਕਾਰੀ ਚਾਹੁੰਦਾ ਸੀ।

''ਭਤੀਜੇ ਉਹ ਤਾਂ ਐਵੇਂ ਰੌਲੇ-ਗੌਲੇ ਤੋਂ ਪਹਿਲਾਂ ਦੀਆਂ ਗੱਲਾਂ । ਜਿੱਥੇ ਬੱਲ੍ਹਿਆਂ ਦੀ ਹਵੇਲੀ ਆ, ਇਥੇ ਰਹਿੰਦਾ ਹੁੰਦਾ ਸੀ ਬਖਸ਼ਾ । ਨਾਂ ਉਹਦਾ ਬਖਸ਼ਾ ਸੀਗਾ , ਊਂ ਅਸੀਂ ਉਹਨੂੰ ਕਹਿੰਦੇ ਪੀਰ ਬਖਸ਼ ਈ ਸਾਂ । ਪੀਣ ਦਾ ਵਾਹਵਾ ਸ਼ੌਕੀਨ ਸੀ ।''
''ਹਲਾ ਸੀ ਪੂਰਾ ਆਪਣਾ ਸ਼ਿੰਗਾਰਾ ਮਾਸਟਰ ।'' ਅਧਖੜ ਮਿਲਖੀ ਗੱਲ ਟੋਕਣੋ ਰਹਿ ਨਹੀਂ ਸੀ ਸਕਦਾ । ਆਪਣੀ ਹੋਂਦ ਜਤਾਉਣ ਵਾਸਤੇ ਕੋਈ ਨਾ ਕੋਈ ਟੋਟਕਾ ਛੱਡਦਾ ਹੀ ਰਹਿੰਦਾ । ਏਸ ਕਰਕੇ ਉਸਨੇ ਮਾਸਟਰ ਸ਼ੰਗਾਰਾ ਸਿੰਘ ਦੀ ਉਦਾਹਰਣ ਦੇਣੀ ਠੀਕ ਸਮਝੀ । ਮਾਸਟਰ ਸ਼ਿੰਗਾਰਾ ਸਿੰਘ ਮਸ਼ਹੂਰ ਸੀ ਕਿ ਉਹ ਤੜਕਸਾਰ ਉਠਣ ਵੇਲੇ ਚਾਹ ਦੀ ਥਾਂ ਘਰ ਦੀ ਕੱਢੀ ਦਾਰੂ ਦਾ ਪੈੱਗ ਲਾ ਲਾਉਂਦਾ ਸੀ ।
''ਗੱਲ ਵੀ ਲੱਗਣ ਦਿਆ ਕਰ ਕਿਸੇ ਸਿਰੇ, ਵਿੱਚੇ ਆਵਦੀ ਰਮੈਣ ਸ਼ੁਰੂ ਕਰ ਦਿੰਨਾ ।'' ਚੇਤੂ ਖਰੀ-ਖਰੀ ਮੂੰਹ 'ਤੇ ਮਾਰਨ ਵਾਲਾ ਸੀ ।
''ਕਿਸੇ ਗੱਲ ਦਾ ਪਤਾ ਹੁੰਦੀ ਤਾਂ ਕਰੀਦੀ ਆ, ਹੋਰ ਤੇਰੇ ਵਾਂਗੂ ਚੱਤੇ ਪਹਿਰ ਸਣ ਤਾਂ ਨ੍ਹੀ ਕੱਢਦਾ ਰਈਦਾ ਡੰਗਰਾਂ ਵਾਲੇ ਵਾੜੇ 'ਚ । ''
''ਮੈਂ ਸਣ ਕੱਢਦਾ ਰਹਿੰਨਾ, ਤੂੰ ਘਾਹ ਨੂੰ ਤੁਰਿਆ ਰਹਿਨੈਂ ਅੱਠੇ ਪਹਿਰ , ਹੈ ਤਾਂ ਫਿਰ ਦੋਨੋਂ ਇੱਕੋ ਜਿਹੇ ।'' ਬਸਾਖੇ ਬੁੜੇ ਦੀ ਗੱਲ ਸੁਣ ਸਾਰਿਆਂ ਦਾ ਹਾਸਾ ਨਿਕਲ ਗਿਆ ਪਰ ਮਾਤਮ ਦੇ ਸਮੇਂ ਤੇ ਉਹ ਖੁੱਲ ਕੇ ਹੱਸ ਨਾ ਸਕੇ ।
''ਨਾ ਅਸੀਂ ਤਾਂ ਹੋਏ ਘਰੋਂ ਕੱਢੇ ਅਤੇ ਤੂੰ ਆ ਘਰ ਦਾ … '' ਮਿਲਖੀ ਗੁੱਸਾ ਖਾਹ ਗਿਆ ।

''ਹੱਛਾ , ਤੇ ਮੈਂ ਗੱਲ ਕਰਦਾ ਪਿਆ ਸੀ ਪੀਰ ਬਖਸ਼ ਦੀ । ਛੜਾਂ ਛਾਂਟ, ਨਾ ਧੀਆ ਤੇ ਨਾ ਪੁੱਤਾ । ਜਿਥੇ ਚੌਲ ਖਾਣਿਆ ਦੀ ਬੰਬੀ ਹੈ ਨਾ, ਇਹ ਸਾਰਾ ਖੇਤ ਉਹਨਾਂ ਦਾ ਈ ਹੁੰਦਾ ਸੀ । ਮੈਂ ਬਖਸ਼ ਤੇ ਪਾਖਰ ਤਿੰਨੇ ਰਹਿੰਦੇ ਬਹੁਤਾ ਖੇਤ ਈ ਸਾਂ । ਉਥੇ ਈ ਘਰ ਦੀ ਕੱਢੀ ਜਾਣੀ ਤੇ ਕੱਠਿਆਂ ਪੀਤੀ ਜਾਣੀ ।''
''ਬਾਈ ਮੁਸਲਾ ਵੀ ਨਾਲ ਈ ਪੀਂਦਾ ਹੁੰਦਾ ਸੀ ਥੋਡੇ ?''

''ਕੀ ਗੱਲ ਮਸਲੇ ਨ੍ਹੀ ਬੰਦੇ ਹੁੰਦੇ ? ਮਖ ਇਕੋ ਭਾਂਡੇ 'ਚ ਪੀ ਜਾਂਦੇ ਸੀ । ਉੱਥੇ ਈ ਰੋਟੀ ਟੁਕ ਖਾਈ ਜਾਣਾ ਕੱਠਿਆਂ।'' ''ਪਰ ਬਾਈ ਮੁਸਲੇ ਨਾਲ ਪੀਦਿਆਂ….?'' ਭੰਗਾ ਸਰਦਾਰੇ ਤੋਂ ਉਮਰੋਂ ਅੱਧਾ ਹੋਣ ਕਰਕੇ ਬਾਈ ਹੀ ਕਹਿੰਦਾ ਸੀ ਉਂਝ ਭਾਵੇਂ ਉਹ ਸਰਦਾਰਾ ਸਿੰਘ ਦਾ ਚਾਚਾ ਲੱਗਦਾ ਸੀ ।

''ਓਏ ਪੀਣ ਵਾਲੇ ਦਾ ਵੀ ਕੋਈ ਧਰਮ ਹੁੰਦਾ ? ਨਾਲੇ ਜਦੋਂ ਬੱਚਾ ਜੰਮਦੈ, ਉਦੋਂ ਕਿਹੜਾ ਉਦੇ ਮੱਥੇ 'ਤੇ ਮੋਹਰ ਲੱਗੀ ਹੁੰਦੀ ਕਿ ਇਹ ਸਿੱਖ , ਔਹ ਹਿੰਦੂ , ਆਹ ਮੁਸਲਾ , ਅਹਿ ਫਲਾਣਾ ਤੇ ਔਹ ਢਿਮਕਾ । ਏਹ ਸਾਰੀਆਂ ਜਾਤਾਂ ਤੇ ਧਰਮ ਤਾਂ ਬੰਦੇ ਨੇ ਬਣਾਈਆਂ ।''

''ਜੇ ਬੰਦਾ ਏਨੀ ਗੱਲ ਸੋਚੇ ਤਾਂ ਇਹ ਪੁਆੜੇ ਜਿਹੇ ਕਿਉਂ ਪੈਣ । ਕੱਲ੍ਹ ਦੀ ਸੁਣਲੈ। ਮੈਂ ਜਾਂਦਾ ਸੀ ਹਰਾ ਲੈਣ ਖੇਤ ਨੂੰ, ਰਾਹ 'ਚ ਮਿਲ ਪਿਆ ਗੁਲਜ਼ਾਰ ਸਿਓ ਦਾ ਵੱਡਾ ਮੁੰਡਾ ਜਿਹੜਾ ਯੂ ਪੀ 'ਚ ਆ ।''
''ਕਰਨੈਲ ।''
''ਹਾਅੋ, ਪਤਾ ਨ੍ਹੀ ਕਿਹੜੇ ਸ਼ਹਿਰ ਦਾ ਨਾਓ ਲੈਂਦਾ, ਅਖੇ ਆਪਣੇ ਹਿੰਦੂ ਤੇ ਮੁਸਲਮਾਨ ਲੜੀ ਜਾਂਦੇ ।'' ਮਿਲਖੀ ਆਪਣੀ ਗੱਲ ਕਰਨੀ ਹੁਣ ਜਾਇਜ਼ ਸਮਝਦਾ ਸੀ ।
''ਤੇ ਆਪਣੇ ਪੰਜਾਬ 'ਚ ਕੀ ਹੋਈ ਜਾਂਦੈ ? ਕੋਈ ਹੈ ਬੰਦੇ ਦੀ ਕਦਰ ? ਬੰਦੇ ਨੂੰ ਬੰਦਾ ਮਾਰੀ ਜਾਂਦੈ ।'' ਵੈਦ ਨਿਹਾਲ ਚੰਦ ਦਾ ਗਲਾ ਭਰ ਆਇਆ ਸੀ ।

''ਕਿਉਂ ਤਾਇਆ, ਕਰੀਏ ਫਿਰ ਤਿਆਰੀ ਇਸ਼ਨਾਨ ਦੀ । ਕੁੜੀ ਤਾਂ ਅਜੇ ਤੱਕ ਨ੍ਹੀ ਆਈ । ਖਵਰੇ ਇਸ਼ਾਨ ਕਰਾਉਂਦਿਆਂ ਨੂੰ ਆ ਈ ਜਾਵੇ । ਟੈਮ ਤਾਂ ਚਾਰ ਵੱਜ ਚਲੇ ਆ ।'' ਪਾਖਰ ਦਾ ਸਸਕਾਰ ਕਰਨ ਵਾਲੇ ਬੰਦਿਆਂ 'ਚੋਂ ਇੱਕ ਨੇ ਦਰੀਆਂ 'ਤੇ ਬੈਠੇ ਸਿਆਣੇ ਬੰਦਿਆਂ ਤੋਂ ਰਾਏ ਲੈਣੀ ਠੀਕ ਸਮਝੀ।
''ਹਾਅੋ ਸ਼ੇਰਾ ! ਨਹਾ ਕਰ ਲਓ । ਐਦੂੰ ਲੇਟ ਫਿਰ ਕੀ ਕਰਨਾ । ਨਾਲੇ ਕੁੜੀ ਦਾ ਅਜੇ ਕੀ ਪਤੈ । '' ਬਸਾਖਾ ਬੁੜਾ ਗੋਲ ਸ਼ੀਸ਼ੀਆਂ ਵਾਲੀ ਐਨਕ ਚੋਂ ਗਹੁ ਨਾਲ ਝਾਕਦਿਆਂ ਬੋਲਿਆ । ਆਦਮੀ ਪਾਖਰ ਨੂੰ ਨਹਾਉਣ ਦੀ ਤਿਆਰੀ ਕਰਨ ਲੱਗ ਪਏ ।
''ਤਾਇਆ ਗੱਲ ਤਾਂ ਫਿਰ ਵਿਚੇ ਰਹਿਗੀ । ''
''ਕਿਹੜੀ ?''
''ਡਾਕੇ ਮਾਰਨ ਦੀ … ਤੁਸੀਂ ਹਟ ਕਾਹਤੋਂ ਗਏ ਫੇਰ…?'' ਜ਼ੇਲੇ ਨੂੰ ਬੁੜਿਆਂ ਦੀਆਂ ਗੱਲਾਂ ਦਾ ਸੁਆਦ ਆ ਰਿਹਾ ਸੀ । ਉਹ ਗੱਲ ਸਿਰੇ ਲੱਗੀ ਚਾਹੁੰਦਾ ਸੀ । ਆਖਰ ਕਿਸੇ ਪਾਸਿਓਂ ਗੱਲ ਨਾ ਚਲਦੀ ਵੇਖ ਉਸ ਨੇ ਆਪ ਈ ਪੁੱਛ ਲਿਆ ।
''ਭਤੀਜੇ ਉਹ ਤਾਂ ਰੌਲੇ-ਗੌਲੇ ਤੋਂ ਪਹਿਲਾਂ ਦੀਆਂ ਗੱਲਾਂ, ਉਦੋਂ ਮਾਰਦੇ ਹੁੰਦੇ ਸੀ ਡਾਕੇ, ਬਾਅਦ ਵਿੱਚ ਜੁਆਕ ਜੱਲ੍ਹਾ ਹੋ ਗਿਆ, ਫਿਰ ਛੱਡ ਛਡਾਤਾ ਸਾਰਾ ਕੁਛ ।'' ਸਰਦਾਰਾ ਗੱਲ ਸੰਖੇਪ ਵਿੱਚ ਹੀ ਪੂਰੀ ਕਰ ਗਿਆ ।
''ਤਾਇਆ ਗੱਲ ਤਾਂ ਕੋਈ ਹੋਈ ਹੋਊ …? '' ਲੱਗਦਾ ਸੀ ਜ਼ੈਲੇ ਦੀ ਸੰਤੁਸ਼ਟੀ ਨਹੀਂ ਸੀ ਹੋਈ ।
''ਭਤੀਜੇ ਜੇ ਤੂੰ ਬਹੁਤਾ ਈ ਕਹਿਨੈ ਤਾਂ ਸੁਣਾ ਦਿੰਨੈ ਪਰ ਅੱਜ ਮੂੜ ਹੈਨੀ ਸੀ ਸੁਨਾਉਣ ਦਾ । '' ਸਰਦਾਰਾ ਸਾਥੀ ਦੀ ਮੌਤ 'ਤੇ ਬਹੁਤਾ ਹੀ ਉਦਾਸ ਸੀ ।

''ਡਾਕੇ ਮਾਰਨੇ ਤਾਂ ਅਸੀਂ ਪਹਿਲਾਂ ਈ ਘੱਟ ਕਰਤੇ ਸੀਗੇ ਪਰ ਰੌਲੇ ਗੌਲੇ ਦੇ ਦਿਨਾਂ 'ਚ ਪਾਖਰ ਮੈਨੂੰ ਆਂਹਦਾ, 'ਸਰਦਾਰਿਆ, ਐਹੋ ਜਿਹੇ ਮੌਕੇ ਬਾਰ-ਬਾਰ ਹੱਥ ਨ੍ਹੀ ਲੱਗਦੇ ਹੁੰਦੇ। ਲੋਕਾਂ ਤਾਂ ਲੁੱਟ-ਘੁੱਟ ਘਰ ਭਰਲੇ ਤੇ ਆਪਾਂ ਬੈਠੇ ਆਂ ਹੱਥ 'ਤੇ ਹੱਥ ਧਰਕੇ । ਨਾਲੇ ਬਾਗੜੀਆਂ ਵਾਲਾ ਭਕਾਨਾ ਮਿਹਣੇ ਮਾਰਦਾ ਸੀ, ਅਖੇ ਆ ਗਏ ਵੱਡੇ ਸੂਰਮੇ, ਮੁਸਲੇ ਕੱਢੇ ਨ੍ਹੀ ਗਏ ਆਪਣੇ ਪਿੰਡ 'ਚੋਂ ।' ਮੈਂ ਵੀ ਹਾਮੀ ਭਰਤੀ ਪਾਖਰ ਦੀ । ਬਸ ਉਸੇ ਦਿਨ ਤੋਂ ਹੀ ਖੁੰਢੇ ਹੋਏ ਗੰਡਾਸੇ ਫਿਰ ਚਮਕਣ ਲੱਗਪੇ ।'' ਸਰਦਾਰਾ ਸਾਹ ਟਿਕਾਣੇ ਕਰਨ ਲਈ ਅਟਕਿਆ । ਸਰੋਤਿਆਂ ਵਿਚੋਂ ਸਾਰੇ ਚੁੱਪ ਸਨ ।
''ਦੋ ਅਸੀਂ ! ਮੈਂ ਤੇ ਪਾਖਰ । ਚਾਰ ਪੰਜ ਬਿਦਮਾਸ਼ ਅਸੀਂ ਹੋਰ ਇਕੱਠੇ ਕਰਲੇ । ਆਗੂ ਹੁੰਦਾ ਸੀ, ਸਾਰਿਆਂ ਦਾ ਪਾਖਰ । ਗੱਲ ਕੀ, ਅਸੀਂ ਇਲਾਕੇ ਦੇ ਸਾਰੇ ਮੁਸਲੇ ਭਜਾਤੇ ਤੇ ਜੇ ਕੋਈ ਬਹੁਤਾ ਈ ਆਕੜਿਆ ਧਰਮਰਾਜ ਦੇ ਪੇਟੇ ਪਾਤਾ।''
''ਹੈਥੇ ਰੱਖ ! '' ਜ਼ੈਲੇ ਦਾ ਅਧਖੜ ਖੂਨ ਜੋਸ਼ ਖਾ ਗਿਆ ।

''ਉਦੋਂ ਆਹ ਪਾੜ੍ਹੇ ਵਰਗੇ ਮੁੰਡੇ-ਖੁੰਢੇ ਹੁੰਦੇ ਸਾਂ '', ਸਰਦਾਰਾ ਸਿੰਘ ਨੇ ਮੇਰੇ ਵੱਲ ਹੱਥ ਦਾ, ਇਸ਼ਾਰਾ ਕਰਦਿਆਂ ਗੱਲ ਜਾਰੀ ਰੱਖੀ, ''ਅਸੀਂ ਟਿੱਕੀ ਚੜੇ ਘਰੋ ਨਿਕਲ ਜਾਣਾ 'ਤੇ ਕਿਤੇ ਮੂੰਹ ਨੇਰ੍ਹੇ ਜਾ ਕੇ ਮੁੜਨਾ । ਅਸੀਂ ਆਹੂ ਲਾਹ ਸੁੱਟੇ । ਮੇਰੀ ਡੇਢ ਫੁੱਟ ਧਾਰ ਦਾ ਗੰਡਾਸਾ ਆਥਣ ਨੂੰ ਖੂਨ 'ਚ ਨੁੱਚੜਦਾ ਹੁੰਦਾ ਸੀ । ''
''ਵਾਗਰੂ ! '' ਮਿਲਖੀ ਅਫ਼ਸੋਸ ਵਿਚ ਸਿਰ ਹਿਲਾਉਣ ਲੱਗ ਪਿਆ। ਉਹਨੇ ਕੋਈ ਗੱਲ ਕਰਨੀ ਚਾਹੀ ਪਰ ਬਸਾਖੇ ਬੁੜੇ ਨੇ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਾ ਦਿੱਤਾ ।

''ਮਖ ਮਿਲਖੀਆ, ਉਦੋਂ ਨ੍ਹੀ ਸੀ ਪਤਾ ਲਗਦਾ ਕੀ ਕਰੀ ਜਾਨੇ ਆਂ । ਉਦੋਂ ਤਾਂ ਜੋਸ਼ ਸੀ, ਅੰਨ੍ਹਾ ਜੋਸ਼ । ਜਵਾਨੀ ਦਾ ਜੋਸ਼ । ਅਸੀਂ ਵੱਢੀ ਤੁਰੇ ਜਾਂਦੇ ਸਾਂ । ਸਾਡੀਆਂ ਅੱਖਾਂ ਸਾਹਮਣੇ ਬਖਸ਼ੇ ਵਰਗੇ ਯਾਰ, ਨਾਤੀ ਜੁਲਾਹੇ, ਕਰੀਮੇ ਮੋਚੀ ਵਰਗੇ ਧਰਮੀ ਬੰਦੇ, ਦਿੱਤੂ ਨਾਈ ਅਰਗੇ ਨਿਰਪੱਖ ਆਦਮੀ ਅਤੇ ਆਤੂ ਤੇਲੀ ਵਰਗੇ ਗਊਂ ਗਰੀਬ ਮਾਰ ਦਿੱਤੇ, ਅਸੀਂ ਖੜੇ ਤਮਾਸ਼ਾ ਵੇਹਦੇ ਰਹੇ । ''
''ਥੋਡਾ ਬੇੜਾ ਤਰਜੇ। '' ਪਤਾ ਨਹੀਂ ਕਿਸਦੀ ਆਵਾਜ਼ ਸੀ।
''ਆ ਆਪਣੇ ਨਾਲ ਦੇ ਪਿੰਡ ਦਾ ਜ਼ੈਲਦਾਰ ਹੁੰਦਾ ਸੀ ਮੁਸਲਮਾਨ, ਸਦਰਦੀਨ ।''
'' ਹੱਛਾ ''

''ਬੜਾ ਖਰਾਂਟ ਮੁਸਲਾ ਸੀ । ਮਖ ਚਾਰ ਪੰਜ ਘੋੜੀਆਂ, ਵੀਹ ਪੱਚੀ ਲਵੇਰੀਆਂ ਹਰ ਵੇਲੇ ਖੜੀਆਂ ਰਹਿੰਦੀਆਂ ਸੀ ਉਹਦੀ ਹਵੇਲੀ 'ਚ । ਪੂਰੇ ਕਿੱਲੇ 'ਚ ਹਵੇਲੀ ਸੀ ਉਹਦੀ ।"
''ਹਵੇਲੀ ਕਾਹਦੀ ਸੀ, ਫੇਰ ਤਾਂ ਕਿਲਾ ਈ ਸਮਝ ।''
''ਮਖ ਮਿਲਖੀ ਕਿਲਾ ਈ ਸਮਝ । 'ਲਾਕੇ ਦੇ ਸਾਰੇ ਬਦਮਾਸ਼ਾਂ ਦੀ ਨਿਗਾ ਜ਼ੈਲਦਾਰ ਦੀ ਜੈਦਾਤ, ਉਦੀਆਂ ਧੀਆਂ ਤੇ ਨੂੰਹ 'ਤੇ ਸੀ । ਮੁਸਲੇ ਕੋਲ ਇਕ ਪੁਰਾਣੀ ਜ੍ਹੀ ਪਠਾਣੀ ਰਫ਼ਲ ਵੀ ਸੀਗੀ , ਕਹਿੰਦੇ ਅਗਰੇਜ਼ ਨੇ ਦਿੱਤੀ ਸੀ ਨਾਮ 'ਚ ।''
''ਹੋਉ ਕੋਈ 'ਗਰੇਜ਼ ਦਾ ਝੋਲੀ ਚੁਕ !'' ਮਿਲਖੀ ਗੱਲ ਕਰਨੋਂ ਨਹੀਂ ਸੀ ਰਹਿ ਸਕਦਾ, ਉਹਨੂੰ ਇਹ ਆਦਤ ਜਵਾਨੀ ਵੇਲੇ ਤੋਂ ਹੀ ਸੀ । ਜਵਾਨੀ 'ਚ ਮਿਲਖੀ ਕਵੀਸ਼ਰੀ ਵੀ ਕਰਦਾ ਰਿਹਾ ਸੀ ।
''ਵੱਡੀ ਜੰਗ ਵੇਲੇ ਕੋਈ ਦੋ ਸੌ ਬੰਦੇ ਧੱਕੇ ਨਾਲ ਫੌਜ 'ਚ ਭਰਤੀ ਕਰਾਏ ਸੀਗੇ ਜ਼ੈਲਦਾਰ ਨੇ ।''
''ਹੈ ਤੇਰੀ…। '' ਜ਼ੈਲੇ ਦੀ ਜੀਭ ਦੰਦਾਂ ਹੇਠ ਆ ਗਈ।
"ਹੱਛਾ ! ਰੱਬ ਦੀ ਮਰਜ਼ੀ, ਇਲਾਕੇ ਦੇ ਸਾਰੇ ਬਦਮਾਸ਼ ਇਕੇ ਦਿਨ ਉਹਦੀ ਹਵੇਲੀ ਜਾ ਪਏ । ਜ਼ੈਲਦਾਰ ਦਾ ਕਾਮਾ ਹੁੰਦਾ ਸੀ ਪੱਤੋ ਕਿਆਂ ਦਾ ਨਿਜ਼ਾਮੂ, ਅਸੀਂ ਉਹਨੂੰ ਭੇਚਲ ਕੇ ਬੰਦੂਕ ਅੱਗੇ ਪਿੱਛੇ ਕਰਾਤੀ ।
''ਹਲਾ ! '' ਸਰੋਤਿਆਂ ਦੇ ਚਿਹਰੇ 'ਤੇ ਖੁਸ਼ੀ ਤੈਰ ਰਹੀ ਸੀ ।

''ਬਸ ਫੇਰ ਕੀ ਸੀ ? ਵੜ ਗਏ ਧੱਕਾ ਦੇ ਕੇ ਉਹਦੀ ਹਵੇਲੀ 'ਚ, ਕਿਲੇ ਵਰਗੀ ਹਵੇਲੀ ਵਿਚ ਪਹਿਲਾਂ ਤਾਂ ਪਤਾ ਈ ਨਾ ਲੱਗੇ । ਪਾਖਰ ਤਾਂ ਹੱਥ ਹਿਲਾ ਗਿਆ ਵਈ ਜ਼ੈਲਦਾਰ ਭੱਜ ਗਿਆ । ਰੱਬ ਦੀ ਕਰਨੀ ਹਨੇਰੇ ਕਮਰੇ ਦੀ ਨੁੱਕਰੋਂ ਕੁੱਛ ਚਮਕਦਾ ਜਿਆ ਦਿਖਿਆ । ਸਾਰੇ ਓਧਰ ਨੂੰ ਹੋਗੇ । ਜ਼ੈਲਦਾਰ ਦਾ ਮੁੰਡਾ ਅਸ਼ਤਫ਼ਾਕ ਨੁੱਕਰੇ ਦੜ੍ਹਿਆ ਬੈਠਾ ਸੀ । ਉਹਦਾ ਗੋਰਾ-ਗੋਰਾ ਰੰਗ ਦੂਰੋਂ ਈ ਚਮਕ ਪਿਆ। ''

"ਰੰਗ ਈ ਵੈਰੀ ਬਣ ਗਿਆ ਕ …?" ਮਿਲਖੀ, ਗੱਲ ਕਰਕੇ ਆਸੇ ਪਾਸੇ ਦੇਖਣ ਲੱਗ ਪਿਆ।

''ਉਰੇ ਆ ਉਏ ਕੁੱਤੇ ਦਿਆ…ਪਾਖਰ ਨੇ ਗੁੱਸੇ ਵਿਚ ਦੰਦ ਕਰੀਚਦਿਆਂ ਮੁੰਡੇ ਨੂੰ ਆਪਣੇ ਵਲ ਸੱਦਿਆ । ਚਮਕਦੀਆਂ ਗੰਡਾਸੀਆਂ ਵੇਖ ਕੇ ਡਰ ਨਾਲ ਮੁੰਡੇ ਦਾ ਲਾਲ ਖੱਖਾ ਰੰਗ ਕੇਰਾਂ ਈ ਪੀਲੀ ਭਾਅ ਮਾਰਨ ਲਗ ਪਿਆ ! ਇਹਤੋਂ ਪਹਿਲਾਂ ਕਿ ਮੁੰਡਾ ਉੱਠ ਕੇ ਪਾਖਰ ਕੋਲ ਆਉਂਦਾ, ਮੁਖਤਿਆਰੀ ਧੋਸ ਦੀ ਵਲ਼ ਖਾਂਦੀ ਨਾਗਣੀ ਨੇ ਮੁੰਡੇ ਦੀਆਂ ਆਂਦਰਾਂ ਬਾਹਰ ਖਿੱਚਲੀਆਂ । ਹਨੇਰੇ 'ਚ ਵੀ ਮੁੰਡੇ ਦਾ ਲਾਲ ਖੂਨ ਚੰਨ ਆਂਗੂੰ ਚਮਕੇ । '' ਸਰਦਾਰਾ ਬੁੜਾ ਗੱਲ ਕਰਦਾ ਹਫ਼ ਗਿਆ ਸੀ । ਉਹ ਚਾਹੁੰਦਾ ਸੀ ਕਿ ਕੋਈ ਗੱਲ ਕਰੇ ਤਾਂ ਜੋ ਉਹ ਸਾਹ ਲੈ ਸਕੇ ਪਰ ਲੜੀ ਟੁੱਟ ਜਾਣ ਦੇ ਡਰੋਂ ਕਿਸੇ ਨੇ ਗੱਲ ਤਾਂ ਕੀ ਕਰਨੀ, ਹੁੰਗਾਰਾ ਭਰਨਾ ਵੀ ਵਾਜਬ ਨਾ ਸਮਝਿਆ ।

''ਸਾਡੇ 'ਚੋਂ ਕੁੱਛ ਤਾਂ ਕੀਮਤੀ ਸਮਾਨ ਇਕੱਠਾ ਕਰਨ ਲੱਗਪੇ ਤੇ ਕੁੱਛ ਜ਼ੈਲਦਾਰ ਨੂੰ ਲੱਭਣ….। '' "ਜ਼ੈਲਦਾਰ ਨਾ ਲੱਭਾ ਥੋਨੂੰ ? '' ਮਿਲਖੀ ਛੇਤੀ ਤੋਂ ਛੇਤੀ ਜ਼ੈਲਦਾਰ ਮਰਿਆ ਸੁਣਿਆ ਚਾਹੁੰਦਾ ਸੀ । ਜਾਪਦਾ ਸੀ ਬਾਕੀ ਸਰੋਤਿਆਂ 'ਚੋਂ ਬਹੁਤੇ ਵੀ ਇਹੋ ਚਾਹੁੰਦੇ ਸਨ ।

''ਜਰੈਂਤ ਕਰੋ, ਉਹੋ ਦੱਸਦਾਂ ਪਿਆ। ਮਖ ਹਵੇਲੀ ਦੇ ਐਨ ਸਿਰੇ 'ਤੇ ਟੁੱਟੇ ਭੱਜੇ ਸਮਾਨ ਵਾਲੇ ਕਮਰੇ 'ਚ ਵੱਡੇ-ਵੱਡੇ ਪਾਵਿਆਂ ਵਾਲੇ ਮੰਜੇ ਥੱਲੇ ਦੜ੍ਹਿਆ ਬੈਠਾ ਸੀ । ਸ਼ੈਂਤ ਸਾਨੂੰ ਪਤਾ ਈ ਨਾ ਲੱਗਦਾ । ਜ਼ੈਲਦਾਰ ਦੇ ਹੱਥਾਂ 'ਚ ਸੀਗੀ ਲਿਸ਼ਕਦੀ ਤਿੱਖੀ ਕੁਹਾੜੀ ! ਧਾਰ ਦੀ ਲਿਸ਼ਕੋਰ ਭਾਨੇ ਦੇ ਮੂੰਹ 'ਤੇ ਜਾ ਪਈ । ਭਾਨਾ ਮੰਜੇ ਥੱਲੇ ਝਾਕਦਿਆਂ ਈ ਰੌਲਾ ਪਾਉਣ ਲੱਗ ਪਿਆ, 'ਉਹ ਬੈਠਾ ਈ ਕੁੱਤੇ ਦਾ ਹੱਡ ਬਾਈ ਪਾਖਰਾ' । ਲਉ ਜੀ, ਕੱਢ ਲਿਆਂਦਾ ਬਾਹਰ । ਜ਼ੈਲਦਾਰ ਪਾਖਰ ਦੇ ਪੈਰੀਂ ਡਿੱਗ ਪਿਆ ।"
"ਜਾਨ ਕੀਹਨੂੰ ਨ੍ਹੀ ਪਿਆਰੀ ।" ਮਿਲਖੀ ਸੀ।
"ਜ਼ੈਲਦਾਰ ਨੇ ਬਥੇਰੇ ਹਾੜੇ ਕੱਢੇ। ਅੱਲਾ ਦੇ ਵਾਸਤੇ ਜਾਨ ਬਖਸ਼ੀ ਕਰਦੇ ਪਾਖਰ ਸਿਆਂ …ਰੱਬ ਦੇ..ਆਪਣੇ ਵਾਗਰੂ ਦੇ---!

ਪਾਖਰ ਆਂਹਦਾ, 'ਅੱਲਾ ! ਕਿਹੜਾ ਅੱਲਾ ? ਰੱਬ ਤੈਨੂੰ ਕਿਥੋਂ ਯਾਦ ਆ ਗਿਆ ਕੁੱਤੇ ਦਿਆ..!' ਪਾਖਰ ਨੇ ਠੁੱਡਾ ਮਾਰ ਕੇ ਜ਼ੈਲਦਾਰ ਨੂੰ ਪਰੇ ਰੋੜਤਾ । ਜ਼ੈਲਦਾਰ ਆਂਹਦਾ 'ਮੇਰੀ ਤੋਬਾ ! ਮੇਰੇ ਰੱਬ ਦੀ …। ' ਵਾਕ ਜ਼ੈਲਦਾਰ ਦੀ ਸੰਘੀ 'ਚ ਈ ਫਸਿਆ ਰਹਿ ਗਿਆ। ਤਿੰਨ ਚਾਰ ਗੰਡਾਸੀਆਂ ਇੱਕੋ ਵਾਰ ਜ਼ੈਲਦਾਰ ਦੇ ਸਰੀਰ ਵਿਚ ਲਹਿਗੀਆਂ । ਮਜ਼ਲੂਮਾਂ ਦੇ ਖੂਨ ਨਾਲ ਭਰਿਆ ਸਰੀਰ ਤੜਪ ਕੇ ਠੰਡਾ ਹੋ ਗਿਆ । ਖੂਨ ਦੇ ਛਿੱਟੇ ਭੁੜਕ ਕੇ ਭਾਨੇ ਦੇ ਦੁੱਧ ਚਿੱਟੇ ਚਾਦਰੇ-ਕੁੜਤੇ 'ਤੇ ਜਾ ਪਏ । ਉਹਨੇ 'ਗੰਦ ਦਾ ਗੰਦਾ ਖੂਨ" ਕਹਿੰਦਿਆਂ ਜ਼ੈਲਦਾਰ ਦੀ ਲਾਸ਼ ਤੇ ਥੁੱਕ ਦਿੱਤਾ । ਅਸਲ ਕੀ ਜੰਗ ਵੇਲੇ ਜ਼ੈਲਦਾਰ ਨੇ ਧੱਕੇ ਨਾਲ ਭਾਨੇ ਦਾ ਛੋਟਾ ਭਰਾ ਫੜ ਕੇ ਫੌਜ 'ਚ ਭਰਤੀ ਕਰਾਤਾ ਸੀ ਤੇ ਉਹ ਜੰਗ 'ਚਜਿਉਂਦਾ ਨ੍ਹੀ ਸੀ ਮੁੜਿਆ । ਬਾਹਰ ਈ ਕਿਧਰੇ ਗੈਬ ਹੋਗਿਆ। ਅੰਦਰਲੀ ਅੱਗ ਭਾਨੇ ਨੇ ਹੁਣ ਠੰਡੀ ਕੀਤੀ ਸੀ ।"

ਸਰਦਾਰੇ ਨੇ ਅਸਾਵੇਂ ਹੋ ਗਏ ਸਾਹ ਨੂੰ ਟਿਕਾਣੇ ਸਿਰ ਕਰਨ ਲਈ ਲੰਮੇ ਲੰਮੇ ਸਾਹ ਲਏ। ਵਿਸਾਖੇ ਬੁੜੇ ਨੇ ਸਸਕਾਰ ਦੀ ਤਿਆਰੀ ਕਰਦੇ ਮੁੰਡਿਆ ਨੂੰ ਦੋ ਚਾਰ ਜਰੂਰੀ ਹਿਦਾਇਤਾਂ ਦਿੱਤੀਆਂ । ਭੰਗੇ ਨੇ ਸਾਰਿਆਂ ਤੋਂ ਅੱਖ ਬਚਾ ਕੇ ਤੰਮਾਕੂ ਬੁੱਲ੍ਹਾਂ 'ਚ ਰੱਖ ਲਿਆ। ਬੁੜੀਆਂ ਵਾਲੇ ਪਾਸਿਓਂ "ਡੀਕਲੋ ਭਾਈ ਡੀਕਲੋ" ਦੀਆਂ ਮੱਧਮ ਆਵਾਜ਼ਾਂ ਆ ਰਹੀਆਂ ਸਨ। ਬੰਦੇ ਪਾਖਰ ਦੇ ਸੱਥਰ 'ਤੇ ਨਹੀਂ ਜ਼ੈਲਦਾਰ ਸਦਰਦੀਨ ਦੀ ਹਵੇਲੀ ਵਿਚ ਉਸਦੇ ਨਾਲ ਲਿਸ਼ਕਦੀਆਂ ਤਲਵਾਰਾਂ ਤੇ ਕੁਹਾੜੀਆਂ ਚੱਕੀ ਖੜੇ ਸਨ।

''ਅਸੀਂ ਹਜੇ ਸੋਚੀਂ ਜਾਂਦੇ ਸੀ ਕੀ ਕਰੀਏ-ਇੱਕ ਤੀਮੀ ਕਮਰੇ 'ਚੋਂ ਨਿਕਲਕੇ ਭੱਜ ਨਿਕਲੀ । ਇਕੋ ਵਾਰੀ ਕਾਵਾਂ ਰੌਲੀ ਪੈ ਗਈ --ਔਹ ਗਈ ! ਫੜਿਓ ! ਮੁਸਲੀ ਜਾਵੇ ਨਾ ! ਲਾਹਲੀਂ ਹੁਣ ਦਿਲ ਦੀਆਂ ! '' ਗੱਲ ਦੀ ਤੰਦ ਦੁਬਾਰਾ ਫੜਦਿਆਂ ਸਰਦਾਰੇ ਨੇ ਰਹਿੰਦੀ ਗੱਲ ਸੁਣਾਉਣੀ ਸ਼ੁਰੂ ਕਰ ਦਿੱਤੀ।

''ਭਾਨਾ ਮੈਨੂੰ ਕਹਿੰਦਾ, 'ਭੱਜ ਕੇ ਜਾਊ ਕਿੱਥੇ ? ਬਾਈ ਸਰਦਾਰਿਆ ਲਾਹ ਲੈ ਦਿਲ ਦੀਆਂ । ਬਾਈ ਅੱਗੇ ਹੋ ਕੇ ਘੇਰ, ਮੁਸਲੀ ਤਾਂ ਜਾਂਦੀ ਛੜਾਂ ਚੱਕੀ ਪਹਿਲਣ ਗਾਂ ਵਾਂਗੂ ।" ਲਉ ਜੀ ਦੇਖਦਿਆਂ ਦੇਖਦਿਆਂ ਉਸ ਜਨਾਨੀ ਨੂੰ ਚਾਰੇ ਪਾਸਿਉਂ ਘੇਰ ਲਿਆ ।
ਕਾਲੀਏ ਬਦਮਾਸ਼ ਦੇ ਬੰਦੇ ਸਾਡੇ ਤੋਂ ਜ਼ਰਾ ਪਿੱਛੇ ਰਹਿ ਗਏ ਸਨ । ਓਧਰੋਂ ਦੀਪੇ ਨੇ ਰੌਲਾ ਪਾਤਾ ਅਖੇ ਏਹ ਤਾਂ ਜ਼ੈਲਦਾਰ ਦੀ ਨੂੰਹ ਆ । ਦੀਪਾ ਜ਼ੈਲਦਾਰ ਨਾਲ ਖਾਸਾ ਚਿਰ ਕਾਮਾ ਰਿਹਾ ਸੀ । ਉਹਨੇ ਜ਼ੈਲਦਾਰ ਦੀ ਨੂੰਹ ਨੂੰ ਪਛਾਣ ਲਿਆ ।"
"ਦੀਪਾ ਕਿਹੜਾ ? ਦੀਪਾ ਹਿੰਢੀ ?" ਭੰਗੇ ਨੇ ਸ਼ੱਕ ਦੂਰ ਕਰਨ ਲਈ ਪੁੱਛ ਲਿਆ।
"ਹਾਅੋ ! ਨਾਲ ਈ ਹੁੰਦਾ ਸੀ ਉਹ ਵੀ ।" ਆਖਦਿਆਂ ਸਰਦਾਰੇ ਨੇ ਇਸ਼ਨਾਨ ਕਰਾ ਰਹੇ ਮੁੰਡਿਆ ਵੱਲ ਵੇਖਿਆ।
"ਫੇਰ ?" ਮਿਲਖੀ ਨੂੰ ਗੱਲ ਦੇ ਇਧਰ ਓਧਰ ਖਿਸਕਣ ਦਾ ਡਰ ਲੱਗਣ ਲੱਗਾ।

''ਫੇਰ ਕੀ, ਭਾਨਾ ਬਰਛੀ ਉਲਾਰੀ ਅੱਗੇ ਵਧਿਆ । ਮੈਂ ਵੇਖਿਆ ਭਾਨੇ ਨੂੰ ਬਰਛੀ ਉਪਰ ਚੱਕਦਿਆਂ ਵੇਖ ਪਾਖਰ ਦਾ ਮੂੰਹ ਲਹਿ ਗਿਆ। ਲੱਗਾ ਦੂਰੋਂ ਈ ਹਾੜੇ ਮਾਰਨ, ਉਏ ਨਾ ਭਾਨਿਆ ਮਾਰੀਂ ਨਾ..ਵੇਖੀਂ ਕਿਤੇ …।' ਪਾਖਰ ਭੱਜ ਕੇ ਭਾਨੇ ਦੇ ਅੱਗੇ ਆ ਗਿਆ । ਭਾਨਾ ਪਾਖਰ ਦਾ ਇਜ਼ਤ ਮਾਣ ਵੀ ਬਹੁਤ ਕਰਦਾ ਸੀ । ਉਹ ਪਾਖਰ ਨੂੰ ਚੌਧਰੀ ਕਹਿ ਕੇ ਬੁਲਾਉਂਦਾ ਹੁੰਦਾ ਸੀ । ਭਾਨਾ ਛੇੜਨ ਲੱਗਾ, 'ਕੀ ਗੱਲ ਚੌਧਰੀਆ, ਕਿਤੇ ਮੁਸਲਮਾਨੀ ਘਰ ਵਸਾਉਣ ਦਾ 'ਰਾਦਾ ਤਾਂ ਨ੍ਹੀ ਕਰ ਲਿਆ ?' ਪਾਖਰ ਤੋਂ ਪਹਿਲਾਂ ਈ ਮੁਖਤਿਆਰੀ ਧੌਂਸ ਬੋਲ ਪਿਆ, 'ਉਏ ਭਾਨਿਆ ਏਹਦੇ 'ਚ ਮਾੜਾ ਵੀ ਕੀ ਐ ?..ਸਾਲੀ ਔਸਰ ਝੋਟੀ ਵਰਗੀ ਪਈ, ਸਿੰਘਣੀ ਬਣਾ ਕੇ ਰੱਖਲੂ ।' ਮੁਖਤਿਆਰੀ ਧੌਂਸ ਆਪਣੇ ਪਿੰਡਾਂ ਦਾ ਛਟਿਆ ਵੈਲੀ ਹੁੰਦਾ ਸੀ।"

"ਨਵੇਂ ਪਿੰਡ ਦਾ ਨ੍ਹੀ ਸੀ ਮੁਖਤਿਆਰੀ, ਜੀਹਦੀ ਕੁੜੀ ਲੱਸੀ ਪੀਣ੍ਹਿਆਂ ਦੇ ਵਿਆਹੀ ਸੀਗੀ ?" ਬੁੜੇ ਵਿਸਾਖੇ ਦੀ ਪੁੱਛ ਦੇ ਜਵਾਬ 'ਚ ਸਰਦਾਰੇ ਨੇ ਹੱਥ ਦੇ ਇਸ਼ਾਰੇ ਨਾਲ ਹੀ ਹਾਂ ਆਖਿਆ ਤੇ ਗੱਲ ਅੱਗੇ ਤੋਰ ਲਈ।

"ਪਾਖਰ ਤਾਂ ਕੁੜੀ ਨੂੰ ਬਚਾਉਣ ਲਈ ਹਰ ਹੀਲਾ ਵਰਤਣਾ ਚਾਹੁੰਦਾ ਸੀ । ਉਹਨੇ ਭਾਨੇ ਅੱਗੇ ਹੱਥ ਜੋੜਤੇ ਅਖੇ ਏਹਨੇ ਕੀ ਗਵਾਇਆ ਆਪਣਾ ਵਿਚਾਰੀ ਗਊ ਨੇ । ਆਪਾਂ ਬਦਲਾ ਲੈਣਾ ਸੀ ਜ਼ੈਲਦਾਰ ਤੋਂ, ਲੈ ਲਿਆ । ਮੌਤ ਸਾਹਮਣੇ ਵੇਖ ਕੇ ਕੁੜੀ ਬੁਰੀ ਤਰ੍ਹਾਂ ਘਬਰਾਈ ਹੋਈ ਸੀ । ਐਨੀ ਘਬਰਾਹਟ ਵਈ ਜਾਨ ਬਖਸ਼ੀ ਲਈ ਰੱਬ ਦੇ ਕਿਸੇ ਜੀਅ ਦੀ ਮਿੰਨਤ ਵੀ ਨਾ ਕਰ ਸਕੀ । ਕੁੜੀ ਦੀ ਕੁੱਛੜ ਚੱਕਿਆ ਦੋ ਚਹੁੰ ਮੀਨ੍ਹਿਆਂ ਦਾ ਜਵਾਕ ਮਾਂ ਦੇ ਨਾਲ ਹੀ ਸੁੰਗੜਿਆ ਪਿਆ ਸੀ ।"
"ਓਅ—ਹੋ…।" ਮਿਲਖੀ ਨੇ ਅਫਸੋਸ ਵਿਚ ਸਿਰ ਹਿਲਾਇਆ । ਗੱਲ ਕਰਦਿਆਂ-ਕਰਦਿਆਂ ਖੰਘ ਕਾਰਨ ਸਰਦਾਰਾ ਸਿੰਹੁ ਨੂੰ ਦੋ ਤਿੰਨ ਵਾਰ ਰੁਕਣਾ ਪਿਆ ਸੀ ।

"ਸਾਨੂੰ ਤਾਂ ਪਤਾ ਈ ਨਾ ਲੱਗਾ ਕੁੜੀ ਨੂੰ ਪਿੱਛੋ ਜੋਰ ਨਾਲ ਧੱਕਾ ਮਾਰਿਆ ਕੀਹਨੇ । ਉਹਦੀ ਕੁੱਛੜ ਚੱਕਿਆ ਜਵਾਕ ਭੁੜਕ ਕੇ ਦੋ ਗਜ਼ ਦੂਰ ਜਾ ਪਿਆ । ਮਾਂ ਦੀ ਨਿੱਘੀ ਗੋਦੀ 'ਚੋਂ ਦੂਰ ਜਾ ਕੇ ਜੁਆਕ ਤਾਂ ਲੱਗ ਗਿਆ ਉੱਚੀ ਉੱਚੀ ਰੋਣ । ਰੋਣਾ ਈ ਸੀ । ਕੁੜੀ ਅਜੇ ਉੱਠ ਕੇ ਸੰਭਲਣ ਹੀ ਲੱਗੀ ਸੀ ਕਿ ਕਾਲੀਏ ਬਦਮਾਸ਼ ਦੀ ਡੇਢ ਹੱਥ ਲੰਮੀ ਨੋਕ ਵਾਲੀ ਬਰਛੀ ਪਿਛਲੇ ਪਾਸਿਓਂ ਉਸ ਦੀ ਛਾਤੀ ਨੂੰ ਪਾਰ ਕਰਗੀ । ਦੁੱਧ ਦੀ ਲੰਮੀ ਧਾਰ ਛਾਤੀ 'ਚੋਂ ਨਿਕਲੀ ਤੇ ਰੋਂਦੇ ਬੱਚੇ ਦੇ ਮੂੰਹ 'ਤੇ ਜਾ ਪਈ । ਉਹਨੂੰ ਮਸੂਮ ਨੂੰ ਕੀ ਪਤਾ ਵਈ ਸਾਡੇ ਨਾਲ ਕੀ ਭਾਵੀ ਵਰਤਗੀ , ਉਹ ਚੁੱਪ ਕਰ ਗਿਆ। ਕੁੜੀ ਦੀ ਚੀਕ ਹਵਾ ਨੂੰ ਚੀਰਦੀ ਅਸਮਾਨ ਵੱਲ ਨੂੰ ਲੰਘਗੀ । ਪਾਖਰ ਤਾਂ ਜੀ ਬੁੱਤ ਵਾਂਗੂੰ ਥਾਏਂ ਗੱਡਿਆ ਗਿਆ ! ਉਹਦੀ ਜ਼ੁਬਾਨ ਤਾਲੂਏ ਜਾ ਲੱਗੀ । ਕੁਹਾੜੀ ਉਹਦੇ ਹੱਥੋਂ ਡਿੱਗ ਪਈ ।''

"ਹ… ਤੇਰੀ ਬੇੜੀ ਡੁੱਬੇ ਪਾਪੀਆ…ਤੇਰਾ ਕੱਖ ਨਾ ਰਹੇ ।'' ਸੱਥਰ 'ਤੇ ਬੈਠੇ ਸਾਰੇ ਹੀ ਦੁੱਖ 'ਚ ਗ੍ਰਸੇ ਗਏ ਸਨ ।
"ਗੁੱਸੇ ਵਿਚ ਅੰਨੇ ਹੋਏ ਸ਼ੈਤਾਨ ਨੇ ਦੋ ਕੁ ਮੀਨ੍ਹਿਆਂ ਦੇ ਮਛੋਰ ਨੂੰ ਵੀ ਨਾ ਬਖਸ਼ਿਆ । ਉਹਨੇ ਬਰਛੀ ਜੁਆਕ ਵਿੱਚਦੀ ਕੱਡਤੀ।
ਜੈਲਦਾਰ ਨੇ ਕਿਸੇ ਕੇਸ ਵਿੱਚ ਕਾਲੀਏ ਬਦਮਾਸ਼ ਖ਼ਿਲਾਫ਼ ਪੁਲਸ ਕੋਲ ਗਵਾਹੀ ਦਿੱਤੀ ਸੀ । ਉਹਦੇ ਦਿਲ 'ਚ ਕਿਤੇ ਉਦੋਂ ਦੇ ਈ ਭਾਂਬੜ ਮੱਚੀ ਜਾਂਦੇ ਹੋਣਗੇ।"
''ਉਹ….ਹੋਅ ! ਹੱਕ ਆ …।"
"ਤੈਨੂੰ ਢੋਈ ਕਿਹੜੇ ਜਨਮ 'ਚ ਮਿਲੂ ? ''
"ਤੈਨੂੰ ਪਏ ਰੱਬ ਦੀ ਮਾਰ ਪਾਪੀ ਬੰਦਿਆ ।"

ਸਰਦਾਰਾ ਸਿੰਹੁ ਦੇ ਆਸੇ ਪਾਸੇ ਬੈਠੇ ਬੰਦਿਆਂ ਚੋਂ ਬਹੁਤੇ ਅਫਸੋਸ ਵਿਚ ਸਿਰ ਹਿਲਾ ਰਹੇ ਸਨ । ਗੱਲ ਸੁਣ ਕੇ ਉਹਨਾਂ ਨੂੰ ਵਾਕਿਆ ਹੀ ਦੁੱਖ ਹੋਇਆ ਸੀ ।
"ਬੱਸ ਉਹ ਦਿਨ ਤੇ ਆਹ ਦਿਨ । ਪਾਖਰ ਦੀ ਡਿੱਗੀ ਕੁਹਾੜੀ ਫੇਰ ਕਦੇ ਨ੍ਹੀ ਉੱਠੀ ! '' ਸਰਦਾਰਾ ਸਿੰਹੁ ਨੇ ਮੱਥੇ 'ਤੇ ਆਇਆ ਪਸੀਨਾ ਪੂੰਝਿਆ ।

"ਆਹ ਹੁਣ ਮਰਾ ਮਰਾਈ ਦੀਆਂ ਖਵਰਾਂ ਸੁਣੀਦੀਆਂ । ਜਣੀਦਾ ਦਿਲ ਨੂੰ ਵਾਢਾਂ ਪੈਂਦੀਆਂ । ਉਏ ਸਾਨੂੰ ਪੁੱਛ ਕੇ ਵੇਖੋ ---ਕੀ ਕੀ ਜ਼ੁਲਮ ਕਰਦੇ ਰਏ ਆਂ । ਕੀ ਨਿਕਲਿਆ ? ਪਤਾ ਨ੍ਹੀ ਕਿੰਨੇ ਚਿਰਾਂ ਦੇ ਵਸਦੇ ਰਸਦੇ ਸੀਗੇ ਏਸ ਭੌਂਇ 'ਤੇ, ਕਿਹੜੀ ਗੱਲੋਂ ਘਾਣ ਕਰੀ ਗਏ ਉਹਨਾਂ ਦਾ ? ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆਂ ਤਾਂ ਧਾਹਾਂ ਨਿਕਲ ਜਾਂਦੀਆਂ ।'' ਗੱਲ ਖਤਮ ਕਰ ਕੇ ਸਰਦਾਰਾ ਸਿੰਹੁ ਨੇ ਵੱਡਾ ਸਾਰਾ ਸਾਹ ਲਿਆ। ਸਾਰੇ ਸਰੋਤਿਆਂ ਦੇ ਚਿਹਰਿਆਂ 'ਤੇ ਚੁੱਪ ਤੈਰ ਰਹੀ ਸੀ ।

ਪਾਖਰ ਦੀ ਵੱਡੀ ਕੁੜੀ ਵੀ ਆ ਗਈ । ਪਾਖਰ ਦੀ ਅਰਥੀ ਚੁੱਕ ਕੇ ਸਿਵਿਆਂ ਵਿਚ ਲਿਜਾਈ ਗਈ । ਉਸ ਦੀ ਮ੍ਰਿਤਕ ਦੇਹ ਨੂੰ ਲਾਂਬੂ ਲਾ ਦਿੱਤਾ । ਅੱਗ ਦੀਆਂ ਲਪਟਾਂ ਆਸਮਾਨ ਛੂਹਣ ਲੱਗੀਆਂ । ਪਾਖਰ ਦੀ ਕੁੜੀ ਦੀਆਂ ਚੀਕਾਂ ਸ਼ਾਂਤ ਵਾਤਾਵਰਨ ਦੀ ਚੁੱਪੀ ਤੋੜ ਰਹੀਆਂ ਸਨ । ਮੈਂ ਸਿਵਿਆਂ ਵਿਚ ਲੱਗੀ ਕਿੱਕਰ ਦੇ ਮੁੱਢ ਨਾਲ ਢੋਅ ਲਾ ਆਸਮਾਨ ਵੱਲ ਵੇਖਣ ਲੱਗਾ । ਉਸ ਮੁਸਲਮਾਨ ਕੁੜੀ ਦੇ ਮਰਨ ਵਾਲੀ ਕਹਾਣੀ ਮੇਰੀਆਂ ਅੱਖਾਂ ਅੱਗੇ ਫਿਲਮ ਦੀ ਰੀਲ ਵਾਂਗ ਘੁੰਮ ਰਹੀ ਸੀ । ਕਾਲੀਏ ਬਦਮਾਸ਼ ਦੀ ਲਿਸ਼ਕਦੀ ਬਰਛੀ ਅਤੇ ਬੱਚੇ ਦੇ ਮੂੰਹ 'ਤੇ ਪੈਦੀਆਂ ਦੁੱਧ ਦੀਆਂ ਧਾਰਾਂ, ਮੈਨੂੰ ਸਾਫ ਵਿਖਾਈ ਦੇ ਰਹੀਆਂ ਸਨ । ਪਾਖਰ ਦੀ ਕੁੜੀ ਦੀਆਂ ਚੀਕਾਂ ਮੈਨੂੰ ਮੁਸਲਮਾਨ ਕੁੜੀ ਦੀਆਂ ਚੀਕਾਂ ਜਾਪ ਰਹੀਆਂ ਸਨ । ਜਵਾਨੀ ਵੇਲੇ ਦਾ ਪਾਖਰ ਬੇਵੱਸ ਖੜਾ ਮਰਦੀ ਕੁੜੀ ਵੱਲ ਵੇਖ ਰਿਹਾ ਸੀ । ਉਸ ਹੱਥੋਂ ਡਿੱਗਦੀ ਕੁਹਾੜੀ ਦਾ ਖੜਾਕ ਮੈਨੂੰ ਸਾਫ ਸੁਣਾਈ ਦੇ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ