Khabbal (Punjabi Story) : Kulwant Singh Virk
ਖੱਬਲ (ਕਹਾਣੀ) : ਕੁਲਵੰਤ ਸਿੰਘ ਵਿਰਕ
ਇਹ ਕਹਾਣੀ ਪਾਕਿਸਤਾਨ ਦੀ ਹੈ।
ਪਾਕਿਸਤਾਨ ਬਣੇ ਨੂੰ ਅਜੇ ਤਿੰਨ ਚਾਰ ਮਹੀਨੇ ਹੀ ਹੋਏ ਸਨ। ਇਥੇ ਹਰ ਸ਼ੈ ਉਖੜੀ ਉਖੜੀ ਲਗਦੀ ਸੀ। ਥਾਣਿਆਂ, ਚੌਕੀਆਂ ਵਿਚ ਸਾਮਾਨ ਦੇ ਢੇਰ ਲੱਗੇ ਹੋਏ ਸਨ। ਟਰੰਕ, ਪਲੰਘ, ਪੰਘੂੜੇ, ਮੇਜ਼, ਸੋਫ਼ਾ ਸੈੱਟ, ਤਸਵੀਰਾਂ ਸਭ ਆਪੋ ਆਪਣੀਆਂ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ। ਭਲਾ ਪੰਘੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿਚ ਕੀ ਕੰਮ? ਕਦੀ ਇਹਨਾਂ ਦੀ ਘਰਾਂ ਵਿਚ ਕੋਈ ਖ਼ਾਸ ਥਾਂ ਹੋਣੀ ਏਂ। ਉਸ ਵੇਲੇ ਘਰ ਵਾਲਿਆਂ ਦਾ ਖ਼ਿਆਲ ਹੋਣਾ ਏਂ ਕਿ ਜੇ ਇਹ ਉਸ ਥਾਂ ਤੋਂ ਬਿਨਾ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੋਝੇ ਲੱਗਣ। ਪਰ ਇਸ ਵੇਲੇ ਇਹ ਇਥੇ ਇਕ ਢੇਰ ਵਿਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ, ਪੜਛੱਤੀਆਂ ਤੇ ਚੌਂਕਿਆਂ ਵਿਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਪਏ ਸਨ। ਇਨ੍ਹਾਂ ਨੂੰ ਹੁਣ ਕਦੀ ਕਿਸੇ ਮਾਂਜਿਆ ਲਿਸ਼ਕਾਇਆ ਨਹੀਂ ਸੀ, ਗਿਣਿਆ ਨਹੀਂ ਸੀ। ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ।
ਪਾਕਿਸਤਾਨ ਵਿਚ ਹਰ ਸ਼ੈ ਉਖੜੀ ਉਖੜੀ ਸੀ। ਕਈਆਂ ਘਰਾਂ ਵਿਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ। ਤਰੁਠੀਆਂ ਹੋਈਆਂ ਅੱਖਾਂ ਨਾਲ ਉਹ ਦਵਾਲਿਉਂ ਵੇਖਦੇ ਤੇ ਓਪਰੀਆਂ ਥਾਵਾਂ ਤੇ ਡਰ ਡਰ ਕੇ ਪੈਰ ਧਰਦੇ। ਇਸ ਉੱਥਲ ਪੁੱਥਲ ਵਿਚ ਕੇਵਲ ਧਰਤੀ ਹੀ ਆਪਣੇ ਥਾਂ ਪੱਕੀ ਸੀ ਤੇ ਇਸ ਧਰਤੀ ਤੇ ਅਨੇਕਾਂ ਉਖੜੇ ਹੋਏ ਸ਼ਰਨਾਰਥੀ ਰਿੜ੍ਹਦੇ ਫਿਰਦੇ। ਵਾਹਗੇ ਦੇ ਵੱਡੇ ਕੈਂਪ ਤੋਂ ਇਨ੍ਹਾਂ ਨੂੰ ਅਗ੍ਹਾਂ ਠੇਲ੍ਹ ਦਿਤਾ ਜਾਂਦਾ ਤੇ ਫਿਰ ਇਹ ਸ਼ਰਨਾਰਥੀ ਜ਼ਿਲਿਉਂ ਜ਼ਿਲੇ ਤੇ ਪਿੰਡੋ ਪਿੰਡ ਪੈਦਲ ਜਾਂ ਗੱਡਿਆਂ ਵਿਚ ਜ਼ਮੀਨ ਦੀ ਭਾਲ ਵਿਚ ਭੌਣ ਲੱਗ ਪੈਂਦੇ।
ਸ਼ਰਨਾਰਥੀ ਤੇ ਸ਼ਰਨਾਰਥੀ, ਪੁਰਾਣੇ ਲੋਕ ਵੀ ਉਖੜ ਗਏ ਸਨ। ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁਰ ਗਈਆਂ ਸਨ ਤੇ ਯਾਰਾਂ ਦੇ ਯਾਰ। ਮਜ਼ਦੂਰਾਂ ਦੇ ਮਿੱਲ ਮਾਲਿਕ ਚਲੇ ਗਏ ਸਨ ਤੇ ਮਿੱਲ ਵਾਲਿਆਂ ਦੇ ਮਜ਼ਦੂਰ ਤੇ ਇਨ੍ਹਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ। ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ, ਗੰਦੇ ਜਹੇ, ਬੌਂਤਰੇ ਹੋਏ! ਪੁਰਾਣੇ ਲੋਕਾਂ ਵਿਚ ਘੁਲ ਮਿਲ ਨਹੀਂ ਸਕਦੇ ਸਨ। ਸਲਾਮਾਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ ਸਗੋਂ ਬੂਹੇ ਵਿਚ ਖਲੋਕੇ ਝਾਕਦੇ ਰਹਿੰਦੇ। ਜੇ ਕਵਾਓ ਵੀ ਤਾਂ ਵੀ ਨਾ ਕੂੰਦੇ। ਇਨ੍ਹਾਂ ਲੋਕਾਂ ਨੇ ਤੇ ਪਿੰਡਾਂ ਦੀਆਂ ਜੜ੍ਹਾਂ ਹਲਾ ਦਿੱਤੀਆਂ ਸਨ। ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਓਪਰੇ ਓਪਰੇ ਲੱਗਣ ਲੱਗ ਪਏ ਸਨ। ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿਨ੍ਹਾਂ ਵਿਚ ਉਹ ਜੰਮੇ ਪਲੇ ਸਨ। ਉਨ੍ਹਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਰਜਵਾਹੇ ਵੀ ਬਗਾਨੇ ਹੋ ਗਏ ਸਨ। ਉਹ ਉਥੋਂ ਹੁਣ ਵੁਜ਼ੂ ਨਹੀਂ ਕਰ ਸਕਦੇ ਸਨ। ਕਈ ਦਿਨ ਇਨ੍ਹਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹਾਂ ਰੁੜ੍ਹਦੀਆਂ ਆਉਂਦੀਆਂ ਰਹੀਆਂ ਸਨ। ਇਸ ਪਾਣੀ ਨਾਲ ਹੁਣ ਵੁਜ਼ੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ। ਉਹ ਤੇ ਆਪਣੇ ਅੰਞਾਣਿਆਂ ਨੂੰ ਵੀ ਇਨ੍ਹਾਂ ਵਿਚ ਨਹਾਉਣ ਤੋਂ ਹਟਕ ਦੇਂਦੇ। ਅਸਲ ਵਿਚ ਹਰ ਸ਼ੈ ਉਲਟ ਪੁਲਟ ਹੋਈ ਹੋਈ ਸੀ ਤੇ ਆਪਣੇ ਪੁਰਾਣੀ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ। ਹਰ ਸ਼ੈ ਆਪਣੀ ਆਪਣੀ ਥਾਂ ਨੂੰ ਅੜਾਨ ਦੀ, ਪੈਰ ਜਮਾਨ ਦੀ ਕੋਸ਼ਿਸ਼ ਕਰ ਰਹੀ ਸੀ। ਹਰ ਚੀਜ਼ ਪੁਨਰ ਸਥਾਪਨ ਮੰਗਦੀ ਸੀ।
‘‘ਮੁਲਕ ਤੇ ਤਬਾਹ ਹੋ ਗਿਆ ਏ’’, ਇਕ ਗੱਭਰੂ ਜੱਟ ਨੇ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ।’’
‘‘ਹੋ ਤੇ ਹੱਕੀ ਗਿਆ ਏ, ਪਰ ਆਹ ਵੇਖਾਂ ਦੁਨੀਆਂ ਕਿਧਰੇ ਥਾਓਂ ਥਾਈਂ ਬਹਿ ਜਾਂਦੀ ਏ ਤੇ ਸਭ ਖੈਰ ਮਿਹਰ ਹੋ ਜਾਏਗੀ।’’
‘‘ਇਹ ਤੇ ਐਵੇਂ ਗੱਲਾਂ ਨੇ, ਬਹਿ ਇਨ੍ਹਾਂ ਵਿਚਾਰਿਆਂ ਕਿਥੇ ਜਾਣਾ ਏ, ਇਹ ਤੇ ਗਰਾਹੀ ਨਹੀਂ ਫੜ ਕੇ ਆਪਣੇ ਮੂੰਹ ਵਿਚ ਪਾਣ ਜੋਗੇ।’’
‘‘ਨਹੀਂ ਓਇ ਕਮਲਿਆ! ਐਵੇਂ ਜਾਪਦਾ ਈ ਏ। ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿਚ। ਜਦੋਂ ਵਾਹੀਦੀ ਏ ਕੋਈ ਫ਼ਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ? ਸਾਰਾ ਜੜ੍ਹੋਂ ਪੁੱਟ ਪੁੱਟ ਕੇ ਪੈਲੀਓਂ ਬਾਹਰ ਸੁੱਟੀ ਦਾ ਏ। ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤਿੜ ਫੁੱਟ ਆਉਂਦੀ ਏ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਪੈਲੀ ਕਦੀ ਕਿਸੇ ਵਾਹੀ ਹੀ ਨਹੀਂ ਹੁੰਦੀ।’’
ਅਸਲ ਵਿਚ ਕਿਧਰੇ ਕਿਧਰੇ ਇਸ ਬੁਢੇ ਦੀ ਗੱਲ ਵਿਚ ਸਚਾਈ ਦਿੱਸ ਰਹੀ ਸੀ। ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜਹੇ ਜਾਂਦੇ। ਕੱਚੀਆਂ ਅਲਾਟ ਹੋਈਆਂ ਪੈਲੀਆਂ ਉਨ੍ਹਾਂ ਦੀ ਰੂਹ ਨੂੰ ਧਰਵਾਸ ਦਿੰਦੀਆਂ। ਆਪਣੇ ਨਵਿਆਂ ਵਾੜਿਆਂ ਦੇ ਨੇੜੇ ਉਹ ਨਿਕੇ ਨਿਕੇ ਟੋਏ ਪੁਟ ਕੇ ਉਨ੍ਹਾਂ ਵਿਚ ਗੋਹਿਆਂ ਦੀ ਅੱਗ ਧੁਖਾਈ ਰਖਦੇ ਤੇ ਜਦੋਂ ਜੀ ਕਰਦਾ ਹੁੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪੀਂਦੇ। ਸਹਿਜੇ ਸਹਿਜੇ ਉਨ੍ਹਾਂ ਦੀਆਂ ਮੱਝੀਂ ਦਾ ਵੀ ਤ੍ਰੌਹ ਲਹਿ ਜਾਂਦਾ। ਵਾੜਿਆਂ ਦੇ ਅੰਦਰ ਉਹ ਵਣਾਂ ਦੀਆਂ ਟਾਹਣੀਆਂ ਨਾਲ ਆਪਣੇ ਸਿੰਙਾਂ ਪਿਛਲੇ ਥਾਂ ਨੂੰ ਖੁਰਕ ਕਰਦੀਆਂ ਤੇ ਕਦੀ ਮੌਜ ਵਿਚ ਆਈਆਂ ਆਪਣੇ ਪਿੰਡੇ ਨੂੰ ਵਾੜੇ ਦੀਆਂ ਕੰਧਾਂ ਨਾਲ ਘਸਰਦੀਆਂ। ਜਦੋਂ ਤਸੀਲਦਾਰ ਜਾਂ ਕੋਈ ਹੋਰ ਅਫ਼ਸਰ ਇਨ੍ਹਾਂ ਲੋਕਾਂ ਦੇ ਨਵੇਂ ਪਿੰਡ ਵਿਚ ਆਉਂਦਾ ਤਾਂ ਉਨ੍ਹਾਂ ਵਿਚੋਂ ਕਈ ਆਪਣੇ ਆਪ ਨੂੰ ਪੈਂਚ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ। ਪਿੰਡ ਦੇ ਸਾਂਝੇ ਦੁਖ ਤਕਲੀਫ਼ਾਂ ਉਹ ਤਸੀਲਦਾਰ ਨੂੰ ਸੁਣਾਉਂਦੇ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰ ਕੇ ਪਿੰਡ ਵਿਚ ਆਪਣੀ ਲੀਡਰੀ ਦਾ ਮੁੱਢ ਬੰਨ੍ਹਦੇ। ਸਾਧਾਰਨ ਜਿਹੀਆਂ ਗੱਲਾਂ ਨਾਲ ਜਿਵੇਂ ਲੋਕਾਂ ਨੂੰ ਪਿਛ੍ਹਾਂ ਬਿਠਾ ਕੇ, ‘ਸਿਰਫ਼ ਇਕ ਆਦਮੀ ਬੋਲੇ’ ਕਹਿ ਕੇ, ਅਫ਼ਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਹ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ। ਇਹ ਗੱਲਾਂ ਦਸਦੀਆਂ ਸਨ ਕਿ ਇਸ ਧੱਕੇ ਨੇ ਵੀ ਉਨ੍ਹਾਂ ਨੂੰ ਅਸਲੋਂ ਠੰਡਾ ਨਹੀਂ ਕੀਤਾ ਸੀ।
ਇਹੋ ਜਿਹੇ ਉੱਜੜ ਰਹੇ, ਵਸ ਰਹੇ, ਪਾਕਿਸਤਾਨ ਵਿਚ ਮੈਂ ਭਾਰਤ ਸਰਕਾਰ ਵਲੋਂ ਲੇਜ਼ਾਨ ਅਫ਼ਸਰ ਮੁਕੱਰਰ ਹੋਇਆ।
ਮੇਰਾ ਕੰਮ ਧੱਕੋ ਧੱਕੀ ਉਧਾਲੀਆਂ ਇਸਤਰੀਆਂ ਦੇ ਬਦੋ ਬਦੀ ਮੁਸਲਮਾਨ ਬਣਾਏ ਟੱਬਰਾਂ ਨੂੰ ਛੁਡਾ ਕੇ ਵਾਪਸ ਹਿੰਦੁਸਤਾਨ ਅਪੜਾਣਾ ਸੀ। ਹਿੰਦੁਸਤਾਨ ਫ਼ੌਜ ਦਾ ਇਕ ਦਸਤਾ ਤੇ ਪਾਕਿਸਤਾਨੀ ਸਪੈਸ਼ਲ ਪੁਲੀਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ।
ਹੋਰ ਗੁੰਮ ਹੋਈਆਂ ਚੀਜ਼ਾਂ ਦੇ ਭਾਲਣ ਵਾਂਗੂੰ ਕੁੜੀਆਂ ਭਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ। ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਤੇ ਕਈ ਵਾਰੀ ਕੋਈ ਕੁੜੀ ਬਹੁਤ ਭਾਲਣ ਤੇ ਵੀ ਹੱਥ ਨਾ ਆਉਂਦੀ। ਪਾਕਿਸਤਾਨ ਪੁਲੀਸ ਵਾਲੇ ਭਾਵੇਂ ਉਹਨਾਂ ਨੂੰ ਮੁੜਾਣ ਵਿਚ - ਉਹ ਇਸ ਨੂੰ ਬਰਾਮਦ ਕਰਨਾ ਆਖਦੇ ਸਨ- ਥੋੜ੍ਹੀ ਬਹੁਤ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘਟ ਵੱਧ ਹੀ ਦਿੰਦੇ। ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਟੁਰ ਪੈਂਦੇ ਤਾਂ ਕੰਮ ਅਸਲੋਂ ਹੀ ਸੌਖਾ ਹੋ ਜਾਂਦਾ।
ਜਿਸ ਵੇਰ ਦੀ ਇਹ ਗੱਲ ਹੈ ਉਸ ਵੇਰ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋਂ ਉਧਾਲੀ ਹੋਈ ਔਰਤ ਦਾ ਪਤਾ ਵੀ ਮੈਨੂੰ ਉਸੇ ਨੇ ਹੀ ਦਸਿਆ। ਉਸ ਇਹ ਵੀ ਦਸਿਆ ਕਿ ਔਰਤ ਉਸੇ ਥਾਣੇ ਦੇ ਇਕ ਪਿੰਡ ਦੇ ਨੰਬਰਦਾਰ ਦੀ ਨੂੰਹ ਸੀ। ਜਿਸ ਪਿੰਡ ਅਸਾਂ ਜਾਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ। ਢੇਰ ਚਿਰ ਅਸੀਂ ਕੱਚੀਆਂ ਸੜਕਾਂ ਤੇ ਪੈਹਾਂ ਉਤੇ ਖੱਜਲ ਹੁੰਦੇ ਰਹੇ।
ਜਦ ਅਸੀਂ ਪਿੰਡ ਅਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ। ਪਾਕਿਸਤਾਨ ਵਿਚ ਉਸ ਵੇਲੇ ਸਰਕਾਰ ਦਾ ਬੜਾ ਰੁਹਬ ਸੀ। ਥਾਣੇਦਾਰ ਨੇ ਉਸ ਔਰਤ ਦਾ ਪਤਾ ਪੁਛਿਆ ਤਾਂ ਉਹਨਾਂ ਚੌਧਰੀਆਂ ਨੇ ਝਟ ਉਸ ਨੂੰ ਇਕ ਕੋਠਾ ਵਖਾ ਦਿਤਾ। ਇਹ ਛੋਟਾ ਜਿਹਾ ਕੋਠਾ ਇਕ ਵਡੇ ਸਾਰੇ ਵਲਗਨ ਦੇ ਸਿਰੇ ਉਤੇ ਛੱਤਿਆ ਹੋਇਆ ਸੀ। ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਇਕੱਲਾ ਅੰਦਰ ਚਲਾ ਗਿਆ। ਇਹ ਕੋਈ ਤਿੰਨ ਕੁ ਮੰਜੀਆਂ ਦਾ ਕੱਚਾ ਕੋਠਾ ਸੀ। ਇਕ ਪਾਸੇ ਲੱਕੜ ਦੀ ਇਕ ਪੜਛੱਤੀ ਤੇ ਥੋੜੇ ਜਹੇ ਗਲਾਸ ਕੌਲੀਆਂ ਥਾਲੀਆਂ ਪਈਆਂ ਹੋਈਆਂ ਸਨ। ਕਮਰੇ ਦੀ ਇਕ ਗੁੱਠੇ ਕੁਝ ਬਿਸਤਰੇ ਤੇ ਥੋੜ੍ਹਾ ਬਹੁਤ ਹੋਰ ਸਮਾਨ ਵੀ ਸੀ।
ਉਹ ਤੀਵੀਂ ਮੰਜੀ ਤੇ ਪਈ ਹੋਈ ਸੀ। ਕਈਆਂ ਦਿਨਾਂ ਤੋਂ ਉਸ ਨੂੰ ਬੁਖ਼ਾਰ ਹੋ ਰਿਹਾ ਸੀ। ਉਸ ਦੇ ਇਕ ਹੱਥ ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਸ਼ਾਇਦ ਕੋਈ ਉਠਾ ਉਠਿਆ ਹੋਇਆ ਸੀ। ਉਸ ਵੇਲੇ ਉਹ ਡਾਹਡੀ ਨਿਢਾਲ ਜਾਪਦੀ ਸੀ ਤੇ ਅਸਲੋਂ ਹੌਲੀ ਹੌਲੀ ਬੋਲਦੀ ਸੀ। ਮੈਂ ਉਸ ਦੇ ਕੋਲ ਮੰਜੀ ਤੇ ਬੈਠ ਗਿਆ।
‘‘ਕੀ ਗੱਲ ਏ’’? ਮੈਂ ਉਸ ਦਾ ਹਾਲ ਚਾਲ ਪੁਛਣ ਲਈ ਸਿੱਧਾ ਜਿਹਾ ਸਵਾਲ ਕੀਤਾ।
‘‘ਤਾਪ ਚੜ੍ਹਦਾ ਏ, ਚੌਥੇ ਪੰਜਵੇਂ ਦਿਨ ਦਾ।’’
‘‘ਏਥੇ ਤੇਰੇ ਕੋਲ ਕੋਈ ਜਨਾਨੀ ਨਹੀਂ?’’
‘‘ਨਹੀਂ ਨੇੜੇ ਤੇ ਕੋਈ ਨਹੀਂ।’’
ਪਹਿਲੇ ਜੋ ਖੋਹੀਆਂ ਹੋਈਆਂ ਕੁੜੀਆਂ ਤੀਵੀਆਂ ਮੈਂ ਵੇਖੀਆਂ ਸਨ, ਉਨ੍ਹਾਂ ਨਾਲੋਂ ਇਸ ਦਾ ਚੌਗਿਰਦਾ ਬਿਲਕੁਲ ਵੱਖਰਾ ਸੀ। ਉਨ੍ਹਾਂ ਦੇ ਦੁਆਲੇ ਬੰਦੇ ਜਨਾਨੀਆਂ ਹੁੰਦੇ ਸਨ। ਉਹ ਕਿਸੇ ਦੀ ਨਜ਼ਰ ਹੇਠ ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਤੇ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ। ਮੈਨੂੰ ਇਸ ਤਰ੍ਹਾਂ ਪਰਤੀਤ ਹੋਇਆ ਜਿਵੇਂ ਇਸ ਕੋਠੇ ਵਿਚ ਉਹ ਇਕੱਲੀ ਹੀ ਰਹਿੰਦੀ ਸੀ, ਜਿਵੇਂ ਲੋਕਾਂ ਨੇ ਉਸ ਨੂੰ ਆਪਣੇ ਹਾਲ ਤੇ ਹੀ ਛੱਡ ਦਿੱਤਾ ਹੋਇਆ ਸੀ। ਸਗੋਂ ਇਸ ਤੋਂ ਵੀ ਵੱਧ, ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਸੀ। ਉਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖ਼ਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਾਂ। ਫਿਰ ਦੂਸਰੀ ਵੇਰ ਉਸ ਦੇ ਮੂੰਹੋਂ ਸੁਨਣ ਦਾ ਕੋਈ ਫਾਇਦਾ ਨਹੀਂ ਸੀ। ਮੈਨੂੰ ਵਧੇਰੇ ਦਿਲਚਸਪੀ ਉਸ ਦੀ ਮੌਜੂਦਾ ਹਾਲਤ ਵਿਚ ਸੀ।
‘‘ਇਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਏ?’’
‘‘ਜਿਸ ਦਿਨ ਦਾ ਪਿੰਡ ਉਜੜਿਆ ਏ ਉਸ ਦਿਨ ਤੋਂ ਇਥੇ ਈ ਆਂ।’’
‘‘ਇਹ ਭਾਂਡੇ ਤੇ ਕਪੜੇ ਤੈਨੂੰ ਕਿਸ ਦਿਤੇ ਨੇ?’’
‘‘ਤੁਸੀਂ ਤਾਂ ਅਸਲੋਂ ਕਮਲੇ ਓ।’’
ਮੈਂ ਸਮਝ ਗਿਆ। ਉਹ ਇਕੱਲੀ ਨਹੀਂ ਰਹਿੰਦੀ ਸੀ ਤੇ ਨਾ ਹੀ ਇਥੇ ਪਿਆ ਸਾਮਾਨ ਉਸ ਦਾ ਆਪਣਾ ਸੀ। ਇਸ ਕੋਠੇ, ਸਾਮਾਨ ਤੇ ਉਸ ਦੇ ਜਿਸਮ ਦਾ ਮਾਲਕ ਕੇਵਲ ਅੱਖੀਂ ਨਹੀਂ ਦਿਸ ਰਿਹਾ ਸੀ।
ਇਹ ਗੱਲ ਇਥੇ ਲਿਖਣ ਲਗਿਆਂ ਤੇ ਮੈਂ ਸਹਿਜੇ ਹੀ ਲਿਖ ਗਿਆ ਹਾਂ ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਹਡਾ ਧੱਕਾ ਮਾਰਿਆ। ਪੁਲੀਸ ਤੇ ਲੋਕਾਂ ਦੀ ਸਹਾਇਤਾ ਕਰ ਕੇ ਜੋ ਚੰਗੇ ਖ਼ਿਆਲ ਮੇਰੇ ਮਨ ਵਿਚ ਦੁਨੀਆਂ ਤੇ ਦੁਨੀਆਂ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ, ਉਹ ਸਾਰੇ ਮੈਥੋਂ ਪੱਲਾ ਛੁਡਾ ਗਏ। ਮੇਰਾ ਮੱਥਾ ਕੌੜੀਆਂ ਅਸਲੀਅਤਾਂ ਨਾਲ ਲੱਗਾ ਹੋਇਆ ਸੀ। ਉਸ ਕੱਚੇ ਕੋਠੇ ਵਿਚ ਖੋਹੀ ਹੋਈ ਕਿਸੇ ਦੀ ਵਹੁਟੀ ਮੇਰੇ ਸਾਹਮਣੇ ਮੰਜੀ ਤੇ ਨਿਢਾਲ ਪਈ ਸੀ। ਮੇਰੀ ਨਜ਼ਰ ਵਿਚ ਇਨਸਾਨ ਉਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਘਿਨਾਉਣੀ ਤਸਵੀਰ ਸੀ।
ਮਧੋਲੀ ਹੋਈ ਖ਼ਵਾਰ ਕੀਤੀ ਹੋਈ, ਉਹ ਉਥੇ ਬੀਮਾਰ ਪਈ ਸੀ। ਉਸ ਦੀ ਜ਼ਾਤ, ਬਰਾਦਰੀ, ਪਿੰਡ, ਧਰਮ ਦਾ ਕੋਈ ਸਾਂਝੀਵਾਲ ਉਥੇ ਨਹੀਂ ਸੀ। ਉਸ ਨੂੰ ਕਦੀ ਕਿਸੇ ਇਹ ਨਹੀਂ ਦਸਿਆ ਸੀ ਕਿ ਉਹ ਵਿਛੜੇ ਹੋਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ। ਜੇ ਉਸ ਨੂੰ ਕੋਈ ਦੱਸਦਾ ਵੀ ਤਾਂ ਉਹ ਮੰਨਣੋਂ ਨਾਂਹ ਕਰ ਦਿੰਦੀ। ਆਖ਼ਰ ਇਡੇ ਵੱਡੇ ਤੇ ਤਕੜੇ ਪਾਕਿਸਤਾਨ ਵਿਚੋਂ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ। ਇਸ ਗੱਲ ਤੇ ਵਿਚਾਰ ਕਰਨਾ ਹੀ ਫ਼ਜੂਲ ਸੀ।
ਉਸ ਨੂੰ ਉਸੇ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ। ਪੋਹ ਮਾਘ ਦੀ ਸਰਦੀ ਵਿਚ ਉਸ ਨੂੰ ਬੀਮਾਰੀ ਦੀ ਹਾਲਤ ਵਿਚ ਉਥੋਂ ਹਿਲਾਣਾ ਠੀਕ ਨਹੀਂ ਸੀ। ਉਹ ਲੋਕ ਹੁਣ ਉਸ ਨੂੰ ਗੁੰਮ ਨਹੀਂ ਕਰ ਸਕਦੇ ਸਨ ਕਿਉਂਕਿ ਅਸਾਂ ਉਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਕਿ ਅਸਾਂ ਵੇਖ ਲਿਆ ਹੈ।
‘‘ਚੰਗਾ ਬੀਬੀ ਮੈਂ ਫਿਰ ਕਿਸੇ ਦਿਨ ਆਵਾਂਗਾ।’’ ਫਿਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉਥੋਂ ਵਾਪਸ ਲੈ ਜਾਣ ਤੋਂ ਸੀ ਪਰ ਇਹ ਗੱਲ ਸ਼ਾਇਦ ਉਸ ਦੇ ਸੁਫ਼ਨੇ ਵਿਚ ਵੀ ਸੰਭਵ ਨਹੀਂ ਸੀ।
‘‘ਤੂੰ ਹੁਣ ਚੱਲਿਆ ਏਂ?’’
‘‘ਜ਼ਰਾ ਬਹਿ ਜਾ, ਮੇਰੀ ਇਕ ਗੱਲ ਸੁਣ ਜਾ।’’
ਮੈਂ ਫਿਰ ਕੋਲ ਪਈ ਮੰਜੀ ਤੇ ਬੈਠ ਗਿਆ।
‘‘ਮੇਰੀ ਤੇਰੇ ਅੱਗੇ ਇਕ ਅਰਜ਼ ਏ ਜੇ ਤੂੰ ਪੂਰੀ ਕਰੇਂ, ਇਕ ਕੰਮ ਏ ਤੇਰੇ ਗੋਚਰਾ।’’
‘‘ਕੀ ਕੰਮ?’’
‘‘ਤੂੰ ਮੇਰਾ ਸਿੱਖ ਭਰਾ ਏਂ, ਮੈਂ ਵੀ ਕਦੀ ਸਿੱਖ ਹੁੰਦੀ ਸਾਂ। ਹੁਣ ਤੇ ਮੈਂ ਮੁਸਲਮਾਨ ਹੋ ਗਈ ਹੋਈ ਆਂ। ਏਸ ਵੇਲੇ ਏਸ ਦੁਨੀਆਂ ਵਿਚ ਮੇਰਾ ਕੋਈ ਨਹੀਓਂ। ਮੈਂ ਬੜੀ ਔਖੀ ਆਂ, ਤੂੰ ਮੇਰੀ ਬਾਂਹ ਫੜ। ਮੇਰੀ ਇਕ ਨਨਾਣ ਏ ਨਿੱਕੀ। ਰੁੜ੍ਹ ਗਏ ਯਾਰਾਂ ਚੱਕ ਵਾਲੇ ਲੈ ਗਏ ਹੋਏ ਨੀ। ਉਸ ਦਿਨ ਹਮਲੇ ਵਿਚ ਸਭ ਤੋਂ ਵੱਡੀ ਧਾੜ ਉਹਨਾਂ ਦੀ ਹੀ ਸੀ, ਤੇ ਉਹ ਹੀ ਉਸ ਨੂੰ ਲੈ ਗਏ ਨੀ। ਤੇਰੀ ਐਸ ਵੇਲੇ ਮੈਨੂੰ ਬੜੀ ਚੌਧਰ ਜਾਪਦੀ ਏ। ਤੂੰ ਉਹਨੂੰ ਏਥੇ ਮੇਰੇ ਕੋਲ ਲਿਆ ਦੇ। ਸਾਰੇ ਤੇਰਾ ਲਿਹਾਜ਼ ਕਰਦੇ ਨੇ। ਪੁਲਸ ਵਾਲੇ ਵੀ ਤੇਰੀ ਮੰਨਦੇ ਨੇ। ਮੇਰੇ ਵੱਲੋਂ ਵੀ ਉਨ੍ਹਾਂ ਨੂੰ ਤਰਲਾ ਕਰੀਂ। ਮੈਂ ਉਹਦੀ ਵੱਡੀ ਭਰਜਾਈ ਆਂ। ਮੈਂ ਉਹਨੂੰ ਹੱਥੀਂ ਪਾਲਿਆ ਏ, ਮਾਂ ਬਰੋਬਰ ਆਂ। ਉਹ ਮੇਰੇ ਕੋਲ ਆਵੇਗੀ। ਮੈਂ ਆਪਣੀ ਹੱਥੀਂ ਉਹਨੂੰ ਕਿਸੇ ਦੇ ਲੜ ਲਾਂਗੀ। ਮੇਰੀ ਸਾਂਝ ਵਧੇਗੀ, ਮੇਰੀਆਂ ਬਾਹੀਂ ਬਨਣਗੀਆਂ। ਮੈਂ ਕਿਸੇ ਨੂੰ ਆਪਣੇ ਆਖਣ ਵਾਲੀ ਬਣਾਂਗੀ।’’
ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿਚ ਚੱਕਰ ਲਾਣ ਲੱਗ ਪਈ। ‘‘ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿਚ, ਜਦੋਂ ਵਾਹੀ ਦੀ ਏ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ ਉਹਦੇ ਨਾਲ। ਸਾਰਾ ਜੜ੍ਹੋਂ ਪੁੱਟ ਕੇ ਪੈਲੀਉਂ ਬਾਹਰ ਸੁੱਟ ਦੇਈ ਦਾ ਏ। ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਕੋਈ ਤਿੜ ਫੁਟ ਆਉਂਦੀ ਹੈ।’’