Karam : Lok Kahani
ਕਰਮ : ਲੋਕ ਕਹਾਣੀ
ਉਹ ਇਕ ਤੂਫ਼ਾਨੀ ਸ਼ਾਮ ਸੀ । ਲੋਕ ਘਰਾਂ 'ਚ ਲੁਕੇ ਬੈਠੇ ਪਛਤਾਵਾ ਕਰ ਰਹੇ ਸਨ ਤੇ ਪੁਜਾਰੀ ਪ੍ਰਾਰਥਨਾ ਕਰ ਰਹੇ ਸਨ ।
ਉਸ ਵੇਲੇ ਪੂਜਾ-ਥਾਂ ਦੇ ਬੂਹੇ 'ਤੇ ਦਸਤਕ ਹੋਈ । ਪੁਜਾਰੀ ਦੀ ਆਗਿਆ ਪਾ ਕੇ ਇਕ ਇਸਤਰੀ ਅੰਦਰ ਆਈ । ਉਹਦਾ ਧਰਮ ਵੱਖਰਾ ਸੀ ।
ਪੁਜਾਰੀ ਨੇ ਨਫ਼ਰਤ ਨਾਲ ਉਸ ਵੱਲ ਵੇਖਿਆ ਤੇ ਚੀਕ ਕੇ ਕਿਹਾ, 'ਚੁੜੇਲ, ਇਥੋਂ ਚਲੀ ਜਾ । ਇਥੇ ਕੇਵਲ ਮੇਰਾ ਧਰਮ ਮੰਨਣ ਵਾਲੇ ਹੀ ਆ ਸਕਦੇ ਨੇ ।'
ਇਸਤਰੀ ਕੰਬਦੀ ਹੋਈ ਪੂਜਾ ਥਾਂ ਤੋਂ ਬਾਹਰ ਚਲੀ ਗਈ । ਉਸੇ ਪਲ ਭਿਆਨਕ ਗਰਜ ਨਾਲ ਬੱਦਲਾਂ 'ਚ ਬਿਜਲੀ ਚਮਕੀ ਤੇ ਲਹਿਰਾਂਦੀ ਹੋਈ ਪੂਜਾ ਥਾਂ 'ਤੇ ਡਿੱਗੀ ।
ਲੋਕ ਝਟਪਟ ਦੌੜੇ, ਵੇਖਿਆ ਪੁਜਾਰੀ ਸੜ ਕੇ ਸੁਆਹ ਹੋ ਚੁੱਕਿਆ ਹੈ ਤੇ ਦੂਜੇ ਧਰਮ ਨੂੰ ਮੰਨਣ ਵਾਲੀ ਉਹ ਇਸਤਰੀ ਜੰਗਾਲ ਲੱਗੀ ਬਾਲਟੀ ਲਈ ਉਸ ਦੀ ਅੱਗ ਬੁਝਾਉਂਦੀ ਫਿਰ ਰਹੀ ਸੀ ।'
(-ਸੁਰਜੀਤ)