Kitaban Ne Pattia Tainu : Harishankar Parsai

ਕਿਤਾਬਾਂ ਨੇ ਪੱਟਿਆ ਤੈਨੂੰ (ਵਿਅੰਗ) : ਹਰੀਸ਼ੰਕਰ ਪਰਸਾਈ

ਦਿਵਾਲੀ ਤੇ ਮੈਂ ਲੱਛਮੀ-ਪੂਜਾ ਨਹੀਂ ਕਰਦਾ। ਨਾਂ ਹੀ ਮੇਰੇ ਘਰ ਦੀਆਂ ਕੰਧਾਂ ਤੇ ‘ਲੱਛਮੀ ਜੀ ਖੁਸ਼ ਰਹਿਣ’ ਲਿਖਿਆ ਹੈ ਨਾਂ ਹੀ ਸਵਾਸਤਿਕ ਦਾ ਚਿੰਨ ਬਣਿਆ ਹੈ। ਪੂਜਾ ਆਪਣੇ ਸੁਭਾਅ ਨਾਲ਼ ਮੇਲ਼ ਨਹੀਂ ਖਾਂਦੀ। ਜੇ ਕਿਸੇ ਦੀ ਪੂਜਾ ਕਰਾਂਗੇ ਤਾਂ ਜਾਂ ਤਾਂ ਉਹਦਾ ਨੁਕਸਾਨ ਹੋਊ ਜਾਂ ਆਪਣਾ। ਮੇਰਾ ਇੱਕ ਮਿੱਤਰ ਹੈ ਉਸਦਾ ਸੁਭਾਅ ਵੀ ਇਹੋ ਜਿਹਾ ਹੀ ਹੈ। ਉਸਨੇ ਇੱਕ ਪ੍ਰਕਾਸ਼ਨ ਲਈ ਪੁਸਤਕ ਲਿਖੀ ਅਤੇ ਪੁਸਤਕ ਦੇ ਛਪਣ ਤੱਕ ਪ੍ਰਕਾਸ਼ਕ ਦੇ ਪਿਉ ਦੀ ਮੌਤ ਹੋ ਗਈ। ਕਈ ਮਹੀਨਿਆਂ ਬਾਅਦ ਪ੍ਰਕਾਸ਼ਨ ਦਾ ਮੈਨੇਜਰ ਮੈਨੂੰ ਮਿਲ਼ਿਆ, ਤੇ ਕਹਿਣ ਲੱਗਾ ਉਹਨਾਂ ‘ਚੋਂ ਇੱਕ ਵੀ ਕਿਤਾਬ ਬੋਰਡ ਤੋਂ ਮਨਜ਼ੂਰ ਨਹੀਂ ਹੋਈ। ਮੈਂ ਕਿਹਾ- ਇਹ ਬੜਾ ਚੰਗਾ ਹੋਇਆ। ਜੇ ਉਹਦੀ ਇੱਕ ਵੀ ਕਿਤਾਬ ਮਨਜ਼ੂਰ ਹੋ ਜਾਂਦੀ ਤਾਂ ਪ੍ਰਕਾਸ਼ਕ ਦਾ ਪੂਰਾ ਖਾਨਦਾਨ ਹੀ ਮਰ ਜਾਂਦਾ। ਓਸ ਬੰਦੇ ਦੇ ਸੰਪਰਕ ਨਾਲ਼ ਸਦਾ ਮਾੜਾ ਹੀ ਹੋਇਆ (ਬਦਨਾਮੀ ਦੇ ਡਰੋਂ ਉਹਦਾ ਨਾਮ ਨਹੀਂ ਦੱਸਣਾ)।

ਮੈਂ ਵੀ 10 ਤੋਂ 17 ਸਾਲ ਦੀ ਉਮਰ ਤੱਕ ਲੱਛਮੀ ਦੀ ਪੂਜਾ ਕੀਤੀ। ਬਾਪੂ ਜੀ ਮੈਥੋਂ ਪੂਜਾ ਕਰਾਉਂਦੇ ਸਨ- ਸ਼ਾਇਦ ਇਹ ਸੋਚਕੇ ਕਿ ਲੱਛਮੀ ਨੂੰ ਨਿਆਣਿਆਂ ਤੇ ਤਰਸ ਆਏਗਾ ਤੇ ਉਹ ਆ ਜਾਵੇਗੀ। ਪਰ ਉਹ ਆਈ ਨਹੀਂ। ਸਾਲੋ-ਸਾਲ ਮੈਂ ਲੱਛਮੀ ਦੀ ਪੂਜਾ ਕਰਦਾ ਰਿਹਾ ਤੇ ਓਧਰ ਬਾਪੂ ਜੀ ਦਾ ਕੰਮ ਠੱਪ ਹੁੰਦਾ ਗਿਆ। ਹਰ ਸਾਲ ਦੀਵਿਆਂ ਦੀ ਗਿਣਤੀ ਤੇ ਤੇਲ ਦੀ ਮਿਣਤੀ ਘਟਦੀ ਗਈ। ਵੱਡਾ ਹੋ ਕੇ ਪਟਾਕਿਆਂ ‘ਚ ਵੀ ਮੇਰੀ ਦਿਲਚਸਪੀ ਘਟ ਗਈ। ਪਟਾਕੇ ਬਚਪਨ ਵਿੱਚ ਹੀ ਚੰਗੇ ਲੱਗਦੇ ਹਨ। ਬਚਪਨ ਵਿੱਚ ਮੈਂ ਉਵੇਂ ਹੀ ਸ਼ੌਂਕ ਨਾਲ਼ ਪਟਾਕੇ ਚਲਾਉਂਦਾ ਜਿਵੇਂ ਚੀਨ ਨੇ ਹੁਣੇ ਅਣੂ ਬੰਬ ਚਲਾਇਆ ਹੈ। ਚੀਨ ਹਜੇ ਵੀ ਜਵਾਕ ਹੀ ਹੈ। ਵੱਡੇ ਹੋ ਕੇ ਪਟਾਕੇ ਚੰਗੇ ਨਹੀਂ ਲੱਗਦੇ। ਰੂਸ ਹੁਣ ਅਣੂ ਬੰਬਾਂ ਤੋਂ ਖਹਿੜਾ ਛਡਾਉਣਾ ਚਾਹੁੰਦਾ ਹੈ। ਕੁਝ ਦੇਸ਼ਾਂ ਦਾ ਤੇ ਬੰਦਿਆਂ ਦਾ ਨਿਆਣਪੁਣਾ ਕਦੀ ਨਹੀਂ ਜਾਂਦਾ। ਬੁੱਢੇ ਠੇਰਿਆਂ ਨੂੰ ਵੀ ਮੈਂ ਕੁੱਤੇ ਦੀਆਂ ਪੂਛਾਂ ਨਾਲ਼ ਪਟਾਕਿਆਂ ਦੀ ਲੜੀ ਬੰਨ ਕੇ ਅੱਗ ਲਾਉਂਦੇ ਦੇਖਿਆ ਹੈ। ਅਮਰੀਕਾ ਵੀ ਟੋਕਿਨ ਦੀ ਖਾੜੀ ਵਿੱਚ ਅਣੂ ਬੰਬ ਲੈ ਕੇ ਗੇੜੇ ਮਾਰ ਰਿਹਾ ਹੈ।

ਗੱਲ ਕਿਤੇ ਹੋਰ ਚਲੀ ਗਈ ਨਾ? ਚਲੋ, ਲੱਛਮੀ ਦੀ ਗੱਲ ਕਰਦੇ ਹਾਂ। ਸੱਤ ਸਾਲ ਲਗਾਤਾਰ ਲੱਛਮੀ ਪੂਜਾ ਦਾ ਇਹ ਸਿੱਟਾ ਨਿੱਕਲਿਆ ਕਿ ਮੇਰੇ ਪਿਉ ਦਾ ਧੰਦਾ ਬਿਲਕੁਲ ਠੱਪ ਹੋ ਗਿਆ ਤੇ ਲੱਛਮੀ ਦਾ ਇਹ ‘ਭਗਤ’ ਦਸਵੀਂ ਕਰਕੇ ਨੌਕਰੀ ਲੱਭਣ ਤੁਰ ਪਿਆ। ਨੌਕਰੀ ਵੀ ਕੀਤੀ ਤਾਂ ਮਾਸਟਰੀ। ਨਾਂ ਇਨਕਮ ਟੈਕਸ ਨਾਂ ਆਕਸਾਈਜ। ਫਿਰ ਨੌਕਰੀ ਛੱਡ ਅਜ਼ਾਦ ਕੰਮ ਦੇ ਖੇਤਰ ‘ਚ ਆਇਆ, ਤੇ ਕਿੱਥੇ ਆਇਆ? ਨਾਂ ਸੀਮਿੰਟ ‘ਚ, ਨਾਂ ਗੱਲੇ ‘ਚ ਤੇ ਨਾਂ ਹੀ ਹਾਰਡਵੇਅਰ ਵਿੱਚ। ਸਾਹਿਤ ਵਿੱਚ! ਮੰਦਬੁੱਧੀ ਬੰਦਾ ਹੋਰ ਕੀ ਕਰ ਸਕਦਾ? ਲੱਛਮੀ ਹੁਣ ਏਸ ਮੁਹੱਲੇ ਆਉਂਦੀ ਵੀ ਹੋਵੇ ਤਾਂ ਦੂਰੋ ਹੀ ਮੇਰੀ ਨੇਮਪਲੇਟ ਪੜਕੇ ਦੂਜੇ ਪਾਸੇ ਹੋ ਜਾਂਦੀ ਹੋਣੀ। ਮੁਹੱਲੇ ਦੇ ਦੋ ਚਾਰ ਘਰਾਂ ‘ਚ ਬੈਠ ਕੇ ਮੁੜ ਜਾਂਦੀ ਹੋਣੀ। ਕਿਸੇ ਤੋਂ ਪੁੱਛ ਵੀ ਲੈਂਦੀ ਹੋਣੀ ਸੁਣਿਆ ਏਸ ਮੁਹੱਲੇ ਕੋਈ ਬੜਾ ਮੂਰਖ ਬੰਦਾ ਰਹਿੰਦਾ। ਸਾਹਿਤ-ਸੂਹਿਤ ਦਾ ਘਟੀਆ ਕੰਮ ਕਰਦਾ। ਕੋਈ ਦੱਸ ਦਿੰਦਾ ਕਿ ਹਾਂ ਉੱਧਰ ਰਹਿੰਦਾ। ਉਹ ਮੂੰਹ ਫੇਰ ਕੇ ਚਲ ਜਾਂਦੀ ਹੈ।

ਮੇਰਾ ਇੱਕ ਦੋਸਤ ਕਹਿੰਦਾ ਹੈ- ਕਿਤਾਬਾਂ ਨੇ ਪੱਟਿਆ ਤੈਨੂੰ, ਪਰਸਾਈ।

ਪੱਟਿਆ, ਬਿਲਕੁਲ ਪੱਟਿਆ। ਕਿਤਾਬ ਲਿਖਣ ਵਾਲ਼ੇ ਤੋਂ ਵੇਚਣ ਵਾਲ਼ਾ ਵੱਡਾ ਹੁੰਦਾ। ਕਥਾ ਲਿਖਣ ਵਾਲ਼ੇ ਤੋਂ ਕਥਾ ਕਰਨ ਵਾਲ਼ਾ ਵੱਡਾ ਹੁੰਦਾ। ਕੁਦਰਤ ਬਣਾਉਣ ਵਾਲ਼ੇ ਤੋਂ ਕੁਦਰਤ ਲੁੱਟਣ ਵਾਲ਼ਾ ਵੱਡਾ ਹੁੰਦਾ ਹੈ।

ਮੈਂ ਕਥਾ ਲਿਖਦਾਂ ਤੇ ਚੌਰਾਹੇ ਤੇ ਕਥਾਵਾਚਕ ਕਥਾ ਕਰਦਾ। ਇਹ ਕਥਾ ਤੁਲਸੀਦਾਸ ਨੇ ਲਿਖੀ ਹੈ। ਕਥਾਵਾਚਕ ਦੀ ਆਰਤੀ ਦੀ ਥਾਲੀ ਭਰ ਜਾਂਦੀ ਹੈ; ਉੱਪਰੋਂ ਜੋ ਭੇਟਾ ਮਿਲ਼ਦੀ ਉਹ ਅੱਡ। ਮੈਂ, ਕਥਾ ਲੇਖਕ, ਸੜਕ ‘ਤੇ ਖੜਾ ਬਿਟ-ਬਿਟ ਝਾਕੀ ਜਾਨਾਂ।

ਉਸ ਦਿਨ ਗਿਆਨਰੰਜਨ ਨੇ ਕਿਹਾ, “ਇਹ ਕਥਾਵਾਚਕ ਹਿੰਦੀ ‘ਚ ਐਮ.ਏ ਨੇ।”

ਮੈਂ ਕਿਹਾ, “ਉਹਨੂੰ ਦੇਖੋ ਤੇ ਸਾਨੂੰ ਵੀ ਦੇਖੋ। ਇੱਕ ਉਹ ਹਿੰਦੀ ਦਾ ਐਮ. ਏ ਆ ਤੇ ਇੱਕ ਮੈਂ ਹਾਂ। ਐਮ.ਏ ਕਰਕੇ ਉਹਨੂੰ ਅਕਲ ਆ ਗਈ ਤੇ ਸਾਡੀ ਮੱਤ ਮਾਰੀ ਗਈ। ਅਸੀਂ ਲਿਖਣ ਦੇ ਚੱਕਰ ‘ਚ ਫਸ ਗਏ ਤੇ ਉਹਨੇ ਸੁਣਾਉਣ ਦਾ ਅਭਿਆਸ ਕੀਤਾ। ਉਹ ਅੱਗੇ ਵਧ ਗਿਆ ਤੇ ਅਸੀਂ? ਕਿਤਾਬ ਨਾਲੋਂ ਕੁੰਜੀ ਵੱਧ ਵਿਕਦੀ ਹੈ।

ਯਾਰ, ਪਰ ਮੈਂ ਕਰਦਾ ਵੀ ਤਾਂ ਕੀ? ਇੱਕ ਤਾਂ ਲੱਛਮੀ ਰੂਪ ਤੋਂ ਨਾਰੀ, ਤੇ ਉੱਲੂ ਤੇ ਉਹਦੀ ਸਵਾਰੀ। ਜਿਸਨੇ ਵੀ ਸੋਚਿਆ ਕਿਆ ਕਮਾਲ ਸੋਚਿਆ। ਜਰੂਰ ਕੋਈ ਸ਼ੋਸਲਿਸਟ ਹੋਊ। ਕੋਈ ਔਰਤ ਹੋਵੇ ਤੇ ਉਹਦਾ ‘ਗਾਈਡ’ ਉੱਲੂ ਹੋਵੇ ਉਹ ਇੱਧਰ ਆ ਹੀ ਨਹੀਂ ਸਕਦੀ। ਉੱਲੂ ਨੇ ਕਹਿ ਦੇਣਾ- ‘ਦੇਵੀ ਜੀ ਜੇ ਉੱਧਰ ਜਾਣਾ ਤਾਂ ਰਿਕਸ਼ਾ ਕਰਾਲੋ। ਮੈਂ ਉਹਦੇ ਘਰੇ ਨਹੀਂ ਜੇ ਜਾਣਾ। ਉਹ ਮੇਰੀ ਪੂਰੀ ਕੌਮ ਨੂੰ ਨਫਰਤ ਕਰਦਾ ਹੈ।’ ਵਿਚਾਰੀ ਮੁੜ ਮੜ ਜਾਂਦੀ ਹੋਣੀ ਆ। ਮੈਨੂੰ ਪਤਾ ਹੈ ਕਿ ਕਦੇ ਕਦੇ ਉਸਦਾ ਉਤਸੁਕਤਾ ਨਾਲ਼ ਆਉਣ ਦਾ ਜੀਅ ਕੀਤਾ ਹੋਣਾ। ਪਰ ਉੱਲੂ ਨੇ ਆਉਣ ਨਹੀਂ ਦਿੱਤਾ। ਉਸਨੇ ਆਪਣੇ ‘ਮਿਸਟਰ’ ਤੇ ‘ਕਲਾਸਫੈਲੋ’ ਨੂੰ ਵੀ ਇੱਧਰ ਭੇਜਿਆ, ਪਰ ਉੱਲੂਆਂ ਨੇ ਉਹਨੂੰ ਵੀ ਮੋੜ ਦਿੱਤਾ। ਮੈਨੂੰ ਲੱਗਦਾ, ਲੱਛਮੀ ਅੱਕੀ ਹੋਈ ਉੱਲੂ ਤੇ ਬੈਠ ਜਾਂਦੀ ਹੈ ਤੇ ਅੰਗੜਾਈਆਂ ਭੰਨਦੀ ਫੁੱਲ ਸੁੰਘਣ ਲੱਗਦੀ ਹੈ। ਉੱਲੂ ਉੱਡਦਾ ਉੱਡਦਾ ਰੁਕ ਜਾਂਦਾ ਹੈ, ਕਿਸੇ ਕੋਲ। ਕਹਿੰਦਾ ਹੈ- ‘ਦੇਵੀ ਜੀ, ਇਹ ਮੇਰਾ ਸਾਲਾ ਹੈ। ਇਹਨੂੰ ਕੁਛ ਦੇ ਦੋ।’ ਲੱਛਮੀ ਆਪਣੇ ਬੈਂਕ ਦਾ ਚੈੱਕ ਕੱਟ ਕੇ ਉਸਨੂੰ ਦੇ ਜਾਂਦੀ ਹੈ। (ਉਦਾਂ ਲੱਛਮੀ ਬੈਂਕ ਲਿਮਟਿਡ ਫੇਲ ਹੋ ਗਿਆ ਹੈ ਤੇ ਡਾਇਰੈਕਟਰ ਹੁਰੀਂ ਜੇਲ ‘ਚ ਬੰਦ ਨੇ। ਪਰ ਓਸ ‘ਚ ਵਿਸ਼ਨੂੰ ਦੀ ਘਰ ਵਾਲੀ ਦੇ ਸ਼ੇਅਰ ਨਹੀਂ ਸਨ)। ਉੱਲੂ ਫੇਰ ਕਿਸੇ ਕੋਲ ਰੁਕ ਕੇ ਕਹਿੰਦਾ ਹੈ- ਦੇਵੀ ਜੀ, ਇਹ ਮੇਰਾ ਸਾਢੂ ਹੈ।.. ਲੱਛਮੀ ਫੇਰ ਉਸਨੂੰ ਚੈੱਕ ਕੱਟ ਕੇ ਦੇ ਦਿੰਦੀ ਹੈ। ਇਸ ਤਰਾਂ ਉੱਲੂ, ਲੱਛਮੀ ਨੂੰ ਚਾਚਿਆਂ, ਮਾਮਿਆਂ, ਫੁੱਫੜਾਂ, ਭਤੀਜਿਆਂ ਕੋਲ ਲੈ ਜਾਂਦਾ ਹੈ ਤੇ ਚੈਕ ਦਿਵਾ ਦਿੰਦਾ ਹੈ।

ਲੱਛਮੀ ਪੁੱਛਦੀ ਹੈ, “ਕਿਉਂ ਵੀ ਹਰੀਸ਼ੰਕਰ ਪਰਸਾਈ, ਤੇਰਾ ਕੁਝ ਨੀਂ ਲੱਗਦਾ?”

ਉੱਲੂ ਕਹਿੰਦਾ ਹੈ, “ਉਹ ਮੇਰਾ ਦੁਸ਼ਮਣ ਹੈ। ਉਹਦਾ ਤਾਂ ਨਾਮ ਵੀ ਨਾਂ ਲਿਉ ਦੇਵੀ ਜੀ!”

ਲੱਛਮੀ ਦੀ ਉਤਪਤੀ ਦੀ ਕਥਾ ਹੀ ਅਜਿਹੀ ਹੈ ਕਿ ਉਸ ਨੂੰ ਹਾਸਿਲ ਕਰਨਾ ਆਪਣੇ ਵੱਸੋਂ ਬਾਹਰੀ ਗੱਲ ਲੱਗਦੀ ਹੈ। ਲੱਛਮੀ ਸਮੁੰਦਰ ਜਾਪ ਤੋਂ ਬਾਅਦ ਸਮੁੰਦਰ ਵਿੱਚੋਂ ਬਾਹਰ ਨਿੱਕਲੀ ਸੀ। ਸਮੁੰਦਰ ਜਾਪ ਵੀ ‘ਕੱਲੇ ਦੇਵਤਾਵਾਂ ਨੇ ਨੀਂ ਕੀਤਾ। ਉਹਨਾਂ ਨੇ ਸ਼ੈਤਾਨਾਂ ਦੀ ਮਦਦ ਲਈ। ਜੇ ਇਕੱਲੇ ਦੇਵਤੇ ਹੀ ਸਮੁੰਦਰ ਜਾਪ ਕਰਕੇ ਲੱਛਮੀ ਨੂੰ ਕੱਢ ਲੈਂਦੇ, ਤਾਂ ਮੈਂ ਉਹਨਾਂ ਦੀ ਜੈ ਬੋਲਦਾ। ਪਰ ‘ਸ਼ੈਤਾਨਾਂ’ ਦੀ ਮਦਦ ਤੋਂ ਬਿਨਾਂ ਉਹ ਲੱਛਮੀ ਨੂੰ ਹਾਸਿਲ ਹੀ ਨਹੀਂ ਕਰ ਸਕੇ। ਤਾਂ ਆਪਣੀ ਅਰਥ ਵਿਵਸਥਾ ਦਾ ਜੋ ਸਮੁੰਦਰ ਹੈ ਉਸਦੇ ਜਾਪ ਲਈ ਮੈਂ ਸ਼ੈਤਾਨਾਂ ਨਾਲ਼ ਸਮਝੌਤਾ ਕਰਾਂ, ਫੇਰ ਲੱਛਮੀ ਬਾਹਰ ਨਿੱਕਲੂ। ਫਿਰ ਵੀ ਕੀ ਭਰੋਸਾ ਉਹ ਮੈਨੂੰ ਮਿਲ਼ ਜਾਵੇ। ਮਾੜੇ ਮੋਟੇ ਦੇਵਤੇ ਤਾਂ ਕਈ ਸਨ, ਪਰ ਲੱਛਮੀ ਉਹਨਾਂ ਨੂੰ ਕਿੱਥੇ ਮਿਲ਼ੀ? ਉਹ ਸਿੱਧੀ ਵਿਸ਼ਨੂੰ ਕੋਲ ਗਈ ਤੇ ਗਲ ਲੱਗ ਗਈ। ਦੁਜੇ ਦੇਵਤਾਵਾਂ ਨੇ ਕੋਈ ਹੜਤਾਲ ਵੀ ਨਹੀਂ ਕੀਤੀ। ਕਰਦੇ ਵੀ ਕਿਵੇਂ? ਵਿਸ਼ਨੂੰ ਜੀ ਵੱਡੇ ਸਨ- ਸ਼ਕਤੀ ‘ਚ, ਮਾਇਆ ‘ਚ, ਰੂਪ ‘ਚ ਤੇ ਅਕਲ ਵਿੱਚ ਵੀ। ਔਰਤ ਬਣ ਕੇ ਜਿਸ ਨੇ ਆਪਣੇ ਦੋਸਤ ਸ਼ੰਕਰ ਨੂੰ ਠੱਗ ਲਿਆ, ਉਹਦੀ ਅਕਲ ‘ਚ ਕੀ ਘਾਟ ਹੋਊ। ਲੱਛਮੀ ਸਿੱਧਾ ‘ਮੋਨੋਪੋਲੀ’ ਨਾਲ਼ ਜਾ ਕੇ ਮਿਲ ਗਈ। ਜੇ ਮੈਂ ਸ਼ੈਤਾਨਾਂ ਨਾਲ਼ ਸਮਝੌਤਾ ਕਰਕੇ ਸਮੁੰਦਰ ਦਾ ਜਾਪ ਕਰਾਂ ਤੇ ਕਿਤੇ ਫੇਰ ਲੱਛਮੀ ‘ਮੋਨੋਪਲੀ’ ਕੋਲ ਚਲ ਗਈ ਤੇ ਫੇਰ? ਸਾਹਿਤ ਵਿੱਚ ਵੀ ਤਾਂ ‘ਮੋਨੋਪਲੀ’ ਹੈ। ਮੋਨੋਪਲੀ ਛੋਟਿਆਂ ਨੂੰ ਵਧਣ ਨਹੀਂ ਦਿੰਦੀ। ਇੱਕ ਗਰੀਬ ਨਾਰਦ ਮੁਨੀ ਨੂੰ ਵਿਆਹ ਕਰਾਉਣ ਲਈ ਸੋਹਣੇ ਚਿਹਰੇ ਦੀ ਲੋੜ ਪਈ ਸੀ, ਤਾਂ ਵਿਸ਼ਨੂੰ ਨੇ ਓਸ ਨੂੰ ਬਾਂਦਰ ਦਾ ਚਿਹਰਾ ਦੇ ਦਿੱਤਾ ਸੀ। ਫਿਰ ਖੁਦ ਜਾ ਕੇ ਸਵੰਬਰ ਵਿੱਚ ਬਹਿ ਗਏ ਅਤੇ ਜਿਸ ਕੁੜੀ ਤੇ ਵਿਚਾਰੇ ਦਾ ਦਿਲ ਆਇਆ ਸੀ, ਉਸੇ ਤੋਂ ਆਪਣੇ ਗਲੇ ਵਿੱਚ ਵਰਮਾਲ ਪਵਾ ਲਈ। ਕਹਿੰਦੇ ਨੇ- ਨਾਰਦ, ਇਹ ਤੇਰਾ ਪਿਆਰ ਸੀ। ਤੇ ਹਜੂਰ ਤੁਹਾਡਾ?

ਮੈਨੁੰ ਵੀ ਸਲਾਹਾਂ ਮਿਲ਼ਦੀਆਂ ਨੇ- ਅਖੇ, ਕਲਾਕਾਰ ਤਾਂ ਤਿਆਗੀ ਹੁੰਦਾ ਹੈ। ਉਹ ਮਾਇਆ ਦੇ ਲੋਭ ‘ਚ ਨਹੀਂ ਪੈਂਦਾ।

ਮੈਂ ਪੁੱਛਦਾ ਹਾਂ- ਤੇ ਹਜੂਰ ਤੁਸੀਂ? ਤੁਸੀਂ ਪੈ ਸਕਦੇ ਹੋ? ਮਾਇਆ ਦਾ ਲੋਭ ਮਾੜਾ ਹੈ ਤਾਂ ਤੁਸੀਂ ਓਸ ਵਿੱਚ ਕਿਉਂ ਫਸਦੇ ਹੋ?

ਇਹ ਸਾਰੇ ਦੂਜਿਆਂ ਨੂੰ ਬਾਂਦਰ ਦੀ ਸ਼ਕਲ ਲਾ ਕੇ ਆਪ ਸਵੰਬਰ ਵਿੱਚ ਬੈਠਣ ਵਾਲ਼ੇ ਨੇ।

ਮੇਰੇ ਇੱਕ ਜਾਣ ਪਛਾਣ ਦੇ ਵਪਾਰੀ ਕਹਿੰਦੇ ਨੇ-ਪੈਸੇ ਨੂੰ ਪੈਸਾ ਖਿੱਚਦਾ। ਇੱਥੇ ਮੰਡੀ ਵਿੱਚ ਕੋਈ ਇੱਕ ਰੁਪਈਆ ਸੁੱਟਦਾ ਹੈ ਤੇ ਦਸ ਚੁੱਕਦਾ ਹੈ।

ਮੈਂ ਇਹ ਤਰੀਕਾ ਵੀ ਅਜਮਾਇਆ। ਬਾਜ਼ਾਰ ਦੇ ਐਨ ਵਿਚਕਾਰ ਖੜ ਕੇ ਮੈਂ ਰੁਪਈਆ ਸੁੱਟਿਆ। ਸੋਚਦਾ ਰਿਹਾ ਕਿ ਹੁਣ ਸਾਰੇ ਬਾਜ਼ਾਰ ਦੇ ਗੇੜੇ ਲਾ ਕੇ ਆਪਣੇ ਨਾਲ਼ ਦਸ ਬਾਰਾਂ ਰੁਪਏ ਲੈ ਕੇ ਮੁੜਦੇ ਹਾਂ। ਫੇਰ ਮੈਂ ਦਸ ਦਾ ਨੋਟ ਸੁਟਾਂਗਾ ਤੇ ਦੋ ਚਾਰ ਦਿਨਾਂ ਵਿੱਚ ਸਾਰ ਬਾਜ਼ਾਰ ਲੁੱਟ ਲੈਣਾ। ਪਰ ਉਹ ਰੁਪਈਆ ਕਿਤੇ ਹਿੱਲਿਆ ਹੀ ਨਹੀਂ ਮੈ ਉਹਨੂੰ ਮੁੜ ਜੇਬ ਵਿੱਚ ਪਾ ਲਿਆ।

ਉਸ ਵਪਾਰੀ ਨੂੰ ਕਿਹਾ- ਰੁਪਈਆ ਤਾਂ ਮੈਂ ਵੀ ਬਾਜ਼ਾਰ ਵਿੱਚ ਸੁੱਟਿਆ ਸੀ, ਪਰ ਉਹ ਤਾਂ ਕੁਝ ਨਹੀਂ ਲਿਆਇਆ।

ਉਹਨੇ ਕਿਹਾ- ਐਦਾਂ ਨਹੀਂ ਹੁੰਦਾ। ਸਾਡੇ ਪੈਸਿਆਂ ਨਾਲ਼ ‘ਹੁਕ’ ਲੱਗੀ ਹੁੰਦੀ ਹੈ। ਉਹ ਰੁਪਈਆਂ ਨੂੰ ਮੱਛੀਆਂ ਵਾਂਗ ਫਸਾਉਂਦਾ ਹੈ।

ਹੁਣ ਮੈਂ ਰੁਪਈਆਂ ਨੂੰ ਹੁਕ ਕਿੱਥੋਂ ਲਵਾਂਵਾ?

ਮੇਰਾ ਉਹ ਦੋਸਤ ਕਹਿੰਦਾ ਹੈ- ਤੈਨੂੰ ਕਿਤਾਬਾਂ ਨੇ ਪੱਟਿਆ। ਸਰਸਵਤੀ ਕੋਲ ਗਏ ਤਾਂ ਲੱਛਮੀ ਨੇ ਪੱਤਾ ਕੱਟ ਦਿੱਤਾ।

ਆਖ਼ਿਰ ਇੱਧਰ ਕਿਉਂ ਗਿਆ? ਵੈਸੇ ਸੱਚ ਪੁੱਛੋ ਤਾਂ ਸਰਸਵਤੀ ਜ਼ਿਆਦਾ ‘ਕਲਚਰਡ’ ਹੈ। ਉਹਦੇ ਹੱਥਾਂ ਵਿੱਚ ਵੀਣਾ ਹੈ, ਕਿਤਾਬ ਹੈ। ਤੇ ਜੇ ਪੰਛੀ ਤੇ ਸਵਾਰੀ ਕਰਨ ਦਾ ਮੌਕਾ ਮਿਲ਼ਿਆ ਤਾਂ ਉਸਨੇ ਉੱਲੂ ਨਹੀਂ ਹੰਸ ਚੁਣਿਆ। ਲੱਛਮੀ ਦਾ ਸਾਰਾ ਕੰਮ ਹੀ ਅਨਪੜ ਵਾਲ਼ਾ ਹੈ। ਸਵਾਰੀ ਤੋਂ ਲੈ ਕੇ ਸ਼ਿੰਗਾਰ ਤੱਕ। ਤਸਵੀਰਾਂ ਵਿੱਚ ਦੇਖੋ ਫੁੱਲ ਤੇ ਖੜੀ ਹੈ। ਯਾਰ, ਫੁੱਲ ਵਰਗੀ ਕੋਮਲ ਚੀਜ਼ ਭਲਾਂ ਉੱਤੇ ਖੜਣ ਲਈ ਹੁੰਦੀ ਹੈ? ਸੁਹਜ਼-ਸਵਾਦ ਭੋਰਾ ਵੀ ਨਹੀਂ ਲੱਛਮੀ ਵਿੱਚ। ਉਸਨੂੰ ਜੇ ਸਰਸਵਤੀ ਵਾਲ਼ਾ ਵੀਣਾ ਮਿਲ਼ ਗਿਆ ਤਾਂ ਉਹਨੇ ਤਾਰ ਤੋੜ ਕੇ ਉੱਲੂ ਨੂੰ ਬੰਨਣ ਲੱਗ ਜਾਣਾ। ਸੰਪੂਰਨ ਅਗਿਆਨਤਾ ਵੱਲ ਆਖ਼ਿਰ ਕੋਈ ਕਿਵੇਂ ਖਿੱਚਿਆ ਜਾਵੇ।

ਮੇਰਾ ਦੋਸਤ ਕਹਿੰਦਾ ਹੈ- ਨਹੀਂ ਹੁੰਦਾ, ਤਾਂ ਭੁਗਤੋ। ਪੱਟਿਆ ਨਾਂ ਤੈਨੂੰ ਕਿਤਾਬਾਂ ਨੇ!

ਕਹਿਣ ਦਵੋ ਉਹਨੂੰ। ਹਾਲੇ ਬਹੁਤ ਸਾਰੇ ਫੈਸਲੇ ਬਾਕੀ ਨੇ। ਹਜੇ ਈ ਕੀ ਕਿਹਾ ਜਾ ਸਕਦਾ ਕਿ ਕੌਣ ਮਰਿਆ ਤੇ ਕੌਣ ਜਿਉਂਦਾ ਰਹਿ ਗਿਆ। ਨਹੀਂ, ਹੁਣ ਲੱਛਮੀ ਦੀ ਪੂਜਾ ਨਹੀਂ ਕਰ ਹੋਣੀ। ਉਹ ਹੋਰ ਹੁੰਦੇ ਨੇ ਜਿਹੜੇ ਛੇਤੀ ਛੇਤੀ ਦੇਵਤੇ ਬਦਲਦੇ ਰਹਿੰਦੇ ਨੇ। ਉਹ ਰਾਮ ਨੂੰ ਵੀ ਮੱਥਾ ਟੇਕ ਜਾਂਦੇ ਨੇ ਤੇ ਰਾਵਣ ਨੂੰ ਵੀ। ਉਹ ਦਿਨੇਂ ਹੰਸ ਦੀ ਚੁੰਜ ਸਹਿਰਾਉਂਦੇ ਨੇ ਤੇ ਰਾਤੀ ਉੱਲੂ ਨਾਲ਼ ਵੀ ਗੱਲਾਂ ਮਾਰ ਲੈਂਦੇ ਨੇ।

ਦੇਵਤਾ ਬਦਲਣਾ ਇੰਨਾਂ ਸੌਖਾ ਨਹੀਂ। ਤੇ ਫੇਰ ਦੇਵੀ ਬਦਲਣਾ ਤਾਂ ਹੋਰ ਵੀ ਔਖੈ।

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ