Ih Khudkushi Nahin Janab ! Qatal (Punjabi Novel) : Hai Hardev Grewal
ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ (ਨਾਵਲ) : ਹਰਦੇਵ ਗਰੇਵਾਲ
ਤੇਜਵੀਰ ਦੀ ਨੌਕਰੀ ਦਾ ਅੱਜ ਪਹਿਲਾ ਦਿਨ ਸੀ।
ਦਫ਼ਤਰ ਦੇ ਟਾਈਮ ਤੋਂ ਦਸ ਮਿੰਟ ਪਹਿਲਾਂ ਪਹੁੰਚਣ ਦੀ ਨੀਅਤ ਨਾਲ਼, ਤੇਜਵੀਰ ਨੇ ਫਟਾਫਟ ਨਾਸ਼ਤਾ ਕਰ ਚਾਹ ਦੀਆਂ ਦੋ ਘੁੱਟਾਂ ਭਰੀਆਂ ਤੇ ਆਪਣੇ ਫਲੈਟ ਨੂੰ ਜਿੰਦਾ ਮਾਰ, ਚਾਬੀ ਨਾਲ਼ ਦੇ ਫਲੈਟ ਦੇ ਮਾਲਿਕ ਬਜ਼ੁਰਗਵਾਰ ਚੌਹਾਨ ਸਾਹਬ ਦੇ ਹਵਾਲੇ ਕੀਤੀ ਅਤੇ ਆਪਣੇ ਦਫ਼ਤਰ ਵੱਲ ਰਵਾਨਾ ਹੋ ਗਿਆ।
ਆਪਣੀ ਮੋਟਰ ਸਾਈਕਲ 'ਤੇ ਸਵਾਰ ਹੋ ਤੇਜਵੀਰ ਨੇ ਰਾਜਗੁਰੂ ਨਗਰ ਸਥਿਤ ਆਪਣੇ ਫਲੈਟ ਤੋਂ ਬਾਹਰ ਨਿੱਕਲ ਕੇ, ਸ਼ਹਿਰ ਵੱਲ ਨੂੰ ਮੋੜ ਕੱਟਿਆ ਹੀ ਸੀ ਕਿ ਅੱਗੇ 'ਵੈਸਟਐੱਨਡ ਮਾਲ' ਦੇ ਸਾਹਮਣੇ ਸੜਕ 'ਤੇ ਉਸਨੂੰ ਕਾਫ਼ੀ ਇਕੱਠ ਜਿਹਾ ਨਜ਼ਰ ਆਇਆ। ਕਰੀਬ ਪਹੁੰਚ ਕੇ ਤੇਜਵੀਰ ਨੇ ਦੇਖਿਆ ਕਿ ਇੱਕ ਅੱਧਖੜ੍ਹ ਉਮਰ ਦਾ ਪਰਵਾਸੀ ਮਜ਼ਦੂਰ ਸੜਕ ਦੇ ਵਿਚਕਾਰ ਡਿੱਗਿਆ ਪਿਆ ਸੀ ਅਤੇ ਉਸਦੀ ਸੱਜੀ ਲੱਤ ਬੁਰੀ ਤਰ੍ਹਾਂ ਨਾਲ਼ ਜ਼ਖ਼ਮੀ ਸੀ। ਲੱਗ ਰਿਹਾ ਸੀ ਕਿ ਵਿਚਾਰਾ ਕਿਸੇ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਸੀ।
ਉੱਠਣ ਤੋਂ ਅਸਮਰੱਥ ਉਹ ਵਿਚਾਰਾ ਸੜਕ 'ਤੇ ਪਿਆ ਦਰਦ ਨਾਲ ਕਰਾਹ ਰਿਹਾ ਸੀ।
ਉਸਦੇ ਆਲੇ-ਦੁਆਲੇ ਤਮਾਸ਼ਬੀਨ ਰਾਹਗੀਰਾਂ ਦਾ ਜਮਘਟ ਲੱਗਿਆ ਹੋਇਆ ਸੀ।
"ਇਹਨਾਂ ਥ੍ਰੀ-ਵ੍ਹੀਲਰ ਵਾਲਿਆਂ ਨੇ ਤਾਂ ਅੱਤ ਚੱਕੀ ਪਈ ਆ।"
"ਅੱਖਾਂ ਬੰਦ ਕਰਕੇ ਚਲਾਉਂਦੇ ਨੇ ਸਹੁਰੀ ਦੇ!"
"ਬਾਈ ਜੀ! ਆਹ ਭਈਏ ਵੀ ਗੁਆਚੀ ਗਾਂ ਆਂਗੂੰ ਸੜਕ ਦੇ ਵਿਚਾਲ਼ੇ ਖੜ੍ਹ ਕੇ ਇਉਂ ਅੱਖਾਂ ਮੀਚ ਲੈਂਦੇ ਆ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ।"
"ਪਰ ਉਹਨੇ ਸਾਲ਼ੇ ਥ੍ਰੀ-ਵ੍ਹੀਲਰ ਆਲ਼ੇ ਨੇ ਵੀ ਫੇਟ ਮਾਰਕੇ ਪਿਛੇ ਮੁੜ ਕੇ ਨੀਂ ਦੇਖਿਆ, ਬਈ ਬੰਦਾ ਮਰ ਗਿਆ ਕਿ ਜਿਉਂਦਾ!"
"ਬਾਈ ਜੀ! ਸਾਡੀ ਸਰਕਾਰ ਈ ਕੁੱਤੀ ਆ। ਸਾਲ਼ਾ ਕੋਈ ਸਿਸਟਮ ਈ ਨੀਂ ਇੰਡੀਆ 'ਚ! ਟ੍ਰੈਫਿਕ ਰੂਲਜ਼ ਦਾ ਤਾਂ ਨਾਮੋ-ਨਿਸ਼ਾਨ ਈ ਨੀਂ ਲੱਭਦਾ ਬਾਈ ਜੀ!"
"ਠੀਕ ਕਿਹਾ ਭਾਈ ਸਾਹਬ! ਬਾਹਰਲੇ ਮੁਲਕਾਂ 'ਚ ਵੇਖ ਲਉ ਤੇ ਸਾਡੇ ਮੁਲਕ ਦਾ ਹਾਲ ਵੇਖ ਲਉ!"
ਜਿੰਨੇ ਮੂੰਹ ਓਨੀਆਂ ਗੱਲਾਂ…ਤੇ ਬੱਸ… ਸਿਰਫ਼ ਗੱਲਾਂ।
ਤੇਜਵੀਰ ਮੋਟਰ ਸਾਈਕਲ ਸੜਕ ਦੇ ਕਿਨਾਰੇ ਖੜ੍ਹੀ ਕਰ ਕੇ, ਤਮਾਸ਼ਬੀਨ ਭੀੜ ਨੂੰ ਚੀਰਦਾ ਹੋਇਆ ਡਿੱਗੇ ਪਏ ਮਜ਼ਦੂਰ ਵੱਲ ਹੋ ਤੁਰਿਆ।
ਮਜ਼ਦੂਰ ਵਿਚਾਰਾ ਦਰਦ ਨਾਲ਼ ਤਰਲੋ-ਮੱਛੀ ਹੋਇਆ ਪਿਆ ਸੀ।
ਉਸਨੇ ਝੱਟ ਮਜ਼ਦੂਰ ਨੂੰ ਸਹਾਰਾ ਦੇ ਕੇ ਉਠਾਇਆ ਤੇ ਔਖੇ-ਸੌਖੇ ਮੋਟਰ ਸਾਈਕਲ ਦੀ ਪਿਛਲੀ ਸੀਟ 'ਤੇ ਬਿਠਾ ਕੇ, ਅੱਗੇ ਪੈਂਦੇ ਗੁਰਦੇਵ ਹਸਪਤਾਲ ਵੱਲ ਨੂੰ ਰਵਾਨਾ ਹੋ ਪਿਆ।
ਹਸਪਤਾਲ ਵਿੱਚ ਮਜ਼ਦੂਰ ਨੂੰ ਡਾਕਟਰ ਦੇ ਹਵਾਲੇ ਕਰ ਜਦ ਤੇਜਵੀਰ ਨੇ ਘੜੀ 'ਤੇ ਨਿਗ੍ਹਾ ਮਾਰੀ ਤਾਂ ਨੌਂ ਵੱਜਣ ਨੂੰ ਤਾਂ ਏਥੇ ਹੀ ਤਿਆਰ ਪਏ ਸਨ।
ਪਰ ਬਲਿਹਾਰੇ ਜਾਈਏ ਲੁਧਿਆਣੇ ਸ਼ਹਿਰ ਦੇ ਟ੍ਰੈਫਿਕ ਦੇ, ਵਾਹੋ-ਦਾਹੀ ਸੜਕ 'ਤੇ ਆਪਣਾ ਮੋਟਰ ਸਾਈਕਲ ਦੌੜਾਉਂਦਿਆਂ ਵੀ, ਦਫ਼ਤਰ ਪਹੁੰਚਦਿਆਂ- ਪਹੁੰਚਦਿਆਂ, ਉਹ ਪੰਜ ਮਿੰਟ ਲੇਟ ਹੋ ਹੀ ਗਿਆ।
ਫ਼ਿਰੋਜ਼ਗਾਂਧੀ ਮਾਰਕੀਟ ਪਹੁੰਚ ਕੇ, ਆਪਣੇ ਦਫ਼ਤਰ ਦੀ ਬਿਲਡਿੰਗ ਦੀ ਪਾਰਕਿੰਗ ਵਿੱਚ ਬੜੀ ਮੁਸ਼ਕਿਲ ਨਾਲ ਆਪਣੀ ਮੋਟਰ ਸਾਈਕਲ ਪਾਰਕ ਕਰ, ਉਹ ਵਾਹੋ-ਦਾਹੀ ਪੌੜੀਆਂ ਵੱਲ ਲਪਕਿਆ।
'ਰੋਜ਼ਾਨਾ ਖ਼ਬਰਨਾਮਾ' ਪੰਜਾਬੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਵਿੱਚ ਛਪਣ ਵਾਲਾ ਇੱਕ ਦੈਨਿਕ ਅਖ਼ਬਾਰ ਸੀ, ਜਿਸ ਵਿੱਚ ਇੱਕ ਪੱਤਰਕਾਰ ਦੇ ਤੌਰ ਤੇ ਤੇਜਵੀਰ ਦੀ ਤਾਜ਼ੀ-ਤਾਜ਼ੀ ਨੌਕਰੀ ਲੱਗੀ ਸੀ। ਦਫ਼ਤਰ ਬਿਲਡਿੰਗ ਦੀ ਤੀਸਰੀ ਮੰਜ਼ਿਲ ਉੱਤੇ ਸਥਿਤ ਸੀ। ਤੇਜ਼-ਤੇਜ਼ ਪੌੜੀਆਂ ਚੜ੍ਹਕੇ, ਲੱਗਭਗ ਹਫਦਿਆਂ ਹੋਇਆਂ, ਉਹ ਰਿਸੈਪਸ਼ਨ ਉੱਤੇ ਜਾ ਪਹੁੰਚਿਆ।
ਅੱਗਿਓਂ ਰਿਸੈਪਸ਼ਨ 'ਤੇ ਬੈਠੀ ਵੀਹ-ਬਾਈ ਸਾਲ ਦੀ ਖ਼ੂਬਸੂਰਤ ਕੁੜੀ ਸਾਰਿਕਾ ਸ਼ਰਮਾ, ਜਿਸ ਨਾਲ ਕੱਲ੍ਹ ਇੰਟਰਵਿਊ ਵੇਲੇ ਉਸਦੀ ਮੁਖ਼ਤਸਰ ਜਿਹੀ ਜਾਣ-ਪਛਾਣ ਹੋਈ ਸੀ, ਆਪਣੇ ਚਿਹਰੇ 'ਤੇ ਜਾਣੀ-ਪਛਾਣੀ ਬ੍ਰੈਂਡਡ ਪ੍ਰੋਫ਼ੈਸ਼ਨਲ ਮੁਸਕਾਨ ਚਿਪਕਾਈ ਖੜ੍ਹੀ ਸੀ, ਜੋ ਆਮ ਤੌਰ ਤੇ ਇਹਨਾਂ ਰਿਸੈਪਸ਼ਨਿਸ਼ਟ ਕੁੜੀਆਂ ਦਾ ਟ੍ਰੇਡ ਮਾਰਕ ਹੁੰਦੀ ਹੈ। ਕੁੜੀਆਂ ਦੀ ਖ਼ੂਬਸੂਰਤੀ ਤੋਂ ਬਾਅਦ ਦੂਸਰੇ ਨੰਬਰ 'ਤੇ ਲੱਗਦਾ ਹੈ ਕਿ ਇਹ ਮੁਸਕਾਨ ਹੀ ਉਹਨਾਂ ਦੀ ਉਹ ਜ਼ਰੂਰੀ ਕਵਾਲੀਫਿਕੇਸ਼ਨ ਹੁੰਦੀ ਹੋਏਗੀ, ਜਿਸ ਦੀ ਬਿਨ੍ਹਾ ਤੇ ਉਹਨਾਂ ਨੂੰ ਇਹ ਰਿਸੈਪਸ਼ਨਿਸ਼ਟ ਦੀ ਨੌਕਰੀ ਮਿਲਦੀ ਹੈ।
ਤੇਜਵੀਰ ਦੇ ਚਿਹਰੇ 'ਤੇ ਨਜ਼ਰ ਪੈਂਦਿਆਂ ਹੀ ਸਾਰਿਕਾ ਦੇ ਮੁੱਖੜੇ ਤੋਂ ਉਸਦੀ ਉਹ ਜਾਣੀ-ਪਛਾਣੀ ਮੁਸਕਾਨ ਇੱਕ ਦਮ ਪੂੰਝੀ ਗਈ।
"ਹੇ…ਯੂ ਤੇਜਵੀਰ…ਨੋ? ਐਂਡ ਯੂ ਆਰ ਲੇਟ ਆੱਨ ਦ ਵੈਰੀ ਫਸਟ ਡੇ ਆੱਵ ਯੁਅਰ ਜੌਬ ਮੈਨ?" ਉਸਨੇ ਸ਼ਿਕਾਇਤ ਤੇ ਹੈਰਾਨੀ ਦੀ ਮਿਲੀ-ਜੁਲੀ ਸੁਰ 'ਚ ਤੇਜਵੀਰ ਨੂੰ ਕਿਹਾ।
"ਨੋ…ਅ-ਆਈ ਮੀਨ ਯੈੱਸ…ਆਈ ਐਮ ਤੇਜਵੀਰ। ਆਈ ਐਮ ਸਾੱਰੀ…ਆਈ ਐਮ ਲੇਟ, ਬੱਸ ਪੰਜ ਮਿੰਟ ਹੀ ਲੇਟ ਹੋਇਆਂ…ਯੂ ਨੋ ਦ ਬਲੱਡੀ ਟ੍ਰੈਫਿਕ ਆਫ ਦਿਸ ਸਿਟੀ। ਬਾਈ ਦ ਵੇ, ਗੁੱਡ ਮਾੱਰਨਿੰਗ!" ਬੁੱਲ੍ਹਾਂ 'ਤੇ ਖਿਸਿਆਨੀ ਜਿਹੀ ਮੁਸਕੁਰਾਹਟ ਲਿਆ ਕੇ ਤੇਜਵੀਰ ਨੇ ਕਿਹਾ, "…ਐਂਡ ਯੂ ਆਰ ਲੁਕਿੰਗ ਐਜ਼ ਬਿਊਟੀਫੁਲ ਐਜ਼ ਯੈੱਸਟਰਡੇ!"
ਆਪਣੀ ਤਾਰੀਫ਼ ਸੁਣ ਕੇ ਸਾਰਿਕਾ ਦੇ ਚਿਹਰੇ 'ਤੇ ਨਰਮੀ ਦੇ ਭਾਵ ਆ ਗਏ, ਪਰ ਉਸਦੀ ਸੁਰ 'ਚ ਚਿੰਤਾ ਹਾਲੇ ਵੀ ਝਲਕ ਰਹੀ ਸੀ।
"ਤੇਜਵੀਰ! ਮੈਨ…ਭੋਗਲ ਸਾਹਬ ਆਏ ਹੋਏ ਨੇ ਤੇ ਤੁਹਾਡੇ ਲਈ ਇਹੀ ਆੱਰਡਰਜ਼ ਨੇ ਕਿ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਰਿਪੋਰਟ ਕਰਨੀ ਹੈ, ਐਂਡ ਆਈ ਐਮ ਆਫ਼ਰੇਡ…ਹੀ ਇਜ਼ ਵੈਰੀ ਪੰਕਚੁਅਲ ਐਂਡ ਸਟਰਿਕਟ ਮੈਨ ਇਨ ਡੀਡ! ਸੋ ਗਾੱਡ ਬਲੈੱਸ ਯੂ! ਪਲੀਜ਼ ਜਲਦੀ ਜਾਓ!"
"ਥੈਂਕਸ ਫ਼ਾੱਰ ਯੁਅਰ ਕਨਸਰਨ ਸਾਰਿਕਾ…!" ਕਹਿੰਦਿਆਂ ਤੇਜਵੀਰ ਭੋਗਲ ਸਾਹਬ ਦੇ ਕੈਬਿਨ ਵੱਲ ਲਪਕਿਆ।
ਭੋਗਲ ਸਾਹਬ, ਯਾਨੀ ਕਿ ਜਨਾਬ ਤਾਰਾ ਚੰਦ ਭੋਗਲ, ਸ਼ਹਿਰ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਅਤੇ ਖ਼ਾਨਦਾਨੀ ਰਈਸ, ਇਸ ਅਖ਼ਬਾਰ ਦੇ ਬਾਨੀ, ਕਰਤਾ-ਧਰਤਾ ਅਤੇ ਨਾਲ਼ ਹੀ ਚੀਫ਼ ਐਡੀਟਰ ਵੀ ਹਨ। ਉਮਰ ਦੇ ਸੱਠਵਿਆਂ ਨੂੰ ਢੁਕੇ ਹੋਏ ਭੋਗਲ ਸਾਹਬ ਨੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਭਰੀ ਭਾਵਨਾ ਦੇ ਤਹਿਤ, ਇਸ ਅਖ਼ਬਾਰ ਦੀ ਸ਼ੁਰੂਆਤ ਅੱਜ ਤੋਂ ਕਰੀਬ ਪੱਚੀ ਵਰ੍ਹੇ ਪਹਿਲਾਂ ਉਸ ਵਕਤ ਕੀਤੀ ਸੀ, ਜਦੋਂ ਪੰਜਾਬ ਦਾ ਸੰਤਾਪ ਆਪਣੀ ਚਰਮ ਸੀਮਾ 'ਤੇ ਸੀ। ਓਸ ਵਕਤ ਜਦੋਂ ਪ੍ਰਿੰਟ ਮੀਡੀਆ ਧੜੇਬੰਦੀ ਦੀ ਭਾਵਨਾ ਤਹਿਤ ਰਿਪੋਰਟਿੰਗ ਕਰ ਰਿਹਾ ਸੀ, ਭੋਗਲ ਸਾਹਬ ਨੇ ਆਪਣੇ ਅਖ਼ਬਾਰ ਰਾਹੀਂ ਹਮੇਸ਼ਾਂ ਮਾਨਵਤਾ ਦਾ ਪੱਖ ਪੂਰਿਆ ਅਤੇ ਸਾਰੀ ਸਮੱਸਿਆ ਅਤੇ ਸੂਰਤੇ-ਹਾਲ ਦੀ ਸਹੀ ਤਸਵੀਰ ਲੋਕਾਂ ਸਾਹਮਣੇ ਲਿਆਉਣ ਲਈ ਜੀਅ-ਤੋੜ ਕੋਸ਼ਿਸ਼ ਕੀਤੀ। ਉਹਨਾਂ ਖਾੜਕੂਆਂ ਦੁਆਰਾ ਮਾਰੇ ਗਏ ਬੇਗ਼ੁਨਾਹ ਮਾਸੂਮ ਲੋਕਾਂ ਦੇ ਕਤਲੇਆਮ ਦੀ ਵੀ ਰੱਜ ਕੇ ਨਿਖੇਧੀ ਕੀਤੀ ਅਤੇ ਪੁਲਿਸ, ਭ੍ਰਿਸ਼ਟ ਅਫ਼ਸਰਸ਼ਾਹੀ ਅਤੇ ਸੌੜੇ ਹਿੱਤਾਂ ਵਾਲੇ ਰਾਜਨੀਤਿਕ ਲੋਕਾਂ ਦੇ ਪਾਜ ਵੀ ਉਘੇੜੇ। ਸੱਚ ਦੀ ਇਸ ਲੜਾਈ ਵਿੱਚ ਉਹਨਾਂ ਨੂੰ ਚਾਰੇ ਪਾਸਿਆਂ ਤੋਂ ਨਿਰੰਤਰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਭੋਗਲ ਸਾਹਬ ਦੇ ਖ਼ਾਨਦਾਨ ਦੇ ਅਸਰ ਰਸੂਖ਼ ਅਤੇ ਉਹਨਾਂ ਦੀ ਦਲੇਰੀ ਭਰਪੂਰ ਸ਼ਖ਼ਸੀਅਤ ਸਦਕਾ, ਉਹਨਾਂ ਕਦੇ ਵੀ ਆਪਣੇ ਕਦਮਾਂ ਨੂੰ ਸੱਚਾਈ ਦੇ ਰਾਹ 'ਤੋਂ ਥਿੜਕਣ ਨਾ ਦਿੱਤਾ।
ਪਰ ਅਜੋਕੇ ਦੌਰ ਵਿੱਚ ਪੱਤਰਕਾਰਾਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਉਹ ਬੜੇ ਹਤਾਸ਼ ਸਨ। ਅੱਜ ਦੀ ਪੀਲੀ ਪੱਤਰਕਾਰੀ ਅਤੇ ਪੱਤਰਕਾਰਾਂ ਦੀ ਉਦਾਸੀਨਤਾ ਤੋਂ ਉਹ ਖ਼ਾਸੇ ਨਿਰਾਸ਼ ਹੋ ਚੁੱਕੇ ਸਨ। ਉਹਨਾਂ ਲਈ ਖ਼ਬਰ ਦਾ ਅਰਥ ਸੁਣੀ-ਸੁਣਾਈ ਇੱਕ ਪਾਸੜ ਗੱਲ, ਅਫ਼ਵਾਹ ਜਾਂ ਸੈਂਸੇਸ਼ਨਲ ਸੁਰਖ਼ੀ ਭਰ ਨਹੀਂ ਸੀ। ਉਹਨਾਂ ਲਈ ਖ਼ਬਰ ਦਾ ਅਰਥ ਸੀ ਘਟਨਾ ਦੀ ਸਹੀ ਤੇ ਸੱਚੀ ਤਸਵੀਰ ਅਤੇ ਉਸਤੋਂ ਵੀ ਅੱਗੇ ਜਾ ਕੇ ਘਟਨਾ ਦੇ ਵਾਪਰਨ ਪਿੱਛੇ ਲੁਕਿਆ ਨੰਗਾ ਚਿੱਟਾ ਸੱਚ। ਅਤੇ ਇਸ ਸੱਚ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਵਾਲਾ ਹੀ ਉਹਨਾਂ ਦੀ ਨਜ਼ਰ ਵਿੱਚ ਸਹੀ ਅਰਥਾਂ ਵਿੱਚ ਪੱਤਰਕਾਰ ਹੈ। ਪਰ ਅੱਜਕੱਲ੍ਹ ਦੇ ਪੱਤਰਕਾਰ ਤਾਂ ਫ਼ੋਨ 'ਤੇ ਮਿਲੀ ਕਿਸੇ ਘਟਨਾ ਦੀ ਅੱਧ-ਪਚੱਧੀ ਤੇ ਇੱਕ ਪਾਸੜ ਜਿਹੀ ਜਾਣਕਾਰੀ ਦੇ ਆਧਾਰ ਤੇ ਹੀ ਰਿਪੋਰਟਿੰਗ ਕਰ ਦਿੰਦੇ ਹਨ। ਜਾਂ ਫਿਰ ਅਖ਼ਬਾਰਾਂ ਦੀਆਂ ਖ਼ਬਰਾਂ ਮਹਿਜ਼ ਰਾਜਨੀਤਿਕ ਤਾਕਤਾਂ ਦੀ ਇਸ਼ਤਿਹਾਰਬਾਜ਼ੀ ਬਣ ਕੇ ਰਹਿ ਗਈਆਂ ਹਨ। ਸਫ਼ਿਆਂ ਤੇ ਕਾਲਮਾਂ ਦੇ ਮੁੱਲ ਪੈਣ ਲੱਗ ਪਏ ਹਨ।
ਭੋਗਲ ਸਾਹਬ ਇਸ ਤਰ੍ਹਾਂ ਦੀ ਇੱਕ ਪਾਸੜ ਰਿਪੋਰਟਿੰਗ ਅਤੇ ਖ਼ਬਰਾਂ ਦੇ ਵਪਾਰੀਕਰਨ ਤੋਂ ਆਪਣੇ ਅਖ਼ਬਾਰ ਨੂੰ ਕਾਫ਼ੀ ਹੱਦ ਤੱਕ ਬਚਾ ਕੇ ਰੱਖਦੇ ਆਏ ਸਨ, ਪਰ ਆਪਣੇ ਸਟਾਫ਼ ਦੀ ਕਾਰਗੁਜ਼ਾਰੀ ਤੋਂ ਉਹ ਪੂਰਨ ਤੌਰ ਤੇ ਸੰਤੁਸ਼ਟ ਨਹੀਂ ਸਨ। ਅਜੋਕੀ ਨੌਜਵਾਨ ਨਸਲ ਤੋਂ ਤਾਂ ਉਹ ਖ਼ਾਸ ਤੌਰ ਤੇ ਚਿੜਦੇ ਸਨ। ਵਕਤ ਦੀ ਬੇਕਦਰੀ ਅਤੇ ਲਾਪਰਵਾਹੀ ਤਾਂ ਜਿਵੇਂ ਏਸ ਜਨਰੇਸ਼ਨ ਦਾ ਪਸੰਦੀਦਾ ਸ਼ੁਗਲ ਸੀ, ਤੇ ਉੱਤੋਂ ਦੀ ਕੋੜ੍ਹ 'ਤੇ ਖਾਜ ਵਾਂਗੂੰ ਬਗੈਰ ਕਿਸੇ ਟੀਚੇ ਤੇ ਸਿਧਾਂਤਾਂ ਦੇ ਬੇਲਗਾਮ ਜ਼ਿੰਦਗੀ। ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਸੀ, ਜਿਵੇਂ ਸਾਰੀ ਦੀ ਸਾਰੀ ਨੌਜਵਾਨ ਨਸਲ ਡੂੰਘੇ ਪਤਾਲ ਵਿੱਚ ਗਰਕਦੀ ਜਾ ਰਹੀ ਹੋਵੇ ਤੇ ਉੱਤੋਂ ਦੀ ਇਸ ਵਹਿਮ ਵਿੱਚ ਵੀ ਮੁਬਤਲਾ ਕਿ ਉਹ ਉੱਚੇ ਅਸਮਾਨਾਂ ਦੀਆਂ ਉੱਚਾਈਆਂ ਨੂੰ ਛੂਹ ਰਹੇ ਹਨ। "ਦੇਅਰ ਇਜ਼ ਨੋ ਹੋਪ!" ਗਾਹੇ-ਬਗਾਹੇ ਆਖ ਕੇ ਭੋਗਲ ਸਾਹਬ ਆਪਣੀ ਨਿਰਾਸ਼ਾ ਦਾ ਮੁਜ਼ਾਹਰਾ ਕਰ ਦਿੰਦੇ।
"ਮੇ ਆਈ ਕਮ ਇਨ ਸਰ ?" ਕੈਬਿਨ ਦੇ ਦਰਵਾਜ਼ੇ 'ਤੇ ਹਲਕੀ ਜਿਹੀ ਦਸਤਕ ਦੇ ਕੇ, ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ, ਗਰਦਨ ਅੰਦਰ ਕਰ ਤੇਜਵੀਰ ਨੇ ਦਬੀ ਹੋਈ ਆਵਾਜ਼ 'ਚ ਪੁੱਛਿਆ।
"ਕਮ ਇਨ ਯੰਗ ਮੈਨ।"
ਅੰਦਰ ਆ ਚੁੱਕੇ ਤੇਜਵੀਰ ਨੂੰ ਸਿਰ ਤੋਂ ਪੈਰਾਂ ਤੱਕ ਤਾੜਦਿਆਂ, ਭੋਗਲ ਸਾਹਬ ਨੇ ਆਪਣੇ ਗੁੱਟ 'ਤੇ ਬੰਨ੍ਹੀ ਘੜੀ ਵੱਲ ਨਜ਼ਰ ਮਾਰੀ।
"ਹੂੰ…ਯੂ ਆਰ ਨਾੱਟ ਸਪੋਜ਼ਡ ਟੂ ਬੀ ਲੇਟ ਸਪੈਸ਼ਲੀ ਟੁਡੇ ਯੰਗ ਮੈਨ! ਆਫ਼ਟਰ ਆਲ ਦਿਸ ਇਜ਼ ਦ ਫਸਟ ਡੇ ਆੱਵ ਯੁਅਰ ਜੌਬ ਐਂਡ ਇਟ ਸੀਮਜ਼ ਟੂ ਬੀ ਸੋ ਇਰਰਿਸਪਾਂਸੀਬਲ ਮਾਈ ਬੁਆਏ!"
"ਅ-ਆਈ ਐਮ ਸ-ਸਾੱਰੀ ਸਰ…ਉਹ ਕੀ ਹੈ ਕਿ…।"
ਅਗਲੇ ਬੋਲ ਤੇਜਵੀਰ ਦੇ ਮੂੰਹੋਂ ਨਿੱਕਲਣ ਤੋਂ ਪਹਿਲਾਂ ਹੀ ਭੋਗਲ ਸਾਹਬ ਦੇ ਵਿਸ਼ਾਲਾਕਾਰ ਆਫ਼ਿਸ ਟੇਬਲ 'ਤੇ ਪਏ ਟੈਲੀਫ਼ੋਨ ਦੀ ਘੰਟੀ ਵੱਜ ਪਈ।
ਤੇਜਵੀਰ ਨੂੰ ਇਉਂ ਲੱਗਿਆ ਜਿਵੇਂ ਉਸਨੂੰ ਮੌਤ ਦੇ ਖੂਹ 'ਚ ਡਿੱਗਦੇ ਨੂੰ ਕਿਸੇ ਨੇ ਬਾਹੋਂ ਫੜ ਕੇ ਖਿੱਚ ਲਿਆ ਹੋਵੇ। ਉਸਤੋਂ ਕੋਈ ਜਵਾਬ ਦਿੰਦੇ ਨਹੀਂ ਬਣ ਪਾ ਰਿਹਾ ਸੀ। ਭੋਗਲ ਸਾਹਬ ਦੀ ਰੋਅਬਦਾਰ ਸ਼ਖ਼ਸੀਅਤ ਸਾਹਮਣੇ ਉਸਦੇ ਐਸੇ ਪਸੀਨੇ ਛੁੱਟੇ ਕਿ ਕੋਈ ਬਹਾਨਾ ਵੀ ਨਹੀਂ ਸੁੱਝ ਰਿਹਾ ਸੀ। ਤੇ ਐਨ ਉਸੇ ਵਕਤ, ਕਿਸੇ ਖ਼ੁਦਾਈ ਮਦਦ ਦੀ ਤਰ੍ਹਾਂ, ਇਹ ਟੈਲੀਫ਼ੋਨ ਦੀ ਘੰਟੀ ਵੱਜ ਪਈ। ਤੇਜਵੀਰ ਮਨ ਹੀ ਮਨ ਉਸ ਟੈਲੀਫ਼ੋਨ ਕਰਨ ਵਾਲੇ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ, ਜਿਸਨੇ ਭਾਵੇਂ ਵਕਤੀ ਤੌਰ ਤੇ ਹੀ ਸਹੀ, ਉਸਦੀ ਜਾਨ ਨੂੰ ਇਸ ਮੁਸੀਬਤ 'ਚੋਂ ਬਾਹਰ ਕੱਢ ਲਿਆ ਸੀ।
"ਵਾੱਟ…? …ਓਹ ਮਾਈ ਗੁੱਡ ਗਾੱਡ! ਕੀ ਨਾਂ ਦੱਸਿਆ? … ਓਹ… ਦਿਸ ਇਜ਼ ਸੋ ਅਨਫ਼ਾਰਚੂਨੇਟ…!" ਕਹਿੰਦਿਆਂ ਭੋਗਲ ਸਾਹਬ ਦੇ ਚਿਹਰੇ 'ਤੇ ਮਾਤਮ ਛਾ ਗਿਆ। ਮੱਥੇ 'ਤੇ ਦੁੱਖ ਅਤੇ ਚਿੰਤਾ ਦੀਆਂ ਲਕੀਰਾਂ ਪੈ ਗਈਆਂ। ਜ਼ਰੂਰ ਫ਼ੋਨ 'ਤੇ ਕੋਈ ਬੁਰੀ ਖ਼ਬਰ ਮਿਲੀ ਸੀ। ਤੇਜਵੀਰ ਦਾ ਪੂਰਾ ਧਿਆਨ ਹੁਣ ਆਪਣੀ ਹਾਲਤ ਤੋਂ ਛਿਟਕ ਕੇ, ਭੋਗਲ ਸਾਹਬ ਦੇ ਮੌਜੂਦਾ ਮੂਡ ਵੱਲ ਕੇਂਦਰਿਤ ਹੋ ਗਿਆ ਸੀ। ਆਖ਼ਿਰ ਐਸੀ ਕਿਹੜੀ ਗੱਲ ਹੋ ਗਈ ਸੀ, ਜੋ ਭੋਗਲ ਸਾਹਬ ਦੇ ਮੂਡ ਵਿੱਚ ਏਨੀ ਅਚਾਨਕ ਇਹ ਪਰਿਵਰਤਨ ਆ ਗਿਆ ਸੀ?
"…ਠੀਕ ਹੈ, ਮੈਂ ਭੇਜਦਾ ਹਾਂ ਕਿਸੇ ਨੂੰ।" ਇਹ ਆਖ ਕੇ ਭੋਗਲ ਸਾਹਬ ਨੇ ਟੈਲੀਫ਼ੋਨ ਦਾ ਰਿਸੀਵਰ ਕ੍ਰੈਡਿਲ 'ਤੇ ਟਿਕਾਇਆ ਅਤੇ ਇੰਟਰਕਾਮ ਦਾ ਬਜ਼ਰ ਦਬਾ ਕੇ ਆਪਣੀ ਪਰਸਨਲ ਸੈਕ੍ਰੇਟਰੀ ਨੂੰ ਨਿਰਦੇਸ਼ ਦਿੱਤਾ, "ਮਿਸ ਸਿਮਰਨ! ਸੈਂਡ ਮਿ. ਗਗਨ ਇੱਮੀਡੀਏਟਲੀ ਇਨਸਾਈਡ ਮਾਈ ਕੈਬਿਨ।"
ਤਕਰੀਬਨ ਅੱਧਾ ਮਿੰਟ ਭੋਗਲ ਸਾਹਬ ਆਪਣੀ ਗੱਦੇਦਾਰ ਕੁਰਸੀ ਦੀ ਪੁਸ਼ਤ 'ਤੇ ਸਿਰ ਟਿਕਾ ਕੇ, ਕਿਸੇ ਗਹਿਰੀ ਸੋਚ 'ਚ ਡੁੱਬੇ ਰਹੇ। ਫਿਰ ਅਚਾਨਕ ਉਹਨਾਂ ਨੂੰ ਉਥੇ ਤੇਜਵੀਰ ਦੀ ਮੌਜੂਦਗੀ ਦਾ ਖ਼ਿਆਲ ਆਇਆ ਅਤੇ ਇਹ ਵੀ ਕਿ ਉਹਨਾਂ ਨੇ ਤੇਜਵੀਰ ਨੂੰ ਹਾਲੇ ਤੱਕ ਬੈਠਣ ਲਈ ਵੀ ਨਹੀਂ ਕਿਹਾ ਸੀ।
"ਸਿਟ ਡਾਊਨ ਮਾਈ ਬੁਆਏ।" ਕਦਰਨ ਨਰਮ ਸੁਰ 'ਚ ਭੋਗਲ ਸਾਹਬ ਬੋਲੇ। ਸ਼ਾਇਦ ਉਸੇ ਮੰਦਭਾਗੀ ਖ਼ਬਰ ਦਾ ਨਤੀਜਾ ਸੀ ਕਿ ਉਹਨਾਂ ਦੇ ਰੁਖ਼ 'ਚ ਕੁਝ ਨਰਮੀ ਆ ਗਈ ਸੀ ਅਤੇ ਤੇਜਵੀਰ ਦੇ ਨੌਕਰੀ ਦੇ ਪਹਿਲੇ ਦਿਨ ਹੀ ਲੇਟ ਹੋਣ ਦੀ ਨਾਰਾਜ਼ਗੀ ਨੂੰ ਜਾਂ ਤਾਂ ਉਹ ਭੁੱਲ ਗਏ ਸਨ, ਜਾਂ ਜਾਣ ਬੁੱਝ ਕੇ ਹੀ ਅੱਖੋਂ ਪਰੋਖੇ ਕਰ ਦਿੱਤਾ ਸੀ।
ਅੱਗਿਓਂ ਕੁਝ ਕਹਿਣ ਲਈ ਭੋਗਲ ਸਾਹਬ ਨੇ ਮੂੰਹ ਖੋਲ੍ਹਿਆ ਹੀ ਸੀ ਕਿ ਕੈਬਿਨ ਦੇ ਦਰਵਾਜ਼ੇ ਤੋਂ ਆਵਾਜ਼ ਆਈ।
"ਮੇ ਆਈ ਕਮ ਇਨ ਸਰ?"
"ਯੈੱਸ, ਕਮ ਇਨ ਗਗਨ! ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ। ਕਮ ਸਿਟ।"
ਗਗਨ ਨੇ ਇੱਕ ਉੱਡਦੀ ਹੋਈ ਨਿਗ੍ਹਾ ਤੇਜਵੀਰ 'ਤੇ ਮਾਰੀ ਅਤੇ ਫਿਰ ਭੋਗਲ ਸਾਹਬ ਦੇ ਮੂਡ ਦੇ ਮੱਦੇਨਜ਼ਰ ਤੇਜਵੀਰ ਦੀ ਬਗਲ ਦੀ ਸੀਟ ਮੱਲਦਿਆਂ, ਹਿਚਕਿਚਾਉਂਦੇ ਹੋਏ ਪੁੱਛਣ ਲੱਗਾ।
"ਗ਼ੁਸਤਾਖ਼ੀ ਮਾਫ਼ ਸਰ…ਕੀ ਗੱਲ? ਸਭ ਖ਼ੈਰੀਅਤ ਤਾਂ ਹੈ? ਤੁਸੀਂ ਕਾਫ਼ੀ ਅਪਸੈੱਟ ਨਜ਼ਰ ਆ ਰਹੇ ਹੋ?"
"ਓਹ ਯੈੱਸ ਮਾਈ ਬੁਆਏ! ਦਰਅਸਲ ਥਾਣੇ 'ਚੋਂ ਹੁਣੇ-ਹੁਣੇ ਫ਼ੋਨ ਆਇਆ ਕਿ ਐੱਸ.ਬੀ.ਐੱਸ. ਕਾਲਜ ਦੇ ਗਰਲਜ਼ ਹੋਸਟਲ ਵਿੱਚ ਰੁਪਿੰਦਰ ਢਿੱਲੋਂ ਨਾਂ ਦੀ ਇੱਕ ਲੜਕੀ ਦੀ ਮੌਤ ਹੋ ਗਈ ਹੈ…।"
" ਉਹ ਤਾਂ ਠੀਕ ਹੈ ਸਰ…ਪਰ ਤੁਸੀਂ ਇਸ ਖ਼ਬਰ ਤੋਂ ਏਨੇ ਜ਼ਿਆਦਾ ਪਰੇਸ਼ਾਨ ਕਿਉਂ ਲੱਗ ਰਹੇ ਓਂ?"
ਨਾ ਚਾਹੁੰਦੇ ਹੋਏ ਵੀ ਗਗਨ ਨੇ ਭੋਗਲ ਸਾਹਬ ਦੀ ਗੱਲ ਨੂੰ ਵਿਚੋਂ ਹੀ ਟੋਕਦਿਆਂ ਪੁੱਛਿਆ।
ਜੇ ਕੋਈ ਹੋਰ ਵਕਤ ਹੁੰਦਾ, ਤਾਂ ਗਗਨ ਦਾ ਇਉਂ ਵਿੱਚੋਂ ਟੋਕਣਾ ਭੋਗਲ ਸਾਹਬ ਨੂੰ ਚੰਗਾ ਨਹੀਂ ਸੀ ਲੱਗਣਾ, ਪਰ ਇਸ ਵੇਲ਼ੇ ਉਹਨਾਂ ਨੇ ਉਸਦੀ ਇਸ ਹਰਕਤ ਵੱਲ ਬਹੁਤਾ ਗ਼ੌਰ ਨਹੀਂ ਕੀਤਾ ਅਤੇ ਗਗਨ ਦੇ ਸਵਾਲ ਦਾ ਜਵਾਬ ਦੇਣ ਲੱਗੇ।
"ਗਗਨ! ਮੇਰੇ ਇੱਕ ਅਜ਼ੀਜ਼ ਦੋਸਤ ਨੇ ਸ. ਅਮਰੀਕ ਸਿੰਘ ਢਿੱਲੋਂ। ਜੋ ਰਾਏਕੋਟ ਦੇ ਇੱਕ ਨਾਮੀ-ਗਰਾਮੀ ਬੰਦੇ ਨੇ। ਆਪਣੇ ਇਲਾਕੇ 'ਚ ਉਹਨਾਂ ਦਾ ਆੜ੍ਹਤ ਦਾ ਬਹੁਤ ਲੰਬਾ-ਚੌੜਾ ਕਾਰੋਬਾਰ ਹੈ। ਉਹਨਾਂ ਦੀ ਬੇਟੀ ਵੀ ਐੱਸ.ਬੀ.ਐੱਸ. ਕਾਲਜ ਦੇ ਹੋਸਟਲ ਵਿੱਚ ਹੀ ਰਹਿੰਦੀ ਹੈ। ਆਈ ਐਮ ਆਫ਼ਰੇਡ ਮਾਈ ਬੁਆਏ…ਜੇ ਮੇਰੀ ਯਾਦਦਾਸ਼ਤ ਧੋਖਾ ਨਹੀਂ ਦੇ ਰਹੀ ਤਾਂ ਉਹਨਾਂ ਦੀ ਬੇਟੀ ਦਾ ਨਾਂ ਵੀ ਰੁਪਿੰਦਰ ਹੀ ਹੈ। ਮੈਨੂੰ ਡਰ ਹੈ ਕਿ ਕਿਤੇ ਇਹ ਮਰਨ ਵਾਲੀ ਲੜਕੀ ਢਿੱਲੋਂ ਸਾਹਬ ਦੀ ਬੇਟੀ ਹੀ ਤਾਂ ਨਹੀਂ? ਜੇ ਮੇਰਾ ਸ਼ੱਕ ਸਹੀ ਨਿੱਕਲਿਆ ਗਗਨ ਤਾਂ ਇਹ ਮੇਰੇ ਦੋਸਤ ਅਤੇ ਉਸਦੀ ਵਾਈਫ਼ ਲਈ ਇੱਕ ਬਹੁਤ ਵੱਡਾ ਇਮੋਸ਼ਨਲ ਸੈੱਟਬੈਕ ਹੋਵੇਗਾ। ਉਹਨਾਂ ਦੀ ਇੱਕਲੌਤੀ ਬੇਟੀ ਹੈ ਉਹ। ਗਗਨ, ਆਈ ਵਾਂਟ, ਕਿ ਤੂੰ ਫ਼ੌਰਨ ਉਥੇ ਜਾ ਕੇ ਨਿਊਜ਼ ਕਵਰ ਕਰ ਅਤੇ ਪੂਰੀ ਸੂਰਤੇ-ਹਾਲ ਦੀ ਮੈਨੂੰ ਇਮੀਡੀਏਟਲੀ ਖ਼ਬਰ ਕਰ।"
"ਰਾਈਟ ਅਵੇ ਸਰ!"
ਆਖ ਕੇ ਗਗਨ ਭੋਗਲ ਸਾਹਬ ਅੱਗੇ ਸਿਰ ਨਿਵਾ ਕੇ, ਆਪਣੀ ਸੀਟ 'ਤੋਂ ਉੱਠ ਕੇ ਜਾਣ ਲਈ ਮੁੜਨ ਲੱਗਾ ਤਾਂ ਭੋਗਲ ਸਾਹਬ ਨੂੰ ਜਿਵੇਂ ਕੁਝ ਯਾਦ ਆ ਗਿਆ।
"ਬਾਈ ਦ ਵੇ ਗਗਨ! ਮੀਟ ਮਿ. ਤੇਜਵੀਰ ਸਿੰਘ ਸ਼ੇਰਗਿਲ…ਇਸਨੇ ਅੱਜ ਹੀ ਜੁਆਇਨ ਕੀਤਾ…।"
ਮਾਹੌਲ ਦੀ ਟੈਂਸ਼ਨ ਦੇ ਮੱਦੇਨਜ਼ਰ ਗਗਨ ਨੇ ਬੜੀ ਹਲਕੀ ਜਿਹੀ ਮੁਸਕੁਰਾਹਟ ਨਾਲ ਤੇਜਵੀਰ ਨੂੰ ਹੈਲੋ ਕਿਹਾ ਅਤੇ ਤੇਜਵੀਰ ਨੇ ਉਸਤੋਂ ਵੀ ਹਲਕੀ ਜਿਹੀ ਮੁਸਕੁਰਾਹਟ ਨਾਲ ਉਸਦੀ ਹੈਲੋ ਨੂੰ ਕਬੂਲਿਆ।
"…ਤੂੰ ਇਸ ਤਰ੍ਹਾਂ ਕਰ ਗਗਨ ਕਿ ਤੇਜਵੀਰ ਨੂੰ ਵੀ ਨਾਲ ਹੀ ਲੈ ਜਾ। ਕੁਝ ਦਿਨ ਆਪਣੇ ਨਾਲ਼ ਹੀ ਰੱਖ ਇਸਨੂੰ। ਇਸ ਤਰ੍ਹਾਂ ਕ੍ਰਾਈਮ ਰਿਪੋਰਟਿੰਗ ਦੀ ਥੋੜ੍ਹੀ ਬਹੁਤ ਪ੍ਰੈਕਟੀਕਲ ਨਾੱਲੇਜ ਵੀ ਹੋ ਜਾਏਗੀ ਇਸਨੂੰ।"
"ਓ ਕੇ ਸਰ!…ਕਮ ਮਿ. ਤੇਜਵੀਰ।" ਕਹਿੰਦਿਆਂ ਗਗਨ ਨੇ ਭੋਗਲ ਸਾਹਬ ਅੱਗੇ ਦੁਬਾਰਾ ਸਿਰ ਨਿਵਾਇਆ ਅਤੇ ਦਰਵਾਜ਼ੇ ਵੱਲ ਨੂੰ ਮੁੜ ਪਿਆ।
ਤੇਜਵੀਰ ਵੀ ਉਸਦੀ ਦੇਖਾ-ਦੇਖੀ ਭੋਗਲ ਸਾਹਬ ਅੱਗੇ ਸਿਰ ਨਿਵਾ, ਉਸਦੇ ਪਿੱਛੇ ਹੋ ਤੁਰਿਆ।
ਤੇਜਵੀਰ ਨੇ ਦਰਵਾਜ਼ੇ ਨੂੰ ਹੱਥ ਪਾਇਆ ਹੀ ਸੀ ਕਿ ਪਿੱਛੋਂ ਭੋਗਲ ਸਾਹਬ ਦੀ ਆਵਾਜ਼ ਆਈ, "ਬਾਈ ਦ ਵੇ ਤੇਜਵੀਰ…।"
ਤੇਜਵੀਰ ਠਿਠਕ ਕੇ ਪਿੱਛੇ ਨੂੰ ਮੁੜਿਆ ਤਾਂ ਭੋਗਲ ਸਾਹਬ ਨੇ ਕਦਰਨ ਸੰਤੁਲਿਤ ਆਵਾਜ਼ ਵਿੱਚ ਕਿਹਾ, "…ਆਈ ਵਿਸ਼ ਯੂ ਵੈਰੀ ਗੁਡ ਲੱਕ ਫਾਰ ਦ ਬਿਗਨਿੰਗ ਆੱਵ ਯੁਅਰਜ਼ ਪ੍ਰੋਫ਼ੈਸ਼ਨਲ ਲਾਈਫ਼ ਮਾਈ ਬੁਆਏ! ਵੈਲਕਮ ਟੂ ਦ ਫ਼ੈਮਿਲੀ!"
"ਥੈਂਕ ਯੂ ਵੈਰੀ ਮੱਚ ਸਰ! ਆਈ ਰੀਅਲੀ ਫ਼ੀਲ ਔਨਰਡ ਵਰਕਿੰਗ ਅੰਡਰ ਸੱਚ ਅ ਗ੍ਰੇਟ ਗਾਈਡੈਂਸ ਆਫ਼ ਯੁਅਰਜ਼ ਸਰ!" ਆਖ ਕੇ ਤੇਜਵੀਰ ਵੀ ਗਗਨ ਦੇ ਪਿੱਛੇ-ਪਿੱਛੇ ਹੀ ਭੋਗਲ ਸਾਹਬ ਦੇ ਕੈਬਿਨ 'ਚੋਂ ਬਾਹਰ ਆ ਗਿਆ।
ਬਾਹਰ ਨਿੱਕਲਦੇ ਸਾਰ ਹੀ ਤੇਜਵੀਰ ਨੇ ਇੱਕ ਚੈਨ ਭਰਿਆ ਲੰਬਾ ਸਾਹ ਛੱਡਿਆ।
'ਅੱਜ ਤਾਂ ਰੱਬੋਂ ਹੀ ਬਚਾਅ ਹੋ ਗਿਆ। ਜੇ ਕਿਤੇ ਉਹ ਟੈਲੀਫ਼ੋਨ ਨਾ ਆਉਂਦਾ ਤਾਂ…। ਚਲੋ…ਜਾਨ ਬਚੀ ਸੋ ਲਾਖੋਂ ਪਾਏ।'
ਪਰ ਅਗਲੇ ਹੀ ਪਲ ਉਸਨੂੰ ਆਪਣੀ ਇਸ ਸੋਚ 'ਤੇ ਬੜੀ ਸ਼ਰਮ ਜਿਹੀ ਮਹਿਸੂਸ ਹੋਈ। ਇੱਕ ਨੌਜਵਾਨ ਮੌਤ ਦੀ ਖ਼ਬਰ ਦੇ ਜ਼ਰੀਏ ਤੋਂ ਇਉਂ ਚੈਨ ਜਿਹਾ ਮਹਿਸੂਸ ਕਰਨਾ, ਉਸਨੂੰ ਚੰਗਾ ਜਿਹਾ ਨਾ ਲੱਗਾ।
ਫਿਰ ਗਗਨ ਦੀ ਆਵਾਜ਼ ਨਾਲ ਉਸਦੀ ਇਸ ਸੋਚ ਨੂੰ ਬ੍ਰੇਕਾਂ ਲੱਗੀਆਂ।
"ਹਾਂ ਬਈ ਤੇਜਵੀਰ ਸਿੰਘ ਸ਼ੇਰਗਿਲ ਸਾਹਬ! ਬੰਦੇ ਨੂੰ ਗਗਨਜੀਤ ਸਿੰਘ ਤੂਰ, ਇਨ ਸ਼ਾੱਰਟ, ਗਗਨ ਕਹਿੰਦੇ ਨੇ ਤੇ ਮਾ-ਬਦੌਲਤ ਰੋਜ਼ਾਨਾ ਖ਼ਬਰਨਾਮਾ 'ਚ ਸੀਨੀਅਰ ਕ੍ਰਾਈਮ ਰਿਪੋਰਟਰ ਦੇ ਅਹੁਦੇ 'ਤੇ ਵਿਰਾਜਮਾਨ ਹਨ।"
'ਮੁਗ਼ਲੇ-ਆਜ਼ਮ' ਦੇ ਅਕਬਰ, 'ਪ੍ਰਿਥਵੀ ਰਾਜ ਕਪੂਰ' ਦੇ ਖ਼ਾਸ ਸ਼ਾਹਾਨਾ ਅੰਦਾਜ਼ ਦੀ ਨਕਲ ਕਰਦਿਆਂ ਗਗਨ ਨੇ ਆਪਣਾ ਸੱਜਾ ਹੱਥ ਹਵਾ 'ਚ ਲਹਿਰਾਇਆ ਤੇ ਫਿਰ ਅੱਗੇ ਵਧਾ ਦਿੱਤਾ।
ਤੇਜਵੀਰ ਨੇ ਬੜੀ ਮੁਸ਼ਕਿਲ ਨਾਲ ਆਪਣੇ ਹਾਸੇ ਨੂੰ ਕਾਬੂ ਕਰਦਿਆਂ, ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ।
"ਨਾ ਗੱਲ ਸੁਣ ਯਾਰ! ਬਾਹਰ ਨਿੱਕਲਦਿਆਂ ਹੀ ਤੂੰ ਤਾਂ ਐਂ ਕਿਲੋਮੀਟਰ ਲੰਬਾ ਸਾਹ ਛੱਡਿਆ, ਜਿਵੇਂ ਕਿਤੇ ਵੀਹ ਸਾਲਾ ਕੱਟ ਕੇ ਜੇਲ੍ਹ 'ਚੋਂ ਬਾਹਰ ਨਿੱਕਲਿਆ ਹੁੰਨੈਂ। ਕੀ ਗੱਲ? ਕਿਤੇ ਹਿਟਲਰ ਸਾਹਬ ਨੇ ਪਹਿਲੇ ਦਿਨ ਹੀ ਗਿਆਰਾਂ ਤੋਪਾਂ ਦੀ ਸਲਾਮੀ ਤਾਂ ਨੀ ਦੇਤੀ ਤੈਨੂੰ?"
"ਨਹੀਂ ਸਰ …ਐਕਚੁਅਲੀ…।"
"ਬਈ ਗੱਲ ਸੁਣ ਭਰਾਵਾ! ਆਹ ਸਰ-ਸੁਰ ਜਿਹਾ ਗਿਆ ਤੇਲ ਲੈਣ।…" ਤੇਜਵੀਰ ਦੀ ਗੱਲ ਵਿੱਚੋਂ ਹੀ ਟੋਕਦਿਆਂ ਗਗਨ ਬੋਲਿਆ, "…ਇਹ ਸਰ ਤੇ ਮਿਸਟਰ ਦੀ ਟੋਪੀ ਤਾਂ ਆਪਾਂ ਹਿਟਲਰ ਦੇ ਕੈਬਿਨ 'ਚ ਵੜਨ ਲੱਗਿਆਂ ਹੀ ਪਾਈਦੀ ਐ ਬੱਸ…ਤੇ ਬਾਹਰ ਨਿੱਕਲਦਿਆਂ ਓਥੇ ਈ ਲਾਹ ਆਈਦੀ ਆ ਵੀਰ ਮੇਰੇ! ਸਭ ਯਾਰ-ਬੇਲੀ ਖ਼ਾਕਸਾਰ ਨੂੰ ਗਗਨ ਕਹਿ ਕੇ ਈ ਬੁਲਾਉਂਦੇ ਨੇ ਤੇ ਅੱਜ ਤੋਂ ਤੂੰ ਵੀ ਆਪਣਾ ਯਾਰ-ਬੇਲੀ…ਤੇ ਫ਼ਿਰ ਏਸੇ ਖ਼ੁਸ਼ੀ 'ਚ, ਸਿੱਟ ਹੱਥ 'ਤੇ ਹੱਥ!"
ਕਹਿੰਦਿਆਂ ਗਗਨ ਨੇ ਆਪਣਾ ਹੱਥ ਉਤਾਂਹ ਚੁੱਕਿਆ ਅਤੇ ਤੇਜਵੀਰ ਨੇ ਵੀ ਉਸਦੀਆਂ ਬੇ-ਤਕੱਲੁਫ਼ੀ ਭਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ, ਠਾਹ ਹੱਥ 'ਤੇ ਹੱਥ ਦੇ ਮਾਰਿਆ।
"ਲੈ…ਆਹ ਹੋਈ ਨਾ ਬੰਦਿਆਂ ਆਲ਼ੀ ਗੱਲ! ਤਾਂ ਚੱਲ ਫਿਰ ਆਪਣੇ ਹਿਟਲਰ ਸਾਹਬ ਦਾ ਹੁਕਮ ਇਉਂ ਠੋਕ ਕੇ ਵਜਾਈਏ, ਜਿਵੇਂ ਲੋਹੜੀ ਆਲ਼ੇ ਘਰ ਖੁਸਰਿਆਂ ਦੀ ਢੋਲਕੀ ਵੱਜਦੀ ਹੁੰਦੀ ਆ! …"
ਮਸਤੀ 'ਚ ਬੋਲਦਾ-ਬੋਲਦਾ ਗਗਨ ਦਫ਼ਤਰ ਦੇ ਮੇਨ ਗੇਟ ਵੱਲ ਹੋ ਤੁਰਿਆ ਅਤੇ ਤੇਜਵੀਰ ਵੀ ਉਸਦੀਆਂ ਖੱਟ-ਮਿੱਠੀਆਂ ਗੱਲਾਂ ਦਾ ਲੁਤਫ਼ ਲੈਂਦਾ ਹੋਇਆ, ਉਸਦੇ ਪਿੱਛੇ-ਪਿੱਛੇ ਹੋ ਤੁਰਿਆ।
ਰਿਸੈਪਸ਼ਨ ਕੋਲ਼ ਆ ਕੇ ਗਗਨ ਇੱਕ ਦਮ ਠਿਠਕਿਆ, ਤੇ ਫਿਰ ਸਾਰਿਕਾ ਨੂੰ ਸ਼ਰਾਰਤ ਨਾਲ ਅੱਖ ਮਾਰਦਿਆਂ, ਉਸਨੇ ਉਸਦੀ ਪੀਲ਼ੇ ਰੰਗ ਦੀ ਪੁਸ਼ਾਕ 'ਤੇ ਤਵਾ ਲਾਉਣਾ ਸ਼ੁਰੂ ਕਰ ਦਿੱਤਾ।
"ਬੱਲੇ ਬਈ ਬੱਲੇ! ਅੱਜ ਤਾਂ ਆਪਣੀ ਕਰੀਨਾ ਕਪੂਰ ਨਿਰੀ ਭਰਿੰਡ ਬਣੀ ਫਿਰਦੀ ਐ! ਦੇਖੀਂ ਕਿਤੇ, ਲੜ ਨਾ ਜਾਈਂ ਕਿਸੇ ਦੇ ਗੁੜ ਖਾ ਕੇ!"
ਸਾਰਿਕਾ ਨੇ ਬਦੋ-ਬਦੀ ਆਪਣਾ ਹਾਸਾ ਰੋਕਦਿਆਂ, ਤੇ ਉੱਤੋਂ-ਉੱਤੋਂ ਦੀ ਅੱਖਾਂ ਤਰੇਰਦਿਆਂ ਕਿਹਾ, "ਕੀਪ ਯੁਅਰ ਨਾਸਟੀ ਮਾਊਥ ਸ਼ੱਟ ਗਗਨ, ਫ਼ਾੱਰ ਹੈਵਨ ਸੇਕ!"
"ਨਾ 'ਸੇਕ' ਤੈਨੂੰ ਕਾਹਦਾ? 'ਸੇਕ' ਤਾਂ ਮਿੱਤਰਾਂ ਨੂੰ ਲੱਗਣ ਲੱਗ ਜਾਂਦਾ ਤੈਨੂੰ ਦੇਖ ਕੇ! ਮੈਨੂੰ ਤਾਂ ਤੂੰ ਨਿਰੀ-ਪੁਰੀ ਐਨ ਮਘਦੇ ਹੀਟਰ ਦਾ ਸਪਰਿੰਗ ਲੱਗਦੀ ਐਂ ਧਰਮ ਨਾਲ਼।"
"ਓਹ ਯੂ…!"
ਗੁੱਸੇ ਨਾਲ਼ ਦੰਦ ਕਰੀਚਦਿਆਂ ਸਾਰਿਕਾ ਨੇ ਜ਼ੋਰ ਨਾਲ਼ ਆਪਣਾ ਹੱਥ ਰਿਸੈਪਸ਼ਨ ਕਾਊਂਟਰ 'ਤੇ ਮਾਰਿਆ ਤਾਂ ਗਗਨ ਝੱਟ ਗੇਟ ਖੋਲ੍ਹ, ਦਫ਼ਤਰ ਦੀ ਦਹਿਲੀਜ਼ੋਂ ਪਾਰ ਹੋ ਗਿਆ।
ਓਸ ਵੱਲੋਂ ਧਿਆਨ ਹਟਦਿਆਂ ਹੀ, ਸਾਰਿਕਾ ਦਾ ਧਿਆਨ ਤੇਜਵੀਰ ਵੱਲ ਚਲਾ ਗਿਆ। ਤੇਜਵੀਰ ਵੱਲ ਵੇਖਦਿਆਂ, ਉਸਨੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲੀ ਆਪਣੀ ਪੁੜਪੁੜੀ 'ਤੇ ਰੱਖ ਕੇ, ਚਾਬੀ ਵਾਂਗੂੰ ਹੱਥ ਨੂੰ ਘੁਮਾਉਂਦਿਆਂ, ਬਿਨਾਂ ਮੂੰਹੋਂ ਕੋਈ ਆਵਾਜ਼ ਕੱਢੇ, ਸਿਰਫ਼ ਆਪਣੇ ਬੁੱਲ੍ਹਾਂ ਦੀ ਹਰਕਤ ਨਾਲ ਹੀ ਕਿਹਾ, "ਹੀ ਇਜ਼ ਮੈਡ"। ਤੇਜਵੀਰ ਉਸ ਵੱਲ ਦੇਖ ਕੇ ਮੁਸਕੁਰਾਇਆ ਤਾਂ ਉਸਨੇ ਉਸੇ ਹੱਥ ਦੀਆਂ ਉਂਗਲਾਂ ਨੂੰ ਦੋ ਵਾਰ ਹਥੇਲੀ ਨਾਲ਼ ਛੁਹਾ ਕੇ, ਫ਼ੇਰ ਤੋਂ ਉਸੇ ਮੂਕ ਭਾਸ਼ਾ 'ਚ "ਬਾਏ" ਆਖਿਆ। ਤੇਜਵੀਰ ਨੇ ਵੀ ਉਸਦੀ 'ਬਾਏ' ਦਾ ਜਵਾਬ ਉਸੇ ਤਰ੍ਹਾਂ ਦਿੱਤਾ ਤੇ ਮੁਸਕੁਰਾਉਂਦਾ ਹੋਇਆ ਗੇਟੋਂ ਬਾਹਰ ਹੋ ਗਿਆ।
"ਦੇਖਿਆ ਬਾਬਿਓ! ਮਾਰ ਗਈ ਨਾ ਡੰਗ?" ਪੌੜੀਆਂ ਉੱਤਰਦਿਆਂ ਵੀ ਗਗਨ ਨੇ ਬਾਦਸਤੂਰ ਆਪਣੀਆਂ ਗੱਲਾਂ ਜਾਰੀ ਰੱਖੀਆਂ, "ਊਂ ਤਾਂ ਏਹਦਾ ਨਾਂ ਸਾਰਿਕਾ ਸ਼ਰਮਾ ਏ, ਪਰ ਮੈਂ ਏਹਨੂੰ ਕਰੀਨਾ ਕਪੂਰ ਈ ਕਹਿਨਾ ਹੁੰਨਾਂ। ਹੈ ਕਿ ਨਹੀਂ ਕਰੀਨਾ ਕਪੂਰ ਦੀ ਪੂਰੀ ਕਾਰਬਨ ਕਾਪੀ? ਊਂਂ ਤਾਂ ਬਾਹਮਣੀ ਕੱਚ ਦੇ ਗਲਾਸ ਅਰਗੀ ਐ, ਬੱਸ ਬੋਲਚਾਲ ਨੂੰ ਈ ਕੌੜੀ ਐ!"
"ਨਹੀਂ ਯਾਰ ਗਗਨ!" ਤੇਜਵੀਰ ਨੇ ਵੀ ਹੁਣ ਉਸ ਨਾਲ ਪੂਰੀ ਤਰ੍ਹਾਂ ਨਾਲ਼ ਖੁੱਲ੍ਹਦਿਆਂ ਆਖਿਆ, "ਕੁੜੀ ਤਾਂ ਚੰਗੀ ਲੱਗਦੀ ਐ ਵਿਚਾਰੀ!"
"ਨਾ ਮੈਂ ਸੱਚੀਂ-ਮੁੱਚੀ ਦੀ ਮਾੜੀ ਥੋੜ੍ਹਾ ਆਖਦਾਂ ਯਾਰ! ਉਹ ਤਾਂ ਆਪਾਂ ਦੋ ਘੜੀ ਮਜ਼ਾਕ-ਮਜ਼ੂਕ ਕਰ ਲਈਦਾ ਵਿਚਾਰੀ ਨਾਲ਼, ਤੇ ਉਹ ਵੀ ਉੱਤੋਂ-ਉੱਤੋਂ ਈ ਸ਼ੱਟਅੱਪ-ਸ਼ੂਟਅੱਪ ਕਹਿੰਦੀ ਰਹਿੰਦੀ ਆ! ਦਿਲੋਂ ਗੁੱਸਾ ਨੀ ਕਰਦੀ ਵਿਚਾਰੀ! ਅੰਦਰੋਂ ਉਹਨੂੰ ਵੀ ਪਤਾ ਬਈ ਮੇਰੀ ਨੀਤ ਮਾੜੀ ਨੀ ਹੈ। ਨਾਲ਼ੇ ਦੋ ਘੜੀਆਂ ਜਿਹੜੀਆਂ ਹੱਸ ਕੇ ਜਿਉਂ ਲਈਆਂ ਬਾਈ ਜੀ, ਉਹੀ ਪੱਲੇ ਰਹਿ ਜਾਣੀਆਂ। ਏਹੀ ਕਮਾਈ ਆ ਜਿਹੜੀ ਨਾਲ਼ ਰਹਿਣੀ ਆ ਸਾਰੀ ਉਮਰ! ਚੰਗੀਆਂ ਤੇ ਮਿੱਠੀਆਂ ਯਾਦਾਂ ਹੀ ਜ਼ਿੰਦਗੀ ਦਾ ਅਸਲ ਸਰਮਾਇਆ ਨੇ ਵੀਰ ਮੇਰੇ! ਕਰ ਲਓ ਜਿੰਨੀਆਂ
'ਕੱਠੀਆਂ ਕਰ ਹੁੰਦੀਆਂ, ਨਹੀਂ ਤਾਂ ਬੁੱਢੇ-ਵਾਰੇ ਹੋਰ ਕੁਛ ਨਹੀਂ ਕੰਮ ਆਉਣਾ! ਕਿਉਂ ਬਾਬਿਓ? ਠੀਕ ਕਿਹਾ ਨਾ ਮੈਂ? ਲੈ…ਆਹ ਤਾਂ ਵੱਡੀ ਗੱਡੀ ਆਲ਼ੇ ਸੰਤਾਂ ਆਂਗੂੰ ਕਥਾ ਜਿਹੀ ਹੋ ਗਈ ਯਾਰ! ਮੰਨ ਲਾ ਮਿੱਤਰਾ, ਜੇ ਕਿਤੇ ਕਿਸੇ ਦਿਨ ਆਪਣੇ ਹਿਟਲਰ ਸਾਹਬ ਨੇ ਪੱਤਾ ਈ ਸਾਫ਼ ਕਰਤਾ ਆਪਣਾ, ਤਾਂ ਫਿਰ ਸੰਤਗਿਰੀ ਤਾਂ ਕਿਤੇ ਨੀ ਗਈ ਤੇਰੇ ਵੀਰ ਦੀ! ਮਖਾਂ ਐਨ ਵੱਟ 'ਤੇ ਪਈ ਐ!"
ਉਸਦੀਆਂ ਸੁਆਦਲੀਆਂ ਗੱਲਾਂ 'ਚ ਤਿੰਨ ਮੰਜ਼ਲਾਂ ਕਿਵੇਂ ਮੁੱਕ ਗਈਆਂ, ਪਤਾ ਹੀ ਨਹੀਂ ਚੱਲਿਆ।
ਪਾਰਕਿੰਗ 'ਚ ਪਹੁੰਚ ਕੇ ਗਗਨ ਨੇ ਕਿਹਾ।
"ਹਾਂ ਬਈ ਤੇਜਵੀਰ! ਤੇਰੇ ਆਲ਼ੇ ਕਨਵੇਅੰਸ 'ਤੇ ਚੱਲੀਏ ਜਾਂ ਫਿਰ ਕੱਢੀਏ ਮਿਰਜ਼ੇ ਦੀ ਬੱਕੀ!"
ਇਹ ਕਹਿੰਦਿਆਂ ਜਦ ਉਸਨੇ ਆਪਣੇ ਨੱਬੇ ਮਾਡਲ ਬਜਾਜ ਚੇਤਕ ਸਕੂਟਰ ਵੱਲ ਇਸ਼ਾਰਾ ਕੀਤਾ, ਤਾਂ ਤੇਜਵੀਰ ਦੇ ਕੰਨਾਂ ਨੂੰ ਹੱਥ ਲੱਗ ਗਏ।
ਸਕੂਟਰ ਕਾਹਦਾ ਸੀ, ਬੱਸ ਟੀਨ ਦਾ ਡੱਬਾ ਸੀ। ਗਗਨ ਦੀ ਕੁਇੰਟਲ ਭਰ ਦੀ ਦੇਹ ਚੁੱਕ ਕੇ, ਐਥੇ ਤੱਕ ਪਹੁੰਚ ਕਿਵੇਂ ਗਿਆ? ਏਸੇ ਗੱਲ ਦੀ ਹੈਰਾਨੀ ਹੋ ਰਹੀ ਸੀ ਤੇਜਵੀਰ ਨੂੰ। ਦਸ-ਪੰਦਰਾਂ ਜਗ੍ਹਾ ਤੋਂ ਤਾਂ ਠੁਕਿਆ ਹੋਇਆ ਲੱਗਦਾ ਸੀ, ਥਾਂ-ਥਾਂ 'ਤੇ ਪੱਚ ਲਾ-ਲਾ ਵੈਲਡ ਕੀਤਾ ਹੋਇਆ ਸੀ, ਤੇ ਰੰਗ ਤਾਂ ਲੱਗਦਾ ਵਿਚਾਰੇ ਨੂੰ ਆਪ ਯਾਦ ਨੀ ਹੋਣਾ, ਬਈ ਜਦੋਂ ਖ਼ਰੀਦਿਆ ਸੀ ਤਾਂ ਕਿਹੋ ਜਿਹਾ ਸੀ?
ਸਕੂਟਰ ਦੀ ਤਰਸਭਰੀ ਹਾਲਤ ਦੇਖਦਿਆਂ, ਤੇਜਵੀਰ ਨੇ ਝੱਟ ਆਖਿਆ।
"ਕੋਈ ਗੱਲ ਨੀ ਗਗਨ, ਮੇਰੇ ਵਾਲ਼ੇ ਮੋਟਰ ਸਾਈਕਲ 'ਤੇ ਚੱਲਦੇ ਆਂ।"
"ਨਾ ਤੂੰ ਡਰਦਾ ਕਿਉਂ ਐਂ ਯਾਰ?" ਤੇਜਵੀਰ ਦੇ ਮਨ ਦੀ ਹਾਲਤ ਨੂੰ ਭਾਂਪਦਿਆਂ ਗਗਨ ਨੇ ਆਪਣਾ 'ਸਕੂਟਰ-ਪੁਰਾਣ' ਛੇੜ ਲਿਆ, "ਵੀਹ ਸਾਲ ਹੋ ਗਏ ਨੇ ਮਿਰਜ਼ੇ ਜੱਟ ਦੀ ਬੱਕੀ ਨੂੰ! ਬਹੱਤਰ ਵਾਰ ਠੁਕੀ ਐ ਵਿਚਾਰੀ! ਟੀਨ-ਟੱਪਰ ਭਾਵੇਂ ਵਿਚਾਰੀ ਦਾ ਤੀਲਾ-ਤੀਲਾ ਹੋ ਗਿਆ ਹੋਵੇ, ਪਰ ਮਜਾਲ ਐ ਜੇ ਕਿਤੇ ਸੜਕ 'ਤੇ ਵਿਚਾਲਿਉਂ ਰੁਕ ਜਾਵੇ? ਅੱਜ ਤੱਕ ਦਾ ਰਿਕਾਰਡ ਐ ਗਗਨ ਦੀ ਬੱਕੀ ਦਾ, ਬਈ ਰਾਹ 'ਚ ਸਹੁਰੀ ਦੇ ਪਲੱਗ 'ਚ ਵੀ ਕਚਰਾ ਆਇਆ ਹੋਵੇ ਕਿਤੇ! ਦੇਖਣ ਨੂੰ ਪੂਰੀ ਨਜ਼ਰਬੱਟੂ, ਪਰ ਚੱਲਣ ਨੂੰ ਐਨ ਟਿਪ-ਟੌਪ। ਤੇਰੀ ਭਾਬੀ ਨੂੰ ਵੀ ਦਾਨਾਬਾਦ 'ਤੋਂ ਇਹ ਗਗਨਜੀਤ ਸਿੰਘ ਮਿਰਜ਼ਾ ਜੱਟ, ਏਸੇ ਬੱਕੀ 'ਤੇ ਭਜਾ ਕੇ ਲਿਆਇਆ ਸੀ! ਆਵਾਗੌਣ ਨਾ ਸਮਝੀਂ ਏਹਨੂੰ ਵੀਰ ਮੇਰੇ!"
"ਐਸੀ ਗੱਲ ਨੀ ਵੀਰ ਜੀ! ਆਹ ਨੇੜੇ ਈ ਤਾਂ ਹੈ ਕਾਲਜ, ਘੁਮਾਰ ਮੰਡੀ ਵੱਲ। ਨਾਲ਼ੇ ਮੇਰੀ ਮੋਟਰ ਸਾਈਕਲ ਵੀ ਸੜਕ ਵੱਲ ਈ ਖੜ੍ਹੀ ਐ, ਕੱਢਣੀ ਸੌਖੀ ਰਹੂ। ਬੱਕੀ ਦੀ ਸਵਾਰੀ ਉਧਾਰ ਰਹੀ, ਅਗਲੀ ਵਾਰੀ ਸਹੀ। ਹੁਣ ਤਾਂ ਇਕੱਠੇ ਈ ਰਹਿਣਾ ਆਪਾਂ ਕਈ ਦਿਨਾਂ ਤੱਕ।"
ਕਹਿੰਦਿਆਂ ਤੇਜਵੀਰ ਮੱਲੋ-ਜ਼ੋਰੀ ਗਗਨ ਨੂੰ ਬਾਹੋਂ ਫੜਕੇ ਆਪਣੇ ਮੋਟਰ ਸਾਈਕਲ ਵੱਲ ਲੈ ਗਿਆ ਅਤੇ ਉਹ ਦੋਵੇਂ ਐੱਸ.ਬੀ.ਐੱਸ. ਕਾਲਜ ਵੱਲ ਰਵਾਨਾ ਹੋ ਗਏ।
+++++
ਐੱਸ.ਬੀ.ਐੱਸ. ਕਾਲਜ ਪੰਜਾਬ ਦੇ ਚੋਣਵੇਂ ਕਾਲਜਾਂ ਵਿੱਚੋਂ ਇੱਕ ਸੀ। ਪੜ੍ਹਾਈ ਅਤੇ ਸਹੂਲਤਾਂ ਦੇ ਪੱਖ ਤੋਂ ਇਸ ਕਾਲਜ ਦਾ ਨਾਂ ਪੂਰੇ ਪੰਜਾਬ ਵਿੱਚ ਮੂਹਰਲੀ ਕਤਾਰ ਦੇ ਕਾਲਜਾਂ ਵਿੱਚ ਗਿਣਿਆ ਜਾਂਦਾ ਸੀ। ਸਿਰਫ਼ ਲੁਧਿਆਣਾ ਤੇ ਇਸਦੇ ਆਸ-ਪਾਸ ਦੇ ਇਲਾਕੇ ਤੋਂ ਹੀ ਨਹੀਂ, ਬਲਕਿ ਦੂਰ ਦੁਰਾਡੇ ਥਾਵਾਂ ਤੋਂ ਵੀ ਵਿਦਿਆਰਥੀ ਏਥੇ ਪੜ੍ਹਨ ਆਉਂਦੇ ਸਨ। ਆਜ਼ਾਦੀ ਤੋਂ ਪਹਿਲਾਂ ਦੇ ਹੋਂਦ ਵਿੱਚ ਆਏ ਇਸ ਵਿਸ਼ਾਲਾਕਾਰ ਕਾਲਜ ਦੀ ਕਾਫ਼ੀ ਸਾਰੀ ਬਿਲਡਿੰਗ ਅੰਗਰੇਜ਼ਾਂ ਦੇ ਜ਼ਮਾਨੇ ਦੀ ਬਣੀ ਹੋਈ ਸੀ ਅਤੇ ਬਾਕੀ ਸਮੇਂ-ਸਮੇਂ ਸਿਰ ਉਸ ਵਿੱਚ ਵਾਧਾ ਹੁੰਦਾ ਆ ਰਿਹਾ ਸੀ। ਕਾਲਜ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਕੁੜੀਆਂ ਅਤੇ ਮੁੰਡਿਆਂ ਲਈ ਦੋ ਅਲੱਗ-ਅਲੱਗ ਹੋਸਟਲ ਬਣੇ ਹੋਏ ਸਨ। ਮੁੰਡਿਆਂ ਦਾ ਹੋਸਟਲ ਕਾਲਜ ਕੈਂਪਸ ਦੀ ਦੱਖਣ ਦਿਸ਼ਾ ਵੱਲ, ਕੈਂਪਸ ਤੋਂ ਬਾਹਰ ਬਣਿਆ ਹੋਇਆ ਸੀ ਅਤੇ ਕੁੜੀਆਂ ਦਾ ਹੋਸਟਲ ਕੈਂਪਸ ਦੇ ਅੰਦਰ ਹੀ, ਕੈਂਪਸ ਦੇ ਉੱਤਰੀ ਪਾਸੇ ਵਿੱਚ ਸਥਿਤ ਸੀ।
ਕਾਲਜ ਦੇ ਮੇਨ ਗੇਟ ਦੇ ਅੱਗੇ ਪਹੁੰਚ ਕੇ ਤੇਜਵੀਰ ਨੇ ਮੋਟਰ ਸਾਈਕਲ ਦੀ ਬ੍ਰੇਕ ਲਗਾਈ ਅਤੇ ਗੇਟ ਦੇ ਨਾਲ਼ ਹੀ, ਦੀਵਾਰ ਦੇ ਨਾਲ਼-ਨਾਲ਼ ਖੜ੍ਹੇ ਵਾਹਨਾਂ ਵਿੱਚ ਆਪਣਾ ਮੋਟਰ ਸਾਈਕਲ ਪਾਰਕ ਕੀਤਾ ਅਤੇ ਉਹ ਦੋਵੇਂ ਪੰਜਾਬ ਦੇ ਇਸ ਇਤਿਹਾਸਕ ਕਾਲਜ ਵਿੱਚ ਪ੍ਰਵੇਸ਼ ਕਰ ਗਏ।
ਕਾਲਜ ਕੈਂਪਸ ਵਿੱਚ ਕਾਫ਼ੀ ਰੌਣਕ ਨਜ਼ਰ ਆ ਰਹੀ ਸੀ। ਲੱਗ ਰਿਹਾ ਸੀ ਕਿ ਹਾਦਸੇ ਦੀ ਖ਼ਬਰ ਅਜੇ ਆਮ ਨਹੀਂ ਸੀ ਹੋਈ, ਕਿਉਂਕਿ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਆਮ ਜਿਹੀਆਂ ਹੀ ਨਜ਼ਰ ਆ ਰਹੀਆਂ ਸਨ।
ਗੇਟ ਦੇ ਨਾਲ਼ ਹੀ ਖੱਬੇ ਪਾਸੇ ਡਿਊਟੀ 'ਤੇ ਬੈਠੇ ਕਾਲਜ ਦੇ ਇੱਕ ਦਰਜਾ ਚਾਰ ਕਰਮਚਾਰੀ ਤੋਂ ਗਰਲਜ਼ ਹੋਸਟਲ ਦਾ ਰਾਹ ਪੁੱਛ, ਉਹ ਦੋਵੇਂ ਸੱਜੇ ਹੱਥ ਪਾਰਕ ਦੇ ਨਾਲ਼-ਨਾਲ਼ ਤੁਰ ਪਏ। ਅੱਗੇ ਕੈਨਟੀਨ ਦੇ ਸਾਹਮਣੇ ਵਾਲ਼ੀ ਸੜਕ ਦੇ ਅਖੀਰ 'ਤੇ ਹੋਸਟਲ ਦਾ ਗੇਟ ਦਿਸ ਪਿਆ ਅਤੇ ਉਹ ਦੋਵੇਂ ਤੇਜ਼ ਕਦਮਾਂ ਨਾਲ਼ ਆਸੇ-ਪਾਸੇ ਨਜ਼ਰ ਦੌੜਾਉਂਦੇ ਹੋਏ ਹੋਸਟਲ ਵੱਲ ਵਧੇ।
ਗੇਟ ਬੱਸ ਅੱਠ-ਦਸ ਕਦਮ ਦੀ ਦੂਰੀ 'ਤੇ ਹੀ ਰਹਿ ਗਿਆ ਸੀ ਕਿ ਇੱਕ ਪੁਲਿਸ ਦੀ ਜਿਪਸੀ ਗੇਟ ਦੇ ਅੱਗੇ ਆ ਕੇ ਰੁਕੀ। ਗੱਡੀ 'ਚੋਂ ਪਹਿਲਾਂ ਦੋ ਸਿਪਾਹੀ ਉੱਤਰੇ ਤੇ ਉਹਨਾਂ ਦੇ ਮਗਰ ਹੀ ਇੱਕ ਭਾਰੀ ਥੁਲਥੁਲ ਆਕਾਰ ਦਾ ਏ.ਐੱਸ.ਆਈ. ਉੱਤਰਿਆ।
ਉੱਤਰਦੇ ਸਾਰ ਹੀ ਏ.ਐੱਸ.ਆਈ. ਨੇ ਸਭ ਤੋਂ ਪਹਿਲਾਂ ਆਪਣੇ ਮੋਟੇ ਢਿੱਡ 'ਤੋਂ ਢਿਲਕਦੀ ਜਾ ਰਹੀ ਪੈਂਟ ਨੂੰ ਬੈਲਟ ਤੋਂ ਫੜ ਕੇ ਉਤਾਂਹ ਚੁੱਕਿਆ ਅਤੇ ਫਿਰ ਹੋਸਟਲ ਦੇ ਗੇਟ ਵੱਲ ਨੂੰ ਹੋ ਤੁਰਿਆ। ਸਿਪਾਹੀ ਉਸਦੇ ਪਿੱਛੇ-ਪਿੱਛੇ ਹੋ ਤੁਰੇ।
ਏ.ਐੱਸ.ਆਈ. ਨੇ ਆਪਣੇ ਖੱਬੇ ਹੱਥ 'ਚ ਬਾਬਾ ਆਦਮ ਵੇਲ਼ੇ ਦੀ ਇੱਕ ਖ਼ਸਤਾਹਾਲ ਡਾਇਰੀ ਫੜੀ ਹੋਈ ਸੀ। ਡਾਇਰੀ ਆਪਣੀ ਖ਼ਸਤਾਹਾਲ ਦਿੱਖ ਦੇ ਮੱਦੇਨਜ਼ਰ, ਏ.ਐੱਸ.ਆਈ. ਦੀ ਸ਼ਖ਼ਸੀਅਤ ਦੇ ਐਨ ਅਨੁਕੂਲ, ਬੜੀ ਢੁਕਵੀਂ ਜਗ੍ਹਾ 'ਤੇ ਮੌਜੂਦ ਲੱਗ ਰਹੀ ਸੀ।
ਤੇਜਵੀਰ ਨੂੰ ਨਾਲ਼ ਹੀ ਆਉਣ ਦਾ ਇਸ਼ਾਰਾ ਕਰ, ਗਗਨ ਨੇ ਤੇਜ਼ ਕਦਮੀਂ ਏ.ਐੱਸ.ਆਈ. ਦੇ ਮਗਰ ਲਪਕਦਿਆਂ ਪਿੱਛਿਓਂ ਆਵਾਜ਼ ਲਗਾਈ।
"ਸਰਦੂਲ ਸਿੰਘ ਜੀ!"
ਏ.ਐੱਸ.ਆਈ. ਉਸ ਦੀ ਆਵਾਜ਼ ਸੁਣ ਕੇ ਠਿਠਕਿਆ, ਤੇ ਗਗਨ ਨੂੰ ਆਪਣੇ ਵੱਲ ਵਧਦਿਆਂ ਦੇਖ, ਬੜੇ ਰੁੱਖੇ ਜਿਹੇ ਢੰਗ ਨਾਲ਼ ਖਰ੍ਹਵੀਂ ਆਵਾਜ਼ 'ਚ ਬੋਲਿਆ।
"ਆ ਬਈ ਪੱਤਰਕਾਰਾ! ਖ਼ਬਰ ਲੱਗ ਗਈ ਥੋਨੂੰ ਵੀ?"
ਐਨੇ ਨੂੰ ਗਗਨ ਉਸਦੇ ਸਾਹਮਣੇ ਜਾ ਪੁੱਜਾ ਅਤੇ ਉਸਨੇ ਏ.ਐੱਸ.ਆਈ. ਵੱਲ ਆਪਣਾ ਸੱਜਾ ਹੱਥ ਮਿਲਾਉਣ ਲਈ ਅੱਗੇ ਵਧਾਇਆ। ਏ.ਐੱਸ.ਆਈ. ਨੇ ਬੜੇ ਅਨਮਨੇ ਢੰਗ ਨਾਲ਼ ਗਗਨ ਨਾਲ਼ ਹੱਥ ਮਿਲਾਇਆ ਅਤੇ ਤੇਜਵੀਰ ਦੀ ਉਪਸਥਿਤੀ ਨੂੰ ਤਾਂ ਉੱਕਿਆਂ ਹੀ ਅਣਗੌਲ਼ਿਆਂ ਕਰ ਦਿੱਤਾ। ਤੇਜਵੀਰ ਨੂੰ ਉਸ ਸ਼ਕਲ ਤੋਂ ਹੀ ਕਮੀਨੇ ਜਿਹੇ ਨਜ਼ਰ ਆ ਰਹੇ ਪੁਲਸੀਏ ਦੀ ਇਹ ਹਰਕਤ ਬਹੁਤ ਅੱਖੜੀ।
"ਇੱਕ ਤਾਂ ਸਾਲ਼ੀ ਆਹ ਕੁੱਤੀ ਨੌਕਰੀ ਪੁਲ਼ਸ ਦੀ, ਤੇ ਉੱਤੋਂ ਦੀ ਤੁਸੀਂ ਆ ਕੇ ਚਿੱਚੜਾਂ ਆਂਗੂੰ ਚੁੰਬੜ ਜਾਨੇ ਓਂ ਯਾਰ! ਪਰ ਐਨੀ ਛੇਤੀ ਵਾਰਦਾਤ ਦੀ ਖ਼ਬਰ ਕਿਵੇਂ ਹੋ ਗਈ ਥੋਨੂੰ?"
"ਅਸੀਂ ਤਾਂ ਮਾਅਰਾਜ ਦਰਸ਼ਨ ਕਰਨ ਆ ਗੇ ਥੋਡੇ।" ਉਸਦੇ ਸਵਾਲ ਨੂੰ ਉੱਕਾ ਈ ਅਣਗੌਲ਼ਿਆਂ ਕਰਦਿਆਂ, ਗਗਨ ਝੂਠਾ ਜਿਹਾ ਹਾਸਾ ਹੱਸਦਿਆਂ, ਝੱਟ ਦੇਣੇ ਬੋਲਿਆ, "ਮਾਲਕੋ, ਚੱਲੀਏ ਫਿਰ ਅੰਦਰ?"
ਪੁਲਿਸ ਆਈ ਦੇਖ ਕੇ ਹੋਸਟਲ ਦੇ ਗੇਟ 'ਤੇ ਬੈਠੀ ਇੱਕ ਅੱਧਖੜ੍ਹ ਜਿਹੀ ਔਰਤ ਨੇ ਆਪਣੇ ਆਪ ਹੀ ਗੇਟ ਖੋਲ੍ਹ ਦਿੱਤਾ। ਉਸਦੇ ਚਿਹਰੇ 'ਤੇ ਵਾਪਰੀ ਘਟਨਾ ਦਾ ਅਸਰ ਸਾਫ਼ ਝਲਕ ਰਿਹਾ ਸੀ।
"ਆਓ ਜੀ।" ਕਹਿ ਕੇ ਉਹ ਸਹਿਮੀ ਜਿਹੀ ਅੱਗੇ ਹੋ ਤੁਰੀ।
ਹੋਸਟਲ ਅੰਦਰ ਪ੍ਰਵੇਸ਼ ਕਰਦਿਆਂ ਹੀ ਤੇਜਵੀਰ ਨੂੰ ਮਾਹੌਲ ਵਿੱਚ ਵਰਤੇ ਭਾਰੀਪਨ ਦਾ ਅਹਿਸਾਸ ਹੋਣ ਲੱਗ ਪਿਆ। ਅੰਦਰ ਵੜਦੇ ਸਾਰ ਹੀ ਇੱਕ ਵੱਡਾ ਚੌਕੋਰ ਲਾੱਨ ਸੀ ਅਤੇ ਲਾੱਨ ਦੇ ਆਲੇ-ਦੁਆਲੇ ਸਾਹਮਣੇ ਵੱਲ ਨੂੰ, ਤਿੰਨ ਪਾਸੇ ਕਮਰਿਆਂ ਦੀਆਂ ਕਤਾਰਾਂ ਸਨ। ਗੇਟ ਵਾਲੀ ਸਾਈਡ 'ਤੇ ਕਮਰਿਆਂ ਜਿੰਨੀ ਉੱਚੀ ਹੀ ਇੱਕ ਵਿਸ਼ਾਲਾਕਾਰ ਦੀਵਾਰ ਸੀ। ਕਮਰਿਆਂ ਦੇ ਅੱਗੇ ਤਿੰਨੋਂ ਪਾਸੇ ਘੁੰਮਿਆ, ਬਾਰਾਂ ਕੁ ਫੁੱਟ ਚੌੜਾ ਇੱਕ ਲੰਮਾ ਸਾਰਾ ਵਰਾਂਡਾ ਸੀ, ਜਿਸਦੀ ਛੱਤ ਸਾਹਮਣੇ ਵਾਲ਼ੇ ਪਾਸੇ ਮਜ਼ਬੂਤ ਥਮ੍ਹਲਿਆਂ ਦੇ ਸਹਾਰੇ ਖੜ੍ਹੀ ਸੀ। ਸਾਹਮਣੇ ਅਤੇ ਸੱਜੇ ਪਾਸੇ ਵਾਲ਼ੇ
ਕਮਰੇ ਕਾਫ਼ੀ ਪੁਰਾਣੇ ਬਣੇ ਹੋਏ ਲੱਗਦੇ ਸਨ, ਜਦਕਿ ਖੱਬੇ ਪਾਸੇ ਵਾਲ਼ੇ ਕਮਰੇ ਕਦਰਨ ਨਵੇਂ ਬਣੇ ਹੋਏ ਜਾਪ ਰਹੇ ਸਨ।
ਲਾੱਨ ਅਤੇ ਵਰਾਂਡੇ ਵਿੱਚ ਛੋਟੇ-ਛੋਟੇ ਝੁੰਡ ਬਣਾ ਕੇ ਵਿਦਿਆਰਥਣਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ। ਉਹਨਾਂ ਦੇ ਚਿਹਰਿਆਂ 'ਤੇ ਝਲਕ ਰਹੇ ਡਰ ਅਤੇ ਹੈਰਾਨੀ ਦੇ ਮਿਲੇ-ਜੁਲੇ ਭਾਵ, ਇਸ ਗੱਲ ਦੀ ਸਾਫ਼ ਚੁਗਲੀ ਕਰ ਰਹੇ ਸਨ ਕਿ ਉਹਨਾਂ ਦੀਆਂ ਗੱਲਾਂ ਦਾ ਵਿਸ਼ਾ, ਹੋਸਟਲ 'ਚ ਵਾਪਰੀ ਉਹ ਮੰਦਭਾਗੀ ਘਟਨਾ ਹੀ ਸੀ।
ਲਾੱਨ ਵਿੱਚ ਸਾਹਮਣਿਓਂ ਸੱਜੀ ਨੁੱਕਰ ਵੱਲ ਪਈਆਂ ਕੁਰਸੀਆਂ ਵੱਲ ਇਸ਼ਾਰਾ ਕਰ, ਉਹ ਅੱਧਖੜ੍ਹ ਔਰਤ ਆਪਣੇ ਸਥਾਨ ਵੱਲ ਨੂੰ ਵਾਪਿਸ ਪਰਤ ਗਈ।
ਉਹ ਸਭ ਕੁਰਸੀਆਂ ਵੱਲ ਨੂੰ ਹੋ ਤੁਰੇ।
ਏਨੇ ਚਿਰ ਨੂੰ ਉਹਨਾਂ ਕੁਰਸੀਆਂ 'ਤੇ ਬੈਠੇ ਲੋਕ ਵੀ ਉਹਨਾਂ ਵੱਲ ਆਕਰਸ਼ਿਤ ਹੋ ਚੁੱਕੇ ਸਨ। ਉਹਨਾਂ ਨੂੰ ਨੇੜੇ ਆਉਂਦਿਆਂ ਦੇਖ, ਉਹ ਆਪੋ-ਆਪਣੀਆਂ ਕੁਰਸੀਆਂ 'ਤੋਂ ਉੱਠ ਖੜੋਤੇ।
"ਸਤਿ ਸ੍ਰੀ ਅਕਾਲ ਜੀ! ਮਾਈ ਸੈਲਫ਼ ਪ੍ਰਿੰਸੀਪਲ ਬਲਦੇਵ ਸਿੰਘ ਸਰਨਾ!" ਚਿਹਰੇ 'ਤੇ ਗਹਿਰੀ ਪਰੇਸ਼ਾਨੀ ਦੇ ਭਾਵ ਲਈ ਕਾਲਜ ਦੇ ਪ੍ਰਿੰਸੀਪਲ ਨੇ ਏ.ਐੱਸ.ਆਈ. ਨਾਲ ਹੱਥ ਮਿਲਾ ਕੇ, ਬਾਕੀਆਂ ਵੱਲ ਹੱਥ ਜੋੜ ਦਿੱਤੇ ਅਤੇ ਫਿਰ ਨਾਲ ਖੜ੍ਹੀ ਚਾਲ਼ੀਆਂ ਦੇ ਪੇਟੇ 'ਚ ਪਹੁੰਚੀ, ਕਠੋਰ ਜਿਹੇ ਚਿਹਰੇ ਵਾਲ਼ੀ ਚਸ਼ਮਾਧਾਰੀ ਔਰਤ ਵੱਲ ਇਸ਼ਾਰਾ ਕਰਦਿਆਂ ਬੋਲਿਆ, "ਇਹ ਨੇ ਮੈਡਮ ਸਨੇਹ ਲਤਾ ਜੀ! ਇੱਥੋਂ ਦੇ ਵਾਰਡਨ।"
"ਬੜੀ ਮੁਸੀਬਤ ਪੈ ਗਈ ਏ ਸਰ! ਅਜਿਹਾ ਪਹਿਲਾਂ ਕਦੇ ਨੀਂ ਵਾਪਰਿਆ ਸਾਡੇ ਹੋਸਟਲ 'ਚ ਸਰ! ਮੈਂ ਤਾਂ ਸਗੋਂ ਆਪ ਕੁੜੀਆਂ ਦਾ ਮਾਵਾਂ ਤੋ ਵਧ ਕੇ ਖ਼ਿਆਲ ਰੱਖਦੀ ਆਂ। ਹਮੇਸ਼ਾਂ ਘਰ ਵਰਗਾ ਮਾਹੌਲ ਦਈ ਦਾ ਜੀ ਕੁੜੀਆਂ ਨੂੰ। ਜ਼ਰੂਰ ਕੋਈ ਘਰੇਲੂ ਪਰੇਸ਼ਾਨੀ ਹੋਣੀ ਆ ਜੀ ਕੁੜੀ ਨੂੰ।…ਮੇਰੇ ਐਨੇ ਸਾਲ ਦੇ ਕੈਰੀਅਰ 'ਚ ਅਜਿਹੀ ਸਮੱਸਿਆ ਪਹਿਲਾਂ ਕਦੇ ਨੀ ਆਈ ਜੀ!"
ਗੱਲ ਭਾਵੇਂ ਮੈਡਮ ਸਰਦੂਲ ਸਿੰਘ ਨਾਲ਼ ਹੀ ਕਰ ਰਹੀ ਸੀ, ਪਰ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਅਸਲ 'ਚ ਉਹ ਪ੍ਰਿੰਸੀਪਲ ਨੂੰ ਹੀ ਸਫ਼ਾਈ ਦੇ ਰਹੀ ਸੀ।
"ਕਾਲਜ ਲਈ ਕਿੰਨੀ ਬਦਨਾਮੀ ਦੀ ਗੱਲ ਹੈ। ਦੋ ਮਹੀਨੇ ਰਹਿ ਗਏ ਨੇ ਰਿਟਾਇਰਮੈਂਟ ਨੂੰ, ਤੇ ਉੱਤੋਂ ਦੀ ਆਹ ਮੁਸੀਬਤ!"
ਪ੍ਰਿੰਸੀਪਲ ਦੇ ਮੱਥੇ ਦੀ ਤਿਉੜੀ ਸਗੋਂ ਹੋਰ ਗਹਿਰੀ ਹੋ ਗਈ।
"ਬਈ ਜੇ ਘਰੇ ਕੋਈ ਪ੍ਰਾਬਲਮ ਸੀ, ਤਾਂ ਜੋ ਕਰਨਾ ਸੀ ਆਪਣੇ ਘਰ ਜਾ ਕੇ ਕਰਨਾ ਸੀ! ਦੇਖੋ ਨਾ! ਸਾਨੂੰ ਤਾਂ ਕਿੰਨੀ ਪ੍ਰਾਬਲਮ ਫ਼ੇਸ ਕਰਨੀ ਪੈ ਰਹੀ ਐ।"
ਪ੍ਰਿੰਸੀਪਲ 'ਤੇ ਅਸਰ ਨਾ ਹੁੰਦਾ ਵੇਖ, ਹੁਣ ਮੈਡਮ ਨੇ ਮ੍ਰਿਤਕਾ ਪ੍ਰਤੀ ਆਪਣਾ ਰੋਸ ਜ਼ਾਹਿਰ ਕਰ ਦਿੱਤਾ।
ਜ਼ਾਹਿਰ ਸੀ ਕਿ ਦੋਵੇਂ ਬੜੀ ਪਰੇਸ਼ਾਨ ਹਾਲਤ ਵਿੱਚ ਸਨ, ਪਰ ਉਹਨਾਂ ਦੇ ਚਿਹਰਿਆਂ 'ਤੋਂ ਝਲਕ ਰਹੀ ਇਸ ਪਰੇਸ਼ਾਨੀ ਵਿੱਚੋਂ, ਓਥੇ ਹੋਈ ਉਸ ਨੌਜਵਾਨ ਮੌਤ ਦਾ ਦੁੱਖ ਬਿਲਕੁਲ ਨਦਾਰਦ ਸੀ।
ਕਿੰਨਾ ਸਵਾਰਥੀ ਮਨ ਹੈ ਇਨਸਾਨ ਦਾ ਕਿ ਉਸਨੂੰ ਆਪਣੇ ਤੋਂ ਸਿਵਾਏ ਕੁਝ ਨਜ਼ਰ ਹੀ ਨਹੀਂ ਆਉਂਦਾ। ਇਸ ਮੌਕੇ 'ਸਾਹਿਰ ਸਾਹਬ' ਦੀ ਗ਼ਜ਼ਲ ਦੇ ਇਹ ਬੋਲ ਤੇਜਵੀਰ ਦੇ ਜ਼ਿਹਨ 'ਚ ਗੂੰਜੇ।
ਕੌਨ ਰੋਤਾ ਹੈ ਕਿਸੀ ਔਰ ਕੀ ਖ਼ਾਤਿਰ ਐ ਦੋਸਤ!
ਸਬਕੋ ਅਪਨੀ ਹੀ ਕਿਸੀ ਬਾਤ ਪੇ ਰੋਨਾ ਆਯਾ
ਗ਼ਰਜ਼ਾਂ ਭਰੀ ਇਸ ਦੁਨੀਆਂ ਵਿੱਚ ਜਦ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ, ਤਾਂ ਮਾਂ-ਬਾਪ ਰੋਂਦੇ ਨੇ ਕਿ ਉਹਨਾਂ ਦੇ ਬੁਢਾਪੇ ਦੀ ਡੰਗੋਰੀ ਟੁੱਟ ਗਈ ਅਤੇ ਪਤਨੀ ਤੇ ਬੱਚੇ ਆਪਣੇ ਸਿਰ 'ਤੋਂ ਖੁੱਸ ਗਈ ਛਾਂ ਲਈ ਰੋਂਦੇ ਨੇ। ਜਿਸ ਲਈ ਗੁਜ਼ਰ ਚੁੱਕੇ ਸ਼ਖ਼ਸ ਦੀ ਜਿੰਨੀ ਅਹਿਮੀਅਤ, ਉਸਦਾ ਦੁੱਖ ਓਨਾ ਹੀ ਵੱਧ। ਐਸੀ ਹੀ ਗਰਜ਼ਾਂ ਦੇ ਤਾਣੇ-ਬਾਣੇ 'ਚ ਬੁਣੀ ਜ਼ਿੰਦਗੀ ਹੈ ਇਨਸਾਨ ਦੀ ਅਤੇ ਇਹਨਾਂ ਹੀ ਗਰਜ਼ਾਂ ਦੀਆਂ ਤੰਦਾਂ ਦੇ ਸਿਰਿਆਂ 'ਤੇ ਬੰਨ੍ਹੇ ਨੇ ਇਨਸਾਨੀ ਰਿਸ਼ਤੇ।
"ਮੁੱਦੇ ਦੀ ਗੱਲ ਕਰੋ ਪ੍ਰਿੰਸੀਪਲ ਸਾਅਬ, ਹੋਇਆ ਕੀ? ਜ਼ਰਾ ਇਹ ਤਫ਼ਸੀਲ ਨਾਲ ਦੱਸੋ।"
ਆਪਣੀ ਢਿਲਕੀ ਜਾ ਰਹੀ ਪੈਂਟ ਨੂੰ ਉਤਾਂਹ ਚੁੱਕਦਿਆਂ, ਸਰਦੂਲ ਸਿੰਘ ਰੁੱਖੇ ਜਿਹੇ ਸੁਰ 'ਚ ਬੋਲਿਆ।
"ਕੈਨਟੀਨ ਦਾ ਗੋਰਖਾ ਚਾਹ ਦੇਣ ਗਿਆ ਸੀ ਜੀ ਸਵੇਰੇ ਕੁੜੀ ਦੇ ਕਮਰੇ 'ਚ…।" ਪ੍ਰਿੰਸੀਪਲ ਦੇ ਮੂੰਹ ਖੋਲ੍ਹਣ ਤੋਂਂ ਪਹਿਲਾਂ ਹੀ ਵਾਰਡਨ ਸਹਿਬਾ ਬੋਲ ਪਏ, "…ਮੁੰਡੂ ਨੇ ਬਥੇਰਾ ਬੂਹਾ ਭੰਨਿਆ ਜੀ! ਪਰ ਬੂਹਾ ਕਿੱਥੋਂ ਖੁੱਲ੍ਹਣਾ ਸੀ? ਫਿਰ ਉਹਨੇ ਜੀ ਨਾਲ਼ ਦੇ ਕਮਰੇ ਦੀਆਂ ਕੁੜੀਆਂ ਨੂੰ ਦੱਸਿਆ, ਤੇ ਉਹਨਾਂ ਮੈਨੂੰ ਬੁਲਾ ਲਿਆ। ਫੇਰ ਜੀ ਕੈਨਟੀਨ ਦੇ ਵਰਕਰਾਂ 'ਤੇ ਮਾਲੀ ਦੀ ਸਹਾਇਤਾ ਨਾਲ਼ ਬੂਹਾ ਤੁੜਵਾਇਆ ਤਾਂ ਹੇ ਰਾਮ! ਕੁੜੀ ਤਾਂ ਪੱਖੇ ਨਾਲ਼ ਲਟਕੀ ਪਈ!" ਕਹਿੰਦਿਆਂ ਮੈਡਮ ਦੇ ਸਰੀਰ ਨੇ ਜ਼ੋਰ ਨਾਲ਼ ਝੁਰਝੁਰੀ ਲਈ।
"ਕਿਸੇ ਨੇ ਕੋਈ ਛੇੜਖਾਨੀ ਤਾਂ ਨੀ ਕੀਤੀ ਲਾਸ਼ ਨਾਲ? ਮੇਰਾ ਮਤਲਬ ਬਈ ਦੇਖਣ ਦੀ ਕੋਸ਼ਿਸ਼ ਕੀਤੀ ਹੋਵੇ ਬਈ ਕੁੜੀ ਮਰ ਗਈ, ਜਾਂ ਜਿਉਂਦੀ ਹੋਵੇ ਹਾਲੇ?" ਸਰਦੂਲ ਸਿੰਘ ਨੇ ਸਵਾਲ ਕੀਤਾ।
"ਨੋ ਸਰ! ਐਡੀ ਤਾਂ ਗਰਦਨ ਹੋਈ ਪਈ ਸੀ ਕੁੜੀ ਦੀ! ਜੀਭ ਤੇ ਅੱਖਾਂ ਬਾਹਰ, ਓਹ ਮਾਈ ਗਾੱਡ! ਕਿੰਨਾ ਹਾੱਰੀਬਲ ਸੀਨ ਸੀ…ਮੈਨੂੰ ਤਾਂ ਜੀ ਇੱਕ ਹਾਰਟ ਅਟੈਕ ਹੀ ਆਉਣੋਂ ਬਚ ਗਿਆ ਬੱਸ। ਮੈਂ ਤਾਂ ਜੀ ਝੱਟ ਬੂਹੇ ਨੂੰ ਬਾਹਰੋਂ ਕੁੰਡੀ ਮਾਰੀ ਤੇ ਪ੍ਰਿੰਸੀਪਲ ਸਾਹਬ ਨੂੰ ਖ਼ਬਰ ਕਰ ਦਿੱਤੀ। ਤੇ ਉਹਨਾਂ ਤੁਹਾਨੂੰ ਫ਼ੋਨ ਕਰ ਤਾ ਜੀ! ਬੱਸ ਉਹ ਟਾਈਮ ਤੇ ਹੁਣ, ਅਸੀਂ ਏਥੇ ਹੀ ਬੈਠੇ ਹਾਂ ਤੇ ਬੂਹਾ ਉਵੇਂ ਈ ਬੰਦ ਏ।"
ਵਾਹੋ-ਦਾਹੀ ਬੋਲਦਿਆਂ ਸਾਹ ਈ ਚੜ੍ਹ ਗਿਆ ਵਿਚਾਰੀ ਮੈਡਮ ਨੂੰ।
"ਹੂੰ…ਚੰਗਾ ਕੀਤਾ। ਚਲੋ ਫਿਰ ਅਸੀਂ ਆਪਣੀ ਕਾਰਵਾਈ ਕਰਦੇ ਆਂ, ਤੁਸੀਂ ਐਥੇ ਈ ਰਹਿਣਾ। ਸਾਡੀ ਕਾਰਵਾਈ ਦੌਰਾਨ ਲੋੜ ਪੈ ਸਕਦੀ ਐ ਥੋਡੀ। ਚਲੋ ਜੀ! ਕਮਰਾ ਦਿਖਾਓ ਕਿਹੜਾ?"
ਮੈਡਮ ਨੂੰ ਆਖ ਸਰਦੂਲ ਸਿੰਘ ਨੇ ਸਿਪਾਹੀਆਂ ਨੂੰ ਨਾਲ਼ ਆਉਣ ਦਾ ਇਸ਼ਾਰਾ ਕੀਤਾ ਅਤੇ ਮੈਡਮ ਦੇ ਪਿੱਛੇ-ਪਿੱਛੇ ਹੋ ਤੁਰਿਆ। ਗਗਨ ਤੇ ਤੇਜਵੀਰ ਵੀ ਉਹਨਾਂ ਦੇ ਪਿੱਛੇ ਹੀ ਲਪਕੇ।
"ਤੁਸੀਂ ਕਿੱਧਰ ਨੂੰ ਤੁਰ ਪੇ ਬਈ? ਮੈਂ ਆਪੇ ਈ ਦੱਸ ਦੂੰ ਬਾਦ 'ਚ ਸਾਰੀ ਗੱਲਬਾਤ। ਤੁਸੀਂ ਬੈਠੋ ਓਥੇ ਈ।"
"ਮਾਲਕੋ! ਕੋਈ ਨਾ, ਅਸੀਂ ਵੀ ਇੱਕ ਅੱਧੀ ਫ਼ੋਟੋ ਲਾਹ ਲਾਂਗੇ ਅਖ਼ਬਾਰ ਲਈ!"
"ਚੱਲ ਠੀਕ ਆ, ਪਰ ਮੌਕਾਏ-ਵਾਰਦਾਤ 'ਤੇ ਕੋਈ ਛੇੜਖਾਨੀ ਨੀ ਹੋਣੀ ਚਾਹੀਦੀ।"
ਸਰਦੂਲ ਸਿੰਘ ਨੇ ਚਿਤਾਵਨੀ ਦਿੰਦਿਆਂ ਸਹਿਮਤੀ ਪ੍ਰਗਟਾਈ।
ਗਗਨ ਨੇ ਆਪਣੇ ਗਲ਼ੇ 'ਚ ਲਮਕਦੇ ਬੈਗ 'ਚੋਂ ਆਪਣਾ ਕੈਮਰਾ ਕੱਢਿਆ ਅਤੇ ਤੇਜਵੀਰ ਨੂੰ ਇਸ਼ਾਰਾ ਕਰਦਿਆਂ, ਸਰਦੂਲ ਸਿੰਘ ਦੇ ਮਗਰ ਈ ਹੋ ਤੁਰਿਆ।
ਕਮਰੇ ਅੱਗੇ ਪਹੁੰਚ ਕੇ ਸਰਦੂਲ ਸਿੰਘ ਨੇ ਇੱਕ ਸਿਪਾਹੀ ਨੂੰ ਦਰਵਾਜ਼ਾ ਖੋਲ੍ਹਣ ਦਾ ਹੁਕਮ ਦਿੱਤਾ।
ਦਰਵਾਜ਼ਾ ਖੁੱਲ੍ਹਦੇ ਸਾਰ ਹੀ ਅੰਦਰ ਦੇ ਹੌਲਨਾਕ ਮੰਜ਼ਰ ਦਾ ਨਜ਼ਾਰਾ ਕਰ, ਤੇਜਵੀਰ ਦੇ ਸਾਹ ਜਿਵੇਂ ਹਲ਼ਕ 'ਚ ਹੀ ਫਸ ਗਏ। ਜ਼ਿੰਦਗੀ ਵਿੱਚ ਪਹਿਲੀ ਵਾਰ ਏਸ ਹਾਲਤ 'ਚ ਪਹੁੰਚੀ, ਕਿਸੇ ਸੱਚਮੁੱਚ ਦੀ ਲਾਸ਼ ਨੂੰ, ਇਸ ਪ੍ਰਕਾਰ ਪ੍ਰਤੱਖ ਰੂਪ ਵਿੱਚ ਦੇਖਿਆ ਸੀ ਉਸਨੇ। ਮੌਤ ਦਾ ਇਹ ਘਿਨਾਉਣਾ ਰੂਪ ਦੇਖ, ਉਸਦੇ ਪੂਰੇ ਸਰੀਰ 'ਚ ਇੱਕ ਜ਼ੋਰਦਾਰ ਝਰਨਾਹਟ ਜਿਹੀ ਫਿਰ ਗਈ। ਮਨ ਕੱਚਾ ਜਿਹਾ ਹੋ ਗਿਆ।
ਫਿਰ ਮਨ ਕੈੜਾ ਜਿਹਾ ਕਰ ਕੇ, ਉਸਨੇ ਲਾਸ਼ ਵੱਲ ਗਹੁ ਨਾਲ ਤੱਕਿਆ।
ਲਾਸ਼ ਇੱਕ ਪਤਲੀ ਜਿਹੀ ਨਾਈਲੋਨ ਦੀ ਰੱਸੀ ਦੇ ਸਹਾਰੇ ਲਟਕੀ ਹੋਈ ਸੀ, ਜੋ ਲਾਸ਼ ਦੀ ਗਰਦਨ 'ਚ, ਫੰਦੇ ਦੇ ਰੂਪ ਵਿੱਚ ਪਿਰੋਈ ਹੋਈ ਸੀ। ਰੱਸੀ ਦਾ ਦੂਸਰਾ ਸਿਰਾ ਛੱਤ ਨਾਲ਼ ਲਟਕਦੇ, ਇੱਕ ਪੁਰਾਣੇ ਜ਼ਮਾਨੇ ਦੇ ਵਜ਼ਨਦਾਰ ਅਤੇ ਮਜ਼ਬੂਤ ਪੱਖੇ ਨਾਲ ਬੰਨ੍ਹਿਆ ਹੋਇਆ ਸੀ। ਲਾਸ਼ ਦੀ ਜੀਭ ਬਾਹਰ ਲਮਕ ਰਹੀ ਸੀ ਤੇ ਅੱਖਾਂ ਬਾਹਰ ਨੂੰ ਆਈਆਂ ਪਈਆਂ ਸਨ। ਗਰਦਨ ਦੀ ਹੱਡੀ ਟੁੱਟਣ ਦੀ ਵਜ੍ਹਾ ਕਰਕੇ ਗਰਦਨ ਖਿੱਚ ਕੇ ਲੰਬੀ ਹੋ ਗਈ ਸੀ। ਸਰੀਰ 'ਤੇ ਕੱਪੜਿਆਂ ਦੇ ਨਾਂ 'ਤੇ ਸਿਰਫ਼ ਇੱਕ ਖੁੱਲ੍ਹੀ ਜਿਹੀ ਟੀ-ਸ਼ਰਟ ਪਹਿਨੀ ਹੋਈ ਸੀ, ਜੋ ਲਾਸ਼ ਦੇ ਪੱਟਾਂ ਤੱਕ ਆ ਰਹੀ ਸੀ ਅਤੇ ਅੰਦਰੋਂ ਅੰਦਰੂਨੀ ਵਸਤਰ ਨਦਾਰਦ ਜਾਪ ਰਹੇ ਸਨ।
"ਹੂੰ…ਤਾਂ ਫਿਰ ਮਾਮਲਾ ਖ਼ੁਦਕੁਸ਼ੀ ਦਾ ਐ!" ਕਹਿੰਦਿਆਂ ਸਰਦੂਲ ਸਿੰਘ ਆਪਣੀ ਖਸਤਾਹਾਲ ਡਾਇਰੀ ਖੋਲ੍ਹ ਕੇ, ਉਸ ਉੱਪਰ ਅੱਖਰ ਝਰੀਟਣ ਲੱਗ ਪਿਆ।
ਗਗਨ ਨੇ ਆਪਣਾ ਕੈਮਰਾ ਸੰਭਾਲਿਆ ਅਤੇ ਵੱਖੋ-ਵੱਖਰੇ ਐਂਗਲ ਤੋਂ ਦੋ-ਤਿੰਨ ਤਸਵੀਰਾਂ ਖਿੱਚ ਲਈਆਂ।
ਤੇਜਵੀਰ ਨੇ ਥੋੜ੍ਹਾ ਜਿਹਾ ਹੋਰ ਨੇੜੇ ਹੋ ਕੇ, ਲਾਸ਼ ਵੱਲ ਹੋਰ ਗਹੁ ਨਾਲ਼ ਵੇਖਿਆ। ਮੌਜੂਦਾ ਰੂਪ ਵਿੱਚ ਭਾਵੇਂ ਲਾਸ਼ ਦਾ ਚਿਹਰਾ ਬਹੁਤ ਭਿਆਨਕ ਨਜ਼ਰ ਆ ਰਿਹਾ ਸੀ, ਪਰ ਨੈਣ-ਨਕਸ਼ ਗਵਾਹੀ ਦੇ ਰਹੇ ਸਨ ਕਿ ਲੜਕੀ ਆਪਣੇ ਜੀਵਨ 'ਚ ਬਹੁਤ ਖ਼ੂਬਸੂਰਤ ਰਹੀ ਹੋਏਗੀ। ਚਿਹਰੇ 'ਤੇ ਕਾਫ਼ੀ ਸਲੀਕੇ ਨਾਲ਼ ਕੀਤੇ ਹੋਏ ਮੇਕਅੱਪ ਦੀ ਪਰਤ ਸਾਫ਼ ਨਜ਼ਰ ਆ ਰਹੀ ਸੀ, ਪਰ ਲਿਪਸਟਿਕ ਅਤੇ ਕੱਜਲ ਕਦਰਨ ਬਿੱਖਰ ਗਏ ਮਾਲੂਮ ਹੋ ਰਹੇ ਸਨ। ਲਾਸ਼ ਦਾ ਸਰੀਰ ਪੂਰੀ ਤਰ੍ਹਾਂ ਸਾਂਚੇ 'ਚ ਢਲਿਆ ਹੋਇਆ ਨਜ਼ਰ ਆ ਰਿਹਾ ਸੀ। ਲੱਤਾਂ-ਬਾਹਾਂ 'ਤੇ ਕਿਧਰੇ ਵੀ ਕੋਈ ਅਣਚਾਹੇ ਵਾਲ਼ ਨਜ਼ਰ ਨਹੀਂ ਆ ਰਹੇ ਸਨ। ਲੱਗ ਰਿਹਾ ਸੀ ਕਿ ਲੜਕੀ ਆਪਣੀ ਖ਼ੂਬਸੂਰਤੀ ਪ੍ਰਤੀ ਪੂਰਨ ਤੌਰ ਸੁਚੇਤ ਸੀ ਅਤੇ ਆਪਣੀ ਖ਼ੂਬਸੂਰਤੀ ਦਾ ਪੂਰਾ-ਪੂਰਾ ਖ਼ਿਆਲ ਰੱਖਦੀ ਸੀ। ਥੋੜ੍ਹਾ ਜਿਹਾ ਹੋਰ ਗਹੁ ਨਾਲ਼ ਦੇਖਣ 'ਤੇ ਤੇਜਵੀਰ ਨੂੰ ਉਸਦੀਆਂ ਬਾਹਾਂ 'ਤੇ ਸੂਈਆਂ ਚੁਭਣ ਜਿਹੇ ਕੁਝ ਨਿਸ਼ਾਨ ਦਿਖਾਈ ਦਿੱਤੇ, ਜਿਨ੍ਹਾਂ ਨੂੰ 'ਪੰਕਚਰ ਵੂੰਡਜ਼' ਕਿਹਾ ਜਾਂਦਾ ਹੈ। ਇਹ ਨਿਸ਼ਾਨ ਇੰਜੈਕਸ਼ਨ ਲੱਗਣ ਦੇ ਨਿਸ਼ਾਨ ਮਾਲੂਮ ਹੋ ਰਹੇ ਸਨ। ਲਾਸ਼ ਦੇ ਪੈਰ ਫਰਸ਼ 'ਤੋਂ ਤਕਰੀਬਨ ਤਿੰਨ ਕੁ ਫੁੱਟ ਉੱਪਰ, ਹਵਾ 'ਚ ਲਟਕ ਰਹੇ ਸਨ।
ਫਿਰ ਤੇਜਵੀਰ ਨੇ ਲਾਸ਼ ਤੋਂ ਨਜ਼ਰ ਹਟਾ ਕੇ, ਆਸ-ਪਾਸ ਪੂਰੇ ਕਮਰੇ ਵੱਲ ਬੜੇ ਗ਼ੌਰ ਨਾਲ ਨਿਗ੍ਹਾ ਦੌੜਾਈ। ਕਾਫ਼ੀ ਖੁੱਲ੍ਹਾ-ਡੁੱਲ੍ਹਾ ਆਇਤਾਕਾਰ ਕਮਰਾ ਸੀ ਅਤੇ ਕਮਰੇ ਦਾ ਦਰਵਾਜ਼ਾ ਦੀਵਾਰ ਦੇ ਵਿੱਚੋ-ਵਿੱਚ ਮੌਜੂਦ ਸੀ। ਦਰਵਾਜ਼ੇ ਵੱਲੋਂ ਸੱਜੀ ਅਤੇ ਖੱਬੀ ਦੀਵਾਰ ਨਾਲ਼, ਦੋ ਪੁਰਾਣੇ ਕਿਸਮ ਦੇ ਵੱਡ-ਆਕਾਰੇ ਮਜ਼ਬੂਤ ਮੰਜੇ ਡਹੇ ਹੋਏ ਸਨ। ਮੰਜਿਆਂ ਦੇ ਬਰਾਬਰ ਦੋਹਾਂ ਦੀਵਾਰਾਂ 'ਤੇ, ਦੀਵਾਰਾਂ ਦੇ ਵਿੱਚੋਂ ਹੀ ਕੱਢ
ਕੇ ਬਣਾਈਆਂ ਹੋਈਆਂ ਦੋ ਅਲਮਾਰੀਆਂ ਮੌਜੂਦ ਸਨ, ਜਿੰਨ੍ਹਾਂ ਨੂੰ ਲੱਕੜੀ ਦੇ ਪੱਲੇ ਲੱਗੇ ਹੋਏ ਸਨ। ਸਾਹਮਣਿਓਂ ਖੱਬੇ ਕੋਨੇ ਵਿੱਚ ਇੱਕ ਸਟੱਡੀ ਟੇਬਲ ਲੱਗਿਆ ਹੋਇਆ ਸੀ ਅਤੇ ਨਾਲ਼ ਹੀ ਇੱਕ ਕੁਰਸੀ ਟਿਕਾਈ ਹੋਈ ਸੀ। ਸਟੱਡੀ ਟੇਬਲ ਦੇ ਉੱਤੇ ਦੀਵਾਰ 'ਤੇ ਇੱਕ ਕਿਤਾਬਾਂ ਦਾ ਰੈਕ ਬਣਿਆ ਹੋਇਆ ਸੀ। ਖੱਬੇ ਪਾਸੇ ਦੇ ਮੰਜੇ 'ਤੇ ਬਿਸਤਰੇ ਦੇ ਨਾਂ 'ਤੇ ਕੁਝ ਵੀ ਨਹੀਂ ਸੀ। ਸਟੱਡੀ ਟੇਬਲ ਅਤੇ ਕਿਤਾਬਾਂ ਦਾ ਰੈਕ ਵੀ ਕਿਤਾਬਾਂ ਵਗੈਰਾ ਤੋਂ ਨਿਰੋਲ ਖਾਲੀ ਸਨ। ਸੱਜੇ ਕੋਨੇ ਵਿੱਚ ਵੀ ਉਹੋ ਚੀਜ਼ਾਂ ਮੌਜੂਦ ਸਨ, ਪਰ ਸੱਜੇ ਪਾਸੇ ਦੇ ਕਿਤਾਬਾਂ ਦੇ ਰੈਕ ਵਿੱਚ ਕੁਝ ਕਿਤਾਬਾਂ ਅਤੇ ਨੋਟ-ਬੁੱਕਸ ਵਗੈਰਾ ਟਿਕਾਈਆਂ ਹੋਈਆਂ ਸਨ। ਪਰ ਸਟੱਡੀ ਟੇਬਲ ਅਤੇ ਕੁਰਸੀ ਆਪੋ-ਆਪਣੀ ਜਗ੍ਹਾ 'ਤੇ ਨਹੀਂ ਸਨ। ਕੁਰਸੀ ਦਰਵਾਜ਼ੇ ਵਾਲੇ ਪਾਸੇ, ਸੱਜੀ ਨੁੱਕਰ ਵੱਲ, ਲਾਸ਼ ਤੋਂ ਤਕਰੀਬਨ ਦਸ ਕੁ ਫੁੱਟ ਦੀ ਦੂਰੀ ਤੇ ਉੱਲਰੀ ਪਈ ਸੀ। ਸਟੱਡੀ ਟੇਬਲ ਲਾਸ਼ ਦੇ ਪੈਰਾਂ ਤੋਂ ਤਕਰੀਬਨ ਚਾਰ ਕੁ ਫੁੱਟ ਦੂਰ, ਸਿੱਧੀ ਹਾਲਤ 'ਚ ਪਿਆ ਸੀ, ਜੋ ਦੇਖਣ ਨੂੰ ਕਾਫ਼ੀ ਪੁਰਾਣਾ ਪਰ ਬਹੁਤ ਮਜ਼ਬੂਤ ਤੇ ਆਕਾਰ 'ਚ ਕਾਫ਼ੀ ਵੱਡਾ ਅਤੇ ਭਾਰੀ-ਭਰਕਮ ਪ੍ਰਤੀਤ ਹੋ ਰਿਹਾ ਸੀ। ਕੁਰਸੀ ਵੀ ਉਸੇ ਪ੍ਰਕਾਰ ਦੀ ਲੱਕੜੀ ਦੀ ਬਣੀ ਹੋਈ ਮਜ਼ਬੂਤ ਅਤੇ ਵਜ਼ਨਦਾਰ ਪ੍ਰਤੀਤ ਹੋ ਰਹੀ ਸੀ।
ਕਮਰੇ ਦੀ ਸਾਹਮਣੀ ਦੀਵਾਰ 'ਤੇ, ਦਰਵਾਜ਼ੇ ਦੇ ਬਿਲਕੁਲ ਸਾਹਮਣੇ, ਕਮਰੇ ਦੀ ਇੱਕਲੌਤੀ, ਤਕਰੀਬਨ ਤਿੰਨ ਬਾਈ ਸਾਢੇ ਕੁ ਚਾਰ ਫੁੱਟ ਦੀ, ਦੋ ਪੱਲਿਆਂ ਵਾਲੀ ਖਿੜਕੀ ਮੌਜੂਦ ਸੀ, ਜਿਸਦੇ ਪੱਲੇ ਆਪਸ ਵਿੱਚ ਪੂਰੀ ਤਰ੍ਹਾਂ ਭਿੜੇ ਹੋਏ ਨਹੀਂ ਸਨ ਅਤੇ ਵਿਚਲੀ ਝਿਰੀ 'ਚੋਂ ਇੱਕ ਮਜ਼ਬੂਤ ਜਾਪਦੀ ਗਰਿੱਲ ਲੱਗੀ ਨਜ਼ਰ ਆ ਰਹੀ ਸੀ। ਸੱਜੇ ਮੇਜ਼ ਵਾਲੇ ਪਾਸੇ ਦੇ ਫਰਸ਼ 'ਤੇ ਇੱਕ ਟੇਬਲ ਲੈਂਪ ਅਤੇ ਕੁਝ ਕਿਤਾਬਾਂ ਤੇ ਨੋਟ-ਬੁੱਕਸ ਫ਼ਰਸ਼ 'ਤੇ ਬਿੱਖਰੀਆਂ ਪਈਆਂ ਸਨ। ਮੰਜੇ 'ਤੇ ਵਿਛੇ ਬਿਸਤਰੇ ਦੀ ਹਾਲਤ ਗੁੱਛ-ਮੁੱਛ ਜਿਹੀ ਹੋਈ ਪਈ ਸੀ। ਮੰਜੇ ਦੇ ਨਾਲ਼ ਹੀ ਫਰਸ਼ 'ਤੇ, ਇੱਕ ਕਾਲ਼ੇ ਰੰਗ ਦੀ ਬ੍ਰਾ ਅਤੇ ਉਸਦੇ ਨਾਲ਼ ਦੀ ਹੀ ਪੈਂਟੀ ਪਈ ਸੀ, ਜੋ ਕਿ ਕਾਫ਼ੀ ਕੀਮਤੀ ਅਤੇ ਖ਼ਾਸ ਤੌਰ ਤੇ ਕਾਮ-ਉੱਤੇਜਕ 'ਸੈਕਸੀ ਲਾਂਜਰੀਜ਼' ਦੀ ਸ਼੍ਰੇਣੀ ਦੀ ਆਈਟਮ ਸੀ। ਮੰਜੇ ਦੇ ਨਾਲ਼ ਹੀ ਦਰਵਾਜ਼ੇ ਵਾਲ਼ੀ ਸਾਈਡ ਵਾਲ਼ੇ ਫ਼ਰਸ਼ 'ਤੇ ਇੱਕ ਇਸਤੇਮਾਲਸ਼ੁਦਾ ਸਿਗਰਟ ਦਾ ਟੋਟਾ ਅਤੇ ਕੰਡੋਮ ਦਾ ਇੱਕ ਖਾਲੀ ਪਾਊਚ ਪਿਆ ਸੀ।
ਪੂਰੇ ਕਮਰੇ 'ਚ ਨਜ਼ਰ ਦੌੜਾਉਣ ਉਪਰੰਤ ਤੇਜਵੀਰ ਦੀਆਂ ਨਜ਼ਰਾਂ ਫਿਰ ਤੋਂ ਲਾਸ਼ ਉੱਪਰ ਜਾ ਕੇਂਦਰਿਤ ਹੋਈਆਂ। ਅਚਾਨਕ ਉਸਦੀ ਨਜ਼ਰ ਲੜਕੀ ਦੇ ਸੱਜੇ ਹੱਥ 'ਤੇ ਪਈ। ਲੜਕੀ ਦੇ ਸੱਜੇ ਹੱਥ ਦੀ, ਅੰਗੂਠੇ ਦੇ ਨਾਲ਼ ਵਾਲੀ ਉਂਗਲ ਦੇ ਨਹੁੰ ਦਰਮਿਆਨ, ਜੋ ਆਪਣੇ ਬਾਕੀ ਦੇ ਸਾਥੀਆਂ ਵਰਗਾ ਹੀ ਸੀ, ਜੋ ਲੰਬੇ ਪਰ ਫ਼ੈਸ਼ਨੇਬਲ ਢੰਗ ਨਾਲ਼ ਬਾਕਾਇਦਾ ਤਰਾਸ਼ੇ ਹੋਏ ਸਨ ਅਤੇ ਜਿੰਨ੍ਹਾਂ 'ਤੇ ਸਲੀਕੇ ਨਾਲ
ਟਰਾਂਸਪਰਿੰਟ ਨੇਲ ਪਾਲਿਸ਼ ਲਗਾਈ ਹੋਈ ਸੀ, ਥੋੜ੍ਹਾ ਜਿਹਾ ਮਾਸ ਫਸਿਆ ਹੋਇਆ ਅਤੇ ਖ਼ੂਨ ਲੱਗਿਆ ਹੋਇਆ ਨਜ਼ਰ ਆਇਆ।
ਫਿਰ ਉਸ ਨੇ ਗਗਨ ਦੇ ਹੱਥੋਂ ਕੈਮਰਾ ਫੜ, ਲਾਸ਼ ਅਤੇ ਕਮਰੇ ਦੀਆਂ ਵੱਖ-ਵੱਖ ਕੋਣਾਂ 'ਤੋਂ ਕੁਝ ਤਸਵੀਰਾਂ ਖਿੱਚੀਆਂ। ਗਗਨ ਦੀ ਸਮਝ 'ਚ ਕੁਝ ਨਹੀਂ ਆਇਆ ਕਿ ਉਹ ਕੀ ਕਰ ਰਿਹਾ ਸੀ। ਉਸਨੇ ਸਵਾਲੀਆ ਮੁਦਰਾ 'ਚ ਭਵਾਂ ਉਤਾਂਹ ਚੁੱਕੀਆਂ ਤਾਂ ਤੇਜਵੀਰ ਨੇ ਸੱਜਾ ਹੱਥ ਚੁੱਕ ਕੇ, ਅੱਖਾਂ ਮੀਚ, ਸਿਰ ਨਿਵਾ ਕੇ 'ਕੋਈ ਨਾ' ਦੀ ਮੁਦਰਾ ਦਾ ਮੁਜ਼ਾਹਰਾ ਕੀਤਾ ਤਾਂ ਗਗਨ ਨੇ ਵੀ ਬੇਪਰਵਾਹੀ ਜਿਹੀ ਨਾਲ ਸਿਰ ਝਟਕ ਦਿੱਤਾ।
ਏਨੇ ਨੂੰ ਸਰਦੂਲ ਸਿੰਘ ਨੇ ਹੁਕਮ ਦਨਦਨਾ ਦਿੱਤਾ।
"ਚਲੋ ਬਈ ਬਾਹਰ ਹੁਣ! ਪੁਲਿਸ ਦੀ ਸਪੈਸ਼ਲ ਟੀਮ ਪਹੁੰਚ ਗਈ ਆ, ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਹੁਣ।"
ਬਾਹਰ ਨਿੱਕਲਦਿਆਂ ਤੇਜਵੀਰ ਨੇ ਸਵਾਲੀਆ ਨਜ਼ਰਾਂ ਨਾਲ ਗਗਨ ਵੱਲ ਵੇਖਿਆ ਤਾਂ ਗਗਨ ਨੇ ਉਸਦੀਆਂ ਨਜ਼ਰਾਂ ਦਾ ਮੰਤਵ ਸਮਝਦੇ ਹੋਏ ਜਵਾਬ ਦਿੱਤਾ।
"ਪੁਲਿਸ ਦਾ ਡਾਕਟਰ ਤੇ ਫ਼ਾੱਰੈਂਸਿਕ ਵਾਲ਼ੇ ਆਏ ਲੱਗਦੇ ਨੇ।"
ਉਹ ਬਾਹਰ ਨਿੱਕਲੇ ਤਾਂ ਉਹਨਾਂ ਦੇ ਸਾਹਮਣੇ ਹੀ ਇੱਕ ਡਾਕਟਰ ਤੇ ਤਿੰਨ ਕੁ ਬੰਦੇ ਹੋਰ, ਆਪਣੇ ਸਾਜ਼ੋ-ਸਾਮਾਨ ਸਮੇਤ ਕਮਰੇ ਵਿੱਚ ਪ੍ਰਵੇਸ਼ ਕਰ ਗਏ।
+++++
ਲਾੱਨ 'ਚ ਹੁਣ ਜਮਘਟ ਜਿਹਾ ਲੱਗ ਗਿਆ ਸੀ। ਵਿਦਿਆਰਥਣਾਂ, ਜੋ ਪਹਿਲਾਂ ਵੱਖ-ਵੱਖ ਟੋਲਿਆਂ 'ਚ ਖੜ੍ਹੀਆਂ ਸਨ, ਹੁਣ ਇੱਕ ਸਮੂਹਿਕ ਇਕੱਠ ਦੇ ਰੁਪ ਵਿੱਚ, ਸਿਰ ਉਤਾਂਹ ਚੁੱਕ-ਚੁੱਕ ਕੇ ਵਾਰਦਾਤ ਵਾਲੇ ਕਮਰੇ ਵੱਲ ਵੇਖ ਰਹੀਆਂ ਸਨ।
ਅੱਠ-ਦਸ ਪੱਤਰਕਾਰ ਬਿਰਾਦਰੀ-ਵੀਰ ਵੀ ਪਹੁੰਚ ਚੁੱਕੇ ਸਨ, ਜਿੰਨ੍ਹਾਂ 'ਚੋਂ ਕੁਝੇਕ ਤਾਂ ਵਾਰਡਨ ਅਤੇ ਪ੍ਰਿੰਸੀਪਲ ਨੂੰ ਘੇਰੀ ਖੜ੍ਹੇ ਸਨ ਅਤੇ ਕੁਝੇਕ ਠਰਕੀ ਕਿਸਮ ਦੇ ਪੱਤਰਕਾਰ ਵਿਦਿਆਰਥਣ ਕੁੜੀਆਂ ਦੇ ਨੁਕਤਾ-ਨਿਗਾਹ ਜਾਨਣ ਦੇ ਬਹਾਨੇ, ਉਹਨਾਂ ਨਾਲ ਗੱਲਾਂ ਮਾਰਨ 'ਚ ਰੁੱਝੇ ਹੋਏ ਸਨ, ਜਾਂ ਇਉਂ ਕਹਿ ਲਓ ਕਿ ਲਾਲ਼ਾਂ ਸੁੱਟ ਰਹੇ ਸਨ, ਠਰਕ ਭੋਰ ਰਹੇ ਸਨ।
ਏ.ਐੱਸ.ਆਈ. ਸਰਦੂਲ ਸਿੰਘ ਬਾਹਰ ਕੁਰਸੀ 'ਤੇ ਬੈਠਾ, ਆਪਣੀ ਇਤਿਹਾਸਕ ਡਾਇਰੀ 'ਚ ਕੁਝ ਦਰਜ ਕਰਨ 'ਚ ਰੁੱਝਾ ਹੋਇਆ ਸੀ।
ਉਧਰੋਂ ਵਾਰਡਨ ਪੱਤਰਕਾਰਾਂ ਵੱਲੋਂ ਵਿਹਲੀ ਹੋ ਚੁੱਕੀ ਸੀ।
ਤੇਜਵੀਰ ਮੌਕਾ ਦੇਖ ਕੇ ਮੈਡਮ ਕੋਲ ਪੁੱਜਾ ਅਤੇ ਪੁੱਛਣ ਲੱਗਾ, "ਮੈਡਮ! ਲੜਕੀ ਦਾ ਪਤਾ ਠਿਕਾਣਾ ਤਾਂ ਮਾਲੂਮ ਹੋ ਹੀ ਗਿਆ ਹੋਵੇਗਾ?"
ਆਪਣੇ ਹੱਥ 'ਚ ਫੜੇ ਪਰਚੇ ਤੋਂ ਪੜ੍ਹ ਕੇ ਵਾਰਡਨ ਸਾਹਿਬਾ ਨੇ ਜਾਣਕਾਰੀ ਪ੍ਰਦਾਨ ਕੀਤੀ।
ਨਾਲ ਖੜ੍ਹੇ ਗਗਨ ਨੇ ਸੁਣਦਿਆਂ ਹੀ ਆਪਣੀ ਜੇਬ 'ਚੋਂ ਮੋਬਾਈਲ ਕੱਢਿਆ ਅਤੇ ਭੋਗਲ ਸਾਹਬ ਦਾ ਨੰਬਰ ਮਿਲਾਇਆ।
"ਹੈਲੋ ਸਰ! ਹਾਂ ਜੀ ਸਰ…ਉਥੋਂ ਹੀ ਬੋਲ ਰਿਹਾਂ ਸਰ…ਹਾਂ ਜੀ ਸਰ, ਤੁਹਾਡਾ ਸ਼ੱਕ ਬਿਲਕੁਲ ਸਹੀ ਨਿੱਕਲਿਆ ਸਰ! ਹਾਂ ਜੀ…ਪੁਲਿਸ ਮੁਤਾਬਿਕ ਤਾਂ ਮਾਮਲਾ ਖ਼ੁਦਕੁਸ਼ੀ ਦਾ ਹੀ ਲੱਗ ਰਿਹਾ…ਹਾਂ ਜੀ ਸਰ! ਐਕਸਪਰਟਸ ਦੀ ਟੀਮ ਆਪਣੀ ਕਾਰਵਾਈ ਕਰ ਰਹੀ ਐ ਸਰ…ਨਹੀਂ ਸਰ! ਆਫ਼ੀਸ਼ੀਅਲ ਸਟੇਟਮੈਂਟ ਤਾਂ ਹਾਲੇ ਕੋਈ ਨੀ ਦਿੱਤੀ ਪੁਲਿਸ ਨੇ…ਹੈਂਅ ਜੀ ਸਰ? …ਨਹੀਂ ਸਰ! ਸੁਸਾਈਡ ਨੋਟ ਤਾਂ ਕੋਈ ਨੀ ਬਰਾਮਦ ਹੋਇਆ ਲੱਗਦਾ ਹਾਲੇ…ਹਾਂ ਜੀ ਸਰ! ਸੁਸਾਈਡ ਹੋਈ ਹੈ ਤਾਂ ਸੁਸਾਈਡ ਨੋਟ ਦਾ ਮਿਲਣਾ ਤਾਂ ਆੱਬਵੀਅਸ ਈ ਐ ਸਰ…ਹਾਂ ਜੀ ਸਰ! ਜੇ ਮਿਲ ਗਿਆ ਤਾਂ ਕਾਪੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗਾ ਸਰ…ਠੀਕ ਏ ਸਰ…ਗੁੱਡ ਡੇ ਸਰ!"
ਆਖ ਕੇ ਗਗਨ ਨੇ ਕਾਲ ਕੱਟ ਕਰਕੇ ਚੈਨ ਭਰਿਆ ਸਾਹ ਲਿਆ ਤੇ ਤੇਜਵੀਰ ਵੱਲ ਨਜ਼ਰ ਫਿਰਾਈ, ਜੋ ਉਸ ਨੂੰ ਦੇਖ ਕੇ ਮੱਠਾ-ਮੱਠਾ ਜਿਹਾ ਮੁਸਕੁਰਾ ਰਿਹਾ ਸੀ।
"ਭਰਾਵਾ, ਹਿਟਲਰ ਸਾਹਬ ਨਾਲ਼ ਗੱਲ ਕਰ ਲਈ, ਜਾਂ ਸ਼ੇਰ ਦੇ ਮੂੰਹ 'ਚ ਹੱਥ ਪਾ ਕੇ ਦੰਦ ਗਿਣ ਲਏ, ਇੱਕੋ ਬਰਾਬਰ ਐ ਧਰਮ ਨਾਲ਼!" ਗਗਨ ਨੇ ਕੱਚਾ ਜਿਹੇ ਹੁੰਦਿਆਂ, ਤੇਜਵੀਰ ਦੀ ਸ਼ਰਾਰਤੀ ਮੁਸਕੁਰਾਹਟ ਦੇ ਪ੍ਰਤੀਕਰਮ ਵਜੋਂ ਤਰਕ ਦਿੱਤਾ।
"ਮੰਨ ਲਿਆ ਮਹਾਰਾਜ, ਮੰਨ ਲਿਆ!" ਆਖ ਕੇ ਤੇਜਵੀਰ ਨੇ ਆਪਣਾ ਧਿਆਨ ਏ.ਐੱਸ.ਆਈ. ਵੱਲ ਕੇਂਦਰਿਤ ਕਰ ਲਿਆ, ਜੋ ਹੁਣ ਆਪਣੀ ਇਤਿਹਾਸਕ ਡਾਇਰੀ ਤੋਂ ਵਿਹਲਾ ਹੋ ਚੁੱਕਾ ਸੀ ਅਤੇ ਆਪਣੇ ਇੱਕ ਸਿਪਾਹੀ ਨਾਲ ਗੱਲਾਂ ਕਰਨ 'ਚ ਮਸ਼ਗੂਲ ਸੀ। ਇਤਿਹਾਸਕ ਡਾਇਰੀ ਬਾਦਸਤੂਰ ਉਸਦੇ ਖੱਬੇ ਹੱਥ 'ਚ ਪਹੁੰਚ ਚੁੱਕੀ ਸੀ ਤੇ ਇਜ਼ਾਫ਼ਾ ਇਹ ਸੀ, ਕਿ ਉਸਨੇ ਉਸ ਨੂੰ ਆਪਣੀ ਐਕਸਟਰਾ ਲਾਰਜ ਸਾਈਜ਼ ਗੋਗੜ ਨਾਲ ਇਉਂ ਚੰਬੇੜ ਕੇ ਰੱਖਿਆ ਹੋਇਆ ਸੀ, ਜਿਵੇਂ ਬਾਂਦਰੀ ਆਪਣੇ ਮਰੇ ਹੋਏ ਬੱਚੇ ਨੂੰ ਚੰਬੇੜ ਕੇ ਰੱਖਦੀ ਹੈ।
"ਯਾਰ! ਏ.ਐੱਸ.ਆਈ. ਨਾਲ਼ ਮਾੜੀ ਜਿਹੀ ਗੱਲ ਕਰ ਲਈਏ?" ਤੇਜਵੀਰ ਨੇ ਗਗਨ ਨੂੰ ਆਖਿਆ।
"ਨਾ ਤੂੰ ਕਿਹੜੀ ਰਿਸ਼ਤੇਦਾਰੀ ਕੱਢਣੀ ਐ ਸਾਲ਼ੇ ਭੂਤ ਜਹੇ ਨਾਲ਼?"
"ਚੱਲ ਯਾਰ! ਤੇਰਾ ਤਾਂ ਚੰਗਾ ਵਾਕਫ਼ਕਾਰ ਲੱਗਦੈ।"
"ਵਾਕਫ਼ੀ-ਵੂਕਫ਼ੀ ਆਲ਼ੀ ਗੱਲ ਨਾ ਤੂੰ ਕਰ ਮਿੱਤਰਾ! ਵਾਕਫ਼ੀ ਨੂੰ ਤਾਂ ਇਹ ਪੁਲ਼ਸ ਆਲ਼ੇ ਸਕੇ ਪਿਉ ਦੇ ਨੀ ਹੁੰਦੇ! ਪਰ ਜੇ ਬਹੁਤਾ ਕਹਿੰਨਾਂ, ਤਾਂ ਚੱਲ ਫਿਰ। ਕਰ ਲਾ ਤੂੰ ਵੀ ਆਪਣਾ ਰਾਂਝਾ ਰਾਜ਼ੀ!"
ਦੋਨੋਂ ਸਰਦੂਲ ਸਿੰਘ ਵੱਲ ਨੂੰ ਵਧੇ ਹੀ ਸੀ ਕਿ ਬਿਰਾਦਰੀ-ਭਰਾਵਾਂ ਨੇ ਉਸਨੂੰ ਘੇਰਾ ਪਾ ਲਿਆ।
ਉਹ ਵੀ ਵਿੱਚੇ ਜਾ ਖੜ੍ਹੇ ਹੋਏ, ਆਖ਼ਿਰ ਉਹ ਵੀ ਬਿਰਾਦਰੀ ਵਾਲੇ ਜੋ ਹੋਏ। ਪਰ ਸਰਦੂਲ ਸਿੰਘ ਦਾ ਪੂਰਾ ਧਿਆਨ ਤਾਂ ਤਾਜ਼ਾ-ਤਾਜ਼ਾ ਪਹੁੰਚੇ ਨਿਊਜ਼ ਚੈਨਲ ਵਾਲਿਆਂ ਵੱਲ ਹੀ ਕੇਂਦਰਿਤ ਸੀ। ਆਖ਼ਿਰ ਟੀ.ਵੀ. 'ਤੇ ਆਪਣਾ ਚਿਹਰਾ ਦੇਖਣਾ ਕਿਸਨੂੰ ਚੰਗਾ ਨਹੀਂ ਲੱਗਦਾ? ਚਿਹਰਾ ਭਾਵੇਂ ਕਿਹੋ-ਜਿਹਾ ਵੀ ਹੋਵੇ।
"ਕਯਾ ਸਟੇਟਮੈਂਟ ਹੈ ਸਰ?" ਇੱਕ 'ਪੰਜਾਬੀ' ਨਿਊਜ਼ ਚੈਨਲ ਵਾਲ਼ੇ ਨੇ 'ਹਿੰਦੀ' 'ਚ ਸਵਾਲ ਕੀਤਾ।
ਸਰਦੂਲ ਸਿੰਘ ਨੇ ਆਪਣਾ ਪੂਰਾ ਜ਼ੋਰ ਲਾ ਕੇ, ਜਿੰਨੀ ਕੁ 'ਹਿੰਦੀ' ਉਸਨੂੰ ਆਉਂਦੀ ਸੀ, ਇਕੱਠੀ ਕਰ ਕੇ, ਐਨ ਠੇਠ 'ਪੰਜਾਬੀ' ਲਹਿਜੇ 'ਚ, ਆਪਣੀ ਡਿੱਕ-ਡੋਲੇ ਖਾਂਦੀ 'ਹਿੰਦੀ' 'ਚ, ਆਪਣਾ ਬਿਆਨ ਦੇਣਾ ਆਰੰਭ ਕੀਤਾ।
"ਉਹ ਕਿਆ ਹੈ ਕਿ ਸਵੇਰੇ ਨੌਂ ਵਜੇ ਕੇ ਕਰੀਬ ਸਾਨੂੰ ਕਾਲਜ ਕੇ ਪ੍ਰਿੰਸੀਪਲ ਦਾ ਟੈਲੀਫ਼ੋਨ ਆਇਆ ਕਿ ਕਾਲਜ ਕੇ ਗਰਲਜ਼ ਹੋਸਟਲ ਮੇਂ ਏਕ ਲੜਕੀ ਨੇ ਫਾਹਾ ਲੈ ਲਿਆ ਹੈ। ਜੇ ਲੁਧਿਆਣਾ ਪੁਲ਼ਸ ਕੀ ਮੁਸਤੈਦੀ ਹੈ ਕਿ ਅਸੀਂ ਫ਼ੌਰਨ ਹੀ ਜਹਾਂ ਪਰ ਆ ਪੌਂਚੇ। ਜਹਾਂ ਆਤੇ ਹੀ ਮੈਨੇ, ਜਾਨੀ ਕਿ ਸਰਦੂਲ ਸਿੰਘ ਏ.ਐੱਸ.ਆਈ. ਨੇ ਪੂਰੀ ਸਥਿਤੀ ਕੋ ਆਪਣੇ ਕੰਟਰੋਲ ਮੇਂ ਕਰ ਲਿਆ।"
"ਸਰ! ਮੁੱਦੇ ਕੀ ਬਾਤ ਕੀਜਿਯੇ, ਇਧਰ-ਉਧਰ ਮਤ ਜਾਈਯੇ, ਜੋ ਕਹਨਾ ਹੈ ਸੰਕਸ਼ੇਪ ਮੇਂ ਕਹੇਂ, ਹਮੇਂ ਔਰ ਭੀ ਕਾਮ ਹੈਂ।" ਨਿਊਜ਼ ਚੈਨਲ ਵਾਲੇ ਨੇ ਸਰਦੂਲ ਸਿੰਘ ਦੀ ਰਾਮ ਕਹਾਣੀ ਨੂੰ ਵਿੱਚੋਂ ਹੀ ਟੋਕਦਿਆਂ, ਝੁੰਝਲਾਉਂਦੇ ਹੋਏ ਕਿਹਾ।
"ਜਹੀ ਤੋ ਮੈਂ ਕਹਿ ਰਿਹਾ ਹੂੰ, ਬਈ ਏਕ ਲੜਕੀ ਨੇ ਪੱਖੇ ਕੇ ਸਾਥ ਲਟਕ ਕੇ ਖ਼ੁਦਕੁਸ਼ੀ ਕਰ ਲੀ ਹੈ। ਮਾਮਲਾ ਖ਼ੁਦਕੁਸ਼ੀ ਕਾ ਹੈ, ਬਾਕੀ ਪੁਲ਼ਸ ਤਫ਼ਤੀਸ਼ ਕਰ ਰਹੀ ਹੈ, ਜੋ ਵੀ ਜ਼ਿੰਮੇਵਾਰ ਵਿਅਕਤੀ ਹੋਂਗੇ, ਉਨਕੋ ਬਖ਼ਸ਼ਾ ਨਹੀਂ ਜਾਏਗਾ ਤੇ ਕੜੀ ਤੋਂ ਕੜੀ ਸਜ਼ਾ ਦੁਆਈ ਜਾਏਗੀ।"
"ਸਰ! ਕੋਈ ਸੁਸਾਈਡ ਨੋਟ ਮਿਲਾ ਹੈ?"
"ਕਯਾ ਲਿਖਾ ਹੈ ਸੁਸਾਈਡ ਨੋਟ ਮੇਂ?"
"ਕਯਾ ਐਗਜ਼ਾਮਜ਼ ਕੀ ਟੈਂਸ਼ਨ ਥੀ?"
"ਕਯਾ ਘਰ ਵਾਲੋਂ ਸੇ ਝਗੜਾ ਹੂਆ ਥਾ?"
"ਕਯਾ ਪ੍ਰੇਮ ਕੀ ਅਸਫਲਤਾ ਅਸਲੀ ਵਜਹ ਹੈ ਖ਼ੁਦਕੁਸ਼ੀ ਕੀ?"
"ਕਯਾ ਲੜਕੀ ਮਾਂ ਬਨਨੇ ਵਾਲੀ ਥੀ?"
"ਲੜਕੀ ਕੇ ਪੇਟ ਮੇਂ ਜੋ ਬੱਚਾ ਥਾ ਵੋਹ ਕਿਸਕਾ ਥਾ?"
ਤੱਥ ਅਤੇ ਸ਼ਬਦਾਵਲੀ, ਦੋਨੋਂ ਮੁਕਾ ਚੁੱਕਾ ਸਰਦੂਲ ਸਿੰਘ, ਆਪਣੇ ਉੱਪਰ ਪਈ ਸਵਾਲਾਂ ਦੀ ਇਸ ਵਾਛੜ ਨਾਲ਼ ਉੱਕਾ ਹੀ ਬੌਂਦਲ਼ ਗਿਆ।
"ਮੈਂ ਕਿਹਾ ਬਈ ਤਫ਼ਤੀਸ਼ ਹਾਲੇ ਚੱਲ ਰਹੀ ਹੈ। ਦੋਸ਼ੀਆਂ ਕੋ ਬਿਲਕੁਲ ਵੀ ਬਖਸ਼ਾ ਨਹੀਂ ਜਾਊਗਾ ਤੇ ਕੜੀ ਸੇ ਕੜੀ ਸਜ਼ਾ ਦੁਆਈ ਜਾਊਗੀ।"
"ਸਰ! ਵੱਨ ਮੋਰ ਕੁਇਸ਼ਚਨ ਪਲੀਜ਼! ਆਜ-ਕਲ ਲੁਧਿਆਨਾ ਪੁਲਿਸ ਕੀ ਗਿਰਤੀ ਹੂਈ ਸਾਖ ਕੇ ਬਾਰੇ ਮੇਂ ਆਪਕਾ ਕਯਾ ਕਹਨਾ ਹੈ? ਕਯਾ ਲੁਧਿਆਨਾ ਪੁਲਿਸ ਅਪਨੀ ਗਿਰਤੀ ਹੂਈ ਸਾਖ ਕੋ ਬਚਾ ਪਾਏਗੀ?" ਇੱਕ ਰਾਸ਼ਟਰੀ ਨਿਊਜ਼ ਚੈਨਲ ਦੇ ਰਿਪੋਰਟਰ ਨੇ ਸਰਦੂਲ ਸਿੰਘ 'ਤੇ ਇੱਕ ਹੋਰ ਸਵਾਲ ਦਾਗ ਦਿੱਤਾ।
ਸਰਦੂਲ ਸਿੰਘ ਦੀ ਹਿੰਦੀ ਅਤੇ ਜਵਾਬ, ਹੁਣ ਤੱਕ ਦੋਵਾਂ ਦਾ ਕੋਟਾ ਮੁੱਕ ਚੁੱਕਾ ਸੀ। ਐਨੀ ਸਾਰੀ ਹਿੰਦੀ ਬੋਲ ਕੇ ਸਰਦੂਲ ਸਿੰਘ ਨੂੰ ਹੌਂਕਣੀ ਚੜ੍ਹ ਗਈ ਸੀ। ਲੱਗ ਰਿਹਾ ਸੀ ਕਿ ਉਸ ਦੀ ਬੋਲਣ ਸਮਰੱਥਾ ਵੀ 'ਰਿਸੈੱਸ਼ਨ' ਦੇ ਅਸਰ ਹੇਠ ਆ ਗਈ ਸੀ।
ਆਪਣੀ ਢਿਲਕਦੀ ਜਾ ਰਹੀ ਪੈਂਟ ਨੂੰ ਬੋਚਦਿਆਂ ਸਰਦੂਲ ਸਿੰਘ ਨੇ ਬਿਨਾਂ ਸਵਾਲ ਉੱਤੇ ਗ਼ੌਰ ਫ਼ਰਮਾਏ, ਆਪਣਾ ਰਟਿਆ-ਰਟਾਇਆ ਜਵਾਬ ਠੋਕ ਦਿੱਤਾ।
"ਮੈਂ ਕਿਹਾ ਤਫ਼ਤੀਸ਼ ਜਾਰੀ ਹੈ। ਜੈਸੇ ਹੀ ਮੈਨੂੰ ਜਾਨੀ ਕਿ ਸਰਦੂਲ ਸਿੰਘ ਏ.ਐੱਸ.ਆਈ. ਕੋ ਖ਼ਬਰ ਹੋਤੀ ਹੈ, ਮੈਂ ਫ਼ੌਰਨ ਤੁਮਕੋ ਖ਼ਬਰ ਕਰੂੰਗਾ। ਦੋਸ਼ੀਆਂ ਕੋ ਕੜੀ ਸੇ ਕੜੀ ਸਜ਼ਾ ਦੁਆਈ ਜਾਊਗੀ।" ਆਖ ਕੇ ਸਰਦੂਲ ਸਿੰਘ ਨੇ ਆਪਣੀ ਆਫ਼ੀਸ਼ੀਅਲ ਸਟੇਟਮੈਂਟ 'ਤੇ ਬ੍ਰੇਕ ਲਗਾ ਦਿੱਤੀ।
ਟੀ.ਵੀ. ਪੱਤਰਕਾਰ ਮੁਸ਼ਕੜੀਂ ਹੱਸਦੇ ਹੋਏ, ਕੁੜੀਆਂ ਵੱਲ ਨੂੰ ਹੋ ਤੁਰੇ ਅਤੇ ਕੁੜੀਆਂ ਵੀ ਉੱਲਰ-ਉੱਲਰ ਕੇ ਕੈਮਰੇ ਦੇ ਫ੍ਰੇਮ 'ਚ ਆਉਣ ਦੀ ਪੁਰਜ਼ੋਰ ਕੋਸ਼ਿਸ਼ 'ਚ ਰੁੱਝ ਗਈਆਂ।
ਪਤਾ ਨਹੀਂ ਕਿਸਦੀ ਚਾਂਦੀ ਹੋ ਰਹੀ ਸੀ?
ਕੁੜੀਆਂ ਦੀ ਜਾਂ ਟੀ.ਵੀ. ਪੱਤਰਕਾਰਾਂ ਦੀ?
ਪ੍ਰਿੰਟ ਮੀਡੀਆ ਵਾਲ਼ੇ ਵਿਚਾਰੇ ਨਿੰਮੋਝਾਣੇ ਜਿਹੇ ਹੋ ਕੇ ਇਹ ਸਾਰਾ ਮੰਜ਼ਰ ਦੇਖ ਰਹੇ ਸਨ ਅਤੇ ਮਨ ਹੀ ਮਨ ਕੁੜ੍ਹ ਰਹੇ ਸਨ, ਕਿ ਇਹ ਰਾਖਸ਼ ਕਿੱਥੋਂ ਆ ਗਏ ਸਾਡੀ ਇੰਦਰਸਭਾ 'ਤੇ ਡਾਕਾ ਮਾਰਨ ਨੂੰ?
ਤੇਜਵੀਰ ਗਗਨ ਦਾ ਹੱਥ ਫੜ, ਕੋਨੇ 'ਚ ਪਈ ਕੁਰਸੀ 'ਤੇ ਬੈਠੇ, ਬੁੜਬੁੜ ਕਰੀ ਜਾ ਰਹੇ ਸਰਦੂਲ ਸਿੰਘ ਵੱਲ ਹੋ ਤੁਰਿਆ।
"ਸਰ! ਤੁਹਾਨੂੰ ਕੀ ਲੱਗਦਾ ਕਿ ਮਾਮਲਾ ਖ਼ੁਦਕੁਸ਼ੀ ਦਾ ਈ ਏ? ਆਈ ਮੀਨ ਕਿਸੇ ਹੋਰ ਸੰਭਾਵਨਾ 'ਤੇ ਗ਼ੌਰ ਨਹੀਂ ਕੀਤਾ ਤੁਸੀਂ?" ਤੇਜਵੀਰ ਨੇ ਸਰਦੂਲ ਸਿੰਘ ਦੇ ਸਾਹਮਣੇ ਪਈ ਕੁਰਸੀ ਮੱਲਦਿਆਂ ਸਵਾਲ ਕੀਤਾ।
"ਇਹ ਕੌਣ ਆ ਬਈ?"
ਸਰਦੂਲ ਸਿੰਘ ਨੇ ਤੇਜਵੀਰ ਅਤੇ ਤੇਜਵੀਰ ਦੇ ਸਵਾਲ, ਦੋਹਾਂ ਨੂੰ ਅਣਗੌਲ਼ਿਆਂ ਕਰਦਿਆਂ, ਗਗਨ ਨੂੰ ਬੜੀ ਬੇਰੁਖ਼ੀ ਨਾਲ਼ ਪੁੱਛਿਆ।
"ਸਮਝੋ ਛੋਟਾ ਭਰਾ ਐ ਆਪਣਾ ਸਰਦੂਲ ਸਿੰਘ ਜੀ! ਕਾਹਲ਼ੀ-ਕਾਹਲ਼ੀ 'ਚ ਜਾਣ-ਪਛਾਣ ਕਰਾਉਣ ਦਾ ਮੌਕਾ ਈ ਨੀ ਲੱਗਿਆ। ਇਹ ਤੇਜਵੀਰ ਸਿੰਘ ਸ਼ੇਰਗਿਲ, ਅੱਜ ਈ ਜੁਆਇਨ ਕੀਤਾ ਇਹਨੇ ਆਪਣੇ ਅਖ਼ਬਾਰ 'ਚ ਐਜ਼ ਏ ਕ੍ਰਾਈਮ ਰਿਪੋਰਟਰ।"
ਤੇਜਵੀਰ ਨੇ ਮਿਲਾਉਣ ਲਈ ਆਪਣਾ ਸੱਜਾ ਹੱਥ ਸਰਦੂਲ ਸਿੰਘ ਵੱਲ ਵਧਾਇਆ ਤਾਂ ਉਸਨੇ ਹੱਥ ਮਿਲਾਉਣ ਦੀ ਜਗ੍ਹਾ, ਉਸਦੇ ਹੱਥ ਵੱਲ ਇਉਂ ਵੇਖਿਆ ਜਿਵੇਂ ਫ਼ੈਸਲਾ ਹੀ ਨਾ ਕਰ ਪਾ ਰਿਹਾ ਹੋਵੇ, ਕਿ ਬਾਦਸ਼ਾਹ ਸਲਾਮਤ ਇਸ ਹਕੀਰ ਬੰਦੇ ਨਾਲ ਹੱਥ ਮਿਲਾਉਣ ਜਾਂ ਨਾ।
ਜਾਂ ਹੋ ਸਕਦਾ ਕਿ ਇਹੀ ਸੋਚ ਰਿਹਾ ਹੋਵੇ, ਕਿ ਇਸ ਹਕੀਰ ਬੰਦੇ ਨੇ ਬਾਦਸ਼ਾਹ ਸਲਾਮਤ ਵੱਲ ਹੱਥ ਵਧਾਉਣ ਦੀ ਜੁੱਰਅਤ ਕਿਵੇਂ ਕੀਤੀ?
ਜਾਂ ਖ਼ਬਰੇ ਇਹੀ ਸੋਚ ਰਿਹਾ ਹੋਵੇ, ਕਿ ਇਸ ਦੀ ਇਸ ਗ਼ੁਸਤਾਖ਼ੀ ਦੇ ਬਦਲੇ ਕਿਉਂ ਨਾ ਇਸਦਾ ਹੱਥ ਹੀ ਕਲਮ ਕਰ ਦਿੱਤਾ ਜਾਏ?
ਫਿਰ ਉਸਨੇ ਬੜੀ ਮੁਸ਼ਕਿਲ ਨਾਲ਼ ਆਪਣਾ ਹੱਥ ਤੇਜਵੀਰ ਵੱਲ ਵਧਾਇਆ ਤੇ ਲੱਗਭੱਗ ਉਸਦੇ ਹੱਥ ਨਾਲ਼ ਛੁਹਾ ਕੇ, ਇੱਕਦਮ ਇਉਂ ਵਾਪਿਸ ਖਿੱਚਿਆ, ਜਿਵੇਂ ਕਿਤੇ ਤੇਜਵੀਰ ਨੂੰ ਕੋਈ ਛੂਤ ਦੀ ਬਿਮਾਰੀ ਲੱਗੀ ਹੋਵੇ।
ਉਸ ਘਟੀਆ ਆਦਮੀ ਦੀ, ਇਸ ਕਮੀਨੀ ਹਰਕਤ ਲਈ, ਤੇਜਵੀਰ ਦਾ ਮਨ ਉਸ ਪ੍ਰਤੀ ਤਿਰਸਕਾਰ ਨਾਲ਼ ਭਰ ਗਿਆ।
ਇਸ ਵਾਰ ਕਦਰਨ ਰੁੱਖੇ ਪਰ ਮਜ਼ਬੂਤ ਲਫ਼ਜ਼ਾਂ 'ਚ, ਉਸਨੇ ਆਪਣਾ ਸਵਾਲ ਫਿਰ ਦੁਹਰਾਇਆ।
"ਤੇ ਹੋਰ ਕੀ ਦਿਸਦਾ? ਸਿੱਧਾ-ਸਾਦਾ ਖ਼ੁਦਕੁਸ਼ੀ ਦਾ ਓਪਨ ਤੇ ਸ਼ੱਟ ਕੇਸ ਐ। ਕੁੜੀਆਂ ਦੇ ਹੋਸਟਲ ਦਾ ਕਮਰਾ, ਦਰਵਾਜ਼ਾ ਅੰਦਰੋਂ ਬੰਦ, ਖਿੜਕੀ ਨੂੰ ਗਰਿੱਲ, ਕਿਸੇ ਦੂਜੇ ਬੰਦੇ ਦੀ ਮੌਜੂਦਗੀ ਦਾ ਕੋਈ ਚਾਂਸ ਨਹੀਂ, ਤਾਂ ਹੋਰ ਕੀ ਕਿਸੇ ਭੂਤ-ਪ੍ਰੇਤ ਨੇ ਆ ਕੇ ਫਾਹੇ ਟੰਗਤਾ ਕੁੜੀ ਨੂੰ?" ਸਰਦੂਲ ਸਿੰਘ ਨੇ ਤੇਜਵੀਰ ਨਾਲ਼ ਨਜ਼ਰਾਂ ਮਿਲਾਏ ਬਗੈਰ, ਜਵਾਬ ਦੇ ਕੇ ਇਉਂ ਮੂੰਹ ਬਿਚਕਾਇਆ, ਜਿਵੇਂ ਆਪਣੇ ਵੱਲੋਂ ਤੇਜਵੀਰ ਦੀ ਕਮਅਕਲੀ ਦਾ ਮਜ਼ਾਕ ਉਡਾਇਆ ਹੋਵੇ ਅਤੇ ਨਾਲ਼ ਹੀ ਖੜ੍ਹੇ ਸਿਪਾਹੀ ਨੂੰ ਹੁਕਮ ਦਨਦਨਾਇਆ, "ਜਾਹ ਉਏ! ਜਾ ਕੇ ਪਤਾ ਕਰ ਕਿੰਨੇ ਵਜੇ ਆਲ਼ੀਆਂ ਖ਼ਬਰਾਂ 'ਚ ਦਿਖਾਉਣਗੇ ਐਥੋਂ ਬਾਰੇ! ਨਾਲ਼ੇ ਹਰੇਕ ਤੋਂ ਅੱਡੋ-ਅੱਡ, ਪੂਰੀ ਜਾਣਕਾਰੀ ਲੈ ਕੇ ਆਉਣੀ ਐ। ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਰੇਲਾ ਬਣਾਦੂੰ ਤੇਰਾ ਮੈਂ, ਦੱਸ 'ਤਾ ਤੈਨੂੰ।"
ਆਪਣੇ ਇਸ ਹੁਕਮ ਰਾਹੀਂ ਸਰਦੂਲ ਸਿੰਘ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਇਸ ਨਾਸਮਝ ਛੋਕਰੇ ਨੂੰ ਆਪਣੀ ਤਾਕਤ ਤੇ ਅਹੁਦੇ ਦਾ ਭਰਪੂਰ ਮੁਜ਼ਾਹਰਾ ਕਰ ਸਕੇ।
"ਜੀ ਜਨਾਬ!"
ਸਿਪਾਹੀ ਵਿਚਾਰਾ ਸਾਹਬ ਦੀ ਨਾਜਾਇਜ਼ ਆਕੜ ਦਾ ਸ਼ਿਕਾਰ ਹੋਇਆ, ਨਿਊਜ਼ ਚੈਨਲਜ਼ ਵਾਲ਼ਿਆਂ ਦੇ ਪਿੱਛੇ ਲਪਕਿਆ।
"ਪਰ ਫੇਰ ਵੀ, ਤੁਸੀਂ ਹਾਲਾਤਾਂ ਵੱਲ ਪੂਰੀ ਤਰ੍ਹਾਂ ਗ਼ੌਰ ਨਹੀਂ ਕੀਤਾ ਏ.ਐੱਸ.ਆਈ. ਸਾਹਬ! ਜੇ ਤੁਸੀਂ ਤੱਥਾਂ ਵੱਲ ਜ਼ਰਾ ਹੋਰ ਧਿਆਨ ਨਾਲ਼ ਨਜ਼ਰ ਮਾਰੋ, ਤਾਂ ਸ਼ਾਇਦ ਕੋਈ ਹੋਰ ਸੰਭਾਵਨਾ ਵੀ ਨਜ਼ਰ ਆਏਗੀ ਤੁਹਾਨੂੰ? ਆਈ ਮੀਨ…।"
ਤੇਜਵੀਰ ਨੇ ਬਿਨਾਂ ਕੋਈ ਅਸਰ ਕਬੂਲੇ ਸਗੋਂ ਅੱਗੇ ਨਾਲ਼ੋਂ ਹੋਰ ਰੁੱਖੇ ਅਤੇ ਹੋਰ ਮਜ਼ਬੂਤ ਸੁਰ 'ਚ ਆਪਣੀ ਗੱਲ ਦੁਹਰਾਈ, ਤਾਂ ਸਰਦੂਲ ਸਿੰਘ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ।
ਆਪਣਾ ਪੁਲ਼ਸੀਆ ਰੋਅਬ ਗ਼ਾਲਿਬ ਕਰਨ ਦੀਆਂ ਤਮਾਮ ਕੋਸ਼ਿਸ਼ਾਂ 'ਤੇ, ਇੱਕ ਕੱਲ੍ਹ ਦੇ ਪਿੱਦੀ ਜਿਹੇ ਛੋਕਰੇ ਹੱਥੋਂ ਪਾਣੀ ਫਿਰਦਿਆਂ ਦੇਖ, ਉਹ ਪੂਰੀ ਤਰ੍ਹਾਂ ਆਪਣੇ ਹੱਥਿਓਂ ਉੱਖੜ ਗਿਆ।
ਤੇਜਵੀਰ ਨੂੰ ਵਿੱਚੋਂ ਹੀ ਟੋਕਦਿਆਂ, ਉਸਨੇ ਜ਼ਹਿਰ ਉੱਗਲਣੀ ਸ਼ੁਰੂ ਕਰ ਦਿੱਤੀ।
"ਨਾ ਹੁਣ ਤੂੰ, ਕੱਲ੍ਹ ਦਾ ਛੋਕਰਾ, ਪੁਲ਼ਸ ਨੂੰ ਉਹਦਾ ਕੰਮ ਸਿਖਾਏਂਗਾ ਉਏ? ਅਖੇ ਕੱਲ੍ਹ ਦੀ ਭੂਤਨੀ, ਸਿਵਿਆਂ 'ਚ ਅੱਧ। ਥੋਨੂੰ ਐਥੇ ਵੜਨ ਕੀ ਦੇਤਾ ਮੈਂ ਤੇ ਤੂੰ
ਮੈਨੂੰ ਈ ਪੁੱਠੇ-ਸਿੱਧੇ ਸੁਆਲ ਕਰਨ ਲੱਗ ਪਿਆਂ ਉਏ? ਸਾਲ਼ਾ ਵੱਡਾ ਪੱਤਰਕਾਰ ਕੱਢਿਆ ਕਿਤੋਂ ਦਾ! ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ! ਸੀਂਢ ਪੂੰਝਣਾ ਨੀ ਆਇਆ ਹਲੇ ਤੇ ਚੱਲਿਆ ਪੁਲ਼ਸ ਨੂੰ ਸੁਆਲ ਕਰਨ। ਸੁਆਲ ਪੁਲ਼ਸ ਪੁੱਛਦੀ ਹੁੰਦੀ ਆ ਕਾਕਾ ਬੱਲੀ! ਪੁਲਸ ਨੂੰ ਸੁਆਲ ਪੁੱਛੇਂਗਾ ਤਾਂ ਬੜੇ ਮਹਿੰਗੇ ਭਾਅ ਪਊ ਤੈਨੂੰ! ਅੱਜ-ਕੱਲ੍ਹ ਤਾਂ ਹਰੇਕ ਐਰਾ-ਗੈਰਾ ਨੱਥੂ-ਖੈਰਾ ਪੁਲ਼ਸ ਨੂੰ ਟਿੱਚ ਈ ਨੀ ਜਾਣਦਾ! ਚੱਲ ਹੁਣ ਪੱਤਰਾ ਵਾਚ ਐਥੋਂ! ਦੇਖੀਂ ਕਿਤੇ ਜਾੜ੍ਹ ਥੱਲੇ ਆ ਗਿਆ ਸਰਦੂਲ ਸਿੰਘ ਏ.ਐੱਸ.ਆਈ. ਦੇ ਤਾਂ…ਪੁਲ਼ਸ ਦੇ ਹੱਥ ਨੀ ਦੇਖੇ ਕਾਕਾ ਹਲੇ ਤੂੰ!"
ਜਾਪ ਰਿਹਾ ਸੀ ਕਿ ਸਰਦੂਲ ਸਿੰਘ ਦੀ ਸ਼ਬਦਾਵਲੀ 'ਤੋਂ ਹੁਣ 'ਰਿਸੈੱਸ਼ਨ' ਦਾ ਅਸਰ ਖ਼ਤਮ ਹੋ ਗਿਆ ਸੀ। ਆਪਣੇ ਖ਼ਾਸ ਪੁਲਸੀਆ ਅੰਦਾਜ਼ 'ਚ, ਤੇਜਵੀਰ ਦੀ ਤਹਿ ਲਾ ਕੇ, ਜਾਂ ਇਉਂ ਕਹਿ ਲਓ ਕਿ ਉਸ ਹਕੀਰ ਬੰਦੇ ਦੀ ਬਾਦਸ਼ਾਹ ਸਲਾਮਤ ਦੇ ਸਾਹਮਣੇ ਹੱਥ ਵਧਾ ਕੇ ਕੀਤੀ ਗ਼ੁਸਤਾਖ਼ੀ ਦੀ ਮਾਕੂਲ ਸਜ਼ਾ ਦੇ ਕੇ, ਸਰਦੂਲ ਸਿੰਘ ਨੂੰ ਤਸੱਲੀ ਜਿਹੀ ਹੋ ਗਈ।
'ਉਹ ਤਾਂ ਪੱਤਰਕਾਰ ਹੋਣ ਕਰਕੇ ਮਾੜੀ ਜਿਹੀ ਢਿੱਲ ਵਰਤਾ 'ਤੀ, ਨਹੀਂ ਤਾਂ ਐਥੇ ਈ ਢਾਹ ਕੇ ਐਹੋ ਜਿਹੀ ਛਿਤਰੌਲ ਫੇਰਨੀ ਸੀ ਸਾਲ਼ੇ ਦੇ, ਕਿ ਸਾਰੀ ਪੱਤਰਕਾਰੀ ਚੱਡਿਆਂ ਥਾਣੀਂ ਬਾਹਰ ਨਿੱਕਲ ਜਾਣੀ ਸੀ।'
ਮਨ ਹੀ ਮਨ ਸੋਚਦਾ ਸਰਦੂਲ ਸਿੰਘ ਨਾਸਾਂ ਥਾਂਈਂ ਫੁੰਕਾਰੇ ਮਾਰਨ ਲੱਗ ਪਿਆ।
"ਏ.ਐੱਸ.ਆਈ. ਸਾਹਬ! ਨਾ ਤਾਂ ਮੈਂ ਕੋਈ ਐਰਾ-ਗੈਰਾ ਹਾਂ, ਤੇ ਨਾ ਹੀ ਕੋਈ ਨੱਥੂ-ਖੈਰਾ! ਸ਼ਾਇਦ ਤੁਸੀਂ ਗ਼ੌਰ ਨਹੀਂ ਫ਼ਰਮਾਇਆ ਕਿ ਮੇਰਾ ਨਾਂ ਤੇਜਵੀਰ ਸਿੰਘ ਸ਼ੇਰਗਿਲ ਏ। ਤੇ ਇਹ ਕੱਲ੍ਹ ਦਾ ਛੋਕਰਾ, ਜਾਣੀਂ ਕਿ ਮੈਂ, ਪੰਜਾਬ ਦੇ ਇੱਕ ਨਾਮਵਰ ਅਖ਼ਬਾਰ 'ਰੋਜ਼ਾਨਾ ਖ਼ਬਰਨਾਮਾ' ਦਾ ਕ੍ਰਾਈਮ ਰਿਪੋਰਟਰ ਹੁੰਨਾ ਵਾਂ। ਤੇ ਮੌਕਾਏ-ਵਾਰਦਾਤ 'ਤੇ ਪਹੁੰਚਣ ਲਈ ਇੱਕ ਪੱਤਰਕਾਰ ਨੂੰ ਕਿਸੇ ਏ.ਐੱਸ.ਆਈ. ਦੇ ਰਹਿਮੋ-ਕਰਮ ਦੀ ਜ਼ਰੂਰਤ ਨਹੀਂ, ਬਲਕਿ ਇਹ ਹੱਕ ਬਣਦਾ ਏ ਉਸਦਾ। ਤੇ ਪੁਲਿਸ ਦੇ ਹੱਥਾਂ ਬਾਰੇ ਤਾਂ ਮੈਨੂੰ ਐਨਾ ਕੁ ਹੀ ਪਤਾ ਸੀ ਕਿ ਬਹੁਤ ਲੰਬੇ ਹੁੰਦੇ ਨੇ, ਪਰ ਐਨਾ ਨਹੀਂ ਪਤਾ ਸੀ ਕਿ ਇੱਕ ਬਾਇੱਜ਼ਤ ਸ਼ਹਿਰੀ ਨਾਲ਼, ਅਦਬ ਨਾਲ਼ ਮਿਲਾਉਣ ਤੋਂ ਪਹਿਲਾਂ ਹੀ ਮੁੱਕ ਜਾਂਦੇ ਨੇ। ਹਾਂ, ਅਲਬੱਤਾ ਪੁਲਿਸ ਦੀ ਜ਼ੁਬਾਨ ਦੀ ਲੰਬਾਈ ਬਾਰੇ ਕੋਈ ਸ਼ੱਕ-ਸ਼ੁਭਾ ਬਾਕੀ ਨਹੀਂ ਰਿਹਾ ਹੁਣ। ਮੈਂ ਐਥੇ ਕਿਸੇ ਨੂੰ ਉਸਦਾ ਕੰਮ ਸਿਖਾਉਣ ਨਹੀਂ ਆਇਆ, ਬਲਕਿ ਆਪਣੀ ਡਿਊਟੀ ਭੁਗਤਾਉਣ ਆਇਆਂ, ਤੇ ਪੁਲਿਸ ਨੂੰ ਸਵਾਲ ਮੈਂ ਕੋਈ ਆਪਣਾ ਸ਼ੌਕ ਪੂਰਾ ਕਰਨ ਲਈ ਨਹੀਂ ਪੁੱਛਿਆ, ਬਲਕਿ ਆਪਣੀ ਡਿਊਟੀ ਅੰਜਾਮ ਦਿੱਤੀ ਐ। ਤੇ ਪੁਲਿਸ ਦਾ ਫ਼ਰਜ਼ ਇਹ ਬਣਦਾ ਏ ਕਿ ਇੱਕ ਪੱਤਰਕਾਰ ਦੇ ਜਾਇਜ਼ ਸਵਾਲਾਂ ਦਾ ਬਣਦਾ ਜਵਾਬ ਦੇਵੇ, ਕਿਉਂਕਿ ਪੱਤਰਕਾਰ ਆਵਾਮ ਦੀ ਆਵਾਜ਼ ਨੇ। ਨਾ ਕਿ ਇਹ ਕਿ ਉਸ
ਉੱਪਰ ਆਪਣੀ ਵਰਦੀ ਦਾ ਨਾਜਾਇਜ਼ ਰੋਅਬ ਝਾੜਨ ਦੀ ਕੋਸ਼ਿਸ਼ ਕਰੇ, ਬਦਜ਼ੁਬਾਨੀ ਕਰੇ। ਤੁਸੀਂ ਸ਼ਾਇਦ ਭੁੱਲ ਗਏ ਓਂ ਜਨਾਬ ਏ.ਐੱਸ.ਆਈ. ਸਾਹਬ, ਕਿ ਤੁਸੀਂ ਇਸ ਮੁਲਕ ਦੇ ਕੋਈ ਤਾਨਾਸ਼ਾਹ ਹਾਕਮ ਨਹੀਂ; ਬਲਕਿ ਲੋਕਾਂ ਦੀ, ਲੋਕਾਂ ਦੁਆਰਾ ਚੁਣੀ ਹੋਈ, ਲੋਕਤੰਤ੍ਰਿਕ ਸਰਕਾਰ ਦੇ ਇੱਕ ਅਦਨਾ ਜਿਹੇ ਮੁਲਾਜ਼ਿਮ ਹੋ; ਜਨਤਾ ਦੇ ਸੇਵਕ, ਜਿਸਦਾ ਪਰਮ ਕਰਤੱਵ ਜਨਤਾ ਦੇ ਜਾਨੋ-ਮਾਲ ਦੀ ਰੱਖਿਆ ਕਰਨਾ ਹੈ, ਨਾ ਕਿ ਉਹਨਾਂ 'ਤੇ ਆਪਣੀ ਵਰਦੀ ਦੀ ਪਾਵਰ ਦਾ ਰੋਅਬ ਝਾੜਨਾ। ਇਹ ਵਰਦੀ ਦੀ ਪਾਵਰ ਸਰਕਾਰ ਨੇ ਤੁਹਾਨੂੰ ਗੁੰਡੇ-ਬਦਮਾਸ਼ਾਂ ਨਾਲ ਦੋ ਹੱਥ ਕਰਨ ਲਈ ਦਿੱਤੀ ਏ, ਨਾ ਕਿ ਕਿਸੇ ਜ਼ਿੰਮੇਵਾਰ ਸ਼ਹਿਰੀ ਉੱਤੇ ਰੋਅਬ ਝਾੜਨ ਲਈ। ਤੇ ਇੱਕ ਆਖ਼ਰੀ ਗੱਲ; ਮੈਂ ਤਾਂ ਪੁਲਿਸ ਦੇ ਹੱਥ ਵੀ ਦੇਖ ਲਏ ਅਤੇ ਜ਼ੁਬਾਨ ਵੀ, ਪਰ ਜਨਾਬ ਸਰਦੂਲ ਸਿੰਘ ਏ.ਐੱਸ.ਆਈ. ਸਾਹਬ! ਤੁਸੀਂ ਹਾਲੇ ਤੱਕ ਸ਼ਾਇਦ ਕਲਮ ਦੀ ਤਾਕਤ ਨਹੀਂ ਦੇਖੀ!"
ਜਨਾਬ ਸਰਦੂਲ ਸਿੰਘ ਏ.ਐੱਸ.ਆਈ. ਸਾਹਬ ਤਾਂ ਹੈਰਾਨੀ ਨਾਲ਼ ਮੂੰਹ ਅੱਡੀ, ਜਿਵੇਂ ਆਪਣੀ ਕੁਰਸੀ 'ਚ ਗੱਡਿਆ ਈ ਰਹਿ ਗਿਆ।
ਗਗਨ ਉਸਤੋਂ ਵੀ ਜ਼ਿਆਦਾ ਹੈਰਾਨੀ ਨਾਲ ਭਰਿਆ, ਤੇਜਵੀਰ ਦੇ ਮੂੰਹ ਵੱਲ ਇਉਂ ਝਾਕੀ ਜਾ ਰਿਹਾ ਸੀ, ਜਿਵੇਂ ਦੁਨੀਆ ਦੇ ਅੱਠਵੇਂ ਅਜੂਬੇ ਦੇ ਦਰਸ਼ਨ ਕਰ ਰਿਹਾ ਹੋਵੇ।
ਸਰਦੂਲ ਸਿੰਘ ਨੂੰ ਸਕਤੇ ਦੀ ਹਾਲਤ 'ਚ ਬੈਠਾ ਛੱਡ, ਤੇਜਵੀਰ ਗਗਨ ਦਾ ਹੱਥ ਫੜਕੇ ਇੱਕ ਝਟਕੇ ਨਾਲ ਆਪਣੀ ਕੁਰਸੀ 'ਤੋਂ ਉੱਠਿਆ ਅਤੇ ਗਗਨ ਨੂੰ ਆਪਣੇ ਨਾਲ਼ ਲੱਗਭੱਗ ਘੜੀਸਦਾ ਹੋਇਆ, ਹੋਸਟਲ ਦੇ ਗੇਟ 'ਚੋਂ ਬਾਹਰ ਹੋ ਗਿਆ।
+++++
"ਤੌਬਾ-ਤੌਬਾ-ਤੌਬਾ! ਉਏ ਭਰਾਵਾ ਕੀ ਚੀਜ਼ ਆਂ ਬਈ ਤੂੰ? ਨੌਕਰੀ ਦਾ ਪਹਿਲਾ ਈ ਦਿਨ, ਤੇ ਐਡੀ ਦੀਦਾ-ਦਿਲੇਰੀ? ਤੂੰ ਤਾਂ ਯਾਰ ਓਸ ਏ.ਐੱਸ.ਆਈ. ਦੀ ਐਨ ਮੰਜੀ ਠੋਕ ਕੇ ਰੱਖਤੀ ਧਰਮ ਨਾਲ਼! ਬੜਾ ਪੁੱਠਾ ਪੰਗਾ ਲੈ ਲਿਆ ਯਾਰ ਤੂੰ! ਮੰਨ ਲਾ ਮਿੱਤਰਾ ਜੇ ਤਾਂ ਸਾਲ਼ੇ ਦਾ ਸਦਮਾ ਖਾ ਕੇ ਹਾਰਟ ਫੇਲ੍ਹ ਹੋ ਗਿਆ, ਫੇਰ ਤਾਂ ਹੋ ਜੂ ਬਚਾਅ; ਨਹੀਂ ਤਾਂ ਮਿੱਤਰਾ ਸਮਝ ਲੈ ਬਈ ਦਾਣਾ-ਪਾਣੀ ਮੁੱਕ ਗਿਆ ਤੇਰਾ ਇਸ ਫ਼ਾਨੀ ਜਹਾਨ 'ਤੋਂ! ਮਾੜਾ ਜਿਹਾ ਵਿਹਲਾ ਹੋ ਲੈਣ ਦੇ ਤੂੰ ਉਹਨੂੰ ਐਥੋਂ, ਦੇਖੀਂ 'ਆਦਮ ਬੋ-ਆਦਮ ਬੋ' ਕਰਦਾ ਫਿਰੂ ਸਾਰੇ ਜਹਾਨ 'ਚ ਮੇਰੇ ਸਾਲ਼ੇ ਦਾ ਤੈਨੂੰ ਲੱਭਣ ਲਈ! ਨਿਰਾ ਖੜੱਪੇ ਸੱਪ ਦੀ ਸਿਰੀ ਨੂੰ ਹੱਥ ਪਾ ਲਿਆ ਬਾਈ ਤੂੰ! ਹੁਣ ਨੀ ਮੰਨਦਾ ਡੰਗ ਮਾਰੇ ਤੋਂ ਬਿਨਾਂ…ਨਾਂਅ…!"
ਤੇਜਵੀਰ ਵੱਲ ਹੈਰਾਨੀ ਨਾਲ ਦੇਖਦਾ ਗਗਨ, ਬਿਨਾ ਰੁਕੇ, ਜ਼ੁਬਾਨ ਨੂੰ ਟੌਪ ਗੇਅਰ 'ਚ ਪਾਈ, ਵਾਹੋ-ਦਾਹੀ ਬੋਲੀ ਜਾ ਰਿਹਾ ਸੀ।
"…ਓਏ ਤੂੰ ਜਾਣਦਾ ਨੀ ਓਸ ਸਰਦੂਲ ਸਿੰਘ ਨੂੰ! ਬੜੀ ਕੁੱਤੀ ਚੀਜ਼ ਆ ਉਹ! ਸਿਪਾਹੀ ਭਰਤੀ ਹੋਇਆ ਕਿਵੇਂ ਏ.ਐੱਸ.ਆਈ. ਬਣਿਆ, ਇਹ ਮੈਂ ਜਾਣਦਾਂ ਵੀਰ! ਉਏ ਬੜੀ ਪਹੁੰਚ ਐ ਉਹਦੀ ਮੇਰੇ ਸਾਲ਼ੇ ਦੀ…ਤੇ ਉੱਤੋਂ ਦੀ ਤੇਰੀ ਨੌਕਰੀ ਦਾ ਅੱਜ ਪਹਿਲਾ ਈ ਦਿਨ, ਨੌਕਰੀ ਤਾਂ ਤੇਰੀ ਗਈ ਸਮਝ ਮਿੱਤਰਾ ਅੱਜ ਈ! ਭਾਵੇਂ ਲਿਖਾਲਾ ਮੈਥੋਂ! ਤੇ ਫੇਰ ਬਣਾਊ ਤੇਰਾ ਮੋਰ ਏ.ਐੱਸ.ਆਈ. ਸਰਦੂਲ ਸਿੰਘ ਹੱਥਾਂ ਨੂੰ ਥੁੱਕ ਲਾ ਕੇ! ਸੱਚ ਈ ਕਿਹਾ ਸੀ ਵੀਰ ਮੇਰੇ ਤੈਨੂੰ ਉਹਨੇਂ, ਹਾਲੇ ਤੂੰ ਸੱਚੀਂ ਪੁਲ਼ਸ ਦੇ ਹੱਥ ਨੀ ਦੇਖੇ ਧਰਮ ਨਾਲ਼! ਤੇਰਾ ਹਾਲੇ ਵਾਹ ਨੀ ਪਿਆ ਏਹਨਾਂ ਜੱਲਾਦਾਂ ਨਾਲ਼ ਵੀਰ ਮੇਰੇ! ਇਹ ਤਾਂ ਬੰਦੇ-ਖਾਣੇ ਦੈਂਤ ਨੇ ਨਿਰੇ ਬੰਦੇ-ਖਾਣੇ! ਤੇ ਸਾਲ਼ੇ ਡਕਾਰ ਵੀ ਨੀ ਮਾਰਦੇ ਖਾ ਕੇ! …ਪਰ ਯਾਰ ! ਇੱਕ ਗੱਲ ਪੱਕੀ ਆ, ਬਈ ਦਲੇਰੀ ਨੂੰ ਮੰਨ ਗਏ ਤੇਰੀ ਨੂੰ! ਦੇਖਣ ਨੂੰ ਲੱਗਦਾ ਤਾਂ ਹੈਨੀ ਯਾਰ ਤੂੰ ਐਹੋ ਜਿਹਾ? ਦੇਖਣ ਨੂੰ ਤਾਂ ਅਮੀਰ ਖ਼ਾਨ ਆਂਗੂੰ ਐਨ ਚਾੱਕਲੇਟੀ ਹੀਰੋ ਜਿਹਾ ਲੱਗਦੈਂ, ਪਰ ਆਹ ਸਾਲ਼ਾ ਸੰਨੀ ਦਿਓਲ ਆਲ਼ਾ ਗੜ੍ਹਕਾ ਕਿੱਥੋਂ ਲਿਆਂਦਾ ਭਰਾਵਾ ਤੂੰ…ਹੈਂਅ? …ਊਂ ਸਾਲ਼ਾ ਬੂਥਾ ਦੇਖਣ ਆਲ਼ਾ ਸੀ ਓਸ ਸਰਦੂਲ ਸਿਓਂ ਦਾ, ਐਓਂ ਲੱਗਦਾ ਸੀ ਜਿਵੇਂ ਫੁੱਲ ਭਰੀ ਫੁੱਟਬਾਲ ਦਾ ਠਾਹ ਭੜਾਕਾ ਪੈ ਗਿਆ ਹੋਵੇ! ਸਾਲ਼ੇ ਦੀ ਜਮਾਂ ਈ ਫੂਕ ਨਿੱਕਲ ਗੀ ਧਰਮ ਨਾਲ਼! ਕੁੱਤੇਖਾਣੀ ਤਾਂ ਬਥੇਰੀ ਕੀਤੀ ਤੂੰ ਯਾਰ ਉਹਦੇ ਨਾਲ਼! ਸਾਲ਼ਾ ਸਮਝਦਾ ਵੀ ਰੱਬ ਨੂੰ ਟੱਬ ਈ ਸੀ। …ਵੈਸੇ ਤਾਂ ਸੱਚੀਂ ਦੱਸਾਂ, ਬਈ ਸਾਲ਼ਾ ਸੁਆਦ ਬੜਾ ਆਇਆ ਧਰਮ ਨਾਲ! ਪਰ ਬਾਈ ਦੇਖ ਲਈਂ, ਤਾਰਾਂ ਖੜਕ ਪਈਆਂ ਹੋਣੀਆਂ ਨੇ, ਆਪਣੇ ਦਫ਼ਤਰ 'ਚ ਪਹੁੰਚਣ ਤੋਂ ਪਹਿਲਾਂ-ਪਹਿਲਾਂ! ਆਪਣੇ ਹਿਟਲਰ ਦੇ ਅਸਿਸਟੈਂਟ ਬੈਂਸ ਨਾਲ਼ ਰਿਸ਼ਤੇਦਾਰੀ ਵੀ ਤਾਂ ਪੈਂਦੀ ਆ ਮੇਰੇ ਸਾਲ਼ੇ ਦੀ! ਕੋਈ ਨਾ ਕੋਈ ਕਾਰਾ ਹੋਇਆ ਲੈ ਤੂੰ!"
ਗਗਨ ਦਾ ਐਫ਼.ਐੱਮ. ਰੇਡੀਓ ਨਾੱਨ ਸਟਾੱਪ ਵੱਜਦਾ ਰਿਹਾ, ਤੇ ਉਹ ਦੋਵੇਂ ਕਾਲਜ ਤੋਂ ਬਾਹਰ ਆ ਗਏ।
ਤੇਜਵੀਰ ਨੇ ਮੋਟਰ ਸਾਈਕਲ ਪਾਰਕਿੰਗ 'ਚੋਂ ਬਾਹਰ ਕੱਢਿਆ ਅਤੇ ਕਿੱਕ ਮਾਰ ਦਿਤੀ। ਗਗਨ ਬਾਦਸਤੂਰ ਬੋਲਦਾ-ਬੋਲਦਾ ਪਿੱਛੇ ਬੈਠ ਗਿਆ, ਤੇ ਤੇਜਵੀਰ ਨੇ ਗੇਅਰ ਪਾ ਦਿੱਤਾ।
ਘੁਮਾਰ ਮੰਡੀ ਚੌਂਕ ਪਹੁੰਚ ਕੇ ਤੇਜਵੀਰ ਨੇ ਸਿੱਧਾ ਭਾਈਬਾਲੇ ਚੌਂਕ ਵੱਲ ਜਾਣ ਦੀ ਬਜਾਏ, ਮੋਟਰ ਸਾਈਕਲ ਸੱਜੇ ਹੱਥ ਆਰਤੀ ਸਿਨੇਮੇ ਵੱਲ ਨੂੰ ਮੋੜ ਦਿੱਤਾ ਤੇ ਵਿਚਾਲੇ ਜਿਹੇ ਜਾ ਕੇ ਇੱਕ ਤਿਮੰਜ਼ਲਾ ਇਮਾਰਤ ਦੇ ਸਾਹਮਣੇ ਜਾ ਕੇ ਬ੍ਰੇਕ ਮਾਰ ਦਿੱਤੀ।
ਹੁਣ ਉਹਨਾਂ ਦੀ ਮੰਜ਼ਿਲ ਉਸ ਇਮਾਰਤ ਦੀ ਬੇਸਮੈਂਟ 'ਚ ਬਣਿਆ ਇੱਕ ਕੈਫ਼ੇਟੇਰੀਆ ਸੀ।
ਸੈਲਫ ਸਰਵਿਸ ਕਾਊਂਟਰ ਤੋਂ ਕੌਫ਼ੀ ਦੇ ਦੋ ਮੱਗ ਕਾਬੂ ਕਰ, ਤੇਜਵੀਰ ਪਹਿਲਾਂ ਤੋਂ ਹੀ ਟੇਬਲ ਮੱਲੀ ਬੈਠੇ ਗਗਨ ਦੇ ਸਾਹਮਣੇ ਜਾ ਬੈਠਾ।
"ਯਾਰ! ਮੈਂ ਕੱਦਾ ਬਕ-ਬਕ ਕਰੀ ਜਾਨਾਂ, ਹੁਣ ਤੂੰ ਵੀ ਕੁਝ ਫੁੱਟ ਮੂੰਹੋਂ! ਆਖ਼ਿਰ ਐਡਾ ਪੰਗਾ ਕਾਹਤੋਂ ਲੈ ਲਿਆ ਯਾਰ ਤੂੰ? ਹੁਣ ਦੱਸ ਬਈ ਤੇਰਾ ਕੀ ਬਣੂੰ ਕਾਲ਼ੀਆ?"
"ਦੇਖ ਯਾਰ ਗਗਨ! ਜੋ ਹੋਊ ਦੇਖੀ ਜਾਊ, ਵੈੱਨ ਵੀ ਰੀਚ ਦ ਬ੍ਰਿਜ, ਵੀ ਇੱਲ ਕਰਾੱਸ ਇਟ, ਓ ਕੇ?"
"ਚੱਲ ਉਹ ਤਾਂ ਠੀਕ ਐ, ਪਰ ਇੱਕ ਗੱਲ ਤਾਂ ਦੱਸ ਬਈ ਉਹ ਕਿਹੜੀ 'ਸੰਭਾਵਨਾ-ਸੰਭਾਵਨਾ' ਦੀ ਰਟ ਲਾਈ ਹੋਈ ਸੀ ਤੂੰ ਓਥੇ ਯਾਰ? ਉਏ ਕਿਤੇ ਓਹ ਸੰਭਾਵਨਾ ਸੇਠ ਤਾਂ ਨੀ ਯਾਦ ਆਗੀ ਤੈਨੂੰ ਭੋਜਪੁਰੀ ਫ਼ਿਲਮਾਂ ਆਲ਼ੀ? ਊਂ ਰੰਨ ਬਾਈ ਜੀ ਚੋਟੀ ਦੀ ਆ ਧਰਮ ਨਾਲ਼! ਪੂਰੇ ਖੁੱਲ੍ਹੇ-ਡੁੱਲ੍ਹੇ ਹੱਥਾਂ ਪੈਰਾਂ ਆਲ਼ੀ! ਐਨ ਤੇਰੇ ਵੀਰ ਦੇ ਮੇਚ ਦੀ! ਕੀ ਕਹਿੰਨਾਂ?"
ਤੇਜਵੀਰ ਨੇ ਬੜੀ ਤਸੱਲੀ ਨਾਲ ਕੌਫ਼ੀ ਦਾ ਘੁੱਟ ਭਰਿਆ ਅਤੇ ਕਿੱਧਰੋਂ ਗੱਲ ਸ਼ੁਰੂ ਕਰ ਕੇ, ਕਿੱਧਰ ਨੂੰ ਲਈ ਜਾ ਰਹੇ ਗਗਨ ਵੱਲ ਬੜੀ ਸ਼ਾਂਤ ਮੁਦਰਾ ਨਾਲ਼ ਮੁਸਕੁਰਾ ਕੇ ਦੇਖਿਆ।
ਛੇ ਫੁੱਟ ਨੂੰ ਪਹੁੰਚਦਾ ਕੱਦ, ਭਰਿਆ ਹੋਇਆ ਮਜ਼ਬੂਤ ਜੁੱਸਾ, ਕੱਟ ਕੇ ਸੰਵਾਰੀ ਹੋਈ ਦਾੜ੍ਹੀ, ਕੁੰਡੀਆਂ ਮੁੱਛਾਂ, ਪੋਚਵੀਂ ਪੱਗ ਅਤੇ ਪੂਰੀ ਰੋਅਬਦਾਰ ਪਰਸਨੈਲਿਟੀ; ਪਰ ਦਿਲੋਂ? ਐਨ ਬੱਚਿਆਂ ਵਾਂਗੂੰ ਮਾਸੂਮ। ਦਿਲ ਵਿੱਚ ਵਲ਼-ਛਲ ਤਾਂ ਪਾਇਆ ਹੀ ਨਹੀਂ ਸੀ ਰੱਬ ਨੇ, ਤੇ ਜੇ ਪਾਇਆ ਵੀ ਹੋਣਾ ਥੋੜ੍ਹਾ ਬਹੁਤ, ਤਾਂ ਉਹ ਸਾਰੇ ਦਾ ਸਾਰਾ ਕੱਢ ਕੇ, ਆਪਣੀਆਂ ਕੁੰਡੀਆਂ ਮੁੱਛਾਂ 'ਚ ਦੇ ਲਿਆ ਹੋਣਾ ਪਤੰਦਰ ਨੇ। ਐਨ ਸਾਫ਼-ਦਿਲ ਹਸਮੁੱਖ ਬੰਦਾ।
ਪਹਿਲੀ ਮੁਲਾਕਾਤੇ ਹੀ ਗਗਨ ਬਹੁਤ ਪਸੰਦ ਆਇਆ ਸੀ ਤੇਜਵੀਰ ਨੂੰ। ਐਹੋ-ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਇਸ ਦੁਨੀਆਂ ਵਿੱਚ। ਦੁਨੀਆਂ ਦੀ ਇਸ ਮੰਡੀ ਵਿੱਚ ਐਹੋ-ਜਿਹੇ ਲੋਕਾਂ ਦੀ ਹਮੇਸ਼ਾਂ ਸ਼ਾੱਰਟਿਜ ਬਣੀ ਰਹਿੰਦੀ ਹੈ। ਐਨ ਬੇਸ਼ਕੀਮਤੀ ਨਗੀਨਾ,ਯਾਰਾਂ ਦਾ ਯਾਰ।
ਬੱਸ ਬੋਲਦਾ ਬਹੁਤ ਸੀ। ਉਹਨੂੰ ਦੇਖ ਕੇ ਤੇਜਵੀਰ ਨੂੰ 'ਸ਼ੋਅਲੇ' ਦਾ ਉਹ ਸੀਨ ਯਾਦ ਆ ਜਾਂਦਾ, ਜਦੋਂ ਜੈ ਤੇ ਵੀਰੂ ਬਸੰਤੀ ਦੇ ਟਾਂਗੇ 'ਤੇ ਬੈਠ ਕੇ ਰਾਮਗੜ੍ਹ ਜਾਂਦੇ ਨੇ। ਟਾਂਗੇ ਤੋਂ ਉੱਤਰ ਕੇ ਵੀਰੂ ਕਹਿੰਦਾ ਹੈ।
"ਹਾਏ! ਕਯਾ ਪਯਾਰੀ ਬਾਤੇਂ ਕਰਤੀ ਹੈ।"
ਤਾਂ ਜੈ ਕਹਿੰਦਾ ਹੈ।
" 'ਪਯਾਰੀ' ਨਹੀਂ, ਬਹੁਤ 'ਸਾਰੀ' ਬਾਤੇਂ ਕਰਤੀ ਹੈ।"
ਇਹ ਗਗਨ ਵੀ ਕੰਬਖ਼ਤ 'ਬਹੁਤ ਸਾਰੀ ਬਾਤੇਂ' ਕਰਦਾ ਸੀ, ਪਰ ਕਰਦਾ 'ਬਹੁਤ ਪਯਾਰੀ ਬਾਤੇਂ' ਸੀ।
"ਯਾਰ ਗਗਨ! ਤੈਨੂੰ ਸਾਹ ਲੈਣ 'ਚ ਤਕਲੀਫ਼ ਤਾਂ ਨੀ ਹੁੰਦੀ?"
"ਕਿਉਂ? ਮੈਨੂੰ ਕਿਹੜਾ ਦਮਾ ਹੋਇਐ? ਨਾ ਤੂੰ ਵਿੱਚੋਂ ਆਹ ਗੱਲ ਕਿਉਂ ਪੁੱਛੀ ਬਈ?"
"ਮੈਂ ਸੋਚਿਆ ਬਈ ਯਾਰ ਤੂੰ ਆਪਣੇ ਮੂੰਹ ਨੂੰ ਮੌਕਾ ਕਿਹੜੇ ਵੇਲੇ ਦਿੰਨਾਂ ਹੁੰਨਾ ਸਾਹ ਲੈਣ ਦਾ? ਹਰ ਵੇਲ਼ੇ ਤਾਂ ਬੋਲ-ਬੋਲ ਕੇ ਕੰਮ ਲਾਈ ਰੱਖਦਾਂ ਵਿਚਾਰੇ ਨੂੰ!"
ਬੜਾ ਗੰਭੀਰ ਜਿਹਾ ਮੂੰਹ ਬਣਾ ਕੇ ਤੇਜਵੀਰ ਨੇ ਆਖਿਆ, ਤਾਂ ਗਗਨ ਠਹਾਕਾ ਮਾਰ ਕੇ ਹੱਸ ਪਿਆ।
"ਵਾਹ ਬਈ ਵਾਹ! ਅਸੀਂ ਲੋਕਾਂ 'ਤੇ ਚੋਟਾਂ ਲਾਈਦੀਆਂ ਨੇ ਤੇ ਤੂੰ ਯਾਰਾਂ 'ਤੇ ਈ ਚੋਟ ਕਰ ਗਿਆ? ਚੱਲ ਹਾਸੇ ਆਲ਼ੀ ਗੱਲ ਤਾਂ ਹਾਸੇ 'ਚ ਰਹੀ, ਪਰ ਯਾਰ! ਦੱਸ ਤਾਂ ਸਹੀ? ਤੂੰ ਉਥੇ ਅਜਿਹਾ ਕੀ ਦੇਖ ਲਿਆ, ਬਈ ਤੂੰ ਜਾ ਕੇ ਸਿੱਧਾ ਏ.ਐੱਸ.ਆਈ. ਨਾਲ਼ ਈ ਪੰਗਾ ਲੈ ਲਿਆ? ਆਖ਼ਿਰ ਤੂੰ ਕਹਿਣਾ ਕੀ ਚਾਹੁੰਦਾ ਸੀ, ਜਿਹੜਾ ਐਨਾ ਖਿਝਾਤਾ ਤੂੰ ਉਹਨੂੰ?" ਹੁਣ ਕਦਰਨ ਗੰਭੀਰ ਸੁਰ 'ਚ ਗਗਨ ਨੇ ਸਵਾਲ ਕੀਤਾ।
"ਯਾਰ ਗਗਨ! ਤੂੰ ਉਸ ਕਮਰੇ 'ਚ ਕੋਈ ਖ਼ਾਸ ਗੱਲ ਨੋਟ ਨਹੀਂ ਕੀਤੀ?"
"ਯਾਰ ਸਿੱਧੀ ਜਿਹੀ ਗੱਲ ਆ, ਬਈ ਆਪਾਂ ਤਾਂ ਫ਼ੋਟੋਆਂ ਖਿੱਚੀਆਂ, ਤਾਂ ਜੋ ਇੱਕ-ਅੱਧੀ ਅਖ਼ਬਾਰ 'ਚ ਛਪਣ ਦੇ ਕੰਮ ਆ ਜੇ। ਨਾਲ਼ੇ ਪੁਲਿਸ ਦੀ ਸਟੇਟਮੈਂਟ ਤਾਂ ਮਿਲ਼ ਈ ਗਈ ਐ। ਹੋਰ ਕਿਸੇ ਗੱਲ ਨਾਲ਼ ਆਪਾਂ ਨੂੰ ਕੀ ਮਤਲਬ? ਬਾਕੀ ਜੋ ਦੇਖਣਾ-ਪਰਖਣਾ ਹੋਇਆ, ਤਾਂ ਉਹ ਕੰਮ ਪੁਲਿਸ ਦਾ ਏ, ਆਪੇ ਈ ਦੇਖੀ-ਪਰਖੀ ਜਾਊ ਉਹ! …ਪਰ ਯਾਰ! ਤੂੰ ਆਖ਼ਿਰ ਕਹਿਣਾ ਕੀ ਚਾਹੁੰਨੈਂ? ਗੱਲ ਮੇਰੇ ਪੱਲੇ ਜਿਹੀ ਨੀ ਪਈ!"
"ਗੱਲ ਬੜੀ ਸਿੱਧੀ ਜਿਹੀ ਆ ਗਗਨ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਨਹੀਂ, ਬਲਕਿ ਕਤਲ ਦਾ ਏ।" ਤੇਜਵੀਰ ਨੇ ਬੜੇ ਈ ਠਰ੍ਹੰਮੇ ਨਾਲ਼ ਕਿਹਾ।
"ਹੈਂਅ? ਉਹ ਕਿਵੇਂ ਯਾਰ? ਜਦੋਂ ਤੂੰ ਏ.ਐੱਸ.ਆਈ. ਨਾਲ਼ ਪੰਗਾ ਪਾਈ ਜਾਂਦਾ ਸੀ, ਉਦੋਂ ਵੀ ਮੈਂ ਪੁੱਛਦਾ-ਪੁੱਛਦਾ ਈ ਰਹਿ ਗਿਆ, ਬਈ ਤੂੰ ਕਹਿਣਾ ਕੀ ਚਾਹੁੰਨੈਂ? ਠੀਕ ਈ ਤਾਂ ਕਹਿੰਦਾ ਸੀ ਸਰਦੂਲ ਸਿਓਂ ਬਈ ਮਾਮਲਾ ਸਿੱਧਾ-ਸਾਦਾ ਖ਼ੁਦਕੁਸ਼ੀ ਦਾ ਐ। ਹੋ ਸਕਦਾ ਹੁਣ ਤੱਕ ਕੋਈ ਸੁਸਾਈਡ-ਨੋਟ ਵੀ ਲੱਭ ਗਿਆ ਹੋਣਾ ਪੁਲਿਸ ਨੂੰ ਓਥੋਂ। ਤੇ ਜੇ ਨਹੀਂ ਵੀ ਮਿਲਦਾ, ਤਾਂ ਵੀ ਕਿਹੜਾ ਸੁਸਾਈਡ ਦੀ ਕੋਈ ਰੂਲ-ਬੁੱਕ ਬਣੀ ਹੋਈ ਆ, ਬਈ ਸੁਸਾਈਡ ਕਰਨ ਵਾਲ਼ੇ ਨੇ ਸੁਸਾਈਡ-ਨੋਟ ਲਿਖਣਾ ਈ ਲਿਖਣਾ, ਨਹੀਂ ਤਾਂ ਸੁਸਾਈਡ ਕੈਂਸਲ ਸਮਝੀ ਜਾਊਗੀ?"
"ਗਗਨ, ਮੇਰੇ ਵੀਰ! ਮੈਨੂੰ ਸ਼ੱਕ ਈ ਨਹੀਂ, ਬਲਕਿ ਪੱਕਾ ਯਕੀਨ ਐ ਕਿ ਇਹ ਪੱਕਾ ਕਤਲ ਦਾ ਮਾਮਲਾ ਏ। ਗਿਣੀ-ਮਿੱਥੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਇੱਕ ਸੋਚਿਆ-ਸਮਝਿਆ ਕਤਲ। ਆਈ ਰਿਪੀਟ, ਮੌਕੇ ਦੀ ਗਰਮੀ ਖਾ ਕੇ ਕੀਤਾ ਗਿਆ ਕਤਲ ਨਹੀਂ, ਬਲਕਿ ਪਹਿਲਾਂ ਤੋਂ ਹੀ ਸੋਚਿਆ ਵਿਚਾਰਿਆ ਪਲੈਨਡ ਮਰਡਰ।"
"ਪਰ ਯਾਰ! ਤੇਰੇ ਇਸ ਯਕੀਨ ਦਾ ਆਧਾਰ ਕੀ ਐ? ਕੁਝ ਮੇਰੇ ਪੱਲੇ ਵੀ ਤਾਂ ਪਾ!"
"ਇੱਕ ਨਹੀਂ, ਬਲਕਿ ਕਈ ਐਸੇ ਤੱਥ ਨੇ, ਜੋ ਇਸ ਗੱਲ ਦੀ ਚੀਕ-ਚੀਕ ਕੇ ਗਵਾਹੀ ਦੇ ਰਹੇ ਨੇ ਕਿ ਇਹ ਇੱਕ ਪ੍ਰੀ-ਪਲੈਨਡ ਕੋਲਡ ਬਲੱਡਿਡ ਮਰਡਰ ਏ। ਪਹਿਲੀ ਗੱਲ, ਕੁੜੀ ਓਸ ਕਮਰੇ 'ਚ ਇਕੱਲੀ ਰਹਿ ਰਹੀ ਸੀ, ਉਹ ਵੀ ਇੱਕ-ਦੋ ਦਿਨਾਂ ਤੋਂ ਨਹੀਂ ਬਲਕਿ ਲੰਬੇ ਅਰਸੇ ਤੋਂ। ਤੇ ਸ਼ਾਇਦ, ਸ਼ਾਇਦ ਕੀ, ਬਲਕਿ ਪੱਕਾ, ਉਸਦੇ ਉਸ ਕਮਰੇ 'ਚ ਇਕੱਲੇ ਹੀ ਹੋਣ ਦੀ ਕਾਤਿਲ ਨੂੰ ਪੱਕੀ ਖ਼ਬਰ ਸੀ। ਅਮੂਮਨ ਹੋਸਟਲ 'ਚ ਇੱਕ ਕਮਰਾ ਦੋ ਜਾਂ ਦੋ ਤੋਂ ਵੱਧ ਕੁੜੀਆਂ ਦੁਆਰਾ ਸ਼ੇਅਰ ਕੀਤਾ ਜਾਂਦਾ ਏ, ਜਿਵੇਂ ਕਿ ਉਸ ਕਮਰੇ 'ਚ ਪਏ ਦੋ ਮੰਜਿਆਂ 'ਤੋਂ ਹੀ ਜ਼ਾਹਿਰ ਸੀ ਕਿ ਕਮਰਾ ਦੋ ਕੁੜੀਆਂ ਦੇ ਰਹਿਣ ਲਈ ਸੀ। ਪਰ ਮ੍ਰਿਤਕਾ ਦੀ ਰੂਮ-ਮੇਟ ਕੁੜੀ ਕਾਫ਼ੀ ਅਰਸੇ ਤੋਂ ਉਸ ਰੂਮ ਤੋਂ ਕਿਨਾਰਾ ਕਰ ਚੁੱਕੀ ਸੀ।"
"ਹਾਂ, ਵਾਰਦਾਤ ਦੀ ਰਾਤ ਤਾਂ ਜ਼ਾਹਿਰ ਹੀ ਏ ਕਿ ਕੁੜੀ ਉਥੇ ਇਕੱਲੀ ਹੀ ਸੀ, ਪਰ ਦੂਜੀ ਕੁੜੀ ਇੱਕ-ਦੋ ਦਿਨ ਲਈ ਵੀ ਤਾਂ ਆਪਣੇ ਘਰ ਵਗੈਰਾ ਗਈ ਹੋ ਸਕਦੀ ਐ? ਇਹ ਤੂੰ ਕਿਵੇਂ ਕਹਿ ਸਕਦਾ ਐਂ ਕਿ ਲੰਮੇ ਅਰਸੇ ਤੋਂ ਕੁੜੀ ਇਕੱਲੀ ਰਹਿ ਰਹੀ ਸੀ? ਨਾਲ਼ੇ ਇਹਦਾ ਇਸ ਘਟਨਾ ਨੂੰ ਕਤਲ ਸਾਬਿਤ ਕਰਨ 'ਚ ਕੀ ਰੋਲ ਆ?"
"ਲੁੱਕ ਗਗਨ! ਓਸ ਕਮਰੇ 'ਚ ਦੂਸਰੀ ਕੁੜੀ ਦੀ ਪ੍ਰੈਜ਼ੈਂਸ ਦੀ ਚੁਗਲੀ ਕਰਦੀ ਕੋਈ ਵੀ ਚੀਜ਼ ਮੌਜੂਦ ਨਹੀਂ। ਮੰਜੇ 'ਤੇ ਬਿਸਤਰਾ ਨਹੀਂ, ਬੁੱਕ-ਸ਼ੈਲਫ 'ਤੇ ਕੋਈ ਕਿਤਾਬ ਨਹੀਂ, ਸਟੱਡੀ-ਟੇਬਲ ਵੀ ਬਿਲਕੁਲ ਖ਼ਾਲੀ; ਮਤਲਬ ਕਿ ਮ੍ਰਿਤਕਾ ਦੀ ਰੂਮ ਮੇਟ ਦੀ ਪੱਕੇ ਤੌਰ 'ਤੇ ਰਵਾਨਗੀ ਦੀ ਹਰ ਨਿਸ਼ਾਨੀ। ਤੇ ਉੱਤੋਂ ਦੀ ਉਸਦਾ ਕਿਸੇ ਨੇ ਵੀ, ਕਿਤੇ ਵੀ, ਕੋਈ ਜ਼ਿਕਰ ਨਹੀਂ ਕੀਤਾ। ਮਤਲਬ ਸਾਫ਼ ਐ ਕਿ ਉਸਦੀ ਰਵਾਨਗੀ ਉਥੋਂ ਪੱਕੇ ਤੌਰ 'ਤੇ ਅਤੇ ਕਾਫ਼ੀ ਦੇਰ ਪਹਿਲਾਂ ਹੋ ਚੁੱਕੀ ਸੀ। ਵੈਸੇ ਇਹ ਮੇਰਾ ਅੰਦਾਜ਼ਾ ਹੀ ਏ, ਬਾਕੀ ਇਸਦੀ ਤਸਦੀਕ ਤਾਂ ਆਰਾਮ ਨਾਲ਼ ਹੋ ਸਕਦੀ ਏ। ਇਹ ਤਾਂ ਕੋਈ ਮਿਸਟਰੀ ਨਹੀਂ।"
"ਵਜ਼ਨ ਤਾਂ ਹੈ ਯਾਰ ਤੇਰੀ ਗੱਲ 'ਚ, ਤਾਂ ਫੇਰ ਅਗਲਾ ਪੁਆਇੰਟ?"
"ਦੂਜੀ ਗੱਲ ਇਹ ਕਿ ਮੈਨੂੰ ਪੱਕਾ ਯਕੀਨ ਐ, ਕਿ ਉਥੇ ਕੋਈ ਸੁਸਾਈਡ-ਨੋਟ ਨਹੀਂ ਮਿਲਣ ਲੱਗਾ। ਕਾੱਮਨ ਸੈਂਸ ਦੀ ਗੱਲ ਏ ਕਿ ਸੁਸਾਈਡ-ਨੋਟ ਲਿਖਣ ਵਾਲ਼ਾ ਸੁਸਾਈਡ-ਨੋਟ ਨੂੰ ਛੁਪਾ ਕੇ ਕਿਉਂ ਰੱਖੇਗਾ? ਉਹ ਤਾਂ ਐਸੀ ਜਗ੍ਹਾ 'ਤੇ ਪਿਆ ਹੋਣਾ ਚਾਹੀਦਾ ਸੀ ਕਿ ਬੜੀ ਆਸਾਨੀ ਨਾਲ਼, ਠਾਹ ਕਰਕੇ ਬਰਾਮਦ ਹੁੰਦਾ; ਨਹੀਂ ਤਾਂ ਕੋਈ ਸੁਸਾਈਡ-ਨੋਟ ਲਿਖੇਗਾ ਹੀ ਕਿਉਂ? ਗਗਨ ਮੇਰੇ ਵੀਰ, ਜੇ ਮਾਮਲਾ ਖ਼ੁਦਕੁਸ਼ੀ ਦਾ ਹੀ ਹੁੰਦਾ ਤਾਂ ਸੁਸਾਈਡ ਨੋਟ ਦਾ ਮਿਲਣਾ ਬਹੁਤ ਸੁਭਾਵਿਕ ਸੀ। ਕਿਉਂਕਿ ਅਮੂਮਨ ਖ਼ੁਦਕੁਸ਼ੀ ਜਿਹਾ ਕਦਮ, ਕੋਈ ਸ਼ਖ਼ਸ ਕਦੋਂ ਉਠਾਉਂਦਾ ਹੈ? ਜਦੋਂ ਉਹ ਆਪਣੀ ਜ਼ਿੰਦਗੀ 'ਚ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕਾ ਹੋਵੇ। ਕਿਸੇ ਐਸੀ ਸਮੱਸਿਆ ਨਾਲ਼ ਦੋ-ਚਾਰ ਹੋਵੇ, ਜਿਸਦਾ ਹੱਲ ਕਰਦਿਆਂ-ਕਰਦਿਆਂ ਪੂਰੀ ਤਰ੍ਹਾਂ ਨਾਲ ਥੱਕ ਚੁੱਕਾ ਹੋਵੇ। ਮੌਜੂਦਾ ਹਾਲਾਤਾਂ ਅੱਗੇ ਪੂਰੀ ਤਰ੍ਹਾਂ ਨਾਲ਼ ਹਾਰ ਚੁੱਕਾ ਹੋਵੇ। ਤੇ ਜਾਂ ਫਿਰ ਕਿਸੇ ਵਿਅਕਤੀ-ਵਿਸ਼ੇਸ਼ ਤੋਂ ਹੀ ਐਨਾ ਕੁ ਤੰਗ ਆ ਚੁੱਕਾ ਹੋਵੇ, ਜਾਂ ਕਿਸੇ ਦੁਆਰਾ ਜਾਣ-ਬੁੱਝ ਕੇ ਏਨਾ ਜ਼ਿਆਦਾ ਤੰਗ ਕੀਤਾ ਜਾ ਰਿਹਾ ਹੋਵੇ, ਕਿ ਜਾਨ ਦੇਣ ਤੋਂ ਬਿਨਾਂ ਛੁਟਕਾਰਾ ਮੁਮਕਿਨ ਹੀ ਨਾ ਲੱਗੇ। ਖ਼ੁਦਕੁਸ਼ੀ ਕੋਈ 'ਬਾਈ ਦ ਵੇ ਟਾਈਪ' ਕਰਨ ਵਾਲ਼ਾ ਕੰਮ ਨਹੀਂ ਗਗਨ, ਕਿ ਚਲੋ, ਇਹ ਵੀ ਟਰਾਈ ਕਰ ਲੈਨੇ ਆਂ। ਬਲਕਿ ਕਿਸੇ ਵੀ ਮਸਲੇ ਦਾ ਇਹ ਅੰਤਿਮ ਹੱਲ ਏ। ਮੁਸੀਬਤ ਤੋਂ ਨਿਜਾਤ ਪਾਉਣ ਦਾ ਆਖ਼ਰੀ ਰਸਤਾ, ਦ ਲਾਸਟ ਵੇ! ਤੇ ਅਮੂਮਨ ਖ਼ੁਦਕੁਸ਼ੀ ਦਾ ਰਾਹ ਅਖ਼ਤਿਆਰ ਕਰਨ ਵਾਲ਼ਾ ਵਿਅਕਤੀ, ਦੁਨੀਆਂ ਨੂੰ ਇਹ ਦੱਸ ਕੇ ਜਾਣ ਦਾ ਚਾਹਵਾਨ ਹੁੰਦਾ ਹੈ ਕਿ ਕਿਉਂ? …ਕਿਉਂ ਉਸਨੂੰ ਇਹ ਆਖ਼ਰੀ ਰਸਤਾ ਅਖ਼ਤਿਆਰ ਕਰਨਾ ਪਿਆ? ਹਾਂ, ਇਸ ਥੀਅਰੀ 'ਚ ਅਪਵਾਦ ਹੋ ਸਕਦਾ ਏ, ਇਹ ਮੈਂ ਮੰਨ ਕੇ ਚੱਲਦਾਂ, ਪਰ ਇਹ ਕੋਈ ਇੱਕਲੌਤੀ ਵਜ੍ਹਾ ਨਹੀਂ ਮੇਰੇ ਨੁਕਤੇ-ਨਿਗਾਹ ਦੀ।" ਕੌਫ਼ੀ ਦਾ ਇੱਕ ਹੋਰ ਘੁੱਟ ਭਰਦਿਆਂ ਤੇਜਵੀਰ ਨੇ ਕਿਹਾ।
ਗਗਨ ਹੈਰਾਨੀ ਨਾਲ ਤੇਜਵੀਰ ਦੇ ਚਿਹਰੇ ਵੱਲ ਇੱਕ-ਟੱਕ ਦੇਖੀ ਜਾ ਰਿਹਾ ਸੀ ਅਤੇ ਉਤਸੁਕਤਾ ਵੱਸ ਆਪਣੇ ਸਾਹਮਣੇ ਪਏ ਕੌਫ਼ੀ ਦੇ ਮੱਗ ਨੂੰ ਤਕਰੀਬਨ ਭੁੱਲ ਹੀ ਚੁੱਕਾ ਸੀ। ਤੇਜਵੀਰ ਨੂੰ ਕੌਫ਼ੀ ਦਾ ਘੁੱਟ ਭਰਦਿਆਂ ਦੇਖ, ਉਸਨੂੰ ਵੀ ਆਪਣੀ ਕੌਫ਼ੀ ਦੀ ਯਾਦ ਆਈ ਤੇ ਦੇਖਾ-ਦੇਖੀ ਉਸਨੇ ਵੀ ਮੱਗ ਚੁੱਕ ਕੇ ਮੂੰਹ ਨੂੰ ਲਾ ਲਿਆ।
"…ਤੇ ਹੁਣ ਸੁਣ ਅਸਲੀ ਵਜ੍ਹਾ ਮੇਰੇ ਯਕੀਨ ਦੀ। ਗਗਨ ਮੇਰੇ ਦੋਸਤ! ਵਾਰਦਾਤ ਦੀ ਰਾਤ ਉਸ ਕਮਰੇ 'ਚ ਇੱਕ ਹੋਰ ਸ਼ਖ਼ਸ ਵੀ ਮੌਜੂਦ ਸੀ, ਤੇ ਉਹ ਵੀ ਇੱਕ ਮਰਦ।"
"ਹੈਂਅ?" ਗਗਨ ਦੀ ਕੌਫ਼ੀ ਮੱਗ 'ਚੋਂ ਉੱਛਲਣੋਂ ਮਸਾਂ ਹੀ ਬਚੀ।
"ਯਾਰ! ਗਰਲਜ਼ ਹੋਸਟਲ ਹੋਵੇ, ਰਾਤ ਦਾ ਵਕਤ ਹੋਵੇ, ਇਕੱਲੀ ਲੜਕੀ ਦਾ ਕਮਰਾ ਹੋਵੇ, ਤੇ ਕਮਰੇ 'ਚ ਇੱਕ ਮਰਦ ਦੀ ਮੌਜੂਦਗੀ? ਮਿੱਤਰ ਪਿਆਰੇ! ਉਹ ਕੋਈ ਕੰਪਨੀ ਬਾਗ਼ ਨੀਂ, ਬਈ ਜੀਹਦਾ ਜੀਅ ਆਵੇ, ਮੂੰਹ ਚੱਕਿਆ ਤੇ ਸੈਰ 'ਤੇ ਤੁਰ ਪਿਆ। ਮਰਦ ਜ਼ਾਤ ਨੂੰ ਤਾਂ ਅਗਲੇ ਦਿਨੇ ਨੀਂ ਫੜਕਣ ਦਿੰਦੇ ਓਥੇ, ਤੇ ਤੂੰ ਰਾਤ ਦੀ ਗੱਲ ਕਰਦਾਂ? ਉਹ ਬੇਬੇ ਨੀ ਬੈਠੀ ਦੇਖੀ ਹੋਸਟਲ ਦੇ ਗੇਟ ਮੂਹਰੇ ਤੂੰ? ਤੇ ਨਾਲ਼ੇ ਉਹ ਮੈਡਮ ਸਰਲਾ ਲਤਾ ਜੀ, ਹੋਸਟਲ ਵਾਰਡਨ ਸਾਹਿਬਾ! ਮਾੜੇ-ਮੋਟੇ ਬੰਦੇ ਨੂੰ ਤਾਂ ਉਹ ਕੱਚਾ ਈ ਖਾ ਜੇ ਧਰਮ ਨਾਲ਼!"
"ਨਹੀਂ ਵੀਰ ਜੀ, ਨਹੀਂ। ਓਸ ਕਮਰੇ 'ਚ, ਓਸ ਰਾਤ ਇੱਕ ਜਣਾ; ਇੱਕ ਜਣੀ ਨਹੀਂ, ਆਈ ਰਿਪੀਟ ਇੱਕ ਜਣਾ; ਹੋਰ ਮੌਜੂਦ ਸੀ। ਕਿਵੇਂ ਸੀ, ਕੌਣ ਸੀ? ਇਹ ਮੈਂ ਹਾਲੇ ਨਹੀਂ ਕਹਿ ਸਕਦਾ, ਪਰ ਮੌਜੂਦ ਯਕੀਨਨ ਸੀ। ਤੇ ਉਹ ਵੀ ਮ੍ਰਿਤਕਾ ਦਾ ਜਾਣਿਆ-ਪਛਾਣਿਆ, ਐਨ ਉਸਦੀ ਮਰਜ਼ੀ ਨਾਲ਼, ਉਸਦੀ ਸੰਗਤ 'ਚ, ਜਾਂ ਕਹੋ ਉਸਦੇ ਪਹਿਲੂ 'ਚ; ਸ਼ਤ-ਪ੍ਰਤੀਸ਼ਤ ਮੌਜੂਦ ਸੀ। ਓਸ ਸ਼ਖ਼ਸ ਦੀ ਆਮਦ, ਨਾ ਹੀ ਅਚਨਚੇਤ ਸੀ ਤੇ ਨਾ ਹੀ ਜ਼ਬਰਦਸਤੀ। ਓਸ ਮਿਸਟਰੀ ਮੈਨ ਦੀ ਆਮਦ ਪਹਿਲਾਂ ਤੋਂ ਹੀ ਤੈਅਸ਼ੁਦਾ ਸ਼ੈਡਿਊਲ ਦੇ ਮੁਤਾਬਿਕ ਸੀ। ਤੇ ਗਗਨ ਮੇਰੇ ਵੀਰ! ਮ੍ਰਿਤਕਾ ਦੀ ਸਹਿਮਤੀ ਨਾਲ਼, ਆਈ ਰਿਪੀਟ, ਸਹਿਮਤੀ ਨਾਲ਼ ਦੋਹਾਂ ਨੇ ਵਾਰਦਾਤ ਹੋਣ ਤੋਂ ਪਹਿਲਾਂ ਸੰਭੋਗ ਕੀਤਾ, ਏ ਸੈਕਸ਼ੁਅਲ ਇੰਟਕੋਰਸ ਵਿੱਦ ਮਿਊਚੁਅਲ ਕੰਨਸੈਂਟ ਮਾਈ ਡੀਅਰ ਫਰੈਂਡ!"
"ਐਨੀਆਂ ਗੱਲਾਂ, ਐਨ ਹਿੱਕ ਠੋਕ ਕੇ, ਐਨੇ ਯਕੀਨ ਨਾਲ਼? ਉਹ ਕਿਵੇਂ ਬਈ?"
ਗਗਨ ਹੈਰਾਨੀ ਅਤੇ ਉਤਸੁਕਤਾ, ਦੋਵਾਂ ਦੀ ਚਰਮ ਸੀਮਾ 'ਤੇ ਪਹੁੰਚ ਚੁੱਕਾ ਸੀ।
"ਗ਼ੌਰ ਕਰ ਗਗਨ, ਕਮਰੇ ਦੇ ਫ਼ਰਸ਼ 'ਤੇ ਪਿਆ ਉਹ ਸਿਗਰਟ ਦਾ ਟੋਟਾ। ਚਲੋ ਮੰਨਿਆ ਕਿ ਉਹ ਸਿਗਰਟ ਮ੍ਰਿਤਕਾ ਨੇ ਵੀ ਪੀਤੀ ਹੋ ਸਕਦੀ ਏ, ਭਾਵੇਂ ਕਿ ਉਸ ਸਿਗਰਟ ਦੇ ਟੋਟੇ 'ਤੇ ਲਿਪਸਟਿਕ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸੀ, ਜਦੋਂ ਕਿ ਮ੍ਰਿਤਕਾ ਦੇ ਬੁੱਲ੍ਹਾਂ 'ਤੇ ਮਰਦੇ ਵਕਤ ਵੀ ਲਿਪਸਟਿਕ ਮੌਜੂਦ ਸੀ, ਪਰ ਫੇਰ ਵੀ ਮੰਨਿਆ ਕਿ ਸਿਗਰਟ ਉਸਨੇ ਪੀਤੀ ਹੋ ਸਕਦੀ ਏ; ਪਰ ਉਹ ਕੰਡੋਮ ਦਾ ਖਾਲੀ ਪਾਊਚ? ਉਹ ਇੱਕ ਐਸਾ ਸਬੂਤ ਹੈ ਗਗਨ, ਜੋ ਚੀਕ-ਚੀਕ ਕੇ ਗਵਾਹੀ ਦੇ ਰਿਹਾ ਕਿ ਉਸ ਕਮਰੇ 'ਚ, ਓਸ ਰਾਤ, ਇੱਕ ਆਦਮੀ ਮੌਜੂਦ ਸੀ।
ਦੋਵੇਂ ਸੰਭੋਗਰਤ ਹੋਏ, ਤਦੇ ਹੀ ਕੰਡੋਮ ਦੇ ਇਸਤੇਮਾਲ ਦੀ ਨੌਬਤ ਆਈ। ਦੇਖ ਲਈਂ, ਇਸਤੇਮਾਲਸ਼ੁਦਾ ਕੰਡੋਮ ਵੀ ਉਥੋਂ ਕਿਤੋਂ ਹੀ ਮਿਲ ਜਾਏਗਾ; ਜੇ ਪੁਲਿਸ ਨੇ ਬਾਰੀਕੀ ਨਾਲ਼ ਉਥੋਂ ਦੀ ਤਲਾਸ਼ੀ ਲਈ ਤਾਂ। ਪੋਸਟ-ਮਾਰਟਮ ਦੀ ਰਿਪੋਰਟ 'ਚ ਦੋਹਾਂ ਦੇ ਸੰਭੋਗਰਤ ਹੋਣ ਦੀ ਗੱਲ ਵੀ ਸਾਹਮਣੇ ਆ ਜਾਏਗੀ। ਬਾਕੀ ਕਮਰੇ ਦੇ ਫ਼ਰਸ਼ 'ਤੇ ਪਈ ਲੜਕੀ ਦੀ ਬ੍ਰਾ ਅਤੇ ਪੈਂਟੀ ਵੀ ਇਸੇ ਗੱਲ ਦੀ ਗਵਾਹੀ ਦੇ ਰਹੀਆਂ ਹਨ ਅਤੇ ਬਿਸਤਰੇ ਦੀ ਹਾਲਤ ਤੋਂ ਵੀ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰਹੀ ਗੱਲ ਉਸਦੀ ਤੈਅਸ਼ੁਦਾ ਆਮਦ ਦੀ, ਤਾਂ ਲੜਕੀ ਦੀ ਹਾਲਤ ਵੱਲ ਗ਼ੌਰ ਕਰ ਗਗਨ! ਲੜਕੀ ਦੇ ਚਿਹਰੇ 'ਤੇ ਮੇਕਅੱਪ ਦੀ ਪਰਤ ਹਾਲੇ ਵੀ ਮੌਜੁਦ ਸੀ। ਬੁੱਲ੍ਹਾਂ 'ਤੇ ਲਿਪਸਟਿਕ, ਜੋ ਸ਼ਾਇਦ ਸੰਭੋਗਰਤ ਅਵਸਥਾ 'ਚ ਬਿੱਖਰ ਗਈ ਹੋਣੀ ਏ, ਪਰ ਮੌਜੂਦ ਜ਼ਰੂਰ ਸੀ। ਇਸੇ ਤਰ੍ਹਾਂ ਅੱਖਾਂ 'ਚ ਕੱਜਲ ਦੀ ਹਾਲਤ ਵੀ ਬਿਲਕੁਲ ਸੇਮ, ਬਟ ਇਟ ਵਾਜ਼ ਦੇਅਰ। ਕਿਉਂ ਕਰ ਇੱਕ ਸੌਣ ਲੱਗੀ ਲੜਕੀ, ਤਾਜ਼ਾ-ਤਾਜ਼ਾ ਮੇਕਅੱਪ ਮੱਥ ਕੇ ਸੌਊਂਗੀ ਭਲਾਂ? ਆਖ਼ਿਰ ਕਿਉਂ ਇੱਕ ਤਨਹਾ ਲੜਕੀ, ਰਾਤ ਨੂੰ 'ਸੈਕਸੀ ਲਾਂਜਰੀਜ਼' ਪਹਿਨ ਕੇ ਸੌਊਂਗੀ, ਜਿਸਨੂੰ ਪਹਿਨ ਕੇ ਸੌਣ 'ਚ ਅਸੁਵਿਧਾ ਮਹਿਸੂਸ ਹੁੰਦੀ ਹੈ? ਵੀਰ ਮੇਰੇ! ਰਾਤ ਨੂੰ ਸੌਣ ਲੱਗਿਆਂ ਔਰਤਾਂ ਮੇਕਅੱਪ ਲਗਾ ਕੇ ਨਹੀਂ, ਬਲਕਿ ਉਤਾਰ ਕੇ ਸੌਂਦੀਆਂ ਨੇ। ਤੂੰ ਵਿਆਹਿਆ-ਵਰ੍ਹਿਆ ਬੰਦਾਂ, ਮੇਰੇ ਨਾਲ਼ੋਂ ਬਿਹਤਰ ਜਾਣਦਾ ਹੋਏਂਗਾ। ਲੜਕੀ ਨੇ ਰਾਤ ਨੂੰ ਚਮਚਮਾਉਂਦਾ ਮੇਕਅੱਪ ਕੀਤਾ, ਸੈਕਸੀ ਲਾਂਜਰੀਜ਼ ਪਹਿਨੀ; ਜਿਸਦਾ ਕੰਫ਼ਰਟ ਨਾਲ਼ ਕੋਈ ਸੰਬੰਧ ਨਹੀਂ, ਸੰਬੰਧ ਹੈ ਤਾਂ ਸਿਰਫ਼ ਅਤੇ ਸਿਰਫ਼ ਔਰਤ ਦੇ ਬਦਨ ਦੀ ਖ਼ੂਬਸੂਰਤੀ ਨੂੰ ਹੋਰ ਉਜਾਗਰ ਕਰਨ ਨਾਲ਼ ਹੈ। ਜਿਸਨੂੰ ਪਹਿਨਣ ਦਾ ਇੱਕੋ-ਇੱਕ ਮਕਸਦ, ਸਾਥੀ ਮਰਦ ਦੀਆਂ ਕਾਮ-ਭਾਵਨਾਵਾਂ ਨੂੰ ਉੱਤੇਜਿਤ ਕਰਨਾ ਹੀ ਹੈ ਬੱਸ। ਵੀਰ ਮੇਰੇ! ਲੜਕੀ ਅਤੇ ਕਮਰੇ ਦੇ ਹਾਲਾਤ, ਚੀਕ-ਚੀਕ ਕੇ ਗਵਾਹੀ ਦੇ ਰਹੇ ਨੇ, ਕਿ ਉਸ ਰਾਤ ਓਸ ਕਮਰੇ 'ਚ ਇੱਕ ਮਰਦ ਜ਼ਾਤ ਮੌਜੂਦ ਸੀ, ਤੇ ਉਸਦੀ ਆਮਦ ਪਹਿਲਾਂ ਤੋਂ ਹੀ ਤੈਅਸ਼ੁਦਾ ਸੀ। ਨਾ ਸਿਰਫ਼ ਉਸਦੀ ਆਮਦ 'ਚ ਲੜਕੀ ਦੀ ਸਹਿਮਤੀ ਸੀ ਬਲਕਿ ਉਹ ਉਸ ਸ਼ਖ਼ਸ ਦੀ ਉਡੀਕ 'ਚ, ਹਾਰ-ਸ਼ਿੰਗਾਰ ਲਗਾ ਕੇ 'ਪੀਆ-ਮਿਲਨ' ਦੀ ਰਾਹ ਦੇਖ ਰਹੀ ਸੀ। ਤੇ ਇਸਤੋਂ ਇਹ ਵੀ ਜ਼ਾਹਿਰ ਹੁੰਦਾ ਏ ਕਿ ਇਹ ਕੋਈ ਪਹਿਲੀ ਮੀਟਿੰਗ ਨਹੀਂ, ਬਲਕਿ ਸਿਲਸਿਲੇਵਾਰ ਮੁਲਾਕਾਤਾਂ ਦੀ ਹੀ ਇੱਕ ਕੜੀ ਸੀ, ਜੋ ਲੜਕੀ ਦੇ ਕਤਲ ਸਦਕਾ ਆਖ਼ਰੀ ਹੋ ਨਿੱਬੜੀ। ਤੇ ਇਹ ਵੀ ਕਿ ਲੜਕੀ ਦੀ ਰੂਮ ਮੇਟ ਕਾਫ਼ੀ ਦੇਰ ਤੋਂ, ਤੇ ਸ਼ਾਇਦ ਪੱਕੇ ਤੌਰ 'ਤੇ ਹੀ ਓਸ ਕਮਰੇ ਨੂੰ ਅਲਵਿਦਾ ਕਹਿ ਚੁੱਕੀ ਸੀ। ਤਾਂ ਹੀ ਤਾਂ ਇਹ ਮੁਲਾਕਾਤਾਂ ਦਾ ਸਿਲਸਿਲਾ ਬਣ ਪਾਇਆ।"
"ਵਾਕਈ ਯਾਰ! ਗੱਲਾਂ 'ਚ ਤਾਂ ਪੂਰਾ ਦਮ ਆ ਤੇਰੀਆਂ 'ਚ! ਤੇਰੇ ਕਹਿਣ ਦਾ ਮਤਲਬ ਬਈ ਕਿਸੇ ਢੰਗ-ਤਰੀਕੇ ਨਾਲ਼, ਬੰਦਾ ਕੁੜੀ ਦੇ ਕਮਰੇ 'ਚ ਪਹੁੰਚਿਆ, ਦੋਨਾਂ ਨੇ ਸੈਕਸ ਵੀ ਕੀਤਾ, ਤਾਂ ਫੇਰ ਕਤਲ ਦੀ ਨੌਬਤ ਕਿਉਂ ਆਈ? ਕੋਈ ਤਕਰਾਰ ਹੋਈ? ਤੇ ਤਕਰਾਰ ਐਨੀ ਵਧੀ, ਬਈ ਨੌਬਤ ਕਤਲ ਤੱਕ ਆ ਪਹੁੰਚੀ?"
"ਨਹੀਂ ਗਗਨ! ਦੋਹਾਂ 'ਚ ਕੋਈ ਤਕਰਾਰ ਹੋਈ ਹੋਵੇ, ਤੇ ਤਕਰਾਰ ਏਨੀ ਵਧੀ ਹੋਵੇ ਕਿ ਨੌਬਤ ਕਤਲ ਤੱਕ ਆ ਗਈ ਹੋਵੇ; ਇਹ ਗੱਲ ਹਜ਼ਮ ਨਹੀਂ ਹੁੰਦੀ। ਕਿਉਂਕਿ ਫਿਰ ਇਹ ਖ਼ੁਦਕੁਸ਼ੀ ਵਾਲ਼ਾ ਸੀਨ ਵਿੱਚ ਫਿੱਟ ਹੋਣਾ ਮੁਸ਼ਕਿਲ ਸੀ। ਤੇ ਨਾਲ਼ੇ ਐਨੀ ਤਕਰਾਰਬਾਜ਼ੀ, ਜਿਸਦਾ ਸਿੱਟਾ ਕਤਲ ਤੱਕ ਜਾ ਪਹੁੰਚੇ, ਮੱਧਮ ਆਵਾਜ਼ 'ਚ ਨਹੀਂ ਹੋ ਸਕਦੀ। ਇਹੋ ਜਿਹੀ ਤਕਰਾਰਬਾਜ਼ੀ ਦੇ ਸਿੱਟੇ ਵਜੋਂ ਸ਼ੋਰ ਹੁੰਦਾ ਏ ਗਗਨ, ਜਿਸਨੂੰ ਆਸ-ਪਾਸ ਦੇ ਕਮਰਿਆਂ ਵਿੱਚ ਸੁਣਿਆ ਜਾ ਸਕਦਾ ਸੀ। ਝਗੜੇ ਦੀਆਂ ਆਵਾਜ਼ਾਂ ਦਾ ਆਸ-ਪਾਸ ਦੇ ਕਮਰਿਆਂ ਤੱਕ ਪਹੁੰਚਣਾ ਲਾਜ਼ਮੀ ਸੀ। ਤੇ ਉੱਤੋਂ ਦੀ ਇੱਕ ਬੰਦੇ ਦੀ ਆਵਾਜ਼ ਨੇ ਤਾਂ ਸਾਰੇ ਹੋਸਟਲ 'ਚ ਤਰਥੱਲੀ ਮਚਾ ਦੇਣੀ ਸੀ। ਭੁੱਲ ਗਿਆਂ ਗਗਨ? ਕੁੜੀਆਂ ਦਾ ਹੋਸਟਲ ਐ ਭਰਾਵਾ! ਪਰ ਕਤਲ ਤਾਂ ਹੋਇਆ! ਤੇ ਹੋਇਆ ਵੀ ਇਉਂ, ਬਈ ਕਿਸੇ ਨੂੰ ਭਿਣਕ ਤੱਕ ਨੀ ਲੱਗੀ। ਤੇ ਨਾਲ਼ੇ ਰੱਸੀ ਜਿਹੀ ਆਈਟਮ, ਜਿਸਦਾ ਉਸ ਕਮਰੇ 'ਚ ਹੋਰ ਕੋਈ ਰੋਲ ਮੇਰੀ ਸਮਝ ਚ ਨਹੀਂ ਆਉਂਦਾ; ਤੇ ਉਹ ਵੀ ਐਨ ਨਪੀ-ਤੁਲੀ, ਓਨੀ ਹੀ ਲੰਬੀ ਰੱਸੀ, ਜਿੰਨੀ ਦੀ ਜ਼ਰੂਰਤ ਸੀ? ਇਸੇ ਲਈ ਮੇਰਾ ਮੰਨਣਾ ਗਗਨ ਕਿ ਇਹ ਕਤਲ ਪ੍ਰੀ-ਪਲੈਨਡ ਸੀ।"
"ਪਰ ਕਤਲ ਹੋਇਆ ਕਿਵੇਂ? ਬੰਦੇ ਨੇ ਕਿਹਾ ਕਿ ਬੇਬੀ ਚੱਲ ਹੁਣ ਤੈਨੂੰ ਕਤਲ ਕਰਨ ਦਾ ਮੂਡ ਬਣ ਗਿਆ ਮੇਰਾ, ਤੇ ਬੇਬੀ ਨੇ ਕਿਹਾ ਓ ਕੇ ਡੀਅਰ, ਗੋ ਆੱਨ? ਕੋਈ ਲੜਾਈ-ਝਗੜਾ ਨੀਂ, ਕੋਈ ਸੱਟ-ਫੇਟ ਨੀਂ। ਆਈ ਮੀਨ, ਜ਼ਾਹਰਾ ਤੌਰ ਤੇ ਤਾਂ ਕੋਈ ਸੱਟ-ਫੇਟ ਦਾ ਨਿਸ਼ਾਨ ਨੀ ਨਜ਼ਰ ਆਇਆ ਡੈੱਡ-ਬਾੱਡੀ 'ਤੇ। ਕੋਈ ਚੀਕ-ਚਿੱਲਾਹਟ ਨੀਂ, ਕੋਈ ਸ਼ੋਰ-ਸ਼ਰਾਬਾ ਨੀਂ? ਐਨੀ ਆਸਾਨੀ ਨਾਲ਼ ਤਾਂ ਨਹੀਂ ਕਤਲ ਹੋ ਜਾਂਦਾ ਕੋਈ ਯਾਰ?"
"ਇਸਦਾ ਜਵਾਬ ਤੇਰੇ ਕੈਮਰੇ 'ਚ, ਮੇਰੇ ਦੁਆਰਾ ਖਿੱਚੀਆਂ ਮੌਕਾਏ-ਵਾਰਦਾਤ ਦੀਆਂ ਤਸਵੀਰਾਂ 'ਚੋਂ ਤੈਨੂੰ ਮਿਲ਼ ਜਾਣਾ। ਟਰਾਈ ਕਰ!"
ਗਗਨ ਨੇ ਆਪਣਾ ਡਿਜੀਟਲ ਕੈਮਰਾ ਕੱਢਿਆ ਅਤੇ ਕੈਮਰੇ ਦੇ ਪਿੱਛੇ ਲੱਗੀ ਸਕਰੀਨ 'ਤੇ ਮੌਕਾਏ-ਵਾਰਦਾਤ ਦੀਆਂ ਤਸਵੀਰਾਂ ਨੂੰ ਇੱਕ-ਇੱਕ ਕਰਕੇ ਦੇਖਣ ਲੱਗ ਪਿਆ। ਹਰੇਕ ਤਸਵੀਰ ਤੇਜਵੀਰ ਦੇ ਤਰਕਾਂ ਦੀ ਗਵਾਹੀ ਦਿੰਦੀ ਹੋਈ ਪ੍ਰਤੀਤ ਹੋ ਰਹੀ ਸੀ। ਤੇ ਫਿਰ ਮ੍ਰਿਤਕਾ ਦੀਆਂ ਬਾਹਾਂ ਵਾਲ਼ੀ ਤਸਵੀਰ 'ਤੇ ਗਗਨ ਦੀ ਨਿਗ੍ਹਾ ਜਾ ਠਹਿਰੀ।
"ਓਹ ਮਾਈ ਗਾੱਡ! ਯੂ ਮੀਨ…?"
"ਬਿਲਕੁਲ ਸਹੀ ਪਹਿਚਾਣਿਆ ਗਗਨ। ਲੜਕੀ ਦੀਆਂ ਬਾਹਾਂ 'ਤੇ ਇਹ ਜੋ ਨਿਸ਼ਾਨ ਨਜ਼ਰ ਆ ਰਹੇ ਨੇ, ਇਹ ਜ਼ਰੂਰ ਇੰਜੈਕਸ਼ਨ ਦੀ ਸੂਈ ਦੇ ਨਿਸ਼ਾਨ ਨੇ। ਲੜਕੀ ਕੋਈ ਗੰਭੀਰ ਬੀਮਾਰੀ ਤੋਂ ਗ੍ਰਸਿਤ, ਕੋਈ ਹਾੱਸਪਿਟਲਾਈਜ਼ਡ ਮਰੀਜ਼ ਨਹੀਂ ਸੀ ਕਿ ਉਸਨੂੰ ਏਨੇ ਇੰਜੈਕਸ਼ਨ ਲੱਗਦੇ ਹੋਣ। ਇੱਕ ਚੱਲਦੀ ਫਿਰਦੀ ਨਿਰੋਗ ਤੰਦਰੁਸਤੀ ਵਾਲ਼ੀ ਕੁੜੀ ਦੀਆਂ ਬਾਹਾਂ 'ਤੇ ਇਹਨਾਂ ਨਿਸ਼ਾਨਾਂ ਦਾ ਮਤਲਬ? ਲੜਕੀ ਤਰੰਗ 'ਚ ਸੀ ਵੀਰ ਮੇਰੇ! ਲੜਕੀ ਜ਼ਰੂਰ ਡਰੱਗ-ਐਡਿਕਟ ਸੀ ਤੇ ਕਹਿਣ ਦੀ ਲੋੜ ਨਹੀਂ ਕਿ ਐਸੇ ਰੁਮਾਂਟਿਕ ਪਲਾਂ 'ਚ ਪੂਰੀ ਲੋਰ 'ਚ ਹੋਏਗੀ।"
"ਤੇ ਨਸ਼ੇ ਦੀ ਲੋਰ ਐਨੀ ਸਿਰ 'ਤੇ ਚੜ੍ਹੀ ਹੋਈ ਸੀ ਕਿ ਸਿਰ 'ਤੇ ਮੰਡਰਾਉਂਦੀ ਮਲਕੁਲ-ਮੌਤ ਉਸਨੂੰ ਦਿਖਾਈ ਹੀ ਨਹੀਂ ਦਿੱਤੀ। ਇਸ ਲਈ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ, ਬਿਨਾਂ ਕੋਈ ਪ੍ਰਤੀਕਿਰਿਆ ਦਿਖਾਏ, ਕਾਤਲ ਦੇ ਘਾਤਕ ਮਨਸੂਬੇ ਦਾ ਸ਼ਿਕਾਰ ਬਣ ਗਈ?"
"ਐਥੇ ਜਾ ਕੇ ਇੱਕ ਟਵਿਸਟ ਆਉਂਦੈ ਗਗਨ! ਕਿਸੇ ਇੱਕ ਪਲ ਉਸਨੂੰ ਇਹ ਅਹਿਸਾਸ ਜ਼ਰੂਰ ਹੋਇਆ, ਕਿ ਉਸ ਨਾਲ਼ ਕੀ ਭਾਣਾ ਵਰਤਣ ਜਾ ਰਿਹਾ। ਮੇਰੇ ਖ਼ਿਆਲ 'ਚ ਇਹ ਉਸ ਘੜੀ ਵਾਪਰਿਆ ਹੋਣਾ, ਜਦੋਂ ਕਾਤਿਲ ਐਨ ਉਸਦੇ ਗਲ਼ 'ਚ ਫਾਹਾ ਪਾਉਣ ਲੱਗਿਆ ਹੋਏਗਾ। ਆਈ ਥਿੰਕ, ਐਨ ਉਸ ਵਕਤ ਕਿਤੇ ਉਸਦੀਆਂ ਗਿਆਨ-ਇੰਦਰੀਆਂ 'ਚ ਚੇਤਨਾ ਜਾਗੀ ਹੋਣੀ ਏ ਕਿ ਮੌਤ ਉਸਦੇ ਸਿਰ 'ਤੇ ਨੱਚ ਰਹੀ ਏ। ਪਰ, ਭਾਣਾ ਵਰਤ ਹੀ ਗਿਆ ਆਖ਼ਿਰ!"
"ਚੱਕਰਾਂ 'ਚ ਨਾ ਪਾ ਯਾਰ! ਖੋਲ੍ਹ ਕੇ ਬਿਆਨ ਕਰ ਪੂਰੀ ਗੱਲ!"
"ਕਿਉਂਕਿ ਗਗਨ, ਮੈਂ ਉਸਦੇ ਸੱਜੇ ਹੱਥ ਦੇ ਅੰਗੂਠੇ ਦੀ ਨਾਲ਼ ਵਾਲ਼ੀ ਉਂਗਲ ਦੇ ਨਹੁੰ ਵਿਚਕਾਰ, ਥੋੜ੍ਹਾ ਜਿਹਾ ਫ਼ਸਿਆ ਮਾਸ ਅਤੇ ਖ਼ੂਨ ਲੱਗਿਆ ਵੇਖਿਆ। ਜ਼ਰੂਰ ਕਿਸੇ ਘੜੀ ਉਸ 'ਚ ਚੇਤਨਾ ਜਾਗੀ ਹੋਏਗੀ ਤੇ ਸੁਭਾਵਿਕ ਪ੍ਰਤੀਕਿਰਿਆ ਦੇ ਤੌਰ ਤੇ ਉਸਨੇ ਆਪਣਾ ਹੱਥ ਚਲਾਇਆ ਹੋਏਗਾ, ਤੇ ਜ਼ਰੂਰ ਉਸਦਾ ਹੱਥ ਉਸ ਵਿਅਕਤੀ ਦੇ ਚਿਹਰੇ 'ਤੇ ਜਾ ਲੱਗਾ ਹੋਣਾ। ਤੇਜ਼-ਲੰਬੇ ਨਹੁੰ ਦੇ ਇੱਕ ਘਰੂਟ ਸਦਕਾ, ਲਹੂ ਅਤੇ ਮਾਸ ਦੇ ਕੁਝ ਅੰਸ਼, ਉਸਦੇ ਨਹੁੰ ਵਿਚਕਾਰ ਫਸੇ ਰਹਿ ਗਏ ਹੋਣੇ ਨੇ। ਇਹੋ ਜਿਹੇ ਮੌਕੇ 'ਤੇ ਇਹੋ ਜਿਹਾ ਐਕਸ਼ਨ ਹੋਣਾ ਐਨ ਸੁਭਾਵਿਕ ਏ, ਪਰ ਸ਼ਾਇਦ ਉਦੋਂ ਤੱਕ ਦੇਰ ਹੋ ਚੁੱਕੀ ਸੀ। ਨਾਲ਼ੇ ਐਨੀ ਪਤਲੀ ਰੱਸੀ ਦਾ ਫੰਦਾ ਗਲ਼ 'ਚ ਹੋਵੇ, ਤਾਂ ਲਟਕਦਿਆਂ ਮੌਤ ਹੋਣ 'ਚ ਵਕਤ ਹੀ ਕਿੰਨਾ ਕੁ ਲੱਗਦਾ? ਉੱਤੋਂ ਦੀ ਨਸ਼ੇ ਦੀ ਬਹੁਤਾਤ ਵਾਲ਼ੀ ਤਰੰਗ। ਆਈ ਐਮ ਸ਼ਯੋਰ ਕਿ ਉਸਦੀ ਰੈਗੁਲਰ ਡੋਜ਼ ਤੋਂ ਵੱਧ ਨਸ਼ਾ ਕਰੀ ਬੈਠੀ ਸੀ ਕੁੜੀ, ਤੇ ਕੋਈ ਅੱਤਕਥਨੀ ਨਹੀਂ ਹੋਵੇਗੀ ਜੇ ਕਿਹਾ ਜਾਵੇ, ਕਿ ਇਸਦੇ ਪਿੱਛੇ ਵੀ ਕਾਤਿਲ ਦੀ ਮਨਸੂਬਾਬੰਦੀ ਹੀ ਕੰਮ ਕਰ ਰਹੀ ਹੋਵੇਗੀ। ਵਿਚਾਰੀ ਨੂੰ ਬਹੁਤਾ ਅਹਿਸਾਸ ਵੀ ਨਹੀਂ ਹੋਇਆ ਹੋਣਾ ਤੇ ਖੇਲ੍ਹ ਖ਼ਤਮ।"
"ਪਰ ਤੇਜਵੀਰ! ਇਹ ਵੀ ਤਾਂ ਹੋ ਸਕਦੈ ਕਿ ਉਸ ਸ਼ਖ਼ਸ ਦੇ ਉਥੋਂ ਜਾਣ ਤੋਂ ਬਾਅਦ ਮ੍ਰਿਤਕਾ ਨੇ ਖ਼ੁਦਕੁਸ਼ੀ ਕੀਤੀ ਹੋਵੇ। ਮੈਂ ਮੰਨਦਾਂ ਕਿ ਹਾਲਾਤ ਇਸ ਗੱਲ ਦੀ ਸਾਫ਼ ਗਵਾਹੀ ਦੇ ਰਹੇ ਨੇ ਕਿ ਉਥੇ ਕੋਈ ਨਾ ਕੋਈ ਬੰਦਾ ਜ਼ਰੂਰ ਮੌਜੂਦ ਸੀ, ਪਰ ਉਸਦੀ ਰਵਾਨਗੀ ਤੋਂ ਬਾਅਦ ਵੀ ਤਾਂ ਲੜਕੀ ਇਹ ਕਦਮ ਚੁੱਕ ਸਕਦੀ ਸੀ? ਆਈ ਮੀਨ ਦੋਹਾਂ 'ਚ ਕਿਸੇ ਗੱਲ ਨੂੰ ਲੈ ਕੇ, ਕੋਈ ਐਸੀ ਬਦਮਜ਼ਾ ਸਿਚੁਏਸ਼ਨ ਖੜ੍ਹੀ ਹੋ ਗਈ ਹੋਵੇ, ਕਿ ਲੜਕੀ ਨੇ ਖ਼ੁਦਕੁਸ਼ੀ ਹੀ ਕਰ ਲਈ ਹੋਵੇ। ਇਹ ਵੀ ਹੋ ਸਕਦਾ ਏ ਕਿ ਕੋਈ ਇਸ਼ਕ-ਮੁਹੱਬਤ ਦਾ ਚੱਕਰ ਹੋਵੇ? ਲੜਕਾ ਪੈਰ ਪਿੱਛੇ ਖਿੱਚ ਰਿਹਾ ਹੋਵੇ? ਵਿਆਹ ਤੋਂ ਇਨਕਾਰ ਮਿਲਣ ਦੀ ਸੂਰਤ 'ਚ ਲੜਕੀ ਖ਼ੁਦਕੁਸ਼ੀ ਬਾਰੇ ਪਹਿਲਾਂ ਹੀ ਸੋਚੀ ਬੈਠੀ ਹੋਵੇ? ਇਸੇ ਨੀਅਤ ਨਾਲ਼ ਰੱਸੀ ਵੀ ਪਹਿਲਾਂ ਹੀ ਮੁਹੱਈਆ ਕਰ ਲਈ ਹੋਵੇ? ਪਰ ਲੜਕੇ ਨੂੰ ਮਨਾਉਣ ਦੀ ਆਖ਼ਰੀ ਕੋਸ਼ਿਸ਼ ਵਜੋਂ ਮੁਲਾਕਾਤ ਰੱਖੀ ਹੋਵੇ? ਪਰ ਕੋਸ਼ਿਸ਼ ਨਾਕਾਮ ਸਿੱਧ ਹੋਈ, ਤੇ ਫਿਰ ਆਖ਼ਰੀ ਸੰਭੋਗ, ਲਾਈਕ 'ਲਾਸਟ ਰਾਈਡ ਟੁਗੈਦਰ' ਤੇ ਫਿਰ ਇਸ ਆਖ਼ਰੀ ਮੁਲਾਕਾਤ ਤੋਂ ਬਾਅਦ ਜੀਵਨ ਦਾ ਅੰਤ, ਖ਼ੁਦਕੁਸ਼ੀ। ਇਹ ਵੀ ਤਾਂ ਹੋ ਸਕਦਾ ਐ ਤੇਜਵੀਰ ਕਿ ਕੇਸ ਖ਼ੁਦਕੁਸ਼ੀ ਦਾ ਹੀ ਹੋਵੇ?"
"ਗਗਨ, ਇਹੋ ਜਿਹੇ ਮਾਮਲੇ 'ਚ ਤੇਰੀ ਥੀਅਰੀ ਸਾਰੀਆਂ ਥੀਅਰੀਆਂ ਨਾਲੋਂ ਸਟੀਕ ਸਾਬਿਤ ਹੁੰਦੀ ਏ, ਪਰ ਜੇ ਮਾਮਲਾ ਖ਼ੁਦਕੁਸ਼ੀ ਦਾ ਹੋ ਸਕਦਾ ਹੋਵੇ ਤਾਂ! ਪਰ ਵੀਰ ਮੇਰੇ! ਇਹ ਮਾਮਲਾ ਖ਼ੁਦਕੁਸ਼ੀ ਦਾ ਹੋ ਹੀ ਨਹੀਂ ਸਕਦਾ!"
"ਪਰ ਯਾਰ! ਐਨ ਫੱਟੇ 'ਤੇ ਗੱਡੇ ਕਿੱਲ ਵਾਂਗੂੰ ਤੂੰ ਕਿਵੇਂ ਕਹਿ ਸਕਦਾਂ, ਕਿ ਮਾਮਲਾ ਖ਼ੁਦਕੁਸ਼ੀ ਦਾ ਹੋ ਹੀ ਨਹੀਂ ਸਕਦਾ? ਆਖ਼ਿਰ ਮੇਰੀ ਥੀਅਰੀ ਦਾ ਐਸਾ ਕਿਹੜਾ ਤੋੜ ਐ ਤੇਰੇ ਕੋਲ਼, ਕਿ ਤੂੰ ਖ਼ੁਦਕੁਸ਼ੀ ਦੀ ਸੰਭਾਵਨਾ 'ਤੇ ਈ ਫ਼ੁਲਸਟਾੱਪ ਲਾਈ ਜਾਨਾਂ?"
"ਚੱਲ ਫਿਰ ਤੂੰ ਹੀ ਦੱਸ ਗਗਨ, ਕਿ ਜੇ ਲੜਕੀ ਨੇ ਖ਼ੁਦਕੁਸ਼ੀ ਹੀ ਕੀਤੀ ਤਾਂ ਕੀਤੀ ਕਿਵੇਂ?"
"ਕੀਤੀ ਕਿਵੇਂ ਕੀ ਮਤਲਬ? ਰੱਸੀ ਦਾ ਫੰਦਾ ਬਣਾਇਆ, ਇੱਕ ਸਿਰਾ ਪੱਖੇ ਨਾਲ਼ ਬੰਨ੍ਹਿਆ, ਫੰਦਾ ਗਲ਼ 'ਚ ਪਾਇਆ ਤੇ ਲਟਕ ਗਈ! ਕਹਾਣੀ ਖ਼ਤਮ।"
"ਕਹਾਣੀ ਇਉਂ ਨਹੀਂ ਨਾ ਖ਼ਤਮ ਹੁੰਦੀ ਵੀਰ ਮੇਰੇ! ਤੂੰ ਤਾਂ ਮੇਰਾ ਸਵਾਲ ਈ ਦੁਹਰਾਇਆ, ਜਵਾਬ ਨਹੀਂ ਦਿੱਤਾ!"
"ਦੇਖ ਯਾਰ! ਆਹ ਗੋਲ਼-ਮੋਲ਼ ਜਿਹੀਆਂ ਗੱਲਾਂ ਨਾ ਕਰ ਤੂੰ! ਇਹ ਸਾਲ਼ੀਆਂ ਗੋਲ਼-ਮੋਲ਼ ਜਿਹੀਆਂ ਗੱਲਾਂ ਸੁਣ ਕੇ ਸਿਰ ਘੁੰਮਣ ਲੱਗ ਜਾਂਦਾ ਮੇਰਾ ਧਰਮ ਨਾਲ਼! ਸਿੱਧੇ-ਸਾਦੇ ਲਫ਼ਜ਼ਾਂ 'ਚ ਦੱਸ ਬਈ ਮਤਲਬ ਕੀ ਆ ਤੇਰਾ?"
"ਤਾਂ ਫਿਰ ਸੁਣ ਵੀਰ ਮੇਰੇ, ਧਿਆਨ ਨਾਲ਼ ਐਨ ਕੰਨ ਲਾ ਕੇ! ਕੁੜੀ ਨੇ ਰੱਸੀ ਦਾ ਫੰਦਾ ਬਣਾਇਆ, ਮੰਨ ਲਈ ਗੱਲ। ਪਰ ਦੂਜਾ ਸਿਰਾ ਪੱਖੇ ਨਾਲ਼ ਕਿਵੇਂ ਬੰਨ੍ਹਿਆ? ਤੇ ਲਟਕੀ ਕਿਵੇਂ?"
"ਯਾਰ ਤੂੰ ਫੇਰ ਚੱਕਰਾਂ 'ਚ ਪਾਈ ਜਾਨਾਂ? ਤੂੰ ਆਪ ਈ ਦੱਸ ਭਰਾਵਾ ਜੋ ਦੱਸਣਾ, ਆਪਾਂ ਤੋਂ ਐਨੀ ਮਗ਼ਜ਼ਮਾਰੀ ਨੀ ਹੁੰਦੀ।"
"ਚੱਲ ਫਿਰ ਆਪਾਂ ਸਿਲਸਿਲੇਵਾਰ ਸੋਚ ਕੇ ਦੇਖਦੇ ਆਂ ਕਿ ਕੀ ਲੜਕੀ ਨੇ ਖ਼ੁਦਕੁਸ਼ੀ ਕੀਤੀ ਹੋਈ ਹੋ ਸਕਦੀ ਐ ਜਾਂ ਨਹੀ? ਤੂੰ ਗ਼ੌਰ ਕੀਤਾ ਹੋਣਾ ਗਗਨ ਕਿ ਫ਼ਰਸ਼ ਤੋਂ ਛੱਤ ਦੀ ਉਚਾਈ, ਤਕਰੀਬਨ ਬਾਰਾਂ ਫੁੱਟ ਦੀ ਤਾਂ ਹੋਏਗੀ ਹੀ। ਤੇ ਉਹ ਬਾਬਾ ਆਦਮ ਵੇਲ਼ੇ ਦਾ ਭਾਰੀ-ਭਰਕਮ ਪੱਖਾ, ਕੋਈ ਦੋ ਕੁ ਫੁੱਟੀ ਰਾੱਡ ਦੇ ਸਹਾਰੇ, ਛੱਤ 'ਚ ਲੱਗੀ ਹੁੱਕ ਨਾਲ਼ ਲਮਕ ਰਿਹਾ ਸੀ। ਠੀਕ?"
"ਐਨ ਠੀਕ, ਤੂੰ ਦੱਬੀ ਚੱਲ ਘੋੜਾ।"
"ਰੱਸੀ ਦੀ ਗੰਢ ਪੱਖੇ ਦੀ ਰਾੱਡ ਨਾਲ਼ ਬੰਨ੍ਹੀ ਹੋਈ ਸੀ, ਮਤਲਬ ਕਿ ਘੱਟੋ-ਘੱਟ ਫ਼ਰਸ਼ 'ਤੋਂ ਦਸ ਫੁੱਟ ਦੀ ਉਚਾਈ 'ਤੇ। ਲੜਕੀ ਦਾ ਕੱਦ ਮੇਰੇ ਖ਼ਿਆਲ ਨਾਲ਼ ਪੰਜ ਫੁੱਟ ਤੇ ਚਾਰ ਜਾਂ ਪੰਜ ਕੁ ਇੰਚ ਦੇ ਵਿਚਕਾਰ ਹੋਏਗਾ; ਪਰ ਸਾਢੇ ਪੰਜ ਫੁੱਟ ਤੋਂ ਵੱਧ ਉਹ ਹਰਗਿਜ਼ ਵੀ ਨਹੀਂ ਸੀ।"
"ਬਿਲਕੁਲ ਠੀਕ।"
"ਤੇ ਮੇਜ਼ ਦੀ ਉਚਾਈ ਵੀ ਅੰਦਾਜ਼ਨ ਸਾਢੇ ਕੁ ਤਿੰਨ ਫੁੱਟ ਦੀ ਸੀ, ਇੰਚ ਕੁ ਦਾ ਹੇਰ-ਫੇਰ ਤਾਂ ਹੋ ਸਕਦਾ ਮੇਰੇ ਅੰਦਾਜ਼ੇ 'ਚ, ਪਰ ਬਹੁਤਾ ਨਹੀਂ। ਹੁਣ ਸੂਰਤੇ-ਹਾਲ ਇਹ ਬਣਦੀ ਏ ਕਿ ਲੜਕੀ ਨੂੰ ਰੱਸੀ ਬੰਨ੍ਹਣ ਲਈ, ਮੇਜ਼ ਦੇ ਉੱਪਰ ਕੁਰਸੀ ਰੱਖਣੀ ਪਈ ਹੋਵੇਗੀ। ਇਸ ਤਰ੍ਹਾਂ ਕਰਨ ਨਾਲ਼ ਉਸਨੇ ਔਖੇ-ਸੌਖੇ ਰੱਸੀ ਬੰਨ੍ਹ ਲਈ ਹੋ ਸਕਦੀ ਏ।"
"ਮਤਲਬ ਰੱਸੀ ਤਾਂ ਬੰਨ੍ਹੀ ਗਈ ਨਾ?"
"ਠੀਕ! ਪਰ ਲਟਕੀ ਕਿੱਦਾਂ? ਐਥੇ ਆ ਕੇ ਖ਼ੁਦਕੁਸ਼ੀ ਵਾਲ਼ੀ ਥਿਉਰੀ ਫੇਲ੍ਹ ਹੋ ਜਾਂਦੀ ਐ ਵੀਰ ਮੇਰੇ! ਤੂੰ ਗ਼ੌਰ ਕੀਤਾ ਹੋਣਾ ਕਿ ਲਾਸ਼ ਦੇ ਪੈਰ, ਫ਼ਰਸ਼ 'ਤੋਂ ਕੋਈ ਤਿੰਨ ਕੁ ਫੁੱਟ ਦੀ ਉਚਾਈ 'ਤੇ, ਹਵਾ 'ਚ ਲਟਕ ਰਹੇ ਸੀ। ਹੁਣ ਮੇਰਾ ਸਵਾਲ ਏ ਕਿ ਕਿਸ ਚੀਜ਼ ਦੇ ਸਹਾਰੇ 'ਤੇ ਖੜ੍ਹ ਕੇ, ਕੁੜੀ ਨੇ ਗਲ਼ 'ਚ ਫੰਦਾ ਪਾਇਆ ਹੋਣਾ? ਇਹੀ ਐਥੇ ਸਭ ਤੋਂ ਅਹਿਮ ਸਵਾਲ ਐ।"
"ਕੀ ਮਤਲਬ?"
"ਮਤਲਬ ਇਹ ਕਿ ਉਹ ਦੋਵੇਂ ਆਈਟਮਾਂ, ਜਿੰਨ੍ਹਾਂ ਦੀ ਵਰਤੋਂ ਇਸ ਸਾਰੇ ਐਕਸ਼ਨ 'ਚ ਹੋਈ ਪ੍ਰਤੀਤ ਹੋ ਰਹੀ ਏ, ਉਹ ਨੇ ਕੁਰਸੀ ਤੇ ਮੇਜ਼। ਹੁਣ ਕੁਰਸੀ ਤੇ ਮੇਜ਼ ਦੀ ਸਥਿਤੀ ਤੇ ਗ਼ੌਰ ਫ਼ਰਮਾ ਕੇ ਦੇਖ। ਜੇ ਕੁਰਸੀ ਦੀ ਗੱਲ ਕਰੀਏ ਤਾਂ ਕੁਰਸੀ ਲਾਸ਼ ਦੇ ਪੈਰਾਂ ਤੋਂ, ਤਕਰੀਬਨ ਦਸ ਕੁ ਫੁੱਟ ਦੀ ਦੂਰੀ 'ਤੇ ਲੁੜਕੀ ਪਈ ਸੀ। ਤੂੰ ਆਪ ਹੀ ਸੋਚ ਗਗਨ, ਕਿ ਪੁਰਾਣੇ ਜ਼ਮਾਨੇ ਦੀ, ਭਾਰੀ ਲੱਕੜ ਦੀ ਬਣੀ ਹੋਈ ਉਸ ਮਜ਼ਬੂਤ ਕੁਰਸੀ ਨੂੰ, ਓਸ ਹਾਲਤ 'ਚ ਤਾਂ ਕੋਈ ਭਲਵਾਨ ਵੀ ਨਹੀਂ ਐਨੀ ਦੂਰ ਲੁੜਕਾ ਸਕਦਾ ਯਾਰ, ਜਦਕਿ ਮਰਨ ਵਾਲ਼ੀ ਤਾਂ ਵਿਚਾਰੀ ਇੱਕ ਸਧਾਰਨ ਜਿਹੀ ਕੱਦ-ਕਾਠੀ ਦੀ ਮਲੂਕ ਜਿਹੀ ਲੜਕੀ ਸੀ। ਤੇ ਜੇ ਮੇਜ਼ ਦੀ ਗੱਲ ਕਰੀਏ, ਤਾਂ ਉਹ ਲਾਸ਼ ਦੇ ਪੈਰਾਂ ਤੋਂ ਚਾਰ ਕੁ ਫੁੱਟ ਦੀ ਦੂਰੀ 'ਤੇ, ਇੱਕਦਮ ਸਿੱਧੀ ਹਾਲਤ 'ਚ ਪਿਆ ਸੀ। ਹੁਣ ਤੂੰ ਹੀ ਦੱਸ, ਬਈ ਐਡਾ ਵਜ਼ਨਦਾਰ ਮੇਜ਼ ਤਾਂ ਉਹਦੇ ਤੋਂ ਓਸ ਹਾਲਤ 'ਚ ਇੱਕ ਇੰਚ ਵੀ ਨਹੀਂ ਸੀ ਸਰਕਣਾ, ਚਾਰ ਫੁੱਟ ਤਾਂ ਬੜੀ ਦੂਰ ਦੀ ਗੱਲ ਐ ਯਾਰ! ਹਾਂ, ਛਾਲ਼ ਮਾਰ ਕੇ ਔਖੇ-ਸੌਖਿਆਂ ਰੱਸੀ ਫੜ ਕੇ, ਗਲ਼ 'ਚ ਪਾਈ ਜਾ ਸਕਦੀ ਏ। ਪਰ ਇਹ ਸੰਭਾਵਨਾ, ਮੇਰੇ ਗਲ਼ੇ ਤਾਂ ਨੀ ਉੱਤਰਦੀ। ਜਦ ਕੁਰਸੀ ਤੇ ਚੜ੍ਹ ਕੇ, ਆਰਾਮ ਨਾਲ਼ ਫੰਦਾ ਗਲ਼ 'ਚ ਪਾ ਕੇ, ਕੁਰਸੀ ਲੁੜਕਾਈ ਜਾ ਸਕਦੀ ਸੀ, ਤਾਂ ਮਰਨ ਵਾਲ਼ੀ ਕਿਉਂ ਖ਼ਾਮਖਾਹ ਛੜੱਪੇ ਮਾਰਦੀ ਫਿਰੂ?"
"ਬਿਲਕੁਲ ਸੋਲ਼ਾਂ ਆਨੇ ਸੱਚ ਆਖਿਆ ਮਿੱਤਰਾ! ਇੱਕ-ਇੱਕ ਗੱਲ ਤੇਰੀ ਐਨ ਸਟੀਕ। ਪਰ ਹੁਣ ਸਵਾਲ ਇਹ ਕਿ ਆਖਿਰ ਉਸ ਕਮਰੇ 'ਚ, ਉਹ ਬੰਦਾ ਆਇਆ ਕਿਵੇਂ? ਤੇ ਜੇ ਆ ਗਿਆ, ਤਾਂ ਕਤਲ ਕਰਕੇ ਗ਼ਾਇਬ ਕਿੱਥੇ ਹੋ ਗਿਆ? ਕਿਉਂਕਿ ਦਰਵਾਜ਼ੇ ਦੀ ਕੁੰਡੀ ਤਾਂ ਅੰਦਰੋਂ ਬੰਦ ਸੀ? ਸਾਲ਼ਾ ਬਾਹਰ ਕਿਵੇਂ ਗਿਆ ਭੂਤਨੀ ਦਾ?"
"ਸਹੀ ਕਿਹਾ ਗਗਨ! ਏਹੋ ਸਵਾਲ ਹੀ ਤਾਂ ਮੇਰੇ ਦਿਮਾਗ 'ਚ ਥਾੜ੍ਹ-ਥਾੜ੍ਹ ਕਰਕੇ ਵੱਜੀ ਜਾਂਦੇ ਨੇ। ਇਹਨਾਂ ਸਵਾਲਾਂ ਦੇ ਜਵਾਬ ਲਈ ਤਾਂ ਗਗਨ, ਆਪਾਂ ਨੂੰ ਸਭ ਤੋਂ ਪਹਿਲਾਂ, ਓਸ ਕਮਰੇ ਦਾ ਠੋਕ-ਵਜਾ ਕੇ ਮੁਆਇਨਾ ਕਰਨਾ ਪੈਣਾ। ਤੇ ਭਰਾਵਾ! ਅੱਜ ਦੇ ਪੰਗੇ ਤੋਂ ਬਾਅਦ, ਘੱਟੋ-ਘੱਟ ਅੱਜ ਦੀ ਤਰੀਕ 'ਚ ਤਾਂ ਇਹ ਮੁਮਕਿਨ ਨਹੀਂ ਲੱਗਦਾ। ਚਲੋ! ਦੇਖਦੇ ਆਂ, ਕੱਲ੍ਹ ਨੂੰ ਊਂਠ ਕਿਸ ਕਰਵਟ ਬੈਠਦਾ? ਨਾਲ਼ੇ ਸਭ ਤੋਂ ਅਹਿਮ ਸਵਾਲ ਹੈ- ਕਾਰਣ, ਮੋਟਿਵ, ਕਤਲ ਦੀ ਵਜ੍ਹਾ? ਤੇ ਸਭ ਤੋਂ ਆਖ਼ਰੀ, ਪੂਰੇ 'ਪੰਜ ਕਰੋੜ ਦਾ ਸਵਾਲ', ਕਿ ਕਾਤਿਲ ਕੌਣ?" ਕਹਿ ਕੇ ਕਦੋਂ ਦੇ ਖ਼ਾਲੀ ਹੋ ਚੁੱਕੇ ਕੌਫ਼ੀ ਦੇ ਮੱਗ ਵੱਲ ਆਖ਼ਰੀ ਨਿਗ੍ਹਾ ਮਾਰ ਕੇ, ਤੇਜਵੀਰ ਉੱਠ ਖੜ੍ਹਾ ਹੋਇਆ ਤੇ ਕਹਿਣ ਦੀ ਲੋੜ ਨਹੀਂ ਕਿ ਮਗਰੇ ਹੀ ਗਗਨ ਵੀ।
ਹੁਣ ਉਹਨਾਂ ਦੀ ਮੰਜ਼ਿਲ ਸੀ 'ਬੈਕ ਟੂ ਪਾਵੇਲੀਅਨ', ਜਾਣੀਂ ਕਿ 'ਦਫ਼ਤਰੇ-ਰੋਜ਼ਾਨਾ ਖ਼ਬਰਨਾਮਾ'।
+++++
ਜਿੰਨੇ ਚਿਰ ਨੂੰ ਸਰਦੂਲ ਸਿੰਘ ਸਕਤੇ ਦੀ ਹਾਲਤ 'ਚੋਂ ਬਾਹਰ ਨਿੱਕਲਿਆ, ਤੇਜਵੀਰ ਤੇ ਗਗਨ ਹੋਸਟਲ ਦੇ ਗੇਟ 'ਚੋਂ ਬਾਹਰ ਹੋ ਚੁੱਕੇ ਸਨ।
ਪੁਲਿਸ 'ਚ ਸਿਪਾਹੀ ਵਜੋਂ ਭਰਤੀ ਹੋਏ, ਦੋਂਹ ਭਰਾਵਾਂ 'ਚੋਂ ਛੋਟੇ ਸਰਦੂਲ ਸਿੰਘ ਦਾ ਬਾਪ ਇੱਕ ਦਿਹਾੜੀਦਾਰ ਕਾਮਾ ਸੀ ਤੇ ਉੱਤੋਂ ਦੀ ਅਫ਼ੀਮ ਅਤੇ ਡੋਡੇ ਦੀ ਭੈੜੀ ਲਤ ਦਾ ਸ਼ਿਕਾਰ। ਸੁਰਤ ਸੰਭਾਲਦਿਆਂ ਹੀ ਅੰਤਾਂ ਦੀ ਗ਼ਰੀਬੀ ਨਾਲ਼ ਵਾਹ ਪਿਆ ਸੀ ਉਸਦਾ। ਘਰੇ ਭੰਗ ਭੁੱਜਦੀ ਸੀ। ਕਦੇ ਰੋਟੀ ਪੱਕਦੀ ਤੇ ਕਦੇ ਚੁੱਲ੍ਹਾ ਠੰਡਾ ਹੀ ਰਹਿੰਦਾ। ਜਿਹੜੇ ਡੰਗ ਰੋਟੀ ਪੱਕਣੀ, ਰੋਟੀ ਖਾ ਲੈਣੀ ਤੇ ਜਿਹੜੇ ਡੰਗ ਰੋਟੀ ਨਾ ਪੱਕਣੀ, ਬੇਬੇ ਦੇ ਦੋ ਥੱਪੜ ਖਾ ਲੈਣੇ। ਦੋਹਾਂ ਭਰਾਵਾਂ ਦੇ ਤੇੜ ਕੱਪੜੇ ਵੀ ਮੰਗਵੇਂ ਹੀ ਪਾਏ ਹੋਣੇ। ਵੱਡਾ ਭਰਾ ਨਿਰੰਜਣ ਸਿੰਘ, ਜਿਸਨੂੰ ਸਾਰੇ ਨੰਜੀ ਆਖਦੇ, ਸੁਭਾਅ ਤੋਂ ਡਰਾਕਲ਼ ਤੇ ਦੱਬੂ ਸੀ; ਪਰ ਦੌਲਾ ਜਾਣੀਂ ਕਿ ਸਰਦੂਲ ਸਿੰਘ, ਸ਼ੁਰੂ ਤੋਂ ਹੀ ਖਰ-ਦਿਮਾਗ਼, ਇੱਲਤੀ ਅਤੇ ਰੱਜ ਕੇ ਲੜਾਕਾ ਸੀ। ਜਿੱਥੇ ਘਰ ਦੀ ਤੰਗੀ ਨੇ ਨੰਜੀ ਨੂੰ ਸਬਰ-ਸੰਤੋਖ ਤੇ ਉਡੀਕ ਸਿਖਾਈ, ਓਥੇ ਦੌਲਾ ਸਬਰ-ਸੰਤੋਖ ਤੋਂ ਕੋਹਾਂ ਦੂਰ ਸੀ। ਪੈਸੇ-ਧੇਲੇ ਦੀ ਥੁੜ ਨੇ ਤਾਂ ਚੀਜ਼ਾਂ ਪ੍ਰਤੀ ਦੌਲੇ ਦੀ ਭੁੱਖ ਨੂੰ, ਸਗੋਂ ਹੋਰ ਵਧਾ ਦਿੱਤਾ ਸੀ। ਭਾਵੇਂ ਖਾਣ-ਪੀਣ ਦਾ ਮਾਮਲਾ ਹੋਵੇ ਜਾਂ ਪਹਿਨਣ-ਵਰਤਣ ਦੀਆਂ ਚੀਜ਼ਾਂ ਦਾ, ਉਡੀਕ ਤੇ ਸਬਰ ਤਾਂ ਦੌਲੇ ਨੇ ਸਿੱਖਿਆ ਹੀ ਨਹੀਂ ਸੀ। ਉਹ ਤਾਂ ਦਾਅ ਲੱਗਣ 'ਤੇ, ਹਮੇਸ਼ਾਂ ਝਪਟਣ ਲਈ ਤਿਆਰ ਰਹਿੰਦਾ। ਜਦੋਂ ਭੁੱਖ ਲੱਗਣੀ, ਜਿਹੜੀ ਕਿ ਉਸਨੂੰ ਲੱਗੀ ਹੀ ਰਹਿੰਦੀ ਸੀ, ਤਾਂ ਹਰ ਹੀਲੇ ਖਾਣ-ਪੀਣ ਦਾ ਪ੍ਰਬੰਧ ਕਰ ਹੀ ਲੈਂਦਾ ਸੀ ਦੌਲਾ। ਦਾਅ ਲੱਗਣਾ ਤਾਂ ਜਮਾਤੀਆਂ ਦੇ ਬਸਤੇ 'ਚੋਂ ਰੋਟੀ, ਚੋਰੀ ਕਰਕੇ ਖਾ ਲੈਣੀ; ਨਹੀਂ ਤਾਂ ਆਪਣੇ ਤੋਂ ਮਾੜੇ ਤੋਂ ਖੋਹ ਕੇ ਖਾ ਲੈਣੀ। ਕਿਸੇ ਦੀ ਮੱਝ ਚੋਰੀ ਚੋਅ ਕੇ ਦੁੱਧ ਪੀ ਲੈਣਾ, ਜ਼ਿਮੀਂਦਾਰਾਂ ਦੇ ਖੇਤਾਂ 'ਚੋਂ ਗੰਨੇ, ਗਾਜਰਾਂ, ਮੂਲ਼ੀਆਂ ਤੇ ਸ਼ਲਗਮਾਂ ਚੋਰੀ ਪੁੱਟ ਲੈਣੀਆਂ, ਤੇ ਜੇ ਕਿਤੇ ਫੜੇ ਜਾਣਾ, ਤਾਂ ਕੁੱਟ ਖਾ ਲੈਣੀ; ਪਰ ਬਾਜ਼ ਆਉਣਾ ਤਾਂ ਦੌਲੇ ਨੇ ਸਿੱਖਿਆ ਹੀ ਨਹੀਂ ਸੀ। ਜੇ ਕਿਤੇ ਕਿਸੇ ਜੁਆਕ ਦੇ ਖਿਡੌਣੇ 'ਤੇ ਅੱਖ ਧਰਲੀ, ਤਾਂ ਉਹ ਖਿਡੌਣਾ ਦੌਲੇ ਦਾ ਬਣ ਜਾਂਦਾ; ਭਾਵੇਂ ਚੋਰੀ ਤੇ ਭਾਵੇਂ ਮੱਲੋਜ਼ੋਰੀ।
ਇਉਂ ਜੁਆਨ ਹੁੰਦਿਆਂ-ਹੁੰਦਿਆਂ ਦੌਲਾ ਚੋਰੀ-ਚਕਾਰੀ, ਸ਼ਰਾਬ ਕੱਢਣ ਅਤੇ ਮਾੜੀਆਂ-ਮੋਟੀਆਂ ਲੁੱਟਾਂ-ਖੋਹਾਂ 'ਚ ਹੱਥ ਅਜ਼ਮਾਉਣ ਲੱਗ ਪਿਆ ਸੀ। ਪੜ੍ਹਨਾ-ਲਿਖਣਾ ਤਾਂ ਉਸਨੂੰ ਇੱਲ੍ਹ ਤੇ ਕੁੱਕੜ ਨਹੀਂ ਸੀ ਆਉਂਦਾ, ਪਰ ਪਾਸ ਹੋਣ ਦਾ ਜੁਗਾੜ ਉਹ ਆਪੇ ਹੀ ਸਿੱਖ ਗਿਆ ਸੀ। ਪੰਜਵੀਂ ਤੱਕ ਤਾਂ ਓਦੋਂ ਪੇਂਡੂ ਸਕੂਲਾਂ 'ਚ ਮਾਸਟਰ ਆਪੇ ਹੀ ਜੁਆਕਾਂ ਨੂੰ ਪਾਸ ਕਰ ਦਿੰਦੇ, ਬਾਕੀ ਨਕਲ-ਨੁਕਲ ਦਾ ਜੁਗਾੜ ਫਿੱਟ ਕਰਕੇ ਦੌਲਾ, ਕਿਸੇ ਹੀਲੇ ਦੋ ਵਾਰ ਫੇਲ੍ਹ ਹੋ ਕੇ ਦਸਵੀਂ ਪਾਸ ਕਰ ਹੀ ਗਿਆ।
ਉਸ ਦੌਰ ਵਿੱਚ ਖਾੜਕੂਵਾਦ ਆਪਣੇ ਪੂਰੇ ਸਿਖਰ 'ਤੇ ਸੀ। ਪੂਰੇ ਪੰਜਾਬ 'ਚ ਉਸ ਵਕਤ ਪੁਲਿਸ ਦਾ ਅੰਨ੍ਹਾ ਰਾਜ ਚੱਲਦਾ ਸੀ। ਆਲ਼ੇ-ਦੁਆਲ਼ੇ ਦੇ ਹਾਲਾਤਾਂ 'ਤੋਂ ਦੌਲਾ ਵੀ ਨਾਵਾਕਿਫ਼ ਨਹੀਂ ਸੀ।
'ਜੇ ਕਿਤੇ ਪੁਲ਼ਸ ਮਹਿਕਮੇ 'ਚ ਲੱਤ ਅੜਜੇ ਤਾਂ…!'
ਇਹ ਵਿਚਾਰ ਹੁਣ ਚੌਵੀ ਘੰਟੇ ਦੌਲੇ ਦੇ ਦਿਮਾਗ਼ 'ਚ ਸੂਈ ਦੀ ਟਿੱਕ-ਟਿੱਕ ਵਾਂਗੂੰ ਵੱਜਦਾ ਰਹਿੰਦਾ ਸੀ। ਵੈਸੇ ਵੀ ਮਾੜੀਆਂ-ਮੋਟੀਆਂ ਚੋਰੀਆਂ-ਚਕਾਰੀਆਂ ਤੇ ਘਰ ਦੀ ਕੱਢੀ ਸ਼ਰਾਬ ਦੇ ਧੰਦੇ ਨਾਲ਼ ਹੁਣ ਦੌਲੇ ਦੀ ਨੀਅਤ ਨਹੀਂ ਭਰਦੀ ਸੀ। ਨਵੇਂ-ਨਵੇਂ ਜੁਆਨ ਹੋਏ ਦੌਲੇ ਦੀਆਂ ਸਾਰੀਆਂ ਭੁੱਖਾਂ ਦਾ ਕੇਂਦਰ-ਬਿੰਦੂ, ਹੁਣ ਪੈਸਾ ਤੇ ਉਹ ਵੀ ਬਹੁਤ ਸਾਰਾ ਪੈਸਾ ਜੋ ਬਣ ਚੁੱਕਾ ਸੀ।
ਤੇ ਇੱਕ ਦਿਨ ਮੌਕਾ ਆ ਹੀ ਗਿਆ, ਤੇ ਝਪਟਣਾ ਤਾਂ ਕਿਸੇ ਸ਼ਿਕਾਰੀ ਕੁੱਤੇ ਵਾਂਗ ਦੌਲੇ ਦੇ ਸੁਭਾਅ 'ਚ ਮੁੱਢ ਤੋਂ ਹੀ ਰਚਿਆ-ਵਸਿਆ ਹੋਇਆ ਸੀ।
ਉਸ ਦਿਨ ਸ਼ਰਾਬ ਦੀ ਭੱਠੀ 'ਤੇ ਰੰਗੇ ਹੱਥੀਂ ਫੜਿਆ ਦੌਲਾ, ਹਵਾਲਾਤ 'ਚ ਬੰਦ ਸੀ। ਉਸਦੇ ਨਾਲ਼ ਹਵਾਲਾਤ 'ਚ ਦੋ ਗੁਰਸਿੱਖ ਨੌਜੁਆਨ ਵੀ ਬੰਦ ਸਨ। ਪੁਲਿਸ ਦੇ ਤਸ਼ੱਦਦ ਸਦਕਾ ਦੋਨਾਂ ਦੀ ਹਾਲਤ ਬਹੁਤ ਖ਼ਰਾਬ ਸੀ।
'ਵੱਡੇ ਈ ਖਾੜਕੂ ਲੱਗਦੇ ਆ।'
ਸੋਚਦਾ ਦੌਲਾ ਪਰਲੀ ਨੁਕਰੇ ਲੱਗਿਆ ਬੈਠਾ ਸੀ।
"ਸਾਲ਼ਿਓ! ਹਿੱਸਾ-ਪੱਤੀ ਨੂੰ ਤਾਂ ਐਡਾ ਬੂਥਾ ਅੱਡ ਕੇ ਬਹਿ ਜਾਨੇ ਓਂ, ਤੇ ਕੰਮ ਦੇ ਵੇਲ਼ੇ ਮੂਤ ਜਾਨੇ ਓਂ।"
ਨਾਲ਼ ਆ ਰਹੇ ਦੋ ਮਾਤਹਤ ਸਿਪਾਹੀਆਂ ਨੂੰ ਕੋਸਦਾ ਇੰਸਪੈਕਟਰ ਰਾਜ ਕੁਮਾਰ ਪੁਰੀ ਹਵਾਲਾਤ 'ਚ ਦਾਖਲ ਹੋਇਆ।
ਪੁਰੀ ਦੀ ਪੂਰੇ ਇਲਾਕੇ 'ਚ ਪੂਰੀ ਦਹਿਸ਼ਤ ਸੀ। ਪਲਿਸ ਮੁਕਾਬਲਿਆਂ ਦੇ ਮਾਮਲੇ 'ਚ ਉਸਦੇ ਨਾਂ ਦੀ ਤੂਤੀ ਬੋਲਦੀ ਸੀ। ਉਸਦੇ ਹੱਥੇ ਚੜ੍ਹਿਆ ਮੁੰਡਾ ਘੱਟ ਈ ਬਚਦਾ ਸੀ, ਤੇ ਜੇ ਕਿਤੇ ਟੁੱਟੀ-ਫੁੱਟੀ ਹਾਲਤ 'ਚ ਬਚਦਾ ਵੀ ਸੀ ਕੋਈ, ਤਾਂ ਪੁਰੀ ਦਾ ਮੂੰਹ ਭਰਨ 'ਚ ਉਸਦੇ ਮਾਪਿਆਂ ਦਾ ਘਰ-ਬਾਰ ਹੂੰਝਿਆ ਜਾਂਦਾ ਸੀ ਤੇ ਮਾਵਾਂ-ਭੈਣਾਂ ਦੀ ਪੱਤ ਵੱਖਰੀ ਰੁਲ਼ਦੀ ਸੀ।ਇਲਾਕੇ ਦਾ ਰਾਜਾ ਆਖਦੇ ਸੀ ਲੋਕ ਉਸਨੂੰ।
ਦੌਲਾ ਪੁਰੀ ਦੀ ਦਹਿਸ਼ਤ ਦੇ ਕਿੱਸਿਆਂ ਤੋਂ ਨਾਵਾਕਿਫ਼ ਨਹੀਂ ਸੀ, ਪਰ ਪੁਰੀ ਦੇ ਹੱਥੇ ਚੜ੍ਹਨ ਦੀ ਉਸਨੂੰ ਕੋਈ ਬਹੁਤੀ ਫ਼ਿਕਰ ਨਹੀਂ ਸੀ। ਉਹ ਜਾਣਦਾ ਸੀ ਕਿ ਪੁਰੀ ਅਫ਼ੀਮ-ਡੋਡੇ ਵੇਚਣ ਵਾਲ਼ਿਆਂ ਤੇ ਸ਼ਰਾਬ ਕੱਢ ਕੇ ਵੇਚਣ ਵਾਲ਼ਿਆਂ ਨਾਲ਼ ਬਹੁਤੀ ਸਖ਼ਤੀ ਨਾਲ਼ ਪੇਸ਼ ਨਹੀਂ ਆਉਂਦਾ ਸੀ। ਬੱਸ ਥੋੜ੍ਹੀ ਬਹੁਤ ਛਿਤਰੌਲ਼, ਬਣਦਾ ਚੜ੍ਹਾਵਾ ਤੇ ਬੰਨ੍ਹਵੇਂ ਚੜ੍ਹਾਵੇ ਦਾ ਹੁਕਮ; ਪਿੱਛੋਂ ਉਹ ਤੇ ਉਸਦਾ ਫੜਿਆ ਸਮਾਨ, ਦੋਹਾਂ ਦੀ ਰਿਹਾਈ ਦੀ ਪੂਰੀ ਗਾਰੰਟੀ ਸੀ।
ਚੀੜ੍ਹੇ ਬੱਕਰੇ ਖਾਣ ਦਾ ਸ਼ੌਕੀਨ ਨਹੀਂ ਸੀ ਪੁਰੀ, ਬਲਕਿ ਉਸਨੂੰ ਤਾਂ ਨਰਮ-ਨਰਮ ਖ਼ਰਗੋਸ਼ਾਂ ਦਾ ਮਾਸ ਖਾਣ ਦੀ ਆਦਤ ਸੀ।
ਐਸ ਵੇਲ਼ੇ ਵੀ ਪੁਰੀ ਦੀਆਂ ਨਿਗਾਹਾਂ ਦਾ ਮਰਕਜ਼, ਉਸਦੇ ਨਾਲ਼ ਹਵਾਲਾਤ 'ਚ ਬੰਦ ਦੋ ਨਰਮ ਖ਼ਰਗੋਸ਼ ਹੀ ਸਨ।
"ਚਲੋ, 'ਠਾਲ਼ੋ ਵੀ ਇਹਨਾਂ ਨੂੰ ਹੁਣ। ਦੋ ਬੰਦੇ ਨੀ ਗੱਡੀ ਚਾੜ੍ਹੇ ਜਾਂਦੇ ਥੋਡੇ ਤੋਂ ਸਾਲ਼ਿਓ? ਥੋਨੂੰ ਪਤਾ ਬਈ ਘਰ ਮੁੰਡੇ ਦੀ ਲੋਹੜੀ ਆ ਤੇ ਛੇਤੀ ਘਰ ਪਹੁੰਚਣਾ ਮੈਂ। ਅੱਗੇ ਤਾਂ ਥੋਡਾ ਖਸਮ ਈ ਠੋਕਦਾ ਏ ਨਾ?"
ਬੁਰੀ ਤਰ੍ਹਾਂ ਨਾਲ਼ ਖਿਝਿਆ ਹੋਇਆ, ਢਾਕਾਂ 'ਤੇ ਹੱਥ ਧਰੀ ਖੜ੍ਹਾ ਪੁਰੀ ਸਿਪਾਹੀਆਂ ਨੂੰ ਉਲ਼ਾਂਭੇ ਦੇ ਰਿਹਾ ਸੀ।
"ਜਨਾਬ! ਬੱਸ ਆਹ ਕੰਮ ਦਾ ਹਿਆਂ ਨੀ ਪੈਂਦਾ ਜੀ ਸਾਡਾ…ਊਂ ਥੋਡੇ ਮਾਤਹਤ ਆਂ, ਹੋਰ ਕਿਸੇ ਕੰਮ 'ਤੋਂ ਕਦੇ ਪਿੱਛੇ ਨੀਂ ਹਟੇ ਜਨਾਬ!"
ਦੋਨਾਂ ਮੁੰਡਿਆਂ ਨੂੰ ਬਾਹਾਂ 'ਤੋਂ ਫੜ ਕੇ ਉਠਾਲ਼ਦੇ ਸਿਪਾਹੀਆਂ 'ਚੋਂ ਇੱਕ ਬੋਲਿਆ।
ਪੁਲਿਸ ਦੇ ਤਸ਼ੱਦਦ ਦੇ ਸ਼ਿਕਾਰ ਮੁੰਡਿਆਂ ਦੀਆਂ ਲੱਤਾਂ, ਉਹਨਾਂ ਦਾ ਭਾਰ ਸਹਿਣ ਤੋਂ ਇਨਕਾਰੀ ਹੋਈਆਂ ਪਈਆਂ ਸਨ। ਆਪਣੇ ਭਾਵੀ ਅੰਜਾਮ ਨਾਲ਼ ਤਆਲੁੱਕ ਰੱਖਦਾ ਵਾਰਤਾਲਾਪ ਸੁਣ ਕੇ ਵੀ, ਉਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ। ਸ਼ਾਇਦ ਉਹ ਆਪਣੇ ਆਪ ਨੂੰ ਪਹਿਲਾਂ ਤੋਂ ਹੀ, ਆਪਣੇ ਹੋਣ ਵਾਲ਼ੇ ਅੰਜਾਮ ਲਈ ਤਿਆਰ ਕਰ ਚੁੱਕੇ ਸਨ। ਹਾਲਾਤਾਂ ਅੱਗੇ ਪੂਰੀ ਤਰ੍ਹਾਂ ਗੋਡਣੀਆਂ ਟੇਕ ਚੁੱਕੇ ਸਨ।
"ਚਲੋ, ਤੋਰੋ ਵੀ ਇਹਨਾਂ ਨੂੰ ਹੁਣ!"
ਆਖ ਕੇ ਪੁਰੀ ਵਾਪਿਸ ਜਾਣ ਲਈ ਮੁੜਿਆ, ਤਾਂ ਪਿੱਛਿਓਂ ਦੌਲੇ ਨੇ ਹੌਲ਼ੀ ਜਿਹੇ ਆਖਿਆ।
"ਜਨਾਬ! ਮੈਨੂੰ ਦੱਸੋ ਕੋਈ ਕੰਮ!"
ਪੁਰੀ ਠਿਠਕਿਆ ਤੇ ਪਿੱਛੇ ਮੁੜ ਕੇ ਦੌਲੇ ਵੱਲ ਵਧਿਆ।
ਤੇ ਥਾੜ੍ਹ ਕਰਦਾ ਥੱਪੜ ਦੌਲੇ ਦੀ ਖੱਬੀ ਗੱਲ੍ਹ 'ਤੇ ਪਿਆ।
ਦੌਲੇ ਦੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚ ਪਏ।
"ਤੈਨੂੰ ਮੂੰਹ ਖੋਲ੍ਹਣ ਨੂੰ ਕੀਹਨੇ ਕਿਹਾ ਉਏ ਭੈਣ ਦੇਣੀ ਦਿਆ?"
ਲਾਲ ਦਹਿਕਦੇ ਅੰਗਿਆਰਿਆਂ ਵਰਗੀਆਂ ਅੱਖਾਂ ਕੱਢ ਕੇ ਪੁਰੀ ਨੇ ਦੌਲੇ ਨੂੰ ਘੁਰਕਿਆ।
ਦੌਲੇ ਨੇ ਥੱਪੜ ਤੇ ਗਾਲ਼, ਦੋਹਾਂ ਦੀ ਇਉਂ ਅਣਦੇਖੀ ਕਰਦਿਆਂ, ਜਿਵੇਂ ਕਿ ਇਹ ਕੁਝ ਤਾਂ ਵਾਪਰਿਆ ਹੀ ਨਾ ਹੋਵੇ; ਸਿੱਧਾ ਪੁਰੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ।
"ਜਨਾਬ! ਬੱਸ ਮੌਕਾ ਦੇ ਕੇ ਦੇਖੋ ਦੌਲੇ ਨੂੰ ਇੱਕ ਵਾਰ! ਇਹ ਕੁੱਤੇ ਕੰਮ ਥੋਡੇ ਅਰਗੇ ਸਾਹਬ ਲੋਕਾਂ ਦੇ ਕਰਨ ਆਲ਼ੇ ਥੋੜ੍ਹਾ ਨੇ ਜਨਾਬ! ਥੋਨੂੰ ਤਾਂ ਹੁਕਮ ਦੇਣਾ ਚਾਹੀਦਾ ਬੱਸ! ਇਹ ਕੰਮ ਤਾਂ ਜਨਾਬ ਸ਼ਿਕਾਰੀ ਕੁੱਤਿਆਂ ਦੇ ਨੇ ਤੇ ਤੁਸੀਂ ਗਿੱਦੜਾਂ ਨੂੰ ਕਹੀ ਜਾਨੇ ਓਂ ਜਨਾਬ! ਮੈਂ ਜਨਾਬ ਥੋਡਾ ਕੁੱਤਾ! ਸੰਗਲ਼ੀ ਪਾ ਲੋ, ਥੋਡੀ ਉਂਗਲ਼ ਉੱਠੀ ਤੋਂ ਪਹਿਲਾਂ ਕੰਮ ਹੋਇਆ ਸਮਝੋ!"
ਦੋਨੋਂ ਸਿਪਾਹੀ ਮੁੰਡਿਆਂ ਨੂੰ ਉਥੇ ਈ ਛੱਡ ਕੇ, ਦੌਲੇ ਵੱਲ ਨੂੰ ਲਪਕੇ ਹੀ ਸੀ ਕਿ ਪੁਰੀ ਨੇ ਹੱਥ ਉਠਾ ਕੇ ਉਹਨਾਂ ਨੂੰ ਓਥੇ ਹੀ ਰੋਕ ਦਿੱਤਾ।
ਕਹਿੰਦੇ ਨੇ ਕਿ ਲੰਡੇ ਨੂੰ ਮੀਣਾ ਸੌ ਕੋਹ ਦਾ ਵਲ਼ ਪਾ ਕੇ ਵੀ ਆ ਮਿਲਦਾ ਹੈ।
ਪੁਰੀ ਦੀਆਂ ਤਜਰਬੇਕਾਰ ਅੱਖਾਂ ਨੇ ਝੱਟ ਕੰਮ ਦੇ ਬੰਦੇ ਨੂੰ ਪਛਾਣ ਲਿਆ।
"ਕੀ ਚਾਹੁੰਨਾਂ ਉਏ?"
"ਜਨਾਬ! ਵਰਦੀ ਸਰਕਾਰ ਦੀ ਤੇ ਤਾਬਿਆ ਥੋਡੀ।"
"ਕੁਸ਼ ਪੜ੍ਹਿਆ-ਲਿਖਿਆ ਵੀ ਆਂ ਕਿ 'ਗੂਠਾ ਛਾਪ ਈ ਆਂ?"
"ਦਸਵੀਂ ਪਾਸ ਆਂ ਜਨਾਬ!"
"ਚੱਲ ਜਾਹ ਇਹਨਾਂ ਨਾਲ਼, ਤੇ ਸਾਬਿਤ ਕਰ…ਕੰਮ ਦਾ ਬੰਦੈਂ।"
"ਪਰ ਜਨਾਬ…!" ਉਹੀ ਸਿਪਾਹੀ ਫਿਰ ਬੋਲਿਆ ਤਾਂ ਪੁਰੀ ਉਸਦੇ ਮੋਢੇ 'ਤੇ ਹੱਥ ਰੱਖ, ਉਸਨੂੰ ਹਵਾਲਾਤੋਂ ਬਾਹਰ ਲੈ ਗਿਆ।
ਦੂਜਾ ਸਿਪਾਹੀ ਬਾਂਦਰ ਵਾਂਗੂੰ ਮੂੰਹ ਅੱਡੀ, ਦੌਲੇ ਵੱਲ ਇੱਕ-ਟੱਕ ਵੇਖੀ ਜਾ ਰਿਹਾ ਸੀ।
"ਜਨਾਬ! ਇਹ ਕੀ ਕਹੀ ਜਾਨੇਂ ਓਂ?"
ਹਵਾਲਾਤ 'ਚੋਂ ਬਾਹਰ ਆਉਂਦਿਆਂ ਹੀ ਸਿਪਾਹੀ ਨੇ ਚਿੰਤਾਤੁਰ ਆਵਾਜ਼ 'ਚ ਕਿਹਾ।
"ਜਿਵੇਂ ਤੈਨੂੰ ਕਿਹਾ ਨਾਜਰਾ! ਉਵੇਂ ਈ ਕਰ। ਗੱਲ ਸੁਣ, ਮੈਂ ਦੂਜੇ ਪਾਸਿਉਂ ਪਹੁੰਚੂੰ ਪਹਿਲਾਂ ਈ। ਚਾਲ ਦੱਬ ਕੇ ਪਹੁੰਚਿਓ! ਖ਼ਾਲੀ ਪਿਸਤੌਲ ਫੜਾਈਂ ਮੇਰੇ ਸਾਲ਼ੇ ਨੂੰ! ਜੇ ਘੋੜਾ ਨੱਪ 'ਤਾ ਤਾਂ ਬੰਦਾ ਕੰਮ ਦਾ, ਨਹੀਂ ਤਾਂ ਮੁਕਾਬਲੇ 'ਚ ਦੋ ਦੀ ਜਗ੍ਹਾ ਤਿੰਨ ਅੱਤਵਾਦੀ ਮਾਰੇ ਜਾਣਗੇ, ਕੀ ਫ਼ਰਕ ਪੈਂਦਾ?"
"ਪਰ ਜਨਾਬ, ਇਉਂ ਠੀਕ ਵੀ ਰਹੂ? ਮੇਰਾ ਮਤਲਬ ਬਾਹਰ ਦਾ ਬੰਦੈ, ਤੇ ਉੱਤੋਂ ਦੀ ਸਾਲ਼ਾ ਬੰਦਾ ਵੀ ਦੋ ਨੰਬਰ ਦਾ!"
"ਤੂੰ ਐਵੇਂ ਈ ਨਾ ਫ਼ਿਕਰਾਂ 'ਚ ਪੈ! ਚੱਲ ਤੁਰ ਹੁਣ, ਵਾਟ ਨਾ ਖੋਟੀ ਕਰ!"
ਦੋਵਾਂ ਮੁੰਡਿਆਂ ਤੇ ਦੌਲੇ ਨੂੰ ਨਾਲ਼ ਬਿਠਾ, ਦੋਵੇਂ ਸਿਪਾਹੀ ਜਿਪਸੀ 'ਚ ਸਵਾਰ ਹੋ, ਕਦਰਨ ਹੌਲੀ ਰਫ਼ਤਾਰ ਨਾਲ਼ ਚੱਲਦੇ ਹੋਏ, ਥਾਣੇ ਤੋਂ ਤਕਰੀਬਨ ਦੋ ਕੁ ਕਿਲੋਮੀਟਰ ਦੂਰ, ਬਾਹਰਵਾਰ ਇੱਕ ਸੂਏ ਦੀ ਪਟੜੀ 'ਤੇ ਜਾ ਪਹੁੰਚੇ।
ਦੱਸਣ ਦੀ ਲੋੜ ਨਹੀਂ ਕਿ ਪੁਰੀ ਉਦੋਂ ਤੱਕ ਉਥੇ ਆਪਣੀ ਪੁਜ਼ੀਸ਼ਨ ਲੈ ਚੁੱਕਾ ਸੀ।
ਸੂਏ ਦੀ ਉਹ ਪਟੜੀ ਬਾਹਰਵਾਰ ਖੇਤਾਂ ਵੱਲ ਸੀ। ਸੂਏ ਦੇ ਆਸ-ਪਾਸ ਸੰਘਣੇ ਦਰਖ਼ਤ ਸਨ ਅਤੇ ਐਸ ਵੇਲ਼ੇ ਉਥੇ ਦੂਰ-ਦੂਰ ਤੱਕ ਕੋਈ ਆਦਮਜ਼ਾਤ ਨਜ਼ਰ ਨਹੀਂ ਆਉਂਦਾ ਸੀ। ਨਾਲ਼ੇ ਇਹਨਾਂ ਵੇਲ਼ਿਆਂ 'ਚ ਤਾਂ ਸ਼ਾਮ ਦੇ ਪੰਜ ਵੱਜਦੇ ਨੂੰ ਹੀ, ਲੋਕੀ ਕੁੰਡੇ-ਜਿੰਦੇ ਲਾ ਕੇ ਅੰਦਰ ਵੜ ਜਾਂਦੇ ਸਨ ਤੇ ਅਰਦਾਸਾਂ ਕਰਨ ਲੱਗ ਪੈਂਦੇ ਕਿ 'ਹੇ ਰੱਬਾ! ਅੱਜ ਦੀ ਰਾਤ ਵੀ ਲੰਘ ਜਾਏ ਸੁੱਖੀਂ-ਸਾਂਦੀ।' ਜੇ ਕਿਤੇ ਕਿਸੇ ਦਾ ਕੁੰਡਾ ਖੜਕ ਪੈਣਾ ਓਸ ਵੇਲ਼ੇ, ਤਾਂ ਪੂਰੇ ਘਰ ਦੇ ਸਾਹ ਸੂਤੇ ਜਾਣੇ। ਤੇ ਜੇ ਕਿਤੇ ਖਾੜਕੂ ਸਿੰਘ ਪ੍ਰਸ਼ਾਦਾ-ਪਾਣੀ ਛਕਣ ਲਈ ਕਿਸੇ ਦੇ ਘਰੇ ਪਹੁੰਚ ਗਏ, ਤਾਂ ਸਮਝੋ ਰੁਲ਼ ਗਿਆ ਉਹ ਪਰਿਵਾਰ। ਏ. ਕੇ. ਸੰਤਾਲ਼ੀ ਦੇ ਸਾਹਮਣੇ ਪ੍ਰਸ਼ਾਦਾ-ਪਾਣੀ ਛਕਾਉਣ ਤੋਂ ਨਾਂਹ ਕਰਨ ਦਾ ਹਿਆਂ ਕੌਣ ਕਰੇ? ਜੇ ਮਜਬੂਰੀ ਵੱਸ ਛਕਾ 'ਤਾ, ਤਾਂ ਫਿਰ ਪੁਲਿਸ ਦੇ ਕਹਿਰ ਤੋਂ ਤਾਂ ਆਖਦੇ ਸਨ ਕਿ ਰੱਬ ਵੀ ਨਹੀਂ ਬਚਾ ਸਕਦਾ ਸੀ ਉਦੋਂ। ਵਿਚਾਰਾ ਆਮ ਆਦਮੀ ਤਾਂ ਚੱਕੀ ਦੇ ਦੋ ਪਾਟਾਂ 'ਚ ਫਸਿਆ ਹੋਇਆ ਦਾਣਾ ਸੀ। ਉਸਨੇ ਤਾਂ ਪਿਸਣਾ ਹੀ ਸੀ। ਪਾਟ ਭਾਵੇਂ ਜਿਹੜਾ ਮਰਜ਼ੀ ਚੱਲ ਪਏ।
ਏਹੋ ਜਿਹੇ ਦੌਰ ਵਿੱਚ, ਉਸ ਉਜਾੜ ਜਗ੍ਹਾ ਉੱਤੇ, ਐਸ ਵੇਲ਼ੇ, ਕਿਸੇ ਦਾ ਕੀ ਕੰਮ ਸੀ?
ਸੂਏ ਦੀ ਉਸ ਪਟੜੀ ਦੀ ਅਸਲੀਅਤ ਬਾਰੇ ਜ਼ਿਆਦਾਤਰ ਲੋਕ ਤਾਂ ਵਾਕਿਫ਼ ਸਨ, ਪਰ ਜਿਹੜੇ ਨਾਵਾਕਿਫ਼ ਹੋਣਗੇ, ਸੋਚ ਕੇ ਹੈਰਾਨ ਤਾਂ ਜ਼ਰੂਰ ਹੁੰਦੇ ਹੋਣਗੇ ਕਿ ਪੁਰੀ ਸਾਹਬ ਅਤੇ ਉਹਨਾਂ ਦੀ ਪੁਲਿਸ ਪਾਰਟੀ ਨੂੰ, ਹਮੇਸ਼ਾਂ ਇਸੇ ਸੂਏ ਦੀ ਪਟੜੀ 'ਤੇ ਹੀ ਖਾੜਕੂ ਕਿਉਂ ਆ ਟੱਕਰਦੇ ਨੇ? ਤੇ ਪੁਰੀ ਸਾਹਬ ਅਤੇ ਉਹਨਾਂ ਦੀ ਟੀਮ ਦੀ 'ਮੁਸਤੈਦੀ' ਦਾ ਆਲਮ ਇਹ ਸੀ ਕਿ ਇਹਨਾਂ ਪੁਲਿਸ ਮੁਕਾਬਲਿਆਂ ਵਿੱਚ ਕਦੇ ਕਿਸੇ ਪੁਲਿਸ ਮੁਲਾਜ਼ਿਮ ਦੇ ਝਰੀਟ ਤੱਕ ਨਹੀਂ ਆਈ, ਤੇ ਕਦੇ ਕੋਈ ਖਾੜਕੂ ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਨਹੀਂ ਹੋਇਆ। ਬਲਕਿ ਜਾਂ ਤਾਂ ਇਹਨਾਂ ਮੁਕਾਬਲਿਆਂ 'ਚ ਖਾੜਕੂ ਮਾਰੇ ਜਾਂਦੇ, ਜਾਂ ਫ਼ਰਾਰ ਹੋਣ 'ਚ ਕਾਮਯਾਬ ਹੋ ਜਾਂਦੇ।
ਪਟੜੀ 'ਤੇ ਪਹੁੰਚ ਕੇ, ਮੁੰਡਿਆਂ ਨੂੰ ਜਿਪਸੀ ਤੋਂ ਲਾਹ ਕੇ, ਸਿਪਾਹੀ ਨਾਜਰ ਸਿੰਘ ਨੇ ਆਪਣੇ ਡੱਬ 'ਚ ਪਾਈ ਪਿਸਤੌਲ ਕੱਢ ਕੇ ਦੌਲੇ ਦੇ ਹਵਾਲੇ ਕਰਦਿਆਂ ਆਖਿਆ।
"ਨੱਪ ਦੇ ਘੋੜਾ!"
ਮੁੰਡੇ ਇਉਂ ਡੌਰ-ਭੌਰ ਜਿਹੇ ਹੋਏ ਖੜ੍ਹੇ ਸਨ, ਜਿਵੇਂ ਕਿ ਮੌਜੂਦਾ ਸੂਰਤੇ-ਹਾਲਾਤ ਤੋਂ ਬਿਲਕੁਲ ਹੀ ਬੇਖ਼ਬਰ ਹੋਣ। ਜਿਵੇਂ ਸਿਰ 'ਤੇ ਮੰਡਰਾ ਰਹੀ ਮੌਤ ਦਾ ਅਹਿਸਾਸ ਹੀ ਨਾ ਹੋਵੇ ਉਹਨਾਂ ਨੂੰ। ਸ਼ਾਇਦ ਆਉਣ ਵਾਲ਼ੀ ਮੌਤ ਦੇ ਖ਼ੌਫ਼ ਨਾਲ਼, ਮੌਤ ਤੋਂ ਪਹਿਲਾਂ ਹੀ ਉਹਨਾਂ ਦੀਆਂ ਸਮੂਹ ਸੰਵੇਦਨਾਵਾਂ ਮਰ ਚੁੱਕੀਆਂ ਸਨ। ਦਿਮਾਗ਼ ਦਾ ਪ੍ਰਤੀਕਿਰਿਆ ਤੰਤਰ ਜਵਾਬ ਦੇ ਚੁੱਕਾ ਸੀ। ਉਹ ਇਉਂ ਖੜ੍ਹੇ ਸਨ, ਜਿਵੇਂ ਕਿ ਉਹ ਕੋਈ ਜਿਉਂਦੇ ਜਾਗਦੇ ਇਨਸਾਨ ਨਾ ਹੋ ਕੇ, ਬੇਜਾਨ ਮੋਮ ਦੇ ਪੁਤਲੇ ਹੋਣ। ਦੋ ਬੇਜਾਨ ਲਾਸ਼ਾਂ ਜਿਹੇ। ਚਿਹਰੇ ਭਾਵਹੀਨ, ਪੀਲ਼ੇ ਭੂਕ ਪੈ ਚੁੱਕੇ ਸਨ। ਅੱਖਾਂ ਬੇ-ਚਮਕ ਤੇ ਜ਼ੁਬਾਨ; ਜਿਵੇਂ ਪਥਰਾ ਗਈ ਹੋਵੇ।
ਪਰ ਦੌਲੇ ਨੂੰ ਇਹ ਸਭ ਨਹੀਂ ਦਿਖਾਈ ਦੇ ਰਿਹਾ ਸੀ। ਉਸਦੀਆਂ ਅੱਖਾਂ 'ਚ ਤਾਂ ਪੈਸੇ ਤੇ ਤਾਕਤ ਦੀ ਅੰਨ੍ਹੀ ਹਵਸ ਤੈਰ ਰਹੀ ਸੀ।
ਉਸਨੂੰ ਦਿਖਾਈ ਦੇ ਰਿਹਾ ਸੀ ਤਾਂ ਸਿਰਫ਼ ਤੇ ਸਿਰਫ਼ ਮੌਕਾ।
ਬਿਨਾਂ ਹਿਚਕਿਚਾਏ ਦੌਲੇ ਨੇ ਸੱਜੇ ਹੱਥ ਖੜ੍ਹੇ ਮੁੰਡੇ ਵੱਲ ਪਿਸਤੌਲ ਤਾਣ ਕੇ ਘੋੜਾ ਦੱਬ ਦਿੱਤਾ।
'ਕਲਿੱਕ' ਦੀ ਆਵਾਜ਼ ਦੌਲੇ ਦੇ ਦਿਮਾਗ਼ 'ਚ ਬੰਬ ਦੇ ਗੋਲ਼ੇ ਵਾਂਗੂੰ ਗੂੰਜੀ।
ਇੱਕ ਪਲ ਤਾਂ ਉਸਨੂੰ ਲੱਗਿਆ ਕਿ ਕੰਮ ਤਮਾਮ ਹੋ ਗਿਆ, ਪਰ ਅਗਲੇ ਹੀ ਪਲ ਸਥਿਤੀ ਭਾਂਪਦਿਆਂ ਉਹ ਹੜਬੜਾ ਜਿਹਾ ਗਿਆ।
ਉਸਨੇ ਫਿਰ ਘੋੜਾ ਦੱਬਿਆ।
ਫਿਰ ਆਵਾਜ਼ ਆਈ 'ਕਲਿੱਕ'।
ਐਨੇ ਨੂੰ ਦਰਖ਼ਤਾਂ ਦੀ ਓਟ 'ਚੋਂ ਕਿਸੇ ਪ੍ਰੇਤ ਵਾਂਗ ਪੁਰੀ ਬਾਹਰ ਨਿੱਕਲਿਆ।
ਉਸਦੇ ਹੱਥ 'ਚ ਇੱਕ ਪਿਸਤੌਲ ਸੀ ਅਤੇ ਉਸਦਾ ਰੁਖ਼ ਦੌਲੇ ਵੱਲ ਨੂੰ ਸੀ।
ਦੌਲੇ ਦੇ ਅਗਲੇ ਸਾਹ ਉਸਦੇ ਹਲ਼ਕ 'ਚ ਹੀ ਫਸੇ ਰਹਿ ਗਏ।
ਲੱਗਿਆ ਖੇਲ੍ਹ ਖ਼ਤਮ।
ਐਨੇ ਨੂੰ ਨੇੜੇ ਆ ਚੁੱਕੇ ਪੁਰੀ ਨੇ ਆਪਣੇ ਹੱਥ 'ਚ ਫੜੀ ਪਿਸਤੌਲ ਉਸ ਵੱਲ ਵਧਾਉਂਦਿਆਂ ਕਿਹਾ।
"ਲੈ, ਇਹਦੇ ਨਾਲ਼ ਟਰਾਈ ਕਰ!"
ਦੌਲੇ ਨੂੰ ਜਿਵੇਂ ਸੁਣਿਆ ਹੀ ਨਾ ਕਿ ਪੁਰੀ ਨੇ ਕੀ ਕਿਹਾ।
"ਉਏ ਸੌਂ ਗਿਆਂ? ਮੈਂ ਕਿਹਾ ਆਹ ਫੜ, ਏਹਦੇ ਨਾਲ਼ ਪਟਾਕਾ ਪਊ!" ਪੁਰੀ ਨੇ ਉਸਦਾ ਮੋਢਾ ਹਲੂਣਦਿਆਂ ਆਖਿਆ।
ਦੌਲੇ ਦੀ ਸੁਰਤ ਸੰਭਲੀ ਅਤੇ ਉਸਨੇ ਪੁਰੀ ਹੱਥੋਂ ਪਿਸਤੌਲ ਫੜ, ਫੇਰ ਤੋਂ ਨਿਸ਼ਾਨਾ ਸਾਧਿਆ ਤੇ ਘੋੜਾ ਦੱਬ ਦਿੱਤਾ।
'ਠਾਹ' ਦੀ ਆਵਾਜ਼ ਵਦਾਣ ਵਾਂਗੂੰ ਚੁਫ਼ੇਰੇ 'ਚ ਪੱਸਰੇ ਸੰਨਾਟੇ 'ਤੇ ਵੱਜੀ।
ਦਰਖ਼ਤਾਂ 'ਤੇ ਪਾਏ ਆਲ੍ਹਣਿਆਂ 'ਚ ਬੈਠੇ ਪੰਛੀ ਫੜ-ਫੜ ਕਰਦੇ ਅਸਮਾਨ 'ਚ ਉੱਡ ਗਏ।
"ਹਾਏ ਉਏ!"
ਮੁੰਡੇ ਦੀ ਦਿਲ ਚੀਰਵੀਂ ਚੀਕ ਥੱਲੇ ਪੰਛੀਆਂ ਦੀ ਫੜਫੜਾਹਟ ਦੀ ਆਵਾਜ਼ ਦਬ ਕੇ ਰਹਿ ਗਈ।
ਗੋਲ਼ੀ ਮੁੰਡੇ ਦੇ ਢਿੱਡ 'ਚ ਵੱਜੀ ਸੀ।
ਉਹ ਚੀਕ ਮਾਰਦਿਆਂ, ਗੇੜਾ ਖਾ ਜ਼ਮੀਨ 'ਤੇ ਡਿੱਗ ਪਿਆ।
ਮੁੰਡੇ ਦੀ ਇਹ ਦਿਲ-ਵਿੰਨ੍ਹਵੀਂ ਦਰਦਨਾਕ ਚੀਕ, ਜੇ ਕਿਤੇ ਕਿਸੇ ਸਧਾਰਨ ਵਿਅਕਤੀ ਦੇ ਕੰਨਾਂ 'ਚ ਪੈ ਜਾਂਦੀ ਤਾਂ ਉਸਦੀ ਰੂਹ ਕੰਬ ਉੱਠਦੀ।
ਪਰ ਉਹਨਾਂ ਰਾਖ਼ਸ਼ਾਂ 'ਚ ਇਨਸਾਨੀ ਰੂਹਾਂ ਹੈ ਹੀ ਕਿੱਥੇ ਸਨ?
ਸੀਨਿਆਂ 'ਚ ਦਿਲ ਦੀ ਜਗ੍ਹਾ, ਭੁੱਲ-ਭੁਲੇਖੇ ਕੋਈ ਪੱਥਰ ਰੱਖ ਬੈਠਾ ਸੀ ਖ਼ੌਰੇ ਨੀਲੀ ਛਤਰੀ ਵਾਲ਼ਾ।
ਗੋਲ਼ੀ ਦੀ ਆਵਾਜ਼ ਤੇ ਚੀਕ ਸੁਣ, ਦੂਸਰੇ ਮੁੰਡੇ ਦੀਆਂ ਸਮੂਹ ਚੇਤਨਾਵਾਂ ਜਿਵੇਂ ਇੱਕੋ ਝਟਕੇ ਨਾਲ਼ ਜਾਗ ਪਈਆਂ।
ਸਿਰ 'ਤੇ ਤਾਂਡਵ ਕਰ ਰਹੀ ਮੌਤ ਦਾ ਅਹਿਸਾਸ, ਉਸਦੇ ਰੋਮ-ਰੋਮ ਨੂੰ ਝਿੰਜੋੜ ਕੇ ਰੱਖ ਗਿਆ।
ਉਸਨੇ ਆਪਣੀ ਸਾਰੀ ਤਾਕਤ ਇਕੱਠੀ ਕਰ, ਪਿੱਛੇ ਮੁੜ ਕੇ ਭੱਜਣ ਦੀ ਭਰਪੂਰ ਕੋਸ਼ਿਸ਼ ਕੀਤੀ। ਪਰ ਪੁਲਿਸ ਦੀ ਜ਼ੋਰਦਾਰ ਕੁੱਟ ਸਦਕਾ, ਚਾਰ ਪੁਲਾਂਘਾਂ ਪੁੱਟ ਕੇ ਹੀ, ਉਹ ਮੂਧੇ ਮੂੰਹ ਜ਼ਮੀਨ 'ਤੇ ਜਾ ਡਿੱਗਾ।
"ਉਏ ਦੂਜੇ ਨੂੰ ਫੜ…ਗੋਲ਼ੀ ਸਿਰ 'ਤੇ ਮਾਰੀਂ ਜਾਂ ਦਿਲ 'ਚ ਕੰਜਰਾ!"
ਗੋਲ਼ੀ ਦੀ ਆਵਾਜ਼ ਨਾਲ਼ ਵਕਤੀ ਤੌਰ ਤੇ ਬੰਦ ਹੋਏ ਦੌਲੇ ਦੇ ਕੰਨਾਂ 'ਚ, ਪਹਿਲੇ ਮੁੰਡੇ ਦੀਆਂ ਕਰਾਹਟਾਂ ਤੇ ਪੁਰੀ ਦੀ ਆਵਾਜ਼, ਇਉਂ ਸੁਣਾਈ ਪਈਆਂ ਜਿਵੇਂ ਕਿਸੇ ਡੂੰਘੇ ਖੂਹ 'ਚੋਂ ਨਿੱਕਲੀਆਂ ਹੋਣ।
ਪਹਿਲੀ ਵਾਰ ਅਜਿਹੀ ਸਥਿਤੀ ਨਾਲ਼ ਸਾਹਮਣਾ ਹੋਣ ਸਦਕਾ ਕੁਝ ਪਲਾਂ ਲਈ ਜਿਵੇਂ ਸੁੰਨ ਜਿਹਾ ਹੋਇਆ ਦੌਲਾ, ਆਪਣੇ ਹਵਾਸਾਂ 'ਤੇ ਕਾਬੂ ਪਾ, ਝੱਟ ਮੂਧੇ-ਮੂੰਹ ਡਿੱਗੇ ਪਏ ਮੁੰਡੇ ਦੇ ਸਿਰ 'ਤੇ ਜਮਦੂਤ ਬਣ ਜਾ ਖਲੋਤਾ।
ਬਿਨਾਂ ਵਕਤ ਗੁਆਇਆਂ, ਉਸਨੇ ਪਿਸਤੌਲ ਦੀ ਨਲ਼ੀ ਮੂਧੇ ਮੂੰਹ ਡਿੱਗੇ ਪਏ ਮੁੰਡੇ ਦੇ ਸਿਰ ਦੇ ਪਿਛਲੇ ਪਾਸੇ ਰੱਖੀ, ਤੇ ਘੋੜਾ ਦੱਬ ਦਿੱਤਾ।
ਗੋਲ਼ੀ ਮੁੰਡੇ ਦੀ ਖੋਪੜੀ 'ਚੋਂ ਆਰ-ਪਾਰ ਹੋ ਗਈ।
ਬਿਨਾਂ ਕੋਈ ਆਵਾਜ਼ ਕੱਢਿਆਂ, ਝੱਟ ਮੁੰਡੇ ਦੇ ਪ੍ਰਾਣ-ਪੰਖੇਰੂ ਉੱਡ ਗਏ।
ਕਿਸੇ ਮਾਂ-ਬਾਪ ਦੀਆਂ ਅੱਖਾਂ ਦਾ ਤਾਰਾ।
ਕਿਸੇ ਭੈਣ ਦੀਆਂ ਸੁੱਖ-ਸੱਧਰਾਂ ਦਾ ਪਹਿਰੇਦਾਰ।
ਕਿਸੇ ਭਰਾ ਦੀ ਸੱਜੀ ਬਾਂਹ।
ਕਿਸੇ ਸੁਹਾਗਣ ਦੇ ਸਿਰ ਦਾ ਸਾਂਈ।
ਕਿਸੇ ਬਾਲੜੇ ਦੇ ਸਿਰ ਦੀ ਛਾਂ।
ਕਿਸੇ ਵਸਦੇ-ਰਸਦੇ ਘਰ ਦਾ ਚਿਰਾਗ਼।
ਇੱਕੋ ਪਲ ਵਿੱਚ ਬੁਝ ਗਿਆ।
ਨਾ ਧਰਤੀ ਫਟੀ।
ਨਾ ਅਸਮਾਨ ਕੰਬਿਆ।
ਨਰ-ਪਿਸ਼ਾਚਾਂ ਦੇ ਕੰਨਾਂ 'ਤੇ ਜੂੰ ਵੀ ਨਾ ਸਰਕੀ।
ਦੂਰ ਅਸਮਾਨ 'ਚੋਂ ਇੱਕ ਤਾਰਾ ਟੁੱਟਿਆ।
ਰੌਸ਼ਨੀ ਦੀ ਇੱਕ ਲਕੀਰ ਚਮਕੀ।
ਤੇ ਫ਼ਨਾਹ ਹੋ ਗਈ।
ਦੌਲਾ ਝੱਟ ਗੇੜਾ ਖਾ, ਜ਼ਖ਼ਮੀ ਪਏ ਪਹਿਲੇ ਮੁੰਡੇ ਦੇ ਸਿਰ 'ਤੇ ਜਾ ਪਹੁੰਚਿਆ।
ਗਹਿਨ ਵੇਦਨਾ ਨਾਲ਼ ਭਰੀਆਂ, ਦੋ ਮਾਸੂਮ ਅੱਖਾਂ ਦੌਲੇ ਦੇ ਪੂਰੇ ਵਜੂਦ 'ਚ ਖੁਭ ਗਈਆਂ।
"ਹਾਏ ਉਏ! ਮਾਰੀਂ ਨਾ ਵੀਰ…!"
ਲੜਖੜਾਉਂਦੀ ਆਵਾਜ਼ 'ਚ ਇੱਕ ਤਰਲਾ, ਦੌਲੇ ਦੇ ਕੰਨਾਂ 'ਚ ਪਾਰੇ ਵਾਂਗੂੰ ਲਹਿ ਗਿਆ।
ਇੱਕ ਪਲ ਲਈ ਦੌਲੇ ਦੇ ਅੰਦਰ ਕੁਝ ਪੰਘਰਿਆ।
ਮਹਿਜ਼ ਇੱਕ ਪਲ ਲਈ।
ਪਰ ਅਗਲੇ ਹੀ ਪਲ।
ਦੌਲੇ ਦੀ ਪਿਸਤੌਲ ਨੇ ਫਿਰ ਅੱਗ ਉਗਲੀ।
ਗੋਲ਼ੀ ਮੁੰਡੇ ਦਾ ਦਿਲ ਚੀਰ ਗਈ।
ਖੇਲ੍ਹ ਖ਼ਤਮ।
ਇੱਕ ਹੋਰ ਮਾਂ ਦੇ ਕਾਲ਼ਜੇ ਦਾ ਟੋਟਾ, ਰਾਜਨੀਤੀ ਦੀ ਬਿਸਾਤ 'ਤੇ ਵਿਛੇ ਮੋਹਰਿਆਂ ਦਾ ਸ਼ਿਕਾਰ ਹੋ ਗਿਆ।
ਰਾਜਸੱਤਾ ਦੇ ਉਪਾਸ਼ਕਾਂ ਵੱਲੋਂ, ਰਾਜਨੀਤੀ ਦੇਵੀ ਦੇ ਚਰਨਾਂ ਵਿੱਚ, ਇੱਕ ਹੋਰ ਨਰ-ਬਲੀ ਅਰਪਿਤ ਸੀ।
"ਨਾਜਰਾ! ਇਹਨੂੰ ਨਾਲ਼ ਲੈ ਜਾ ਠਾਣੇ, ਤੇ ਫੜਿਆ ਸਮਾਨ ਇਹਦੇ ਹਵਾਲੇ ਕਰ ਛੱਡ ਦੇ ਇਹਨੂੰ।" ਨਾਜਰ ਨੂੰ ਆਖ ਕੇ ਪੁਰੀ ਦੂਜੇ ਸਿਪਾਹੀ ਨੂੰ ਸੰਬੋਧਿਤ ਹੋਇਆ, "ਤੂੰ ਐਥੇ ਈ ਬੈਠੀਂ, ਲਾਸ਼ਾਂ ਸਵੇਰੇ ਚੱਕਾਂਗੇ। ਦੇਖੀਂ ਕਿਤੇ ਕੋਈ ਕੁੱਤਾ-ਬਿੱਲਾ ਨਾ ਪੈ ਜੇ! ਲਾਸ਼ਾਂ ਦੇ ਸਿਰ੍ਹਾਣਿਓਂ ਨੀਂ ਉਠਣਾ ਤੂੰ।" ਤੇ ਫਿਰ ਨਾਜਰ ਨੂੰ ਬੋਲਿਆ, "ਤੇ ਤੂੰ ਨਾਜਰਾ! ਦੋ-ਤਿੰਨ ਘੰਟਿਆਂ ਨੂੰ, ਜਿਹੜਾ ਅਸਲਾ ਦਿਖਾਉਣਾ, ਲਿਆ ਕੇ ਫੈਰ-ਫੂਰ ਕੱਢਦੀਂ। ਬਾਕੀ ਪਤਾ ਈ ਆ ਤੈਨੂੰ! ਕਿਹੜਾ ਨਵੀਂ ਗੱਲ ਆ। ਫੇਰ ਨਾਲ਼ ਈ ਬੈਠੀਂ ਇਹਦੇ। ਸੁਵਖਤੇ ਕਾਰਵਾਈ ਪਾਵਾਂਗੇ।" ਫਿਰ ਦੌਲੇ ਵੱਲ ਨੂੰ ਮੁੜਿਆ, "ਹਾਂ ਬਈ ਕੀ ਨਾਂ ਸੀ ਤੇਰਾ…ਹਾਂ ਦੌਲਾ। ਤਾਂ ਦੌਲਿਆ, ਕੱਲ੍ਹ ਨੂੰ ਦੁਪਹਿਰੋਂ ਬਾਅਦ ਆਪਣੇ ਕਾਗਜ਼-ਪੱਤਰ ਲੈ ਕੇ ਆ ਜੀਂ ਠਾਣੇ। ਤੇਰੇ ਆਲ਼ਾ ਵੀ ਯੱਕਾ ਜੋੜਦੇ ਆਂ ਕਿਸੇ ਢੰਗ-ਹੀਲੇ! ਨਾਲ਼ੇ ਹੁਣ ਇਹ ਦੁੱਕੀਆਂ-ਤਿਕੀਆਂ ਆਲ਼ੇ ਕੰਮ ਬੰਦ…ਪੈ ਗੀ ਖਾਨੇਂ?"
"ਜਨਾਬ! ਸਭ ਬੰਦ ਜੀ! ਸ਼ਿਕਾਇਤ ਦਾ ਕੋਈ ਮੌਕਾ ਨੀਂ ਦਿੰਦਾ ਜੀ!"
"ਚੰਗਾ ਫਿਰ…ਚੱਲਦਾਂ ਮੈਂ।"
ਆਖ ਕੇ ਪੁਰੀ ਰਵਾਨਗੀ ਪਾ ਗਿਆ।
ਉਸਦੇ ਜਾਣ ਪਿੱਛੋਂ ਜਦ ਨਾਜਰ ਤੇ ਦੌਲਾ ਵੀ ਜਾਣ ਲੱਗੇ, ਤਾਂ ਪਿੱਛਿਉਂ ਦੂਜੇ ਸਿਪਾਹੀ ਨੇ ਹੋਕਰਾ ਮਾਰਿਆ।
"ਨਾਜਰਾ! ਦਿਲ ਕੈੜਾ ਕਰਨ ਆਲ਼ੀ ਦੁਆਈ ਤਾਂ ਦੇ ਜਾ ਪਤੰਦਰਾ!"
ਨਾਜਰ ਨੇ ਜਿਪਸੀ 'ਚੋਂ ਪੌਣੀ ਕੁ ਬੋਤਲ ਸ਼ਰਾਬ ਦੀ ਕੱਢ ਕੇ ਦੂਜੇ ਸਿਪਾਹੀ ਨੂੰ ਫੜਾਈ, ਤੇ ਦੌਲੇ ਨੂੰ ਨਾਲ਼ ਬਿਠਾ ਜਿਪਸੀ ਤੋਰ ਲਈ।
"ਨਾਜਰ ਬਾਈ! ਮੇਰੀ ਕਹੀ ਗੱਲ ਪਿੱਛੇ ਦਿਲ 'ਚ ਮੈਲ਼ ਨਾ ਰੱਖੀਂ, ਉਹ ਤਾਂ ਐਵੇਂ ਈ ਮੂੰਹੋਂ ਨਿੱਕਲਗੀ।"
"ਕੋਈ ਨਾ-ਕੋਈ ਨਾ! ਨਾਲ਼ੇ ਹੁਣ ਤਾਂ ਤੂੰ ਵੀ ਮਹਿਕਮੇ ਆਲ਼ਾ ਹੋ ਗਿਆਂ ਭਰਾਵਾ! ਆਪਸਦਾਰੀ 'ਚ ਕਾਹਦੇ ਗੁੱਸੇ-ਗਿਲੇ?"
"ਕੋਈ ਤਕੜੇ ਈ ਖਾੜਕੂ ਹੋਣੇ ਆਂ ਦੋਨੋਂ?"
"ਕਾਹਨੂੰ ਦੌਲਿਆ? ਖਾੜਕੂ ਕਿਤੇ ਇਉਂ ਮਰਦੇ ਆ? ਪਹਿਲੀ ਗੱਲ ਤਾਂ ਉਹਨਾਂ ਪਿਉਆਂ ਦੇ ਪੁੱਤਾਂ ਨੂੰ ਹੱਥ ਨੀਂ ਪਾਉਂਦਾ ਕੋਈ ਛੇਤੀ ਕਿਤੇ। ਤੇ ਜੇ ਕਿਤੇ ਕੋਈ ਭੁੱਲ-ਭੁਲੇਖੇ ਹੱਥੇ ਚੜ੍ਹ ਵੀ ਜਾਏ, ਤੇ ਮੁਕਾਬਲਾ ਬਣਾਉਣਾ ਹੋਵੇ ਤਾਂ ਹੱਥ ਪੈਰ ਬੰਨ੍ਹ ਕੇ ਲਿਆਉਣੇ ਪੈਂਦੇ ਆ। ਨਾਲ਼ੇ ਪੂਰੀ ਗਾਰਦ ਆਉਂਦੀ ਆ ਨਾਲ਼। ਆਏਂ ਦੋ ਸਿਪਾਹੀਆਂ ਨਾਲ਼ ਦੋ ਖਾੜਕੂ ਕਿਹੜਾ ਭੇਜ ਦੂ? ਅਗਲਿਆਂ ਦਾ ਕੀ ਪਤਾ, ਬਈ ਰਾਹ 'ਚ ਈ ਸੰਘੀਆਂ ਨੱਪ ਦੇਣ ਅਗਲੇ? ਇਹ ਤਾਂ ਊਂਈਂ ਚੱਕੇ ਸੀ ਮੁੰਡੇ ਪੁਰੀ ਸਾਅਬ ਨੇ। ਨਜ਼ਰੀਂ ਚੜ੍ਹਗੇ ਕਿਤੇ ਸਾਅਬ ਦੇ! ਤੇ ਜਿਹੜਾ ਸਾਅਬ ਦੇ ਨਜ਼ਰੀਂ ਚੜ੍ਹ ਗਿਆ ਕਿਤੇ, ਉਹਦਾ ਆਲ਼ਾ ਤਾਂ ਪੱਤਾ ਸਾਫ਼ ਈ ਸਮਝ ਤੂੰ।"
"ਜੇ ਆਹ ਗੱਲ ਸੀ ਤਾਂ ਗੱਡੀ ਕਿਉਂ ਚਾੜ੍ਹਤੇ? ਚੜ੍ਹਾਵਾ ਨੀ ਚਾੜ੍ਹਿਆ ਪਿੱਛੇ ਆਲ਼ਿਆਂ ਨੇ?"
"ਉਏ ਜੇ ਚੜ੍ਹਾਵਾ ਚੜ੍ਹਾਉਣ ਜੋਗੇ ਨਾ ਹੁੰਦੇ ਤਾਂ ਚੱਕਣੇ ਈ ਕਿਉਂ ਸੀ ਸਾਅਬ ਨੇ? ਫੰਡਰ ਮੱਝ ਦਾ ਕੀ ਕਰਨਾ ਕਿਸੇ ਨੇ? ਪਰ ਜੇ ਵਾਰਦਾਤ ਹੋ ਜੇ ਕਿਤੇ ਤਾਂ ਕਿਸੇ ਦੇ ਗਲ਼ ਤਾਂ ਪਾਉਣੀ ਹੋਈ ਨਾ? ਕਰਨ ਆਲ਼ੇ ਤਾਂ ਸ਼ੂਕਦੇ ਉੱਡ ਜਾਂਦੇ ਆ ਪਤੰਦਰ! ਤੇ ਉੱਪਰੋਂ ਡੰਡਾ ਤਾਂ ਫਿਰ ਲੱਗਦੇ ਠਾਣੇ ਆਲ਼ਿਆਂ 'ਤੇ ਈ ਚੜ੍ਹਦਾ ਨਾ? ਕੇਸ ਵੀ ਤਾਂ ਹੱਲ ਕਰਨੇ ਹੋਏ? ਫੀਤੀਆਂ ਵੀ ਤਾਂ ਲਵਾਉਣੀਆਂ ਹੋਈਆਂ? ਅਫ਼ਸਰਾਂ ਨੂੰ ਦਿਖਾਉਣਾ ਵੀ ਤਾਂ ਹੈ ਕਿ ਨਹੀਂ ਬਈ ਠਾਣਾ ਮੁਸਤੈਦ ਐ? ਬੱਸ ਫਿਰ ਜੇਹੜਾ ਮੌਕੇ 'ਤੇ ਆ ਗਿਆ ਸਾਹਮਣੇ, ਲੱਗ ਗਿਆ ਨੰਬਰ! ਤੇ ਨਾਲ਼ੇ ਜਿਹੜਾ ਦੁੱਧ ਚੋਣਾ ਸੀ ਚੋਅ ਲਿਆ ਸਾਅਬ ਨੇ। ਮਤਲਬ ਤਾਂ ਅਗਲੇ ਨੂੰ ਮਾਂਜਣ ਤਾਂਈਂ ਸੀ। ਐਥੇ ਕਿਹੜਾ ਪਰਨੋਟ ਲਿਖ ਕੇ ਦਿੱਤਾ ਸੀ ਬਈ ਛੱਡਣੇ ਈ ਸੀ? ਬੱਸ ਲੋੜ ਪੈਗੀ ਮੁਕਾਬਲੇ ਦੀ, ਤੇ ਉਹਨਾਂ ਵਿਚਾਰਿਆਂ ਦੀ ਕਿਸਮਤ! ਊਂ ਮੁੰਡੇ ਹੈ ਵਿਚਾਰੇ ਨਰਮ ਜਹੇ ਈ ਸੀ, ਜਮਾਂ ਸੱਜਰ-ਸੂਈ ਮੱਝ ਦੇ ਕਟਰੂਆਂ ਅਰਗੇ।"
"ਚੱਲ ਆਪਾਂ ਕੀ ਲੈਣਾ? ਆਪਾਂ ਨੂੰ ਤਾਂ ਆਪਣੇ ਥਾਂਈਂ ਮਤਲਬ ਆ।"
ਦਿਲ 'ਚ ਫੁੱਟਦੇ ਲੱਡੂਆਂ ਨੂੰ ਬੋਚਦੇ ਦੌਲੇ ਨੇ, ਗੱਲ 'ਤੇ ਓਥੇ ਈ ਵਿਰਾਮ ਚਿੰਨ੍ਹ ਲਗਾ ਦਿੱਤਾ।
ਦੂਜੇ ਦਿਨ ਸ਼ਾਮ ਨੂੰ ਆਪਣੇ ਕਾਗ਼ਜ਼ ਪੱਤਰ ਲੈ ਦੌਲਾ ਪੁਰੀ ਸਾਹਬ ਦੀ ਹਜ਼ੂਰੀ 'ਚ ਜਾ ਪੁੱਜਾ।
ਅਗਲੇ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ, ਤਿੰਨ ਖ਼ੂੰਖ਼ਾਰ ਅੱਤਵਾਦੀਆਂ ਨਾਲ਼ ਹੋਈ, ਪੁਰੀ ਸਾਹਬ ਤੇ ਉਹਨਾਂ ਦੀ ਟੀਮ ਦੀ ਚਾਰ ਘੰਟੇ ਤੱਕ ਚੱਲੀ ਭਿਆਨਕ ਮੁੱਠ-ਭੇੜ ਦੇ ਜ਼ਿਕਰ ਨਾਲ਼ ਭਰੀਆਂ ਪਈਆਂ ਸਨ। ਪੂਰੀ ਖ਼ਬਰ ਅਨੁਸਾਰ ਇੱਕ ਅੱਤਵਾਦੀ ਮੌਕਾ ਪਾ ਕੇ ਫ਼ਰਾਰ ਹੋਣ 'ਚ ਸਫਲ ਹੋ ਗਿਆ ਸੀ ਤੇ ਦੋ ਪੁਲਿਸ ਨੇ ਬੜੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਮਾਰ ਗਿਰਾਏ ਸਨ। ਪੁਲਿਸ ਦੀ ਟੀਮ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਸੀ। ਅੱਤਵਾਦੀਆਂ ਕੋਲੋਂ ਹਥਿਆਰਾਂ ਦੀ ਬਰਾਮਦਗੀ ਦਾ ਵੀ ਜ਼ਿਕਰ ਸੀ।
ਅਗਲੇ ਇੱਕ ਹਫ਼ਤੇ 'ਚ ਪੁਰੀ ਨੇ ਪਤਾ ਨਹੀਂ ਕਿਹੜਾ ਜਾਦੂ ਦਾ ਡੰਡਾ ਘੁੰਮਾਇਆ ਕਿ ਇੱਕ ਚੋਰ, ਉਠਾਈਗਿਰਾ, ਗੰਦੀ ਨਾਲ਼ੀ ਦਾ ਕੀੜਾ ਦੌਲਾ, ਜਨਤਾ ਦੇ ਜਾਨੋ-ਮਾਲ ਦਾ ਰਖਵਾਲਾ, ਸਰਦੂਲ ਸਿੰਘ ਸਿਪਾਹੀ ਪੰਜਾਬ ਪੁਲਿਸ, ਬਣ ਗਿਆ। ਦੋ ਮਾਸੂਮ, ਬੇਗੁਨਾਹ ਨੌਜੁਆਨਾਂ ਦੇ ਬੇਰਹਿਮ ਕਤਲ ਦੀ ਬਹਾਦਰੀ ਦੇ ਇਨਾਮ ਵਜੋਂ, ਸਮਾਜ ਅਤੇ ਕਾਨੂੰਨ ਦਾ ਮੁਜਰਿਮ ਦੌਲਾ, ਇੱਕ ਬਾਵਰਦੀ ਪੁਲਿਸ ਮੁਲਾਜ਼ਮ ਸਰਦੂਲ ਸਿੰਘ ਬਣ ਗਿਆ।
ਇਉਂ ਉਸਨੇ ਦੌਲੇ ਤੋਂ ਸਿਪਾਹੀ ਸਰਦੂਲ ਸਿੰਘ ਤੱਕ ਦਾ ਸਫ਼ਰ ਤੈਅ ਕੀਤਾ ਸੀ। ਤੇ ਸਿਪਾਹੀ ਸਰਦੂਲ ਸਿੰਘ ਤੋਂ ਸਰਦੂਲ ਸਿੰਘ ਏ.ਐੱਸ.ਆਈ. ਤੱਕ, ਦਰਜ਼ਨਾਂ ਨੌਜੁਆਨਾਂ ਦੀ ਬਲੀ ਚਾੜ੍ਹ ਕੇ ਪਹੁੰਚਿਆ ਸੀ ਉਹ।
ਪੁਰੀ ਅਤੇ ਸਰਦੂਲ ਸਿੰਘ ਦੀ ਜੋੜੀ ਨੇ ਅਗਲੇ ਪੂਰੇ ਇੱਕ ਦਹਾਕੇ ਤੱਕ ਇਲਾਕੇ 'ਚ ਕਹਿਰ ਵਰਤਾਈ ਰੱਖਿਆ। ਜਿੱਥੇ-ਜਿੱਥੇ ਪੁਰੀ ਦੀ ਪੋਸਟਿੰਗ ਹੋਈ, ਸਰਦੂਲ ਸਿੰਘ ਨੂੰ ਪਰਛਾਵੇਂ ਵਾਂਗੂੰ ਨਾਲ਼ ਰੱਖਿਆ ਉਸਨੇ। ਦੋਹਾਂ ਨੇ ਰੱਜ ਕੇ ਪੈਸਾ ਅੰਦਰ ਕੀਤਾ ਤੇ ਅਫ਼ਸਰਸ਼ਾਹੀ ਨੂੰ ਵੀ ਚੋਖਾ ਹਿੱਸਾ ਮਿਲਦਾ ਰਿਹਾ। ਘਾਟੇ 'ਚ ਚੱਲਦੇ ਥਾਣੇ ਉਹਨਾਂ ਦੀ ਸਰਪਰਸਤੀ ਹੇਠ ਆ ਕੇ ਅਫ਼ਸਰਾਂ ਲਈ ਮੋਟਾ ਪਰਾੱਫ਼ਿਟ ਕੱਢਣ ਲੱਗ ਜਾਂਦੇ। ਇਸ ਲਈ ਅਫ਼ਸਰਸ਼ਾਹੀ ਵੀ ਉਹਨਾਂ ਤੋਂ ਪੂਰੀ ਖ਼ੁਸ਼ ਸੀ।
ਪੁਰੀ ਨੇ ਖਾੜਕੂਵਾਦ ਦੀ ਆੜ ਹੇਠ, ਲੋਕਾਂ ਦੀਆਂ ਆਪਸੀ ਦੁਸ਼ਮਣੀਆਂ 'ਤੋਂ ਪੈਸਾ ਚੱਕਣ ਦਾ ਨਵਾਂ ਤਰੀਕਾ ਲੱਭ ਲਿਆ। ਉਸਨੇ ਪੁਲਿਸ ਦੇ ਟਾਊਟਾਂ ਰਾਹੀਂ ਸੁਪਾਰੀ ਚੱਕਣੀ ਸ਼ੁਰੂ ਕਰ ਦਿੱਤੀ। ਕਦੇ ਸ਼ਿਕਾਰ ਦਾ ਕਤਲ ਖਾੜਕੂਆਂ ਦੇ ਹਿੱਸੇ ਪਾ ਦੇਣਾ ਤੇ ਕਦੇ ਖਾੜਕੂ ਦਿਖਾ ਮੁਕਾਬਲਾ ਬਣਾ ਦੇਣਾ। ਇਸ 'ਮਿਸ਼ਨ' ਵਿੱਚ ਪੁਰੀ ਦਾ ਬਾਵਰਦੀ 'ਸ਼ੂਟਰ' ਸੀ ਸਰਦੂਲ ਸਿੰਘ। ਲੋਕਾਂ ਨੇ ਹੁਣ ਉਸਨੂੰ ਸਰਦੂਲ਼ ਸਿੰਘ 'ਬੰਦੇ ਚੱਕ' ਕਹਿਣਾ ਸ਼ੁਰੂ ਕਰ ਦਿੱਤਾ ਸੀ।
ਸਰਦੂਲ ਸਿੰਘ ਨੇ ਇਸ ਕਤਲੋ-ਗ਼ਾਰਤ ਤੋਂ ਕਮਾਏ ਪੈਸੇ ਨਾਲ਼ ਵੱਖ-ਵੱਖ ਸ਼ਹਿਰਾਂ 'ਚ, ਸ਼ਾਨਦਾਰ ਲੋਕੇਸ਼ਨਾਂ 'ਤੇ, ਚਾਰ-ਪੰਜ ਪਲਾਟ ਬਣਾ ਲਏ ਅਤੇ ਲੁਧਿਆਣੇ ਸਰਾਭਾ ਨਗਰ ਜਿਹੇ ਪਾੱਸ਼ ਇਲਾਕੇ 'ਚ ਕੋਠੀ ਪਾ ਲਈ।
ਨੱਬਿਆਂ ਦੇ ਮੱਧ ਦਹਾਕੇ 'ਚ ਚੱਲੀ ਖਾੜਕੂ ਸਫ਼ਾਈ ਮੁਹਿੰਮ ਦੌਰਾਨ ਇੱਕ ਸੱਚੀਂ-ਮੁੱਚੀਂ ਦੀ ਮੁੱਠਭੇੜ ਦੌਰਾਨ ਪੁਰੀ ਮਾਰਿਆ ਗਿਆ ਤੇ ਸਰਦੂਲ ਸਿੰਘ ਵਾਲ਼-ਵਾਲ਼ ਬਚ ਗਿਆ।
ਫਿਰ ਹੌਲ਼ੀ-ਹੌਲ਼ੀ ਪੰਜਾਬ ਦੇ ਹਾਲਾਤ ਸੁਧਰਨ ਲੱਗ ਪਏ। ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਸਰਦੂਲ ਸਿੰਘ ਦੇ ਕਹਿਣ ਮੁਤਾਬਿਕ ਤਾਂ 'ਤੀਆਂ ਮੁੱਕ ਗਈਆਂ' ਸਨ। ਜਿਸ ਦੌਰ ਨੂੰ ਲੋਕੀਂ 'ਕਾਲ਼ੇ ਦੌਰ' ਵਜੋਂ ਯਾਦ ਕਰਕੇ ਸੋਗ ਮਨਾਉਂਦੇ, ਸਰਦੂਲ ਸਿੰਘ ਉਸਨੂੰ 'ਸੁਨਹਿਰੀ ਦੌਰ' ਆਖਦਿਆਂ, ਉਸ ਦੇ ਬੀਤ ਜਾਣ 'ਤੇ ਸੋਗ ਮਨਾਉਂਦਾ।
ਲੁਧਿਆਣੇ ਪਾਈ ਕੋਠੀ 'ਚ ਉਸਨੇ ਇੱਕ ਰਖੇਲ ਪਾਲ਼ ਰੱਖੀ ਸੀ। ਕਹਿਣ ਨੂੰ ਪੇਸ਼ੇ ਵਜੋਂ ਉਹ ਇੱਕ ਨਰਸ ਸੀ, ਪਰ ਅਸਲ 'ਚ ਇੱਕ ਢਕੀ-ਛੁਪੀ ਕਾੱਲ-ਗਰਲ ਸੀ। ਉਸਦਾ ਪਤੀ ਨਿਕੰਮਾ ਤੇ ਨਸ਼ੇੜੀ ਸੀ ਅਤੇ ਆਪਣੀ ਪਤਨੀ ਦੇ ਪੇਸ਼ੇ ਤੋਂ ਬਹੁਤ ਖ਼ੁਸ਼ ਸੀ।
ਸਰਦੂਲ ਸਿੰਘ ਵੀ ਪਹਿਲੀ ਵਾਰ ਉਸਦੇ ਗ੍ਰਾਹਕ ਵਜੋਂ ਹੀ ਉਸ ਕੋਲ਼ ਪੁੱਜਿਆ ਸੀ, ਤੇ ਪਹਿਲੀ ਹੀ ਮੁਲਾਕਾਤ 'ਚ ਉਸ ਨਾਲ ਪਤਾ ਨਹੀਂ ਕੀ ਅਜਿਹੀ ਘੁੰਡੀ ਫਸੀ, ਕਿ ਉਹ ਉਸਦੀ ਪੱਕੀ ਰਖੇਲ ਬਣ ਗਈ। ਸਰਦੂਲ ਸਿੰਘ ਨੇ ਉਸਨੂੰ ਉਸਦੇ ਪਰਿਵਾਰ ਸਮੇਤ ਆਪਣੀ ਕੋਠੀ 'ਚ ਬਿਠਾ ਲਿਆ।
ਇਸ ਪ੍ਰਕਾਰ ਹੋਰ ਵੀ ਕਈ ਅੱਯਾਸ਼ੀਆਂ ਪਾਲ਼ ਰੱਖੀਆਂ ਸਨ ਉਸਨੇ। ਸਹੀ ਹੀ ਆਖਿਆ ਸਿਆਣਿਆਂ ਕਿ 'ਚੋਰੀ ਦਾ ਮਾਲ ਮੋਰੀ 'ਚ'। ਹਰਾਮ ਦੇ ਪੈਸੇ 'ਚ ਬਰਕਤ ਨਹੀਂ ਹੁੰਦੀ। ਤੇ ਜੇ ਉਹ ਪੈਸਾ ਮਾਸੂਮ ਬੇਗੁਨਾਹ ਲੋਕਾਂ ਦੇ ਲਹੂ 'ਚ ਰੰਗਿਆ ਹੋਵੇ, ਤਾਂ ਅਜਿਹਾ ਪੈਸਾ ਕਦੇ ਅਰਥ ਨਹੀਂ ਆਉਂਦਾ।
ਇਸ ਪ੍ਰਕਾਰ ਇਨਸਾਨੀ ਜਾਨਾਂ ਨੂੰ ਕਦਮਾਂ ਤਲੇ ਰੌਂਦ ਕੇ ਸਰਦੂਲ ਸਿੰਘ ਅੱਯਾਸ਼ੀ ਭਰੀ ਜ਼ਿੰਦਗੀ ਦਾ ਮਾਲਿਕ ਬਣ ਬੈਠਾ ਸੀ।
ਪਰ ਪਿਛਲੇ ਚਾਰ ਕੁ ਸਾਲ ਤੋਂ ਅਚਾਨਕ ਹੀ ਉਸਨੂੰ ਕਈ ਪਰੇਸ਼ਾਨੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। ਉਸਦੇ ਕਹਿਣ ਮੁਤਾਬਿਕ ਪਤਾ ਨਹੀਂ ਕਿਹੜੀ ਸਾੜ੍ਹਸੱਤੀ ਉਸਦੀ ਕੁੰਡਲੀ 'ਤੇ ਆ ਬੈਠੀ ਸੀ ਕਿ ਹਰ ਪਾਸੇ ਮਾੜਾ ਹੀ ਮਾੜਾ ਹੋ ਰਿਹਾ ਸੀ।
ਪਹਿਲਾਂ ਤਾਂ ਤਿੰਨ ਕੁੜੀਆਂ ਪਿੱਛੋਂ ਮੰਨਤਾਂ ਮੰਗ-ਮੰਗ ਕੇ ਲਿਆ ਉਸ ਦਾ ਇੱਕਲੌਤਾ ਪੁੱਤਰ ਇੱਕ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋ ਗਿਆ।ਸੁਭਾਅ ਤੋਂ ਪਹਿਲਾਂ ਹੀ ਕੁਪੱਤੀ ਉਸਦੀ ਪਤਨੀ, ਇੱਕਲੌਤੇ ਪੁੱਤਰ ਦੀ ਮੌਤ ਸਦਕਾ ਨੀਮ-ਪਾਗਲ ਜਿਹੀ ਹੋ ਗਈ, ਤੇ ਸਾਰਾ ਦਿਨ ਬੇ ਸਿਰ-ਪੈਰ ਦਾ ਅਵਾ-ਤਵਾ ਬੋਲਦੀ ਰਹਿੰਦੀ। ਜੇ ਕਿਤੇ ਲਗਾਤਾਰ ਪੰਜ ਮਿੰਟ ਵੀ ਸਰਦੂਲ ਸਿੰਘ ਨੂੰ ਉਸਦੇ ਕੋਲ਼ ਰਹਿਣਾ ਪੈਂਦਾ ਤਾਂ ਉਸਦੀਆਂ ਬੇ ਸਿਰ-ਪੈਰ ਦੀਆਂ ਗੱਲਾਂ ਸੁਣਦੇ-ਸੁਣਦੇ ਸਰਦੂਲ ਸਿੰਘ ਦੇ ਦਿਮਾਗ਼ ਦੀਆਂ ਨਸਾਂ ਫਟਣ 'ਤੇ ਆ ਜਾਂਦੀਆਂ।
ਫਿਰ ਮਾਨਵ ਅਧਿਕਾਰ ਵਾਲ਼ਿਆਂ ਨੇ ਉਸਦੇ ਖ਼ਿਲਾਫ਼ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲੇ ਕਰਨ ਦਾ ਦੋਸ਼ ਲਗਾ, ਕੋਰਟ 'ਚ ਜਨ-ਹਿੱਤ ਪਟੀਸ਼ਨ ਦਾਇਰ ਕਰ ਦਿੱਤੀ। ਇਨਕੁਆਰੀ ਬੈਠ ਗਈ ਤੇ ਉਹ ਸਸਪੈਂਡ ਹੋ ਗਿਆ। ਉੱਤੋਂ ਦੀ ਕੋੜ੍ਹ 'ਤੇ ਖਾਜ ਵਾਂਗੂੰ ਇਨਕਮ ਟੈਕਸ ਦਾ ਛਾਪਾ ਪੈ ਗਿਆ।
ਕੋਈ ਹੋਰ ਹੁੰਦਾ ਤਾਂ ਸਜ਼ਾ ਹੋ ਜਾਂਦੀ, ਪਰ ਜੁਗਾੜੂ ਸਰਦੂਲ ਸਿੰਘ ਨੇ ਉੱਪਰ-ਥੱਲਿਓਂ ਖੁਆ-ਪਿਆ ਕੇ, ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਹੀ ਇਨਕਮ ਟੈਕਸ ਦਾ ਕੇਸ ਵੀ ਰਫ਼ਾ-ਦਫ਼ਾ ਕਰਵਾ ਦਿੱਤਾ ਤੇ ਪੁਲਿਸ ਮੁਕਾਬਲਿਆਂ ਵਾਲ਼ਾ ਕੇਸ ਵੀ ਠੰਡੇ ਬਸਤੇ 'ਚ ਪਵਾ ਦਿੱਤਾ।
ਪਰ ਇਸ ਸਾਰੀ ਕਾਰਗੁਜ਼ਾਰੀ 'ਚ ਉਸਦੇ ਸਾਰੇ ਦੇ ਸਾਰੇ ਪਲਾਟ ਵਿਕ ਗਏ ਤੇ ਕੋਠੀ ਵੀ ਗਹਿਣੇ ਪੈ ਗਈ।
ਉਤਲੀ ਆਮਦਨ ਤਾਂ ਭਾਵੇਂ ਹਾਲੇ ਵੀ ਹੋ ਰਹੀ ਸੀ, ਪਰ ਪਹਿਲਾਂ ਵਾਲੀਆਂ ਗੱਲਾਂ ਹੁਣ ਖ਼ਤਮ ਹੋ ਚੁੱਕੀਆਂ ਸਨ।
ਅੱਯਾਸ਼ੀਆਂ 'ਤੇ ਖੁੱਲ੍ਹੇ ਪੈਸੇ ਖ਼ਰਚਣ ਗਿੱਝੇ ਸਰਦੂਲ ਸਿੰਘ ਦੀ ਜੇਬ ਦਾ ਭਾਰ ਹੁਣ ਲਗਾਤਾਰ ਘਟਦਾ ਜਾ ਰਿਹਾ ਸੀ, ਤੇ ਖ਼ਰਚੇ ਸੀ ਕਿ ਦਿਨੋਂ-ਦਿਨ ਵਧਦੇ ਜਾ ਰਹੇ ਸਨ।
ਨਰਸ ਦੇ ਪਰਿਵਾਰ ਦਾ ਖ਼ਰਚਾ ਵੀ ਹੁਣ ਉਸਦੇ ਸਿਰ ਸੀ, ਜਿਸਨੇ ਉਸਦੇ ਗੀਝੇ 'ਚ ਇੱਕ ਵੱਡੀ ਮੋਰੀ ਕੀਤੀ ਹੋਈ ਸੀ। ਤੇ ਉੱਪਰੋਂ ਘਰ ਵਾਲ਼ੀ ਦੀ ਮਾਨਸਿਕ ਬੀਮਾਰੀ ਦੇ ਮਹਿੰਗੇ ਇਲਾਜ ਦਾ ਚੋਖਾ ਖ਼ਰਚਾ ਸੀ।
ਗੱਲ ਕੀ ਮਾਲੀ ਹਾਲਤ ਖ਼ਸਤਾ-ਦਰ-ਖ਼ਸਤਾ ਹੋ ਰਹੀ ਸੀ।
ਆਪਣੇ ਇੱਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ, ਉਹ ਆਪ ਵੀ ਮਾਨਸਿਕ ਤੌਰ ਤੇ ਟੁੱਟ ਜਿਹਾ ਗਿਆ ਸੀ। ਇੱਕ ਅਜੀਬ ਜਿਹੀ ਸਮੱਸਿਆ ਨੇ ਘੇਰ ਲਿਆ ਸੀ
ਉਸਨੂੰ। ਰਾਤ ਨੂੰ ਬੈੱਡ 'ਤੇ ਪੈਣ ਲੱਗਿਆਂ ਹੀ ਡਰ ਲੱਗਣ ਲੱਗ ਪੈਂਦਾ, ਕੰਨਾਂ ਵਿੱਚ ਖ਼ੌਫ਼ਨਾਕ ਚੀਕਾਂ ਗੂੰਜਣ ਲੱਗ ਪੈਂਦੀਆਂ। ਹੁਣ ਤਾਂ ਜਦ ਤੱਕ ਸ਼ਰਾਬ ਪੀ ਕੇ ਬੇਸੁੱਧ ਹੋ ਬਿਸਤਰੇ 'ਤੇ ਨਾ ਡਿੱਗ ਪੈਂਦਾ, ਨੀਂਦ ਨਹੀਂ ਸੀ ਆਉਂਦੀ।
ਏਸ ਚੱਕਰ 'ਚ ਪਹਿਲਾਂ ਤੋਂ ਹੀ ਖੁੱਲ੍ਹੀ ਸ਼ਰਾਬ ਪੀਣ ਦੇ ਆਦੀ ਸਰਦੂਲ ਸਿੰਘ ਦੀ ਸ਼ਰਾਬਨੋਸ਼ੀ ਦੀ ਮਾਤਰਾ 'ਚ ਚੋਖਾ ਵਾਧਾ ਹੋ ਗਿਆ ਸੀ।ਦੁਪਹਿਰ ਢਲ਼ਦਿਆਂ ਹੀ ਸ਼ਰਾਬ ਦੀ ਤੋੜ ਲੱਗ ਜਾਂਦੀ ਤੇ ਰਾਤ ਨੂੰ ਫੁੱਲ ਟੱਲੀ ਹੋਣ ਤੋਂ ਬਿਨਾਂ ਨੀਂਦ ਨਾ ਆਉਂਦੀ।
ਰਾਤ ਨੂੰ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਉਹ ਨੀਂਦ ਦੇ ਹਵਾਲੇ ਤਾਂ ਹੋ ਜਾਂਦਾ ਪਰ ਤੜਕਸਾਰ ਹੌਲਨਾਕ ਸੁਪਨਿਆਂ ਦੇ ਸ਼ਿਕਾਰਵੱਸ ਉੱਭੜਵਾਹੇ ਉੱਠ ਖੜ੍ਹਦਾ।
ਇੱਕ ਸੁਪਨਾ ਉਸਨੂੰ ਅਕਸਰ ਆਉਂਦਾ, ਜਿਸ ਵਿੱਚ ਉਸਨੂੰ ਇੱਕ ਭਿਆਨਕ ਦ੍ਰਿਸ਼ ਦਿਖਾਈ ਦਿੰਦਾ।
ਕਾਲ਼ੀ-ਬੋਲ਼ੀ ਰਾਤ ਇੱਕ ਅਸੀਮ ਬੰਜਰ ਮੈਦਾਨ ਵਿੱਚ, ਜਿੱਥੇ ਵੀ ਨਜ਼ਰ ਮਾਰੋ ਅਣਗਿਣਤ ਸਿਵੇ ਮੱਚ ਰਹੇ ਹੁੰਦੇ। ਮੱਚਦੇ ਸਿਵਿਆਂ ਦੇ ਐਨ ਵਿਚਕਾਰ, ਇਨਸਾਨੀ ਲੋਥਾਂ ਦਾ ਇੱਕ ਵਿਸ਼ਾਲ ਢੇਰ ਲੱਗਿਆ ਹੁੰਦਾ। ਲੋਥਾਂ ਦੇ ਉਸ ਵਿਸ਼ਾਲ ਢੇਰ ਦੀ ਐਨ ਚੋਟੀ 'ਤੇ ਉਹ ਪੂਰਨ ਤੌਰ ਤੇ ਨਗਨ ਖੜ੍ਹਾ ਹੁੰਦਾ। ਉਸਦੇ ਗਲ਼ ਵਿੱਚ ਇੱਕ ਨਰਮੁੰਡਾਂ ਦੀ ਮਾਲ਼ਾ ਲਟਕ ਰਹੀ ਹੁੰਦੀ। ਨਰਮੁੰਡਾਂ ਦੀ ਉਸ ਮਾਲ਼ਾ 'ਚ ਲਟਕ ਰਹੇ ਸਿਰਾਂ ਦੇ ਚਿਹਰੇ, ਬਿਲਕੁਲ ਉਸ ਦੁਆਰਾ ਮਾਰੇ ਗਏ ਮੁੰਡਿਆਂ ਦੇ ਚਿਹਰਿਆਂ ਵਰਗੇ ਹੁੰਦੇ। ਉਹਨਾਂ ਦੇ ਮੂੰਹਾਂ 'ਚੋਂ ਨਿੱਕਲ ਰਹੀਆਂ ਭਿਆਨਕ ਆਵਾਜ਼ਾਂ ਨਾਲ਼ ਫ਼ਿਜ਼ਾ 'ਚ ਦਿਲ ਦਹਿਲਾਉਣ ਵਾਲ਼ਾ ਚੀਕ-ਚਿਹਾੜਾ ਮੱਚਿਆ ਹੁੰਦਾ। ਕੋਈ ਸਿਰ ਕੰਨ-ਚੀਰਵੀਆਂ ਚੀਕਾਂ ਮਾਰ ਰਿਹਾ ਹੁੰਦਾ, ਕੋਈ ਦਰਦ ਭਿੰਨੀ ਆਵਾਜ਼ 'ਚ ਕਰਾਹ ਰਿਹਾ ਹੁੰਦਾ, ਕੋਈ ਵਹਿਸ਼ੀਅਤ ਭਰੇ ਠਹਾਕੇ ਮਾਰ ਰਿਹਾ ਹੁੰਦਾ। ਉਸਦੇ ਸੱਜੇ ਹੱਥ 'ਚ ਵਾਲ਼ਾਂ ਤੋਂ ਫੜਿਆ, ਇੱਕ ਵੱਢਿਆ ਸਿਰ ਲਟਕ ਰਿਹਾ ਹੁੰਦਾ, ਜਿਸਦੀ ਸ਼ਕਲ ਇੰਨ-ਬਿੰਨ ਉਸਦੇ ਮਰੇ ਹੋਏ ਪੁੱਤਰ ਵਰਗੀ ਹੁੰਦੀ। ਉਸਦੀ ਵੱਢੀ ਹੋਈ ਗਰਦਨ 'ਚੋਂ ਧਰਾਲ਼ਾਂ ਮਾਰ-ਮਾਰ ਕੇ, ਗਾੜ੍ਹਾ ਗਰਮ ਖ਼ੂਨ ਚੋਅ ਰਿਹਾ ਹੁੰਦਾ। ਉਸਦੇ ਮਰੇ ਹੋਏ ਪੁੱਤਰ ਦੀ ਸ਼ਕਲ ਵਾਲ਼ਾ ਉਹ ਸਿਰ ਤਿੱਖੀ ਆਵਾਜ਼ 'ਚ ਕਿਸੇ ਨਵਜੰਮੇ ਬਾਲ ਵਾਂਗ ਲਗਾਤਾਰ ਰੋਈ ਜਾ ਰਿਹਾ ਹੁੰਦਾ।
ਕਾਫ਼ੀ ਅਰਸੇ ਤੋਂ ਰੋਜ਼ ਸੁਵਖਤੇ ਇਹ ਮੰਜ਼ਰ ਦੇਖ, ਉਹ ਤ੍ਰਭਕ ਕੇ ਜਾਗ ਉੱਠਦਾ।
ਗਰਮੀ ਹੋਵੇ ਜਾਂ ਸਰਦੀ, ਉਸਦਾ ਪੂਰਾ ਸਰੀਰ ਪਸੀਨੇ ਨਾਲ਼ ਗੜੁੱਚ ਹੋਇਆ ਹੁੰਦਾ।
ਇਸ ਪ੍ਰਕਾਰ ਆਏ ਦਿਨ ਕੋਈ ਨਾ ਕੋਈ ਸਮੱਸਿਆ ਉਸਨੂੰ ਘੇਰਨ ਲਈ ਤਿਆਰ ਬੈਠੀ ਹੁੰਦੀ।
ਇਸ ਮਾੜੇ ਸਮੇਂ 'ਚ ਜੇ ਕੋਈ ਚੰਗੀ ਗੱਲ ਹੋਈ, ਤਾਂ ਉਹ ਇਹ ਕਿ ਉਸਦੀ ਵੱਡੀ ਕੁੜੀ ਦਾ ਸਾਕ ਕੈਨੇਡਾ ਹੋ ਗਿਆ ਸੀ। ਛੇਆਂ ਮਹੀਨਿਆਂ ਤਾਈਂ ਵਿਆਹ ਹੋ ਜਾਣਾ ਸੀ।
ਸਰਦੂਲ ਸਿੰਘ ਨੇ ਪੂਰੀ ਸਕੀਮ ਘੜ ਰੱਖੀ ਸੀ।
'ਅਗਲੇ ਸਾਲ ਕੋਠੀ ਵੇਚ ਕੇ ਪੂਰਾ ਪਰਿਵਾਰ ਕੈਨੇਡਾ ਪਹੁੰਚ ਜਾਂਗੇ। ਨਰਸ ਸਾਲ਼ੀ ਨੂੰ ਆਪੇ ਈ ਅਗਲੇ ਚੱਕ ਕੇ ਬਾਹਰ ਮਾਰਨਗੇ, ਨਾਲ਼ੇ ਉਹਤੋਂ ਫੇਰ ਕੀ ਲੈਣਾ ਸਾਲ਼ੀ ਗਸ਼ਤੀ 'ਤੋਂ? ਕਨੇਡਾ ਦੀਆਂ ਮੇਮਾਂ 'ਚ ਫਿਰ ਨਰਸ ਕਿੱਥੇ ਯਾਦ ਰਹਿਣੀ ਆਂ?'
ਇਹ ਮਨਸੂਬੇ ਸਨ ਸਰਦੂਲ ਸਿੰਘ ਦੇ ਆਪਣੀਆਂ ਮੌਜੂਦਾ ਆਰਥਿਕ ਦੁਸ਼ਵਾਰੀਆਂ ਤੋਂ ਨਿਜਾਤ ਪਾਉਣ ਲਈ।
ਪਰ ਹਾਲ ਦੀ ਘੜੀ ਤਾਂ ਉਸਦਾ ਹਰ ਪਾਸਾ ਉਲਟਾ ਹੀ ਪੈ ਰਿਹਾ ਸੀ।
ਇਹਨਾਂ ਤਮਾਮ ਸਮੱਸਿਆਵਾਂ ਦੇ ਬਾਵਜੂਦ, aਸਦੇ ਅੱਖੜ ਸੁਭਾਅ 'ਚ ਕੋਈ ਤਬਦੀਲੀ ਨਹੀਂ ਆਈ ਸੀ। ਆਪਣੇ ਆਪ ਨੂੰ ਰੱਬ ਤੋਂ ਵੀ ਦੋ ਗਿੱਠ ਉਤਾਂਹ ਉਹ ਪਹਿਲਾਂ ਵੀ ਸਮਝਦਾ ਸੀ ਤੇ ਹੁਣ ਵੀ। ਆਸ-ਪਾਸ ਦੇ ਬੰਦੇ ਉਸ ਲਈ ਪਹਿਲਾਂ ਵੀ ਕੀੜੇ-ਮਕੌੜੇ ਸਨ ਤੇ ਹੁਣ ਵੀ। ਆਪਣੇ ਹੱਥੋਂ ਮਰੇ ਨਿਰਦੋਸ਼ ਬੰਦਿਆਂ ਲਈ ਕੋਈ ਅਫ਼ਸੋਸ ਨਾ ਤਾਂ ਪਹਿਲਾਂ ਸੀ ਉਸਨੂੰ ਤੇ ਨਾ ਹੀ ਹੁਣ। ਸਗੋਂ ਉਲਟਾ ਇਹ ਤਾਂ ਉਸਨੂੰ ਆਪਣੀ 'ਬਹਾਦਰੀ ਦੇ ਕਿੱਸੇ' ਲੱਗਦੇ ਸਨ।
ਮੰਦਾ ਬੋਲਣਾ ਤਾਂ ਉਸਦੀਆਂ ਬੇਸ਼ੁਮਾਰ ਮਾੜੀਆਂ ਆਦਤਾਂ 'ਚ ਮੁੱਖ ਤੌਰ 'ਤੇ ਸ਼ੁਮਾਰ ਸੀ।
ਨਾ ਮੰਦਾ ਬੋਲਣ ਤੋਂ ਪਹਿਲਾਂ ਉਸਨੇ ਕਦੇ ਸੋਚਿਆ ਸੀ, ਤੇ ਨਾ ਮੰਦਾ ਬੋਲਣ ਤੋਂ ਬਾਅਦ 'ਚ ਕਦੇ ਅਫ਼ਸੋਸ ਹੀ ਕੀਤਾ ਸੀ।
ਇਹੋ ਜਿਹਾ ਹੀ ਬੇਕਿਰਕ ਜ਼ਹਿਰੀ ਆਦਮੀ ਸੀ ਸਰਦੂਲ ਸਿੰਘ ਏ.ਐੱਸ.ਆਈ.। ਤੇ ਉਸ 'ਪਿੱਦੀ ਜਿਹੇ ਛੋਕਰੇ' ਦੀ ਇਹ ਬਿਸਾਤ, ਕਿ ਸਰਦੂਲ ਸਿੰਘ 'ਬੰਦੇ ਚੱਕ' ਨੂੰ ਅੱਗਿਉਂ ਮੂੰਹ-ਤੋੜਵਾਂ ਜਵਾਬ ਦੇ ਜਾਵੇ? ਜਿਸ ਸਰਦੂਲ ਸਿੰਘ ਦੇ ਪਰਛਾਵੇਂ ਤੋਂ ਵੀ ਅੱਧਾ ਪੰਜਾਬ ਤ੍ਰਹਿ ਕੇ ਲੰਘਦਾ ਰਿਹਾ, ਇੱਕ 'ਪਿੱਦੀ ਜਿਹਾ ਛੋਕਰਾ' ਉਸਦੇ ਮੂੰਹ 'ਤੇ ਥੁੱਕ ਗਿਆ ਤੇ ਉਹ ਦੇਖਦਾ ਹੀ ਰਹਿ ਗਿਆ?
ਸਰਦੂਲ ਸਿੰਘ ਨੂੰ ਯਕੀਨ ਜਿਹਾ ਨਹੀਂ ਹੋ ਰਿਹਾ ਸੀ ਕਿ ਆਖ਼ਿਰ ਉਸ ਨੂੰ ਹੋ ਕੀ ਗਿਆ ਸੀ? ਆਖ਼ਿਰ ਉਸ ਛੋਕਰੇ ਦੀ ਆਵਾਜ਼ 'ਚ ਅਜਿਹੀ ਕਿਹੜੀ ਗੱਲ ਸੀ ਕਿ ਉਹ ਬੈਠਾ ਉਸਦੇ ਮੂੰਹ ਵੱਲ ਝਾਕੀ ਗਿਆ, ਤੇ ਉਹ ਛੋਕਰਾ ਬੇਖ਼ੌਫ਼ ਹੋ ਕਾੜ੍ਹ-ਕਾੜ੍ਹ ਬੋਲੀ ਗਿਆ?
'ਕਿਤੇ ਪਿਲਪਿਲਾ ਤਾਂ ਨੀਂ ਹੋ ਗਿਆ ਸਰਦੂਲ ਸਿਆਂ?'
ਮਨ ਹੀ ਮਨ ਆਪਣੇ ਆਪ ਨੂੰ ਇਹ ਸਵਾਲ ਕਰਕੇ ਸਰਦੂਲ ਸਿੰਘ ਨੂੰ ਤੇਜਵੀਰ ਦੇ ਨਾਲ਼-ਨਾਲ਼ ਆਪਣੇ ਆਪ 'ਤੇ ਵੀ ਗੁੱਸਾ ਚੜ੍ਹੀ ਜਾ ਰਿਹਾ ਸੀ।
ਗੁੱਸੇ ਦੀ ਅਧਿਕਤਾ ਕਾਰਣ ਸਰਦੂਲ ਸਿੰਘ ਦੀਆਂ ਅੱਖਾਂ ਲਾਲ ਹੋ ਗਈਆਂ, ਬੁੱਲ੍ਹ ਫਰਕਣ ਲੱਗ ਪਏ ਤੇ ਉਹ ਮੁੱਠੀਆਂ ਮੀਚ ਕੇ ਕੁਰਸੀ 'ਤੋਂ ਉੱਠਦਿਆਂ ਹੋਇਆਂ ਗਰਜਿਆ।
"ਤੇਰੀ ਭੈਣ ਦੀ ਉਏ…!"
"ਜਨਾਬ ਕੰਟਰੋਲ ਕਰੋ! ਅਗਲਾ ਤਾਂ ਕਦੋਂ ਦਾ ਚਲਾ ਗਿਆ ਜੀ! ਨਾਲ਼ੇ ਮੌਕਾ ਸਾਂਭੋ ਜਨਾਬ, ਆਲ਼ੇ-ਦੁਆਲ਼ੇ ਕੈਮਰੇ ਈ ਕੈਮਰੇ ਫਿਰਦੇ ਆ!"
ਉਸਦੇ ਸਿਰ 'ਤੇ ਖੜ੍ਹੇ ਸਿਪਾਹੀ ਨੇ ਉਸਦੇ ਕੰਨ 'ਚ ਫੁਸਫੁਸਾ ਕੇ ਉਸਨੂੰ ਸੁਚੇਤ ਕੀਤਾ।
ਸਿਪਾਹੀ ਦੀ ਆਵਾਜ਼ ਸੁਣ ਕੇ ਸਰਦੂਲ ਸਿੰਘ ਸ਼ਰਮ ਨਾਲ਼ ਪਾਣੀ-ਪਾਣੀ ਹੋ ਗਿਆ। ਉਸਦਾ ਤਾਂ ਉਸਨੂੰ ਖ਼ਿਆਲ ਹੀ ਭੁੱਲ ਗਿਆ ਸੀ।
'ਉਹ-ਹੋ…! ਕੱਲ੍ਹ ਤੱਕ ਜਿਸ ਦੀ 'ਜੀ ਜਨਾਬ' ਤੋਂ ਬਿਨਾਂ ਉਸਦੇ ਸਾਹਮਣੇ ਜ਼ੁਬਾਨ ਨੀਂ ਸੀ ਖੁੱਲ੍ਹਦੀ, ਅੱਜ ਉਹ ਇੱਕ ਅਦਨਾ ਜਿਹਾ ਸਿਪਾਹੀ, ਉਸਨੂੰ ਮੱਤਾਂ ਵੀ ਦੇਣ ਲੱਗ ਪਿਆ? ਕੱਲ੍ਹ ਤੱਕ ਜਿਹੜਾ ਉਸਦੀ ਦਹਿਸ਼ਤ ਦੇ ਕਿੱਸੇ ਸੁਣ ਕੇ ਕੰਨਾਂ ਨੂੰ ਹੱਥ ਲਾ ਲੈਂਦਾ ਸੀ, ਅੱਜ ਉਹੀ ਉਸਦਾ ਮਾਤਹਤ ਇੱਕ ਦੋ ਕੌਡੀ ਦੇ ਛੋਕਰੇ ਹੱਥੋਂ ਹੋਈ ਉਸਦੀ ਬੇਇੱਜ਼ਤੀ ਦਾ ਗਵਾਹ ਬਣ ਗਿਆ ਸੀ? ਸਾਲ਼ਾ ਇੱਕ ਦੀਆਂ ਚਾਰ-ਚਾਰ ਲਾ ਕੇ, ਸੁਆਦ ਲੈ-ਲੈ ਬਕੂ ਹੁਣ ਸਭ ਦੇ ਸਾਹਮਣੇ! ਕੀ ਇੱਜ਼ਤ ਰਹਿ ਗਈ ਸੀ ਉਸਦੀ ਹੁਣ ਆਪਣੇ ਮਾਤਹਤਾਂ ਦੇ ਸਾਹਮਣੇ? ਪੱਚੀਆਂ ਸਾਲਾਂ ਦਾ ਕਮਾਇਆ ਨਾਂ ਉਹ ਪੱਤਰਕਾਰ ਛੋਕਰਾ ਦੋ ਮਿੰਟਾਂ 'ਚ ਮਿੱਟੀ 'ਚ ਰੋਲ਼ ਕੇ ਤੁਰਦਾ ਬਣਿਆ, ਤੇ ਉਹ ਹੱਥ 'ਤੇ ਹੱਥ ਧਰੀ ਬੈਠਾ ਰਿਹਾ?'
ਸੋਚਦੇ ਸਰਦੂਲ ਸਿੰਘ ਨੂੰ ਹੁਣ ਸਿਪਾਹੀ ਨਾਲ਼ ਨਜ਼ਰਾਂ ਮਿਲਾਉਣੀਆਂ ਔਖੀਆਂ ਹੋ ਰਹੀਆਂ ਸਨ।
"ਪਰ ਜਨਾਬ! ਮੁੰਡਾ ਬੇਜ਼ਤੀ ਜਹੀ ਵਾਹਵਾ ਕਰ ਗਿਆ ਜੀ! ਪਰ ਤੁਸੀਂ ਹੁਣ ਪਾਓ ਮਿੱਟੀ! ਇਹ ਪੱਤਰਕਾਰ ਤਾਂ ਸਾਲ਼ੇ ਐਵੇਂ ਕੁੱਤਿਆਂ ਆਂਗੂੰ ਭੌਂਕਦੇ ਈ ਰਹਿੰਦੇ ਨੇ, ਇਹਨਾਂ ਦੇ ਮੂੰਹ ਕਾਹਨੂੰ ਲੱਗਣਾ ਜੀ! ਨਾਲ਼ੇ ਅਗਲਾ ਤਾਂ ਆਵਦੀਆਂ ਚਾਰ ਸੁਣਾ ਕੇ ਡੰਡੀ ਪੈ ਗਿਆ, ਹੁਣ ਲਕੀਰ ਪਿੱਟਣ ਦਾ ਕੀ ਫੈਦਾ?"
ਸਿਪਾਹੀ ਉੱਪਰੋਂ-ਉੱਪਰੋਂ ਮੱਲ੍ਹਮ ਦਾ ਦਿਖਾਵਾ ਕਰ, ਉੱਕਾ ਈ ਲੂਣ ਦਾ ਬੁੱਕ ਭੁੱਕ ਗਿਆ ਸਰਦੂਲ ਸਿੰਘ ਦੇ ਅੱਲ੍ਹੇ ਫੱਟਾਂ 'ਤੇ।
ਸਰਦੂਲ ਸਿੰਘ ਅੰਦਰੋਂ-ਅੰਦਰੀਂ ਤੜਫ਼ ਕੇ ਰਹਿ ਗਿਆ।
"ਤੂੰ ਚੁੱਪ ਕਰ ਉਏ ਵੱਡਿਆ ਸਲਾਹਕਾਰਾ!" ਸਿਪਾਹੀ ਨੂੰ ਘੁਰਕੀ ਲੈ ਕੇ ਪੈਂਦਿਆਂ ਸਰਦੂਲ ਸਿੰਘ ਬੋਲਿਆ, "ਉਹਦੀ ਤਾਂ ਮੈਂ ਐਹੋ ਜਿਹੀ ਤਹਿ ਲਾਊਂ ਕਿ ਸੱਤ ਪੁਸ਼ਤਾਂ ਤੱਕ 'ਲਾਦਾਂ ਗੂੰਗੀਆਂ ਜੰਮਣਗੀਆਂ ਮੇਰੇ ਸਾਲ਼ੇ ਦੀਆਂ! ਸਰਦੂਲ ਸਿੰਘ ਏ.ਐੱਸ.ਆਈ. ਸਾਹਮਣੇ ਮੂੰਹ ਖੋਲ੍ਹਣ ਵਾਲ਼ਿਆਂ ਦੇ ਮੋਢਿਆਂ 'ਤੇ ਸਿਰ ਨੀਂ ਬਚਿਆ ਅੱਜ ਥਾਈਂ ਦੱਸਾਂ ਮੈਂ ਤੈਨੂੰ! ਤੂੰ ਦੇਖਦਾ ਜਾਹ ਕੇਰਾਂ ਹੁਣ ਬਣਦਾ ਕੀ ਆ ਮੇਰੇ ਸਾਲ਼ੇ ਦਾ!"
"ਆਜੋ ਜਨਾਬ, ਲਾਸ਼ ਲਹਾ ਲੋ ਥੱਲੇ। ਉਹਨਾਂ ਦਾ ਕੰਮ ਤਾਂ ਨਿੱਬੜ ਗਿਆ।" ਅੰਦਰੋਂ ਇੱਕ ਸਿਪਾਹੀ ਨੇ ਸਰਦੂਲ ਸਿੰਘ ਨੂੰ ਆਣ ਕਿਹਾ।
"ਉਏ ਖੜ੍ਹ ਜਾ, ਕਰਦਾਂ ਤੇਰਾ ਵੀ ਸਿਆਪਾ!" ਸਤੇ ਹੋਏ ਸਰਦੂਲ ਸਿੰਘ ਨੇ ਅੰਦਰੋਂ ਆਏ ਸਿਪਾਹੀ ਨੂੰ ਆਖਦਿਆਂ ਨਾਲ਼ ਖੜ੍ਹੇ ਸਿਪਾਹੀ ਨੂੰ ਕਿਹਾ, "ਤੁਸੀਂ ਚੱਲੋ ਅੰਦਰ, ਮੈਂ ਆਇਆ ਇੱਕ ਮਿੰਟ 'ਚ।"
ਉਹ ਦੋਨੋਂ ਕਮਰੇ ਵੱਲ ਰਵਾਨਾ ਹੋ ਗਏ।
ਸਰਦੂਲ ਸਿੰਘ ਨੇ ਜੇਬ 'ਚੋਂ ਮੋਬਾਈਲ ਕੱਢਿਆ ਤੇ 'ਰੋਜ਼ਾਨਾ ਖ਼ਬਰਨਾਮਾ' ਦੇ ਅਸਿਸਟੈਂਟ ਐਡੀਟਰ-ਇਨ-ਚੀਫ਼ ਮੋਹਨ ਸਿੰਘ ਬੈਂਸ ਦਾ ਨੰਬਰ ਮਿਲਾਇਆ।
ਮੋਹਨ ਸਿੰਘ ਨਾਲ਼ ਉਸਦੀ ਸਹੁਰੇ ਵਾਲ਼ੇ ਪਾਸਿਓਂ ਰਿਸ਼ਤੇਦਾਰੀ ਪੈਂਦੀ ਸੀ। ਮੋਹਨ ਸਿੰਘ ਦੀ ਲੜਕੀ ਦੀ ਛੱਡ-ਛਡਾਈ ਦੇ ਮਾਮਲੇ 'ਚ ਸਰਦੂਲ ਸਿੰਘ ਨੇ ਉਸਦੀ ਕਾਫ਼ੀ ਮੱਦਦ ਕੀਤੀ ਸੀ। ਸਰਦੂਲ ਸਿੰਘ ਦੀ ਪਹੁੰਚ ਸਦਕਾ ਹੀ ਮੋਹਨ ਸਿੰਘ ਨੇ ਆਪਣੇ ਕੁੜਮਾਂ 'ਤੇ ਤਿੰਨ-ਚਾਰ ਝੂਠੇ ਕੇਸ ਪੁਆ ਕੇ ਮੋਟੀ ਰਕਮ ਵੀ ਕਢਵਾਈ ਸੀ ਤੇ ਕੁੜੀ ਨੂੰ ਤਲਾਕ ਅਤੇ ਬੱਚੇ ਦੀ ਕਸਟਡੀ ਵੀ ਦੁਆਈ ਸੀ। ਭਾਵੇਂ ਸਰਦੂਲ ਸਿੰਘ ਨੇ 'ਉੱਪਰਲੇ ਖ਼ਰਚੇ' ਦਾ ਹਵਾਲਾ ਦੇ ਕੇ ਚੋਖਾ ਹਿੱਸਾ ਝਟਕ ਲਿਆ ਸੀ, ਪਰ ਫੇਰ ਵੀ ਕੰਮ ਹੋਣ ਸਦਕਾ ਮੋਹਨ ਸਿੰਘ ਉਸਦਾ ਥੋੜ੍ਹਾ-ਬਹੁਤ ਅਹਿਸਾਨ ਵੀ ਮੰਨਦਾ ਸੀ।
"ਹਾਂ ਜੀ ਬੈਂਸ ਸਾਅਬ…ਹਾਂ ਜੀ, ਆਰ-ਪਰਿਵਾਰ ਸਭ ਰਾਜ਼ੀ-ਬਾਜ਼ੀ…ਤੁਸੀਂ ਸੁਣਾਓ, ਕੀ ਹਾਲ-ਚਾਲ ਨੇ? …ਬੱਸ ਹਾਲ ਨਾ ਪੁੱਛੋ ਬੈਂਸ ਸਾਅਬ, ਥੋਡੇ ਮੂੰਹੋਂ ਈ ਚੁੱਪ ਰਹਿ ਗਿਆ ਮੈਂ ਤਾਂ…ਹੋਣਾ ਕੀ ਆ ਜੀ, ਆਹ ਹੋਸਟਲ 'ਚ ਵਾਰਦਾਤ ਹੋਈ ਆ ਨਾ ਜਿਹੜੀ? …ਹਾਂ ਜੀ, ਉਹ ਮਾਅਰਾਜ ਕੇਹੋ ਜਿਹੇ ਬੰਦੇ ਨੂੰ ਕਵਰ ਕਰਨ ਲਈ ਭੇਜਤਾ ਤੁਸੀਂ? …ਨਈਂ-ਨਈਂ, ਉਹਦੀ ਗੱਲ ਨੀਂ ਕਰਦਾ ਮੈਂ। ਉਹਦੇ ਨਾਲ਼ ਆਇਆ ਸੀ ਨਾ ਨਵਾਂ ਰੰਗਰੂਟ…ਹਾਂ ਜੀ ਉਹੀ ਤੇਜਵੀਰ ਕਰਕੇ…ਉਹ ਮਾਅਰਾਜ ਦਸ ਬੰਦਿਆਂ ਦੇ ਸਾਹਮਣੇ ਅਵਾ-ਤਵਾ ਬੋਲ ਗਿਆ ਮੈਨੂੰ…ਹੋਣਾ ਕੀ ਆ ਜੀ…ਪੱਤਰਕਾਰ ਸਾਲ਼ਾ ਬਾਅਦ 'ਚ ਬਣਿਆ, ਪੁਲ਼ਸ ਨੂੰ ਗਾਲ਼ਾਂ ਕੱਢਣ ਦਾ ਲਸੰਸ ਪਹਿਲਾਂ ਈ ਲੈ ਲਿਆ ਲੱਗਦਾ ਉਹਨੇ…ਆਹੀ ਤਾਂ ਮੈਂ ਹਰਾਨ ਆਂ ਬਈ ਥੋਡੇ ਅਖ਼ਬਾਰ 'ਚ ਤਾਂ ਇਉਂ ਨੀਂ ਹੁੰਦਾ…ਉਹ ਤਾਂ ਜੀ ਚੰਗੀ ਲਾਹ-ਪਾਹ ਕਰ ਗਿਆ ਮੇਰੀ, ਬੱਸ ਥੋਡਾ ਖਿਆਲ ਜਿਹਾ ਕਰਕੇ ਚੁੱਪ ਕਰ ਗਿਆ ਮੈਂ…ਨਾ ਜੀ, ਉਹ ਗਗਨ ਵੀ ਕਾਹਤੋਂ ਬੋਲਿਆ…ਨਈਂ ਵੈਸੇ ਉਹਨੇ ਤਾਂ ਕੋਈ ਚੰਗੀ-ਮਾੜੀ ਨੀ ਕਹੀ, ਪਰ ਰੋਕਿਆ ਵੀ ਨਹੀਂ ਨਾ… ਸ਼ੈਅ ਦਿੱਤੀ ਹੋਣੀ ਆਂ ਉਹਨੇ ਵੀ…ਤਾਂ ਹੀ ਤਾਂ ਆਪਣੇ ਸੀਨੀਅਰ ਦੀ ਮੌਜੂਦਗੀ 'ਚ … ਮੈਂ ਕਿਹਾ ਥੋਡੇ ਅਖ਼ਬਾਰ ਦੀ ਤਾਂ ਜਮਾਂ ਈ ਪੱਟੀ ਮੇਸ ਕਰ ਗਿਆ ਬੈਂਸ ਸਾਅਬ…ਪੁੱਛੋ ਨਾ ਮਾਅਰਾਜ, ਧੇਲੇ ਦੀ ਅਕਲ ਨੀਂ ਬੋਲਣ ਦੀ, ਪਤਾ ਨੀਂ ਕਿਵੇਂ ਰੱਖ ਲਿਆ ਤੁਸੀਂ…ਅੱਛਾ?? …ਤਾਂ ਹੀ…ਮੈਂ ਵੀ ਕਹਾਂ ਬਈ ਬੈਂਸ ਸਾਅਬ ਤਾਂ ਬੰਦਾ ਕੁ ਬੰਦਾ ਪਰਖੇ ਤੋਂ ਬਿਨਾਂ…ਮੈਂ ਕਿਹਾ ਮਾਅਰਾਜ ਕੱਢ ਕੇ ਬਾਹਰ ਮਾਰੋ ਐਹੋ-ਜਿਹੇ ਬੰਦੇ ਨੂੰ…ਨਾਲ਼ੇ ਖ਼ਬਰਨਾਮੇ ਨੂੰ ਕਿਤੇ ਪੱਤਰਕਾਰਾਂ ਦਾ ਘਾਟੈ? …ਬਾਅਅਸ…ਬਿਲਕੁਲ ਠੀਕ ਬੈਂਸ ਸਾਅਬ…ਅੱਜ ਈ ਪੱਤਾ ਕੱਟੋ ਮਾਅਰਾਜ ਉਹਦਾ…ਹੋਰ ਸੁਣਾਓ ਕੁੜੀ ਤਾਂ ਖ਼ੁਸ਼ ਆ ਨਾ ਜੀ ਹੁਣ ਆਪਣੀ? ਹੁਣ ਤਾਂ ਨੀ ਕੋਈ ਤਕਲੀਫ਼-ਤਕਲੂਫ਼? ਹੁਣ ਤਾਂ ਨੀ ਕੀਤੀ ਕੋਈ ਤਿੰਨ-ਪੰਜ ਉਹਨਾਂ…ਲਓ ਮਾਅਰਾਜ ਜਿਹੋ ਜਿਹੀ ਥੋਡੀ ਧੀ ਉਹੋ ਜਿਹੀ ਮੇਰੀ…ਲਓ ਆਹ ਕੰਮ ਜਿਹਾ ਹੁਣ ਕਰ ਦਿਓ ਕੇਰਾਂ…ਦੇਖਿਓ ਕਿਤੇ ਮਾਣ ਜਿਹੇ ਨਾਲ਼ ਕਿਹਾ ਮੈਂ ਥੋਨੂੰ, ਨਹੀਂ ਤਾਂ ਥੋਨੂੰ ਪਤਾ ਈ ਆ ਬਈ ਠੀਕ ਤਾਂ ਮੈਂ ਆਪ ਈ ਕਰ ਲੈਣਾ ਸੀ…ਠੀਕ ਆ ਜੀ…ਚੰਗਾ ਜੀ…ਸਾਅਸਰੀ ਕਾਲ।"
'ਲੈ ਹੁਣ ਸਾਲ਼ੇ ਦੀ ਨੌਕਰੀ ਤਾਂ ਗਈ ਅੱਜ, ਬਾਕੀ ਮਾੜਾ ਜਿਹਾ ਵਿਹਲਾ ਹੋ ਲਾਂ ਏਸ ਝੰਜਟ ਤੋਂ, ਬਚ ਕੇ ਕਿੱਥੇ ਜਾਣਾ ਮੇਰੇ ਸਾਲ਼ੇ ਨੇ? ਭੁੱਕੀ ਦੀ ਬੋਰੀ ਪਈ ਆ ਚੌਂਕੀ, ਉਹੀ ਪਾ ਕੇ ਮੇਰੇ ਸਾਲ਼ੇ ਨੂੰ ਘੜੀਸਦਾ ਲਿਆਊਂ ਚੌਂਕੀ, ਜਾਂ ਕੋਈ ਹੋਰ ਜੁਗਤ ਲੱਗ ਜੂ। ਫੇਰ ਲੱਭਿਆਂ ਨੀ ਲੱਭਣਾ ਮੇਰੇ ਸਾਲ਼ੇ ਦਾ ਵੱਡਾ ਪੱਤਰਕਾਰ। ਅਖੇ ਕਲਮ ਦੀ ਤਾਕਤ ਨੀਂ ਦੇਖੀ। ਤੂੰ ਸਾਲ਼ਿਆ ਸਰਦੂਲ ਸਿੰਘ ਦੇ ਡੰਡੇ ਦੀ ਤਾਕਤ ਨੀਂ ਦੇਖੀ ਅਜੇ। ਜਦੋਂ ਪਿਆ ਚਿੱਤੜਾਂ 'ਤੇ ਤਾਂ ਲੇਰਾਂ ਦੇਖੀਂ ਕਿਵੇਂ ਨਿੱਕਲਦੀਆਂ ਮੇਰੇ ਸਾਲ਼ੇ ਦੀਆਂ।'
ਮਨ ਹੀ ਮਨ ਆਪਣੇ ਆਪ ਨਾਲ਼ ਹੀ ਗੱਲਾਂ ਕਰਦਾ ਸਰਦੂਲ ਸਿੰਘ, ਅਨਮਨੇ ਜਿਹੇ ਢੰਗ ਨਾਲ਼ ਵਾਰਦਾਤ ਵਾਲ਼ੇ ਕਮਰੇ ਵੱਲ ਵਧ ਗਿਆ।
ਇੱਕ ਪੁਲਿਸ ਅਫ਼ਸਰ ਹੋਣ ਨਾਤੇ ਆਪਣੀ ਡਿਊਟੀ ਨਿਭਾਉਣ ਪ੍ਰਤੀ ਉਸਦੀ ਕੋਈ ਦਿਲਚਸਪੀ ਨਹੀਂ ਸੀ।
ਫਿਰ ਇਸ ਕੇਸ ਦਾ ਤਾਂ ਉਹ 'ਖ਼ੁਦਕੁਸ਼ੀ' ਕਹਿ ਕੇ ਪਹਿਲਾਂ ਹੀ ਭੋਗ ਪਾ ਚੁੱਕਾ ਸੀ।
+++++
ਤੇਜਵੀਰ ਤੇ ਗਗਨ ਦੇ ਦਫ਼ਤਰ ਪਹੁੰਚਦਿਆਂ-ਪਹੁੰਚਦਿਆਂ ਦੁਪਹਿਰ ਢਲ਼ ਗਈ ਸੀ।
ਰਿਸੈਪਸ਼ਨ 'ਤੇ ਸਾਰਿਕਾ ਫ਼ੋਨ ਸੁਣਨ 'ਚ ਰੁੱਝੀ ਸੀ।
ਤੇਜਵੀਰ 'ਤੇ ਨਿਗ੍ਹਾ ਪੈਂਦੇ ਸਾਰ ਹੀ ਸਾਰਿਕਾ ਦੀਆਂ ਵਾਛਾਂ ਖਿੜ ਗਈਆਂ।
"ਹਾਏ!"
ਚਿਹਰੇ 'ਤੇ ਸ਼ਰਮੀਲੀ ਜਿਹੀ ਮੁਸਕੁਰਾਹਟ ਲਿਆ ਕੇ ਸਾਰਿਕਾ ਨੇ ਕਿਹਾ, ਤਾਂ ਤੇਜਵੀਰ ਨੂੰ ਇਉਂ ਲੱਗਿਆ ਜਿਵੇਂ ਉਸਦੇ ਕੰਨਾਂ 'ਚ ਮਿਸ਼ਰੀ ਘੁਲ਼ ਗਈ ਹੋਵੇ। ਸਾਰਿਕਾ ਦੀ ਮੁਸਕੁਰਾਹਟ ਐਤਕੀਂ ਉਸਨੂੰ 'ਬ੍ਰੈਂਡਡ' ਜਿਹੀ ਨਾ ਲੱਗੀ। ਲਾਲ-ਲਾਲ ਗੱਲ੍ਹਾਂ ਸਗੋਂ ਹੋਰ ਲਾਲ ਹੋ ਗਈਆਂ ਸਨ। ਸਾਹਾਂ ਦੀ ਰਫ਼ਤਾਰ ਵੀ ਸਧਾਰਨ ਤੋਂ ਥੋੜ੍ਹੀ ਤੇਜ਼ ਹੋ ਗਈ ਸੀ।
ਤੇਜਵੀਰ ਨੂੰ ਸਾਰਿਕਾ ਪ੍ਰਤੀ ਅਜੀਬ ਜਿਹੀ ਖਿੱਚ ਪ੍ਰਤੀਤ ਹੋ ਰਹੀ ਸੀ। ਕੁੜੀ ਤਾਂ ਉਹ ਉਸਨੂੰ ਪਹਿਲੀ ਨਜ਼ਰੇ ਹੀ ਚੰਗੀ ਲੱਗੀ ਸੀ, ਪਰ ਐਤਕੀਂ ਪਤਾ ਨਹੀਂ ਕਿਉਂ ਉਸਦੀਆਂ ਨੀਮ-ਨਸ਼ੀਲੀਆਂ ਮਿਕਨਾਤੀਸੀ ਅੱਖਾਂ ਉਸਦੇ ਵਜੂਦ 'ਚ ਧਸੀਆਂ ਜਾ ਰਹੀਆਂ ਸਨ। ਕੁੜੀ ਦੀਆਂ ਨਜ਼ਰਾਂ 'ਚ ਪਤਾ ਨਹੀਂ ਕੀ ਚੁੰਬਕ ਜੜ ਗਿਆ ਸੀ ਕਿ ਤੇਜਵੀਰ ਚਾਹੁਣ ਦੇ ਬਾਵਜੂਦ ਵੀ, ਉਸ 'ਤੋਂ ਨਜ਼ਰਾਂ ਨਹੀਂ ਹਟਾ ਪਾ ਰਿਹਾ ਸੀ। ਉਸਦਾ ਸਾਰਾ ਵਜੂਦ ਓਸ ਕੁੜੀ ਦਿਆਂ ਨੈਣਾਂ 'ਚ ਗੁਆਚਦਾ ਜਾ ਰਿਹਾ ਸੀ। ਦਿਲੋ-ਦਿਮਾਗ਼ 'ਤੇ ਇੱਕ ਅਜੀਬ ਜਿਹਾ ਨਸ਼ਾ ਤਾਰੀ ਹੋ ਰਿਹਾ ਸੀ। ਇਹ ਤਾਂ ਨਹੀਂ ਸੀ ਕਿ ਉਹ ਕਦੇ ਕਿਸੇ ਸੋਹਣੀ ਕੁੜੀ ਦੇ ਰੂਬਰੂ ਨਹੀਂ ਹੋਇਆ ਸੀ, ਪਰ ਇਉਂ ਆਪਣੀ ਖ਼ੁਦੀ ਤੋਂ ਬੇਕਾਬੂ ਤਾਂ ਉਹ ਕਦੇ ਨਹੀਂ ਹੋਇਆ ਸੀ।
"ਹੈਲੋ!" ਤੇਜਵੀਰ ਨੇ ਵੀ ਮੁਸਕੁਰਾ ਕੇ ਉਸਦੀ 'ਹਾਏ' ਦਾ ਜਵਾਬ ਦਿੱਤਾ।
"ਉਏ! ਹਮ ਭੀ ਖੜੇ ਹੈਂ ਤੇਰੀ ਰਾਹੋਂ ਮੇਂ ਬੱਲੀਏ! ਨਾ ਯਾਰਾਂ ਦੇ ਹੈਲੋ ਬੋਲਣ 'ਤੇ ਤਾਂ ਤੋਪਾਂ ਦੇ ਮੂੰਹ ਖੋਲ੍ਹ ਦਿੰਨੀ ਆਂ, ਤੇ ਆਹ ਪਤੰਦਰ ਕਿੱਧਰੋਂ ਦਾ ਯੂਸਫ਼ ਆ ਬਈ ਪਹਿਲੋਂ ਈ ਕਾਲ਼ਜੇ 'ਤੇ ਹੱਥ ਰੱਖ ਕੇ 'ਹਾਏ-ਹਾਏ' ਨਿੱਕਲਗੀ ਤੇਰੀ?"
ਗਗਨ ਨੇ ਸ਼ਰਾਰਤ ਨਾਲ਼ ਨਕਲੀ ਜਿਹਾ ਗੁੱਸਾ ਜ਼ਾਹਰ ਕਰਦਿਆਂ ਟਪਲਾ ਛੱਡਿਆ, ਤਾਂ ਸਾਰਿਕਾ ਨੇ ਉਸ ਵੱਲ ਅੱਖਾਂ ਤਰੇਰ ਕੇ ਵੇਖਿਆ।
"ਠੀਕ ਆ ਬਈ ਠੀਕ ਆ! ਕਬੂਤਰ ਕਬੂਤਰੀ ਕਲੋਲਾਂ ਕਰਦੇ ਸੀ ਤੇ ਮੈਂ ਗੁਲੇਲ ਕੱਢ ਮਾਰੀ…ਹੈਂਅ?!? ਤਾਂ ਹੀ ਐਡੇ-ਐਡੇ ਡੇਲੇ ਕੱਢ ਕੇ ਘੂਰਨ ਲੱਗੀਂ ਐਂ ਮਿੱਤਰਾਂ ਨੂੰ? ਨਾ ਮੈਂ ਕਿਹੜਾ ਤੇਰਾ ਕਿੰਨੂਆਂ ਦਾ ਬਾਗ਼ ਉਜਾੜਤਾ, ਤੇ ਏਸ ਪਤੰਦਰ ਨੇ ਕਿਹੜੇ ਬਾਗ਼ ਲੁਆਤੇ ਤੈਨੂੰ ਨਾਸ਼ਪਾਤੀਆਂ ਦੇ?!"
"ਇਨਫ਼ ਇਜ਼ ਇਨਫ਼ ਗਗਨ! ਜਸਟ ਸ਼ੱਟ ਅੱਪ!"
"ਵਾਹ ਉਏ ਕਿਸਮਤ ਦਿਆ ਬਲੀਆ, ਰਿੱਝੀ ਖੀਰ ਤੇ ਬਣ ਗਿਆ ਦਲ਼ੀਆ! ਯਾਰ ਹੋਣੀਂ ਦੋਂਹ ਸਾਲਾਂ ਤੋਂ ਨਿਸ਼ਾਨੇ ਸਿੱਧਦੇ ਰਹਿ ਗਏ ਤੇ ਲਾ ਕੋਈ ਹੋਰ ਈ ਗਿਆ!"
ਗਗਨ ਨੇ ਬੜੇ ਡਰਾਮਾਈ ਅੰਦਾਜ਼ 'ਚ ਇਉਂ ਮੱਥੇ 'ਤੇ ਹੱਥ ਮਾਰ ਕੇ ਕਿਹਾ ਕਿ ਰੋਕਦਿਆਂ ਰੋਕਦਿਆਂ ਵੀ ਸਾਰਿਕਾ ਦਾ ਹਾਸਾ ਛੁੱਟ ਗਿਆ।
"ਦੇਖਿਆ? 'ਚਿੱਟੇ ਦੰਦ ਹੱਸਣੋ ਨੀਂ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ', ਪਰ ਲੋਕੀ ਐਵੇਂ ਈ ਨੀ ਸ਼ੱਕ ਕਰਦੇ ਹੁੰਦੇ ਮਾਂ ਦੀਏ ਮੋਮਬੱਤੀਏ!"
"ਬੱਸ ਕਰ ਯਾਰ ਗਗਨ!"
"ਲਉ ਦੇਖ ਲਉ! ਅਖੇ 'ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ'। ਗੱਲ ਕਿੱਥੇ ਵੱਜੀ ਤੇ ਚੀਕ ਕਿੱਥੋਂ ਨਿੱਕਲੀ! ਐਵੇਂ ਤਾਂ ਨੀ ਸਿਆਣੇ ਸੱਚ ਆਖਦੇ ਬਈ ਇਸ਼ਕ ਤੇ ਮੁਸ਼ਕ ਛੁਪਾਇਆਂ ਨਹੀਉਂ ਛੁਪਦੇ, ਇਹ ਜ਼ਾਹਰ ਹੋ ਈ ਜਾਂਦੇ ਆ ਵੀਰ ਮੇਰੇ!"
"ਉਏ ਬਖ਼ਸ਼ ਲਾ ਭਰਾਵਾ, ਬੱਸ ਕਰ ਹੁਣ!"
"ਚੰਗਾ ਫੇਰ ਕਰੋ ਕਲੋਲਾਂ ਤੁਸੀਂ, ਮੈਂ ਕਾਹਨੂੰ ਕਬਾਬ 'ਚ ਹੱਡੀ ਬਣਦਾ ਫਿਰਾਂ? ਮੈਂ ਚੱਲਦਾਂ ਆਪਣੇ ਕੈਬਿਨ 'ਚ, ਅਹੁ ਸਾਹਮਣੇ ਈ ਆ, ਓਥੇ ਈ ਆ ਜੀਂ ਹੀਰ ਦੀ ਚੂਰੀ ਖਾ ਕੇ ਰਾਂਝਿਆ!"
ਆਪਣੇ ਕੈਬਿਨ ਵੱਲ ਨੂੰ ਇਸ਼ਾਰਾ ਮਾਰਦਿਆਂ, ਗਗਨ ਹਾਲੇ ਤੁਰਿਆ ਹੀ ਸੀ ਕਿ ਸਾਰਿਕਾ ਨੇ ਉਸਨੂੰ ਪਿਛਿਉਂ ਆਵਾਜ਼ ਲਗਾ ਦਿੱਤੀ।
"ਹਾਂ ਸੱਚ ਗਗਨ…!"
"ਉਏ ਦੇਖੀਂ ਭਾਈ! ਇਹ ਕੀ ਭਾਣਾ ਵਰਤ ਗਿਆ? ਰਾਂਝਾ ਚਾਕ ਸਾਹਮਣੇ ਖੜ੍ਹਾ ਤੇ ਵਾਜਾਂ ਸੈਦੇ ਕਾਣੇ ਨੂੰ ਮਾਰੀ ਜਾਨੀ ਐਂ?"
ਉਸਨੇ ਇੱਕ ਅੱਖ ਬੰਦ ਕਰਕੇ ਫਿਰ ਟਪਲਾ ਛੱਡਿਆ।
ਉਸਦੀ ਚੁਹਲਬਾਜ਼ੀ ਨੂੰ ਨਜ਼ਰਅੰਦਾਜ਼ ਕਰਦਿਆਂ, ਸਾਰਿਕਾ ਨੇ ਗੰਭੀਰਤਾ ਨਾਲ ਕਿਹਾ, "ਗਗਨ! ਬੈਂਸ ਸਾਹਬ ਕਈ ਵਾਰੀ ਪੁੱਛ ਚੁੱਕੇ ਨੇ ਤੇਰੇ ਬਾਰੇ। ਉਹਨਾਂ ਨੂੰ ਮਿਲ ਲਈਂ, ਐਂਡ ਭੋਗਲ ਸਾਹਬ ਬਾਹਰ ਗਏ ਨੇ ਤੇ ਤੇਰੇ ਲਈ ਮੈਸੇਜ਼ ਦੇ ਕੇ ਗਏ ਨੇ ਕਿ ਅੱਜ ਦੀ ਰਿਪੋਰਟ ਤਿਆਰ ਕਰ ਕੇ ਉਹਨਾਂ ਦੇ ਆਉਂਦਿਆਂ ਹੀ ਪੇਸ਼ ਕਰ ਦੇਣੀ…ਬੱਸ, ਅੱਧੇ-ਪੌਣੇ ਘੰਟੇ 'ਚ ਆਉਂਦੇ ਹੀ ਹੋਣਗੇ।"
"ਲੈ ਜਿਹੜੀ ਗੱਲ ਆਉਂਦੇ ਨੂੰ ਦੱਸਣੀ ਸੀ, ਉਹ ਹੁਣ ਦੱਸਦੀ ਆ! ਇਸ਼ਕ 'ਚ ਏਵੇਂ ਈ ਮੱਤ ਮਾਰੀ ਜਾਂਦੀ ਹੁੰਦੀ ਆ ਨਵੇਂ-ਨਵੇਂ ਆਸ਼ਕਾਂ ਦੀ! ਦੇਖੀਂ ਕਿਤੇ ਨੌਕਰੀ ਤੋਂ ਨਾ ਹੱਥ ਧੋ ਬੈਠੀਂ ਇਸ਼ਕ ਦੇ ਚੱਕਰਾਂ 'ਚ ਪੈ ਕੇ, ਦੱਸਾਂ ਮੈਂ ਤੈਨੂੰ!"
"ਓ ਹੋ ਯਾਰ ਗਗਨ! ਜੇ ਤੂੰ ਮਾਈਕ ਛੱਡੇਂ ਤਾਂ ਹੀ ਤਾਂ ਕੋਈ ਦੂਜਾ ਬੋਲੂ?" ਜਵਾਬ ਤੇਜਵੀਰ ਵੱਲੋਂ ਆਇਆ।
"ਲਉ! ਏਹਨੂੰ ਦੇਖ ਲਉ! ਅਖੇ 'ਟੋਭੇ ਦਾ ਗਵਾਹ ਡੱਡੂ'! ਚੱਲ ਬਖ਼ਸ਼ਿਆ ਜਹਾਂ ਪਨਾਹ ਨੇ! ਐਸ਼ ਕਰੋ ਸ਼ਹਿਜ਼ਾਦੇ!"
'ਪ੍ਰਿਥਵੀ ਰਾਜ ਕਪੂਰ' ਦੀ ਨਕਲ ਲਾਹੁੰਦਾ, ਖ਼ਾਸ ਸ਼ਾਹਾਨਾ ਅੰਦਾਜ਼ 'ਚ ਉਹ ਦੋਹਾਂ ਨੂੰ ਪਿੱਛੇ ਮੁਸਕੁਰਾਉਂਦਾ ਛੱਡ, ਬੈਂਸ ਦੇ ਕੈਬਿਨ ਵੱਲ ਰਵਾਨਗੀ ਪਾ ਗਿਆ।
"ਸੋ…ਹਾਉ ਵਾਜ਼ ਦ ਡੇ?"
ਮਿਸ਼ਰੀ ਘੁਲ਼ੀ ਆਵਾਜ਼ 'ਚ ਸਾਰਿਕਾ ਨੇ ਪੁੱਛਿਆ।
ਬੁੱਲ੍ਹਾਂ 'ਚੋਂ ਸਵਾਲ ਕੋਈ ਹੋਰ ਨਿੱਕਲਿਆ, ਪਰ ਅੱਖਾਂ ਹੀਰ ਦੀਆਂ ਕੋਈ ਹੋਰ ਈ ਸਵਾਲ ਪਾਈ ਜਾਂਦੀਆਂ ਸਨ।
"ਮਿਕਸਡ।"
ਐਧਰੋਂ ਰਾਂਝੇ ਦੇ ਮੂੰਹੋਂ ਵੀ ਜਵਾਬ ਕੁਝ ਹੋਰ ਨਿੱਕਲਿਆ, ਤੇ ਅੱਖਾਂ ਕੋਈ ਹੋਰ ਈ ਕਹਾਣੀ ਸੁਣਾ ਰਹੀਆਂ ਸਨ।
ਤੇਜਵੀਰ ਅੰਦਰੋ-ਅੰਦਰੀ ਆਪਣੀ ਇਸ ਹਾਲਤ ਤੇ ਹੈਰਾਨ ਹੋਈ ਜਾ ਰਿਹਾ ਸੀ ਕਿ ਇਹ ਕਿਹੜੀ ਤਾਕਤ ਹੈ, ਜੋ ਇਉਂ ਟੈਲੀਪੈਥੀ ਬਣੀ ਮਨਾਂ ਦਾ ਮੇਲ਼ ਕਰਾਈ ਜਾ ਰਹੀ ਸੀ? ਇਹ ਕਿਹੋ ਜਿਹੀ ਭਾਸ਼ਾ ਸੀ, ਜਿਸਦਾ ਸੰਚਾਰ ਅੱਖਾਂ ਰਾਹੀਂ ਹੋ ਰਿਹਾ ਸੀ? ਕਿਹਾ ਸੁਣਿਆ ਕੁਝ ਵੀ ਨਹੀਂ ਜਾ ਰਿਹਾ ਸੀ, ਬੱਸ ਸਮਝਿਆ ਜਾ ਰਿਹਾ ਸੀ, ਤੇ ਸਮਝਿਆ ਕੀ ਜਾ ਰਿਹਾ ਸੀ, ਇਸਦੀ ਸਮਝ ਵੀ ਨਹੀਂ ਆ ਰਹੀ ਸੀ, ਬੱਸ ਸਮਝਿਆ ਹੀ ਜਾ ਰਿਹਾ ਸੀ।
ਇਸ ਅਜੀਬ ਪਰ ਅੱਤ-ਸੁਆਦਲੇ ਤਜਰਬੇ ਨਾਲ ਦੋ-ਚਾਰ ਹੁੰਦਾ ਤੇਜਵੀਰ, ਉਹਨਾਂ ਪਲਾਂ 'ਚ ਜਿਵੇਂ ਹਵਾ 'ਚ ਤੈਰ ਰਿਹਾ ਸੀ। ਪੈਰਾਂ ਤਲੇ ਜਿਵੇਂ ਜ਼ਮੀਨ ਹੀ ਨਹੀਂ ਸੀ। ਇਉਂ ਲੱਗ ਰਿਹਾ ਸੀ ਜਿਵੇਂ ਉਹ ਮਣਾਂ-ਬੱਧੀ ਰੂੰ ਦੇ ਢੇਰ 'ਤੇ ਖੜ੍ਹਾ ਹੋਵੇ।
"ਐਨੀਵੇਜ਼, ਕੰਗਰੈਚਿਊਲੇਸ਼ਨਜ਼ ਐਂਡ ਹਰਟਲੀ ਵੈਲਕਮ ਹੇਅਰ ਤੇਜਵੀਰ! ਆਈ ਨੋ ਇਟਜ਼ ਲੇਟ, ਬਟ ਇਟਸ ਬੈਟਰ ਲੇਟ ਦੈਨ ਨੈਵਰ ਯੂ ਨੋ!"
"ਮਾਈ ਪਲੇਜ਼ਰ, ਥੈਂਕਸ!"
ਐਨੇ ਨੂੰ ਰਿਸੈਪਸ਼ਨ ਟੇਬਲ 'ਤੇ ਪਏ ਫ਼ੋਨ ਦੀ ਘੰਟੀ ਵੱਜ ਪਈ।
"ਮਿਲਦੇ ਆਂ ਫਿਰ, ਬਾਏ!"
ਆਖ ਕੇ ਤੇਜਵੀਰ ਜਿਵੇਂ ਫੁੱਲਾਂ 'ਤੇ ਪੱਬ ਧਰਦਾ ਹੋਇਆ ਗਗਨ ਦੇ ਕੈਬਿਨ ਵੱਲ ਹੋ ਤੁਰਿਆ।
ਸਾਰਿਕਾ ਫ਼ੋਨ ਸੁਣਨ 'ਚ ਰੁੱਝ ਗਈ।
ਉਸਦੀਆਂ ਗੱਲ੍ਹਾਂ ਹਾਲੇ ਵੀ ਕਸ਼ਮੀਰੀ ਸੇਬ ਵਾਂਗੂੰ ਲਾਲ ਸੁਰਖ਼ ਹੋਈਆਂ ਪਈਆਂ ਸਨ। ਕੰਨਾਂ 'ਚੋਂ ਸੇਕ ਮਾਰ ਰਿਹਾ ਸੀ, ਤੇ ਬੁੱਲ੍ਹੀਆਂ ਕੰਬ ਰਹੀਆਂ ਸਨ।
ਤੇਜਵੀਰ ਨੂੰ ਸਮਝ ਨਹੀਂ ਆ ਰਿਹਾ ਸੀ, ਕਿ ਉਸਤੇ ਇਹ ਕੈਸੀ ਖ਼ੁਮਾਰੀ ਤਾਰੀ ਹੋ ਗਈ ਸੀ?
ਪਰ ਸਾਰਿਕਾ ਸਮਝ ਚੁੱਕੀ ਸੀ ਕਿ ਉਸਨੂੰ ਇਹ ਕੀ ਹੋ ਗਿਆ ਹੈ।
ਔਰਤ ਤੇ ਮਰਦ ਦੇ ਮਨਾਂ 'ਚ ਕੁਦਰਤੀ ਤੌਰ ਤੇ ਇਹ ਇੱਕ ਬੁਨਿਆਦੀ ਫ਼ਰਕ ਹੈ। ਆਦਮੀ ਮੁਹੱਬਤ ਦੇ ਅਹਿਸਾਸ ਨੂੰ ਪਛਾਣਦਿਆਂ-ਪਛਾਣਦਿਆਂ ਹੀ ਪਛਾਣਦਾ ਹੈ, ਤੇ ਜਦ ਪਛਾਣ ਜਾਏ ਤਾਂ ਉਸਨੂੰ ਇਜ਼ਹਾਰ ਕਰਦਿਆਂ ਦੇਰ ਨਹੀਂ ਲੱਗਦੀ। ਔਰਤ ਮੁਹੱਬਤ ਦੇ ਅਹਿਸਾਸ ਨੂੰ ਬੜੀ ਜਲਦੀ ਪਛਾਣ ਲੈਂਦੀ ਹੈ, ਪਰ ਇਜ਼ਹਾਰ, ਕਰਦਿਆਂ-ਕਰਦਿਆਂ ਹੀ ਕਰਦੀ ਹੈ। ਉਹ ਦੋਵੇਂ ਵੀ ਮੁਹੱਬਤ ਦੇ ਏਸੇ ਦੌਰ 'ਚੋਂ ਗੁਜ਼ਰ ਰਹੇ ਸਨ।
ਤੇਜਵੀਰ ਆਪਣੇ ਇਹਨਾਂ ਅਸਲੋਂ ਨਵੇਂ ਅਹਿਸਾਸਾਂ ਨੂੰ ਨਾਂ ਨਹੀਂ ਦੇ ਪਾ ਰਿਹਾ ਸੀ, ਤੇ ਸਾਰਿਕਾ ਇਜ਼ਹਾਰ ਨਹੀਂ ਕਰ ਪਾ ਰਹੀ ਸੀ।
ਮੁਹੱਬਤ ਦੇ ਤਾਂ ਤੌਰ ਹੀ ਨਿਰਾਲੇ ਨੇ ਦੁਨੀਆਂਦਾਰੀ ਤੋਂ।
ਨਿੱਕੇ ਤੋਂ ਨਿੱਕੇ ਤੱਥਾਂ ਦਾ ਸਟੀਕ ਤੋਂ ਸਟੀਕ ਮੁੱਲਾਂਕਣ ਕਰਨ ਵਾਲਾ ਤੇਜਵੀਰ, ਆਪਣੀ ਜ਼ਿੰਦਗੀ ਦੇ ਸਭ ਤੋਂ ਹਸੀਨ ਅਹਿਸਾਸਾਂ ਦਾ ਮੁੱਲਾਂਕਣ ਕਰਨ ਵਿੱਚ ਗੱਚਾ ਖਾ ਰਿਹਾ ਸੀ। ਨਿੱਕੀ ਤੋਂ ਨਿੱਕੀ ਜਾਣਕਾਰੀ ਦਾ ਬਿਹਤਰ ਤੋਂ ਬਿਹਤਰ ਬਿਆਨ ਕਰਨ ਵਾਲੀ ਸਾਰਿਕਾ, ਆਪਣੀ ਜ਼ਿੰਦਗੀ ਦੇ ਸਭ ਤੋਂ ਹਸੀਨ ਅਹਿਸਾਸਾਂ ਦਾ ਬਿਆਨ ਕਰਨ 'ਚ ਗੱਚਾ ਖਾ ਰਹੀ ਸੀ। ਪਰ ਦਿਲ ਦੀਆਂ ਧੜਕਣਾਂ ਦੀ ਰਫ਼ਤਾਰ ਕਿਸੇ ਜਾਣਕਾਰੀ ਦੀ ਮੁਹਤਾਜ ਨਹੀਂ ਹੁੰਦੀ। ਅੱਖਾਂ ਅੱਖਰਾਂ ਦੀ ਉਡੀਕ ਨਹੀਂ ਕਰਦੀਆਂ। ਏਸੇ ਨੂੰ ਹੀ ਤਾਂ ਮੁਹੱਬਤ ਕਹਿੰਦੇ ਹਨ। ਤੇਜਵੀਰ ਸੋਚਾਂ ਦੇ ਸਮੁੰਦਰ 'ਚ ਗੋਤੇ ਖਾਂਦਾ ਹੋਇਆ, ਗਗਨ ਦੇ ਕੈਬਿਨ 'ਚ ਜਾ ਪੁੱਜਾ।
ਦਸਾਂ ਕੁ ਮਿੰਟਾਂ ਬਾਅਦ ਗਗਨ ਨੇ ਕੈਬਿਨ 'ਚ ਪ੍ਰਵੇਸ਼ ਕੀਤਾ। ਉਸਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਝਲਕ ਰਹੀਆਂ ਸਨ।
"ਮਿੱਤਰਾ ਓਹੀ ਗੱਲ ਹੋਈ, ਜੀਹਦਾ ਡਰ ਸੀ। ਤੈਨੂੰ ਕਿਹਾ ਸੀ ਨਾ ਬਈ ਤਾਰਾਂ ਖੜਕ ਪਈਆਂ ਹੋਣੀਆਂ! ਇੱਕ ਦੀਆਂ ਚਾਰ ਲਾ ਕੇ ਕਹੀਆਂ ਹੋਣੀਆਂ ਓਸ ਸਾਲ਼ੇ ਕਾਲ਼ੇ ਭੂਤ ਨੇ ਬੈਂਸ ਨੂੰ, ਤੇ ਉਹਨੇ ਵੀ ਗਾਂਹ ਇੱਕ ਦੀਆਂ ਅੱਠ ਲਾ ਕੇ ਸੁਣਾਈਆਂ ਹੋਣੀਆਂ ਹਿਟਲਰ ਨੂੰ। ਲੱਗਦਾ ਪੈ ਗਿਆ ਸਿਆਪਾ। ਤੇਰੀ ਨੌਕਰੀ ਤਾਂ ਲੱਗਦਾ ਪੈ ਗੀ ਖ਼ਤਰੇ 'ਚ ਵੀਰ ਮੇਰੇ!"
"ਮੈਂ ਜੋ ਵੀ ਕੀਤਾ ਗਗਨ, ਮੈਨੂੰ ਓਸਤੇ ਕੋਈ ਅਫ਼ਸੋਸ ਨਹੀਂ। ਹੁਣ ਅੰਜਾਮ ਜੋ ਵੀ ਹੋਵੇ, ਮੈਂ ਫ਼ੇਸ ਕਰਨ ਨੂੰ ਤਿਆਰ ਆਂ।"
"ਚੱਲ ਕੋਈ ਨਾ! ਤੂੰ ਫ਼ਿਕਰ ਨਾ ਕਰ ਯਾਰ! ਐਨੀ ਛੇਤੀ ਕਿਤੇ ਤਾਂ ਨੀਂ ਤੇਰਾ ਪੱਤਾ ਕੱਟਣ ਦਿੰਦਾ ਮੈਂ ਬੈਂਸ ਨੂੰ।"
"ਤੂੰ ਐਨੀ ਗੱਲ ਆਖਤੀ, ਮੇਰੇ ਲਈ ਐਨਾ ਈ ਬਹੁਤ ਆ ਗਗਨ!"
"ਪਰ ਯਾਰ ਇਹ ਬੈਂਸ ਖ਼ਿਲਾਫ਼ ਬਹੁਤ ਹੋਇਆ ਫਿਰਦਾ ਤੇਰੇ। ਸਾਲ਼ੇ ਨੇ ਮੈਨੂੰ ਵੀ ਚਾਰ ਸੁਣਾਤੀਆਂ। ਅਖੇ ਮੈਂ ਕਿਉਂ ਮੂੰਹ ਨੂੰ ਛਿੱਕੂ ਬੰਨ੍ਹੀ ਬੈਠਾ ਰਿਹਾਂ। ਤੈਨੂੰ ਰੋਕਿਆ ਕਿਉਂ ਨਹੀਂ।"
"ਸਾੱਰੀ ਯਾਰ ਗਗਨ! ਮੇਰੀ ਵਜ੍ਹਾ ਨਾਲ…!"
"ਉਏ ਤੂੰ ਗੋਲ਼ੀ ਮਾਰ ਸਾੱਰੀ-ਸੂਰੀ ਨੂੰ, ਸਾੱਰੀ ਕਾਹਦੀ? ਮੈਂ ਨਾਲ ਆਂ ਯਾਰ ਤੇਰੇ! ਜਦ ਯਾਰ ਈ ਆਖਤਾ ਤਾਂ ਫਿਰ ਆਖਤਾ, ਕੀ ਸਮਝਿਆ?"
"ਮੈਨੂੰ ਆਪਣੀ ਫ਼ਿਕਰ ਨਹੀਂ, ਪਰ ਬੈਂਸ ਨਾਲ ਤੇਰੇ ਰਿਸ਼ਤੇ 'ਚ ਫਿੱਕ ਪੈਣੀ ਬੜੀ ਮਾੜੀ ਗੱਲ ਹੋਈ! ਤੇ ਉੱਤੋਂ ਦੀ ਭੋਗਲ ਸਾਹਬ ਕੀ ਸੋਚਣਗੇ ਯਾਰ ਤੇਰੇ ਬਾਰੇ? ਆਖ਼ਿਰਕਾਰ ਗਿਆ ਤਾਂ ਮੈਂ ਤੇਰਾ ਸੱਬਾੱਰਡਿਨਿਟ ਬਣ ਕੇ ਈ ਸੀ ਨਾ ਯਾਰ! ਮੈਂ ਕਿਤੇ ਐਵੇਂ ਈ ਤਾਂ ਨੀ ਓਸ ਏ.ਐੱਸ.ਆਈ. ਨਾਲ਼ ਬਹੁਤਾ ਬੋਲ ਗਿਆ?"
"ਉਏ ਤੂੰ ਛੱਡ ਯਾਰ! ਐਨਾ ਨੀ ਸੋਚੀਦਾ! 'ਅਬ ਬੋਲ ਦੀਯਾ, ਤੋ ਦੇਖ ਲੇਂਗੇ'!"
ਆਖ਼ਰੀ ਲਾਈਨ ਬੋਲਦਿਆਂ ਗਗਨ 'ਚ 'ਸ਼ੋਅਲੇ' ਦੇ 'ਅਮਿਤਾਭ ਬੱਚਨ' ਦੀ ਰੂਹ ਸਮਾ ਗਈ।
ਇਹੋ ਜਿਹਾ ਹੀ ਸੀ ਗਗਨ।
"ਥੈਂਕਸ ਯਾਰ! ਮੈਂ…!"
"ਲੈ ਹੁਣ ਥੈਂਕਸ ਦੀ ਪੂੰਛ ਫੜ ਲੀ। ਲੱਗਦਾ 'ਮੈਨੇ ਪਿਆਰ ਕੀਆ' ਵੀ ਨੀਂ ਦੇਖੀ ਤੂੰ। ਤੈਨੂੰ ਨੀਂ ਪਤਾ? 'ਦੋਸਤੀ ਕਾ ਏਕ ਅਸੂਲ ਹੋਤਾ ਹੈ ਮਿਸਟਰ, ਨੋ ਸਾੱਰੀ…ਨੋ ਥੈਂਕਯੂ'।"
ਤੇ ਹੁਣ 'ਸਲਮਾਨ ਖ਼ਾਨ' ਵੜ ਗਿਆ ਸੀ ਓਸ 'ਚ।
"ਯਾਰ! ਤੂੰ ਕਦੇ ਸੀਰੀਅਸ ਨੀਂ ਹੋ ਸਕਦਾ? ਵੈਸੇ ਇੱਕ ਗੱਲ ਤਾਂ ਹੈ, ਬਈ ਜੇ ਮੇਰੀ ਨੌਕਰੀ ਚਲੀ ਗਈ ਤਾਂ ਮੈਂ ਤਾਂ ਹੋ ਜਾਊਂ ਬੇਰੋਜ਼ਗਾਰ! ਪਰ ਜੇ ਕਿਤੇ ਤੇਰੇ ਨਾਲ਼ ਇਉਂ ਹੋ ਗਿਆ, ਤਾਂ ਤੇਰੇ ਕੋਲ ਤਾਂ ਆੱਪਸ਼ਨਾਂ ਈ ਬੜੀਆਂ ਨੇ ਯਾਰ… 'ਸੰਤਗਿਰੀ' ਨਾ ਚੱਲੀ ਤਾਂ 'ਮਿਮਿੱਕਰੀ' ਤਾਂ ਕਿਤੇ ਨੀਂ ਗਈ!"
"ਲੈ ਆਹ ਹੋਈ ਨਾ ਗੱਲ! ਸਿੱਟ ਫਿਰ ਹੱਥ 'ਤੇ ਹੱਥ!"
ਏਨੇ ਨੂੰ ਟੇਬਲ 'ਤੇ ਪਏ ਫ਼ੋਨ ਦੀ ਘੰਟੀ ਵੱਜ ਪਈ।
ਲਾਈਨ 'ਤੇ ਭੋਗਲ ਸਾਹਬ ਦੀ ਪਰਸਨਲ ਸੈਕ੍ਰੇਟਰੀ ਸਿਮਰਨ ਸੀ।
"ਲੈ ਆ ਗਿਆ ਬਾਈ ਹਿਟਲਰ ਤੇ ਪੈ ਗਈ ਪੇਸ਼ੀ। ਮੈਂ ਜਦ ਤੱਕ ਭੁਗਤ ਆਵਾਂ ਤੂੰ ਅੱਜ ਦੀ ਰਿਪੋਰਟ ਬਣਾ ਕੇ ਟਾਈਪ ਕਰ ਲੈ।"
ਗਗਨ ਨੇ ਆਪਣੇ ਟੇਬਲ 'ਤੇ ਪਏ ਕੰਪਿਊਟਰ ਵੱਲ ਇਸ਼ਾਰਾ ਕਰਦਿਆਂ ਕਿਹਾ।
"ਪਰ ਗਗਨ, ਰਿਪੋਰਟ ਤਾਂ ਤੂੰ ਬਣਾਏਂਗਾ ਨਾ?"
"ਨਾ ਵੀਰ ਮੇਰੇ! ਅੱਜ ਦੀ ਰਿਪੋਰਟ ਤਾਂ ਤੂੰ ਹੀ ਬਣਾਏਂਗਾ। ਤੇ ਜਿਵੇਂ ਮਰਜ਼ੀ ਬਣਾ, ਮੇਰੇ ਵੱਲੋਂ ਪੂਰੀ ਸਹਿਮਤੀ ਆ ਤੇਰੇ ਨਾਲ।"
"ਪਰ ਯਾਰ…!"
"ਬਹਿਸ ਨਾ ਕਰ ਯਾਰ! ਮੈਂ ਜਾਨਾਂ…ਅੱਗੇ ਈ ਸਤਿਆ ਬੈਠਾ ਹੋਣਾ ਪਤੰਦਰ ਤੇਰਾ।"
ਗਗਨ ਦੇ ਬਾਹਰ ਨਿੱਕਲਦਿਆਂ ਹੀ ਤੇਜਵੀਰ ਨੇ ਮਾਨੀਟਰ ਸਕਰੀਨ ਦੇ ਅੱਗੇ ਪਈ ਕੁਰਸੀ ਮੱਲ ਕੇ, ਕੀ-ਬੋਰਡ 'ਤੇ ਉਂਗਲਾਂ ਰੱਖ ਦਿੱਤੀਆਂ ਅਤੇ ਆਪਣੇ ਕੈਰੀਅਰ ਦੀ ਸਭ ਤੋਂ ਪਹਿਲੀ ਰਿਪੋਰਟ ਤਿਆਰ ਕਰਨ ਲੱਗ ਪਿਆ।
ਭੋਗਲ ਸਾਹਬ ਨੇ ਬੈਂਸ ਦਾ ਜ਼ਿਕਰ ਕੀਤੇ ਬਿਨਾਂ ਗਗਨ ਤੋਂ ਪੂਰੀ ਘਟਨਾ ਦੀ ਜਾਣਕਾਰੀ ਲਈ। ਗਗਨ ਨੇ ਜਿਉਂ ਦਾ ਤਿਉਂ ਸਾਰਾ ਕਿੱਸਾ ਬਿਆਨ ਕਰ ਦਿੱਤਾ; ਬੈਂਸ ਨਾਲ ਹੋਈ ਗੱਲਬਾਤ ਵੀ ਤੇ ਬੈਂਸ ਤੇ ਸਰਦੂਲ ਸਿੰਘ ਦੇ ਆਪਸੀ ਤਆਲੁੱਕਾਤ ਵੀ।
ਭੋਗਲ ਸਾਹਬ ਨੇ ਪੂਰੇ ਠਰ੍ਹੰਮੇ ਨਾਲ ਸਾਰੀ ਗੱਲਬਾਤ ਸੁਣੀ ਤੇ ਰਿਪੋਰਟ ਬਾਰੇ ਪੁੱਛਿਆ ਤਾਂ ਗਗਨ ਨੇ ਜਵਾਬ ਦਿੱਤਾ।
"ਸਰ! ਰਿਪੋਰਟ ਤਾਂ ਅੱਜ ਦੀ ਤੇਜਵੀਰ ਦੀ ਹੀ ਏ, ਤੇ ਉਹੀ ਤਿਆਰ ਕਰ ਰਿਹਾ ਏ। ਮੇਰੇ ਈ ਕੈਬਿਨ 'ਚ ਬੈਠਾ।"
ਭੋਗਲ ਸਾਹਬ ਨੇ ਸਿਮਰਨ ਨੂੰ ਆਖ, ਤੇਜਵੀਰ ਨੂੰ ਰਿਪੋਰਟ ਸਮੇਤ ਤਲਬ ਕੀਤਾ।
ਤੇਜਵੀਰ ਦੇ ਆਉਣ ਤੱਕ ਭੋਗਲ ਸਾਹਬ ਨਿਤਾਂਤ ਗੰਭੀਰ ਮੁਦਰਾ 'ਚ, ਆਪਣੀ ਆਫ਼ਿਸ ਚੇਅਰ ਦੀ ਪੁਸ਼ਤ 'ਤੇ ਸਿਰ ਟਿਕਾ ਕੇ ਚੁੱਪਚਾਪ ਬੈਠੇ ਰਹੇ।
ਗਗਨ ਦਾ ਦਿਲ ਬੜੇ ਜ਼ੋਰਾਂ ਨਾਲ ਧੜਕ ਰਿਹਾ ਸੀ। ਭੋਗਲ ਸਾਹਬ ਨੇ ਉਸਦੀ ਸਾਰੀ ਗੱਲਬਾਤ ਸੁਣੀ ਪਰ ਆਪਣੇ ਵੱਲੋਂ ਉਸ ਮੁੱਦੇ 'ਤੇ ਇੱਕ ਲਫ਼ਜ਼ ਵੀ ਨਹੀਂ ਕਿਹਾ ਸੀ। ਭੋਗਲ ਸਾਹਬ ਦੇ ਮੌਜੂਦਾ ਮੂਡ ਦਾ ਅਨੁਮਾਨ ਲਗਾਉਣ 'ਚ ਉਹ ਪੂਰਣ ਤੌਰ ਤੇ ਅਸਫਲ ਰਿਹਾ ਸੀ।
ਤੇਜਵੀਰ ਨੇ ਦਰਵਾਜ਼ਾ ਖਟਖਟਾ ਕੇ ਅੰਦਰ ਆਉਣ ਦੀ ਇਜਾਜ਼ਤ ਲਈ ਤਾਂ ਅੰਦਰਲੇ ਮਾਹੌਲ ਦੀ ਗੰਭੀਰਤਾ ਦਾ ਅੰਦਾਜ਼ਾ ਹੁੰਦਿਆਂ ਸਾਰ ਹੀ, ਇੱਕ ਪਲ ਲਈ
ਤਾਂ ਉਸਦੇ ਦਿਲ 'ਚ ਵੀ ਹੌਲ ਜਿਹਾ ਪੈ ਗਿਆ। ਭੋਗਲ ਸਾਹਬ ਦਾ ਗੰਭੀਰ ਚਿਹਰਾ ਉਸਨੂੰ ਹੋਰ ਵੀ ਜ਼ਿਆਦਾ ਗੰਭੀਰ ਨਜ਼ਰ ਆਇਆ। ਗਗਨ ਦੇ ਚਿਹਰੇ 'ਤੇ ਬਾਰਾਂ ਵੱਜੇ ਹੋਏ ਸਨ।
"ਕਮ ਤੇਜਵੀਰ! ਸਿਟ!" ਭੋਗਲ ਸਾਹਬ ਨੇ ਅੱਤ ਗੰਭੀਰ ਸੁਰ 'ਚ ਕਿਹਾ।
ਆਪਣੇ ਆਪ ਨੂੰ ਕਿਸੇ ਵੀ ਸਥਿਤੀ ਨਾਲ ਦੋ-ਚਾਰ ਹੋਣ ਲਈ ਪਹਿਲਾਂ ਤੋਂ ਹੀ ਤਿਆਰ ਕਰੀ ਬੈਠੇ ਤੇਜਵੀਰ ਨੇ ਮੌਜੂਦਾ ਮਾਹੌਲ 'ਚ ਆਪਣੇ ਆਪ ਨੂੰ ਸੰਤੁਲਿਤ ਕੀਤਾ ਅਤੇ ਗਗਨ ਦੀ ਬਗਲ ਵਾਲੀ ਸੀਟ 'ਤੇ ਬੈਠ ਗਿਆ।
"ਤੇਜਵੀਰ! ਅੱਜ ਦੀ ਆਪਣੀ ਕਾਰਗੁਜ਼ਾਰੀ 'ਤੇ ਤੈਨੂੰ ਕੋਈ ਅਫ਼ਸੋਸ ਹੈ?"
ਭੋਗਲ ਸਾਹਬ ਨੇ ਆਪਣੀ ਸੁਰ ਦੀ ਗੰਭੀਰਤਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਸਵਾਲ ਕੀਤਾ।
ਬਿਨਾਂ ਕਿਸੇ ਭੂਮਿਕਾ ਬੰਨ੍ਹਣ ਦੇ ਅਚਾਨਕ ਪੁੱਛੇ ਇਸ ਸਵਾਲ ਨਾਲ ਤੇਜਵੀਰ ਤੇ ਗਗਨ, ਦੋਹਾਂ ਨੂੰ ਬੜੀ ਹੈਰਾਨੀ ਹੋਈ। ਆਸ ਦੀ ਮਾੜੀ ਮੋਟੀ ਕਿਰਨ ਵੀ ਗਗਨ ਨੂੰ ਧੁੰਦਲੀ ਹੁੰਦੀ ਜਾਪੀ।
"ਆਈ ਐਮ ਸਾੱਰੀ ਟੂ ਸੇ ਸਰ, ਬੱਟ ਮੈਨੂੰ ਕਿਸੇ ਵੀ ਗੱਲ 'ਤੇ ਕੋਈ ਅਫ਼ਸੋਸ ਨਹੀਂ।" ਤੇਜਵੀਰ ਨੇ ਮੱਧਮ ਜਿਹੀ ਪਰ ਸੰਤੁਲਿਤ ਆਵਾਜ਼ 'ਚ ਉੱਤਰ ਦਿੱਤਾ।
'ਪਤੰਦਰਾ ਜੇ ਅਫ਼ਸੋਸ ਕਰ ਲੈਂਦਾ, ਤਾਂ ਕੀ ਤੇਰੇ ਕੋਈ ਗੋਲ਼ਾ ਵੱਜਣ ਲੱਗਾ ਸੀ?'
ਸੋਚਦਿਆਂ ਗਗਨ ਨੂੰ ਰਹਿੰਦੀ-ਖੂੰਹਦੀ ਆਸ ਵੀ ਗੁਆਚਦੀ ਲੱਗੀ।
"ਡੋਂਟ ਯੂ ਥਿੰਕ ਕਿ ਤੂੰ ਓਵਰ ਰੀਐਕਟ ਕੀਤਾ? ਜੇ ਉਸ ਆੱਫ਼ਿਸਰ ਨੇ ਤੇਰੇ ਨਾਲ ਬਦਜ਼ੁਬਾਨੀ ਕੀਤੀ, ਆਪਣਾ ਗ਼ੈਰ ਵਾਜਿਬ ਪੁਲਸੀਆ ਰੋਅਬ ਦਿਖਾਇਆ, ਤਾਂ ਤੈਨੂੰ ਨਹੀਂ ਲੱਗਦਾ ਕਿ ਤੂੰ ਵੀ ਆਪਣੀ ਪੱਤਰਕਾਰੀ ਦਾ ਰੋਅਬ ਗ਼ਾਲਿਬ ਕਰਨ ਦੀ ਬੇਵਜ੍ਹਾ ਕੋਸ਼ਿਸ਼ ਕੀਤੀ? ਸਪੋਜ਼ ਤੂੰ ਓਥੇ ਇੱਕ ਪੱਤਰਕਾਰ ਦੀ ਹੈਸੀਅਤ 'ਤੇ ਨਾ ਹੋ ਕੇ, ਇੱਕ ਆਮ ਸ਼ਹਿਰੀ ਵਾਂਗ ਮੌਜੂਦ ਹੁੰਦਾ ਤਾਂ ਸ਼ਾਇਦ ਇੱਕ ਪੁਲਿਸ ਆੱਫ਼ਿਸਰ ਨਾਲ ਇਉਂ ਬਹਿਸਬਾਜ਼ੀ ਕਰਨ ਦੀ ਤੇਰੀ ਹਿੰਮਤ ਨਾ ਪੈਂਦੀ? ਕੀ ਇੱਕ ਪੱਤਰਕਾਰ ਬਣ ਜਾਣ ਨਾਲ ਆਏ ਗ਼ਰੂਰ ਦਾ ਮੁਜ਼ਾਹਰਾ ਭਰ ਨਹੀਂ ਸੀ ਤੇਰਾ ਉਹ ਬਿਹੇਵਿਅਰ ਤੇਜਵੀਰ? ਕੀ ਇੱਕ ਪੁਲਸੀਆ ਗ਼ਰੂਰ ਵਰਸਿਜ਼ ਪੱਤਰਕਾਰੀ ਗ਼ਰੂਰ ਦਾ ਮੁਜ਼ਾਹਰਾ ਨਹੀਂ ਹੋਇਆ ਉਥੇ? ਕੀ ਤੈਨੂੰ ਨਹੀਂ ਲੱਗਦਾ ਕਿ ਤੈਨੂੰ ਆਪਣੇ ਕੰਮ ਨਾਲ ਮਤਲਬ ਰੱਖਣਾ ਚਾਹੀਦਾ ਸੀ ਬਜਾਏ ਇੱਕ ਪੁਲਿਸਮੈਨ ਨੂੰ ਉਸਦੀ ਡਿਊਟੀ ਸਮਝਾਉਣ ਦੇ? ਕੀ ਇਹ ਤੇਰਾ ਕੰਮ ਸੀ ਤੇਜਵੀਰ? ਕੀ ਤੈਨੂੰ ਨਹੀਂ ਲੱਗਦਾ ਕਿ ਤੂੰ ਆਪਣਾ ਫ਼ਰਜ਼ ਨਿਭਾਉਣ ਦੀ ਬਜਾਏ, ਓਸ ਪੁਲਿਸਮੈਨ ਨੂੰ ਉਸਦੇ ਫ਼ਰਜ਼ ਯਾਦ ਦੁਆਉਣ ਦੀ ਗ਼ੈਰਜ਼ਰੂਰੀ ਕੋਸ਼ਿਸ਼ ਕੀਤੀ ਹੈ? ਕੀ ਤੂੰ ਇੱਕ ਬਾਇੱਜ਼ਤ ਅਖ਼ਬਾਰ ਦੇ ਸਟੇਟਸ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਇਆ, ਓਸ ਪੁਲਿਸਮੈਨ ਨੂੰ ਆਪਣੀ ਕਲਮ ਦੀ ਤਾਕਤ ਦਿਖਾਉਣ ਦਾ ਚੈਲੇਂਜ ਕਰ ਕੇ? ਔਰ ਤੈਨੂੰ ਆਪਣੀ ਇਸ ਕਾਰਗੁਜ਼ਾਰੀ 'ਤੇ ਕੋਈ ਅਫ਼ਸੋਸ ਵੀ ਨਹੀਂ?"
'ਲੈ ਵੜ ਗਈ ਮੱਝ ਗਾਰੇ 'ਚ। ਮਾਫ਼ੀ ਮੰਗ ਲੈਂਦਾ ਕੰਜਰਾ! ਖੁੱਲ੍ਹਗੇ ਹਿਟਲਰ ਦੀਆਂ ਤੋਪਾਂ ਦੇ ਮੂੰਹ! ਹੁਣ ਕਰ ਲਉ ਘਿਉ ਨੂੰ ਭਾਂਡਾ!'
ਗਗਨ ਦੀਆਂ ਆਸਾਂ ਦੀ ਪਤੰਗ 'ਬੋ-ਕਾਟਾ' ਹੋ ਗਈ।
ਤੇਜਵੀਰ ਨੇ ਬੜੇ ਠਰ੍ਹੰਮੇ ਨਾਲ, ਬੜੀ ਸੰਤੁਲਿਤ ਆਵਾਜ਼ 'ਚ ਉੱਤਰ ਦੇਣਾ ਸ਼ੁਰੂ ਕੀਤਾ।
"ਗ਼ੁਸਤਾਖ਼ੀ ਮਾਫ਼ ਸਰ! ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਓਵਰ ਰੀਐਕਟ ਕੀਤਾ ਸੀ। ਉਸ ਪੁਲਿਸ ਅਫ਼ਸਰ ਨੂੰ ਜਵਾਬ ਦੇਣ ਪਿੱਛੇ ਮੇਰੀ ਮਨਸ਼ਾ ਕੋਈ ਆਪਣਾ ਗ਼ਰੂਰ ਸ਼ਾਂਤ ਕਰਨ ਦੀ ਨਹੀਂ ਸੀ ਸਰ! ਈਵਨ ਸੱਚ ਕਹਾਂ ਤਾਂ ਆਪਣੇ ਆਤਮ-ਸਨਮਾਨ ਦੀ ਰੱਖਿਆ ਕਰਨਾ ਵੀ ਨਹੀਂ ਸੀ। ਉਸ ਵਕਤ ਓਸ ਜਗ੍ਹਾ 'ਤੇ ਮੈਂ ਤੇਜਵੀਰ ਹੋਣ ਦੇ ਨਾਤੇ ਤਾਂ ਮੌਜੂਦ ਹੀ ਨਹੀਂ ਸੀ ਸਰ! ਉਸ ਵਕਤ ਓਸ ਜਗ੍ਹਾ 'ਤੇ ਤਾਂ ਮੈਂ ਪੰਜਾਬ ਦੇ ਨਾਮਵਰ, ਬਾਇੱਜ਼ਤ ਅਖ਼ਬਾਰ 'ਰੋਜ਼ਾਨਾ ਖ਼ਬਰਨਾਮਾ' ਦੇ ਇੱਕ ਪੱਤਰਕਾਰ ਦੀ ਹੈਸੀਅਤ ਨਾਲ ਮੌਜੂਦ ਸੀ। ਉਸ ਪੁਲਿਸ ਅਫ਼ਸਰ ਨੂੰ ਸਵਾਲ ਕਿਸੇ ਤੇਜਵੀਰ ਨਾਂ ਦੇ ਆਮ ਸ਼ਹਿਰੀ ਨੇ ਨਹੀਂ ਸਰ, ਬਲਕਿ 'ਆਵਾਮ ਦੀ ਆਵਾਜ਼' ਇੱਕ ਪੱਤਰਕਾਰ ਨੇ ਪੁੱਛੇ ਸਨ। ਤੁਸੀਂ ਬਿਲਕੁਲ ਠੀਕ ਕਿਹਾ ਸਰ ਕਿ ਅਗਰ ਮੈਂ ਉਥੇ ਇੱਕ ਪੱਤਰਕਾਰ ਦੀ ਹੈਸੀਅਤ ਨਾਲ ਨਾ ਹੁੰਦਾ ਤਾਂ ਉਸ ਪੁਲਿਸ ਅਫ਼ਸਰ ਨਾਲ ਬਹਿਸ ਕਰਨ ਦੀ ਮੇਰੀ ਹਿੰਮਤ ਨਾ ਪੈਂਦੀ। ਸਵਾਲ ਕਰਨੇ ਤਾਂ ਦੂਰ ਦੀ ਗੱਲ ਸਰ, ਸਾਹਮਣਿਓਂ ਵੀ ਨਾ ਗੁਜ਼ਰਦਾ, ਬਲਕਿ ਕਤਰਾ ਕੇ ਗੁਜ਼ਰ ਜਾਂਦਾ। ਇੱਕ ਆਮ ਸ਼ਹਿਰੀ ਇਹੋ ਕੁਝ ਤਾਂ ਕਰਦਾ ਹੈ ਸਰ! ਪਰ ਮੈਂ ਉਥੇ ਇੱਕ ਆਮ ਸ਼ਹਿਰੀ ਨਹੀਂ ਸੀ ਸਰ, ਇੱਕ ਪੱਤਰਕਾਰ ਸੀ। ਇੱਕ ਆਮ ਆਦਮੀ ਦੀ ਕੀ ਬਿਸਾਤ ਸਰ, ਕਿ ਵਰਦੀ ਦੀ ਪਾਵਰ ਦੇ ਨਸ਼ੇ 'ਚ ਚੂਰ ਇੱਕ ਪੁਲਿਸ ਅਫ਼ਸਰ ਦੇ ਮੂੰਹ ਲੱਗ ਜਾਵੇ? ਉਹ ਤਾਂ ਵਰਦੀ ਦੇ ਪਰਛਾਵੇਂ ਤੋਂ ਵੀ ਤ੍ਰਹਿ ਕੇ ਲੰਘਦਾ ਏ। ਕਿੰਨੀ ਹੈਰਾਨੀ ਦੀ ਗੱਲ ਏ ਸਰ ਕਿ ਆਪਣੀ ਜਾਨੋ-ਮਾਲ ਦੇ ਰਖਵਾਲੇ ਇੱਕ ਪੁਲਿਸਵਾਲੇ ਤੋਂ ਲੋਕ ਆਪਣੀ ਜਾਨੋ-ਮਾਲ ਬਚਾ ਕੇ, ਡਰਦੇ ਮਾਰੇ ਕਤਰਾ ਕੇ ਗੁਜ਼ਰ ਜਾਂਦੇ ਨੇ। ਕਹਿਣ ਨੂੰ ਤਾਂ ਸਰ 'ਪੁਲਿਸ ਜਨਤਾ ਦੀ ਸੇਵਕ ਹੈ' ਦੇ ਨਾਅਰੇ ਬੁਲੰਦ ਕੀਤੇ ਜਾਂਦੇ ਨੇ, ਥਾਂ-ਥਾਂ 'ਤੇ ਇਸ਼ਤਿਹਾਰ ਲਗਾਏ ਜਾਂਦੇ ਨੇ, ਪਰ ਇੱਕ ਆਮ ਆਦਮੀ ਦੀ ਮਜਾਲ ਏ ਕਿ ਕਿਸੇ ਵਰਦੀ ਵਾਲੇ ਤੋਂ ਉਸਦੀ ਡਿਊਟੀ ਬਾਰੇ ਕੋਈ ਸਵਾਲ ਕਰ ਜਾਵੇ? ਕੀ ਆਪਣੀ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਮੁਲਾਜ਼ਿਮਾਂ, ਭਾਵੇਂ ਉਹ ਪੁਲਿਸ ਮਹਿਕਮੇ ਦਾ ਹੋਵੇ ਜਾਂ ਕੋਈ ਹੋਰ, ਤੋਂ ਸਵਾਲ ਪੁੱਛਣ ਦਾ ਹੱਕ ਇੱਕ ਆਮ ਸ਼ਹਿਰੀ ਨੂੰ ਨਹੀਂ ਹੈ ਸਰ? ਪਰ ਕੀ ਇੱਕ ਆਮ ਆਦਮੀ ਨੂੰ ਉਸਦੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ ਸਰ? ਤੇ ਖ਼ਾਸਕਰ ਪੁਲਿਸ ਮਹਿਕਮੇ ਤੋਂ ਤਾਂ ਆਮ ਆਦਮੀ ਸਵਾਲ ਪੁੱਛਣ ਦਾ ਹਿਆਂ ਹੀ ਨਹੀਂ ਕਰ ਪਾਉਂਦਾ। ਤਾਂ ਫਿਰ ਸਵਾਲ ਪੁੱਛੇਗਾ ਕੌਣ ਸਰ? ਜਵਾਬ ਹੈ- ਅਸੀਂ ਸਰ! ਮੀਡੀਆ! ਮੈਂ ਵੀ ਤਾਂ ਬੱਸ ਇਹੀ ਕੀਤਾ ਸਰ! ਉਸ ਪੁਲਿਸਵਾਲੇ ਨੂੰ ਉਸਦੀ ਡਿਊਟੀ ਯਾਦ ਦੁਆaਣਾ ਵੀ ਮੇਰਾ ਫ਼ਰਜ਼ ਸੀ ਸਰ, ਮੈਂ ਉਹੋ ਪੂਰਾ ਕੀਤਾ। ਉਸ ਪੁਲਿਸਵਾਲੇ ਨੇ ਆਵਾਮ ਦੀ ਆਵਾਜ਼, ਇੱਕ ਪੱਤਰਕਾਰ ਨੂੰ ਐਰਾ-ਗ਼ੈਰਾ, ਨੱਥੂ-ਖ਼ੈਰਾ ਕਿਹਾ। ਵਰਦੀ ਦਾ ਨਾਜਾਇਜ਼ ਰੋਅਬ ਝਾੜਿਆ, ਬਦਜ਼ੁਬਾਨੀ ਕੀਤੀ, ਗਾਲ਼੍ਹ ਕੱਢੀ। ਇਸ ਤਰ੍ਹਾਂ ਟਰੀਟ ਕੀਤਾ ਜਿਵੇਂ ਉਸਦੇ ਸਾਹਮਣੇ ਇੱਕ ਬਾਇੱਜ਼ਤ, ਨਾਮਵਰ, ਕੱਦਾਵਰ ਅਖ਼ਬਾਰ ਦਾ ਪੱਤਰਕਾਰ ਨਹੀਂ, ਬਲਕਿ ਕੋਈ ਗੁੰਡਾ-ਬਦਮਾਸ਼ ਹੋਵੇ। ਜੇ ਮੈਂ ਪਰਸਨਲ ਲੈਵਲ 'ਤੇ ਉਸਦੇ ਰੋਅਬ ਦਾ ਜਵਾਬ ਰੋਅਬ ਨਾਲ਼ ਦਿੱਤਾ ਹੁੰਦਾ, ਆਪਣੇ ਗ਼ਰੂਰ 'ਤੇ ਲੱਗੀ ਚੋਟ ਦਾ ਜਵਾਬ ਚੋਟ ਨਾਲ ਦਿੱਤਾ ਹੁੰਦਾ ਤਾਂ ਉਸਦੀ ਗਾਲ਼੍ਹ ਦਾ ਜਵਾਬ ਗਾਲ਼੍ਹ 'ਚ ਹੀ ਦਿੰਦਾ ਸਰ! ਬਦਜ਼ੁਬਾਨੀ ਦਾ ਜਵਾਬ ਬਦਜ਼ੁਬਾਨੀ ਨਾਲ ਦਿੰਦਾ ਸਰ! ਪਰ ਮੈਂ ਮਹਿਜ਼ ਉਸਦੇ ਸੁਆਲਾਂ ਦਾ ਜਵਾਬ ਹੀ ਦਿੱਤਾ ਸਰ ਉਸਨੂੰ। ਆਪਣੇ ਆਪ ਨੂੰ ਰੱਬ ਤੋਂ ਦੋ ਹੱਥ ਉੱਪਰ ਸਮਝਣ ਵਾਲੇ ਉਸ ਪੁਲਿਸਵਾਲ਼ੇ ਨੂੰ ਉਸਦੀ ਹੈਸੀਅਤ ਸਮਝਾਈ। ਉਸਨੂੰ ਯਾਦ ਦੁਆਉਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਦਾ ਪਰਮ ਕਰਤੱਵ ਲੋਕਾਂ ਦੇ ਜਾਨੋ-ਮਾਲ ਦੀ ਰੱਖਿਆ ਕਰਨਾ ਹੈ, ਨਾ ਕਿ ਬਾਇੱਜ਼ਤ ਸ਼ਹਿਰੀਆਂ 'ਤੇ ਆਪਣਾ ਰੋਅਬ ਝਾੜਨਾ। ਵਰਦੀ ਦੀ ਦਹਿਸ਼ਤ ਗੁੰਡੇ-ਬਦਮਾਸ਼ਾਂ ਲਈ ਹੈ, ਨਾ ਕਿ ਕਿਸੇ ਆਮ ਸ਼ਹਿਰੀ ਲਈ। ਹਾਂ ਸਰ! ਮੈਂ ਉਸਨੂੰ ਜ਼ਰੂਰ ਕਿਹਾ ਕਿ ਉਸਨੇ ਹਾਲੇ ਕਲਮ ਦੀ ਤਾਕਤ ਨਹੀਂ ਦੇਖੀ। ਇਹ ਗੱਲ ਕਹਿਣ ਤੋਂ ਮੇਰਾ ਮਤਲਬ ਉਸਦੀ ਵਰਦੀ ਨੂੰ ਚੈਲੇਂਜ ਕਰਨਾ ਨਹੀਂ ਸੀ ਸਰ, ਬਲਕਿ ਉਸ ਤਾਕਤ ਦੀ ਨਾਜਾਇਜ਼ ਵਰਤੋਂ ਦੀ ਖ਼ਿਲਾਫ਼ਤ ਸੀ। ਤੇ ਕਲਮ ਦੀ ਤਾਕਤ ਇਹੋ ਜਿਹੇ ਤਾਨਾਸ਼ਾਹੀ ਪ੍ਰਵਿਰਤੀ ਵਾਲੇ ਲੋਕਾਂ ਦੀ ਅਕਲ ਠਿਕਾਣੇ ਲਾਉਣ ਲਈ ਹੀ ਤਾਂ ਹੈ ਸਰ! ਇਸੇ ਲਈ ਹੀ ਤਾਂ ਕਿਹਾ ਜਾਂਦਾ ਹੈ ਸਰ ਕਿ- 'ਖੀਂਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਿਲ ਹੋ ਤੋ ਅਖ਼ਬਾਰ ਨਿਕਾਲੋ'! ਬੱਸ, ਆਪਣੀ ਸਫ਼ਾਈ 'ਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਸਰ!"
'ਬੰਦਾ ਐ ਕਿ ਤੋਪ ਦਾ ਗੋਲ਼ਾ ਇਹ ਪਤੰਦਰ!'
ਸੋਚਦਾ ਗਗਨ ਡੌਰ-ਭੌਰ ਜਿਹਾ ਤੇਜਵੀਰ ਦੇ ਚਿਹਰੇ ਵੱਲ ਮੂੰਹ-ਅੱਡੀ ਦੇਖੀ ਜਾ ਰਿਹਾ ਸੀ।
"ਗਿਵ ਮੀ ਯੁਅਰ ਰਿਪੋਰਟ।"
ਤੇਜਵੀਰ ਦੇ ਜਵਾਬ 'ਤੇ ਕੋਈ ਪ੍ਰਤੀਕਿਰਿਆ ਕੀਤੇ ਬਗੈਰ, ਭੋਗਲ ਸਾਹਬ ਨੇ ਹੱਥ ਅੱਗੇ ਵਧਾਇਆ।
ਤੇਜਵੀਰ ਨੇ ਚੁੱਪਚਾਪ ਰਿਪੋਰਟ ਵਾਲ਼ੇ ਕਾਗ਼ਜ਼ ਭੋਗਲ ਸਾਹਬ ਨੂੰ ਸੌਂਪ ਦਿੱਤੇ।
ਆਪਣੇ ਕੀਮਤੀ ਨਜ਼ਰ ਦੇ ਚਸ਼ਮੇ ਰਾਹੀਂ ਭੋਗਲ ਸਾਹਬ ਰਿਪੋਰਟ ਨੂੰ ਬੜੇ ਗੌਰ ਨਾਲ ਪੜ੍ਹਨ ਲੱਗ ਪਏ।
ਕੈਬਿਨ 'ਚ ਚੁੱਪ ਵਰਤ ਗਈ।
ਭਰਪੂਰ ਕੋਸ਼ਿਸ਼ ਦੇ ਬਾਵਜੂਦ ਵੀ ਮੌਜੂਦਾ ਮਾਹੌਲ ਗਗਨ ਦੀ ਸਮਝ ਦੇ ਦਾਇਰੇ 'ਚ ਨਹੀਂ ਆ ਰਿਹਾ ਸੀ।
ਰਿਪੋਰਟ ਦਾ ਆਖ਼ਰੀ ਪੰਨਾ ਪਲਟ ਕੇ ਭੋਗਲ ਸਾਹਬ ਆਪਣੀ ਸੀਟ ਤੋਂ ਉੱਠ ਖੜ੍ਹੇ ਹੋਏ।
ਉਹਨਾਂ ਦੇ ਇਸ ਅਚਨਚੇਤੀ ਐਕਸ਼ਨ ਤੋਂ ਹੜਬੜਾ ਕੇ, ਉਹ ਦੋਨੋਂ ਵੀ ਆਪੋ-ਆਪਣੀਆਂ ਸੀਟਾਂ 'ਤੋਂ ਉੱਠ ਖਲੋਏ।
ਭੋਗਲ ਸਾਹਬ ਨੇ ਬਿਨਾਂ ਕੁਝ ਬੋਲੇ, ਆਪਣੀ ਵਿਸ਼ਾਲਾਕਾਰ ਆਫ਼ਿਸ ਟੇਬਲ ਦੇ ਉੱਤੋਂ ਦੀ ਘੇਰਾ ਕੱਟਿਆ ਤੇ ਤੇਜਵੀਰ ਦੇ ਸਾਹਮਣੇ ਜਾ ਖੜ੍ਹੇ ਹੋਏ।
ਸੰਤੁਲਿਤ ਰਹਿਣ ਦੀ ਭਰਪੂਰ ਕੋਸ਼ਿਸ਼ ਦੇ ਬਾਵਜੂਦ ਤੇਜਵੀਰ ਦਾ ਦਿਲ ਬੜੇ ਜ਼ੋਰ ਨਾਲ਼ ਧੜਕਣ ਲੱਗ ਪਿਆ।
ਭੋਗਲ ਸਾਹਬ ਨੇ ਤੇਜਵੀਰ ਨੂੰ ਸਿਰ ਤੋਂ ਪੈਰਾਂ ਤੱਕ ਬੜੇ ਗ਼ੌਰ ਨਾਲ ਵੇਖਿਆ, ਤੇ ਫਿਰ ਉਹਨਾਂ ਆਪਣੇ ਸੱਜੇ ਹੱਥ ਨਾਲ਼ ਤੇਜਵੀਰ ਦਾ ਖੱਬਾ ਮੋਢਾ ਫੜ ਕੇ ਹਲੂਣਦਿਆਂ ਹੋਇਆਂ ਆਖਿਆ।
"ਸ਼ਾਬਾਸ਼! ਵੈੱਲ ਡਨ ਮਾਈ ਬੁਆਏ! ਵੈੱਲ ਡਨ!"
"ਥ-ਥੈਂਕਯੂ ਸਰ!"
ਨੌਕਰੀ ਦੀ ਆਸ ਗੁਆ ਚੁੱਕੇ ਤੇਜਵੀਰ ਦੇ ਮੂੰਹੋਂ ਬੜੀ ਮੁਸ਼ਕਿਲ ਨਾਲ ਨਿੱਕਲਿਆ।
ਇਸ ਨਿਰਾਲੇ ਨਜ਼ਾਰੇ ਦੇ ਦਰਸ਼ਨ ਕਰਦਿਆਂ, ਗਗਨ ਦਾ ਮੂੰਹ ਹੈਰਾਨੀ ਨਾਲ਼ ਅੱਡੇ ਦਾ ਅੱਡਿਆ ਰਹਿ ਗਿਆ।
'ਜਾਦੂਗਰ ਐ ਪਤੰਦਰ, ਜਾਦੂਗਰ।'
"ਆਈ ਐਮ ਪਰਾਊਡ ਆੱਵ ਯੂ ਮਾਈ ਬੁਆਏ!" ਕਹਿਕੇ ਭੋਗਲ ਸਾਹਬ ਆਪਣੀ ਸੀਟ 'ਤੇ ਪਰਤ ਗਏ।
"ਸਿਟ! ਸਿਟ!" ਉਹਨਾਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕਰ, ਭੋਗਲ ਸਾਹਬ ਆਪਣੀ ਸੀਟ 'ਤੇ ਵਿਰਾਜਮਾਨ ਹੋ ਗਏ।
"ਤੇਜਵੀਰ! ਤੈਨੂੰ ਦੇਖ ਕੇ ਅੱਜ ਇਸ ਓਲਡ ਮੈਨ ਨੂੰ ਆਪਣੀ ਜਵਾਨੀ ਯਾਦ ਆ ਗਈ ਮਾਈ ਬੁਆਏ! ਇਹੀ ਸੋਚ, ਇਹੀ ਜੋਸ਼ ਤੇ ਇਹੀ ਵਿਸ਼ਵਾਸ ਲੈ ਕੇ ਮੈਂ ਇਹ ਅਖ਼ਬਾਰ ਸ਼ੁਰੂ ਕੀਤਾ ਸੀ।
'ਰੋਜ਼ਾਨਾ ਖ਼ਬਰਨਾਮਾ' ਮੇਰੇ ਲਈ ਕੋਈ ਬਿਜ਼ਨਿਸ ਨਹੀਂ ਬਲਕਿ ਇੱਕ ਮਿਸ਼ਨ ਹੈ। ਮੇਰੇ ਦੇਸ਼, ਮੇਰੇ ਸਮਾਜ, ਮੇਰੇ ਮਾਅਸ਼ਰੇ ਪ੍ਰਤੀ ਮੇਰੀ ਜ਼ਿੰਮੇਵਾਰੀ ਦੀ ਭਾਵਨਾ ਹੈ। 'ਦੇਅਰ ਇਜ਼ ਨੋ ਹੋਪ' ਕਹਿਣ ਵਾਲ਼ੇ ਇਸ ਬਜ਼ੁਰਗ ਆਦਮੀ 'ਚ ਇੱਕ ਨਵਾਂ ਜੋਸ਼ ਆ ਗਿਆ ਬੇਟਾ ਤੈਨੂੰ ਦੇਖ ਕੇ। ਨਾਓ ਆਈ ਕੈਨ ਸੇ 'ਦੇਅਰ ਇਜ਼ ਸਟਿੱਲ ਹੋਪ'। ਯੁਅਰ ਪੇਰੇਂਟਸ ਮਸਟ ਹੈਵ ਪਰਾਊਡ ਆੱਵ ਯੂ ਮਾਈ ਬੁਆਏ! ਮੈਂ ਜ਼ਰੂਰ ਉਹਨਾਂ ਨੂੰ ਮਿਲਕੇ ਮੁਬਾਰਕਬਾਦ ਦੇਣੀ ਚਾਹਾਂਗਾ।"
"ਆਈ ਐਮ ਸਾੱਰੀ ਸਰ, ਬੱਟ ਦੇ ਆਰ ਨੋ ਮੋਰ!" ਕਹਿੰਦਿਆਂ ਤੇਜਵੀਰ ਦੇ ਚਿਹਰੇ 'ਤੇ ਗਹਿਨ ਉਦਾਸੀ ਦੇ ਬੱਦਲ ਛਾ ਗਏ।
"ਓਹ! ਆਈ ਐਮ ਐਕਸਟ੍ਰੀਮਲੀ ਸਾੱਰੀ ਸਨ! ਹਾਓ ਅਨਫ਼ਾੱਰਚੁਨੇਟ ਆੱਵ ਮੀ ਕਿ ਉਹਨਾਂ ਨੂੰ ਮਿਲਣ ਦਾ ਮੌਕਾ ਮੈਨੂੰ ਨਹੀਂ ਮਿਲ ਸਕਿਆ। ਬੱਟ ਆਈ ਐਮ ਸ਼ਯੋਰ ਦੈਟ ਦੇ ਮਸਟ ਬੀ ਵੈਰੀ ਗੁੱਡ ਹਿਊਮਨਬੀਂਗਜ਼! ਤਾਂ ਹੀ ਤਾਂ ਉਹਨਾਂ ਦੇ ਸੰਸਕਾਰ ਇਹ ਰੰਗ ਲਿਆਏ ਨੇ!" ਭੋਗਲ ਸਾਹਬ ਵੀ ਜਜ਼ਬਾਤੀ ਹੋਏ ਤੋਂ ਬਿਨਾਂ ਨਾ ਰਹਿ ਸਕੇ।
ਗਗਨ ਦਾ ਹੱਥ ਤੇਜਵੀਰ ਦੇ ਹੱਥ 'ਤੇ ਆ ਟਿਕਿਆ।
ਕੁਝ ਪਲਾਂ ਲਈ ਕੈਬਿਨ 'ਚ ਉਦਾਸੀ ਭਰੀ ਚੁੱਪ ਪਸਰ ਗਈ।
"ਵੈੱਲ ਮਾਈ ਬੁਆਏਜ਼!" ਭੋਗਲ ਸਾਹਬ ਨੇ ਪਹਿਲ ਕਰਦਿਆਂ ਚੁੱਪ ਨੂੰ ਤੋੜਿਆ, "ਕੱਲ੍ਹ ਦਾ ਕੀ ਪ੍ਰੋਗਰਾਮ ਹੈ? ਆਈ ਮੀਨ ਮੈਂ ਚਾਹੁੰਨਾਂ ਹਾਂ ਕਿ ਇਸ ਕੇਸ ਦਾ ਪ੍ਰੌਪਰ ਫ਼ੌਲੋਅੱਪ ਹੋਵੇ। ਮੈਂ ਰਾਏਕੋਟ ਤੋਂ ਹੀ ਆ ਰਿਹਾ ਹਾਂ, ਢਿੱਲੋਂ ਸਾਹਬ ਨੂੰ ਬੜਾ ਗਹਿਰਾ ਸਦਮਾ ਲੱਗਾ ਹੈ। ਬੜੀ ਦੁੱਖ ਦੀ ਘੜੀ ਹੈ ਉਹਨਾਂ ਲਈ, ਪਰ ਹੁਣ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੀ ਬੇਟੀ ਦੀ ਮੌਤ ਖ਼ੁਦਕੁਸ਼ੀ ਨਹੀਂ ਬਲਕਿ ਮਰਡਰ ਹੈ, ਪਤਾ ਨਹੀਂ ਕੀ ਬੀਤੇਗੀ ਉਹਨਾਂ 'ਤੇ!"
"ਬੱਟ ਸਰ, ਉਹਨਾਂ ਨੂੰ ਸ਼ਾਇਦ ਇਤਰਾਜ਼ ਹੋਵੇ, ਜੋ ਸਟੋਰੀ ਆਪਾਂ ਛਾਪਣ ਜਾ ਰਹੇ ਹਾਂ। ਆਈ ਮੀਨ ਇਸ ਨਾਲ ਉਹਨਾਂ ਦੀ ਬੇਟੀ ਦੇ ਕੈਰੈਕਟਰ 'ਤੇ ਵੀ ਤਾਂ ਸਵਾਲੀਆ ਨਿਸ਼ਾਨ ਲੱਗੇਗਾ?" ਉਦਾਸੀ ਦੇ ਭੰਵਰ 'ਚੋਂ ਬਾਹਰ ਆ ਚੁੱਕੇ ਤੇਜਵੀਰ ਨੇ ਕਿਹਾ।
"ਸੱਚ ਸਾਹਮਣੇ ਲਿਆਉਣਾ ਸਾਡਾ ਫ਼ਰਜ਼ ਹੈ ਤੇਜਵੀਰ! ਤੇ ਸਾਡਾ ਫ਼ਰਜ਼ ਹੀ ਸਾਡੀ ਪ੍ਰਾਇਓਰਿਟੀ ਹੈ। ਆਈ ਪਰਸਨਲੀ ਵਾਂਟ ਕਿ ਰੁਪਿੰਦਰ ਦਾ ਕਾਤਲ ਜਲਦ-ਅਜ਼-ਜਲਦ ਸਲਾਖਾਂ ਦੇ ਪਿੱਛੇ ਹੋਵੇ। ਇਸ ਲਈ ਤੁਸੀਂ ਦੋਵੇਂ ਇਸ ਕੇਸ ਨੂੰ ਪ੍ਰਾਪਰਲੀ ਫ਼ਾੱਲੋ ਕਰੋ। ਐਂਡ ਗਗਨ, ਹੋਰ ਕੋਈ ਅਸਾਈਨਮੈਂਟ ਐਂਟਰਟੇਨ ਨਹੀਂ ਕਰਨੀ ਤੁਸੀਂ ਓਨੀ ਦੇਰ, ਜਦ ਤੱਕ ਇਹ ਕੇਸ ਸਾੱਲਵ ਨਹੀਂ ਹੋ ਜਾਂਦਾ। ਐਂਡ ਰਿਮੈਂਬਰ, ਫ਼ਰਜ਼ ਦੇ ਰਾਹ 'ਚ ਆਉਣ ਵਾਲਾ ਭਾਵੇਂ ਕਿੰਨਾ ਵੀ ਜ਼ੋਰਾਵਰ ਕਿਉਂ ਨਾ ਹੋਵੇ, ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ। ਐਵਰ ਰਿਮੈਂਬਰ, ਤੁਹਾਡੀ ਬੈਕ 'ਤੇ 'ਰੋਜ਼ਾਨਾ ਖ਼ਬਰਨਾਮਾ' ਹੈ। ਐਂਡ ਮਾਰਕ ਮਾਈ ਵਰਡਜ਼, ਆਪਣੇ ਫ਼ਰਜ਼ ਦੇ ਰਾਹ 'ਤੋਂ ਕਦੇ ਨਹੀਂ ਥਿੜਕਣਾ ਮਾਈ ਬੁਆਏਜ਼! ਭਾਵੇਂ ਥਿੜਕਾਉਣ ਵਾਲਾ ਤਾਰਾ ਚੰਦ ਭੋਗਲ ਹੀ ਕਿਉਂ ਨਾ ਹੋਵੇ!"
ਭੋਗਲ ਸਾਹਬ ਦਾ ਇਹ ਰੂਪ ਦੇਖ ਕੇ ਗਗਨ ਅਸਚਰਜਚਕਿਤ ਰਹਿ ਗਿਆ।
ਤੇਜਵੀਰ ਦੇ ਅੰਦਰ ਇੱਕ ਨਵੇਂ ਜੋਸ਼ ਦਾ ਸੰਚਾਰ ਹੋ ਰਿਹਾ ਸੀ।
"ਸਰ! ਮੈਂ ਢਿੱਲੋਂ ਸਾਹਬ ਤੇ ਉਹਨਾਂ ਦੇ ਮਿਸਿਜ਼ ਨਾਲ ਕੇਸ ਦੇ ਸਿਲਸਿਲੇ 'ਚ ਇੱਕ ਮੁਲਾਕਾਤ ਕਰਨੀ ਚਾਹੁੰਨਾਂ। ਸ਼ਾਇਦ ਉਹਨਾਂ ਤੋਂ ਕੋਈ ਜਾਣਕਾਰੀ ਹਾਸਿਲ ਹੋ ਜਾਏ। ਬੱਟ ਓਸਤੋਂ ਵੀ ਪਹਿਲਾਂ ਮੈਂ ਮੌਕਾਏ-ਵਾਰਦਾਤ ਦਾ ਇੱਕ ਵਾਰ ਫੇਰ ਤੋਂ ਅੱਛੀ ਤਰ੍ਹਾਂ ਮੁਆਇਨਾ ਕਰਨਾ ਚਾਹੁੰਨਾਂ। ਅੱਜ ਤਾਂ ਇਹ ਪਾੱਸੀਬਲ ਨਹੀਂ ਹੋ ਪਾਇਆ ਸਰ, ਪਰ ਕੱਲ੍ਹ ਅਗਰ ਇਸਦਾ ਇੰਤਜ਼ਾਮ ਹੋ ਜਾਏ, ਤਾਂ ਸ਼ਾਇਦ ਕੋਈ ਐਸਾ ਕਲੂ ਹੱਥ ਲੱਗ ਜਾਵੇ, ਜੋ ਕਾਤਲ ਵੱਲ ਇਸ਼ਾਰਾ ਕਰਦਾ ਹੋਵੇ!"
"ਡੋਂਟ ਵਰੀ ਮਾਈ ਬੁਆਏਜ਼, ਇੰਤਜ਼ਾਮ ਹੋ ਜਾਏਗਾ। ਓ ਕੇ ਦੈਨ, ਯੂ ਮੇ ਲੀਵ ਨਾਓ!"
"ਥੈਂਕਯੂ ਸਰ!" ਇੱਕੋ ਸੁਰ 'ਚ ਆਖ ਕੇ ਦੋਨੋਂ ਉੱਠ ਖੜ੍ਹੇ ਹੋਏ।
+++++
ਅਗਲੀ ਸਵੇਰ ਸਰਦੂਲ ਸਿੰਘ ਫਿਰ ਬਿਸਤਰੇ 'ਚੋਂ ਉੱਭੜਵਾਹੇ ਉੱਠਿਆ।
ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ਼ ਬੁਰੀ ਤਰ੍ਹਾਂ ਨਾਲ਼ ਗੜੁੱਚ, ਉਹ ਸਾਹੋ-ਸਾਹੀ ਹੋਇਆ ਪਿਆ ਸੀ।
ਕੱਲ੍ਹ ਉਸਦੇ ਗਰੂਰ ਨੂੰ ਤੇਜਵੀਰ ਹੱਥੋਂ ਬੜੀ ਗਹਿਰੀ ਚੋਟ ਪੁੱਜੀ ਸੀ।
ਡਿਊਟੀ ਤੋਂ ਫ਼ਾਰਿਗ ਹੁੰਦੇ ਸਾਰ ਹੀ ਉਹ ਆਪਣੇ ਪਸੰਦੀਦਾ ਹਾਤੇ 'ਤੇ ਜਾ ਪੁੱਜਾ ਅਤੇ ਮਨੋ-ਮਨੀ ਕੁੜ੍ਹਦਾ-ਕੁੜ੍ਹਦਾ ਬੇਤਹਾਸ਼ਾ ਸ਼ਰਾਬ ਪੀਂਦਾ ਰਿਹਾ।
ਰਹਿ-ਰਹਿ ਕੇ ਉਸਦੀਆਂ ਅੱਖਾਂ ਅੱਗੇ ਤੇਜਵੀਰ ਦਾ ਚਿਹਰਾ ਆ ਰਿਹਾ ਸੀ।
ਉਸ 'ਪਿੱਦੀ ਜਿਹੇ ਛੋਕਰੇ' ਦੇ ਕਰਾਰੇ ਬੋਲ, ਵਾਰ-ਵਾਰ ਉਸਦੇ ਕੰਨਾਂ 'ਚ ਗੂੰਜ ਰਹੇ ਸਨ।
ਉਹ ਬੱਸ ਕਿਸੇ ਤਰ੍ਹਾਂ ਆਪਣੇ ਇਹਨਾਂ ਬਦਮਜ਼ਾ ਖ਼ਿਆਲਾਤਾਂ ਨੂੰ ਸ਼ਰਾਬ ਦੇ ਗਲਾਸ ਵਿੱਚ ਡੁਬੋ ਦੇਣਾ ਚਾਹੁੰਦਾ ਸੀ।
'ਸਾਲ਼ੀ ਇਹ ਦਾਰੂ ਵੀ ਨੀਂ ਚੜ੍ਹਦੀ ਅੱਜ ਤਾਂ।'
ਮਣਾਂ-ਮੂੰਹੀਂ ਸ਼ਰਾਬ ਪੀਣ ਤੋਂ ਬਾਅਦ ਘਰ ਜਾਣ ਦੀ ਬਜਾਏ ਉਹ ਲੜਖੜਾਉਂਦਾ ਹੋਇਆ ਨਰਸ ਦੇ ਪਹਿਲੂ 'ਚ ਜਾ ਗਰਕ ਹੋਇਆ।
ਨਸ਼ੇ ਦੀ ਅਧਿਕਤਾ ਕਾਰਣ ਨੀਮ ਬੇਹੋਸ਼ੀ ਦੀ ਹਾਲਤ 'ਚ ਵੀ ਉਹ ਸਾਰੀ ਰਾਤ ਪਿਆ ਬੜਬੜਾਉਂਦਾ ਰਿਹਾ, ਪਰ ਨੀਂਦ ਉਸਦੀਆਂ ਅੱਖਾਂ ਤੋਂ ਕੋਹਾਂ ਦੂਰ ਰਹੀ।
ਪਹੁ-ਫੁਟਾਲ਼ੇ ਤੋਂ ਜ਼ਰਾ ਕੁ ਪਹਿਲਾਂ ਮਾੜੀ ਜਿਹੀ ਅੱਖ ਲੱਗੀ ਸੀ ਕਿ ਫਿਰ ਤੋਂ ਉਹੀ ਭਿਆਨਕ ਸੁਪਨਾ।
ਇਸ ਵਾਰ ਉਸ ਨਰਮੁੰਡਧਾਰੀ ਭਿਆਨਕ ਆਕ੍ਰਿਤੀ ਨੇ ਆਪਣੇ ਹੱਥ 'ਚ ਫੜਿਆ ਸਿਰ, ਆਪਣੀ ਗਰਦਨ 'ਤੇ ਟਿਕਾ ਲਿਆ ਸੀ, ਅਤੇ ਉਸ ਸਿਰ ਨੇ ਤੇਜਵੀਰ ਦੀ ਸ਼ਕਲ ਇਖ਼ਤਿਆਰ ਕਰ ਲਈ ਸੀ। ਚੀਕ–ਚਿਹਾੜਾਂ ਦੀਆਂ ਆਵਾਜ਼ਾਂ ਵਿੱਚੋਂ ਢੋਲ-ਨਗਾੜਿਆਂ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਤੇ ਹੌਲ਼ੀ-ਹੌਲ਼ੀ ਢੋਲ-ਨਗਾੜਿਆਂ ਦੀ ਆਵਾਜ਼ ਸਭ ਆਵਾਜ਼ਾਂ ਉੱਤੇ ਭਾਰੀ ਹੋ ਗਈ। ਅੰਤ ਉਹ ਆਵਾਜ਼ ਠਹਾਕਿਆਂ ਦੀ ਆਵਾਜ਼ ਵਿੱਚ ਤਬਦੀਲ ਹੋ ਗਈ। ਹੌਲ਼ੀ-ਹੌਲ਼ੀ ਉਹਨਾਂ ਠਹਾਕਿਆਂ ਦੀ ਆਵਾਜ਼ ਏਨੀ ਤੇਜ਼ ਹੋ ਗਈ ਕਿ ਉਸ ਦੇ ਕੰਨਾਂ ਦੇ ਪਰਦੇ ਫਟਣ ਲੱਗ ਪਏ ਤੇ ਉਸਦੀ ਅੱਖ ਖੁੱਲ੍ਹ ਗਈ।
ਆਪਣੇ ਸਾਹਾਂ ਦੇ ਕਾਬੂ ਆਉਣ 'ਤੇ ਉਸਨੂੰ ਅਹਿਸਾਸ ਹੋਇਆ ਕਿ ਸਿਰਹਾਣੇ ਪਏ ਉਸਦੇ ਮੋਬਾਈਲ ਫ਼ੋਨ ਦੀ ਘੰਟੀ ਵੱਜ ਰਹੀ ਸੀ।
ਅੱਧ-ਸੁੱਤੀਆਂ ਅੱਖਾਂ ਮਲ਼ਦਿਆਂ ਉਸਨੇ ਮੋਬਾਈਲ ਫ਼ੋਨ ਚੁੱਕ ਆਪਣੇ ਕੰਨ ਨੂੰ ਲਾ ਲਿਆ।
ਅੱਗਿਓਂ ਉਸਦੀ ਘਰਵਾਲ਼ੀ ਦੀ ਆਵਾਜ਼ ਆਈ।
"ਹੈਂਅ ਜੀ, ਕਿੱਥੇ ਓਂ ਕੱਲ੍ਹ ਦੇ…?"
ਅਤੇ ਕਿੰਨਾ ਹੀ ਚਿਰ ਉਸਦੀ ਨੀਮ-ਪਾਗਲ ਪਤਨੀ ਆਪਣਾ ਰਾਗ ਅਲਾਪਦੀ ਰਹੀ।
"ਕਿਉਂ ਸਵੇਰੇ-ਸਵੇਰੇ ਕੁੱਤੇ ਆਂਗੂੰ ਭੌਂਕੀ ਜਾਨੀ ਏਂ? ਡਿਊਟੀ 'ਤੇ ਸੀ।"
"ਆਹੋ, ਮੈਂ ਹੁਣ ਕੁੱਤੀ ਹੋਗੀ। ਮੈਨੂੰ ਪਤਾ ਕਿਹੜੀ ਕੰਜਰੀ ਦੇ ਢੂਹੇ 'ਚ ਡਿਊਟੀ ਕਰਦਾ ਸੀ। ਮੇਰੇ ਤਾਂ ਕਰਮਾਂ ਨੂੰ…"
ਅੱਕ ਕੇ ਸਰਦੂਲ ਸਿੰਘ ਨੇ ਕਾਲ ਕੱਟ ਦਿੱਤੀ।
ਮੋਬਾਈਲ ਦੀ ਘੰਟੀ ਫਿਰ ਤੋਂ ਵੱਜ ਉੱਠੀ।
ਉਸਨੇ ਖਿਝ ਕੇ ਮੋਬਾਈਲ ਸਵਿੱਚ ਆੱਫ਼ ਕਰ ਦਿੱਤਾ।
"ਉੱਠ ਖੜ੍ਹੇ ਸਰਕਾਰ ਮੇਰੇ?"
ਖੁੱਲ੍ਹੇ ਗਲ਼ੇ ਦੀ ਪਾਰਦਰਸ਼ੀ ਨਾਈਟੀ ਪਹਿਨੀ ਨਰਸ ਨੇ ਕਮਰੇ 'ਚ ਕਦਮ ਰੱਖਿਦਆਂ ਆਖਿਆ।
ਉਸਦੇ ਹੱਥਾਂ 'ਚ ਚਾਹ ਵਾਲ਼ੀ ਟ੍ਰੇ ਫੜੀ ਹੋਈ ਸੀ।
ਉਹ ਲਹਿਰਾਉਂਦੀ ਹੋਈ ਸਰਦੂਲ ਸਿੰਘ ਦੇ ਸਿਰਹਾਣੇ ਜਾ ਖੜ੍ਹੀ ਹੋਈ।
ਉਸਦੇ ਲਿਬਾਸ ਵਿੱਚੋਂ ਦੀ ਸਾਫ਼ ਝਲਕ ਰਹੇ ਉਸਦੇ ਗੁੰਦਵੇਂ ਜਿਸਮ ਦੀ ਇੱਕ-ਇੱਕ ਗੋਲ਼ਾਈ ਨੁਮਾਇਆਂ ਹੋ ਰਹੀ ਸੀ।
ਸਿਰਹਾਣੇ ਕੋਲ਼ ਪਈ ਤਿਪਾਈ 'ਤੇ ਟ੍ਰੇ ਰੱਖ, ਉਸਨੇ ਇੱਕ ਮਾਦਕ ਅੰਗੜਾਈ ਲਈ।
ਸਰਦੂਲ ਸਿੰਘ ਦੇ ਸਬਰ ਦਾ ਬੰਨ੍ਹ ਟੁੱਟਿਆ।
ਉਹ ਬਾਜ਼ ਵਾਂਗੂੰ ਝਪਟਿਆ ਤੇ ਉਸਨੂੰ ਕੁੱਕੜੀ ਵਾਂਗੂੰ ਦਬੋਚ ਕੇ ਉਸਨੇ ਬੈੱਡ 'ਤੇ ਸੁੱਟ ਲਿਆ।
ਅਗਲੇ ਅੱਧੇ ਘੰਟੇ ਤੱਕ ਬੈੱਡ 'ਤੇ ਜਿਵੇਂ ਭੂਚਾਲ਼ ਜਿਹਾ ਆ ਗਿਆ।
ਸਿਰਹਾਣੇ ਪਈ ਚਾਹ ਖ਼ਾਮੋਸ਼ ਠੰਡੀ ਹੁੰਦੀ ਰਹੀ।
ਸਵੇਰੇ-ਸਵੇਰੇ ਮਿਲ਼ੀ ਇਸ ਤਾਜ਼ਾਤਰੀਨ ਡੋਜ਼ ਸਦਕਾ, ਸਰਦੂਲ ਸਿੰਘ ਦੇ ਸਰੀਰ ਦੀ ਗਰਮੀ ਦੇ ਨਾਲ਼-ਨਾਲ਼ ਦਿਮਾਗ਼ ਦੀ ਗਰਮੀ ਵੀ ਥੋੜ੍ਹੀ ਜਿਹੀ ਸ਼ਾਂਤ ਹੋ ਗਈ।
ਜ਼ਰਾ ਕੁ ਬਿਹਤਰ ਮੂਡ ਲੈ ਉਹ ਚੌਂਕੀ ਪਹੁੰਚਿਆ।
ਗੇਟ 'ਤੇ ਖੜ੍ਹੇ ਸਿਪਾਹੀ ਨੇ ਹਰ ਰੋਜ਼ ਵਾਂਗ ਸਲਾਮ ਠੋਕਿਆ, ਪਰ ਸਰਦੂਲ ਸਿੰਘ ਨੂੰ ਉਸਦੀ ਝਾਕਣੀ ਬੜੀ ਅਜੀਬ ਜਿਹੀ ਲੱਗੀ।
ਉਸਦੀ ਝਾਕਣੀ 'ਚ ਇੱਕ ਮਜ਼ਾਹੀਆ ਜਿਹਾ ਭਾਵ ਸੀ, ਜਿਸਨੇ ਸਰਦੂਲ ਸਿੰਘ ਦੇ ਮਨ 'ਚ ਇੱਕ ਅਜੀਬ ਜਿਹੀ ਬੇਚੈਨੀ ਭਰ ਦਿੱਤੀ।
ਫਿਰ ਆਪਣੇ ਇਸ ਬੇਸੁਆਦੇ ਜਿਹੇ ਅਹਿਸਾਸ ਨੂੰ ਅਣਗੌਲ਼ਿਆਂ ਕਰਨ ਲਈ ਉਸਨੇ ਆਪਣਾ ਸਿਰ ਬੇਪਰਵਾਹੀ ਜਿਹੀ ਨਾਲ਼ ਝਟਕਿਆ।
'ਸਾਲ਼ਾ ਦਿਮਾਗ ਈ ਫਿਰਿਆ ਪਿਆ ਮੇਰਾ ਤਾਂ!'
ਬੁੜਬੁੜਾਉਂਦਾ ਹੋਇਆ ਸਰਦੂਲ ਸਿੰਘ ਆਪਣੀ ਵਿਸ਼ਾਲ ਗੋਗੜ 'ਤੋਂ ਢਿਲ਼ਕੀ ਜਾ ਰਹੀ ਪੈਂਟ ਨੂੰ ਬੈਲਟ ਤੋਂ ਫੜ, ਉਤਾਂਹ ਨੂੰ ਖਿੱਚ ਕੇ ਟਿਕਾਣੇ ਸਿਰ ਲਿਆਉਂਦਾ ਹੋਇਆ ਆਪਣੇ ਦਫ਼ਤਰ ਵੱਲ ਨੂੰ ਹੋ ਤੁਰਿਆ।
ਬਰਾਮਦੇ 'ਚ ਖੜ੍ਹੇ ਸਿਪਾਹੀਆਂ ਦੀਆਂ ਨਜ਼ਰਾਂ 'ਚ ਵੀ ਉਸਨੂੰ ਕੁਝ ਉਹੋ ਜਿਹੇ ਹੀ ਭਾਵ ਨਜ਼ਰ ਆਏ।
'ਤੇਰੇ ਮਨ ਦਾ ਵਹਿਮ ਏ ਸਰਦੂਲ ਸਿਆਂ।'
ਮਨ ਹੀ ਮਨ ਆਪਣੇ ਆਪ ਨੂੰ ਤਸੱਲੀ ਜਿਹੀ ਦਿੰਦਾ ਹੋਇਆ, ਉਹ ਆਪਣੀ ਕੁਰਸੀ 'ਤੇ ਜਾ ਵਿਰਾਜਮਾਨ ਹੋਇਆ।
ਹੁਣ ਉਸਨੇ ਆਪਣੀ ਸੋਚ ਦਾ ਰੁਖ਼ 'ਉਸ ਪੱਤਰਕਾਰ ਛੋਕਰੇ ਨੂੰ ਸਬਕ ਕਿਵੇਂ ਸਿਖਾਇਆ ਜਾਵੇ?' ਦੇ ਅੱਤ ਜ਼ਰੂਰੀ ਕਾਰਜ ਵੱਲ ਮੋੜ ਲਿਆ।
'ਬੈਂਸ ਨੇ ਕੁਝ ਕੀਤਾ ਹੋਣਾ ਜਾਂ ਨਹੀਂ?'
'ਜੇ ਕਿਤੇ ਨੌਕਰੀਓਂ ਹੀ ਲਹਿ ਗਿਆ ਤਾਂ ਫੇਰ ਪੱਤਾ ਕੱਟਣਾ ਸੌਖਾ ਰਹੂ।'
ਉਸਨੇ ਸਾਹਮਣੇ ਟੇਬਲ 'ਤੇ ਪਏ ਸਰਕਾਰੀ ਫ਼ੋਨ 'ਤੋਂ ਬੈਂਸ ਦਾ ਨੰਬਰ ਮਿਲਾਇਆ।
ਘੰਟੀ ਵੱਜਦੀ ਰਹੀ, ਪਰ ਅੱਗਿਓਂ ਫ਼ੋਨ ਰਿਸੀਵ ਨਾ ਕੀਤਾ ਬੈਂਸ ਨੇ।
'ਮੂਤ ਗਿਆ ਮੇਰੇ ਸਾਲ਼ੇ ਦਾ! ਕੋਈ ਨਾ ਪੁੱਤ ਮੈਂ ਆਪੇ ਈ ਦੇਖ ਲੂੰ ਉਸ ਪਿੱਦੀ ਜਿਹੇ ਛੋਕਰੇ ਨੂੰ, ਨਾਲ਼ੇ ਵਿੱਚੇ ਈ ਤੈਨੂੰ ਵੀ।'
ਉਹ ਹਾਲੇ ਇਹਨਾਂ ਸੋਚਾਂ 'ਚ ਹੀ ਅਟਕਿਆ ਹੋਇਆ ਸੀ ਕਿ ਐਨੇ ਨੂੰ ਮੁਣਸ਼ੀ ਅੰਦਰ ਪ੍ਰਵੇਸ਼ ਕਰਦਿਆਂ ਝਿਜਕਦਿਆਂ ਜਹੇ ਆਖਿਆ, "ਜਨਾਬ, ਗੱਲ ਤਾਂ ਬੜੀ ਮਾੜੀ ਹੋਈ। ਇਹ ਸਾਲ਼ੇ ਮੀਡੀਆ ਆਲ਼ੇ ਤਾਂ ਐਵੇਂ ਈ ਬਾਤ ਦਾ ਬਤੰਗੜ ਜਿਹਾ ਬਣਾ ਧਰਦੇ ਆ।"
"ਉਏ ਕੀ ਸਵੇਰੇ-ਸਵੇਰੇ ਕਹਾਣੀਆਂ ਜਿਹੀਆਂ ਪਾਉਣ ਲੱਗ ਪਿਆਂ ਦੇਸ ਰਾਜਾ! ਕੀ ਹੋ ਗਿਆ?"
"ਕਿਉਂ ਜਨਾਬ? ਖਬਰਾਂ ਨੀ ਦੇਖੀਆਂ ਤੁਸੀਂ?"
"ਉਏ ਕੀ ਆ ਗਿਆ ਖਬਰਾਂ 'ਚ? ਕਿਹੜਾ ਬੰਬ ਡਿੱਗ ਪਿਆ ਸਵੇਰੇ-ਸਵੇਰੇ?"
"ਬੰਬ ਈ ਡਿੱਗ ਪਿਆ ਜਨਾਬ।" ਮੁਣਸ਼ੀ ਬੁੜਬੁੜਾਇਆ।
"ਉਏ ਬੁੜ-ਬੁੜ ਈ ਕਰੀ ਜਾਏਂਗਾ ਜਾਂ ਕੁਸ਼ ਮੂੰਹੋਂ ਫੁੱਟੇਂਗਾ ਵੀ?" ਸਰਦੂਲ ਸਿੰਘ ਦਾ ਸਬਰ ਮੁੱਕ ਚੱਲਾ ਸੀ।
"ਜਨਾਬ ਸਵੇਰੇ ਦਾ ਫੋਨ ਟਰਾਈ ਕਰੀ ਜਾਨਾਂ ਮੈਂ ਤਾਂ; ਬੰਦ ਈ ਆਈ ਜਾ ਰਿਹਾ।"
ਉਸਨੂੰ ਯਾਦ ਆਇਆ, ਉਸਨੇ ਸਵੇਰੇ ਹੀ ਤਾਂ ਬੰਦ ਕੀਤਾ ਸੀ। ਉਸਨੇ ਤੁਰੰਤ ਫ਼ੋਨ ਆੱਨ ਕੀਤਾ।
"ਦੇਸ ਰਾਜ! ਤਸੱਲੀ ਨਾਲ਼ ਦੱਸ ਹੋਇਆ ਕੀ?"
"ਜਨਾਬ ਤੁਸੀਂ ਆਪ ਈ ਦੇਖ ਲਓ।" ਆਖ ਮੁਣਸ਼ੀ ਨੇ ਸਾਹਮਣੇ ਕੋਨੇ 'ਚ ਪਿਆ ਟੀ.ਵੀ. ਆਨ ਕਰ ਦਿੱਤਾ।
"ਜਨਾਬ, ਜਿਹੜਾ ਮਰਜ਼ੀ ਨਿਊਜ਼ ਚੈਨਲ ਲਾ ਲੋ; ਗਾਹ ਪਿਆ ਹੋਇਆ ਹਰ ਪਾਸੇ…ਮੈਂ ਪੰਜਾਂ ਮਿੰਟਾਂ 'ਚ ਹਾਜ਼ਿਰ ਹੋਇਆ।
ਆਖ ਮੁਣਸ਼ੀ ਬਾਹਰ ਜਾਣ ਲਈ ਮੁੜਿਆ ਹੀ ਸੀ ਕਿ ਪਿੱਛਿਓਂ ਸਰਦੂਲ ਸਿੰਘ ਨੇ ਹੋਕਰਾ ਮਾਰਿਆ।
"ਉਏ ਖਸਮਾਂ! ਚਾਹ ਭੇਜ ਦਈਂ। ਸਾਲ਼ੀ ਸਵੇਰ ਦੀ ਚਾਹ ਵੀ ਨੀਂ ਪੀਤੀ ਅੱਜ।"
"ਜੀ ਜਨਾਬ!" ਆਖ ਮੁਣਸ਼ੀ ਤੁਰ ਪਿਆ, ਪਰ ਦਰਵਾਜ਼ੇ ਕੋਲ਼ ਪਹੁੰਚ ਕੇ ਠਿਠਕ ਗਿਆ ਤੇ ਪਿੱਛੇ ਮੁੜ ਕੇ, "ਨਾਲ਼ੇ ਜਨਾਬ ਅੱਜ ਦੇ ਅਖ਼ਬਾਰ 'ਤੇ ਵੀ ਨਜ਼ਰ ਮਾਰ ਲਿਓ… 'ਖ਼ਬਰਨਾਮੇ' 'ਤੇ।" ਆਖਦਿਆਂ-ਆਖਦਿਆਂ ਹੀ ਦਰਵਾਜ਼ਾ ਪਾਰ ਕਰ ਗਿਆ।
ਮੁਣਸ਼ੀ ਸਰਦੂਲ ਸਿੰਘ ਦੇ ਸੁਭਾਅ ਨੂੰ ਬੜੀ ਚੰਗੀ ਤਰ੍ਹਾਂ ਨਾਲ਼ ਜਾਣਦਾ ਸੀ। ਉਸਨੂੰ ਪਤਾ ਸੀ ਕਿ ਥੋੜ੍ਹੀ ਦੇਰ 'ਚ ਹੀ ਸਰਦੂਲ ਸਿੰਘ ਦਾ ਸੁਭਾਅ ਕਿਸ ਕਰਵਟ ਬੈਠਣ ਵਾਲ਼ਾ ਸੀ, ਤੇ ਉਹ ਬੇਮਤਲਬ ਦੀ ਕੁੱਤੇਖਾਣੀ ਨਹੀਂ ਕਰਵਾਉਣਾ ਚਾਹੁੰਦਾ ਸੀ।'ਡਿੱਗੀ ਖੋਤੀ ਤੋਂ, ਗੁੱਸਾ ਘੁਮਿਆਰ 'ਤੇ' ਵਾਲ਼ੀ ਕਹਾਵਤ ਸਿੱਧ ਹੋਣ ਤੋਂ ਪਹਿਲਾਂ ਹੀ, ਉਸਨੇ ਖਿਸਕ ਜਾਣਾ ਹੀ ਠੀਕ ਸਮਝਿਆ।
'ਪਤਾ ਨੀ ਸਾਲ਼ਾ ਕੀ ਬੁਝਾਰਤ ਜਿਹੀ ਪਾ ਗਿਆ।'
ਪਿੱਛਿਓਂ ਬੁੜਬੁੜਾਉਂਦੇ ਹੋਏ ਸਰਦੂਲ ਸਿੰਘ ਨੇ ਰਿਮੋਟ ਚੁੱਕ ਨਿਊਜ਼ ਚੈਨਲ ਗਾਹੁਣੇ ਸ਼ੁਰੂ ਕੀਤੇ।
ਦੋ-ਤਿੰਨ ਵਾਰ ਬਟਨ ਦੱਬਣ ਬਾਅਦ ਹੀ ਉਸ ਨੂੰ ਟੀ.ਵੀ. ਸਕਰੀਨ 'ਤੇ ਆਪਣੀ ਸੂਰਤ ਝਲਕਦੀ ਹੋਈ ਨਜ਼ਰ ਆਈ।
ਪਲ ਦੋ ਪਲ ਲਈ ਉਸ ਦੇ ਪੂਰੇ ਵਜੂਦ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ।
'ਵਾਹ ਬਈ ਵਾਹ ਸਰਦੂਲ ਸਿੰਘ ਏ.ਐੱਸ.ਆਈ.! ਤੂੰ ਤਾਂ ਸਟਾਰ ਬਣ ਗਿਆ ਬਈ!'
ਮਨ ਹੀ ਮਨ ਆਪਣੀ ਪਿੱਠ ਠੋਕਦਿਆਂ ਉਸ ਨੇ ਟੀ.ਵੀ. ਦੀ ਆਵਾਜ਼ ਤੇਜ਼ ਕੀਤੀ।
ਉਸੇ ਵਕਤ ਟੀ.ਵੀ. ਸਕਰੀਨ 'ਤੇ ਦ੍ਰਿਸ਼ ਤਬਦੀਲ ਹੋਇਆ ਅਤੇ ਸਕਰੀਨ 'ਤੇ ਉਸ ਨੂੰ ਸਵਾਲ ਕਰਨ ਵਾਲ਼ੇ ਟੀ.ਵੀ. ਰਿਪੋਰਟਰ ਦਾ ਚਿਹਰਾ ਚਮਕਿਆ।
"ਆਜ-ਕਲ ਲੁਧਿਆਨਾ ਪੁਲਿਸ ਕੀ ਗਿਰਤੀ ਹੂਈ ਸਾਖ ਕੇ ਬਾਰੇ ਮੇਂ ਆਪਕਾ ਕਯਾ ਕਹਨਾ ਹੈ? ਕਯਾ ਲੁਧਿਆਨਾ ਪੁਲਿਸ ਅਪਨੀ ਗਿਰਤੀ ਹੂਈ ਸਾਖ ਕੋ ਬਚਾ ਪਾਏਗੀ?"
ਕੈਮਰਾ ਸਰਦੂਲ ਸਿੰਘ ਵੱਲ ਘੁੰਮਿਆ।
"ਮੈਂ ਕਿਹਾ ਤਫ਼ਤੀਸ਼ ਜਾਰੀ ਹੈ। ਜੈਸੇ ਹੀ ਮੈਨੂੰ ਜਾਨੀ ਕਿ ਸਰਦੂਲ ਸਿੰਘ ਏ.ਐੱਸ.ਆਈ. ਕੋ ਖ਼ਬਰ ਹੋਤੀ ਹੈ, ਮੈਂ ਫ਼ੌਰਨ ਤੁਮਕੋ ਖ਼ਬਰ ਕਰੂੰਗਾ। ਦੋਸ਼ੀਆਂ ਕੋ ਕੜੀ ਸੇ ਕੜੀ ਸਜ਼ਾ ਦੁਆਈ ਜਾਊਗੀ।"
ਸਕਰੀਨ 'ਤੇ ਨਿਊਜ਼ ਰੀਡਰ ਦਾ ਚਿਹਰਾ ਚਮਕਿਆ।
"ਤੋ ਦੇਖਾ ਆਪਨੇ? ਯੇ ਸਾਹਬ ਖ਼ੁਦ ਅਪਨੀ ਜ਼ੁਬਾਨ ਸੇ ਯੇ ਕਬੂਲ ਕਰ ਰਹੇ ਹੈਂ ਕਿ ਲੁਧਿਆਨਾ ਪੁਲਿਸ ਕੀ ਸਾਖ ਵਾਕਯੀ ਗਿਰ ਰਹੀ ਹੈ। ਇਨਹੋਂ ਨੇ ਤੋ ਯੇ ਤਕ ਭੀ ਕਹਾ ਹੈ ਕਿ ਇਸ ਬਾਤ ਕੀ ਤਫ਼ਤੀਸ਼ ਭੀ ਜਾਰੀ ਹੈ, ਔਰ ਜਬ ਇਨ ਸਾਹਬ ਕੋ ਦੋਸ਼ੀਓਂ ਕਾ ਪਤਾ ਚਲੇਗਾ, ਤੋ ਯੇ ਉਨਕੋ ਕੜੀ ਸੇ ਕੜੀ ਸਜ਼ਾ ਦਿਲਵਾਏਂਗੇ। ਕਯਾ ਇਸਸੇ ਯੇ ਅਨੁਮਾਨ ਲਗਾਯਾ ਜਾਏ ਕਿ ਪੁਲਿਸ ਡਿਪਾਰਟਮੈਂਟ ਨੇ ਅਪਨੀ ਗਿਰਤੀ ਹੂਈ ਸਾਖ ਕੋ ਬਚਾਨੇ ਕਾ ਜ਼ਿੰਮਾ ਇਨ ਸਾਹਬ ਕੇ ਕਾਂਧੋਂ ਪਰ ਡਾਲਾ ਹੂਆ ਹੈ? ਅਬ ਜ਼ਰਾ ਇਨਕੀ ਇਨਵੈੱਸਟਿਗੇਟਿੰਗ ਸਕਿੱਲਜ਼ ਕੇ ਬਾਰੇ ਮੇਂ ਭੀ ਜਾਨ ਲੀਆ ਜਾਏ। ਯੇ ਸਾਹਬ ਯਹਾਂ ਏਕ ਬਹੁਤ ਹੀ ਗੰਭੀਰ ਘਟਨਾ ਕੀ ਤਫ਼ਤੀਸ਼ ਕੇ ਲੀਏ ਆਏ ਹੈਂ, ਜਿਸਮੇਂ ਏਕ ਨੌਜਵਾਨ ਲੜਕੀ ਕੀ ਮੌਤ ਹੋ ਗਈ ਹੈ, ਔਰ ਇਨ ਸਾਹਬ ਕੀ ਤਫ਼ਤੀਸ਼ ਕਯਾ ਕਹਤੀ ਹੈ, ਪਹਲੇ ਇਸ ਬਾਤ ਕੋ ਜਾਨ ਲੀਆ ਜਾਏ।"
ਸਕਰੀਨ 'ਤੇ ਇੱਕ ਵਾਰ ਫਿਰ ਸਰਦੂਲ ਸਿੰਘ ਦਾ ਚਿਹਰਾ ਚਮਕਿਆ।
"ਜਹੀ ਤੋ ਮੈਂ ਕਹਿ ਰਿਹਾ ਹੂੰ, ਬਈ ਏਕ ਲੜਕੀ ਨੇ ਪੱਖੇ ਕੇ ਸਾਥ ਲਟਕ ਕੇ ਖ਼ੁਦਕੁਸ਼ੀ ਕਰ ਲੀ ਹੈ। ਮਾਮਲਾ ਖ਼ੁਦਕੁਸ਼ੀ ਕਾ ਹੈ।"
"ਤੋ ਸੁਨਾ ਆਪਨੇ? ਇਨ ਸਾਹਬ ਕੀ ਤਫ਼ਤੀਸ਼ ਯੇ ਕਹਤੀ ਹੈ ਕਿ ਮਾਮਲਾ ਖ਼ੁਦਕੁਸ਼ੀ ਕਾ ਹੈ ਲੇਕਿਨ ਹਮ ਅਪਨੇ ਦਰਸ਼ਕੋਂ ਕੋ ਏਕ ਸਥਾਨੀਯ ਅਖ਼ਬਾਰ ਕੇ ਹਵਾਲੇ ਸੇ ਯੇ ਬਤਾਨਾ ਚਾਹਤੇ ਹੈਂ ਕਿ ਯੇ ਮਾਮਲਾ ਖ਼ੁਦਕੁਸ਼ੀ ਕਾ ਨਹੀ ਬਲਕਿ ਕਤਲ ਕਾ ਹੈ। ਜੀ ਹਾਂ, ਬਿਲਕੁਲ ਠੀਕ ਸੁਨਾ ਆਪਨੇ। ਮਾਮਲਾ ਕਤਲ ਕਾ ਹੈ, ਜਿਸਕੋ ਯੇ ਸਾਹਬ ਖ਼ੁਦਕੁਸ਼ੀ ਬਤਾ ਕਰ ਕਾਤਿਲ ਕੋ ਤਲਾਸ਼ ਕਰਨੇ ਕੀ ਜ਼ਹਮਤ ਸੇ ਬਚਨਾ ਚਾਹਤੇ ਹੈਂ, ਜਬ ਕਿ ਉਸ ਸਥਾਨੀਯ ਅਖ਼ਬਾਰ ਕੇ ਏਕ ਨੌਜਵਾਨ ਰਿਪੋਰਟਰ ਨੇ ਮੌਕਾਏ-ਵਾਰਦਾਤ ਪਰ ਕੁਛ ਐਸੇ ਸੁਰਾਗੋਂ ਪਰ ਰੌਸ਼ਨੀ ਡਾਲੀ ਹੈ ਜੋ ਸਾਫ਼-ਸਾਫ਼ ਕਤਲ ਕੀ ਓਰ ਇਸ਼ਾਰਾ ਕਰ ਰਹੇ ਹੈਂ। ਔਰ ਜਬ ਉਸ ਰਿਪੋਰਟਰ ਨੇ ਅਪਨੇ ਫ਼ਰਜ਼ ਕੋ ਅੰਜਾਮ ਦੇਤੇ ਹੂਏ ਇਨ ਸਾਹਬ ਕੋ ਆਗਾਹ ਕਰਨੇ ਕੀ ਕੋਸ਼ਿਸ਼ ਕੀ ਤੋ ਇਨਹੋਂਨੇ ਨਾ ਕੇਵਲ ਉਨਕੀ ਬਾਤ ਸੁਨਨੇ ਸੇ ਇਨਕਾਰ ਕਰ ਦੀਆ, ਬਲਕਿ ਉਸ ਰਿਪੋਰਟਰ ਕੇ ਸਾਥ ਬਦਸਲੂਕੀ ਭੀ ਕੀ…।"
ਏਨੇ ਨੂੰ ਦਰਵਾਜ਼ੇ 'ਤੇ ਦਸਤਕ ਹੋਈ ਅਤੇ ਚਾਹ ਦੇ ਗਿਲਾਸਾਂ ਵਾਲ਼ਾ ਛਿੱਕੂ ਹੱਥ 'ਚ ਫੜੀ ਚਾਹ ਵਾਲ਼ੇ ਮੁੰਡੂ ਨੇ ਅੰਦਰ ਪ੍ਰਵੇਸ਼ ਕਰਦਿਆਂ ਸਰਦੂਲ ਸਿੰਘ ਵੱਲ ਕਦਮ ਵਧਾਏ, ਪਰ ਟੀ.ਵੀ. ਚੱਲਦਾ ਹੋਣ ਕਰਕੇ ਉਸਦੀ ਨਜ਼ਰ ਅਤੇ ਧਿਆਨ ਦੋਵੇਂ ਟੀ.ਵੀ. ਵੱਲ ਖਿੱਚੇ ਗਏ।
"ਸਾਹਬ! ਟੀ.ਵੀ. ਮੇਂ ਤੋ ਆਪਕਾ ਫੂਟੂ ਆ ਰਹਾ ਹੈ।" ਮੂੰਡੂ ਨੇ ਦੰਦ ਕੱਢਦਿਆਂ ਆਖਿਆ।
ਵਿਚਾਰੇ ਮੁੰਡੂ ਨੇ ਤਾਂ ਬਿਨਾਂ ਕੁਝ ਜਾਣੇ-ਸਮਝੇ ਸਾਹਬ ਨੂੰ ਟੀ.ਵੀ. 'ਤੇ ਦੇਖਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ, ਪਰ ਹੁਣ ਤੱਕ ਇਹ ਚੰਗੀ ਤਰ੍ਹਾਂ ਨਾਲ਼ ਸਮਝ ਚੁੱਕੇ ਸਰਦੂਲ ਸਿੰਘ ਨੂੰ ਕਿ ਉਹ ਕੋਈ 'ਸਟਾਰ' ਨਹੀਂ ਬਲਕਿ 'ਜੋਕਰ' ਬਣ ਚੁੱਕਾ ਸੀ, ਮੁੰਡੂ ਦੇ ਇਸ ਅਣਭੋਲ ਜਿਹੇ ਕਥਨ ਵਿੱਚ ਵੀ ਕਟਾਖ਼ਸ਼ ਲੱਗਿਆ। ਉਸਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਇਹ ਚਾਹ ਵਾਲ਼ਾ ਮੁੰਡੂ ਵੀ ਸਾਰੀ ਚੌਂਕੀ ਵਾਂਗ ਹੀ ਉਸਦਾ ਮਜ਼ਾਕ ਉਡਾ ਰਿਹਾ ਹੋਵੇ।
"ਚੱਲ ਸਾਲ਼ਾ ਬਾਂਦਰ ਬੂਥੀ, ਗੜ੍ਹਿਆ ਟੀ.ਵੀ. ਦਾ। ਭੱਜ ਏਥੋਂ!" ਸਰਦੂਲ ਸਿੰਘ ਗਰਜਿਆ।
ਵਿਚਾਰੇ ਮੁੰਡੂ ਦੇ ਚਿਹਰੇ 'ਤੋਂ ਹਾਸਾ ਇਉਂ ਗਾਇਬ ਹੋਇਆ, ਜਿਵੇਂ ਗਧੇ ਦੇ ਸਿਰ 'ਤੋਂ ਸਿੰਗ।
ਸਾਹਬ ਦੇ ਗੁੱਸੇ ਦੀ ਵਜ੍ਹਾ ਸਮਝਣ ਦੀ ਅਸਫਲ ਕੋਸ਼ਿਸ਼ ਕਰਦਾ ਹੋਇਆ, ਉਹ ਚਾਹ ਦਾ ਗਿਲਾਸ ਧਰ, ਕਿਸੇ ਵਾਵਰੋਲ਼ੇ ਵਾਂਗ ਦਰਵਾਜ਼ਿਓਂ ਬਾਹਰ ਹੋ ਗਿਆ।
ਬੁੜ-ਬੁੜ ਕਰਦੇ ਹੋਏ ਸਰਦੂਲ ਸਿੰਘ ਨੇ ਰਿਮੋਟ ਚੁੱਕ ਟੀ.ਵੀ. ਚੈਨਲ ਬਦਲ-ਬਦਲ ਕੇ ਦੇਖੇ। ਹਰ ਚੈਨਲ 'ਤੇ ਲਫ਼ਜ਼ੀ ਹੇਰ-ਫੇਰ ਨਾਲ਼, ਇੱਕੋ ਜਿਹਾ ਹੀ ਰਾਗ ਅਲਾਪਿਆ ਜਾ ਰਿਹਾ ਸੀ।
ਅੰਤ ਖਿਝ ਕੇ ਸਰਦੂਲ ਸਿੰਘ ਨੇ ਟੀ.ਵੀ. ਬੰਦ ਕਰ ਦਿੱਤਾ।
ਚੌਵੀ ਘੰਟੇ ਚੱਲਣ ਵਾਲ਼ੇ ਟੀ.ਵੀ. ਚੈਨਲਾ ਨੂੰ ਇੱਕ ਮੁੱਦਾ ਮਿਲ ਗਿਆ ਸੀ ਜੀਅ ਭਰ ਕੇ ਉਛਾਲਣ ਲਈ। ਇਹੋ ਜਿਹੇ ਮੌਕਿਆਂ ਦੀ ਤਲਾਸ਼ ਵਿੱਚ ਹੀ ਤਾਂ ਰਹਿੰਦੇ ਨੇ ਉਹ। ਬਿਨਾਂ ਸੋਚੇ-ਸਮਝਿਆਂ ਉਹ ਜੋ ਬੋਲ ਬੈਠਿਆ, ਉਸਦੇ ਕੀ ਦੇ ਕੀ ਅਰਥ ਕੱਢ ਲਏ ਗਏ ਸਨ। ਉਹਨਾਂ ਦੇ ਹੱਥ ਤਾਂ ਇੱਕ ਤਾਜ਼ਾ ਬੱਕਰਾ ਲੱਗ ਚੁੱਕਾ ਸੀ, ਜਿਸਨੂੰ ਹੁਣ ਉਹ ਬੜੇ ਇਤਮੀਨਾਨ ਨਾਲ਼ ਹਲਾਲ ਕਰਨ ਲੱਗੇ ਹੋਏ ਸਨ।
ਚੌਂਕੀ ਮੁਲਾਜ਼ਮਾਂ ਦੇ ਅਨੋਖੇ ਵਿਵਹਾਰ ਦਾ ਮਤਲਬ ਹੁਣ ਉਸਦੀ ਸਮਝ 'ਚ ਆ ਚੁੱਕਾ ਸੀ। ਇਹ ਸੋਚ-ਸੋਚ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ ਕਿ ਉੱਤੋਂ-ਉੱਤੋਂ ਦੀ ਸਲਾਮ ਠੋਕਦੇ ਉਸਦੇ ਮਾਤਹਤ, ਕਿਵੇਂ ਅੰਦਰੋਂ-ਅੰਦਰੀਂ ਉਸ ਉੱਪਰ ਹੱਸ ਰਹੇ ਹੋਣਗੇ। ਆਪਣੇ ਰੋਅਬ ਦੀ ਇਉਂ ਫੂਕ ਨਿੱਕਲਦੀ ਦੇਖ, ਉਸਦਾ ਸਿਰ ਚਕਰਾਉਣ ਲੱਗ ਪਿਆ। ਪੁੜਪੁੜੀਆਂ ਦੀਆਂ ਨਾੜਾਂ ਦੀ ਟੱਸ-ਟੱਸ ਇਉਂ ਮਹਿਸੂਸ ਹੋਣ ਲੱਗ ਪਈ, ਜਿਵੇਂ ਦਿਮਾਗ਼ 'ਤੇ ਵਦਾਣ ਵੱਜ ਰਹੇ ਹੋਣ। ਆਪਣੀਆਂ ਕੂਹਣੀਆਂ ਸਾਹਮਣੇ ਪਏ ਟੇਬਲ 'ਤੇ ਟਿਕਾ, ਉਸਨੇ ਆਪਣਾ ਸਿਰ ਦੋਹਾਂ ਹੱਥਾਂ ਨਾਲ਼ ਘੁੱਟ ਕੇ ਫੜ ਲਿਆ ਅਤੇ ਅੱਖਾਂ ਮੀਚ ਕੇ ਇਹਨਾਂ ਸਭ ਬਦਮਜ਼ਾ ਖ਼ਿਆਲਾਂ ਨੂੰ ਆਪਣੇ ਦਿਮਾਗ਼ 'ਚੋਂ ਕੱਢਣ ਦੀ ਅਸਫਲ ਕੋਸ਼ਿਸ਼ ਕਰਨ ਲੱਗਾ।
'ਇਹ ਸਾਲ਼ੇ ਮੀਡੀਆ ਆਲ਼ੇ ਤਾਂ ਹਲ਼ਕਾਏ ਹੋਏ ਕੁੱਤਿਆਂ ਆਂਗੂੰ ਮੇਰੇ ਪਿੱਛੇ ਈ ਪੈ ਗਏ! ਇਹਨਾਂ ਨੂੰ ਤਾਂ 'ਕੱਲੇ-'ਕੱਲੇ ਨੂੰ, ਚੌਂਕ 'ਚ ਖੜ੍ਹੇ ਕਰਕੇ ਗੋਲ਼ੀ ਮਾਰ ਦੇਣੀ ਚਾਹੀਦੀ ਆ ਮੇਰੇ ਸਾਲ਼ਿਆਂ ਨੂੰ!'
ਉਵੇਂ ਸਿਰ ਫੜੀ ਉਸਨੇ ਥੋੜ੍ਹੀ ਦੇਰ ਬਾਅਦ ਅੱਖਾਂ ਖੋਹਲੀਆਂ, ਤਾਂ ਉਸਦੀ ਨਜ਼ਰ ਸਾਹਮਣੇ ਪਏ 'ਰੋਜ਼ਾਨਾ ਖ਼ਬਰਨਾਮਾ' 'ਤੇ ਜਾ ਪਈ।
ਫ਼ਰੰਟ ਪੇਜ 'ਤੇ ਹੀ ਤੇਜਵੀਰ ਦੀ ਬਾਈਲਾਈਨ ਹੇਠ ਛਪੀ ਕੱਲ੍ਹ ਦੇ ਹਾਦਸੇ ਦੀ ਖ਼ਬਰ 'ਤੇ ਨਜ਼ਰ ਪੈਂਦਿਆਂ ਹੀ ਉਸਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਤੇਜਵੀਰ ਦਾ ਚਿਹਰਾ ਉਸਦੀਆਂ ਨਜ਼ਰਾਂ ਸਾਹਮਣੇ ਆ ਗਿਆ ਅਤੇ ਉਸਦੇ ਕ੍ਰੋਧ ਦਾ ਪਾਰਾ ਸੱਤਵੇਂ ਅਸਮਾਨ 'ਤੇ ਜਾ ਚੜ੍ਹਿਆ।
'ਸਾਲ਼ੇ ਪਿੱਦੀ ਭਰ ਛੋਕਰੇ ਨੂੰ ਪਾੜ ਕੇ ਸੁੱਕਣੇ ਨਾ ਪਾਇਆ, ਤਾਂ ਸਰਦੂਲ ਸਿੰਘ ਏ.ਐੱਸ.ਆਈ. ਕੀਹਨੇ ਕਹਿਣਾ ਮੈਨੂੰ!'
ਦੰਦ ਕਰੀਚ-ਕਰੀਚ ਕੇ ਬੁੜਬੁੜਾਉਂਦੇ ਸਰਦੂਲ ਸਿੰਘ ਦੇ ਕ੍ਰੋਧ ਦਾ ਕੇਂਦਰ ਬਿੰਦੂ ਹੁਣ ਕੇਵਲ ਤੇਜਵੀਰ ਸੀ। ਉਸਦੇ ਅੰਤਰਮਨ ਨੇ ਕਥਾਰਸਿਸ ਲਈ ਨਿਸ਼ਾਨਾ ਚੁਣ ਲਿਆ ਸੀ। ਹੁਣ ਉਸਦੇ ਦਿਮਾਗ਼ 'ਚ ਕੇਵਲ ਇੱਕੋ ਖ਼ਿਆਲ ਸੀ ਕਿ ਤੇਜਵੀਰ ਨੂੰ ਠਿਕਾਣੇ ਕਿਵੇਂ ਲਗਾਇਆ ਜਾਵੇ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਸਾਰੇ ਪ੍ਰਸੰਗ 'ਚ ਉਸਨੂੰ ਇਹ ਜਾਨਣ ਦਾ ਖ਼ਿਆਲ ਤੱਕ ਨਾ ਆਇਆ ਕਿ ਆਖ਼ਿਰ ਮੌਕਾਏ-ਵਾਰਦਾਤ 'ਤੋਂ ਤੇਜਵੀਰ ਨੂੰ ਉਹ ਕਿਹੜੇ ਸੁਰਾਗ਼ ਮਿਲ਼ੇ ਸਨ, ਜਿਨ੍ਹਾਂ ਦੀ ਬੁਨਿਆਦ 'ਤੇ ਉਹ ਇਸਨੂੰ ਕਤਲ ਦੀ ਵਾਰਦਾਤ ਆਖ ਰਿਹਾ ਸੀ।
ਇਹੋ ਜਿਹਾ ਹੀ ਢੀਠ ਆਦਮੀ ਸੀ ਸਰਦੂਲ ਸਿੰਘ ਏ.ਐੱਸ.ਆਈ.।
ਆਪਣੀ ਨਾਜਾਇਜ਼ ਕਿੜ ਕੱਢਣ ਦੀ ਜੁਗਤ ਬਣਾਉਣ ਵਿੱਚ ਰੁੱਝੇ ਸਰਦੂਲ ਸਿੰਘ ਨੂੰ ਆਪਣੀ ਡਿਊਟੀ ਨਿਭਉਣ ਦਾ ਖ਼ਿਆਲ ਤੱਕ ਨਾ ਆਇਆ।
ਵਿਨਾਸ਼ ਕਾਲ਼ੇ, ਵਿਪਰੀਤ ਬੁੱਧੀ।
ਕਿਸੇ ਘਾਤਕ ਜੁਗਤ ਦੀ ਵਿਉਂਤਬੰਦੀ 'ਚ ਜੁਟੇ ਸਰਦੂਲ ਸਿੰਘ ਦੀ ਬਿਰਤੀ ਮੁਣਸ਼ੀ ਨੇ ਭੰਗ ਕੀਤੀ।
"ਜਨਾਬ! ਐੱਸ.ਐੱਸ.ਪੀ. ਸਾਹਬ ਨੇ ਯਾਦ ਕੀਤਾ।…" ਥੋੜ੍ਹਾ ਝਿਜਕਦਿਆਂ ਉਸਨੇ ਨਾਲ ਜੋੜਿਆ, "ਨਾਲ਼ੇ ਫ਼ੌਰਨ ਪੇਸ਼ ਹੋਣ ਲਈ ਕਿਹਾ ਜਨਾਬ!"
ਆਖ ਕੇ ਮੁਣਸ਼ੀ ਪੁੱਠੇ ਪੈਰੀਂ ਵਾਪਿਸ ਪਰਤ ਗਿਆ।
ਮਨ ਹੀ ਮਨ ਭੱਦੀ ਜਿਹੀ ਗਾਲ਼੍ਹ ਕੱਢਦਿਆਂ ਸਰਦੂਲ ਸਿੰਘ ਕੁਰਸੀਓਂ ਉੱਠਿਆ, ਆਪਣੀ ਭਾਰੀ ਭਰਕਮ ਗੋਗੜ 'ਤੋਂ ਢਿਲਕੀ ਪੈਂਟ ਨੂੰ ਬੈਲਟ ਤੋਂ ਫੜ ਕੇ ਉਤਾਂਹ ਚੁੱਕ, ਵਾਪਿਸ ਆਪਣੀ ਜਗ੍ਹਾ 'ਤੇ ਟਿਕਾਇਆ ਅਤੇ ਆਪਣੀ ਖ਼ਸਤਾਹਾਲ ਇਤਿਹਾਸਿਕ ਡਾਇਰੀ ਨੂੰ ਕੱਛ 'ਚ ਦੱਬ, ਐੱਸ.ਐੱਸ.ਪੀ. ਦੇ ਹਜ਼ੂਰ 'ਚ ਹਾਜ਼ਰੀ ਭਰਨ ਲਈ ਲਈ ਰਵਾਨਾ ਹੋ ਗਿਆ।
ਪਿੱਛੇ ਟੇਬਲ 'ਤੇ ਅਣਪੀਤੀ ਰਹਿ ਗਈ ਚਾਹ ਠੰਡੀ ਹੁੰਦੀ ਰਹੀ।
+++++
ਦੂਸਰੇ ਦਿਨ ਸਵੇਰੇ ਦਸ ਵੱਜਦੇ ਨੂੰ ਤੇਜਵੀਰ ਤੇ ਗਗਨ ਐੱਸ.ਬੀ.ਐੱਸ. ਕਾਲਜ ਪਹੁੰਚੇ।
ਸਵੇਰੇ ਦਫ਼ਤਰ ਵਿੱਚ ਅੱਜ ਸਭ ਦੀ ਜ਼ੁਬਾਨ 'ਤੇ ਤੇਜਵੀਰ ਦਾ ਹੀ ਜ਼ਿਕਰ ਸੀ। ਸਾਰਿਕਾ ਦਾ ਤਾਂ ਗਗਨ ਦੇ ਕਥਨ ਅਨੁਸਾਰ 'ਵਿਆਹ 'ਚ ਆਈ ਮੇਲਣ' ਵਾਂਗੂੰ ਧਰਤੀ 'ਤੇ ਪੱਬ ਨਹੀਂ ਟਿਕ ਰਿਹਾ ਸੀ।
ਪੁਲਿਸ ਵੱਲੋਂ ਇੱਕ ਪੱਤਰਕਾਰ ਨਾਲ ਇਉਂ ਬੁਰਾ ਪੇਸ਼ ਆਉਣ ਬਾਰੇ ਸੰਪਾਦਕੀ ਵਿੱਚ ਵੀ ਰੋਸ ਪ੍ਰਗਟਾਇਆ ਗਿਆ ਸੀ। ਭੋਗਲ ਸਾਹਬ ਦੀ ਸੰਪਾਦਕੀ ਦਾ ਪੁਲਿਸ ਮਹਿਕਮੇ ਦੇ ਆਲਾ ਅਫ਼ਸਰਾਂ ਵੱਲੋਂ ਬੜੀ ਗੰਭੀਰਤਾ ਨਾਲ਼ ਨੋਟਿਸ ਲਿਆ ਗਿਆ ਸੀ ਅਤੇ ਡੀ.ਆਈ.ਜੀ. ਸਾਹਬ ਨੇ ਆਪ ਉਚੇਚੇ ਫ਼ੋਨ ਕਰਕੇ ਪੁਲਿਸ ਵੱਲੋਂ ਪੂਰੇ ਸਹਿਯੋਗ ਦਾ ਯਕੀਨ ਦੁਆਇਆ ਸੀ।
ਉਹਨਾਂ ਤੋਂ ਹੀ ਇਹ ਜਾਣਕਾਰੀ ਵੀ ਮਿਲੀ ਕਿ ਹੁਣ ਇਹ ਕੇਸ ਸਰਦੂਲ ਸਿੰਘ ਤੋਂ ਲੈ ਕੇ ਇੱਕ ਸਪੈਸ਼ਲ ਇਨਵੈੱਸਟਿਗੇਟਿੰਗ ਆੱਫ਼ਿਸਰ ਇੰਸਪੈਟਰ ਬਲਜੀਤ ਸਿੰਘ ਥਿੰਦ ਦੇ ਸਪੁਰਦ ਕਰ ਦਿੱਤਾ ਗਿਆ ਸੀ ਤੇ ਜਿਸ ਦੇ ਬਾਰੇ ਭੋਗਲ ਸਾਹਬ ਵਿਅਕਤੀਗਤ ਤੌਰ 'ਤੇ ਜਾਣਦੇ ਸਨ, ਕਿ ਥਿੰਦ ਇੱਕ ਨਿਹਾਇਤ ਹੀ ਕਾਬਿਲ ਅਤੇ ਇਮਾਨਦਾਰ ਪੁਲਿਸ ਅਫ਼ਸਰ ਹੈ।
ਭੋਗਲ ਸਾਹਬ ਨੇ ਥਿੰਦ ਨਾਲ਼ ਗੱਲ ਕਰਕੇ ਤੇਜਵੀਰ ਅਤੇ ਗਗਨ ਦੀ ਮੌਕਾਏ-ਵਾਰਦਾਤ 'ਤੇ ਫੇਰੀ ਦਾ ਇੰਤਜ਼ਾਮ ਕਰ ਦਿੱਤਾ ਸੀ। ਉਹਨਾਂ ਮੁਤਾਬਿਕ ਥਿੰਦ ਸਗੋਂ ਇਸ ਵਕਤ ਆਪ ਵੀ ਮੌਕਾਏ-ਵਾਰਦਾਤ 'ਤੇ ਮੌਜੂਦ ਹੈ।
ਥਿੰਦ ਉਹਨਾਂ ਨਾਲ ਬੜੇ ਪ੍ਰੇਮ-ਭਾਵ ਨਾਲ ਮਿਲਿਆ।
"ਮੈਂ ਕੁਝ ਲੋਕਾਂ ਦੇ ਬਿਆਨ ਲੈ ਰਿਹਾਂ, ਸੋ ਇਨ ਦ ਮੀਨ ਟਾਈਮ ਤੁਸੀਂ ਕਮਰੇ ਅੰਦਰ ਜਾ ਕੇ ਜੋ ਮੁਆਇਨਾ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ। ਹਾਂ, ਜੇ ਕੋਈ ਕੰਮ ਦੀ ਗੱਲ ਪਤਾ ਲੱਗੀ ਤਾਂ ਆਸ ਹੈ ਕਿ ਮੇਰੇ ਤੋਂ ਲੁਕੋਈ ਨਹੀਂ ਜਾਏਗੀ।"
"ਸ਼ਯੋਰ ਥਿੰਦ ਸਾਹਬ! ਸਾਨੂੰ ਵੀ ਪੂਰੀ ਆਸ ਹੈ ਕਿ ਥੋੜ੍ਹੀ-ਬਹੁਤ ਜਾਣਕਾਰੀ ਸਾਨੂੰ ਤੁਹਾਡੇ ਤੋਂ ਵੀ ਮਿਲ ਪਾਏਗੀ।"
"ਜ਼ਰੂਰ, ਕਿਉਂ ਨਹੀਂ? ਮੈਨੂੰ ਨੋਟਸ ਐਕਸਚੇਂਜ ਕਰਨ 'ਚ ਕੋਈ ਦਿੱਕਤ ਨਹੀਂ।"
ਦੋਵੇਂ ਕਮਰੇ 'ਚ ਪਹੁੰਚੇ।
ਤੇਜਵੀਰ ਨੇ ਇੱਕ ਭਰਪੂਰ ਨਜ਼ਰ ਪੂਰੇ ਕਮਰੇ 'ਚ ਦੌੜਾਈ।
ਕਮਰੇ ਦੀ ਹਾਲਤ ਤਕਰੀਬਨ ਉਹੋ ਜਿਹੀ ਹੀ ਸੀ, ਜਿਹੋ ਜਿਹੀ ਉਸਨੇ ਪਿਛਲੀ ਵਾਰ ਦੇਖੀ ਸੀ; ਸਿਵਾਏ ਇਸ ਗੱਲ ਦੇ ਕਿ ਮ੍ਰਿਤਕਾ ਦੀ ਲਾਸ਼, ਆਲਾਏ-ਕਤਲ ਰੱਸੀ ਅਤੇ ਮ੍ਰਿਤਕਾ ਦੇ ਅੰਦਰੂਨੀ ਵਸਤਰ ਉਥੋਂ ਨਦਾਰਦ ਸਨ।
ਸਿਗਰਟ ਦਾ ਟੋਟਾ ਅਤੇ ਕੰਡੋਮ ਦਾ ਖ਼ਾਲੀ ਪਾਊਚ ਆਪਣੀ ਜਗ੍ਹਾ 'ਤੇ ਉਵੇਂ ਪਏ ਸਨ। ਜ਼ਾਹਿਰ ਹੈ ਕਿ ਸਰਦੂਲ ਸਿੰਘ ਦੀ ਨਜ਼ਰ 'ਚ ਉਹਨਾਂ ਚੀਜ਼ਾਂ ਦੀ ਕੋਈ ਅਹਿਮੀਅਤ ਨਹੀਂ ਸੀ। ਸ਼ੁਕਰ ਹੈ ਕਿ ਕਮਰਾ ਸੀਲ ਕਰ ਦਿੱਤਾ ਗਿਆ ਸੀ, ਨਹੀਂ ਤਾਂ ਕਮਰੇ ਦੀ ਸਫ਼ਾਈ ਹੋਣ ਦੇ ਨਾਲ-ਨਾਲ ਇਹਨਾਂ ਸਬੂਤਾਂ ਦਾ ਵੀ ਸਫ਼ਾਇਆ ਹੋ ਜਾਣਾ ਸੀ। ਹੁਣ ਤਾਂ ਜ਼ਾਹਰ ਹੈ ਕਿ ਬਰੂਏ ਤੇਜਵੀਰ ਪੁਲਿਸ ਇਹਨਾਂ ਸਬੂਤਾਂ ਦਾ ਮਹੱਤਵ ਜਾਣ ਚੁੱਕੀ ਸੀ, ਸੋ ਜ਼ਰੂਰ ਥਿੰਦ ਇਹਨਾਂ ਨੂੰ ਫ਼ਾੱਰੈਂਸਿਕ ਐਕਸਪਰਟ ਕੋਲ਼ ਭੇਜਣ ਦਾ ਇੰਤਜ਼ਾਮ ਕਰੇਗਾ।
ਤੇਜਵੀਰ ਦੀ ਨਜ਼ਰ ਕੁਝ ਦੇਰ ਕਮਰੇ 'ਚ ਐਧਰ-ਓਧਰ ਭਟਕਦੀ ਰਹੀ ਤੇ ਫਿਰ ਖਿੜਕੀ 'ਤੇ ਜਾ ਕੇਂਦਰਿਤ ਹੋ ਗਈ।
ਖਿੜਕੀ ਦੇ ਪੱਲੇ ਪਿਛਲੀ ਵਾਰ ਵਾਂਗ ਰਤਾ ਕੁ ਹੀ ਖੁੱਲ੍ਹੇ ਸਨ, ਤੇ ਉਸ ਨਾਲ਼ ਬਣੀ ਝਿਰੀ 'ਚੋਂ ਉਵੇਂ ਹੀ ਗਰਿੱਲ ਦੇ ਦਰਸ਼ਨ ਹੋ ਰਹੇ ਸਨ।
ਤੇਜਵੀਰ ਖਿੜਕੀ ਕੋਲ਼ ਪੁੱਜਾ ਅਤੇ ਉਸਨੇ ਆਪਣੀ ਕਮੀਜ਼ ਦੀ ਜੇਬ 'ਤੇ ਟੰਗਿਆ ਪੈੱਨ ਉਤਾਰਿਆ ਅਤੇ ਉਸਦੀ ਸਹਾਇਤਾ ਨਾਲ਼ ਖਿੜਕੀ ਦੇ ਦੋਹਾਂ ਪੱਲਿਆਂ ਨੂੰ ਪੂਰੀ ਤਰ੍ਹਾਂ ਨਾਲ਼ ਖੋਲ੍ਹ ਦਿੱਤਾ।
ਖਿੜਕੀ ਦੀ ਚੁਗਾਠ ਵਿੱਚ ਲੱਗੀ ਮਜ਼ਬੂਤ ਲੋਹੇ ਦੀ ਗਰਿੱਲ ਹੁਣ ਪੂਰੀ ਤਰ੍ਹਾਂ ਨਾਲ ਉਜਾਗਰ ਹੋ ਚੁੱਕੀ ਸੀ।
ਤੇਜਵੀਰ ਨੇ ਬੜੀਆਂ ਖ਼ੁਰਦਬੀਨੀਂ ਨਿਗਾਹਾਂ ਨਾਲ਼ ਗਰਿੱਲ ਦਾ ਮੁਆਇਨਾ ਕੀਤਾ।
ਨਤੀਜਾ ਨਿੱਕਲਿਆ।
ਜਿਨ੍ਹਾਂ ਪੇਚਾਂ ਦੀ ਸਹਾਇਤਾ ਨਾਲ ਖਿੜਕੀ ਨੂੰ ਚੁਗਾਠ ਵਿੱਚ ਫਿੱਟ ਕੀਤਾ ਗਿਆ ਸੀ, ਉਹਨਾਂ ਵਿੱਚੋਂ ਬਹੁਤੇ ਆਪਣੀ ਜਗ੍ਹਾ 'ਤੋਂ ਨਦਾਰਦ ਸਨ। ਸਿਰਫ਼ ਖੱਬੇ ਪਾਸੇ ਦੀ ਹੇਠਲੀ ਨੁੱਕਰ ਅਤੇ ਸੱਜੇ ਪਾਸੇ ਦੀ ਉੱਪਰਲੀ ਨੁੱਕਰ ਵਾਲੇ ਦੋ ਪੇਚ ਹੀ ਆਪਣੀ ਜਗ੍ਹਾ ਤੇ ਮੌਜੂਦ ਸਨ। ਉਨ੍ਹਾਂ ਦੋਹਾਂ ਪੇਚਾਂ ਉੱਤੇ ਵੀ ਗਰਿੱਲ ਉੱਪਰ ਹੋਏ ਪੇਂਟ ਦੀ ਹੀ ਪਰਤ ਚੜ੍ਹੀ ਹੋਈ ਸੀ, ਪਰ ਪੇਚ ਦੇ ਸਿਰ ਦੇ ਵਿਚਕਾਰ ਵਾਲ਼ੀ ਝਿਰੀ ਅਤੇ ਉਸਦੇ ਆਸ-ਪਾਸ ਪੇਂਟ ਉੱਖੜਿਆ ਹੋਇਆ ਸੀ। ਇਸਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਗਰਿੱਲ ਉੱਪਰ ਪੇਂਟ, ਗਰਿੱਲ ਨੂੰ ਖਿੜਕੀ ਦੀ ਚੁਗਾਠ 'ਤੇ ਫਿੱਟ ਕਰਨ ਤੋਂ ਬਾਅਦ ਕੀਤਾ ਗਿਆ ਸੀ। ਜਿਸ ਕਾਰਣ ਪੇਚਾਂ ਦੇ ਸਿਰ ਉੱਪਰ ਵੀ ਗਰਿੱਲ ਦੇ ਪੇਂਟ ਦੇ ਨਾਲ਼ ਦੀ ਹੀ ਪਰਤ ਚੜ੍ਹੀ ਹੋਈ ਸੀ। ਪਰ ਪੇਚਾਂ ਦੇ ਸਿਰ ਦੀ ਵਿਚਕਾਰਲੀ ਝਿਰੀ ਤੋਂ ਪੇਂਟ ਦਾ ਉੱਖੜਿਆ ਹੋਣਾ, ਇਹ ਸਾਫ਼ ਦਰਸਾ ਰਿਹਾ ਸੀ ਕਿ ਉਨ੍ਹਾਂ ਪੇਚਾਂ ਨੂੰ ਪੇਚਕਸ ਦੀ ਸਹਾਇਤਾ ਨਾਲ਼ ਬਾਅਦ ਵਿੱਚ ਖੋਲ੍ਹਿਆ-ਕਸਿਆ ਗਿਆ ਸੀ। ਪੇਚਾਂ 'ਤੇ ਲੱਗੀਆਂ ਝਰੀਟਾਂ ਦੀ ਹਾਲਤ 'ਤੇ ਗ਼ੌਰ ਕਰਦਿਆਂ ਤੇਜਵੀਰ ਨੇ ਅੰਦਾਜ਼ਾ ਲਗਾਇਆ ਕਿ ਪੇਚ ਇੱਕ ਤੋਂ ਵੱਧ ਵਾਰ ਖੋਲ੍ਹੇ ਤੇ ਕਸੇ ਜਾ ਚੱਕੇ ਸਨ, ਤੇ ਆਖ਼ਰੀ ਵਾਰ ਇਹ ਪ੍ਰਕਿਰਿਆ ਤਾਜ਼ੀ-ਤਾਜ਼ੀ ਹੀ ਦੁਹਰਾਈ ਗਈ ਸੀ ਕਿਉਂਕਿ ਝਿਰੀਆਂ 'ਤੇ ਲੱਗੀਆਂ ਝਰੀਟਾਂ ਵਿੱਚੋਂ ਦੀ, ਖਾਲੀ ਝਲਕਦੇ ਲੋਹੇ 'ਤੇ ਜ਼ੰਗ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ; ਸਗੋਂ ਉਹ ਸਾਫ਼ ਚਮਕ ਰਿਹਾ ਸੀ।
ਕਾਤਿਲ ਦੀ ਆਮਦ ਦੀ ਗੁੱਥੀ ਸੁਲਝ ਚੁੱਕੀ ਸੀ।
ਤੇਜਵੀਰ ਨੇ ਗਰਿੱਲ ਦੇ ਆਰ-ਪਾਰ ਬਾਹਰ ਦੇ ਨਜ਼ਾਰੇ 'ਤੇ ਝਾਤ ਮਾਰੀ।
ਖਿੜਕੀ ਤੋਂ ਕੋਈ ਚਾਰ ਕੁ ਫੁੱਟ ਹਟਕੇ, ਅਗਲੇ ਕੋਈ ਸੌ ਕੁ ਗਜ਼ ਤੱਕ ਗਹਿਰੀਆਂ ਝਾੜੀਆਂ ਨਜ਼ਰ ਆ ਰਹੀਆਂ ਸਨ, ਜਿਨ੍ਹਾਂ ਵਿੱਚ ਥਾਂ-ਥਾਂ 'ਤੇ ਕੁਝ ਵੱਡੇ-ਵੱਡੇ ਦਰਖ਼ਤ ਖੜ੍ਹੇ ਸਨ। ਝਾੜੀਆਂ ਦੇ ਉੱਪਰੋਂ ਦੀ, ਦਰਖ਼ਤਾਂ ਦੇ ਵਿਚਕਾਰਲੀ ਜਗ੍ਹਾ ਵਿੱਚੋਂ, ਕਾਲਜ ਦੀ ਚਾਰਦੀਵਾਰੀ ਦਾ ਉੱਪਰਲਾ ਸਿਰਾ ਦਿਖਾਈ ਦੇ ਰਿਹਾ ਸੀ।
"ਉਏ ਭਰਾਵਾ! ਆਪਾਂ ਐਥੇ ਆਏ ਕਮਰੇ ਦਾ ਮੁਆਇਨਾ ਕਰਨ ਆਂ, ਤੇ ਤੂੰ ਬਾਹਰ ਦੀ ਹਰਿਆਲੀ ਦੇ ਨਜ਼ਾਰੇ ਲਈ ਜਾਨਾਂ ਯਾਰ!"
ਗਗਨ ਆਪਣੇ ਚਿਰਪਰਿਚਿਤ ਅੰਦਾਜ਼ 'ਚ ਬੋਲਿਆ ਤਾਂ ਪਲ ਦੇ ਪਲ ਤੇਜਵੀਰ ਦੇ ਚਿਹਰੇ ਦੀ ਗੰਭੀਰ ਮੁਦਰਾ ਮੁਸਕੁਰਾਹਟ 'ਚ ਤਬਦੀਲ ਹੋ ਗਈ।
ਗਗਨ ਸੀ ਹੀ ਐਸਾ।
ਸਧਾਰਨ ਜਿਹੀ ਗੱਲ ਨੂੰ ਵੀ ਉਹ ਅਜਿਹੇ ਮਨੋਰੰਜਕ ਢੰਗ ਨਾਲ ਬਿਆਨ ਕਰਦਾ, ਕਿ ਸੁਣਨ ਵਾਲੇ ਦਾ ਚਿਹਰਾ ਮੱਲੋ-ਮੱਲੀ ਖਿੜ ਉੱਠਦਾ ਸੀ। ਜੇ ਉਸਨੂੰ ਕਿਸੇ ਮੁਰਦੇ ਦੇ ਸਿਰਹਾਣੇ ਵੀ ਦਸ ਮਿੰਟ ਬਿਠਾ ਦਿਓ, ਤਾਂ ਯਕੀਨਨ ਉਹ ਮੁਰਦਾ ਵੀ ਤਾੜੀ ਮਾਰ ਕੇ ਹੱਸਦਾ ਹੋਇਆ ਅਰਥੀ ਤੋਂ ਉੱਠ ਖਲੋਏਗਾ।
ਮੁਖ਼ਤਸਰ ਜਿਹੇ ਵਕਤ ਦੀ ਜਾਣ-ਪਛਾਣ ਦੇ ਬਾਵਜੂਦ ਵੀ ਗਗਨ ਦੀ ਇਸ ਖ਼ੁਸ਼ਰੰਗ ਤਬੀਅਤ ਨੇ ਤੇਜਵੀਰ ਨੂੰ ਇਉਂ ਆਪਣਾ ਬਣਾ ਲਿਆ ਸੀ, ਜਿਵੇਂ ਕਿ ਉਹ ਬਚਪਨ ਦੇ ਯਾਰ-ਬੇਲੀ ਹੋਣ।
"ਗਗਨ ਮੇਰੇ ਵੀਰ! ਜਿਹੜਾ ਸਵਾਲ ਅੱਜ ਆਪਾਂ ਨੂੰ ਏਥੇ ਦੋਬਾਰਾ ਲੈ ਕੇ ਆਇਆ, ਉਸਦਾ ਜਵਾਬ ਮਿਲ ਚੁੱਕਿਆ।"
"ਉਹ ਕਿਵੇਂ? ਨਾ ਕਾਲਜ ਆਲ਼ਿਆਂ ਨੇ ਬਾਹਰ ਝਾੜੀਆਂ 'ਚ ਵੀ ਬਲੈਕ ਬੋਰਡ ਗੱਡਿਆ ਹੋਇਆ ਤੇਰੇ ਲਈ, ਬਈ ਜੀਹਤੋਂ ਤੂੰ ਜਵਾਬ ਪੜ੍ਹ ਲਿਆ?"
"ਬਿਲਕੁਲ।"
"ਆਹੋ-ਆਹੋ! ਬਾਹਰ ਤੇਰੀ ਬੇਬੇ ਅਲਜਬਰੇ ਦੀ ਕਲਾਸ ਜੋ ਲਾਈ ਬੈਠੀ ਆ! ਯਾਰ, ਕੀ ਤੂੰ ਗੱਲ ਨੂੰ ਵਿੰਗ-ਵਲ਼ ਜਿਹੇ ਪਾ ਬਹਿੰਨਾਂ? ਸਿੱਧਾ-ਸਿੱਧਾ ਦੱਸਿਆ ਕਰ!"
"ਅੱਛਾ! ਤਾਂ ਗੱਲ ਨੂੰ ਵਿੰਗ-ਵਲ਼ ਮੈਂ ਪਾਉਨਾਂ?"
"ਓ ਗੁਰੂ ਜੀ, ਆਹ ਦੇਖ! ਹੱਥ ਬੰਨ੍ਹੇ ਤੇਰੇ ਅੱਗੇ। ਹੁਣ ਫੁੱਟ ਵੀ ਪੈ ਬਈ ਝਾੜੀਆਂ 'ਚੋਂ ਕਿਹੜੇ ਪੋਟਲੀ ਆਲ਼ੇ ਬਾਬੇ ਨੇ ਆਵਦੀ ਪੋਟਲੀ ਖੋਲ੍ਹਤੀ ਤੇਰੇ ਅੱਗੇ!"
"ਗਗਨ!" ਰਤਾ ਕੁ ਗੰਭੀਰ ਸੁਰ 'ਚ ਤੇਜਵੀਰ ਬੋਲਿਆ, "ਕੱਲ੍ਹ ਜਦੋਂ ਆਪਾਂ ਕੌਫ਼ੀ ਹਾਊਸ 'ਚ ਚਰਚਾ ਕਰ ਰਹੇ ਸੀ ਤਾਂ ਤੂੰ ਚਰਚਾ ਦੇ ਅਖੀਰ ਵਿੱਚ ਇੱਕ ਸਵਾਲ ਕੀਤਾ ਸੀ, ਜਿਸਦਾ ਉਸ ਵਕਤ ਮੇਰੇ ਕੋਲ਼ ਕੋਈ ਜਵਾਬ ਨਹੀਂ ਸੀ।"
"ਤੇਰਾ ਮਤਲਬ ਬਈ ਕਾਤਿਲ ਆਇਆ ਕਿੱਥੋਂ ਦੀ? ਤੇ ਤੈਨੂੰ ਜਵਾਬ ਲੱਭ ਵੀ ਗਿਆ? ਖਿੜਕੀ 'ਚੋਂ ਬਾਹਰ ਝਾਕ ਕੇ?"
"ਗਗਨ, ਮੇਰੇ ਵੀਰ! ਇਹੀ ਤਾਂ ਓਹ ਰਸਤਾ ਏ, ਜਿੱਥੋਂ ਦੀ ਸਾਖ਼ਸ਼ਾਤ ਮੌਤ ਦੇ ਦੇਵਤਾ ਦੀ ਸਵਾਰੀ ਉੱਤਰੀ ਸੀ।"
"ਬੱਲੇ ਉਏ ਤੇਰੇ! ਅਖੇ ਵਾਹ ਉਏ ਕਿਸਮਤ ਦਿਆ ਬਲੀਆ, ਰਿੱਝੀ ਖੀਰ ਤੇ ਬਣ ਗਿਆ ਦਲ਼ੀਆ। ਤਾਂ ਹੁਣ ਇਹ ਵੀ ਆਖ ਦੇ ਬਈ ਉਹ ਮੌਤ ਦਾ ਪਰਕਾਲਾ ਕੋਈ ਹੋਰ ਨਹੀਂ ਬਲਕਿ ਰਾਜ ਕੁਮਾਰ ਕੋਹਲੀ ਆਲ਼ੀ 'ਨਾਗਿਨ' ਦਾ ਜਤਿੰਦਰ ਹੋਣਾ? ਇੱਛਾਧਾਰੀ ਨਾਗ? ਰੀਂਗਦਾ ਹੋਇਆ ਗਰਿੱਲ ਥਾਂਈਂ ਅੰਦਰ, ਬੰਦੇ ਦਾ ਰੂਪ ਧਾਰ ਕੇ ਸ੍ਹਾਬ-ਕਤਾਬ ਲਾਇਆ, ਤੇ ਨਾਗ ਬਣ ਫੇਰ ਗਰਿੱਲੋਂ ਬਾਹਰ। ਇਜ਼ੀ, ਨੋ?"
ਜਵਾਬ ਵਿੱਚ ਤੇਜਵੀਰ ਨੇ ਪੇਚਾਂ ਵਾਲੀ ਕਥਾ ਕਹਿ ਸੁਣਾਈ।
"ਕਮਾਲ ਐ ਯਾਰ!" ਅੱਤ ਹੈਰਾਨੀ ਨਾਲ ਗਗਨ ਬੋਲਿਆ, "ਕਿੰਨੀ ਆਸਾਨ ਜਿਹੀ ਬਾਤ ਦਾ ਬਤੰਗੜ ਬਣਿਆ ਪਿਆ ਸੀ? ਜਿਸ ਗੱਲ ਨੇ ਕੱਲ੍ਹ ਦੀ ਦਿਮਾਗ਼ ਦੀ ਚੱਕਰਘਿੰਨੀ ਘੁਮਾਈ ਪਈ ਆ, ਨਿੱਕਲੀ ਕੁਛ ਵੀ ਨਾ? ਖੋਦਿਆ ਪਹਾੜ, ਤੇ ਨਿੱਕਲ਼ਿਆ ਚੂਹਾ! ਮੈਂ ਤਾਂ ਸੋਚਿਆ ਸੀ ਬਈ ਪਤਾ ਨੀ ਪੱਟੂ ਨੇ ਕਿਤੇ ਮੰਜੇ ਥੱਲੇ ਕੋਈ ਸੁਰੰਗ ਈ ਨਾ ਕੱਢੀ ਪਈ ਹੋਵੇ। ਨਾ ਆਹ ਸਾਲ਼ਾ ਕੁਅੰਟਲ਼ ਲੋਹਾ ਥੱਪਣ ਦਾ ਕੀ ਫ਼ਾਇਦਾ ਹੋਇਆ ਭਲਾਂ? ਕੀ ਫ਼ਾਇਦਾ ਐਨੀ ਮੋਟੀ ਗਰਿੱਲ ਠੋਕਣ ਦਾ? ਸਹੀ ਆਖਦੇ ਆ ਸਿਆਣੇ, ਬਈ ਜਿੰਦੇ ਤਾਂ ਸਾਧਾਂ ਲਈ ਹੁੰਦੇ ਆ, ਚੋਰਾਂ ਲਈ ਨਹੀਂ। ਪਰ ਸਕੀਮ ਦੇਖ ਕਿਵੇਂ ਲਾਈ? ਪਰ ਤੈਨੂੰ ਵੀ ਪਤੰਦਰਾ ਮੰਨਣਾ ਪਊ, ਮੇਰੇ ਤਾਂ ਦਿਮਾਗ਼ ਦੇ ਕਿਸੇ ਖੱਲ-ਖੂੰਜੇ 'ਚ ਵੀ ਨੀ ਆਇਆ, ਬਈ ਇਉਂ ਵੀ ਹੋ ਸਕਦਾ?"
"ਗਗਨ, ਹਰ ਸਮੱਸਿਆ ਦਾ ਹੱਲ ਸਾਡੇ ਆਸ-ਪਾਸ ਹੀ ਹੁੰਦਾ। ਬੱਸ ਗੱਲ ਤਾਂ ਸਿਰਫ਼ ਅੱਖਾਂ ਖੋਲ੍ਹ ਕੇ ਦੇਖਣ ਦੀ ਹੀ ਹੁੰਦੀ ਏ।"
"ਮੰਨ ਗਏ ਭਰਾਵਾ, ਪੂਰਾ ਪੀਰ ਏਂ ਤੂੰ ਵੀ। ਐਨ ਬੁਰੇ ਦੇ ਘਰ ਤੱਕ ਪਹੁੰਚ ਕੇ ਦਿਖਾਇਆ। ਆਹ ਤਾਂ ਵੱਡੀ ਮੱਲ ਮਾਰੀ ਯਾਰ!"
"ਪਰ ਗਗਨ, ਖੜ੍ਹੇ ਆਪਾਂ ਹਾਲੇ ਓਥੇ ਦੇ ਓਥੇ ਹੀ ਆਂ। ਹਾਂ, ਇਸ ਤੱਥ ਦੇ ਉਜਾਗਰ ਹੋਣ ਨਾਲ ਮੇਰੀ ਥੀਅਰੀ ਦੀ ਸਟੀਕਤਾ 'ਤੇ ਮੋਹਰ ਤਾਂ ਜ਼ਰੂਰ ਲੱਗੀ, ਪਰ ਅਸਲੀ ਸਵਾਲ ਤਾਂ ਹਾਲੇ ਵੀ ਉਵੇਂ ਦਾ ਉਵੇਂ ਹੀ ਖੜ੍ਹਾ, ਕਿ ਕਾਤਿਲ ਕੌਣ?"
"ਤੇ ਪਿਉ ਦਿਆ ਪੁੱਤਾ! ਤੂੰ ਵੀ ਲੱਭ ਕੇ ਹਟੇਂਗਾ, ਬਾਬਾ ਸ਼੍ਰੀ ਸ਼੍ਰੀ ਇੱਕ ਕਰੋੜ ਅੱਠ, ਸ਼੍ਰੀ ਸ਼੍ਰੀ ਗਗਨ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ।"
ਆਪਣਾ ਸੱਜਾ ਹੱਥ ਆਸ਼ੀਰਵਾਦ ਦੀ ਮੁਦਰਾ 'ਚ ਉਠਾ ਕੇ, ਅੱਖਾਂ ਮੀਚਦਿਆਂ, ਗਗਨ ਨੇ ਇਸ ਅੰਦਾਜ਼ 'ਚ ਕਿਹਾ, ਕਿ ਤੇਜਵੀਰ ਦਾ ਬਦੋਬਦੀ ਹਾਸਾ ਨਿੱਕਲ ਗਿਆ।
ਏਨੇ ਨੂੰ ਥਿੰਦ ਨੇ ਕਮਰੇ ਅੰਦਰ ਪ੍ਰਵੇਸ਼ ਕੀਤਾ।
"ਹਾਂ ਜੀ ਕਾਕਾ ਜੀ, ਹੋ ਗਿਆ ਮੁਆਇਨਾ?" ਤੇਜਵੀਰ ਨੂੰ ਮੁਖ਼ਾਤਿਬ ਹੁੰਦਿਆਂ ਥਿੰਦ ਨੇ ਸਵਾਲ ਪਾਇਆ।
"ਜੀ ਥਿੰਦ ਸਾਹਬ! ਤੁਹਾਡੇ ਸਹਿਯੋਗ ਲਈ ਬਹੁਤ-ਬਹੁਤ ਸ਼ੁਕਰੀਆ। ਬੁਰਾ ਨਾ ਮੰਨੋ ਤਾਂ ਇੱਕ ਸਵਾਲ ਪੁੱਛ ਸਕਦਾਂ?"
"ਪੁੱਛੋ ਕਾਕਾ ਜੀ!" ਥਿੰਦ ਨੇ ਬੜੀ ਨਰਮਾਈ ਨਾਲ ਉੱਤਰ ਦਿੱਤਾ।
"ਥਿੰਦ ਸਾਹਬ! ਤੁਹਾਡਾ ਇਸ ਕੇਸ ਪ੍ਰਤੀ ਕੀ ਦ੍ਰਿਸ਼ਟੀਕੋਣ ਐ?"
"ਬਈ ਕਾਕਾ ਜੀ, ਸੱਚ ਪੁਛੋ ਤਾਂ ਸਾਰੇ ਫ਼ੈਕਟਸ 'ਤੇ ਨਜ਼ਰ ਮਾਰਿਆਂ ਤਾਂ ਹਾਲ ਦੀ ਘੜੀ, ਤੇਰੀ ਪੇਸ਼ ਕੀਤੀ ਥੀਅਰੀ ਨਾਲ਼ ਹੀ ਮੈਂ ਸਹਿਮਤ ਹਾਂ। ਪਰ ਕਿਸੇ ਬਾਹਰੀ ਸ਼ਖ਼ਸ ਦੀ ਆਮਦ ਸੰਬੰਧੀ ਹਾਲੇ ਕੁਝ ਪੱਲੇ ਨਹੀਂ ਪਿਆ।ਮੈਂ ਬੜਾ ਘੋਖ ਕੇ ਗੇਟ ਕੀਪਰ, ਵਾਰਡਨ, ਕੰਨਟੀਨ ਵਾਲੇ ਗੋਰਖੇ ਤੇ ਆਸ-ਪਾਸ ਦੀਆਂ ਕੁੜੀਆਂ ਦੇ ਬਿਆਨ ਲਏ ਨੇ, ਪਰ ਸ਼ੱਕ ਵਾਲ਼ੀ ਕੋਈ ਗੱਲ ਸਾਹਮਣੇ ਨਹੀਂ ਆਈ। ਇਸ ਗੁੱਥੀ ਦੇ ਸੁਲ਼ਝੇ ਬਿਨਾਂ ਤਾਂ ਹਾਲ ਦੀ ਘੜੀ ਗਾਂਹ ਵਧਣ ਲਈ ਕੋਈ ਲੀਡ ਨਜ਼ਰ ਨਹੀਂ ਆਉਂਦੀ।"
ਇਹ ਸੁਣਕੇ ਤੇਜਵੀਰ ਨੇ ਥੋੜ੍ਹੀ ਦੇਰ ਪਹਿਲਾਂ ਉਜਾਗਰ ਹੋਏ ਤੱਥ ਥਿੰਦ ਦੇ ਸਨਮੁਖ ਰੱਖੇ।
ਥਿੰਦ ਉਸਦੀ ਗੱਲ ਵੀ ਸੁਣਦਾ ਗਿਆ ਅਤੇ ਬੜੇ ਗਹੁ ਨਾਲ਼ ਖਿੜਕੀ ਦਾ ਮੁਆਇਨਾ ਵੀ ਕਰਦਾ ਗਿਆ।
ਅੰਤ ਜਦੋਂ ਤੇਜਵੀਰ ਨੇ ਆਪਣੀ ਗੱਲ ਮੁਕਾਈ, ਤਾਂ ਥਿੰਦ ਸਾਫ਼-ਸਾਫ਼ ਉਸਦੇ ਕਥਨ ਤੋਂ ਪ੍ਰਭਾਵਿਤ ਨਜ਼ਰ ਆਇਆ।
"ਥਿੰਦ ਸਾਹਬ! ਆਪਾਂ ਨੂੰ ਕਾਤਿਲ ਦੇ ਰੂਟ ਦਾ ਮੁਆਇਨਾ ਵੀ ਕਰ ਲੈਣਾ ਚਾਹੀਦਾ।" ਤੇਜਵੀਰ ਨੇ ਨਾਲ਼ ਜੋੜਿਆ।
ਥਿੰਦ ਨੇ ਸਹਿਮਤੀ ਪ੍ਰਗਟਾਈ, ਪਰ ਬਾਹਰ ਜਾਣ ਤੋਂ ਪਹਿਲਾਂ ਉਸਨੇ ਆਪਣੇ ਨਾਲ਼ ਆਏ ਮਾਤਹਤ ਸਿਪਾਹੀਆਂ ਵਿੱਚੋਂ ਇੱਕ ਜਣੇ ਨੂੰ ਅੰਦਰ ਬੁਲਾਇਆ। ਉਸਦੇ ਹੱਥ ਵਿੱਚ ਇੱਕ ਬ੍ਰੀਫ਼ਕੇਸ ਸੀ, ਜਿਸ ਵਿੱਚੋਂ ਥਿੰਦ ਨੇ ਰਬੜ ਦੇ ਦਸਤਾਨੇ ਕੱਢ ਕੇ ਪਹਿਨ ਲਏ ਅਤੇ ਬੜੀ ਨਫ਼ਾਸਤ ਨਾਲ਼ ਸਿਗਰਟ ਦੇ ਟੋਟੇ ਅਤੇ ਕੰਡੋਮ ਦੇ ਖਾਲੀ ਪਾਊਚ ਨੂੰ, ਬ੍ਰੀਫ਼ਕੇਸ ਵਿੱਚੋਂ ਹੀ ਬਰਾਮਦ ਕੀਤੇ ਦੋ ਪੌਲੀਥੀਨ ਦੇ ਲਿਫ਼ਾਫ਼ਿਆਂ ਵਿੱਚ ਪਾ ਕੇ, ਬ੍ਰੀਫ਼ਕੇਸ ਦੇ ਹਵਾਲੇ ਕਰ ਦਿੱਤਾ। ਅਤੇ ਨਾਲ਼ ਹੀ ਸਿਪਾਹੀ ਨੂੰ ਖਿੜਕੀ ਅਤੇ ਗਰਿੱਲ ਤੋਂ ਫ਼ਿੰਗਰ ਪ੍ਰਿੰਟਸ ਉਠਵਾਉਣ ਦਾ ਆਦੇਸ਼ ਵੀ ਦੇ ਦਿੱਤਾ।
ਉਹ ਖਿੜਕੀ ਦੇ ਬਾਹਰਲੇ ਵਾਲ਼ੇ ਪਾਸੇ ਪੁੱਜੇ।
ਖਿੜਕੀ ਵਾਲ਼ੀ ਦੀਵਾਰ ਦੇ ਨਾਲ਼-ਨਾਲ਼ ਇੱਕ ਪਗਡੰਡੀ ਬਣੀ ਹੋਈ ਸੀ, ਜੋ ਬਿਲਡਿੰਗ ਦੇ ਨਾਲ-ਨਾਲ ਘੁੰਮ ਜਾਂਦੀ ਸੀ।
ਥਿੰਦ ਦੇ ਨਿਰਦੇਸ਼ 'ਤੇ ਇੱਕ ਸਿਪਾਹੀ ਨੇ ਆਪਣੇ ਡੰਡੇ ਦੀ ਸਹਾਇਤਾ ਨਾਲ ਖਿੜਕੀ ਦੇ ਸਾਹਮਣੇ ਦੀਆਂ ਝਾੜੀਆਂ ਨੂੰ ਖੰਗਾਲਣਾ ਸ਼ੁਰੂ ਕੀਤਾ।
ਨਤੀਜਾ ਝੱਟ ਸਾਹਮਣੇ ਆਇਆ।
ਝਾੜੀਆਂ ਦੇ ਵਿੱਚ ਅਤੇ ਥੱਲੇ, ਧੂੜ ਵਿੱਚ ਲਿੱਬੜੇ ਕਈ ਇਸਤੇਮਾਲਸ਼ੁਦਾ ਕੰਡੋਮ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਜੋ ਸਭ ਤੋਂ ਤਾਜ਼ਾ ਇਸਤੇਮਾਲ ਹੋਇਆ ਜਾਪਦਾ ਸੀ, ਉਹ ਝਾੜੀਆਂ 'ਚ ਫਸਿਆ ਹੋਇਆ ਮਿਲਿਆ।
ਤੇਜਵੀਰ ਤੇ ਗਗਨ ਦੀਆਂ ਨਿਗਾਹਾਂ ਆਪਸ ਵਿੱਚ ਮਿਲੀਆਂ।
ਗਗਨ ਦਾ ਸਿਰ ਪ੍ਰਸ਼ੰਸਾਤਮਕ ਮੁਦਰਾ 'ਚ ਹਿੱਲਿਆ।
ਤੇਜਵੀਰ ਦੀ ਥੀਅਰੀ ਦੇ ਹੱਕ ਵਿੱਚ ਇੱਕ ਹੋਰ ਗਵਾਹੀ ਜੋੜਦਾ, ਇਹ ਸਬੂਤ ਵੀ ਉਸ ਬ੍ਰੀਫ਼ਕੇਸ ਵਿੱਚ ਕੈਦ ਹੋ ਗਿਆ।
ਫਿਰ ਉਹਨਾਂ ਨੇ ਦੀਵਾਰ ਦੇ ਨਾਲ਼-ਨਾਲ਼ ਬਣੀ ਪਗਡੰਡੀ ਉੱਤੇ ਕਦਮ ਵਧਾਏ।
ਦੀਵਾਰ ਦੀ ਨੁੱਕਰ 'ਤੇ ਜਾ ਕੇ ਪਗਡੰਡੀ ਹੋਸਟਲ ਦੀ ਪਿਛਲੀ ਦੀਵਾਰ ਦੇ ਨਾਲ-ਨਾਲ ਘੁੰਮ ਗਈ। ਪਰ ਉਸੇ ਨੁੱਕਰ ਤੋਂ, ਕਾਲਜ ਦੀ ਪਿਛਲੀ ਚਾਰਦੀਵਾਰੀ ਵੱਲ ਨੂੰ, ਮੁਕਾਬਲਤਨ ਇੱਕ ਮਹੀਨ ਜਿਹੀ ਪਗਡੰਡੀ ਜਾਂਦੀ ਦਿਖਾਈ ਦਿੱਤੀ, ਜੋ ਖਿੜਕੀ ਕੋਲ਼ ਖੜ੍ਹਿਆਂ ਦਿਖਾਈ ਵੀ ਨਹੀਂ ਦੇ ਰਹੀ ਸੀ।
ਉਹ ਉਸੇ ਪਗਡੰਡੀ ਨੂੰ ਫੜ ਅੱਗੇ ਵਧੇ।
ਚਾਰਦੀਵਾਰੀ ਨਾਲ਼ ਟਕਰਾ ਉਹ ਪਗਡੰਡੀ, ਚਾਰਦੀਵਾਰੀ ਦੇ ਨਾਲ-ਨਾਲ ਸੱਜੇ ਪਾਸੇ ਨੂੰ, ਖਿੜਕੀ ਦੇ ਸਾਹਮਣੇ ਵੱਲ ਦੇ ਪਾਸੇ ਨੂੰ ਮੁੜ ਗਈ।
ਚਾਰਦੀਵਾਰੀ ਦੇ ਬਾਹਰ ਵਾਹਨਾਂ ਦੀ ਆਵਾਜਾਈ ਦੀਆਂ ਆਵਾਜ਼ਾਂ ਸੁਣ ਕੇ ਸਾਫ਼ ਪ੍ਰਤੀਤ ਹੋ ਰਿਹਾ ਸੀ ਕਿ ਬਾਹਰ ਦੇ ਪਾਸੇ ਨੂੰ ਸੜਕ ਲੱਗਦੀ ਹੈ।
ਉਹਨਾਂ ਪਗਡੰਡੀ 'ਤੇ ਤੁਰਨਾ ਬਾਦਸਤੂਰ ਜਾਰੀ ਰੱਖਿਆ।
ਚਾਰਦੀਵਾਰੀ ਦੇ ਖੂੰਜੇ 'ਤੇ ਜਾ ਕੇ ਪਗਡੰਡੀ ਫਿਰ ਤੋਂ ਚਾਰਦੀਵਾਰੀ ਦੇ ਨਾਲ-ਨਾਲ ਘੁੰੰਮ ਗਈ, ਅਤੇ ਕੋਈ ਸੌ ਕੁ ਫੁੱਟ ਅੱਗੇ ਜਾ ਕੇ ਖ਼ਤਮ ਹੋ ਗਈ।
ਜਿੱਥੇ ਜਾ ਕੇ ਪਗਡੰਡੀ ਖ਼ਤਮ ਹੋਈ, ਉਥੇ ਕੋਈ ਦਸ ਕੁ ਫੱਟ ਉੱਚੀ ਉਸ ਚਾਰਦੀਵਾਰੀ ਵਿੱਚੋਂ, ਉੱਪਰੋਂ-ਥੱਲੀਂ ਕੋਈ ਦੋ-ਦੋ ਕੁ ਫੁੱਟ ਦੇ ਫ਼ਾਸਿਲੇ ਤੋਂ, ਚਾਰ ਇੱਟਾਂ ਗਾਇਬ ਸਨ, ਜਿਸ ਕਾਰਣ ਚਾਰਦੀਵਾਰੀ ਵਿੱਚ ਹੋਏ ਸੁਰਾਖਾਂ 'ਚੋਂ ਆਰ-ਪਾਰ ਨਜ਼ਰ ਆ ਰਿਹਾ ਸੀ।
"ਪਰਫ਼ੈਕਟ ਸੈੱਟਅੱਪ!"
ਤੇਜਵੀਰ ਬੁਦਬੁਦਾਇਆ।
ਥਿੰਦ ਨੇ ਸਿਪਾਹੀ ਨੂੰ ਇਸ਼ਾਰਾ ਕੀਤਾ।
ਇਸ਼ਾਰਾ ਪਾ ਸਿਪਾਹੀ ਆਸ-ਪਾਸ ਦੀ ਜ਼ਮੀਨ ਦਾ ਮੁਆਇਨਾ ਕਰਨ ਲਈ ਅੱਗੇ ਵਧਿਆ।
ਕੁਝ ਸੋਚਦਿਆਂ ਤੇਜਵੀਰ ਨੇ ਚਾਰਦੀਵਾਰੀ 'ਚ ਇੱਟਾਂ ਕੱਢੇ ਜਾਣ ਦੀ ਸੂਰਤ 'ਚ ਬਣੇ ਖਾਨਿਆਂ 'ਚ ਹੱਥ-ਪੈਰ ਜਮਾ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ।
ਸਪਾਟ ਦਸ ਫੁੱਟ ਦੀ ਚਾਰਦੀਵਾਰੀ 'ਤੇ ਚੜ੍ਹਨਾ ਕਿਸੇ ਸਧਾਰਨ ਵਿਅਕਤੀ ਲਈ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਸੀ, ਪਰ ਉਹਨਾਂ ਖਾਨਿਆਂ ਦੀ ਸਹਾਇਤਾ ਨਾਲ਼ ਤੇਜਵੀਰ ਬੜੀ ਆਸਾਨੀ ਨਾਲ਼ ਚੜ੍ਹਦਾ ਹੋਇਆ, ਦੀਵਾਰ ਦੇ ਸਿਰੇ 'ਤੇ ਜਾ ਪਹੁੰਚਿਆ।
ਉਸਨੇ ਦੀਵਾਰ ਦੇ ਸਿਰੇ ਦੇ ਉੱਪਰੋਂ ਦੀ ਪਰਲੇ ਪਾਰ ਝਾਤੀ ਮਾਰੀ, ਤਾਂ ਨਜ਼ਰ ਆਇਆ ਕਿ ਚਾਰਦੀਵਾਰੀ ਦੇ ਪਰਲੇ ਪਾਰ ਕੋਈ ਦੋ ਕੁ ਹਜ਼ਾਰ ਗਜ਼ ਦਾ ਪਲਾਟ ਖ਼ਾਲੀ ਪਿਆ ਸੀ, ਜਿਸ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਸਨ। ਪਲਾਟ ਦੇ ਪਰਲੇ ਪਾਸੇ ਅਤੇ ਪਿਛਲੇ ਪਾਸੇ ਮਕਾਨਾਂ ਦੀਆਂ ਕੰਧਾਂ ਲੱਗਦੀਆਂ ਸਨ, ਅਤੇ ਸਾਹਮਣੇ ਪਾਸੇ ਲੱਗਦੀ ਸੜਕ ਦੇ ਪਰਲੇ ਪਾਰ ਵੀ ਓਨਾ ਹੀ ਵੱਡਾ ਤੇ ਉਸ ਵਾਂਗ ਹੀ ਖਾਲੀ ਪਲਾਟ ਲੱਗਦਾ ਸੀ, ਜਿਸਦੇ ਮੁੱਢਲੇ ਪਾਸੇ ਇੱਕ ਪਾਨ ਦਾ ਖੋਖਾ ਨਜ਼ਰ ਆ ਰਿਹਾ ਸੀ।
ਉਹ ਦੀਵਾਰ 'ਤੋਂ ਉੱਤਰ ਪਿਆ।
ਉੱਤਰ ਕੇ ਕੱਪੜੇ ਝਾੜਦਿਆਂ, ਜਦ ਉਸਨੇ ਸਾਹਮਣੇ ਨਜ਼ਰ ਮਾਰੀ, ਤਾਂ ਉਸਨੂੰ ਥਿੰਦ ਦੇ ਦਸਤਾਨੇਯੁਕਤ ਹੱਥਾਂ ਵਿੱਚ ਇੱਕ ਪੇਚਕਸ ਫੜਿਆ ਨਜ਼ਰ ਆਇਆ।
"ਲੱਗਦਾ ਏ ਕਿ ਕਾਤਿਲ ਤੋਂ ਬੇਧਿਆਨੀ ਨਾਲ਼ ਡਿੱਗ ਪਿਆ ਹੋਣਾ, ਜਾਂ ਹੋ ਸਕਦਾ ਕਿ ਉਸਨੇ ਜਾਣ-ਬੁੱਝ ਕੇ ਹੀ ਸੁੱਟ ਦਿੱਤਾ ਹੋਵੇ। ਅੱਗੇ ਤੋਂ ਇਸਦੇ ਇਸਤੇਮਾਲ ਦੀ ਬੁਨਿਆਦ ਜੋ ਖ਼ਤਮ ਹੋ ਚੁੱਕੀ ਸੀ।"
"ਪਹਿਲੀ ਸੰਭਾਵਨਾ ਹੀ ਠੀਕ ਲੱਗਦੀ ਐ ਥਿੰਦ ਸਾਹਬ, ਕਿਉਂਕਿ ਜੇ ਉਸਨੇ ਜਾਣ ਬੁੱਝ ਕੇ ਸੁੱਟਿਆ ਹੁੰਦਾ, ਤਾਂ ਜ਼ਰੂਰ ਵਗਾਹ ਕੇ ਬਹੁਤ ਦੂਰ ਸੁੱਟਿਆ ਹੁੰਦਾ, ਜਾਂ ਇਸ ਤੋਂ ਵੀ ਵੱਧ ਸੰਭਾਵਨਾ ਸੀ ਕਿ ਮੌਕਾਏ-ਵਾਰਦਾਤ ਤੋਂ ਕਿਤੇ ਦੂਰ ਠਿਕਾਣੇ ਲਗਾਇਆ ਹੁੰਦਾ। ਜ਼ਰੂਰ ਇਹ ਵਕਤੀ ਤਨਾਵ ਭਰੇ ਮਾਹੌਲ 'ਚ ਹੋਈ ਬੇਧਿਆਨੀ ਦਾ ਹੀ ਨਤੀਜਾ ਹੋਣਾ।"
"ਦਮ ਹੈ ਤੁਹਾਡੀ ਦਲੀਲ 'ਚ ਕਾਕਾ ਜੀ।" ਥਿੰਦ ਨੇ ਸਹਿਮਤੀਸੂਚਕ ਢੰਗ ਨਾਲ ਸਿਰ ਹਿਲਾਉਂਦਿਆਂ ਕਿਹਾ।
ਤੇਜਵੀਰ ਦੀ ਥੀਅਰੀ ਦੀ ਸਟੀਕਤਾ ਉੱਤੇ ਮੋਹਰ ਲਗਾਉਂਦਾ ਇੱਕ ਹੋਰ ਸਬੂਤ, ਸਿਪਾਹੀ ਦੇ ਹੱਥਾਂ 'ਚ ਫੜੇ ਬ੍ਰੀਫ਼ਕੇਸ ਵਿੱਚ ਕੈਦ ਹੋ ਗਿਆ।
ਉਹ ਵਾਪਿਸ ਮੁੜ ਪਏ।
"ਥਿੰਦ ਸਾਹਬ! ਕੋਈ ਮਰਡਰ ਸਸਪੈਕਟ ਹੈ ਤੁਹਾਡੀ ਨਜ਼ਰ 'ਚ?"
"ਇਹੀ ਤਾਂ ਹੈਰਾਨੀ ਦੀ ਗੱਲ ਐ ਕਾਕਾ ਜੀ! ਕਰਟਸੀ ਯੂ, ਕਾਤਿਲ ਦੀ ਮੌਡਸ ਆਪਰੰਡੀ ਤਾਂ ਟਰੇਸ ਹੋ ਗਈ ਏ, ਕਤਲ ਦਾ ਮੌਟਿਵ ਵੀ ਸਮਝ 'ਚ ਆ ਰਿਹਾ, ਪਰ ਸਸਪੈਕਟ ਕੋਈ ਨਜ਼ਰ ਨਹੀਂ ਆ ਰਿਹਾ। ਤੁਹਾਡੇ ਆਉਣ ਤੋਂ ਪਹਿਲਾਂ ਮੈਂ ਮ੍ਰਿਤਕਾ ਦੀਆਂ ਕਲਾਸ ਮੇਟਸ ਅਤੇ ਹੋਸਟਲ ਵਿੱਚ ਵੀ ਸੰਬੰਧਿਤ ਸਭਨਾਂ ਵਿਅਕਤੀਆਂ ਤੋਂ ਪੁੱਛਗਿੱਛ ਕਰ ਚੁੱਕਾਂ। ਸ਼ੱਕ ਦੀ ਕੋਈ ਬੁਨਿਆਦ ਸਾਹਮਣੇ ਨਹੀਂ ਆਈ। ਕਿਸੇ ਨਾਲ਼ ਕੋਈ ਝਗੜਾ ਨਹੀਂ, ਕੋਈ ਦੁਸ਼ਮਣ ਨਹੀਂ ਤੇ ਇਸਤੋਂ ਵੀ ਵੱਧ ਹੈਰਾਨੀ ਦੀ ਗੱਲ, ਕਿ ਕੋਈ ਕਰੀਬੀ ਦੋਸਤ ਵੀ ਨਹੀਂ।"
"ਹੋਸਟਲ 'ਚ ਕੋਈ ਆਇਆ-ਗਿਆ?"
"ਸ਼ੁਰੂ-ਸ਼ੁਰੂ ਵਿੱਚ ਤਿੰਨ-ਚਾਰ ਵਾਰ ਮਾਂ-ਬਾਪ ਆਏ, ਪਰ ਬਾਅਦ ਵਿੱਚ ਉਸਦੀ ਇੱਕ ਕਜ਼ਨ ਦੇ ਸਿਵਾਏ ਹੋਰ ਕੋਈ ਨਹੀਂ। ਸਿਮਰਨ ਕੌਰ ਨਾਮ ਹੈ ਉਸਦਾ, ਜੋ ਉਸਨੂੰ ਅਕਸਰ ਮਿਲਣ ਆਉਂਦੀ ਰਹੀ। ਪਰ ਫ਼ੈਮਿਲੀ ਤੋਂ ਸਿਵਾਏ ਹੋਰ ਕੋਈ ਨਹੀਂ। ਢਿੱਲੋਂ ਫ਼ੈਮਿਲੀ ਨਾਲ਼ ਵੀ ਮੈਂ ਗੱਲਬਾਤ ਕਰ ਚੁੱਕਾਂ, ਕੋਈ ਕੰਮ ਦੀ ਗੱਲ ਪਤਾ ਨਹੀਂ ਚੱਲੀ।"
"ਥਿੰਦ ਸਾਹਬ, ਇਹ ਮੋਬਾਈਲ ਫ਼ੋਨ ਦਾ ਜ਼ਮਾਨਾ ਏ। ਲੜਕੀ ਕੋਲ਼ ਕਿਸੇ ਮੋਬਾਈਲ ਦੀ ਮੌਜੂਦਗੀ ਬਾਰੇ ਵੀ ਪੁੱਛ ਲਓ, ਤਾਂ ਕਾਲਜ਼ ਦੀਆਂ ਡਿਟੇਲਜ਼ ਤੋਂ ਕੁਝ ਪਤਾ ਚੱਲ ਸਕਦਾ!"
"ਇਹ ਗੱਲ ਮੇਰੇ ਦਿਮਾਗ਼ ਵਿੱਚ ਵੀ ਆਈ ਸੀ। ਭਾਵੇਂ ਮੌਕਾਏ-ਵਾਰਦਾਤ 'ਤੋਂ ਕੋਈ ਮੋਬਾਈਲ ਬਰਾਮਦ ਨਹੀਂ ਹੋਇਆ, ਪਰ ਫੇਰ ਵੀ ਮੈਂ ਇਸ ਬਾਰੇ ਪੁੱਛਗਿੱਛ ਕੀਤੀ। ਤਾਂ ਉਸ ਕੋਲ਼ ਕਿਸੇ ਮੋਬਾਈਲ ਹੋਣ ਬਾਰੇ ਕਿਸੇ ਨੇ ਕੋਈ ਹਾਮੀ ਨਹੀਂ ਭਰੀ। ਮੈਂ ਲੜਕੀ ਦੇ ਫ਼ਾਦਰ ਤੋਂ ਵੀ ਪੁੱਛਿਆ ਸੀ, ਪਰ ਜਵਾਬ ਨਾਂਹ 'ਚ ਹੀ ਮਿਲਿਆ। ਦਰਅਸਲ ਉਸ ਮੁਤਾਬਿਕ ਤਾਂ ਯੰਗ ਜਨਰੇਸ਼ਨ ਲਈ ਮੋਬਾਈਲ ਸਹੂਲੀਅਤ ਤੋਂ ਵਧੇਰੇ ਵਕਤ ਦੀ ਬਰਬਾਦੀ ਦਾ ਹੀ ਸਾਧਨ ਹੀ ਹੈ। ਸੋ ਉਹਨਾਂ ਵੱਲੋਂ ਹੀ ਲੜਕੀ ਨੂੰ ਕੋਈ ਮੋਬਾਈਲ ਮੁਹੱਈਆ ਨਹੀਂ ਕਰਵਾਇਆ ਗਿਆ।
ਉਹਨਾਂ ਦਾ ਤਰਕ ਸੀ ਕਿ ਜਦ ਜ਼ਰੂਰੀ ਗੱਲ ਕਰਨ ਲਈ ਕਾਲਜ ਅਤੇ ਹੋਸਟਲ ਵਿੱਚ ਫ਼ੋਨ ਉਪਲਬਧ ਹੈ, ਤਾਂ ਮੋਬਾਈਲ ਦੀ ਕੀ ਜ਼ਰੂਰਤ ਹੈ?"
"ਪਰ ਥਿੰਦ ਸਾਹਬ, ਮ੍ਰਿਤਕਾ ਇੱਕ ਅੱਛੀ-ਖ਼ਾਸੀ ਮਾਡਰਨ ਲੜਕੀ ਸੀ, ਆਖਿਰ ਕਿਸੇ ਨਾਲ ਤਾਂ ਉਸਦੀ ਨੇੜਤਾ ਹੋਵੇਗੀ ਹੀ? ਕੋਈ ਤਾਂ ਕਰੀਬੀ ਦੋਸਤ ਜਾਂ ਸਹੇਲੀ ਹੋਵੇਗੀ ਹੀ?"
"ਕਲਾਸਮੇਟਸ ਦੀ ਡਿਸਕਰਿਪਸ਼ਨ ਦੇ ਮੁਤਾਬਿਕ ਜੋ ਸਾਹਮਣੇ ਆਇਆ, ਉਸਦਾ ਅਨੈਲਿਸਿਸ ਕਰੀਏ, ਤਾਂ ਪ੍ਰਤੀਤ ਹੁੰਦਾ ਕਿ ਮ੍ਰਿਤਕਾ ਬੜੀ ਅੰਤਰਮੁਖੀ ਪ੍ਰਵਿਰਤੀ ਦੀ ਮਾਲਿਕ ਸੀ। ਕਿਸੇ ਨਾਲ ਬਿਨਾਂ ਮਤਲਬ ਦੇ ਕੋਈ ਗੱਲਬਾਤ ਨਹੀਂ। ਸਹਿਪਾਠੀਆਂ ਨਾਲ ਵੀ ਘੁਲਣ-ਮਿਲਣ 'ਚ ਉਸਦੀ ਕੋਈ ਦਿਲਚਸਪੀ ਨਹੀਂ ਸੀ। ਕਿਸੇ ਨੇ ਉਸ ਨੂੰ ਆਪਣੇ ਆਪ 'ਚ ਹੀ ਖੋਈ ਰਹਿਣ ਵਾਲੀ ਆਖਿਆ, ਕਿਸੇ ਨੇ ਉਸਨੂੰ ਨੱਕ-ਚੜ੍ਹੀ ਤੇ ਆਕੜਖੋਰ ਆਖਿਆ, ਤੇ ਕਈਆਂ ਨੇ ਤਾਂ ਕ੍ਰੈਕ ਤੱਕ ਵੀ ਕਿਹਾ। ਪਰ ਨੇੜਤਾ ਕਿਸੇ ਨਾਲ ਵੀ ਨਹੀਂ। ਹੋਸਟਲ 'ਚ ਵੀ ਉਸਦਾ ਏਹੀ ਹਾਲ ਸੀ। ਹੋਸਟਲ 'ਚੋਂ ਕਦੇ ਗ਼ਾਇਬ ਨਹੀਂ ਰਹੀ, ਕਲੋਜ਼ਿੰਗ ਟਾਈਮ ਤੋਂ ਕਦੇ ਲੇਟ ਨਹੀਂ ਹੋਈ। ਪਰ ਕਿਸੇ ਐਕਟਿਵਿਟੀ 'ਚ, ਕੋਈ ਪਾਰਟੀਸਿਪੇਸ਼ਨ ਨਹੀਂ। ਮਤਲਬ ਕਿ ਕੁੱਲ ਮਿਲਾ ਕੇ- ਨੋ ਸੋਸ਼ਲ ਲਾਈਫ਼।"
"ਹੈਰਾਨੀ ਦੀ ਗੱਲ ਏ! ਰੱਖ-ਰਖਾਵ ਤੋਂ ਪੂਰੀ ਤਰ੍ਹਾਂ ਮਾਡਰਨ, ਅੱਛੀ ਖ਼ਾਸੀ ਖ਼ੂਬਸੂਰਤ, ਇੱਕ ਅਫ਼ੇਅਰ, ਇਥੋਂ ਤੱਕ ਕਿ ਸੈਕਸ਼ੂਅਲ ਰਿਲੇਸ਼ਨਸ਼ਿਪ, ਡਰੱਗ-ਐਡਿਕਟਿਵ; ਬੱਟ ਨੋ ਸੋਸ਼ਲ ਲਾਈਫ਼? ਸਟਰੇਂਜ!"
"ਕਾਤਿਲ ਦੀ ਸ਼ਿਨਾਖ਼ਤ ਵੱਲ ਇਸ਼ਾਰਾ ਕਰਦਾ ਕੋਈ ਸੁਰਾਗ ਨਹੀਂ ਦਿਸਦਾ ਕਾਕਾ ਜੀ।"
ਕੁਝ ਪਲ ਗਹਿਰਾਈ ਨਾਲ਼ ਸੋਚਦਾ ਹੋਇਆ ਤੇਜਵੀਰ ਚੱਲਦੇ-ਚੱਲਦੇ ਠਿਠਕ ਗਿਆ।
'ਲੱਗਦਾ ਹੁਣ ਫੇਰ ਕੋਈ ਸੱਪ ਕੱਢੂ ਪਤੰਦਰ।'
ਗਗਨ ਨੂੰ ਥੋੜ੍ਹੀ ਆਸ ਬੱਝੀ।
"ਗਗਨ ਯਾਰ! ਮੇਰਾ ਮਿੱਠਾ ਪਾਨ ਖਾਣ ਨੂੰ ਬੜਾ ਦਿਲ ਕਰਦਾ। ਤੂੰ ਖਾਏਂਗਾ?"
"ਹੱਕ ਤੇਰੀ! ਮੈਂ ਤਾਂ ਕਿਹਾ ਬਈ ਪਤੰਦਰ ਨੂੰ ਕਾਤਿਲ ਦਾ ਕੋਈ ਥਹੁ-ਸਿਰਾ ਸੁੱਝ ਗਿਆ, ਜਿਹੜਾ ਇਉਂ ਅੰਗਦ ਆਂਗੂੰ ਪੈਰ ਜਮਾ ਕੇ ਖੜ੍ਹ ਗਿਆ! ਤੇ ਉੱਤੋਂ ਦੀ ਆਹ ਕੇਹੜੀ ਤੇਰ੍ਹਵੀਂ ਗੱਲ ਕਰਤੀ?"
ਗਗਨ ਦਾ ਅੰਦਾਜ਼ੇ-ਬਿਆਂ ਨੋਸ਼ ਫ਼ਰਮਾ ਕੇ, ਪਲ ਦੀ ਪਲ ਥਿੰਦ ਦੇ ਧੀਰ-ਗੰਭੀਰ ਚਿਹਰੇ 'ਤੇ ਵੀ ਮੁਸਕੁਰਾਹਟ ਤੈਰ ਗਈ।
"ਤੂੰ ਇਉਂ ਕਰ ਗਗਨ, ਬਾਈਕ ਚੱਕ ਕੇ ਓਧਰ ਪਿਛਲੇ ਪਾਸੇ ਆ ਜਾ। ਮੈਂ ਬਾਹਰਲੇ ਪਾਸੇ ਇੱਕ ਪਾਨ ਵਾਲਾ ਖੋਖਾ ਦੇਖਿਆ। ਮੈਂ ਐਧਰੋਂ ਈ ਸ਼ਾੱਰਟ-ਕੱਟ ਮਾਰ ਕੇ ਪਹੁੰਚਦਾਂ।"
"ਉਏ ਕਮਲ਼ਾ ਤਾਂ ਨੀ ਹੋ ਗਿਆ ਯਾਰ!"
"ਥਿੰਦ ਸਾਹਬ! ਤੁਹਾਡੇ ਸਹਿਯੋਗ ਲਈ ਮੈਂ ਇੱਕ ਵਾਰ ਫਿਰ ਤੋਂ ਤਹਿ-ਦਿਲੋਂ ਸ਼ੁਕਰੀਆ ਅਦਾ ਕਰਦਾਂ।"
"ਕਾਕਾ ਜੀ, ਮੈਂ ਸਹਿਯੋਗ ਦੀ ਨੀਤੀ 'ਚ ਵਿਸ਼ਵਾਸ ਰੱਖਦਾਂ। ਨਾਲ਼ੇ ਤੁਸੀਂ ਤਾਂ ਸਗੋਂ ਆਪ ਕਾਨੂੰਨ ਦਾ ਸਾਥ ਦੇ ਰਹੇ ਓਂ। ਫੇਰ ਭੋਗਲ ਸਾਹਬ ਨੇ ਤੁਹਾਡੀ ਸਲਾਹੀਅਤ ਦੀ ਤਾਰੀਫ਼ ਵੀ ਬੜੀ ਕੀਤੀ ਸੀ, ਤੇ ਮੈਂ ਮੁਜ਼ਾਹਰਾ ਵੀ ਦੇਖ ਲਿਆ।"
"ਪਰ ਥਿੰਦ ਸਾਹਬ! ਆਹ ਏਹਦੇ ਕੰਧਾਂ-ਕੋਠੇ ਟੱਪ ਕੇ, ਮਿੱਠਾ ਪਾਨ ਖਾਣ ਦੇ ਭੁਸ ਨੇ, ਸ਼ੱਕ ਜਿਹੀ ਤਾਂ ਪੈਦਾ ਕਰ ਹੀ ਦਿੱਤੀ ਹੋਣੀ ਆ!"
ਗਗਨ ਚੁਟਕੀ ਲੈਣੋਂ ਬਾਜ਼ ਨਾ ਆਇਆ।
ਥਿੰਦ ਦੇ ਚਿਹਰੇ 'ਤੇ ਫਿਰ ਮੁਸਕੁਰਾਹਟ ਤੈਰ ਗਈ।
ਤੇਜਵੀਰ ਉਸਦੀ ਗੱਲ ਅਨਸੁਣੀ ਕਰ, ਵਾਪਿਸ ਪਰਤ ਪਿਆ।
"ਸ਼ਾਰਪ ਬੱਟ…।" ਇੱਕ ਪਲ ਲਈ ਰੁਕ ਕੇ ਥਿੰਦ ਬੋਲਿਆ, "…ਸਟਰੇਂਜ ਯੰਗ ਮੈਨ!"
"ਪੁੱਛੋ ਨਾ ਥਿੰਦ ਸਾਹਬ! …"
ਗਗਨ ਦਾ ਨਾੱਨ-ਸਟਾੱਪ ਰਿਕਾਰਡ ਵੱਜ ਪਿਆ।
+++++
ਕਾਲਜ ਦੀ ਚਾਰਦੀਵਾਰੀ ਦੇ ਪਰਲੇ ਪਾਰ ਉੱਤਰਕੇ ਕੱਪੜੇ ਝਾੜਦਾ ਹੋਇਆ ਤੇਜਵੀਰ, ਖ਼ਾਲੀ ਪਲਾਟ 'ਚ ਪਏ ਕੂੜੇ-ਕਰਕਟ ਦੇ ਵਿੱਚੋਂ ਦੀ ਬੋਚ-ਬੋਚ ਕੇ ਪੱਬ ਧਰਦਾ ਹੋਇਆ, ਪਾਨ ਦੇ ਖੋਖੇ ਵੱਲ ਨੂੰ ਹੋ ਤੁਰਿਆ।
ਖੋਖੇ 'ਤੇ ਕੋਈ ਗ੍ਰਾਹਕ ਨਜ਼ਰ ਨਹੀਂ ਆ ਰਿਹਾ ਸੀ।
ਥੋੜ੍ਹਾ ਕਰੀਬ ਪਹੁੰਚਦਿਆਂ ਖੋਖੇ ਅੰਦਰ ਬੈਠੇ ਪਨਵਾੜੀ ਦੇ ਦਰਸ਼ਨ ਵੀ ਹੋਣ ਲੱਗ ਪਏ ਸਨ।
ਚਿਹਰੇ-ਮੋਹਰੇ ਅਤੇ ਪੋਸ਼ਾਕ ਤੋਂ ਉਹ ਕੋਈ ਮੁਸਲਮਾਨ ਬਜ਼ੁਰਗਵਾਰ ਲੱਗ ਰਿਹਾ ਸੀ।
ਸੜਕ ਪਾਰ ਕਰ ਤੇਜਵੀਰ ਖੋਖੇ ਦੇ ਸਾਹਮਣੇ ਜਾ ਪੁੱਜਾ।
"ਬੜੇ ਮੀਆਂ! ਦੋ ਮਿੱਠੇ ਪਾਨ ਲਾਇਓ ਜ਼ਰਾ, ਪਰ ਪਹਿਲਾਂ ਇੱਕ ਨਿੰਬੂ-ਲੈਮਨ ਪਿਲ਼ਾ ਦਿਓ, ਗਲ਼ਾ ਸੁੱਕੀ ਜਾਂਦਾ।" ਤੇਜਵੀਰ ਨੇ ਅੰਗੜਾਈ ਜਿਹੀ ਲੈਂਦਿਆਂ ਆਖਿਆ।
"ਅਭੀ ਲੀਜਿਏ ਬਾਬੂ ਸਾਹਬ!" ਨਿੰਬੂ-ਲੈਮਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ 'ਬੜੇ ਮੀਆਂ' ਨੇ ਨਾਲ਼ ਗੱਲ ਜੋੜੀ, "ਅਗਰ ਬੁਰਾ ਨਾ ਮਾਨੇਂ, ਤੋ ਏਕ ਬਾਤ ਪੂਛੂੰ ਬਾਬੂ ਸਾਹਬ?"
ਆਪਣੇ ਠੇਠ ਉਰਦੂ ਲਹਿਜੇ ਤੋਂ 'ਬੜੇ ਮੀਆਂ' ਪਰਵਾਸੀ ਮਹਿਸੂਸ ਹੋ ਰਹੇ ਸਨ।
"ਅਰੇ ਇਸਮੇਂ ਬੁਰਾ ਮਾਨਨੇ ਕੀ ਕਯਾ ਬਾਤ ਹੈ ਬੜੇ ਮੀਆਂ? ਬੇਤਕੱਲੁਫ਼ ਪੂਛਿਏ!" ਉਸਦੇ ਉਰਦੂ ਲਹਿਜੇ ਦਾ ਭਰਪੂਰ ਅਨੁਸਰਣ ਕਰਦਿਆਂ ਤੇਜਵੀਰ ਬੜੀ ਨਫ਼ਾਸਤ ਨਾਲ ਬੋਲਿਆ।
"ਅਰੇ ਵਾਹ ਬਾਬੂ ਸਾਹਬ! ਆਪਕਾ ਉਰਦੂ ਤਲੱਫ਼ੁਜ਼ ਤੋ ਬੜਾ ਸਾਫ਼ ਹੈ! ਪੰਜਾਬ ਮੇਂ ਤੋ ਯੇ ਲਹਜਾ ਕਮ ਹੀ ਸੁਨਾਈ ਪੜਤਾ ਹੈ।"
"ਅਰੇ ਕਯਾ ਬਾਤ ਕਰਤੇ ਹੈਂ ਬੜੇ ਮੀਆਂ! ਪੰਜਾਬ ਔਰ ਉਰਦੂ ਕਾ ਤੋ ਬੜਾ ਗਹਰਾ ਨਾਤਾ ਹੈ!"
"ਹਾਂ, ਯੇ ਤੋ ਬਜਾ ਫ਼ਰਮਾਯਾ ਆਪਨੇ ਬਾਬੂ ਸਾਹਬ। ਲੇਕਿਨ ਅਬ ਵੋਹ ਦੌਰ ਕਹਾਂ ਰਹਾ! ਅਬ ਤੋ ਯੇ ਆਲਮ ਹੈ ਕਿ 'ਕਾਰਵਾਂ ਗੁਜ਼ਰ ਗਯਾ, ਗ਼ੁਬਾਰ ਦੇਖਤੇ ਰਹੇ'!"
ਮੁੱਦੇ ਤੋਂ ਭਟਕ ਰਹੇ ਸ਼ਾਇਰੀ ਦੇ ਸ਼ੌਕੀਨ 'ਬੜੇ ਮੀਆਂ' ਨੂੰ, ਮੁੱਦੇ 'ਤੇ ਲਿਆਉਂਦਾ ਤੇਜਵੀਰ ਬੋਲਿਆ, "ਹਾਂ ਤੋ ਬੜੇ ਮੀਆਂ! ਕੁਛ ਕਹ ਰਹੇ ਥੇ ਆਪ?"
ਬੰਟੇ ਵਾਲ਼ੇ ਲੈਮਨ ਦੇ ਬੰਟੇ 'ਤੇ ਖੱਬੇ ਹੱਥ ਦਾ ਅੰਗੂਠਾ ਟਿਕਾ, ਸੱਜੀ ਹਥੇਲ਼ੀ ਨਾਲ ਉਸ'ਤੇ ਸੱਟ ਮਾਰ, ਲੈਮਨ ਦੀ ਬੋਤਲ ਖੋਲ੍ਹਦਿਆਂ 'ਬੜੇ ਮੀਆਂ' ਨੇ ਰਤਾ ਕੁ ਅੱਗੇ ਝੁਕ ਕੇ ਬੜੀ ਧੀਮੀ ਜਿਹੀ ਆਵਾਜ਼ 'ਚ ਕਿਹਾ, "ਬੜੇ ਜਿਗਰ ਕਾ ਕਾਮ ਕੀਆ ਬਾਬੂ ਸਾਹਬ! ਮਾਨ ਗਏ! ਏਕ ਤੋ ਪਹਲੀ ਦਫ਼ਾ, ਔਰ ਊਪਰ ਸੇ ਦਿਨ ਦਿਹਾੜੇ? ਕਯਾ ਬਾਤ ਹੈ!"
"ਤੋ ਕਯਾ ਔਰ ਭੀ ਆਤਾ ਹੈ ਕੋਈ?" ਤੇਜਵੀਰ ਨੇ ਬੜੀ ਹੈਰਾਨੀ ਦਾ ਪ੍ਰਦਰਸ਼ਨ ਕਰਦਿਆਂ ਪੁੱਛਿਆ।
" 'ਆਤਾ ਹੈ' ਨਹੀਂ ਜਨਾਬ! ਯੇ ਕਹਿਏ ਕਿ 'ਆਤੇ ਹੈਂ'!"
"ਕਯਾ ਬਾਤ ਕਰਤੇ ਹੈਂ ਬੜੇ ਮੀਆਂ, ਯਾਨੀ ਕਿ ਦੋ-ਦੋ?"
"ਦੋ-ਦੋ ਨਹੀਂ ਬਾਬੂ ਸਾਹਬ! ਯੇ ਕਹਿਏ ਕਿ ਪਾਂਚ-ਪਾਂਚ! ਲ਼ੇਕਿਨ ਆਤੇ ਹੈਂ ਸਭੀ ਰਾਤ ਕੋ ਹੀ!" ਖੱਬੇ ਹੱਥ ਦਾ ਪੰਜਾ ਦਿਖਾਉਂਦਿਆਂ 'ਬੜੇ ਮੀਆਂ' ਨੇ ਬੜੀ -ਰਹੱਸਮਈ ਆਵਾਜ਼ 'ਚ ਕਿਹਾ।
"ਆਪਕੀ ਬਾਤ ਸੁਨਕੇ ਮੇਰਾ ਤੋ ਦਿਲ ਬੈਠਾ ਜਾ ਰਹਾ ਹੈ ਬੜੇ ਮੀਆਂ! ਕਯਾ ਪਾਂਚ ਪਾਂਡਵ ਏਕ ਸਾਥ ਹੀ?" ਚਿਹਰੇ 'ਤੇ ਭਰਸਕ ਮਾਯੂਸੀ ਦਾ ਆਲਮ ਪੈਦਾ ਕਰਦੇ ਹੋਏ ਤੇਜਵੀਰ ਨੇ ਮਰੀ ਜਿਹੀ ਆਵਾਜ਼ 'ਚ ਪੁੱਛਿਆ।
"ਅਰੇ ਨਹੀਂ-ਨਹੀਂ, ਏਕ-ਏਕ ਕਰਕੇ। ਪਰ ਆਪ ਦਿਲ ਛੋਟਾ ਮਤ ਕੀਜਿਏ ਬਾਬੂ ਸਾਹਬ! ਯੇ ਮਹਾਂਭਾਰਤ ਕੀ ਕਥਾ ਹੋਨੇ ਕੀ ਬਜਾਏ ਦਾਸਤਾਨੇ ਲੈਲਾ-ਮਜਨੂੰ ਭੀ ਤੋ ਹੋ ਸਕਤੀ ਹੈ! ਅਗਰ ਮਜਨੂੰ ਪਾਂਚ…ਯਾਨੀ ਕਿ ਆਪ ਕੋ ਮਿਲਾ ਕਰ ਛਯ ਹੋਤੇ ਹੈਂ, ਤੋ ਅੰਦਰ ਕਯਾ ਲੈਲਾਓਂ ਕੀ ਕੋਈ ਕਮੀ ਹੈ ਭਲਾ? ਆਪ ਖ਼ਾਤਿਰ ਜਮਾ ਰਖਿਏ!"
"ਅਬ ਆਪ ਯੇ ਭੀ ਤੋ ਕਹ ਰਹੇ ਹੈਂ ਕਿ ਸਭੀ ਅਲਗ-ਅਲਗ ਆਤੇ ਹੈਂ, ਤੋ ਸ਼ਕ ਕੀ ਸੂਰਤ ਤੋ ਬਨਤੀ ਹੈ ਨਾ ਬੜੇ ਮੀਆਂ?"
"ਹਾ, ਯੇ ਬਾਤ ਤੋ ਹੈ ਕਿ ਆਤੇ ਸਭੀ ਏਕ-ਏਕ ਕਰਕੇ ਹੀ ਹੈਂ, ਏਕ ਰਾਤ ਮੇਂ ਸਿਰਫ਼ ਏਕ…ਸਿਵਾਏ ਪਰਸੋਂ ਰਾਤ ਕੇ।"
"ਯਾਨੀ ਪਰਸੋਂ ਰਾਤ ਦੋ ਜਨੇ ਆਏ ਥੇ? ਏਕ ਸਾਥ?"
"ਨਹੀਂ ਬਾਬੂ ਸਾਹਬ ਏਕ ਸਾਥ ਤੋ ਨਹੀਂ, ਅਲਗ-ਅਲਗ ਵਕਤ ਪਰ।"
"ਯਾਨੀ? ਜ਼ਰਾ ਤਫ਼ਸੀਲ ਸੇ ਬਤਾਏਂ ਬੜੇ ਮੀਆਂ, ਕਿ ਆਖ਼ਿਰ ਯੇ ਮਾਜਰਾ ਹੈ ਕਯਾ?"
"ਤੋ ਬਾਤ ਯੂੰ ਹੈ ਬਾਬੂ ਸਾਹਬ ਕਿ ਉਨ ਪਾਂਚੋਂ ਮੇਂ ਸੇ ਚਾਰ ਕਾ ਤੋ ਅਕਸਰ ਆਨਾ ਜਾਨਾ ਹੈ। ਉਨਹੀਂ ਮੇਂ ਸੇ ਏਕ ਪਰਸੋਂ ਰਾਤ ਪਹਲੇ ਆਯਾ। ਯੇ ਬੜੀ ਸੀ ਗਾੜੀ ਹੈ ਉਸਕੀ ਸਾਹਬ! ਤਬੀਅਤ ਕਾ ਏਕਦਮ ਕੜਕ। ਕਿਸੀ ਬੜੇ ਬਾਪ ਕੀ ਬਿਗੜੀ ਔਲਾਦ ਲਗਤਾ ਹੈ ਸਾਹਬ! ਤਮੀਜ਼ ਕਿਸ ਚਿੜਿਯਾ ਕਾ ਨਾਮ ਹੈ? ਸਾਹਬਜ਼ਾਦੇ ਕੋ ਮਾਲੂਮ ਹੀ ਨਹੀਂ।"
"ਅੱਛਾ! ਫਿਰ?"
"ਫਿਰ ਉਸਕੀ ਗਾੜੀ ਰਵਾਨਾ ਹੋਨੇ ਕੇ ਤੁਰੰਤ ਬਾਦ ਦੂਸਰਾ ਆਯਾ, ਔਰ ਵੋਹ ਭੀ ਪੈਦਲ। ਔਰ ਬਾਬੂ ਸਾਹਬ! ਆਪ ਕੀ ਤਰਹ ਉਸਕੀ ਭੀ ਯੇ ਪਹਲੀ ਬਾਰ ਹੀ ਥੀ!"
"ਕਯਾ? ਪਹਲੀ ਬਾਰ?"
"ਜੀ ਬਾਬੂ ਸਾਹਬ! ਪਹਲਵਾਨੋਂ ਜੈਸੀ ਕਦ-ਕਾਠੀ ਵਾਲਾ ਥਾ ਸਾਹਬ। ਏਕਦਮ ਮਸਤ ਹਾਥੀ ਜੈਸੀ ਚਾਲ ਥੀ ਉਸਕੀ।"
"ਫਿਰ ਤੋਂ ਮੂੰਛੇਂ ਭੀ ਪਹਲਵਾਨੋਂ ਜੈਸੀ ਹੀ ਹੋਂਗੀਂ ਪੱਠੇ ਕੀ?"
"ਅਬ ਯੇ ਮੈਂ ਕੈਸੇ ਬਤਾ ਸਕਤਾ ਹੂੰ ਬਾਬੂ ਸਾਹਬ?"
"ਕਯੂੰ?"
"ਸੂਰਤ ਨਹੀਂ ਨਾ ਦੇਖ ਪਾਯਾ ਉਸਕੀ?"
"ਵੋ ਕਯੂੰ?"
"ਉਸਕੇ ਲਿਬਾਸ ਕੀ ਵਜਹ ਸੇ।"
"ਮਤਲਬ?"
"ਵੋਹ ਜੋ ਸੁਬਹ-ਸੁਬਹ ਪਹਨਕਰ ਦੌੜਤੇ ਹੈਂ ਨਾ? ਵੋਹੀ ਲਿਬਾਸ ਪਹਨਾ ਥਾ ਉਸਨੇ ਬਾਬੂ ਸਾਹਬ! ਔਰ ਉਸਕੀ ਪੀਠ ਪਰ ਜੋ ਟੋਪੀ ਲਟਕੀ ਰਹਤੀ ਹੈ, ਉਸੇ ਉਸਨੇ ਅਪਨੇ ਸਰ ਪੇ ਪਹਨ ਰੱਖਾ ਥਾ। ਔਰ ਸੜਕ ਕੀ ਦੂਸਰੀ ਤਰਫ਼ ਸੇ ਉਸਨੇ ਮੇਰੀ ਤਰਫ਼ ਦੇਖਾ ਭੀ ਨਹੀਂ। ਲਿਹਾਜ਼ਾ aਸਕੀ ਸੂਰਤ ਕੇ ਦੀਦਾਰ ਤੋ ਨਾ ਹੋ ਸਕੇ।"
"ਤੋ ਫਿਰ ਕੈਸੇ ਯਕੀਨ ਸੇ ਕਹ ਸਕਤੇ ਹੈਂ ਬੜੇ ਮੀਆਂ! ਕਿ ਵੋ ਪਹਲੀ ਦਫ਼ਾ ਆਯਾ ਥਾ? ਵੋ ਉਨਹੀਂ ਚਾਰੋਂ ਮੇਂ ਸੇ ਭੀ ਤੋ ਕੋਈ ਹੋ ਸਕਤਾ ਹੈ?"
"ਅਰੇ ਨਹੀਂ ਬਾਬੂ ਸਾਹਬ! ਐਸੀ ਕਦ-ਕਾਠੀ ਤੋ ਉਨ ਚਾਰੋਂ ਮੇਂ ਸੇ ਕਿਸੀ ਕੀ ਨਹੀਂ ਹੈ। ਵੋ ਉਨਮੇਂ ਸੇ ਨਹੀਂ ਥਾ।" 'ਬੜੇ ਮੀਆਂ' ਨੇ ਆਪਣੀ ਗੱਲ 'ਤੇ ਅੜਦੇ ਹੋਏ ਕਿਹਾ।
"ਤੋ ਬਾਕੀ ਚਾਰੋਂ ਸੇ ਤੋ ਵਾਕਫ਼ੀਅਤ ਹੋਗੀ ਆਪਕੀ ਬੜੇ ਮੀਆਂ? ਆਖ਼ਿਰ ਵੋ ਤੋ ਪੁਰਾਨੇ ਆਨੇ-ਜਾਨੇ ਵਾਲੇ ਹੈਂ। ਔਰ ਨਹੀਂ ਤੋ ਕਮ ਸੇ ਕਮ ਪਰਸੋਂ ਰਾਤ ਵਾਲੇ ਕੋ ਤੋ ਆਪ ਜਾਨਤੇ ਹੀ ਹੋਂਗੇਂ?" ਨਿੰਬੂ-ਲੈਮਨ ਦਾ ਆਖ਼ਰੀ ਘੁੱਟ ਭਰਦਿਆਂ ਤੇਜਵੀਰ ਨੇ ਪੁੱਛਿਆ।
ਇਸ ਸਵਾਲ 'ਤੇ 'ਬੜੇ ਮੀਆਂ' ਦੇ ਕੰਨ ਖੜ੍ਹੇ ਹੋ ਗਏ।
"ਕਯੂੰ ਬਾਬੂ ਸਾਹਬ? ਉਨਕੇ ਬਾਰੇ ਮੇਂ ਜਾਨਕਰ, ਉਨ ਸੇ ਦੰਗਾ ਕਰਨੇ ਕਾ ਇਰਾਦਾ ਹੈ ਕਯਾ?"
"ਅਰੇ ਤੌਬਾ ਕੀਜਿਏ ਬੜੇ ਮੀਆਂ! ਕੈਸੀ ਬਾਤੇਂ ਕਰਤੇ ਹੈਂ ਆਪ? ਮੈਨੇ ਤੋ ਐਸੇ ਹੀ ਪੂਛ ਲੀਆ। ਆਪਨੇ ਏਕਦਮ ਸਹੀ ਕਹਾ ਹੈ ਕਿ ਉਨਕੀ ਲੈਲਾਏਂ ਤੋ ਕੋਈ ਔਰ ਹੀ ਹੋਂਗੀ। ਔਰ ਵੈਸੇ ਭੀ ਅਪਨੀ ਮੁਹੱਬਤ ਪਰ ਮੁਝੇ ਪੂਰਾ ਯਕੀਂ ਹੈ ਬੜੇ ਮੀਆਂ!" ਆਪਣੀ ਆਵਾਜ਼ 'ਚ ਪੁਰਜ਼ੋਰ ਨਾਟਕੀ ਰੰਗ ਭਰਦਿਆਂ ਤੇਜਵੀਰ ਨੇ ਆਖਿਆ।
"ਅਰੇ-ਅਰੇ ਬਾਬੂ ਸਾਹਬ! ਵੋ ਤੋ ਯੂੰ ਹੀ ਜ਼ਰਾ ਜ਼ੁਬਾਨ ਫਿਸਲ ਗਈ, ਆਪ ਬੁਰਾ ਮਤ ਮਾਨਿਏ! ਔਰ ਵੈਸੇ ਭੀ, ਕਹਾਂ ਵੋ ਠਹਰੇ ਕਲੀਓਂ ਕਾ ਰਸ ਚੂਸਨੇ ਵਾਲੇ ਆਵਾਰਾ ਭੰਵਰੇ, ਔਰ ਕਹਾਂ ਆਪ, ਜੋ ਇਬਾਦਤੇ-ਇਸ਼ਕ ਮੇਂ ਇਸ ਕਦਰ ਮੁਬਤਲਾ ਹੈਂ।" 'ਬੜੇ ਮੀਆਂ' ਨੇ ਝੱਟ ਸੁਰ ਬਦਲ ਲਈ, "ਔਰ ਵੈਸੇ ਭੀ, ਆਜਕਲ ਕੇ ਨੌਜਵਾਨੋਂ ਮੇਂ ਕਹਾਂ ਆਪ ਕੇ ਜੈਸੀ ਲਿਆਕਤ ਹੈ ਬਾਬੂ ਸਾਹਬ, ਜੋ ਹਮ ਜੈਸੇ ਛੋਟੇ ਲੋਗੋਂ ਸੇ ਇਤਨੀ ਮੁਹੱਬਤ ਸੇ ਪੇਸ਼ ਆਏਂ? ਖ਼ੁਦਾ ਸਲਾਮਤ ਰੱਖੇ ਆਪਕੋ ਔਰ ਆਪਕੇ ਇਸ਼ਕ ਕੋ! …ਲੀਜਿਏ ਬਾਬੂ ਸਾਹਬ, ਆਪਕੇ ਪਾਨ ਭੀ ਤੱਯਾਰ ਹੋ ਗਏ।"
ਐਨੇ ਨੂੰ ਗਗਨ ਵੀ ਆ ਗਿਆ।
"ਸ਼ੁਕਰੀਆ ਬੜੇ ਮੀਆਂ! ਬੜਾ ਅੱਛਾ ਲਗਾ ਆਪਸੇ ਮੁਲਾਕਾਤ ਕਰਕੇ। ਕਿਤਨਾ ਹੂਆ?" ਕਹਿਕੇ ਪਾਨ ਗਗਨ ਦੇ ਹੱਥ ਫੜਾ, ਤੇਜਵੀਰ ਨੇ ਜੇਬ 'ਚੋਂ ਬਟੂਆ ਕੱਢ 'ਬੜੇ ਮੀਆਂ' ਦੇ ਦੱਸੇ ਅਨੁਸਾਰ ਕੀਮਤ ਅਦਾ ਕੀਤੀ।
ਪੈਸੇ ਫੜਦਿਆਂ 'ਬੜੇ ਮੀਆਂ' ਨੇ ਕਿਹਾ, "ਖ਼ਾਕਸਾਰ ਕੋ ਭੀ ਬੜਾ ਸੁਕੂਨ ਮਿਲਾ ਆਪਸੇ ਗ਼ੁਫ਼ਤਗੂ ਕਰਕੇ ਬਾਬੂ ਸਾਹਬ! ਆਤੇ ਰਹਿਏਗਾ!" ਅਤੇ ਨਾਲ਼ ਹੀ ਸੱਜੀ ਅੱਖ ਨੱਪਦਿਆਂ ਜੋੜਿਆ,
"ਔਰ ਵੈਸੇ ਭੀ, ਅਬ ਤੋ ਆਨਾ-ਜਾਨਾ ਲਗਾ ਹੀ ਰਹੇਗਾ!"
ਭਰਸਕ ਹਾਸਾ ਰੋਕਦਿਆਂ ਤੇਜਵੀਰ ਬੋਲਿਆ, "ਹਾਂ-ਹਾਂ, ਕਯੂੰ ਨਹੀਂ ਬੜੇ ਮੀਆਂ!"
ਆਖਦਿਆਂ ਪਿੱਛੇ ਮੁੜਕੇ ਗਗਨ ਦੇ ਹੱਥੋਂ ਪਾਨ ਫੜ ਆਪਣੇ ਮੂੰਹ ਦੇ ਹਵਾਲੇ ਕਰਦਿਆਂ, ਤੇਜਵੀਰ ਬਾਈਕ ਦੀ ਪਿਛਲੀ ਸੀਟ 'ਤੇ ਜਾ ਵਿਰਾਜਿਆ।
ਆਪਣੇ ਹਿੱਸੇ ਦਾ ਪਾਨ ਪਹਿਲਾਂ ਤੋਂ ਹੀ ਮੂੰਹ 'ਚ ਪਾ ਚੁੱਕੇ ਗਗਨ ਨੇ ਬਾਈਕ ਸਟਾਰਟ ਕਰ ਅੱਗੇ ਵਧਾ ਦਿੱਤੀ।
"ਉਏ, ਆਹ ਕਿਹੜੀ ਡੇਵਿਡ ਧਵਨ ਦੀ 'ਬੜੇ ਮੀਆਂ ਛੋਟੇ ਮੀਆਂ' ਦਾ ਸੀਨ ਚੱਲ ਰਿਹਾ ਸੀ ਬਈ?"
"ਓ ਹੋ ਯਾਰ! ਤੂੰ ਅੱਗੇ ਨੂੰ ਦੇਖ। ਹਾਲੇ ਰਾਏਕੋਟ ਵੀ ਜਾਣਾ। ਤੂੰ ਸਪੀਡ ਖਿੱਚ ਮਾੜੀ ਜਿਹੀ, ਮੰਜ਼ਿਲ ਖੋਟੀ ਹੋਈ ਜਾਂਦੀ ਆ।"
"ਚੰਗਾ ਮੇਰੇ ਗੁਰੂ!"
ਗਗਨ ਨੇ ਰਫ਼ਤਾਰ ਵਧਾ ਦਿੱਤੀ।
ਪਿੱਛੇ ਬੈਠਾ ਤੇਜਵੀਰ ਗਹਿਰੀ ਸੋਚ ਦੇ ਸਮੁੰਦਰ 'ਚ ਗੋਤੇ ਖਾ ਰਿਹਾ ਸੀ।
ਆਵਾਜਾਈ ਕਿਸੇ ਇੱਕ ਜਣੇ ਦੀ ਨਹੀਂ, ਸਗੋਂ ਪੰਜ-ਪੰਜ ਜਣਿਆਂ ਦੀ ਸਾਹਮਣੇ ਆ ਰਹੀ ਸੀ। ਜ਼ਰੂਰ ਕਾਤਿਲ ਵੀ ਉਹਨਾਂ ਵਿੱਚੋਂ ਹੀ ਕੋਈ ਕੋਈ ਇੱਕ ਹੈ, ਬਲਕਿ ਪਰਸੋਂ ਰਾਤ ਮੌਕਾਏ ਵਾਰਦਾਤ 'ਤੇ ਫੇਰੀ ਲਾਉਣ ਵਾਲੇ ਦੋਹਾਂ ਵਿਅਕਤੀਆਂ ਵਿੱਚੋਂ ਹੀ ਕੋਈ ਨਾ ਕੋਈ ਕਾਤਿਲ ਹੈ। ਪਰ ਉਹਨਾਂ ਦੋਹਾਂ ਸ਼ੱਕੀ ਵਿਅਕਤੀਆਂ ਦੀ ਸ਼ਨਾਖ਼ਤ ਦਾ ਕੀ ਹੱਲ-ਹੀਲਾ ਕੱਢਿਆ ਜਾਏ? ਇਸ ਬਾਰੇ ਤੇਜਵੀਰ ਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ। ਕੀ ਉਹ ਰਾਤਾਂ ਦੇ ਮਹਿਮਾਨ, ਕੇਵਲ ਮ੍ਰਿਤਕਾ ਦੇ ਫ਼ੈਨ ਕਲੱਬ ਦੇ ਹੀ ਮੈਂਬਰ ਸਨ? ਜਾਂ ਇਹ ਸਿਲਸਿਲਾ ਹੋਸਟਲ ਦੀਆਂ ਹੋਰਨਾਂ ਕੁੜੀਆਂ ਨੇ ਵੀ ਅਪਣਾਇਆ ਹੋਇਆ ਸੀ? aਹਨਾਂ ਦੋਹਾਂ ਵਿੱਚੋਂ ਵੀ ਕਾਤਿਲ ਕੌਣ ਸੀ? ਪਹਿਲਾ ਵਿਗੜੈਲ ਅਮੀਰਜ਼ਾਦਾ ਜਾਂ ਦੂਸਰਾ ਫ਼ਰੈਸ਼ਰ? ਉਹ ਹੈ ਕੌਣ ਸਨ? ਕੀ ਕਾਤਿਲ ਪਹਿਲੀ ਫੇਰੀ ਵਾਲ਼ਾ ਅਮੀਰਜ਼ਾਦਾ ਸੀ? ਇਕੱਲੇ ਲੁਧਿਆਣੇ ਸ਼ਹਿਰ ਵਿੱਚ ਹੀ ਵੱਡੀ ਗੱਡੀ ਵਾਲ਼ੇ ਵਿਗੜੇ ਕਾਕਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੋਵੇਗੀ। ਅਤੇ ਇਹ ਵੀ ਕੀ ਜ਼ਰੂਰੀ ਸੀ ਕਿ ਉਹ ਲੁਧਿਆਣੇ ਦਾ ਹੀ ਸੀ? ਅੱਜ-ਕੱਲ੍ਹ ਤਾਂ 'ਚੰਡੀਗੜ੍ਹ ਕਰੇ ਆਸ਼ਕੀ, ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ' ਵਾਲ਼ੀ ਗੱਲ ਵੀ ਬੜੀ ਆਮ ਹੈ। ਜਾਂ ਫਿਰ ਕਾਤਿਲ ਦੂਸਰੀ ਫੇਰੀ ਵਾਲ਼ਾ ਉਹ ਰਹੱਸਮਈ ਬੰਦਾ ਸੀ? ਕਿਉਂਕਿ ਆਖ਼ਿਰ ਵਿੱਚ ਤਾਂ ਉਹੀ ਆਇਆ ਸੀ। ਪਰ 'ਬੜੇ ਮੀਆਂ' ਦੇ ਕਹਿਣ ਅਨੁਸਾਰ ਤਾਂ ਉਹ ਪਹਿਲੀ ਵਾਰ ਆਇਆ ਸੀ, ਫਿਰ ਉਹ ਕਾਤਿਲ ਕਿਵੇਂ ਹੋ ਸਕਦਾ ਹੈ? ਪਹਿਲੀ ਵਾਰ ਆਉਣ ਵਾਲ਼ੇ ਕੋਲ਼ ਕਤਲ ਦੀ ਭਲਾਂ ਕੀ ਵਜ੍ਹਾ ਹੋ ਸਕਦੀ ਹੈ? ਕੀ ਉਹ ਅਮੀਰਜ਼ਾਦੇ ਦਾ ਕੋਈ ਰਕੀਬ ਸੀ? ਪਰ ਮ੍ਰਿਤਕਾ ਦੇ ਸੰਬੰਧ ਤਾਂ ਉਸਦੇ ਉਸੇ ਰੂਟ ਦੇ ਕਿਸੇ ਰੈਗੁਲਰ ਪਾਂਧੀ ਨਾਲ਼ ਹੀ ਸਿੱਧ ਹੁੰਦੇ ਹਨ। ਉਸਤੋਂ ਇਲਾਵਾ ਤਾਂ ਉਸਦਾ ਕਿਸੇ ਨਾਲ ਕੋਈ ਮੇਲ-ਮਿਲਾਪ ਸਾਹਮਣੇ ਨਹੀਂ ਆਇਆ। ਜਾਂ ਫਿਰ ਉਹ ਦੂਸਰਾ ਵਿਅਕਤੀ ਕਿਸੇ ਹੋਰ ਕੁੜੀ ਲਈ ਆਇਆ ਹੋਵੇਗਾ? ਵੈਸੇ ਵੀ ਉਸ ਅਮੀਰਜ਼ਾਦੇ ਦੇ ਕਾਤਿਲ ਹੋਣ ਦੀ ਹੀ ਜ਼ਿਆਦਾ ਸੰਭਾਵਨਾ ਨਜ਼ਰ ਆਉਂਦੀ ਹੈ। ਪਰ ਜੇ 'ਪੰਜਵਾਂ ਪਾਂਡਵ' ਵੀ ਮ੍ਰਿਤਕਾ ਦੇ ਫ਼ੈਨ ਕਲੱਬ ਦਾ ਮੈਂਬਰ ਨਿੱਕਲਿਆ ਤਾਂ ਫੇਰ?
ਇਹ ਤਾਣਾ-ਬਾਣਾ ਤਾਂ ਉਲਝਦਾ ਹੀ ਜਾ ਰਿਹਾ ਸੀ। ਜਿਸ ਹੋਸਟਲ 'ਚ ਗਗਨ ਦੇ ਕਹਿਣ ਮੁਤਾਬਿਕ ਬੰਦਾ ਤਾਂ ਕੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ, ਜਿੱਥੇ ਕਿਸੇ ਗ਼ੈਰ ਮਰਦ ਦੇ ਅੰਦਰ ਘੁਸਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ; ਉਸੇ ਗਰਲਜ਼ ਹੋਸਟਲ ਨੂੰ ਰਾਤ-ਬਰਾਤੇ ਗ਼ੈਰ ਮਰਦਾਂ ਨੇ ਕੰਪਨੀ ਬਾਗ਼ ਬਣਾਇਆ ਹੋਇਆ ਸੀ। ਕਾਤਿਲ ਦੀ ਸ਼ਨਾਖ਼ਤ ਵੱਲ ਨੂੰ ਇਸ਼ਾਰਾ ਕਰਦਾ ਕੋਈ ਸੁਰਾਗ਼ ਨਜ਼ਰ ਨਹੀਂ ਆ ਰਿਹਾ ਸੀ। ਕੋਈ ਅਜਿਹਾ ਸੂਤਰ ਨਹੀਂ ਸੀ, ਜਿਸਨੂੰ ਫੜ ਕੇ ਅੱਗੇ ਵਧਿਆ ਜਾ ਸਕੇ। ਕਤਲ ਦੀ ਇਹ ਗੁੱਥੀ ਤਾਂ ਸੁਲਝਣ ਦੀ ਬਜਾਏ ਪਲ-ਪਲ ਉਲਝਦੀ ਹੀ ਜਾ ਰਹੀ ਸੀ।
ਇਹੋ ਜਿਹੀਆਂ ਸੋਚਾਂ 'ਚ ਉਲਝਿਆ ਤੇਜਵੀਰ, ਚੁੱਪਚਾਪ ਮੰਜ਼ਿਲ 'ਤੇ ਪਹੁੰਚਣ ਦਾ ਇੰਤਜ਼ਾਰ ਕਰਦਾ ਰਿਹਾ।
+++++
ਹੇਠਲੇ ਜਬਾੜੇ ਤੱਕ ਲਟਕਿਆ ਹੋਇਆ ਮੂੰਹ ਲੈ ਕੇ ਸਰਦੂਲ ਸਿੰਘ ਐੱਸ.ਐੱਸ.ਪੀ. ਦੇ ਦਫ਼ਤਰ 'ਚੋਂ ਬਾਹਰ ਨਿੱਕਲਿਆ।
ਐੱਸ.ਐੱਸ.ਪੀ. ਨੇ ਉਸ ਨਾਲ਼ ਉਹ ਕੁੱਤੇਖਾਣੀ ਕੀਤੀ ਸੀ ਕਿ ਰਹੇ ਰੱਬ ਦਾ ਨਾਂ। ਇੰਨੀ ਬੇਇੱਜ਼ਤੀ ਆਪਣੇ ਪੂਰੇ ਕੈਰੀਅਰ 'ਚ ਨਹੀਂ ਦੇਖੀ ਸੀ ਉਸਨੇ।
ਹੋਰ ਤਾਂ ਹੋਰ ਉਸਦੇ ਹੱਥੋਂ ਕੇਸ ਤੱਕ ਖੋਹ ਲਿਆ ਗਿਆ ਸੀ। ਨਾ ਕੇਵਲ ਉਸਨੂੰ ਅਹਿਮਕ ਅਤੇ ਨਾਲਾਇਕ ਕਹਿ ਕੇ ਜ਼ਲੀਲ ਕੀਤਾ ਗਿਆ, ਸਗੋਂ ਸਸਪੈਂਡ ਤੱਕ ਕਰਨ ਦੀ ਧਮਕੀ ਦੇ ਦਿੱਤੀ ਗਈ ਸੀ।
ਅਤੇ ਇਹ ਸਭ ਕੁਝ ਹੋਇਆ ਕਿਸ ਦੀ ਵਜ੍ਹਾ ਨਾਲ਼?
ਤੇਜਵੀਰ ਦੀ।
ਤੇਜਵੀਰ ਦਾ ਖ਼ਿਆਲ ਜ਼ਿਹਨ 'ਚ ਆਉਂਦੇ ਸਾਰ ਹੀ, ਸਰਦੂਲ ਸਿੰਘ ਦਾ ਪਾਰਾ ਸੱਤਵੇਂ ਅਸਮਾਨ 'ਤੇ ਜਾ ਚੜ੍ਹਿਆ।
ਏਨਾ ਕੁਝ ਹੋਣ ਦੇ ਬਾਵਜੂਦ ਵੀ ਉਸਨੂੰ ਰੱਤੀ ਭਰ ਇਹ ਅਹਿਸਾਸ ਨਹੀਂ ਹੋਇਆ ਕਿ ਉਸਦੀ ਇਸ ਹਾਲਤ ਦਾ ਜ਼ਿੰਮੇਵਾਰ ਤੇਜਵੀਰ ਨਹੀਂ, ਸਗੋਂ ਉਹ ਖ਼ੁਦ ਆਪ ਹੈ। ਉਸਨੂੰ ਕੋਈ ਅਹਿਸਾਸ ਨਹੀਂ ਸੀ ਕਿ ਮੀਡੀਆ ਸਾਹਮਣੇ ਉਹ ਕੀ ਅਵਾ-ਤਵਾ ਬੋਲ ਗਿਆ ਸੀ, ਜਦਕਿ ਉਹ ਭਲੀ-ਭਾਂਤੀ ਜਾਣਦਾ ਸੀ ਕਿ ਅੱਜ-ਕੱਲ੍ਹ ਮੀਡੀਆ ਵਾਲੇ ਕਿਵੇਂ ਖੰਭਾਂ ਦੀਆਂ ਡਾਰਾਂ ਬਣਾ ਲੈਂਦੇ ਹਨ। ਆਪਣੀ ਇਸ ਬੇਵਕੂਫ਼ੀ ਸਦਕਾ ਉਹ ਘਰ-ਘਰ ਵਿੱਚ ਹਾਸੇ ਦਾ ਪਾਤਰ ਬਣ ਗਿਆ ਸੀ। ਉਸਨੂੰ ਇਹ ਵੀ ਅਹਿਸਾਸ ਨਹੀਂ ਹੋਇਆ ਕਿ ਤੇਜਵੀਰ ਦੀ ਇੱਕ ਜਾਇਜ਼ ਤਜਵੀਜ਼ ਸੁਣਨ ਦੀ ਬਜਾਏ, ਉਸਨੇ ਅੜਬਾਈ ਦਿਖਾ ਕੇ ਕਿੰਨੀ ਵੱਡੀ ਮੂਰਖ਼ਤਾ ਕੀਤੀ ਸੀ। ਪਰ ਜਿਸਨੇ ਆਪਣੇ ਅਹੁਦੇ, ਲਾਲਚ ਅਤੇ ਗ਼ਰੂਰ ਸਦਕਾ ਨਿਰਦੋਸ਼ ਇਨਸਾਨੀ ਜਾਨਾਂ ਦੀ ਪਰਵਾਹ ਤੱਕ ਨਾ ਕੀਤੀ ਹੋਵੇ, ਜਿਸਨੇ ਜਿਉਂਦੇ ਜਾਗਦੇ ਮਾਸੂਮ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਖ਼ੂਨ ਦੀ ਹੋਲੀ ਖੇਡੀ ਹੋਵੇ; ਅਜਿਹੇ ਰਾਖ਼ਸ਼ ਪ੍ਰਵਿਰਤੀ ਵਾਲੇ ਅਮਾਨਵ ਤੋਂ ਹੋਰ ਆਸ ਵੀ ਕੀਤੀ ਜਾ ਸਕਦੀ ਹੈ?
'ਸਰਦੂਲ ਸਿਆਂ! ਜੇ ਇਸ ਪਿੱਦੀ ਜਿਹੇ ਛੋਕਰੇ ਦਾ ਡੰਡਾ-ਡੁੱਕ ਨਾ ਕੀਤਾ, ਤਾਂ ਤੂੰ ਆਪਣੇ ਅਸਲ ਦੀ ਔਲਾਦ ਨਹੀਂ!'
ਆਪਣੇ ਆਪ ਨੂੰ ਚੈਲੇਂਜ ਕਰਦਾ ਹੋਇਆ ਸਰਦੂਲ ਸਿੰਘ, ਆਪਣੀ ਹਉਮੈਂ 'ਤੇ ਮਣਾਂ-ਮੂੰਹੀਂ ਭਾਰ ਚੁੱਕੀ, ਚੌਂਕੀ ਵੱਲ ਰਵਾਨਾ ਹੋ ਗਿਆ।
ਰਾਹ ਵਿੱਚ ਵੀ ਉਸਦੇ ਜ਼ਿਹਨ 'ਤੇ ਕਿਸੇ ਭਾਰੀ ਹਥੌੜੇ ਵਾਂਗ ਥਾੜ੍ਹ-ਥਾੜ੍ਹ ਇੱਕੋ ਨਾਮ ਵੱਜੀ ਜਾ ਰਿਹਾ ਸੀ।
ਤੇਜਵੀਰ – ਤੇਜਵੀਰ - ਤੇਜਵੀਰ।
ਉਸਦੀ ਸੰਪੂਰਣ ਦਿਮਾਗ਼ੀ ਸ਼ਕਤੀ, ਆਪਣੇ ਸਮੂਹ ਪੁਲਸੀਆ ਤਜਰਬੇ ਸਮੇਤ, ਏਸੇ ਉਧੇੜਬੁਣ 'ਚ ਲੱਗੀ ਹੋਈ ਸੀ, ਕਿ ਤੇਜਵੀਰ ਤੋਂ ਬਦਲਾ ਕਿਵੇਂ ਲਿਆ ਜਾਵੇ?
ਇਉਂ ਜਾਪ ਰਿਹਾ ਸੀ ਜਿਵੇਂ ਕਿ ਉਸਦੀ ਜ਼ਿੰਦਗੀ ਦਾ ਸਿਰਫ਼ ਇੱਕੋ ਹੀ ਮਕਸਦ ਰਹਿ ਗਿਆ ਹੋਵੇ।
ਤੇਜਵੀਰ ਤੋਂ ਬਦਲਾ।
ਆਪਣੇ ਜਾਂਚੇ-ਪਰਖੇ ਤਰੀਕਿਆਂ ਨੂੰ ਤੋਲਦਾ-ਪਰਖਦਾ ਸਰਦੂਲ ਸਿੰਘ ਚੌਂਕੀ ਜਾ ਪੁੱਜਾ।
ਸਲਾਮਾਂ ਠੋਕਦੇ ਸਿਪਾਹੀਆਂ ਨਾਲ਼ ਨਜ਼ਰਾਂ ਮਿਲਾਉਣ ਤੋਂ ਕਤਰਾਉਂਦਾ ਹੋਇਆ, ਉਹ ਵਾਹੋ-ਦਾਹੀ ਆਪਣੇ ਦਫ਼ਤਰ 'ਚ ਪਹੁੰਚ, ਆਪਣੀ ਕੁਰਸੀ 'ਚ ਜਾ ਧਸਿਆ।
ਅਗਲਾ ਅੱਧਾ ਘੰਟਾ ਉਹ ਏਸੇ ਉਧੇੜਬੁਣ 'ਚ ਲੱਗਿਆ ਰਿਹਾ ਕਿ ਤੇਜਵੀਰ ਦੀ ਬੱਕਰੀ ਕਿਵੇਂ ਗੁੱਲਾਂ 'ਤੇ ਚਾੜ੍ਹੀ ਜਾਵੇ।
ਅਖ਼ੀਰ ਉਹ ਨਤੀਜੇ 'ਤੇ ਪਹੁੰਚਿਆ।
ਉਸਨੇ ਪੂਰੀ ਚੌਂਕੀ ਵਿੱਚ ਆਪਣੇ ਸਭ ਤੋਂ ਵਿਸ਼ਵਾਸਪਾਤਰ ਸਿਪਾਹੀ ਗੁਰਦੇਵ ਰਾਮ ਨੂੰ ਤਲਬ ਕੀਤਾ।
ਇਹ ਉਹੀ ਸਿਪਾਹੀ ਸੀ, ਜਿਸਨੇ 'ਉਸਦੇ ਅੱਲ੍ਹੇ ਫੱਟਾਂ 'ਤੇ ਲੂਣ ਭੁੱਕਣ ਦਾ ਕੰਮ' ਕੀਤਾ ਸੀ।
ਗੁਰਦੇਵ ਰਾਮ ਫ਼ੌਰਨ 'ਜਨਾਬ' ਦੇ 'ਹਜ਼ੂਰ' 'ਚ ਆ ਪੇਸ਼ ਹੋਇਆ।
"ਗੁਰਦੇਵ ਰਾਮਾ! ਸਰਦੂਲ ਸਿੰਘ ਏ.ਐੱਸ.ਆਈ. ਨੇ ਆਪਣੇ ਪੂਰੇ ਕੈਰੀਅਰ 'ਚ, ਅੱਜ ਤੱਕ, ਕਦੇ ਕਿਸੇ ਨੂੰ ਇਹ ਨਹੀਂ ਆਖਿਆ, ਜੋ ਅੱਜ ਤੈਨੂੰ ਆਖਣ ਜਾ ਰਿਹਾ। ਕੰਨ ਖੜ੍ਹੇ ਕਰ ਕੇ ਸੁਣ, ਬਈ ਅੱਜ ਤੇਰੀ ਨਮਕ-ਹਲਾਲੀ ਸਾਬਿਤ ਕਰਨ ਦਾ ਸਮਝਲਾ, ਇਮਤਿਹਾਨ ਆ ਗਿਆ। ਸਰਦੂਲ ਸਿੰਘ ਏ.ਐੱਸ.ਆਈ. ਨੇ ਅੱਜ ਤੱਕ ਕਿਸੇ ਸਾਹਮਣੇ ਸਵਾਲ ਨਹੀਂ ਪਾਇਆ, ਅੱਜ ਤੇਰੇ ਅੱਗੇ ਪਾਉਣ ਲੱਗਿਆ!"
ਆਪਣੀ ਆਖੀ ਗੱਲ ਦਾ ਅਸਰ ਜਾਂਚਣ ਲਈ ਉਹ ਕੁਝ ਦੇਰ ਲਈ ਬੋਲਦਾ-ਬੋਲਦਾ ਰੁਕ ਗਿਆ।
ਪੂਰੇ ਪੁਲਿਸ ਮਹਿਕਮੇ ਨੂੰ ਆਪਣੇ ਬਾਪ ਦੀ ਜਾਗੀਰ ਸਮਝਣ ਵਾਲ਼ਾ ਸਰਦੂਲ ਸਿੰਘ ਇਹ ਭੁੱਲ ਹੀ ਗਿਆ ਸੀ, ਕਿ ਗੁਰਦੇਵ ਰਾਮ ਨਮਕ ਕਾਨੂੰਨ ਅਤੇ ਜਨਤਾ ਦੀ ਸਰਕਾਰ ਦਾ ਖਾਂਦਾ ਸੀ, ਨਾ ਕਿ ਉਸਦਾ।
"ਜਨਾਬ! ਹੁਕਮ ਕਰੋ, ਮੈਂ ਤਾਂ ਹਮੇਸ਼ਾਂ ਤੁਹਾਡੀ ਤਾਬਿਆ ਖੜ੍ਹਾਂ ਜੀ!" ਅੰਦਰੋਂ-ਅੰਦਰੀਂ ਡਰਦੇ, ਪਰ ਉੱਪਰੋਂ-ਉੱਪਰੀਂ ਖ਼ੁਸ਼ੀ ਜ਼ਾਹਿਰ ਕਰਦੇ ਗੁਰਦੇਵ ਰਾਮ ਨੇ ਦੋਵੇਂ ਹੱਥ ਹੱਥ ਜੋੜਦਿਆਂ ਕਿਹਾ।
"ਤਾਂ ਫਿਰ ਸੁਣ…।"
ਸਰਦੂਲ ਸਿੰਘ ਨੇ ਬੜੀ ਸ਼ਿੱਦਤ ਨਾਲ ਤੇਜਵੀਰ ਨੂੰ ਨੱਪਣ ਦੀ ਸਕੀਮ ਉਜਾਗਰ ਕਰਨੀ ਸ਼ੁਰੂ ਕਰ ਦਿੱਤੀ।
ਜਿਉਂ-ਜਿਉਂ ਸਰਦੂਲ ਸਿੰਘ ਦੱਸਦਾ ਗਿਆ, ਤਿਉਂ-ਤਿਉਂ ਗੁਰਦੇਵ ਰਾਮ ਦਾ ਦਿਲ ਬੈਠਦਾ ਗਿਆ।
ਸਰਦੂਲ ਸਿੰਘ ਦੇ ਗੱਲ ਖ਼ਤਮ ਕਰਦੇ ਸਾਰ ਉਸਤੋਂ ਕਹਿ ਹੀ ਹੋ ਗਿਆ।
"ਜਨਾਬ, ਦੇਖ ਲਓ! ਕਿਤੇ ਬਾਜ਼ੀ ਉਲਟੀ ਹੀ ਨਾ ਪੈ ਜਾਏ! ਦੇਖਿਓ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ!"
"ਉਏ ਕਿਉਂ ਮੋਕ ਮਾਰੀ ਜਾਨਾਂ ਗੁਰਦੇਵ ਰਾਮਾ? ਤੂੰ ਹੌਸਲਾ ਰੱਖ, ਇਹ ਬੜੀ ਜਾਂਚੀ-ਪਰਖੀ ਸਕੀਮ ਆ ਮੇਰੀ! ਬਥੇਰਿਆਂ ਦਾ ਮੱਕੂ ਠੱਪਿਆ ਇਉਂ ਮੈਂ!"
"ਪਰ ਜਨਾਬ! ਸਮਾਨ ਕਿੱਥੋਂ ਜੁਟਾਵਾਂਗੇ?"
"ਲੈ ਹੁਣ ਆਹ ਵੀ ਮੈਂ ਦੱਸਾਂ? ਉਗਰਾਹੀਆਂ ਕਰਨ ਨੂੰ ਤਾਂ ਪੂੰਛ ਨੂੰ ਅੱਗ ਲਾਈ ਫਿਰਦਾ ਹੁੰਨਾਂ! ਤੇ ਹੁਣ ਤੈਥੋਂ ਸਮਾਨ ਨੀ ਜੁੜਨਾ?"
"ਚਲੋ, ਉਹ ਤਾਂ ਠੀਕ ਆ ਜਨਾਬ, ਹੋ ਜੂ! ਪਰ ਫੇਰ ਵੀ, ਇੱਕ ਵਾਰੀ ਸੋਚ ਲਓ!"
ਸਰਦੂਲ ਸਿੰਘ ਦੇ ਗੁੱਸੇ ਤੋਂ ਡਰਦਿਆਂ-ਡਰਦਿਆਂ ਵੀ, ਉਸਨੂੰ ਵਰਜਣ ਦੀ ਆਖ਼ਰੀ ਕੋਸ਼ਿਸ਼ ਕਰਨ ਲਈ ਗੁਰਦੇਵ ਰਾਮ ਨੇ ਆਪਣੀ ਪੂਰੀ ਵਾਹ ਲਾਈ।
ਸਰਦੂਲ ਸਿੰਘ ਆਪਣੇ ਸੁਭਾਅ ਦੇ ਉਲਟ, ਗੁੱਸੇ ਨਾ ਹੋਇਆ।
ਪਰ ਬਾਜ਼ ਵੀ ਨਾ ਆਇਆ।
ਆਪਣੇ ਵੱਲੋਂ ਉਸਨੇ ਪੱਕੇ ਪੈਰੀਂ ਬਿਸਾਤ ਵਿਛਾ ਦਿੱਤੀ ਸੀ।
ਪਰ ਬੜੇ ਕੱਚੇ ਮੋਹਰੇ ਦੇ ਸਿਰ 'ਤੇ ਬਾਜ਼ੀ ਖੇਡਣ ਜਾ ਰਿਹਾ ਸੀ ਸਰਦੂਲ ਸਿੰਘ ਏ.ਐੱਸ.ਆਈ.।"
+++++
ਦੋ ਵਜੇ ਦੇ ਕਰੀਬ ਤੇਜਵੀਰ ਅਤੇ ਗਗਨ ਢਿੱਲੋਂ ਸਾਹਬ ਦੀ ਆਲੀਸ਼ਾਨ ਕੋਠੀ ਵਿੱਚ ਪਹੁੰਚੇ।
ਕੋਠੀ ਦੇ ਵਿਸ਼ਾਲਾਕਾਰ ਹਾੱਲ ਕਮ ਡਰਾਇੰਗ ਰੂਮ ਵਿੱਚ ਅਫ਼ਸੋਸ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ।
ਜਾਣ-ਪਛਾਣ ਤੋਂ ਬਾਅਦ ਢਿੱਲੋਂ ਸਾਹਬ ਨੇ ਇੱਕ ਨੌਕਰ ਨੂੰ ਇਸ਼ਾਰਾ ਕੀਤਾ, ਜੋ ਉਹਨਾਂ ਨੂੰ ਹਾੱਲ ਦੇ ਨਾਲ ਲੱਗਦੇ, ਬੜੀ ਨਫ਼ਾਸਤ ਨਾਲ ਸਜੇ ਹੋਏ ਸਟੱਡੀ ਰੂਮ ਅੰਦਰ ਲੈ ਗਿਆ।
ਸਟੱਡੀ ਦੀਆਂ ਦੀਵਾਰਾਂ ਵਿੱਚ ਬਣੇ ਸ਼ਾਨਦਾਰ ਬੁੱਕ-ਰੈਕਸ ਵਿੱਚ ਸੈਂਕੜੇ ਕਿਤਾਬਾਂ ਬੜੇ ਕਰੀਨੇ ਨਾਲ ਸਜਾ ਕੇ ਰੱਖੀਆਂ ਪਈਆਂ ਸਨ।
ਸਾਹਮਣੇ ਵਾਲੀ ਦੀਵਾਰ 'ਤੋਂ ਕੋਈ ਪੰਜ ਕੁ ਫੁੱਟ ਅਗਾਂਹ ਨੂੰ ਸਜੇ ਸਟੱਡੀ ਟੇਬਲ ਦੇ ਸਾਹਮਣੇ ਪਈਆਂ ਚਾਰ ਕੁਰਸੀਆਂ ਵਿੱਚੋਂ ਦੋ 'ਤੇ ਤੇਜਵੀਰ ਅਤੇ ਗਗਨ ਨੇ ਡੇਰਾ ਜਮਾ ਲਿਆ।
ਅਗਲੇ ਦੋ-ਤਿੰਨ ਮਿੰਟਾਂ ਦੇ ਅੰਦਰ-ਅੰਦਰ ਹੀ ਉਹਨਾਂ ਸਾਹਮਣੇ ਚਾਹ ਹਾਜ਼ਰ ਹੋ ਗਈ।
"ਚੰਗੀ ਮੋਟੀ ਆਸਾਮੀ ਲੱਗਦੇ ਆ ਢਿੱਲੋਂ ਸਾਹਬ ਤਾਂ, ਪਰ ਕਿਸਮਤ ਦੇ ਖੇਡ ਦੇਖ; ਇੱਕੋ-ਇੱਕ ਔਲਾਦ ਤੇ ਉਹ ਵੀ ਹੱਥੋਂ ਜਾਂਦੀ ਰਹੀ। ਰੰਗ ਨੇ ਕਰਤਾਰ ਦੇ ਮਿੱਤਰਾ!" ਆਲ਼ਾ-ਦੁਆਲ਼ਾ ਦੇਖਦਿਆਂ, ਆਪਣੇ ਹੱਥ 'ਚ ਫੜੇ ਚਾਹ ਦੇ ਕੱਪ 'ਚੋਂ ਘੁੱਟ ਭਰਦਿਆਂ ਗਗਨ ਬੋਲਿਆ।
"ਸਹੀ ਆਖਿਆ ਗਗਨ! ਦੌਲਤ ਇਕੱਠੀ ਕਰਨ ਲਈ ਇਨਸਾਨ ਕੀ-ਕੀ ਪਾਪੜ ਨਹੀਂ ਵੇਲਦਾ? ਪਰ ਇਹ ਜ਼ਿੰਦਗੀ ਕਈ ਵਾਰ ਇਨਸਾਨ ਨੂੰ ਐਸੇ ਮੋੜ 'ਤੇ ਲਿਆ ਖੜ੍ਹਾਉਂਦੀ ਏ, ਕਿ ਦਿਨ-ਰਾਤ ਇੱਕ ਕਰਕੇ ਕਮਾਈ ਹੋਈ ਦੌਲਤ ਵੀ ਕਈ ਵਾਰ ਬੇ-ਮਾਅਨੀ ਜਿਹੀ ਲੱਗਣ ਲੱਗ ਪੈਂਦੀ ਏ। ਸੱਚੀ ਗੱਲ ਐ ਕਿ ਵਕਤ 'ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ।"
"ਸੋਲ਼ਾਂ ਆਨੇ ਸੱਚ ਕਿਹਾ ਮਿੱਤਰਾ!" ਫਿਰ ਗੱਲ ਨੂੰ ਹੋਰ ਪਾਸੇ ਪਾਉਂਦਿਆਂ ਗਗਨ ਬੋਲਿਆ, "ਯਾਰ! ਆਹ ਐਨੀਆਂ ਕਿਤਾਬਾਂ ਇਸ ਘਰ 'ਚ ਪੜ੍ਹੀਆਂ ਵੀ ਹੋਣੀਆਂ ਕਿਸੇ ਨੇ, ਜਾਂ ਊਈਂ ਜ਼ਹੀਨਤਾ ਦਾ ਠੱਪਾ ਜਿਹਾ ਲਾਉਣ ਲਈ ਸਜਾ ਕੇ ਰੱਖੀਆਂ ਪਈਆਂ ਨੇ?"
"ਤੁਸੀਂ ਜਾਣ ਦਿਓ ਗੁਰੂ ਜੀ! ਸੋਗ ਵਾਲੇ ਘਰ 'ਚ ਅਜਿਹੀ ਆਲਤੂ-ਫ਼ਾਲਤੂ ਜਿਹੀ ਬਕ…ਮੇਰਾ ਮਤਲਬ ਗੱਲਾਂ ਕਰੀ ਜਾ ਰਿਹੈਂ।"
"ਨਾ ਸਿੱਧਾ ਬਕਵਾਸ ਈ ਕਹਿ ਦਿੰਦਾ, ਫੇਰ ਕਿਹੜਾ ਮੈਂ ਤੇਰੀ ਸੰਘੀ ਫੜ ਲੈਣੀ ਸੀ?"
"ਚੱਲ ਹੁਣ ਛੱਡ ਵੀ ਯਾਰ! ਆਹ ਲੈ ਹੱਥ ਜੋੜੇ। ਮਾਫ਼ ਕਰ ਹੁਣ।"
ਐਨੇ ਨੂੰ ਸਟੱਡੀ ਦਾ ਦਰਵਾਜ਼ਾ ਖੁੱਲਿਆ ਅਤੇ ਬੜੀ ਗ਼ਮਗੀਨ ਸੂਰਤ ਲਈ ਢਿੱਲੋਂ ਸਾਹਬ ਨੇ ਅੰਦਰ ਪ੍ਰਵੇਸ਼ ਕੀਤਾ।
ਢਿੱਲੋਂ ਸਾਹਬ ਲੰਮੇ-ਚੌੜੇ ਡੀਲ-ਡੌਲ ਵਾਲ਼ੀ ਰੋਅਬਦਾਰ ਸ਼ਖ਼ਸੀਅਤ ਦੇ ਧਾਰਣੀ ਸਨ, ਪਰ ਮੌਜੂਦਾ ਹਾਲਾਤ ਦੇ ਅਸਰ ਸਦਕਾ ਉਹਨਾਂ ਦੇ ਪੂਰੇ ਵਜੂਦ ਵਿੱਚੋਂ ਦੁੱਖ ਦਾ ਭਾਵ ਝਲਕ ਰਿਹਾ ਸੀ।
ਸਭ ਤੋਂ ਪਹਿਲਾਂ ਤਾਂ ਤੇਜਵੀਰ ਹੁਰਾਂ ਉਹਨਾਂ ਨਾਲ਼ ਹੋਏ ਮੰਦਭਾਗੇ ਹਾਦਸੇ ਪ੍ਰਤੀ ਅਫ਼ਸੋਸ ਜ਼ਾਹਿਰ ਕੀਤਾ।
ਫਿਰ ਕੁਝ ਪਲਾਂ ਲਈ ਕਮਰੇ 'ਚ ਖ਼ਾਮੋਸ਼ੀ ਛਾਈ ਰਹੀ।
"ਢਿੱਲੋਂ ਸਾਹਬ! ਇਹ ਕੋਈ ਮੁਨਾਸਿਬ ਵਕਤ ਤਾਂ ਨਹੀਂ ਇਹੋ-ਜਿਹੀਆਂ ਗੱਲਾਂ ਲਈ, ਪਰ ਮੇਰੀ ਮਜਬੂਰੀ ਐ ਕਿ ਮੈਨੂੰ ਤੁਹਾਡੇ ਤੋਂ ਕੁਝ ਜਾਣਕਾਰੀ ਲੈਣ ਲਈ ਹਾਜ਼ਿਰ ਹੋਣਾ ਪਿਆ।" ਬੜੇ ਸੰਕੋਚ ਨਾਲ ਤੇਜਵੀਰ ਨੇ ਗੱਲ ਤੋਰੀ।
"ਕੋਈ ਗੱਲ ਨਹੀਂ ਬਰਖ਼ੁਰਦਾਰ! ਜੋ ਭਾਣਾ ਵਾਪਰਨਾ ਲਿਖਿਆ ਸੀ, ਸੋ ਵਾਪਰ ਗਿਆ। ਤੁਸੀਂ ਪੁੱਛੋ ਜੋ ਪੁੱਛਣਾ ਏ।"
"ਬੜੀ ਮਿਹਰਬਾਨੀ ਢਿੱਲੋਂ ਸਾਹਬ!" ਕੁਰਸੀ 'ਤੇ ਪਾਸਾ ਬਦਲਦਿਆਂ, ਜਕਦਿਆਂ-ਜਕਦਿਆਂ ਤੇਜਵੀਰ ਨੇ ਗੱਲ ਜਾਰੀ ਰੱਖੀ, "ਤੁਹਾਨੂੰ ਪਤਾ ਚੱਲ ਹੀ ਗਿਆ ਹੋਵੇਗਾ ਕਿ ਤੁਹਾਡੀ ਬੇਟੀ ਦੇ ਕਦਮ ਗ਼ਲਤ ਰਸਤੇ ਵੱਲ ਬਹਿਕ ਗਏ ਸਨ, ਕੀ ਇਸਦਾ ਇਲਮ ਤੁਹਾਨੂੰ ਪਹਿਲਾਂ ਤੋਂ ਹੀ ਸੀ?"
ਗਹਿਰੀ ਸ਼ਰਮਿੰਦਗੀ ਦੇ ਅਹਿਸਾਸ ਨਾਲ਼ ਕੁਝ ਪਲਾਂ ਲਈ ਢਿੱਲੋਂ ਸਾਹਬ ਦੀਆਂ ਨਜ਼ਰਾਂ ਝੁਕ ਗਈਆਂ।
ਪਰ ਜਲਦੀ ਹੀ ਜਵਾਬ ਦੇਣ ਲਈ ਉਹਨਾਂ ਆਪਣੀ ਬਚੀ-ਖੁਚੀ ਹਿੰਮਤ ਨੂੰ ਬਟੋਰਿਆ।
"ਬਰਖ਼ੁਰਦਾਰ! ਹਰ ਮਾਂ-ਬਾਪ ਦੀ ਇਹ ਭਰਪੂਰ ਕੋਸ਼ਿਸ਼ ਹੁੰਦੀ ਏ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇ ਸਕਣ, aਹਨਾਂ 'ਚ ਚੰਗੇ ਸੰਸਕਾਰ ਭਰ ਸਕਣ। ਇਸ ਕੋਸ਼ਿਸ਼ 'ਚ ਕਈ ਵਾਰ ਮਾਂ-ਬਾਪ ਨੂੰ, ਖ਼ਾਸ ਕਰ ਇੱਕ ਬੇਟੀ ਦੇ ਬਾਪ ਨੂੰ, ਥੋੜ੍ਹਾ ਸਖ਼ਤ ਵੀ ਹੋਣਾ ਪੈਂਦਾ। ਬੱਚਾ ਕਿਤੇ ਗ਼ਲਤ ਰਸਤੇ 'ਤੇ ਨਾ ਤੁਰ ਪਏ, ਇਸ ਲਈ ਵਰਜਣਾ ਵੀ ਜ਼ਰੂਰੀ ਹੋ ਜਾਂਦਾ।…"
ਢਿੱਲੋਂ ਸਾਹਬ ਜਵਾਬ ਲਈ ਭੂਮਿਕਾ ਬੰਨ੍ਹਦਿਆਂ ਹੌਲੀ-ਹੌਲੀ ਮੁੱਦੇ ਵੱਲ ਆਉਣ ਦੀ ਕੋਸ਼ਿਸ਼ ਕਰ ਰਹੇ ਸਨ।
ਤੇਜਵੀਰ ਬੜੇ ਸਬਰ ਨਾਲ਼ ਉਹਨਾਂ ਦੀ ਗੱਲ ਸੁਣ ਰਿਹਾ ਸੀ।
"…ਪਹਿਲਾਂ ਤਾਂ ਸਭ ਠੀਕ-ਠਾਕ ਸੀ। ਰੁਪਿੰਦਰ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਸੀ, ਪਰ ਜਦੋਂ ਦੀ ਉਹ ਲੁਧਿਆਣੇ ਹੋਸਟਲ 'ਚ ਗਈ, ਮੈਂ ਉਸਦੇ ਸੁਭਾਅ 'ਚ ਤਬਦੀਲੀ ਜ਼ਰੂਰ ਨੋਟ ਕੀਤੀ, ਪਰ ਨੌਬਤ ਐਥੋਂ ਤੱਕ ਆ ਪਹੁੰਚੇਗੀ? ਮੈਨੂੰ ਇਸਦਾ ਅੰਦਾਜ਼ਾ ਨਹੀਂ ਸੀ। ਪਹਿਲਾਂ ਸਾਡੀ ਨਜ਼ਰ ਹੇਠ ਕੁੜੀ ਪੂਰੇ ਕੰਟਰੋਲ 'ਚ ਸੀ, ਕਹਿਣੇ 'ਚ ਸੀ, ਪਰ ਬਾਹਰ ਦੀ ਹਵਾ ਉਸਨੂੰ ਇਉਂ ਬਰਬਾਦ ਕਰ ਦੇਵੇਗੀ? ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਤਾਂ ਵੈਸੇ ਉਸਦੇ ਹੋਸਟਲ ਜਾਣ ਦੇ ਖ਼ਿਲਾਫ਼ ਹੀ ਸੀ, ਪਰ ਕੁਝ ਉਸਦੀ ਮਾਂ ਨੇ ਜ਼ੋਰ ਪਾ ਦਿੱਤਾ ਤੇ ਕੁਝ ਏਸ ਗੱਲ ਦਾ ਵੀ ਅਸਰ ਸੀ, ਕਿ ਐਨੇ ਸਾਲਾਂ 'ਚ ਕਦੇ ਕੁੜੀ ਨੇ ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਸੀ; ਮੈਂ ਹਾਮੀ ਭਰ ਬੈਠਿਆ ਕਿ ਚਲੋ, ਬੱਚੇ ਨੂੰ ਅੱਛੀ ਐਜੂਕੇਸ਼ਨ ਮਿਲ ਜਾਏਗੀ। ਪਰ ਸਾਨੂੰ ਇਹ ਦਿਨ ਦੇਖਣਾ ਵੀ ਨਸੀਬ ਹੋਏਗਾ? ਮੈਨੂੰ ਇਸਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ।"
ਢਿੱਲੋਂ ਸਾਹਬ ਦੇ ਬੋਲਾਂ ਵਿੱਚ ਸ਼ਰਮ, ਗੁੱਸੇ ਅਤੇ ਅਫ਼ਸੋਸ ਦੇ ਮਿਲੇ-ਜੁਲੇ ਭਾਵ ਸਨ।
"ਕਿਸੇ ਲੜਕੇ ਨੂੰ ਲੈ ਕੇ ਕੋਈ ਗੱਲਬਾਤ, ਕੋਈ ਜ਼ਿਕਰ ਜਾਂ ਕੋਈ ਸ਼ੱਕ ਹੋਇਆ ਹੋਵੇ ਕਿਤੇ?"
"ਨਹੀਂ, ਇਸ ਗੱਲ ਦੀ ਤਾਂ ਕਦੇ ਭਿਣਕ ਵੀ ਨਹੀਂ ਲੱਗੀ। ਹਾਂ, ਉਹ ਚੁੱਪ-ਚਾਪ ਜਿਹੀ ਤਾਂ ਰਹਿਣ ਲੱਗ ਪਈ ਸੀ। ਘਰ ਆਉਣਾ ਵੀ ਹੌਲ਼ੀ-ਹੌਲ਼ੀ ਘੱਟ ਹੋ ਗਿਆ ਸੀ ਉਸਦਾ। ਘਰੇ ਹੁੰਦਿਆਂ ਵੀ ਪਰਿਵਾਰ 'ਚ ਘੱਟ ਹੀ ਬੈਠਦੀ ਸੀ। ਸਾਰਾ ਦਿਨ ਆਪਣੇ ਕਮਰੇ 'ਚ ਕੈਦ ਹੋਈ ਰਹਿੰਦੀ। ਮੇਰੇ ਨਾਲ਼ ਤਾਂ ਛੱਡੋ ਆਪਣੀ ਮਾਂ ਤੋਂ ਵੀ ਦੂਰ-ਦੂਰ ਰਹਿਣ ਲੱਗ ਪਈ ਸੀ। ਬੱਸ ਸਿੰਮੀ ਨਾਲ਼ ਹੀ ਥੋੜ੍ਹੀ-ਬਹੁਤ ਗੱਲਬਾਤ ਹੁੰਦੀ ਸੀ ਉਸਦੀ।"
"ਸਿੰਮੀ ਕੌਣ?"
"ਸਿਮਰਨ ਨਾਂ ਏ ਵੈਸੇ ਉਸਦਾ, ਪਰ ਅਸੀਂ ਸਿੰਮੀ ਕਹਿਕੇ ਹੀ ਬੁਲਾਉਂਦੇ ਆਂ। ਰੁਪਿੰਦਰ ਦੇ ਮਾਮਾ ਜੀ ਦੀ ਬੇਟੀ ਏ। ਦਸ ਕੁ ਸਾਲ ਪਹਿਲਾਂ ਉਸਦੇ ਮਾਂ-ਬਾਪ ਗੁਜ਼ਰ ਗਏ। ਹੋਰ ਕੋਈ ਸਾਂਭਣ ਵਾਲਾ ਵੀ ਨਹੀਂ ਸੀ, ਸੋ ਉਦੋਂ ਤੋਂ ਸਾਡੇ ਨਾਲ਼ ਹੀ ਰਹਿ ਰਹੀ ਏ। ਇਉਂ ਸਮਝੋ ਬਈ ਮੇਰੀ ਹੀ ਜ਼ਿੰਮੇਵਾਰੀ ਏ ਹੁਣ।…ਖ਼ੈਰ ਮੈਂ ਕਹਿ ਰਿਹਾ ਸੀ ਕਿ ਰੁਪਿੰਦਰ ਦੇ ਰਵੱਈਏ 'ਚ ਆ ਰਹੇ ਬਦਲਾਵ ਨੂੰ ਦੇਖਦਿਆਂ, ਅਜਿਹੀ ਗੱਲ ਨਹੀਂ ਕਿ ਮੈਨੂੰ ਸ਼ੱਕ ਨਹੀਂ ਹੋਇਆ ਕਿ ਕਿਤੇ ਕੋਈ ਅਜਿਹਾ ਮਾਮਲਾ ਤਾਂ ਨਹੀਂ? ਮੈਂ ਆਪ ਪਤਾ ਕਰਾਇਆ ਬਈ ਕਿਤੇ ਕੋਈ ਮੁੰਡੇ-ਮਾਂਡੇ ਦਾ ਚੱਕਰ ਤਾਂ ਨਹੀਂ? ਪਰ ਐਸੀ ਕੋਈ ਗੱਲ ਸਾਹਮਣੇ ਨਾ ਆਈ। ਸਿੰਮੀ ਤੋਂ ਵੀ ਜਾਨਣ ਦੀ ਕੋਸ਼ਿਸ਼ ਕੀਤੀ, ਕਿ ਹੋ ਸਕਦਾ ਦੋਵੇਂ ਹਾਨਣਾਂ ਨੇ, ਸ਼ਾਇਦ ਉਸ ਨਾਲ਼ ਹੀ ਕਦੇ ਕੋਈ ਗੱਲ ਕੀਤੀ ਹੋਵੇ। ਉਸਦੀ ਮਾਂ ਨੇ ਤਾਂ ਏਥੋਂ ਤੱਕ ਵੀ ਕਹਿ ਦਿੱਤਾ ਸੀ ਬਈ ਜੇ ਏਹੋ-ਜਿਹੀ ਕੋਈ ਗੱਲ ਹੈ ਤਾਂ ਦੱਸ ਦਏ, ਜੇ ਮੁੰਡਾ ਚੰਗਾ ਹੋਇਆ ਤਾਂ ਅਸੀਂ ਵਿਆਹ ਕਰ ਦਿੰਨੇ ਆਂ। ਪਰ ਏਹੋ-ਜਿਹੀ ਕਿਸੇ ਵੀ ਗੱਲ ਤੋਂ ਰੁਪਿੰਦਰ ਨੇ ਕੋਰਾ ਇਨਕਾਰ ਕਰ ਦਿੱਤਾ। ਸਿੰਮੀ ਨੇ ਵੀ ਇਹੋ ਕਿਹਾ ਕਿ ਗੱਲ ਇਹ ਨਹੀਂ ਬਲਕਿ…।"
ਕਹਿੰਦੇ-ਕਹਿੰਦੇ ਢਿੱਲੋਂ ਸਾਹਬ ਕੁਝ ਪਲਾਂ ਲਈ ਅਟਕ ਗਏ। ਫਿਰ ਕੁਰਸੀ 'ਤੇ ਪਹਿਲੂ ਬਦਲਦੇ ਹੋਏ, ਦਿਲ ਕਰੜਾ ਜਿਹਾ ਕਰ, ਉਹਨਾਂ ਗੱਲ ਅਗਾਂਹ ਤੋਰੀ।
"ਸਿੰਮੀ ਦਾ ਕਹਿਣਾ ਸੀ ਕਿ ਰੁਪਿੰਦਰ ਨੂੰ ਉਸ ਪ੍ਰਤੀ ਮੇਰਾ ਵਿਵਹਾਰ ਪਸੰਦ ਨਹੀਂ ਸੀ। ਮੇਰੀ ਰੋਕ-ਟੋਕ ਨੂੰ ਉਹ ਬਚਪਨ ਤੋਂ ਹੀ ਨਾਪਸੰਦ ਕਰਦੀ ਆ ਰਹੀ ਏ। ਏਸੇ ਲਈ ਉਹ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਸੀ। ਏਸ ਘਰ ਵਿੱਚ ਦਮ ਘੁਟਣ ਲੱਗ ਪਿਆ ਸੀ ਉਸਦਾ। ਏਥੋਂ ਤੱਕ ਕਿ ਉਸਨੂੰ ਸਾਡੇ ਨਾਲ ਨਫ਼ਰਤ ਹੋ ਗਈ ਸੀ। ਮੈਨੂੰ ਤਾਂ ਹਾਲੇ ਵੀ ਯਕੀਨ ਜਿਹਾ ਨਹੀਂ ਆਉਂਦਾ, ਬਈ ਰੁਪਿੰਦਰ ਸਾਡੇ ਬਾਰੇ ਇਉਂ ਸੋਚਣ ਲੱਗ ਪਈ ਸੀ? ਮੰਨਿਆ ਕਿ ਰੋਕ-ਟੋਕ ਤਾਂ ਜ਼ਰੂਰ ਕਰੀਦੀ ਸੀ, ਪਰ ਰੋਕ-ਟੋਕ ਆਖ਼ਿਰ ਕਿਹੜਾ ਮਾਂ-ਬਾਪ ਨਹੀਂ ਕਰਦਾ? ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮਾਂ-ਬਾਪ ਬੱਚਿਆਂ ਦੇ ਦੁਸ਼ਮਣ ਬਣ ਜਾਂਦੇ ਨੇ!"
ਜਜ਼ਬਾਤ ਦੀ ਰੌਂਅ ਵਿੱਚ ਵਹੇ ਜਾ ਰਹੇ ਢਿਲੋਂ ਸਾਹਬ ਜਿਵੇਂ ਤੇਜਵੀਰ ਦੇ ਨਾਲ਼ ਨਹੀਂ, ਸਗੋਂ ਆਪਣੇ ਆਪ ਨਾਲ਼ ਹੀ ਗੱਲ ਕਰ ਰਹੇ ਹੋਣ।
"ਢਿੱਲੋਂ ਸਾਹਬ! ਤੁਸੀਂ ਆਪ ਇਸ ਬਾਰੇ ਰੁਪਿੰਦਰ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ?"
"ਕੀਤੀ ਕਿਉਂ ਨਹੀਂ? ਬਰਾਬਰ ਕੀਤੀ। ਪਰ ਜਦੋਂ ਵੀ ਕਦੇ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਤਾਂ ਚੁੱਪ ਕਰਕੇ ਉੱਠ ਕੇ ਚਲੀ ਜਾਂਦੀ, ਜਾਂ ਰੋਣ ਲੱਗ ਪੈਂਦੀ। ਫਿਰ ਮੈਂ ਵੀ ਚੁੱਪ ਹੋ ਗਿਆ, ਕਿ ਚਲੋ ਉਸਦਾ ਇਹ ਸਾਲ ਤਾਂ ਪੂਰਾ ਹੋਣ 'ਤੇ ਆ ਹੀ ਗਿਆ, ਅਗਲਾ ਸਾਲ ਘਰ ਬੈਠ ਕੇ ਹੀ ਪੇਪਰ ਦੇ ਲਏਗੀ। ਘਰ ਰਹਿ ਕੇ ਆਪਣੇ ਆਪ ਹੌਲ਼ੀ-ਹੌਲ਼ੀ ਠੀਕ ਹੋ ਜਾਏਗੀ। ਉਸਦੀ ਮਾਂ ਦੇ ਕਹਿਣ 'ਤੇ ਤਾਂ ਮੈਂ ਉਸ ਲਈ ਰਿਸ਼ਤਾ ਦੇਖਣਾ ਵੀ ਸ਼ੁਰੂ ਕਰ ਦਿੱਤਾ ਸੀ, ਕਿ ਚਲੋ ਹੋਰ ਨਾ ਸਹੀ ਤਾਂ ਵਿਆਹ ਤੋਂ ਬਾਅਦ ਹੀ ਨਵੇਂ ਮਾਹੌਲ ਵਿੱਚ ਸਭ ਠੀਕ ਹੋ ਜਾਏਗਾ, ਨਾਲ਼ੇ ਵਿਆਹ ਦੀਆਂ ਤਿਆਰੀਆਂ 'ਚ ਵੀ ਕੁੜੀ ਦਾ ਮਨ ਬਹਿਲ ਜਾਏਗਾ।"
"ਤਾਂ ਫਿਰ ਵਿਆਹ ਦੀ ਗੱਲ ਰੁਪਿੰਦਰ ਨਾਲ਼ ਵੀ ਕੀਤੀ ਤੁਸੀਂ?"
"ਹਾਂ, ਉਸਦੀ ਮਾਂ ਨੇ ਗੱਲ ਛੇੜੀ ਤਾਂ ਸੀ।"
"ਤਾਂ ਕੀ ਜਵਾਬ ਇਨਕਾਰ ਵਿੱਚ ਮਿਲਿਆ?"
"ਨਹੀਂ, ਇਨਕਾਰ ਤਾਂ ਨਹੀਂ ਕੀਤਾ, ਸਗੋਂ ਇਹੀ ਕਿਹਾ ਕਿ ਜਿਵੇਂ ਤੁਹਾਡੀ ਮਰਜ਼ੀ ਹੋਵੇ।"
ਢਿੱਲੋਂ ਸਾਹਬ ਦੇ ਇਸ ਜਵਾਬ ਤੋਂ ਤੇਜਵੀਰ ਬੜਾ ਹੈਰਾਨ ਹੋਇਆ।
ਉਹ ਤਾਂ ਇਹ ਆਸ ਕਰ ਰਿਹਾ ਸੀ ਕਿ ਰੁਪਿੰਦਰ ਨੇ ਵਿਆਹ ਤੋਂ ਇਨਕਾਰ ਕੀਤਾ ਹੋਏਗਾ ਜਾਂ ਹੋਰ ਨਹੀਂ ਤਾਂ ਰਿਸ਼ਤੇ ਦੀ ਗੱਲ ਨੂੰ ਹੀ ਟਾਲਣ ਦੀ ਕੋਸ਼ਿਸ਼ ਕੀਤੀ ਹੋਏਗੀ, ਪਰ ਉਸਨੇ ਤਾਂ ਉਲਟੇ ਸਗੋਂ ਸਹਿਮਤੀ ਪ੍ਰਗਟਾਈ।
ਜੇਕਰ ਉਸਦਾ ਕਿਤੇ ਏਨਾ ਸੀਰੀਅਸ ਅਫ਼ੇਅਰ ਚੱਲ ਰਿਹਾ ਸੀ ਕਿ ਉਸਦੇ ਆਪਣੇ ਪ੍ਰੇਮੀ ਨਾਲ਼ ਸਰੀਰਕ ਸੰਬੰਧ ਤੱਕ ਕਾਇਮ ਹੋ ਚੁੱਕੇ ਸਨ, ਤਾਂ ਉਸਨੇ ਵਿਆਹ ਲਈ ਘਰਦਿਆਂ ਕੋਲ਼ ਹਾਮੀ ਕਿਉਂ ਭਰੀ? ਤਾਂ ਕੀ ਇਸਦੀ ਵਜ੍ਹਾ ਇਹ ਸੀ ਕਿ ਉਸਦਾ ਪ੍ਰੇਮੀ ਉਹਨਾਂ ਦੇ ਆਪਸੀ ਰਿਸ਼ਤੇ ਨੂੰ ਸਿਰਫ਼ ਮੌਜ-ਮੇਲੇ ਤੱਕ ਹੀ ਸੀਮਿਤ ਰੱਖਣਾ ਚਾਹੁੰਦਾ ਸੀ? ਤਾਂ ਕੀ ਇਹੀ ਕਤਲ ਦੀ ਵੀ ਵਜ੍ਹਾ ਬਣੀ, ਕਿ ਰੁਪਿੰਦਰ ਨੇ ਆਪਣੇ ਘਰ ਵਿੱਚ ਉੱਠੀ ਉਸਦੇ ਵਿਆਹ ਦੀ ਚਰਚਾ ਤੋਂ ਅੰਦੋਲਿਤ ਹੋ ਕੇ, ਆਪਣੇ ਪ੍ਰੇਮੀ ਉੱਪਰ ਵਿਆਹ ਲਈ ਜ਼ੋਰ ਪਾਇਆ ਹੋਵੇ, ਬਕਾਇਦਾ ਜ਼ਿੱਦ ਕੀਤੀ ਹੋਵੇ, ਅਤੇ ਲੜਕੀ ਦੇ ਗਲ਼ੋਂ ਨਾ ਲਹਿਣ ਦੀ ਸੂਰਤ 'ਚ ਉਸਦੇ ਪ੍ਰੇਮੀ ਨੇ ਉਸਦਾ ਕਤਲ ਕਰ ਦਿੱਤਾ ਹੋਵੇ? ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਘੱਟੋ-ਘੱਟ ਹਾਲਾਤ ਤਾਂ ਏਸੇ ਵੱਲ ਇਸ਼ਾਰਾ ਕਰਦੇ ਪ੍ਰਤੀਤ ਹੋ ਰਹੇ ਸਨ।
ਹੁਣ 'ਪੰਜ ਕਰੋੜ ਰੁਪਏ' ਦਾ ਸਵਾਲ ਇਹ ਸੀ, ਕਿ ਉਹ ਸ਼ਖ਼ਸ ਆਖ਼ਿਰ ਹੈ ਕੌਣ?
ਢਿੱਲੋਂ ਸਾਹਬ ਨਾਲ਼ ਹੋਈ ਇਸ ਗੱਲਬਾਤ ਤੋਂ ਬਾਅਦ ਉਨ੍ਹਾਂ ਮਿਸਿਜ਼ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ, ਪਰ ਕੰਮ ਦੀ ਕੋਈ ਗੱਲ ਸਾਹਮਣੇ ਨਾ ਆਈ।
ਫਿਰ ਤੇਜਵੀਰ ਨੇ ਸਿੰਮੀ ਤੋਂ ਕੁਝ ਸਵਾਲ ਕਰਨ ਦੀ ਇੱਛਾ ਜ਼ਾਹਿਰ ਕੀਤੀ, ਏਸ ਆਸ ਵਿੱਚ ਕਿ ਸਿੰਮੀ ਹੀ ਇੱਕ ਅਜਿਹੀ ਸ਼ਖ਼ਸੀਅਤ ਸੀ, ਜਿਸ ਨਾਲ਼ ਪਿਛਲੇ ਸਮੇਂ ਤੋਂ ਰੁਪਿੰਦਰ ਦਾ ਸਭ ਤੋਂ ਜ਼ਿਆਦਾ ਵਾਹ-ਵਾਸਤਾ ਰਿਹਾ ਸੀ। ਸੋ ਹੋ ਸਕਦਾ ਸੀ ਕਿ aਸ ਕੋਲ਼ੋਂ ਹੀ ਕੋਈ ਕੰਮ ਦੀ ਗੱਲ ਪਤਾ ਚੱਲ ਜਾਵੇ। ਆਖ਼ਿਰ ਸਹੇਲੀਆਂ-ਸਹੇਲੀਆਂ ਦਰਮਿਆਨ ਤਾਂ ਗਹਿਰੇ ਤੋਂ ਗਹਿਰੇ ਰਾਜ਼ ਵੀ ਸਾਂਝੇ, ਹੋ ਹੀ ਜਾਂਦੇ ਹਨ।
ਢਿੱਲੋਂ ਸਾਹਬ ਨੇ ਇੱਕ ਨੌਕਰ ਨੂੰ ਉਸਦੇ ਕਮਰੇ 'ਚ ਭੇਜਿਆ ਤਾਂ ਉਹ ਬੇਰੰਗ ਚਿੱਠੀ ਵਾਂਗ ਵਾਪਿਸ ਪਰਤ ਆਇਆ।
ਉਸਨੇ ਦੱਸਿਆ ਕਿ ਮੈਡਮ ਆਪਣੀ ਇੱਕ ਸਹੇਲੀ ਨੂੰ ਬੱਸ ਸਟੈਂਡ ਛੱਡਣ ਜਾ ਰਹੇ ਸਨ, ਸੋ ਉਹਨਾਂ ਜਾਂਦੇ-ਜਾਂਦੇ ਸੁਨੇਹਾ ਦਿੱਤਾ ਕਿ ਉਹ ਉਹਨਾਂ ਨੂੰ ਬੱਸ ਸਟੈਂਡ ਕੋਲ਼ ਹੀ ਬਣੇ 'ਕੈਫ਼ੇਟੇਰੀਆ' 'ਚ ਮਿਲ ਲੈਣਗੇ।
"ਏਸ ਕੁੜੀ ਨੇ ਵੀ ਕਦੇ ਕੋਈ ਸਿੱਧੀ ਗੱਲ ਨੀਂ ਕਰਨੀ।"
ਢਿੱਲੋਂ ਸਾਹਬ ਦੀ ਬੁੜਬੁੜਾਹਟ ਅਤੇ ਉਹਨਾਂ ਦੇ ਚਿਹਰੇ ਦੇ ਹਾਵ-ਭਾਵ ਤੋਂ, ਸਿੰਮੀ ਪ੍ਰਤੀ ਉਹਨਾਂ ਦੀ ਨਾਪਸੰਦਗੀ ਦੀ ਭਾਵਨਾ ਤੇਜਵੀਰ ਦੀ ਤੇਜ਼ ਨਜ਼ਰ ਤੋਂ ਛੁਪੀ ਨਾ ਰਹਿ ਸਕੀ।
ਨੌਕਰ ਤੋਂ ਕੈਫ਼ੇਟੇਰੀਆ ਦਾ ਪਤਾ ਪ੍ਰਾਪਤ ਕਰ, ਤੇਜਵੀਰ ਅਤੇ ਗਗਨ ਉਥੋਂ ਰਵਾਨਾ ਹੋ ਗਏ।
ਕੈਫ਼ੇਟੇਰੀਆ ਬੱਸ ਸਟੈਂਡ ਤੋਂ ਘੋੜਾ ਚੌਂਕ ਵੱਲ ਨੂੰ ਜਾਂਦੀ ਸੜਕ ਉੱਪਰ ਇੱਕ ਦੋ ਮੰਜ਼ਿਲੀ ਇਮਾਰਤ ਦੀ ਉੱਪਰਲੀ ਮੰਜ਼ਿਲ 'ਤੇ ਸਥਿਤ ਸੀ। ਇਮਾਰਤ ਦੀ ਹੇਠਲੀ ਮੰਜ਼ਿਲ, ਜਿਸ ਵਿੱਚ ਇੱਕ ਵਿਸ਼ਾਲ ਹਾਰਡਵੇਅਰ ਸਟੋਰ ਸੀ, ਦੇ ਸੱਜੇ ਪਾਸਿਓਂ ਕੈਫ਼ੇਟੇਰੀਆ ਵੱਲ ਨੂੰ ਪੌੜੀਆਂ ਚੜ੍ਹਦੀਆਂ ਸਨ।
ਉਹ ਦੋਵੇਂ ਪੌੜੀਆਂ ਚੜ੍ਹ ਕੈਫ਼ੇਟੇਰੀਆ ਦੇ ਅੰਦਰ ਪ੍ਰਵੇਸ਼ ਕਰ ਗਏ।
ਕੈਫ਼ੇਟੇਰੀਆ ਅੰਦਰ ਕਾਫ਼ੀ ਰੌਣਕ ਸੀ।
ਉਸ ਰੌਣਕ ਮੇਲੇ ਵਿੱਚ ਨੌਜਵਾਨ ਵਿਦਿਆਰਥੀ ਵਰਗ ਦਾ ਹੀ ਬੋਲਬਾਲਾ ਸੀ।
ਅਜਿਹੀ ਸੂਰਤ ਵਿੱਚ ਉਹਨਾਂ ਵਿੱਚੋਂ ਸਿੰਮੀ ਦੀ ਪਹਿਚਾਣ ਤਾਂ ਇੱਕ ਅਸੰਭਵ ਜਿਹਾ ਹੀ ਕਾਰਜ ਸੀ, ਕਿਉਂਕਿ ਉਹ ਤਾਂ ਉਸਦੀ ਸ਼ਕਲੋ-ਸੂਰਤ ਤੋਂ ਵੀ ਨਾਵਾਕਿਫ਼ ਸਨ।
ਉਸ ਲੜਕੀ ਨੇ ਤਾਂ ਇੱਕ ਸਿੱਧੀ-ਸਾਦੀ ਮੁਲਾਕਾਤ ਨੂੰ ਵੀ ਪਜ਼ਲ-ਗੇਮ ਬਣਾ ਸੁੱਟਿਆ ਸੀ।
ਤੇਜਵੀਰ ਅਤੇ ਗਗਨ ਨੇ ਬੜੀ ਹੈਰਾਨੀ ਜ਼ਾਹਿਰ ਕਰਦਿਆਂ ਇੱਕ ਦੂਸਰੇ ਵੱਲ ਦੇਖਿਆ।
ਫਿਰ ਕੁਝ ਸੋਚਕੇ ਤੇਜਵੀਰ ਦਰਵਾਜ਼ੇ ਦੇ ਕੋਲ਼ ਹੀ ਸਜੇ ਕੈਸ਼ ਕਾਊਂਟਰ 'ਤੇ ਬੈਠੇ ਲੜਕੇ ਨੂੰ ਸੰਬੋਧਿਤ ਹੋਇਆ।
"ਐੱਕਸਕਿਊਜ਼ ਮੀ ਪਲੀਜ਼, ਆਈ ਐਮ ਤੇਜਵੀਰ ਐਂਡ…।"
"ਓਹ ਯੈੱਸ-ਯੈੱਸ, ਯੂ ਆਰ ਐੱਕਸਪੈੱਕਟਡ ਦੇਅਰ।"
ਤੇਜਵੀਰ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਲੜਕੇ ਨੇ ਸੜਕ ਵਾਲ਼ੇ ਪਾਸੇ ਵੱਲ ਖੁੱਲ੍ਹਦੀ ਖਿੜਕੀ ਕੋਲ਼ ਸਥਿਤ, ਇੱਕ ਨੁੱਕਰ ਦੀ ਟੇਬਲ ਵੱਲ ਉਂਗਲੀ ਨਾਲ ਇਸ਼ਾਰਾ ਕਰਦਿਆਂ ਉਸਦੀ ਪੜਤਾਲ-ਪੂਰਤੀ ਕਰ ਦਿੱਤੀ।
ਤੇਜਵੀਰ ਨੇ ਟੇਬਲ ਵੱਲ ਨਜ਼ਰ ਦੌੜਾਈ ਤਾਂ ਟੇਬਲ 'ਤੇ ਉਸਨੂੰ ਉਹਨਾਂ ਵੱਲ ਪਿੱਠ ਕਰੀ ਬੈਠੀ ਇੱਕ ਭਾਰੀ-ਭਰਕਮ ਦੇਹ ਦੇ ਦਰਸ਼ਨ ਹੋਏ।
ਤਿੰਨ ਕੱਪ ਕੌਫ਼ੀ ਦਾ ਆਰਡਰ ਪਾਸ ਕਰ, ਉਹ ਦੋਵੇਂ ਉਸ ਟੇਬਲ ਵੱਲ ਨੂੰ ਵਧੇ।
ਲੜਕੀ ਦੇ ਸਾਹਮਣੇ ਪਹੁੰਚ ਕੇ ਤੇਜਵੀਰ ਨੇ ਉਸਨੂੰ ਆਪਣਾ ਪਰਿਚੈ ਦਿੱਤਾ ਤਾਂ ਉਸਨੇ ਕੁਰਸੀ ਤੋਂ ਖਲੋ ਕੇ ਬੜੀ ਬੇਬਾਕੀ ਨਾਲ਼ ਦੋਹਾਂ ਨਾਲ਼ ਹੱਥ ਮਿਲਾਇਆ।
ਉਸਦੇ ਹੱਥ ਮਿਲਾਉਣ ਦੇ ਢੰਗ ਵਿੱਚ ਲੜਕੀਆਂ ਵਾਲ਼ੀ ਨਜ਼ਾਕਤ ਬਿਲਕੁਲ ਹੀ ਨਦਾਰਦ ਸੀ।
ਤੇਜਵੀਰ ਨੇ ਸਿੰਮੀ ਦੇ ਸਰੂਪ ਦੀ ਕਲਪਨਾ 'ਚ ਰੁਪਿੰਦਰ ਵਰਗੀ ਹੀ ਕਿਸੇ ਲੜਕੀ ਦਾ ਤਸੱਵੁਰ ਕੀਤਾ ਸੀ, ਪਰ ਐਥੇ ਤਾਂ ਮਾਮਲਾ ਬਿਲਕੁਲ ਹੀ ਉਲਟ ਨਿੱਕਲਿਆ।
ਸਿੰਮੀ ਦੇ ਵਜੂਦ ਵਿੱਚ ਤਾਂ ਕਿਸੇ ਪਾਸਿਓਂ ਵੀ ਲੜਕੀਆਂ ਵਰਗਾ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ ਸੀ।
ਚਿਹਰੇ ਉੱਤੇ ਮੇਕਅੱਪ ਦਾ ਕੋਈ ਨਾਮੋ-ਨਿਸ਼ਾਨ ਨਹੀਂ, ਲੜਕਿਆਂ ਵਾਲ਼ਾ ਪਹਿਰਾਵਾ, ਵਿਵਹਾਰ ਵਿੱਚ ਵੀ ਕੁੜੀਆਂ ਵਾਲ਼ੀ ਨਾਜ਼ੁਕਤਾ ਅਤੇ ਸੰਕੋਚ ਦੇ ਬਿਲਕੁਲ ਉਲਟ ਬੇਬਾਕੀ ਅਤੇ ਲਾਪਰਵਾਹੀ ਅਤੇ ਚਿਹਰੇ 'ਤੇ ਪੱਥਰ ਜਿਹੀ ਕਠੋਰਤਾ।
ਦੋਹਾਂ ਨੇ ਉਸਦੇ ਸਾਹਮਣੇ ਦੀਆਂ ਦੋ ਕੁਰਸੀਆਂ ਮੱਲ ਲਈਆਂ।
"ਮੈਡਮ, ਕੋਈ ਗੇਮ-ਗੂਮ ਲਾਉਂਦੇ ਲੱਗਦੇ ਓਂ?"
ਉਸਦੇ ਬੇਤਕੱਲੁਫ਼ ਰਵੱਈਏ ਨੂੰ ਦੇਖਦਿਆਂ, ਗਗਨ ਨੇ ਵੀ ਕੁਝ ਜ਼ਿਆਦਾ ਹੀ ਬੇਤਕੱਲੁਫ਼ੀ ਦਾ ਪ੍ਰਦਰਸ਼ਨ ਕਰਦਿਆਂ ਅਸਿੱਧੇ ਤੌਰ 'ਤੇ ਸਵਾਲ ਕੀਤਾ।
"ਹਾਂ ਜੀ।"
"ਜ਼ਰੂਰ ਰੈੱਸਲਿੰਗ ਕਰਦੇ ਹੋਓਂਗੇ?"
ਗਗਨ ਨੇ ਪੋਲੇ ਜਿਹੇ ਟਪਲਾ ਛੱਡਿਆ।
ਪਤਾ ਨਹੀਂ ਕਿ ਗਗਨ ਦੀ ਮਜ਼ਾਹੀਆ ਜਿਹੀ ਤਨਜ਼ ਉਸਨੂੰ ਸਮਝ ਨਹੀਂ ਆਈ, ਜਾਂ ਉਸਨੇ ਜਾਣ ਬੁੱਝ ਕੇ ਅਣਗੌਲ਼ਿਆਂ ਕਰ ਛੱਡਿਆ।
"ਨਹੀਂ ਜੀ, ਕਬੱਡੀ।"
ਲਾਪਰਵਾਹੀ ਯੁਕਤ ਸੰਖੇਪ ਜਵਾਬ।
"ਰੇਡਰ ਓਂ ਕਿ ਜਾਫੀ?"
ਪਤੰਦਰ ਬਾਜ਼ ਨਹੀਂ ਆ ਰਿਹਾ ਸੀ।
"ਆੱਲ ਰਾਊਂਡਰ।"
ਜਵਾਬ ਫਿਰ ਤੋਂ ਉਹੋ ਜਿਹਾ ਹੀ।
"ਪੱਕੇ 'ਆੱਲ ਰਾਉਂਡਰ' ਲੱਗਦੇ ਓਂ ਜੀ!"
ਉਸਦੇ ਡੀਲ-ਡੌਲ ਵੱਲ ਗਹਿਰੀ ਨਜ਼ਰ ਮਾਰਦਿਆਂ ਗਗਨ ਨੇ ਇੱਕ ਹੋਰ ਟਪਲਾ ਛੱਡਿਆ, ਤਾਂ ਤੇਜਵੀਰ ਨੇ ਹਲਕੇ ਜਿਹੇ ਕੂਹਣੀ ਚੁਭੋਂਦਿਆਂ, ਉਸਨੂੰ ਅੱਖਾਂ ਤਰੇਰ ਕੇ ਵਰਜਿਆ।
ਜ਼ਾਹਿਰਾ ਤੌਰ ਤੇ ਤਾਂ ਇਹੀ ਜਾਪਿਆ ਕਿ ਸਿੰਮੀ ਨੇ ਉਹਨਾਂ ਦੀ ਇਸ ਹਰਕਤ ਨੂੰ ਗੌਲ਼ਿਆ ਹੀ ਨਹੀਂ।
ਉਹ ਤਾਂ ਸਗੋਂ ਬੜੀ ਬੇਪਰਵਾਹੀ ਨਾਲ਼ ਆਪਣੇ ਬੁੱਲ੍ਹਾਂ ਦੇ ਖੱਬੇ ਕੋਰ ਨੂੰ ਉਤਾਂਹ ਚੁੱਕ, ਸੱਜੇ ਹੱਥ ਨਾਲ਼ ਆਪਣੀ ਖੱਬੀ ਗੱਲ੍ਹ 'ਤੇ ਲੱਗੀ ਬੈਂਡੇਜ ਖੁਰਕਣ 'ਚ ਮਸ਼ਗ਼ੂਲ ਸੀ।
ਏਨੇ ਨੂੰ ਵੇਟਰ ਕੌਫ਼ੀ ਦੇ ਤਿੰਨ ਕੱਪ aਹਨਾਂ ਸਾਹਮਣੇ ਟਿਕਾ ਗਿਆ।
ਲੜਕੀ ਦੀਆਂ ਹਰਕਤਾਂ ਤੋਂ ਢਿੱਲੋਂ ਸਾਹਬ ਦੀ ਉਸ ਪ੍ਰਤੀ ਨਾਰਾਜ਼ਗੀ ਦੀ ਵਜ੍ਹਾ ਦਾ ਭਰਪੂਰ ਖ਼ੁਲਾਸਾ ਹੋ ਰਿਹਾ ਸੀ।
ਉਸਦਾ ਚਿਹਰਾ ਸਪਾਟ, ਕਠੋਰ ਅਤੇ ਭਾਵਾਂ ਤੋਂ ਬਿਲਕੁਲ ਹੀ ਸੱਖਣਾ ਜਿਹਾ ਸੀ। ਹਾਂ, ਅੱਖਾਂ ਜ਼ਰੂਰ ਲਾਲ ਹੋਈਆਂ ਪਈਆਂ ਸਨ ਤੇ ਜਿਨ੍ਹਾਂ 'ਚ ਆ ਰਹੇ ਪਾਣੀ ਨੂੰ ਉਹ ਰਹਿ-ਰਹਿ ਕੇ ਹੱਥ 'ਚ ਫੜੇ ਰੁਮਾਲ ਨਾਲ ਪੂੰਝਦੀ ਜਾ ਰਹੀ ਸੀ। ਸ਼ਾਇਦ ਇਸਦੀ ਵਜ੍ਹਾ ਰੁਪਿੰਦਰ ਦੀ ਮੌਤ ਦਾ ਦੁੱਖ ਹੋਵੇ, ਪਰ ਚਿਹਰੇ ਦੇ ਹਾਵਾਂ-ਭਾਵਾਂ ਅਤੇ ਗੱਲਬਾਤ ਦੀ ਬੇਬਾਕੀ ਤੋਂ ਤਾਂ ਅਜਿਹਾ ਮਹਿਸੂਸ ਨਹੀਂ ਹੋ ਰਿਹਾ ਸੀ। ਪਰ ਕਈ ਲੋਕ ਹੁੰਦੇ ਹੀ ਨੇ ਅਜਿਹੇ, ਖ਼ਾਸ ਕਰ ਇਸ ਲੜਕੀ ਜਿਹੀ ਬੇਪਰਵਾਹੀ ਭਰੀ ਬਿਰਤੀ ਵਾਲ਼ੇ, ਜੋ ਆਪਣੇ ਮਨੋਭਾਵਾਂ ਨੂੰ ਸਹੀ ਤਰ੍ਹਾਂ ਨਾਲ਼ ਪ੍ਰਗਟਾਉਣ ਤੋਂ ਅਸਮਰੱਥ ਹੁੰਦੇ ਹਨ। ਖ਼ੁਸ਼ੀ ਜਾਂ ਦੁੱਖ ਨੂੰ ਅੰਦਰੋਂ-ਅੰਦਰੀਂ ਤਾਂ ਮਹਿਸੂਸ ਕਰਦੇ ਹਨ ਪਰ ਚਿਹਰੇ ਅਤੇ ਗੱਲਬਾਤ ਰਾਹੀਂ ਇਸਦਾ ਪ੍ਰਗਟਾਅ ਨਹੀਂ ਕਰ ਪਾਉਂਦੇ। ਜਾਂ ਫਿਰ ਲੜਕੀ ਨੂੰ ਸਦਮਾ ਹੀ ਏਨਾ ਪਹੁੰਚਿਆ ਸੀ ਕਿ ਉਸਦਾ ਭਾਵ-ਤੰਤਰ ਉਸਦੇ ਇਸ ਗ਼ਮ ਨੂੰ ਪ੍ਰਗਟਾਉਣ ਲਈ ਜਵਾਬ ਦੇ ਗਿਆ ਸੀ? ਪਰ ਅਜਿਹੀ ਹਾਲਤ 'ਚ ਤਾਂ ਪੀੜਿਤ ਵਿਅਕਤੀ ਆਮ ਤੌਰ 'ਤੇ ਪੱਥਰ ਦੀ ਬੇਜਾਨ ਮੂਰਤ ਜਿਹਾ ਹੋ ਜਾਂਦਾ ਹੈ। ਕੁੱਲ ਮਿਲਾ ਕੇ ਲੜਕੀ ਦਾ ਮਿਜ਼ਾਜ ਤੇਜਵੀਰ ਦੀ ਪਕੜ 'ਚ ਨਹੀਂ ਆ ਰਿਹਾ ਸੀ।
"ਰੁਪਿੰਦਰ ਦੇ ਇਉਂ ਤੁਰ ਜਾਣ ਨਾਲ਼ ਤਾਂ ਤੁਹਾਨੂੰ ਬੜਾ ਗਹਿਰਾ ਸਦਮਾ ਪੁੱਜਾ ਹੋਏਗਾ ਸਿੰਮੀ?"
ਤੇਜਵੀਰ ਨੇ ਗੱਲਬਾਤ ਦੀ ਭੂਮਿਕਾ ਜਿਹੀ ਬੰਨ੍ਹੀ।
"ਹਾਂ ਜੀ, ਇਹ ਤਾਂ ਹੈ।"
ਮੁਖ਼ਤਸਰ ਅਤੇ ਭਾਵਹੀਣ ਜਿਹਾ ਜਵਾਬ।
ਲੜਕੀ ਦੇ ਵਿਵਹਾਰ 'ਚ ਇੱਕ ਹੋਰ ਅਨੋਖੀ ਜਿਹੀ ਗੱਲ ਨਜ਼ਰ ਆ ਰਹੀ ਸੀ ਕਿ ਜਿਵੇਂ ਉਸਨੂੰ ਕੋਈ ਅੱਚਵੀ ਜਿਹੀ ਲੱਗੀ ਹੋਵੇ। ਉਹ ਵਾਰ-ਵਾਰ ਪਹਿਲੂ ਬਦਲ ਰਹੀ ਸੀ। ਉਸਦੀਆਂ ਨਜ਼ਰਾਂ ਵਾਰ-ਵਾਰ ਐਧਰ-ਓਧਰ ਭਟਕ ਰਹੀਆਂ ਸਨ।
"ਕੀ ਗੱਲ ਸਿੰਮੀ, ਕਿਤੇ ਹੋਰ ਵੀ ਜਾਣਾ ਤੁਸੀਂ? ਕਾਫ਼ੀ ਅਨਕੰਫ਼ਰਟੇਬਲ ਜਿਹਾ ਮਹਿਸੂਸ ਕਰ ਰਹੇ ਓ ਤੁਸੀਂ?" ਤੇਜਵੀਰ ਕਹਿਣੋਂ ਨਾ ਰਹਿ ਸਕਿਆ।
"ਨਹੀਂ-ਨਹੀਂ, ਐਹੋ ਜਿਹੀ ਤਾਂ ਕੋਈ ਗੱਲ ਨਹੀਂ, ਤੁਸੀਂ ਆਰਾਮ ਨਾਲ਼ ਗੱਲ ਕਰੋ। ਮੈਨੂੰ ਕੋਈ ਕਾਹਲ਼ ਨਹੀਂ।"
ਪਰ ਇਸਤੋਂ ਪਹਿਲਾਂ ਕਿ ਤੇਜਵੀਰ ਕੁਝ ਬੋਲਣ ਲਈ ਮੂੰਹ ਖੋਲ੍ਹਦਾ, ਉਹ ਫਿਰ ਬੋਲ ਪਈ।
"ਪਰ ਪਹਿਲਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ?"
"ਹਾਂ ਜੀ, ਜ਼ਰੂਰ।"
ਤੇਜਵੀਰ ਨੇ ਹੈਰਾਨ ਜਿਹੇ ਹੁੰਦਿਆਂ ਜਵਾਬ ਦਿੱਤਾ।
"ਤੁਹਾਨੂੰ ਸੱਚੀਂ ਲੱਗਦਾ ਕਿ ਰੁਪਿੰਦਰ ਨੂੰ ਕਿਸੇ ਨੇ ਮਾਰਿਆ ਹੋਣਾਂ? ਮੇਰਾ ਮਤਲਬ ਉਹਨੇ ਆਪੇ ਹੀ ਸੁਸਾਈਡ ਨੀ ਕੀਤੀ? ਤੁਹਾਨੂੰ ਸੱਚੀਂ ਲੱਗਦਾ, ਬਈ ਬਾਹਰੋਂ ਕਿਸੇ ਨੇ ਆ ਕੇ ਇਹ ਕੰਮ ਕੀਤਾ ਹੋਣਾ?"
ਲੜਕੀ ਦੇ ਮੂੰਹ ਵਿੱਚ ਤਾਂ ਅਚਾਨਕ ਜ਼ੁਬਾਨ ਪੈ ਗਈ ਸੀ।
ਹੁਣ ਤੱਕ ਇਹ ਸੋਚਦਿਆਂ ਕਿ ਏਥੋਂ ਕੁਝ ਹਾਸਿਲ ਨਹੀਂ ਹੋਣ ਵਾਲ਼ਾ, ਨਿਰਾਸ਼ ਜਿਹਾ ਹੋ ਰਿਹਾ ਤੇਜਵੀਰ ਸਾਵਧਾਨ ਹੋ ਗਿਆ।
"ਕਿਉਂ? ਤੁਹਾਨੂੰ ਲੱਗਦਾ ਕਿ ਰੁਪਿੰਦਰ ਦਾ ਸੁਸਾਈਡ ਕਰਨ ਦਾ ਕੋਈ ਇਰਾਦਾ ਸੀ? ਕੀ ਅਜਿਹੀ ਕੋਈ ਗੱਲ ਕੀਤੀ ਉਸਨੇ ਤੁਹਾਡੇ ਨਾਲ਼? ਆਖ਼ਿਰ ਤੁਹਾਡੀ ਭੈਣ ਸੀ, ਦੁੱਖ-ਸੁੱਖ ਤਾਂ ਸਾਂਝਾ ਕਰਦੀ ਹੀ ਹੋਵੇਗੀ ਰੁਪਿੰਦਰ ਤੁਹਾਡੇ ਨਾਲ਼?"
ਤੇਜਵੀਰ ਨੇ ਜਵਾਬ ਦੇਣ ਦੀ ਬਜਾਏ ਉਲਟੇ ਸਵਾਲਾਂ ਦੀ ਝੜੀ ਲਗਾ ਦਿੱਤੀ।
"ਨਹੀਂ…ਮੇਰਾ ਮਤਲਬ ਪਰੇਸ਼ਾਨ ਜਿਹੀ ਤਾਂ ਸੀਗੀ…ਪਰ ਇਹ ਨੌਬਤ ਆਜੂ…ਪਰ ਤੁਸੀਂ ਤਾਂ ਆਖਦੇ ਓਂ ਕਿ ਬਾਹਰੋਂ ਕਿਸੇ ਨੇ…ਮੇਰਾ ਮਤਲਬ ਤੁਹਾਨੂੰ ਪੱਕਾ ਯਕੀਨ ਏ ਬਈ ਇਹ ਕੰਮ ਬਾਹਰੋਂ ਆ ਕੇ ਕਿਸੇ ਬੰਦੇ ਨੇ ਕੀਤਾ?"
'ਕੀ ਬੁਝਾਰਤਾਂ ਜਿਹੀਆਂ ਪਾਉਣ ਲੱਗ ਪਈ ਇਹ ਲੜਕੀ?'
ਸੋਚਦੇ ਤੇਜਵੀਰ ਨੂੰ ਆਸ ਜਿਹੀ ਬੱਝ ਗਈ ਕਿ ਰਾਏਕੋਟ ਦਾ ਇਹ ਗੇੜਾ ਅਜਾਈਂ ਨਹੀਂ ਜਾਣ ਲੱਗਾ।
ਰਤਾ ਕੁ ਸੋਚ ਕੇ ਤੇਜਵੀਰ ਨੇ ਉਸਦੇ ਸਾਹਮਣੇ, ਉਸ ਬਾਹਰੀ ਸ਼ਖ਼ਸ ਦੀ ਆਮਦ ਸੰਬੰਧੀ ਮਿਲ਼ੀ ਹੁਣ ਤੱਕ ਦੀ ਤਮਾਮ ਜਾਣਕਾਰੀ ਦਾ ਖ਼ੁਲਾਸਾ ਕਰ ਦਿੱਤਾ, ਪਰ 'ਬੜੇ ਮੀਆਂ' ਤੋਂ ਮਿਲ਼ੀ ਜਾਣਕਾਰੀ ਦਾ ਬਿਆਨ ਉਸਨੂੰ ਬੇਲੋੜਾ ਜਿਹਾ ਜਾਪਿਆ, ਸੋ ਉਸ ਸੰਬੰਧੀ ਉਸਨੇ ਕੁਝ ਨਾ ਕਿਹਾ।
"ਮਤਲਬ ਉਸਨੇ ਸੁਸਾਈਡ ਨੀ ਕੀਤੀ, ਇਹ ਤਾਂ ਗੱਲ ਪੱਕੀ ਹੋ ਗਈ।"
ਉਸਨੇ ਜਿਵੇਂ ਤੇਜਵੀਰ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਹੀ ਕਿਹਾ।
"ਬਿਲਕੁਲ! ਇਹ ਤਾਂ ਹੁਣ ਨਿਰਵਿਵਾਦ ਰੂਪ ਵਿੱਚ ਸਾਬਿਤ ਹੋ ਚੁੱਕਾ ਕਿ ਇਹ ਕੋਈ ਖ਼ੁਦਕੁਸ਼ੀ ਨਹੀਂ, ਬਲਕਿ ਕਤਲ ਦਾ ਮਾਮਲਾ ਏ। ਤੇ ਕਾਤਿਲ ਵੀ ਬਾਹਰੋਂ ਆਇਆ ਕੋਈ ਐਸਾ ਸ਼ਖ਼ਸ ਏ, ਜਿਸ ਨਾਲ਼ ਰੁਪਿੰਦਰ ਦੇ ਫ਼ਿਜ਼ੀ…ਆਈ ਮੀਨ ਬੜੇ ਗਹਿਰੇ ਸੰਬੰਧ ਸਨ।"
"ਮੈਨੂੰ ਨੀ ਸੀ ਪਤਾ ਬਈ ਉਹ ਇਸ ਹੱਦ ਤੱਕ ਜਾ ਸਕਦਾ!"
ਤੇਜਵੀਰ ਦੇ ਕੰਨ ਖੜ੍ਹੇ ਹੋ ਗਏ।
" 'ਉਹ' ਕੌਣ?"
"ਲੁਕ ਮਿਸਟਰ ਤੇਜਵੀਰ, ਮੈਂ ਦੱਸ ਤਾਂ ਦਿੰਨੀ ਆਂ, ਪਰ ਪਹਿਲਾਂ ਤੁਹਾਨੂੰ ਇੱਕ ਵਾਅਦਾ ਕਰਨਾ ਪਊ ਮੇਰੇ ਨਾਲ਼।"
"ਉਹ ਕੀ?"
"ਇਹੀ, ਕਿ ਮੇਰਾ ਨਾਂ ਨੀ ਵਿੱਚ ਆਉਣਾ ਚਾਹੀਦਾ। ਮੈਂ ਨਹੀਂ ਚਾਹੁੰਦੀ ਕਿ ਫੁੱਫੜ ਜੀ ਹੁਰਾਂ ਨੂੰ ਪਤਾ ਚੱਲੇ ਕਿ ਮੈਂ ਤੁਹਾਨੂੰ ਕੁਝ ਦੱਸਿਆ।"
"ਪਰ ਸਿੰਮੀ! ਪੁਲਿਸ ਨੂੰ ਤਾਂ ਦੱਸਣਾ ਹੀ ਪਏਗਾ। ਨਾਲ਼ੇ ਇਸ ਨਾਲ਼ ਤਾਂ ਸਗੋਂ ਢਿੱਲੋਂ ਸਾਹਬ ਦੇ ਦਿਲ ਨੂੰ ਕੁਝ ਨਾ ਕੁਝ ਤਸੱਲੀ ਹੀ ਮਿਲੇਗੀ, ਕਿ ਉਹਨਾਂ ਦੀ ਜਵਾਨ ਧੀ ਦੀ ਇੱਜ਼ਤ ਰੋਲ਼ ਕੇ ਉਸਨੂੰ ਮੌਤ ਦੇ ਘਾਟ ਉਤਾਰਨ ਵਾਲ਼ਾ ਸ਼ਖ਼ਸ, ਤੁਹਾਡੀ ਗਵਾਹੀ ਸਦਕਾ ਫੜਿਆ ਗਿਆ।"
"ਬੱਸ ਮੈਂ ਨਹੀਂ ਚਾਹੁੰਦੀ ਕਿ ਫੁੱਫੜ ਜੀ ਜਾਂ ਕਿਸੇ ਹੋਰ ਨੂੰ ਵੀ ਇਸ ਬਾਰੇ ਪਤਾ ਲੱਗੇ। ਨਾਲ਼ੇ ਤੁਹਾਨੂੰ ਮੈਂ ਏਸੇ ਲਈ ਤਾਂ ਦੱਸ ਰਹੀ ਆਂ ਕਿ ਮੈਂ ਵੀ ਇਹੋ ਚਾਹੁੰਦੀ ਹਾਂ ਕਿ ਕਾਤਿਲ ਫੜਿਆ ਜਾ ਸਕੇ।"
"ਪਰ…।"
"ਪਰ-ਪੁਰ ਕੁਝ ਨਹੀਂ! ਜੇ ਤੁਸੀਂ ਵਾਅਦਾ ਕਰਦੇ ਓਂ ਤਾਂ ਠੀਕ, ਨਹੀਂ ਤਾਂ ਮੇਰੀ ਤੁਹਾਡੇ ਨਾਲ਼ ਇਸ ਬਾਰੇ ਕੋਈ ਗੱਲ ਨਹੀਂ ਹੋਈ, ਮੈਂ ਚੱਲਦੀ ਆਂ ਫਿਰ।"
ਪਰ ਉਸਨੇ ਉੱਠਣ ਦੀ ਕੋਈ ਕੋਸ਼ਿਸ਼ ਨਾ ਕੀਤੀ।
ਲੜਕੀ ਦਾ ਮਿਜ਼ਾਜ ਤੇਜਵੀਰ ਦੀ ਸਮਝੋਂ ਪਾਰ ਸੀ।
ਪਰਦਾ ਪਾ ਵੀ ਰਹੀ ਸੀ, ਪਰਦਾ ਹਟਾ ਵੀ ਰਹੀ ਸੀ।
"ਠੀਕ ਐ, ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਕਿ ਬਿਨਾਂ ਵਜ੍ਹਾ ਤੁਹਾਡਾ ਨਾਂ ਸਾਹਮਣੇ ਨਾ ਆਏ। ਵੈਸੇ ਵੀ ਤੁਹਾਡੇ ਦਿੱਤੀ ਜਾਣਕਾਰੀ ਤਾਂ ਬੱਸ ਇੱਕ ਇਸ਼ਾਰਾ ਭਰ ਹੀ ਹੋਏਗਾ, ਸਬੂਤ ਤਾਂ ਕਾਤਿਲ ਦੇ ਖ਼ਿਲਾਫ਼ ਪਹਿਲਾਂ ਹੀ ਬੜੇ ਨੇ। ਹੁਣ ਇਸ ਤੋਂ ਵੱਧ ਮੈਂ ਕੋਈ ਵਾਅਦਾ ਨਹੀਂ ਕਰ ਸਕਦਾ।"
"ਪਰ…।"
"ਦੇਖੋ ਸਿੰਮੀ! ਮੈਂ ਤੁਹਾਨੂੰ ਝੂਠ-ਮੂਠ ਦਾ ਦਿਲਾਸਾ ਵੀ ਦੇ ਸਕਦਾ ਸੀ, ਪਰ ਮੈਂ ਗੱਲ ਕਰ ਕੇ ਉਸਤੋਂ ਪਲਟਣ ਵਿੱਚ ਯਕੀਨ ਨਹੀਂ ਰੱਖਦਾ। ਹੁਣ ਜੇ ਤੁਹਾਨੂੰ ਪੁੱਗਦਾ ਏ, ਤਾਂ ਮੈਨੂੰ ਦੱਸ ਦਿਓ, ਨਹੀਂ ਤਾਂ ਦੇਰ-ਸਵੇਰ ਹੀ ਸਹੀ, ਕਾਤਿਲ ਦਾ ਤਾਂ ਪਤਾ ਲੱਗ ਹੀ ਜਾਏਗੀ। ਹੋਰ ਨਹੀਂ ਤਾਂ ਜੇ ਉਸਦੀ ਸ਼ਿਨਾਖ਼ਤ ਦਾ ਕੋਈ ਹੋਰ ਹੀਲਾ ਨਾ ਮਿਲ਼ਿਆ, ਤਾਂ ਪੁਲਿਸ ਤੁਹਾਡੇ ਤੋਂ ਸਖ਼ਤ, ਮੇਰੀ ਗੱਲ 'ਤੇ ਗ਼ੌਰ ਕਰਨਾ, ਸਖ਼ਤ ਪੁੱਛਗਿੱਛ ਕਰੇਗੀ। ਫੇਰ ਸ਼ਾਇਦ ਸੱਚ ਛੁਪਾਉਣਾ ਮੁਸ਼ਕਿਲ ਹੋਵੇਗਾ ਤੁਹਾਡੇ ਲਈ। ਸੋਚ ਲਓ!"
ਤੇਜਵੀਰ ਨੇ ਹਨੇਰੇ ਵਿੱਚ ਤੀਰ ਛੱਡਿਆ।
"ਠੀਕ ਐ! ਮੈਨੂੰ ਤੁਹਾਡੀ ਗੱਲ 'ਤੇ ਭਰੋਸਾ ਏ।"
ਤੀਰ ਸਹੀ ਨਿਸ਼ਾਨੇ 'ਤੇ ਜਾ ਵੱਜਾ ਸੀ।
"ਤਾਂ ਫਿਰ ਦੱਸੋ ਕਿ ਕੌਣ ਏ ਉਹ ਰਹੱਸਮਈ ਸ਼ਖ਼ਸ, ਜੋ ਰੁਪਿੰਦਰ ਦੇ ਇਸ ਹੌਲਨਾਕ ਅੰਜਾਮ ਦਾ ਕਾਰਣ ਬਣਿਆ?"
"ਮੈਨੂੰ ਸੰਨੀ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਏਸ ਹੱਦ ਤੱਕ ਵੀ ਚਲਿਆ ਜਾਊਗਾ!"
"ਸੰਨੀ ਕੌਣ?"
"ਸੰਨੀ ਬਾਜਵਾ, ਸਨ ਆੱਵ ਕੈਬਿਨਿਟ ਮਿਨਿਸਟਰ ਕੁਲਜੀਤ ਸਿੰਘ ਬਾਜਵਾ, ਰੁਪਿੰਦਰ ਦਾ ਬੁਆਏ ਫ਼ਰੈਂਡ, ਵੱਡੇ ਬਾਪ ਦਾ ਵਿਗੜਿਆ ਪੁੱਤ।"
'ਕਿਸੀ ਬੜੇ ਬਾਪ ਕੀ ਬਿਗੜੀ ਔਲਾਦ ਲਗਤਾ ਹੈ ਸਾਹਬ!'
ਤੇਜਵੀਰ ਦੇ ਜ਼ਿਹਨ 'ਚ 'ਬੜੇ ਮੀਆਂ' ਦੇ ਆਖੇ ਬੋਲ ਗੂੰਜੇ।
"ਗੱਡੀ ਕਿਹੜੀ ਰੱਖਦਾ ਸਾਹਬਜ਼ਾਦਾ?"
"ਫ਼ਾੱਰੁਚੁਨਰ।"
'ਯੇ ਬੜੀ ਸੀ ਗਾੜੀ ਹੈ ਉਸਕੀ ਸਾਹਬ।"
"ਸਮੋਕਿੰਗ ਕਰਦਾ?"
"ਪੱਕਾ ਚੇਨ-ਸਮੋਕਰ। ਪਹਿਲਾਂ ਤਾਂ ਰੁਪਿੰਦਰ ਨੂੰ ਆਪਣੇ ਝੂਠੇ ਪਿਆਰ ਦੇ ਜਾਲ਼ 'ਚ ਫਸਾ ਕੇ ਖੇਹ-ਖ਼ਰਾਬ ਕੀਤਾ, ਨਸ਼ੇ 'ਤੇ ਲਾ ਦਿੱਤਾ, ਤੇ ਜਦੋਂ ਨਿਭਾਉਣ ਦੀ ਵਾਰੀ ਆਈ ਤਾਂ ਪੈਰ 'ਤੇ ਆ ਕੇ ਮੁੱਕਰ ਗਿਆ ਕਮੀਨਾ।"
ਲੜਕੀ ਨੇ ਤਾਂ ਇਸ ਕੇਸ ਦੀ ਹਰ ਖਾਲੀ ਥਾਂ ਭਰ ਦਿੱਤੀ ਸੀ।
ਹਰ ਖਾਲੀ ਥਾਂ 'ਚ ਇੱਕੋ ਨਾਂ ਫਿੱਟ ਹੋ ਰਿਹਾ ਸੀ।
ਸੰਨੀ ਬਾਜਵਾ।
"ਪਰ ਦੇਖਿਓ, ਸੰਨੀ ਨੂੰ ਨਾ ਪਤਾ ਲੱਗ ਜੇ ਕਿਤੇ ਬਈ ਮੈਂ ਉਹਦਾ ਨਾਂ ਲਿਆ!"
"ਤੁਸੀਂ ਏਨਾ ਡਰਦੇ ਕਿਉਂ ਹੋ?"
"ਦੇਖੋ, ਉਹ ਠਹਿਰਿਆ ਵੱਡੇ ਬਾਪ ਦੀ ਔਲਾਦ! ਜੇ ਕਿਤੇ ਬਚ ਨਿੱਕਲਿਆ, ਤਾਂ ਮੇਰਾ ਕੀ ਬਣੂੰ? ਮੈਂ ਠਹਿਰੀ ਬਿਨ ਮਾਂ-ਬਾਪ ਦੀ ਕੁੜੀ। ਨਹੀਂ-ਨਹੀਂ, ਮੈਂ ਇਹ ਰਿਸਕ ਨਹੀਂ ਲੈ ਸਕਦੀ। ਤੁਸੀਂ ਪਲੀਜ਼ ਇਹ ਗੱਲ ਆਪਣੇ ਤੱਕ ਹੀ ਰੱਖਿਓ। ਮੈਂ ਇਸ ਪੰਗੇ 'ਚ ਨੀ ਪੈਣਾ ਚਾਹੁੰਦੀ। ਪਤਾ ਨੀ ਥੋਨੂੰ ਇਹ ਸਭ ਦੱਸ ਕੇ ਮੈਂ ਠੀਕ ਕੀਤਾ ਜਾਂ ਗ਼ਲਤ। ਪਰ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਕਿਸੇ ਹੋਰ ਦੇ ਸਾਹਮਣੇ ਨੀ ਲੈਣੀ। ਮੇਰੇ ਵਰਗੀ ਅਨਾਥ ਕੁੜੀ ਲਈ ਜ਼ਿੰਦਗੀ ਸੌਖੀ ਨੀਂ ਹੁੰਦੀ। ਤੁਸੀਂ ਸਮਝ ਸਕਦੇ ਓਂ, ਮੈਂ ਕੀ ਕਹਿ ਰਹੀ ਹਾਂ!"
ਠੀਕ ਹੀ ਤਾਂ ਕਹਿ ਰਹੀ ਸੀ ਲੜਕੀ।
ਉਸਦਾ ਡਰਨਾ ਅਸੁਭਾਵਿਕ ਨਹੀਂ ਸੀ।
"ਤੁਸੀਂ ਹੌਸਲਾ ਰੱਖੋ, ਇਹ ਨੌਬਤ ਨਹੀਂ ਆਏਗੀ। ਪਰ ਇਹ ਸਭ ਕੁਝ ਤੁਸੀਂ ਪਹਿਲਾਂ ਹੀ ਢਿੱਲੋਂ ਸਾਹਬ ਨੂੰ ਕਿਉਂ ਨਾ ਦੱਸਿਆ? ਜੇ ਤੁਸੀ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੰਦੇ, ਤਾਂ ਸ਼ਾਇਦ ਇਹ ਅਣਹੋਣੀ ਘਟਨਾ ਟਲ ਜਾਂਦੀ।"
"ਮੈਨੂੰ ਫੁੱਫੜ ਜੀ ਤੋਂ ਬਹੁਤ ਡਰ ਲੱਗਦਾ।" ਢਿੱਲੋਂ ਸਾਹਬ ਦੇ ਜ਼ਿਕਰ 'ਤੇ ਉਸਦੀਆਂ ਅੱਖਾਂ 'ਚ ਇੱਕ ਨਫ਼ਰਤ ਭਰੀ ਚਿੰਗਾਰੀ ਜਿਹੀ ਚਮਕੀ, "ਨਾਲ਼ੇ ਰੂਪੀ ਨੇ ਵੀ ਤਾਂ ਮਨ੍ਹਾਂ ਕੀਤਾ ਸੀ। ਹੁਣ ਮੈਨੂੰ ਕੀ ਪਤਾ ਸੀ ਕਿ ਸੰਨੀ ਮਾਰ ਈ ਦਊ ਰੂਪੀ ਨੂੰ?"
"ਠੀਕ ਏ, ਅਫ਼ੇਅਰ ਦੀ ਗੱਲ ਲੁਕੋਣੀ ਤਾਂ ਸਮਝ ਆਉਂਦੀ ਏ। ਪਰ ਇਹ ਪਤਾ ਲੱਗਣ ਦੇ ਬਾਵਜੂਦ ਕਿ ਰੁਪਿੰਦਰ ਡਰੱਗਜ਼ ਲੈਣ ਲੱਗ ਪਈ ਸੀ, ਤੁਸੀਂ ਇਸ ਬਾਰੇ ਵੀ ਲਕੋ ਰੱਖਿਆ? ਇਹ ਤਾਂ ਬੜੀ ਗੰਭੀਰ ਗੱਲ ਸੀ। ਆਖ਼ਿਰ ਤੁਹਾਡੀ ਭੈਣ ਦੀ ਜ਼ਿੰਦਗੀ ਸਵਾਲ ਸੀ ਇਹ।"
"ਦੇਖੋ. ਮੈਂ ਜੋ ਦੱਸਣਾ ਸੀ, ਤੁਹਾਨੂੰ ਦੱਸ 'ਤਾ। ਹੁਣ ਮੈਂ ਘਰ ਜਾਣਾ, ਮੈਨੂੰ ਦੇਰ ਹੁੰਦੀ ਏ, ਫੁੱਫੜ ਜੀ ਗੁੱਸੇ ਹੋਣਗੇ।"
ਆਖ ਕੇ ਉਹ ਹੱਥ 'ਚ ਫੜੇ ਹਾਲੇ ਅਧੂਰੀ ਹੀ ਕੌਫ਼ੀ ਦੇ ਕੱਪ ਨੂੰ ਟੇਬਲ 'ਤੇ ਰੱਖ, ਅਚਾਨਕ ਉੱਠ ਖੜ੍ਹੀ ਹੋਈ।
"ਸਿੰਮੀ, ਕੌਫ਼ੀ ਤਾਂ ਪੂਰੀ ਕਰਕੇ ਜਾਓ! ਏਨੀ ਵੀ ਕੀ ਕਾਹਲ਼ੀ?"
ਪਰ ਤੇਜਵੀਰ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ, ਅਲਵਿਦਾ ਆਖੇ ਬਗੈਰ ਹੀ, ਉਹ ਦਰਵਾਜ਼ਿਓਂ ਪਾਰ ਹੋ ਗਈ।
ਉਸਦੀ ਇਸ ਹਰਕਤ 'ਤੇ ਉਹ ਦੋਵੇਂ ਹੱਕੇ-ਬੱਕੇ ਰਹਿ ਗਏ।
"ਲ਼ੈ ਸਾਨੂੰ ਕੈਫ਼ੇਟੇਰੀਆ 'ਚ ਬੁਲਾ ਕੇ, ਆਪ ਅੱਧ ਵਿਚਾਲ਼ਿਓਂ ਉੱਠ ਕੇ ਤੁਰਦੀ ਬਣੀ, ਜਿਵੇਂ ਅੱਗ ਲੱਗੀ ਹੁੰਦੀ ਆ ਕਿਧਰੇ! ਨਾ ਜੇ ਕੌਫ਼ੀ ਨੀ ਸੀ ਪੀਣੀ ਤਾਂ ਐਥੇ ਦਾਣੇ ਚੱਬਣ ਨੂੰ ਬੁਲਾਇਆ ਸੀ? ਐਥੇ ਕਿਹੜੀ ਉਹਦੀ ਮਾਸੀ ਨੇ ਦਾਣੇ ਭੁੰਨਣ ਨੂੰ ਭੱਠੀ ਲਾਈ ਹੋਈ ਆ? …"
ਐਨੇ ਚਿਰ ਤੋਂ ਖ਼ਾਮੋਸ਼ ਬੈਠੇ ਗਗਨ ਦਾ ਤਵਾ ਸਟਾਰਟ ਹੋ ਗਿਆ ਸੀ।
"…ਨਾ ਤੂੰ ਬੜਾ ਮਜਨੂੰ ਆਂਗੂੰ ਤੁਰੀ ਜਾਂਦੀ ਲੈਲਾ ਨੂੰ ਹਸਰਤ ਜਹੀ ਨਾਲ਼ ਦੇਖੀ ਜਾਂਦਾ ਸੀ? ਜੁੱਸਾ ਦੇਖਿਆ ਉਹਦਾ? ਕੁਅੰਟਲ ਤੋਂ ਉੱਪਰ ਤਾਂ ਵਜ਼ਨ ਹੋਣਾ ਲੈਲਾ ਸਿੰਘ ਜੀ ਮਹਾਰਾਜ ਦਾ। ਜੇ ਕਿਤੇ ਉੱਤੇ ਬਹਿ ਗੀ ਤੇਰੇ, ਤਾਂ ਪੱਟੂਆ ਸਾਹ ਨੀ ਆਉਣਾ ਦੂਜਾ। ਚਾਲ ਨੀਂ ਦੇਖੀ ਮਸਤਾਨੀ ਦੀ? ਇਉਂ ਚੌੜੀ ਹੋ ਕੇ ਤੁਰੀ ਜਾਂਦੀ ਸੀ, ਜਿਵੇਂ ਗਾਮੇ ਭਲਵਾਨ ਨਾਲ਼ ਸ਼ਰਤ ਲਾਈ ਹੋਵੇ, ਬਈ 'ਦੇਖਦੇ ਆਂ ਵੱਧ ਚੌੜਾ ਹੋ ਕੇ ਕੌਣ ਤੁਰਦਾ, ਚੱਲ ਲੱਗੀ ਪੰਜਾਂ-ਪੰਜਾਂ ਦੀ'। ਕੱਦ-ਕਾਠੀ ਦੇਖ, ਪੱਠੀ ਨੇ ਤਾਂ ਮੈਨੂੰ ਵੀ ਕੰਪਲੈਕਸ ਜਿਹਾ ਦੇ'ਤਾ। ਤੇਰੇ ਅਰਗੇ ਦਾ ਤਾਂ ਤੇਜਵੀਰ ਸਿਆਂ ਅਗਲੀ ਬਾਲਾ ਕੱਢਕੇ ਰਿੰਗ 'ਤੋਂ ਬਾਹਰ ਮਾਰੇ। ਹਾਂ ਬਈ! 'ਆੱਲ ਰਾਊਂਡਰ' ਜੋ ਹੋਈ। ਨਾ ਕਿਸੇ ਐਂਗਲ ਤੋਂ ਲੱਗਦੀ ਆ ਬਈ ਜਨਾਨੀ ਜ਼ਾਤ ਆ ਇਹ? ਭਰਾਵਾ ਰੱਬ ਵੀ ਗ਼ਲਤੀ ਕਰ ਜਾਂਦਾ, ਅੱਜ ਅੱਖੀਂ ਦੇਖ ਲਿਆ।"
ਗਗਨ ਆਪਣੇ ਬੋਲਣ ਦਾ ਕੋਟਾ ਪੂਰਾ ਕਰਨ 'ਚ ਮਸ਼ਗ਼ੂਲ ਸੀ, ਪਰ ਤੇਜਵੀਰ ਉਸਨੂੰ ਸੁਣਨ ਦੀ ਬਜਾਏ ਬੜੀ ਗਹਿਰੀ ਸੋਚ 'ਚ ਡੁੱਬਿਆ ਪਿਆ ਸੀ।
"ਗਗਨ! ਥਿੰਦ ਸਾਹਬ ਨੂੰ ਫ਼ੌਰਨ ਸੂਚਿਤ ਕਰਨਾ ਚਾਹੀਦਾ ਏ। ਤੂੰ ਫ਼ੋਨ ਨੰਬਰ ਪਤਾ ਕਰ ਉਹਨਾਂ ਦਾ।" ਸੋਚ ਦੇ ਸਮੁੰਦਰ 'ਚੋਂ ਬਾਹਰ ਨਿੱਕਲਦਿਆਂ ਤੇਜਵੀਰ ਨੇ ਕਾਹਲ਼ ਜਿਹੀ ਦਰਸਾਉਂਦਿਆਂ ਆਖਿਆ।
"ਓ ਬਾਬਾ ਗੁਰੂ! ਕਿਉਂ ਕਾਹਲ਼ਾ ਪਈ ਜਾਨਾਂ ਗਗਨਜੀਤ ਸਿੰਘ ਤੂਰ ਦੇ ਹੁੰਦਿਆਂ-ਸੁੰਦਿਆਂ? ਆਉਣ ਲੱਗਿਆਂ ਨੰਬਰ ਲੈ ਲਿਆ ਸੀ ਮੈਂ।"
ਗਗਨ ਨੇ ਜੇਬ ਵਿੱਚੋਂ ਮੋਬਾਈਲ ਕੱਢਿਆ ਅਤੇ ਥਿੰਦ ਦਾ ਨੰਬਰ ਮਿਲਾ ਤੇਜਵੀਰ ਦੇ ਹਵਾਲੇ ਕਰ ਦਿੱਤਾ।
"ਹੈਲੋ! ਹਾਂ ਜੀ ਥਿੰਦ ਸਾਹਬ, ਮੈਂ ਤੇਜਵੀਰ ਬੋਲ ਰਿਹਾਂ…ਜੀ ਬਿਲਕੁਲ ਉਹੀ…ਥਿੰਦ ਸਾਹਬ ਆਪਣੇ ਮਿਸਟਰੀ ਮੈਨ ਦੀ ਮਿਸਟਰੀ ਸੌਲਵ ਹੋ ਗਈ।…ਬਿਲਕੁਲ ਠੀਕ ਸਮਝਿਆ ਸਰ! ਉਸਦਾ ਨਾਂ ਏ ਸੰਨੀ ਬਾਜਵਾ; ਕੈਬਿਨਿਟ ਮਿਨਿਸਟਰ ਕੁਲਜੀਤ ਸਿੰਘ ਬਾਜਵਾ ਦਾ ਸਪੂਤ।…ਬਿਲਕੁਲ ਥਿੰਦ ਸਾਹਬ, ਇੱਕਦਮ ਪੱਕੀ ਗੱਲ।…ਸਰ ਤੁਸੀਂ ਉਸਨੂੰ ਤਲਬ ਕਰਕੇ ਉਸਦੇ ਫ਼ਿੰਗਰ ਪ੍ਰਿੰਟਸ ਤੇ ਡੀ.ਐੱਨ.ਏ. ਚੈੱਕ ਕਰਵਾਓ, ਆਪਣੇ ਆਪ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਮੈਂ ਵੀ ਦੋ-ਤਿੰਨ ਘੰਟੇ 'ਚ ਹਾਜ਼ਰ ਹੁੰਨਾ।"
"ਪਰ ਕਾਕਾ ਜੀ, ਉਹ ਇੱਕ ਕੈਬਿਨਿਟ ਮਿਨਿਸਟਰ ਦਾ ਪੁੱਤਰ ਏ, ਕੋਈ ਮਾਮੂਲੀ ਜੇਬਕਤਰਾ ਨਹੀਂ, ਬਈ ਮੈਂ ਇਉਂ ਤਲਬ ਕਰਲਾਂ ਉਸਨੂੰ। ਤੁਸੀਂ ਸ਼ੱਕ ਦੀ ਬੁਨਿਆਦ ਤਾਂ ਦੱਸੋ? ਤੁਹਾਨੂੰ ਕਿਵੇਂ ਪਤਾ ਲੱਗਾ ਇਸ ਬਾਰੇ 'ਚ? ਜੇ ਕੋਈ ਗਵਾਹ ਏ ਤਾਂ ਮੇਰੇ ਕੋਲ਼ ਲੈ ਆਓ, ਜਾਂ ਮੈਨੂੰ ਨਾਂ ਹੀ ਦੱਸ ਦਿਓ। ਤਸਦੀਕ ਕਰਕੇ ਹੀ ਤਾਂ ਕਾਰਵਾਈ ਹੋਵੇਗੀ ਕਾਕਾ ਜੀ!"
ਥਿੰਦ ਠੀਕ ਆਖ ਰਿਹਾ ਸੀ।
ਹਵਾ 'ਚ ਗੱਲ ਕੀਤਿਆਂ ਤਾਂ ਗੱਲ ਨਹੀਂ ਬਣਨੀ।
ਸ਼ੱਕ ਦੀ ਠੋਸ ਵਜ੍ਹਾ ਤਾਂ ਬਿਆਨ ਕਰਨੀ ਹੀ ਪਏਗੀ।
ਕੀ ਉਹ ਸਿੰਮੀ ਦਾ ਨਾਂ ਲੈ ਦਵੇ?
ਪਰ ਇਉਂ ਦਿੱਤੇ ਹੋਏ ਭਰੋਸੇ ਨੂੰ ਤੋੜਨਾ ਤੇਜਵੀਰ ਨੂੰ ਗਵਾਰਾ ਨਾ ਹੋਇਆ।
ਤਾਂ ਫਿਰ ਉਹ ਥਿੰਦ ਨੂੰ ਕੀ ਜਵਾਬ ਦਏ?
"ਹੈਲੋ? ਤੇਜਵੀਰ? ਲਾਈਨ ਤੇ ਤਾਂ ਹੈਂ ਬਈ?"
ਤੇਜਵੀਰ ਨੂੰ ਜਵਾਬ ਸੁੱਝ ਚੁੱਕਾ ਸੀ।
"ਥਿੰਦ ਸਾਹਬ, ਤੁਹਾਨੂੰ ਯਾਦ ਹੋਣਾਂ ਬਈ ਅੱਜ ਮੈਂ ਮਿੱਠਾ ਪਾਨ ਖਾਣ ਗਿਆ ਸੀ?"
"ਕਾਕਾ ਜੀ! ਮੇਰੇ ਨਾਲ਼ ਮਜ਼ਾਕ ਕਰਨ ਲਈ ਫ਼ੋਨ ਕੀਤਾ ਤੁਸੀਂ?"
"ਨਹੀਂ-ਨਹੀਂ ਥਿੰਦ ਸਾਹਬ! ਪਲੀਜ਼ ਡੋਂਟ ਗੈੱਟ ਮੀ ਰੌਂਗ! ਆਈ ਐਮ ਨਾੱਟ ਜੋਕਿੰਗ ਐਟ ਆੱਲ! ਆਈ ਐਮ ਸੀਰੀਅਸ!"
"ਹਾਂ, ਮੈਨੂੰ ਯਾਦ ਏ।"
"ਬੱਸ ਤੁਸੀਂ ਇੱਕ ਵਾਰ ਉਸ ਪਨਵਾੜੀ ਦਾ ਸਾਹਮਣਾ ਸੰਨੀ ਬਾਜਵਾ ਨਾਲ਼ ਕਰਵਾ ਦਿਓ। ਉਹ ਸੰਨੀ ਬਾਜਵਾ ਨੂੰ, ਕਤਲ ਦੀ ਰਾਤ ਕੰਧ ਟੱਪ ਕੇ ਹੋਸਟਲ 'ਚ ਫੇਰਾ ਲਾਉਣ ਵਾਲ਼ੇ, ਉਸ ਰੂਟ ਦੇ ਰੈਗੂਲਰ ਵਿਜ਼ਿਟਰ ਦੇ ਰੂਪ ਵਿੱਚ ਸ਼ਰਤੀਆ ਪਹਿਚਾਣ ਲਏਗਾ। ਇਸ ਬੁਨਿਆਦ 'ਤੇ ਤੁਸੀਂ ਸੰਨੀ ਬਾਜਵਾ ਨੂੰ ਘੱਟੋ-ਘੱਟ ਪੁੱਛ-ਗਿੱਛ ਲਈ ਤਾਂ ਬੁਲਾ ਹੀ ਸਕਦੇ ਹੋ? ਬਾਕੀ ਤੁਸੀਂ ਖ਼ੁਦ ਸਮਝਦਾਰ ਹੋ ਥਿੰਦ ਸਾਹਬ।"
ਅੱਗੇ ਤੇਜਵੀਰ ਨੂੰ ਨਾ ਕੁਝ ਕਹਿਣ ਦੀ ਲੋੜ ਪਈ, ਨਾ ਥਿੰਦ ਨੂੰ ਸੁਨਣ ਦੀ।
+++++
ਰਾਏਕੋਟ ਤੋਂ ਚੱਲ ਕੇ ਪਹਿਲਾਂ ਉਹ 'ਰੋਜ਼ਾਨਾ ਖ਼ਬਰਨਾਮਾ' ਦੇ ਦਫ਼ਤਰ ਪਹੁੰਚੇ।
ਭੋਗਲ ਸਾਹਬ ਆਪਣੇ ਕੇਬਿਨ 'ਚ ਮੌਜੂਦ ਸਨ।
ਤੇਜਵੀਰ ਨੇ ਸਾਰੀ ਸੂਰਤੇ-ਹਾਲ ਬਿਆਨ ਕੀਤੀ।
ਭੋਗਲ ਸਾਹਬ ਨੇ ਉਹਨਾਂ ਦੀ ਪ੍ਰੋਗਰੈੱਸ ਰਿਪੋਰਟ 'ਤੇ ਤਸੱਲੀ ਪ੍ਰਗਟਾਈ। ਪਰ ਨਾਲ਼ ਹੀ ਇਹ ਵੀ ਚੇਤਾਇਆ ਕਿ ਬਿਨਾਂ ਠੋਸ ਸਬੂਤਾਂ ਦੀ ਤਸਦੀਕ ਕੀਤਿਆਂ, ਕਿਸੇ ਦਾ ਨਾਂ ਪਬਲਿਕ 'ਚ ਉਛਾਲਣਾ 'ਰੋਜ਼ਾਨਾ ਖ਼ਬਰਨਾਮਾ' ਦੀ ਪਾਲਿਸੀ 'ਚ ਸ਼ੁਮਾਰ ਨਹੀਂ। ਸੋ ਜਦੋਂ ਤੱਕ ਪੁਲਿਸ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰ ਕੇ ਸੰਨੀ ਬਾਜਵਾ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ, ਇਸ ਖ਼ਬਰ ਨੂੰ ਹੋਲਡ 'ਤੇ ਰੱਖਣਾ ਚਾਹੀਦਾ ਹੈ। ਥਿੰਦ ਦੀ ਕਾਬਲੀਅਤ ਅਤੇ ਇਮਾਨਦਾਰੀ 'ਤੇ ਭਰੋਸਾ ਜਤਾਉਂਦਿਆਂ ਉਹਨਾਂ ਕਿਹਾ ਕਿ ਉਸ ਵੱਲੋਂ ਕੋਈ ਸਿਆਸੀ ਦਬਾਅ ਥੱਲੇ ਆ ਕੇ ਕਿਸੇ ਕਿਸਮ ਦੀ ਢਿੱਲ ਵਰਤਣ ਦੀ ਕੋਈ ਉਮੀਦ ਨਹੀਂ, ਸੋ ਨਤੀਜਾ ਜਲਦੀ ਹੀ ਨਿੱਕਲੇਗਾ। ਅਤੇ ਨਾਲ਼ ਹੀ ਦਿਖਾਈ ਫੁਰਤੀ ਦੇ ਮੱਦੇਨਜ਼ਰ ਉਹਨਾਂ ਤੇਜਵੀਰ ਅਤੇ ਗਗਨ ਦੀ ਬਕਾਇਦਾ ਪਿੱਠ ਠੋਕੀ। ਉਥੋਂ ਫ਼ਾਰਿਗ ਹੋ ਉਹ ਦੋਵੇਂ ਪੁਲਿਸ ਹੈੱਡਕੁਆਰਟਰ ਪਹੁੰਚੇ।
ਥਿੰਦ ਦੇ ਆਫ਼ਿਸ ਦੇ ਦਰਵਾਜ਼ੇ ਦੇ ਬਾਹਰ ਖੜ੍ਹੇ ਸਿਪਾਹੀ ਨੇ ਪਰਿਚੈ ਪਾ, ਉਹਨਾਂ ਨੂੰ ਬੇਹਿਚਕ ਅੰਦਰ ਜਾਣ ਦਾ ਸੰਕੇਤ ਕੀਤਾ।
ਜ਼ਰੂਰ ਉਹਨਾਂ ਦੀ ਆਮਦ ਸੰਬੰਧੀ ਥਿੰਦ ਵੱਲੋਂ ਉਸ ਨੂੰ ਪਹਿਲਾਂ ਹੀ ਨਿਰਦੇਸ਼ ਪ੍ਰਾਪਤ ਹੋ ਚੁੱਕੇ ਸਨ।
ਆਫ਼ਿਸ ਅੰਦਰ ਪ੍ਰਵੇਸ਼ ਕਰਦਿਆਂ ਹੀ ਤੇਜਵੀਰ ਨੂੰ ਅੰਦਰਲੇ ਮਾਹੌਲ ਦੀ ਗਰਮੀ ਦਾ ਅਹਿਸਾਸ ਹੋ ਗਿਆ।
"ਪਰ ਇੰਸਪੈਕਟਰ ਸਾਹਬ, ਸੰਨੀ ਦਾ ਇਸ ਮਾਮਲੇ ਨਾਲ਼ ਕੀ ਲੈਣਾ-ਦੇਣਾ? ਫਿਰ ਆਖ਼ਿਰ ਇਸ ਇਲਜ਼ਾਮ ਦੀ ਕੋਈ ਵਜ੍ਹਾ ਵੀ ਤਾਂ ਹੋਵੇ?"
ਦੁੱਧ-ਚਿੱਟੇ ਰੰਗ ਦੇ ਕੁੜਤੇ-ਪਜਾਮੇ ਅਤੇ ਉਸੇ ਰੰਗ ਦੀ ਹੀ ਪਗੜੀ ਪਹਿਨੇ, ਅੱਧਖੜ੍ਹ ਉਮਰ ਨੂੰ ਪਾਰ ਕਰਦੇ ਵਿਅਕਤੀ ਦੇ ਮੂੰਹੋਂ ਨਿੱਕਲੇ ਇਹ ਅਲਫ਼ਾਜ਼ ਸੁਣਦਿਆਂ ਸਾਰ ਹੀ, ਤੇਜਵੀਰ ਨੂੰ ਝੱਟ ਇਹ ਅੰਦਾਜ਼ਾ ਹੋ ਗਿਆ ਕਿ ਹੋਵੇ ਨਾ ਤਾਂ ਇਹ ਸ਼ਖ਼ਸ ਜ਼ਰੂਰ ਬਜ਼ਾਤੇ-ਖ਼ੁਦ ਕੈਬਿਨਿਟ ਮਿਨਿਸਟਰ ਕੁਲਜੀਤ ਸਿੰਘ ਬਾਜਵਾ ਹੀ ਸੀ।
ਫਿਰ ਤਾਂ ਜ਼ਰੂਰ ਉਸਦੇ ਨਾਲ਼ ਵਾਲ਼ੀ ਕੁਰਸੀ 'ਤੇ ਬੈਠਾ ਅਲਟਰਾ ਮਾੱਡਰਨ ਪਹਿਨਾਵੇ ਵਾਲ਼ਾ ਗੋਰਾ ਚਿੱਟਾ ਲੜਕਾ, ਸੰਨੀ ਬਾਜਵਾ ਹੀ ਸੀ।
ਤੇਜਵੀਰ ਥਿੰਦ ਦੀ ਮੁਸਤੈਦੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ।
ਥਿੰਦ ਦੀ ਨਜ਼ਰ ਉਹਨਾਂ 'ਤੇ ਪਈ ਤਾਂ ਦਰਵਾਜ਼ੇ 'ਤੇ ਖੜ੍ਹੇ-ਖੜ੍ਹੇ ਹੀ ਉਹਨਾਂ ਸਿਰ ਨਿਵਾਇਆ।
ਉਸਨੇ ਉਹਨਾਂ ਨੂੰ ਆਪਣੇ ਆਫ਼ਿਸ ਟੇਬਲ ਦੇ ਸੱਜੇ ਪਾਸੇ ਪਈਆਂ ਦੋ ਕੁਰਸੀਆਂ ਉੱਪਰ ਬੈਠਣ ਦਾ ਇਸ਼ਾਰਾ ਕਰਦਿਆਂ-ਕਰਦਿਆਂ, ਮੰਤਰੀ ਸਾਹਬ ਨੂੰ ਜਵਾਬ ਦੇਣਾ ਸ਼ੁਰੂ ਕੀਤਾ।
"ਮਿਨਿਸਟਰ ਸਾਹਬ, ਤੁਸੀਂ ਗ਼ਲਤ ਸਮਝ ਰਹੇ ਹੋ। ਮੈਂ ਕੋਈ ਇਲਜ਼ਾਮ ਨਹੀਂ ਲਾ ਰਿਹਾ। ਇਹ ਤਾਂ ਬੱਸ ਇਸ ਮਾਮੂਲੀ ਜਿਹੀ ਰੁਟੀਨ ਪੁੱਛਗਿੱਛ ਲਈ ਹੀ ਬੁਲਾਇਆ ਗਿਆ ਸੀ ਸੰਨੀ ਸਾਹਬ ਨੂੰ। ਇਹ ਕੋਈ ਗ੍ਰਿਫ਼ਤਾਰੀ ਨਹੀਂ, ਬਲਕਿ ਮਹਿਜ਼ ਇੱਕ ਰੁਟੀਨ ਇਨਕੁਆਰੀ ਏ।"
ਪਰ ਉਸਦੇ ਜਵਾਬ ਵੱਲ ਗ਼ੈਰਦਿਲਚਸਪੀ ਦਿਖਾਉਂਦੇ ਹੋਏ ਮੰਤਰੀ ਸਾਹਬ ਦਾ ਸਾਰਾ ਧਿਆਨ ਹੁਣ ਤੇਜਵੀਰ ਅਤੇ ਗਗਨ ਵੱਲ ਕੇਂਦਰਿਤ ਹੋ ਗਿਆ।
"ਇਹ ਲੋਕ ਕੌਣ ਨੇ? ਨਾਲ਼ੇ ਐਥੇ ਕੀ ਕਰ ਰਹੇ ਨੇ?"
ਗੁੱਸੇ ਅਤੇ ਹੈਰਾਨੀ ਦੀ ਮਿਲੀ-ਜੁਲੀ ਸੁਰ 'ਚ, ਪੈਂਦੀ ਸੱਟੇ ਹੀ ਮੰਤਰੀ ਸਾਹਬ ਨੇ ਸਵਾਲ ਦਾਗਿਆ।
ਥਿੰਦ ਨੇ ਜਾਣ-ਪਛਾਣ ਕਰਾਈ ਤਾਂ ਤੇਜਵੀਰ ਅਤੇ ਗਗਨ ਨੇ ਸਿਰ ਨਿਵਾ ਕੇ ਅਭਿਵਾਦਨ ਕੀਤਾ, ਪਰ ਉਹਨਾਂ ਦੇ ਅਭਿਵਾਦਨ ਨੂੰ ਉੱਕਾ ਹੀ ਅੱਖੋਂ-ਪਰੋਖੇ ਕਰ, ਮੰਤਰੀ ਸਾਹਬ ਨੇ ਅੱਗ ਉਗਲ਼ੀ।
"ਇੰਸਪੈਕਟਰਾ! ਤੂੰ ਪੱਤਰਕਾਰਾਂ ਨੂੰ ਵੀ ਬੁਲਾ ਲਿਆ ਐਥੇ? ਮੇਰੀ ਇਮੇਜ ਨੂੰ ਖ਼ਰਾਬ ਕਰਨ ਦੀ ਕੀ ਸਾਜ਼ਿਸ਼ ਹੋ ਰਹੀ ਐ ਐਥੇ? ਇਹ ਤੂੰ ਚੰਗੀ ਗੱਲ ਨੀਂ ਕੀਤੀ। ਇਹਦਾ ਨਤੀਜਾ ਠੀਕ ਨਹੀਂ ਨਿੱਕਲਣਾ।"
ਮੰਤਰੀ ਸਾਹਬ ਦੀ ਭਾਸ਼ਾ 'ਤੂੰ-ਤਕਾਰ' 'ਤੇ ਉੱਤਰ ਆਈ ਸੀ।
ਥਿੰਦ ਨੇ ਬੜੇ ਠਰੰਮੇ ਨਾਲ਼ ਉੱਤਰ ਦਿੱਤਾ।
"ਮਿਨਿਸਟਰ ਸਾਹਬ, ਤੁਸੀਂ ਫਿਰ ਗ਼ਲਤ ਸਮਝ ਰਹੇ ਓਂ। ਐਸੀ ਕੋਈ ਗੱਲ ਨਹੀਂ। ਦਰਅਸਲ ਇਹ ਦੋਵੇਂ ਤਾਂ ਸ਼ੁਰੂ ਤੋਂ ਹੀ ਇਸ ਕੇਸ ਦੀ ਤਹਿਕੀਕਾਤ ਨਾਲ਼ ਜੁੜੇ ਹੋਏ ਨੇ। ਜੇ ਤੁਸੀਂ ਗ਼ੌਰ ਕੀਤਾ ਹੋਵੇ ਤਾਂ ਤੇਜਵੀਰ ਨੇ ਹੀ ਆਪਣੀ ਖ਼ਬਰ ਰਾਹੀਂ ਇਸ ਕੇਸ ਦਾ ਇਹ ਨਵਾਂ ਐਂਗਲ ਸਾਹਮਣੇ ਰੱਖਿਆ ਸੀ ਕਿ ਇਹ ਕੋਈ ਖ਼ੁਦਕੁਸ਼ੀ ਨਹੀਂ ਬਲਕਿ ਕਤਲ ਹੈ।"
"ਅੱਛਾ!! ਹੁਣ ਮੈਂ ਸਮਝਿਆ!" ਜ਼ਹਿਰ ਬੁਝੇ ਸ਼ਬਦਾਂ ਦੇ ਤੀਰ ਛੱਡਦਿਆਂ ਮੰਤਰੀ ਸਾਹਬ ਨੇ ਮੂੰਹ ਤੇਜਵੀਰ ਵੱਲ ਘੁੰਮਾਇਆ।
"ਕਾਕਾ! ਆੱਪੋਜ਼ੀਸ਼ਨ ਨੇ ਕਿੰਨਾ ਚੜ੍ਹਾਵਾ ਚੜ੍ਹਾਇਆ? ਮੈਂ ਵੀ ਕਹਾਂ ਬਈ ਇਹ ਸਾਲ਼ਾ ਡਰਾਮਾ ਜਿਹਾ ਕੀ ਹੋਈ ਜਾਂਦਾ! ਤਾਂ ਮੇਰੀ ਪਬਲਿਕ ਇਮੇਜ ਨੂੰ ਸੱਟ ਮਾਰਨ ਲਈ, ਹੁਣ ਮੇਰੇ ਮੁੰਡੇ ਨੂੰ ਇਸ ਕੇਸ ਵਿੱਚ ਖੜੀਸਣ ਦੀ ਸਾਜ਼ਿਸ਼ ਹੋ ਰਹੀ ਏ ਐਥੇ!! ਪਰ ਮੈਂ ਇਹ ਸਾਜ਼ਿਸ਼ ਕਾਮਯਾਬ ਨੀਂ ਹੋਣ ਦੇਣੀ, ਇਹ ਗੱਲ ਯਾਦ ਰੱਖਿਓ ਤੁਸੀਂ ਲੋਕ।"
ਮੰਤਰੀ ਸਾਹਬ ਦੀ 'ਤੁਸੀਂ' ਵਿੱਚ ਥਿੰਦ ਵੀ ਸ਼ਾਮਿਲ ਸੀ।
ਏਨੀ ਦੇਰ ਨੂੰ, ਅਚਨਚੇਤ ਹੀ, ਸੰਨੀ ਬਾਜਵਾ ਨੇ ਬੜੀ ਅਣਕਿਆਸੀ ਹਰਕਤ ਕਰ ਦਿੱਤੀ।
ਉਸਨੇ ਬੜੀ ਫੁਰਤੀ ਨਾਲ਼ ਉੱਠ ਕੇ ਤੇਜਵੀਰ ਦਾ ਗਿਰੇਬਾਨ ਫੜ ਲਿਆ ਅਤੇ ਦਹਾੜ ਛੱਡੀ।
"ਤੈਨੂੰ ਤਾਂ ਮੈਂ ਦੇਖੂੰ ਸਾਲ਼ਿਆ ਵੱਡੇ ਪੱਤਰਕਾਰ ਨੂੰ! ਸੰਨੀ ਬਾਜਵਾ ਨਾਉਂ ਐ ਮੇਰਾ, ਸੰਨੀ ਬਾਜਵਾ!"
ਕੁਝ ਪਲਾਂ ਲਈ ਤਾਂ ਤੇਜਵੀਰ ਸਮੇਤ ਸਭ ਸੁੰਨ ਹੋ ਗਏ।
"ਗਲ਼ਾਵਾਂ ਛੱਡ ਅਮੀਰਜ਼ਾਦੇ।"
ਸੰਭਲ਼ਦੇ ਸਾਰ ਹੀ, ਗਿਣੇ-ਚੁਣੇ ਪਰ ਅਤਿਅੰਤ ਦ੍ਰਿੜ ਸ਼ਬਦ ਤੇਜਵੀਰ ਦੇ ਮੂੰਹੋਂ ਨਿੱਕਲੇ।
ਅੰਗਾਰੇ ਵਰ੍ਹਾਉਂਦੀਆਂ ਅੱਖਾਂ ਕੱਢਦੇ ਸੰਨੀ ਉੱਤੇ ਕੋਈ ਅਸਰ ਨਾ ਹੁੰਦਾ ਦੇਖ, ਥਿੰਦ ਆਪਣੀ ਕੁਰਸੀ ਤੋਂ ਉੱਠ ਖਲੋਇਆ।
ਪਰ ਇਸ ਤੋਂ ਪਹਿਲਾਂ ਕਿ ਉਹ ਸੰਨੀ ਵੱਲ ਲਪਕਦਾ, ਮੰਤਰੀ ਸਾਹਬ ਦਾ ਸਿਆਸੀ ਦਿਮਾਗ਼ ਮੌਕੇ ਦੀ ਗੰਭੀਰਤਾ ਦਾ ਜਾਇਜ਼ਾ ਲੈ ਚੁੱਕਾ ਸੀ।
"ਸੰਨੀ!"
ਮੰਤਰੀ ਸਾਹਬ ਦੀ ਜ਼ੋਰਦਾਰ ਦਹਾੜ ਪੂਰੇ ਕਮਰੇ ਵਿੱਚ ਗੂੰਜੀ।
ਗਗਨ ਦਾ ਘਸੁੰਨ ਸੰਨੀ ਦੀ ਗਿੱਚੀ 'ਤੇ ਪੈਣ ਤੋਂ ਪਹਿਲਾਂ ਹੀ ਹਵਾ 'ਚ ਫ੍ਰੀਜ਼ ਹੋ ਗਿਆ।
ਸ਼ੇਰ ਵਾਂਗੂੰ ਦਹਾੜਦਾ ਸੰਨੀ ਬਾਜਵਾ, ਪਿਓ ਦਾ ਦਬਕਾ ਸੁਣਦੇ ਸਾਰ ਹੀ ਤੇਜਵੀਰ ਦਾ ਗਿਰੇਬਾਨ ਛੱਡ, ਭਿੱਜੀ ਬਿੱਲੀ ਵਾਂਗੂੰ ਆਪਣੀ ਕੁਰਸੀ 'ਚ ਜਾ ਦੁਬਕਿਆ।
ਪਰ ਉਸਨੇ ਆਪਣੀਆਂ ਤੀਰ-ਬਰਛੇ ਵਰ੍ਹਾਉਂਦੀਆਂ ਨਜ਼ਰਾਂ ਤੇਜਵੀਰ 'ਤੋਂ ਨਾ ਹਟਾਈਆਂ।
ਗਗਨ ਵੀ ਢਿੱਲਾ ਪੈ ਕੇ ਆਪਣੀ ਜਗ੍ਹਾ 'ਤੇ ਜਾ ਬੈਠਾ।
ਥਿੰਦ ਨੇ ਵਾਪਿਸ ਆਪਣੀ ਕੁਰਸੀ ਮੱਲਦਿਆਂ ਸੰਨੀ ਨੂੰ ਆਖਿਆ, "ਮਿਸਟਰ ਸੰਨੀ, ਸੇ ਸਾੱਰੀ ਟੂ ਮਿਸਟਰ ਤੇਜਵੀਰ।"
"ਹੋਸ਼ ਦੀ ਦਵਾ ਕਰ ਇੰਸਪੈਕਟਰਾ!" ਮੰਤਰੀ ਸਾਹਬ ਦੀ ਗਰਜ ਫਿਰ ਗੂੰਜੀ।
"ਹੋਸ਼ ਦੀ ਦਵਾ ਦੀ ਤੁਹਾਨੂੰ ਅਤੇ ਤੁਹਾਡੇ ਸਾਹਬਜ਼ਾਦੇ ਨੂੰ ਜ਼ਿਆਦਾ ਜ਼ਰੂਰਤ ਹੈ ਮਿਨਿਸਟਰ ਸਾਹਬ!" ਇਸ ਵਾਰ ਥਿੰਦ ਦੀ ਆਵਾਜ਼ 'ਚ ਦ੍ਰਿੜਤਾ ਦੇ ਨਾਲ਼-ਨਾਲ਼ ਕਠੋਰਤਾ ਵੀ ਝਲਕ ਉੱਠੀ, "ਤੁਸੀਂ ਇੱਕ ਪੜ੍ਹੇ-ਲਿਖੇ ਬਾ-ਰਸੂਖ ਸ਼ਹਿਰੀ ਓਂ, ਜਨਤਾ ਦੀ ਨੁਮਾਇੰਦਗੀ ਕਰਨ ਵਾਲ਼ੇ ਕੈਬਿਨਿਟ ਮਿਨਿਸਟਰ ਓਂ, ਇੱਕ ਪਬਲਿਕ ਫਿੱਗਰ ਓਂ, ਜਨਤਾ ਲਈ ਆਦਰਸ਼ ਓਂ। ਤੁਹਾਨੂੰ ਅਤੇ ਤੁਹਾਡੇ ਫ਼ਰਜ਼ੰਦ ਨੂੰ ਇਹ ਵਿਵਹਾਰ ਸ਼ੋਭਾ ਨਹੀਂ ਦਿੰਦਾ। ਮੈਂ ਤੁਹਾਡੇ ਨਾਲ਼ ਬੜੇ ਅਦਬ ਨਾਲ਼ ਪੇਸ਼ ਆ ਰਿਹਾਂ। ਪਰ ਤੁਸੀਂ ਏਨੀ ਜ਼ਿੰਮੇਵਾਰ ਸ਼ਖ਼ਸੀਅਤ ਹੋਣ ਦੇ ਬਾਵਜੂਦ, ਦੋ ਪੱਤਰਕਾਰਾਂ ਦੀ ਮੌਜੂਦਗੀ 'ਚ, ਇੱਕ ਆੱਨ ਡਿਊਟੀ ਪੁਲਿਸ ਅਫ਼ਸਰ ਨਾਲ਼ ਅਸੱਭਿਅਕ ਭਾਸ਼ਾ ਦਾ ਪ੍ਰਯੋਗ ਕੀਤਾ, ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੁਹਾਡੇ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਨਾਜਾਇਜ਼ ਇਲਜ਼ਾਮ ਲਗਾਇਆ, ਜਦਕਿ ਮੈਂ ਸਿਰਫ਼ ਆਪਣੀ ਡਿਊਟੀ ਨੂੰ ਅੰਜਾਮ ਦੇ ਰਿਹਾਂ। ਤੁਸੀਂ ਮੇਰੇ ਨਾਲ਼ ਬਦਸਲੂਕੀ ਕੀਤੀ, ਚਲੋ ਕੋਈ ਗੱਲ ਨਹੀਂ। ਪਰ ਤੁਹਾਡੇ ਇਸ ਫ਼ਰਜ਼ੰਦ ਨੇ ਪੁਲਿਸ ਹੈੱਡਕੁਆਰਟਰ ਦੀ ਛੱਤ ਹੇਠ, ਇੱਕ ਕੈਬਨਿਟ ਮਿਨਿਸਟਰ, ਇੱਕ ਪੁਲਿਸ ਇੰਸਪੈਕਟਰ ਅਤੇ ਇੱਕ ਪੱਤਰਕਾਰ ਦੀ ਮੌਜੂਦਗੀ ਵਿੱਚ, ਇੱਕ ਪੱਤਰਕਾਰ ਦੇ ਗਲ਼ਾਵੇਂ ਨੂੰ ਹੱਥ ਪਾਇਆ, ਉਸਨੂੰ ਗਾਲ਼੍ਹਾਂ ਕੱਢੀਆਂ ਅਤੇ ਦੇਖ ਲੈਣ ਦੀ ਧਮਕੀ ਵੀ ਦਿੱਤੀ। ਕਾਨੂੰਨ ਦਾ ਮੁਹਾਫ਼ਿਜ਼ ਹੋਣ ਦੇ ਨਾਤੇ, ਤੁਹਾਡੇ ਫ਼ਰਜ਼ੰਦ ਦੀ ਇਸ ਗ਼ੈਰਕਾਨੂੰਨੀ ਹਰਕਤ ਨੂੰ ਮੈਂ ਅੱਖੋਂ-ਪਰੋਖੇ ਨਹੀਂ ਕਰ ਸਕਦਾ, ਮਿਨਿਸਟਰ ਸਾਹਬ!"
ਮੰਤਰੀ ਸਾਹਬ ਨੇ ਕੁਝ ਕਹਿਣ ਲਈ ਮੂੰਹ ਖੋਲ੍ਹਿਆ, ਪਰ ਫਿਰ ਕੁਝ ਸੋਚ ਕੇ ਆਪਣਾ ਇਰਾਦਾ ਬਦਲ ਦਿੱਤਾ।
"ਮਿਨਿਸਟਰ ਸਾਹਬ, ਆਸਕ ਮਿਸਟਰ ਸੰਨੀ ਫ਼ਾੱਰ ਸੇ ਸਾੱਰੀ ਟੂ ਮਿਸਟਰ ਤੇਜਵੀਰ। ਐਂਡ ਬਿਲੀਵ ਮੀ, ਇਹ ਮੈਂ ਤੁਹਾਡੇ ਭਲੇ ਲਈ ਹੀ ਕਹਿ ਰਿਹਾਂ।"
ਥਿੰਦ ਇੱਕ ਇਮਾਨਦਾਰ ਅਤੇ ਬੇਖ਼ੌਫ਼ ਪੁਲਿਸ ਅਫ਼ਸਰ ਹੋਣ ਦਾ ਨਾਲ਼-ਨਾਲ਼ ਇੱਕ ਜ਼ਹੀਨ ਇਨਸਾਨ ਵੀ ਸੀ, ਤੇਜਵੀਰ ਨੇ ਇਸਦਾ ਮੁਜ਼ਾਹਰਾ ਵੀ ਦੇਖ ਲਿਆ ਸੀ। ਉਸਨੇ ਮੰਤਰੀ ਸਾਹਬ ਦੀ ਦੁਖਦੀ ਰਗ਼ 'ਤੇ, ਬੜੇ ਪੋਲੇ ਜਿਹੇ, ਪਰ ਬੜੀ ਮਜ਼ਬੂਤ ਚੋਟ ਕੀਤੀ ਸੀ। ਸ਼ਾਇਦ ਏਸੇ ਲਈ ਹੀ ਇੱਕ ਇਮਾਨਦਾਰ ਪੁਲਿਸ ਅਫ਼ਸਰ ਹੋਣ ਦੇ ਬਾਵਜੂਦ ਵੀ, ਉਹ ਇਸ ਮਹਿਕਮੇ 'ਚ ਏਨੀ ਦ੍ਰਿੜਤਾ ਨਾਲ ਟਿਕਿਆ ਹੋਇਆ ਸੀ।
ਮੰਤਰੀ ਸਾਹਬ ਨੇ ਸਥਿਤੀ ਦਾ ਫ਼ਾਇਦਾ-ਨੁਕਸਾਨ ਬੜੀ ਜਲਦੀ ਤੋਲ ਲਿਆ।
ਆਖ਼ਿਰ ਇੱਕ ਰਾਜਨੀਤੀਵਾਨ ਦਾ ਦਿਮਾਗ਼ ਸੀ।
"ਸੰਨੀ! ਸੇ ਸਾੱਰੀ ਟੂ ਮਿਸਟਰ ਤੇਜਵੀਰ।"
ਆਪਣੇ ਤਾਕਤਵਰ ਹਾਕਮ ਬਾਪ ਦੇ ਮੂੰਹੋਂ ਇਹ ਅਲਫ਼ਾਜ਼ ਸੁਣ, ਸੰਨੀ ਦਾ ਮੂੰਹ ਹੈਰਾਨੀ ਨਾਲ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
"ਪਰ ਡੈਡੀ…?"
"ਸ਼ੱਟਅੱਪ।" ਮੰਤਰੀ ਸਾਹਬ ਦੀ ਗਰਜ ਫਿਰ ਗੂੰਜੀ, "ਸੁਣਿਆ ਨੀਂ ਤੈਨੂੰ ਮੈਂ ਕੀ ਕਿਹਾ?"
ਸੰਨੀ ਦੀ ਕੋਹੜ ਕਿਰਲੇ ਵਾਂਗੂੰ ਆਕੜੀ ਗਰਦਨ, ਤੋਰੀ ਵਾਂਗੂੰ ਲਟਕ ਗਈ।
ਸਾਹਬਜ਼ਾਦੇ ਨੂੰ ਹੁਣ ਥੁੱਕ ਕੇ ਚੱਟਣ ਲਈ ਮਜਬੂਰ ਜੋ ਹੋਣਾ ਪੈ ਰਿਹਾ ਸੀ।
'ਦੇਖ ਸਾਲ਼ਾ ਕਿਵੇਂ ਮੂਤ ਦੀ ਝੱਗ ਆਂਗੂ ਬੈਠ ਗਿਆ ਹੁਣ।'
ਗਗਨ ਮਨ ਹੀ ਮਨ ਬਦਲੀ ਸਥਿਤੀ ਉੱਤੇ ਸੰਤੋਖ ਪ੍ਰਗਟ ਕਰ ਰਿਹਾ ਸੀ।
"ਸਾੱਰੀ।"
ਤੇਜਵੀਰ ਵੱਲ ਦੇਖੇ ਬਿਨਾਂ ਹੀ, ਸੰਨੀ ਫਸੀ ਜਿਹੀ ਆਵਾਜ਼ 'ਚ ਬੋਲਿਆ।
"ਸਾੱਰੀ ਕਿਹਾ ਕਿ ਉਲਾਂਭਾ ਦਿੱਤਾ?"
ਗਗਨ ਵੀ ਟਪਲਾ ਲਾ ਕੇ ਮੌਜੂਦਗੀ ਦਰਜ ਕਰਾ ਹੀ ਗਿਆ।
ਪਰ ਤੇਜਵੀਰ ਨੇ ਇਸ ਮਾਮਲੇ ਨੂੰ ਹੁਣ ਹੋਰ ਤੂਲ ਦੇਣਾ ਜ਼ਰੂਰੀ ਨਾ ਸਮਝਿਆ।
"ਇਟਸ ਓ ਕੇ ਗਗਨ! ਸੰਨੀ ਸਾਹਬ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਚੁੱਕਾ ਏ।"
ਤੇਜਵੀਰ ਦੇ ਇਸ ਕਥਨ ਨਾਲ਼ ਸੰਨੀ ਦਾ ਪਹਿਲਾਂ ਤੋਂ ਹੀ ਲਟਕਿਆ ਮੂੰਹ, ਹੋਰ ਲਟਕ ਗਿਆ।
"ਹੁਣ ਹੋਰ ਕੋਈ ਕਸਰ ਬਾਕੀ ਰਹਿ ਗਈ ਤਾਂ ਉਹ ਵੀ ਪੂਰੀ ਕਰ ਲਓ ਇੰਸਪੈਕਟਰ 'ਸਾਹਬ'।"
'ਸਾਹਬ' ਸ਼ਬਦ 'ਤੇ ਜ਼ੋਰ ਦਿੰਦਿਆਂ ਮੰਤਰੀ ਸਾਹਬ ਨੇ ਉਲਾਂਭਾ ਜਿਹਾ ਦੇ ਮਾਰਿਆ।
"ਜੋ ਮੈਂ ਪੁੱਛਣਾ ਸੀ, ਉਹ ਮੈਂ ਪੁੱਛ ਹੀ ਲਿਆ ਮਨਿਸਟਰ ਸਾਹਬ। ਸੰਨੀ ਸਾਹਬ ਦਾ ਜਵਾਬ ਵੀ ਸੁਣ ਲਿਆ। ਤੁਸੀਂ ਹੁਣ ਬੇਸ਼ੱਕ ਜਾ ਸਕਦੇ ਹੋ, ਪਰ ਜੇ ਫਿਰ ਇਹਨਾਂ ਦੀ ਲੋੜ ਪਈ, ਤਾਂ ਮੈਨੂੰ ਆਸ ਹੈ ਕਿ ਸੰਨੀ ਸਾਹਬ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ। ਇੱਕ ਗੱਲ ਹੋਰ, ਕਿ ਮੈਨੂੰ ਸੂਚਿਤ ਕੀਤੇ ਬਗ਼ੈਰ ਇਹ ਸ਼ਹਿਰੋਂ ਬਾਹਰ ਨਾ ਜਾਣ।"
ਬਿਨਾਂ ਕੁਝ ਆਖੇ ਮੰਤਰੀ ਸਾਹਬ ਨੇ ਢਿੱਲੇ ਜਿਹੇ ਪੈ ਚੁੱਕੇ ਸੰਨੀ ਦਾ ਹੱਥ ਫੜਿਆ ਅਤੇ ਤੇਜ਼ ਕਦਮ ਵਧਾ ਦਿੱਤੇ।
ਸੰਨੀ ਮੂੰਹ ਲਟਕਾਈ, ਮੰਤਰੀ ਸਾਹਬ ਦੇ ਪਿੱਛੇ-ਪਿੱਛੇ, ਕਿਸੇ ਮਰੀਅਲ ਜਿਹੇ ਕਤੂਰੇ ਵਾਂਗੂੰ ਘਿਸਟਦਾ ਚਲਾ ਗਿਆ।
"ਚੰਗਾ ਮੱਕੂ ਠੱਪਿਆ ਥਿੰਦ ਸਾਹਬ!" ਗਗਨ ਨੇ ਪ੍ਰਸ਼ੰਸਾਤਮਕ ਸੁਰ ਵਿੱਚ ਕਿਹਾ।
"ਕਾਕਾ ਜੀ! ਕਾਇਦਾ-ਕਾਨੂੰਨ ਸਭ ਲਈ ਬਰਾਬਰ ਏ।"
"ਪਰ ਬੜੀ ਮੁਸਤੈਦੀ ਦਿਖਾਈ ਥਿੰਦ ਸਾਹਬ! ਐਨੇ ਘੱਟ ਸਮੇਂ ਦੇ ਅੰਦਰ-ਅੰਦਰ ਹੀ ਤੁਸੀਂ ਤਲਬ ਵੀ ਕਰ ਲਿਆ ਪਿਉ-ਪੁੱਤਰ ਨੂੰ? ਕਮਾਲ ਏ! ਤੇ ਉਹ ਵੀ ਸਿਰਫ਼ ਮੇਰੀ ਇੱਕ ਇਨਫ਼ਾੱਰਮੇਸ਼ਨ 'ਤੇ!" ਤੇਜਵੀਰ ਦੇ ਸੁਰ ਵਿੱਚ ਵੀ ਭਰਪੂਰ ਪ੍ਰਸ਼ੰਸਾ ਦੀ ਪੁੱਠ ਸੀ।
"ਸਿਰਫ਼ ਤੁਹਾਡੀ ਇਨਫ਼ਾੱਰਮੇਸ਼ਨ 'ਤੇ ਨਹੀਂ ਕਾਕਾ ਜੀ! ਪਰ ਹਾਂ ਕੁਝ ਤੁਹਾਡੇ ਦੱਸੇ ਤੱਥਾਂ ਦੀ ਪੁਸ਼ਟੀ ਕਰਕੇ, ਅਤੇ ਕੁਝ ਦੀ ਪੁਸ਼ਟੀ ਕਰਨ ਲਈ। ਵੈਸੇ ਸੱਦਿਆ ਤਾਂ ਮੈਂ ਇਕੱਲੇ ਸਾਹਬਜ਼ਾਦੇ ਨੂੰ ਹੀ ਸੀ। ਮਿਨਿਸਟਰ ਸਾਹਬ ਤਾਂ ਆਪਣੀ ਮਰਜ਼ੀ ਨਾਲ਼ ਹੀ ਚੱਲੇ ਆਏ ਆਪਣੇ ਆਪਣੇ ਲਖ਼ਤੇ-ਜਿਗਰ ਦੀ ਮਾੱਰਲ ਸੱਪੋਰਟ ਲਈ। ਪਰ ਲੜਕਾ ਹੈ ਬੜਾ ਸ਼ਾੱਰਟ ਟੈਂਪਰਡ। ਜੇ ਇਕੱਲਾ ਆਉਂਦਾ ਤਾਂ ਸ਼ਾਇਦ ਉਹ ਹਰਕਤ ਨਾ ਕਰਦਾ, ਜੋ ਉਸਨੇ ਕੀਤੀ ਏ।"
"ਪਰ ਇਹ ਵੀ ਤਾਂ ਹੋ ਸਕਦਾ ਸੀ ਥਿੰਦ ਸਾਹਬ! ਬਈ ਹੱਦੋਂ ਵੱਧ ਈ ਕਰ ਬਹਿੰਦਾ ਸਾਹਬਜ਼ਾਦਾ?" ਗਗਨ ਬੋਲਿਆ।
"ਤਾਂ ਫਿਰ ਜਿੰਨ੍ਹੀਂ ਪੈਰੀਂ ਅੰਦਰ ਆਇਆ ਸੀ, ਓਹਨੀਂ ਪੈਰੀਂ ਬਾਹਰ ਨਾ ਜਾ ਪਾਉਂਦਾ ਸਾਹਬਜ਼ਾਦਾ।"
"ਤਾਂ ਫਿਰ ਥਿੰਦ ਸਾਹਬ ਕੀ ਨਿੱਕਲਿਆ?" ਤੇਜਵੀਰ ਨੇ ਮੁੱਦੇ ਵੱਲ ਪਰਤਦਿਆਂ ਪੁੱਛਿਆ।
ਜਵਾਬ ਵਿੱਚ ਥਿੰਦ ਨੇ ਵਿਸਥਾਰਪੂਰਵਕ ਦੱਸਿਆ ਕਿ ਪਨਵਾੜੀ ਨੇ ਬਿਨਾਂ ਕਿਸੇ ਹੁੱਜਤ ਦੇ ਕਬੂਲ ਕੀਤਾ, ਕਿ ਕਤਲ ਦੀ ਰਾਤ ਉਸਨੇ ਕਿਸੇ ਵੱਡੀ ਗੱਡੀ ਵਾਲ਼ੇ ਸਾਹਬ ਨੂੰ ਕੰਧ ਟੱਪ ਕੇ ਕਾਲਜ ਅੰਦਰ ਵੜਦੇ-ਨਿੱਕਲਦੇ ਦੇਖਿਆ ਸੀ, ਜੋ ਉਸ ਰੂਟ ਦਾ ਰੈਗੂਲਰ ਵਿਜ਼ਿਟਰ ਸੀ। ਫਿਰ ਪਨਵਾੜੀ ਨੂੰ ਨਾਲ਼ ਲੈ ਕੇ, ਸੰਨੀ ਨੂੰ ਹਾਜ਼ਰੀ ਭਰਨ ਖ਼ਾਤਰ ਸੁਨੇਹਾ ਦੇਣ ਲਈ ਸਿਪਾਹੀ ਸਮੇਤ ਥਿੰਦ ਆਪ ਗਿਆ। ਇੱਤਫ਼ਾਕ ਨਾਲ ਸੰਨੀ ਉਸ ਵੇਲੇ ਘਰ ਹੀ ਸੀ ਅਤੇ ਉਸਦੀ ਗੱਡੀ ਵੀ। ਪਨਵਾੜੀ ਨੇ ਉਸਦੀ ਗੱਡੀ ਦੀ ਬੜੀ ਸਹੂਲਤ ਨਾਲ਼, ਕਿੱਲ-ਠੋਕਵੀਂ ਸ਼ਨਾਖ਼ਤ ਕੀਤੀ। ਗੱਡੀ ਦੇ ਪਿਛਲੇ ਸ਼ੀਸ਼ੇ 'ਤੇ ਬੜੇ ਮੋਟੇ-ਮੋਟੇ ਸ਼ਬਦਾਂ 'ਚ 'ਹੰਟਰ' ਲਿਖਿਆ ਹੋਇਆ ਸੀ, ਜਿਸਨੂੰ ਪਨਵਾੜੀ ਨੇ ਝੱਟ ਪਹਿਚਾਣ ਲਿਆ। ਸਿਪਾਹੀ ਨੂੰ ਸੁਨੇਹਾ ਦੇਣ ਲਈ ਭੇਜ ਕੇ, ਥਿੰਦ ਪਨਵਾੜੀ ਨੂੰ ਲੈ ਕੇ ਪੁਲਿਸ ਹੈੱਡਕੁਆਰਟਰ ਵਾਪਿਸ ਆ ਗਿਆ। ਜਦੋਂ ਦੋਨਾਂ ਪਿਉ-ਪੁੱਤਰਾਂ ਨੇ ਪੁਲਿਸ ਹੈੱਡਕੁਆਰਟਰ ਅੰਦਰ ਕਦਮ ਹੀ ਰੱਖਿਆ ਸੀ ਤਾਂ ਲੁਕੋ ਕੇ ਖੜ੍ਹਾਏ ਪਨਵਾੜੀ ਨੇ, ਬੇਹਿਚਕ ਸੰਨੀ ਦੀ ਉਸ ਰਾਤ ਫੇਰਾ ਪਾਉਣ ਵਾਲੇ ਵੱਡੀ ਗੱਡੀ ਵਾਲ਼ੇ ਸਾਹਬ ਦੇ ਰੂਪ ਵਜੋਂ ਸ਼ਨਾਖ਼ਤ ਕੀਤੀ।
"ਤਾਂ ਫਿਰ ਸੰਨੀ ਨੇ ਕੀ ਬਿਆਨ ਦਿੱਤਾ?"
"ਕੋਰਾ ਮੁੱਕਰ ਗਿਆ। ਮੇਰੇ ਜ਼ੋਰ ਦੇਣ 'ਤੇ ਕਿ ਉਸਦੇ ਹੋਸਟਲ ਆਉਣ ਜਾਣ ਦਾ ਮੇਰੇ ਕੋਲ਼ ਇੱਕ ਚਸ਼ਮਦੀਦ ਗਵਾਹ ਹੈ, ਉਸਦਾ ਜਵਾਬ ਸੀ ਕਿ ਗਵਾਹ ਨੂੰ ਭੁਲੇਖਾ ਪਿਆ ਹੋਣਾ।"
"ਉਸਦੇ ਫ਼ਿੰਗਰ ਪ੍ਰਿੰਟਜ਼ ਤੇ ਡੀ.ਐੱਨ.ਏ. ਸੈਂਪਲ ਦਾ ਕੀ ਬਣਿਆ?"
"ਕੇ ਉਹ 'ਕੱਲਾ ਆਇਆ ਹੁੰਦਾ ਤਾਂ ਗੱਲ ਹੋਰ ਹੁੰਦੀ, ਪਰ ਮਨਿਸਟਰ ਸਾਹਬ ਦੀ ਮੌਜੂਦਗੀ 'ਚ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਦੀ ਤਾਂ ਇੱਕੋ ਰਟ ਸੀ, ਕਿ ਪਹਿਲਾਂ ਚਾਰਜ ਲਗਾਓ ਤੇ ਗ੍ਰਿਫ਼ਤਾਰ ਕਰੋ। ਜੇ ਫ਼ਿੰਗਰ ਪ੍ਰਿੰਟਜ਼ ਲੇਣੇ ਆਂ, ਤਾਂ ਵਕੀਲ ਦੀ ਮੌਜੂਦਗੀ 'ਚ ਲਓ। ਤੇ ਜੇ ਨਿਸ਼ਾਨ ਨਾ ਮੈਚ ਕਰਦੇ ਤਾਂ ਪਾਸਾ ਪੁੱਠਾ ਵੀ ਪੈ ਸਕਦਾ ਸੀ, ਸੋ ਮੈਂ ਜ਼ੋਰ ਨਾ ਦਿੱਤਾ ਹਾਲੇ।"
"ਤਾਂ ਫੇਰ ਕੀ ਗੱਲ ਬਣੀ ਥਿੰਦ ਸਾਹਬ? ਪੰਛੀ ਤਾਂ ਹੱਥੋਂ ਨਿੱਕਲ਼ ਹੀ ਗਿਆ ਸੁੱਕਾ-ਸੁੱਕਾ!" ਗਗਨ ਬੋਲਿਆ।
"ਕਾਕਾ ਜੀ! ਵੀਹ ਸਾਲ ਹੋ ਗਏ ਨੇ ਪੁਲਿਸ ਦੀ ਨੌਕਰੀ ਕਰਦਿਆਂ, ਕੋਈ ਘਾਹ ਨੀਂ ਖੋਤੀ।"
"ਮਤਲਬ?" ਐਤਕੀਂ ਪੁੱਛਣ ਵਾਲ਼ਾ ਤੇਜਵੀਰ ਸੀ।
"ਮਤਲਬ ਇਹ ਕਾਕਾ ਜੀ! ਬਈ ਫ਼ਿੰਗਰ ਪ੍ਰਿੰਟਜ਼ ਉਸਨੇ ਦਿੱਤੇ ਤਾਂ ਨਹੀਂ, ਪਰ ਮੈਂ ਹਾਸਿਲ ਵੀ ਕਰ ਲਏ ਤੇ ਮੈਚ ਕਰਨ ਲਈ ਫ਼ਾੱਰੈਂਸਿਕ ਐਕਸਪੱਰਟ ਕੋਲ਼ ਭੇਜ ਵੀ ਦਿੱਤੇ।"
"ਪਰ ਥਿੰਦ ਸਾਹਬ,ਤੁਸੀਂ ਫ਼ਿੰਗਰ ਪ੍ਰਿੰਟਜ਼ ਹਾਸਿਲ ਕਿਵੇਂ ਕੀਤੇ?"
"ਬਈ ਕਾਕਾ ਜੀ! ਆਏ-ਗਏ ਨੂੰ ਪਾਣੀ-ਧਾਣੀ ਵੀ ਤਾਂ ਪੁੱਛੀਦਾ ਕਿ ਨਹੀਂ?"
"ਕ-ਮਾ-ਲ ਕਰਤੀ ਥਿੰਦ ਸਾਹਬ!" ਗਗਨ ਦੇ ਮੂੰਹੋਂ ਆਪ-ਮੁਹਾਰੇ ਨਿੱਕਲ ਪਿਆ।
"ਤੇ ਫ਼ਿੰਗਰ ਪ੍ਰਿੰਟਜ਼ ਦੀ ਰਿਪੋਰਟ ਕਦੋਂ ਕੁ ਤੱਕ ਆਊ?" ਤੇਜਵੀਰ ਨੇ ਪੁੱਛਿਆ।
"ਬੱਸ ਆਉਂਦੀ ਹੋਣੀ ਆ।"
"ਆਹ ਤਾਂ ਮੁਸਤੈਦੀ ਆਲ਼ੀ ਹੱਦ ਲਾਹ 'ਤੀ ਥਿੰਦ ਸਾਹਬ! ਫਿਰ ਜਾਣ ਕਾਹਨੂੰ ਦੇਣਾ ਸੀ ਐਂਗਰੀ ਯੰਗ ਮੈਨ ਨੂੰ? ਥੋੜ੍ਹੀ ਦੇਰ ਹੋਰ ਰੋਕ ਲੈਣਾ ਸੀ, ਤੇ ਰਿਪੋਰਟ ਦੇ ਪਾੱਜ਼ਿਟਿਵ ਆਉਣ 'ਤੇ ਹੁਣੇ ਈ ਨੱਪ ਲੈਣਾ ਸੀ?" ਗਗਨ ਨੇ ਕਾਹਲ਼ੇ ਜਿਹੇ ਪੈਂਦਿਆਂ ਪੁੱਛਿਆ।
"ਕਾਕਾ ਜੀ! ਬਹੁਤਾ ਗਰਮ ਖਾਓ ਤਾਂ ਮੂੰਹ ਵੀ ਸੜ ਜਾਂਦਾ ਹੁੰਦਾ। ਨਾਲ਼ੇ ਡੋਰ ਨੂੰ ਢਿੱਲ ਦੇ ਕੇ ਵੀ ਦੇਖੀਦੀ ਏ ਕਿ ਪਤੰਗ ਕਿੰਨੀ ਕੁ ਉੱਚੀ ਉਡਦੀ ਏ!" ਆਖਦਿਆਂ ਥਿੰਦ ਦੇ ਚਿਹਰੇ 'ਤੇ ਤਜਰਬੇਕਾਰੀ ਭਰੀ ਮੁਸਕੁਰਾਹਟ ਖੇਡ ਰਹੀ ਸੀ।
"ਮਤਲਬ?"
"ਮਤਲਬ ਇਹ ਕਿ ਫ਼ਲਾਈਟ ਇਜ਼ ਐਨ ਐਵੀਡੈਂਸ ਆੱਫ਼ ਗਿਲਟ। ਭੱਜਣਾ ਆਪਣੇ ਆਪ ਵਿੱਚ ਗ਼ੁਨਾਹ ਦਾ ਇੱਕ ਸਬੂਤ ਹੁੰਦਾ ਏ।"
"ਪਰ ਕਿਤੇ ਇਹ ਨਾ ਹੋਵੇ ਥਿੰਦ ਸਾਹਬ! ਕਿ ਪੰਛੀ ਹੱਥ ਆਉਣ ਤੋਂ ਪਹਿਲਾਂ ਹੀ ਉਡਾਰੀ ਮਾਰ ਜਾਏ ਤੇ ਆਪਾਂ ਹੱਥ ਮਲ਼ਦੇ ਹੀ ਰਹਿ ਜਾਈਏ!"
"ਪੰਛੀ ਹਰ ਵਕਤ ਨਿਸ਼ਾਨੇ 'ਤੇ ਐ ਕਾਕਾ ਜੀ! ਚੌਵੀ ਘੰਟੇ ਦੀ ਨਿਗਰਾਨੀ ਹੇਠ।"
"ਮੰਨ ਗਏ ਥਿੰਦ ਸਾਹਬ! ਤਜਰਬਾ ਆਖ਼ਿਰ ਤਜਰਬਾ ਹੀ ਹੁੰਦਾ ਏ।"
ਐਨੇ ਨੂੰ ਦਰਵਾਜ਼ਾ ਖਟਖਟਾ ਕੇ ਇੱਕ ਸਿਪਾਹੀ ਅੰਦਰ ਆਇਆ ਅਤੇ ਆਪਣੇ ਹੱਥ 'ਚ ਫੜੀ ਫ਼ਾਈਲ ਥਿੰਦ ਦੇ ਹਵਾਲੇ ਕਰਕੇ ਚਲਾ ਗਿਆ।
ਥਿੰਦ ਕੁਝ ਦੇਰ ਬੜੇ ਗਹੁ ਨਾਲ਼ ਫ਼ਾਈਲ ਵਿਚਲੇ ਕਾਗ਼ਜ਼ਾਂ ਦਾ ਮੁਆਇਨਾ ਕਰਦਾ ਰਿਹਾ।
ਤੇਜਵੀਰ ਅਤੇ ਗਗਨ ਚੁੱਪਚਾਪ ਉਸਦੇ ਬੋਲਣ ਦਾ ਇੰਤਜ਼ਾਰ ਕਰਦੇ ਰਹੇ।
ਅੰਤ ਥਿੰਦ ਫ਼ਾਈਲ ਟੇਬਲ ਉੱਤੇ ਰੱਖ, ਤੇਜਵੀਰ ਵੱਲ ਦੇਖ, ਬੜੇ ਅਰਥਪੂਰਣ ਢੰਗ ਨਾਲ਼ ਮੁਕੁਰਾਇਆ।
"ਥਿੰਦ ਸਾਹਬ! ਉਹੀ ਗੱਲ ਏ ਜੋ ਮੈਂ ਸੋਚ ਰਿਹਾਂ?" ਤੇਜਵੀਰ ਨੇ ਉਤਸੁਕਤਾ ਨਾਲ਼ ਪੁੱਛਿਆ।
"ਬਿਲਕੁਲ, ਤੇਰਾ ਤੀਰ ਇੱਕਦਮ ਨਿਸ਼ਾਨੇ 'ਤੇ ਲੱਗਿਆ ਤੇਜਵੀਰ। ਗਰਿੱਲ ਤੋਂ ਲੈ ਕੇ ਮ੍ਰਿਤਕਾ ਦੀ ਬਾੱਡੀ, ਸਿਗਰਟ ਦੇ ਟੋਟੇ, ਕੰਡੋਮ ਦੇ ਪਾਊਚ ਤੇ ਹੋਰ ਵੀ ਕਈ ਥਾਵਾਂ 'ਤੇ, ਐਥੋਂ ਤੱਕ ਕਿ ਇਸਤੇਮਾਲਸ਼ੁਦਾ ਕੰਡੋਮ 'ਤੇ ਵੀ ਸੰਨੀ ਬਾਜਵਾ ਦੇ ਫ਼ਿੰਗਰ ਪ੍ਰਿੰਟਜ਼ ਮੌਜੂਦ ਨੇ। ਹਾਲਾਂਕਿ ਕਈ ਆਈਟਮਜ਼ 'ਤੇ, ਮਿਸਾਲ ਵਜੋਂ ਗਰਿੱਲ ਹੀ ਲੈ ਲਓ; ਮ੍ਰਿਤਕਾ ਦੇ ਫ਼ਿੰਗਰ ਪ੍ਰਿੰਟਜ਼ ਸਮੇਤ ਕਈ ਹੋਰ ਵੀ ਫ਼ਿੰਗਰ ਪ੍ਰਿੰਟਜ਼ ਮੌਜੂਦ ਸਨ, ਪਰ ਸੰਨੀ ਬਾਜਵਾ ਦੇ ਫ਼ਿੰਗਰ ਪ੍ਰਿੰਟਜ਼ ਤਾਂ ਤਕਰੀਬਨ ਹਰ ਆਈਟਮ 'ਤੇ ਮੌਜੂਦ ਨੇ, ਸਿਵਾਏ ਇੱਕ ਆਈਟਮ ਦੇ।"
"ਉਹ ਕਿਹੜੀ?"
"ਝਾੜੀਆਂ 'ਚੋਂ ਬਰਾਮਦ ਪੇਚਕਸ। ਉਸ ਉੱਪਰ ਫ਼ਿੰਗਰ ਪ੍ਰਿਟਜ਼ ਤਾਂ ਮਿਲ਼ੇ ਨੇ, ਪਰ ਉਹ ਨਾ ਤਾਂ ਸੰਨੀ ਬਾਜਵਾ ਦੇ ਨੇ ਅਤੇ ਨਾ ਹੀ ਮ੍ਰਿਤਕਾ ਦੇ। ਪਰ ਇਹ ਕੋਈ ਵੱਡੀ ਗੱਲ ਨਹੀਂ, ਹੋ ਸਕਦਾ ਏ ਕਿ ਉਹ ਪੇਚਕਸ ਕਤਲ ਨਾਲ਼ ਤਆਲੁੱਕ ਰੱਖਦਾ ਸਬੂਤ ਹੋਵੇ ਹੀ ਨਾ। ਜਾਂ ਤਾਂ ਬਾਹਰੋਂ ਕੂੜੇ ਵਿੱਚੋਂ ਆਏ ਇਸ ਪੇਚਕਸ ਨੂੰ ਕਿਸੇ ਨੇ ਚਾਰਦੀਵਾਰੀ ਉੱਤੋਂ ਦੀ ਅੰਦਰ ਸੁੱਟ ਦਿੱਤਾ ਹੋਵੇ, ਜਾਂ ਇਹ ਵੀ ਹੋ ਸਕਦਾ ਏ ਕਿ ਜਿਨ੍ਹਾਂ ਹੋਰ ਚਾਰ ਲੋਕਾਂ ਦੀ ਆਵਾਜਾਈ ਉਸ ਰੂਟ 'ਤੇ ਦੱਸੀ ਜਾਂਦੀ ਏ, ਉਹਨਾ ਵਿੱਚੋਂ ਕਿਸੇ ਇੱਕ ਦਾ ਡਿੱਗ ਪਿਆ ਹੋਵੇ। ਜਿਸ ਦਾ ਜ਼ਾਹਿਰ ਹੈ ਕਿ ਇਸ ਕਤਲ ਨਾਲ਼ ਕੋਈ ਲੈਣਾ-ਦੇਣਾ ਹੀ ਨਾ ਹੋਵੇ। ਬਹਿਰਹਾਲ, ਸੰਨੀ ਬਾਜਵਾ ਨੂੰ ਨੱਪਣ ਲਈ ਏਨੇ ਸਬੂਤ ਤੇ ਪਨਵਾੜੀ ਦੀ ਗਵਾਹੀ ਹੀ ਬਹੁਤ ਹੈ। ਬਾਕੀ ਤਾਂ ਚੋਰ ਦੇ ਪੈਰ ਨਹੀਂ ਹੁੰਦੇ! ਆਪੇ ਹੀ ਮੰਨ ਜਾਊ! ਗ੍ਰਿਫ਼ਤਾਰੀ ਲਈ ਵਾਰੰਟ ਹਾਸਿਲ ਕਰਨਾ ਤਾਂ ਹੁਣ ਮਹਿਜ਼ ਵਕਤ ਦੀ ਹੀ ਗੱਲ ਏ। ਆਖ਼ਿਰ ਮਨਿਸਟਰ ਸਾਹਬ ਦਾ 'ਚਾਰਜ ਲਗਾਓ, ਗ੍ਰਿਫ਼ਤਾਰ ਕਰੋ' ਦਾ ਚਾਅ ਵੀ ਤਾਂ ਪੂਰਾ ਕਰਨਾ ਹੋਇਆ ਬਈ! ਬਾਕੀ ਇੱਕ ਵਾਰ ਰਿਮਾਂਡ ਮਿਲਣ ਦੀ ਦੇਰ ਏ, ਫਿਰ ਤਾਂ ਸਾਹਬਜ਼ਾਦਾ ਆਪੇ ਹੀ ਗਾ-ਗਾ ਕੇ ਕਥਾ ਸੁਣਾਊ।"
"ਪਰ ਦੇਖਿਓ ਥਿੰਦ ਸਾਹਬ! ਗ੍ਰਿਫ਼ਤਾਰੀ ਦੀ ਖ਼ਬਰ 'ਤੇ ਪਹਿਲਾ ਹੱਕ ਸਾਡਾ ਬਣਦਾ! ਹੋਰ ਨਾ ਕਿਤੇ ਗਰਮੀਆਂ 'ਚ ਬੁਣਦੇ ਅਸੀਂ ਰਹਿ ਜਾਈਏ ਤੇ ਸਿਆਲ਼ਾਂ 'ਚ ਸਵੈਟਰ ਕੋਈ ਹੋਰ ਈ ਪਾਈ ਫਿਰੇ!"
ਪਹਿਲੀ ਵਾਰ ਖੁੱਲ੍ਹ ਕੇ ਹੱਸਿਆ ਥਿੰਦ।
"ਫ਼ਿਕਰ ਨਾ ਕਰੋ ਕਾਕਾ ਜੀ! ਪਹਿਲਾਂ, ਬਹੁਤ ਪਹਿਲਾਂ, ਸਭ ਤੋਂ ਪਹਿਲਾਂ ਇਹ ਖ਼ਬਰ ਤੁਹਾਨੂੰ ਹੀ ਮਿਲੇਗੀ!"
+++++
ਗਗਨ ਨੂੰ ਦਫ਼ਤਰ ਛੱਡ ਕੇ ਤੇਜਵੀਰ ਆਪਣੇ ਫਲੈਟ ਵੱਲ ਰਵਾਨਾ ਹੋ ਗਿਆ।
ਮੋਟਰ ਸਾਈਕਲ ਚਲਾਉਂਦਾ ਹੋਇਆ ਵੀ ਉਹ ਇਸ ਕੇਸ ਬਾਰੇ ਹੀ ਸੋਚ ਰਿਹਾ ਸੀ।
ਕੇਵਲ ਦੋ ਦਿਨਾਂ ਵਿੱਚ ਹੀ ਇੰਨਾ ਉਲਝਿਆ ਹੋਇਆ ਕੇਸ ਸਾੱਲਵ ਹੋਣ ਦੇ ਕਿਨਾਰੇ ਪਹੁੰਚ ਗਿਆ ਸੀ। ਤੇਜਵੀਰ ਨੂੰ ਏਨੀ ਜਲਦੀ ਇਸ ਗੁੱਥੀ ਦੇ ਸੁਲਝਣ ਦੀ ਆਸ ਨਹੀਂ ਸੀ। ਹਾਲੇ ਦੁਪਹਿਰ ਤੱਕ ਤਾਂ ਕਾਤਿਲ ਦੀ ਸ਼ਨਾਖ਼ਤ ਦਾ ਕੋਈ ਥਹੁ-ਸਿਰਾ ਹੀ ਨਹੀਂ ਲੱਭ ਰਿਹਾ ਸੀ, ਪਰ ਉਸ ਅਜੀਬ ਜਿਹੀ ਲੜਕੀ ਸਿੰਮੀ ਨਾਲ਼ ਹੋਈ ਇੱਕ ਛੋਟੀ ਜਿਹੀ ਮੁਲਾਕਾਤ ਨੇ ਤਾਂ ਜਿਵੇਂ ਸਾਰੇ ਪਰਦੇ ਹੀ ਹਟਾ ਦਿੱਤੇ ਸਨ।
ਲੜਕੀ ਸੀ ਜਾਂ 'ਗੂਗਲ' ਦਾ 'ਸਰਚ ਇੰਜਣ'?
ਸਵਾਲ ਕਰਨ ਦੀ ਵੀ ਜ਼ਹਿਮਤ ਨਹੀਂ ਉਠਾਉਣੀ ਪਈ, ਤੇ ਸਾਰੀ ਜਾਣਕਾਰੀ ਇੱਕੋ ਪਲੇਟ 'ਚ ਪਾ ਕੇ, ਤੇ ਚਾਂਦੀ ਦਾ ਵਰਕ ਲਗਾ ਕੇ, ਇਉਂ ਪਰੋਸ ਦਿੱਤੀ ਜਿਵੇਂ ਕਿ ਪਲੇਟ ਪਹਿਲਾਂ ਤੋਂ ਹੀ ਉਸਦੇ ਇੰਤਜ਼ਾਰ 'ਚ ਸਜਾ ਕੇ ਰੱਖੀ ਪਈ ਹੋਵੇ।
ਅਜਿਹੀਆਂ ਸੋਚਾਂ 'ਚ ਘਿਰਿਆ ਤੇਜਵੀਰ ਕਦੋਂ ਆਪਣੇ ਫਲੈਟ ਵਾਲ਼ੀ ਬਿਲਡਿੰਗ ਦੇ ਸਾਹਮਣੇ ਪਹੁੰਚ ਗਿਆ, ਪਤਾ ਹੀ ਨਹੀਂ ਚੱਲਿਆ।
ਪਾਰਕਿੰਗ 'ਚ ਮੋਟਰ ਸਾਈਕਲ ਖੜ੍ਹੀ ਕਰ, ਪਹਿਲਾਂ ਉਹ ਚੌਹਾਨ ਸਾਹਬ ਦੇ ਫਲੈਟ ਅੱਗੇ ਪਹੁੰਚਿਆ।
ਚੌਹਾਨ ਸਾਹਬ ਇੱਕ ਰਿਟਾਇਰਡ ਪ੍ਰੋਫ਼ੈਸਰ ਸਨ, ਸੋ ਆਪਣੀ ਪਤਨੀ ਸਮੇਤ ਉਸ ਫਲੈਟ ਵਿੱਚ ਰਹਿੰਦੇ ਸਨ। ਕੋਈ ਔਲਾਦ ਨਾ ਹੋਣ ਕਰਕੇ ਦੋਨੋਂ ਮੀਆਂ-ਬੀਵੀ ਤੇਜਵੀਰ ਨੂੰ ਬੜਾ ਸਨੇਹ ਕਰਦੇ ਸਨ। ਤੇਜਵੀਰ ਦੀ ਇਹ ਆਦਤ ਬਣ ਗਈ ਸੀ ਕਿ ਉਹ ਜਦੋਂ ਵੀ ਫਲੈਟ ਤੋਂ ਬਾਹਰ ਜਾਂਦਾ ਤਾਂ ਚਾਬੀ ਚੌਹਾਨ ਸਾਹਬ ਜਾਂ ਮਿਸਿਜ਼ ਚੌਹਾਨ ਦੇ ਹਵਾਲੇ ਕਰ ਜਾਂਦਾ।
ਉਸਨੇ ਡੋਰ ਬੈੱਲ ਵਜਾਈ ਤਾਂ ਦਰਵਾਜ਼ਾ ਮਿਸਿਜ਼ ਚੌਹਾਨ ਨੇ ਖੋਲ੍ਹਿਆ।
ਉਹਨਾਂ ਚਾਬੀ ਫੜਾਉਂਦਿਆਂ ਦੱਸਿਆ ਕਿ ਚੌਹਾਨ ਸਾਹਬ ਵਾੱਕ 'ਤੇ ਗਏ ਹੋਏ ਨੇ।
ਫਲੈਟ ਅੰਦਰ ਵੜਦਿਆਂ ਹੀ ਫ਼੍ਰੈੱਸ਼ ਹੋਣ ਤੋਂ ਪਹਿਲਾਂ, ਦਿਨ ਭਰ ਦੀ ਥਕਾਨ ਦੇ ਪ੍ਰਭਾਵ ਹੇਠ, ਉਸਦਾ ਦਿਲ 'ਚ ਆਇਆ ਕਿ ਕਿਉਂ ਨਾ ਪਹਿਲਾਂ ਇੱਕ ਕੱਪ ਕੜਕ ਚਾਹ ਦਾ ਹੋ ਜਾਏ।
ਤੇਜਵੀਰ ਨੇ ਆਪਣੇ ਡਰਾਇੰਗ ਰੂਮ ਨਾਲ਼ ਹੀ ਅਟੈਚਡ ਓਪਨ ਕਿਚਨ 'ਚ ਜਾ ਕੇ ਆਪਣੀ ਮਨਪਸੰਦ 'ਕੜਕ ਚਾਹ' ਬਣਾਈ ਅਤੇ ਚਾਹ ਦਾ ਕੱਪ ਲੈ ਕੇ ਉਹ ਹਾਲੇ ਸੋਫ਼ੇ 'ਤੇ ਬੈਠਣ ਹੀ ਲੱਗਾ ਸੀ, ਕਿ ਡੋਰ ਬੈੱਲ ਖੜਕ ਪਈ।
ਉਸਨੇ ਬੁੱਲ੍ਹਾਂ 'ਤੇ ਛੁਹਾਏ ਬਿਨਾਂ ਹੀ ਚਾਹ ਦਾ ਕੱਪ ਸੋਫ਼ੇ ਦੇ ਸਾਹਮਣੇ ਪਏ ਟੇਬਲ 'ਤੇ ਰੱਖਿਆ ਅਤੇ ਜਾ ਕੇ ਦਰਵਾਜ਼ਾ ਖੋਲ੍ਹਿਆ।
ਸਾਹਮਣੇ ਚੌਹਾਨ ਸਾਹਬ ਖੜ੍ਹੇ ਸਨ।
"ਸਤਿ ਸ਼੍ਰੀ ਅਕਾਲ ਚੌਹਾਨ ਸਾਹਬ! ਪਲੀਜ਼ ਕਮ ਇਨਸਾਈਡ।"
"ਨਹੀਂ-ਨਹੀਂ ਬੇਟਾ, ਮੈਂ ਸਿੱਧਾ ਵਾੱਕ ਤੋਂ ਆ ਰਿਹਾਂ, ਸੋ ਪਹਿਲਾਂ ਫ਼੍ਰੈਸ਼ ਹੋ ਲਾਂ, ਫਿਰ ਬੈਠਾਂਗੇ। ਮੈਂ ਤਾਂ ਦਰਅਸਲ ਤੁਹਾਨੂੰ ਇੱਕ ਮੈਸੇਜ਼ ਦੇਣ ਆਇਆ ਸੀ ਬੇਟਾ! ਤੁਹਾਡੇ ਪਿੰਡ ਤੋਂ ਕੋਈ ਸਾਢੇ ਕੁ ਚਾਰ ਵਜੇ, ਤੁਹਾਡੇ ਕੋਈ ਚਾਚਾ ਜੀ ਆਏ ਸਨ। ਫ਼ਲੈਟ ਬੰਦ ਹੋਣ 'ਤੇ ਉਹ ਮੇਰੇ ਕੋਲ਼ ਆ ਗਏ। ਤੁਹਾਨੂੰ ਕਿਤੇ ਗਿਆ ਦੇਖ ਉਹ ਪਰੇਸ਼ਾਨ ਜਿਹੇ ਹੋ ਗਏ ਕਿ ਤੁਸੀਂ ਪਤਾ ਨਹੀਂ ਕਦੋਂ ਆਓਗੇ। ਮੈਂ ਉਹਨਾਂ ਨੂੰ ਆਪਣੇ ਕੋਲ਼ ਇੰਤਜ਼ਾਰ ਕਰਨ ਨੂੰ ਕਿਹਾ, ਤਾਂ ਉਹਨਾਂ ਨੂੰ ਤੁਸੀਂ ਦੱਸਿਆ ਹੀ ਹੋਏਗਾ ਕਿ ਤੁਹਾਡੇ ਫ਼ਲੈਟ ਦੀ ਚਾਬੀ ਮੇਰੇ ਕੋਲ਼ ਹੁੰਦੀ ਏ, ਸੋ ਉਹਨਾਂ ਇਸਰਾਰ ਕੀਤਾ ਕਿ ਉਹ ਤੁਹਾਡੇ ਆਉਣ ਤੱਕ ਤੁਹਾਡੇ ਫ਼ਲੈਟ 'ਚ ਹੀ ਇੰਤਜ਼ਾਰ ਕਰ ਲੈਣਗੇ। ਮੈਂ ਤਾਂ ਸਗੋਂ ਇਹ ਵੀ ਕਿਹਾ ਕਿ ਆਪਾਂ ਏਥੇ ਹੀ ਬੈਠ ਜਾਨੇ ਆਂ, ਪਰ ਉਹਨਾਂ ਨੂੰ ਥੋੜ੍ਹਾ ਅਨਕੰਫ਼ਰਟੇਬਲ ਦੇਖ ਕੇ, ਮੈਂ ਉਹਨਾਂ ਨੂੰ ਤੁਹਾਡੇ ਫ਼ਲੈਟ ਦੀ ਚਾਬੀ ਦੇ ਦਿੱਤੀ।"
ਤੇਜਵੀਰ ਹੈਰਾਨ ਹੋ ਗਿਆ ਕਿ ਪਿੰਡੋਂ ਕਿਹੜਾ ਚਾਚਾ ਆ ਗਿਆ?
"ਪਰ ਫ਼ਲੈਟ ਤਾਂ ਬੰਦ ਸੀ ਚੌਹਾਨ ਸਾਹਬ?"
"ਉਹੀ ਤਾਂ ਬੇਟਾ ਮੈਂ ਦੱਸਣ ਜਾ ਰਿਹਾ ਸੀ ਕਿ ਅੱਧੇ ਕੁ ਘੰਟੇ ਬਾਅਦ ਉਹ ਮੈਨੂੰ ਚਾਬੀ ਵਾਪਿਸ ਕਰਕੇ, ਇਹ ਮੈਸੇਜ਼ ਦੇ ਗਏ ਕਿ ਉਹਨਾਂ ਨੂੰ ਸ਼ਹਿਰ ਕੋਈ ਕੰਮ ਯਾਦ ਆ ਗਿਆ, ਸੋ ਹੁਣ ਉਹ ਰਾਤ ਨੂੰ ਆਉਣਗੇ। ਮੈਂ ਕਿਹਾ ਕਿ ਚਲੋ ਪਹਿਲਾਂ ਤੁਹਾਨੂੰ ਮੈਸੇਜ਼ ਦੇ ਦਿਆਂ, ਬਾਅਦ 'ਚ ਹੀ ਫ਼੍ਰੈਸ਼ ਹੋਵਾਂਗਾ।"
ਤੇਜਵੀਰ ਦਾ ਮੱਥਾ ਠਣਕਿਆ।
"ਚੌਹਾਨ ਸਾਹਬ! ਚਾਚਾ ਜੀ ਦਾ ਹੂਲੀਆ ਕਿਹੋ ਜਿਹਾ ਸੀ ਭਲਾਂ?"
ਚੌਹਾਨ ਸਾਹਬ ਨੇ ਦੱਸਿਆ।
ਤੇਜਵੀਰ ਦੇ ਮੱਥੇ 'ਤੇ ਪੈ ਚੁੱਕੀਆਂ ਚਿੰਤਾ ਦੀਆਂ ਲਕੀਰਾਂ ਹੋਰ ਡੂੰਘੀਆਂ ਹੋ ਗਈਆਂ।
ਅਜਿਹੇ ਕਿਸੇ 'ਚਾਚੇ' ਦਾ ਤਾਂ ਇਸ ਦੁਨੀਆਂ 'ਚ ਕਿਤੇ ਵਜੂਦ ਹੀ ਨਹੀਂ ਸੀ।
'ਸਮਥਿੰਗ ਇਜ਼ ਰੌਂਗ।'
ਉਸਦੇ ਦਿਮਾਗ਼ ਵਿੱਚ ਖ਼ਤਰੇ ਦੀ ਘੰਟੀ ਵੱਜ ਉੱਠੀ।
ਉਸਦੇ ਹਾਵ-ਭਾਵ ਦੇਖ ਚੌਹਾਨ ਸਾਹਬ ਵੀ ਘਬਰਾ ਗਏ।
"ਕੀ ਗੱਲ ਬੇਟਾ? ਇਜ਼ ਅੇਵਰੀਥਿੰਗ ਓ ਕੇ? ਮੈਂ ਕੋਈ ਗ਼ਲਤੀ ਤਾਂ ਨਹੀਂ ਕੀਤੀ ਚਾਬੀ ਦੇ ਕੇ?"
ਚੌਹਾਨ ਸਾਹਬ ਦੀ ਇਸ ਵਿੱਚ ਕੋਈ ਗ਼ਲਤੀ ਨਹੀਂ ਸੀ। ਸਗੋਂ ਤੇਜਵੀਰ ਵੱਲੋਂ ਹੀ ਉਹਨਾਂ ਨੂੰ ਇਹ ਹਿਦਾਇਤ ਸੀ ਕਿ ਜੇਕਰ ਕੋਈ ਪਹਿਚਾਣ ਵਾਲ਼ਾ ਮਿਲਣ ਆਏ ਤਾਂ ਬੇਸ਼ੱਕ ਫ਼ਲੈਟ ਦੀ ਚਾਬੀ ਉਸਨੂੰ ਦੇ ਦੇਣ।
"ਨਹੀਂ-ਨਹੀਂ ਚੌਹਾਨ ਸਾਹਬ! ਕੋਈ ਐਸੀ ਗੱਲ ਨਹੀਂ, ਤੁਸੀਂ ਪਹਿਲਾਂ ਫ਼੍ਰੈਸ਼ ਹੋ ਲਉ, ਫੇਰ ਗੱਲਬਾਤ ਕਰਦੇ ਆਂ ਆਪਾਂ।"
ਅਨਮਨੇ ਜਿਹੇ ਢੰਗ ਨਾਲ਼ ਚੌਹਾਨ ਸਾਹਬ ਵਿਦਾ ਹੋਏ ਤੇ ਤੇਜਵੀਰ ਨੇ ਦਰਵਾਜ਼ਾ ਭੇੜ ਕੇ ਅੰਦਰ ਨੂੰ ਆਉਂਦਿਆਂ-ਆਉਂਦਿਆਂ ਹੀ, ਜੇਬ 'ਚੋਂ ਮੋਬਾਈਲ ਫ਼ੋਨ ਕੱਢ ਗਗਨ ਦਾ ਨੰਬਰ ਮਿਲਾਇਆ।
ਗਗਨ ਨੇ ਫ਼ੌਰਨ ਫ਼ੋਨ ਉਠਾਇਆ।
"ਹੈਲੋ ਗਗਨ…!"
ਆਖ਼ਰੀ ਸ਼ਬਦ ਹਾਲੇ ਤੇਜਵੀਰ ਦੇ ਮੂੰਹ 'ਚ ਹੀ ਸਨ, ਕਿ ਤੇਜਵੀਰ ਦਾ ਭੇੜਿਆ ਹੋਇਆ ਦਰਵਾਜ਼ਾ ਭੜਾਕ ਕਰਕੇ ਖੁੱਲ੍ਹਿਆ ਅਤੇ ਸਾਹਮਣੇ ਆਪਣੇ ਦਲ-ਬਲ ਸਮੇਤ, ਸਰਦੂਲ ਸਿੰਘ ਖੜ੍ਹਾ ਸੀ।
"ਗਗਨ! ਸਰਦੂਲ ਸਿੰਘ ਚਾਲ ਖੇਡ ਗਿਆ। ਤੂੰ ਕਿਸੇ ਨੂੰ ਨਾਲ਼ ਲੈ ਕੇ ਚੌਂਕੀ ਪਹੁੰ…।"
ਏਸ ਤੋਂ ਪਹਿਲਾਂ ਕਿ ਤੇਜਵੀਰ ਵਾਕ ਪੂਰਾ ਕਰ ਪਾਉਂਦਾ, ਸਰਦੂਲ ਸਿੰਘ ਡਰਾਇੰਗ ਰੂਮ ਦੇ ਫ਼ਰਸ਼ ਨੂੰ ਪੈਰਾਂ ਥੱਲੇ ਰੌਂਦਦਾ ਹੋਇਆ ਅੱਗੇ ਵਧਿਆ ਤੇ ਉਸਨੇ ਤੇਜਵੀਰ ਦੇ ਹੱਥੋਂ ਮੋਬਾਈਲ ਖੋਹ ਕੇ, ਥਾੜ੍ਹ ਕਰ ਕੇ ਸਾਹਮਣੀ ਕੰਧ 'ਚ ਦੇ ਮਾਰਿਆ।
ਮੋਬਾਈਲ ਪੁਰਜ਼ਾ-ਪੁਰਜ਼ਾ ਹੋ ਖਿੱਲਰ ਗਿਆ।
"ਇਹ ਕੀ ਬਦਤਮੀਜ਼ੀ ਏ?" ਤੇਜਵੀਰ ਦੇ ਮੂੰਹੋਂ ਨਿੱਕਲਿਆ।
"ਤੂੰ ਪੁੱਤ ਮੇਰੇ ਬਦਤਮੀਜ਼ੀ ਦੇਖੀ ਕਿੱਥੇ ਆ ਹਾਲੇ? ਬਦਤਮੀਜ਼ੀ ਤਾਂ ਤੈਨੂੰ ਮੈਂ ਚੌਂਕੀ ਲਜਾ ਕੇ ਦਿਖਾਊਂ, ਬਈ ਬਦਤਮੀਜ਼ੀ ਹੁੰਦੀ ਕਿਹੋ ਜਿਹੀ ਐ।" ਮਿਹਣੇ ਮਾਰਦੀ ਜਨਾਨੀ ਵਾਂਗੂੰ ਹਵਾ 'ਚ ਹੱਥ ਲਹਿਰਾਉਂਦਾ ਹੋਇਆ ਸਰਦੂਲ ਸਿੰਘ ਜ਼ਹਿਰੀ ਸੱਪ ਵਾਂਗੂੰ ਫੁੰਕਾਰਿਆ।
'ਨਿਰਾ ਖੜੱਪੇ ਸੱਪ ਦੀ ਸਿਰੀ ਨੂੰ ਹੱਥ ਪਾ ਲਿਆ ਬਾਈ ਤੂੰ! ਹੁਣ ਨੀ ਮੰਨਦਾ ਡੰਗ ਮਾਰੇ ਤੋਂ ਬਿਨਾਂ…ਨਾਂਅ…!'
ਤੇਜਵੀਰ ਦੇ ਜ਼ਿਹਨ 'ਚ ਗਗਨ ਦੇ ਆਖੇ ਬੋਲ ਗੂੰਜੇ।
"ਸੱਦ ਲਾ ਕਿਹੜੇ ਭੜੂਏ ਨੂੰ ਸੱਦਣਾ ਤੂੰ! ਅੱਜ ਪੁੱਤ ਆ ਗਿਆਂ ਤੂੰ ਸਰਦੂਲ ਸਿੰਘ ਏ.ਐੱਸ.ਆਈ ਜਾੜ੍ਹ ਹੇਠਾਂ, ਦੇਖੀਂ ਕੜਾਕਾ ਪੈਂਦਾ ਹੁਣ। ਤਲਾਸ਼ੀ ਲਓ ਉਏ ਮੁੰਡਿਓ ਘਰ ਦੀ!"
ਤੇਜਵੀਰ ਸਮਝ ਚੁੱਕਾ ਸੀ ਕਿ ਹੁਣ ਬੋਲਣ ਦਾ ਕੋਈ ਫ਼ਾਇਦਾ ਨਹੀਂ।
ਉਹ ਚੁੱਪਚਾਪ ਆਪਣੀ ਜਗ੍ਹਾ 'ਤੇ ਖੜ੍ਹਾ ਤਲਾਸ਼ੀ ਲਏ ਜਾਣ ਦਾ ਨਾਟਕ ਦੇਖਦਾ ਰਿਹਾ।
ਸਿਪਾਹੀ ਤਲਾਸ਼ੀ ਲੈਣ ਦੇ ਬਹਾਨੇ ਪੂਰੇ ਫ਼ਲੈਟ ਦਾ ਫੁੱਲ ਕਬਾੜਾ ਕਰਨ 'ਤੇ ਤੁਲੇ ਹੋਏ ਸਨ।
ਤੇਜਵੀਰ ਦੀ ਬਣਾਈ 'ਕੜਕ ਚਾਹ', ਜੋ ਵਿਚਾਰੀ ਟੇਬਲ 'ਤੇ ਪਈ ਠੰਡੀ ਹੋ ਰਹੀ ਸੀ, ਉੱਤੇ ਸਰਦੂਲ ਸਿੰਘ ਦੀ ਨਜ਼ਰ ਜਾ ਪਈ।
"ਲੈ! ਸਾਲ਼ੀ ਅੱਜ ਸਵੇਰ ਦੀ ਚਾਹ ਵੀ ਨੀ ਸੀ ਜੁੜੀ! ਹੁਣ ਆਏ ਨੇ ਸਾਰੇ ਕੰਮ ਸੂਤ!"
ਸਰਦੂਲ ਸਿੰਘ ਨੇ ਚਾਹ ਦਾ ਕੱਪ ਚੁੱਕ ਕੇ ਮੂੰਹ ਨੂੰ ਲਾਇਆ ਤੇ ਦੋ-ਤਿੰਨ ਸੜ੍ਹਾਕਿਆਂ 'ਚ ਹੀ ਕੱਪ ਦਾ ਤਲ਼ਾ ਦਿਸਣ ਲੱਗ ਪਿਆ।
ਸ਼ਾਇਦ ਅੱਜ ਦੇ ਦਿਨ ਤੇਜਵੀਰ ਦੇ ਹੱਥ ਦੀ ਬਣੀ ਚਾਹ ਹੀ ਲਿਖੀ ਸੀ ਸਰਦੂਲ ਸਿੰਘ ਦਿਆਂ ਨਸੀਬਾਂ 'ਚ।
ਚਾਹ ਪੀ ਕੇ ਉਸਨੂੰ ਨੂੰ ਇਉਂ ਤਸੱਲੀ ਹੋਈ, ਜਿਵੇਂ ਕਿ ਉਸਨੇ ਇੱਕ ਮਾਮੂਲੀ ਚਾਹ ਦਾ ਕੱਪ ਨਹੀਂ ਬਲਕਿ ਅੱਜ ਦੀ ਤਾਰੀਖ਼ 'ਚ ਆਪਣੇ ਸਭ ਤੋਂ ਕੱਟੜ ਦੁਸ਼ਮਣ, ਤੇਜਵੀਰ ਦਾ ਲਹੂ ਪੀ ਲਿਆ ਹੋਵੇ।
ਓਧਰ ਕੁਝ ਮਿੰਟਾਂ 'ਚ ਹੀ ਤੇਜਵੀਰ ਦੇ ਫ਼ਲੈਟ ਦੀ ਹਾਲਤ, ਅੱਧੀ ਰਾਤੋਂ ਹੋਏ ਪੁਲਿਸ ਦੇ ਨਾਜਾਇਜ਼ ਹਮਲੇ ਤੋਂ ਬਾਅਦ ਬਾਬਾ ਰਾਮਦੇਵ ਦਾ ਪੰਡਾਲ ਵਰਗੀ ਹੋ ਗਈ ਸੀ।
ਅੰਤ ਨੂੰ ਕਿਚਨ ਵਿੱਚ ਪਏ ਆਟੇ ਵਾਲ਼ੇ ਕਨਸਤਰ ਨੂੰ ਸ਼ੈਲਫ਼ 'ਤੇ ਮੂਧਾ ਮਾਰ, ਗੁਰਦੇਵ ਰਾਮ ਨੇ 'ਮਾਲ' ਬਰਾਮਦ ਕਰ ਲਿਆ।
"ਜਨਾਬ! ਮਾਲ ਬਰਾਮਦ ਹੋ ਗਿਆ। ਪੂਰੀ ਚਾਰ ਕਿੱਲੋ ਚਰਸ ਐ ਜੀ! ਆਹ ਆਟੇ ਦੇ ਕਨਸਤਰ 'ਤੋਂ ਬਰਾਮਦ ਹੋਈ ਆ ਜੀ!" ਨਾਲ਼ ਦੇ ਸਿਪਾਹੀਆਂ ਨੂੰ ਉਚੇਚੇ ਸੁਣਾਉਂਦਾ ਹੋਇਆ ਗੁਰਦੇਵ ਰਾਮ, ਕਦਰਨ ਉੱਚੀ ਆਵਾਜ਼ 'ਚ ਬੋਲਿਆ।
ਤੇਜਵੀਰ ਨੂੰ ਸੁਣਕੇ ਕੋਈ ਹੈਰਾਨੀ ਨਾ ਹੋਈ।
ਇਹੋ ਜਿਹਾ ਹੀ ਕੁਝ ਹੋਣ ਦੀ ਉਮੀਦ ਸੀ ਉਸਨੂੰ।
ਓਧਰ ਦਰਵਾਜ਼ੇ 'ਤੇ ਬਿਲਡਿੰਗ 'ਚ ਰਹਿੰਦੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ।
ਐਨੇ ਨੂੰ ਦਰਵਾਜ਼ੇ 'ਤੇ ਜੁੜੀ ਭੀੜ ਨੂੰ ਚੀਰਦੇ ਹੋਏ ਚੌਹਾਨ ਸਾਹਬ ਅੰਦਰ ਆਏ ਅਤੇ ਪੂਰੇ ਫ਼ਲੈਟ ਦੀ ਹਾਲਤ ਜੰਗ ਦੇ ਮੈਦਾਨ ਜਿਹੀ ਹੋਈ ਦੇਖ ਕੇ ਉਹਨਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ।
"ਵਾੱਟ ਦਾ ਹੈੱਲ ਇਜ਼ ਗੋਇੰਗ ਹੇਅਰ?"
"ਪੱਤਰਾ ਵਾਚ ਜਾ ਬੁੜ੍ਹਿਆ ਏਥੋਂ ਜੇ ਭਲੀ ਚਾਹੁੰਨਾਂ ਤਾਂ! ਨਹੀਂ ਤਾਂ ਏਸ ਚਰਸ ਦੇ ਸਮਗਲਰ ਦਾ ਸਾਥੀ ਹੋਣ ਦੇ ਜੁਰਮ 'ਚ, ਤੇਰੇ ਆਲ਼ਾ ਵੀ ਡੰਡਾ ਡੁੱਕਦੂੰ ਹੁਣੇ ਈ।"
ਸਰਦੂਲ ਸਿੰਘ ਕਿਸੇ ਦਾ ਲਿਹਾਜ਼ ਕਰਨ ਦੇ ਮੂਡ ਵਿੱਚ ਨਹੀਂ ਸੀ।
ਘੋਰ ਅਪਮਾਨ ਦੀ ਸੂਰਤ 'ਚ ਚੌਹਾਨ ਸਾਹਬ ਦਾ ਚਿਹਰਾ ਕੰਨਾਂ ਤੱਕ ਲਾਲ ਹੋ ਗਿਆ।
"ਚੌਹਾਨ ਸਾਹਬ! ਪਲੀਜ਼ ਤੁਸੀਂ ਇਸ ਮਾਮਲੇ 'ਚ ਨਾ ਪਓ! ਬਿਲੀਵ ਮੀ, ਐਵਰੀਥਿੰਗ ਵਿੱਲ ਬੀ ਪਰਫ਼ੈਕਟਲੀ ਓ ਕੇ!" ਤੇਜਵੀਰ ਕਾਹਲ਼ੀ ਨਾਲ਼ ਬੋਲਿਆ।
"ਹਾਂ-ਹਾਂ ਪੁੱਤਰਾ! ਐਵਰੀਥਿੰਗ ਤਾਂ ਤੇਰਾ ਹੁਣ ਹਵਾਲਾਤ 'ਚ ਹੋਊ ਐਨ ਪੱਕਾ ਓ ਕੇ।"
ਸਰਦੂਲ ਸਿੰਘ ਤੇਜਵੀਰ ਦੀ ਹਾਲਤ ਦਾ ਪੂਰਾ ਸਵਾਦ ਲੈ ਰਿਹਾ ਸੀ।
ਐਨੇ ਨੂੰ ਚੌਹਾਨ ਸਾਹਬ ਦੀ ਨਜ਼ਰ ਗੁਰਦੇਵ ਰਾਮ 'ਤੇ ਜਾ ਪਈ।
"ਤੇਜਵੀਰ! ਹੀ ਇਜ਼ ਦਾ ਮੈਨ! ਇਹ ਆਦਮੀ ਤਾਂ ਤੇਰਾ ਚਾਚਾ ਬਣਕੇ…! ਓਹ ਮਾਈ ਗਾੱਡ! ਯੂ ਆਰ ਬੀਇੰਗ ਟਰੈਪਡ!"
"ਚਾਚੇ ਨੂੰ ਤਾਂ ਮਿਲ਼ ਲਿਆ, ਹੁਣ ਏਹਦੇ ਪਿਓ ਨੂੰ ਵੀ ਮਿਲ਼!"
ਸਰਦੂਲ ਸਿੰਘ ਬੜੇ ਖ਼ਤਰਨਾਕ ਤੇਵਰਾਂ ਨਾਲ਼ ਚੌਹਾਨ ਸਾਹਬ ਵੱਲ ਵਧਿਆ।
"ਸਰਦੂਲ ਸਿੰਘ, ਜੋ ਕਹਿਣਾ ਏ ਮੈਨੂੰ ਕਹਿ! ਬਜ਼ੁਰਗ਼ਵਾਰ ਦਾ ਕੋਈ ਦੋਸ਼ ਨਹੀਂ, ਜਾਣ ਦੇ ਏਹਨਾਂ ਨੂੰ!"
ਇਸ ਪੂਰੇ ਕਾਂਡ 'ਚ ਪਹਿਲੀ ਵਾਰ ਤੇਜਵੀਰ ਹੱਥਿਓਂ ਉੱਖੜਿਆ।
"ਹਟ ਤੇਰੀ ਮਾਂ ਦੀ…!"
ਸਰਦੂਲ ਸਿੰਘ ਦੀ ਗਾਲ਼੍ਹ ਹਾਲੇ ਅੱਧ ਵਿਚਕਾਰ ਹੀ ਸੀ ਕਿ ਗੁਰਦੇਵ ਰਾਮ ਨੇ ਉਸਨੂੰ ਮੋਢਿਓਂ ਫੜ, ਉਸਦੇ ਕੰਨ 'ਚ ਫ਼ੂਕਿਆ।
"ਜਨਾਬ, ਛੱਡੋ ਪਰ੍ਹਾਂ! ਹੁਣ ਹੋਰ ਖਿਲਾਰਾ ਪਾਉਣ ਦਾ ਕੀ ਫੈਦਾ? ਆਪਣਾ ਮੁਰਗਾ ਮਿਲ਼ ਗਿਆ, ਇਹਨੂੰ ਨੱਪੋ ਤੇ ਆਪਾਂ ਚੱਲੀਏ ਏਥੋਂ!"
ਗੁਰਦੇਵ ਰਾਮ ਦੀ ਗੱਲ ਸਰਦੂਲ ਸਿੰਘ ਦੇ ਮਨ ਨੂੰ ਲੱਗੀ।
ਤੇਜਵੀਰ ਨੂੰ ਹੱਥਕੜੀ ਲਾ, ਉਹ ਪਿੱਛੇ ਰਹਿ ਗਈ ਭੀੜ ਨੂੰ ਸ਼ਸ਼ੋਪੰਜ ਵਿੱਚ ਪਾ ਕੇ ਚੌਂਕੀ ਵੱਲ ਨੂੰ ਕੂਚ ਕਰ ਗਏ।
ਬਜ਼ੁਰਗ਼ਵਾਰ ਚੌਹਾਨ ਸਾਹਬ ਬਿਨਾਂ ਕੁਝ ਸੋਚੇ-ਸਮਝੇ ਗੱਡੀ ਚੁੱਕ, ਉਹਨਾਂ ਦੇ ਮਗਰ ਹੋ ਲਏ।
ਪੂਰੇ ਰਸਤੇ ਦੌਰਾਨ ਤੇਜਵੀਰ ਨੂੰ ਸਣੇ ਸਰਦੂਲ ਸਿੰਘ ਕਿਸੇ ਨੇ ਕੁਝ ਨਾ ਕਿਹਾ, ਹਾਲਾਂਕਿ ਉਹ ਆਪਣੇ ਆਪ ਨੂੰ ਜ਼ਿਹਨੀ ਤੌਰ ਤੇ ਇਸ ਲਈ ਤਿਆਰ ਕਰ ਚੁੱਕਾ ਸੀ। ਲੱਗਦਾ ਸੀ ਕਿ ਉਸਦੀ 'ਖ਼ਾਤਿਰਦਾਰੀ' ਲਈ ਸਰਦੂਲ ਸਿੰਘ ਨੇ ਚੌਂਕੀ 'ਚ ਉਚੇਚਾ ਇੰਤਜ਼ਾਮ ਕੀਤਾ ਹੋਇਆ ਸੀ। ਤੇਜਵੀਰ ਦੇ ਦਿਮਾਗ਼ 'ਚ ਬੱਸ ਹੁਣ ਇਹੋ ਖ਼ਿਆਲ ਦੌੜ ਰਿਹਾ ਸੀ ਕਿ ਗਗਨ ਉਸਦੀ ਗੱਲ ਸੁਣ ਪਾਇਆ ਜਾਂ ਨਹੀਂ? ਤੇ ਜੇ ਸੁਣ ਪਾਇਆ, ਤਾਂ ਗੱਲ ਦੀ ਗੰਭੀਰਤਾ ਸਮਝ ਪਾਇਆ ਕਿ ਨਹੀਂ?
ਚੌਂਕੀ ਪਹੁੰਚ ਸਿਪਾਹੀਆਂ ਨੇ ਉਸਨੂੰ ਖਿੱਚ ਕੇ ਜਿਪਸੀ 'ਚੋਂ ਬਾਹਰ ਕੀਤਾ ਤਾਂ ਉਸਨੇ ਦੇਖਿਆ, ਕਿ ਪਹਿਲਾਂ ਤੋਂ ਹੀ ਸਾਹਮਣੇ ਖੜ੍ਹੀ ਸ਼ੋਫ਼ਰ-ਡ੍ਰਿਵਨ ਸਿਲਵਰ ਕਲਰ ਦੀ ਐੱਸ ਕਲਾਸ ਮਰਸਿਡੀਜ਼ 'ਚੋਂ ਇੱਕ ਪਾਸਿਓਂ ਗਗਨ ਅਤੇ ਦੂਸਰੇ ਪਾਸਿਓਂ ਖ਼ੁਦ ਭੋਗਲ ਸਾਹਬ ਬਾਹਰ ਨਿੱਕਲੇ।
ਤਾਂ ਗਗਨ ਨੇ ਗੱਲ ਸੁਣੀ ਵੀ ਸੀ ਤੇ ਉਸਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਸਮਝਿਆ ਵੀ ਸੀ।
ਭੋਗਲ ਸਾਹਬ ਦੇ ਆਪ ਉਥੇ ਪਹੁੰਚਣ ਦਾ ਤੇਜਵੀਰ ਦੇ ਮਨ 'ਤੇ ਬੜਾ ਗਹਿਰਾ ਅਸਰ ਹੋਇਆ।
ਗੁਰਦੇਵ ਰਾਮ ਨੇ ਪੋਲੇ ਜਿਹੇ ਸਰਦੂਲ ਸਿੰਘ ਦੇ ਕੰਨ ਵਿੱਚ ਕਿਹਾ, "ਜਨਾਬ! ਇਹ ਭੋਗਲ ਆ, 'ਰੋਜ਼ਾਨਾ ਖ਼ਬਰਨਾਮਾ' ਦਾ ਮਾਲਿਕ। ਇਹਦੇ ਨਾਲ਼ ਪੁੱਠਾ-ਸਿੱਧਾ ਬੋਲਿਆ ਆਪਾਂ ਨੂੰ ਭਾਰੀ ਪੈ ਸਕਦਾ। ਮਾੜਾ ਜਿਹਾ ਬਚਾ ਕੇ!"
ਗੁਰਦੇਵ ਰਾਮ ਦੇ ਦਿਲ 'ਚ ਹੌਲ ਪੈਣੇ ਸ਼ੁਰੂ ਹੋ ਗਏ ਸਨ।
ਸਰਦੂਲ ਸਿੰਘ ਨੇ ਚੁੱਪਚਾਪ ਉਸਦੀ ਗੱਲ ਸੁਣੀ।
ਉਸ ਨਵੇਂ ਛੋਕਰੇ ਲਈ, ਜਿਸਦੀ ਸਰਵਿਸ ਨੂੰ ਹਾਲੇ ਮਸਾਂ ਦੋ ਦਿਨ ਹੋਏ ਸਨ, ਏਨੇ ਵੱਡੇ ਬੰਦੇ ਦਾ ਇਉਂ ਹਮਾਇਤੀ ਬਣ ਕੇ ਆਉਣਾ, ਸਰਦੂਲ ਸਿੰਘ ਨੂੰ ਹੈਰਾਨ ਵੀ ਕਰ ਰਿਹਾ ਸੀ, ਤੇ ਪਰੇਸ਼ਾਨ ਵੀ।
ਉਸਨੇ ਸਾਵਧਾਨੀ ਵਰਤਣ ਦੀ ਠਾਣ ਲਈ।
ਸਰਦੂਲ ਸਿੰਘ ਨੇ ਹਾਲੇ ਇੱਕ ਕਦਮ ਪੁੱਟਿਆ ਹੀ ਸੀ, ਕਿ ਹੂਟਰ ਮਾਰਦੀ ਹੋਈ ਇੱਕ ਜਿਪਸੀ ਅਤੇ ਉਸਦੇ ਪਿੱਛੇ-ਪਿੱਛੇ ਇੱਕ ਅੰਬੈਸਡਰ ਗੱਡੀ ਨੇ ਚੌਂਕੀ ਦੇ ਅਹਾਤੇ 'ਚ ਪ੍ਰਵੇਸ਼ ਕੀਤਾ।
ਅੰਬੈਸਡਰ ਵਿੱਚੋਂ ਐੱਸ.ਐੱਸ.ਪੀ. ਨੇ ਬਾਹਰ ਕਦਮ ਰੱਖਿਆ।
ਸਰਦੂਲ ਸਿੰਘ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ।
ਹਾਲਾਤ ਉਸਦੇ ਮਨਮਾਫ਼ਿਕ ਨਹੀਂ ਬਦਲ ਰਹੇ ਸਨ।
ਗੁਰਦੇਵ ਰਾਮ ਦਾ ਤਾਂ ਜਿਵੇਂ ਦਿਲ ਹੀ ਉੱਛਲ ਕੇ ਉਸਦੇ ਹਲ਼ਕ 'ਚ ਆ ਫਸਿਆ ਸੀ।
"ਮੋਕ ਨਾ ਮਾਰ ਗੁਰਦੇਵ ਰਾਮਾ! ਤਕੜਾ ਹੋ, ਕੁਸ਼ ਨੀਂ ਹੁੰਦਾ!"
ਗੁਰਦੇਵ ਰਾਮ ਨੂੰ ਲਿਫ਼ਦਾ ਦੇਖ, ਸਰਦੂਲ ਸਿੰਘ ਨੇ ਉਸਦੇ ਕੰਨ 'ਚ ਮੰਤਰ ਫੂਕਿਆ।
ਐੱਸ.ਐੱਸ.ਪੀ. ਦੇ ਕੋਲ਼ ਆਉਣ 'ਤੇ ਸਭ ਵਰਦੀਧਾਰੀਆਂ ਨੇ ਸਲੂਟ ਠੋਕੇ।
ਐੱਸ.ਐੱਸ.ਪੀ. ਅੱਗੇ ਵਧ ਕੇ ਭੋਗਲ ਸਾਹਬ ਨੂੰ ਮਿਲਿਆ ਅਤੇ ਸਭ ਨੂੰ ਅੰਦਰ ਆਉਣ ਦਾ ਇਸ਼ਾਰਾ ਕਰ ਚੌਂਕੀ ਅੰਦਰ ਪ੍ਰਵੇਸ਼ ਕਰ ਗਿਆ।
ਇਸੇ ਸਮੇਂ ਦੌਰਾਨ ਚੌਹਾਨ ਸਾਹਬ ਵੀ ਪਹੁੰਚ ਚੁੱਕੇ ਸਨ।
ਉਹ ਵੀ ਸਭਨਾਂ ਦੇ ਨਾਲ਼ ਲੱਗ, ਚੌਂਕੀ ਅੰਦਰ ਜਾ ਵੜੇ।
ਗਗਨ ਤੇਜਵੀਰ ਦੇ ਨੇੜੇ ਪਹੁੰਚਿਆ ਤਾਂ ਤੇਜਵੀਰ ਨੇ ਉਸਦੇ ਕੰਨ ਵਿੱਚ ਫੁਸਫੁਸਾ ਕੇ ਜਲਦੀ-ਜਲਦੀ ਕੁਝ ਕਿਹਾ।
ਉਹ ਅੱਤ ਹੈਰਾਨੀ ਪ੍ਰਗਟ ਕਰਦਾ ਹੋਇਆ, ਪੁੱਠੇ-ਪੈਰੀਂ ਚੌਕੀਓਂ ਵਾਪਿਸ ਪਰਤ ਗਿਆ।
ਐੱਸ.ਐੱਸ.ਪੀ. ਨੇ ਸਰਦੂਲ ਸਿੰਘ ਦੀ ਕਰਸੀ 'ਤੇ ਡੇਰਾ ਜਮਾ ਲਿਆ ਅਤੇ ਭੋਗਲ ਸਾਹਬ ਅਤੇ ਚੌਹਾਨ ਸਾਹਬ ਨੂੰ ਬੈਠਣ ਦਾ ਇਸ਼ਾਰਾ ਕੀਤਾ।
ਐੱਸ.ਐੱਸ.ਪੀ. ਚੌਹਾਨ ਸਾਹਬ ਨੂੰ ਭੋਗਲ ਸਾਹਬ ਨਾਲ਼ ਹੀ ਆਏ ਹੋਏ ਸਮਝ ਬੈਠਿਆ ਸੀ।
ਉਹਨਾਂ ਨੇ ਉਸਦੇ ਸਾਹਮਣੇ ਵਾਲ਼ੀਆਂ ਕੁਰਸੀਆਂ ਮੱਲ ਲਈਆਂ।
"ਭੋਗਲ ਸਾਹਬ! ਡੀ.ਆਈ.ਜੀ. ਸਾਹਬ ਦਾ ਉਚੇਚਾ ਫ਼ੋਨ ਆਇਆ, ਜ਼ਰੂਰ ਕੋਈ ਖ਼ਾਸ ਹੀ ਗੱਲ ਹੋਏਗੀ। ਫ਼ਰਮਾਓ!"
"ਐੱਸ.ਐੱਸ.ਪੀ. ਸਾਹਬ, ਇਹ ਜਿਸ ਨੌਜਵਾਨ ਨੂੰ ਤੁਹਾਡੇ ਏ.ਐੱਸ.ਆਈ. ਨੇ ਗ੍ਰਿਫ਼ਤਾਰ ਕੀਤਾ, ਇਹ ਮੇਰੇ ਅਖ਼ਬਾਰ ਦਾ ਇੱਕ ਜ਼ਿੰਮੇਵਾਰ ਰਿਪੋਰਟਰ ਏ।"
ਐੱਸ.ਐੱਸ.ਪੀ. ਨੇ ਬੜੀ ਹੈਰਾਨੀ ਨਾਲ਼ ਪਹਿਲਾਂ ਤੇਜਵੀਰ ਵੱਲ ਦੇਖਿਆ ਤੇ ਫਿਰ ਸਰਦੂਲ ਸਿੰਘ ਵੱਲ।
"ਸਰਦੂਲ ਸਿੰਘ, ਕਿਸ ਜੁਰਮ 'ਚ ਗ੍ਰਿਫ਼ਤਾਰ ਕੀਤਾ ਇਸਨੂੰ?"
"ਜਨਾਬ! ਇਸਦੇ ਫ਼ਲੈਟ 'ਚੋਂ ਚਾਰ ਕਿੱਲੋ ਚਰਸ ਬਰਾਮਦ ਹੋਈ ਐ ਜੀ! ਆਹ ਦੇਖੋ।"
ਸਰਦੂਲ ਸਿੰਘ ਨੇ ਚਾਰੋਂ ਪੈਕੇਟ ਐੱਸ.ਐੱਸ.ਪੀ. ਦੇ ਸਾਹਮਣੇ ਰੱਖ ਦਿੱਤੇ।
ਭੋਗਲ ਸਾਹਬ ਨੂੰ ਗਹਿਰਾ ਝਟਕਾ ਲੱਗਿਆ।
"ਬੱਟ ਸਰ, ਤੇਜਵੀਰ ਨੂੰ ਫ਼ਸਾਇਆ ਜਾ ਰਿਹਾ! ਹੀ ਇਜ਼ ਟੋਟਲੀ ਇੰਨੋਸੈਂਟ!" ਚੌਹਾਨ ਸਾਹਬ ਨੇ ਫ਼ਰਿਆਦ ਕੀਤੀ।
"ਹਰ ਕੋਈ ਇਹੀ ਕਹਿੰਦਾ ਹੁੰਦਾ। ਤੁਸੀਂ ਆਪਣਾ ਬੰਦਾ ਛੁਡਾਉਣ ਆਏ ਹੋ ਜਾਂ ਪੁਲਿਸ 'ਤੇ ਇਲਜ਼ਾਮ ਲਾਉਣ?"
ਐੱਸ.ਐੱਸ.ਪੀ. ਨੂੰ ਚੌਹਾਨ ਸਾਹਬ ਦੀ ਗੱਲ ਚੁਭ ਗਈ ਸੀ।
ਚੌਹਾਨ ਸਾਹਬ ਨੇ ਬੜੀ ਹਤਾਸ਼ਾ ਨਾਲ਼ ਤੇਜਵੀਰ ਵੱਲ ਦੇਖਿਆ।
ਤੇਜਵੀਰ ਨੇ ਸਿਰ ਹਿਲਾ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ।
"ਕਿੱਥੋਂ ਫੜਿਆ?" ਐੱਸ.ਐੱਸ.ਪੀ. ਨੇ ਸਰਦੂਲ ਸਿੰਘ ਤੋਂ ਪੁੱਛਿਆ।
"ਜਨਾਬ, ਰਾਜਗੁਰੂ ਨਗਰ ਦੇ ਪਿੰਕ ਫ਼ਲੈਟਸ ਵਿੱਚੋਂ ਜੀ!"
"ਪਰ ਉਹ ਤਾਂ ਇਸ ਚੌਂਕੀ ਦੀ ਜੁਰਿਸਡਿਕਸ਼ਨ 'ਤੋਂ ਬਾਹਰ ਦਾ ਇਲਾਕਾ ਏ? ਤੁਸੀਂ ਓਥੇ ਛਾਪਾ ਕਿਵੇਂ ਮਾਰ ਲਿਆ?"
"ਜਨਾਬ, ਟਾਈਮ ਹੀ ਨਹੀਂ ਸੀ! ਇਨਫ਼ਾੱਰਮੇਸ਼ਨ ਮੁਤਾਬਿਕ ਮਾਲ ਏਧਰ-ਓਧਰ ਹੋਣ ਵਾਲ਼ਾ ਸੀ, ਸੋ ਕਾਹਲ਼ੀ-ਕਾਹਲ਼ੀ 'ਚ ਮੈਂ ਕਿਹਾ ਕਿਤੇ ਮੁਜਰਿਮ ਮਾਲ ਸਮੇਤ ਹੱਥੋਂ ਈ ਨਾ ਨਿੱਕਲ਼ਜੇ ਜੀ!"
"ਹੈੱਡਕੁਆਰਟਰ ਸੂਚਿਤ ਕੀਤਾ?"
"ਬੱਸ ਜਨਾਬ, ਕਰਨ ਈ ਲੱਗਿਆ ਸੀ ਜਦ ਨੂੰ ਤੁਸੀਂ ਆਗੇ ਜੀ! …ਪਹਿਲਾਂ ਧਿਆਨ 'ਚੋਂ ਈ ਨਿੱਕਲ਼ ਗਿਆ ਜੀ ਕਾਹਲ਼-ਕਾਹਲ਼ 'ਚ।"
"ਖ਼ਬਰ ਕਿਵੇਂ ਲੱਗੀ?"
"ਮੇਰੇ ਆਵਦੇ ਸੋਰਸ ਤੋਂ ਜੀ! ਅੰਦਰਲਾ ਖ਼ਬਰੀ ਆ ਜੀ!"
ਐੱਸ.ਐੱਸ.ਪੀ. ਨੇ ਖ਼ਬਰੀ ਬਾਰੇ ਹੋਰ ਨਾ ਪੁੱਛਿਆ, ਨਹੀਂ ਤਾਂ ਸਰਦੂਲ ਸਿੰਘ ਕੋਲ਼ ਉਸਦਾ ਵੀ ਜਵਾਬ ਸੀ।
"ਜਨਾਬ, ਏਸ ਬੰਦੇ ਨੂੰ ਅਸੀਂ ਰੰਗੇ ਹੱਥੀਂ ਮਾਲ ਸਮੇਤ ਗ੍ਰਿਫ਼ਤਾਰ ਕੀਤਾ ਜੀ! ਮੇਰੇ ਸਾਰੇ ਸਿਪਾਹੀ ਇਸਦੇ ਗਵਾਹ ਨੇ ਜੀ! ਨਾਲ਼ੇ ਅਖ਼ਬਾਰ ਦੀ ਨੌਕਰੀ ਤਾਂ ਇਹਦੀ ਦੋ ਦਿਨ ਪਹਿਲਾਂ ਹੀ ਲੱਗੀ ਆ ਜੀ, ਬੰਦਾ ਤਾਂ ਇਹ ਪਹਿਲਾਂ ਤੋਂ ਹੀ ਸਮਗਲਿੰਗ ਕਰਦਾ ਆ ਰਿਹਾ। ਮੇਰੇ ਖ਼ਬਰੀ ਨੇ ਇਉਂ ਹੀ ਦੱਸਿਆ! ਪਰ ਪੁਲਿਸ ਦੇ ਹੱਥੇ ਪਹਿਲੀ ਵਾਰ ਚੜ੍ਹਿਆ। ਨਾਲ਼ੇ ਜਨਾਬ! ਦੋ ਦਿਨਾਂ 'ਚ ਬੰਦੇ ਦੀ ਪਛਾਣ ਕਿੱਥੋਂ ਆਉਂਦੀ ਆ ਜੀ, ਬਈ ਬੰਦਾ ਹੈ ਕਿਹੋ ਜਿਹਾ!"
ਭੋਗਲ ਸਾਹਬ ਵੱਲ ਐੱਸ.ਐੱਸ.ਪੀ. ਦਾ ਧਿਆਨ ਦੁਆ, ਸਰਦੂਲ ਸਿੰਘ ਨੇ ਗੱਲ ਪੱਕੀ ਕਰਨ ਦੀ ਨੀਅਤ ਨਾਲ਼ ਹੋਰ ਜੋੜਿਆ।
ਐੱਸ.ਐੱਸ.ਪੀ. ਨੇ ਭੋਗਲ ਸਾਹਬ ਨੂੰ ਇਸ਼ਾਰਾ ਕੀਤਾ ਅਤੇ ਦੋਵੇਂ ਉੱਠ ਕੇ ਇੱਕ ਕੋਨੇ 'ਚ ਚਲੇ ਗਏ।
ਚਰਚਾ ਸ਼ੁਰੂ ਹੋ ਗਈ।
ਚਰਚਾ ਦੌਰਾਨ ਐੱਸ.ਐੱਸ.ਪੀ. ਦਾ ਸਿਰ ਵਾਰ-ਵਾਰ ਨਾਂਹ ਦੀ ਮੁਦਰਾ 'ਚ ਹਿੱਲਦਾ ਰਿਹਾ।
ਚਰਚਾ ਦੇ ਖ਼ਤਮ ਹੋਣ 'ਤੇ ਭੋਗਲ ਸਾਹਬ ਦੇ ਚਿਹਰੇ 'ਤੇ ਸਾਫ਼-ਸਾਫ਼ ਮਾਯੂਸੀ ਝਲਕ ਰਹੀ ਸੀ।
ਸਰਦੂਲ ਸਿੰਘ ਦੇ ਬੁੱਲ੍ਹਾਂ 'ਤੇ ਜੇਤੂਆਂ ਵਾਲ਼ੀ ਮੁਸਕੁਰਾਹਟ ਤੈਰ ਰਹੀ ਸੀ।
ਤੇਜਵੀਰ ਬੜੀ ਬੇਚੈਨੀ ਨਾਲ਼ ਦਰਵਾਜ਼ੇ ਵੱਲ ਦੇਖ ਰਿਹਾ ਸੀ।
ਚੌਹਾਨ ਸਾਹਬ ਨੇ ਐੱਸ.ਐੱਸ.ਪੀ. ਦੇ ਸੀਟ 'ਤੇ ਬੈਠਦਿਆਂ ਹੀ ਕੁਝ ਕਹਿਣ ਲਈ ਮੂੰਹ ਖੋਲ੍ਹਿਆ ਹੀ ਸੀ, ਕਿ ਐਨੇ ਨੂੰ ਸਾਹੋ-ਸਾਹੀ ਹੋਇਆ ਗਗਨ ਆ ਪਹੁੰਚਿਆ।
ਤੇਜਵੀਰ ਨੇ ਕਿਲੋਮੀਟਰ ਲੰਬਾ ਚੈਨ ਦਾ ਸਾਹ ਲਿਆ।
ਐੱਸ.ਐੱਸ.ਪੀ. ਨੇ ਪ੍ਰਸ਼ਨਸੂਚਕ ਨਜ਼ਰਾਂ ਨਾਲ ਉਸ ਵੱਲ ਦੇਖਿਆ, ਤਾਂ ਭੋਗਲ ਸਾਹਬ ਬੋਲ ਉੱਠੇ, "ਹੀ ਇਜ਼ ਵਿਦ ਮੀ।"
ਗਗਨ ਦੇ ਹੱਥਾਂ 'ਚ ਇੱਕ ਲੈਪਟਾੱਪ ਫੜਿਆ ਹੋਇਆ ਸੀ, ਜੋ ਉਸਨੇ ਆਉਂਦੇ ਸਾਰ ਹੀ ਤੇਜਵੀਰ ਦੇ ਹਵਾਲੇ ਕਰ ਦਿੱਤਾ।
ਉਸਨੇ ਅੱਖਾਂ-ਅੱਖਾਂ ਵਿੱਚ ਹੀ ਸਵਾਲ ਕੀਤਾ ਤਾਂ ਗਗਨ ਨੇ ਤਸੱਲੀਪੂਰਵਕ ਢੰਗ ਨਾਲ਼ 'ਹਾਂ' ਦੀ ਮੁਦਰਾ 'ਚ ਸਿਰ ਹਿਲਾਇਆ।
ਅੰਤ ਇੰਨੀ ਦੇਰ ਤੋਂ ਖ਼ਾਮੋਸ਼ ਦਰਸ਼ਕ ਵਾਂਗੂੰ ਉਥੇ ਖੜ੍ਹੇ ਤੇਜਵੀਰ ਨੇ ਪਹਿਲੀ ਵਾਰ ਕੁਝ ਕਹਿਣ ਲਈ ਮੂੰਹ ਖੋਲ੍ਹਿਆ।
"ਆਈ ਵਾਂਟ ਟੂ ਸੇ ਸਮਥਿੰਗ ਸਰ!" ਬੜੇ ਠਰੰਮੇ ਨਾਲ਼ ਉਹ ਐੱਸ.ਐੱਸ.ਪੀ. ਨੂੰ ਮੁਖ਼ਾਤਿਬ ਹੋਇਆ।
"ਕਾਕਾ, ਅਦਾਲਤ 'ਚ ਕਹੀਂ ਜੋ ਕਹਿਣਾ ਹੁਣ।" ਤੇਜਵੀਰ ਨੂੰ ਆਖ ਐੱਸ.ਐੱਸ.ਪੀ. ਭੋਗਲ ਸਾਹਬ ਨੂੰ ਸੰਬੋਧਿਤ ਹੋਇਆ, "ਭੋਗਲ ਸਾਹਬ! ਮੇਰਾ ਖ਼ਿਆਲ ਐ ਕਿ ਆਪਾਂ ਬਹੁਤ ਟਾਈਮ ਵੇਸਟ ਕਰ ਚੁੱਕੇ ਆਂ ਇਸ ਬੰਦੇ ਲਈ, ਹੁਣ ਆਪਾਂ ਨੂੰ ਚੱਲਣਾ ਚਾਹੀਦਾ।"
ਭੋਗਲ ਸਾਹਬ ਨੇ ਬੜੀਆਂ ਲਾਚਾਰ ਨਜ਼ਰਾਂ ਨਾਲ਼ ਤੇਜਵੀਰ ਵੱਲ ਦੇਖਿਆ।
"ਸਰ! ਪਲੀਜ਼ ਗਿਵ ਮੀ ਓਨਲੀ ਫ਼ਾਈਵ ਮਿਨਟਸ! ਆਈ ਕੈਨ ਡੈਫ਼ੀਨੇਟਲੀ ਪਰੂਵ ਦੈਟ ਆਈ ਐਮ ਟੋਟਲੀ ਇਨੋਸੈਂਟ! ਆਈ ਨੈਵਰ ਲੈੱਟ ਯੂ ਡਾਊਨ ਸਰ, ਬਿਲੀਵ ਮੀ!"
ਭੋਗਲ ਸਾਹਬ ਨੇ ਐੱਸ.ਐੱਸ.ਪੀ. ਵੱਲ ਦੇਖਦਿਆਂ ਆਖਿਆ, "ਐੱਸ.ਐੱਸ.ਪੀ. ਸਾਹਬ! ਪਲੀਜ਼ ਗਿਵ ਹਿਮ ਵਨ ਚਾਂਸ! ਲੈੱਟ ਹਿਮ ਸਪੀਕ!"
"ਓ ਕੇ, ਬੱਟ ਫ਼ਾੱਰ ਫ਼ਾਈਵ ਮਿਨਟਸ ਓਨਲੀ।"
"ਕੈਨ ਆਈ ਸਿਟ ਸਰ?"
ਐੱਸ.ਐੱਸ.ਪੀ. ਨੇ ਬਿਨਾਂ ਬੋਲੇ ਕੁਰਸੀ ਵੱਲ ਇਸ਼ਾਰਾ ਕੀਤਾ।
ਤੇਜਵੀਰ ਨੇ ਲੈਪਟਾੱਪ ਟੇਬਲ 'ਤੇ ਟਿਕਾ ਕੇ ਆੱਨ ਕੀਤਾ ਅਤੇ ਵਿੰਡੋਜ਼ ਓਪਨ ਹੋਣ ਦਾ ਇੰਤਜ਼ਾਰ ਕਰਦਿਆਂ ਕੁਰਸੀ 'ਤੇ ਬੈਠ ਗਿਆ।
ਤੇਜਵੀਰ ਅਤੇ ਗਗਨ ਨੂੰ ਛੱਡ ਕੇ, ਕਮਰੇ ਵਿੱਚ ਮੌਜੂਦ ਹਰੇਕ ਸ਼ਖ਼ਸ ਦੇ ਚਿਹਰੇ 'ਤੇ ਬੜੀ ਉਤਸੁਕਤਾ ਦੇ ਭਾਵ ਜਾਗ੍ਰਿਤ ਹੋ ਗਏ ਸਨ ਕਿ ਆਖ਼ਿਰ ਗਗਨ ਦੁਆਰਾ
ਲਿਆਂਦੇ ਗਏ ਇਸ ਲੈਪਟਾੱਪ ਦੀ ਸਹਾਇਤਾ ਨਾਲ਼ ਉਹ ਕਿਵੇਂ ਆਪਣੇ ਆਪ ਨੂੰ ਬੇਗ਼ੁਨਾਹ ਸਾਬਿਤ ਕਰੇਗਾ?
'ਲੈ ਖੁੱਲ੍ਹ ਗਿਆ ਹੁਣ ਭਾਨੂਮਤੀ ਦਾ ਪਟਾਰਾ!'
ਗਗਨ ਵੀ ਬੇਸਬਰੀ ਨਾਲ਼ ਪੱਬਾਂ ਭਾਰ ਹੋਇਆ ਖੜ੍ਹਾ ਸੀ।
ਤੇਜਵੀਰ ਦੇ ਹੱਥਕੜੀ ਬੱਝੇ ਹੱਥਾਂ ਦੀਆਂ ਉਂਗਲ਼ਾਂ ਕੁਝ ਦੇਰ ਕੀ-ਬੋਰਡ 'ਤੇ ਖੇਡਦੀਆਂ ਰਹੀਆਂ, ਤੇ ਫਿਰ ਉਸਨੇ ਲੈਪਟਾੱਪ ਚੁੱਕ ਕੇ ਐੱਸ.ਐੱਸ.ਪੀ. ਦੇ ਸਾਹਮਣੇ ਇਉਂ ਰੱਖ ਦਿੱਤਾ ਕਿ ਸਕਰੀਨ ਦਾ ਰੁਖ਼ ਐੱਸ.ਐੱਸ.ਪੀ. ਵੱਲ ਨੂੰ ਹੋ ਗਿਆ।
ਹੁਣ ਤੱਕ ਆਪਣੀ ਸਕੀਮ ਤੋਂ ਪੂਰੀ ਤਰ੍ਹਾਂ ਨਾਲ਼ ਮੁਤਮਈਨ ਸਰਦੂਲ ਸਿੰਘ ਦਾ ਮਨ, ਤਸੱਲੀ ਅਤੇ ਸ਼ੱਕ ਦੇ ਦਰਮਿਆਨ ਪੇਂਡੂਲਮ ਵਾਂਗੂੰ ਡਿੱਕ-ਡੋਲੇ ਖਾਣ ਲੱਗ ਪਿਆ।
ਸਕਰੀਨ ਵੱਲ ਅੱਖਾਂ ਗੱਡੀ ਬੈਠੇ ਐੱਸ.ਐੱਸ.ਪੀ. ਦੇ ਚਿਹਰੇ 'ਤੇ ਹੈਰਾਨੀ ਅਤੇ ਗੁੱਸੇ ਦੇ ਭਾਵ ਪਲ-ਪਲ ਗਹਿਰੇ ਹੁੰਦੇ ਗਏ।
ਅੰਤ ਸਕਰੀਨ ਤੋਂ ਧਿਆਨ ਹਟਾ ਐੱਸ.ਐੱਸ.ਪੀ. ਨੇ ਅੱਖਾਂ ਤਰੇਰ ਕੇ ਪਹਿਲਾਂ ਸਰਦੂਲ ਸਿੰਘ ਅਤੇ ਫਿਰ ਗੁਰਦੇਵ ਰਾਮ ਵੱਲ ਦੇਖਿਆ।
ਐੱਸ.ਐੱਸ.ਪੀ. ਦੀਆਂ ਨਜ਼ਰਾਂ 'ਚ ਕੁਝ ਇਹੋ-ਜਿਹੇ ਭਾਵ ਸਨ ਕਿ ਮਾਮਲੇ ਪ੍ਰਤੀ ਅਨਜਾਣ ਹੋਣ ਦੇ ਬਾਵਜੂਦ, ਸਰਦੂਲ ਸਿੰਘ ਨੂੰ ਆਪਣਾ ਦਿਲ ਥਾੜ੍ਹ-ਥਾੜ੍ਹ ਆਪਣੀਆਂ ਪੱਸਲੀਆਂ 'ਚ ਵੱਜਦਾ ਮਹਿਸੂਸ ਹੋਣ ਲੱਗ ਪਿਆ।
ਗੁਰਦੇਵ ਰਾਮ ਦੀ ਹਾਲਤ ਤਾਂ ਹੋਰ ਵੀ ਪਤਲੀ ਹੋ ਗਈ ਸੀ।
ਉਸਦੇ ਹੱਥ-ਪੈਰ ਕੰਬਣ ਲੱਗ ਪਏ, ਚਿਹਰੇ ਤੋਂ ਹਵਾਈਆਂ ਉੱਡਣ ਲੱਗ ਪਈਆਂ ਅਤੇ ਉਸਦੀਆਂ ਲੱਤਾਂ, ਉਸਦਾ ਭਾਰ ਚੁੱਕਣ ਤੋਂ ਇਨਕਾਰੀ ਹੋਣ ਲੱਗ ਪਈਆਂ।
"ਕੀ ਮਾਜਰਾ ਹੈ ਐੱਸ.ਐੱਸ.ਪੀ. ਸਾਹਬ?" ਗਹਿਰੀ ਉਤਸੁਕਤਾ ਭਰੀ ਸੁਰ 'ਚ ਭੋਗਲ ਸਾਹਬ ਨੇ ਪੁੱਛਿਆ।
ਐੱਸ.ਐੱਸ.ਪੀ. ਕੁਝ ਪਲਾਂ ਲਈ ਹਿਚਕਿਚਾਇਆ, ਫਿਰ ਉਸਨੇ ਸਰਦੂਲ ਸਿੰਘ ਵੱਲ ਗਹਿਰੀ ਤਿਰਸਕਾਰ ਭਰੀ ਦ੍ਰਿਸ਼ਟੀ ਮਾਰਦਿਆਂ ਗੁਰਦੇਵ ਰਾਮ ਨੂੰ ਘੁਰਕੀ ਮਾਰੀ।
"ਹੱਥਕੜੀ ਖੋਲ੍ਹ।"
ਵੱਡੇ ਸਾਹਬ ਦੀ ਘੁਰਕੀ ਸੁਣ, ਗੁਰਦੇਵ ਰਾਮ ਸਿਰ ਤੋਂ ਪੈਰਾਂ ਤੀਕ ਹਿੱਲ ਗਿਆ।
ਕੰਬਦੇ ਹੋਏ ਹੱਥਾਂ ਨਾਲ ਉਸਨੇ ਬੜੀ ਮੁਸ਼ਕਿਲ ਨਾਲ਼ ਤੇਜਵੀਰ ਨੂੰ ਹੱਥਕੜੀਓਂ ਆਜ਼ਾਦ ਕੀਤਾ।
"ਰੀਪਲੇ ਇਟ ਯੰਗ ਮੈਨ ਐਂਡ ਸ਼ੋਅ ਦੈੱਮ।" ਕਦਰਨ ਨਰਮ ਸੁਰ 'ਚ ਐੱਸ.ਐੱਸ.ਪੀ. ਨੇ ਤੇਜਵੀਰ ਨੂੰ ਕਿਹਾ।
'ਹੁਣ ਆਇਆ ਊਂਠ ਪਹਾੜ ਥੱਲੇ!'
ਗਗਨ ਦੇ ਚਿਹਰੇ 'ਤੇ ਤਸੱਲੀ ਝਲਕ ਪਈ।
ਤੇਜਵੀਰ ਦੀਆਂ ਉਂਗਲ਼ਾਂ ਫਿਰ ਤੋਂ ਲੈਪਟਾੱਪ ਦੇ ਕੀ-ਬੋਰਡ 'ਤੇ ਨੱਚ ਉੱਠੀਆਂ ਤੇ ਉਸ ਨੇ ਸਕਰੀਨ ਦਾ ਰੁਖ਼ ਇਸ ਵਾਰ ਬਾਕੀ ਸਾਰਿਆਂ ਦੇ ਸਾਹਮਣੇ ਵੱਲ ਕਰ ਦਿੱਤਾ।
ਸਭਨਾਂ ਦੀਆਂ ਨਜ਼ਰਾਂ ਸਕਰੀਨ 'ਤੇ ਲਸੂੜੇ ਵਾਂਗੂੰ ਚਿਪਕ ਗਈਆਂ।
ਸਕਰੀਨ 'ਤੇ ਤੇਜਵੀਰ ਦੇ ਕਿਚਨ ਕਮ ਡਰਾਇੰਗ ਰੂਮ ਦਾ ਦ੍ਰਿਸ਼ ਝਲਕ ਰਿਹਾ ਸੀ।
ਕੁਝ ਪਲਾਂ ਬਾਅਦ ਡਰਾਇੰਗ ਰੂਮ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਕੰਨ ਨੂੰ ਮੋਬਾਈਲ ਲਾਈ ਇੱਕ ਸ਼ਖ਼ਸ ਨੇ ਕਮਰੇ 'ਚ ਪ੍ਰਵੇਸ਼ ਕੀਤਾ।
ਉਹ ਕੋਈ ਹੋਰ ਨਹੀਂ, ਬਲਕਿ ਸਿਵਲ ਵਰਦੀ 'ਚ ਗੁਰਦੇਵ ਰਾਮ ਸੀ।
ਫਿਰ ਉਸਨੇ ਕੰਨ 'ਤੋਂ ਮੋਬਾਈਲ ਲਾਹ ਕੇ ਪੈਂਟ ਦੀ ਜੇਬ ਦੇ ਹਵਾਲੇ ਕੀਤਾ ਅਤੇ ਪੂਰੇ ਡਰਾਇੰਗ ਰੂਮ ਦਾ ਚੱਕਰ ਕੱਢਿਆ।
ਐਨੇ ਨੂੰ ਦਰਵਾਜ਼ਾ ਫਿਰ ਤੋਂ ਖੁੱਲ੍ਹਿਆ ਅਤੇ ਇਸ ਵਾਰ ਜਿਸ ਸ਼ਖ਼ਸ ਦੀ ਐਂਟਰੀ ਹੋਈ, ਉਹ ਸਰਦੂਲ ਸਿੰਘ ਸੀ।
ਉਸਦੇ ਸੱਜੇ ਹੱਥ ਵਿੱਚ ਇੱਕ ਪੌਲੀਥੀਨ ਦਾ ਲਿਫ਼ਾਫ਼ਾ ਲਟਕ ਰਿਹਾ ਸੀ।
ਉਸਨੇ ਲਿਫ਼ਾਫ਼ਾ ਖੋਲ੍ਹ ਕੇ ਉਸ ਵਿੱਚੋਂ ਚਾਰ ਪੈਕੇਟ ਬਾਹਰ ਕੱਢੇ, ਜੋ ਨਿਰਸੰਦੇਹ ਉਹੀ ਚਾਰ ਕਿੱਲੋ ਚਰਸ ਦੇ ਪੈਕੇਟ ਸਨ, ਜੋ ਹਾਲੇ ਵੀ ਟੇਬਲ 'ਤੇ ਐੱਸ.ਐੱਸ.ਪੀ. ਦੇ ਸਾਹਮਣੇ ਪਏ ਸਨ।
ਏਨੇ ਨੂੰ ਕਿਚਨ ਏਰੀਆ 'ਚ ਜਾ ਵੜੇ ਗੁਰਦੇਵ ਰਾਮ ਨੇ, ਕਿਚਨ ਦੀ ਕੁਕਿੰਗ ਸ਼ੈਲਫ਼ ਹੇਠਾਂ ਬਣੀਆਂ ਕੈਬਨਿਟਾਂ ਚੈੱਕ ਕਰਦਿਆਂ, ਇੱਕ ਵਿੱਚੋਂ ਇੱਕ ਆਟੇ ਦਾ ਕਨਸਤਰ ਬਰਾਮਦ ਕੀਤਾ ਅਤੇ ਉਸਨੂੰ ਉਠਾ ਕੇ ਸ਼ੈਲਫ਼ 'ਤੇ ਰੱਖ, ਸਰਦੂਲ ਸਿੰਘ ਨੂੰ ਇਸ਼ਾਰਾ ਕੀਤਾ।
ਸਰਦੂਲ ਸਿੰਘ ਨੇ ਖ਼ਾਲੀ ਲਿਫ਼ਾਫ਼ੇ ਦੀ ਤਹਿ ਲਗਾ ਕੇ ਉਸਨੂੰ ਆਪਣੀ ਜੇਬ ਦੇ ਹਵਾਲੇ ਕੀਤਾ ਅਤੇ ਦੋਨਾਂ ਹੱਥਾਂ ਵਿੱਚ ਚਰਸ ਭਰੇ ਦੋ-ਦੋ ਪੈਕੇਟ ਲੈ, ਗੁਰਦੇਵ ਰਾਮ ਵੱਲ ਨੂੰ ਤੁਰ ਪਿਆ।
ਗੁਰਦੇਵ ਰਾਮ ਨੇ ਉਸਦੇ ਹੱਥੋਂ ਪੈਕੇਟ ਫੜ ਕੇ ਆਟੇ ਦੇ ਕਨਸਤਰ 'ਚ ਦਫ਼ਨ ਕੀਤੇ ਅਤੇ ਢੱਕਣ ਬੰਦ ਕਰ ਕੇ, ਉਸਨੂੰ ਉਸਦੇ ਅਸਲ ਟਿਕਾਣੇ ਪਹੁੰਚਾ ਦਿੱਤਾ।
ਫਿਰ ਦੋਵੇਂ ਕਮਰੇ 'ਚੋਂ ਬਾਹਰ ਹੋ ਗਏ।
ਸਕਰੀਨ 'ਤੇ ਚੱਲਦੇ ਦ੍ਰਿਸ਼ ਦੇਖਦੇ ਹੋਏ ਸਰਦੂਲ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਸੀ।
ਗੁਰਦੇਵ ਰਾਮ ਨੂੰ ਤਾਂ ਸਕਰੀਨ 'ਤੇ ਆਪਣੀ ਸੂਰਤ ਦੇਖਦੇ ਸਾਰ ਹੀ ਜਿਵੇਂ ਲਕਵਾ ਮਾਰ ਗਿਆ ਸੀ।
ਐੱਸ.ਐੱਸ.ਪੀ. ਦੀਆਂ ਦਹਿਕਦੀਆਂ ਨਿਗਾਹਾਂ ਸਰਦੂਲ ਸਿੰਘ ਦੇ ਚਿਹਰੇ 'ਤੇ ਬਾਦਸਤੂਰ ਚਿਪਕੀਆਂ ਹੋਈਆਂ ਸਨ।
ਆਪਣੇ ਡੁੱਬਦੇ ਜਾਂਦੇ ਦਿਲ ਨੂੰ ਸੰਭਾਲਣ ਦੀ ਅਸਫਲ ਕੋਸ਼ਿਸ਼ ਕਰਦਿਆਂ, ਸਰਦੂਲ ਸਿੰਘ ਆਪਣੇ ਬਚਾਅ 'ਚ ਬੱਕਰੀ ਵਾਂਗੂੰ ਮਿਮਿਆਇਆ।
"ਜਨਾਬ! ਜ਼ਰੂਰ ਇਹ ਕੋਈ ਸਾਜ਼ਿਸ਼ ਐ…ਕੋਈ ਕੈਮਰਾ ਟ੍ਰਿਕ ਐ…ਮੇਰਾ…!"
ਬਾਕੀ ਦੇ ਸ਼ਬਦ ਸਰਦੂਲ ਸਿੰਘ ਦੇ ਮੂੰਹ ਵਿੱਚ ਹੀ ਸਨ ਕਿ ਬੁੱਤ ਬਣੇ ਖੜ੍ਹੇ ਗੁਰਦੇਵ ਰਾਮ ਦੇ ਸਰੀਰ 'ਚ ਅਚਾਨਕ ਹਰਕਤ ਹੋਈ, ਅਤੇ ਉਹ ਡਾਡਾਂ ਮਾਰਦਾ ਐੱਸ.ਐੱਸ.ਪੀ. ਦੇ ਚਰਨਾਂ 'ਚ ਡਿੱਗ ਪਿਆ।
"ਜਨਾਬ! ਮੈਨੂੰ ਮਾਫ਼ ਕਰ ਦਿਓ ਜੀ! ਮੇਰਾ ਕੋਈ ਕਸੂਰ ਨਹੀਂ! ਮੈਨੂੰ ਤਾਂ ਏ.ਐੱਸ.ਆਈ ਸਾਹਬ ਨੇ ਮਜਬੂਰ ਕੀਤਾ ਜੀ! ਮੈਂ ਤਾਂ ਗ਼ਰੀਬ ਐਵੇਂ ਈ ਮਾਰਿਆ ਗਿਆ ਜੀ! …"
ਗੁਰਦੇਵ ਰਾਮ ਪ੍ਰਲਾਪ ਕਰਦਾ ਗਿਆ ਅਤੇ ਸਰਦੂਲ ਸਿੰਘ ਦੀ ਕਰਤੂਤ ਦੀ ਪੋਲ ਦਰ ਪੋਲ ਖੋਲ੍ਹਦਾ ਗਿਆ।
ਗੁਰਦੇਵ ਰਾਮ ਦੇ ਬਿਆਨ ਨੇ ਜਿੱਥੇ ਸਰਦੂਲ ਸਿੰਘ ਦੀ ਰਹਿੰਦੀ-ਖੂੰਹਦੀ ਮੰਜੀ ਵੀ ਠੋਕਤੀ, ਉਥੇ ਇਹ ਵੀ ਜ਼ਾਹਿਰ ਕੀਤਾ ਕਿ ਇਸ ਸਾਜ਼ਿਸ਼ ਵਿੱਚ ਸਿਰਫ਼ ਉਹ ਦੋਵੇਂ ਹੀ ਸ਼ਾਮਿਲ ਸਨ,
ਬਾਕੀ ਚੌਂਕੀ ਮੁਲਾਜ਼ਮਾਂ ਨੂੰ ਤਾਂ ਇਸ ਦੀ ਕੋਈ ਖ਼ਬਰ ਹੀ ਨਹੀਂ ਸੀ। ਉਹ ਤਾਂ ਆਪਣੇ ਵੱਲੋਂ ਇੱਕ ਜਾਇਜ਼ ਰੇਡ 'ਤੇ ਗਏ ਸਨ।
ਸਰਦੂਲ ਸਿੰਘ ਆਪਣੇ ਬਿਆਨ 'ਤੇ ਅੜਿਆ ਰਿਹਾ ਤੇ ਆਪਣੇ ਖ਼ਿਲਾਫ਼ ਸਾਜ਼ਿਸ਼ ਹੋਣ ਦੀਆਂ ਦੁਹਾਈਆਂ ਪਾਉਂਦਾ ਹੋਇਆ ਬਚਣ ਦੀ ਆਖ਼ਰੀ ਕੋਸ਼ਿਸ਼ ਕਰਦਾ ਰਿਹਾ, ਪਰ ਗੁਰਦੇਵ ਰਾਮ ਦਾ ਆਖਿਆ ਇੱਕ-ਇੱਕ ਬੋਲ, ਸਰਦੂਲ ਸਿੰਘ ਦੀ ਉਸ ਆਖ਼ਰੀ ਕੋਸ਼ਿਸ਼ ਦੇ ਤਾਬੂਤ 'ਚ, ਕੱਲੀ-ਕੱਲੀ ਕਿੱਲ ਵਾਂਗੂੰ ਠੁਕਦਾ ਗਿਆ।
ਇੱਕ ਪੱਤਰਕਾਰ ਦੇ ਖ਼ਿਲਾਫ਼ ਐਹੋ-ਜਿਹੀ ਘਿਨਾਉਣੀ ਸਾਜ਼ਿਸ਼ ਇੱਕ ਗੰਭੀਰ ਜੁਰਮ ਸੀ ਅਤੇ ਪੂਰੇ ਪੁਲਿਸ ਮਹਿਕਮੇ ਦੇ ਮੱਥੇ ਉੱਪਰ ਇੱਕ ਬਦਨੁਮਾ ਦਾਗ਼ ਸੀ।
ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ, ਐੱਸ.ਐੱਸ.ਪੀ. ਨੇ ਠੋਸ ਕਾਰਵਾਈ ਕਰਦਿਆਂ ਦੋਹਾਂ ਨੂੰ ਮੌਕੇ 'ਤੇ ਸਸਪੈਂਡ ਕਰ ਅਰੈਸਟ ਕਰਨ ਦਾ ਹੁਕਮ ਜਾਰੀ ਕਰ
ਦਿੱਤਾ। ਦੋਹਾਂ ਦੀ ਟਰਮੀਨੇਸ਼ਨ ਵੀ ਹੁਣ ਮਹਿਜ਼ ਵਕਤ ਦੀ ਗੱਲ ਸੀ, ਤੇ ਉੱਪਰੋਂ ਜੋ ਸਜ਼ਾ ਹੋਵੇਗੀ ਉਹ ਵੱਖ।
ਜ਼ਾਹਿਰ ਹੈ ਕਿ ਚੌਹਾਨ ਸਾਹਬ ਦੇ ਬਿਆਨ ਦੀ ਵੀ ਇਸ ਪੂਰੇ ਕਾਂਡ ਵਿੱਚ ਬੜੀ ਅਹਿਮ ਭੂਮਿਕਾ ਰਹਿਣ ਵਾਲ਼ੀ ਸੀ।
ਭੋਗਲ ਸਾਹਬ ਦੇ ਪੁੱਛਣ 'ਤੇ ਤੇਜਵੀਰ ਨੇ ਖੁਲਾਸਾ ਕੀਤਾ, ਕਿ ਕਿਵੇਂ ਕੱਲ੍ਹ ਦੀ ਮੁਲਾਕਾਤ ਵਿੱਚ ਸਰਦੂਲ ਸਿੰਘ ਦੇ ਵਿਵਹਾਰ ਅਤੇ ਗਗਨ ਦੀ ਚਿੰਤਾ ਦੇ ਮੱਦੇਨਜ਼ਰ, ਉਸਨੇ ਪਹਿਲਾਂ ਤੋਂ ਹੀ ਸੁਚੇਤ ਰਹਿਣ ਦਾ ਫ਼ੈਸਲਾ ਕੀਤਾ ਅਤੇ ਉਸੇ ਸ਼ਾਮ ਉਸਨੇ ਆਪਣੇ ਫ਼ਲੈਟ ਵਿੱਚ ਇੱਕ ਵਾਈਡ ਰੇਂਜ ਵਾਲ਼ਾ ਹਾਈ ਰੈਜ਼ੋਲਿਊਸ਼ਨ ਸੀ.ਸੀ. ਕੈਮਰਾ ਫਿੱਟ ਕਰ ਲਿਆ ਸੀ, ਜਿਸਦਾ ਰਿਕਾਰਡਿੰਗ ਕੰਟਰੋਲ ਉਸਦੇ ਲੈਪਟਾੱਪ ਨਾਲ਼ ਜੁੜਿਆ ਹੋਇਆ ਸੀ।
ਤੇਜਵੀਰ ਦੀ ਇਸ ਦੂਰਦਰਸ਼ਿਤਾ ਨੇ ਖੜ੍ਹੇ ਪੈਰ ਬਾਜ਼ੀ ਪਲਟ ਦਿੱਤੀ ਸੀ।
'ਵੱਡੇ-ਵੱਡੇ ਕਾਂਡ' ਕਰ ਚੁੱਕੇ ਸਰਦੂਲ ਸਿੰਘ ਲਈ ਉਸ 'ਪਿੱਦੀ ਜਿਹੇ ਛੋਕਰੇ' ਨਾਲ਼ ਲਈ ਖ਼ਾਮਖ਼ਾਹ ਦੀ ਪੰਗੇਬਾਜ਼ੀ ਹੀ ਅਖ਼ੀਰ ਉਸਦਾ 'ਵਾਟਰਲੂ' ਸਿੱਧ ਹੋਈ।
ਸਲਾਖਾਂ ਦੇ ਪਿੱਛਿਓਂ ਸ਼ੁਰੂ ਹੋਏ ਸਰਦੂਲ ਸਿੰਘ ਦੇ ਦਾਗ਼ਦਾਰ ਪੁਲਿਸ ਕੈਰੀਅਰ ਦਾ ਅੰਤ ਵੀ ਸਲਾਖਾਂ ਦੇ ਪਿੱਛੇ ਹੀ ਹੋਇਆ।
ਪਰ ਕੀ ਐਨਾ ਕੁਝ ਹੋਣ ਦੇ ਬਾਵਜੂਦ ਵੀ ਉਸਦੀ ਅਕਲ ਟਿਕਾਣੇ ਆ ਗਈ ਸੀ?
+++++
ਅਗਲੇ ਦਿਨ ਇਹ ਖ਼ਬਰ ਕੇਵਲ 'ਰੋਜ਼ਾਨਾ ਖ਼ਬਰਨਾਮਾ' ਵਿੱਚ ਹੀ ਛਪੀ, ਪਰ ਇਲੈਕਟ੍ਰਾਨਿਕ ਮੀਡੀਆ ਨੇ ਸਵੇਰ ਤੋਂ ਹੀ ਇਸਨੂੰ ਕਵਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਤੇਜਵੀਰ ਦੀ ਬਾਈਲਾਈਨ ਹੇਠ ਹੀ 'ਰੋਜ਼ਾਨਾ ਖ਼ਬਰਨਾਮਾ' ਵਿੱਚ ਛਪੀ ਰਿਪੋਰਟ ਵਿੱਚ ਇਸ ਘਟਨਾ ਨੂੰ ਪੂਰੇ ਪੁਲਿਸ ਡਿਪਾਰਟਮੈਂਟ ਉੱਪਰ ਚਿੱਕੜ ਉਛਾਲਣ ਦਾ ਜ਼ਰੀਆ ਨਾ ਬਣਾਇਆ ਗਿਆ, ਸਗੋਂ ਮਹਿਕਮੇ ਵੱਲੋਂ ਦੋਸ਼ੀਆਂ ਖ਼ਿਲਾਫ਼ ਕੀਤੀ ਠੋਸ ਕਾਰਵਾਈ ਉੱਪਰ ਤਸੱਲੀ ਪ੍ਰਗਟਾਈ ਗਈ।
ਰਾਤ ਵਾਲ਼ੀ ਘਟਨਾ ਦਾ ਪਤਾ ਚੱਲਦਿਆਂ ਹੀ ਸਾਰਿਕਾ ਦੇ ਦੁੱਧ-ਚਿੱਟੇ ਚਿਹਰੇ 'ਤੇ ਚਿੰਤਾ ਦੇ ਘਣੇ ਬੱਦਲ ਛਾ ਗਏ।
ਉਸਦੀ 'ਬ੍ਰੈਂਡਡ ਪ੍ਰੋਫ਼ੈਸ਼ਨਲ ਮੁਸਕਾਨ' ਵੀ ਉਸਦੇ ਚਿਹਰੇ ਤੋਂ ਗ਼ਾਇਬ ਹੋ ਗਈ।
"ਦੇਖੀਂ ਕਿਤੇ ਇਸ਼ਕ 'ਚ ਅੰਨ੍ਹੀ ਹੋ ਕੇ ਨੌਕਰੀਓਂ ਵੀ ਜਾਂਦੀ ਰਹੇ ਤੇਰੀ ਲੇਡੀ ਦੇਵਦਾਸ!"
ਗਗਨ ਦੇ ਟਪਲੇ ਵਿਚਲੀ ਗੰਭੀਰਤਾ ਨੂੰ ਭਾਂਪਦਿਆਂ, ਤਰਲੋ-ਮੱਛੀ ਹੋਈ ਜਾਂਦੀ ਸਾਰਿਕਾ ਨੂੰ ਜਦ ਤੇਜਵੀਰ ਨੇ ਆਪ ਜਾ ਕੇ ਤਸੱਲੀ ਦਿਵਾਈ ਕਿ ਸਭ ਠੀਕ ਏ, ਕੋਈ ਫ਼ਿਕਰ ਦੀ ਗੱਲ ਨਹੀਂ, ਤਾਂ ਕਿਤੇ ਜਾ ਕੇ ਉਸਦੇ ਚਿਹਰੇ ਦੀ ਰੌਣਕ ਪਰਤੀ।
ਦੁਪਹਿਰੋਂ ਬਾਅਦ ਜਾ ਕੇ ਕਿਤੇ ਥਿੰਦ ਦਾ ਫ਼ੋਨ ਆਇਆ ਕਿ ਸੰਨੀ ਬਾਜਵਾ ਗ੍ਰਿਫ਼ਤਾਰ ਹੋ ਚੁੱਕਾ ਸੀ।
ਥਿੰਦ ਨੂੰ ਆਪਣਾ ਵਾਅਦਾ ਯਾਦ ਰਿਹਾ।
ਤੇਜਵੀਰ ਅਤੇ ਗਗਨ ਪੁਲਿਸ ਹੈੱਡਕੁਆਰਟਰ ਪਹੁੰਚੇ।
"ਰਾਤੀਂ ਤਾਂ ਬੁਰੀ ਬੀਤੀ ਫਿਰ!"
ਥਿੰਦ ਨੇ ਮਿਲਦੇ ਸਾਰ ਹੀ ਕੱਲ੍ਹ ਰਾਤ ਦਾ ਜ਼ਿਕਰ ਛੇੜ ਲਿਆ।
"ਤੁਹਾਡੇ ਈ ਡਿਪਾਰਟਮੈਂਟ ਦਾ ਭੂਤ ਚੁੰਬੜ ਗਿਆ ਸੀ ਇਹਨੂੰ ਥਿੰਦ ਸਾਹਬ! ਪਰ ਇਹਨੇ ਵੀ ਪਤੰਦਰ ਨੇ ਐਹੋ-ਜਿਹਾ ਬਾਬਾ ਲੈਪਟਾੱਪ ਨਾਥ ਦਾ ਮੰਤਰ ਪੜ੍ਹਿਆ ਬਈ ਪੁੱਛੋ ਹੀ ਨਾ।"
ਗਗਨ ਨੇ ਤੇਜਵੀਰ ਦੇ ਮੂੰਹ ਖੋਲ੍ਹਣ ਤੋਂ ਪਹਿਲਾਂ ਹੀ ਜਵਾਬ ਕੱਢ ਮਾਰਿਆ।
"ਐਹੋ-ਜਿਹੇ ਚੰਦ ਕੁਰੱਪਟ ਬੰਦਿਆਂ ਦੀ ਵਜ੍ਹਾ ਕਰਕੇ ਪੂਰਾ ਪੁਲਿਸ ਮਹਿਕਮਾ ਬਦਨਾਮ ਹੋ ਜਾਂਦਾ।" ਥਿੰਦ ਦੇ ਸ਼ਬਦਾਂ 'ਚੋਂ ਅਫ਼ਸੋਸ ਝਲਕ ਰਿਹਾ ਸੀ।
"ਚਲੋ ਛੱਡੋ ਇਸ ਬਦਮਜ਼ਾ ਕਿੱਸੇ ਨੂੰ ਥਿੰਦ ਸਾਹਬ! ਤੁਸੀਂ ਸਾਹਬਜ਼ਾਦੇ ਦਾ ਹਾਲ-ਚਾਲ ਸੁਣਾਓ! ਮੰਨਿਆ ਕਿ ਨਹੀਂ ਹਾਲੇ?" ਤੇਜਵੀਰ ਨੇ ਮੁੱਦੇ 'ਤੇ ਆਉਂਦਿਆਂ ਸਵਾਲ ਕੀਤਾ।
"ਕੁਝ ਮੰਨਿਆ ਵੀ ਤੇ ਕੁਝ ਨਹੀਂ ਵੀ।" ਥਿੰਦ ਦੇ ਬੋਲਾਂ 'ਚ ਉਤਸ਼ਾਹ ਨਹੀਂ ਝਲਕ ਰਿਹਾ ਸੀ।
"ਕੀ-ਕੀ ਮੰਨਿਆ?"
"ਮ੍ਰਿਤਕਾ ਨਾਲ਼ ਫ਼ਿਜ਼ੀਕਲ ਰਿਲੇਸ਼ਨਜ਼ ਦੀ ਗੱਲ ਕਬੂਲੀ, ਕਤਲ ਦੀ ਰਾਤ ਮ੍ਰਿਤਕਾ ਦੇ ਕਮਰੇ ਵਿੱਚ ਸੰਭੋਗਰਤ ਹੋਣ ਦੀ ਗੱਲ ਵੀ ਕਬੂਲੀ, ਉਹ ਵੀ ਬਿਨਾਂ ਕਿਸੇ ਹੁੱਜਤ ਦੇ, ਪਰ ਕਤਲ ਦਾ ਇਲਜ਼ਾਮ ਨਹੀਂ ਕਬੂਲਿਆ। ਉਸਦਾ ਕਹਿਣਾ ਤਾਂ ਇਹ ਹੈ ਬਈ ਉਹ ਮ੍ਰਿਤਕਾ ਨੂੰ ਚੰਗੀ-ਭਲੀ ਜਿਉਂਦੀ-ਜਾਗਦੀ ਛੱਡ ਕੇ ਗਿਆ ਸੀ।"
"ਡਰੱਗਜ਼ ਵਾਲ਼ੀ ਗੱਲ ਕਬੂਲੀ?"
"ਕਹਿੰਦਾ ਕਿ ਉਹ ਜਾਣਦਾ ਤਾਂ ਸੀ ਕਿ ਲੜਕੀ ਡਰੱਗਜ਼ ਲੈਂਦੀ ਸੀ, ਪਰ ਉਸਨੇ ਉਸਨੂੰ ਇਹ ਆਦਤ ਨਹੀਂ ਪਾਈ। ਨਾ ਹੀ ਉਸਨੂੰ ਕਦੇ ਡਰੱਗਜ਼ ਹੀ ਸਪਲਾਈ ਕੀਤੇ। ਉਸ ਮੁਤਾਬਿਕ ਤਾਂ ਲੜਕੀ ਪਹਿਲਾਂ ਤੋਂ ਹੀ ਡਰੱਗਜ਼ ਲੈਣ ਦੀ ਆਦੀ ਸੀ।"
"ਬਲੱਫ਼ ਖੇਡਦਾ ਹੋਣਾਂ ਥਿੰਦ ਸਾਹਬ!" ਗਗਨ ਬੋਲਿਆ।
"ਉਹ ਆਪ ਵੀ ਡਰੱਗਜ਼ ਨਹੀਂ ਲੈਂਦਾ।"
"ਕੀ?" ਤੇਜਵੀਰ ਚੌਂਕਿਆ।
"ਬਿਲਕੁਲ ਇਨੀਸ਼ੀਅਲ ਮੈਡੀਕਲ ਜਾਂਚ-ਪੜਤਾਲ ਤੋਂ ਹੀ ਇਹ ਗੱਲ ਨਿਸ਼ਚਿਤ ਰੂਪ ਨਾਲ਼ ਸਾਬਿਤ ਹੋ ਚੁੱਕੀ ਏ ਕਿ ਲੜਕਾ ਡਰੱਗ ਐਡਿਕਟ ਨਹੀਂ। ਇਸ ਵਿੱਚ ਕੋਈ ਦੋ ਰਾਵਾਂ ਨਹੀਂ।"
"ਜਾਂਚ-ਪੜਤਾਲ ਵੀ ਹੋ ਗਈ?"
"ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਸੀ।"
"ਪੱਕੇ ਪੈਰੀਂ ਹੱਥ ਪਾਇਆ ਫਿਰ ਤਾਂ ਥਿੰਦ ਸਾਹਬ!" ਗਗਨ ਨੇ ਤਾਰੀਫ਼ੀ ਸੁਰ 'ਚ ਕਿਹਾ।
ਜਵਾਬ ਵਿੱਚ ਥਿੰਦ ਕੇਵਲ ਫਿੱਕਾ ਜਿਹਾ ਮੁਸਕੁਰਾਇਆ।
"ਪਰ ਇਸ ਨਾਲ਼ ਤਾਂ ਕੁਝ ਸਾਬਿਤ ਨਹੀਂ ਹੁੰਦਾ। ਇਹ ਤਾਂ ਕਿਸੇ ਕਿਤਾਬ 'ਚ ਨਹੀਂ ਲਿਖਿਆ ਕਿ ਜਿਹੜਾ ਆਪ ਡਰੱਗਜ਼ ਨਾ ਲੈਂਦਾ ਹੋਵੇ, ਉਹ ਕਿਸੇ ਨੂੰ ਪੁਚਾ ਵੀ ਨਹੀਂ ਸਕਦਾ।" ਤੇਜਵੀਰ ਨੇ ਆਪਣਾ ਨੁਕਤੇ-ਨਿਗਾਹ ਪੇਸ਼ ਕੀਤਾ।
"ਹਾਂ, ਇਹ ਗੱਲ ਤਾਂ ਹੈ।" ਥਿੰਦ ਨੇ ਸਵੀਕਾਰਿਆ।
"ਰੱਸੀ ਉੱਤੋਂ ਉਠਾਏ ਫ਼ਿੰਗਰ ਪ੍ਰਿੰਟਜ਼ ਬਾਰੇ ਕੀ ਸਫ਼ਾਈ ਦਿੱਤੀ ਉਸਨੇ?"
"ਰੱਸੀ ਉੱਤੋਂ ਉਠਾਏ ਫ਼ਿੰਗਰ ਪ੍ਰਿੰਟਜ਼ ਇਸ ਕਾਬਿਲ ਹੀ ਨਹੀਂ ਸਨ ਕਿ ਉਹ ਮੈਚਿੰਗ ਦੇ ਪ੍ਰੋਸੈੱਸ 'ਚ ਪਾਏ ਜਾ ਸਕਣ। ਉਹ ਨਾਈਲੋਨ ਦੀ ਇੱਕ ਪਤਲੀ ਜਿਹੀ ਰੱਸੀ ਸੀ। ਜਿਸ ਕਾਰਣ ਫ਼ਿੰਗਰ ਪ੍ਰਿੰਟਜ਼ ਕਲੀਅਰ ਨਹੀਂ ਆਏ ਸਨ। ਸੋ ਕੱਲ੍ਹ ਐਕਸਪਰਟ ਨੇ ਉਹਨਾਂ ਦੀ ਕੋਈ ਰਿਪੋਰਟ ਵੀ ਨਹੀਂ ਬਣਾਈ ਸੀ।"
ਤੇਜਵੀਰ ਸੋਚਾਂ 'ਚ ਪੈ ਗਿਆ।
"ਉਸਨੇ ਇਸ ਗੱਲ ਤੋਂ ਵੀ ਸਾਫ਼ ਇਨਕਾਰ ਕੀਤਾ ਕਿ ਉਸਦਾ ਮ੍ਰਿਤਕਾ ਨਾਲ਼ ਕੋਈ ਸੀਰੀਅਸ ਅਫ਼ੇਅਰ ਸੀ। ਉਸਦਾ ਕਹਿਣਾ ਤਾਂ ਇਹ ਹੈ ਕਿ ਮ੍ਰਿਤਕਾ ਵੀ ਉਸ ਰਿਸ਼ਤੇ ਪ੍ਰਤੀ ਸੀਰੀਅਸ ਨਹੀਂ ਸੀ। ਲਵ ਅਫ਼ੇਅਰ ਵਾਲ਼ਾ ਕੋਈ ਮਾਮਲਾ ਨਹੀਂ ਸੀ, ਸਗੋਂ ਉਹਨਾਂ ਦਾ ਮਤਲਬ ਤਾਂ ਜਿਸਮਾਨੀ ਭੁੱਖ ਮਿਟਾਉਣ ਤੱਕ ਹੀ ਸੀ। ਸੋ ਦੋਨੋਂ ਤਰਫ਼ੋਂ ਵਿਆਹ ਵਾਲ਼ੀ ਗੱਲ ਤਾਂ ਬੜੀ ਦੂਰ-ਦੂਰ ਤੱਕ ਵੀ ਵਜੂਦ ਨਹੀਂ ਸੀ।"
"ਇਹ ਤਾਂ ਹੁਣ ਕਹਿਣਾ ਹੀ ਹੋਇਆ ਉਸਨੇ!" ਗਗਨ ਨੇ ਕਿਹਾ।
"ਲੜਕਾ ਜੋ ਮੰਨਿਆ, ਬਿਨਾਂ ਕਿਸੇ ਹੀਲ-ਹੁੱਜਤ ਦੇ ਮੰਨਿਆ। ਪਰ ਜਿਹੜੀ ਗੱਲ 'ਤੇ ਅੜਿਆ, ਟੱਸ ਤੋਂ ਮੱਸ ਨਹੀਂ ਹੋਇਆ। ਇਉਂ ਲੱਗਦਾ ਬਈ ਜਿਵੇਂ ਪੂਰਾ ਹੋਮ ਵਰਕ ਕਰ ਕੇ ਆਇਆ ਸਾਹਬਜ਼ਾਦਾ। ਸੱਚ ਕਹਾਂ ਤਾਂ ਜਿੰਨਾ ਮਜ਼ਬੂਤ ਕੇਸ ਉਸਦੇ ਖ਼ਿਲਾਫ਼ ਬਣਦਾ ਨਜ਼ਰ ਆਉਂਦਾ ਸੀ, ਉਹ ਗੱਲ ਬਣੀ ਨਹੀਂ। ਜਿੰਨੇ ਵੀ ਸਬੂਤ ਉਸਦੇ ਖ਼ਿਲਾਫ਼ ਬਣਦੇ ਨੇ, ਸਾਰੇ ਸਰਕਮਸਟੈਂਸ਼ੱਲ ਨੇ ਅਤੇ ਸਣੇ ਉਸ ਪਨਵਾੜੀ ਦੀ ਗਵਾਹੀ ਦੇ, ਸਿਰਫ਼ ਉਸ ਰਾਤ ਉਸਦੀ ਮੌਕਾਏ-ਵਾਰਦਾਤ 'ਤੇ ਫੇਰੀ ਉੱਤੇ ਹੀ ਰੌਸ਼ਨੀ ਪਾਉਂਦੇ ਨੇ। ਤੇ ਇਹ ਗੱਲ ਤਾਂ ਉਹ ਆਪਣੇ ਮੂੰਹੋਂ ਹੀ ਕਬੂਲ ਕਰ ਰਿਹਾ। ਬਾਕੀ ਨਾ ਤਾਂ ਕਤਲ ਦਾ ਕੋਈ ਚਸ਼ਮਦੀਦ ਗਵਾਹ ਹੀ ਸਾਹਮਣੇ ਆਇਆ, ਤੇ ਨਾ ਹੀ ਕਤਲ ਨਾਲ਼ ਜੁੜਿਆ ਕੋਈ ਪੁਖ਼ਤਾ ਸਬੂਤ ਹੀ ਹੈ ਉਸਦੇ ਖ਼ਿਲਾਫ਼। ਕੱਲ੍ਹ ਕੋਰਟ ਪੇਸ਼ੀ ਹੋਣੀ ਏ ਉਸਦੀ, ਤੇ ਦੇਖ ਲਿਓ ਕਾਕਾ ਜੀ! ਪੈਂਦੀ ਸੱਟੇ ਬੇਲ ਮਿਲ ਜਾਣੀ ਏ ਇਸਨੂੰ।"
"ਜੇ ਆਹ ਗੱਲ ਏ ਤਾਂ ਹੁਣ ਤੱਕ ਤਾਂ ਉਸਦੇ ਮਿਨਿਸਟਰ ਪਿਓ ਨੇ ਵਕੀਲਾਂ ਦੀ ਫ਼ੌਜ ਖੜ੍ਹੀ ਕਰ ਦੇਣੀ ਸੀ। ਸਾਹਬਜ਼ਾਦਾ ਹਵਾਲਾਤ 'ਚ ਬੈਠਾ ਤੇ ਮਨਿਸਟਰ ਸਾਹਬ ਸੁੱਤੇ ਪਏ ਨੇ? ਬੜੀ ਅਜੀਬ ਗੱਲ ਐ! ਗ੍ਰਿਫ਼ਤਾਰੀ ਵੇਲ਼ੇ ਤਾਂ ਰੌਲ਼ਾ ਪਾਇਆ ਹੀ ਹੋਣਾ ਵੱਡੇ ਸਾਹਬ ਨੇ?" ਗਗਨ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ।
"ਮਿਨਿਸਟਰ ਸਾਹਬ ਦੇ ਐਕਸ਼ਨ 'ਤੇ ਤਾਂ ਮੈਨੂੰ ਸਗੋਂ ਸਭ ਤੋਂ ਵੱਧ ਹੈਰਾਨੀ ਹੋਈ!"
"ਕੀ ਮਤਲਬ ਥਿੰਦ ਸਾਹਬ?" ਹੈਰਾਨ ਹੋਣ ਦੀ ਵਾਰੀ ਹੁਣ ਤੇਜਵੀਰ ਦੀ ਸੀ।
"ਕਾਕਾ ਜੀ! ਉਹ ਸਿਆਸੀ ਬੰਦੇ ਨੇ। ਉਹਨਾਂ ਦੇ ਵਿਵਹਾਰ ਨੂੰ ਸਮਝਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ। ਕੱਲ੍ਹ ਤੱਕ ਆਪਣੀ ਧੌਂਸ ਜਮਾਉਣ ਵਾਲ਼ੇ ਮਿਨਿਸਟਰ ਸਾਹਬ ਦੀ ਤਾਂ ਅੱਜ ਸੁਰ ਹੀ ਬਦਲੀ ਹੋਈ ਸੀ। ਮੈਨੂੰ ਵੀ ਇਹੀ ਸ਼ੱਕ ਸੀ ਕਿ ਜਦੋਂ ਉਹਨਾਂ ਨੂੰ ਇਹ ਪਤਾ ਲੱਗੂ ਕਿ ਮੈਂ ਸੰਨੀ ਨੂੰ ਗ੍ਰਿਫ਼ਤਾਰ ਕਰਨ ਆਇਆਂ, ਤਾਂ ਮਿਨਿਸਟਰ ਸਾਹਬ ਕੋਈ ਨਾ ਕੋਈ ਹੰਗਾਮਾ ਜ਼ਰੂਰ ਖੜ੍ਹਾ ਕਰਨਗੇ। ਪਰ ਉਹ ਤਾਂ ਜਿਵੇਂ ਆਪ ਸੰਨੀ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਹੀ ਮੇਰਾ ਇੰਤਜ਼ਾਰ ਕਰ ਰਹੇ ਹੋਣ।"
"ਹੈਂਅ?" ਗਗਨ ਦੇ ਮੂੰਹੋਂ ਨਿੱਕਲਿਆ।
"ਜ਼ਰੂਰ ਗ੍ਰਿਫ਼ਤਾਰੀ ਬਾਰੇ ਪਹਿਲਾਂ ਹੀ ਜਾਣਕਾਰੀ ਪਹੁੰਚ ਚੁੱਕੀ ਸੀ ਓਥੇ। ਖ਼ੈਰ, ਇਹ ਕੋਈ ਵੱਡੀ ਗੱਲ ਵੀ ਨਹੀਂ। ਅਖ਼ਿਰ ਕੈਬਿਨਿਟ ਮਿਨਿਸਟਰ ਨੇ, ਅਜਿਹੀ ਜਾਣਕਾਰੀ ਹਾਸਿਲ ਕਰਨਾ ਕੀ ਵੱਡੀ ਗੱਲ ਸੀ ਉਹਨਾਂ ਲਈ?"
"ਪਰ ਜਾਣਕਾਰੀ ਹਾਸਿਲ ਹੋਣ ਦੇ ਬਾਵਜੂਦ, ਸਾਹਬਜ਼ਾਦੇ ਨੂੰ ਛੂਹ-ਮੰਤਰ ਕਰਨ ਦੀ ਕੋਸ਼ਿਸ਼ ਨੀਂ ਕੀਤੀ ਮਿਨਿਸਟਰ ਸਾਹਬ ਨੇ?"
"ਬਿਲਕੁਲ ਵੀ ਨਹੀਂ! ਉਹ ਤਾਂ ਸਗੋਂ ਮੇਰੇ ਜਾਂਦੇ ਨੂੰ ਇਉਂ ਤਿਆਰ ਬੈਠੇ ਸੀ ਸਾਹਬਜ਼ਾਦੇ ਦੀ ਗ੍ਰਿਫ਼ਤਾਰੀ ਕਰਵਾਉਣ ਲਈ, ਜਿਵੇਂ ਸਾਹਬਜ਼ਾਦੇ ਦੀ ਗ੍ਰਿਫ਼ਤਾਰੀ ਕਿਸੇ ਕਤਲ ਦੇ ਕੇਸ 'ਚ ਨਾ ਹੋ ਕੇ, ਕਿਸੇ ਆਜ਼ਾਦੀ ਦੇ ਅੰਦੋਲਨ ਲਈ ਹੋ ਰਹੀ ਹੋਵੇ। ਮਿਨਿਸਟਰ ਸਾਹਬ ਤਾਂ ਆਪ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ ਨੂੰ, ਨਾ ਸਿਰਫ਼ ਬੜੇ ਸਲੀਕੇ ਨਾਲ਼ ਹੀ ਮਿਲੇ, ਸਗੋਂ ਚਾਹ-ਪਾਣੀ ਵੀ ਪੁੱਛਿਆ। ਉਹ ਤਾਂ ਇਉਂ ਪੇਸ਼ ਆਏ ਜਿਵੇਂ ਅਸੀ ਸਾਹਬਜ਼ਾਦੇ ਨੂੰ ਗ੍ਰਿਫ਼ਤਾਰ ਨਾ ਕਰਨ ਗਏ ਹੋਈਏ, ਸ਼ਗਨ ਪਾਉਣ ਗਏ ਹੋਈਏ।"
"ਹੱਦ ਹੋ ਗਈ!"
"ਸੰਨੀ ਵੱਲੋਂ ਵੀ ਗ੍ਰਿਫ਼ਤਾਰੀ ਸਮੇਂ ਕੋਈ ਹੁੱਜਤ ਨਹੀਂ ਹੋਈ। ਮਿਨਿਸਟਰ ਸਾਹਬ ਨੇ ਤਾਂ ਸਗੋਂ ਆਪਣੀ ਪਾਰਟੀ ਦੇ ਪੰਜ-ਸੱਤ ਬੰਦਿਆਂ ਸਾਹਮਣੇ, ਪੂਰੀ ਦੀ ਪੂਰੀ ਪੁਲਿਸ ਪਾਰਟੀ ਨੂੰ ਇੱਕ ਲੈਕਚਰ ਵੀ ਦਿੱਤਾ, ਕਿ ਉਹ ਕਾਨੂੰਨ ਦਾ ਕਿੰਨਾ ਆਦਰ ਕਰਦੇ ਨੇ। ਜੇ ਉਹਨਾਂ ਦੇ ਬੇਟੇ ਨੇ ਕੋਈ ਗ਼ਲਤੀ ਕੀਤੀ ਹੈ, ਤਾਂ ਕਾਨੂੰਨ ਦਾ ਪੂਰਾ ਹੱਕ ਬਣਦਾ ਹੈ ਕਿ ਉਹ ਉਸਨੂੰ ਸਜ਼ਾ ਦਏ। ਉਹ ਆਪਣੇ ਸਿਆਸੀ ਜ਼ੋਰ ਨੂੰ ਇਨਸਾਫ਼ ਦੇ ਰਸਤੇ ਦੀ ਰੁਕਾਵਟ ਨਹੀਂ ਬਣਨ ਦੇਣਗੇ। ਬਾਕਾਇਦਾ ਐਲਾਨ ਕੀਤਾ ਕਿ ਉਹ ਪੁਲਿਸ ਕਾਰਵਾਈ ਵਿੱਚ ਕੋਈ ਵਿਘਨ ਨਹੀਂ ਪਾਉਣਗੇ ਅਤੇ ਉਹਨਾਂ ਦਾ ਬੇਟਾ ਬੇਗ਼ੁਨਾਹ ਹੋਣ ਦੇ ਬਾਵਜੂਦ ਵੀ, ਪੁਲਿਸ ਨੂੰ ਪੂਰਣ ਸਹਿਯੋਗ ਦਿੰਦਿਆਂ, ਕਾਨੂੰਨ ਅਤੇ ਇਨਸਾਫ਼ ਦਾ ਸਿਰ ਉੱਚਾ ਰੱਖਣ ਲਈ ਹੱਸਦੇ-ਹੱਸਦੇ ਗ੍ਰਿਫ਼ਤਾਰੀ ਦਏਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਦਾ ਬੇਜਾ ਇਸਤੇਮਾਲ ਕਰਕੇ, ਕਿਸੇ ਮੈਜਿਸਟਰੇਟ ਨੂੰ ਨਾਜਾਇਜ਼ ਤੰਗ ਕਰਕੇ ਬੇਲ ਨਹੀਂ ਕਰਵਾਉਣਗੇ, ਕਿਉਂਕਿ ਉਹ ਆਪਣੇ ਅਹੁਦੇ ਉੱਪਰ ਜਨਤਾ ਦੀ ਸੇਵਾ ਕਰਨ ਲਈ ਬੈਠੇ ਹਨ, ਨਾ ਕਿ ਆਪਣੇ ਨਿੱਜੀ ਫ਼ਾਇਦਿਆਂ ਲਈ।"
"ਕਿਤੇ ਅੰਨਾ ਹਜ਼ਾਰੇ ਸਾਹਬ ਦੇ ਦਰਸ਼ਨ ਤਾਂ ਨੀਂ ਕਰ ਆਏ ਰਾਤੋ-ਰਾਤ ਦੋਨੋਂ ਪਿਉ-ਪੁੱਤ?"
"ਗਗਨ!" ਇਸ ਵਾਰ ਤੇਜਵੀਰ ਬੋਲਿਆ, "ਮਿਨਿਸਟਰ ਸਾਹਬ ਬੜੀ ਪਹੁੰਚੀ ਹੋਈ ਚੀਜ਼ ਨਿੱਕਲੇ। ਐਵੇਂ ਹੀ ਨਹੀਂ ਉਹ ਇੰਨੀ ਵੱਡੀ ਪੋਸਟ 'ਤੇ ਕਬਜ਼ਾ ਜਮਾਈ ਬੈਠੇ। ਉਹ ਆਪਣੇ ਸਾਹਬਜ਼ਾਦੇ ਖ਼ਿਲਾਫ਼ ਬੋਲਦੇ ਤਮਾਮ ਸਬੂਤਾਂ ਦਾ ਪਹਿਲਾਂ ਹੀ ਲੇਖਾ-ਜੋਖਾ ਕਰ ਚੁੱਕੇ ਨੇ। ਕਾਨੂੰਨ ਦੇ ਪੰਡਤਾਂ ਦੀ ਪੂਰੀ ਟੀਮ ਲਾਈ ਹੋਣੀ ਏ ਮਿਨਿਸਟਰ ਸਾਹਬ ਨੇ ਇਸ ਕੰਮ ਲਈ। ਉਹ ਭਲੀ-ਭਾਂਤੀ ਜਾਣਦੇ ਨੇ ਕਿ ਇਸ ਕੇਸ ਨੂੰ ਦਬਾਇਆ ਨਹੀਂ ਜਾ ਸਕਦਾ, ਕਿਉਂਕਿ ਇੱਕ ਤਾਂ ਕੇਸ ਦੀ ਇਨਵੈੱਸਟਿਗੇਸ਼ਨ ਕਰਨ ਵਾਲ਼ੇ ਥਿੰਦ ਸਾਹਬ ਇੱਕ ਇਮਾਨਦਾਰ ਪੁਲਿਸ ਅਫ਼ਸਰ ਨੇ ਤੇ ਉੱਪਰੋਂ ਦੀ ਮੀਡੀਆ ਦੀ ਵੀ ਇਸ ਕੇਸ ਉੱਪਰ ਸਪੈਸ਼ਲ ਅਟੈਂਸ਼ਨ ਹੈ। ਸੋ ਸੰਨੀ ਦੀ ਗ੍ਰਿਫ਼ਤਾਰੀ ਤਾਂ ਹੋ ਕੇ ਹੀ ਰਹਿਣੀ ਏ, ਪਰ ਉਸ ਨੂੰ ਬਚਾਉਣ ਦੀ ਕੋਈ ਨਾਜਾਇਜ਼ ਕੋਸ਼ਿਸ਼, ਉਹਨਾਂ ਦੇ ਸਿਆਸੀ ਅਕਸ ਉੱਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਸਕਦੀ ਹੈ। ਆੱਪੋਜ਼ੀਸ਼ਨ ਜ਼ਰੂਰ ਇਸ ਤਾਕ 'ਚ ਹੀ ਬੈਠਾ ਹੋਏਗਾ ਕਿ ਕਦੋਂ ਮਿਨਿਸਟਰ ਸਾਹਬ ਆਪਣੇ ਫ਼ਰਜ਼ੰਦ ਨੂੰ ਬਚਾਉਣ ਲਈ ਕੋਈ ਗ਼ੈਰ-ਵਾਜਿਬ ਹਰਕਤ ਕਰਨ, ਤੇ ਕਦੋਂ ਉਹਨਾਂ ਨੂੰ ਹਾਏ-ਤੌਬਾ ਮਚਾਉਣ ਦਾ ਮੌਕਾ ਮਿਲੇ। ਜੇ ਕੋਈ ਹੋਰ ਮੌਕਾ ਹੁੰਦਾ ਤਾਂ ਮਨਿਸਟਰ ਸਾਹਬ ਨੇ ਬਹੁਤੀ ਪਰਵਾਹ ਨਹੀਂ ਕਰਨੀ ਸੀ, ਪਰ ਇਲੈਕਸ਼ਨ ਤਾਂ ਸਿਰ 'ਤੇ ਆਏ ਖੜ੍ਹੇ ਨੇ। ਇਸ ਮੌਕੇ ਉਹ ਇਹ ਰਿਸਕ ਕਤਈ ਨਹੀਂ ਲੈ ਸਕਦੇ ਸਨ। ਪਰ ਉਹ ਇਹ ਵੀ ਜਾਣਦੇ ਨੇ ਕਿ ਸੰਨੀ ਦੀ ਇਸ ਕਤਲ ਕੇਸ 'ਚ ਗ੍ਰਿਫ਼ਤਾਰੀ ਵੀ ਉਹਨਾਂ ਦੇ ਵਿਰੋਧੀਆਂ ਨੂੰ ਉਹਨਾਂ ਦਾ ਅਕਸ ਖ਼ਰਾਬ ਕਰਨ ਦਾ ਪੂਰਾ-ਪੂਰਾ ਮੌਕਾ ਦੇਣ ਵਾਲ਼ੀ ਹੈ। ਇਹੀ ਪੱਤਾ ਸੀ ਵਿਰੋਧੀਆਂ ਕੋਲ਼ ਜੋ ਉਹਨਾਂ ਖ਼ਿਲਾਫ਼ 'ਟਰੰਪ-ਕਾਰਡ' ਦੇ ਰੂਪ ਵਿੱਚ ਇਸਤੇਮਾਲ ਹੋ ਸਕਦਾ ਸੀ, ਪਰ ਮੰਨਣਾ ਪਏਗਾ ਆਪਣੇ ਮਿਨਿਸਟਰ ਸਾਹਬ ਨੂੰ, ਕਿ ਉਹਨਾਂ ਆਪਣੇ ਖ਼ਿਲਾਫ਼ ਜਾਂਦੇ ਪੱਤੇ ਨੂੰ ਵੀ, ਆਪਣੇ ਹੀ ਹੱਕ 'ਚ ਭੁਗਤਾਉਣ ਦੀ ਜੁਗਤ ਕੱਢ ਲਈ। ਇਹ ਸਭ ਡਰਾਮਾ ਏਸੇ ਲਈ ਰਚਿਆ ਗਿਆ। ਦੇਖ ਲਈਂ ਹੁਣ ਇਉਂ ਗੇਮ ਪਲਟਾਉਣੀ ਏ ਉਹਨਾਂ, ਕਿ ਇਸ ਬਦਨਾਮੀ ਵਿੱਚੋਂ ਵੀ ਹਮਦਰਦੀ ਬਟੋਰ ਲੈਣੀ ਏ। ਬੜੇ ਪਹੁੰਚੇ ਹੋਏ ਸਿਆਸਤਦਾਨ ਨਿੱਕਲੇ ਮਿਨਿਸਟਰ ਸਾਹਬ।"
"ਬਿਲਕੁਲ ਸਹੀ ਨਬਜ਼ ਫੜੀ ਕਾਕਾ ਜੀ!" ਥਿੰਦ ਨੇ ਨਾਲ਼ ਜੋੜਦਿਆਂ ਕਿਹਾ, "ਉਹਨਾਂ ਇੱਕ ਪ੍ਰੈੱਸ ਨੋਟ ਵੀ ਤਿਆਰ ਕੀਤਾ ਸੀ, ਜੋ ਮੈਨੂੰ ਜਾਣ ਬੁੱਝ ਕੇ ਦਿਖਾਇਆ ਗਿਆ।"
"ਪਰ ਸਾਨੂੰ ਤਾਂ ਸੱਦਾ-ਪੱਤਰ ਪਹੁੰਚਿਆ ਨਹੀਂ?" ਗਗਨ ਬੋਲਿਆ।
"ਮੀਡੀਆ ਦਾ ਕੋਈ ਬੰਦਾ ਉਥੇ ਮੌਜੂਦ ਨਹੀਂ ਸੀ, ਬੱਸ ਇੱਕ ਪਾਰਟੀ ਵਰਕਰ ਨੇ ਘਰੇਲੂ ਕੈਮਰੇ ਨਾਲ਼ ਸਾਰੀ ਕਾਰਵਾਈ ਦੀ ਵੀਡਿਓ ਬਣਾਈ।"
"ਇਸ ਨਾਟਕ ਤੋਂ ਪਰਦਾ ਕੱਲ੍ਹ ਬੇਲ ਤੋਂ ਬਾਅਦ ਉੱਠੇਗਾ ਗਗਨ! ਇਸ ਗ੍ਰਿਫ਼ਤਾਰੀ ਦੀ ਸੂਹ ਹਾਲੇ ਬਾਹਰ ਨਹੀਂ ਨਿੱਕਲਣ ਵਾਲੀ।"
"ਪਰ ਥਿੰਦ ਸਾਹਬ ਦੀ ਜ਼ੁਬਾਨ 'ਤੇ ਕਿਹੜਾ ਤਾਲੇ ਜੜੇ ਨੇ ਕਿਸੇ ਨੇ, ਜਿਵੇਂ ਆਪਾਂ ਨੂੰ ਖ਼ਬਰ ਮਿਲੀ, ਉਵੇਂ ਬਾਕੀਆਂ ਨੂੰ ਵੀ ਭੇਜ ਦੇਣੀ ਏ ਇਹਨਾਂ! ਕਿਉਂ ਥਿੰਦ ਸਾਹਬ?" ਗਗਨ ਦੇ ਇਹ ਗੱਲ ਪੱਲੇ ਨਹੀਂ ਪਈ ਸੀ।
ਥਿੰਦ ਨੇ ਜਵਾਬ ਦੇਣ ਦੀ ਬਜਾਏ ਤੇਜਵੀਰ ਵੱਲ ਦੇਖਿਆ।
ਥਿੰਦ ਦੀਆਂ ਪਰਖ਼ਦੀਆਂ ਨਿਗਾਹਾਂ ਦਾ ਮੰਤਵ ਸਮਝ, ਜਵਾਬ ਤੇਜਵੀਰ ਤਰਫ਼ੋਂ ਹੀ ਆਇਆ।
"ਨਹੀਂ ਗਗਨ! ਇਹ ਖ਼ਬਰ ਹਾਲੇ ਲੀਕ ਕਰਨ 'ਚ ਪੁਲਿਸ ਨੂੰ ਹੀ ਘਾਟਾ ਪੈਣ ਵਾਲ਼ਾ। ਇਹ ਜਾਨਣ ਦੇ ਬਾਅਦ ਕਿ ਸੰਨੀ ਦੇ ਖ਼ਿਲਾਫ਼ ਕੋਈ ਮਜ਼ਬੂਤ ਕੇਸ ਖੜ੍ਹਾ ਹੀ ਨਹੀਂ ਹੁੰਦਾ, ਪੁਲਿਸ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਜਾਣ ਵਾਲ਼ਾ। ਜੇ ਪੁਲਿਸ ਇਹ ਖ਼ਬਰ ਮੀਡੀਆ ਨੂੰ ਦਿੰਦੀ ਹੈ, ਤਾਂ ਆੱਪੋਜ਼ੀਸ਼ਨ ਤੋਂ ਪਹਿਲਾਂ ਤਾਂ ਹਾਏ-ਤੌਬਾ ਮਿਨਿਸਟਰ ਸਾਹਬ ਨੇ ਹੀ ਮਚਾ ਦੇਣੀ ਏ।
ਪੁਲਿਸ ਉੱਪਰ ਅੱਪੋਜ਼ੀਸ਼ਨ ਨਾਲ ਰਲ਼ ਕੇ, ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਇਲਜ਼ਾਮ ਲੱਗੇਗਾ। ਉਹਨਾਂ ਦੇ ਪੁਲਿਸ ਨਾਲ਼ ਕੀਤੇ ਸਹਿਯੋਗ ਦੇ ਡਰਾਮੇ ਨੂੰ ਨਿਊਜ਼ ਚੈਨਲਜ਼ 'ਤੇ ਚਲਵਾ ਕੇ, ਉਹਨਾਂ ਫਿਰ ਹਮਦਰਦੀ ਬਟੋਰ ਲੈਣੀ ਏ। ਰਿਮਾਂਡ ਨਾ ਮਿਲਣ 'ਤੇ ਪੁਲਿਸ ਦੀ ਹੀ ਕਿਰਕਿਰੀ ਹੋਣੀ ਏ। ਕਿਉਂਕਿ ਮੰਤਰੀ ਸਾਹਬ ਨੇ ਤਾਂ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ, ਸੋ ਉਸ ਸੂਰਤ 'ਚ ਪਲਿਸ ਦੀ ਕਾਰਵਾਈ ਉੱਪਰ ਵੀ ਸਵਾਲੀਆ ਨਿਸ਼ਾਨ ਲੱਗਣ ਦਾ ਬਰਾਬਰ ਖ਼ਤਰਾ ਏ। ਥਿੰਦ ਸਾਹਬ ਦੀ ਆਪਣੇ ਤੋਂ ਵੀ ਇਹੋ ਤਵੱਕੋ ਹੋਏਗੀ, ਕਿ ਆਪਾਂ ਇਹ ਖ਼ਬਰ ਪੁਲਿਸ ਦੀ ਆੱਫ਼ੀਸ਼ੀਅਲ ਸਟੇਟਮੈਂਟ ਦੇ ਬਾਅਦ ਹੀ ਛਾਪੀਏ।"
"ਬਿਲਕੁਲ ਸਹੀ।" ਥਿੰਦ ਨੇ ਸਹਿਮਤੀ ਜਤਾਉਂਦਿਆਂ ਨਾਲ਼ ਜੋੜਿਆ, "ਪਰ ਸਭ ਤੋਂ ਅਹਿਮ ਵਜ੍ਹਾ ਇਹ ਹੈ ਕਿ ਮਿਨਿਸਟਰ ਸਾਹਬ ਦੇ ਮਜਬੂਰੀ ਵੱਸ ਖੇਡੇ ਇਸ ਸਹਿਯੋਗ ਦੇ ਡਰਾਮੇ ਵਿੱਚ, ਪੁਲਿਸ ਨੂੰ ਕੋਈ ਦਿਲਚਸਪੀ ਨਹੀਂ। ਇਹ ਤਾਂ ਸਗੋਂ ਪੁਲਿਸ ਲਈ ਸਹੂਲੀਅਤ ਹੀ ਹੈ ਕਿ ਪੁਲਿਸ ਨੂੰ ਆਪਣੀ ਇਨਵੈੱਸਟਿਗੇਸ਼ਨ ਵਿੱਚ ਕੋਈ ਰੁਕਾਵਟ ਨਹੀਂ ਝੇਲਣੀ ਪੈ ਰਹੀ, ਕਿਸੇ ਸਿਆਸੀ ਦਬਾਅ ਨਾਲ਼ ਦੋ-ਚਾਰ ਨਹੀਂ ਹੋਣਾ ਪੈ ਰਿਹਾ।"
"ਮੈਨੂੰ ਇੱਕ ਗੱਲ ਸਮਝ ਨਹੀਂ ਆਈ ਬਈ ਮਿਨਿਸਟਰ ਸਾਹਬ ਨੇ ਆਪਣੀ ਕੁਰਸੀ ਖ਼ਾਤਰ ਆਪਣੇ ਸਪੂਤ ਨੂੰ ਹੀ ਦਾਅ 'ਤੇ ਲਾ ਦਿੱਤਾ?"
ਗਗਨ ਦਾ ਇਹ ਸਵਾਲ ਤੇਜਵੀਰ ਦੇ ਜ਼ਿਹਨ ਵਿੱਚ ਵੀ ਉੱਠ ਰਿਹਾ ਸੀ।
"ਕੁਰਸੀ ਦਾ ਨਸ਼ਾ ਤਾਂ ਡਰੱਗਜ਼ ਦੇ ਨਸ਼ੇ ਤੋਂ ਵੀ ਭਾਰੂ ਏ ਕਾਕਾ ਜੀ! ਸਿਆਸਤ ਦੀ ਇਸ ਅੰਨ੍ਹੀ ਦੌੜ 'ਚ, ਕੋਈ ਆਪਣਾ ਨਹੀਂ ਕੋਈ ਪਰਾਇਆ ਨਹੀਂ, ਕੋਈ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ, ਕੋਈ ਪਿਉ ਨਹੀਂ ਕੋਈ ਪੁੱਤ ਨਹੀਂ।"
ਪਰ ਤੇਜਵੀਰ ਦੇ ਜ਼ਿਹਨ 'ਚ ਕੋਈ ਹੋਰ ਹੀ ਖ਼ਿਆਲ ਦਸਤਕ ਦੇ ਰਿਹਾ ਸੀ।
"ਤਾਂ ਫੇਰ ਹੁਣ ਥਿੰਦ ਸਾਹਬ?" ਗਗਨ ਦੇ ਮੂੰਹੋਂ ਨਿੱਕਲਿਆ।
"ਹੁਣ ਇਹ ਕਿ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ! ਕੱਲ੍ਹ ਅਤੇ ਅੱਜ ਵਿੱਚ ਹਾਲੇ ਰਾਤ ਬਾਕੀ ਏ ਕਾਕਾ ਜੀ!" ਥਿੰਦ ਹਾਰ ਮੰਨਣ ਵਾਲ਼ਿਆਂ ਵਿੱਚੋਂ ਨਹੀਂ ਸੀ।
ਗਗਨ ਨੂੰ ਆਸ ਬੱਝੀ।
ਪਰ ਤੇਜਵੀਰ ਦਾ ਦਿਮਾਗ਼ ਕਿਤੇ ਹੋਰ ਹੀ ਡਿੱਕ-ਡੋਲੇ ਖਾ ਰਿਹਾ ਸੀ।
ਮੋਢਿਓਂ ਫੜ ਹਲੂਣ ਕੇ ਗਗਨ ਨੇ ਤੇਜਵੀਰ ਦੇ ਖ਼ਿਆਲਾਂ ਦੀ ਲੜੀ ਤੋੜੀ, ਅਤੇ ਉਹ ਦੋਵੇਂ ਥਿੰਦ ਤੋਂ ਆਗਿਆ ਲੈ ਕੇ ਉੱਠ ਖੜ੍ਹੇ ਹੋਏ।
ਛਾਲ਼ਾਂ ਮਾਰਦੇ ਆਏ ਦੋਵੇਂ ਮੂੰਹ ਲਟਕਾ ਕੇ ਮੁੜ ਪਏ।
ਦਰਵਾਜ਼ੇ ਕੋਲ਼ ਪਹੁੰਚਣ ਤੋਂ ਪਹਿਲਾਂ ਹੀ ਅਚਾਨਕ ਤੇਜਵੀਰ ਇਉਂ ਵਾਪਿਸ ਮੁੜਿਆ, ਜਿਵੇਂ ਪਿੱਛੇ ਕੁਝ ਭੁੱਲ ਗਿਆ ਹੋਵੇ।
"ਥਿੰਦ ਸਾਹਬ! ਜਦੋਂ ਮੈਂ ਲਾਸ਼ ਨੂੰ ਦੇਖਿਆ ਸੀ ਤਾਂ ਲਾਸ਼ ਦੇ ਨਹੁੰਆਂ ਵਿੱਚ ਕੁਝ ਮਾਸ ਦੇ ਟੁਕੜੇ ਮੌਜੂਦ ਸਨ। ਤੁਸੀਂ ਉਹਨਾਂ ਨੂੰ ਸੰਨੀ ਦੇ ਲੱਗੀ ਕਿਸੇ ਝਰੀਟ ਨਾਲ਼ ਮੈਚ ਕਰਵਾ ਕੇ ਦੇਖੋ, ਸ਼ਾਇਦ ਗੱਲ ਬਣ ਜਾਏ!"
"ਇਹ ਰੂਟ ਵੀ ਮੈਂ ਆੱਲਰੈਡੀ ਚੈੱਕ ਕਰ ਚੁੱਕਿਆਂ ਕਾਕਾ ਜੀ!"
"ਤਾਂ ਕੀ ਉਹ ਸੈਂਪਲਜ਼ ਵੀ ਨਹੀਂ ਮੈਚ ਕਰਦੇ?"
ਤੇਜਵੀਰ ਦੇ ਸਵਾਲ ਵਿੱਚੋਂ ਨਿਰਾਸ਼ਾ ਸਾਫ਼-ਸਾਫ਼ ਝਲਕ ਰਹੀ ਸੀ।
"ਕਾਕਾ ਜੀ! ਸੰਨੀ ਦੀ ਬਾੱਡੀ 'ਤੇ ਐਸਾ ਕੋਈ ਨਿਸ਼ਾਨ ਹੀ ਨਹੀਂ ਮਿਲਿਆ।"
ਜਵਾਬ ਸੁਣ ਬੁਰੀ ਤਰ੍ਹਾਂ ਚੌਂਕ ਉੱਠਿਆ ਤੇਜਵੀਰ।
"ਇੱਕ ਆਖ਼ਰੀ ਸਵਾਲ ਥਿੰਦ ਸਾਹਬ! ਕੀ ਉਹ ਪੇਚਕਸ ਸੰਨੀ ਦਾ ਸੀ?"
"ਨਹੀਂ-ਨਹੀਂ। ਜਦ ਆਪਾਂ ਕੱਲ੍ਹ ਹੀ ਉਸਦੇ ਫ਼ਿੰਗਰ ਪ੍ਰਿੰਟਜ਼ ਮੈਚ ਕਰ ਚੁੱਕੇ ਆਂ ਤਾਂ…।"
"ਪਰ ਤੁਸੀਂ ਇੱਕ ਵਾਰ ਉਸ ਨੂੰ ਪੁੱਛ ਕੇ ਤਾਂ ਦੇਖੋ ਥਿੰਦ ਸਾਹਬ!"
ਉਸਨੇ ਥਿੰਦ ਨੂੰ ਵਿੱਚੋਂ ਹੀ ਟੋਕਦਿਆਂ ਜ਼ਿੱਦ ਜਿਹੀ ਕੀਤੀ।
"ਮੇਰੀ ਗੱਲ ਤਾਂ ਪੂਰੀ ਹੋਣ ਦਿਓ ਕਾਕਾ ਜੀ!"
"ਸਾੱਰੀ ਥਿੰਦ ਸਾਹਬ!" ਤੇਜਵੀਰ ਆਪਣੀ ਕਾਹਲ਼ 'ਤੇ ਸ਼ਰਮਿੰਦਾ ਜਿਹਾ ਹੋ ਗਿਆ।
"ਨੈਵਰ ਮਾਈਂਡ, ਤਾਂ ਮੈਂ ਕਹਿ ਰਿਹਾ ਸੀ ਕਿ ਇਸ ਗੱਲ ਦੀ ਤਸਦੀਕ ਕਰਨ ਲਈ ਮੈਂ ਉਸਨੂੰ ਇਸ ਬਾਬਤ ਸਵਾਲ ਕੀਤਾ ਸੀ, ਪਰ ਇਸਦਾ ਵੀ ਜਵਾਬ ਨਾਂਹ 'ਚ ਹੀ ਸੀ। ਉਸਦਾ ਆਖਣਾ ਸੀ ਕਿ ਉਸ ਰੂਟ 'ਤੇ ਤਾਂ ਉਹ ਆਪਣੇ ਕੋਲ਼ ਕੋਈ ਪੇਚਕਸ ਕੈਰੀ ਹੀ ਨਹੀਂ ਕਰਦਾ ਸੀ, ਬਲਕਿ ਮ੍ਰਿਤਕਾ ਪਹਿਲਾਂ ਤੋਂ ਹੀ ਪੇਚ ਖੋਲ੍ਹ ਕੇ ਰੱਖਦੀ ਸੀ। ਉਹ ਤਾਂ ਬੱਸ ਗਰਿੱਲ ਹਟਾ ਕੇ ਅੰਦਰ ਚਲਾ ਜਾਂਦਾ ਤੇ ਬਾਹਰ ਆ ਕੇ ਗਰਿੱਲ ਨੂੰ ਵਾਪਿਸ ਆਪਣੀ ਜਗ੍ਹਾ 'ਤੇ ਟਿਕਾ ਜਾਂਦਾ। ਪੇਚ ਬਾਅਦ ਵਿੱਚ ਮ੍ਰਿਤਕਾ ਆਪਣੇ ਆਪ ਕਸ ਦਿੰਦੀ ਸੀ।"
"ਤੇ ਮ੍ਰਿਤਕਾ ਦਾ ਉਹ ਪੇਚਕਸ?"
"ਮੌਕਾਏ-ਵਾਰਦਾਤ 'ਤੋਂ ਬਰਾਮਦ ਕੀਤਾ ਜਾ ਚੁੱਕਾ। ਐਨੀਥਿੰਗ ਐੱਲਸ?"
ਤੇਜਵੀਰ ਕੋਲ਼ ਹੁਣ ਕੋਈ ਸਵਾਲ ਬਾਕੀ ਨਹੀਂ ਰਿਹਾ ਸੀ।
ਉਥੋਂ ਚੱਲ ਕੇ ਉਹ 'ਰੋਜ਼ਾਨਾ ਖ਼ਬਰਨਾਮਾ' ਦੇ ਆਫ਼ਿਸ ਪੁੱਜੇ।
ਘਰੋ-ਘਰੀਂ ਜਾਣ ਲੱਗਿਆਂ ਗਗਨ ਨੇ ਕੱਲ੍ਹ ਰਾਤ ਦੀ ਘਟਨਾ ਦੇ ਮੱਦੇਨਜ਼ਰ, ਤੇਜਵੀਰ ਨੂੰ ਇਕੱਲੇ ਘਰ ਨਾ ਜਾਣ ਦੀ ਸਲਾਹ ਦਿੱਤੀ।
ਤੇਜਵੀਰ ਨੇ ਮਨਿਸਟਰ ਬਾਜਵਾ ਦੇ ਬਦਲੇ ਮੂਡ ਦਾ ਹਵਾਲਾ ਦਿੰਦਿਆਂ ਅਤੇ ਸਰਦੂਲ ਸਿੰਘ ਦੇ ਹਵਾਲਾਤ ਅੰਦਰ ਹੋਣ ਦੀ ਯਾਦ ਦੁਆ ਕੇ, ਗਗਨ ਨੂੰ ਚਿੰਤਾ ਨਾ ਕਰਨ ਲਈ ਕਿਹਾ।
ਆਪਣੇ ਸਣੇ ਆਫ਼ਿਸ ਦੇ ਦੋ ਹੋਰ ਮੁਲਾਜ਼ਮਾਂ ਨੂੰ ਨਾਲ਼ ਛੱਡਣ ਜਾਣ ਲਈ ਜ਼ੋਰ ਦੇ ਰਹੇ ਗਗਨ ਨੇ, ਬੜੇ ਅਨਮਨੇ ਢੰਗ ਨਾਲ਼ ਉਸਦੀ ਜ਼ਿੱਦ ਅੱਗੇ ਝੁਕਦਿਆਂ, ਉਸਨੂੰ ਇਕੱਲਿਆਂ ਘਰ ਜਾਣ ਦਿੱਤਾ।
ਰਸਤੇ 'ਚ ਆਉਂਦਾ ਉਹ ਸੋਚਦਾ ਆ ਰਿਹਾ ਸੀ ਕਿ ਹਾਲਾਤ ਤਾਂ ਕਲਾਬਾਜ਼ੀ-ਦਰ-ਕਲਾਬਾਜ਼ੀ ਮਾਰ ਰਹੇ ਸਨ। ਕੱਲ੍ਹ ਤੱਕ ਸੰਨੀ ਬਾਜਵਾ ਬਾਹਰ ਹੁੰਦਿਆਂ ਵੀ ਸਲਾਖਾਂ ਦੇ ਪਿੱਛੇ ਨਜ਼ਰ ਆ ਰਿਹਾ ਸੀ, ਤੇ ਅੱਜ ਸਲਾਖਾਂ ਦੇ ਪਿੱਛੇ ਹੁੰਦਿਆਂ ਵੀ ਬਾਹਰ ਨਜ਼ਰ ਆ ਰਿਹਾ ਸੀ।
ਮਿਨਿਸਟਰ ਬਾਜਵਾ, ਜੋ ਰਾਤੋਂ-ਰਾਤੀਂ ਗਿਰਗਿਟ ਵਾਂਗੂੰ ਰੰਗ ਬਦਲ ਗਿਆ ਸੀ, ਨੇ ਕੀ ਸਿਰਫ਼ ਆਪਣੀ ਕੁਰਸੀ ਖ਼ਾਤਰ ਹੀ ਸੰਨੀ ਨੂੰ ਬਲ਼ਦੀ ਦੇ ਬੂਥੇ 'ਚ ਦੇ ਦਿੱਤਾ ਸੀ?
ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਏ?
ਜੇ ਹੈ, ਤਾਂ ਕੀ?
ਕੀ ਸਬੂਤਾਂ ਨਾਲ਼ ਕੋਈ ਛੇੜ-ਛਾੜ ਹੋਈ ਹੈ?
ਕੀ ਵੱਡੀ ਗੱਲ ਸੀ ਇੱਕ ਕੈਬਿਨਿਟ ਮਿਨਿਸਟਰ ਲਈ?
ਪਰ ਥਿੰਦ ਵਰਗੇ ਚੁਸਤ ਪੁਲਿਸ ਅਫ਼ਸਰ ਦੇ ਐਨ ਨੱਕ ਹੇਠੋਂ?
ਤੇ ਸਭ ਤੋਂ ਵੱਡਾ ਸਵਾਲ।
ਸੰਨੀ ਬਾਜਵਾ ਦੇ ਸਰੀਰ ਦੇ ਉੱਪਰ ਮੌਜੂਦ ਹੋਣੀ ਚਾਹੀਦੀ ਝਰੀਟ ਆਖ਼ਿਰ ਕਿੱਧਰ ਗਈ?
ਆਖ਼ਿਰ ਕੀ ਗੋਰਖਧੰਦਾ ਸੀ ਇਹ?
ਇਹਨਾਂ ਹੀ ਸਵਾਲਾਂ ਦੇ ਤਾਣੇ-ਬਾਣੇ 'ਚ ਉਲਝਿਆ ਉਹ ਕਦੋਂ ਆਪਣੀ ਬਿਲਡਿੰਗ ਦੇ ਨਜ਼ਦੀਕ ਜਾ ਪੁੱਜਾ, ਪਤਾ ਹੀ ਨਹੀਂ ਚੱਲਿਆ।
ਉਸਨੇ ਬਿਲਡਿੰਗ ਦੇ ਮੇਨ ਗੇਟ ਵਿੱਚ ਦਾਖ਼ਲ ਹੋਣ ਲਈ ਮੋੜ ਕੱਟਿਆ ਹੀ ਸੀ ਕਿ ਉਸਨੂੰ ਸੱਜੇ ਪਾਸਿਓਂ ਕਰਾੱਸ ਕਰਦੀ ਹੋਈ ਇੱਕ ਤੇਜ਼ ਰਫ਼ਤਾਰ ਜਿਪਸੀ, ਮੇਨ ਗੇਟ ਦੇ ਐਨ ਸਾਹਮਣੇ ਇਉਂ ਤਿਰਛੀ ਹੋ ਕੇ ਖੜ੍ਹੀ ਹੋ ਗਈ, ਕਿ ਤੇਜਵੀਰ ਦੇ ਗੇਟ ਅੰਦਰ ਪ੍ਰਵੇਸ਼ ਕਰਨ ਲਈ ਮੋਟਰ ਸਾਈਕਲ ਜੋਗਾ ਰਸਤਾ ਵੀ ਨਾ ਬਚਿਆ।
ਤੇਜਵੀਰ ਨੇ ਬੜੀ ਮੁਸ਼ਕਿਲ ਨਾਲ਼ ਬਰੇਕ ਲਗਾਈ।
ਉਸਦੀ ਮੋਟਰ ਸਾਈਕਲ ਜਿਪਸੀ ਨਾਲ਼ ਟਕਰਾਉਣੋਂ ਮਸਾਂ ਹੀ ਬਚੀ।
ਲੱਗੇ ਤੀਬਰ ਝਟਕੇ ਤੋਂ ਹਾਲੇ ਮਸਾਂ ਉਹ ਸੰਭਲ਼ਿਆ ਹੀ ਸੀ ਕਿ ਉਸੇ ਰਫ਼ਤਾਰ ਨਾਲ਼ ਉਸਦੇ ਖੱਬੇ ਪਾਸੇ ਇੱਕ ਇਨਡੈਵਰ ਅਤੇ ਸੱਜੇ ਪਾਸੇ ਇੱਕ ਸਫ਼ਾਰੀ ਆ ਖੜ੍ਹੀ ਹੋਈ।
ਅੱਖ ਦੇ ਝਪਕਾਰੇ ਵਿੱਚ ਹੀ ਤਿੰਨਾਂ ਗੱਡੀਆਂ 'ਚੋਂ ਚੌਦਾਂ-ਪੰਦਰਾਂ ਦੇ ਕਰੀਬ ਮੁੰਡਿਆਂ ਨੇ ਬਾਹਰ ਨਿੱਕਲ ਕੇ ਤੇਜਵੀਰ ਨੂੰ ਘੇਰਾ ਪਾ ਲਿਆ।
ਗਗਨ ਦਾ ਡਰ ਸਹੀ ਨਿੱਕਲਿਆ ਸੀ।
ਗ਼ਲਤੀ ਹੋ ਚੁੱਕੀ ਸੀ।
ਉਹਨਾਂ ਵਿੱਚੋਂ ਇੱਕ ਪੋਚਵੀਂ ਪੱਗ ਬੰਨ੍ਹੀ, ਗਗਨ ਵਰਗੀਆਂ ਹੀ ਕੁੰਡੀਆਂ ਮੁੱਛਾਂ ਵਾਲ਼ਾ ਨੌਜਵਾਨ ਅੱਗੇ ਵਧਿਆ, ਜੋ ਉਹਨਾਂ ਦਾ ਗੈਂਗ-ਲੀਡਰ ਜਾਪ ਰਿਹਾ ਸੀ।
ਉਹ ਮੋਟਰ ਸਾਈਕਲ ਨੂੰ ਸਾਈਡ ਸਟੈਂਡ 'ਤੇ ਟਿਕਾ ਕੇ ਉੱਤਰ ਰਹੇ ਤੇਜਵੀਰ ਦੇ ਐਨ ਸਾਹਮਣੇ ਆ ਖੜ੍ਹਿਆ।
"ਗੱਲ ਕਰਨੀ ਆ ਬਾਈ ਤੇਰੇ ਨਾਲ।"
ਅੜਬ ਸੁਰ।
ਪੰਗਾ।
"ਫਿਰ ਦੇਖ ਕੀ ਰਹੇ ਓਂ? ਕਰੋ ਜਿਹੜੀ ਗੱਲ ਤੁਸੀਂ ਕਰਨ ਆਏ ਓਂ! ਤੁਸੀਂ ਐਨੇ ਤੇ ਮੈਂ ਕੱਲਾ! ਗੱਲਾਂ ਤਾਂ ਹੁਣ ਤੁਸੀਂ ਹੀ ਕਰਨੀਆਂ ਹੋਈਆਂ, ਮੈਂ ਤਾਂ ਸੁਣਨੀਆਂ ਹੀ ਨੇ। ਲਾਹ ਲਓ ਚਾਅ!"
ਉਸਨੇ ਸਿਰ ਘੁੰਮਾ ਕੇ ਇੱਕ ਨਜ਼ਰ ਆਪਣੇ ਸਾਥੀਆਂ ਵੱਲ ਦੇਖਿਆ ਤੇ ਮੁੜ ਤੇਜਵੀਰ ਵੱਲ ਸਿੱਧਾ ਹੋ ਗਿਆ।
'ਜੋ ਹੋਊ, ਦੇਖੀ ਜਾਊ, ਜੇ ਕੁੱਟ ਪੈਣੀ ਹੀ ਹੋਈ, ਤਾਂ ਹੌਸਲਾ ਕਿਉਂ ਗਵਾਉਣਾ ਮਨਾਂ!'
ਕੁੱਟ ਖਾਣ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰ ਚੁੱਕਿਆ ਤੇਜਵੀਰ, ਬੇਖ਼ੌਫ਼ ਉਸਦੀਆਂ ਅੱਖਾਂ 'ਚ ਅੱਖਾਂ ਪਾ ਝਾਕਿਆ।
"ਗ਼ਲਤ ਸਮਝਿਆ ਬਾਈ! ਅਸੀਂ ਲੜਨ ਨੀ ਆਏ।"
'ਹੌਸਲਾ ਪਰਖਦਾ ਜਾਂ ਹਾਲੇ ਧਮਕੀ ਦੇਣ ਆਇਆ!'
"ਤਾਂ ਫਿਰ ਧਮਕੀ ਜਾਰੀ ਦਿਓ!"
"ਬਾਈ ਕਿਉਂ ਐਵੇਂ ਪੈਰੋਂ ਉੱਖੜੀਂ ਜਾਨਾਂ ਖ਼ਾਮਖ਼ਾਹ? ਨਾ ਤਾਂ ਅਸੀਂ ਕੋਈ ਧਮਕੀ-ਧੁਮਕੀ ਦੇ ਆਏ ਆਂ, ਦਈ ਦੀ ਵੀ ਨੀ, ਤੇ ਨਾ ਹੀ ਲੜਨ ਆਏ ਆਂ। ਤੈਨੂੰ ਪਹਿਲਾਂ ਵੀ ਦੱਸਿਆ ਬਈ ਗੱਲ ਕਰਨ ਆਏ ਆਂ।"
"ਫ਼ੌਜਾਂ ਲੈ ਕੇ ਤਾਂ ਚੜ੍ਹਾਈ ਕੀਤੀ ਜਾਂਦੀ ਐ ਮਿੱਤਰ ਜੀ! ਗੱਲ ਨਹੀਂ।"
ਤੇਜਵੀਰ ਦੀ ਆਖੀ ਇਸ ਗੱਲ ਦਾ ਉਸ ਨੌਜਵਾਨ ਉੱਪਰ ਬੜਾ ਗਹਿਰਾ ਅਸਰ ਹੋਇਆ।
ਉਸਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ।
ਉਸਨੂੰ ਮਿਲਾ ਕੇ ਤਿੰਨ ਮਹਾਂਰਥੀਆਂ ਅਤੇ ਇਨਡੈਵਰ ਗੱਡੀ ਨੂੰ ਪਿੱਛੇ ਛੱਡ, ਫ਼ੌਜਾਂ ਜਿਵੇਂ ਆਈਆਂ ਸਨ, ਉਵੇਂ ਹੀ ਹਵਾਈ ਘੋੜਿਆਂ 'ਤੇ ਸਵਾਰ ਹੋ ਕੇ, ਕੂਚ ਕਰ ਗਈਆਂ।
"ਹੁਣ ਖ਼ੁਸ਼ ਆਂ ਬਾਈ? ਤੈਨੂੰ ਪਹਿਲਾਂ ਈ ਕਿਹਾ ਸੀ ਬਈ ਗੱਲ ਈ ਕਰਨ ਆਏ ਆਂ। ਬੱਸ ਸਾਡਾ ਸਟਾਈਲ ਈ ਇਹੋ-ਜਿਹਾ, ਕੀ ਕਰੀਏ? ਆਦਤ ਪੈ ਗੀ। ਤੂੰ ਬੱਸ ਠੰਡੇ ਮਤੇ ਨਾਲ਼ ਸਾਡੀ ਗੱਲ ਸੁਣ!"
"ਜੇ ਇਹ ਗੱਲ ਏ ਤਾਂ ਫਿਰ ਅੰਦਰ ਬੈਠਕੇ ਗੱਲ ਕਰੀਏ?"
ਉਸਨੇ ਆਪਣੇ ਸਾਥੀਆਂ ਵੱਲ ਝਾਤ ਮਾਰੀ ਤਾਂ ਸਭ ਦੇ ਸਿਰ ਹਾਮੀ ਭਰਦਿਆਂ ਹਿੱਲੇ।
"ਤਾਂ ਫਿਰ ਚੱਲ ਬਾਈ।"
ਇਹ ਸੁਣ ਤੇਜਵੀਰ ਨੇ ਮੋਟਰ ਸਾਈਕਲ ਠੇਲ੍ਹ ਕੇ ਕੰਪਾਊਂਡ ਦੇ ਅੰਦਰ ਕੀਤਾ, ਤੇ ਉਹਨਾਂ ਦੇ ਅੱਗੇ ਲੱਗ ਤੁਰਿਆ।
ਏਨੇ ਨੂੰ ਉਹਨਾਂ ਵਿੱਚੋਂ ਇਕ ਜਣੇ ਨੇ ਗੱਡੀ ਟਿਕਾਣੇ ਸਿਰ ਪਾਰਕ ਕਰ ਲਈ ਸੀ ਤੇ ਉਹ ਚੁੱਪਚਾਪ ਤੇਜਵੀਰ ਦੇ ਪਿੱਛੇ ਲੱਗ ਤੁਰੇ।
ਤੇਜਵੀਰ ਨੇ ਚੌਹਾਨ ਸਾਹਬ ਤੋਂ ਚਾਬੀ ਹਾਸਲ ਕੀਤੀ।
ਪਿਛਲੀ ਰਾਤ ਹੋਈ ਘਟਨਾ ਦੇ ਮੱਦੇਨਜ਼ਰ ਮੁੰਡਿਆਂ ਨੂੰ ਦੇਖ ਕੇ ਚੌਹਾਨ ਸਾਹਬ ਦੇ ਮੱਥੇ 'ਤੇ ਪਈਆਂ ਚਿੰਤਾ ਦੀਆਂ ਲਕੀਰਾਂ ਨੂੰ ਪੜ੍ਹਦਿਆਂ, ਤੇਜਵੀਰ ਨੇ ਅੱਖਾਂ ਹੀ ਅੱਖਾਂ ਵਿੱਚ ਉਹਨਾਂ ਨੂੰ 'ਸਭ ਠੀਕ ਹੈ' ਦਾ ਦਿਲਾਸਾ ਦਿੱਤਾ ਅਤੇ ਫ਼ਲੈਟ ਅੰਦਰ ਪ੍ਰਵੇਸ਼ ਕਰ ਗਿਆ।
ਫ਼ਲੈਟ ਦੀ ਸੁਧਰੀ ਹੋਈ ਹਾਲਤ ਦੇਖ ਕੇ ਉਸਦੇ ਮਨ ਨੂੰ ਤਸੱਲੀ ਜਿਹੀ ਹੋਈ। ਜ਼ਰੂਰ ਉਸਦੇ ਦਫ਼ਤਰ ਜਾਣ ਬਾਅਦ ਚੌਹਾਨ ਸਾਹਬ ਨੇ ਉਸਦੀ ਬੇਨਤੀ ਉੱਤੇ ਫੁੱਲ ਚੜ੍ਹਾਏ ਸਨ।
ਮੋਬਾਈਲ ਫ਼ੋਨ ਉਸਨੇ ਫ਼ਿਰੋਜ਼ਗਾਂਧੀ ਮਾਰਕਿਟ ਤੋਂ ਹੀ ਖ਼ਰੀਦ ਲਿਆ ਸੀ ਤੇ ਉਸਦੇ ਟੁੱਟੇ ਹੋਏ ਫ਼ੋਨ ਵਿੱਚੋਂ ਸਿਮ ਕਾਰਡ ਸਹੀ ਸਲਾਮਤ ਹੀ ਮਿਲ ਗਿਆ ਸੀ।
ਰੁਪਏ-ਪੈਸੇ ਵੱਲੋਂ ਤੇਜਵੀਰ ਨੂੰ ਕੋਈ ਕਮੀ ਨਹੀਂ ਸੀ। ਉਸਦੇ ਪਿਤਾ ਵੱਲੋਂ ਵਿਰਾਸਤ 'ਚ ਛੱਡੀ ਬਿਆਲ਼ੀ ਕਿੱਲੇ ਜ਼ਮੀਨ ਦਾ ਠੇਕਾ, ਉਸ ਇਕੱਲੀ ਜਾਨ ਤੋਂ ਖ਼ਰਚਿਆਂ ਨਹੀਂ ਖ਼ਰਚ ਹੁੰਦਾ ਸੀ।
ਉਹਨਾਂ ਨੂੰ ਸੋਫ਼ੇ 'ਤੇ ਬੈਠਣ ਦਾ ਇਸ਼ਾਰਾ ਕਰ ਕੇ ਤੇਜਵੀਰ ਕਿਚਨ 'ਚ ਜਾ ਵੜਿਆ ਅਤੇ ਚਾਰ ਗਿਲਾਸ ਕੋਲਡ ਡਰਿੰਕਸ ਦੇ ਭਰ ਕੇ ਟ੍ਰੇਅ 'ਚ ਟਿਕਾਏ, ਤੇ ਸੋਫ਼ੇ ਅੱਗੇ ਜਾ ਕੇ ਟ੍ਰੇਅ ਉਹਨਾਂ ਦੇ ਸਾਹਮਣੇ ਕਰ ਦਿੱਤੀ।
ਤਿੰਨਾਂ ਨੇ ਚੁੱਪਚਾਪ ਗਿਲਾਸ ਚੁੱਕ ਲਏ ਤੇ ਆਖ਼ਰੀ ਗਿਲਾਸ ਹੱਥ 'ਚ ਫੜ ਤੇਜਵੀਰ ਉਹਨਾਂ ਦੇ ਸਾਹਮਣੇ ਜਾ ਬੈਠਿਆ।
"ਹਾਂ ਜੀ ਮਿੱਤਰ ਜੀ! ਹੁਣ ਦੱਸੋ ਕੀ ਗੱਲ ਕਰਨ ਆਏ ਸੀ ਤੁਸੀਂ?"
ਕੁੰਡੀਆਂ ਮੁੱਛਾਂ ਵਾਲ਼ੇ ਨੇ ਆਪਣੇ ਸਾਥੀਆਂ ਵੱਲ ਇੱਕ ਨਜ਼ਰ ਮਾਰੀ ਅਤੇ ਕਹਿਣਾ ਸ਼ੁਰੂ ਕੀਤਾ, "ਗੱਲ ਇਉਂ ਆ ਬਾਈ, ਬਈ ਅਸੀਂ ਸੰਨੀ ਦੇ ਦੋਸਤ ਆਂ।"
"ਮੇਰੇ ਤੋਂ ਕੀ ਚਾਹੁੰਦੇ ਹੋ?" ਬਿਨਾਂ ਕਿਸੇ ਲਾਗ-ਲਪੇਟ ਦੇ ਤੇਜਵੀਰ ਨੇ ਸਿੱਧਾ ਸਵਾਲ ਦਾਗਿਆ।
ਤੇਜਵੀਰ ਦਾ ਇਉਂ ਸਿੱਧਾ ਸਵਾਲ ਸੁਣ ਉਸ ਦੇ ਚਿਹਰੇ 'ਤੇ ਇੱਕ ਮੁਸਕੁਰਾਹਟ ਜਿਹੀ ਦੌੜ ਗਈ।
"ਬਾਈ! ਤੂੰ ਰਤਾ ਠੰਡਾ ਹੋ। ਮੰਨਿਆ ਮੁਲਾਕਾਤ ਦਾ ਤਰੀਕਾ ਰਤਾ ਭਾਰਾ ਜਿਹਾ ਹੋ ਗਿਆ। ਅਸੀਂ ਕਿਹਾ ਪਤਾ ਨੀ ਬੰਦਾ ਕਿਹੋ ਜਿਹਾ ਹੋਵੇ, ਪਰ ਬੰਦਾ ਤਾਂ ਤੂੰ ਵਧੀਆ ਈ ਨਿੱਕਲਿਆਂ ਯਾਰ!"
"ਨਾਲ਼ੇ ਜਿਗਰੇ ਆਲ਼ਾ ਸੱਤੀ ਬਾਈ! ਪੰਦਰਾਂ ਬੰਦੇ ਸਾਹਮਣੇ ਖੜ੍ਹੇ ਦੇਖ ਕੇ ਵੀ ਰਤਾ ਨੀ ਜਰਕਿਆ। ਨਰ ਬੰਦਾ, ਬਾਈ ਜੀ! ਨਰ।"
ਕੁੰਡੀਆਂ ਮੁੱਛਾਂ ਵਾਲ਼ੇ, ਜਾਣੀਂ ਕਿ ਸੱਤੀ ਦੇ ਸੱਜੇ ਪਾਸੇ ਬੈਠੇ ਨੱਤੀਆਂ ਵਾਲ਼ੇ ਨੌਜਵਾਨ ਨੇ ਆਪਣੇ ਹੀ ਅੰਦਾਜ਼ 'ਚ ਤੇਜਵੀਰ ਦੀ ਤਾਰੀਫ਼ ਕੀਤੀ।
"ਤੁਸੀਂ ਤਸੱਲੀ ਨਾਲ਼ ਗੱਲ ਕਰੋ! ਮੈ ਸੁਣ ਰਿਹਾਂ।"
"ਦੇਖਿਆ ਬਾਈ ਜੀ? ਮੈਂ ਕਿਹਾ ਸੀ ਨਾ ਬਈ ਨਰ ਬੰਦਾ, ਨਰ!" ਨੱਤੀਆਂ ਵਾਲ਼ਾ ਫਿਰ ਬੋਲਿਆ।
"ਤੂੰ ਇੱਕ ਮਿੰਟ ਚੁੱਪ ਕਰ ਯਾਰ!" ਸੱਤੀ ਨੇ ਨੱਤੀਆਂ ਵਾਲ਼ੇ ਨੂੰ ਇੱਕ ਘੁਰਕੀ ਜਿਹੀ ਮਾਰੀ ਅਤੇ ਫਿਰ ਤੇਜਵੀਰ ਨੂੰ ਸੰਬੋਧਿਤ ਹੋਇਆ, "ਗੱਲ ਇਉਂ ਆ ਬਾਈ, ਵੈਸੇ ਤੂੰ ਸਮਝ ਹੀ ਗਿਆ ਹੋਵੇਂਗਾ ਕਿ ਸਾਡੀ ਗੱਲ ਦਾ ਅਸਲ ਮੁੱਦਾ ਕੀ ਆ।…ਬਾਕੀ ਬਾਈ ਆਪਾਂ ਨੂੰ ਘੀਚੀਆਂ-ਮੀਚੀਆਂ ਜਿਹੀਆਂ ਤਾਂ ਆਉਂਦੀਆਂ ਨੀ…ਸਿੱਧੀ ਜੱਟਾਂ ਆਲ਼ੀ ਗੱਲ ਆ, ਬਈ ਸੰਨੀ ਨੇ ਇਹ ਕਤਲ ਨੀਂ ਕੀਤਾ।"
"ਪਰ ਮਿੱਤਰ ਜੀ! ਇਹ ਗੱਲ ਕਰਨ ਲਈ ਤੁਸੀਂ ਮੇਰੇ ਕੋਲ਼ ਕਿਉਂ ਆਏ ਓਂ? ਤੁਹਾਨੂੰ ਤਾਂ ਪੁਲਿਸ ਕੋਲ਼ ਜਾਣਾ ਚਾਹੀਦਾ ਸੀ!"
"ਦੇਖ ਬਾਈ, ਪੁਲਿਸ ਨੂੰ ਸਾਂਭਣ ਆਲ਼ਿਆਂ ਨੇ ਆਪੇ ਈ ਸਾਂਭ ਲੈਣਾ। ਜਦੋਂ ਸਾਡੀ ਲੋੜ ਪਈ, ਤਾਂ ਅਸੀਂ ਕਿਹੜਾ ਕਦੇ ਠਾਣਾ ਨੀਂ ਦੇਖਿਆ? ਅਸੀਂ ਵੀ ਚਲੇ ਜਾਵਾਂਗੇ। ਪਰ ਸੰਨੀ ਦੇ ਘਰ ਦਾ ਰਾਹ ਤਾਂ ਪੁਲਿਸ ਨੂੰ ਤੂੰ ਹੀ ਦਿਖਾਇਆ ਬਾਈ! ਦੇਖ, ਤੂੰ ਗ਼ਲਤ ਨਾ ਸਮਝੀਂ, ਮੈਂ ਪਹਿਲਾਂ ਈ ਕਿਹਾ ਬਈ ਧਮਕੀ ਜਾਂ ਲੜਾਈ, ਦੋਹਾਂ ਚੀਜ਼ਾਂ 'ਚੋਂ ਅਸੀਂ ਕੁਸ਼ ਨੀਂ ਕਰਨ ਆਏ। ਬੱਸ ਤੂੰ ਇਹ ਸਮਝ ਕਿ ਭਾਈਚਾਰੇ 'ਚੀ ਗੱਲ ਕਰਨ ਆਏ ਆਂ।"
ਨਰਮ ਸ਼ਬਦਾਂ ਦਾ ਪ੍ਰਯੋਗ ਕਰਨ ਦਾ ਆਦੀ ਨਹੀਂ ਸੀ ਸੱਤੀ। ਸੋ ਉਸ ਨੂੰ ਗੱਲ ਕਰਨੀ ਥੋੜੀ ਔਖੀ ਜਿਹੀ ਹੋ ਰਹੀ ਸੀ, ਪਰ ਤੇਜਵੀਰ ਨੇ ਉਸਦੀ ਗੱਲ ਦਾ ਕੋਈ ਹੋਰ ਹੀ ਅਰਥ ਕੱਢ ਲਿਆ।
"ਮਿੱਤਰ ਜੀ! ਜੇ ਤੁਹਾਡੀ ਮਨਸ਼ਾ ਮੈਨੂੰ ਖ਼ਰੀਦਣ ਦੀ ਏ ਜਾਂ ਕੋਈ ਲਾਲਚ ਦੇਣ ਦੀ ਏ, ਤਾਂ ਮੇਰਾ ਜਵਾਬ ਇਹ ਹੈ ਕਿ ਆਈ ਐਮ ਨਾੱਟ ਫ਼ਾਰ ਸੇਲ, ਥੈਂਕ ਯੂ ਵੈਰੀ ਮੱਚ! ਮੀਟਿੰਗ ਬਰਖ਼ਾਸਤ।"
"ਦੇਖਿਆ ਬਾਈ ਜੀ? ਮੈਂ ਕਿਹਾ ਸੀ ਨਾ ਬਈ ਨਰ ਬੰਦਾ, ਨਰ!" ਨੱਤੀਆਂ ਵਾਲ਼ੇ ਨੇ ਫੇਰ ਆਪਣਾ 'ਲੂਪ' ਚਲਾ ਦਿੱਤਾ।
ਸੱਤੀ ਨੇ ਉਸ ਵੱਲ ਅੱਖਾਂ ਤਰੇਰ ਕੇ ਦੇਖਿਆ।
ਉਸਨੇ ਝੱਟ ਆਪਣੇ ਬੁੱਲ੍ਹਾਂ 'ਤੇ ਉਂਗਲ਼ੀ ਰੱਖ ਲਈ।
"ਤੂੰ ਫੇਰ ਹੱਥਿਓਂ ਉਖੜੀ ਜਾਨਾਂ ਬਾਈ? ਤੂੰ ਪੂਰੀ ਗੱਲ ਤਾਂ ਸੁਣ ਲੈ? ਐਹੋ ਜਿਹਾ ਸਾਡਾ ਕੋਈ ਇਰਾਦਾ ਨੀਂ, ਤੂੰ ਹੌਸਲਾ ਰੱਖ!"
"ਠੀਕ ਏ! ਤੁਸੀਂ ਕਹੋ ਜੋ ਕਹਿਣਾ ਏ।" ਇਸ ਵਾਰ ਤੇਜਵੀਰ ਰਤਾ ਢਿੱਲੀ ਸੁਰ 'ਚ ਬੋਲਿਆ।
"ਦੇਖ ਬਾਈ! ਕਤਲ ਕਰਨਾ ਕੋਈ ਖੇਡ ਤਾਂ ਪਈ ਨੀਂ, ਬਈ ਸ਼ੌਂਕੀਆ ਕਰ 'ਤਾ ਚਲੋ! ਹੁਣ ਐਡਾ ਵੱਡਾ ਕੰਮ ਕਰਨ ਪਿੱਛੇ ਕੋਈ ਵਜ੍ਹਾ ਵੀ ਤਾਂ ਹੋਵੇ? ਤੂੰ ਇਉਂ ਦੱਸ ਬਈ ਸੰਨੀ ਨੇ ਭਲਾਂ ਕਿਉਂ ਮਾਰਨਾ ਸੀ ਰੂਪੀ ਨੂੰ?"
ਮ੍ਰਿਤਕਾ ਦਾ ਨਾਂ ਸੱਤੀ ਨੇ ਅਜਿਹੇ ਸਹਿਜੇ ਜਿਹੇ ਢੰਗ ਨਾਲ਼ ਲਿਆ ਕਿ ਤੇਜਵੀਰ ਨੂੰ ਪੱਕਾ ਯਕੀਨ ਹੋ ਗਿਆ, ਕਿ ਉਹ ਜ਼ਰੂਰ ਮ੍ਰਿਤਕਾ ਨੂੰ ਨਿੱਜੀ ਤੌਰ ਤੇ ਜਾਣਦਾ ਸੀ।
"ਜੇ ਵਜ੍ਹਾ ਹੀ ਪੁੱਛਦੇ ਹੋ ਤਾਂ ਵਜ੍ਹਾ ਵੀ ਸੁਣ ਲਓ…!"
ਤੇਜਵੀਰ ਨੇ ਵਿਸਥਾਰ ਸਹਿਤ 'ਵਜ੍ਹਾ' ਬਿਆਨ ਕੀਤੀ।
"ਬਾਈ! ਕਿਹੜੀਆਂ ਗੱਲਾਂ ਕਰਦਾਂ? ਪਬਲਿਕ ਪ੍ਰਾਪਰਟੀ ਦਾ ਤਾਂ ਕੋਈ ਬਿਆਨਾ ਨੀਂ ਕਰਦਾ, ਤੇ ਤੂੰ ਰਜਿਸਟਰੀ ਕਰਾਉਣ ਦੀ ਗੱਲ ਕਰੀ ਜਾਨਾਂ!"
"ਮਤਲਬ?"
"ਮਤਲਬ ਇਹ ਬਾਈ, ਬਈ ਰੂਪੀ ਸੀ ਚੱਲਦਾ ਪੁਰਜ਼ਾ! ਸਮਝਿਆ ਕਿ ਨਹੀਂ? ਤੇ ਚੱਲਦੇ ਪੁਰਜ਼ੇ ਨਾਲ਼ ਬਾਈ ਵਿਆਹ ਦੀ ਗੱਲ ਨੀਂ, ਸ੍ਹਾਬ-ਕਤਾਬ ਦਾ ਸੌਦਾ ਕੀਤਾ ਜਾਂਦਾ। ਕੀ ਸਮਝਿਆ?"
"ਮਤਲਬ ਕਿ ਜੇ ਕੁੜੀ ਨੇ ਸਰੀਰਕ ਸੰਬੰਧ ਕਾਇਮ ਕਰ ਲਏ ਤਾਂ ਉਹ ਚੱਲਦਾ ਪੁਰਜ਼ਾ ਹੋ ਗਈ? ਵਿਆਹ ਦੇ ਕਾਬਿਲ ਨਾ ਰਹੀ? ਇਹੀ ਸੋਚ ਤਾਂ ਬੁਨਿਆਦ ਬਣੀ ਏ ਕਤਲ ਦੀ! ਕੁੜੀ ਨੇ ਆਪਣਾ ਸਭ ਕੁਝ ਉਸ ਅਮੀਰਜ਼ਾਦੇ ਦੇ ਹਵਾਲੇ ਕਰ ਦਿੱਤਾ, ਤਾਂ ਵਿਆਹ ਦੀ ਜ਼ਿੱਦ ਤਾਂ ਕਰਨੀ ਹੀ ਸੀ ਅਗਲੀ ਨੇ! ਪਰ ਸਾਡੇ ਕੈਬਿਨਿਟ ਮਿਨਿਸਟਰ ਸਾਹਬ ਦੇ ਹੋਣਹਾਰ ਸਪੂਤ ਨੂੰ ਇੱਕ 'ਚੱਲਦਾ ਪੁਰਜ਼ਾ' ਆਪਣੀ ਧਰਮ ਪਤਨੀ ਦੇ ਰੂਪ 'ਚ ਮਨਜ਼ੂਰ ਨਹੀਂ ਸੀ, ਸੋ ਉਸ 'ਚੱਲਦੇ ਪੁਰਜ਼ੇ' ਨੂੰ ਇਸ ਜਹਾਨ ਤੋਂ ਹੀ ਚੱਲਦਾ ਕਰ ਦਿੱਤਾ ਸਾਹਬਜ਼ਾਦੇ ਨੇ?"
"ਦੇਖਿਆ ਬਾਈ ਜੀ? ਮੈਂ ਕਿਹਾ ਸੀ ਨਾ ਬਈ ਨਰ ਬੰਦਾ, ਨਰ!" ਨੱਤੀਆਂ ਵਾਲ਼ੇ ਦਾ 'ਲੂਪ' ਫਿਰ ਤੋਂ 'ਰੀਪਲੇ' ਹੋ ਗਿਆ।
"ਉਏ ਏਹਦੇ ਮੂੰਹ ਨੂੰ ਛਿੱਕੂ ਲਾ ਯਾਰ! ਸਾਲ਼ਾ ਖਾ ਕੇ 'ਫ਼ੀਮ ਦਾ ਗੋਲ਼ਾ, ਸਾਰਾ ਦਿਨ ਇੱਕੋ ਗੱਲ 'ਤੇ ਗਰਾਰੀ ਫਸਾਈ ਰੱਖਦਾ!"
ਸੱਤੀ ਐਤਕੀਂ ਤੀਜੇ ਨੂੰ ਸੰਬੋਧਿਤ ਸੀ, ਪਰ ਉਸਨੇ ਜਵਾਬ ਵਿੱਚ ਮੂੰਹ ਨਾ ਖੋਲ੍ਹਿਆ। ਜ਼ਾਹਿਰ ਜੋ ਸੀ ਕਿ ਕੁੱਤੇਖਾਣੀ ਤਾਂ ਨੱਤੀਆਂ ਵਾਲ਼ੇ ਦੀ ਹੀ ਹੋ ਰਹੀ ਸੀ।
ਉਂਗਲ਼ੀ ਫੇਰ ਆਪਣੀ ਜਗ੍ਹਾ 'ਤੇ ਆ ਗਈ।
"ਓ ਹੋ! ਬਾਈ, ਤੂੰ ਗੱਲ ਸਮਝਿਆ ਨੀਂ ਯਾਰ! ਉਹਨਾਂ ਦਾ ਐਹੋ-ਜਿਹਾ ਤਾਂ ਚੱਕਰ ਈ ਕੋਈ ਨੀਂ ਸੀ! ਹੁਣ ਸਿੱਧੀ ਗੱਲ ਸੁਣ ਬਈ ਉਹ ਤਾਂ ਸ਼ਾਮਲਾਟ ਸੀ! ਓਸ ਖੇਤ 'ਚ ਕੱਲੇ ਸੰਨੀ ਦਾ ਈ ਨੀਂ, ਬਲਕਿ ਸਾਡਾ ਤਿੰਨਾਂ ਦਾ ਵੀ ਹਲ਼ ਚੱਲਦਾ ਸੀ। ਆਈ ਗੱਲ ਸਮਝ 'ਚ ਕਿ ਨਹੀਂ? ਸਾਡੇ ਤੋਂ ਬਿਨਾਂ ਹੋਰ ਵੀ ਕੋਈ ਪਾਰਟੀ ਆਉਂਦੀ ਹੋਵੇ, ਕਹਿ ਨੀਂ ਸਕਦੇ।"
'ਪੰਜ ਪਾਂਡਵਾਂ' ਵਿੱਚੋਂ ਸੰਨੀ ਸਣੇ ਚਾਰ ਦੀ ਸ਼ਨਾਖ਼ਤ ਹੋ ਗਈ ਸੀ।
ਬਚਿਆ ਸੀ ਤਾਂ ਇਕੱਲਾ 'ਭੀਮ'।
"ਨਵੇਂ ਸਾਥੀ ਨੂੰ ਤਾਂ ਭੁੱਲ ਹੀ ਹੀ ਗਏ ਮਿੱਤਰ ਜੀ!"
"ਨਾ ਬਾਈ! ਅਸੀਂ ਤਾਂ ਚਾਰੇ ਈ ਜਾਂਦੇ ਸੀ। ਜੇ ਹੋਰ ਕੋਈ ਜਾਂਦਾ ਹੋਵੇ, ਤਾਂ ਨਾ ਤਾਂ ਸਾਨੂੰ ਏਹਦੀ ਖ਼ਬਰ ਹੀ ਸੀ ਤੇ ਨਾ ਹੀ ਖ਼ਬਰ ਰੱਖਣ ਦੀ ਕੋਈ ਲੋੜ। ਤੈਨੂੰ ਦੱਸਿਆ ਤਾਂ ਹੈ, ਬਈ ਉਹਦਾ ਕਿਹੜਾ ਸਾਡੇ ਨਾਓਂ ਇੰਤਕਾਲ ਚੜ੍ਹਿਆ ਹੋਇਆ ਸੀ? ਉਹ ਤਾਂ ਸ਼ਾਮਲਾਟ ਸੀ, ਜਿਹੜਾ ਮਰਜ਼ੀ ਪੈਸੇ ਸੁੱਟੇ ਤੇ ਵਾਹ ਲਏ!"
"ਮਤਲਬ?"
"ਮਤਲਬ ਇਹ ਬਾਈ! ਬਈ ਉਹਨੂੰ ਚਾਹੀਦਾ ਸੀ ਪੈਸਾ, ਆਵਦੀ ਲਤ ਪੂਰੀ ਕਰਨ ਲਈ। ਤੇ ਸਾਡੇ ਕੋਲ਼ ਸੀ ਦੇਣ ਲਈ ਪੈਸਾ, ਆਵਦਾ ਭੁਸ ਪੂਰਾ ਕਰਨ ਲਈ।"
"ਪੰਜ ਲਾਲ ਗਾਂਧੀ ਪੂਜੀਦੇ ਸੀ ਬਾਈ ਜੀ! ਪੰਜ। ਪਰ ਧੰਨ-ਧੰਨ ਵੀ ਹੋ ਜਾਂਦੀ ਸੀ। ਪੂਰਾ ਪੈਸਾ ਵਸੂਲ!" ਨੱਤੀਆਂ ਵਾਲ਼ਾ ਫਿਰ ਬੋਲਿਆ।
ਐਤਕੀਂ ਉਸਦੀ ਗੱਲ ਨੂੰ ਅਣਸੁਣਿਆ ਕਰਦਿਆਂ, ਸੱਤੀ ਨੇ ਬੋਲਣਾ ਜਾਰੀ ਰੱਖਿਆ।
"ਹੁਣ ਤੂੰ ਹੀ ਸੋਚ ਬਾਈ, ਬਾਈ ਐਹੋ-ਜਿਹੇ ਚੱਲਦੇ ਪੁਰਜ਼ੇ ਨੂੰ ਮਾਰ ਕੇ, ਭਲਾਂ ਸੰਨੀ ਨੂੰ ਕੀ ਹਾਸਿਲ ਹੋਣਾ ਸੀ? ਉਹ ਤਾਂ ਉਹਦੀ ਕਿਸਮਤ ਮਾੜੀ, ਬਈ ਓਦਣ ਉਹ ਚਲੇ ਗਿਆ। ਜੇ ਸਾਡੇ 'ਚੋਂ ਕੋਈ ਗਿਆ ਹੁੰਦਾ ਤਾਂ, ਅੱਜ ਹਵਾਲਾਤ 'ਚ ਉਹਦੀ ਜਗ੍ਹਾ, ਸਾਡੇ 'ਚੋਂ ਕੋਈ ਬੰਦ ਹੁੰਦਾ। ਕੀ ਸਮਝਿਆ?"
ਤੇਜਵੀਰ ਨੂੰ ਹੁਣ ਬਹੁਤ ਕੁਝ ਸਮਝ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ।
"ਲੈ ਹੁਣ ਆਪਣੀ ਗੱਲ ਤਾਂ ਹੋ ਗੀ, ਆਹ ਸਬੂਤ ਵੀ ਦੇਖ ਲਾ!"
ਆਖ ਕੇ ਸੱਤੀ ਨੇ ਆਪਣੇ ਮੋਬਾਈਲ ਫ਼ੋਨ ਵਿੱਚ ਉਸਦੀ ਅਤੇ ਰੁਪਿੰਦਰ ਦੀ ਗਲਵਕੜੀ ਪਾਇਆਂ ਦੀ ਤਸਵੀਰ ਦਿਖਾਈ।
ਬਾਕੀਆਂ ਨੇ ਵੀ ਇਸੇ ਪ੍ਰਕਿਰਿਆ ਨੂੰ ਦੁਹਰਾਇਆ।
ਮੁੰਡੇ ਸੱਚ ਆਖ ਰਹੇ ਸਨ।
"ਪਰ ਸੰਨੀ ਨੇ ਇਹ ਸਭ ਪੁਲਿਸ ਨੂੰ ਕਿਉਂ ਨਹੀਂ ਦੱਸਿਆ?"
"ਇਹਦਾ ਬਾਪੂ ਟਰੱਸਟੀ ਆ ਕਾਲਜ ਦਾ।" ਚੁੱਪ-ਚਾਪ ਬੈਠੇ ਤੀਜੇ ਸਾਥੀ ਵੱਲ ਇਸ਼ਾਰਾ ਕਰਦਿਆਂ ਸੱਤੀ ਨੇ ਆਖਿਆ।
'ਤਾਂ ਸੰਨੀ ਨੇ ਲੁਕੋ ਕੇ ਯਾਰੀ ਨਿਭਾਈ, ਤੇ ਇਹ ਦੱਸ ਕੇ ਯਾਰੀ ਨਿਭਾ ਰਹੇ ਨੇ।'
"ਪਰ ਤੁਸੀਂ ਮੈਨੂੰ ਇਹ ਸਭ ਕਿਉਂ ਦੱਸ ਰਹੇ ਓਂ?"
"ਦੇਖ ਬਾਈ, ਸੰਨੀ ਨੇ ਸਾਨੂੰ ਸਹੁੰ ਪੁਆਈ ਆ ਬਈ ਅਸੀਂ ਪੁਲਿਸ ਕੋਲ਼ ਨੀ ਜਾਣਾ। ਜਦੋਂ ਪਾਣੀ ਸਿਰੋਂ ਲੰਘਿਆ ਤਾਂ ਉਹ ਆਪੇ ਹੀ ਦੱਸ ਦੂ। ਪਰ ਅਸੀਂ ਹੁਣ ਆਏਂ ਹੱਥ 'ਤੇ ਹੱਥ ਧਰ ਕੇ ਕਿਵੇਂ ਬੈਠੇ ਰਹੀਏ? ਸਾਨੂੰ ਪਤਾ ਬਈ ਤੇਰੇ ਕਰਕੇ ਹੀ ਇਹ ਕਤਲ ਦਾ ਕੇਸ ਬਣਿਆ, ਨਹੀਂ ਤਾਂ ਖ਼ੁਦਕੁਸ਼ੀ ਜਾਣ ਕੇ ਪੁਲਿਸ ਨੇ ਤਾਂ ਭੋਗ ਪਾ ਹੀ ਦੇਣਾ ਸੀ। ਤੇਰੇ ਪੈਰੋਂ ਹੀ ਸੰਨੀ ਦੀ ਸ਼ਨਾਖ਼ਤ ਹੋਈ ਆ। ਤੂੰ ਦਿਮਾਗ਼ੀ ਬੰਦਾਂ, ਇਹ ਸੋਚ ਬਈ ਕਿਤੇ ਸੱਚੀਂ ਤਾਂ ਨੀ ਰੂਪੀ ਨੇ ਖ਼ੁਦਕੁਸ਼ੀ ਕਰ ਲੀ ਸੰਨੀ ਦੇ ਉਥੋਂ ਆਉਣ ਤੋਂ ਬਾਅਦ? ਕੁੜੀ ਸੀ ਤਾਂ ਚੱਲਦਾ ਪੁਰਜ਼ਾ, ਪਰ ਸੁਭਾਅ ਤੋਂ ਐਹੋ-ਜਿਹੀ ਨਹੀਂ ਸੀ, ਉਹ ਤਾਂ ਨਸ਼ੇ ਹੱਥੋਂ ਬਰਬਾਦ ਹੋਗੀ।"
ਤੇਜਵੀਰ ਨੇ ਸਮਝਾਇਆ ਕਿ ਕਿਵੇਂ ਇਹ ਖ਼ੁਦਕੁਸ਼ੀ ਨਹੀਂ ਬਲਕਿ ਕਤਲ ਹੀ ਹੈ।
"ਤਾਂ ਫਿਰ ਬਾਈ ਕਾਤਿਲ ਕੋਈ ਹੋਰ ਆ! ਇਹ ਕੰਮ ਸੰਨੀ ਦਾ ਨੀ! ਹੋ ਈ ਨੀ ਸਕਦਾ! ਦੇਖ ਬਾਈ! ਸਾਨੂੰ ਪਤਾ ਬਈ ਸੰਨੀ ਨਾਲ ਤੇਰੀ ਕੋਈ ਦੁਸ਼ਮਣੀ ਤਾਂ ਹੈ ਨੀ, ਪਰ ਉਹਨੇ ਗਰਮੀ 'ਚ ਆ ਕੇ ਜਿਹੜਾ ਗਲ਼ਾਵਾਂ ਫੜ ਲਿਆ ਸੀ ਤੇਰਾ… ਦੇਖ ਬਾਈ! ਤੂੰ ਸਮਝ ਬਈ ਬੇਨਤੀ ਉਈ ਆ ਤੇਰੇ ਅੱਗੇ, ਬਈ ਆਹ ਕਿੜ ਨਾ ਮਨ 'ਚ ਰੱਖੀਂ। ਮੈਂ ਇਹ ਨੀ ਕਹਿੰਦਾ ਬਈ ਤੂੰ ਸੰਨੀ ਦੇ ਹੱਕ 'ਚ ਸੋਚ ਪਰ…ਮੇਰਾ ਮਤਲਬ ਸਮਝ ਹੀ ਗਿਆ ਹੋਏਂਗਾ ਬਾਈ! ਤੈਨੂੰ ਦੱਸਿਆ ਤਾਂ ਸੀ, ਬਈ ਆਹ ਸਾਲ਼ੀਆਂ ਘੀਚੀਆਂ-ਮੀਚੀਆਂ ਜਿਹੀਆਂ, ਆਉਂਦੀਆਂ ਈ ਨੀ ਮੈਨੂੰ।"
"ਮਿੱਤਰ ਜੀ! ਮੈਂ ਕਿਸੇ ਨਾਲ਼ ਕੋਈ ਕਿੜ ਕੱਢਣ ਲਈ ਝੂਠ ਦੇ ਹੱਕ 'ਚ ਖੜ੍ਹੇ ਹੋਣ ਵਾਲ਼ਿਆਂ 'ਚੋਂ ਨਹੀਂ। ਮੈਂ ਇੱਕ ਪੱਤਰਕਾਰ ਹਾਂ, ਤੇ ਮੈਂ ਜੋ ਕਰ ਰਿਹਾਂ, ਉਹ ਮੇਰੀ ਡਿਊਟੀ ਏ! ਮੈਂ ਸੱਚ ਦੀ ਤਹਿ ਤੱਕ ਪਹੁੰਚ ਕੇ ਹੀ ਰਹਾਂਗਾ। ਜੇ ਸੰਨੀ ਨੇ ਵਾਕਈ ਕਤਲ ਨਹੀਂ ਕੀਤਾ ਤਾਂ ਮੈਨੂੰ ਉਸਦੇ ਹੱਕ 'ਚ ਆਵਾਜ਼ ਉਠਾਉਣ ਤੋਂ ਕੋਈ ਗੁਰੇਜ਼ ਨਹੀਂ। ਚਾਹੇ ਉਸਨੇ ਮੇਰੇ ਨਾਲ਼ ਕੋਈ ਬਦਸਲੂਕੀ ਹੀ ਕਿਉਂ ਨਾ ਕੀਤੀ ਹੋਵੇ। ਪਰ ਜੇ ਉਸਨੇ ਇਹ ਕਤਲ ਕੀਤਾ, ਤਾਂ ਕਿਸੇ ਦਬਾਅ, ਕਿਸੇ ਧਮਕੀ ਜਾਂ ਕਿਸੇ ਲਾਲਚ ਹੇਠ ਆ ਕੇ ਮੇਰੀ ਆਵਾਜ਼ ਦਬਣ ਵਾਲ਼ੀ ਨਹੀਂ। ਮੇਰੀ ਤੁਹਾਨੂੰ ਇਹੀ ਸਲਾਹ ਏ ਕਿ ਸੰਨੀ ਨੂੰ ਸਮਝਾਓ, ਕਿ ਜੇ ਉਹ ਬੇਗ਼ੁਨਾਹ ਏ ਤਾਂ ਪੁਲਿਸ ਤੋਂ ਕੋਈ ਨਿੱਕੀ ਤੋਂ ਨਿੱਕੀ ਜਿਹੀ ਗੱਲ ਵੀ ਨਾ ਛੁਪਾਏ। ਏਸੇ ਵਿੱਚ ਉਸਦਾ ਭਲਾ ਏ। ਬਾਕੀ ਤੁਹਾਨੂੰ ਮੇਰੇ ਕੋਲ਼ ਕੋਈ ਬੇਨਤੀ ਕਰਨ ਦੀ ਕੋਈ ਲੋੜ ਨਹੀਂ, ਪਰ ਆਪਣੇ ਦੋਸਤ ਲਈ ਤੁਹਾਡੀ ਇਸ ਕੋਸ਼ਿਸ਼ ਦੀ, ਮੈਂ ਦਿਲੋਂ ਕਦਰ ਕਰਦਾਂ।"
"ਦੇਖਿਆ ਬਾਈ ਜੀ? ਮੈਂ ਕਿਹਾ ਸੀ ਨਾ ਬਈ ਨਰ ਬੰਦਾ, ਨਰ!"
"ਮੈਨੂੰ ਹੁਣ ਤਸੱਲੀ ਆ ਬਾਈ! ਬੰਦਾ ਤੂੰ ਲਿਫ਼ਣ ਆਲ਼ਾ ਨੀ!"
ਆਖ ਉਹ ਉਥੋਂ ਵਿਦਾ ਹੋ ਗਏ।
ਪਿੱਛੇ ਤੇਜਵੀਰ ਸੋਫ਼ੇ ਦੀ ਪੁਸ਼ਤ 'ਤੇ ਸਿਰ ਟਿਕਾ, ਡੂੰਘੀ ਸੋਚ ਵਿੱਚ ਡੁੱਬ ਗਿਆ।
+++++
ਬੜੀ ਮੁਸ਼ਕਿਲ ਨਾਲ਼ ਆਈ ਨੀਂਦ ਤੋਂ ਸਰਦੂਲ ਸਿੰਘ ਉੱਭੜਵਾਹੇ ਉੱਠਿਆ।
ਹਮੇਸ਼ਾਂ ਦੀ ਤਰ੍ਹਾਂ ਪਸੀਨੇ ਨਾਲ਼ ਗੜੁੱਚ।
ਸੁਪਨਾ ਹੋਰ ਭਿਆਨਕ ਰੰਗ ਲੈ ਚੁੱਕਿਆ ਸੀ।
ਅਗਲੇ ਕਈ ਮਿੰਟ ਉਹ ਆਪਣੇ ਉੱਖੜੇ ਸਾਹਾਂ 'ਤੇ ਕਾਬੂ ਪਾਉਣ ਦੀ ਨਾਕਾਮ ਕੋਸ਼ਿਸ਼ ਕਰਦਾ ਰਿਹਾ।
ਮਾਨਸਿਕ ਤੌਰ ਤੇ ਅਸੰਤੁਲਿਤ ਹੋ ਰਹੇ ਸਰਦੂਲ ਸਿੰਘ ਉੱਪਰ ਹਵਾਲਾਤ 'ਚ ਬੀਤੇ ਇੱਕ ਦਿਨ ਅਤੇ ਦੋ ਰਾਤਾਂ ਬੜੀਆਂ ਭਾਰੀ ਗੁਜ਼ਰੀਆਂ ਸਨ।
ਜਦੋਂ ਉਸਦੇ ਅਹੁਦੇ ਨਾਲ ਤਆਲੁੱਕ ਰੱਖਦਾ ਸਾਰਾ ਸਾਮਾਨ ਉਸਦੀ ਵਰਦੀ ਤੋਂ ਨੋਚ ਕੇ, ਉਸਦੇ ਹੀ ਮਾਤਹਤ ਰਹੇ ਸਿਪਾਹੀ ਨੇ ਉਸਨੂੰ ਹਵਾਲਾਤ ਵਿੱਚ ਧੱਕਾ ਦਿੱਤਾ, ਤਾਂ ਸਰਦੂਲ ਸਿੰਘ ਦੇ ਸਰੀਰ 'ਚ ਜਿਵੇਂ ਜਾਨ ਹੀ ਬਾਕੀ ਨਾ ਰਹੀ। ਉਸਦੀਆਂ ਪੁੜਪੁੜੀਆਂ ਟੱਸ-ਟੱਸ ਕਰਨ ਲੱਗ ਪਈਆਂ। ਦਿਮਾਗ਼ ਦੀਆਂ ਨਸਾਂ ਜਿਵੇਂ ਫਟਣ ਆ ਗਈਆਂ। ਉਸਨੇ ਆਪਣੇ ਦੋਹਾਂ ਹੱਥਾਂ ਨਾਲ਼ ਆਪਣੇ ਸਿਰ ਨੂੰ ਇਉਂ ਘੁੱਟ ਕੇ ਫੜ ਲਿਆ, ਜਿਵੇਂ ਕਿ ਉਸ ਨੂੰ ਡਰ ਹੋਵੇ, ਕਿ ਜੇ ਪਕੜ ਜ਼ਰਾ ਜਿੰਨੀ ਵੀ ਢਿੱਲੀ ਪਈ, ਤਾਂ ਉਸਦਾ ਸਿਰ ਫਟ ਕੇ ਚਿਥੜੇ-ਚਿਥੜੇ ਹੋ ਜਾਏਗਾ।
ਅੱਖਾਂ ਬੰਦ ਹੋਣ ਦੇ ਬਾਵਜੂਦ ਵੀ ਉਸਨੂੰ ਨਾਲ਼ ਖੜ੍ਹੇ ਗੁਰਦੇਵ ਰਾਮ ਸਹਿਤ, ਚੌਂਕੀ 'ਚ ਮੌਜੂਦ ਹਰ ਸ਼ਖ਼ਸ, ਉਸ ਉੱਪਰ ਠਹਾਕੇ ਮਾਰ ਕੇ ਹੱਸਦਾ ਹੋਇਆ ਪ੍ਰਤੀਤ ਹੋ ਰਿਹਾ ਸੀ। ਤੇ ਜਿਨ੍ਹਾਂ ਠਹਾਕਿਆਂ ਦੀ ਆਵਾਜ਼ ਸਭ ਤੋਂ ਉੱਚੀ ਸੀ, ਉਹ ਤੇਜਵੀਰ ਦੇ ਸਨ।
ਛੇਤੀ ਹੀ ਉਸਦਾ ਦਿਮਾਗ਼ ਇਸ ਭਿਅੰਕਰ ਤਨਾਵ ਦੀ ਸਥਿਤੀ ਨਾਲ਼ ਦੋ-ਚਾਰ ਹੋਣ ਤੋਂ ਇਨਕਾਰੀ ਹੋ ਗਿਆ, ਤੇ ਉਹ ਧੜੰਮ ਕਰਕੇ ਹਵਾਲਾਤ ਦੇ ਫ਼ਰਸ਼ 'ਤੇ ਡਿੱਗ ਪਿਆ।
ਉਹ ਬੇਹੋਸ਼ ਹੋ ਚੁੱਕਾ ਸੀ।
ਹੋਸ਼ ਆਉਣ ਤੋਂ ਬਾਅਦ ਉਹ ਕਿੰਨੀ ਹੀ ਦੇਰ ਹਵਾਲਾਤ ਦੇ ਇੱਕ ਕੋਨੇ 'ਚ, ਆਪਣੇ ਦੋਹਾਂ ਗੋਡਿਆਂ 'ਚ ਸਿਰ ਦਬਾ ਕੇ, ਚੁੱਪ-ਚਾਪ ਬੈਠਾ ਰਿਹਾ।
ਜਿਸ ਤਾਕਤ ਦੇ ਬਲ ਉੱਪਰ ਉਹ ਸੱਤਵੇਂ ਅਸਮਾਨਾਂ 'ਤੇ ਉੱਡਦਾ ਫਿਰਦਾ ਸੀ, ਉਸ ਤਾਕਤ ਦੇ ਖੁੱਸਣ ਨਾਲ਼ ਉਹ ਅੰਦਰੋਂ ਬਿਲਕੁਲ ਖੋਖਲਾ ਹੋ ਗਿਆ।
ਗ੍ਰਿਫ਼ਤਾਰੀ ਦੀ ਰਾਤ ਤੋਂ ਬਾਅਦ, ਸੁਪਨੇ ਵਿਚਲਾ ਭਿਆਨਕ ਦੈਂਤ ਉਸਨੂੰ ਜਾਗਦਿਆਂ ਵੀ ਦਿਸਣ ਲੱਗ ਪਿਆ ਸੀ।
ਆਪਣੇ ਆਸ-ਪਾਸ ਉਸਨੂੰ ਤਰ੍ਹਾਂ-ਤਰ੍ਹਾਂ ਦੇ ਪਰਛਾਵੇਂ ਨੱਚਦੇ ਮਹਿਸੂਸ ਹੋਣ ਲੱਗ ਪਏ।
ਉਹ ਡਿਲੂਜ਼ਨਜ਼ ਅਤੇ ਹੱਲੂਸਿਨੇਸ਼ਨਜ਼ 'ਚ ਫਸਿਆ, ਸਕੀਜ਼ੋਫ਼ਰੇਨੀਆ ਦਾ ਸ਼ਿਕਾਰ ਹੋ ਚੁੱਕਾ ਸੀ।
ਜਾਂ ਇਉਂ ਕਹਿ ਲਓ ਕਿ ਪਾਪੀ ਦੇ ਪਾਪਾਂ ਦਾ ਘੜਾ ਭਰ ਚੁੱਕਾ ਸੀ, ਤੇ ਉਸਦੇ ਸਾਰੇ ਪਾਪ ਘੜੇ 'ਚੋਂ ਬਾਹਰ ਨਿੱਕਲ਼ ਕੇ ਉਸ ਨੂੰ ਘੇਰ ਚੁੱਕੇ ਸਨ।
ਰਹਿ-ਰਹਿ ਕੇ ਉਸਨੂੰ ਇਉਂ ਮਹਿਸੂਸ ਹੁੰਦਾ, ਜਿਵੇਂ ਦੋ ਅਦਿੱਖ ਹੱਥ ਉਸਦੀ ਗਰਦਨ ਨੂੰ ਘੁੱਟ ਰਹੇ ਹੋਣ, ਤੇ ਉਹ ਰਹਿ-ਰਹਿ ਕੇ ਉਹਨਾਂ ਅਦਿੱਖ ਹੱਥਾਂ ਤੋਂ ਆਪਣੀ ਗਰਦਨ ਛੁਡਾਉਣ ਦੀ ਕੋਸ਼ਿਸ਼ 'ਚ ਜੁਟ ਜਾਂਦਾ।
ਕੱਲ੍ਹ ਸਵੇਰ ਸਾਰ ਹੀ ਉਸਨੇ ਆਪਣੀ ਇਸ ਹਾਲਤ ਨਾਲ਼ ਦੋ-ਚਾਰ ਹੁੰਦਿਆਂ-ਹੁੰਦਿਆਂ, ਬੜੀ ਮੁਸ਼ਕਿਲ ਨਾਲ਼, ਆਪਣੇ ਵਕੀਲ ਨੂੰ ਜ਼ਮਾਨਤ ਦਾ ਇੰਤਜ਼ਾਮ ਕਰਨ ਲਈ ਫ਼ੋਨ ਕੀਤਾ ਸੀ।
ਸਾਰਾ ਦਿਨ ਬੀਤਣ 'ਤੇ ਵੀ ਵਕੀਲ ਦੀ ਕੋਈ ਖ਼ਬਰ ਨਹੀਂ ਸੀ।
ਤੇ ਹੁਣ ਰਾਤ ਵੀ ਬੀਤ ਚੁੱਕੀ ਸੀ।
ਉਸਨੇ ਘਰ ਵੀ ਫ਼ੋਨ ਮਿਲਾਇਆ ਸੀ, ਪਰ ਕਿਸੇ ਨੇ ਉਠਾਇਆ ਨਾ।
ਨਰਸ ਦਾ ਮੋਬਾਈਲ ਮਿਲਾਇਆ, ਸਵਿੱਚ ਆੱਫ਼ ਆਇਆ।
ਗਹਿਰੇ ਮਾਨਸਿਕ ਆਘਾਤ ਅਤੇ ਅਸੰਤੁਲਨ ਨਾਲ਼ ਜੂਝਦਾ ਸਰਦੂਲ ਸਿੰਘ, ਛੱਤੀ ਘੰਟਿਆਂ ਵਿੱਚ ਹੀ ਜਿਵੇਂ ਅੱਧਾ ਰਹਿ ਗਿਆ ਸੀ।
ਸਾਢੇ ਗਿਆਰਾਂ ਵੱਜਦੇ ਨੂੰ ਜਾ ਕੇ ਕਿਤੇ ਉਸਦੇ ਵਕੀਲ ਨੇ ਦਰਸ਼ਨ ਦਿੱਤੇ।
ਉਸਦੀ ਜ਼ਮਾਨਤ ਹੋ ਚੁੱਕੀ ਸੀ।
ਇੱਕ ਜਿਉਂਦੀ ਲਾਸ਼ ਵਾਂਗ ਜ਼ਮਾਨਤ ਦੀ ਕਾਰਵਾਈ ਪੂਰੀ ਕਰਕੇ, ਆਪਣੇ ਵਕੀਲ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰਦਿਆਂ, ਉਹ ਕਿਸੇ ਯੰਤਰ-ਚਲਿਤ ਮਾਨਵ ਦੀ ਤਰ੍ਹਾਂ, ਪੈਦਲ ਹੀ ਆਪਣੇ ਘਰ ਦੇ ਸਾਹਮਣੇ ਪਹੁੰਚਿਆ।
ਦਰਵਾਜ਼ੇ 'ਤੇ ਤਾਲਾ ਲਟਕ ਰਿਹਾ ਸੀ।
ਜ਼ਮਾਨਤ ਦੌਰਾਨ ਉਸਨੂੰ ਆਪਣਾ ਮੋਬਾਈਲ ਫ਼ੋਨ ਮਿਲ਼ ਚੁੱਕਾ ਸੀ। ਉਸਨੇ ਮੋਬਾਈਲ ਕੱਢ ਆਪਣੇ ਸਹੁਰੇ ਘਰ ਫ਼ੋਨ ਲਗਾਇਆ ਤਾਂ ਅੱਗਿਓਂ ਫ਼ੋਨ ਉਸਦੀ ਘਰਵਾਲੀ ਨੇ ਹੀ ਉਠਾਇਆ।
ਉਸਦਾ ਸ਼ੱਕ ਸਹੀ ਨਿੱਕਲਿਆ ਸੀ।
ਉਸਦੀ ਆਵਾਜ਼ ਸੁਣਦੇ ਸਾਰ ਹੀ ਉਸਦੀ ਘਰਵਾਲ਼ੀ ਦੀ ਕੰਨ-ਪਾੜਵੀਂ ਆਵਾਜ਼ ਉਸਦੇ ਕੰਨੀਂ ਗੂੰਜੀ।
"ਖਸਮਾਂ ਨੂੰ ਖਾਣਿਆ, ਹਰਾਮਜਾਦਿਆ! ਮੈਂ ਤਾਂ ਕੱਲ੍ਹ ਦਾ ਈ ਸਿਆਪਾ ਕਰੀ ਬੈਠੀਂ ਆਂ ਤੇਰਾ। ਹੁਣ ਕਿਹੜੇ ਖੂਹ-ਖਾਤੇ 'ਚ ਡਿੱਗਾਂ? ਤੂੰ ਤਾਂ ਕੰਜਰਾ, ਕਾਸੇ ਜੋਗੀ ਨੀ ਛੱਡਿਆ ਮੈਨੂੰ! ਕੁੱਤਿਆ ਕਿਸੇ ਜਹਾਨ ਦਿਆ, ਕੀੜੇ ਪੈਣ ਤੇਰੇ…।"
ਬਿਨਾਂ ਕੁਝ ਬੋਲਿਆਂ ਸਰਦੂਲ ਸਿੰਘ ਨੇ ਫ਼ੋਨ ਕੱਟ ਦਿੱਤਾ।
ਉਸਨੇ ਨਰਸ ਦਾ ਫ਼ੋਨ ਮਿਲਾਇਆ ਤਾਂ ਅੱਗਿਓਂ ਫਿਰ ਸਵਿੱਚ ਆੱਫ਼ ਆ ਰਿਹਾ ਸੀ।
ਫਿਰ ਮਨ ਹੀ ਮਨ ਫ਼ੈਸਲਾ ਕਰ, ਉਹ ਨਰਸ ਵੱਲੀਂ ਤੁਰ ਪਿਆ।
ਗੁਜ਼ਰਦਾ ਹਰ ਪਲ ਉਸ ਲਈ ਗਹਿਰੀ ਮਾਨਸਿਕ ਪੀੜਾ ਦਾ ਕਾਰਕ ਬਣਦਾ ਜਾ ਰਿਹਾ ਸੀ।
ਸਕੂਨ ਹਾਸਿਲ ਕਰਨ ਲਈ ਉਸਨੂੰ ਕਿਸੇ ਆਲ੍ਹਣੇ ਦੀ ਤਲਾਸ਼ ਸੀ।
ਠਹਾਕਿਆਂ ਦੀਆਂ ਆਵਾਜ਼ਾਂ ਉਸਦੇ ਕੰਨਾਂ ਦੇ ਪਰਦੇ ਪਾੜ ਰਹੀਆਂ ਸਨ।
ਆਸੇ-ਪਾਸਿਓਂ ਲੰਘਦਾ ਹਰ ਰਾਹਗੀਰ ਉਸਨੂੰ ਆਪਣੇ ਉੱਪਰ ਹੱਸਦਾ ਪ੍ਰਤੀਤ ਹੋ ਰਿਹਾ ਸੀ।
ਸੁਪਨੇ ਵਾਲ਼ਾ ਭਿਆਨਕ ਦੈਂਤ ਕਦੇ ਉਸਨੂੰ ਸਾਹਮਣੇ ਆਉਂਦਾ ਦਿਖਾਈ ਦਿੰਦਾ, ਕਦੇ ਸੱਜੇ ਅਤੇ ਕਦੇ ਖੱਬੇ।
ਅਦਿੱਖ ਹੱਥ ਪਿੱਛਿਓਂ ਦੀ ਵਾਰ-ਵਾਰ ਉਸ ਦਾ ਗਲ਼ਾ ਦਬਾਉਂਦੇ, ਤੇ ਉਹ ਵਾਰ-ਵਾਰ ਛੁਡਾਉਣ ਦੀ ਕੋਸ਼ਿਸ਼ ਕਰਦਾ।
ਆਸ-ਪਾਸ ਤੈਰਦੇ ਪਰਛਾਵਿਆਂ ਤੋਂ ਤ੍ਰਹਿੰਦਾ ਤੇ ਬਚਦਾ, ਉਹ ਆਪਣੇ ਦੂਜੇ ਘਰ, ਜਿੱਥੇ ਉਸਨੇ ਨਰਸ ਨੂੰ ਰੱਖ ਛੱਡਿਆ ਸੀ, ਪਹੁੰਚਿਆ।
ਕੋਠੀ ਦੇ ਮੇਨ ਗੇਟ 'ਤੇ ਤਾਲਾ ਲਟਕ ਰਿਹਾ ਸੀ।
"ਕਿੱਧਰ ਮਰਗੀ ਸਾਲ਼ੀ ਸਾਰੇ ਟੱਬਰ ਨੂੰ ਲੈ ਕੇ?" ਬੁੜਬੁੜਾਉਂਦਾ ਹੋਇਆ ਉਹ ਵਾਪਿਸ ਮੁੜਨ ਹੀ ਲੱਗਾ ਸੀ, ਕਿ ਉਸਦੀ ਨਜ਼ਰ ਨੇਮ-ਪਲੇਟ 'ਤੇ ਜਾ ਪਈ।
ਉਸ ਉੱਪਰ ਨਰਸ ਦੀ ਬਜਾਏ, ਕਿਸੇ ਹੋਰ ਦਾ ਨਾਂ ਚਮਕ ਰਿਹਾ ਸੀ।
ਉਸਨੇ ਆਪਣੇ ਅੱਤ-ਥੱਕੇ ਦਿਮਾਗ਼ ਉੱਪਰ ਜ਼ੋਰ ਪਾਇਆ, ਤਾਂ ਉਸਨੂੰ ਯਾਦ ਆਇਆ।
ਇਹ ਤਾਂ ਉਸੇ ਲਾਲੇ ਦਾ ਨਾਂ ਸੀ, ਜਿਸ ਕੋਲ਼ ਉਸਨੇ ਆਪਣੀ ਕੋਠੀ ਗਹਿਣੇ ਰੱਖੀ ਸੀ।
ਸਾਰਾ ਮਾਜਰਾ ਸਰਦੂਲ ਸਿੰਘ ਦੀ ਸਮਝ 'ਚ ਆ ਗਿਆ।
ਉਸਦਾ ਖ਼ਿਆਲ ਬਿਲਕੁਲ ਦਰੁਸਤ ਸੀ। ਨਰਸ ਨੂੰ ਚੱਲਦੀ ਕਰ, ਲਾਲੇ ਨੇ ਕੋਠੀ 'ਤੇ ਕਬਜ਼ਾ ਜਮਾ ਲਿਆ ਸੀ। ਸਰਦੂਲ ਸਿੰਘ ਦੀ ਬਾਬਤ ਜਾਣ ਚੁੱਕੀ ਨਰਸ ਨੇ ਵੀ, ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਲਾਲੇ ਨਾਲ਼ ਸਮਝੌਤਾ ਕਰਨ 'ਚ ਹੀ ਸਮਝਦਾਰੀ ਸਮਝੀ।
ਚਾਰ ਲੱਖ ਰੁਪਏ ਦੀ ਇਵਜ਼ 'ਚ ਨਰਸ ਨੇ ਕੋਠੀ ਖਾਲੀ ਕਰ ਦਿੱਤੀ ਸੀ।
ਇੱਕ ਨਾ ਇੱਕ ਦਿਨ ਸਰਦੂਲ ਸਿੰਘ ਤੋਂ, ਕੋਠੀ ਆਪਣੇ ਨਾਂ ਕਰਵਾਉਣ ਦਾ ਸੁਪਨਾ ਦੇਖ ਰਹੀ ਨਰਸ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਿਆ ਸੀ, ਕਿ ਸਰਦੂਲ ਸਿੰਘ ਦੇ ਤਿਲ਼ਾਂ 'ਚ ਹੁਣ ਤੇਲ ਬਾਕੀ ਨਹੀਂ ਰਿਹਾ। ਸੋ ਉਹਨਾਂ ਚਾਰ ਲੱਖ ਰੁਪਿਆਂ ਨੂੰ ਭੱਜਦੇ ਚੋਰ ਦੀ ਲੰਗੋਟੀ ਸਮਝ, ਉਸਨੇ ਖ਼ੁਸ਼ੀ-ਖ਼ੁਸ਼ੀ ਕਬੂਲ ਲਿਆ। ਫਿਰ ਘਰ ਦੇ ਸਾਰੇ ਸਾਮਾਨ 'ਤੇ ਵੀ ਤਾਂ ਉਸੇ ਨੇ ਹੀ ਹੂੰਝਾ ਫੇਰਨਾ ਸੀ।
ਸਰਦੂਲ ਸਿੰਘ ਨੇ ਆਪਣੇ ਸਾਰੇ ਯਾਰਾਂ-ਬੇਲੀਆਂ ਦੇ ਫ਼ੋਨ ਮਿਲਾਏ।
ਕਿਸੇ ਨੇ ਫ਼ੋਨ ਨਾ ਚੁੱਕਿਆ।
ਸਿਰਫ਼ ਦੋ ਦਿਨ ਪਹਿਲਾਂ ਤੱਕ ਦਾ ਸਰਦੂਲ ਸਿੰਘ ਏ.ਐੱਸ.ਆਈ., ਜੋ ਆਪਣੇ ਆਪ ਨੂੰ ਰੱਬ ਤੋਂ ਵੀ ਦੋ ਗਿੱਠ ਉਤਾਂਹ ਸਮਝਦਾ ਸੀ, ਅੱਜ ਬਿਨਾਂ ਸਿਰ 'ਤੇ ਛੱਤ ਦੇ, ਫਟੇਹਾਲ ਸੂਰਤ ਵਿੱਚ, ਬੇ-ਯਾਰੋ-ਮਦਦਗਾਰ ਖੜ੍ਹਾ ਸੀ, ਜਿਸ ਲਈ ਦੁਨੀਆਂ ਦੇ ਸਭ ਦਰਵਾਜ਼ੇ ਬੰਦ ਹੋ ਚੁੱਕੇ ਸਨ।
ਉਹ ਕਿੰਨਾ ਹੀ ਚਿਰ ਖੜ੍ਹਾ ਨੇਮ-ਪਲੇਟ ਨੂੰ ਘੂਰਦਾ ਰਿਹਾ।
ਫਿਰ ਨੇਮ-ਪਲੇਟ ਵਿੱਚੋਂ ਉਸਨੂੰ ਉਸ ਤੇਜਵੀਰ ਦੀ ਸ਼ਕਲ ਵਾਲ਼ਾ ਭਿਆਨਕ ਦੈਂਤ ਨਜ਼ਰ ਆਇਆ।
ਉਸਨੇ ਝੱਟ ਆਪਣਾ ਮੂੰਹ ਪਰ੍ਹਾਂ ਨੂੰ ਫੇਰ ਲਿਆ।
ਹੁਣ ਉਸਦੇ ਕੰਨਾਂ ਵਿੱਚ ਗਿਰਜਾਘਰ ਦੇ ਘੰਟੇ ਵਾਂਗ, ਇੱਕੋ ਨਾਂ ਵਾਰ-ਵਾਰ ਗੂੰਜਣ ਲੱਗ ਪਿਆ।
ਤੇਜਵੀਰ – ਤੇਜਵੀਰ - ਤੇਜਵੀਰ।
ਉਸਦੀਆਂ ਮੁੱਠੀਆਂ ਮਿਚ ਗਈਆਂ।
ਜਬਾੜੇ ਕਸ ਗਏ।
ਆਪਣੇ ਆਪ ਨੂੰ ਘੜੀਸਦਾ ਹੋਇਆ, ਉਹ ਡਿੱਕ-ਡੋਲੇ ਖਾਂਦਾ ਤੇਜਵੀਰ ਦੇ ਫ਼ਲੈਟ ਵੱਲ ਨੂੰ ਤੁਰ ਪਿਆ।
ਦੈਂਤ ਸਾਹਮਣੇ ਆਉਂਦਾ ਤਾਂ ਅੱਖਾਂ ਮੀਚ ਕੇ ਹੱਥ ਸਾਹਮਣੇ ਕਰ ਲੈਂਦਾ, ਸੱਜੇ ਦਿਸਦਾ ਤਾਂ ਖੱਬੇ ਦੀ ਹੋ ਲੈਂਦਾ, ਖੱਬੇ ਦਿਸਦਾ ਤਾਂ ਸੱਜੇ ਨੂੰ ਉੱਭੜ ਪੈਂਦਾ।
ਪਰ ਉਹ ਰੁਕਿਆ ਨਾ।
ਉਸਦੀਆਂ ਇਹਨਾਂ ਅਸਧਾਰਣ ਹਰਕਤਾਂ ਦੇ ਫਲਸਰੂਪ, ਕੋਲੋਂ ਦੀ ਲੰਘਦੇ ਵਾਹਨਾਂ ਦੇ ਹਾਰਨ ਵਾਰ-ਵਾਰ ਗੂੰਜ ਰਹੇ ਸਨ।
ਉਸਦੇ ਕੰਨਾਂ ਵਿੱਚ ਇਹਨਾਂ ਹਾਰਨਾਂ ਦੀਆਂ ਆਵਾਜ਼ਾਂ, ਠਹਾਕਿਆਂ ਦੇ ਰੂਪ ਵਿੱਚ ਸੁਣਾਈ ਦੇ ਰਹੀਆਂ ਸਨ।
ਪਰ ਉਹ ਅਟਕਿਆ ਨਾ।
ਫਿਰ ਅਚਾਨਕ ਉਸਨੂੰ ਮਹਿਸੂਸ ਹੋਇਆ ਕਿ ਅਦਿੱਖ ਹੱਥਾਂ ਨੇ ਫੇਰ ਤੋਂ ਪਿਛਲੇ ਪਾਸਿਓਂ ਉਸਦੇ ਗਲ਼ੇ ਨੂੰ ਬੁਰੀ ਤਰ੍ਹਾਂ ਜਕੜ ਲਿਆ।
ਉਸਨੇਂ ਝੱਟ ਆਪਣੇ ਹੱਥਾਂ ਨਾਲ਼ ਆਪਣੀ ਗਰਦਨ ਛੁਡਾਉਣ ਦੀ ਕੋਸ਼ਿਸ਼ 'ਚ, ਜੱਦੋ-ਜਹਿਦ ਕਰਨੀ ਸ਼ੁਰੂ ਕਰ ਦਿੱਤੀ।
ਏਸੇ ਜੱਦੋ-ਜਹਿਦ ਦੌਰਾਨ ਉਹ ਡਿੱਕ-ਡੋਲੇ ਖਾਂਦਾ ਸੜਕ ਦੇ ਵਿਚਕਾਰ ਜਾ ਡਿੱਗਿਆ।
ਪਿੱਛਿਓਂ ਟਾਈਮ ਚੁੱਕਣ ਦੀ ਕਾਹਲ਼ੀ ਵਿੱਚ ਆ ਰਹੀ, ਇੱਕ ਤੇਜ਼ ਰਫ਼ਤਾਰ ਬੱਸ ਦੀਆਂ ਬਰੇਕਾਂ ਲੱਗਣ ਦੀ ਆਵਾਜ਼ ਦੂਰ ਤੱਕ ਗੂੰਜੀ।
ਸਰਦੂਲ ਸਿੰਘ ਦੀ ਖੋਪੜੀ ਟੁੱਟਣ ਦੀ ਆਵਾਜ਼, ਉਸ ਗੂੰਜ ਵਿੱਚ ਹੀ ਕਿਧਰੇ ਖੋ ਗਈ।
ਬੱਸ ਦਾ ਅਗਲਾ ਟਾਇਰ ਸਰਦੂਲ ਸਿੰਘ ਦੇ ਸਿਰ ਦੇ ਪਟਾਕੇ ਪਾ ਗਿਆ।
ਥਾਂਏਂ ਉਸਦੇ ਪ੍ਰਾਣ-ਪੰਖੇਰੂ ਉੱਡ ਗਏ।
ਖ਼ੁਦਾਈ ਇਨਸਾਫ਼ ਹੋ ਚੁੱਕਾ ਸੀ।
ਉਸਦੀ ਨਾਪਾਕ ਰੂਹ ਧਰਮਰਾਜ ਦੀ ਕਚਹਿਰੀ ਵਿੱਚ ਹਾਜ਼ਰੀ ਭਰਨ ਲਈ ਉਡਾਰੀ ਮਾਰ ਚੁੱਕੀ ਸੀ।
ਅਪਣੇ ਬੇਸ਼ੁਮਾਰ ਗ਼ੁਨਾਹਾਂ ਦਾ ਲੇਖਾ-ਜੋਖਾ ਭੁਗਤਣ ਲਈ।
ਚਿੱਤਰਗੁਪਤ ਦੀ ਅੱਜ ਬਿਨਾਂ ਓਵਰ ਟਾਈਮ ਲਗਾਏ ਖ਼ਲਾਸੀ ਨਹੀਂ ਹੋਣ ਵਾਲ਼ੀ ਸੀ।
ਉਸਦੇ ਗ਼ੁਨਾਹਾਂ ਦੀ ਫ਼ਾਈਲ ਜੋ ਏਨੀ ਮੋਟੀ ਸੀ।
ਆਪਣੇ ਆਪ ਨੂੰ ਰੱਬ ਤੋਂ ਦੋ ਗਿੱਠ ਉਤਾਂਹ ਸਮਝਣ ਵਾਲ਼ੇ ਸਰਦੂਲ ਸਿੰਘ ਸਾਬਕਾ ਏ.ਐੱਸ.ਆਈ. ਨੂੰ, ਸੜਕਾਂ 'ਤੇ ਭਟਕਦੇ ਆਵਾਰਾ ਕੁੱਤੇ ਜਿਹੀ ਮੌਤ ਨਸੀਬ ਹੋਈ ਸੀ।
ਗਰ ਚੁੱਪ ਰਹੇਗੀ ਜ਼ੁਬਾਨੇ-ਖ਼ੰਜਰ
ਲਹੂ ਪੁਕਾਰੇਗਾ ਆਸਤੀਂ ਕਾ
+++++
ਸਰਦੂਲ ਸਿੰਘ ਦੇ ਇਸ ਭਿਆਨਕ ਅੰਜਾਮ ਤੋਂ ਬਿਲਕੁਲ ਬੇਖ਼ਬਰ ਤੇਜਵੀਰ ਇਸ ਵਕਤ ਉਥੋਂ ਬਹੁਤ ਦੂਰ, ਗੜ੍ਹਸ਼ੰਕਰ ਤੋਂ ਨੰਗਲ਼ ਨੂੰ ਜਾਂਦੀ ਸੜਕ 'ਤੇ ਸਥਿਤ, ਅੱਡਾ ਝੁੰਗੀਆਂ ਕੋਲ਼ ਪੈਂਦੇ ਪਿੰਡ ਗੜ੍ਹੀ ਮਾਨਸੋਵਾਲ਼ ਵਿੱਚ ਮੌਜੂਦ ਸੀ।
ਅੱਜ ਸਵੇਰੇ ਸੱਤ ਵਜੇ ਹੀ ਉਹ ਆਪਣੇ ਫ਼ਲੈਟ 'ਚੋਂ ਨਿੱਕਲ ਪਿਆ ਸੀ।
ਗੜ੍ਹੀ ਮਾਨਸੋਵਾਲ਼ ਤੋਂ ਆਪਣਾ ਕੰਮ ਨਿਪਟਾ, ਉਹ ਸਿੱਧਾ ਰਾਏਕੋਟ ਨੂੰ ਚੱਲ ਪਿਆ, ਪਰ ਰਾਏਕੋਟ ਪਹੁੰਚਣ ਤੋਂ ਪਹਿਲਾਂ, ਉਹ ਰਸਤੇ ਵਿੱਚ ਪੈਂਦੇ ਸੁਧਾਰ ਕਾਲਜ ਦਾ ਗੇੜਾ ਲਗਾਉਣਾ ਨਾ ਭੁੱਲਿਆ।
ਰਾਏਕੋਟ ਤੋਂ ਫ਼ਾਰਿਗ ਹੁੰਦਿਆਂ-ਹੁੰਦਿਆਂ ਉਸਨੂੰ ਸ਼ਾਮ ਦੇ ਸਾਢੇ ਛੇ ਵੱਜ ਚੁੱਕੇ ਸਨ।
ਫਿਰ ਉਥੋਂ ਚੱਲ ਕੇ ਉਹ ਸਿੱਧਾ ਲੁਧਿਆਣਾ ਪੁਲਿਸ ਹੈੱਡਕੁਆਰਟਰ ਪਹੁੰਚਿਆ।
ਏਨਾ ਲੰਮਾ ਸਫ਼ਰ ਤੈਅ ਕਰਕੇ ਉਹ ਇਸ ਵਕਤ ਥਿੰਦ ਸਾਹਬ ਦੇ ਸਨਮੁਖ ਬੈਠਾ ਸੀ।
ਥਿੰਦ ਤੋਂ ਪਤਾ ਚੱਲਿਆ ਕਿ ਪਿਛਲੀ ਰਾਤ ਸੰਨੀ ਨੇ ਹੋਰ ਕੁਝ ਵੀ ਨਹੀਂ ਕਬੂਲ ਕੀਤਾ ਅਤੇ ਅੱਜ ਕੋਰਟ 'ਚ ਉਸਦੀ ਪੇਸ਼ੀ ਵੀ ਹੋ ਚੁੱਕੀ ਹੈ ਤੇ ਬੇਲ ਵੀ।
"ਕੋਈ ਗੱਲ ਨਹੀਂ ਥਿੰਦ ਸਾਹਬ।"
"ਇਹ ਕੇਸ ਹੁਣ ਲੰਬਾ ਚੱਲੂ ਕਾਕਾ ਜੀ! ਕਾਤਿਲ ਦੇ ਮੁੜ ਸਲਾਖਾਂ ਪਿੱਛੇ ਆਉਣ ਨੂੰ ਪਤਾ ਨਹੀਂ ਕਿੰਨਾ ਵਕਤ ਲੱਗੇ। ਇਹ ਵੀ ਪਤਾ ਨਹੀਂ ਕਿ ਉਹ ਵਕਤ ਆਏ ਹੀ ਆਏ।"
"ਥਿੰਦ ਸਾਹਬ! ਜੇ ਕਾਤਲ ਕੱਲ੍ਹ ਹੀ ਸਲਾਖਾਂ ਪਿੱਛੇ ਪਹੁੰਚ ਜਾਏ ਤਾਂ ਫੇਰ?"
"ਵਾੱਟ?" ਥਿੰਦ ਚੌਂਕਿਆ।
"ਬਿਲਕੁਲ।"
"ਕਾਕਾ ਜੀ, ਇਹ ਕੋਈ ਮਜ਼ਾਕ ਦਾ ਵਕਤ ਏ?"
"ਆਈ ਐਮ ਨਾੱਟ ਜੋਕਿੰਗ ਸਰ! ਆਈ ਐਮ ਮੋਰ ਦੈਨ ਸੀਰੀਅਸ। ਲੈੱਟ ਮੀ ਟੈੱਲ ਯੂ…।"
ਤੇਜਵੀਰ ਨੇ ਬੋਲਣਾ ਸ਼ੁਰੂ ਕੀਤਾ।
ਹਾਲੇ ਪਹਿਲਾ ਵਾਕ ਹੀ ਖ਼ਤਮ ਹੋਇਆ ਸੀ ਕਿ ਥਿੰਦ ਆਪਣੀ ਕੁਰਸੀ ਤੋਂ ਇਉਂ ਉੱਛਲਿਆ, ਜਿਵੇਂ ਕਿਤੇ ਕੁਰਸੀ 'ਚ ਕਰੰਟ ਆ ਗਿਆ ਹੋਵੇ।
"ਐਵੇਂ ਹਵਾ 'ਚ ਤੀਰ ਮਾਰ ਰਹੇ ਓਂ ਕਾਕਾ ਜੀ! ਇਟਸ ਜਸਟ ਨਾੱਟ ਪਾੱਸੀਬਲ!"
"ਲੈੱਟ ਮੀ ਫ਼ਿਨਿਸ਼ ਥਿੰਦ ਸਾਹਬ!...।"
ਤੇਜਵੀਰ ਬੋਲਦਾ ਗਿਆ ਤੇ ਥਿੰਦ ਦਾ ਮੂੰਹ ਹੈਰਾਨੀ ਨਾਲ਼ ਖੁੱਲ੍ਹਦਾ ਗਿਆ।
ਤੇਜਵੀਰ ਨੇ ਆਪਣੀ ਗੱਲ ਖ਼ਤਮ ਕੀਤੀ ਤਾਂ ਥਿੰਦ ਉਸ ਵੱਲ ਇਉਂ ਹੈਰਾਨੀ ਨਾਲ਼ ਦੇਖ ਰਿਹਾ ਸੀ, ਜਿਵੇਂ ਤੇਜਵੀਰ ਕੋਈ ਆਮ ਆਦਮੀ ਨਾ ਹੋ ਕੇ, ਕਿਸੇ ਉੱਡਣ ਤਸ਼ਤਰੀ 'ਚੋਂ ਉੱਤਰਿਆ, ਕੋਈ ਏਲੀਅਨ ਹੋਵੇ।
"ਜੇ ਪਾਸਾ ਪੁੱਠਾ ਪੈ ਗਿਆ ਤਾਂ?"
"ਐਨਾ ਰਿਸਕ ਤਾਂ ਲੈਣਾ ਹੀ ਪੈਣਾ ਥਿੰਦ ਸਾਹਬ!"
"ਇੱਕ ਵਾਰ ਫੇਰ ਸੋਚ ਲਓ ਕਾਕਾ ਜੀ! ਤੁਹਾਡਾ ਤੀਰ ਕਿਤੇ ਤੁੱਕਾ ਨਿੱਕਲਿਆ ਤਾਂ ਫੇਰ?"
"ਜੇ ਤੀਰ ਨਿੱਕਲਿਆ ਤਾਂ ਵਾਹ-ਵਾਹੀ ਤੁਹਾਡੀ, ਤੇ ਜੇ ਤੁੱਕਾ ਨਿੱਕਲਿਆ ਤਾਂ ਤੋਏ-ਤੋਏ ਮੇਰੀ।"
ਥਿੰਦ ਕੁਝ ਪਲ ਸੋਚਦਾ ਰਿਹਾ।
"ਓ ਕੇ, ਡਨ।"
ਅੰਤ ਥਿੰਦ ਨੇ ਹਾਮੀ ਭਰ ਹੀ ਦਿੱਤੀ।
ਥਿੰਦ ਤੋਂ ਵਿਦਾ ਲੈ ਕੇ ਤੇਜਵੀਰ ਬਾਹਰ ਨਿੱਕਲਿਆ ਤਾਂ ਹਨੇਰਾ ਹੋ ਚੁੱਕਾ ਸੀ।
ਉਸਨੇ ਪਾਰਕਿੰਗ 'ਚ ਖੜ੍ਹੇ-ਖੜ੍ਹੇ ਹੀ ਪਹਿਲਾਂ ਭੋਗਲ ਸਾਹਬ ਨੂੰ ਫ਼ੋਨ ਕੀਤਾ ਅਤੇ ਫਿਰ ਗਗਨ ਨੂੰ ਫ਼ੋਨ ਕਰਨ ਦੀ ਸੋਚੀ। ਪਰ ਕਿਉਂਕਿ ਉਹ ਕਿਸੇ ਫ਼ੈਮਿਲੀ ਫ਼ੰਕਸ਼ਨ 'ਚ ਬਿਜ਼ੀ ਸੀ, ਸੋ ਉਸਦਾ ਮਜ਼ਾ ਕਿਰਕਿਰਾ ਨਾ ਕਰਨ ਦੀ ਨੀਅਤ ਨਾਲ਼, ਉਸਨੇ ਇਹ ਖ਼ਿਆਲ ਤਿਆਗ ਦਿੱਤਾ।
ਫਿਰ ਉਸਨੇ ਮੋਟਰ ਸਾਈਕਲ ਸਟਾਰਟ ਕੀਤੀ ਅਤੇ ਉਥੋਂ ਰਵਾਨਗੀ ਪਾ ਦਿੱਤੀ।
ਪਰ ਉਸਦੀ ਮੰਜ਼ਿਲ ਹਾਲੇ ਉਸਦਾ ਫ਼ਲੈਟ ਨਹੀਂ ਸੀ।
ਪਹਿਲਾਂ 'ਬੜੇ ਮੀਆਂ' ਦਾ 'ਮਿੱਠਾ ਪਾਨ' ਜੋ ਖਾਣਾ ਸੀ।
+++++
ਮੀਟਿੰਗ ਦਾ ਤੈਅਸ਼ੁਦਾ ਵਕਤ ਦੁਪਹਿਰ ਦੋ ਵਜੇ ਦਾ ਸੀ।
ਗਗਨ ਭੋਗਲ ਸਾਹਬ ਦੇ ਹੁਕਮ ਮੁਤਾਬਿਕ, ਡੇਢ ਵੱਜਦੇ ਤੋਂ ਹੀ ਤੇਜਵੀਰ ਦੇ ਇੰਤਜ਼ਾਰ ਵਿੱਚ, ਪੁਲਿਸ ਹੈੱਡਕੁਆਰਟਰ ਦੇ ਕੰਪਾਊਂਡ ਵਿੱਚ, ਹੈਰਾਨ-ਪਰੇਸ਼ਾਨ ਹੋਇਆ ਖੜ੍ਹਾ ਸੀ।
ਕੱਲ੍ਹ ਦਾ ਸਾਰਾ ਦਿਨ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਦਾ ਸਮਾਗਮ ਅਟੈਂਡ ਕਰਨ ਵਿੱਚ ਲੱਗਾ ਰਿਹਾ ਸੀ।
'ਆਹ ਇੱਕੋ ਦਿਨ 'ਚ ਹੁਣ ਕੀ ਭਸੂੜੀ ਪਾ ਤੀ ਪਤੰਦਰ ਨੇ!'
ਪਿਛਲੇ ਦਿਨ ਤੇਜਵੀਰ ਦੀ ਕਿਸੇ ਕਾਰਗੁਜ਼ਾਰੀ ਦੀ ਉਸਨੂੰ ਕੋਈ ਖ਼ਬਰ ਨਹੀਂ ਸੀ ਤੇ ਅੱਜ ਵੀ ਸਵੇਰ ਤੋਂ ਉਸਦੀ ਕੋਈ ਖ਼ਬਰਸਾਰ ਨਹੀਂ ਸੀ।
ਇੱਕ ਵੱਜ ਕੇ ਪੈਂਤੀ ਮਿੰਟ 'ਤੇ ਗਗਨ ਨੂੰ ਕੰਪਾਊਂਡ ਦੇ ਗੇਟ ਅੰਦਰ, ਭੋਗਲ ਸਾਹਬ ਦੀ ਮਰਸਿਡੀਜ਼ ਗੱਡੀ ਦਾਖ਼ਲ ਹੁੰਦੀ ਦਿਖਾਈ ਦਿੱਤੀ।
ਗੱਡੀ ਰਤਾ ਕੁ ਅੱਗੇ ਵਧੀ, ਤਾਂ ਉਸਨੂੰ ਅਗਲੀ ਸੀਟ 'ਤੇ ਬੈਠੇ ਤੇਜਵੀਰ ਦੇ ਦਰਸ਼ਨ ਹੋਏ।
ਗਗਨ ਦਾ ਮੂੰਹ ਹੈਰਾਨੀ ਨਾਲ਼ ਅੱਡਿਆ ਰਹਿ ਗਿਆ।
ਗੱਡੀ ਪਾਰਕਿੰਗ 'ਚ ਲੱਗੀ ਤਾਂ ਡਰਾਈਵਰ ਦੇ ਨਾਲ਼ ਦੇ ਦਰਵਾਜ਼ੇ 'ਚੋਂ ਤੇਜਵੀਰ ਬਾਹਰ ਨਿੱਕਲਿਆ।
ਗਗਨ ਨੂੰ ਦੇਖਦੇ ਹੀ ਉਸਨੇ ਹੱਥ ਹਿਲਾਇਆ।
ਗਗਨ ਹੈਰਾਨੀ ਨਾਲ ਭਰਿਆ ਗੱਡੀ ਵੱਲ ਵਧਿਆ, ਤਾਂ ਉਸਦੇ ਤੁਰਦਿਆਂ-ਤੁਰਦਿਆਂ ਹੀ, ਗੱਡੀ ਦੇ ਪਿਛਲੇ ਦਰਵਾਜ਼ੇ ਖੁੱਲ੍ਹੇ, ਅਤੇ ਇੱਕ ਪਾਸਿਓਂ ਇੱਕ ਪੰਜਾਹਵਿਆਂ ਨੂੰ ਢੁਕਦਾ, ਅੱਧ-ਪੱਕੀ ਦਾਹੜੀ ਵਾਲ਼ਾ ਵਿਅਕਤੀ ਬਾਹਰ ਨਿੱਕਲਿਆ, ਅਤੇ ਦੂਸਰੇ ਪਾਸਿਓਂ ਇੱਕ ਨੌਜਵਾਨ ਕੁੜੀ ਨੇ ਬਾਹਰ ਕਦਮ ਰੱਖਿਆ।
ਗਗਨ ਦੀ ਹੈਰਾਨੀ ਦੇ ਮੀਟਰ ਦੀ ਸੂਈ ਹੋਰ ਉਤਾਂਹ ਚੜ੍ਹ ਗਈ।
ਉਸਨੇ ਤੇਜਵੀਰ ਦੇ ਕੰਨ ਕੋਲ਼ ਜਾ ਕੇ ਦੱਬੀ ਆਵਾਜ਼ 'ਚ ਪੁੱਛਿਆ, "ਇਹ ਕੀ ਮਾਜਰਾ ਯਾਰ? ਤੁੰ ਭੋਗਲ ਸਾਹਬ ਦੀ ਗੱਡੀ 'ਚ ਕੀ ਕਰਦਾਂ? ਨਾਲ਼ੇ ਆਹ ਲੋਕ ਕੌਣ ਨੇ?"
"ਹੌਸਲਾ ਰੱਖ ਗਗਨ! ਹੁਣੇ ਈ ਸਭ ਸਾਹਮਣੇ ਆ ਜਾਂਦਾ!"
ਹੌਲ਼ੀ ਜਿਹੀ ਗਗਨ ਦੇ ਕੰਨ ਵਿੱਚ ਆਖ, ਤੇਜਵੀਰ ਨੇ ਦੋਹਾਂ ਮਹਿਮਾਨਾਂ ਦੀ ਜਾਣ-ਪਛਾਣ ਉਸ ਨਾਲ਼ ਕਰਵਾਈ।
'ਤੇਜਵੀਰ ਇਹਨਾਂ ਨੂੰ ਐਥੇ ਕਿਉਂ ਲਈ ਫਿਰਦਾ?'
ਡਰਾਈਵਰ ਨੂੰ ਛੱਡ, ਉਹ ਸਾਰੇ ਜਣੇ ਮੁੱਖ ਦਰਵਾਜ਼ੇ ਵੱਲ ਨੂੰ ਵਧੇ।
ਮੁੱਖ ਦਰਵਾਜ਼ੇ 'ਤੇ 'ਬੜੇ ਮੀਆਂ' ਦੇ ਦਰਸ਼ਨ ਹੋਏ।
"ਬੜੇ ਮੀਆਂ, ਆਦਾਬ!"
"ਆਦਾਬ, ਬਾਬੂ ਸਾਹਬ!"
"ਬੜੇ ਮੀਆਂ! ਤੱਯਾਰ?"
"ਬੇਸ਼ੱਕ ਬਾਬੂ ਸਾਹਬ!"
ਤੇਜਵੀਰ ਗਗਨ ਸਮੇਤ ਦੋਹਾਂ ਮਹਿਮਾਨਾਂ ਨੂੰ ਨਾਲ਼ ਲੈ ਕੇ, ਥਿੰਦ ਦੇ ਆਫ਼ਿਸ ਦੇ ਨਾਲ਼ ਲੱਗਦੇ ਵੇਟਿੰਗ ਰੂਮ 'ਚ ਲੈ ਗਿਆ।
"ਕੁਸੁਮ ਜੀ! ਕੋਈ ਘਬਰਾਹਟ ਤਾਂ ਨਹੀਂ? ਆਰ ਯੂ ਰੈਡੀ?"
ਲੜਕੀ ਨੇ ਦ੍ਰਿੜਤਾ ਨਾਲ਼ ਹਾਮੀ ਵਿੱਚ ਸਿਰ ਹਿਲਾਇਆ।
ਗਗਨ ਕੁਝ ਕਹਿਣ ਦੀ ਕੋਸ਼ਿਸ਼ ਵਿੱਚ ਸੀ ਕਿ ਉਸਨੂੰ ਕਹਿਣ ਦਾ ਮੌਕਾ ਦਿੱਤੇ ਬਗ਼ੈਰ ਹੀ, ਤੇਜਵੀਰ ਉਸਨੂੰ ਨਾਲ਼ ਲੈ ਥਿੰਦ ਦੇ ਆਫ਼ਿਸ 'ਚ ਜਾ ਵੜਿਆ।
ਦੁਆ-ਸਲਾਮ ਤੋਂ ਬਾਅਦ ਉਤਸੁਕਤਾ ਦੇ ਮਾਰੇ ਗਗਨ ਨੇ ਮੂੰਹ ਖੋਲ੍ਹਿਆ ਹੀ ਸੀ ਕਿ ਢਿੱਲੋਂ ਦੰਪਤੀ ਆ ਪਧਾਰੇ।
ਮਿਸਿਜ਼ ਢਿੱਲੋਂ ਨੂੰ ਸਹਾਰਾ ਦਿੰਦੀ ਹੋਈ ਸਿੰਮੀ ਵੀ ਉਹਨਾਂ ਨਾਲ਼ ਮੌਜੂਦ ਸੀ।
ਉਹਨਾਂ ਦੇ ਆਉਂਦੇ ਸਾਰ ਹੀ ਤੇਜਵੀਰ ਉਹਨਾਂ ਨੂੰ ਅਭਿਵਾਦਨ ਕਰ, ਅਚਾਨਕ ਆਪਣੀ ਸੀਟ ਤੋਂ ਉੱਠਿਆ ਅਤੇ ਅਤੇ ਬਿਨਾਂ ਕੁਝ ਕਹੇ ਬਾਹਰ ਚਲਾ ਗਿਆ।
ਏਨੇ ਨੂੰ ਇੱਕ ਸਿਪਾਹੀ ਇੱਕ ਟ੍ਰੇ 'ਚ ਤਿੰਨ ਗਲਾਸ ਪਾਣੀ ਦੇ ਲੈ ਕੇ ਅੰਦਰ ਆਇਆ।
ਉਸਨੇ ਪਹਿਲਾਂ ਢਿੱਲੋਂ ਦੰਪਤੀ ਅਤੇ ਫਿਰ ਸਿੰਮੀ ਨੂੰ ਟ੍ਰੇ ਅੱਗੇ ਕਰ ਕੇ ਪਾਣੀ ਪੇਸ਼ ਕੀਤਾ ਅਤੇ ਫਿਰ ਸਿੰਮੀ ਦੇ ਸਿਰਹਾਣੇ ਖੜ੍ਹ, ਉਹਨਾਂ ਦੇ ਪਾਣੀ ਪੀਣ ਦਾ ਇੰਤਜ਼ਾਰ ਕਰਨ ਲੱਗਾ।
ਸਿਪਾਹੀ ਬੜਾ ਮੁਸਤੈਦ ਜਾਪਦਾ ਸੀ। ਸ਼ਾਇਦ ਨਵਾਂ ਰੰਗਰੂਟ ਸੀ, ਜੋ ਆਪਣੀ ਮੁਸਤੈਦੀ ਦਾ ਪ੍ਰਦਰਸ਼ਨ ਕਰ ਕੇ ਸਾਹਬ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਵਿੱਚ ਸੀ।
ਸਿੰਮੀ ਨੇ ਪਾਣੀ ਪੀ ਕੇ ਗਿਲਾਸ ਟੇਬਲ 'ਤੇ ਰੱਖਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਬੜੀ ਮੁਸਤੈਦੀ ਨਾਲ਼ ਟ੍ਰੇ ਅੱਗੇ ਕਰ ਦਿੱਤੀ।
ਸਿੰਮੀ ਨੇ ਗਿਲਾਸ ਟ੍ਰੇ 'ਤੇ ਟਿਕਾਇਆ, ਤਾਂ ਉਸਨੇ ਬੜੀ ਮੁਸਤੈਦੀ ਨਾਲ਼ ਢਿੱਲੋਂ ਦੰਪਤੀ ਦੇ ਅੱਗਿਓਂ ਗਿਲਾਸ ਚੁੱਕ ਕੇ ਟ੍ਰੇ 'ਚ ਰੱਖੇ, ਅਤੇ ਬੜੀ ਮੁਸਤੈਦੀ ਨਾਲ਼ ਹੀ ਉਥੋਂ ਰਵਾਨਾ ਹੋ ਗਿਆ।
"ਇੰਸਪੈਕਟਰ ਸਾਹਬ! ਤੁਹਾਡਾ ਡਿਸਿਪਲਨ ਤਾਂ ਬੜਾ ਕਾਬਿਲੇ-ਤਾਰੀਫ਼ ਏ! ਏਹੋ ਜਿਹਾ ਡਿਸਿਪਲਨ ਤਾਂ ਆਰਮੀ ਵਿੱਚ ਹੀ ਦੇਖਣ ਨੂੰ ਮਿਲਦਾ!"
ਢਿੱਲੋਂ ਸਾਹਬ ਸਿਪਾਹੀ ਦੀ ਮੁਸਤੈਦੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ।
ਜਵਾਬ ਵਿੱਚ ਥਿੰਦ ਕੇਵਲ ਹਲਕਾ ਜਿਹਾ ਮੁਸਕੁਰਾਇਆ।
ਏਨੇ ਨੂੰ ਤੇਜਵੀਰ ਫਿਰ ਆਪਣੀ ਸੀਟ 'ਤੇ ਵਾਪਿਸ ਆ ਬੈਠਾ।
ਥਿੰਦ ਨੇ ਪ੍ਰਸ਼ਨਸੂਚਕ ਨੇਤਰਾਂ ਨਾਲ਼ ਉਸ ਵੱਲ ਵੇਖਿਆ।
ਤੇਜਵੀਰ ਦਾ ਸਿਰ 'ਹਾਂ' ਦੀ ਮੁਦਰਾ 'ਚ ਹਿੱਲਿਆ।
ਥਿੰਦ ਦੇ ਚਿਹਰੇ 'ਤੇ ਤਸੱਲੀ ਦੇ ਭਾਵ ਝਲਕੇ।
ਗਗਨ ਦੇ ਪੱਲੇ ਕੱਖ ਨਾ ਪਿਆ।
ਕੁਝ ਚਿਰ ਕਮਰੇ ਵਿੱਚ ਖ਼ਾਮੋਸ਼ੀ ਦਾ ਆਲਮ ਛਾਇਆ ਰਿਹਾ।
ਏਨੇ ਨੂੰ ਆਖ਼ਰੀ ਮਹਿਮਾਨ ਵੀ ਆ ਪਧਾਰੇ।
ਸੱਦਾ ਕੇਵਲ ਸੰਨੀ ਬਾਜਵਾ ਲਈ ਹੀ ਸੀ, ਪਰ ਉਮੀਦ ਦੇ ਮੁਤਾਬਿਕ, ਮੰਤਰੀ ਸਾਹਬ ਆਪ ਵੀ ਸਾਹਬਜ਼ਾਦੇ ਦੀ ਅਗਵਾਈ ਕਰਦੇ ਹੋਏ ਆ ਪਧਾਰੇ।
ਸੀਟ ਮੱਲਦਿਆਂ ਹੀ ਮੰਤਰੀ ਸਾਹਬ ਉੱਖੜੀ ਜਿਹੀ ਸੁਰ 'ਚ ਬੋਲੇ, "ਇੰਸਪੈਕਟਰ ਸਾਹਬ! ਹੁਣ ਕੀ ਗੱਲ ਹੋਈ, ਜੋ ਇਉਂ ਸ਼ਾੱਰਟ ਨੋਟਿਸ 'ਤੇ ਬੁਲਾ ਲਿਆ ਤੁਸੀਂ?"
ਆਪਣੇ ਜਵਾਬ ਨੂੰ ਮੀਟਿੰਗ ਦਾ ਆਗਾਜ਼ ਰੂਪ ਪ੍ਰਦਾਨ ਕਰਦਿਆਂ, ਥਿੰਦ ਨੇ ਬੋਲਣਾ ਆਰੰਭ ਕੀਤਾ।
"ਦਰਅਸਲ ਤੁਹਾਨੂੰ ਸਭ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਤੇਜਵੀਰ, ਜਿਸਨੁੰ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਨਾਲ਼ ਸ਼ੁਰੂ ਤੋਂ ਹੀ ਜੁੜਿਆ ਹੋਇਆ ਏ, ਇਸ ਕੇਸ ਦੇ ਕੁਝ ਅਹਿਮ ਪਹਿਲੂਆਂ ਉੱਤੇ ਚਾਨਣਾ ਪਾਉਣਾ ਚਾਹੁੰਦਾ ਏ। ਇਸ ਦਾ ਇਹ ਦਾਅਵਾ ਹੈ ਕਿ ਇਹਨਾਂ ਪਹਿਲੂਆਂ ਦੇ ਉਜਾਗਰ ਹੋਣ ਨਾਲ, ਕਾਤਿਲ ਹਰ ਹਾਲ ਵਿੱਚ ਕਾਨੂੰਨ ਦੇ ਪੰਜੇ 'ਚ ਹੋਏਗਾ।"
ਮੰਤਰੀ ਸਾਹਬ ਨੂੰ ਥਿੰਦ ਦੇ ਸ਼ਬਦਾਂ 'ਚ ਇਹ ਸਾਫ਼-ਸਾਫ਼ ਝਲਕਦਾ ਨਜ਼ਰ ਆਇਆ ਕਿ ਤੇਜਵੀਰ ਦੀ ਕਿਸੇ ਚਲਿੱਤਰਬਾਜ਼ੀ ਸਦਕਾ, ਥਿੰਦ ਨੇ ਕਿਸੇ ਨਾ ਕਿਸੇ ਤਰ੍ਹਾਂ ਸੰਨੀ ਦੀ ਬੇਲ ਤੁੜਵਾਉਣ ਦੇ ਚੱਕਰ 'ਚ, ਇਹ ਸਾਰਾ ਡਰਾਮਾ ਰਚਿਆ ਹੈ।
"ਦੇਖੋ ਇੰਸਪੈਟਰ ਸਾਹਬ! ਤੁਹਾਡੇ ਬੁਲਾਵੇ ਤੇ ਅਸੀਂ ਆ ਗਏ। ਪੁਲਿਸ ਨੂੰ ਸਾਡੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ। ਪਰ ਇਸ ਲੜਕੇ ਦੀ ਫ਼ਾਲਤੂ ਬਕਵਾਸ ਸੁਣਨ ਲਈ ਮੇਰੇ ਕੋਲ਼ ਵਕਤ ਨਹੀਂ। ਤੁਸੀਂ ਜਾਣਦੇ ਹੀ ਹੋ ਕਿ ਮੈਂ ਕਿੰਨਾ ਮਸਰੂਫ਼ ਆਦਮੀ ਹਾਂ।"
ਮੰਤਰੀ ਸਾਹਬ ਨੇ ਬਿਨਾਂ ਤੇਜਵੀਰ ਵੱਲ ਨਜ਼ਰ ਮਾਰੇ, ਥਿੰਦ ਕੋਲ਼ ਆਪਣਾ ਰੋਸ ਪ੍ਰਗਟ ਕੀਤਾ।
"ਮਿਨਿਸਟਰ ਸਾਹਬ! ਵਿੱਦ ਡਿਊ ਰਿਸਪੈਕਟ, ਮੈਂ ਤੁਹਾਨੂੰ ਯਾਦ ਦੁਆਉਣਾ ਚਾਹੁੰਨਾ ਕਿ ਏਥੇ ਸਿਰਫ਼ ਮਿਸਟਰ ਸੰਨੀ ਬਾਜਵਾ ਨੂੰ ਹੀ ਬੁਲਾਇਆ ਗਿਆ ਸੀ, ਜੋ ਕਿ ਹਾਲੇ ਵੀ ਇਸ ਕੇਸ ਵਿੱਚ ਪ੍ਰਾਈਮ ਮਰਡਰ ਸਸਪੈਕਟ ਨੇ। ਇਹਨਾਂ ਦੀ ਬੇਲ ਹੋਈ ਏ, ਰਿਹਾਈ ਨਹੀਂ। ਆਈ ਐਮ ਸਾੱਰੀ ਟੂ ਸੇ ਬੱਟ ਤੁਸੀਂ ਏਥੇ ਆਪਣੀ ਮਰਜ਼ੀ ਨਾਲ਼ ਆਏ ਹੋ। ਮੈਨੂੰ ਤੁਹਾਡੇ ਏਥੇ ਆਉਣ 'ਤੇ ਕੋਈ ਇਤਰਾਜ਼ ਨਹੀਂ, ਬੱਟ ਅਗਰ ਤੁਸੀਂ ਮਸਰੂਫ਼ ਹੋ ਤੇ ਜਾਣਾ ਚਾਹੁੰਦੇ ਹੋ, ਤਾਂ ਬੇਸ਼ੱਕ ਜਾ ਸਕਦੇ ਹੋ!"
ਮੰਤਰੀ ਸਾਹਬ ਨੇ ਉੱਠਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
'ਆਹ ਤਾਂ ਥਿੰਦ ਨੇ ਆਟੇ ਆਂਗੂੰ ਗੁੰਨ੍ਹ ਕੇ ਰੱਖਤਾ!'
ਮੰਤਰੀ ਸਾਹਬ ਦੀ ਸੁਰ ਤੋਂ ਸਤੇ ਗਗਨ ਨੂੰ, ਥਿੰਦ ਦੇ ਇਸ ਠੋਕਵੇਂ ਜਵਾਬ ਨੇ ਬੜਾ ਸਕੂਨ ਪਹੁੰਚਾਇਆ, ਪਰ ਨਾਲ਼ ਹੀ ਉਹ ਬੜਾ ਹੈਰਾਨ ਸੀ ਕਿ ਅਚਾਨਕ ਸੰਨੀ ਬਾਜਵਾ ਦੇ ਖ਼ਿਲਾਫ਼, ਐਹੋ ਜਿਹੇ ਕਿਹੜੇ ਸਬੂਤ ਕੱਢ ਲਏ ਤੇਜਵੀਰ ਨੇ? ਹੋਰ ਤਾਂ ਹੋਰ, ਥਿੰਦ ਨੇ ਇਹ ਮੀਟਿੰਗ ਸੱਦਣੀ ਕਿਵੇਂ ਮੰਨ ਲਈ?
"ਯੂ ਮੇ ਪ੍ਰੋਸੀਡ ਮਿਸਟਰ ਤੇਜਵੀਰ!" ਆਖ ਕੇ ਥਿੰਦ ਨੇ ਗੱਲਬਾਤ ਦੀ ਡੋਰ ਤੇਜਵੀਰ ਦੇ ਹੱਥ ਸੌਂਪ ਦਿੱਤੀ।
"ਹਾਜ਼ਰੀਨ! ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਵਾਕਿਆਤ ਨੂੰ ਦੁਹਰਾਉਣਾ ਚਾਹਾਂਗਾ, ਜੋ ਕਤਲ ਦੀ ਉਸ ਰਾਤ ਵਾਪਰੇ। ਕਤਲ ਦੀ ਰਾਤ ਹੋਸਟਲ ਦੇ ਪਿੱਛੇ, ਕਾਲਜ ਦੀ ਬਾਹਰੀ ਚਾਰਦੀਵਾਰੀ ਦੇ ਬਾਹਰਵਾਰ, ਸੜਕ ਦੇ ਪਰਲੇ ਪਾਰ ਬਣੇ ਇੱਕ ਪਾਨ ਦੇ ਖੋਖੇ ਕੋਲ਼, ਇੱਕ ਫ਼ਾੱਰਚੁਨਰ ਗੱਡੀ ਵਿੱਚ ਸੰਨੀ ਬਾਜਵਾ ਉਥੇ ਪਹੁੰਚਦਾ ਹੈ। ਆਪਣੀ ਤੈਅਸ਼ੁਦਾ ਰੁਟੀਨ ਦੇ ਮੁਤਾਬਿਕ ਉਹ ਸੜਕੋਂ ਪਾਰ ਹੋਸਟਲ ਦੀ ਦੀਵਾਰ ਟੱਪ ਕੇ, ਆਪਣੇ ਜਾਣੇ-ਪਛਾਣੇ ਰੂਟ ਰਾਹੀਂ ਰੁਪਿੰਦਰ ਦੇ ਕਮਰੇ ਦੀ ਖਿੜਕੀ ਕੋਲ਼ ਪਹੁੰਚਦਾ ਏ। ਉਸਨੂੰ ਪਹਿਲਾਂ ਹੀ ਪਤਾ ਹੈ ਕਿ ਖਿੜਕੀ ਦੀ ਚੁਗਾਠ 'ਚ ਲੱਗੀ ਗਰਿੱਲ ਦੇ ਪੇਚ ਰੁਪਿੰਦਰ ਨੇ ਪਹਿਲਾਂ ਹੀ ਖੋਲ੍ਹ ਰੱਖੇ ਨੇ, ਸੋ ਉਹ ਬੜੀ ਸਹੂਲਤ ਸਹਿਤ ਚੁਗਾਠ ਨੂੰ ਖਿੜਕੀ 'ਤੋਂ ਉਤਾਰ ਕੇ, ਕੰਧ ਨਾਲ ਟਿਕਾ ਕੇ, ਖ਼ਾਸ ਉਸੇ ਲਈ ਖੁੱਲ੍ਹੀ ਖਿੜਕੀ ਰਾਹੀਂ, ਰੁਪਿੰਦਰ ਦੇ ਕਮਰੇ ਵਿੱਚ ਦਾਖ਼ਲ ਹੋ ਜਾਂਦਾ ਹੈ। ਐਮ ਆਈ ਰਾਈਟ ਮਿਸਟਰ ਸੰਨੀ?"
"ਯ-ਯੈੱਸ।" ਬੇਚੈਨੀ ਨਾਲ਼ ਪਹਿਲੂ ਬਦਲਦੇ ਸੰਨੀ ਬਾਜਵਾ ਦੇ ਮੁੱਖ 'ਚੋਂ ਫਸੀ ਜਿਹੀ ਆਵਾਜ਼ ਨਿੱਕਲੀ।
ਗਗਨ ਨੇ ਗ਼ੌਰ ਕੀਤਾ ਕਿ ਮੀਟੰਗ ਦੇ ਆਗਾਜ਼ ਤੋਂ ਹੀ ਬੇਚੈਨ ਜਿਹੀ ਹੋਈ ਪਈ ਸਿੰਮੀ ਨੇ, ਇੱਕ ਚੈਨ ਭਰਿਆ ਗਹਿਰਾ ਸਾਹ ਲਿਆ। ਸ਼ਾਇਦ ਉਹ ਇਸ ਕਰਕੇ ਬੇਚੈਨ ਹੋ ਉੱਠੀ ਸੀ ਕਿ ਸੰਨੀ ਬਾਜਵਾ ਦੇ ਜ਼ਿਕਰ 'ਚ ਕਿਤੇ ਤੇਜਵੀਰ ਉਸਦਾ ਨਾਂ ਨਾ ਲੈ ਲਏ, ਪਰ ਤੇਜਵੀਰ ਵੱਲੋਂ ਅਜਿਹੀ ਕੋਈ ਕੋਸ਼ਿਸ਼ ਨਾ ਹੁੰਦੀ ਦੇਖ ਕੇ ਉਸਨੂੰ ਚੈਨ ਦਾ ਸਾਹ ਆਇਆ।
ਓਧਰੋਂ ਥਿੰਦ ਦੀ ਪੈਨੀ ਨਜ਼ਰ, ਸਭਨਾਂ ਦੇ ਚਿਹਰਿਆਂ ਦੇ ਬਦਲਦੇ ਭਾਵ ਪੜ੍ਹਨ ਦੀ ਨੀਅਤ 'ਚ ਘੁੰਮ ਰਹੀ ਸੀ।
"ਸੋ ਪਹਿਲਾਂ ਤੋਂ ਹੀ ਤੈਅਸ਼ੁਦਾ ਮੁਲਾਕਾਤ ਦੇ ਮੱਦੇਨਜ਼ਰ ਰੁਪਿੰਦਰ ਸੰਨੀ ਬਾਜਵਾ ਦੇ ਸਵਾਗਤ ਲਈ ਤਿਆਰ ਮਿਲਦੀ ਹੈ। ਬਿਨਾਂ ਗੱਲਾਂਬਾਤਾਂ 'ਚ ਕੋਈ ਵਕਤ
ਗਵਾਏ ਦੋਨੋਂ…।" ਰਤਾ ਕੁ ਝਿਜਕਦਿਆਂ ਤੇਜਵੀਰ ਫਿਰ ਬੋਲਿਆ, "ਆਈ ਐਮ ਸਾੱਰੀ ਟੂ ਸੇ ਢਿੱਲੋਂ ਸਾਹਬ, ਬੱਟ ਆਈ ਮਸਟ ਸੇ, ਦੋਨੋਂ ਸੰਭੋਗਰਤ ਹੁੰਦੇ ਹਨ।"
ਢਿੱਲੋਂ ਸਾਹਬ ਦਾ ਸਿਰ ਮਾਰੇ ਸ਼ਰਮ ਦੇ ਝੁਕ ਜਾਂਦਾ ਹੈ।
ਮਿਸਿਜ਼ ਢਿੱਲੋਂ ਦੀਆਂ ਅੱਖਾਂ 'ਚੋਂ ਪਰਲ-ਪਰਲ ਹੰਝੂਆਂ ਦਾ ਧਾਰ ਵਹਿ ਤੁਰਦੀ ਹੈ।
ਮੰਤਰੀ ਸਾਹਬ ਦੀਆਂ ਗੁੱਸੇ ਨਾਲ਼ ਤਰੇਰਦੀਆਂ ਅੱਖਾਂ ਦੀ ਤਾਬ ਨਾ ਝੱਲਦੇ ਹੋਏ, ਸੰਨੀ ਬਾਜਵਾ ਦਾ ਸਿਰ ਮਾਰੇ ਸ਼ਰਮ ਅਤੇ ਡਰ ਦੇ ਝੁਕ ਜਾਂਦਾ ਹੈ।
ਸਿੰਮੀ ਦੇ ਕਠੋਰ ਅਤੇ ਫਿਰ ਤੋਂ ਭਾਵਹੀਨ ਹੋ ਚੁੱਕੇ ਚਿਹਰੇ 'ਤੇ ਕੋਈ ਭਾਵ ਨਹੀਂ ਝਲਕਦਾ।
"ਫਿਰ ਸੰਨੀ ਬਾਜਵਾ ਆਪਣੀ ਜੇਬ 'ਚੋਂ ਪੰਜ ਹਜ਼ਾਰ ਰੁਪਏ ਕੱਢ ਕੇ ਰੁਪਿੰਦਰ ਦੇ ਹਵਾਲੇ ਕਰਦਾ ਹੈ।"
ਸਿਵਾਏ ਥਿੰਦ ਦੇ, ਤੇਜਵੀਰ ਦੇ ਇਸ ਕਥਨ ਉੱਪਰ ਸਾਰੇ ਚੌਂਕ ਪੈਂਦੇ ਹਨ।
"ਮੈਂ ਠੀਕ ਕਿਹਾ ਸੰਨੀ ਸਾਹਬ?"
"ਯਾ…ਬੱਟ…ਹਾਓ ਡੂ ਯੂ ਨੋ ਦਿਸ?"
ਲੱਗਦਾ ਸੀ ਕਿ ਸੱਤੀ ਐਂਡ ਪਾਰਟੀ ਨੇ ਹਾਲੇ ਤੇਜਵੀਰ ਨਾਲ਼ ਹੋਈ ਮੁਲਾਕਾਤ ਦਾ ਉਸ ਕੋਲ਼ ਖ਼ੁਲਾਸਾ ਨਹੀਂ ਕੀਤਾ ਸੀ।
ਉਸਦੇ ਸਵਾਲ ਨੂੰ ਅਣਸੁਣਿਆਂ ਕਰਦੇ ਤੇਜਵੀਰ ਨੇ ਗੱਲ ਅਗਾਂਹ ਤੋਰੀ।
"ਰੁਪਏ ਰੁਪਿੰਦਰ ਦੇ ਹਵਾਲੇ ਕਰ ਸੰਨੀ ਬਾਜਵਾ ਬਾਦਸਤੂਰ ਉਸੇ ਖਿੜਕੀ ਰਾਹੀਂ ਬਾਹਰ ਨਿੱਕਲ ਕੇ, ਗਰਿੱਲ ਨੂੰ ਵਾਪਿਸ ਆਪਣੀ ਜਗ੍ਹਾ 'ਤੇ ਟਿਕਾਉਂਦਾ ਹੈ ਅਤੇ ਆਪਣੇ ਪੁਰਾਣੇ ਰੂਟ 'ਤੋਂ ਦੀ ਗੁਜ਼ਰਦਾ ਹੋਇਆ, ਵਾਪਿਸ ਆਪਣੀ ਗੱਡੀ 'ਚ ਬੈਠ ਉਥੋਂ ਚਲਾ ਜਾਦਾ ਹੈ; ਆਪਣੀ ਆਮਦ ਦੇ ਕੋਈ ਪੌਣੇ ਕੁ ਘੰਟੇ ਬਾਅਦ।"
"ਪਰ ਤੇਜਵੀਰ! ਕਤਲ ਦੀ ਘਟਨਾ ਦਾ ਬਿਓਰਾ ਤਾਂ ਤੂੰ ਦਿੱਤਾ ਹੀ ਨਹੀਂ? ਇਹੀ ਤਾਂ ਸੈਂਟਰਲ ਪੁਆਇੰਟ ਏ ਇਸ ਸਾਰੀ ਸਟੋਰੀ 'ਚ?" ਗਗਨ ਉਸਨੂੰ ਟੋਕਦਿਆਂ ਬੋਲਿਆ।
ਏਨੇ ਨੂੰ ਦਰਵਾਜ਼ਾ ਠੇਲ੍ਹ ਕੇ, ਆਪਣੇ ਹੱਥ 'ਚ ਇੱਕ ਫ਼ਾਈਲ ਫੜੀ, ਇੱਕ ਸਿਪਾਹੀ ਅੰਦਰ ਆਇਆ ਅਤੇ ਫ਼ਾਈਲ ਥਿੰਦ ਦੇ ਹਵਾਲੇ ਕਰ, ਚੁੱਪਚਾਪ ਪਰਤ ਗਿਆ।
ਥਿੰਦ ਨੇ ਬੜੀ ਗਹੁ ਨਾਲ਼ ਫ਼ਾਈਲ ਦੇ ਪੰਨੇ ਪਰਤੇ ਅਤੇ ਪਹਿਲਾਂ ਤੋਂ ਹੀ ਬੜੀ ਉਤਸੁਕਤਾ ਨਾਲ਼ ਆਪਣੇ ਵੱਲ ਦੇਖ ਰਹੇ ਤੇਜਵੀਰ ਵੱਲ ਝਾਕ ਕੇ, ਉਸਨੇ 'ਹਾਂ' ਦੀ ਮੁਦਰਾ 'ਚ ਸਿਰ ਹਿਲਾਇਆ।
ਤੇਜਵੀਰ ਦੇ ਚਿਹਰੇ 'ਤੇ ਬੜੇ ਗਹਿਰੇ ਸੰਤੋਖ ਦੇ ਭਾਵ ਝਲਕੇ।
"ਤੂੰ ਸਹੀ ਕਿਹਾ ਗਗਨ! ਇਹੀ ਤਾਂ ਸੈਂਟਰਲ ਪੁਆਇੰਟ ਹੈ! ਮੈਂ ਇਸੇ ਪੁਆਇੰਟ 'ਤੇ ਆ ਰਿਹਾਂ। ਤਾਂ ਮੈਂ ਕਹਿ ਰਿਹਾ ਸੀ ਕਿ ਸੰਨੀ ਬਾਜਵਾ ਆਪਣੀ ਗੱਡੀ 'ਚ ਬੈਠ ਉਥੋਂ ਰਵਾਨਾ ਹੁੰਦਾ ਹੈ ਤਾਂ ਉਸਦੀ ਰਵਾਨਗੀ ਤੋਂ ਠੀਕ ਪੰਜ ਮਿੰਟ ਬਾਅਦ, ਇੱਕ ਦੂਸਰਾ ਸ਼ਖ਼ਸ ਪੈਦਲ ਚੱਲ ਕੇ ਚਾਰਦੀਵਾਰੀ ਤੱਕ ਪਹੁੰਚਦਾ ਹੈ ਅਤੇ ਉਸੇ ਰੂਟ ਨੂੰ ਅਖ਼ਤਿਆਰ ਕਰਦਾ ਹੋਇਆ, ਕੰਧ ਟੱਪ ਕੇ ਰੁਪਿੰਦਰ ਦੀ ਖਿੜਕੀ ਸਾਹਮਣੇ ਜਾ ਪੁੱਜਦਾ ਹੈ। ਆਪਣੀ ਰੁਟੀਨ ਮੁਤਾਬਿਕ ਰੁਪਿੰਦਰ ਗਰਿੱਲ ਦੇ ਪੇਚ ਪਹਿਲਾਂ ਹੀ ਕਸ ਚੁੱਕੀ ਹੁੰਦੀ ਹੈ। ਪਰ ਪਹਿਲਾਂ ਤੋਂ ਹੀ ਉਸਦੀ ਇਸ ਰੁਟੀਨ ਤੋਂ ਚੰਗੀ ਤਰ੍ਹਾਂ ਵਾਕਿਫ਼ ਉਹ ਸ਼ਖ਼ਸ, ਆਪਣੀ ਜੇਬ 'ਚੋਂ ਇੱਕ ਪੇਚਕਸ ਕੱਢਦਾ ਹੈ ਅਤੇ ਉਸਦੀ ਸਹਾਇਤਾ ਨਾਲ਼ ਪੇਚ ਖੋਲ੍ਹ ਕੇ, ਗਰਿੱਲ ਨੂੰ ਉਵੇਂ ਹੀ ਦੀਵਾਰ ਨਾਲ਼ ਟਿਕਾ ਕੇ, ਹਮੇਸ਼ਾਂ ਦੀ ਤਰ੍ਹਾਂ ਬਿਨਾਂ ਅੰਦਰੋਂ ਚਿਟਕਣੀ ਲੱਗੀ, ਸਿਰਫ਼ ਹਲਕੀ ਜਿਹੀ ਭਿੜੀ ਹੋਈ, ਖਿੜਕੀ ਨੂੰ ਖੋਲ੍ਹ ਕੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਆਪਣੀ ਰੋਜ਼ਾਨਾ ਦੀ ਆਦਤ ਦੇ ਫਲਸਰੂਪ ਰੁਪਿੰਦਰ ਸੌਣ ਤੋਂ ਪਹਿਲਾਂ ਆਪਣਾ ਹੈਰੋਇਨ ਦਾ ਇੰਜੈਕਸ਼ਨ ਲੈ ਕੇ, ਆਪਣੇ ਜਿਸਮ 'ਤੇ ਕੇਵਲ ਇੱਕ ਖੁੱਲ੍ਹੀ ਜਿਹੀ ਟੀ ਸ਼ਰਟ ਪਹਿਨ ਕੇ, ਨਸ਼ੇ ਦੀ ਤਰੰਗ ਵਿੱਚ ਡੁੱਬੀ ਹੋਈ ਬਿਸਤਰੇ 'ਤੇ ਲੇਟੀ ਹੁੰਦੀ ਹੈ। ਮਜ਼ਬੂਤ ਕੱਦ-ਕਾਠੀ ਦਾ ਮਾਲਿਕ ਉਹ ਸ਼ਖ਼ਸ ਟੇਬਲ ਕੋਲ਼ ਪਹੁੰਚ ਕੇ, ਟੇਬਲ ਉੱਤੇ ਝਾੜੂ ਮਾਰਨ ਵਾਂਗ ਹੱਥ ਘੁੰਮਾ ਕੇ, ਉਸ ਉੱਪਰ ਮੌਜੂਦ ਸਾਰੀਆਂ ਚੀਜ਼ਾਂ ਨੂੰ ਫ਼ਰਸ਼ 'ਤੇ ਗਿਰਾ, ਟੇਬਲ ਖ਼ਾਲੀ ਕਰ ਲੈਂਦਾ ਹੈ। ਟੇਬਲ ਦੇ ਸਾਹਮਣੇ ਪਈ ਕੁਰਸੀ ਨੂੰ ਘੜੀਸ ਕੇ ਇੱਕ ਪਾਸੇ ਕਰ, ਉਸ ਭਾਰੀ-ਭਰਕਮ ਟੇਬਲ ਨੂੰ ਆਪਣੇ ਮਜ਼ਬੂਤ ਹੱਥਾਂ ਨਾਲ਼ ਫੜ ਕੇ, ਪੱਖੇ ਦੇ ਹੇਠਾਂ ਤੱਕ ਘੜੀਸ ਲੈਂਦਾ ਹੈ। ਫਿਰ ਉਸ ਵਜ਼ਨਦਾਰ ਕੁਰਸੀ ਨੂੰ ਉਠਾ ਕੇ ਟੇਬਲ ਦੇ ਉੱਪਰ ਟਿਕਾ, ਟੇਬਲ ਦੇ ਉੱਤੋਂ ਦੀ ਹੁੰਦਾ ਹੋਇਆ, ਉਹ ਕੁਰਸੀ 'ਤੇ ਜਾ ਚੜ੍ਹਦਾ ਹੈ ਅਤੇ ਆਪਣੀ ਜੇਬ ਵਿੱਚ ਪਹਿਲਾਂ ਤੋਂ ਹੀ ਮੌਜੂਦ ਇੱਕ ਪਤਲੀ ਨਾਈਲੋਨ ਦੀ ਰੱਸੀ ਕੱਢ ਕੇ, ਉਸਦੇ ਇੱਕ ਸਿਰੇ ਨੂੰ ਪੱਖੇ ਨਾਲ਼ ਮਜ਼ਬੂਤੀ ਸਹਿਤ ਬੰਨ੍ਹ, ਉਸਦੇ ਦੂਸਰੇ ਸਿਰੇ 'ਤੇ ਇੱਕ ਫੰਦਾ ਤਿਆਰ ਕਰਦਾ ਹੈ। ਫਿਰ ਥੱਲੇ ਉੱਤਰ ਕੇ ਉਹ ਕੁਰਸੀ ਨੂੰ ਉਠਾ ਕੇ ਇੱਕ ਕੋਨੇ ਵਿੱਚ ਲੁੜ੍ਹਕਾ ਦਿੰਦਾ ਹੈ ਅਤੇ ਦੀਨ-ਦੁਨੀਆਂ ਤੋਂ ਬੇਖ਼ਬਰ ਨਸ਼ੇ ਦੀ ਲੋਰ 'ਚ ਗੁਆਚੀ, ਹਲਕੇ ਜਿਹੇ ਵਜ਼ਨ ਦੀ ਰੁਪਿੰਦਰ ਨੂੰ ਬਿਸਤਰੇ ਤੋਂ ਚੁੱਕ ਕੇ ਪਹਿਲਾਂ ਟੇਬਲ 'ਤੇ ਲਿਟਾਉਂਦਾ ਹੈ ਅਤੇ ਫਿਰ ਖ਼ੁਦ ਟੇਬਲ 'ਤੇ ਚੜ੍ਹ ਕੇ, ਰੁਪਿੰਦਰ ਨੂੰ ਫੜ ਕੇ ਸਿੱਧੀ ਹਾਲਤ ਵਿੱਚ ਖੜ੍ਹੀ ਕਰਦਾ ਹੈ। ਫਿਰ ਇੱਕ ਹੱਥ ਨਾਲ਼ ਰੁਪਿੰਦਰ ਨੂੰ ਸੰਭਾਲ਼ਦਾ ਹੋਇਆ ਉਹ ਦੂਸਰੇ ਹੱਥ ਨਾਲ਼ ਲਟਕਦੀ ਹੋਈ ਰੱਸੀ ਦਾ ਫੰਦਾ ਰੁਪਿੰਦਰ ਦੇ ਗਲ਼ ਵਿੱਚ ਪਾ ਕੇ ਕਸ ਦਿੰਦਾ ਹੈ। ਇਸ ਸਾਰੀ ਹਿੱਲਜੁਲ ਦੇ ਫਲਸਰੂਪ ਉਸ ਵਕਤ, ਰੁਪਿੰਦਰ ਦੀਆਂ ਗਿਆਨ ਇੰਦਰੀਆਂ ਹਲਕੀਆਂ ਜਿਹੀਆਂ ਜਾਗ੍ਰਿਤ ਹੁੰਦੀਆਂ ਹਨ ਅਤੇ ਸ਼ਾਇਦ ਉਸਨੂੰ ਮਾਜਰੇ ਦੀ ਕੁਝ-ਕੁਝ ਸਮਝ ਪੈ ਜਾਂਦੀ ਹੈ। ਇੱਕ ਕੁਦਰਤੀ ਸੁਭਾਵਿਕ ਪ੍ਰਤੀਕਰਮ ਦੇ ਫਲਸਰੂਪ ਉਹ ਆਪਣੇ ਬਚਾਅ ਵਿੱਚ ਆਪਣਾ ਹੱਥ ਘੁੰਮਾਉਂਦੀ ਹੈ, ਆਪਣੇ ਦੋਵੇਂ ਹੱਥ ਖ਼ਾਲੀ ਨਾ ਹੋਣ ਦੀ ਸੂਰਤ 'ਚ, ਕਾਤਿਲ ਉਸਦੇ ਕੀਤੇ ਇਸ ਅਚਾਨਕ ਐਕਸ਼ਨ ਤੋਂ ਆਪਣੇ ਆਪ ਨੂੰ ਬਚਾ ਨਹੀਂ ਪਾਉਂਦਾ ਅਤੇ ਰੁਪਿੰਦਰ ਦੁਆਰਾ ਉਸਦੇ ਚਿਹਰੇ ਵੱਲ ਘੁੰਮਾਏ ਸੱਜੇ ਹੱਥ ਦੀ ਅੰਗੂਠੇ ਦੇ ਨਾਲ਼ ਦੀ ਉਂਗਲ਼ ਦਾ ਨਹੁੰ, ਕਾਤਿਲ ਦੀ ਖੱਬੀ ਗੱਲ੍ਹ 'ਤੇ ਘਰੂਟ ਮਾਰਦਾ ਗੁਜ਼ਰ ਜਾਂਦਾ ਹੈ। ਪਰ ਕਾਤਿਲ ਦਾ ਕੰਮ ਤਾਂ ਪੂਰਾ ਹੋ ਚੁੱਕਾ ਸੀ। ਫੰਦਾ ਗਰਦਨ ਵਿੱਚ ਕਸਿਆ ਜਾ ਚੁੱਕਾ ਸੀ। ਕਾਤਿਲ ਝੱਟ ਟੇਬਲ ਤੋਂ ਹੇਠਾਂ ਉੱਤਰਦਾ ਹੈ ਅਤੇ ਫੰਦੇ 'ਤੇ ਝੂਲਦੀ ਰੁਪਿੰਦਰ ਦੇ ਪੈਰਾਂ ਹੇਠੋਂ, ਝਟਕੇ ਨਾਲ਼ ਟੇਬਲ ਘੜੀਸ ਲੈਂਦਾ ਹੈ। ਇੱਕੋ ਝਟਕੇ ਨਾਲ਼ ਰੁਪਿੰਦਰ ਦੇ ਗਲ਼ੇ ਦੀ ਹੱਡੀ ਟੁੱਟ ਜਾਂਦੀ ਹੈ ਤੇ ਪਲਾਂ ਵਿੱਚ ਹੀ ਉਸਦੀ ਮੌਤ ਹੋ ਜਾਂਦੀ ਹੈ। ਕਾਤਿਲ ਆਪਣੇ ਕੁਕਰਮ ਨੂੰ ਅੰਜਾਮ ਦੇ ਕੇ ਬੜੀ ਸਹੂਲਤ ਨਾਲ਼, ਬਕਾਇਦਾ ਉਸੇ ਤਰ੍ਹਾਂ ਖਿੜਕੀ ਦੇ ਪੱਲੇ ਹਲਕੇ ਜਿਹੇ ਭਿੜਾ ਕੇ, ਗਰਿੱਲ ਨੂੰ ਆਪਣੀ ਜਗ੍ਹਾ 'ਤੇ ਫਿੱਟ ਕਰਕੇ, ਉਸੇ ਰੂਟ 'ਤੋਂ ਦੀ ਤੁਰਦਾ ਬਣਦਾ ਹੈ।"
ਤੇਜਵੀਰ ਨੇ ਆਪਣੀ ਥੀਅਰੀ ਦਾ ਸਮਾਪਨ ਕੀਤਾ ਤਾਂ ਸਾਰੇ ਸਰੋਤਿਆਂ ਦੇ ਚਿਹਰਿਆਂ 'ਤੇ ਵੱਖੋ-ਵੱਖਰੇ ਭਾਵ ਸਨ, ਪਰ ਉਹਨਾਂ 'ਚ ਇੱਕ ਤੱਤ ਸਾਂਝਾ ਸੀ, ਤੇ ਉਹ ਸੀ ਹੈਰਾਨੀ ਦਾ।
ਤੇਜਵੀਰ ਦੇ ਬਿਆਨ 'ਚੋਂ ਆਪਣੀ ਬੇਟੀ ਦੀ ਭਿਆਨਕ ਮੌਤ ਦਾ ਮੰਜ਼ਰ ਇਉਂ ਸਾਕਾਰ ਹੁੰਦਾ ਦੇਖ, ਮਿਸਿਜ਼ ਢਿੱਲੋਂ ਦੀਆਂ ਅੱਖਾਂ 'ਚ ਸਾਉਣ ਦੀ ਝੜੀ ਲੱਗੀ ਹੋਈ ਸੀ।
ਢਿੱਲੋਂ ਸਾਹਬ ਦੀਆਂ ਅੱਖਾਂ 'ਚ ਸ਼ਰਮ ਅਤੇ ਗੁੱਸੇ ਦਾ ਨਾਲ਼-ਨਾਲ਼, ਨਮੀ ਵੀ ਝਲਕ ਰਹੀ ਸੀ।
ਸਿੰਮੀ ਦੇ ਚਿਹਰੇ ਦੀ ਭਾਵਹੀਨਤਾ ਕਿਤੇ ਖੰਭ ਲਗਾ ਕੇ ਉੱਡ ਗਈ ਸੀ ਅਤੇ ਉਸਦੀ ਜਗ੍ਹਾ ਉਹ ਤੇਜਵੀਰ ਵੱਲ ਇਉਂ ਹੈਰਾਨੀ ਨਾਲ਼ ਦੇਖ ਰਹੀ ਸੀ, ਜਿਵੇਂ ਕਿਤੇ ਤੇਜਵੀਰ ਦੇ ਸਿਰ 'ਤੇ ਸਿੰਗ ਉੱਗ ਆਏ ਹੋਣ।
"ਤੇਰੇ ਕਹਿਣ ਦਾ ਮਤਲਬ ਬਈ ਕਾਤਿਲ ਸੰਨੀ ਬਾਜਵਾ ਨਹੀਂ, ਬਲਕਿ ਕੋਈ ਹੋਰ ਏ?" ਗਹਿਰੀ ਹੈਰਾਨੀ 'ਚ ਡੁੱਬੇ ਗਗਨ ਨੇ ਜਿਵੇਂ ਤੇਜਵੀਰ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਹੀ ਸਵਾਲ ਪਾਇਆ ਹੋਵੇ, "ਪਰ ਤੈਨੂੰ ਇਹ ਸਭ ਕਿਵੇਂ ਪਤਾ ਲੱਗਿਆ? ਇਸਦਾ ਮਤਲਬ ਕਿ ਕਾਤਿਲ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕਿਆ? ਤੇ ਉਹ ਆਪਣੇ ਮੂੰਹੋਂ ਕਬੂਲ ਵੀ ਕਰ ਚੁੱਕਿਆ ਇਹ ਸਭ?
ਆਖ਼ਿਰ ਉਹ ਹੈ ਕੌਣ?"
ਵਾਹੋ-ਦਾਹੀ, ਗਗਨ ਕਈ ਸਵਾਲ ਦਾਗ਼ ਗਿਆ।
"ਨਹੀਂ ਗਗਨ! ਕਾਤਿਲ ਹਾਲੇ ਗ੍ਰਿਫ਼ਤਾਰ ਤਾਂ ਨਹੀਂ ਹੋਇਆ, ਪਰ ਹੁਣ ਗ੍ਰਿਫ਼ਤਾਰ ਵੀ ਹੋਏਗਾ ਤੇ ਆਪਣੇ ਮੂੰਹੋਂ ਸਭ ਕਬੂਲੇਗਾ ਵੀ।"
"ਪਰ ਉਹ ਹੈ ਕਿੱਥੇ?"
"ਕਾਤਿਲ ਏਸੇ ਕਮਰੇ ਅੰਦਰ ਮੌਜੂਦ ਹੈ ਗਗਨ, ਸਾਡੇ ਐਨ ਦਰਮਿਆਨ!"
ਤੇਜਵੀਰ ਨੇ ਜਿਵੇਂ ਬੰਬ ਛੱਡਿਆ।
ਪਲ ਦੀ ਪਲ ਸਭ ਅਵਾਕ ਰਹਿ ਗਏ।
ਕੇਵਲ ਥਿੰਦ ਦਾ ਚਿਹਰਾ ਸ਼ਾਂਤ ਸੀ।
ਉਲਝਣ ਭਰੀਆਂ ਨਜ਼ਰਾਂ ਨਾਲ਼ ਇੱਕ ਦੂਸਰੇ ਵੱਲ ਝਾਤੀ ਮਾਰ, ਢਿੱਲੋਂ ਦੰਪਤੀ ਦੀਆਂ ਨਜ਼ਰਾਂ ਮੰਤਰੀ ਸਾਹਬ 'ਤੇ ਜਾ ਟਿਕੀਆਂ।
ਹਿਚਕਚਾਉਂਦੇ ਸੰਨੀ ਬਾਜਵਾ ਨੇ ਵੀ ਆਪਣੇ ਬਾਪ ਵੱਲ ਸਿਰ ਘੁੰਮਾਇਆ।
ਮੰਤਰੀ ਸਾਹਬ ਨੂੰ ਇੱਕ ਪਲ ਤਾਂ ਕੁਝ ਪਤਾ ਹੀ ਨਾ ਲੱਗਾ।
ਫਿਰ ਉਹਨਾਂ ਦੀਆਂ ਨਜ਼ਰਾਂ ਦਾ ਮੰਤਵ ਪੜ੍ਹ, ਮੰਤਰੀ ਸਾਹਬ ਦਾ ਪਾਰਾ ਸੱਤਵੇਂ ਅਸਮਾਨ 'ਤੇ ਜਾ ਚੜ੍ਹਿਆ।
ਗੁੱਸੇ ਦੀ ਅਧਿਕਤਾ ਦੇ ਕਾਰਣ, ਇੱਕ ਪਲ ਤਾਂ ਮੰਤਰੀ ਸਾਹਬ ਦੇ ਮੂੰਹੋਂ ਬੋਲ ਤੱਕ ਨਾ ਫੁੱਟਿਆ।
ਫਿਰ ਮੰਤਰੀ ਸਾਹਬ ਦੇ ਫੁੱਟ ਪੈਣ ਤੋਂ ਪਹਿਲਾਂ ਹੀ, ਤੇਜਵੀਰ ਬੋਲ ਉੱਠਿਆ।
"ਕਾਮ ਡਾਊਨ ਮਨਿਸਟਰ ਸਾਹਬ! ਮੈਂ ਕਾਤਲ ਦਾ ਨਾਂ ਤਾਂ ਹਾਲੇ ਦੱਸਿਆ ਹੀ ਨਹੀਂ! ਸੋ ਹਾਜ਼ਰੀਨ! …"
ਆਪਣੀ ਸੁਰ 'ਚ ਭਰਪੂਰ ਨਾਟਕੀ ਰੰਗ ਭਰਦਾ ਹੋਇਆ, ਤੇਜਵੀਰ ਬੁਲੰਦ ਆਵਾਜ਼ 'ਚ ਗਰਜਿਆ।
"…ਕਾਤਿਲ ਕੋਈ ਹੋਰ ਨਹੀਂ ਬਲਕਿ…ਇਹ ਹੈ!"
ਤੇਜਵੀਰ ਨੇ ਮਜ਼ਬੂਤੀ ਨਾਲ਼ ਜਿਸ ਦਿਸ਼ਾ ਵੱਲ ਉਂਗਲ਼ੀ ਉਠਾਈ, ਉਸਦਾ ਨਿਸ਼ਾਨਾ ਸਿੰਮੀ ਸੀ।
ਕਮਰੇ 'ਚ ਸੰਨਾਟਾ ਛਾ ਗਿਆ।
ਸਿੰਮੀ ਦੇ ਸਿਰ 'ਤੇ ਜਿਵੇਂ ਸੌ ਘੜੇ ਪਾਣੀ ਦੇ ਡੁੱਲ੍ਹ ਗਏ।
ਉਹ ਕੁਰਸੀ 'ਤੇ ਬੈਠੀ-ਬੈਠੀ ਸੁੰਨ ਹੋ ਗਈ।
ਚਿਹਰਾ ਇੱਕ ਦਮ ਪੀਲ਼ਾ ਪੈ ਗਿਆ।
ਢਿੱਲੋਂ ਸਾਹਬ ਦਾ ਪੂਰੇ ਦਾ ਪੂਰਾ ਦਿਮਾਗ਼ ਚੱਕਰ ਖਾ ਗਿਆ।
ਕੁਝ ਪਲ ਬਾਅਦ ਸਕਤੇ ਦੀ ਹਾਲਤ 'ਚੋਂ ਬਾਹਰ ਨਿੱਕਲਦੀ ਸਿੰਮੀ, ਕੱਚੀ ਜਿਹੀ ਸੁਰ 'ਚ ਥਿੰਦ ਨੂੰ ਸੰਬੋਧਿਤ ਹੋਈ।
"ਇ-ਇਟਸ ਆੱਲ ਰਬਿਸ਼! ਸਭ ਕੋਰੀ ਬਕਵਾਸ! ਇਹ ਬੰਦਾ ਫ਼ਾਲਤੂ ਬਕਵਾਸ ਕਰ ਕੇ ਮੇਰੇ ਸਿਰ ਇਲਜ਼ਾਮ ਮੜ੍ਹੀ ਜਾ ਰਿਹਾ। ਕਾਤਿਲ ਤਾਂ ਤੁਹਾਡੇ ਸਾਹਮਣੇ ਬੈਠਾ। ਉਸਨੂੰ ਤਾਂ ਤੁਸੀਂ ਛੱਡਤਾ! ਹੁਣ ਇਹ ਬੰਦਾ ਇਲਜ਼ਾਮ ਮੇਰੇ ਮੱਥੇ ਮੜ੍ਹ ਕੇ, ਮੈਨੂੰ ਫਸਾਉਣਾ ਚਾਹੁੰਦਾ। ਇੰਸਪੈਕਟਰ ਸਾਹਬ! ਤੁਸੀਂ ਕਿਉਂ ਇਸ ਬੰਦੇ ਨੂੰ ਬਕਵਾਸ ਕਰਨ ਦੇ ਰਹੇ ਓਂ? ਰੋਕੋ ਇਸਨੂੰ!"
"ਇਹ ਬਕਵਾਸ ਨਹੀਂ ਮੈਡਮ, ਹਕੀਕਤ ਏ! ਤੇ ਇਸ ਗੱਲ ਨੂੰ ਤੁਹਾਡੇ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ!" ਜਵਾਬ ਤੇਜਵੀਰ ਨੇ ਦਿੱਤਾ।
ਥਿੰਦ ਚੁੱਪਚਾਪ ਸਿੰਮੀ ਵੱਲ ਤਿੱਖੀਆਂ ਨਜ਼ਰਾਂ ਗੱਡੀ ਬੈਠਾ ਰਿਹਾ।
"ਪਰ ਇੰਸਪੈਕਟਰ ਸਾਹਬ! ਇਸ ਬੰਦੇ ਨੇ ਜੋ ਕਿਹਾ ਸਭ ਹਵਾਈ ਗੱਲਾਂ ਨੇ। ਸਭ ਇਸਦੇ ਡਰਟੀ ਮਾਈਂਡ ਦੀ ਪੈਦਾਵਾਰ। ਇਸਨੂੰ ਕਹੋ ਕਿ ਇਸਨੇ ਜੋ ਕਿਹਾ, ਉਹ ਸਾਬਿਤ ਕਰਕੇ ਦਿਖਾਏ!"
ਕਾਫ਼ੀ ਹੱਦ ਤੱਕ ਸੰਭਲ਼ ਚੁੱਕੀ ਸਿੰਮੀ ਐਤਕੀਂ ਜ਼ਖ਼ਮੀ ਸ਼ੇਰਨੀ ਵਾਂਗੂੰ ਗਰਜੀ।
"ਜਿਵੇਂ ਤੁਹਾਡੀ ਆਗਿਆ ਮੈਡਮ!" ਆਪਣੀ ਸੁਰ ਦਾ ਨਾਟਕੀ ਰੰਗ ਕਾਇਮ ਰੱਖਦਾ ਹੋਇਆ ਤੇਜਵੀਰ, ਬੁਲੰਦ ਆਵਾਜ਼ 'ਚ ਬੋਲਿਆ, "ਤੁਹਾਡਾ ਇਹ ਚਾਅ ਵੀ ਲਾਹ ਦਿੰਨਾ!"
'ਇਹ ਐਨੀ ਨਾਟਕਬਾਜ਼ੀ ਜਿਹੀ ਕਿਉਂ ਕਰੀ ਜਾ ਰਿਹਾ ਪਤੰਦਰ?'
ਗਗਨ ਨੂੰ ਤੇਜਵੀਰ ਦਾ ਇਉਂ ਵਿਵਹਾਰ ਕਰਨਾ ਸਮਝ ਨਹੀਂ ਆ ਰਿਹਾ ਸੀ।
ਤੇਜਵੀਰ ਨੇ ਥਿੰਦ ਨੂੰ ਇਸ਼ਾਰਾ ਕੀਤਾ ਤਾਂ ਥਿੰਦ ਨੇ ਆਫ਼ਿਸ ਟੇਬਲ 'ਤੇ ਪਈ ਘੰਟੀ 'ਤੇ ਹੱਥ ਮਾਰਿਆ।
ਬਾਹਰੋਂ ਦਰਵਾਜ਼ਾ ਖੁੱਲ੍ਹਿਆ ਤੇ 'ਬੜੇ ਮੀਆਂ' ਨੇ ਅੰਦਰ ਪ੍ਰਵੇਸ਼ ਕੀਤਾ।
"ਬੜੇ ਮੀਆਂ! ਆਪ ਕਤਲ ਕੀ ਰਾਤ ਸੰਨੀ ਬਾਜਵਾ ਕੇ ਬਾਦ ਆਨੇ ਵਾਲੇ ਸ਼ਖ਼ਸ ਕੋ ਪਹਿਚਾਨ ਸਕਤੇ ਹੈਂ?"
ਇੱਕਦਮ ਸੰਖਿਪਤ ਸਵਾਲ।
"ਜੀ ਹੁਜ਼ੂਰ! ਮੈਨੇ ਚਿਹਰਾ ਤੋ ਨਹੀਂ ਦੇਖਾ, ਮਗਰ ਡੀਲ-ਡੌਲ ਔਰ ਚਾਲ-ਢਾਲ ਸੇ ਮੀਲੋਂ ਦੂਰ ਸੇ ਭੀ ਪਹਿਚਾਨ ਸਕਤਾ ਹੂੰ।"
"ਕਯਾ ਆਪਨੇ ਉਸ ਸ਼ਖ਼ਸ ਕੋ ਬਾਦ ਮੇਂ ਕਭੀ ਦੇਖਾ?"
"ਜੀ ਹਾਂ! ਅਭੀ-ਅਭੀ ਬਾਰਾਮਦੇ ਮੇਂ ਮੇਰੇ ਸਾਮਨੇ ਸੇ ਗੁਜ਼ਰਾ ਹੈ!"
"ਕਯਾ ਵੋ ਇਸੀ ਕਮਰੇ ਮੌਜੂਦ ਹੈ?"
"ਜੀ ਹਾਂ! ਯਹੀ ਮੋਹਤਰਮਾ ਤੋ ਹੈਂ ਵੋ!"
'ਬੜੇ ਮੀਆਂ' ਦੀ ਉੱਠੀ ਉਂਗਲ਼ੀ ਦਾ ਇਸ਼ਾਰਾ ਸਿੰਮੀ ਵੱਲ ਸੀ।
"ਬਕਵਾਸ!" ਸਿੰਮੀ ਦੇ ਮੂੰਹੋਂ ਨਿੱਕਲਿਆ।
'ਬੜੇ ਮੀਆਂ' ਦੀ ਗਵਾਹੀ ਦਾ ਉਸ ਉੱਤੇ ਕੋਈ ਖ਼ਾਸ ਅਸਰ ਨਾ ਹੋਇਆ।
ਤੇਜਵੀਰ ਨੇ ਫਿਰ ਇਸ਼ਾਰਾ ਕੀਤਾ।
ਥਿੰਦ ਨੇ ਫਿਰ ਘੰਟੀ ਵਜਾਈ।
ਇਸ ਵਾਰ ਆਉਣ ਵਾਲ਼ੀ ਕੁਸੁਮ ਸੀ।
ਕੁਸੁਮ ਵੱਲ ਦੇਖ ਕੇ ਸਿੰਮੀ ਨੂੰ ਹੈਰਾਨੀ ਜਿਹੀ ਤਾਂ ਜ਼ਰੂਰ ਹੋਈ, ਪਰ ਉਸਦੀ ਆਮਦ ਪਿੱਛੇ ਛੁਪਿਆ ਮੰਤਵ ਉਸਦੀ ਸਮਝ ਨਾ ਆਇਆ।
"ਮੈਡਮ! ਇਹਨਾਂ ਨੂੰ ਤਾਂ ਪਛਾਣਦੇ ਹੀ ਹੋਵੋਗੇ?" ਤੇਜਵੀਰ ਦਾ ਸਵਾਲ ਸਿੰਮੀ ਨੂੰ ਸੀ।
"ਹਾਂ।"
"ਹਾਜ਼ਰੀਨ! ਕੁਸੁਮ ਰੁਪਿੰਦਰ ਦੀ ਰੂਮ-ਮੇਟ ਸੀ ਜੋ ਤਕਰੀਬਨ ਤਿੰਨ ਮਹੀਨੇ ਪਹਿਲਾਂ ਹੀ ਹੋਸਟਲ ਅਤੇ ਕਾਲਜ, ਦੋਨੋਂ ਛੱਡ ਚੁੱਕੀ ਹੈ। ਸਿੰਮੀ ਦੇ ਅਕਸਰ ਹੋਸਟਲ 'ਚ ਇਹਨਾਂ ਦੇ ਰੂਮ ਵਿੱਚ ਰਾਤ ਗੁਜ਼ਾਰਨ ਕਾਰਣ, ਇਹ ਇੱਕ-ਦੂਜੀ ਤੋਂ ਭਲੀ-ਭਾਂਤੀ ਵਾਕਿਫ਼ ਨੇ। ਮੈਂ ਕੁਝ ਗ਼ਲਤ ਤਾਂ ਨਹੀਂ ਕਿਹਾ ਮੈਡਮ?"
"ਨਹੀਂ।"
"ਕੁਸੁਮ! ਤੁਹਾਨੂੰ ਇਸ ਗੱਲ ਦਾ ਇਲਮ ਸੀ ਕਿ ਰੁਪਿੰਦਰ ਡਰੱਗਜ਼ ਲੈਂਦੀ ਸੀ?"
"ਹਾਂ ਜੀ!"
"ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਰੁਪਿੰਦਰ ਨੂੰ ਉਹ ਡਰੱਗਜ਼, ਕਿੱਥੋਂ ਮਿਲਦੇ ਸਨ?"
ਤੇਜਵੀਰ ਦੇ ਇਸ ਸਵਾਲ ਨੇ ਸਿੰਮੀ ਨੂੰ ਬੁਰੀ ਤਰ੍ਹਾਂ ਚੌਂਕਾ ਦਿੱਤਾ।
ਥਿੰਦ ਦੀਆਂ ਪੈਨੀਆਂ ਨਜ਼ਰਾਂ ਉਸੇ ਉੱਪਰ ਟਿਕੀਆਂ ਹੋਈਆਂ ਸਨ।
"ਹਾਂ ਜੀ!" ਕੁਸੁਮ ਦੇ ਸ਼ਬਦਾਂ 'ਚ ਪੂਰਣ ਦ੍ਰਿੜਤਾ ਸੀ।
"ਤਾਂ ਫਿਰ ਰੁਪਿੰਦਰ ਨੂੰ ਡਰੱਗਜ਼ ਸਪਲਾਈ ਕਰਨ ਵਾਲ਼ੇ ਉਸ ਸੋਰਸ ਦਾ ਨਾਂ ਕੀ ਹੈ?"
"ਸਿੰਮੀ।" ਕੁਸੁਮ ਨੇ ਬੇਹਿਚਕ ਆਖਿਆ।
ਸਿੰਮੀ ਦੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ।
ਢਿੱਲੋਂ ਦੰਪਤੀ ਵਿਚਾਰੀ ਸੁੰਨ ਜਿਹੀ ਹੋ ਗਈ।
"ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ ਕੁਸੁਮ?"
"ਸਰ ਮੈਂ ਆਪ ਆਪਣੀਆਂ ਅੱਖਾਂ ਨਾਲ਼ ਦੇਖਿਆ, ਇਸਨੂੰ ਰੁਪਿੰਦਰ ਨੂੰ ਡਰੱਗਜ਼ ਫੜਾਉਂਦੇ ਹੋਏ। ਇਹ ਸਭ ਦੇਖ ਕੇ ਮੈਂ ਬਹੁਤ ਡਰ ਗਈ ਸੀ ਸਰ! ਏਸੇ ਲਈ ਮੈਂ ਹੋਸਟਲ ਵੀ ਛੱਡ ਦਿੱਤਾ ਅਤੇ ਕਾਲਜ ਵੀ!"
'ਇਹ ਬੰਦਾ ਕਿ ਜਿੰਨ-ਭੂਤ! ਕਿਵੇਂ ਲੱਭ ਲਿਆਇਆ ਇਸਨੂੰ?'
ਗਗਨ ਤੇਜਵੀਰ ਦੇ ਇੱਕ-ਇੱਕ ਖ਼ੁਲਾਸੇ ਤੋਂ ਅਸਚਰਜਚਕਿਤ ਹੋ ਰਿਹਾ ਸੀ।
"ਪਰ ਇਸਦਾ ਡਰੱਗਜ਼ ਨਾਲ਼ ਕੀ ਲੈਣਾ-ਦੇਣਾ? ਇਹ ਭਲਾਂ ਰੁਪਿੰਦਰ ਨੂੰ ਕਿਉਂ ਡਰੱਗਜ਼ ਦੇਣ ਲੱਗੀ?" ਢਿੱਲੋਂ ਸਾਹਬ ਤੋਂ ਪੁੱਛੇ ਬਿਨਾਂ ਰਹਿ ਨਾ ਹੋਇਆ।
"ਵਜ੍ਹਾ ਤਾਂ ਇਹ ਖ਼ੁਦ ਮੂੰਹੋਂ ਬਿਆਨ ਕਰੇਗੀ ਢਿੱਲੋਂ ਸਾਹਬ! ਪਰ ਇੱਕ ਗੱਲ ਸ਼ਾਇਦ ਤੁਹਾਨੂੰ ਨਹੀਂ ਪਤਾ, ਕਿ ਇਹ ਖ਼ੁਦ ਡਰੱਗ ਐਡਿਕਟ ਏ। ਤੁਹਾਨੂੰ ਤਾਂ
ਇਹ ਵੀ ਨਹੀਂ ਪਤਾ ਹੋਣਾ ਕਿ ਛੇ ਮਹੀਨੇ ਪਹਿਲਾਂ, ਇਹ ਆਪਣੇ ਕਾਲਜ ਤੋਂ ਏਸੇ ਵਜ੍ਹਾ ਨਾਲ਼ ਰੈੱਸਟੀਕੇਟ ਤੱਕ ਹੋ ਚੁੱਕੀ ਏ!"
ਤੇਜਵੀਰ ਦੇ ਇਸ ਖ਼ੁਲਾਸੇ 'ਤੇ ਢਿੱਲੋਂ ਸਾਹਬ ਦੀਆਂ ਅੱਖਾਂ ਹੈਰਾਨੀ ਨਾਲ਼ ਫਟੀਆਂ ਰਹਿ ਗਈ।
"ਆਈ ਡੌਂਟ ਬਿਲੀਵ ਦਿਸ!" ਢਿੱਲੋਂ ਸਾਹਬ ਜਿਵੇਂ ਕਿਸੇ ਖੂਹ 'ਚੋਂ ਬੋਲੇ।
"ਮੈਡਮ! ਏਨੀ ਗਰਮੀ 'ਚ ਪੂਰੀਆਂ ਬਾਹਾਂ ਵਾਲ਼ਾ ਟਰੈਕ ਸੂਟ ਪਾਇਆ ਤੁਸੀਂ! ਜ਼ਰਾ ਆਪਣੀਆਂ ਆਸਤੀਨਾਂ ਹੀ ਚੜ੍ਹਾ ਲਓ!"
ਸਿੰਮੀ ਨੇ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ।
ਥਿੰਦ ਦੇ ਸਖ਼ਤੀ ਨਾਲ਼ ਜ਼ੋਰ ਦੇਣ 'ਤੇ ਜਦੋਂ ਉਸਨੇ ਮਜਬੂਰੀ ਵੱਸ ਆਸਤੀਨਾਂ ਚੜ੍ਹਾਈਆਂ, ਤਾਂ ਉਸਦੀਆਂ ਬਾਹਾਂ 'ਤੇ ਇੰਜੈਕਸ਼ਨ ਦੀਆਂ ਸੂਈਆਂ ਦੇ ਬੇਸ਼ੁਮਾਰ ਨਿਸ਼ਾਨ ਸਨ।
"ਗਗਨ, ਤੈਨੂੰ ਯਾਦ ਏ, ਮੈਡਮ ਨਾਲ਼ ਹੋਈ ਪਹਿਲੀ ਮੁਲਾਕਾਤ ਦੌਰਾਨ ਇਹਨਾਂ ਦੀਆਂ ਹਰਕਤਾਂ ਦੀ? ਉਸ ਵੇਲ਼ੇ ਤਲਬ ਲੱਗੀ ਹੋਈ ਸੀ ਮੈਡਮ ਨੂੰ, ਪਰ ਇਹ ਗੱਲ ਮੈਨੂੰ ਫ਼ੌਰਨ ਸਮਝ ਨਾ ਆਈ, ਰਤਾ ਠਹਿਰ ਕੇ ਆਈ।"
'ਇਹ ਤਾਂ ਪਤੰਦਰ ਸ਼ਰਲਾੱਕ ਹੋਮਜ਼ ਦੇ ਵੀ ਖੰਭ ਕੁਤਰੀ ਜਾਂਦਾ!'
"ਪਰ ਇਸ ਨਾਲ਼ ਇਹ ਸਾਬਿਤ ਤਾਂ ਨੀਂ ਹੁੰਦਾ, ਬਈ ਰੁਪਿੰਦਰ ਦਾ ਕਤਲ ਮੈਂ ਕੀਤਾ?"
ਤੇਜਵੀਰ ਨੇ ਆਪਣੀ ਜੇਬ ਵਿੱਚ ਹੱਥ ਪਾ ਕੇ, ਇੱਕ ਪਤਲੀ ਨਾਈਲੋਨ ਦੀ ਰੱਸੀ ਬਾਹਰ ਕੱਢੀ।
ਇਹ ਰੱਸੀ ਹੂ-ਬ-ਹੂ ਉਸ ਰੱਸੀ ਵਰਗੀ ਸੀ, ਜੋ ਆਲਾਏ-ਕਤਲ ਸੀ।
"ਇਸ ਰੱਸੀ ਨੂੰ ਪਛਾਣਦੇ ਓਂ ਮੈਡਮ?"
"ਨਹੀਂ।"
ਤੇਜਵੀਰ ਦੀ ਇਹ ਹਰਕਤ ਉਸਦੇ ਸਮਝ ਨਾ ਆਈ।
"ਇਹ ਰੱਸੀ ਮੈਂ ਕਿੱਥੋਂ ਖ਼ਰੀਦੀ ਏ, ਜਾਨਣਾ ਨਹੀਂ ਚਾਹੋਂਗੇ ਮੈਡਮ?"
ਸਿੰਮੀ ਦੇ ਦਿਲ 'ਚ ਡੂੰਘਾ ਹੌਲ ਪਿਆ।
"ਚਲੋ, ਮੈਂ ਹੀ ਦੱਸ ਦਿੰਨਾਂ! ਇਹ ਰੱਸੀ ਮੈਂ ਤੁਹਾਡੇ ਮਨਪਸੰਦ 'ਕੈਫ਼ੇਟੇਰੀਆ' ਦੀ ਹੇਠਲੀ ਮੰਜ਼ਿਲ 'ਚ ਖੁੱਲ੍ਹੇ ਹਾਰਡਵੇਅਰ ਸਟੋਰ ਤੋਂ ਖ਼ਰੀਦੀ ਏ!" ਤੇਜਵੀਰ ਨੇ ਬੜੀ ਰਹੱਸਮਈ ਸੁਰ 'ਚ ਆਖਿਆ।
ਸਿੰਮੀ ਦਾ ਦਿਲ ਬੈਠ ਗਿਆ।
ਤੇਜਵੀਰ ਨੇ ਥਿੰਦ ਨੂੰ ਫਿਰ ਇਸ਼ਾਰਾ ਕੀਤਾ।
ਪਰ ਇਸ ਵਾਰ ਘੰਟੀ ਨਹੀਂ ਖੜਕੀ।
ਥਿੰਦ ਦਾ ਹੱਥ ਘੰਟੀ ਦੀ ਦਿਸ਼ਾ ਵੱਲ ਨਾ ਜਾ ਕੇ, ਆਪਣੇ ਆਫ਼ਿਸ ਟੇਬਲ ਦੀ ਦਰਾਜ 'ਤੇ ਜਾ ਪਿਆ।
ਉਸਨੇ ਚੁੱਪਚਾਪ ਦਰਾਜ ਵਿੱਚੋਂ ਪੌਲੀਥੀਨ ਦਾ ਇੱਕ ਸੀਲਬੰਦ ਲਿਫ਼ਾਫ਼ਾ ਬਰਾਮਦ ਕੀਤਾ ਅਤੇ ਸਿੰਮੀ ਦੇ ਸਾਹਮਣੇ ਰੱਖ ਦਿੱਤਾ।
ਉਸ ਸੀਲਬੰਦ ਲਿਫ਼ਾਫ਼ੇ ਅੰਦਰ ਉਹੀ ਪੇਚਕਸ ਸੀ, ਜੋ ਚਾਰਦੀਵਾਰੀ ਕੋਲ਼ੋਂ ਬਰਾਮਦ ਹੋਇਆ ਸੀ।
"ਚਲੋ ਰੱਸੀ ਨੂੰ ਨਾ ਸਹੀ, ਇਸ ਪੇਚਕਸ ਨੂੰ ਤਾਂ ਜ਼ਰੂਰ ਪਛਾਣਦੇ ਹੋਵੋਗੇ? ਆਖ਼ਿਰ ਤੁਹਾਡਾ ਹੀ ਤਾਂ ਹੈ!"
ਉਸਨੇ ਬੜੀ ਹੈਰਾਨੀ ਨਾਲ਼ ਮੂੰਹ ਉਤਾਂਹ ਚੁੱਕਿਆ।
"ਤੁਹਾਡੀ ਜਾਣਕਾਰੀ ਲਈ ਦੱਸਦਿਆਂ ਕਿ ਇਹ ਪੁਲਿਸ ਨੂੰ ਉਥੋਂ ਬਰਾਮਦ ਹੋਇਆ, ਜਿੱਥੇ ਤੁਸੀਂ ਬੇਧਿਆਨੀ ਨਾਲ਼ ਆਪਣੀ ਜੇਬੋਂ ਸੁੱਟ ਆਏ ਸੀ! ਨਹੀਂ ਸਮਝੇ? ਜਦੋਂ ਕਤਲ ਕਰਕੇ ਜਾਂਦੇ ਸਮੇਂ ਤੁਸੀਂ ਚਾਰਦੀਵਾਰੀ ਟੱਪਣ ਲੱਗੇ ਸੀ! ਯਾਦ ਆਇਆ?"
ਇਨਕਾਰ ਕਰਨ ਲਈ ਉਸਦੇ ਮੂੰਹੋਂ ਬੋਲ ਨਾ ਫੁੱਟਿਆ।
"ਵੈਸੇ ਇੱਕ ਹੋਰ ਰਾਜ਼ ਦੀ ਗੱਲ ਦੱਸ ਦਿੰਨਾ!" ਤੇਜਵੀਰ ਨੇ ਅੱਗੇ ਝੁਕਦਿਆਂ ਆਪਣੀ ਸੁਰ ਨੂੰ ਬੜਾ ਹੀ ਰਹੱਸਮਈ ਬਣਾਉਂਦਿਆਂ ਆਖਿਆ, "ਇਸ ਉੱਪਰ ਤੁਹਾਡੀਆਂ ਉਂਗਲ਼ਾਂ ਦੇ ਨਿਸ਼ਾਨ ਵੀ ਨੇ!"
"ਉ-ਉਂਗਲ਼ਾਂ ਦੇ ਨਿਸ਼ਾਨ?"
"ਜੀ ਹਾਂ, ਮੈਡਮ ਜੀ! ਜਿਸ ਗਿਲਾਸ 'ਚ ਆਉਂਦੇ ਸਾਰ ਹੀ ਤੁਸੀਂ ਪਾਣੀ ਪੀਤਾ, ਉਸ ਉੱਪਰੋਂ ਉਠਾਏ ਤੁਹਾਡੇ ਫ਼ਿੰਗਰ ਪ੍ਰਿਟਜ਼ ਨੂੰ, ਇਸ ਪੇਚਕਸ ਤੋਂ ਉਠਾਏ ਫ਼ਿੰਗਰ ਪ੍ਰਿੰਟਜ਼ ਨਾਲ਼ ਮੈਚ ਕੀਤਾ ਜਾ ਚੁੱਕਾ ਏ ਤੇ ਰਿਪੋਰਟ…ਪਾੱਜ਼ਿਟਿਵ ਏ!"
ਸਿੰਮੀ ਦੇ ਸਾਰੇ ਕਸ-ਬਲ ਨਿੱਕਲ ਗਏ, ਤੇ ਉਹ ਨਿਢਾਲ ਜਿਹੀ ਹੋ, ਕੁਰਸੀ 'ਤੇ ਢੇਰੀ ਹੋ ਗਈ।
'ਤਾਂ ਇਹ ਸੀ ਸਿਪਾਹੀ ਦੀ ਮੁਸਤੈਦੀ ਦਾ ਰਾਜ਼!'
ਗਗਨ ਜਿਵੇਂ ਜਾਦੂ ਦਾ ਖੇਲ੍ਹ ਦੇਖ ਰਿਹਾ ਸੀ।
"ਇਹ ਵੀ ਦੱਸ ਦਿਆਂ ਕਿ ਆਲਾਏ-ਕਤਲ ਰੱਸੀ ਅਤੇ ਇਹ ਪੇਚਕਸ, ਤੁਸੀਂ ਕਤਲ ਦੀ ਵਾਰਦਾਤ ਵਾਲ਼ੇ ਦਿਨ, ਉਸੇ ਹਾਰਡਵੇਅਰ ਸਟੋਰ ਤੋਂ ਖ਼ਰੀਦੇ ਸਨ, ਜਿਸ ਬਾਰੇ ਮੈਂ ਗੱਲ ਕਰ ਰਿਹਾ ਸੀ। ਉਸ ਸਟੋਰ ਦੇ ਮਾਲਿਕ ਨੂੰ ਬੜੀ ਚੰਗੀ ਤਰ੍ਹਾਂ ਯਾਦ ਏ, ਕਿ ਇਹ ਸਾਮਾਨ ਉਸਨੇ ਕਿਸਨੂੰ ਵੇਚਿਆ ਸੀ, ਤੇ ਉਸਨੇ ਬੜੇ ਸਾਫ਼-ਸਾਫ਼ ਸ਼ਬਦਾਂ 'ਚ ਉਸ ਗ੍ਰਾਹਕ ਵਜੋਂ, ਤੁਹਾਡੀ ਸਿੱਕਾਬੰਦ ਸ਼ਨਾਖ਼ਤ ਕੀਤੀ ਏ ਮੈਡਮ!" ਤੇਜਵੀਰ ਨੇ ਬੜੇ ਡਰਾਮਾਈ ਅੰਦਾਜ਼ 'ਚ, ਇੱਕ-ਇੱਕ ਸ਼ਬਦ ਉੱਪਰ ਜ਼ੋਰ ਦਿੰਦਿਆਂ ਆਖਿਆ। ਰਹੀ-ਸਹੀ ਕਸਰ ਵੀ ਪੂਰੀ ਹੋ ਗਈ ਸੀ।
ਅੰਦਰੋਂ-ਅੰਦਰੀਂ ਪੂਰੀ ਤਰ੍ਹਾਂ ਟੁੱਟ ਚੁੱਕੀ ਸਿੰਮੀ ਦੀਆਂ ਅੱਖਾਂ 'ਚੋਂ, ਦੋ ਮੋਟੇ-ਮੋਟੇ ਹੰਝੂਆਂ ਦੀਆਂ ਬੂੰਦਾਂ, ਉਸਦੀਆਂ ਗੱਲ੍ਹਾਂ 'ਤੇ ਡਿੱਗ ਕੇ ਹੇਠਾਂ ਨੂੰ ਵਹਿ ਤੁਰੀਆਂ।
"ਚ-ਚ-ਚ! ਦੇਖੋ ਮੈਡਮ, ਤੁਹਾਡੇ ਅੱਥਰੂਆਂ ਨੇ ਤਾਂ ਤੁਹਾਡੀ ਗੱਲ੍ਹ 'ਤੇ ਲੱਗੀ ਬੈਂਡੇਜ ਹੀ ਖ਼ਰਾਬ ਕਰ ਦਿੱਤੀ! ਵੈਸੇ ਇਹ ਬੈਂਡੇਜ ਕਿਉਂ ਲਗਾਈ ਏ ਤੁਸੀਂ? ਕੋਈ ਚੋਟ ਲੱਗ ਗਈ ਸੀ? ਜਾਂ ਕੋਈ ਝਰੀਟ? ਚ-ਚ-ਚ! ਰੁਪਿੰਦਰ ਦੇ ਨੇਲਜ਼ ਸੀ ਹੀ ਬੜੇ ਸ਼ਾਰਪ! ਹੈ ਨਾ? ਤੁਹਾਡੇ ਚਿਹਰੇ ਦੀ ਚਮੜੀ ਅਤੇ ਖ਼ੂਨ ਦੇ ਸੈਂਪਲ ਵੀ ਉਹਨਾਂ 'ਚ ਹੀ ਫਸੇ ਰਹਿ ਗਏ। ਪਰ ਫ਼ਿਕਰ ਦੀ ਕੋਈ ਗੱਲ ਨਹੀਂ, ਪੁਲਿਸ ਨੇ ਬੜੇ ਸੰਭਾਲ਼ ਕੇ ਰੱਖੇ ਹੋਏ ਨੇ!"
ਤੇਜਵੀਰ ਦੇ ਵਿਅੰਗਾਤਮਕ ਅੱਤ ਕਠੋਰ ਅਲਫ਼ਾਜ਼ ਪੂਰੇ ਕਮਰੇ 'ਚ ਗੂੰਜੇ।
ਖੇਰੂੰ-ਖੇਰੂੰ ਹੋ ਚੁੱਕੀ ਸਿੰਮੀ ਨੇ ਪਨਾਹ ਮੰਗਦੀਆਂ ਨਜ਼ਰਾਂ ਨਾਲ਼ ਤੇਜਵੀਰ ਵੱਲ ਦੇਖਿਆ।
"ਇਟਸ ਓਵਰ ਸਿੰਮੀ! ਇਟਸ ਆੱਲ ਓਵਰ!"
ਰਤਾ ਧੀਮੀ, ਪਰ ਨਿਰਣਾਇਕ ਸੁਰ।
ਉਸਨੇ ਇੱਕ ਗਹਿਰੀ ਹਿਚਕੀ ਲਈ ਅਤੇ ਆਪਣੀਆਂ ਅੱਖਾਂ 'ਤੇ ਹੱਥ ਰੱਖ, ਕੁਰਸੀ 'ਤੇ ਬੈਠੀ-ਬੈਠੀ ਹੀ, ਸਾਹਮਣੇ ਟੇਬਲ 'ਤੇ ਢੇਰੀ ਹੋ ਕੇ, ਹਿਚਕੀਆਂ ਭਰਨ ਲੱਗ ਪਈ।
ਤੇਜਵੀਰ ਆਪਣੀ ਕੁਰਸੀ 'ਤੋਂ ਉੱਠ ਕੇ ਉਸਦੇ ਪਿੱਛੇ ਜਾ ਖਲੋਇਆ।
ਉਸਨੇ ਹਲਕੇ ਜਿਹੇ ਆਪਣੇ ਦੋਨੋਂ ਹੱਥ ਉਸਦੇ ਮੋਢਿਆਂ 'ਤੇ ਰੱਖੇ, ਅਤੇ ਉਸਦੇ ਕੰਨ ਕੋਲ਼ ਮੂੰਹ ਝੁਕਾ ਕੇ, ਬੜੀ ਨਰਮ ਸੁਰ 'ਚ ਆਖਿਆ।
"ਆਪਣਾ ਗ਼ੁਨਾਹ ਕਬੂਲ ਕਰ ਲੈ ਸਿੰਮੀ! ਇਉਂ ਸ਼ਾਇਦ ਕਾਨੂੰਨ ਨੂੰ ਤੇਰੇ 'ਤੇ ਕੁਝ ਰਹਿਮ ਆ ਜਾਏ…ਤੇ ਸ਼ਾਇਦ, ਰੱਬ ਨੂੰ ਵੀ!"
ਉਹ ਟੇਬਲ 'ਤੇ ਸਿਰ ਰੱਖੀ, ਭੁੱਬਾਂ ਮਾਰ-ਮਾਰ ਕੇ ਰੋ ਪਈ।
+++++
ਸਿੰਮੀ ਨੇ ਬਿਨਾਂ ਕਿਸੇ ਹੁੱਜਤ ਦੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ।
ਆਪਣੇ ਇਕਬਾਲੀਆ ਬਿਆਨ ਵਿੱਚ ਕਤਲ ਦੀ ਵਜ੍ਹਾ ਉਸਨੇ ਰੁਪਿੰਦਰ ਪ੍ਰਤੀ ਆਪਣੀ ਈਰਖਾ ਦੀ ਪ੍ਰਬਲ ਭਾਵਨਾ ਨੂੰ ਦਰਸਾਇਆ। ਉਸਨੂੰ ਢਿੱਲੋਂ ਪਰਿਵਾਰ ਵਿੱਚ ਕਦੇ ਵੀ ਇੱਕ ਬੇਟੀ ਦਾ ਦਰਜਾ ਪ੍ਰਾਪਤ ਨਾ ਹੋਇਆ, ਜਦਕਿ ਰੁਪਿੰਦਰ ਆਪਣੇ ਮਾਂ-ਬਾਪ ਦੀਆਂ ਅੱਖਾਂ ਦਾ ਤਾਰਾ ਸੀ। ਢਿੱਲੋਂ ਸਾਹਬ ਦੀਆਂ ਨਜ਼ਰਾਂ 'ਚ ਸ਼ੁਰੂ ਤੋਂ ਹੀ ਸਿੰਮੀ ਦੀਆਂ ਹਰਕਤਾਂ ਵਿੱਚ 'ਕਲਾਸ' ਨਹੀਂ ਸੀ। ਛੋਟੀ ਉਮਰੇ ਹੀ ਆਪਣੇ ਮਾਂ-ਬਾਪ ਖੋ ਚੁੱਕੀ ਸਿੰਮੀ, ਢਿੱਲੋਂ ਸਾਹਬ ਦੇ ਘਰ ਆ ਕੇ ਵੀ ਇੱਕ ਅਨਾਥ ਦੀ ਤਰ੍ਹਾਂ ਹੀ ਪਲ਼ੀ। ਢਿੱਲੋਂ ਸਾਹਬ ਦੀਆਂ ਨਜ਼ਰਾਂ 'ਚ ਉਹ ਮਹਿਜ਼ ਇੱਕ ਜ਼ਿੰਮੇਵਾਰੀ ਸੀ, ਜੋ ਮਜਬੂਰੀ ਵੱਸ ਉਹਨਾਂ ਦੇ ਗਲ਼ ਆ ਪਈ ਸੀ।
ਬਚਪਨ ਤੋਂ ਹੀ ਅੰਦਰੋਂ-ਅੰਦਰੀਂ ਵਿਹੁ ਘੋਲ਼ਦੀ ਸਿੰਮੀ ਦੇ ਸੁਭਾਅ 'ਚ ਅੱਖੜਪੁਣਾ ਵਧਦਾ ਹੀ ਗਿਆ, ਅਤੇ ਇਸ ਨਾਲ਼ ਉਹ ਢਿੱਲੋਂ ਸਾਹਬ ਦੀਆਂ ਨਜ਼ਰਾਂ 'ਚ ਲਗਾਤਾਰ ਗਿਰਦੀ ਗਈ। ਜਦਕਿ ਰੁਪਿੰਦਰ ਹਮੇਸ਼ਾਂ ਤੋਂ ਹੀ ਆਪਣੇ ਮਾਂ-ਬਾਪ ਦੀ ਚਹੇਤੀ ਬਣੀ ਰਹੀ। ਹੌਲ਼ੀ-ਹੌਲ਼ੀ ਸਿੰਮੀ ਦੇ ਦਿਮਾਗ਼ 'ਚ ਇਹ ਗੱਲ ਘਰ ਕਰ ਗਈ ਕਿ ਰੁਪਿੰਦਰ ਦੀ ਵਜ੍ਹਾ ਕਰਕੇ ਹੀ ਢਿੱਲੋਂ ਦੰਪਤੀ ਨੂੰ ਉਸਦੀ ਲੋੜ ਮਹਿਸੂਸ ਨਹੀਂ ਹੁੰਦੀ। ਜੇ ਉਸਨੂੰ ਢਿੱਲੋਂ ਪਰਿਵਾਰ ਵਿੱਚ ਆਪਣਾ ਦਰਜਾ ਵਧਾਉਣਾ ਹੈ ਤਾਂ ਰੁਪਿੰਦਰ ਦਾ ਦਰਜਾ ਘਟਾਉਣਾ ਪਏਗਾ। ਪਰ ਉਸਦੀ ਕੋਈ ਪੇਸ਼ ਨਹੀਂ ਚੱਲ ਰਹੀ ਸੀ। ਉੱਪਰੋਂ-ਉੱਪਰੀਂ ਪਿਆਰ ਜਤਾਉਂਦੀ ਪਰ ਅੰਦਰੋਂ-ਅੰਦਰੀਂ ਵਿਹੁ ਘੋਲ਼ਦੀ ਸਿੰਮੀ, ਆਪਣੀ ਇਸ ਜ਼ਹਿਰੀ ਮਾਨਸਿਕਤਾ ਦੇ ਪ੍ਰਭਾਵ ਹੇਠ ਡਰੱਗਜ਼ ਲੈਣ ਲੱਗ ਪਈ।
ਰੁਪਿੰਦਰ ਨੂੰ ਡਰੱਗਜ਼ ਦੀ ਲਤ ਲਗਾਉਣ ਪਿੱਛੇ ਉਸਦਾ ਦੋਹਰਾ ਮਕਸਦ ਹੱਲ ਹੁੰਦਾ ਸੀ। ਇੱਕ ਤਾਂ ਇਸ ਤਰ੍ਹਾਂ ਨਾਲ਼ ਡਰੱਗਜ਼ ਉੱਪਰ ਹੋਣ ਵਾਲ਼ਾ ਖ਼ਰਚਾ ਉਹ ਰੁਪਿੰਦਰ ਤੋਂ ਵਸੂਲ ਕਰ ਸਕਦੀ ਸੀ, ਇਸ ਨਾਲ਼ ਵਧਦੇ ਖ਼ਰਚਿਆਂ ਦੇ ਮੱਦੇਨਜ਼ਰ ਪਰਿਵਾਰ ਦੀ ਗਾਜ ਵੀ ਰੁਪਿੰਦਰ ਉੱਪਰ ਹੀ ਡਿੱਗਦੀ ਅਤੇ ਦੂਸਰਾ ਇਸ ਨਾਲ਼ ਰੁਪਿੰਦਰ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੀ।
ਰੁਪਿੰਦਰ ਪਹਿਲਾਂ-ਪਹਿਲਾਂ ਆਪਣੇ ਪਰਿਵਾਰ ਤੋਂ ਦੂਰ ਤਾਂ ਨਾ ਹੋਈ, ਪਰ ਉਸਦੇ ਜ਼ਰੀਏ ਉਹਨਾਂ ਦੀ ਨਸ਼ੇਬਾਜ਼ੀ ਦੇ ਖ਼ਰਚੇ ਬੇਰੋਕ-ਟੋਕ ਚੱਲਦੇ ਰਹੇ।
ਹਾਲਾਤਾਂ ਨੇ ਕਰਵਟ ਓਸ ਵੇਲ਼ੇ ਬਦਲੀ ਜਦੋਂ ਰੁਪਿੰਦਰ ਦਾ ਦਾਖਲਾ ਐੱਸ.ਬੀ.ਐੱਸ ਕਾਲਜ 'ਚ ਹੋ ਗਿਆ ਅਤੇ ਉਹ ਹੋਸਟਲ 'ਚ ਰਹਿਣ ਲਈ ਲੁਧਿਆਣੇ ਚਲੀ ਗਈ। ਵੈਸੇ ਤਾਂ ਇਸ ਤਰ੍ਹਾਂ ਹੋਣ ਨਾਲ਼ ਸਿੰਮੀ ਸਗੋਂ ਖ਼ੁਸ਼ ਹੋਈ ਕਿ ਹੁਣ ਰੁਪਿੰਦਰ ਆਪਣੇ ਮਾਂ-ਬਾਪ ਤੋਂ ਦੂਰ ਰਹੇਗੀ। ਇੰਝ ਸੋਚਣ ਨਾਲ਼ ਅੰਦਰੋਂ-ਅੰਦਰੀਂ ਉਸਦੇ ਈਰਖਾ ਭਰੇ ਮਨ ਨੂੰ ਬੜੀ ਤਸਕੀਨ ਹਾਸਿਲ ਹੁੰਦੀ।
ਪਰ ਫਿਰ ਇੱਕ ਨਵੀਂ ਸਮੱਸਿਆ ਆ ਖੜ੍ਹੀ ਹੋਈ।
ਢਿੱਲੋਂ ਸਾਹਬ ਨੇ ਰੁਪਿੰਦਰ ਤੋਂ ਖ਼ਰਚੇ ਦਾ ਹਿਸਾਬ-ਕਿਤਾਬ ਲੈਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਮੰਨਣਾ ਸੀ ਕਿ ਇਉਂ ਘਰੋਂ ਦੂਰ ਹੋਸਟਲ 'ਚ ਰਹਿੰਦੀ ਕੁੜੀ ਆਪਣੀ ਹੱਦ 'ਚ ਰਹੇਗੀ। ਢਿੱਲੋਂ ਸਾਹਬ ਦਾ ਇਹ ਕਦਮ ਸਧਾਰਣ ਹਾਲਾਤਾਂ ਵਿੱਚ ਤਾਂ ਇੱਕਦਮ ਦਰੁਸਤ ਸੀ, ਦੂਰ-ਅੰਦੇਸ਼ੀ ਵਾਲ਼ਾ ਸੀ, ਪਰ ਉਹਨਾਂ ਦਾ ਇਹੀ ਕਦਮ ਰੁਪਿੰਦਰ ਦੇ ਨੈਤਿਕ ਪਤਨ ਦੀ ਬੁਨਿਆਦ ਹੋ ਨਿੱਬੜਿਆ।
ਡਰੱਗਜ਼ ਲਈ ਖ਼ਰਚਾ ਬੰਦ ਹੋ ਗਿਆ। ਪਰ ਸਿੰਮੀ ਦੇ ਖ਼ੁਰਾਫ਼ਾਤੀ ਦਿਮਾਗ਼ ਨੇ ਇਸਦਾ ਵੀ ਤੋੜ ਲੱਭ ਲਿਆ। ਇਸ ਵਾਰ ਵੀ ਉਸਨੇ ਇੱਕ ਤੀਰ ਨਾਲ਼ ਦੋ ਨਿਸ਼ਾਨੇ ਲਗਾਉਣ ਦੀ ਸੋਚੀ।
ਉਸਨੇ ਰੁਪਿੰਦਰ ਨੂੰ ਡਰੱਗਜ਼ ਦੇਣੇ ਬੰਦ ਕਰ ਦਿੱਤੇ। ਜਦੋਂ ਰੁਪਿੰਦਰ ਤਲਬ ਦੀ ਮਾਰੀ ਉਸਦੇ ਪੈਰੀਂ ਡਿੱਗ ਗਿੜਗਿੜਾਉਣ ਦੀ ਹਾਲਤ 'ਚ ਜਾ ਪਹੁੰਚੀ ਤਾਂ ਰੁਪਿੰਦਰ ਨੂੰ ਪੈਸੇ ਹਾਸਿਲ ਕਰਨ ਲਈ, ਉਸ ਨੇ ਉਸ ਅੱਤ-ਘਿਨਾਉਣੇ ਰਸਤੇ ਦੀ ਦੱਸ ਪਾਈ। ਪਹਿਲਾਂ ਤਾਂ ਰੁਪਿੰਦਰ ਨੇ ਪੁਰਜ਼ੋਰ ਸ਼ਬਦਾਂ ਵਿੱਚ ਇਨਕਾਰ ਕੀਤਾ ਪਰ ਜਲਦੀ ਹੀ ਉਸ ਨਾਮੁਰਾਦ ਨਸ਼ੇ ਦੀ ਤੋੜ ਨੇ ਉਸਨੂੰ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਬਿੱਲਕੁਲ ਤੋੜ ਕੇ ਰੱਖ ਦਿੱਤਾ। ਡਰੱਗਜ਼ ਦੀ ਮਾਰ ਹੇਠ ਆਈ ਰੁਪਿੰਦਰ ਨੇ ਆਖ਼ਿਰਕਾਰ ਉਸ ਜ਼ਲਾਲਤ ਦੇ ਚਿੱਕੜਭਰੇ ਰਸਤੇ 'ਤੇ ਪੈਰ ਰੱਖਣ ਦਾ ਫ਼ੈਸਲਾ ਕਰ ਲਿਆ, ਜਿਸ ਬਾਰੇ ਕਦੇ ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ।
ਖ਼ੁਸ਼ਸਿਮਤੀ ਆਖੋ ਜਾਂ ਬਦਕਿਸਮਤੀ, ਬੜੀ ਛੇਤੀ ਹੀ ਉਸਦਾ ਟਾਕਰਾ ਸੰਨੀ ਐਂਡ ਪਾਰਟੀ ਨਾਲ਼ ਹੋ ਗਿਆ। ਸੌਦੇਬਾਜ਼ੀ ਤੈਅ ਹੋ ਗਈ। ਚਾਰਾਂ ਦੋਸਤਾਂ ਦਾ ਖਾਣ-ਪੀਣ aਤੇ ਮੌਜ-ਮੇਲਾ ਸਾਂਝਾ ਸੀ, ਸੋ ਉਹ ਚਾਰੋਂ ਉਸਦੇ ਰੈਗੁਲਰ ਕਸਟਮਰ ਬਣ ਗਏ। ਉਹਨਾਂ ਚਾਰ ਅਮੀਰਜ਼ਾਦਿਆਂ ਤੋਂ ਉਸਦੀ ਪੈਸੇ ਦੀ ਲੋੜ ਦੀ ਭਰਪੂਰ ਪੂਰਤੀ ਹੋਣ ਲੱਗ ਪਈ, ਸੋ ਕਿਸੇ ਹੋਰ ਨਾਲ਼ ਸੌਦੇਬਾਜ਼ੀ ਕਰਨ ਦੀ ਨੌਬਤ ਨਾ ਆਈ। ਆਖ਼ਿਰ ਇਹ ਜ਼ਲੀਲ ਕੰਮ ਉਸਦੀ ਮਜਬੂਰੀ ਸੀ ਨਾ ਕਿ ਸ਼ੌਕ।
ਇਸ ਘਿਨਾਉਣੇ ਕੰਮ ਦੇ ਫਲਸਰੂਪ ਰੁਪਿੰਦਰ ਦੀ ਨਸ਼ਾ ਪੂਰਤੀ ਤਾਂ ਹੋਣ ਲੱਗ ਪਈ ਸੀ ਪਰ ਇਸ ਨੈਤਿਕ ਪਤਨ ਸਦਕਾ ਉਹ ਆਪਣੀਆਂ ਹੀ ਨਜ਼ਰਾਂ ਵਿੱਚੋਂ ਡਿੱਗ ਚੁੱਕੀ ਸੀ। ਅੰਤਰਮੁਖੀ ਪ੍ਰਵਿਰਤੀ ਧਾਰਣ ਕਰ, ਉਹ ਆਪਣੇ ਆਪ ਵਿੱਚ ਹੀ ਸਿਮਟ ਕੇ ਰਹਿ ਗਈ। ਉਸ ਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਪਈ ਸੀ। ਉਸਦੀ ਇਸ ਹਾਲਤ ਨੂੰ ਦੇਖ, ਸਿੰਮੀ ਅੰਦਰ ਹੀ ਅੰਦਰ ਖ਼ੁਸ਼ ਹੁੰਦੀ ਰਹਿੰਦੀ।
ਰੁਪਿੰਦਰ ਨੂੰ ਆਪਣੇ ਵਜੂਦ ਨਾਲ਼ ਇਸ ਕਦਰ ਘ੍ਰਿਣਾ ਹੋ ਗਈ ਸੀ ਕਿ ਉਹ ਸਾਰੀ ਦੁਨੀਆਂ 'ਤੋਂ ਮੂੰਹ ਛੁਪਾ ਕੇ ਰਹਿਣ ਦੀ ਕੋਸ਼ਿਸ਼ ਕਰਦੀ। ਇੱਥੋਂ ਤੱਕ ਕਿ ਉਹ ਆਪਣੇ ਮਾਂ-ਬਾਪ ਦੇ ਸਾਹਮਣੇ ਜਾਣ ਦਾ ਵੀ ਹਿਆਂ ਨਾ ਜੁਟਾ ਪਾਉਂਦੀ। ਉਹਨਾਂ ਤੋਂ ਕੰਨੀ ਕਤਰਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ।
ਨਫ਼ਰਤ ਅਤੇ ਈਰਖਾ ਦੀ ਮਾਰੀ ਸਿੰਮੀ ਨੇ ਆਪਣੇ ਨਾਲ਼-ਨਾਲ਼ ਉਸ ਮਾਸੂਮ ਦੀ ਜ਼ਿੰਦਗੀ ਵੀ ਤਬਾਹ ਕਰ ਦਿੱਤੀ ਸੀ।
ਮੌਕਾ ਦੇਖ ਸਿੰਮੀ ਨੇ ਵੀ ਹੌਲ਼ੀ-ਹੌਲ਼ੀ ਰੁਪਿੰਦਰ ਦੇ ਵਿਵਹਾਰ 'ਚ ਆਈ ਇਸ ਤਬਦੀਲੀ ਤੋਂ ਹੈਰਾਨ-ਪਰੇਸ਼ਾਨ, ਢਿੱਲੋਂ ਦੰਪਤੀ ਦੇ ਕੰਨਾਂ 'ਚ ਇਹ ਪਾਉਣਾ ਸ਼ੁਰੂ ਕਰ ਦਿੱਤਾ ਕਿ ਰੁਪਿੰਦਰ ਉਹਨਾਂ ਤੋਂ ਇਸ ਕਰਕੇ ਦੂਰ ਹੋ ਰਹੀ ਹੈ, ਕਿਉਂਕਿ ਉਹ ਆਪਣੇ ਬਾਪ ਦੀ ਸਖ਼ਤੀ-ਪਸੰਦ ਤਬੀਅਤ ਕਾਰਣ, ਉਸ ਨਾਲ ਸਖ਼ਤ ਨਫ਼ਰਤ ਕਰਦੀ ਹੈ। ਇੰਝ ਆਖ ਕੇ ਉਹ ਇੱਕ ਤਰ੍ਹਾਂ ਨਾਲ਼ ਆਪਣੇ ਮਨ ਦੀ ਨਫ਼ਰਤ ਹੀ ਜ਼ਾਹਿਰ ਕਰ ਰਹੀ ਸੀ। ਵਿਕਰਿਤ ਮਾਨਸਿਕਤਾ ਦੀ ਸ਼ਿਕਾਰ ਉਸ ਕੁੜੀ ਨੂੰ ਇਸ ਵਿੱਚੋਂ ਵੀ ਇੱਕ ਅਜੀਬ ਜਿਹਾ ਸੁਆਦ ਮਿਲ਼ਦਾ।
ਹਾਲਾਤਾਂ ਨੇ ਫਿਰ ਕਰਵਟ ਲਈ ਜਦੋਂ ਮਿਸਿਜ਼ ਢਿੱਲੋਂ ਨੇ ਰੁਪਿੰਦਰ ਨਾਲ਼ ਵਿਆਹ ਦੀ ਗੱਲ ਛੇੜੀ। ਜ਼ਾਹਰਾ ਤੌਰ 'ਤੇ ਹਾਮੀ ਭਰ ਕੇ ਰੁਪਿੰਦਰ ਨੇ ਆਪਣੀ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹਾਲਤ ਨੂੰ ਦੇਖ ਕੇ ਇਹ ਫ਼ੈਸਲਾ ਕਰ ਲਿਆ, ਕਿ ਉਹ ਆਪਣੀ ਇਸ ਹਾਲਤ ਬਾਰੇ ਆਪਣੇ ਮਾਂ-ਬਾਪ ਨੂੰ ਸਭ ਕੁਝ ਦੱਸ ਦੇਵੇਗੀ। ਇਹ ਸੋਚ ਕੇ ਉਸਨੇ ਬਿਲਕੁਲ ਸਹੀ ਫ਼ੈਸਲਾ ਕੀਤਾ ਸੀ, ਪਰ ਗ਼ਲਤੀ ਉਹ ਇਹ ਕਰ ਬੈਠੀ ਕਿ ਆਪਣੀ ਇਸ ਨੀਅਤ ਬਾਰੇ ਉਸਨੇ ਸਿੰਮੀ ਨੂੰ ਸਭ ਕੁਝ ਦੱਸ ਦਿੱਤਾ।
ਰੁਪਿੰਦਰ ਦੇ ਮੂੰਹੋਂ ਇਹ ਸਭ ਸੁਣਦਿਆਂ ਸਾਰ ਹੀ ਸਿੰਮੀ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਆਪਣੀ ਸਾਰੀ ਮਨਸੂਬਾਬੰਦੀ ਉਸਨੂੰ ਤਾਸ਼ ਦੇ ਪੱਤਿਆਂ ਨਾਲ਼ ਬਣੇ ਘਰ ਵਾਂਗ, ਹਵਾ ਦੇ ਇਸ ਇੱਕੋ ਬੁੱਲੇ ਸਦਕਾ ਖਿੱਲਰ ਕੇ ਡਿੱਗਦੀ ਨਜ਼ਰ ਆਈ। ਉਸਦੀ ਬਰਬਾਦੀ ਵਿੱਚ ਹੁਣ ਰੁਪਿੰਦਰ ਦੀ ਆਪਣੇ ਆਪ ਮਾਂ-ਬਾਪ ਨਾਲ਼ ਸਿਰਫ਼ ਇੱਕ ਮੁਲਾਕਾਤ ਦਾ ਫ਼ਾਸਿਲਾ ਬਾਕੀ ਸੀ।ਜਲਦੀ ਹੀ, ਸਗੋਂ ਬਹੁਤ ਜਲਦੀ ਹੀ ਉਸਨੂੰ ਕੋਈ ਠੋਸ ਕਦਮ ਚੁੱਕਣ ਦਾ ਫ਼ੈਸਲਾ ਕਰਨਾ ਪੈਣਾ ਸੀ। ਉਸਨੇ ਰੁਪਿੰਦਰ ਦਾ ਕਤਲ ਕਰਨ ਦਾ ਫ਼ੈਸਲਾ ਕਰ ਲਿਆ।
ਇਸ ਲਈ ਵੀ ਉਸਨੇ ਆਪਣੀ ਆਦਤ ਮੁਤਾਬਿਕ ਆਪਣੇ ਵੱਲੋਂ ਇੱਕ ਦੋ-ਪਰਤੀ, ਫ਼ੂਲਪਰੂਫ਼ ਪਲਾੱਨ ਬਣਾਇਆ। ਉਸਦੀ ਯੋਜਨਾ ਮੁਤਾਬਿਕ ਪਹਿਲਾਂ ਤਾਂ ਰੁਪਿੰਦਰ ਦੀ ਮੌਤ ਇੱਕ ਖ਼ੁਦਕੁਸ਼ੀ ਜ਼ਾਹਿਰ ਹੁੰਦੀ, ਪਰ ਜੇ ਕਤਲ ਹੋਣ ਦਾ ਸ਼ੱਕ ਵੀ ਪੈਂਦਾ ਤਾਂ ਸਾਰਾ ਇਲਜ਼ਾਮ ਸੰਨੀ ਦੇ ਸਿਰ 'ਤੇ ਪੈ ਜਾਂਦਾ। ਇਥੇ ਸੱਤੀ ਦੀ ਇਹ ਗੱਲ ਇੱਕਦਮ ਢੁਕਦੀ ਸੀ, ਕਿ ਜੇ ਕਤਲ ਦੀ ਰਾਤ ਸੰਨੀ ਦੀ ਬਜਾਏ ਉਹਨਾਂ ਤਿੰਨਾਂ ਵਿੱਚੋਂ ਕੋਈ ਹੋਰ ਗਿਆ ਹੁੰਦਾ, ਤਾਂ ਬਲੀ ਦਾ ਬੱਕਰਾ ਉਹ ਬਣਦਾ। ਸੰਨੀ ਐਂਡ ਪਾਰਟੀ ਦੇ ਰੂਟ ਦੀ ਉਸਨੂੰ ਪੂਰੀ ਜਾਣਕਾਰੀ ਸੀ ਤੇ ਉਹਨਾਂ ਦੀ ਆਮਦ ਦੇ ਤਰੀਕੇ ਦੀ ਵੀ। ਆਖ਼ਿਰ ਇਸ ਮਾਮਲੇ ਵਿੱਚ ਰੁਪਿੰਦਰ ਦੀ ਇੱਕਲੌਤੀ ਰਾਜ਼ਦਾਰ ਜੋ ਸੀ ਉਹ।
ਸੰਨੀ ਦੀ ਤੈਅਸ਼ੁਦਾ ਆਮਦ ਦੇ ਪ੍ਰੋਗਰਾਮ ਦੀ ਜਾਣਕਾਰੀ ਰੁਪਿੰਦਰ ਤੋਂ ਕਢਵਾਉਣੀ ਮਾਮੂਲੀ ਜਿਹਾ ਕੰਮ ਸੀ। ਵਾਰਦਾਤ ਵਾਲ਼ੇ ਦਿਨ ਕਬੱਡੀ ਮੈਚ ਦਾ ਬਹਾਨਾ ਲਗਾ ਕੇ, 'ਟੋਪੇ ਵਾਲ਼ਾ ਟਰੈਕ ਸੂਟ' ਪਾ ਉਹ ਰਾਏਕੋਟ ਤੋਂ ਸਿੱਧੀ ਲੁਧਿਆਣੇ ਆ ਪਹੁੰਚੀ। ਸੰਨੀ ਦੀ ਆਮਦ ਦੇ ਤੈਅਸ਼ੁਦਾ ਵਕਤ ਤੋਂ ਪਹਿਲਾਂ ਹੀ, ਉਹ ਲੁਕ ਕੇ ਸੰਨੀ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ। ਸਾਰੀ ਸਕੀਮ ਉਸਦੇ ਦਿਮਾਗ਼ 'ਚ ਪਹਿਲਾਂ ਹੀ ਸੀ, ਸੋ ਰਾਏਕੋਟ ਤੋਂ ਆਉਂਦੇ ਵਕਤ ਉਹ ਰੱਸੀ ਅਤੇ ਪੇਚਕਸ ਪਹਿਲਾਂ ਹੀ ਖ਼ਰੀਦ ਕੇ ਲੈ ਆਈ ਸੀ। ਇਸ ਸੰਬੰਧੀ ਉਸਨੇ ਇਹ ਲਾਪਰਵਾਹੀ ਦਿਖਾਈ ਕਿ ਉਸਨੇ ਸਾਮਾਨ ਉਸ ਦੁਕਾਨ ਤੋਂ ਖ਼ਰੀਦਿਆ, ਜਿੱਥੋਂ ਉਸਦੀ ਸ਼ਨਾਖ਼ਤ ਹੋ ਸਕਦੀ ਸੀ, ਪਰ ਉਸਨੂੰ ਤਾਂ ਪੱਕਾ ਯਕੀਨ ਸੀ ਕਿ ਸ਼ੱਕ ਦੀ ਸੂਈ ਉਸਦੀ ਦਿਸ਼ਾ ਵੱਲ ਘੁੰਮ ਹੀ ਨਹੀਂ ਸਕਦੀ।ਕਤਲ ਦੀ ਵਾਰਦਾਤ ਸੰਬੰਧੀ ਤੇਜਵੀਰ ਦੀ ਥੀਅਰੀ ਇੱਕ-ਦੋ ਗੱਲਾਂ ਨੂੰ ਛੱਡ ਕੇ, ਬਿਲਕੁਲ ਸਟੀਕ ਬੈਠੀ ਸੀ। ਇੱਕ ਤਾਂ ਇਹ ਕਿ ਸੰਨੀ ਦੇ ਜਾਣ ਤੋਂ ਬਾਅਦ ਰੁਪਿੰਦਰ ਨੇ ਗਰਿੱਲ ਫਿੱਟ ਕਰ ਕੇ ਖਿੜਕੀ ਅੰਦਰੋਂ ਬੰਦ ਕਰ ਲਈ ਸੀ। ਸੋ ਗਰਿੱਲ ਉਤਾਰ ਕੇ ਸਿੰਮੀ ਨੂੰ ਮਜਬੂਰਨ ਖਿੜਕੀ ਖੜਕਾ ਕੇ ਖੁੱਲ੍ਹਵਾਉਣੀ ਪਈ ਸੀ। ਸਿੰਮੀ ਨੂੰ ਇਸ ਤਰ੍ਹਾਂ ਉਸ ਰੂਟ ਰਾਹੀਂ ਆਇਆ ਦੇਖ ਕੇ ਰੁਪਿੰਦਰ ਬਹੁਤ ਹੈਰਾਨ ਹੋਈ ਸੀ। ਦੂਸਰੀ ਗੱਲ ਇਹ ਕਿ ਉਸਦੀ ਗੱਲ੍ਹ 'ਤੇ ਘਰੂਟ ਰੁਪਿੰਦਰ ਨੇ ਉਸਦੇ ਫੰਦਾ ਲਗਾਉਣ ਸਮੇਂ ਨਹੀਂ ਵੱਢਿਆ ਸੀ। ਦਰਅਸਲ ਆਪਣੀ ਸਧਾਰਣ ਡੋਜ਼ ਸਦਕਾ ਰੁਪਿੰਦਰ ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਸੀ, ਹਾਂ ਨਸ਼ੇ ਦੀ ਤਰੰਗ ਵਿੱਚ ਜ਼ਰੂਰ ਸੀ। ਸੋ ਖਿੜਕੀ ਖੋਲ੍ਹ ਕੇ ਉਹ ਫਿਰ ਬਿਸਤਰੇ 'ਤੇ ਲਿਟ ਗਈ ਅਤੇ ਅੱਖਾਂ ਬੰਦ ਕਰ ਕੇ ਸਿੰਮੀ ਨੂੰ ਉਸਦੇ ਇਉਂ ਆਉਣ ਬਾਰੇ ਪ੍ਰਸ਼ਨ ਪੁੱਛਣ ਲੱਗ ਪਈ। ਏਨੇ ਨੂੰ ਪਹਿਲਾਂ ਤੋਂ ਹੀ ਸੋਚੀ ਬੈਠੀ ਸਿੰਮੀ ਨੇ ਮੌਕਾ ਪਾ ਕੇ, ਉਸਨੂੰ ਇੱਕ ਹਲਕੀ ਡੋਜ਼ ਦਾ ਇੰਜੈਕਸ਼ਨ ਹੋਰ ਲਗਾ ਦਿੱਤਾ। ਨਸ਼ੇ ਦੀ ਹਾਲਤ 'ਚ ਬਾਂਹ 'ਚ ਸੂਈ ਚੁਭਣ 'ਤੇ ਰੁਪਿੰਦਰ ਨੇ ਹੱਥ ਘੁੰਮਾਇਆ ਤਾਂ ਉਸਦਾ ਨਹੁੰ ਉਸ ਉੱਪਰ ਝੁਕੀ ਹੋਈ ਸਿੰਮੀ ਦੀ ਖੱਬੀ ਗੱਲ੍ਹ 'ਤੇ ਜਾ ਲੱਗਾ, ਅਤੇ ਘਰੂਟ ਵੱਢਿਆ ਗਿਆ।
ਕਤਲ ਕਰਕੇ ਜਾਂਦੇ ਸਮੇਂ ਉਹ ਰੁਪਿੰਦਰ ਦਾ ਡਰੱਗਜ਼ ਨਾਲ਼ ਸੰਬੰਧਿਤ ਸਾਰਾ ਸਮਾਨ ਅਤੇ ਸੰਨੀ ਦੁਆਰਾ ਰੁਪਿੰਦਰ ਨੂੰ ਦਿੱਤੇ ਗਏ ਪੰਜ ਹਜ਼ਾਰ ਰੁਪਏ ਵੀ ਆਪਣੇ ਨਾਲ਼ ਲਿਜਾਣਾ ਨਾ ਭੁੱਲੀ। ਇਸੇ ਲਈ ਕਮਰੇ ਵਿੱਚੋਂ ਨਾ ਹੀ ਡਰੱਗਜ਼ ਅਤੇ ਨਾ ਹੀ ਉਹ ਪੰਜ ਹਜ਼ਾਰ ਰੁਪਏ ਹੀ ਬਰਾਮਦ ਹੋਏ।
ਪੇਚਕਸ ਡਿੱਗਣ ਦਾ ਉਸਨੂੰ ਬਹੁਤ ਦੇਰ ਬਾਅਦ ਪਤਾ ਲੱਗਾ, ਪਰ ਕਿੱਥੇ ਡਿੱਗਾ? ਇਸਦਾ ਉਸਨੂੰ ਕੋਈ ਇਲਮ ਨਹੀਂ ਸੀ।
ਗਗਨ ਦੇ ਪੁੱਛਣ 'ਤੇ ਕਿ ਤੇਜਵੀਰ ਨੂੰ ਸਿੰਮੀ 'ਤੇ "ਸ਼ੱਕ ਕਿਵੇਂ ਹੋਇਆ?" ਦੇ ਜਵਾਬ ਵਿੱਚ ਤੇਜਵੀਰ ਨੇ ਦੱਸਿਆ ਕਿ ਸੰਨੀ ਦੇ ਬਿਆਨ ਅਤੇ ਸੱਤੀ ਦੇ ਖ਼ੁਲਾਸੇ ਤੋਂ ਇਹ ਸਾਬਿਤ ਹੋਣ 'ਤੇ, ਕਿ ਸੰਨੀ ਦਾ ਰੁਪਿੰਦਰ ਨਾਲ਼ ਕੋਈ ਸੀਰੀਅਸ ਅਫ਼ੇਅਰ ਹੈ ਹੀ ਨਹੀਂ ਸੀ, ਉਸਦੇ ਦਿਮਾਗ਼ ਦੀ ਘੰਟੀ ਵੱਜੀ ਕਿ ਸਿੰਮੀ ਨੇ ਸੰਨੀ ਦੇ ਬਾਰੇ ਇਹ ਗ਼ਲਤ ਜਾਣਕਾਰੀ ਤੇਜਵੀਰ ਅਤੇ ਗਗਨ ਨੂੰ ਕਿਉਂ ਸਰਕਾਈ? ਉਸਦਾ ਇਹ ਦਾਅਵਾ ਕਿ "ਪਹਿਲਾਂ ਤਾਂ ਰੁਪਿੰਦਰ ਨੂੰ ਆਪਣੇ ਝੂਠੇ ਪਿਆਰ ਦੇ ਜਾਲ਼ 'ਚ ਫਸਾ ਕੇ ਖੇਹ-ਖ਼ਰਾਬ ਕੀਤਾ, ਨਸ਼ੇ 'ਤੇ ਲਾ ਦਿੱਤਾ, ਤੇ ਜਦੋਂ ਨਿਭਾਉਣ ਦੀ ਵਾਰੀ ਆਈ ਤਾਂ ਪੈਰ 'ਤੇ ਆ ਕੇ ਮੁੱਕਰ ਗਿਆ ਕਮੀਨਾ।" ਕੋਰੀ ਗੱਪ ਸਾਬਿਤ ਹੋਇਆ ਤਾਂ ਉਸਦੇ ਇਸ ਝੂਠ ਦੀ ਵਜ੍ਹਾ ਸਮਝਣ ਵਿੱਚ ਤੇਜਵੀਰ ਨੂੰ ਬਹੁਤੀ ਦੇਰ ਨਾ ਲੱਗੀ। ਉਸਦਾ ਇਹ ਕੋਰਾ ਝੂਠ ਹੀ ਉਸ ਉੱਪਰ ਸ਼ੱਕ ਦੀ ਪੱਕੀ ਬੁਨਿਆਦ ਸਿੱਧ ਹੋਇਆ। "ਇਹ ਕਾਰਨਾਮਾ ਸੰਨੀ ਦਾ ਨਹੀਂ ਬਲਕਿ ਕਿਸੇ ਹੋਰ ਦਾ ਏ" ਦਾ ਅਹਿਸਾਸ ਤਾਂ ਉਸਨੂੰ ਸੰਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ, ਥਿੰਦ ਨਾਲ਼ ਹੋਈ ਉਹਨਾਂ ਦੀ ਮੁਲਾਕਾਤ ਸਮੇਂ ਹੀ ਹੋ ਗਿਆ ਸੀ, ਪਰ ਸੱਤੀ ਐਡ ਪਾਰਟੀ ਨਾਲ਼ ਹੋਈ ਮੁਲਾਕਾਤ ਨੇ ਇਹ ਸ਼ੱਕ ਯਕੀਨ ਵਿੱਚ ਬਦਲ ਦਿੱਤਾ। ਸੱਤੀ ਦਾ ਕਹਿਣਾ ਬਿਲਕੁਲ ਠੀਕ ਸੀ ਕਿ ਸੰਨੀ ਕੋਲ਼ ਕਤਲ ਦੀ ਕੋਈ ਵਜ੍ਹਾ ਹੀ ਨਹੀਂ ਸੀ, ਅਤੇ ਬਿਨਾਂ ਕਿਸੇ ਮੋਟਿਵ ਦੇ, ਕੋਈ ਇਉਂ ਯੋਜਨਾਬੱਧ ਤਰੀਕੇ ਨਾਲ਼ ਕਤਲ ਕਰੇ, ਸੰਭਵ ਨਹੀਂ ਲੱਗਦਾ ਸੀ। ਸੱਤੀ ਦੇ ਬਿਆਨ ਦੀ ਗਵਾਹੀ, ਰੁਪਿੰਦਰ ਨਾਲ਼ ਖਿੱਚੀਆਂ ਉਹਨਾਂ ਦੀਆਂ ਤਸਵੀਰਾਂ ਅਤੇ 'ਬੜੇ ਮੀਆਂ' ਦੁਆਰਾ ਕੀਤੀ 'ਪੰਜ ਪਾਂਡਵਾਂ' ਦੀ ਕਥਾ ਹੀ ਪਾ ਰਹੀ ਸੀ। ਹੁਣ ਸ਼ੱਕ ਦੀ ਸੂਈ ਉਸ ਰਹੱਸਮਈ 'ਪੰਜਵੇਂ ਪਾਂਡਵ' ਵੱਲ ਮੁੜ ਗਈ ਸੀ। ਸੱਤੀ ਐਂਡ ਪਾਰਟੀ ਦੇ ਜਾਣ ਮਗਰੋਂ ਜਦ ਤੇਜਵੀਰ ਨੇ ਸਾਰੀਆਂ ਘਟਨਾਵਾਂ ਵੱਲ ਗਹਿਰੀ ਪਿੱਛਲ-ਝਾਤ ਮਾਰੀ ਤਾਂ ਉਸਦੇ ਮਾਰੇ ਝੂਠ ਸਮੇਤ ਕਈ ਨੁਕਤੇ ਐਸੇ ਸਨ, ਜੋ ਸਿੰਮੀ ਦੀ ਤਰਫ਼ ਇਸ਼ਾਰਾ ਕਰ ਰਹੇ ਸਨ। ਤੇਜਵੀਰ ਨੂੰ ਉਸੇ ਰਾਤ ਇਹ ਸ਼ੱਕ ਹੋਣ ਲੱਗ ਪਿਆ ਕਿ ਹੋਵੇ ਨਾ ਤਾਂ 'ਬੜੇ ਮੀਆਂ' ਦੇ ਬਿਆਨ ਕੀਤੇ "ਪਹਲਵਾਨੋਂ ਜੈਸੀ ਕਦ-ਕਾਠੀ ਵਾਲਾ ਥਾ ਸਾਹਬ। ਏਕਦਮ ਮਸਤ ਹਾਥੀ ਜੈਸੀ ਚਾਲ ਥੀ ਉਸਕੀ।" ਵਾਲ਼ਾ "ਵੋਹ ਜੋ ਸੁਬਹ-ਸੁਬਹ ਪਹਨਕਰ ਦੌੜਤੇ ਹੈਂ ਨਾ? ਵੋਹੀ ਲਿਬਾਸ ਪਹਨਾ ਥਾ ਉਸਨੇ ਬਾਬੂ ਸਾਹਬ!" ਪਾਈ ਉਹ 'ਪੰਜਵਾਂ ਪਾਂਡਵ' ਰਹੱਸਮਈ ਸ਼ਖ਼ਸ ਜ਼ਰੂਰ "ਜੁੱਸਾ ਦੇਖਿਆ ਉਹਦਾ?" "ਕੱਦ-ਕਾਠੀ ਦੇਖ," "ਨਾ ਕਿਸੇ ਐਂਗਲ ਤੋਂ ਲੱਗਦੀ ਆ ਬਈ ਜਨਾਨੀ ਜ਼ਾਤ ਆ ਇਹ?" "ਚਾਲ ਨੀਂ ਦੇਖੀ ਮਸਤਾਨੀ ਦੀ?" ਵਾਲ਼ੀ ਕਬੱਡੀ ਦੀ 'ਆੱਲ ਰਾਊਂਡਰ' ਸਿੰਮੀ ਹੀ ਸੀ।
"ਪਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਸੈਰ ਕਰਨ ਦੀ ਕਿਵੇਂ ਸੁੱਝੀ?" ਦਾ ਜਵਾਬ ਦਿੰਦਿਆਂ ਤੇਜਵੀਰ ਨੇ ਆਖਿਆ ਕਿ ਰੁਪਿੰਦਰ ਦੀ ਹੋਸਟਲ ਛੱਡ ਚੁੱਕੀ ਰੂਮ ਮੇਟ ਕੁੜੀ ਇੱਕ ਐਸੀ ਕੜੀ ਸੀ, ਜਿਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਸੀ। ਉਸਦਾ ਪਤਾ ਹੋਸਟਲ ਵਿੱਚ ਫ਼ੋਨ ਕਰਕੇ ਉਸੇ ਰਾਤ ਤੇਜਵੀਰ ਨੇ ਪ੍ਰਾਪਤ ਕਰ ਲਿਆ ਸੀ। ਗੜ੍ਹੀ ਮਾਨਸੋਵਾਲ਼ ਦਾ ਲੰਮਾ ਸਫ਼ਰ ਉਸਨੇ ਨਾਂਹ ਬਰਾਬਰ ਆਸ ਲੈ ਕੇ ਹੀ ਕੀਤਾ ਸੀ, ਪਰ ਉਸਦਾ ਇਹ ਤੁੱਕਾ ਇੱਕਦਮ ਸਹੀ ਨਿਸ਼ਾਨੇ 'ਤੇ ਬੈਠਿਆ ਤੀਰ ਸਾਬਿਤ ਹੋਇਆ।
ਕੁਸੁਮ ਦੇ ਬਿਆਨ ਨੇ ਤੇਜਵੀਰ ਦੇ ਸਿੰਮੀ ਉੱਪਰਲੇ ਸ਼ੱਕ ਨੂੰ ਯਕੀਨ ਵਿੱਚ ਬਦਲ ਦਿੱਤਾ। ਉਸੇ ਤੋਂ ਪਤਾ ਚੱਲਿਆ ਕਿ ਸਿੰਮੀ ਸੁਧਾਰ ਕਾਲਜ ਪੜ੍ਹਦੀ ਸੀ। ਸੁਧਾਰ ਕਾਲਜ ਦੇ ਪ੍ਰਿੰਸੀਪਲ ਸਾਹਬ ਨੇ ਅਪਾਰ ਸਹਿਯੋਗ ਦਾ ਪ੍ਰਦਰਸ਼ਨ ਕਰਦੇ ਹੋਏ, ਹੈੱਡ ਕਲਰਕ ਤੋਂ ਕਢਵਾ ਕੇ ਸਿੰਮੀ ਬਾਬਤ ਇਹ ਜਾਣਕਾਰੀ ਦਿੱਤੀ, ਕਿ ਸਿੰਮੀ ਡਰੱਗਜ਼ ਲੈਣ ਦੇ ਦੋਸ਼ ਵਿੱਚ ਛੇ ਮਹੀਨੇ ਪਹਿਲਾਂ ਹੀ ਕਾਲਜ 'ਤੋਂ ਰੈੱਸਟੀਕੇਟ ਕੀਤੀ ਜਾ ਚੁੱਕੀ ਹੈ। ਹਾਰਡਵੇਅਰ ਸਟੋਰ ਦਾ ਫੇਰਾ ਵੀ ਤੇਜਵੀਰ ਦੇ ਕਹਿਣ ਦੇ ਮੁਤਾਬਿਕ ਦੂਰ ਦੀ ਹੀ ਕੌਡੀ ਸੀ, ਪਰ ਬੜੇ ਕੰਮ ਦੀ ਸਾਬਿਤ ਹੋਈ। ਤੇਜਵੀਰ ਦੇ ਬਿਆਨ ਕੀਤੇ ਹੂਲੀਏ ਉੱਪਰ ਨਾ ਸਿਰਫ਼ ਹਾਰਡਵੇਅਰ ਸਟੋਰ ਦੇ ਮਾਲਿਕ ਨੇ ਪੱਕੀ ਮੋਹਰ ਲਗਾਈ, ਸਗੋਂ ਉਹ ਤਾਂ ਸਿੰਮੀ ਨੂੰ ਨਿੱਜੀ ਤੌਰ 'ਤੇ ਢਿੱਲੋਂ ਪਰਿਵਾਰ ਦੇ ਇੱਕ ਮੈਂਬਰ ਵਜੋਂ ਪਛਾਣਦਾ ਵੀ ਸੀ।
ਉਸ ਦਿਨ ਤੇਜਵੀਰ ਨੇ ਜਿੰਨੇ ਤੁੱਕੇ ਮਾਰੇ, ਸਭ ਤੀਰ ਸਿੱਧ ਹੋਏ।
ਥਿੰਦ ਦੇ ਆਫ਼ਿਸ ਵਿੱਚ ਤੇਜਵੀਰ ਵੱਲੋਂ ਕੀਤੀ 'ਡਰਾਮੇਬਾਜ਼ੀ' ਦਾ ਮੰਤਵ ਤਾਂ ਗਗਨ ਹੁਣ ਤੱਕ ਸਮਝ ਹੀ ਚੁੱਕਾ ਸੀ, ਕਿ ਇਹ ਸਭ ਡਰਾਮਾ ਰਚਿਆ ਹੀ ਏਸੇ ਲਈ ਗਿਆ ਸੀ, ਤਾਂ ਕਿ ਸਿੰਮੀ ਦੇ ਉੱਪਰ ਏਨਾ ਕੁ ਮਨੋਵਿਗਿਆਨਿਕ ਦਬਾਅ ਬਣਾ ਦਿੱਤਾ ਜਾਵੇ, ਕਿ ਉਹ ਆਪਣਾ ਇਕਬਾਲੀਆ ਬਿਆਨ ਦੇਣ ਲਈ ਮਜਬੂਰ ਹੋ ਜਾਵੇ।
ਏਨੇ ਉਲਝੇ ਹੋਏ ਕੇਸ ਨੂੰ ਨਾ ਸਿਰਫ਼ ਵਾਰਦਾਤ ਦੇ ਚਾਰ ਦਿਨ ਦੇ ਅੰਦਰ-ਅੰਦਰ ਹੀ ਸੁਲਝਾ ਲੈਣ, ਸਗੋਂ ਕਾਤਿਲ ਨੂੰ ਇਕਬਾਲੀਆ ਬਿਆਨ ਸਹਿਤ ਗ੍ਰਿਫ਼ਤਾਰ ਵੀ ਕਰ ਲੈਣ ਦੀ ਇਵਜ਼ 'ਚ, ਪੂਰੇ ਪੁਲਿਸ ਡਿਪਾਰਟਮੈਂਟ ਵਿੱਚ ਥਿੰਦ ਦੀ ਖ਼ੂਬ ਵਾਹ-ਵਾਹੀ ਹੋਈ।
ਤੇਜਵੀਰ ਦਾ ਦਾਅਵਾ ਸਹੀ ਸਾਬਿਤ ਹੋਇਆ ਸੀ।
ਇਸ ਲਈ ਥਿੰਦ ਨੇ ਉਸਦਾ ਤਹੇ-ਦਿਲ ਤੋਂ ਸ਼ੁਕਰੀਆ ਅਦਾ ਕੀਤਾ।
ਇੰਨੀ ਐਕਸਕਲੂਸਿਵ ਸਟੋਰੀ ਕਰਨ 'ਤੇ ਤੇਜਵੀਰ ਦੀ ਕਾਰਗੁਜ਼ਾਰੀ ਪੂਰੀ ਪੱਤਰਕਾਰ ਬਿਰਾਦਰੀ 'ਚ ਖ਼ੂਬ ਚਰਚਾ ਦਾ ਵਿਸ਼ਾ ਬਣੀ।
ਤੇਜਵੀਰ ਆਪਣੀ ਨੌਕਰੀ ਦੀ ਪਹਿਲੀ ਅਸਾਈਨਮੈਂਟ ਵਿੱਚ ਹੀ, 'ਰੋਜ਼ਾਨਾ ਖ਼ਬਰਨਾਮਾ' ਦੀ ਸਟਾਰ ਅਟਰੈਕਸ਼ਨ ਬਣ ਗਿਆ ਸੀ।
ਭੋਗਲ ਸਾਹਬ ਨੇ ਉਸਦੇ ਇਸ ਕਾਰਨਾਮੇ ਲਈ ਉਸਦੀ ਖ਼ੂਬ ਪਿੱਠ ਠੋਕੀ ਅਤੇ ਗਗਨ ਵੀ ਉਹਨਾਂ ਦੀ ਪ੍ਰਸ਼ੰਸਾ ਦਾ ਪਾਤਰ ਬਣਿਆ।
ਸਰਦੂਲ ਸਿੰਘ ਦੀ ਭਿਆਨਕ ਮੌਤ ਦੀ ਖ਼ਬਰ ਨੂੰ ਅਖ਼ਬਾਰਾਂ ਵਿੱਚ ਆਖ਼ਰੀ ਪੰਨੇ ਦੇ ਹਾਸ਼ੀਏ 'ਤੇ, ਕੁੱਲ ਮਿਲ਼ਾ ਕੇ ਕੇਵਲ ਚਾਰ ਸਤਰਾਂ ਨਸੀਬ ਹੋਈਆਂ।
ਗਗਨ ਦੇ ਇਹ ਕਹਿਣ 'ਤੇ ਕਿ "ਇਹੋ ਜਿਹੇ ਦੇ ਮਰਨ 'ਤੇ ਤਾਂ ਸਰਕਾਰ ਨੂੰ ਲੱਡੂ ਵੰਡਣੇ ਚਾਹੀਦੇ ਨੇ!" ਤੇਜਵੀਰ ਨੇ ਕਿਹਾ ਕਿ "ਨਹੀਂ ਯਾਰ! 'ਦੁਸ਼ਮਣ ਮਰੇ ਦੀ ਖ਼ੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ'। ਜਿਹੜਾ ਮਰ ਹੀ ਗਿਆ, ਉਸ ਨੂੰ ਕੀ ਨਿੰਦਣਾ?"
ਮੰਤਰੀ ਸਾਹਬ ਦੀ ਤਰਫ਼ੋਂ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਲੈ ਕੇ, ਸੰਨੀ ਬਾਜਵਾ ਆਪ ਸੱਤੀ ਐਂਡ ਪਾਰਟੀ ਸਹਿਤ ਉਸਦੇ ਫ਼ਲੈਟ 'ਚ ਪਧਾਰਿਆ।
"ਨੋ ਹਾਰਡ ਫ਼ੀਲਿੰਗਜ਼ ਬਰੋ!" ਕਹਿੰਦਿਆਂ ਉਸਨੇ ਦਿਲੋਂ ਆਪਣੇ ਵਿਵਹਾਰ ਲਈ ਮਾਫ਼ੀ ਮੰਗੀ। ਆਖ਼ਿਰਕਾਰ ਤੇਜਵੀਰ ਦੀ ਵਜ੍ਹਾ ਕਰਕੇ ਹੀ ਤਾਂ ਉਹ ਇਸ ਸਾਰੇ ਚੱਕਰ 'ਚੋਂ ਬਾਹਰ ਨਿੱਕਲ ਪਾਇਆ ਸੀ।
"ਬਾਈ! ਜ਼ਿੰਦਗੀ 'ਚ ਜਦੋਂ ਮਰਜ਼ੀ 'ਵਾਜ ਮਾਰ ਲਈਂ, ਤੇਰੇ ਦੂਜੇ ਸਾਹ ਲੈਣ ਤੋਂ ਪਹਿਲਾਂ, ਸੱਤੀ ਤੇਰੇ ਸਾਹਮਣੇ ਖੜ੍ਹਾ ਹੋਊ! ਕੀ ਸਮਝਿਆ?" ਆਖ ਸੱਤੀ ਐਤਕੀਂ ਜੱਫੀ ਪਾ ਕੇ ਤੇਜਵੀਰ ਨੂੰ ਮਿਲਿਆ।
"ਦੇਖਿਆ ਬਾਈ ਜੀ? ਮੈਂ ਕਿਹਾ ਸੀ ਨਾ ਬਈ ਨਰ ਬੰਦਾ, ਨਰ!" ਨੱਤੀਆਂ ਵਾਲ਼ੇ ਨੇ ਵੀ ਆਪਣੀ ਹਾਜ਼ਰੀ ਲੁਆਈ।
ਪਰ ਐਤਕੀਂ ਸੱਤੀ ਘੁਰਕੀ ਲੈ ਕੇ ਨਹੀਂ ਪਿਆ, ਸਗੋਂ ਖਿੜਖਿੜਾ ਕੇ ਹੱਸ ਪਿਆ।
ਇਸ ਹਾਦਸੇ ਦਾ ਸਭ ਤੋਂ ਗਹਿਰਾ ਸਦਮਾ ਜ਼ਾਹਿਰ ਹੈ ਕਿ ਢਿੱਲੋਂ ਦੰਪਤੀ ਨੂੰ ਹੀ ਪੁਹੰਚਿਆ ਸੀ। ਬੁਰੀ ਤਰ੍ਹਾਂ ਨਾਲ਼ ਟੁੱਟ ਚੁੱਕੇ ਦੋਵੇਂ ਜੀਅ, ਅੱਗੇ ਜ਼ਿੰਦਗੀ ਜਿਉਣ ਦੀ ਆਸ ਹੀ ਮੁਕਾ ਚੁੱਕੇ ਸਨ। ਪਰ ਤੇਜਵੀਰ ਨੇ ਉਹਨਾਂ ਨੂੰ ਅਜਿਹਾ ਹੌਸਲਾ ਦਿੱਤਾ, ਕਿ ਉਹਨਾਂ ਦੇ ਬੁਝੇ ਹੋਏ ਨੇਤਰਾਂ ਵਿੱਚ ਇੱਕ ਨਵੀਂ ਜੀਵਨ ਜੋਤੀ ਝਿਲਮਿਲਾ ਉੱਠੀ।
ਢਿੱਲੋਂ ਦੰਪਤੀ ਉੱਪਰ ਤੇਜਵੀਰ ਦੀਆਂ ਆਖੀਆਂ ਗੱਲਾਂ ਦਾ ਇਹੋ ਜਿਹਾ ਅਸਰ ਹੋਇਆ, ਕਿ ਢਿੱਲੋਂ ਸਾਹਬ ਨੇ ਲੁਧਿਆਣੇ ਸ਼ਾੱਪਿੰਗ ਮਾੱਲ ਬਣਾਉਣ ਲਈ ਤਾਜ਼ਾ-ਤਾਜ਼ਾ ਖ਼ਰੀਦੇ ਹੋਏ ਪਲਾਟ ਵਿੱਚ, ਸ਼ਾੱਪਿੰਗ-ਮਾੱਲ ਦੀ ਜਗ੍ਹਾ 'ਰੁਪਿੰਦਰ ਮੈਮੋਰੀਅਲ ਚੈਰਿਟੇਬਲ ਡਰੱਗਜ਼ ਰੀਹੱਬਲਿਟੇਸ਼ਨ ਸੈਂਟਰ' ਬਣਾਉਣ ਦਾ ਫ਼ੈਸਲਾ ਕੀਤਾ, ਅਤੇ ਉਸਦਾ ਨੀਂਹ ਪੱਥਰ ਉਹਨਾਂ ਤੇਜਵੀਰ ਦੇ ਹੱਥੋਂ ਰਖਵਾਇਆ।
ਢਿੱਲੋਂ ਸਾਹਬ ਦੀ ਸਪੀਚ ਮੁਤਾਬਿਕ, ਪੈਸੇ ਦੀ ਅੰਨ੍ਹੀ ਦੌੜ ਦੌੜਦੇ-ਦੌੜਦੇ, ਠੋਕਰ ਖਾ ਕੇ ਮੂਧੇ-ਮੂੰਹ ਡਿੱਗੇ ਉਸ ਬਜ਼ੁਰਗ ਆਦਮੀ ਨੂੰ, ਇਸ ਨੌਜਵਾਨ ਨੇ ਹੀ ਇਹ ਗਿਆਨ ਦੀ ਰੌਸ਼ਨੀ ਦੇ ਕੇ, ਆਪਣੇ ਪੈਰਾਂ 'ਤੇ ਮੁੜ ਖੜ੍ਹੇ ਹੋਣ ਲਈ ਪ੍ਰੇਰਣਾ ਦਿੱਤੀ।
ਤੇਜਵੀਰ ਪੂਰੇ ਸਮਾਗਮ ਦੌਰਾਨ ਚੁੱਪਚਾਪ, ਸ਼ਰਮਾਉਂਦਾ ਜਿਹਾ ਹੋਇਆ, ਲੋਕਾਂ ਦੀ ਪ੍ਰਸ਼ੰਸਾ 'ਤੋਂ ਬਚਣ ਦੀ ਨਾਕਾਮ ਕੋਸ਼ਿਸ਼ ਕਰਦਾ ਰਿਹਾ।
'ਨਿਰਾ ਜਾਦੂਗਰ ਐ ਪਤੰਦਰ! ਨਿਰਾ ਜਾਦੂਗਰ!'
ਮੁਸਕੁਰਾਉਂਦੇ ਗਗਨ ਦੀਆਂ ਅੱਖਾਂ 'ਚ, ਨਮੀਂ ਝਲਕਾਰੇ ਮਾਰਦੀ ਰਹੀ।
ਸਮਾਪਤ
(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')