Kullu Vaadi (Punjabi Essay) : Mohinder Singh Randhawa

ਕੁੱਲੂ ਵਾਦੀ (ਲੇਖ) : ਮਹਿੰਦਰ ਸਿੰਘ ਰੰਧਾਵਾ

ਕੁੱਲੂ ਸ਼ਬਦ ਦਾ ਨਾਂ ਹੀ ਸਾਡੇ ਅੰਦਰ ਅਜੀਬ ਤੇ ਪਿਆਰੀਆਂ ਯਾਦਾਂ ਛੇੜ ਦੇਂਦਾ ਹਾ ਕੁੱਲੂ ਦਰਿਆ ਬਿਆਸ ਤੇ ਇਹਦੀਆਂ ਉਪ-ਨਦੀਆਂ ਸੋਲਾਂਗ, ਮਨਾਲੀ, ਸਰਵਾਰੀ, ਪਾਰਵਤੀ, ਸੇਂਜ ਤੇ ਤੀਰੰਥਨ ਦੀ ਵਾਦੀ; ਕੁੱਲੂ ਕੋਸ਼ਾਂ ਤੇ ਸ਼ਾਨਾਂਭਵੇ ਦਿਉਦਾਰਾਂ ਦੀ ਵਾਦੀ; ਕੁੱਲੂ, ਸਿਉ ਦੇ ਗਿਲਾਸ ਦੇ ਬਾਗ਼ਾਂ ਦੀ ਵਾਦੀ; ਕੁੱਲੂ ਸੁਰਾਂਗਲੀ ਮਨੁੱਖਤਾ, ਇਸਤ੍ਰੀਆਂ ਜਿਨ੍ਹਾਂ ਦੇ ਮੂੰਹ ਸਿਉ ਵਾਂਗ ਭਖਦੇ ਹਨ, ਅਤੇ ਨ੍ਰਿਤ, ਸੰਗੀਤ ਤੇ ਲੁਗੜੀ ਨੂੰ ਪਿਆਰਦੇ ਮਰਦਾਂ ਦੀ ਵਾਦੀ; ਕੁੱਲੂ, ਦੇਵੀਆਂ ਤੇ ਦਿਉਤਿਆਂ ਦੀ ਵਾਦੀ ਜਿਹੜੇ ਆਪਣੀ ਰੱਬਤਾ ਦੇ ਬਾਵਜੂਦ ਮਨੁੱਖੀ ਕਮਜ਼ੋਰੀਆਂ ਨੂੰ ਘ੍ਰਿਣਾ ਨਹੀਂ ਕਰਦੇ। ਗੱਲ ਕੀ, ਕੁੱਲੂ ਵਿਚ ਉਹ ਸਭ ਕੁਝ ਹੈ ਜਿਸ ਦੀ ਇਕ ਹਾਰੀ ਹੁੱਟੀ ਜਿੰਦ ਨੂੰ ਲੋੜ ਹੈ : ਸ਼ਾਨਦਾਰ ਪਹਾੜੀ ਦ੍ਰਿਸ਼, ਸ਼ਾਨਦਾਰ ਜੰਗਲ, ਸ਼ੂਕਦੇ ਜਲ-ਪ੍ਰਵਾਹ, ਰਸੀਲੇ ਫਲ ਤੇ ਬੜੇ ਹੀ ਦਿਲਚਸਪ ਲੋਕ, ਜਿਹੜੇ ਹੇਤੂਵਾਦ ਦੇ ਇਸ ਯੁਗ ਵਿਚ ਵੀ ਆਪਣੇ ਪਹਾੜੀ ਦੇਵੀ ਦੇਵਤਿਆਂ ਲਈ ਆਦਰ ਸਤਕਾਰ ਨਾਲ ਭਰਪੂਰ ਹਨ। ਆਪਣੀਆਂ ਗੁਣਗੁਣਾਂਦੀਆਂ ਨਦੀਆਂ ਅਤੇ ਜੰਗਲਾਂ ਦੇ ਬਾਗ਼ਾਂ ਨਾਲ ਢਕੀਆਂ ਪਰਬਤੀ ਢਲਵਾਨਾਂ ਸਦਕਾ ਕੁੱਲੂ ਵਾਦੀ ਦੀ ਕੋਮਲ ਸੁੰਦਰਤਾ ਪੂਰਨ ਰੂਪ ਵਿਚ ਇਕ ਇਸਤ੍ਰੀ ਦੀ ਸੁੰਦਰਤਾ ਹੈ, ਖ਼ਾਸ ਕਰਕੇ ਜਦੋਂ ਇਨ੍ਹਾਂ ਦਾ ਮੁਕਾਬਲਾ ਸਪਿਤੀ ਤੇ ਲਾਹੋਲ ਦੀਆਂ ਬੰਜਰ ਚਟਾਨਾਂ ਨਾਲ ਕੀਤਾ ਜਾਵੇ, ਜਿਨ੍ਹਾਂ ਦੀਆਂ ਤਿੱਖੀਆਂ ਸਖ਼ਤ ਟੀਸੀਆਂ ਸਦਾ ਬਰਫ਼ਾਂ ਨਾਲ ਕੱਜੀਆਂ ਰਹਿੰਦੀਆਂ ਹਨ ਤੇ ਜਿੰਨਾਂ ਦੀਆਂ ਤੰਗ ਘਾਟੀਆਂ ਬੜੀਆਂ ਭਿਅੰਕਰ ਹਨ। ਲਾਹੌਲ ਵਾਦੀ ਆਪਣੀਆਂ ਰੁਖੀਆਂ ਖਰ੍ਹਵੀਆਂ ਚਟਾਨਾਂ ਤੇ ਜੰਗਲੀਪਨ ਦੁਆਰਾ ਮਰਦਾਵਾਂ ਪ੍ਰਭਾਵ ਪਾਉਂਦੀ ਹੈ, ਜਦ ਕਿ ਰੋਹਤਾਂਗ ਦੱਰੇ ਤੋਂ ਪਾਰ ਕੁੱਲੂ ਵਾਦੀ ਉਸ ਦੀ ਦਿਲਕਸ਼ ਸਨਿੰਮਰ ਤੇ ਆਗਿਆਕਾਰ ਪਤਨੀ ਵਾਂਗ ਜਾਪਦੀ ਹੈ।

ਕੁੱਲੂ ਵਾਦੀ ਚੁਪਾਸਿਉਂ ਮਧ-ਹਿਮਾਲੀਆ ਪਰਬਤਾਂ ਤੇ ਧੌਲਾਧਾਰ ਦੀਆਂ ਪਰਬਤ- ਸ਼੍ਰੇਣੀਆਂ ਨਾਲ ਘਿਰੀ ਹੋਈ ਹੈ। ਮਧ-ਹਿਮਾਲਿਆ ਦੀ ਪੀਰ ਪੰਜਾਲ ਸਾਖ਼ ਇਸ ਦੀ ਉਤਰੀ ਤੇ ਪੂਰਬੀ ਸੀਮਾਂ ਬਣਾਂਦੀ ਹੈ, ਜਿਹੜੀ ਕੁੱਲੂ ਨੂੰ ਲਾਹੋਲ ਤੇ ਸਪਿਤੀ ਤੋਂ ਵਖਰਾ ਕਰਦੀ ਹੈ। ਕੁੱਲੂ ਵਾਦੀ ਦੇ ਸਿਰੇ ਤੇ ਇਕ ਸਿਧੀ ਤੇ ਉੱਚੀ ਪਰਬਤ-ਸ਼੍ਰੇਣੀ ਪੀਰ ਪੰਜਾਲ ਤੋਂ ਨਿਕਲ ਕੇ ਦਖਣ ਵੱਲ ਜਾਂਦੀ ਹੈ ਤੇ ਅੰਤ ਨਗਰ ਦੇ ਸਾਹਮਣੇ ਧੌਲਾਧਾਰ ਵਿਚ ਜਾ ਮਿਲਦੀ ਹੈ; ਇਹ ਪਰਬਤ- ਸ਼੍ਰੇਣੀ ਕੁੱਲੂ ਨੂੰ ਬਾੜਾ ਤੇ ਛੋਟਾ ਬੰਘਾਲ ਤੋਂ ਵੱਖ ਕਰਦੀ ਹੈ। ਦੁਲਚੀ ਦੱਰ੍ਹੇ ਤਕ ਕੁੱਲੂ ਦੀ ਬਾਕੀ ਪੱਛਮੀ ਸੀਮਾ ਧੌਲਾਧਾਰ ਹੈ। ਲਗਪਗ ਤੀਹ ਮੀਲ ਲੰਮੀ ਇਕ ਪਹਾੜੀ ਹਮਟਾ ਦੱਰੇ ਦੇ ਨੇੜੇ ਪੀਰ ਪੰਜਾਲ 'ਚੋਂ ਦਖਣੀ ਰੁਖ ਵਿਚ ਫੈਲੀ ਹੋਈ ਹੈ। ਇਹ ਬਿਆਸ ਵਾਦੀ ਨੂੰ ਮਲਾਗਾ ਤੇ ਪਾਰਵਤੀ ਦੀਆਂ ਵਾਦੀਆਂ ਤੋਂ ਵਖਰਾ ਕਰਦੀ ਹੋਈ ਇਕ ਉੱਚੀ ਪਰਬਤੀ-ਸਿਖ਼ਰ ਤੇ ਜਾ ਕੇ ਮੁਕ ਜਾਂਦੀ ਹੈ। ਜਿਸ ਉਪਰ ਬਿਜਲੀ ਮਹਾਂਦੇਵ ਦਾ ਮੰਦਰ ਬਣਿਆ ਹੋਇਆ ਹੈ। ਇਸ ਮੰਦਰ ਦਾ ਲੰਮਾ ਬਾਂਸ ਕੁੱਲੂ ਤੋਂ ਦਿਸਣ ਲਗ ਪੈਂਦਾ ਹੈ। ਪਾਰਵਤੀ ਦੇ ਦੱਖਣ ਵੱਲ ਇਕ ਸਠ ਮੀਲ ਲੰਮੀ ਪਹਾੜੀ ਹੈ ਜਿਹੜੀ ਪੱਛਮੀ ਰੁਖ ਵਿਚ ਫੈਲੀ ਹੋਈ ਹੈ ਤੇ ਪਾਰਵਤੀ ਵਾਦੀ ਦੇ ਖੱਬੇ ਕੰਧ ਬਣਾਂਦੀ ਹੈ।

ਮਾਰਚ ਦੇ ਸ਼ੁਰੂ ਵਿਚ ਕੁੱਲੂ ਵਾਦੀ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ। ਖੇਤਾਂ ਵਿਚ ਖਿਲਰੇ ਗੁਲਾਬੀ ਫੁੱਲਾਂ ਨਾਲ ਭਰਪੂਰ ਖੁਰਮਾਣੀ ਦੇ ਬੇਪੱਤ ਬ੍ਰਿਛ ਅਖੀਆਂ ਨੂੰ ਠੰਢ ਪਾਉਂਦੇ ਹਨ। ਸੱਜਰੇ ਸਾਵੇ ਪੱਤਿਆਂ ਵਿਚ ਘਿਰੇ ਚਿੱਟੇ ਫੁੱਲਾਂ ਲੱਦੇ ਜੰਗਲੀ ਕੈਂਥ (ਮੈਡਲਾਰ) ਬੜੇ ਪਿਆਰੇ ਲਗਦੇ ਹਨ। ਐਲਮਾਂ ਦੀਆਂ ਖੁਲ੍ਹ ਰਹੀਆਂ ਕਲੀਆਂ ਤੇ ਅੰਕੁਰ ਉਨ੍ਹਾਂ ਨੂੰ ਭੂਰੀ-ਬੈਂਗਣੀ ਭਾਹ ਬਖ਼ਸ਼ਦੇ ਹਨ। ਮਈ ਦੇ ਮਹੀਨੇ ਉਚੇਰੀਆਂ ਢਲਵਾਨਾਂ ਵੁਗਸ ਦੇ ਭੜਕੀਲੇ ਗੂਹੜੇ ਲਾਲ ਰੰਗ ਨਾਲ ਭਖ ਉਠਦੀਆਂ ਹਨ, ਅਤੇ ਕੂਜਾ ਦੇ ਚਮਕੀਲੇ ਲਾਲ ਗੁੱਛੇ ਨਦੀ ਲਾਗਲੇ ਖੇਤਾਂ ਵਿਚ ਲਿਸ਼ਕਾਂ ਮਾਰਦੇ ਹਨ। ਜੂਨ ਦੇ ਸ਼ੁਰੂ ਵਿਚ ਚਸਤਨਾਟ (ਖਨੌਰ) ਦੇ ਬ੍ਰਿਛ ਫੁੱਲਾਂ ਨਾਲ ਲੱਦੇ ਹੁੰਦੇ ਹਨ, ਲੱਖਾਂ ਹੀ ਮਧੂ-ਮੱਖੀਆਂ ਇਨ੍ਹਾਂ ਵੱਲ ਬੇਵੱਸ ਖਿਚੀਆਂ ਆਉਂਦੀਆਂ ਹਨ, ਜਦ ਕਿ ਅਖਰੋਟ ਦੇ ਛਾਂ ਤੋਂ ਪੰਛੀਆਂ ਦੇ ਟੁਕੇ ਜਾਂ ਵਰਖਾ ਦੇ ਝਾੜੇ ਸਾਵੇ ਅਖਰੋਟ ਭੁੰਜੇ ਡਿਗ ਰਹੇ ਹੁੰਦੇ ਹਨ। ਉਤਲੀਆਂ ਚਰਾਗਾਹਾਂ ਐਨੀਮੋਨੀ, ਜੈਨਸ਼ੀਅਨ, ਐਂਡਰੋਸਾਧ, ਰੈਨੂਨਕੁਲੁਸ, ਜੰਗਲੀ ਝਰਬੇਰ, ਪੈਟਨਟਿਲਾ, ਜੰਗਲੀ, ਜੈਰੇਨੀਅਨ ਅਤੇ ਬਹੁਤ ਸਾਰੇ ਦੂਜੇ-ਫੁੱਲ-ਪੌਦਿਆਂ ਨਾਲ ਭਰੀਆਂ ਟਹਿਕਦੀਆਂ ਹਨ। ਵਰਖਾ ਵਿਚ ਗੁਲਮੇਂਹਦੀ ਦੇ ਫੁਲ ਰਸੀਲੀਆਂ ਚਰਾਂਦਾਂ ਨੂੰ ਗੁਲਾਬੀ ਰੰਗ ਵਿਚ ਰੰਗ ਦੇਂਦੇ ਹਨ। ਖ਼ੂਬਸੂਰਤ ਕਲੀਮੇਟਸ ਦੇ ਗਜਰੇ ਕਈਆਂ ਬ੍ਰਿਛਾਂ ਦੇ ਗਲਿਆਂ ਵਿਚ ਪਏ ਸੋਂਹਦੇ ਹਨ। ਸੁੰਦਰ ਬਰੀਕ ਪੱਤੀਆਂ ਦੇ ਪਣਾਂਗ ਬ੍ਰਿਛਾਂ ਦੀ ਸਭ ਸਿਲ੍ਹੀਆਂ ਥਾਵਾਂ ਵਿਚ ਭਰਮਾਰ ਹੈ, ਅਤੇ ਸੱਤ ਹਜ਼ਾਰ ਫੁਟ ਤੋਂ ਉਪਰ ਚਾਰਾਗਾਹਾਂ ਵਿਚ ਬਰੇਕਨ ਬਹਾਰ ਦਿਖਾਂਦੇ ਹਨ। ਉਚੇ ਪਰਬਤਾਂ ਤੇ ਕਈ ਪ੍ਰਕਾਰ ਦੇ ਰੰਗ ਸੁਰੰਗੇ ਫੁੱਲਾਂ ਦੇ ਪੌਦੇ, ਐਡਲਵੀਸ ਤੇ ਅਰਿਸਟੋਕਰਾਟ ਦੇ ਦੂਜੇ ਹਿਮਾਲੀਆਈ ਸਦਾਬਹਾਰ ਪੌਦੇ, ਅਤੇ ਅਲੌਕਿਕ ਨੀਲੀਆਂ ਪੱਤੀਆਂ ਵਿਚ ਘਿਰੇ ਸੁਨਹਿਰੀ ਪੁਸ਼ਪ-ਕੇਸਰ ਦੇ ਮੁਕਟ ਵਾਲੇ ਪੋਸਤ ਦੇ ਪੌਦੇ ਮਿਲਦੇ ਹਨ।

ਪਰਦੇਸੀ ਲੋਕ ਕੁੱਲੂ ਵਾਦੀ ਦੀ ਯਾਤਰਾ ਲਈ ਆਉਂਦੇ ਤੇ ਇਸ ਦੀ ਸੁੰਦਰਤਾ ਤੇ ਦ੍ਰਿਸ਼ਾਂ ਦੀ ਸ਼ੋਭਾ ਗਾਉਂਦੇ ਹਨ। ਪਰ ਕੀ ਇਥੋਂ ਦੇ ਵਸਨੀਕਾਂ ਨੂੰ ਵੀ ਆਪਣੀ ਧਰਤੀ ਦੇ ਏਸ ਹੁਸਨ ਦਾ ਗਿਆਨ ਹੈ ? ਕੁੱਲੂ ਦੇ ਲੋਕ-ਗੀਤ ਦਸਦੇ ਹਨ ਕਿ ਉਥੋਂ ਦੇ ਲੋਕਾਂ ਨੂੰ ਆਪਣੇ ਵਤਨ ਦੀ ਸੁੰਦਰਤਾ ਦਾ ਪੂਰਾ ਪੂਰਾ ਗਿਆਨ ਤੇ ਮਾਣ ਹੈ, ਕੁੱਲੂ ਇਸਤ੍ਰੀਆਂ ਦਾ ਇਕ ਪਿਆਰਾ ਗੀਤ ਹੈ :

ਦੇਸ਼ਾ ਦੇਸ਼ਾ ਨੇ ਸ਼ੋਮਲੇ ਦੇਸ਼ ਕੁੱਲੂ ਰਾ ਪਿਆਰਾ।
ਆਸੇ ਸੀ ਫੁਲੇਰੇ ਡੋਲਰੂ ਰੇ ਬਕੀਚਰੂ ਮ੍ਹਾਰਾ।
ਠੰਢੀ ਬਾਗਾਰੀ ਜੋਤਡੂ ਲੰਗਦੀ ਠੰਡਾ ਜਾਈ ਰੂ ਪਾਣੀ ।
ਸਿਮੇ ਮੌਜਾ ਥੀ ਆਪਣੇ ਦੇਸ਼ਾ ਆਕਲੀ ਬਾਜੀ ਨਾ ਜਾਣੀ।
ਉਝੀ ਨਬੌਸ਼ਠ ਰੂਪੀ ਨਮਾਣੀ ਕਰਨਾ
ਦੂਰਾ ਦੂਰਾ ਨਾ ਬੇਜਾਸੀ ਲੋਕ ਇਹਨਾਂ ਦੂਈ ਰੀ ਸ਼ਰਣਾ।
ਰਿਸ਼ੀ ਮੁਨੀਰਾ ਉੱਤਰ ਖੰਟ ਦੇਵ ਦੇਵੀ ਰਾ ਪਿਆਰਾ।
ਸੁਖੇਰੀ ਮੌਜਾਂ ਲੂਟੀ ਪਰਦੇਸੀਏ ਦੁਖੇਰਾ ਕੁਥਲੂ ਮ੍ਹਾਰਾ।

“ਸਾਡੀ ਖ਼ੂਬਸੂਰਤ ਵਾਦੀ ਇਕ ਬਾਗ ਹੈ ਤੇ ਅਸੀਂ ਇਸ ਦੇ ਫੁਲ ਹਾਂ। ਇਸ ਦੀ ਸੀਤਲ ਪੌਣ ਤੇ ਬਰਫ਼-ਠੰਢੇ ਚਸ਼ਮੇਂ ਰੱਬੀ ਦਾਤਾਂ ਹਨ।ਓਗੀ ਵਿਚ ਵਿਸ਼ਸ਼ਟ ਦਾ ਪੂਜਯ ਸਥਾਨ ਅਤੇ ਰੂਪੀ ਵਿਚ ਮਨੀਕਰਨ ਦੇ ਪਵਿੱਤਰ ਚਸ਼ਮੇ ਹਨ ਜਿਥੇ ਨਿਤ ਯਾਤਰੀ ਆਉਂਦੇ ਹਨ। ਸਾਡੀ ਜ਼ਮੀਨ ਵਿਚ ਕਣਕ ਤੇ ਚੌਲ ਦੀਆਂ ਵਡਮੁਲੀਆਂ ਫ਼ਸਲਾਂ ਉਗਦੀਆਂ ਹਨ। ਸਾਡੇ ਪਹਾੜਾਂ ਦੀਆਂ ਬਰਫਾਂ ਕੱਜੀਆਂ ਸਿਖ਼ਰਾਂ ਸਵਰਗੀ ਸੰਪਰਕ ਵਿਚ ਹਨ।ਕੁੱਲੂ ਦੇਵਤਿਆਂ ਦੀ ਧਰਤੀ ਹੈ।"

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ