The Happy Prince (Story in Punjabi) : Oscar Wilde

ਖ਼ੁਸ਼ ਸ਼ਹਿਜ਼ਾਦਾ (ਕਹਾਣੀ) : ਆਸਕਰ ਵਾਇਲਡ

ਖ਼ੁਸ਼ ਸ਼ਹਿਜ਼ਾਦਾ ਆਸਕਰ ਵਾਇਲਡ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

(ਇਹ ਰਚਨਾ ਔਸਕਰ ਵਾਇਲਡ ਦੀ ਅੰਗ੍ਰੇਜੀ ਕਹਾਣੀ
'The Happy Prince' ਤੇ ਆਧਾਰਿਤ ਹੈ)

1.
ਸਾਰੇ ਸ਼ਹਿਰ ਦੇ ਉਪਰੋਂ ਇਕ ਬੁੱਤ ਸੀ ਦਿਸਦਾ ।
ਖ਼ੁਸ਼ ਸ਼ਹਿਜ਼ਾਦਾ ਨਾਂ ਸੀ, ਸੀ ਬੁੱਤ ਉਹ ਜਿਸਦਾ ।
ਮੜ੍ਹਿਆ ਸੋਨੇ ਨਾਲ ਸੀ ਸ਼ਹਿਜ਼ਾਦਾ ਸੋਹਣਾ ।
ਨੀਲਮ ਅੱਖੀਂ ਸੋਂਹਦੇ ਜਾਪੇ ਮਨਮੋਹਣਾ ।
ਉਸ ਹੱਥ ਇਕ ਤਲਵਾਰ ਸੀ ਜੋ ਬੜੀ ਪਿਆਰੀ ।
ਮੁੱਠੇ ਜੜਿਆ ਲਾਲ ਸੀ ਦਿਖ ਜਿਸਦੀ ਨਿਆਰੀ ।
ਲੋਕੀਂ ਉਸਨੂੰ ਵੇਖਕੇ ਕਈ ਗੱਲਾਂ ਕਰਦੇ ।
ਕੋਈ ਕਹੇ ਫ਼ਜ਼ੂਲ ਇਹ ਕਈ ਆਹਾਂ ਭਰਦੇ ।
ਮਾਂ ਆਖਦੀ ਬੱਚੇ ਨੂੰ ਖ਼ੁਸ਼ ਏਦਾਂ ਰਹਿਣਾ ।
ਕੋਈ ਕਹਿੰਦਾ ਬੁੱਤ ਨੇ ਹੈ ਇਉਂ ਹੀ ਰਹਿਣਾ ।
ਬੱਚੇ ਕਹਿਣ, 'ਫ਼ਰਿਸ਼ਤਿਆਂ ਜਿਉਂ ਚਿਹਰਾ ਇਸਦਾ ।'
ਹਿਸਾਬ ਮਾਸਟਰ ਪੁਛਦਾ, 'ਕੀ ਸਬੂਤ ਹੈ ਇਸਦਾ ?
ਤੁਸੀਂ ਕੀ ਜਾਣੋਂ ਫ਼ਰਿਸ਼ਤੇ ਨੇ ਕਿੱਥੇ ਰਹਿੰਦੇ ?'
ਬੱਚੇ ਕਹਿਣ, 'ਵਿਚ ਸੁਪਨਿਆਂ ਸਾਡੇ ਕੋਲ ਬਹਿੰਦੇ ।'

2.
ਇਕ ਰਾਤ ਨੂੰ ਅਬਾਬੀਲ ਇਕ ਆਇਆ ਉੱਥੇ।
ਸਾਥੀ ਮਿਸਰ ਨੂੰ ਚਲੇ ਗਏ ਉਹ ਰਹਿਆ ਪਿੱਛੇ ।
ਬੰਸਰੀ ਦੇ ਬੂਟੇ ਨਾਲ ਸੀ ਪਿਆਰ ਉਹ ਕਰਦਾ ।
ਉਸਨੂੰ ਹਾਸਲ ਕਰਨ ਲਈ ਲੱਖ ਤਰਲੇ ਕਰਦਾ ।
ਸਾਰੀਆਂ ਗਰਮੀਆਂ ਲੰਘੀਆਂ ਉਹਨੂੰ ਏਦਾਂ ਕਰਦੇ ।
ਸਾਥੀ ਕਹਿੰਦੇ ਮੂਰਖ ਨੇ ਜੋ ਬੰਸਰੀਆਂ ਤੇ ਮਰਦੇ ।
ਇਸ ਕੋਲ ਕੋਈ ਧਨ ਨਹੀਂ ਪਰ ਸੰਬੰਧੀ ਨੇ ਕਿੰਨੇ ।
ਇਹ ਕਹਿ ਉਡਾਰੀ ਮਾਰ ਗਏ ਅਬਾਬੀਲ ਸੀ ਜਿੰਨੇ ।
ਪਿੱਛੋਂ ਉਸਨੇ ਸੋਚਿਆ ਇਹਦੀ ਹਵਾ ਨਾਲ ਵੀ ਯਾਰੀ ।
ਇਹ ਨਾ ਇੱਥੋਂ ਜਾ ਸਕੇ ਮਾਰ ਲੰਮੀ ਉਡਾਰੀ ।
ਫਿਰ ਅਬਾਬੀਲ ਨੇ ਪੁੱਛਿਆ, 'ਚੱਲ ਏਥੋਂ ਚੱਲੀਏ ।'
ਉਸਨੇ ਸਿਰ ਹਿਲਾਇਆ ਜਦ ਹਵਾ ਚੱਲੀ ਏ ।
ਉਸਨੇ ਉਹਨੂੰ 'ਬੇਵਫ਼ਾ' ਆਖਕੇ ਕਰ ਲਈ ਤਿਆਰੀ ।
ਪਿਰਾਮਿਡਾਂ ਵੱਲ ਜਾਣ ਲਈ ਉਸ ਭਰੀ ਉਡਾਰੀ ।

3.
ਸਾਰਾ ਦਿਨ ਉਹ ਉੱਡਿਆ ਰਾਤੀਂ ਸ਼ਹਿਰ 'ਚ ਆਇਆ ।
ਉਸ ਜਗ੍ਹਾ ਰਾਤ ਕੱਟਣ ਦਾ ਉਸ ਮਨ ਬਣਾਇਆ ।
ਉਹ ਬੁਤ ਵੱਲ ਵੇਖ ਕੇ ਹੇਠਾਂ ਉਤਰ ਆਇਆ ।
ਉਸ ਦੇ ਪੈਰਾਂ ਵਿਚ ਸੌਣ ਲਈ ਉਸ ਡੇਰਾ ਲਾਇਆ ।
ਸੌਣ ਲਈ ਫਿਰ ਓਸਨੇ ਸਿਰ ਖੰਭਾਂ ਵਿਚ ਦਿੱਤਾ ।
ਐਨ ਉਸੇ ਵੇਲੇ ਪਾਣੀ ਦਾ ਇਕ ਡਿੱਗਿਆ ਤੁਪਕਾ ।
ਉਸਨੇ ਉਪਰ ਤੱਕਿਆ ਤਾਰੇ ਖਿੜ ਖਿੜ ਹੱਸਣ।
ਆਕਾਸ਼ ਵਿਚ ਨਾ ਕਿਤੇ ਵੀ ਕੋਈ ਬੱਦਲ ਦਿੱਸਣ ।
ਐਨੇ ਨੂੰ ਤੁਪਕਾ ਹੋਰ ਆ ਉਸ ਉਤੇ ਡਿੱਗਾ ।
ਖੰਭ ਖੋਲ੍ਹ ਕੇ ਆਪਣੇ ਉਹ ਉੱਡਣ ਸੀ ਲੱਗਾ ।
ਤੀਜਾ ਤੁਪਕਾ ਡਿੱਗਿਆ ਉਸ ਉਪਰ ਤੱਕਿਆ ।
ਐਸਾ ਨਜ਼ਾਰਾ ਉਸ ਵੇਖਿਆ ਤੇ ਉਡ ਨਾ ਸਕਿਆ ।
ਹੰਝੂਆਂ ਨਾਲ ਬੁੱਤ ਦੀਆਂ ਸੀ ਅੱਖੀਆਂ ਭਰੀਆਂ ।
ਉਨ੍ਹਾਂ ਵਿਚੋਂ ਹੀ ਨਿਕਲਕੇ ਬੂੰਦਾਂ ਸਨ ਵਰ੍ਹੀਆਂ ।
ਚਾਨਣੀ ਰਾਤ ਵਿਚ ਸ਼ਹਿਜ਼ਾਦਾ ਸੀ ਲਗਦਾ ਸੋਹਣਾ ।
ਅਬਾਬੀਲ ਨੂੰ ਤਰਸ ਆ ਗਿਆ ਤੱਕ ਉਸ ਦਾ ਰੋਣਾ ।
"ਦੱਸ ਤੂੰ ਮੈਨੂੰ ਕੌਣ ਏਂ ?" ਉਸ ਉਹਨੂੰ ਪੁੱਛਿਆ ।
"ਖ਼ੁਸ਼-ਸ਼ਹਿਜ਼ਾਦਾ ਨਾਂ ਮੇਰਾ," ਸੀ ਬੁੱਤ ਨੇ ਦੱਸਿਆ ।
"ਤੂੰ ਦੱਸ ਕਿਉਂ ਰੋ ਰਿਹਾ ਮੈਨੂੰ ਭਿਉਂ ਦਿੱਤਾ ?"
ਸ਼ਹਿਜ਼ਾਦੇ ਨੇ ਸ਼ੁਰੂ ਕੀਤਾ ਫਿਰ ਆਪਣਾ ਕਿੱਸਾ ।
"ਜਦੋਂ ਮੈਂ ਜਿਉਂਦਾ ਜਾਗਦਾ ਇਨਸਾਨ ਸਾਂ ਭਾਈ ।
ਹੰਝੂਆਂ ਦੀ ਕਦ ਪਹੁੰਚ ਸੀ ਤਦ ਮੇਰੀ ਜਾਈ ।
ਦੁੱਖ ਕਦੇ ਮੇਰੇ ਮਹਿਲ ਦੇ ਨਾ ਆਉਂਦਾ ਨੇੜੇ ।
ਦੋਸਤਾਂ ਨਾਲ ਮੈਂ ਬਾਗ਼ ਵਿਚ ਲਾਉਂਦਾ ਸਾਂ ਗੇੜੇ ।
ਸ਼ਾਮ ਵੇਲੇ ਮੈਂ ਨਾਚ ਦਾ ਸਾਂ ਮੋਹਰੀ ਹੁੰਦਾ ।
'ਖ਼ੁਸ਼-ਸ਼ਹਿਜ਼ਾਦਾ' ਆਖਦਾ ਮੈਨੂੰ ਹਰ ਬੰਦਾ ।
ਮਹਿਲ ਦੇ ਬਾਹਰ ਕੀ ਹੈ ਨਾ ਪਤਾ ਸੀ ਕਾਈ ।
ਏਸ ਤਰ੍ਹਾਂ ਖ਼ੁਸ਼ ਰਹਿੰਦਿਆਂ ਮੈਂ ਉਮਰ ਲੰਘਾਈ ।
ਮਰਨ ਤੋਂ ਬਾਦ ਉਨ੍ਹਾਂ ਨੇ ਆਹ ਬੁੱਤ ਬਣਾਇਆ ।
ਸਿੱਕੇ ਦਾ ਦਿਲ ਉਨ੍ਹਾਂ ਨੇ ਮੇਰੇ ਵਿਚ ਪਾਇਆ ।
ਹੁਣ ਸ਼ਹਿਰ ਦੀ ਸਾਰੀ ਗੰਦਗੀ ਤੇ ਦੁੱਖ ਮੈਂ ਤੱਕਾਂ ।
ਹੰਝੂ ਭਰੀਆਂ ਰਹਿੰਦੀਆਂ ਤਾਹੀਂ ਮੇਰੀਆਂ ਅੱਖਾਂ ।

4.
ਔਹ ਦੂਰ ਛੋਟੀ ਗਲੀ ਵਿਚ ਮਕਾਨ ਹੈ ਦਿਸਦਾ ।
ਉਹ ਦਰਜਣ ਬੜੀ ਗਰੀਬੜੀ ਹੈ ਘਰ ਉਹ ਜਿਸਦਾ ।
ਉਹ ਮਰੀਅਲ ਜਿਹੀ ਜਾਪਦੀ ਅੱਖਾਂ ਵਿਚ ਖੁਭੀਆਂ ।
ਲਾਲ ਖੁਰਦਰੇ ਹੱਥਾਂ ਵਿਚ ਸੂਈਆਂ ਨੇ ਚੁਭੀਆਂ ।
ਸਾਟਿਨ ਦੇ ਇਕ ਗਾਊਨ ਤੇ ਕਢਾਈ ਪਈ ਕਰਦੀ ।
ਅਗਲੇ ਦਿਨ ਪਾਵਣਾ ਨਾਚ ਤੇ ਰਾਣੀ ਦੀ ਬਰਦੀ ।
ਇਕ ਖੂੰਜੇ ਵਿੱਚ ਪਿਆ ਹੈ ਉਹਦਾ ਬਾਲ ਨਿਆਣਾ ।
ਬੁਖਾਰ ਨੇ ਉਸ ਬੱਚੇ ਨੂੰ ਕਰ ਰੱਖਿਆ ਹੈ ਨਿੰਮੋਝਾਣਾ ।
"ਮਾਂ, ਮੈਂ ਸੰਤਰੇ ਲੈਣੇ ਨੇ" ਉਹ ਆਖੀਂ ਹੀ ਜਾਵੇ ।
ਮਾਂ ਦੇ ਕੋਲ ਫੁੱਟੀ ਕੌਡੀ ਨਹੀਂ ਉਹ ਕਿਥੋਂ ਲਿਆਵੇ ।
ਹੇ ਅਬਾਬੀਲ ! ਦੇਖ ਤੂੰ ਮੇਰੇ ਪੈਰ ਪਏ ਬੰਨ੍ਹੇ ।
ਤੈਨੂੰ ਅਰਜ਼ ਮੈਂ ਇਕ ਕਰਾਂ ਜੇ ਮੇਰੀ ਮੰਨੇ ।
ਤਲਵਾਰੋਂ ਲਾਲ ਉਤਾਰ ਲੈ ਤੇ ਮਾਰ ਉਡਾਰੀ ।
ਇਹ ਉਸ ਮਾਂ ਨੂੰ ਦੇ ਆ ਜੋ ਹੈ ਦੁਖਿਆਰੀ ।"
ਅਬਾਬੀਲ ਫਿਰ ਆਖਦਾ, ਮੈਂ ਮਿਸਰ ਜਾਣਾਂ ।
ਜਿਥੇ ਸਾਥੀ ਮੈਨੂੰ ਉਡੀਕਦੇ ਮੇਰਾ ਉਹੀ ਟਿਕਾਣਾ ।
ਉਹ ਉਡਦੇ ਉਪਰ ਨੀਲ ਦੇ ਕੰਵਲਾਂ ਨਾਲ ਬੋਲਣ ।
ਸ਼ਾਮ ਪਏ ਘਰ ਆਉਣ ਲਈ ਪਰ ਅਪਣੇ ਤੋਲਣ ।
ਉਨ੍ਹਾਂ ਦਾ ਘਰ ਰਾਜੇ ਦੀ ਕਬਰ ਹੈ ਜੋ ਬੜੀ ਸ਼ਿੰਗਾਰੀ ।
ਰਾਜੇ ਦੀ ਚਮੜੀ ਓਸ ਵਿਚ ਪਈ ਝੁਰੜੀ ਸਾਰੀ ।"
ਸ਼ਹਿਜ਼ਾਦਾ ਆਖੇ ਅਬਾਬੀਲ ਨੂੰ, "ਰੁਕ ਅੱਜ ਦੀ ਰਾਤੀਂ ।
ਵੇਖ ਲੜਕਾ ਕਿੰਨਾ ਪਿਆਸਾ ਹੈ ਤੇ ਮਾਂ ਕਿੰਨੀ ਉਦਾਸੀ ।"
"ਮੈਨੂੰ ਲੜਕੇ ਪਸੰਦ ਨਾ," ਅਬਾਬੀਲ ਪੁਕਾਰੇ ।
"ਇਕ ਦਿਨ ਤਿੰਨ ਮੁੰਡਿਆਂ ਮੈਨੂੰ ਪੱਥਰ ਮਾਰੇ ।
ਮੈਂ ਇਸ ਲਈ ਬਚ ਗਿਆ ਅਸੀਂ ਹਾਂ ਫੁਰਤੀਲੇ ।
ਮੈਂ ਨਹੀਂ ਰੁਕਣਾ ਏਸ ਥਾਂ ਹੁਣ ਕਿਸੇ ਵੀ ਹੀਲੇ ।"
ਇਹ ਗੱਲ ਸੁਣ ਸ਼ਹਿਜ਼ਾਦੇ 'ਤੇ ਉਦਾਸੀ ਛਾਈ ।
ਇਹੋ ਉਦਾਸੀ ਅਬਾਬੀਲ ਦਿਲ ਤਰਸ ਲਿਆਈ ।
"ਭਾਵੇਂ ਕਿੰਨੀ ਠੰਢ ਹੈ ਰਾਤ ਪਰ ਏਥੇ ਲੰਘਾਣੀ ।
ਤੇਰੀ ਦਿੱਤੀ ਹੋਈ ਚੀਜ਼ ਮੈਂ ਅੱਗੇ ਦੇ ਆਣੀ ।
ਅਬਾਬੀਲ ਤਲਵਾਰ ਤੋਂ ਫਿਰ ਲਾਲ ਨੂੰ ਲਾਹਿਆ ।
ਫੜ ਕੇ ਚੁੰਝ ਵਿਚ ਓਸਨੂੰ ਓਥੋਂ ਉਹ ਧਾਇਆ ।
ਗਿਰਜਾ, ਮਹਿਲ, ਦਰਿਆ ਦੇ ਉਪਰੋਂ ਉਹ ਉਡਿਆ ।
ਮੰਡੀ ਉੱਤੋਂ ਲੰਘਕੇ ਗ਼ਰੀਬ ਮਾਂ ਦੇ ਘਰ ਪੁੱਜਿਆ ।
ਮਾਂ ਸੁੱਤੀ ਪਈ ਸੀ ਬੱਚਾ ਤੜਪਦਾ ਸੀ ਤਪਿਆ ।
ਮੇਜ਼ ਦੇ ਉੱਤੇ ਅਬਾਬੀਲ ਨੇ ਜਾ ਲਾਲ ਸੀ ਰੱਖਿਆ ।
ਮੰਜੇ ਉੱਤੇ ਪਰ ਖੋਲ੍ਹ ਕੇ ਉਸ ਪੱਖਾ ਸੀ ਕਰਿਆ ।
ਬੱਚਾ ਕਹਿੰਦਾ, "ਲਗਦੈ ਮੈਂ ਠੀਕ ਹੋ ਰਿਹਾ ।
ਠੰਢਕ ਹੈ ਕੁਝ ਜਾਪਦੀ ਤਪਦਾ ਘੱਟ ਹੈ ਮੱਥਾ ।"
ਇਹ ਕਹਿ ਪਾਸਾ ਮਾਰ ਮਿੱਠੀ ਨੀਂਦ ਉਹ ਸੁੱਤਾ ।
ਅਬਾਬੀਲ ਵਾਪਸ ਆ ਕੇ ਫਿਰ ਆ ਸੁਣਾਇਆ ।
"ਮੇਰਾ ਸਰੀਰ ਠੰਢ ਵਿਚ ਵੀ ਜਾਪੇ ਗਰਮਾਇਆ ।"
ਸ਼ਹਿਜ਼ਾਦਾ ਕਹਿੰਦਾ, "ਤੂੰ ਜੋ ਨੇਕ ਕੰਮ ਹੈ ਕੀਤਾ ।"
ਸੋਚਾਂ ਸੋਚਦਾ ਹੀ ਉਹ ਸੌਂ ਗਿਆ ਹੋ ਚੁੱਪ-ਚੁਪੀਤਾ ।

5.
ਸੁਬਹ ਉਠਕੇ ਅਬਾਬੀਲ ਦਰਿਆ ਤੇ ਆਇਆ ।
ਪਾਣੀ ਵਿਚ ਕਿੰਨੀ ਦੇਰ ਸੀ ਉਹ ਖ਼ੂਬ ਨਹਾਇਆ ।
ਇਕ ਪ੍ਰੋਫ਼ੈਸਰ ਨੇ ਪੁਲ ਉੱਤੋਂ ਇਹ ਡਿੱਠਾ ਨਜ਼ਾਰਾ ।
"ਸਰਦੀਆਂ ਵਿੱਚ ਅਬਾਬੀਲ !" ਹੈਰਾਨ ਉਹ ਭਾਰਾ ।"
ਵਿੱਚ ਅਖ਼ਬਾਰਾਂ ਓਸ ਨੇ ਇੱਕ ਪੱਤਰ ਲਿਖਿਆ ।
ਪਰ ਸ਼ਬਦ ਕੋਈ ਓਸਦੇ ਸੀ ਸਮਝ ਨਾ ਸਕਿਆ ।
ਰਾਤੀਂ ਮੈਂ ਮਿਸਰ ਜਾਵਣਾਂ ਉਸ ਦਿਲ ਵਿਚ ਧਾਰੀ ।
ਉਹ ਘੁੰਮਿਆਂ ਸਾਰੇ ਸ਼ਹਿਰ 'ਤੇ ਮਾਰ ਲੰਮੀ ਉਡਾਰੀ ।
'ਕਿੱਥੋਂ ਆਇਆ ਅਜਨਬੀ' ਸਭ ਚੂਕਣ ਚਿੜੀਆਂ ।
ਇਹ ਸੁਣ ਚਿਹਰੇ ਓਸਦੇ ਸੀ ਖ਼ੁਸ਼ੀਆਂ ਖਿੜੀਆਂ ।
ਚੰਨ ਅਸਮਾਨੀਂ ਚੜ੍ਹ ਗਿਆ ਉਹ ਵਾਪਸ ਆਇਆ ।
"ਹੈ ਕੋਈ ਕੰਮ ਮਿਸਰ ਵਿਚ ਤੂੰ ਚਾਹੇਂ ਕਰਾਇਆ ।"
ਸ਼ਹਿਜ਼ਾਦੇ ਸੁਣ ਓਸਦੀ ਉਹਨੂੰ ਗੱਲ ਇਹ ਆਖੀ ।
"ਅੱਜ ਦੀ ਰਾਤ ਹੋਰ ਰੁਕ ਜਾ ਮੇਰਾ ਕੰਮ ਏ ਬਾਕੀ ।"
"ਮੇਰੇ ਸਾਥੀਆਂ ਕੱਲ੍ਹ ਨੂੰ ਇਕ ਝਰਨੇ ਵੱਲ ਜਾਣਾ ।
ਜਿੱਥੇ ਦਰਿਆਈ-ਘੋੜੇ ਨੇ ਤੇ ਫ਼ਰਿਸ਼ਤੇ ਨੇ ਆਣਾ ।
ਸਾਰੀ ਰਾਤ ਉੱਥੇ ਉਹ ਬੈਠ ਕੇ ਤਾਰੇ ਪਿਆ ਤਕੇਂਦਾ ।
ਸੁਬਹ ਦੇ ਤਾਰੇ ਨਾਲ ਖ਼ੁਸ਼ੀ ਦੀ ਫਿਰ ਕੂਕ ਮਰੇਂਦਾ ।
ਦੁਪਹਿਰੀਂ ਉਸ ਥਾਂ ਨੇ ਪੀਲੇ ਸ਼ੇਰ ਕਈ ਆਉਂਦੇ ।
ਉੱਚੀ ਉੱਚੀ ਉਹ ਗਰਜਦੇ ਤੇ ਪਿਆਸ ਬੁਝਾਉਂਦੇ ।"
"ਔਹ ਦੂਰ ਇਕ ਨਿੱਕੀ ਕੋਠੜੀ ਵਿੱਚ ਗੱਭਰੂ ਦਿਸਦਾ ।
ਝੁਕਿਆ ਹੋਇਆ ਉਹ ਡੈਸਕ ਤੇ ਜਾਪੇ ਕੁਝ ਲਿਖਦਾ ।
ਆਲੇ ਦੁਆਲੇ ਉਸ ਆਪਣੇ ਕਾਗ਼ਜ਼ ਨੇ ਖਿੰਡਾਏ।
ਜਾਮਨੀ ਫੁੱਲ ਗਲਾਸ ਵਿਚ ਪਏ ਉਕਾ ਮੁਰਝਾਏ ।
ਭੂਰੇ ਤਿੱਖੇ ਉਸਦੇ ਵਾਲ ਨੇ ਬੁਲ੍ਹ ਅਨਾਰਾਂ ਵਰਗੇ।
ਵੱਡੀਆਂ ਅੱਖਾਂ ਨੇ ਉਸਦੀਆਂ ਵਿਚ ਸੁਪਨੇ ਤਰਦੇ ।
ਉਸਨੇ ਨਾਟਕ ਲਿਖਣਾ ਜੋ ਲਿਖਿਆ ਨਾ ਜਾਵੇ ।
ਠੰਢ ਤੇ ਭੁੱਖ ਓਸਨੂੰ ਪਈ ਵੱਢ ਵੱਢ ਖਾਵੇ ।"
"ਰਾਤ ਤੇਰੇ ਕੋਲ ਰੁਕ ਕੇ ਤੇਰਾ ਕੰਮ ਮੈਂ ਕਰਨਾ ।
ਇਕ ਲਾਲ ਤੂੰ ਮੈਨੂੰ ਹੋਰ ਦੇ ਜੋ ਅੱਗੇ ਮੈਂ ਖੜਨਾ ।"
"ਮੇਰੇ ਕੋਲ ਨੀਲਮ ਅੱਖਾਂ ਦੇ ਇਕ ਤੂੰ ਇਹ ਲੈ ਜਾ ।
ਛੇਤੀ ਨਾਲ ਉਡਾਰੀ ਮਾਰ ਉਸ ਗੱਭਰੂ ਨੂੰ ਦੇ ਆ ।"
ਇਹ ਸੁਣ ਅਬਾਬੀਲ ਦਾ ਸੀ ਗਲ ਭਰ ਆਇਆ ।
"ਮੈਂ ਨਹੀਂ ਇਹ ਕਰ ਸਕਦਾ ਜੋ ਤੂੰ ਫ਼ੁਰਮਾਇਆ ।"
ਸ਼ਹਿਜ਼ਾਦਾ ਉਸਨੂੰ ਆਖਦਾ, "ਇਹ ਹੁਕਮ ਹੈ ਮੇਰਾ,
ਦੋਸਤ ਹੋ ਕੇ ਹੁਕਮ ਮੰਨਣਾਂ ਇਹ ਫ਼ਰਜ਼ ਏ ਤੇਰਾ ।"
ਨੀਲਮ ਲੈ ਕੇ ਅਬਾਬੀਲ ਫਿਰ ਓਥੋਂ ਧਾਇਆ ।
ਮੁਰਝਾਏ ਫੁੱਲਾਂ ਕੋਲ ਓਸਨੂੰ ਉਸ ਜਾ ਟਿਕਾਇਆ ।
ਗੱਭਰੂ ਨੇ ਆਪਣੇ ਹੱਥਾਂ ਵਿਚ ਸੀ ਸਿਰ ਨੂੰ ਦਿੱਤਾ ।
ਇਸ ਲਈ ਅਬਾਬੀਲ ਓਸਨੇ ਨਾ ਆਉਂਦੇ ਡਿੱਠਾ ।
ਗੱਭਰੂ ਖ਼ੁਸ਼ ਹੋਇਆ ਜਦ ਉਹਨੇ ਨੀਲਮ ਤੱਕਿਆ ।
ਸੋਚਿਆ ਕਿਸੇ ਕਦਰਦਾਨ ਨੇ ਹੋਣਾ ਇਹ ਰੱਖਿਆ ।

6.
ਅਗਲੇ ਦਿਨ ਬੰਦਰਗਾਹ ਤੇ ਸਾਰਾ ਦਿਨ ਲੰਘਾਇਆ ।
ਵਾਪਸ ਮੁੜਿਆ ਚੰਨ ਜਦ ਦਿਸਿਆ ਚੜ੍ਹ ਆਇਆ ।
"ਪਿਆਰੇ ਸ਼ਹਿਜ਼ਾਦੇ ਅਲਵਿਦਾ," ਕਹਿ ਪਰ ਉਸ ਖੋਲ੍ਹੇ ।
"ਇਕ ਰਾਤ ਹੋਰ ਬੱਸ ਠਹਿਰ ਜਾ ਤੂੰ ਮੇਰੇ ਕੋਲੇ ।"
"ਏਥੇ ਠੰਢ ਹੈ ਵਧ ਰਹੀ ਫੇਰ ਬਰਫ਼ ਵੀ ਆਉਣੀ ।
ਪਰ ਮਿਸਰ ਦੀ ਧੁੱਪ ਹੈ ਤਨ ਨੂੰ ਗਰਮਾਉਣੀ ।
ਮੱਗਰਮੱਛ ਚਿਕੜ ਵਿਚ ਨੇ ਪਏ ਲੇਟਾਂ ਲਾਉਂਦੇ ।
ਮੇਰੇ ਸਾਥੀ ਮੰਦਿਰ ਵਿਚ ਨੇ ਆਲ੍ਹਣੇ ਬਣਾਉਂਦੇ ।
ਅਗਲੀ ਬਸੰਤ ਮੁੜ ਫੇਰ ਮੈਂ ਤੇਰੇ ਕੋਲ ਆਊਂ ।
ਤੇਰੇ ਲਈ ਸੋਹਣਾ ਲਾਲ ਤੇ ਨੀਲਮ ਲੈ ਆਊਂ ।
ਲਾਲ ਦਾ ਰੰਗ ਗੁਲਾਬ ਤੋਂ ਵੀ ਲਾਲ ਹੈ ਹੋਣਾ ।
ਨੀਲਮ ਨੀਲੇ ਸਾਗਰ ਜਿਉਂ ਹੋਣਾ ਮਨਮੋਹਣਾ ।"
"ਵੇਖ ਚੌਰਾਹੇ ਵਿੱਚ ਖੜੀ ਕੁੜੀ ਮਾਚਿਸਾਂ ਵਾਲੀ ।
ਮਾਚਿਸਾਂ ਉਹਦੀਆਂ ਡਿਗੀਆਂ ਵਿਚ ਗੰਦੀ ਨਾਲੀ ।
ਖਾਲੀ ਹੱਥ ਘਰ ਜਾਣ ਤੇ ਪਿਉਂ ਤੋਂ ਉਹ ਡਰਦੀ ।
ਨੰਗਾ ਸਿਰ, ਨੰਗੇ ਪੈਰ ਨੇ ਉੱਤੋਂ ਆ ਰਹੀ ਸਰਦੀ ।
ਨੀਲਮ ਉਸ ਨੂੰ ਦੇ ਆ ਉਹ ਮਾਰੋਂ ਬਚ ਜਾਵੇ ।
ਵਾਧੂ ਪੈਸੇ ਨਾਲ ਲੋੜੀਂਦੀਆਂ ਚੀਜ਼ਾਂ ਲੈ ਆਵੇ ।"
"ਰੁਕ ਜਾਵਾਂਗਾ ਤੇਰੇ ਕੋਲ ਪਰ ਅੱਖ ਕਿਦਾਂ ਕੱਢਾਂ ।
ਆਪਣੀ ਚੁੰਝ ਨਾਲ ਮੈਂ ਤੈਨੂੰ ਅੰਨ੍ਹਾਂ ਕਰ ਛੱਡਾਂ !"
ਸ਼ਹਿਜ਼ਾਦੇ ਦੇ ਹੁਕਮ ਅੱਗੇ ਉਸ ਸਿਰ ਨਿਵਾਇਆ ।
ਨੀਲਮ ਉਹਨੇ ਕੁੜੀ ਦੀ ਜਾ ਤਲੀ ਟਿਕਾਇਆ ।
ਕੁੜੀ ਖ਼ੁਸ਼ ਹੋ ਭੱਜ ਗਈ ਉਹ ਵਾਪਸ ਆਇਆ ।
ਸਦਾ ਲਈ ਉਥੇ ਰੁਕਣ ਦਾ ਉਸ ਮਨ ਬਣਾਇਆ ।
"ਤੂੰ ਹੁਣ ਅੰਨ੍ਹਾ ਹੋ ਗਿਆ ਮੈਂ ਏਥੇ ਹੀ ਰਹਿਣਾ ।
ਤੇਰਾ ਦੁਖ ਆਪਾਂ ਦੋਹਾਂ ਨੇ ਹੁਣ ਰਲਕੇ ਸਹਿਣਾ ।"
"ਤੂੰ ਹੁਣ ਏਥੋਂ ਚਲਾ ਜਾ ਗੱਲ ਮੰਨ ਇਹ ਮੇਰੀ ।"
ਉਹਦੇ ਪੈਰਾਂ ਵਿਚ ਉਹ ਸੌਂ ਗਿਆ ਲਾਈ ਨਾ ਦੇਰੀ ।

7.
ਮੋਢੇ ਉੱਤੇ ਸ਼ਹਿਜ਼ਾਦੇ ਦੇ ਬੈਠ ਕੇ ਅਗਲਾ ਦਿਨ ਸਾਰਾ ।
ਆਪਣੀਆਂ ਕਹਾਣੀਆਂ ਦਾ ਖੋਲ੍ਹਿਆ ਉਸਨੇ ਪਿਟਾਰਾ ।
ਕਦੇ ਉਹ ਅਜਨਬੀ ਦੇਸ਼ਾਂ ਵਿਚ ਉਹਨੂੰ ਲੈ ਜਾਂਦਾ ।
ਨੀਲ ਦੇ ਕੰਢੇ ਬੈਠੇ ਬੂਜੇ ਪੰਛੀਆਂ ਦੀ ਸੈਰ ਕਰਾਂਦਾ ।
ਸਫਿੰਨਕਸ ਬਾਰੇ ਉਸ ਦੱਸਿਆ ਜੋ ਬਹੁਤ ਪੁਰਾਣੀ ।
ਕਦੇ ਉਹ ਉਹਨੂੰ ਵਿਖਾਲਦਾ ਸੌਦਾਗਰਾਂ ਦੀ ਢਾਣੀ ।
ਕਦੇ ਕਹਿੰਦਾ ਪਹਾੜੀ ਰਾਜਾ ਇਕ ਚੰਨ ਤੇ ਰਹਿੰਦਾ ।
ਹਰੇ ਸੱਪ ਬਾਰੇ ਉਸ ਦੱਸਿਆ ਜੋ ਖਾਂਦਾ ਹੀ ਰਹਿੰਦਾ ।
ਤਾੜ ਦੇ ਰੁੱਖ ਵਿਚ ਸੌਂਦਾ ਰਹੇ ਪਰ ਜਦ ਉਹ ਜਾਗੇ ।
ਵੀਹ ਪਾਦਰੀ ਸ਼ਹਿਦ ਦੇਣ ਲਈ ਰਹਿਣ ਉਸਦੇ ਲਾਗੇ ।
ਫਿਰ ਉਸ ਬੌਨਿਆਂ ਬਾਰੇ ਦੱਸਿਆ ਜੋ ਪੱਤਿਆਂ ਤੇ ਤਰਦੇ ।
ਪਰ ਤਿਤਲੀਆਂ ਨਾਲ ਹਮੇਸ਼ ਜੋ ਲੜਾਈਆਂ ਨੇ ਕਰਦੇ ।

8.
ਸ਼ਹਿਜ਼ਾਦਾ ਫਿਰ ਬੋਲਿਆ, "ਓ ਅਬਾਬੀਲ ਪਿਆਰੇ !"
ਤੇਰੇ ਕਿੱਸੇ ਬੜੇ ਕਮਾਲ ਨੇ ਤੂੰ ਸੁਣਾਏ ਜੋ ਸਾਰੇ ।
ਪਰ ਸਭ ਤੋਂ ਕਮਾਲ ਤਾਂ ਦੁੱਖ ਹੈ ਜੋ ਲੋਕੀ ਸਹਿੰਦੇ ।
ਭੇਦ ਇਹਦੇ ਦੀ ਥਾਹ ਨਹੀਂ ਇਹ ਸਾਰੇ ਕਹਿੰਦੇ ।
ਤੂੰ ਸ਼ਹਿਰ ਉਡਾਰੀ ਮਾਰ ਵੇਖ ਦੁੱਖ ਦਰਦ ਏ ਕਿੰਨਾ ।
ਫਿਰ ਉਹ ਮੈਨੂੰ ਆ ਦੱਸੀਂ ਵੇਖੇਂ ਦੁੱਖ ਤੂੰ ਜਿੰਨਾ ।"
ਅਬਾਬੀਲ ਸ਼ਹਿਰ ਦੇ ਉਪਰੋਂ ਜਾਂ ਉਡਕੇ ਆਇਆ ।
ਸ਼ਹਿਜ਼ਾਦੇ ਨੂੰ ਆ ਕੇ ਦੱਸੀ ਜੋ ਖ਼ਬਰ ਲਿਆਇਆ ।
"ਅਮੀਰ ਮਹਿਲਾਂ ਵਿਚ ਨੇ ਐਸ਼ਾਂ ਨਾਲ ਰਹਿੰਦੇ ।
ਗ਼ਰੀਬ ਉਨ੍ਹਾਂ ਦੇ ਦਰ ਉੱਤੇ ਆਸਾਂ ਲਾ ਬਹਿੰਦੇ ।
ਮੈਂ ਉਹ ਗਲੀਆਂ ਵੇਖੀਆਂ ਜਿਥੇ ਦਿਨੇ ਹਨੇਰੇ ।
ਭੁੱਖੇ ਬੱਚਿਆਂ ਦੇ ਉੱਥੇ ਤੱਕੇ ਨੇ ਮੈਂ ਚਿੱਟੇ ਚੇਹਰੇ ।
ਇਕ ਪੁਲ ਹੇਠ ਮੈਂ ਤੱਕਿਆ ਦੋ ਬੱਚੇ ਸਿਮਟੇ ।
ਇਕ ਦੂਏ ਦੀਆਂ ਬਾਹਾਂ ਵਿੱਚ ਸੀ ਪਏ ਲਿਪਟੇ ।
ਬਾਹਰ ਸੀ ਮੀਂਹ ਪੈ ਰਿਹਾ ਤੇ ਠੰਢ ਸੀ ਭਾਰੀ ।
ਇਕ ਨੂੰ ਦੂਜਾ ਆਖਦਾ 'ਭੁੱਖ ਕਿੱਡੀ ਬੀਮਾਰੀ' ।
ਏਨੇ ਨੂੰ ਚੌਕੀਦਾਰ ਇਕ ਕਿਧਰੋਂ ਹੀ ਆਇਆ ।
ਦੋਹਾਂ ਬੱਚਿਆਂ ਨੂੰ ਡਰਾ ਕੇ ਉਸ ਨੇ ਭਜਾਇਆ ।"
"ਇਹ ਸੋਨਾ ਮੇਰੇ ਕਿਸ ਕੰਮ ਮੈਨੂੰ ਜਿਸ ਮੜ੍ਹਿਆ ।
ਲੋਕਾਂ ਨੂੰ ਦੇਣ ਲਈ ਏਸ ਨੂੰ ਤੂੰ ਲਾਹ ਲੈ ਅੜਿਆ ।"
ਅਬਾਬੀਲ ਨੇ ਹੌਲੀ ਹੌਲੀ ਸਾਰਾ ਸੋਨਾ ਲਾਹਿਆ ।
ਸ਼ਹਿਜ਼ਾਦੇ ਨੂੰ ਏਸ ਕੰਮ ਨੇ ਬਦਸ਼ਕਲ ਬਣਾਇਆ ।
ਬੱਚਿਆਂ ਦੇ ਚਿਹਰੇ ਖਿੜ ਗਏ ਉਹ ਲੁੱਡੀਆਂ ਪਾਵਣ ।
ਗਲੀਆਂ ਵਿਚ ਉਹ ਨਿਕਲ ਕੇ ਹਾਸੇ ਛਲਕਾਵਣ ।

9.
ਏਨੇ ਨੂੰ ਬਰਫ਼ ਆ ਗਈ ਕੋਰਾ ਵੀ ਲੱਗਾ ਚਮਕਣ ।
ਛੱਜਿਆਂ ਤੇ ਬਰਖ਼ ਲਟਕਦੀ ਜਿਉਂ ਖੰਜਰ ਲਮਕਣ ।
ਫਰ ਦੇ ਕਪੜੇ ਪਹਿਨ ਕੇ ਸਭ ਬਾਹਰ ਵਲ ਆਏ ।
ਲਾਲ ਰੰਗੀਆਂ ਟੋਪੀਆਂ ਪਾ ਕੇ ਬੱਚੇ ਖੇਡਣ ਆਏ ।
ਬਿਚਾਰਾ ਅਬਾਬੀਲ ਠੰਢ ਨਾਲ ਸੀ ਸੁੰਗੜਦਾ ਜਾਂਦਾ ।
ਪੇਟ ਭਰਨ ਨੂੰ ਬੇਕਰੀ ਅਗਿਉਂ ਭੋਰੇ ਚੁਗ ਚੁਗ ਖਾਂਦਾ ।
ਅੰਤ ਨੂੰ ਠੰਢ ਤੇ ਭੁੱਖ ਨੇ ਐਨਾ ਜ਼ੋਰ ਆ ਪਾਇਆ ।
ਅਬਾਬੀਲ ਨੇ ਸਮਝ ਲਿਆ ਹੁਣ ਅੰਤ ਹੈ ਆਇਆ ।
ਸ਼ਹਿਜ਼ਾਦੇ ਦੇ ਮੋਢੇ ਬੈਠਣ ਲਈ ਪੂਰੀ ਤਾਕਤ ਲਾਈ ।
ਫਿਰ ਉਸਦੇ ਕੰਨ ਵਿਚ ਓਸਨੇ ਇਹ ਗੱਲ ਸੁਣਾਈ ।
"ਹੁਣ ਤੈਨੂੰ ਮੈਂ ਕਹਿ ਅਲਵਿਦਾ ਅੱਗੇ ਵੱਲ ਜਾਵਾਂ ।
ਪਰ ਅੰਤ ਵੇਲੇ ਤੇਰਾ ਹੱਥ ਮੈਂ ਚੁੰਮਣਾ ਵੀ ਚਾਹਵਾਂ ।"
"ਤੂੰ ਆਪਣੇ ਦੇਸ਼ ਜਾ ਰਿਹੈਂ ਮੈਂ ਬਲਿਹਾਰੇ ਜਾਵਾਂ ।
ਮੂੰਹ ਮੱਥਾ ਜੋ ਮਰਜੀ ਚੁੰਮ ਲੈ ਤੈਨੂੰ ਕਿਉਂ ਹਟਾਵਾਂ ।"
"ਮੈਂ ਮਿਸਰ ਨਹੀਂ ਜਾ ਰਿਹਾ ਮੈਂ ਜਮ ਕੋਲ ਜਾਵਾਂ ।
ਮੌਤ ਤੇ ਨੀਂਦ ਸਭ ਸਮਝਦੇ ਵਾਂਗ ਸਕੇ ਭਰਾਵਾਂ ।"
ਚੁੰਮਣ ਲੈਂਦਿਆਂ ਸਾਰ ਹੀ ਅਬਾਬੀਲ ਸੀ ਮੋਇਆ ।
ਉਸੇ ਵੇਲੇ ਸ਼ਹਿਜ਼ਾਦੇ ਦਾ ਦਿਲ ਵੀ ਦੋ ਟੋਟੇ ਹੋਇਆ ।

10.
ਅਗਲੀ ਸੁਬਹ ਮੇਅਰ ਤੇ ਕੌਂਸਲਰ ਚੌਰਾਹੇ ਵਿਚ ਆਏ ।
ਬੁੱਤ ਵੱਲ ਮੇਅਰ ਵੇਖਿਆ ਤੇ ਫਿਰ ਆਖ ਸੁਣਾਏ,
"ਕਿੰਨਾ ਗੰਦਾ ਬੁੱਤ ਲੱਗਦਾ," ਉਹਨੇ ਗੱਲ ਚਲਾਈ ।
ਕੌਂਸਲਰਾਂ ਵੀ ਉਹਦੀ ਗੱਲ ਵਿਚ ਹੀ ਗੱਲ ਰਲਾਈ ।
"ਇਹ ਬਿਲਕੁਲ ਭਿਖਾਰੀ ਜਾਪਦਾ ਬਿਨ ਨੀਲਮ ਲਾਲੋਂ ।"
"ਇਹ ਓਦੂੰ ਵੀ ਭੈੜਾ ਲੱਗ ਰਿਹਾ ਹੈ ਸਾਡੇ ਖ਼ਿਆਲੋਂ ।"
"ਆਹ ਵੇਖੋ ਇਹਦੇ ਪੈਰਾਂ 'ਤੇ ਇਕ ਪੰਛੀ ਏ ਮਰਿਆ ।
ਇੱਥੇ ਅੱਗੋਂ ਪੰਛੀ ਨਾ ਮਰਨ ਕੁਝ ਚਾਹੀਏ ਕਰਿਆ ।"
ਪ੍ਰੋਫੈਸਰ ਨੇ ਵੀ ਇਹੋ ਕਿਹਾ ਉਨ੍ਹਾਂ ਬੁੱਤ ਗਿਰਾਇਆ ।
ਭੱਠੀ ਵਿੱਚ ਉਹਨਾਂ ਪਾ ਉਸਨੂੰ ਸਾਰਾ ਪਿਘਲਾਇਆ ।
ਸਭਨਾਂ ਕੀਤਾ ਫੈਸਲਾ ਬਣਾਓ ਬੁੱਤ ਹੀ ਇਸਦਾ ।
ਇਸ ਗੱਲੋਂ ਝਗੜਾ ਪਿਆ ਹੋਏ ਬੁੱਤ ਉਹ ਕਿਸਦਾ ?
ਓਵਰਸੀਅਰ ਨੇ ਅਜਬ ਗੱਲ ਇਹ ਭੱਠੀ ਵਿੱਚ ਤੱਕੀ ।
ਟੁਟਿਆ ਦਿਲ ਓਵੇਂ ਹੀ ਪਿਆ ਵਿਚ ਤਪਦੀ ਭੱਠੀ ।
ਭੱਠੀਓਂ ਦਿਲ ਨੂੰ ਕੱਢ ਕੇ ਕਾਮਿਆਂ ਨੇ ਚੁੱਕਿਆ ।
ਅਬਾਬੀਲ ਜਿੱਥੇ ਪਿਆ ਸੀ ਓਥੇ ਜਾ ਕੇ ਸੁੱਟਿਆ ।

11.
ਰੱਬ ਇਕ ਫ਼ਰਿਸ਼ਤੇ ਨੂੰ ਆਖਿਆ, "ਛੇਤੀ ਸ਼ਹਿਰ ਨੂੰ ਜਾਓ,
ਦੋ ਚੀਜਾਂ ਉਥੋਂ ਦੀਆਂ ਕੀਮਤੀ ਮੇਰੇ ਕੋਲ ਲਿਆਓ ?"
ਫ਼ਰਿਸ਼ਤਾ ਲੈ ਗਿਆ ਦਿਲ ਟੁੱਟਾ ਤੇ ਪੰਛੀ ਮੋਇਆ ।
ਉਹ ਦੋਵੇਂ ਚੀਜਾਂ ਦੇਖ ਕੇ ਰੱਬ ਬਹੁ ਖ਼ੁਸ਼ ਹੋਇਆ ।
"ਪੰਛੀ ਸੁਰਗੀ ਬਾਗ਼ ਵਿਚ ਰਹੂ ਸਦਾ ਲਈ ਗਾਉਂਦਾ ।
ਦਿਲ ਸ਼ਹਿਜ਼ਾਦੇ ਦਾ ਰਹੇਗਾ ਹੁਣ ਮੈਨੂੰ ਧਿਆਉਂਦਾ ।"

  • ਮੁੱਖ ਪੰਨਾ : ਆਸਕਰ ਵਾਇਲਡ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ