Lahore Ton Attock Tak (Punjabi Story) : Gurcharan Singh Sehnsra
ਲਾਹੌਰ ਤੋਂ ਅਟਕ ਤਕ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ
ਸਾਨੂੰ ਅਗਲੇ ਸਵੇਰ ਹੀ ਪਤਾ ਲੱਗ ਗਿਆ ਕਿ ਅਸੀਂ ਕਿੱਥੇ ਰੱਖੇ ਹੋਏ ਸਾਂ ਤੇ ਏਥੇ ਕੌਣ-ਕੌਣ ਸੀ।
ਅਸੀਂ ਲਾਹੌਰ ਸੰਟਰਲ ਜੇਲ੍ਹ ਦੇ ਚੜ੍ਹਦੇ ਬੰਨੇ ਇੱਕ ਉਚੀਆਂ-ਉਚੀਆਂ ਕੰਧਾਂ ਵਾਲ਼ੇ ਵੱਡੇ ਸਾਰੇ ਤਿਗੁਨੇ ਅਹਾਤੇ ਵਿੱਚ ਸਾਂ। ਅੰਮ੍ਰਿਤਸਰ ਦੀ ਜੇਲ੍ਹ ਮਰ ਕੇ ਇਸ ਅਹਾਤੇ ਜਿੱਡੀ ਹੋਵੇਗੀ। ਇਸ ਦੀਆਂ ਦੋ ਗੁੱਠਾਂ ਸ਼ਹਿਰ ਵਾਲ਼ੇ ਪਾਸੇ ਕੋਟ ਮੌਕੇ ਨਾਲ਼ ਸਨ ਤੇ ਇਕ ਜੇਲ੍ਹ ਦੇ ਅੰਦਰ ਨੂੰ ਫਾਟਕੋਂ ਵੜਦਿਆਂ ਸਾਹਮਣੇ ਖੱਬੀ ਕੰਧ ਦੇ ਨਾਲ਼ ਨਾਲ਼ ਜ਼ਰਾ ਹਟਵੀਂਆਂ ਆਪਸ ਵਿਚ 30 ਫੁਟ ਦੀ ਵਿਥ ਛੱਡ ਕੇ ਦੋ ਬਾਰਕਾਂ ਸਨ ਤੇ ਸੱਜੀ ਕੰਧ ਨਾਲੋਂ ਹਟ ਕੇ ਇਕ ਹੋਰ ਬਾਰਕ ਸੀ। ਸਾਹਮਣੀ ਤੇ ਸੱਜੀ ਬਾਰਕ ਪੁਰਾਣੀ ਨਿੱਕੀ ਇੱਟ ਦੀਆਂ ਸਨ। ਬਾਕੀ ਸਾਰਾ ਵਿਹੜਾ ਖਾਲੀ ਮੈਦਾਨ ਸੀ, ਜਿਸ ਵਿਚ ਬਾਰਕਾਂ ਦੇ ਨਾਲ ਨਾਲ 30 ਫੁਟ ਦੀ ਕੋਰ ਛੱਡ ਕੇ ਬਾਕੀ ਥਾਂ ਘਾਹ ਲਾਇਆ ਹੋਇਆ ਸੀ। ਇਸ ਕੋਰ ਉਤੇ ਅੱਠ ਕੁ ਟਾਹਲੀਆਂ ਖੜੀਆਂ ਸਨ। ਜਿਨ੍ਹਾਂ ਦੀ ਛਾਵੇਂ ਦਿਨ ਨੂੰ ਕੈਦੀ ਬੈਠ ਰਹਿੰਦੇ ਸਨ।
ਅਸੀਂ ਏਥੇ 1930 ਦੀ ਸਤਿਆਗਰਹਿ ਲਹਿਰ ਦੇ ਹੀ ਕੈਦੀ ਸਾਂ। ਪਹਿਲੀ ਬਾਰਕ ਵਿਚ ਅਸੀਂ ਅੰਮ੍ਰਿਤਸਰ ਦੀ ਜੇਲ੍ਹ ਤੋਂ ਆਏ ਸਾਂ ਤੇ ਅਗਲੀ ਬਾਰਕ ਵਿਚ ਸ਼ੇਖੂਪੁਰ ਤੋਂ। ਤੀਜੀ ਸੱਜੇ ਹੱਥ ਦੀ ਬਾਰਕ ਨੂੰ ਅੰਦਰ ਕੰਧਾਂ ਕਰਕੇ ਤੇ ਵਿਚ ਦੀ ਗਲੀ ਛੱਡ ਕੇ ਦੁਹੀਂ ਪਾਸੀਂ ਦਸ ਦਸ ਕੋਠੜੀਆਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਦੇ ਲੋਹੇ ਦੀਆਂ ਮੋਟੀਆਂ ਸੀਖਾਂ ਵਾਲੇ ਦਰਵਾਜ਼ੇ ਇਸ ਗਲੀ ਵਿਚ ਸਨ ਤੇ ਬਾਰੀਆਂ ਬਾਹਰ ਨੂੰ। ਰਾਤ ਨੂੰ ਹਰ ਕੋਠੜੀ ਨੂੰ ਜੰਦਰਾ ਮਾਰ ਕੇ ਬਾਹਰੋਂ ਗਲੀ ਵੀ ਤਾਲਾ-ਬੰਦ ਕਰ ਦਿੱਤੀ ਸੀ।
ਇਨ੍ਹਾਂ ਕੋਠੜੀਆਂ ਵਿਚ ਗ਼ਦਰ ਪਾਰਟੀ ਦੇ ਉਹ ਸੂਰਬੀਰ ਕੈਦੀ ਰੱਖੇ ਹੋਏ ਸਨ, ਜਿਨ੍ਹਾਂ ਨੂੰ ਹਥਿਆਰਬੰਦ ਬਗ਼ਾਵਤ ਨਾਲ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣ ਦੇ ਦੋਸ਼ ਵਿਚ 1915-16 ਦੇ ਲਾਹੌਰ ਸਾਜ਼ਿਸ਼ ਕੇਸ ਦੇ ਮੁਕਦਮਿਆਂ ਵਿਚ ਉਮਰ ਕੈਦ, ਕਾਲੇ ਪਾਣੀ ਤੇ ਘਰ ਘਾਟ ਜ਼ਬਤੀ ਦੀਆਂ ਸਜ਼ਾਵਾਂ ਹੋਈਆਂ ਸਨ। ਇਨ੍ਹਾਂ ਇਨਕਲਾਬੀ ਯੋਧਿਆਂ ਤੇ ਇਨ੍ਹਾਂ ਦੀ ਪਾਰਟੀ ਦੀਆਂ ਕਰਨੀਆਂ ਤੇ ਕੁਰਬਾਨੀਆਂ ਦਾ ਬਾਹਰ ਕੌਮੀ ਲਹਿਰ ਅੰਦਰ ਆਮ ਚਰਚਾ ਸੀ। ਉਨ੍ਹਾਂ ਵਿਚੋਂ ਬਾਬਾ ਸ਼ੇਰ ਸਿੰਘ ਵੇਈਂ ਪੋਈਂ (ਅੰਮ੍ਰਿਤਸਰ) ਬਾਬਾ ਵਸਾਵਾ ਸਿੰਘ ਜਰਮਣ ਗਿਲਵਾਲੀ (ਅੰਮ੍ਰਿਤਸਰ) ਸੰਤ ਭਾਈ ਰਣਧੀਰ ਸਿੰਘ ਨਾਰੰਗ ਵਾਲ (ਲੁਧਿਆਣਾ) ਬਾਬਾ ਹਰਨਾਮ ਸਿੰਘ ਕਾਲਾ ਸਿੰਘੀਆ (ਕਪੂਰਥਲਾ) ਤੇ ਭਾਈ ਕਰਤਾਰ ਸਿੰਘ ਨਵੇਂ ਚੰਦ (ਫਿਰੋਜ਼ਪੁਰ) ਦੇ ਨਾਂ ਯਾਦ ਹਨ। ਇਨ੍ਹਾਂ ਸਾਰਿਆਂ ਤੋਂ ਵਾਣ ਵਟਾਇਆ ਜਾਂਦਾ ਸੀ। ਜੇਲ੍ਹਾਂ ਦੀਆਂ ਸਖ਼ਤੀਆਂ ਤੇ ਮਾਰਾਂ ਸਹਿ ਸਹਿ ਕਮਾਏ ਹੋਏ ਇਨ੍ਹਾਂ ਦੇ ਜੁਸਿਆਂ ਨੂੰ ਤਕ ਤਕ ਅਸੀਂ ਅਤਿਅੰਤ ਪਰਭਾਵਤ ਹੋਏ ਤੇ ਆਪਣੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਉਤੇ ਸਾਨੂੰ ਬੜਾ ਮਾਣ ਸੀ, ਹਾਥੀ ਅਗੇ ਗਾਹਲੜ ਸਮਝਣ ਲੱਗ ਪਏ।
ਉਨ੍ਹਾਂ ਹੀ ਦਿਨਾਂ ਵਿਚ ਕੌਮੀ ਯੋਧਾ ਭਗਤ ਸਿੰਘ ਤੇ ਉਸ ਸੂਰਮੇ ਸਾਥੀ ਏਸੇ ਹੀ ਸੈਂਟਰਲ ਜੇਲ੍ਹ ਦੀ 14 ਨੰਬਰ (ਨਵੀਂ) ਬਾਰਕ ਵਿਚ ਬੰਦ ਸਨ ਤੇ ਉਨ੍ਹਾਂ ਦੀ ਅਪੀਲ ਚਲ ਰਹੀ ਸੀ ਤੇ ਆਮ ਜਨਤਾ ਤੇ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ। ਸਾਨੂੰ ਝਬਦੇ ਹੀ ਪਤਾ ਲੱਗ ਗਿਆ ਕਿ ਜਿਸ ਕਿਸੇ ਨੇ ਉਨ੍ਹਾਂ ਦੇ ਦਰਸ਼ਨ ਕਰਨੇ ਹੋਣ ਤਾਂ ਹਸਪਤਾਲ ਚਲਿਆ ਜਾਏ। ਉਹ ਇਸ ਕੰਮ ਵਾਸਤੇ ਨੇਮ ਨਾਲ ਰੋਜ਼ ਹਸਪਤਾਲ ਆਉਂਦੇ ਸਨ। ਸਾਡੇ ਵਿਚੋਂ ਕਈ 'ਬੀਮਾਰ' ਹੋਣ ਦੇ ਪਜ ਹਸਪਤਾਲ ਜਾ ਕੇ ਉਨ੍ਹਾਂ ਨੂੰ ਮਿਲ ਆਏ। ਅਰਜਨ ਸਿੰਘ ਗੜਗੱਜ ਵੀ ਉਨ੍ਹਾਂ ਵਿਚੋਂ ਇਕ ਸੀ। ਪਰ ਅਸੀਂ ਪੇਂਡੂ ਸੰਗਾਊ ਸੁਭਾਅ ਹੋਣ ਕਰਕੇ ਬੀਮਾਰ ਬਣਨ ਦਾ ਪਜ ਨਾ ਲਾ ਸਕੇ ਤੇ ਡਰਦੇ ਰਹੇ, ਕਿ ਮਤਾਂ ਹਸਪਤਾਲ ਵਿਚ ਉਸ ਪੂਰਬੀਏ ਵਾਂਗ ਸਾਨੂੰ ਵੀ ਅਨੀਮਾ ਨਾ ਕਰ ਦੇਣ। ਤੇ ਬੀਮਾਰੀ ਆਪਣੇ ਆਪ ਸਾਨੂੰ ਕੋਈ ਨਾ ਲੱਗੀ। ਇਸ ਲਈ ਉਸ ਸ਼ਹੀਦ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ। ਪਰ ਇਨ੍ਹਾਂ ਕੌਮੀ ਸੂਰਬੀਰਾਂ ਦੀ ਏਥੇ ਹੋਂਦ ਨੇ ਸਾਡੇ ਤੇ ਬੜਾ ਅਸਰ ਪਾਇਆ।
ਅਸੀਂ ਸਤਿਆਗਰਹਿ ਵਿਚ ਵਲ੍ਹੇਟੇ ਹੋਏ ਕੈਦੀ ਬਹੁਤਾ ਨਵਾਂ ਪੋਸ਼ ਸਾਂ, ਪਰ ਸਾਡਾ ਬਾਹਲਾ ਝੁਕਾਅ ਹਥਿਆਰਬੰਦ ਇਨਕਲਾਬ ਵਲ ਸੀ, ਅਸੀਂ ਬਾਹਲੇ ਕੈਦੀ ਮਹਾਤਮਾ ਗਾਂਧੀ ਦੀ ਸ਼ਾਂਤਮਈ ਲਾਈਨ ਨੂੰ, ਬਿਲਕੁਲ ਕੂੜਾ ਤਾਂ ਨਹੀਂ, ਪਰ, ਘਟੀਆ ਤੇ ਬੇ-ਅਸਰ ਸਮਝਦੇ ਸਾਂ। ਗਦਰ ਪਾਰਟੀ ਦੇ ਬਾਬਿਆਂ ਦੀ ਸੰਗਤ ਤੇ ਭਗਤ ਸਿੰਘ ਹੋਰਾਂ ਦੀ ਉਸੇ ਜੇਲ੍ਹ ਵਿਚ ਹੋਂਦ ਨੇ ਸਾਡੀ ਇਨਕਲਾਬੀ ਰੁਚੀ ਨੂੰ ਹੋਰ ਭਾਰਾ ਕੀਤਾ।
ਸਾਡੇ ਵਿਚੋਂ ਫੀਰੋਜ਼ਦੀਨ ਮਨਸੂਰ ਰਾਜਸੀ ਤੌਰ ਤੇ ਸਿਆਣਾ ਸੀ। ਉਸ ਤੋਂ ਅਸਾਂ ਪਹਿਲੀ ਵਾਰ ਸਮਾਜ ਦੀ ਜਮਾਤੀ-ਵੰਡ ਤੇ ਮਿਹਨਤੀ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਆਪਣੀਆਂ ਲਹਿਰਾਂ ਬਾਰੇ ਸੁਣਿਆ ਤੇ ਰੂਸ ਵਿਚ ਉਨ੍ਹਾਂ ਦੇ ਬਣ ਗਏ ਹੋਏ ਰਾਜ ਬਾਬਤ ਵਧੇਰੇ ਗਿਆਨ ਪ੍ਰਾਪਤ ਕੀਤਾ। ਕਮਿਊਨਿਸਟ ਸ਼ਬਦ ਅਸਾਂ ਉਦੋਂ ਤਕ ਨਹੀਂ ਸੀ ਸੁਣਿਆ।
ਬਾਬਿਆਂ ਦੇ ਦਰਸ਼ਨਾਂ ਤੇ ਸੰਗਤ ਨਾਲ ਸਾਨੂੰ ਇਨਕਲਾਬੀ ਪੱਖ ਭਾਵੇਂ ਜ਼ਿਆਦਾ ਪਰਬਲ ਤੇ ਯਥਾਰਥ ਦਿਸਣ ਲੱਗ ਗਿਆ ਸੀ, ਪਰ ਕਿਸ ਤਰ੍ਹਾਂ ਦਾ ਤੇ ਕਿਹੜਾ ਇਨਕਲਾਬ, ਇਸ ਬਾਰੇ ਅਸੀਂ ਸਾਫ ਨਹੀਂ ਸਾਂ। ਬਾਹਰ ਲਹਿਰ ਵਿਚ ਸਾਨੂੰ ਆਈਰਸ਼ ਇਨਕਲਾਬ ਤੇ ਰੂਸੀ ਇਨਕਲਾਬ ਇਕੋ ਜਿਹੇ ਲੱਗਦੇ ਸਨ। ਬਾਹਰ ਹਿੰਦੋਸਤਾਨੀ ਸੋਸ਼ਲਿਸਟ ਰੀਪਬਲਿਕਨ ਆਰਮੀ ਦੇ ਸੰਗਰਾਮੀਆਂ ਵਲੋਂ ਪੜ੍ਹੇ ਲਿਖੇ ਵਰਕਰਾਂ ਨੂੰ ਡੌਨ ਓਬਰੀਨ ਦੀ ਲਿਖੀ 'ਮੇਰੀ ਆਜ਼ਾਦੀ ਦੀ ਲੜਾਈ' ਤੇ ਰੂਸ ਦੇ ਕੌਮੀ ਇਨਕਲਾਬੀਆਂ ਦੀਆਂ ਸੂਰਮਗਤੀ ਤੇ ਸ਼ਹਾਦਤ ਦੀਆਂ ਵਿਅਕਤੀਗਤ ਕਹਾਣੀਆਂ ਪੜ੍ਹਨ ਨੂੰ ਦਿਤੀਆਂ ਜਾਂਦੀਆਂ ਸਨ, ਜਿਸ ਕਰਕੇ ਅਸੀਂ ਇਨ੍ਹਾਂ ਇਨਕਲਾਬਾਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਕਰਨੀਆਂ ਤੇ ਕੁਰਬਾਨੀਆਂ ਦੇ ਹੀ ਸੁਹਲੇ ਗਾਉਂਦੇ ਸਾਂ ਤੇ ਉਨ੍ਹਾਂ ਦੇ ਪੂਰਨਿਆਂ ਉਤੇ ਤੁਰਨਾ ਹੀ ਸਾਡੀ ਵੱਡੀ ਇੱਛਾ ਸੀ। ਸਾਡੀ ਇਸ ਸਮਝ ਤੋਂ ਐਨਾ ਇਨਕਲਾਬ ਨਹੀਂ ਸੀ ਸਪਸ਼ਟ, ਜਿੰਨਾ ਬੀਰਤਾਵਾਦ। ਫੀਰੋਜ਼ਦੀਨ ਮਨਸੂਰ ਦੀ ਸੰਸਥਾ ਨੇ ਸਾਨੂੰ ਇਨ੍ਹਾਂ ਦੋਹਾਂ ਇਨਕਲਾਬਾਂ ਦਾ ਫਰਕ ਉਘੇੜ ਕੇ ਦੱਸਿਆ ਤੇ ਅਸੀਂ ਸਰਮਾਇਆਦਾਰ ਇਨਕਲਾਬ ਤੇ ਮਜ਼ਦੂਰ ਇਨਕਲਾਬ ਦੀ ਪਛਾਣ ਕਰਨ ਲੱਗ ਪਏ। ਕਿਉਂ ਕਿ ਅਸੀਂ ਬਾਹਲੇ ਪੇਂਡੂ ਕਿਸਾਨ ਤੇ ਸ਼ਹਿਰੀ ਕਮਾਊ ਤਬਕੇ ਦੇ ਬੰਦੇ ਸਾਂ। ਇਸ ਲਈ ਸਾਨੂੰ ਮਜ਼ਦੂਰ ਇਨਕਲਾਬ ਜ਼ਿਆਦਾ ਪਸੰਦ ਆਇਆ, ਜਿਸ ਦੀ ਰੂਸ ਅੰਦਰ ਜਿੱਤ ਪੱਕੀ ਹੋ ਚੁਕੀ ਸੀ।
ਸੁਪਰਡੰਟ ਦੇ ਵਹਿਦੇ ਅਨੁਸਾਰ ਕੋਈ ਹਫ਼ਤੇ ਕੁ ਬਾਅਦ ਸਾਡੇ 40 ਹਮ ਕੈਦੀਆਂ ਨੂੰ 'ਬਾਹਰ ਸਵਾਉਣ' ਵਾਸਤੇ ਸਾਡੇ ਵਿਚੋਂ ਕੱਢ ਕੇ ਲੈ ਗਏ। ਅਗਲੇ ਦਿਨ 60 ਹੋਰ, ਜਿਨ੍ਹਾਂ ਵਿਚ ਮੈਂ ਤੇ ਬਾਠ ਵੀ ਸਾਂ। ਸਾਨੂੰ ਲੁਹਾਰਖਾਨੇ ਲਿਜਾ ਕੇ ਬੇੜੀਆਂ ਲਾ ਦਿੱਤੀਆਂ ਅਤੇ ਡਿਉੜ੍ਹੀ ਵਿਚ ਲਿਜਾ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਨੇ ਸਾਨੂੰ ਹੱਥਕੜੀਆਂ ਵਿਚ ਜਰੁਟ ਕਰ ਲਿਆ ਤੇ ਬਾਹਰ ਲਿਜਾ ਕੇ ਦੋਂਹ ਲਾਰੀ-ਪਿੰਜਰਿਆ ਵਿਚ ਡੱਕ ਦਿੱਤਾ। ਲਾਰੀਆਂ ਲਾਹੌਰ ਰੇਲਵੇ ਸਟੇਸ਼ਨ ਤੇ ਆ ਕੇ ਰੁਕ ਗਈਆਂ ਤੇ ਸਾਨੂੰ ਉਤਾਰ ਕੇ ਪਲੇਟਫਾਰਮ ਉਤੇ ਲਿਜਾਇਆ ਗਿਆ। ਲਾਰੀਆਂ ਵਿਚ ਬੈਠਦਿਆਂ ਹੀ ਅਸਾਂ ਨਾਅਰੇ ਚੁਕ ਲਏ। ਸਟੇਸ਼ਨ ਤੇ ਜਾ ਕੇ ਬੇਅੰਤ ਭੀੜ ਸਾਡੇ ਉਦਾਲੇ ਇਕੱਠੀ ਹੋ ਗਈ, ਜਿਸ ਨੂੰ ਵੇਖ ਕੇ ਅਸੀਂ ਹੋਰ ਚਾਹਮਲ ਗਏ ਤੇ ਵਧੇਰੇ ਉਧੜ ਧੁਮੀ ਚੁਕ ਲਈ। ਇਹ ਰੌਲਾ ਸੁਣ ਕੇ ਪਤਾ ਨਹੀਂ ਕਿਥੋਂ ਇਕ ਅੰਗਰੇਜ਼ ਅਫਸਰ ਆ ਗਿਆ। ਉਸ ਦੇ ਕਹਿਣ ਉਤੇ ਪੁਲਸ ਸਾਨੂੰ ਪਲੇਟਫਾਰਮ ਤੋਂ ਦੂਰ ਲਾਈਨਾਂ ਵਿਚ ਲੈ ਗਈ ਤੇ ਓਥੇ ਖੜੇ ਇਕ ਸੀਖਾਂ ਵਾਲੇ ਕੈਦੀ ਡੱਬੇ ਵਿਚ ਲਿਜਾ ਵਾੜਿਆ।
ਉਦੋਂ ਕੈਦੀਆਂ ਵਾਸਤੇ ਖਾਸ ਡੱਬੇ ਬਣਾਏ ਹੁੰਦੇ ਸਨ, ਜਿਨ੍ਹਾਂ ਦੀਆਂ ਬਾਰੀਆਂ ਤੇ ਬੂਹਿਆਂ ਵਿਚ ਲੋਹੇ ਦੀਆਂ ਮੋਟੀਆਂ ਸੀਖਾਂ ਜੜੀਆਂ ਹੁੰਦੀਆਂ ਸਨ। ਸੀਟਾਂ ਦੇ ਬੈਂਚ ਚੌੜੇ ਰੁਕ ਹੁੰਦੇ ਸਨ। ਬੈਂਚਾਂ ਦੀਆਂ ਜੁੜਵੀਆਂ ਪਿੱਠਾਂ ਉਤੇ ਵੀ ਸੀਖਾਂ ਲੱਗੀਆਂ ਹੁੰਦੀਆਂ ਸਨ। ਇਸ ਤਰ੍ਹਾਂ ਇਕ ਡੱਬੇ ਵਿਚ ਸੀਖਾਂ ਦੇ ਪੰਜ ਪਿੰਜਰੇ ਹੁੰਦੇ ਸਨ। ਇਕ ਪਿੰਜਰੇ ਵਿਚ ਆਹਮੋ ਸਾਹਮਣੇ ਬਾਰਾਂ ਸੀਟਾਂ ਸਨ, ਉਨ੍ਹਾਂ ਉਤੇ ਕੈਦੀਆਂ ਨੂੰ ਬਿਠਾ ਕੇ ਬਾਹਰੋਂ ਜੰਦਰਾ ਮਾਰ ਦਿੱਤਾ ਜਾਂਦਾ ਸੀ। ਪੁਲਸ ਪਿੰਜਰਿਆਂ ਵਿੱਚ ਨਾਲ ਨਹੀਂ ਸੀ ਬੈਠਦੀ। ਉਹਦੇ ਵਾਸਤੇ ਡੱਬੇ ਅੰਦਰ ਪਿੰਜਰਿਆਂ ਦੇ ਦੋਹੀਂ ਪਾਸੀਂ ਬੈਠਣ ਦੀ ਜੁਦਾ ਥਾਂ ਬਣਾਈ ਹੁੰਦੀ ਸੀ। ਉਹ ਉਥੇ ਬੈਠ ਕੇ ਸੀਖਾਂ ਵਿਚ ਦੀ ਸਭ ਕੈਦੀਆਂ ਨੂੰ ਨਿਗਾਹ ਹੇਠ ਰੱਖ ਲੈਂਦੀ ਸੀ।
ਅਸੀਂ ਇਕ-ਇਕ ਹਥਕੜੀ ਵਿਚ ਦੋ-ਦੋ ਪਰੋਤੇ ਹੋਏ ਸਾਂ। ਇਕ-ਇਕ ਪਿੰਜਰੇ ਵਿਚ 6-6 ਜਰੁਟ ਬੰਦ ਕੀਤੇ ਗਏ। ਪਹਿਲਾਂ ਇਕ ਪਿੰਜਰੇ ਦੀਆਂ ਹੱਥਕੜੀਆਂ ਦੀ ਹਮੇਲ ਕੀਤੀ ਗਈ, ਫੇਰ ਹੱਥਕੜੀ ਦੀ ਵਧਦੀ ਸੰਗਲੀ ਸੀਖਾਂ ਥਾਣੀ ਅਗਲੇ ਪਿੰਜਰੇ ਵਿਚ ਲਿਜਾ ਕੇ ਹਮੇਲ ਵਿਚ ਪਰੋਤੀ ਗਈ, ਇਸ ਤਰ੍ਹਾਂ ਅਗਾਂਹ ਦੀ ਅਗਾਂਹ ਹਮੇਲ ਬਣਦੀ ਗਈ ਤੇ ਅਖੀਰਲੀ ਹਮੇਲ ਦੀ ਸੰਗਲੀ ਉਧਰ ਬੈਠੇ ਸਿਪਾਹੀ ਦੀ ਪੇਟੀ ਵਿਚ ਦੀ ਲੰਘਾ ਲਈ ਗਈ।
ਤਰਕਾਲੀਂ ਪਈਂ ਇਸ ਡੱਬੇ ਨੂੰ ਪਲੇਟ ਫਾਰਮ ਉਤੇ ਲਿਆ ਕੇ ਡਾਕ ਗੱਡੀ ਨਾਲ ਲਾ ਦਿੱਤਾ ਗਿਆ। ਡੱਬਾ ਲੱਗਦਿਆਂ ਹੀ ਗੱਡੀ ਤੁਰ ਪਈ, ਜਿਸ ਤਰ੍ਹਾਂ ਏਸੇ ਨੂੰ ਹੀ ਉਡੀਕ ਰਹੀ ਹੋਵੇ। ਅਸਾਂ ਗੱਡੀ ਦੇ ਪਲੇਟ ਫਾਰਮ ਤੋਂ ਨਿਕਲਦਿਆਂ ਨਿਕਲਦਿਆਂ ਅਨੇਕਾਂ ਨਾਅਰੇ ਮਾਰ ਲਏ।
ਪੈਰੀਂ ਬੇੜੀਆਂ, ਗੁਟਾਂ ਨੂੰ ਹੱਥਕੜੀਆਂ ਤੇ ਉਹ ਵੀ ਹਮੇਲੀਆਂ ਹੋਈਆਂ, ਗਰਮੀ ਦੇ ਦਿਨ, ਓੜਕ ਦਾ ਹੁਸੜ ਤੇ ਤੰਗ ਬੈਂਚਾਂ ਉਤੇ ਨੂੜ ਕੇ ਬਿਠਾਏ ਹੋਏ ਅਸੀਂ ਬੇਅੰਤ ਤੰਗ ਸਾਂ। ਪਰ ਦੇਸ਼ ਭਗਤੀ ਦਾ ਜਜ਼ਬਾ ਸਾਡੀ ਜ਼ਬਾਨ ਉਤੇ ਸ਼ਿਕਾਇਤ ਦਾ ਕੋਈ ਸ਼ਬਦ ਨਹੀਂ ਸੀ ਆਉਣ ਦਿੰਦਾ। ਇਸ ਤੰਗੀ ਨੇ ਸਾਡੇ ਅੰਦਰ ਇਹ ਘੁਮੰਡ ਪੈਦਾ ਕਰ ਛੱਡਿਆ ਸੀ ਕਿ ਅੰਗਰੇਜ਼ੀ ਰਾਜ ਦੇ ਜ਼ੁਲਮਾਂ ਤੇ ਸਖ਼ਤੀਆਂ ਨੂੰ ਕਿਸੇ ਨਾਂਹ ਨੁਕਰ ਤੋਂ ਬਿਨਾਂ ਸਹਾਰੀ ਜਾਣਾ ਵੀ ਸੂਰਬੀਰਤਾ ਹੈ। ਇਸ ਲਈ ਇਹ ਜੇਲ੍ਹ ਪਿੰਜਰਿਆਂ ਦੀ ਬਿਪਤਾ ਵੀ ਭਾਵੇਂ ਅੰਦਰੋਂ ਨਹੀਂ ਪਰ ਬਾਹਰੋਂ ਦਿਖਾਵੇ ਨੂੰ, ਅਸੀਂ ਖਿੜੇ ਮੱਥੇ ਸਹਾਰੀ ਗਏ ਅਤੇ ਜਦੋਂ ਗੱਡੀ ਕਿਸੇ ਵੱਡੇ ਸਟੇਸ਼ਨ ਉਤੇ ਖਲੋ ਜਾਂਦੀ ਤਾਂ ਅਸੀਂ ਸਾਰੇ ਹੱਥਕੜੀਆਂ ਛਣਕਾ ਛਣਕਾ ਕੇ ਇਕੋ ਹੇਕ ਵਿਚ ਗਾਉਣ ਲੱਗ ਜਾਂਦੇ।
'ਹੱਥਕੜੀਆਂ ਜਿਨ੍ਹਾਂ ਦੇ ਗਹਿਣੇ ਨੇ, ਉਨ੍ਹਾਂ ਫਾਂਸੀ ਝੂਟੇ ਲੈਣੇ ਨੇ' ਇਹਨਾਂ ਪਿੰਜਰਿਆਂ ਵਿਚ ਅਸੀਂ ਕਿਸੇ ਤਰ੍ਹਾਂ ਵੀ ਲਕ ਸਿਧਾ ਨਹੀਂ ਸਾਂ ਕਰ ਸਕਦੇ। ਇਸ ਲਈ ਸੌਣ ਦਾ ਤਾਂ ਸਵਾਲ ਹੀ ਪੈਦਾ ਨਾ ਹੋਇਆ। ਪਰ ਇਸ ਦਾ ਇਹ ਫਾਇਦਾ ਹੋਇਆ ਕਿ ਰਾਹ ਵਿਚ ਅਸਾਂ ਕੋਈ ਸਟੇਸ਼ਨ ਸੁਕਾ ਨਾ ਜਾਣ ਦਿੱਤਾ ਜਿਥੇ ਅਸੀਂ ਨਾਅਰੇ ਮਾਰ ਕੇ ਲੋਕਾਂ ਨੂੰ ਇਕੱਠਾ ਨਾ ਕਰ ਲੈਂਦੇ ਰਹੇ ਅਤੇ ਕੈਦੀ ਹੁੰਦੇ ਵੀ ਉਸ ਸਰਕਾਰ ਵਿਰੁਧ ਭੜਥੂ ਪਾਈ ਗਏ, ਜਿਸ ਨੇ ਇਸੇ ਹੀ ਕੰਮ ਤੋਂ ਰੋਕਣ ਲਈ ਸਾਨੂੰ ਕੈਦ ਕਰਕੇ ਇਹਨਾਂ ਪਿੰਜਰਿਆਂ ਵਿਚ ਤਾੜਿਆ ਹੋਇਆ ਸੀ।
ਅਗਲੇ ਦਿਨ ਲੌਢੇ ਵੇਲ਼ੇ ਸਾਨੂੰ ਅਟਕ ਸਟੇਸ਼ਨ ਉੱਤੇ ਉਤਾਰ ਲਿਆ ਗਿਆ। ਅਸੀਂ ਬੇੜੀਆਂ ਛਣਕਾਉਂਦੇ ਪਲੇਟਫਾਰਮ 'ਤੇ ਹੋ ਖਲੋਤੇ। ਸਟੇਸ਼ਨ ਦਰਿਆ ਅਟਕ ਦੇ ਪੁਲ ਦੇ ਐਨ ਮੂੰਹ ਉਤੇ ਸੀ ਤੇ ਸਿਵਾਏ ਰੇਲ ਦੇ ਆਉਣ ਜਾਣ ਅਤੇ ਸਟੇਸ਼ਨ ਦੀ ਥਾਂ ਛੱਡ ਕੇ ਚਾਰ ਚੁਫੇਰਿਉਂ ਪਹਾੜੀਆਂ ਵਿੱਚ ਵਲਿਆ ਹੋਇਆ ਸੀ। ਸਟੇਸ਼ਨੋਂ ਤੇ ਪੁਲ ਤੋਂ ਹੇਠਾਂ ਪੱਕੀ ਸੜਕ ਸਰਹੱਦ ਵਾਲ਼ੇ ਪਾਸਿਓਂ ਰੇਲ ਦੇ ਪੁਲ ਹੇਠ ਦੀ ਲੰਘ ਕੇ ਦਰਿਆ ਦੇ ਕੰਢੇ-ਕੰਢੇ ਉੱਤਰ ਵੱਲ ਨੂੰ ਚਲੀ ਗਈ ਸੀ, ਜੋ ਪਹਾੜ ਦੀ ਦਰਿਆ ਵਾਲ਼ੀ ਵੱਖੀ ਕੱਟ ਕੇ ਬਣਾਈ ਹੋਈ ਸੀ। ਇੱਕ ਬਾਬੂ ਦੋ ਕੁ ਕੁਲੀਆਂ, ਸਾਡੀ ਗਾਰਦ ਤੇ ਸਾਥੋਂ ਬਗੈਰ ਹੋਰ ਕੋਈ ਜੀ ਸਟੇਸ਼ਨ ਉੱਤੇ ਨਹੀਂ ਸੀ।
ਏਥੇ ਆ ਕੇ ਪੁਲਸ ਨੇ ਦੱਸਿਆ ਕਿ ਸਾਨੂੰ 'ਬਾਹਰ ਸਵਾਉਣ' ਲਈ ਕਿੱਥੇ ਲਿਜਾਇਆ ਜਾ ਰਿਹਾ ਸੀ। ਰਾਜਸੀ ਕੈਦੀਆਂ ਵਾਸਤੇ ਅਟਕ ਦੇ ਕਿਲ੍ਹੇ ਵਿੱਚ ਜੇਲ੍ਹ ਬਣਾਈ ਗਈ ਸੀ, ਜਿਸ ਨੂੰ ਪੁਲਸ ਨੇ ਦੋ ਕੁ ਮੀਲ ਦੱਸਿਆ। ਸਾਨੂੰ ਦੋ ਮੀਲ ਤੁਰਨਾ ਸੁਣ ਕੇ ਢਿੱਡੀਂ ਹੌਲ ਪੈਣ ਲੱਗ ਪਏ।
'ਹੈਂ? ਦੋ ਮੀਲ?' ਸਾਡਾ ਕਈਆਂ ਦਾ ਤਾਂ ਮੂੰਹ ਹੀ ਟੱਡਿਆ ਗਿਆ।
'ਹੱਥਕੜੀਆਂ ਬੇੜੀਆਂ, ਮੋਢਿਆਂ ਉੱਤੇ ਆਪੋ ਆਪਣਾ ਸਾਮਾਨ? ਉੱਤੋਂ ਦੋ ਮੀਲ ਦਾ ਪਹਾੜੀ ਪੈਂਡਾ!' ਅਸੀਂ ਲੱਗੇ ਭਾਰਤ-ਮਾਤਾ ਨੂੰ ਧਿਆਉਣ ਤੇ ਬਲ ਮੰਗਣ ਕਿ ਇਸ ਅਜੋੜ ਘਾਟੀ ਵਿੱਚੋਂ ਸਾਨੂੰ ਪਾਰ ਲਾਵੇ।
ਇਹ ਸਾਨੂੰ ਪਿਛਲੀ ਤੰਗੀ ਨਾਲ਼ੋਂ ਕਿਤੇ ਜ਼ਿਆਦਾ ਕਠਨ ਦਿਸਦੀ ਸੀ। ਇਸ 'ਤੇ ਸਹਿਮ ਕੇ ਸਾਡੀ ਤਿੜੀ ਹੋਈ ਦੇਸ਼ ਭਗਤੀ ਵਿੱਚ ਹੁਣ ਫਰਕ ਆ ਗਿਆ। ਅਸਾਂ ਕਈਆਂ ਨੇ ਤੁਰਨੋਂ ਨਾਂਹ ਕਰ ਦਿੱਤੀ ਤੇ ਸਵਾਰੀ ਦਾ ਬੰਦੋਬਸਤ ਕਰਨ ਲਈ ਪੁਲਸ ਅੱਗੇ ਮੁਤਾਲਬਾ ਰੱਖ ਦਿੱਤਾ। ਪਰ ਇਸ ਉਜਾੜ ਬੀਆਬਾਨ ਵਿੱਚ ਜਿਥੇ ਨਾ ਬੰਦਾ ਤੇ ਨਾ ਪਰਿੰਦਾ, ਸਵਾਰੀ ਕਿੱਥੋਂ ਆਵੇ? ਅਜੀਬ ਬਿਪਤਾ ਸੀ। ਗਾਰਦ ਦਾ ਅਫਸਰ ਬੜਾ ਮੀਸਣਾ ਸੀ। ਉਹ ਸਾਰੇ ਰਾਹ ਸਾਡੇ ਸਿਰ ਨਹੀਂ ਆਇਆ। ਸਾਡੀ ਨਾਂਹ ਨੁਕਰ ਵੇਖ ਕੇ ਕਹਿਣ ਲੱਗਾ :
'ਚੰਗਾ ਭਾਈ! ਅਸੀਂ ਵੀ ਬੈਠ ਜਾਂਦੇ ਹਾਂ, ਜਿਹੜੀ ਸਵਾਰੀ ਤੁਹਾਡੇ ਵਾਸਤੇ ਆਊ, ਉਹ ਸਾਨੂੰ ਵੀ ਲੈ ਜਾਊ।'
ਉਹ ਸਾਡੇ ਨਾਲ਼ ਹੀ ਪਲੇਟ ਫਾਰਮ ਉੱਤੇ ਵਿਛਾਈ ਹੋਈ ਲਾਲ ਜੀਰੀ ਵਰਗੀ ਬੱਜਰੀ ਉਤੇ ਪਥਲਾ ਮਾਰ ਕੇ ਬੈਠ ਗਿਆ। ਉਸ ਦਾ ਇਹ ਪੈਂਤਰਾ ਕੰਮ ਕਰ ਗਿਆ। ਉਸ ਨੂੰ ਬੈਠਿਆਂ ਵੇਖ ਇਕ ਤਾਂ ਸਾਡਾ ਲੜਾਈ ਕਰਨ ਦਾ ਮਚ ਮਰ ਗਿਆ, ਦੂਜਾ ਸਾਡੇ ਵਿੱਚੋਂ ਗਹਿਲ ਸਿੰਘ ਛਜਲ ਵੱਢੀ ਵਰਗੇ ਪੁਰਾਣੇ ਜਣੇ ਹਠ ਛੱਡ ਗਏ। ਉਹ ਨਾ ਸਿਰਫ ਆਪ ਜਾਣ ਲਈ ਤਿਆਰ ਹੋ ਗਏ ਸਗੋਂ ਹੋਰਨਾਂ ਨੂੰ ਵੀ ਸਮਝਾਉਣੀਆਂ ਦੇਣ ਲੱਗ ਪਏ।
'ਉੱਠੋ, ਤੁਰੋ, ਏਥੇ ਰਾਤ ਪੈ ਜਾਏਗੀ। ਸਵਾਰੀ ਏਥੇ ਸਾਡਾ ਪਿਉ ਲਿਆਉ?'
'ਚਲੋ! ਘੰਟੇ ਕੁ ਦਾ ਦੁੱਖ ਹੈ। ਫੇਰ ਜਾ ਕੇ ਸੁੱਖ ਨਾਲ਼ ਨਹਾਵਾਂ ਧੋਵਾਂਗੇ ਤੇ ਸੰਵਾਂਗੇ।'
'ਪੁਲਸ ਨਾਲ਼ ਟੱਕਰ ਹੋ ਗਈ ਤੇ ਏਥੇ ਸਾਡੀ ਤਰਫ਼ਦਾਰੀ ਕਿਨ ਕਰਨੀ ਆ? ਅਖ਼ਬਾਰਾਂ ਨੂੰ ਤਾਂ ਖਬਰ ਵੀ ਨਹੀਂ ਜਾਣੀ।' ਇਕ ਹੋਰ ਮਹਾਂ ਪੁਰਸ਼ ਨੇ ਸਾਨੂੰ ਅੜੀ ਵਾਲ਼ੇ ਰਾਹ ਦੇ ਨਿੱਕਲਣ ਵਾਲੇ ਨਤੀਜੇ ਤੋਂ ਖਬਰਦਾਰ ਕੀਤਾ।
ਗੱਲਾਂ ਉਹ ਸੱਚੀਆਂ ਕਹਿ ਰਹੇ ਸਨ, ਜੋ ਕਈਆਂ ਦੇ ਮਨ ਲੱਗ ਗਈਆਂ। ਕੋਈ ਪੰਦਰਾਂ ਵੀਹਾਂ ਮਿੰਟਾਂ ਦੀ ਬਹਿਸ ਤੇ ਬੋਲ ਚਾਲ ਤੋਂ ਬਾਅਦ ਸਾਥੋਂ ਤਿੰਨਾਂ ਜੁਰਟਾਂ ਤੋਂ ਬਗੈਰ ਬਾਕੀ ਸਭ ਉਠ ਕੇ ਤੁਰ ਪਏ। ਪਲੇਟ ਫਾਰਮ ਤੋਂ ਸੜਕ ਉੱਤੇ ਉਤਰ ਕੇ ਗਹਿਲ ਸਿੰਘ ਨੇ ਸਾਨੂੰ ਫੇਰ ਸਦਿਆ।
'ਆ ਜਾਓ ਮੂਰਖੋ! ਅਹਿਮਕਾਂ ਵਾਲ਼ੀ ਸੂਰਮਗਤੀ ਨਾ ਵਿਖਾਓ। ਜਿਸ ਦਾ ਕੋਈ ਫਲ ਨਹੀਂ ਨਿੱਕਲਣਾ। ਗਾਂਧੀ ਜੀ ਇਸ ਤਰ੍ਹਾਂ ਦੀ ਨਿਰਮੂਲ ਅੜੀ ਕਰਨ ਵਾਸਤੇ ਨਹੀਂ ਆਖਦੇ।'
ਗੱਲ ਠੀਕ ਸੀ। ਜਦ ਬਹੁਤ ਸਾਰੇ ਤੁਰ ਪਏ, ਅਸੀਂ ਛੇ ਜਾਣੇ ਕੀ ਖੋਹਣ ਖੋਹ ਸਕਦੇ ਸਾਂ। ਉਨ੍ਹਾਂ ਦੀ ਪਹਿਲਾਂ ਉੱਠ ਕੇ ਤੁਰ ਜਾਣ ਦੀ ਕਮਜ਼ੋਰੀ ਨਾਲ਼ ਸਾਡੇ ਵਿੱਚ ਪਈ ਹੋਈ ਦੁਫੇੜ ਨੂੰ ਅਸਾਂ ਦੁਸ਼ਮਣ ਦੀ ਜਿੱਤ ਸਮਝ ਕੇ ਵੀ ਉਸ ਵੇਲ਼ੇ ਅੜਨਾਂ ਨਾ ਅਕਲਮੰਦੀ ਸਮਝਿਆ ਤੇ ਨਾ ਸੂਰਮਗਤੀ।
'ਚਲੋ! ਛਣਕ ਛਣਕ ਛਣਕਊਆ ਹੋ।' ਸਾਡੇ ਵਿੱਚੋਂ ਇਕ ਜਿਉਂਦੇ ਦਿਲ ਨੇ ਪੁਕਾਰਿਆ ਤੇ ਉੱਠ ਕੇ ਤੁਰ ਪਿਆ। ਅਸੀਂ ਵੀ ਉੱਠ ਕੇ ਉਨ੍ਹਾਂ ਨਾਲ਼ ਜਾ ਰਲੇ।
ਸਟੇਸ਼ਨ ਤੋਂ ਬਾਹਰ ਪੁਲਸ ਨੇ ਸਾਡੀ ਫੇਰ ਹਮੇਲ ਬਣਾ ਲਈ। ਸਾਨੂੰ ਸੜਕੇ ਸੜਕ ਤੋਰ ਲਿਆ ਕਾਰਵਾਨਾਂ ਦੇ ਊਠਾਂ ਗਲ ਤੁਰਦਿਆਂ ਵਜ ਰਹੀਆਂ ਟਲੀਆਂ ਦੇ ਰਾਹਾਂ ਤੇ ਸਾਡੀਆਂ ਵੀ ਬੇੜੀਆਂ ਤਾਲ ਸੁਰ ਤੇ ਛਣਕ ਰਹੀਆਂ ਸਨ। ਅਟਕ ਦਰਿਆ ਤੋਂ ਆ ਰਹੀ ਠੰਡੀ ਹਵਾ ਵਿਚ ਕੋਈ ਇਕ ਮੀਲ ਤੋਂ ਵੱਧ ਤੁਰ ਕੇ ਦਰਿਆ ਤੋਂ ਪਰਲੀ ਪਾਰ ਖੈਰਾਬਾਦ ਤੇ ਇਸ ਪਾਰ ਅਟਕ ਦਾ ਕਿਲ੍ਹਾ ਸਾਹਮਣੇ ਦਿੱਸ ਪਿਆ। ਖੁਸ਼ੀ ਹੋਈ ਕਿ ਨੇੜੇ ਹੀ ਛੁਟਕਾਰਾ ਮਿਲ ਗਿਆ। ਪਰ ਫਰਲਾਂਗ ਕੁ ਹੋਰ ਜਾ ਕੇ ਸਾਡੀ ਦਾਈ ਪੁਗਣ ਦੀਆਂ ਉੱਤੇ ਪਾਣੀ ਫਿਰ ਗਿਆ। ਕਿਲ੍ਹੇ ਤੇ ਸੜਕ ਵਿਚਾਲੇ ਇਕ ਬੜੀ ਚੌੜੀ ਤੇ ਡੂੰਘੀ ਖਾਈ ਸੀ। ਕਿਲ੍ਹਾ ਦਰਿਆ ਅਟਕ ਦੇ ਪੂਰਬੀ ਪਾਸੇ ਵਿੱਚੋਂ ਉਭਰ ਕੇ ਉਤਾਂਹ ਨੂੰ ਚੜ੍ਹੀ ਹੋਈ ਇੱਕ ਪਹਾੜੀ ਦੇ ਇਰਦ ਗਿਰਦ ਬਣਿਆ ਹੋਇਆ ਸੀ। ਪਹਾੜੀ ਦੀ ਉਚਾਈ ਅੰਦਰਲੀਆਂ ਬਾਰਕਾਂ ਤੋਂ ਕਿਲ੍ਹੇ ਦੀਆਂ ਕੰਧਾਂ ਨੀਵੀਆਂ ਸਨ। ਇੰਜ ਜਾਪਦਾ ਸੀ ਜਿਵੇਂ ਦਰਿਆ ਵਿੱਚੋਂ ਨਹਾ ਕੇ ਨਿਕਲ ਰਹੀ ਪਹਾੜੀ ਨੇ ਲੱਕ ਨੂੰ ਲੈਂਹਗਾ ਵਲ੍ਹੇਟਿਆ ਹੋਵੇ।
ਪੁਲਸ ਤੋਂ ਪਤਾ ਲੱਗਾ ਕਿ ਕੈਦੀਆਂ ਨੂੰ ਲੈਣ ਵਾਲ਼ਾ ਦਰਵਾਜ਼ਾ ਕਿਲ੍ਹੇ ਦੇ ਪਾਰਲੇ ਪਾਸੇ ਸੀ। ਇਸ ਲਈ ਅਸਾਂ ਕਿਲ੍ਹੇ ਦੀਆਂ ਤਿੰਨ ਤਰਫ਼ਾਂ ਵਲਣੀਆਂ ਸਨ। ਕਿਲ੍ਹੇ ਦੇ ਸਾਹਵੇਂ ਜਾ ਕੇ ਸੜਕ ਘਾਟੀਉਂ ਉਪਰਲੀ ਪਹਾੜੀ ਦੀ ਵੱਖੀ ਵੱਖੀ ਚੜ੍ਹਨੀ ਸ਼ੁਰੂ ਹੋਈ, ਜਿਸ ਦੇ ਨਾਲ਼ ਨਾਲ਼ ਅਸੀਂ ਸਟੇਸ਼ਨ ਤੋਂ ਹੀ ਤੁਰੇ ਆ ਰਹੇ ਸਾਂ। ਇੱਥੋਂ ਕੋਈ ਡੇਢ ਕੁ ਮੀਲ ਚੜ੍ਹ ਕੇ ਤੇ ਵਿਚਾਰੇ ਦੀ ਘਾਟੀ ਦਾ ਪੁਲ ਪਾਰ ਕਰ ਕੇ ਕਿਲ੍ਹੇ ਦਾ ਪੂਰਬੀ ਦਰਵਾਜ਼ਾ ਆਇਆ। ਪਰ ਇਸ ਅੱਗੇ ਫੌਜ ਦਾ ਪਹਿਰਾ ਸੀ। ਸਾਨੂੰ ਹੋਰ ਅਗਾਂਹ ਪਹਾੜ ਦੀ ਬਾਹੀ ਜਾਣਾ ਪਿਆ ਤੇ ਸੜਕੋਂ ਲਹਿੰਦੇ ਵੱਲ ਇਕ ਘਾਟੀ ਵਿੱਚ ਬਹੁਤ ਨੀਵਾਂ ਉੱਤਰ ਕੇ ਅੰਤ ਸਾਡਾ ਦਰਵਾਜ਼ਾ ਵੀ ਆ ਗਿਆ।
ਪੁਲਸ ਝੂਠੀ ਸੀ। ਇਹ ਪੰਧ ਤਿੰਨ ਮੀਲ ਤੋਂ ਵੀ ਜ਼ਿਆਦਾ ਨਿੱਕਲਿਆ।
ਰਾਹ ਵਿੱਚ ਤੁਰਦਿਆਂ ਬੇੜੀਆਂ ਤੇ ਕੜਿਆਂ ਦੀਆਂ ਘਾਸੀਆਂ ਤੇ ਡੰਡਿਆਂ ਦੀਆਂ ਠੋਕਰਾਂ ਨੇ ਸਾਡੀਆਂ ਸਕੜੰਜਾਂ ਤੇ ਗਿਟਿਆਂ ਉਤੇ ਪਛ ਲਾ ਦਿੱਤੇ ਸਨ। ਕਈਆਂ ਦੇ ਤਾਂ ਪਛਾਂ ਵਿੱਚੋਂ ਲਹੂ ਚੋ ਚੋ ਪੈਂਦਾ ਸੀ। ਮੇਰਾ ਆਪਣਾ ਬੁਰਾ ਹਾਲ ਸੀ। ਮੇਰੇ ਦੋਵੇਂ ਗਿਟੇ ਵੱਢੇ ਗਏ ਸਨ। ਸਾਡੇ ਇਨ੍ਹਾਂ ਚਰਗਲਾਂ ਤੇ ਜਦੋਂ ਬੇੜੀ ਦਾ ਕੜਾ ਘਸਰ ਜਾਂਦਾ ਜਾਂ ਇਸ ਦੇ ਡੰਡੇ ਦੀ ਠੋਕਰ ਵਜ ਜਾਂਦੀ ਤਾਂ ਇੰਜ ਜਾਪਦਾ ਜਿਵੇਂ ਕਿਸੇ ਨੇ ਚਿਮਟੇ ਨਾਲ਼ ਮਾਸ ਦੀ ਬੋਟੀ ਖਿੱਚ ਲਈ ਹੋਵੇ। ਪਰ ਅਸੀਂ ਦੇਸ਼ ਪ੍ਰੇਮ ਦੇ ਲੋਰ ਵਿਚ ਇਸ ਪੀੜ ਦੀ ਚੋਭ ਨੂੰ ਕਸੀਸਾਂ ਵਟ ਵਟ ਝੱਲੀ ਜਾਂਦੇ ਰਹੇ। ਐਨੇ ਔਖੇ ਤੇ ਦੁਖੀ ਹੋਣ ਦੇ ਬਾਵਜੂਦ ਅਸਾਂ ਕਿਸੇ ਨੇ ਵੀ ਸਾਰੇ ਰਾਹ ਵਿੱਚ ਹਾਏ ਪਾਹਰਿਆ ਨਹੀਂ ਕੀਤੀ ਤਾਂ ਜੋ ਕੋਈ ਕਲ੍ਹ ਨੂੰ ਇਹ ਨਾ ਆਖੇ, ਕਿ ਫਲਾਣਾ ਰਾਹ ਵਿਚ ਕਮਜ਼ੋਰ ਪੈ ਗਿਆ ਸੀ।
ਪਰ ਇਨ੍ਹਾਂ ਜ਼ਖਮਾਂ ਦੇ ਦੁਖਣ ਤੇ ਪਹਾੜ ਦੀ ਚੜ੍ਹਾਈ ਉਤਰਾਈ ਦੇ ਲੰਮੇ ਪੈਂਡੇ ਨੇ, ਸਹਿਨਸ਼ੀਲਤਾ ਵਿਖਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਸਾਡੀ ਤੋਰ ਮੱਠੀ ਪਾ ਦਿੱਤੀ ਸੀ। ਇਕ ਤਾਂ ਸਾਨੂੰ ਆਪਣੇ ਜ਼ਖਮਾਂ ਨੂੰ ਬੇੜੀਆਂ ਨਾਲ਼ ਖਹਿਣ ਤੋਂ ਬਚਾਉਣ ਲਈ ਖਾਸ ਵਿਉਂਤ ਨਾਲ਼ ਪੈਰ ਪੁੱਟਣੇ ਤੇ ਰੱਖਣੇ ਪੈਂਦੇ ਸਨ, ਜੋ ਤੋਰ ਨੂੰ ਮਧਮ ਪਾਉਂਦੇ ਸਨ। ਦੂਸਰੇ ਰਾਹ ਦੇ ਥਕੇਵੇਂ ਦੇ ਭੰਨੇ ਹੋਏ ਅਸੀਂ ਛੇਤੀ ਛੇਤੀ ਨਹੀਂ ਸਾਂ ਤੁਰ ਸਕਦੇ। ਇਸ ਲਈ ਸੱਠਾਂ ਕੈਦੀਆਂ ਤੇ ਇਸ ਤੋਂ ਅੱਧੇ ਕੁ ਪੁਲਸੀਆਂ ਦਾ ਇਹ ਕਾਫਲਾ ਟਟੂਆਂ ਵਾਂਗ ਮਰ ਮਰ ਕੇ ਪੈਰ ਪੁਟਦਾ ਸੀ।
ਕਿਲ੍ਹੇ ਅਤੇ ਇਸ ਦੀ ਪਹਾੜੀ ਦੇ ਤਿੰਨ ਪਾਸੇ ਤਾਂ ਅਸਾਂ ਵਲ ਕੇ ਵੇਖ ਲਏ। ਤਿੰਨੀ ਪਾਸੀਂ ਪਹਾੜ ਹੀ ਪਹਾੜ ਸੀ। ਚੌਥੇ ਪਾਸੇ ਲਹਿੰਦੇ ਵੱਲ ਅਟਕ ਦਰਿਆ ਸੀ ਤੇ ਪਰਲੇ ਪਾਰ ਖੈਰਾਬਾਦ ਦਾ ਕਸਬਾ ਕਿਸੇ ਤਲਾਅ ਦੀਆਂ ਪੌੜੀਆਂ ਵਾਂਗ ਦਰਿਆ ਵਿੱਚੋਂ ਨਿੱਕਲ ਕੇ ਉਤਾਂਹ ਉੱਚਾ ਗਿਆ ਹੋਇਆ ਸੀ। ਏਸ ਬੰਨੇ ਕੇਵਲ ਕਿਲ੍ਹੇ ਦੇ ਦੱਖਣ ਪੱਛਮੀ ਪਾਸੇ, ਜਿੱਧਰੋਂ ਅਸੀਂ ਆਏ ਸਾਂ, ਇਕ ਸਾਧੂ ਦਾ ਡੇਰਾ ਸੀ। ਜਿਸ ਦੇ ਗਿਰਦ ਦਸਾਂ ਪੰਦਰਾਂ ਘਰਾਂ ਦੀ ਇਕ ਛੋਟੀ ਜਿਹੀ ਵਸਤੀ ਸੀ। ਇਹ ਸਟੇਸ਼ਨੋਂ ਇਕ ਮੀਲ ਦੇ ਬਰਾਬਰ ਸੀ। ਸਾਨੂੰ ਇਸ ਦਰਵਾਜ਼ੇ ਥਾਣੀਂ ਅੰਦਰ ਨਹੀਂ ਲਿਆ, ਸਗੋਂ ਤੰਗ ਕਰਨ ਤੇ ਦੇਸ਼ ਦੀ ਭਗਤੀ ਦਾ ਮਜ਼ਾ ਚਖਾਉਣ ਲਈ ਪਹਾੜੀ ਤੇ ਚਾੜ੍ਹਿਆ, ਉਤਾਰਿਆ ਅਤੇ ਦੁ ਕੁ ਮੀਲ ਦਾ ਵਾਧੂ ਪੈਂਡਾ ਮਰਵਾਇਆ ਗਿਆ। ਸਾਨੂੰ ਤਾਂ ਇਹ ਜਾਪਿਆ ਕਿ ਸਾਡੇ ਉਤੇ ਅੰਗਰੇਜ਼ੀ ਰਾਜ ਦੀ ਹੈਂਕੜ ਤੇ ਦੁਸ਼ਮਣ ਦਾ ਰੋਅਬ ਜਮਾਉਣ ਲਈ ਜਾਣ ਬੁੱਝ ਕੇ ਸਾਨੂੰ ਇਹ ਕਸ਼ਟ ਦਿੱਤਾ ਗਿਆ ਸੀ।
ਪੁਲਸ ਦੇ ਕਿਲ੍ਹੇ ਦਾ ਵੱਡਾ ਸਾਰਾ ਫਾਟਕ ਖੜਕਾਉਣ ਉੱਤੇ ਦਰਵਾਜ਼ਾ ਖੁੱਲ੍ਹਿਆ। ਇਹ ਫਾਟਕ ਬਿਨਾਂ ਡਿੜ੍ਹੀਉਂ ਹੀ ਸੀ। ਸਾਨੂੰ ਉੱਚੀਆਂ ਉੱਚੀਆਂ ਕੰਧਾਂ ਵਾਲ਼ੀ ਤੇ ਅੱਗੋਂ ਬੰਦ ਚੌੜੀ ਜਿਹੀ 100 ਫੁੱਟ ਲੰਮੀ ਗਲੀ ਵਿੱਚ ਫੇਰ ਚੜ੍ਹਾਈ ਚੜ੍ਹਨੀ ਪਈ। ਗਲੀ ਦੇ ਅਖੀਰਲੇ ਸਿਰੇ ਤੇ ਲਹਿੰਦੇ ਵੱਲ ਸੱਜੇ ਹੱਥ ਚੌੜੇ ਜਿਹੇ ਗਲੇ ਨੂੰ ਸੱਤ ਕੁ ਫੁਟ ਉੱਚੇ ਕੌਲੇ ਬਣਾ ਕੇ ਕੰਡਿਆਂ ਵਾਲ਼ੀ ਤਾਰ ਵਾਲ਼ਾ ਲੱਕੜੀ ਦਾ ਹੌਲਾ ਜਿਹਾ ਫਾਟਕ ਲੱਗਾ ਹੋਇਆ ਸੀ। ਇਕ ਵਾਰਡਰ, ਇਕ ਕੈਦੀ ਮੁਨਸ਼ੀ ਤੇ ਕੁਝ ਕੈਦੀ ਨੰਬਰਦਾਰ ਸਾਨੂੰ ਲੈਣ ਲਈ ਉੱਥੇ ਮੌਜੂਦ ਸਨ। ਉਹਨਾਂ ਪਾਸ ਹੋਰਨਾਂ ਜੇਲ੍ਹਾਂ ਵਾਂਗ ਨਾਂ ਪਤਾ ਲਿਖਣ ਵਾਸਤੇ ਨਾ ਖੜਵੀਂ ਚੌਂਕੀ ਤੇ ਨਾ ਚਾਬੀਆਂ ਦੀ ਹਮੇਲ ਸੀ। ਵਾਰਡਰ ਤੇ ਮੁਨਸ਼ੀ ਪਟਵਾਰੀਆਂ ਵਾਂਗ ਪੱਟਾਂ ਉਤੇ ਆਪੋ ਆਪਣਾ ਰਜਿਸਟਰ ਰੱਖੀ ਚੌਂਕੜੀ ਮਾਰ ਕੇ ਭੁੰਜੇ ਹੀ ਬੈਠੇ ਹੋਏ ਸਨ। ਸਾਡੇ ਨਾ ਪਤਿਆਂ ਦੀ ਅੱਧੇ ਕੁ ਘੰਟੇ ਦੀ ਲਿਖ ਲਿਖਾਈ ਤੋਂ ਬਾਅਦ ਪੁਲਸ ਵਾਲ਼ੇ ਸਾਡੀ ਰਸੀਦ ਲੈ ਕੇ ਹੱਥਕੜੀਆਂ ਉਤਾਰ ਕੇ ਚਲੇ ਗਏ। ਸਾਨੂੰ ਵਸੂਲ ਪਾ ਕੇ ਜਾਮਾ ਤਲਾਸ਼ੀ ਲੈ ਕੇ ਅੰਦਰ ਚੱਕਰ ਵਿੱਚ ਲਿਜਾਇਆ ਗਿਆ। ਸਰਸਰੀ ਨਿਗਾਹ ਮਾਰਿਆਂ ਪਤਾ ਲੱਗਾ ਕਿ ਅਸੀਂ ਪਹਾੜੀ ਦੀ ਕੰਡ ਉੱਤੇ ਖੜੇ ਸਾਂ। ਸਾਹਮਣੇ ਦੱਖਣ ਵੱਲ ਕੁਝ ਹੇਠਾਂ ਇਕ ਮੈਦਾਨ ਸੀ, ਜਿਸ ਵਿਚ ਕੰਡਿਆਂ ਵਾਲ਼ੀ ਤਾਰ ਦਾ ਇਕ ਵੱਡਾ ਸਾਰਾ ਵਲਗਣ ਦਿਸ ਰਿਹਾ ਸੀ, ਜੋ ਕੈਦੀਆਂ ਵਾਸਤੇ ਹੀ ਜਾਪਦਾ ਸੀ। ਇਸ ਦੇ ਤੇ ਸਾਡੇ ਖੱਬੇ ਬੰਨੇ ਇਕ ਸੜਕ ਹੇਠਾਂ ਦੱਖਣ ਨੂੰ ਜਾ ਕੇ ਲਹਿੰਦੇ ਉਤਰ ਰਹੀ ਸੀ। ਉਸ ਦੇ ਖੱਬੇ ਬੰਨੇ ਇਕ ਪੱਥਰਾਂ ਦੀ ਕੰਧ ਉੱਤੋਂ ਦੀ ਪਹਾੜੀ ਦੀ ਕੰਡ ਸਿੱਖਰ ਨੂੰ ਚੜ੍ਹਦੀ ਸੀ, ਜਿਸ ਦੇ ਪਿੰਡੇ ਉੱਤੇ ਖਿੰਡਵੀਆਂ ਜਿਹੀਆਂ ਪੰਜ ਸੱਤ ਫੌਜੀ ਬਾਰਕਾਂ ਨਜ਼ਰ ਆਉਂਦੀਆਂ ਸਨ।
ਇਸ ਫਾਟਕ ਤੋਂ 20-25 ਕਰਮਾਂ ਦੀ ਵਿੱਥ ਉੱਤੇ ਢਾਲਵੀਆਂ ਛੱਤਾਂ ਦੇ ਇਕ ਦੂਜੇ ਤੋਂ ਨਿਖੜਵੇਂ ਦੋ ਕੌਲਿਆਂ ਦੀ ਇਕ ਇਕ ਕੋਠੜੀ ਦੇ ਬੰਦ ਵਿਹੜੇ ਵਾਲ਼ੇ ਦਸਾਂ ਕਵਾਟਰਾਂ ਦੀ ਲਾਈਨ ਮੂਹਰੇ ਇਕ ਰੇਰੂ ਦੇ ਦਰੱਖਤ ਹੇਠਾਂ ਇਸ ਜੇਲ੍ਹ ਦਾ ਚੱਕਰ ਸੀ, ਜਿੱਥੇ ਇੱਥੋਂ ਦਾ ਬਾਬਾ, (ਚੀਫ਼ ਵਾਰਡਰ) ਤੇ ਉਸ ਦਾ 'ਅਮਲਾ' ਬੈਠੇ ਹੋਏ ਸਨ। ਏਥੇ ਲਿਜਾ ਕੇ ਸਾਡੀਆਂ ਬੇੜੀਆਂ ਤਾਂ ਕੱਟ ਸੁੱਟੀਆਂ ਗਈਆਂ ਪਰ ਹਰ ਇੱਕ ਦੇ ਖੱਬੇ ਪੈਰ ਨੂੰ ਲੋਹੇ ਦਾ ਅਨਘੜਤ ਜਿਹਾ ਕੜਾ ਚਾੜ੍ਹ ਕੇ ਰਿਬਟਾਂ ਕੱਸ ਦਿੱਤੀਆਂ। ਇਸ ਨੂੰ ਕੈਂਪ ਜੇਲ੍ਹ ਦੀ ਨਿਸ਼ਾਨੀ ਆਖਦੇ ਸਨ।
ਸਾਨੂੰ ਡਿਉੜ੍ਹੀ ਤੋਂ ਲਾਹੌਰ ਵਾਂਗ ਦੋ ਦੋ ਦੀ ਕਤਾਰ ਵਿੱਚ ਲਿਜਾ ਕੇ ਚੱਕਰ ਵਿੱਚ ਬੈਠਾਇਆ ਗਿਆ। ਸਾਡੇ ਸਧਾਰਨ ਕੈਦ ਵਾਲ਼ਿਆਂ ਦੇ ਨਾਂ ਇਕ ਰਜਿਸਟਰ ਵਿੱਚ ਲਿਖੇ ਤੇ ਸਖਤ ਕੈਦ ਵਾਲ਼ਿਆਂ ਦੇ ਦੂਸਰੇ ਵਿੱਚ। ਉਪਰੰਤ ਬਿਸਤਰਿਆਂ ਲਈ ਤੇ ਖਾਣ ਪੀਣ ਲਈ ਲੋੜੀਂਦਾ ਸਮਾਨ ਦਿਤਾ ਗਿਆ। ਰੋਟੀ ਸਾਨੂੰ ਏਥੇ ਹੀ ਖਵਾ ਦਿੱਤੀ ਗਈ। ਸੂਰਜ ਦੇਵਤਾ ਦਿਹਾੜੀ ਭਰ ਦਾ ਭੁੱਖਾ ਭਾਣਾ ਸਾਡੇ ਵਾਂਗ ਹੀ ਆਪਣਾ ਪੰਧ ਮੁਕਾਉਣ ਲੱਗਾ ਤੇ ਸਾਥੋਂ ਖਾਂਦਿਆਂ ਤੋਂ ਸੰਗ ਕੇ ਦਰਿਆਓਂ ਪਾਰਲੀਆਂ ਉੱਚੀਆਂ ਪਹਾੜੀਆਂ ਉਹਲੇ ਜਾ ਲੁਕਿਆ।
ਸਾਨੂੰ ਦੋ ਦੋ ਦੀ ਕਤਾਰ ਕਰਕੇ ਫੇਰ ਤੋਰ ਲਿਆ ਗਿਆ। ਦਸ ਬਾਰਾਂ ਕਰਮਾਂ ਜਾ ਕੇ ਹੇਠਾਂ ਨੀਵੀਂ ਸੜਕ ਉੱਤੇ, ਜੋ ਖੱਬੇ ਹੱਥ ਜਾ ਕੇ ਉੱਤੇ ਦੱਸੀ ਸੜਕ ਵਿੱਚ ਜਾ ਰਲਦੀ ਸੀ, ਰੱਖੇ ਹੋਏ ਲਕੜੀ ਦੇ ਪੁਲ ਉੱਤੋਂ ਦੀ ਲੰਘਾਇਆ ਗਿਆ। ਏਥੋਂ ਕੋਈ 25-30 ਕਰਮਾਂ ਹੋਰ ਅਗਾਂਹ ਤੁਰ ਕੇ ਦਸ ਬਾਰਾਂ ਫੁਟ ਹੇਠਾਂ ਉਤਾਰਿਆ ਤੇ ਕੰਡਿਆਂ ਵਾਲ਼ੀ ਤਾਰ ਦੇ ਵਾੜਿਆਂ ਵਿੱਚ ਲਿਜਾ ਕੇ ਸਧਾਰਨ ਕੈਦ ਵਾਲ਼ਿਆਂ ਨੂੰ ਇਕ ਵਾੜੇ ਵਿਚ ਤੇ ਸਖ਼ਤ ਵਾਲਿਆਂ ਨੂੰ ਦੂਸਰੇ ਵਿੱਚ ਤਾੜਿਆ ਗਿਆ। ਏਥੇ ਸਾਨੂੰ ਇਕ ਦਿਨ ਪਹਿਲਾਂ ਲਾਹੌਰੋਂ 'ਬਾਹਰ ਸੌਣ ਵਾਸਤੇ' ਲਿਆਂਦੇ ਹੋਏ ਆਪਣੇ ਸਾਥੀ ਮਿਲ ਗਏ।
ਇਹ ਕੋਈ ਛੇ ਕੁ ਏਕੜ ਦਾ ਮੈਦਾਨ ਸੀ। ਇਸ ਵਿੱਚੋਂ 4 ਏਕੜ ਥਾਂ ਅੱਠ ਅੱਠ ਫੁਟ ਉੱਚੇ ਲੱਕੜ ਦੇ ਵਲੇ ਗੱਡ ਕੇ ਕੰਡਿਆਂ ਵਾਲ਼ੀ ਤਾਰ ਦੇ ਸੰਘਣੇ ਤਾਣੇ ਨਾਲ਼ ਵਲ਼ਿਆਂ ਹੋਇਆ ਸੀ। ਵਿਚਕਾਰ ਕੰਡਿਆਂ ਵਾਲ਼ੀ ਤਾਰ ਦੇ ਵਲ਼ਿਆਂ ਨਾਲ਼ ਤਿੰਨ ਤਿੰਨ ਫੁੱਟ ਚੌਪੜ ਦੀ ਗਲੀ ਬਣਾ ਕੇ ਇਸ ਵਲਗਣ ਨੂੰ ਚਹੁੰ ਵਾੜਿਆਂ ਵਿੱਚ ਵੰਡਿਆ ਹੋਇਆ ਸੀ। ਹਰ ਵਾੜੇ ਵਿੱਚ ਚਾਰ ਚਾਰ ਤੰਬੂ ਜੋੜ ਕੇ ਚਾਰ ਚਾਰ ਬਾਰਕਾਂ ਬਣਾਈਆਂ ਹੋਈਆਂ ਸਨ। ਇਕ ਵਾੜੇ ਵਿੱਚ ਸਾਧਾਰਨ ਕੈਦ ਵਾਲ਼ੇ, ਹੋਰ ਦੋਹਾਂ ਵਾੜਿਆਂ ਵਿੱਚ ਸਖ਼ਤ ਕੈਦ ਵਾਲ਼ੇ, ਚੌਥੇ ਵਿਚ ਇਖਲਾਕੀ ਕੈਦੀ ਤੇ ਨੰਬਰਦਾਰ ਸਨ, ਜੋ ਸਾਡੇ ਰਾਜਸੀ ਕੈਦੀਆਂ ਲਈ ਖਾਣ ਪੀਣ ਤੇ ਸਫਾਈ ਆਦਿ ਰੱਖਣ ਦੇ ਕੰਮ ਕਾਰ ਕਰਨ ਤੇ ਨਿਗਰਾਨੀ ਲਈ ਰੱਖੇ ਹੋਏ ਸਨ।