Lachhmi Puja (Punjabi Story) : Nanak Singh
ਲੱਛਮੀ ਪੂਜਾ (ਕਹਾਣੀ) : ਨਾਨਕ ਸਿੰਘ
''ਮੈਂ ਕਹਿਨੀ ਆ ਇਕ ਖਿਲਾਰਾ ਤਾਂ ਮੁੱਕ ਲੈਣ ਦਿਆ ਕਰੋ। ਕੰਮ ਵਿਚ
ਘੜੰਮ ਪਾ ਬਹਿੰਦੇ ਜੇ ਹੋਰ ਹੋਰ।''
''ਚੁਪ ਚੁਪ ਬਕਵਾਸ ਨਾ ਕਰੀ ਜਾਇਆ ਕਰ ਹਰ ਵੇਲੇ, ਵੇਲਾ ਕੁਵੇਲਾ
ਵੇਖੀਦੈ। ਕੰਮ ਵਿਚ ਘੜੰਮ ਤੇ ਸਗੋਂ ਤੂੰ ਪਾ ਦਿਤਾ ਆਕੇ। ਮਸੇ ਮਸੇ ਲਗਾ ਸੀ ਜ਼ਰਾ
ਮੂਡ ਬਣਨ। ਖੁਰੀ ਪਿਛੇ ਮੱਤ ਜ਼ਨਾਨੀਆਂ ਦੀ।''
ਪਤਨੀ ਫੇਰ ਨਹੀਂ ਬੋਲੀ। ਓਵੇਂ ਹੀ ਮੂੰਹ ਲਟਕਾਈ ਬੁੜ ਬੁੜ ਕਰਦੀ ਪਿਛਾਂਹ
ਮੁੜ ਗਈ।
ਸੁਖਵੀਰ ਸਿੰਘ ਹੈ ਇਸ ਦਾ ਨਾਮ ਅਤੇ ਉਪਨਾਮ ਹੈ 'ਚੇਤਨ' ਅਰਥਾਤ ਦੁਹਾਂ
ਨਾਵਾਂ ਵਾਲਾ ਆਦਮੀ। ਇਸ ਦੇ ਪਹਿਲੇ ਨਾਮ ਦਾ ਸਬੰਧ ਦੁਨੀਆਂ ਨਾਲ, ਦੂਜੇ ਦਾ
ਸਾਹਿਤ ਨਾਲ ਹੈ। ਆਪਣੇ ਤਬਕੇ ਵਿਚ ਮੰਨਿਆ ਹੋਇਆ ਸ਼ਾਇਰ ਹੈ। ਪਰ ਦੁਨੀਆਂਦਾਰੀ
ਦੇ ਤੌਰ 'ਤੇ ਹਰ ਦੌੜ ਵਿਚ ਪਛੜਿਆ ਹੋਇਆ, ਹਰ ਮੈਦਾਨ ਵਿਚੋਂ ਭੱਜਿਆ ਹੋਇਆ
ਇਕ ਬਦਨਸੀਬ ਜਿਹਾ ਆਦਮੀ। ਜਾਂ ਇੰਜ ਸਮਝ ਲਓ ਕਿ ਸਰਸਵਤੀ ਦਾ ਵਰਸੋਇਆ
ਤੇ ਲੱਛਮੀ ਦਾ ਸਰਾਪਿਆ ਹੋਇਆ ਵਰ ਤੇ ਸਰਾਪ, ਇਹ ਦੋਵੇਂ ਜਿਸ ਦੇ ਨਾਲ ਹੀ
ਰਹਿੰਦੇ ਨੇ, ਉਸ ਦੇ ਪਰਛਾਂਵੇ ਵਾਂਗ।
'ਚੇਤਨ' ਦੀ ਕਵਿਤਾ ਜਿਥੇ ਸਾਹਿਤਕ ਅੰਬਰਾਂ ਵਿਚ ਤਾਰਾ ਬਣ ਕੇ ਚਮਕਦੀ
ਹੈ, ਉਥੇ ਰੋਜ਼ੀ ਰਿਜ਼ਕ ਦਾ ਸਵਾਲ ਹਮੇਸ਼ਾ ਹੀ ਉਸ ਲਈ ਇਕ ਲੰਮੀ ਥਕਾਵੀਂ ਤੇ ਅਮੁਕ
ਮਨਜ਼ਲ ਬਣਿਆ ਰਹਿੰਦਾ ਹੈ ਜਿਹੜੀ ਮੰਨਜ਼ਿਲ ਦਾ ਉਸ ਲਈ ਨਾ ਕੋਈ ਆਦਿ ਹੈ ਨਾ
ਹੀ ਅੰਤ। ਨਾ ਅਤੀਤੀ, ਨਾ ਵਰਤਮਾਨ, ਤੇ ਨਾ ਹੀ ਕੋਈ ਭਵਿੱਸ਼। ਉਹ ਜਿਨ੍ਹਾਂ ਕਾਲੇ
ਰਾਹਾਂ 'ਤੇ ਅੱਜ ਆਪਣੇ ਕਰਮਾਂ ਨੂੰ ਘਸੀਟਦਾ ਵੇਖਦਾ ਹੈ, ਅੱਜ ਤੋਂ ਦਸ ਸਾਲ ਪਹਿਲਾਂ
ਵੀ ਏਦਾ ਹੀ ਵੇਖਦਾ ਸੀ, ਦੇ ਸ਼ਾਇਦ ਅਨੰਤ ਦੀ ਓੜਕ ਛੋਹੀ ਮੰਨਜ਼ਿਲ ਤੀਕ ਏਦਾਂ ਹੀ
ਵੇਖਦਾ ਚਲਾ ਜਾਵੇਗਾ। ਐਸਾ ਹੀ ਉਸ ਦਾ ਵਿਸ਼ਵਾਸ਼ ਹੈ।
ਤੇ ਚੇਤਨ ਦਾ ਕੰਮ ਰੋਜ਼ਗਾਰ? ਇਹ ਬੜਾ ਨਿਥਾਰਥਿਕ ਜਿਹਾ ਸਵਾਲ ਹੈ,
ਜਾਂ ਜਿਸ ਦੇ ਜਵਾਬ ਇਨੇ ਬਹੁਤੇ ਨੇ ਕਿ ਸ਼ਾਇਦ ਚੇਤਨ ਇਹਨਾਂ ਦੀ ਗਿਣਤੀ ਕਰਦਾ
ਕਰਦਾ ਭੁੱਲ ਜਾਵੇ। ਖ਼ਾਸ ਕਰਕੇ ਦੇਸ਼ ਦੀ ਵੰਡ ਤੋਂ ਬਾਅਦ, ਜਦ ਉਸ ਦੇ ਉਪਨਾਮ
ਨਾਲ ਇਕ ਹੋਰ ਦੇਸ ਵਿਆਪੀ ਉਪਨਾਮ ਆ ਜੁੜਿਆ ਹੈ 'ਰੀਫੀਊਜੀ' ਜਾਂ 'ਸ਼ਰਨਾਰਥੀ'
ਜਾਂ 'ਪੀੜਤ' ਤਦ ਤੋਂ ਤਾਂ ਉਸ ਦੇ ਕੰਮਾਂ ਦਾ ਕੋਈ ਅੰਤ ਹੀ ਨਹੀਂ ਰਿਹਾ। ਚਾਰ ਦਿਨ
ਕੋਈ, ਦਸ ਦਿਨ ਕੋਈ ਤੇ ਮਹੀਨਾ ਕੋਈ।
ਪਰ ਅਜ ਕਲ ਉਹ ਜਿਸ ਕੰਮ ਵਿਚੋਂ ਆਪਣੇ ਤੇ ਆਪਣੇ ਟੱਬਰ ਦੇ ਪੇਟ ਲਈ
ਈਂਧਨ ਪੈਦਾ ਕਰਦਾ ਹੈ, ਇਸ ਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ। ਆਰਟਿਸਟ,
ਪਥੇਰਾ, ਕੁਮਹਿਰ ਆਦਿ। ਉਹ ਮਿੱਟੀ ਦੇ ਖਿਡੌਣੇ ਬਣਾਂਦਾ ਹੈ। ਸ਼ੁਰੂ ਤੋਂ ਹੀ ਉਹ ਥੋੜਾ
ਬਹੁਤ ਨਾਕਾਸੀ ਜਾ ਮੁਸੱਵਰੀ ਨੂੰ ਮੂੰਹ ਮਾਰਦਾ ਸੀ, ਜਿਸ ਕਰਕੇ ਇਹ ਕੰਮ ਉਸਦੇ
ਆੜੇ ਆ ਗਿਆ। ਵੰਡ ਤੋਂ ਬਾਅਦ ਜਿਸ ਤਰ੍ਹਾਂ ਦੇਸ਼ 'ਚੋਂ ਮੋਚੀ, ਜੁਲਾਹੇ, ਤੇਲੀ ਆਦਿ
ਪੇਸ਼ਾਵਰ ਲੋਕਾਂ ਦੇ ਚਲੇ ਜਾਣ 'ਤੇ ਇਹਨਾਂ ਕੰਮਾਂ ਨੂੰ ਗ਼ੈਰ ਪੇਸ਼ਾਵਰਾਂ ਨੇ ਅਪਣਾ ਲਿਆ
ਸੀ, ਇਸੇ ਤਰ੍ਹਾਂ ਇਹ ਖਿਡੌਣੇ ਸ਼ਾਜੀ ਦਾ ਧੰਦਾ ਵੀ ਜਦ ਯਤੀਮ ਰਹਿ ਗਿਆ ਤਾਂ
ਕਈਆਂ ਗ਼ੈਰ ਪੇਸ਼ੇਵਾਰਾਂ ਨੇ ਇਸ ਦੀ ਸਰਪ੍ਰਸਤੀ ਸ਼ੁਰੂ ਕਰ ਦਿੱਤੀ। ਉਹਨਾਂ ਵਿਚੋਂ ਹੀ
ਇਕ ਹੈ ਇਹ ਚੇਤਨ।
ਚੇਤਨ ਨੂੰ ਦੂਜੇ ਕੰਮਾਂ ਨਾਲੋਂ ਇਹ ਕੰਮ ਪਾਸੰਦ ਜ਼ਰੂਰ ਹੈ, ਕਿਉਂ ਕਿ ਇਸ
ਵਿਚ ਕੁਝ ਨਾ ਕੁਝ ਕੋਮਲ ਹੁਨਰ ਦੀ ਝਲਕ ਹੁੰਦੀ ਹੈ। ਪਰ ਜੇ ਆਮਦਨੀ ਵਲ ਵੇਖਿਆ
ਜਾਵੇ ਤਾਂ ਇਸ ਵਰਗਾ ਨੇਸਤੀ ਕੰਮ ਹੋਰ ਕੋਈ ਨਹੀਂ ਦਿਸੇਗਾ। ਮਿੱਟੀ ਨਾਲ ਮਿੱਟੀ ਹੋਏ
ਰਹਿਣਾ, ਉਸ ਨੂੰ ਗੁੰਨਣਾ, ਡੌਲਣਾ, ਪਕਾਣਾ, ਫਿਰ ਚਿਤ੍ਰਨਾ, ਤੇ ਛੇਕੜ ਬਾਜ਼ਾਰ
ਵਿਚ ਖਿਡੌਣਿਆਂ ਦਾ ਮੁੱਲ ਪੌਣਾ ਤਿੰਨ ਆਨਿਆਂ ਤੋਂ ਲੈ ਕੇ ਅੱਠ ਆਨਿਆਂ ਤੱਕ
ਦਰਜ਼ਨ ਅਰਥਾਤ ਇਕ ਪੈਸੇ ਤੋਂ ਲੈ ਕੇ ਤਿੰਨ ਪੈਸੇ ਖਿਡੌਣਾ।
ਪਰ ਇਸ ਪੇਸ਼ੇ ਦੀ ਇਕ ਕੰਨੀ ਐਸੀ ਵੀ ਹੈ, ਜਿਹੜੀ ਰੱਤੀ ਮਾਸਾ ਉਤਸ਼ਾਹ
ਵਧਾਊ ਹੈ, ਅਰਥਾਤ ਦੀਵਾਲੀ ਦਾ ਤਿਉਹਾਰ। ਇਸ ਮੌਕੇ ਖਿਡੌਣੇ ਸ਼ਾਜਾਂ ਪਾਸ ਕਾਫ਼ੀ
ਗਾਹੜ ਹੁੰਦੀ ਹੈ।
ਦੀਵਾਲੀ ਨੇੜੇ ਹੋਣ ਕਰਕੇ ਚੇਤਨ ਲਈ ਵੀ ਅੱਜ ਕਲ ਗਾਹੜ ਮਾਹੜ ਦੇ
ਦਿਨ ਸਨ। ਉਹ ਦੀਵਾਲੀ ਦੇ ਤਿਉਹਾਰ ਲਈ ਛੋਟੇ ਮੋਟੇ ਖਿਡੌਣਿਆਂ ਦੀ ਥਾਂ ਲਛਮੀ
ਦੀਆਂ ਵੱਡੇ ਵੱਡੇ ਆਕਾਰ ਦੀਆਂ ਮੂਰਤੀਆਂ ਬਣਾਇਆ ਕਰਦਾ ਹੈ, ਤੇ ਮਿੱਟੀ ਦੀਆਂ
ਨਹੀਂ, ਗੱਚ (ਇਟੈਲੀਅਨ ਪਲਾਸਟਰ) ਦੀਆਂ। ਏਸ ਕੰਮ ਵਿਚ ਉਸ ਦਾ ਹੱਥ ਦੂਸਰੇ
ਕਾਰੀਗਰਾਂ ਨਾਲੋਂ ਸਾਫ਼ ਹੈ, ਜਿਸ ਕਰਕੇ ਉਸ ਨੂੰ ਦੀਵਾਲੀ ਤੋਂ ਪਹਿਲਾਂ 'ਲੱਛਮੀ' ਲਈ
ਕਾਫ਼ੀ ਆਰਡਰ ਮਿਲ ਜਾਇਆ ਕਰਦੇ ਨੇ।
ਪਰ ਐਤਕੀ ਦੀ ਦੀਵਾਲੀ ਸ਼ਾਇਦ ਉਸ ਨੂੰ ਸੌਜੀ ਨਹੀਂ, ਸੱਜੀ ਬਾਂਹ ਤੇ ਫੋੜਾ
ਨਿਕਲ ਆਉਣ ਕਰਕੇ ਉਹ ਕੰਮ ਕਰਨ ਤੋਂ ਆਰੀ ਸੀ, ਜਿਸ ਕਰਕੇ ਉਸ ਨੇ ਇਕ ਅਧ
ਆਰਡਰ ਤੋਂ ਵਧ ਨਹੀਂ ਸੀ ਲਿਆ।
ਇਸ ਤੋਂ ਛੁਟ ਉਸ ਨੂੰ ਜਿਹੜਾ ਕੰਮ ਵਿਚ ਘੜੰਮ ਆ ਪਿਆ, ਇਹ ਸੀ ਇਸ
ਕਵਿਤਾ ਦੀ ਫ਼ਰਮਾਇਸ਼। ਸਥਾਨਕ ਪਰਚੇ ਦੇ ਇਕ ਸੰਪਾਦਕ ਨੇ 'ਦੀਵਾਲੀ ਅੰਕ'
ਕੱਢਣਾ ਸੀ ਤੇ ਚੇਤਨ ਦੀ ਕਵਿਤਾ ਉਹ ਪਹਿਲੇ ਸਫ਼ੇ ਤੇ ਦੇਣਾ ਚਾਹੁੰਦਾ ਸੀ।
ਚੇਤਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ 'ਕੰਮ' ਨੂੰ ਪਹਿਲਾਂ ਖ਼ਤਮ ਕਰੇ ਕਿ
'ਘੜੰਮ' ਨੂੰ ਅਰਥਾਤ ਲਛਮੀ ਦੀਆਂ ਦੋ ਦਰਜ਼ਨ ਮੂਰਤੀਆਂ ਪਹਿਲਾਂ ਮੁਕੱਮਲ ਕਰੇ ਕਿ
ਕਵਿਤਾ ਲਿਖੇ। ਇਸ ਉਤੇ ਮੁਸੀਬਤ ਇਹ ਕਿ ਫੋੜਾ ਉਸਦੀ ਸੱਜੀ ਬਾਂਹ ਉਤੇ ਸੀ।
ਚੇਤਨ ਸੋਚ ਰਿਹਾ ਸੀ ਕਿ ਮੂਰਤੀਆਂ ਪਾਸੋਂ ਵਰਦਾਨ ਮੰਗਿਆ ਜਾਏਗਾ, ਤਾਂ ਜੋ
ਲੱਛਮੀ ਉਹਨਾਂ ਦੀ ਪੂਜਾ 'ਤੇ ਨਿਹਾਲ ਹੋ ਕੇ ਉਹਨਾਂ ਨੂੰ ਹੋਰ ਬਹੁਤਾ ਸੋਨਾ ਚਾਂਦੀ
ਦੇਵੇ, ਤੇ ਸ਼ਾਇਦ ਦੇਵੇਗੀ ਵੀ, ਕਿਉਂ ਕਿ ਉੂਹ ਤਾਂ ਭਗਤਾਂ ਉਤੇ ਹੀ ਹਮੇਸ਼ਾ ਹਮੇਸ਼ਾ
ਨਿਹਾਲ ਨਿਹਾਲ ਹੁੰਦੀ ਹੈ। ਪਰ ਜਿਹੜਾ ਰਾਤਾਂ ਝਾਗ ਝਾਗ ਕੇ, ਪੀੜਾਂ ਸਹਾਰ ਸਹਾਰ ਕੇ
ਇਸ ਦੀ ਰਚਨਾ ਰਚਦਾ ਹੈ, ਇਸ ਦੇ ਨਕਸ਼ਾਂ ਨੂੰ ਚਿਤ੍ਰਦਾ ਹੈ। ਇਸ ਵਿਚ ਚੁੰਬਕ ਸ਼ਕਤੀ
ਭਰਦਾ ਹੈ, ਉਸ ਤੇ ਏਨੀ ਕਰੋਪੀ ਕਿਉਂ.............
ਚੇਤਨ ਆਪਣੀ ਦੁਖਦੀ ਅਤੇ ਚੀਸਾਂ ਮਾਰਦੀ ਬਾਂਹ ਨੂੰ ਸਾਰੇ ਜੋਰ ਨਾਲ
ਹਰਕਤ ਦਿੰਦਾ ਹੋਇਆ ਬਰਾਬਰ ਮੂਰਤੀਆਂ ਡੌਲੀ ਜਾ ਰਿਹਾ ਸੀ ਤੇ ਸੋਚੀ ਜਾ ਰਿਹਾ ਸੀ।
ਸੋਚਦਿਆਂ ਅਚਾਨਕ ਉਸਦਾ ਧਿਆਨ ਹੋਰ ਪਾਸੇ ਚਲਾ ਗਿਆ-ਇਹ ਤਾਂ ਸਗੋਂ ਮੈਨੂੰ
ਕਵਿਤਾ ਲਈ ਮਜ਼ਮੂਨ ਲੱਭ ਪਿਆ। 'ਲੱਛਮੀ ਪੂਜਾ' ਕਿੰਨੀ ਮੁਸ਼ਾਹਬਤ ਹੈ ਇਸ
ਸਿਰਲੇਖ ਵਿਚ ਤੇ ਮੇਰੇ ਇਨ੍ਹਾਂ ਖ਼ਿਆਲਾਂ ਵਿਚ! ਕਵਿਤਾ ਬਣੇਗੀ ਕਿ ਇਕ ਵਾਰੀ ਦੇਸ਼
ਦੀ ਰੂਹ ਨੂੰ ਟੁੰਬ ਕੇ ਰੱਖ ਦੇਵੇਗੀ। ਪੜ੍ਹਨ ਵਾਲਿਆਂ ਦੀਆਂ ਅੱਖਾਂ ਖੁੱਲ ਜਾਣਗੀਆਂ ਤੇ
ਉਨ੍ਹਾਂ ਨੂੰ ਸਮਝ ਪੈ ਜਾਏਗੀ ਕਿ ਦੇਸ਼ ਵਿਆਪੀ ਅਰਥਕ ਉਲਝਣਾਂ ਦਾ ਅਸਲ ਹੱਲ
ਕਿਥੇ ਹੈ। ਉਹ ਲੋਕ ਖ਼ੁਦ ਮਹਿਸੂਸ ਕਰਨਗੇ ਕਿ ਲੱਛਮੀ (ਦੌਲਤ) ਨੂੰ ਬਣਾਂਦਾ ਕੌਣ ਹੈ
ਤੇ ਇਸ ਤੋਂ ਵਰੋਂਸਾਂਦਾ ਕੌਣ ਹੈ। ਇਹ ਘੜੀਦੀ ਕਿਥੇ ਹੈ ਤੇ ਇਸ ਦੇ ਉਲਟ ਫੇਰ ਦਾ
ਅਸਲ ਕਾਰਨ ਕੀ ਹੈ-ਬੀਮਾਰੀ ਦਾ ਅਸਲ ਇਲਾਜ਼ ਕੀ ਹੈ।
'ਬੇਸ਼ਕ, ਬੇਸ਼ਕ' ਚੇਤਨ ਦਾ ਦਿਲ ਗਿਠਾਂ ਉਛਲ ਰਿਹਾ ਸੀ। ਕਵਿਤਾ ਬੇਨਜ਼ੀਰ
ਬਣੇਗੀ, ਤੇ ਬਣੇਗੀ ਵੀ ਟਾਈਟਲ ਦੇ ਸਫ਼ੇ 'ਤੇ ਛਪਣ ਦੇ ਲਾਇਕ-'ਲੱਛਮੀ ਪੂਜਾ' ਤਾਂ
ਮੈਨੂੰ ਪਹਿਲਾਂ ਘੰਟਾ ਲਾ ਕੇ ਕਵਿਤਾ ਦਾ ਕੰਮ ਖ਼ਤਮ ਕਰ ਲੈਣਾ ਚਾਹੀਦਾ ਹੈ, ਰਾਤ ਅਜੇ
ਕਾਫ਼ੀ ਪਈ ਹੈ।
ਆਪਣੇ ਦੁਆਲੇ ਦਾ ਖਿੱਲਰ ਖਲੇਰਾ ਵਿਚੇ ਛੱਡ ਕੇ ਚੇਤਨ ਉਠ ਖਲੋਤਾ।
ਰੰਗਾਂ ਵਾਲੀਆਂ ਪਿਆਲੀਆਂ ਉਸ ਇਕ ਪਾਸੇ ਸਰਕਾ ਦਿੱਤੀਆਂ। ਬੁਰਸ਼ ਆਲੇ ਵਿਚ
ਰੱਖ ਕੇ ਇਕ ਪੁਰਾਣੇ ਪਰਨੇ ਨਾਲ ਹੱਥ ਪੂੰਜ ਲਏ। ਡੌਲੀਆਂ ਅਤੇ ਅਨਡੌਲੀਆਂ
ਮੂਰਤੀਆਂ ਨੂੰ ਅੱਗੇ ਪਿੱਛੇ ਸਮੇਟ ਕੇ, ਤਾਂ ਜੋ ਕਿਸੇ ਨੂੰ ਠੁਹਕਰ ਨਾ ਲਗ ਜਾਵੇ, ਉਹ ਜਾ
ਕੇ ਕਾਪੀ ਅਤੇ ਕਲਮ ਦਵਾਤ ਚੁਕ ਲਿਆਇਆ ਤੇ ਫਿਰ ਉਸੇ ਥਾਂ ਬੈਠ ਕੇ ਉਸ ਨੇ
ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ-
'ਲੱਛਮੀ ਪੂਜਾ'
ਪਹਿਲਾ ਬੰਦ ਪੂਰਾ ਕਰਕੇ ਦੂਜੇ ਦੇ ਅੱਧ ਵਿਚ ਹੀ ਪੂਜਾ ਸੀ ਕਿ ਕਦਮਾਂ ਦੀ
ਆਵਾਜ਼ ਸੁਣ ਕੇ ਉਸ ਦੀ ਕਲਮ ਅੱਧ ਵਿਚਕਾਰ ਹੀ ਰੁਕ ਗਈ। ਸਿਰੀ ਮਤੀ ਉਸ ਦੇ
ਸਾਹਮਣੇ ਖੜੀ ਇੰਜ ਉਸ ਵਲ ਤਕ ਰਹੀ ਸੀ ਜਿਵੇਂ ਚੇਤਨ ਨੇ ਕੋਈ ਘਿਓ ਦਾ ਘੜਾ
ਮੂਧਾ ਕਰ ਦਿਤਾ ਹੋਵੇ-
''ਮੈਂ ਕਹਿਨੀ ਆਂ, ਇਕ ਖਿਲਾਰਾ ਤੇ ਮੁਕ ਲੈਣ ਦਿਆ ਕਰੋ। ਕੰਮ ਵਿਚ
ਘੜੰਮ ਪਾਂ ਬਹਿੰਦੇ ਜੇ ਹੋਰ ਹੋਰ।''
ਚੇਤਨ ਨੂੰ ਜਿਵੇ ਕਿਸੇ ਨੇ ਪਹਾੜ ਦੀ ਚੋਟੀ ਤੋਂ ਧੱਕਾ ਦੇ ਦਿੱਤਾ ਹੋਵੇ। ਉਸ
ਦੀ ਕਲਪਨਾ ਮਸ਼ੀਨ ਵਿਚ, ਜਿਹੜੀ ਇਸ ਵੇਲੇ ਭਾਵ-ਪੂਰਤ ਤੇ ਮਰਮ ਸਪਰਸ਼ੀ ਬੁਣਤਰ
ਬੁਣੀ ਜਾ ਰਹੀ ਸੀ, ਸਾਰੀ ਉਧੜ ਪੁਧੜ ਕੇ ਤਾਰ ਤਾਰ ਹੋ ਗਈ, ਗੁੱਸੇ ਦੇ ਹਿਰਖ ਨਾਲ
ਕੰਢਿਆਂ ਤੀਕ ਭਰ ਕੇ ਉਹ ਪਤਨੀ ਵਲ ਇੰਜ ਤਕਿਆ ਜਿਵੇਂ ਉਸ ਨੂੰ ਚੱਬ ਹੀ ਜਾਣਾ
ਚਾਹੁੰਦਾ ਹੋਵੇ-
''ਚੁਪ, ਚੁਪ! ਬਕੜਵਾਹ ਨਾ ਕਰੀ ਜਾਇਆ ਕਰ ਐਵੇਂ। ਕੰਮ ਵਿਚ ਘੜੰਮ
ਤੇ ਸਗੋਂ ਤੂੰ ਪਾ ਦਿਤੈ ਆ ਕੇ। ਮਸੇ ਮਸੇ ਲਗਾ ਸੀ ਜ਼ਰਾ ਮੂਡ ਬਣਨ। ਖ਼ੁਰੀ ਪਿਛੇ ਮੱਤ
ਜ਼ਨਾਨੀਆਂ ਦੀ।''
ਪਤਨੀ ਫੇਰ ਨਹੀਂ ਬੋਲੀ, ਓਵੇਂ ਹੀ ਮੂੰਹ ਲਟਕਾਈ ਬੜ ਬੜ ਕਰਦੀ ਪਿਛਾਂਹ
ਮੁੜ ਗਈ।
ਚੇਤਨ ਨੇ ਸ਼ੁਕਰ ਕੀਤਾ ਬਲਾ ਟਲੀ। ਉਹ ਫਿਰ ਆਪਣੇ ਰੁਝੇਵੇਂ ਵਿਚ ਰੁਝ
ਗਿਆ, ਪਰ ਸੁਰ ਤਾਲ ਜਿਹੜਾ ਪਤਨੀ ਦੇ ਸ਼ਬਦਾਂ ਨੇ ਬਿਖੇਰ ਦਿਤਾ ਸੀ ਉਹ ਮੁੜ ਕੇ
ਥਾਂ ਸਿਰ ਨਾ ਆ ਸਕਿਆ। ਜਿਉਂ ਹੀ ਉਹ ਅਗਲੀ ਸਤਰ ਲਿਖਣ ਲਗਦਾ ਕਿ ਉਸ ਨੂੰ
ਜਾਪਦਾ ਜਿਵੇਂ ਸਿਰੀ ਮਤੀ ਗਈ ਨਹੀਂ, ਬਰਾਬਰ ਉਸ ਦੇ ਸਿਰ ਤੇ ਆਪਣੇ ਵਾਕਾਂ ਨੂੰ
ਦੁਹਰਾਈ ਜਾ ਰਹੀ ਹੈ। ਫਿਰ ਇਨ੍ਹਾਂ ਵਾਕਾਂ ਦੀਆਂ ਤਹਿਆਂ ਹੇਠੋਂ ਕਈ ਹੋਰ ਵਾਕ
ਨਿਕਲਦੇ ਚਲੇ ਆ ਰਹੇ ਸਨ-
'ਛੇਤੀ ਛੇਤੀ ਮੁਕਾਓ ਨਾ ਕੰਮ '। ਕੁੜੀ ਨੂੰ ਦਿਹਾਰ ਭੇਜਣਾ ਵੇ ਭਲਕੇ।
"ਸ਼ਹਿਰਦਾਰੀ ਦਾ ਕੰਮ ਏ, ਬੂਹੇ ਤੇ ਬੂਹਾ ਵੇ। ਕੀ ਕਹਿਣਗੇ ਕੁੜਮ, ਪਹਿਲੀ ਪਹਿਲੀ
ਦਿਵਾਲੀ ਏ। ਗਰੀਬੋ ਗਰੀਬੀ ਕੁਝ ਤੇ ਕਰਨਾ ਈ ਪਵੇਗਾ ਨਾ!''
ਤੇ ਫਿਰ ਇਸ ਗਲ ਥੱਲੋਂ ਇਕ ਹੋਰ-
''ਵਰ੍ਹੇ ਪਿਛੋਂ ਦਿਹਾਰ ਆਉਂਦਾ ਏ। ਕੋਈ ਰੋਜ਼ ਰੋਜ਼ ਤੇ ਨਹੀਂ ਦਿਵਾਲੀ
ਆਉਣੀ। ਦੂਜਿਆਂ ਵਲ ਤਕ ਤਕ ਨਿਆਣੇ ਹਉਕਾ ਭਰਦੇ ਨੇ। ਪਾ ਅੱਧ ਸੇਰ
ਮਠਿਆਈ ਸਹੀ, ਦੋ ਚਾਰ ਪਟਾਕੇ ਮਤਾਬੀਆਂ ਸਹੀ.......।''
ਕਾਪੀ ਚੇਤਨ ਦੇ ਗੋਡੇ ਉਤੇ ਖੁਲੀ ਪਈ ਸੀ। ਕਲਮ ਉਸ ਦੇ ਪੋਟਿਆਂ ਵਿਚ
ਸੀ, ਪਰ 'ਲੱਛਮੀ ਪੂਜਾ' ਦੇ ਸਿਰਲੇਖ ਥਲਵੀਂ ਉਹ ਹਿਰਦੇ ਛੋਹੀ ਕਵਿਤਾ ਉਹ ਤਾਂ
ਜਿਵੇਂ ਖੰਭ ਲਾ ਕੇ ਕਿਤੇ ਉਡ ਗਈ ਹੋਵੇ। ਕਵਿਤਾ ਕੋਈ ਜੰਗਲ ਦਾ ਸ਼ਿਕਾਰ ਤਾਂ ਨਹੀਂ
ਜਿਸ ਨੂੰ ਭੱਜੇ ਹੋਏ ਨੂੰ ਕੋਈ ਨੱਠੋ ਭੱਜੀ ਨਾਲ ਜਾ ਘੇਰੇਗਾ। ਨਾ ਹੀ ਇਹ ਦਾਣਿਆਂ ਦੀ
ਗੰਢੜੀ ਹੈ, ਜਿਹੜੀ ਪਾਟ ਜਾਣ ਤੋਂ ਬਾਅਦ ਬੰਦਾ ਹੂੰਝ ਸੰਬਰ ਲਵੇਗਾ। ਕਵਿਤਾ ਤਾਂ
ਉਹ ਇਛਿਆ ਧਾਰੀ ਪੰਛੀ ਹੈ, ਜਿਹੜਾ ਮਰਜੀ ਨਾਲ ਹੀ ਤੁਹਾਡੇ ਬਨੇਰੇ ਤੇ ਬੋਲੇਗਾ। ਤੇ
ਜੇ ਇਕ ਵਾਰੀ ਉਡ ਗਿਆ ਤਾਂ ਹਜ਼ਾਰ ਢੰਗ ਵੀ ਉਸ ਨੂੰ ਮੋੜ ਨਹੀਂ ਸਕਣਗੇ।
ਘੰਟਾ ਡੇਢ ਘੰਟਾ ਚੇਤਨ ਨੇ ਇਸੇ ਹੀ ਹਾਲਤ ਵਿਚ ਗੁਜ਼ਾਰ ਦਿੱਤਾ ਤੇ ਜਦ
ਕਵਿਤਾ ਦੇ ਰਉਂ ਨੂੰ ਦੁਬਾਰਾ ਦਿਮਾਗ ਵਿਚ ਘੁਸੇੜਨ ਦੀ ਉਸ ਦੀ ਕੋਈ ਵੀ ਕੋਸ਼ਿਸ਼
ਕਾਮਯਾਬ ਨਾ ਹੋਈ ਤਾਂ ਉਸ ਨੇ ਕਾਪੀ ਇਕ ਪਾਸੇ ਰੱਖ ਦਿੱਤੀ। ਇਹ ਸੋਚਦਿਆਂ ਕਿ
ਲੱਛਮੀ ਦੀਆਂ ਮੂਰਤੀਆਂ ਚਿੱਤਰਦਿਆਂ ਹੀ ਤਾਂ ਕਵਿਤਾ ਨੇ ਮੇਰੇ ਅੰਦਰ ਪਰਵੇਸ਼
ਕੀਤਾ, ਇਕ ਵਾਰੀ ਫੇਰ ਕਿਉਂ ਨਾ ਕੰਮ ਵਿਚ ਲਗ ਪਵਾਂ, ਸ਼ਾਇਦ ਅੱਗੇ ਵਾਂਗ ਫਿਰ
ਰਉਂ ਬਣ ਜਾਵੇ। ਉਸ ਭੋਲੇ ਨੂੰ ਪਰ ਇਸ ਗੱਲ ਦਾ ਪਤਾ ਨਹੀਂ ਸੀ ਲਛਮੀ ਅਤੇ
ਸਰਸਵਤੀ ਦਾ ਘੜੇ ਵੱਟੇ ਵਾਲਾ ਵੈਰ ਹੈ।
ਬੈਠਿਆਂ ਬੈਠਿਆਂ ਉਸ ਦੀ ਫੋੜੇ ਵਾਲੀ ਬਾਂਹ ਆਕੜ ਗਈ। ਜਦ ਉਸ ਨੇ
ਹਿਲਾਣ ਜੁਲਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਾਪਿਆ ਜਿਵੇਂ ਕਿਸੇ ਨੇ ਪੰਜ ਦਸ
ਮਣਾਂ ਦੇ ਪੱਥਰ ਹੇਠ ਉਸ ਦੀ ਬਾਂਹ ਦੇ ਦਿੱਤੀ ਹੋਵੇ, ਇਕ ਥਾਂ ਤੋਂ ਚੁੱਕ ਕੇ ਦੂਜੀ ਥਾਂ 'ਤੇ
ਰੱਖਣ ਵਿਚ ਉਸ ਦੀ ਜਾਨ ਨਿਕਲਦੀ ਸੀ। ਫਿਰ ਵੀ ਉਸ ਹਾਰ ਨਹੀਂ ਮੰਨੀ।
ਰੰਗਾਂ ਵਾਲੀਆਂ ਪਿਆਲੀਆਂ ਉਸ ਨੇ ਨੇੜੇ ਕਰ ਲਈਆਂ, ਬੁਰਸ਼ ਸੰਭਾਲੇ,
ਮੂਰਤੀਆਂ ਨੂੰ ਚੁੱਕ ਕੇ ਆਪੋ ਆਪਣੇ ਟਿਕਾਣੇ ਲਿਆ ਰਖਿਆ ਤੇ ਮੁੜ ਕੰਮ ਵਿਚ ਲਗ
ਪਿਆ। ਪਰ ਉਸ ਦਾ ਮਨ ਨਹੀਂ ਜੁੜ ਸਕਿਆ। ਮਨ ਜਿਵੇਂ ਕਿਸੇ ਬਾਂਦਰ ਦੇ ਰੂਪ ਵਿਚ
ਵਟ ਗਿਆ ਹੋਵੇ। ਟਪੋਸੀ ਮਾਰ ਕੇ ਕਵਿਤਾ ਵਿਚ, ਛਾਲ ਮਾਰ ਕੇ ਮੁਨਿਆਰ ਦੀ
ਦੁਕਾਨ ਤੇ, ਤੇ ਛੜੱਪਾ ਮਾਰ ਕੇ ਅਡੀਟਰ ਦੇ ਦਫ਼ਤਰ ਵਿਚ।
ਚੌਂਕ ਦੇ ਘੰਟਾ ਘਰ ਨੇ ਦੋ ਬਜਾਏ। ਚੇਤਨ ਤ੍ਰੱਬਕ ਪਿਆ। ਉਸ ਨੂੰ ਯਾਦ
ਨਹੀਂ ਸੀ ਆ ਰਿਹਾ ਕਿ ਪਿਛਲੇ ਦੋ ਤਿੰਨ ਘੰਟੇ ਉਸ ਨੇ ਮੂਰਤੀਆਂ ਵਿਚਾਲੇ ਜਾਗਦਿਆਂ
ਗੁਜ਼ਾਰੇ ਸਨ ਕਿ ਸੁਤਿਆਂ। ਪਰ ਉਸ ਨੂੰ ਏਨਾਂ ਪਤਾ ਸੀ ਕਿ ਕੰਮ ਜਿਉਂ ਦਾ ਤਿਉਂ
ਪਿਆ ਹੈ, ਉਸ ਦੇ ਸਿਰ ਵਿਚ ਤ੍ਰਾਟਾਂ ਪੈ ਰਹੀਆਂ ਸਨ ਤੇ ਕੰਨਾਂ ਵਿਚ ਘੂੰ ਘੂੰ ਹੋ ਰਹੀ
ਸੀ। ਸਰੀਰ ਦਾ ਅੰਗ ਅੰਗ ਛੁੜਕਿਆ ਹੋਇਆ, ਤੇ ਬਾਂਹ? ਇਹ ਤਾਂ ਜਿਵੇਂ ਸਾਰੀ ਦੀ
ਸਾਰੀ ਇਕ ਵੱਡੇ ਸਾਰੇ ਫੋੜੇ ਦੇ ਰੂਪ ਵਿਚ ਬਦਲ ਗਈ ਹੋਵੇ।
ਦੀਵੇ ਵਿਚ ਤੇਲ ਮੁੱਕ ਚੁੱਕਾ ਸੀ, ਕੇਵਲ ਬਤੀ ਸੜ ਰਹੀ ਸੀ। ਟੰਨ ਟੰਨ
ਦੀਆਂ ਇਹਨਾਂ ਦੁਹਾਂ ਟੁਨਕਾਰਾਂ ਨੂੰ ਚੇਤਨ ਦੇ ਪਿੰਡੇ ਤੇ ਚਾਬਕ ਜੜ ਕੇ ਖ਼ਬਰਦਾਰ ਕਰ
ਦਿਤਾ-ਮੂਰਖ! ਕੁਲ ਚਾਰ ਪੰਜ ਘੰਟੇ ਬਾਕੀ ਰਹਿ ਗਏ ਨੇ, ਤੇ ਤੇਰਾ ਕੰਮ ਅਜੇ ਗੋਹੜੇ
ਵਿਚੋਂ ਪੂਣੀ ਵੀ ਨਹੀਂ ਛੋਹੀ ਗਈ।
ਉਠ ਊਠ ਖਲੋਤਾ। ਉਸ ਨੇ ਮਹਿਸੂਸ ਕੀਤਾ ਜਿਵੇਂ ਹੁਣੇ ਘੇਰਨੀ ਖਾ ਕੇ ਬੱਸ
ਡਿੱਗਾ ਕਿ ਬੱਸ ਡਿੱਗਾ। ਪਤਾ ਨਹੀਂ ਇਹ ਅਨੀਂਦੇ ਦਾ ਅਸਰ ਸੀ ਜਾਂ ਅਧੂਰੇ ਕੰਮ ਦੀ
ਚਿੰਤਾ ਦਾ , ਜਾਂ ਕੁੜੀ ਦੇ ਦਿਹਾਰ ਅਥਵਾ ਨਿਆਣਿਆਂ ਦੀਆਂ ਮੰਗਾਂ ਦਾ।
ਦੀਵੇ ਵਿਚ ਤੇਲ ਪਾਣ ਲਈ ਉਸ ਨੂੰ ਬੋਤਲ ਲੈਣ ਲਈ ਦੁਸਰੇ ਕਮਰੇ ਵਿਚ
ਜਾਣਾ ਪਿਆ ਤੇ ਜਾਣ ਲੱਗਿਆ ਜਿਉਂ ਹੀ ਲੱਛਮੀਂ ਦੀ ਇਕ ਮੂਰਤੀ ਉਤੇ ਉਸ ਦਾ
ਪੈਰ ਆਇਆ ਕਿ ਉਹ ਠੇਡਾ ਖਾ ਕੇ ਵੱਖੀ ਪਰਨੇ ਕੰਧ ਦੇ ਨਾਲ ਜਾ ਵੱਜਾ। ਉਸ ਦੀ
ਬਾਂਹ ਫੋੜੇ ਵਾਲੀ ਬਾਂਹ ਬਿਲਬਿਲਾ ਉਠੀ।
ਹੁਣ ਉਸ ਵਿਚ ਉਕਾ ਸਾਹ ਸੱਤ ਬਾਕੀ ਨਹੀਂ ਸੀ, ਨਾ ਮੂਰਤੀਆਂ ਬਨਾਣ
ਜੋਗਾ ਨਾ ਕਵਿਤਾ ਲਿਖਣ ਜੋਗਾ। ਉਹ ਡਿਗਦਾ ਢਹਿੰਦਾ ਮੰਜੇ ਤੀਕ ਕਿਸੇ ਤਰ੍ਹਾਂ
ਅੱਪੜ ਗਿਆ। ਥਕਾਵਟ ਕਰਕੇ ਉਸ ਦੀਆਂ ਅੱਖਾਂ ਵਿਚ ਨੀਂਦ ਰੜਕ ਰਹੀ ਸੀ, ਪਰ
ਬਾਂਹ ਦੀ ਪੀੜ ਨੇ ਇਸ ਭਜਾ ਦਿੱਤਾ ਸੀ।
ਸਾਰੀ ਰਾਤ ਬਾਂਹ ਦੀਆਂ ਚੀਸਾਂ ਨੇ ਉਸ ਦੀ ਅੱਖ ਨਹੀਂ ਲੱਗਣ ਦਿੱਤੀ।
ਅਨੀਂਦਾ ਪੀੜ, ਅਸਫਲਤਾ ਦਾ ਇਹਸਾਸ ਤੇ ਆਪਣੀ ਮੁਨਾਰਾਂਦੀ ਉਤੇ ਹਿਰਖ, ਇਹ
ਸਾਰੇ ਮਨੋ ਵਿਕਾਰ ਆਪੋ ਵਿਚ ਮਿਲ ਕੇ ਤੇ ਵਖੋ ਵਖ ਸ਼ਕਲਾਂ ਬਣਾ ਕੇ ਉਸ ਦੇ ਦਿਮਾਗ
ਦੁਆਲੇ ਘੁੰਮੀ ਗਏ। ਕਦੀ ਇਹ ਮੂਰਤੀਆਂ ਦੀ ਸ਼ਕਲ ਵਿਚ ਵਟ ਜਾਂਦੇ, ਕਦੀ ਕਵਿਤਾ
ਦੇ ਰੂਪ ਵਿਚ ਤੇ ਕਦੀ ਹੋਰ ਅਕਾਰਾਂ ਵਿਚ। ਕਿਸੇ ਕਿਸੇ ਵੇਲੇ ਉਸਦੇ ਅੰਦਰੋਂ ਇਕ
ਬਰੀਕ ਜਿਹੀ, ਆਵਾਜ਼ ਉਠਦੀ ਝੱਲਿਆ! ਤੂੰ ਜੁ ਲੱਛਮੀ ਦੇ ਸਰੀਰ ਉਤੇ ਪੈਰ ਰੱਖ ਕੇ
ਉਸਦੀ ਬੇਅਦਬੀ ਕਰ ਦਿੱਤੀ-ਲੱਛਮੀ, ਜਿਸ ਦੀ ਭਲਕੇ ਲੋਕਾਂ ਨੇ ਸੋਨੇ ਚਾਂਦੀ ਨਾਲ
ਪੂਜਾ ਕਰਨੀ ਸੀ, ਤੂੰ ਉਸ ਉਤੇ ਨਾਪਾਕ ਪੈਰ ਰੱਖ ਦਿੱਤਾ, ਤੇ ਫੇਰ ਵੀ ਤੂੰ ਉਮੀਦ
ਕਰਦਾ ਹੈ ਕਿ ਉਹ ਤੈਨੂੰ ਵਰਦਾਨ ਦੇਵੇਗੀ? ਵਰਦਾਨ ਦੇ ਹੱਕਦਾਰ ਉਸਦੇ ਪੁਜਾਰੀ ਹੀ
ਹੋ ਸਕਦੇ ਨੇ, ਤੇਰੇ ਵਰਗੇ ਨਹੀਂ।
ਪਰ ਇਹ ਖ਼ਿਆਲ ਬਹੁਤਾ ਚਿਰ ਉਸਦੇ ਅੰਦਰ ਨਹੀਂ ਠਹਿਰ ਸਕਿਆ। ਉਹ
ਸੋਚ ਰਿਹਾ ਸੀ-ਜਿੰਨੇ ਪਿਆਰ, ਜਿੰਨੀ ਲਗਨ ਤੇ ਜਿੰਨੀ ਸ਼ਰਧਾ ਨਾਲ ਮੈਂ ਲਛਮੀ ਦੀ
ਸੇਵਾ ਕੀਤੀ ਹੈ, ਏਨੀ ਤਾਂ ਜੁਗਾਂ ਜੁਗਾਂਤਰਾਂ ਦਾ ਪੁਜਾਰੀ ਵੀ ਨਹੀਂ ਕਰ ਸਕੇਗਾ। ਮੈਂ
ਇਸ ਦੇ ਨਕਸ਼ਾਂ ਨੂੰ ਚਿਤਰਣ ਵੇਲੇ ਆਪਣੇ ਦਿਲ ਦਾ ਲਹੂ ਤਕ ਇਸ ਦੇ ਰੰਗ ਵਿਚ
ਰਲਾ ਦਿਤਾ, ਮੈਂ ਇਸ ਦੀ ਨੁਹਾਰ ਦਿਲਕਸ਼ ਬਨਾਣ ਖਾਤਿਰ ਆਪਣੀਆਂ ਅੱਖਾਂ ਦੀ ਜੋਤ
ਤਕ ਅਰਪਣ ਕਰਦਾ ਰਿਹਾ, ਪਰ ਇਸ ਬੇਰਹਿਮ ਦੇਵੀ ਨੂੰ ਕਦੇ ਵੀ ਮੇਰੀ ਹਾਲਤ ਉਤੇ
ਤਰਸ ਨਾ ਆਇਆ। ਇਸ ਨੇ ਮੇਰੀ ਅਨਿੱਨ ਭਗਤੀ ਉਤੇ ਤੁੱਠ ਕੇ ਕਦੀ ਵੀ ਮੈਨੂੰ
ਵਰਦਾਨ ਨਾ ਦਿੱਤਾ। ਸਗੋਂ ਇਸ ਤੋਂ ਉਲਟ ਮੈਂ ਹਮੇਸ਼ਾ ਇਸ ਦੀ ਕਰੋਪੀ ਦਾ ਹੀ ਸ਼ਿਕਾਰ
ਬਣਿਆ ਰਿਹਾ। ਤਾਂ ਕੀ ਇਸ ਦੀਆਂ ਅੱਖਾਂ ਨੂੰ ਸੋਨੇ ਦੀ ਚਮਕ ਹੀ ਚੁੰਧਿਆ ਸਕਦੀ ਹੈ?
ਕੀ ਇਕ ਸੱਚੇ ਪੁਜਾਰੀ ਦੀ ਇਸ ਦੇ ਦਿਲ ਵਿਚ ਕੋਈ ਕਦਰ ਨਹੀਂ?
ਇਸ ਵੇਲੇ ਚੇਤਨ ਸਖ਼ਤ ਬੁਖ਼ਾਰ ਦੀ ਹਾਲਤ ਵਿਚ ਸੀ ਤੇ ਬੁਖ਼ਾਰ ਦੀ ਘੂਕੀ
ਵਿਚ ਹੀ ਇਹੋ ਜਿਹੀਆਂ ਊਂਟ ਪਟਾਂਗ ਗੱਲਾਂ ਸੋਚੀ ਜਾ ਰਿਹਾ ਸੀ। ਇਸੇ ਘੂਕੀ ਜਾਂ
ਮਦਹੋਸ਼ੀ ਦੀ ਹਾਲਤ ਵਿਚ ਉਹ ਮੰਜੇ ਤੋਂ ਉਠ ਕੇ ਲੜਖੜਾਂਦਾ ਅਤੇ ਉਚੀ ਉਚੀ
ਬੋਲਦਾ ਹੋਇਆ ਦੂਜੇ ਕਮਰੇ ਵਲ ਵਧਿਆ-''ਜੇ ਇਸ ਦਾ ਦਿਲ ਏਨਾ ਕਠੋਰ ਹੈ, ਜੇ
ਆਪਣੇ ਸੱਚੇ ਪੁਜਾਰੀਆਂ ਅਤੇ ਰਚਣਹਾਰਿਆਂ ਲਈ ਇਸ ਦੇ ਦਿਲ ਵਿਚ ਇਹੋ ਕਦਰ ਹੈ
ਤਾਂ ਮੈਂ ਅੱਜ ਤੋਂ ਇਸ ਦਾ ਖਹਿੜਾ ਛੱਡਿਆ, ਮੈਂ ਇਸ ਨੂੰ.....ਮੈਂ ਇਸ ਦੀ.....''
ਤੇ ਉਸ ਨੇ ਆਪਣੇ ਆਪ ਨੂੰ ਓਸੇ ਮੂਰਤੀਆਂ ਵਾਲੇ ਕਮਰੇ ਵਿਚ ਵੇਖਿਆ।
ਲੱਛਮੀ ਦੀ ਇਕ ਮੂਰਤੀ ਉਸ ਦੇ ਹੱਥ ਵਿਚ ਸੀ। ਤੇ ਇਸ ਤੋਂ ਪਹਿਲਾਂ ਕਿ ਉਹ ਉਸਨੂੰ
ਕੰਧ ਨਾਲ ਮਾਰ ਕੇ ਠੀਕਰੀ ਕਰ ਦਿੰਦਾ, ਪਿੱਛੋਂ ਆ ਕੇ ਕਿਸੇ ਨੇ ਉਹਦ ਬਾਂਹ ਫੜ
ਲਈ। ਸ਼ਾਇਦ ਉਸ ਦੀ ਬਕੜਵਾਹ ਸੁਣ ਕੇ ਪਤਨੀ ਦੀ ਜਾਗ ਖੁੱਲ ਗਈ ਸੀ-''ਹਾਏ
ਮੈਂ ਮਰ ਗਈ ਇਹ ਕੀ ਕਰਨ ਲੱਗੇ ਜੇ?''
''ਕੁਝ ਨਹੀਂ, ਕੁਝ ਨਹੀਂ, ਪੂਜਾ ਕਰਨ ਲੱਗਾ ਹਾਂ ਲਛਮੀ ਦੀ।''
''ਹੋਸ਼ ਕਰੋ, ਮੈਂ ਕਹਿਨੀ ਆਂ। ਅਗੇ ਈ ਪਤਾ ਨਹੀਂ ਕਿਹੜੇ ਪਾਪਾਂ ਨੂੰ ਫੜੇ ਹੋਏ
ਹਾਂ। ਹੋਰ ਲਗੇ ਜੇ ਸਰਾਪ ਲੈਣ!'' ਪਤਨੀ ਪਤੀ ਦੇ ਹੱਥੋਂ ਮੂਰਤੀ ਫੜ ਕੇ ਮੰਜੇ ਵਲ
ਤੁਰੀ-''ਓਹੋ ਪੰਜ ਭਠ ਤਾਪ।''
ਸਵੇਰੇ ਬਾਹਰੋਂ ਕਿਸੇ ਆਵਾਜ਼ ਮਾਰੀ, ਚੇਤਨ ਜੀ! ਕਵਿਤਾ?'' ਅੰਦਰੋਂ ਜ਼ਨਾਨਾ
ਗਲੇ ਚੋਂ ਜਵਾਬ ਦਿੱਤਾ ਗਿਆ, ''ਜੀ ਉਹ ਤੇ ਸੁਰਤ ਹੀ ਨਹੀਂ ਕਰਦੇ, ਤਾਪ ਨਾਲ
ਬੇਹੋਸ਼ ਪਏ ਨੇ।''
''ਜਾਹ ਤੇਰਾ ਸੱਤਿਆਨਾਸ! ਕਮਬਖ਼ਤ ਨੇ ਨਾ ਅੱਗੇ ਜੋਗਾ ਛੱਡਿਆ ਨਾ
ਪਿੱਛੇ ਜੋਗਾ,'' ਤੇ ਆਵਾਜ਼ ਦੇਣ ਵਾਲਾ ਏਹੋ ਜਿਹੀਆਂ ਕਈ ਸਲਵਾਤਾਂ ਸੁਣਾਂਦਾ
ਚਲਾ ਗਿਆ।
ਥੋੜੀ ਦੇਰ ਬਾਅਦ ਇਕ ਹੋਰ ਆਵਾਜ਼ ਆਈ-''ਰਾਮ ਲਾਲ! ਓ ਰਾਮ ਲਾਲ!
ਮੂਰਤੀਆਂ ਨਹੀਂ ਪਹੁੰਚਾਈਆਂ ਅਜੇ ਤਕ, ਉਧਰ ਗਾਹਕ ਮੁੜੇ ਜਾਂਦੇ ਨੇ।''
ਜਵਾਬ ਦਿੱਤਾ ਗਿਆ,''ਜੀ ਉਹਨਾਂ ਨੂੰ ਤਾਂ ਰਾਤ ਤੋਂ ਪੰਜ ਭਠ ਤਾਪ
ਚੜ੍ਹਿਆ ਹੋਇਐ, ਪੱਥਰ ਦਾ ਪੱਥਰ ਹੋਏ ਪਏ ਨੇ।''
''ਤੇ ਮੂਰਤੀਆਂ ਦਾ ਕੀ ਬਣਿਐ?''
''ਉਹ ਤਾਂ ਅਧੂਰੀਆਂ ਈ ਪਈਆਂ ਨੇ।''
''ਜਾਹ ਤੇਰੀਆ ਬੇੜੀਆਂ ਵਿਚ ਵਟੇ। ਕੋਈ ਧਰਮ ਈਮਾਨ ਹੁੰਦੈ ਇਹਨਾਂ
ਮਿਹਨਤੀ ਲੋਕਾਂ ਦਾ! ਨਹੀਂ ਸੀ ਕੰਮ ਕਰਨਾ ਤਾਂ ਪਹਿਲਾ ਮਰਦਾ, ਜੁ ਹੋਰ ਕਿਸੇ ਨੂੰ
ਆਡਰ ਦੇਂਦੇ।'' ਤੇ ਏਦਾਂ ਹੀ ਬੁੜ ਬੁੜ ਕਰਦਾ ਉਹ ਵੀ ਵਾਪਸ ਮੁੜ ਗਿਆ।