Kissa Kaav Da Vidiarthi Jiwan Te Prabhav : Surjit Singh Dila Ram
ਕਿੱਸਾ ਕਾਵਿ ਦਾ ਵਿਦਿਆਰਥੀ ਜੀਵਨ ਤੇ ਪ੍ਰਭਾਵ : ਸੁਰਜੀਤ ਸਿੰਘ "ਦਿਲਾ ਰਾਮ"
ਪੁਰਾਣੇ ਸਮੇਂ ਵਿੱਚ ਕਿੱਸਾ ਕਾਵਿ ਰਚੇ ਗਏ, ਜਿਨ੍ਹਾਂ ਵਿੱਚ ਪ੍ਰੀਤ ਕਥਾਵਾਂ ਨੂੰ ਬਿਆਨ ਕੀਤਾ ਗਿਆ। ਇਨ੍ਹਾਂ ਪ੍ਰੀਤ ਕਥਾਵਾਂ ਦਾ ਪ੍ਰਭਾਵ ਅੱਜ ਵੀ ਸਾਡੀ ਨੌਜਵਾਨ ਪੀੜ੍ਹੀ ਉੱਤੇ ਨਜ਼ਰ ਆ ਰਿਹਾ ਹੈ। ਕਿੱਸਾ ਕਾਵਿ ਵਿੱਚ ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਵਾਲ, ਅਤੇ ਸੱਸੀ ਪੁੰਨੂੰ ਬਹੁਤ ਪ੍ਰਸਿੱਧ ਹੋਏ। ਸਕੂਲਾਂ, ਕਾਲਜਾਂ ਵਿੱਚ ਜਦੋਂ ਇਨ੍ਹਾਂ ਪ੍ਰੀਤ ਕਥਾਵਾਂ ਦੇ ਕਿੱਸੇ ਪੜ੍ਹਾਏ ਜਾਂਦੇ ਹਨ ਤਾਂ ਕਲਾਸ ਵਿੱਚ ਬੈਠੇ ਵਿਦਿਆਰਥੀ ਆਪਣੇ ਆਪ ਨੂੰ ਕਿੱਸੇ ਦਾ ਪਾਤਰ ਬਣਾ ਲੈਂਦੇ ਹਨ। ਜੇ ਮਿਰਜ਼ੇ ਸਾਹਿਬਾਂ ਦੀ ਗੱਲ ਹੁੰਦੀ ਹੈ ਤਾਂ ਮੁੰਡੇ ਆਪਣੇ ਆਪ ਨੂੰ ਮਿਰਜ਼ਾ ਤੇ ਕੁੜੀਆਂ ਆਪਣੇ ਆਪ ਨੂੰ ਸਾਹਿਬਾਂ ਸਮਝਦੀਆਂ ਹਨ।
ਜੇਕਰ ਇਨ੍ਹਾਂ ਦੇ ਜੀਵਨ ’ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦਾ ਇਸ਼ਕ ਸਿਰੇ ਨਹੀਂ ਚੜ੍ਹਿਆ, ਕਿਉਂਕਿ ਸਮਾਜ ਨੇ ਇਹਨਾਂ ਨੂੰ ਪਰਵਾਨ ਨਹੀਂ ਕੀਤਾ।
ਜੇਕਰ ਮਿਰਜ਼ੇ ਸਾਹਿਬਾਂ ਦੀ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਮਿਰਜ਼ਾ ਆਪਣੇ ਜ਼ੋਰ ’ਤੇ ਸਾਹਿਬਾਂ ਨੂੰ ਘਰੋਂ ਕੱਢ ਕੇ ਲੈ ਗਿਆ ਸੀ ਤੇ ਸਾਹਿਬਾਂ ਦੇ ਭਰਾਵਾਂ ਨੇ ਉਸਦਾ ਵਿਰੋਧ ਕੀਤਾ ਸੀ।ਹੁਣ ਸਵਾਲ ਇਹ ਹੈ ਕਿ ਕੀ ਮਿਰਜ਼ੇ ਨੇ ਕੋਈ ਚੰਗਾ ਕੰਮ ਕੀਤਾ ਸੀ? ਕਿਸੇ ਦੀ ਧੀ, ਭੈਣ ਨੂੰ ਘਰੋਂ ਕੱਢ ਕੇ ਲੈ ਜਾਣਾ ਕੋਈ ਬਹਾਦਰੀ ਦਾ ਕੰਮ ਹੈ?
ਜਿੰਨਾ ਸਮਾਂ ਰਾਂਝੇ ਨੇ ਹੀਰ ਦੇ ਪਿੱਛੇ ਬਰਬਾਦ ਕੀਤਾ, ਜੇ ਉਹਨੇ ਉੰਨੇ ਸਮੇਂ ਵਿੱਚ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਤਾਂ ਅੱਜ ਉਸਦਾ ਇਤਿਹਾਸ ਕੋਈ ਹੋਰ ਹੋਣਾ ਸੀ।
ਸੋਹਣੀ ਆਪਣੇ ਪਰਿਵਾਰ ਨੂੰ ਧੋਖੇ ਵਿੱਚ ਰੱਖ ਕੇ ਅੱਧੀ ਰਾਤ ਨੂੰ ਮਹੀਵਾਲ ਨੂੰ ਮਿਲਣ ਜਾਂਦੀ ਸੀ। ਕੀ ਕਿਸੇ ਕੁੜੀ ਦਾ ਆਪਣੇ ਮਾਂ-ਪਿਉ ਦੇ ਸੁੱਤਿਆਂ ਹੋਇਆਂ ਆਪਣੇ ਯਾਰ ਨੂੰ ਮਿਲਣ ਜਾਣਾ ਇਹ ਠੀਕ ਹੈ? ਅਜੋਕੇ ਸਮੇਂ ਵਿੱਚ ਇਨ੍ਹਾਂ ਕਿੱਸਿਆ ਦਾ ਨੌਜਵਾਨ ਪੀੜ੍ਹੀ ਉੱਤੇ ਬਹੁਤ ਪ੍ਰਭਾਵ ਹੈ। ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੇ ਮੁੰਡੇ ਵੀ ਜਦ ਇਸ਼ਕ ਦੇ ਝੂਠੇ ਚੱਕਰਾਂ ਵਿੱਚ ਪੈਂਦੇ ਹਨ ਤਾਂ ਆਪਣੇ ਆਪ ਨੂੰ ਮਿਰਜ਼ਾ ਸਮਝਣ ਲੱਗ ਪੈਂਦੇ ਹਨ ਤੇ ਆਪਣੀ ਸਾਹਿਬਾਂ ਨੂੰ ਬੇਫਿਕਰ ਹੋਣ ਲਈ ਕਹਿੰਦੇ ਹਨ। ਮਿਰਜ਼ੇ ਦੇ ਜੀਵਨ ਤੋਂ ਸਾਨੂੰ ਕੋਈ ਸਿੱਖਿਆ ਨਹੀਂ ਮਿਲਦੀ। ਪਰੰਤੂ ਅੱਜ ਵੀ ਜਦੋਂ ਪਿੰਡਾਂ ਵਿੱਚ ਵੱਡੀ ਪੱਧਰ ’ਤੇ ਮੇਲੇ ਲੱਗਦੇ ਹਨ ਤਾਂ ਅਕਸਰ ਹੀ ਲੋਕਾਂ ਨੂੰ ਕਲਾਕਾਰਾਂ ਕੋਲ ਜਾ ਕੇ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਮਿਰਜ਼ਾ ਸਾਹਿਬਾਂ ਅਤੇ ਹੀਰ ਰਾਝਾਂ ਜ਼ਰੂਰ ਸੁਣਾਇਓ। ਅੱਜ ਵੀ ਮਿਰਜ਼ੇ ਦੀਆਂ ਕਲੀਆਂ ਗਾਉਣ ਵਾਲੇ ਕਲਾਕਾਰਾਂ ਨੂੰ ਵੱਡੀ ਪੱਧਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ ਤੇ ਜੇਕਰ ਨੌਜਵਾਨ ਇਨ੍ਹਾਂ ਕਿੱਸਿਆ ਨੂੰ ਅਮਲੀ ਰੂਪ ਦੇਣ ਤਾਂ ਗਲਤ ਸਮਝਿਆ ਜਾਂਦਾ ਹੈ।
ਸ਼ਰੂਤੀ ਅਗਵਾ ਕਾਂਡ ਕੋਈ ਸੌ ਸਾਲ ਪੁਰਾਣੀ ਘਟਨਾ ਨਹੀਂ ਹੈ, ਪਿਛਲੇ ਕੁਝ ਕੁ ਸਾਲਾਂ ਦੀ ਹੀ ਗੱਲ ਹੈ। ਉਹ ਕਿਹੜੀ ਅਖ਼ਬਾਰ ਨਹੀਂ, ਜਿਸ ਵਿੱਚ ਸ਼ਰੂਤੀ ਅਗਵਾ ਕਾਂਡ ਦਾ ਜ਼ਿਕਰ ਨਾ ਹੋਇਆ ਹੋਵੇ।
ਫਰੀਦਕੋਟ ਵਿੱਚੋਂ ਨਿਸ਼ਾਨ ਸਿੰਘ ਸ਼ਰੂਤੀ ਨੂੰ ਘਰੋਂ ਕੱਢ ਕੇ ਲੈ ਜਾਂਦਾ ਹੈ। ਲੱਭਣ ’ਤੇ ਸਰਕਾਰ ਨਿਸ਼ਾਨ ਸਿੰਘ ਨੂੰ ਜੇਲ ਵਿੱਚ ਕਿਉਂ ਬੰਦ ਕਰ ਦਿੰਦੀ ਹੈ? ਬਣਿਆ ਤਾਂ ਨਿਸ਼ਾਨ ਸਿੰਘ ਵੀ ਮਿਰਜ਼ਾ ਹੀ ਸੀ। ਪੁੱਛੀਏ ਅਸੀਂ ਸਵਾਲ ਸਮੇਂ ਦੀਆਂ ਸਰਕਾਰਾਂ ਨੂੰ, ਕਿਉਂ ਬੰਦ ਕੀਤਾ ਜਾਂਦਾ ਹੈ ਨਿਸ਼ਾਨ ਸਿੰਘ ਨੂੰ ਜੇਲ੍ਹ ਵਿੱਚ?
ਜੇ ਕਿੱਸੇ ਗਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਸਕਦਾ ਹੈ ਤਾਂ ਨਿਸ਼ਾਨ ਸਿੰਘ ਵਰਗੇ ਬਣੇ ਮਿਰਜ਼ਿਆ ਨੂੰ ਕਿਉਂ ਨਹੀਂ?
ਪੁੱਛੀਏ ਆਪਣੀਆਂ ਜ਼ਮੀਰਾਂ ਨੂੰ ਇਹੀ ਸਵਾਲ।
ਵਾਰਿਸ ਸ਼ਾਹ ਦੀ ਹੀਰ ਬਹੁਤ ਪ੍ਰਸਿੱਧ ਹੋਈ। ਜੇ ਅੱਜ ਦੀ ਧੀ ਹੀਰ ਬਣਦੀ ਹੈ ਤਾਂ ਗਲਤ ਕਿਉਂ ਸਮਝਿਆ ਜਾਂਦਾ ਹੈ?
ਅੱਜ ਵੀ ਕਈ ਕੁੜੀਆਂ ਜੋ ਕਾਲਜਾਂ, ਯੂਨੀਵਰਸਿਟੀਆਂ ਦੇ ਹੋਸਟਲਾਂ ਵਿੱਚ ਆਪਣੇ ਮਾਂ ਪਿਉ ਤੋਂ ਦੂਰ ਰਹਿੰਦੀਆਂ ਨੇ, ਸੋਹਣੀ ਦਾ ਰੂਪ ਧਾਰਨ ਕਰਦੀਆਂ ਨੇ ਤੇ ਆਪਣੇ ਮਹੀਵਾਲ ਨੂੰ ਮਿਲਣ ਜਾਦੀਆਂ ਨੇ। ਮੈਨੂੰ ਦੱਸੋ ਕਿ ਕੀ ਕੋਈ ਭਰਾ ਜਾਂ ਬਾਪ ਚਾਹੁੰਦਾ ਹੈ ਕੇ ਮੇਰੀ ਭੈਣ, ਧੀ ਵੱਡੀ ਹੋ ਕੇ ਸਾਹਿਬਾਂ ਬਣੇ? ਮਿਰਜ਼ੇ ਨਾਲ ਇਸ਼ਕ ਲੜਾਵੇ? ਕੋਈ ਬਾਪ ਚਾਹੁੰਦਾ ਹੈ ਕਿ ਮੇਰੀ ਧੀ ਹੀਰ ਜਾਂ ਸੋਹਣੀ ਬਣੇ ਜੋ ਸਾਨੂੰ ਧੋਖੇ ਵਿੱਚ ਰੱਖ ਕੇ ਆਪਣੇ ਯਾਰ ਨੂੰ ਮਿਲਣ ਜਾਵੇ?
ਕੋਈ ਨਹੀਂ ਚਾਹੁੰਦਾ ਕੇ ਮੇਰਾ ਪੁੱਤ ਮਿਰਜ਼ਾ ਬਣੇ ਤੇ ਕਿਸੇ ਦੀ ਧੀ, ਭੈਣ ਨੂੰ ਘਰੋਂ ਕੱਢ ਕੇ ਲੈ ਆਵੇ। ਕੋਈ ਨਹੀਂ ਚਾਹੁੰਦਾ ਕੇ ਸਾਡੇ ਧੀ ਪੁੱਤਰ ਅਜਿਹੇ ਹੋਣ।
ਅੱਜ ਲੋੜ ਹੈ ਸਾਨੂੰ ਇਹਨਾਂ ਕਿੱਸਿਆਂ ਦੇ ਪ੍ਰਭਾਵਾਂ ਤੋਂ ਬਚਣ ਦੀ ਤੇ ਇਨ੍ਹਾਂ ਕਿੱਸੇ ਗਾਉਣ ਵਾਲਿਆਂ ਦਾ ਸਖਤ ਵਿਰੋਧ ਕਰਨ ਦੀ।ਇਨ੍ਹਾਂ ਕਿੱਸਿਆ ਜੀ ਜਗ੍ਹਾ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਅੱਗੇ ਲਿਆਂਦਾ ਜਾਵੇ, ਜਿਨ੍ਹਾਂ ਵਿੱਚ ਚਾਰ ਸਾਹਿਬਜ਼ਾਦਿਆਂ, ਬਹਾਦਰ ਸਿੱਖ ਇਸਤਰੀਆਂ ਦੇ ਇਤਿਹਾਸ ਨੂੰ ਸ਼ਾਮਿਲ ਕੀਤਾ ਜਾਵੇ। ਇੰਜ ਕਰਕੇ ਹੀ ਵਧ ਰਹੀ ਲੱਚਰਤਾ ਨੂੰ ਰੋਕਿਆ ਜਾ ਸਕਦਾ ਹੈ।