Kujh Pal (Punjabi Story) : S. Saki
ਕੁਝ ਪਲ (ਕਹਾਣੀ) : ਐਸ ਸਾਕੀ
ਉਸ ਨੂੰ ਦਿੱਲੀ ਤੋਂ ਬੰਬਈ ਤਕ ਜਾਣ ਲਈ ਟਰੇਨ ਵਿਚ ਉਪਰ ਵਾਲੀ ਸੀਟ ਮਿਲ ਗਈ ਸੀ। ਉਹ ਬਹੁਤ ਖ਼ੁਸ਼ ਸੀ। ਉਸ ਨੂੰ ਪਤਾ ਸੀ ਕਿ ਉਹ ਆਰਾਮ ਨਾਲ ਸੌਂ ਕੇ ਮੁੰਬਈ ਪਹੁੰਚ ਜਾਵੇਗਾ। ਉਹ ਡੱਬੇ ਵਿਚ ਦਾਖ਼ਲ ਹੋਇਆ। ਉਸ ਨੇ ਦੇਖਿਆ, ਉਹਦੀ ਉਪਰ ਵਾਲੀ ਸੀਟ ਤੋਂ ਇਕ ਕੁੜੀ ਹੇਠਾਂ ਉਤਰੀ। ਮਸਾਂ ਵੀਹ ਸਾਲਾਂ ਦੀ। ਆਪਣਾ ਬੈਗ ਸਾਂਭ ਉਹ ਸੀਟ ਤੋਂ ਹੇਠਾਂ ਆਈ ਅਤੇ ਪਲੈਟਫਾਰਮ ’ਤੇ ਜਾਣ ਲਈ ਦਰਵਾਜ਼ੇ ਵੱਲ ਟੁਰ ਪਈ। ਜਦੋਂ ਉਸ ਨੇ ਆਪਣਾ ਬੈਗ ਉਸ ਸੀਟ ’ਤੇ ਰੱਖਿਆ, ਉੱਥੇ ਇਕ ਡਾਇਰੀ ਪਈ ਸੀ ਜਿਹੜੀ ਕੁੜੀ ਉੱਥੇ ਛੱਡ ਜਾਂ ਸ਼ਾਇਦ ਭੁੱਲ ਗਈ ਸੀ।
‘‘ਇਹ ਉਸ ਕੁੜੀ ਦੀ ਹੋਣੀ!’’ ਉਸ ਨੇ ਆਪਣੇ ਆਪ ਨੂੰ ਕਿਹਾ।
ਇਹ ਸੋਚ ਉਹ ਕਾਹਲੀ ਨਾਲ ਡੱਬੇ ਦੇ ਦਰਵਾਜ਼ੇ ਵੱਲ ਗਿਆ। ਡਾਇਰੀ ਉਸ ਨੇ ਹੱਥ ਵਿਚ ਫੜੀ ਹੋਈ ਸੀ ਤਾਂ ਕਿ ਉਸ ਕੁੜੀ ਨੂੰ ਦੇ ਦੇਵੇ ਜਿਹੜੀ ਕੁਝ ਚਿਰ ਪਹਿਲਾਂ ਉਪਰ ਵਾਲੀ ਸੀਟ ’ਤੇ ਬੈਠ ਕਿਤੇ ਪਿੱਛੋਂ ਦਿੱਲੀ ਆਈ ਸੀ, ਪਰ ਉਹਦੇ ਪਲੈਟਫਾਰਮ ’ਤੇ ਪਹੁੰਚਣ ਤੋਂ ਪਹਿਲਾਂ ਹੀ ਉਹ ਕੁੜੀ ਉੱਥੇ ਘੁੰਮਦੇ ਲੋਕਾਂ ਵਿਚ ਪਤਾ ਨਹੀਂ ਕਿੱਥੇ ਲੋਪ ਹੋ ਗਈ ਸੀ।
ਉਹ ਉਸੇ ਤਰ੍ਹਾਂ ਹੱਥ ਵਿਚ ਡਾਇਰੀ ਫੜੀ ਮੁੜ ਡੱਬੇ ਵਿਚ ਆ ਆਪਣੀ ਉਪਰ ਵਾਲੀ ਸੀਟ ’ਤੇ ਲੰਮਾ ਪੈ ਗਿਆ। ਉਸ ਦਾ ਮਨ ਕੀਤਾ ਉਹ ਕੁੜੀ ਦੀ ਡਾਇਰੀ ਖੋਲ੍ਹ ਕੇ ਵੇਖੇ ਕਿ ਉਸ ਨੇ ਕੀ ਲਿਖਿਆ ਹੈ। ਅਜਿਹਾ ਕਰਨ ਨਾਲ ਇਕ ਵਾਰੀ ਉਹਦਾ ਅੰਦਰ ਗਿਲਾਨੀ ਜਿਹੀ ਨਾਲ ਭਰ ਗਿਆ, ਪਰ ਉਸ ਨੇ ਆਪਣੇ ਮਨ ਨੂੰ ਇਹ ਕਹਿ ਤਸੱਲੀ ਦੇ ਲਈ ‘‘ਸ਼ਾਇਦ ਡਾਇਰੀ ਵਿਚ ਕੁੜੀ ਦਾ ਪਤਾ ਲਿਖਿਆ ਹੋਵੇ’’, ਪਰ ਅਜਿਹਾ ਨਹੀਂ ਹੋਇਆ। ਉਸ ਨੇ ਡਾਇਰੀ ਦੇ ਪਹਿਲੇ ਦੋ-ਤਿੰਨ ਪੰਨੇ ਉਲਟ-ਪਲਟ ਕੇ ਵੇਖੇ। ਉਸ ਵਿਚ ਤਾਰੀਖ਼ ਪਾ ਕੇ ਕੁੜੀ ਨੇ ਡਾਇਰੀ ਵਿਚ ਕੁਝ ਲਿਖਿਆ ਤਾਂ ਸੀ, ਪਰ ਉਸ ਵਿਚ ਉਹਦੇ ਘਰ ਦਾ ਪਤਾ ਨਹੀਂ ਸੀ। ਫਿਰ ਉਹ ਕੁੜੀ ਦੀ ਲਿਖੀ ਡਾਇਰੀ ਪੜ੍ਹਨ ਲੱਗਾ।
25.10.2019 : ਅੱਜ ਡੈਡ ਬਹੁਤ ਗੁੱਸੇ ਵਿਚ ਸਨ ਕਿਉਂਕਿ ਮੌਮ ਨੇ ਉਨ੍ਹਾਂ ਦੀ ਸ਼ਰਟ ਚੰਗੀ ਤਰ੍ਹਾਂ ਪ੍ਰੈਸ ਨਹੀਂ ਸੀ ਕੀਤੀ। ਇਸ ਨੂੰ ਲੈ ਕੇ ਡੈਡ, ਮੌਮ ਨੂੰ ਕਿਤਨਾ ਕੁਝ ਉਲਟਾ-ਸਿੱਧਾ ਬੋਲਦੇ ਰਹੇ ਸਨ। ਅਸਲ ਵਿਚ ਇਸ ’ਚ ਮੌਮ ਦੀ ਕੋਈ ਗ਼ਲਤੀ ਨਹੀਂ ਸੀ।
ਮੇਰੇ ਨਾਨਾ ਜੀ ਅਤੇ ਮੇਰੇ ਦਾਦਾ ਜੀ ਬਹੁਤ ਪੱਕੇ ਮਿੱਤਰ ਸਨ। ਆਪਣੀ ਦੋਸਤੀ ਨੂੰ ਹੋਰ ਪੱਕਾ ਕਰਨ ਲਈ ਨਾਨਾ ਜੀ ਨੇ ਆਪਣੀ ਕੁੜੀ (ਮੇਰੀ ਮੌਮ) ਅਤੇ ਦਾਦਾ ਜੀ ਨੇ ਆਪਣੇ ਪੁੱਤਰ (ਮੇਰੇ ਡੈਡ) ਦਾ ਬਹੁਤ ਛੋਟੀ ਉਮਰੇ ਵਿਆਹ ਕਰ ਦਿੱਤਾ ਸੀ। ਫਿਰ ਡੈਡ ਤਾਂ ਪੜ੍ਹ-ਲਿਖ ਕੇ ਇਕ ਵੱਡੀ ਪੋਸਟ ’ਤੇ ਨੌਕਰ ਹੋ ਗਏ, ਪਰ ਮੌਮ ਪੜ੍ਹਾਈ ਵਿਚ ਬਸ ਐਵੇਂ ਹੀ ਰਹੀ। ਜਦੋਂ ਨਾਨਾ ਜੀ ਅਤੇ ਦਾਦਾ ਜੀ ਖ਼ਾਸ ਉਮਰ ਭੋਗ ਚੁੱਕੇ ਤਾਂ ਉਨ੍ਹਾਂ ਦੋਵਾਂ ਨੇ ਡੈਡ ਅਤੇ ਮੌਮ ਨੂੰ ਇਹ ਦੱਸ ਦਿੱਤਾ ਸੀ ਕਿ ਉਹ ਦੋਵੇਂ ਵਿਆਹੇ ਹੋਏ ਨੇ। ਡੈਡ, ਦਾਦਾ ਜੀ ਦਾ ਬਹੁਤ ਕਹਿਣਾ ਮੰਨਦੇ ਸਨ, ਉਨ੍ਹਾਂ ਦਾ ਆਦਰ ਕਰਦੇ ਸਨ, ਇਸ ਲਈ ਮਜਬੂਰੀ ’ਚ ਉਨ੍ਹਾਂ ਨੂੰ ਮਾਂ ਨਾਲ ਰਹਿਣਾ ਪਿਆ। ਫਿਰ ਮੈਂ ਪੈਦਾ ਹੋ ਗਈ।
26.10.2019 : ਪੜ੍ਹਾਈ ਵਿਚ ਮੈਂ ਬਹੁਤ ਚੰਗੀ ਹਾਂ ਅਤੇ ਇਸ ਵੇਲੇ ਬੀ.ਐੱਸਸੀ. ਦੇ ਫਾਈਨਲ ਯੀਅਰ ਵਿਚ ਹਾਂ। ਮੇਰੇ ਨਾਲ ਸੰਨੀ ਨਾਂ ਦਾ ਇਕ ਮੁੰਡਾ ਪੜ੍ਹਦਾ ਹੈ। ਉਹ ਮੈਨੂੰ ਚੰਗਾ ਲੱਗਣ ਲੱਗਾ ਅਤੇ ਮੈਂ ਉਸ ਨੂੰ ਚੰਗੀ ਲੱਗੀ, ਪਰ ਜਾਣਦੀ ਹਾਂ ਕਿ ਡੈਡ ਨੂੰ ਸਾਡਾ ਇਹ ਰਿਸ਼ਤਾ ਪਸੰਦ ਨਹੀਂ ਆਵੇਗਾ ਕਿਉਂਕਿ ਸੰਨੀ ਦੀ ਮਾਲੀ ਹਾਲਤ ਚੰਗੀ ਨਹੀਂ।
ਟਿਊਸ਼ਨਾਂ ਕਰਕੇ ਉਹ ਆਪਣਾ ਅਤੇ ਮਾਂ ਦਾ ਖਰਚਾ ਟੋਰਦਾ ਹੈ। ਫਿਰ ਉਸ ਦੀ ਮਾਂ ਨੂੰ ਕੈਂਸਰ ਵੀ ਹੈ। ਉਹ ਇਕ ਦਿਨ ਮੈਨੂੰ ਆਪਣੇ ਘਰ ਵੀ ਲੈ ਗਿਆ ਸੀ। ਉਸ ਦੀ ਮਾਂ ਨੇ ਮੈਨੂੰ ਬਹੁਤ ਪਿਆਰ ਕੀਤਾ। ਉਹ ਤਾਂ ਚਾਹੁੰਦੀ ਸੀ ਕਿ ਆਪਣੇ ਪੁੱਤਰ ਦਾ ਘਰ ਵਸਿਆ ਵੇਖ ਲਵੇ।
ਮੈਂ ਆਪਣੀ ਮਾਂ ਨੂੰ ਸੰਨੀ ਬਾਰੇ, ਓਹਦੇ ਘਰ ਦੇ ਹਾਲਾਤ ਬਾਰੇ ਸਭ ਕੁਝ ਦੱਸਿਆ ਹੋਇਆ ਸੀ, ਪਰ ਡੈਡ ਨੂੰ ਇਹਦਾ ਪਤਾ ਨਹੀਂ। ਜਦੋਂ ਡੈਡ ਜੌਬ ’ਤੇ ਚਲੇ ਜਾਂਦੇ ਨੇ ਤਾਂ ਸੰਨੀ ਕਈ ਵਾਰ ਸਾਡੇ ਘਰ ਆ ਕੇ ਮੇਰੀ ਮੌਮ ਨੂੰ ਮਿਲ ਵੀ ਜਾਂਦਾ ਹੈ। ਪਰ ਮੌਮ ਨੇ ਮੈਨੂੰ ਮਨ੍ਹਾਂ ਕੀਤਾ ਹੋਇਆ ਹੈ ਕਿ ਇਸ ਰਿਸ਼ਤੇ ਦਾ ਡੈਡ ਨੂੰ ਪਤਾ ਨਾ ਲੱਗੇ, ਨਹੀਂ ਤਾਂ ਉਹ ਮੇਰਾ ਵਿਆਹ ਕਿਤੇ ਵੀ ਕਰ ਦੇਣਗੇ।
27.10.2019 : ਅੱਜ ਬਹੁਤ ਅਜੀਬ ਜਿਹੀ ਗੱਲ ਹੋਈ। ਜਦੋਂ ਡੈਡ ਜੌਬ ਤੋਂ ਘਰ ਵਾਪਸ ਆਏ ਤਾਂ ਉਨ੍ਹਾਂ ਨਾਲ ਇਕ ਕੁੜੀ ਵੀ ਸੀ। ਮਸਾਂ ਚੌਵੀ-ਪੱਚੀ ਵਰ੍ਹਿਆਂ ਦੀ। ਜਿਸ ਨੇ ਸੁੰਦਰ ਦਿਸਣ ਲਈ ਜ਼ੋਰ ਲਾ ਕੇ ਮੇਕਅੱਪ ਕੀਤਾ ਹੋਇਆ ਸੀ। ਬਹੁਤ ਫੈਸ਼ਨਏਬਲ ਸੀ ਉਹ। ਸਿਰ ਦੇ ਕੱਟੇ ਹੋਏ ਵਾਲ। ਉਹ ਪਹਿਲੀ ਵਾਰੀ ਸਾਡੇ ਘਰ ਆਈ ਸੀ। ਮੌਮ ਉਸ ਨੂੰ ਪਸੰਦ ਨਹੀਂ ਆਈ। ਉਸ ਨੇ ਮੌਮ ਨਾਲ ਜਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਸਾਰੀ ਗੱਲ ਸਮਝ ਗਈ ਸੀ ਕਿ ਉਹ ਡੈਡ ਦੀ ਕੀ ਲੱਗਦੀ ਸੀ। ਡੈਡ ਨੇ ਤਾਂ ਮੈਨੂੰ ਇਹ ਦੱਸਿਆ ਕਿ ਉਹ ਉਨ੍ਹਾਂ ਦੀ ਅਸਿਸਟੈਂਟ ਹੈ। ਮੈਂ ਤਾਂ ਇਸ ਗੱਲ ’ਤੇ ਹੈਰਾਨ ਸੀ ਕਿ ਪੱਚੀ ਵਰ੍ਹਿਆਂ ਦੀ ਇਸ ਕੁੜੀ ਨੇ ਸੱਠ ਸਾਲਾਂ ਦੀ ਉਮਰ ਦੇ ਨੇੜੇ ਪਹੁੰਚੇ ਮੇਰੇ ਡੈਡ ਨਾਲ ਕਿਵੇਂ ਰਿਸ਼ਤਾ ਜੋੜ ਲਿਆ ਸੀ? ਪਰ ਮੇਰੇ ਮਨ ਨੂੰ ਇਸ ਦਾ ਜਵਾਬ ਆਪੇ ਮਿਲ ਗਿਆ ਸੀ।
ਸ਼ਾਇਦ ਔਰਤ ਇਹ ਨਹੀਂ ਸੋਚਦੀ ਕਿ ਜਿਸ ਮਰਦ ਨਾਲ ਉਹ ਰਿਸ਼ਤਾ ਜੋੜ ਰਹੀ ਹੈ, ਉਹ ਕਿਹੋ ਜਿਹਾ ਹੈ? ਜਵਾਨ ਜਾਂ ਵੱਡੀ ਉਮਰ ਦਾ, ਸੋਹਣਾ ਜਾਂ ਕਰੂਪ ਹੈ? ਬਸ ਮਰਦ ਉਸ ਨੂੰ ਪਸੰਦ ਆਉਣਾ ਚਾਹੀਦਾ ਹੈ। ਫਿਰ ਇਸ ਕੁੜੀ ਲਈ ਇਹ ਰਿਸ਼ਤਾ ਜੋੜਣ ਦਾ ਇਕ ਕਾਰਨ ਵੀ ਸੀ। ਡੈਡ ਉਸ ਦੇ ਬੌਸ ਸਨ। ਇਸ ਰਿਸ਼ਤੇ ਦੀ ਆੜ ਵਿਚ ਉਹ ਡੈਡ ਕੋਲੋਂ ਕੁਝ ਵੀ ਕਰਵਾ ਸਕਦੀ ਸੀ।
28.10.2019 : ਸੰਨੀ ਦੀ ਮਾਂ ਦੀ ਹਾਲਤ ਬਹੁਤ ਖ਼ਰਾਬ ਹੈ। ਉਹ ਆਪਣੇ ਅਖ਼ੀਰੀ ਸਾਹਾਂ ’ਤੇ ਹੈ। ਮੈਂ ਸਵੇਰੇ ਹੀ ਸੰਨੀ ਦੇ ਘਰ ਆ ਜਾਂਦੀ ਹਾਂ। ਕਾਲਜ ਮਿਸ ਕਰ ਦਿੰਦੀ ਹਾਂ। ਉਸ ਦੀ ਮਾਂ ਨੂੰ ਦਿਲਾਸਾ ਦਿੰਦੀ ਹਾਂ ਕਿ ਮੈਂ ਸੰਨੀ ਨੂੰ ਸਾਂਭ ਲਵਾਂਗੀ, ਉਹ ਨਿਸ਼ਚਿੰਤ ਰਹੇ। ਕੋਈ ਜ਼ਰੂਰੀ ਤਾਂ ਨਹੀਂ ਕਿ ਵਿਆਹ ਦਾ ਬੰਧਨ ਹੀ ਦੋ ਜੀਵਾਂ ਨੂੰ ਇਕ-ਦੂਜੇ ਦੇ ਨੇੜੇ ਰੱਖਦਾ ਹੈ...? ਬਿਨਾਂ ਵਿਆਹ ਕਰਵਾਇਆਂ ਵੀ ਲੰਮਾ ਵਕਤ ਕੱਟਿਆ ਜਾ ਸਕਦਾ ਹੈ।
29.10.2019 : ਅੱਜ ਸੰਨੀ ਦੀ ਮਾਂ ਨਹੀਂ ਰਹੀ। ਮੈਂ ਸਵੇਰ ਦੀ ਸੰਨੀ ਦੇ ਘਰ ਹਾਂ। ਸਾਡੇ ਕਾਲਜ ਦੇ ਕਈ ਮੁੰਡੇ ਸੰਨੀ ਦੇ ਘਰ ਆਏ ਹੋਏ ਨੇ। ਪੈਸੇ ਇਕੱਠੇ ਕਰ ਉਹ ਸੰਨੀ ਦੀ ਮਾਂ ਦਾ ਸਸਕਾਰ ਕਰ ਦਿੰਦੇ ਨੇ। ਮੈਨੂੰ ਉਸ ਦੇ ਘਰ ਰਾਤ ਦੇ ਅੱਠ ਵੱਜ ਜਾਂਦੇ ਨੇ। ਜਦੋਂ ਮੈਂ ਘਰ ਪਹੁੰਚਦੀ ਹਾਂ ਤਾਂ ਡੈਡ ਬਹੁਤ ਗੁੱਸੇ ਵਿਚ ਨੇ। ਮੈਨੂੰ ਵੇਖ ਉਹ ਗੁੱਸੇ ’ਚ ਬੋਲਦੇ ਨੇ, ‘‘ਇਹ ਅਜਿਹਾ ਕਿਹੜਾ ਕਾਲਜ ਹੈ, ਜਿੱਥੇ ਰਾਤ ਦੇ ਅੱਠ ਵਜੇ ਤਕ ਤੇਰੀਆਂ ਕਲਾਸਾਂ ਲੱਗੀਆਂ ਨੇ...?’’
ਡੈਡ ਮੈਨੂੰ ਵੱਢ ਖਾ ਜਾਣ ਵਾਲੀ ਆਵਾਜ਼ ਨਾਲ ਪੁੱਛਦੇ ਨੇ। ਸੰਨੀ ਦੀ ਮਾਂ ਦੀ ਮੌਤ ਕਾਰਨ ਮੇਰਾ ਅੰਦਰ ਬਹੁਤ ਦੁੱਖ ਨਾਲ ਭਰਿਆ ਹੋਇਆ ਹੈ। ਮੇਰੇ ਮਨ ’ਚ ਆਉਂਦਾ ਹੈ ਕਿ ਡੈਡ ਨੂੰ ਸਭ ਕੁਝ ਦੱਸ ਦੇਵਾਂ ਅਤੇ ਡੈਡ ਨੂੰ ਪੁੱਛਾਂ, ‘‘ਜਦੋਂ ਉਹ ਸੱਠ ਦੀ ਉਮਰ ਦੇ ਨੇੜੇ ਪਹੁੰਚ ਪੱਚੀ ਵਰ੍ਹਿਆਂ ਦੀ ਕੁੜੀ ਨਾਲ ਮੌਮ ਦੇ ਹੁੰਦਿਆਂ ਵੀ ਰਿਸ਼ਤਾ ਜੋੜ ਸਕਦੇ ਨੇ ਤਾਂ ਮੈਂ ਆਪਣੇ ਹਾਣ ਦੇ ਮੁੰਡੇ ਨਾਲ ਕਿਉਂ ਰਿਸ਼ਤਾ ਨਹੀਂ ਜੋੜ ਸਕਦੀ?’’ ਪਰ ਮੈਂ ਡੈਡ ਦੇ ਇਸ ਔਖੇ ਸਵਾਲ ਦਾ ਕੋਈ ਜਵਾਬ ਨਾ ਦੇ ਕੇ ਉਸੇ ਤਰ੍ਹਾਂ ਚੁੱਪ ਅਤੇ ਦੁਖੀ ਆਪਣੇ ਕਮਰੇ ਵਿਚ ਚਲੀ ਜਾਂਦੀ ਹਾਂ। ਅਜਿਹਾ ਹੋਣ ’ਤੇ ਡੈਡ ਉੱਚਾ-ਉੱਚਾ ਬੋਲ ਮੇਰੀ ਮਾਂ ਨੂੰ ਗਾਲ੍ਹਾਂ ਕੱਢਦੇ ਸੁਣਾਈ ਦਿੰਦੇ ਨੇ।
30.10.2019 : ਅੱਜ ਡੈਡ ਆਫਿਸ ਤੋਂ ਛੇਤੀ ਘਰ ਆ ਗਏ ਨੇ। ਉਨ੍ਹਾਂ ਨਾਲ ਚੌਵੀ-ਪੱਚੀ ਵਰ੍ਹਿਆਂ ਦੀ ਉਹ ਕੁੜੀ ਵੀ ਹੈ। ਉਸ ਨੇ ਵੱਡੇ ਕੀਮਤੀ ਕੱਪੜੇ ਪਹਿਨ ਰੱਖੇ ਨੇ। ਡੈਡ ਨੇ ਹੱਥ ਵਿਚ ਇਕ ਡੱਬਾ ਫੜਿਆ ਹੋਇਆ ਹੈ। ਮੈਨੂੰ ਦੇਖ ਉਨ੍ਹਾਂ ਨੂੰ ਗੁੱਸਾ ਨਹੀਂ ਆਉਂਦਾ। ਸ਼ਾਇਦ ਕੱਲ੍ਹ ਵਾਲੀ, ਮੇਰੇ ਦੇਰ ਨਾਲ ਘਰ ਆਉਣ ਵਾਲੀ ਗੱਲ ਉਹ ਭੁੱਲ ਗਏ ਨੇ ਕਿਉਂਕਿ ਉਸ ਕੁੜੀ ਨਾਲ ਜੋ ਆਏ ਨੇ। ‘‘ਕਿਟੀ ਅੱਜ ਚੈਰੀ ਦਾ ਬਰਥ-ਡੇਅ ਹੈ। ਇਸ ਦੇ ਘਰ ਵਿਚ ਹੋਰ ਕੋਈ ਨਹੀਂ। ਇਹ ਤਾਂ ਇਕੱਲੀ ਰਹਿੰਦੀ ਹੈ। ਮੈਂ ਇਸ ਨੂੰ ਇਹ ਕਿਹਾ, ਚੈਰੀ ਤੇਰਾ ਬਰਥ-ਡੇਅ ਅੱਜ ਸਾਡੇ ਘਰ ਮਨਾਵਾਂਗੇ।’’ ਮੈਨੂੰ ਇਹ ਕਹਿ ਉਹ ਡੱਬਾ ਖੋਲ੍ਹ ਉਸ ਵਿਚੋਂ ਕੇਕ ਬਾਹਰ ਕੱਢਦੇ ਨੇ। ਮੈਂ ਜਾਣਦੀ ਸੀ ਕਿ ਡੈਡ ਝੂਠ ਬੋਲ ਰਹੇ ਨੇ। ਇਹ ਕੁੜੀ ਇਕੱਲੀ ਹੋ ਹੀ ਨਹੀਂ ਸਕਦੀ। ਇਹ ਰਹਿੰਦੀ ਤਾਂ ਆਪਣੇ ਟੱਬਰ ਨਾਲ ਹੈ, ਪਰ ਡੈਡ ਨੇ ਬਹਾਨਾ ਬਣਾ ਕੇ ਇਸ ਦਾ ਬਰਥ-ਡੇਅ ਸਾਡੇ ਘਰ ਮਨਾਉਣ ਦਾ ਫ਼ੈਸਲਾ ਕਰ ਰੱਖਿਆ ਸੀ। ਫਿਰ ਉਹ ਕੇਕ ਕੱਟਦੀ ਹੈ ਅਤੇ ਡੈਡ ਖ਼ੁਸ਼ੀ ’ਚ ਉੱਚੀ ਆਵਾਜ਼ ਨਾਲ ਹੈਪੀ ਬਰਥ-ਡੇਅ ਟੂ ਚੈਰੀ ਬੋਲਦੇ ਨੇ। ਉਨ੍ਹਾਂ ਨਾਲ ਮੈਂ ਤੇ ਮੌਮ ਵੀ ਹੈਪੀ ਬਰਥ-ਡੇਅ ਚੈਰੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਆਵਾਜ਼ ਤਾਂ ਸੰਘੋਂ ਬਾਹਰ ਨਿਕਲਦੀ ਹੀ ਨਹੀਂ ਕਿਉਂਕਿ ਅਸੀਂ ਕਿਹੜਾ ਮਨ ਤੋਂ ਉਹ ਦਾ ਬਰਥ-ਡੇਅ ਮਨਾ ਰਹੇ ਸੀ। ਫਿਰ ਪਹਿਲਾਂ ਚੈਰੀ ਕੇਕ ਕੱਟ ਕੇ ਇਕ ਟੁਕੜਾ ਡੈਡ ਦੇ ਮੂੰਹ ਵਿਚ ਪਾਉਂਦੀ ਹੈ, ਫਿਰ ਡੈਡ ਕੇਕ ਦਾ ਵੱਡਾ ਸਾਰਾ ਟੁਕੜਾ ਕੱਟ ਚੈਰੀ ਦੇ ਮੂੰਹ ਵਿਚ ਪਾਉਂਦੇ ਨੇ। ਅਜਿਹਾ ਕਰਦੇ ਹੋਏ ਡੈਡ ਮੈਨੂੰ ਅਤੇ ਮੌਮ ਨੂੰ ਪਤਾ ਨਹੀਂ ਕਿਉਂ ਭੁੱਲ ਜਾਂਦੇ ਨੇ?
2.11.2019 : ਅੱਜ ਸਾਡਾ ਬੀ.ਐੱਸਸੀ ਫਾਈਨਲ ਯੀਅਰ ਦਾ ਰਿਜ਼ਲਟ ਨਿਕਲਿਆ। ਮੈਂ ਯੂਨੀਵਰਸਿਟੀ ਵਿਚ ਤੀਜੇ ਨੰਬਰ ’ਤੇ ਆਈ ਹਾਂ। ਮੈਂ ਗੁਪਤਾ ਇਮਪੋਰਟ ਐਂਡ ਐਕਸਪੋਰਟ ਕੰਪਨੀ ਵਿਚ ਨੌਕਰੀ ਲਈ ਅਪਲਾਈ ਕੀਤਾ। ਮੈਨੂੰ ਨੌਕਰੀ ਮਿਲ ਜਾਂਦੀ ਹੈ। ਮੈਂ ਇਸ ਬਾਰੇ ਡੈਡ ਨੂੰ ਨਹੀਂ ਦੱਸਦੀ। ਮੈਂ ਆਪਣੇ ਰਹਿਣ ਲਈ ਦੋ ਕਮਰਿਆਂ ਵਾਲਾ ਫਲੈਟ ਕਿਰਾਏ ’ਤੇ ਲੈ ਲਿਆ। ਕੰਪਨੀ ਨੇ ਮੈਨੂੰ ਐਡਵਾਂਸ ਪੈਸੇ ਦੇ ਮੇਰੀ ਮਦਦ ਕੀਤੀ ਹੈ। ਡੈਡ ਜਦੋਂ ਇਕ ਦਿਨ ਆਫਿਸ ਜਾਂਦੇ ਨੇ ਮੈਂ ਆਪਣਾ ਅਤੇ ਮੌਮ ਦਾ ਕੁਝ ਜ਼ਰੂਰੀ ਸਾਮਾਨ ਲੈ ਚੁੱਪ-ਚਾਪ ਉਸ ਫਲੈਟ ਵਿਚ ਸ਼ਿਫਟ ਕਰ ਜਾਂਦੀ ਹਾਂ। ਮੈਂ ਉਸ ਡੈਡ ਨਾਲ ਸਾਰੇ ਰਿਸ਼ਤੇ ਤੋੜ ਲੈਂਦੀ ਹਾਂ ਜਿਸ ਨੇ ਮੇਰੀ ਮਾਂ ਨੂੰ ਸੁਖ ਨਹੀਂ ਦਿੱਤਾ, ਬਸ ਦੁੱਖ ਹੀ ਦਿੱਤਾ।
ਮੈਂ ਸੰਨੀ ਨਾਲ ਵਿਆਹ ਨਹੀਂ ਕਰਵਾਇਆ, ਪਰ ਉਹ ਤਾਂ ਵੀ ਸਾਡੇ ਘਰ ਆਉਂਦਾ ਰਹਿੰਦਾ ਹੈ। ਕਈ ਵਾਰੀ ਉਹ ਸਾਡੇ ਘਰ ਰਹਿ ਵੀ ਜਾਂਦਾ ਹੈ। ਡੈਡ ਦਾ ਕੀ ਹਾਲ ਹੋਵੇਗਾ? ਖ਼ੌਰੇ, ਉਹ ਅਸਿਸਟੈਂਟ ਕੁੜੀ ਜ਼ਰੂਰ ਉਨ੍ਹਾਂ ਨਾਲ ਉਸ ਘਰ ਵਿਚ ਰਹਿੰਦੀ ਹੋਵੇਗੀ?
10.11.2019 : ਸੰਨੀ ਦੀ ਮਾਂ ਦੀ ਮੌਤ ਤੋਂ ਬਾਅਦ ਮੇਰਾ ਅੰਦਰ ਬਹੁਤ ਅਸ਼ਾਂਤ ਹੈ ਤੇ ਉਦਾਸ ਵੀ ਹੈ। ਮੈਂ ਕੰਪਨੀ ਤੋਂ ਛੇ ਦਿਨਾਂ ਦੀ ਛੁੱਟੀ ਲੈ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਚਲੀ ਜਾਂਦੀ ਹਾਂ। ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕ ਮੇਰਾ ਅੰਦਰ ਸ਼ਾਂਤ ਹੋ ਜਾਂਦਾ ਹੈ। ਗੱਡੀ ’ਚ ਸੀਟ ਰਿਜ਼ਰਵ ਕਰਵਾ ਮੈਂ ਦਿੱਲੀ ਨੂੰ ਟੁਰ ਪੈਂਦੀ ਹਾਂ।
ਡਾਇਰੀ ਦਾ ਇਹ ਅਖੀਰੀ ਪੰਨਾ ਸੀ। ਉਸ ਤੋਂ ਅੱਗੇ ਜਦੋਂ ਉਸ ਨੇ ਪੰਨੇ ਪਲਟੇ ਤਾਂ ਸਾਰੀ ਡਾਇਰੀ ਖਾਲੀ ਸੀ। ਕੁੜੀ ਨੇ ਕੁਝ ਵੀ ਨਹੀਂ ਸੀ ਲਿਖਿਆ। 10.11.2019 ਤਰੀਕ ਦਾ ਖਿਆਲ ਆਉਂਦਿਆਂ ਉਸ ਨੂੰ ਯਾਦ ਆਇਆ ਕਿ ਅੱਜ ਤਾਂ 10 ਤਰੀਕ ਹੈ। ਇਸ ਦਾ ਮਤਲਬ ਕੁੜੀ ਨੇ ਇਹ ਪੰਨਾ ਅੱਜ ਹੀ ਲਿਖਿਆ।
ਉਹ ਸੋਚਣ ਲੱਗਿਆ ਕਿ ਉਹ ਕੁੜੀ ਜੇ ਕਿਤੇ ਉਸ ਨੂੰ ਮਿਲ ਜਾਵੇ ਤਾਂ ਉਹ ਜ਼ਰੂਰ ਪੁੱਛੇ ਕਿ ਹੁਣ ਉਸ ਦਾ ਜੀਵਨ ਕਿਵੇਂ ਟੁਰ ਰਿਹਾ ਹੈ? ਉਸ ਦਾ ਡੈਡ...? ਡੈਡ ਨਾਲ ਜੁੜੀ ਚੌਵੀ-ਪੱਚੀ ਵਰ੍ਹਿਆਂ ਦੀ ਉਹ ਕੁੜੀ...? ਉਸ ਦੀ ਮਾਂ...?
ਉਸ ਦਾ ਉਹ ਸਾਥੀ ਸੰਨੀ... ਜਿਸ ਨਾਲ ਉਸ ਨੇ ਵਿਆਹ ਨਹੀਂ ਕਰਵਾਇਆ? ਸਭ ਕਿਵੇਂ ਨੇ...? ਪਰ ਉਸ ਨੂੰ ਪਤਾ ਹੈ ਕਿ
ਇਸ ਭੀੜ ਭਰੇ ਸ਼ਹਿਰ ਦੇ ਹਜ਼ਾਰਾਂ-ਲੱਖਾਂ ਲੋਕਾਂ ਵਿਚ ਉਹ
ਕੁੜੀ ਉਸ ਨੂੰ ਕਦੇ ਨਹੀਂ ਮਿਲੇਗੀ ਅਤੇ ਇਹ ਸਾਰੇ ਸਵਾਲ ਅਣਸੁਲਝੇ ਰਹਿ ਜਾਣਗੇ...!