Kuvela (Punjabi Story) : Satgur Singh
ਕੁਵੇਲਾ (ਕਹਾਣੀ) : ਸਤਗੁਰ ਸਿੰਘ
ਕਾਲੀ ਰਾਤੇਂ ਉੱਲੂਆਂ ਦੀਆਂ ਭਿਆਨਕ ਆਵਾਜ਼ਾਂ ਵਿਚ ਸਰਕੰਡਿਆਂ ਦੇ ਝੁੰਡਾਂ ਨੂੰ ਚੀਰਦਾ ਦਾ ਕੋਈ ਹੈਵਾਨੀ ਜਿਸਮ ਕਿਸੇ ਅਬਲਾ ਦੇ
ਲੀੜਿਆਂ ਨੂੰ ਪਿੰਡੇ ਤੋਂ ਖਰੋਚ ਰਿਹਾ ਹੁੰਦਾ ਹੈ। ਕਦੇ ਕਦੇ ਕੋਈ ਚੀਕ ਸੁਣਾਈ ਦਿੰਦੀ ਹੈ। ਫੇਰ ਸੰਨਾਟਾ ਛਾ ਜਾਂਦਾ।ਆਹਾਂ ਦੀ ਆਵਾਜ਼...
ਕੁੜੀ ਦੇ ਤਰਲੇ ਤੇ ਸਿਸਕੀਆਂ ਚੱਟਾਨ ਵਰਗੀ ਹੈਵਾਨੀਅਤ ਨੂੰ ਨਹੀਂ ਪਿੰਘਲਾ ਸਕਦੀਆਂ। ਇਹ ਲਾਗੇ ਪਿੰਡ ਦਾ ਗੱਭਰੂ ਹੈ ਜੋ ਛਿੰਦੇ ਦੀ
ਧੀ ਵੀਰੋ ਨੂੰ ਘੜੀਸੀ ਫਿਰਦੈ। ਉਸ ਦੀ ਪੱਤ ਨੋਚ ਰਿਹਾ ਹੈ।
ਕੁੜੀ ਕੁਰਲਾਉੰਦੀ ਹੈ,"ਛੱਡ ਦੇ ਮੈਨੂੰ ਰਹਿਮ ਕਰ ! ਹਾਏ ਬਾਪੂ।"
ਉਹ ਸਾਹੋ ਸਾਹ ਹੋਇਆ ਆਖਦਾ ਹੈ, "ਹੁਣ ਆਊ ਤੇਰਾ ਬਾਪੂ ਸਿੱਧੀ ਹੋ ਕੇ ਮੰਨ ਜਾ।"
ਨਾਲ ਦੀ ਨਾਲ ਪਰਛਾਵੇਂ ਅਤੇ ਪਰਛਾਵਾਂ ਟੁੱਟ ਪੈਂਦਾ ਹੈ।
ਅਚਾਨਕ ਹੀ ਪੱਤਿਆਂ ਚੋਂ ਸਰ ਸਰ ਹੁੰਦੀ ਹੈ। ਉਸ ਗੱਭਰੂ ਨੇ ਨਾ ਗੌਲਿਆ। ਕਾਲੀ ਰਾਤ ਚਿੱਟੀਆਂ ਅੱਖਾਂ ਢਕਿਆ ਚਿਹਰਾ, ਗਲ਼ 'ਚ
ਖੁੱਲ੍ਹਾ ਕੱਪੜਾ ਪਰਤਾਪਾ ਅਣਖੀਲਾ ਵੀਰ ਆ ਪਹੁੰਚਦਾ ਹੈ। ਉਸਨੇ ਬਿਨਾ ਕੂਕੇ ਦੋਨਾਲੀ ਦੇ ਇਕੋ ਫਾਇਰ ਨਾਲ ਗੱਭਰੂ ਨੂੰ ਚਿੱਤ ਕਰ
ਦਿਤਾ। ਅਬਲਾ ਕੁੜੀ ਭੱਜ ਕੇ ਪ੍ਰਤਾਪੇ ਦੇ ਗਲ਼ ਆ ਲੱਗਦੀ ਹੈ। ਪ੍ਰਤਾਪੇ ਨੇ ਆਪਣੇ ਗਲੋਂ ਪੱਗ ਦਾ ਕੱਪੜਾ ਉਤਾਰ ਕੇ ਉਸ ਦਾ ਪਿੰਡਾ
ਢੱਕ ਦਿੱਤਾ। ਵੀਰੋ ਦੇ ਮੂੰਹ ਦੋ ਸ਼ਬਦ ਨਿਕਲੇ, "ਜਿਊਂਦਾ ਰਹੇ ਵੀਰਾ।"
ਪ੍ਰਤਾਪ ਉਸ ਨੂੰ ਘਰ ਛੱਡਣ ਗਿਆ। ਵਿਹੜੇ ਚ ਖੜ੍ਹਾ ਪ੍ਰਤਾਪਾ ਸੱਚੀ ਸੂਰਮਾ ਲੱਗ ਰਿਹਾ ਸੀ। ਅੱਗੋਂ ਰੱਜਿਆ ਛਿੰਦਾ ਖੰਘ ਰਿਹਾ ਸੀ।
ਪ੍ਰਤਾਪ ਨੇ ਦੋਨਾਲੀ ਕੁੜੀ ਨੂੰ ਫੜਾ ਦਿੱਤੀ।
"ਆਪ ਸਾਂਭ ਲੈ ਕੁੜੀਏ ਕਦੇ ਕੁਵੇਲੇ ਕੰਮ ਆਜੂ।" ਆਖਦਾ ਕਾਹਲੇ ਕਦਮੀੰ ਮੁੜ੍ਹ ਗਿਆ।
ਅਗਲੇ ਦਿਨ ਪੁਲਿਸ ਨੇ ਪ੍ਰਤਾਪ ਦੇ ਹੱਥਕੜੀਆਂ ਲਗਾ ਰੱਖੀਆਂ ਨੇ ਹੱਥਕੜੀਆਂ ਵਾਲੇ ਹੱਥਾਂ ਨਾਲ ਆਪਣੀ ਬੱਚੀ ਨੂੰ ਚੁੱਕਦਾ ਹੈ।
ਆਪਣੀ ਪਤਨੀ ਵੱਲ ਦੇਖਦਾ ਹੈ ਜਿਵੇਂ ਆਖਦਾ ਹੋਏ ਹੁਣ ਤੂੰ ਹੀ ਇਸਦਾ ਖ਼ਿਆਲ ਰੱਖਣੈ। ਉਸ ਨੇ ਵੀ ਆਪਣੇ ਸਿਰੋਂ ਲੱਥੀ ਚੁੰਨੀ
ਉੱਪਰ ਕਰ ਲਈ।
ਪ੍ਰਤਾਪੇ ਨੂੰ ਲਗਪਗ ਛੇ ਸਾਲ ਲੰਘ ਗਏ ਸਨ। ਉਸਦੀ ਕੁੜੀ ਜਵਾਨ ਹੋ ਚੁੱਕੀ ਸੀ। ਉਹ ਇਕੱਲੀ ਹੀ ਹੋਣ ਕਰਕੇ ਖੇਤ ਪਾਣੀ ਲਾ
ਆਉਂਦੀ ਹੁੰਦੀ ਸੀ।
ਇਕ ਦਿਨ ਕਿਸੇ ਨੇ ਕੁਵੇਲੇ ਜਿਹੇ ਛਿੰਦੇ ਦੇ ਕੰਨ ਬਲੇਲ ਦਿੱਤੀ।
" ਅੱਜ ਛਿੰਦਿਆ ਤਿੱਤਰੀ ਇਕੱਲੀ ਐ ਕਮਾਦਾਂ ਨੂੰ ਨਿਕਲੀ ਐ। ਤੇਰੇ ਆਲਾ ਬਾਜ਼ ਰਾਜ਼ੀ ਐ।"
"ਰਾਜ਼ੀ ਐ ਪਰ ਤੂੰ ਹੌਲੀ ਬੋਲ ਤੇ ਚੱਲਦਾ ਹੋ।" ਛਿੰਦੇ ਨੇ ਆਖਿਆ।
ਇਹ ਬੋਲ ਛਿੰਦੇ ਦੀ ਧੀ ਵੀਰੋ ਨੂੰ ਸੁਣ ਜਾਂਦੇ ਹਨ। ਉਹ ਚੁਕੰਨੀ ਹੋ ਜਾਂਦੀ ਹੈ। ਉਸ ਨੂੰ ਨਹੀਂ ਪਤਾ ਕਿ ਬਾਪੂ ਕਿਸ ਪਿੱਛੇ ਜਾ ਰਿਹਾ ਹੈ।
ਪਰ ਜਾ ਜ਼ਰੂਰ ਰਿਹਾ ਹੈ। ਉਸਨੇ ਭੱਜ ਕੇ ਉਸ ਬੰਦੇ ਨੂੰ ਜਾ ਘੇਰਿਆ। ਸਿੱਧੀ ਰਫ਼ਲ ਸਾਧ ਕੇ ਪੁੱਛਿਆ,
" ਦੱਸ ਮੇਰਾ ਪਿਓ ਕਿਸਦੇ ਪਿੱਛੇ ਜਾ ਰਿਹੈ।" "ਤੇਰੇ ਤੇ ਕੀਤੇ ਅਹਿਸਾਨਾਂ ਦਾ ਗਲਾ ਘੋਟਣ। ਪ੍ਰਤਾਪੇ ਦੀ ਧੀ ਦੀ ਪੱਤ ਲੁੱਟਣ।" ਉਸਨੇ
ਜਾਨ ਬਚਾਉੰਦਿਆ ਕਿਹਾ।
ਇਹ ਸੁਣਕੇ ਵੀਰੋ ਘਰ ਪਰਤ ਆਉਂਦੀ ਹੈ। ਉਹੀ ਪੱਗ ਜੋ ਕਦੇ ਪ੍ਰਤਾਪ ਨੇ ਉਸ ਨੂੰ ਦਿੱਤੀ ਸੀ ਉਸ ਨੂੰ ਸਿਰ ਤੇ ਬੰਨ੍ਹ ਲੈਂਦੀ ਹੈ। ਉਸ
ਅੰਦਰ ਮਰਦਾਂ ਵਰਗੀ ਤਾਕਤ ਆ ਜਾਂਦੀ ਹੈ।
ਸਰਕੜੇ ਵਿਚ ਸਰ ਸਰ ਹੁੰਦੀ ਹੈ। ਪ੍ਰਤਾਪੇ ਦੀ ਧੀ ਨਾਲ ਛਿੰਦਾ ਦੋ ਹੱਥੀਂ ਹੋ ਰਿਹਾ ਹੁੰਦਾ ਹੈ। ਉਹ ਦਲੇਰ ਹੋਣ ਕਰਕੇ ਉਸ ਨੂੰ ਡਾਹ ਨਹੀਂ
ਦੇ ਰਹੀ ਹੁੰਦੀ। ਅੱਗੋਂ ਬੀਰੋ ਹਨੇਰੇ ਦੀ ਬੁੱਕਲ ਚੋਂ ਸ਼ੇਰਨੀ ਵਾਂਗ ਨਿਕਲ ਕੇ ਦੋਨਾਲੀ ਦਾ ਫਾਇਰ ਉਸ ਹੈਵਾਨ ਦੇ ਸੀਨੇ 'ਚ ਮਾਰ ਦਿੰਦੀ
ਹੈ ਜੋ ਉਸ ਵਕਤ ਉਸ ਦਾ ਪਿਓ ਨਹੀਂ ਸੀ। ਉਹ ਆਪਣੀ ਪੱਗ ਸਿਰੋਂ ਲਾਹ ਕੇ ਉਸ ਦੀ ਪੱਤ ਕੱਜ ਦਿੰਦੀ ਹੈ।
ਅਗਲੇ ਦਿਨ ਪ੍ਰਤਾਪੇ ਦੀ ਹੱਥਕੜੀ ਖੁੱਲ ਜਾਂਦੀ ਹੈ ਤੇ ਵੀਰੋ ਦੇ ਲੱਗ ਜਾਂਦੀ। ਦੋ ਬਹਾਦਰਾਂ ਦੀ ਸਲਾਮੀ ਲਈ ਸਵੇਰ ਦਾ ਸੂਰਜ ਉੱਗਦਾ
ਹੈ।