Khoon Da Rishta : Dr. Faqir Chand Shukla
ਖ਼ੂਨ ਦਾ ਰਿਸ਼ਤਾ : ਫ਼ਕੀਰ ਚੰਦ ਸ਼ੁਕਲਾ
ਰਿਸ਼ਤੇ ਵਿੱਚ ਉਹ ਮੇਰੀ ਭੈਣ ਲੱਗਦੀ ਹੈ। ਮੇਰੀ ਮਾਂ ਦੀ ਭਤੀਜੀ ਮਤਲਬ ਮੇਰੇ ਮਾਮਾ ਜੀ ਦੀ ਬੇਟੀ ਹੈ। ਮੇਰਾ ਕੋਈ ਸਕਾ ਮਾਮਾ ਨਹੀਂ ਹੈ। ਉਂਜ ਵੀ ਰੱਬ ਨੇ ਮੈਨੂੰ ਗਿਣੇ-ਚੁਣੇ ਰਿਸ਼ਤੇਦਾਰ ਹੀ ਬਖ਼ਸ਼ੇ ਹਨ। ਸਕਿਆਂ ਵਿੱਚੋਂ ਨਾ ਭੂਆ ਹੈ, ਨਾ ਮਾਮਾ ਅਤੇ ਨਾ ਹੀ ਕੋਈ ਚਾਚਾ-ਤਾਇਆ। ਇਹ ਕੁੜੀ ਸੁਨੀਤਾ ਮੇਰੀ ਮਾਂ ਦੇ ਇੱਕੋ-ਇੱਕ ਚਾਚੇ ਦੀ ਪੋਤੀ ਹੈ।
ਸੁਨੀਤਾ ਮੇਰੇ ਤੋਂ ਉਮਰ ਵਿੱਚ ਬਹੁਤ ਛੋਟੀ ਹੈ। ਉਨ੍ਹੀਂ ਦਿਨੀਂ ਉਹ ਮੁੰਬਈ ਮਹਾਂਨਗਰ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਪੰਜਾਬ ਆਉਣਾ ਤਾਂ ਮੈਨੂੰ ਵੀ ਅਤੇ ਸੁਨੀਤਾ ਨੂੰ ਵੀ ਅੰਤਾਂ ਦਾ ਚਾਅ ਚੜ੍ਹ ਜਾਣਾ। ਉਸ ਦੀਆਂ ਪਿਆਰੀਆਂ-ਪਿਆਰੀਆਂ ਗੱਲਾਂ ਮਨ ਮੋਹ ਲੈਂਦੀਆਂ ਸਨ। ਮੈਂ ਅਕਸਰ ਉਸ ਨੂੰ ਕੁੱਛੜ ਚੁੱਕ ਕੇ ਘੁਮਾਉਂਦਾ ਰਹਿੰਦਾ ਸਾਂ।
ਸਮਾਂ ਆਪਣੀ ਤੋਰ ਤੁਰਿਆ ਜਾ ਰਿਹਾ ਸੀ। ਉਹ ਹੁਣ ਵੱਡੇ ਸਕੂਲ ਵਿੱਚ ਪੜ੍ਹਨ ਲੱਗੀ ਸੀ। ਹੁਣ ਜਦੋਂ ਵੀ ਉਹ ਪੰਜਾਬ ਆਉਂਦੀ ਤਾਂ ਉਸ ਨਾਲ ਗੱਲ ਕਰਦਿਆਂ ਮੈਨੂੰ ਆਪਣੇ-ਆਪ ’ਚ ਕਈ ਵਾਰੀ ਹੀਣ ਭਾਵਨਾ ਮਹਿਸੂਸ ਹੁੰਦੀ ਸੀ। ਮੈਂ ਪਿੰਡ ਦਾ ਜੰਮਪਲ ਅਤੇ ਉਹ ਮਹਾਂਨਗਰ ਦੀ ਰਹਿਣ ਵਾਲੀ ਤੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਵਾਲੀ। ਉਸ ਦਾ ਅੰਗਰੇਜ਼ੀ ਬੋਲਣ ਦਾ ਲਹਿਜ਼ਾ ਸੁਣ ਕੇ ਅਕਸਰ ਮਨ ਵਿੱਚ ਆਉਂਦਾ ਸੀ ਕਿ ਅਸੀਂ ਤਾਂ ਐਵੇਂ ਹੀ ਪੜ੍ਹਾਈ ਕੀਤੀ ਹੈ। ਸਾਡਾ ਬੋਲਣ ਦਾ ਠੇਠ ਪੰਜਾਬੀ ਲਹਿਜ਼ਾ ਸੁਣ ਕੇ ਸਾਡੇ ਅੰਗਰੇਜ਼ੀ ਵਾਲੇ ਮਾਸਟਰ ਜੀ ਅਕਸਰ ਟੋਕ ਦਿੰਦੇ ਸਨ: ‘‘ਓਏ ਐਨਾ ਘੋਟ ਘੋਟ ਕੇ ਕਿਉਂ ਬੋਲਦੇ ਓਂ। ਜੇ ਕਿਤੇ ਅੰਗਰੇਜ਼ ਤੁਹਾਡੀ ਅੰਗਰੇਜ਼ੀ ਸੁਣ ਲੈਂਦੈ ਤਾਂ ਹਿੰਦੋਸਤਾਨ ਵੈਸੇ ਹੀ ਆਜ਼ਾਦ ਹੋ ਜਾਣਾ ਸੀ। ਫਰੀਡਮ ਸਟਰਗਲ ਦੀ ਲੋੜ ਨਹੀਂ ਪੈਣੀ ਸੀ।’’ …ਤੇ ਸੁਨੀਤਾ ਦਾ ਅੰਗਰੇਜ਼ੀ ਦਾ ਉਚਾਰਨ ਸੁਣ ਕੇ ਕਈ ਵਾਰੀ ਮਨ ਵਿੱਚ ਇਹ ਜ਼ਰੂਰ ਆ ਜਾਂਦਾ ਸੀ ਕਿ ਸਾਡੇ ਮਾਸਟਰ ਜੀ ਠੀਕ ਹੀ ਆਖਿਆ ਕਰਦੇ ਸਨ। ਅੰਗਰੇਜ਼ੀ ਤਾਂ ਉਵੇਂ ਹੀ ਬੋਲਣੀ ਚਾਹੀਦੀ ਹੈ ਜਿਵੇਂ ਸੁਨੀਤਾ ਬੋਲਦੀ ਹੈ।
ਜਿੰਨੀ ਵਾਰੀ ਵੀ ਉਹ ਪੰਜਾਬ ਫੇਰੀ ’ਤੇ ਆਉਂਦੇ, ਹਰ ਵਾਰ ਉਸ ਤੋਂ ਨਵੀਂ ਜਾਣਕਾਰੀ ਮਿਲਦੀ ਸੀ। ਕਈ ਵਾਰੀ ਉਹ ਮੇਰੇ ਨਾਲ ਮਰਾਠੀ ਵਿੱਚ ਗੱਲਾਂ ਕਰਨ ਲੱਗ ਜਾਂਦੀ ਪਰ ਮੇਰੇ ਪੱਲੇ ਕੀ ਪੈਣਾ ਸੀ। ਮੈਨੂੰ ਕਿਹੜਾ ਮਰਾਠੀ ਆਉਂਦੀ ਸੀ! ਉਹ ਮੈਨੂੰ ਅਕਸਰ ਹੱਸ ਕੇ ਕਿਹਾ ਕਰਦੀ ਸੀ, ‘‘ਭਈਆ, ਬੰਦੇ ਨੂੰ ਹਮੇਸ਼ਾਂ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ। ਹਮੇਸ਼ਾਂ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ।’’ ਉਸ ਮੈਨੂੰ ‘ਮਰਾਠੀ ਸਿੱਖੋ’ ਨਾਂ ਦੀ ਪੁਸਤਕ ਵੀ ਭੇਜੀ ਸੀ ਤਾਂ ਜੋ ਜਦੋਂ ਮੈਂ ਮੁੰਬਈ ਜਾਵਾਂ ਤਾਂ ਮੈਨੂੰ ਮਰਾਠੀ ਸਮਝਣ ਵਿੱਚ ਦਿੱਕਤ ਨਾ ਆਵੇ।
ਉਸ ਨੇ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਸੀ। ਯੂਨੀਵਰਸਿਟੀ ਵਿੱਚ ਪੜ੍ਹਾਉਣ ਕਰਕੇ ਮੇਰੇ ਮੁੰਬਈ ਦੇ ਟੂਰ ਲੱਗ ਜਾਂਦੇ ਸਨ। ਭਾਵੇਂ ਕਾਨਫ਼ਰੰਸ ਵਾਲਿਆਂ ਨੇ ਰਹਿਣ ਦਾ ਪ੍ਰਬੰਧ ਕੀਤਾ ਹੁੰਦਾ ਸੀ ਪਰ ਫਿਰ ਵੀ ਮੈਂ ਉੱਥੇ ਨਾ ਰਹਿ ਕੇ ਮਾਮਾ ਜੀ ਦੇ ਘਰ ਹੀ ਠਹਿਰਦਾ ਸੀ।
…ਤੇ ਫਿਰ ਜ਼ਿੰਦਗੀ ਨੇ ਪਲਟਾ ਖਾਧਾ। ਮਾਮਾ ਜੀ ਅਮਰੀਕਾ ਚਲੇ ਗਏ। ਸੁਨੀਤਾ ਵੀ ਵਿਆਹ ਮਗਰੋਂ ਅਮਰੀਕਾ ਹੀ ਸੈੱਟ ਹੋ ਗਈ। ਉਸ ਮਗਰੋਂ ਨਾ ਕਦੇ ਉਸ ਦੀ ਕੋਈ ਖ਼ਬਰਸਾਰ ਆਈ ਤੇ ਨਾ ਹੀ ਕਦੇ ਉਹ ਮਿਲਣ ਆਈ। ਇਹ ਵੀ ਨਹੀਂ ਪਤਾ ਕਿ ਉਹ ਕਿੰਨੀ ਵਾਰੀ ਹਿੰਦੋਸਤਾਨ ਆਈ ਸੀ, ਆਈ ਵੀ ਸੀ ਜਾਂ ਨਹੀਂ। ਮਾਮਾ ਜੀ ਵੀ ਪਰਲੋਕ ਸਿਧਾਰ ਗਏ ਸਨ।
ਵਕਤ ਗੁਜ਼ਰਦਾ ਗਿਆ ਪਰ ਕਦੇ-ਕਦੇ ਮੈਨੂੰ ਉਸ ਦੀ ਯਾਦ ਜ਼ਰੂਰ ਆਉਂਦੀ ਸੀ। ਫਿਰ ਮੇਰੀ ਜ਼ਿੰਦਗੀ ਵਿੱਚ ਜਿਵੇਂ ਤੂਫ਼ਾਨ ਆ ਗਿਆ। ਮੇਰੀ ਪਤਨੀ ਨੂੰ ਕੈਂਸਰ ਹੋ ਗਿਆ ਸੀ। ਸਾਡੀ ਤਾਂ ਮੱਤ ਹੀ ਮਾਰੀ ਗਈ ਸੀ। ਮੈਂ ਜਿਵੇਂ-ਤਿਵੇਂ ਘਰ ਦੀ ਗੱਡੀ ਰੋੜ੍ਹੀ ਜਾ ਰਿਹਾ ਸੀ। ਘਰ ਸਾਂਭਣਾ ਮੈਨੂੰ ਬੜਾ ਔਖਾ ਲੱਗ ਰਿਹਾ ਸੀ। ਆਖ਼ਰਕਾਰ ਵੱਡੇ ਬੇਟੇ ਦੀ ਸ਼ਾਦੀ ਕਰ ਦਿੱਤੀ। ਬਹੂ ਬਹੁਤ ਨੇਕ ਆਈ। ਉਸ ਨੇ ਛੇਤੀ ਹੀ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ।
ਉਨ੍ਹੀਂ ਦਿਨੀਂ ਅਚਾਨਕ ਇੱਕ ਦਿਨ ਰਾਤ ਵੇਲੇ ਟੈਲੀਫੋਨ ਦੀ ਘੰਟੀ ਲਗਾਤਾਰ ਵੱਜੀ ਜਾ ਰਹੀ ਸੀ। ਮੈਂ ਪਤਨੀ ਦੀ ਕੀਮੋਥਰੈਪੀ ਕਰਵਾ ਕੇ ਆਇਆ ਸੀ। ਸਾਰਾ ਦਿਨ ਹਸਪਤਾਲ ਵਿੱਚ ਮੱਤ ਮਾਰੀ ਗਈ ਸੀ। ਉੱਠਣ ਦੀ ਹਿਮੰਤ ਨਹੀਂ ਹੋ ਰਹੀ ਸੀ ਪਰ ਵਾਰ-ਵਾਰ ਫੋਨ ਦੀ ਘੰਟੀ ਵੱਜਣ ਕਰਕੇ ਉੱਠਣਾ ਹੀ ਪਿਆ ਸੀ। ਫੋਨ ਚੁੱਕਿਆ ਤਾਂ ਓਧਰੋਂ ਸੁਨੀਤਾ ਦੀ ਆਵਾਜ਼ ਆਈ: ‘‘ਹਾਏ… ਕੀ ਹਾਲ ਏ… ਫੋਨ ਨ੍ਹੀਂ ਚੁੱਕ ਰਿਹਾ… ਮੈਨੂੰ ਤਾਂ ਬੜੀ ਮੁਸ਼ਕਿਲ ਨਾਲ ਥੋਡਾ ਫੋਨ ਨੰਬਰ ਮਿਲਿਆ ਹੈ… ਮੇਰਾ ਗੱਲ ਕਰਨ ਨੂੰ ਬਹੁਤ ਚਿੱਤ ਕਰਦਾ ਸੀ।’’
ਫੋਨ ਸੁਣ ਕੇ ਮੈਨੂੰ ਜਿਵੇਂ ਯਕੀਨ ਨਹੀਂ ਆਇਆ। ਜ਼ਿਆਦਾ ਨਹੀਂ ਤਾਂ ਉਹ ਘੱਟੋ-ਘੱਟ 11-12 ਸਾਲਾਂ ਬਾਅਦ ਫੋਨ ਕਰ ਰਹੀ ਸੀ। ਗੱਲਾਂ-ਗੱਲਾਂ ਵਿੱਚ ਉਸ ਦੱਸਿਆ ਕਿ ਉਹ ਤਿੰਨ-ਚਾਰ ਦਿਨਾਂ ਤਕ ਇੰਡੀਆ ਆ ਰਹੀ ਹੈ। ਉਸ ਦਾ ਮੈਨੂੰ ਮਿਲਣ ਲਈ ਬਹੁਤ ਮਨ ਕਰਦਾ ਹੈ। ਇਸ ਲਈ ਉਹ ਸਿੱਧੀ ਮੇਰੇ ਕੋਲ ਹੀ ਆਵੇਗੀ।
ਮੈਂ ਭਲਾ ਨਾਂਹ ਥੋੜ੍ਹਾ ਕਰਨੀ ਸੀ। ਇੱਕ-ਦੋ ਵਾਰੀ ਮਨ ਵਿੱਚ ਆਇਆ ਸੀ ਕਿ ਉਸ ਨੂੰ ਪਤਨੀ ਦੀ ਬੀਮਾਰੀ ਬਾਰੇ ਦੱਸ ਦੇਵਾਂ ਪਰ ਮੇਰਾ ਆਪਣਾ ਚਿੱਤ ਵੀ ਉਸ ਨੂੰ ਮਿਲਣ ਨੂੰ ਕਰਦਾ ਸੀ। ਸੋਚਿਆ: ਚਲੋ ਜਿਵੇਂ-ਤਿਵੇਂ ਸਾਰ ਲਵਾਂਗੇ।
ਉਹ ਆਪਣੀ ਬੇਟੀ ਦੇ ਨਾਲ ਆਈ ਸੀ। ਮੈਂ ਤਾਂ ਪਤਨੀ ਨੂੰ ਹਸਪਤਾਲ ਲਿਜਾਣਾ ਹੁੰਦਾ ਸੀ ਪਰ ਮੇਰੀ ਨੂੰਹ ਨੇ ਉਸ ਦੀ ਲੋੜੋਂ ਵੱਧ ਸੇਵਾ ਕੀਤੀ ਸੀ। ਉਹ ਪੰਦਰ੍ਹਾਂ ਦਿਨ ਰਹੀ। ਪੰਦਰ੍ਹਾਂ ਦਿਨਾਂ ਵਿੱਚ ਹਰ ਰੋਜ਼ ਹੀ ਉਸ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਸੀ… ਕਦੇ ਚੰਡੀਗੜ੍ਹ… ਕਦੇ ਜਲੰਧਰ… ਕਦੇ ਪਟਿਆਲਾ… ਮੇਰਾ ਬੇਟਾ ਉਸ ਨੂੰ ਕਾਰ ਵਿੱਚ ਲੈ ਕੇ ਘੁੰਮਦਾ ਰਹਿੰਦਾ ਸੀ। ਹੋਰ ਅਸੀਂ ਕੀ ਕਰ ਸਕਦੇ ਸੀ? ਮਾਵਾਂ-ਧੀਆਂ ਨੂੰ ਇਕੱਲੀਆਂ ਟੈਕਸੀ ’ਤੇ ਵੀ ਨਹੀਂ ਭੇਜ ਸਕਦੇ ਸੀ।
ਜਿੰਨੇ ਦਿਨ ਵੀ ਉਹ ਸਾਡੇ ਕੋਲ ਰਹੀ ਮੇਰੀ ਨੂੰਹ ਨੇ ਉਸ ਦੀ ਰੱਜ ਕੇ ਸੇਵਾ ਕੀਤੀ। ਭਾਵੇਂ ਸਾਡਾ ਮਨ ਬੁਝਿਆ ਪਿਆ ਸੀ ਪਰ ਫਿਰ ਵੀ ਮੇਰੀ ਨੂੰਹ ਨੇ ਉਸ ਨੂੰ ਭਾਂਤ-ਭਾਂਤ ਦੇ ਪਕਵਾਨ ਬਣਾ ਕੇ ਖੁਆਏ ਅਤੇ ਪੂਰੀ ਦੇਖਭਾਲ ਕੀਤੀ ਸੀ। ਜਾਣ ਤੋਂ ਪਹਿਲਾਂ ਉਸ ਲਈ ਵਧੀਆ ਤੋਂ ਵਧੀਆ ਤੋਹਫ਼ੇ ਵੀ ਲੈ ਕੇ ਆਈ ਸੀ।
ਸੁਨੀਤਾ ਮੈਨੂੰ ਅਕਸਰ ਕਹਿੰਦੀ ਰਹਿੰਦੀ ਸੀ, ‘‘ਮੈਂ ਅਮਰੀਕਾ ਵਾਪਸ ਪਹੁੰਚਦਿਆਂ ਸਾਰ ਈ ਤੁਹਾਡੇ ਅਤੇ ਭਾਬੀ ਲਈ ਰਿਟਰਨ ਟਿਕਟ ਭੇਜ ਦੇਣੀ ਏ। ਉੱਥੇ ਜਾ ਕੇ ਇਨ੍ਹਾਂ ਦਾ ਇਲਾਜ ਕਰਾਵਾਂਗੇ। ਅਮਰੀਕਾ ਦੀਆਂ ਮੈਡੀਕਲ ਸਹੂਲਤਾਂ ਬਹੁਤ ਵਧੀਆ ਨੇ।’’ ਉਸ ਦੇ ਇੰਜ ਆਖਣ ’ਤੇ ਮੈਨੂੰ ਦਿਲੋਂ ਖ਼ੁਸ਼ੀ ਹੋਈ ਸੀ ਕਿ ਕੋਈ ਤਾਂ ਮੇਰੇ ਨਾਲ ਹਮਦਰਦੀ ਰੱਖਦਾ ਹੈ।
…ਤੇ ਫਿਰ ਉਹ ਅਮਰੀਕਾ ਮੁੜ ਗਈ ਸੀ। ਰਿਟਰਨ ਟਿਕਟ ਤਾਂ ਕੀ ਆਉਣੀ ਸੀ। ਉਸ ਦਾ ਕਦੇ ਫੋਨ ਵੀ ਨਹੀਂ ਆਇਆ ਸੀ।
ਮੇਰੀ ਪਤਨੀ ਵੀ ਇਸ ਫਾਨੀ ਸੰਸਾਰ ਨੂੰ ਛੱਡ ਗਈ ਸੀ। ਮੈਂ ਸੁਨੀਤਾ ਨੂੰ ਖ਼ਬਰ ਭੇਜੀ ਸੀ ਪਰ ਉਸ ਦਾ ਕੋਈ ਜਵਾਬ ਨਹੀਂ ਆਇਆ ਸੀ।
ਪੂਰੇ ਪੰਦਰਾਂ ਵਰ੍ਹਿਆਂ ਮਗਰੋਂ ਅਚਾਨਕ ਇੱਕ ਦਿਨ ਉਸ ਦਾ ਫੋਨ ਆ ਗਿਆ, ‘‘ਮੈਂ ਇੰਡੀਆ ਆ ਰਹੀ ਹਾਂ। ਮੁੰਬਈ ਵਾਲੀ ਪ੍ਰਾਪਰਟੀ ਵੀ ਵੇਚਣੀ ਆ… ਤੁਹਾਨੂੰ ਮਿਲਣ ਵੀ ਜ਼ਰੂਰ ਆਵਾਂਗੀ।’’ ਮੇਰੀ ਈ-ਮੇਲ ’ਤੇ ਵੀ ਉਸ ਦੇ ਕਈ ਸੁਨੇਹੇ ਆਏ ਹੋਏ ਸਨ। ਉਸ ਨੇ ਕਿਹੜੇ-ਕਿਹੜੇ ਕੰਮ ਕਰਨੇ ਸਨ ਤੇ ਕਿੱਥੇ-ਕਿੱਥੇ ਜਾਣਾ ਸੀ, ਇਸ ਦਾ ਪੂਰਾ ਵੇਰਵਾ ਸੀ ਤੇ ਮੈਨੂੰ ਨਾਲ ਚੱਲਣ ਲਈ ਤਾਕੀਦ ਕੀਤੀ ਹੋਈ ਸੀ।
ਪਹਿਲਾਂ ਤਾਂ ਮਨ ਵਿੱਚ ਆਇਆ ਸੀ ਕਿ ਉਸ ਨੂੰ ਸਾਫ਼ ਲਫ਼ਜ਼ਾਂ ਵਿੱਚ ਮਨ੍ਹਾ ਕਰ ਦਿਆਂ ਕਿ ਹੁਣ ਇੱਥੇ ਕੀ ਕਰਨ ਆਉਣੈ… ਤੇ ਜਾਂ ਕੋਈ ਬਹਾਨਾ ਲਗਾ ਦਿਆਂ ਕਿ ਅਸੀਂ ਤਾਂ ਬਾਹਰ ਜਾ ਰਹੇ ਹਾਂ ਪਰ ਫਿਰ ਮੈਂ ਸਿਰਫ਼ ਇੰਨਾ ਹੀ ਆਖਿਆ ਸੀ ਕਿ ਵੇਖ ਲਈਂ ਜਿਵੇਂ ਵੀ ਤੈਨੂੰ ਠੀਕ ਲੱਗਦੈ। ਉਸ ਦੇ ਫੋਨ ਵੀ ਆਈ ਗਏ ਤੇ ਈ-ਮੇਲ ਤੇ ਮੈਸੇਜ ਵੀ ਕਿ ਮੈਂ ਇਨ੍ਹਾਂ ਤਰੀਕਾਂ ਦੇ ਨੇੜੇ-ਤੇੜੇ ਪੰਜਾਬ ਆਵਾਂਗੀ।
ਪਰ ਫਿਰ ਉਸ ਦੇ ਫੋਨ ਅਤੇ ਮੈਸੇਜ ਆਉਣੇ ਅਚਾਨਕ ਬੰਦ ਹੋ ਗਏ। ਕੁਝ ਦਿਨ ਇੰਤਜ਼ਾਰ ਕਰਨ ਮਗਰੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਦੱਸਿਆ ਕਿ ਪੰਜਾਬ ਵਿੱਚ ਬਹੁਤ ਠੰਢ ਪੈ ਰਹੀ ਹੈ, ਇਸ ਲਈ ਪੰਜਾਬ ਨਹੀਂ ਆਉਣਾ ਤੇ ਮੁੰਬਈ ਤੋਂ ਹੀ ਅਮਰੀਕਾ ਮੁੜ ਜਾਣਾ ਹੈ।
ਹੁਣ ਉਸ ਨੂੰ ਅਮਰੀਕਾ ਵਾਪਸ ਗਿਆਂ ਵੀ ਇੱਕ ਸਾਲ ਹੋ ਚੁੱਕਾ ਹੈ। ਇਸ ਦੌਰਾਨ ਨਾ ਤਾਂ ਕਦੇ ਉਸ ਦਾ ਫੋਨ ਆਇਆ ਹੈ ਅਤੇ ਨਾ ਹੀ ਕੋਈ ਈ-ਮੇਲ। ਮੈਂ ਅਕਸਰ ਸੋਚਦਾ ਹਾਂ ਕਿ ਇਹ ਕਿਸ ਤਰ੍ਹਾਂ ਦੇ ਖ਼ੂਨ ਦੇ ਰਿਸ਼ਤੇ ਹਨ?