Kapur Te Mazdoor : Principal Sujan Singh

ਕਪੂਰ ਤੇ ਮਜਦੂਰ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ

ਕਰਮ ਚੰਦ ਜਦੋਂ ਮੈਨੇਜਰ ਸਾਹਿਬ ਦੇ ਦਫਤਰ ਵਿੱਚੋਂ ਝਾੜ ਖਾ ਕੇ ਨਿਕਲਿਆ ਤਾਂ ਉਸਦਾ ਬਹੁਤ ਬੁਰਾ ਹਾਲ ਸੀ। ਉਸ ਨੂੰ ਐਸੇ ਕਠੋਰ ਵਰਤਾਉ ਦੀ ਕਦੇ ਆਸ ਨਹੀਂ ਸੀ। ਕਪੂਰ ਵੀਵਿੰਗ ਤੇ ਸਪਿਨਿੰਗ ਮਿਲਜ ਦੇ ਮਾਲਕ ਨਾਲ਼ ਉਹ ਆਪਣੇ ਆਪ ਨੂੰ ਇਕ ਬੜੇ ਭਾਰੇ ਰਿਸ਼ਤੇ ਨਾਲ਼ ਸਬੰਧਤ ਸਮਝਦਾ ਸੀ। ਉਹ ਆਪ ਵੀ ਕਪੂਰ ਸੀ। ਇਸੇ ਰਿਸ਼ਤੇ ਨੂੰ ਜਤਾ-ਜਤਾ ਕੇ ਕਪੂਰ ਸਾਹਿਬ ਤੇ ਉਨ੍ਹਾਂ ਦੇ ਮੈਨੇਜਰ ਸਾਹਿਬ ਨੇ ਉਸ ਤੋਂ ਮਜਦੂਰ ਸਭਾ ਦੇ ਵਿਰੁੱਧ ਕਈ ਕੰਮ ਕਰਵਾਏ ਸਨ। ਕਰਮ ਚੰਦ ਕਪੂਰ ਮਜਦੂਰ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕਪੂਰ ਸਾਹਿਬ ਦੀ ਮੁੱਛ ਦੇ ਵਾਲਾਂ ਵਿੱਚੋਂ ਸਮਝਦਾ ਸੀ। ਪਰ ਨਫੇਬਾਜੀ ਦੀ ਦੁਨੀਆਂ ਵਿੱਚ ਕੌਣ ਕਿਸੇ ਦਾ ਹੁੰਦਾ ਹੈ। ਮੈਨੇਜਰ ਮਹਿਤਾ ਸਾਹਿਬ ਕਪੂਰ ਸਾਹਿਬ ਜੀ ਦੇ ਘਰੋਂ ਭਰਾ ਦਾ ਤਾਂ ਉਹ ਆਪਣੇ ਆਪ ਨੂੰ ਸੱਜਾ ਹੱਥ ਸਮਝਦਾ ਸੀ।

ਅੱਜ ਜਦ ਉਹ ਆਪਣੇ ਤਿੰਨਾਂ ਉਂਗਲਾਂ ਤੋਂ ਸੱਖਣੇ ਹੱਥ ਵਾਲ਼ੀ ਬਾਂਹ ਨੂੰ ਗਲ਼ ਵਿੱਚ ਪਾਈ ਮੈਨੇਜਰ ਸਾਹਿਬ ਤੋਂ ਆਪਣੇ ਸਦੀਵੀਂ ਆਰੀਪਣੇ ਦੇ ਕਨੂੰਨੀ ਇਵਜਾਨੇ ਬਾਰੇ ਪੁੱਛਣ ਆਇਆ ਸੀ ਤਾਂ ਮੈਨੇਜਰ ਸਾਹਿਬ ਦੀਆਂ ਅੱਖਾਂ ਹੀ ਫਿਰੀਆਂ ਹੋਈਆਂ ਸਨ। ਉਸ ਨੂੰ ਦੱਸਿਆ ਗਿਆ ਸੀ ਕਿ ਤੇਰਾਂ ਫਰਵਰੀ ਸੰਨ 1950 ਵਾਲ਼ੇ ਦਿਨ ਤਾਂ ਉਹ ਗੈਰ ਹਾਜਰ ਸੀ। ਤੇਰਾਂ ਫਰਵਰੀ, ਅੱਜ ਤੋਂ ਤਿੰਨ ਮਹੀਨੇ ਪਹਿਲਾਂ, ਉਸ ਦੀਆਂ ਉਂਗਲਾਂ ਕੱਟੀਆਂ ਜਾਣ ਵਾਲ਼ੀ ਦੁਰਘਟਨਾ ਉਨ੍ਹਾਂ ਦੀ ਫੈਕਟਰੀ ਦੇ ਅੰਦਰ ਪਹਿਲੇ ਪਹਿਰੇ ਹੋਈ ਸੀ। ਇਹ ਦੁਰਘਟਨਾ ਸਾਰਿਆਂ ਦੇ ਸਾਹਮਣੇ ਹੋਈ ਸੀ ਤੇ ਵੱਡੀ ਗੱਲ ਇਸ ਦੁਰਘਟਨਾ ਦੀ ਜਿੰਮੇਵਾਰੀ ਮੈਨੇਜਰ ਸਾਹਬ ’ਤੇ ਆਉਂਦੀ ਸੀ। ਮਸ਼ੀਨ ਦੀਆਂ ਪੁਲੀਆਂ ’ਤੇ ਪਟੇ ਬਦਲਾਉਣ ਵਾਲ਼ਾ ਚਿਮਟਾ ਟੁੱਟ ਗਿਆ ਸੀ। ਕਰਮ ਚੰਦ ਨੇ ਮਸ਼ੀਨ ਬੰਦ ਕਰ ਦੇਣੀ ਚਾਹੀ ਸੀ ਪਰ ਮਾਲ ਦੇ ਭਾ ਦੀ ਤੇਜੀ ਕਾਰਨ ਮੈਨੇਜਰ ਸਾਹਿਬ ਨੇ ਕਿਹਾ ਸੀ ਕਿ ਮਸ਼ੀਨ ਚਲਦੀ ਰੱਖੀ ਜਾਏ। ਪਟੇ ਦਾ ਕੀ ਹੁੰਦਾ ਹੈ ਉਹ ਤੇ ਹੱਥ ਨਾਲ਼ ਧੱਕ ਕੇ ਚਾੜ੍ਹ ਲਾਹ ਲਈਦਾ, ਉਸ ਕਰਮ ਚੰਦ ਨੂੰ ਆਖਿਆ ਸੀ, “ਤੂੰ ਤੇ ਬਹੁਤ ਹੀ ਸਿਆਣਾ ਕਾਰੀਗਰ ਹੈਂ।”

ਕਰਮ ਚੰਦ ਨੇ ਮਸ਼ੀਨ ਚਾਲੂ ਰੱਖੀ ਸੀ। ਮਜਦੂਰ ਕਾਰੀਗਰਾਂ ਦਾ ਰੌਲਾ ਪਿਆ ਸੀ ਕਿ ਮਸ਼ੀਨਾਂ ਦੀ ਚਾਲ ਵਧਾ ਦਿੱਤੀ ਹੈ। ਚਾਲ ਤੇ ਵਧੀ ਹੋਈ ਕਰਮ ਚੰਦ ਨੂੰ ਜਾਪਦੀ ਸੀ ਪਰ ਉਹ ਸਦਾ ਮਾਲਕਾਂ ਦਾ ਸਾਥ ਦਿੰਦਾ ਰਿਹਾ ਸੀ। ਇਸ ਤੋਂ ਪਹਿਲੋਂ ਕਿ ਮਜਦੂਰ ਕੋਈ ਸਾਂਝਾ ਕਦਮ ਚੁੱਕਣ, ਕਰਮ ਚੰਦ ਦੀ ਇਕ ਚੀਕ ਵੱਜੀ ਸੀ ਤੇ ਉਸ ਦਾ ਲਹੂ ਲੁਹਾਨ ਹੱਥ ਲਾਗਲੇ ਮਜਦੂਰਾਂ ਨੇ ਦੇਖਿਆ ਸੀ। ਮਜਦੂਰਾਂ ਨੇ ਆਪਣੀਆਂ ਮਸ਼ੀਨਾਂ ਬੰਦ ਕਰ ਕੇ ਕਰਮ ਚੰਦ ਨੂੰ ਸੰਭਾਲ਼ਿਆ ਸੀ। ਪਟਾ ਧੱਕਣ ਲੱਗਿਆਂ ਸ਼ਾਇਦ ਤੇਜ ਚਾਲ ਕਾਰਨ ਉਸ ਦੀਆਂ ਉਂਗਲਾਂ ਪਟੇ ਦੇ ਜੋੜ ਵਾਲ਼ੀ ਕੰਘੀ ਵਿੱਚ ਕਿਸੇ ਤਰ੍ਹਾਂ ਫਸ ਗਈਆਂ ਸਨ। ਚੀਚੀ ਤਾਂ ਜੋੜ ਤੋਂ ਉੱਡ ਗਈ ਸੀ ਤੇ ਨਾਲ਼ ਦੀਆਂ ਦੋ ਉਂਗਲਾਂ ਜੋੜਾਂ ਲਾਗੋਂ ਮਾਸ ਨਾਲ਼ ਥੋੜ੍ਹੀਆਂ ਥੋੜ੍ਹੀਆਂ ਲਮਕ ਰਹੀਆਂ ਸਨ।

ਮਜਦੂਰਾਂ ਕੋਲ਼ੋਂ ਮੈਨੇਜਰ ਤੇ ਚੌਕੀਦਾਰਾਂ ਨੇ ਉਸ ਨੂੰ ਸੰਭਾਲ ਲਿਆ ਸੀ। ਮਜਦੂਰ ਸਮਝਦੇ ਸਨ ਕਿ ਮਾਲਕਾਂ ਦਾ ਖਾਸ ਆਦਮੀ ਹੋਣ ਕਰਕੇ ਉਨ੍ਹਾਂ ਦੀ ਉਸ ਨੂੰ ਕੋਈ ਲੋੜ ਨਹੀਂ। ਕਈਆਂ ਦੇ ਮਨ ਵਿੱਚ ਉਸ ਦੀਆਂ ਮਜਦੂਰ ਜਥੇਬੰਦੀ ਨਾਲ਼ ਕੀਤੀਆਂ ਵਧੀਕੀਆਂ ਤੇ ਵਿਰੋਧਤਾਵਾਂ ਦਾ ਰੋਸ ਸੀ ਤੇ ਕਈ ਉਸ ਨੂੰ ਸਿੱਧੀ ਨਫਰਤ ਦੀ ਨਜਰ ਨਾਲ਼ ਵੀ ਵੇਖਦੇ ਸਨ। ਜਿਹੜੇ ਕੁੱਝ ਸਿਆਣੇ ਸਨ ਉਹ ਸਮਝਦੇ ਸਨ ਕਿ ਕਰਮ ਚੰਦ ਉਨ੍ਹਾਂ ਦਾ ਆਦਮੀ ਹੋਣ ਕਰਕੇ ਉਸ ਲਈ ਸਭ ਕੁੱਝ ਉਹ ਆਪ ਕਰਨਗੇ।

ਹਾਂ, ਉਨ੍ਹਾਂ ਮਸ਼ੀਨਾਂ ਦੀ ਚਾਲ ਤੇਜ ਹੋਣ ’ਤੇ ਇਤਰਾਜ ਕੀਤਾ। ਬਿਨਾਂ ਮੰਨਿਆਂ ਕਿ ਚਾਲ ਤੇਜ ਕਰ ਦਿੱਤੀ ਗਈ ਸੀ, ਚਾਲ ਠੀਕ ਟਿਕਾਣੇ ਲੈ ਆਂਦੀ ਗਈ। ਅੱਜ ਆ ਕੇ ਕਰਮ ਚੰਦ ਨੂੰ ਪਤਾ ਲੱਗਾ ਸੀ ਉਸ ’ਤੇ ਵਾਪਰੀ ਦੁਰਘਟਨਾ ਦੀ ਰੀਪੋਰਟ ਹੀ ਨਹੀਂ ਸੀ ਕੀਤੀ ਗਈ। ਉਸ ਨੂੰ ਕੁੱਝ ਦਿਨਾਂ ਦੀ ਗੈਰ ਹਾਜਰੀ ਦਿਖਾ ਕੇ ਫੈਕਟਰੀ ਵਿੱਚੋਂ ਹਟਾ ਦਿੱਤਾ ਗਿਆ ਜਾਪਦਾ ਸੀ।

ਹੁਣ ਉਸ ਦੇ ਸਾਹਮਣੇ ਪਿਛਲੀਆਂ ਗੱਲਾਂ ਤੇ ਘਟਨਾਵਾਂ ਸੰਖੇਪ-ਲਿੱਪੀ ਵਾਂਗ ਮਾਨਸਕ-ਸੰਖੇਪ-ਚਿੰਨ੍ਹ ਬਣ ਕੇ ਤੇ ਸਿਨਮਾ ਦੀ ਕਹਾਣੀ ਵਾਂਗ ਸਾਲਾਂ ਤੋਂ ਦਹਾਕਿਆਂ ਨੂੰ ਸਕਿੰਟਾਂ ਤੇ ਮਿੰਟਾਂ ਵਿੱਚ ਬਦਲਦੀਆਂ ਹੋਈਆਂ ਲੰਘਣ ਲੱਗੀਆਂ। ਉਸ ਨੂੰ ਇਹ ਕਹਿ ਕੇ ਇਕ ਪ੍ਰਾਈਵੇਟ ਡਾਕਟਰ ਕੋਲ਼ ਭੇਜਿਆ ਗਿਆ ਸੀ ਕਿ ਗੌਰਮਿੰਟੀ ਹਸਪਤਾਲਾਂ ਵਿੱਚ ਪੈਸੇ ਬਿਨਾਂ ਮਰੀਜਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਡਾਕਟਰ ਚੰਗਾ ਸਰਜਨ ਸੀ ਤੇ ਉਸ ਦਾ ਲਹੂ ਬੰਦ ਕਰ ਕੇ ਯੋਗ ਇਲਾਜ ਸ਼ੁਰੂ ਕੀਤਾ ਸੀ। ਮਗਰੋਂ ਘਰ ਜਾ ਕੇ ਟੀਕੇ ਆਦਿ ਵੀ ਉਹ ਆਪ ਹੀ ਕਰਦਾ ਰਿਹਾ ਸੀ। ਉਸ ਕਰਮ ਚੰਦ ਤੋਂ ਆਪਣੇ ਬਿੱਲਾਂ ਦੀ ਰਕਮ ਦੀ ਮੰਗ ਕੀਤੀ ਸੀ। ਕਰਮ ਚੰਦ ਨੇ ਕਿਹਾ ਸੀ, “ਡਾਕਟਰ ਸਾਹਬ, ਮੈਂ ਕਪੂਰ ਸਾਹਿਬ ਦਾ ਖਾਸ ਆਦਮੀ ਹਾਂ। ਮੈਂ ਵੀ ਕਪੂਰ ਹਾਂ।”

ਡਾਕਟਰ ਨੇ ਬਿੱਲ ਵੱਡੀ ਆਸਾਮੀ ਤੋਂ ਲੈਣੇ ਸਨ ਸੋ ਉਸ ਨੂੰ ਬਿੱਲ ਪੇਸ਼ ਕਰਨ ਦੀ ਕੋਈ ਕਾਹਲੀ ਨਹੀਂ ਰਹੀ ਹੋਵੇਗੀ। ਦੋ ਮਹੀਨੇ ਉਸ ਨੂੰ ਘਰ ਦੇ ਖਰਚ ਲਈ ਨਕਦ ਕੁੱਝ ਨਾ ਕੁੱਝ ਮਿਲ਼ ਜਾਂਦਾ ਰਿਹਾ। ਤੀਸਰੇ ਮਹੀਨੇ ਜਦ ਕਿ ਉਸ ਨੂੰ ਕਿਸੇ ਕੁੱਝ ਨਾ ਭੇਜਿਆ ਤੇ ਡਾਕਟਰ ਵੀ ਪੱਟੀ ਕਰਦਾ ਲਾਪਰਵਾਹੀ ਦਿਖਾਣ ਲੱਗਾ ਤਾਂ ਉਸ ਸੋਚਿਆ ਕਿ ਉਹ ਆਪ ਜਾ ਕੇ ਮੈਨੇਜਰ ਸਾਹਬ ਦੇ ਨਾਲ਼ ਗੱਲ ਕਰੇ। ਪਰ ਮੈਨੇਜਰ ਨੇ ਤੇ ਸਿੱਧੇ ਮੂੰਹ ਗੱਲ ਕਰਨੋਂ ਵੀ ਇਨਕਾਰ ਕਰ ਦਿੱਤਾ ਜਾਪਦਾ ਸੀ। ਉਸ ਦੇ ਕਲਰਕ ਨੇ ਕਰਮ ਚੰਦ ਨੂੰ ਦੱਸਿਆ ਸੀ ਕਿ ਤੇਰ੍ਹਾਂ ਤਰੀਕ ਨੂੰ ਫੈਕਟਰੀ ਵਿੱਚ ਕੋਈ ਦੁਰਘਟਨਾ ਹੋਈ ਦਰਜ ਨਹੀਂ ਤੇ ਪੱਕੇ ਆਰੀਪੁਣੇ ਦੇ ਪੈਸੇ ਮਿਲ਼ਣ ਦਾ ਸੁਆਲ ਹੀ ਨਹੀਂ ਸੀ ਪੈਂਦਾ ਹੁੰਦਾ। ਉਸ ਇਹ ਵੀ ਦੱਸਿਆ ਕਿ ਆਪਣਾ ਆਦਮੀ ਹੋਣ ਕਰ ਕੇ ਡਾਕਟਰ ਸਾਹਿਬ ਦਾ ਖਰਚ ਤੇ ਉਸ ਨੂੰ ਮਾਇਕ ਸਹਾਇਤਾ ਵੀ ਸੇਠ ਸਾਹਿਬ ਨੇ ਸ਼ਾਇਦ ਆਪਣੇ ਪਾਸੋਂ ਕਰ ਦਿੱਤੀ ਹੋਵੇ।

ਕਰਮ ਚੰਦ ਜਿਸ ਪਹੁ-ਫੁਟਾਲੇ ਨੂੰ ਮੁਨ੍ਹੇਰੇ ਤੋਂ ਹਨੇਰੇ ਤੱਕ ਸਮਝਣ ਦੇ ਵਹਿਮ ਦੀ ਬੀਮਾਰੀ ਵਿੱਚ ਗ੍ਰਸਿਆ ਰਿਹਾ ਸੀ ਉਹ ਹੁਣ ਉਸਦੇ ਸਾਹਮਣੇ ਦਿਨ ਦਾ ਚਾਨਣ ਬਣ ਰਿਹਾ ਸੀ। ਉਸ ਸਮਝਿਆ ਸੀ ਕਿ ਕਪੂਰ ਸਾਹਿਬ ਤੋਂ ਦੁਰਘਟਨਾ ਦੀ ਆਪਣੀ ਜਿੰਮੇਵਾਰੀ ਲੁਕਾਈ ਰੱਖਣ ਲਈ ਮੈਨੇਜਰ ਨੇ ਸਭ ਕੁੱਝ ਕੀਤਾ ਹੋਵੇਗਾ। ਇੱਕ ਵਾਰੀ ਜਦੋਂ ਉਸ ਕਪੂਰ ਸਾਹਿਬ ਕੋਲ਼ ਹਾਜਰ ਹੋਕੇ ਸਾਰੀ ਗੱਲ ਕਹਿ ਦਿੱਤੀ ਸਭ ਠੀਕ ਹੋ ਜਾਵੇਗਾ। ਦਿਨ ਦਾ ਚਾਨਣ ਦੇਖ ਕੇ ਵੀ ਉਹ ਵਹਿਮ ਦੀ ਜਾਲਿਆਂ ਨਾਲ਼ ਭਰੀ ਸੁਰੰਗ ਵਿੱਚ ਦਾਖਲ ਹੋ ਰਿਹਾ ਸੀ। ਉਸ ਕਪੂਰ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਮੰਗੀ। ਆਖਰ ਧਰਨਾ ਮਾਰ ਕੇ ਬੈਠਣ ਦੇ ਡਰਾਵੇ ਕਾਰਨ ਉਸ ਨੂੰ ਆਗਿਆ ਮਿਲ਼ੀ। ਕਰਮ ਚੰਦ ਨੇ ਸਾਰੀ ਗੱਲ ਸੁਣਾਈ ਪਰ ਕਪੂਰ ਸਾਹਿਬ ਉਸ ’ਤੇ ਵਿਸ਼ਵਾਸ ਹੀ ਨਹੀਂ ਸਨ ਕਰਦੇ। ਉਹ ਜੋ ਕੁੱਝ ਉਹ ਕਹੇ ਉਸ ਨੂੰ ਮੰਨ ਲੈਣ ਵਾਲ਼ੇ ਦਿਨ ਮਾਨੋਂ ਕਾਫੂਰ ਹੋ ਗਏ ਸਨ।

ਉਹ ਨਿਰਾਸ਼, ਕਪੂਰ ਸਾਹਿਬ ਤੋਂ ਨਿਕਲ ਕੇ ਬਾਹਰਲੇ ਗੇਟ ਵੱਲ ਤੁਰਿਆ ਜਾ ਰਿਹਾ ਸੀ। ਰਸਤੇ ਵਿੱਚ ਉਸ ਨੂੰ ਇੱਕ ਦੋ ਮਜਦੂਰ ਆਉਂਦੇ ਮਿਲ਼ੇ ਸਨ। ਸਰਸਰੀ ਹਾਲ ਹਵਾਲ ਪੁੱਛਿਆ ਗਿਆ ਸੀ ਤੇ ਮਜਦੂਰ ਜੱਥੇ ਦੀ ਸਦਾ ਵਿਰੋਧਤਾ ਕਰਨ ’ਤੇ ਸ਼ਰਮਸਾਰ ਉਹ ਅਸਲ ਗੱਲ ਕਿਸੇ ਨੂੰ ਦੱਸਦਾ ਵੀ ਨਹੀਂ ਸੀ। ਉਸ ਸਿੱਟਾ ਕੱਢ ਲਿਆ ਸੀ ਕਿ ਸਭ ਕਲਾ ਮਾਲਕ ਦੀ ਭੁਆਈ ਭੌਂਦੀ ਹੈ। ਚਾਨਣ ਫੇਰ ਹੋ ਗਿਆ ਸੀ। ਕੀਤੀ ਕਾਰ ਦੀ ਜਰਾ ਕੁ ਖੁੱਲ੍ਹਦਿਲੀ-ਪੇਸ਼ਗੀ ਤੋਂ ਸਿਵਾ ਉਸ ਨੂੰ ਕਦੇ ਕੁੱਝ ਵਾਧੂ ਮਿਲ਼ਿਆ ਵੀ ਨਹੀਂ ਸੀ ਤੇ ਜੇ ਕੁੱਝ ਮਿਲ਼ਿਆ ਵੀ ਹੋਵੇ ਤਾਂ ਉਹ ਹੁਣ ਸਮਝਦਾ ਸੀ ਕਿ ਮਜਦੂਰਾਂ ਦੀ ਧਰਮਾਊ ਕਾਟ ਵਿੱਚੋਂ ਚਾਰ ਸੌ ਵੀਹ ਨਾਲ਼ ਹੀ ਮਿਲ਼ਿਆ ਹੋਊ। ਮਜਦੂਰਾਂ ਕੋਲ਼ ਉਹ ਸਹਾਇਤਾ ਲਈ ਕਿਉਂ ਜਾਵੇ? ਉਸ ਦਾ ਕੀ ਹੱਕ ਹੈ?

ਮੈਨੇਜਰ ਸਾਹਿਬ ਨੇ ਵੀ ਸ਼ਾਇਦ ਇਸੇ ਵਿਰੋਧਤਾ ਦਾ ਖਿਆਲ ਰੱਖਿਆ ਸੀ। ਹੁਣ ਦਸ ਪੰਦਰਾਂ ਰੁਪਏ ਐਡਵਾਨਸ ਜਾਂ ਚਾਂਦੀ ਤੋਂ ਕਾਗਜ ਵਿੱਚ ਬਦਲੇ ਇੱਕ ਦੋ ਟੁੱਕਰਾਂ ਦੇ ਸੁੱਟਣ ਦਾ ਸਵਾਲ ਨਹੀਂ ਸੀ ਜਿਸ ਵਿੱਚ ਮਜਦੂਰਾਂ ਦੇ ਲਹੂ ਦਾ ਲੂਣ ਸੁਆਦ ਦੇਂਦਾ ਸੀ। ਹੁਣ ਹਜਾਰਾਂ ਦੀ ਰਕਮ ਦਾ ਸੁਆਲ ਸੀ। ਕਰਮ ਚੰਦ ਮਿਹਨਤ ਕਰਕੇ ਉਸਦੇ ਮੂਲ ਦਾ ਇੱਕ ਛੋਟਾ ਅੰਸ਼ ਪ੍ਰਾਪਤ ਕਰਦਾ ਹੋਇਆ ਵੀ ਉਸ ਨੂੰ ਮਾਲਕ ਦਾ ਲੂਣ ਸਮਝਿਆ ਕਰਦਾ ਸੀ! ਉਸ ਨੂੰ ਪੀੜ੍ਹੀ ਦਰ ਪੀੜ੍ਹੀ ਧਨੀ-ਸਮਾਜ ਦੇ ਇਖਲਾਕ, ਧਰਮ, ਕਾਨੂੰਨ, ਸਾਹਿਤ, ਆਚਾਰ, ਆਦਿ ਨਾਲ਼ ਪਾਏ ਪੇਚਦਾਰ ਪ੍ਰਭਾਵਾਂ ਤੋਂ ਇਹੋ ਗਿਆਨ ਮਿਲ਼ਿਆ ਸੀ ਕਿ ਧਨੀ ਦੇ ਧਨ ਨਾਲ਼ ਫੈਕਟਰੀਆਂ ਬਣਦੀਆਂ ਹਨ, ਕੱਚਾ ਮਾਲ ਆਉਂਦਾ ਹੈ ਤੇ ਇਸ ਤਰ੍ਹਾਂ ਸਾਡੀ ਉਜਰਤ ਸਾਡੀ ਮਿਹਨਤ ਦਾ ਮੁੱਲ ਨਹੀਂ ਧਨੀ ਦੀ ਦਾਤ ਹੈ। ਉਹ ਉਸਦਾ ਲੂਣ ਹੈ। ਉਸਨੂੰ ਮੁਜਾਰਾ ਤੇ ਕਾਮਾ ਜਾਗੀਰਦਾਰ ਦਾ ਲੂਣ ਖਾਂਦਾ ਦਿਸਦਾ ਸੀ।

ਇੱਕ ਵਾਰੀ ਜਦੋਂ ਉਸ ਨੇ ਇਹ ਗੱਲਾਂ ਸਮਝਾਈਆਂ ਜਾਂਦੀਆਂ ਕਿਸੇ ਕੋਲੋਂ ਸੁਣੀਆਂ ਸਨ ਤਾਂ ਉਸ ਨੂੰ ਕਰਮ ਚੰਦ ਨੇ ਨਾਸਤਕ ਕਿਹਾ ਸੀ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਮਿਹਨਤ ਵਿਕਣ ਵਾਲ਼ੀ ਚੀਜ ਕਿਵੇਂ ਹੋ ਸਕਦੀ ਹੈ ਭਾਵੇਂ ਉਹ ਰੋਜ ਮਜਦੂਰੀ ਵੇਚਦਾ ਸੀ। ਪਰ ਮਜਦੂਰੀ ਕੋਈ ਦਿਸਣ ਵਾਲ਼ੀ ਠੋਸ ਸ਼ੈਅ ਥੋੜ੍ਹੀ ਸੀ। ਅੱਜ ਉਸ ਨੂੰ ਸਮਝ ਆ ਰਹੀ ਸੀ। ਕੱਚੀ ਚੀਜ ਦਾ ਮੁੱਲ, ਮਿਹਨਤ ਤਿਆਰ ਕੀਤੀ ਚੀਜ ਬਣਾ ਕੇ ਵਧਾਉਂਦੀ ਸੀ, ਪੈਸਾ ਨਹੀਂ।

ਧਨੀ ਤੇ ਵਿਹਲੜ ਜਾਗੀਰਦਾਰ, ਜੋ ਐਸ਼ੋ ਇਸ਼ਰਤ ਮਜਦੂਰ ਤੇ ਕਾਮੇ ਨੂੰ ਉਸਦੀ ਮਿਹਨਤ ਦੇ ਮੁੱਲ ਦਾ ਵੱਡਾ ਹਿੱਸਾ ਨਾ ਦੇਕੇ ਕਰਦਾ ਸੀ ਉਸ ਵਿੱਚ ਕਾਮੇ ਤੇ ਮਜਦੂਰ ਦੇ ਲਹੂ ਦਾ ਲੂਣਾ ਸੁਆਦ ਸੀ ਜੋ ਆਦਮ ਖੋਰ ਬਘਿਆੜ ਵਾਂਗ ਮੂੰਹ ਲੱਗਾ ਨਹੀਂ ਸੀ ਛੁੱਟਦਾ। ਕਾਰਖਾਨੇਦਾਰ ਤੇ ਜਾਗੀਰਦਾਰ ਮਜਦੂਰ ਤੇ ਕਾਮੇ ਦਾ ਲੂਣ ਖਾਂਦਾ ਸੀ ਜਾਂ ਲਹੂ ਪੀਂਦਾ ਸੀ ਜਿਸ ਵਿੱਚੋਂ ਕੁੱਝ ਹਿੱਸਾ ਮੈਨੇਜਰਾਂ ਤੇ ਕਰਮ ਚੰਦ ਵਰਗੇ ਟਾਊਟਾਂ ਨੂੰ ਦੇਂਦਾ ਸੀ। ਉਹ ਆਪਣੇ ਆਪ ਕੁੱਝ ਨਹੀਂ ਸਨ ਕਰਦੇ। ਸਭ ਕੁੱਝ ਉਨ੍ਹਾਂ ਤੋਂ ਕਰਵਾਇਆ ਜਾਂਦਾ ਸੀ। ਕਰਮ ਚੰਦ ਨੂੰ ਅੱਜ ਪਤਾ ਲੱਗਾ ਕਿ ਕਪੂਰ ਸਾਹਿਬ ਧਨੀ ਹਨ ਤੇ ਉਹ ਮਜਦੂਰ ਤੇ ਕਪੂਰ ਹੋਣ ਦੀ ਸਾਂਝ ਉਨ੍ਹਾਂ ਵਿੱਚ ਕੋਈ ਨਹੀਂ।

ਉਸ ਨੂੰ ਗੁੱਸਾ ਚੜ੍ਹ ਗਿਆ। ਪਰ ਉਹ ਇਕੱਲਾ ਸੀ। ਗੁੱਸਾ ਕੁਰਾਹੇ ਪੈ ਗਿਆ। ਉਸ ਸੋਚਿਆ : ਮੈਂ ਫੈਕਟਰੀ ਨੂੰ ਅੱਗ ਲਗਾ ਦਵਾਂਗਾ। ਫੇਰ ਉਸ ਨੂੰ ਮਜਦੂਰਾਂ ਦੇ ਇੱਕ ਸਾਥੀ ਦੇ ਬੋਲ ਯਾਦ ਆਏ। ਨਿਰਾਸ਼ ਹੋ ਕੇ ਉਸ ਕਿਹਾ ਸੀ “ਕਈ ਮਜਦੂਰ ਮਸ਼ੀਨਾਂ ਨੂੰ ਕੋਸਣ ਲੱਗ ਪੈਂਦੇ ਹਨ। ਮਸ਼ੀਨ ਆਦਮੀ ਦਾ ਹਥਿਆਰ ਹੈ, ਔਜਾਰ ਹੈ, ਕੁਦਰਤ ਨੂੰ ਜਿੱਤਣ ਲਈ। ਆਦਮੀਆਂ ਨੇ ਸਮੁੰਦਰ ਨੂੰ ਜਿੱਤ ਲਿਆ ਹੈ, ਹਵਾ ਨੂੰ ਜਿੱਤ ਰਹੇ ਹਨ। ਪਹਾੜਾਂ ਨੂੰ ਚੀਰ ਸੁੱਟਿਆ ਹੈ ਤੇ ਦਰਿਆਵਾਂ ਨੂੰ ਬੰਨ੍ਹ ਲਿਆ। ਮਸ਼ੀਨ ਆਦਮੀ ਦੇ ਕਾਬੂ ਵਿੱਚ ਹੋਣੀ ਚਾਹੀਦੀ ਹੈ। ਮਸ਼ੀਨ ਨਫੇ ਲਈ ਚੱਲੇਗੀ ਤਾਂ ਆਦਮੀ ਉਸ ਦੇ ਕਾਬੂ ਵਿੱਚ ਹੋਵੇਗਾ ਅਤੇ ਉਹ ਅੰਨ੍ਹੀ ਤਾਕਤ ਹੋ ਕੇ ਕਿਸਮਤ ਜਾਂ ਭਾਗ ਦਾ ਵਹਿਮ ਉਪਜਾਵੇਗੀ। ਪਰ ਜੇ ਉਸ ਨੂੰ ਮਨੁੱਖ ਸਮਾਜਕ ਤੌਰ ’ਤੇ ਕਾਬੂ ਕਰ ਕੇ ਚਲਾਵੇਗਾ ਤੇ ਮਨੁੱਖ ਦੇ ਸੁੱਖ ਲਈ ਚਲਾਵੇਗਾ ਤਾਂ ਉਹ ਮਨੁੱਖ ਦੇ ਰਾਹੀਂ ਕੁਦਰਤ ’ਤੇ ਹੋਰ ਜਿੱਤਾਂ ਪ੍ਰਾਪਤ ਕਰਨ ਦਾ ਸਾਧਨ ਬਣੇਗੀ। ਮਸ਼ੀਨੀ ਸਮੇਂ ਤੋਂ ਪੁਰਾਤਨ ਆਚਾਰ ਵੱਲ ਮੁੜਨਾ ਵਹਿਸ਼ਤ ਵੱਲ ਮੁੜਨਾ ਹੈ। ਮਸ਼ੀਨਾਂ ਨੂੰ ਤੋੜਨਾ ਭੰਨਣਾ ਆਪਣੇ ਹਥਿਆਰਾਂ ਤੇ ਸੰਦਾਂ ਦੀ ਦੌਲਤ ਨੂੰ ਗੁਆ ਕੇ ਹੱਥਲ ਹੋਣਾ ਹੈ। ਕਿਸਾਨ ਤੇ ਮਜਦੂਰ ਦਾ ਪੈਦਾਵਾਰ ਦੇ ਸਾਧਨਾਂ ’ਤੇ ਕਬਜਾ ਕਰਨ ਲਈ ਲੜਨਾ ਉਨ੍ਹਾਂ ਦਾ ਹੱਕ ਲਈ ਲੜਨਾ ਹੈ ਤੇ ਓਸੇ ਵਿੱਚ ਸਾਰਿਆਂ ਦਾ ਸੁਖ ਹੈ।”

ਉਸ ਦਿਨ, ਦਸ ਜਮਾਤਾਂ ਪੜ੍ਹੇ ਹੋਏ ਹੋਣ ਦੇ ਬਾਵਜੂਦ ਵੀ, ਉਸ ਨੂੰ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਸੀ ਆਈ ਜਦ ਕਿ ਜਥੇਬੰਦੀ ਵਿੱਚ ਬੱਝੇ ਬਿਲਕੁਲ ਅਨਪੜ੍ਹ ਮਜਦੂਰ ਵੀ ਇਨ੍ਹਾਂ ਗੱਲਾਂ ਨੂੰ ਸਮਝ ਰਹੇ ਸਨ। ਅੱਜ ਉਸ ਨੂੰ ਸਭ ਕੁੱਝ ਸਮਝ ਆ ਗਿਆ ਸੀ। ਉਸ ਕਿਹਾ, ਫੈਕਟਰੀ ਨੂੰ ਫੂਕਣਾ ਜਹਾਲਤ ਹੈ। ਇਕੱਲੇ ਦੁਕੱਲੇ ਕੰਮ ਕਰਨਾ ਅਸੰਭਵ ਹੈ ਤੇ ਜੇ ਕੀਤਾ ਵੀ ਜਾਵੇ ਤਾਂ ਭੈ ਵਾਦ ਜਾਂ ਅਰਾਜਕਤਾ ਵਿੱਚ ਬਦਲ ਜਾਂਦਾ ਹੈ। ਪਰ ਉਸ ’ਤੇ ਵਿਸ਼ਵਾਸ ਹੀ ਕੌਣ ਕਰੇਗਾ! ਉਹ ਬਹੁਤ ਹੀ ਦੁਖੀ ਹੋ ਗਿਆ ਸੀ। ਹੁਣ ਉਸ ਬਾਹਰਲਾ ਗੇਟ ਪਾਰ ਕਰ ਲਿਆ ਸੀ। ਉਹ ਬਹੁਤ ਘਬਰਾ ਗਿਆ ਸੀ। ਬਾਹਰ ਟਾਹਲੀ ਦੇ ਰੁੱਖ ਹੇਠਾਂ ਉਹ ਘਾਹ ਦੀ ਤਹਿ ਵਿਛੀ ਦੇਖ ਕੇ ਲੇਟ ਗਿਆ। ਉਸ ਕੋਲ਼ ਕੋਈ ਪੈਸਾ ਨਹੀਂ। ਉਹ ਸੁਹਾਗ-ਵੰਤੀ ਤੇ ਆਪਣੇ ਤਿੰਨਾਂ ਬੱਚਿਆਂ ਕੋਲ਼ ਕਿਸ ਤਰ੍ਹਾਂ ਜਾਵੇਗਾ। ਸਭ ਕੁੱਝ ਤਾਂ ਉਹ ਪਾਕਿਸਤਾਨ ਵਿੱਚ ਲੁਟਾ ਕੇ ਏਥੇ ਪਹੁੰਚੇ ਸਨ। ਗਾਂਧੀ ਵੀ ਤਾਂ ਸੱਚ ਲਈ ਮਰਨ ਬਰਤ ਰੱਖਦਾ ਸੀ। ਅੱਜ ਉਸ ਨੂੰ ਆਪਣਾ ਸੱਚ ਗਾਂਧੀ ਦੇ ਸੱਚਾਂ ਤੋਂ ਉੱਪਰ ਦਿੱਸਦਾ ਸੀ। ਉਹ ਉੱਠਕੇ ਆਪਣੇ ਮਨ ਦੀ ਦਿ੍ਰੜਤਾ ਵਾਂਗ ਜਮ ਕੇ ਬੈਠ ਗਿਆ।

“ਕਪੂਰ ਸਾਹਿਬ, ਐਥੇ ਬੈਠੇ ਓ?” ਕਿਸੇ ਨੇ ਪੁਛਿਆ।

ਅੱਜ ‘ਕਪੂਰ ਸਾਹਿਬ’, ਨਾਂ ਵਿੱਚੋਂ ਉਸ ਨੂੰ ਚੋਟ ਪਰਤੀਤ ਹੋਈ। ਉਸ ਦੇਖਿਆ ਉਹ ਤਾਂ ਮਜਦੂਰਾਂ ਦਾ ਸਾਥੀ ਸੀ। ਸਾਥੀ ਨੂੰ ਅੱਖਾਂ ਰਾਹੀਂ ਕਰਮ ਚੰਦ ਦਾ ਅੰਦਰ ਪੰਘਿਰਿਆ ਹੋਇਆ ਦਿਸਿਆ। ਉਹ ਉਸ ਦੇ ਲਾਗੇ ਬੈਠ ਗਿਆ।

“‘ਤੁਹਾਡੇ ਸਦੀਵੀ ਆਰੀ ਹੋਣ ਦੇ ਇਵਜਾਨੇ ਦੀ ਅਦਾਇਗੀ ਹੋ ਗਈ?”

ਕਰਮ ਚੰਦ ਚੁੱਪ ਰਿਹਾ।

‘‘ਤੁਸੀਂ ਮੈਨੂੰ ਕਦੇ ਆਪਣਾ ਸਾਥੀ ਨਹੀਂ ਸਮਝਿਆ?”

ਕਰਮ ਚੰਦ ਫਿਰ ਚੁੱਪ ਰਿਹਾ।

‘‘ਦਾਲ ਵਿੱਚ ਕੁੱਝ ਕਾਲ਼ਾ ਕਾਲ਼ਾ ਹੈ?”

ਕਰਮ ਚੰਦ ਫਿਰ ਵੀ ਚੁੱਪ ਰਿਹਾ।

“ਤਾਂ ਕੀ ਇਵਜਾਨਾ ਨਹੀਂ ਮਿਲਿਆ?”

ਕਰਮ ਚੰਦ ਨੇ ਨਾਂਹ ਵਿੱਚ ਹੌਲ਼ੀ ਜਹੀ ਸਿਰ ਹਿਲਾਇਆ। ਸਾਥੀ ਹੈਰਾਨ ਹੋ ਗਿਆ। ਉਸ ਹੌਲ਼ੀ ਹੌਲ਼ੀ ਸਾਰੀ ਗੱਲ ਪੁੱਛ ਲਈ। ਅੰਦਰੋਂ ਆਏ ਇੱਕ ਮਜਦੂਰ ਨੇ ਸਾਥੀ ਨੂੰ ਦੇਖਿਆ। ਸਾਥੀ ਨੇ ਕੁੱਝ ਕਿਹਾ। ਮਜਦੂਰ ਅੰਦਰ ਚਲਾ ਗਿਆ। ਪੰਜਾਂ ਮਿੰਟਾਂ ਵਿੱਚ ਪੰਜ ਮਜਦੂਰ ਅੰਦਰੋਂ ਆ ਗਏ। ਸਾਥੀ ਤੋਂ ਸਭ ਕੁੱਝ ਸੁਣ ਕੇ ਉਹ ਹੈਰਾਨ ਰਹਿ ਗਏ।

‘‘ਪਰ ਸਾਥੀ ਕਰਮ ਚੰਦ ਹੋਰੀਂ ਸਾਡੀ ਜਥੇਬੰਦੀ ਵਿੱਚ ਨਹੀਂ ਹਨ। ਅਸੀਂ…”

“ਸਭ ਦੁਨੀਆਂ ਭਰ ਦੇ ਮਜਦੂਰ ਭਰਾ-ਭਰਾ ਹਨ।”

ਪੰਜੇ ਮਜਦੂਰ ਅੰਦਰ ਚਲੇ ਗਏ। ਮਿੰਟਾਂ ਵਿੱਚ ਫੈਕਟਰੀ ਦਾ ਕੰਮ ਬੰਦ ਹੋ ਗਿਆ। ਮਜਦੂਰਾਂ ਨੇ ਹੜ੍ਹਤਾਲ ਕਰ ਦਿੱਤੀ ਸੀ। ਜਦ ਮੈਨੇਜਰ ਨੂੰ ਸਟ੍ਰਾਈਕ ਦੇ ਕਾਰਨ ਦਾ ਪਤਾ ਲੱਗਾ ਤਾਂ ਉਸ ਪੰਚਾਂ ਨੂੰ ਸਦਵਾਇਆ ਤੇ ਕਿਹਾ,

“ਉਹ ਤਾਂ ਸਦਾ ਤੁਹਾਡੇ ਖਿਲਾਫ ਰਿਹਾ ਹੈ?”

ਇਕ ਸਿਆਣੇ ਪੰਚ ਨੇ ਚੋਟ ਕੀਤੀ, “ਤਾਂ ਸਾਡੇ ਬਹਾਨੇ ਹੀ ਉਸ ਨੂੰ ਨਮਕ ਹਲਾਲੀ ਦੀ ਸਜਾ ਦਿੱਤੀ ਜਾਣ ਲੱਗੀ ਹੈ।”

“ਉਸਦੀ ਤੇ ਰਪੋਰਟ ਹੀ ਨਹੀਂ ਦਰਜ”, ਮੈਨੇਜਰ ਨੇ ਕਿਹਾ।

‘‘ਦੁਰਘਟਨਾ ਦਾ ਕਾਰਨ ਤੁਸੀਂ ਹੋ ਤੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੋਈ ਸੀ।”

“ਪਰ ਭਈ, ਕਾਨੂੰਨ ਵੀ ਤਾਂ ਕੋਈ ਚੀਜ ਹੈ’’, ਫੇਰ ਮੈਨੇਜਰ ਨੇ ਕਿਹਾ।

ਇਕ ਹੋਰ ਪੰਚ ਨੇ ਕਿਹਾ, “ਕਾਨੂੰਨ ਤੁਹਾਡਾ ਹੈ। ਮਹਿਕਮੇ ਤੁਹਾਡੇ ਹਨ। ਸੱਚ ਅਸਲੀਅਤ ਹੈ ਜੋ ਅੱਖਾਂ ਸਾਹਮਣੇ ਵਾਪਰੇ। ਸੋ ਅਸੀਂ ਸੱਚੇ ਹਾਂ ਤੇ ਬੇ-ਇਨਸਾਫੀ ਦੇ ਖਿਲਾਫ ਲੜਾਂਗੇ।”

“ਤੁਸੀਂ ਹੜ੍ਹਤਾਲ ਨਾ ਕਰੋ ਅਸੀਂ ਵਿਚਾਰ ਕਰਦੇ ਹਾਂ।’’

‘‘ਹੜ੍ਹਤਾਲ ਰਹੇਗੀ। ਅਸੀਂ ਬਾਹਰ ਜਾ ਰਹੇ ਹਾਂ।” ਪੰਚਾਂ ਨੇ ਚਟਾਨੀ ਦਿ੍ਰੜਤਾ ਨਾਲ ਕਿਹਾ।

‘‘ਤੁਸੀਂ ਸਾਰੇ ਕੁੱਝ ਚਿਰ ਲਈ ਬਾਹਰ ਹੀ ਉਡੀਕ ਕਰੋ। ਮੈਂ ਕਪੂਰ ਸਾਹਿਬ ਨਾਲ਼ ਸਲਾਹ ਕਰਕੇ ਹੁਣੇ ਤੁਹਾਨੂੰ ਦੱਸਦਾ ਹਾਂ।”

ਸੈਂਕੜਿਆਂ ਮਜਦੂਰਾਂ ਨੇ ਕਰਮ ਚੰਦ ਨੂੰ ਘੇਰ ਲਿਆ। ਸਾਰੇ ਉਸ ਨੂੰ ਹਮਦਰਦੀ ਨਾਲ਼ ਦੇਖ ਰਹੇ ਸਨ।

‘‘ਬੜਾ ਜੁਲਮ ਹੈ। ਬੜਾ!’’ ਕਿਸੇ ਮਜਦੂਰ ਨੇ ਕਿਹਾ।

“ਐਹ ਜੇ ਅਸਲੀਅਤ ਇਨ੍ਹਾਂ ਧਨੀਆਂ ਦੀ” ਕਿਸੇ ਹੋਰ ਨੇ ਆਖਿਆ। ਕਰਮ ਚੰਦ ਸ਼ਰਮਸਾਰ ਸੀ।

ਨਾਹਰੇ ਵੱਜਣੇ ਸ਼ੁਰੂ ਹੋ ਗਏ, “ਮਜਦੂਰ ਇਤਹਾਦ, ਜਿੰਦਾਬਾਦ।”

ਦਸਾਂ ਮਿੰਟਾਂ ਦੇ ਅੰਦਰ ਅੰਦਰ ਮੈਨੇਜਰ ਬਾਹਰ ਆ ਗਿਆ। ਕਪੂਰ ਸਾਹਿਬ ਦੇ ਲਿਖਤੀ ਆਰਡਰ ਦੀ ਇੱਕ ਕਾਪੀ ਪੰਚਾਂ ਨੂੰ ਦਿੱਤੀ ਗਈ। ਕਾਨੂੰਨ ਅਨੁਸਾਰ ਸਾਰੀ ਰਕਮ ਕਰਮ ਚੰਦ ਨੂੰ ਮਿਲ਼ ਜਾਏਗੀ। ਪੰਚਾਂ ਨੇ ਕਰਮ ਚੰਦ ਦੇ ਰਾਜੀ ਹੋਣ ਤਕ ਦੇ ਸਾਰੇ ਖਰਚ ਵੀ ਉਹਨਾਂ ਜੁੰਮੇ ਮਨਵਾ ਲਏ।

ਫੇਰ ਨਾਹਰੇ ਵੱਜਣੇ ਸ਼ੁਰੂ ਹੋ ਗਏ!

“ਮਜਦੂਰ ਇਤਹਾਦ, ਜਿੰਦਾਬਾਦ!”

ਕਰਮ ਚੰਦ ਨੂੰ ਜੋਸ਼ ਆ ਗਿਆ। ਉਸ ਸਲਿੰਗ ਵਿੱਚੋਂ ਪੱਟੀਆਂ ਨਾਲ਼ ਬੱਧਾ ਹੱਥ ਕੱਢਕੇ ਉੱਚੀ ਚੁੱਕ ਕੇ ਪੁਕਾਰਿਆ,

“ਦੁਨੀਆਂ ਭਰ ਦੇ ਮਜਦੂਰੋ।” ਅਤੇ ਬਾਕੀ ਸਾਰਿਆਂ ਗੜਗੂੰਜ ਪਾ ਦਿੱਤੀ,

“ਇੱਕ ਹੋ ਜਾਓ।”

('ਲਲਕਾਰ' ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ