Kambda Hoia Lokraj : Harishankar Parsai

ਕੰਬਦਾ ਹੋਇਆ ਲੋਕਰਾਜ (ਵਿਅੰਗ) : ਹਰੀਸ਼ੰਕਰ ਪਰਸਾਈ

ਮੈਂ ਚਾਰ ਵਾਰੀ ਲੋਕ-ਰਾਜੀ ਦਿਨ ਦਾ ਜਲਸਾ ਦਿੱਲੀ ਵਿਚ ਵੇਖਿਆ ਹੈ। ਪੰਜਵੀਂ ਵਾਰੀ ਵੇਖਣ ਦੀ ਹਿੰਮਤ ਨਹੀਂ ਹੋਈ। ਪਤਾ ਨਹੀਂ ਕੀ ਕਾਰਨ ਹੈ ਕਿ ਜਿੰਨੀ ਵਾਰੀ ਵੀ ਮੈਂ ਲੋਕ-ਰਾਜ ਸਮਾਰੋਹ ਵੇਖਣ ਗਿਆ ਹਾਂ, ਮੌਸਮ ਅਤੀ ਖ਼ਰਾਬ ਹੁੰਦਾ ਹੈ। 26 ਜਨਵਰੀ ਤੋਂ ਪਹਿਲਾਂ ਉਪਰਲੇ ਇਲਾਕਿਆਂ ਵਿਚ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਸ਼ੀਤ ਲਹਿਰ ਆ ਜਾਂਦੀ ਹੈ, ਬੱਦਲ ਛਾ ਜਾਂਦੇ ਹਨ, ਕਣੀਆਂ ਡਿੱਗਣ ਲਗ ਪੈਂਦੀਆਂ ਹਨ ਤੇ ਸੂਰਜ ਅਲੋਪ ਹੋ ਜਾਂਦਾ ਹੈ। ਜਿਵੇਂ ਦਿੱਲੀ ਦੀ ਆਪਣੀ ਕੋਈ ਅਰਥ ਨੀਤੀ ਨਹੀਂ, ਓਵੇਂ ਹੀ ਇਸਦਾ ਆਪਣਾ ਕੋਈ ਮੌਸਮ ਵੀ ਨਹੀਂ। ਜਿਵੇ ਅਰਥ ਨੀਤੀ, ਭਾਵ ਡਾਲਰ, ਪੌਂਡ, ਰੁਪਏ…ਅੰਤਰ-ਰਾਸ਼ਟਰੀ ਰਿਜ਼ਰਵ ਬੈਂਕ ਜਾਂ ਭਾਰਤ ਸਹਾਇਤਾ ਕਲੱਬ ਦੀਆਂ ਮੀਟਿੰਗਾਂ ਵਿਚ ਤੈਅ ਕੀਤੀ ਜਾਂਦੀ ਹੈ, ਓਵੇਂ ਹੀ ਦਿੱਲੀ ਦਾ ਮੌਸਮ ਵੀ ਕਸ਼ਮੀਰ, ਸਿੱਕਮ ਤੇ ਰਾਜਸਥਾਨ ਦੇ ਫੈਸਲਿਆਂ ਦਾ ਮੁਥਾਜ ਹੈ।

ਮੈਂ ਏਨਾ ਮੂਰਖ ਵੀ ਨਹੀਂ ਕਿ ਇੰਜ ਮੰਨ ਬਹਾਂ ਬਈ ਜਿਸ ਸਾਲ ਮੈਂ ਇਹ ਸਮਾਗਮ ਵੇਖਣ ਜਾਂਦਾ ਹਾਂ, ਉਸ ਸਾਲ ਇਉਂ ਵਾਪਰਦਾ ਹੈ। ਇਸ ਸਮਾਰੋਹ ਦੇ ਪੱਕੇ ਸਾਲਾਨਾ ਦਰਸ਼ਕ ਆਪ ਦੱਸਦੇ ਨੇ ਕਿ ਇਹ ਦਿਨ ਆਏ ਵਾਰੀ ਇਵੇਂ ਹੀ ਧੁੱਪ ਰਹਿਤ ਤੇ ਠੰਡ ਭਰਪੂਰ ਹੁੰਦਾ ਹੈ।
ਆਖ਼ਰ ਮਾਜਰਾ ਕੀ ਹੈ ? ਰਹੱਸ ਕੀ ਹੈ ?

ਉਦੋਂ ਕਾਂਗਰਸ ਪਾਰਟੀ ਦੁਫਾੜ ਨਹੀਂ ਸੀ ਹੋਈ, ਮੈਂ ਇਕ ਕਾਂਗਰਸੀ ਮੰਤਰੀ ਨੂੰ ਪੁੱਛਿਆ, 'ਬਈ ਲੋਕ ਰਾਜ ਦਿਵਸ ਨੂੰ ਸੂਰਜ ਕਿਉਂ ਅਲੋਪ ਰਹਿੰਦਾ ਹੈ ! ਸੂਰਜ ਦੇ ਚਾਨਣ ਵਿਚ ਅਸੀਂ ਇਹ ਦਿਹਾੜਾ ਕਿਉਂ ਨਹੀਂ ਮਨਾਅ ਸਕਦੇ ?' ਉਸਨੇ ਕਿਹਾ ਸੀ, 'ਹੌਸਲਾ ਰੱਖੋ ਜੀ ! ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੂਰਜ ਬਾਹਰ ਆ ਜਾਵੇ…ਪਰ ਏਨੇ ਵੱਡੇ ਸੂਰਜ ਨੂੰ ਬਾਹਰ ਲੈ ਕੇ ਆਉਣਾ ਕੋਈ ਆਸਾਨ ਕੰਮ ਏਂ ਭਲਾ ! ਸਾਨੂੰ ਸਤਾ ਦੇ ਘੱਟ ਤੋਂ ਘੱਟ ਸੌ ਸਾਲ ਤਾਂ ਦਿਓ।'

'ਚਲੋ ਬਈ ਦੇ ਦਿੱਤੇ ! ਸੂਰਜ ਨੂੰ ਬਾਹਰ ਲੈ ਆਉਣ ਲਈ ਸੌ ਸਾਲ ਦੇ ਦਿੱਤੇ। ਪਰ ਜਨਾਬ ਉਸਦਾ ਕੋਈ ਨਾ ਕੋਈ ਕੋਨਾ ਤਾਂ ਹਰ ਸਾਲ ਬਾਹਰ ਨਿਕਲਦਾ ਦਿਸਣਾ ਈ ਚਾਹੀਦਾ ਏ ਨਾ ! ਸੂਰਜ ਕੋਈ ਬੱਚਾ ਤਾਂ ਹੈ ਨਹੀਂ ਜਿਹੜਾ ਬ੍ਰਹਿਮੰਡ ਦੀ ਕੁੱਖ ਵਿਚ ਅਟਕਿਆ ਹੋਇਆ ਹੈ ਤੇ ਤੁਸੀਂ ਕਿਸੇ ਦਿਨ ਇਕੋ ਆਪ੍ਰੇਸ਼ਨ ਨਾਲ ਬਾਹਰ ਕੱਢ ਲਿਆਓਗੇ।'

ਜਦੋਂ ਕਾਂਗਰਸ ਦੇ ਦੋ ਹਿੱਸੇ ਹੋ ਗਏ, ਇਹੀ ਸਵਾਲ ਮੈਂ ਇਕ ਇੰਡੀਕੇਟੀ ਕਾਂਗਰਸੀ ਤੋਂ ਪੁੱਛਿਆ ਤੇ ਉਸਨੇ ਕਿਹਾ, 'ਅਸੀਂ ਤਾਂ ਹਰ ਵਾਰੀ ਸੂਰਜ ਨੂੰ ਬੱਦਲਾਂ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਸਾਂ ਪਰ ਇਹ ਸਿੰਡੀਕੇਟੀਏ ਕੋਈ ਨਵਾਂ ਹੀ ਅੜੰਗਾ ਖੜ੍ਹਾ ਕਰ ਬਹਿੰਦੇ ਸਨ। ਹੁਣ ਅਸੀਂ ਵਾਅਦਾ ਕਰਦੇ ਕਿ ਅਗਲੇ ਲੋਕਰਾਜ ਦਿਵਸ ਨੂੰ ਤੁਸੀਂ ਸੂਰਜ ਨੂੰ ਬਾਹਰ ਨਿਕਲਿਆ ਵੇਖੋਗੇ।'

ਇਕ ਸਿੰਡੀਕੇਟ ਕੋਲ ਹੀ ਖੜ੍ਹਾ ਸੁਣ ਰਿਹਾ ਸੀ। ਉਹ ਬੋਲਿਆ, 'ਬਈ ਇਹ ਪ੍ਰਧਾਨ ਮੰਤਰੀ ਕਾਮਰੇਡਾਂ ਦੇ ਝਾਂਸੇ ਚ ਆ ਗਿਆ ਏ। ਇਹਨਾਂ ਨੂੰ ਤਾਂ ਉਹੀ ਸੂਰਜ ਨੂੰ ਬਾਹਲ ਲਿਆਉਣ ਲਈ ਉਕਸਾਅ ਰਹੇ ਨੇ। ਉਹਨਾਂ ਨੂੰ ਉਮੀਦ ਹੈ, ਬੱਦਲਾਂ ਪਿੱਛੋਂ ਉਹਨਾਂ ਦਾ ਪਿਆਰਾ ਸੂਰਜ, ਲਾਲ-ਸੂਰਜ ਨਿਕਲੇਗਾ। ਅਸੀਂ ਕਹਿੰਦੇ ਹਾਂ, ਸੂਰਜ ਨੂੰ ਖਿੱਚਣ-ਧੂਣ ਦੀ ਕੀ ਲੋੜ ਏ ? ਕੀ ਬੱਦਲਾਂ ਨੂੰ ਪਰ੍ਹੇ ਹਟਾਉਣ ਨਾਲ ਕੰਮ ਨਹੀਂ ਚੱਲ ਸਕਦਾ ?'

ਮੈਂ ਸੰਸੋਪਾਈ ਭਾਈ ਤੋਂ ਪੁੱਛਦਾ ਹਾਂ, ਜਵਾਬ ਮਿਲਦਾ ਹੈ, 'ਸੂਰਜ ਗ਼ੈਰ-ਕਾਂਗਰਸਵਾਦ ਉੱਤੇ ਅਮਲ ਕਰ ਰਿਹਾ ਹੈ। ਉਸਨੇ ਡਾਕਟਰ ਲੋਹੀਆ ਦੇ ਕਹਿਣ ਤੇ ਸਾਡਾ ਪਾਰਟੀ ਫਾਰਮ ਭਰ ਦਿੱਤਾ ਏ। ਕਾਂਗਰਸੀ ਪ੍ਰਧਾਨ ਮੰਤਰੀ ਨੂੰ ਉਹ ਸਲਾਮੀ ਲੈਂਦਿਆਂ ਕਿੰਜ ਵੇਖ ਸਕਦਾ ਏ ਭਲਾ ! ਕਿਸੇ ਗ਼ੈਰ ਕਾਂਗਰਸੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਸੂਰਜ ਤਾਂ ਕੀ ਉਸਦੇ ਬਾਲ-ਬੱਚੇ ਵੀ ਨਿਕਲ ਆਉਣਗੇ।'

ਇਕ ਜਨਸੰਘੀ ਭਰਾ ਤੋਂ ਵੀ ਮੈਂ ਪੁੱਛਿਆ ਸੀ। ਉਸਨੇ ਸਾਫ ਹੀ ਕਹਿ ਦਿੱਤਾ ਸੀ, 'ਬਈ ਜੇ ਸੂਰਜ ਸੈਕੂਲਰ ਹੁੰਦਾ ਤਾਂ ਹੀ ਏਸ ਸਰਕਾਰ ਦੀ ਪ੍ਰੇਡ ਵੇਖਣ ਲਈ ਨਿਕਲਦਾ। ਇਸ ਸਰਕਾਰ ਤੋਂ ਆਸ ਨਾ ਰੱਖੋ ਕਿ ਇਹ ਤੁਹਾਨੂੰ ਭਗਵਾਨ ਅੰਸ਼ੂਮਾਲੀ ਦੇ ਦਰਸ਼ਨ ਕਰਵਾ ਸਕੇਗੀ। ਸੂਰਜ ਦੇਵਤਾ ਤਾਂ ਸਾਡੇ ਰਾਜ ਵਿਚ ਹੀ ਨਿਕਲਣਗੇ।'
ਇਕ ਸਮਾਜਵਾਦੀ ਨੇ ਮੈਨੂੰ ਪੂਰੇ ਭਰੋਸੇ ਨਾਲ ਦੱਸਿਆ ਸੀ, 'ਇਹ ਸਾਰੀ ਸੀ. ਆਈ. ਏ. ਦੀ ਸਾਜਿਸ਼ ਏ। ਸੱਤਵੇਂ ਬੇੜੇ ਚੋਂ ਬੱਦਲ ਦਿੱਲੀ ਭੇਜੇ ਜਾ ਰਹੇ ਨੇ।'
ਆਜ਼ਾਦ ਪਾਰਟੀ ਦੇ ਨੇਤਾ ਨੇ ਕਿਹਾ, 'ਰੂਸ ਦਾ ਪਿੱਠੂ ਬਣਨ ਦਾ ਹੋਰ ਕੀ ਨਤੀਜਾ ਹੋ ਸਕਦਾ ਏ ?'
ਪੁਸ਼ਪਾ ਦੇ ਭਰਾ ਨੇ ਉਪਰਲੇ ਮਨੋਂ ਹੀ ਕਹਿ ਦਿੱਤਾ ਸੀ, 'ਸਵਾਲ ਕਾਫ਼ੀ ਉਲਝਿਆ ਹੋਇਆ ਹੈ। ਨੈਸ਼ਨਲ ਕੌਂਸਲ ਦੀ ਅਗਲੀ ਮੀਟਿੰਗ ਵਿਚ ਇਸ ਦਾ ਫੈਸਲਾ ਕਰਕੇ ਜਵਾਬ ਦਿੱਤਾ ਜਾ ਸਕਦੈ।'
ਰਾਜਾ ਸਾਹਿਬ ਨਾਲ ਮੇਰੀ ਮੁਲਾਕਾਤ ਹੀ ਨਹੀਂ ਸੀ ਹੋ ਸਕੀ। ਉਹ ਮਿਲ ਵੀ ਜਾਂਦੇ ਤਾਂ ਇਹੀ ਆਖਦੇ, 'ਬਈ ਗ਼ਨੀਮਤ ਸਮਝੋ ਕਿ ਇਸ ਰਾਜ ਵਿਚ ਤਾਰੇ ਨਿਕਲਦੇ ਨੇ।'
ਖ਼ੈਰ, ਮੈਂ ਸੂਰਜ ਦੇ ਨਿਕਲਣ ਤਕ ਉਸਦਾ ਇੰਤਜ਼ਾਰ ਕਰਾਂਗਾ।

ਆਜ਼ਾਦੀ ਦਿਹਾੜਾ ਵੀ ਤਾਂ ਬਰਸਾਤੀ ਮੌਸਮ ਵਿਚ ਆਉਂਦਾ ਹੈ। ਅੰਗਰੇਜ਼ ਬੜੇ ਚਲਾਕ ਸਨ, ਬਰਸਾਤ ਦੇ ਦਿਨਾਂ ਵਿਚ ਆਜ਼ਾਦ ਕਰਦੇ ਚਲੇ ਗਏ… ਉਸ ਕਪਟੀ ਪ੍ਰੇਮੀ ਵਾਂਗ ਪੱਤਰੇ ਵਾਚ ਗਏ, ਜਿਹੜਾ ਪ੍ਰਮਿਕਾ ਦੀ ਛੱਤਰੀ ਵੀ ਨਾਲ ਲੈ ਜਾਂਦਾ ਹੈ ਤੇ ਵਿਚਾਰੀ ਭਿੱਜਦੀ-ਭੱਜਦੀ, ਬਸ-ਸਟੈਂਡ ਵਲ ਜਾਂਦੀ ਨੂੰ ਪ੍ਰੇਮੀ ਨਹੀਂ, ਛੱਤਰੀ ਚੋਰ ਯਾਦ ਆ ਰਿਹਾ ਹੁੰਦਾ ਹੈ।
ਭਿੱਜਦੀ ਹੋਈ ਆਜ਼ਾਦੀ ਤੇ ਕੰਬਦਾ ਹੋਇਆ ਲੋਕਰਾਜ !

ਮੈਂ ਓਵਰਕੋਟ ਦੀਆਂ ਜੇਬਾਂ ਵਿਚ ਹੱਥ ਤੁੰਨੀ ਖੜ੍ਹਾ ਪਰੇਡ ਵੇਖ ਰਿਹਾ ਹਾਂ। ਪ੍ਰਧਾਨ ਮੰਤਰੀ ਆਪਣੇ ਕਿਸੇ ਵਿਦੇਸ਼ੀ ਮਹਿਮਾਨ ਨਾਲ ਓਪਨ ਕਾਰ ਵਿਚੋਂ ਉਤਰਦੇ ਨੇ। ਰੇਡੀਓ ਟਿੱਪਣੀਕਾਰ ਕਹਿੰਦਾ ਹੈ, 'ਘੋਰ ਤਾਲੀ ਨਾਦ ਗੂੰਜ ਰਿਹਾ ਹੈ।' ਪਰ ਮੈਂ ਵੇਖ ਰਿਹਾ ਹਾਂ ਸਾਡੇ ਵਿਚੋਂ ਕੋਈ ਵੀ ਤਾੜੀਆਂ ਨਹੀਂ ਵਜਾ ਰਿਹਾ …ਸਾਡੇ ਹੱਥ ਤਾਂ ਆਪੋ-ਆਪਣੇ ਕੋਟ ਦੀਆਂ ਜੇਬਾਂ ਵਿਚ ਨੇ; ਬਾਹਰ ਕੱਢਣ ਨੂੰ ਜੀਅ ਹੀ ਨਹੀਂ ਕਰਦਾ, ਸੁੰਨ ਹੋ ਜਾਣਗੇ।

ਕੀ ਹੋਇਆ ਜੇ ਅਸੀਂ ਨਹੀਂ ਵਜਾ ਰਹੇ ਸਾਂ, ਤਾੜੀਆਂ ਤਾਂ ਵੱਜ ਹੀ ਰਹੀਆਂ ਸਨ; ਸਾਹਮਣੇ ਗਰਾਊਂਡ ਵਿਚ ਬੈਠੇ ਲੋਕ ਵਜਾ ਰਹੇ ਸਨ। ਉਹਨਾਂ ਕੋਲ ਹੱਥ ਨਿੱਘੇ ਕਰਨ ਲਈ ਕੋਟ ਹੀ ਨਹੀਂ ਸਨ। ਇੰਜ ਜਾਪਦਾ ਹੈ ਲੋਕਰਾਜ ਠਰੇ ਹੋਏ ਹੱਥਾਂ ਦੀਆਂ ਤਾੜੀਆਂ ਉਪਰ ਟਿਕਿਆ ਹੋਇਆ ਹੈ। ਲੋਕਰਾਜ ਨੂੰ ਉਹਨਾਂ ਹੱਥਾਂ ਦੀਆਂ ਤਾੜੀਆਂ ਹੀ ਨਸੀਬ ਹੁੰਦੀਆਂ ਹਨ, ਜਿਹਨਾਂ ਦੇ ਮਾਲਿਕਾਂ ਕੋਲ ਹੱਥਾਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਕਪੜੇ ਨਹੀਂ ਹੁੰਦੇ।
ਪਰ ਕੁਝ ਲੋਕ ਕਹਿੰਦੇ ਨੇ, 'ਗਰੀਬੀ ਖ਼ਤਮ ਹੋਣੀ ਚਾਹੀਦੀ ਹੈ।' ਉਦੋਂ ਹੀ ਦੂਜੇ ਬੋਲ ਪੈਂਦੇ ਨੇ, 'ਇੰਜ ਆਖਣ ਵਾਲੇ ਲੋਕਰਾਜ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਨੇ।'

ਲੋਕਰਾਜੀ ਸਮਾਰੋਹ ਵਿਚ ਹਰੇਕ ਰਾਜ ਦੀ ਝਾਕੀ ਵਿਖਾਈ ਜਾਂਦੀ ਹੈ, ਪਰ ਇਹ ਝਾਕੀਆਂ ਆਪੋ-ਆਪਣੇ ਰਾਜ ਦੀ ਸੱਚੀ ਪ੍ਰਤੀਨਿਧਤਾ ਨਹੀਂ ਕਰਦੀਆਂ 'ਸਤਮੇਵ ਜਯਤੇ' ਸਾਡਾ ਮਾਟੋ ਹੈ…ਪਰ ਝਾਕੀਆਂ ਝੂਠ ਬੋਲਦੀਆਂ ਹਨ। ਇਹਨਾਂ ਵਿਚ ਵਿਕਾਸ ਦੇ ਕੰਮ, ਲੋਕ ਜੀਵਨ ਅਤੇ ਇਤਿਹਾਸ ਪੇਸ਼ ਕੀਤਾ ਹੁੰਦਾ ਹੈ, ਪਰ ਹਰੇਕ ਰਾਜ ਨੂੰ ਓਹੀ ਝਾਕੀ ਪੇਸ਼ ਕਰਨੀ ਚਾਹੀਦੀ ਹੈ ਜਿਸ ਵਿਚ ਸਦਕਾ ਉਸਨੇ ਪਿੱਛਲੇ ਸਾਲ ਵਧੇਰੇ ਨਾਮਨਾ ਖੱਟਿਆ ਸੀ। ਜਿਵੇਂ ਗੁਜਰਾਤ ਦੀ ਝਾਕੀ ਵਿਚ ਇਸ ਸਾਲ ਦੰਗੇ-ਫਸਾਦਾਂ ਦੇ ਦ੍ਰਿਸ਼ ਹੋਣੇ ਚਾਹੀਦੇ ਸਨ…ਬਲਦੇ ਹੋਏ ਮਕਾਨ, ਅੱਗ ਵਿਚ ਸੁੱਟੇ ਜਾ ਰਹੇ ਬੱਚੇ। ਪਿੱਛਲੇ ਸਾਲ ਮੈਨੂੰ ਪੂਰੀ ਉਮੀਦ ਸੀ ਕਿ ਸਾੜੇ ਜਾ ਰਹੇ ਹਰੀਜਨ ਵਿਖਾਏ ਜਾਣਗੇ, ਪਰ ਇੰਜ ਨਹੀਂ ਸੀ ਹੋਇਆ। ਇਹ ਕਿੱਡਾ ਵੱਡਾ ਝੂਠ ਹੈ ਕਿ ਇਕ ਰਾਜ ਦੰਗੇ-ਫਸਾਦ ਸਦਕਾ ਅੰਤਰ-ਰਾਸ਼ਟਰੀ ਨਾਮਨਾ ਖੱਟਦਾ ਹੈ ਪਰ ਝਾਕੀ ਵਿਖਾਈ ਜਾਂਦੀ ਹੈ ਲਘੂ ਉਦਯੋਗ ਦੀ। ਫਸਾਦਾਂ ਨਾਲੋਂ ਚੰਗਾ ਘਰੇਲੂ ਉਦਯੋਗ ਹੋਰ ਕਿਹੜਾ ਹੋ ਸਕਦਾ ਹੈ, ਇਸ ਦੇਸ਼ ਵਿਚ ? ਮੇਰੇ ਮੱਧ ਪ੍ਰਦੇਸ਼ ਨੇ ਦੋ ਸਾਲ ਪਹਿਲਾਂ ਸੱਚ ਲਾਗੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ, ਝਾਕੀ ਵਿਚ ਅਕਾਲ ਰਾਹਤ ਪ੍ਰੋਗ੍ਰਾਮ ਸੰਬੰਧੀ ਦ੍ਰਿਸ਼ ਵਿਖਾਏ ਸਨ…ਪਰ ਸੱਚ ਅਧੂਰਾ ਰਹਿ ਗਿਆ ਸੀ। ਉਸ ਸਾਲ ਮੱਧ ਪ੍ਰਦੇਸ਼ ਰਾਹਤ ਕਾਰਜਾਂ ਕਰਕੇ ਨਹੀਂ, ਰਾਹਤ ਕਾਰਜਾਂ ਵਿਚ ਹੋਏ ਘਪਲਿਆਂ ਸਦਕਾ ਮਸ਼ਹੂਰ ਹੋਇਆ ਸੀ। ਮੇਰਾ ਸੁਝਾਅ ਮੰਗਦੇ ਤਾਂ ਝਾਕੀਆਂ ਵਿਚ ਜਾਲ੍ਹੀ ਮਸਟਰੋਲ ਭਰਿਆ ਜਾ ਰਿਹਾ ਵਿਖਾਉਂਦੇ ਅਤੇ ਚੁਕਾਰਾ ਕਰਨ ਵਾਲੇ (ਵੰਡ-ਅਫ਼ਸਰ) ਦਾ ਅੰਗੂਠਾ ਹਜ਼ਾਰਾਂ ਮੂਰਖਾਂ ਦੇ ਨਾਂਅ ਸਾਹਮਣੇ ਲੱਗਦਾ ਵਿਖਾਇਆ ਜਾਂਦਾ। ਨੇਤਾ, ਅਫ਼ਸਰ ਤੇ ਠੇਕੇਦਾਰ ਵਿਚਕਾਰ ਹੋਇਆ ਲੈਣ-ਦੈਣ ਦਰਸਾਉਂਦੇ। ਉਹਨਾਂ ਝਾਕੀਆਂ ਵਿਚ ਤਾਂ ਉਹ ਗੱਲ ਵੀ ਨਹੀਂ ਸੀ ਦਰਸਾਈਂ…ਪਿਛਲੇ ਸਾਲ ਸਕੂਲਾਂ ਦੇ ਟਾਟ-ਪੱਟੀ ਕਾਂਢ ਸਦਕਾ ਵੀ ਸਾਡਾ ਰਾਜ ਕਾਫ਼ੀ ਮਸ਼ਹੂਰ ਹੋਇਆ ਸੀ। ਮੈਂ ਪਿਛਲੇ ਸਾਲ ਦੀ ਝਾਕੀ ਵਿਚ ਇਹ ਦ੍ਰਿਸ਼ ਇੰਜ ਪੇਸ਼ ਕਰਦਾ…ਮੰਤਰੀ, ਅਫ਼ਸਰ ਵਗ਼ੈਰਾ ਖੜ੍ਹੇ ਹਨ ਤੇ ਤੱਪੜ ਖਾ ਰਹੇ ਹਨ।

ਜਿਹੜੇ ਹਾਲ ਝਾਕੀਆਂ ਦੇ ਹਨ, ਉਹੀ ਐਲਾਨਾ ਦੇ। ਹਰ ਸਾਲ ਐਲਾਨ ਕਰ ਦਿੱਤਾ ਜਾਂਦਾ ਹੈ, ਸਮਾਜਵਾਦ ਆ ਰਿਹਾ ਹੈ। ਪਰ ਅੱਜ ਤਾਈਂ ਉਹ ਬਹੁੜਿਆ ਹੀ ਨਹੀਂ…ਪਤਾ ਨਹੀਂ ਕਿੱਥੇ ਅਟਕ ਗਿਆ ਹੈ ? ਲਗਾਤਾਰ ਸਾਰੇ ਦਲ ਸਮਾਜਵਾਦ ਲੈ ਆਉਣ ਦਾ ਦਾਅਵਾ ਕਰਦੇ ਨੇ, ਪਰ ਉਹ ਆ ਹੀ ਨਹੀਂ ਰਿਹਾ।

ਮੈਂ ਇਕ ਸੁਪਨਾ ਵੇਖਦਾ ਹਾਂ : ਸਮਾਜਵਾਦ ਆ ਗਿਆ ਹੈ ਤੇ ਬਸਤੀ ਤੋਂ ਬਾਹਰ-ਵਾਰ ਟਿੱਬੇ ਉੱਤੇ ਖਲੋਤਾ ਹੋਇਆ ਹੈ। ਬਸਤੀ ਦੇ ਲੋਕ ਆਰਤੀ ਵਾਲੀ ਥਾਲੀ ਸਜਾ ਕੇ ਉਸਦਾ ਸਵਾਗਤ ਕਰਨ ਲਈ ਤਿਆਰ ਖੜ੍ਹੇ ਨੇ। ਉਧਰ ਕਈ ਸਮਾਜਵਾਦੀ ਗੁੱਟ ਉਸਨੂੰ ਟਿੱਬੇ ਉਪਰ ਹੀ ਘੇਰੀ ਖੜ੍ਹੇ ਨੇ। ਸਾਰੇ ਲੋਕਾਂ ਨੂੰ ਆਖ ਕੇ ਆਏ ਨੇ ਕਿ ਅਸੀਂ ਸਮਾਜਵਾਦ ਲਿਆਵਾਂਗੇ।
ਟਿੱਬੇ ਉੱਤੇ ਖਲੋਤਾ ਸਮਾਜਵਾਦ ਕੂਕਦਾ ਹੈ, 'ਓਇ ਮੈਨੂੰ ਬਸਤੀ ਵਿਚ ਲੈ ਚੱਲੋ ਓਇ….'
ਪਰ ਟਿੱਬੇ ਉੱਤੇ ਉਸਨੂੰ ਘੇਰੀ ਖੜ੍ਹੇ ਸਮਾਜਵਾਦੀ ਕਹਿੰਦੇ ਹਨ, 'ਠਹਿਰ ਬਈ, ਪਹਿਲਾਂ ਫੈਸਲਾ ਤਾਂ ਹੋ ਜਾਵੇ ਕਿ ਕਿਹੜਾ ਤੈਨੂੰ ਖੜ ਕੇ ਬਸਤੀ 'ਚ ਲਿਜਾਵੇਗਾ…'

ਸਾਰੇ ਹੀ ਸਮਾਜਵਾਦੀ ਸਸੋਪਾ, ਪਸਪਾ ਵਾਲੇ ਲੋਕ ਤਾਂਤਰਿਕ ਸਮਾਜਵਾਦੀ, ਪੀਪਲਜ਼ ਡੈਮੋਕਰੇਸੀ ਅਤੇ ਨੈਸ਼ਨਲ ਡੈਮੋਕਰੇਸੀ ਵਾਲੇ ਸਮਾਜਵਾਦੀ, ਦੋਵਾਂ ਧੜਿਆਂ ਦੇ ਕਾਂਗਰਸੀ ਸੋਸ਼ਲਿਸਟ, ਯੂਨਿਟ ਸੈਂਟਰ ਵਾਲੇ ਅਤੇ ਕਰਾਂਤੀਕਾਰੀ ਸਮਾਜਵਾਦੀ…ਸਮਾਜਵਾਦ ਦੀ ਨਾਕਾਬੰਦੀ ਕਰੀ ਖੜ੍ਹੇ ਹਨ। ਹਰੇਕ ਸਮਾਜਵਾਦ ਦੀ ਬਾਂਹ ਫੜ੍ਹ ਕੇ ਉਸਨੂੰ ਬਸਤੀ ਵਿਚ ਲੈ ਜਾਣਾ ਚਾਹੁੰਦਾ ਹੈ ਤੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ, 'ਲਓ ਬਈ ਅਸੀਂ ਸਮਾਜਵਾਦ ਲੈ ਆਏ ਹਾਂ।'

ਇਧਰ ਸਮਾਜਵਾਦ ਪ੍ਰੇਸ਼ਾਨ ਹੈ ਤੇ ਉਧਰ ਜੰਤਾ। ਸਮਾਜਵਾਦ ਆਉਣ ਲਈ ਤਿਆਰ ਹੈ, ਪਰ ਸਮਾਜਵਾਦੀ ਆਪੋ ਵਿਚ ਲੱਤੋ-ਮੁੱਕੀ ਹੋ ਰਹੇ ਹਨ। ਸਮਾਜਵਾਦ ਇਕ ਪਾਸੇ ਉਤਰਨਾਂ ਚਾਹੁੰਦਾ ਹੈ, ਦੂਜੇ ਪਾਸਿਓਂ ਉਸ ਉੱਤੇ ਪਥਰਾਅ ਸ਼ੁਰੂ ਹੋ ਜਾਂਦਾ ਹੈ। 'ਖਬਰਦਾਰ ਉਧਰ ਨਹੀਂ ਜਾਣਾ।' ਇਕ ਸਮਾਜਵਾਦੀ ਉਸਦੀ ਬਾਂਹ ਫੜ੍ਹ ਲੈਂਦਾ ਹੈ ਦੂਜਾ ਉਸਦ ਹੱਥ ਫੜ੍ਹ ਕੇ ਆਪਣੇ ਵੱਲ ਖਿੱਚਦਾ ਹੈ ਤੇ ਹੋਰਾਂ ਦੀ ਖਿੱਚੋ-ਖਿੱਚੀ ਨਾਲ ਉਹਨਾਂ ਦੇ ਹੱਥ ਛੁੱਟ ਜਾਂਦੇ ਨੇ। ਵਿਚਾਰਾ ਸਮਾਜਵਾਦ ਲਹੂ-ਲੁਹਾਣ ਹੋਇਆ ਟਿੱਬੇ ਉੱਤੇ ਖੜ੍ਹਾ ਹੈ।

ਇਸ ਦੇਸ਼ ਵਿਚ ਜਿਹੜਾ ਵੀ ਜਿਸ ਕੰਮ ਲਈ ਪ੍ਰਤੀਬੱਧ ਹੈ, ਉਹੀ ਉਸਦੀਆਂ ਜੜਾਂ ਕੱਟ ਰਿਹਾ ਹੈ। ਲਿਖਣ-ਆਜ਼ਾਦੀ ਲਈ ਪ੍ਰਤੀਬੱਧ ਲੋਕ ਹੀ ਲੇਖਕ ਦੀ ਆਜ਼ਾਦੀ ਖੋਹ ਰਹੇ ਹਨ।
ਸਹਿਕਾਰਤਾ ਲਈ ਪ੍ਰਤੀਬੱਧ ਲੋਕ ਹੀ ਇਸ ਅੰਦੋਲਨ ਨੂੰ ਫੇਲ੍ਹ ਕਰਨ ਤੇ ਤੁਲੇ ਹੋਏ ਹਨ…ਉਹ ਰਲਮਿਲ ਕੇ ਸਹਿਕਾਰਤਾ-ਪੂਰਨ ਖਾ-ਪੀ ਜਾਂਦੇ ਹਨ ਤੇ ਅੰਦੋਲਨ ਨੂੰ ਫੇਲ੍ਹ ਕਰ ਦਿੰਦੇ ਹਨ। ਸਮਾਜਵਾਦ ਨੂੰ ਸਮਾਜਵਾਦੀ ਹੀ ਰੋਕੀ ਖੜ੍ਹੇ ਹਨ।
ਉਂਜ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਸਮਾਜਵਾਦ ਆਉਣ ਹੀ ਵਾਲਾ ਹੈ।
ਮੈਂ ਕਲਪਨਾ ਕਰਦਾ ਹਾਂ…ਅਚਾਨਕ ਫੁਰਮਾਨ ਜਾਰੀ ਕੀਤਾ ਜਾਏਗਾ, 'ਸਮਾਜਵਾਦ ਸਾਰੇ ਦੇਸ਼ ਵਿਚ ਦੌਰਾ ਕਰੇਗਾ…ਉਸਦੀ ਸੁਰੱਖਿਆ ਦਾ ਪੁਰਾ-ਪੂਰਾ ਬੰਦੋਬਸਤ ਕੀਤਾ ਜਾਵੇ।'
ਇਕ ਸੈਕ੍ਰੇਟਰੀ ਦੂਜੇ ਸੈਕ੍ਰੇਟਰੀ ਨੂੰ ਕਹੇਗਾ, 'ਲਓ ਜੀ, ਇਕ ਹੋਰ ਵੀ. ਆਈ. ਪੀ. ਸੱਜਣ ਆ ਰਹੇ ਨੇ। ਹੁਣ ਇਹਨਾਂ ਦਾ ਬੰਦੋਬਸਤ ਕਰੋ। ਨੱਕ 'ਚ ਦਮ ਕਰ ਛੱਡਿਆ ਏ।'
ਜ਼ਿਲਾ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤਾ ਜਾਏਗਾ, ਉਹ ਐਸ. ਡੀ. ਐਮ. ਨੂੰ ਲਿਖ ਭੇਜਣਗੇ ਤੇ ਉਹ ਅਗਾਂਹ ਤਹਿਸੀਲਦਾਰਾਂ ਨੂੰ।
ਪੁਲਿਸ ਥਾਨਿਆਂ ਵਿਚ ਫੁਰਮਾਨ ਪਹੁੰਚ ਜਾਏਗਾ : 'ਸਮਾਜਵਾਦ ਦੀ ਸੁਰੱਖਿਆ ਦੀ ਤਿਆਰੀ ਕਰੋ।'
ਦਫ਼ਤਰਾਂ ਦੇ ਹੈਡ ਕਲਰਕ, ਕਲਰਕਾਂ ਨੂੰ ਕਹਿਣਗੇ, 'ਤਿਵਾੜੀ ਜੀ ਮ'ਰਾਜ, ਉਹ ਇਕ ਸਮਾਜਵਾਦ ਵਾਲਾ ਕਾਗਜ਼ ਆਇਆ ਸੀ ਨਾ…ਜ਼ਰਾ ਕੱਢਿਓ ਖਾਂ….'
ਤੇ ਕਲਰਕ ਤਿਵਾੜੀ ਲੱਭ-ਲੁੱਭ ਕੇ ਕਾਗਜ਼ ਉਸਦੇ ਹੱਥ ਵਿਚ ਫੜਾ ਦਵੇਗਾ। ਹੈਡ ਕਲਰਕ ਕਾਗਜ਼ ਵੇਖ ਕੇ ਕਹੇਗਾ, 'ਹੈਂ-ਹੈਂ ! ਸਮਾਜਵਾਦ ਤਾਂ

ਸਾਰੇ ਅਫ਼ਸਰ ਇੱਕਠੇ ਹੋ ਕੇ ਚੀਫ਼ ਸੈਕ੍ਰੇਟਰੀ ਕੋਲ ਜਾਣਗੇ। 'ਸਮਾਜਵਾਦ ਕੁਝ ਦਿਨ ਠਹਿਰ ਕੇ ਨਹੀਂ ਆ ਸਕਦਾ ਜੀ ? ਦਰਅਸਲ ਅਸੀਂ ਉਸਦੀ ਸੁਰੱਖਿਆ ਦੇ ਪ੍ਰਬੰਧ ਨਹੀਂ ਕਰ ਸਕਾਂਗੇ। ਦੁਸ਼ਹਿਰਾ ਆ ਰਿਹੈ, ਦੰਗੇ ਦੇ ਆਸਾਰ ਨੇ। ਪੂਰੀ ਫੋਰਸ ਦੰਗਿਆਂ ਨਾਲ ਨਜਿੱਠਣ ਲਈ ਲਾ ਦਿੱਤੀ ਗਈ ਏ ਜੀ।'
ਚੀਫ਼ ਸੈਕ੍ਰੇਟਰੀ ਦਿੱਲੀ ਲਿਖ ਭੇਜੇਗਾ : 'ਅਸੀਂ ਮਜ਼ਬੂਰ ਹਾਂ। ਸਮਾਜਵਾਦ ਦੀ ਸੁਰੱਖਿਆ ਦੇ ਪ੍ਰਬੰਧ ਨਹੀਂ ਕਰ ਸਕਾਂਗੇ…ਅਜੇ ਉਸਦਾ ਦੌਰਾ ਮੁਲਤਵੀ ਦਿੱਤਾ ਜਾਏ।'

ਜਿਸ ਰਾਜ ਵਿਚ ਸਮਾਜਵਾਦ ਦੀ ਆਮਦ ਦੇ ਕਾਗਜ਼ ਦੱਬ ਲਏ ਜਾਂਦੇ ਹਨ ਤੇ ਜਿਸ ਵਿਚ ਉਸਦੀ ਸੁਰੱਖਿਆ ਦੇ ਅਜੇ ਪ੍ਰਬੰਧ ਨਹੀਂ ਹੋ ਸਕਦੇ। ਉਸਦੇ ਭਰੋਸੇ ਸਮਾਜਵਾਦ ਲਿਆਉਣਾ ਹੈ ਤਾਂ ਲੈ ਆਓ ! ਮੈਨੂੰ ਕੋਈ ਖ਼ਾਸ ਇਤਰਾਜ਼ ਨਹੀਂ। ਲੋਕਾਂ ਦੀ ਬਜਾਏ ਸਮਾਜਵਾਦ ਦਫਤਰਾਂ ਰਾਹੀਂ ਆ ਗਿਆ ਤਾਂ ਇਹ ਇਕ ਇਤਿਹਾਸਕ ਘਟਨਾ ਹੋਵੇਗੀ।

(ਅਨੁਵਾਦ : ਮਹਿੰਦਰ ਬੇਦੀ ਜੈਤੋ)

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ