Khoon (Punjabi Story) : Principal Sujan Singh
ਖ਼ੂਨ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ
ਮੈਂ ਜ਼ਿਲ੍ਹਾ ਅੰਬਾਲੇ ਦੇ ਇਕ ਪਿੰਡ ਦੇ ਨਿੱਕੇ ਜਿਹੇ 'ਮਹਾਂ ਵਿਦਿਆਲੇ' ਦਾ ਅਧਿਆਪਕ ਸਾਂ । ਮੈਂ ਉਥੋਂ ਅੰਬਾਲੇ ਜਾਣਾ ਸੀ, ਇਕ ਕਾਨਫ਼ਰੰਸ ਦੇਖਣ, ਇਕ ਮਿੱਤਰ ਨੂੰ ਮਿਲਣ, ਡਾਕਟਰ ਨੂੰ ਦੰਦ ਦਿਖਾਉਣ ਤੇ ਖ਼ਵਰੇ ਹੋਰ ਕੀ ਕੀ ਕਰਨ, ਜੋ ਹੁਣ ਮੈਨੂੰ ਯਾਦ ਨਹੀਂ । ਜਿਸ ਸਟੇਸ਼ਨ ਤੋਂ ਮੈਂ ਗੱਡੀ ਚੜ੍ਹਨਾ ਸੀ, ਉਹ ਕੋਈ ਪੰਜ ਮੀਲ ਦੀ ਵਿੱਥ ਤੇ ਸੀ । ਮੈਂ ਤਪਦੇ ਸੂਰਜ ਦੀ ਦੁਪਹਿਰ ਵਿਚ ਦੋ ਕੁ ਮੀਲ ਪੈਂਡਾ ਕਰ ਚੁਕਾ ਸਾਂ ਜਦ ਪਹੇ ਵਿਚ ਮੈਨੂੰ ਦੋ ਅੰਨ੍ਹੇ ਟੋਹਣੀ ਨਾਲ ਰਾਹ ਟੋਹ ਟੋਹ ਕੇ ਤੁਰੇ ਜਾਂਦੇ ਦਿਸੇ । ਮੈਂ ਕੋਲੋਂ ਲੰਘ ਹੀ ਤੁਰਿਆ ਸਾਂ, ਜਦ ਉਨ੍ਹਾਂ ਵਿੱਚੋ' ਅਗਲੇ ਨੇ ਅੰਮ੍ਰਿਤਸਰੀ ਪੰਜਾਬੀ ਵਿਚ 'ਸਰਦਾਰ ਜੀ' ਕਰ ਕੇ ਵਾਜ਼ ਮਾਰੀ । ਮੈਂ ਹੈਰਾਨ ਹੋ ਕੇ ਖੜੋ ਗਿਆ ।
"ਕਿਥੇ ਜਾਣਾ ਜੇ, ਸਰਦਾਰ ਜੀ ?" ਉਸ ਫਿਰ ਪੁੱਛਿਆ ।
ਮੈਂ ਹੈਰਾਨ ਸਾਂ ਕਿ ਉਹ ਮੈਨੂੰ ਸਰਦਾਰ ਜੀ ਦੀ ਥਾਂ ਮੀਆਂ ਜੀ ਕਿਉਂ ਨਹੀਂ ਕਹਿੰਦਾ ਜਦ ਕਿ ਉਹਦੀਆਂ ਅੱਖਾਂ ਵਿਚ ਡੇਲੇ ਹੀ ਨਹੀਂ ਹਨ । ਪਰ ਖ਼ੈਰ, ਮੈਂ ਉੱਤਰ ਦਿੱਤਾ,… "ਨਗਾਵੇਂ ਟੇਸ਼ਨ ।"
"ਗੱਡੀ ਆਉਣ ਵਿਚ ਕਿੰਨਾ ਵਕਤ ਹੈ ?" ਉਸ ਕੁਝ ਅਧੀਨਗੀ ਜਹੀ ਨਾਲ ਪੁੱਛਿਆ ।
ਮੈਂ ਕੋਟ ਦੀ ਬਾਂਹ ਖਿਚ ਕੇ ਘੜੀ ਦੇਖਦਿਆਂ ਕਿਹਾ, "ਚਾਲੀ ਕੁ ਮਿੰਟ ।"
ਫਿਰ ਉਸੇ ਅੰਨ੍ਹੇ ਨੇ ਮਿੰਨਤ ਨਾਲ ਕਿਹਾ, "ਸਰਦਾਰ ਜੀ, ਜੇ ਤਕਲੀਫ਼ ਨਾ ਮੰਨੋ ਤਾਂ ਸਾਨੂੰ ਵੀ ਓਥੇ ਲੈ ਚਲੋ, ਇਸ ਤਰ੍ਹਾਂ ਤੇ ਅਸੀਂ ਪਹੁੰਚ ਨਹੀਂ ਸਕਦੇ ।"
ਮੈਨੂੰ ਤਰਸ ਆ ਗਿਆ ਤੇ ਮੈਂ ਗਰਮੀ ਤੋਂ ਬਚਣ ਲਈ ਕੋਟ ਬਾਂਹ ਉਤੇ ਪਾ ਕੇ ਉਸ ਦੀ ਡੰਗੋਰੀ ਫੜ ਲਈ ।ਟੋਇਆਂ ਟਿਬਿਆਂ ਤੋਂ ਬਚਾਉਂਦਾ, ਵਕਤ ਦੀ ਤੰਗੀ ਨੂੰ ਸਮਝਦਾ, ਮੈਂ ਆਪਣੀ ਤੇਜ਼
ਚਾਲੇ ਤੁਰਨ ਲਗ ਪਿਆ । ਰਾਹ ਵਿਚ ਮੈਂ ਪੁੱਛਿਆ "ਯਾਰ ਸੂਰਮਾ ਸਿਹਾਂ, ਤੂੰ ਕਿਵੇਂ ਪਛਾਣ ਲਿਆ ਕਿ ਮੈਂ ਸਿੱਖ ਹਾਂ ?"
ਉਸ ਥੋੜਾ ਜਿਹਾ ਹੱਸ ਕੇ ਕਿਹਾ, "ਤੁਹਾਡੇ ਬੂਟਾਂ ਦੀ ਚਾਲ ਤੋਂ ।"
"ਹੱਛਾ !" ਮੈਂ ਹੈਰਾਨੀ ਨਾਲ ਕਹਿ ਹੀ ਰਿਹਾ ਸਾਂ ਕਿ ਉਹ ਛੇਤੀ ਹੀ ਮੁੜ ਕੇ ਬੋਲਿਆ, "ਤੁਸੀਂ ਅੰਬਰਸਰੀਏ ਹੋ, ਲੰਮੇ ਹੋ, ਪਤਲੇ ਹੋ, ਤੇ ਨਾਲੇ……ਕੁਝ……ਸ਼ੁਕੀਨ ਜਹੇ ਜਾਪਦੇ ਹੋ ।"
ਮੈਂ ਪੈਰੋ ਪੈਰ ਵਧਦੀ ਹੈਰਾਨੀ ਨੂੰ ਦਬਾਉਂਦਿਆਂ ਕਿਹਾ, "ਉਹ ਕਿਦਾਂ ?"
"ਸਰਦਾਰ ਜੀ, ਤੁਹਾਡੀ ਬੋਲੀ ਦੱਸਦੀ ਹੈ ।"
ਮੈਂ ਸਮਝ ਗਿਆ ਕਿ ਇਹ ਕੋਈ ਮਾਮੂਲੀ ਆਦਮੀ ਨਹੀਂ । ਅਤੇ ਫੇਰ ਪੁੱਛਿਆ, "ਯਾਰੋ ਜਾਣਾ ਕਿੱਥੇ ਜੇ ?"
ਦੂਜਾ ਸੂਰਮਾ, ਜੋ ਹਾਲੀ ਤਕ ਨਹੀਂ ਸੀ ਬੋਲਿਆ, ਬੜੀ ਸੁਰੀਲੀ ਅਵਾਜ਼ ਨਾਲ ਕਹਿਣ ਲਗਾ, "ਸਰਦਾਰ ਜੀ, ਅੰਬਾਲੇ ।"
"ਕੀ ਕਰਨ ?"
"ਕਾਨਫ਼ਰੰਸ ਵਿਚ……ਸਰਦਾਰ ਜੀ, ਉਥੇ ਇਕ ਕਾਨਫ਼ਰੰਸ ਹੋਣੀ ਹੈ । ਉਥੇ ਰਾਗ ਵੀ ਹੋਣਗੇ। ਅਸੀਂ ਉਥੇ ਜਾਵਾਂਗੇ ।"
"ਹੱਛਾ ! ਤੁਸੀਂ ਰਾਗੀ ਹੋ ?"
ਪਹਿਲੇ ਨੇ ਕਿਹਾ, "ਨਹੀਂ ਜੀ, ਐਵੇਂ ਮਮੂਲੀ ਠੀਹਾ-ਠੱਪਾ ਕਰ ਲਈਦਾ ਹੈ ।"
ਇਸ ਤਰ੍ਹਾਂ ਰਾਗ ਉਤੇ ਗੱਲਾਂ ਛਿੜ ਪਈਆਂ ਜਿਸ ਦੇ ਦੌਰਾਨ ਵਿਚ ਉਨ੍ਹਾਂ ਮੈਨੂੰ ਦਸਿਆ ਰਾਗ ਕੀ ਹੈ, ਗੁਰਬਾਣੀ ਤੇ ਰਾਗ ਦਾ ਕੀ ਸੰਬੰਧ ਹੈ, ਗੁਰਬਾਣੀ ਵਿਚ ਰਾਗ ਨਾਲ 'ਘਰੁ' ਅੱਖਰ ਦਾ ਕੀ ਅਰਥ ਹੈ, ਸੁਰ ਕੀ ਹੁੰਦੀ ਹੈ, ਤਾਲ ਕੀ ਹੈ, ਸੁਰ ਤਾਲ ਕੱਠੇ ਕਿਵੇਂ ਲਗਦੇ ਹਨ, ਇਕ ਰਾਗ ਦਾ ਦੂਜੇ ਰਾਗ ਨਾਲ ਫ਼ਰਕ ਕਿਵੇਂ ਬਣਦਾ ਹੈ, ਮੋਟੇ ਮੋਟੇ ਰਾਗਾਂ ਦੇ ਗਾਣ ਦੇ ਸਮੇਂ ਕਿਹੜੇ ਹੁੰਦੇ ਹਨ ਤੇ ਰੁੱਤਾਂ ਕਿਹੜੀਆਂ, ਆਦਿ । ਉਨ੍ਹਾਂ ਨੇ ਬਜ਼ਾਰੀ ਰਾਗੀਆਂ, ਚਿਮਟਾ-ਪਾਰਟੀਆਂ ਤੇ ਆਮ ਗ਼ਜ਼ਲਾਂ ਗਾਣ ਵਾਲਿਆਂ ਉਤੇ ਕਰੜੀ ਪੜਚੋਲ ਕੀਤੀ । ਜਿਹੜੀ ਥੋੜੀ ਬਹੁਤੀ ਰਾਗ ਦੀ ਸਮਝ ਮੈਨੂੰ ਸੀ, ਉਸ ਤੋਂ ਉਹ ਸੱਚੇ ਪਰਤੀਤ ਹੋਣ ਲਗ ਪਏ । ਅੰਬਾਲੇ ਜਾ ਕੇ ਗਾਣ ਦਾ ਉਤਸ਼ਾਹ ਤੇ ਉਮਾਹ ਉਨ੍ਹਾਂ ਵਿਚ ਬਹੁਤ ਸੀ ।ਸਟੇਸ਼ਨ ਤੋ' ਅੱਧ ਕੁ ਮੀਲ ਦੀ ਵਿੱਥ ਤੇ ਦੂਜੇ ਸੂਰਮੇ ਨੇ ਸਾਡੇ ਕਦਮਾਂ ਦੇ ਤਾਲ ਤੇ ਬੰਨ੍ਹ ਕੇ ਇਕ ਚੀਜ਼ ਗਾਉਣੀ ਸ਼ੁਰੂ ਕੀਤੀ । ਹਿੰਦੁਸਤਾਨੀ ਗਾਇਨਚਾਰਜ ਕ੍ਰਿਸ਼ਨਾ ਰਾਵ ਤੋਂ, ਉਹ ਮੈਨੂੰ ਤਾਲ ਵਿਚ ਪੱਕਾ ਮਲੂਮ ਹੁੰਦਾ ਸੀ ਤੇ ਸਿਨੇਮਾ ਦੇ ਮਾਹਿਰ ਗਵੱਈਏ ਸਹਿਗਲ ਕੋਲੋਂ ਵੀ ਮਿੱਠਾ । ਉਸ ਦੀ ਮੀਂਡ ਤੇ ਗੂੰਜ ਕੇ. ਸੀ. ਡੇ. ਨੂੰ ਪਰੇ ਸੁਟਦੀ ਸੀ ਤੇ ਤਾਨ ਨਰਾਇਣ ਰਾਉ ਨੂੰ ਮਾਤ ਪਾਂਦੀ ਸੀ । ਮੈਂ ਮੁੜ ਕੇ ਪਿਛਾਂ ਦੇਖਿਆ । ਉਸ ਦੀਆਂ ਗਲ੍ਹਾਂ ਦੀ ਲਾਲੀ ਪਰਸੰਸਾ ਦੀਆਂ ਚਾਹਵਾਨ ਅੱਖਾਂ ਵਾਂਗ ਕਿਸੇ ਵਲ ਦੇਖ ਰਹੀ ਸੀ । ਜੇ ਮੈਂ ਸੋਹਣੀ ਕੁੜੀ ਹੁੰਦਾ ਤਾਂ ਸਾਰੀ
ਦੁਨੀਆਂ ਨੂੰ ਛੱਡ ਕੇ ਉਸ ਨਾਲ ਪਿਆਰ ਕਰਦਾ । ਜੇ ਮੈਂ ਅਮੀਰ ਹੁੰਦਾ……ਆਹ ! ਮੈਂ ਅਮੀਰ ਨਹੀਂ ਸਾਂ । ਸਾਲਾਂ ਤੋਂ ਬੇਕਾਰ ਨੂੰ ਚਾਰ ਮਹੀਨੇ ਲਈ ਕਾਰ ਮਿਲੀ ਸੀ । ਪਿਛਲੇ ਘਾਪੇ ਹੀ ਨਹੀਂ ਮਿਲੇ ਸਨ । ਇਨ੍ਹਾਂ ਜਾਦੂਗਰ ਅੰਨ੍ਹਿਆਂ ਨੂੰ ਸੂਟ ਤੇ ਟਾਈ ਹੇਠੋਂ ਕਿਤੇ ਮੇਰੀ ਗ਼ਰੀਬੀ ਦਿਸ ਨਾ ਪਵੇ । ਉਸ ਦਾ ਗੀਤ ਮੁਕ ਚੁਕਾ ਸੀ । ਮੈਂ ਦਾਦ ਕੋਈ ਨਾ ਦਿੱਤੀ, ਸਗੋਂ ਪੁੱਛਿਆ ਕਿ ਅੰਬਾਲੇ ਦੀ ਟਿਕਟ ਕਿੰਨੇ ਦੀ ਆਉਂਦੀ ਹੈ ।"
ਗਾਉਣ ਵਾਲੇ ਸੂਰਮੇ ਨੇ ਕਿਹਾ, "ਸਾਨੂੰ ਕੀ ਪਤਾ, ਸਰਦਾਰ ਜੀ !"
"ਕੀ ਤੁਸੀਂ ਕਦੇ ਅੰਬਾਲੇ ਨਹੀਂ ਗਏ ?"
"ਅਸੀਂ, ਸੂਰਮੇ, ਪੈਸੇ ਨਹੀਂ ਖ਼ਰਚਦੇ, ਵਿਦੌਟ ਚੜ੍ਹਦੇ ਹਾਂ ਤੇ ਰੇਲ ਵਾਲੇ ਸਾਡੇ ਉਤੇ ਤਰਸ ਖਾਂਦੇ ਹਨ ।"
"ਹੂੰ", ਮੈਂ ਕਿਹਾ ਤੇ ਗੱਡੀ ਮੈਨੂੰ ਸਟੇਸ਼ਨ ਉਤੇ ਆਉਂਦੀ ਦਿੱਸੀ । ਮੈਂ ਡੰਗੋਰੀ ਛੱਡ ਕੇ ਕਿਹਾ, "ਸਿੱਧੇ ਰਸਤੇ ਛੇਤੀ ਛੇਤੀ ਪਹੁੰਚੋ, ਮੈਂ ਨੱਸ ਕੇ ਟਿਕਟ ਲੈ ਲਵਾਂ ।"
ਗੱਡੀ ਸਟੇਸ਼ਨ ਉਤੇ ਖੜੀ ਸੀ, ਮੇਰੀ ਟਾਈ ਦੇ ਰੋਹਬ ਵਿਚ ਆ ਕੇ ਸਟੇਸ਼ਨ ਮਾਸਟਰ ਨੇ ਟਿਕਟ ਛੇਤੀ ਦੇ ਦਿੱਤੀ । ਗੱਡੀ ਚਲਣ ਵਾਲੀ ਸੀ । ਮੈਂ ਵਿਚ ਬੈਠ ਗਿਆ । ਠੀਕ ਉਸ ਵੇਲੇ ਮੈਨੂੰ ਸੂਰਮੇ ਚੇਤੇ ਆਏ । ਬੂਹਾ ਬੰਦ ਹੋ ਚੁਕਾ ਸੀ । ਉਹ ਜੰਗਲੇ ਨਾਲ ਖੜੇ ਸਨ । ਸਟੇਸ਼ਨ ਦਾ ਨੌਕਰ ਉਨ੍ਹਾਂ ਨੂੰ ਅੰਦਰ ਨਹੀਂ ਸੀ ਆਉਣ ਦਿੰਦਾ । ਨਾਲ ਦੇ ਡੱਬੇ ਵਿਚੋਂ ਲਮਕਦੇ ਸਿਪਾਹੀ ਨੂੰ ਮੈਂ ਉਨ੍ਹਾਂ ਵਲ ਇਸ਼ਾਰੇ ਨਾਲ ਤੱਕਾਇਆ । ਉਸ ਸਟੇਸ਼ਨ ਮਾਸਟਰ ਕੋਲ ਸਫ਼ਾਰਸ਼ ਕੀਤੀ ਪਰ ਉਸ ਆਕੜ ਕੇ ਕਿਹਾ, "ਇਹ ਮੇਰਾ ਕੰਮ ਹੈ ।" ਗੱਡੀ ਫਪ ਫਪ ਕਰ ਕੇ ਤੁਰ ਪਈ । ਸ਼ੈਕਸਪੀਅਰ ਦੇ ਦੁਖਾਂਤਾਂ ਵਿਚ ਕੋਈ ਅਜਿਹਾ ਦਰਦਨਾਕ ਸੀਨ ਨਹੀਂ ਸੀ ਲਭਿਆ । ਦੋ ਅੰਨ੍ਹੇ ਜੰਗਲੇਦਾਰ ਬੂਹੇ ਨਾਲ ਮੌਤ ਵਰਗੀ ਨਿਰਾਸਾ ਵਿਚ ਬੱਗੇ ! ਤੇ ਗੱਡੀ ਦੇ ਤੁਰਨ ਦੀ ਅਵਾਜ਼ ! ਉਫ਼ ! ਮੈਂ ਚੀਕ ਉਠਿਆ, "ਖੂਨ ! ਖ਼ੂਨ !!"
"ਕਿਸ ਦਾ ਖ਼ੂਨ ?" ਇਕ ਪੜ੍ਹੇ ਲਿਖੇ ਜੰਟਲਮੈਨ ਨੇ ਆਪਣੀ ਸੀਟ ਤੋਂ ਮੇਰੇ ਵਲ ਘਬਰਾ ਕੇ ਆਉਂਦਿਆਂ ਪੁੱਛਿਆ ।"
"ਆਸਾਂ ਦਾ !" ਮੈਂ ਸ਼ੁਦਾ ਦੇ ਜ਼ੋਰ ਵਿਚ ਮੱਥੇ ਉਤੇ ਹੱਥ ਮਾਰ ਕੇ ਪਿੱਟਿਆ ।"
"ਕਿਸ ਦੀਆਂ ਆਸਾਂ ਦਾ ?"
"ਉਨ੍ਹਾਂ ਅੰਨ੍ਹਿਆਂ ਦੀਆਂ ਆਸਾਂ ਦਾ", ਮੈਂ ਬਾਹਰ ਇਸ਼ਾਰਾ ਕਰਦਿਆਂ ਕਿਹਾ ।
"Sensitive Fool" (ਜਜ਼ਬਾਤੀ ਮੂਰਖ), ਉਸ ਆਖਿਆ ਤੇ ਇਹ ਕਹਿੰਦਾ ਕਹਿੰਦਾ ਆਪਣੀ ਥਾਂ ਤੇ ਜਾ ਬੈਠਾ ।
('ਨਰਕਾਂ ਦੇ ਦੇਵਤੇ' ਵਿੱਚੋਂ)