Kesu De Phull (Punjabi Story) : Sant Singh Sekhon
ਕੇਸੂ ਦੇ ਫੁੱਲ (ਕਹਾਣੀ) : ਸੰਤ ਸਿੰਘ ਸੇਖੋਂ
ਜਿਨ੍ਹਾਂ ਨੂੰ ਮਾਵਾਂ ਬਹੁਤ ਪਿਆਰੀਆਂ ਹੁੰਦੀਆਂ ਹਨ, ਉਹ ਆਪਣੇ ਪਿਆਰ ਵਿਚ ਨਾਨਕਿਆਂ ਨੂੰ ਵੀ ਭਾਗੀ ਬਣਾ ਲਿਆ ਕਰਦੇ ਹਨ ਤੇ ਖਾਸ ਕਰਕੇ ਜਦੋਂ ਮਾਂ ਆਪਣੇ ਪੇਕਿਆਂ ਨੂੰ ਬਹੁਤ ਪਿਆਰ ਕਰਦੀ ਹੋਵੇ ।
ਉਦੇ ਸਿੰਘ ਪੰਜਾਹ ਵਰ੍ਹੇ ਤੋਂ ਲੰਘ ਗਿਆ ਸੀ, ਤੇ ਹਾਲੇ ਵੀ ਉਸ ਨੂੰ ਆਪਣੇ ਨਾਨਕੇ ਉਤਨੇ ਹੀ ਪਿਆਰੇ ਸਨ ਜਿਤਨੇ ਬਚਪਨ ਵਿਚ । ਜਾਂ ਸ਼ਾਇਦ ਉਸ ਤੋਂ ਵੀ ਵੱਧ ਪਿਆਰੇ, ਕਿਉਂਕਿ ਉਦੋਂ ਉਸ ਦੀ ਮਾਂ ਜਿਉਂਦੀ ਸੀ, ਉਸਦਾ ਨਾਨਕਿਆਂ ਦਾ ਪਿਆਰ ਮਾਂ ਦੀਆਂ ਸਮੇਂ ਸਮੇਂ ਦੀਆਂ ਮਨੋਵਸਥਾਂ ਅਨੁਸਾਰ ਸ਼ਾਇਦ ਬਦਲਦਾ ਰਹਿੰਦਾ ਸੀ । ਪਰ ਹੁਣ ਮਾਂ ਦਾ ਪਿਆਰ ਵੀ ਉਸ ਨੇ ਨਾਨਕਿਆਂ ਨੂੰ ਹੀ ਦਿੱਤਾ ਹੋਇਆ ਸੀ।
ਤੇ ਫਿਰ ਨਾਨਕਿਆਂ ਵਿਚ ਕਿਤਨੇ ਕੁ ਮਾਮੇ ਮਾਸੀਆਂ ਤੇ ਮਮੇਰ ਮਸੇਰ ਉਸ ਦਾ ਪਿਆਰ ਵੰਡਾਣ ਲਈ ਰਹਿ ਗਏ ਹੋਏ ਸਨ। ਉਸ ਦੀ ਮਾਂ ਤੇ ਮਾਮਾ ਇਕੱਲੇ ਭੈਣ ਭਰਾ ਸਨ । ਮਾਮਾ ਮਾਂ ਤੋਂ ਕੋਈ ਸੱਤ ਅੱਠ ਸਾਲ ਜਾਂ ਸ਼ਾਇਦ ਇਸ ਤੋਂ ਵੀ ਵੱਧ ਵੱਡਾ ਸੀ। ਮਾਮੇ ਦਾ ਪਹਿਲਾ ਵਿਆਹ ਸੋਲ੍ਹਾਂ ਸਾਲ ਦੀ ਉਮਰ ਤੋਂ ਪਹਿਲਾਂ ਹੋ ਗਿਆ ਸੀ । ਪਰ ਵਿਆਹੁਤਾ ਮੁਕਲਾਵੇ ਆਉਣ ਤੋਂ ਪਹਿਲਾਂ ਹੀ ਮਰ ਗਈ ਸੀ। ਫਿਰ ਮਾਮੇ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਕਾਰਣਾਂ ਅਧੀਨ, ਜੋ ਕਿਰਸਾਣੀ ਦੇ ਜੀਵਨ ਦੀਆਂ ਕੋਈ ਅਲੌਕਿਕ ਘਟਨਾਵਾਂ ਨਹੀਂ ਹੁੰਦੀਆਂ, ਘਰ ਵਿਚ ਇਤਨੀ ਗਰੀਬੀ ਆ ਗਈ ਸੀ ਕਿ ਮਾਮੇ ਨੂੰ ਰੁਜ਼ਗਾਰ ਦੀ ਤਲਾਸ ਵਿਚ ਪਰਦੇਸ ਜਾਣਾ ਪੈ ਗਿਆ ਸੀ ।
ਨਿਰਸੰਦੇਹ ਇਹ ਇਕ ਵੱਡਾ ਕਾਰਣ ਉਦੇ ਸਿੰਘ ਦੀ ਮਾਂ ਦੇ ਮਾਪਿਆਂ ਵੱਲ ਸਾਧਾਰਨ ਤੋਂ ਵਧੇਰੇ ਪਿਆਰ ਦਾ ਸੀ।
ਕਈ ਵਰ੍ਹੇ ਪਿੱਛੋਂ ਜਦੋਂ ਤੋਫ਼ੀਕ ਹੋਈ ਤਾਂ ਮਾਮੇ ਨੇ ਦੂਜੀ ਵਾਰੀ ਵਿਆਹ ਕਰਵਾ ਲਿਆ ਸੀ । ਇਹ ਮਾਮੀ ਇਕ ਵਾਰ ਆਪਣੀ ਨਣਾਨ ਨੂੰ ਮਿਲਣ ਤੇ, ਇਕ ਪ੍ਰਕਾਰ ਸਾਕ ਸੈਣ ਵਿਚ ਪਰਿਚਿਤ ਹੋਣ ਲਈ ਉਨ੍ਹਾਂ ਦੇ ਪਿੰਡ, ਘਰ ਵਿਚ ਆਈ ਸੀ । ਉਸ ਦੀ ਸ਼ਹਿਰੀ ਰਹਿਣੀ ਬਹਿਣੀ, ਪਹਰਨ ਤੇ ਬੋਲਣ ਕਾਰਣ ਸਾਰਿਆਂ ਨੇ ਉਸ ਦਾ ਨਾਂ ਲਾਲੀ ਪਾ ਦਿੱਤਾ ਸੀ । ਉਦੇ ਸਿੰਘ ਉਸ ਵੇਲੇ ਸੱਤ ਅੱਠ ਸਾਲ ਦੀ ਉਮਰ ਦਾ, ਉਸ ਨਾਲ ਬਹੁਤ ਲੜਦਾ ਝਗੜਦਾ ਸੀ । ਸ਼ਾਇਦ ਮਾਮੀ ਵੱਲ ਗੁਸਤਾਖੀ ਕਰਨ ਦਾ ਆਪਣਾ ਅਧਿਕਾਰ ਸਮਝ ਕੇ ਜਾਂ ਆਪਣੀ ਮਾਂ ਦੇ ਮਨ ਵਿਚ ਭਰਜਾਈ ਵੱਲ ਕਿਸੇ ਅਸੰਤੁਸ਼ਟ ਭਾਵ ਦੀ ਹੋਂਦ ਮਹਿਸੂਸ ਕਰਕੇ । ਉਦੇ ਸਿੰਘ ਦੀ ਮਾਂ ਵਿਧਾਤਾ ਨੂੰ, ਉਸ ਦੀ ਪਹਿਲੀ ਭਰਜਾਈ ਨੂੰ ਬਿਨ ਮੁਕਲਾਈ ਚੁਕ ਲੈਣ ਉਤੇ ਕਦੀ ਮੁਆਫ ਨਹੀਂ ਕਰ ਸਕੀ ਸੀ ਤੇ ਨਵੀਂ ਭਰਜਾਈ ਲਾਲੀ ਉਤੇ ਵੀ ਉਹਦਾ ਇਹ ਰੋਸ ਇਕ ਪ੍ਰਕਾਰ ਵਰ੍ਹਾ ਕੁ ਪਿਛੋਂ ਡੁਲ੍ਹ ਕੇ ਵਗ ਗਿਆ ਹੋਇਆ ਸੀ।
ਲਾਲੀ ਦੇ ਇਕ ਪੁੱਤਰ ਹੋਇਆ ਜੋ ਮਾਮੇ ਦੀ ਚਿੱਠੀ ਅਨੁਸਾਰ ਤੇ ਲਾਲੀ ਦੀ ਸ਼ਕਲ ਤੋਂ ਅਨੁਮਾਨ ਅਨੁਸਾਰ ਬਹੁਤ ਸੋਹਣਾ ਸੀ । ਪਰ ਅਗਲੇ ਵਰ੍ਹੇ ਹੀ ਉਹ ਤੇ ਲਾਲੀ ਦੋਵੇਂ 1919 ਦੇ ਇਨਫਲੂਐਂਜ਼ੇ ਬੁਖ਼ਾਰ ਦੀ ਭੇਂਟ ਚੜ੍ਹ ਗਏ ਸਨ । ਤੇ ਉਦੇ ਸਿੰਘ ਦਾ ਨਾਨਕਾ ਘਰ ਫਿਰ, ਵੀਰਾਨ ਹੋ ਗਿਆ ਸੀ ।
ਪੰਜ ਸੱਤ ਸਾਲ ਪਿੱਛੋਂ ਮਾਮੇ ਨੇ ਫਿਰ ਤੀਜਾ ਵਿਆਹ ਕਰਾ ਲਿਆ । ਭਾਵੇਂ ਉਦੇ ਸਿੰਘ ਦੀ ਮਾਂ ਇਸ ਭਰਜਾਈ ਨੂੰ ਵੀ ਬਹੁਤ ਮੁਹੱਬਤ ਨਹੀਂ ਕਰ ਸਕਦੀ ਸੀ, ਉਸਨੂੰ ਸ਼ਾਂਤੀ ਹੋਈ ਕਿ ਉਸ ਦੇ ਪੇਕੇ ਘਰ ਵਿਚ ਫਿਰ ਵਸੋਂ ਦਾ ਮੁੱਢ ਬੱਝ ਗਿਆ ਸੀ । ਇਸ ਮਾਮੀ ਤੋਂ ਦੋ ਪੁੱਤ ਹੋਏ, ਜਿਹਨਾਂ ਵਿਚ ਕੋਈ ਬਾਰ੍ਹਾਂ ਤੇਰ੍ਹਾਂ ਵਰ੍ਹੇ ਦਾ ਫਰਕ ਸੀ ।
ਇਤਨੇ ਚਿਰ ਨੂੰ ਉਦੇ ਸਿੰਘ ਦਾ ਮਾਮਾ ਆਪਣੇ ਪਿਛੇ ਇਹ ਦੋ ਪੁੱਤਰ ਤੇ ਮਾਮੀ ਨੂੰ ਵਿਧਵਾ ਛੱਡ ਕੇ ਗੁਜ਼ਰ ਗਿਆ। ਇਹ ਦੋ ਪੁੱਤਰ ਕਰਮਵਾਰ ਚੌਦਾਂ ਤੇ ਇਕ ਸਾਲ ਦੀ ਉਮਰ ਦੇ ਸਨ। ਪਰ ਦੂਜੇ ਤੀਜੇ ਸਾਲ ਹੀ ਵੱਡਾ ਪੁੱਤਰ ਵੀ ਮਰ ਗਿਆ ਤੇ ਉਦੇ ਸਿੰਘ ਦੇ ਨਾਨਕਿਆਂ ਦੀ ਨਿਸ਼ਾਨੀ ਇਕ ਦੋ ਤਿੰਨ ਸਾਲ ਦਾ ਹੀ ਬਾਲ ਰਹਿ ਗਿਆ।
ਸਾਲ ਖੰਡ ਹੋਰ ਇਹਨਾਂ ਮਾਨਸਿਕ ਪੀੜਾਂ ਨੂੰ ਸਹਿਣ ਕਰਦੀ ਉਦੇ ਸਿੰਘ ਦੀ ਮਾਂ ਵੀ ਚਲ ਵਸੀ ਸੀ । ਉਦੇ ਸਿੰਘ ਦਾ ਆਪਣੇ ਨਾਨਕਿਆਂ ਨਾਲ ਸੰਪਰਕ ਬਹੁਤ ਪਤਲਾ ਜਿਹਾ ਹੋ ਗਿਆ ਸੀ । ਤਾਂ ਵੀ ਜਦੋਂ ਕਦੀ ਉਦੇ ਸਿੰਘ ਨੂੰ ਮੌਕਾ ਮਿਲਦਾ ਉਹ ਨਾਨਕੇ ਜਾ ਹੀ ਆਇਆ ਕਰਦਾ ਸੀ ।
ਚੇਤਰ ਮਹੀਨੇ ਦੇ ਇਕ ਦਿਨ ਅੱਜ ਉਦੇ ਸਿੰਘ ਪਟਿਆਲੇ ਤੋਂ ਨਾਭੇ ਆਪਣੇ ਮਮੇਰ ਦੇ ਪੁੱਤਰ ਦੇ ਚੌਥੇ ਜਨਮ ਦਿਨ ਦੀ ਮਿਲਣੀ ਉਤੇ ਜਾ ਰਿਹਾ ਸੀ, ਤੇ ਉਸ ਦਾ ਮਨ ਇਹਨਾਂ ਸਾਰੇ ਪਿਛਲੇ ਵਰ੍ਹਿਆਂ ਵਿਚ ਆਏ ਉਤਾਰਾਂ ਚੜ੍ਹਾਵਾਂ ਨੂੰ ਅਨੁਭਵ ਕਰਕੇ ਕਿਸੇ ਸਾਗਰ ਕੰਢੇ ਦੀ ਲਹਿਰ ਵਾਕਰ ਜਵਾਰ ਭਾਟੇ ਵਿਚ ਸੀ। ਪਟਿਆਲੇ ਤੋਂ ਨਾਭੇ ਦੀ ਪੱਕੀ ਸੜਕ ਉਤੇ ਹੁਣ ਟਾਹਲੀ ਆਦਿ ਬਹੁਤ ਰੁਖ ਲੱਗ ਗਏ ਸਨ, ਜਿਹੜੇ ਬੱਸ ਉਤੇ ਸਫਰ ਕਰ ਰਹੇ ਪਾਂਧੀ ਨੂੰ ਬਹੁਤ ਸੁਹਾਣੇ ਲੱਗ ਰਹੇ ਸਨ । ਪਟਿਆਲੇ ਤੋਂ ਕੁਝ ਦੂਰ ਲੰਘ ਕੇ ਇਕ ਦਮ ਪਲਾਹ ਦੇ ਦਰਖ਼ਤ ਇਹਨਾਂ ਟਾਹਲੀਆਂ ਵਿਚੋਂ ਲੰਘ ਕੇ ਜਾਣੇ ਮੁਸਾਫਰ ਨੂੰ ਆਪਣੀ ਹੋਂਦ ਦਾ ਗਿਆਨ ਕਰਵਾਣ ਲਈ ਸੁਨਹਿਰੀ ਲਾਲ ਅੱਗ ਵਾਕਰ ਦਗਦੇ ਕੇਸੂ ਦੇ ਫੁਲਾਂ ਦੇ ਛੱਤਰ ਉਠਾਈ ਉਤਾਵਲੇ ਤੁਰੇ ਆਉਂਦੇ ਜਾਪੇ। ਕੇਸੂ ਦੀ ਇਹ ਸੁਨਹਿਰੀ ਲਾਲ ਅੱਗ, ਇਕ ਨਿੱਘੀ ਸ਼ਰਾਬ ਵਾਕਰ, ਉਦੇ ਸਿੰਘ ਦੇ ਅੰਦਰ ਭੜਕ ਉਠੀ। ਇਹ ਭੜਕਣ, ਦੁਖ ਭਰੀ ਨਹੀਂ ਸੀ, ਲੋਰ ਭਰੀ, ਇਕ ਨਸ਼ੇ ਵਾਕਰ ਮਸਤ ਕਰ ਦੇਣ ਵਾਲੀ ਸੀ । ਉਦੇ ਸਿੰਘ ਨੂੰ ਯਾਦ ਆਇਆ ਕਿਵੇਂ ਕੁਝ ਵਰ੍ਹੇ ਪਹਿਲਾਂ ਇਸ ਸੜਕ ਉਤੇ ਇਹਨਾਂ ਦੋ ਮਹੀਨਿਆਂ, ਫੱਗਣ ਚੇਤਰ, ਵਿਚ ਇਸ ਕੇਸੂ ਦਾ ਹੀ ਅਟੰਕ ਰਾਜ ਹੁੰਦਾ ਸੀ ਹੁਣ ਉਹ ਰਾਜ ਤਾਂ ਟਾਹਲੀਆਂ ਤੇ ਹੋਰ ਕੁਝ ਰੁੱਖਾਂ ਨੇ ਲੈ ਲਿਆ ਸੀ, ਪਰ ਅੰਗਰੇਜ਼ੀ ਸਾਮਰਾਜ ਸਮੇਂ ਦੀਆਂ ਦੇਸੀ ਰਿਆਸਤਾਂ ਵਾਕਰ ਇਹ ਪਲਾਹ ਦੇ ਬਿਰਛ ਕੇਸੂਆਂ ਨਾਲ ਲੱਦੇ ਆਪਣੀ ਸ਼ਾਨ ਵਿਖਾਈ ਜਾਂਦੇ ਸਨ।
ਉਦੇ ਸਿੰਘ ਇਤਨਾ ਭਾਵਕ ਤਾਂ ਨਹੀਂ ਸੀ ਕਿ ਉਹ ਕੇਸੂਆਂ ਦੇ ਪਿਆਰ ਵਿਚ ਟਾਹਲੀਆਂ ਦਾ ਬੁਰਾ ਤਕਾਣ ਲਈ ਜਾਂਦਾ ਜਾਂ ਉਹਨਾਂ ਵੱਲ ਕਿਸੇ ਦਵੈਤ ਭਾਵ ਨਾਲ ਵੇਖਦਾ, ਜਿਵੇਂ ਉਸ ਦੀ ਮਾਂ ਆਪਣੀਆਂ ਦੂਜੀਆਂ ਭਰਜਾਈਆਂ ਵੱਲ, ਉਸ ਨੂੰ ਖਿਆਲ ਆਇਆ, ਵੇਖਿਆ ਕਰਦੀ ਸੀ। ਕਿਉਂਕਿ ਇਹਨਾਂ ਟਾਹਲੀਆਂ ਨੇ ਉਸ ਦੀ ਦੂਜੀ ਮਾਮੀ ਨਹੀਂ ਤਾਂ ਤੀਜੀ ਮਾਮੀ ਦੇ ਉਸ ਦਾ ਨਾਨਕਾ ਘਰ ਵਸਾ ਦੇਣ ਵਾਕਰ ਇਸ ਦੇਸ਼ ਨੂੰ ਵਸਾ ਹੀ ਦਿਤਾ ਸੀ। ਪਰ ਫਿਰ ਵੀ ਇਹ ਕੇਸ ਦੇ ਫੁੱਲ ਉਸ ਨੂੰ ਉਸਦੀ ਬਿਨ ਮੁਕਲਾਈ ਮਰ ਗਈ ਮਾਮੀ ਵਾਕਰ ਦਿਸ ਰਹੇ ਸਨ, ਜਿਵੇਂ ਉਹ ਮਾਮੀ ਉਸ ਦੇ ਬਚਪਨ ਵਿਚ ਉਸ ਨੂੰ ਇਹਨਾਂ ਕੇਸ ਦੇ ਫੁੱਲਾਂ ਵਾਕਰ ਦਿਸਦੀ ਹੁੰਦੀ ਸੀ ।
ਥੋੜੇ ਸਾਲ ਪਹਿਲਾਂ ਹੀ ਉਦੇ ਸਿੰਘ ਤੇ ਉਹਦੇ ਭਰਾ ਨੇ ਆਪਣੇ ਪਿੰਡ ਵਿਚ ਕੇਸੂ ਦੇ ਫੁੱਲਾਂ ਨਾਲ ਇਸ ਪ੍ਰਕਾਰ ਦਾ ਹੀ ਵਰਤਾਵਾ ਕੀਤਾ ਸੀ। ਮੁਰੱਬੇਬੰਦੀ ਹੋਈ ਤਾਂ ਉਹਨਾਂ ਨੇ ਆਪਣੀ ਜ਼ਮੀਨ ਇਕੋ ਥਾਂ ਕਰਕੇ ਢੱਕ ਵਿਚ ਲੈ ਆਂਦੀ ਸੀ। ਇਥੇ 25 ਕੁ ਘੁਮਾਉਂ ਵਿਚੋਂ ਉਨ੍ਹਾਂ ਨੇ ਢੱਕ ਤੇ ਪਲਾਹ ਦੇ ਬਿਰਛ ਚੁਣ ਚੁਣ ਕੇ ਮਾਰ ਦਿਤੇ ਸਨ । ਅੱਜ ਉਹਨਾਂ ਦੇ ਖੇਤ ਵਿਚ ਵੀ ਫੱਗਣ ਚੇਤਰ ਦੀ ਰੁੱਤ ਕੇਸ ਦੇ ਅੱਗ ਵਾਕਰ ਭੜਕਦੇ ਫੁੱਲਾਂ ਦੀ ਰੌਣਕ ਤੋਂ ਬਿਨਾ ਹੀ ਲੰਘ ਜਾਂਦੀ ਸੀ । ਹੁਣ ਉਨ੍ਹਾਂ ਖੇਤਾਂ ਵਿਚ ਵੀ ਜੇ ਕੋਈ ਰੁੱਖ ਉਗੇ ਸਨ ਤਾਂ ਟਾਹਲੀ ਤੇ ਤੂਤ ਸਨ । ਉਸ ਦੇ ਮਨ ਵਿਚ ਆਇਆ ਕਿ ਭਰਾ ਨੂੰ ਆਖੇ ਬਈ ਜੇ ਅੱਗੋਂ ਕੋਈ ਪਲਾਹ ਖੇਤ ਵਿਚ ਉਗੇ ਤਾਂ ਉਸ ਨੂੰ ਪੁੱਟੇ ਨਾ, ਰਹਿਣ ਦੇਵੇ, ਵੱਧ ਲੈਣ ਦੇਵੇ । ਇਸ ਤਰ੍ਹਾਂ ਕੁਝ ਕੁ ਪਲਾਹ ਫਿਰ ਹੋ ਜਾਣਗੇ ਤਾਂ ਉਨ੍ਹਾਂ ਦੇ ਖੇਤ ਵਿਚ ਫਿਰ ਫ਼ੱਗਣ ਚੇਤਰ ਵਿਚ ਰੰਗ ਦੀ ਹੋਲੀ ਹੋ ਜਾਇਆ ਕਰੇਗੀ। ਪਰ ਫਿਰ ਉਸ ਦੇ ਮਨ ਵਿਚ ਆਈ ਇਹ ਪਲਾਹ ਤੇ ਇਹ ਕੇਸ ਦੇ ਫੁੱਲ ਕਿਸੇ ਬੀਤ ਗਏ ਸਮੇਂ ਦੇ ਰੰਗ ਸਨ। ਇਨ੍ਹਾਂ ਵਿਚ ਭੜਕਾਹਟ ਕਿਤਨੀ ਸੀ ! ਪਰ ਉਨ੍ਹਾਂ ਬੀਤ ਗਏ ਸਮਿਆਂ ਵਿਚ ਵੀ ਉਨ੍ਹਾਂ ਦੇ ਬਜ਼ੁਰਗ ਇਸ ਕੇਸੂ ਦੇ ਰੰਗ ਨੂੰ ਝੂਠਾ ਹੀ ਆਖਿਆ ਕਰਦੇ ਸਨ । ਤੇ ਫਿਰ ਇਸ ਪਲਾਹ ਦੇ ਰੁੱਖ ਦਾ ਟਾਹਲੀ, ਤੂਤ ਆਦਿ ਹੋਰ ਰੁੱਖਾਂ ਦੇ ਮੁਕਾਬਲੇ ਵਿਚ ਕੀ ਮੁੱਲ ਸੀ ।
ਰੰਗਾਂ ਲਈ ਵੀ ਚੰਡੀਗੜ੍ਹ ਦੇ ਬਣਨ ਨਾਲ ਨਵੇਂ ਫੁੱਲਦਾਰ ਬਿਰਛ ਪ੍ਰਚਲਿਤ ਹੋ ਗਏ ਸਨ, ਜੋ ਕੇਸੂ ਨਾਲੋਂ ਵੀ ਸੁਹਣੇ ਤੇ ਸੋਹਜਵੰਤ ਫੁੱਲ ਦੇਂਦੇ ਸਨ । ਇਹ ਬਿਰਛ ਹੁਣ ਸਭ ਥਾਉਂ ਬਾਗਾਂ, ਕੋਠੀਆਂ ਦੇ ਲਾਨਾਂ ਤੇ ਸੜਕਾਂ ਆਦਿ ਤਕ ਉਤੇ ਉਗ ਰਹੇ ਸਨ । ਨਹੀਂ, ਉਸ ਦਾ ਦੇਸ਼ ਹੁਣ ਕੇਸ ਦੇ ਭੜਕੀਲੇ ਸੁਨਹਿਰੀ ਲਾਲ ਰੰਗ ਨੂੰ ਤਿਆਗ ਚੁਕਾ ਸੀ ਤੇ ਹੋਰ ਵਧੇਰੇ ਸੁੰਦਰ ਫੁੱਲਾਂ ਨਾਲ ਪਰਿਚਿਤ ਹੋ ਚੁੱਕਾ ਸੀ । ਪਰ ਫਿਰ ਵੀ ਇਹ ਕੇਸੂ ਦੇ ਫੁੱਲ ਮੂਲੋਂ ਹੀ ਇਸ ਤਰ੍ਹਾਂ ਤਿਆਗ ਦੇਣ ਜੋਗੇ ਨਹੀਂ ਸਨ, ਉਸ ਨੇ ਸੋਚਿਆ। ਪੁਰਾਣੇ ਤੇ ਨਵੇਂ ਵਿਚ ਇਕ ਵਧੇਰੇ ਸੁਹਿਰਦ ਸੰਬੰਧ ਬਣਾਉਣਾ ਯੋਗ ਸੀ।
ਬਹੁਤ ਵਾਰੀ ਇਕ ਪੀੜ੍ਹੀ ਤੋਂ ਬਾਅਦ ਨਾਨਕਾ ਸਾਕ ਭੁੱਲ ਜਾਇਆ ਕਰਦਾ ਹੈ। ਉਸ ਨੂੰ ਆਪ ਨੂੰ ਆਪਣੇ ਪਿਤਾ ਦੇ ਨਾਨਕੇ ਪਿੰਡ ਨਾਲ ਕੋਈ ਲਗਾਉ ਨਹੀਂ ਸੀ । ਭਾਵੇਂ ਉਹ ਪਿੰਡ ਤੋਂ ਤਿੰਨ ਚਾਰ ਮੀਲ ਦੀ ਵਿੱਥ ਉਤੇ ਹੀ ਸੀ। ਪਰ ਇਹ ਸ਼ਾਇਦ ਇਸ ਲਈ ਕਿ ਉਸ ਦੇ ਪਿਤਾ ਦੇ ਨਾਨਕੇ ਪਰਿਵਾਰ ਵਿਚ ਕੋਈ ਰਹਿ ਨਹੀਂ ਸੀ ਗਿਆ। ਫਿਰ ਉਸ ਨੇ ਆਪਣੇ ਸੱਜੇ ਖੱਬੇ ਹੋਰ ਪਰਿਵਾਰਾਂ ਦੇ ਇਨ੍ਹਾਂ ਸੰਬੰਧਾਂ ਉਤੇ ਸਰਸਰੀ ਜੇਹੀ ਝਾਤ ਪਾਈ । ਬਹੁਤ ਲੋਕ ਮਾਮਿਆਂ ਦੀ ਮੌਤ ਤੋਂ ਪਿਛੋਂ ਤੇ ਕਈ ਵਾਰੀ ਉਨ੍ਹਾਂ ਦੇ ਜੀਵਨ ਵਿਚ ਹੀ ਨਾਨਕਿਆਂ ਨੂੰ ਭੁਲਾ ਦੇਂਦੇ ਹਨ ਜਦੋਂ ਸਹੁਰਿਆਂ, ਅਗਲੀ ਪੀੜ੍ਹੀ ਦੇ ਨਾਨਕਿਆਂ ਨਾਲ ਸਾਂਝ ਪੈ ਜਾਂਦੀ ਹੈ। ਕੀ ਉਸ ਦੇ ਆਪਣੇ ਪੁੱਤਰ ਧੀਆਂ ਵੀ ਉਸ ਵਾਕਰ ਹੀ ਨਾਨਕਿਆਂ ਨੂੰ ਪਿਆਰ ਕਰਦੇ ਰਹਿਣਗੇ ? ਉਸ ਨੇ ਸੋਚਿਆ।
ਨਹੀਂ, ਉਨ੍ਹਾਂ ਨੂੰ ਆਪਣੇ ਨਾਨਕਿਆਂ ਦਾ ਇਸ ਤਰ੍ਹਾਂ ਦਾ ਪਿਆਰ ਨਹੀਂ, ਉਸ ਨੇ ਨਿਰਣਾ ਕੀਤਾ। ਉਨ੍ਹਾਂ ਦੇ ਸੰਬੰਧ ਕਾਇਮ ਰਹਿਣਗੇ ਪਰ ਉਨ੍ਹਾਂ ਸੰਬੰਧਾਂ ਵਿਚ ਕੇਸੂ ਦਾ ਰੰਗ ਨਹੀਂ ਹੋਵੇਗਾ। ਉਨ੍ਹਾਂ ਨੂੰ ਕੇਸੂ ਦੇ ਫੁੱਲਾਂ ਦੀ ਸੋਝੀ ਨਹੀਂ ਸੀ । ਉਨ੍ਹਾਂ ਦਾ ਨਾਨਕਾ ਘਰ ਟਾਹਲੀਆਂ ਤੂਤਾਂ ਤੇ ਇਨ੍ਹਾਂ ਤੋਂ ਪਕੇਰੇ ਰੁੱਖਾਂ ਦਾ ਬਾਗ ਸੀ। ਤੇ ਉਸ ਦੇ ਨਾਨਕੇ ਘਰ ਨੂੰ ਇਸ ਇਕ ਬੂਟੇ ਨੇ ਉਜਾੜ ਬਣ ਜਾਣ ਤੋਂ ਬਚਾ ਲਿਆ ਸੀ, ਜਿਸ ਦੀ ਇਕ ਸ਼ਾਮ ਦੀ ਬਹਾਰ ਦੀ ਨਵੀਂ ਹਰਿਆਵਲ ਨੂੰ ਵੇਖਣ ਉਹ ਅੱਜ ਜਾ ਰਿਹਾ ਸੀ ।
ਪਟਿਆਲੇ ਤੋਂ ਨਾਭੇ ਜਾਂਦੀ ਇਸ ਸੜਕ ਉਤੇ ਉਸ ਨੂੰ ਬੀਤੇ, ਅੱਜ ਦੇ ਤੇ ਆਉਣ ਵਾਲੇ ਸਮੇਂ ਦੇ ਕੀ ਕੀ ਰੰਗ ਉਘੜਦੇ ਨਜ਼ਰ ਆ ਰਹੇ ਸਨ । ਉਸ ਨੂੰ ਆਪਣੀ ਮਾਂ ਯਾਦ ਆਈ, ਉਸ ਦੀ ਮਾਂ ਦੀ ਜਵਾਨੀ ਯਾਦ ਆਈ ਜਿਸ ਦੀ ਉਸ ਨੂੰ ਕੁਝ ਕੁਝ ਸੋਝੀ ਸੀ, ਤੇ ਉਸ ਮਾਂ ਦਾ ਬਚਪਨ ਯਾਦ ਆਇਆ ਜਿਸ ਬਾਰੇ ਉਹ ਨਿੱਤ ਦਿਹਾੜੀ ਉਸ ਪਾਸੋਂ ਕਥ ਕਹਾਣੀ ਸੁਣਿਆ ਕਰਦਾ ਸੀ।
ਕੀ ਉਸਦਾ ਆਪਣਾ ਜੀਵਨ, ਉਸ ਦੀ ਜਵਾਨੀ ਤੇ ਉਸ ਦੇ ਬਚਪਨ ਬਾਰੇ ਵੀ ਉਸ ਦੀ ਸੰਤਾਨ ਉਸ ਜਿਤਨੀ ਹੀ ਉਤਸਕ ਸੀ ? ਇਸ ਦਾ ਉਤਰ ਵੀ ਉਸ ਨੂੰ ਨਹੀਂ ਵਿਚ ਮਿਲਦਾ ਜਾਪਿਆ।
ਤੇ ਜੇ ਉਹ ਸਮਾਂ, ਉਹ ਜਵਾਨੀ, ਉਹ ਬਚਪਨ ਜਿਹਨਾਂ ਨੂੰ ਉਸ ਨੇ ਇਤਨਾ ਰੱਜ ਕੇ ਪਿਆਰ ਕੀਤਾ ਸੀ, ਹੁਣ ਬੀਤ ਗਏ ਸਨ ਤੇ ਪਟਿਆਲੇ ਨਾਭੇ ਦੀ ਸੜਕ ਦੇ ਕੰਢੇ ਖਿੜੇ ਕੇਸੂਆਂ ਵਾਕਰ ਹੀ ਰੰਗਲੀਆਂ ਪਰ ਥੋੜ ਚਿਰੀਆਂ ਯਾਦਾਂ ਛੱਡ ਗਏ ਸਨ, ਤਾਂ ਉਸ ਦਾ ਸਮਾਂ, ਉਸ ਦੀ ਜਵਾਨੀ, ਉਸ ਦੀ ਸੰਤਾਨ ਦੀ ਸਿਮਰਤੀ ਵਿਚ ਕਿਤਨੇ ਕੁ ਬਚੇ ਰਹਿ ਸਕਣਗੇ । ਇਸ ਜਵਾਨੀ ਤੇ ਬਚਪਨ ਦੇ ਕਿਹੜੇ ਕੇਸੂ ਸਨ ਜੋ ਉਸ ਦੀ ਸੰਤਾਨ ਨੂੰ ਕਿਸੇ ਫੱਗਣ ਚੇਤਰ ਦੀ ਰੁੱਤ ਵਿਚ ਇਸ ਤਰ੍ਹਾਂ ਦੇ ਭਾਵਕ ਛਿਨ ਪ੍ਰਦਾਨ ਕਰਿਆ ਕਰਨਗੇ ?