Punjabi Stories/Kahanian
ਸਿੰਮੀਪ੍ਰੀਤ ਕੌਰ
Simmipreet Kaur
Punjabi Kavita
  

Kautak: Simmipreet Kaur

ਕੌਤਕ: ਸਿੰਮੀਪ੍ਰੀਤ ਕੌਰ

ਮਹੀਨਾ ਹੋ ਚੱਲਿਆ। ਬਾਪੂ ਨੂੰ ਉਖੜਿਆ- ਉਖੜਿਆ ਵੇਖਦਿਆਂ ਨੂੰ। ਕਦੇ ਅੰਦਰ ਵੜਦਾ ਕਦੇ ਬਾਹਰ। ਮੰਜੇ 'ਤੇ ਬੈਠਾ-ਬੈਠਾ ਭੁੰਜੇ ਬਹਿ ਜਾਂਦੈ। ਮੂਹਰੇ ਰੱਖੀ ਰੋਟੀ ਨੂੰ ਕਿੰਨਾ ਚਿਰ ਵੇਖਦਾ ਰਹਿੰਦੈ। ਮਾਂ ਹਲੂਣਦੀ। "ਹੂੰ" ਆਖਦਾ ਇਉ ਲੱਗਦਾ ਪਤਾ ਨੀਂ ਕਿਹੜੀਆਂ ਨੀਦਾਂ ਤੋਂ ਜਾਗਿਆ ਹੁੰਦੈ।
ਅੰਦਰੋਂ-ਅੰਦਰੀ ਮੈਂ ਵੀ ਤਾਂ ਉਖੜਿਆ ਪਿਆਂ। ਇਕ ਚਿੱਤ ਕਰਦੈ ਬਾਪੂ ਕੋਲ ਦੁਖੜੇ ਫੋਲ ਲਵਾਂ। ਆਪਣਾ ਬੋਝ ਲਾਹ ਲਵਾਂ। ਫਿਰ ਆਉਂਦੀ, ਮਨਾਂ ਬਾਪੂ ਨੂੰ ਸੱਚ ਦੱਸ ਕੇ ਉਹਦਾ ਬੋਝ ਨਾ ਦੁੱਗਣਾ ਕਰ ਦੇਵਾਂ। ਸੱਚ ਜਾਣ ਕੇ ਉਹ ਡੁੱਬ ਮਰੂ। ਉਸ ਕੋਲ ਸੁਣਨ ਜੋਗਾ ਜਿਗਰਾ ਵੀ ਨੀਂ ਬਚਿਆ।
ਪੈਰ ਘਸੀਟ-ਘਸੀਟ ਤੁਰਦੈ ਮਸਾਂ। ਉਹੀ ਬਾਪੂ ਜੋ ਦੋ ਪੁਲਾਂਘਾਂ ਦੀ ਇਕ ਬਣਾਉਂਦਾ ਸੀ।
ਮਾਂ ਵੰਨੀਂ ਵੇਖਦਾ। ਪਲਕਾਂ ਹੇਠ ਛੁਪੇ ਉਹਦੇ ਹੰਝੂ ਸਕਿੰਟਾ 'ਚ ਪਰਲ-ਪਰਲ ਵਗ ਆਉਂਦੇ ਨੇ । ਉਹਦਾ ਦੋਖੀ ਕੌਣ…? ਮੈਂ ਤਾਂ ਸਭ ਜਾਣ ਕੇ ਵੀ ਚੁੱਪ ਰਹਿੰਨਾਂ। ਦੋਖੀ…ਮੈਂ? ਦੱਸ ਨੀਂ ਹੁੰਦਾ ਮੈਥੋਂ।
ਬਾਪੂ ਆਵਦੀ ਭਟਕਣਾ ਨੂੰ ਸ਼ਾਂਤ ਕਰਨ ਮਾਰਾ ਚਾਰ-ਪੰਜ ਦਿਨ ਆਨੰਦਪੁਰ ਸਾਹਿਬ ਵੀ ਲਾ ਆਇਆ।
ਉਹਦੀ ਗੁੰਮ-ਸੁੰਮ ਤਾਂ ਇਹੀ ਦੱਸਦੀ ਕਿ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਹੋਇਆ ਫਿਰਦੈ।
ਮਾਂ ਗੁੱਡੀ ਦੀ ਫੋਟੋ ਚੱਕ ਕੇ ਬਹਿ ਜਾਂਦੀ। ਗਲ਼ ਨਾਲ ਲਾ ਵਿਲਕਦੀ ਰਹਿੰਦੀ। ਮੈਂਥੋਂ ਚੁੱਪ ਨੀਂ ਕਰਾਈ ਜਾਂਦੀ। ਕੋਲ ਜਾਨਾਂ ਗਲ਼ ਨਾਲ ਚਿੰਬੜ ਜਾਂਦੀ ਮੇਰੇ।
ਆਖਦੀ, "ਵੇ ਵਿੱਕੀ! ਜਾ ਵੇ ਬੁਲਾ ਲਿਆ ਗੁੱਡੀ ਨੂੰ। ਮੈਥੋਂ ਨੀਂ ਰਿਹਾ ਜਾਂਦਾ ਵੇ ਉਹਦੇ…।" ਡੋਬੂ ਪੈਣ ਲੱਗਦੇ ਮੇਰੇ।

…ਤੇ ਗੁੱਡੀ ਕੋਲ ਖੜ੍ਹੀ ਹੰਝੂ ਕੇਰ ਰਹੀ ਹੁੰਦੀ। ਮਾਂ ਦੇ ਮੋਢੇ 'ਤੇ ਹੱਥ ਧਰ ਚੁੱਪ ਕਰਾਉਣਾ ਚਾਹੁੰਦੀ। ਮਾਂ ਨੂੰ ਦਿਸਦੀ ਕਿਉਂ ਨੀਂ। ਮੇਰੇ ਮੂੰਹੋਂ ਨਿਕਲਦਾ, "ਗੁੱਡੀ…?"
ਮਾਂ ਨੂੰ ਲੱਗਦਾ ਮੈਂ ਵੀ ਨੀਂ ਭੁੱਲ ਸਕਦਾ ਗੁੱਡੀ ਨੂੰ।
ਤੇ ਮਾਂ ਫਿਰ ਤ੍ਰਬਕ ਉਠਦੀ, "ਵੇ ਤੂੰ ਜਾਂਦਾ ਕਿਉਂ ਨੀਂ। ਉਹਦੇ ਆਉਣ ਦਾ ਟੈਮ ਹੋ ਗਿਆ। ਜਾਹ! ਲੈ ਆ ਉਹਨੂੰ। ਮੈਂ ਚਾਹ ਧਰਦੀ ਆਂ। ਥੋਡੇ ਆਉਣ ਤੀਕ ਬਣ ਜੂ।"
ਗੁੱਡੀ ਨੂੰ ਅੱਡੇ ਤੋਂ ਲੈ ਆਉਣ ਦੇ ਤਰਲੇ ਪਾਉਂਦੀ ਰਹਿੰਦੀ ਮਾਂ। ਜਦੋਂ ਮੈਂ ਘਰ ਹੁੰਦਾ। ਮੇਰੀ ਆਪਣੀ ਮੱਤ ਆਖਦੀ ਤਾਂ ਤੁਰ ਪੈਂਦਾ ਲੈਣ, ਨਹੀਂ ਤਾਂ ਉਹ ਆ ਜਾਂਦੀ ਆਪੇ ਤੁਰ ਕੇ।
ਗੁੱਡੀ ਮੇਰੇ ਵੱਲ ਤਰਲੇ ਭਰੀਆਂ ਨਜ਼ਰਾਂ ਨਾਲ ਵੇਖਦੀ। ਆਖ ਰਹੀ ਹੁੰਦੀ, "ਵੀਰ ਮੈਂ ਤਾਂ ਡਾਕਟਰ ਬਣਨਾ ਸੀ। ਤੇ ਤੂੰ…?"
ਅੱਗੋਂ ਨੀਂ ਸੁਣ ਸਕਦਾ ਮੈਂ। ਮਾਂ ਆਪਣੇ ਆਪ ਨੂੰ ਦੋਖੀ ਆਖਦੀ ਗੁੱਡੀ ਦੀ। ਤੇ ਬਾਪੂ ਆਪ ਨੂੰ। ਪਰ ਸਾਰਿਆਂ ਦਾ ਵੱਡੇ ਗੁਨਾਹਗਾਰ ਤਾਂ ਕਿਸੇ ਨੂੰ ਦਿਸ ਈ ਨੀਂ ਰਿਹਾ?
ਗੁੱਡੀ ਕਿੰਨੀ ਸੋਹਣੀ ਤੇ ਸਿਆਣੀ ਕੁੜੀ ਸੀ। ਵੱਡੇ ਸੁਪਨੇ ਉਹਦੇ। ਮੈਂ ਉਜਾੜ ਸੁੱਟੇ ਸਾਰੇ ਸੁਪਨੇ ਉਹਦੇ।
ਸੁਪਨੇ ਤਾਂ ਇਕ ਪਾਸੇ ਮੈਂ ਜ਼ਿੰਦਗੀ ਵੀ ਖੋਹ ਲਈ ਉਹਦੀ। ਗਿਆਰਵੀਂ 'ਚ ਪੜ੍ਹਦੀ। ਮੈਡੀਕਲ ਦੀ ਹੁਸ਼ਿਆਰ ਕੁੜੀ। ਤੇ ਮੈਂ ਨਲਾਇਕ ਜੰਮਿਆ ਸੀ ਮਾਪਿਆਂ ਨੂੰ ਦੁਖੀ ਕਰਨ ਵਾਲਾ।
ਮੈਨੂੰ ਵੀ ਸਮਝਾਉਂਦੀ ਉਹ, "ਵੀਰੇ ਤੂੰ ਪੜ੍ਹਿਆ ਕਰ। ਕੁਝ ਬਣ।" ਪਰ ਮੈਨੂੰ ਕਿੱਥੇ ਅਸਰ ਹੁੰਦਾ ਸੀ ਕਿਸੇ ਦੀਆਂ ਨਸੀਹਤਾਂ ਦਾ।
ਬਾਪੂ ਵੀ ਬਹੁਤਾ ਮੋਹ ਕਰਦਾ ਉਹਦਾ। ਮੈਨੂੰ ਕਿਉਂ ਦੁਲਾਰਦਾ ਭਲਾ? ਮੈਂ ਕਿਹੜਾ ਚੰਗਾ ਕੰਮ ਕਰ ਕੇ ਦਿਖਾਇਆ ਸੀ?
ਬਾਪੂ ਦੇ ਮੂੰਹੋਂ ਉਦ੍ਹੇ ਸੁਭਾਵਕ ਈ ਨਿਕਲਿਆ ਸੀ, "ਏਦੂੰ ਤਾਂ ਨਾ ਲੈਂਦੇ। ਕੀ ਥੁੜ੍ਹਿਆ ਸੀ ਸਾਡਾ ਤੇਰੇ ਬਿਨਾਂ?"
ਨਾ ਲੈਂਦੇ ਵਾਲੀ ਗੱਲ ਮੇਰੇ ਅੰਦਰ ਛੇਕ ਕਰ ਗਈ ਸੀ। ਪੰਜ ਸਾਲ ਬਿਨਾਂ ਔਲਾਦ ਦੇ ਕੱਟ ਮੈਨੂੰ ਗੋਦ ਲਿਆ ਸੀ। ਪੰਜਾਂ ਸਾਲਾਂ ਮਗਰੋਂ ਗੁੱਡੀ ਹੋ ਗਈ ਸੀ।
ਤਾਹੀਂ ਮੈਂ ਸੱਚ ਨੀਂ ਦੱਸ ਸਕਿਆ ਘਰੇ? ਮੈਨੂੰ ਤਾਂ ਪਹਿਲਾਂ ਈ ਕੌੜੀ ਅੱਖ ਨਾਲ ਵੇਖਦੇ ਆ ਬੇਬੇ-ਬਾਪੂ।
ਮੈਨੂੰ ਕਿਹੜਾ ਘੱਟ ਪਿਆਰ ਕਰਦੇ ਸੀ? ਬਹੁਤ…। ਹੱਥੀਂ ਛਾਂਵਾਂ…। ਮੈਂ ਉਹਨਾਂ ਛਾਂਵਾਂ ਨੂੰ…।

ਗੁੱਡੀ ਆ ਖੜ੍ਹਦੀ ਕੋਲ ਮੇਰੇ ਤੇ ਆਖਦੀ।
"ਰਹਿਣ ਦੇ ਸੱਚ ਦੱਸਣ ਨੂੰ।"
ਮੈਂ ਸ਼ਰਮ ਨਾਲ ਪਾਣੀ-ਪਾਣੀ ਹੁੰਦਾ। ਆਪਣੇ ਆਪ ਨੂੰ ਲਾਹਨਤਾਂ ਪਾਉਂਦਾ।
ਦੁਨੀਆਂ ਦੀਆਂ ਸਾਰੀਆਂ ਅਲਾਮਤਾਂ ਮੈਂ ਸਹੇੜ ਰੱਖੀਆਂ ਸੀ। ਸ਼ਰਾਬ ਤੋਂ ਲੈ ਕੇ ਸਮੈਕ। ਲੋੜ ਪੈਣ ਤੇ ਚੋਰੀ ਵੀ। ਮਾਂ ਨੂੰ ਵੀ ਪਤਾ ਲੱਗਣ ਦਿੱਤਾ ਉਹਦੀ ਛਾਪ ਚੋਰੀ ਕਰ ਵੇਚੀ ਦਾ। ਵੇਚਦਾ ਨਾ ਤਾਂ ਨਸ਼ਾ ਕਿਥੋਂ ਪੂਰਾ ਕਰਦਾ?
ਦਿਲ ਕਰਦਾ ਕੁਝ ਕਰ ਮਰਾਂ। ਬਥੇਰੀ ਵੇਰ ਭੱਜਣ ਦੀ ਕੋਸ਼ਿਸ਼ ਕੀਤੀ। ਤੋੜ ਟਿਕਣ ਨੀਂ ਦਿੰਦੀ ਮੈਨੂੰ। ਭੱਜਦਾਂ ਬਲਦੀ ਤੇ ਤੇਲ ਪਾਉਣ ਜਾਂ ਬੁਝਾਉਣ। ਮੈਂ ਜਾਣ ਕੇ ਅਣਜਾਣ ਬਣਨ ਦੀ ਕੋਸ਼ਿਸ਼ ਕਰਦਾ ਰਹਿੰਨਾਂ। ਗੁੱਡੀ ਬਾਂਹ ਫੜ੍ਹ ਲੈਂਦੀ ਮੇਰੀ।
ਆਖਦੀ, "ਨਾ ਵੀਰ। ਕੁਝ ਨਾ ਕਰੀਂ ਆਪਣੇ ਆਪ ਨੂੰ। ਬੇਬੇ ਬਾਪੂ ਦਾ ਸਹਾਰਾ ਬਣ।" ਕਦੀ ਬੇਬੇ ਬਾਪੂ ਕੋਲ ਮੰਜਾ ਡਾਹ ਲੈਨਾਂ । ਬਾਪੂ ਰਾਤ ਨੂੰ ਬੁੜਬੜਾਉਣ ਲੱਗਦਾ। ਰਾਤ ਵੀ..।
"ਗੁੱਡੀ ਮੈਂ ਤੇਰਾ ਕਾਤਲ। ਮੈਨੂੰ ਮਾਰ ਦੇ। ਦੇ-ਦੇ ਮੈਨੂੰ ਸਜ਼ਾ। ਪਾਪ ਕੀਤਾ ਮੈਂ।"
ਮਾਂ ਹਲੂਣਾ ਦੇ ਜਗਾਉਂਦੀ ਬਾਪੂ ਨੂੰ।
ਮੈਂ ਕੰਬ ਉੱਠਦਾ।
ਕਾਤਲ ਤਾਂ…। ਕਿਉਂ ਨੀਂ ਦਿਸਦਾ ਉਹਨਾਂ ਨੂੰ ਕਾਤਲ? ਗਲਤੀਆਂ ਮੈਂ ਕੀਤੀਆਂ। ਸਜ਼ਾ ਗੁੱਡੀ ਨੂੰ ਮਿਲੀ। ਤੇ ਬੇਬੇ-ਬਾਪੂ ਪਾਪ ਦੇ ਭਾਗੀਦਾਰ ਬਣੇ ਆਪਣੇ-ਆਪ ਨੂੰ ਸਜ਼ਾ ਦਿੰਦੇ ਰਹਿੰਦੇ।
ਮੈਂ ਸਭ ਕੁਝ ਫਿਲਮੀ ਸੀਨ ਵਾਂਗ ਵੇਖਦਾ ਰਹਿੰਨਾਂ। ਘਰ ਦੇ ਤਿੰਨੇ ਜੀਅ ਭਟਕ ਰਹੇ ਸਾਂ। ਮੈਂ ਭਟਕਾਂ, ਇਹ ਜਾਇਜ਼ ਲੱਗਦੈ ਮੈਨੂੰ। ਕਸੂਰਵਰ ਜੁ ਮੈਂ ਸਾਂ।

ਬਾਪੂ ਦੀ ਹੜਬੜਾਹਟ ਮੈਨੂੰ ਬੇਚੈਨ ਕਰ ਦਿੰਦੀ। ਮੈਂ ਉੱਠ ਆਪਣੇ ਕਮਰੇ 'ਚ ਆ ਗਿਆ। ਹੁਣ ਤਾਂ ਮੇਰਾ ਈ ਕਮਰਾ ਰਹਿ ਗਿਆ ਸੀ। ਪਹਿਲਾਂ ਗੁੱਡੀ ਦਾ ਵੀ ਐਨਾ ਈ ਹੱਕ ਸੀ। ਉਹੀ ਪਲੰਘ ਜਿੱਥੇ ਮੈਂ ਤੇ ਗੁੱਡੀ ਸੌਂਦੇ ਸੀ। ਮੈਨੂੰ ਨੀਂਦ ਨੀਂ ਆਉਂਦੀ ਹੁਣ ਕੱਲਿਆਂ ਏਥੇ। ਤਾਹੀਂ ਬੇਬੇ-ਬਾਪੂ ਕੋਲ ਪਿਆ ਸੀ। ਪਰ ਉਥੇ…?

ਗੁੱਡੀ ਬੈੱਡ 'ਤੇ ਪਈ ਲੱਗਦੀ ਮੈਨੂੰ। ਲੱਗਿਆ ਉਹ ਉਠੇਗੀ ਰਾਤ ਨੂੰ ਤੇ ਮੇਰਾ ਗਲ਼ਾ ਦਬਾ ਦੇਵੇਗੀ। "ਹਾਂ! ਘੁੱਟ ਦੇਵੇ ਗਲਾ ਮੇਰਾ। ਮਾਰ ਮੁਕਾਵੇ ਮੈਨੂੰ। ਕਲਯੁਗੀ ਭਰਾ ਨੂੰ। ਵੈਸੇ ਵੀ ਬੋਝ ਈ ਤਾਂ ਸਾਂ ਮੈਂ। ਉਹਨੂੰ ਦੇਖ ਕੇ ਡਰਦਾ ਨੀਂ ਮੈਂ। ਮੌਤ ਕੋਲੋਂ ਨੀਂ ਡਰਦਾ ਮੈਂ। ਕਿਸੇ ਨੂੰ ਮਾਰ ਕੇ ਬੰਦਾ ਆਪ ਡਰਨ ਲੱਗਦੈ ਮੌਤ ਤੋਂ ਪਰ ਮੈਂ…?

ਡੁੱਬਦਾ ਸੂਰਜ ਮੈਨੂੰ ਅਲਵਿਦਾ ਆਖ ਰਿਹਾ ਸੀ। ਘਰ ਵੀ ਖਾਲ਼ੀ ਸੀ। ਬੇਬੇ-ਬਾਪੂ ਤਾਂ ਅੱਜ ਗਏ ਹੋਏ ਨੇ ਤੀਰਥਾਂ 'ਤੇ। ਆਪਣੀਆਂ ਭੁੱਲਾਂ ਬਖ਼ਸ਼ਾਉਣ। ਭੁੱਲਾਂ ਬਖ਼ਸ਼ਾਉਣ ਤਾਂ ਮੈਨੂੰ ਵੀ ਜਾਣਾ ਚਾਹੀਦਾ ਸੀ। ਬੇਬੇ ਦਾ ਵਾਰ-ਵਾਰ ਕਹਿਣ 'ਤੇ ਵੀ ਨੀਂ ਤੁਰਿਆ ਮੈਂ।
ਉਹੀ ਰੱਸਾ ਚੁੱਕ ਲਿਆਇਆ ਮੈਂ। ਰਾਤੀਂ ਬਾਪੂ ਚੁੱਕੀ ਫਿਰਦਾ ਸੀ।
ਮਾਂ ਭੱਜ ਕੇ ਉਠਾ ਕੇ ਲਿਆਈ ਸੀ ਮੈਨੂੰ।
"ਵੇ ਵਿੱਕੀ ਆਪਾਂ ਲੁੱਟੇ ਜਾਵਾਂ ਗੇ ਅੱਜ ਵੀ। ਭੱਜ ਕੇ ਆ ਵੇ।"
ਮਾਂ ਨਾਲ ਭੱਜ ਕੇ ਪਿਛਲੀ ਸਬਾਤ 'ਚ ਆਇਆ। ਰੱਸਾ ਲਟਕੀ ਜਾਂਦਾ ਸੀ। ਤੇ ਬਾਪੂ ਭੁੰਜੇ ਪਰਥੱਲੀ ਮਾਰੀ ਬੈਠਾ ਹੰਝੂ ਕੇਰੀ ਜਾਂਦਾ ਸੀ।

"ਵੇ ਇਹਨੂੰ ਰੱਸੇ ਨੂੰ ਸਾੜ ਦੇ ਕਿਤੇ ਲਜਾ ਕੇ। ਚੁੱਲ੍ਹੇ 'ਚ ਸੁੱਟ ਵੇ ਇਹਨੂੰ। ਹਾਏ ਵੇ ਮੇਰਿਆ ਰੱਬਾ! ਕਿਉਂ ਸਾਡਾ ਵੈਰੀ ਬਣਿਆ ਫਿਰਦੈਂ? ਕੀ ਵਗਾੜਿਆ ਵੇ ਤੇਰਾ ਮੈਂ? ਜੇ ਅੱਜ ਵੀ ਬਿੜਕ ਨਾ ਪੈਂਦੀ ਤਾਂ ਵਰਤ ਜਾਣਾ ਸੀ ਭਾਣਾ ਕੋਈ। ਕਰਮਾਂ ਮਾਰੀ ਉਹਦੀ ਵਾਰੀ ਮੈਂ ਜਾਗਦੀ ਵੀ ਸੁੱਤੀ ਰਹਿ 'ਗੀ। ਉਠਾ ਲੈਂਦਾ ਮੈਨੂੰ ਉਦ੍ਹੇ ਵੀ ਰੱਬਾ।"
ਮੈਂ ਰੱਸਾ ਚੁੱਕ ਬਾਹਰ ਸੁੱਟਣ ਦੀ ਸੋਚ ਰਿਹਾ ਸੀ। ਗੁੱਡੀ ਬੋਲੀ, "ਰੱਖ ਲੈ ਸਾਂਭ ਕੇ ਤੇਰੀ ਭੈਣ ਦੀ ਆਖਰੀ ਨਿਸ਼ਾਨੀ…।"
ਉਹ ਮੈਨੂੰ ਨਿਸ਼ਾਨੀ ਆਖ ਕੇ ਰੱਖਣ ਨੂੰ ਕਹਿ ਰਹੀ ਸੀ ਜਾਂ ਮੈਨੂ ਆਪਣੇ ਵਾਸਤੇ ਸਾਂਭ…?
ਭਾਣਾ ਵਰਤਦਾ ਵਰਤਦਾ ਟਲ਼ ਗਿਆ ਸੀ। ਉਹੀ ਜੋ ਮਹੀਨਾ ਪਹਿਲਾਂ ਵਰਤ ਕੇ ਹਟਿਆ ਸੀ।
ਤਦ ਇਹ ਕੌਤਕ ਰਚਾਇਆ ਕਿਹਨੇ ਸੀ। ਮੈਂ…?। ਜਾਂ ਬਾਪੂ ਨੇ…?
ਬਾਪੂ ਨੇ ਰਚਾਇਆ। ਰਚਾਉਣ ਨੂੰ ਵਿਉਂਤਣ ਵਾਲਾ ਮੈਂ। ਭੁਗਤਣ ਵਾਲੀ ਗੁੱਡੀ। ਤੇ ਵੇਖਣ ਵਾਲੀ ਮਾਂ।
"ਨਾ ਵੀਰੇ! ਨਾ ਵੀਰੇ! ਵਿੱਕੀ ਨਾ। ਪਲੀਜ਼ ਨਾ…" ਉਹਦੀਆਂ ਆਵਾਜ਼ਾਂ ਕੰਨਾਂ 'ਚ ਸ਼ੋਰ ਪਾਉਂਦੀਆਂ ਮੇਰੇ।
ਰੋਟੀ ਖਾਣ ਲੱਗਿਆਂ ਚੇਤਾ ਆ ਜਾਂਦਾ ਉਹਦਾ। ਵਿਚੇ ਆ ਕੇ ਬਹਿ ਜਾਂਦੀ ਮੇਰੇ ਨਾਲ ਰੋਟੀ ਖਾਣ। "ਵੀਰਾ ਬਣਿਆ ਦੋ ਬੁਰਕੀਆਂ ਲਾ ਲੈਣ ਦੇ।" ਉਹਦਾ ਮੋਹ-ਪਿਆਰ ਤੋੜ-ਮਰੋੜ ਸੁੱਟਿਆ ਮੈਂ।
ਮਾਂ ਝਿੜਕਦੀ ਉਹਨੂੰ, " ਇਹਦਾ ਜੂਠਾ ਨਾ ਖਾਇਆ ਕਰ ਚੰਦਰੇ ਦਾ। ਪਤਾ ਨੀਂ ਕਿਹੜੀ ਅੱਗ ਸੁਆਹ ਖਾਂਦੈ। ਸ਼ਰਾਬੀ ਕਿਸੇ…।"
ਹੁਣ ਹੱਟ ਗਈ ਸੀ ਮੇਰੇ ਨਾਲ ਉਹ ਲਾਡਲੀਆਂ ਹਰਕਤਾਂ ਕਰਨੋਂ। ਮਾਂ ਦੀਆਂ ਨਸੀਹਤਾਂ ਦਾ ਅਸਰ ਨੀਂ ਹੋਇਆ ਸੀ ਉਹਨੂੰ ਪਰ…।
ਰੱਸਾ ਚੁੱਕ ਸੋਚਣ ਲੱਗਾ। ਉਸੇ ਸਬਾਤ 'ਚ ਜਾਵਾਂ ਜਾਂ ਖੇਤ…।

ਫਿਰ ਸੋਚਿਆ ਬਾਪੂ ਨੂੰ ਨਾਲ ਲਏ ਬਿਨਾਂ ਨੀਂ…? ਬਾਪੂ ਨੂੰ ਆਖੂੰ। "ਬਾਪੂ ਬਣਾ ਫੰਦਾ ਤੂੰ। ਉਵੇਂ ਜਿਵੇਂ ਤੂੰ ਗੁੱਡੀ ਵੇਲੇ ਬਣਾਇਆ ਸੀ। ਲਟਕਿਆ ਰਹਿਣ ਦੇਈਂ ਮੈਨੂੰ ਜਦੋਂ ਤੀਕ ਜੀਭ ਨਾ ਨਿਕਲੇ ਮੇਰੀ। ਦਿਨ ਚੜ੍ਹੇ ਲਾਹੀ ਲੋਥ ਮੇਰੀ।"
ਪਰ ਬਾਪੂ ਤਾਂ ਹੈਨੀ ਘਰੇ।
ਮੈਂ ਮਰਨੋਂ ਭੱਜ ਰਿਹਾ ਸਾਂ। ਬਹਾਨੇ ਬਣਾ ਕੇ।
ਮੈਂ ਈ ਲਾਹੀ ਸੀ ਲੋਥ ਗੁੱਡੀ ਦੀ। ਮਾਂ ਨੇ ਪੈਰ ਫੜ੍ਹੀ ਰੱਖੇ ਗੁੱਡੀ ਦੇ। ਬਾਪੂ ਤਾਂ ਆਪਣਾ ਕੰਮ ਮੁਕਾ ਬਾਹਰ ਤੁਰ ਗਿਆ।
"ਵੇਖਾਂ! ਸਾਹ ਚੱਲਦੇ ਆ ਵੇ ਅਜੇ ਭਲਾ। ਚੱਲ ਡਾਕਟਰ ਕੋਲ ਲੈ ਚੱਲੀਏ। ਤੂੰ ਬੁਲਾ ਲਿਆ। ਗੱਡੀ ਕੱਢ ਸ਼ਹਿਰ ਲੈ ਚੱਲੀਏ।"
ਘਾਬਰੀ ਮਾਂ ਕਿੰਨਾ ਕੁਛ ਇਕੋ ਸਾਹੇ ਕਹਿ'ਗੀ। ਗੁੱਡੀ ਤਾਂ ਛੱਡ ਗਈ ਸੀ ਸਾਨੂੰ।
"ਬਾਪੂ ਤੇਰੇ ਹੱਥ ਨੀਂ ਕੰਬੇ ਉਏ।" ਮੈਂ ਸੋਚਦਾ।

ਤੇ ਕੋਲ ਖੜ੍ਹੀ ਗੁੱਡੀ ਆਖਦੀ, " ਤੂੰ ਕਿਹੜਾ ਕੰਬਿਆ…? ਤੇਰੇ ਹੱਥ…?" ਮੈਂ ਨਿਰਉੱਤਰ ਹੋ ਜਾਂਦਾ। ਉਹ ਉੱਚੀ-ਉੱਚੀ ਹੱਸਣ ਲੱਗਦੀ। ਹਾਸਾ ਵੀ ਮੈਨੂੰ ਕੱਲੇ ਨੂੰ ਸੁਣਦਾ।
ਬਾਪੂ ਨੇ ਆਪ ਦੱਸਿਆ ਸੀ। " ਮੈਂ ਮਾਰ ਮੁਕਾਇਆ ਉਹਨੂੰ। ਇੱਜ਼ਤਾਂ ਨੂੰ ਦਾਗ਼ੀ ਕਰਨ ਵਾਲੀਆਂ ਧੀਆਂ ਨੂੰ ਤਾਂ ਮਾਰ ਈ ਦੇਣਾ ਚਾਹੀਦਾ। ਇਕ ਨੂੰ ਤਾਂ ਮਰਨਾ ਈ ਪੈਣਾ ਸੀ। ਉਹ ਮਰਦੀ ਜਾਂ ਮੈਂ। ਮੈਂ ਤਾਂ ਫਿਰ ਵੀ
ਉਹਦੀ ਮਰਜ਼ੀ ਪੁੱਛੀ ਸੀ ਜਾਂਦੀ ਵੇਰ, "ਤੂੰ ਮਰਨਾ ਜਾਂ ਮੈਂ ਮਰਾਂ। ਤੂੰ ਦੱਸ।" ਉਹਨੇ ਝੱਟ ਰੱਸਾ ਆਪਣੇ ਗਲ਼ੇ 'ਚ ਪਾ ਲਿਆ। ਹੇਠੋਂ ਖਿੱਚ ਦਿੱਤਾ ਮੈਂ ਮੂੜਾ।" ਗਾਥਾ ਸੁਣਾ ਰਿਹਾ ਬਾਪੂ ਮੈਨੂੰ ਦੈਂਤ ਲੱਗ ਰਿਹਾ ਸੀ। ਤੇ ਮੈਂ…?
ਮੈਂ ਤੇ ਬੇਬੇ ਸੁਣ ਕੇ ਚੁੱਪ ਹੋ 'ਗੇ। ਜੋ ਵਰਤਣਾ ਸੀ ਉਹ ਵਰਤ ਚੁੱਕਿਆ ਸੀ। ਫੇਰ ਹੁਣ ਬਾਪੂ ਕਿਹੜੇ ਪਛਤਾਵੇ ਦੀ ਅੱਗ 'ਚ ਝੁਲਸ ਰਿਹਾ ਸੀ?

ਪਿਛਲੇ ਤਿੰਨ-ਚਾਰ ਮਹੀਨਿਆਂ 'ਚ ਸਾਡੇ ਹੱਸਦੇ-ਵੱਸਦੇ ਘਰ ਨੂੰ ਉਜਾੜਨ ਵਾਲਾ ਮੈਂ ਈ ਸਾਂ। ਅਲਾਮਤਾਂ ਦੇ ਵਿਹੜੇ 'ਚ ਮੈਂ ਨਵਾਂ-ਨਵਾਂ ਪੈਰ ਧਰਿਆ ਸੀ। ਬੇਬੇ-ਬਾਪੂ ਤੀਕ ਅੱਪੜ ਗਈਆਂ ਸੀ ਮੇਰੇ ਐਬਾਂ ਦੀਆਂ ਰਾਮ-ਕਹਾਣੀਆਂ। ਬੇਬੇ ਪੈਰੀਂ ਚੁੰਨੀ ਧਰਦੀ ਮੇਰੇ। ਬਾਪੂ ਹੱਥ ਬੰਨ੍ਹਦਾ।
ਗੁੱਡੀ ਰਾਤ ਨੂੰ ਮੈਨੂੰ ਬਹੁਤ ਸਮਝਾਉਂਦੀ, "ਵੀਰ ਤੂੰ ਆਪਣੀ ਜ਼ਿੰਦਗੀ ਬਾਰੇ ਸੋਚ।"
ਭਲਾ ਮੈਂ ਕੀ ਸੋਚਿਆ ਉਹਦੇ ਬਾਰੇ? ਕੋਈ ਭਾਈ ਵੀ ਇੰਝ ਕਰਦਾ ਹੁੰਦੈ ਭੈਣਾਂ ਨਾਲ।

ਉਦ੍ਹੇ ਗੁੱਡੀ ਨੇ ਫੋਨ ਫੜ੍ਹਿਆ ਹੋਇਆ ਸੀ ਮੇਰਾ ਜਦ ਮੈਂ ਕਮਰੇ 'ਚ ਸੌਣ ਲਈ ਆਇਆ। "ਵੀਰੇ ਤੈਨੂੰ ਸ਼ਰਮ ਨੀਂ ਆਉਂਦੀ? ਕਿੰਨੀਆਂ ਗੰਦੀਆਂ ਫੋਟੋਆਂ ਤੇ ਵੀਡਿਓ ਰੱਖੀਆਂ ਫੋਨ 'ਚ।" ਗੁੱਡੀ ਨੇ ਮੋਬਾਇਲ ਵੇਖ ਲਿਆ ਸੀ ਮੇਰਾ।
ਚੁੱਪ ਵੀ ਰਹਿ ਸਕਦਾ ਸੀ ਮੈਂ। ਚਾਰ ਝਿੜਕਾਂ ਹੋਰ ਪੈ ਜਾਂਦੀਆਂ ਬਾਪੂ ਤੋਂ। ਅੱਗੇ ਕਿਹੜਾ ਘੱਟ ਹੁੰਦੀ ਸੀ ਕੁੱਤੇ-ਖਾਣੀ?
"ਲਿਆ ਦਿਖਾ ਮੈਨੂੰ।" ਮੈਂ ਮਚਲਾ ਹੋ ਗਿਆ।
"ਆਹ ਫੜ੍ਹ। ਮੈਂ ਨੀਂ ਵੇਖਦੀ ਨਿਰਾ ਗੰਦ।" ਪਾਸਾ ਵੱਟ ਉਹ ਸੌਣ ਲੱਗੀ।

ਥੋੜ੍ਹੀ ਜੇਹੀ ਮੈਂ ਵੀਡਿਓ ਦੇਖੀ। ਮੇਰੇ ਅੰਦਰੋਂ ਕਾਮ-ਦੇਵਤਾ ਪ੍ਰਗਟ ਹੋ ਗਿਆ। …ਤੇ ਮੈਂ ਪੰਜ ਮਿੰਟਾਂ 'ਚ ਸਾਰੀਆਂ ਸ਼ਰਮਾਂ ਵੇਚ ਵੱਟ ਕੇ ਖਾ ਗਿਆ। ਗੁੱਡੀ ਦੀ ਛਾਤੀ 'ਤੇ ਹੱਥ ਧਰਦਿਆਂ ਮੈਂ ਭੁੱਲ ਗਿਆ ਸਾਂ। ਗੁੱਡੀ ਕੌਣ…? ਕੀ ਲੱਗਦੀ ਮੇਰੀ?

ਕਦੇ-ਕਦੇ ਗੁੱਡੀ ਮੇਰੇ ਕੋਲ ਨਿਰ-ਵਸਤਰ ਖੜ੍ਹੀ ਹੋ ਜਾਂਦੀ। ਮੈਥੋਂ ਹੁਣ ਦੇਖ ਨੀਂ ਹੁੰਦਾ। ਮੈਂ ਅੱਖਾਂ ਬੰਦ ਕਰਦਾ। ਉਹ ਮੇਰਾ ਹੱਥ ਆਪਣੇ ਜਿਸਮ 'ਤੇ ਧਰ ਲੈਂਦੀ। ਮੈਨੂੰ ਜ਼ੋਰ ਦਾ ਕਰੰਟ ਵੱਜਦਾ। ਤੇ ਮੈਂ ਪਸੀਨੋ- ਪਸੀਨੀ ਹੋ ਜਾਂਦਾ। ਸ਼ਰਮ ਦਾ ਮਾਰਿਆ…?
"ਪਰ ਹੁਣ ਕੀ ਫਾਇਦਾ ਇਹਨਾਂ ਸ਼ਰਮਾਂ ਦਾ ?"ਗੁੱਡੀ ਆਖਦੀ।
ਮੇਰੀ ਸ਼ਰਮ ਖੁਲ੍ਹ ਗਈ ਸੀ। ਜਦ ਜੀਅ ਕਰਦਾ ਗੁੱਡੀ ਨੂੰ ਸੌਹਾਂ ਪਾ ਕਦੀ ਡਰਾਵੇ ਦੇ ਆਪਣੀ ਅੱਗ ਬੁਝਾਉਂਦਾ ਰਿਹਾ। ਡਰਨ ਲੱਗੀ ਸੀ ਉਹ ਮੇਰੇ ਕੋਲੋਂ। ਬੇਬੇ ਕੋਲ ਸੌਣ ਲੱਗੀ।

ਮੈਂ ਉਹਨੂੰ ਸਹੁੰਆਂ ਪਾਈਆਂ। ਤੇ ਮੈਨੂੰ ਲੱਗ ਗਈਆਂ। ਪਰ ਕਿਵੇਂ..? ਉਹਨੇ ਤਾਂ ਮਰਨ ਤੀਕ ਸੱਚ ਨੀਂ ਦੱਸਿਆ। ਆਖਦੀ "ਕਿਵੇਂ ਦੱਸ ਦਿੰਦੀ? ਕਿਵੇਂ ਮਾਰ ਦਿੰਦੀ ਉਹਨਾਂ ਨੂੰ ਜੀਂਦੇ-ਜੀਅ ਮਾਪਿਆਂ ਨੂੰ।" ਪਰ ਅੱਧ-ਮਰੇ ਤਾਂ ਹੋ ਗਏ ਸੀ। ਉਹ ਤਾਂ ਲੋਕਾਂ ਨੂੰ ਜ਼ਿੰਦਗੀ ਦੇਣ ਦੇ ਸੁਪਨੇ ਵੇਖਦੀ ਸੀ। ਤੇ ਮੈਂ ਉਹਦੀ ਜ਼ਿੰਦਗੀ ਖੋਹ ਲਈ।
ਬੇਬੇ ਤਾਂ ਲੈ ਤੁਰੀ ਸੀ ਬਾਪੂ ਤੇ ਮੈਨੂੰ ਸਿਆਣਿਆਂ ਕੋਲ। ਅਖੇ. "ਵਾਅ ਦਾ ਕੀ ਪਤਾ ਕਿੱਧਰ ਨੂੰ ਹੋ ਜੇ?
'ਲਾਜ ਕਰਦੂ ਉਹ ਘਰ ਦਾ। ਬੜੀ ਸੰਗਤ ਆਉਂਦੀ ਉਹਦੇ ਕੋਲ ਦੂਰੋਂ-ਦੂਰੋਂ।" ਮਾਂ ਡਰ ਗਈ ਸੀ ਬਾਪੂ ਦੀ ਹਾਲਤ ਵੇਖ। ਤਾਹੀਂ ਅੱਜ ਫੇਰ ਲੈ ਤੁਰੀ ਸੀ।
ਮੇਰੀ ਹਵਸ ਦੀ ਸ਼ਿਕਾਰ ਨਾ ਹੁੰਦੀ ਗੁੱਡੀ। ਮੈਂ ਕਸਰ ਵੀ ਕਿਹੜੀ ਛੱਡ ਸੀ ਉਹਨੂੰ ਕਲੰਕਿਤ ਕਰਨ 'ਚ?
"ਗੁੱਡੀ! ਇਕ ਵੇਰ ਮੈਨੂੰ ਤਾਂ ਦੱਸ ਦਿੰਦੀ। ਮੈਂ ਕੋਈ ਹੱਲ ਕਰਦਾ।"
ਕੀ ਕਰਦਾ ਮੈਂ? ਕਿਹੜਾ ਹੱਲ ਕਰਦਾ ਮੈਂ? ਦੋ ਮਹੀਨਿਆਂ ਦੀ ਪਰੈਗਨਿਟ ਭੈਣ ਨੂੰ ਕਿਥੇ ਲੈ ਕੇ ਜਾਂਦਾ?
ਬੇਬੇ ਨੇ ਵੀ ਗੱਲ ਪਚਾਈ ਨਾ। ਬਾਪੂ ਨੂੰ ਦੱਸਣ ਦੀ ਕਾਹਲੀ ਪੈ 'ਗੀ। ਤੇ ਬਾਪੂ ਨੇ ਵੀ ਕਿਹੜਾ ਸਿਆਣਪ ਤੋਂ ਕੰਮ ਲਿਆ? ਮਾਰਨ ਬਹਿ ਗਿਆ।

ਮੈਨੂੰ ਤਾਂ ਇਹਦਾ ਪਤਾ ਵੀ ਗੁੱਡੀ ਦੇ ਤੁਰ ਜਾਣ ਮਗਰੋਂ ਲੱਗਿਆ।
ਬਾਪੂ ਨੂੰ ਆਪਣੀ ਇੱਜ਼ਤ ਦਾ ਸਵਾਲ ਰਾਤ ਦੇ ਹਨੇਰਿਆਂ 'ਚ ਦਫ਼ਨ ਕਰਨਾ ਪਿਆ। ਕਾਸ਼! ਮੈਂ ਉਸ ਰਾਤ ਨਸ਼ੇ 'ਚ ਨਾ ਹੁੰਦਾ…? ਆਪਣੇ ਆਪ ਨੂੰ ਲਾਹਨਤਾਂ ਪਾਉਂਦਾ ਰਹਿੰਨਾਂ ਮੈਂ।
ਤੇ ਗੁੱਡੀ ਦੀ ਆਤਮਾ ਮੇਰੇ ਆਸ-ਪਾਸ….?
ਮੈਂ ਰੱਸਾ ਚੁੱਕ ਸਬਾਤ ਵੱਲ ਨੂੰ ਤੁਰ ਪਿਆ।
ਗੁੱਡੀ ਰੋਕ ਰਹੀ ਸੀ ਮੈਨੂੰ। "ਕਿਉਂ ਰੋਕਦੀ ਐ? ਮੈਂ ਤੇਰਾ ਦੁਸ਼ਮਣ…?"

ਪੰਜਾਬੀ ਕਹਾਣੀਆਂ (ਮੁੱਖ ਪੰਨਾ)