Kalyug (Punjabi Story) : Santokh Singh Dhir

ਕਲਯੁਗ (ਕਹਾਣੀ) : ਸੰਤੋਖ ਸਿੰਘ ਧੀਰ

"ਕਲਜੁਗ ਆ ਗਿਆ ਏ… ਕਲਜੁਗ। ਅਜ ਕੱਲ੍ਹ ਦੀਆਂ ਨੂੰਹਾਂ ਧੀਆਂ ਨੂੰ ਕੋਈ ਸ਼ਰਮ ਹਯਾ ਨਹੀਂ ਰਹੀ। ਜਦ ਵੇਖੋ ਖਸਮਾਂ ਦੀਆਂ ਬਾਹਾਂ ਵਿਚ ਵੜੀਆਂ ਹੋਈਆਂ। ਨਾ ਕੋਈ ਕੰਮ ਨਾ ਕੋਈ ਕਾਰ।" ਬੇਬੇ ਈਸਰੀ ਆਪਣੀ ਭੂਆ ਬੇਬੇ ਚੰਦੀ ਨੂੰ ਮਿਲ ਕੇ ਪਿਛਵਾੜਿਓਂ ਕੋਠੇ ਥਾਣੀ ਆ ਰਹੀ ਸੀ ਕਿ ਅਚਾਨਕ ਉਸ ਦੀ ਨਜ਼ਰ ਕੋਠੜੀ ਵਲ ਨੂੰ ਖੁਲ੍ਹਦੇ ਮੁਘ ਉਤੇ ਜਾ ਪਈ। "ਪਤਾ ਨਹੀਂ ਸਾਡੀ ਬਹੂ ਇਸ ਵੇਲੇ ਕੀ ਕੰਜਰਪੁਣਾ ਘੋਲ ਰਹੀ ਹੋਵੇਗੀ," ਤੇ ਉਲਟੇ ਕਦਮ ਜਿਵੇਂ ਪੌੜੀਆਂ ਉਤਰਨ ਤੋਂ ਆਕੀ ਹੋ ਗਏ ।
ਉਸ ਝਟ ਅੱਖਾਂ ਉਤੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਚਾੜ੍ਹੀ ਤੇ ਮੁਘ ਉਤੇ ਝੁਕ ਹਨੇਰੇ ਵਿਚ ਕੁਝ ਲੱਭਣ ਦਾ ਜਤਨ ਕਰਨ ਲੱਗੀ, ਪਰ ਸ਼ੁਕਰ ਹੈ ਕਿ ਉਸ ਨੂੰ ਦੋ ਅਕਾਰ ਆਪੋ ਵਿਚ ਜੁੜੇ ਹੋਏ ਤੇ ਆਪੋ ਵਿਚ ਗੱਲਾਂ ਕਰਦੇ ਨਜ਼ਰ ਨਾ ਆਏ। ਨਹੀਂ ਤਾਂ ਉਹਦਾ ਬੁੜ-ਬੁੜਾਉਣਾ ਹੋਰ ਵੀ ਉੱਚਾ ਹੋ ਜਾਣਾ ਸੀ ਤੇ ਉਸ ਓਦੋਂ ਤਕ ਚੁਪ ਨਹੀਂ ਸੀ ਕਰਨਾ ਜਦੋਂ ਤਕ ਘਰ ਵਿਚ ਹੇਠਲੀ ਉਤੇ ਨਾ ਆ ਜਾਂਦੀ; ਜਦ ਤਕ ਕਿਸੇ ਦੇ ਸਰੀਰ ਉਤੇ ਲਾਸਾਂ ਨਾ ਉਭਰ ਆਉਂਦੀਆਂ।
ਹੁਣ ਉਸ ਸੌਖਾ ਸਾਹ ਭਰਿਆ, ਕੁਝ ਚੈਨ ਅਨੁਭਵ ਕੀਤਾ ਤੇ ਪੋਲੇ ਪੈਰੀਂ ਥੱਲੇ ਉਤਰ ਆਈ। ਥੱਲੇ ਆ ਕੇ ਜਦੋਂ ਉਸ ਆਪਣੀ ਨੂੰਹ ਨੂੰ ਚੌਂਕੇ ਵਿਚ ਰੁੱਝੀ ਤੱਕਿਆ ਤੇ ਨਰਿੰਦਰ ਦੇ ਹੱਥ ਵਿਚ ਇਕ ਕਿਤਾਬ ਤੱਕੀ ਤਾਂ ਉਸ ਦੇ ਚਿਹਰੇ ਦੀਆਂ ਕੱਸੀਆਂ ਤਣਾਵਾਂ ਢਿੱਲੀਆਂ ਹੋ ਗਈਆਂ, ਪਰ ਬੁਲ੍ਹ ਉਸ ਦੇ ਹਾਲੀ ਵੀ ਫਰਕ ਰਹੇ ਸਨ, "ਕਲਜੁਗ ਆ ਗਿਆ ਏ…. ਕਲਜੁਗ…।"
ਬੇਬੇ ਈਸਰੀ ਵਿਹੜੇ ਵਿਚ ਡੱਠੀ ਪੀੜ੍ਹੀ ਉਤੇ ਆਣ ਬੈਠੀ ਤੇ ਉਸ ਦੇ ਪੁੱਤਰ ਨਰਿੰਦਰ ਨੇ ਉਸ ਅੱਗੇ ਚਾਹ ਲਿਆ ਧਰੀ। ਉਸ ਅੱਖਾਂ ਤੋਂ ਐਨਕ ਨੂੰ ਲਾਹਿਆ ਤੇ ਬੁੜਬੁੜਾਉਂਦੀ ਹੋਈ ਚਾਹ ਦੇ ਘੁਟ ਭਰਨ ਲੱਗੀ, "ਸਾਡੇ ਵੇਲੇ ਤਾਂ ਕੋਈ ਐਹੋ ਜਿਹੇ ਅਮਲ ਨਹੀਂ ਸਨ ਹੁੰਦੇ। ਕਦੇ ਕੋਈ ਬੀਮਾਰ ਹੋਵੇ ਤਾਂ ਮਹੀਨੇ 'ਚ ਇਕ ਅਧ ਵਾਰ ਬਣਦੀ ਸੀ ਪਰ ਹੁਣ ਜਿਸ ਵੇਲੇ ਤਕੋ ਬਸ ਚੁੱਲ੍ਹੇ 'ਤੇ ਤਾਂਬੀਆ ਚੜ੍ਹਿਆ ਹੀ ਰਹਿੰਦਾ ਏ। ਜੇ ਇਸ ਚਾਹ ਕਾਰਨ ਕਿਸੇ ਦਿਨ ਇਹ ਕੁੱਲਾ ਨਾ ਵਿਕ ਗਿਆ ਤਾਂ ਮੈਨੂੰ ਆਖਿਓ।"
ਨਰਿੰਦਰ ਨੇ ਮਾਂ ਨੂੰ ਅਜ ਇੰਝ ਚੰਗੇ ਰੌਂ ਵਿਚ ਚਾਹ ਪੀਂਦਿਆਂ ਤੱਕਿਆ ਤਾਂ ਨਰਿੰਦਰ ਦੇ ਚਿਹਰੇ ਉਤੇ ਮੁਸਕ੍ਰਾਹਟ ਖਿੰਡ ਗਈ ਤੇ ਉਹ ਵਿਚੇ ਵਿਚੇ ਹੀ ਪਤਨੀ ਵਲ ਤਕ ਕੇ ਮੁਸਕਰਾ ਪਿਆ। (ਉਸ ਨੂੰ ਪਤਾ ਸੀ ਕਿ ਜੇ ਮਾਂ ਥੋੜ੍ਹੀ ਬਹੁਤੀ ਵੀ ਨਾਰਾਜ਼ ਹੁੰਦੀ ਤਾਂ ਤੱਤੀ ਚਾਹ ਦਾ ਗਲਾਸ ਮਾਂ ਚੌਂਕੇ ਵਿਚ ਵਜਣਾ ਸੀ ਜਾਂ ਵਿਹੜੇ ਵਿਚ) ਤੇ ਉਸ ਹੱਸਦਿਆਂ ਕਿਹਾ, "ਮਾਂ, ਚਾਹ ਦਾ ਅਮਲ ਕਾਹਦਾ ਏ। ਇਹ ਤਾਂ ਉਂਝ ਹੀ ਥਕੇਵੇਂ ਨੂੰ ਦੂਰ ਕਰਨ ਲਈ ਬਸ ਐਵੇਂ ਹੀ ਪੀ ਲਈਦੀ ਏ। ਅਜ ਕਲ ਹੋਰ ਖ਼ੁਰਾਕਾਂ ਵੀ ਕਿਹੜੀਆਂ ਰਹਿ ਗਈਆਂ ਨੇ।"
ਬੇਬੇ ਈਸਰੀ ਨੂੰ ਵੀ ਅਜ ਪੁੱਤਰ ਦੇ ਚਿਹਰੇ ਉਤੇ ਆਸ ਤੋਂ ਵਧ ਉਤਸੁਕਤਾ ਤੇ ਖ਼ੁਸ਼ੀ ਨਜ਼ਰ ਆਈ ਤੇ ਚਾਹ ਪੀਂਦਿਆਂ ਉਹਨੇ ਉਸ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਛੁਹ ਦਿੱਤਾ, "ਬੱਚਾ, ਸਾਡੇ ਵੇਲੇ ਤਾਂ ਦੁੱਧ ਦਹੀਂ ਦੀਆਂ ਨਹਿਰਾਂ ਵਗਦੀਆਂ ਸਨ, ਪਰ ਹੁਣ ਤਾਂ ਕਿਤਿਓਂ ਲੱਸੀ ਦਾ ਘੁੱਟ ਵੀ ਮੰਗਿਆਂ ਨਹੀਂ ਮਿਲਦਾ। ਹੁਣ ਤਾਂ ਜ਼ਮਾਨੇ ਹੀ ਹੋਰ ਆ ਗਏ ਨੇ…। ਕਲਜੁਗ ਆ ਗਿਆ ਏ… ਕਲਜੁਗ। ਹੁਣੇ ਮੈਂ ਭੂਆ ਚੰਦੀ ਕੋਲੋਂ ਸੁਣ ਕੇ ਆਈ ਹਾਂ ਕਿ ਸੁੰਦਰ ਸਿਹੁੰ ਦੀ ਪੋਤਰੀ ਭੈੜੀ ਨਿਕਲੀ ਏ ਤੇ ਹੁਣ ਪਿਓ ਤੇ ਬਾਬੇ ਦੀ ਦਾਹੜੀ 'ਚ ਘੱਟਾ ਪਾਉਣ ਲੱਗੀ ਏ। ਸਾਡੇ ਵੇਲੇ ਨੂੰਹ ਧੀ ਨੂੰ ਬੜੀ ਸ਼ਰਮ ਹਯਾ ਹੁੰਦੀ ਸੀ। ਮਜਾਲ ਏ ਕੋਈ ਨੂੰਹ ਧੀ ਅੱਖ ਪੁਟ ਕੇ ਉਤਾਂਹ ਵੇਖ ਸਕੇ, ਪਰ ਹੁਣ ਜੰਮਦੀਆਂ ਪਿਛੋਂ ਨੇ ਤੇ ਖ਼ਾਨਦਾਨ ਦਾ ਨੱਕ ਪਹਿਲੋਂ ਵੱਢ ਘੱਤਦੀਆਂ ਨੇ…।" ਗੱਲਾਂ ਕਰਦੀ ਕਰਦੀ ਦਾ ਧਿਆਨ ਚੌਂਕੇ ਵਲ ਚਲਿਆ ਗਿਆ, "ਸਾਡੇ ਵੇਲੇ ਨੂੰਹਾਂ ਧੀਆਂ ਨੂੰ ਮਾਂ ਸੱਸ ਦਾ ਸੌ ਡਰ ਹੁੰਦਾ ਸੀ। ਜੀ ਜੀ ਕਰਦਿਆਂ ਜ਼ਬਾਨ ਥੱਕ ਜਾਂਦੀ ਸੀ, ਲੱਤਾਂ ਘੁਟਣ ਲਈ ਅੱਗੇ ਪਿਛੇ ਫਿਰਦੀਆਂ ਸਨ, ਪਰ ਹੁਣ ਤਾਂ ਜ਼ਮਾਨਾ ਹੀ ਗਰਕ ਜਾਣ 'ਤੇ ਆ ਗਿਆ ਏ। ਪਿਛਲੇ ਡਰ ਭੌ ਤਾਂ ਹੁਣ ਰਹੇ ਹੀ ਨਹੀਂ।" ਤੇ ਫਿਰ ਉਹ ਢੇਰ ਚਿਰ ਤਕ ਆਪਣੇ ਪੁਤਰ ਨੂੰ ਨਵੇਂ ਤੇ ਪੁਰਾਣੇ ਵੇਲੇ ਦੀਆਂ ਗੱਲਾਂ ਦਸਦੀ ਰਹੀ।
ਕਦੇ ਕਦੇ ਹੀ ਬੇਬੇ ਈਸਰੀ ਆਪਣੇ ਪੁਤਰ ਨਾਲ ਅਜਿਹੀਆਂ ਨਿੱਘੀਆਂ ਗੱਲਾਂ ਕਰਦੀ ਸੀ। ਨਹੀਂ ਤਾਂ ਹਰ ਵੇਲੇ ਉਸ ਦੇ ਮੱਥੇ ਉਤੇ ਗੁੱਸੇ ਦੀ ਰੇਖਾ ਉਭਰੀ ਹੀ ਰਹਿੰਦੀ। ਉਹ ਗੱਲਾਂ ਕਰਦੀ ਹੋਵੇ ਜਾਂ ਚੁਪ ਬੈਠੀ ਹੋਵੇ, ਬੁੜਬੁੜਾਂਦੀ ਤਾਂ ਹਰ ਵੇਲੇ ਰਹਿੰਦੀ ਸੀ, "ਕਲਜੁਗ ਆ ਗਿਆ ਏ, ਕਲਜੁਗ।" ਬੇਬੇ ਈਸਰੀ ਸਵੇਰੇ ਸ਼ਾਮ ਪਾਠ ਕਰਦੀ। ਹਰ ਵੇਲੇ ਉਸ ਦੇ ਹੱਥ ਵਿਚ ਉਸ ਦੀ ਬਣੀ ਇਕੌਤਰ ਸੌ ਮਣਕੇ ਦੀ ਮਾਲਾ ਫੜੀ ਰਹਿੰਦੀ। ਮਾਲਾ ਫੇਰਦਿਆਂ ਜਾਂ ਪਾਠ ਕਰਦਿਆਂ ਉਸ ਦੀਆਂ ਅੱਖਾਂ ਮਿਚ ਜਾਂਦੀਆਂ, ਉਸ ਦੇ ਝੁਰੜੀਆਂ ਭਰੇ ਚਿਹਰੇ ਉਤੇ ਖੇੜਾ ਡਲ੍ਹਕ ਆਉਂਦਾ। ਪਰ ਵਿਚੋਂ ਹੀ ਕਦੀ ਕਦੀ ਉਸ ਦੀਆਂ ਅੱਖਾਂ ਖੁਲ੍ਹ ਜਾਂਦੀਆਂ ਤਾਂ ਜੋ ਉਹ ਵੇਖ ਸਕੇ ਕਿ ਉਸ ਦਾ ਪੁਤਰ ਤੇ ਨੂੰਹ ਕੀ ਕਰ ਰਹੇ ਹਨ। ਜੇ ਉਹ ਵੱਖ ਵੱਖ ਪਾਸੇ ਹੁੰਦੇ, ਆਪੋ ਆਪਣੇ ਕੰਮ ਵਿਚ ਰੁਝੇ ਹੁੰਦੇ ਤਾਂ ਉਸ ਦੀਆਂ ਅੱਖਾਂ ਫਿਰ ਮਿਚ ਜਾਂਦੀਆਂ। ਪਰ ਜੇ ਉਹ ਲਾਗੋ ਲਾਗੀ ਬੈਠੇ ਮੁਸਕਰਾ ਰਹੇ ਹੁੰਦੇ ਤਾਂ ਉਸ ਨੂੰ ਪਾਠ ਕਰਨਾ ਭੁੱਲ ਜਾਂਦਾ, ਉਸ ਦੇ ਚਿਹਰੇ ਉਤਲਾ ਖੇੜਾ ਅਲੋਪ ਹੋ ਜਾਂਦਾ ਤੇ ਉਹ ਬੋਲਣਾ ਸ਼ੁਰੂ ਕਰ ਦੇਂਦੀ, "ਕਲਜੁਗ ਆ ਗਿਆ ਏ, ਕਲਜੁਗ। ਅਜ ਕਲ ਦੀਆਂ ਨੂੰਹਾਂ ਧੀਆਂ ਨੂੰ ਸ਼ਰਮ ਹਯਾ ਤਾਂ ਰਹੀ ਹੀ ਨਹੀਂ। ਅਸਾਂ ਏਨੀ ਉਮਰ ਹੰਢਾਈ ਏ, ਸੱਸ ਸਹੁਰੇ ਦੇ ਸਾਹਮਣੇ ਘਰ ਵਾਲੇ ਨਾਲ ਕਦੇ ਹੱਸ ਕੇ ਗੱਲ ਨਹੀਂ ਸੀ ਕੀਤੀ। ਚਾਰ ਨਿਆਣੇ ਹੋਣ ਪਿਛੋਂ ਵੀ ਘੁੰਡ ਨਹੀਂ ਸੀ ਚੁਕਿਆ, ਪਰ ਅਜ ਕਲ ਵਿਆਹ ਪਿਛੋਂ ਹੁੰਦਾ ਏ ਤੇ ਮਿੱਠੀਆਂ ਮਿੱਠੀਆਂ ਗੱਲਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ।" ਤੇ ਜਦ ਤਕ ਉਹ ਉੱਚੀ ਉੱਚੀ ਗਾਲ੍ਹਾਂ ਕਢ ਕੇ ਜਾਂ ਦੁਖਾਵੀਆਂ ਗੱਲਾਂ ਕਰ ਕੇ ਆਪਣੀ ਨੂੰਹ ਨੂੰ ਰੁਆ ਨਾ ਲੈਂਦੀ, ਉਸ ਦੀ ਫਿਰ ਪਾਠ ਵਿਚ ਸੁਰਤੀ ਨਾ ਜੁੜਦੀ। ਉਸ ਨੂੰ ਅਨੰਦ ਨਾ ਮਿਲਦਾ, ਗੁਰੂ ਦਾ ਹੱਸਦਾ ਹੋਇਆ ਰਹਿਮ ਭਰਿਆ ਚਿਹਰਾ ਉਸ ਦੇ ਅਗੇ ਸਾਕਾਰ ਨਾ ਹੁੰਦਾ।
ਪਾਠ ਕਰਨ ਵੇਲੇ ਹੀ ਨਹੀਂ, ਰਾਤ ਨੂੰ ਵੀ ਉਸ ਦਾ ਬੁੜਬੁੜਾਉਣਾ ਜਾਰੀ ਰਹਿੰਦਾ। ਅਵਲ ਤਾਂ ਉਸ ਨੂੰ ਨੀਂਦ ਹੀ ਨਾ ਆਉਂਦੀ, ਜੇ ਨੀਂਦ ਆਉਂਦੀ ਤਾਂ ਚਿੜੀ ਦੀ ਨੀਂਦ ਸੌਂ ਕੇ ਮੰਜੇ ਉਤੇ ਪਾਸੇ ਪਰਤਣ ਲਗ ਪੈਂਦੀ ਤੇ ਫਿਰ ਮੰਜੀ ਤੋਂ ਠੁੱਠ ਕੇ ਕੋਠੇ ਉਤੇ ਘੁੰਮਣ ਲਗ ਪੈਂਦੀ।
"ਕਲਜੁਗ ਆ ਗਿਆ ਏ, ਕਲਜੁਗ। ਐਨੀ ਉਮਰ ਗੁਜ਼ਾਰੀ ਏ ਪਰ ਐਹੋ ਜਿਹੀ ਗਰਮੀ ਅਗੇ ਕਦੇ ਨਹੀਂ ਸੀ ਪਈ। ਇਕ ਤਾਂ ਔਂਤਰਾ ਮੱਛਰ ਵੀ ਆਰਾਮ ਨਾਲ ਸੌਣ ਨਹੀਂ ਦੇਂਦਾ…।"
ਉਸ ਨੂੰ ਰਾਤ ਨੂੰ ਇੰਝ ਉਠ ਕੇ ਬੁੜਬੁੜਾਂਦਿਆਂ ਤੱਕ ਕਦੀ ਕਦੀ ਨਰਿੰਦਰ ਦੇ ਅੰਗ ਅੰਗ ਵਿਚ ਕਰੋਧ ਉਬਲ ਪੈਂਦਾ, ਉਸ ਦੀ ਵਹੁਟੀ ਦੀਆਂ ਅੱਖਾਂ ਵਿਚ ਚੰਗਿਆੜੇ ਮਚ ਪੈਂਦੇ ਤੇ ਉਹ ਸਲਾਹਾਂ ਸ਼ੁਰੂ ਕਰ ਦੇਂਦੇ ਕਿ ਉਹ ਕਿਉਂ ਨਹੀਂ ਹੋਰ ਕੋਈ ਮਕਾਨ ਕਿਰਾਏ ਉਤੇ ਲੈ ਲੈਂਦੇ। ਨਰਿੰਦਰ ਮਕਾਨ ਲੱਭਣ ਦਾ ਜਤਨ ਵੀ ਕਰਦਾ ਪਰ ਏਡੀ ਮਹਿੰਗਾਈ ਵਿਚ ਥੋੜ੍ਹੀ ਜਿਹੀ ਤਨਖ਼ਾਹ ਵਿਚੋਂ ਕਿਰਾਏ ਦੇ ਵਾਧੂ ਪੰਜਾਹ ਰੁਪਏ — ਨਰਿੰਦਰ ਕੁਝ ਦਿਨ ਫਿਰ ਤੁਰ ਕੇ ਫਿਰ ਖ਼ਿਆਲ ਛੱਡ ਦੇਂਦਾ।
ਕਿਰਾਏ ਉਤੇ ਮਕਾਨ ਲੈਣ ਬਾਰੇ ਪਤੀ ਤੇ ਪਤਨੀ ਦੀਆਂ ਗੱਲਾਂ ਬੜੀਆਂ ਦਬੀਆਂ ਦਬੀਆਂ ਹੁੰਦੀਆਂ, ਪਰ ਬੇਬੇ ਈਸਰੀ ਨੂੰ ਸਭ ਕੁਝ ਪਤਾ ਲਗ ਜਾਂਦਾ, ਹਾਲਾਂਕਿ ਉਹ ਕਾਫ਼ੀ ਉੱਚਾ ਸੁਣਦੀ ਸੀ। ਤੇ ਫਿਰ ਉੱਚੀ ਉੱਚੀ ਬੋਲਣਾ ਸ਼ੁਰੂਕਰ ਦੇਂਦੀ, "ਨਿੱਜ ਜੰਮਦੀ ਮੈਂ ਅਜਿਹਾ ਪੁੱਤਰ। ਇਸ ਨਾਲੋਂ ਤਾਂ ਮੈਂ ਔਂਤਰੀ ਚੰਗੀ ਸਾਂ। ਇਹ ਮੇਰਾ ਕਸੂਰ ਨਹੀਂ ਬਸ ਕਲਜੁਗ ਆ ਗਿਆ ਏ, ਕਲਜੁਗ। ਤੇਰੇ ਪਿਓ ਨੇ ਮਾਪਿਆਂ ਦਾ ਹਜ਼ਾਰਾਂ ਰੁਪਏ ਦਾ ਕਰਜ਼ਾ ਲਾਹਿਆ ਸੀ, ਤੇ ਕਦੇ ਮੂੰਹੋਂ ਸੀਅ ਨਹੀਂ ਸੀ ਕੀਤੀ। ਪਰ ਤੁਹਾਡੇ ਕੋਲੋਂ ਇਕ ਮਾਂ ਲਈ ਰੋਟੀ ਖੁਆਉਣੀ ਵੀ ਭਾਰੂ ਏ। ਜਿਹੜਾ ਤੁਸੀਂ ਕਲ ਨੂੰ ਮਕਾਨ ਲੈਣਾ ਏ ਅਜ ਲੈ ਲਓ। ਮੈਂ ਸ਼ਹੀਦੀਂ ਜਾਂ ਬੈਠਾਂਗੀ। ਕਿਸੇ ਨੂੰ ਪਤਾ ਤੇ ਲਗੇਗਾ ਕਿ ਨਰਿੰਦਰ ਦੀ ਮਾਂ ਮੰਗਦੀ ਏ।" ਤੇ ਨਰਿੰਦਰ ਭਾਰੇ ਤੇ ਰੁੰਨੇ ਰੁੰਨੇ ਦਿਲ ਨਾਲ ਸਭ ਕੁਝ ਚੁਪ ਚਾਪ ਸੁਣੀ ਜਾਂਦਾ ਜਾਂ ਫਿਰ ਘਰੋਂ ਬਾਹਰ ਨਿਕਲ ਤੁਰਦਾ।
ਜੇ ਕਦੇ ਨਰਿੰਦਰ ਦੀ ਪਤਨੀ ਬੀਮਾਰ ਹੋ ਜਾਂਦੀ ਤੇ ਨਰਿੰਦਰ ਉਸ ਲਈ ਭੁਲ ਭੁਲੇਖੇ ਬਜ਼ਾਰੋਂ ਕੋਈ ਦਵਾਈ ਲੈ ਆਉਂਦਾ ਤਾਂ ਦਵਾਈ ਨੂੰ ਤਕਦਿਆਂ ਸਾਰ ਹੀ ਚੰਗੀ ਭਲੀ ਬੇਬੇ ਈਸਰੀ ਨੂੰ ਹੂੰਗਾ ਛਿੜ ਪੈਂਦਾ ਤੇ ਚਾਦਰ ਤਾਣ ਮੰਜੇ ਉਤੇ ਲੇਟ ਜਾਂਦੀ, "ਕਲਜੁਗ ਆ ਗਿਆ ਏ… ਕਲਜੁਗ। ਮਾਂ ਮੰਜੇ ਉਤੇ ਬੀਮਾਰ ਪਈ ਮਰ ਰਹੀ ਹੋਵੇ, ਉਸ ਦੀ ਕੋਈ ਸੁਰਤ ਨਹੀਂ ਪੁਛਦਾ ਤੇ ਰੰਨ ਲਈ ਨਿਤ ਨਵੇਂ ਦਿਨ ਦੁਆਈ ਆ ਰਹੀ ਏ। ਰੰਨ ਨੂੰ ਮੁੜ ਮੁੜ ਪੁਛੀਂਦਾ ਏ, 'ਕੀ ਹਾਲ ਏ, ਦਵਾਈ ਖਾ ਲਈ ਏ ਜਾਂ ਨਹੀਂ,' ਮਾਂ ਭਾਵੇਂ ਤੜਫ਼ ਤੜਫ਼ ਕੇ ਮਰ ਜਾਏ। ਹਾਏ ਰੱਬਾ! ਬਹੁੜੀਂ, ਮੈਂ ਮਰ ਗਈ। ਐਹੋ ਜਿਹੇ ਜ਼ਮਾਨੇ ਅਗੇ ਨਹੀਂ ਸਨ ਕਦੇ ਆਏ।"
ਬੇਬੇ ਈਸਰੀ ਦਾ ਦਿਲ ਘਰ ਵਿਚ ਕਦੇ ਬਹੁਤ ਹੀ ਉਦਾਸ ਹੋ ਜਾਂਦਾ ਤਾਂ ਉਹ ਆਪਣੇ ਵੱਡੇ ਪੁੱਤਰ ਕੋਲ ਦਿੱਲੀ ਚਲੀ ਜਾਂਦੀ। ਉਸ ਦੇ ਦਿੱਲੀ ਜਾਣ ਉਤੇ ਨਰਿੰਦਰ ਦੀ ਪਤਨੀ ਕੁਝ ਸੁਖ ਦਾ ਸਾਹ ਲੈਂਦੀ, ਘਰ ਵਿਚ ਮਿੱਠੀ ਮਿੱਠੀ ਮਹਿਕ ਅਨੁਭਵ ਕਰਦੀ। ਘਰ ਦੀ ਹਰ ਇਕ ਚੀਜ਼ ਉਸ ਨੂੰ ਚੰਗੀ ਚੰਗੀ ਲੱਗਦੀ। ਪਰ ਬੇਬੇ ਦਾ ਦਿਲ ਦਿੱਲੀ ਨਾ ਲਗਦਾ ਤੇ ਚੌਥੇ ਦਿਨ ਉਹ ਫੇਰ ਘਰ ਭੱਜੀ ਆਉਂਦੀ, ਤੇ ਘਰ ਵਿਚ ਉਸ ਦਾ ਬੋਲਣਾ ਫਿਰ ਸ਼ੁਰੂ ਹੋ ਜਾਂਦਾ, "ਕਲਜੁਗ ਆ ਗਿਆ ਏ, ਕਲਜੁਗ।" ਤੇ ਨਰਿੰਦਰ ਤੇ ਉਹਦੀ ਪਤਨੀ ਨੂੰ ਲਗਦਾ ਜਿਵੇਂ ਸਵਰਗ ਦੇ ਬੂਹੇ ਉਹਨਾਂ ਲਈ ਫਿਰ ਭੀੜੇ ਹੋ ਗਏ ਹੋਣ।
ਦਿਨ ਹੋਵੇ ਜਾਂ ਰਾਤ, ਉਹ ਘਰ ਵਿਚ ਕਿਸੇ ਨਾਲ ਲੜੀ ਹੋਵੇ ਜਾਂ ਮੰਨੀ ਹੋਵੇ, ਉਸ ਦਾ ਬੁੜਬੁੜਾਉਣਾ ਉਵੇਂ ਹੀ ਜਾਰੀ ਰਹਿੰਦਾ, "ਹੁਣ ਤਾਂ ਹੋਰ ਦੇ ਹੋਰ ਹੀ ਵੇਲੇ ਆ ਗਏ ਨੇ। ਐਹੋ ਜਿਹੀਆਂ ਗੱਲਾਂ ਅੱਗੇ ਕਦੇ ਨਹੀਂ ਸਨ ਸੁਣੀਆਂ।"
ਇਕ ਦਿਨ ਬੇਬੇ ਈਸਰੀ ਅਚਾਨਕ ਬੀਮਾਰ ਪੈ ਗਈ। ਬਿਰਧ ਸਰੀਰ ਸੀ, ਇਕ ਦਿਨ ਅੰਮ੍ਰਿਤ ਵੇਲੇ ਅਸ਼ਨਾਨ ਕਰਨ ਲੱਗਿਆਂ ਉਸ ਨੂੰ ਠੰਢ ਲਗ ਗਈ ਤੇ ਪਲਾਂ ਵਿਚ ਹੀ ਉਹ ਹੋਰ ਦੀ ਹੋਰ ਹੋ ਗਈ। ਪਿੰਡ ਦੇ ਹਕੀਮ ਨੇ ਦੱਸਿਆ ਕਿ ਉਹ ਕੱਲ੍ਹ ਦਾ ਦਿਨ ਨਹੀਂ ਕੱਢਣ ਲੱਗੀ। ਦਿੱਲੀ ਉਸ ਦੇ ਵੱਡੇ ਮੁੰਡੇ ਨੂੰ ਤਾਰ ਦੇ ਦਿੱਤੀ ਗਈ। ਜਦ ਉਹ ਦਿੱਲੀਓਂ ਆਇਆ ਤਾਂ ਉਸ ਵੇਲੇ ਬੇਬੇ ਈਸਰੀ ਦਾ ਜਿਵੇਂ ਘੋਰੜੂ ਵਜ ਰਿਹਾ ਸੀ। ਉਹ ਹੁਣ ਕੁਝ ਪਲਾਂ ਦੀ ਪਰਾਹੁਣੀ ਸੀ ਕਿ ਅਚਾਨਕ ਉਸ ਦੀਆਂ ਅੱਖਾਂ ਖੁਲ੍ਹ ਗਈਆਂ, ਉਸ ਦੀਆਂ ਅੱਖਾਂ ਨੇ ਵੇਖਿਆ ਕਿ ਉਸ ਦੇ ਨੂੰਹ ਪੁੱਤਰ ਕੋਲੋਂ ਕੋਲ ਬੈਠੇ ਸਨ ਤੇ ਉਹ ਆਪੋ ਵਿਚ ਕੁਝ ਗੱਲਾਂ ਕਰ ਕੇ ਮੁਸਕਰਾ ਰਹੇ ਸਨ। ਇਹ ਵੇਖਦਿਆਂ ਸਾਰ ਹੀ ਉਸ ਦਾ ਸਾਹ ਪਰਤ ਆਇਆ, ਉਸ ਦੇ ਚਿਹਰੇ ਦੀਆਂ ਤਣਾਵਾਂ ਕੱਸੀਆਂ ਗਈਆਂ ਤੇ ਉਹ ਬੁੜਬੁੜਾਂਦੀ ਹੋਈ ਉੱਠ ਬੈਠੀ, "ਕਲਜੁਗ ਆ ਗਿਆ ਏ… ਕਲਜੁਗ…।"
ਇਸ ਪਿਛੋਂ ਉਹ ਛੇ ਦਿਨ ਜੀਵੀ ਤੇ ਇਕ ਦਿਨ ਜਦੋਂ ਨਰਿੰਦਰ ਆਪਣੀ ਪਤਨੀ ਨਾਲ ਕਿਸੇ ਗੱਲੋਂ ਲੜ ਰਿਹਾ ਸੀ ਤੇ ਉਹ ਅੱਗੋਂ ਸਿਸਕ ਰਹੀ ਸੀ ਤਾਂ ਬੇਬੇ ਈਸਰੀ ਚੁਪ-ਚੁਪੀਤੀ ਅੱਖਾਂ ਮੀਟ ਗਈ। ਅੰਤ ਵੇਲੇ ਉਸ ਦੇ ਚਿਹਰੇ ਉਤੇ ਬੜੀ ਸ਼ਾਂਤੀ ਸੀ।

(੧੯੬੭ ਸਤੰਬਰ ਦੀ ਪ੍ਰੀਤਲੜੀ ਵਿਚੋਂ, ਜਿੱਥੇ
ਇਹ ਕਹਾਣੀ ਸੰਤੋਖ ਸਿੰਘ ਨਾਂ ਹੇਠ ਛਪੀ ਹੈ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ