Ki Puchhde O Haal Bimaran Da : K.L. Garg
ਕੀ ਪੁੱਛਦੇ ਓ ਹਾਲ ਬੀਮਾਰਾਂ ਦਾ (ਵਿਅੰਗ) : ਕੇ.ਐਲ. ਗਰਗ
ਦੇਸੀ ਘੀ ਦੇ ਜ਼ਮਾਨੇ ’ਚ ਜਦੋਂ ਦੋ ਜਣੇ ਇੱਕ-ਦੂਜੇ ਦਾ ਹਾਲ ਪੁੱਛਦੇ ਤਾਂ ਦੋਵਾਂ ਦੇ ਚਿਹਰਿਆਂ ’ਤੇ ਮਤਾਬੀਆਂ ਬਲਦੀਆਂ ਹੁੰਦੀਆਂ। ਦੋਵੇਂ ਖਿੜੇ ਮੱਥੇ ਆਖ਼ਦੇ: ‘‘ਚੜ੍ਹਦੀ ਕਲਾ ’ਚ ਐ ਖ਼ਾਲਸਾ। ਵਾਹਿਗੁਰੂ ਦੀ ਪੂਰੀ ਮਿਹਰ ਐ।’’ ਇਸ ਗੱਲ ਤੋਂ ਸਾਨੂੰ ਇੱਕ ਘਟਨਾ ਯਾਦ ਆ ਗਈ ਹੈ ਜੋ ਅਸੀਂ ਆਪਣੇ ਅੱਖੀਂ ਦੇਖੀ ਸੀ। ਲੂਅ ਲੱਗਣ ਨਾਲ ਇੱਕ ਬੁੱਢਾ ਘਮੇਟਣੀ ਖਾ ਕੇ ਹੇਠਾਂ ਜ਼ਮੀਨ ’ਤੇ ਸਿਰ ਫੜ ਕੇ ਬਹਿ ਗਿਆ। ਉਸ ਦੁਆਲੇ ਤੀਵੀਆਂ ਮਰਦ ਇਕੱਠੇ ਹੋ ਗਏ। ਸਾਰੇ ਉਸ ਦਾ ਹਾਲ ਪੁੱਛਣ ਲੱਗੇ: ‘‘ਠੀਕ ਐਂ ਬਾਬਾ?’’, ਠੀਕ ਐਂ ਭਾਈਆ?’’, ‘‘ਠੀਕ ਐਂ ਤਾਇਆ?’’ ਬੁੱਢਾ ਖਿੱਝ ਕੇ ਬੋਲਿਆ, ‘‘ਸਹੁਰਿਓ, ਠੀਕ ਹੁੰਦਾ ਤਾਂ ਇਉਂ ਧੈਂਅ ਕਰ ਕੇ ਡਿੱਗਦਾ ਕਿਉਂ?’’ ਅੱਜ-ਕੱਲ੍ਹ ਦੇ ਡਾਲਡਾ ਘੀ ਦੇ ਜ਼ਮਾਨੇ ’ਚ ਜਦੋਂ ਵੀ ਕੋਈ ਦੋ ਜਣੇ ਮਿਲਦੇ ਹਨ ਤਾਂ ਬੇਹੀ ਰੋਟੀ ਜਿਹੀ ਸ਼ਕਲ ਬਣਾ ਕੇ ਇੱਕ ਜਣਾ ਦੂਜੇ ਨੂੰ ਪੁੱਛਦਾ ਹੈ:
‘‘ਠੀਕ ਓਂ?’’
ਉਹਦੀ ਆਵਾਜ਼ ਇਉਂ ਹੁੰਦੀ ਹੈ ਜਿਵੇਂ ਕੋਈ ਡਰਿਆ-ਡਰਿਆ ਜੁਆਕ ਬੋਲ ਰਿਹਾ ਹੋਵੇ ਜਾਂ ਹੁਣੇ ਹੁਣੇ ਬਾਮੁਸ਼ੱਕਤ ਕੈਦ ’ਚੋਂ ਛੁੱਟ ਕੇ ਆਇਆ ਕੈਦੀ ਹੋਵੇ। ਦੂਜਾ ਵੀ ਮਸੋਸਿਆ ਜਿਹਾ ਮੂੰਹ ਬਣਾ ਕੇ ਬੁਝੀ ਹੋਈ ਆਵਾਜ਼ ’ਚ ਕਹਿ ਛੱਡਦਾ ਹੈ:
‘‘ਬੱਸ ਠੀਕ ਈ ਐ ਯਾਰ। ਜਿਹੜਾ ਟੈਮ ਲੰਘ ਜੇ ਓਹੀਓ ਵਧੀਆ ਐ।’’ ਇਹ ਡਾਇਲਾਗ ਬੋਲਣ ਲੱਗਿਆਂ ਉਹਦਾ ਮੂੰਹ ਫੁੱਟੇ ਹੋਏ ਪੁਰਾਣੇ ਕੁੱਜੇ ਜਿਹਾ ਬਣਿਆ ਹੁੰਦਾ ਹੈ। ਦੋਵਾਂ ਵਿੱਚ ਇੱਕ ਬੇਵਿਸਾਹੀ ਜਿਹੀ ਫੈਲੀ ਹੁੰਦੀ ਹੈ। ਪੁੱਛਣ ਵਾਲੇ ਨੂੰ ਵੀ ਪੂਰਾ ਭਰੋਸਾ ਨਹੀਂ ਹੁੰਦਾ ਕਿ ਉਸ ਦੇ ਸਾਹਮਣੇ ਖਲੋਤਾ ਨੌਂ-ਬਰ-ਨੌਂ ਬੰਦਾ ਸੱਚਮੁੱਚ ਹੀ ਸਹੀ-ਸਲਾਮਤ ਹੋਵੇਗਾ।
ਕਹਿਣ ਨੂੰ ਤਾਂ ਉਹ ਵੀ ਸਾਡੇ ਬਜ਼ੁਰਗਾਂ ਵਾਂਗ ਕਹਿ ਸਕਦਾ ਸੀ: ‘‘ਚੜ੍ਹਦੀ ਕਲਾ ’ਚ ਐ ਖ਼ਾਲਸਾ। ਦਾਤੇ ਦਾ ਸ਼ੁਕਰ ਐ।’’ ਪਰ ਪਤਾ ਨਹੀਂ ਕਿਉਂ ਉਸ ਨੂੰ ਇਹੋ ਜਿਹੇ ਡਾਇਲਾਗ ਬੋਲਣ ਦਾ ਅਭਿਆਸ ਹੀ ਨਹੀਂ ਰਿਹਾ ਜਾਂ ਉਸ ਨੂੰ ਇਹੋ ਜਿਹਾ ਕੁਝ ਬੋਲਣ ਦੀ ਜਾਚ ਹੀ ਭੁੱਲ ਗਈ ਹੈ।
ਇਨ੍ਹਾਂ ਗੱਲਾਂ ਤੋਂ ਸਾਨੂੰ ਆਪਣੇ ਇੱਕ ਸਾਥੀ ਅਧਿਆਪਕ ਫਿਰੰਗੀ ਲਾਲ ਦੀ ਯਾਦ ਆ ਗਈ ਹੈ। ਸੇਵਾ-ਮੁਕਤ ਹੋਣ ਤੋਂ ਪਹਿਲਾਂ ਉਹਦਾ ਦਿਮਾਗ਼ ਚੱਲ ਗਿਆ ਸੀ। ਰੋਹਤਕ ਮੈਡੀਕਲ ਕਾਲਜ ’ਚ ਉਹਦਾ ਇਲਾਜ ਚੱਲਿਆ। ਬਿਜਲੀ ਦੇ ਸ਼ਾਕ ਲੱਗੇ ਤੇ ਕਈ ਤਰ੍ਹਾਂ ਦੇ ਇਲਾਜ ਨਾਲ ਉਹ ਤੰਦਰੁਸਤ ਹੋ ਕੇ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਲਈ ਸਕੂਲ ਆਇਆ। ਪ੍ਰਿੰਸੀਪਲ ਦੇ ਦਫ਼ਤਰ ’ਚ ਬੈਠੇ ਨੂੰ ਇੱਕ ਬਹੁਤ ਹੀ ਸਾਊ ਤੇ ਸਰੀਫ਼ ਅਧਿਆਪਕ ਝਟਕਾ ਰਾਮ ਨੇ ਉਸ ਦੇ ਗੋਡੀਂ ਹੱਥ ਲਾ ਕੇ ਸਹਿਜ-ਸੁਭਾਅ ਹੀ ਪੁੱਛ ਲਿਆ:
‘‘ਸਰ ਠੀਕ ਓ ਹੁਣ?’’
ਲਉ ਜੀ ਫਿਰੰਗੀ ਰਾਮ ਤਾਂ ਇਹ ਡਾਇਲਾਗ ਸੁਣਦਿਆਂ ਹੀ ਭੜਕ ਪਿਆ। ਚਾਰੇ ਖੁਰ ਚੁੱਕ ਕੇ ਪੈ ਗਿਆ ਝਟਕਾ ਰਾਮ ਨੂੰ।
‘‘ਠੀਕ ਐਂ, ਠੀਕ ਐਂ ਮੈਂ। ਨੱਠ ਜਾ ਇੱਥੋਂ। ਠੀਕ ਐਂ, ਕਿਹਾ ਨਾ ਠੀਕ ਐਂ ਮੈਂ, ਨੱਠ ਜਾ, ਨੱਠ ਜਾ।’’
ਹੁਣ ਝਟਕਾ ਰਾਮ ਪੂਰੀ ਤਰ੍ਹਾਂ ਸਮਝ ਗਿਆ ਸੀ ਕਿ ਮਾਸਟਰ ਫਿਰੰਗੀ ਰਾਮ ਬਿਲਕੁਲ ਤੰਦਰੁਸਤ ਹੋ ਕੇ ਹੀ ਸਕੂਲ ਆਇਆ ਸੀ। ਉਸ ਦੀ ਖ਼ੁਸ਼ਕਿਸਮਤੀ ਹੀ ਸਮਝੋ ਕਿ ਉਸ ਦਿਨ ਪ੍ਰਿੰਸੀਪਲ ਦੀ ਮੇਜ਼ ’ਤੇ ਕੋਈ ਪੇਪਰ ਵੇਟ ਨਹੀਂ ਸੀ ਪਿਆ। ਨਹੀਂ ਤਾਂ ਝਟਕਾ ਰਾਮ ਦੀ ਜੋ ਹਾਲਤ ਹੋਣੀ ਸੀ ਉਸ ਦਾ ਮਹਾਤੜ ਸਾਥੀ ਅੰਦਾਜ਼ਾ ਵੀ ਨਹੀਂ ਲਾ ਸਕਦੇ।
ਇਹੋ ਸਵਾਲ ਅਸੀਂ ਆਪਣੇ ਇੱਕ ਸਿਆਣੇ ਮਿੱਤਰ ਨੂੰ ਪੁੱਛਿਆ ਸੀ: ‘‘ਯਾਰ, ਆਪਾਂ ਅੱਜ-ਕੱਲ੍ਹ ਇੱਕ-ਦੂਜੇ ਦੀ ਸਲਾਮਤੀ ਬਾਰੇ ਇੰਨੇ ਸ਼ੱਕੀ ਕਿਉਂ ਹੋ ਗਏ ਆਂ ਭਲਾਂ?’’
ਸਿਆਣੇ ਮਿੱਤਰ ਦਾ ਉੱਤਰ ਸੁੱਟ ਪਾਉਣ ਵਾਲਾ ਨਹੀਂ ਸੀ:
‘‘ਭਾਈ ਛਾਂਗਾ ਮੱਲ, ਅੱਜ-ਕੱਲ੍ਹ ਕਦਮ-ਕਦਮ ’ਤੇ ਤਾਂ ਮੌਤ ਤੁਰੀ ਫਿਰਦੀ ਐ। ਸੜਕ-ਅਤਿਵਾਦ ਏਨਾ ਵਧ ਗਿਆ ਹੈ ਕਿ ਕਿਸੇ ਦਾ ਪਲ ਭਰ ਦਾ ਭਰੋਸਾ ਨਹੀਂ ਰਿਹਾ। ਘਰੋਂ ਨਿਕਲਿਆ ਬੰਦਾ ਸ਼ਾਮ ਨੂੰ ਸਹੀ ਸਲਾਮਤ ਘਰ ਮੁੜ ਵੀ ਆਊ, ਕੀ ਭਰੋਸਾ ਐ? ਪੁੜੇ ਬੰਨ੍ਹ-ਬੰਨ੍ਹ ਦਵਾਈਆਂ ਖਾਂਦੇ ਐ ਲੋਕ। ਪਤਾ ਨਹੀਂ ਕਿਹੜੇ ਵੇਲੇ ਘੋਰੜੂ ਬੱਜ ਜਾਹੇ। ਘਰੋਂ ਗਿਆ ਬੰਦਾ ਸਹੀ ਸਲਾਮਤ ਮੁੜ ਵੀ ਆਵੇ ਤਾਂ ਵੀ ਉਹਦੀ ਤੰਦਰੁਸਤੀ ਬਾਰੇ ਸ਼ੱਕ ਬਣਿਆ ਰਹਿੰਦਾ ਐ। ਘਰ ਮੁੜੇ ਬੰਦੇ ਨੂੰ ਉਹਦੀ ਘਰਵਾਲੀ ਵੀਹ ਸਵਾਲ ਪੁੱਛਦੀ ਹੈ। ਉਹਦੀ ਹਾਲਤ ਇੰਟੈਰੋਗੇਟ ਹੋ ਰਹੇ ਕੈਦੀ ਜਿਹੀ ਬਣੀ ਹੁੰਦੀ ਹੈ।
‘‘ਬਾਹਰ ਕੀ ਖਾਧਾ ਸੀ/ਚਾਹ ਕਿੱਥੋਂ ਪੀਤੀ ਸੀ/ਚਾਹ ਨਾਲ ਕੀ-ਕੀ ਛਕਿਆ/ਦਵਾਈ ਲੈ ਲਈ ਸੀ ਟਾਈਮ ’ਤੇ/ਪਾਣੀ ਨਲਕੇ ਤੋਂ ਪੀਤਾ ਸੀ ਜਾਂ ਬੋਤਲ ਵਾਲਾ/ਕੌਣ ਕੌਣ ਮਿਲਿਆ ਸੀ ਰਾਹ ’ਚ?’’
ਇੰਨੇ ਵਿੰਗੇ-ਟੇਢੇ ਸਵਾਲ ਤਾਂ ਪੰਜਾਬ ਪੁਲੀਸ ਵੀ ਮੁਲਜ਼ਮ ਤੋਂ ਨ੍ਹੀਂ ਪੁੱਛਦੀ ਜਿੰਨੇ ਘਰ ਮੁੜੇ ਪਤੀ ਤੋਂ ਪਤਨੀ ਪੁੱਛਦੀ ਹੈ।
ਇਸ ਮਾਮਲੇ ’ਚ ਸਾਡੀ ਆਪਣੀ ਪਤਨੀ ਵੀ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ ਹੈ। ਸਾਡੇ ਘਰੋਂ ਪੈਰ ਪਾਉਣ ਤੋਂ ਪਹਿਲਾਂ ਉਸ ਦਾ ਇੱਕ ਵੱਡਾ ਹੁਕਮ ਹੁੰਦਾ ਹੈ:
‘‘ਪਹੁੰਚ ਕੇ ਮੋਬਾਈਲ ਮਾਰ ਦਿਉ। ਹੱਛਾ, ਘੌਲ ਨਾ ਕਰਿਓ। ਕਈ ਵਾਰ ਕਿਹਾ ਹੈ, ਤੁਸੀਂ ਮਾਰਦੇ ਨ੍ਹੀਂ ਮੋਬਾਈਲ। ਘੇਸਲ ਮਾਰ ਜਾਂਦੇ ਓ।’’
ਸਾਡੇ ਘਰੋਂ ਨਿਕਲਣ ਲੱਗਿਆਂ ਉਹ ਜ਼ਰੂਰ ਬਰ ਜ਼ਰੂਰ ਪੁੱਛਦੀ ਹੈ: ‘‘ਮੋਬਾਈਲ ਲੈ ਲਿਆ ਨਾ? ਦੇਖ ਲਓ ਭੁੱਲ ਨਾ ਜਾਇਉ।’’ ਪਤਨੀ ਦੀ ਗੱਲ ਸੁਣ ਕੇ ਸਾਨੂੰ ਹਮੇਸ਼ਾਂ ਇਉਂ ਲੱਗਦਾ ਹੈ ਜਿਵੇਂ ਕੋਈ ਖਤਰਾਣੀ ਲੜਾਈ ਦੇ ਮੈਦਾਨ ’ਚ ਜਾ ਰਹੇ ਆਪਣੇ ਯੋਧੇ ਪਤੀ ਨੂੰ ਪੁੱਛ ਰਹੀ ਹੋਵੇ:
‘‘ ਤਲਵਾਰ ਲੈ ਲਈ ਨਾ ਜੀ? ਭੁੱਲ ਨਾ ਜਾਇਉ। ਤਲਵਾਰ ਬਗ਼ੈਰ ਉੱਥੇ ਲੜੋਗੇ ਕਾਹਦੇ ਨਾਲ?’’
ਮੋਬਾਈਲ ਨਾ ਕਰਨ ਦੀ ਸੂਰਤ ’ਚ ਸਾਡੀ ਪਤਨੀ ਵੱਲੋਂ ਸਾਡੇ ਨਾਲ ਉਹ ਕੁੱਤੇਖਾਣੀ ਕੀਤੀ ਜਾਂਦੀ ਹੈ ਜੋ ਕਿਸੇ ਮਾੜੇ ਤੋਂ ਮਾੜੇ ਕਰਜ਼ਦਾਰ ਦੀ ਵੀ ਨਹੀਂ ਹੁੰਦੀ।
‘‘ਮੋਬਾਈਲ ਕਿਉਂ ਨੀ ਮਾਰਿਆ?’’ ਉਹ ਜਾਬਰ ਥਾਣੇਦਾਰ ਵਾਂਗ ਕੜਕਦੀ ਹੈ। ਅਸੀਂ ਹੱਸ ਕੇ ਕਹਿ ਦਿੰਦੇ ਹਾਂ: ‘‘ਬੱਸ ਐਵੇਂ ਟੈਮ ਈ ਨ੍ਹੀਂ ਮਿਲਿਆ।’’
‘‘ਟੈਮ ਨੂੰ ਕੀ ਐ? ਮੋਬਾਈਲ ਮਾਰਨ ਨੂੰ ਕਿਹੜੇ ਵਰ੍ਹੇ ਲੱਗਦੇ ਐ! ਦੋ ਸਕਿੰਟਾਂ ਦਾ ਕੰਮ ਹੁੰਦੈ।’’
ਸੁਣ ਕੇ ਅਸੀਂ ਫਿਰ ਹੱਸਣ ਲੱਗਦੇ ਹਾਂ ਤਾਂ ਉਹ ਤਿੜ ਕੇ ਕਹਿ ਦਿੰਦੀ ਹੈ: ‘‘ਤੁਸੀਂ ਤਾਂ ਦੰਦੀਆਂ ਜਿਹੀਆਂ ਕੱਢ ਕੇ ਦਿਖਾਤੀਆਂ। ਸਾਡੀ ਜਾਨ ਤੰਗਲੀ ’ਚ ਫਸੀ ਰਹੀ ਸਾਰਾ ਦਿਨ। ਤੁਹਾਨੂੰ ਕਿਸੇ ਨਾਲ ਕੀ? ਤੁਸੀਂ ਬਾਹਰ ਐਸ਼ਾਂ ਕਰਦੇ ਫਿਰੋ, ਘਰੇ ਭਾਵੇਂ ਕੋਈ, ਫ਼ਿਕਰ ਨਾਲ ਸੁੱਕ ਤੀਲਾ ਹੁੰਦਾ ਫਿਰੇ। ਤੁਹਾਡੇ ਵਰਗਾ ਨਿਰਦਈ ਬੰਦਾ ਨ੍ਹੀਂ ਦੇਖਿਆ ਕਿਤੇ।’’ ਅਸੀਂ ਦੋਵੇਂ ਕੰਨ ਫੜ ਕੇ ਮੁਆਫ਼ੀ ਮੰਗਦੇ ਹੋਏ ਕਹਿੰਦੇ ਹਾਂ: ‘‘ਕੋਈ ਨ੍ਹੀਂ ਬਾਬਾ ਆਹ ਕੰਨ ਫੜੇ ਹੁਣ। ਅੱਗੇ ਨੂੰ ਮੋਬਾਈਲ ਮਾਰਨਾ ਨ੍ਹੀਂ ਭੁੱਲਦੇ। ਲੈ ਆਹ ਲਾਏ ਕੰਨਾਂ ਨੂੰ ਹੱਥ।’’
ਪਤਨੀ ਠੰਢੀ ਹੁੰਦਿਆਂ ਵੀ ਨਿਹੋਰੇ ਨਾਲ ਆਖਦੀ ਹੈ:
‘‘ਤੁਹਾਨੂੰ ਪਤੈ ਬਾਹਰ ਕੀ ਇੱਲਾਂ ਕੋਕੋਆਂ ਤੁਰੀਆਂ ਫਿਰਦੀਆਂ! ਬੰਦੇ ਦਾ ਕੀ ਵਸਾਹ ਕਿੱਥੇ ਫਾਹਿਆ ਜਾਵੇ?’’
ਰਾਤੀਂ ਕੋਲ ਪਿਆ ਬੰਦਾ ਗਲਾ ਖ਼ਰਾਬ ਹੋ ਜਾਣ ਕਾਰਨ ਦੋ-ਚਾਰ ਸਾਹ ਵੀ ਖਿੱਚ ਕੇ ਲੈ ਲਵੇ ਤਾਂ ਪਤਨੀ ਫ਼ਿਕਰਮੰਦ ਹੋ ਕੇ ਝੱਟ ਮੋਢਾ ਝੰਜੋੜ ਪੁੱਛਣ ਲੱਗਦੀ ਹੈ:
‘‘ਕੀ ਗੱਲ? ਠੀਕ ਓ?’’
ਪਤੀ ਕਹਿ ਦੋਵੇ, ‘‘ਹਾਂ ਠੀਕ ਐ, ਸੌਂ ਜਾ ਚੁੱਪ ਕਰ ਕੇ।’’ ਤਦ ਵੀ ਉਹ ਆਪਣੀ ਸ਼ੰਕਾ-ਨਵਿਰਤੀ ਲਈ ਪੁੱਛ ਲੈਂਦੀ ਹੈ:
‘‘ਠੀਕ ਓ ਤਾਂ ਸਾਹ ਕਿਉਂ ਖਿੱਚ ਖਿੱਚ ਲੈਨੇ ਓ ਏਦਾਂ? ਆਪਣੀ ਦਵਾਈ ਲੈ ਲਈ ਸੀ ਟਾਈਮ ਸਿਰ? ਭੁੱਲ ਤਾਂ ਨ੍ਹੀਂ ਗਏ ਦਵਾਈ ਲੈਣੀ?’’
ਤੁਹਾਨੂੰ ਉਸ ਵੇਲੇ ਪੂਰੀ ਤਰ੍ਹਾਂ ਨੀਂਦ ਚੜ੍ਹੀ ਹੁੰਦੀ ਹੈ। ਪਤਨੀ ਦੇ ਤਾਬੜਤੋੜ ਸਵਾਲਾਂ ਤੋਂ ਝੁੰਜਲਾ ਕੇ ਤੁਸੀਂ ਆਖ ਦਿੰਦੇ ਹੋ:
‘‘ਓ ਭਲੀਮਾਣਸੇ ਸੌਂ ਵੀ ਜਾ ਹੁਣ। ਠੀਕ ਹੈ ਸਭ ਕੁਸ਼। ਐਵੇਂ ਨਾ ਘਬਰਾਈ ਜਾ।’’
ਪਰ ਪਤਨੀ ਫਿਰ ਵੀ ਉਸੇ ਰੌਂਅ ’ਚ ਕਹਿ ਦਿੰਦੀ ਹੈ:
‘‘ ਮੈਨੂੰ ਪਤੈ, ਥੋਡੇ ਵਰਗਾ ਭੁਲੱਕੜ ਬੰਦਾ ਤਾਂ ਸਾਰੀ ਦੁਨੀਆਂ ’ਚੋਂ ਵੱਡੀ ਬੈਟਰੀ ਮਾਰਿਆਂ ਵੀ ਨਹੀਂ ਲੱਭਦਾ। ਤੁਸੀਂ ਉਹ ਖ਼ੂਨ ਪਤਲਾ ਕਰਨ ਵਾਲੀ ਗੋਲੀ ਨ੍ਹੀਂ ਲਈ ਹੋਈ, ਜਿਹੜੇ ਇਉਂ ਸਾਹ ਖਿੱਚ-ਖਿੱਚ ਕੇ ਆਉਂਦੇ ਐ।’’
ਇੰਨੀ ਰਾਤ ਨੂੰ ਪਤਨੀ ਨਾਲ ਬਹਿਸ ’ਚੋਂ ਕੁਝ ਨਾ ਨਿਕਲਦਾ ਦੇਖ, ਤੁਸੀਂ ਮੂੰਹ-ਸਿਰ ਲਪੇਟ ਕੇ ਸੌਣ ਦੀ ਤਿਆਰੀ ’ਚ ਜੁਟ ਜਾਂਦੇ ਹੋ। ਇਹਤਿਆਤ ਵਜੋਂ ਸਾਹ ਵੀ ਹੌਲੀ-ਹੌਲੀ ਲੈਣ ਲੱਗਦੇ ਹੋ। ਸਾਹ ਆਉਣ ਦੀ ਆਵਾਜ਼ ਨਾ ਸੁਣਨ ਕਰਕੇ ਪਤਨੀ ਹੜਬੜਾ ਕੇ ਘਬਰਾਹਟ ’ਚ ਪੁੱਛਦੀ ਹੈ:
‘‘ਠੀਕ ਓ? ਹੁਣ ਸਾਹ ਵੀ ਨ੍ਹੀਂ ਆਉਂਦਾ ਸੁਣਦਾ?’’ ਤੁਸੀਂ ਲੰਮਾ ਸਾਹ ਖਿੱਚ ਕੇ ਆਪਣੇ ਜਿਉਂਦੇ ਹੋਣ ਦਾ ਪ੍ਰਮਾਣ ਦਿੰਦੇ ਹੋ। ਹੱਸਦੇ ਆਖ ਵੀ ਦਿੰਦੇ ਹੋ, ‘‘ਠੀਕ ਆਂ, ਠੀਕ ਆਂ।’’ ਸਬੂਤ ਵਜੋਂ ਲੰਮਾ ਸਾਹ ਖਿੱਚ ਕੇ ਪਤਨੀ ਦੇ ਚਿਹਰੇ ’ਤੇ ਫੂਕ ਵੀ ਮਾਰ ਦਿੰਦੇ ਹੋ। ਫਿਰ ਵੀ ਪਤਨੀ ਦੀ ਮੁਰਦਾ ਜਿਹੀ ਆਵਾਜ਼ ਸੁਣਦੀ ਹੈ:
‘‘ਅੱਜ-ਕੱਲ੍ਹ ਡਰ ਜਿਹਾ ਲੱਗਿਆ ਰਹਿੰਦੈ। ਫੂਕਾਂ ਮਾਰ ਮਾਰ ਪਾਣੀ ਪੀਣਾ ਪੈਂਦੈ।’’
ਅੱਜ-ਕੱਲ੍ਹ ਬੰਦੇ ਦਾ ਠੀਕ-ਠਾਕ ਹੋਣਾ ਬਹੁਤ ਔਖਾ ਹੈ।