Lajwanti : Rajasthani Lok Kahani

ਲਾਜਵੰਤੀ : ਰਾਜਸਥਾਨੀ ਲੋਕ ਕਥਾ

ਸਮੇਂ ਦੀ ਢਲਾਣ ਉੱਤੇ, ਕੁਦਰਤ ਦੀ ਗੋਦੀ ਵਿੱਚ ਇੱਕ ਪਿੰਡ ਵਸਿਆ ਹੋਇਆ ਸੀ। ਜਿਹੋ ਜਿਹੇ ਹੋਇਆ ਕਰਦੇ ਨੇ, ਉਸੇ ਸਾਂਚੇ ਵਿੱਚ ਇਹ ਪਿੰਡ ਢਲਿਆ ਹੋਇਆ। ਉਵੇਂ ਨਵੀਆਂ ਪੁਰਾਣੀਆਂ ਝੌਂਪੜੀਆਂ। ਉਵੇਂ ਗਾਰੇ ਗੋਹੇ ਨਾਲ ਲਿੱਪੀਆਂ ਕੰਧਾਂ, ਉਹੀ ਉੱਖੜੇ ਹੋਏ ਲਿਉੜ। ਘਰ ਘਰ ਮਿੱਟੀ ਦੇ ਚੁੱਲ੍ਹੇ। ਉਹੀ ਫਿਰੋਜ਼ੀ ਧੂੰਆਂ। ਮਰਦਾਂ ਦੇ ਸਿਰਾਂ ਉੱਪਰ ਉਹੀ ਬਾਂਕੇ ਸਾਫ਼ੇ। ਉਹੀ ਤਾਰਾਂ ਨਾਲ ਮੜ੍ਹੀਆਂ ਲਾਠੀਆਂ। ਜਾਤ ਮੁਤਾਬਕ ਔਰਤਾਂ ਦੇ ਅੱਡੋ-ਅੱਡ ਤਰ੍ਹਾਂ ਦੇ ਲਹਿੰਗੇ। ਉਹੀ ਛਾਤੀ ਤੱਕ ਘੁੰਡ। ਉਹੀ ਭੇਡਾਂ ਦੀ ਮੈਂ ਮੈਂ, ਉਹੀ ਖੁਰਾਂ ਨਾਲ ਉਡਦੀ ਧੂੜ। ਉਹੀ ਮੇਰੀ ਤੇਰੀ ਜਾਭਾਂ ਦਾ ਭੇੜ। ਉਹੀ ਆਪੋ ਆਪਣੇ ਝਮੇਲੇ। ਉਹੀ ਸੰਗਲ, ਉਹੀ ਪਹੇ, ਉਹੀ ਕਿੱਲੇ। ਉਹੀ ਥਾਵਾਂ, ਉਹੀ ਘਾਹ ਫੂਸ, ਉਹੀ ਗੋਹਾ ਕੂੜਾ। ਉਹੀ ਖੂਹ, ਉਹੀ ਪਾਣੀ। ਉਹੀ ਠਾਕਰ ਉਹੀ ਠਕੁਰਾਣੀਆਂ।

ਆਪਣੀ ਮਰਿਆਦਾ ਮੁਤਾਬਕ ਇਹ ਪਿੰਡ ਕਾਫ਼ੀ ਉੱਪਰ ਉੱਚੇ ਟਿੱਬੇ ਤੇ ਵਸਿਆ ਹੋਇਆ ਸੀ। ਡੇਢ ਕੁ ਕੋਹ ਦੂਰ ਤਲਾਬ ਸੀ ਜਿਸ ਵਿੱਚ ਪਾਣੀ ਦੀਵਾਲੀ ਤੱਕ ਹੀ ਰਹਿੰਦਾ। ਤਲਾਬ ਸੁੱਕਦਾ, ਖੂਹ ਤੇ ਰੌਣਕ ਲੱਗਦੀ। ਫਿਰ ਉਹੀ ਘੜੇ, ਉਹੀ ਡੋਲੂ, ਉਹੀ ਲੱਜਾਂ, ਉਹੀ ਗਾਗਰਾਂ। ਉਹੀ ਪਾਣੀ ਢੋਣ ਵਾਲੀਆਂ ਨਾਰਾਂ, ਉਹੀ ਉਨ੍ਹਾਂ ਦੀਆਂ ਤੋਰਾਂ। ਛਣਨ ਛਣਨ ਝਾਂਜਰਾਂ ਦੀ ਆਵਾਜ਼ ਨਾਲ ਰਸਤਾ ਕੁਝ ਉੱਚਾ ਉੱਠ ਜਾਂਦਾ। ਗੀਤ ਗਾਉਂਦੀਆਂ ਇਨ੍ਹਾਂ ਟੋਲੀਆਂ ਦੇ ਆਸ ਪਾਸ ਹਵਾ ਤਰਸਦੀ, ਡੋਲਦੀ ਵਗਿਆ ਕਰਦੀ। ਸੂਰਜ ਦੀਆਂ ਕਿਰਨਾਂ ਉਨ੍ਹਾਂ ਦੇ ਰੂਪ ਜੋਬਨ ਨੂੰ ਛੁਹਿਆ ਕਰਦੀਆਂ। ਪੇੜ ਪੌਦੇ ਝੁਕ ਝੁਕ ਕੇ ਸਲਾਮ ਕਰਿਆ ਕਰਦੇ।

ਬਸਤੀਓਂ ਬਾਹਰ ਨਿਕਲਣ ਸਾਰ ਪਾਣੀ ਭਰਨ ਜਾਂਦੀਆਂ ਕੁੜੀਆਂ ਔਰਤਾਂ ਦੇ ਜਿਵੇਂ ਖੰਭ ਨਿਕਲ ਆਉਂਦੇ, ਜੀਭ ਨੂੰ ਖੰਭ, ਦਿਲ ਨੂੰ ਖੰਭ ਮਿਲ ਜਾਂਦੇ। ਪਰ ਇੱਕ ਗੁਜਰੀ ਤਾਂ ਬਸ ਜਿਵੇਂ ਸ਼ਰਮ ਦੀ ਪੁਤਲੀ ਹੋਵੇ। ਸੁੰਨਸਾਨ ਜੰਗਲ ਵਿੱਚ ਸਹੇਲੀਆਂ ਨਾਲ ਜਾਂਦੀ ਹੋਈ ਵੀ ਮਜਾਲ ਐ ਘੁੰਡ ਪਰ੍ਹੇ ਸਰਕਾ ਲਏ। ਨਾ ਮਜ਼ਾਕ, ਨਾ ਚੁਹਲਬਾਜ਼ੀ, ਨਾ ਕੋਈ ਮੋੜਵਾਂ ਜਵਾਬ ਦਿੰਦੀ। ਵੀਹ ਵਾਰ ਬੁਲਾਉ, ਮਸਾਂ ਇੱਕ ਵਾਰ ਜਵਾਬ। ਗੁਲਾਬੀ ਬਾਹਾਂ ਤੇ ਪੀਲੀ ਚੁੰਨੀ। ਜਿਵੇਂ ਇੰਦਰ ਧਨੁਖ ਦੇ ਦੋ ਰੰਗਾਂ ਨੇ ਅਸਮਾਨ ਛੱਡ ਕੇ ਉਸਦੇ ਸਰੀਰ ਉੱਪਰ ਸ਼ਰਨ ਲੈ ਲਈ ਹੋਏ। ਰੰਗ ਬਰੰਗੇ ਈਨੂੰ ਉੱਪਰ ਪਿੱਤਲ ਦੀ ਲਿਸ਼ਕਦੀ ਗਾਗਰ ਤੇ ਦਮਕਦਾ ਕਲਸ਼। ਠਠੇਰੇ ਨੂੰ ਕਿਤੋਂ ਚੰਦ ਦਾ ਟੁਕੜਾ ਹੱਥ ਲੱਗ ਗਿਆ ਹੋਵੇ ਜਿਵੇਂ। ਸਹੇਲੀਆਂ ਹਰ ਕਿਸਮ ਦੇ ਮਜ਼ਾਕ ਕਰ ਕਰ ਥੱਕ ਗਈਆਂ ਪਰ ਜੇ ਉਸਦੀ ਗਾਗਰ ਛਲਕੇ ਤਾਂ ਉਹ ਛਲਕੇ। ਘੁੰਡ ਅੰਦਰ ਨਿਮ੍ਹੀ ਨਿਮ੍ਹੀ ਮੁਸਕਾਉਂਦੀ ਰਹਿੰਦੀ।

ਇੱਕ ਵਾਰ ਇੱਕ ਸਹੇਲੀ ਦਾ ਗ਼ੁੱਸਾ ਤਾਂ ਆਖ਼ਰ ਨੱਕ ਤੱਕ ਆ ਗਿਆ, ਉਸਨੇ ਤਾਹਨਾ ਮਾਰਿਆ- ਜੇ ਘੁੰਡ ਹੀ ਸੁਘੜ ਹੋਣ ਦੀ ਨਿਸ਼ਾਨੀ ਹੈ ਫੇਰ ਅਸੀਂ ਬਾਕੀ ਸਾਰੀਆਂ ਬੇਸ਼ਰਮ ਹੋਈਆਂ? ਮਿਹਣੇ ਦੀ ਇਸ ਮਾਰ ਨਾਲ ਵੀ ਉਸਦੇ ਹੋਂਠ ਨਹੀਂ ਖੁੱਲ੍ਹੇ। ਇੱਕ ਵਾਰ ਤਾਹਨੇ ਮਾਰਨ ਵਾਲੀ ਵੱਲ ਮੂੰਹ ਕਰਕੇ ਰਤਾ ਕੁ ਉਧਰ ਦੇਖਿਆ ਜ਼ਰੂਰ ਫਿਰ ਸਿੱਧੇ ਰਸਤੇ ਤੁਰ ਪਈ। ਨਾਲ-ਨਾਲ ਚਲਦੀ ਦੂਜੀ ਬੋਲੀ- ਚੰਗਾ ਹੈ ਤੂੰ ਘੁੰਡ ਨਾਂ ਈਂ ਹਟਾਵੇਂ। ਮਰ ਜਾਣਾ ਸੂਰਜ ਤੇਰੀ ਮਿੱਠੀ ਲੈਣ ਵਾਸਤੇ ਟੁੱਟ ਕੇ ਹੇਠ ਨਾ ਡਿੱਗ ਪਵੇ ਕਿਤੇ, ਸਾਰੀ ਦਨੀਆ ਵਿੱਚ ਨ੍ਹੇਰ ਪੈ ਜਾਏਗਾ ਹਮੇਸ਼ ਹਮੇਸ਼!

ਨਾਲ ਨਾਲ ਚਲਦੀ ਇੱਕ ਸਹੇਲੀ ਹਲਕਾ ਜਿਹਾ ਧੱਕਾ ਮਾਰ ਕੇ ਕਹਿੰਦੀ- ਜੇ ਕਿਸੇ ਨਰ ਪੰਛੀ ਨੇ ਗੱਲ੍ਹ ਤੇ ਚੁੰਜ ਮਾਰ ਦਿੱਤੀ ਫੇਰ?

ਦੂਜੀ ਬੋਲੀ- ਮਰਦਾਂ ਨਾਲੋਂ ਇਹਨੂੰ ਤੀਵੀਆਂ ਤੋਂ ਡਰ ਵੱਧ ਲਗਦੈ। ਨਿਕੀ ਹੁੰਦੀ ਨੂੰ ਕੋਈ ਤਕੜੀ ਸੱਟ ਲੱਗੀ ਲਗਦੀ ਹੈ...।

ਇੱਕ ਹੋਰ ਬੋਲੀ- ਕੋਈ ਦਸਦਾ ਸੀ ਜਦੋਂ ਇਹ ਜੰਮੀ, ਉਦੋਂ ਧੁਨੀ ਤੱਕ ਇਹਨੇ ਘੁੰਡ ਖਿੱਚਿਆ ਹੋਇਆ ਸੀ। ਸੋਲਾਂ ਸ਼ਿੰਗਾਰ ਕਰਕੇ ਜੰਮੀ ਸੀ।

ਵੱਡੀ ਉਮਰ ਦੀ ਇੱਕ ਜਣੀ ਬੋਲੀ- ਲਉ ਮੈਂ ਇਹਦੇ ਹੱਥ ਫੜ ਲੈਨੀ ਆਂ, ਤੁਸੀਂ ਘੁੰਡ ਚੁੱਕਣ ਦੀ ਹਿੰਮਤ ਕਰਕੇ ਅੱਖਾਂ ਦੀ ਪਿਆਸ ਬੁਝਾਉ।

-ਜੇ ਇਹ ਭੈਂਗੀ ਹੋਈ ਤਾਂ?

-ਜੇ ਚਿਹਰੇ ਉੱਪਰ ਮਾਤਾ ਦੇ ਦਾਗ਼ ਹੋਏ ਫੇਰ?

-ਜੇ ਖੰਡਾ ਬੁੱਲ੍ਹ ਹੋਇਆ ਫੇਰ?

-ਜੇ ਦੰਦ...।

ਅਗਲੇ ਬੋਲ ਅਜੇ ਪੂਰੇ ਹੋਣੇ ਸਨ ਕਿ ਘੁੰਡ ਚੁੱਕਣ ਸਾਰ ਚਿਹਰੇ ਤੇ ਨਿਗ੍ਹਾ ਪੈ ਗਈ, ਜੀਭ ਦੰਦਾ ਹੇਠ ਆਕੇ ਕੱਟੀ ਗਈ। ਇਹੋ ਜਿਹਾ ਰੂਪ ਨਾ ਸੁਣਿਆ ਨਾ ਦੇਖਿਆ। ਇਹ ਰੂਪ ਢਕਿਆ ਹੀ ਠੀਕ। ਇੱਕ ਵਾਰ ਤਾਂ ਸਾਰੀਆਂ ਦੇ ਮੂੰਹ ਉਤਰ ਗਏ। ਸੂਰਜ ਚੜ੍ਹਨ ਪਿੱਛੋਂ ਚੰਦ ਦੀ ਕੀ ਔਕਾਤ! ਲੱਖ ਭਲਾ ਹੋਵੇ ਵਿਚਾਰੀ ਦਾ ਜਿਸਨੇ ਮੂੰਹ ਢਕ ਕੇ ਤਮਾਮ ਔਰਤਾਂ ਦੀ ਇੱਜ਼ਤ ਰੱਖ ਲਈ। ਜਿਨ੍ਹਾਂ ਦੇ ਸੱਤ ਸੱਤ ਜਨਾਨੀਆਂ ਹਨ ਉਹ ਵੀ ਇਸ ਦਾ ਮੂੰਹ ਦੇਖ ਕੇ ਭੱਜੇ ਆਉਂਦੇ। ਇਹੋ ਜਿਹਾ ਰੂਪ ਤਾਂ ਸੱਤ ਜੰਦਰਿਆਂ ਅੰਦਰ ਬੰਦ ਹੀ ਠੀਕ।

ਇਹ ਬੋਲ ਸੁਣਨ ਸਾਰ ਜਿਸ ਸਹੇਲੀ ਨੇ ਘੁੰਡ ਚੁੱਕਿਆ ਸੀ, ਫੌਰਨ ਹੇਠ ਸਰਕਾ ਦਿੱਤਾ, ਚੰਦ ਅੱਗੇ ਜਿਵੇਂ ਬੱਦਲੀ ਆ ਗਈ ਹੋਵੇ। ਡੂੰਘਾ ਸਾਹ ਲੈ ਕੇ ਬੋਲੀ- ਦਿਨ ਵਿੱਚ ਐਨਾ ਚਮਕਦੈ, ਰਾਮ ਜਾਣੇ ਰਾਤ ਨੂੰ ਕਿੰਨੀ ਅੱਗ ਲਾਉਂਦਾ ਹੋਵੇ।

-ਰਾਮ ਤੋਂ ਵੱਧ ਇਹ ਖ਼ੁਦ ਜਾਣਦੀ ਐ।

-ਸਾਰੀਆਂ ਜਣੀਆਂ ਦੇ ਪੈਰ ਜਿਵੇਂ ਜਮੀਨ ਵਿੱਚ ਗਡ ਗਏ ਹੋਣ। ਜਿਸ ਅਧਖੜ ਔਰਤ ਨੇ ਹੱਥ ਫੜੇ ਸਨ, ਰੁਕ ਰੁਕ ਕੇ ਬੋਲੀ- ਰਸ ਦੇ ਲੋਭੀ ਭੌਰੇ ਇਹੋ ਜਿਹਾ ਰੂਪ ਦੇਖ ਕੇ ਸੁਫ਼ਨੇ ਵਿੱਚ ਵੀ ਹੋਰ ਫੁੱਲਾਂ ਉੱਪਰ ਚੱਕਰ ਨਹੀਂ ਕਟਦੇ।

ਇੱਕ ਕਹਿੰਦੀ- ਮੈਨੂੰ ਤਾਂ ਮਰਦਜਾਤ ਉੱਪਰ ਮਰਕੇ ਵੀ ਇਤਬਾਰ ਨਹੀਂ ਆਵੇਗਾ। ਮਿਸਰੀ ਛੱਡ ਕੇ ਇਹ ਅਫੀਮ ਖਾਂਦੇ ਫਿਰਦੇ ਨੇ, ਅਫੀਮ ਵੱਧ ਮਿੱਠੀ ਲੱਗਦੀ ਐ ਇਨ੍ਹਾਂ ਨੂੰ ਮਿਸਰੀ ਤੋਂ।

-ਲਗਦੀ ਹੋਵੇਗੀ ਅਫੀਮ ਮਿੱਠੀ, ਇੱਕ ਗੱਲ ਤਾਂ ਸੋਚੀ ਹੀ ਨਹੀਂ ਆਪਾਂ। ਜੇ ਸਾਰੇ ਭੌਰੇ ਦੂਜੇ ਫੁੱਲਾਂ ਨੂੰ ਛੱਡ ਕੇ ਇੱਕੋ ਫੁੱਲ ਤੇ ਮੰਡਰਾਉਣ ਲੱਗਣ, ਫੇਰ ਆਪਣੀ ਕਿੰਨੀ ਦੁਰਗਤ ਹੋਵੇ!

ਇੱਕ ਹੋਰ ਹੱਸ ਕੇ ਕਹਿਣ ਲੱਗੀ- ਆਪਣੀ ਗੱਲ ਛੱਡੋ, ਉਸ ਫੁੱਲ ਦੀ ਵੀ ਤਾਂ ਕਿੰਨੀ ਦੁਰਗਤ ਹੋਵੇ।

ਉਨ੍ਹਾਂ ਦੀ ਨਿਗ੍ਹਾ, ਸਾਹਮਣਿਓਂ ਆਉਂਦੇ ਇੱਕ ਮਰਦ ਉੱਪਰ ਪਈ। ਪਰ ਉਹ ਤਾਂ ਆਪਣੀ ਹੀ ਧੁਨ ਵਿੱਚ ਮਸਤ ਸੀ। ਉਸਦੇ ਦੋਵਾਂ ਹੱਥਾਂ ਵਿੱਚ ਦੋ ਸਫ਼ੈਦ ਕਬੂਤਰ ਸਨ। ਇੱਕ ਵਾਰ ਉਸਨੇ ਵੀ ਨਜ਼ਰ ਉੱਧਰ ਕੀਤੀ ਤਾਂ ਦੇਖਿਆ ਕੁਝ ਔਰਤਾਂ ਕੁੜੀਆਂ ਆ ਰਹੀਆਂ ਸਨ। ਇਉਂ ਦੇਖਿਆ ਜਿਵੇਂ ਬਿਰਖ ਬੂਟਿਆਂ ਨੂੰ ਦੇਖਿਆ ਹੋਵੇ, ਜਿਵੇਂ ਅਣਘੜੇ ਪੱਥਰ ਦੇਖੇ ਹੋਣ। ਪਰਵਾਹ ਨਹੀਂ। ਰਸਤੇ ਤੋਂ ਰਤਾ ਕੁ ਹਟ ਕੇ ਇੱਕ ਪਾਸੇ ਹੋ ਕੇ ਤੁਰਨ ਲੱਗਾ। ਸਫ਼ੈਦ ਕਮੀਜ਼, ਸਫ਼ੈਦ ਧੋਤੀ, ਆਬਨੂਸੀ ਦਾਹੜੀ। ਮੂੰਹ ਤਾਂ ਸਾਫ਼ ਨਹੀਂ ਦਿਸਿਆ ਪਰ ਕੱਦ ਕਾਠ ਮਜਬੂਤ। ਹੱਥਾਂ ਵਿਚਲੇ ਕਬੂਤਰਾਂ ਨੂੰ ਦੇਖਦਾ ਦੇਖਦਾ ਅੱਗੇ ਨਿਕਲ ਗਿਆ। ਪਿੱਛੇ ਮੁੜ ਕੇ ਦੇਖੇ, ਸਵਾਲ ਨਹੀਂ, ਮਤਲਬ ਨੀ ਕੋਈ।

ਸਹੇਲੀਆਂ ਇੱਕ ਦੂਜੀ ਦਾ ਮੂੰਹ ਦੇਖਣ ਲੱਗੀਆਂ ਤਾਂ ਤਮਾਮ ਸਨਾੱਟੇ ਨੂੰ ਤੋੜਦੀ ਹੋਈ ਉਹੀ ਅਧੇੜ ਉਮਰ ਦੀ ਔਰਤ ਜਿਸਨੇ ਸਤਵੰਤੀ ਦੇ ਹੱਥ ਫੜੇ ਸਨ ਬੋਲੀ- ਤੇਰੇ ਰੂਪ ਦੀ ਤਾਕਤ ਤਾਂ ਮੰਨੀਏ ਜੇ ਏਸ ਭਉਰੇ ਨੂੰ ਨਚਾ ਸਕੇਂ।

ਘੁੰਡ ਚੁੱਕ ਕੇ ਮੂੰਹ ਦਿਖਾਉਣ ਵਾਲੀ ਕੁੜੀ ਬੋਲੀ- ਇਹਦੇ ਅੱਖਾਂ ਹਨ ਪਰ ਅੰਨ੍ਹਾ ਹੈ। ਮਨ ਦੀਆਂ ਅੱਖਾਂ ਵੀ ਮਿਚੀਆਂ ਹੋਈਆਂ। ਕਿਸ ਤਰ੍ਹਾਂ ਦਾ ਮਰਦ ਹੈ ਇਹ?

ਦੂਜੀ ਬੋਲੀ- ਮੈਨੂੰ ਤਾਂ ਇਸਦੀ ਮਰਦਾਨਗੀ ਉੱਪਰ ਸ਼ੱਕ ਹੈ।

ਤੀਜੀ ਬੋਲੀ- ਤੈਨੂੰ ਜਾਂਚ ਪਰਖ ਕਰਨ ਦਾ ਮੌਕਾ ਕਦ ਮਿਲਿਆ?

ਹੱਸ ਕੇ ਉਤਰ ਦਿੱਤਾ- ਸੁਫ਼ਨੇ ਵਿੱਚ।

ਇਰਦ ਗਿਰਦ ਜਾਂਦੀਆਂ ਕੁੜੀਆਂ ਨੇ ਕਿਹਾ- ਤਾਂ ਵੀ ਤੂੰ ਨਸੀਬਾਂ ਵਾਲੀ ਹੈਂ। ਸਾਡੇ ਤਾਂ ਸੁਫ਼ਨੇ ਵਿੱਚ ਵੀ ਨੀ ਆਇਆ ਕਦੇ।

ਇਸ ਵਾਰ ਲਾਜਵੰਤੀ ਦੇ ਬੁੱਲ੍ਹ ਫਰਕੇ- ਸ਼ਰਮ ਨੀ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੀਆਂ ਨੂੰ?

ਇੱਕ ਬੋਲੀ- ਸ਼ਰਮ ਅਰ ਰੂਪ ਜੇ ਪਲ ਭਰ ਛੱਡੇਂ, ਸਾਡੇ ਹਿੱਸੇ ਤਾਂ ਈ ਆਉਣ ਨਾ ਮਾੜੇ ਮੋਟੇ...?

ਸਹੇਲੀਆਂ ਨਾਲ ਉਲਝਣ ਦਾ ਕੋਈ ਫ਼ਾਇਦਾ ਨਹੀਂ। ਵੈਸੇ ਵੀ ਗੱਲ ਘੱਟ ਕਰਦੀ ਪਰ ਉਸ ਦਿਨ ਪਿੱਛੋਂ ਤਾਂ ਸਮਝੋ ਮੋਨ ਹੀ ਧਾਰ ਲਿਆ। ਇੱਧਰ ਉੱਧਰ ਦੀਆਂ ਗੱਲਾਂ ਉਸ ਨੂੰ ਇਉਂ ਲੱਗਿਆ ਕਰਦੀਆਂ ਜਿਵੇਂ ਪਾਣੀ ਦੇ ਤਲ ਉੱਪਰ ਕਿਸੇ ਨੇ ਕੰਕਰ ਸੁੱਟ ਦਿੱਤਾ ਹੋਵੇ। ਅਗਨੀ ਦੇਵ ਨੂੰ ਦੂਰੋਂ ਪ੍ਰਣਾਮ ਠੀਕ।

ਹਰ ਰੋਜ਼ ਉਹੀ ਹੁੰਦਾ। ਹੱਥਾਂ ਵਿੱਚ ਦੋ ਕਬੂਤਰ, ਜੁਆਨ ਸਾਹਮਣਿਓਂ ਆਉਂਦਾ, ਰਸਤੇ ਤੋਂ ਰਤਾ ਹਟ ਕੇ ਪਰ੍ਹੇ ਦੀ ਨੀਵੀਂ ਪਾਈ ਲੰਘ ਜਾਂਦਾ। ਲਾਜਵੰਤੀ ਨਾਰ ਪਤਲੇ ਦੁਪੱਟੇ ਦੇ ਘੁੰਡ ਵਿਚਦੀ ਉਸਦਾ ਸਫੈਦ ਲਿਬਾਸ ਤੇ ਸਫੈਦ ਕਬੂਤਰ ਦੇਖਦੀ ਲੰਘ ਜਾਂਦੀ। ਇੱਕ ਦਿਨ ਇੱਕ ਸਹੇਲੀ ਕਹਿੰਦੀ- ਇਹ ਪਗ਼ਲਾ ਜੇ ਵਚਨ ਦੇ ਦਏ, ਮੈਂ ਔਰਤ ਜੂਨ ਛੱਡ ਕੇ ਕਬੂਤਰੀ ਬਣਨ ਵਾਸਤੇ ਤਿਆਰ ਹੋ ਜਾਵਾਂ। ਫੇਰ ਤਾਂ ਮੇਰਾ ਪਿੱਛਾ ਕਰਕੇ ਮੈਨੂੰ ਫੜੇਗਾ ਹੀ ਨਾ!

ਦੂਜੀ ਨੇ ਤਪਾਕ ਜਵਾਬ ਦਿੱਤਾ- ਜੇ ਉਸਦੇ ਕੰਨਾਂ ਤੱਕ ਤੇਰੀ ਗੱਲ ਪਹੁੰਚ ਗਈ ਫੇਰ ਤਾਂ ਉਹ ਕਬੂਤਰ ਵੀ ਨੀਂ ਫੜੇਗਾ।

ਰਾਮ ਜਾਣੇ ਕੀ ਸੋਚਕੇ ਇੱਕ ਸਹੇਲੀ ਨੇ ਲਾਜਵੰਤੀ ਨੂੰ ਕਿਹਾ- ਕਿਉਂ ਨੀ ਤੇਰਾ ਮਨ ਕਬੂਤਰੀ ਬਣਨ ਨੂੰ ਕਰਦੈ ਕਿ ਨਾ?

ਹੌਲੀ ਦੇਣੀ ਲਾਜਵੰਤੀ ਏਨਾ ਕੁ ਬੋਲੀ- ਇਨਸਾਨੀ ਜ਼ਿੰਦਗੀ ਦਾ ਸੁਖ ਛੱਡ ਕੇ ਮੈਂ ਕਬੂਤਰੀ ਬਣਨ ਵਾਸਤੇ ਕਿਉਂ ਸੋਚਾਂ?

ਸਾਰੀਆਂ ਹੱਸਣ ਲੱਗੀਆਂ- ਲਗਦੈ ਤੇਰੇ ਸੁਹਣੇ ਬਦਨ ਅੰਦਰ ਦਿਲ ਹੈ ਈ ਨੀਂ। ਤੂੰ ਤਾਂ ਸੁਹਣਾ ਘੜਿਆ ਤਰਾਸ਼ਿਆ ਹੋਇਆ ਪੱਥਰ ਹੈਂ। ਏਨਾ ਕੁ ਫਰਕ ਹੈ ਕਿ ਤੂੰ ਸਾਹ ਲੈਨੀ ਐਂ, ਤੁਰਦੀ ਫਿਰਦੀ ਐਂ। ਹਿੱਲਣ-ਜੁੱਲਣ ਨਾਲ ਕੀ ਫਰਕ ਪੈਂਦੈ?

ਹਰ ਰੋਜ ਪਾਣੀ ਭਰਨ ਜਾਣਾ, ਹਰ ਰੋਜ ਉਹੀ ਮਜ਼ਾਕ, ਉਹੀ ਛੇੜ ਛਾੜ। ਰਸਤੇ ਵਿੱਚ ਚਲਦੇ ਚਲਦੇ ਵੀ, ਖੂਹ ਉੱਤੇ ਪਾਣੀ ਭਰਦੇ ਵੀ, ਸਿਰਾਂ ਉੱਤੇ ਘੜੇ ਖਾਲੀ ਹੋਣ ਜਾਂ ਭਰੇ ਹੋਏ, ਉਹੀ ਚੁਹਲ, ਉਹੀ ਬਾਤਚੀਤ। ਦੁਨੀਆ ਵਿੱਚ ਹੋਰ ਗੱਲਾਂ ਤਾਂ ਜਿਵੇਂ ਮੁੱਕ ਗਈਆਂ ਹੋਣ।

ਆਖ਼ਰ ਇੱਕ ਦਿਨ ਬਹੁਤ ਲਾਚਾਰ ਹੋ ਕੇ ਲਾਜਵੰਤੀ ਨੇ ਆਪਣੇ ਚਿਪੇ ਹੋਏ ਬੁੱਲ੍ਹ ਕੁਝ ਖੋਲ੍ਹੇ, ਬੋਲੀ- ਇੱਕ ਪਲ ਵੀ ਤੁਹਾਡੇ ਨਾਲ ਰਹਿਣ ਦਾ ਕੋਈ ਧਰਮ ਨਹੀਂ।

ਸਹੇਲੀਆਂ ਨੂੰ ਇਹ ਗੱਲ ਬੜੀ ਬੁਰੀ ਲੱਗੀ, ਕਹਿੰਦੀਆਂ- ਜਿਵੇਂ ਤੇਰਾ ਦਿਲ ਕਰੇ ਆਪਣਾ ਧਰਮ ਪਾਲ, ਪਰ ਇਕੱਲੀ ਔਰਤ ਹੋ ਕੇ ਇਸ ਬੇਜੋੜ ਸੁਹੱਪਣ ਨਾਲ ਸੁੰਨ ਮਸਾਣ ਜੰਗਲ ਵਿੱਚ ਆਪਣਾ ਧਰਮ ਕਿਵੇਂ ਨਿਭਾਏਂਗੀ? ਸਾਨੂੰ ਤਾਂ ਇਸ ਪੂਰੀ ਟੋਲੀ ਵਿੱਚ ਵੀ ਡਰ ਲੱਗੀ ਜਾਂਦਾ ਰਹਿੰਦੈ।

ਲਾਜਵੰਤੀ ਬੇਸੰਕੋਚ ਹੋ ਕੇ ਕਹਿਣ ਲੱਗੀ- ਜਿਸਦੇ ਦਿਲ ਵਿੱਚ ਚੋਰ ਨਹੀਂ ਉਹ ਭਲਾ ਚਾਨਣ ਤੋਂ ਕਿਉਂ ਡਰੇ? ਮੈਨੂੰ ਆਪਣੇ ਆਪ ਉੱਪਰ ਭਰੋਸੈ। ਮੇਰੇ ਪਰਿਵਾਰ ਨੂੰ ਮੇਰੇ ਤੇ ਭਰੋਸੈ। ਜਦੋਂ ਮੈਨੂੰ ਕੋਈ ਵਹਿਮ ਨਹੀਂ ਫਿਰ ਡਰਾਂ ਕਿਉਂ? ਡਰਾਂ ਕਿਸਤੋਂ? ਡਰ ਵੀ ਕੋਈ ਚੀਜ਼ ਹੁੰਦੀ ਐ, ਇਹ ਮੈਂ ਤਾਂ ਤੁਹਾਥੋਂ ਸੁਣਿਐ...।

ਉਸੇ ਦਿਨ ਤੋਂ ਸਹੇਲੀਆਂ ਨੇ ਸਮਝੋ ਲਾਜਵੰਤੀ ਨੂੰ ਛੇਕ ਹੀ ਦਿੱਤਾ। ਤਾਂ ਵੀ ਉਸਨੂੰ ਪਰਵਾਹ ਨਹੀਂ। ਰੁਸਦੀਆਂ ਨੇ ਰੁੱਸੀ ਜਾਣ। ਗਾਗਰ ਚੁੱਕੀ ਇਕੱਲੀ ਖੂਹ ਤੱਕ ਜਾਂਦੀ, ਪਾਣੀ ਭਰ ਲਿਆਉਂਦੀ। ਨਾ ਕੋਈ ਝਿਜਕ ਨਾ ਕੋਈ ਸੰਕੋਚ। ਸਿਰ ਉੱਪਰ ਜਦੋਂ ਸੂਰਜ ਰਖਵਾਲਾ ਹੈ ਫਿਰ ਵਿਚਾਰੇ ਬੰਦੇ ਤੋਂ ਕੀ ਡਰ? ਸਾਹਮਣੇ ਤੋਂ ਆਉਂਦਾ ਮਰਦ ਆਉਂਦੈ ਆਈ ਜਾਵੇ, ਉਹ ਤਾਂ ਖ਼ੁਦ ਟਲ ਕੇ ਰਸਤਿਓਂ ਲੰਘਦੈ। ਅੱਖ ਨੀ ਚੁੱਕਦਾ ਕਦੀ। ਜਦੋਂ ਮੇਰੇ ਦਿਲ ਵਿੱਚ ਪਾਪ ਨਹੀਂ, ਫੇਰ ਕਬੂਤਰਾਂ ਦੀ ਥਾਂ ਨੰਗੀ ਤਲਵਾਰ ਹੱਥ ਵਿੱਚ ਫੜੀ ਹੋਵੇ ਤਾਂ ਵੀ ਮੈਨੂੰ ਕੀ ਖ਼ਤਰਾ? ਪਰ ਉਂਝ ਮਰਦ ਜਾਤ ਹੁੰਦੀ ਬੇਇਤਬਾਰੀ ਐ। ਵਿਆਹੇ ਵਰੇ ਵੀ ਏਡੇ ਬਦਨੀਤ ਜਿਵੇਂ ਹੁਣ ਤੱਕ ਕੋਈ ਔਰਤ ਵੇਖੀ ਵੀ ਨਾ ਹੋਵੇ, ਨਾਮ ਵੀ ਨਾ ਸੁਣਿਆ ਹੋਵੇ। ਇਹ ਲਫੰਗੇ, ਵਸ ਚੱਲੇ, ਸੁਹਣੀ ਔਰਤ ਦਾ ਮਾਸ ਰਿੰਨ੍ਹ ਕੇ ਕਿਹੜਾ ਨਾ ਖਾ ਜਾਣ?

ਉਸ ਖਬਤੀ ਆਦਮੀ ਦਾ ਖ਼ਿਆਲ ਵਕਤ ਬਵਕਤ ਦਿਲ ਵਿੱਚ ਆਉਂਦਾ ਜ਼ਰੂਰ। ਇਹੋ ਜਿਹਾ ਪਾਗ਼ਲ ਤਾਂ ਵੈਰਨ ਦੀ ਕੁੱਖੋਂ ਵੀ ਨਾ ਜੰਮੇ ਕਦੀ। ਰਾਮ ਜਾਣੇ ਇਕੱਲਤਾ ਵਿੱਚ ਇਸ ਨੂੰ ਕੀ ਸੁਖ ਮਿਲਦੈ! ਪਤਾ ਲੱਗਾ ਕਬੂਤਰਬਾਜ਼ੀ ਵਿੱਚ ਇਹਨੇ ਸਾਰੀ ਜ਼ਮੀਨ ਫੂਕ ਦਿੱਤੀ। ਪਿਛਲੇ ਜਨਮ ਵਿੱਚ ਇਹ ਕਮਲਾ ਕਬੂਤਰਾਂ ਦੀ ਜੂਨ ਵਿੱਚ ਕਬੂਤਰਾਂ ਦਾ ਸਰਦਾਰ ਰਿਹਾ ਹੋਣਾ। ਕਹਿੰਦੈ ਹਜ਼ਾਰ ਕਬੂਤਰ ਇਕੱਠੇ ਕਰਨੇ ਨੇ। ਸਨਕੀ। ਅੱਜ ਤੱਕ ਨਾ ਕਿਸੇ ਦਾ ਆਖਾ ਮੰਨਿਆ ਨਾ ਮੰਨੇਗਾ। ਕਬੂਤਰਾਂ ਬਿਨਾਂ ਹੋਰ ਸ਼ੌਕ ਹੈ ਈ ਨੀਂ। ਨਾ ਪਸ਼ੂਆਂ ਵਿੱਚ, ਨਾ ਖੇਤ ਖਲਿਹਾਨ ਵਿੱਚ, ਨਾ ਧਨ ਦੌਲਤ ਜ਼ਮੀਨ ਜਾਇਦਾਦ ਵਿੱਚ। ਜੂਨ ਬੰਦੇ ਦੀ, ਕੱਟ ਰਿਹੈ ਕਬੂਤਰਾਂ ਵਿਚਕਾਰ!

ਜਦੋਂ ਤੱਕ ਹਰ ਰੋਜ਼ ਦੋ ਕਬੂਤਰ ਨਾ ਫੜ ਲਵੇ, ਰੋਟੀ ਦੀ ਬੁਰਕੀ ਮੂੰਹ ਵਿੱਚ ਨਾ ਪਾਉਂਦਾ, ਘੁੱਟ ਪਾਣੀ ਨਾ ਪੀਂਦਾ। ਰਾਮ ਜਾਣੇ ਕਿਸ ਕਿਸ ਜੰਗਲ ਦੇ ਕਿਸ ਕਿਸ ਕੋਨੇ ਵਿੱਚੋਂ ਕਿਵੇਂ ਕਬਤੂਰ ਫੜ ਲਿਆਉਂਦਾ। ਕਬੂਤਰ ਹੱਥ ਵਿੱਚ ਲੈ ਕੇ ਉਸਨੂੰ ਇਉਂ ਲੱਗਿਆ ਕਰਦਾ ਜਿਵੇਂ ਚੰਦ ਸੂਰਜ ਹੱਥਾਂ ਵਿੱਚ ਆ ਗਏ ਹੋਣ। ਜਦੋਂ ਉਸਦੇ ਵਾੜੇ ਵਿੱਚ ਆ ਜਾਂਦੇ, ਕਬੂਤਰਾਂ ਦਾ ਉਥੇ ਹੀ ਇੰਨਾ ਜੀਅ ਲੱਗ ਜਾਂਦਾ ਕਿ ਮੁੜਕੇ ਹੋਰ ਕਿਧਰੇ ਜਾਂਦੇ ਈ ਨਾ। ਉਨ੍ਹਾਂ ਨੂੰ ਲਗਦਾ ਜਿਵੇਂ ਜੰਮਣ ਵਾਲੇ ਮਾਂ ਪਿਉ ਦੇ ਆਲ੍ਹਣੇ ਵਿੱਚ ਆ ਗਏ ਹੋਣ। ਕਬੂਤਰ ਤਾਂ ਕਬੂਤਰ, ਪਤਾ ਨਹੀਂ ਕੀ ਸੱਤਿਆ ਸੀ ਇਸ ਜੁਆਨ ਵਿੱਚ, ਬਾਜ, ਇੱਲ, ਕਾਂ ਅਤੇ ਸੱਪ ਤੱਕ ਉਸ ਉੱਪਰ ਇਤਬਾਰ ਕਰ ਲੈਂਦੇ। ਪਰ ਆਪਣੀ ਪ੍ਰੀਤ ਦਾ ਪ੍ਰਸਾਦ ਸਿਵਾਇ ਕਬੂਤਰਾਂ ਦੇ ਉਸਨੇ ਕਿਸੇ ਨੂੰ ਨਾ ਵੰਡਿਆ। ਹਥੇਲੀਆਂ ਤੇ ਚੋਗਾ ਚੁਗਾਉਂਦਾ, ਹੱਥੀਂ ਪਾਣੀ ਪਿਲਾਉਂਦਾ, ਇੱਕ-ਇੱਕ ਨੂੰ ਪਿਆਰ ਨਾਲ ਪਲੋਸਦਾ।

ਕਦੀ ਕਦਾਈਂ ਲਾਜਵੰਤੀ ਸੋਚਦੀ- ਜਿਸ ਬੰਦੇ ਤੋਂ ਕਬੂਤਰ ਨਹੀਂ ਸਹਿਮਦੇ, ਉਸ ਤੋਂ ਕਿਸੇ ਨੂੰ ਕੀ ਖ਼ਤਰਾ? ਹਰ ਦੂਜੇ ਤੀਜੇ ਦਿਨ ਉਸ ਨਾਲ ਸਾਹਮਣਾ ਹੋ ਜਾਂਦਾ। ਕਦੀ ਕਦੀ ਬਰੀਕ ਦੁਪੱਟੇ ਵਿੱਚੋਂ ਮੂੰਹ ਠੀਕ ਨਾ ਦਿਸਦਾ ਤਾਂ ਲੰਘ ਜਾਣ ਪਿੱਛੋਂ ਘੁੰਡ ਚੁੱਕ ਕੇ ਵੀ ਦੇਖ ਲੈਂਦੀ। ਪਰ ਆਪਣੀ ਧੁਨ ਵਿੱਚ ਖੋਇਆ ਉਹ ਬੰਦਾ ਕਦੀ ਇੱਧਰ ਉੱਧਰ ਨਾ ਦੇਖਦਾ। ਦਿਲ ਮਸੋਸ ਕੇ ਅੱਗੇ ਤੁਰ ਪੈਂਦੀ। ਹੋਠਾਂ ਹੀ ਹੋਠਾਂ ਵਿੱਚ ਸਹਿਜੇ ਆਖਦੀ- ਪਾਗ਼ਲ ਕਿਸੇ ਥਾਂ ਦਾ! ਨੌ ਮਹੀਨੇ ਮਾਂ ਨੇ ਕੁੱਖ ਵਿੱਚ ਐਵੇਂ ਭਾਰ ਢੋਇਆ। ਹੈ ਤਾਂ ਮਰਦ ਜਾਤ, ਫਿਰ ਰਸਤਾ ਛੱਡ ਕੇ ਪਰਿਉਂ ਕਿਉਂ ਲੰਘ ਜਾਂਦੈ? ਕੁੜੀਆਂ ਚਿੜੀਆਂ ਡਰਨ ਤਾਂ ਡਰਨ, ਇਸ ਦੇ ਮਨ ਵਿੱਚ ਕੀ ਡਰ ਬੈਠ ਗਿਆ? ਪਰ੍ਹੇ ਪਰ੍ਹੇ ਹੋ ਹੋ ਕਿਉਂ ਲੰਘਦੈ? ਪੁੱਠਾ ਦਿਮਾਗ਼ ਬਿਲਕੁਲ।

ਪਾਣੀ ਭਰਨ ਪਿੱਛੋਂ ਇੱਕ ਦਿਨ ਲੱਜ ਇਕੱਠੀ ਕਰ ਰਹੀ ਸੀ ਕਿ ਸਾਹਮਣਿਓਂ ਆਉਂਦਾ ਦਿਸਿਆ। ਪਾਣੀ ਸੁੱਕ ਜਾਂਦੇ ਤਾਂ ਰਸਤਾ ਖੂਹ ਲਾਗਿਉਂ ਦੀ ਹੋ ਜਾਂਦਾ। ਹੋਰ ਕੋਈ ਹੁੰਦਾ ਪਾਣੀ ਪੀਣ ਬਹਾਨੇ ਆ ਜਾਂਦਾ ਪਰ ਇਹਨੂੰ ਤਾਂ ਕਬੂਤਰਾਂ ਬਿਨਾਂ ਹੋਰ ਦਿਸਦਾ ਈ ਕੁਝ ਨਹੀਂ। ਕੋਲੋਂ ਦੀ ਲੰਘਣ ਲੱਗਾ, ਹੱਥ ਦੇ ਇਸ਼ਾਰੇ ਨਾਲ ਲਾਜਵੰਤੀ ਨੇ ਬੁਲਾ ਲਿਆ। ਗਾਗਰ ਚੁਕਾਣ ਵਾਸਤੇ ਕਿਹਾ। ਖੜ੍ਹਾ ਖਲੋਤਾ ਬੱਚੇ ਵਾਂਗ ਕਹਿੰਦਾ- ਪਰ ਮੇਰੇ ਦੋਹਾਂ ਹੱਥਾਂ ਵਿੱਚ ਤਾਂ ਕਬੂਤਰ ਨੇ? ਛੱਡੇ, ਉੱਡ ਜਾਣਗੇ। ਇੰਨੀ ਗੱਲ ਕਹਿਕੇ ਅੱਗੇ ਤੁਰ ਪਿਆ। ਪੱਥਰ ਦੀ ਮੂਰਤੀ ਵਾਂਗ ਲਾਜਵੰਤੀ ਦੇਰ ਤੱਕ ਖਲੋਤੀ ਰਹੀ। ਹੋਸ਼ ਆਈ, ਇਉਂ ਲੱਗਾ ਜਿਵੇਂ ਅਣਦੇਖੀ ਅੱਗ ਉਸਦੇ ਜੋਬਨ ਨੂੰ ਲੂਹ ਗਈ ਹੋਵੇ। ਇਸ ਨਾਲੋਂ ਮੌਤ ਬਿਹਤਰ। ਗਾਗਰ ਆਪਣੇ ਆਪ ਚੁੱਕ ਕੇ ਸਿਰ ਉੱਪਰ ਰੱਖੀ ਤਾਂ, ਪਰ ਜਿਵੇਂ ਭਾਰਾ ਪੱਥਰ ਚੁੱਕਿਆ ਹੋਵੇ।

ਪਤਾ ਨੀ ਕੀ ਸੋਚ ਕੇ ਅਗਲੇ ਦਿਨ ਉਹ ਵੱਡੀ ਗਾਗਰ ਤੇ ਵੱਡਾ ਕਲਸ਼ ਲੈ ਕੇ ਆ ਗਈ। ਹਰ ਰੋਜ਼ ਨਾਲੋਂ ਥੋੜ੍ਹਾ ਕੁ ਸਮਾਂ ਪਹਿਲਾਂ। ਇਤਫਾਕ ਇਹ ਕਿ ਲੱਜ ਵਲੇਟਣ ਲੱਗੀ, ਉਹ ਆਉਂਦਾ ਵਿਖਾਈ ਦਿੱਤਾ। ਐਤਕਾਂ ਪਿੰਡੋਂ ਜੰਗਲ ਵੱਲ ਜਾ ਰਿਹਾ। ਇੱਕ-ਦੋ ਖੇਤ ਦੂਰ। ਜਿਉਂ ਜਿਉਂ ਨੇੜੇ ਆਉਂਦਾ ਗਿਆ, ਹੱਥ ਨਾਲ ਪਿੱਠ ਪਿੱਛੋਂ ਚੁੰਨੀ ਹੇਠ ਖਿੱਚ ਕੇ ਘੁੰਡ ਉੱਪਰ ਨੂੰ ਹਟਾਂਦੀ ਗਈ। ਜਿਵੇਂ ਕਿਸੇ ਨੂੰ ਇਸ ਹਰਕਤ ਦਾ ਪਤਾ ਨਾ ਹੋਵੇ, ਜਿਵੇਂ ਉਹ ਹੱਥ, ਉਹ ਜਿਸਮ, ਉਸਦਾ ਨਾ ਹੋ ਕੇ ਕਿਸੇ ਹੋਰ ਦਾ ਹੋਵੇ!

ਨੇੜੇ ਆਇਆ, ਕਹਿੰਦੀ- ਹੁਣ ਤਾਂ ਤੇਰੇ ਦੋਵੇਂ ਹੱਥ ਖਾਲੀ ਨੇ। ਹੁਣ ਕੀ ਬਹਾਨਾ ਲਾਕੇ ਇਨਕਾਰ ਕਰੇਂਗਾ?

ਇਨ੍ਹਾਂ ਅੰਮ੍ਰਿਤ ਬੋਲਾਂ ਤੋਂ ਚੌਂਕ ਕੇ ਲਾਜਵੰਤੀ ਵੱਲ ਦੇਖਿਆ, ਬੁੜਬੁੜਾਇਆ- ਹੁਣ ਬੱਸ ਇੱਕੀ ਕਬੂਤਰ ਘੱਟ ਨੇ।

ਲਾਜਵੰਤੀ ਨੰਗੇ ਮੂੰਹ ਹੱਸੀ- ਘੱਟ ਨੇ ਤਾਂ ਕਰਦਾ ਰਹੀਂ ਪੂਰੇ, ਹੁਣ ਗਾਗਰ ਚੁਕਵਾ।

-ਕੱਲ੍ਹ ਕਿਸ ਨੇ ਚੁਕਵਾਈ ਸੀ?

-ਤੂੰ ਨਾ ਮੰਨਿਆ ਫੇਰ ਔਖੀ ਸੌਖੀ ਨੇ ਗ਼ੁੱਸਾ ਖਾ ਕੇ ਆਪੇ ਚੁੱਕੀ।

-ਹੁਣ ਉਹ ਗ਼ੁੱਸਾ ਕਿੱਧਰ ਗਿਆ?

-ਅੱਜ ਤਾਂ ਗ਼ੁੱਸਾ ਆ ਜਾਵੇ ਤਾਂ ਵੀ ਗਾਗਰ ਨਾ ਉੱਠੇ।

-ਕਿਉਂ? ਅੱਜ ਕੀ ਹੋ ਗਿਆ?

-ਦਿਸਦਾ ਨੀਂ ਕੱਲ੍ਹ ਵਾਲੀ ਤੋਂ ਅੱਜ ਵਾਲੀ ਗਾਗਰ ਕਿੰਨੀ ਵੱਡੀ ਐ?

-ਵੱਡੀ ਗਾਗਰ ਕਿਸਦੇ ਭਰੋਸੇ ਲੈ ਆਈ?

-ਕਿਸੇ ਭਲੇਮਾਣਸ ਦੇ ਭਰੋਸੇ, ਜਿਸ ਦੇ ਹੱਥਾਂ ਵਿੱਚ ਅਜੇ ਕਬੂਤਰ ਵੀ ਨਹੀਂ।

ਹਾਂ ਵਿੱਚ ਸਿਰ ਹਿਲਾਉਂਦਿਆਂ ਕਹਿੰਦਾ- ਮੇਰੇ ਉੱਪਰ ਏਨਾ ਭਰੋਸਾ ਕੀਤਾ ਫਿਰ ਤਾਂ ਚੁਕਵਾਉਣੀ ਹੀ ਪਏਗੀ।

ਵਾਕਈ ਉਹ ਅਰਧ ਪਾਗ਼ਲ ਗਾਗਰ ਚੁਕਵਾ ਕੇ ਫੌਰਨ ਰਵਾਨਾ ਹੋ ਗਿਆ। ਨਾ ਅੱਗੇ ਗੱਲ ਕੀਤੀ, ਨਾ ਪਿੱਛੇ ਮੁੜ ਕੇ ਵੇਖਿਆ। ਇਸਦੀ ਬਜਾਇ ਘੁੰਡ ਦਾ ਭਰਮ ਬਣਿਆ ਰਹਿੰਦਾ ਚੰਗਾ ਹੁੰਦਾ। ਸ਼੍ਰਿਸ਼ਟੀ ਰਚਨਾ ਤੋਂ ਲੈ ਕੇ ਅੱਜ ਤੱਕ ਕਿਸੇ ਸੁਹਣੀ ਕੁੜੀ ਦੇ ਜੋਬਨ ਦੀ ਏਨੀ ਬੇਇੱਜ਼ਤੀ ਨਹੀਂ ਹੋਈ ਹੋਣੀ! ਰਸਤੇ ਦੀ ਵਾਟ ਪੂਰੀ ਕਰਨੀ ਔਖੀ ਹੋ ਗਈ।

ਦੂਜੇ ਦਿਨ ਖ਼ੁਦ ਕਬੂਤਰਾਂ ਦੇ ਵਾੜੇ ਤੱਕ ਚਲੀ ਗਈ। ਛਾਤੀ ਤੱਕ ਨੀਵਾਂ ਘੁੰਡ ਕੱਢ ਕੇ ਵਾੜੇ ਦਾ ਫਾਟਕ ਖੋਲ੍ਹਿਆ। ਅਜੀਬ, ਅਨੂਠਾ ਨਜ਼ਾਰਾ। ਅਣਗਿਣਤ ਚਿੱਟੇ ਕਬੂਤਰ ਉਸਦੇ ਇਰਦ ਗਿਰਦ ਚੋਗਾ ਚੁਗ ਰਹੇ! ਗੁਟਰਗੂੰ ਗੁਟਰਗੂੰ ਦੀ ਅੰਮ੍ਰਿਤ ਬਾਣੀ ਬੋਲਦੇ, ਖੰਭ ਫੜਫੜਾਉਂਦੇ। ਕਦੇ ਸਿਰ ਤੇ ਚੜ੍ਹ ਜਾਂਦੇ ਕਦੇ ਮੋਢਿਆਂ ਤੇ ਬੈਠ ਜਾਂਦੇ। ਨੇੜੇ ਚਲੀ ਗਈ, ਕਬੂਤਰਾਂ ਨੂੰ ਕੋਈ ਪਰਵਾਹ ਨਹੀਂ, ਨਾ ਡਰੇ ਨਾ ਉੱਡੇ। ਜੁਆਨ ਦੀਆਂ ਅੱਖਾਂ ਵੀ ਕਬੂਤਰਾਂ ਉੱਤੇ ਜਮੀਆਂ ਹੋਈਆਂ। ਕਿਸੇ ਵੱਲ ਤਵੱਜੋ ਦੇਵੇ ਤਾਂ ਕਿਉਂ ਦੇਵੇ?

-ਤੇਰੇ ਕਬੂਤਰਾਂ ਦਾ ਮੇਲਾ ਦੇਖਣ ਆ ਗਈ।

-ਪਹਿਲਾਂ ਆਉਣਾ ਚਾਹੀਦਾ ਸੀ। ਕਬੂਤਰਾਂ ਨਾਲੋਂ ਵੱਧ ਜਹਾਨ ਵਿੱਚ ਹੋਰ ਹੈ ਈ ਕੀ?

ਸੋਚਣ ਲੱਗੀ, ਘੁੰਡ ਵਿੱਚੋਂ ਦੀ ਕਬੂਤਰ ਠੀਕ ਦਿਸਦੇ ਵੀ ਤਾਂ ਨਹੀਂ। ਨਾਲੇ ਇਨ੍ਹਾਂ ਮਾਸੂਮਾਂ ਤੋਂ ਕੀ ਸੰਗਣਾ? ਘੁੰਡ ਚੁੱਕ ਦਿੱਤਾ। ਜੁਆਨ ਨਿਰੰਤਰ ਆਪਣੇ ਕਬੂਤਰਾਂ ਨਾਲ ਖੇਡਦਾ ਰਿਹਾ, ਚੋਗਾ ਚੁਗਾਉਂਦਾ ਰਿਹਾ। ਘਰ ਵਾਪਸ ਆਈ ਪਰ ਨਜ਼ਾਰਾ ਖੰਭ ਫੜਫੜਾਉਣੋ ਨਾ ਹਟਿਆ। ਰਾਤੀਂ ਸੁਫ਼ਨਿਆਂ ਵਿੱਚ ਵੀ ਕਬੂਤਰ ਉੱਡਦੇ ਰਹੇ।

ਪਾਣੀ ਭਰਨ ਜਾਂਦੀ ਨੇ ਅਜੇ ਅੱਧਾ ਪੈਂਡਾ ਮੁਕਾਇਆ ਸੀ ਕਿ ਸੁਫ਼ਨੇ ਵਾਲਾ ਉਹੀ ਜੁਆਨ ਸਾਹਮਣਿਓਂ ਆਉਂਦਾ ਨਜ਼ਰ ਪਿਆ। ਦੋਵੇਂ ਇੱਕ ਦੂਜੇ ਵੱਲ ਵਧ ਰਹੇ ਸਨ। ਔਰਤ ਦੇ ਸਿਰ ਤੇ ਖ਼ਾਲੀ ਗਾਗਰ ਤੇ ਜੁਆਨ ਦੇ ਹੱਥਾਂ ਵਿੱਚ ਦੋ ਕਬੂਤਰ। ਪਰ ਅੱਜ ਉਹ ਰਸਤਿਉਂ ਪਰ੍ਹੇ ਨਹੀਂ ਹਟਿਆ, ਟਲਿਆ ਨਹੀਂ। ਲਾਜਵੰਤੀ ਦੇ ਰੋਮ ਰੋਮ ਵਿੱਚ ਝਰਨਾਟ ਛਿੜ ਗਈ। ਬੇਈਮਾਨ ਦੇ ਮਨ ਵਿੱਚ ਖੋਟ ਲਗਦੈ! ਸੁੰਨਸਾਨ ਜੰਗਲ...। ਦੂਰ-ਦੂਰ ਤੱਕ ਆਵਾਜ਼ ਸੁਣਨ ਵਾਲਾ ਵੀ ਕੋਈ ਨਹੀਂ...। ਕਰਾਂ ਤਾਂ ਕੀ ਕਰਾਂ!

ਕੁਝ ਕਰਨ ਦੀ ਲੋੜ ਈ ਨੀ ਪਈ। ਵੀਹ ਕਦਮ ਦੂਰੋਂ ਉਸਦੀ ਆਵਾਜ਼ ਸੁਣੀ, ਕਹਿ ਰਿਹਾ ਸੀ- ਬਸ ਦੋ ਕਬੂਤਰ ਘੱਟ ਨੇ। ਕੱਲ੍ਹ ਨੂੰ ਮੇਰਾ ਵਾੜਾ ਪੂਰਾ ਹੋ ਜਾਣੈ। ਇਸ ਖ਼ੁਸ਼ੀ ਵਿੱਚ ਰਾਹ ਤੋਂ ਪਰੇ ਟਲਨਾ ਭੁੱਲ ਗਿਆ, ਸਿੱਧਾ ਲਾਜਵੰਤੀ ਵੱਲ ਤੁਰਿਆ ਆਇਆ, ਸੋਚਣ ਲੱਗਿਆ- ਪਰ ਮੈਥੋਂ ਕਿਸੇ ਨੂੰ ਡਰਨ ਦੀ ਕੀ ਲੋੜ? ਐਨੇ ਸਾਲ ਕਬੂਤਰਾਂ ਦੀ ਮੁਹਬਤ ਐਵੇਂ ਤਾਂ ਨੀ ਕੀਤੀ।

ਮਨ ਵਿਚਲੀ ਬੇਚੈਨੀ ਕੁਝ ਘਟੀ ਤਾਂ ਬੋਲੀ- ਕਬੂਤਰਾਂ ਦੀ ਮੁਹੱਬਤ ਵਿੱਚ ਕੰਕਰ ਚੁਗਣੇ ਤਾਂ ਨੀ ਸਿੱਖ ਗਿਆ?

ਮਰਦ ਧੀਮੀ ਚਾਲ ਹੋ ਗਿਆ, ਕਹਿੰਦਾ- ਕੋਸ਼ਿਸ਼ ਕੀਤੀ ਸੀ, ਕਾਮਯਾਬੀ ਨੀ ਮਿਲੀ। ਪੇਟ ਫੁੱਲ ਗਿਆ। ਮਰਦਾ ਮਰਦਾ ਮਸਾਂ ਬਚਿਆ।

ਮਨ ਦਾ ਚੋਰ ਭੱਜ ਗਿਆ ਤਾਂ ਲਾਜਵੰਤੀ ਹੌਂਸਲੇ ਵਿੱਚ ਹੋ ਗਈ। ਘੁੰਡ ਵਿੱਚੋਂ ਹੱਸਦੀ ਬੋਲੀ- ਕਬੂਤਰ ਤਾਂ ਪਲ ਵਾਸਤੇ ਕਬੂਤਰੀ ਦਾ ਸਾਥ ਨਹੀਂ ਛੱਡਦੇ ਪਰ ਤੂੰ ਹੁਣ ਤੱਕ ਵਿਆਹ ਈ ਨੀ ਕਰਾਇਆ। ਕਿਉਂ...?

ਨਾਗ ਵਰਗੀ ਕਾਲੀ ਦਾਹੜੀ ਵਿੱਚੋਂ ਦੂਧੀਆ ਹਾਸਾ ਖਿਲਾਰਦਾ ਕਹਿੰਦਾ- ਕੱਲ੍ਹ ਪ੍ਰਣ ਪੂਰਾ ਹੋ ਜਾਣੈ, ਕਬੂਤਰ ਇੱਕ ਹਜ਼ਾਰ ਹੋ ਜਾਣਗੇ ਨਾ। ਫੇਰ ਇਸ ਬਾਰੇ ਵੀ ਸੋਚ ਲਊਂਗਾ। ਪਰ ਸੁਫ਼ਨੇ ਵਰਗੀ ਕਬੂਤਰੀ ਮਿਲੇਗੀ ਤਾਂ ਈ ਨਾ। ਬਾਈ ਸਾਲ ਪਹਿਲਾਂ ਮੈਨੂੰ ਸੁਫ਼ਨਾ ਆਇਆ ਸੀ। ਕਹਿੰਦੀ ਸੀ ਹਜ਼ਾਰ ਕਬੂਤਰ ਹੋ ਗਏ ਮੈਂ ਆਊਂਗੀ।

ਲਾਜਵੰਤੀ ਖਿੜ ਖਿੜਾਕੇ ਹਸਦੀ ਬੋਲੀ- ਪਾਗ਼ਲ ਦੇ ਸਿਰ ਉੱਪਰ ਸਿੰਗ ਥੋੜ੍ਹਾ ਹੋਇਆ ਕਰਦੇ ਨੇ? ਸੁਫ਼ਨੇ ਉਪਰ ਭਰੋਸਾ ਕਰਕੇ ਉਮਰ ਬਿਤਾ ਦਏਂਗਾ?

ਅਣਦੇਖੀ ਖ਼ੁਸ਼ੀ ਨਾਲ ਕਬੂਤਰਬਾਜ਼ ਹੌਸਲੇ ਨਾਲ ਬੋਲਿਆ- ਹਜ਼ਾਰ ਕਬੂਤਰ ਹੋ ਗਏ ਤਾਂ ਵੀ ਕੀ ਮੈਨੂੰ ਸੁਫ਼ਨੇ ਵਾਲੀ ਕਬੂਤਰੀ ਨਹੀਂ ਮਿਲੇਗੀ?

ਉਸਦੇ ਸਵਾਲ ਦਾ ਜਵਾਬ ਨਾ ਦੇ ਕੇ ਲਾਜਵੰਤੀ ਜਾਂਦੀ ਜਾਂਦੀ ਕਹਿੰਦੀ- ਤੂੰ ਜਾਣੇ, ਤੇਰਾ ਸੁਫ਼ਨਾ ਜਾਣੇ। ਮੈਨੂੰ ਤਾਂ ਪਾਣੀ ਭਰਨੋ ਦੇਰ ਹੋ ਰਹੀ ਹੈ।

ਤੁਰ ਪਈ। ਪਿੱਛੇ ਮੁੜ ਕੇ ਨਹੀਂ ਦੇਖਿਆ। ਜੁਆਨ ਦੇਰ ਤੱਕ ਖਲੋ ਕੇ ਗੁੱਤ ਨਾਲ ਲਟਕਦੀਆਂ ਰੰਗ-ਬਰੰਗੀਆਂ ਪਰਾਂਦੀਆਂ ਦੇਖਦਾ ਰਿਹਾ।

ਇਸੇ ਥਾਂ ਤੇ ਦੂਜੇ ਦਿਨ ਫੇਰ ਮਿਲਾਪ ਹੋਇਆ। ਹੱਥਾਂ ਵਿੱਚ ਫੜੇ ਦੋਵੇਂ ਕਬੂਤਰ ਘੁੰਡ ਅੱਗੇ ਕਰਕੇ ਕਹਿੰਦਾ- ਬਹੁਤ ਖ਼ੁਸ਼ ਹਾਂ ਅੱਜ। ਮੇਰੀ ਪ੍ਰਤਿਗਿਆ ਪੂਰੀ ਹੋਈ। ਭੋਲੇ ਕਬੂਤਰ ਮੇਰੇ ਸੁਫ਼ਨੇ ਦੀ ਲਾਜ ਰੱਖਣਗੇ।

ਇਹ ਕਹਿ ਕੇ ਉਸਨੇ ਲਾਜਵੰਤੀ ਦੇ ਸਿਰ ਉੱਪਰ ਟਿਕੀ ਖ਼ਾਲੀ ਗਾਗਰ ਨੂੰ ਦੇਖਿਆ ਹੀ ਸੀ ਕਿ ਗ਼ੁੱਸੇ ਵਿੱਚ ਘੁੰਡ ਚੁਕਦਿਆਂ ਉੱਚੇ ਸੁਰ ਵਿੱਚ ਬੋਲੀ- ਭੋਲੇ ਕਬੂਤਰਾਂ ਦੀ ਮੁਹੱਬਤ ਵਿੱਚ ਤੂੰ ਬਿੱਲੀ ਵਾਲੇ ਗੁਰ ਸਿੱਖੀ ਗਿਆ? ਤੇਰੀਆਂ ਅੱਖਾਂ ਵਿਚਲੀ ਬਦਨੀਤ ਮੈਨੂੰ ਸਾਫ਼ ਦਿਸ ਰਹੀ ਐ! ਸੁੰਨਸਾਨ ਜੰਗਲ ਵਿੱਚ ਮੇਰੇ ਨਾਲ ਜਬਰਦਸਤੀ ਕਰਨੀ ਚਾਹੁੰਨੈ?

-ਪਰ ਮੇਰੇ ਤਾਂ ਦੋਵੇਂ ਹੱਥਾਂ ਵਿੱਚ ਦੋ ਕਬੂਤਰ ਨੇ?

-ਫੇਰ ਕੀ ਹੋਇਆ? ਕਬੂਤਰ ਖ਼ਾਲੀ ਗਾਗਰ ਵਿੱਚ ਰੱਖ ਕੇ ਕੀ ਉੱਪਰ ਕਲਸ਼ ਦਾ ਢੱਕਣ ਨੀ ਦਿੱਤਾ ਜਾ ਸਕਦਾ?

ਲਾਜਵੰਤੀ ਦੇ ਬੋਲ ਸੁਣਕੇ ਜੁਆਨ ਖ਼ੁਸ਼ੀ ਨਾਲ ਨੱਚਣ ਲੱਗਾ। ਕਹਿੰਦਾ- ਹੂਬਹੂ ਉਹੀ ਸੁਫ਼ਨਾ...। ਮੈਨੂੰ ਅੱਜ ਵਾਂਗ ਯਾਦ ਹੈ! ਓ ਮੇਰੀ ਸੁਫ਼ਨੇ ਵਾਲੀ ਕਬੂਤਰੀ ਤੂੰ ਬਾਈ ਸਾਲ ਬਾਅਦ ਅੱਜ ਦਿੱਸੀ! ਉਸੇ ਰਾਤ ਤੇਰਾ ਜਨਮ ਹੋਇਆ ਹੋਣਾ। ਹੁਣ ਇਹ ਕਬੂਤਰ ਉੱਡਦੇ ਨੇ ਤਾਂ ਉੱਡ ਜਾਣ। ਸਾਰਾ ਆਕਾਸ਼ ਸਾਹਮਣੇ ਪਿਐ।

ਸੰਗ ਨਾਲ ਦੂਹਰੀ ਹੋਈ ਲਾਜਵੰਤੀ ਦੇ ਕੰਨਾਂ ਨੇ ਧੀਮੇ ਧੀਮੇ ਬੋਲ ਸੁਣੇ- ਮੇਰੇ ਸੁਫ਼ਨਿਆਂ ਦੀ ਕਬੂਤਰੀਏ, ਕਿੰਨੀ ਦੇਰ ਬਾਅਦ ਆਈ ਤੂੰ...।

ਜਦੋਂ ਗੱਲ੍ਹ ਨਾਲ ਦਾਹੜੀ ਛੂਹੀ, ਹੋਸ਼ ਹਵਾਸ ਭੁਲਦੀ ਜਾਂਦੀ ਲਾਜਵੰਤੀ ਨੇ ਪੁੱਛਿਆ- ਏਨੇ ਬਰਸ ਜੁਦਾਈ ਕਿਵੇਂ ਸਹੀ?

-ਪਰ ਮੇਰਾ ਸੁਫ਼ਨਾ ਪੂਰਾ ਜਦ ਹੋਣਾ ਹੀ ਅੱਜ ਸੀ, ਫਿਰ ਜੁਦਾਈ ਕਿਵੇਂ? ਹੱਥਾਂ ਦੀ ਬੰਦਿਸ਼ ਵਿੱਚੋਂ ਛੁਟਣ ਸਾਰ ਸਫ਼ੈਦ ਖੰਭ ਫੜਫੜਾਉਂਦੇ ਦੋਵੇਂ ਕਬੂਤਰ ਅਜਿਹੇ ਉੱਡੇ ਕਿ ਉੱਡਦੇ ਹੀ ਗਏ... ਅਨੰਤ ਅਸਮਾਨ ਜਾਣੇ ਜਾਂ ਉਨ੍ਹਾਂ ਦੇ ਖੰਭ ਜਾਣਨ...!!!

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ