Kato Di Dosti : Mangolian Lok Kahani
ਕਾਟੋ ਦੀ ਦੋਸਤੀ : ਮੰਗੋਲੀਆਈ ਲੋਕ ਕਹਾਣੀ
ਬੜੇ ਚਿਰਾਂ ਦੀ ਗੱਲ ਹੈ। ਮੰਗੋਲੀਆ ਦੇ ਜੰਗਲ ਵਿੱਚ ਰਿੱਛ ਅਤੇ ਕਾਟੋ ਵਿੱਚ ਬੜੀ ਗੂੜ੍ਹੀ ਦੋਸਤੀ ਸੀ। ਦੋਵੇਂ ਜਣੇ ਸਾਰਾ ਕੰਮ, ਇੱਥੋਂ ਤਕ ਕਿ ਸ਼ਿਕਾਰ ਵੀ ਰਲ ਕੇ ਕਰਦੇ ਸਨ। ਰਿੱਛ ਆਪਣੇ ਨਾਲ-ਨਾਲ ਕਾਟੋ ਦੇ ਲਈ ਵੀ ਖਾਣਾ ਲਿਆਉਂਦਾ ਸੀ। ਕਾਟੋ ਨੂੰ ਖਾਣ ਲਈ ਜੋ ਵੀ ਮਿਲਦਾ, ਉਸ ਵਿੱਚੋਂ ਉਹ ਅੱਧਾ ਰਿੱਛ ਨੂੰ ਦੇ ਦਿੰਦੀ ਸੀ।
ਜੰਗਲ ਵਿੱਚ ਰਹਿਣ ਵਾਲੇ ਲੂੰਬੜ ਨੂੰ ਦੋਵਾਂ ਦੀ ਐਨੀ ਗੂੜ੍ਹੀ ਮਿੱਤਰਤਾ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ। ਉਸ ਨੇ ਮਨ ਹੀ ਮਨ ਦੋਵਾਂ ਵਿੱਚ ਫੁੱਟ ਪਾਉਣ ਦੀ ਵਿਉਂਤ ਬਣਾ ਲਈ। ਇੱਕ ਦਿਨ ਮੌਕਾ ਦੇਖ ਕੇ ਲੂੰਬੜ ਨੇ ਕਾਟੋ ਨੂੰ ਕਿਹਾ, ”ਕਿਉਂ ਭੈਣ, ਤੇਰੇ ਦੋਸਤ ਰਿੱਛ ਦਾ ਕੀ ਹਾਲ-ਚਾਲ ਹੈ?”
ਕਾਟੋ ਖ਼ੁਸ਼ ਹੋ ਕੇ ਆਪਣੀ ਅਤੇ ਰਿੱਛ ਦੀ ਮਿੱਤਰਤਾ ਦੀਆਂ ਗੱਲਾਂ ਕਰਨ ਲੱਗੀ। ਰਿੱਛ ਦੀ ਸਿਫ਼ਤ ਸੁਣ ਕੇ ਲੂੰਬੜ ਗੁੱਸੇ ਨਾਲ ਲਾਲ ਹੋਣ ਲੱਗਾ। ਉਹ ਸਾਰਿਆਂ ਨਾਲ ਚਲਾਕੀ ਕਰਦਾ ਸੀ। ਸਾਰਿਆਂ ਨੂੰ ਧੋਖਾ ਦਿੰਦਾ ਸੀ। ਇਸ ਲਈ ਕੋਈ ਵੀ ਉਸ ਦਾ ਦੋਸਤ ਬਣਨਾ ਪਸੰਦ ਨਹੀਂ ਕਰਦਾ ਸੀ।
ਲੂੰਬੜ ਬੋਲਿਆ,”ਭੈਣ ਤੂੰ ਬੜੀ ਭੋਲੀ ਏਂ। ਤੂੰ ਨਹੀਂ ਜਾਣਦੀ ਕਿ ਰਿੱਛ ਤੈਨੂੰ ਬੁੱਧੂ ਬਣਾਉਂਦਾ ਰਹਿੰਦਾ ਹੈ?”
”ਮੈਨੂੰ ਬੁੱਧੂ ਬਣਾਉਂਦਾ ਹੈ…” ਕਾਟੋ ਨੇ ਪੁੱਛਿਆ, ”ਉਹ ਕਿਵੇਂ?”
ਲੂੰਬੜ ਨੇ ਕਿਹਾ,”ਰਿੱਛ ਜਦ ਸ਼ਿਕਾਰ ਲਿਆਉਂਦਾ ਹੈ ਤਦ ਖਾਣ ਤੋਂ ਪਹਿਲਾਂ ਉਸ ਨੂੰ ਸਾਫ਼ ਕੌਣ ਕਰਦਾ ਹੈ?”
”ਸਫ਼ਾਈ ਤਾਂ ਰਿੱਛ ਹੀ ਕਰਦਾ ਹੈ,” ਕਾਟੋ ਨੇ ਜਵਾਬ ਦਿੱਤਾ।
”ਕੀ ਤੂੰ ਜਾਣਦੀ ਏਂ ਕਿ ਉਹ ਅਜਿਹਾ ਕਿਉਂ ਕਰਦਾ ਹੈ? ਉਹ ਸਾਰਾ ਵਧੀਆ ਮਾਸ ਪਹਿਲਾਂ ਆਪ ਖਾ ਲੈਂਦਾ ਹੈ, ਬਚਿਆ-ਖੁਚਿਆ ਤੈਨੂੰ ਦੇ ਦਿੰਦਾ ਹੈ। ਵਧੀਆ ਖਾਣਾ ਖਾ-ਖਾ ਕੇ ਉਹ ਮੋਟਾ ਹੁੰਦਾ ਜਾ ਰਿਹਾ ਹੈ, ਤੂੰ ਛੋਟੀ ਦੀ ਛੋਟੀ ਹੈਂ।” ਲੂੰਬੜ ਨੇ ਲੰਮਾ ਸਾਹ ਲਿਆ, ”ਵੈਸੇ ਮੈਂ ਇਸ ਗੱਲ ਤੋਂ ਕੀ ਲੈਣਾ! ਜਾਣਦਾ ਹਾਂ ਕਿ ਇਹ ਗੱਲ ਦੱਸਣ ਦਾ ਕੋਈ ਲਾਭ ਨਹੀਂ…।”
ਲੂੰਬੜ ਕਾਟੋ ਦੇ ਮਨ ਵਿੱਚ ਸ਼ੱਕ ਦਾ ਬੀਜ, ਬੀਜ ਕੇ ਤੁਰਦਾ ਹੋਇਆ। ਕਾਟੋ ਸੋਚਣ ਲੱਗੀ, ”ਲੂੰਬੜ ਕਿਤੇ ਠੀਕ ਹੀ ਤਾਂ ਨਹੀਂ ਕਹਿ ਰਿਹਾ ਸੀ। ਮੈਂ ਤਾਂ ਰਿੱਛ ਨੂੰ ਆਪਣਾ ਮਿੱਤਰ ਸਮਝਦੀ ਹਾਂ ਅਤੇ ਹੋ ਸਕਦਾ ਹੈ ਕਿ ਉਹ ਮੈਨੂੰ ਬੁੱਧੂ ਬਣਾ ਰਿਹਾ ਹੋਵੇ।”
ਅਗਲੇ ਦਿਨ ਰਿੱਛ ਨੇ ਕਾਟੋ ਨਾਲ ਜੰਗਲ ‘ਚੋਂ ਫਲ ਇਕੱਠੇ ਕੀਤੇ, ਉਨ੍ਹਾਂ ਨੂੰ ਸਾਫ਼ ਕੀਤਾ ਅਤੇ ਖਾਣ ਲੱਗਾ। ਉਸ ਨੇ ਕਾਟੋ ਨੂੰ ਵੀ ਖਾਣ ਨੂੰ ਕਿਹਾ ਪਰ ਕਾਟੋ ਨੇ ਫਲ ਨਹੀਂ ਖਾਧੇ। ਰਿੱਛ ਹੈਰਾਨ ਸੀ। ਕਾਟੋ ਸੋਚ ਰਹੀ ਸੀ, ”ਸ਼ਾਇਦ ਲੂੰਬੜ ਸੱਚ ਕਹਿ ਰਿਹਾ ਸੀ।”
ਥੋੜ੍ਹੀ ਦੂਰ ਜਾਣ ‘ਤੇ ਰਿੱਛ ਨੂੰ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਦਿਖਾਈ ਦਿੱਤਾ। ਰਿੱਛ ਨੇ ਉਸ ਵਿੱਚ ਆਪਣਾ ਮੂੰਹ ਦੇ ਕੇ ਢਿੱਡ ਭਰ ਕੇ ਸ਼ਹਿਦ ਖਾਧਾ। ਸ਼ਹਿਦ ਖਾਣ ਦੇ ਬਾਅਦ ਮੁੱਛਾਂ ਸਾਫ਼ ਕਰਦੇ ਹੋਏ ਉਸ ਨੇ ਕਾਟੋ ਨੂੰ ਸ਼ਹਿਦ ਖਾਣ ਲਈ ਸੱਦਿਆ। ਕਾਟੋ ਦੇਖ ਰਹੀ ਸੀ ਕਿ ਰਿੱਛ ਨੇ ਪਹਿਲਾਂ ਹੀ ਸਾਰਾ ਕੁਝ ਖਾ ਲਿਆ ਸੀ। ਉਸ ਨੂੰ ਲੂੰਬੜ ਦੀ ਗੱਲ ‘ਤੇ ਪੂਰੀ ਤਰ੍ਹਾਂ ਵਿਸ਼ਵਾਸ ਹੋ ਗਿਆ ਸੀ।
”ਕੋਈ ਗੱਲ ਨਹੀਂ, ਰਿੱਛ ਨੂੰ ਹੁਣ ਮੈਂ ਸਬਕ ਸਿਖਾਊਂਗੀ।” ਦੂਜੇ ਦਿਨ ਰਿੱਛ ਅਤੇ ਕਾਟੋ ਦੋਵੇਂ ਜਣੇ ਸ਼ਿਕਾਰ ਕਰਨ ਗਏ। ਰਿੱਛ ਦੇ ਹੱਥ ਵਿੱਚ ਇੱਕ ਬੱਕਰੀ ਦੀ ਟੰਗ ਆ ਗਈ, ਉਹ ਉਸ ਨੂੰ ਫੜ ਕੇ ਖਿੱਚਣ ਲੱਗਾ। ਤਦ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਸਿਰਾਂ ‘ਤੇ ਕੋਈ ਚੀਜ਼ ਘੁੰਮ ਰਹੀ ਸੀ। ਅਸਲ ਵਿੱਚ ਉਹ ਕਾਟੋ ਸੀ। ਕਾਟੋ ਨੇ ਰਿੱਛ ਦੇ ਸਿਰ ‘ਤੇ ਚੜ੍ਹ ਕੇ ਸ਼ਿਕਾਰ ਨੂੰ ਪਹਿਲਾਂ ਖਾਣ ਦਾ ਫ਼ੈਸਲਾ ਕਰ ਲਿਆ ਸੀ। ਰਿੱਛ ਇਸ ਬਾਰੇ ਕੁਝ ਨਹੀਂ ਜਾਣਦਾ ਸੀ। ਬੱਕਰੀ ਉਸ ਦੇ ਹੱਥਾਂ ‘ਚੋਂ ਨਿਕਲ ਕੇ ਭੱਜ ਗਈ। ਬੇਚਾਰਾ ਰਿੱਛ।
ਅੱਗੇ ਰਿੱਛ ਨੂੰ ਖ਼ਰਗੋਸ਼ ਦਿਸਿਆ। ਉਸ ਨੂੰ ਫੜਨ ਲਈ ਉਹ ਦੱਬੇ ਪੈਰੀਂ ਉਸ ਵੱਲ ਵਧਿਆ। ਇਸ ਵਾਰ ਤਾਂ ਕਾਟੋ ਨੇ ਹੱਦ ਹੀ ਕਰ ਦਿੱਤੀ। ਉਹ ਰਿੱਛ ਦੀਆਂ ਅੱਖਾਂ ਦੇ ਸਾਹਮਣੇ ਫੁਰਤੀ ਨਾਲ ਸਿਰ ‘ਤੇ ਚੜ੍ਹ ਕੇ ਬੈਠ ਗਈ। ਰਿੱਛ ਡਰ ਨਾਲ ਥਰ-ਥਰ ਕੰਬਣ ਲੱਗਾ। ਖਰਗੋਸ਼ ਵੀ ਝਾੜੀਆਂ ਵਿੱਚ ਜਾ ਲੁਕਿਆ।
ਕਾਟੋ ਨੇ ਰਿੱਛ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ। ਉਸ ਦਾ ਢਿੱਡ ਹੀ ਕਿੰਨਾ ਸੀ? ਕੁਝ ਵੀ ਖਾ ਕੇ ਢਿੱਡ ਭਰ ਲੈਂਦੀ। ਰਿੱਛ ਸ਼ਿਕਾਰ ‘ਤੇ ਇਕੱਲਾ ਹੀ ਜਾਣ ਲੱਗਾ ਸੀ ਪਰ ਕਾਟੋ ਪਿੱਛੋਂ ਜਾ ਕੇ ਉਸ ਨੂੰ ਪ੍ਰੇਸ਼ਾਨ ਕਰਨਾ ਕਦੇ ਨਾ ਭੁੱਲਦੀ।
ਇੱਕ ਦਿਨ ਰਿੱਛ ਨੂੰ ਇੱਕ ਛੋਟਾ ਸੂਰ ਦਿਖਾਈ ਦਿੱਤਾ। ਕਈ ਦਿਨਾਂ ਤੋਂ ਰਿੱਛ ਕੋਈ ਸ਼ਿਕਾਰ ਨਹੀਂ ਸੀ ਕਰ ਸਕਿਆ। ਭਲਾ ਫਲ-ਫੁੱਲ ਨਾਲ ਉਸ ਦਾ ਢਿੱਡ ਕਿੱਥੇ ਭਰਦਾ? ਉਸ ਨੂੰ ਅੰਤਾਂ ਦੀ ਭੁੱਖ ਲੱਗੀ ਸੀ। ਉਸ ਨੇ ਸੂਰ ਨੂੰ ਫੜਨ ਲਈ ਛਾਲ ਮਾਰੀ। ਕਾਟੋ ਵੀ ਦੇਖ ਰਹੀ ਸੀ। ਉਹ ਵੀ ਟਪੂਸੀ ਮਾਰ ਕੇ ਰਿੱਛ ਦੇ ਸਿਰ ‘ਤੇ ਚੜ੍ਹ ਕੇ ਬੈਠ ਗਈ। ਅੱਜ ਕਿਸੇ ਵੀ ਕੀਮਤ ‘ਤੇ ਰਿੱਛ ਸੂਰ ਨੂੰ ਹੱਥ ‘ਚੋਂ ਨਿਕਲ ਜਾਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਸੀ। ਉਹ ਗੁੱਸੇ ਵਿੱਚ ਉੱਚੀ ਦੇਣੀ ਬੋਲਿਆ, ”ਤੂੰ ਮੈਥੋਂ ਬਚ ਕੇ ਭੱਜ ਨਹੀਂ ਸਕਦਾ।” ਉਹ ਸੂਰ ਨੂੰ ਫੜਨ ਲਈ ਤੇਜ਼ੀ ਨਾਲ ਭੱਜਿਆ।
ਰਿੱਛ ਨੂੰ ਫਿਰ ਆਪਣੀ ਪਿੱਠ ‘ਤੇ ਕੋਈ ਚੀਜ਼ ਤੁਰਦੀ ਹੋਈ ਮਹਿਸੂਸ ਹੋਈ। ਕਾਟੋ ਤਾਂ ਉਸ ਨੂੰ ਦਿਖਾਈ ਨਹੀਂ ਦੇ ਰਹੀ ਸੀ। ਉਸ ਨੇ ਗੁੱਸੇ ਵਿੱਚ ਆਪਣਾ ਇੱਕ ਪੰਜਾ ਜ਼ੋਰ ਨਾਲ ਪਿੱਠ ‘ਤੇ ਕੱਢ ਮਾਰਿਆ। ਪੰਜੇ ਨਹੁੰ ਕਾਟੋ ਦੇ ਸਿਰ ਤੋਂ ਪੂਛ ਤਕ ਖੁੱਭ ਗਏ ਸਨ। ਕਾਟੋ ਦਰਦ ਨਾਲ ਤੜਪ ਉੱਠੀ। ਰਿੱਛ ਕਿਤੇ ਪਛਾਣ ਨਾ ਲਏ। ਇਸ ਲਈ ਕਾਟੋ ਨੇ ਬੜੀ ਮੁਸ਼ਕਲ ਨਾਲ ਮੂੰਹੋਂ ਆਵਾਜ਼ ਕੱਢੀ। ਛੇਤੀ ਨਾਲ ਰਿੱਛ ਨੇ ਆਪਣਾ ਪੰਜਾ ਪਿੱਠ ਤੋਂ ਪਰ੍ਹਾਂ ਕਰ ਲਿਆ। ਨਹੁੰ ਬਾਹਰ ਕੱਢਦਿਆਂ ਹੀ ਕਾਟੋ ਭੱਜ ਤੁਰੀ। ਦਰਦ ਤੋਂ ਬੈਚੇਨ ਹੋ ਕੇ ਉਹ ਇੱਕ ਦਰੱਖਤ ਤੋਂ ਦੂਜੇ ਦਰੱਖਤ ‘ਤੇ ਕੁੱਦਣ ਲੱਗੀ। ਰਿੱਛ ਨੇ ਦੌੜ ਕੇ ਸੂਰ ਫੜ ਲਿਆ।
ਸੂਰ ਦੇ ਸ਼ਿਕਾਰ ਤੋਂ ਰਿੱਛ ਕਾਫ਼ੀ ਖ਼ੁਸ਼ ਸੀ। ਕਈ ਦਿਨਾਂ ਮਗਰੋਂ ਢਿੱਡ ਭਰ ਖਾਣਾ ਮਿਲਿਆ ਸੀ। ਹਮੇਸ਼ਾਂ ਦੀ ਤਰ੍ਹਾਂ ਰਿੱਛ ਨੇ ਕਾਟੋ ਨੂੰ ਆਵਾਜ਼ ਮਾਰੀ। ਕਾਟੋ ਨਹੀਂ ਆਈ। ਉਹ ਤਾਂ ਰਿੱਛ ਨੂੰ ਆਪਣਾ ਦੁਸ਼ਮਣ ਸਮਝਣ ਲੱਗੀ ਸੀ। ਕਾਫ਼ੀ ਉਡੀਕ ਕਰਨ ਤੋਂ ਬਾਅਦ ਰਿੱਛ ਇਕੱਲਾ ਵਾਪਸ ਪਰਤ ਗਿਆ।
ਕਾਟੋ ਦਰੱਖਤਾਂ ਦੇ ਝੁਰਮਟ ਵਿੱਚ ਬੈਠੀ ਸੀ। ਉਸ ਦੀ ਪਿੱਠ ਦੇ ਜ਼ਖ਼ਮ ਠੀਕ ਹੋ ਗਏ ਸਨ ਪਰ ਉਹ ਕਾਲੇ ਰੰਗ ਦੀਆਂ ਧਾਰੀਆਂ ਵਿੱਚ ਬਦਲ ਗਏ ਸਨ। ਅੱਜ ਵੀ ਇਹ ਕਾਲੀਆਂ ਧਾਰੀਆਂ ਕਾਟੋ ਨੂੰ ਦੋਸਤ ਨੂੰ ਧੋਖਾ ਦੇਣ ਦੀ ਯਾਦ ਦਿਵਾਉਂਦੀਆਂ ਹਨ।
ਲੂੰਬੜ ਵਾਂਗ ਹੁਣ ਉਸ ਦਾ ਵੀ ਕੋਈ ਦੋਸਤ ਨਹੀਂ ਸੀ। ਉਹ ਇਕੱਲੀ ਦਰੱਖਤਾਂ ‘ਤੇ ਘੁੰਮਦੀ ਰਹਿੰਦੀ। ਉਸ ਨੇ ਮਾਸ ਖਾਣਾ ਵੀ ਛੱਡ ਦਿੱਤਾ। ਰਿੱਛ ਨੂੰ ਦੇਖ ਕੇ ਉਹ ਦਰੱਖਤਾਂ ਦੇ ਵਿਚਾਲੇ ਲੁਕ ਜਾਂਦੀ ਹੈ। ਰਿੱਛ ਅਤੇ ਕਾਟੋ ਦੀ ਦੋਸਤੀ ਨੂੰ ਦੁਸ਼ਮਣੀ ਵਿੱਚ ਬਦਲਣ ਲਈ ਲੂੰਬੜ ਅੱਜ ਵੀ ਆਪਣੀਆਂ ਚਲਾਕੀਆਂ ਕਾਰਨ ਬਦਨਾਮ ਹੈ।
(ਨਿਰਮਲ ਪ੍ਰੇਮੀ)