Khullhi Mutthi : K.L. Garg

ਖੁੱਲ੍ਹੀ ਮੁੱਠੀ : ਕੇ.ਐਲ. ਗਰਗ

ਨਵੇਂ ਮਕਾਨ ਵਾਲੇ ਗੁਪਤਾ ਜੀ ਨੇ ਤਾਂ ਮੁਹੱਲੇ ’ਚ ਆਉਂਦਿਆਂ ਹੀ ਆਪਣੇ ਵਤੀਰੇ ਕਾਰਨ ਅਜਿਹੀ ਭੱਲ ਬਣਾ ਲਈ ਸੀ ਜੋ ਚਾਲੀ ਚਾਲੀ ਵਰ੍ਹਿਆਂ ਤੋਂ ਰਹਿ ਰਹੇ ਮੁਹੱਲੇਦਾਰਾਂ ਤੋਂ ਵੀ ਸੰਭਵ ਨਹੀਂ ਸੀ ਹੋ ਸਕੀ। ਹਾਲੇ ਉਨ੍ਹਾਂ ਮਕਾਨ ਬਣਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਦੀ ਚੰਗਿਆਈ ਉੱਘੜਨੀ ਸ਼ੁਰੂ ਹੋ ਗਈ ਸੀ। ਮਿਸਤਰੀਆਂ-ਮਜ਼ਦੂਰਾਂ ਕੋਲ ਖੜ੍ਹੇ ਬੈਠੇ ਹਰ ਲੰਘਣ ਵਾਲੇ ਨੂੰ ਬੜੇ ਪਿਆਰ ਨਾਲ ਹੱਥ ਜੋੜ ਕੇ, ਚਿਹਰੇ ’ਤੇ ਮਿੱਠੀ ਮੁਸਕਾਨ ਲਿਆ ਕੇ ਦੁਆ-ਸਲਾਮ ਕਰਦੇ।
‘‘ਅੱਛਿਆ, ਤੁਸੀਂ ਬਣਾ ਰਹੇ ਓ ਇਹ ਮਕਾਨ?’’ ਅਗਲਾ ਸਹਿਵਣ ਹੀ ਪੁੱਛ ਲੈਂਦਾ ਤਾਂ ਬਹੁਤ ਹੀ ਹਲੀਮੀ ਨਾਲ ਆਖਦੇ: ‘‘ਹਾਂ ਜੀ, ਬਣਾ ਰਹੇ ਆਂ ਛੋਟੀ ਜਿਹੀ ਕੁਟੀਆ। ਸੁਣਿਆ ਸੀ ਮੁਹੱਲਾ ਬਹੁਤ ਵਧੀਆ ਐ। ਸੋਚਿਆ ਚੰਗੇ ਭਲੇਮਾਣਸਾਂ ਨਾਲ ਵਧੀਆ ਟੈਮ ਲੰਘ ਜੂ। ਅੱਜਕੱਲ੍ਹ ਵਧੀਆ ਗੁਆਂਢ ਤਾਂ ਭਾਗਾਂ ਵਾਲਿਆਂ ਨੂੰ ਹੀ ਮਿਲਦੈ।’’
ਅਗਲਾ ਆਪਣੀ ਪ੍ਰਸ਼ੰਸਾ ਸੁਣ ਕੇ ਕੁੱਪਾ ਹੋ ਜਾਂਦਾ। ਹੁੱਬ ਕੇ ਆਖ ਦਿੰਦਾ: ‘‘ਚੰਗਿਆਂ ਨੂੰ ਚੰਗੇ ਈ ਮਿਲਦੇ ਆ ਭਰਾ ਜੀ ਤੇ ਭੈੜਿਆਂ ਨੂੰ ਭੈੜੇ। ਚਲੋ ਇਕ ਹੋਰ ਵਧੀਆ ਗੁਆਂਢ ਆ ਗਿਆ ਮੁਹੱਲੇ ਵਿੱਚ। ਕੋਈ ਸੇਵਾ ਹੋਈ ਤਾਂ ਦੱਸਿਓ ਜੀ।’’ ਅਗਲਾ ਸ਼ਿਸ਼ਟਾਚਾਰ ਵਜੋਂ ਹੀ ਆਖ ਦਿੰਦਾ।
ਇਹੋ ਜਿਹਾ ਮਿੱਠਾ ਪਿਆਰਾ ਵਾਰਤਾਲਾਪ ਉਹ ਹਰ ਲੰਘਦੇ ਵੜਦੇ ਸ਼ਖ਼ਸ ਨਾਲ ਕਰ ਲੈਂਦੇ।
ਵਾਰਤਾਲਾਪੀ ਬੰਦਾ ਘਰ ਜਾ ਕੇ ਗੱਲ ਕਰਦਾ: ‘‘ਨਵੇਂ ਮਕਾਨ ਵਾਲੇ ਬੰਦੇ ਤਾਂ ਚੰਗੇ ਲੱਗਦੇ ਆ। ਸਾਊ ਦਿਸਦੇ ਆ।’’ ਦੋ ਮੁਹੱਲੇਦਾਰ ਆਪਸ ਵਿਚ ਮਿਲਦੇ ਤਾਂ ਇਕ-ਦੂਜੇ ਨੂੰ ਇਹੋ ਆਖਦੇ: ‘‘ਆਹ ਨਵੇਂ ਮਕਾਨ ਵਾਲੇ ਤਾਂ ਵਧੀਆ ਬੰਦੇ ਆਗੇ ਆ ਆਪਣੇ ਮੁਹੱਲੇ ’ਚ। ਪਹਿਲਾਂ ਤਾਂ ਹੋਰ ਈ ਲੈਣ ਨੂੰ ਫਿਰਦੇ ਸੀ ਇਹ ਪਲਾਟ। ਉਨ੍ਹਾਂ ਦੀ ਤਾਂ ਵਾਅ ਚੰਗੀ ਨਹੀਂ ਸੀ ਸੁਣੀ।’’
‘‘ਸ਼ਰੀਫ ਟੱਬਰ ਤਾਂ ਮੁਹੱਲੇ ਦਾ ਗਹਿਣਾ ਹੁੰਦੈ ਭਾਈ ਸਾਹਬ। ਬੜੀ ਮੁਸ਼ਕਲ ਨਾਲ ਲੱਭਦਾ ਇਹੋ ਜਿਹਾ ਪਰਿਵਾਰ ਸੈਂਕੜਿਆਂ ’ਚੋਂ ਇਕ।’’
ਗੁਪਤਾ ਜੀ ਦੀਆਂ ਘਰ ਘਰ ਗੱਲਾਂ ਹੋਣ ਲੱਗੀਆਂ ਸਨ। ਉਨ੍ਹਾਂ ਦੀ ਨੀਅਤ ਜਲਦੀ ਹੀ ਉੱਘੜਨੀ ਸ਼ੁਰੂ ਵੀ ਹੋ ਗਈ ਸੀ। ਨਾਲ ਦੇ ਘਰ ਵਾਲੇ ਗੋਇਲ ਹੁਰਾਂ ਦਾ ਥੜ੍ਹਾ ਕਿੰਨੀ ਦੇਰ ਤੋਂ ਉੱਖੜਿਆ ਪਿਆ ਸੀ। ਥੋੜ੍ਹੇ ਜਿਹੇ ਕੰਮ ਲਈ ਕੋਈ ਮਿਸਤਰੀ ਲੱਭਦਾ ਵੀ ਨਹੀਂ ਸੀ। ਮਸਾਂ ਦੋ ਤਿੰਨ ਘੰਟੇ ਦਾ ਤਾਂ ਕੰਮ ਸੀ। ਅੱਜ ਕਰਾਉਂਦੇ ਹਾਂ, ਕੱਲ੍ਹ ਕਰਾਉਂਦੇ ਹਾਂ, ਕਰਦਿਆਂ ਕਾਫ਼ੀ ਸਮਾਂ ਲੰਘ ਗਿਆ ਸੀ। ਗੁਪਤਾ ਜੀ ਦਾ ਮਕਾਨ ਬਣਦਿਆਂ ਦੇਖ ਕੇ ਉਨ੍ਹਾਂ ਸੋਚਿਆ ਕਿ ਵਹਿੰਦੀ ਗੰਗਾ ’ਚ ਉਹ ਵੀ ਹੱਥ ਧੋ ਲੈਣ। ਸਾਰਾ ਸੀਧਾ ਪੱਤਾ ਤਾਂ ਹੈਗਾ ਈ ਸੀ, ਥੜ੍ਹੇ ਵਾਲਾ ਕੰਮ ਮੁਕਾ ਲੈਣ। ਗੁਪਤਾ ਜੀ ਨੂੰ ਜਾ ਬੇਨਤੀ ਕੀਤੀ:
‘‘ਗੁਪਤਾ ਜੀ, ਆਪਣਾ ਆਹ ਥੜ੍ਹਾ ਜਿਹਾ ਉੱਖੜਿਆ ਹੋਇਆ। ਜੇ ਮਿਸਤਰੀ ਹੁਰਾਂ ਨੂੰ ਕਹਿ ਕੇ ਘੰਟਾ ਦੋ ਘੰਟੇ ਲਵਾ ਦਿਓ ਤਾਂ ਬੱਲੇ ਬੱਲੇ ਹੋ ਜੇ। ਕਿੰਨੇ ਚਿਰ ਦਾ ਸੋਚੀ ਜਾਂਦੇ ਸੀ, ਕੋਈ ਢੋਅ ਈ ਨ੍ਹੀਂ ਢੁੱਕ ਰਿਹਾ।’’
ਗੁਪਤਾ ਜੀ ਤਾਂ ਜਿਵੇਂ ਗੋਇਲ ਸਾਹਿਬ ਨੂੰ ਉਡੀਕਦੇ ਹੀ ਹੋਣ। ਉਨ੍ਹਾਂ ਦੀਆਂ ਤਾਂ ਸੁਣਦਿਆਂ ਹੀ ਵਾਛਾਂ ਖਿੜ ਗਈਆਂ। ਝੱਟ ਉੱਚੀ ਆਵਾਜ਼ ’ਚ ਕਹਿਣ ਲੱਗੇ: ‘‘ਜਨਾਬ, ਗੋਲੀ ਕੀਹਦੇ ਤੇ ਗਹਿਣੇ ਕੀਹਦੇ? ਜੋ ਹੁਕਮ ਸਰਕਾਰ ਦਾ। ਥੜ੍ਹਾ ਛੱਡ ਗੁਸਲਖਾਨਾ ਬਣਵਾਉ। ਇਹ ਸਭ ਕੁਝ ਥੋਡਾ ਈ ਤਾਂ ਹੈ।’’
ਝੱਟ ਅੰਦਰ ਕੰਮ ਕਰ ਰਹੇ ਮਿਸਤਰੀ ਨੂੰ ਬੁਲਾਇਆ: ‘‘ਮਿਸਤਰੀ ਜੀ, ਆਹ ਗੋਇਲ ਸਾਹਬ ਆਪਣੇ ਮਿੱਤਰ ਪਿਆਰੇ ਨੇ। ਆਪਣਾ ਕੰਮ ਛੱਡ ਕੇ, ਪਹਿਲਾਂ ਇਨ੍ਹਾਂ ਦਾ ਥੜ੍ਹਾ ਠੀਕ ਕਰ ਦਿਓ। ਸਾਮਾਨ ਵਗੈਰਾ ਤਾਂ ਆਪਣੇ ਕੋਲ ਪਿਆ ਈ ਐ। ਪਹਿਲਾਂ ਇਹ ਕੰਮ ਕਰ ਦਿਓ, ਆਪਣਾ ਤਾਂ ਲੰਬਾ ਕੰਮ ਐ, ਚੱਲਦਾ ਈ ਰਹਿਣੈ। ਦੋ ਦਿਨ ਅੱਗਿਓਂ-ਪਿੱਛਿਓਂ ਹੋ ਜੂ।’’
‘‘ਠੀਕ ਐ ਜੀ, ਸਤ ਬਚਨ।’’ ਆਖ ਮਿਸਤਰੀ ਥੜ੍ਹੇ ਦੇ ਕੰਮ ’ਚ ਜੁਟ ਗਿਆ ਸੀ।
ਥੜ੍ਹੇ ਦਾ ਕੰਮ ਮੁੱਕਣ ’ਤੇ ਗੋਇਲ ਲਿਫ਼ਾਫ਼ੇ ’ਚ ਪੰਜ ਸੌ ਦਾ ਨੋਟ ਪਾ ਕੇ ਗੁਪਤਾ ਜੀ ਕੋਲ ਆਇਆ: ‘‘ਬਹੁਤ-ਬਹੁਤ ਧੰਨਵਾਦ ਗੁਪਤਾ ਜੀ, ਮਿਹਰਬਾਨੀ। ਐਨਾ ਕੁ ਕੰਮ ਕਰਵਾਉਣ ਨੂੰ ਸੌ ਦੁਕੰਮਣ ਕਰਨੇ ਪੈਣੇ ਸੀ। ਤੁਹਾਡੀ ਮਿਹਰਬਾਨੀ ਨਾਲ ਕੰਮ ਸੁਖਾਲਾ ਹੋ ਗਿਆ।’’ ਆਖ ਉਸ ਲਿਫ਼ਾਫ਼ਾ ਗੁਪਤਾ ਜੀ ਵੱਲ ਵਧਾ ਦਿੱਤਾ। ਲਿਫ਼ਾਫ਼ਾ ਦੇਖਦਿਆਂ ਹੀ ਗੁਪਤਾ ਜੀ ਇਉਂ ਬੁੜ੍ਹਕੇ ਜਿਵੇਂ ਕੋਈ ਠੂੰਹਾਂ ਉਨ੍ਹਾਂ ਵੱਲ ਵਧਦਾ ਆ ਰਿਹਾ ਹੋਵੇ।
‘‘ਇਹ ਕੀ ਜੀ, ਇਹ ਕੀ ਜੀ?’’ ਆਖ ਉਨ੍ਹਾਂ ਨੂੰ ਤਾਂ ਜਿਵੇਂ ਸਾਹ ਔਖਾ ਆਉਣ ਲੱਗ ਪਿਆ ਹੋਵੇ।
‘‘ਐਵੇਂ ਤਿਲ-ਫੁਲ ਐ। ਆਖ਼ਰ ਸਾਮਾਨ ਮੁਫ਼ਤ ਥੋੜ੍ਹਾ ਆਉਂਦੈ। ਸੀਮਿੰਟ ਲੱਗਿਐ, ਰੇਤਾ ਲੱਗਿਐ, ਮਿਸਤਰੀ ਜੀ ਦੀ ਮਿਹਨਤ ਲੱਗੀ ਐ।’’ ਗੋਇਲ ਨੇ ਹਲੀਮੀ ਨਾਲ ਆਖਿਐ।
‘‘ਇਹ ਤਾਂ ਤੁਸੀਂ ਸਾਨੂੰ ਸ਼ਰਮਿੰਦਾ ਕਰ ਰਹੇ ਹੋ। ਮਹਾਰਾਜ, ਇਹ ਸਭ ਕੁਝ ਥੋਡਾ ਈ ਤਾਂ ਹੈ। ਥੋਡੇ ਸਾਡੇ ’ਚ ਫ਼ਰਕ ਈ ਕੀ ਐ। ਅਸੀਂ ਵੀ ਤਾਂ ਵਰਤੀ ਈ ਜਾਨੇਂ ਆ ਸਾਮਾਨ, ਭੋਰਾ ਕੁ ਤੁਸੀਂ ਵਰਤ ਲਿਆ, ਫੇਰ ਕੀ ਲੋਹੜਾ ਆਉਣ ਲੱਗੈ। ਇਹ ਤਾਂ ਕੁਝ ਵੀ ਨ੍ਹੀਂ, ਕੋਈ ਵੱਡੀ ਸੇਵਾ ਹੋਈ ਤਾਂ ਉਹ ਵੀ ਦੱਸਿਓ, ਸਾਨੂੰ ਕਰਦਿਆਂ ਖ਼ੁਸ਼ੀ ਹੋਊਗੀ।’’
ਗੋਇਲ ਲਿਫ਼ਾਫ਼ਾ ਹੱਥ ’ਚ ਫੜੀ ਖਲੋਤਾ ਪਾਣੀ ਪਾਣੀ ਹੋ ਗਿਆ ਸੀ।
‘‘ਇਹ ਤਾਂ… ਇਹ ਤਾਂ… ਫੇਰ ਐਵੇਂ… ਐਵੇਂ।’’ ਉਸ ਤੋਂ ਗੱਲ ਈ ਪੂਰੀ ਨਹੀਂ ਸੀ ਹੋ ਰਹੀ।
‘‘ਓ ਜਨਾਬ, ਗੱਲ ਐ ਕੋਈ। ਕਿਉਂ ਐਵੇਂ ਪ੍ਰੇਸ਼ਾਨ ਹੋਈ ਜਾਂਦੇ ਓ। ਚਿੜੀ ਚੋਂਚ ਭਰ ਲੇ ਗਈ… ਚੁਟਕੀਆਂ ਨਾਲ ਆਟੇ ਦਾ ਢੋਲ ਥੋੜ੍ਹਾ ਮੁੱਕਦਾ ਹੁੰਦੈ।’’ ਤੇ ਉਸ ਨੇ ਲਿਫ਼ਾਫ਼ਾ ਨਾ ਹੀ ਫੜਿਆ। ਫੜਿਆ ਛੱਡ ਗੁਪਤਾ ਜੀ ਨੇ ਲਿਫ਼ਾਫ਼ੇ ਵੱਲ ਝਾਕਿਆ ਤਕ ਨਾ।
ਫੇਰ ਤਾਂ ਜਿਵੇਂ ਮੁਹੱਲੇ ਵਾਲਿਆਂ ਦਾ ਵਾਚਾ ਹੀ ਖੁੱਲ੍ਹ ਗਿਆ ਹੋਵੇ। ਕੋਈ ਬੱਠਲ ਬਰੇਤੇ ਦਾ ਚੁੱਕ ਲਿਜਾਂਦਾ। ਕੋਈ ਥੋੜ੍ਹੀ ਬਜਰੀ ਮੰਗ ਲਿਜਾਂਦਾ। ਥੋੜ੍ਹਾ ਬਹੁਤ ਸੀਮਿੰਟ ਤਾਂ ਜਿਵੇਂ ਹਰੇਕ ਘਰ ਨੂੰ ਲੋੜੀਂਦਾ ਹੁੰਦਾ ਸੀ। ਹਰੇਕ ਘਰ ’ਚ ਕੁਝ ਨਾ ਕੁਝ ਤਾਂ ਟੁੱਟ-ਭੱਜ ਹੋਈ ਈ ਰਹਿੰਦੀ ਹੈ। ਉਹ ਇਹੋ ਜਿਹੇ ਮੌਕੇ ਦੀ ਤਾਂ ਜਿਵੇਂ ਭਾਲ ’ਚ ਹੀ ਬੈਠੇ ਹੁੰਦੇ ਨੇ। ਗੁਪਤਾ ਜੀ ਨੇ ਕਦੇ ਮੱਥੇ ਵੱਟ ਨਾ ਪਾਇਆ। ਹਰੇਕ ਦਾ ਕੰਮ ਖਿੜੇ ਮੱਥੇ ਕਰਦੇ ਸਗੋਂ ਜੇ ਇਉਂ ਆਖੀਏ ਕਿ ਹਰੇਕ ਦਾ ਕੰਮ ਕਰਕੇ ਖ਼ੁਸ਼ੀ ਮਹਿਸੂਸ ਕਰਦੇ ਤਾਂ ਇਹ ਕੋਈ ਅਤਿਕਥਨੀ ਨਹੀਂ।
ਕਲਸੀ ਸਾਹਿਬ ਦੇ ਪਹਿਲੀ ਪੋਤੀ ਪੈਦਾ ਹੋਈ ਤਾਂ ਗੁਪਤਾ ਜੀ ਝੱਟ ਆਪਣੀ ਪਤਨੀ ਨੂੰ ਨਾਲ ਲੈ ਕੇ ਕਲਸੀ ਹੁਰਾਂ ਦੇ ਜਾ ਵੱਜੇ। ‘‘ਵਧਾਈਆਂ ਕਲਸੀ ਸਾਹਬ, ਲੱਛਮੀ ਆਈ ਐ। ਪਰਮਾਤਮਾ ਇਸ ਨੂੰ ਭਾਗ ਲਾਵੇ। ਧੀਆਂ ਤਾਂ ਲੱਛਮੀਆਂ ਹੀ ਹੁੰਦੀਆਂ ਨੇ। ਮਾਪਿਆਂ ਦਾ ਮਰਦੇ ਦਮ ਤਕ ਭਲਾ ਚਾਹੁੰਦੀਆਂ ਨੇ। ਰੱਬ ਚੰਗੀ ਕਿਸਮਤ ਦੇਵੇ ਕੰਨਿਆ ਨੂੰ।’’
ਤੇ ਕੰਨਿਆ ਨੂੰ ਪੰਜ ਸੌ ਦਾ ਸ਼ਗਨ ਦੇ ਕੇ ਆਏ। ਹਾਲਾਂਕਿ ਕਲਸੀ ਸਾਹਿਬ ਨੇ ਘੁੱਟੇ-ਵੱਟੇ ਮੂੰਹ ਨਾਲ ਵਧਾਈਆਂ ਕਬੂਲੀਆਂ। ਉਹ ਤਾਂ ਚਾਹੁੰਦੇ ਸਨ ਕਿ ਪਹਿਲਾ ਮੁੰਡਾ ਹੋ ਜਾਂਦਾ ਤਾਂ ਸੌਖ ਰਹਿੰਦੀ। ਪਰ ਗੁਪਤਾ ਜੀ ਤਾਂ ਵਧਾਈਆਂ ਦਿੰਦੇ, ਬਾਗ਼ੋ-ਬਾਗ ਸਨ। ਮੁਹੱਲੇ ਵਾਲੇ ਤਾਂ ਹਾਲੇ ਸੋਚ ਹੀ ਰਹੇ ਸਨ ਕਿ ਕਲਸੀ ਸਾਹਿਬ ਨੂੰ ਵਧਾਈਆਂ ਦੇਈਏ ਜਾਂ ਅਫ਼ਸੋਸ ਪ੍ਰਗਟ ਕਰੀਏ, ਗੁਪਤਾ ਜੀ ਪਹਿਲ ਕਰ ਹੀ ਗਏ ਸਨ।
ਉਨ੍ਹਾਂ ਖ਼ੁਸ਼ੀ ਖ਼ੁਸ਼ੀ ਮਕਾਨ ਬਣਾਇਆ। ਹਰ ਕੰਮ ਰੀਝ ਨਾਲ ਕੀਤਾ। ਮਕਾਨ ਬਣਦੇ ਬਣਦੇ ਹੀ। ਉਨ੍ਹਾਂ ਦਾ ਸਹਿਚਾਰ ਪੂਰੇ ਮੁਹੱਲੇ ਨਾਲ ਹੋ ਗਿਆ ਸੀ। ਮਹੂਰਤ ’ਤੇ ਸਾਰਾ ਮੁਹੱਲਾ ਹੀ ਵਧਾਈਆਂ ਦੇ ਕੇ ਗਿਆ। ਹਰੇਕ ਨੇ ਕੁਝ ਇਸ ਤਰ੍ਹਾਂ ਹੀ ਆਖਿਆ: ‘‘ਵਧਾਈਆਂ ਗੁਪਤਾ ਜੀ, ਬਹੁਤ ਬਹੁਤ ਵਧਾਈਆਂ। ਮਕਾਨ ਸੁਹੰਢਣਾ ਹੋਵੇ। ਭਾਗਾਂ ਵਾਲਾ ਹੋਵੇ। ਹਮੇਸ਼ਾਂ ਸੁਖੀ ਵਸੋ। ਬਹੁਤ ਬਹੁਤ ਵਧਾਈਆਂ।’’
ਗੁਪਤਾ ਜੀ ਹੱਥ ਜੋੜ ਕੇ ਆਖਦੇ ਰਹੇ: ‘‘ਸਾਡਾ ਤਾਂ ਜੀ ਇੱਥੇ ਆ ਕੇ ਜੀਵਨ ਸਫਲ ਹੋ ਗਿਆ। ਇਹੋ ਜਿਹਾ ਚੰਗਾ ਮੁਹੱਲਾ ਹੋਵੇ ਤਾਂ ਕੁਸ਼ਗਨੀ ਤਾਂ ਇੱਥੇ ਪੈਰ ਨਹੀਂ ਪਾ ਸਕਦੀ। ਤੁਹਾਡੇ ਆਸਰੇ ਸੁਹਣੀ ਜ਼ਿੰਦਗੀ ਲੰਘ ਜੂ। ਅਸੀਂ ਤਾਂ ਨੌਕਰੀਆਂ ਵਾਲੇ ਲੋਕ ਆਂ। ਮਕਾਨ ਤਾਂ ਥੋਡੇ ਆਸਰੇ ਈ ਰਹਿਣਾ। ਅਸੀਂ ਤਾਂ ਰਾਤ ਕੱਟਣ ਈ ਆਇਆ ਕਰਨਾ ਇੱਥੇ। ਥੋਡੀ ਹੀ ਛੱਤਰ-ਛਾਇਆ ਰਹਿਣੀ ਐ।’’
ਦੋਵੇਂ ਜੀਅ ਤੇ ਦੋ ਉਨ੍ਹਾਂ ਦੇ ਮੁੰਡੇ ਸਵੇਰੇ ਹੀ ਘਰੋਂ ਨਿਕਲ ਜਾਂਦੇ। ਦੋਵੇਂ ਜੀਅ ਨੌਕਰੀਆਂ ’ਤੇ ਤੇ ਮੁੰਡੇ ਕਾਲਜਾਂ ’ਚ ਪੜ੍ਹਨ ਚਲੇ ਜਾਂਦੇ। ਸ਼ਾਮੀਂ ਆਉਂਦੇ ਤਾਂ ਆਲੇ-ਦੁਆਲੇ ਦੇ ਘਰਾਂ ਵਾਲਿਆਂ ਦੇ ਜੁਆਕਾਂ ਨਾਲ ਖੇਡਦੇ ਰਹਿੰਦੇ। ਕਿਸੇ ਨੂੰ ਭੁਕਾਨਾ ਲੈ ਦਿੰਦੇ, ਕਿਸੇ ਨੂੰ ਕੁਲਫ਼ੀ, ਕਿਸੇ ਨੂੰ ਟਾਫੀਆਂ ਲੈ ਦਿੰਦੇ ਤੇ ਕਿਸੇ ਨੂੰ ਬਾਜਾ। ਨਿਆਣਿਆਂ ਨੂੰ ਬਹੁਤ ਮੋਹ ਕਰਦੇ। ਨਿਆਣੇ ਵੀ ਅੰਕਲ ਆਂਟੀ ਕਰਦੇ ਕਰਦੇ ਉਨ੍ਹਾਂ ਦੇ ਪਿੱਛੇ ਲੱਗੇ ਰਹਿੰਦੇ। ਉਨ੍ਹਾਂ ਨੂੰ ਘਰ ਆਇਆਂ ਦੇਖ ਕੇ ਉਨ੍ਹਾਂ ਕੋਲ ਨੱਸੇ ਆਉਂਦੇ। ਗੁਪਤਾ ਜੀ ਆਏ ਨਿਆਣਿਆਂ ਨੂੰ ਦੇਖ ਕੇ ਆਖਦੇ: ‘‘ਜੁਆਕ ਤਾਂ ਜੀ ਪਿਆਰ ਦੇ ਭੁੱਖੇ ਹੁੰਦੇ ਐ। ਜਿੱਥੋਂ ਪਿਆਰ ਮਿਲੇ ਭੱਜੇ ਆਉਂਦੇ ਐ।’’
ਸੁਣ ਕੇ ਜੁਆਕਾਂ ਦੀਆਂ ਮਾਵਾਂ ਮਿੱਠੇ ਨਿਹੋਰੇ ਜਿਹੇ ਨਾਲ ਆਖਦੀਆਂ: ‘‘ਪਿਆਰ ਦੇ ਨੀਂ, ਲੁਤਰੋ ਦੇ ਭੁੱਖੇ ਹੁੰਦੇ ਜੀ ਇਹ ਭੁੱਖੜ। ਪਿਆਰ ਕਰਕੇ ਨ੍ਹੀਂ, ਟਾਫ਼ੀਆਂ, ਬੁਲਬੁਲਿਆਂ, ਕੁਲਫ਼ੀਆਂ ਕਰਕੇ ਆਉਂਦੇ ਨੇ ਇਹ ਸਾਰੇ।’’
‘‘ਨਹੀਂ, ਭਾਈ, ਨਹੀਂ… ਏਦਾਂ ਨ੍ਹੀਂ ਹੈ। ਲੱਫੜ ਖਾ ਕੇ ਕੁਲਫ਼ੀ ਥੋੜ੍ਹੇ ਲੈ ਲੈਣਗੇ ਇਹ। ਇਹ ਤਾਂ ਰੱਬ ਦਾ ਰੂਪ ਹੁੰਦੇ ਨੇ। ਰੱਬ ਦਾ ਵਾਸ ਹੁੰਦਾ ਇਨ੍ਹਾਂ ਜੁਆਕਾਂ ’ਚ।’’
ਗੁਪਤਾ ਜੀ ਕੋਲ ਜੁਆਕਾਂ ਦੀ ਭੀੜ ਵੀ ਹਰ ਵੇਲੇ ਲੱਗੀ ਰਹਿੰਦੀ। ਇਕ ਦਿਨ ਅੱਧੀ ਰਾਤੀਂ ਗੋਇਲ ਹੁਰਾਂ ਦੀ ਛਾਤੀ ’ਚ ਅਚਾਨਕ ਤਿੱਖਾ ਦਰਦ ਹੋਇਆ। ਅਸਹਿ ਦਰਦ। ਅੱਧੀ ਰਾਤੀਂ ਕਿਸ ਨੂੰ ਆਵਾਜ਼ਾਂ ਮਾਰਨ? ਸਵੇਰ ਤਕ ਪਏ ਮੇਲ੍ਹਦੇ ਰਹੇ। ਤੜਪਦੇ ਰਹੇ। ਸਵੇਰ ਹੁੰਦਿਆਂ ਹੀ ਉਨ੍ਹਾਂ ਗੁਪਤਾ ਜੀ ਨੂੰ ਫੋਨ ਕੀਤਾ। ਉਨ੍ਹਾਂ ਕੋਲ ਕਾਰ ਹੈਗੀ ਸੀ। ਕਾਰਾਂ ਤਾਂ ਮੁਹੱਲੇ ’ਚ ਹੋਰਾਂ ਕੋਲ ਵੀ ਹੈ ਸਨ। ਕਲਸੀ ਹੁਰਾਂ ਕੋਲ ਸੀ, ਠਾਕੁਰਾਂ ਦੇ ਦੋ ਕਾਰਾਂ ਖੜ੍ਹੀਆਂ ਸੀ, ਸਾਰੇ ਚਾਲੀ-ਚਾਲੀ ਸਾਲਾਂ ਤੋਂ ਇੱਥੇ ਹੀ ਰਹਿ ਰਹੇ ਸੀ। ਪਰ ਗੋਇਲ ਨੂੰ ਗੁਪਤਾ ’ਤੇ ਹੀ ਭਰੋਸਾ ਸੀ। ਜਿਵੇਂ ਗੁਪਤਾ ਜੀ ’ਤੇ ਆਪਣਾ ਅਧਿਕਾਰ ਹੀ ਸਮਝਦਾ ਹੋਵੇ।
‘‘ਗੁਪਤਾ ਜੀ, ਮੇਰੀ ਛਾਤੀ ’ਚ ਅੰਤਾਂ ਦੀ ਦਰਦ ਹੋ ਰਹੀ ਹੈ। ਜ਼ਰਾ ਡਾਕਟਰ ਦੇ ਚੱਲੋਗੇ?’’
‘‘ਲਓ ਇਹ ਵੀ ਕੋਈ ਗੱਲ ਐ। ਮੈਂ ਆਇਆ। ਕਾਰ ਕੱਢਦਾਂ ਬਾਹਰ।’’ ਆਖ ਗੁਪਤਾ ਜੀ ਝੱਟ ਕਾਰ ਕੱਢ ਲਿਆਏ ਸਗੋਂ ੳਨ੍ਹਾਂ ਗੋਇਲ ਹੁਰਾਂ ਨਾਲ ਗਿਲਾ ਕਰਦਿਆਂ ਆਖਿਆ ਵੀ: ‘‘ਤੁਸੀਂ ਰਾਤੀਂ ਹੀ ਮੈਨੂੰ ਫ਼ੋਨ ਕਰਦੇ। ਇਹੋ ਜਿਹੇ ਕੰਮਾਂ ’ਚ ਅਲਗਰਜ਼ੀ ਠੀਕ ਨ੍ਹੀਂ ਹੁੰਦੀ ਗੋਇਲ ਜੀ। ਜ਼ਿੰਦਗੀ ਦਾ ਕੀ ਭਰੋਸਾ? ਆਪਾਂ ਰਾਤੀਂ ਹੀ ਚੱਲ ਪੈਂਦੇ ਡਾਕਟਰ ਕੋਲ।’’
‘‘ਬੱਸ ਜੀ, ਬੱਸ ਜੀ, ਐਵੇਂ ਸੋਚਿਆ ਬਈ ਰਾਤ ਨੂੰ ਕਾਹਨੂੰ ਤਕਲੀਫ਼ ਦੇਣੀ ਐਂ।’’ ਗੋਇਲ ਨੇ ਮੁਆਫ਼ੀ ਮੰਗਣ ਦੇ ਲਹਿਜੇ ’ਚ ਆਖਿਆ।
‘‘ਆਪਣਿਆਂ ਨੂੰ ਤਕਲੀਫ਼ ਕਾਹਦੀ? ਹੈਂ ਜੀ?’’
ਤੇ ਉਹ ਓਨੀ ਦੇਰ ਹਸਪਤਾਲ ’ਚ ਰਹੇ ਜਿੰਨੀ ਦੇਰ ਡਾਕਟਰ ਨੇ ਗੋਇਲ ਨੂੰ ਖ਼ਤਰੇ ਤੋਂ ਬਾਹਰ ਦੱਸ ਕੇ ਡਿਸਚਾਰਜ ਨਾ ਕਰ ਦਿੱਤਾ। ਬਾਅਦ ਵਿਚ ਗੋਇਲ ਨੇ ਕਈ ਵਾਰ ਇਹ ਗੱਲ ਕਈਆਂ ਕੋਲ ਚਿਤਾਰੀ: ‘‘ਗੁਪਤਾ ਜੀ ਡਾਕਟਰ ਕੋਲ ਨਾ ਲਿਜਾਂਦੇ ਤਾਂ ਸਮਝੋ ਬੱਸ ਭੁਗਤ ਈ ਜਾਣਾ ਸੀ। ਬੋਲੋ ਰਾਮ ਹੋ ਜਾਣੀ ਸੀ ਸਾਡੇ ਵਾਲੀ ਤਾਂ। ਵਿਚਾਰਿਆਂ ਨੇ ਲਿਜਾਣ ਲੱਗਿਆਂ ਬਿੰਦ ਨ੍ਹੀਂ ਲਾਇਆ।’’
ਗੁਪਤਾ ਜੀ ਤਾਂ ਇਹੋ ਆਖਦੇ ਰਹੇ: ‘‘ਕੁਝ ਨ੍ਹੀਂ ਕੀਤਾ ਅਸੀਂ ਤਾਂ ਜੀ। ਇਹ ਤਾਂ ਕੋਈ ਕੰਮ ਈ ਨਹੀਂ ਸੀ। ਐਵੇਂ ਦਸ ਮਿੰਟ ਦਾ ਗੇੜਾ ਈ ਸੀ ਡਾਕਟਰ ਦਾ।’’
ਅਰੋੜਾ ਮਾਸਟਰ ਲੁਧਿਆਣੇ ਡੀ.ਐੱਮ.ਸੀ. ’ਚ ਦਾਖ਼ਲ ਸੀ। ਇਕਦਮ ਸੀਰੀਅਸ ਹੋ ਗਿਆ। ਲੁਧਿਆਣੇ ਲੈ ਜਾਣਾ ਪੈ ਗਿਆ। ਉੱਥੋਂ ਉਸ ਦੇ ਸਵਰਗਵਾਸ ਹੋਣ ਦੀ ਖ਼ਬਰ ਆ ਗਈ। ਲਾਸ਼ ਨੂੰ ਰਾਤੀਂ ਨੌਂ ਦਸ ਵਜੇ ਲੈ ਕੇ ਵਾਪਸ ਆਉਣਾ ਸੀ। ਪੁੱਤ ਨਾਲ ਗਿਆ ਸੀ, ਬੁੜ੍ਹੀਆਂ ਘਰ ਹੀ ਸਨ।
ਗੁਪਤਾ ਜੀ ਨੂੰ ਪਤਾ ਲੱਗਿਆ ਤਾਂ ਝੱਟ ਅਫ਼ਸੋਸ ਕਰਨ ਉਨ੍ਹਾਂ ਦੇ ਘਰ ਗਏ। ਦੁੱਖ-ਦਰਦ ਸਾਂਝਾ ਕੀਤਾ। ਮਾਸਟਰ ਜੀ ਬਾਰੇ ਬਹੁਤ ਗੱਲਾਂ ਕੀਤੀਆਂ। ਫੇਰ ਝੱਟ ਬਾਹਰ ਆ ਗਏ। ਆਪਣੇ ਦੋਵੇਂ ਪੁੱਤਾਂ ਨੂੰ ਨਾਲ ਲੈ ਕੇ ਢਾਬੇ ਤੋਂ ਤੀਹ-ਪੈਂਤੀ ਬੰਦਿਆਂ ਦਾ ਖਾਣਾ ਪੈਕ ਕਰਵਾ ਲਿਆਏ। ਲਾਸ਼ ਪੁੱਜਣ ਤੀਕ ਮਾਸਟਰ ਜੀ ਦੇ ਘਰ ਖਾਣਾ ਵੀ ਪਹੁੰਚ ਚੁੱਕਿਆ ਸੀ।
‘‘ਮੈਂ ਸੋਚਿਆ ਸਵੇਰ ਦੇ ਹਸਪਤਾਲ ਗਏ ਹੋਏ ਐ। ਭੁੱਖੇ ਭਾਣੇ ਹੋਣੇ ਐ। ਖਾਣਾ ਤਾਂ ਹੋਣਾ ਈ ਚਾਹੀਦੈ।’’ ਗੁਪਤਾ ਜੀ ਕਹਿ ਰਹੇ ਸਨ।
ਇਹ ਗੱਲ ਚਾਲੀ-ਚਾਲੀ ਸਾਲ ਇਕੱਠੇ ਰਹਿਣ ਵਾਲੇ ਮੁਹੱਲਾ ਵਾਸੀਆਂ ਦੇ ਦਿਮਾਗ਼ ’ਚ ਨਹੀਂ ਸੀ ਆਈ ਜੋ ਗੁਪਤਾ ਜੀ ਨੇ ਸੋਚ ਲਿਆ ਸੀ।
‘‘ਮਰਨ ਜੰਮਣ ਤਾਂ ਚੱਲਦਾ ਈ ਰਹਿੰਦੈ। ਖਾਣਾ ਖਾਣਾ ਥੋੜ੍ਹੋ ਛੱਡ ਹੁੰਦੈ। ਇਹਦੀ ਤਾਂ ਲੋੜ ਰਹਿੰਦੀ ਈ ਰਹਿੰਦੀ ਐ। ਮੌਤੋਂ ਭੁੱਖ ਬੁਰੀ।’’ ਗੁਪਤਾ ਜੀ ਆਖ ਰਹੇ ਸਨ। ਸਾਰਿਆਂ ਨੂੰ ਖਾਣਾ ਖੁਆਇਆ ਤੇ ਸਾਰੀ ਰਾਤ ਮੱਯਤ ’ਤੇ ਵੀ ਬੈਠੇ ਰਹੇ। ਪਰਿਵਾਰ ਨੂੰ ਤਸੱਲੀਆਂ ਦਿੰਦੇ ਰਹੇ। ਮਾਸਟਰ ਦਾ ਮੁੰਡਾ ਤਾਂ ਸ਼ੁਕਰੀਆ ਕਰਦਾ ਨਹੀਂ ਸੀ ਥੱਕ ਰਿਹਾ।
ਥੋੜ੍ਹੀ ਦੇਰ ਬਾਅਦ ਹੀ ਅਰੋੜਾ ਮਾਸਟਰ ਦੀ ਪੋਤੀ ਦਾ ਵਿਆਹ ਆ ਗਿਆ। ਮੁੰਡੇ ਨੇ ਸਾਰੇ ਮੁਹੱਲੇ ’ਚੋਂ ਸਿਰਫ਼ ਤੇ ਸਿਰਫ਼ ਗੁਪਤਾ ਜੀ ਨੂੰ ਹੀ ਵਿਆਹ ਦਾ ਕਾਰਡ ਦਿੱਤਾ ਸੀ। ਪੁੱਛਣ ’ਤੇ ਕਹਿਣ ਲੱਗਾ: ‘‘ਅਸੀਂ ਜੀ ਵਿਆਹ ’ਤੇ ਬਹੁਤਾ ’ਕੱਠ ਨ੍ਹੀਂ ਕਰਨਾ। ਭਾਪਾ ਜੀ ਦੀ ਮੌਤ ਹੁਣੇ ਹੁਣੇ ਹੋ ਕੇ ਹਟੀ ਐ। ਇਸ ਲਈ ਬੱਸ ਟੱਬਰ ਤੇ ਰਿਸ਼ਤੇਦਾਰ ਹੀ ਸੱਦੇ ਐ।’’
ਕਿਸੇ ਕਿਸੇ ਨੇ ਸੁਣਾ ਵੀ ਦਿੱਤਾ ਸੀ: ‘‘ਤੇ ਇਹ ਗੁਪਤਾ ਜੀ?’’
‘‘ਇਨ੍ਹਾਂ ਦੀ ਗੱਲ ਛੱਡੋ। ਇਹ ਤਾਂ ਰਿਸ਼ਤੇਦਾਰਾਂ ਤੋਂ ਵੀ ਵੱਧ ਨੇ। ਜੋ ਟੈਮ ’ਤੇ ਦੁੱਖ-ਦਰਦ ਸਮਝੇ, ਉਹੋ ਰਿਸ਼ਤੇਦਾਰ ਹੁੰਦਾ। ਗੁਪਤਾ ਜੀ…।’’
ਭਾਵੇਂ ਮੁਹੱਲੇ ਵਾਲਿਆਂ ਨੂੰ ਇਹ ਗੱਲ ਬਹੁਤੀ ਚੰਗੀ ਨਹੀਂ ਸੀ ਲੱਗੀ ਤੇ ਗੁਪਤਾ ਜੀ ਨਾਲ ਥੋੜ੍ਹੀ ਬਹੁਤ ਈਰਖ਼ਾ ਵੀ ਹੋਈ ਸੀ, ਪਰ ਮੁਹੱਲੇ ਵਾਲੇ ਕਰ ਵੀ ਕੀ ਸਕਦੇ ਸਨ। ਜੋ ਗੱਲ ਗੁਪਤਾ ਜੀ ਨੂੰ ਮੌਕੇ ’ਤੇ ਸੁੱਝ ਪੈਂਦੀ ਸੀ, ਉਨ੍ਹਾਂ ਨੂੰ ਕਦੇ ਕਿਉਂ ਨਾ ਸੁੱਝੀ?
ਇਕ ਦਿਨ ਗੋਇਲ ਅਤੇ ਉਨ੍ਹਾਂ ਦੀ ਪਤਨੀ ਸਹਿਵਣ ਹੀ ਆਪਸ ’ਚ ਗੱਲਾਂ ਕਰ ਰਹੇ ਸਨ। ਗੋਇਲ ਨੇ ਆਖਿਆ: ‘‘ਦੇਖ ਲੈ ਅਹਿ ਗੁਪਤੇ ਹੁਰੀਂ ਕੱਲ੍ਹ ਆਏ ਐ ਮੁਹੱਲੇ ’ਚ। ਕਿੱਡੀ ਪੜ੍ਹਤ ਬਣਾ ਲੀ ਐ ਇਨ੍ਹਾਂ ਨੇ। ਹਰ ਕੋਈ ਇਨ੍ਹਾਂ ਨਾਲ ਈ ਵਰਤ ਵਰਤਾ ਕੇ ਰਾਜ਼ੀ ਐ। ਆਪਾਂ ਤਾਂ ਜਿਵੇਂ ਮੁਹੱਲੇ ’ਚ ਹੁਣ ਹਾਂ ਈ ਨਈਂ।’’
ਪਤਨੀ ਬੋਲੀ: ‘‘ਦੇਖੋ ਜੀ, ਅੱਜਕੱਲ੍ਹ ਲੈਣ ਨੂੰ ਦੇਣ ਐ। ਇਸ ਹੱਥ ਦਿਓ, ਉਸ ਹੱਥ ਲਓ। ਅੱਜਕੱਲ੍ਹ ਵਰਤ ਵਿਹਾਰ ਇਹੋ ਤਾਂ ਰਹਿ ਗਿਐ।’’
ਸੁਣ ਕੇ ਗੋਇਲ ਆਖਣ ਲੱਗਾ: ‘‘ਪਰ ਇਹ ਤਾਂ ਲੈਂਦੇ ਵੀ ਕੁਝ ਨ੍ਹੀਂ। ਦਿੰਦੇ ਈ ਦਿੰਦੇ ਐ। ਹਰ ਇਕ ਦੇ ਕੰਮ ਆਉਂਦੇ ਐ। ਦੁੱਖ ਤਕਲੀਫ਼ ’ਚ ਨਾਲ ਖੜੋਂਦੇ ਐ। ਮਦਦ ਕਰਦੇ ਐ। ਆਪਾਂ ਕਦੇ ਕੀਤਾ ਕੁਝ ਇਨ੍ਹਾਂ ਲਈ!’’
ਪਤਨੀ ਆਖਣ ਲੱਗੀ: ‘‘ਕਈ ਲੋਕ ਹਾਲੇ ਵੀ ਇਸ ਜ਼ਮਾਨੇ ਵਿਚ ਵੀ ਬਹੁਤ ਚੰਗੇ ਨੇ। ਗੁਪਤਾ ਸਾਹਬ ਦੀ ਊਂ ਰੀਸ ਨੀਂ। ਲੱਖਾਂ ’ਚੋਂ ਇਕ ਨੇ। ਬਹੁਤ ਖੁੱਲ੍ਹ ਦਿਲੇ, ਸਖੀ ਬੰਦੇ।’’
‘‘ਊਂ ਨੀਤ ਬਹੁਤ ਕਮਾਲ ਦੀ ਐ। ਰੱਜੇ ਹੋਏ ਬੰਦੇ ਨੇ। ਵਧੀਆ ਸ਼ਖ਼ਸ… ਟੱਬਰ ਵੀ ਇਨ੍ਹਾਂ ਵਰਗਾ ਈ ਐ। ਮੁੰਡਿਆਂ ਨੂੰ ਦੇਖ ਲੋ, ਪਤਨੀ ਨੂੰ… ਕੀ ਰੀਸਾਂ ਇਨ੍ਹਾਂ ਦੀਆਂ। ਇਹੋ ਜਿਹੇ ਗੁਆਂਢੀ ਹੋਣ ਤਾਂ ਰਿਸ਼ਤੇਦਾਰਾਂ ਦੀ ਲੋੜ ਈ ਨ੍ਹੀਂ ਰਹਿੰਦੀ।’’ ਗੋਇਲ ਨੇ ਆਖਿਆ।
ਗੋਇਲ ਹੁਰਾਂ ਦੇ ਘਰ ਝਾੜੂ-ਪੋਚਾ ਲਗਾਉਣ ਵਾਲੀ ਕੁੜੀ ਉਨ੍ਹਾਂ ਦੀਆਂ ਗੱਲਾਂ ਕਾਫ਼ੀ ਦੇਰ ਤੋਂ ਸੁਣ ਰਹੀ ਸੀ। ਸੁਣ ਕੇ ਝੱਟ ਕਹਿਣ ਲੱਗੀ: ‘‘ਅੰਕਲ, ਮੈਂ ਸੁਣਿਆਂ ਇਹ ਪਿੰਡੋਂ ਆਏ ਵੇ ਐ। ਪੇਂਡੂ ਬੰਦੇ ਨੇ।’’
‘‘ਪਿੰਡ ਸ਼ਹਿਰ ਦਾ ਕੀ ਫ਼ਰਕ ਐ, ਕੁੜੀਏ?’’ ਗੋਇਲ ਬੋਲਿਆ।
‘‘ਫ਼ਰਕ ਤਾਂ ਹੈਗਾ ਈ ਐ ਅੰਕਲ। ਫਰਕ ਤਾਂ ਦੀਂਹਦਾ ਈ ਐ, ਅੰਕਲ,’’ ਆਖ ਕੁੜੀ ਮੁੜ ਫਰਸ਼ ’ਤੇ ਪੋਚਾ ਮਾਰਨ ਲੱਗ ਪਈ।
ਗੋਇਲ ਤੇ ਉਸ ਦੀ ਪਤਨੀ ਸੋਚ ਰਹੇ ਸਨ ਕਿ ਇਹ ਕੀ ਫ਼ਰਕ ਹੋਇਆ। ਜਿਹੜੀ ਗੱਲ ਦੀ ਪੋਚਾ ਲਾਉਣ ਵਾਲੀ ਕੁੜੀ ਨੂੰ ਸਮਝ ਐ, ਉਨ੍ਹਾਂ ਨੂੰ ਕਿਉਂ ਨ੍ਹੀਂ ਭਲਾਂ?
ਦੋਵੇਂ ਪਤੀ ਪਤਨੀ ਹੈਰਾਨ ਪ੍ਰੇਸ਼ਾਨ ਹੋਏ ਇਕ ਦੂਜੇ ਵੱਲ ਮੁਤਰ ਮੁਤਰ ਝਾਕ ਰਹੇ ਸਨ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ