Khune Hoye Til (Punjabi Story) Chandan Negi

ਖੁਣੇ ਹੋਏ ਤਿਲ (ਕਹਾਣੀ) : ਚੰਦਨ ਨੇਗੀ

ਕਲੰਡਰ ਦਾ ਨਵਾਂ ਮਹੀਨਾ ਬਦਲਿਆ ਤਾਂ ਮੇਰੀ ਨਜ਼ਰ ਅਪਲਕ ਹੀ ਅਕਤੂਬਰ ਮਹੀਨੇ ਦੀ ਪੇਟਿੰਗ ’ਤੇ ਟਿਕ ਗਈ। ਪੰਜਾ ਸਾਹਿਬ ਹਸਨ ਅਬਦਾਲ ਦਾ ਸਟੇਸ਼ਨ, ਰੇਲਵੇ ਲਾਈਨ ’ਤੇ ਗੱਡੀ ਦੇ ਭਾਰੀ-ਭਰਕਮ ਪਹੀਆਂ ਹੇਠਾਂ ਦਰੜੇ ਹੋਏ ਸਿੱਖ। ਗੁਰੂ ਕੇ ਬਾਗ਼ ਦੇ ਮੋਰਚੇ ਲਈ ਸੰਘਰਸ਼ ਕਰਦੇ ਅਕਾਲੀ ਕੈਦੀਆਂ ਦੀ ਭਰੀ ਗੱਡੀ ਜਿਨ੍ਹਾਂ ਨੂੰ ਅਟਕ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ। ਨਾਅਰੇ ਲਗਾਉਂਦੀਆਂ ਹਵਾ ਵਿੱਚ ਲਹਿਰਾਉਂਦੀਆਂ ਬਾਹਵਾਂ। ਅਕਾਲੀ ਮੋਰਚੇ ਦੇ ਸਿੱਖ ਦੀਵਾਨਿਆਂ ਨੂੰ ਲੰਗਰ ਛਕਾਉਣ ਲਈ ਗੱਡੀ ਹਸਨ ਅਬਦਾਲ ਰੋਕਣ ਲਈ ਸੰਗਤਾਂ ਵੱਲੋਂ ਸੰਘਰਸ਼। ਪੁਲੀਸ, ਦੂਰੋਂ ਦਿਸਦਾ ਪੰਜਾ ਸਾਹਿਬ ਗੁਰਦੁਆਰੇ ਦਾ ਗੁੰਬਦ, ਨਿਸ਼ਾਨ ਸਾਹਿਬ ਤੇ ਵਲੀ ਕੰਧਾਰੀ ਦੀ ਪਹਾੜੀ।
ਇਹ ਦ੍ਰਿਸ਼ ਵੇਖਦੇ ਹੀ ਮੇਰੀਆਂ ਅੱਖਾਂ ਭਰ ਆਈਆਂ। ਮਨ ਹੀ ਮਨ ਉਨ੍ਹਾਂ ਸੂਰਮਿਆਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਿਹੜੇ ਗੱਡੀ ਨਾ ਰੁਕਣ ਕਾਰਨ ਗੱਡੀ ਦੀ ਲਾਈਨ ’ਤੇ ਲੇਟ ਕੇ ਸ਼ਹੀਦ ਹੋ ਗਏ ਸਨ। ਦੋ ਚਿਹਰੇ ਮੇਰੀਆਂ ਅੱਖਾਂ ਸਾਹਵੇਂ ਸਾਕਾਰ ਹੋ ਗਏ। ਮੈਂ ਉਸ ਬਾਬਾ ਜੀ ਦਾ ਚਿਹਰਾ ਗੱਡੀ ਦੇ ਇੰਜਣ ਦੇ ਪਹੀਏ ਨਾਲ ਜੁੜੇ ਆਦਮੀ ਦੇ ਚਿਹਰੇ ’ਚੋਂ ਭਾਲਣ ਲੱਗੀ ਜੋ ਪੰਜਾ ਸਾਹਿਬ ਜਾਂਦੇ ਸਮੇਂ ਮੇਰੇ ਨਾਲ ਗੱਡੀ ਵਿੱਚ ਬੈਠੇ ਸਨ।
ਉਦੋਂ ਹਾਲੀਂ ਕੰਡਿਆਲੀ ਤਾਰ ਦੇ ਪਾਰ ਵਸਦੇ ਭਰਾਵਾਂ ਨਾਲ ਮੇਲ-ਮਿਲਾਪ ਸੀ, ਜਥੇ ਗੁਰਧਾਮਾਂ ਦੀ ਯਾਤਰਾ ਲਈ ਜਾਂਦੇ ਸਨ। ਇੱਕ-ਦੂਜੇ ਨੂੰ ਮਿਲਣ ਦੀ ਸਿੱਕ ਸੀ। ਇੱਕੋ ਧਰਤੀ ਮਾਂ ਦੀਆਂ ਆਂਦਰਾਂ, ਇੱਕੋ ਘਰ ਵਿੱਚ ਵਸਦੇ, ਇੱਕੋ ਬੋਲੀ ਦੇ ਸਪੂਤ। ਸਾਂਝਾ ਮੁਹੱਲਾ, ਸਾਂਝੇ ਵਿਹੜੇ, ਸਾਂਝੇ ਰੁੱਖ, ਸਾਂਝੇ ਪਹਾੜ ਤੇ ਸਾਂਝੇ ਪੰਜ ਆਬ। ਤੇ ਜੇ ਦੋਹੇਂ ਭਰਾ ਲੱਕੜੀਆਂ ਦਾ ਇਕੱਠਾ-ਮੁੱਠਾ ਨਾ ਟੁੱਟਣ ਵਾਲੀ ਲੋਕ ਗਾਥਾ ਮੰਨਦੇ ਤਾਂ ਵਿਹੜੇ ਵਿੱਚ ਥੋਹਰ ਦੀ ਵਾੜ ਨਾ ਉਗਦੀ। ਨਾ ਢਾਈ ਆਬ ਆਰ ਹੁੰਦੇ ਨਾ ਢਾਈ ਆਬ ਪਾਰ, ਪੂਰੇ ਦਾ ਪੂਰਾ ਪੰਜ ਆਬ ਹੋਣਾ ਸੀ। ਨਾ ਕਿਸੀ ਪੋਖਰਨ ਸੁਣਿਆ ਹੁੰਦਾ ਨਾ ਚਾਂਗੀ।
ਉਦੋਂ ਪੰਜਾ ਸਾਹਿਬ ਵਿਸਾਖੀ ਦੇ ਪੁਰਬ ’ਤੇ ਜਾਣ ਲਈ ਨਾ ਬਹੁਤਾ ਭੀੜ-ਭੜੱਕਾ ਹੁੰਦਾ ਸੀ ਨਾ ਦੌੜ-ਭੱਜ। ਅੰਮ੍ਰਿਤਸਰ ਤੋਂ ਬੜੇ ਆਰਾਮ ਨਾਲ ਗੱਡੀ ਵਿੱਚ ਬੈਠੇ ਸਾਂ। ਗੁਰੂਧਾਮ ਦੀ ਯਾਤਰਾ ਤੇ ਸ਼ਰਧਾ, ਬਹੁਤੇ ਲੋਕ ਤਾਂ ਉਹੀ ਸਨ ਜਿਹੜੇ ਵਿਛੜੇ ਸਨ ਆਪਣੇ ਗੁਰਧਾਮਾਂ ਤੋਂ। ਨਾ ਸੀਟਾਂ ਮੱਲਣ ਦੀ ਕਾਹਲ ਸੀ ਨਾ ਇੱਕ ਦੂਜੇ ਤੋਂ ਅੱਗੇ ਵਧਣ ਦੀ ਦੌੜ। ਗੱਡੀ ਵਿੱਚ ਮੇਰੇ ਨਾਲ ਇੱਕ ਬਜ਼ੁਰਗ ਬਾਬਾ ਜੀ ਬੈਠੇ ਸਨ। ਉੱਚਾ ਲੰਮਾ ਕੱਦ, ਚੌੜੀ ਛਾਤੀ, ਭਰਿਆ ਗੁਥਿਆ ਜਿਸਮ, ਸੁਰਖ ਤੇਜਸਵੀ ਚਿਹਰਾ, ਚਮਕੀਲੀਆਂ ਅੱਖਾਂ ਤੇ ਭਰੀ ਹੋਈ ਚਿੱਟੀ ਖਮੂਰ ਦਾਹੜੀ। ਡੱਬੇ ’ਚ ਬੈਠੇ ਯਾਤਰੂ ਆਪਣੀ ਧਾਰਮਿਕ ਅਸਥਾਨਾਂ ਤੋਂ ਵਿਛੜਨ ਤੇ ਦਰਸ਼ਨਾਂ ਲਈ ਤਾਂਘ-ਸਿੱਕ ਦੀਆਂ ਗੱਲਾਂ ਕਰ ਰਹੇ ਸਨ। ਬਾਬਾ ਜੀ ਪਹਿਲਾਂ ਤਾਂ ਸੁਣਦੇ ਰਹੇ ਤੇ ਫਿਰ ਕਹਿਣ ਲੱਗੇ, ‘‘ਪੰਜਾ ਸਾਹਿਬ ਗੁਰਦੁਆਰੇ ਤੋਂ ਵੱਧ ਮੈਂ ਤਾਂ ਹਸਨ ਅਬਦਾਲ ਸਟੇਸ਼ਨ ਦੀ ਇੱਕ ਵਾਰੀ ਜ਼ਿਆਰਤ ਕਰਨਾ ਚਾਹੁੰਦਾ ਸਾਂ। ਅਕਾਲੀ ਮੋਰਚੇ ਦੇ ਕੈਦੀਆਂ ਵਾਲੀ ਗੱਡੀ ਨੂੰ ਰੋਕਣ ਲਈ ਮੈਂ ਵੀ ਗੱਡੀ ਦੀ ਪਟੜੀ ’ਤੇ ਲੇਟਿਆ ਸਾਂ। ਸਾਰਾ ਨਜ਼ਾਰਾ ਮੈਂ ਆਪ ਵੇਖਿਆ ਸੀ, ਕਿਤਨਾ ਜੋਸ਼ ਸੀ ਉਸ ਵੇਲੇ ਸੰਗਤ ਵਿੱਚ। ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ, ਗੱਡੀ ਰੁਕੀ ਸੀ। ਲੰਗਰ ਛਕਾਇਆ ਗਿਆ ਸੀ। ਪਰ ਮੇਰੇ ਨਸੀਬ ਵੇਖੋ ਗੱਡੀ ਦਾ ਇੰਜਣ ਮੇਰੇ ਸਿਰ ਕੋਲ ਆ ਕੇ ਰੁਕਿਆ ਸੀ। ਇੰਜਣ ਦੇ ਅਗਲੇ ਪਿੰਜਰੇ ਨਾਲ ਸਾਰੀ ਬਾਂਹ ਤਰੁੰਭੀ ਗਈ ਸੀ।’’
ਉਨ੍ਹਾਂ ਚਿੱਟੇ ਕੁੜਤੇ ਦੀ ਬਾਂਹ ਚੁੱਕ ਕੇ ਵਿਖਾਈ, ਅਰਕ ਤੋਂ ਉੱਤੇ ਬਾਂਹ ਦਾ ਖੱਡਾ ਹੀ ਸੀ। ਫੇਰ ਉਹ ਇੱਕ ਹਉਕਾ ਭਰ ਕੇ ਕਹਿਣ ਲੱਗੇ, ‘‘ਮੈਂ ਬਦਨਸੀਬ ਸ਼ਹੀਦੀ ਨਾ ਪਾ ਸਕਿਆ। ਉਹ ਅੰਗਰੇਜ਼ੀ ਸਰਕਾਰ ਵਿਰੁੱਧ ਗੁਰਦੁਆਰਿਆਂ ਦੇ ਸੁਧਾਰ ਤੇ ਚਾਬੀਆਂ ਦੇ ਕਬਜ਼ੇ ਲਈ ਸੰਘਰਸ਼ ਤੇ ਇਨਕਲਾਬ ਦੀ ਪਹਿਲੀ ਜਿੱਤ ਸੀ।’’ ਕਹਿੰਦੇ ਹੋਏ ਉਨ੍ਹਾਂ ਇੱਕ ਹੋਰ ਲੰਮਾ ਸਾਹ ਲਿਆ।
‘ਵਲੀ ਕੰਧਾਰੀ’ ਪਹਾੜੀ ਪੇਂਟਿੰਗ ਵਿੱਚ ਤਾਂ ਬੜੀ ਦੂਰ ਦਿਸੀ ਪਰ ਵਲੀ ਕੰਧਾਰੀ ਚੜ੍ਹਦਾ ਇੱਕ ਹੋਰ ਚਿਹਰਾ ਸਾਕਾਰ ਹੋਇਆ। ਪਠਾਣੀ ਭੂਆ ਦਾ ਚਿਹਰਾ। ਮੈਂ ਘੁੰਮਣ ਘੇਰੀ ਵਿੱਚ ਫਸੀ ਸੋਚਦੀ ਰਹੀ ਜ਼ਿੰਦਗੀ ਦੇ ਰਾਹ ’ਤੇ ਇੱਕ ਵਾਰੀ ਮਿਲੇ ਲੋਕ… ਫੇਰ ਖੌਰੇ! ਕਿਹੜੀਆਂ ਪਗਡੰਡੀਆਂ? ਕਿਹੜੇ ਰਾਹ ਕੱਛਦੇ ਕਦੋਂ? ਕਿਵੇਂ? ਕਿੱਥੇ ਮਿਲ ਜਾਂਦੇ ਨੇ?
ਹਸਨ ਅਬਦਾਲ ਸਟੇਸ਼ਨ ’ਤੇ ਟਾਂਗੇ ਯਾਤਰੂਆਂ ਨੂੰ ਪੰਜਾ ਸਾਹਿਬ ਗੁਰਦੁਆਰਿਆਂ ਤੀਕ ਪਹੁੰਚਾਉਣ ਲਈ ਕਈ-ਕਈ ਫੇਰੇ ਮਾਰਦੇ। ਕਿਸੇ ਨੇ ਪੈਸਾ-ਧੇਲਾ ਨਾ ਲਿਆ। ‘‘ਸੇਵਾ ਦਾ ਮੌਕਾ ਦਿਉ ਭਰਾਓ, ਮੋਤੀਆਂ ਵਾਲਿਓ… ਤੁਹਾਨੂੰ ਵੇਖਣ ਲਈ ਤਰਸ ਗਏ ਆਂ…।’’
ਗੁਰਦੁਆਰੇ ਮੱਥਾ ਟੇਕ, ਇਸ਼ਨਾਨ ਕਰ ਅਸੀਂ ਵਲੀ ਕੰਧਾਰੀ ਪਹਾੜੀ ਚੜ੍ਹੇ ਸਾਂ। ਵਲੀ ਕੰਧਾਰੀ ਪਹਾੜੀ ਦੀ ਉਚਾਈ ਤੋਂ ਦਿਸਦਾ ਹਸਨ ਅਬਦਾਲ ਚੁਤਰਫੀਂ ਬਾਗ਼ ਹਰਿਆਲੀ, ਨਿਰਮਲ ਜਲ ਦੇ ਵਗਦੇ ਕੱਠੇ-ਖਾਲਾਂ ਬਹੁਤ ਸਾਲਾਂ ਬਾਅਦ ਵੇਖ ਬੜਾ ਚੰਗਾ ਲੱਗਿਆ ਸੀ। ਦੋ ਦਿਨ ਸੰਗਤ, ਲੰਗਰ, ਕਥਾ ਕੀਰਤਨ, ਅਖੰਡ ਪਾਠ ਸਾਹਿਬ ਦਾ ਭੋਗ, ਓਦਰੇ ਹੋਏ ਮਿੱਤਰਾਂ ਦਾ ਮੇਲ। ਪਿਸ਼ਾਵਰ, ਰਾਵਲਪਿੰਡੀ, ਲਾਹੌਰ, ਜਿਹਲਮ ਤੋਂ ਦੋਸਤਾਂ ਦਾ ਆਉਣਾ, ਮਿਲਣਾ-ਰੋਣਾ, ਵਿਛੜਨਾ-ਰੋਣਾ। ‘‘ਫੇਰ ਮੇਲਾ ਨਸੀਬਾਂ ਨਾਲ।’’
ਹੁਣ ਵਾਪਸ ਪਰਤਣ ਦੀ ਤਿਆਰੀ ਸੀ। ਮੇਰਾ ਮਨ ਬਹੁਤ ਉਦਾਸ ਹੋ ਗਿਆ ਸੀ। ਸੋਚਿਆ ਅਸੀਂ ਹਾਲੀ ਵੀ ਕਿਉਂ ਨਹੀਂ ਟੁੱਟ ਸਕਦੇ ਉਸ ਧਰਤੀ ਮਾਂ ਤੋਂ ਜਿਸ ਦੀ ਗੋਦ ਹੁਣ ਸਾਡੀ ਨਹੀਂ। ਮਨੁੱਖ ਦੀਆਂ ਜੜ੍ਹਾਂ ਧਰਤੀ ਅੰਦਰ, ਕਿਤਨੀਆਂ ਫੈਲ ਜਾਂਦੀਆਂ ਨੇ? ਸ਼ਾਮ ਨੂੰ ਟੁਰਨਾ ਸੀ। ਮੈਂ ਬਾਜ਼ਾਰ ਵੱਲ ਨਿਕਲ ਆਈ ਸਾਂ। ਕਦਮ ਆਪਣੇ ਆਪ ਵਲੀ ਕੰਧਾਰੀ ਪਹਾੜੀ ਵੱਲ ਵਧ ਪਏ। ਲੋਕ ਆ-ਜਾ ਰਹੇ ਸਨ। ਸਾਹੋ-ਸਾਹ ਹੋਏ, ‘‘ਧੰਨ ਗੁਰੂ ਨਾਨਕ… ਸਤਿਨਾਮ-ਵਾਹਿਗੁਰੂ’’ ਜਪਦੇ। ਸਿੰਧ, ਫਰੰਟੀਅਰ, ਦੀਰ-ਸਵਾਤ, ਤੀਰਾਹ, ਅਫ਼ਗ਼ਾਨਿਸਤਾਨ, ਕੰਧਾਰ, ਗਜ਼ਨੀ ਤੋਂ ਪਹੁੰਚੀ ਹੋਈ ਸੰਗਤ।
ਵਲੀ ਕੰਧਾਰੀ ਦੀ ਟੀਸੀ ’ਤੇ ਚੜ੍ਹਨਾ ਮੈਨੂੰ ਬਚਪਨ ਵਿੱਚ ਵੀ ਬਹੁਤ ਚੰਗਾ ਲੱਗਦਾ ਸੀ। ਸ਼ਾਇਦ ਪਹਾੜੀ ਦੀ ਟੀਸੀ ’ਤੇ ਬਣੇ ਛੋਟੇ ਜਿਹੇ ਤਲਾਅ ਨੂੰ ਸੁਕ-ਮ-ਸੁੱਕਾ ਵੇਖ ਬਾਲ ਮਨ ਵਿੱਚ ਆਪਣੇ ਗੁਰੂ ਨਾਨਕ ਦੇਵ ਜੀ ਪ੍ਰਤੀ ਵਧੇਰੇ ਸ਼ਰਧਾ ਤੇ ਗੁਰੂ ਦੇ ਪੀਰ ਤੋਂ ਵੱਡੇ ਹੋਣ ਦਾ ਮਾਣ ਹੁੰਦਾ ਸੀ ਜਿਸ ਨੇ ਮਰਦਾਨੇ ਦੀ ਪਿਆਸ ਬੁਝਾਉਣ ਲਈ ਕੰਧਾਰ ਤੋਂ ਆਏ ਵਲੀ ਪੀਰ ਦਾ ਹੰਕਾਰ ਤੋੜਿਆ ਤੇ ਸਾਰਾ ਪਾਣੀ ਹੇਠਾਂ ਖਿੱਚ ਲਿਆ ਸੀ।
ਉਦਾਸ ਮਨ ਨਾਲ ਮੈਂ ਹਾਲੀਂ ਵਲੀ ਕੰਧਾਰੀ ਪਹਾੜੀ ਦੀ ਚੜ੍ਹਾਈ ਦੇ ਅੱਧ ਵਿੱਚ ਹੀ ਪਹੁੰਚੀ ਸਾਂ ਕਿ ਇੱਕ ਬਜ਼ੁਰਗ ਔਰਤ ਝੁਕੀ ਹੋਈ ਪਿੱਠ, ਸਮੇਂ ਦਾ ਤਰੁੰਭਿਆ ਚਿਹਰਾ, ਗੋਰਾ ਸੰਧੂਰੀ ਰੰਗ, ਠੋਡੀ ’ਤੇ ਖੁਣੇ ਹੋਏ ਤਿੰਨ ਤਿਲ, ਮੱਥੇ ਤੀਕ ਢਕਿਆ ਸਿਰ, ਲੰਮੀ ਕਮੀਜ਼, ਪੁੱਠੇ ਵਲਾਂ ਵਾਲੀ ਸਲਵਾਰ, ਪੈਰੀਂ ਨੋਕਦਾਰ ਜੁੱਤੀ ਤੇ ਸੋਟੀ ਦੇ ਸਹਾਰੇ ਨਿੱਕੇ-ਨਿੱਕੇ ਕਦਮ ਪੁੱਟਦੀ ਵਲੀ ਕੰਧਾਰੀ ਪਹਾੜੀ ਦੀ ਚੜ੍ਹਾਈ ਚੜ੍ਹ ਰਹੀ ਸੀ। ਸਾਹੋ-ਸਾਹ, ਪਸੀਨੋ-ਪਸੀਨਾ ਹੋਈ ‘‘ਧੰਨ ਨਾਨਕ ਸ਼ਾਹ… ਧੰਨ ਪੀਰ ਕੰਧਾਰੀ’’ ਜਪਦੀ ਥੋੜ੍ਹੇ ਕਦਮਾਂ ਬਾਅਦ ਰੁਕ ਜਾਂਦੀ। ਬਜ਼ੁਰਗ ਔਰਤ ਦੀ ਹਿੰਮਤ ਤੇ ਸ਼ਰਧਾ ਵੇਖ ਮੈਂ ਵੀ ਕਦਮ ਮੱਠੇ ਕੀਤੇ, ‘‘ਮਾਤਾ ਜੀ ਹੱਥ ਫੜ ਲਵਾਂ?’’ ਮੈਂ ਉਸ ਦੇ ਕੋਲ ਖਲੋਅ ਕੇ ਪੁੱਛਿਆ।
‘‘ਨਾ ਪੁੱਤਰ… ਭਲਾ ਹੋਵੀ? ਸਦਕੇ ਜਾਵੀਂ…! ਉਹ ਪੀਰ ਆਪੇ ਹਿੰਮਤ ਦੇਸੀ… ਨਾਨਕ ਸ਼ਾਹ ਆਪੇ ਲੈ ਜਾਸੀ… ਬਲਿਹਾਰ ਆਂ ਉਸ ਤੋਂ… ਇਸ ਜ਼ਮੀਨ ’ਤੇ ਆਪੇ ਲੈ ਆਂਦਾਸ…’’ ਉਸ ਨੇ ਝੁਕ ਕੇ ਪੈਰਾਂ ਦੀ ਧਰਤੀ ਤੋਂ ਉਂਗਲਾਂ ਨਾਲ ਮਿੱਟੀ ਲੈ ਕੇ ਆਪਣੇ ਮੱਥੇ ’ਤੇ ਲਗਾਈ।
ਹਿੰਦਕੋ ਬੋਲਦੀ ਉਹ ਔਰਤ ਮੈਨੂੰ ਬੜੀ ਚੰਗੀ ਲੱਗੀ। ਮੈਂ ਵੀ ਨਿੱਕੇ-ਨਿੱਕੇ ਡਗ ਪੁੱਟਦੀ ਉਸ ਦੇ ਨਾਲ ਚੜ੍ਹਾਈ ਚੜ੍ਹਨ ਲੱਗ ਪਈ ਸਾਂ। ਉਸ ਦੀ ਭਾਰੀ ਆਵਾਜ਼ ਤੇ ਬੋਲੀ ਦੀ ਕੰਨਾਂ ਨੂੰ ਥੋੜ੍ਹੀ ਪਛਾਣ ਲੱਗੀ। ਠੋਡੀ ’ਤੇ ਓਪਰੇ-ਓਪਰੇ ਖੁਣੇ ਹੋਏ ਤਿਲ ਚੇਤਿਆਂ ਦੀ ਪਟਾਰੀ ਵਿੱਚ ਹਲਚਲ ਮਚਾਉਣ ਲੱਗੇ। ਬੜਾ ਸੋਚਿਆ ਕੋਈ ਤਾਣੀ ਨਾ ਫੜੀ ਗਈ। ਮੈਂ ਖੁਣੇ ਹੋਏ ਤਿਲਾਂ ਦੀ ਯਾਦ ਦੇ ਤਾਣੇ-ਪੇਟੇ ਵਿੱਚ ਉਲਝ ਗਈ।
‘‘ਕਿੱਥੋਂ ਆਏ ਹੋ ਮਾਂ ਜੀ…?’’ ਮੈਂ ਵੀ ਉਸੀ ਬਜ਼ੁਰਗ ਵਾਂਗ ਹਿੰਦਕੋ ਬੋਲਣ ਦਾ ਯਤਨ ਕੀਤਾ ਤੇ ਇੱਕ ਕਦਮ ਉਸ ਤੋਂ ਅੱਗੇ ਲੰਘ ਕੇ ਉਸ ਦਾ ਚਿਹਰਾ ਚੰਗੀ ਤਰ੍ਹਾਂ ਨਿਹਾਰਿਆ। ਸੋਚਦੀ ਰਹੀ ਖੁਣੇ ਹੋਏ ਤਿਲ? ਆਵਾਜ਼ ਵੀ ਜਾਣੀ-ਪਛਾਣੀ ਏ…
‘‘ਅੰਬਰਸਰੋਂ… ਗੁਰੂ ਕੀ ਨਗਰੀ ’ਚੋਂ’’ ਧਰਤੀ ਵੱਲ ਵੇਖਦੇ ਹੋਏ ਉਸ ਨੇ ਕਿਹਾ।
ਮੇਰੇ ਚੇਤਿਆਂ ਦੀ ਭੁੱਬਲ ਵਿੱਚ ਇੱਕ ਚਿੰਗਾਰੀ ਚਮਕੀ। ‘‘ਹਾਏ! ਮੈਂ ਮਰ ਗਈ…! ਪਠਾਣੀ ਭੂਆ!’’ ਮੈਂ ਜਿਵੇਂ ਚੀਕੀ। ਮੇਰੀਆਂ ਵਾਝਾਂ ਖਿੜੀਆਂ। ਮੈਂ ਦੋਹੇਂ ਬਾਹਵਾਂ ਉਸ ਦੇ ਦੁਆਲੇ ਵਲ ਕੇ ਉਸ ਦੀ ਛਾਤੀ ਨਾਲ ਚਿੰਬੜ ਗਈ।
‘‘ਵਹੀ… ਸਦਕੇ…! ਕੁਰਬਾਨ!! ਯਾ ਅੱਲਾਹ!! ਰੱਖ ਸਾਂਈ ਦੀ…! ਰੱਖ ਨਾਨਕ ਸ਼ਾਹ ਦੀ…! ਰੱਖ ਪੀਰ ਵਲੀ ਕੰਧਾਰੀ ਦੀ!! ਮੈਂ ਤਾਂ ਤਨੂੰ ਨ੍ਹੀਂ ਸਿਹਾਤਾ ਧੀਏ।’’
‘‘ਮੈਂ ਗੁਲਸ਼ਨ ਆਂ… ਰਵੇਲ ਸਿੰਘ ਤੁਹਾਡੇ ਲਾਹੌਰ ਵਾਲੇ ਭਰਾ ਦੀ ਧੀ…।’’ ਮੈਂ ਉਛਲਦੇ-ਉਛਲਦੇ ਕਿਹਾ।
ਉਸ ਨੇ ਅੱਖਾਂ ’ਤੇ ਹੱਥ ਦਾ ਛੱਪਰ ਬਣਾ ਕੇ ਮੇਰਾ ਚਿਹਰਾ ਘੋਖਿਆ, ‘‘ਯਾ ਅੱਲਾਹ! ਵਾਰੀ ਜਾਵੀਂ… ਸਦਕੇ… ਘੋਲੀ… ਕਿੱਥੇ ਮੇਲ ਮਿਲਾਂਏਸ… ਉਸ ਫਕੀਰ ਨੇ’’ ਤੇ ਦੋਹੇਂ ਮੁੱਠਾਂ ਬੰਦ ਕਰ ਕੇ ਮੇਰੇ ਸਿਰ ਕੋਲੋਂ ਬਲਾ ਲਈ ਤੇ ਮੇਰਾ ਮੂੰਹ, ਮੱਥਾ ਤੇ ਸਿਰ ਚੁੰਮਿਆ।
‘‘ਹੁਣ ਵੀ ਓਹੀ ਘਾਰ ਏ – ਵੱਡੇ ਲੋਹੇ ਵਾਲੇ ਗੇਟ ਦੀ ਗਲੀ ਵਿੱਚ…?
‘‘ਹਾਓ…! ਯਾਦ ਵੀਆ… ਓਹੀ ਆਪਣਾ ਘ੍ਹਾਰ ਏ।’’
‘‘ਲਾਲਾ ਜੀ ਨ੍ਹੀ ਆਏ?’’
‘‘ਨ੍ਹੀਂ ਪੁੱਤਰ…! ਲਾਲਾ ਜੀ ਤਾਂ’’ ਉਸ ਹਉਕਾ ਭਰਿਆ ਤਾਂ ਮੈਂ ਸਮਝ ਕੇ ਗਲ ਬਦਲਾ ਲਈ।
‘‘ਕਿਸ ਨਾਲ ਆਏ ਓ…?’’
‘‘ਸਤਨਾਮ ਦੇ ਤਰਲੇ ਮਿੰਨਤਾਂ ਕੀਤੀਆਂ… ਹਿਕ ਵਾਰੀ ਮਨੂੰ ਲੈ ਚਲ… ਆਪਣੀ ਜ਼ਮੀਨ ਦੀ ਮਿੱਟੀ ਪੈਰਾਂ ਨੂੰ ਲਗਾਵਾਂ… ਆਪਣੇ ਮੁਲਕ ਦੀ ਹਵਾ ’ਚ ਨੇੜੇ ਹੋ ਕੇ ਸਾਹ ਲਵਾਂ…।’’
‘‘ਗੁਲਜ਼ਾਰ ਭੈਣ ਕਿੱਥੇ ਹੋਂਦੀ ਏ…? ਹਰੀ ਓਮ ਕੇ ਕਰਦੈ…?’’
‘‘ਕੁਰਬਾਨ ਜਾਵੀਂ… ਤੈਨੂੰ ਸਾਰੇ ਯਾਦ ਨ… ਨਿਕੜੀ ਜਿਹੀ ਬੱਚੀ ਤਾਂ ਆਈਓ… ਉਦੋਂ…।’’
ਤੇ ਭੂਆ ਮੈਨੂੰ ਸਾਬਤ ਸਬੂਤੀ ਉਂਝ ਹੀ ਯਾਦ ਆਈ ਜਿਵੇਂ ਮੈਂ ਉਸ ਨੂੰ ਪਹਿਲੀ ਵਾਰੀ ਵੇਖਿਆ ਸੀ।
ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਉਹ ਮਿਲੀ ਸੀ ਤਾਂ ਓਦੋਂ… ਜਦੋਂ ਬੇਘਰੇ, ਨਿਥਾਂਵੇਂ, ਪਨਾਹਗਨੀਜ਼, ਸ਼ਰਨਾਰਥੀ, ਰਫ਼ਿਊਜੀ ਬਣ ਗਏ ਤੇ ਭਟਕਣ ਹੀ ਭਟਕਣ ਸੀ। ਲੋਕ ਦੋਹੇਂ ਵੇਲੇ ਹਰਿਮੰਦਰ ਸਾਹਿਬ ਚਲੇ ਜਾਂਦੇ। ਥਾਂ-ਟਿਕਾਣਾ ਕੋਈ ਬਣਿਆ ਨਹੀਂ ਸੀ। ਕੰਮ-ਕਾਰ ਕੋਈ ਹੈ ਨਹੀਂ ਸੀ। ਲੋਕ ਸੁੱਖ-ਸ਼ਾਂਤੀ ਦੀ ਇੰਤਜ਼ਾਰ ਕਰਦੇ ਘਰਾਂ ਨੂੰ ਮੁੜਨ ਲਈ ਲੋਚਦੇ ਸਨ। ਹਰਿਮੰਦਰ ਸਾਹਿਬ ਕੋਈ ਆਪਣਾ ਮਿਲ ਜਾਂਦਾ, ਕਿਸੇ ਦੇ ਮਰਨ ਜਾਂ ਬਚਣ ਦੀ ਖ਼ਬਰ ਮਿਲਦੀ, ਵਿਛੜੇ ਹੋਏ ਭੈਣ-ਭਰਾਵਾਂ ਬਾਰੇ ਕੋਈ ਸੂਹ ਪਤਾ ਮਿਲਦਾ, ਲੋਕ ਆਪਸ ਵਿੱਚ ਦੁਖ-ਸੁੱਖ ਵੰਡਦੇ, ਥਾਂ-ਟਿਕਾਣਾ ਪੁੱਛਦੇ ਸਨ। ਸਾਨੂੰ ਸਭ ਨੂੰ ਉਹ ਘੁੱਟ-ਘੁੱਟ ਜੱਫੀਆਂ ਪਾ ਕੇ ਮਿਲੀ ਸੀ। ਛੇ ਫੁੱਟ ਲੰਮੀ, ਪਤਲੀ, ਮੱਖਣੀ ਸੰਧੂਰੀ ਰੰਗ ਲੰਬੂਤਰਾ ਮੁਹਾਂਦਰਾ, ਮੋਟੀਆਂ ਅੱਖਾਂ ’ਚ ਚਮਕ ਤੇ ਲੱਪ-ਲੱਪ ਸੁਰਮਾ। ਪੁੱਠੇ ਵਲਾਂ ਵਾਲੀ ਚਿੱਟੀ ਸੁਥਣ, ਮੋਟੇ ਲਾਲ-ਲਾਲ ਫੁੱਲਾਂ ਵਾਲੀ ਲੰਮੀ ਕਮੀਜ਼ ਤੇ ਮੱਥੇ ਤੀਕ ਢਕਿਆ ਸਿਰ। ਮੋਟੇ ਕੱਪੜੇ ਦੀ ਚੁੰਨੀ ਆਪਣੇ ਸਾਰੇ ਜਿਸਮ ਦੁਆਲੇ ਲਪੇਟੀ ਹੋਈ। ਮੈਂ ਤੇ ਛੋਟਾ ਵੀਰ ਹੱਸ-ਹੱਸ ਦੂਹਰੇ ਹੋ ਗਏ ਸਾਂ। ‘‘ਇਡੀ ਵੱਡੀ ਜਨਾਨੀ ਹਾ ਖਾਏ! ਤੇ ਸਾਡੇ ਭਾਪਾ ਜੀ ਨਿਕਚੂ ਜੇਹੇ…’’
‘‘ਠੋਡੀ ’ਤੇ ਤਿਲ ਤਕੇ ਨੀਂ ਤ੍ਰੈ-ਤ੍ਰੈ’’ ਛੋਟੇ ਵੀਰ ਨੇ ਮੂੰਹ ਅੱਗੇ ਹੱਥ ਰੱਖ ਮੇਰੇ ਕੰਨ ਵਿੱਚ ਸਰਗੋਸ਼ੀ ਕੀਤੀ।
ਘਰ ਲੈ ਗਈ ਸੀ ਉਹ ਸਾਨੂੰ। ਸਾਡੇ ਤੋਂ ਵੱਡੇ ਬੱਚੇ। ਵੱਡਾ ਮੁੰਡਾ ਸਿੱਖ, ਇਹ ਸਤਨਾਮ ਸੀ। ਦੂਜਾ ਪੁੱਤਰ ਮੋਨਾ ਹਰੀ ਓਮ ਤੇ ਕੁੜੀ ਗੁਲਜ਼ਾਰ ਉੱਚੀ ਲੰਮੀ ਸਾਂਵਲੀ ਜਿਹੀ। ਬਾਰੀ ’ਚੋਂ ਹੀ ਲਾਲਾ ਜੀ ਨੇ ਸਾਨੂੰ ਵੇਖ ਲਿਆ ਸੀ। ‘‘ਹਈ! ਸਾਬਾਸ਼ੇ…! ਸ਼ੁਕਰ ਏ… ਖੈਰ ਏ…? ਸੁੱਖ-ਸਾਂਦ ਏ…? ਸਾਡੇ ਵਲ ਨ…? ਭੈਣਾਂ-ਭਰਾਵਾਂ ਦੀ ਕੋਈ ਖ਼ਬਰ ਸੁਰਤ…? ਸਾਡੇ ਡਿਓਢੀ ਤੀਕ ਪੁੱਜਣ ਤੀਕ ਉਨ੍ਹਾਂ ਦੀ ਲਗਾਤਾਰ ਆਵਾਜ਼ ਸੁਣਾਈ ਦੇ ਰਹੀ ਸੀ।
‘‘ਹਾਂ ਸਾਰੇ ਆ ਗਏ ਨ… ਵਲ ਨ…’’ ਭਾਪਾ ਜੀ ਨੇ ਕਿਹਾ।
‘‘ਤੂੰ ਤਾਂ ਯਰਾ ਐਸਾ ਨਸਿਓਂ… ਲਹੌਰੋਂ… ਨਾ ਖ਼ਬਰ ਨਾ ਸੁਰਤ… ਬਹਾਰਾਂ ਮਿਲ ਗਈ ਤਾਂ ਵਿਸਰ ਗਿਓਂ ਸਭ ਨੂੰ… ਦੋਸਤਾਂ-ਯਾਰਾਂ ਨੂੰ… ਵੇਖੋ ਨਾ… ਭੈਣ ਬਣੀ ਏ ਮੇਰੀ… ਖ਼ਬਰ ਹੀ ਨ੍ਹੀਂ ਲਿਤੀਸ ਭਰਾ ਮੋਇਐ… ਜੀਂਦੈ।’’ ਭਾਪਾ ਜੀ ਨੇ ਨਹੋਰੇ ਨਾਲ ਕਿਹਾ।
‘‘ਨਾ… ਯਾਰਾ ਖੋਹ, ਤੇਰੇ ਕੋਲੋਂ ਆ ਕੇ ਡਾਹਢਾ ਰੁਲਿਆ। ਛੁੱਪਦੇ-ਛੁਪਾਂਦੇ ਅਸਾਮ ਤਕ ਹੋ ਆਇਆਂ… ਡਰਨੇ ਆਇਆ ਪਠਾਣਾਂ ਕੋਲੋਂ… ਪਤਈ ਨਾ ਪਠਾਣਾਂ ਦਾ, ਪਤਾਲ ਵਿਚੋਂ ਵੀ ਲੱਭ ਲੈਂਦੇ ਨ…। ਹਿਕ ਡਰ… ਦੂਜਾ ਨਾ ਕੰਮ ਨਾ ਕਾਰ…। ਖਬੀਸ ਪਾਣੀ ਵੀ ਖਾਰਾ… ਧ੍ਰੇਅ ਹੀਨੀਂ ਲੈਂਦੀ…। ਹੁਣ ਦੋ ਮੁਲਕ ਹੋ ਗਏ ਤਾਂ ਸੁੱਖ ਦਾ ਸਾਹ ਲਿਤੈ… ਹੁਣ ਤਾਂ ਉਹ ਇਧਰ ਆ ਨੀਂ ਸਕਦੇ… ਤੇਰੀ ਭੈਣ ਵੀ ਹੁਣ ਖੁਲ੍ਹ ਕੇ ਬਾਜ਼ਾਰ ਘਲੀ ਚਲੀ ਜਾਂਦੀ ਏ… ਦਰਬਾਰ ਸਾਹਿਬ ਜਾਂਦੀ ਵੇ… ਕੰਮ ਭੀ ਹੁਣ ਹਛੈ।’’
ਮਾਂ ਓਪਰੀਆਂ-ਓਪਰੀਆਂ ਨਜ਼ਰਾਂ ਨਾਲ ਕਦੇ ਲਾਲਾ ਜੀ ਵਲ ਵੇਖਦੀ, ਕਦੇ ਉਸ ਜ਼ਨਾਨੀ ਵੱਲ ਤੇ ਕਦੇ ਨਜ਼ਰਾਂ ਨਾਲ ਪ੍ਰਸ਼ਨ ਚਿੰਨ੍ਹ ਲਟਕਾਈ ਭਾਪਾ ਜੀ ਵੱਲ ਵੇਖਦੀ।
‘‘ਜਨਾਨੀ ਤਾਂ ਮੈਨੂੰ ਪਠਾਣੀ ਲੱਗਦੀ ਏ।’’ ਘਰ ਪੁੱਜਦੇ ਹੀ ਮਾਂ ਪੁੱਛਿਆ।
‘‘ਹਾਂ, ਬਹਾਰਾਂ ਪਠਾਣੀ ਏ। ਸਾਡੇ ਦੋਸਤ ਇਮਤਿਆਜ਼ ਦੀ ਛੋਟੀ ਭੈਣ। ਮੈਂ ਚਮਨ ਲਾਲ ਤੇ ਇਮਤਿਆਜ਼ ਪੱਕੇ ਦੋਸਤ, ਜਮਾਤੀ ਸੀ। ਅਸੀਂ ਇਨ੍ਹਾਂ ਦੇ ਘਰ ਵੀ ਜਾਂਦੇ ਸਾਂ। ਦੱਰਾ ਖੈਬਰ ਤੋਂ ਅੱਗੇ ਦੀਰ ਸਵਾਤ ਦੇ ਰਹਿਣ ਵਾਲੇ ਨੇ ਇਹ ਪਠਾਣ… ਤਨੂੰ ਪਤੈ ਪਠਾਣਾਂ ਦੇ ਘਰ ਕਿਤਨਾ ਪਰਦਾ ਹੁੰਦੈ… ਕਦੇ ਕੁੜੀਆਂ ਨੰਗੇ ਮੂੰਹ ਬਾਹਰ ਨਹੀਂ ਨਿਕਲਦੀਆਂ। ਮੋਟੇ-ਮੋਟੇ ਭੋਛਣ ਤੇ ਲੰਮੇ-ਲੰਮੇ ਬੁਰਕੇ ਪਾਂਦੀਆਂ ਨੇ… ਚਮਨ ਲਾਲ ਤੇ ਬਹਾਰਾਂ ਦਾ ਕਿਵੇਂ ਮੇਲ ਹੋਇਆ…? ਕਿਵੇਂ ਪਿਆਰ ਹੋਇਆ… ਮਨੂੰ ਨਹੀਂ ਪਤਾ। ਕਦੀ ਇਕੱਠੇ ਇਕ ਪਲ ਵੀ ਬੈਠਣ ਨੂੰ ਨਹੀਂ ਸੀ ਜੁੜਿਆ। ਤੜਪ ਸੀ ਇਕ ਦੂਜੇ ਨੂੰ ਨਜ਼ਰ ਭਰ ਕੇ ਵੇਖਣ ਦੀ, ਬੂਹੇ-ਬਾਰੀਆਂ ਦੀਆਂ ਵਿਰਲਾਂ ਵਿਚੋਂ, ਪਠਾਣਾਂ ਦੀ ਧੀ ਤੇ ਹਿੰਦੂ ਮੁੰਡੇ ਨਾਲ ਪਿਆਰ… ਤੋਬਾ! ਸੰਗਸਾਰ ਕਰ ਦਿੰਦੇ ਸਨ ਦੋਹਾਂ ਨੂੰ…। ਕਤਲ ਕਰ ਕੇ ਸਿਰ ਸ਼ਹਿਰ ਤੋਂ ਬਾਹਰ ਦਰੱਖਤਾਂ ਨਾਲ ਟੰਗ ਦਿੰਦੇ ਸਨ ਤਾਂ ਕਿ ਕੋਈ ਹੋਰ ਐਸੀ ਹਰਕਤ ਨਾ ਕਰੇ। ਇਹ ਦੋਹੇਂ ਛੁਪਦੇ-ਛੁਪਾਉਂਦੇ ਨੱਸ ਕੇ ਮੇਰੇ ਕੋਲ ਲਾਹੌਰ ਆ ਗਏ। ਮੈਂ ਹੀ ਕੁੜੀ ਦਾ ਭਰਾ ਬਣ ਦੋਹਾਂ ਦਾ ਆਨੰਦ ਕਾਰਜ ਡੇਰਾ ਸਾਹਿਬ ਕਰਵਾਇਆ। ਉਧਰ ਦੇ ਹਿੰਦੂ ਵੀ ਤਾਂ ਸਾਰੇ ਸਹਿਜਧਾਰੀ ਹੁੰਦੇ ਨੇ। ਨਾਨਕ ਨਾਮ ਲੇਵਾ, ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਨੇ ਤੇ ਰਾਤੋ-ਰਾਤ ਦਿੱਲੀ ਦੀ ਗੱਡੀ ਚੜ੍ਹਾ ਕੇ ਆਪ ਪਿੰਡੀ ਟੁਰ ਗਿਆ ਸਾਂ। ਡਰ ਮੈਨੂੰ ਵੀ ਲੱਗਾ ਸੀ। ਹੈਰਾਨ ਵੀ ਸਾਂ। ਇਸ ਪਠਾਣੀ ਕੁੜੀ ਨੇ ਚਮਨ ਲਾਲ ’ਤੇ ਸਾਰੀ ਉਮਰ ਦਾ ਵਿਸਵਾਸ਼ ਕਿਵੇਂ ਕਰ ਲਿਆ? ਇਹ ਲੋਕ ਵੈਸੇ ਜ਼ਬਾਨ ਦੇ ਬੜੇ ਪੱਕੇ ਹੁੰਦੇ ਨ – ਸੁੱਚੇ ਤੇ ਖਰੇ…।’’
‘‘ਤੇ ਜੇ ਦੁਸ਼ਮਣ ਹੋਣ ਤਾਂ… ਜੇ ਉਹ ਢੂੰਡ ਲੈਂਦੇ ਦੋਹਾਂ ਨੂੰ?’’
‘‘ਫੇਰ ਤਾਂ ਰੱਬ ਹੀ ਰਾਖਾ ਸੀ… ਮੇਰਾ ਵੀ ਤੇ ਉਨ੍ਹਾਂ ਦਾ ਵੀ…।’’
ਅਸੀਂ ਭੂਆ ਦੇ ਘਰ ਆਉਣ-ਜਾਣ ਲੱਗ ਪਏ ਸਾਂ। ਗਲੀ ਵਿੱਚੋਂ ਲੰਘਦੇ, ਮੰਜੀਆਂ ’ਤੇ ਬੈਠੀਆਂ ਗੱਲਾਂ ਮਾਰਦੀਆਂ ਔਰਤਾਂ ਮਾਂ ਨੂੰ ਵੇਖ ਹੋਠ ਕੰਨ ਜੋੜ ਲੈਂਦੀਆਂ। ਖੌਰੇ! ਕੰਨਸੋਆਂ ਕਿਵੇਂ ਹਵਾ ਦੇ ਕੰਧਾੜੇ ਚੜ੍ਹ ਹਰ ਥਾਂ ਮਨੁੱਖ ਨਾਲ-ਨਾਲ ਹੀ ਪਹੁੰਚ ਜਾਂਦੀਆਂ ਨੇ…। ‘‘ਉਧਲੀ ਹੋਈ ਰੰਨ ਵੇਖੋ ਤਾਂ ਸਈ ਆਪ ਪਰੀ ਦੀ ਪਰੀ ਤੇ ਲਾਲਾ ਤਾਂ ਉਸ ਦਾ ਨੌਕਰ ਲਗਦੈ.. ਕੀ ਵੇਖ ਕੇ ਨੱਸੀ ਏ…? ਇਹ ਜਿਹੜੀ ਨਵੀਂ ਸਹੇਲੀ ਏ… ਕੋਈ ਉਸੀ ਵਾਂਗ ਨੱਸ ਕੇ ਆਈ ਲੱਗਦੀ ਏ… ਕਿਵੇਂ ਮੋਢੇ ਜੋੜ ਕੇ ਟੁਰਦੇ ਨੇ… ਰੰਨ ਖਸਮ।’’ ਭੂਆ ਤਾਂ ਕਦੀ ਗਲੀ ਵਿੱਚ ਨਹੀਂ ਸੀ ਬੈਠੀ। ਸ਼ਾਇਦ ਗਲੀ ਦੀਆਂ ਔਰਤਾਂ ਉਸ ਨਾਲ ਬੋਲਦੀਆਂ ਹੀ ਨਹੀਂ ਸਨ। ਵੇਖ ਕੇ ਪਿੱਠ ਮੋੜ ਲੈਂਦੀਆਂ।
ਭਾਪਾ ਜੀ ਦੀ ਬਦਲੀ ਕਲਕੱਤਾ ਹੋ ਗਈ। ਭਾਰਤ ਦੇ ਧੁਰ ਪੱਛਮ ਦੇ ਸ਼ਹਿਰ ਤੋਂ ਧੁਰ ਪੂਰਬ ਦੇ ਵੱਡੇ ਸ਼ਹਿਰ… ਕਦੇ-ਕਦਾਈਂ ਹੀ ਭੂਆ ਦੀ ਸੁਖ ਪਹੁੰਚਦੀ ਸੀ।
ਕਈ ਦਹਾਕਿਆਂ ਬਾਅਦ ਪਠਾਣੀ ਭੂਆ ਮਿਲੀ ਸੀ। ਸੁਖ-ਸਾਂਦ ਪੁੱਛਦੇ ਟੁਰ ਜਾਣ ਵਾਲਿਆਂ ਦਾ ਸੁਣ ਕੇ ਰੋ ਪਈ। ‘‘ਹਿਕ ਮਨੂੰ ਨਹੀਂ ਚੁਕਦਾ ਖ਼ੁਦਾ… ਪਾਪ ਕੀਤਵੇਨ ਨਾ ਪਾਪ – ਮਾਂ-ਪਿਉ ਗ਼ਮ ਨਾਲ ਮਰ ਗਏ ਹੋਸਨ… ਭਰਾ ਨਮੋਸ਼ੀ ਨਾਲ ਮੂੰਹ ਬਾਹਰ ਨ ਕਢਦੇ ਹੋਸਨ… ਮੂੰਹ ਕਾਲਾ ਕੀਤਾ ਆਇਆ ਨਾ ਮੈਂ… ਨੱਕ ਕਟਿਆ ਆਇਆ ਨਾ ਖਾਨਦਾਨ ਦਾ…।’’
‘‘ਸਾਹ ਤਾਂ ਪੂਰੇ ਕਰਨੇ ਨ ਨਾ ਭੂਆ ਜੀ…।’’ ਮੈਂ ਕਿਹਾ।
‘‘ਹਾਂ ਬੱਚੜੇ ਇਸ ਜ਼ਮੀਨ ਦਾ ਮੋਹ… ਇਸ ਦੀ ਗੋਦ ਦੀ ਤੜਫ… ਆਪਣੇ ਮੁਲਕ ਦੀ ਠੰਢੀ ਹਵਾ ਦੀ ਸਿਕ ਮੇਰੀ ਉਮਰ ਨ੍ਹੀਂ ਮੁਕਾਂਦੀ ਪਈ। ਡਾਢੀ ਤੜਫਦੀ ਆਈਓਂ ਇਥੇ ਆਣ ਵਾਸਤੇ… ਆਪਣੇ ਮੁਲਕ ਵੱਲੋਂ ਆਂਦੀ ਹਵਾ ’ਚ ਸਾਹ ਭਰਨ…।’’ ਉਸ ਨੇ ਇੱਕ ਲੰਮਾ ਸਾਹ ਲਿਆ ਜਿਵੇਂ ਸਾਰੀ ਹਵਾ ਆਪਣੇ ਅੰਦਰ ਭਰ ਲਈ ਹੋਵੇ।
‘‘ਸਤਨਾਮ ਦੇ ਤਰਲੇ ਕੀਤੇ… ਇਹ ਉਮਰ ਤਾਂ ਨਾ ਘਰੋਂ ਨਿਕਲਣ ਦੀ…।’’
ਮੈਂ ਭੂਆ ਦਾ ਹੱਥ ਫੜ ਲਿਆ ਤੇ ਗੱਲਾਂ ਕਰਦੀਆਂ ਅਸੀਂ ਹੌਲੀ-ਹੌਲੀ ਚੜ੍ਹਾਈ ਚੜ੍ਹਨ ਲੱਗੀਆਂ।
ਦੋ ਜੁਆਨ ਕੁੜੀਆਂ ਹੱਸਦੀਆਂ ਗੁਟਕਦੀਆਂ ਪਸ਼ਤੋ ਬੋਲਦੀਆਂ ਪਹਾੜੀ ਤੋਂ ਉਤਰਦੀਆਂ ਸਾਡੇ ਕੋਲੋਂ ਲੰਘੀਆਂ। ਉਨ੍ਹਾਂ ਨੂੰ ਵੇਖ ਭੂਆ ਦਾ ਚਿਹਰਾ ਖਿੜ ਗਿਆ। ਚੜ੍ਹਦੇ ਸੂਰਜ ਦੀ ਗੁੱਠ ਦੀ ਲਾਲੀ ਸਾਰੀ ਦੀ ਸਾਰੀ ਉਸ ਦੇ ਚਿਹਰੇ ’ਤੇ ਸਿਮਟ ਗਈ। ਕੁੜੀਆਂ ਦੋਹੇਂ ਉੱਚੀਆਂ-ਲੰਮੀਆਂ, ਗੋਰੀਆਂ-ਚਿੱਟੀਆਂ, ਗੋਲ ਚਿਹਰੇ, ਮੋਢਿਆਂ ’ਤੇ ਪਲੰਮਦੀਆਂ ਲੰਮੀਆਂ ਮੇਂਢੀਆਂ ਤੇ ਮੱਥੇ ਤੀਕ ਮੋਟੇ ਭੋਛਣਾਂ ਨਾਲ ਢਕੇ ਸਿਰ…।
ਭੂਆ ਅਚਾਨਕ ਉੱਚੀ ਆਵਾਜ਼ ’ਚ ਬੋਲੀ, ‘‘ਏ ਕਾਕੀ, ਸੰਘਾ ਚਲ ਦੇ…? ਖਬਰਾ ਵਹੁਰਾ।’’ (ਏ ਕੁੜੀਏ, ਤੇਰਾ ਕੀ ਹਾਲ ਏ, ਮੇਰੀ ਗੱਲ ਸੁਣ)
ਉਹ ਦੋਹੇਂ ਸ਼ਰਮਾਉਂਦੀਆਂ ਉਥੇ ਹੀ ਖਲੋਅ ਗਈਆਂ ਤੇ ਸਾਡੇ ਮੂੰਹਾਂ ਵੱਲ ਵੇਖਣ ਲੱਗ ਪਈਆਂ। ‘‘ਕਮਜ਼ੇ ਨਾ ਰਾਗ਼ਲੇ…?’’ (ਕਿੱਥੋਂ ਆਈਆਂ ਹੋ?)
‘‘ਸਵਾਤ।’’ ਉਹ ਪਸ਼ਤੋ ਬੋਲਦੀ ਭੂਆ ਨੂੰ ਹੈਰਾਨੀ ਨਾਲ ਵੇਖਣ ਲੱਗੀਆਂ।
‘‘ਕੰਮ ਕੁਸਾ ਕੇ ਹੁਸੇ ਗੇ…?’’ (ਕਿਹੜੀ ਗਲੀ ਰਹਿੰਦੀਆਂ ਹੋ)
‘‘ਸ਼ਾਂਤੇ ਗੇਟ ਗਲੀ।’’ (ਵੱਡੇ ਗੇਟ ਵਾਲੀ ਗਲੀ) ਉਨ੍ਹਾਂ ਸ਼ਰਮਾਂਦੇ ਹੋਏ ਕਿਹਾ।
ਭੂਆ ਦੀਆਂ ਅੱਖਾਂ ਭਰ ਆਈਆਂ। ਇੱਕ ਠੰਢਾ ਹਉਕਾ ਉਸ ਅੰਦਰ ਹੀ ਦੱਬਿਆ।
ਫੇਰ ਸਾਰਾ ਕੁਝ ਪੁੱਛਦੀ ਇੱਕ ਕੁੜੀ ਨੂੰ ਸਿਰ ਤੋਂ ਪੈਰਾਂ ਤੀਕ ਘੜੀ-ਮੁੜੀ ਨਿਹਾਰਦੀ ਜਿਵੇਂ ਪਛਾਣ ਰਹੀ ਹੋਵੇ।
‘‘ਪਲਾਰ ਨੁੰਮ ਦੇ ਸਦੇ।’’
‘‘ਤੇਰੇ ਪਿਉ ਦਾ ਕੇ ਨਾਂ ਵੋ?’’
‘‘ਲਾਲ ਚੰਦ।’’
‘‘ਹਲਾ…ਅ।’’
ਭੂਆ ਇਤਨੀ ਭਾਵੁਕ ਹੋ ਗਈ ਕਿ ਉਸ ਦਾ ਗਲਾ ਭਰ ਗਿਆ। ਆਵਾਜ਼ ਭਾਰੀ ਹੋ ਗਈ। ਅੱਖਾਂ ਦੇ ਕੋਇਆਂ ਤੋਂ ਲਹਿਰਾਂ ਛਲਕਣ ਲੱਗੀਆਂ। ਸੋਟੀ ਵਾਲਾ ਹੱਥ ਕੰਬਣ ਲੱਗ ਪਿਆ।
‘‘ਤੇਰੀ ਦਾਦੀ ਦਾ ਨਾਂ ਰਾਜ ਰਾਣੀ ਏ?’’ ਭੂਆ ਨੇ ਉਸੇ ਕੁੜੀ ਨੂੰ ਸਿਰ ਤੋਂ ਪੈਰਾਂ ਤੀਕ ਵੇਖਦੇ ਪਸ਼ਤੋ ਵਿੱਚ ਹੀ ਪੁੱਛਿਆ। ਆਪਣੀ ਉਮਰ ਨਾਲ ਅੰਦਾਜ਼ਾ ਹੀ ਲਗਾਇਆ।
‘‘ਹਾਓ।’’
‘‘ਵਹੀ…! ਸਦਕੇ! ਕੁਰਬਾਨ! ਤੇ ਉਸ ਕੁੜੀ ਨੂੰ ਆਪਣੀਆਂ ਬਾਹਵਾਂ ਵਿੱਚ ਕਸ ਲਿਆ। ‘‘ਹੂ-ਬ-ਹੂ ਨਿਰਾ ਦਾਦੀ ਦਾ ਰੂਪ…।’’
ਕੁੜੀ ਹੈਰਾਨ-ਪਰੇਸ਼ਾਨ। ‘‘ਲੋਹੇ ਦੇ ਗੇਟ ਵਾਲਾ ਵੱਡਾ ਘਰ ਉਂਝ ਹੀ ਏ?’’ ਭੂਆ ਜਿਵੇਂ ਉਸ ਘਰ ਦੇ ਵਿਹੜੇ ’ਚ ਘੁੰਮ ਆਈ ਹੋਵੇ ਜਿਵੇਂ।
‘‘ਅਖ਼ਤਰ ਦਾ ਘਰ…?’’
‘‘ਹਾਓ…।’’
ਭੂਆ ਨੇ ਮੇਰੇ ਵੱਲ ਮੂੰਹ ਕਰ ਕੇ ਕਿਹਾ, ‘‘ਮੇਰੇ ਭਰਾ ਦੀ ਪੋਤਰੀ ਦਾ ਨਾਂ ਹੋਣਾ ਏ ‘ਅਖ਼ਤਰ’। ਤੇ ਉਸ ਦੀਆਂ ਅੱਖਾਂ ’ਚੋਂ ਪਾਣੀ ਬਾਹਰ ਛਲਕ ਪਿਆ।
‘‘ਹੁਣ ਵੀ ਬਾਦਾਮ, ਖੁਰਮਾਨੀ, ਅਨਾਰ ਦੇ ਬੂਟੇ ਵਿਹੜੇ ਵਿੱਚ ਲਗਵੇ ਨੇ? ਡਿਓਢੀ ’ਤੇ ਉਂਝ ਹੀ ਅੰਗੂਰਾਂ ਦੀ ਛੱਤ ਏ… ਬਦਾਨਾ ਅੰਗੂਰ… ਪੋਟੇ ਤੋਂ ਵੀ ਲੰਮਾ ਤੇ ਮਿੱਠਾ।’’
ਕੁੜੀਆਂ ਜਾਣ ਦੀ ਕਾਹਲ ਵਿੱਚ ‘‘ਹਾਓ… ਹਾਓ…’’ ਕਰਦੀਆਂ ਟੁਰਨ ਲੱਗੀਆਂ।
‘‘ਸੁਣ ਕਾਕੀ।’’ ਭੂਆ ਨੇ ਫਿਰ ਹਾਕ ਮਾਰੀ।
‘‘ਮੈਂ ਤੇਰੀ ਦਾਦੀ ਰਾਜ ਰਾਣੀ ਦੀ ਸਹੇਲੀ ਆਂ, ‘ਬਹਾਰਾਂ’… ਵੱਡੇ ਗੇਟ ਵਾਲੇ ਖਾਨ ਦੀ ਧੀ। ਉਸ ਨੂੰ ਕਹੀਂ ‘ਬਹਾਰਾਂ’ ਤੁਹਾਨੂੰ ਸਭ ਨੂੰ ਬੜਾ ਯਾਦ ਕਰਦੀ ਆਹੀ… ਹਲਾ।
ਉਹ ਤੇ ਮੈਂ ਵੀ ਇਸੀ ਤਰ੍ਹਾਂ ’ਕੱਠੀਆਂ ਰਹਿੰਨੀਆਂ ਆਈਆਂ… ਡਾਹਢਾ ਗੁਹੜ ਆਇਆ ਸਾਡਾ…।’’ ਉਹ ਪਸ਼ਤੋ ਵਿੱਚ ਬੋਲਦੀ ਰਹੀ, ਮੈਂ ਹੈਰਾਨ ਉਸ ਨੂੰ ਨਿਹਾਰਦੀ ਰਹੀ।
‘‘ਉਹ ਅਲਾਹ ਕੋਲ ਚਲੀ ਗਈ ਏ…।’’
‘‘ਹੇ ਪਰਵਰਦਗਾਰ… ਜਹਨਤ ਨਸੀਬ ਹੋਵਸ…।’’
‘‘ਮੇਰੇ ਗੇਟ ਦੀ ਮੁਹਾਠ ’ਤੇ ਮੇਰੇ ਵੱਲੋਂ ਸਿਜਦਾ ਕਰੀਂ… ਹਲਾ ਪੁੱਤਰ…।’’
‘ਹਾਓ-ਹਾਓ’ ਕਹਿੰਦੀਆਂ ਕੁੜੀਆਂ ਤੇਜ਼ ਕਦਮਾਂ ਨਾਲ ਪਹਾੜੀ ਉਤਰ ਗਈਆਂ। ਭੂਆ ਨੇ ਅਸਮਾਨ ਵੱਲ ਹੱਥ ਚੁੱਕੇ। ਸੋਟੀ ਉਸ ਦੇ ਢਿੱਡ ਨਾਲ ਜਾ ਲੱਗੀ। ਭੂਆ ਨੇ ਲੰਮਾ ਸਾਹ ਭਰਿਆ, ‘‘ਹੇ ਪਰਵਰਦਗਾਰ, ਨਾਨਕ ਸ਼ਾਹ… ਪੀਰ ਵਲੀ ਕੰਧਾਰੀ… ਹੁਣ ਚੁੱਕ ਲੈ…। ਇਸ ਜ਼ਮੀਨ ਨੂੰ ਚੁੰਮਣ ਦਾ ਅਰਮਾਨ ਆਇਆ… ਸੁਣ ਲੈ ਦਾਤਾ ਅਰਜ਼ੋਈ…।’’
ਮੈਂ ਵੀ ਖਲੋਤੀ ਹੋਈ ਸਾਂ। ਧੁੱਪ ਵੀ ਚਮਕੀਲੀ ਸੀ ਪਰ ਛਾਂ ਵਾਲੀ ਥਾਂ ਹਵਾ ਠੰਢੀ ਲੱਗਦੀ ਸੀ।
‘‘ਤੂੰ ਜਾ ਪੁੱਤਰ… ਜ਼ਿਆਰਤ ਕਰ ਆ…। ਮੈਂ ਤਾਂ ਹੁਣ ਥੋੜ੍ਹਾ ਆਰਾਮ ਕਰ ਕੇ ਚੜ੍ਹਸਾਂ। ਲੱਤਾਂ ’ਚ ਸਾਹ ਸਤ ਹੀ ਨ੍ਹੀਂ ਰਿਹਾ… ਥਕ ਗਈ ਆਂ… ਵਲੀ ਪੀਰ ਦੀ ਜ਼ਿਆਰਤ ਹੋ ਜਾਵੇ… ਸ਼ਾਮੀ ਵਾਪਸ ਜਾਣੈ।’’
ਭੂਆ ਦੇ ਠਹਿਰਣ ਦਾ ਟਿਕਾਣਾ, ਕਮਰਾ ਪੁੱਛ ਮੈਂ ਤੇਜ਼-ਤੇਜ਼ ਕਦਮਾਂ ਨਾਲ ਚੜ੍ਹਾਈ ਚੜ੍ਹ ਗਈ। ਟੀਸੀ ’ਤੇ ਨਿੱਕਾ ਜਿਹਾ ਕਮਰਾ। ਮੈਂ ਚੁਤਰਫੀਂ ਘੁੰਮ ਕੇ ਸਾਰਾ ਹਸਨ ਅਬਦਾਲ… ਪੰਜਾ ਸਾਹਿਬ ਗੁਰਦੁਆਰਾ ਵੇਖਿਆ। ਫੇਰ ਕਦੇ ਪੰਜਾ ਸਾਹਿਬ ਦੇ ਦਰਸ਼ਨ ਹੋਣ ਕਿ ਨਾ… ਤੇ ਮੈਂ ਉਸ ਕਮਰੇ ਵਿੱਚ ਜਾ ਬੈਠੀ ਜਿੱਥੇ ਕੰਧਾਰ ਤੋਂ ਆਇਆ ਪੀਰ ਵਲੀ ਤਪੱਸਿਆ ਕਰਦਾ ਸੀ।
ਆਸੇ-ਪਾਸੇ ਵੇਖਿਆ ਭੂਆ ਹਾਲੀ ਤੀਕ ਨਹੀਂ ਸੀ ਪੁੱਜੀ।
ਮੈਂ ਦੌੜਦੀ-ਦੌੜਦੀ ਹੇਠਾਂ ਉਤਰਨ ਲੱਗੀ। ਹਾਲੀਂ ਥੋੜ੍ਹੀ ਉਤਰਾਈ ਹੀ ਉਤਰੀ ਸਾਂ ਕਿ ਇੱਕ ਥਾਂ ਵੀਹ-ਪੰਝੀ ਔਰਤਾਂ ਮਰਦ ਇਕੱਠੇ ਖੜੋਤੇ ਸਨ।
‘‘ਕੀ ਹੋਇਆ ਏ…?’’ ਮੈਂ ਝੁੰਡ ਵਿੱਚੋਂ ਨਿਕਲਦੇ ਇੱਕ ਆਦਮੀ ਨੂੰ ਪੁੱਛਿਆ।
‘‘ਇਕ ਬਜ਼ੁਰਗ ਔਰਤ ਏ… ਇਧਰ ਪਠਾਣੀ ਇਲਾਕੇ ਦੀ ਲਗਦੀ ਏ… ਇਹ ਲੋਕ ਤਾਂ ਗੁਰੂ ਘਰਾਂ ਦੇ ਬਹੁਤ ਸ਼ਰਧਾਲੂ ਹੁੰਦੇ ਨੇ… ਇਸ ਉਮਰ ਵਿਚ ਵਲੀ ਕੰਧਾਰੀ ਪਹਾੜੀ ਚੜ੍ਹਦੀ ਮਰ ਗਈ ਏ… ਦੋ ਬੰਦੇ ਗਏ ਨੇ ਗੁਰਦੁਆਰੇ ਖਬਰ ਕਰਨ….।’’
ਮੇਰਾ ਮੱਥਾ ਠਣਕਿਆ। ਜਿਸਮ ਵਿੱਚ ਪਸੀਨੇ ਦੀਆਂ ਧਤੀਰੀਆਂ ਵਗ ਤੁਰੀਆਂ। ਮੈਂ ਅੱਗੇ ਹੋ ਕੇ ਵੇਖਿਆ। ਮੱਥੇ ਤੀਕ ਕਜਿਆ ਸਿਰ, ਠੋਡੀ ਉੱਤੇ ਖੁਣੇ ਹੋਏ ਤਿਲ… ਇਹ ਪਠਾਣੀ ਭੂਆ ਹੀ ਸੀ। ਮੇਰੀ ਚੀਕ ਨਿਕਲ ਗਈ… ਇੱਥੇ ਹੀ ਤਾਂ ਛੱਡ ਕੇ ਮੈਂ ਗਈ ਸਾਂ ਇਸ ਨੂੰ। ਉਹ ਇੱਕ ਕਦਮ ਵੀ ਅੱਗੇ ਨਹੀਂ ਟੁਰੀ।
ਲੋਕਾਂ ਦੀਆਂ ਗੱਲਾਂ… ‘‘ਕਾਲ ਦਾ ਕੋਈ ਪਤਾ ਨਹੀਂ ਹੁੰਦੈ ਕਿਸ ਵੇਲੇ ਕਿਸ ਥਾਂ ਆਉਣਾ ਏ?’’
‘‘ਨਸੀਬਾਂ ਵਾਲੀ ਯਾਤਰਾ ਸੰਪੂਰਨ ਹੋਈ….।’’
‘‘ਬੰਦਾ ਆਪ ਹੀ ਟੁਰ ਕੇ ਆਂਦੈ ਉਸ ਜ਼ਮੀਨ ’ਤੇ ਜਿੱਥੋਂ ਦੀ ਮਿੱਟੀ ਲੈਣੀ ਲਿਖੀ ਹੁੰਦੀ ਏ….।’’
ਪੁਲੀਸ, ਸੇਵਾਦਾਰ, ਲੋਕ, ਜਥੇਦਾਰ ਵਲੀ ਕੰਧਾਰੀ ਦੌੜਦੇ ਚੜ੍ਹੇ। ਕਰੜ ਬਰੜੀ ਦਾਹੜੀ ਵਾਲਾ ਇੱਕ ਸਰਦਾਰ ਭੂਆ ਦੇ ਮੱਥੇ ਕੋਲ ਡਿੱਗ ਜਿਹਾ ਪਿਆ। ਮੈਂ ਸਮਝ ਗਈ ਇਹੀ ਸਤਨਾਮ ਹੈ, ਉਸ ਦਾ ਪੁੱਤਰ। ‘‘ਹਾਏ, ਮੈਂ ਤਾਂ ਉਂਝ ਹੀ ਗੇਟ ’ਤੇ ਖਲੋਤਾ ਉਡੀਕਦਾ ਪਿਆ ਸਾਂ… ਮਨਾ ਵੀ ਕੀਤਾ, ਮਾਂ ਮੈਂ ਨ੍ਹੀ ਚੜ੍ਹ ਸਕਦਾ ਗੋਡੇ ਦੁਖਦੇਨ… ਤੇ ਤੂੰ…? ਜ਼ਿਦ ਹੀ ਪਕੜ ਲਈ… ਖੈਰੇ! ਮੈਂ ਸੰਗਤ ਨਾਲ ਚੜ ਜਾਸਾਂ…।’’
ਹੁਣ ਸੇਵਾਦਾਰਾਂ, ਲੋਕਾਂ ਵਿੱਚ ਮਾਤਾ ਦੇ ਸਸਕਾਰ ਦੀ ਗੱਲ ਹੋਣ ਲੱਗੀ। ‘‘ਇੱਥੇ ਹੀ ਕਰ ਦੇਈਏ ਮਾਤਾ ਦਾ ਸਸਕਾਰ।’’
‘‘ਹਾਂ… ਸਸਕਾਰ ਕੀ ਤੇ ਦਫਨ ਕੀ… ਕੀ ਫਰਕ ਪੈਂਦੈ… ਇੱਥੇ ਇਸੀ ਮਿੱਟੀ ਵਿਚ ਮਾਂ ਨੂੰ ਦਫਨ ਕਰ ਦੇਈਏ।’’ ਸਤਨਾਮ ਨੇ ਭਰੇ ਹੋਏ ਗਲੇ ਨਾਲ ਕਿਹਾ ਤੇ ਮਾਂ ਦੇ ਸਿਰ ਉੱਤੇ ਸਿਰ ਰੱਖ ਕੇ ਰੋਣ ਲੱਗਿਆ।
ਲੋਕ ਹੈਰਾਨ ਸਤਨਾਮ ਦਾ ਮੂੰਹ ਵੇਖਣ ਲੱਗ ਪਏ…। ‘‘ਸੰਗਤ ਵਿਚ ਵਾਵੇਲਾ ਨਾ ਖੜ੍ਹਾ ਹੋ ਜਾਏ… ਸਿੱਖ ਤੇ ਦਫਨ…।’’ ਜਥੇਦਾਰ ਨੇ ਕਿਹਾ।
‘‘ਧਰਮ ਦੇ ਠੱਪੇ ਮਨੁੱਖ ਹੀ ਲਗਾਂਦੈ ਨਾ… ਮਰਨ ਤੋਂ ਬਾਅਦ ਮਿੱਟੀ ਦਾ ਕੀ ਧਰਮ ਹੁੰਦੈ? ਅਗਨ ਭੇਟ ਕਰੋ ਜਾਂ ਧਰਤੀ ਭੇਟ…।’’ ਸਤਨਾਮ ਦੀ ਆਵਾਜ਼ ਜਿਵੇਂ ਕਿਸੇ ਸ਼ਾਂਤ ਸਮੁੰਦਰ ਦੀ ਲਹਿਰ ਵਿੱਚ ਗੁਆਚ ਗਈ। ਉਸ ਦੇ ਚਿਹਰੇ ’ਤੇ ਆਤਮਕ ਸੰਤੁਸ਼ਟੀ ਦੀਆਂ ਰੇਖਾ ਉਭਰ ਆਈਆਂ। ‘‘ਖੌਰੇ! ਮਾਂ ਇਸੇ ਧਰਤੀ ਵਿੱਚ ਦਫਨ ਹੋਣ ਦੀ ਜਿਦ ਕਰ ਕੇ ਆਈ ਸੀ।’’
ਸ਼ਾਮ ਪੈ ਰਹੀ ਸੀ। ਲੋਕ ਸਟੇਸ਼ਨ ਵੱਲ ਟੁਰ ਪਏ ਸਨ। ਭੂਆ ਦੀ ਕਬਰ ਖੋਦੀ ਗਈ। ਭੂਆ ਨੂੰ ਕਬਰ ਵਿੱਚ ਲਿਟਾਇਆ ਗਿਆ। ਮੌਲਵੀ ਨੇ ‘‘ਤੌਬਾ ਅਸਤਖ਼ਫ਼ਾਰ’’ ਲਈ ਆਕਾਸ਼ ਵੱਲ ਹਥੇਲੀਆਂ ਚੁੱਕੀਆਂ ਤੇ ਉੱਚੀ ਆਵਾਜ਼ ਵਿੱਚ ‘ਇਨਲਾਏ ਵਿਇਨਾ ਅਲਾਹੇ ਰਾਜ ਉਨ’’ ਬੋਲਿਆ। ਜਪੁਜੀ ਸਾਹਿਬ ਦਾ ਪਾਠ ਸਮਾਪਤ ਹੋਇਆ। ਮਾਤਾ ਨੂੰ ਚਰਨਾਂ ਵਿੱਚ ਸਥਾਨ ਬਖਸ਼ਣ ਲਈ ਅਰਦਾਸ ਹੋਈ। ਭੂਆ ਨੂੰ ਕਬਰ ਵਿੱਚ ਲਿਟਾਇਆ ਗਿਆ। ਮੈਨੂੰ ਭੂਆ ਦੀ ਠੋਡੀ ਦੇ ਖੁਣੇ ਹੋਏ ਤਿਲ ਹੋਰ ਗੂਹੜੇ ਲੱਗੇ… ਚਿੱਟੇ ਸੰਧੂਰੀ ਚਿਹਰੇ ’ਤੇ ਖੁਣੇ ਗਾਹੜੇ ਨੀਲੇ ਰੰਗ ਦੇ ਤਿਲ। ਲੋਕਾਂ ਨੇ ਮੁੱਠਾਂ ਭਰ ਕੇ ਮਿੱਟੀ ਕਬਰ ਵਿੱਚ ਸੁੱਟੀ।
ਮੈਂ ਵੀ ਦੋਹੇਂ ਮੁੱਠਾਂ ਭਰ ਕਬਰ ਵਿੱਚ ਮਿੱਟੀ ਸੁੱਟੀ।
ਹੁਣ ਸਟੇਸ਼ਨ ਵੱਲ ਦੌੜਨ ਦੀ ਕਾਹਲ ਸੀ। ਵੇਖਿਆ ਹਸਨ ਅਬਦਾਲ ਸਟੇਸ਼ਨ ਦੇ ਬੈਂਚ ’ਤੇ ਮੇਰੇ ਨਾਲ ਗੱਡੀ ਵਿੱਚ ਬੈਠੇ ਬਜ਼ੁਰਗ ਬਾਬਾ ਜੀ ਬੰਦ ਅਟੈਚੀ ’ਤੇ ਬਾਂਹ ਟਿਕਾਈ ਬੜੇ ਆਰਾਮ ਨਾਲ ਬੈਠੇ ਸਨ। ਮੈਂ ਉਨ੍ਹਾਂ ਨੂੰ ਪੰਜਾ ਸਾਹਿਬ ਕਿਧਰੇ ਨਹੀਂ ਸੀ ਵੇਖਿਆ। ਸ਼ਾਇਦ ਮੱਥਾ ਟੇਕ, ਦਰਸ਼ਨ ਕਰ, ਇਸ਼ਨਾਨ ਕਰ ਦੋ ਦਿਨਾਂ ਤੋਂ ਇੱਥੇ ਇਸੇ ਬੈਂਚ ’ਤੇ ਹੀ ਹਸਨ ਅਬਦਾਲ ਦੇ ਸਟੇਸ਼ਨ ’ਤੇ ਬੈਠੇ ਆਪਣੀ ਯਾਦ ਦੀ ਜ਼ਿਆਰਤ ਕਰਦੇ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚੰਦਨ ਨੇਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ