Khalsa College Amritsar (Punjabi Essay) : Principal Teja Singh

ਖਾਲਸਾ ਕਾਲਜ ਅੰਮ੍ਰਿਤਸਰ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਜਦ ਪਿਛਲੀ ਸਦੀ ਦੇ ਸੰਨ ਅੱਸੀ ਨੱਬੇ ਦੇ ਵਿਚਕਾਰ ਧਾਰਮਕ ਸੁਧਾਰ ਦੀ ਲਹਿਰ ਜਾਰੀ ਹੋਈ, ਤਾਂ ਇਹ ਜ਼ਰੂਰੀ ਸੀ ਕਿ ਸਿੱਖਾਂ ਦਾ ਧਿਆਨ ਵਿਦਿਆ ਵੱਲ ਵੀ ਜਾਂਦਾ, ਕਿ ਕਿਸੇ ਕੌਮ ਵਿਚ ਜਾਗ੍ਰਤ ਪੈਦਾ ਕਰਨ ਲਈ ਵਿਦਿਆ ਤੋਂ ਬਿਨਾਂ ਹਰ ਕੋਈ ਹਥਿਆਰ ਨਹੀਂ। ਉਨ੍ਹੀਂ ਦਿਨੀਂ ਸੁਧਾਰਕ ਸਿੱਖਾਂ ਦੀ ਅਗਵਾਈ 'ਖਾਲਸਾ ਦੀਵਾਨ' ਲਾਹੌਰ ਦੇ ਹੱਥ ਸੀ, ਜਿਸ ਵਿਚ ਵਿਦਿਅਕ ਕੰਮਾਂ ਦੇ ਮੋਢੀ ਸਰਦਾਰ ਗੁਰਮੁਖ ਸਿੰਘ ਜੀ ਓਰੀਅੰਟਲ ਕਾਲਜ ਵਾਲੇ, ਸਰਦਾਰ ਜਵਾਹਰ ਸਿੰਘ ਜੀ ਰੇਲਵੇ ਦਫ਼ਤਰ ਵਾਲੇ ਸਨ। ਇਹ ਸੱਜਣ ਸਧਾਰਨ ਜਿਹੇ ਸਿੱਖ ਸਨ, ਪਰ ਪੰਥਕ ਜੋਸ਼ ਇਨ੍ਹਾਂ ਵਿਚ ਠਾਠਾਂ ਮਾਰਦਾ ਸੀ। ਸਿੱਖਾਂ ਵਿਚ ਜਿਸ ਪਾਸੇ ਇਹ ਜਾਂਦੇ ਸਨ, ਜੋਸ਼ ਦੀ ਲਹਿਰ ਵੱਗ ਤੁਰਦੀ ਸੀ। ਸਰਕਾਰ ਅਤੇ ਰਿਆਸਤਾਂ ਕੋਲੋਂ ਭੀ ਮਦਦ ਲੈਣੀ ਜਾਣਦੇ ਸਨ।

ਉਨੀਂ ਦਿਨੀਂ ਸਿੱਖ ਲੋਕ ਸਰਕਾਰ ਅੰਗਰੇਜ਼ੀ ਨੂੰ ਆਪਣਾ ਪੱਕਾ ਦੋਸਤ ਕਰਕੇ ਜਾਣਦੇ ਸਨ ਅਤੇ ਸਰਕਾਰ ਭੀ ਸਿੱਖਾਂ ਦੀ ਦੋਸਤੀ ਨੂੰ ਕਈ ਮੌਕਿਆਂ ਉਤੇ ਪਰਖ ਕੇ ਚੰਗੀ ਕਦਰ ਵਾਲੀ ਚੀਜ਼ ਸਮਝਦੀ ਸੀ। ਲਾਰਡ ਲੈਨਸਡਊਨ ਵਾਇਸਰਾਏ ਹਿੰਦ ਨੇ ੨੩ ਅਕਤੂਬਰ ੧੮੯੦ ਨੂੰ ਪਟਿਆਲੇ ਵਿਚ ਤਕਰੀਰ ਕਰਦਿਆਂ ਆਖਿਆ ਸੀ ਕਿ "ਸਿੱਖਾਂ ਦੀ ਇਸ ਵਿਦਿਅਕ ਲਹਿਰ ਨਾਲ ਸਰਕਾਰ ਹਿੰਦ ਦੀ ਪੂਰੀ ਪੂਰੀ ਹਮਦਰਦੀ ਹੈ। ਸਿੱਖਾਂ ਵਿਚ ਜੋ ਖਾਸ ਗੁਣ ਹਨ, ਉਹਨਾਂ ਦੀ ਕਦਰ ਸਾਡੇ ਦਿਲ ਵਿਚ ਬਹੁਤ ਹੈ। ਸਾਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਇਹ ਸਿੱਖ ਜੋ ਕਦੀ ਸਾਡੇ ਡਾਢੇ, ਕਰੜੇ ਤੇ ਬਹਾਦਰ ਵੈਰੀ ਸਨ, ਹੁਣ ਮਹਾਰਾਣੀ ਵਿਕਟੋਰੀਆ ਦੇ ਸੱਚੇ ਮਿੱਤਰ ਤੇ ਵਫ਼ਾਦਾਰ ਪਰਜਾ ਹਨ।"

ਪੰਜਾਬ ਦੇ ਲਾਟ ਸਰ ਜੇਮਜ਼ ਲਾਇਲ ਨੇ ਭੀ ੫ ਮਾਰਚ ੧੮੯੨ ਨੂੰ ਖਾਲਸਾ ਕਾਲਜ ਦੀ ਵੱਡੀ ਬਿਲਡਿੰਗ ਦੀ ਨੀਂਹ ਰੱਖਦਿਆਂ ਹੋਇਆਂ ਇਹੋ ਜਿਹਾ ਪ੍ਰਸੰਨਤਾ ਭਰਿਆ ਖ਼ਿਆਲ ਪਰਗਟ ਕੀਤਾ ਸੀ ਕਿ "ਪੰਜਾਬੀ ਫੌਜਾਂ ਨੇ ਜੋ ਹਿੰਦੁਸਤਾਨ, ਚੀਨ, ਅਫਰੀਕਾ, ਮਿਸਰ ਅਤੇ ਕਾਬਲ ਦੀਆਂ ਮੁਹਿੰਮਾਂ ਜਿੱਤੀਆਂ ਹਨ, ਉਨ੍ਹਾਂ ਦਾ ਸਿਹਰਾ ਬਹੁਤ ਕਰਕੇ ਸਿੱਖਾਂ ਦੇ ਸਿਰ ਹੀ ਹੈ ਅਤੇ ਸਰਕਾਰ ਬਰਤਾਨੀਆਂ ਉਨ੍ਹਾਂ ਦਾ ਬਹੁਤ ਅਹਿਸਾਨ ਮੰਨਦੀ ਹੈ।"

ਸਿੱਖ ਭੀ ਆਪਣੇ ਵਲੋਂ ਇਸ ਹਮਦਰਦੀ ਦੀ ਚੋਖੀ ਕਦਰ ਕਰਦੇ ਸਨ। ਜਦ ੨੨ ਅਕਤੂਬਰ ੧੮੯੩ ਨੂੰ ਖਾਲਸਾ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ ਤਾਂ ਕਾਲਜ ਦੇ ਸਕੱਤਰ ਸਾਹਿਬ ਨੇ ਕਾਲਜ ਕੌਂਸਲ ਦੇ ਅੰਗਰੇਜ਼ ਮੈਂਬਰਾਂ ਦੀ ਸਹਾਇਤਾ ਵੱਲ ਧਿਆਨ ਦੁਆਦਿਆਂ ਹੋਇਆਂ ਆਖਿਆ: "ਇਹ ਸੱਜਣ ਜਿਹੜੀ ਮਦਦ ਸਾਨੂੰ ਦੇ ਰਹੇ ਹਨ, ਉਹ ਨਿਰੋਲ ਉਪਕਾਰ ਤੇ ਮਿੱਤਰਤਾ ਵਾਲੀ ਹੈ, ਇਸ ਲਈ ਅਸੀਂ ਇਨ੍ਹਾਂ ਦੇ ਅਤੀ ਧੰਨਵਾਦੀ ਹਾਂ।"

ਕਾਲਜ ਦੇ ਬਣਾਣ ਅਤੇ ਪ੍ਰਬੰਧ ਕਰਨ ਵਿਚ ਕਰਨੈਲ ਹਾਲਰਾਇਡ ਡਾਇਰੈਕਟਰ ਵਿਦਿਅਕ ਮਹਿਕਮੇ ਦਾ), ਮਿ: ਜੇ. ਸਾਈਮ (ਇਕ ਹੋਰ ਡੀ. ਪੀ. ਆਈ.), ਸਰ ਵਿਲੀਅਮ ਰੈਟੀਗਨ (ਜਿਨ੍ਹਾਂ ਦੇ ਨਾਂ ਉਤੇ ਕਾਲਜ ਦੀ ਡਿਸਪੈਂਸਰੀ ਬਣੀ ਹੋਈ ਹੈ), ਮਿ: ਡਬਲਯੂ ਬੈੱਲ (ਪ੍ਰਿੰਸੀਪਲ ਗਵਰਨਮਿੰਟ ਕਾਲਜ) ਅਤੇ ਹੋਰ ਕਈ ਅੰਗਰੇਜ਼ ਅਫ਼ਸਰ ਸਿੱਖਾਂ ਦੇ ਨਾਲ ਮਿਲ ਕੇ ਕੰਮ ਕਰਦੇ ਹਨ। ਇਨ੍ਹਾਂ ਨੂੰ ਸਿੱਖਾਂ ਨੇ ਆਪਣੀ ਮਰਜ਼ੀ ਨਾਲ ਪ੍ਰਬੰਧ ਵਿਚ ਸ਼ਾਮਲ ਕੀਤਾ ਹੋਇਆ ਸੀ ਅਤੇ ਉਹ ਭੀ ਆਪਣਾ ਦਾਬਾ ਕਾਇਮ ਕਰਨ ਲਈ ਨਹੀਂ, ਸਗੋਂ ਨਿਰੋਲ ਮਦਦ ਦੇਣ ਲਈ ਸਿੱਖਾਂ ਨਾਲ ਮੋਢਾ ਚਾਹੁੰਦੇ ਸਨ।

ਪਹਿਲੇ ਪਹਿਲੇ ਖ਼ਿਆਲ ਸੀ ਕਿ ਕਾਲਜ ਲਾਹੌਰ ਵਿਚ ਬਣਾਇਆ ਜਾਵੇ। ਖਾਲਸਾ ਦੀਵਾਨ ਵਾਲੇ ਜਿਨ੍ਹਾਂ ਦਾ ਡੇਰਾ ਲਾਹੌਰ ਵਿਚ ਸੀ, ਇਹੋ ਚਾਹੁੰਦੇ ਸਨ। ਸਰਕਾਰ ਭੀ ਇਹੋ ਸਲਾਹ ਦਿੰਦੀ ਸੀ। ਲਾਟ ਸਾਹਿਬ ਕਹਿੰਦਾ ਸੀ ਕਿ ਲਾਹੌਰ ਵਿਦਿਆ ਤੇ ਸਮਾਜਕ ਉੱਨਤੀ ਦਾ ਕੇਂਦਰ ਹੈ। ਜੇ ਤੁਸੀਂ ਕਾਲਜ ਇਥੇ ਨਾ ਬਣਾਇਆ ਤਾਂ ਪੜ੍ਹਾਈ ਵਲੋਂ "ਊਤ ਦੇ ਊਤ ਹੀ ਰਹੋਗੇ?" ਪਰ ਅੰਮ੍ਰਿਤਸਰ ਵਾਲੇ ਸੱਜਣ ਜ਼ੋਰ ਦਿੰਦੇ ਸਨ ਕਿ ਕਾਲਜ ਅੰਮ੍ਰਿਤਸਰ ਵਿਚ ਬਣੇ। ਬਹੁਤ ਚਿਰ ਇਸੇ ਗੱਲ ਉਤੇ ਝਗੜਾ ਰਿਹਾ ਅਤੇ ਫੈਸਲਾ ਅੰਮ੍ਰਿਤਸਰ ਦੇ ਹੱਕ ਵਿਚ ਹੋਇਆ।

ਹੁਣ ਵਿਚਾਰ ਹੋਈ ਕਿ ਕਾਲਜ ਲਈ ਥਾਂ ਕਿਹੜੀ ਚੁਣੀ ਜਾਵੇ। ਪਹਿਲਾਂ ਸਲਾਹ ਹੋਈ ਕਿ ਰਾਮ ਬਾਗ ਵਿਚ ਬਣਾਇਆ ਜਾਵੇ। ਸਰਕਾਰ ਭੀ ਇਸ ਗੱਲ ਤੇ ਰਾਜ਼ੀ ਸੀ ਅਤੇ ਰਾਮ ਬਾਗ ਤੋਂ ਲੈ ਕੇ ਰੇਲ ਦੇ ਸਟੇਸ਼ਨ ਤੋੜੀ ਸਾਰੀ ਥਾਂ ਦੇਣ ਲਈ ਤਿਆਰ ਸੀ, ਪਰ ਇਸ ਗੱਲ ਵਿਚ ਭੀ ਕਈਆਂ ਨੇ ਹਾਨੀ ਪਾਈ ਕਿ ਸ਼ਹਿਰ ਦੇ ਨੇੜੇ ਹੋਣ ਕਰਕੇ ਮੁੰਡੇ ਵਿਗੜ ਜਾਣਗੇ। ਅੰਤ ਮਿਸਟਰ ਨਿੱਕਲ (ਸਕੱਤਰ ਮਿਉਸੀਪਲ ਕਮੇਟੀ) ਦੀ ਮਦਦ ਨਾਲ ਪਿੰਡ ਕਾਲੇ ਤੇ ਕੋਟ ਸੈਦ ਮਹਿਮੂਦ ਦੇ ਲਾਗੇ ਅੱਜ ਕਲ੍ਹ ਵਾਲੀ ਥਾਂ, ਜੋ ੧੦੦ ਏਕੜ ਦੇ ਕਰੀਬ ਹੈ, ਕੇਵਲ ਦਸ ਹਜ਼ਾਰ ਰੁਪਏ ਤੋਂ ਮੁੱਲ ਲਈ ਗਈ ਅਤੇ ਇਸ ਦੇ ਬਦਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਇਕਰਾਰ ਕੀਤਾ ਗਿਆ ਕਿ ਉਨ੍ਹਾਂ ਦੇ ਮੁੰਡਿਆਂ ਪਾਸੋਂ ਫ਼ੀਸ ਨਹੀਂ ਲਈ ਜਾਏਗੀ।

ਇਹ ਥਾਂ ਬੜੀ ਇਤਿਹਾਸਕ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਸਿੱਖਾਂ ਦਾ ਜੋ ਪਹਿਲਾ ਜੰਗ ਮੁਗਲਾਂ ਨਾਲ ਹੋਇਆ ਸੀ ਉਹ ਇਸੇ ਥਾਂ ਹੋਇਆ ਸੀ। ਹੁਣ ਤੱਕ ਕਈ ਥਾਵਾਂ ਤੋਂ ਜਿਮੀਂ ਪੁੱਟਣ ਲੱਗਿਆਂ ਪੁਰਾਣੀਆਂ ਹੱਡੀਆਂ ਨਿਕਲੀਆਂ ਹਨ। ਕੇਹਾ ਸੋਹਣਾ ਢੋਅ ਢੁੱਕਾ ਕਿ ਸਦੀਆਂ ਮਗਰੋਂ ਉਹ ਪੰਥਕ ਰੱਖਿਆ ਦਾ ਮੈਦਾਨ ਪੰਥ ਦੀ ਵਿਦਿਅਕ ਉੱਨਤੀ ਦਾ ਮੈਦਾਨ ਆ ਬਣਿਆ ਅਤੇ ਜਿਥੇ ਸਿੱਖ ਤੇ ਮੁਸਲਮਾਨ ਕਦੀ ਇਕ ਦੂਜੇ ਦਾ ਸਿਰ ਭੰਨਣ ਲਈ ਇਕੱਠੇ ਹੋਏ ਸਨ, ਅੱਜ ਉਸੇ ਥਾਂ ਉਨ੍ਹਾਂ ਦੀ ਸੰਤਾਨ ਭਰਾਵਾਂ ਵਾਂਗ ਸਿਰ ਜੋੜ ਕੇ ਬਹਿੰਦੀ ਹੈ ਜਾਂ ਖੇਡਾਂ ਦੀਆਂ ਟੀਮਾਂ ਬਣਾ ਕੇ ਖੇਡਦੀ ਹੈ। ਪਾਕਿਸਤਾਨ ਦੇ ਬਣਨ ਤੋਂ ਪਹਿਲਾਂ ਦੀ ਗੱਲ ਹੈ।

੨੨ ਅਕਤੂਬਰ ੧੯੯੩ ਨੂੰ ਮਿਡਲ ਦੀ ਪੜ੍ਹਾਈ ਸ਼ੁਰੂ ਹੋਈ ਅਤੇ ੧੮੯੬ ਵਿਚ ਹਾਈ ਦੀ। ਉਸੇ ਸਾਲ ਐਫ. ਏ. ਦੀਆਂ ਜਮਾਤਾਂ ਖੁੱਲ੍ਹੀਆਂ। ਫਿਰ ੧੮੯੯ ਵਿਚ ਬੀ• ਏ. ਅਤੇ ੧੯੦੫ ਵਿਚ ਐਫ. ਐਸ. ਸੀ. ਅਤੇ ਬੀ. ਐਸ. ਸੀ. ਦੀਆਂ ਜਮਾਤਾਂ ਬਣੀਆਂ। ੧੯੧੬ ਤੋਂ ਐਮ. ਏ. ਤੱਕ ਪੜ੍ਹਾਈ ਹੋਣ ਲੱਗੀ।

ਉਨ੍ਹੀਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਖਾਲਸਾ ਦੀਵਾਨ ਦੇ ਮੋਢੀ ਕੁਝ ਤਾਂ ਚਲਾਣਾ ਕਰ ਗਏ ਅਤੇ ਬਾਕੀ ਦੇ ਇਧਰ ਉਧਰ ਖਿੰਡ ਪੁੰਡ ਗਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਦੀਵਾਨ ਦਾ ਕੰਮ ਬਹੁਤਾ ਢਿੱਲਾ ਪੈ ਗਿਆ। ਇਹਦੇ ਨਾਲ ਕਾਲਜ ਦੀ ਭੀ ਮਾਲੀ ਹਾਲਤ ਬਹੁਤ ਵਿਗੜ ਗਈ। ਇਥੋਂ ਤੱਕ ਕਿ ਮੈਕਵਰਥ ਯੰਗ (ਲਾਟ ਸਾਹਿਬ ਪੰਜਾਬ) ਨੇ ਸਲਾਹ ਦਿੱਤੀ ਕਿ ਕਾਲਜ ਦੀਆਂ ਜਮਾਤਾਂ ਤੋੜ ਦਿਓ। ਪਰ ਕਾਲਜ ਦੇ ਚੰਗੇ ਭਾਗਾਂ ਕਰਕੇ ਉਨ੍ਹੀਂ ਦਿਨੀਂ ਚੀਫ਼ ਖਾਲਸਾ ਦੀਵਾਨ ਨੇ ਜਨਮ ਲਿਆ। ਸ੍ਰ: ਸੁੰਦਰ ਸਿੰਘ ਸਾਹਿਬ ਮਜੀਠਾ ਜੋ ਇਸ ਨਵੇਂ ਦੀਵਾਨ ਦੇ ਮੋਢੀ ਸਨ, ੧੯੦੨ ਵਿਚ ਖਾਲਸਾ ਕਾਲਜ ਦੇ ਸਕੱਤਰ ਬਣੇ।

ਕਾਲਜ ਦੀ ਕੌਂਸਲ ਬਹੁਤ ਵੱਡੀ ਹੋਣ ਕਰਕੇ ਕੰਮ ਠੀਕ ਚਲਦਾ ਨਹੀਂ ਸੀ ਇਸ ਲਈ ਲਾਟ ਸਾਹਿਬ ਦੀ ਸਲਾਹ ਨਾਲ ੧੩ ਆਦਮੀਆਂ ਦੀ ਇਕ ਪ੍ਰਬੰਧਕ ਕਮੇਟੀ ਬਣਾਈ ਗਈ। ਕੰਮ ਚੰਗਾ ਰਿੜ੍ਹ ਪਿਆਂ ਅਤੇ ਕਾਲਜ ਦਿਨੋਂ ਦਿਨ ਚੜ੍ਹਦੀਆਂ ਕਲਾਂ ਵਿਚ ਹੋਣ ਲਗਾ। ੧੨ ਅਪ੍ਰੈਲ ੧੯੦੪ ਨੂੰ ਪੰਥ ਦੇ ਮਾਣਨੀਯ ਬਿਰਧ ਮਹਾਰਾਜ ਸਰ ਹੀਰਾ ਸਿੰਘ ਸਾਹਿਬ ਨਾਭਾ ਦੀ ਪ੍ਰਧਾਨਗੀ ਹੇਠ ਇਕ ਵੱਡਾ ਸਾਰਾ ਜਲਸਾ ਕੀਤਾ ਗਿਆ ਜਿਸ ਵਿਚ ਰਾਜਿਆਂ ਮਹਾਰਾਜਿਆਂ, ਸਰਦਾਰਾਂ, ਅਮੀਰਾਂ, ਗਰੀਬਾਂ ਨੇ ਦਰਸ਼ਨ ਦਿੱਤੇ। (ਪੰਥ ਵਿਚ ਇਹੋ ਜਿਹਾ ਅਦੁੱਤੀ ਇਕੱਠ ਫਿਰ ਮੁੜ ਕੇ ਕਦੀ ਨਹੀਂ ਹੋਇਆ।) ਮਹਾਰਾਜਾ ਹੀਰਾ ਸਿੰਘ ਜੀ ਆਪਣੇ ਹੱਥੀਂ ਸੰਗਤਾਂ ਨੂੰ ਪੱਖਾ ਝਲਦੇ ਸਨ। ਜਦ ਉਨ੍ਹਾਂ ਨੇ ਕਾਲਜ ਲਈ ਆਪਣੀ ਝੋਲੀ ਅੱਡ ਕੇ ਅਪੀਲ ਕੀਤੀ ਅਤੇ ਆਖਿਆ ਕਿ "ਖਾਲਸਾ ਜੀ! ਮੈਂ ਆਪ ਦਾ ਕੂਕਰ ਆਪ ਦੇ ਦਰ ਤੇ ਭਿਖਾਰੀ ਬਣ ਕੇ ਆਇਆ ਹਾਂ", ਤਾਂ ਚੋਹਾਂ ਪਾਸਿਆਂ ਤੋਂ ਲੱਖਾਂ ਤੇ ਹਜ਼ਾਰਾਂ ਰੁਪਿਆਂ ਦੇ ਦਾਨ ਦੀਆਂ ਅਵਾਜ਼ਾਂ ਆਉਣ ਲਗੀਆਂ। ਪਟਿਆਲੇ ਵਲੋਂ ੬ ਲੱਖ, ਨੀਂਦ ਵਲੋਂ ੨ ਲੱਖ ੬੫ ਹਜ਼ਾਰ, ਕਪੂਰਥਲੇ ਵਲੋਂ ੧ ਲੱਖ ੭ ਹਜ਼ਾਰ, ਫਰੀਦਕੋਟ ਵਲੋਂ ੧ ਲੱਖ ਰੁਪਏ ਦਾ ਐਲਾਨ ਹੋਇਆ। ਨਾਭੇ ਵਲੋਂ ਵੀ ੩ ਲੱਖ ੨ ਹਜ਼ਾਰ ਦੇਣਾ ਕੀਤਾ ਗਿਆ। ਕੁਲ ਉਗਰਾਹੀ (ਨਕਦ ਤੇ ਇਕਰਾਰੀ) ਵੀਹ ਲੱਖ ਤੱਕ ਜਾ ਪੁਜੀ। ਇਨਡਉਮੈਂਟ ਫੰਡ ਲਈ ੧੫, ੩੦,੪੭੭ ਰੁਪਏ ਨਕਦ ਜਮ੍ਹਾਂ ਹੋ ਗਏ ਅਤੇ ਵੱਡੀ ਇਮਾਰਤ ਲਈ ੩,੨੮,੪੮o ਰੁਪਏ ਰੋਕ ਬਣੇ, ਜਿਨ੍ਹਾਂ ਵਿਚੋਂ ੫੦,000 ਸਰਕਾਰ ਵਲੋਂ ਸੀ। ਸਿੱਖਾਂ ਦੀ ਮੰਗ ਉਤੇ ਸਰ ਚਾਰਲਸ ਰਿਵਾਜ਼, ਲਾਟ ਸਾਹਿਬ ਪੰਜਾਬ, ਨੇ ਇਕ ਹੋਰ ਭੀ ਉਦਮ ਕੀਤਾ। ਉਹ ਇਕ ਕਿ ਸਿਖ ਜ਼ਿਮੀਂਦਾਰਾਂ ਪਾਸੋਂ ਅਧਿਆਨੀ ਰੁਪਈਆ ਸਰਕਾਰੀ ਮਾਮਲੇ ਨਾਲ ਉਗਰਾਹਿਆ ਗਿਆ। ਇਸੇ ਲਾਟ ਸਾਹਿਬ ਦੇ ਨਾਂ ਉਤੇ ਕਾਲਜ ਦੇ ਹਾਲ ਦਾ ਨਾ "ਰਿਵਾਜ਼ ਹਾਲ" ਹੈ।

ਖਾਲਸਾ ਕਾਲਜ ਪਟਿਆਲਾ ਪਹਿਲਾਂ ਹੋਸਟਲ ਦੇ ਹੇਠਲਿਆਂ ਕਮਬਿਆਂ ਵਿਚ ਲਗਦਾ ਹੁੰਦਾ ਸੀ। ਫਿਰ ੧੭ ਨਵੰਬਰ ੧੯੦੪ ਨੂੰ ਵੱਡੀ ਇਮਾਰਤ ਦੀ ਨੀਂਹ ਰੱਖੀ ਗਈ। ਇਸ ਇਮਾਰਤ ਦਾ ਨਕਸ਼ਾ ਭਾਈ ਰਾਮ ਸਿੰਘ, ਪ੍ਰਿੰਸੀਪਲ ਮਿਓ ਸਕੂਲ ਔਫ਼ ਆਰਟ ਲਾਹੌਰ, ਨੇ ਬਣਾਇਆ ਸੀ। ਇਸ ਵਿਚ ਖਾਸ ਖੂਬੀ ਇਹ ਰੱਖੀ ਗਈ ਕਿ ਇਸਦੇ ਇਮਾਰਤੀ ਢੰਗ ਵਿਚ ਹਿੰਦੂ ਅਤੇ ਮੁਸਲਮਾਨੀ ਢੰਗਾਂ ਦਾ ਮੇਲ ਕੀਤਾ ਗਿਆ। ਜਿਥੇ ਗੁੰਬਦਾਂ ਮੁਸਲਮਾਨੀ ਹਨ, ਉਥੇ ਹਿੰਦੂਆਂ ਦੇ ਪੰਜ ਰਤਨੀ ਖਿਆਲ ਮੁਤਾਬਕ ਗਿਣਤੀ ਵਿਚ ਪੰਜ ਹਨ, ਫ਼ਾੜੀਦਾਰ ਹਨ ਅਤੇ ਉਤੇ ਕੰਵਲ ਦੀਆਂ ਪੱਤੀਆਂ ਬਣੀਆਂ ਹੋਈਆਂ ਹਨ। ਜੇ ਡਾਟਾਂ ਮੁਸਲਮਾਨੀ ਹਨ, ਤਾਂ ਹੇਠਾਂ ਬਰੈਕਟ ਹਿੰਦਵਾਣੀ ਹਨ।

ਇਮਾਰਤ ਦੀ ਉਸਾਰੀ ਦਾ ਕੰਮ ਸਰਦਾਰ ਧਰਮ ਸਿੰਘ ਜੀ ਘਰਜਾਖੀਏ ਦੇ ਸਪੁਰਦ ਸੀ। ਇਹ ਪ੍ਰੇਮ ਦੀ ਸੇਵਾ ਕਰਦੇ ਸਨ। ਇਨ੍ਹਾਂ ਦਾ ਖ਼ਿਆਲ ਸੀ ਕਿ ਇਮਾਰਤ ਉਤੇ ਇੰਨਾ ਰੁਪਈਆ ਨਹੀਂ ਖਰਚਣਾ ਚਾਹੀਦਾ। ਇਸ ਲਈ ਕੰਧਾਂ ਦੇ ਬਾਹਰਵਾਰ ਇੱਟਾਂ ਦੀ ਚਿਣਾਈ ਪੱਕੀ ਹੁੰਦੀ ਸੀ. ਅਤੇ ਅੰਦਰਵਾਰ ਕੱਚੀ। ਜਦ ਲਾਟ ਸਾਹਿਬ ਨੇ ਇਕ ਵਾਰ ਆਪ ਆ ਕੇ ਇਕ ਕੱਚੀ-ਪੱਕੀ ਉਸਾਰੀ ਵੇਖੀ ਤਾਂ ਕਹਿਣ ਲਗੇ, "ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੇ ਇਸ ਕੇਂਦਰੀ ਆਸ਼ਰਮ ਦੀ ਇਮਾਰਤ ਖਾਲਸੇ ਦੀ ਸ਼ਾਨ ਮੁਤਾਬਿਕ ਚੰਗੀ ਤੋਂ ਚੰਗੀ ਬਣੇ। ਇਸ ਲਈ ਇਹ ਚਿਣਾਈ ਵਾਲੀ ਗੱਲ ਸਾਨੂੰ ਪਸੰਦ ਨਹੀਂ।" ਲਾਟ ਸਾਹਿਬ ਦੀ ਮਰਜ਼ੀ ਨੂੰ ਪੂਰਾ ਕਰਨ ਲਈ ਤਜਵੀਜ਼ ਹੋ ਈ ਕਿ ਸਰਦਾਰ ਧਰਮ ਸਿੰਘ ਜੀ ਦੀ ਥਾਂ ਇਕ ਅੰਗਰੇਜ਼ ਇੰਜੀਨੀਅਰ ਰਖਿਆ ਜਾਵੇ। ਉਸ ਮੌਕੇ ਤੇ ਕਿਸੇ ਸੱਜਣ ਨੇ ਕਿਹਾ ਕਿ ਨਵਾਂ ਇੰਜੀਨੀਅਰ ਵੱਡੀ ਤਨਖ਼ਾਹ ਲਵੇਗਾ, ਪਰ ਧਰਮ ਸਿੰਘ ਹੋਰੀਂ ਪ੍ਰੇਮ ਦੀ ਸੇਵਾ ਕਰਦੇ ਹਨ। ਇਸ ਤੇ ਮੇਜਰ ਹਿੱਲ ਦੇ ਮੂੰਹੋਂ ਨਿਕਲ ਗਿਆ "ਪ੍ਰੇਮ ਦੀ ਸੇਵਾ ਫ਼ਜ਼ੂਲ ਹੈ।" ਮੇਜਰ ਹਿੱਲ ਦੇ ਇਸ ਕਥਨ ਨੇ ਸਿੱਖਾਂ ਵਿਚ ਬੜੀ ਤਰਥੱਲੀ ਮਚਾ ਦਿੱਤੀ। ਲੋਕਾਂ ਨੇ ਥਾਂ ਥਾਂ ਰੋਸ ਵਜੋਂ ਜਲਸੇ ਕੀਤੇ, ਅਤੇ ੭0 ਕੁ ਪੰਥਕ ਸਭਾਵਾਂ ਤੇ ਦੀਵਾਨਾਂ ਨੇ ਰੋਸ ਦੇ ਮਤੇ ਪਾਸ ਕਰ ਕੇ ਭੇਜੇ। ਕਾਲਜ ਦੀ ਮੈਨੇਜਿੰਗ ਕਮੇਟੀ ਨੂੰ ਭੀ ਇਸ ਦੁਖਾਵੇਂ ਕਥਨ ਵਲੋਂ ਨਾ ਪਸੰਦੀ ਜ਼ਾਹਰ ਕਰਨੀ ਪਈ।

ਉਹ ਦਿਨ ੧੯੦੭ ਦੇ ਸਨ, ਜਦੋਂ ਸਾਰੇ ਹਿੰਦ ਵਿਚ ਹਲ-ਚਲ ਮਚੀ ਹੋਈ ਸੀ। ਮਿਸਟਰ ਗੋਖਲੇ ਅੰਮ੍ਰਿਤਸਰ ਆਇਆ ਹੋਇਆ ਸੀ, ਅਤੇ ਉਸ ਦੀ ਗੱਡੀ ਕਾਲਜ ਦੇ ਵਿਦਿਆਰਥੀਆਂ ਨੇ ਮੋਢਾ ਦੇ ਕੇ ਖਿੱਚੀ ਸੀ | ਆਸ ਪਾਸ ਜੋਸ਼ ਹੀ ਜੋਸ਼ ਸੀ। ਇਨ੍ਹਾਂ ਹਾਲਤਾਂ ਵਿਚ ਜਦ ਨਵਾਂ ਅੰਗਰੇਜ਼ ਇੰਜੀਨੀਅਰ ੧੦ ਫਰਵਰੀ. ੧੯੦੭ ਨੂੰ ਕਾਲਜ ਵਿਚ ਆਇਆ, ਤਾਂ ਕੁਝ ਮੁੰਡਿਆਂ ਨੇ ਉਸਨੂੰ ਫਕੜੀ ਮਾਰੀ, ਅਤੇ ਸਾਰੇ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਤੇ ਕਾਲੇ ਬਿੱਲੇ ਬੱਧੇ। ਇਸ ਹਾਦਸੇ ਨਾਲ ਕਾਲਜ ਨੂੰ ਸਰਕਾਰ ਕੁਝ ਸ਼ੱਕ ਨਾਲ ਦੇਖਣ ਲੱਗ ਪਈ। ਫੂਲਕੀਆਂ ਦੀਆਂ ਰਿਆਸਤਾਂ ਨੇ ਭੀ ਆਪਣੇ ਵਲੋਂ ਸਾਲਾਨਾ ਸੂਦ ਦੀ ਗ੍ਰਾਂਟ ਬੰਦ ਕਰ ਦਿੱਤੀ ਅਤੇ ਯੂਨੀਵਰਸਿਟੀ ਨੇ ਸੰਬੰਧ ਤੋੜ ਲੈਣ ਦੀ ਧਮਕੀ ਦਿਤੀ। (ਸਰਕਾਰ ਨੂੰ ਨਿਸ਼ਚਾ ਹੋ ਗਿਆ ਕਿ ਕਾਲਜ ਦੀ ਹਾਲਤ ਤਦੇ ਸੁਧਰੇ ਸਕਦੀ ਹੈ ਜੇਕਰ ਇਸ ਦੇ ਪ੍ਰਬੰਧ ਵਿਚ ਸਰਕਾਰ ਦਾ ਆਪਣਾ ਹੱਥ ਹੋਵੇ।

ਸੋ ੧੫ ਜੂਨ ੧੯੦੮ ਨੂੰ ਕਾਲਜ ਦਾ ਪ੍ਰਬੰਧ ਬਦਲਿਆ ਗਿਆ ਅਤੇ ਕਮਿਸ਼ਨਰ ਸਾਹਿਬ ਕਾਲਜ ਕੌਂਸਲ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਵਾਇਸ ਪ੍ਰਧਾਨ ਬਣੇ। ਸਕੱਤਰ ਤੇ ਪ੍ਰਿੰਸੀਪਲ ਸਰਕਾਰ ਵਲੋਂ ਨੀਅਤ ਹੋਣ ਲੱਗੇ। ਇਸ ਨਾਲ ਕਾਲਜ ਤਾਂ ਬਚ ਗਿਆ, ਪਰ ਸਿੱਖਾਂ ਵਿਚ ਕਾਲਜ ਵਲੋਂ ਉਪਰਾਮਤਾ ਵਰਤ ਗਈ। ਅਣਖੀਲੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਅਸਤੀਫ਼ਾ ਦੇ ਕੇ ਮੈਂਬਰੀ ਤੋਂ ਵੱਖ ਹੋ ਗਏ, ਅਤੇ ਸ: ਸੁੰਦਰ ਸਿੰਘ ਜੀ ਦਾ ਭੀ ਸ਼ਾਮਲ ਰਹਿਣਾ ਮੁਸ਼ਕਲ ਹੋ ਗਿਆ। ਸਤੰਬਰ ੧੯੧੨ ਵਿਚ ਕੁਝ ਏਹੋ ਜਿਹੀਆਂ ਹੋਰ ਤਬਦੀਲੀਆਂ ਕੀਤੀਆਂ ਗਈਆਂ ਜਿਨ੍ਹਾਂ ਕਰਕੇ ਸਰਦਾਰ ਜੀ ਨੂੰ ਭੀ ਅਸਤੀਫਾ ਦੇਣਾ ਪਿਆ। ਫ਼ੈਸਰ ਜੋਧ ਸਿੰਘ ਜੀ ਐਮ. ਏ. ਅਤੇ ਉਨ੍ਹਾਂ ਦੇ ਸਾਥੀ ਸ: ਨਰਾਇਣ ਸਿੰਘ ਜੀ ਐਮ. ਏ. ਨੂੰ ਨੌਕਰੀ ਛੱਡਣੀ ਪਈ। ਸਰਕਾਰ ਨੇ ਮੱਦਦ ਵਜੋਂ ਤਿੰਨ ਅੰਗਰੇਜ਼ ਪ੍ਰੋਫੈਸਰ ਆਪਣੇ ਵਿਦਿਅਕ ਮਹਿਕਮੇ ਵਿਚੋਂ ਲੈ ਕੇ ਖਾਲਸਾ ਕਾਲਜ ਨੂੰ ਹੁਦਾਰੇ ਦੇਣੇ ਕੀਤੇ।

ਇਸ ਨਿਰਾਸਤਾ ਵਾਲੀ ਹਾਲਤ ਵਿਚ ਕਾਲਜ ਨੂੰ ਸਰਕਾਰ ਵਲੋਂ ਇਕ ਅਜਿਹਾ ਚੰਗਾ ਪ੍ਰਿੰਸੀਪਲ ਮਿਲ ਗਿਆ, ਜਿਸ ਦੀ ਸ਼ਖ਼ਸੀਅਤ ਨੇ ਸਿਖਾਂ ਦਾ ਗਿਆ ਗਵਾਚਾ ਇਤਬਾਰ ਤੇ ਹਮਦਰਦੀ ਬਹੁਤ ਸਾਰੀ ਮੋੜ ਲਿਆਂਦੀ। ਇਹ ਸੀ ਮਿਸਟਰ ਜੀ. ਏ ਵਾਦਨ। ਇਹ ਸਿੱਖਾਂ ਦਾ ਸੱਚਾ ਖ਼ੈਰ-ਖ਼ਾਹ ਤੇ ਹਮਦਰਦ ਸੀ। ਇਸ ਨੇ ਨਾ ਕੇਵਲ ਕਾਲਜ ਨੂੰ ਹਰ ਪਾਸਿਓਂ ਤਰੱਕੀ ਦਿੱਤੀ, ਅਤੇ ਇਸ ਦੇ ਵਿਦਿਆਰਥੀਆਂ ਨੂੰ ਹਮਦਰਦੀ ਦਸ ਕੇ ਅਤੇ ਨੌਕਰੀਆਂ ਦਿਵਾ ਕੇ ਜੱਸ ਖੱਟਿਆ, ਸਗੋਂ ਕਾਲਜ ਨੂੰ ਯੂਨੀਵਰਸਿਟੀ ਬਨਾਣ ਦਾ ਖ਼ਿਆਲ ਪਹਿਲਾਂ-ਪਹਿਲ ਸਿੱਖਾਂ ਦੇ ਸਾਹਮਣੇ ਰੱਖਿਆ। ਉਸ ਦਾ ਖ਼ਿਆਲ ਕੁਝ ਪੂਰਾ ਹੁੰਦਾ ਭੀ ਦਿਸਦਾ ਸੀ ਕਿ ਪ੍ਰਿੰਸ ਐਫ ਵੈਲਜ਼ ਆ ਕੇ ਸਿੱਖ ਯੂਨੀਵਰਸਿਟੀ ਦੀ ਨੀਂਹ ਰੱਖੇ ਪਰ ੧੯੨੦ ਵਿਚ ਅਕਾਲੀ ਤਹਿਰੀਕ ਦੇ ਚਲਣ ਨਾਲ ਸਿਖਾਂ ਦੀ ਰੁਚੀ ਕਿਸੇ ਹੋਰ ਪਾਸੇ ਖਿਚੀ ਗਈ ਅਤੇ ਇਹ ਕੰਮ ਸਿਰੇ ਨਾ ਚੜ੍ਹ ਸਕਿਆ। ਹਾਂ ਇਸ ਹੱਲੇ ਵਿਚ ਕਾਲਜ ਦਾ ਪ੍ਰਬੰਧ ਸਿਖਾਂ ਦੇ ਹੱਥ ਆ ਗਿਆ।

ਮੁਲਕ ਵਿਚ ਨਾ-ਮਿਲਵਰਤਣ ਦੀ ਲਹਿਰ ਜ਼ੋਰਾਂ ਤੇ ਸੀ। ਖਾਸ ਕਰ ਕੇ ਲੋਕੀਂ ਵਿਦਿਅਕ ਆਸ਼ਰਮਾਂ ਦਾ ਪ੍ਰਬੰਧ ਸਰਕਾਰੀ ਮਹਿਕਮੇ ਅਤੇ ਯੂਨੀਵਰਸਿਟੀ ਨਾਲੋਂ ਤੋੜ ਲੈਣ ਉਤੇ ਜ਼ੋਰ ਦੇ ਰਹੇ ਸਨ। ਮਹਾਤਮਾ ਗਾਂਧੀ ਪੰਜਾਬ ਦਾ ਦੌਰਾ ਕਰ ਰਿਹਾ ਸੀ। ਉਹ ਅੰਮ੍ਰਿਤਸਰ ਵੀ ਆਇਆ। ਸਭ ਨੂੰ ਡਰ ਸੀ ਕਿ ਖਾਲਸਾ ਕਾਲਜ ਵੀ ਇਸੇ ਹੜ੍ਹ ਵਿਚ ਰੁੜ ਜਾਏਗਾ। ਪਰ ਮਿਸਟਰ ਵਾਦਨ ਨੂੰ ਪੱਕੀ ਉਮੈਦ ਸੀ-ਸਿੱਖ ਕੌਮ ਇਸ ਵੇਲੇ ਹੋਸ਼ ਤੋਂ ਕੰਮ ਲਵੇਗੀ। ਉਹ ਮਹਾਤਮਾ ਗਾਂਧੀ ਦੇ ਅਸਰ ਤੋਂ ਨਾ ਡਰਿਆ, ਅਤੇ ਸਟਾਫ ਦੀ ਸਿਆਣਪ, ਵਫ਼ਾਦਾਰੀ ਅਤੇ ਹਮਦਰਦੀ ਉਤੇ ਭਰੋਸਾ ਕਰਦਿਆਂ ਮਹਾਤਮਾ ਜੀ ਨੂੰ ਕਾਲਜ ਵਿਚ ਸੱਦ ਕੇ ਵੰਗਾਰਿਆ ਕਿ ਆਓ ਆਪਣੀ ਪੂਰੀ ਵਾਹ ਲਾ ਲਓ। ਮਹਾਤਮਾ ਜੀ ਆਏ ਅਤੇ ਦੁਵੱਲੀ ਖੁਲ੍ਹੀਆਂ ਗੱਲਾਂ ਬਾਤਾਂ ਹੋਈਆਂ।

ਮਿ ਵਾਦਨ: "ਮਹਾਤਮਾ ਜੀ! ਤੁਸੀਂ ਖਾਲਸਾ ਕਾਲਜ ਨੂੰ ਤੋੜਨ ਆਏ ਹੋ?

ਮਹਾਤਮਾ: "ਹਾਂ, ਮੈਂ ਇਸ ਨੂੰ ਤੋੜਨ ਆਇਆ ਹਾਂ।"

ਮਿ ਵਾਦਨ ਉਸ ਨੂੰ ਬਾਹੋਂ ਫੜ ਕੇ ਖੁੱਲ੍ਹੀ ਥਾਂ ਤੇ ਲੈ ਗਿਆ ਅਤੇ ਕਾਲਜ ਦੀ ਆਲੀਸ਼ਾਨ ਇਮਾਰਤ ਵੱਲ ਇਸ਼ਾਰਾ ਕਰ ਕੇ ਕਿਹਾ: "ਮਹਾਤਮਾ ਜੀ! ਇਹ ਕਾਲਜ ਸਿੱਖਾਂ ਦੇ ਖੂਨ ਦਾ ਬਣਿਆ ਹੈ। ਇਹ ਸਿੱਖਾਂ ਦੇ ਪਿਆਰ ਤੇ ਕੁਰਬਾਨੀ ਦਾ ਨਮੂਨਾ ਹੈ। ਕੀ ਤੁਹਾਡਾ ਜੀ ਕਰਦਾ ਹੈ ਕਿ ਏਹੋ ਜਿਹੇ ਮਹਾਨ ਆਸ਼ਰਮ ਨੂੰ ਨੁਕਸਾਨ ਪੁਚਾਓ? ਮਹਾਤਮਾਂ ਜੀ! ਤੁਸੀਂ ਇਸ ਆਸ਼ਰਮ ਦਾ ਕੀ ਸੰਵਾਰਿਆ ਹੈ, ਇਸ ਦੀ ਕੀ ਸੇਵਾ ਕੀਤੀ ਹੈ ਕਿ ਇਸ ਨੂੰ ਤੋੜਨ ਦਾ ਹੀਆ ਕਰੋ? ਤੁਸੀਂ ਤੇ ਮੈਂ ਇਹ ਸਾਰੇ ਲੋਕ ਇਸ ਦੀ ਮਹਾਨਤਾ ਦੇ ਸਾਹਮਣੇ ਤੁਛ ਹਨ। ਅਸੀਂ ਤੁਸੀਂ ਇਸ ਦਾ ਕੁਝ ਨਹੀਂ ਵਿਗਾੜ ਸਕਦੇ। ਅਸੀਂ ਮਿਟ ਜਾਵਾਂਗੇ, ਪਰ ਇਹ ਕਾਇਮ ਰਹੇਗਾ। ਸਤਿ ਸ੍ਰੀ ਅਕਾਲ ਦਾ ਜੈਕਾਰਾ ਆਵੇ।" ਜੈਕਾਰਿਆਂ ਦੀ ਗੂੰਜ ਵਿਚ ਮਹਾਤਮਾ ਜੀ ਨਿਰਾਸ਼ ਹੋ ਕੇ ਪਰਤ ਗਏ।

ਕਾਲਜ ਦੇ ਸਟਾਫ ਨੇ ਨਾਮਿਲਵਰਤਣ ਨਾ ਕੀਤੀ, ਪਰ ਇਸ ਲਹਿਰ ਤੋਂ ਜੋ ਮੁਲਕ ਵਿਚ ਜੋਸ਼ ਫੈਲਿਆ ਹੋਇਆ ਸੀ, ਉਸ ਤੋਂ ਫਾਇਦਾ ਉਠਾ ਕੇ ਕਾਲਜ ਦੇ ਪ੍ਰਬੰਧ ਨੂੰ ਠੀਕ ਕਰਾ ਲਿਆ। ਖ਼ਤਰਾ ਸੀ ਕਿ ਜੇ ਸਰਕਾਰੀ ਦਖ਼ਲ ਵਾਲੀ ਕਮਜ਼ੋਰੀ ਕਾਇਮ ਰਹੀ, ਤਾਂ ਕਾਲਜ ਨੂੰ ਨਾਮਿਲਵਰਤਣੇ ਦੇ ਹੱਲ ਤੋਂ ਬਚਾਣਾ ਔਖਾ ਹੋ ਜਾਏਗਾ। ਇਸ ਵੱਧਦੀ ਰੌ ਨੂੰ ਠਲ੍ਹਣ ਲਈ ਕੁਝ ਤੱਟ-ਫ਼ਟ ਦਾਰੂ ਕਰਨ ਦੀ ਲੋੜ ਸੀ। ੨੪ ਅਕਤੂਬਰ ੧੯੨੦ ਨੂੰ ਪ੍ਰਫ਼ੈਸਰਾਂ ਨੇ ਮਤਾ ਪਾਸ ਕਰ ਕੇ ਸਰਕਾਰ ਪਾਸੋਂ ਮੰਗ ਕੀਤੀ ਕਿ ਕਾਲਜ ਦੇ ਪ੍ਰਬੰਧ ਵਿਚੋਂ ਆਪਣੇ ਮੈਂਬਰ ਹਟਾ ਲਵੋ। ਇਸ ਮੌਕੇ ਤੇ ਸਟਾਫ ਨੇ ਬੜੀ ਸਿਆਣਪ ਤੋਂ ਕੰਮ ਲਿਆ। ਇਕ ਤਾਂ ਬਾਹਰਲੇ ਲੋਕਾਂ ਨੂੰ ਕਾਲਜ ਦੇ ਅੰਦਰ ਆ ਕੇ ਮੁੰਡਿਆਂ ਨੂੰ ਉਕਸਾਉਣ ਦਾ ਮੌਕਾ ਨਾ ਦਿੱਤਾ ਅਤੇ ਨਾ ਆਪ ਹੀ ਕੋਈ ਭੜਕਾਊ ਗੱਲ ਕੀਤੀ। ਦੂਜੇ ਦੀ ਮੰਗ ਕੀਤੀ ਉਹ ਸਾਰੇ ਪੰਥ ਦੀ ਰਲਵੀਂ ਮੰਗ ਸੀ। ਅਸਤੀਫਿਆਂ ਦਾ ਅਰਦਾਸਾ ਭੀ ਸ: ਜੱਧ ਸਿੰਘ ਜੀ ਐਮ. ਏ. ਪਾਸੋਂ ਕਰਾਇਆ ਅਤੇ ਹਰ ਕਦਮ ਤੇ ਸ: ਹਰਬੰਸ ਸਿੰਘ ਜੀ ਅਟਾਰੀ ਵਾਲਿਆਂ ਨੂੰ ਅੱਗੇ ਰਖਿਆ। ਸਰਕਾਰੀ ਮੈਂਬਰਾਂ ਦੀ ਥਾਂ ਪੁਰ ਕਰਨ ਲਈ ਜਦ ਨਾਂ ਮੰਗੇ ਗਏ ਤਾਂ ਭੀ ਮਾਡਰੇਟ ਸਰਦਾਰਾਂ ਦੇ ਨਾਂ ਹੀ ਦਿੱਤੇ ਅਤੇ ਪ੍ਰਬੰਧ ਵਿਚ ਰਿਆਸਤੀ ਅੰਗ ਨੂੰ ਨਾ ਛੇੜਿਆ।

ਕੁਝ ਖਿੱਚੋਤਾਣ ਮਗਰੋਂ ਦਸੰਬਰ ਨੂੰ ਸਰਕਾਰ ਨੇ ਸਿੱਖਾਂ ਦੀ ਇਹ ਮੰਗ ਮੰਨ ਲਈ (ਭਾਵੇਂ ਇਸ ਦੌਰਾਨ ਵਿਚ ੧੩ ਪ੍ਰੋਫੈਸਰਾਂ ਦੇ ਅਸਤੀਫੇ ਦੇਣ ਤੱਕ ਨੌਬਤ ਪਹੁੰਚੀ) ਅਤੇ ਕਾਲਜ ਨਾਮਿਲਵਰਤਣ ਦੀ ਲਹਿਰ ਤੋਂ ਬਚ ਗਿਆ। ਸਿੱਖਾਂ ਦੀ ਇਹ ਪੁਰਾਣੀ ਮੰਗ ਪੂਰੀ ਕਰਨ ਵਿਚ ਸਰਕਾਰ ਨੇ ਸਿੱਖਾਂ ਦੀ ਕਾਹਲੀ ਉਤੇ ਕੋਈ ਗੁੱਸਾ ਨਹੀਂ ਕੀਤਾ, ਸਗੋਂ ਆਪਣੀ ਉਦਾਰ ਸਹਾਇਤਾ ਦਾ ਹੱਥ ਕਾਲਜ ਦੇ ਸਿਰ ਉਤੇ ਉਸੇ ਤਰ੍ਹਾਂ ਰੱਖੀ ਰਖਿਆ। ਸਰਦਾਰ ਬਹਾਦਰ ਸੁੰਦਰ ਸਿੰਘ ਮਜੀਠਾ ਕਾਲਜ ਕਮੇਟੀ ਦੇ ਪ੍ਰਧਾਨ ਬਣੇ ਅਤੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਸਕੱਤਰ ਬਣੇ। ਇਹ ਦੋਵੇਂ ਸਰਦਾਰ ਆਪਣੇ ਅੰਤਰ ਸਵਾਸਾਂ ਤੱਕ ਇਸ ਪੰਥਕ ਆਸ਼ਰਮ ਦੀ ਸੇਵਾ ਕਰਦੇ ਰਹੇ ਅਤੇ ਇਸ ਵਿਚ ਸਿੱਖੀ ਸਿਦਕ ਦੇ ਕਾਇਮ ਰੱਖਣ ਲਈ ਪੂਰੀ ਵਾਹ ਲਾਉਂਦੇ ਰਹੇ।

ਨਵੇਂ ਜ਼ਮਾਨੇ ਦੀ ਹਵਾ ਲੱਗਣ ਨਾਲ ਜਿਥੇ ਪ੍ਰਬੰਧ ਨਿਰੋਲ ਸਿੱਖਾਂ ਦਾ ਹੋ ਗਿਆ ਉਥੇ ਕੁਝ ਮੁੱਦੇ ਪਿੱਛੋਂ ਕਾਲਜ ਦਾ ਪ੍ਰਿੰਸੀਪਲ ਭੀ ਸਿੱਖ ਮੁਕੱਰਰ ਹੋਣ ਲੱਗਾ। ਸਰਦਾਰ ਬਹਾਦਰ ਬਿਸ਼ਨ ਸਿੰਘ ਜੀ ਅਤੇ ਸਰਦਾਰ ਜੋਧ ਸਿੰਘ ਜੀ ਦੀ ਪ੍ਰਿੰਸੀਪਲੀ ਦੇ ਸਮੇਂ ਕਾਲਜ ਨੇ ਕਈ ਪਾਸਿਆਂ ਤੋਂ ਚੋਖੀ ਉੱਨਤੀ ਕੀਤੀ | ਇਨ੍ਹਾਂ ਦੇ ਅਥਕ ਜਤਨਾਂ ਦੇ ਸਦਕੇ, ਬਾਵਜੂਦ ਸ਼ਹਿਰ ਵਿਚ ਦੋ ਹੋਰ ਕਾਲਜ ਅਤੇ ਸੂਬੇ ਭਰ ਵਿਚ ਕਈ ਨਵੇਂ ਕਾਲਜ ਖੁੱਲ੍ਹਣ ਤੇ, ਇਸ ਕਾਲਜ ਨੂੰ ਕੋਈ ਘਾਟਾ ਨਹੀਂ ਵਾਪਰਿਆ। ਸਗੋਂ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਆਈ ਹੈ ਅਤੇ ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀ ਵਧੇਰੀ ਗਿਣਤੀ ਵਿਚ ਦਾਖ਼ਲ ਹੁੰਦੇ ਹਨ।

ਪਹਿਲਾਂ ਪਹਿਲ ਇਥੇ ਕ੍ਰਿਕਟ ਦਾ ਜ਼ੋਰ ਸੀ ਅਤੇ ਇਸ ਦੇ ਮੈਚਾਂ ਦੀ ਧੁੰਮ ਸਾਰੇ ਸੂਬੇ ਵਿਚ ਪਈ ਰਹਿੰਦੀ ਸੀ। ਫੇਰ ਹਾਕੀ ਦੀ ਵਾਰੀ ਆਈ। ਹੁਣ ਫੁੱਟਬਾਲ ਜ਼ੋਰਾਂ ਤੇ ਹੈ। ਖੇਡਾਂ ਦੀਆਂ ਟਰਾਫੀਆਂ ਜਿੱਤਣ ਵਿਚ ਇਹ ਕਾਲਜ ਕਿਸੇ ਤੋਂ ਪਿੱਛੇ ਨਹੀਂ। ਇਮਤਿਹਾਨਾਂ ਦੇ ਨਤੀਜੇ ਭੀ, ਖਾਸ ਕਰਕੇ ਸਾਇੰਸ ਦੀਆਂ ਉੱਚੀਆਂ ਜਮਾਤਾਂ ਦੇ ਬਹੁਤ ਚੰਗੇ ਨਿਕਲਦੇ ਹਨ। ਆਰਟਸ ਵਾਲੇ ਪਾਸੇ ਐਮ. ਏ. ਅੰਗਰੇਜ਼ੀ ਤੱਕ ਪੜਾਈ ਜਾਂਦੀ ਹੈ ਅਤੇ ਸਾਇੰਸ ਵਾਲੇ ਪਾਸੇ ਕਮਿਸਟਰੀ ਦਾ ਐਮ. ਐਸ. ਸੀ. (ਖੋਜ ਪੱਖ) ਅਤੇ ਬਾਤਨੀ; ਫਿਜ਼ਿਕਸ ਅਤੇ ਖੇਤੀ-ਬਾੜੀ ਦੀ ਬੀ. ਐਸ. ਸੀ. ਤੱਕ ਹੈ।

ਸੰਨ ੧੯੩੦ ਤੋਂ ਲੈ ਕੇ ਸਿੱਖ ਇਤਿਹਾਸ ਦੀ ਖੋਜ ਦਾ ਮਹਿਕਮਾ ਜਾਰੀ ਕੀਤਾ ਗਿਆ ਹੈ, ਜਿਸ ਦੇ ਰਾਹੀਂ ਇਤਿਹਾਸਕ ਪੁਸਤਕਾਂ ਦਾ ਭੰਡਾਰ ਇਕੱਠਾ ਕਰਕੇ ਵਡਮੁੱਲੀ ਖੋਜ ਦੀ ਨੀਂਹ ਰੱਖੀ ਜਾ ਰਹੀ ਹੈ।

ਇਸ ਆਸ਼ਰਮ ਵਿਚ ਕਈ ਲੋੜਵੰਦੀਆਂ ਤੇ ਅਰਾਮ ਵਾਲੀਆਂ ਚੀਜ਼ਾਂ ਹਨ ਜਿਹੜੀਆਂ ਇਥੇ ਦਾ ਖਾਸ ਭੂਸ਼ਣ ਹਨ, ਜਿਵੇਂ ਕਿ ਤਾਜ਼ਾ ਪਾਣੀ ਦਾ ਤਲਾਅ, ਖੇਡਾਂ ਲਈ ੨੫ ਗਰਾਉਡਾਂ, ਕਸਰਤ ਲਈ ਜਿਮਨੇਜ਼ੀਅਮ, ਦੁੱਧ ਮੱਖਣ ਲਈ ਡੇਅਰੀ ਫ਼ਾਰਮ, ਬੀਮਾਰਾਂ ਲਈ ਹਸਪਤਾਲ ਜੋ ਕਾਲਜ ਦੇ ਆਪਣੇ ਇਕ ਲਾਇਕ, ਤਜ਼ਰਬੇਕਾਰ ਤੇ ਮਿਹਨਤੀ ਡਾਕਟਰ ਦੇ ਸਪੁਰਦ ਹੈ, ਲੋੜੀਂਦੀਆਂ ਚੀਜ਼ਾਂ ਸਸਤੇ ਭਾਅ ਵੇਚਣ ਲਈ ਇਕ ਕੋਆਪਰੇਪਿਵ ਸਟੋਰ, ਪੁਸਤਕ ਭੰਡਾਰ, ੨੦ ਰਜ਼ਾਰ ਪੁਸਤਕਾਂ ਵਾਲੀ ਲਾਇਬਰੇਰੀ, ਫਲਦਾਰ ਤੇ ਫੁੱਲਦਾਰ ਬੂਟਿਆਂ ਦੀ ਪਨੀਰੀ ਆਦਿ।

ਵਿਦਿਆਰਥੀਆਂ ਦੀ ਰਿਹਾਇਸ਼ ਲਈ ਸੱਤ ਵੱਡੇ ਖੁੱਲ੍ਹੇ ਬੋਰਡਿੰਗ ਹਨ, ਇਨ੍ਹਾਂ ਵਿਚੋਂ ਇਕ ਹਿੰਦੂਆਂ ਲਈ ਭੀ ਹੈ।

ਇਸ ਕਾਲਜ ਦੀ ਇਕ ਖਾਸ ਖੂਬੀ ਇਹ ਹੈ ਕਿ ਇਸ ਵਿਚ ਸਿੱਖ ਉਸਤਾਦਾਂ ਤੇ ਵਿਦਿਆਰਥੀਆਂ ਦੇ ਨਾਲ ਨਾਲ ਗੈਰ-ਸਿੱਖ ਉਸਤਾਦ ਅਤੇ ਵਿਦਿਆਰਥੀ ਭੀ ਬਿਨਾਂ ਕਿਸੇ ਰੋਕ ਟੋਕ ਦੇ ਲਾਏ ਜਾਂਦੇ ਹਨ। ਗੁਰੂ ਨਾਨਕ ਦੇਵ ਦੇ ਘਰ ਵਾਂਗੂ ਜੋ ਵੀ ਆਦਮੀ ਉਸਤਾਦ ਜਾਂ ਵਿਦਿਆਰਥੀ ਹੋ ਕੇ ਇਸ ਦੇ ਅੰਦਰ ਆ ਵੜਦਾ ਹੈ, ਉਸ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ।

ਧਰਮ-ਵਿਦਿਆ ਦੀ ਪੜ੍ਹਾਈ ਦਾ ਖਾਸ ਇੰਤਜ਼ਾਮ ਹੈ। ਹਰ ਰੋਜ਼ ਸਵੇਰੇ ਅਤੇ ਸ਼ਾਮ ਸਾਰੇ ਵਿਦਿਆਰਥੀ ਅਤੇ ਉਸਤਾਦ ਗੁਰੂਦੁਆਰੇ ਵਿਚ ਕੀਰਤਨ ਪਾਠ ਸੁਣਨ ਲਈ ਹਾਜ਼ਰ ਹੁੰਦੇ ਹਨ। ਇਸ ਨੇਮ ਦਾ ਜੋ ਅਸਰ ਹੁੰਦਾ ਹੈ, ਉਹ ਬਾਵਜੂਦ ਵਰਤਮਾਨ ਸਮੇਂ ਦੀਆਂ ਔਕੜਾਂ ਦੇ ਵਿਦਿਆਰਥੀਆਂ ਦੀ ਰਹਿਣੀ ਬਹਿਣੀ ਦੇ ਅੰਦਰ ਘਰ ਕਰ ਜਾਂਦਾ ਹੈ। ਇਸ ਦਾ ਸਬੂਤ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ ਕਿ ਜਿਤਨੇ ਮੁਖੀ ਸੇਵਕ ਏਸ ਵੇਲੇ ਸਿੱਖਾਂ ਵਿਚ ਕੰਮ ਕਰ ਰਹੇ ਹਨ, ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੁਰਾਣੇ ਵਿਦਿਆਰਥੀ ਹਨ। ਇਹ ਕਹਿਣਾ ਮੁਬਾਲਗਾ ਨਹੀਂ ਹੋਵੇਗਾ ਕਿ ਖਾਲਸਾ ਕਾਲਜ ਨਾ ਕੇਵਲ ਸਿੱਖਾਂ ਦਾ ਸਭ ਤੋਂ ਵੱਡਾ ਵਿਦਿਆਮੰਦਰ ਹੈ, ਸਗੋਂ ਕੌਮੀ ਉਸਾਰੀ, ਧਾਰਮਕ ਸੁਧਾਰ ਅਤੇ ਸਮਾਜਕ ਉੱਨਤੀ ਦਾ ਕੇਂਦਰ ਹੈ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ