Kannkhajura (Punjabi Story) : S. Saki

ਕੰਨਖਜੂਰਾ (ਕਹਾਣੀ) : ਐਸ ਸਾਕੀ

ਰਾਤ ਅੱਧੀ ਤੋਂ ਬਹੁਤੀ ਲੰਘ ਚੁੱਕੀ ਹੈ। ਲੱਗਦੈ ਓਹਦਾ ਅਖੀਰੀ ਪਹਿਰ ਬੀਤ ਰਿਹੈ। ਮੈਂ ਆਪਣੇ ਬੈੱਡ ਰੂਮ ਵਿਚ ਬਿਸਤਰ 'ਤੇ ਲੰਮੀ ਪਈ ਸਵੇਰ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ। ਮੇਰੇ ਨਾਲ ਮੇਰੀ ਵੀਹ ਵਰ੍ਹਿਆਂ ਦੀ ਧੀ ਵੀ ਸੁੱਤੀ ਪਈ ਹੈ। ਮੇਰੀਆਂ ਅੱਖਾਂ ਵਿਚ ਨੀਂਦ ਨਹੀਂ ਹੈ। ਮੈਂ ਤਾਂ ਸਾਰੀ ਰਾਤ ਵਿਚ ਇਕ ਪਲ ਲਈ ਵੀ ਨਹੀਂ ਹਾਂ ਸੌਂ ਸਕੀ। ਪੱਚੀ ਵਰ੍ਹਿਆਂ ਦਾ ਹਿਸਾਬ ਜੋੜਦਿਆਂ ਸਾਰੀ ਰਾਤ ਅੱਖਾਂ ਥਾਣੀਂ ਲੰਘ ਗਈ ਹੈ। ਉਹ ਪੱਚੀ ਵਰ੍ਹਿਆਂ ਦਾ ਹਿਸਾਬ ਜਦੋਂ ਮੈਂ ਪਹਿਲੇ ਦਿਨ ਦਾਰਜੀ ਦੇ ਸਕੂਟਰ ਪਿੱਛੇ ਬਹਿ ਕੇ ਆਫ਼ਿਸ ਆਈ ਸੀ। ਉਹ ਮੈਨੂੰ ਗੇਟ ਦੇ ਬਾਹਰ ਤੀਕ ਛੱਡ ਕੇ ਮੁੜ ਗਏ ਸਨ।ਉਨ੍ਹਾਂ ਮੈਨੂੰ ਆਫ਼ਿਸ ਅੰਦਰ ਜਾ ਕੇ ਡਿਊਟੀ ਜੌਇਨ ਕਰਵਾਉਣ ਲਈ ਬਹੁਤ ਕਿਹਾ ਪਰ ਮੇਰਾ ਮਨ ਨਹੀਂ ਸੀ ਮੰਨਿਆ ਇਸ ਤਰ੍ਹਾਂ ਕਰਨ ਲਈ। ਮੇਰੇ ਅੰਦਰ ਤਾਂ ਜਿਵੇਂ ਹੰਕਾਰ ਜਿਹਾ ਭਰ ਗਿਆ ਸੀ, ਇਹੋ ਸੋਚ ਕਿ ਜਦ ਮੈਂ ਆਪਣੇ ਬਲਬੂਤੇ 'ਤੇ ਸਰਕਾਰੀ ਨੌਕਰੀ ਹਾਸਿਲ ਕਰ ਸਕਦੀ ਹਾਂ ਤਾਂ ਇਹ ਨੌਕਰੀ ਜੌਇਨ ਕਰਨ ਵੇਲੇ ਮੈਨੂੰ ਕਿਸੇ ਦੀ ਮਦਦ ਦੀ ਕੀ ਲੋੜ ਹੈ।
ਦਾਰਜੀ ਨੇ ਬਹੁਤ ਔਖਿਆਂ ਹੋ ਮੈਨੂੰ ਕਾਲਜ ਤੀਕ ਪੜ੍ਹਾਇਆ ਸੀ। ਉਨ੍ਹਾਂ ਦੀ ਪ੍ਰਾਇਵੇਟ ਨੌਕਰੀ ਸੀ ਇਸ ਲਈ ਘਰ ਵਿਚ ਹਮੇਸ਼ਾ ਤੰਗੀ ਦੇ ਦਿਨ ਰਹੇ ਸਨ।ਇਹ ਤਾਂ ਸ਼ੁਕਰ ਹੈ ਕਿ ਦਿੱਲੀ ਜਿਹੇ ਸ਼ਹਿਰ ਇਕ ਤਾਂ ਆਪਣਾ ਘਰ ਸੀ,ਦੂਜੇ ਟੱਬਰ ਬਹੁਤ ਛੋਟਾ ਸੀ। ਮੇਰੇ ਪੈਦਾ ਹੋਣ ਬਾਅਦ ਜਦੋਂ ਵਕਤ ਟੱਪਦਾ ਗਿਆ ਤਾਂ ਦਾਰਜੀ ਤੇ ਮਾਂ ਬੇਉਮੀਦੇ ਹੋ ਗਏ ਸਨ ਕਿ ਉਨ੍ਹਾਂ ਘਰ ਸ਼ਾਇਦ ਹੁਣ ਨਵਾਂ ਜੀਵ ਨਹੀਂ ਆਵੇਗਾ, ਪਰ ਜਦੋਂ ਮੈਂ ਦਸ ਸਾਲਾਂ ਦੀ ਹੋਈ ਤਾਂ ਅਚਾਨਕ ਛੋਟੇ ਭਰਾ ਦਾ ਜਨਮ ਹੋਇਆ। ਇਨ੍ਹਾਂ ਦਸ ਸਾਲਾਂ ਵਿਚ ਮੈਂ ਮਾਪਿਆਂ ਦੀ ਬਹੁਤ ਹੀ ਲਾਡਲੀ ਬਣ ਗਈ ਸੀ। ਭਰਾ ਦੇ ਪੈਦਾ ਹੋਣ 'ਤੇ ਵੀ ਮੇਰੇ ਲਈ ਘਰ ਦੇ ਪਿਆਰ ਵਿਚ ਕੋਈ ਕਮੀ ਨਾ ਆਈ।
ਮੈਂ ਵੇਖਣ ਵਿਚ ਸ਼ੁਰੂ ਤੋਂ ਬਹੁਤ ਸੁਹਣੀ ਨਿੱਕਲੀ ਸੀ। ਅਸਲ ਵਿਚ ਸ਼ਕਲੋਂ ਮੈਂ ਮਾਂ 'ਤੇ ਗਈ ਸੀ। ਜਦੋਂ ਮੈਂ ਵੱਡੀ ਹੋ ਗਈ ਤਾਂ ਦਾਰਜੀ ਕਈ ਵਾਰੀ ਮੰਜੇ 'ਤੇ ਬੈਠੇ ਮੇਰੇ ਵੱਲ ਵੇਖਦੇ ਮੇਰੀ ਮਾਂ ਨੂੰ ਕਹਿ ਦਿਆ ਕਰਦੇ ਸਨ, "ਕੁਲਵੰਤ ਸ਼ੁਕਰ ਹੈ ਵਾਹਿਗੁਰੂ ਦਾ ਇਸ ਚੰਦਰੀ ਦੀ ਸ਼ਕਲ ਤੇਰੇ 'ਤੇ ਗਈ ਹੈ, ਜੇ ਕਿਤੇ ਮੇਰੇ 'ਤੇ ਹੁੰਦੀ ਤਾਂ ?"
ਉਹ ਗੱਲ ਪੂਰੀ ਨਾ ਕਰਦੇ ਤੇ ਏਨਾ ਆਖ ਮੇਰੀ ਮਾਂ ਵੱਲ ਵੇਖਣ ਲੱਗ ਜਾਂਦੇ। ਫੇਰ ਛੋਟਾ ਭਰਾ ਪੈਦਾ ਹੋਣ ਦੇ ਦੋ ਵਰ੍ਹੇ ਪਿੱਛੋਂ ਮਾਂ ਮਰ ਗਈ। ਅਸੀਂ ਦੋਏ ਭੈਣ ਭਰਾ ਜਿਹੜੇ ਕਦੇ ਅੱਧੇ ਮਾਂ ਅਤੇ ਅੱਧੇ ਦਾਰਜੀ ਨਾਲ ਜੁੜੇ ਹੋਏ ਸੀ, ਹੁਣ ਪੂਰੇ ਦੇ ਪੂਰੇ ਦਾਰਜੀ ਨਾਲ ਜੁੜ ਕੇ ਰਹਿ ਗਏ। ਉਨ੍ਹਾਂ ਬਹੁਤ ਔਖਿਆਂ ਹੋ ਨਾਨੀ ਦੀ ਮਦਦ ਨਾਲ ਸਾਨੂੰ ਵੱਡਾ ਕੀਤਾ। ਆਪਣੇ ਜੀਵਨ ਵਿਚ ਜਦੋਂ ਵੀ ਮੈਂ ਕਿਸੇ ਖੁੱਲ੍ਹੀ ਚਿੱਟੀ ਦਾੜ੍ਹੀ ਵਾਲੇ ਬੰਦੇ ਨੂੰ ਵੇਖਿਆ ਤਾਂ ਮੈਨੂੰ ਉਸ 'ਤੇ ਹਮੇਸ਼ਾ ਦਾਰਜੀ ਹੋਣ ਦਾ ਭਰਮ ਪਿਆ ਅਤੇ ਉਸ 'ਤੇ ਬਹੁਤ ਪਿਆਰ ਜਿਹਾ ਵੀ ਆਇਆ।
ਜਦੋਂ ਮਾਂ ਪੂਰੀ ਹੋਈ ਉਸ ਵੇਲੇ ਮੈਂ ਮਸਾਂ ਬਾਰਾਂ ਸਾਲਾਂ ਦੀ ਸੀ। ਹੁਣ ਮੈਨੂੰ ਪੜ੍ਹਾਈ ਦੇ ਨਾਲ ਨਾਲ ਘਰ ਦਾ ਸਾਰਾ ਕੰਮ ਵੀ ਕਰਨਾ ਪੈਂਦਾ ਸੀ। ਦਾਰ ਜੀ ਦੀ ਪ੍ਰਾਈਵੇਟ ਨੌਕਰੀ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਘੱਟ ਛੁੱਟੀ ਮਿਲਦੀ ਸੀ। ਉਨ੍ਹਾਂ ਕੋਲ ਜੇ ਥੋੜ੍ਹਾ ਵਕਤ ਹੁੰਦਾ ਤਾਂ ਉਸ ਵਿਚ ਵੀ ਉਹ ਆਪਣਾ ਹੀ ਕੰਮ ਕਰਦੇ ਰਹਿੰਦੇ। ਤਦ ਦੋ ਸਾਲਾਂ ਦੇ ਭਰਾ ਨੂੰ ਮੈਂ ਹੀ ਸਾਂਭਦੀ। ਜਦੋਂ ਮੈਂ ਦਿਨੇ ਸਕੂਲ ਜਾਂਦੀ ਉਸਨੂੰ ਪੜੋਸੀਆਂ ਘਰ ਛੱਡ ਜਾਂਦੀ।ਪੜ੍ਹਾਈ ਵਿਚ ਮੈਂ ਸਲੁਰੂ ਤੋਂ ਚੰਗੀ ਸੀ। ਮੈਂ ਕਦੇ ਕੋਈ ਟਿਊਸ਼ਨ ਨਹੀਂ ਰੱਖੀ ਸੀ। ਕਦੇ ਕਿਸੇ ਕੋਲੋਂ ਮਦਦ ਨਹੀਂ ਸੀ ਲਈ। ਮੈਂ ਤਾਂ ਵੀ ਕਲਾਸ ਵਿਚ ਦੂਜੀ ਤੀਜੀ ਪੁਜ਼ੀਸ਼ਨ ਲੈਂਦੀ ਰਹੀ ਸੀ।
ਹਾਈ ਸਕੂਲ ਪਾਸ ਕਰ ਕੇ ਮੈਂ ਕਾਲਜ ਚਲੀ ਗਈ ਅਤੇ ਓਥੇ ਹਿਸਾਬ ਆੱਨਰਜ਼ ਲੈ ਲਿਆ। ਮੈਨੂੰ ਮੁੱਢ ਤੋਂ ਹਿਸਾਬ ਬਹੁਤ ਚੰਗਾ ਲੱਗਦਾ ਸੀ। ਬੀ.ਏ. ਮੈਂ ਫ਼ੱਸਟ ਕਲਾਸ ਵਿਚ ਪਾਸ ਕੀਤੀ। ਭਰਾ ਵੀ ਪੜ੍ਹਾਈ ਵਿਚ ਚੰਗਾ ਸੀ ਪਰ ਮੇਰੇ ਜਿਹਾ ਨਹੀਂ।
ਦਾਰਜੀ ਭਾਵੇਂ ਮੈਨੂੰ ਅੱਗੇ ਪੜ੍ਹਾਉਣਾ ਚਾਹੁੰਦੇ ਸਨ, ਪਰ ਮੈਂ ਇਸ ਤਰ੍ਹਾਂ ਨਹੀਂ ਕੀਤਾ। ਨੌਕਰੀ ਲਈ ਕਈ ਕੰਪੀਟੀਸ਼ਨ ਦਿੱਤੇ। ਅਖੀਰ ਮੈਨੂੰ ਸਰਕਾਰੀ ਨੌਕਰੀ ਮਿਲ ਗਈ।ਅੱਜ ਦਾਰਜੀ ਮੈਨੂੰ ਉਸੇ ਨੌਕਰੀ ਲਈ ਸਕੂਟਰ 'ਤੇ ਬਿਠਾਅ ਆਫ਼ਿਸ ਦੇ ਬਾਹਰਲੇ ਵੱਡੇ ਗੇਟ ਤੀਕ ਛੱਡ ਕੇ ਗਏ ਨੇ। ਉਹ ਕਿੱਕ ਮਾਰ ਕੇ ਸਕੂਟਰ ਸਟਾੱਰਟ ਕਰ ਚਲੇ ਜਾਂਦੇ ਨੇ ਤੇ ਮੈਂ ਕਿੰਨਾ ਚਿਰ ਉਨ੍ਹਾਂ ਜਾਂਦਿਆਂ ਦੀ ਪਿੱਠ ਵੱਲ ਵੇਖਦੀ ਰਹਿੰਦੀ ਹਾਂ, ਜਦੋਂ ਤੀਕ ਕਿ ਉਹ ਮੇਰੀਆਂ ਅੱਖਾਂ ਤੋਂ ਓਝਲ ਨਹੀਂ ਹੋ ਜਾਂਦੇ।
ਮੈਂ ਹੱਥ ਵਿਚ ਪਰਸ ਫੜੀ ਆਫ਼ਿਸ ਦੀ ਬਿਲਡਿੰਗ 'ਚ ਦਾਖਲ ਹੁੰਦੀ ਹਾਂ। ਅੰਦਰ ਇਕ ਵੱਦਾ ਸਾਰਾ ਹਾੱਲ ਹੈ ਜਿਸ ਵਿਚ ਸੱਤ ਅੱਠ ਮੇਜ਼ਾਂ ਲੱਗੀਆਂ ਹੋਈਆਂ ਨੇ , ਜਿਨ੍ਹਾਂ ਨੇੜੇ ਕੁਰਸੀਆਂ 'ਤੇ ਬੈਠੇ ਬਾਬੂ ਕੰਮ ਕਰ ਰਹੇ ਨੇ। ਉਨ੍ਹਾਂ ਵਿਚ ਤਿੰਨ ਔਰਤਾਂ ਵੀ ਨੇ।ਬਸ ਐਵੇਂ ਭਾਰੇ ਜਿਹੇ ਸਰੀਰ ਵਾਲੀਆਂ ਜਿਨ੍ਹਾਂ ਵਿਚੋਂ ਦੋ ਤਾਂ ਫ਼ਾਈਲਾਂ 'ਤੇ ਸਿਰ ਝੁਕਾਈ ਲਿਖੀ ਜਾ ਰਹੀਆਂ ਨੇ ਅਤੇ ਤੀਜੀ ਐਵੇਂ ਫ਼ਾਈਲ ਵੱਲ ਵੇਖੀ ਜਾ ਰਹੀ ਹੈ। ਲੱਗਦੈ ਉਹ ਕੁਝ ਸੋਚ ਰਹੀ ਹੈ। ਹਾੱਲ ਦੇ ਅਖੀਰ 'ਤੇ ਤਿੰਨ ਕੈਬਿਨ ਬਣੇ ਹੋਏ ਨੇ, ਜਿਹੜੇ ਹਾੱਲ ਵਿਚ ਪਾਰਟੀਸ਼ਨ ਕਰ ਕੇ ਬਣਾਏ ਹੋਏ ਨੇ।ਤਿੰਨਾਂ ਦੇ ਬਾਹਰ ਉਨ੍ਹਾਂ ਦੇ ਅੰਦਰ ਬੈਠੇ ਅਫ਼ਸਰਾਂ ਦਿਆਂ ਨਾਵਾਂ ਦੀਆਂ ਨੇਮ-ਪਲੇਟਾਂ ਲਟਕ ਰਹੀਆਂ ਨੇ।
ਮੈਂ ਸਭ ਤੋਂ ਪਹਿਲੇ ਟੇਬਲ ਦੇ ਮੂਹਰੇ ਜਾ ਕੇ ਖੜ੍ਹੀ ਹੋ ਜਾਂਦੀ ਹਾਂ ਜਿਸ ਦੇ ਪਿੱਛੇ ਕਰ ਕੇ ਕੁਰਸੀ 'ਤੇ ਇਕ ਅਧੇੜ ਉਮਰ ਦਾ ਬੰਦਾ ਬੈਠੈ, ਐਨ ਸੁਕੜੂ ਜਿਹਾ, ਅਲਸੇਸ਼ੀਅਨ ਕੁਤੇ ਦੇ ਮੂੰਹ ਜਿਹੇ ਚਿਹਰੇ ਵਾਲਾ। ਜਿਸਦੇ ਦੋਵੇਂ ਕੰਨ ਬਾਹਰ ਵੱਲ ਨਿਕਲੇ ਹੋਏ ਨੇ।ਉਹ ਕੁਝ ਲਿਖੀ ਜਾ ਰਿਹੈ ਫ਼ਾਈਲ ਵਿਚ।ਉਸ ਅੱਗੇ ਮੇਜ਼ 'ਤੇ ਇਕ ਛੋਟੀ ਜਿਹੀ ਤਖਤੀ ਪਈ ਹੈ ਜਿਸ 'ਤੇ ਓਹਦਾ ਨਾਂ ਲਿਖਿਆ ਹੋਇਐ, ਆਰ.ਸੀ.ਵਰਮਾ।ਮੈਂ ਉਸ ਅੱਗੇ ਅਪੌਇੰਟਮੈਂਟ ਲੈਟਰ ਧਰ ਦਿੰਦੀ ਹਾਂ। ਓਹ ਕਾਗਜ਼ 'ਤੇ ਲਿਖਣਾ ਬੰਦ ਕਰ ਕੇ ਪਹਿਲਾਂ ਮੇਰੇ ਵੱਲ ਤੇ ਫੇਰ ਅਪੌਇੰਟਮੈਂਟ ਲੈਟਰ ਵੱਲ ਵੇਖਦੈ। ਚਸ਼ਮੇ ਨੂੰ ਠੀਕ ਕਰ ਉਹਨੂੰ ਪੜ੍ਹਦੈ ਪਰ ਬੋਲਦਾ ਕੁਝ ਨਹੀਂ ਸਗੋਂ ਸਾਹਮਣੇ ਦੀਂਹਦੇ ਇਕ ਕੈਬਿਨ ਵੱਲ ਇਸ਼ਾਰਾ ਕਰ ਦਿੰਦੈ।
"ਮੈਂ।"
"ਹਾਂ, ਉਸ ਵਿਚ ਸੁਪਰਡੈਂਟ ਸਾਹਿਬ ਬੈਠੇ ਨੇ। ਉਨ੍ਹਾਂ ਕੋਲ ਚਲੇ ਜਾਵੋ।"
ਉਹ ਮੇਰੇ ਨਾਲ ਇਸ ਤੋਂ ਵੱਧ ਗੱਲ ਨਹੀਂ ਕਰਦਾ। ਲੱਗਦੈ ਓਹਦੀ ਮੇਰੇ ਵਿਚ ਬਹੁਤੀ ਰੁਚੀ ਨਹੀਂ। ਇਸ ਤਰ੍ਹਾ ਲੱਗਦੈ ਜਿਵੇਂ ਉਹ ਬਹੁਤੀ ਗੱਲ ਨਾ ਕਰ ਕੇ ਮੈਨੂੰ ਟਾਲ ਦੇਣਾ ਚਾਹੁੰਦੈ। ਮੈਂ ਅਪੌਇੰਟਮੈਂਟ ਲੈਟਰ ਲੈ ਕੇ ਚੁਪਚਾਪ ਉਸ ਰਾਹੀਂ ਦੱਸੇ ਕੈਬਿਨ ਵੱਲ ਟੁਰ ਪੈਂਦੀ ਹਾਂ। ਕੈਬਿਨ ਦੇ ਦਰਵਾਜ਼ੇ 'ਤੇ ਇਕ ਨੇਮ ਪਲੇਟ ਲੱਗੀ ਹੋਈ ਹੈ ਜਿਸ 'ਤੇ ਆਰ.ਐੱਸ.ਵੋਹਰਾ ਸੁਪਰਡੈਂਟ ਲਿਖਿਆ ਹੋਇਐ। ਭਾਹਰ ਬੂਹੇ ਤੇ ਇਕ ਪੱਕੀ ਉਮਰ ਦਾ ਚਪਵਾਸੀ ਬੈਠਾ ਜਿਵੇਂ ਊਂਘ ਰਿਹੈ।ਮੇਰੀ ਪੈੜ ਚਾਲ ਸੁਣ ਉਹ ਸਿੱਧਾ ਹੋ ਕੇ ਬਹਿ ਜਾਂਦੈ।
"ਕੀ ਹੈ?" ਉਹ ਸਖਤ ਆਵਾਜ਼ ਨਾਲ ਬੋਲਦੈ।ਜਿਵੇਂ ਮੈਂ ਉਸਨੂੰ ਅੱਧ ਸੁੱਤੇ ਨੂੰ ਜਗਾਅ ਕੇ ਗਲਤ ਕੰਮ ਕੀਤਾ ਸੀ।
"ਮੈਂ ਸੁਪਰਡੈਂਟ ਸਾਹਿਬ ਨੂੰ ਮਿਲਣੈ।"
ਉਹ ਪੁੱਛਦਾ ਪੁੱਛਦਾ ਰਹਿ ਜਾਂਦੈ ਕਿ ਕੀ ਕੰਮ ਹੈ। ਸ਼ਾਇਦ ਉਹ ਮੇਰੀ ਗੱਲ ਦਾ ਜੁਆਬ ਦੇ ਕੇ ਆਪਣੀ ਇਕਾਗਰਤਾ ਭੰਗ ਨਹੀਂ ਕਰਨੀ ਚਾਹੁੰਦਾ ਇਸ ਲਈ ਕੁਝ ਨਾ ਕਹਿ ਮੈਨੂੰ ਆਫ਼ਿਸ ਅੰਦਰ ਜਾਣ ਲਈ ਇਸ਼ਾਰਾ ਕਰ ਕੇ ਪਹਿਲਾਂ ਵਾਲੀ ਮੁਦਰਾ ਵਿਚ ਆ ਜਾਂਦਾ ਹੈ।
ਮੈਂ ਆਫ਼ਿਸ ਦਾ ਬੂਹਾ ਬੂਹਾ ਖੋਲ੍ਹਕੇ ਅੰਦਰ ਦਾਖਲ ਹੁੰਦੀ ਹਾਂ। ਵੱਡਾ ਸਾਰਾ ਕਮਰਾ। ਸਾਹਮਣੇ ਇਕ ਚਮਕਦਾ ਟੀਕ ਵੁੱਡ ਦਾ ਟੇਬਲ ਹੈ ਜਿਸ 'ਤੇ ਕਈ ਫ਼ਾਈਲਾਂ ਪਈਆਂ ਹਨ। ਇਕ ਪਾਸੇ ਟੇਬਲ ਲੈਂਪ ਜਗ ਰਿਹੈ। ਮੇਜ਼ ਦੇ ਪਿੱਛੇ ਉੱਚੀ ਬੈਕ ਵਾਲੀ ਮੈਰੂਨ ਰੰਗ ਦੀ ਕੁਰਸੀ 'ਤੇ ਵੱਡੀ ਉਮਰ ਦਾ ਇਕ ਪੁਰਸ਼ ਬੈਠੈ। ਉਸ ਨੂੰ ਵੇਖ ਮੈਨੂੰ ਆਪਣੇ ਦਾਰਜੀ ਹੋਣ ਦਾ ਭੁਲੇਖਾ ਜਿਹਾ ਪੈਂਦੈ।ਉਸੇ ਤਰ੍ਹਾਂ ਦੀ ਖੁੱਲ੍ਹੀ ਚਿੱਟੀ ਦਾੜ੍ਹੀ ਅਤੇ ਉਨ੍ਹਾਂ ਨਾਲੋਂ ਰਤਾ ਕੁ ਵੱਧ ਉਮਰ।ਜਦੋਂ ਮੈਂ ਉਸਦੀ ਵੱਲ ਵੇਖਦੀ ਹਾਂ ਤਾਂ ਉਸ ਦੀ ਵੱਡੀ ਉਮਰ ਹੋਣ ਕਰਕੇ ਮੇਰੀਆਂ ਅੱਖਾਂ ਆਦਰ ਨਾਲ ਝੂਕ ਜਾਂਦੀਆਂ ਨੇ। ਮੈਂ ਪਲ ਵਿਚ ਆਰ.ਐੱਸ ਵੋਹਰਾ ਦੇ ਨਾਂ ਦੇ ਪੂਰੇ ਅਰਥਲੱਭਣ ਲੱਗਦੀ ਹਾਂ, ਰਾਜਿੰਦਰ ਸਿੰਘ ਵੋਹਰਾ,ਰਵੇਲ ਸਿੰਘ ਵੋਹਰਾ ਜਾਂ । ਮੈਂ ਉਨ੍ਹਾਂ ਦੇ ਨਾਂ ਦੇ ਠੀਕ ਅਰਥ ਲੱਭਣ ਵਿਚ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰਦੀ ਹਾਂ।
ਮੇਰੇ ਵੱਲ ਵੇਖ ਉਸ ਖੁੱਲ੍ਹੀ ਦਾੜ੍ਹੀ ਵਾਲੇ ਦਾਰਜੀ ਜਿਹੇ ਚਿਹਰੇ 'ਤੇ ਹਲਕੀ ਜਿਹੀ ਮੁਸਕਰਾਹਟ ਫੈਲ ਜਾਂਦੀ ਹੈ। "ਮੈਂ…।" ਇਹ ਇਕ ਸ਼ਬਦ ਕਹਿ ਅਪੌਇੰਟਮੈਂਟ ਲੈਟਰ ਉਸ ਪੁਰਸ਼ ਦੇ ਹੱਥ ਫੜਾਅ ਦਿੰਦੀ ਹਾਂ। ਉਹ ਅੱਖਾਂ 'ਤੇ ਲੱਗਿਆ ਚਸ਼ਮਾ ਠੀਕ ਕਰ ਕੇ ਉਸ ਨੂੰ ਪੜ੍ਹਦਾ ਹੈ।
"ਹਾਂ …ਠੀਕ ਹੈ…। ਹਾਂ ਬੀਬਾ ਤੂੰ ਆਪਣੇ ਸਰਟੀਫ਼ਿਕੇਟ ਲੈ ਕੇ ਆਈ ਹੈਂ?"
"ਸਰਟੀਫ਼ਿਕੇਟ ?" ਮੇਰੇ ਮੂੰਹੋਂ ਹੈਰਾਨੀ ਨਾਲ ਇਹ ਸ਼ਬਦ ਬਾਹਰ ਨਿਕਲਦਾ ਹੈ।
"ਹਾਂ ਭਾਈ, ਤੇਰੇ ਸਰਟੀਫ਼ਿਕੇਟ ਵੀ ਤਾਂ ਮੈਂ ਵੇਖਣੇ ਨੇ।"
"ਪਰ ਸਰਟੀਫ਼ਿਕੇਟ ਤਾਂ ਦਾਰ…ਬੋਰਡ ਨੇ ਇੰਟਰਵਿਊ ਵੇਲੇ ਦੇਖ ਲਏ ਸਨ।"
ਮੇਰੇ ਮੂੰਹੋਂ ਮਸਾਂ ਦਾਰਜੀ ਸ਼ਬਦ ਨਿਕਲਦਾ ਹੋਇਆ ਰੁਕਦਾ ਹੈ।
"ਪਰ ਭਾਈ ਤੇਰੇ ਨੰਬਰ ਕਿਹੋ ਜਿਹੇ ਆਏ? ਬੀਬਾ ਕੈਂਡੀਡੇਟ ਦੀ ਲਿਆਕਤ ਦਾ ਪਤਾ ਹੋਵੇ ਤਾਂ ਕੰਮ ਲੈਣ ਵਾਲੇ ਅਫ਼ਸਰ ਨੂੰ ਹੋਰ ਵੀ ਮਜ਼ਾ ਆਉਂਦੈ।"
"ਜੀ ਮੈਂ ਹਾਈ ਸਕੂਲ ਵਿਚ ਪਚਾਸੀ ਪਰਸੈਂਟ ਨੰਬਰ ਲਏ ਸਨ।"
"ਵਾਹ ਵਾਹ! ਤੂੰ ਤਾਂ ਕਮਾਲ ਕਰ ਦਿੱਤਾ। ਆ ਮੇਰੇ ਨੇੜੇ ਆ ਤੈਨੂੰ ਸ਼ਾਬਾਸ਼ ਤਾਂ ਦੇ ਦੇਵਾਂ !" ਵੋਹਰਾ ਸਾਹਿਬ ਇਹ ਕਹਿ ਮੈਨੂੰ ਮੇਜ਼ ਦੇ ਸਾਹਮਣੇ ਤੋਂ ਹਟਾਅ ਕੇ ਆਪਣੇ ਸੱਜੇ ਪਾਸੇ ਕੁਰਸੀ ਨੇੜੇ ਸੱਦ, ਮੇਰੀ ਪਿੱਠ 'ਤੇ ਹੱਥ ਧਰ ਕੇ ਮੈਨੂੰ ਸ਼ਾਬਾਸ਼ ਦੇਂਦੇ ਨੇ। ਮੈਨੂੰ ਲੱਗਦੈ ਜਿਵੇਂ ਉਨ੍ਹਾਂ ਦਾਰਜੀ ਵਾਂਗ ਖੁਸ਼ ਹੋ ਕੇ ਥਾਪੀ ਦਿੱਤੀ ਹੋਵੇ।
ਵੋਹਰਾ ਸਾਹਿਬ ਦਾ ਇਸ ਤਰ੍ਹਾਂ ਕਰਨਾ ਮੈਨੂੰ ਬਹੁਤ ਚੰਗਾ ਲੱਗਿਆ। ਮੈਂ ਹੀ ਨਹੀਂ ਸਗੋਂ ਕਿਸੇ ਦੇ ਵਧੀਆ ਕੰਮ ਦੀ ਨੌਕਰੀ ਦੇ ਪਹਿਲੇ ਦਿਨ ਹੀ ਇਸ ਤਰ੍ਹਾਂ ਕਦਰ ਪੈ ਜਾਵੇ ਤਾਂ ਹਰ ਇਕ ਨੂੰ ਚੰਗਾ ਲੱਗੇਗਾ।।
ਆਫ਼ਿਸ ਵਿਚ ਮੇਰਾ ਪਹਿਲਾ ਦਿਨ ਬਹੁਤ ਵਧੀਆ ਲੰਘਿਆ! ਘਰ ਆ ਮੈਂ ਦਾਰਜੀ ਨੂੰ ਸਭ ਕੁਝ ਦੱਸਿਆ। ਉਨ੍ਹਾਂ ਨੂੰ ਇਹ ਵੀ ਕਿਹਾ ਕਿ ਆਫ਼ਿਸ 'ਚ ਮੇਰੇ ਅਫ਼ਸਰ ਵੋਹਰਾ ਸਾਹਿਬ ਬਿਲਕੁਲ ਓਨ੍ਹਾਂ ਜਿਹੇ ਨੇਜਿਹੜੇ ਮੇਰੇ ਨੰਬਰ ਸੁਣ ਕੇ ਹੀ ਬਹੁਤ ਖੁਸ਼ ਹੋ ਗਏ ਸਨ।
ਹੁਣ ਮੇਰਾ ਆਫ਼ਿਸ ਦਾ ਹਰ ਦਿਨ ਖੁਸ਼ੀ ਖੁਸ਼ੀ ਲੰਘਦਾ। ਮੈਂ ਖੂਬ ਡਟ ਕੇ ਕੰਮ ਕਰਦੀ। ਚਿੱਠੀਆਂ ਦੇ ਜੁਆਬ ਦੇਣੇ, ਨਵੀਆਂ ਚਿੱਠੀਆਂ ਲਿਖਣੀਆਂ, ਹਿਸਾਬ ਕਿਤਾਬ ਮਿਲਾਉਣਾ ਅਤੇ ਫ਼ਾਈਲਾਂ ਸਾਂਭਣੀਆਂ। ਮੈਨੂੰ ਲੱਗਦਾ ਵੋਹਰਾ ਸਾਹਿਬ ਮੇਰੇ 'ਤੇ ਬਹੁਤ ਖੁਸ਼ ਰਹਿੰਦੇ ਨੇ। ਉਹ ਦਿਨ ਵਿਚ ਇਕ ਦੋ ਵਾਰੀ ਚਪੜਾਸੀ ਰਾਹੀਂ ਮੈਨੂੰ ਆਪਣੇ ਕਮਰੇ ਵਿਚ ਵੀ ਸੱਦ ਲੈਂਦੇ ਨੇ।ਹੁਣ ਉਹ ਮੈਨੂੰ ਆਪਣੇ ਸਾਹਮਣੇ ਖੜ੍ਹਾ ਰਹਿਣ ਦੀ ਥਾਂ ਕੁਰਸੀ ਦੇ ਸੱਜੇ ਪਾਸੇ ਬੁਲਾਅ ਲੈਂਦੇ ਨੇ। ਹੁਣ ਮੈਂ ਆਪ ਓਥੇ ਚਲੀ ਜਾਂਦੀ ਹਾਂ। ਉਨ੍ਹਾਂ ਨੂੰ ਏਸ ਲਈ ਕਹਿਣਾ ਵੀ ਨਹੀਂ ਪੈਂਦਾ। ਮੇਰਾ ਕੋਈ ਵੀ ਕੰਮ ਵੇਖ ਉਹ ਮੇਰੀ ਪਿੱਠ 'ਤੇ ਹੱਥ ਧਰ ਮੈਨੂੰ ਥਾਪੀ ਦੇਂਦੇ ਰਹਿੰਦੇ ਨੇ, "ਸ਼ਾਬਾਸ਼ ਬੱਲੀ ਤੂੰ ਤਾਂ ਕਮਾਲ ਦੀ ਕੁੜੀ ਹੈਂ।"
ਅਜਿਹਾ ਹੋਣ 'ਤੇ ਮੈਨੂੰ ਚੰਗਾ ਲੱਗਦੈ। ਜਦੋਂ ਮੈਂ ਸਕੂਲ ਵਿਚ ਪੜ੍ਹਦੀ ਸਾਂ ਜਾਂ ਫੇਰ ਕਾਲਜ ਵਿਚ ਪੜ੍ਹਾਈ ਕੀਤੀ ਅਤੇ ਮੈਂ ਓਥੇ ਕੋਈ ਵੀ ਵਧੀਆ ਕੰਮ ਕੀਤਾ, ਚੰਗੇ ਨੰਬਰ ਲਏ, ਕਾਲਜ ਵਿਚ ਪੁਜ਼ੀਸ਼ਨ ਲਈ ਤਾਂ ਦਾਰਜੀ ਵੱਲੋਂ ਹਰ ਵਾਰ ਇਸੇ ਤਰ੍ਹਾਂ ਪਿੱਠ 'ਤੇ ਥਾਪੀ ਮਿਲੀ ਜਿਵੇਂ ਅਕਸਰ ਵੋਹਰਾ ਸਾਹਿਬ ਕਰਦੇ ਨੇ।
ਪਰ ਫੇਰ ਇਕ ਦਿਨ ਵੋਹਰਾ ਸਾਹਿਬ ਨੇ ਮੈਨੂੰ ਚਾਰ ਚਿੱਠੀਆਂ ਲਿਖਣ ਲਈ ਦਿੱਤੀਆਂ ਜਿਹੜੀਆਂ ਕੰਪਨੀਆਂ ਦੇ ਡਾਇਰੈਕਟਰਾਂ ਦੇ ਨਾਂ ਸਨ। ਉਹ ਚਾਰੇ ਖਤ ਪਹਿਲਾਂ ਮੈਂ ਡਰਾਫ਼ਟ ਕੀਤੇ ਤੇ ਫੇਰ ਉਨ੍ਹਾਂ ਨੂੰ ਟਾਈਪ ਕਰ ਕੇ ਫ਼ਾਈਲ 'ਚ ਲਗਾ ਕ ਵੋਹਰਾ ਸਾਹਿਬ ਦੇ ਕਮਰੇ 'ਚ ਦਾਖਿਲ ਹੋਈ ਤਾਂ ਉਹ ਕਿਸੇ ਕਾਗਜ਼ ਨੂੰ ਪੜ੍ਹ ਰਹੇ ਸਨ।
ਉਨ੍ਹਾਂ ਮੇਰੇ ਹੱਥੋਂ ਫ਼ਾਈਲ ਲੈ ਲਈ ਤੇ ਮੇਰੇ ਰਾਹੀਂ ਡਰਾਫ਼ਟ ਕੀਤੇ ਖਤ ਪੜ੍ਹਨ ਲੱਗੇ। ਜਦੋਂ ਚੌਥਾ ਖਤ ਮੁੱਕਿਆ ਤਾਂ ਉਨ੍ਹਾਂ ਦੇ ਚਿਗਰੇ 'ਤੇ ਮੁਸਕ੍ਰਾਹਟ ਖਿਲ ਉੱਠੀ।
"ਵੈਰੀ ਗੁਡ...।" ਉਨ੍ਹਾਂ ਅੱਖਾਂ ਨੂੰ ਥੋੜ੍ਹਾ ਜਿਹਾ ਮੀਚ ਕੇ ਇਹ ਸ਼ਬਦ ਕਹੇ ਜਿਨ੍ਹਾਂ ਨੂੰ ਸੁਣ ਕੇ ਮੇਰਾ ਅੰਦਰ ਖੁਸ਼ੀ ਨਾਲ ਭਰ ਗਿਆ। ਫੇਰ ਉਨ੍ਹਾਂ ਰੋਜ਼ ਵਾਂਗ ਮੇਰੀ ਪਿੱਠ ਥਪਥਪਾਉਣ ਲਈ ਆਪਣਾ ਸੱਜਾ ਹੱਥ ਮੇਰੀ ਪਿੱਠ 'ਤੇ ਲਾਇਆ।
ਉਨ੍ਹਾਂ ਮੇਰੀ ਪਿੱਠ 'ਤੇ ਤਿੰਨ ਚਾਰ ਵਾਰ ਥਪਥਪਾਇਆ ਅਤੇ ਪੰਜਵੀਂ ਵਾਰੀ ਆਪਣੇ ਹੱਥ ਦੇ ਪੰਜੇ ਨਾਲ ਮੇਰੀ ਪਿੱਠ ਨੂੰ ਜ਼ੋਰ ਦਾ ਦਬਾਅ ਦਿੱਤਾ। ਮੈਨੂੰ ਲੱਗਾ ਜਿਵੇਂ ਉਨ੍ਹਾਂ ਦੇ ਉਸ ਪੰਜੇ ਦੀ ਇਕ ਉਂਗਲ ਮੇਰੀ ਪਿੱਠ ਵਿਚ ਕੁਝ ਪਲਾਂ ਲਈ ਖੁਭ ਗਈ ਹੋਵੇ!
ਅਜਿਹਾ ਹੋਣ 'ਤੇ ਮੈਂ ਕੁਝ ਨਾ ਬੋਲੀ ਸਗੋਂ ਫ਼ਾਈਲ ਲੈ ਕੇ ਕਮਰੇ ਵਿਚੋਂ ਬਾਹਰ ਨਿਕਲ ਆਈ, ਪਰ ਉਸ ਵੇਲੇ ਮੇਰਾ ਅੰਦਰ ਕੁਝ ਭਾਰਾ ਭਾਰਾ ਜਿਹਾ ਹੋ ਗਿਆ ਸੀ, ਖਰਾਬ ਜਿਹਾ ਹੋ ਗਿਆ ਸੀ। ਜਿਵੇਂ ਇਹ ਸਭ ਕੁਝ ਹੋਣਾ ਸੁਭਾਵਕ ਨਹੀਂ ਸੀ ਸਗੋਂ ਵੋਹਰਾ ਸਾਹਿਬ ਨੇ ਜਾਣ ਬੁੱਝ ਕੇ ਕੀਤਾ ਸੀ।
ਦੋ ਤਿੰਨ ਦਿਨ ਇਸੇ ਤਰ੍ਹਾਂ ਲੰਘ ਗਏ।ਮੈਨੂੰ ਭਾਵੇਂ ਵੋਹਰਾ ਸਾਹਿਬ ਦੇ ਕਮਰੇ ਵਿਚ ਜਾਣ ਲਈ ਕੋਈ ਕੰਮ ਨਾ ਪਿਆ, ਪਰ ਤਾਂ ਵੀ ਮੇਰੇ ਅੰਦਰ ਜਿਵੇਂ ਇਕ ਸੋਚ ਜਿਹੀ ਉੱਗ ਪਈ।ਅੱਗੇ ਮੈਂ ਮਾੜੀ ਜਿਹੀ ਗੱਲ 'ਤੇ ਉਨ੍ਹਾਂ ਦੇ ਕਮਰੇ 'ਚ ਚਲੀ ਜਾਂਦੀ ਸੀ।ਉਨ੍ਹਾਂ ਕੋਲੋਂ ਕੁਝ ਨਾ ਕੁਝ ਪੁੱਛਦੀ ਰਹਿੰਦੀ ਸੀ।ਪਰ ਇਹਨਾਂ ਦਿਨਾਂ ਵਿਚ ਕੋਈ ਔਖਾ ਕੰਮ ਹੁੰਦਿਆਂ ਵੀ ਮੈਂ ਉਸ ਨੂੰ ਆਪੇ ਸੁਲਝਾਅ ਲੈਂਦੀ।
ਫੇਰ ਇਕ ਦਿਨ ਕਲੱਰਕ ਵਰਮਾ ਨੇ ਕਿਹਾ ਕਿ ਵੋਹਰਾ ਸਾਹਿਬ ਬੁਲਾਅ ਰਹੇ ਨੇ। ਇਹ ਸੁਣ ਮੈਂ ਦੋ-ਚਿੱਤੀ ਜਿਹੀ ਹੋ ਗਈ। ਮੈਨੂੰ ਜਿਵੇਂ ਡਰ ਜਿਹਾ ਲੱਗ ਰਿਹਾ ਸੀ।ਮੈਂ ਫ਼ੈਸਲਾ ਨਹੀਂ ਕਰ ਪਾ ਰਹੀ ਸੀ ਕਿ ਵੋਹਰਾ ਸਾਹਿਬ ਦੇ ਕਮਰੇ ਵਿਚ ਜਾਵਾਂ ਜਾਂ ਨਾ ਜਾਵਾਂ। ਪਰ ਮੇਰੀ ਮਜਬੂਰੀ ਕਿ ਮੈਨੂੰ ਅਫ਼ਸਰ ਦਾ ਹੁਕਮ ਮੰਨਣਾ ਪਿਆ।
"ਭਾਈ ਬੀਬਾ ਮੇਰੇ ਨੇੜੇ ਆ ਮੈਂ ਤੈਨੂੰ ਕੁਝ ਸਮਝਾਉਣੈਂ....। ਇਸ ਗੱਲ ਦੇ ਨਾਲ ਹੀ ਮੇਰੇ ਅੰਦਰ ਕਿੰਨੀਆਂ ਹੀ ਗੱਲਾਂ ਜੰਮ ਪਈਆਂ।
"ਮੈਂ ਤਾਂ ਕਮਲੀ ਹਾਂ ਜਿਸ ਨੇ ਵੋਹਰਾ ਸਾਹਿਬ ਬਾਰੇ ਏਨਾ ਕੁਝ ਸੋਚ ਲਿਆ। ਇਹ ਉਹ ਨਹੀਂ ਜਿਹੜੇ ਮੈਂ ਤਿੰਨ ਦਿਨ ਪਹਿਲਾਂ ਸਮਝੀ ਸੀ।ਇਹ ਤਾਂ ਉਹੀ ਦਾਰਜੀ ਜਿਹੇ ਚਿੱਟੀ ਦਾੜ੍ਹੀ ਵਾਲੇ ਪੁਰਸ਼ ਨੇ ਜਿਨ੍ਹਾਂ ਮੈਨੂੰ ਧੀ ਸਮਝ ਆਪਣੇ ਕੋਲ ਸੱਦਿਆ ਸੀ।"
ਅਜਿਹੀ ਚੰਗੀ ਸੋਚ ਨਾਲ ਭਰੀ ਮੈਂ ਉਨ੍ਹਾਂ ਦੀ ਮੇਜ਼ ਦੇ ਸੱਜੇ ਪਾਸੇ ਜਾ ਕੇ ਖੜ੍ਹੀ ਹੋ ਗਈ। ਉਹ ਫ਼ਾਈਲਾਂ ਬਾਰੇ ਕੁਝ ਬੋਲਦੇ ਜਾ ਰਹੇ ਸਨ, ਪਰ ਪਤਾ ਨਹੀਂ ਮੈਨੂੰ ਤਾਂ ਕਿਉਂ ਕੁਝ ਸੁਣਾਈ ਹੀ ਨਹੀਂ ਦੇ ਰਿਹਾ ਸੀ।ਮੇਰੇ ਅੰਦਰ ਤਾਂ ਇਕ ਭੁਚਾਲ ਜਿਹਾ ਊੱਠਿਆ ਹੋਇਆ ਸੀ ਜਿਹੜਾ ਮੈਨੂੰ ਸਾਰੀ ਨੂੰ ਜਿਵੇਂ ਹਲੂਣ ਰਿਹਾ ਸੀ।ਵੋਹਰਾ ਸਾਹਿਬ ਬੋਲਦੇ ਗਏ ਅਤੇ ਮੈਂ ਚੁੱਪ ਖੜ੍ਹੀ ਸੀ।
"ਤੂੰ ਭਾਈ ਕੁਝ ਸਮਝੀ ਵੀ ਜਾਂ ਨਹੀਂ?"ਉਹ ਇਹ ਆਖ ਪਹਿਲਾਂ ਵਾਂਗ ਆਪਣਾ ਸੱਜਾ ਹੱਥ ਮੇਰੀ ਪਿੱਠ 'ਤੇ ਲੈ ਗਏ। ਉਨ੍ਹਾਂ ਮੈਨੂੰ ਤਿੰਨ ਚਾਰ ਵਾਰ ਥਾਪੀ ਦਿੱਤੀ ਅਤੇ ਮੈਨੂੰ ਇਵੇਂ ਲੱਗਾ ਜਿਵੇਂ ਏਸ ਵਾਰੀ ਉਨ੍ਹਾਂ ਮੇਰੀ ਪਿੱਠ 'ਤੇ ਚੂੰਢੀ ਜਿਹੀ ਭਰ ਲਈ ਸੀ ਅਤੇ ਫੇਰ ਉਹ ਹੱਥ ਜ਼ੋਰ ਦੀ ਰਗੜ ਮਾਰਦਾ ਹੋਇਆ ਮੇਰੀ ਪਿੱਠ ਦੇ ਹੇਠਾਂ ਵੱਲ ਨੂੰ ਚਲਾ ਗਿਆ ਸੀ।
ਮੈਨੂੰ ਪਤਾ ਨਹੀਂ ਕੀ ਹੋ ਗਿਆ।ਮੈਂ ਇਕ ਪਲ ਵੀ ਓਥੇ ਨਾ ਖੜੋ ਤੇਜ਼ ਤੇਜ਼ ਟੁਰਦੀ ਕਮਰੇ 'ਚੋਂ ਬਾਹਰ ਨਿਕਲ ਆਪਣੀ ਸੀਟ 'ਤੇ ਆ ਜਿਵੇਂ ਕੁਰਸੀ 'ਤੇ ਡਿੱਗ ਹੀ ਪਈ। ਮੈਨੂੰ ਹੁਣ ਇਹ ਸਾਫ਼ ਪਤਾ ਚੱਲ ਗਿਆ ਸੀ ਕਿ ਮੇਰੀ ਪਿੱਠ ਨੂੰ ਛੂੰਹਦਾ ਉਹ ਹੱਥ ਦਾਰਜੀ ਤੋਂ ਵੱਡੀ ਉਮਰ ਵਾਲੇ ਚਿੱਟੀ ਦਾੜ੍ਹੀ ਵਾਲੇ ਇਕ ਪੁਰਸ਼ ਦਾ ਸੀ ਜਿਹੜਾ ਮੇਰੀ ਪਿੱਠ ਨੂੰ ਰਗੜ ਮਾਰਦਾ ਹੋਇਆ ਹੇਠਾਂ ਵੱਲ ਚਲਾ ਗਿਆ ਸੀ।
ਮੈਂ ਉਸ ਦਿਨ ਆਫ਼ਿਸ ਵਿਚ ਹੋਰ ਬਹੁਤਾ ਚਿਰ ਨਾ ਬਹਿ ਸਕੀ ਸਗੋਂ ਕਿਸੇ ਨੂੰ ਕੁਝ ਕਹੇ ਬਿਨਾ ਘਰ ਆ ਗਈ। ਦਾਰਜੀ ਘਰ ਸਨ। ਉਹ ਮੇਰੇ ਆਫ਼ਿਸ ਤੋਂ ਛੇਤੀ ਮੁੜ ਆਉਣ 'ਤੇ ਪੁੱਛਦੇ ਨੇ। ਪਰ ਮੈਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦੇ ਪਾਉਂਦੀ, ਭਾਵੇਂ ਇਕ ਵਾਰ ਤਾਂ ਮੇਰਾ ਮਨ ਕਰਦਾ ਦਾਰਜੀ ਨੂੰ ਰੋ ਰੋ ਕੇ ਸਭ ਕੁਝ ਦੱਸ ਦੇਵਾਂ, ਪਰ ਮੈਂ ਚੁੱਪ ਰਹਿ ਜਾਂਦੀ ਹਾਂ।
ਤਿੰਨ ਦਿਨ ਹੋ ਗਏ ਪਰ ਮੈਂ ਆਫ਼ਿਸ ਨਹੀਂ ਗਈ। ਘਰੋਂ ਬਿਮਾਰ ਹੋਣ ਦੀ ਅਰਜ਼ੀ ਭੇਜ ਦਿੱਤੀ।ਜਦੋਂ ਮੈਂ ਚੌਥੇ ਦਿਨ ਪਹੁੰਚੀ ਤਾਂ ਪਤਾ ਲੱਗਾ ਕਿ ਵੋਹਰਾ ਸਾਹਿਬ ਦੀ ਤਾਂ ਕਿਸੇ ਹੋਰ ਥਾਂ ਦੀ ਬਦਲੀ ਹੋ ਗਈ ਸੀ ਅਤੇ ਉਹ ਕਿਸੇ ਦੂਜੇ ਸੁਪਰਦੈਂਟ ਨੂੰ ਚਾਰਜ ਦੇ ਰਹੇ ਸਨ। ਮੇਰੀ ਉਨ੍ਹਾਂ ਨਾਲ ਕੋਈ ਗੱਲ ਨਹੀਂ ਹੋਈ। ਉਹ ਉਸੇ ਦਿਨ ਆਫ਼ਿਸ ਛੱਡ ਚਲੇ ਗਏ।
ਅੱਜ ਉਨ੍ਹਾਂ ਗੱਲਾਂ ਨੂੰ ਪੱਚੀ ਵਰ੍ਹੇ ਹੋ ਚੱਲੇ ਨੇ।ਮੈਂ ਵਿਆਹੀ ਗਈ ਹਾਂ। ਇਕ ਧੀ ਤੇ ਇਕ ਪੁੱਤਰ ਦੀ ਮਾਂ ਬਣ ਗਈ ਹਾਂ।ਮੇਰੀ ਧੀ ਪਿੰਕੀ ਵੀਹ ਸਾਲਾਂ ਦੀ ਤੇ ਪੁੱਤਰ ਸੋਲਾਂ ਸਾਲਾਂ ਦਾ ਹੈ।ਧੀ ਨੇ ਅੱਜ ਸਵੇਰੇ ਇਕ ਆਫ਼ਿਸ ਵਿਚ ਨੌਕਰੀ ਜੌਇਨ ਕੀਤੀ ਹੈ। ਜਦੋਂ ਉਹ ਸ਼ਾਮੀਂ ਘਰ ਆਈ ਤਾਂ ਬਹੁਤ ਖੁਸ਼ ਸੀ।ਮੈਂ ਉਸ ਨੂੰ ਐਵੇਂ ਪੁੱਛ ਲੈਂਦੀ ਹਾਂ-
" ਹਾਂ ਬਈ ਪਿੰਕੀ ਕੈਸਾ ਲੱਗਿਆ ਆਫ਼ਿਸ?"
"ਮੱਮਾ ਬਹੁਤ ਚੰਗਾ ਲੱਗਾ। ਸਚਮੁਚ ਬਹੁਤ ਮਨ ਲੱਗਿਆ ਓਥੇ। ਭਹੁਤ ਮਜ਼ਾ ਆਈਆਂ। ਸੱਚ ਮੱਮਾ ਸਾਡੇ ਬੌਸ ਅਹੂਜਾ ਸਾਹਿਬ ਤਾਂ ਬਹੁਤ ਚੰਗੀ ਨੇਚਰ ਦੇ ਨੇ।ਭਾਵੇਂ ਉਮਰ ਦੇ ਜ਼ਰੂਰ ਵੱਡੇ ਨੇ। ਦਾੜ੍ਹੀ ਅੱਧੀ ਤੋਂ ਵੀ ਵੱਧ ਚਿੱਟੀ ਹੋ ਗਈ ਹੈ, ਪਰ ਮੇਰੇ ਨਾਲ ਤਾਂ ਦੋਸਤਾਂ ਵਾਂਗ ਹੱਸ ਹੱਸ ਕੇ ਗੱਲਾਂ ਕਰਦੇ ਰਹੇ।ਉਨ੍ਹਾਂ ਦੋ ਤਿੰਨ ਵਾਰ ਆਪਣੇ ਕਮਰੇ 'ਚ ਵੀ ਸੱਦਿਆ।ਇਕ ਦੋ ਚਿੱਠੀਆਂ ਲਿਖਵਾਈਆਂ।ਮੈਂ ਏਨੀ ਵਧੀਆ ਡਰਾਫ਼ਟਿੰਗ ਕੀਤੀ ਕਿ ਉਨ੍ਹਾਂ ਦੇ ਮੂੰਹੋਂ ਕਈ ਵਾਰ ਨਿਕਲਿਆ,"ਪਿੰਕੀ ਵੈਰੀ ਗੁੱਡ।ਤੂੰ ਤਾਂ ਕਮਾਲ ਦੀ ਕੁੜੀ ਹੈਂ।"
ਪਿੰਕੀ ਏਨਾ ਆਖ ਗੱਲ ਮੁਕਾਅ ਆਪਣੇ ਕਮਰੇ 'ਚ ਚਲੀ ਜਾਂਦੀ ਹੈ। ਬਹੁਤ ਖੁਸ਼ ਹੈ ਉਹ।ਉਸ ਲਈ ਇਹ ਇਕ ਸਧਾਰਨ ਜਿਹੀ ਗੱਲ ਹੈ ਪਰ ਮੇਰਾ ਦਿਲ ਤਾ ਜਿਵੇਂ ਧੱਕ ਕਰਕੇ ਹੋ ਜਾਂਦੈ।ਜਿਵੇਂ ਕਿਤੇ ਹੇਠਾਂ ਨੂੰ ਡਿੱਗ ਪੈਂਦੈ।
ਹੌਲੇ ਹੌਲੇ ਰਾਤ ਪੈ ਜਾਂਦੀ ਹੈ। ਮੈਂ ਕਿਸੇ ਨਾਲ ਕੁਝ ਨਹੀਂ ਬੋਲਦੀ। ਕੋਈ ਗੱਲ ਨਹੀਂ ਕਰਦੀ ਕਿਸੇ ਨਾਲ।ਇਥੋਂ ਤੀਕ ਕਿ ਪਤੀ ਨਾਲ ਵੀ ਨਹੀਂ।ਮੇਰੇ ਕੋਲੋਂ ਤਾਂ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਖਾਧੀ ਜਾਂਦੀ। ਪਤੀ ਨੇ ਇਕ ਦੋ ਵਾਰੀ ਮੇਰੀ ਤਬੀਅਤ ਬਾਰੇ ਪੁੱਛਿਐ, ਪਰ ਮੈਂ ਤਾਂ ਐਵੇਂ "ਕੁਝ ਨਹੀਂ" ਕਹਿ ਕੇ ਗੱਲ ਮੁਕਾਅ ਦੇਂਦੀ ਹਾਂ।
ਫੇਰ ਰਾਤ ਘਿਰ ਆਉਂਦੀ ਹੈ। ਸਾਰੇ ਜਣੇ ਕਦੋਂ ਦੇ ਸੌਂ ਗਏ ਨੇ ਪਰ ਮੇਰੀਆਂ ਅੱਖਾਂ ਵਿਚ ਨੀਂਦ ਨਹੀਂ।ਮੈਂ ਬਹੁਤ ਬੇਚੈਨ ਹਾਂ, ਬਹੁਤ ਬੇਆਰਾਮ ਹਾਂ। ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕੀ ਸੋਚੀ ਜਾਂਦੀ ਹਾਂ। ਮੈਨੂੰ ਕੁਝ ਸਮਝ ਨਹੀਂ ਆਉਂਦਾ। ਪਿੰਕੀ ਦੀ ਨੌਕਰੀ ਜੌਇਨ ਕਰਨ ਦੀ ਸੋਚ ਨਾਲ ਮੈਨੂੰ ਆਪਣਾ ਆਫ਼ਿਸ ਦਾ ਪਹਿਲਾ ਦਿਨ ਚੇਤੇ ਆ ਜਾਂਦਾ ਹੈ। ਜਿੱਦਣ ਦਾਰਜੀ ਮੈਨੂੰ ਸਕੂਟਰ 'ਤੇ ਬਾਹਰ ਗੇਟ ਤੀਕ ਛੱਡ ਕੇ ਮੁੜ ਗਏ ਸਨ ਅਤੇ ਮੈਂ ਅੰਦਰ ਜਾ ਕੇ ਨੌਕਰੀ ਜੌਇਨ ਕਰ ਲਈ ਸੀ। ਫੇਰ ਥੋੜ੍ਹੇ ਦਿਨਾਂ ਬਾਅਦ ਹੀ...?
ਇਸ ਸੋਚ ਦੇ ਨਾਲ ਹੀ ਮੈਂ ਤਾਂ ਕੰਬ ਕੇ ਰਹਿ ਜਾਂਦੀ ਹਾਂ। ਉਹ ਘਟਨਾ ਜਿਹੜੀ ਪੱਚੀ ਵਰ੍ਹੇ ਪਹਿਲਾਂ ਮੇਰੇ ਨਾਲ ਵਾਪਰੀ ਸੀ ਅਤੇ ਫੇਰ ਏਨੇ ਸਾਲਾਂ ਤੀਕ ਧੁੰਦਲੀ ਧੁੰਦਲੀ ਮੇਰੇ ਜ਼ਹਿਨ ਨਾਲ ਜੁੜੀ ਰਹੀ ਸੀ। ਜਿਸ ਨੂੰ ਮੈਂ ਸਾਰੀ ਦੀ ਸਾਰ ਨੂੰ ਆਪਣੇ ਅੰਦਰੋਂ ਬਾਹਰ ਨਹੀਂ ਸੀ ਕੱਢ ਸਕੀ ਮੈਨੂੰ ਮੁੜ ਚੇਤੇ ਆ ਜਾਂਦੀ ਹੈ। ਭਾਵੇਂ ਕਿੰਨਾ ਵਕਤ ਲੰਘ ਗਿਐ। ਭਾਵੇਂ ਵਕਤ ਦੇ ਨਾਲ ਨਾਲ ਸਭ ਕੁਝ ਬਦਲ ਗਿਐ, ਪਰ ਮੈਨ ਅਜੇ ਤੀਕ ਵੀ ਦਾਰਜੀ ਜਿਹੇ ਪੁਰਸ਼ ਦੇ ਹੱਥ ਦੀ ਉਸ ਛੋਹ ਨੂੰ ਕਿਸੇ ਨਾਲ ਨਹੀਂ ਵੰਡ ਸਕੀ, ਕਿਸੇ ਨਾਲ ਸਾਂਝਾ ਨਹੀਂ ਕਰ ਸਕੀ ।ਵਿਆਹ ਤੋਂ ਪਹਿਲਾਂ ਦਾਰਜੀ ਨਾਲ ਨਹੀਂ, ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਨਹੀਂ, ਆਪਣੀ ਜਵਾਨ ਹੋ ਗਈ ਧੀ ਨਾਲ ਨਹੀਂ ਅਤੇ ਆਪਣੇ ਸੋਲ੍ਹਾਂ ਵਰ੍ਹਿਆਂ ਦੇ ਪੁੱਤ ਨਾਲ ਵੀ ਨਹੀਂ। ਮੈਨੂੰ ਲੱਗਦੈ ਪੱਚੀ ਵਰ੍ਹੇ ਪਹਿਲੇ ਮੇਰੀ ਪਿੱਠ 'ਤੇ ਫਿਰਿਆ ਉਹ ਦਾਰਜੀ ਤੋਂ ਵੀ ਵੱਡੀ ਉਮਰ ਦੇ ਚਿੱਟੀ ਦਾੜ੍ਹੀ ਵਾਲੇ ਕਿਸੇ ਪੁਰਸ਼ ਦਾ ਹੱਥ ਨਹੀਂ ਸਗੋਂ ਉਹ ਤਾਂ ਇਕ ਕੰਨਖਜੂਰਾ ਸੀ, ਜਿਹੜਾ ਉਸ ਪੁਰਸ਼ ਦੇ ਹੱਥੋਂ ਨਿਕਲ ਕੇ ਮੇਰੀ ਦੇਹ ਨਾਲ ਚਿੰਬੜ ਗਿਆ ਸੀ। ਜਿਸ ਨੇ ਆਪਣੇ ਤੇਜ਼ ਪੰਜੇ ਮੇਰੀ ਪਿੱਠ ਵਿਚ ਹੀ ਨਹੀਂ ਸਗੋਂ ਮੇਰੀ ਆਤਮਾ 'ਤੇ ਵੀ ਗੱਡ ਦਿੱਤੇ ਸਨ।ਪ੍ਰੰਤੂ ਜ਼ੋਰ ਲਾਇਆਂ ਵੀ ਮੈਂ ਪੱਚੀ ਸਾਲਾਂ ਵਿਚ ਉਨ੍ਹਾਂ ਨੂੰ ਆਪਣੀ ਪਿੱਠ ਤੋਂ, ਆਪਣੀ ਆਤਮਾ ਤੋਂ ਨਹੀਂ ਲਾਹ ਸਕੀ। ਆਪਣੇ ਨਾਲੋਂ ਤੋੜ ਕੇ ਅੱਡ ਨਹੀਂ ਕਰ ਸਕੀ। ਉਨ੍ਹਾਂ ਤੋਂ ਵੱਖਰਾ ਨਹੀਂ ਹੋ ਸਕੀ, ਸਗੋਂ ਉਨ੍ਹਾਂ ਨੂੰ ਨਾਲ ਲਈ ਫਿਰ ਰਹੀ ਹਾਂ। ਉਸ ਕੰਨਖਜੂਰੇ ਦਾ ਜ਼ਹਿਰ ਮੇਰੀ ਦੇਹ ਵਿਚ ਜਜ਼ਬ ਹੁੰਦਾ ਰਿਹਾ ਪਰ ਉਸ ਦੀ ਪੀੜ ਮੈਂ ਕਿਸੇ ਨਾਲ ਸਾਂਝੀ ਨਾ ਕਰ ਸਕੀ। ਅਤੇ ਅੱਜ…?
ਪਿੰਕੀ ਦਾ ਆਫ਼ਿਸ ਵਿਚ ਨੌਕਰੀ ਦਾ ਪਹਿਲਾ ਦਿਨ ਸੀ, ਪਰ ਪਤਾ ਨਹੀਂ ਮੈਨੂੰ ਨੀਂਦ ਕਿਓਂ ਨਹੀਂ ਪੈ ਰਹੀ? ਕਿਓਂ ਬੇਚੈਨ ਹਾਂ ਮੈਂ? ਕਿਓਂ ਬੇਅਰਾਮੀ ਜਿਹੀ ਮਹਿਸੂਸ ਕਰ ਰਹੀ ਹਾਂ ਮੈਂ...?
ਮੇਰਾ ਪੁੱਤ ਅਤੇ ਪਤੀ ਦੂਜੇ ਕਮਰੇ ਵਿਚ ਸੁੱਤੇ ਪਏ ਨੇ। ਮੇਰੇ ਕਮਰੇ'ਚ ਘੁੱਪ ਹਨੇਰਾ ਫੈਲਿਆ ਹੋਇਐ। ਮੇਰੀਆਂ ਅੱਖਾਂ ਭਾਵੇਂ ਖੁੱਲੀ੍ਹਆਂ ਨੇ, ਪਰ ਮੈਨੂੰ ਤਾਂ ਕੁਝ ਵੀ ਨਹੀਂ ਦੀਂਹਦਾ, ਸ਼ਾਇਦ ਹਨੇਰਾ ਹੋਣ ਕਰਕੇ ਜਾਂ....?
ਵੀਹਾਂ ਸਾਲਾਂ ਦੀ ਪਿੰਕੀ ਮੇਰੇ ਨਾਲ ਸੁੱਤੀ ਪਈ ਹੈ, ਬਿਲਕੁਲ ਚੈਨ 'ਚ, ਸੁੱਖ 'ਚ ਅਤੇ ਸਭ ਕਾਸੇ ਤੋਂ ਬੇਖਬਰ ਅਤੇ ਬੇਫ਼ਿਕਰ।ਅੱਜ ਸਵੇਰ ਤੋਂ ਉਹ ਬਹੁਤ ਖੁਸ਼ ਹੈ। ਚਾਅ ਜਿਹੇ ਨਾਲ ਭਰੀ ਹੋਈ ਹੈ, ਕਿਓਂਕਿ ਉਸਦੇ ਆਫ਼ਿਸ ਵਿਚ ਪਹਿਲੇ ਦਿਨ ਹੀ ਓਹਦੇ ਬੌਸ ਨੇ ਉਸਨੂੰ ਵਧੀਆ ਡਰਾਫ਼ਟਿੰਗ ਕਰਨ 'ਤੇ ਸ਼ਾਬਾਸ਼ ਜੋ ਦਿੱਤੀ ਹੈ...। ਵਾਹ ਵਾਹ ਜੋ ਕੀਤੀ ਹੈ ਉਸਦੀ..ਪਰ ਇਕ ਮੈਂ... ਹਾਂ.....।
ਮੇਰਾ ਮਨ ਕਰਦੈ ਮੈਂ ਜ਼ੋਰ ਜ਼ੋਰ ਦੀ ਚੀਖ ਪਵਾਂ। ਸਾਰੇ ਘਰ ਨੂੰ ਸਿਰ 'ਤੇ ਚੱਕ ਲਵਾਂ।ਇਸ ਤਰ੍ਹਾਂ ਹੋਣ 'ਤੇ ਪਿੰਕੀ ਡਰ ਕੇ ਬਿਸਤਰ 'ਤੇ ਉਠ ਬੈਠੇ ਅਤੇ ਮੈਂ ਉਸ ਨੂੰ ਕਹਾਂ......:
'ਬਚ ਕੇ ਰਹੀਂ ਧੀਏ ਇਸ ਪੁਰਸ਼ ਕੋਲੋਂ। ਦੇਖੀਂ ਚੰਦਰੀਏ ਕਿਤੇ ਇਹ ਚਿੱਟੀ ਦਾੜ੍ਹੀ ਵਾਲਾ ਤੇਰਾ ਬੌਸ ਜਿਸ ਨੂੰ ਤੂੰ ਆਪਣੇ ਦਾਰਜੀ ਜਿਹਾ ਸਮਝਦੀ ਹੈਂ ਤੇਰੀ ਦੇਹ 'ਤੇ ਕੰਨਖਜੂਰਾ ਨਾ ਛੱਡ ਦੇਵੇ....। ਅਤੇ ਫੇਰ ਤੂੰ ਵੀ ...ਸਾਰੀ ਉਮਰ ...ਮੇਰੇ ਵਾਂਗ਼..!
ਪਰ ਮੇਰੇ ਕੋਲੋਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਬੱਸ ਮੈਂ ਤਾਂ ਅੱਖਾਂ ਖੋਲ੍ਹੀ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗਦੀ ਹਾਂ ਜਦੋਂ ਚਾਰੇ ਪਾਸੇ ਚਾਨਣ ਹੀ ਚਾਨਣ ਫੈਲ ਜਾਵੇਗਾ ਅਤੇ ਮੈਂ ਇਹ ਗੱਲ ਆਪਣੀ ਜਵਾਨ ਹੋ ਚੱਲੀ ਧੀ ਨੂੰ ਆਖ ਉਸ ਪੁਰਸ਼ ਕੋਲੋਂ ਉਹਦਾ ਬਚਾਅ ਕਰਵਾ ਦੇਵਾਂਗੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ