Kavita Ate Anubhav (Punjabi Essay) : Sant Singh Sekhon

ਕਵਿਤਾ ਅਤੇ ਅਨੁਭਵ (ਪੰਜਾਬੀ ਲੇਖ) : ਸੰਤ ਸਿੰਘ ਸੇਖੋਂ

ਪੁਰਾਣੀ ਕਵਿਤਾ ਅਰ ਨਵੀਂ ਕਵਿਤਾ ਵਿਚ ਇਕ ਵੱਡਾ ਭੇਦ ਅਨੁਭਵ ਦਾ ਹੈ। ਪੁਰਾਣੀ ਕਵਿਤਾ ਵਿਚ ਅਨੁਭਵ ਇਤਨਾ ਵਿਸ਼ਾਲ ਜਾਂ ਡੂੰਘਾ ਨਹੀਂ ਸੀ ਹੁੰਦਾ ਜਿਤਨਾ ਨਵੀਂ ਕਵਿਤਾ ਵਿਚ। ਇਕ ਕਾਰਣ ਇਹਦਾ ਇਹ ਸੀ ਕਿ ਪੁਰਾਣੀ ਕਵਿਤਾ ਵਧੇਰੇ ਕਰਕੇ ਉਚੀਆਂ ਸ਼੍ਰੇਣੀਆਂ ਦੀ ਕਵਿਤਾ ਹੁੰਦੀ ਸੀ। ਉਚੀਆਂ ਸ੍ਰੇਣੀਆਂ ਦਾ ਅਨੁਭਵ ਜੀਵਨ ਦਾ ਪੂਰਣ ਅਨੁਭਵ ਨਹੀਂ ਹੁੰਦਾ, ਇਸ ਦੇ ਕੁਝ ਪੱਖਾਂ ਦਾ ਅਨੁਭਵ ਹੀ ਹੁੰਦਾ ਹੈ। ਇਹ ਮੰਨਣ ਯੋਗ ਹੈ ਕਿ ਪਿਛਲੇ ਸਮਿਆਂ ਦੀਆਂ ਉਚੀਆਂ ਸ਼੍ਰੇਣੀਆਂ ਨੂੰ ਇਸ਼ਕ ਅਰ ਰਾਜਸੀ ਜਾਂ ਜਾਤੀ ਸੰਗਰਾਮ ਦਾ ਅਨੁਭਵ ਬੜਾ ਤੀਖਣ ਹੁੰਦਾ ਸੀ। ਇਸ ਕਰਕੇ ਪੁਰਾਣੀ ਕਵਿਤਾ ਜਦ ਇਨ੍ਹਾਂ ਦੋ ਪ੍ਰਕਰਣਾਂ ਵਿਚ ਹੁੰਦੀ ਹੈ ਤਾਂ ਇਸ ਵਿਚ ਕਾਫ਼ੀ ਪ੍ਰਭਾਵਕ ਸ਼ਕਤੀ ਹੁੰਦੀ ਹੈ। ਖ਼ਾਸ ਕਰਕੇ ਜਦ ਇਹ ਜਾਤੀ ਦੇ ਅਨੁਭਵ ਨੂੰ ਦਰਸਾਂਦੀ ਹੈ, ਜਿਸ ਤਰ੍ਹਾਂ ਰਾਮਾਇਣ ਵਿਚ, ਤਾਂ ਇਹ ਠੀਕ ਹੀ ਉਚੀ ਕੋਟੀ ਦੀ ਹੋ ਜਾਂਦੀ ਹੈ। ਪਰ ਇਹ ਅਨੁਭਵ ਭਾਵੇਂ ਜਾਤੀ ਦੇ ਜੀਵਨ ਜਾਂ ਰਾਜਸੀ ਸੰਗਰਾਮ ਦਾ ਹੈ ਜਾਂ ਇਸ਼ਕ ਦਾ, ਅੱਜ ਕਲ ਦੇ ਸੋਚਵਾਨ ਪੁਰਸ਼ ਦੇ ਨਾਪਾਂ ਤੇ ਪੂਰਾ ਨਹੀਂ ਉਤਰ ਸਕਦਾ। ਜੇ ਇਸ ਦਾ ਪ੍ਰਕਰਣ ਯੁਧ ਹੈ ਤਾਂ ਇਹ ਰਾਜਿਆਂ ਜਾਂ ਦੇਵਤਿਆਂ ਦਾ ਯੁਧ ਹੈ, ਤੇ ਜੇ ਇਹ ਇਸ਼ਕ ਹੈ ਤਾਂ ਰਾਜਕੁਮਾਰਾਂ ਤੇ ਰਾਕੁਮਾਰੀਆਂ ਜਾਂ ਰਿਸ਼ੀਆਂ ਰਾਜਿਆਂ ਤੇ ਅਪੱਸ਼ਰਾਂ ਦਾ ਇਸ਼ਕ ਹੈ। ਇਸ ਲਈ ਇਸ ਸੰਗਰਾਮ ਵਿਚ ਤੇ ਇਸ਼ਕ ਵਿਚ ਪਰਾਸਰੀਰਕ, ਕਰਾਮਾਤੀ, ਅਲੌਕਿਕ ਵਰਣਨ ਬਹੁਤ ਹੈ ਅਤ ਯਥਾਰਥਿਕਤਾ ਦੀ ਘਾਟ ਹੈ।

ਰਾਜਸੀ ਸੰਗਰਾਮ ਜਾਂ ਇਸ਼ਕ ਦਾ ਵੀ ਜੋ ਅਨੁਭਵ ਉਚੀਆਂ ਸ਼੍ਰੇਣੀਆਂ ਨੂੰ ਹੁੰਦਾ ਹੈ ਉਹ ਸਦੀਵੀ ਨਹੀਂ ਹੁੰਦਾ ਤੇ ਨਾ ਹੀ ਸਰਵੱਤਰ। ਕਿਸੇ ਕਿਸੇ ਨੂੰ ਇਸ ਇਸ਼ਕ ਦਾ ਅਨੁਭਵ ਹੁੰਦਾ ਹੈ। ਤੇ ਕਦੀ ਕਦੀ। ਇਨ੍ਹਾਂ ਕਦੇ ਕਦਾਈ ਦੇ ਮੌਕਿਆਂ ਤੋਂ ਉਪਰੰਤ ਬਹੁਤ ਲਿਖਾਰੀਆਂ ਨੂੰ ਇਹ ਅਨੁਭਵ ਕੇਵਲ ਸਾਮਿਅਕ, ਰਿਵਾਜੀ ਰੂਪ ਵਿਚ ਕਲਪਣਾ ਰਾਹੀਂ ਹੀ ਹੁੰਦਾ ਹੈ। ਇਸ ਲਈ ਅਜਿਹੇ ਸਮਾਜ ਵਿਚ ਇਸ਼ਕ ਦੇ ਕੁਝ ਕਿੱਸੇ ਕਹਾਣੀਆਂ ਸਰਵੱਤਰ ਪ੍ਰਸਿਧ ਹੋ ਜਾਂਦੇ ਹਨ ਅਰ ਉਨ੍ਹਾ ਉਤੇ ਹੀ ਪੁਸ਼ਤ ਦਰ ਪੁਸ਼ਤ ਕਵੀ ਅਰ ਸਾਹਿਤਕਾਰ ਆਪਣੀ ਕਲਮ ਤੇਜ਼ ਕਰਦੇ ਚਲੇ ਔਂਦੇ ਹਨ। ਅਸਾਡੇ ਦੇਸ ਦੇ ਹੀਰ ਰਾਂਝੇ ਤੇ ਸੱਸੀ ਪੁੰਨੂੰ ਤੇ ਮੁਸਲਮਾਨੀ ਦੇਸਾਂ ਦੇ ਲੇਲਾ ਮਜਨੂੰ ਤੇ ਸ਼ੀਰੀ ਫਰਿਹਾਦ ਵਰਗੇ ਕਿੱਸੇ ਪੁਰਾਣੇ ਯੂਰਪੀ ਦੇਸ਼ਾਂ ਵਿਚ ਵੀ ਪਰਚਲਤ ਸਨ। ਉਨਾਂ ਸਮਿਆਂ ਵਿਚ ਜਦ ਇਸ਼ਕ ਉਥੇ ਇਤਨਾ ਸਰਵਜਨਕ ਅਨੁਭਵ ਨਹੀਂ ਸੀ ਹੁੰਦਾ। ਕੇਵਲ ਕਿਸੇ ਕਿਸੇ ਹਾਲਤ ਵਿਚ ਜਦ ਖਾਨਦਾਨੀ ਦੁਸ਼ਮਨੀਆਂ ਜਾਂ ਸ਼੍ਰੇਣੀ ਭੇਦ ਪ੍ਰੇਮੀਆਂ ਦੇ ਰਾਹ ਵਿਚ ਕੋਈ ਅਤਿ ਔਖੀਆਂ ਔਕੜਾਂ ਪਾ ਦਿੰਦੇ ਸਨ, ਤਾਂ ਕਿਸੇ ਇਸ਼ਕ ਦਾ ਉਥੇ ਪ੍ਰਕਾਸ਼ ਹੁੰਦਾ ਸੀ, ਜਿਹਾ ਕਿ ਰੋਮੀਓ ਜੂਲੀਅਟ ਦੀ ਕਹਾਣੀ ਜਾਂ ਕੀਟਸ ਦੀ ਇਜ਼ਾਬੇਲਾ ਦੀ ਕਹਾਣੀ ਵਿਚ।

ਰਾਜਸੀ ਸੰਗਰਾਮ ਵੀ ਉਨ੍ਹਾਂ ਸਮਿਆਂ ਵਿਚ ਉਪਰਲੀਆਂ ਸ਼੍ਰੇਣੀਆਂ ਦਾ ਇਕ ਖ਼ਾਸ ਭਾਵ ਵਿਚ ਅਨੁਭਵ ਹੁੰਦਾ ਸੀ। ਜਦ ਤਕ ਇਸ ਦੇ ਯੋਧੇ ਦੇਸ ਦੀ ਰਾਜਾ ਸ਼੍ਰੇਣੀ ਦੇ ਹੀ ਵਖ ਵਖ ਰਾਜੇ, ਰਾਜਕੁਮਾਰ ਜਾਂ ਰਾਜ ਘਰਾਣੇ ਹੁੰਦੇ ਸਨ, ਤਾਂ ਇਹ ਇਕ ਤਰਾਂ ਦਾ ਟੂਰਨੇਮੈਂਟ ਹੀ ਹੁੰਦਾ ਸੀ। ਇਸ ਵਿਚ ਭਾਵੇਂ ਨੇਤਾ ਰਾਜਾ ਜਾਂ ਰਾਜਕੁਮਾਰ ਹਾਰ ਖਾ ਕੇ ਮੌਤ ਜਾਂ ਹੋਰ ਦੁਖਾਂ ਦਾ ਸ਼ਿਕਾਰ ਬਣ ਜਾਵੇ, ਜਾਂ ਜਿੱਤਾਂ ਜਿੱਤ ਕੇ ਮਹਾਰਾਜਾਧੀਰਾਜ ਕਹਾਣ ਲਗ ਪਵੇ, ਆਮ ਕੁਸ਼ੱਤਰੀ ਸ਼੍ਰੇਣੀ ਲਈ ਬਹੁਤਾ ਫ਼ਰਕ ਨਹੀਂ ਸੀ ਪੈਂਦਾ। ਕੌਣ ਧਿਰ ਹਾਰਦੀ ਹੈ ਤੇ ਕੌਣ ਜਿਤਦੀ ਹੈ, ਇਸ ਦਾ ਉਨ੍ਹਾਂ ਲਈ ਕੋਈ ਬਹੁਤਾ ਅਰਥ ਨਹੀਂ ਸੀ ਹੁੰਦਾ। ਜੇ ਚੁਹਾਨ ਜਿੱਤ ਗਏ ਤੇ ਤੁਮਾਰ ਹਾਰ ਗਏ, ਜਾਂ ਪਰਮਾਰ ਜਿੱਤ ਗਏ ਤੇ ਚੰਦੇਲ ਹਾਰ ਗਏ ਤਾਂ ਫ਼ੌਜਾਂ ਦੇ ਜਰਨੈਲਾਂ, ਆਦਿ, ਵਾਸਤੇ ਭਾਵੇਂ ਜੀਵਨ ਮਰਨ ਦਾ ਸਵਾਲ ਹੋਵੇ, ਆਮ ਸਿਪਾਹੀ ਲਈ ਇਕੋ ਗੱਲ ਸੀ। ਉਹ ਹਾਰੀ ਹੋਈ ਧਿਰ ਦੀ ਨੌਕਰੀ ਛੱਡ ਕੇ ਜਿਤੀ ਹੋਈ ਧਿਰ ਦੀ ਨੌਕਰੀ ਕਰ ਲੈਂਦਾ ਸੀ। ਇਸੇ ਕਾਰਣ, ਕੀ ਯੂਰਪ ਵਿਚ ਤੇ ਕੀ ਏਸ਼ੀਆ ਵਿਚ, ਕੋਈ ਧਿਰ ਵੀ ਫ਼ੌਜੀ ਜੱਥਿਆਂ ਨੂੰ ਰੁਪਏ ਜਾਂ ਹੋਰ ਲਾਲਚ ਦੇ ਕੇ ਆਪਣੇ ਨਾਲ ਗਠ ਸਕਦੀ ਸੀ। ਅਜਿਹੇ ਸੰਗਰਾਮਾਂ ਦੀ ਸੂਰਮਤਾਈ ਨੂੰ ਕਵੀ ਲੋਕ ਗਾਇਆ ਜ਼ਰੂਰ ਕਰਦੇ ਸਨ, ਕਈ ਵਾਰੀ ਜੇਤੂ ਜਾਂ ਹਾਰੂ ਦੇ ਦਰਬਾਰੀ ਕਵੀ ਹੋਣ ਕਰਕੇ ਤੇ ਕਈ ਵਾਰੀ ਜੇਤੂ ਲਈ ਸੱਚੀ ਸ਼ਲਾਘਾ ਜਾਂ ਹਾਰੂ ਨਾਲ ਸੱਚੀ ਹਮਦਰਦੀ ਦੇ ਕਾਰਣ, ਪਰ ਅਜਿਹੀ ਕਵਿਤਾ ਇਕ ਰਿਵਾਜੀ ਜਿਹੀ ਚੀਜ਼ ਹੁੰਦੀ ਸੀ। ਇਸ ਦਾ ਅਨੁਭਵ ਇਕ ਸੌੜਾ ਜਿਹਾ ਅਨੁਭਵ ਹੁੰਦਾ ਸੀ। ਇਸ ਵਿਚ ਸਾਰੀ ਜਾਤੀ ਅਰ ਜਨਤਾ ਨੂੰ ਹਲੂਣਾ ਦੇਣ ਵਾਲਾ ਕੋਈ ਪ੍ਰਕਰਨ ਨਹੀਂ ਸੀ ਹੁੰਦਾ। ਇਸ ਕਾਰਣ ਜੋ ਕਵਿਤਾ ਆਦਿ ਲਿਖੀ ਜਾਂਦੀ ਸੀ, ਉਸ ਦਾ ਮੰਤਵ ਉਚੀਆਂ ਸ਼੍ਰੇਣੀਆਂ ਦਾ ਅਨੰਦ ਜਾਂ ਰੰਚਨ ਹੀ ਹੁੰਦਾ ਸੀ।

ਇਸ ਦੇ ਨਾਲ ਹੀ ਇਹ ਗਲ ਵੀ ਠੀਕ ਹੈ ਕਿ ਪੜ੍ਹਨ ਵਾਲੇ ਕੇਵਲ ਉਚੀਆਂ ਸ਼੍ਰੇਣੀਆਂ ਵਿਚੋਂ ਹੀ ਮਿਲਦੇ ਸਨ, ਇਸ ਲਈ ਕਵੀ ਜਾਂ ਸਾਹਿੱਤਕਾਰ ਨੂੰ ਆਪਣੀ ਉਪਜੀਵਕਾ ਲਈ ਉਨ੍ਹਾਂ ਦਾ ਹੀ ਅਨੁਸਾਰੀ ਬਣਨਾ ਪੈਂਦਾ ਸੀ, ਉਨ੍ਹਾਂ ਦੀ ਹੀ ਖ਼ੁਸ਼ਾਮਦ ਕਰਨੀ ਪੈਂਦੀ ਸੀ। ਹਾਂ, ਪਰ ਜਦ ਕਿਸੇ ਦੇਸ ਤੇ ਕੋਈ ਬਾਹਰੋਂ ਆ ਧਾਵਾ ਬੋਲਦਾ ਸੀ ਤੇ ਸਾਰੀ ਸ਼੍ਰੇਣੀ ਲਈ ਹਾਰ ਜਿੱਤ ਦਾ ਸਵਾਲ ਬਣ ਜਾਂਦਾ ਸੀ ਅਤੇ ਜਾਤੀ ਦੀ ਇੱਜ਼ਤ ਅਬਰੋ ਨੂੰ ਵੀ ਖ਼ਤਰਾ ਹੋ ਜਾਂਦਾ ਸੀ ਤਾਂ ਉਸ ਘਟਨਾ ਵਿਚੋਂ ਕਦੇ ਕਦਾਈਂ ਮਹਾਨ ਕਾਵਿ ਦੀ ਉਪਜ ਹੋ ਜਾਂਦੀ ਸੀ, ਭਾਵੇਂ ਪਾਤਰ ਇਸ ਦੇ ਵੀ ਆਮ ਕਰਕੇ ਉਚੀਆਂ ਸ਼੍ਰੇਣੀਆਂ ਦੇ ਹੀ ਹੁੰਦੇ ਸਨ।

ਉਚੀ ਸ਼੍ਰੇਣੀ ਦੇ ਵਿਸ਼ੇਸ਼ ਜੀਵਾਂ ਦੀ ਇਸ ਸਾਹਿੱਤ ਵਿਚ ਇਤਨੀ ਪਰਧਾਨਤਾ ਸੀ ਕਿ ਜਦੋਂ ਕੋਈ ਕਵੀ ਜੀਵਨ ਦੇ ਹੋਰ ਵਧ ਘਟ ਜ਼ਰੂਰੀ ਮਸਲਿਆਂ, ਅਰਥਾਤ, ਕਾਮ, ਕ੍ਰੋਧ, ਲੋਭ ਦੇ ਉਪਜਾਏ ਹੋਏ ਝਮੇਲਿਆਂ ਤੇ ਕੁਝ ਲਿਖਣਾ ਚਾਹੁੰਦਾ ਸੀ ਤਾਂ ਉਹ ਆਪਣੇ ਪਾਤਰ ਉਚੀਆਂ ਸ਼੍ਰੇਣੀਆਂ ਦੇ ਵਿਸ਼ੇਸ਼ ਜੀਵਾਂ, ਰਾਜਿਆਂ, ਰਾਜਕੁਮਾਰਾਂ, ਸੌਦਾਗਰਾਂ, ਆਦਿ, ਨੂੰ ਹੀ ਬਣਾਂਦਾ ਸੀ। ਜਨ ਸਾਧਾਰਣ ਦਾ ਜੀਵਨ ਇਤਨੇ ਨੀਵੇਂ ਪੱਧਰ ਤੇ ਸੀ - ਕਰੀਬ ਕਰੀਬ ਪਸ਼ੂ ਪੱਧਰ ਤੇ ਹੀ - ਕਿ ਇਸ ਬਾਰੇ ਕੁਝ ਲਿਖਣਾ ਸੋਚਣਾ ਨਿਰਰਥ ਹੀ ਸਮਝਿਆ ਜਾਂਦਾ ਸੀ।

ਜਿਨ੍ਹਾਂ ਕੁਝ ਸਮਾਜਾਂ ਵਿਚ ਮਧ ਸ਼੍ਰੇਣੀ ਨੂੰ ਜ਼ਰਾ ਮਹੱਤਾ ਪ੍ਰਾਪਤ ਹੋ ਗਈ ਸੀ, ਜਿਵੇਂ ਯੂਨਾਨ ਵਿਚ, ਉਥੇ ਮਧ ਸ਼੍ਰੇਣੀ ਦੇ ਲਈ ਸਾਹਿਤ ਦਾ ਇਕ ਵਿਸ਼ੇਸ਼ ਰੂਪ ਉਪਜ ਪਿਆ ਸੀ। ਯੂਨਾਨੀ ਸੁਖਾਂਤ ਨਾਟਕ ਵਧੇਰੇ ਕਰਕੇ ਇਸ ਮਧ ਸ਼ੇਣੀ ਲਈ ਸੀ ਤੇ ਜਾਂ ਇਹ ਛੋਟੀਆਂ ਸ਼੍ਰੇਣੀਆਂ ਲਈ ਸੀ ਤਾਂ ਕੇਵਲ ਉਨ੍ਹਾਂ ਨੂੰ ਹਸਾ ਖਿਡਾ ਕੇ ਜੀਵਨ ਦੇ ਘੋਰ ਮਸਲਿਆਂ ਵਲੋਂ ਅਨਜਾਣ ਰਖਣਾ ਹੀ ਇਸ ਦਾ ਪ੍ਰਯੋਜਨ ਸੀ।

ਇਨ੍ਹਾਂ ਗਲਾਂ ਕਰਕੇ ਪੁਰਾਣੇ ਸਾਹਿਤ ਨੂੰ ਯਥਾਰਥਵਾਦੀ ਹੋਣ ਦੀ ਕੋਈ ਲੋੜ ਨਹੀਂ ਸੀ। ਸੋ ਯਥਾਰਥਵਾਦ ਦੀ ਸਮਸਿਆ ਪੁਰਾਣੇ ਸਾਹਿਤ ਵਿਚ ਉਠੀ ਹੀ ਨਹੀਂ ਸੀ।

ਅਸਲ ਵਿਚ ਯਥਾਰਥਵਾਦ ਦਾ ਆਧਾਰ ਹੀ ਅਨੁਭਵ ਉਤੇ ਹੈ। ਕੋਈ ਗਲ ਯਥਾਰਥ ਹੈ ਜੇ ਉਸ ਨੂੰ ਪੜ੍ਹਨ ਸੁਣਨ ਵਾਲੇ ਦਾ ਅਨੁਭਵ ਸ੍ਵੀਕਾਰ ਕਰਦਾ ਹੈ। ਜਿਸ ਸਮਾਜ ਵਿਚ ਲੋਕਾਂ ਦੇ ਅਨੁਭਵ ਦਾ ਖੇਤਰ ਸੌੜਾ ਹੈ, ਉਥੇ ਯਥਾਰਥਵਾਦ ਲਈ ਵੀ ਬਹੁਤੀ ਥਾਂ ਨਹੀਂ ਹੋ ਸਕਦੀ।

ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ ਹੈ, ਮਨੁੱਖ ਦੀ ਤੇ ਅਨੁਭਵ ਵਧਦਾ ਗਿਆ ਹੈ, ਇਹ ਹੋਰ ਡੂੰਘਾ ਤੇ ਵਿਸ਼ਾਲ ਹੁੰਦਾ ਗਿਆ ਹੈ। ਇਸ ਦੇ ਇਸ ਤਰ੍ਹਾਂ ਆਕਾਰ ਵਿਚ ਵਡੇਰਾ ਹੋ ਜਾਣ ਨਾਲ ਇਸ ਦੇ ਲੱਛਣਾਂ ਵਿਚ ਵੀ ਫ਼ਰਕ ਪੈਂਦਾ ਗਿਆ ਹੈ ਜਿਸ ਤਰ੍ਹਾਂ ਉਪਰ ਦਸਿਆ ਗਿਆ ਹੈ, ਪੁਰਾਣੇ ਸਮਿਆਂ ਵਿਚ ਜੁਧ ਦੀ ਸੂਰਮਤਾ ਅਰ ਇਸ਼ਕ -ਉਹ ਵੀ ਉਚੀ ਸ਼੍ਰੇਣੀ ਵਾਲੇ ਜੀਵਾਂ ਦਾ ਹੈ ਜੋ ਕਿਸੇ ਵਿਸ਼ੇਸ਼ ਅਨਭਵ ਦੇ ਪਾਤਰ ਸਨ। ਜਾਂ ਇਉਂ ਕਹਿ ਲਵੋ ਕਿ ਉਸ ਸਮੇਂ ਕੇਵਲ ਇਸ਼ਕ ਤੇ ਜੁਧ ਵਿਚ ਸੂਰਮਤਾ ਹੀ ਸਾਹਿਤ ਦੇ ਮੁੱਖ ਵਿਸ਼ੇ ਸਨ। ਕੁਝ ਹੱਦ ਤਕ ਅਜ ਵੀ ਗਲ ਇਹ ਹੀ ਹੈ ਦੁਨੀਆਂ ਦੇ ਸਾਹਿਤ ਦਾ ਵਧੇਰਾ ਭਾਗ ਇਹਨਾਂ ਦੋ ਵਿਸ਼ਿਆਂ ਨਾਲ ਹੀ ਸੰਬੰਧਤ ਹੈ। ਜਨ ਸਾਧਾਰਣ ਦੇ ਅਨੁਭਵ ਵਿਚ ਭਾਵੇਂ ਜੁਧ ਅਰ ਇਸ਼ਕ ਦੋਵੇਂ ਹੀ ਹਨ ਪਰ ਇਹਨਾਂ ਦੇ ਲੱਛਣ ਹੋਰ ਹਨ।

ਪਹਿਲਾਂ ਜਨ ਸਾਧਾਰਨ ਦੇ ਇਸ਼ਕ ਨੂੰ ਲੈ ਲਵੋ। ਇਹ ਹੁਣ ਰੋਮੀਓ ਜੂਲੀਅਟ, ਮਹੀਂਵਾਲ ਜਾਂ ਹੀਰ ਰਾਂਝੇ ਵਾਲਾ ਇਸ਼ਕ ਨਹੀਂ। ਇਹ ਸਚ ਹੈ ਕਿ ਉਹ ਇਸ਼ਕ ਵੀ ਸਮਾਜ ਦੀਆਂ ਤਾਕਤਾਂ ਦੇ ਵਿਰੁਧ ਬਗਾਵਤ ਦਾ ਸੂਚਕ ਸੀ। ਪਰ ਉਹ ਬਗਾਵਤ ਇਕ ਮੂਲ-ਸੰਬੰਧੀ ਬਗਾਵਤ ਨਹੀਂ ਸੀ। ਰੋਮੀਓ ਜੂਲੀਅਟ ਬਾਰੇ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਪ੍ਰੇਮੀਆਂ ਨੇ ਖ਼ਾਨਦਾਨੀ ਦੁਸ਼ਮਨੀਆਂ ਦੀਆਂ ਹੱਦਾਂ ਢਾਈਆਂ ਅਰ ਇਸ ਤਰ੍ਹਾਂ ਸਮਾਜ ਨੂੰ ਪ੍ਰਗਤੀ ਦਾ ਇਕ ਰਾਹ ਦਿਖਾਇਆ। ਜਾਂ ਸੁਹਣੀ ਮਹੀਂਵਾਲ ਤੇ ਹੀਰ ਰਾਂਝੇ ਦੇ ਇਸ਼ਕ ਨੇ ਇਹ ਦਸ ਦਿਤਾ ਕਿ ਅਸਾਡੇ ਚਲੇ ਆ ਰਹੇ ਵਿਆਹ ਵਰਣ ਦੇ ਰਿਵਾਜਾਂ ਵਿਚ ਇਨਸਾਨੀ ਦਿਲ ਨੂੰ ਉਹ ਅਧਿਕਾਰ ਨਹੀਂ ਸੀ ਦਿਤਾ ਜਾ ਰਿਹਾ ਜੋ ਚਾਹੀਦਾ ਸੀ। ਪਰ ਇਸ ਤਰ੍ਹਾਂ ਨਾਲ ਇਹ ਇਸ਼ਕ ਸਮਾਜ ਵਿਰੁਧ ਇਕ ਸਾਮਿਆਕ ਅਰ ਭਾਗਸਮ ਬਗਾਵਤ ਹੀ ਸੀ। ਜੀਵਨ ਨਾਲ ਇਸ ਦਾ ਵਿਆਪਕ ਸੰਬੰਧ ਨਹੀਂ ਸੀ ਦਰਸਾਇਆ ਜਾਂਦਾ। ਮਤਲਬ ਇਹ ਨਹੀਂ ਕਿ ਇਸ ਇਸ਼ਕ ਦੇ ਲੱਛਣਾਂ ਵਿਚ ਇਹ ਜੀਵਨ-ਸੰਬੰਧ ਨਹੀਂ ਸੀ। ਰਾਂਝੇ ਹੋਰ ਦਾ ਇਸ਼ਕ ਜੋ ਸਫਲ ਹੋ ਜਾਂਦਾ ਤਾਂ ਉਹਨਾਂ ਦੇ ਜੀਵਨ ਵਿਚ ਇਹ ਜ਼ਰੂਰ ਸਹਾਈ ਹੁੰਦਾ। ਪਰ ਹੀਰ ਦੀ ਕਹਾਣੀ ਵਾਲਿਆਂ ਨੇ ਉਸ ਦੇ ਇਸ਼ਕ ਦੇ ਇਸ ਪੱਖ ਨੂੰ ਮੂਲੋਂ ਨਹੀਂ ਜਾਚਿਆ। ਇਸ ਨੂੰ ਕੇਵਲ ਇਕ ਆਤਮਿਕ ਸੰਬੰਧ ਆਖ ਕੇ ਛਡ ਦਿਤਾ ਹੈ। ਅਵਲ ਤਾਂ ਇਸ ਦਾ ਸਰੀਰ ਨਾਲ ਨਾਤਾ ਮੰਨਿਆ ਹੀ ਨਹੀਂ, ਤੇ ਜੇ ਮੰਨਿਆ ਵੀ ਹੈ ਤੇ ਇਹ ਹੈ ਕਿ ਹੀਰ ਰਾਂਝੇ ਦੀ ਤੇ ਸੁਹਣੀ ਮਹੀਂਵਾਲ ਦੀ ਅਮਾਨਤ ਬਣਾ ਦਿਤੀ ਹੈ। ਲਿੰਗ ਸੰਬੰਧ ਦੇ ਪੁਰਾਣੇ ਅਰਥਾਂ ਅਨੁਸਾਰ ਜਿਥੇ ਇਹ ਪਹਿਲੀ ਵਾਰ ਕਾਇਮ ਹੋ ਗਿਆ ਹੈ ਜਾਂ ਇਸ ਦੀ ਕਾਇਮੀ ਦਾ ਸੰਕਲਪ ਹੋ ਚੁੱਕਾ ਹੈ, ਉਥੋਂ ਇਸ ਨੂੰ ਪੁਟਣਾ ਇਕ ਆਤਮਕ ਅਨਰਥ ਹੈ ਜਿਸ ਨੂੰ ਸਮਾਜ ਦੇ ਪਰਚਲਤ ਨਿਯਮ ਵੀ ਨਿਆਇਕਾਰੀ ਨਹੀਂ ਬਣਾਂਦੇ। ਹੀਰ ਦੇ ਖੇੜਿਆਂ ਦੇ ਵਿਆਹੀ ਜਾਣ ਨੂੰ ਉਸ ਦੇ ਜੀਵਨ ਨਾਲੋਂ ਵਧੀਕ ਉਸ ਦੀ ਆਤਮਾ ਨਾਲ ਹੋਇਆ ਅਨਰਥ ਦਸਿਆ ਗਿਆ ਹੈ। ਜਦੋਂ ਹੀਰ ਆਪਣੀ ਮਾਂ ਨਾਲ ਤੇ ਫਿਰ ਕਾਜ਼ੀ ਨਾਲ ਝਗੜ ਰਹੀ ਹੈ ਤਾਂ ਉਹਨਾਂ ਨੂੰ ਇਸੇ ਆਤਮਕ ਤੇ ਪਹਿਲੋਂ (ਜਾਂ ਧੁਰ ਦਰਗਾਹੋਂ) ਕਾਇਮ ਹੋ ਚੁਕੇ ਨਾਤੇ ਦਾ ਵਾਸਤਾ ਦੇ ਦੀ ਹੈ। ਇਸ ਨਾਤੇ ਦੇ ਧੁਰ ਦਰਗਾਹ ਹੋਣ ਦਾ ਮਤਲਬ ਇਹ ਹੀ ਸੀ, ਨਾ, ਪਈ ਹੀਰ ਦੇ ਮਨ ਨੇ ਤੇ ਸ਼ਾਇਦ ਸਰੀਰ ਨੇ ਵੀ ਰਾਂਝੇ ਨੂੰ ਖੇੜੇ ਨਾਲ ਗਲ ਬਾਤ ਹੋਣ ਤੋਂ ਪਹਿਲਾਂ ਗ੍ਰਹਿਣ ਕਰ ਲਿਆ ਹੋਇਆ ਸੀ। ਇਹ ਭੁਲੇਖਾ ਪੂੰਜੀਵਾਦੀ ਸਮਾਜ ਵਿਚ ਹੁਣ ਤਕ, ਪੂਰਬ ਪੱਛਮ ਦੋਹਾਂ ਵਿਚ, ਤੁਰਿਆ ਆ ਰਿਹਾ ਹੈ। ਅੰਗਰੇਜ਼ੀ ਨਾਵਲਿਸਟ ਟਾਮਸ ਹਾਰਡੀ ਦੀ ਟੈਸ ਨੂੰ ਵੀ ਇਹ ਭੁਲੇਖਾ ਹੀ ਦੋ ਵਾਰੀ ਤਬਾਹੀ ਵਲ ਧਕਾ ਦੇਂਦਾ ਹੈ। ਪਰ ਅਸਲ ਮਤਲਬ ਇਸ਼ਕ ਦਾ ਇਹ ਨਹੀਂ।

ਅਜ ਕਲ ਦੇ ਸਮਾਜ ਵਿਚ, ਜਾਂ ਕੰਮ ਅਜ਼ ਕਮ, ਸਮਾਜਵਾਦੀ ਪ੍ਰਬੰਧ ਵਿਚ, ਇਸ਼ਕ ਇਕ ਬਗਾਵਤ ਨਹੀਂ, ਇਹ ਕੇਵਲ ਇਕ ਮਾਨਸਿਕ ਝੁਕਾਉ ਹੈ। ਜੇ ਇਸ ਝੁਕਾਉ ਨੂੰ ਜੀਵਨ ਦੀ ਦਿਸ਼ਾ ਉਲਟ ਕਰ ਦਿਤਾ ਜਾਵੇ ਤਾਂ ਇਹ ਜੀਵਨ ਦੇ ਰਾਹ ਵਿਚ ਅਟਕ ਹੈ, ਇਕ ਕਾਣ ਹੈ। ਪਰ ਜੇ ਇਸ ਨੂੰ ਜੀਵਨ ਦੀ ਦਿਸ਼ਾ ਵਲ ਭੰਵਾਇਆ ਜਾ ਸਕੇ ਤਾਂ ਇਹ ਇਕ ਸਹਾਇਕ ਸ਼ਕਤੀ ਹੈ। ਮੁਖ ਵਿਸ਼ੈ ਅਜ ਕਲ ਦੇ ਸਾਹਿਤ ਦਾ ਜੀਵਨ ਜਾਂ ਹੋਰ ਸਪਸ਼ਟ ਸ਼ਬਦਾਂ ਵਿਚ ਕੰਮ ਹੈ। ਅਜ ਕਲ ਦੇ ਸਮਾਜ ਵਿਚ ਜੀਵਨ ਦਾ ਅਰਥ ਹੀ ਕੰਮ ਹੈ। ਇਸ਼ਕ ਦਾ ਮੁਲ, ਕੀ ਸਾਹਿਤ ਲਈ ਤੇ ਕੀ ਜੀਵਨ ਲਈ, ਕੰਮ ਦੀ ਸੰਚਾਲਕ ਸ਼ਕਤੀ ਹੋਣ ਕਰਕੇ ਹੀ ਹੈ। ਅਜ ਕਲ ਦੇ ਆਸ਼ਕ ਜੀਵਨ ਸਾਥੀ ਹਨ, ਜੋ ਇਕ ਦੂਜੇ ਨਾਲ ਮੋਢਾ ਡਾਹ ਕੇ ਕੰਮ ਕਰਨਾ ਲੋੜਦੇ ਹਨ।

ਇਸੇ ਤਰ੍ਹਾਂ ਹੀ ਜਨ-ਸਾਧਾਰਨ ਲਈ ਜੁਧ ਦੇ ਅਰਬ ਅਜ ਹੋਰ ਹਨ। ਹੁਣ ਜਨ-ਸਾਧਾਰਨ ਜਿਸ ਜੁਧ ਵਿਚ ਸ਼ਾਮਲ ਹੋ ਰਿਹਾ ਹੈ, ਉਹ ਇਕ ਰਾਜੇ ਨੂੰ ਦੂਜੇ ਰਾਜੇ ਉਪਰ ਜਿਤ ਪ੍ਰਾਪਤ ਕਰਾਣ ਲਈ ਨਹੀਂ। ਇਹ ਜੁਧ ਜੀਵਨ ਦੀਆਂ ਉਹਨਾਂ ਆਤਮਕ ਸ਼ਕਤੀਆਂ ਵਿਰੁਧ ਹੈ, ਜਿਨ੍ਹਾਂ ਵਿਚ ਰਾਜੇ ਜ਼ਿਮੀਂਦਾਰ, ਆਪਣੇ ਕੀ ਤੇ ਪਰਾਏ ਕੀ, ਸਭ ਗਿਣੇ ਜਾਂਦੇ ਹਨ। ਕਦੀ ਕਦੀ ਇਹ ਜੁਧ ਰੂਪਕ ਪਖ ਤੋਂ ਵੀ ਪੁਰਾਣੇ ਜਧਾਂ ਵਾਕਰ ਹੋ ਜਾਂਦਾ ਹੈ, ਜਦ ਜਨਤਾ ਹਥਿਆਰ ਲੈ ਕੇ ਅਰ ਸੰਗਠਿਤ ਹੋ ਕੇ ਆਪਣੇ ਦੋਖੀਆਂ ਵਿਰੁਧ ਲੜਨ ਲਗ ਪੈਂਦੀ ਹੈ। ਜਿਸ ਤਰ੍ਹਾਂ ਇਹਨਾਂ ਸਮਿਆਂ ਵਿਚ ਰੂਸ ਵਿਚ ਜਾਂ ਚੀਨ ਵਿਚ ਹੋਇਆ ਹੈ ਤੇ ਇਸ ਵਿਚ ਜਨਤਾ ਜਿਤੀ ਹੈ। ਅਜਿਹੀਆਂ ਹਾਲਤਾਂ ਵਿਚ ਹੁਣ ਦਾ ਸਾਹਿਤ ਪਰਾਣੇ ਬੀਰ ਸਾਹਿਤ ਦਾ ਰੂਪ ਅਰ ਲੱਛਣ ਧਾਰਨ ਕਰ ਲੈਂਦਾ ਹੈ: ਭਾਵੇਂ ਇਸ ਵਿਚ ਅਰਥ ਅਰ ਭਾਵ ਪੁਰਾਣੇ ਬੀਰ ਸਾਹਿਤ ਨਾਲੋਂ ਵਧੇਰੇ ਅਰ ਪ੍ਰਬਲ ਹੋਣਗੇ।

ਹੁਣ ਸਵਾਲ ਉਠਦਾ ਹੈ ਕਿ ਇਸ ਬਦਲ ਚੁਕੇ, ਜਾਂ ਠੀਕ ਸ਼ਬਦਾਂ ਵਿਚ ਵਧੇਰੇ ਡੂੰਘੇ ਤੇ ਵਧੇਰੇ ਚੌੜੇ, ਅਨੁਭਵ ਦਾ ਹੁਣ ਦੀ ਕਵਿਤਾ ਨਾਲ ਕੀ ਸੰਬੰਧ ਹੈ। ਕੀ ਇਹ ਸੰਬੰਧ ਪੁਰਾਣੇ ਸਮਿਆਂ ਵਾਲੇ ਸੰਬੰਧ ਨਾਲੋਂ ਕੁਝ ਵੱਖਰਾ ਹੋ ਗਿਆ ਹੈ? ਜੇ ਵਖਰਾ ਹੋ ਗਿਆ ਹੈ ਤਾਂ ਇਸ ਵਖਰੇ ਦਾ ਫਲ ਰੂਪ ਅਜ ਕਲ ਦੀ ਕਵਿਤਾ ਵਿਚ ਕੀ ਹੋਇਆ ਹੈ? ਇਸ ਨੇ ਅਜ ਕਲ ਦੀ ਕਵਿਤਾ ਦੇ ਰੂਪਕ ਤੇ ਆਤਮਕ ਲਛਣਾਂ ਉਤੇ ਕੀ ਅਸਰ ਪਾਇਆ ਹੈ?

ਇਸ ਚਰਚਾ ਵਿਚ ਇਹ ਗਲ ਵੀ ਦਿਸ ਪਵੇਗੀ ਕਿ ਅਨੁਭਵ ਦਾ ਸੰਬੰਧ ਸਮੁਚੇ ਸਾਹਿਤ ਨਾਲ ਹੀ ਵਿਚਾਰਿਆ ਗਿਆ ਹੈ। ਕੀ ਕਵਿਤਾ ਦਾ ਸੰਬੰਧ ਅਨੁਭਵ ਨਾਲ ਸਾਹਿਤ ਦੀਆਂ ਦੂਜੀਆਂ ਵੰਨਗੀਆਂ ਤੋਂ ਕੁਝ ਵਿਸ਼ੇਸ਼ ਅਰਥ ਰਖਦਾ ਹੈ? ਮੇਰੇ ਵਿਚਾਰ ਵਿਚ ਇਸ ਸੰਬੰਧ ਵਿਚ ਕੁਝ ਵਿਸ਼ੇਸ਼ਤਾ ਜ਼ਰੂਰ ਹੈ। ਗਦਿ ਸਾਹਿਤ ਵਿਚ ਤਰਕ, ਨਿਆਇ, ਆਦਿ, ਬੌਧਿਕ ਸ਼ਕਤੀਆਂ ਵਧੇਰੇ ਪ੍ਰਬਲ ਹੁੰਦੀਆਂ ਹਨ। ਅਨਭਵ ਉਥੇ ਵੀ ਹੁੰਦਾ ਹੈ; ਪਰ ਨਿਆਇ ਦੇ ਵਧੇਰੇ ਹੀ ਅਧੀਨ ਹੋ ਕੇ; ਜਿਸ ਤਰ੍ਹਾਂ ਕਵਿਤਾ ਵਿਚ ਨਹੀਂ ਹੁੰਦਾ। ਕਵਿਤਾ ਵਿਚ ਤਾਂ ਇਹ ਕਰੀਬ ਕਰੀਬ ਸ੍ਵਾਧੀਨ ਹੁੰਦਾ ਹੈ। ਅਸਲ ਵਿਚ ਛੰਦ ਦੀ ਬਣਤ ਨੂੰ ਛਡ ਕੇ ਕਵਿਤਾ ਬਾਕੀ ਸਾਹਿਤ ਨਾਲੋਂ ਵਖਰੀ ਇਸੇ ਗਲ ਵਿਚ ਹੁੰਦੀ ਹੈ। ਨਿਆਇ, ਕਲਪਣਾ, ਆਦਿ, ਬੌਧਿਕ ਗੁਣਾਂ ਨਾਲੋਂ ਅਨੁਭਵ ਦਾ ਵੱਖਰ ਹੀ ਕਵਿਤਾ ਦੇ ਵੱਖਰ ਅਰ ਵਿਸ਼ੇਸ਼ਤਾ ਦਾ ਮਰਮ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤ ਸਿੰਘ ਸੇਖੋਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ