Lanka Des Hai Colombu : Devinder Satyarthi
ਲੰਕਾ ਦੇਸ ਹੈ ਕੋਲੰਬੂ : ਦੇਵਿੰਦਰ ਸਤਿਆਰਥੀ
1
"ਇਹ ਟਟਹਿਣਾ ਹੈ, ਮਾਂ! ਦੂਰ ਦੇਸ ਦਾ
ਰਾਹੀ!"
ਬਚਪਨ ਵਿਚ ਪਹਿਲੀ ਵਾਰ ਟਟਹਿਣਾ ਫੜ
ਕੇ ਮੈਂ ਆਪਣੀ ਮਾਂ ਕੋਲ ਲਿਆਇਆ ਤਾਂ ਮੈਂ ਬੜੇ
ਮਾਣ ਨਾਲ ਕਿਹਾ ਸੀ। ਟਟਹਿਣਾ ਮੇਰੀ ਮੁੱਠੀ
ਵਿਚ ਬੰਦ ਸੀ ਤੇ ਇਸ ਦੀ ਵਿੱਥ ਵਿਚੋਂ ਆਉਂਦੀ
ਮੱਧਮ ਲਿਸ਼ਕ ਮੈਨੂੰ ਡਾਢੀ ਚੰਗੀ ਜਾਪਦੀ ਸੀ।
ਜ਼ਰੂਰ ਕਿਸੇ ਦੂਰ ਦੇਸ ਦਾ ਕੀੜਾ ਹੈ ਤੇ ਰਾਤੀਂ
ਹਾਣੀਆਂ ਨਾਲ ਕਿਸੇ ਜਾਦੂ ਦੇ ਅਸਰ ਹੇਠ ਇਥੇ
ਆ ਜਾਂਦਾ ਹੈ, ਮੈਂ ਇਹ ਸੋਚ ਰਿਹਾ ਸੀ ਤੇ ਵਿਹੜੇ
ਵਿਚ ਹਿਰਨ ਦੇ ਬੱਚੇ ਵਾਂਗ ਕੁੱਦ ਰਿਹਾ ਸੀ।
"ਇਸ ਨੂੰ ਛੱਡ ਦੇ ਬੱਚਾ! ਮਤੇ ਇਸ ਦੇ
ਖੰਭ ਟੁੱਟ ਜਾਣ। ਬੜੇ ਨਿੱਕੇ ਖੰਭ ਹੁੰਦੇ ਹਨ, ਇਸ
ਦੇ, ਬੱਚਾ। ਮਤੇ ਪਿੱਛੇ ਇਸ ਦੀ ਮਾਂ ਤੜਫਦੀ ਰਹੇ।"
ਮਾਂ ਦਾ ਕਿਹਾ ਮੰਨ ਕੇ ਮੈਂ ਟਟਹਿਣੇ ਨੂੰ ਛੱਡ ਦਿੱਤਾ,
ਪਰ ਸਾਲਾਂ ਬੱਧੀ
ਪਿੱਛੋਂ ਵੀ ਮੈਂ
ਟਟਹਿਣਿਆਂ ਪਿੱਛੇ
ਭੱਜਦਾ ਰਿਹਾ, ਭਾਵੇਂ
ਇਹ ਡਰ ਜ਼ਰੂਰ
ਲੱਗਾ ਰਹਿੰਦਾ ਕਿ
ਭੱਜਦਾ ਮੈਂ ਇੰਨਾ
ਅਗਾਂਹ ਨਾ ਲੰਘ
ਜਾਵਾਂ ਕਿ ਘਰ ਦਾ
ਰਾਹ ਹੀ ਭੁੱਲਾ ਬੈਠਾਂ।
ਕੋਲੰਬੂ ਪਹੁੰਚ ਕੇ ਮੈਨੂੰ ਬਚਪਨ ਦੇ ਬੀਤੇ
ਦਿਨ ਯਾਦ ਆ ਗਏ। ਟਟਹਿਣਿਆਂ ਪਿੱਛੇ ਭੱਜਦਾ
ਦੂਰ ਨਿਕਲ ਜਾਣ ਤੋਂ ਡਰਨ ਵਾਲਾ ਬੱਚਾ ਵੱਡਾ ਹੋ
ਕੇ ਇੰਨੀ ਦੂਰ ਸਮੁੰਦਰ ਪਾਰ ਆ ਪਹੁੰਚੇਗਾ, ਇਹ
ਕੌਣ ਜਾਣਦਾ ਸੀ? ਇਹ ਤਾਂ ਮੇਰੀ ਮਾਂ ਵੀ ਨਹੀਂ
ਸੀ ਜਾਣਦੀ।
ਤਾਰਿਆਂ ਦੀ ਛਾਂਵੇਂ ਅਸੀਂ ਤਿੰਨੇ ਸਮੁੰਦਰ
ਕੰਢੇ ਬੈਠੇ ਹਾਂ-ਮੈਂ, ਮੇਰੀ ਪਤਨੀ ਤੇ ਪੁੱਤਰੀ
ਕਵਿਤਾ। ਦੂਰ ਤੀਕ ਸੜਕ ਚਲੀ ਗਈ ਹੈ,
ਸਮੁੰਦਰ ਦੇ ਕੰਢੇ-ਕੰਢੇ। ਗਰੀਬ ਮਜ਼ਦੂਰ ਦੇ ਜੰਮੇ
ਹੋਏ ਲਹੂ ਵਾਂਗ ਇਸ ਸੜਕ ਦਾ ਰੰਗ ਕਾਲਾ ਹੈ,
ਤੇ ਸੜਕ ਦੇ ਕਿਨਾਰੇ ਇਹ ਫੁੱਟਪਾਥ ਜਿਸ 'ਤੇ
ਪਏ ਬੈਂਚ ਉਤੇ ਅਸੀਂ ਬੈਠੇ ਹਾਂ, ਕਾਫੀ ਉਭਰਿਆ
ਹੋਇਆ ਹੈ, ਕਿਸੇ ਉਦਾਸ ਤੀਵੀਂ ਦੀ ਅੱਖ ਵਾਂਗ
ਜੋ ਲਗਾਤਾਰ ਰੋਣ ਕਰ ਕੇ ਸੁੱਜ ਗਈ ਹੋਵੇ।
ਸਮੁੰਦਰ ਆਪਣੀ ਭਾਸ਼ਾ ਵਿਚ ਪਤਾ ਨਹੀਂ
ਕੀ ਬੋਲ ਰਿਹਾ ਹੈ। ਸਦੀਆਂ ਤੋਂ ਇਸ ਦੀ ਆਵਾਜ਼
ਜਾਰੀ ਹੈ। ਦੂਰੋਂ ਇਕ ਲਹਿਰ ਆਉਂਦੀ ਹੈ, ਸਿਰ
ਚੁੱਕੀ। ਜਦ ਤੀਕ ਪਹਿਲੀ ਲਹਿਰ ਕਿਨਾਰੇ 'ਤੇ
ਆ ਕੇ ਟਕਰਾ ਚੁੱਕੀ ਹੁੰਦੀ ਹੈ, ਦੂਜੀ ਲਹਿਰ
ਸਿਰ ਚੁੱਕੀ ਕਿਨਾਰੇ ਵੱਲ ਤੁਰ ਪੈਂਦੀ ਹੈ। ਫਿਰ
ਤੀਜੀ ਉਠ ਤੁਰਦੀ ਹੈ।
ਲੰਕਾ ਦੀ ਇਕ ਲੋਕ-ਕਥਾ ਵਿਚ ਇਨ੍ਹਾਂ
ਤਿੰਨ ਲਹਿਰਾਂ ਦਾ ਵਿਖਿਆਨ ਹੋਇਆ ਹੈ। ਇਕ
ਮੁੰਡਾ ਆਪਣੀ ਭੈਣ ਦਾ ਚੰਨ ਮੁਖੜਾ ਤੱਕ ਕੇ
ਉਸ ਦੀ ਪ੍ਰਸ਼ੰਸਾ ਕਰਨ ਲੱਗਾ। ਇਸਤਰੀ ਦਾ ਜੀਵਨ
ਗੁਜ਼ਾਰਨ ਤੋਂ ਉਸ ਕੁੜੀ ਦਾ ਮਨ ਉਕਾ ਹੀ ਹਟ
ਗਿਆ ਤੇ ਸ਼ਰਮਸਾਰ ਹੋ ਕੇ ਉਸ ਨੇ ਸਮੁੰਦਰ
ਵਿਚ ਛਾਲ ਮਾਰ ਦਿੱਤੀ। ਉਸ ਨੂੰ ਆਤਮਘਾਤ
ਕਰਦਿਆਂ ਵੇਖ ਭਰਾ ਨੇ ਵੀ ਉਸ ਦੇ ਪਿੱਛੇ ਛਾਲ
ਮਾਰ ਦਿੱਤੀ। ਮੁੰਡੇ ਤੇ ਕੁੜੀ ਨੂੰ ਬਚਾਉਣ ਲਈ
ਉਨ੍ਹਾਂ ਦੀ ਮਾਂ ਵੀ ਸਮੁੰਦਰ ਵਿਚ ਆ ਕੁੱਦੀ। ਲੋਕ
ਕਹਿੰਦੇ ਹਨ ਕਿ ਸਭ ਤੋਂ ਵੱਡੀ ਲਹਿਰ ਉਤੇ ਉਸ
ਕੁੜੀ ਦੀ ਰੂਹ ਸਵਾਰ ਹੈ, ਉਸ ਤੋਂ ਛੋਟੀ ਲਹਿਰ
ਉਤੇ ਭਰਾ ਦੀ ਤੇ ਸਭ ਤੋਂ ਛੋਟੀ ਉਤੇ ਉਨ੍ਹਾਂ ਦੀ
ਮਾਂ ਦੀ ਰੂਹ। ਸਦੀਆਂ ਤੋਂ ਇਹ ਰੂਹਾਂ ਵਿਆਕੁਲ
ਹਨ, ਪਰ ਤਿੰਨ ਲਹਿਰਾਂ ਅੱਡ-ਅੱਡ ਉਠਦੀਆਂ
ਹਨ, ਤੇ ਕੰਢੇ ਨਾਲ ਅੱਡ ਅੱਡ ਟਕਰਾਉਂਦੀਆਂ
ਹਨ। ਇਹ ਰੂਹਾਂ ਅੱਜ ਤੀਕ ਇਕ ਦੂਜੀ ਨੂੰ ਨਹੀਂ
ਮਨਾ ਸਕੀਆਂ। ਕੋਲੰਬੂ ਦੇ ਇਸ ਸੁੰਦਰ ਤੇ ਅਥਾਹ
ਸਮੁੰਦਰ ਵੱਲ ਤੱਕਦਿਆਂ ਮੈਨੂੰ ਇਕ ਕਹਾਣੀ ਚੇਤੇ
ਆ ਰਹੀ ਹੈ। ਇਕ ਪਹਾੜੀ ਨਾਲਾ ਸੋਚਣ ਲੱਗਾ
ਕਿ ਉਸ ਨੂੰ ਕਿਸੇ ਮਾਮੂਲੀ ਬਰਸਾਤੀ ਨਦੀ ਨਾਲ
ਨਹੀਂ, ਸਗੋਂ ਸਮੁੰਦਰ ਦੀ ਧੀ ਨਾਲ ਵਿਆਹ
ਕਰਵਾਉਣਾ ਚਾਹੀਦਾ ਹੈ। ਉਹ ਤੁਰ ਪਿਆ। ਅੱਗੇ
ਇਕ ਨਦੀ ਮਿਲੀ।
"ਤੂੰ ਕਿਥੇ ਜਾਨੀ ਏਂ ਨਦੀਏ?"
"ਮੈਂ ਇਧਰ ਪੰਜਾਹ ਕੋਹਾਂ ਤੀਕ ਜਾਵਾਂਗੀ।"
"ਤਾਂ ਮੈਨੂੰ ਵੀ ਆਪਣੇ ਨਾਲ ਲੈ ਚੱਲ। ਮੈਂ
ਸਮੁੰਦਰ ਦੀ ਧੀ ਨਾਲ ਵਿਆਹ ਕਰਵਾਉਣ ਜਾ
ਰਿਹਾ ਹਾਂ।"
ਨਦੀ ਹੱਸੀ, "ਚੰਗੀ ਗੱਲ ਹੈ। ਅਗਾਂਹ ਮੈਂ
ਤੈਨੂੰ ਕਿਸੇ ਹੋਰ ਭੈਣ ਦੇ ਹਵਾਲੇ ਕਰ ਦਿਆਂਗੀ।"
ਨਾਲਾ ਧੁਰ ਸਮੁੰਦਰ ਤੀਕ ਜਾ ਪੁੱਜਾ, ਤੇ
ਉਸ ਨੂੰ ਕਹਿਣ ਲੱਗਾ, "ਮੈਂ ਆਪ ਦੀ ਧੀ ਨੂੰ
ਆਪਣੀ ਵਹੁਟੀ ਬਣਾਵਾਂਗਾ।"
ਸਮੁੰਦਰ ਹੱਸ ਪਿਆ ਤੇ ਬੋਲਿਆ, "ਅੱਜ
ਕੱਲ੍ਹ ਚੁਮਾਸਾ ਹੈ, ਇਸ ਰੁੱਤ ਵਿਚ ਅਸੀਂ ਵਿਆਹ
ਦੀ ਗੱਲ ਨਹੀਂ ਕਰ ਸਕਦੇ। ਹਾਲੇ ਜਾ, ਫੇਰ ਆਵੀਂ।
ਤਦ ਮੈਂ ਆਪਣੀ ਧੀ ਦੀ ਰਾਏ ਲਵਾਂਗਾ।"
ਚੁਮਾਸੇ ਪਿਛੋਂ ਉਸ ਨਾਲੇ ਵਿਚ ਇੰਨਾ ਪਾਣੀ
ਹੀ ਨਾ ਰਿਹਾ ਕਿ ਉਹ ਸਮੁੰਦਰ ਵੱਲ ਤੁਰ ਸਕਦਾ।
ਉਹ ਕੇਵਲ ਉਸ ਦੀ ਧੀ ਦੇ ਸੁਪਨੇ ਹੀ ਵੇਖਦਾ
ਰਹਿ ਗਿਆ। ਅਲਮੋੜੇ ਦੀ ਇਹ ਪਹਾੜੀ ਕਥਾ
ਮੈਨੂੰ ਸਦਾ ਯਾਦ ਆ ਰਹੀ ਹੈ।
ਕੀ ਸਮੁੰਦਰ ਦੀ ਧੀ ਪਹਾੜੀ ਪਿੰਡਾਂ ਦੀ
ਕਿਸੇ ਸੀਤਾ, ਖੁਰਮਾਣੀ ਤੇ ਚੰਬੇਲੀ ਤੋਂ ਵੀ ਵਧੇਰੇ
ਸੋਹਣੀ ਸੀ? ਹੋਵੇ ਪਈ। ਮੈਂ ਤਾਂ ਆਦਮੀ ਹਾਂ,
ਕੋਈ ਪਹਾੜੀ ਨਾਲਾ ਨਹੀਂ। ਮੈਨੂੰ ਜੋ ਪਤਨੀ ਮਿਲੀ
ਹੈ ਤੇ ਜੋ ਇਸ ਵੇਲੇ ਮੇਰੇ ਨਾਲ ਬੈਂਚ 'ਤੇ ਬੈਠੀ
ਹੈ, ਸਮੁੰਦਰ ਦੀ ਧੀ ਤੋਂ ਕਿਤੇ ਵੱਧ ਸੁੰਦਰ ਹੈ।
"ਸਮੁੰਦਰ ਦੀਆਂ ਲਹਿਰਾਂ ਕੀ ਆਖਦੀਆਂ
ਹਨ, ਪਿਤਾ ਜੀ?"
"ਉਹ ਆਖਦੀਆਂ ਹਨ, ਕਵਿਤਾ ਸਾਡੇ
ਨਾਲ ਖੇਡੇ। ਜਾ ਖੇਡ ਬੇਟੀ।"
ਕਵਿਤਾ ਤੁਰ ਪਈ ਹੈ। ਫੁੱਟਪਾਥ ਤੋਂ ਥੱਲੇ
ਉਤਰ ਰਹੀ ਹੈ। ਉਹ ਰੇਤਲੇ ਸਾਹਿਲ 'ਤੇ ਚਲੀ
ਗਈ ਹੈ। ਦੌੜ ਰਹੀ ਹੈ, ਅਜੀਬ ਅੰਦਾਜ਼ ਵਿਚ,
ਜਿਵੇਂ ਕਥਾਕਲੀ ਦੀ ਮਸ਼ਕ ਕਰ ਰਹੀ ਹੋਵੇ, ਪਰ
ਉਹ ਤਾਂ ਪਰਤ ਰਹੀ ਹੈ। ਜਦ ਉਹ ਸਮੁੰਦਰ ਦੀਆਂ
ਲਹਿਰਾਂ ਨਾਲ ਹਿਲ ਜਾਵੇਗੀ, ਤਦ ਸਾਡੇ ਇਸਰਾਰ
ਕਰਨ 'ਤੇ ਵੀ ਉਸ ਘਰ ਜਾਣ ਦਾ ਨਾਂ ਨਹੀਂ ਲੈਣਾ।
ਕਵਿਤਾ ਫਿਰ ਸਾਡੇ ਕੋਲ ਆ ਬੈਠੀ ਹੈ।
ਹੈਰਾਨ ਅੱਖਾਂ ਨਾਲ ਮੇਰੀ ਪਤਨੀ ਕਦੇ ਸਮੁੰਦਰ
ਵੱਲ ਤੱਕਦੀ ਹੈ, ਕਦੇ ਕਵਿਤਾ ਵੱਲ।
"ਕਵਿਤਾ ਸਾਡੇ ਸਮੁੰਦਰ ਦੀ ਲਹਿਰ ਹੈ।"
"ਠੀਕ।"
ਮੇਰੇ ਮੂੰਹੋਂ ਇਹ ਇਕੋ ਸ਼ਬਦ ਸੁਣ ਕੇ ਮੇਰੀ
ਪਤਨੀ ਦੀਆਂ ਗੱਲ੍ਹਾਂ ਉਤੇ ਉਹੀ ਲਾਲੀ ਥਿਰਕ
ਰਹੀ ਹੈ, ਜੋ ਮੈਂ ਬਾਰਾਂ ਸਾਲ ਪਹਿਲਾਂ ਵੇਖੀ ਸੀ,
ਜਦ ਉਹ ਵਹੁਟੀ ਬਣੀ, ਆਦਮ ਕੱਦ ਸ਼ੀਸ਼ੇ ਮੂਹਰੇ
ਖੜ੍ਹੀ ਕਦੀ ਸ਼ੀਸ਼ੇ ਵਿਚ ਆਪਣੀਆਂ ਲਜੀਲੀਆਂ
ਅੱਖੀਆਂ ਵੱਲ ਤੱਕਦੀ ਸੀ ਤੇ ਕਦੇ ਮੇਰੇ ਵੱਲ।
ਪੁਰਾਣੇ ਕਿੱਸਿਆਂ ਵਿਚ ਕਸ਼ੀਰ ਸਾਗਰ (ਦੁੱਧ
ਦਾ ਸਮੁੰਦਰ) ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ,
ਪਰ ਉਹ ਇਸ ਸਮੁੰਦਰ ਤੋਂ ਵੱਧ ਸੁੰਦਰ ਹੈ ਜਿਸ
ਨੂੰ ਲੰਕਾ ਦਾ ਪੁਰਾਣਾ ਇਤਿਹਾਸ ਯਾਦ ਹੈ, ਤੇ
ਜਿਸ ਨੂੰ ਕੋਲੰਬੂ ਦਾ ਬਚਪਨ ਅਜੇ ਭੁੱਲਿਆ ਨਾ
ਹੋਵੇਗਾ। ਕਸ਼ੀਰ ਸਾਗਰ ਵਿਚ ਸ਼ੇਸ਼ਨਾਗ ਨੇ ਵਿਸ਼ਨੂੰ
ਭਗਵਾਨ ਲਈ ਕੂਲੀ ਸੇਜ ਬਣਾ ਰੱਖੀ ਹੈ। ਵਿਸ਼ਨੂੰ
ਜੀ ਲੇਟ ਰਹੇ ਹਨ। ਲਛਮੀ, ਉਨ੍ਹਾਂ ਦੀ ਪਤਨੀ,
ਪੈਰ ਪਈ ਘੁੱਟਦੀ ਹੈ। ਡਾਢੀ ਕਲਪਨਾ ਹੈ। ਹੋਵੇ
ਪਈ! ਇਹ ਸਭ ਦੇਵਤਿਆਂ ਦੀ ਕਹਾਣੀ ਹੈ। ਮੈਂ
ਤਾਂ ਆਦਮੀ ਹਾਂ ਤੇ ਕੋਲੰਬੂ 'ਚ ਸਮੁੰਦਰ ਦੇ ਕੰਢੇ
ਪਤਨੀ ਤੇ ਪੁੱਤਰੀ ਸਣੇ ਬੈਂਚ ਉਤੇ ਬੈਠਾ ਹਾਂ।
2
ਜਦ ਤੋਂ ਮੈਂ ਕੋਲੰਬੂ ਆਇਆ ਹਾਂ, ਮੇਰੀ
ਗਰੀਬੀ ਹੋਰ ਵੀ ਨੰਗੀ ਹੋ ਗਈ ਹੈ। ਜਿਸ ਮਕਾਨ
ਵਿਚ ਮੈਂ ਰਹਿੰਦਾ ਹਾਂ, ਉਸ ਦੇ ਕੋਲ ਹੀ ਇਕ
ਬੇਕਰੀ ਹੈ। ਕੀ ਪਤਾ, ਬੇਕਰੀ ਦਾ ਮਾਲਕ ਮੇਰੀ
ਬਾਬਤ ਕੀ ਕਹਿੰਦਾ ਹੈ। "ਇਥੇ ਨੌਕਰੀ ਦੀ ਤਲਾਸ਼
ਵਿਚ ਆਏ ਹੋ, ਸਾਹਿਬ?" ਕੁਝ ਦਿਨ ਪਹਿਲਾਂ
ਉਸ ਨੇ ਮੈਨੂੰ ਪੁੱਛਿਆ ਸੀ। ਜਦ ਮੈਂ ਉਹਨੂੰ
ਦੱਸਿਆ ਕਿ ਮੈਂ ਇਥੇ ਲੰਕਾ ਦੇ ਲੋਕ-ਗੀਤ ਇਕੱਠੇ
ਕਰਨ ਆਇਆ ਹਾਂ ਤਾਂ ਉਹ ਹੈਰਾਨ ਰਹਿ ਗਿਆ।
ਉਹ ਖੁਦ ਲੰਕਾ ਦਾ ਆਦਮੀ ਹੈ। ਆਪਣੀ ਮਾਤਾਭਾਸ਼ਾ
ਸਿੰਹਾਲੀ ਬੜੀ ਸੋਹਣੀ ਬੋਲਦਾ ਹੈ, ਪਰ
ਆਪਣੇ ਲੋਕ-ਗੀਤ ਉਸ ਨੇ ਕਦੇ ਨਹੀਂ ਸੁਣੇ।
ਸ਼ਾਇਦ ਉਹ ਮੈਨੂੰ ਝੱਲਾ ਸਮਝਦਾ ਹੈ। ਲੋਕ ਗੀਤ
ਹੀ ਇਕੱਠੇ ਕਰਨੇ ਸਨ ਤਾਂ ਮੈਂ ਆਪਣੀ ਪਤਨੀ ਤੇ
ਧੀ ਨੂੰ ਨਾਲ ਲਈ ਕਿਉਂ ਦੇਸ-ਬਦੇਸ ਗਾਹੁੰਦਾ
ਫਿਰਦਾ ਹਾਂ, ਉਹ ਸੋਚਦਾ ਹੋਵੇਗਾ। ਤੇ ਮੈਂ ਕੋਲੰਬੂ
ਵਿਚ ਕਿਉਂ ਡੇਰਾ ਲਾ ਲਿਆ? ਹੁਣ ਮੈਂ ਉਸ ਨੂੰ
ਕਿਵੇਂ ਸਮਝਾਵਾਂ ਕਿ ਸ਼ੁਰੂ ਵਿਚ ਕੋਲੰਬੂ ਦੇ
ਲਿਖਾਰੀਆਂ ਦਾ ਸਹਿਯੋਗ ਜ਼ਰੂਰੀ ਹੈ।
ਨਿਰਧਨਤਾ ਖ਼ਾਨਾਬਦੋਸ਼ ਲਿਖਾਰੀ ਦਾ ਪਿੱਛਾ
ਨਹੀਂ ਛੱਡਦੀ। ਖੁਫੀਆ ਪੁਲਿਸ ਵਾਂਗ ਉਸ ਦੇ
ਸਵਾਗਤ ਲਈ ਥਾਂ-ਥਾਂ ਖੜ੍ਹੀ ਰਹਿੰਦੀ ਹੈ।
ਇਸ ਬੇਕਰੀ ਨੂੰ ਵੇਖਦਾ ਹਾਂ ਤਾਂ ਸਾਰਾ ਕੋਲੰਬੂ
ਸ਼ਹਿਰ ਮੈਨੂੰ ਵੱਡੀ ਭੱਠੀ ਜਾਪਦਾ ਹੈ। ਇਸ ਭੱਠੀ
ਵਿਚ ਮੈਂ ਡਬਲਰੋਟੀ ਵਾਂਗ ਸੇਕਿਆ ਜਾਵਾਂਗਾ।
ਸਦੀਆਂ ਤੋਂ ਇਹ ਰੋਟੀਆਂ ਸੇਕਦੀ ਰਹੀ ਹੈ। ਕਿੰਨਾ
ਜਚਿਆ ਹੋਇਆ ਹੈ ਇਸ ਦਾ ਅਨੁਭਵੀ ਹੱਥ!
ਗੁੰਨ੍ਹੇ ਹੋਏ ਆਟੇ ਦੇ ਗੋਲੇ ਬਣਾਉਂਦੀ, ਠੱਪਿਆਂ
ਵਿਚ ਰੱਖਦੀ ਤੇ ਸੇਕਦੀ ਕਦੀ ਅੱਕਦੀ ਨਹੀਂ।
"ਇਹੀ ਲੰਕਾ ਦੇਸ ਹੈ, ਪਿਤਾ ਜੀ?"
"ਹਾਂ, ਕਵਿਤਾ।"
ਕੱਲ੍ਹ ਇਹੀ ਸਵਾਲ ਉਹਨੇ ਆਪਣੀ ਮਾਂ ਨੂੰ
ਕੀਤਾ ਸੀ ਤੇ ਉਸ ਨੂੰ ਇਹੀ ਉਤਰ ਮਿਲਿਆ ਸੀ।
"ਰਾਵਣ ਦੀ ਲੰਕਾ ਵੀ ਇਹੀ ਹੈ, ਪਿਤਾ
ਜੀ?"
"ਹਾਂ, ਕਵਿਤਾ।"
ਉਹ ਚੁੱਪ ਹੋ ਗਈ ਹੈ। ਤੇ ਕੀ ਪਤਾ ਕੱਲ੍ਹ
ਉਹ ਫਿਰ ਇਹੀ ਸਵਾਲ ਦੁਹਰਾਏ। ਅਸੀਂ ਬਚਪਨ
ਵਿਚ ਇਕੋ ਸਵਾਲ ਨੂੰ ਮੁੜ-ਮੁੜ ਕਿਉਂ ਪੁੱਛਦੇ
ਹਾਂ? ਉਤਰ ਪਾ ਕੇ ਥੋੜ੍ਹੀ ਦੇਰ ਲਈ ਭਾਵੇਂ ਤਸੱਲੀ
ਹੋ ਜਾਵੇ, ਪਰ ਸਵਾਲ ਮੁੜ-ਮੁੜ ਉਠਦਾ ਰਹਿੰਦਾ
ਹੈ। ਕਿੱਥੇ ਹੈ ਰਾਵਣ? ਕਿੱਥੇ ਹੈ ਉਸ ਦੀ ਲੰਕਾ
ਦਾ ਸੋਨਾ? ਹਨੂਮਾਨ ਨੇ ਉਸ ਦਾ ਮਹਿਲ ਫੂਕ
ਸੁੱਟਿਆ ਸੀ, ਪਰ ਇੰਨਾ ਸੋਨਾ ਕਿਥੇ ਚਲਾ
ਗਿਆ? ਕੀ ਰਾਮਾਇਣ ਦਾ ਰਾਵਣ ਕੇਵਲ ਕਵੀ
ਬਾਲਮੀਕ ਦੀ ਕਲਪਨਾ ਹੀ ਸੀ? ਪਰ ਕੀ ਕਵੀ
ਦੀ ਕਲਪਨਾ ਦਾ ਧਰਤੀ ਨਾਲ, ਧਰਤੀ ਦੇ ਜੀਵਨ
ਨਾਲ ਕੁਝ ਵੀ ਸਬੰਧ ਨਹੀਂ ਹੁੰਦਾ?
ਕਿਸੇ ਕਵੀ ਦੇ ਸੁਪਨਿਆਂ ਦੀ ਲੰਕਾ ਦਾ
ਹਾਲ ਮੈਂ ਨਹੀਂ ਲਿਖ ਰਿਹਾ। ਲੰਕਾ ਵਿਚ ਰਹਿਣੀਬਹਿਣੀ
ਹਿੰਦੁਸਤਾਨ ਦੇ ਔਸਤ ਜੀਵਨ ਨਾਲੋਂ
ਉਚੇਰੀ ਹੈ। ਹਰ ਚੀਜ਼ ਮਹਿੰਗੀ ਹੈ। ਉਚੇਰੀ
ਰਹਿਣੀ-ਬਹਿਣੀ ਦੀ ਤਕਲੀਫ ਜਿੰਨੀ ਨਿਰਧਨ
ਖ਼ਾਨਾਬਦੋਸ਼ ਲਿਖਾਰੀ ਅਨੁਭਵ ਕਰਦਾ ਹੈ, ਉਨੀ
ਖਾਸ ਲੰਕਾ ਵਾਲਿਆਂ ਨੂੰ ਨਹੀਂ ਉਠਾਣੀ ਪੈਂਦੀ।
ਉਨ੍ਹਾਂ ਨੂੰ ਵਧੇਰੇ ਖਰਚ ਕਰਨਾ ਪੈਂਦਾ ਹੈ ਤਾਂ
ਉਹ ਬਹੁਤਾ ਖੱਟਦੇ ਵੀ ਤਾਂ ਹਨ ਨਾ!
ਸ਼ੰਟ ਕਰ ਰਹੇ ਇੰਜਣਾਂ ਵਾਂਗ ਸੋਹਣੀਆਂ
ਪੁਸ਼ਾਕਾਂ ਵਾਲੇ ਜੰਟਲਮੈਨ ਅੱਖਾਂ ਮਟਕਾਉਂਦੇ
ਨਿਕਲ ਜਾਂਦੇ ਹਨ। ਔਰਤਾਂ ਫੈਸ਼ਨ ਦੀਆਂ ਤੁਰਦੀਆਂ
ਫਿਰਦੀਆਂ ਤਸਵੀਰਾਂ ਹਨ। ਸ਼ਾਮੀਂ ਆਪ ਵੀ
ਸਮੁੰਦਰ ਦੇ ਕੰਢੇ ਵੱਲ ਆ ਜਾਓ। ਫੈਸ਼ਨ ਦਾ ਪੂਰਾ
ਡਰਾਮਾ ਵੇਖ ਲਵੋ।
ਕੱਲ੍ਹ ਮਿਸਟਰ ਸਿਲਵਾ ਦੀ ਪਤਨੀ ਆਪਣੇ
ਪਤੀ ਕੋਲੋਂ ਜਾਪਾਨੀ ਜਾਰਜਟ ਦੀ ਸਾੜ੍ਹੀ ਲਈ
ਰੁਪਏ ਮੰਗ ਰਹੀ ਸੀ। ਮੈਨੂੰ ਆਪਣੇ ਇਕ ਬੰਗਾਲੀ
ਮਿੱਤਰ ਦੀ ਤੰਗਦਸਤੀ ਯਾਦ ਆ ਗਈ। ਬਹੁਤ
ਸੋਗੀ ਜਿਹੀ ਸੂਰਤ ਬਣਾ ਕੇ ਮਿਸਟਰ ਮੁਕਰਜੀ
ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਨਵਾਂ
ਮਹੀਨਾ ਚੜ੍ਹਨ ਸਾਰ ਆਖ ਉਠਦੀ ਹੈ ਕਿ ਉਸੇ
ਦਿਨ ਉਸ ਲਈ ਨਵੀਂ ਸਾੜ੍ਹੀ ਆ ਜਾਵੇ। ਫਰਕ
ਇੰਨਾ ਹੀ ਹੈ ਕਿ ਮਿਸਿਜ ਮੁਕਰਜੀ ਢਾਕੇ ਦੀ
ਅਸਲੀ ਰੇਸ਼ਮੀ ਸਾੜ੍ਹੀ ਮੰਗਦੀ ਸੀ, ਮਿਸਿਜ
ਸਿਲਵਾ ਬਦੇਸੀ ਕੱਪੜੇ ਦੇ ਸਸਤੇਪਨ 'ਤੇ ਰੀਝ
ਗਈ ਹੈ, ਤੇ ਇਕ ਤਰ੍ਹਾਂ ਇਹ ਚੰਗਾ ਹੀ ਹੋਇਆ,
ਮਿਸਟਰ ਸਿਲਵਾ ਨੂੰ ਖਰਚ ਘੱਟ ਕਰਨਾ ਪੈਂਦਾ ਹੈ।
ਕੋਲੰਬੂ ਵਿਚ ਹਿੰਦੁਸਤਾਨੀਆਂ ਦੀਆਂ ਬਹੁਤ
ਹੱਟੀਆਂ ਹਨ। ਹਰ ਇਕ ਹੱਟੀ ਉਤੇ ਹੁਸਨ ਦਾ
ਮੇਲਾ ਲੱਗਾ ਰਹਿੰਦਾ ਹੈ। ਸਾੜ੍ਹੀ ਦਾ ਮੁੱਲ ਪੁੱਛਣ
ਵਾਲੀ ਨਾਜ਼ੋ ਦੀ ਧੀਮੀ, ਮਿੱਠੀ ਆਵਾਜ਼ ਸੁਣ ਕੇ
ਦੁਕਾਨ ਦਾ ਸਾਦਾ ਜਿਹਾ ਕਾਰਿੰਦਾ ਆਪਣੇ ਦਿਲ
ਵਿਚ ਕੁਤਕੁਤਾੜੀ ਜਿਹੀ ਮਹਿਸੂਸ ਕਰਦਾ ਹੈ,
ਪਰ ਉਸ ਨੂੰ ਇਹ ਜਾਣਨ ਦੀ ਵਿਹਲ ਕਿਥੇ ਕਿ
ਕੁੜੀ ਮਿਸ ਹੈ ਜਾਂ ਮਿਸਿਜ ਬਣ ਚੁੱਕੀ ਹੈ? ਇਥੇ
ਧੀ ਤੇ ਵਹੁਟੀ ਦੀ ਪੁਸ਼ਾਕ ਵਿਚ ਉਹ ਕੋਈ ਬਹੁਤ
ਫਰਕ ਨਹੀਂ ਦੇਖਦਾ। ਬੋਧੀ ਵਹੁਟੀਆਂ ਆਪਣੀ
ਮਾਂਗ ਵਿਚ ਸੰਧੂਰ ਨਹੀਂ ਲਾਉਂਦੀਆਂ।
"ਲੰਕਾ ਦੇਸ ਅਜੀਬ ਹੈ ਸਾਹਿਬ! ਇਥੇ
ਸੁਹਾਗਣ ਤੇ ਵਿਧਵਾ ਦੀ ਕੋਈ ਪਛਾਣ ਨਹੀਂ।"
"ਠੀਕ ਹੈ।"
"ਹੈ ਤਾਂ ਛੇਕੜ ਰਾਵਣ ਦੀ ਲੰਕਾ ਨਾ।"
ਮੈਂ ਮਨ ਹੀ ਮਨ ਹੱਸ ਰਿਹਾ ਹਾਂ। ਟਰਾਮ
ਚੱਲ ਰਹੀ ਹੈ। ਕਿੰਨੀਆਂ ਮੋਟਰਾਂ ਲੰਘ ਰਹੀਆਂ
ਹਨ। ਫਿਰ ਵੀ ਇਹ ਰਾਵਣ ਦੀ ਹੀ ਲੰਕਾ ਹੈ!
ਕੋਲੰਬੂ ਦੇ ਅਖਬਾਰਾਂ ਤੋਂ ਮੈਨੂੰ ਆਪਣੇ ਲੇਖਾਂ
ਦੀ ਮਜ਼ਦੂਰੀ ਮਿਲ ਰਹੀ ਹੈ। ਕੁਝ ਰੁਪਿਆ
ਮਦਰਾਸੋਂ ਆ ਰਿਹਾ ਹੈ। ਹੁਣ ਮਕਾਨ ਵਾਲੇ ਦਾ
ਆਦਮੀ ਕਿਰਾਇਆ ਲੈਣ ਆਉਂਦਾ ਹੈ ਤਾਂ ਮੈਨੂੰ
ਆਪਣੇ ਉਤੇ ਗੁੱਸਾ ਨਹੀਂ ਆਉਂਦਾ।
ਇਸ ਮਕਾਨ ਵਿਚ ਬਿਜਲੀ ਦਾ ਅਜੀਬ
ਇੰਤਜ਼ਾਮ ਹੈ। ਇਕ ਖਾਸ ਖਾਨੇ ਵਿਚ ਪੰਝੀ ਸੈਂਟ
(ਚੁਆਨੀ) ਦਾ ਸਿੱਕਾ ਪਾਉਣਾ ਪੈਂਦਾ ਹੈ। ਇਸ
ਸਿੱਕੇ ਦੇ ਹਿਸਾਬ ਦੀ ਬਿਜਲੀ ਖਰਚ ਹੋ ਜਾਣ
ਬਾਅਦ ਹਨੇਰਾ ਹੋ ਜਾਂਦਾ ਹੈ। ਫਿਰ ਨਵਾਂ ਸਿੱਕਾ
ਪਾਉਣਾ ਜ਼ਰੂਰੀ ਹੈ। ਉਂਜ ਇਕੋ ਵਾਰ ਪੰਝੀ ਸੈਂਟ
ਦੇ ਕਈ ਸਿੱਕੇ ਪਾਏ ਜਾ ਸਕਦੇ ਹਨ। ਕਈ ਵਾਰ
ਸਾਡੀ ਬਿਜਲੀ ਬੁਝ ਜਾਂਦੀ ਰਹੀ। ਹੁਣ ਫਿਰ ਨੌਬਤ
ਨਹੀਂ ਆਉਂਦੀ।
3
ਕੀ ਲੰਕਾ ਦੇ ਇਤਿਹਾਸ ਵਿਚ ਕੋਈ ਅਜਿਹਾ
ਬਾਦਸ਼ਾਹ ਨਹੀਂ ਹੋਇਆ ਜਿਸ ਨੂੰ ਆਪਣੀ
ਪਟਰਾਣੀ ਨਾਲ ਉਹੀ ਪ੍ਰੇਮ ਰਿਹਾ ਹੋਵੇ ਜੋ
ਸ਼ਾਹਜਹਾਨ ਨੂੰ ਆਪਣੀ ਪਤਨੀ ਨਾਲ ਸੀ? ਇਥੇ
ਵੀ ਕਿਸੇ ਅਜਿਹੇ ਬਾਦਸ਼ਾਹ ਨੇ ਆਪਣੀ ਰਾਣੀ ਦੀ
ਯਾਦਗਾਰ ਵਿਚ ਕੋਈ ਮਕਬਰਾ ਬਣਵਾਇਆ ਹੁੰਦਾ
ਤਾਂ ਆਪਣੀ ਪਤਨੀ ਨੂੰ ਵਿਖਾਉਂਦਾ ਹੋਇਆ ਮੈਂ
ਉਹੀ ਸ਼ਬਦ ਦੁਹਰਾਉਂਦਾ ਜੋ ਆਗਰੇ ਵਿਚ ਮੇਰੇ
ਮੂੰਹੋਂ ਨਿਕਲੇ ਸਨ, "ਇਹ ਕੇਵਲ ਸ਼ਾਹਜਹਾਨ ਦੀ
ਹੀ ਭੇਟਾ ਨਹੀਂ, ਇਹ ਸਦੀਵੀ ਮਰਦ ਦੀ ਭੇਟਾ ਹੈ,
ਸਦੀਵੀ ਇਸਤਰੀ ਅੱਗੇ।" ਉਦੋਂ ਮੈਨੂੰ ਆਪਣੀ
ਗਰੀਬੀ ਭੁੱਲ ਗਈ ਸੀ। ਮੈਂ ਵੀ ਸ਼ਾਹਜਹਾਨ ਸੀ
ਤੇ ਮੇਰੀ ਪਤਨੀ ਮੁਮਤਾਜ਼ ਮਹੱਲ।
ਸੂਰਜ ਚੜ੍ਹਨ ਤੋਂ ਪਹਿਲਾਂ ਸਮੁੰਦਰ ਦੇ ਕੰਢੇ
ਉਤੇ ਖਲੋਣਾ ਖੁਸ਼ਕਿਸਮਤੀ ਹੈ। ਸ਼ੁਰੂ ਵਿਚ ਉਫਕ
ਉਤੇ ਉਹ ਲਾਲੀਆਂ ਦੌੜਦੀਆਂ ਹਨ, ਜਿਹੜੀਆਂ
ਪਹਿਲੀ ਵਾਰ ਆਪਣੇ ਪਤੀ ਅੱਗੇ ਖਲੋਤੀ ਵਹੁਟੀ
ਦੀਆਂ ਗੱਲ੍ਹਾਂ ਉਤੇ ਖਿੰਡ ਜਾਂਦੀਆਂ ਹਨ।
ਲਲਚਾਈਆਂ ਅੱਖੀਆਂ ਨਾਲ ਸੂਰਜ
ਭਗਵਾਨ ਨੂੰ ਸਵਰਨ-ਰਥ ਉਤੇ ਚੜ੍ਹਦਿਆਂ ਅਨੇਕਾਂ
ਵਾਰ ਵੇਖਿਆ ਹੈ। ਹਰ ਵਾਰ ਮੈਨੂੰ ਇਹ ਰਥ ਨਵਾਂ
ਹੀ ਜਾਪਿਆ, ਪਰ ਕੋਲੰਬੂ ਦੇ ਸਾਹਿਲ ਉਤੇ ਇਹ
ਦ੍ਰਿਸ਼ ਕਿੰਨਾ ਵਿਸ਼ਾਲ ਹੈ। ਰਾਵਣ ਦੀ ਲੰਕਾ ਦਾ
ਸਾਰਾ ਸੋਨਾ ਕਿਤੇ ਸੂਰਜ ਭਗਵਾਨ ਦੇ ਰਥ ਉਤੇ
ਤਾਂ ਖਰਚ ਨਹੀਂ ਹੋ ਗਿਆ? ਪਰ ਇਹ ਰਥ ਤਾਂ
ਪੁਰਾਤਨ ਹੈ, ਸੈਆਂ ਰਾਵਣਾਂ ਤੋਂ ਅਗੇਤਰਾ ਹੈ।
ਕੱਲ੍ਹ ਸ਼ਾਮੀਂ ਮੈਨੂੰ ਕਵੀ ਟੈਗੋਰ ਦਾ ਇਕ
ਗੀਤ ਟੁੰਬ ਰਿਹਾ ਸੀ, "ਧੁੰਦਲਕੇ ਦੇ ਪਤਲੇ ਹਨੇਰੇ
ਵਿਚ ਸਭ ਵਸਤਾਂ ਭੂਤ ਪ੍ਰੇਤ ਬਣ ਜਾਂਦੀਆਂ ਹਨ।
ਮੀਨਾਰਾਂ ਦੇ ਹੇਠਲੇ ਭਾਗ ਹਨੇਰੇ ਵਿਚ ਕਿਤੇ
ਗੁਆਚ ਗਏ ਹਨ। ਮੈਂ ਤੜਕੇ ਦੀ ਉਡੀਕ ਕਰਾਂਗਾ
ਤੇ ਜਾਗ ਕੇ ਤੱਕਾਂਗਾ ਤੇਰੇ ਸ਼ਹਿਰ ਨੂੰ।" ਹੁਣ ਸਵੇਰ
ਦੀ ਰੋਸ਼ਨੀ ਵਿਚ ਮੈਂ ਸੋਚਦਾ ਹਾਂ, ਮਤੇ ਕਵੀ ਨੇ
ਇਸੇ ਸ਼ਹਿਰ ਦਾ ਧਿਆਨ ਧਰ ਕੇ ਆਪਣਾ ਗੀਤ
ਰਚਿਆ ਹੋਵੇ।
ਸੂਰਜ ਰੋਜ਼ ਇਸ ਮਾਣ-ਮੱਤੇ ਸ਼ਹਿਰ ਦੇ
ਸਵੈ-ਅਭਿਮਾਨ ਉਤੇ ਹੱਸਦਾ ਰਹਿੰਦਾ ਹੈ। ਕਵੀ
ਕਦੇ ਸਮੁੰਦਰ ਵੱਲ ਭੱਜਦਾ ਹੈ ਤੇ ਕਦੇ ਸੂਰਜ
ਵੱਲ। ਟੈਗੋਰ ਆਖਦਾ ਹੈ:
ਤੇਰੀ ਮੁੱਢ-ਕਦੀਮੀ ਬੋਲੀ ਕੀ ਹੈ,
ਓ ਸਮੁੰਦਰ?
ਕਦੀਮੀ ਸੁਆਲ ਦੀ ਬੋਲੀ।
ਤੇਰਾ ਜੁਆਬ ਕਿਹੜੀ ਬੋਲੀ ਹੈ,
ਓ ਅਸਮਾਨ?
ਕਦੀਮੀ ਚੁੱਪ ਦੀ ਬੋਲੀ।
ਸਮੁੰਦਰ ਦੀਆਂ ਲਹਿਰਾਂ ਪਈਆਂ ਨੱਚਦੀਆਂ
ਹਨ- ਦੱਖਣੀ ਹਿੰਦ ਦੀਆਂ ਦੇਵਦਾਸੀਆਂ ਵਾਂਗ।
ਇਨ੍ਹਾਂ ਲਹਿਰਾਂ ਨੂੰ ਕਿਹੜੇ ਦੇਵਤਾ ਦੀ ਪੂਜਾ ਦਾ
ਸ਼ੌਕ ਲੱਗਾ ਹੈ? ਇਸ ਸਾਹਿਲ ਉਤੇ ਸ਼ਿਵ ਦੀ
ਮੂਰਤੀ ਤਾਂ ਕਿਤੇ ਵਿਖਾਲੀ ਨਹੀਂ ਦਿੰਦੀ।
4
ਰਾਮਾਇਣ ਵਿਚ ਲਿਖਿਆ ਹੈ ਕਿ ਰਾਵਣ
ਸ਼ਿਵ ਦੀ ਪੂਜਾ ਕਰਦਾ ਹੁੰਦਾ ਸੀ। ਸ਼ਿਵ ਦਾ ਬੇਟਾ,
ਕੰਦੇ ਸੁਆਮੀ ਜਿਹਨੂੰ ਹਿੰਦੂ ਗ੍ਰੰਥਾਂ ਵਿਚ
‘ਕਾਰਤੀਕੇਯ’ ਆਖਿਆ ਗਿਆ ਹੈ, ਬੁੱਧ ਦੀ ਲੰਕਾ
ਵਿਚ ਵੀ ਲੋਕਾਂ ਦੇ ਦਿਲਾਂ ਉਤੇ ਰਾਜ ਪਿਆ ਕਰਦਾ
ਹੈ। ਕੰਦੇ ਸੁਆਮੀ ਦਾ ਅਰਥ ਹੈ, ਪਰਬਤ ਦਾ
ਸੁਆਮੀ। ਪਹਿਲਾਂ ਇਹ ਦੇਵਤਾ ਤਿੰਨ ਚੋਟੀਆਂ
ਵਾਲੇ ਪਰਬਤ ਉਤੇ ਰਹਿੰਦਾ ਸੀ। ਇਕ ਦਿਨ ਉਹ
ਥੱਲੇ ਦਰਿਆ ਦੇ ਪਾਰਲੇ ਕੰਢੇ ਜਾਣ ਲਈ ਬਿਹਬਲ
ਹੋ ਉਠਿਆ, ਜਿਥੇ ਬਿਰਛਾਂ ਦਾ ਝੁੰਡ ਨਜ਼ਰ ਪਿਆ
ਆਉਂਦਾ ਸੀ। ਉਦੋਂ ਇਹ ਕੇਵਲ ਤਾਮਿਲ ਲੋਕਾਂ
ਦਾ ਹੀ ਦੇਵਤਾ ਸੀ। ਇਕ ਦਿਨ ਕੋਲੋਂ ਦੀ ਕੁਝ
ਤਾਮਿਲ ਲੰਘ ਰਹੇ ਸਨ। "ਓ ਚੰਗੇ ਲੋਕੋ! ਮੈਨੂੰ
ਉਸ ਸੋਹਣੀ ਘਾਟੀ ਉਤੇ ਦਰਿਆਓਂ ਪਾਰ ਲੈ
ਚਲੋ", ਦੇਵਤਾ ਬੋਲਿਆ। ਤੇ ਤਾਮਿਲ ਲੋਕਾਂ ਨੇ
ਆਖਿਆ, "ਓ ਚੰਗੇ ਦੇਵਤਾ! ਅਸੀਂ ਲੂਣ ਇਕੱਠਾ
ਕਰਨ ਜਾ ਰਹੇ ਹਾਂ। ਪੱਛੜ ਗਏ ਤਾਂ ਮੀਂਹ ਆ
ਜਾਵੇਗਾ। ਸਾਰਾ ਲੂਣ ਖੁਰ ਜਾਵੇਗਾ। ਫਿਰ ਕਿਸੇ
ਦਿਨ ਸਹੀ!" ਫਿਰ ਕੁਝ ਸਿੰਹਾਲੀ ਲੰਘੇ ਤੇ ਉਨ੍ਹਾਂ
ਨੇ ਦੇਵਤਾ ਨੂੰ ਥੱਲੇ ਦਰਿਆਓਂ ਪਾਰ ਲਿਆ
ਬਹਾਇਆ। ਦੇਵਤਾ ਖੁਸ਼ ਹੋ ਗਿਆ। ਉਸ ਇਹ
ਵਰ ਦਿੱਤਾ ਕਿ ਅੱਗੋਂ ਸਿੰਹਾਲੀ ਨਸਲ ਦਾ ਆਦਮੀ
ਹੀ ਉਸ ਦੇ ਮੰਦਰ ਦਾ ਪੁਜਾਰੀ ਚੁਣਿਆ ਜਾਵੇਗਾ।
ਅੱਜ ਤੀਕ ਇਹ ਵਰਦਾਨ ਅਟੱਲ ਹੈ। ਉਸ
ਦੇ ਤਾਮਿਲ ਪੁਜਾਰੀ ਕੇਵਲ ਛੋਟੇ ਮੰਦਰਾਂ ਤੀਕ ਹੀ
ਸੀਮਤ ਹਨ। ਉਸ ਦੇ ਵੱਡੇ ਮੰਦਰ ਦਾ ਪੁਜਾਰੀ
ਸਿੰਹਾਲੀ ਹੀ ਲਗਾ ਆਉਂਦਾ ਹੈ। 'ਕੰਦੇ ਸੁਆਮੀ'
ਦਾ ਵੱਡਾ ਮੰਦਰ ਕਤਰ-ਗਾਮ ਵਿਚ ਹੈ। ਇਹ
ਅਸਥਾਨ ਇਸ ਟਾਪੂ ਦੇ ਦੱਖਣ ਪੂਰਬੀ ਹਿੱਸੇ
ਵਿਚ ਸਥਿਤ ਹੈ।
ਕੋਲੰਬੂ ਵਿਚ ਵੀ ਜਿਥੇ ਵੱਖ-ਵੱਖ ਨਸਲਾਂ
ਦੇ ਤਿੰਨ ਲੱਖ ਆਦਮੀ ਵੱਸਦੇ ਹਨ, ਕੰਦੇ ਸੁਆਮੀ
ਦੇ ਉਪਾਸ਼ਕ ਮਿਲ ਜਾਣਗੇ। ਤਾਮਿਲ ਲੋਕ ਉਸ
ਨੂੰ 'ਸੁਬਰਾਮਨੀਅਮ' ਆਖਦੇ ਹਨ।
ਜਦ ਧਰਤੀ ਉਤੇ ਦੇਵਤਿਆਂ ਅਤੇ ਅਸੁਰਾਂ
ਦਾ ਯੁੱਧ ਹੋਇਆ ਸੀ ਤਾਂ ਦੇਵਤਿਆਂ ਦੀ ਫੌਜੀ
ਸ਼ਕਤੀ ਦੀ ਅਗਵਾਈ ਇਸੇ ਦੇਵਤੇ ਨੇ ਕੀਤੀ ਸੀ।
ਉਹ ਮੋਰ ਦੀ ਸਵਾਰੀ ਕਰਦਾ ਹੈ ਤੇ ਯੁੱਧ ਦਾ
ਦੇਵਤਾ ਹੈ, ਪਰ ਸਿੰਹਾਲੀ ਲੋਕਾਂ ਦੀ ਨਜ਼ਰ ਵਿਚ
ਉਹ ਯੁੱਧ ਦਾ ਦੇਵਤਾ ਨਹੀਂ, ਸਗੋਂ ਅਨੇਕਾਂ ਜੀਵਨ
ਲੋੜਾਂ ਦਾ ਦੇਵਤਾ ਹੈ।
ਕੱਲ੍ਹ ਟਰਾਮ ਵਿਚ ਇਕ ਬੋਧ ਭਿਕਸ਼ੂ ਨਾਲ
ਮੁਲਾਕਾਤ ਹੋ ਗਈ। ਪਤਾ ਚਲਿਆ, ਉਹ ਮਾਸ
ਨਹੀਂ ਖਾਂਦੇ। ਤੇ ਮੈਨੂੰ ਇਉਂ ਜਾਪਿਆ ਕਿ ਆਪੀਂ
ਬੁੱਧ ਭਗਵਾਨ ਮੇਰੇ ਕੋਲ ਬੈਠੇ ਹਨ।
ਅਹਿੰਸਾ ਦੇ ਹਾਮੀ ਤੇ ਮਾਸ ਖਾਣ ਵਾਲੇ!
ਲੰਕਾ ਦੇ ਬਹੁਤੇ ਬੋਧ ਮਾਸ ਖਾਣੋਂ ਪਰਹੇਜ਼ ਨਹੀਂ
ਕਰਦੇ- ਕਿਸੇ ਵੀ ਤਰ੍ਹਾਂ ਦੇ ਮਾਸ ਤੋਂ। ਲੋਕ ਬਾਜ਼ਾਰੋਂ
ਗੋਸ਼ਤ ਖਰੀਦਦੇ ਹਨ, ਆਪੀਂ ਨਹੀਂ ਮਾਰਦੇ।
ਲੰਕਾ ਦੇ ਲਿਖਾਰੀ ਜੈ ਵਿਜੈਤੁੰਗ ਨੇ ਆਪਣੀ
ਪੁਸਤਕ 'ਮੇਰੇ ਪੈਰਾਂ ਲਈ ਘਾਹ' ਵਿਚ ਪੇਂਡੂਆਂ
ਨੂੰ ਛੋਟੀਆਂ-ਛੋਟੀਆਂ ਨਦੀਆਂ ਉਤੇ ਮੱਛੀਆਂ ਫੜਦੇ
ਵਿਖਾਇਆ ਹੈ। ਉਨ੍ਹਾਂ ਨੇ ਬੜੀ ਸੁਆਦਲੀ ਗੱਲ
ਲਿਖੀ ਹੈ। ਰਾਤ ਦਾ ਬਚਿਆ ਭਾਤ ਇਸਤਰੀਆਂ
ਨਦੀਆਂ ਵਿਚ ਵਗਾਹ ਮਾਰਦੀਆਂ ਹਨ। ਮੱਛੀਆਂ
ਇਸ ਨੂੰ ਖਾਣ ਲਈ ਲਪਕਦੀਆਂ ਹਨ। ਕੋਈਕੋਈ
ਚਤਰ ਇਸਤਰੀ ਅਜਿਹੀ ਚਾਲਾਕੀ ਨਾਲ
ਉਲਟੀ ਹਾਂਡੀ ਮੱਛੀਆਂ ਉਤੇ ਸੁੱਟਦੀ ਹੈ, ਤੇ ਝੱਟ
ਬਾਹਰ ਕੱਢਦੀ ਹੈ ਕਿ ਉਸ ਵਿਚ ਕੁਝ ਮੱਛੀਆਂ
ਰਸੋਈ ਦੀ ਲੋੜ ਲਈ ਆ ਫਸਦੀਆਂ ਹਨ। ਉਹ
ਲਿਖਦੇ ਹਨ ਕਿ ਮੱਛੀਆਂ ਫੜਨ ਦਾ ਢੰਗ ਬਹੁਤ
ਕੁਝ ਅਹਿੰਸਾ ਤੇ ਦੋਸਤੀ ਦੇ ਅਸੂਲਾਂ ਉਤੇ ਨਿਰਭਰ
ਹੈ। ਇਹ ਮੱਛੀਆਂ ਜੋ ਨਿੱਤ ਰਸੋਈ ਦਾ ਬਚਿਆ
ਭਾਤ ਖਾਂਦੀਆਂ ਹਨ, ਜੇ ਕਿਸੇ ਦਿਨ ਉਸੇ ਰਸੋਈ
ਦਾ ਭੋਜਨ ਬਣ ਜਾਣ ਤਾਂ ਇਹ ਕੋਈ ਪਾਪ ਥੋੜ੍ਹਾ
ਹੈ!
ਬੋਧ ਭਿਕਸ਼ੂ ਵੀ ਬਾਹਲੇ ਮਾਸ ਖਾ ਲੈਂਦੇ
ਹਨ। "ਅਸੀਂ ਦਰ-ਦਰ ਭੋਜਨ ਮੰਗਦੇ ਹਾਂ। ਦਾਨ
ਵਿਚ ਮਿਲੀ ਚੀਜ਼ ਦਾ ਨਿਰਾਦਰ ਕਿਵੇਂ ਕਰੀਏ?"
ਉਹ ਆਖ ਛੱਡਦੇ ਹਨ।
ਮਜ਼੍ਹਬ ਨਾਲ ਆਦਮੀ ਦਾ ਇਹ ਮਖੌਲ ਬਹੁਤ
ਪੁਰਾਣਾ ਹੈ।
5
ਇਸ ਦੀ ਆਵਾਜ਼ ਬੰਸਰੀ ਦੇ ਸੁਰਾਂ ਨਾਲ
ਮਿਲ ਕੇ ਬਣੀ ਹੈ। ਇਹ ਗੱਡੇ ਵਾਲਾ ਪਿੰਡ ਦਾ
ਆਦਮੀ ਹੈ। ਕੋਲੰਬੂ ਸ਼ਹਿਰ ਵਿਚ ਪਹੁੰਚ ਕੇ ਵੀ
ਇਸ ਨੇ ਆਪਣੇ ਪਿੰਡ ਨੂੰ ਭੁਲਾ ਨਹੀਂ ਦਿੱਤਾ।
ਇਹ ਇਸ ਧਰਤੀ ਦਾ ਪੁੱਤਰ ਹੈ ਤੇ ਇਸ ਦੀ
ਦਿਲ-ਧੜਕਣ ਅਨੁਭਵ ਕਰਦਾ ਹੈ। ਇਉਂ ਜਾਪਦਾ
ਹੈ ਕਿ ਹੁਣੇ ਕਿਸੇ ਸੁਪਨੇ ਤੋਂ ਜਾਗ ਕੇ ਗਾ ਰਿਹਾ
ਹੈ:
ਹਨੇਰੇ ਵਿਚ ਟਟਹਿਣੇ ਉਡ ਰਹੇ ਸਨ
ਉਨ੍ਹਾਂ ਦੇ ਖੰਭਾਂ ਵਿਚੋਂ ਰੋਸ਼ਨੀ ਪਈ
ਟਿਮਟਿਮ ਕਰਦੀ ਸੀ
ਕਿਸੇ ਦੀ ਮਲੂਕੜੀ ਜਿਹੀ ਆਵਾਜ਼
ਮੇਰੇ ਕੰਨੀਂ ਪਈ
ਉਸ ਦੇ ਧਿਆਨ ਵਿਚ ਤੂੰ
ਏਨਾ ਕੀ ਸੋਚਣ ਲੱਗ ਪਿਆ ਏਂ?
ਕੇਵਲ ਪੇਂਡੂ ਕੁੜੀ ਦੀ ਆਵਾਜ਼ ਹੀ ਗੱਡੇ
ਵਾਲੇ ਦੇ ਕੰਨਾਂ ਤੀਕ ਪੁੱਜੀ ਤੇ ਇਸੇ ਆਵਾਜ਼ ਨੇ
ਉਹਨੂੰ ਕੋਹ ਸੁੱਟਿਆ, ਪਰ ਉਸ ਦਾ ਸਾਥੀ ਜੋ
ਆਪ ਪਿਆਰ ਤੋਂ ਜਾਣੂ ਨਹੀਂ, ਹੈਰਾਨ ਹੋ ਰਿਹਾ
ਹੈ। ਉਹ ਕੀ ਜਾਣੇ ਕਿ ਪਿਆਰ ਕੇਵਲ ਚਾਨਣ
ਵਿਚ ਹੀ ਨਹੀਂ ਪੈਂਦੇ।
ਆਪਣੇ ਗੀਤ ਵਿਚ ਗੱਡੇ ਵਾਲਾ, ਬਲਦ ਨੂੰ
ਵੀ ਦੁਲਾਰਦਾ ਹੈ:
ਦੂਜਿਆਂ ਦਾ ਢਿੱਡ ਭਰਨ ਲਈ
ਤੂੰ ਕਸ਼ਟ ਝੱਲਦਾ ਏਂ
ਦਿਨ ਰਾਤ ਕੰਮ ਕਰਨਾ ਏਂ
ਤੇ ਮਾਰ ਸਹਿਨਾਂ ਏਂ
ਵੇਦਨਾ ਨਾਲ ਗ੍ਰੱਸਿਆ ਜਾਨਾ ਏਂ
ਬਲਦਾ! ਕੁਝ ਆਦਮੀ
ਤੈਥੋਂ ਵੀ ਘੱਟ ਮੁੱਲ ਦੇ ਹਨ।
ਪਰ ਕੋਲੰਬੂ ਸ਼ਹਿਰ ਦੇ ਵਾਯੂ ਮੰਡਲ ਵਿਚ
ਲੋਕ ਸੰਗੀਤ ਦੇ ਸੁਰ ਬੜੇ ਓਪਰੇ ਜਾਪਦੇ ਹਨ।
ਲਾਰੀਆਂ ਦੇ ਡਰਾਈਵਰ ਗੱਡੇ ਵੇਖ ਕੇ ਹੱਸ ਪੈਂਦੇ
ਹਨ। ਹਾਰਨ ਸੁਣ ਕੇ ਗੱਡੇ ਵਾਲਾ ਸਹਿਮ ਜਾਂਦਾ
ਹੈ ਤੇ ਬਲਦ ਵੀ।
ਕੁਝ ਲੋਕ-ਗੀਤ ਤਾਂ ਮੈਨੂੰ ਕੋਲੰਬੂ ਵਿਚ ਹੀ
ਦੋ-ਚਾਰ ਮਿੱਤਰਾਂ ਕੋਲੋਂ ਮਿਲ ਗਏ ਸਨ। ਛੇਤੀ
ਹੀ ਮੈਂ ਲੰਕਾ ਦਾ ਦੌਰਾ ਕਰਾਂਗਾ।
ਸਿੰਹਾਲੀ ਸੰਗੀਤ ਦੇ ਸੁਰ ਮੇਰੇ ਮਨ ਉਤੇ
ਅਸਰ ਕਰ ਰਹੇ ਹਨ। ਇਹ ਸੰਗੀਤ ਰੂਹਾਂ ਵਿਚੋਂ
ਫੁੱਟਦਾ ਹੈ, ਜਿਵੇਂ ਮੀਂਹ ਮਗਰੋਂ ਖੇਤਾਂ ਵਿਚੋਂ ਸੁਗੰਧ
ਉਠਦੀ ਹੈ।
ਲੰਕਾ ਤੋਂ ਵਿਦਾ ਹੋਣ ਵੇਲੇ ਮੈਂ ਟੈਗੋਰ ਦੀ
ਇਕ ਕਵਿਤਾ ਵਿਚ 'ਦੁਨੀਆ' ਦੀ ਥਾਂ ਲੰਕਾ ਬਦਲ
ਕੇ ਆਖਾਂਗਾ, "ਹੇ ਮੇਰੀ ਲੰਕਾ! ਮੈਂ ਤੇਰੇ ਸਾਹਿਲ
ਉਤੇ ਓਪਰੇ ਵਾਂਗ ਆਇਆ। ਮੈਂ ਤੇਰੇ ਘਰ ਵਿਚ
ਪ੍ਰਾਹੁਣਾ ਬਣ ਕੇ ਰਿਹਾ। ਹੁਣ ਮੈਂ ਤੇਰੇ ਬੂਹੇ ਤੋਂ
ਮਿੱਤਰ ਬਣ ਕੇ ਨਿੱਖੜ ਰਿਹਾ ਹਾਂ।"
"ਇਹ ਰਾਵਣ ਦੀ ਲੰਕਾ ਹੈ ਕਿ ਬੁੱਧ
ਭਗਵਾਨ ਦੀ?"
"ਦੋਹਾਂ ਦੀ, ਕਵਿਤਾ।"
"ਸੱਚ-ਮੁੱਚ?"
"ਸੱਚ-ਮੁੱਚ। ਤੇ ਇਸ ਤੋਂ ਵੀ ਵਧੇਰੇ ਸੱਚ
ਇਹ ਹੈ ਕਿ ਲੰਕਾ ਤੇਰੀ ਵੀ ਹੈ, ਤੇਰੀ ਮਾਤਾ ਦੀ
ਵੀ ਤੇ ਮੇਰੀ ਵੀ।"
ਸਾਹਮਣੇ ਅਥਾਹ ਸਮੁੰਦਰ ਆਪਣੇ ਧੁਰ
ਪੁਰਾਣੇ ਨਾਚ ਵਿਚ ਮਸਤ ਹੈ। ਇਹ ਸੜਕ ਜੋ
ਕੰਢੇ-ਕੰਢੇ ਚਲੀ ਗਈ ਹੈ, ਤੇ ਜਿਸ ਦਾ ਰੰਗ
ਗਰੀਬ ਮਜ਼ਦੂਰ ਦੇ ਜੰਮੇ ਹੋਏ ਲਹੂ ਵਾਂਗ ਕਾਲਾ
ਹੈ, ਕੇਵਲ ਕੋਲੰਬੂ ਦੇ ਤਿੰਨ ਲੱਖ ਬੰਦਿਆਂ ਦੇ
ਦੁੱਖ-ਸੁੱਖ ਦੀ ਹੀ ਨਹੀਂ, ਸਗੋਂ ਸਾਡੀ ਖੁਸ਼ੀ ਦੀ
ਵੀ ਅਮਾਨਤਦਾਰ ਹੈ: ਸੜਕ ਵੀ ਤੇ ਇਹ ਫੁੱਟਪਾਥ
ਵੀ ਜੋ ਬਾਦਸਤੂਰ ਉਭਰਿਆ ਹੋਇਆ ਹੈਉਦਾਸ
ਤੀਵੀਂ ਦੀ ਅੱਖ ਵਾਂਗ ਜੋ ਲਗਾਤਾਰ ਰੋਣ
ਕਰ ਕੇ ਸੁੱਜ ਗਈ ਹੋਵੇ।