Lukvein Parche (Punjabi Story) : Gurcharan Singh Sehnsra

ਲੁਕਵੇਂ ਪਰਚੇ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

ਅੰਗਰੇਜ਼ੀ ਸਾਮਰਾਜ ਕੌਮੀ ਅਜ਼ਾਦੀ ਦੀ ਲਹਿਰ ਦੇ ਤੇ ਖਾਸ ਕਰ ਇਸ ਦੇ ਇਨਕਲਾਬੀ ਅੰਗ ਦੇ ਜਲਸਿਆਂ, ਜਲੂਸਾਂ ਤੇ ਤਕਰੀਰਾਂ ਨੂੰ ਹੀ ਨਹੀਂ ਸੀ ਰੋਕ ਕੇ ਰੱਖਦਾ, ਸਗੋਂ ਇਸ ਦੇ ਅਖ਼ਬਾਰ, ਛਪਤਾਂ ਤੇ ਪਰੈਸਾਂ ਨੂੰ ਵੀ ਨਹੀਂ ਸੀ ਚਲਣ ਦਿੰਦਾ। ਜੇ ਕੋਈ ਅਖ਼ਬਾਰ ਜਾਂ ਛਪਤ ਅੰਗਰੇਜ਼ੀ ਰਾਜ ਦੀ ਹਿੰਦ ’ਤੇ ਪਾਈ ਹੋਈ ਗੁਲਾਮੀ ਦੀ ਛੁੱਟ ਉੱਤੇ ਮਾੜੀ ਮੋਟੀ ਵੀ ਨੁਕਤਾਚੀਨੀ ਕਰ ਦੇਵੇ, ਜਾਂ ਹਿੰਦੁਸਤਾਨ ਦੀ ਅਜ਼ਾਦੀ ਦੀ ਮੰਗ ਕਰ ਲਵੇ, ਜਾਂ ਇਸ ਦੀ ਪ੍ਰਾਪਤੀ ਲਈ ਜਨਤਾ ਨੂੰ ਵੰਗਾਰ ਦੇਵੇ ਤਾਂ ਉਸ ਐਡੀਟਰ ਜਾਂ ਛਪਤਕਾਰ ਨੂੰ ਗਰਿਫ਼ਤਾਰ ਕਰ ਲਿਆ ਜਾਂਦਾ ਤੇ ਬਗ਼ਾਵਤ ਦਾ ਪ੍ਰਚਾਰ ਕਰਨ ਦੇ ਦੋਸ਼ ਵਿਚ ਕੈਦ ਕਰ ਦਿੱਤਾ ਜਾਂਦਾ। ਇਸ ਛਪਾਈ ਦੇ ਦੋਸ਼ ਵਿਚ ਪਰੈਸ ਵਾਲ਼ੇ ਪਾਸੋਂ ਮੁੜ ਛਾਪਣ ਤੋਂ ਹੋੜੀ ਰੱਖਣ ਲਈ ਹਜ਼ਾਰਾਂ ਰੁਪਇਆਂ ਦੀ ਨਕਦ ਜ਼ਮਾਨਤ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਈ ਜਾਂਦੀ, ਇਹ ਜ਼ਮਾਨਤ ਜ਼ਰਾ ਜ਼ਰਾ ਜਿੰਨੇ ਇਤਰਾਜ਼ਾਂ ਉਤੇ ਜ਼ਬਤ ਕਰ ਲਈ ਜਾਂਦੀ ਤੇ ਫੇਰ ਦੁਗਣੀ ਹੋਰ ਮੰਗ ਲਈ ਜਾਂਦੀ। ਬਗ਼ੈਰ ਨਕਦ ਜ਼ਮਾਨਤ ਤੋਂ ਨਾ ਰਾਜਸੀ ਅਖ਼ਬਾਰ ਤੇ ਨਾ ਉਹ ਪਰੈਸ ਚਲਣ ਦਿੱਤਾ ਜਾਂਦਾ, ਜਿਥੇ ਅਖ਼ਬਾਰ ਛਪਣਾ ਹੋਵੇ। ਇਸ ਲਈ ਅੰਗਰੇਜ਼ੀ ਰਾਜ ਵਿੱਚ ਇਨਕਲਾਬੀ ਸਾਹਿਤ ਦੇ ਖੁੱਲ੍ਹੇ ਬਾਜ਼ਾਰ ਵਿੱਚ ਛਪਣਾ ਮੁਸ਼ਕਿਲ ਤੋਂ ਅਸੰਭਵ ਬਣਾ ਦਿੱਤਾ ਗਿਆ ਹੋਇਆ ਸੀ।

ਕਿਰਤੀ ਲਹਿਰ ਦਾ ਹੈਡਕਵਾਟਰ ਅੰਮਿ੍ਰਤਸਰ ਹੁੰਦਾ ਸੀ।

ਅਸਾਂ 1933 ਵਿਚ ਪੰਜਾਬ ਕਿਰਤੀ ਕਿਸਾਨ ਪਾਰਟੀ ਦਾ ਐਲਾਨ ਨਾਮਾ ਛਪਵਾਇਆ, ਜਿਸ ਵਿੱਚ ਪਾਰਟੀ ਨੇ, ਦੇਸ਼ ਦੀ ਪੂਰਨ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਮਜ਼ਦੂਰਾਂ ਕਿਸਾਨਾਂ ਦੀ ਹਕੂਮਤ ਸਥਾਪਤ ਕਰਕੇ ਦੇਸ਼ ਵਿਚ ਸਮਾਜਵਾਦ ਦੀ ਸਥਾਪਨਾ ਵਾਸਤੇ ਪੁੱਟੇ ਜਾਣ ਵਾਲ਼ੇ ਕਦਮਾਂ ਦਾ ਪਾਰਟੀ ਪ੍ਰੋਗਰਾਮ ਦਿੱਤਾ ਹੋਇਆ ਸੀ। ਅੰਗਰੇਜ਼ੀ ਸਰਕਾਰ ਨੇ ਨਾ ਕੇਵਲ ਇਹ ਜ਼ਬਤ ਹੀ ਕਰ ਲਿਆ, ਸਗੋਂ ਇਸ ਨੂੰ ਛਪਾਉਣ ਵਾਲ਼ੇ ਦਲੀਪ ਸਿੰਘ ਜੌਹਲ ਨੂੰ ਇਹ ਛਾਪਣ ਦੇ ਦੋਸ਼ ਵਿੱਚ ਛੇ ਮਹੀਨੇ ਕੈਦ ਕਰ ਦਿੱਤਾ। ਛਪਤ ਉਤੇ ਬਿਨਾ ਸ਼ੱਕ ਦਲੀਪ ਸਿੰਘ ਜੌਹਲ ਦਾ ਨਾਂ ਸੀ, ਪਰ ਦਰਅਸਲ ਛਪਵਾਇਆ ਮੁਹੱਬਤ ਸਿੰਘ ਕੋਟ ਸੋਂਧਾ ਨੇ ਸੀ। ਪੁਲੀਸ ਨੇ ਮੁਹੱਬਤ ਸਿੰਘ ਨੂੰ ਹੀ ਦਲੀਪ ਸਿੰਘ ਮਿਥਕੇ ਫੜ ਲਿਆ। ਉਹ ਵੀ ਮੀਸਣਾ ਬਣਕੇ ਜੌਹਲ ਦੇ ਨਾਂ ਉਤੇ ਕੈਦ ਕੱਟ ਆਇਆ।

ਅਸੀਂ ਗ਼ਦਰੀ ਬਾਬਿਆਂ ਤੇ ਮਾਰਸ਼ਲ ਲਾ (1919) ਦੇ ਉਮਰ ਕੈਦੀਆਂ ਨੂੰ ਰਿਹਾ ਕਰਵਾਉਣ ਲਈ 1933-36 ਤੱਕ ਰਾਜਸੀ ਕੈਦੀ ਛੁਡਾਊ ਲਹਿਰ ਚਲਾਈ, ਜਿਸ ਦੇ ਜ਼ੋਰ ਅੱਗੇ ਅੰਗਰੇਜ਼ੀ ਹਕੂਮਤ ਨੂੰ ਗ਼ਦਰ ਪਾਰਟੀ ਦੇ ਜੇਲ੍ਹਾਂ ਵਿੱਚ ਰੁਲ ਰਹੇ ਸਾਰੇ ਬਾਬੇ ਤੇ ਮਾਰਸ਼ਲ ਲਾ ਦੇ ਉਮਰ ਕੈਦੀ ਰਿਹਾ ਕਰਨ ਲਈ ਝੁਕਣਾ ਪਿਆ। ਰਾਜਸੀ ਕੈਦੀ ਛਡਾਊ ਕਮੇਟੀ ਨੇ ਜੇਲ੍ਹਾਂ ਵਿੱਚ ਬੰਦ ਸਿਆਸੀ ਉਮਰ ਕੈਦੀਆਂ ਬਾਰੇ ਇਕ ਕਿਤਾਬ ਛਾਪੀ। ਸਰਕਾਰ ਨੇ ਇਸ ਨੂੰ ‘ਅਨਮੰਨਿਆ’ ਅਖ਼ਬਾਰ ਕਰਾਰ ਦੇ ਕੇ ਕਮੇਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਪਰੈਸ ਵਾਲ਼ੇ ਨੂੰ ਪਰੈਸ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਛੇ ਛੇ ਮਹੀਨੇ ਕੈਦ ਕਰ ਦਿੱਤਾ।

ਕੁਝ ਸਾਡੀਆਂ ਇਹਨਾਂ ਛਪਤਾਂ ’ਤੇ ਚੱਲੇ ਮੁਕਦਮਿਆਂ ਤੇ ਬਾਕੀ ਪੁਲੀਸ ਦੇ ਪਰੈਸਾਂ ਵਾਲ਼ਿਆਂ ਨੂੰ ਡਰਾਉਣ ਧਮਕਾਉਣ ਨਾਲ਼ ਪਰੈਸਾਂ ਵਾਲ਼ੇ ਐਨੇ ਡਰ ਗਏ ਕਿ ਸਾਡੀਆਂ ਵਕੀਲਾਂ ਤੋਂ ਪਾਸ ਕਰਵਾਈਆਂ ਹੋਈਆਂ ਛਪਤਾਂ ਵੀ ਛਾਪਣੋਂ ਕੰਨਾਂ ’ਤੇ ਹੱਥ ਧਰ ਗਏ। ਇਥੋਂ ਤਕ ਕਿ ਸਾਡੇ ਜਲਸਿਆਂ ਦੇ ਇਸ਼ਤਿਹਾਰ ਵੀ ਨਾ ਛਾਪਿਆ ਕਰਨ। ਇਹ ਅਸਾਂ ਲਾਹੌਰੋਂ ਜਾਂ ਜਲੰਧਰੋਂ ਜਾ ਕੇ ਛਪਵਾਕੇ ਲਿਆਉਣੇ।

1934 ਵਿੱਚ ਅਸਾਂ ‘ਕਿਰਤੀ’ ਨਾਂ ਦਾ ਹਫ਼ਤਾਵਾਰੀ ਗੁਰਮੁਖੀ ਅਖ਼ਬਾਰ ਫੇਰ ਜਾਰੀ ਕਰ ਲਿਆ। ਇਸ ਦੇ ਐਡਟਰੀ ਸਟਾਫ ਵਿੱਚ ਅਰਜਨ ਸਿੰਘ ਗੜਗੱਜ ਤੇ ਮੈਂ ਵੀ ਸਾਂ। ਗੜਗੱਜ ਸਾਨੂੰ ਛੇਤੀ ਹੀ ਛੱਡ ਗਿਆ। ਗੜਗੱਜ ਤੇ ਮੈਂ ਐਡਟਰੀ ਸਿੱਖੀ ਤੇ 1938 ਤਕ ‘ਕਿਰਤੀ’ ਦੇ ਐਡਟਰੀ ਸਟਾਫ ਵਿਚ ਉੱਘੀ ਥਾਂ ਲਈ ਰੱਖੀ।

ਇਸ ਅਖ਼ਬਾਰ ’ਤੇ, ਜਿਸ ਪਰੈਸ ਵਿੱਚੋਂ (ਗੁਰੂ ਰਾਮਦਾਸ ਪਰੈਸ) ਛਪਵਾਉਣਾ ਸ਼ੁਰੂ ਕੀਤਾ, ਉਸ ਦੀਆਂ ਸਾਨੂੰ 500, 500 ਦੀਆਂ ਦੋ ਜ਼ਮਾਨਤਾਂ ਨਕਦ ਜਮ੍ਹਾਂ ਕਰਵਾਉਣੀਆਂ ਪਈਆਂ। ਅਸੀਂ ਬਹੁਤ ਬਚ ਬਚਕੇ ਲਿਖਦੇ ਸਾਂ। ਸਾਡਾ ਮਨਸ਼ਾ ਸੀ, ਜੇ ਹੋਰ ਨਹੀਂ ਤਾਂ ਘੱਟੋ ਘੱਟ ਸਾਡੀ ਸਰਗਰਮੀ ਦੀਆਂ ਖ਼ਬਰਾਂ ਹੀ ਛਪ ਜਾਇਆ ਕਰਨ, ਜੋ ਦੂਸਰੇ ਅਖ਼ਬਾਰ ਅੰਗਰੇਜ਼ੀ ਰਾਜ ਤੋਂ ਡਰਦੇ ਮਾਰੇ ਨਹੀਂ ਛਾਪਦੇ ਹੁੰਦੇ ਸਨ। ਇਸ ਵੇਰਾਂ ਇਹ ਜ਼ਮਾਨਤ ਜ਼ਬਤ ਹੋ ਗਈ। ਫੇਰ ਸਾਨੂੰ ਹਜ਼ਾਰ ਹਜ਼ਾਰ ਦੀਆਂ ਦੋ ਹੋਰ ਜ਼ਮਾਨਤਾਂ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਣੀਆਂ ਪਈਆਂ।

ਜ਼ਮਾਨਤਾਂ ਦੀ ਜ਼ਬਤੀ ਦੇ ਡਰ ਦੀ ਸਿਰ ਤੇ ਲਟਕ ਰਹੀ ਤਲਵਾਰ ਹੇਠਾਂ ‘ਕਿਰਤੀ’ ਸਾਡੇ ਸਮਾਜਵਾਦੀ ਤੇ ਦੇਸ਼ ਭਗਤੀ ਦੇ ਵਿਚਾਰਾਂ ਦੇ ਪ੍ਰਚਾਰ ਤੇ ਅੰਗਰੇਜ਼ੀ ਰਾਜ ਦੀਆਂ ਪਾਲਸੀਆਂ ਤੇ ਪੋਲੀ ਪੋਲੀ ਮਤਾਂ ਦੇਣ ਵਾਲ਼ੀ ਨੁਕਤਾਚੀਨੀ ਕਰਨ ਦਾ ਕੰਮ ਤਾਂ ਦਿੰਦਾ ਸੀ, ਪਰ ਉਹ ਅੰਗਰੇਜ਼ੀ ਸਰਕਾਰ ਦੇ ਹਿੰਦੁਸਤਾਨ ਉਤੇ ਜਮਾਏ ਹੋਏ ਰਾਜ ਹੱਕ ਤੇ ਆਪਣੀ ਗ਼ੁਲਾਮੀ ਦੀ ਦਸ਼ਾ ਨੂੰ ਨੌਲ ਨਹੀਂ ਸੀ ਸਕਦਾ, ਆਜ਼ਾਦੀ ਦੀ ਮੰਗ ਨਹੀਂ ਸੀ ਕਰ ਸਕਦਾ ਤੇ ਲੋਕਾਂ ਨੂੰ ਕੌਮੀ ਆਜ਼ਾਦੀ ਤੇ ਸਮਾਜਵਾਦ ਦੀ ਪ੍ਰਾਪਤੀ ਲਈ ਘੋਲ ਕਰਨ ਲਈ ਤੇ ਬਗ਼ਾਵਤ ਵਿੱਚ ਉਠਣ ਲਈ ਪੁਕਾਰ ਜਾਂ ਲਲਕਾਰ ਨਹੀਂ ਸੀ ਸਕਦਾ। ਇਸ ਰਾਹੀਂ ਅਸੀਂ ਲੋਕਾਂ ਵਿੱਚ ਕਮਿਊਨਿਸਟ ਪਾਰਟੀ ਦਾ ਨਾਂ ਨਹੀਂ ਲਿਜਾ ਸਕਦੇ। ਅੰਗਰੇਜ਼ੀ ਸਾਮਰਾਜ ਦੇ ਕੌਮੀ ਤੇ ਇਨਕਲਾਬੀ ਪਰੈਸ ਨੂੰ ਦਿੱਤੇ ਇਸ ਗਲ-ਘੋਟੂ ਤੋਂ ਤੰਗ ਆ ਕੇ ਸਾਨੂੰ ਆਪਣੇ ਇਨਕਲਾਬੀ ਵਿਚਾਰਾਂ ਤੋਂ ਪ੍ਰੋਗਰਾਮ ਲਈ ਲੁਕਵਾਂ ਸਾਹਿਤ ਛਾਪਣ ਤੇ ਵੰਡਣ ਦੀ ਲੋੜ ਰਹਿੰਦੀ।

ਪਹਿਲਾਂ ਤਾਂ ਅਸੀਂ ਆਮ ਪਰੈਸਾਂ ਵਿੱਚੋਂ ਕਿਤੇ ਹਿਤਾਇਸ਼ੀ ਪਾਸੋਂ ਪਰੈਸ ਦਾ ਨਾਂ ਨਾ ਦੇ ਕੇ ਤੇ ਉਸ ਨਾਲ਼ ਪਰੈਸ ਦਾ ਨਾਂ ਦੱਸਣ ਦਾ ਇਕਰਾਰ ਕਰ ਕੇ ਆਪਣੀਆਂ ਇਨਕਲਾਬੀ ਛਪਤਾਂ ਵੇਲੇ ਕੁ-ਵੇਲੇ ਛਪਵਾ ਲੈਂਦੇ ਰਹੇ। ਪਰ ਜਦ 1934-36 ਵਿੱਚ ਜਾ ਕੇ ਕੌਮੀ ਲਹਿਰ ਦਾ ਮੁੜ ਉਭਾਰ ਆਉਣ ਲੱਗਾ ਤੇ ਇਹ ਚਮਕਣ ਲੱਗ ਪਈ ਤਾਂ ਲੋੜ ਜਾਪੀ ਕਿ ਅਸੀਂ ਲੁਕਵੇਂ ਲਿਟਰੇਚਰ ਛਾਪਣ ਦਾ ਆਪ ਬੰਦੋਬਸਤ ਕਰੀਏ। ਇਸ ਸਮੇਂ ਤਕ ਗ਼ਦਰ ਪਾਰਟੀ ਨੇ ਬਾਹਰ ਟਾਪੂਆਂ ਵਿੱਚੋਂ ਬਹੁਤ ਸਾਰੇ ਗ਼ਦਰੀ ਵਰਕਰ ਮਾਸਕੋ ਤੋਂ ਸਿੱਖਿਆ ਦਿਵਾ ਕੇ ਹਿੰਦੁਸਤਾਨ ਭੇਜ ਦਿੱਤੇ ਗਏ ਸਨ। ਇਹਨਾਂ ਦੇ ਆਉਣ ਨਾਲ਼ ਪਾਰਟੀ ਨੂੰ ਲੁਕਵਾਂ ਪਰੈਸ ਚਾਲੂ ਕਰਨ ਲਈ ਕਾਫ਼ੀ ਕਾਮੇ ਤੇ ਸਿਆਣੇ ਬੰਦੇ ਮਿਲ ਗਏ। ਅਸਾਂ ਕਮਿਊਨਿਸਟ ਪਾਰਟੀ ਦੀ ਪੰਜਾਬ ਕਮੇਟੀ ਵੱਲੋਂ 1935 ਵਿਚ ‘ਲਾਲ ਢੰਡੋਰਾ’ ਨਾਂ ਦਾ ਲੁਕਵਾਂ ਪਰਚਾ ਬਾਕਾਇਦਾ ਕੱਢਣਾ ਆਰੰਭ ਕੀਤਾ। ਇਸ ਦਾ ਐਡੀਟਰ ਤੇ ਪਰਬੰਧਕ ਭਗਤ ਸਿੰਘ ਬਿਲਗਾ ਸੀ।

ਇਸ ਕੰਮ ਲਈ ਲਾਹੌਰ ਵਿੱਚ ਇਕ ਛੋਟਾ ਜਿਹਾ ਟਰੈਡਲ ਮਸ਼ੀਨ ਵਾਲ਼ਾ ਗੁਮਨਾਮ ਪਰੈਸ ਖ਼ਰੀਦਿਆ ਗਿਆ, ਜਿਸ ਵਿੱਚ ਆਪਣੇ ਵਰਕਰ ਹੀ ਕੰਪੋਜ਼ੀਟਰ ਤੇ ਪਰੈਸ-ਮੈਨ ਰੱਖ ਕੇ ਪਰਚਾ ਤੇ ਪਾਰਟੀ ਦੀਆਂ ਹੋਰ ਇਨਕਲਾਬੀ ਛਪਤਾਂ ਛਾਪ ਲਈਆਂ ਜਾਂਦੀਆਂ।

ਅਸੀਂ ਪਰਗਟ ਕੰਮ ਕਰਨ ਵਾਲ਼ੇ ਵਰਕਰਾਂ ਇਹਨਾਂ ਨੂੰ ਸੀ. ਆਈ. ਡੀ. ਤੇ ਪੁਲੀਸ ਦੀਆਂ ਨਜ਼ਰਾਂ ਤੋਂ ਬਚਾ ਕੇ ਢੋਂਦੇ ਤੇ ਵੰਡਦੇ ਸਾਂ। ਲਾਹੌਰ ਚਿਰਾਗਾਂ, ਅੰਮਿ੍ਰਤਸਰ ਦੀ ਦਿਵਾਲੀ ਵਿਸਾਖੀ, ਨਣਕਾਣੇ ਦੇ ਜਨਮ ਉਤਸਵ, ਆਨੰਦਪੁਰ ਦੇ ਹੋਲੇ ਮੁਹੱਲੇ ਮੁਕਤਸਰ ਦੀ ਮਾਘੀ ਉਤੇ ਵੰਡਣ ਲਈ ਅਸੀਂ ਖਾਸ ਨੰਬਰ ਕੱਢਦੇ ਤੇ ਅਲੋਪਵੇਂ ਢੰਗ ਨਾਲ਼ ਵੰਡਦੇ ਸਾਂ। ਅਸਾਂ ਇਹਨਾਂ ਮੇਲਿਆਂ ਉੱਤੇ ਕਿਸਾਨ ਸਭਾ ਜਾਂ ਕਿਰਤੀ ਕਿਸਾਨ ਪਾਰਟੀ ਦੀ ਕਾਨਫ਼ਰੰਸ ਰੱਖ ਲੈਣੀ। ਉਸ ਬਹਾਨੇ ਸਾਡੇ ਵਰਕਰ ਤੇ ਅਲੋਪ ਛਪਤਾਂ ਉਥੇ ਪੁੱਜ ਜਾਣੀਆਂ, ਜੋ ਅਸਾਂ ਰਾਤ ਦੇ ਹਨੇਰੇ ਵਿੱਚ ਹੱਥੋ ਹੱਥ ਵੰਡ ਦੇਣੀਆਂ।

ਇਕ ਵਾਰ ਇਕ ਮਨ ਚਲ ਵਰਕਰ ਚਾਚਾ ਮੁਲਕ ਰਾਜ ਨੇ ਅੰਮਿ੍ਰਤਸਰ ਮੰਜੀ ਸਾਹਿਬ ਲੱਗੇ ਦੀਵਾਨ ਵਿੱਚ ਗਰੰਥ ਸਾਹਿਬ ਮੂਹਰੇ ਮੱਥਾ ਟੇਕਣ ਵਾਲ਼ੀ ਥਾਂ ਮੂੰਹ ਹਨੇਰੇ ‘ਲਾਲ ਢੰਡੋਰੇ’ ਦਾ ਤਕੜਾ ਥੱਬਾ ਰੱਖ ਦਿੱਤਾ ਤੇ ਆਪ ਖਿਸਕ ਗਿਆ ਸੰਗਤਾਂ ਮੱਥਾ ਟੇਕਣ ਆਉਣ ਤੇ ਆਪਣੇ ਆਪ ਹੀ ਇਕ ਇਕ ਪਰਚਾ ਚੁੱਕ ਕੇ ਤੁਰੀਆਂ ਜਾਣ। ਜਦ ਨੂੰ ਸੀ. ਆਈ. ਡੀ. ਨੂੰ ਪਤਾ ਲੱਗਾ, ਪਰਚਾ ਖ਼ਤਮ ਹੋ ਚੁੱਕਾ ਸੀ।

ਆਮ ਵੰਡਾਈ ਤੋਂ ਇਲਾਵਾ ਇਹ ‘ਪਰਚਾ’ ਰਾਜਸੀ ਹੱਥਾਂ ਵਿੱਚ ਵੀ ਪੁਚਾਇਆ ਜਾਂਦਾ। ਜਿਸ ਕਰਕੇ ਇਹ ਪਰਚਾ ਝਬਦੇ ਹੀ ਲੋਕ ਪਰਾਵਰਤਨ ਹੋ ਗਿਆ ਤੇ ਇਸ ਦੀ ਮੰਗ ਵੱਧ ਗਈ। ਇਸ ਦੇ ਜਾਣੇ ਪਛਾਣੇ ਬਝਵੇਂ ਪਾਠਕ ਪੈਦਾ ਹੋ ਗਏ, ਜਿਨ੍ਹਾਂ ਤੋਂ ਦੀ ਇਸ ਦੀ ਇਕ ਇਕ ਆਨਾ ਕੀਮਤ ਲੈਣੀ ਆਰੰਭ ਕਰ ਦਿੱਤੀ ਗਈ। ਕਈਆਂ ਨੇ ਰੁਪਈਆਂ ਰੁਪਈਆਂ ਵੀ ਦੇਣਾ ਕਈਆਂ ਨੇ ਪੰਜ ਦੱਸ ਵੀ। ਇਸ ਤਰ੍ਹਾਂ ਪਰਚਾ ਆਪਣੀ ਛਪਾਈ ਆਪ ਕੱਢਣ ਲੱਗ ਪਿਆ। ਅੰਮਿ੍ਰਤਸਰ ਸ਼ਹਿਰ ਵਿੱਚ ਰਤਨ ਸਿੰਘ ਸਰਹਾਲੀ ਇਕੱਲਾ ਹੀ ਸੈਂਕੜੇ ਪਰਚੇ ਹਰ ਮਹੀਨੇ ਵੇਚ ਲੈਂਦਾ ਸੀ। ਪਰਚੇ ਦੀ ਵੱਧ ਰਹੀ ਮੰਗ ਸਾਡੇ ਤੇ ਸਵਾਰ ਰਹਿੰਦੀ ਸੀ।

1935 ਦੇ ਆਖ਼ਰੀ ਦਿਨ ਸਨ। ਅੰਮਿ੍ਰਤਸਰ ਪਿੱਪਲੀ ਸਾਹਿਬ ਦੇ ਗੁਰਦਵਾਰੇ ਸਾਡਾ ਇਕ ਘੋਰਨਾ ਸੀ। ਉਥੋਂ ਦਾ ਗਰੰਥੀ ਸਾਡਾ ਝਾਲੂ ਸੀ। ‘ਲਾਲ ਢੰਡੋਰੇ’ ਦੀ ਅੰਮਿ੍ਰਤਸਰ ਵਾਸਤੇ ਵੰਡ ਦਾ ਇਕ ਹਜ਼ਾਰ ਪਰਚਾ ਉਸ ਦੇ ਪਾਸ ਆਇਆ। ਉਸ ਪਾਸੋਂ ਪਰਚਾ ਲਿਆਉਣ ਵਾਲਾ ਸਾਡਾ ਇਕ ਸਾਥੀ ਕਿਸੇ ਕੰਮ ਬਾਹਰ ਗਿਆ ਹੋਇਆ ਸੀ ਤੇ ਉਹ ਹਫ਼ਤਾ ਭਰ ਉਥੇ ਨ ਜਾ ਸਕਿਆ। ਇਸ ਦੇਰੀ ਨਾਲ ਉਹ ਘਾਬਰ ਗਿਆ ਤੇ ਉਸ ਨੇ ਪਤਾ ਲੱਗ ਜਾਣ ਦੇ ਡਰ ਤੋਂ ਸਾਰਾ ਪਰਚਾ ਹੀ ਫੂਕ ਸੁੱਟਿਆ।

ਪਤਾ ਲੱਗਣ ਉਤੇ ਅਸੀਂ ਬੜਾ ਕਲਪੇ, ਐਨਾ ਨੁਕਸਾਨ ਤੋਂ ਨਹੀਂ, ਜਿੰਨਾ ਘੋਰਨੇ ਦੀ ਕਮਜ਼ੋਰੀ ਦਿਖਾ ਜਾਣ ਦੀ ਨਮੋਸ਼ੀ ਤੋਂ। ਇਸ ਲਈ ਗਰੰਥੀ ਦੀ ਕਾਇਰਤਾ ਦਾ ਦੰਡ ਭਰਨ ਲਈ ਅਸਾਂ ਸਲਾਹ ਕੀਤੀ ਕਿ ਏਨਾ ਪਰਚਾ ਇਥੋਂ ਅੰਮਿ੍ਰਤਸਰੋਂ ਆਪ ਛਪਵਾ ਲਿਆ ਜਾਏ।

ਪਰਾਗਦਾਸ ਦੇ ਚੌਂਕ ਵਿਚ ਇਹ ਹਰਨਾਮ ਸਿੰਘ ਦਾ ਪਰੈਸ ਸੀ। ਸਾਡਾ ਇਕ ਵਰਕਰ ਤਰਲੋਕ ਸਿੰਘ ਗੁਲਸ਼ਨ ਉਥੇ ਕੰਪੋਜ਼ੀਟਰੀ ਸਿਖਦਾ ਸੀ। ਮੈਂ ਉਸ ਦੇ ਰਾਹੀਂ ਹਰਨਾਮ ਸਿੰਘ ਨਾਲ ਛਪਾਈ ਦੀ ਗੱਲ ਕੀਤੀ। ਹਰਨਾਮ ਸਿੰਘ ਮੰਨ ਗਿਆ। ‘ਲਾਲ ਢੰਡੋਰੇ’ ਉਤੇ ਦਾਤਰੀ ਹਥੌੜੇ ਦਾ ਛੱਪ ਰਿਹਾ ਨਿਸ਼ਾਨ ਕਿਰਲੀ ਵਰਗੀ ਦਾਤਰੀ ਦੀ ਅਜੀਬ ਕਿਸਮ ਦੀ ਮੂਰਤ ਸੀ। ਅਸਾਂ ਬਲਾਕ ਬਨਵਾਉਣ ਵਾਲੇ ਆਪਣੇ ਇਕ ਜਾਣੂੰ ਤੋਂ ਉਹੋ ਜਿਹੇ ਦਾਤਰੀ ਹਥੌੜੇ ਦੇ ਨਿਸ਼ਾਨਾਂ ਦੇ ਬਲਾਕੇ ਬਣਵਾ ਲਏ। ਜਦ ਸ਼ਾਮ ਨੂੰ ਪਰੈਸ ਵਿਚ ਛੁੱਟੀ ਹੋ ਕੇ ਬਾਕੀ ਕੰਪੋਜ਼ੀਟਰ ਚਲੇ ਗਏ ਤਾਂ ਹਰਨਾਮ ਸਿੰਘ ਤੇ ਤਰਲੋਕ ਸਿੰਘ ਨੇ ਰਾਤੋ ਰਾਤ ਸਾਰਾ ਪਰਚਾ ਕੰਪੋਜ਼ ਕਰ ਲਿਆ ਤੇ ਤੜਕੇ ਸਵੇਰੇ ਬਿਨਾਂ ਪਰੈਸ ਦਾ ਨਾਂ ਦਿਤਿਆਂ ਛਾਪ ਕੇ ਸਾਡੇ ਹਵਾਲੇ ਕਰ ਦਿੱਤਾ।

ਪਰਚਾ ਵੰਡ ਦਿੱਤਾ ਗਿਆ। ਅਸੀਂ ਸੁਰਖਰੂ ਹੋ ਗਏ।

ਇਸ ਤੋਂ ਕੁਝ ਹੀ ਦਿਨ ਬਾਅਦ ਜ਼ੋਸ਼ ਗਰੁੱਪ ਦੀ ਇਕ ਮਜ਼ਦੂਰ ਕਾਨਫ਼ਰੰਸ ਸੀ। ਉਹਨਾਂ ਨੇ ਇਸ ਕਾਨਫ਼ਰੰਸ ਲਈ ਗੁਰਮੁੱਖੀ ਦਾ ਇਸ਼ਤਿਹਾਰ ਉਸੇ ਹਰਨਾਮ ਸਿੰਘ ਤੋਂ ਛਪਵਾਇਆ। ਉਸ ਨੇ ਜ਼ੋਸ਼ ਹੋਰਾਂ ਤੋਂ ਤਾਂ ਦਾਤਰੀ ਹਥੌੜੇ ਦੇ ਨਿਸ਼ਾਨਾਂ ਦਾ ਬਲਾਕ ਬਨਾਉਣ ਲਈ ਪੈਸੇ ਲੈ ਲਏ, ਪਰ ਕਰਮਾਂ ਮਾਰੇ ਨੇ ਉਹ ਪੈਸੇ ਬਚਾਉਣ ਦੇ ਲਾਲਚ ਵਿਚ ਨਵੇਂ ਬਲਾਕ ਨ ਬਣਵਾਏ ਤੇ ਉਹੀ ‘ਲਾਲ ਢੰਡੋਰੇ’ ਵਾਲੇ ਬਲਾਕ, ਜੋ ਅਜੇ ਉਥੇ ਹੀ ਪਏ ਸਨ, ਉਹਨਾਂ ਦੇ ਇਸ਼ਤਿਹਾਰ ਉਤੇ ਛਾਪ ਦਿੱਤੇ ਤੇ ਇਸ਼ਤਿਹਾਰ ਉਤੇ ਪਰੈਸ ਦਾ ਨਾਂ ਨ ਛਪਿਆ।

ਇਹਨਾਂ ਬਲਾਕਾਂ ਦੀ ਛਪਾਈ ਤੋਂ ਸੀ. ਆਈ. ਡੀ. ਨੂੰ ‘ਲਾਲ ਢੰਡੋਰੇ’ ਦੀ ਸਾਡੀ ਛਪਾਈ ਵਾਲੀ ਇਸ ਥਾਂ ਦਾ ਪਤਾ ਲੱਗ ਗਿਆ।

ਉਹਨਾਂ ਅਮਰ ਸਿੰਘ ਤੇਗ ਨੂੰ ਜੋ ਜੋਸ਼ ਗਰੁੱਪ ਦੀ ਮੁੱਛ ਸੀ, ਆ ਫੜਿਆ, ਜਿਸ ਦੇ ਨਾਂ ਤੇ ਇਸ਼ਤਿਹਾਰ ਛਪੇ ਸਨ। ਤੇਗ ਨੇ ਪਰੈਸ ਦੱਸ ਦਿੱਤੀ। ਪੁਲੀਸ ਨੇ ਉਸ ਨੂੰ ਫੜ ਕੇ ਪਰੈਸ ਵਾਲੇ ਹਰਨਾਮ ਸਿੰਘ ਨੂੰ ਆ ਨੱਪਿਆ। ਬੱਚਿਆਂ ਦੀ ਇੱਟਾਂ ਦੀ ਰੇਲ ਵਾਂਗ ਉਸ ਨੇ ਤਰਲੋਕ ਸਿੰਘ ਨੂੰ ਦੱਸ ਦਿੱਤਾ ਤੇ ਤਰਲੋਕ ਸਿੰਘ ਨੇ ਮੈਨੂੰ। ਸਾਡੇ ਤਿੰਨਾਂ ਤੇ ਮੁਕੱਦਮਾ ਚੱਲਿਆ। ਤਰਲੋਕ ਸਿੰਘ ਸਰਕਾਰੀ ਗਵਾਹ ਬਣ ਗਿਆ। ਪਰ ਸਜ਼ਾ ਉਸ ਨੂੰ ਵੀ ਹੋ ਗਈ। ਮੈਂ 25 ਜਨਵਰੀ 1936 ਨੂੰ ਫੜਿਆ ਗਿਆ ਤੇ ਸਾਨੂੰ 6 ਮਈ 1936 ਨੂੰ 4 ਮਹੀਨੇ ਦੀ ਸਜ਼ਾ ਹੋਈ।

ਜਦ ਮੈਂ 5 ਸਤੰਬਰ ਨੂੰ ਰਿਹਾ ਹੋ ਕੇ ਆਇਆ ਤਾਂ ਅਸਾਂ ‘ਕਿਰਤੀ’ ਦੇ ਨਾਲ ਉਰਦੂ ‘ਕਿਰਤੀ’ ਵੀ ਕੱਢ ਲਿਆ ਤੇ ਇਹਨਾਂ ਦੋਹਾਂ ਦੀ ਛਪਾਈ ਵਾਸਤੇ ਆਪਣਾ ਪਰੈਸ ਲਾ ਲਿਆ। ਪੰਜਾਬੀ ਲਈ ਤਾਂ ਲਾਹੌਰ ਵਾਲੀ ਪਰੈਸ ਲੈ ਆਂਦੀ ਤੇ ਉਰਦੂ ਵਾਸਤੇ ਅਲੱਗ ਬੜੇ ਕੱਦ ਦੀ ਲਿਥੋ ਮਸ਼ੀਨ ਖ਼ਰੀਦ ਲਈ। ਹੁਣ ਸਾਨੂੰ ਲੁਕਵੇਂ ਪਰਚਿਆਂ ਲਈ ਹੋਰ ਬੰਦੋਬਸਤ ਕਰਨਾ ਪਿਆ।

1937 ਦੇ ਅਖ਼ੀਰ ਤਕ ਪੰਜਾਬ ਵਿਚ ਅਲੋਪ ਕੰਮ ਕਰ ਗ਼ਦਰ ਪਾਰਟੀ ਦੇ ਆਏ ਹੋਏ ਵਰਕਰ ਇਕ ਇਕ ਦੋ ਦੋ ਕਰਕੇ ਤਕਰੀਬਨ ਸਭ ਗਰਿਫ਼ਤਾਰ ਕਰ ਲਏ ਗਏ। ‘ਲਾਲ ਢੰਡੋਰਾ’ ਬੰਦ ਹੋ ਗਿਆ। ਪੰਜਾਬ ਵਿਚ ਅੰਗਰੇਜ਼ੀ ਰਾਜ ਦੀ ਸਾਡੇ ਅਖ਼ਬਾਰਾਂ ਉਤੇ ਲਿਆਂਦੀ ਸਾਹੜ ਸਤੀ ਦੇ ਕਾਰਨ ਅਸੀਂ ‘ਕਿਰਤੀ’ ਅਖ਼ਬਾਰ ਤੇ ਆਪਣਾ ਪਰੈਸ ਯੂ. ਪੀ. ਵਿਚ ਮੇਰਠ ਸ਼ਹਿਰ ਲੈ ਗਏ, ਜਿਥੇ ਅੰਗਰੇਜ਼ੀ ਰਾਜ ਚਲਾਉਣ ਦਾ ਬੋਝ ਕਾਂਗਰਸੀ ਸਰਕਾਰ ਨੇ ਚੁੱਕ ਲਿਆ ਸੀ ਤੇ ਅਸੀਂ ਉਸ ਦੇ ਆਸਰੇ ਆਪਣੇ ਅਖ਼ਬਾਰ ਤੇ ਪਰੈਸ ਉਥੇ ਲੈ ਗਏ।

‘ਕਿਰਤੀ ਲਹਿਰ’ ਦੇ ਪਰਚੇ ਪੰਜਾਬ ਸਰਕਾਰ ਜ਼ਬਤ ਕਰ ਕੇ ਉਹਨਾਂ ਦਾ ਪੰਜਾਬ ਵਿਚ ਲਿਆਉਣਾ ਤੇ ਗਾਹਕਾਂ ਨੂੰ ਪੁਚਾਉਣਾ ਹੋ ਗਿਆ। ਸਾਡੇ ਵਰਕਰ ਮੇਰਠ ਤੋਂ ਛਪਿਆ ਹੋਇਆ ਪਰਚਾ ਲੈ ਜਾਂਦੇ ਤੇ ਸਾਰੇ ਪੰਜਾਬ ਵਿਚ ਇਕੱਲੇ ਇਕੱਲੇ ਗਾਹਕ ਨੂੰ ਪੁਚਾਉਂਦੇ। ਅੰਗਰੇਜ਼ੀ ਸਰਕਾਰ ਆਪਣੇ ਸਾਰੇ ਜਤਨਾਂ ਦੇ ਬਾਵਜੂਦ ਇਸ ਵੰਡਾਈ ਨੂੰ ਨ ਰੋਕ ਸਕੇੀ। ਪੰਜਾਬ ਸਰਕਾਰ ਪਰਚੇ ਨੂੰ ਫ਼ੜਨ ਲਈ ਸਹਾਰਨਪੁਰ ਵਾਲੇ ਪਾਸੋਂ ਬੌਰਾਂ ਲਾਈ ਰੱਖਦੀ ਰਹੀ ਤੇ ਅਸੀਂ ਪਰਚਾ ਦਿੱਲੀ ਦੇ ਰਸਤੇ ਪੁਚਾਉਂਦੇ ਰਹੇ।

ਇਸ ਸਮੇਂ ਵਿਚ ਅਸੀਂ ਆਪਣੀ ਪਾਰਟੀ ਦੇ ਇਨਕਲਾਬੀ ਐਲਾਨ ਛਾਪਣ ਲਈ ਉਦੋਂ ਤਕ ਦੀ ਵਧੀਆ ਸਾਈਕਲੋ ਸਟਾਈਲ ਮਸ਼ੀਨ ਤੇ ਉਸ ਦਾ ਸਮਾਨ ਖ਼ਰੀਦ ਲਿਆ ਤੇ ਇਸ ਨੂੰ ਚੂਹੜਕਾਣੇ (ਜ਼ਿਲ੍ਹਾ ਸ਼ੇਖੂਪੁਰ) ਇਲਾਕੇ ਦੇ ਪਿੰਡ ਕੋਟ ਸੋਂਧੇ ਵਿਚ ਮੁਹੱਬਤ ਸਿੰਘ ਦੇ ਹਵਾਲੇ ਕਰ ਦਿੱਤਾ, ਜਿਥੇ ਮਸਾਲਾ ਦੇਣਾ ਸਾਡਾ ਕੰਮ ਸੀ ਤੇ ਛਾਪਣਾ ਤੇ ਸਾਡੇ ਤੱਕ ਪੁਚਾਉਣਾ ਉਸ ਦਾ।

ਸੀ. ਆਈ. ਡੀ. ਦੀ ਪਹੁੰਚ ਤੇ ਸਰਕਾਰ ਅੰਗਰੇਜ਼ੀ ਦੀ ਮਾਰ ਤੋਂ ਬਚਣ ਲਈ ਵਿਰਕੈਤ ਦਾ ਇਲਾਕਾ ਸਾਡਾ ਸਭ ਤੋਂ ਸੁਰੱਖਿਅਤ ਸਿਰ ਲੁਕਵਾਂ ਸੀ। ਸ਼ੇਖੂਪੁਰੇ ਤੋਂ ਲੈ ਕੇ ਸਾਂਗਲੇ ਤੇ ਕਾਲੇਕੀ ਦੀ ਮੰਡੀ ਤੱਕ ਸਾਰੀ ਵਿਕਰੈਤ ਤੇ ਨਣਕਾਣੇ ਤੋਂ ਲੈ ਕੇ ਸਯਦ ਵਾਲੇ ਤਕ ਵਿਰਕਾਂ ਦੀ ਕੁੜਮਾਂਚਾਰੀ ਸਾਡਾ ਯਾਗਸਤਾਨ ਸਨ। ਇਸ ਇਲਾਕੇ ਵਿਚ ਅਸੀਂ ਅਲੋਪ ਹੁੰਦੇ ਹੋਏ ਵੀ ਖੁਲ੍ਹੇ ਡੁਲ੍ਹੇ ਫਿਰਦੇ ਤੇ ਕਈ ਦਿਨ ਦੀਆਂ ਲੰਮੀਆਂ ਮੀਟਿੰਗਾਂ ਕਰ ਲੈਂਦੇ ਸਾਂ। ਸਰਕਾਰ ਨੂੰ ਸਾਡੀ ਕੋਈ ਚੁਗਲੀ ਨਹੀਂ ਸੀ ਕਰਦਾ।

ਵਿਰਕਾਂ ਵਿਚ ਪੁਰਾਣੇ ਭਾਈਚਾਰੇ ਤੇ ਬਰਾਦਰੀ ਦੇ ਸਨੇਹ ਦਾ ਰਿਵਾਜ ਅਜੇ ਬੜਾ ਪਰਬਲ ਸੀ। ਉਹਨਾਂ ਵਿਚ ਰਿਸ਼ਤੇਦਾਰੀ ਤੇ ਬਰਾਦਰੀ ਦਾ ਹੇਜ ਪਿਆਰ, ਮੇਲ ਮਿਲਾਪ, ਅੱਖ ਲਿਹਾਜ਼, ਮੂੰਹ ਮੁਲਾਹਜ਼ਾ ਤੇ ਕਬੀਲਾ ਪਰਵਰੀ ਦੇ ਭਾਵਾਂ ਦਾ ਅਜੇ ਪੂਰਾ ਜ਼ੋਰ ਸੀ। ਪਰਾਹੁਣਾਚਾਰੀ ਤੇ ਲਾਈਆਂ ਦੀ ਲਾਜ ਰੱਖਣ ਦੇ ਸਾਰੇ ਗੁਣ ਮੌਜੂਦ ਸਨ। ਇਹਨਾਂ ਦੇ ਆਪਸ ਵਿਚ ਭਾਵੇਂ ਕਿੰਨਾ ਵੱਟ ਵਿਰੋਧ ਹੋਵੇ, ਪਰ ਆਪਣਾ ਵੱਟ ਕੱਢਣ ਲਈ ਸਰਕਾਰੇ ਦਰਬਾਰੇ ਜਾ ਕੇ ਚੁਗਲੀ ਕਰਨੀ ਅਜੇ ਬਹੁਤ ਹੀ ਘੱਟ ਸੀ। ਕਿਸੇ ਦੇ ਕਿੰਨੇ ਤੇ ਕਿਹੋ ਜਿਹੇ ਪਰਾਹੁਣੇ ਆ ਜਾਣ ਤੇ ਉਹ ਕਿੰਨੇ ਦਿਨ ਰਹਿਣ, ਨ ਘਰ ਵਾਲੇ ਅਕਦੇ ਸਨ ਤੇ ਨ ਆਂਢ ਗਵਾਂਢ ਕੁਝ ਗੌਲਦਾ ਸੀ।

ਕੋਟ ਸੋਂਧੇ ਦੇ ਵਿਰਕ ਸਾਰੀ ਵਿਰਕੈਤ ਨਾਲੋਂ ਚੰਗਾ ਮੰਨਿਆਂ ਦੰਨਿਆਂ ਘਰਾਣਾ ਸਨ। ਬਰਾਦਰੀ ਤਾਂ ਕਿਤੇ ਰਹੀ ਸਰਾਕਰ ਦੀ ਥੋੜ੍ਹੇ ਕੀਤਿਆਂ ਇਹਨਾਂ ਦੇ ਮੂੰਹ ਨਹੀਂ ਸੀ ਆਉਂਦੀ। ਇਹਨਾਂ ਦੀ ਪਰਾਹੁਣਾਚਾਰੀ ਤੇ ਸਰਕਾਰੇ ਮੂੰਹ ਨ ਮਾਰਨ ਦੀਆਂ ਸਿਫ਼ਤਾਂ ਸਾਡੇ ਲੁਕਵੇਂ ਕੰਮ ਵਾਸਤੇ ਬੜਾ ਗੁਣਕਾਰੀ ਸਾਬਤ ਹੋਈਆਂ ਤੇ ਸੀ. ਆਈ. ਡੀ. ਦੇ ਸੂੰਘਿਆਂ ਨੂੰ, ਭਾਵੇਂ ਉਹ ਸਾਡੇ ਮਗਰ ਫਿਰਦੇ ਉਥੇ ਚਲੇ ਵੀ ਜਾਣ, ਪੰਜਾਬ ਵਿਚ ਸਭ ਤੋਂ ਵੱਡੇ ਸਾਡੇ ਇਸ ਗੜ੍ਹ ਤੇ ਪਿੜ ਦੀ ਵਾਸ਼ਨਾਂ ਤਕ ਨਾ ਆਈ ਤੇ ਇਹ 1942 ਤਕ ਸਾਡਾ ਸ਼ਰਨ ਆਸਰਾ ਬਣਿਆ ਰਿਹਾ।

ਮੁਹੱਬਤ ਸਿੰਘ ਚੰਗਾ ਖਾਂਦਾ ਪੀਂਦਾ ਤੇ ਖੁਆਉਣ ਪਿਆਉਣ ਵਾਲਾ ਖੁਲ੍ਹੇ ਦਿਲ ਦਾ ਵਿਰਕ ਜੱਟ ਸੀ। ਉਸ ਦਾ ਪਿੰਡ ਤੇ ਘਰ ਨ ਸਿਰਫ਼ ਸਾਡੇ ਛਪਾਈ ਦੇ ਅਲੋਪਵੇਂ ਕੰਮ ਦਾ ਹੀ ਘੋਰਨਾ ਸੀ, ਸਗੋਂ ਪੰਜਾਬ ਵਿਚ ਸਭ ਤੋਂ ਵੱਡਾ ਸੁਰੱਖਿਅਤ ਤੇ ਭਰੋਸੇਯੋਗ ਆਸਰਾ ਸੀ। ਸਾਡੇ ਬਾਹਰੋਂ ਟਾਪੂਆਂ ਵਿਚੋਂ ਗ਼ਦਰ ਪਾਰਟੀ ਦੇ ਆਏ ਨਵੇਂ ਅਲੋਪ ਵਰਕਰ, ਜਦ ਤਕ ਉਹਨਾਂ ਦੇ ਕੰਮ ਕਾਰ ਦਾ ਕਿਤੇ ਯੋਗ ਪ੍ਰਬੰਧ ਨ ਹੋ ਜਾਂਦਾ, ਉਹ ਉਥੇ ਰੱਖ ਲੈਂਦਾ ਜਾਂ ਅਗਾਂਹ ਆਪਣੇ ਕਿਸੇ ਰਿਸ਼ਤੇਦਾਰ ਜਾਂ ਲਿਹਾਜੂ ਪਾਸ ਰਖਵਾ ਦਿੰਦਾ।

ਇਸ ਤੋਂ ਇਲਾਵਾ ਨ ਕੇਵਲ ਸਾਡੇ ਪੰਜਾਬ, ਸਗੋਂ ਹੋਰਨਾਂ ਸੂਬਿਆਂ ਤੋਂ ਵੀ ਕੰਮ ਭੰਨੇ ਤੇ ਥੱਕੇ ਟੁੱਟੇ ਜਾਂ ਸਿਹਤ ਗਵਾ ਬੈਠੇ ਲੀਡਰ ਜਾਂ ਵਰਕਰ ਉਥੇ ਮਹੀਨਾ ਖੰਡ ਜਾਂ ਰਹਿੰਦੇ ਤੇ ਮਨ ਆਇਆ ਦੁਧ ਦਹੀਂ, ਮੱਖਣ ਘਿਓ ਤੇ ਆਂਡੇ ਮਾਸ ਖਾ ਖਾ ਤਕੜੇ ਹੋ ਕੇ ਚਲੇ ਜਾਂਦੇ। ਅਜੇ ਕੁਮਾਰ ਘੋਸ਼ ਦੋ ਮਹੀਨੇ ਉਥੇ ਰਿਹਾ ਤੇ ਕਲਕੱਤੇ ਤੋਂ ਇਸਮਾਇਲ ਤੇ ਕੁਝ ਹੋਰ ਸਰੀਰੋਂ ਮਾਂਦੇ ਪੈ ਗਏ ਪ੍ਰਸਿਧ ਵਰਕਰ ਆਏ ਤੇ ਮੁੜੱਤਣ ਦੂਰ ਕਰ ਕੇ ਗਏ। ਸਾਡੇ ਕਿਰਤੀਆਂ ਲਈ ਤਾਂ ਉਸ ਦਾ ਘਰ ਆਪਣਾ ਘਰ ਸੀ ਤੇ ਉਸ ਦੀ ਬਰਾਦਰੀ ਆਪਣੀ ਬਰਾਦਰੀ।

ਘਰ ਵਿਚ ਨਿਰਾ ਮੁਹੱਬਤ ਸਿੰਘ ਹੀ ਪਾਰਟੀ ਦਾ ਬੰਦਾ ਨਹੀਂ ਸੀ, ਸਗੋਂ ਉਸ ਦਾ ਸਾਰਾ ਕਟੁੰਬ ਤੇ ਕੋੜਮਾਂ ਪਾਰਟੀ ਦੇ ਸਨ। ਉਸ ਦਾ ਮਾਂ ਪਿਓ, ਭੈਣਾਂ ਮਾਨ ਕੌਰ, ਪਰਸਿੰਨ ਕੌਰ ਤੇ ਉਸ ਦਾ ਸਹੁਰਾ ਘਰ, ਉਸ ਦੀ ਵਹੁਟੀ, ਖ਼ੁਦ ਉਸ ਦੇ ਸਾਂਗਲੇ ਲਾਗੇ ਸਹੁਰੇ, ਸਭ ਪਾਰਟੀ ਦੇ ਸਹਾਇਕ, ਹਿਤਾਇਸ਼ੀ, ਸਨੇਹੀ ਤੇ ਰਖਸ਼ਕ ਸਨ। ਇਹਨੀਂ ਥਾਂਈ ਅਸੀਂ ਮੁਹੱਬਤ ਸਿੰਘ ਵਾਂਗੂੰ ਹੀ ਸਤਕਾਰੇ, ਨਿਵਾਜੇ ਤੇ ਸਾਂਭੇ ਜਾਂਦੇ ਸਾਂ। ਪਾਰਟੀ ਨਾਲ ਇਸ ਘਰ ਦੇ ਸਬੰਧ ਮੇਲ ਤੇ ਸਨੇਹ ਦਾ ਤੰਦ ਐਨਾ ਮੁਹੱਬਤ ਸਿਘ ਨਹੀਂ ਸੀ, ਜਿੰਨਾ ਉਸ ਦੀ ਭੈਣ ਮਾਨ ਕੌਰ ’ਤੇ ਪਰਸਿੰਨ ਕੌਰ ਜਿੰਨ੍ਹਾਂ ਦੇ ਵਿਸ਼ਾਲ ਹਿਰਦੇ, ਚੰਗੇ ਤੇ ਬੀਬੇ ਸੁਭਾਅ ਤੇ ਭੈਣ ਪਿਆਰ ਦੇ ਕਾਰਨ ਸਾਨੂੰ ਇਸ ਘਰ ਵਿਚ ਭਾਵੇਂ ਮੁਹੱਬਤ ਸਿੰਘ ਹੋਵੇ ਤੇ ਭਾਵੇਂ ਨ ਹੋਵੇ, ਆਸਰਾ ਰਿਹਾ ਤੇ ਸਾਡੇ ਤੇ ਬਣੀ ਔਖੀ ਤੋਂ ਔਖੀ ਵੇਲੇ ਵੀ ਇਸ ਘਰ ਦੇ ਦਰਵਾਜ਼ੇ ਸਾਡੀ ਲਈ ਬੰਦ ਨ ਹੋਏ।

ਚੰਗੇ ਖਾਂਦੇ ਪੀਂਦੇ ਜ਼ਿਮੀਂਦਾਰ ਦੇ ਚੈਂਚਲ ਤੇ ਛੁਲਛਲੇ ਸਭਾਅ ਦੇ ਕਾਰਨ ਮੁਹੱਬਤ ਸਿੰਘ ਪਾਰਟੀ ਦੇ ਸਰਗਰਮ ਕੰਮ ਤੋਂ ਵਿਚ ਵਿਚ ਮੱਠਾ ਪੈ ਤੇ ਘਰ ਬਹਿ ਜਾਂਦਾ ਰਿਹਾ। ਪਰ ਭੈਣ ਮਾਨ ਕੌਰ ਨੇ ਉਸ ਨੂੰ ਪਾਰਟੀ ਨਾਲੋਂ ਟੁਟਣ ਨ ਦਿੱਤਾ ਤੇ ਹਰ ਵਾਰ ਜੋੜੀ ਰੱਖਿਆ। ਜਦ ਜੰਗ ਮਚ ਪੈਣ ਉਤੇ ਮੁਹੱਬਤ ਸਿੰਘ ਨੂੰ ਜੇਲ੍ਹ ਬੰਦ ਕਰ ਦਿੱਤਾ ਗਿਆ ਤਾਂ ਵੀ ਭੈਣ ਮਾਨ ਕੌਰ ਤੇ ਉਸ ਦੇ ਰਿਸ਼ਤੇਦਾਰਾਂ ਨੇ ਪਾਰਟੀ ਵਰਕਰਾਂ ਨੂੰ ਘਰ ਆਏ ਨਹੀਂ ਮੋੜਿਆ ਤੇ ਕੋਟ ਸੋਂਧਾ ਤੇ ਪਰਸਿੰਨ ਦਾ ਸਹੁਰਾ ਘਰ ਉਸੇ ਤਰ੍ਹਾਂ ਸਾਡਾ ਛਪਾਈ ਦਾ ਤੇ ਰਾਜਸੀ ਆਸਰੇ ਦਾ ਘੋਰਨਾ ਬਣੇ ਸੀ. ਆਈ. ਡੀ. ਦੀ ਤਾੜ ਤੋਂ ਸਾਨੂੰ ਹੱਥ ਦੇ ਕੇ ਰੱਖਦੇ ਰਹੇ।

ਇਹਨਾਂ ਦੋ ਭੈਣਾਂ ਨੇ 1935 ਵਿਚ ਸਾਨੂੰ ਪਰੈਸ ਖਰੀਦਣ ਵਾਸਤੇ ਆਪਣੇ ਤੇ ਆਪਣੀ ਭਰਜਾਈ ਦੇ ਸਾਰੇ ਜ਼ੇਵਰ ਦਿੱਤੇ ਸਨ, ਜਿੰਨ੍ਹਾਂ ਨੂੰ ਵੇਚ ਕੇ ਪਰੈਸ ਖਰੀਦਿਆਂ ਗਿਆ। (ਬਾਅਦ ਵਿਚ ਪਾਰਟੀ ਨੇ ਉਹ ਪੈਸੇ ਮੋੜ ਦਿੱਤੇ)।

ਲੁਕਵੇਂ ਕੰਮਾਂ ਵਿਚੋਂ ਸਾਡਾ ਸਭ ਤੋਂ ਵੱਧ ਲਕੋ ਕੇ ਰੱਖਣ ਵਾਲਾ ਇਹ ਛਪਾਈ ਦਾ ਕੰਮ ਸੀ ਇਸ ਲਈ ਇਸ ਨੂੰ ਕੋਟ ਸੋਂਧੇ ਦੇ ਘੋਰਨੇ ਵਿਚ ਲੈ ਗਏ ਤੇ ਇਹ ਕੰਮ ਮੁਹੱਬਤ ਸਿੰਘ ਦੇ ਹਵਾਲੇ ਕੀਤਾ। ਉਸ ਨੇ ਅਗਾਂਹ ਇਸ ਦੇ ਚੰਗੇ ਬਚਾਅ ਦੀ ਖਾਤਰ ਇਸ ਨੂੰ ਕਈਆਂ ਰਖਣਿਆਂ ਵਿਚ ਵੰਡ ਦਿੱਤਾ। ਸਾਡਾ ਬੜਾ ਹੀ ਇਤਬਾਰੀ ਬੰਦਾ ਜਾ ਕੇ ਸਮਾਨ ਕੋਟ ਸੋਂਧੇ ਦੇ ਆਉਂਦਾ ਤੇ ਛਪਿਆ ਹੋਇਆ ਅਖ਼ਬਾਰ ਤੇ ਸਾਹਿਤ ਸ਼ਾਹਦਰਿਉਂ ਜਾ ਕੇ ਲੈ ਆਉਂਦਾ।

ਕੋਟ ਸੋਂਧਾ ਲਾਹੌਰ ਸਰਗੋਧਾ ਸੜਕ ਉਤੇ 32ਵੇਂ ਮੀਲ ਤੋਂ ਸੱਜੇ ਹੱਥ ਅੱਧ ਕੁ ਮੀਲ ਪੈਂਦਾ ਸੀ। ਇਸ 32ਵੇਂ ਮੀਲ ਉਤੇ ਬਾਜ਼ੀਗਰਾਂ ਦੀਆਂ ਟੱਪਰੀਆਂ ਸਨ। ਸਾਈਕਲੋ ਸਟਾਈਲ ਦਾ ਕਾਗਜ਼, ਸਿਆਹੀ ਤੇ ਹੋਰ ਲੋੜੀਂਦੀਆਂ ਵਸਤਾਂ ਇਹਨਾਂ ਟੱਪਰੀਵਾਸੀਆਂ ਵਿਚ ਇਕ ਬਾਜ਼ੀਗਰ ਮਾਈ ਪਾਸ ਪਹੁੰਚ ਜਾਂਦੀਆਂ ਤੇ ਮਾਈ ਦੀ ਟਪਰੀ ਵਿਚੋਂ ਛਪਾਈ ਵਾਲੇ ਘੋਰਨੇ ਵਿਚ। ਛਪਤਾਂ ਛਪ ਕੇ ਮੁੜ ਟਪਰੀ ਵਿਚ ਆ ਜਾਂਦੀਆਂ ਤੇ ਇਥੋਂ ਮੁਹੱਬਤ ਸਿੰਘ ਦਾ ਰੱਖਾ ਮਿਰਾਸੀ ਇਹਨਾਂ ਨੂੰ ਸ਼ਾਹਦਰੇ ਜੀ. ਟੀ. ਰੋਡ ਦੇ ਮੋੜ ਉਤੇ ਡਾਕਟਰ ਬਾਲ ਕਿਸ਼ਨ ਪਾਸ ਛੱਡ ਆਉਂਦਾ। ਡਾਕਟਰ ਇਹਨੂੰ ਸਰਕਾਰ ਦੇ ਆਬਕਾਰੀ ਮਾਲਖ਼ਾਨੇ ਵਿਚ ਰਖਵਾ ਦਿੰਦਾ ਤੇ ਫੇਰ ਉਥੋਂ ਵੰਡਣ ਵਾਲਾ ਸਾਥੀ ਲੈ ਜਾਂਦਾ।

ਏਥੇ ਘੋਰਨੇ ਵਿਚ ਇਹ ਸਮਾਨ ਤੇ ਲੇਖਾਂ ਦੇ ਕਟੇ ਕਟਾਏ ਸਟੈਂਸਿਲ ਪਹੁੰਚ ਜਾਂਦੇ ਤੇ ਛਪਤਕਾਰ ਜਗੀਰ ਸਿੰਘ ਇਹਨਾਂ ਨੂੰ ਮਸ਼ੀਨ ਉਤੇ ਵੇਲ ਦਿੰਦਾ। ਜਗੀਰ ਸਿੰਘ ਕੋਟ ਸੋਂਧੇ ਦਾ ਨਵਾਂ ਨਵਾਂ ਦਸਵੀਂ ਪਾਸ ਕਰ ਕੇ ਆਇਆ ਗੱਭਰੂ ਸੀ। ਛਪਾਈ ਦਾ ਸਾਡਾ ਇਹ ਕੰਮ 1941 ਤਕ ਇਥੇ ਰਿਹਾ ਤੇ ਉਸ ਸਮੇਂ ਤੱਕ ਬਿਲਕੁਲ ਅਨਵਿਘਨ ਚਲਦਾ ਰਿਹਾ।

* * * * *

39 ਦਾ ਸਤੰਬਰ ਚੜ੍ਹਦਿਆਂ ਹੀ ਦੂਸਰੀ ਜੰਗ ਛਿੜ ਪਈ। ਸਾਡਾ ਸਾਮਰਾਜੀ ਸਾਂਈ ਬਰਤਾਨੀਆਂ ਉਸ ਵਿੱਚ ਉਲਝ ਗਿਆ ਤੇ ਉਲਝਦੇ ਨੂੰ ਹੀ ਜਰਮਨਾਂ ਪਾਸੋਂ ਮਾਰ ਪੈਣ ਲੱਗ ਪਈ।

ਅੰਗਰੇਜ਼ੀ ਰਾਜ ਨੇ ਹਿੰਦੁਸਤਾਨ ਦੇ ਸਭ ਪ੍ਰਕਾਰ ਦੇ ਪਦਾਰਥੀ ਤੇ ਮਨੁਖੀ ਵਸੀਲੇ ਜੰਗ ਵਿੱਚ ਝੋਕਣ ਵਾਸਤੇ ਦੇਸ਼ ਦੀ ਰਾਜਸੀ ਵਿਰੋਧਤਾ ਨੂੰ ਕੁਚਲਣ ਲਈ ਕੌਮੀ ਲਹਿਰ ਦੇ ਇਨਕਲਾਬੀ ਪੱਖ ਵਿਰੁੱਧ ਕੁਹਾੜਾ ਚੁੱਕ ਲਿਆ। ਕਿਰਤੀ ਗਰੁੱਪ ਦੀ ਲੀਗ ਅਗੇਨਸਟ ਇਮਪੀਰੀਅਲਿਜ਼ਮ (ਸਾਮਰਾਜ ਵਿਰੋਧੀ ਲੀਗ) ਜੋਸ਼ ਗਰੁਪ ਦੀ ਰੈਡੀਕਲ ਲੀਗ (ਗਰਮ ਖਿਆਲੀ ਲੀਗ) ਟਰੇਡ ਯੂਨੀਅਨ ਕਾਂਗਰਸ, ਸਟੂਡੰਟ ਯੂਨੀਅਨ, ਕਾਂਗਰਸ ਸੋਸ਼ਲਿਸਟ ਪਾਰਟੀ, ਅਕਾਲੀਆਂ ਦੀ ਕਿਸਾਨ ਸਭਾ, ਸਾਡੀ ਕਿਸਾਨ ਕਮੇਟੀ ਆਦਿ ਜਥੇਬੰਦੀਆਂ ਨੂੰ ਕਾਨੂੰਨ ਵਿਰੁੱਧ ਕਰਾਕ ਦੇ ਦਿੱਤਾ ਤੇ ਇਹਨਾਂ ਦੇ ਦਫ਼ਤਰਾਂ ਤੇ ਮੈਂਬਰਾਂ ਦੇ ਘਰਾਂ ਉਤੇ ਅਚਾਨਕ ਛਾਪੇ ਮਾਰ ਮਾਰ ਅਨੇਕਾਂ ਲੀਡਰ ਤੇ ਵਰਕਰ ਗਰਿਫ਼ਤਾਰ ਕਰ ਲਏ। ਇਥੋਂ ਤਕ ਕਿ ਰਾਜਸੀ ਕੈਦੀਆਂ ਦੀ ਸਹਾਇਤਾ ਕਰਨ ਵਾਲ਼ੀ ਦੇਸ਼ ਭਗਤ ਪਰਵਾਰ ਸਹਾਇਕ ਕਮੇਟੀ ਦੇ ਦੇਸ਼ ਭਗਤ ਗ਼ਦਰੀ ਬਾਰੇ ਵੀ ਫੜ ਲਏ। ਇਹਨਾਂ ਸਾਰਿਆਂ ਨੂੰ ਬਿਨਾਂ ਮੁਕੱਦਮਾ ਚਲਾਏ ਦਿਉਲੀ ਕੈਂਪ ਜੇਲ੍ਹ ਵਿਚ ਜਾ ਬੰਦ ਕੀਤਾ। ਜਿਹੜੇ ਸਾਡੇ ਵਰਕਰ ਇਹਨਾਂ ਛਾਪਿਆਂ ਵਿਚ ਪੁਲਸ ਦੇ ਕਾਬੂ ਨ ਆਏ ਉਹ ਅਲੋਪ ਹੋ ਗਏ। ਕਿਉਂਕਿ ਉਹਨਾਂ ਵਾਸਤੇ ਪਾਰਟੀ ਦੇ ਖੁਲ੍ਹੇ ਕੰਮ ਲਈ ਨੰਗੇ ਧੜ ਫਿਰਨਾ ਅਸੰਭਵ ਹੋ ਗਿਆ। ਉਹਨਾਂ ਸੀ. ਆਈ. ਡੀ. ਤੇ ਸਰਕਾਰ ਪਾਸੋਂ ਆਪਣਾ ਸਾਰਾ ਕੰਮ ਲੁਕਾ ਲਿਆ।

ਅੰਮਿ੍ਰਤਸਰ ਸਾਡੀ ਜਾਣ ਪਛਾਣ (ਖਾਸ ਕਰ ਪੁਲਸ ਤੇ ਸੀ. ਆਈ. ਡੀ. ਵਿਚ) ਬਹੁਤ ਸੀ। ਇਸ ਕਰਕੇ ਅਸੀਂ ਆਪਣਾ ਖੁਫੀਆ ਹੈਡਕਵਾਟਰ ਲਾਹੌਰ ਲੈ ਗਏ।

ਯੂ. ਪੀ. ਵਿਚ ਅੰਗਰੇਜ਼ੀ ਸਾਮਰਾਜ ਦਾ ਰਾਜ ਡੰਡਾ (ਵਜ਼ਾਰਤ) ਕਾਂਗਰਸ ਨੇ ਛੱਡ ਦਿੱਤਾ। ਹੁਣ ਉਥੇ ਨਿਰੋਲ ਅੰਗਰੇਜ਼ ਦੀ ਸਿੱਧੀ ਆਪਣੀ ਹਕੂਮਤ ਹੋ ਗਈ। ਉਸ ਨੇ ਮੇਰਠ ਛਾਪਾ ਮਾਰ ਕੇ ‘ਕਿਰਤੀ ਲਹਿਰ’ ਦਾ ਦਫ਼ਤਰ ਤੇ ਪਰੈਸ ਕਾਬੂ ਕਰ ਲਏ। ਸਾਡੇ ਐਡੀਟਰ ਤੇ ਵਰਕਰ ਇਕ ਦਿਨ ਪਹਿਲਾਂ ਹੀ ਉਥੋਂ ਖਿਸਕ ਗਏ ਸਨ, ਜਿਸ ਕਰਕੇ ਉਹ ਗਰਿਫ਼ਤਾਰੀ ਤੋਂ ਬਚ ਗਏ ਤੇ ਪੰਜਾਬ ਆ ਕੇ ਲੁਕਵਾਂ ਕੰਮ ਕਰਨ ਲੱਗ ਪਏ।

‘ਕਿਰਤੀ ਲਹਿਰ’ ਦੇ ਬੰਦ ਹੋ ਜਾਣ ਨਾਲ ਸਾਨੂੰ ਹੁਣ ਬਾਕਾਇਦਾ ਲੁਕਵਾਂ ਪਰਚਾ ਕੱਢਣਾ ਪਿਆ ਸੋ ਅਸਾਂ ‘ਲਾਲ ਝੰਡੇ’ ਦੇ ਨਾਂ ਹੇਠਾਂ ਸਾਈਕਲੋ ਸਟਾਈਲ ਮਸ਼ੀਨ ਉਤੇ ਕੋਟ ਸੋਂਧੇ ਤੋਂ ਕੱਢਣਾ ਸ਼ੁਰੂ ਕੀਤਾ।

ਅੰਗਰੇਜ਼ੀ ਸਾਮਰਾਜ ਵੀ ਸਾਡੇ ਦਾਅ ਜਾਣਦਾ ਸੀ। ਉਸ ਨੇ ਲੁਕਵੇਂ ਪਰਚਿਆਂ ਦਾ ਸੰਘ ਘੁੱਟਣ ਲਈ ਸਾਈਕਲੋ ਮਸ਼ੀਨਾਂ ਨੂੰ ਵੀ ਗਫੂਆ ਚਾੜ੍ਹ ਦਿੱਤਾ। ਪਰੈਸ ਐਕਟ ਵਿਚ ਤਰਮੀਮ ਕਰਕੇ ਸਾਈਕਲੋ ਮਸ਼ੀਨਾਂ ਤੇ ਡੁਪਲੀਕੇਟਰਾਂ ਨੂੰ ਵੀ ਪਰੈਸ ਕਰਾਰ ਦੇ ਕੇ ਇਹਨਾਂ ਦਾ ਡੀਕਲੇਰੇਸ਼ਨ ਲੈਣਾ ਲਾਜ਼ਮੀ ਕਰ ਦਿੱਤਾ ਤੇ ਇਸ ਦਾ ਸਾਮਾਨ ਵੇਚਣ ਤੇ ਰੱਖਣ ਵਾਲਿਆਂ ਉਤੇ ਬਾਹਨ ਲਾ ਦਿੱਤੀ ਕਿ ਉਹ ਸਟੈਂਸਿਲਾਂ, ਕਾਗਜ਼ਾਂ, ਸਿਆਹੀ ਤੇ ਹੋਰ ਸਬੰਧਤ ਚੀਜ਼ਾਂ ਦੇ ਵਿਕਣ ਤੇ ਵਰਤਣ ਦਾ ਹਿਸਾਬ ਕਿਤਾਬ ਰੱਖਣ, ਗਾਹਕਾਂ ਨੂੰ ਡੀਕਲੇਰੇਸ਼ਨ ਵੇਖ ਆਪਣਾ ਸਾਮਾਨ ਵੇਚਣ ਤੇ ਉਸ ਦਾ ਨਾਂ ਪਤਾ ਰਜਿਸਟਰ ਵਿਚ ਨੋਟ ਕਰਨ। ਸਰਕਾਰ ਦੀ ਪਰੈਸ ਬਰਾਂਚ ਨੂੰ ਅਧਿਕਾਰ ਦਿੱਤੇ ਹਏ, ਕਿ ਉਸ ਦਾ ਕੋਈ ਅਧਿਕਾਰੀ ਉਥੇ ਜਾ ਕੇ ਜਾਂ ਰਜਿਸਟਰ ਆਪਣੇ ਪਾਸ ਮੰਗਵਾ ਕੇ ਵੇਖ ਲਿਆ ਕਰੇ। ਪਰੈਸ ਬਰਾਂਚ ਨੂੰ ਸਟਾਕ ਚੈਕ ਕਰਨ ਦਾ ਵੀ ਅਧਿਕਾਰ ਮਿਲ ਗਿਆ।

ਲਾਹੌਰ ਦੇ ਉਤਲੇ ਘਰਾਂ ਵਿਚ ਧਨਵੰਤਰੀ ਦੇ ਅਸਰ ਰਸੂਖ ਤੇ ਸਾਡੀ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ੀ ਰਾਜ ਵਿਰੁਧ ਬੇ-ਝਿਜਕ ਤੇ ਬੇ-ਮਸਝੌਤਾ ਘੋਲ ਕਰੀ ਜਾਣ ਦੀ ਪੈ ਗਈ ਹੋਈ ਪਿਰਤ ਦੇ ਸਿਰ ਸਕਦਾ ਇਸ ਸਖ਼ਤ ਪਾਬੰਦੀ ਤੇ ਸਰਕਾਰੀ ਕੰਟਰੋਲ ਦੇ ਬਾਵਜੂਦ ਇਹ ਸਮਾਨ ਸਾਨੂੰ ਕੋਰੀਜ਼ ਵਾਲਿਆਂ ਪਾਸੋਂ ਦਿਲ ਚਾਹਿਆ ਮਿਲ ਜਾਂਦਾ ਰਿਹਾ ਤੇ ਇਸ ਦੀ ਕਦੇ ਵੀ ਟੋਟ ਜਾਂ ਮੁਸ਼ਕਿਲ ਪੇਸ਼ ਨਾ ਆਈ। ਇਹ ਸਮਾਨ ਖਰੀਦਣਾ ਤੇ ਕੋਟ ਸੋਂਧੇ ਪੁਚਾਉਣਾ ਦੇਵ ਦੱਤ ਅਟਲ ਦੇ ਜ਼ੁਮੇ ਸਨ। ਜਿਸ ਪਾਸ ਇਸ ਕੰਮ ਲਈ ਆਪਣਾ ਅਮਲਾ ਫੈਲਾ ਮੌਜੂਦ ਸੀ।

ਇਹ ਪਰਚਾ ਦਿੱਲੀ, ਮੇਰਠ, ਲੁਧਿਆਣੇ, ਫ਼ੀਰੋਜ਼ਪੁਰ, ਜਾਲੰਧਰ, ਹੁਸ਼ਿਆਰਪੁਰ, ਕਾਂਗੜੇ, ਗੁਰਦਾਸਪੁਰ, ਅੰਮਿ੍ਰਤਸਰ, ਲਾਹੌਰ, ਸ਼ੇਖੂਪੁਰੇ, ਰਾਵਲ ਪਿੰਡੀ, ਕੈਮਲਪੁਰ, ਮੁਲਤਾਨ, ਮਿੰਟਗੁਮਰੀ, ਲਾਇਲਪੁਰ, ਮਰਦਾਨ, ਪਸ਼ਾਵਰ ਤੇ ਕੁਹਾਟ ਦੇ ਜ਼ਿਲਿ੍ਹਆਂ ਤੇ ਕਪੂਰਥਲੇ, ਪਟਿਆਲੇ, ਨਾਭੇ, ਜੀਂਦ, ਮਲੇਰਕੋਟਲੇ, ਕਲਸੀਆਂ, ਫਰੀਦਕੋਟ ਤੇ ਬੀਕਾਨੇਰ ਦੀਆਂ ਰਿਆਸਤਾਂ ਵਿੱਚ ਵੰਡੀਦਾ ਤੇ ਵਿਕਦਾ ਸੀ।

* * * * *

ਦੂਸਰੀ ਜੰਗ ਛਿੜਨ ਉਤੇ 1939 ਦੀਆਂ ਆਮ ਗਰਿਫ਼ਤਾਰੀਆਂ ਤੋਂ ਪਹਿਲਾਂ ਗ਼ਦਰ ਪਾਰਟੀ ਦੇ ਭੇਜੇ ਹੋਏ ਸਾਡੇ ਨੇਤਾ ਤੇਜਾ ਸਿੰਘ ਸਵਤੰਤਤਰ ਤੇ ਭਗਤ ਸਿੰਘ ਬਿਲਗਾ ਅੰਗਰੇਜ਼ੀ ਸਰਕਾਰ ਨੇ ਸ਼ਾਹੀ ਕੈਦੀ ਬਣਾ ਕੇ ਕੈਮਲਪੁਰ ਜੇਲ੍ਹ ਵਿਚ ਡਕੇ ਹੋਏ ਸਨ। ਸਾਨੂੰ ਆਪਣਾ ਕੰਮ ਚਲਾਉਣ ਲਈ ਸਿਧਾਂਤਕ ਸੇਧ ਨੂੰ ਕੁਰਾਹੋਂ ਰੋਕਣ ਤੇ ਨੌ-ਬਰ-ਨੌ ਰੱਖਣ ਵਾਸਤੇ ਤਜਰਬਾ ਕਾਰ ਸਲਾਹ ਦੀ ਲੋੜ ਸੀ। ਸਾਡੇ ਲੀਡਰ ਤਾਂ ਤਕਰੀਬਨ ਸਾਰੇ ਜੇਲ੍ਹ ਵਿਚ ਸੁਟ ਦਿੱਤੇ ਗਏ ਸਨ। ਇਸ ਕੰਮ ਲਈ ਅਸਾਂ ਕੈਮਲਪੁਰ ਜੇਲ੍ਹ ਵਿਚ ਬੰਦ ਤੇਜਾ ਸਿੰਘ ਸਵਤੰਤਤਰ ਨਾਲ਼ ਮੇਲ ਗੰਢਣ ਦਾ ਫ਼ੈਸਲਾ ਕੀਤਾ। ਬਾਹਰ ਸਾਡੇ ਰਾਮਕਿਸ਼ਨ ਬੀ. ਏ. ਨੈਸ਼ਨਲ ਤੇ ਧਨਵੰਤਰੀ ਨੇਤਾ ਸਨ। ਰਾਮਕਿਸ਼ਨ ਬੀਮਾਰ ਸੀ ਤੇ ਧਨਵੰਤਰੀ ਨੂੰ ਪੁਲੀਸ ਨੇ ਛੇਤੀ ਹੀ ਗਰਿਫ਼ਤਾਰ ਕਰ ਲਿਆ।

ਮੈਂ ਮੀਰ ਦਾਦ ਖ਼ਾਂ ਦੀ ਗਰਿਫ਼ਤਾਰੀ ਤੇ ਸ਼ਾਹੀ ਕਿਲ੍ਹੇ ਵਿਚ ਬੰਦੀ ਵੇਲੇ ਦੋ ਤਿੰਨ ਵਾਰ ਕੈਮਲਪੁਰ ਹੋ ਆਇਆ ਸੀ, ਇਸ ਲਈ ਇਸ ਕੰਮ ਵਾਸਤੇ ਮੇਰੀ ਡਿਉਟੀ ਲੱਗੀ।

ਕੈਮਲਪੁਰ ਤੋਂ ਉੱਤਰ ਵੱਲ ਕੋਈ ਛੇ ਕੁ ਮੀਲ ਦੂਰ ਲਾਹੌਰ ਤੋਂ ਪਸ਼ਾਵਰ ਵਾਲੀ ਸੜਕ ਲੰਘਦੀ ਹੈ। ਇਸ ਸੜਕ ਦੇ ਕੈਮਲਪੁਰ ਵਾਲੀ ਸੜਕ ਦੇ ਜੋੜ ਤੋਂ ਇਕ ਮੀਲ ਹੋਰ ਉੱਤਰ ਵੱਲ ਸ਼ਮਸਾਵਾਦ ਦਾ ਵੱਡਾ ਸਾਰਾ ਜਗੀਰੂ ਪਿੰਡ ਹੈ। ਇਥੋਂ ਦੇ ਜਾਗੀਰਦਾਰ ਮਲਕ ਮੁਹੰਮਦ ਅਸਲਮ ਖ਼ਾਂ ਦੇ ਵਡੇਰਿਆਂ ਨੇ ਸਕੰਦਰ ਖ਼ਾਂ ਦੇ ਵਡੇਰਿਆਂ ਵਾਂਗ 1849 ਵਿੱਚ ਪੰਜਾਬ ਦੀ ਆਜ਼ਾਦੀ ਤੇ ਲਿਤਾੜਦੀਆਂ ਆ ਰਹੀਆਂ ਅੰਗਰੇਜ਼ੀ ਫੌਜਾਂ ਵਿਰੁਧ ਲੜੀ ਜਾ ਰਹੀ ਰਾਜਾ ਸ਼ੇਰ ਸਿੰਘ ਅਟਾਰੀ ਦੀ ਜੰਗ ਵੇਲੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਉਹਨਾਂ ਨੇ ਮੇਜਰ ਐਬਟ ਦੀ ਚੁਕ ਵਿਚ ਆ ਕੇ ਆਪਣੇ ਪਿੰਡਾਂ ਦੇ ਲੋਕ ਇਕੱਠੇ ਕਰਕੇ ਪੇਸ਼ਾਵਰ ਨੂੰ ਹਟ ਰਹੀ ਰਾਜਾ ਸ਼ੇਰ ਸਿੰਘ ਦੀ ਫੌਜ ਦਾ ਟੈਕਸਲਾ ਦੇ ਪਹਾੜਾਂ ਦੇ ਮਾਰ ਗਲੇ ਵਿਚ ਰਸਤਾ ਰੋਕ ਲਿਆ ਸੀ ਤੇ ਅੰਗਰੇਜ਼ਾਂ ਨੂੰ ਮੌਕਾ ਦਿੱਤਾ ਸੀ, ਕਿ ਉਹ ਰਾਜੇ ਦੀ ਫੌਜ ਦਾ ਨਾਸ਼ ਕਰ ਦੇਣ ਤੇ ਖੈਬਰ ਦੇ ਗਲੇ ਤਕ ਸਾਰਾ ਪੰਜਾਬ ਮੱਲ ਲੈਣ। ਅੰਗਰੇਜ਼ਾਂ ਨੇ ਪੰਜਾਬ ਨਾਲ ਕੀਤੀ ਇਸ ਗ਼ਦਾਰੀ ਦਾ ਇਨਾਮ ਸਕੰਦਰ ਦੇ ਵਡਿਆਂ ਨੂੰ ਹਸਨ ਅਬਦਾਲ ਦਾ ਤਕਰੀਬਨ ਸਾਰਾ ਇਲਾਕਾ ਜਾਗੀਰ ਵਿਚ ਦਿੱਤਾ, ਤੇ ਸ਼ਮਸਾਬਾਦ ਦੇ ਮਲਕ ਦੇ ਵਡਕੇ ਨੂੰ ਸਾਰਾ ਸ਼ਮਸਾਬਾਦ ਤੇ ਲਾਗੇ ਚਾਗੇ ਦੇ ਐਵਾਣਾਂ ਦੇ ਤਿੰਨ ਚਾਰ ਹੋਰ ਪਿੰਡ। ਇਹਨਾਂ ਪਿੰਡਾਂ ਦੇ ਸਾਰੇ ਪੱਤੀਦਾਰ ਕਿਸਾਨ ਮਲਕ ਦੇ ਮੁਜ਼ਾਰੇ ਬਣਾ ਦਿੱਤੇ ਗਏ।

ਇਥੋਂ ਦੇ ਮੁਜ਼ਾਰਿਆਂ ਵਿਚ ਮੀਰ ਦਾਦ ਖ਼ਾਂ ਨੇ ਆਪਣੇ ਹਮਾਇਤੀ ਵਰਕਰ ਬਣਾ ਲਏ ਸਨ ਤੇ ਉਹਨਾਂ ਦੀ ਕਿਸਾਨ ਕਮੇਟੀ ਜੋੜ ਛੱਡੀ ਸੀ। ਇਹਨਾਂ ਵਰਕਰਾਂ ਵਿਚ ਮੁਹੰਮਦ ਖ਼ਾਂ ਜ਼ਿਆਦਾ ਜੰਗਜੂ ਤੇ ਵਧੇਰੇ ਭਰੋਸੇਯੋਗ ਸੀ। ਮੀਰ ਦਾਦ ਖ਼ਾਂ ਤੋਂ ਮੈਂ ਇਸ ਦਾ ਪਤਾ ਲੈ ਚੁੱਕਾ ਸੀ। ਮੈਂ ਮੁਹੰਮਦ ਖ਼ਾਂ ਦੇ ਖੂਹ ਨੂੰ ਆਪਣੀ ਠਾਹਰ ਬਣਾਇਆ। ਇਸ ਖੂਹ ਵਿਚ ਹੋਰ ਕਿਸਾਨ ਮੁਜ਼ਾਰੇ ਵੀ ਪੱਤੀਦਾਰ ਸਨ, ਪਰ ਸਭ ਦੇ ਸਭ ਮੁਹੰਮਦ ਖ਼ਾਂ ਦੇ ਐਨ ਹਿਤਾਇਸ਼ੀ ਤੇ ਬੀਬੇ ਯਾਰ ਸਨ, ਕਿ ਜਿੰਨੇ ਸਾਲ ਮੈਂ ਉਥੇ ਜਾਂਦਾ ਆਉਂਦਾ ਰਿਹਾ, ਕਿਸੇ ਨੇ ਮੇਰੀ ਚੁਗਲੀ ਨ ਕੀਤੀ। ਇਸ ਮੁਹੰਮਦ ਖ਼ਾਂ ਨੇ ਤੇ ਪਿੰਡੀ ਘੇਪ ਦੇ ਇਲਾਕੇ ਵਿਚ ਕਿਸਾਨ ਕਮੇਟੀਆਂ ਬਨਾਉਣ ਤੇ ‘ਲਾਲ ਝੰਡਾ’ ਵੰਡਣ ਵਿਚ ਬੜਾ ਕੰਮ ਕੀਤਾ।

ਮੈਂ ਮੁਹੰਮਦ ਖ਼ਾਂ ਨਾਲ ਕੈਮਲਪੁਰ ਦੀ ਗੱਲ ਕੀਤੀ। ਉਸ ਨੇ ਦੱਸਿਆ, ਕਿ ਉਸ ਦਾ ਭਤੀਜਾ ਕਿਸੇ ਮੁਕੱਦਮੇ ਵਿਚ ਕੈਦ ਹੋ ਕੇ ਕੈਮਲਪੁਰ ਜੇਲ੍ਹ ਵਿਚ ਮੁਨਸ਼ੀ ਲੱਗਾ ਹਗੋਇਆ ਸੀ। ਮੈਂ ਤੇ ਮੁਹੰਮਦ ਖ਼ਾਂ ਉਸ ਦੀ ਮੁਲਾਕਾਤ ਨੂੰ ਗਏ। ਉਸ ਨਾਲ ਸਵਤੰਤਤਰ ਲਈ ਚਿੱਠੀ ਚਪੱਠੀ ਚਲਾਉਣ ਦੀ ਗੱਲ ਕੀਤੀ। ਉਹ ਤਿਆਰ ਹੋ ਗਿਆ ਤੇ ਉਸ ਨੇ ਅਗਲੇ ਦਿਨ ਦੁਪਿਹਰੇ ਸਾਨੂੰ ਜੇਲ੍ਹ ਦੇ ਅਹਾਤੇ ਤੋਂ ਬਾਹਰ ਆ ਕੇ ਉਡੀਕਣ ਲਈ ਆਖਿਆ। ਅਸੀਂ ਜਦ ਇਕਰਾਰ ਤੇ ਗਏ ਤਾਂ ਇਕ ਜੇਲ੍ਹ ਵਾਰਡਨ ਨੇ ਨਿੱਕਾ ਜਿਹਾ ਰੁੱਕਾ ਦਿੱਤਾ।

ਉਹ ਰੁੱਕਾ ਸਵਤੰਤਤਰ ਦਾ ਸੀ। ਉਸ ਨੇ ਸਬੰਧ ਕਾਇਮ ਕਰਨ ਤੋਂ ਬੜੇ ਜ਼ੋਰਦਾਰ ਸ਼ਬਦਾਂ ਵਿਚ ਇਨਕਾਰ ਕੀਤਾ ਤੇ ਹੋਰ ਬੁਰਾ ਭਲਾ ਲਿਖ ਕੇ ਮੈਨੂੰ ਕੰਨ ਵਲੇਟ ਕੇ ਉਥੋਂ ਚਲੇ ਜਾਣ ਲਈ ਲਿਖਿਆ ਹੋਇਆ ਸੀ। ਪੜ੍ਹਨ ਵਾਲੇ ਨੂੰ ਇਹ ਸਕੀਮ ਉੱਕੀ ਬੰਦ ਕਰ ਦਿੱਤੀ ਗਈ ਜਾਪਦੀ ਸੀ। ਮੇਰਾ ਪੜ੍ਹਦਿਆਂ ਪੜ੍ਹਦਿਆਂ ਰੰਗ ਉੱਡਣ ਲਗ ਪਿਆ। ਮੈਂ ਉਸ ਤੋਂ ਇਹ ਆਸ ਨਹੀਂ ਸਾਂ ਰੱਖਦਾ। ਪਰ ਲਿਖਾਈ ਦੀ ਆਖਰੀ ਬਰੀਕ ਜਿਹੀ ਸਤਰ ਲੁਕਵੀਂ ਲਿਖਤ ਇਸ਼ਾਰਾ ਦੇ ਗਈ, ਜਿਸ ਤੇ ਮੈਨੂੰ ਕੁਝ ਧਰਵਾਸ ਹੋਇਆ।

ਸ਼ਮਸਾਬਾਦ ਜਾ ਕੇ ਮੈਂ ਮੁਹੰਮਦ ਖ਼ਾਂ ਤੋਂ ਉਹਲੇ ਹੋ ਕੇ ਉਹ ਲਿਖਤ ਉਠਾਈ। ਲਿਖਿਆ ਸੀ, ‘ਇਹ ਮੁਨਸ਼ੀ ਬੜਾ ਬੇਈਮਾਨ ਤੇ ਜੇਲ੍ਹ ਵਾਲਿਆਂ ਦਾ ਮੁਖਬਰ ਹੈ। ਇਸ ਨਾਲ ਗੱਲ ਖੋਲ੍ਹ ਕੇ ਚੰਗਾ ਨਹੀਂ ਹੋਇਆ। ਇਸ ਤੋਂ ਲੁਕਾਉਣ ਲਈ ਮੈਂ ਇਸ ਰੁਕੇ ਵਿਚ ਇਨਕਾਰ ਕਰ ਦਿੱਤਾ ਹੈ। ਗ਼ਲਤੀ ਸੋਧ ਲਵਾਂਗੇ। ਅਗਾਂਹ ਵਾਸਤੇ ਇਸ ਨੂੰ ਕੰਮ ਦੀ ਭਿਣਕ ਨਹੀਂ ਪੈਣੀ ਚਾਹੀਦੀ। ਮੇਰਾ ਸੁਨੇਹਾ ਆਉਣ ਤਕ ਸ਼ਮਸਾਬਾਦੋਂ ਨਹੀਂ ਜਾਣਾ।’

ਤੀਜੇ ਕੁ ਦਿਨ ਪਿਛੋਂ ਆਏ ਇਤਵਾਰ ਨੂੰ ਇਕ ਬੰਦਾ ਉਸ ਦੀ ਚਿੱਠੀ ਲਿਆਇਆ, ਜਿਸ ਵਿਚ ਅਗਾਂਹ ਲਈ ਜੋੜ ਮੇਲ ਕਾਇਮ ਰੱਖਣ ਲਈ ਵਿਧੀ ਦੱਸੀ ਗਈ ਸੀ ਤੇ ਸਾਥੋਂ ਸਬੰਧ ਰੱਖਣ ਦੇ ਮਨੋਰਥ ਪੁਛੇ ਗਏ ਸਨ। ਜਵਾਬ ਵਿਚ ਲਾਹੌਰੋਂ ਨਾਲ ਲਿਆਂਦੀ ਧਨਵੰਤਰੀ ਵਲੋਂ ਲਿਖੀ ਇਕ ਲੰਮੀ ਚਿੱਠੀ ਮੈਂ ਉਸ ਨੂੰ ਫੜਾ ਦਿੱਤੀ, ਜਿਸ ਨਾਲ ਬਾਹਰਲੇ ਕੰਮ, ਪਾਰਟੀ ਦੀ ਹਾਲਤ ਤੇ ਵੰਨ ਸੁਵੰਨੇ ਉਠੇ ਹੋਏ ਰਾਜਸੀ ਮਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਮੰਗ ਕੀਤੀ ਗਈ ਸੀ ਕਿ ਉਹ ਇਕ ਤਾਂ ਸਾਡੇ ਲੁਕਵੇਂ ਪਰਚੇ ‘ਲਾਲ ਝੰਡੇ’ ਵਾਸਤੇ ਇਕ ਅੱਧਾ ਲੇਖ ਲਿਖਦਿਆਂ ਕਰਨ ਤੇ ਸਾਡੇ ਵਲੋਂ ਪੇਸ਼ ਕੀਤੇ ਹੋਏ ਮਸਲਿਆਂ ਉਤੇ ਆਪਣੀ ਸਲਾਹ ਦਿਆ ਕਰਨ।

ਵਾਰਡਰ ਮੈਨੂੰ ਅਗਲੇ ਦਿਨ ਦੁਪਿਹਰ ਨੂੰ ਕੈਮਲਪੁਰ ਆ ਕੇ ਮੋਟਰਾਂ ਦੇ ਅੱਡੇ ਉਤੇ ਖਲੋਣ ਵਾਸਤੇ ਆਖ ਗਿਆ। ਮੈਨੂੰ ਉਥੇ ਗਿਆਂ ਚਿੱਠੀ ਦਾ ਜਵਾਬ ਮਿਲ ਗਿਆ, ਜਿਸ ਵਿਚ ਸਵਤੰਤਰ ਨੇ ਸਾਡੀ ਬਾਂਹ ਫੜਨੀ ਮੰਨ ਲਈ। ਅਸਾਂ ਮਹੀਨੇ ਵਿਚ ਦੋ ਵਾਰ ਨਿਯਤ ਕਰ ਲਏ, ਜਿਨ੍ਹਾਂ ਤੇ ਮੈਂ ਕੈਮਲਪੁਰ ਪਹੁੰਚ ਜਾਣਾ। ਇਸ ਤਰ੍ਹਾਂ ਸਾਨੂੰ ਲੁਕਵੇਂ ਪਰਚੇ ਲਈ ਲੋਕ ਤੇ ਕੰਮਕਾਰ ਦੇ ਮਸਲਿਆਂ ਉਤੇ ਜ਼ਿਆਦਾ ਪੱਕਾ ਸਲਾਹ ਮਸ਼ਵਰਾ ਮਿਲਣ ਲੱਗ ਪਿਆ। ਸਾਡਾ ਲੇਖ ਲਿਖਣ ਦਾ ਰੁਝੇਵਾਂ ਘੱਟ ਗਿਆ। ਉਹ ਸਮਾਂ ਅਸੀਂ ਹੋਰਨਾਂ ਕੰਮਾਂ ਤੇ ਖਰਚਣ ਲੱਗ ਪਏ।

ਜਦੋਂ ਸਾਡਾ ਕੰਮ ਵਧਿਆ, ਖਾਸਕਰ ਸੁਭਾਸ਼ ਚੰਦਰ ਬੋਸ ਨੂੰ ਬਾਹਰ ਭੇਜ ਕੇ ਤਾਂ ਇਸ ਮੇਲ ਨੂੰ ਵਧੇਰੇ ਵਰਤਣ, ਪਰ ਮੇਰੇ ਫੇਰੇ ਘਟਾਉਣ, ਦੀ ਲੋੜ ਪੈ ਗਈ। ਅਸਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਸ਼ੰਕਰ ਦੇ ਇਕ ਵਰਕਰ ਜੀਉਣ ਸਿੰਘ ਦੁਖੀ ਨੂੰ, ਜੋ ਇਨਕਲਾਬੀ ਕਵੀ ਵੀ ਸੀ, ਕੈਮਲਪੁਰ ਕਸਬੇ ਵਿਚ ਤਰਖਾਣੇ ਦੀ ਦੁਕਾਨ ਪਾ ਦਿੱਤੀ, ਜੋ ਮੂੰਹ ਸਿਰ ਮੁਨਾਕੇ ਛਾਛੀ ਲਿਬਾਸ ਵਿਚ ਇਨਾਇਤ ਖ਼ਾਂ ਦੇ ਨਾਂ ਹੇਠ ਮੰਜੇ ਪੀੜ੍ਹੇ ਠੋਕਣ ਤੇ ਘਰਾਂ ਦੀਆਂ ਲੋੜਾਂ ਲਈ ਲੱਕੜੀ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾ ਕੇ ਵੇਚਣ ਲੱਗ ਪਿਆ। ਇਸ ਤਰ੍ਹਾਂ ਇਕ ਤਾਂ ਉਸ ਦਾ ਖ਼ਰਚ ਨਿਕਲ ਆਉਂਦਾ ਤੇ ਦੂਸਰੇ ਉਸ ਦਾ ਪੜਦਾ ਢੱਕਿਆ ਗਿਆ। ਉਹ ਸਵਤੰਤਤਰ ਦੀਆਂ ਚਿੱਠੀਆਂ ਤੇ ਲੇਖ ਸਾਡੇ ਲੁਕਵੇਂ ਸਿਰਨਾਵਿਆਂ ਉਤੇ ਭੇਜ ਦਿੰਦਾ ਤੇ ਅਸੀਂ ਆਪਣੀਆਂ ਉਸ ਦੇ ਲੁਕਵੇਂ ਸਿਰਨਾਵੇਂ ਤੇ। ਇਸ ਤਰ੍ਹਾਂ ਮੇਂ ਕੈਮਲਪੁਰ ਦੇ ਕੰਮ ਤੋਂ ਮੁਕਤ ਹੋ ਗਿਆ। ਹੁਣ ਮੈਂ ਸਰਹਦ ਨੂੰ ਜਾਣ ਜਾਂ ਆਉਂਣ ਲੱਗਾ ਸੁੱਖ ਸਾਂਦ ਲੈ ਜਾਂਦਾ, ਬਾਕੀ ਸਾਰਾ ਕੰਮ ਇਨਾਇਤ ਖ਼ਾਂ ਆਪ ਕਰਦਾ।

ਇਸ ਤਰ੍ਹਾਂ ਸਾਡਾ ਲੁਕਵੇਂ ਪਰਚੇ ਦਾ ਕੰਮ ਚਲਦਾ ਰਿਹਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •