Katal (Punjabi Story) : Bachint Kaur

ਕਤਲ (ਕਹਾਣੀ) : ਬਚਿੰਤ ਕੌਰ

ਤੁਸੀਂ ਸੌਂ ਗਏ ਜੀ?”

ਮੈਂ ਆਪਣੇ ਪਤੀ ਦੀ ਨੀਂਦ ਨੂੰ ਟੋਹਿਆ ਤੇ ਫੇਰ ਦੱਬੇ ਪੈਰੀ ਉੱਠ ਕੇ ਆਪਣਾ ਸਰ੍ਹਾਣਾ ਹੇਠਾਂ ਕਾਲੀਨ ਉੱਪਰ ਰੱਖ ਲਿਆ।

“ਜਾਗਦੇ ਰ...ਹੋ...ਹੋ।” ਚੌਂਕੀਦਾਰ ਦੀ ਆਵਾਜ਼ ਦੇ ਨਾਲ ਉਸ ਦੀ ਸੋਟੀ ਵੀ ਕੰਧ ਨਾਲ ਖੜਕਦੀ ਮੈਨੂੰ ਸੁਣਾਈ ਦਿੱਤੀ।

ਮੇਰੇ ਪਤੀ ਮੰਜੇ ਉਤੇ ਘੂਕ ਸੁੱਤੇ ਪਏ ਸਨ। ਪਰ ਮੈਨੂੰ ਉਨ੍ਹਾਂ ਦੀ ਜਾਗ ਖੁਲ੍ਹ ਜਾਣ ਦਾ ਡਰ ਜਿਉਂ ਦਾ ਤਿਉਂ ਬਣਿਆ ਹੋਇਆ ਸੀ। ਜ਼ਰਾ ਵੀ ਅੱਖ ਖੁਲ੍ਹੀ ਨੀ ਤੇ ਮੁਸੀਬਤ ਆਈ ਨੀ।

ਹੁਣ ਮੈਂ ਖ਼ਾਸੇ ਚਿਰ ਤੋਂ ਕਾਲੀਨ ਉਤੇ ਪਈ ਸਰ੍ਹਾਣੇ ਨਾਲ ਘੁਲ ਰਹੀ ਸੀ। ਕਦੇ ਉਸ ਦੀ ਥਾਂ ਮੇਰੇ ਸਿਰ ਹੇਠ ਹੁੰਦੀ ਕਦੇ ਮੇਰੇ ਪੈਰਾਂ ਹੇਠ। ਪਰ ਨੀਂਦ ਸੀ ਕਿ ਮੇਰੇ ਕੋਲੋਂ ਨਹੀਂ ਸੀ ਲੰਘ ਰਹੀ।

ਮੈਂ ਕਈ ਵਾਰ ਮਲੋਮੱਲੀ ਅੱਖਾਂ ਮੀਚ ਕੇ ਸੌਣ ਦਾ ਯਤਨ ਕੀਤਾ।ਪਰ ਜਿਉਂ ਹੀ ਮੈਂ ਐਸਾ ਕਰਦੀ, ਮੇਰੇ ਜ਼ਿਹਨ ਵਿਚੋਂ ਖਿਆਲਾਂ ਦੀ ਇਕ ਡਾਰ ਫੜਫੜਾਉਂਦੇ ਪੰਛੀਆਂ ਦੀ ਤਰ੍ਹਾਂ ਮੇਰੇ ਵਲ ਵਧਦੀ ਆਉਂਦੀ। ਖ਼ਿਆਲਾਂ ਦੀ ਕੁੱਖ ਵਿਚੋਂ ਉਠਦੀ ਪੀੜ ਨਾਲ ਮੈਂ ਕਾਫੀ ਚਿਰ ਤੋਂ ਵਿਆਕੁਲ ਹੋ ਰਹੀ ਸੀ।

ਮੈਂ ਹੌਲੀ ਜਿਹੀ ਉਠ ਕੇ ਬਿਜਲੀ ਦਾ ਸਵਿੱਚ ਦਬਾਇਆ। ਪਰ ਜਿਸ ਗੱਲ ਦਾ ਮੈਨੂੰ ਡਰ ਸੀ ਉਹ ਹੀ ਹੋਈ।

ਕਮਰੇ ਵਿਚ ਚਾਨਣ ਹੁੰਦਿਆ ਹੀ ਉਨ੍ਹਾਂ ਨੇ ਪਾਸ ਪਰਤਿਆ।

ਪਰ ਮੈਂ ਹਿੰਮਤ ਕਰ ਕੇ ਛੇਤੀ ਨਾਲ ਪਰਸ ਵਿਚੋਂ ਪੈੱਨ ਕੱਢਿਆ ਅਤੇ ਅਲਮਾਰੀ ਵਿਚੋਂ ਕੁਝ ਕੋਰੇ ਕਾਗ਼ਜ਼।

ਬਸ ਫੇਰ ਕੀ ਸੀ ਝਿੜਕਾਂ ਦੀ ਇਕ ਬੁਛਾੜ ਮੇਰੇ ਉੱਪਰ ਵਰਸਣ ਲੱਗੀ।

“ਤੈਨੂੰ ਤਾਂ ਜਾਗਣ ਦੀ ਬਿਮਾਰੀ ਏ। ਮੈਨੂੰ ਤਾਂ ਦੋ ਘੜੀ ਸੌਂ ਲੈਣ ਦਿਆ ਕਰ ਅਰਾਮ ਨਾਲ। ਪਤਾ ਨੀ ਕਿਸ ਮਿੱਟੀ ਦੀ ਬਣੀ ਹੋਈ ਹੈ।ਨਾ ਦਿਨ ਨੂੰ ਅਰਾਮ ਨਾ ਰਾਤ ਨੂੰ ਚੈਨ ਮੈਂ ਝੱਟ ਸਵਿੱਚ ਆਫ਼ ਕਰ ਦਿੱਤਾ ਅਤੇ ਕੁਝ ਚਿਰ ਆਪਣੇ ਆਪ ਨੂੰ ਸੰਭਾਲ ਕੇ ਕਾਲੀਨ ਉੱਪਰ ਲੇਟੀ ਰਹੀ।

ਪਰ ਚੈਨ ਨਾਲ ਸੌਂ ਜਾਣਾ ਮੇਰੇ ਲਈ ਅੱਜ ਨਾ-ਮੁਮਕਿਨ ਸੀ।

“ਜਾਗਦੇ ਰ...ਹੋ...ਹੋ। ਇਕ ਲੰਬੀ ਸਾਰੀ ਹੇਕ ਫੇਰ ਮੇਰੇ ਕੰਨੀਂ ਪਈ।

ਮੈਂ ਦੁਬਾਰਾ ਆਪਣੇ ਪਤੀ ਦੀ ਨੀਂਦ ਨੂੰ ਟੋਹਣ ਲਈ ਹੌਲੀ ਜਿਹੀ ਪੁਛਿਆ।

“ਤੁਸੀਂ ਸੌ ਗਏ... ?”

“ਕਿਉਂ ਹੁਣ ਕੀ ਮੁਸੀਬਤ ਆ ਗਈ... ਤੈਨੂੰ ਨੀਂਦ ਦੀਆਂ ਗੋਲੀਆਂ ਲਿਆ ਕੇ ਦੇਊਂ ਕੱਲ੍ਹ ਨੂੰ ....।" ਏਨਾ ਕਹਿ ਕੇ ਉਹ ਚੁਪ ਕਰ ਗਏ। ਪਰ ਗੋਲੀਆਂ ਦੀ ਗੱਲ ਸੁਣਦਿਆਂ ਹੀ ਮੈਨੂੰ ਕਾਲਜ ਦੇ ਦਿਨਾਂ ਦੀ ਇਕ ਘਟਨਾ ਯਾਦ ਆ ਗਈ, ਜਦੋਂ ਮੈਂ ਜਾਗਣ ਲਈ ਗੋਲੀਆਂ ਖਾਂਦੀ ਸੀ।

ਕੀ ਅਲ੍ਹੜ ਉਮਰ ਸੀ ਉਹ, ਕਿਤਾਬ ਹੱਥ ਵਿਚ ਲੈਂਦਿਆਂ ਹੀ ਔਹ ਗਏ, ਔਹ ਗਏ...।

ਕਿਤਾਬ ਹੱਥਾਂ ਵਿੱਚੋਂ ਛੁਟ ਕੇ ਮੰਜੇ ਹੇਠਾਂ ਡਿਗੀ ਹੁੰਦੀ। ਅਤੇ ਦੀਵਾ ਸਾਰੀ ਸਾਰੀ ਰਾਤ ਸਿਰ੍ਹਾਣੇ ਬਲਦਾ ਰਹਿੰਦਾ।

ਖ਼ੈਰ ਮੈਂ ਮਨ ਹੀ ਮਨ ਇਕ ਲੋਰੀ ਗੁਣਗੁਨਾਉਣ ਲੱਗੀ :

ਧੀਰੇ ਸੇ ਆ ਜਾ ਰੀ ਅਖੀਅਨ ਮੇਂ
ਨਿੰਦੀਆ ਆ ਜਾ ਰੀ ਆ ਜਾ
ਧੀਰੇ ਸੇ ਆ ਜਾ...

ਪਰ ਨੀਂਦ ਭਲਾ ਕਿਥੇ ?

ਹਾਰ ਕੇ ਮੈਂ ਹੌਲੀ ਜਿਹੀ ਫੇਰ ਬਿਸਤਰੇ ਵਿਚੋਂ ਉਠੀ। ਕੋਲ ਪਏ ਕੋਰੇ ਕਾਗ਼ਜ਼ ਅਤੇ ਕਲਮ ਨੂੰ ਘੁਟ ਕੇ ਹੱਥਾਂ ਵਿਚ ਫੜ, ਚੁਪਕੇ ਪੈਰੀਂ ਉਠ ਕੇ ਰਸੋਈ ਵਿਚ ਜਾ ਬੈਠੀ।

ਹੁਣ ਮੈਂ ਸੋਚਣ ਲੱਗੀ ਕਿ ਕਿਸ ਕਹਾਣੀ ਨੂੰ ਪਹਿਲਾਂ ਲਿਖਿਆ ਜਾਵੇ। ਅੱਜ ਮਾਰਚ ਦੇ ਮਹੀਨੇ ਦੀ ਤੀਹ ਤਰੀਕ ਸੀ। ਮੈਂ ਤਨਖਾਹ ਲੈਣ ਸਾਰ ਕੁਝ ਜ਼ਰੂਰੀ ਸਾਮਾਨ ਖ਼ਰੀਦਣ ਖਾਤਰ, ਆਪਣੀ ਇਕ ਸਹੇਲੀ ਨਾਲ ਬਾਜ਼ਾਰ ਗਈ ਸੀ। ਬਾਜ਼ਾਰ ਦੀ ਮੇਲੇ ਵਰਗੀ ਭੀੜ ਵਿਚੋਂ ਅੱਜ ਇਕ ਕਹਾਣੀ ਦੇ ਜਰਮ ਮੇਰੀਆਂ ਅੱਖਾਂ ਥਾਣੀਂ ਮੇਰੇ ਅੰਦਰ ਲੰਘ ਗਏ ਸਨ। ਜਿਸ ਦਾ ਸਿਰਲੇਖ ਮੈਨੂੰ ਲਭਿਆ ਸੀ “ਜ਼ਿੰਦਗੀ ਦੇ ਮੇਲੇ ਵਿਚੋਂ ।"

ਇਸ ਕਹਾਣੀ ਵਿਚ ਮੈਂ ਇਹ ਦਸਣਾ ਚਾਹੁੰਦੀ ਸੀ ਕਿ ਦੁਨੀਆਂ ਦੇ ਇਸ ਵਿਸ਼ਾਲ, ਅਥਾਹ ਮੇਲੇ ਵਿਚੋਂ ਕਈ ਵਾਰ ਅਚਾਨਕ ਐਸੀਆਂ ਸੁੰਦਰ ਸ਼ਕਲਾਂ ਸਾਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਭਰ ਅੱਖਾਂ ਤੋਂ ਦੂਰ ਨਹੀਂ ਕਰਨਾ ਚਾਹੁੰਦੇ।ਪਰ ਹੁੰਦਾ ਇਹ ਹੈ ਕਿ ਇਕ ਵਾਰੀ ਦੇ ਮੇਲ ਪਿਛੋਂ ਜ਼ਿੰਦਗੀ ਭਰ ਉਨ੍ਹਾਂ ਦਾ ਖੁਰਾ ਨਹੀਂ ਲਭਦਾ। ਤੇ ਇਸ ਗੱਲ ਦਾ ਅਹਿਸਾਸ ਸਾਨੂੰ ਓਦੋਂ ਹੀ ਹੁੰਦਾ ਹੈ ਜਦੋਂ ਉਨ੍ਹਾਂ ਦਾ ਘੜੀ ਭਰ ਦਾ ਮੇਲ ਉਮਰ ਭਰ ਦਾ ਵਿਛੋੜਾ ਬਣ ਜਾਂਦਾ ਹੈ ਅਤੇ ਫੇਰ ਦਿਲ ਦੇ ਇਕ ਕੋਨੇ ਵਿਚ ਕੁਝ ਤਸਵੀਰਾਂ ਉਮਰ ਭਰ ਲਈ ਲਟਕ ਜਾਂਦੀਆਂ ਹਨ।

ਨਹੀਂ ਇਸ ਤੋਂ ਵੀ ਪਹਿਲਾਂ ਦੀ ਇਕ ਕਹਾਣੀ ਅੱਜ ਮੇਰੇ ਉਤੇ ਬਹੁਤ ਹਾਵੀ ਹੋਈ ਪਈ ਸੀ। ਜਿਸ ਦਾ ਨਾਉਂ ਮੈਂ 'ਮਾਂ ਕਿ ਮਾਸ਼ੂਕਾ' ਰਖਿਆ ਸੀ। ਇਹ ਕਹਾਣੀ ਵੀ ਕਿੰਨੇ ਹੀ ਦਿਨਾਂ ਤੋਂ ਮੇਰੇ ਖ਼ਿਆਲਾਂ ਵਿਚ ਪੱਕ ਰਹੀ ਸੀ।

ਮੇਰੀਆਂ ਅੱਖਾਂ ਦੇ ਅਪਰੇਸ਼ਨ ਪਿਛੋਂ ਜਦੋਂ ਅੱਖਾਂ ਤੋਂ ਪੱਟੀ ਖੋਲ੍ਹਣ ਸਮੇਂ ਇਕ ਭਰ-ਜੁਆਨ ਡਾਕਟਰ ਨੇ ਮੈਨੂੰ ਨਾ ਜਾਣੇ ਕੀ ਸੋਚ ਕੇ ਪੁਛਿਆ ਸੀ-

"ਮੈਂ ਤੁਹਾਨੂੰ ਕੀ ਬੁਲਾਵਾਂ ?”

“ਮਾਂ,” ਮੈਂ ਉੱਤਰ ਦਿੱਤਾ।

ਮਾਂ ਸ਼ਬਦ ਸੁਣ ਕੇ ਉਹ ਘਬਰਾ ਗਿਆ।

ਮੈਂ ਫੇਰ ਕਿਹਾ, “ਤੁਸੀਂ ਮੈਨੂੰ ਕੀ ਬੁਲਾਉਣਾ ਚਾਹੋਗੇ ?"

“ਕੀ ਮਾਂ ਤੋਂ ਬਿਨਾਂ ਕੋਈ ਹੋਰ ਰਿਸ਼ਤਾ ਨਹੀਂ ਹੋ ਸਕਦਾ?" ਉਸ ਨੇ ਪਲਕਾਂ ਝੁਕਾ ਕੇ ਕਿਹਾ।

“ਹੋਰ ਕਿਹੜਾ?”

ਉਸ ਨੇ ਮੇਰੀਆਂ ਅੱਖਾਂ ਵਿਚੋਂ ਕੁਝ ਲੱਭਣਾ ਚਾਹਿਆ। ਪਰ ਮੈਂ ਚੁੱਪ ਤੇ ਫੇਰ ਉਹ ਵੀ ਚੁੱਪ ਹੋ ਗਿਆ।

ਸ਼ਾਇਦ ਅੱਜ ਇਹ ਕਹਾਣੀ ਲਿਖੇ ਬਿਨਾਂ ਮੇਰਾ ਪਿੱਛਾ ਨਹੀਂ ਛੁਟੇਗਾ। ਪਰ ਇਹ ਕੁਝ ਲੰਬੀ ਕਹਾਣੀ ਸੀ ਅਤੇ ਮੇਰੇ ਕੋਲ ਸਿਰਫ਼ ਸੱਤ ਹੀ ਕੋਰੇ ਕਾਗ਼ਜ਼ ਸਨ। ਅੰਦਰ ਜਾ ਕੇ ਹੁਣ ਮੈਂ ਫੇਰ ਬੱਤੀ ਨਹੀਂ ਸੀ ਜਗਾ ਸਕਦੀ, ਕਿਉਂਕਿ ਮੇਰੇ ਪਤੀ ਦੇ ਜਾਗ ਜਾਣ ਦਾ ਡਰ ਮੈਨੂੰ ਨਾਲ ਨਾਲ ਖਾਈ ਜਾ ਰਿਹਾ ਸੀ। ਪਰ ਚੌਕੀਦਾਰ ਵਾਰ ਵਾਰ ਆਪਣੀ ਸੋਟੀ ਜ਼ਮੀਨ ਨਾਲ ਮਾਰ ਮਾਰ ਕੇ ਕਹਿ ਰਿਹਾ ਸੀ, ਜਾਗਦੇ ਰ...ਓ।"

ਮੈਂ ਡਰਦੀ ਡਰਦੀ ਅੱਗੇ ਵਧੀ, ਜਿਥੇ ਤੀਜੇ ਨੰਬਰ ਤੇ ਖੜੀ ਸੀ, ਉਹ ਕਹਾਣੀ ਜਿਸ ਨੂੰ ਮੈਂ “ਸੱਚਾ ਝੂਠ” ਸਿਰਲੇਖ ਦਿੱਤਾ ਸੀ।

ਇਹ ਸੱਚਾ ਝੂਠ ਮੇਰੀ ਹੀ ਜ਼ਿੰਦਗੀ ਦੀ ਉਹ ਹੁਸੀਨ ਘਟਨਾ ਹੈ, ਜਿਸ ਤੋਂ ਮੈਂ ਹੁਣ ਘਬਰਾ ਰਹੀ ਹਾਂ। ਮੇਰਾ ਭਾਵ ਮੇਰੇ ਪਤੀ ਤੋਂ ਹੀ ਹੈ।

ਜਦੋਂ ਮੈਂ ਬੀ. ਏ. ਵਿਚ ਪੜ੍ਹਦੀ ਸੀ ਤਾਂ ਮੇਰਾ ਇਕ ਜਮਾਤੀ ਮੁੰਡਾ ਹਮੇਸ਼ਾਂ ਮੇਰੀ ਅੱਗੇ ਵਾਲੀ ਸੀਟ ਉਤੇ ਬੈਠਦਾ ਸੀ। ਜਿਸ ਨੂੰ ਔਰਤ ਜ਼ਾਤ ਤੋਂ ਬਹੁਤ ਚਿੜ੍ਹ ਸੀ। ਉਨ੍ਹਾਂ ਹੀ ਦਿਨਾਂ ਵਿਚ ਮੈਨੂੰ ਵੀ ਮਰਦ ਜਾਤੀ ਨਾਲ ਬੇਹੱਦ ਚਿੜ੍ਹ ਹੁੰਦੀ ਸੀ।

ਜਿਉਂ ਹੀ ਕਿਸੇ ਲੈਸਨ ਵਿਚ ਕਿਸੇ ਕਵੀ ਦੀ ਕਲਪਨਾ ਕਿਸੇ ਹੁਸੀਨ ਕੁੜੀ ਦੁਆਲੇ ਘੁੰਮਦੀ, ਅਸੀਂ ਪੜ੍ਹ ਰਹੇ ਹੁੰਦੇ। ਉਸ ਮੇਰੇ ਜਮਾਤੀ ਮੁੰਡੇ ਦਾ ਮੂੰਹ ਖ਼ਾਹ-ਮਖ਼ਾਹ ਗੁੱਸੇ ਵਿਚ ਲਾਲ ਹੋ ਜਾਂਦਾ ਅਤੇ ਕੀਟਸ, ਸ਼ੈਲੀ, ਬਰੋਨਿੰਗ ਨਾ ਜਾਣੇ ਕਿੰਨੇ ਹੀ ਮਹਾਨ ਕਵੀਆਂ ਨੂੰ ਪਾਗਲ ਕਹਿਣ ਲੱਗ ਜਾਂਦਾ।

ਬਸ ਫੇਰ ਕੀ ਸੀ। ਮੈਂ ਵੀ ਉਸ ਦੀ ਹਰ ਗੱਲ ਦਾ ਜਵਾਬ ਦਲੀਲਾਂ ਨਾਲ ਦੇ ਕੇ ਔਰਤ ਦੀ ਵਫ਼ਾ ਵਲੋਂ ਉਸ ਨੂੰ ਲਾ-ਜਵਾਬ ਕਰਨ ਦੀ ਕੋਸ਼ਿਸ਼ ਕਰਦੀ। ਫੇਰ ਕੁੜੀਆਂ ਇਕ ਪਾਸੇ, ਮੁੰਡੇ ਦੂਜੇ ਪਾਸੇ। ਕਈ ਵਾਰ ਪ੍ਰੋਫ਼ੈਸਰ ਕਲਾਸ ਹੀ ਛੱਡ ਜਾਂਦਾ ਅਤੇ ਸਾਡੇ ਦੋਹਾਂ ਦੇ ਸਾਹਮਣੇ ਨਫ਼ਰਤ ਦੇ ਉੱਚੇ ਉੱਚੇ ਪਹਾੜ ਆ ਖੜੇ ਹੁੰਦੇ।

ਇਤਫ਼ਾਕ ਦੇਖੋ, ਉਹੀ ਮੁੰਡਾ ਵਿਦਿਆਰਥੀ ਜੀਵਨ ਪਿਛੋਂ ਮੇਰਾ ਜੀਵਨ ਸਾਥੀ ਬਣ ਗਿਆ। ਹੁਣ ਕੌਣ ਕਿਸੇ ਨਾਲ ਵਫ਼ਾ ਕਰਦਾ ਹੈ? ਕੌਣ ਨਹੀਂ! ਪਰ ਉਸ ਸਮੇਂ ਉਸਦੀ ਮਰਜ਼ੀ ਨਾਲ ਮੇਰੀ ਵੀ ਮਰਜ਼ੀ ਮਿਲ ਗਈ ਸੀ।

ਖ਼ੈਰ! ਇਹ ਤਾਂ ਘਰ ਦੀ ਗੱਲ ਸੀ।ਮੈਂ ਇਸ ਕਹਾਣੀ ਤੋਂ ਵੀ ਨਜ਼ਰ ਚੁਰਾ ਲਈ।

ਫੇਰ ਮੈਂ ਚੌਥੀ ਕਹਾਣੀ ਵੱਲ ਵਧੀ ਜੋ ਮੈਨੂੰ ਚਿਰਾਂ ਤੋਂ ਦਮ ਤੋੜਦੀ ਨਜ਼ਰ ਆ ਰਹੀ ਸੀ। ਜਿਸ ਨਾਲ ਮੈਂ ਕਲ੍ਹ ਰਾਤ ਵੀ ਬੇ-ਇਨਸਾਫ਼ੀ ਕੀਤੀ ਸੀ। ਜਿਸ ਨੂੰ ਮੈਂ ਸ਼ੁਰੂ ਕਰ ਕੇ ਅੰਤ ਤੇ ਲਿਆ ਕੇ ਛੱਡ ਦਿੱਤਾ ਸੀ। ਮੈਨੂੰ ਅੱਗੋਂ ਘੌਲ ਨੇ ਆ ਘੇਰਿਆ ਸੀ।

ਚਲੋ ਅੱਗੋਂ ਏਸੇ ਨੂੰ ਸ਼ੁਰੂ ਕਰ ਕੇ ਖ਼ਤਮ ਕਰ ਦਿੱਤਾ ਜਾਵੇ।

ਮੈਂ ਸਾਹਮਣੇ ਭਾਂਡਿਆਂ ਵਾਲੇ ਫੱਟੇ ਤੋਂ ਇਕ ਵੱਡਾ ਸਾਰਾ ਥਾਲ ਉਤਾਰਿਆ, ਅਤੇ ਉਸ ਨੂੰ ਕੋਰੇ ਕਾਗ਼ਜ਼ਾਂ ਹੇਠਾਂ ਰਖ ਲਿਆ।

ਅਜੇ ਮਸਾਂ ਮੈਂ ਅਧੂਰੀ ਕਹਾਣੀ ਨਾਲ ਆਪਣੇ ਖ਼ਿਆਲਾਂ ਨੂੰ ਜੋੜਿਆ ਹੀ ਸੀ, ਕਿ ਇਕ ਮੋਟਾ ਜਿਹਾ ਚੂਹਾ ਮੇਰੇ ਸਾਹਮਣੇ ਆ ਕੇ ਆਪਣੀਆਂ ਲੰਬੀਆਂ ਲੰਬੀਆਂ ਮੁਛਾਂ ਹਿਲਾਉਣ ਲੱਗ ਪਿਆ। ਸ਼ਾਇਦ ਆਦਮੀ ਦੀ ਤਰ੍ਹਾਂ ਰਾਤ ਸਮੇਂ ਇਸ ਨੂੰ ਵੀ ਚਾਨਣ ਪਸੰਦ ਨਹੀਂ ਸੀ। ਇਸ ਦੇ ਅੰਦਰ ਵੀ ਇਕ ਭੁਖ, ਮੇਰੇ ਪਤੀ ਦੇ ਅੰਦਰ ਵੀ ਇਕ ਭੁਖ, ਮੇਰੇ ਅੰਦਰ ਵੀ ਇਕ ਭੁਖ।

ਢਿੱਡ ਦੀ ਭੁਖ।
ਜਿਸਮ ਦੀ ਭੁਖ।
ਰੋਸ਼ਨੀ ਦੀ ਭੁੱਖ।

ਸਭ ਆਪਣੀ ਆਪਣੀ ਭੁਖ ਵਿਚ ਬੇਚੈਨ।

ਪਰ ਹੁਣ ਤਾਂ ਮੇਰੇ ਹੱਥ ਵਿਚ ਕਲਮ ਆ ਚੁਕੀ ਸੀ।ਅਧੂਰੀ ਕਹਾਣੀ ਤਾਂ ਅੱਜ ਪੂਰੀ ਕਰ ਕੇ ਹੀ ਉਠੂੰਗੀ। ਮੇਰੇ ਮਨ ਦਾ ਕੁਝ ਭਾਰ ਤਾਂ ਹਲਕਾ ਹੋ ਜਾਵੇ। ਮੇਰੀ ਪੱਕੀ ਜ਼ਿੱਦ ਦੇਖ ਕੇ ਚੂਹੇ ਨੇ ਆਪਣੀਆਂ ਮੁਛਾਂ ਨੂੰ ਸੰਗੋੜਦਿਆਂ ਮੇਰੇ ਵਲ ਅੱਖਾਂ ਕੱਢ ਕੇ ਇਕ ਲੰਬੀ ਜਿਹੀ ਛਾਲ ਭਾਂਡਿਆਂ ਵਾਲੇ ਫੱਟੇ ਤੋਂ ਸਬਜ਼ੀ ਵਾਲੇ ਛਿਕੂ ਵਲ ਮਾਰ ਦਿੱਤੀ। ਠਾਹ ! ਕਰਦਾ, ਚਾਰ ਕਿਲੋ ਦੇ ਘੀ ਦਾ ਖਾਲੀ ਡੱਬਾ ਫੱਟੇ ਤੋਂ ਹੇਠਾਂ ਫ਼ਰਸ਼ ਉੱਤੇ ਆ ਡਿਗਿਆ।

ਬਸ ਫੇਰ ਕੀ ਸੀ। ਮੇਰੇ ਖ਼ਾਨਿਓਂ ਗਈ। ਜਿਸ ਗੱਲ ਦਾ ਮੈਨੂੰ ਡਰ ਸੀ ਉਹੀ ਹੋ ਗਈ। ਜਾਗ ਖੁਲ੍ਹਦਿਆਂ ਹੀ ਮੇਰੇ ਪਤੀ ਦਾ ਹੱਥ ਖਾਲੀ ਬਿਸਤਰੇ ਉੱਪਰ ਗਿਆ।

ਉਹ ਰੌਸ਼ਨੀ ਦੀ ਕਿਰਨ ਫੜਦੇ ਮੇਰੇ ਕੋਲ ਰਸੋਈ ਵਿਚ ਆ ਕੇ ਸ਼ੇਰ ਦੀ ਤਰ੍ਹਾਂ ਗਰਜੇ—

“ਹੁਣ ਅੱਧੀ ਰਾਤ ਏਥੇ ਕੀ ਹੋ ਰਿਹਾ ਏ ?"

“ਮੈਂ ਮੈਂ... ਇਕ ਕਹਾਣੀ ਨੂੰ ਜਨਮ...। ਸਿਰਫ ਇਹ ਹੀ ਕਹਿ ਸਕੀ।

“ਬੱਤੀ ਬੁਝਾ ਛੇਤੀ। ਵੱਡੀ ਆਈ ਐ ਜਨਮ ਦੇਣ ਵਾਲੀ ਭਲਾ ਕੋਈ ਔਰਤ...।

ਰੌਸ਼ਨੀ ਬੰਦ, ਮੇਰੀ ਕਲਮ ਵੀ ਬੰਦ। ਕੁਝ ਕੋਰੇ ਕਾਗਜ਼ ਮੇਰੇ ਹੱਥਾਂ ਵਿਚ ਜਿਉਂ ਦੇ ਤਿਉਂ ਫੜੇ ਹੋਏ ਸਨ।

ਸਭ ਕੁਝ ਲਹੂ-ਲੁਹਾਨ। ਇਕੋ ਫ਼ਿਕਰੇ ਨੇ ਮੇਰੇ ਸਾਰੇ ਭਾਵਾਂ ਦਾ ਕਤਲ ਕਰ ਸੁੱਟਿਆ ਸੀ।

ਚੌਕੀਦਾਰ ਅਜੇ ਵੀ ਉੱਚੀ ਆਵਾਜ਼ ਵਿਚ, ਖਾਲੀ ਕੰਧ ਉਤੇ ਸੋਟੀ ਖੜਕਾਉਂਦਾ ਕਹਿ ਰਿਹਾ ਸੀ-

ਜਾਗਦੇ ਰ.. ਹੋ... ਹੋ...ਹੋ ।

  • ਮੁੱਖ ਪੰਨਾ : ਕਹਾਣੀਆਂ, ਬਚਿੰਤ ਕੌਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ