Lily (Story in Punjabi) : Suryakant Tripathi Nirala
ਲਿਲੀ (ਕਹਾਣੀ) : ਸੂਰੀਆਕਾਂਤ ਤ੍ਰਿਪਾਠੀ ਨਿਰਾਲਾ
1)
ਜਿਵੇਂ ਚੰਦਰਮਾ ਦੀਆਂ ਸੋਲ੍ਹਾਂ ਕਲਾਵਾਂ 'ਚੋਂ ਕਿਸੇ ਇੱਕ ਦੀ ਨਿਰਮਲ ਚਾਨਣੀ ਪਦਮਾ ਦੇ ਚਿਹਰੇ 'ਤੇ ਥਿਰਕ ਰਹੀ ਸੀ । ਇੱਕ ਨਾਜ਼ੁਕ ਕਲੀ - ਜਿਹੜੀ ਹਵਾ ਦੇ ਹੌਲੇ ਜਿਹੇ ਬੁੱਲੇ ਨਾਲ ਵੀ ਕੰਬ ਉੱਠੇ - ਕਿਸੇ ਬਗੀਚੇ ਦੀ ਇੱਕ ਨੁੱਕਰ ਵਿੱਚ ਖਿੜਣ ਨੂੰ ਉਤਾਵਲੀ ਸੀ ।
ਮਾਣਯੋਗ ਜੱਜ ਸਾਹਬ, ਪੰਡਿਤ ਰਾਮੇਸ਼੍ਵਰਜੀ ਸ਼ੁਕਲਾ, ਪਦਮਾ ਦੀ ਲਿਆਕਤ ਦੀਆਂ ਸਿਫ਼ਤਾਂ ਸੁਣਦਿਆਂ ਹੀ ਉਸਦੇ ਉੱਜਲ ਭਵਿੱਖ ਦੀ ਕਲਪਨਾ ਕਰਨ ਲੱਗਦੇ । ਕਿਸੇ ਢੁੱਕਵੇਂ ਲਾੜੇ ਦੀ ਤਾਂਘ ਵਿੱਚ ਪਦਮਾ ਦਾ ਵਿਆਹ ਹਾਲੇ ਰੋਕਿਆ ਹੋਇਆ ਹੈ । ਦਸਵੀਂ ਦੇ ਹਾਲੀਆ ਇਮਤਿਹਾਨ ਵਿੱਚ ਪਦਮਾ ਸਾਰੇ ਸੂਬੇ 'ਚ ਅਵੱਲ ਰਹੀ ਸੀ, ਜਿਸ ਵਾਸਤੇ ਉਸਨੂੰ ਵਜ਼ੀਫ਼ਾ ਵੀ ਮਿਲਿਆ ਸੀ । ਸ਼ੁਕਲਾ ਜੀ ਆਪਣੀ ਧਰਮਪਤਨੀ ਦੀ ਇਸ ਬਾਰੇ 'ਚ ਚਿੰਤਾ ਨੂੰ ਇਹ ਕਹਿਕੇ ਖਾਰਿਜ ਕਰ ਦੇਂਦੇ ਕਿ ਕੋਈ ਵਧੀਆ ਜਿਹਾ ਮੁੰਡਾ ਮਿਲਦਿਆਂ ਹੀ ਕੁੜੀ ਦੇ ਹੱਥ ਪੀਲੇ ਕਰ ਦਿਆਂਗੇ । ਪਿੱਛਲੇ ਸਾਲ ਤੋਂ ਇਸ ਵਿਸ਼ੇ 'ਚ ਉਨ੍ਹਾਂ ਦੀ ਫ਼ਿਕਰ ਸਗੋਂ ਵਧੀ ਹੀ ਹੈ ।
ਪਦਮਾ ਕਾਸ਼ੀ ਵਿਸ਼ਵਵਿਦਿਆਲੇ ਦੇ ਆਰਟਸ ਵਿਭਾਗ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ । ਗਰਮੀ ਦੀਆਂ ਛੁੱਟੀਆਂ ਕਰਕੇ ਆਪਣੇ ਘਰ ਇਲਾਹਬਾਦ ਆਈ ਹੋਈ ਹੈ । ਇਸ ਵਾਰੀ ਉਸਦੇ ਤੁਰਨ-ਫਿਰਨ, ਸ਼ਕਲ-ਸੂਰਤ, ਤੱਕਣੀ, ਤੌਰ-ਤਰੀਕਾ, ਗੱਲ-ਬਾਤ ਕਰਨ ਦਾ ਢੰਗ, ਇਥੋਂ ਤਕ ਕਿ ਸੀਨੇ ਦਾ ਉਥਾਨ ਵੀ ਕੁਝ ਵੱਖਰਾ ਜਾਪਦਾ ਸੀ । ਉਸਦੇ ਮਨ ਵਿੱਚ ਹੁਣ ਉਹਦੀ ਕੋਮਲ ਕਲਪਨਾ ਵਰਗੇ ਖ਼ੂਬਸੂਰਤੀ ਦੇ ਵਿਚਾਰ ਸਨ, ਅਤੇ ਦਿਮਾਗ਼ ਹੁਣ ਸਮਾਜਿਕ ਆਚਰਨ ਨੂੰ ਭੁਲਾਕੇ ਬੇਲਗਾਮ ਸੋਚਾਂ ਨਾਲ ਵਿਆਪਕ! ਇਸ ਤਰ੍ਹਾਂ ਦਾ ਅਵੇਸਲਾ ਵਤੀਰਾ ਵੇਖਕੇ ਮਾਂ ਦਾ ਪਹਿਲਾਂ ਤੋਂ ਪਰੇਸ਼ਾਨ ਮਨ ਹੋਰ ਵੀ ਬੇਚੈਨ ਹੋ ਜਾਂਦਾ ।
ਇੱਕ ਦਿਨ ਸ਼ਾਮ ਦੇ ਵੇਲੇ ਦੋਨੋਂ ਮਾਵਾਂ-ਧੀਆਂ ਕੋਠੇ ਤੇ ਕੁਰਸੀਆਂ ਡਾਹਕੇ ਬੈਠੀਆਂ ਸਾਫ਼ ਅਸਮਾਨ 'ਚ ਡੁੱਬਦੇ ਸੂਰਜ ਦੀ ਸੁਨਹਿਰੀ ਰੋਸ਼ਨੀ ਨਾਲ ਫੈਲੀ ਅਡੋਲ ਆਭਾ ਦੇ ਮੂਹਰੇ ਰੁਪਹਿਲੀ ਗੰਗਾ ਦਾ ਨਜ਼ਾਰਾ ਵੇਖ ਰਹੀਆਂ ਸਨ । ਮਾਂ ਕੁੜੀ ਨੂੰ ਵਿੱਚ-ਵਿੱਚ ਕੋਈ ਸਵਾਲ ਕਰਦੀ, ਪੜ੍ਹਾਈ ਬਾਰੇ, ਕੁੜੀਆਂ ਦੇ ਹੋਸਟਲ ਬਾਰੇ, ਉੱਥੇ ਰਹਿਣ ਵਾਲੀਆਂ ਕੁੜੀਆਂ ਦੇ ਬਾਰੇ, 'ਤੇ ਪਦਮਾ ਜਵਾਬ ਦੇਈ ਜਾਂਦੀ । ਗੱਲ-ਬਾਤ ਕਰਦਿਆਂ ਕੁੜੀ ਆਪਣੇ ਹੱਥ 'ਚ ਫੜੀ ਨਵੀਂ 'ਸਟ੍ਰੈਂਡ' ਪਤ੍ਰਿਕਾ ਦੇ ਵਰਕੇ ਪਲਟ-ਪਲਟਕੇ ਫੋਟੋਆਂ ਵੀ ਵੇਖ ਲੈਂਦੀ ਸੀ । ਅਚਾਨਕ ਇੱਕ ਝੋਂਕੇ ਨਾਲ ਹਵਾ ਪਦਮਾ ਦੇ ਸਿਰ ‘ਤੋਂ ਸਾੜੀ ਹਟਾਕੇ ਉਸਦੇ ਨਰਮ, ਰੇਸ਼ਮੀ ਵਾਲਾਂ ਨੂੰ ਛੋਹਕੇ ਲੰਘ ਗਈ ।
"ਸਿਰ 'ਤੇ ਕੱਪੜਾ ਲੈ, ਤੂੰ ਅੱਜ-ਕੱਲ ਬਿਸ਼ਰਾਮ ਹੋ ਗਈ ਹੈਂ," ਮਾਂ ਨੇ ਥੋੜਾ ਝਿੜੱਕਕੇ ਕਿਹਾ ।
ਪਦਮਾ ਨੇ ਚੁਪਚਾਪ ਆਪਣਾ ਸਿਰ ਢੱਕਿਆ ਅਤੇ ਫਿਰ ਆਪਣੇ ਰਸਾਲੇ ਨੂੰ ਫੋਲਣ ਲੱਗੀ ।
"ਪਦਮਾ!" ਮਾਂ ਨੇ ਜ਼ਰਾ ਸੰਜੀਦਗੀ ਨਾਲ ਕਿਹਾ ।
"ਹਾਂ ਮਾਂ..." ਹਾਲੇ ਵੀ ਫੋਟੋਆਂ ਵੇਖਦੀ ਪਦਮਾ ਨੇ ਬੜੇ ਸਲੀਕੇ ਨਾਲ ਜਵਾਬ ਦਿੱਤਾ ।
ਮਾਂ ਦੇ ਦਿਲ ਵਿੱਚ ਜੇ ਕੋਈ ਅਪਰਾਧ-ਭਾਵ ਸੀ ਤਾਂ ਉਹ ਮੁੱਕ ਗਿਆ, ਮਮਤਾ ਦੇ ਦਰਿਆ 'ਚ ਥੋੜੀ ਦੇਰ ਲਈ ਜਿਵੇਂ ਹੜ੍ਹ ਆ ਗਿਆ, ਇੱਕ ਹਉਕਾ ਭਰਕੇ ਬੋਲੀ, "ਕਾਨਪੁਰ 'ਚ ਇੱਕ ਜਾਨੇ-ਮਾਣੇ ਵਕੀਲ ਨੇ, ਮਹੇਸ਼ ਪ੍ਰਸਾਦ ਤ੍ਰਿਪਾਠੀ ਜੀ ।"
"ਹੂੰ" ਇੱਕ ਹੋਰ ਫੋਟੋ ਵੇਖਦਿਆਂ...
"ਉਨ੍ਹਾਂ ਦਾ ਮੁੰਡਾ ਇਸ ਸਾਲ ਆਗਰਾ ਵਿਸ਼ਵਵਿਦਿਆਲੇ ਵਿੱਚ ਐਮ. ਏ. ਦੇ ਇਮਤਿਹਾਨ 'ਚ ਫ਼ਰਸਟ ਕਲਾਸ ਫ਼ਰਸਟ ਆਇਆ ਹੈ ।"
"ਹੂੰ" ਪਦਮਾ ਨੇ ਸਿਰ ਚੁੱਕਿਆ, ਉਸਦੀਆਂ ਅੱਖਾਂ ਵਿੱਚ ਚਮਕ ਸੀ ।
"ਤੇਰੇ ਪਿਤਾ ਜੀ ਨੂੰ ਭੇਜਿਆ ਸੀ । ਪਰਸੋਂ ਹੀ ਝਾਤੀ ਮਾਰਕੇ ਆਏ ਹਨ । ਕਹਿੰਦੇ ਨੇ, ਮੁੰਡਾ ਨਿਰਾ ਹੀਰਾ ਹੈ, ਗੁਲਾਬ ਦਾ ਫੁੱਲ ਹੈ । ਦੱਸ ਹਜ਼ਾਰ 'ਚ ਗੱਲ ਪੱਕੀ ਹੋਈ ਹੈ…"
"ਹੂੰ" ਗੱਡੀ ਰੁੱਕਣ ਦੀ ਅਵਾਜ਼ ਸੁਣਕੇ ਪਦਮਾ ਉੱਠਕੇ ਥੱਲੇ ਵੇਖਣ ਲੱਗੀ, ਦਿਲ 'ਚ ਖੁਸ਼ੀ ਦੀਆਂ ਤਰੰਗਾਂ ਉੱਠ ਰਹੀਆਂ ਸਨ । ਆਪਣੀ ਮੁਸਕਰਾਹਟ ਛੁਪਾਕੇ ਉਹ ਮੁੜ ਕੁਰਸੀ 'ਤੇ ਬਹਿ ਗਈ ।
ਮਾਂ ਨੂੰ ਲੱਗਿਆ, ਕੁੜੀ ਸਿਆਣੀ ਹੋ ਗਈ ਹੈ, ਵਿਆਹ ਦੀ ਗੱਲ ਸੁਣਕੇ ਖੁਸ਼ ਹੈ । ਅੱਗੋਂ ਸਾਫ਼-ਸਾਫ਼ ਕਹਿਣ ਲੱਗੀ, "ਮੈਂ ਤਾਂ ਇੰਨਾ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਸੀ, ਬੱਸ ਤੇਰੇ ਪਿਤਾ ਜੀ ਹੀ ਤੇਰੀ ਪੜ੍ਹਾਈ ਦੇ ਚੱਕਰ 'ਚ ਲੱਗੇ ਸਨ ।"
ਨੌਕਰ ਨੇ ਆਕੇ ਕਿਹਾ, "ਰਾਜੇਨ ਬਾਬੂ ਮਿਲਣ ਆਏ ਨੇ ।"
ਪਦਮਾ ਦੀ ਮਾਂਨੇ ਉਸਨੂੰ ਇੱਕ ਹੋਰ ਕੁਰਸੀ ਰੱਖਣ ਲਈ ਕਿਹਾ, ਜਿਸਨੂੰ ਰੱਖਕੇ ਨੌਕਰ ਰਾਜੇਨ ਬਾਬੂ ਨੂੰ ਲੈਣ ਥੱਲੇ ਉਤਰ ਗਿਆ ।
ਰਾਮੇਸ਼੍ਵਰਜੀ ਦਾ ਘੱਲਿਆ ਇੱਕ ਦੂਜਾ ਨੌਕਰ ਆਇਆ ਤੇ ਕਹਿਣ ਲੱਗਾ, "ਪੰਡਿਤ ਜੀ ਕਿਸੇ ਜ਼ਰੂਰੀ ਕੰਮ ਲਈ ਜਲਦੀ ਬੁਲਾ ਰਹੇ ਨੇ ।"
2)
ਪਦਮਾ ਦੀ ਮਾਂ ਪੌੜੀਆਂ 'ਚੋਂ ਥੱਲੇ ਉਤਰ ਰਹੀ ਸੀ ਜਦੋਂ ਰਸਤੇ 'ਚ ਰਾਜੇਂਦਰ ਨਾਲ ਸਾਮ੍ਹਣਾ ਹੋਇਆ । ਰਾਜੇਂਦਰ ਨੇ ਹੱਥ ਜੋੜਕੇ ਪ੍ਰਣਾਮ ਕੀਤਾ । ਪਦਮਾ ਦੀ ਮਾਂ ਨੇ ਉਹਦੇ ਮੌਢੇ 'ਤੇ ਹੱਥ ਰੱਖਕੇ ਅਸੀਸ ਦਿੱਤੀ ਅਤੇ ਕਿਹਾ, "ਜਾ, ਪਦਮਾ ਉੱਤੇ ਹੀ ਬੈਠੀ ਹੈ, ਮੈਂ ਹੁਣੇ ਆਈ ।"
ਰਾਜੇਂਦਰ ਵੀ ਇੱਕ ਜੱਜ ਜਾ ਪੁੱਤਰ ਹੈ, ਪਦਮਾ ਤੋਂ ਤਿੰਨ ਸਾਲ ਵੱਡਾ, ਪੜ੍ਹਾਈ 'ਚ ਵੀ ਤਿੰਨ ਸਾਲ ਅੱਗੇ! ਪਦਮਾ ਨੇ ਜਦੋਂ ਤੋਂ ਰਾਜੇਨ ਨੂੰ ਉੱਤੋਂ ਆਉਂਦਿਆਂ ਵੇਖਿਆ ਸੀ, ਉਸਦੀਆਂ ਵੱਡੀਆਂ-ਵੱਡੀਆਂ ਅੱਖਾਂ ਉਸਨੂੰ ਹੀ ਉਡੀਕ ਰਹੀਆਂ ਸਨ ।
"ਆਓ, ਰਾਜੇਨ ਜੀ, ਸਭ ਠੀਕ-ਠਾਕ ਹੈ?" ਉੱਠਕੇ ਉਸਦੀ ਆਉਭਗਤ ਕਰਦਿਆਂ ਪਦਮਾ ਨੇ ਖ਼ਾਲੀ ਕੁਰਸੀ ਵੱਲ ਇਸ਼ਾਰਾ ਕੀਤਾ । ਰਾਜੇਂਦਰ ਬਹਿ ਗਿਆ ਤਾਂ ਪਦਮਾ ਵੀ ਆਪਣੀ ਕੁਰਸੀ 'ਤੇ ਬੈਠ ਗਈ ।
"ਰਾਜੇਨ ਜੀ, ਤੁਸੀਂ ਕੁਝ ਉਦਾਸ ਦਿੱਸਦੇ ਹੋ!"
"ਤੇਰਾ ਵਿਆਹ ਹੋਣ ਵਾਲਾ ਹੈ?" ਰਾਜੇਨ ਨੇ ਪੁੱਛਿਆ ।
ਪਦਮਾ ਉੱਠ ਖੜੀ ਹੋਈ, ਅੱਗੇ ਹੋਕੇ ਰਾਜੇਂਦਰ ਦਾ ਹੱਥ ਫੜਕੇ ਬੋਲੀ, "ਰਾਜੇਨ, ਤੈਨੂੰ ਮੇਰੇ 'ਤੇ ਭਰੋਸਾ ਨਹੀਂ? ਮੈਂ ਜਿਹੜਾ ਪ੍ਰਣ ਕਿਤੈ, ਉਸਤੇ ਹਿਮਾਲੇ ਵਾੰਗ ਅਟੱਲ ਰਵਾਂਗੀ ।"
ਪਦਮਾ ਫਿਰ ਆਪਣੀ ਕੁਰਸੀ 'ਤੇ ਬਹਿ ਗਈ, ਮੈਗਜ਼ੀਨ ਖੋਲਕੇ ਨਜ਼ਰ ਫਿਰ ਉਸ ਉੱਤੇ ਟਿਕਾ ਲਈ । ਪੌੜੀਆਂ 'ਚ ਹਲਕਾ ਜਿਹਾ ਖੜਾਕ ਹੋਇਆ ।
ਮਾਂ ਬੜੇ ਧਿਆਨ ਨਾਲ ਨਜ਼ਰ ਮਾਰਦੀ ਵਾਪਸ ਆਈ । ਸਾਰਾ ਕੁਝ ਉਸੇ ਤਰ੍ਹਾਂ ਸ਼ਾਂਤ ਸੀ, ਪੜਤਾਲ ਦੇ ਇਰਾਦੇ ਨਾਲ ਹੱਸਦਿਆਂ ਹੋਇਆਂ ਰਾਜੇਨ ਨੂੰ ਪੁੱਛਿਆ, "ਕਿਓਂ ਕਾਕਾ, ਤੇਰੀ ਤਾਂ ਇਸ ਸਾਲ ਬੀ. ਏ. ਪੂਰੀ ਹੋ ਗਈ ਹੈ ਨਾ?"
"ਹਾਂ ਜੀ ।" ਨੀਵੀਂ ਪਾਏ ਰਾਜੇਨ ਨੇ ਜਵਾਬ ਦਿੱਤਾ ।
"ਤੇਰੇ ਬਾਊਜੀ ਤੇਰਾ ਵਿਆਹ ਕਦੋਂ ਤਕ ਕਰ ਰਹੇ ਨੇ, ਕੁਝ ਪਤਾ ਹੈ?"
"ਨਹੀਂ ਜੀ ।"
"ਤੇਰਾ ਆਪਣਾ ਕੀ ਵਿਚਾਰ ਹੈ?"
"ਮੈਂ ਤਾਂ ਤੁਹਾਡੇ ਸਾਰਿਆਂ ਕੋਲੋਂ ਆਗਿਆ ਲੈਣ ਆਇਆ ਹਾਂ, ਬਾਊਜੀ ਮੈਨੂੰ ਵਲੈਤ ਭੇਜ ਰਹੇ ਨੇ ।"
"ਕਿਓਂ, ਬੈਰਿਸਟਰ ਬਨਣ ਦਾ ਇਰਾਦਾ ਹੈ?" ਪਦਮਾ ਦੀ ਮਾਂ ਨੇ ਪੁੱਛਿਆ ।
"ਹਾਂ ਜੀ ।"
"ਤੂੰ ਵੱਡਾ ਸਾਬ ਬਣਕੇ ਪਰਤੀਂ, ਅਤੇ ਆਪਣੇ ਨਾਲ ਕੋਈ ਮੈਡਮ ਵੀ ਲੈ ਆਵੀਂ, ਮੈਂ ਆਪੇ ਉਸਦੀ ਸ਼ੁੱਧੀ ਕਰ ਦਿਆਂਗੀ," ਪਦਮਾ ਨੇ ਹੱਸਕੇ ਕਿਹਾ ।
ਅੱਖਾਂ ਨੀਵੀਆਂ ਪਾਕੇ ਰਾਜੇਨ ਵੀ ਮੁਸਕਰਾ ਰਿਹਾ ਸੀ ।
ਨੌਕਰ ਇੱਕ ਟ੍ਰੇ ਵਿੱਚ ਦੋ ਚਾਹ ਦੇ ਕੱਪ, ਬਿਸਕੁਟ 'ਤੇ ਕੇਕ ਰੱਖਕੇ ਲਿਆਇਆ । ਦੂਜਾ ਇੱਕ ਮੇਜ਼ ਚੁੱਕ ਲਿਆਇਆ । ਰਾਜੇਨ 'ਤੇ
ਪਦਮਾ ਦੀਆਂ ਕੁਰਸੀਆਂ ਦੇ ਵਿਚਾਲੇ ਮੇਜ਼ ਰੱਖਕੇ ਉਸਦੇ ਉੱਤੇ ਇੱਕ ਸਾਫ਼ ਮੇਜ਼ਪੋਸ਼ ਵਿਛਾ 'ਤਾ । ਪਹਿਲੇ ਨੇ ਟ੍ਰੇ ਉਸਦੇ ਉੱਤੇ ਰੱਖੀ ਤੇ ਪਾਣੀ
ਲੈਣ ਲਈ ਚਲਾ ਗਿਆ । ਦੂਜਾ ਕਿਸੇ ਹੋਰ ਹੁਕਮ ਲਈ ਖੜੋਤਾ ਰਿਹਾ ।
3)
"ਮੈਂ ਫ਼ੈਸਲਾ ਕਰ ਚੁੱਕਿਆਂ, ਜ਼ਬਾਨ ਵੀ ਦੇ ਦਿੱਤੀ ਹੈ । ਇਸ ਵਾਰੀ ਮੈਂ ਤੇਰਾ ਵਿਆਹ ਕਰ ਦੇਣੈ ।" ਪੰਡਿਤ ਰਾਮੇਸ਼੍ਵਰਜੀ ਨੇ ਕੁੜੀ ਨੂੰ ਕਿਹਾ ।
"ਮੈਂ ਵੀ ਪੱਕਾ ਕਰ ਲਿਆ ਹੈ, ਡਿਗਰੀ ਲੈਣ ਤੋਂ ਪਹਿਲਾਂ ਵਿਆਹ ਨਹੀਂ ਕਰਨਾ ।" ਪਦਮਾ ਨੇ ਸਿਰ ਨੀਵਾਂ ਕਰਕੇ ਜਵਾਬ ਦਿੱਤਾ ।
"ਧੀਏ, ਮੈਂ ਇੱਕ ਮੈਜਿਸਟ੍ਰੇਟ ਹਾਂ, ਅੱਜ ਤਕ ਅਕਲ ਦੀ ਹੀ ਪਛਾਣ ਕਰਦਾ ਆਇਆ ਹਾਂ । ਇਸਤੋਂ ਵੱਧ ਸੁਨਣ ਦੀ ਖਵਰੇ ਤੇਰੀ ਖਾਹਸ਼ ਨਾ ਹੋਵੇ," ਪੰਡਿਤ ਜੀ ਗਰਵ ਨਾਲ ਟਹਿਲਣ ਲੱਗ ਪਏ ।
ਪਦਮਾ ਦੇ ਦਿੱਲ 'ਚ ਖਿੜੇ ਗੁਲਾਬ ਦੀਆਂ ਪੰਖੜੀਆਂ ਜਿਵੇਂ ਹਵਾ ਦੇ ਜ਼ੋਰਦਾਰ ਝੋਂਕੇ ਨਾਲ ਕੰਬੀਆਂ, ਮੋਤੀਆਂ ਵਾੰਗ ਲਿਸ਼ਕਦੇ ਅਥਰੂਆਂ ਦੇ ਦੋ ਮੋਤੀ ਉਸਦੀਆਂ ਅੱਖਾਂ 'ਚੋਂ ਝਰ ਪਏ । ਸ਼ਾਇਦ ਇਹੀ ਉਸਦਾ ਜਵਾਬ ਸੀ!
"ਜਦੋਂ ਰਾਜੇਨ ਆਇਆ ਸੀ ਮੈਂ ਤੇਰੀ ਮਾਂ ਨੂੰ ਥੱਲੇ ਬੁਲਵਾਕੇ ਇੱਕ ਨੌਕਰ ਨੂੰ ਪੌੜੀਆਂ 'ਚ ਘੱਲ ਦਿੱਤਾ ਸੀ, ਤੁਹਾਡੀਆਂ ਕੱਲੇ ਬੈਠਿਆਂ ਦੀਆਂ ਗੱਲਾਂ ਸੁਨਣ ਲਈ - ਤੂੰ ਹਿਮਾਲੇ ਵਾੰਗ ਅਟੱਲ ਹੈਂ ਤਾਂ ਮੈਂ ਵੀ ਵਰਤਮਾਨ ਵਰਗਾ ਦਰਿੜ੍ਹ ਅਤੇ ਸੱਚਾ ।"
ਰਾਮੇਸ਼੍ਵਰਜੀ ਨੇ ਅੱਗੇ ਕਿਹਾ, "ਮੈਂ ਤੈਨੂੰ ਇਸ ਲਈ ਪੜ੍ਹਾਇਆ-ਲਿਖਾਇਆ ਹੈ ਕਿ ਤੂੰ ਸਾਡੇ ਖਾਨਦਾਨ ਨੂੰ ਦਾਗ ਲਾਏਂ?"
"ਤੁਸੀਂ ਇਹ ਸਭ ਕੀ ਕਹਿ ਰਹੇ ਹੋ?"
"ਚੁੱਪ ਕਰ ਜਾ! ਤੈਨੂੰ ਨਹੀਂ ਪਤਾ? ਤੂੰ ਬ੍ਰਾਹਮਣ ਕੁਲ ਦੀ ਕੁੜੀ ਹੈਂ 'ਤੇ ਉਹ ਖੱਤਰੀਆਂ ਦਾ ਮੁੰਡਾ - ਇਹ ਰਿਸ਼ਤਾ ਕਦੇ ਨਹੀਂ ਹੋ ਸਕਦਾ!" ਰਾਮੇਸ਼੍ਵਰਜੀ ਦੀ ਸਾਹ ਤੇਜ਼-ਤੇਜ਼ ਚੱਲਣ ਲੱਗੀ, ਅੱਖਾਂ ਭਰਵੱਟਿਆਂ ਨਾਲ ਜਾ ਮਿਲੀਆਂ ।
"ਤੁਸੀਂ ਮੇਰੇ ਕਹਿਣ ਦਾ ਮਤਲਬ ਹੀ ਨਹੀਂ ਸਮਝੇ ।" ਪਦਮਾ ਦੀ ਨਜ਼ਰ ਥੋੜੀ ਉੱਤੇ ਹੋਈ ।
"ਮੈਂ ਗੱਲਾਂ ਬਣਾਉਣਾ ਪਿੱਛਲੇ ਦੱਸ ਵਰ੍ਹਿਆਂ ਤੋਂ ਵੇਖ ਰਿਹਾ ਹਾਂ, ਤੂੰ ਮੈਨੂੰ ਬੇਵਕੂਫ਼ ਬਣਾਉਂਦੀ ਹੈਂ? ਨਾਲੇ ਉਹ ਬਦਮਾਸ਼..."
"ਬੱਸ ਕਰੋ, ਤੁਸੀ ਕਚਹਿਰੀ ਦੇ ਇੰਨੇ ਵੱਡੇ ਅਫ਼ਸਰ ਹੋ । ਨਾਲੇ ਤੁਸੀ ਆਪ ਹੁਣੇ ਕਿਹਾ ਸੀ ਕਿ ਅੱਜ ਤਕ ਅਕਲ ਨੂੰ ਪਛਾਣਦੇ ਰਹੇ ਹੋ, ਕੀ ਇਹੀ ਤੁਹਾਡੀ ਪਛਾਣ ਹੈ? ਇੰਨੀ ਵੱਡੀ ਗੱਲ ਤੁਸੀ ਰਾਜੇਂਦਰ ਨੂੰ, ਉਸਦੇ ਮੂੰਹ ਤੇ ਕਹਿ ਸਕਦੇ ਹੋ? ਦੱਸੋ! ਹਿਮਾਲੇ ਵਰਗੀ ਅਟੱਲ ਵਾਲੀ ਗੱਲ ਸੁਣਕੇ ਤੁਸੀ ਕੀ ਸੋਚਿਆ?"
ਉਹ ਅੱਗ ਜਿਹੜੀ ਕਈ ਦਿਨਾਂ ਤੋਂ ਪਦਮਾ ਦੀ ਮਾਂ ਦੇ ਦਿੱਲ 'ਚ ਪਈ ਸੁਲਗਦੀ ਸੀ, ਭੜਕ ਗਈ!
"ਮੇਰੀਆਂ ਨਜ਼ਰਾਂ ਤੋਂ ਦੂਰ ਹੋਜਾ," ਰਾਮੇਸ਼੍ਵਰਜੀ ਗੁੱਸੇ ਨਾਲ ਕੰਬ ਰਹੇ ਸਨ, "ਮੈਂ ਸਭ ਸਮਝ ਗਿਆ ਹਾਂ…"
"ਤੁਸੀ ਗ਼ਲਤੀ ਕਰ ਰਹੇ ਹੋ, ਤੁਸੀ ਮੇਰੀ ਗੱਲ ਦਾ ਮਤਲਬ ਸਮਝੇ ਹੀ ਨਹੀਂ । ਬਿਨਾ ਪੁੱਛਿਆਂ ਦੱਸਕੇ ਮੈਂ ਵੀ ਆਪਣੇ-ਆਪ ਨੂੰ ਕਮਜ਼ੋਰ ਸਾਬਿਤ ਨਹੀਂ ਕਰਨਾ ਚਾਹੁੰਦੀ ।" ਪਦਮਾ ਜੇਠ ਦੀ ਲੂ ਵਾੰਗ ਤੱਪ ਰਹੀ ਸੀ, ਉਸਦਾ ਚਿਹਰਾ ਲਾਲ-ਸੂਹਾ ਹੋ ਗਿਆ ਸੀ । ਅੱਖਾਂ ਦੀਆਂ ਦੋ ਸੀਪੀਆਂ, ਜਿੰਨਾ ਵਿੱਚ ਇਨਾਮ ਦੇ ਦੋ ਮੋਤੀ ਭਰੇ ਹੋਏ ਸਨ, ਮਾਣ ਨਾਲ ਡਲ੍ਹਕ ਰਹੀਆਂ ਸਨ!
ਰਾਮੇਸ਼੍ਵਰਜੀ ਕਸ਼ਮਕਸ਼ 'ਚ ਪੈ ਗਏ । ਚੱਕਰ ਖਾਕੇ ਲਾਗੇ ਪਈ ਕੁਰਸੀ 'ਤੇ ਜਾ ਬੈਠੇ ਅਤੇ ਹੱਥਾਂ ਵਿੱਚ ਸਿਰ ਫੜਕੇ ਸੋਚੀਂ ਪੈ ਗਏ । ਪਦਮਾ ਅਜੇ ਵੀ ਦੀਵੇ ਦੀ ਕਿਸੇ ਅਡੋਲ ਜੋਤ ਵਾੰਗ ਆਪਣੇ ਹੀ ਚਾਨਣ ਵਿੱਚ ਬਲਦੀ ਚਮਕ ਰਹੀ ਸੀ ।
"ਚੱਲ ਕੀ ਮਤਲਬ ਹੈ ਤੇਰੇ ਕਹਿਣ ਦਾ, ਤੂੰ ਦੱਸ," ਮਾਂ ਨੇ ਅੱਗੇ ਹੋਕੇ ਪੁੱਛਿਆ ।
"ਮਤਲਬ ਇਹ ਕਿ ਰਾਜੇਨ ਨੂੰ ਲੱਗਾ ਮੈਂ ਵਿਆਹ ਕਰਵਾ ਰਹੀ ਹਾਂ, ਇਹੀ ਜਿਥ੍ਹੇ ਪਿਤਾਜੀ ਪੱਕਾ ਕਰ ਆਏ ਹਨ । ਇਸਲਈ ਮੈਂ ਕਿਹਾ ਮੈਂ ਹਿਮਾਲੇ ਵਾੰਗ ਆਪਣੀ ਗੱਲ 'ਤੇ ਅਟੱਲ ਹਾਂ, ਨਾਕਿ ਮੈਂ ਰਾਜੇਨ ਨਾਲ ਵਿਆਹ ਕਰਾਂਗੀ । ਸਾਡੀ ਪਹਿਲਾਂ ਹੀ ਗੱਲ ਹੋ ਚੁਕੀ ਹੈ ਕਿ ਪੜ੍ਹਾਈ ਪੂਰੀ ਹੋਣ ਮਗਰੋਂ ਹੀ ਵਿਆਹ ਦੀ ਚਿੰਤਾ ਕਰਾਂਗੇ ।" ਪਦਮਾ ਉਸੇ ਤਰ੍ਹਾਂ ਖੜੋਤੀ ਸਿੱਧਾ ਤੱਕਦੀ ਰਹੀ…
"ਤੂੰ ਰਾਜੇਨ ਨਾਲ ਪਿਆਰ ਨਹੀਂ ਕਰਦੀ?" ਰਾਮੇਸ਼੍ਵਰਜੀ ਨੇ ਪੁੱਛਿਆ ।
"ਪਿਆਰ? ਕਰਦੀ ਹਾਂ ।"
"ਕਰਦੀ ਹੈਂ?"
"ਹਾਂ, ਕਰਦੀ ਹਾਂ…"
"ਫਿਰ ਹੋਰ ਕੀ?"
"ਪਿਤਾਜੀ!"
ਪਦਮਾ ਦੀਆਂ ਅੱਖਾਂ 'ਚੋਂ ਅੱਥਰੂ ਕਿਰਨ ਲੱਗੇ, ਉਹ ਅੱਥਰੂ ਜਿਹੜੇ ਉਸਦੇ ਹਿਰਦੇ ਦਾ ਮੁੱਲ ਸਨ, ਪਰ ਜਿੰਨਾ ਦੀ ਕਦਰ ਕਰਨ ਵਾਲਾ ਇੱਥੇ ਕੋਈ ਨਹੀਂ ਸੀ ।
ਮਾਂ ਆਪਣੀ ਠੁੱਡੀ 'ਤੇ ਉਂਗਲ ਟਿਕਾਕੇ ਰਾਮੇਸ਼੍ਵਰਜੀ ਨੂੰ ਬੋਲੀ, "ਕਿਹੋ ਜਿਹੀ ਅਜੀਬ ਕੁੜੀ ਹੈ, ਪਿਆਰ ਕਰਦੀ ਵੀ ਹੈ, ਮੰਨਦੀ ਵੀ ਨਹੀਂ!" "ਚੁੱਪ ਕਰੋ ਤੁਸੀ," ਪਦਮਾ ਦੀਆਂ ਭਿੱਜੀਆਂ ਅੱਖਾਂ ਉਤਾਂਹ ਨੂੰ ਹੋਈਆਂ, "ਪਿਆਰ ਕਰਨਾ 'ਤੇ ਵਿਆਹ ਕਰਨਾ ਇੱਕੋ ਗੱਲ ਹੈ? ਵਿਆਹ ਕਰਨਾ ਪੈਂਦਾ ਹੈ, ਪਿਆਰ ਆਪੇ ਹੋ ਜਾਂਦਾ ਹੈ । ਕੋਈ ਕਿਸੇ ਨੂੰ ਪਿਆਰ ਕਰਦਾ ਹੋਏ ਤਾਂ ਉਸਦਾ ਇਹ ਮਤਲਬ ਹੈ ਕਿ ਵਿਆਹ ਵੀ ਕਰੇਗਾ? ਪਿਤਾਜੀ ਜੱਜ ਸਾਬ ਨੂੰ ਪਿਆਰ ਕਰਦੇ ਹਨ, ਪਰ ਇੰਨਾ ਨੇ ਕਿਹੜਾ ਉਨ੍ਹਾਂ ਨਾਲ ਵਿਆਹ ਕਰ ਲਿਆ ਹੈ?!"
ਰਾਮੇਸ਼੍ਵਰਜੀ ਦਾ ਹਾਸਾ ਨਿਕਲ ਗਿਆ ।
4)
"ਕੀ ਖ਼ਬਰ ਹੈ ਡਾਕਟਰ ਸਾਬ?" ਚਿੰਤਾਤੁਰ ਰਾਮੇਸ਼੍ਵਰਜੀ ਨੇ ਡਾਕਟਰ ਨੂੰ ਪੁੱਛਿਆ ।
"ਬੁਖਾਰ ਕਾਫ਼ੀ ਹੈ, ਹਾਲੇ ਕੁਝ ਕਿਹਾ ਨਹੀਂ ਜਾ ਸਕਦਾ । ਸ਼ਰੀਰ ਦੀ ਹਾਲਤ ਵੀ ਚੰਗੀ ਨਹੀਂ! ਕੁਝ ਪੁਛੋ ਤਾਂ ਕੋਈ ਜਵਾਬ ਨਹੀਂ ਦੇਂਦੀ । ਕੱਲ ਤਕ ਠੀਕ-ਠਾਕ ਸੀ, ਅੱਜ ਇੰਨਾ ਤੇਜ਼ ਬੁਖਾਰ? ਕੀ ਕਾਰਣ ਹੋ ਸਕਦਾ ਹੈ?" ਡਾਕਟਰ ਨੇ ਪ੍ਰਸ਼ਨ ਸੂਚਕ ਨਿਗਾਹ ਨਾਲ ਰਾਮੇਸ਼੍ਵਰਜੀ ਵੱਲ ਵੇਖਿਆ ।
ਰਾਮੇਸ਼੍ਵਰਜੀ ਆਪਣੀ ਧਰਮਪਤਨੀ ਨੂੰ ਤੱਕਣ ਲੱਗੇ ।
ਡਾਕਟਰ ਨੇ ਕਿਹਾ, "ਚਲੋ ਮੈਂ ਨੁਸਖ਼ਾ ਲਿਖ ਰਿਹਾ ਹੈ, ਇਸਦੇ ਨਾਲ ਸਿਹਤ ਠੀਕ ਰਹੇਗੀ । ਥੋੜੀ ਬਰਫ਼ ਮੰਗਵਾ ਲਓ । ਆਈਸ-ਬੈਗ ਤਾਂ ਤੁਹਾਡੇ ਕੋਲ ਹੋਏਗਾ ਨਹੀਂ, ਇੱਕ ਨੌਕਰ ਭੇਜ ਦਿਓ ਮੇਰੇ ਨਾਲ, ਮੈਂ ਉਸਦੇ ਹੱਥ ਭਿਜਵਾ ਦਿਆਂਗਾ । ਇਸ ਵਕ਼ਤ ਬੁਖਾਰ ਇੱਕ ਸੌ ਚਾਰ ਡਿਗਰੀ ਹੈ, ਬਰਫ਼ ਸਿਰ ਤੇ ਰੱਖੋ, ਇੱਕ ਸੌ ਇੱਕ ਤਕ ਆ ਜਾਏ ਤਾਂ ਫਿਰ ਲੋੜ ਨਹੀਂ ।"
ਡਾਕਟਰ ਚਲਾ ਗਿਆ…
ਰਾਮੇਸ਼੍ਵਰਜੀ ਆਪਣੀ ਧਰਮਪਤਨੀ ਨੂੰ ਕਹਿਣ ਲੱਗੇ, "ਇਹ ਹੁਣ ਕਿਹੜੀ ਨਵੀਂ ਮੁਸੀਬਤ ਹੈ, ਨਾ ਕੁਝ ਕਹਿਣ ਜੋਗੇ 'ਤੇ ਨਾ ਕੁਝ ਕਰਨ ਜੋਗੇ! ਮੈਂ ਕੌਮ ਦੀ ਚੰਗਿਆਈ ਕਰਨ ਚੱਲਿਆ ਸਾਂ, ਹੁਣ ਆਪ ਹੀ ਨੱਕ ਕਟਵਾਉਣ ਵਾਲਿਆਂ ਦਾ ਸਰਤਾਜ ਬਣ ਰਿਹਾ ਹਾਂ । ਸਾਡੇ ਘਰਾਂ 'ਚ ਕਦੇ ਕਿਸੀ ਬ੍ਰਾਹਮਣ ਕੁੜੀ ਦਾ ਵਿਆਹ ਖੱਤਰੀਆਂ ਵਿੱਚ ਨਹੀਂ ਹੋਇਆ; ਉਚੇ ਕੁਲ ਦੀਆਂ ਕੁੜੀਆਂ ਨਿਚਲੇ ਕੁਲ ਵਿੱਚ ਵਿਆਹੀਆਂ ਗਈਆਂ ਨੇ, ਪਰ ਆਪਣੀ ਕੌਮ ਵਿੱਚ ਹੀ…"
"ਹੁਣ ਕਰੀਏ ਕੀ?" ਫ਼ਿਕਰਮੰਦ 'ਤੇ ਫਰਕਦੀਆਂ ਅੱਖਾਂ ਨਾਲ ਧਰਮਪਤਨੀ ਨੇ ਪੁੱਛਿਆ ।
"ਮੇਰੀ ਅਕਲ ਤਾਂ ਕੰਮ ਨਹੀਂ ਕਰਦੀ ਹੁਣ, ਜੱਜ ਸਾਬ ਕੋਲੋਂ ਹੀ ਪੁੱਛਾਂਗਾ; ਓਏ ਛੀਟਾ..."
"ਹਾਂਜੀ..." ਛੀਟਾ ਚਿਲਮ ਛੱਡਕੇ ਨੱਠਾ ਆਇਆ ।
"ਜੱਜ ਸਾਬ ਵੱਲ ਜਾ, ਬੋਲੀਂ ਛੇਤੀ ਬੁਲਾਇਐ!"
"ਰਾਜੇਨ ਬਾਬੂ ਨੂੰ ਵੀ ਸੱਦ ਲਿਆਂਵਾ?"
"ਨਹੀਂ, ਨਹੀਂ!" ਰਾਮੇਸ਼੍ਵਰਜੀ ਦੀ ਧਰਮਪਤਨੀ ਨੇ ਝਿੜੱਕਕੇ ਕਿਹਾ ।
5)
ਜੱਜ ਸਾਬ ਬੈਠੇ ਆਪਣੇ ਸੁਪੁੱਤਰ ਨਾਲ ਗੱਲ-ਬਾਤ ਕਰ ਰਹੇ ਸਨ । ਇੰਗਲੈਂਡ ਦੇ ਰਸਤੇ, ਰਹਿਣ-ਸਹਿਣ, ਖਾਣ-ਪੀਣ ਦੇ ਤੌਰ ਤਰੀਕੇ ਸਮਝਾ ਰਹੇ ਸਨ, ਜਦੋਂ ਬੰਗਲੇ 'ਚ ਛੀਟਾ ਹਾਜ਼ਿਰ ਹੋਇਆ; ਸਿਰ ਨਿਵਾਕੇ ਸਲਾਮ ਕੀਤਾ ।
"ਕਿੱਦਾਂ ਆਉਣਾ ਹੋਇਆ ਛੀਟਾਰਾਮ?" ਜੱਜ ਸਾਬ ਨੇ ਅੱਖਾਂ ਉਤਾਂਹ ਚੁੱਕਕੇ ਪੁੱਛਿਆ ।
"ਹੁਜ਼ੂਰ ਨੇ ਸਰਕਾਰ ਨੂੰ ਯਾਦ ਕੀਤਾ ਹੈ, ਕਿਹਾ ਹੈ ਬਹੁਤ ਛੇਤੀ ਆਉਣ ਲਈ ਆਖੀਂ ।"
"ਕੀ ਗੱਲ ਹੋ ਗਈ?"
"ਬੀਬੀ ਰਾਣੀ ਬਿਮਾਰ ਹੈ, ਡਾਕਟਰ ਸਾਬ ਆਏ ਸਨ, 'ਤੇ ਹੁਜ਼ੂਰ..." ਛੀਟਾ ਨੇ ਸਾਰਾ ਕੁਝ ਦੱਸ ਦਿੱਤਾ ।
"ਹੋਰ?"
"ਬੱਸ ਹੁਜ਼ੂਰ," ਛੀਟਾ ਹੱਥ ਜੋੜਕੇ ਖੜੋਤਾ ਰਿਹਾ, ਉਸਦੀਆਂ ਅੱਖਾਂ ਰੋਣਹਾਕੀਆਂ ਹੋਈਆਂ ਸਨ ।
ਜੱਜ ਸਾਬ ਘਾਬਰ ਗਏ, ਉਨ੍ਹਾਂ ਨੂੰ ਲੱਗਿਆ ਕੋਈ ਗੰਭੀਰ ਬਿਮਾਰੀ ਨਾ ਹੋਵੇ । ਡਰਾਇਵਰ ਨੂੰ ਬੁਲਾ ਭੇਜਿਆ, ਪਰ ਉਹ ਘਰ 'ਚ ਮੌਜੂਦ ਨਹੀਂ ਸੀ ।
ਛੀਟਾ ਬਾਹਰ ਨੂੰ ਚੱਲ ਪਿਆ!
ਜੱਜ ਸਾਬ ਨੇ ਰਾਜੇਂਦਰ ਨੂੰ ਕਿਹਾ, "ਜਾ ਗੱਡੀ ਕੱਡ, ਚੱਲਕੇ ਵੇਖੀਏ ਕੀ ਗੱਲ ਹੈ ।"
6)
ਰਾਜੇਂਦਰ ਨੂੰ ਨਾਲ ਵੇਖਕੇ ਰਾਮੇਸ਼੍ਵਰਜੀ ਥੋੜਾ ਪਰੇਸ਼ਾਨ ਹੋ ਗਏ । ਉਸਨੂੰ ਟਾਲਣ ਲਈ ਕੋਈ ਗੱਲ ਨਾ ਸੁੱਝੀ । ਕਹਿਣ ਲੱਗੇ, "ਕਾਕਾ, ਪਦਮਾ ਨੂੰ ਬੁਖਾਰ ਚੜਿਆ ਹੋਇਆ ਹੈ, ਜਾਕੇ ਜ਼ਰਾ ਵੇਖ, ਤਦ ਤਕ ਮੈਂ ਜੱਜ ਸਾਬ ਨਾਲ ਕੁਝ ਗੱਲਾਂ ਕਰ ਲਵਾਂ!"
ਰਾਜੇਂਦਰ ਉੱਠ ਖੜੋਤਾ, ਪਦਮਾ ਦੇ ਕਮਰੇ 'ਚ ਇੱਕ ਨੌਕਰ ਉਸਦੇ ਸਿਰ 'ਤੇ ਆਈਸ-ਬੈਗ ਰੱਖੀ ਖੜਾ ਸੀ । ਰਾਜੇਂਦਰ ਨੂੰ ਵੇਖਕੇ ਉਸਦੇ ਵਾਸਤੇ ਇੱਕ ਕੁਰਸੀ ਪਲੰਘ ਦੇ ਲਾਗੇ ਹੀ ਡਾਹ ਦਿੱਤੀ ।
"ਪਦਮਾ!"
"ਰਾਜੇਨ!"
ਪਦਮਾ ਦੀਆਂ ਅੱਖਾਂ 'ਚੋਂ ਹੰਝੂ ਟਪ-ਟਪ ਵੱਗਣ ਲੱਗੇ । ਟਕਟਕੀ ਲਾਕੇ ਪਦਮਾ ਨੂੰ ਅਚੰਭੇ ਨਾਲ ਵੇਖਦਿਆਂ ਰਾਜੇਂਦਰ ਨੇ ਰੁਮਾਲ ਨਾਲ ਉਸਦੇ ਅੱਥਰੂ ਭੂੰਜੇ ।
ਸਿਰ 'ਤੇ ਹੱਥ ਰੱਖਿਆ, ਬੁਰੀ ਤਰ੍ਹਾਂ ਤਪ ਰਿਹਾ ਸੀ, "ਸਿਰਪੀੜ ਵੀ ਹੈ?"
"ਹਾਂ, ਨਾਲੇ ਜਿਵੇਂ ਕੋਈ ਕਲੇਜਾ ਮਿੱਧ ਰਿਹਾ ਹੋਵੇ..."
ਚਾਦਰ ਦੇ ਥੱਲਿਓਂ ਛਾਤੀ ਉੱਤੇ ਹੱਥ ਰੱਖਿਆ, ਜੋਰਾਂ ਨਾਲ ਧੜਕ ਰਹੀ ਸੀ!
ਪਦਮਾ ਨੇ ਆਪਣੀਆਂ ਅੱਖਾਂ ਮੀਟ ਲਈਆਂ, ਨੌਕਰ ਨੇ ਮੁੜ ਸਿਰ 'ਤੇ ਆਈਸ-ਬੈਗ ਰੱਖ ਦਿੱਤਾ ।
ਸਿਰਹਾਣੇ ਇੱਕ ਥਰਮਾਮੀਟਰ ਪਿਆ ਸੀ । ਰਾਜੇਂਦਰ ਨੇ ਉਸਨੂੰ ਝਾੜਕੇ ਪਦਮਾ ਦੀ ਕੱਛ ਹੇਠਾਂ ਰੱਖ ਦਿੱਤਾ । ਹੱਥ ਉਸਦੇ ਨਾਲ ਲਗਾਕੇ ਥਰਮਾਮੀਟਰ ਫੜੀ ਰੱਖਿਆ 'ਤੇ ਨਜ਼ਰ ਕਮਰੇ ਦੀ ਘੜੀ ਉੱਤੇ ਟਿਕਾ ਲਈ । ਕੱਢਕੇ ਵੇਖਿਆ, ਇੱਕ ਸੌ ਤਿੰਨ ਬੁਖਾਰ ਸੀ । ਚਿੰਤਾ ਨਾਲ ਬਿਨਾ ਪਲਕ ਝਪਕਿਆਂ ਪੁੱਛਿਆ, "ਪਦਮਾ, ਤੂੰ ਕੱਲ ਤਾਂ ਬਿਲਕੁਲ ਠੀਕ ਸੀ, ਅੱਜ ਇੰਨਾ ਤੇਜ਼ ਬੁਖਾਰ ਕਿਵੇਂ ਹੋ ਗਿਆ?"
ਪਦਮਾ ਬੋਲੀ ਤੇ ਕੁਝ ਨਾ, ਰਾਜੇਂਦਰ ਵੱਲ ਨੂੰ ਪਾਸਾ ਫੇਰਕੇ ਲੇਟ ਗਈ ।
"ਚੱਲ ਪਦਮਾ, ਮੈਂ ਚੱਲਦਾ ਹਾਂ ਹੁਣ!"
ਬੁਖਾਰ ਨਾਲ ਹੋਰ ਵੱਡੀਆਂ ਹੋਈਆਂ ਅੱਖਾਂ ਨੇ ਇੱਕ ਵਾਰ ਵੇਖਿਆ ਅਤੇ ਫਿਰ ਪਲਕਾਂ ਦੇ ਪਰਦੇ ਥੱਲੇ ਖ਼ਾਮੋਸ਼ ਹੋ ਗਈਆਂ ।
ਜੱਜ ਸਾਬ ਅਤੇ ਰਾਮੇਸ਼੍ਵਰਜੀ ਵੀ ਕਮਰੇ 'ਚ ਆ ਪੁੱਜੇ…
ਜੱਜ ਸਾਬ ਨੇ ਪਦਮਾ ਦੇ ਮੱਥੇ 'ਤੇ ਹੱਥ ਰੱਖਕੇ ਵੇਖਿਆ, ਫਿਰ ਮੁੰਡੇ ਵੱਲ ਮੁੜਕੇ ਪੁੱਛਿਆ, "ਤੂੰ ਬੁਖਾਰ ਚੈੱਕ ਕੀਤਾ ਹੈ?"
"ਹਾਂ ਜੀ, ਕੀਤਾ ਹੈ ।"
"ਕਿੰਨਾ ਹੈ ਹੁਣ?"
"ਇੱਕ ਸੌ ਤਿੰਨ ਡਿਗਰੀ ।"
"ਮੈਂ ਰਾਮੇਸ਼੍ਵਰਜੀ ਨੂੰ ਕਹਿ ਦਿੱਤਾ ਹੈ, ਤੂੰ ਅੱਜ ਇੱਥੇ ਹੀ ਰਵੇਂਗਾ । ਜਾਣਾ ਕਿੱਦਣ ਹੈ ਤੂੰ, ਪਰਸੋਂ ਨਾ?"
"ਹਾਂ ਜੀ ।" "ਕੱਲ ਸਵੇਰੇ ਘਰ ਆਕੇ ਪਦਮਾ ਦਾ ਪਤਾ ਦੇਵੀਂ ।" ਫਿਰ ਬੋਲੇ, "ਨਾਲੇ ਰਾਮੇਸ਼੍ਵਰਜੀ, ਮੇਰੇ ਖਿਆਲ 'ਚ ਹੁਣ ਪਦਮਾ ਨੂੰ ਡਾਕਟਰ ਦੀਆਂ ਦਵਾਈਆਂ ਦੀ ਵੀ ਕੋਈ ਲੋੜ ਨਹੀਂ ।"
"ਜਿਵੇਂ ਤੁਹਾਨੂੰ ਠੀਕ ਲੱਗੇ," ਰਾਮੇਸ਼੍ਵਰਜੀ ਨੇ ਕਿਸੇ ਦਾਨੀ ਵਾੰਗ ਕਿਹਾ ।
ਜੱਜ ਸਾਬ ਬਾਹਰ ਨੂੰ ਚੱਲ ਪਏ… ਰਾਮੇਸ਼੍ਵਰਜੀ ਵੀ ਬੂਹੇ ਤਕ ਨਾਲ ਆਏ । ਰਾਜੇਂਦਰ ਪਿੱਛੇ ਹੀ ਬੈਠਾ ਰਿਹਾ । ਜੱਜ ਸਾਬ ਨੇ ਥੋੜਾ
ਮੁੜਕੇ ਕਿਹਾ, "ਤੁਸੀ ਘਬਰਾਓ ਨਾ, ਤੁਹਾਡੇ ਸਿਰ 'ਤੇ ਬੱਸ ਸਮਾਜ ਦਾ ਭੂਤ ਸਵਾਰ ਹੈ ।" ਫਿਰ ਮਨ ਹੀ ਮਨ 'ਚ ਕਹਿਣ ਲੱਗੇ, 'ਕੁੜੀ
ਕਿੱਦਾਂ ਦੀ 'ਤੇ ਪਿਉ ਕਿੱਦਾਂ ਦਾ...!'
7)
ਤਿੰਨ ਵਰ੍ਰੇ ਬੀਤ ਗਏ । ਪਦਮਾ ਦੇ ਜੀਵਨ 'ਚ ਉੱਦਾਂ ਹੀ ਚਾਨਣਾ 'ਅਤੇ ਚਮਕ ਭਰੇ ਹੋਏ ਹਨ । ਰੂਪ, ਗੁਣਾਂ, ਵਿਦਿਆ ਅਤੇ ਜਲਾਲ ਨਾਲ ਭਰੀ ਕੋਈ ਨਦੀ, ਆਪਣੇ ਪੂਰੇ ਵੇਗ ਨਾਲ ਅਲਖ ਵੱਲ ਵੱਗਦੀ ਜਾ ਰਹੀ ਹੈ! ਸੁਹਜ ਦੀ ਉਹ ਪਹਿਲਾਂ ਵਰਗੀ ਜੋਤ ਅਜੇ ਵੀ ਅਡੋਲ ਜੱਗਦੀ ਹੈ । ਪਦਮਾ ਹੁਣ ਐਮ. ਏ. 'ਚ ਪੜ੍ਹਦੀ ਹੈ…
ਹੋਰ ਸਾਰਾ ਕੁਝ ਉਹੀ ਹੈ ਬੱਸ ਰਾਮੇਸ਼੍ਵਰਜੀ ਨਹੀਂ ਰਹੇ । ਮਰਣ ਤੋਂ ਥੋੜਾ ਚਿਰ ਪਹਿਲਾਂ ਉਨ੍ਹਾਂ ਨੇ ਪਦਮਾ ਨੂੰ ਇੱਕ ਚਿੱਠੀ ਲਿਖੀ ਸੀ - "ਮੈਂ ਅੱਜ ਤੀਕ ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ, ਪਰ ਤੂੰ ਮੇਰੀ ਇੱਕ ਖ਼ਾਹਿਸ਼ ਵੀ ਨਹੀਂ ਪੂਰੀ ਕੀਤੀ । ਮੈਂ ਰਵਾਂ, ਨਾ ਰਵਾਂ, ਤੂੰ ਮੇਰੀ ਇੱਕ ਗੱਲ ਸਦਾ ਮੰਨਕੇ ਚੱਲੀਂ... ਰਾਜੇਂਦਰ ਜਾਂ ਕਿਸੇ ਵੀ ਹੋਰ ਦੂਜੀ ਜਾਤ ਦੇ ਮੁੰਡੇ ਨਾਲ ਕਦੇ ਵਿਆਹ ਨਾ ਕਰੀਂ, ਬੱਸ ।"
ਇਸਤੋਂ ਬਾਅਦ ਪਦਮਾ ਦੀ ਜ਼ਿੰਦਗੀ 'ਚ ਇੱਕ ਹੈਰਤਅੰਗੇਜ਼ ਬਦਲਾਅ ਆ ਗਿਆ । ਜੀਵਨ ਦੀ ਦਿਸ਼ਾ ਹੀ ਬਦਲ ਗਈ । ਉਸਦੇ ਅੰਦਰ ਜਿਵੇਂ ਕੋਈ ਅਭੂਤਪੂਰਵ ਸ਼ਕਤੀ ਆ ਗਈ! ਜਿਸ ਦੂਜੀ ਜਾਤ ਦੇ ਵਿਚਾਰ ਨੇ ਉਸਦੇ ਪਿਤਾ ਨੂੰ ਇੰਨਾ ਨਿਤਾਣਾ ਕਰ ਛੱਡਿਆ ਸੀ, ਉਸੇ ਜਾਤ ਦੀਆਂ ਬੱਚੀਆਂ ਨੂੰ ਆਪਣੇ ਤਰੀਕੇ ਨਾਲ ਪੜ੍ਹਾ-ਲਿਖਾਕੇ ਆਪਣੇ ਵਰਗੇ ਪੱਧਰ 'ਤੇ ਲਿਆਕੇ ਉਸਨੇ ਆਪਣੇ ਪਿਉ ਦੀ ਕਮਜ਼ੋਰੀ ਨਾਲ ਬਦਲਾ ਲੈਣ ਦਾ ਨਿਸਚਾ ਕਰ ਲਿਆ ਸੀ ।
ਰਾਜੇਂਦਰ ਬੈਰਿਸਟਰ ਬਣਕੇ ਵਲੈਤੋਂ ਮੁੜ ਆਇਆ ਸੀ । ਉਸਦੇ ਬਾਊਜੀ ਨੇ ਉਸਨੂੰ ਕਿਹਾ, "ਪੁੱਤਰ, ਹੁਣ ਆਪਣੇ ਕੰਮ-ਕਾਰ ਵੱਲ
ਧਿਆਨ ਦੇ ।" ਰਾਜੇਂਦਰ ਨੇ ਜਵਾਬ ਦਿੱਤਾ, "ਥੋੜਾ ਹੋਰ ਸੋਚ ਲੈਣ ਦਿਓ, ਦੇਸ਼ ਦੇ ਹਾਲਾਤ ਵੈਸੇ ਵੀ ਚੰਗੇ ਨਹੀਂ ਅਜੇ!"
8)
"ਪਦਮਾ!" ਰਾਜੇਂਦਰ ਨੇ ਉਸਨੂੰ ਫੜਕੇ ਕਿਹਾ ।
ਪਦਮਾ ਹੱਸ ਪਈ, ਪੁੱਛਿਆ, "ਤੂੰ ਇੱਥੇ ਕਿਵੇਂ, ਰਾਜੇਨ?"
"ਬੈਰਿਸਟਰੀ 'ਚ ਜੀ ਨਹੀਂ ਲੱਗਦਾ । ਬੜਾ ਨੀਰਸ 'ਤੇ ਨਿਰਦਈ ਕੰਮ ਹੈ! ਮੈਂ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲਿਆ ਹੈ, 'ਤੇ ਤੂੰ?"
"ਮੈਂ ਕੁੜੀਆਂ ਨੂੰ ਪੜ੍ਹਾਉਂਦੀ ਹਾਂ । ਤੂੰ ਵਿਆਹ ਤਾਂ ਕਰ ਹੀ ਲਿਆ ਹੋਣੈ…"
"ਹਾਂ, ਕਰ ਤਾਂ ਲਿਆ ਹੈ," ਰਾਜੇਂਦਰ ਨੇ ਹੱਸਕੇ ਕਿਹਾ ।
ਪਦਮਾ ਦੇ ਦਿੱਲ 'ਤੇ ਬਿਜਲੀ ਟੁੱਟ ਕੇ ਡਿੱਗ ਪਈ । ਜਿਵੇਂ ਪਾਲੇ ਦੀ ਅਚਾਨਕ ਮਾਰ ਨਾਲ ਕੋਈ ਕਮਲ ਝੱਟ ਕਾਲਾ ਜਿਹਾ ਪੈ ਗਿਆ ਹੋਵੇ! ਆਪਣੇ-ਆਪ ਨੂੰ ਰਤਾ ਸੰਭਾਲਕੇ ਹੋਸ਼-ਹਵਾਸ ਪਰਤਦਿਆਂ ਹੀ ਉਸਨੇ ਫਿਰ ਪੁੱਛਿਆ, "ਕਿਸਦੇ ਨਾਲ?"
"ਲਿਲੀ ਦੇ ਨਾਲ," ਹਾਲੇ ਵੀ ਹੱਸਦੇ ਹੋਏ ਰਾਜੇਨ ਨੇ ਜਵਾਬ ਦਿੱਤਾ ।
"ਲਿਲੀ ਨਾਲ?" ਥਾਰਥਰਾਉਂਦੀ ਆਵਾਜ਼ 'ਚ ਪਦਮਾ ਬੋਲੀ ।
"ਹਾਂ, ਤੂੰ ਆਪ ਹੀ ਤਾਂ ਕਿਹਾ ਸੀ ਵਲੈਤੋਂ ਕੋਈ ਮੈਡਮ ਲਿਆਉਣ ਵਾਸਤੇ ।"
ਪਦਮਾ ਦੀਆਂ ਅੱਖਾਂ ਭਰ ਆਈਆਂ…
"ਤੂੰ ਕਿਹੋ ਜਿਹੀ ਅੰਗਰੇਜ਼ੀ ਦੀ ਐਮ. ਏ. ਹੈਂ, ਮੈਡਮ?" ਰਾਜੇਂਦਰ ਨੇ ਹੱਸਕੇ ਕਿਹਾ, "ਨਾਲੇ ਲਿਲੀ ਦਾ ਮਤਲਬ ਕੀ ਹੁੰਦਾ ਹੈ?"
ਅਨੁਵਾਦ: ਮੋਹਨਜੀਤ ਕੁਕਰੇਜਾ (ਐਮਕੇ)