Khushbu-Khushbu (Punjabi Story) : Kesra Ram

ਖ਼ੁਸ਼ਬੂ-ਖ਼ੁਸ਼ਬੂ (ਕਹਾਣੀ) : ਕੇਸਰਾ ਰਾਮ

ਵੱਗਾਂ-ਵੇਲ਼ਾ। ਪਰ ਵੱਗ ਕੋਈ ਨਹੀਂ। ਨਾ ਮੱਝਾਂ, ਨਾ ਗਾਂਈਆਂ। ਇੱਕਾ-ਦੁੱਕਾ ਟ੍ਰੈਕਟਰ ਬੇਸ਼ੱਕ ਲੰਘ ਰਹੇ ਸੀ, ਪੱਠੇ-ਦੱਥੇ ਲੈ ਕੇ। ਹਨੇਰੇ ਦੇ ਨਾਲ ਵਾਤਾਵਰਨ ਵਿਚ ਠੰਢ ਵੀ ਉਤਰਨੀ ਸ਼ੁਰੂ ਹੋ ਗਈ ਸੀ। ਸਕੂਲ ਮੂਹਰੇ ਖੜ੍ਹੇ ਸ਼ਿੰਗਾਰਾ ਸਿੰਘ ਦੀਆਂ ਨਜ਼ਰਾਂ ਕਿਸੇ ਨੂੰ ਲੱਭ ਰਹੀਆਂ ਸੀ।
“ਓ, ਗੱਲ ਸੁਣ! ਕਿਹੜਾ ਓਏ ਤੂੰ?”
“ਹਾਂ, ਬਾਬਾ ਦੱਸ਼..?”
“ਬੱਚਾ ਬਾਬੇ ਦਾ! ਚਾਚਾ ਨ੍ਹੀਂ ਕਹਿ ਹੁੰਦਾ? ਜੰਗ ਸਿਓਂ ਕਾ ਨ੍ਹੀਂ ਤੂੰ?”
“ਅੱਛਾ, ਸ਼ਿੰਗਾਰਾ ਚਾਚਾ! ਕੀ ਗੱਲ ਸੀ?”
“ਆਹ ਦੇਖੀਂ ਬੱਲੀ…। ਸ਼ਾਬਾਸ਼ੇ, ਦੇਖੀਂ ਮੇਰਾ ਪੁੱਤ… ਇਹ ‘ਚ ਖ਼ੁਸ਼ਬੂ ਹੈ ਜੇ?”
“ਨਾ।” ਮੁੰਡੇ ਦੇ ਸਿਰ ਮਾਰਨ ਸਾਰ ਸ਼ਿੰਗਾਰਾ ਸਿੰਘ ਫੇਰ ਕਿਤੇ ਸੋਚਾਂ ਵਿਚ ਗੁਆਚ ਗਿਆ ਸੀ। ਚਾਣਚੱਕ ਸੂਰਤ ‘ਚ ਆ ਕੇ ਪੁੱਛਿਆ, “ਓ, ਤੂੰ ਧਿਆਨ ਨਾਲ ਦੇਖ, ਹੈ ਤਾਂ ਇਹ ਗੁਲਾਬ ਈ ਨਾ?”
“ਹਾਂ ਚਾਚਾ, ਗੁਲਾਬ ਈ ਐ। ਤੈਨੂੰ ਕੀ ਦਿਸਦੈ ਹੋਰ ਇਹ?”
“ਰੰਗ ਵੀ ਯਾਰ ਕਿੰਨਾ ਸੋਹਣਾ ਗੁੜ੍ਹਾ ਗੁਲਾਬੀ, ਪਰ…?”

“ਕੱਲ੍ਹੇ ਗੁਲਾਬੀ ਈ ਨ੍ਹੀਂ ਹੁੰਦੇ ਚਾਚਾ… ਗੁਲਾਬ ਵੀ ਅੱਜਕਲ੍ਹ ਬੜੇ ਰੰਗਾਂ ਦੇ ਹੈਗੇ ਐ। ਪੀਲ਼ੇ, ਨੀਲੇ, ਕਾਲੇ, ਹਰੇ, ਜਾਮਨੀ… ਚਿੱਟੇ ਵੀ। ਚੰਡੀਗੜ੍ਹ ਦੇ ਰੋਜ਼ ਗਾਰਡਨ ‘ਚ ਈ ਗੁਲਾਬ ਦੀਆਂ ਸੋਲ਼ਾਂ ਸੌ ਕਿਸਮਾਂ ਨੇ। ਤਿੰਨ-ਚਾਰ ਰੰਗਾਂ ਦੇ ਤਾਂ ਅਪਣੇ ਸਕੂਲ ‘ਚ ਈ ਲੱਭ ਜਾਣੇ।”

ਸ਼ਿੰਗਾਰਾ ਸਿੰਘ ਸਕੂਲ ‘ਚੋਂ ਹੀ ਤਾਂ ਤੋੜ ਕੇ ਲਿਆਇਆ ਸੀ ਇਹ ਫੁੱਲ। ਸਕੂਲ ‘ਚ ਕ੍ਰਿਕਟ ਖੇਡਦੇ ਜੁਆਕਾਂ ‘ਚੋਂ ਕਿਸੇ ਨੇ ਕਿਹਾ ਵੀ ਸੀ, ”ਉਹ ਦੇਖ ਓਏ, ਸੂਰਜਮੁਖੀ ਆਲ਼ਾ ਬਾਬਾ ਅੱਜ ਫੇਰ ਫੁੱਲ ਸੁੰਘਣ ਆ ਗਿਐ।” ਤੇ ਕਿਸੇ ਹੋਰ ਜੁਆਕ ਦੀ ਆਵਾਜ਼ ਆਈ ਸੀ, ”ਪਰ੍ਹੇ ਹਟ ਜਾ ਬਾਬਾ, ਬਾਲ ਲੱਗਜੂ।” ਪਰ ਉਸ ਨੇ ਗ਼ੌਰ ਨਹੀਂ ਸੀ ਕੀਤੀ। ਉਸ ਦਾ ਧਿਆਨ ਸਚਮੁਚ ਕਿਤੇ ਹੋਰ ਸੀ।

ਕਈ ਵਾਰੀ ਤਾਂ ਉਸ ਨੂੰ ਪਤਾ ਹੀ ਨਹੀਂ ਸੀ ਲੱਗਦਾ, ਉਹ ਕਿਸ ਚੀਜ਼ ਦੀ ਤਲਾਸ਼ ਵਿਚ ਹੈ, ਉਸ ਨਾਲ ਹੋ ਕੀ ਰਿਹੈ। ਇਕ ਅਜੀਬ ਕਿਸਮ ਦੀ ਭਟਕਣ। ਗੁਆਚ ਗਈ ਕਿਸੇ ਬੇਸ਼ਕੀਮਤੀ ਚੀਜ਼ ਦੀ ਤਲਾਸ਼…। ਜਣੇ-ਖਣੇ ਨੂੰ ਰੋਕ ਕੇ ਪੁੱਛਣ ਲੱਗ ਪੈਂਦਾ। ਵੱਖ-ਵੱਖ ਫੁੱਲਾਂ ਦੇ ਹਵਾਲੇ ਦਿੰਦਾ। ਫੁੱਟਾਂ-ਚਿੱਬੜਾਂ ਦੀਆਂ ਬਾਤਾਂ ਪਾਉਂਦਾ। ਬੇਸਵਾਦ ਹੋ ਚੁੱਕੇ ਖਾਜੇ ਦੀ, ਗੁਆਚ ਗਈਆਂ ਖ਼ੁਸ਼ਬੂਆਂ ਦੀ ਗੱਲ ਕਰਦਾ। ਸੁਣ ਕੇ ਕੋਈ ਉਸ ਨਾਲ ਹਮਦਰਦੀ ਪ੍ਰਗਟਾਉਂਦਾ ਤਾਂ ਕਿਤੇ ਉਹ ਮਜ਼ਾਕ ਦਾ ਪਾਤਰ ਬਣ ਜਾਂਦਾ।

ਪਰ ਅੱਜ ਸ਼ਿੰਗਾਰਾ ਸਿੰਘ ਦੀ ਤਲਾਸ਼ ਇਕੋ ਬਿੰਦੂ ‘ਤੇ ਕੇਂਦ੍ਰਤ ਸੀ। ਕੋਈ ਖ਼ੂਬਸੂਰਤ ਜਿਹਾ ਫੁੱਲ। ਸਰਸ਼ਾਰ ਕਰ ਦੇਣ ਵਾਲੀ ਖ਼ੁਸ਼ਬੂ। ਬੇਸ਼ੱਕ ਖ਼ੁਸ਼ਬੂ ਬਾਰੇ ਹਾਲੇ ਸ਼ਕ-ਸ਼ੁਬ੍ਹਾ ਸੀ, ਪਰ ਸ਼ਿੰਗਾਰਾ ਸਿੰਘ ਗੁਲਾਬ ਦਾ ਇਕ ਫੁੱਲ ਤੇ ਕਿਸੇ ਹੋਰ ਪੌਦੇ ਦੀ ਫੁੱਲਾਂ ਵਾਲੀ ਇਕ ਸਟਿੱਕ ਤੋੜ ਕੇ ਸਕੂਲ ‘ਚੋਂ ਬਾਹਰ ਆ ਗਿਆ ਸੀ।

ਕਣਕ-ਵੰਨਾ ਰੰਗ, ਚਿੱਟਾ ਦਾੜ੍ਹਾ, ਦਰਮਿਆਨਾ ਕਦ, ਬੜੀ ਹੀ ਨਜ਼ਾਕਤ ਤੇ ਨਫ਼ਾਸਤ ਦਾ ਮਾਲਕ, ਸ਼ਿੰਗਾਰਾ ਸਿੰਘ, ਪਿੰਡ ‘ਚ ਸੂਝਵਾਨ ਜੈਂਟਲਮੈਨ ਵੱਜੋਂ ਜਾਣਿਆ ਜਾਂਦਾ ਸੀ। ਪਰ ਕਈ ਲੋਕ ਪਿੱਠ ਪਿੱਛੇ ਉਹਨੂੰ ਸੂਰਜਮੁਖੀ ਦਾ ਫੁੱਲ ਵੀ ਕਹਿ ਦਿੰਦੇ ਸੀ। ਉਸ ਦੀ ਇਹ ਹਾਲਤ ਕਈਆਂ ਦੇ ਤਾਂ ਮੰਨਣ ‘ਚ ਹੀ ਨਾ ਆਉਂਦੀ।
“ਮੰਨਿਆ, ਪਰ ਕਾਕਾ, ਇਹ ‘ਚ ਖ਼ੁਸ਼ਬੂ? ਗੁਲਾਬ ‘ਚ ਤਾਂ ਯਾਰ ਖ਼ੁਸ਼ਬੂ ਈ ਬਹੁਤ ਹੁੰਦੀ ਏ?” ਸ਼ਿੰਗਾਰਾ ਸਿੰਘ ਨੂੰ ਜਿਵੇਂ ਯਕੀਨ ਹੀ ਨਾ ਆ ਰਿਹਾ ਹੋਵੇ।
“ਖ਼ੁਸ਼ਬੂ ਤਾਂ ਚਾਚਾ ਦੇਸੀਆਂ ‘ਚ ਹੁੰਦੀ ਐ।” ਮੁੰਡੇ ਨੇ ਕਿਹਾ ਤਾਂ ਸੁਭਾਇਕੀ ਹੀ ਸੀ, ਪਰ ਸਿੰਗਾਰੇ ਦੇ ਜਿਵੇਂ ਕਿ ਦੁੱਖਦੀ ਰਗ ‘ਤੇ ਹੱਥ ਧਰਿਆ ਗਿਆ ਹੋਵੇ।
“ਦੇਸੀਆਂ ‘ਚ?” ਉਹ ਬੁੜਬੁੜਾਇਆ। ਪੁਰਾਣੀ ਪੀੜ ਫਿਰ ਉੱਠ ਖੜ੍ਹੀ ਸੀ।
“ਇਹ ਮੇਰੀ ‘ਵੇਲੀ’ ਐ ਡੈਡ।” ਜਸਪ੍ਰੀਤ ਨੇ ਲੜਕੀ ਨਾਲ ਇਨਟ੍ਰੱਡਕਸ਼ਨ ਕਰਵਾਉਂਦਿਆਂ ਕਿਹਾ ਸੀ।
“ਵੇਲੀ?” ਸ਼ਿੰਗਾਰਾ ਸਿੰਘ ਅਪਣੇ ਸਾਹਮਣੇ ਬੇਝਿਝਕ ਖੜ੍ਹੀ ਕੁੜੀ ਵੱਲ ਦੇਖੀ ਵੀ ਜਾਵੇ ਤੇ ਸੋਚੀ ਵੀ ਜਾਵੇ। ਕੁਝ ਵੀ ਪੱਲੇ ਨਾ ਪਿਆ ਤਾਂ ਸਵਾਲੀਆ ਨਜ਼ਰਾਂ ਜਸਪ੍ਰੀਤ ਦੇ ਚਿਹਰੇ ‘ਤੇ ਗੱਡ ਲਈਆਂ ਸੀ।
ਮਾਹੌਲ ਤਣਾਅਪੂਰਨ ਹੁੰਦਾ ਦੇਖ ਕੇ ਖ਼ੁਦ ਹੀ ਗੱਲ ਸਾਂਭਣ ਦੀ ਕੋਸ਼ਿਸ਼ ਕੀਤੀ ਸੀ ਫਿਰ ਸ਼ਿੰਗਾਰਾ ਸਿੰਘ ਨੇ, “ਵੈਲਣ ਕਹਿ ਸਹੁਰਿਆ! ਸ਼ਹਿਰ ਆ ਕੇ ਅਪਣੀ ਮਾਂ-ਬੋਲੀ ਦੀ ਗ੍ਰਾਮਰ ਹੀ ਭੁੱਲ ਗਿਐਂ ਹੁਣ?”
“ਨਹੀਂ ਡੈਡ, ਉਹ ਤਾਂ ਦੇਸੀਆਂ ਦੀ ਹੁੰਦੀਐ। ਇਹ ਮੇਰੀ ਵੈਲੇਨਟਾਇਨ ਐ। ਅਸੀਂ ਕੋਰਟ ਮੈਰਿਜ਼ ਕਰਵਾ ਰਹੇ ਹਾਂ। ਪਿੰਡ ‘ਚ ਤੁਸੀਂ ਗ੍ਰੈਂਡ ਪਾਰਟੀ ਕਰ ਦਿਆ ਜੇ।” ਇਕੋ ਸਾਹ ‘ਚ ਕਿੰਨਾ ਕੁਝ ਕਹਿ ਗਿਆ ਸੀ ਜਸਪ੍ਰੀਤ।
“ਗ੍ਰੈਂਡ ਪਾਰਟੀ?”
“ਹਾਂ, ਤੁਸੀਂ ਕਹਿੰਦੇ ਹੁੰਦੇ ਸੀ ਨਾ, ਲੋਕਾਂ ਤੋਂ ਖਾਧਾ ਈ ਖਾਧਾ ਐ। ਖੁਆਉਣ ਦਾ ਮੌਕਾ ਉਡੀਕਦੇ ਸੀ… ਸੌਰੀ ਡੈਡ।”
“ਚਾਚਾ, ਕੀ ਸੋਚਣ ਡਿਹੈਂ?” ਸ਼ਿੰਗਾਰਾ ਸਿੰਘ ਨੂੰ ਸੋਚਾਂ ‘ਚ ਗਵਾਚਿਆ ਦੇਖ ਕੇ ਜਸ਼ਨ ਨੇ ਪੁੱਛਿਆ ਸੀ।
“ਉਹ, ਹਾਂ ਯਾਰ… ਕੁਝ ਨਹੀਂ ਬਸ। ਓ ਗੱਲ ਸੁਣ! ਕੀ ਨਾਉਂ ਤੇਰਾ, ਆ ਆਪਾਂ ਸਕੂਲ ਦੀ ਕੰਧ ‘ਤੇ ਬਹਿਨੇ ਆਂ। ਗੱਲਾਂ ਕਰਾਂਗੇ। ਫੁੱਲਾਂ ਬਾਰੇ ਤਾਂ ਤੈਨੂੰ ਮੈਥੋਂ ਵੀ ਜਾਦੇ ਪਤੈ। ਸੁਣਿਐ ਨੈੱਟ-ਨੁੱਟ ‘ਤੇ ਬੜੀਆਂ ਜਾਣਕਾਰੀਆਂ ਮਿਲ ਜਾਂਦੀਆਂ ਨੇ…।” ਸ਼ਿੰਗਾਰਾ ਸਿੰਘ ਦੀ ਆਵਾਜ਼ ‘ਚ ਮਿੰਨਤ ਜਿਹੀ ਸੀ।
“ਕੰਧ ‘ਤੇ ਨਹੀਂ ਚੜ੍ਹ ਹੋਣਾ ਚਾਚਾ ਤੈਥੋਂ। ਉਹ ਜ਼ਮਾਨਾ ਗਿਆ ਜਦ ਤੁਸੀਂ ਘੋਲ਼ਾਂ, ਕੱਬਡੀਆਂ ਦੇਖਦੇ ਹੁੰਦੇ ਸੀ ਏਸੇ ਕੰਧ ‘ਤੇ ਬਹਿ ਕੇ।”
“ਓਏ ਖੇਡਦੇ ਵੀ ਤਾਂ ਹੁੰਦੇ ਸੀ। ਆ ਫੇਰ ਬਿੰਦ ਐਥੇ ਈ ਬਹਿ ਜਾਨੇ ਆਂ। ਕੀ ਨਾਉਂ ਤੇਰਾ, ਜਸ਼ਨ?”
ਉਹ ਸਕੂਲ ਦੇ ਗੇਟ ਲਾਗੇ ਬਣੇ ਸੀਮਿੰਟ ਦੇ ਬੈਂਚ ‘ਤੇ ਬੈਠ ਗਏ, ਜਿੱਥੇ ਜ਼ਰਾ ਉਪਰ ਕੰਧ ‘ਤੇ ‘ਕਮ ਟੂ ਲਰਨ, ਗੋ ਟੂ ਸਰਵ’ ਲਿਖਿਆ ਹੋਇਆ ਸੀ।
“ਅੱਛਾ, ਇਹ ਫੁੱਲ ਵੀ ਦੇਖ ਖਾਂ ਯਾਰ, ਖ਼ੁਸ਼ਬੂ ਇਹ ‘ਚ ਵੀ ਹੈ ਨ੍ਹੀਂ? ਖ਼ਬਰੈ ਮੇਰੇ ਨੱਕ ਨੂੰ ਈ ਕੋਈ ਅੱਗ ਲੱਗੀ ਹੋਈ ਐ? ਕੀ ਨਾਉਂ ਐ ਭਲਾ ਇਸ ਫੁੱਲ ਦਾ?”
“ਡੌਗ ਫਲਾਵਰ ਐ ਚਾਚਾ ਇਹ ਤਾਂ। ਕੁੱਤਾ ਫੁੱਲ।” ਤੇ ਖ਼ੁਸ਼ਬੂ ਦੇ ਨਾਂ ‘ਤੇ ਤਾਂ ਜਸ਼ਨ ਨੇ ਬਿਨਾ ਸੁੰਘਿਆਂ ਹੀ ਸਿਰ ਮਾਰ ਦਿੱਤਾ ਸੀ।
“ਕੁੱਤਾ ਫੁੱਲ?”

“ਹਾਂ ਚਾਚਾ, ਇਹ ਦੇਖ!” ਜਸ਼ਨ ਫੁੱਲ ਨੂੰ ਇਕ ਪਾਸਿਓਂ ਅੰਗੂਠੇ ਤੇ ਉਂਗਲੀ ਨਾਲ ਦੱਬਦਿਆਂ ਆਪ ‘ਵਾਉ-ਵਾਉ’ ਕਰਕੇ ਕੁੱਤੇ ਵਾਂਗ ਭੌਂਕਿਆ। ਫੁੱਲ ਦਾ ਮੂੰਹ ਸੱਚੀਓਂ ਕੁੱਤੇ ਦੇ ਭੌਂਕਣ ਵਾਂਗ ਖੁੱਲ੍ਹ ਤੇ ਬੰਦ ਹੋ ਰਿਹਾ ਸੀ। ਸ਼ਿੰਗਾਰਾ ਸਿੰਘ ਦੇ ਚਿਹਰੇ ‘ਤੇ ਪਲ-ਕੁ ਲਈ ਰੌਣਕ ਆਈ ਤੇ ਝਟ ਗ਼ਾਇਬ ਹੋ ਗਈ। ਅਖੇ, “ਏਨਾ ਸੋਹਣਾ ਗੂੜ੍ਹੇ ਮਹਿਰੂਨ ਰੰਗ ਦਾ ਫੁੱਲ ਤੇ ਖ਼ੁਸ਼ਬੂ ਭੋਰਾ ਵੀ ਨਹੀਂ?”

ਇਹ ਤਾਂ ਸ਼ੁਕਰ ਹੈ, ਜਸ਼ਨ ਮਿਲ ਗਿਆ ਸੀ। ਨਹੀਂ, ਸ਼ਿੰਗਾਰਾ ਸਿੰਘ ਦੀ ਅੱਜ ਦੀ ਰਾਤ ਤਾਂ ਸਮਝੋ ਕਾਲੀ ਹੋ ਹੀ ਗਈ ਸੀ। ਜੋ ਵੀ ਰਸਤੇ ‘ਚ ਟੱਕਰਦਾ, ਆਮ ਵਾਂਗ ਇਹਨੇ ਪੁੱਛੇ ਬਿਨਾਂ ਨਹੀਂ ਸੀ ਰਹਿਣਾ ਤੇ ਅੱਗਿਓਂ ਪਤਾ ਨਹੀਂ ਕਿਸ ਨੇ ਕੀ ਕਹਿ ਦੇਣਾ ਸੀ। ਇਸ ਸ਼ੂਗਰ ਦੇ ਮਰੀਜ਼ ਨੂੰ ਫੇਰ ਪਤਾ ਨਹੀਂ ਕਿਵੇਂ ਜਰਨਾ ਪੈਂਦਾ। ਮਿੱਠੀ ਸ਼ਖ਼ਸੀਅਤ ਵਾਲੇ ਸ਼ਿੰਗਾਰਾ ਸਿੰਘ ਦਾ ਮਿੱਠਾ ਡਾਕਟਰ ਨੇ ਬੰਦ ਕੀਤਾ ਹੋਇਆ ਸੀ ਤੇ ਖ਼ੁਸ਼ਬੂ ਦਾ ਉਸ ਨੂੰ ਪਤਾ ਹੀ ਨਹੀਂ ਚਲ ਰਿਹਾ ਸੀ, ਕਿੱਥੇ ਗੁਆਚ ਗਈ ਹੈ। ਗੰਭੀਰ ਸਮੱਸਿਆ ਪੈਦਾ ਹੋ ਗਈ ਸੀ ਉਸ ਲਈ।

ਸਮੱਸਿਆ ਵੈਲੇਨਟਾਇਨ ਵਾਲੀ ਵੀ ਉਸ ਲਈ ਜੱਗੋਂ ਤੇਰ੍ਹਵੀਂ ਹੀ ਸੀ। ਕਈ ਦਿਨ ਤਾਂ ਸ਼ਿੰਗਾਰਾ ਸਿੰਘ ਪਾਗ਼ਲ ਜਿਹਾ ਹੋਇਆ ਰਿਹਾ ਕਿ ਇਹ ਹੋ ਕੀ ਗਿਐ? ਆਪਣੇ ਇਕੋ-ਇਕ ਮੁੰਡੇ ਤੋਂ ਇਹ ਆਸ ਤਾਂ ਨਹੀਂ ਸੀ। ਉਹ ਸੋਚਦਾ, ਕਿਤੇ ਪਰਵਰਿਸ਼ ‘ਚ ਤਾਂ ਨਹੀਂ ਕੋਈ ਘਾਟ ਰਹਿ ਗਈ? ਉਂਝ ਉਹ ਏਨਾ ਪੁਰਾਣੇ ਖ਼ਿਆਲਾਂ ਦਾ ਵੀ ਨਹੀਂ ਸੀ ਕਿ ਬੇਟੇ ਦੀਆਂ ਭਾਵਨਾਵਾਂ ਦੀ ਕਦਰ ਹੀ ਨਾ ਕਰਦਾ। ਪਰ ਵੈਲੇਨਟਾਇਨ ਕੀ ਹੋਇਆ? ਕੋਈ ਨਵਾਂ ਪੰਥ, ਧਰਮ, ਡੇਰਾ?

ਦਿਮਾਗ਼ ‘ਚ ਪਤਾ ਨਹੀਂ ਕੀ-ਕੀ ਚਲਦਾ ਰਿਹਾ ਸੀ ਕਿ ਪਿੰਡ ਆ ਕੇ ਜਸਪ੍ਰੀਤ ਦਾ ਕਿਹਾ ਉਹ ਸ਼ਬਦ ਹੀ ਭੁੱਲ ਗਿਆ, ਜਿਸ ਦਾ ਅਰਥ ਉਸ ਨੇ ਪੁੱਛਣਾ ਸੀ ਕਿਸੇ ਤੋਂ ਵੀ। ਫੇਰ ਇਕ ਹੋਰ ਤਰੀਕਾ ਅਪਣਾਇਆ ਸ਼ਿੰਗਾਰਾ ਸਿੰਘ ਨੇ। ਜਣੇ-ਖਣੇ ਤੋਂ ਪੁੱਛਦਾ ਫਿਰੇ। ਅਖੇ “ਜਿਵੇਂ ਦੇਸੀਆਂ ਦੀ ਵੈਲਣ ਹੁੰਦੀਐ, ਉਵੇਂ ਅੰਗਰੇਜ਼ੀ ਪੜ੍ਹੇ-ਲਿਖਿਆਂ ਵਾਲੀ ਨੂੰ ਕੀ ਕਹਿੰਦੇ ਨੇ?” ਅਸ਼ਲੀਲ ਜਿਹਾ ਵੀ ਲੱਗੇ, ਪਰ ਕੀ ਕਰਦਾ?

ਉਸ ਦਿਨ ਵੀ ਜਸ਼ਨ ਨੇ ਹੀ ਸਮਝਿਆ ਸੀ ਚਾਚੇ ਦਾ ਦਰਦ, ”ਪੜ੍ਹੇ-ਲਿਖੇ… ਆਂ… ਪ੍ਰੇਮਿਕਾ, ਲਵਰ, ਬੀਲਵਡ, ਸਵੀਟ ਹਾਰਟ… ਆਹੀ ਕੁਝ ਕਹਿੰਦੇ ਨੇ ਚਾਚਾ, ਹੋਰ ਕੀ? ਉਂਝ ਸ਼ੌਰਟ-ਕਟ ਵੀ ਬਥੇਰੇ ਵਰਤੀਦੇ ਨੇ।”
ਆਖਰ ਉਸ ਨੂੰ ਯਾਦ ਆਇਆ, ਜਸਪ੍ਰੀਤ ਨੇ ‘ਵੇਲੀ’ ਸ਼ਬਦ ਵਰਤਿਆ ਸੀ।
ਇੱਥੋਂ ਹਿੰਟ ਮਿਲਿਆ ਸੀ ਜਸ਼ਨ ਨੂੰ। ਤੇ ਸੁਲਝਗੀ ਗੁੱਥੀ।
ਬਹੁਤ ਹੱਸਿਆ ਫੇਰ ਉਹ। ਖਿੜ-ਖਿੜ ਕਰਕੇ ਹੱਸਿਆ। ਜਿਵੇਂ ਕਿ ਚੁਫੇਰੇ ਫੁੱਲ ਖਿੜ ਉੱਠੇ ਹੋਣ। ਬਹਾਰ ਆ ਗਈ ਹੋਵੇ। ਜਿਵੇਂ ਕਿ ਹਾਸੇ ‘ਚੋਂ ਫੁੱਲ ਝੜ ਰਹੇ ਹੋਣ। ਸ਼ਿੰਗਾਰਾ ਸਿੰਘ ਨੂੰ ਵੀ ਹਾਸਾ ਆ ਗਿਆ ਸੀ। ਉਹ ਵੀ ਫੇਰ ਖ਼ੂਬ ਹੱਸਿਆ। ਸ਼ਾਇਦ ਵਰ੍ਹਿਆਂ ਬਾਅਦ।
“ਚਾਚਾ, ਵੈਲੇਨਟਾਇਨ ਡੇ ਮਨਾਉਂਦੇ ਨੇ ਸ਼ਹਿਰਾਂ ‘ਚ ਚੌਦਾਂ ਫਰਵਰੀ ਨੂੰ। ਤੇ ਉਸ ਦਿਨ ਮੁੰਡੇ ਕੁੜੀਆਂ ਇਕ ਦੂਜੇ ਨੂੰ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ।”

“ਹੂੰ! ਤੈਨੂੰ ਪਤੈ ਜਸ਼ਨ, ਆਪਣੇ ਜਸਪ੍ਰੀਤ ਨੇ ਵੀ ਫੁੱਲ ਦੇ ਕੇ ਈ ਪੱਟੀ ਸੀ…?” ਸ਼ਿੰਗਾਰਾ ਸਿੰਘ ਦੇ ਚਿਹਰੇ ‘ਤੇ ਪਲ-ਕੁ ਲਈ ਰੌਣਕ ਜਿਹੀ ਆਈ ਤੇ ਝਟ ਗਰਮ ਤਵੇ ‘ਤੇ ਪਈ ਬੂੰਦ ਵਾਂਗ ਗ਼ਾਇਬ ਵੀ ਹੋ ਗਈ। ਇਕ ਚੀਸ ਧੁਰ ਅੰਦਰੋਂ ਉੱਠੀ। ਜਿਸ ਨੂੰ ਅੰਦਰ ਹੀ ਦੱਬ ਲਿਆ ਸੀ, ਮਾਂ ਦੇ ਸ਼ੇਰ ਨੇ।
ਭਾਵੇਂ ਉਸ ਨੂੰ ਕੋਈ ਲੱਖ ਦੇਸੀ ਜਿਹਾ ਕਹਿਣ, ਪਰ ਉਹ ਇਸ ਸੈਂਸ ਵਿਚ ਉੱਕਾ ਈ ਦੇਸੀ ਜਿਹਾ ਨਹੀਂ ਸੀ ਕਿ ਫੁੱਲਾਂ ਰਾਹੀਂ ਪਿਆਰ ਦਾ ਇਜ਼ਹਾਰ ਕਰਨ ਵਾਲੇ ਪੰਛੀਆਂ ਨੂੰ ਖੁੱਲ੍ਹੇ ਆਸਮਾਨੀਂ ਪੀਂਘਾਂ ਪਾਉਣੋਂ ਵਰਜੇ।

ਆਪਣੇ ਸਮਿਆਂ ਵਿਚ ਸ਼ਿੰਗਾਰਾ ਸਿੰਘ ਨੂੰ ਪ੍ਰਗਤੀਸ਼ੀਲ ਕਿਸਾਨ ਹੋਣ ਦਾ ਮਾਣ ਮਿਲਿਆ ਹੋਇਆ ਸੀ। 1990 ਦੇ ਦਹਾਕੇ ਵਿਚ ਫ਼ਸਲੀ ਚੱਕਰ ਬਦਲਣ ਦੇ ਸਿਲਸਿਲੇ ਵਿਚ ਖੇਤੀ-ਬਾੜੀ ਯੂਨੀਵਰਸਿਟੀਆਂ ਨੇ ਜੋ ਨਵੀਂਆਂ ਫ਼ਸਲਾਂ ਦੀਆਂ ਸਿਫ਼ਾਰਸ਼ਾਂ ਕੀਤੀਆਂ, ਉਨ੍ਹਾਂ ਵਿਚੋਂ ਇਕ ਸੀ ਸੂਰਜਮੁਖੀ। ਲੋਕਾਂ ਨੇ ਵੀ ਸ਼ਿੰਗਾਰਾ ਸਿੰਘ ਦੀ ਦੇਖਾ-ਦੇਖੀ ਸੂਰਜਮੁਖੀ ਬੀਜੀ। ਕੰਬਾਇਨਾਂ, ਥ੍ਰੈਸ਼ਰਾਂ ਤਕ ਦੇ ਝਾਰਨੇ ਉਸੇ ਹਿਸਾਬ ਨਾਲ ਫਿਟ ਕਰਵਾ ਲਏ ਗਏ। ਬੱਲੇ ਬਈ ਕਿਆ ਬਾਤਾਂ ਸੂਰਜਮੁਖੀ ਦੀਆਂ। ਖੇਤਾਂ ਦੇ ਖੇਤ ਪੀਲ਼ੀ ਭਾ ਮਾਰਦੇ। ਉਦੈ ਤੋਂ ਅਸਤ ਤਕ ਸੂਰਜਮੁਖੀ ਦੇ ਫੁੱਲ ਸੂਰਜ ਦੇਵਤੇ ਨਾਲ ਹੀ ਲਿਵ ਲਾਈ ਰੱਖਦੇ ਤੇ ਕਿਸਾਨ ਫੁੱਲਾਂ ਨਾਲ।

ਸ਼ਹਿਦ-ਮੱਖੀਆਂ ਤੇ ਤਰ੍ਹਾਂ-ਤਰ੍ਹਾਂ ਦੀਆਂ ਤਿਤਲੀਆਂ ਉੱਡਦੀਆਂ ਰਹਿੰਦੀਆਂ। ਮਾਰੂ ਸਪਰੇਆਂ ਦੀ ਬੂ ਦੀ ਥਾਂ ਹੁਣ ਫੁੱਲਾਂ ਦੀ ਖ਼ੁਸ਼ਬੂ ਹਵਾ ‘ਚ ਘੁਲ਼ੀ ਰਹਿੰਦੀ। ਫ਼ਸਲ ‘ਚ ਕੋਈ ਕਮੀ ਨਹੀਂ ਸੀ। ਪਰ ਇਹ ਪ੍ਰਯੋਗ ਕਾਮਯਾਬ ਨਾ ਹੋ ਸਕਿਆ। ਦੋ-ਕੁ ਸਾਲਾਂ ‘ਚ ਹੀ ਕਿਸਾਨ ਸੂਰਜਮੁਖੀ ਤੋਂ ਕਿਨਾਰਾ ਕਰਨ ਲੱਗੇ। ਮਾਰਕੀਟਿੰਗ ਦੀ ਸੁਵਿਧਾ ਨਹੀਂ ਸੀ ਮੁਹੱਈਆ ਕਰਵਾਈ ਸਰਕਾਰ ਨੇ। ਸਰਕਾਰ ਨੂੰ ਕਿਹੜਾ ਕਹੇ ਅੱਗਾ ਢਕ। ਪਰ ਲੋਕ ਪਤਾ ਕੀ ਕਹਿੰਦੇ? ਫੁੱਲਾਂ ਦੇ ਚਾਅ-ਚਾਅ ‘ਚ ਈ ਮਰਵਾ ਤਾ ਯਾਰ ਸ਼ਿੰਗਾਰੇ ਨੇ ਤਾਂ। ਇਹ ਤਾਂ ਇਕ ਨਮੂਨਾ ਹੈ। ਪਿਛਲੇ ਵੀਹ-ਪੱਚੀ ਸਾਲਾਂ ‘ਚ ਵਾਪਰਦਾ ਹੋਰ ਵੀ ਕਿੰਨਾ ਕੁਝ ਰਿਹੈ ਉਸ ਨਾਲ। ਜੀਨੀਅਸ ਤੇ ਪਾਗਲ ‘ਚ ਕਹਿੰਦੇ, ਕੋਈ ਬਹੁਤਾ ਫ਼ਰਕ ਨਹੀਂ ਹੁੰਦਾ। ਫ਼ੈਸਲਾ ਸਾਹਮਣੇ ਵਾਲੇ ਨੇ ਈ ਕਰਨਾ ਹੁੰਦੈ। ‘ਫੁੱਲ ਦੇ ਕੇ ਈ ਪੱਟੀ ਸੀ…!’ ਚਾਚੇ ਦੇ ਕਹੇ ਸ਼ਬਦਾਂ ਨੂੰ ਹੌਲ਼ੀ ਜਿਹੀ ਦੁਹਰਾਉਂਦਿਆਂ ਜਸ਼ਨ ਸ਼ਰਮਾ ਗਿਆ ਸੀ।

ਸ਼ਿੰਗਾਰਾ ਸਿੰਘ ਤਾੜ ਗਿਆ ਤੇ, “ਵਾਉ! ਵਾਉ!” ਡੌਗ ਫਲਾਵਰ ਨੂੰ ਉਂਗਲੀ ਤੇ ਅੰਗੂਠੇ ਨਾਲ ਇਕ ਪਾਸਿਓਂ ਦੱਬਦਿਆਂ ਭੌਂਕਿਆ। ਇਕ ਵਾਰ ਫੇਰ ਦੋਨੋਂ ਠਹਾਕਾ ਮਾਰ ਕੇ ਹੱਸ ਪਏ।
“ਘਰ ਚੱਲੀਏ ਚਾਚਾ! ਨ੍ਹੇਰਾ ਦੇਖ ਕਿੰਨਾ ਪੈ ਗਿਐ।”
“ਹਾਂ, ਨ੍ਹੇਰਾ ਤਾਂ… ਚਲ ਤੂੰ ਜਾ ਜਸ਼ਨ, ਮੈਂ ਰਤਾ ਠਹਿਰ ਕੇ ਆਊਂ।”
ਜਸ਼ਨ ਉੱਠ ਕੇ ਜਾਣ ਹੀ ਲੱਗਾ ਸੀ ਕਿ ਸ਼ਿੰਗਾਰਾ ਸਿੰਘ ਨੇ ਹੌਲ਼ੀ ਜਿਹੀ ਪੁੱਛਿਆ, “ਓ ਪੁੱਤ ਕਿਸੇ ਫੁੱਲ ‘ਚ ਤਾਂ ਹੁੰਦੀ ਹੋਊ ਖ਼ੁਸ਼ਬੂ ਅੱਜਕਲ੍ਹ ਵੀ?”
“ਕੋਈ-ਕੋਈ ‘ਚ। ਦੇਸੀਆਂ ‘ਚ ਭਾਵੇਂ ਹੁੰਦੀ ਹੋਵੇ ਚਾਚਾ, ਜੇ ਕਿਤੋਂ ਲੱਭ ਜਾਣ।”
“ਕੋਈ-ਕੋਈ ‘ਚ ਤਾਂ ਹੁੰਦੀ ਈ ਹੋਊ ਪੁੱਤਰਾ! ਨਹੀਂ ਮੇਰੀ ਸਾਲ਼ੀ ਇਹ ਸਾਰੀ ਕਾਇਨਾਤ ਬੂ ਨਾ ਮਾਰਨ ਲੱਗਜੂ?” ਸ਼ਿੰਗਾਰਾ ਸਿੰਘ ਬੁੜਬੁੜਾ ਕੇ ਕੁਝ ਸੋਚਣ ਲੱਗ ਪਿਆ ਸੀ, ਕਿੱਥੋਂ ਮਿਲ ਸਕਦੈ ਇਹੋ ਜਿਹਾ ਫੁੱਲ? ਇਕ ਤਾਂ ਸਾਲ਼ਾ ਦਿਮਾਗ਼ ਈ ਲਟੈਰ ਹੋ ਗਿਐ। ਦਿਨੇ ਕਿਉਂ ਨ੍ਹੀਂ ਚੇਤੇ ਆਈ ਇਹ ਗੱਲ਼..?
“ਕਿਹੜਾ ਭਾਈ ਓਏ?” ਲੰਗੜੇ ਜਾਗਰ ਨੇ ਸਕੂਲ ਮੂਹਰਿਓਂ ਲੰਘਦਿਆਂ ਬੈਂਚ ‘ਤੇ ਬੈਠੇ ਮਨੁੱਖ ਨੂੰ ਸਿਆਨਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ ਸੀ।

ਜਵਾਬ ਵਿਚ ਸ਼ਿੰਗਾਰਾ ਸਿੰਘ ਨੇ ‘ਵਾਉ-ਵਾਉ’ ਕੀਤਾ। ਲੰਗੜੇ ਜਾਗਰ ਦੀ ਚਾਲ ਤੇਜ਼ ਹੋ ਗਈ ਸੀ। ਜਾਗਰ ਨੂੰ ਵੀ ਇਕ ਵਾਰੀ ਸ਼ਿੰਗਾਰਾ ਸਿੰਘ ਨੇ ਆਪਣੀ ਸਮੱਸਿਆ ਦੱਸੀ ਸੀ, “ਯਾਰ ਤੂੰ ਤਾਂ ਮੇਰਾ ਪੁਰਾਣਾ ਆੜੀ ਐਂ, ਤੂੰ ਤਾਂ ਮੈਨੂੰ ਸਮਝਦੈਂ…?” ਤਾਂ ਜਾਗਰ ਦਾ ਜਵਾਬ ਸੀ, ”ਭਰਾਵਾ ਆਪਣੀ ਤਾਂ ਭਿਆਂ ਈ ਐ, ਜਿਵੇਂ ਜੁਆਕ ਕਹਿੰਦੇ ਨੇ, ਕਰ ਲਈਦੈ। ਹੁਣ ਬਹੁਤਾ ਕੀ ਸੋਚਣਾ…।”

ਸ਼ਿੰਗਾਰਾ ਸਿੰਘ ਨੇ ਧਿਆਨ ਨਾਲ ਦੇਖਿਆ, ਹਨੇਰੇ ਕਾਰਨ ਨਾ ਹੁਣ ਉਸ ਨੂੰ ਗ਼ੁਲਾਬ ਦਾ ਤੇ ਨਾ ਹੀ ਡੌਗ ਫਲਾਵਰ ਵਾਲੀ ਸਟਿਕ ਦਾ ਰੰਗ ਨਜ਼ਰ ਆ ਰਿਹਾ ਸੀ। ਖ਼ੁਸ਼ਬੂ ਤਾਂ ਖ਼ੈਰ…। ਪਰ ਕੋਈ ਖ਼ੁਸ਼ਬੂ ਸੀ ਜੋ ਉਸ ਦਾ ਪਿੱਛਾ ਕਰ ਰਹੀ ਸੀ। ਨਹੀਂ, ਉਹ ਉਸ ਦਾ ਪਿੱਛਾ ਕਰ ਰਿਹਾ ਸੀ। ਇਕ ਵਾਰੀ ਫਿਰ ਉਸ ਨੂੰ ਆਪਣੇ ਸਾਹਾਂ ਵਿਚ ਵਸਾ ਲੈਣੀ ਚਾਹੁੰਦਾ ਸੀ। ਉਸ ਦਾ ਦਿਲ, ਦਿਮਾਗ਼, ਉਸ ਦੀ ਚੇਤਨਾ, ਉਸ ਦੀਆਂ ਇੰਦਰੀਆਂ, ਪਲ-ਛਿਨ ਉਸ ਖ਼ੁਸ਼ਬੂ ਦੀ ਭਾਲ ਵਿਚ ਬੇਚੈਨ ਰਹਿੰਦੀਆਂ। ਲੋਕ ਕਹਿੰਦੇ, ਉਸ ਨੂੰ ਕੋਈ ਕਸਰ ਹੋ ਗਈ ਹੈ।

ਲੋਕ ਤਾਂ ਲੋਕ, ਉਸ ਦਾ ਜਿਗਰੀ ਯਾਰ ਜਾਗਰ, ਇੱਥੋਂ ਤਕ ਕਿ ਉਸ ਦੀ ਘਰਵਾਲੀ, ਉਸ ਦਾ ਬੇਟਾ, ਸਾਰਿਆਂ ਨੂੰ ਹੀ ਇੰਝ ਕਿਉਂ ਲੱਗਦਾ ਸੀ? ਜਸਪ੍ਰੀਤ ਦੇ ਵੈਲੇਨਟਾਇਨ ਡੇ ਬਾਬਤ ਪਤਨੀ ਨੇ ਜਦ ਗੱਲ ਕੀਤੀ ਤਾਂ ਸ਼ਿੰਗਾਰਾ ਸਿੰਘ ਨੇ ਇਕੋ ਨੁਕਤੇ ਵਿਚ ਗੱਲ ਨਿਬੇੜ ਦਿੱਤੀ ਸੀ, ਨਵੀਂ ਉਮਰ ਦੀਆਂ ਨਵੀਂਆਂ ਗੱਲਾਂ। ਮੁੰਡੇ ਨੂੰ ਵੀ ਕੁਝ ਵੀ ਮਹਿਸੂਸ ਨਹੀਂ ਹੋਣ ਦਿੱਤਾ ਸੀ। ਸਗੋਂ ਸ਼ਿੰਗਾਰਾ ਸਿੰਘ ਨੇ ਖ਼ੁਦ ਅੱਗੇ ਵਧ ਕੇ ਮਾਹੌਲ ਆਮ ਵਾਂਗ ਬਣਾਉਣ ਲਈ ਕੋਸ਼ਿਸ਼ ਕੀਤੀ ਸੀ, “ਸਰਦਾਰ ਜਸਪ੍ਰੀਤ ਸਿੰਘ, ਆਪਣੇ ਪਿਉ ਨੂੰ ਊਈਂ ਨਾ ਦੇਸੀ ਜਿਹਾ ਸਮਝੀ ਜਾਈਂ। ਮੈਨੂੰ ਵੀ ਪਤੈ ਵੈਲੇਨਟਾਇਨ ਡੇ ਕੀ ਹੁੰਦੈ ਤੇ ਉਸ ਦਿਨ ਕਿਵੇਂ ਫੁੱਲ ਦੇ ਕੇ ਪਿਆਰ ਦਾ ਇਜ਼ਹਾਰ ਕਰੀਦੈ…। ਮੰਨਦੈਂ ਕਿ ਨਾ?”

ਸੁਣ ਕੇ ਜਸਪ੍ਰੀਤ ਨੇ ਸਿਰ ਝਟਕਿਆ ਸੀ।
ਸ਼ਿੰਗਾਰਾ ਸਿੰਘ ਨੇ ਐਪਰ ਹਾਰ ਕਿੱਥੇ ਮੰਨੀ ਸੀ, ”ਇਕ ਗੱਲ ਤਾਂ ਦਸ ਬੱਲੇਆ, ਤੈਂ ਕਿਹੜਾ ਫੁੱਲ ਦਿੱਤਾ ਸੀ ਭਲਾ?”
“ਓਹੋ! ਡੈਡ ਤੁਸੀਂ ਵੀਂ… ਪੂਰਾ ਗੁਲਦਸਤਾ ਦਿੱਤਾ ਸੀ, ਗ਼ੁਲਾਬ ਦੇ ਫੁੱਲਾਂ ਦਾ।”
“ਓਦਣ ਤਾਂ ਫੇਰ ਫੁੱਲਾਂ ਦੀ ਬੜੀ ਕਿੱਲਤ ਹੋਗੀ ਹੋਊ ਬਾਜ਼ਾਰ ‘ਚ? ਆਸ਼ਿਕਾਂ ਦੀਆਂ ਤਾਂ ਡਾਰਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ ਹੋਣੀਆਂ? ਹੈ ਕਿ ਨਾ?”
“ਸੱਤ ਹਜ਼ਾਰ ‘ਚ ਮਿਲਿਆ ਸੀ ਡੈਡ ਇਕ ਗੁਲਦਸਤਾ। ਚਾਰ-ਪੰਜ ਸੌ ਦਾ ਤਾਂ ਇਕ ਫੁੱਲ ਵਿਕ ਰਿਹਾ ਸੀ ਗ਼ੁਲਾਬ ਦਾ।” ਲੱਗਿਆ ਜਿਵੇਂ ਮੁੰਡੇ ਨੂੰ ਗੱਲ-ਬਾਤ ‘ਚ ਸ਼ਾਮਲ ਕਰਨ ‘ਚ ਸਫ਼ਲ ਹੋ ਗਿਆ ਸੀ ਸ਼ਿੰਗਾਰਾ ਸਿੰਘ।
“ਅੱਛਾ, ਜਸਪ੍ਰੀਤ! ਖ਼ੁਸ਼ਬੂ ਹੈਗੀ ਸੀ ਉਹਨਾਂ ਫੁੱਲਾਂ ‘ਚ?”
“ਯਾਰ ਡੈਡ! ਤੁਸੀਂ ਵੀ ਨਾ, ਬਸ।” ਗਰਦਨ ‘ਤੇ ਹੱਥ ਇਕੋ ਲੈਅ ‘ਚ ਝਟਕ ਕੇ ਕਹਿੰਦਿਆਂ, ”ਹੂ ਬੋਦਰਜ਼ ਅਬਾਉਟ ਦੀਜ਼ ਸਿੱਲੀ ਥਿੰਗਜ਼… ਜੋ ਦਿਖਦੈ, ਉਹੀ ਵਿਕਦੈ ਅੱਜਕਲ੍ਹ ਤਾਂ।” ਜਸਪ੍ਰੀਤ ਦੂਸਰੇ ਕਮਰੇ ਵਿਚ ਚਲਿਆ ਗਿਆ ਸੀ।
ਸ਼ਿੰਗਾਰਾ ਸਿੰਘ ਨੂੰ ਸਮਝ ਨਹੀਂ ਸੀ ਪਈ ਕਿ ਫੁੱਲਾਂ ਦੀਆਂ ਬਾਤਾਂ ‘ਚ ਖਿੱਝਣ ਵਾਲੀ ਕਿਹੜੀ ਗੱਲ ਸੀ। ਪਤਨੀ ਵੀ ਕਈ ਵਾਰੀ ਖਿੱਝ ਪੈਂਦੀ ਸੀ ਜਦ ਉਹ ਉਸ ਦੇ ਵਾਲਾਂ ‘ਚ ਲਾਈ ਲਾਲ ਮਹਿੰਦੀ ‘ਚੋਂ ਖੁਸ਼ਬੂ ਲੱਭਣ ਲੱਗ ਪੈਂਦਾ ਸੀ।
“ਉਹੀ ਖ਼ੁਸ਼ਬੂ! ਜਦ ਵਿਆਹੁਲੀ ਆਈ ਸੀ… ਜਦ ਮੁਕਲਾਵੇ ਆਈ ਸੀ…। ਕਿੰਨੇ ਦਿਨਾਂ ਤਾਈਂ ਮਹਿੰਦੀ ਲੱਗੇ ਹੱਥਾਂ ‘ਚੋਂ ਖ਼ੁਸ਼ਬੂ ਆਉਂਦੀ ਰਹਿੰਦੀ ਸੀ…।”
“ਸਰਦਾਰ ਜੀ, ਪੈਕਟਾਂ ਵਾਲੀ ਮਹਿੰਦੀ ‘ਚ ਖ਼ੁਸ਼ਬੂ ਨਹੀਂ ਹੁੰਦੀ ਤਾਂ ਨਹੀਂ ਹੁੰਦੀ। ਦੱਸ ਮੈਂ ਕੀ ਕਰਾਂ? ਸਗੋਂ ਖੁਰਕ ਵੀ ਹੁੰਦੀ ਐ ਇਹਦੇ ਨਾਲ ਤਾਂ ਸਿਰ ‘ਚ।”
ਸ਼ਿੰਗਾਰਾ ਸਿੰਘ ਬਾਜ਼ਾਰ ‘ਚੋਂ ਸਿੱਲ-ਵੱਟੇ ਨਾਲ ਪੀਸੀ ਹੋਈ ਖੁੱਲ੍ਹੀ ਮਹਿੰਦੀ ਲੱਭ ਹਾਰਿਆ ਸੀ। ਸਾਰੇ ਈ ਕਹਿੰਦੇ, “ਸਰਦਾਰ ਜੀ, ਅੱਜਕਲ੍ਹ ਤਾਂ ਪੈਕੇਜ਼ਿੰਗ ਦਾ ਜ਼ਮਾਨਾ ਐ।”

ਕਹਿੰਦੇ ਨੇ ਬਾਜ਼ਾਰ ਕਸਟਮਰ ਦੀ ਨਬਜ਼ ਪਹਿਚਾਣਦੈ। ਪਰ ਕੀ ਬਾਜ਼ਾਰ ਸ਼ਿੰਗਾਰਾ ਸਿੰਘ ਦੀ ਨਬਜ਼ ਪਹਿਚਾਨਣਾ ਵੀ ਚਾਹੁੰਦਾ ਸੀ? ਨਬਜ਼ ਤਾਂ ਪਤਨੀ ਵੀ ਪਹਿਚਾਨਣੋ ਹਟ ਗਈ ਸੀ। ਇਕ ਵਾਰੀ ਮਨ ਵਿਚ ਆਇਆ ਕੋਈ ਬਹੁਤ ਹੀ ਖ਼ੂਬਸੂਰਤ ਖ਼ਿਆਲ ਜਦ ਉਸ ਨੇ ਪਤਨੀ ਨਾਲ ਸਾਂਝਾ ਕਰਨਾ ਚਾਹਿਆ ਤਾਂ ਪਤਨੀ ਪਤੈ ਕੀ ਕਹਿੰਦੀ? ਅਖੇ, ਬੁੱਢੇ-ਬਾਰੇ ਦੇ ਕੌਤਕ! ਲਓ, ਕਰਲੋ ਗੱਲ। ਤੇ ਸ਼ਿੰਗਾਰੇ ਨੇ ਰੋਹ ‘ਚ ਆ ਕੇ ਸੋਚਿਆ ਸੀ, ਪਿੰਡ ਦੇ ਮੋਹਤਬਰ, ਸਿਆਣੇ, ਸਮਝਦਾਰ ਭਾਵ ਉਹ ਸਾਰੇ ਬੰਦੇ, ਜਿਹੜੇ ਆਪਣੇ ਧੌਲ਼ਿਆਂ ਦਾ ਖ਼ਿਆਲ ਰੱਖਦੇ ਨੇ ਤੇ ਕੋਈ ਲੱਛਣ ਨਹੀਂ ਕਰਦੇ, ਇਕੱਠੇ ਕਰਕੇ ਉਨ੍ਹਾਂ ਸਾਹਮਣੇ ਐਲਾਨ ਕਰ ਦੇਵੇ ਕਿ ਅੱਜ ਤੋਂ ਬਾਅਦ ਉਹ ਅਜਿਹੀ ਕੋਈ ਗੱਲ ਨਹੀਂ ਕਰੇਗਾ।

ਉਸ ਦੇ ਜਿਗਰੀ ਯਾਰ ਜਾਗਰ ਨੇ ਵੀ ਉਸ ਨੂੰ ਸਲਾਹ ਦਿੱਤੀ ਸੀ, “ਕੀ ਲੈਣੈ ਮੇਰੇ ਯਾਰ, ਤੈਂ ਫੁੱਲਾਂ, ਤਿਤਲੀਆਂ, ਚੰਨ, ਤਾਰਿਆਂ, ਬੱਦਲਾਂ, ਬਾਰਿਸ਼ਾਂ, ਪਿਆਰ, ਮੁਹੱਬਤ ਜਾਂ ਭਲਿਆਂ ਵੇਲਿਆਂ ਦੀਆਂ ਗੱਲਾਂ ਤੋਂ? ਰੁੜ੍ਹਨ ਦੇ ਜਿਵੇਂ ਰੁੜ੍ਹੀ ਜਾਂਦੀ ਐ ਗੱਡੀ।”

ਜਸਪ੍ਰੀਤ ਨੇ ਵੀ ਉਸ ਨੂੰ ਕਿੱਥੇ ਦੱਸਿਆ ਸੀ ਕਿ ਉਹ ਤਾਂ ਵੱਖ-ਵੱਖ ਖ਼ੁਸ਼ਬੂਆਂ ਵਾਲੇ ਐਸ਼ਐਮ.ਐਸ਼ ਤੇ ਈ-ਮੇਲਾਂ ਨਾਲ ਹੀ ਸਾਰ ਰਹੇ ਸੀ। ਬਲਕਿ ਬਾਜ਼ਾਰ ‘ਚ ਤਾਂ ਭਰਮ ਪਾਲਣਾ ਪੈਂਦੈ। ਮਨ ਦੇ ਕਿਹੜਾ ਕੋਈ ਪਰ ਹੁੰਦੇ ਨੇ ਜੋ ਕੁਤਰ ਦਿੱਤੇ ਜਾਣ ਜਾਂ ਉਸ ਨੂੰ ਕਿਸੇ ਪਿੰਜਰੇ ‘ਚ ਡੱਕ ਲਿਆ ਜਾਵੇ। ਉਸ ਦਿਨ ਵੀ ਸ਼ਿੰਗਾਰਾ ਸਿੰਘ ਦੇ ਮਨ ਨੇ ਉਡਾਰੀ ਮਾਰੀ ਸੀ। ਚੰਡੀਗੜ੍ਹ ਪੇਸ਼ੀ ‘ਤੇ ਗਏ ਹੋਏ ਸੀ। ਜਸਪ੍ਰੀਤ, ਜਾਗਰ ਤੇ ਪਿੰਡ ਦੇ ਦੋ ਹੋਰ ਬੰਦੇ ਵੀ ਨਾਲ ਸੀ। ਪੇਸ਼ੀ ਤੋਂ ਮੁੜਦਿਆਂ ਸ਼ਿੰਗਾਰਾ ਸਿੰਘ ਕਹਿੰਦਾ, “ਗੱਡੀ ਤੇਤੀ ਸੈਕਟਰ ‘ਚ ਲੈ ਚਲ ਕਾਕਾ, ਟੈਰੇਸ ਗਾਰਡਨ। ਗੁਲਦਾਉਦੀ ਸ਼ੋਅ ਦਿਖਾਈਏ ਥੋਨੂੰ।”
ਸ਼ਿੰਗਾਰਾ ਸਿੰਘ ਨੇ ਚੰਡੀਗੜ੍ਹ ਦੇ ਸੋਹਣੇ ਚੁਰਾਹਿਆਂ ‘ਚ ਥਾਂ-ਥਾਂ ਲੱਗੇ ਬੋਰਡ ਦੇਖ ਕੇ ਜਸਪ੍ਰੀਤ ਤੋਂ ਪਹਿਲਾਂ ਹੀ ਪੁੱਛ ਲਿਆ ਸੀ ਕਿ ਇਹ ਫੁੱਲਾਂ ਦੀਆਂ ਫ਼ੋਟੋਆਂ ਨਾਲ ਅੰਗਰੇਜ਼ੀ ‘ਚ ਕੀ ਲਿਖਿਆ ਹੋਇਆ ਹੈ।
ਬਣਗੀ ਗੱਲ। ਚਾਈਂ-ਚਾਈਂ ਕਹਿੰਦਾ, ”ਜਾਗਰਾ, ਗੁਲਦਾਉਦੀ ਦਾ ਫੁੱਲ ਦੇਖਿਐ ਕਦੇ? ਜਾ ਮੇਰੇ ਯਾਰ, ਖੇਤ ਜਾਂ ਫੇਰ ਕਚਹਿਰੀਆਂ ‘ਚ ਧੱਕੇ ਖਾ ਕੇ ਈ ਜੂਨ ਪੂਰੀ ਕਰ ਲਏਂਗਾ।”

ਜਸਪ੍ਰੀਤ ਤੇ ਬਾਕੀਆਂ ਨੇ ਵੀ ਵਿਰੋਧ ਜਿਹਾ ਤਾਂ ਕੀਤਾ, ਕਿ ਸਮੇਂ ਸਿਰ ਘਰ ਪਹੁੰਚ ਜਾਈਏ ਤਾਂ ਚੰਗੀ ਗੱਲ ਐ, ਪਰ ਸ਼ਿੰਗਾਰੇ ਅੱਗੇ ਉਨ੍ਹਾਂ ਦੀ ਇਕ ਵੀ ਨਹੀਂ ਚੱਲੀ ਸੀ। ਹਾਂ, ਫੁੱਲਾਂ ਦੀ ਨੁਮਾਇਸ਼ ਦੇਖ ਕੇ ਜ਼ਰੂਰ ਸਾਰਿਆਂ ਦੀ ਤਬੀਅਤ ਖ਼ੁਸ਼ ਹੋ ਗਈ ਸੀ। ਸ਼ਿੰਗਾਰਾ ਸਿੰਘ ਹਰ ਫੁੱਲ ਨਾਲ ਗਮਲੇ ‘ਚ ਗੱਡੀ ਤਖ਼ਤੀ ‘ਤੇ ਅੰਗਰੇਜ਼ੀ ‘ਚ ਲਿਖੇ ਨਾਮ ਵੀ ਜਸਪ੍ਰੀਤ ਤੋਂ ਨਾਲ ਦੀ ਨਾਲ ਪੜ੍ਹਵਾਈ ਜਾ ਰਿਹਾ ਸੀ- ਪਿੰਕ ਲੇਡੀ, ਚੰਦਰਮਾ, ਸਨੋ-ਬਾਲ, ਮਹਾਤਮਾ ਗਾਂਧੀ, ਰੋਇਲ ਪ੍ਰਿੰਸ, ਮਨਕੂ…। ਬਹੁਤ ਵੱਡੇ ਪਾਰਕ ਵਿਚ ਗ਼ਮਲੇ ਹੀ ਗ਼ਮਲੇ। ਸਾਰੇ ਪਾਸੇ ਫੁੱਲ ਹੀ ਫੁੱਲ। ਜਿਵੇਂ ਕਿ ਫੁੱਲਾਂ ਦਾ ਸਮੰਦਰ ਲਹਿਰਾਅ ਰਿਹਾ ਹੋਵੇ।
“ਪਰ ਯਾਰ!” ਚਾਣਚੱਕ ਸ਼ਿੰਗਾਰਾ ਸਿੰਘ ਬੋਲਿਆ, ”ਖ਼ੁਸ਼ਬੂ ਤਾਂ ਕਿਸੇ ਫੁੱਲ ‘ਚ ਈ ਹੈ ਨ੍ਹੀਂ?”
ਸ਼ਿੰਗਾਰਾ ਸਿੰਘ ਬੜੀ ਰੀਝ ਨਾਲ ਫੁੱਲ ਦੇਖੀ ਵੀ ਜਾਵੇ। ਜਿਹੜੇ ਬਹੁਤ ਹੀ ਸੋਹਣੇ ਲੱਗਦੇ, ਉਨ੍ਹਾਂ ਦੇ ਨਾਂ ਵੀ ਜਸਪ੍ਰੀਤ ਤੋਂ ਪੜ੍ਹਵਾਈ ਜਾਵੇ। ਵਾਰ-ਵਾਰ ਕਹੀ ਵੀ ਜਾਵੇ, “ਯਾਰ, ਖ਼ੁਸ਼ਬੂ…? ਕੀਹਤੋਂ ਪਤਾ ਕਰੀਏ?”
ਕਈਆਂ ਤੋਂ ਪੁੱਛਦਿਆਂ-ਪੁੱਛਦਿਆਂ ਆਖਰ ਇਕ ਮਾਲੀ ਨੂੰ ਫੜ ਲਿਆ, “ਅਰੇ ਭਈ ਕੀ ਨਾਉਂ ਤਮਾਰਾ?”
“ਗੰਗਾ ਰਾਮ।”
“ਓ ਮੇਰਾ ਮਤਲਬ, ਮੈਂ ਤਾਂ ਊਂ ਈ ਕਹਿੰਦਾ ਸੀ, ਤੇਰਾ ਨਾਉਂ ਕੀ, ਗੰਗਾ ਰਾਮ, ਤੇਰੇ ਇਹ ਫੁੱਲ ਯਾਰ, ਸੋਹਣੇ ਤਾਂ ਬਹੁਤ ਨੇ, ਪਰ ਇਨ੍ਹਾਂ ‘ਚ ਖ਼ੁਸ਼ਬੂ ਕਿਉਂ ਨ੍ਹੀਂ ਹੈ?”
“ਹਾਈਬ੍ਰੀਡ ਮੇਂ ਸਰਦਾਰ ਜੀ ਕਹਾਂ ਖੁਸ਼ਬੂ ਹੋਤਾ ਹੈ?” ਗੰਗਾ ਰਾਮ ਨੇ ਝਟ ਕਿਹਾ।
“ਯਾਰ ਗੰਗਾ ਰਾਮ, ਕਿਸੇ ‘ਚ ਵੀ ਹੈ ਨ੍ਹੀਂ?”
“ਏਕਾਧ ਮੇਂ ਤੋ ਹੈ ਥੋੜ੍ਹਾ-ਬਹੁਤ। ਵੋ ਦੇਖੀਏ, ਲਾਲ ਵਾਲਾ।” ਮਧਰੇ ਜਿਹੇ ਕਦ ਵਾਲਾ ਸਰਕਾਰੀ ਮਾਲੀ ਗੰਗਾ ਰਾਮ, ਜਿਸ ਨੇ ਖਾਕੀ ਡ੍ਰੈਸ ਪਾਈ ਹੋਈ ਸੀ, ਵਾਕਈ ਸ਼ਿੰਗਾਰਾ ਸਿੰਘ ਵਾਂਗ ਕੋਆਪ੍ਰੇਟਿਵ ਸੁਭਾਅ ਦਾ ਮਾਲਕ ਜਾਪ ਰਿਹਾ ਸੀ।
ਸ਼ਿੰਗਾਰਾ ਸਿੰਘ ਨੇ ਜ਼ਰਾ ਨੇੜੇ ਹੋ ਕੇ ਸੋਹਣੇ ਜਿਹੇ ਲਾਲ ਫੁੱਲ ਨੂੰ ਸੁੰਘਣ ਦੀ ਕੋਸ਼ਿਸ਼ ਕੀਤੀ। ਸਾਹ ਅੰਦਰ ਵੱਲ ਖਿੱਚਿਆ। ਜਿਵੇਂ ਕਿ ਹਵਾ ‘ਚੋਂ ਫ਼ਿਲਟਰ ਕਰਕੇ ਸਾਰੀ ਖ਼ੁਸ਼ਬੂ ਆਪਣੇ ਅੰਦਰ ਸਮਾ ਲਵੇਗਾ। ਪਰ…।
“ਨਾ ਬਈ।” ਸ਼ਿੰਗਾਰਾ ਸਿੰਘ ਨੇ ਸਿਰ ਮਾਰਿਆ ਤੇ, ”ਪਿੰਡ ਸੇ ਆਏ ਹੈਂ ਤਾਂ ਕੀ ਹੋਇਆ ਗੰਗਾ ਰਾਮ। ਖ਼ੁਸ਼ਬੂ ਦਾ ਤਾਂ ਸਾਨੂੰ ਵੀ ਪਤਾ ਲੱਗਦੈ ਯਾਰ।” ਗੰਗਾ ਰਾਮ ਦੇ ਮੋਢੇ ‘ਤੇ ਹੱਥ ਧਰਦਿਆਂ ਬੜੇ ਅਪਣੱਤ ਜਿਹੇ ਨਾਲ ਕਿਹਾ।
“ਜਾਗਰਾ, ਤੂੰ ਦੇਖੀਂ, ਹੈ ਭਲਾ ਖੁਸ਼ਬੂ?”
“ਖ਼ੁਸ਼ਬੂ ਦਿੱਸਦੀ ਹੁੰਦੀ ਐ ਭਲਾ?” ਜਾਗਰ ਨੇ ਜਾਣਬੁੱਝ ਕੇ ਮਜ਼ਾਕ ਕੀਤਾ ਸੀ।”
“ਇਤਨੀ ਥੋੜ੍ਹੇ ਈ ਹੋਤੀ ਹੈ। ਨਾਕ ਨਜ਼ਦੀਕ ਕਰਕੇ ਸੂੰਘੋ, ਤਬ ਪਤਾ ਚਲੇਗਾ, ਸਾਰਦਾਰ ਜੀ।” ਕਹਿੰਦਿਆਂ ਗੰਗਾ ਰਾਮ ਗ਼ਮਲਿਆਂ ਦੀ ਰਾਖੀ ਦੇ ਆਪਣੇ ਕੰਮ ਵਿਚ ਰੁੱਝ ਗਿਆ ਸੀ।
ਸ਼ਿੰਗਾਰਾ ਸਿੰਘ ਫਿਰ ਸੋਹਣੇ-ਸੋਹਣੇ ਫੁੱਲਾਂ ਨੂੰ ਬੜੀ ਰੀਝ ਨਾਲ ਦੇਖ-ਦੇਖ ਕੇ ਖ਼ੁਸ਼ ਵੀ ਹੁੰਦਾ ਰਿਹਾ ਤੇ ਨਾਲੇ ਬੁੜਬੁੜਾਉਂਦਾ ਵੀ ਰਿਹਾ ਸੀ, “ਯਾਰ ਸ਼ੋਅ ਦਾ ਰਾਜਾ, ਰਾਣੀ, ਰਾਜਕੁਮਾਰ… ਖ਼ਿਤਾਬ ਤੇ ਪੁਰਸਕਾਰ ਪ੍ਰਾਪਤ ਫੁੱਲ ਵੀ… ਸਾਰੇ ਈ ਵਾਸ਼ਨਾ ਤੋਂ ਸੱਖਣੇ?”
ਜਾਗਰ ਤੇ ਦੂਜੇ ਸਾਥੀ ਉਸ ਦੀਆਂ ਗੱਲਾਂ ਹੁਣ ਮਜ਼ਾਕ ‘ਚ ਉਡਾਉਣ ਲੱਗ ਪਏ ਸੀ। ਜਸਪ੍ਰੀਤ ਮਨ ਹੀ ਮਨ ਖਿੱਝਦਾ ਰਿਹਾ ਸੀ। ਪਰ ਮਨੋਂ ਉਹ ਨਹੀਂ ਸੀ ਚਾਹੁੰਦਾ ਕਿ ਕੋਈ ਉਸ ਦੇ ਪਿਉ ਦੀਆਂ ਗੱਲਾਂ ਦਾ ਮਜ਼ਾਕ ਉਡਾਵੇ।

ਇਸੇ ਤਰ੍ਹਾਂ ਪਤਨੀ ਨੇ ਜਦ ਚਿੱਟੇ ਵਾਲਾਂ ਨੂੰ ਲਾਲ ਮਹਿੰਦੀ ਲਾਉਣੀ ਸ਼ੁਰੂ ਕੀਤੀ, ਸ਼ਿੰਗਾਰਾ ਸਿੰਘ ਸੋਚਦਾ, ਇਸ ‘ਚ ਮਹਿੰਦੀ ਵਾਲੀ ਖ਼ੁਸ਼ਬੂ ਕਿਉਂ ਨਹੀਂ? ਉਸ ਨੂੰ ਕੌਣ ਦੱਸਦਾ ਕਿ ਮਹਿੰਦੀ ਦੇ ਨਾਂ ‘ਤੇ ਇਹ ਕੈਮੀਕਲਾਂ ਵਾਲਾ ਬਨਾਉਟੀ ਰੰਗ ਸੀ। ਜੋ ਸ਼ਾਇਦ ਅੱਜਕਲ੍ਹ ਹਰ ਵਰਤਾਰੇ ਵਿਚ ਘੁਲ਼ ਚੁੱਕਾ ਸੀ।
ਕਾਸ਼! ਅੱਜ ਚੰਨ-ਚਾਨਣੀ ਰਾਤ ਹੁੰਦੀ! ਸੋਚਦਿਆਂ ਉਸ ਨੇ ਖਿੱਤੀਆਂ ਵੱਲ ਦੇਖਿਆ, ਰਾਤ ਕਾਫ਼ੀ ਲੰਘ ਚੁੱਕੀ ਸੀ। ਘਰ ਪਹੁੰਚਣ ਸਾਰ ਪਤਨੀ ਨੂੰ ਪੁੱਛਦਾ, “ਤੈਨੂੰ ਫ਼ਿਕਰ ਨਹੀਂ ਹੋਇਆ, ਮੈਂ ਕਿੱਥੇ ਹਾਂ, ਕਿੱਥੇ ਨਹੀਂ? ਫ਼ੋਨ ਵੀ ਨਹੀਂ ਕੀਤਾ?”
“ਮੋਬਾਈਲ ਤਾਂ ਆਹ ਪਿਐ…। ਮੈਨੂੰ ਪਤੈ ਤੁਸੀਂ ਕਿੱਥੇ ਸੀਗੇ।”
“ਕਿੱਥੇ ਸਾਂ?”
“ਜਸ਼ਨ ਦੱਸ ਗਿਆ ਸੀ ਮੈਨੂੰ।”
“ਜਸ਼ਨ?”
“ਹਾਂ, ਕੋਈ ਖ਼ੁਸ਼ਬੂ ਦੀ ਗੱਲ ਕਰ ਰਿਹਾ ਸੀ।” ਕਹਿੰਦਿਆਂ ਬੁੱਢੜੀ ਮੁਸਕਰਾਈ।
ਸ਼ਿੰਗਾਰਾ ਸਿੰਘ ਨੇ ਉਸ ਦੇ ਹੱਥ ਆਪਣੇ ਹੱਥਾਂ ਵਿਚ ਲੈ ਲਏ। ਨੱਕ ਉਸ ਦੇ ਚਿੱਟੇ ਝਾਟੇ ਨਾਲ ਲਾ ਕੇ ਜ਼ੋਰ ਦੀ ਸਾਹ ਖਿੱਚ ਕੇ ਹਵਾ ਫੇਫੜਿਆਂ ਵਿਚ ਭਰ ਲਈ।
“ਮਹਿੰਦੀ ਲਾਈ ਸੀ ਅੱਜ, ਸਿੱਲ-ਵੱਟੇ ‘ਤੇ ਪੀਸੀ ਹੋਈ ਖੁੱਲ੍ਹੀ ਮਹਿੰਦੀ, ਜਿਹੜੀ ਜੈਪੁਰ ਤੋਂ ਮੰਗਵਾਈ ਸੀ?”
“ਕੀ ਗੱਲ?”
“ਉਹੀ ਖ਼ੁਸ਼ਬੂ! ਜਦ ਵਿਆਹੁਲੀ ਆਈ ਸੀ… ਜਦ ਮੁਕਲਾਵੇ ਆਈ ਸੀ…। ਕਿੰਨੇ ਦਿਨਾਂ ਤਾਈਂ ਮਹਿੰਦੀ ਵਾਲੇ ਹੱਥਾਂ ‘ਚੋਂ ਖ਼ੁਸ਼ਬੂ ਆਉਂਦੀ ਰਹਿੰਦੀ ਸੀ।” ਕਹਿੰਦਿਆਂ ਹੋਇਆਂ ਝਟ ਉਸ ਨੇ ਨੱਕ ਸੁੰਗੇੜ ਲਿਆ ਸੀ।
“ਐਵੇਂ ਨਾ ਕਮਲ਼ ਵੱਢੀ ਜਾਓ। ਮਹਿੰਦੀ ਕਿਹੜੀ ਮੈਂ ਅੱਜ ਨਵੀਂ ਲਾਈ ਐ।” ਫੇਰ ਕੁਝ ਸੋਚ ਕੇ ਆਪੇ ਕਹਿੰਦੀ, ”ਦੱਸਾਂ, ਖ਼ੁਸ਼ਬੂ ਕਿਉਂ ਨਹੀਂ ਆਉਂਦੀ…? ਥੋਡੇ ਨੱਕ ‘ਚ ਆਗੇ ਨੇ ਹੁਣ ਚਿੱਟੇ ਵਾਲ।” ਤੇ ਫੇਰ ਖਿੜ-ਖਿੜ ਕਰਕੇ ਹੱਸ ਪਈ।
ਉਹ ਵੀ ਹੱਸਣ ਲੱਗਾ, “ਕੁੱਟੂੰ ਮੈਂ ਹੁਣ ਤੈਨੂੰ।” ਕਹਿੰਦਿਆਂ ਉਸ ਨੇ ਬੁੜ੍ਹੀ ਕੋਲੋਂ ਹੌਟ ਵਾਟਰ ਬੋਟਲ ਖੋਹ ਲਈ ਤੇ ਆਪਣੀ ਰਜਾਈ ਵਿਚ ਵੜ ਗਿਆ ਸੀ।
“ਮਖਿਆ ਰੋਟੀ ਖਾ ਲੈ ਇਕ-ਅੱਧੀ ਜੇ ਖਾਣੀ ਐ ਤਾਂ, ਓਵਨ ‘ਚ ਰੱਖੀ ਪਈ ਐ। ਮੇਰੇ ਨ੍ਹੀਂ ਹੁਣ ਗੋਡਿਆਂ ‘ਚ ਏਨੀ ਜਾਨ ਕਿ ਅੱਧੀ-ਅੱਧੀ ਰਾਤ ਭੋਜਨ ਪਰੋਸਦੀ ਫਿਰਾਂ।”
ਸ਼ਿੰਗਾਰਾ ਸਿੰਘ ਜਵਾਬ ਨਾ ਦੇ ਕੇ ਗੁਣਗੁਣਾਉਣ ਲੱਗਾ, ‘ਅੱਧੀ ਰਾਤ ਤੱਕ ਤੂੰ ਪੜ੍ਹਦੀ ਨੀਂ ਮੈਨੂੰ ਚਿੱਠੀਆਂ ਲਿਖਣ ਦੀ ਮਾਰੀ…!’
“ਵੇ ਮੈਂ ਮਰ ਜਾਂ, ਕੁਸ ਹੋ ਤਾਂ ਨ੍ਹੀਂ ਗਿਆ ਤੈਨੂੰ?”
“ਹੌਲ਼ੀ ਬੋਲ ਕੋਈ ਸੁਣ ਨਾ ਲਵੇ, ਤੈਨੂੰ ਵੀ ਇਹੀ ਬਿਮਾਰੀ…!” ਕਹਿੰਦਿਆਂ ਉਸ ਨੇ ਐਲ਼ਸੀ.ਡੀ. ਦਾ ਰਿਮੋਟ ਚੁੱਕ ਲਿਆ। ਪੁਰਾਣਾ ਗਾਣਾ ਚਲ ਰਿਹਾ ਸੀ, ਵੋ ਆਕੇ ਪਹਿਲੂ ਮੇਂ ਐਸੇ ਬੈਠੇ ਕਿ ਸ਼ਾਮ ਰੰਗੀਨ ਹੋ ਗਈ…।
ਦੋ-ਕੁ ਲਾਇਨਾਂ ਸੁਣ ਕੇ ਬੰਦ ਕਰ ਦਿੱਤਾ। ਬੁੜ੍ਹੀ ਦੇ ਚਿੱਟੇ ਝਾਟੇ ‘ਤੇ ਹੱਥ ਫੇਰਿਆ। ਜਿਵੇਂ ਕਿ ਪੁਚਕਾਰ ਰਿਹਾ ਹੋਵੇ।
“ਹੈ ਖਾਂ!” ਕਹਿੰਦਿਆਂ ਉਸ ਨੇ ਸ਼ਿੰਗਾਰੇ ਦਾ ਹੱਥ ਪਰ੍ਹਾਂ ਝਟਕ ਦਿੱਤਾ।
“ਖ਼ੁਸ਼ਬੂ! ਮੇਰੀ ਖ਼ੁਸ਼ਬੂ!”
“ਕੁਲਵਿੰਦਰ! ਵੇ ਜਿਉਣ ਜੋਗਿਆ ਹੁਣ ਨਾਮ ਈ ਭੁੱਲ ਗਿਐਂ? ਮਹਿੰਦੀ-ਮਹਿੰਦੀ ਕਰਦਾ ਦੇਖੀਂ ਕਿਤੇ ਧੌਲ਼ਿਆਂ ‘ਚ ਖੇਹ ਈ ਨਾ ਪਾ ਦੇਈਂ।” ਉਸ ਦੇ ਕਹਿਣ ਦਾ ਅੰਦਾਜ਼ ਇਉਂ ਸੀ ਕਿ ਖੇਹ-ਸ਼ੇਹ ਪਾ ਦੇਈਂ ਭਾਵੇਂ।
“ਓਏ ਹੋਏ! ਕਿਆ ਅੰਦਾਜ਼ ਹੈ! ਅੱਜ ਤਾਂ ਚਿੱਤ ਕਰਦੈ, ਤਾਰੇ ਤੋੜ ਲਿਆਵਾਂ ਤੇਰੇ ਵਾਸਤੇ।”
“ਤਾਰੇ ਮੈਂ ਕੋਈ ਫੂਕਣੇ ਐ ਹੁਣ। ਉਦੋਂ ਲਿਆਉਂਦਾ, ਜਦ…।” ਕਹਿੰਦੀ-ਕਹਿੰਦੀ ਰੁਕ ਗਈ ਬੁੱਢੜੀ।
“ਓ ਸੱਚ! ਮੈਂ ਤਾਂ ਭੁੱਲ ਹੀ ਚੱਲਿਆ ਸੀ। ਅੱਜ ਪਤੈ ਕੀ ਐ?” ਕਹਿੰਦਿਆਂ ਉਸ ਨੇ ਵਾਲ ਕਲੌਕ ਵੱਲ ਦੇਖਿਆ। ਹਾਲੇ ਬਾਰਾਂ ਨਹੀਂ ਸੀ ਵੱਜੇ। ਬੁੱਢੀ ਜਿਵੇਂ ਕੋਈ ਖ਼ਾਸ ਭੇਤ ਵਾਲੀ ਗੱਲ ਜਾਨਣ ਲਈ ਉਸ ਵੱਲ ਉਤਸੁਕਤਾ ਨਾਲ ਦੇਖਣ ਲੱਗੀ।
“ਪਤੈ ਕਿੰਨੀ ਤਰੀਕ ਐ ਅੱਜ?” ਉਸ ਨੇ ਫਿਰ ਬੁਝਾਰਤ ਜਿਹੀ ਬੁੱਝਦਿਆਂ ਅੱਗੇ ਕਿਹਾ, “ਅੱਛਾ ਤੂੰ ਉਹ ਫੁੱਲ ਤਾਂ ਚੁੱਕ ਕੇ ਲਿਆ। ਟੇਬਲ ‘ਤੇ ਪਏ ਨੇ।”
“ਵੇ ਭਾਈ, ਮੇਰੇ ਤਾਂ ਗੋਡੇ ਨ੍ਹੀਂ ਆਖਿਆ ਮੰਨਦੇ। ਤੂੰ ਈ ਲੈ ਲਾ।”
“ਵੇ ਭੈਣ, ਮੈਂ ਕਿਹੜਾ ਸਿਰ ‘ਚ ਮਾਰਨੇ ਐ, ਤੇਰੇ ਵਾਸਤੇ ਈ ਲੈ ਕੇ ਆਇਆਂ।” ਸ਼ਿੰਗਾਰਾ ਸਿੰਘ ਨੇ ਉਸੇ ਲਹਿਜੇ ਵਿਚ ਬਨਾਉਟੀ ਨਾਰਾਜ਼ਗੀ ਜਿਹੀ ਜ਼ਾਹਰ ਕਰਦਿਆਂ ਕਿਹਾ। ਕੁਲਵਿੰਦਰ ਨੇ ਔਖੀ-ਸੌਖੀ ਬੈੱਡ ਤੋਂ ਉੱਠਣ ਦੀ ਕੋਸ਼ਿਸ਼ ਕੀਤੀ।
“ਦੇਖ ਫੁੱਲਾਂ ਵਾਸਤੇ ਕਿਵੇਂ… ਤੇ ਰੋਟੀ ਵੇਲੇ? ਗੋਡੇ ਨ੍ਹੀਂ ਆਖਿਆ ਮੰਨਦੇ…।”
ਟੇਬਲ ਤੋਂ ਫੁੱਲ ਲਿਆ ਕੇ ਸ਼ਿੰਗਾਰਾ ਸਿੰਘ ਨੂੰ ਫੜਾਉਂਦਿਆਂ ਹਲਕੀ ਜਿਹੀ ਲਾਲੀ, ਨਹੀਂ ਹਲਕੀ ਜਿਹੀ, ਭਿੰਨੀ-ਭਿੰਨੀ ਖ਼ੁਸ਼ਬੋਈ ਕੁਲਵਿੰਦਰ ਦੇ ਫਿੱਕੇ-ਚਿੱਟੇ ਚਿਹਰੇ ਦੀਆਂ ਝੁਰੜੀਆਂ ਵਿਚ ਫੈਲ ਗਈ ਸੀ। ਸੀ.ਐਫ਼ਐਲ਼ ਦੀ ਰੌਸ਼ਨੀ ਗ਼ੁਲਾਬੀ ਹੁੰਦੀ ਜਾਪੀ।

ਗੋਡੇ ਸ਼ਿੰਗਾਰਾ ਸਿੰਘ ਵਿਚਾਰੇ ਦੇ ਕਿਹੜੇ ਡੰਡ-ਬੈਠਕਾਂ ਕੱਢਣ ਵਾਲੇ ਸੀ। ਗ੍ਰੀਸ ਉਹਨਾਂ ਦਾ ਵੀ ਮੁੱਕਿਆ ਪਿਆ ਸੀ। ਫਿਰ ਵੀ ਔਖਾ-ਸੌਖਾ ਉੱਠਦਿਆਂ ਉਸ ਨੇ ਸ਼ਹਿਜਾਦੇ ਸਲੀਮ ਵਾਲੇ ਅੰਦਾਜ਼ ਵਿਚ ਗ਼ੁਲਾਬ ਦਾ ਫੁੱਲ ਸਰਦਾਰਨੀ ਕੁਲਵਿੰਦਰ ਕੌਰ ਨੂੰ ਪੇਸ਼ ਕੀਤਾ।
ਕੁਲਵਿੰਦਰ ਫੁੱਲ ਲੈ ਕੇ ਸੁੰਘਣ ਹੀ ਵਾਲੀ ਸੀ ਕਿ ਸ਼ਿੰਗਾਰਾ ਸਿੰਘ ਨੇ ਉਸ ਦੇ ਹੱਥ ‘ਚੋਂ ਖੋਹ ਲਿਆ ਤੇ ਆਪਣੇ ਹੱਥ ਵਿਚਲੇ ਡੌਗ ਫਲਾਵਰ ਨੂੰ ਇਕ ਪਾਸਿਓਂ ਉਂਗਲੀ ਤੇ ਅੰਗੂਠੇ ਨਾਲ ਦੱਬਦਿਆਂ ਬੁੜ੍ਹੀ ਦੇ ਝੁਰੜੀਆਂ ਵਾਲੇ ਚਿਹਰੇ ਕੋਲ ਲਿਜਾ ਕੇ ‘ਵਾਉ-ਵਾਉ’ ਕਰਨ ਲੱਗਾ।
“ਵੇ ਮਰ ਪਰ੍ਹਾਂ!” ਬਹੁਤ ਵਰ੍ਹਿਆਂ ਬਾਅਦ ਬੜੇ ਚਾਅ ਜਿਹੇ ਨਾਲ ਬੁੜ੍ਹੀ ਦੇ ਮੂੰਹੋਂ ਨਿਕਲਿਆ। ਜਾਣੀ-ਪਹਿਚਾਣੀ ਖ਼ੁਸ਼ਬੂ ਕਮਰੇ ਵਿਚ ਫੈਲ ਗਈ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕੇਸਰਾ ਰਾਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ