Kaudi Kabaddi (Punjabi Story) : B. S. Bir

ਕੌਡੀ ਕਬੱਡੀ (ਕਹਾਣੀ) : ਬੀ. ਐੱਸ. ਬੀਰ

ਟੋਰਾਂਟੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਬਰਹੈਮਟਨ ਪੋਸ਼ ਇਲਾਕੇ ਦੇ ਡਬਲ ਸਟੋਰੀ ਫਲੈਟ ’ਚ ਸਰਬੀ ਸਹੋਤਾ ਆਪਣੇ ਬੈੱਡਰੂਮ ਦੇ ਡਬਲਬੈੱਡ ’ਤੇ ਲੇਟੀ ਹੋਈ ਹੈ। ਨਾਲ ਹੀ ਬੈੱਡ ’ਤੇ ਉਸ ਦੀ ਚਾਲ਼ੀ ਦਿਨਾਂ ਦੀ ਗੋਲ-ਮਟੋਲ ਧੀ ‘ਨਿੱਕੀ’ ਕੰਬਲਾਂ ’ਚ ਲਿਪਟੀ ਲੇਟੀ ਹੋਈ ਹੈ। ਉਂਜ ਉਸ ਲਈ ਪੰਘੂੜਾ ਵੀ ਰੱਖਿਆ ਹੋਇਆ ਹੈ। ਕੈਨੇਡਾ ’ਚ ਬਹੁਤਾ ਸਮਾਂ ਬੱਚੇ ਨੂੰ ਪੰਘੂੜੇ ’ਚ ਪਾ ਕੇ ਰੱਖਣ ਦਾ ਰਿਵਾਜ ਹੈ। ਉਸ ਦਾ ਪਤੀ ਜਗਰੂਪ ਸਹੋਤਾ ਇੱਕ ਕੌਮਾਂਤਰੀ ਕੰਪਨੀ ’ਚ ਸਟੋਰ ਕੀਪਰ ਹੈ ਤੇ ਕੰਪਨੀ ਨੇ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਤਿੰਨ ਹਫ਼ਤਿਆਂ ਲਈ ਭੇਜਿਆ ਸੀ। ਉਹ ਪਿਛਲੀ ਰਾਤ ਸ਼ਨਿੱਚਰਵਾਰ ਹੀ ਮੁੜਿਆ ਹੈ। ਤਿੰਨ ਹਫ਼ਤੇ ਘਰੋਂ ਦੂਰ ਰਹਿਣ, ਕੰਪਨੀ ਦੇ ਰੁਝੇਵਿਆਂ ਤੇ ਕੰਮ ਦੇ ਦਬਾਅ ਕਾਰਨ ਉਹ ਕਾਫ਼ੀ ਥੱਕਿਆ ਮਹਿਸੂਸ ਕਰ ਰਿਹਾ ਹੈ।
ਸਰਬੀ ਸਹੋਤਾ ਦੀ ਜਾਗ ਅੱਜ ਸਵੇਰੇ ਸਾਢੇ ਸੱਤ ਵਜੇ ਖੁੱਲ੍ਹ ਗਈ ਹੈ ਤੇ ਉਸ ਦਾ ਕਾਰਨ ਨਿੱਕੀ ਹੈ। ‘ਨਿੱਕੀ ਨੂੰ ਪੋਟੀ ਦੀ ਹਾਜਤ ਹੋਈ ਹੈ ਤੇ ਫਿਰ ਪੇਟ ਖਾਲੀ ਹੋਣ ਮਗਰੋਂ ਭੁੱਖ ਲੱਗਣ ਕਾਰਨ ਉਹ ਰੋਣ ਲੱਗ ਪਈ ਹੋਣੀ ਹੈ’ ਮਾਂ ਸਰਬੀ ਸਹੋਤਾ ਸੋਚਦੀ ਹੈ। ਉਸ ਦੀ ਸਾਫ਼-ਸਫ਼ਾਈ ਕਰ, ਗੰਦ-ਮੰਦ ’ਕੱਠਾ ਕਰ, ਲੋੜੀਂਦੇ ਡਸਟਬਿਨ ’ਚ ਸੁੱਟ ਦਿੰਦੀ ਹੈ। ਉਸ ਦਾ ਯਤਨ ਹੈ ਕਿ ਨਿੱਕੀ ਦੇ ਰੋਣ ਦੀ ਆਵਾਜ਼ ਕਾਰਨ ਬੈੱਡ ’ਤੇ ਉਸ ਦੇ ਨਾਲ ਹੀ ਲੇਟੇ ਉਸ ਦੇ ਪਤੀ ਜਗਰੂਪ ਦੀ ਨੀਂਦ ਖ਼ਰਾਬ ਨਾ ਹੋ ਜਾਵੇ।
‘ਅੱਜ ਐਤਵਾਰ ਹੈ’ ਸਰਬੀ ਸਹੋਤਾ ਨਿੰਦਰਾਈਆਂ ਅੱਖਾਂ ਨਾਲ ਸੋਚਦੀ ਹੈ। ਐਤਵਾਰ ਨੂੰ ਕੈਨੇਡਾ ’ਚ ਲੋਕ ਨੌਂ-ਦਸ ਵਜੇ ਹੀ ਮਸਾਂ ਉੱਠਦੇ ਹਨ। ਬਜ਼ੁਰਗਾਂ ਦੀ ਜਾਗ ਅਕਸਰ ਪੰਜ-ਛੇ ਵਜੇ ਖੁੱਲ੍ਹ ਜਾਂਦੀ ਹੈ ਤੇ ਉਹ ਨਹਾ ਧੋ ਕੇ ਸਵੇਰ ਦੀ ਚਾਹ ਪੀਣ ਮਗਰੋਂ ਨਿਤਨੇਮ ’ਚ ਰੁੱਝ ਜਾਂਦੇ ਹਨ। ਉਨ੍ਹਾਂ ’ਚੋਂ ਕੁਝ ਬਜ਼ੁਰਗ ਜੋੜੇ ਨੇੜੇ ਦੇ ਗੁਰਦੁਆਰੇ ਚਲੇ ਜਾਂਦੇ ਹਨ। ਜਗਰੂਪ ਦੇ ਮਾਪੇ ਇੰਡੀਆ ਗੜ੍ਹਸ਼ੰਕਰ ਨੇੜੇ ਇੱਕ ਪਿੰਡ ’ਚ ਰਹਿੰਦੇ ਹਨ ਤੇ ਅੱਜਕੱਲ੍ਹ ਉਹ ਛੇ ਮਹੀਨਿਆਂ ਲਈ ਪਿਛਲੇ ਦੋ ਮਹੀਨਿਆਂ ਤੋਂ ਇੱਥੇ ਆਏ ਹੋਏ ਹਨ। ਉਨ੍ਹਾਂ ਦੇ ਆਉਣ ਦੇ ਦੋ ਮਕਸਦ ਸਨ- ਪੁੱਤਰ ਦਾ ਵਿਆਹ ਉਨ੍ਹਾਂ ਪੰਜਾਬ ਹੀ ਕੀਤਾ ਸੀ ਤੇ ਵਿਆਹ ਮਗਰੋਂ ਨੂੰਹ-ਪੁੱਤ ਨੂੰ ਮਿਲ ਆਉਣਗੇ ਤੇ ਦੂਜੀ ਗੱਲ ਸਰਬੀ ਦੀ ਡਲਿਵਰੀ ’ਚ ਕੁਝ ਮਦਦ ਵੀ ਹੋ ਜਾਵੇਗੀ। ਸਰਬੀ ਸਹੋਤਾ ਨਿੱਕੀ ਨੂੰ ਫੀਡ ਦੇਣ ਸਮੇਂ ਇਹ ਸਭ ਸੋਚਦੀ-ਸੋਚਦੀ ਤੇ ਮੁੜ ਸੌਣ ਦਾ ਯਤਨ ਕਰਦੀ ਹੈ। ਦਸ ਮਿੰਟਾਂ ਵਿੱਚ ਹੀ ਨਿੱਕੀ ਦਾ ਪੇਟ ਭਰ ਗਿਆ ਹੈ ਤੇ ਉਸ ਨੇ ਮਾਂ ਨੂੰ ਆਜ਼ਾਦ ਕਰ ਦਿੱਤਾ ਹੈ। ਸਰਬੀ ਨੇ ਲੇਟੇ-ਲੇਟੇ ਆਪਣੇ-ਆਪ ਤੇ ਆਪਣੀ ਪੌਸ਼ਾਕ ਨੂੰ ਠੀਕ-ਠਾਕ ਕੀਤਾ ਹੈ। ਫਿਰ ਆਪਣੇ ਕੰਬਲ ’ਚ ਖ਼ੁਦ ਨੂੰ ਨਿੱਘ ਦੇਣ ਦਾ ਯਤਨ ਕਰਦੀ ਹੈ। ਸਰਬੀ ਦੀ ਪਿੱਠ ਪਤੀ ਵਾਲੇ ਪਾਸੇ ਹੈ।
ਹੁਣੇ ਹੀ ਸਰਬੀ ਨੇ ਆਪਣੇ ਪਤੀ ਦੀ ਇੱਕ ਸਡੌਲ ਬਾਂਹ ਨੂੰ ਆਪਣੇ ਉਪਰ ਉਲਰਿਆ ਮਹਿਸੂਸ ਕੀਤਾ ਹੈ। ਉਹ ਲੇਟੇ-ਲੇਟੇ ਬਿਨਾਂ ਪਾਸਾ ਪਰਤਿਆਂ ਕਹਿੰਦੀ ਹੈ, ‘‘ਅੱਜ ਦੋ ਮਹੀਨਿਆਂ ਮਗਰੋਂ ਸਰਬੀ ਦੀ ਕੀ ਲੋੜ ਪੈ ਗਈ? …ਥੱਕੇ ਹੋਵੋਗੇ ਅਜੇ ਤਿੰਨ ਹਫ਼ਤਿਆਂ ਮਗਰੋਂ ਪਰਤੇ ਹੋ, ਜ਼ਰਾ ਆਰਾਮ ਕਰ ਲਉ।’’
ਪਰ ਸਰਬੀ ਮਹਿਸੂਸ ਕਰਦੀ ਹੈ ਕਿ ਪਤੀ ਦੀ ਬਾਂਹ ਦੇ ਜੱਫੇ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਹੈ ਤੇ ਉਹ ਵੀ ਬਹੁਤੀ ਨਾਂਹ-ਨੁੱਕਰ ਨਹੀਂ ਕਰਦੀ। ਸਰਬੀ ਮਹਿਸੂਸ ਕਰਦੀ ਹੈ ਕਿ ਜਗਰੂਪ ਨੇ ਉਸ ਨੂੰ ਆਪਣੀਆਂ ਦੋਵੇਂ ਬਾਹਾਂ ’ਚ ਘੁੱਟ ਲਿਆ ਹੈ, ਉਹ ਉਸ ਨਾਲ ਇੰਜ ਲਿਪਟ ਜਾਂਦੀ ਹੈ ਜਿਵੇਂ ਬੋਟ ਆਪਣੀ ਮਾਂ ਦੀ ਬੁੱਕਲ ’ਚ ਸਿਮਟ ਜਾਂਦਾ ਹੈ।
‘‘…ਮੈਂ ਆਪਣੀ ਨਿੱਕੀ ਕਾਰਨ ਤੈਥੋਂ ਘੇਸ ਮਾਰਦਾ ਰਿਹਾ। ਉਂਜ ਜੀਅ ਤਾਂ ਬਥੇਰਾ ਕਰਦਾ ਸੀ,’’ ਜਗਰੂਪ ਉਸ ਦੀ ਪਿੱਠ ਸਹਿਲਾਉਂਦੇ ਕਹਿੰਦਾ ਹੈ ਤੇ ਪਹਿਲਾਂ ਉਸ ਦੇ ਮੱਥੇ ਨੂੰ ਚੁੰਮਦਾ ਹੈ, ਫਿਰ ਉਸ ਦੇ ਹੋਠਾਂ ’ਤੇ ਇੱਕ ਸਹਿਜ ਜਿਹਾ ਚੁੰਮਣ ਦਿੰਦਾ ਹੈ। ਸਰਬੀ ਮਹਿਸੂਸ ਕਰਦੀ ਹੈ ਕਿ ਜਗਰੂਪ ਦੀ ਜੱਫੀ ’ਚ ਉਲਾਰਪੁਣਾ ਨਹੀਂ ਸਗੋਂ ਰੁਮਾਂਟਿਕ ਜਜ਼ਬਾਤ ਦਾ ਹੀ ਪ੍ਰਗਟਾਵਾ ਹੈ।
‘‘…ਨਿੱਕੀ ਅੱਜ ਚਾਲ਼ੀ ਦਿਨਾਂ ਦੀ ਹੋ ਚੱਲੀ ਹੈ। ਅੱਜ ਜਾਂ ਭਲਕੇ ਗੁਰਦੁਆਰੇ ਜਾ ਕੇ ਉਸ ਦਾ ਨਾਂ ਕਢਵਾ ਲਈਏ।’’
‘‘…ਚਾਲ਼ੀਵੇਂ ਦਿਨ ਜ਼ਰੂਰੀ ਹੁੰਦੈ?’’ ਪਤੀ ਪੁੱਛਦਾ ਹੈ।
‘‘…ਮੈਨੂੰ ਤਾਂ ਬੀਜੀ ਕਹਿ ਰਹੇ ਸਨ!’’ ਸਰਬੀ ਕਹਿੰਦੀ ਹੈ।
‘‘ਚਲੋ ਕੋਈ ਨਾ! …ਦੋ ਕੁ ਘੰਟੇ ਮਗਰੋਂ ਉੱਠ ਕੇ ਪੁੱਛ ਲੈਂਦੇ ਹਾਂ। …ਤੇਰੀ ਸਿਹਤ ਹੁਣ ਕੈਮ ਏ? ਗਾਇਨੀ ਡਾਕਟਰ ਨੂੰ ਦਿਖਾ ਆਈ ਸੀ ਤੇ ਨਿੱਕੀ ਨੂੰ ਚਾਈਲਡ ਐਕਸਪਰਟ ਨੂੰ?’’
‘‘…ਨਾ ਜੀ! ਮੈਂ ਸੋਚਿਆ ਤੁਸੀਂ ਆਪ ਆਓਗੇ, ਫਿਰ ਚੱਲਾਂਗੇ?’’ ਸਰਬੀ ਨੇ ਅਧ-ਮੀਟੀਆਂ ਅੱਖਾਂ ਨਾਲ ਥੋੜ੍ਹਾ ਜਿਹਾ ਮੁਸਕਰਾਉਂਦਿਆਂ ਕਿਹਾ।
‘‘…ਤੂੰ …ਤੂੰ ਕਮਲੀ ਤਾਂ ਨਹੀਂ ਹੋ ਗਈ! ਆਪਣੀ ਸਿਹਤ ਦਾ ਧਿਆਨ ਤੈਨੂੰ ਆਪ ਵੀ ਰੱਖਣਾ ਚਾਹੀਦੈ ਤੇ ਨਿੱਕੀ ਦਾ ਵੀ…’’ ਜਗਰੂਪ ਨੇ ਥੋੜ੍ਹੀ ਜਿਹੀ ਪਿਆਰ ਭਰੀ ਘੁਰਕੀ ਸੰਗ ਕਿਹਾ। ਉਸ ਦੀ ਜਾਗ ਖੁੱਲ੍ਹ ਗਈ ਹੈ ਤੇ ਜੱਫਾ ਢਿੱਲਾ ਹੋਇਆ ਸਰਬੀ ਮਹਿਸੂਸ ਕਰਦੀ ਹੈ। ਹੁਣ ਸਰਬੀ ਆਪਣੀਆਂ ਬਾਹਵਾਂ ਦੇ ਜੱਫੇ ਨਾਲ ਜਗਰੂਪ ਨੂੰ ਆਪਣੇ ਨਾਲ ਕਸਦੀ ਹੈ, ‘‘…ਸਰ ਜੀ! ਮੈਂ ਤਾਂ ਉਂਜੇ ਕਿਹਾ ਸੀ। ਮੈਂ, ਨਿੱਕੀ ਤੇ ਆਪਣਾ ਵੀਕਲੀ ਚੈਕਅੱਪ ਬਿਲਕੁਲ ਮਿਸ ਨਹੀਂ ਕੀਤਾ। …ਆਪਣਾ ਤਾਂ ਮੈਂ ਮਿਸ ਕਰ ਜਾਂਦੀ ਪਰ ਤੁਹਾਡੀ ਨਿੱਕੀ ਦਾ ਧਿਆਨ ਨਾ ਰੱਖਾਂ, ਮੇਰੀ ਮਜਾਲ ਏ?’’
ਇਹ ਜਾਣ ਕੇ ਜਗਰੂਪ ਨੂੰ ਕੁਝ ਧੀਰਜ ਹੋਇਆ ਤੇ ਉਸ ਸਹਿਜ ਹੋਣ ਦਾ ਯਤਨ ਕਰਦਿਆਂ ਕਿਹਾ, ‘‘ਸਰਬੀ! ਇੱਕ ਵਾਰ ਤਾਂ ਤੂੰ ਮੇਰੀ ਜਾਨ ਈ ਕੱਢ ਦਿੱਤੀ ਸੀ!’’
ਸਰਬੀ ਨੇ ਪਤੀ ਦੇ ਮੂੰਹ ’ਤੇ ਆਪਣਾ ਹੱਥ ਰੱਖ ਦਿੱਤਾ, ‘‘ਜਾਨ ਨਿਕਲੇ ਤੁਹਾਡੇ ਦੁਸ਼ਮਣਾਂ ਦੀ!’’ ਤੇ ਉਹ ਜਗਰੂਪ ਨਾਲ ਲਿਪਟ ਗਈ। ‘ਜਾਨ ਨਿਕਲਣ’ ਦੇ ਸ਼ਬਦਾਂ ਨੇ ਉਸ ਨੂੰ ਦਹਿਲਾ ਦਿੱਤਾ ਹੈ। ਕੁਝ ਕੁ ਮਿੰਟ ਉਹ ਪਤੀ ਦੀ ਗ੍ਰਿਫ਼ਤ ’ਚ ਉਵੇਂ ਹੀ ਲੇਟੀ ਰਹੀ ਤੇ ਜਗਰੂਪ ਕਦੇ ਉਸ ਦੀ ਪਿੱਠ, ਕਦੇ ਉਸ ਦਾ ਮੱਥਾ ਤੇ ਕਦੇ ਉਸ ਦੀਆਂ ਬਾਹਵਾਂ ਨੂੰ ਸਹਿਲਾਉਂਦਾ ਰਿਹਾ।
‘‘ਚਾਹ ਪੀਓਗੇ?’’ ਸਰਬੀ ਨੇ ਪੁੱਛਿਆ।
‘‘…ਏਹ ਚਾਹ?’’ ਜਗਰੂਪ ਨੇ ਉਸ ਦੇ ਹੋਠਾਂ ’ਤੇ ਆਪਣੀ ਉਂਗਲ ਪੋਲੇ ਜਿਹੇ ਫੇਰਦੇ ਕਿਹਾ।
‘‘…ਇਹ ਅਜੇ ਨਹੀਂ। ਜਿੱਥੇ ਇੰਨਾ ਸਮਾਂ ਕੱਟਿਐ, ਮਹੀਨਾ ਕੁ ਹੋਰ ਸਬਰ ਕਰ ਲਓ।’’ ਸਰਬੀ ਨੇ ਆਪਣਾ ਜੱਫਾ ਬਿਨਾਂ ਢਿੱਲਾ ਕੀਤੇ ਕਿਹਾ।
‘‘ਅੱਛਾ ਇੰਜ ਕਰ… ਇੱਕ ਮੱਗ ਚਾਹ ਦਾ ਕਰ ਕੇ ਲਿਆ। ਅੱਧਾ-ਅੱਧਾ ਪੀ ਲਵਾਂਗੇ!’’
‘‘ਮੈਂ ਨਹੀਂ ਲਿਆਉਣੀ ਹੁਣ! ਪਹਿਲਾਂ ਮੈਂ ਕਿਹਾ ਸੀ ਤੇ ਹੋਰ ਗੱਲਾਂ ਬਣਾਉਣ ਲੱਗ ਪਏ! …ਹੁਣ ਜਾਓ ਤੇ ਆਪ ਹੀ ਬਣਾ ਕੇ ਲਿਆਓ!’’ ਸਰਬੀ ਨੇ ਬੱਚਿਆਂ ਵਾਂਗ ਰਿਆੜ ਕੀਤਾ ਤੇ ਜਗਰੂਪ ਨੂੰ ਕੱਸ ਲਿਆ।
‘‘…ਤੂੰ ਛੱਡੇਂਗੀ ਤਾਂਹੀਓਂ ਚਾਹ ਬਣਾ ਕੇ ਲਿਆਊਂ!’’ ਜਗਰੂਪ ਨੇ ਵੀ ਸਰੀਰ ਦੀ ਆਕੜ ਜਿਹੀ ਭੰਨਦੇ ਕਿਹਾ ਤੇ ਪਤਨੀ ਦੇ ਜੱਫੇ ਦਾ ਆਨੰਦ ਲੈਣ ਲੱਗਾ।
‘‘ਚਲੋ ਚਾਹ ਤਾਂ ਰੋਜ਼ ਪੀਂਦੇ ਆਂ… ਅੱਜ ਨਹੀਂ ਪੀਂਦੇ! ਅੱਛਾ ਸਰਬੀ, ਇੱਕ ਗੱਲ ਦੱਸ, ਤੈਨੂੰ ਕਦੀ ਸੁਪਨੇ ਆਉਂਦੇ ਨੇ?’’
‘‘…ਕੋਈ ਖ਼…ਖ਼ਾਸ ਨਹੀਂ! ਜਿਹੜੇ ਆਉਂਦੇ ਵੀ ਨੇ ਉਹ ਯਾਦ ਨਹੀਂ ਰਹਿੰਦੇ ਕਿ ਰਾਤ ਨੂੰ ਕਿਹੜਾ ਸੁਪਨਾ ਆਇਆ ਸੀ! …ਕਿਉਂ ਅੱਜ ਸੁਪਨੇ ਕਿਵੇਂ ਯਾਦ ਆ ਗਏ?’’
‘‘ਵਿਆਹ ਤੋਂ ਪਹਿਲਾਂ, ਚੜ੍ਹੀ ਜੁਆਨੀ ’ਚ ਬਥੇਰੇ ਸੁਪਨੇ ਆਉਂਦੇ ਨੇ… ਤੈਨੂੰ ਵੀ ਆਉਂਦੇ ਰਹੇ ਹੋਣਗੇ?’’ ਜਗਰੂਪ ਨੇ ਛੇੜ ਛੇੜੀ।
‘‘ਮੈਨੂੰ ਨਹੀਂ ਕੁਝ ਯਾਦ ਰਹਿੰਦਾ… ਮੈਨੂੰ ਤਾਂ ਕੱਲ੍ਹ ਰਾਤ ਨੂੰ ਕਿਹੜੀ ਸਬਜ਼ੀ ਨਾਲ ਰੋਟੀ ਖਾਧੀ ਸੀ, ਉਹ ਵੀ ਘੱਟ ਹੀ ਚੇਤੇ ਰਹਿੰਦੈ!’’ ਸਰਬੀ ਸਹੋਤਾ ਨੇ ਕਿਹਾ।
‘‘…ਪਿਛਲੇ ਹਫ਼ਤੇ ਮੈਂ ਸਰੀ ਹੋਟਲ ’ਚ ਸੁੱਤਾ ਪਿਆ ਸਾਂ। ਉਸ ਦਿਨ ਵੀ ਸ਼ਨਿੱਚਰਵਾਰ ਦੀ ਰਾਤ ਸੀ। …ਰਾਤ ਦੇ ਸੁਪਨੇ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ।’’
‘‘…ਤੁਹਾਨੂੰ ਹੁਣ ਤਾਈਂ ਯਾਦ ਹੈ ਉਹ ਸੁਪਨਾ, ਹਾਏ ਰੱਬ ਜੀ? …ਕਿਹੋ ਜਿਹਾ ਸੀ? ਭੂਤ-ਪ੍ਰੇਤ ਵਾਲਾ ਤਾਂ ਨਹੀਂ ਸੀ ਨਾ?’’
‘‘ਨਾ… ਨਹੀਂ… ਭੂਤ-ਪ੍ਰੇਤ ਵਾਲਾ ਜਾਂ ਡਰਾਉਣ ਵਾਲਾ ਕਤਈ ਨਹੀਂ ਸੀ।’’
‘‘ਫੇਰ ਕਿਸੇ ਮੇਮ ਦਾ ਸੀ ਜਾਂ ਕੋਈ ਹੋਰ?’’
‘‘…ਹੁਣ ਮੇਮ ਕੀ ਕਰੂੰ? ਆਪਾਂ ਕਿਹੜਾ ਟੂ-ਲੈੱਟ ਦਾ ਫੱਟਾ ਲਾਇਆ ਹੋਇਐ? …ਨੋ ਐਂਟਰੀ ਦੀ ਤਖ਼ਤੀ ਟੰਗੀ ਹੋਈ ਹੈ।’’ ਜਗਰੂਪ ਨੇ ਹੱਸਣ-ਹਸਾਉਣ ਦੇ ਮੂਡ ’ਚ ਕਿਹਾ।
‘‘ਛੱਡੋ ਸੁਪਨੇ- ਸੁਪਨਿਆਂ ਦੀ ਕਹਾਣੀ… ਕੋਈ ਹੋਰ ਗੱਲ ਕਰੋ!’’ ਸਰਬੀ ਨੇ ਵਰਤਮਾਨ ’ਚ ਆਪਣੀ ਆਸਥਾ ਪ੍ਰਗਟਾਈ।
‘‘ਸਰਬੀ! ਕਈ ਵਾਰ ਕੋਈ-ਕੋਈ ਸੁਪਨਾ ਬੰਦੇ ਨੂੰ ਹਿਲਾ ਦਿੰਦੈ… ਬੰਦਾ ਭੁੱਲਣਾ ਚਾਹੁੰਦੇ ਹੋਇਆਂ ਵੀ ਨਹੀਂ ਭੁਲਾ ਸਕਦਾ।’’ ਜਗਰੂਪ ਨੇ ਗੰਭੀਰ ਹੁੰਦਿਆਂ ਕਿਹਾ।
‘‘…ਪਰ ਮੈਨੂੰ ਤਾਂ ਅੱਜ ਤਾਈਂ ਕੋਈ ਵੀ ਸੁਪਨਾ ਅਜਿਹਾ ਨਹੀਂ ਆਇਆ ਜਿਹੜਾ ਅਜੇ ਤਾਈਂ ਮੇਰੇ ਗਲੇ ’ਚ ਅਟਕਿਆ ਖੜ੍ਹਾ ਹੋਵੇ!’’ ਸਰਬੀ ਨੇ ਚਾਹਿਆ ਕਿ ਜਗਰੂਪ ਸੁਪਨਿਆਂ ਦੀ ਗੱਲ ਛੱਡ ਕੇ ਹੋਰ ਪਰਿਵਾਰਕ ਜਾਂ ਨਿੱਜੀ ਅਜੋਕੇ ਮਸਲਿਆਂ ਦੀ ਚਰਚਾ ਕਰੇ।
‘‘ਤੈਨੂੰ ਦੱਸਣ ਲੱਗਾਂ ਕਿ ਪਿਛਲੇ ਹਫ਼ਤੇ ਸਰੀ ਦੇ ਹੋਟਲ ’ਚ ਮੈਨੂੰ ਇੱਕ ਸੁਪਨਾ ਆਇਆ ਜੋ ਅਜੇ ਵੀ ਮੈਨੂੰ ਇੰਨ-ਬਿੰਨ ਯਾਦ ਹੈ।’’ ਸਰਬੀ ਨੇ ਮਹਿਸੂਸ ਕੀਤਾ ਕਿ ਨੱਬੇ ਕਿਲੋ ਦਾ ਹੱਟਾ-ਕੱਟਾ ਪਹਿਲਵਾਨ ਜਗਰੂਪ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦਾ ਹੈ। ਇਸ ਲਈ ਸਰਬੀ ਨੇ ਪੁੱਛਿਆ, ‘‘ਕੀ ਸੀ ਭਲਾ ਉਹ ਸੁਪਨਾ ਜਿਹੜਾ ਸਰੀ ਦੇ ਖੇਤਾਂ ’ਚ ਉੱਗ ਪਿਆ?’’
‘‘…ਮੈਨੂੰ ਉਸ ਰਾਤ ਜਗਜੀਤ ਧੰਜਲ ਮਿਲਿਆ, ਬੜੀ ਸੋਹਣੀ ਫੱਬਵੀਂ ਡਰੈੱਸ ’ਚ!’’
ਸਰਬੀ ਨੇ ਚਾਹਿਆ ਕਿ ਜਗਰੂਪ ਹੁਣ ਜਗਜੀਤ ਧੰਜਲ ਦੀ ਗੱਲ ਨਾ ਕਰੇ ਪਰ ਉਹ ਚੁੱਪ ਰਹੀ, ਕੋਈ ਹੁੰਗਾਰਾ ਵੀ ਨਾ ਭਰਿਆ।
‘‘…’’
‘‘ਮੈਨੂੰ ਕਹਿੰਦਾ: ‘ਵੇਖ ਜਗਰੂਪ, ਮੇਰੇ ਜਿਉਂਦੇ-ਜੀਅ ਕੋਈ ਵੀ ਜਾਫ਼ੀ ਆਪਣੇ ਪਾਲੇ ’ਚ ਮੈਨੂੰ ਢਾਹ ਨਹੀਂ ਸਕਿਆ। ਮੈਂ ਕੌਡੀ ਦੇ ਸੈਂਕੜੇ ਮੈਚ ਕਈ ਮੁਲਕਾਂ ’ਚ ਖੇਡੇ। ਬਸ ਇੱਕ ਵਾਰ ਤੂੰ ਹੀ ਸੀ ਜਿਸ ਦੇ ਜੱਫੇ ’ਚੋਂ ਮੈਂ ਮਸੀਂ ਬਚ ਨਿਕਲਿਆ ਸੀ। ਜਲੰਧਰ ਹੋਇਆ ਸੀ ਉਹ ਮੈਚ। …ਬਾਕੀ ਸਭ ਥਾਵਾਂ ਤਾਂ ਮੈਂ ਸਭਨਾਂ ਜਾਫ਼ੀਆਂ ਨੂੰ ਟਿੱਚ ਜਾਣਿਆ!’ ਮੈਂ ਕਿਹਾ: ‘ਜਗਜੀਤ, ਖੇਡ ’ਚ ਜਿੱਤ ਹਾਰ ਤਾਂ ਬਣੀ ਆਈ ਏ! ਇੱਕ ਜਿੱਤਦੈ, ਦੂਜਾ ਹਾਰਦੈ। ਉਂਜ ਦੁਨੀਆਂ ’ਚ ਕੌਡੀ ਦੇ ਸਾਰੇ ਖਿਡਾਰੀ, ਸਾਰੇ ਛੋਟੇ-ਵੱਡੇ ਜਾਫ਼ੀ ਤੈਨੂੰ ਅੱਜ ਵੀ ਨਤਮਸਤਕ ਹੁੰਦੇ ਨੇ, ਤੇਰਾ ਲੋਹਾ ਮੰਨਦੇ ਰਹੇ ਨੇ ਤੇ ਹੁਣ ਵੀ ਮੰਨਦੇ ਨੇ। …ਤੇਰੇ ਵਰਗਾ ਧਾਵੀ ਕਿਸ ਮਾਂ ਨੇ ਜੰਮਣੈ? …ਸਾਰੀ ਦੁਨੀਆਂ ਦੀ ਕਬੱਡੀ ’ਚ ਤੇਰੀ ਝੰਡੀ ਰਹੀ ਜਦ ਤਕ ਤੂੰ ਜੀਵਿਆ ਤੇ ਖੇਡਿਆ -ਇੱਕ ਵਾਰ ਵੀ ਕਿਸੇ ਜਾਫ਼ੀ ਨੇ ਤੈਨੂੰ ਆਪਣੇ ਪਾਲੇ ’ਚ ਫੜ ਦਬੋਚਿਆ ਨਹੀਂ… ਅਜੇ ਤਾਂ ਤੂੰ ਕਿੰਨੇ ਪਾਲਿਆਂ ’ਚ ਕੌਡੀ ਖੇਡਣੀ ਸੀ… ਕੌਡੀ ਪਾਉਣੀ ਸੀ। …ਪਰ ਅਣਆਈ ਮੌਤ ਨੇ ਤੈਨੂੰ ਧਰ ਦਬੋਚਿਆ।’
‘ਤੂੰ ਠੀਕ ਕਹਿੰਦੈਂ ਰੂਪੀ… ਮੌਤ ਸਭ ਤੋਂ ਵੱਡੀ ਤੇ ਤਾਕਤਵਰ ਜਾਫ਼ੀ ਵੀ ਏ ਤੇ ਧਾਵੀ ਵੀ ਏ ਜਿਸ ਦੇ ਜੱਫੇ ’ਚੋਂ ਵੱਡੇ-ਵੱਡੇ ਯੋਧੇ, ਰਾਜੇ-ਮਹਾਰਾਜੇ, ਕੋਈ ਨਹੀਂ ਬਚ ਸਕਿਆ। …ਮੈਂ ਤਾਂ ਕਿਸ ਪਾਣੀਹਾਰ ਸਾਂ?’
‘…ਜੱਗਿਆ! ਜ਼ਿੰਦਗੀ ਵੀ ਤਾਕਤਵਰ ਜਾਫ਼ੀ ਹੈ… ਬੰਦੇ ਨੂੰ ਆਪਣੇ ਨਾਲ ਨੂੜੀ ਰੱਖਦੀ ਹੈ ਹਾਲਾਂਕਿ ਬੰਦਾ ਕਈ ਵਾਰ ਜਿਉਣਾ ਨਹੀਂ ਚਾਹੁੰਦਾ-ਮੁਸ਼ਕਿਲਾਂ-ਔਕੜਾਂ ਦੇ ਬਾਵਜੂਦ ਜ਼ਿੰਦਗੀ ਨੂੰ ਜੱਫਾ ਮਾਰੀ ਰੱਖਦੈ ਤੇ ਜ਼ਿੰਦਗੀ ਉਸ ਨੂੰ। ਜਦ ਤਾਈਂ ਤੂੰ ਜੀਵਿਆ ਭਰੇ ਮੇਲੇ ਵਰਗੇ ਚਾਅ ਸੰਗ ਜੀਵਿਆ… ਕੌਡੀ ਤੇਰੇ ਨਾਂ ਨਾਲ ਜਾਣੀ ਜਾਂਦੀ… ਜਿੱਥੇ ਤੂੰ ਹੁੰਦਾ, ਉੱਥੇ ਦੇਖਣ ਵਾਲਿਆਂ ਦੀ ਭੀੜ ਦੂਣੀ-ਚੌਣੀ ਹੋ ਜਾਂਦੀ।’
‘ਨਹੀਂ ਰੂਪਿਆ …ਕੌਡੀ ਦੀ ਖੇਡ ਕਿਸੇ ਇੱਕ ਨਾਲ ਉਵੇਂ ਨਹੀਂ ਖੜ੍ਹੀ ਜਿਵੇਂ ਜ਼ਿੰਦਗੀ ਇੱਕ ਬੰਦੇ ਦੇ ਆਸਰੇ ਨਹੀਂ ਖੜ੍ਹਦੀ… ਮੈਨੂੰ ਗਿਆਂ ਕਈ ਸਾਲ ਹੋ ਗਏ ਨੇ… ਤੈਨੂੰ ਕੌਡੀ ਪਾਇਆਂ ਤੇ ਜੱਫਾ ਲਾਇਆਂ ਵੀ ਕਈ ਵਰ੍ਹੇ ਹੋ ਗਏ ਹਨ… ਕੌਡੀ ਹੁਣ ਵੀ ਜਾਰੀ ਏ, ਪਹਿਲਾਂ ਨਾਲੋਂ ਵੱਧ ਜ਼ੋਰ-ਸ਼ੋਰ ਨਾਲ…! ਜ਼ਿੰਦਗੀ ਦੀ ਜੰਗ ਵੀ ਜਾਰੀ ਏ ਤੇ ਜ਼ਿੰਦਗੀ ਵੀ। ਕੋਈ ਵੀ ਆਪਣੀ ਇੱਕੋ ਥਾਂ ’ਤੇ ਨਹੀਂ ਖਲੋਂਦਾ।’ ਫਿਰ ਜੱਗੇ ਨੇ ਹੱਸਦਿਆਂ ਕਿਹਾ: ‘ਰੂਪਿਆ ਤੇਰੀ ਜੱਫਾ ਲਾਉਣ ਦੀ ਆਦਤ ਨਹੀਂ ਗਈ- ਤੂੰ… ਮੇਰੇ ਜਾਣ ਪਿੱਛੋਂ ਸਰਬੀ ਨੂੰ ਜੱਫਾ ਮਾਰ ਲਿਐ… ਮੇਰੇ ਵਾਲੀ ਸੈਬੀ ਧੰਜਲ ਨੂੰ…।’
‘…ਤੈਨੂੰ ਜੇ ਮਾੜਾ ਲੱਗਿਐ ਤਾਂ ਮੈਂ ਤੈਥੋਂ ਮੁਆਫ਼ੀ ਮੰਗਦਾਂ …ਪਰ ਮੈਂ ਸਰਬੀ ਨੂੰ ਤੈਥੋਂ ਘੱਟ ਖ਼ੁਸ਼ ਨਹੀਂ ਰੱਖਿਆ ਹੋਇਆ!’
‘…ਨਾ …ਬਿਲਕੁਲ ਨਹੀਂ। ਮੈਨੂੰ ਮਾੜਾ ਕਿਉਂ ਲੱਗੂ? ਮੇਰੇ ਜਿਉਂਦਿਆਂ ਜੇ ਤੂੰ ਸੈਬੀ ਵੱਲ ਝਾਕ ਵੀ ਜਾਂਦਾ ਤਾਂ ਤੇਰੇ ਸੀਰਮੇ ਪੀ ਜਾਣੇ ਸਨ… ਤੇਰੀਆਂ ਹੱਡੀਆਂ ਭੰਨ ਤੇਰੇ ਹੱਥ ਫੜਾ ਦੇਣੀਆਂ ਸਨ। …ਪਰ ਹੁਣ ਗੱਲ ਹੋਰ ਏ। ਔਰਤ ਤੇ ਜ਼ਿੰਦਗੀ ਇੱਕ-ਦੂਜੇ ਦੇ ਪੂਰਕ ਨੇ। ਮੇਰੇ ਜਾਣ ਮਗਰੋਂ ਸੈਬੀ ਨੂੰ ਜਿਉਣ ਦਾ ਪੂਰਾ-ਪੂਰਾ ਹੱਕ ਏ। …ਉਸ ਵਿਚਾਰੀ ਨੇ ਤਾਂ ਮੇਰੇ ਲਈ, ਮੇਰੇ ਜਾਣ ਮਗਰੋਂ ਵੀ ਆਪਣੀ ਜ਼ਿੰਦਗੀ ਦੇ ਅਮੁੱਲੇ ਢਾਈ ਸਾਲ ਮੇਰੀ ਯਾਦ ’ਚ ਗਾਲ ਦਿੱਤੇ… ਤੂੰ ਨਹੀਂ ਤਾਂ ਕਿਸੇ ਹੋਰ ਨਾਲ ਉਸ ਨੇ ਜ਼ਿੰਦਗੀ ਜਿਉਣੀ ਹੀ ਸੀ।’
ਜਗਰੂਪ ਆਪਣਾ ਸੁਪਨਾ ਅਜੇ ਸੁਣਾ ਹੀ ਰਿਹਾ ਸੀ ਕਿ ਬਾਹਰੋਂ ਬੀਜੀ ਦੀ ਆਵਾਜ਼ ਆਈ, ‘‘ਰੂਪੀ ਪੁੱਤ! ਥਿੰਦ ਅੰਕਲ ਆਏ ਨੇ, ਤੈਨੂੰ ਪੁੱਛਦੇ ਨੇ… ਕੋਈ ਕੰਮ ਹੋਊ ਜ਼ਰੂਰੀ!’’
‘‘ਮੈਂ ਹੁਣੇ ਆਇਆ…’’ ਸਰਬੀ ਸਰੋਤਾ ਨੂੰ ਆਖ ਜਗਰੂਪ ਆਪਣੇ ਬੈੱਡਰੂਮ ਤੋਂ ਬਾਹਰ ਚਲਾ ਗਿਆ। ‘‘ਇਨ੍ਹਾਂ ਲੋਕਾਂ ਦੀ ਬਿਨਾਂ ਫੋਨ ਕੀਤਿਆਂ ਆਉਣ ਦੀ ਆਦਤ ਗਈ ਨਹੀਂ ਇੱਥੇ ਵੀ…’’ ਉਹ ਮਨ ਹੀ ਮਨ ਬੁੜਬੁੜਾਇਆ।
ਬੈੱਡ ’ਤੇ ਲੇਟੀ-ਲੇਟੀ ਸਰਬਜੀਤ ਅਤੀਤ ਦੇ ਸਾਗਰ ’ਚ ਤਾਰੀਆਂ ਲਾਉਣ ਲੱਗੀ- ਜਦੋਂ ਉਹ ਕੌਡੀ ਦੇ ਕੌਮਾਂਤਰੀ ਖਿਡਾਰੀ ਜਗਜੀਤ ਧੰਜਲ ਨਾਲ ਵਿਆਹੀ ਗਈ ਸੀ ਤੇ ਸਹੁਰੇ ਘਰ ਵਿੱਚ ਉਸ ਦਾ ਨਾਂ ਸੈਬੀ ਧੰਜਲ ਰੱਖਿਆ ਗਿਆ ਸੀ।
ਬੈੱਡ ’ਤੇ ਲੇਟੀ ਸਰਬਜੀਤ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਆਵਾਜ਼ ਮਾਰੀ ਹੈ: ‘ਸੈਬੀ! …ਹੈਲੋ ਸੈਬੀ ਧੰਜਲ!! …ਸੌਰੀ ਹੁਣ ਤਾਂ ਤੂੰ ਸਰਬੀ ਸਹੋਤਾ ਏਂ!’
ਸਰਬੀ ਨੂੰ ਆਵਾਜ਼ ਜਾਣੀ-ਪਛਾਣੀ ਲੱਗੀ ਤੇ ਉਸ ਪੁੱਛਿਆ: ‘ਕੌਣ…? ਜੱਗਿਆ ਤੂੰ…? ਧੋਖੇਬਾਜ਼ ਜੱਗਿਆ, ਅੱਜ ਤੈਨੂੰ ਮੇਰੀ ਯਾਦ ਕਿਵੇਂ ਆ ਗਈ?’
ਸਰਬਜੀਤ ਨੂੰ ਜਾਪਿਆ ਕਿ ਕਦੇ ਉਸ ਦੇ ਸਾਹਾਂ ਦਾ ਸਾਥੀ ਰਿਹਾ ਜਗਜੀਤ ਆਪਣੇ ਸਿਰ ’ਤੇ ਸਿਹਰਾ ਸਜਾਈ ਖਲੋਤਾ ਹੈ ਤੇ ਸਿਰ ’ਤੇ ਗੂੜ੍ਹੀ ਨਾਭੀ ਰੰਗ ਦੀ ਪੱਗ ਚਿਣ ਕੇ ਬੰਨ੍ਹੀ ਹੋਈ ਹੈ।
‘ਕੀ ਗੱਲ? ਅਜੇ ਵੀ ਸਿਰ ’ਤੇ ਸਿਹਰੇ ਸਜਾਏ ਨੇ? ਕਿਧਰੇ ਘੋੜੀ ਚੜ੍ਹਨ ਲੱਗਿਐਂ?’ ਸਰਬਜੀਤ ਨੇ ਜਗਜੀਤ ਨੂੰ ਪੁੱਛਿਆ।
‘ਮੌਤ ਨੂੰ ਵਿਆਹੁਣ ਮਗਰੋਂ ਹੁਣ ਕਾਹਦੇ ਸਿਹਰੇ? …ਇਹ ਤਾਂ ਤੇਰੇ ਮਨ ਦਾ ਵਹਿਮ ਏ! ਮੈਂ ਤਾਂ ਵੇਖਣ ਆਇਆ ਸਾਂ ਕਿ ਤੂੰ ਕਿਵੇਂ ਏਂ? ਢਾਈ ਸਾਲ ਤਾਂ ਤੂੰ ਮੇਰੀ ਖਾਤਰ ਸਿੱਲ-ਪੱਥਰ ਬਣੀ ਰਹੀ! …ਸੱਚ, ਆਪਣੇ ਨਿੱਕੂ ਦਾ ਕੀ ਹਾਲ ਏ? …ਨਜ਼ਰ ਨਹੀਂ ਆ ਰਿਹਾ?’
‘…ਤੇਰੇ ਨਿੱਕੂ ਖਾਤਰ ਈ ਜਿਉਂਦੀ ਰਹੀ ਤੇ ਹੁਣ ਵੀ ਉਸੇ ਖਾਤਰ ਜੀਅ ਰਹੀ ਆਂ! ਨਿੱਕੂ ਦਾ ਚੰਨ ਵਰਗਾ ਮੁਖੜਾ ਦੇਖਣ ਤੋਂ ਦੋ ਮਹੀਨੇ ਪਹਿਲਾਂ ਹੀ ਤੁਰ ਗਿਓਂ। …ਜੇ ਨਿੱਕੂ ਮੇਰੇ ਪੇਟ ’ਚ ਨਾ ਹੁੰਦਾ ਤਾਂ ਮੈਂ ਵੀ ਤੇਰੇ ਮਗਰ ਆ ਜਾਣਾ ਸੀ। …ਨਿੱਕੂ ਨੇ ਹੀ ਮੈਨੂੰ ਜੱਫਾ ਮਾਰੀ ਰੱਖਿਆ। ਤੇਰੀ ਦਿੱਤੀ ਨਿਸ਼ਾਨੀ ਮੇਰੀ ਜ਼ਿੰਦਗੀ ਬਣ ਗਈ… ਜਿਉਣ ਦਾ ਹੱਜ ਬਣ ਗਈ। …ਕਦੇ ਦਾਦੀ ਕੋਲ ਪਹੁੰਚ ਜਾਂਦੈ ਤੇ ਕਦੀ ਨਾਨੀ ਦੇ ਵਿਹੜੇ ਖੇਡਦੈ…।’
‘… ਕਦੀ ਉਸ ਮੈਨੂੰ ਯਾਦ ਕੀਤੈ?’ ਜਗਜੀਤ ਨੇ ਪੁੱਛਿਆ।
‘ਹਾਂ… ਬਹੁਤ ਚੁਸਤ ਏ… ਜਦੋਂ ਮੈਨੂੰ ਜਗਰੂਪ ਨਾਲ ਵਿਆਹ ਦਿੱਤਾ ਤਾਂ ਮੈਂ ਉਸ ਨੂੰ ਕਿਹਾ: ਇਹ ਤੇਰੇ ਪਾਪਾ! ਅੱਗੋਂ ਮੱਛਰ ਗਿਆ ਕਹਿੰਦਾ: ਇਹ ਮੇਰੇ ਪਾਪਾ ਨਹੀਂ… ਉਨ੍ਹਾਂ ਤਾਂ ਪੱਗ ਬੰਨ੍ਹੀ ਹੋਈ ਸੀ ਤੇ ਲੰਮੇ ਚੌੜੇ…! ਮੈਂ ਕਿਹਾ: ਅੱਜ ਇਨ੍ਹਾਂ ਪੱਗ ਨਹੀਂ ਬੰਨ੍ਹੀ ਹੋਈ, ਕੱਲ੍ਹ ਬੰਨ੍ਹਣਗੇ…। ਕਹਿਣ ਲੱਗਾ: ਨਹੀਂ, ਫੋਟੋ ਮੈਂ ਚੰਗੀ ਤਰ੍ਹਾਂ ਵੇਖੀ ਹੋਈ ਏ! ਇਹ ਮੇਰੇ ਪਾਪਾ ਨਹੀਂ… ਮੇਰੇ ਅੰਕਲ ਨੇ! ਤਾਂ ਜਗਰੂਪ ਨੇ ਉਸ ਨੂੰ ਕੰਧੇੜੇ ਚੁੱਕ ਕੇ ਪਿਆਰ ਦਿੱਤਾ ਤੇ ਕਿਹਾ ਸੀ: ਨਿੱਕੂ ਬਿਲਕੁਲ ਠੀਕ ਕਹਿੰਦਾ ਏ! …ਮੈਂ ਇਹਦਾ ਅੰਕਲ ਹੀ ਹਾਂ। …ਜੱਗਿਆ, ਜਗਰੂਪ ਕਹਿੰਦੇ ਕਿ ਨਿੱਕੂ ਤੇਰੀ ਨਿਸ਼ਾਨੀ ਏ… ਇਸ ਲਈ ਸਕੂਲ ਦਾਖਲੇ ਸਮੇਂ ਤੇਰਾ ਨਾਂ ਹੀ ਲਿਖਾਉਣੈ…।’
‘ਬਹੁਤ ਵਧੀਆ ਬੰਦਾ ਮਿਲਿਐ ਤੈਨੂੰ। ਉਹ ਤੇਰਾ ਤੇ ਆਪਣੇ ਨਿੱਕੂ ਦਾ ਇੰਨਾ ਧਿਆਨ ਰੱਖਦੈ? …ਅਸਲੀ ਸਪੋਰਟਸਮੈਨਸ਼ਿਪ ਦਿਖਾਈ ਏ ਰੂਪੀ ਨੇ!’
‘ਜੱਗਿਆ ਤੂੰ ਵੀ ਘੱਟ ਸਪੋਰਟਸਮੈਨ ਨਹੀਂ… ਮੈਨੂੰ ਰੂਪੀ ਨਾਲ ਵੇਖ, ਤੂੰ ਮੱਥੇ ਤਿਉੜੀਆਂ ਨਹੀਂ ਪਾਈਆਂ…। ਹਾਂ… ਹੁਣ ਤੇਰੇ ਨਿੱਕੂ ਨੂੰ ਰੱਖੜੀ ਬੰਨ੍ਹਣ ਵਾਲੀ ਉਸ ਦੀ ‘ਨਿੱਕੀ’ ਭੈਣ ਵੀ ਆ ਗਈ ਏ! ਤੈਨੂੰ ਪਤੈ?’
‘ਨਹੀਂ …ਬਹੁਤ-ਬਹੁਤ ਵਧਾਈਆਂ, ਕਿੱਥੇ ਵੇ?’
‘ਆਹ ਵੇਖ! ਮੇਰੇ ਨਾਲ ਹੀ ਏ… ਤੇਰੀ ਨਜ਼ਰ ਨਹੀਂ ਪਈ! ਕੌਡੀ ਪਾਉਣ ਵੇਲੇ ਤਾਂ ਤੇਰੀ ਨਜ਼ਰ ਬਾਜ਼ ਵਰਗੀ ਹੁੰਦੀ ਸੀ।’
‘ਇਹ ਤਾਂ ਬਿਲਕੁਲ ਤੇਰੇ ’ਤੇ ਗਈ ਏ… ਤੇਰੀ ਕਾਰਬਨ ਕਾਪੀ।’ ਜੱਗੇ ਨੇ ਵੇਖਦਿਆਂ ਕਿਹਾ।
‘ਸ਼ਾਲਾ ਰੱਬ… ਮੇਰੇ ਵਰਗੀ ਭਾਵੇਂ ਬਣਾਵੇ ਪਰ ਮੇਰੇ ਵਰਗੇ ਨਸੀਬ ਨਾ ਦੇਵੇ।’
‘…ਕਿਉਂ ਤੈਨੂੰ ਕੀ ਹੋਇਐ? ਕੀ ਹੋਇਐ ਤੇਰੇ ਨਸੀਬਾਂ ਨੂੰ…?’
‘ਜੱਗਿਆ! ਤੂੰ ਤੀਵੀਂ ਹੋਵੇਂ ਤਾਂ ਤੀਵੀਂ ਦਾ ਦਰਦ ਪਛਾਣੇਂ…! ਜਦ ਤੀਵੀਂ ਨੂੰ ਦੂਜੇ ਨਾਲ ਤੁਰਨਾ ਪੈਂਦੈ ਤਾਂ ਉਹੋ ਜਾਣਦੀ ਏ ਜਾਂ ਉਸ ਦਾ ਰੱਬ! …ਭਾਵੇਂ ਦੂਜਾ ਲੱਖ ਪਹਿਲੋਂ ਨਾਲੋਂ ਚੰਗਾ ਮਿਲ ਜਾਏ! …ਪਰ ਪਹਿਲਾ ਤਾਂ ਪਹਿਲਾ ਹੀ ਹੁੰਦੈ।’
‘…ਹੁਣ ਤੂੰ ਖ਼ੁਸ਼ ਏਂ ਨਾ?’ ਜੱਗੇ ਨੇ ਪੁੱਛਿਆ।
‘ਹਾਂ ਜ਼ਿੰਦਗੀ ਨਾਲ ਰੋਸਾ ਕਾਹਦਾ? ਇੰਨਾ ਕੁਝ ਦਿੱਤੈ ਜ਼ਿੰਦਗੀ ਨੇ… ਕਿੰਨਾ ਕੁਝ ਖੋਹਿਐ ਜ਼ਿੰਦਗੀ ਨੇ… ਸਮਝੌਤੇ ਤਾਂ ਪੈਰ-ਪੈਰ ’ਤੇ ਕਰਨੇ ਹੀ ਪੈਂਦੇ ਨੇ! ਪਰ ਤੂੰ ਮਰ ਕੇ ਵੀ ਮੇਰੀ ਇੰਨੀ ਫ਼ਿਕਰ ਕਰਨੈਂ? …ਤੇਰੀ ਕੌਡੀ ਪਾਉਣ ਦੀ ਆਦਤ ਲੱਗਦੈ ਅਜੇ ਵੀ ਨਹੀਂ ਗਈ। …ਦੂਜੇ ਦੇ ਪਾਲੇ ’ਚ ਜਾ ਕੇ ਕੌਡੀ ਪਾਉਣ ਦੀ ਆਦਤ…।’’
‘ਸੌਰੀ! …ਜ਼ਿੰਦਗੀ, ਮੌਤ ਤੋਂ ਵੀ ਵੱਡੀ ਏ, ਅੱਜ ਮੈਨੂੰ ਅਹਿਸਾਸ ਹੋ ਗਿਐ!’
‘ਜੱਗਿਆ! ਮੌਤ ਦਾ ਜੱਫਾ ਕਹਿੰਦੇ-ਕਹਾਉਂਦੇ ਧਾਵੀਆਂ ਨੂੰ ਨਹੀਂ ਬਖ਼ਸ਼ਦਾ …ਪਰ ਇਨਸਾਨ ਨੂੰ ਜ਼ਿੰਦਗੀ ਦਾ ਨਸ਼ਾ ਹਮੇਸ਼ਾਂ ਕੰਡੇ ’ਤੇ ਰੱਖਦੈ… ਜ਼ਿੰਦਗੀ ਦਾ ਕੋਈ ਨਾ ਕੋਈ ਜੱਫਾ ਹੀ ਬੰਦੇ ਨੂੰ ਜਿਉਂਦਾ ਰੱਖਦੈ, ਮਰਨ ਨਹੀਂ ਦਿੰਦਾ… ਤੂੰ ਮੌਤ ਤੋਂ ਹਾਰ ਗਿਆ ਤੇ ਮੈਂ ਜ਼ਿੰਦਗੀ ਤੋਂ ਹਾਰ ਗਈ… ਜ਼ਿੰਦਗੀ ਦੇ ਜੱਫੇ ਨੇ ਮੈਨੂੰ ਆਪਣੇ ਨਾਲ ਨੂੜ ਲਿਐ।’
ਸਰਬੀ ਨੂੰ ਪਤਾ ਈ ਨਾ ਲੱਗਾ ਕਿ ਕਦੋਂ ਜਗਜੀਤ ਧੰਜਲ ਚਲਾ ਗਿਆ ਤੇ ਜਗਰੂਪ ਸਹੋਤੇ ਨੇ ਮੁਸਕਰਾਉਂਦਿਆਂ ਦਰਵਾਜ਼ਾ ਢੋਂਦਿਆਂ ਕਿਹਾ, ‘‘ਥਿੰਦ ਅੰਕਲ ਵੀ ਬਸ! ਪੂਰੇ ਗਾਲੜ ਤੇ ਚੇਪੂ ਨੇ। ਛੱਡਦੇ ਈ ਨਹੀਂ ਸਨ ਗੱਲਾਂ! ਲੈ ਕੇ ਬੈਠ ਗਏ ਆਪਣੀ ਕਥਾ! ਮੈਂ ਮਸਾਂ ਖਹਿੜਾ ਛੁਡਾਇਆ!’’
ਜਗਰੂਪ ਨੇ ਇੱਕ ਹਫ਼ਤਾ ਪਹਿਲਾਂ ਆਏ ਸੁਪਨੇ ਨੂੰ ਤੇ ਸਰਬੀ ਨੇ ਜਗਰੂਪ ਦੀ ਗ਼ੈਰਹਾਜ਼ਰੀ ’ਚ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਸੁਪਨੇ ਨੂੰ ਭੁਲਾ ਦਿੱਤਾ ਹੈ, ਵਿਸਾਰ ਦਿੱਤਾ ਹੈ।
ਜਗਰੂਪ ਚਾਹ ਦੇ ਦੋ ਮੱਗ ਨਾਲ ਲੈ ਆਇਆ ਹੈ। ਇੱਕ ਮੱਗ ਉਸ ਨੇ ਸਰਬੀ ਨੂੰ ਫੜਾਇਆ ਹੈ ਤੇ ਦੋਵੇਂ ਬੈੱਡ ਨਾਲ ਢੋਅ ਲਾ ਕੇ ਇੱਕ-ਦੂਜੇ ’ਚ ਮੁੜ ਖੋ ਗਏ ਹਨ ਤੇ ਜਜ਼ਬਾਤ ਦੀ ਕੌਡੀ ਖੇਡਣ ਦੀ ਤਿਆਰੀ ਕਰ ਰਹੇ ਹਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬੀ. ਐੱਸ. ਬੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ