Kaure Rishte (Punjabi Story) : Bachint Kaur
ਕੌੜੇ ਰਿਸ਼ਤੇ (ਕਹਾਣੀ) : ਬਚਿੰਤ ਕੌਰ
ਜੀ ਬੀ ਹੋਟਲ ਦੀ ਗਹਿਮਾ-ਗਹਿਮੀ ਅੱਜ ਦੇਖਣ ਵਾਲੀ ਸੀ। ਚਾਰੋਂ ਤਰਫ ਤਾਜ਼ੇ ਫੁੱਲਾਂ ਦੀ ਖੁਸ਼ਬੋਈ ਨਾਲ ਸਾਰਾ ਹਾਲ ਮਹਿਕੋ-ਮਹਿਕੀ ਹੋਇਆ ਪਿਆ ਸੀ। ਦੋਵੇਂ ਧਿਰਾਂ ਖੁਸ਼ੀ ਵਿੱਚ ਫੁੱਲੀਆਂ ਨਹੀਂ ਸੀ ਸਮਾ ਰਹੀਆਂ। ਸੁਣਿਆ ਸੀ ਮੁੰਡੇ ਵਾਲਿਆਂ ਨੇ ਦਾਜ ਵੀ ਨਹੀਂ ਸੀ ਮੰਗਿਆ। ਅਸ਼ੋਕ ਦੀ ਹੋਣ ਵਾਲੀ ਦੁਲਹਨ ਸ਼ਬਨਮ ਜਿਵੇਂ ਸੱਚਮੁਚ ਅਰਸ਼ੋਂ ਉਤਰੀ ਕੋਈ ਪਰੀ ਹੋਵੇ। ਐਨੀ ਸੁਨੱਖੀ, ਲੰਬੂ ਬਹੂ ਤਾਂ ਅਸ਼ੋਕ ਦੇ ਖਾਨਦਾਨ ਵਿੱਚ ਅਜੇ ਤੱਕ ਨਹੀਂ ਸੀ ਆਈ। ਦੁਲਹਾ-ਦੁਲਹਨ ਸਟੇਜ ਉਤੇ ਬੈਠੇ ਸੱਚਮੁਚ ਬਹੁਤ ਜਚ ਰਹੇ ਸਨ, ਜਿਵੇਂ ਰੱਬ ਨੇ ਇਨ੍ਹਾਂ ਨੂੰ ਇਕ-ਦੂਜੇ ਦੇ ਲਈ ਹੀ ਬਣਾਇਆ ਹੋਵੇ। ਸਭ ਤੋਂ ਪਹਿਲਾਂ ਕੁੜਮਾਈ ਦੀਆਂ ਛਾਪਾਂ ਇਕ-ਦੂਜੇ ਦੀਆਂ ਉਂਗਲੀਆਂ ਵਿੱਚ ਪਾਈਆਂ ਗਈਆਂ। ਫਿਰ ਸਾਰੇ ਭੈਣ-ਭਾਈ ਅਤੇ ਰਿਸ਼ਤੇਦਾਰਾਂ ਨੇ ਗੁਲਾਬ ਦੀਆਂ ਪੱਤੀਆਂ ਦੀ ਇਸ ਨਵੀਂ ਬਣਨ ਵਾਲੀ ਜੋੜੀ ਉਤੇ ਇਉਂ ਵਰਖਾ ਕੀਤੀ, ਜਿਵੇਂ ਆਕਾਸ਼ ‘ਚੋਂ ਦੇਵੀ-ਦੇਵਤੇ ਫੁੱਲ ਵਰਸਾ ਰਹੇ ਹੋਣ। ਸ਼ਬਨਮ ਦੇ ਨੈਣਾਂ ‘ਚੋਂ ਝਰਦੀ ਖੁਸ਼ੀ ਉਸ ਤੋਂ ਸਾਂਭੀ ਨਹੀਂ ਸੀ ਜਾ ਰਹੀ। ਅਸ਼ੋਕ ਵੀ ਬੇਹੱਦ ਖੁਸ਼ ਨਜ਼ਰ ਆ ਰਿਹਾ ਸੀ, ਕਿਉਂਕਿ ਉਸ ਦੇ ਸਾਰੇ ਦੋਸਤਾਂ ਦੀਆਂ ਨਵ-ਵਿਆਹੀਆਂ ਦੁਲਹਨਾਂ ‘ਚੋਂ ਸਭ ਤੋਂ ਸੋਹਣੀ-ਸੁਨੱਖੀ ਸ਼ਬਨਮ ਹੀ ਸੀ। ਇਸ ਖੁਸ਼ੀ ਵਿੱਚ ਉਹ ਫੁੱਲਿਆ ਨਹੀਂ ਸੀ ਸਮਾ ਰਿਹਾ।
ਹੁਣ ਮਾਂ-ਪਿਓ ਅਤੇ ਬਾਕੀ ਭੈਣ-ਭਾਈ ਕੁੜੀ ਵਾਲਿਆਂ ਨੇ ਲੈਣ-ਦੇਣ ਕਰਨਾ ਸੀ। ਸ਼ਬਨਮ ਦੇ ਮਾਮਾ ਜੀ ਨੇ ਸਭ ਤੋਂ ਪਹਿਲਾਂ ਅਸ਼ੋਕ ਦੀ ਮਾਤਾ ਜੀ ਨੂੰ ਦੁਲਹੇ-ਦੁਲਹਨ ਦੇ ਕੋਲ ਹੀ ਬਣੀ ਇਕ ਛੋਟੀ ਸਟੇਜ ਉਤੇ ਆਉਣ ਲਈ ਸਤਿਕਾਰ ਸਹਿਤ ਬੁਲਾਇਆ ਤੇ ਉਸ ਦੇ ਗਲ ਵਿੱਚ ਸੋਨੇ ਦੀ ਜ਼ੰਜੀਰੀ ਪਹਿਨਾਈ ਤੇ ਕੰਨਾਂ ਵਿੱਚ ਹੀਰੇ ਦੇ ਟਾਪਸ ਪਾਏ। ਫਿਰ ਇਸੇ ਤਰ੍ਹਾਂ ਅਸ਼ੋਕ ਦੇ ਪਿਤਾ ਲਖਣ ਪ੍ਰਸ਼ਾਦ ਨੂੰ ਬੁਲਾ ਕੇ ਉਸ ਦੀ ਗਭਲੀ ਉਂਗਲੀ ਵਿੱਚ ਕੁੜੀ ਦੇ ਪਿਤਾ ਨੇ ਅੱਧੇ ਤੋਲੇ ਦੀ ਮੁੰਦਰੀ ਪਹਿਨਾ ਦਿੱਤੀ। ਬਾਕੀ ਲੈਣ-ਦੇਣ ਅਜੇ ਬਾਕੀ ਸੀ ਕਿ ਅਸ਼ੋਕ ਦੇ ਪਿਤਾ ਜੀ ਨੇ ਸ਼ਬਨਮ ਦੇ ਪਿਤਾ ਦੇ ਹੱਥਾਂ ਵਿੱਚ ਹੌਲੀ ਜਿਹੀ ‘ਆਈ ਕੌਨ’ ਕਾਰ ਦੀਆਂ ਚਾਬੀਆਂ ਚੁੱਪ ਕੇ ਜਿਹੇ ਫੜਾ ਕੇ ਕਿਹਾ, ‘‘ਭਾਈ ਸਾਹਿਬ, ਇਹ ਅਸ਼ੋਕ ਨੂੰ ਤੁਸੀਂ ਦੇ ਦਿਓ। ਕਾਰ ਦੀ ਪਹਿਲੀ 20 ਹਜ਼ਾਰ ਰੁਪਏ ਦੀ ਕਿਸ਼ਤ ਦੇ ਦਿੱਤੀ ਹੈ। ਅਸੀਂ ਲੋਕਾਂ ਨੂੰ ਦੱਸਣਾ ਚਾਹੰੁਦੇ ਹਾਂ ਕਿ ਸਿਰਫ ਸੋਹਣੀ-ਸੁਨੱਖੀ ਵਹੁਟੀ ਹੀ ਅਸ਼ੋਕ ਨੂੰ ਨਹੀਂ ਮਿਲੀ, ਬਲਕਿ ‘ਆਈ ਕੌਨ’ ਕਾਰ ਵੀ ਸ਼ਬਨਮ ਦੇ ਮਾਪਿਆਂ ਨੇ ਅਸ਼ੋਕ ਨੂੰ ਮੰਗਣੀ ਵਿੱਚ ਦਿੱਤੀ ਹੈ।”
ਇਹ ਗੱਲ ਪਹਿਲਾਂ ਤਾਂ ਸ਼ਬਨਮ ਦੇ ਪਾਪਾ ਦੀ ਸਮਝ ਵਿੱਚ ਆਈ ਹੀ ਨਾ..ਪਰ ਕੋਲ ਹੀ ਖੜੀ ਸ਼ਬਨਮ ਦੀ ਮੰਮੀ ਸਾਰੀ ਗੱਲ ਨੂੰ ਬਾਖੂਬੀ ਸਮਝ ਗਈ। ਉਸ ਨੇ ਆਪਣੇ ਪਤੀ ਨੂੰ ਓਹਲੇ ਜਿਹੇ ਵਿੱਚ ਹੋ ਕੇ ਸਮਝਾਇਆ ਕਿ ਇਹ ਕਾਰ ਦੀਆਂ ਚਾਬੀਆਂ ਅਸ਼ੋਕ ਦੇ ਪਿਤਾ ਨੇ ਤੁਹਾਨੂੰ ਅਸ਼ੋਕ ਨੂੰ ਪਕੜਾਉਣ ਲਈ ਇਸ ਲਈ ਦਿੱਤੀਆਂ ਹਨ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਇਹ ਦਿਖਾ ਸਕਣ ਕਿ ਅਸ਼ੋਕ ਦੀ ਕੁੜਮਾਈ ਵਿੱਚ ਸਾਡੇ ਵਲੋਂ ਕਾਰ ਵੀ ਦਿੱਤੀ ਗਈ ਹੈ।
ਸਾਰੀ ਗੱਲ ਸਮਝਣ ਪਿੱਛੋਂ ਸ਼ਬਨਮ ਦੇ ਡੈਡੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇਸ ਦਾ ਮਤਲਬ ਹੈ ਕਿ ਉਹ ਕੁੜਮਾਈ ਵਿੱਚ ਸਾਡੇ ਕੋਲੋਂ ਕਾਰ ਮੰਗਦੇ ਹਨ। ਫਿਰ ਵਿਆਹ ਸਮੇਂ ਪਤਾ ਨਹੀਂ ਹਾਥੀ ਹੀ ਮੰਗ ਲੈਣ।
ਕਾਰ, ਅਸ਼ੋਕ ਦੇ ਪਿਓ ਨੇ ਕਿਸ਼ਤਾਂ ਉਤੇ ਲੈ ਕੇ ਪਹਿਲੀ ਕਿਸ਼ਤ ਆਪ ਦੇ ਦਿੱਤੀ ਸੀ, ਬਾਕੀ ਕਿਸ਼ਤਾਂ ਤਾਂ ਕੁੜੀ ਵਾਲਿਆਂ ਨੂੰ ਹੀ ਦੇਣੀਆਂ ਸਨ। ਸ਼ਬਨਮ ਨੇ ਜਦੋਂ ਆਪਣੇ ਮੰਮੀ-ਡੈਡੀ ਨੂੰ ਇਸ ਉਲਝਣ ਵਿੱਚ ਉਲਝਿਆ ਦੇਖਿਆ ਤਾਂ ਅਸ਼ੋਕ ਤੋਂ ਇਸ ਸਭ ਕੁਝ ਬਾਰੇ ਪੁੱਛਿਆ।
‘‘ਗੱਲ ਕੁਝ ਵੀ ਨਹੀਂ ਸ਼ਬਨਮ, ਮੈਂ ਹੀ ਚਾਹੁੰਦਾ ਸੀ ਕਿ ਮੇਰੀ ਕੁੜਮਾਈ ਵਿੱਚ ਮੈਨੂੰ ਸਹੁਰਿਆਂ ਵਲੋਂ ਕਾਰ ਮਿਲੇ। ਸੋ ਅਸੀਂ ਕਿਸ਼ਤਾਂ ਉਤੇ ਕਾਰ ਲੈ ਕੇ ਚਾਬੀ ਤੇਰੇ ਡੈਡੀ ਦੇ ਹੱਥ ਫੜਾ ਦਿੱਤੀ ਤਾਂ ਕਿ ਲੋਕਾਂ ਸਾਹਮਣੇ ਉਹ ਇਹ ਚਾਬੀ ਮੈਨੂੰ ਸ਼ਗਨ ਵਿੱਚ ਦੇ ਦੇਣ। ਮੇਰੇ ਕਈ ਦੋਸਤਾਂ ਦੇ ਸਹੁਰਿਆਂ ਵਲੋਂ ਵੀ ਦਹੇਜ ਵਿੱਚ ਕਾਰਾਂ ਮਿਲੀਆਂ ਹਨ। ਜੋ ਮੇਰੇ ਫੂਡ ਐਂਡ ਸਪਲਾਈ ਵਿੱਚ ਅਫਸਰ ਹਨ।”
ਅਸ਼ੋਕ ਦੀ ਗੱਲ ਸੁਣ ਕੇ ਸ਼ਬਨਮ ਨੇ ਫਿਰ ਪ੍ਰਸ਼ਨ ਕੀਤਾ, ‘‘ਕਾਰ ਹੈ ਕਿੱਥੇ?”
‘‘ਉਹ ਬਾਹਰ ਜੋ ਫੁੱਲਾਂ ਨਾਲ ਸਜੀ ਖੜੀ ਹੈ। ਮੈਂ ਘਰੋਂ ਉਸ ਵਿੱਚ ਹੀ ਤਾਂ ਬੈਠ ਕੇ ਆਇਆ ਹਾਂ।”
ਅਸ਼ੋਕ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਪਿੱਛੋਂ ਸ਼ਬਨਮ ਨੇ ਆਪਣੇ ਗਲੇ ਵਿੱਚ ਪਏ ਫੁੱਲਾਂ ਦੇ ਹਾਰ ਨੂੰ ਤੋੜ ਕੇ ਪੱਤੀ-ਪੱਤੀ ਕਰ ਸੁੱਠਿਆ ਤੇ ਥਾਉਂ ਦੀ ਥਾਉਂ ਖੜੇ ਹੋ ਕੇ ਉਸ ਨੇ ਪੇਕੇ, ਸਹੁਰਿਆਂ ਦੇ ਸਾਰੇ ਰਿਸ਼ਤੇਦਾਰਾਂ ਵਿੱਚ ਐਲਾਨ ਕਰ ਦਿੱਤਾ।
ਇਹ ਸ਼ਾਦੀ ਮੈਨੂੰ ਕਬੂਲ ਨਹੀਂ। ਅਸੀਂ ਇਹ ਰਿਸ਼ਤਾ ਜੋ ਅਜੇ ਜੁੜਿਆ ਵੀ ਨਹੀਂ, ਤੋੜ ਰਹੇ ਹਾਂ..। ਫਿਰ ਉਸ ਨੇ ਆਪਣੇ ਡੈਡੀ ਹੱਥੋਂ ਕਾਰ ਦੀਆਂ ਚਾਬੀਆਂ ਲੈਂਦਿਆਂ ਅਸ਼ੋਕ ਦੇ ਹੱਥ ਵਿੱਚ ਥਮਾ ਦਿੱਤੀਆਂ ਤੇ ਸੈਂਕੜੇ ਲੋਕਾਂ ਦੇ ਸਾਹਮਣੇ ਆਪਣੀ ਉਂਗਲੀ ‘ਚੋਂ ਕੁੜਮਾਈ ਦੀ ਰਿੰਗ ਉਤਾਰ ਕੇ ਅਸ਼ੋਕ ਨੂੰ ਫੜਾ ਦਿੱਤੀ ਤੇ ਅਸ਼ੋਕ ਦੀ ਉਂਗਲੀ ਵਿੱਚ ਪਹਿਨੀ ਮੁੰਦਰੀ ਉਸ ਤੋਂ ਉਤਰਵਾ ਲਈ..।
ਇਹ ਸਾਰਾ ਕਾਂਡ ਦੇਖ ਸ਼ਬਨਮ ਦੇ ਪਿਤਾ ਥਰ-ਥਰ ਕੰਬਣ ਲੱਗ ਪਏ। ਉਸ ਦੀ ਮੰਮੀ ਅਤੇ ਹੋਰ ਰਿਸ਼ਤੇਦਾਰ ਵੀ ਘਬਰਾ ਗਏ। ਦੋਵੇਂ ਧਿਰਾਂ ਨਮੋਸ਼ੀ ਦੀ ਪੰਡ ਆਪਣੇ-ਆਪਣੇ ਦਿਲਾਂ ਉਤੇ ਲੈ ਆਪਣੇ-ਆਪਣੇ ਘਰਾਂ ਨੂੰ ਚਲੀਆਂ ਗਈਆਂ।
ਘਰ ਆ ਕੇ ਸ਼ਬਨਮ ਦੇ ਪਾਪਾ ਤਾਂ ਜਿਵੇਂ ਸੁੰਨ ਹੀ ਹੋ ਗਏ। ਨਾ ਉਹ ਹੁਣ ਕੁਝ ਖਾਂਦੇ-ਪੀਂਦੇ ਸਨ ਤੇ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰ ਰਹੇ ਸਨ। ਹੁਣ ਸਾਰੇ ਟੱਬਰ ਨੂੰ ਇਕ ਡਰ ਸਤਾਉਣ ਲੱਗਿਆ ਕਿ ਕੋਈ ਅਣਹੋਣੀ ਨਾ ਵਾਪਰ ਜਾਵੇ। ਖਾਸ ਕਰਕੇ ਸ਼ਬਨਮ ਦੀ ਭੂਆ ਬਹੁਤ ਉਦਾਸ ਸੀ, ਜੋ ਆਪਣੇ ਛੋਟੇ ਵੀਰ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦੀ ਸੀ। ਉਹ ਹਰ ਹਾਲ ਆਪਣੇ ਵੀਰ ਦੀ ਵੱਡੀ ਉਮਰ ਚਾਹੁੰਦੀ ਸੀ। ਪ੍ਰਮਾਤਮਾ ਅੱਗੇ ਹੱਥ ਜੋੜ ਅਰਦਾਸਾਂ ਕਰਦੀ ਨਹੀਂ ਸੀ ਥੱਕਦੀ। ਉਹ ਚਾਹੁੰਦੀ ਸੀ ਕਿਵੇਂ ਨਾ ਕਿਵੇਂ ਉਸ ਦਾ ਵੀਰ ਇਸ ਸਦਮੇ ਤੋਂ ਬਾਹਰ ਆ ਜਾਵੇ। ਆਰਮੀ ਵਿੱਚ ਬਤੌਰ ਨਰਸ ਪਿਛਲੇ ਦਸਾਂ ਵਰ੍ਹਿਅ ਤੋਂ ਨੌਕਰੀ ਕਰ ਰਹੀ ਸੀ। ਹਸਪਤਾਲ ਵਿੱਚ ਹੁਣ ਉਸ ਦਾ ਅਹੁਦਾ ਬ੍ਰਿਗੇਡੀਅਰ ਦਾ ਸੀ। ਉਸ ਨੇ ਝਟ ਆਪਣੇ ਇਕ ਸਹਿਯੋਗੀ ਕਰਨਲ ਜਸਬੀਰ ਨੂੰ ਫੋਨ ਕਰਕੇ ਪੁੱਛਿਆ, ‘‘ਜਸਬੀਰ ਤੂੰ ਵਿਆਹ ਕਰਵਾਉਣਾ ਚਾਹੁੰਦਾ ਹੈਂ?”
‘‘ਚਾਹੁੰਦਾ ਤਾਂ ਹਾਂ ਮੈਮ ਪਰ ਅਜੇ ਕੁੜੀ ਹੀ ਕੋਈ ਪਸੰਦ ਨਹੀਂ ਆਉਂਦੀ ਮੇਰੇ ਘਰਦਿਆਂ ਨੂੰ।”
‘‘ਅੱਛਾ, ਮੈਂ ਸੋਮਵਾਰ ਆਪਣੀ ਡਿਊਟੀ ਜੁਆਇਨ ਕਰਾਂਗੀ, ਫਿਰ ਆਪਾਂ ਬਾਕੀ ਗੱਲਾਂ ਕਰਾਂਗੇ।”
ਕਰਨਲ ਜਸਬੀਰ ਬਾਰੇ ਉਸ ਨੇ ਸ਼ਬਨਮ ਨਾਲ ਸਾਰੀ ਗੱਲ ਕਰ ਲਈ। ਜੇ ਉਹ ਮੰਨ ਜਾਵੇ ਤਾਂ ਤੇਰੇ ਵਿਆਹ ਦੀ ਪਹਿਲਾਂ ਵਾਲੀ ਤਰੀਕ ਨੂੰ ਹੀ ਅਸੀਂ ਤੇਰਾ ਆਨੰਦ ਕਾਰਜ ਕਰ ਦਿਆਂਗੇ। ਤੁਸੀਂ ਪੈਲੇਸ ਜੋ ਸ਼ਾਦੀ ਲਈ ਬੁੱਕ ਕੀਤਾ ਸੀ ਤੇ ਹੋਰ ਜੋ ਵੀ ਵਿਆਹ ਦਾ ਅਰੇਂਜਮੈਂਟ ਕੀਤਾ ਹੋਇਆ ਹੈ, ਇਸੇ ਤਰ੍ਹਾਂ ਰਹਿਣ ਦੇਣਾ। ਜੇ ਜਸਬੀਰ ਦੇ ਘਰਦੇ ਮੰਨ ਜਾਣ ਤਾਂ ਤੇਰੀ ਸ਼ਾਦੀ ਅਸੀਂ ਅੱਠ ਮਾਰਚ ਨੂੰ ਤੇਰੇ ਵਿਆਹ ਵਾਲੀ ਤਰੀਕ ਉਤੇ ਹੀ ਕਰ ਦਿਆਂਗੇ। ਮੈਂ ਚਾਹੁੰਦੀ ਹਾਂ ਤੇਰੇ ਪਾਪਾ ਇਸ ਸਦਮੇ ਤੋਂ ਛੇਤੀ ਹੀ ਬਾਹਰ ਆ ਜਾਣ। ਨਾਲੇ ਜਸਬੀਰ ਬਹੁਤ ਅੱਛਾ ਲੜਕਾ ਹੈ। ਮੈਂ ਉਸ ਦੀ ਜਿੰਨੀ ਵੀ ਤਾਰੀਫ ਕਰਾਂ ਓਨੀ ਹੀ ਘੱਟ ਤੇ ਹੈ ਵੀ ਆਪਣੀ ਬਰਾਦਰੀ ਵਿੱਚੋਂ ਹੀ। ਸ਼ਬਨਮ ਨੂੰ ਆਪਣੀ ਭੂਆ ਉਤੇ ਬਹੁਤ ਵਿਸ਼ਵਾਸ ਸੀ। ਇਸ ਲਈ ਉਹ ਜਸਬੀਰ ਨਾਲ ਵਿਆਹ ਕਰਾਉਣ ਲਈ ਪੂਰੀ ਤਰ੍ਹਾਂ ਸਹਿਮਤ ਸੀ।
ਬ੍ਰਿਗੇਡੀਅਰ ਮਨਪ੍ਰੀਤ ਕੌਰ ਨੇ ਜਦੋਂ ਦਿੱਲੀ ਜਾ ਕੇ ਆਪਣੀ ਡਿਊਟੀ ਜੁਆਇਨ ਕੀਤੀ ਤਾਂ ਸਭ ਤੋਂ ਪਹਿਲਾਂ ਕਰਨਲ ਜਸਬੀਰ ਨਾਲ ਸਾਰੀ ਗੱਲ ਕੀਤੀ ਕਿ ਕੁੜੀ ਬਹੁਤ ਸੋਹਣੀ-ਸੁਨੱਖੀ ਹੈ ਅਤੇ ਐਫ ਐਮ ਰੇਡੀਓ ਉਤੇ ਪਿਛਲੇ ਪੰਜ ਵਰ੍ਹਿਆਂ ਤੋਂ ਅਨਾਊਂਸਰ ਲੱਗੀ ਹੋਈ ਹੈ। ਐ ਲੈ ਉਸ ਦੀ ਤਸਵੀਰ ਆਪਣੇ ਮਾਪਿਆਂ ਨੂੰ ਦਿਖਾ ਦੇ ਕੁੜੀ ਤੇਰੇ ਨਾਲ ਬਹੁਤ ਫੱਬੇਗੀ।
ਜਸਬੀਰ ਨੇ ਬ੍ਰਿਗੇਡੀਅਰ ਮਨਪ੍ਰੀਤ ਤੋਂ ਤਸਵੀਰ ਲੈਂਦਿਆਂ ਉਸ ਵੱਲ ਤੱਕਿਆ। ਕੁੜੀ ਦੇ ਨੈਣ-ਨਕਸ਼ ਭੂਆ ਨਾਲ ਕਾਫੀ ਮਿਲਦੇ ਲੱਗੇ। ਭੂਆ ਮਨਪ੍ਰੀਤ ਨੇ ਅਜੇ ਤੱਕ ਸ਼ਾਦੀ ਨਹੀਂ ਸੀ ਕੀਤੀ। ਜਦ ਕਿ ਸਾਰੇ ਹਸਪਤਾਲ ਦੀਆਂ ਨਰਸਾਂ ‘ਚੋਂ ਉਹ ਸਭ ਤੋਂ ਸੋਹਣੀ ਸੀ। ਉਹ ਚਾਹੁੰਦੀ ਸੀ ਕਿ ਮੇਰੇ ਵੀਰ ਦੇ ਸਿਰ ਚਾਰ-ਚਾਰ ਧੀਆਂ ਦੀ ਜ਼ਿੰਮੇਵਾਰੀ ਹੈ, ਪਹਿਲਾਂ ਮੈਂ ਇਸ ਦਾ ਬੋਝ ਕੁਝ ਹਲਕਾ ਕਰ ਲਵਾਂ। ਫਿਰ ਆਪਣੇ ਬਾਰੇ ਸੋਚਾਂਗੀ।
ਕਰਨਲ ਜਸਬੀਰ ਨੇ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਕੁੜੀ ਕਾਫੀ ਸੁਨੱਖੀ ਹੈ। ਫਿਰ ਉਸ ਨੇ ਇਕ ਨਜ਼ਰ ਆਪਣੇ ਉਤੇ ਵੀ ਪਾਈ। ਉਸ ਨੂੰ ਲੱਗਿਆ ਕਿ ਲੱਗਦਾ ਇਉਂ ਹੈ ਕਿ ਸਾਡੀ ਜੋੜੀ ਖੂਬ ਜਚੇਗੀ। ਉਸ ਨੇ ਝੱਟ ਕੰਪਿਊਟਰ ਉਤੇ ਸ਼ਬਨਮ ਦੀ ਫੋਟੋ ਆਪਣੀ ਵੱਡੀ ਭੈਣ ਜਸਵੰਤ ਨੂੰ ਭੇਜ ਦਿੱਤੀ, ਕਿਉਂਕਿ ਜਸਬੀਰ ਦੇ ਪਰਿਵਾਰ ਵਿੱਚ ਜਸਵੰਤ ਭੈਣ ਦੀ ਗੱਲ ਕੋਈ ਨਹੀਂ ਸੀ ਮੋੜਦਾ।
ਜਸਵੰਤ ਕੌਰ ਨੇ ਜਦੋਂ ਸ਼ਬਨਮ ਦੀ ਤਸਵੀਰ ਦੇਖੀ ਤਾਂ ਜਿਵੇਂ ਉਹ ਤਾਂ ਮੰਤਰ-ਮੁਗਧ ਹੀ ਹੋ ਗਈ। ਲੰਬਾ ਸਰੂ ਦੇ ਬੂਟੇ ਵਰਗਾ ਕੱਦ। ਲੰਬੇ ਕੇਸ, ਨੈਣ-ਨਕਸ਼ ਵੀ ਬਹੁਤ ਪਿਆਰੇ ਲੱਗੇ ਸ਼ਬਨਮ ਦੇ ਜਸਵੰਤ ਕੌਰ ਨੂੰ। ਜਸਬੀਰ ਜਾਣਦਾ ਸੀ ਕਿ ਜੇ ਜਸਵੰਤ ਭੈਣ ਨੂੰ ਕੁੜੀ ਜਚ ਗਈ ਤਾਂ ਉਸ ਦੇ ਬੇਬੇ, ਬਾਪੂ ਰਿਸ਼ਤਾ ਲੈਣ ਵਿੱਚ ਢਿੱਲ ਨਹੀਂ ਕਰਨਗੇ।
ਜਸਵੰਤ ਕੌਰ ਨੇ ਸ਼ਬਨਮ ਦੀ ਤਸਵੀਰ ਆਪਣੀ ਧੀ ਸਤਵੰਤ ਨੂੰ ਦਿਖਾਉਣ ਪਿੱਛੋਂ ਆਪਣੇ ਪਤੀ ਪ੍ਰੀਮ ਸਿੰਘ ਨੂੰ ਵੀ ਦਿਖਾਈ ਤੇ ਸਾਰੇ ਪਰਿਵਾਰ ਦਾ ਪਿਛੋਕੜ ਵੀ ਪ੍ਰੀਤਮ ਸਿੰਘ ਨੂੰ ਦੱਸਿਆ। ਸਾਰੀ ਗੱਲਬਾਤ ਪਿੱਛੋਂ ਪ੍ਰੀਤਮ ਸਿੰਘ ਨੇ ਸੌ ਦੀ ਇਕੋ ਕਹਿ ਸੁਣਾਈ ਕਿ ਚੰਗੇ ਕੰਮ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਇਹ ਗੱਲ ਤਾਂ ਜਿਵੇਂ ਪ੍ਰੀਤਮ ਸਿੰਘ ਨੇ ਜਸਵੰਤ ਕੌਰ ਦੇ ਦਿਲ ਦੀ ਹੀ ਕਹਿ ਦਿੱਤੀ ਸੀ।
ਜਸਵੰਤ ਕੌਰ ਨੇ ਫੋਨ ਉਤੇ ਮਨਪ੍ਰੀਤ ਨਾਲ ਸਾਰੀ ਗੱਲ ਖੋਲ੍ਹ ਲਈ ਤੇ ਮਨਪ੍ਰੀਤ ਨੇ ਜਸਵੰਤ ਕੌਰ ਨੂੰ ਸ਼ਬਨਮ ਦੇ ਟੁੱਟ ਚੁੱਕੇ ਰਿਸ਼ਤੇ ਬਾਰੇ ਸੱਚ-ਸੱਚ ਸਭ ਕੁਝ ਦੱਸ ਦਿੱਤਾ ਤਾਂ ਕਿ ਕਿਸੇ ਗੱਲ ਦਾ ਕੋਈ ਲੁਕੋ-ਛਪੋ ਨਾ ਰਹਿ ਜਾਵੇ। ਇਥੋਂ ਤੱਕ ਕਿ ਟੈਲੀਫੋਨ ਉਤੇ ਜਸਵੰਤ ਕੌਰ ਨਾਲ ਸ਼ਬਨਮ ਦੀ ਗੱਲ ਵੀ ਕਰਵਾ ਦਿੱਤੀ।
ਹੁਣ ਸ਼ਬਨਮ ਖੁਸ਼ ਸੀ। ਉਸ ਦੇ ਮਾਪਿਆਂ ਦੀ ਲਾਜ ਵੀ ਰਹਿ ਜਣੀ ਸੀ। ਮੁੰਡਾ ਵੀ ਪਹਿਲੇ ਮੁੰਡੇ ਨਾਲੋਂ ਚੰਗਾ ਮਿਲ ਗਿਆ ਸੀ। ਮਨਪ੍ਰੀਤ ਦੇ ਭਰਾ ਨੇ ਮੈਰਿਜ ਪੈਲੇਸ ਵਾਲਿਆਂ ਨੂੰ ਅਤੇ ਖਾਣੇ ਵਾਲਿਆਂ ਨੂੰ ਸਾਈ ਪਹਿਲਾਂ ਹੀ ਫੜਾਈ ਹੋਈ ਸੀ। ਸਭ ਕੁਝ ਪਿਛਲੀ ਮਿਥੀ ਤਰੀਕ ਉਤੇ ਕਰਨਾ ਹੀ ਉਹ ਮੰਨ ਗਏ ਸਨ। ਕਰਨਲ ਜਸਬੀਰ ਸਿੰਘ ਦੇ ਮਾਤਾ-ਪਿਤਾ ਭਲੇ ਬੰਦੇ ਸਨ।
ਮਨਪ੍ਰੀਤ ਨੇ ਆਪਣੇ ਭਰਾ ਦੀ ਸੁੱਖ ਮਨਾਉਂਦਿਆਂ ਵਿਆਹ ਦੀ ਸਾਰੀ ਜ਼ਿੰਮੇਵਾਰੀ ਆਪਣੇ ਜ਼ਿੰਮੇ ਲੈ ਕੇ ਦੂਜੀ ਵਾਰ ਕਾਜ ਆਰੰਭ ਕਰਨ ਲਈ ਆਪਣੀ ਪੂਰੀ ਵਾਹ ਲਾ ਛੱਡੀ ਸੀ। ਸ਼ਬਨਮ ਦੇ ਚਿਹਰੇ ਉਤੇ ਵੀ ਖੇੜਾ ਆ ਗਿਆ ਸੀ। ਉਸ ਦਾ ਡੈਡੀ ਵੀ ਇਸ ਨਵੇਂ ਰਿਸ਼ਤੇ ਅਤੇ ਜਸਬੀਰ ਬਾਰੇ ਜਾਣ ਕੇ ਹੁਣ ਖੁਸ਼ ਨਜ਼ਰ ਆ ਰਿਹਾ ਸੀ।
ਮਨਪ੍ਰੀਤ ਸਾਰੇ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਪੱਲਿਓਂ ਪੈਸੇ ਖਰਚਣ ਦੀ ਵੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ। ਸ਼ੁੱਕਰਵਾਰ ਨੂੰ ਘਰ ਵਿੱਚ ਅਖੰਡ ਪਾਠ ਆਰੰਭ ਕਰਨ ਦੀ ਤਰੀਕ ਦੋਵਾਂ ਧਿਰਾਂ ਵੱਲੋਂ ਪੱਕੀ ਕਰਕੇ ਸੋਮਵਾਰ ਵਾਲੇ ਦਿਨ ਬਰਾਤ ਕੁੜੀ ਵਾਲਿਆਂ ਦੇ ਘਰ ਢੁਕਣੀ ਸੀ।
ਸ਼ਬਨਮ ਬੇਹੱਦ ਖੁਸ਼ ਸੀ। ਉਸ ਦਾ ਪਿਤਾ ਵੀ ਬੇਟੀ ਦੀ ਸ਼ਾਦੀ ਵਿੱਚ ਖੁਸ਼ ਨਜ਼ਰ ਆ ਰਿਹਾ ਸੀ, ਪਰ ਉਸ ਦੀ ਮੰਮੀ ਦੇ ਚਿਹਰੇ ਉਤੇ ਵਿਆਹ ਦੀ ਖੁਸ਼ੀ ਦੇ ਕੋਈ ਹਾਵ-ਭਾਵ ਨਹੀਂ ਸਨ ਨਜ਼ਰ ਆ ਰਹੇ। ਇਹ ਸਭ ਦੇਖ ਸ਼ਬਨਮ ਨੇ ਆਪਣੀ ਮੰਮੀ ਨੂੰ ਪੁੱਛਿਆ।
‘‘ਮੰਮੀ ਜੀ ਤੁਸੀਂ ਖੁਸ਼ ਨਹੀਂ ਇਸ ਸ਼ਾਦੀ ਤੋਂ?”
ਉਸ ਦੀ ਮੰਮੀ ਨੇ ਸ਼ਬਨਮ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਸ਼ਬਨਮ ਨੇ ਫਿਰ ਪਿਆਰ ਜਿਹੇ ਵਿੱਚ ਆ ਕੇ ਪੁੱਛਿਆ, ‘‘ਮੰਮੀ ਤੁਹਾਨੂੰ ਕਰਨਲ ਜਸਬੀਰ ਪਸੰਦ ਨਹੀਂ?”
‘‘ਮੈਂ ਕੌਣ ਹੁੰਦੀ ਹਾਂ ਪਸੰਦ, ਨਾ-ਪਸੰਦ ਬਾਰੇ ਕੁਝ ਕਹਿਣ ਵਾਲੀ।” ਸ਼ਬਨਮ ਆਪਣੀ ਮੰਮੀ ਦੇ ਚਿਹਰੇ ਉਤਲੀ ਮਾਯੂਸੀ ਦਾ ਕਾਰਨ ਸਮਝ ਨਾ ਸਕੀ।
‘‘ਮੰਮੀ ਕੋਈ ਗੱਲ ਤਾਂ ਮੈਨੂੰ ਦੱਸੋ। ਜਸਬੀਰ ਦੇ ਮਾਪਿਆਂ ਦੀ ਤਾਂ ਕੋਈ ‘ਮੰਗ’ ਵੀ ਨਹੀਂ। ਫਿਰ ਉਸੇ ਤਰੀਕ ਨੂੰ ਵਿਆਹ ਕਰਨਾ ਵੀ ਜਸਬੀਰ ਨੇ ਕਬੂਲ ਕਰ ਲਿਆ। ਉਨ੍ਹਾਂ ਨੇ ਸਾਡਾ ਕਿੰਨਾ ਖਰਚਾ ਬਚਾ ਦਿੱਤਾ ਹੈ। ਇਹ ਸਭ ਭੂਆ ਜੀ ਦੀ ਮਿਹਰਬਾਨੀ ਨਾਲ ਹੀ ਹੋ ਸਕਿਆ ਹੈ। ਹੁਣ ਤੁਸੀਂ ਕਿਉਂ ਇਸ ਰਿਸ਼ਤੇ ਵਿੱਚ ਖੁਸ਼ ਨਹੀਂ ਹੋ?”
‘‘ਮੈਂ ਕੀ ਦੱਸਾਂ ਸ਼ਬੋ, ਮੈਨੂੰ ਪੁੱਛਦਾ ਹੀ ਕੌਣ ਹੈ? ਸ਼ਬਨਮ ਦੀ ਮੰਮੀ ਬਹੁਤ ਪ੍ਰੇਸ਼ਾਨ ਸੀ।
‘‘ਸ਼ਬੋ ਜੋ ਕੁਝ ਹੈ ਤੇਰੀ ਭੂਆ ਹੀ ਹੈ। ਤੇਰਾ ਡੈਡੀ ਤਾਂ ਉਸ ਦੇ ਕਹੇ ਹੀ ਚੱਲਦਾ ਹੈ। ਸਭ ਕੁਝ ਉਹੀ ਕਰਦੀ ਹੈ।”
‘‘ਚੰਗੀ ਗੱਲ ਵਿੱਚ ਤਾਂ ਚੱਲਣਾ ਬਣਦਾ ਹੀ ਹੈ ਮੰਮੀ ਜੀ, ਨਾਲੇ ਦਹੇਜ ਦੇ ਲੋਭੀਆਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਧੀਆਂ ਵਿਕਾਊ ਨਹੀਂ ਹੁੰਦੀਆਂ। ਜੇ ਉਹ ਮੁੰਡਾ ਫੂਡ ਐਂਡ ਸਪਲਾਈ ਵਿੱਚ ਲੱਗਿਆ ਹੋਇਆ ਸੀ ਤਾਂ ਮੈਂ ਵੀ ਪਿਛਲੇ ਪੰਜਾਂ ਸਾਲਾਂ ਤੋਂ ਮੀਡੀਆ ਦੇ ਕੰਮ ਨਾਲ ਜੁੜੀ ਹੋਈ ਹਾਂ। ਉਸ ਤੋਂ ਘੱਟ ਨਹੀਂ ਕਮਾਉਂਦੀ ਸੀ।”
‘‘ਪਰ ਤੇਰੀ ਨਾਰਾਜ਼ਗੀ ਭੂਆ ਨਾਲ ਕਿਉਂ ਹੈ। ਇਹ ਗੱਲ ਮੇਰੀ ਸਮਝ ਤੋਂ ਬਾਹਰ ਦੀ ਹੈ ਮੰਮੀ।”
‘‘ਮੇਰੀ ਨਾਰਾਜ਼ਗੀ ਇਹ ਹੈ ਸ਼ਬੋ ਕਿ ਸ਼ੁਰੂ ਤੋਂ ਹੀ ਤੇਰੀ ਭੂਆ ਨੇ ਸਾਡੀ ਜ਼ਿੰਦਗੀ ਵਿੱਚ ਦਖਲ ਦਿੱਤਾ ਹੈ। ਤੇਰਾ ਪਿਓ ਲਾਈਲੱਗ ਅੱਜ ਤੱਕ ਉਸੇ ਦੀ ਸੁਣਦਾ ਆ ਰਿਹਾ ਹੈ। ਮੈਂ ਜਿਵੇਂ ਘਰ ਵਿੱਚ ਕੁਝ ਵੀ ਨਹੀਂ। ਮੈਂ ਜਨਮ ਦਿੱਤਾ ਹੈ ਤੈਨੂੰ। ਮੈਨੂੰ ਵੀ ਪੁੱਛ ਲੈਣਾ ਚਾਹੀਦਾ ਸੀ।” ਇਹ ਕਹਿੰਦੀ ਹੋਈ ਸ਼ਬਨਮ ਦੀ ਮੰਮੀ ਟਪ-ਟਪ ਹੰਝੂ ਕੇਰਨ ਲੱਗ ਪਈ।
ਮਾਂ ਦੀ ਗੱਲ ਸੁਣ ਕੇ ਸ਼ਬਨਮ ਨੇ ਮਾਂ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ। ‘‘ਮੰਮੀ ਅਸਲ ਵਿੱਚ ਮੇਰੀ ਮਾਂ ਤਾਂ ਤੂੰ ਹੀ ਰਹਿਣਾ ਹੈ। ਭੂਆ ਤਾਂ ਭੂਆ ਹੀ ਹੈ। ਮੇਰਾ ਰਿਸ਼ਤਾ ਜਸਬੀਰ ਨਾਲ ਕਰਵਾ ਕੇ ਇਸ ਨੇ ਸਾਡਾ ਭਲਾ ਹੀ ਕੀਤਾ ਹੈ। ਬੁਰਾ ਤਾਂ ਕੁਝ ਨਹੀਂ ਕੀਤਾ। ਹੁਣ ਤੂੰ ਵਿਆਹ ਵਿੱਚ ਰੁਕਾਵਟ ਨਾ ਪਾ। ਮੈਂ ਭੂਆ ਨੂੰ ਕਹੂੰਗੀ ਕਿ ਉਹ ਤੇਰੇ ਕੋਲੋਂ ਮੁਆਫੀ ਮੰਗ ਲਵੇ।”
‘‘ਠੀਕ ਹੈ ਸ਼ਬੋ ਮੇਰੀ ਗੱਲ ਧਿਆਨ ਨਾਲ ਸੁਣ। ਮੇਰੀ ਇਕ ਸ਼ਰਤ ਹੋਰ ਹੈ। ਮੈਂ ਇਹ ਵਿਆਹ ਜਸਬੀਰ ਨਾਲ ਤਾਂ ਹੋਣ ਦੇਵਾਂਗੀ ਜੇ ਤੇਰੀ ਭੂਆ ਮੁੜ ਮੇਰੇ ਘਰ ਪੈਰ ਨਾ ਪਾਉਣ ਦੀ ਸਹੁੰ ਖਾਵੇ। ਇਹ ਗੱਲ ਨੂੰ ਆਪਣੇ ਡੈਡੀ ਨੂੰ ਵੀ ਸਾਫ-ਸਾਫ ਕਹਿ ਦੇਵੀਂ।”
ਆਪਣੀ ਮਾਂ ਦੀਆਂ ਬੇਵਕੂਫੀ ਵਾਲੀਆਂ ਗੱਲਾਂ ਸੁਣ, ਜਿਵੇਂ ਸ਼ਬਨਮ ਰੋਣ-ਹਾਕੀ ਹੋ ਗਈ ਸੀ। ਆਖਿਰ ਉਸ ਦੀ ਭੂਆ ਨੇ ਮਾੜਾ ਕੀ ਕੀਤਾ ਸੀ? ਇਕ ਤਾਂ ਆਪਣੀ ਜ਼ਿੰਮੇਵਾਰੀ ਉਤੇ ਉਸ ਨੇ ਪੁਰਾਣੀ ਤਰੀਕ ਉਤੇ ਹੀ ਵਿਆਹ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ, ਦੂਜਾ ਕਰਨਲ ਜਸਬੀਰ, ਅਸ਼ੋਕ ਤੋਂ ਕਿਤੇ ਵੱਧ ਕਾਬਲੀਅਤ ਵਾਲਾ ਅਤੇ ਬਾਂਕਾ-ਗੱਭਰੂ ਹੈ। ਫਿਰ ਮੇਰੀ ਮੰਮੀ?
ਸਾਰੀ ਰਾਤ ਸ਼ਬਨਮ ਆਪਣੇ ਪਲੰਘ ਉਤੇ ਇਕੱਲੀ-ਕਾਰੀ ਲੇਟੀ ਇਹੀ ਸੋਚਦੀ ਰਹੀ ਕਿ ਸੰਸਾਰ ਭਰ ਵਿੱਚ ਸੱਸ-ਨੂੰਹ, ਦਰਾਣੀ-ਜਠਾਣੀ, ਨਣਦ-ਭਰਜਾਈ ਅਤੇ ਸਹੁਰੇ ਪਰਿਵਾਰ ਨਾਲ ਰਿਸ਼ਤੇ ਐਨੇ ਕੌੜੇ ਕਿਉਂ ਹੁੰਦੇ ਹਨ। ਉਸ ਦੀ ਸਮਝ ਵਿੱਚ ਕੁਝ ਵੀ ਨਹੀਂ ਸੀ ਆ ਰਿਹਾ।