Kahnu Labhde Mall Akharian De (Punjabi Essay) : Suba Singh

ਕਾਹਨੂੰ ਲੱਭਦੇ ਮੱਲ ਅਖਾੜਿਆਂ ਦੇ (ਲੇਖ) : ਸੂਬਾ ਸਿੰਘ

“ਨਾ ਉਹ ਅਖਾੜੇ, ਨਾ ਉਹ ਛਿੰਝਾਂ, ਨਾ ਉਹ ਦੰਗਲ, ਨਾ ਪਹਿਲਵਾਨ। ਨਾ ਉਹ ਘੁਲਣੀਆਂ ਤੇ ਨਾ ਉਹ ਪਕੜਾਂ। ਸੱਚ ਪੁੱਛੋ ਤਾਂ ਲੋਕਾਂ ਨੂੰ ਘੋਲਾਂ ਦਾ ਸ਼ੌਕ ਹੀ ਨਹੀਂ ਰਹਿ ਗਿਆ। ਪਿੰਡਾਂ ਵਿਚ ਤਾਂ ਘੋਲਾਂ ਕੁਸ਼ਤੀਆਂ ਦਾ ਢੋਲ ਵੱਜਦਾ ਸੁਣਨ ਨੂੰ ਜੀਅ ਤਰਸ ਗਿਆ।” ਬੁੱਢੜੇ ਸੰਤੂ ਨੇ ਬੋਹੜ ਥੱਲੇ ਲੱਗੇ ਹੋਏ ਧੂੰਏ ਉਤੇ ਸਣ ਕੱਢ ਕੇ ਤਲੂਣੀਆਂ ਸੁੱਟਦਿਆਂ ਹੋਇਆਂ ਦਿਲ ਦੀ ਭੜਾਸ ਕੱਢੀ। ਉਹ ਜਵਾਨੀ ਵੇਲੇ ਥੋੜ੍ਹਾ ਬਹੁਤਾ ਘੁਲਦਾ ਵੀ ਰਿਹਾ ਸੀ ਤੇ ਹੁਣ ਉਸ ਨੂੰ ਪੁਰਾਣੇ ਅਖਾੜਿਆਂ ਦੇ ਜੋੜਾਂ ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੀਆਂ ਗੱਲਾਂ ਕਰ ਕੇ ਅਕਹਿ ਕਿਸਮ ਦੀ ਤਸੱਲੀ ਜਿਹੀ ਪ੍ਰਤੀਤ ਹੁੰਦੀ ਸੀ ਜਿਸ ਤਰ੍ਹਾਂ ਹਰ ਮਨੁੱਖ ਭਾਵੇਂ ਉਸ ਨੇ ਕੁੱਤੇ ਦੀ ਜੂਨ ਹੀ ਕਿਉਂ ਨਾ ਗੁਜ਼ਾਰੀ ਹੋਵੇ, ਬੀਤੇ ਸਾਲਾਂ ਉਤੇ ਝਾਤੀ ਮਾਰ ਕੇ ਆਨੰਦਮਈ ਥਰਕੰਬਣੀ ਮਹਿਸੂਸ ਕਰਦਾ ਹੈ। ਸਿਆਲ ਦੀਆਂ ਰਾਤਾਂ ਨੂੰ ਉਹ ਇਸ ਬੋਹੜ ਥੱਲੇ ਧੂੰਆਂ ਜ਼ਰੂਰ ਲਾਇਆ ਕਰਦਾ, ਗੁਜ਼ਰੇ ਜ਼ਮਾਨਿਆਂ ਦੀਆਂ ਸੁਣਾਉਂਦਾ ਅਤੇ ਉਸ ਦੀਆਂ ਲਟਕੀਲੀਆਂ ਗੱਲਾਂ ਦਾ ਹੁੰਗਾਰਾ ਭਰਨ ਅਤੇ ਕੰਨ ਰਸ ਦਾ ਝੱਸ ਜਾਂ ਭੁਸ ਪੂਰਾ ਕਰਨ ਲਈ ਕਈ ਵਿਹਲੜ ਰੋਟੀ ਪਾਣੀ ਖਾਣ ਪਿੱਛੋਂ ਆ ਬੈਠਦੇ। ਭਿੱਜਦੀ ਜਾਂਦੀ ਰਾਤ ਵਿਚ ਤਾਰਿਆਂ ਦੀਆਂ ਗਿੱਟੀਆਂ ਕਿਤੇ ਦੀਆਂ ਕਿਤੇ ਨਿਕਲ ਜਾਂਦੀਆਂ ਪਰ ਕਿਸੇ ਦਾ ਉੱਠਣ ਨੂੰ ਦਿਲ ਨਾ ਕਰਦਾ। ਸੰਤੂ ਦੀਆਂ ਗੱਲਾਂ ਉਨ੍ਹਾਂ ਨੂੰ ਜਕੜੀ ਤੇ ਕੀਲੀ ਰੱਖਦੀਆਂ।

“ਸਹੁਰਿਆ! ਅੱਗ ਬੁਝ ਗਈ, ਭੰਬੂ ਜ਼ਰਾ ਮਾਰ ਫੂਕ, ਬਲ਼ ਪਏ। ਨਕਾਰਿਆ! ਜ਼ਰਾ ਜ਼ੋਰ ਨਾਲ ਫੂਕ ਮਾਰ, ਨਿੱਘਰਿਆ ਹੋਇਆ! ਤੈਥੋਂ ਧੂੰਏ ਨੂੰਫੂਕ ਨਹੀਂ ਮਾਰੀ ਜਾਂਦੀ? ਤੇਰੇ ਵਰਗੇ ਜਵਾਨ ਮੁੰਡੇ ਨੂੰ ਹੁਣ ਤਕ ਚਾਹੀਦਾ ਸੀ ਬੋਹੜ ਹਲੂਣ ਛਡਦਾ।” ਉਸ ਨੇ ਲਾਗੇ ਬੈਠੇ ਭੰਬੂ ਨੂੰ ਬਜ਼ੁਰਗਾਂ ਵਾਂਗ ਝਾੜਿਆ। ਫੇਰ ਸੱਜੇ ਹੱਥ ਨਾਲ ਸਣ ਦੀ ਸੋਟੀ ਭੰਨ ਕੇ ਉਧੇੜਨ ਲਈ ਸੱਜਾ ਹੱਥ ਪਿਛਾਂਹ ਖਿੱਚਿਆ ਅਤੇ ਘੋਲਾਂ ਬਾਰੇ ਲੋਕਾਂ ਦੇ ਹੋ ਅਲੋਪ ਹੋ ਰਹੇ ਚੇਟਕ ਦਾ ਮਾਤਮ ਕਰਨ ਵਾਲੇ ਲਹਿਜ਼ੇ ਵਿਚ ਗੁਜ਼ਰੇ ਹੋਏ ਦੰਗਲਾਂ ਦੀਆਂ ਗੱਲਾਂ ਛੇੜ ਲਈਆਂ।

“ਲੋਕਾਂ ਨੇ ਕਈ ਦਿਨ ਪਹਿਲਾਂ ਦੋਹਰੇ ਤੇਹਰੇ ਜੋਤੇ ਲਾਉਣੇ, ਪੱਠਿਆਂ ਦੀਆਂ ਭਰੀਆਂ ਇਕੱਠੀਆਂ ਵੱਢ ਕੇ ਕੁਤਰ ਛੱਡਣੀਆਂ, ਧੌੜੀ ਦੀਆਂ ਨੋਕਾਂ ਵਾਲੀਆਂ ਜੁੱਤੀਆਂ ਨੂੰ ਤੇਲ ਵਿਚ ਡੋਬ ਛੱਡਣਾ, ਖੜ ਖੜ ਕਰਦੀਆਂ ਲੱਠੇ ਦੀਆਂ ਚਾਦਰਾਂ ਸਵਾਉਣੀਆਂ, ਡਾਂਗਾਂ ਲਿਸ਼ਕਾਉਣੀਆਂ ਅਤੇ ਜਿਣ ਦਿਨ ਛਿੰਝ ਪੈਣੀ, ਚੰਦੂ ਬਰਵਾਲੇ ਨੇ ਢਾਣੀਆਂ ਅੱਗੇ ਲਗੋਜ਼ਾ ਵਜਾਉਂਦਿਆਂ ਜਾਣਾ। ਘੋੜੀਆਂ ‘ਤੇ ਜਾਣਾ, ਊਠਾਂ ‘ਤੇ ਜਾਣਾ। ਰਾਹ ਟੁੱਟ ਜਾਂਦੇ ਸਨ। ਉਹ ਰੌਣਕਾਂ ਹੁਣ ਕਿਥੇ? ਮੇਰਾ ਪੂਰਨ ਸਿੰਹੁ ਅਜੇ ਹੌਲਾ ਹੀ ਸੀ ਜਦੋਂ ਬੱਬੇਹਾਲੀ ਦੀ ਵੱਡੀ ਛਿੰਝ ਪਈ ਸੀ। ਖ਼ਲਕਤ ਦਾ ਕੋਈ ਅੰਤ ਨਹੀਂ ਸੀ ਰਹਿ ਗਿਆ। ਭੀੜ! ਹੇ ਮੇਰੇ ਮਾਲਕਾ!! ਤਿਲ਼ ਮਾਰਿਆਂ ਭੋਇੰ ਨਾ ਡਿੱਗੇ। ਰਾਹ ਨਾਲ ਦੇ ਪਾਸੇ ਕਿੱਕਰਾਂ ਦੀਆਂ ਡਾਹਣੀਆਂ ਉਤੇ ਕਈ ਕਈ ਛੋਕਰੇ ਲਮਕੇ ਹੋਏ। ਪਹਿਲਵਾਨ ਵੀ ਸਾਰੇ ਪੰਜਾਬ ਦੇ ਆਏ ਸਨ। ਸੋਹਣੀ ਵਿਛੋਈਆ, ਮੰਗਲ ਤਤਲਿਆਂ ਵਾਲਾ, ਲੱਭੂ ਸਠਿਆਲੀਆ, ਤਾਰੂ ਜਗਰਾਵਾਂ ਵਾਲਾ, ਅੱਛਰ ਗੱਜੂਗਾਜੀਆ, ਮੀਹਾਂ ਘੁਮਿਆਰ ਨੂਰਪੁਰੀਆ, ਵਸਾਊ ਸੰਦਲਪੁਰੀਆ, ਦੌਲਾ ਕੰਜਰ ਜਲੰਧਰੀਆ, ਖਾਨ ਛਾਪੜੀਆ, ਹੁਸੈਨਾ ਤੇਲੀ, ਅਰਜਨ ਢੋਟੀਆਂ, ਗੰਡਾ ਸਿਹੁੰ ਜੌਹਲ, ਹਮੀਦਾ ਅੰਬਰਸਰੀਆ, ਉਥੇ ਇਕ ਥੋੜ੍ਹਾ ਸੀ! ਬੱਬੇਹਾਲ ਦੇ ਸਾਈਂ ਫ਼ਜ਼ਲ ਸ਼ਾਹ ਦੀ ਮਾਨਤਾ ਵੀ ਬੜੀ ਸੀ। ਛਿੰਝ ਉਹ ਗੱਜ ਵੱਜ ਕੇ ਵਜਾਉਂਦਾ ਸੀ। ਪਹਿਲਵਾਨਾਂ ਲਈ ਸਰਦਾਈਆਂ, ਘਿਉ, ਬਦਾਮ, ਰੋਟੀਆਂ, ਕੁੱਕੜ, ਬੱਕਰੇ, ਉਹ ਕਈ ਕਸਰ ਨਹੀਂ ਸੀ ਰਹਿਣ ਦਿੰਦਾ। ਰਾਸ਼ਨ ਪਾਣੀ ਨਾਲ ਪਹਿਲਵਾਨਾਂ ਦੇ ਮੂੰਹ ਮੋੜ ਛੱਡਦਾ ਸੀ। ਉਹਨੇ ਪਹਿਲਵਾਨਾਂ ਦੀਆਂ ਮਾਲਸ਼ਾਂ ਲਈ ਗੁੱਜਰ ਪਹਿਲਵਾਨ ਅੰਬਰਸਰੀਏ ਦੇ ਅਖਾੜੇ ਤੋਂ ਮਾਲਸ਼ੀਏ ਮੰਗਵਾਉਣੇ। ਜਦੋਂ ਸਾਈਂ ਨੇ ਉਗਰਾਹੀ ਚੜ੍ਹਨਾ, ਲੋਕਾਂ ਪਹਿਲਵਾਨਾਂ ਲਈ ਰਸਦ ਪਾਣੀ ਤੋਂ ਵੱਖ ਫੁਲਕਾਰੀਆਂ, ਕਪੜੇ ਅਤੇ ਰੁਮਾਲੀਆਂ ਤਕ ਇਕੱਠੀਆਂ ਕਰ ਕੇ ਦੇਣੀਆਂ। ਰੁਪਏ ਵੀ ਰੱਜ ਕੇ ਮਿਲ ਜਾਂਦੇ ਸਨ। ... ਬੀਬਿਆ! ਪਹਿਲਵਾਨਾਂ ਨੂੰ ਸੱਦਣਾ ਜਣੇ ਖਣੇ ਦਾ ਕੰਮ ਨਹੀਂ। ਜਾਂ ਰਾਜੇ ਮਹਾਰਾਜੇ ਕਰਦੇ ਸਨ ਜਾਂ ਮੌਲਾ ਤੇ ਫ਼ਕੀਰ ਸਾਈਂ। ਇਹ ਬੂਹੇ ਉਤੇ ਹਾਥੀ ਬੰਨਹਣ ਵਾਲੀ ਗੱਲ ਸਮਝ ਛੱਡ। ਸਮੇਂ ਚੰਗੇ ਸਨ, ਫਸਲਾਂ ਲੱਗ ਜਾਂਦੀਆਂ ਸਨ! ਇਕ ਰੁਪਏ ਦਾ ਚਾਰ ਸੌ ਘਿਉ ਮਿਲ ਜਾਂਦਾ ਸੀ। ਉਸ ਵੇਲੇ ਤਾਂ ਮੈਨੂੰ ਆਪ ਨੂੰ ਮਾੜੇ ਮੋਟੇ ਪਹਿਲਵਾਨ ਦਾ ਲੰਗੋਟਾ ਨਹੀਂ ਸੀ ਫਸਦਾ। ਖ਼ੈਰ ਇਹ ਗੱਲਾਂ ਹੁਣ ਕੀ ਕਰਨੀਆਂ!”

ਸਲਾਹਪੁਰੀਏ ਸਾਈਂ ਨੇ ਢੋਲ ’ਤੇ ਡੱਗਾ ਮਾਰਿਆ ਤੇ ਅਖਾੜਾ ਬੱਝ ਗਿਆ।

ਬੱਬੇਹਾਲੀ ਦੇ ਸਾਈਂ ਦੀ ਇਕ ਗੱਲ ਬੜੀ ਮਸ਼ਹੂਰ ਸੀ। ਉਹ ਲਾਕੜੀਆਂ ਨੂੰ ਅਖਾੜੇ ਵਿਚ ਨਹੀਂ ਸੀ ਫਿਰਨ ਦਿੰਦਾ, ਨਹੀਂ ਤਾਂ ਅੱਚਲ ਦੇ ਮੇਲੇ ਉਤੇ ਅਖਾੜੇ ਵਿਚ ਘੋਲ ਵੇਖਣ ਵਾਲਿਆਂ ਨਾਲੋਂ ਲਾਕੜੀ ਬਹੁਤੇ ਫਿਰਿਆ ਕਰਦੇ ਸਨ। ਜਿਸ ਨੇ ਚਾਦਰ ਪਿਛਾਂਹ ਨੂੰ ਲੜ ਛੱਡ ਕੇ ਧੂਹਵੀਂ ਬੰਨ੍ਹ ਲੈਣੀ, ਉਸ ਨੇ ਕੰਨਾਂ ਨਾਲੋਂ ਇਕ ਗਿੱਠ ਉੱਚੀ ਸੰਮਾਂ ਵਾਲੀ ਡਾਂਗ ਫੜ ਕੇ ਅਖਾੜੇ ਵਿਚ ਘੁੰਮਣ ਲੱਗ ਜਾਣਾ ਪਰ ਬੱਬੇਹਾਲੀ ਦੇ ਅਖਾੜੇ ਵਿਚ ਦੋ ਲਾਕੜੀ ਹੁੰਦੇ ਸਨ- ਗੁਰਦਾਸਪੁਰ ਦੇ ਪਹਿਲਵਾਨ ਤੇਜੂ ਤੇ ਅਲੀਆ, ਬੜੇ ਪੁਰਾਣੇ ਘੁਲਾਟੀਏ। ਘੋਲ ਵੇਲੇ ਉਹਨਾਂ ਨੇ ਕਦੇ ਕਿਸੇ ਦਾ ਨਾ ਪਹੁੰਚਾ ਖਿੱਚਣ ਦੇਣਾ, ਨਾ ਕਿਸੇ ਦੀ ਨਹੁੰਦਰ ਕੱਢਣ ਦੇਣੀ। ਮਜਾਲ ਕੀ ਪਹਿਲਵਾਨ ਅੱਗੋਂ ਕੁਸਕ ਜਾਏ। ਉਹ ਆਖਾ ਨਾ ਮੰਨਣ ਵਾਲੇ ਨੂੰ ਅਖਾੜੇ ਤੋਂ ਬਾਹਰ ਮਾਰਿਆ ਕਰਦੇ ਸਨ। ਉਹ ਸਾਫ ਘੋਲ ਘੁਲਾਉਂਦੇ ਸਨ। ਕਿਸੇ ਦੀ ਰਤੀ ਜਿੰਨੀ ਰਈ ਨਹੀਂ ਸਨ ਕਰਦੇ।

ਅਖਾੜਾ ਬੱਝ ਗਿਆ। ਪਹਿਲਵਾਨ ਲੀੜੇ ਲਾਹ ਕੇ ਫੇਰੀ ਦੇਣ ਉੱਤਰੇ। ਲਿਸ਼ਕਦੇ ਲੁਸ ਲੁਸ ਕਰਦੇ ਜੁੱਸੇ, ਕਮਾਈਆਂ ਤੇ ਕਸਰਤਾਂ ਨਾਲ ਗੁੱਧੇ ਹੋਏ, ਜਿਵੇਂ ਕਿਸੇ ਕਾਰੀਗਰ ਨੇ ਪੱਚਰਾਂ ਠੋਕੀਆਂ ਹੋਣ। ਚਿੱਪਰਾਂ ਜੋੜ ਜੋੜ ਕੇ ਘੜੀਆਂ ਹੋਈਆਂ ਦਰਸ਼ਨੀ ਜਵਾਨੀਆਂ! ਮੰਗਲ ਤਤਲਿਆਂ ਵਾਲਾ ਮੋਹਰੇ, ਬਾਕੀ ਉਹਦੇ ਮਗਰ। ਮੰਗਲ ਲੱਭੂ ਸਠਿਆਲੀਏ ਦਾ ਪੱਠਾ ਸੀ। ਪਰ ਲੱਭੂ ਓਥੇ ਘੁਲਣ ਨਹੀਂ ਸੀ ਆਇਆ, ਲੋਕਾਂ ਨੂੰ ਦਰਸ਼ਨ ਦੇਣ ਆਇਆ ਸੀ। ਉਹਦਾ ਜੋੜ ਉਥੇ ਕਿਹੜਾ ਸੀ?

ਮੰਗਲ ਲੰਮਾ ਢਾਂਗੇ ਵਰਗਾ, ਇਕੱਠ ਨਾਲੋਂ ਗਿੱਠ ਉੱਚਾ ਦਿਸੇ। ਚੰਗੇ ਖਾਂਦੇ ਪੀਂਦੇ ਘਰ ਦਾ, ਚੰਗੀ ਸੋਹਣੀ ਦੇਹ ਸੀ ਜੱਟ ਦੀ। ਅੱਛਰੂ ਗੱਜੂਗਾਜ਼ੀਆ, ਮਧਰਾ ਪਰ ਗੱਡੇ ਦੇ ਪਹੀਏ ਵਰਗਾ ਚੌੜਾ ਕਦੇ ਦਮੋਂ ਨਹੀਂ ਸੀ ਨਿਕਲਿਆ। ਉਹਨੇ ਜਦੋਂ ਵੀ ਕਿਸੇ ਨੂੰ ਢਾਹਿਆ, ਦਮੋਂ ਕੱਢ ਕੇ ਢਾਹਿਆ।

ਸੋਹਣੀ ਵਿਛੋਈਆ- ਦਰਮਿਆਨਾ ਕੱਦ, ਚੰਗਾ ਨਰੋਆ ਤੇ ਕਰੜਾ, ਦਾਆਂ ਦਾ ਬੜਾ ਛੋਹਲਾ। ਮੀਂਹੇਂ ਨਸੀਰਪੁਰੀਏ ਨਾਲ ਉਹਦਾ ਘੋਲ ਵੇਖਣ ਵਾਲਾ ਹੁੰਦਾ ਸੀ। ਦਸਤਪੰਜਾ ਲੈਂਦਿਆਂ ਉਨ੍ਹਾਂ ਨੇ ਚੱਕਰੀਆਂ ਵਾਂਗ ਘੁੰਮ ਜਾਣਾ।

ਖਾਨ ਛਾਪੜੀਆ, ਹੁਸੈਨਾ ਤੇਲੀ- ਮੁਗਦਰਾਂ ਵਰਗੇ ਪੱਟ, ਗੈਂਡੇ ਵਰਗੀ ਧੌਣ, ਅੰਨ੍ਹੇ ਜੱਫੇ ਨਾਲ ਢਾਹ ਜਾਂਦਾ ਸੀ। ਸਾਲੇ ਵਿਚ ਝੋਟੇ ਜਿੰਨਾ ਜ਼ੋਰ ਦੱਸਦੇ ਸਨ। ਘਰੋਂ ਲਿੱਸਾ ਸੀ ਪਰ ਉਸ ਵੇਲੇ ਲੋਕਾਂ ਨੂੰ ਸ਼ੌਕ ਹੁੰਦਾ ਸੀ ਘੋਲ ਵੇਖਣ ਦਾ। ਪਹਿਲਵਾਨ ਪਿੰਡ ਦਾ ਨੱਕ ਨਮੂਜ ਹੁੰਦੇ ਸਨ। ਲੋਕਾਂ ਨੇ ਇਕ ਮੱਝ ਲੈ ਦਿੱਤੀ ਤੇ ਉਹਨੇ ਵੀ ਮੁੱਲ ਮੋੜ ਛੱਡਿਆ। ਉਹ ਕੋਹਲੂ ਆਪ ਗੇੜ ਕੇ ਪੰਜ ਘਾਣੀਆਂ ਸਰ੍ਹੋਂ ਦੇ ਤੇਲ ਦੀਆਂ ਕੱਢ ਦਿਆ ਕਰਦਾ ਸੀ। ਪਿੜ ਵਿਚ ਉਹਨੇ ਕਦੇ ਗੱਟ ਹੀ ਕਿਧਰੇ ਪਿੱਠ ਲੁਆਈ ਹੋਵੇਗੀ।

ਦੌਲਾ ਕੰਜਰ ਜਲੰਧਰੀਆ ਖਰਾਂਟ ਘੁਲਾਟੀਆ ਸੀ। ਸ਼ਹਿਰੀਏ ਪਹਿਲਵਾਨ ਇਸ ਤਰ੍ਹਾਂ ਦੇ ਈ ਹੁੰਦੇ ਨੇ!

ਅਰਜਨ ਢੋਟੀਆਂ ਜਵਾਨ ਕਾਹਦਾ, ਵੇਖ ਕੇ ਹੀ ਭੁੱਖ ਲਹਿੰਦੀ ਸੀ। ਇਕ ਵਾਰ ਛਿੰਝ ‘ਤੇ ਜਾਂਦਿਆਂ ਇਕ ਰਾਹੀ ਦੇ ਘੋੜੇ ਨੂੰ ਮਖ਼ੌਲ ਨਾਲ ਪੂਛੋਂ ਫੜ ਕੇ ਖਿੱਚ ਲਿਆ। ਉਹਨੇ ਪੂਰੇ ਜ਼ੋਰ ਨਾਲ ਜੋੜ ਕੇ ਪੱਟਾਂ ‘ਤੇ ਪਛੰਡਾ ਮਾਰਿਆ। ਜੇ ਕੋਈ ਹੋਰ ਹੁੰਦਾ ਤਾਂ ਦੂਜਾ ਸਾਹ ਨਾ ਲੈਂਦਾ ਪਰ ਹਰਾਮ ਜੇ ਉਸ ਨੂੰ ਭੋਰਾ ਮਲੂਮ ਹੋਇਆ ਹੋਵੇ। ਉਸੇ ਤਰ੍ਹਾਂ ਤੇਲ ਦੇ ਦੋ ਹੱਥ ਮਾਰ ਕੇ ਫੱਤੂ ਭੀਲੀਏ ਇੰਦਰ ਨਾਲ ਜਾ ਘੁਲਿਆ ਤੇ ਢਾਹ ਕੇ ਮੁੜਿਆ।

ਗੰਡਾ ਸਿਹੁੰ ਜੌਹਲ ਅਤੇ ਹਮੀਦਾ ਤਾਂ ਖ਼ੈਰ ਮੰਨੇ ਹੋਏ ਦਰਸ਼ਨੀ ਜਵਾਨ ਸਨ। ਮਾੜੇ ਦਾ ਨਿੰਦਣਾ ਕੀ ਤੇ ਤਕੜੇ ਦਾ ਸਲਾਹੁਣਾ ਕੀ? ਦੋਵੇਂ ਅਖਾੜਿਆਂ ਦਾ ਸ਼ਿੰਗਾਰ ਸਨ।

ਘੋਲ ਆਰੰਭ ਹੋਏ। ਮੀਹੇਂ ਹੂਰਪੁਰੀਏ ਦਾ ਅੱਛਰ ਗੱਜੂ ਗਾਜ਼ੀਏ ਨਾਲ ਪਹਿਲਾ ਜੋੜ ਪਿਆ। ਪਹਿਲਵਾਨ ਕਾਹਦੇ ਸਨ, ਆਫ਼ਤਾਂ ਸਮਝੋ। ਅਸਤ ਬਾਜ਼ੀਆਂ ਵਾਂਗ ਚੱਲ ਪਏ। ਮੀਹੇਂ ਨੇ ਮੋੜਾ ਕੀਤਾ। ਅੱਛਰ ਨੇ ਖੱਬੀ ਢਾਕ ‘ਤੇ ਚਾੜ੍ਹ ਕੇ ਔਹ ਮਾਰਿਆ। ਮੀਹਾਂ ਡਿੱਗਦਾ ਡਿੱਗਦਾ ਫਿਰ ਗਿਆ। ਅੱਛਰ ਨੇ ਮੋਢੇ ਉਤੇ ਗੋਡਾ ਰੱਖ ਕੇ ਸੂਤਨੇ ਹੱਥ ਪਾਇਆ। ਰੇਲਾ ਕਰਦੇ ਮੀਂਹੇਂ ਨੇ ਹੇਠੋਂ ਕਮਚੀ ਮਾਰੀ। ਅੱਛਰ ਰੋਕ ਕਰ ਗਿਆ। ਢੇਰ ਚਿਰ ਦਾਅ ਚਲਦੇ ਰਹੇ। ਉਹ ਦਾਅ ਕਰੇ ਤਾਂ ਉਹ ਬਚਾ ਜਾਵੇ। ਉਹ ਸੱਟ ਕਰੇ ਤਾਂ ਉਹ ਰੋਕ ਜਾਏ। ਸਾਰੇ ਅਖਾੜੇ ਵਿਚ ਵਾਹ ਵਾਹ ਹੋ ਗਈ। ਅਖੀਰ ਅੱਛਰ ਨੇ ਨਾਹਰੀ ਮਾਰੀ ਤੇ ਮੀਂਹਾਂ ਸੰਭਲ ਨਾ ਸਕਿਆ। ਸਫਾਲ ਦੋਵੇਂ ਮੋਢੇ ਲੱਗ ਗਏ।

ਦੂਜੇ ਜੋੜ ਨਾਲ ਮੰਗਲ ਨਾਲ ਸੋਹਣੀ ਬੁੱਲਬੁਲੀ ਮਾਰਦਾ ਨਿਕਲਿਆ ਪਿਆ। ਮੰਗਲ ਭਾਰਾ ਸੀ ਤੇ ਸੋਹਣੀ ਛੋਹਲਾ। ਲੋਕੀ ਆਖਣ, ਭੰਨ ਕੇ ਢਾਹ ਜਾਊ ਸੋਹਣੀ ਨੂੰ। ਉਹਨੇ ਮਰੋੜ ਕੇ ਅੱਗੇ ਰੱਖ ਲਿਆ। ਗਫੂਆ ਮਾਰ ਕੇ ਬੈਠ ਗਿਆ ਪਰ ਸੋਹਣੀ ਵੀ ਉਸਤਾਦ ਦਾ ਚੰਡਿਆ ਹੋਇਆ ਸੀ, ਉਹਨੇ ਗੋਡੇ ਟੇਕ ਕੇ ਇਸ ਤਰ੍ਹਾਂ ਝੋਲੀ ਕੀਤੀ ਕਿ ਮੰਗਲ ਤਾਰੇ ਵੇਖ ਗਿਆ। ਰੌਲਾ ਪੈ ਗਿਆ। ਕਈ ਮੰਨਣ ਨਾ ਪਰ ਲਾਕੜੀ ਨੇ ਪੱਲਾ ਫੇਰ ਦਿੱਤਾ। ਕੋਈ ਅਗਾਂਹ ਨਾ ਆਏ, ਮੰਗਲ ਢਹਿ ਗਿਆ।

ਗੰਡਾ ਸਿਹੁੰ ਜੌਹਲ ਨਾਲ ਦੌਲਾ ਕੰਜਰ ਪੱਟ ਵਜਾਉਂਦਾ ਤੇ ਐਲੀ ਐਲੀ ਕਰਦਾ ਨਿਕਲਿਆ। ਇਹ ਸਭ ਨਾਲੋਂ ਮੋਟਾ ਘੋਲ ਸੀ। ਕੰਜਰ ਚਲਾਕ ਤੇ ਗੰਡਾ ਸਿਹੁੰ ਮੱਠਾ। ਲੋਕ ਆਖਦੇ ਸਨ ਰਲ਼ ਕੇ ਘੁਲ ਜਾਂਦੇ ਸੀ ਪਰ ਜਦੋਂ ਘੋਲ ਹੋਇਆ ਤਾਂ ਲੋਕੀਂ ਹੱਕੜੇ ਬਕੜੇ ਰਹਿ ਗਏ। ਦਸਤ ਪੰਜਾ ਲੈਂਦਿਆਂ ਹੀ ਗੰਡਾ ਸਿਹੁੰ ਨੂੰ ਨਕਾਲੋਂ ਜਾ ਪੁੱਟਿਆ। ਉਹ ਡਿੱਗਦਾ ਹੋਇਆ ਫਿਰ ਗਿਆ। ਜਦੋਂ ਗੰਡਾ ਸਿਹੁੰ ਨੇ ਅੱਗੋਂ ਲੰਗੋਟੇ ਹੱਥ ਪਾਇਆ, ਉਹ ਅੱਗਿਓਂ ਮੱਛੀ ਗੋਤਾ ਲਾ ਗਿਆ। ਜੌਹਲ ਪਿਛਾਂਹ ਨੂੰ ਪਟੜੇ ਉਤੇ ਖੇਸ ਵਾਂਗ ਡਿੱਗਿਆ ਪਰ ਸੰਭਲ ਗਿਆ ਤੇ ਦੋਵੇਂ ਆਹਮੋ ਸਾਹਮਣੇ ਹੋ ਗਏ। ਘੋਲ ਭਵੇਂ ਜ਼ੋਰ ਦਾ ਕੰਮ ਹੁੰਦਾ ਹੈ ਪਰ ਫੇਰ ਵੀ ਤਿਲ੍ਹਕਣਬਾਜ਼ੀ ਹੁੰਦੀ ਹੈ, ਅਕਾਬਰੀ ਨਹੀਂ ਚਲਦੀ। ਜੌਹਲ ਨੇ ਕੰਜਰ ਨੂੰ ਢਾਕੇ ਚੜ੍ਹਾ ਕੇ ਮਾਰਨਾ ਸੀ, ਅੱਗੋਂ ਉਹਨੇ ਧੋਬੀ ਪਟੜਾ ਮਾਰ ਕੇ ਬੁੜ੍ਹਕਾ ਕੱਢਿਆ। ਕਿਸਮਤ ਚੰਗੀ ਸੀ, ਉਹ ਬਚ ਗਿਆ। ਫੇਰ ਉਹ ਗੁੱਥਮ ਗੁੱਥਾ ਹੋ ਗਏ। ਗੰਡਾ ਸਿਹੁੰ ਢੀਮ ਵਾਂਗ ਠੇਡਾ ਖਾ ਕੇ ਡਿੱਗਿਆ ਤੇ ਦੌਲੇ ਨੇ ਨੱਸ ਕੇ ਜਾ ਕੇ ਕਾਠੀ ਜਾ ਪਾਈ ਪਰ ਲੋਕਾਂ ਨੇ ਫੈਸਲਾ ਨਾ ਹੁੰਦਾ ਵੇਖ ਕੇ ਰੌਲ਼ਾ ਪਾ ਦਿੱਤਾ, “ਬਹੁਤ ਜ਼ੋਰ ਲੱਗ ਗਏ ਭਲਵਾਨਾਂ ਦੇ, ਸਾਵੇਂ ਛੁਡਾ ਦਿਓ!”

ਲਾਕੜੀਆਂ ਨੇ ਦੋਹਾਂ ਨੂੰ ਉਠਾਲ ਕੇ ਥਾਪੀਆ ਦਿੱਤੀਆਂ, “ਢੱਠਣ ਢਾਹੁਣ ਦੀ ਗੱਲ ਨਹੀਂ, ਘੋਲ ਸੋਹਣਾ ਵਿਖਾਇਆ ਜੇ!”

ਫੇਰ ਅਰਜਨ ਢੋਟੀਆਂ ਵਾਲੇ ਦਾ ਜੋੜ ਵਸਾਊ ਨਾਲ ਪਿੜ ਵਿਚ ਕੱਢਿਆ। ਪਤਾ ਨਹੀਂ ਅਰਜਨ ਨੇ ਕੀ ਸਿਤਮ ਮਾਰਿਆ, ਅਖਾੜੇ ਨੂੰ ਸਲਾਮ ਕਰ ਕੇ ਐਲੀ ਐਲੀ ਕਰਦਾ ਗਿਆ ਤੇ ਗੋਡਾ ਟੇਕ ਕੇ ਕਲਾਜੰਗ ਜਾ ਕੀਤਾ। ਵਸਾਊ ਸਫਾਲ ਢੱਠਾ ਪਿਆ ਸੀ ਤੇ ਅਰਜਨ ਅਖਾੜੇ ਵਿਚ ਫੇਰੀ ਤੁਰਿਆ ਜਾਂਦਾ ਸੀ। ਲੋਕਾਂ ਨੇ ਜਵਾਨ ਨੂੰ ਸੱਦ ਸੱਦ ਕੇ ਬੁੱਕ ਰੁਪਈਆਂ ਨਾਲ ਭਰ ਛੱਡਿਆ।

ਖਾਨ ਛਾਪੜੀਆ ਤੇਲੀ ਅੰਨ੍ਹੇ ਮਹੇਂ ਵਾਂਗ ਅਖਾੜੇ ਵਿਚ ਧੌਣ ਨੀਵੀਂ ਕਰ ਕੇ ਨਿਕਲਿਆ ਤੇ ਜਾਂਦਾ ਈ ਕਾਕੂ ਫਿਰੋਜ਼ਪੁਰੀਏ ਨੂੰ ਭੰਨ ਮਰੋੜ ਕੇ ਢਾਹ ਆਇਆ। ਉਹਦੀ ਘੁਲਣੀ ਹਰ ਅਖਾੜੇ ਵਿਚ ਇਸੇ ਤਰ੍ਹਾਂ ਦੀ ਹੁੰਦੀ ਸੀ ਪਰ ਬੱਲਿਆ! ਸਭ ਨਾਲੋਂ ਸੁਆਦ ਦਾ ਘੋਲ ਹੋਇਆ ਸੀ ਧਰਮੇ ਅਕਰਪੁਰੀਏ ਦਾ ਚਤਰ ਭਲਾਈਪੁਰੀਏ ਨਾਲ। ਜਿਥੇ ਅਸੀਂ ਬੈਠੇ ਸਾਂ, ਧਰਮਾ ਉਤੋਂ ਈ ਨਿਕਲਿਆ। ਉਹ ਲੰਗੋਟਾ ਕਰਦਾ ਸੀ ਕਿ ਲਾਗੋਂ ਇਕ ਚਾਦਰ ਦਾ ਝੁੰਗਲਮਾਟਾ ਮਾਰ ਕੇ ਬੈਠੇ ਹੋਏ ਬੁਢੜੇ ਜੱਟ ਦੀ ਆਵਾਜ਼ ਆਈ:

“ਪਹਿਲਵਾਨਾਂ, ਘੋਲ ਤਾਂ ਬਥੇਰੇ ਹੋਏ ਨੇ, ਪਰ ਜੀਣ ਜੋਗਿਆ, ਸਵਾਦ ਨਹੀਂ ਆਇਆ।” ਧਰਮੇ ਨੇ ਲੰਗੋਟੇ ਦੀ ਲਾਂਗੜ ਮੂੰਹ ਵਿਚੋਂ ਛੱਡ ਕੇ ਪੁੱਛਿਆ, “ਬਜ਼ੁਰਗਾ! ਤੈਨੂੰ ਘੋਲ ਕਿਸ ਤਰ੍ਹਾਂ ਦਾ ਚਾਹੀਦੈ?”

“ਢਾਹੁਣ ਵਾਲਾ, ਢੱਠਣ ਵਾਲੇ ਦੇ ਸਾਹਮਣੇ ਬੈਠਾ ਹੋਵੇ। ਮੈਂ ਤਾਂ ਇਸੇ ਤਰ੍ਹਾਂ ਘੁਲਿਆ ਕਰਦਾ ਸੀ। ਜਿਹੜਾ ਫਸ ਕੇ ਘੁਲਿਆ, ਉਹ ਕਾਹਦਾ ਘੁਲਿਆ। ਉਹ ਘੁਲੇ ਨਾ, ਬੋਰੀ ਚੁੱਕੇ, ਮੁਗਦਰ ਚੁੱਕੇ, ਮੂੰਗਲੀਆਂ ਫੇਰੇ ਪਰ ਘੁਲਣ ਵੱਲ ਨਾ ਆਏ। ਘੁਲਣੀ ਤਾਂ ਜਾਣੀਏਂ ਜੇ ਪਿੰਡੇ ਨੂੰ ਮਿੱਟੀ ਨਾ ਲੱਗੇ।” ਬੁੱਢੜੇ ਨੇ ਮੰਗ ਕੀਤੀ। ਧਰਮੇ ਨੇ ਕਿਹਾ, “ਹੱਛਾ ਤਾਇਆ! ਫਿਰ ਧਿਆਨ ਰੱਖੀਂ।” ਤੇ ਉਹ ਲੰਗੋਟਾ ਕਰ ਕੇ ਪਿੜ ਵਿਚ ਹੱਸਦਾ ਮੁਸਕਰਾਉਂਦਾ ਨਿਕਲਿਆ।

ਪਤਾ ਨਾ ਲੱਗਾ, ਕੀ ਹੋਇਆ। ਜਿਵੇਂ ਬਿਜਲੀ ਲਿਸ਼ਕ ਜਾਏ, ਦੋਹਾਂ ਨੇ ਇਕ ਦੂਜੇ ਨੂੰ ਅੰਦਰਲੀਆਂ, ਬਾਹਰਲੀਆਂ ਇਉਂ ਲਾਈਆਂ ਕਿ ਨਜ਼ਰ ਨਾ ਟਿਕੇ ਤੇ ਉਹਨਾਂ ਦੀਆਂ ਚਕਰੀਆਂ ਘੁੰਮਦੀਆਂ ਜਾਣ। ਪੈਰਾਂ ਨਾਲ ਉਡਦੀ ਧੂੜ ਨੇ ਦੋਹਾਂ ਨੂੰ ਢਕ ਲਿਆ। ਢੋਲ ਦੀ ਆਵਾਜ਼ ਤਿੱਖੀ ਹੁੰਦੀ ਗਈ। ਫੇਰ ਅਖ਼ੀਰਲਾ ਡੱਗਾ ਖੜਕਿਆ ਤੇ ਢੋਲ ਖਾਮੋਸ਼ ਹੋ ਗਿਆ। ਚਤਰਾ ਸਫਾਲ ਲੰਮਾ ਪਿਆ ਸੀ ਤੇ ਧਰਮਾ ਉਹਦੇ ਸਿਰਹਾਣੇ ਬੈਠਾ ਸੀ। ਝੁੰਗਲਮਾਟੇ ਵਾਲਾ ਬੁੱਢੜਾ ਤੀਰ ਵਾਂਗ ਗਿਆ। ਧਰਮੇ ਨੂੰ ਕਲਾਵੇ ਵਿਚ ਜਾ ਚੁੱਕਿਆ। ਪੰਜ ਰੁਪਏ ਉਹਦੀ ਮੁੱਠ ਵਿਚ ਦੇ ਕੇ ਆਖੀ ਜਾਏ, “ਖੁਸ਼ ਕੀਤਾ ਈ ਪੁੱਤਰਾ! ਮੇਰੇ ਕੋਲੋਂ ਇਹੀ ਸਰਦਾ ਸੀ। ਜੇ ਰਾਜਾ ਹੁੰਦਾ, ਮੈਂ ਤੈਨੂੰ ਜਗੀਰ ਬਖ਼ਸ਼ ਦਿੰਦਾ!”

ਬੁੱਢੜੇ ਸੰਤੂ ਨੂੰ ਗੱਲ ਕਰਨੀ ਆਉਂਦੀ ਸੀ। ਸਣ ਦਾ ਘੱਟਾ ਉਡਣ ਨਾਲ ਉਸ ਨੂੰ ਉਥੂ ਆ ਗਿਆ। ਜਿੰਨਾ ਚਿਰ ਉਹ ਖੰਘਦਾ ਰਿਹਾ, ਮੇਰੀਆਂ ਅੱਖੀਆਂ ਸਾਹਮਣੇ ਬੱਬੇਹਾਲੀ ਦੀ ਛਿੰਝ ਦਾ ਉਸ ਵੱਲੋਂ ਪੇਸ਼ ਕੀਤਾ ਚਿੱਤਰ ਘੁੰਮਦਾ ਰਿਹਾ।

“ਤਾਇਆ ਚਾਹ ਵਿਚ ਸੁੰਢ ਪਾ ਕੇ ਪੀਆ ਕਰ। ਇਹ ਸਣ ਸਹੁਰੀ ਬਾਦੀ ਹੁੰਦੀ ਏ ਤੇ ਸੁੰਢ ਬਲਗ਼ਮ ਨੂੰ ਮਾਰਦੀ ਏ।” ਭੰਮੂ ਨੇ ਨੰਦੂ ਹਕੀਮ ਕੋਲੋਂ ਸੁਣਿਆ ਸੁਣਾਇਆ ਟੋਟਕਾ ਝਾੜਿਆ।

“ਹੋਰ ਕਿਹੜੀਆਂ ਖੁਰਾਕਾਂ ਨੇ ਅੱਜ ਕੱਲ੍ਹ? ਬੂਰੀਆਂ ਤੇ ਨਹੀਂ ਨਾ ਬੱਧੀਆਂ ਹੋਈਆਂ।” ਸੰਤੂ ਨੇ ਹਉਕਾ ਭਰਿਆ।

“ਤਾਇਆ ਕਿੱਕਰ ਸਿੰਘ ਤੇ ਕੱਲੂ ਤਾਂ ਤੂੰ ਘੁਲਦੇ ਵੇਖੇ ਹੋਣੇ ਨੇ?” ਮੈਂ ਪੁੱਛਿਆ।

“ਸਾਡੀ ਹੋਸ਼ ਦੀਆਂ ਗੱਲਾਂ ਨੇ। ਉਹ ਆਦਮੀ ਥੋੜ੍ਹੋ ਸਨ, ਦੇਆਂ ਵਰਗੇ ਸਨ। ਆਖਦੇ ਨੇ ਕਿੱਕਰ ਸਿੰਘ ਜਦੋਂ ਮਾਂ ਦੇ ਪੇਟ ਵਿਚ ਸੀ ਤਾਂ ਉਸ ਦੇ ਪਿਉ ਨੇ ਚਾਰ ਪੀਪੇ ਘਿਉ ਦੇ ਉਸ ਨੂੰ ਦੀ ਮਾਂ ਨੂੰ ਖਵਾਏ ਸਨ। ਫਿਰ ਕਿੱਕਰ ਸਿੰਘ ਜੰਮਿਆ ਸੀ। ਅੱਜ ਕੱਲ੍ਹ ਤਾਂ ਮਾਵਾਂ ਆਪਣੀਆਂ ਛਾਤੀਆਂ ਵਿਚੋਂ ਦੁੱਧ ਨਹੀਂ ਦਿੰਦੀਆਂ ਆਪਣੇ ਬੱਚਿਆਂ ਨੂੰ ਤੇ ਪਹਿਲਵਾਨ ਕਿਥੋਂ ਹੋ ਜਾਣ? ਲੋਕਾਂ ਦੀਆਂ ਰੀਝਾਂ ਹੀ ਪੁੱਠੀਆਂ ਹੋ ਗਈਆਂ। ਪਿੰਡਾਂ ਵਿਚ ਵੀ ਮੱਝਾਂ ਦੀ ਥਾਂ ‘ਰੇਡੀਓ ਪਾਲਣ’ ਲੱਗ ਪਏ ਨੇ। ਅੱਗੇ ਮੁੰਡਿਆਂ ਨੇ ਤੇਲ ਮਲ ਕੇ ਬੈਠਕਾਂ ਕੱਢਣੀਆਂ, ਪਕੜਾਂ ਕਰਨੀਆਂ, ਮੁਗਦਰ ਚੁੱਕਣੇ। ਕਿਸੇ ਧੀ ਭੈਣ ਵੱਲ ਮੈਲੀ ਅੱਖ ਕਰ ਕੇ ਨਾ ਵੇਖਣਾ, ਤਾਂ ਹੀ ਤਾਂ ਜਵਾਨੀਆਂ ਸਾਂਭੀਆਂ ਰਹਿੰਦੀਆਂ ਸਨ। ਹੁਣ ਬੇੜਾ ਗਰਕ ਹੋ ਗਿਆ। ਦੁੱਧ ਸਾਰਾ ਸ਼ਹਿਰ ਵੱਲ ਢੋਅ ਮਾਰਦੇ ਨੇ। ਏਧਰ ਬੋਹੜਾਂ ਥੱਲੇ ‘ਆ ਜਾ ਮੇਰੇ ਬਾਲਮਾਂ ਤੇਰਾ ਇੰਤਜ਼ਾਰ ਹੈ’ ਹੁੰਦੀ ਰਹਿੰਦੀ ਹੈ। ਹੱਛਾ ਬਈ। ਸਮੇਂ ਨੂੰ ਕੌਣ ਮੋੜੇ? ਕਿੱਕਰ ਸਿੰਹੁ ਬੜਾ ਤਕੜਾ ਸੀ। ਲੱਦੇ ਹੋਏ ਸੌ ਮਣ ਗੱਡੇ ਨੂੰ ਮੋਢਾ ਮਾਰ ਕੇ ਉਲਟਾਇਆ ਕਰਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਕ ਵਾਰ ਉਹ ‘ਧਰਦਿਆਂ’ ਪਿੰਡ ਦੀ ਛਿੰਝ ਉਤੇ ਆਇਆ ਸੀ। ਵਾਹਿਗੁਰੂ ਜਾਣੇ ਕਿੰਨਾ ਬਾਰ ਸੀ ਉਹਦਾ! ਬੁਟਾਰੀ ਟੇਸ਼ਨ ਤੋਂ ਧਰਦਿਆਂ ਤੀਕ ਛੇ ਕੋਹ ਵਾਟ ਹੈ। ਉਹਦੇ ਥੱਲੇ ਚਾਰ ਘੋੜੀਆਂ ਬਦਲੀਆਂ। ਜਿਸ ‘ਤੇ ਬੈਠੇ, ਉਸ ਦਾ ਲੱਕ ਲਿਫ਼ ਕੇ ਪੇਟ ਜ਼ਮੀਨ ਨਾਲ ਜਾ ਲੱਗੇ। ਪਿੰਡ ਦੀ ਸੱਥ ਵਿਚ ਕਿੱਕਰ ਦੀਆਂ ਚੱਪਾ ਚੱਪਾ ਮੋਟੀਆਂ ਫੱਟੀਆਂ ਵਾਲਾ ਤਖਤਪੋਸ਼ ਪਿਆ ਸੀ। ਕਿੱਕਰ ਸਿੰਘ ਗੱਲਾਂ ਕਰਦਾ ਕਰਦਾ ਉਹਦੇ ਉਤੇ ਬਹਿ ਗਿਆ ਤਾਂ ਫੱਟੀਆਂ ਅੱਧ ਵਿਚਕਾਰੋਂ ਟੁੱਟ ਗਈਆਂ। ਉਹ ਸੱਟ ਲੱਗਣੋਂ ਮਸੀਂ ਬਚਿਆ।

“ਉਹ ਦਰਸ਼ਨ ਦੇਣ ਆਇਆ ਸੀ। ਖੜ੍ਹੀ ਮਾਲੀ ਪੁੱਟ ਕੇ ਲੋਕਾਂ ਨੇ ਉਹਦੇ ਹਵਾਲੇ ਕੀਤੀ। ਆਖਦੇ ਨੇ ਪੱਗ ਨਾਲ ਦੋ ਸੌ ਰੁਪਿਆ ਬੰਨ੍ਹਿਆ ਹੋਇਆ ਸੀ। ਖੁਰਾਕ ਜਿੰਨੀ ਉਹ ਖਾਂਦਾ ਸੀ, ਜੇ ਅੱਜ ਕੱਲ੍ਹ ਕਿਸੇ ਮਹਿਰੂ ਨੂੰ ਦੇਈਏ ਤਾਂ ਉਹਨੂੰ ਮੋਕ ਲੱਗ ਜਾਵੇ। ਉਹ ਡਕਾਰ ਨਹੀਂ ਸੀ ਮਾਰਦਾ ਪਰ ਇਕ ਭੈੜ ਸੀ ਉਹਦੇ ਵਿਚ, ਉਹ ਸਹੁਰਾ ਕੱਲੂ ਨਾਲ ਰਲ ਕੇ ਘੁਲ ਜਾਂਦਾ ਸੀ। ਇਸ ਕਰ ਕੇ ਪਿੰਡਾਂ ਦੇ ਲੋਕ ਉਹਦੀ ਪੈ ਨਹੀਂ ਸੀ ਕਰਦੇ। ਨਿਡਰ ਬੜਾ ਸੀ। ਇਕ ਦਿਨ ਊਠ ਉਤੇ ਚੜ੍ਹਿਆ ਜਾਏ, ਗਲ ਵਿਚ ਸੋਨੇ ਦਾ ਤਿਲੜੀਆ ਕੈਂਠਾ। ਰਾਏ ਕੋਟ ਦੀ ਮੈਰ ਵਿਚ ਦੋ ਡਾਕੂਆਂ ਘੇਰ ਲਿਆ। ਇਕ ਊਠ ਦੇ ਇਕ ਪਾਸੇ, ਦੂਜਾ ਦੂਜੇ ਪਾਸੇ ਹੋ ਗਿਆ। “ਬਠਾਲ ਊਠ ਨੂੰ ਤੇ ਲਾਹ ਦੇ ਕੈਂਠਾ, ਨਹੀਂ ਤਾਂ ਡੱਕਰੇ ਕਰ ਦਿਆਂਗੇ।”

“ਅਗਾਂਹ ਹੋ ਕੇ ਕੈਂਠਾ ਉਤਾਰ ਲਓ ਭਰਾਓ, ਮੈਥੋਂ ਗੰਢ ਨਹੀਂ ਖੁੱਲ੍ਹਦੀ, ਏਨ ਤਾਂ ਸਗੋਂ ਮੇਰਾ ਗਲ ਘੁੱਟ ਛੱਡਿਆ ਏ।” ਉਸ ਨੇ ਊਠ ਬਠਾਲ ਕੇ ਕਿਹਾ।

“ਉਹ ਅਗਾਂਹ ਹੋਏ। ਕਿੱਕਰ ਸਿੰਘ ਨੇ ਦੋਹਾਂ ਦੀਆਂ ਧੌਣਾਂ ਨੂੰ ਹੱਥ ਪਾਏ ਤੇ ਬੋਤਾ ਉਠਾਲ ਲਿਆ। ਦੋ ਕੋਹ ਉਨ੍ਹਾਂ ਨੂੰ ਬੋਕਨੇ ਪਾਈਆਂ ਟਿੰਡਾਂ ਵਾਂਗ ਲਮਕਾਈ ਗਿਆ। ਉਹਨਾਂ ਨੇ ਤੋਬਾ ਤੋਬਾ ਕੀਤੀ ਤਾਂ ਕਿਤੇ ਛੱਡੇ। ਅੱਜ ਕੱਲ੍ਹ ਉਹ ਪਹਿਲਵਾਨ ਕਿਥੇ?” ਇਹ ਆਖਦਿਆਂ ਸੰਤੂ ਨੂੰ ਫੇਰ ਉਥੂ ਆ ਗਿਆ। ਰਾਤ ਕਾਫੀ ਭਿੱਜ ਗਈ ਸੀ ਪਰ ਸੰਤੂ ਦੀਆਂ ਗੱਲਾਂ ਵਿਚ ਚਟਕਾਰਾ ਏਨਾ ਸੀ ਕਿ ਕਿਸੇ ਨੇ ਉੱਠਣ ਦਾ ਨਾਂ ਨਾ ਲਿਆ। ਤੇ ਧੂੰਆਂ ਵੀ ਮਘਦਾ ਰਿਹਾ।

“ਪਰ ਸੀ ਉਹ ਬੜਾ ਗੁਸੈਲ। ਤੇ ਪਹਿਲਵਾਨ ਨੂੰ ਗੁਸੈਲ ਬਿਲਕੁਲ ਨਹੀਂ ਹੋਣਾ ਚਾਹੀਦਾ। ਉਹਦਾ ਆਪਣਾ ਲੜਕਾ ਸੂਰਤੀ ਸੀ। ਉਹਨੂੰ ਚੰਗੀ ਖੁਰਾਕ ਚਾਰੀ ਸੀ ਪਰ ਉਹ ਨਾਮੁਰਾਦ ਨਚਾਰਾਂ ਦੀਆਂ ਢਾਣੀਆਂ ਨਾਲ ਫਿਰਨ ਲੱਗ ਪਿਆ। ਵੈਲ ਦਾ ਪਹਿਲਵਾਨ ਨਾਲ ਵੈਰ ਹੁੰਦਾ ਹੈ। ਫੇਰ ਉਹਨੇ ਸੁਆਹ ਘੁਲਣਾ ਸੀ? ਇਕ ਮਾੜੀ ਮੋਟੀ ਛਿੰਝ ਵਿਚ ਢੱਠ ਕੇ ਆ ਗਿਆ। ਕਿੱਕਰ ਸਿੰਘ ਨੇ ਗੁੱਸੇ ਵਿਚ ਆ ਕੇ ਉਹਦੀ ਲੱਤ ਭੰਨ ਦਿੱਤੀ। ਸਰੀਰ ਨੂੰ ਬੱਜ ਲੱਗ ਗਈ ਤੇ ਕਿੱਕਰ ਸਿੰਘ ਦੇ ਘਰੋਂ ਪਹਿਲਵਾਨੀ ਜਾਂਦੀ ਰਹੀ। ਇਹੀ ਹਾਲ ਲੱਭੂ ਸਠਿਆਲੀਏ ਦੇ ਖਾਨਦਾਨ ਦਾ ਹੋਇਆ, ਭਾਵੇਂ ਉਸ ਨੂੰ ਰਾਜਿਆਂ ਨੇ ਰਾਤਬ ਲਾਇਆ ਹੋਇਆ ਸੀ।”

“ਤਾਇਆ! ਗੁੰਗੇ ਪਹਿਲਵਾਨ ਘੁਲਦਿਆਂ ਵੇਖਿਆ ਸੀ ਕਿ ਨਹੀਂ?” ਮੈਂ ਗੱਲਬਾਤ ਅਗਾਂਹ ਸਰਕਾਉਣ ਲਈ ਕਿਹਾ।

“ਗੁੰਗਾ ਪਹਿਲਵਾਨ ਤੇ ਅਜੇ ਕੱਲ੍ਹ ਦੀਆਂ ਗੱਲਾਂ

ਨੇ! ਉਹ ਚੰਗਾ ਘੁਲਾਟੀਆ ਨਹੀਂ ਸੀ, ਬੇਈਮਾਨੀ ਕਰਦਾ ਸੀ।”

ਦੂਜੀ ਵੱਡੀ ਲਾਮ ਤੋਂ ਪਹਿਲਾਂ ਕੋਹਲਾਪੁਰ ਰਿਆਸਤ ਦੇ ਬੁਲ੍ਹੜ ਪਹਿਲਵਾਨ ਨਾਲ ਵਿਸਾਖੀ ਉਤੇ ਘੁਲਿਆ। ਉਹਨੇ ਪਹਿਲੀ ਪਕੜੇ ਬਾਹਰਲੀ ਲਾ ਕੇ ਢਾਹ ਲਿਆ। ਗੁੰਗਾ ਉਠ ਕੇ ਉਸ ਨੂੰ ਘਸੁੰਨ ਮਾਰਨ ਲੱਗ ਪਿਆ। ਇਹ ਕੋਈ ਘੋਲ ਥੋੜ੍ਹਾ ਸੀ, ਇਹ ਤਾਂ ਰੋਣ ਸੀ। ਲੋਕਾਂ ਨੇ ਬੜੀਆਂ ਫਿਟਕਾਰਾਂ ਪਾਈਆਂ। ਮੁੜ ਮੈਂ ਨਹੀਂ ਵੇਖਿਆ। ਸੌ.ਕ ਮੁੱਕ ਜਾਣ ਦੀ ਗੱਲ ਹੈ। ਮੈਂ ਸੁਣਿਆ ਪਾਕਿਸਤਾਨ ਵਿਚ ਗਾਮੇ ਦਾ ਮੰਦਾ ਹਾਲ ਤੇ ਬੌਂਕੇ ਦਿਹਾੜੇ ਨੇ। ਏਧਰੋਂ ਕਿਸੇ ਸ਼ੌਕੀ ਸੇਠ ਨੇ ਉਹਨੂੰ ਸੌ ਰੁਪਈਆ ਮਹੀਨਾ ਬੰਨ੍ਹਿਆ ਤਾਂ ਸ਼ਰਮ ਖਾ ਕੇ ਲੋਕ ਉਹਦਾ ਹਾਲ ਚਾਲ ਪੁੱਛਣ ਆਏ।

“ਜੇ ਲੋਕਾਂ ਵਿਚ ਘੋਲਾਂ ਦਾ ਸ਼ੌਕ ਰਹਿ ਗਿਆ ਹੋਵੇ ਤਾਂ ਅਖ਼ੀਰੀ ਉਮਰੇ ਪਹਿਲਵਾਨਾਂ ਦਾ ਇਹ ਹਾਲ ਕਿਉਂ ਹੋਵੇ?” ਤਾਏ ਸੰਤੂ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਹੁੰਗਾਰਾ ਨਾ ਭਰ ਸਕਿਆ ਤੇ ਉਹਦੀ ਗੱਲਬਾਤ ਜਾਰੀ ਰਹੀ।

“ਸਾਡੇ ਵੇਲੇ ਲੋਕਾਂ ਨੂੰ ਕੁਸ਼ਤੀਆਂ ਦੇ ਸ਼ੌਕ ਹੁੰਦੇ ਸਨ। ਜੇ ਪਿੰਡ ਦੇ ਪਹਿਲਵਾਨ ਨੇ ਢੱਠ ਕੇ ਆਉਣਾ ਤਾਂ ਸਾਰੇ ਪਿੰਡ ਨੇ ਨਮੋਸ਼ੀ ਨਾਲ ਮਰ ਜਾਣਾ। ਉਗਰਾਹੀਆਂ ਕਰ ਕਰ ਪਹਿਲਵਾਨਾਂ ਨੂੰ ਖੁਰਾਕਾਂ ਦੇਣੀਆਂ ਤੇ ਉਹਨਾਂ ਸਾਰਾ ਸਾਰਾ ਦਿਨ ਕਸਰਤਾਂ ਕਰਨੀਆਂ। ਮਜਾਲ ਏ ਕਿਸੇ ਪਾਸੇ ਤੋਂ ਕੋਈ ਮਿਹਣਾ ਆ ਜਾਏ। ਜਦੋਂ ਪਹਿਲਵਾਨ ਨੇ ਘੁਲਣ ਜਾਣਾ ਤਾਂ ਅੱਧੇ ਪਿੰਡ ਦੇ ਗਭਰੂਆਂ ਨੇ ਉਹਦੇ ਲੰਗੋਟ ਚੁੱਕੀ ਫਿਰਨੇ। ਹੁਣ ਤਾਂ ਮੱਸ ਫੁੱਟਦੀ ਨਹੀਂ ਤੇ ਮੁੰਡੇ ਜਨਖਿਆਂ ਵਾਂਗ ਸੁਰਮੇ ਪਾਉਣ ਲੱਗੇ ਨਹੀਂ। ਘੁਲਣ ਦਾ, ਛਾਲਾਂ ਮਾਰਨ ਦਾ, ਕਬੱਡੀ ਖੇਡਣ ਦਾ, ਗੱਲ ਕੀ ਮਰਦਾਂ ਵਾਲੇ ਸ਼ੌਕ ਸਾਰੇ ਹੀ ਅਲੋਪ ਹੋ ਗਏ। ਕਿਧਰੇ ਪਰ ਲਾ ਕੇ ਉੱਡ ਗਏ। ਜੇ ਇਹੀ ਹਾਲ ਰਿਹਾ ਤਾਂ ਢਾਂਗਿਆਂ ਨਾਲ ਬਤਾਊਂ ਤੋੜਨ ਵਾਲੇ ਜਵਾਨ ਹੋਇਆ ਕਰਨਗੇ।” ਸੰਤੂ ਨੇ ਸਹਿਜੇ ਹੀ ਟਕੋਰ ਕੀਤੀ।

“ਤਾਇਆ! ਨਿਰਾਸ ਹੋਣ ਵਾਲੀ ਕੋਈ ਗੱਲ ਨਹੀਂ। ਅੱਜ ਵੀ ਦਾਰਾ ਸਿੰਘ ਵਰਗੇ ਪਹਿਲਵਾਨ ਸਾਰੀ ਦੁਨੀਆ ਵਿਚ ਮਸ਼ਹੂਰ ਨੇ ਪਰ ਇਹਨਾਂ ਦਾ ਕਿੱਕਰ ਸਿੰਘ ਨਾਲ ਕੀ ਟਾਕਰਾ? ਕਿੱਕਰ ਸਿੰਹੁ ਦਾ ਤਾਂ ਜਾਂਘੀਆ ਇਹਨਾਂ ਦੇ ਗਲ ਥਾਣੀਂ ਨਿਕਲ ਜਾਏ। ਇਹ ਘੁਲਦੇ ਨਹੀਂ, ਲੜਦੇ ਨੇ। ਹੱਡੀਆਂ ਮਰੋੜਨਗੇ, ਜਿਵੇਂ ਕਿਸੇ ਪਸ਼ੂ ਦੀ ਖੱਲ ਲਾਹ ਰਹੇ ਹੋਣ। ਸਫਾਲ ਪਏ ਹੋਣਗੇ, ਕਹਿਣਗੇ ਢੱਠੇ ਨਹੀਂ। ਮਹਿਰੂਆਂ ਦੇ ਭੇੜ ਨੇ, ਇਹਨਾਂ ਵਿਚ ਕੋਈ ਫੁਰਤੀ ਨਹੀਂ, ਕੋਈ ਚਲਾਕੀ ਨਹੀਂ। ਨਾ ਦਾਅ ਲੱਗਦੇ ਨੇ, ਨਾ ਰੋਕਾਂ ਹੁੰਦੀਆਂ ਨੇ। ਫੁੰਮਣਾਂ ਵਾਲੇ ਢੋਲਾਂ ਦਾ ਸ਼ੋਰ ਨਹੀਂ, ਨਾ ਕਿਧਰੇ ਲਾਕੜੀਆਂ ਦੀਆਂ ਰੌਣਕਾਂ। ਇਨ੍ਹਾਂ ਵਿਚ ਉਹ ਹੁਲਾਰੇ ਨਹੀਂ ਜਿਹੜੇ ਛਿੰਝਾਂ ਵਿਚ ਹੁੰਦੇ ਸਨ। ਕੁਸ਼ਤੀਆਂ ਦਾ ਚੇਟਕ ਜਾਂਦਾ ਰਿਹੈ। ਮੇਲਿਆਂ ਉਤੇ ਫੁੰਮਣੀਆਂ ਪਾਉਂਦੇ ਪਹਿਲਵਾਨਾਂ ਦੇ ਅਖਾੜਿਆਂ ਦੀ ਥਾਂ ਸਰਕਸਾਂ, ਮੰਡੂਆਂ, ਨੁਮਾਇਸ਼ਾਂ ਅਤੇ ਧੂਤਿਆਂ ਉਤੇ ਅੜਾਟ ਪਾਉਣ ਵਾਲਿਆਂ ਨੇ ਮੱਲ ਲਈ ਹੈ। ਪਹਿਲਵਾਨੀਆਂ ਦੇ ਦਿਨ ਬੀਤ ਗਏ ਜੀਣ ਜੋਗਿਆ।”

ਸੰਤੂ ਦੇ ਬੋਲਾਂ ਵਿਚ ਨਿਰਾਸਤਾ ਝਲਕ ਰਹੀ ਸੀ। ਉਹਦਾ ਗਰ੍ਹਨਾ ਮੁੱਕ ਗਿਆ ਸੀ। ਉਹਨੇ ਕੱਢੀ ਹੋਈ ਸਣ ਇਕ ਪਾਸੇ ਰੱਖ ਦਿੱਤੀ ਤੇ ਧੂੰਏਂ ਦੀ ਅੱਗ ਨੂੰ ਤਲੂਣੀ ਨਾਲ ਫੋਲਣ ਲੱਗ ਪਿਆ ਪਰ ਅੱਗ ਮੱਠੀ ਪੈ ਗਈ ਸੀ ਤੇ ਤਾਰਿਆਂ ਦੀਆਂ ਗਿੱਟੀਆਂ ਅੱਧਿਓਂ ਅਗਾਂਹ ਲੰਘੀ ਹੋਈ ਰਾਤ ਦਾ ਪਤਾ ਦਿੰਦੀਆਂ ਸਨ। ਬੋਹੜ ਦੇ ਪੱਤਿਆਂ ਤੋਂ ਤ੍ਰੇਲ ਹੇਠਾਂ ਤਿਲ੍ਹਕਣ ਲੱਗ ਪਈ ਸੀ।

“ਹੱਛਾ ਤਾਇਆ! ਮੇਲਾ ਕੋਈ ਦਿਨ ਦਾ, ਇਕ ਆਉਂਦਾ, ਇਕ ਜਾਂਦਾ। ਕੁਝ ਸ਼ੌਕ ਗੁਜ਼ਰ ਗਏ, ਹੋਰ ਸ਼ੌਕ ਜਾਗ ਪਏ, ਪੁਰਾਣੇ ਚੇਟਕ ਨਵਿਆਂ ਲਈ ਥਾਂ ਖਾਲੀ ਕਰ ਕੇ ਅੱਖੀਆਂ ਮੀਟ ਗਏ।”

ਇਹ ਆਖਦਾ ਮੈਂ ਵੀ ਹੋਰ ਸਰੋਤਿਆਂ ਵਾਂਗ ਚਾਦਰ ਝਾੜਦਾ ਹੋਇਆ ਧੂੰਏਂ ਤੋਂ ਉਠਿਆ। ਸਾਰੀ ਰਾਤ ਮੈਨੂੰ ਬੱਬੇਹਾਲੀ ਦੀ ਛਿੰਝ ਅਤੇ ਊਠ ਦੇ ਦੋਹੀਂ ਪਾਸੀ ਤੋਰੀਆਂ ਵਾਂਗ ਲਮਕਦੇ ਡਾਕੂਆਂ ਦੇ ਸੁਫ਼ਨੇ ਆਉਂਦੇ ਰਹੇ।

  • ਮੁੱਖ ਪੰਨਾ : ਸੂਬਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ