Lok Geetan Di Rani Maan (Punjabi Story) : Neelam Saini
ਲੋਕ ਗੀਤਾਂ ਦੀ ਰਾਣੀ ਮਾਂ (ਕਹਾਣੀ) : ਨੀਲਮ ਸੈਣੀ
ਪਿਛਲੇ ਹਫ਼ਤੇ ਤੋਂ ਸਿਹਤ ਕੁਝ ਠੀਕ ਨਾ ਹੋਣ ਕਰ ਕੇ, ਘਰ ਬੈਠੀ ਬੋਰ ਹੁੰਦੀ ਹਾਂ। ਐਲਰਜੀ ਹਰ ਸਾਲ ਹੀ ਆ ਘੇਰਦੀ ਐ।
“ਨਵੀ! ਬੇਟੇ ਮੇਰੇ ਲਈ ਪਾਣੀ ਦਾ ਗਿਲਾਸ ਲੈ ਕੇ ਆ, ਮੈਂ ਜ਼ਰਾ ਦਵਾਈ ਖਾ ਲਵਾਂ।” ਮੈਂ ਨਵੀ ਨੂੰ ਆਵਾਜ਼ ਦਿੰਦਿਆਂ ਕਿਹੈ।
ਨਵੀ ਪਾਣੀ ਲੈਣ ਲਈ ਕਿਚਨ ਵੱਲ ਤੁਰਿਆ ਹੀ ਆ ਕਿ ਫੋਨ ਦੀ ਘੰਟੀ ਵੱਜ ਗਈ ਆ।
“ਮੈਨੂੰ ਪਤਾ, ਹੁਣ ਤੁਸੀਂ ਕਹਿਣਾ ਕਿ ਨਵੀ ਪਾਣੀ ਰਹਿਣ ਦੇ ਪਹਿਲਾਂ ਫੋਨ ਫੜਾ ਜਾ, ਮੈਥੋਂ ਉਠਿਆ ਨਹੀਂ ਜਾਂਦਾ।”
ਇਹ ਕਹਿੰਦਿਆਂ ਉਹ ਫੋਨ ਮੇਰੇ ਹੱਥ ਪਕੜਾ ਪਾਣੀ ਦਾ ਗਿਲਾਸ ਲੈਣ ਚਲਾ ਗਿਐ।
“ਹੈਲੋ!” ਮੇਰੀ ਆਵਾਜ਼ ਮਸਾਂ ਨਿਕਲੀ ਐ।
“ਹੈਲੋ, ਨਿਧੀ! ਸੁਣਾ ਹੁਣ ਕੀ ਹਾਲ ਆ ਤੇਰਾ? ਦਵਾਈ ਚੰਗੀ ਤਰ੍ਹਾਂ ਖਾਂਦੀ ਐਂ ਕਿ ਨਹੀਂ?”
“ਪਹਿਲਾਂ ਨਾਲੋਂ ਕੁਝ ਚੰਗਾ ਆ ਮੰਮੀ। ਦਵਾਈ ਤਾਂ ਲਗਾਤਾਰ ਖਾ ਰਹੀ ਆਂ, ਐਲਰਜੀ ਆਪਣਾ ਜ਼ੋਰ ਪਾ ਕੇ ਈ ਹਟਦੀ ਆ। ਤੁਸੀਂ ਸੁਣਾਓ ਹੋਰ ਸਾਰੇ ਪਿੰਡ ਦੀ ਸੁੱਖ-ਸਾਂਦ!”
“ਸੁੱਖ-ਸਾਂਦ ਕਾਹਦੀ! ਪਰਸੋਂ ਦੀ ਬੇ-ਮੌਸਮੀ ਬਰਸਾਤ ਸ਼ੁਰੂ ਆ, ਬਿਜਲੀ ਗਰਜਦੀ ਆ, ਫ਼ਸਲਾਂ ਦਾ ਨੁਕਸਾਨ ਹੋ ਰਿਹੈ। ਸਭ ਅੰਦਰੀਂ ਬੜੇ ਬੈਠੈ ਆ। ਨਾਲੇ ਗੀਤੂ ਦੀ ਦਾਦੀ ਵੀ ਬਿਮਾਰ ਆ।”
“ਹੈਂ! ਕੀ ਹੋਇਆ ਮਾਂ ਜੀ ਨੂੰ?” ਮੈਂ ਚਿੰਤਤ ਹੋ ਗਈ ਆਂ।
“ਹੋਣਾ ਕੀ ਆ? ਇਕ ਦਮ ਹੀ ਤੁਰਨੋਂ-ਫਿਰਨੋਂ ਹਟ ਗਈ। ਮੰਜੇ ‘ਤੇ ਪਈ ਅਲ-ਟਪਲੀਆਂ ਮਾਰਦੀ ਆ, ਲੱਗਦਾ ਘੜੀ ਪਲ ਦੀ ਪ੍ਰਾਹੁਣੀ ਆ ਹੁਣ ਤਾਂ...।”
“ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਮੰਮੀ”, ਮੈਂ ਚਿੰਤਾ ਨਾਲ ਪੁੱਛਦੀ ਆਂ।
“ਨਹੀਂ! ਉਂਜ ਤਾਂ ਸਾਰਾ ਟੱਬਰ ਹੀ ਆਣ ਢੁੱਕਿਐ, ਪਰ ਘਰ ਦੇ ਓਹੜ-ਪੋਹੜ ਹੀ ਚੱਲ ਰਹੇ ਆ, ਉਹ ਤਾਂ ਚਾਹੁੰਦੇ ਆ ਪਈ ਕਿਹੜੀ ਘੜੀ ਮਰੇ ਤਾਂ ਅਸੀਂ ਜ਼ਮੀਨ ਵਾਲੇ ਬਣੀਏ।”
“ਮੰਮੀ ਜੀ! ਜ਼ਮੀਨ ਤਾਂ ਸਭ ਨੇ ਈ ਇਥੇ ਛੱਡ ਜਾਣੀ ਆ, ਜੇ ਅੱਜ ਮਾਂ ਜੀ ਦੇ ਨਾਲ ਨਹੀਂ ਜਾਵੇਗੀ ਤਾਂ ਉਨ੍ਹਾਂ ਦੀ ਵਾਰੀ ਵੀ ਤਾਂ ਇਥੇ ਹੀ ਰਹਿ ਜਾਵੇਗੀ ਨਾ।”
“ਪਰ ਉਨ੍ਹਾਂ ਨੂੰ ਕੌਣ ਸਮਝਾਵੇ ਧੀਏ!” ਮੰਮੀ ਦੇ ਸੁਰ ਵਿਚ ਵੀ ਉਦਾਸੀ ਆ।
“ਅੱਛਾ ਮੰਮੀ, ਤੁਸੀਂ ਮਾਂ ਜੀ ਨੂੰ ਦੇਖਣ ਜਾਂਦੇ ਈ ਰਹਿਣਾ, ਮੈਨੂੰ ਤਾਂ ਬਹੁਤ ਚੰਗੀ ਲੱਗਦੀ ਆ ਮਾਂ ਜੀ...ਯਾਦ ਆ, ਪਿਛਲੀ ਵਾਰੀ ਮੈਂ ਇੰਡੀਆ ਆਈ ਤਾਂ ਮੇਰੇ ਤੁਰਨ ਵੇਲੇ ਰੋ ਪਈ ਸੀ। ਹਾਂ ਸੱਚ ਕਹਿੰਦੀ ਸੀ ਕਿ ਨਿਧੀ, ਚੰਗੀ ਤਰ੍ਹਾਂ ਮਿਲ ਲੈ, ਅਗਲੀ ਵਾਰੀ ਆਈ ਤਾਂ ਪਤਾ ਨਹੀਂ ਮੈਂ ਹੋਵਾਂ ਜਾਂ ਨਾ...ਤੇ ਮੈਂ ਮਾਂ ਜੀ ਨੂੰ ਕਿਹਾ ਸੀ ਕਿ ਤੁਸੀਂ ਏਨੀ ਜਲਦੀ ਕਿਤੇ ਨਹੀਂ ਜਾ ਸਕਦੇ, ਮੈਂ ਜ਼ਰੂਰ ਮਿਲਾਂਗੀ।”
“ਹਾਂ! ਮੈਨੂੰ ਤਾਂ ਇਹ ਵੀ ਯਾਦ ਆ ਨਿਧੀ, ਪਈ ਤੇਰੇ ਡੈਡੀ ਨੇ ਹੱਸਦੇ ਹੋਏ ਇਹ ਵੀ ਕਿਹਾ ਸੀ ਕਿ ਅਸੀਂ ਮਾਂ ਜੀ ਨੂੰ ਸੁਕਾ ਕੇ ਡੱਬੇ ਵਿਚ ਪਾ ਕੇ ਰੱਖ ਲਵਾਂਗੇ, ਕਿਤੇ ਨਹੀਂ ਜਾਣ ਦਿੰਦੇ।”
“ਇੰਦੂ ਕਿਸ ਦਾ ਫੋਨ ਐ?” ਡੈਡੀ ਨੇ ਅੰਦਰ ਵੜਦੇ ਈ ਪੁੱਛਿਐ।
“ਨਿਧੀ ਦਾ ਹੋਰ ਕਿਹਦਾ”, ਮੰਮੀ ਨੇ ਸਰਸਰੀ ਜਵਾਬ ਦਿੱਤੈ।
“ਦੱਸ ਦੇ ਗੀਤੂ ਦੀ ਦਾਦੀ ਪੂਰੀ ਹੋ ਗਈ।”
“ਮੰਮੀ! ਮਾਂ ਕੀ? ਮਾਂ ਜੀ ਚਲੀ ਗਈ!”
“ਮਾਂ ਜੀ!” ਫੋਨ ਮੇਰੇ ਹੱਥੋਂ ਛੁੱਟ ਗਿਐ।
ਮਾਂ ਜੀ ਦੀ ਤਸਵੀਰ ਮੇਰੀਆਂ ਅੱਖਾਂ ਮੂਹਰੇ ਘੁੰਮਦੀ ਐ। ਮੇਰਾ ਮਾਂ ਜੀ ਨਾਲ ਬਹੁਤ ਪਿਆਰ ਸੀ। ਆਪਣੀ ਦਾਦੀ ਤਾਂ ਦੇਖੀ ਵੀ ਨਹੀਂ ਸੀ, ਪਰ ਮਾਂ ਜੀ ਕੋਲੋਂ ਜੋ ਪਿਆਰ ਦਾ ਖ਼ਜ਼ਾਨਾ ਮੈਨੂੰ ਮਿਲਿਆ ਸੀ, ਉਹ ਬੇਅੰਤ ਸੀ। ਸੌ ਵਰ੍ਹਿਆਂ ਤੋਂ ਉਪਰ ਅਤੇ ਦਸ ਤੋਂ ਵੱਧ ਪੋਤ-ਦੋਹਤ ਦੀ ਨਾਨੀ ਅਤੇ ਦਾਦੀ ਨੂੰ ਮੈਂ ਦੋ ਕੁ ਦਹਾਕੇ ਪਹਿਲਾਂ ਪਿੰਡ ਵਿਚੋਂ ਲੱਗਦੇ ਇਕ ਚਾਚੇ ਦੇ ਪੁੱਤ ਦੇ ਵਿਆਹ ਵਿਚ ਪਰਾਤ ਵਜਾ-ਵਜਾ ਕੇ ਗਾਉਂਦੇ ਤੱਕਿਆ ਸੀ,
ਤੇਰੀ ਭੈਣਾਂ ਨੇ ਸਾਡੇ ਨਾਲ ਕੀਤੀਆਂ ਵੇ ਲਾਲ।
ਅਸੀਂ ਸ਼ਰਬਤ ਘੋਲ-ਘੋਲ ਪੀਤੀਆਂ ਵੇ ਲਾਲ।
ਕਦੀ ਬੋਲਾਂਗੇ ਦਿਲਾਂ ਦੀਆਂ ਖੋਲ੍ਹਾਂਗੇ ਵੇ ਲਾਲ।
ਕਦੀ ਵਸਾਂਗੇ ਦਿਲਾਂ ਦੀਆਂ ਦੱਸਾਂਗੇ ਵੇ ਲਾਲ।
ਪਰਾਤ ‘ਤੇ ਹੱਥ ਮਾਰ-ਮਾਰ ਕੇ ਗਾਉਂਦੀ ਮਾਂ ਜੀ ਆਪਣੇ ਸੇਬ ਦੀ ਤਰ੍ਹਾਂ ਭਖਦੇ ਚਿਹਰੇ ਤੋਂ ਮਲਮਲ ਦੀ ਚੁੰਨੀ ਨਾਲ ਕਦੀ ਕਦੀ ਪਸੀਨਾ ਪੂੰਝ ਲੈਂਦੀ ਸੀ।
ਗੀਤਾਂ ਤੋਂ ਬਾਅਦ ਗਿੱਧੇ ਦੀ ਵਾਰੀ ਆਈ ਤਾਂ ਮਾਂ ਜੀ ਨੇ ਬੋਲੀ ਚੁੱਕੀ,
ਜਦੋਂ ਜਵਾਨੀ ਦਾ ਜ਼ੋਰ ਸੀ ਵੇ ਜ਼ਾਲਮਾ।
ਵੰਝਲੀ ਵਰਗਾ ਬੋਲ ਸੀ ਵੇ ਜ਼ਾਲਮਾ।
ਮੋਰਾਂ ਵਰਗੀ ਤੋਰ ਸੀ ਵੇ ਜ਼ਾਲਮਾ।
ਇਕ ਤੋਂ ਬਾਅਦ ਦੂਜੀ ਬੋਲੀ ਪਾਉਂਦੀ ਮਾਂ ਜੀ ਨੇ ਗਿੱਧੇ ਦਾ ਪਿੜ ਮੱਲ ਲਿਆ ਤਾਂ ਮੈਂ ਇਕ ਪਾਸੇ ਕੁੜੀਆਂ ‘ਚ ਖੜ੍ਹੀ ਮਾਂ ਜੀ ਦਾ ਰੂਪ ਨਿਹਾਰਦੀ ਹੀ ਰਹਿ ਗਈ। ਦਿਲ ਕਰਦਾ ਸੀ ਮਾਂ ਜੀ ਨੂੰ ਕਹਾਂ ਕਿ ਤੁਸੀਂ ਤਾਂ ਜਵਾਨਾਂ ਨੂੰ ਮਾਤ ਪਾ ਰਹੇ ਹੋ, ਪਰ ਪਤਾ ਨਹੀਂ ਕਿਉਂ ਕਹਿ ਨਾ ਸਕੀ? ਉਸ ਰਾਤ ਵਿਆਹ ਵਾਲੇ ਘਰ ਇਕ ਤੋਂ ਬਾਅਦ ਇਕ ਲੋਕ ਗੀਤ ਗਾ ਕੇ ਅਤੇ ਗਿੱਧੇ ਵਿਚ ਗਿੱਧਿਆਂ ਦੀ ਰਾਣੀ ਬਣੀ ਮਾਂ ਜੀ ਨੇ ਮੇਰੇ ਮਨ ਵਿਚ ਵਿਸ਼ੇਸ਼ ਥਾਂ ਬਣਾ ਲਈ ਸੀ। ਇਸ ਤੋਂ ਪਹਿਲਾਂ ਤਾਂ ਮੈਨੂੰ ਇਹ ਹੀ ਪਤਾ ਸੀ ਕਿ ਸਾਡੇ ਘਰ ਤੋਂ ਤਿੰਨ-ਚਾਰ ਘਰ ਹਟ ਕੇ ਕੋਈ ਬੁੱਢੀ ਰਹਿੰਦੀ ਐ, ਜਿਸ ਨੂੰ ਜ਼ਿਆਦਾਤਰ ਲੋਕ ਗੀਤੂ ਦੀ ਦਾਦੀ ਜਾਂ ਚੌਧਰਾਣੀ ਆਖ ਬੁਲਾਉਂਦੇ ਸੀ।
ਅਗਲੇ ਦਿਨ ਹੱਥ ਵਿਚ ਕਾਪੀ-ਪੈਨ ਲੈ ਮੈਂ ਮਾਂ ਜੀ ਦੇ ਘਰ ਪਹੁੰਚ ਗਈ। ਮਾਂ ਜੀ ਮੈਨੂੰ ਦੇਖ ਹੈਰਾਨ ਹੁੰਦੇ ਬੋਲੀ, “ਪੜ੍ਹੀ ਲਿਖੀ ਕੁੜੀ ਇਸ ਅਨਪੜ੍ਹ ਕੋਲ ਕਿਵੇਂ ਆਈ ਐ?”
“ਸਤਿ ਸ੍ਰੀ ਅਕਾਲ ਮਾਂ ਜੀ!” ਕਹਿ ਕੇ ਮੈਂ ਮਾਂ ਜੀ ਦੇ ਕੋਲ ਬੈਠ ਗਈ।
“ਮਾਂ ਜੀ ਤੁਸੀਂ ਤਾਂ ਰਾਤੀਂ ਕਮਾਲ ਹੀ ਕਰ ਦਿੱਤੀ। ਤੁਹਾਡੇ ਗਾਏ ਕਈ ਲੋਕ ਗੀਤ ਤਾਂ ਮੈਨੂੰ ਯਾਦ ਵੀ ਹੋ ਗਏ।” ਮੈਂ ਥੋੜ੍ਹਾ ਰੁਕ ਕੇ ਕਿਹਾ।
“ਲੈ ਸੁਣ ਲਓ ਕੁੜੀ ਦੀਆਂ ਗੱਲਾਂ! ਕਾਹਦੀ ਕਮਾਲ ਧੀਏ? ਬੱਸ ਟੈਮ ਪਾਸ ਕਰੀਦਾ ਹੁਣ ਤਾਂ।”
“ਤੁਸੀਂ ਮੰਨੋ ਜਾਂ ਨਾ ਮੰਨੋ ਮਾਂ ਜੀ, ਮੈਂ ਤਾਂ ਤੁਹਾਡੇ ਕੋਲੋਂ ਲੋਕ ਗੀਤ ਲਿਖਣ ਲਈ ਆਈ ਆਂ। ਲਿਖਵਾਓਗੇ ਨਾ?”
“ਮੇਰੇ ਅਨਪੜ੍ਹ ਦੇ ਗੀਤਾਂ ਨੂੰ ਇਹ ਪੜ੍ਹੀ-ਲਿਖੀ ਕੁੜੀ ਕੀ ਕਰੇਗੀ?”
“ਮਾਂ ਜੀ ਸਾਡੇ ਲੋਕ ਗੀਤ ਸਾਡਾ ਵਿਰਸਾ ਹਨ। ਸਾਡਾ ਸਭਿਆਚਾਰ ਹਨ। ਮੈਂ ਇਹ ਅਨਮੋਲ ਖ਼ਜ਼ਾਨਾ ਹਮੇਸ਼ਾ ਸਾਂਭ ਕੇ ਰੱਖਾਂਗੀ।”
ਨਾਂਹ-ਨੁੱਕਰ ਕਰਨ ਬਾਅਦ ਮਾਂ ਜੀ ਗੀਤ ਲਿਖਵਾਉਣ ਲਈ ਰਾਜ਼ੀ ਹੋ ਗਈ। ਉਸ ਦਿਨ ਤੋਂ ਬਾਅਦ ਮੈਨੂੰ ਜਦੋਂ ਵੀ ਵਿਹਲ ਮਿਲਦੀ, ਮੈਂ ਕਾਪੀ-ਪੈਨ ਲੈ ਮਾਂ ਜੀ ਕੋਲ ਬੈਠ ਜਾਂਦੀ। ਸਿੱਠਣੀਆਂ, ਸੁਹਾਗ, ਘੋੜੀਆਂ, ਟੱਪੇ ਜੋ ਕੁਝ ਵੀ ਯਾਦ ਆਉਂਦਾ, ਮਾਂ ਜੀ ਲਿਖਵਾ ਦਿੰਦੀ।
ਬਾਹਰ ਹਵਾ ਨਾਲ ਦਰਵਾਜ਼ਾ ਖੜਕਦੈ। ਮੈਨੂੰ ਯਾਦ ਆਉਂਦੈ, “ਮਾਂ ਜੀ ਦੇ ਘਰ ਦਾ ਦਰਵਾਜ਼ਾ ਹਮੇਸ਼ਾਂ ਗਲੀ ਵਿਚ ਖੁੱਲ੍ਹਾ ਹੁੰਦਾ ਅਤੇ ਹਰ ਆਉਂਦਾ-ਜਾਂਦਾ ਇਹ ਹੀ ਸੋਚਦਾ ਕਿ ਨਿਧੀ ਦਾ ਚੌਧਰਾਣੀ ਨਾਲ ਕੀ ਮੇਲ!”
ਪਿੰਡ ਦੀਆਂ ਹੋਰ ਕੁੜੀਆਂ ਤਾਂ ਮਾਂ ਜੀ ਕੋਲੋਂ ਡਰਦੀਆਂ ਵੀ ਸਨ ਤੇ ਉਸ ਨੂੰ ਪਸੰਦ ਵੀ ਨਹੀਂ ਕਰਦੀਆਂ ਸਨ। ਮਾਂ ਜੀ ਨੂੰ ਵੀ ਪਿੰਡ ਦੀ ਹਰ ਨੂੰਹ-ਧੀ ਦੀ ਖ਼ਬਰ ਹੁੰਦੀ ਸੀ। ਇਕ ਦਿਨ ਤਾਂ ਕਮਾਲ ਹੀ ਹੋ ਗਈ ਜਦੋਂ ਪਿੰਡ ਦੇ ਲੰਬੜਦਾਰ ਦੀਆਂ ਕੁੜੀਆਂ ਗਲੀ ‘ਚੋਂ ਲੰਘੀਆਂ ਤਾਂ ਮਾਂ ਜੀ ਪੂਰੇ ਰੋਹ ਨਾਲ ਬੋਲੀ, “ਹੇ ਖਾਂ! ਵੱਡੀਆਂ ਪਾੜ੍ਹੀਆਂ! ਪੜ੍ਹਨ ਜਾਂਦੀਆਂ ਸਿਰ-ਮੁੰਨ ਕੇ, ਮੂੰਹ ਧੋ ਕੇ, ਆਪਣਾ ਆਪ ਦੇਖ-ਦੇਖ ਤੁਰਦੀਆਂ ਚਾਹੇ ਮੇਰੇ ਵਰਗੇ ਮਹਾਤੜ ਦੀਆਂ ਲੱਤਾਂ ਹੀ ਸ਼ੈਕਲ ਮਾਰ ਕੇ ਭੰਨ ਸੁੱਟਣ। ਨਾਲੇ ਵਾਲ ਮੁਨਾ ਕੇ ਆਪਣੇ ਆਪ ਨੂੰ ਇੰਦਰਾ ਗਾਂਧੀ ਨਾਲੋਂ ਘੱਟ ਨਹੀਂ ਸਮਝਦੀਆਂ। ਨਾ ਤੂੰ ਦੱਸ ਧੀਏ! ਇਹ ਨਹਿਰੂ ਦੀ ਧੀ ਦੀਆਂ ਰੀਸਾਂ ਕਰਦੀਆਂ ਜਚਦੀਆਂ!”
ਮੈਂ ਹੱਸ-ਹੱਸ ਕੇ ਦੂਹਰੀ ਹੋ ਗਈ- “ਬੱਸ ਵੀ ਕਰੋ ਮਾਂ ਜੀ! ਕਿਤੇ ਮੇਰੀ ਪਿੱਠ ਪਿੱਛੇ ਮੈਨੂੰ ਵੀ ਤੁਸੀਂ ਏਦਾਂ ਹੀ ਤਾਂ ਨਹੀਂ ਕਹਿੰਦੇ?”
ਮਾਂ ਜੀ ਮੇਰੇ ਸਿਰ ‘ਤੇ ਹੱਥ ਫੇਰਦੇ ਬੋਲੀ, “ਨਾ ਧੀਏ! ਤੇਰੇ ਵਿਚ ਤਾਂ ਇਨ੍ਹਾਂ ਵਾਲੀ ਇਕ ਵੀ ਗੱਲ ਨਹੀਂ। ਲੰਘਦੇ-ਵੜਦੇ ਹਰ ਚਾਚੇ-ਤਾਏ ਨੂੰ ਤੂੰ ਬੁਲਾਏ ਬਿਨਾਂ ਨਹੀਂ ਲੰਘਦੀ ਤੇ ਇਹ ਸਿਰਮੁੰਨੀਆਂ ਦੇਖਦੇ ਈ ਮੂੰਹ ਘੁਮਾ ਲੈਂਦੀਆਂ।”
ਅਚਾਨਕ ਫੋਨ ਦੀ ਘੰਟੀ ਨੇ ਮੈਨੂੰ ਮਾਂ ਜੀ ਦੀਆਂ ਯਾਦਾਂ ‘ਚੋਂ ਬਾਹਰ ਕੱਢ ਦਿੱਤੈ। ਫੋਨ ਵੀ ਐਵੇਂ ਹੀ ਨਿਕਲਿਐ। ਮਾਰਗੇਜ ਕੰਪਨੀ ਦਾ। ਮੈਂ ‘ਆਈ ਐਮ ਬਿਜ਼ੀ’ ਆਖ ਫੋਨ ਰੱਖ ਦਿੱਤੈ। ਪਿਛਲੇ ਮਹੀਨੇ ਤੋਂ ਖ਼ਬਰੇ ਸੌ ਮਾਰਗੇਜ ਕੰਪਨੀਆਂ ਦੇ ਫੋਨ ਆ ਚੁੱਕੇ ਆ, ਘਰ ਮੇਰਾ ਤੇ ਰੀਫਾਈਨੈਂਸ ਦਾ ਫਿਕਰ ਇਨ੍ਹਾਂ ਨੂੰ ਲੱਗਾ ਹੋਇਐ।
ਮੇਰੀਆਂ ਅੱਖਾਂ ‘ਚੋਂ ਪਾਣੀ ਫਿਰ ਤਿੱਪ-ਤਿੱਪ ਚੋਣ ਲੱਗ ਪਿਐ। ਗਲਾ ਸੁੱਕਦਾ ਮਹਿਸੂਸ ਹੁੰਦੈ। ਕੋਲ ਪਏ ਗਿਲਾਸ ‘ਚੋਂ ਇਕ ਘੁੱਟ ਭਰ ਮੈਂ ਕੰਬਲ ਲੈ ਮੁੜ ਬੈੱਡ ‘ਤੇ ਢੇਰੀ ਹੋ ਗਈ ਆਂ। ਮਾਂ ਜੀ ਦੀਆਂ ਯਾਦਾਂ ਨੇ ਮੁੜ ਘੇਰਾ ਪਾ ਲਿਐ। ਮੈਨੂੰ ਯਾਦ ਆਉਂਦੈ ਕਿ ਇਕ ਵਾਰੀ ਹੋਸਟਲ ਤੋਂ ਘਰ ਆਈ ਤਾਂ ਮੰਮੀ ਨੇ ਰੋਟੀ-ਪਾਣੀ ਤੋਂ ਬਾਅਦ ਕਿਹਾ ਸੀ, “ਨਿਧੀ! ਆਪਣੀ ਮਾਂ ਜੀ ਨਾਲ ਅਫ਼ਸੋਸ ਕਰ ਆ। ਮਾਂ ਜੀ ਦੇ ਵਿਚਕਾਰਲੇ ਪੁੱਤ ਨੂੰ ਮਰੇ ਹੋਏ ਦੋ ਮਹੀਨੇ ਹੋ ਚੱਲੇ ਆ। ਮੈਂ ਮਾਂ ਜੀ ਕੋਲ ਗਈ ਤਾਂ ਮਾਂ ਜੀ ਮੇਰੇ ਗਲੇ ਲੱਗ ਧਾਹੀਂ ਰੋ ਪਈ।
“ਮਾਂ ਜੀ! ਬੱਸ ਕਰੋ! ਕੀ ਹੋਇਆ ਸੀ ਚਾਚਾ ਜੀ ਨੂੰ, ਮਾਂ ਜੀ?” ਮੈਂ ਮਾਂ ਜੀ ਦਾ ਹੱਥ ਘੁੱਟ ਕੇ ਫੜਦੇ ਪੁੱਛਿਆ।
“ਹੋਣਾ ਕੀ ਸੀ ਧੀਏ! ਅਤਿ ਵੀ ਮਾੜੀ ਹੁੰਦੀ ਐ। ਮੇਰੇ ਕੋਲ ਤਾਂ ਢਿੱਡ ਫੋਲਣ ਨੂੰ ਵੀ ਕੋਈ ਨਹੀਂ ਸੀ। ਚੰਗਾ ਹੋਇਐ ਤੂੰ ਆ ਗਈ। ਇਕ ਦਿਨ ਸ਼ਰਾਬੀ ਹੋ ਕੇ ਆਇਆ, ਕਹਿੰਦਾ ਤੈਨੂੰ ਸ਼ਕਰੀਨ ਕੋਰਟ ‘ਚ ਲਿਜਾਊਂ, ਕਟਹਿਰੇ ‘ਚ ਖੜ੍ਹੀ ਕਰੂੰ, ਜ਼ਮੀਨ ਲੈ ਕੇ ਦਿਖਾਊਂ!” ਮਾਂ ਜੀ ਨੇ ਚੁੰਨੀ ਨਾਲ ਅੱਖਾਂ ਸਾਫ ਕੀਤੀਆਂ।
“ਸੱਚੀਂ ਮਾਂ ਜੀ! ਫਿਰ ਕੀ ਹੋਇਆ?” ਮੈਂ ਗੰਭੀਰਤਾ ਨਾਲ ਪੁੱਛਿਆ।
“ਫਿਰ ਕੀ ਹੋਣਾ ਸੀ ਨਿਧੀ! ਘਰੇ ਜਾਂਦਾ ਈ ਬਿਮਾਰ ਹੋ ਗਿਆ। ਕਹਿੰਦੇ ਆ ਪਈ ਜ਼ਿਆਦਾ ਈ ਪੀਤੀ ਸੀ, ਆਹ ਡਮਾਕ ਦੀ ਨਾਲੀ ਫਟ ਗਈ।”
ਮਾਂ ਜੀ ਮੁੜ ਮੇਰੇ ਗਲ ਲੱਗ ਰੋਣ ਲੱਗੀ।
“ਮਾਂ ਜੀ! ਚੁੱਪ ਪਲੀਜ਼ ਚੁੱਪ ਕਰੋ! ਤੁਸੀਂ ਬਿਮਾਰ ਹੋ ਜਾਓਗੇ। ਗੱਲਾਂ ਕਰੋ ਮੇਰੇ ਨਾਲ।”
“ਧੀਏ! ਸੋਚਦੀ ਆਂ ਚੌਧਰੀ ਆਪ ਤਾਂ ਛੁੱਟ ਗਿਆ ਮਰ ਕੇ, ਤੇ ਮੈਨੂੰ ਪਿੱਛੇ ਛੱਡ ਗਿਆ ਆਹ ਦਿਨ ਦੇਖਣੇ ਲਈ!” ਮਾਂ ਜੀ ਨੇ ਮੁੜ ਅੱਖਾਂ ਭਰ ਲਈਆਂ।
ਮੈਨੂੰ ਮਾਂ ਜੀ ‘ਤੇ ਬਹੁਤ ਤਰਸ ਆਇਆ।
ਮਾਂ ਜੀ ਕੁਝ ਚਿਰ ਰੁਕ ਕੇ ਬੋਲੀ, “ਮੈਂ ਤਾਂ ਚੌਧਰੀ ਦਾ ਬੋਲ ਪੂਰਾ ਕੀਤਾ। ਮਰਨ ਵੇਲ਼ੇ ਕਹਿੰਦਾ ਸੀ, ਮੇਰੇ ਪਿੱਛਿਉਂ ਇਨ੍ਹਾਂ ਨੂੰ ਜਿਉਂਦੇ ਜੀ ਹੱਥ ਵੱਢ ਕੇ ਨਾ ਦੇਵੀਂ। ਮੈਂ ਸਾਰੀ ਵਸੀਤ ਇਸ ਕਰ ਕੇ ਈ ਤੇਰੇ ਨਾਂ ਕੀਤੀ ਐ, ਪਈ ਜ਼ਮੀਨ ਕਰ ਕੇ ਈ ਤੇਰੀ ਕਦਰ ਕਰਨਗੇ ਪਰ ਮੈਂ ਤਾਂ ਸਗੋਂ ਹੋਰ ਦੁਖ਼ੀ ਹੋ ਗਈ।”
ਇਨ੍ਹਾਂ ਯਾਦਾਂ ਦੇ ਵਹਿਣਾਂ ਵਿਚ ਹੀ ਮੈਨੂੰ ਪਤਾ ਈ ਨਹੀਂ ਲੱਗਾ ਕਿ ਮੈਂ ਨੀਂਦ ਦੀ ਝੋਲੀ ਵਿਚ ਚਲੀ ਗਈ ਆਂ।
ਮੈਨੂੰ ਲੱਗਦੈ, ਮਾਂ ਜੀ ਸੱਚਮੁੱਚ ਈ ਮੇਰੇ ਕੋਲ ਆ ਗਈ ਆ ਤੇ ਮੈਂ ਮਾਂ ਜੀ ਦੇ ਵਾਲਾਂ ਨੂੰ ਤੇਲ ਲਾ ਉਸ ਦਾ ਸਿਰ ਝੱਸ ਰਹੀ ਆਂ। ਮਾਂ ਜੀ ਮੈਨੂੰ ਬੁੱਢ ਸੁਹਾਗਣ ਹੋਣ ਦੀਆਂ ਅਸੀਸਾਂ ਦੇ ਰਹੀ ਆ।
ਮੈ ਹੱਸ ਕੇ ਕਹਿੰਦੀ ਆਂ, “ਮਾਂ ਜੀ ਤੁਸੀਂ ਆਪਣੇ ਵਿਆਹ ਬਾਰੇ ਮੈਨੂੰ ਕਦੀ ਕੁਝ ਦੱਸਿਆ ਈ ਨਹੀਂ!”
ਮਾਂ ਜੀ ਖਿੜ-ਖਿੜ ਹੱਸ ਪਈ ਐ, “ਨਿਧੀ! ਸਾਡੀ ਵਾਰੀ ਆਹ ਕੰਜਰਾਂ ਵਾਲੇ ਰਿਵਾਜ ਥੋੜ੍ਹਾ ਸੀ। ਮੇਰਾ ਵਿਆਹ ਤਾਂ ਨੌਂ ਸਾਲ ਦੀ ਉਮਰ ‘ਚ ਈ ਹੋ ਗਿਆ ਸੀ। ਮੇਰੀਆਂ ਸਹੇਲੀਆਂ ਦੱਸਣ, ਪਈ ਜਨੇਤ ਆਈ ਤੇ ਕਿਸੇ ਨੇ ਮੇਰੇ ਬਾਪ ਨੂੰ ਪੁੱਛਿਆ, ਪਈ ਮੁੰਡਾ ਕਿਹੜੈ? ਮੇਰੇ ਬਾਪ ਨੇ ਛੋਟੇ ਜਿਹੇ ਦੀਨ ਦੇ ਚੌਧਰੀ ਵੱਲ ਇਸ਼ਾਰਾ ਕਰ ਕੇ ਕਿਹਾ ਸੀ, ਅਹੁ ਕੈਂਠੇ ਵਾਲਾ! ਕੈਂਠਾ ਪਾ ਕੇ ਚੌਧਰੀ ਵਿਆਹੁਣ ਆਇਆ ਸੀ ਮੈਨੂੰ, ਤੇ ਮੈਂ ਸੋਲ੍ਹਾਂ ਵਰ੍ਹਿਆਂ ਦੀ ਮੁਕਲਾਵੇ ਆਈ ਸਾਂ, ਦੋ ਗੁੱਤਾਂ ਕਰਦੀ। ਘਰ ਦਾ ਸਾਰਾ ਕੰਮ ਸਮੇਟਦੀ, ਸੱਸ-ਸਹੁਰੇ ਦੀ ਸੇਵਾ ਕਰਦੀ ਅਸੀਸਾਂ ਲੈਂਦੀ ਸੀ। ਆਹ ਦਾਣਿਆਂ ਵਾਲੀ ਬੋਰੀ ਇੱਕਲੀ ਚੁੱਕ ਕੇ ਆਹ ਡੰਡੇ ਵਾਲੀ ਪਾਉੜੀ ਚੜ੍ਹ ਸੁੱਕਣੇ ਪਾ ਦਿੰਦੀ ਸੀ।
“ਸੱਚ ਮਾਂ ਜੀ! ਮੈਨੂੰ ਤਾਂ ਇਸ ‘ਤੇ ਇਕੱਲੇ ਚੜ੍ਹਦੇ ਹੀ ਡਰ ਲੱਗਦਾ।”
“ਨਾ ਧੀਏ! ਤੂੰ ਐਵੇਂ ਨਾ ਡਰਿਆ ਕਰ”, ਕਹਿੰਦਿਆਂ ਮਾਂ ਜੀ ਨੇ ਮੈਨੂੰ ਗਲ ਨਾਲ ਲਾ ਲਿਆ।
ਮਾਂ ਜੀ ਕੁਝ ਰੁਕ ਕੇ ਫਿਰ ਬੋਲੀ, “ਹੁਣ ਤਾਂ ਪੁੱਤ ਜ਼ਮਾਨੇ ਨੂੰ ਅੱਗ ਲੱਗੀ ਹੋਈ ਆ, ਮੈਥੋਂ ਤਾਂ ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲ ਹੋਈ, ਆਹ ਦੇਖ ਵੱਡੇ ਨੇ ਕੀ ਕੀਤਾ! ਧੀਏ! ਭਰਾ ਦਾ ਸਿਵਾ ਠੰਢਾ ਨਹੀਂ ਹੋਇਆ, ਇਹ ਧੀ ਦਾ ਵਿਆਹ ਰੱਖ ਕੇ ਬੈਠ ਗਿਆ। ਅਖੇ! ਬਾਹਰਲਾ ਰਿਸ਼ਤਾ ਮਸਾਂ ਮਿਲਿਆ। ਮੈਥੋਂ ਨਹੀਂ ਇਹ ਜ਼ਰ ਹੁੰਦਾ ਸਭ, ਮੈਂ ਤਾਂ ਅੱਡ ਕਰ’ਤੇ,...ਤੇ ਆਪਣੀ ਇੱਜ਼ਤ ਦੀ ਰੋਟੀ ਬਣਾ ਕੇ ਖਾਧੀ ਆ।”
ਮੈਨੂੰ ਲੱਗਦੈ ਜਿਵੇਂ ਕਿਸੇ ਨੇ ਮੇਰੇ ਬਦਨ ‘ਤੇ ਮਣਾਂ-ਮੂੰਹੀਂ ਭਾਰ ਪਾ ਦਿੱਤੈ। ਮਾਂ ਜੀ ਮੇਰੇ ਕੋਲੋਂ ਪਾਣੀ ਮੰਗ ਰਹੀ ਐ। ਮੈਂ ਤ੍ਰਭਕ ਕੇ ਉਠ ਬੈਠੀ ਆਂ। ਮਾਂ ਜੀ ਅਮਰੀਕਾ ‘ਚ ਕਿਵੇਂ ਆ ਸਕਦੀ ਆ? ਨਹੀਂ! ਇਹ ਮੇਰਾ ਖ਼ਿਆਲ ਈ ਐ ਤੇ ਜਾਂ ਸੁਪਨਾ!
“ਮਾਂ ਜੀ ਮੈਂ ਇਸ ਵਾਰੀ ਤੁਹਾਨੂੰ ਨਹੀਂ ਮਿਲ ਸਕਾਂਗੀ। ਮਾਂ ਜੀ! ਮਾਂ ਜੀ! ਮੈਂ ਤੁਹਾਨੂੰ ਅੰਤਿਮ ਸਮੇਂ ਦੇਖ ਵੀ ਨਾ ਸਕੀ।” ਮੇਰੀ ਚੀਕ ਨਿਕਲਦੀ ਆ ਅਤੇ ਮੈਨੂੰ ਲੱਗਦਾ ਕਿ ਮੈਂ ਪਿੰਡ ਪਹੁੰਚ ਗਈ ਆਂ। ਪਿੰਡ ਉਦਾਸ ਲੱਗ ਰਿਹੈ। ਮੈਂ ਮਾਂ ਜੀ ਦੇ ਘਰ ਪਹੁੰਚ ਗਈ ਆਂ। ਕੋਈ ਕਹਿ ਰਿਹਾ, “ਨਿਧੀ! ਚੰਗਾ ਹੋਇਆ ਤੂੰ ਆ ਗਈ। ਮਾਂ ਜੀ ਤੈਨੂੰ ਬਹੁਤ ਚੇਤੇ ਕਰਦੀ ਸੀ।” ਕਿਸੇ ਹੋਰ ਕਿਹਾ, “ਗੀਤੂ ਦੀ ਦਾਦੀ ਮਰ ਗਈ।”
ਮੈਂ ਉਚੀ ਸਾਰੀ ਚੀਕਦੀ ਹਾਂ..ਨਹੀਂ ਮਾਂ ਜੀ, ਨਹੀਂ। ਲੋਕ ਗੀਤਾਂ ਦੀ ਰਾਣੀ ਮਾਂ ਮਰ ਗਈ! ਮਾਂ ਜੀ! ਮਾਂ ਜੀ! ਮੇਰੀਆਂ ਚੀਕਾਂ ਹਉਕਿਆਂ ‘ਚ ਬਦਲ ਰਹੀਆਂ ਨੇ। ਲੋਕ ਗੀਤਾਂ ਦੀ ਰਾਣੀ ਮਾਂ ਮਰ ਗਈ।