Maan Da Ladla (Punjabi Story) : Bachint Kaur

ਮਾਂ ਦਾ ਲਾਡਲਾ (ਕਹਾਣੀ) : ਬਚਿੰਤ ਕੌਰ

“ਨੀ ਕੰਮੋ ਦੇਖ ਜ਼ਰਾ ਬਾਹਰ ਕੌਣ ਬਲਾਉਂਦੈ ਤੇਰੇ ਵੀਰ ਨੂੰ ?”

ਰੋਟੀ ਪਕਾਉਂਦੀ ਬਚਨੋ ਨੇ ਬਾਹਰਲੀ ਡਿਊਡੀ ਵਲ ਧਿਆਨ ਕਰਦਿਆਂ ਕਿਹਾ। ਕੰਮੋ ਭੱਜ ਕੇ ਬਾਹਰ ਗਈ ਤੇ ਝੱਟ ਕੁ ਮਗਰੋਂ ਹੀ ਆ ਕੇ ਬੋਲੀ, “ਬੇਬੇ ਬਾਹਰ ਤਾਂ ਕੋਈ ਨਹੀਂ।”

“ਚਲਾ ਗਿਆ ਹੋਊ ਕੋਈ ਬਾਹਰੋਂ ਵਾਜ ਤਾਂ ਆਈ ਸੀ ਕਿਸੇ ਨਿਆਣੇ ਦੀ।”

ਬੇਬੇ, ਜਿੱਦਣ ਦਾ ਜੀਤ ਗਿਆ, ਆਪਣੇ ਘਰ ਤਾਂ ਕੋਈ ਨਿਕਾ ਨਿਆਣਾ ਵੀ ਨਹੀਂ ਵੜਿਆ।
ਘਰ ਵਿਚ ਭੋਰਾ ਰੌਣਕ ਨਹੀਂ ਰਹੀ।
ਮੇਰਾ ਤਾਂ ਜਰਾ ਵੀ ਜੀਅ ਨਹੀਂ ਲਗਦਾ ਜੀਤੇ ਬਿਨਾ।

ਹਾਂ ਕੰਮੋ ਭਾਵੇਂ ਜੀਤਾ ਸਾਰਾ ਦਿਨ ਖਪਾਉਂਦਾ ਰਹਿੰਦਾ ਸੀ ਪਰ ਉਸ ਨਾਲ ਘਰ ਭਰਿਆ ਭਰਿਆ ਲਗਦਾ ਸੀ।

ਬੇਬੇ ਜਦੋਂ ਉਹ ਘਰ ਹੁੰਦਾ ਕੋਈ ਨਾ ਕੋਈ ਨਿਆਣਾ ਉਸ ਦੇ ਅਗੇ ਪਿਛੇ ਫਿਰਦਾ ਹੀ ਰਹਿੰਦਾ।

ਆਹੋ ਸਾਰੀ ਬੀਹੀ ਦੇ ਨਿਆਣਿਆਂ ਦਾ ਸਰਦਾਰ ਜੋ ਸੀ।

ਬਚਨੋ ਭਰੇ ਹੋਏ ਗਲੇ ਨੂੰ ਕੰਮ ਕੋਲੋਂ ਲੁਕਾਉਂਦੀ ਹੋਈ, ਕੰਮੋ ਦੀ ਗਲ ਦਾ ਉਤਰ ਦੇ ਰਹੀ ਸੀ।

ਬੇਬੇ ਖਾ—ਮਖਾ ਬਾਪੂ ਜੀ ਨੇ, ਉਸ ਨੂੰ ਬੱਚਾ ਪੱਲਟਣ ਵਿਚ ਭਰਤੀ ਕਰਵਾ ਦਿੱਤਾ। ਬਾਪੂ ਵੀ ਸੈਣੀਆਂ ਦੇ ਬੁੜੇ ਦੀ ਐਵੇਂ ਗੱਲ ਮੰਨ ਲੈਂਦਾ ਹੈ। ਬਾਪੂ ਹੋਰ ਕੀ ਕਰਦਾ ਉਹ ਜੋ ਰੋਜ਼ ਰੋਜ਼ ਲੋਕਾਂ ਦੇ ਅਲ੍ਹਾਂਭੇ ਲਿਆਉਂਦਾ ਸੀ। ਪੜ੍ਹਨਾ ਲਿਖਣਾ ਤਾਂ ਉਸ ਨੂੰ ਜਮਾਂ ਈ ਚੰਗਾ ਨਹੀਂ ਸੀ ਲਗਦਾ ਖਬਰੇ ਕੀ ਮਾਰ ਵਗ ਗਈ ਸੀ। ਭੇਜੋ ਸਕੂਲੇ ਉਹ ਬੇਰੀਆਂ ਹੇਠਾਂ ਬੈਠ ਕੇ ਰੋਟੀਆਂ ਖਾਹ, ਦੁਪਹਿਰਾਂ ਨੂੰ ਘਰ ਆ ਵੜਦਾ ਜਿਵੇਂ ਤੈਨੂੰ ਪਤਾ ਹੀ ਨਹੀਂ ਉਸ ਦੇ ਚਾਲਿਆਂ ਦਾ। ਕੰਮੋ ਤੇ ਬਚਨੋ ਦੋਵੇਂ, ਮਾਂ ਧੀ ਜੀਤੇ ਨੂੰ ਸਾਰਾ ਸਾਰਾ ਦਿਨ ਯਾਦ ਕਰਦੀਆਂ ਰਹਿੰਦੀਆਂ।

ਹੁਣ ਬਚਨੋ ਨੇ ਕੰਮੋ ਤੋਂ ਚੋਰੀ ਚੋਰੀ ਆਪਣੇ ਸਾਰੇ ਅਥਰੂ ਆਪਣੀ ਖਦਰ ਦੀ ਚੁੰਨੀ ਦੇ ਲੜ ਬੰਨ੍ਹ ਲਏ ਸਨ। ਦਿਲ ਹੀ ਦਿਲ ਜੀਤੋ ਦੀ ਮਮਤਾ ਜਿਵੇਂ ਉਸ ਦੇ ਅੰਦਰੋਂ ਰੁੱਗ ਭਰ ਭਰ, ਉਸ ਦੇ ਕਾਲਜੇ ਵਿਚੋਂ ਕੁਝ ਕੱਢ ਰਹੀ ਸੀ। ਉਸ ਨੂੰ ਤਾਂ ਸਮਝ ਹੀ ਨਹੀਂ ਸੀ ਆ ਰਹੀ ਕਿ ਉਸ ਨੂੰ ਹੋ ਕੀ ਰਿਹਾ ਹੈ। ਉਸ ਦਾ ਕੀ ਦੁਖਦਾ ਹੈ। ਉਸਦੇ ਕਾਲ੍ਹਜੇ ਵਿਚ ਕੁਝ ਹੋ ਜ਼ਰੂਰ ਰਿਹਾ ਸੀ। ਜਿਸ ਨੂੰ ਉਹ ਲਫ਼ਜ਼ਾਂ ਰਾਹੀਂ ਕਿਸੇ ਨੂੰ ਨਹੀਂ ਸੀ ਦਸ ਸਕਦੀ।

ਰੋਟੀ ਦਾ ਆਖ਼ਰੀ ਪੇੜਾ ਜਿਵੇਂ ਉਸ ਨੇ ਵੇਲ ਕੇ ਮਸਾਂ ਹੀ ਤਵੇ ਉਤੇ ਪਾਇਆ ਸੀ। ਫੇਰ ਆਟੇ ਨਾਲ ਲਿਬੜੇ ਲਿਬੜਾਏ ਹੱਥ ਲੈ ਕੇ ਉਹ ਅੰਦਰ, ਨੀਰੇ ਵਾਲੀ ਕੋਠੜੀ ਵਿਚ ਚਲੀ ਗਈ। ਉਸ ਦੇ ਕੰਨੀ ਉਹ ਪਹਿਲਾਂ ਵਾਲੀ ਅਵਾਜ਼ ਫੇਰ ਸੁਣਾਈ ਪਈ। ਤੇ ਉਹ ਭੱਜਦੀ ਹੋਈ ਬੂਹੇ ਵਲ ਵਧੀ। ਬੂਹਾ ਖੋਲਿਆ, ਬਾਹਰ ਤਾਂ ਕੋਈ ਵੀ ਨਹੀਂ ਸੀ। ਹੁਣ ਕੰਮੋ ਨੂੰ ਉਸ ਨੇ ਬਾਮ੍ਹਣਾ ਦੀ ਕੁੜੀ ਜਸੋਧਾਂ ਕੋਲ ਦਸੂਤੀ ਦੀ ਕਢਾਈ ਦਾ ਨਮੂਨਾ ਚਾਦਰ ਤੇ ਉਤਾਰਨ ਲਈ ਪਿਛਲੀ ਬੀਹੀ ਵਿਚ ਭੇਜ ਦਿੱਤਾ। ਤਾਂ ਕਿ ਉਹ ਇਕੱਲੀ ਅੰਦਰ ਜਾ, ਰੱਜ ਕੇ ਰੋ ਲਵੇ।

ਜਿੱਦਣ ਦਾ ਜੀਤਾ ਬੱਚਾ ਪਲਟਣ ਵਿਚ ਭਰਤੀ ਕਰਵਾਇਆ ਸੀ। ਬਚਨੋ ਅਕਸਰ ਆਪਣਾ ਦਿਲ ਹੌਲਾ ਕਰਨ ਲਈ ਆਨੀ ਬਹਾਨੀ ਇਕਲੀ ਬੈਠ, ਹੰਝੂ ਕੇਰਦੀ ਰਹਿੰਦੀ। ਜੀਤੇ ਦੇ ਬਾਪੂ ਨੇ ਤਾਂ ਪਹਿਲਾਂ ਹੀ ਬਚਨੋ ਨੂੰ ਕਹਿ ਦਿੱਤਾ ਸੀ ਕਿ "ਜਾਂ—ਤੇਰਾ ਇਹ ਨਲੈਕ ਪੁਤ ਘਰ ਵਿਚ ਜਾਂ ਮੈਂ। ਜਿਸਨੂੰ ਮਰਜ਼ੀ ਏ ਘਰ ਵਿਚ ਰਖ ਲੈ। ਮੈਂ ਰੋਜ਼ ਰੋਜ਼ ਇਸ ਦੀਆਂ ਬਦਮਾਸ਼ੀਆਂ ਹਥੋਂ ਬਹੁਤ ਤੰਗ ਆ ਗਿਆ ਹਾਂ। ਨਵੇਂ ਤੋਂ ਨਵਾਂ ਅਲ੍ਹਾਂਭਾ, ਹਰ ਰੋਜ਼ ਕਿਸੇ ਨਾ ਕਿਸੇ ਨਾਲ ਮਾਰ ਕੁਟਾਈ। ਘਰੋਂ ਆਨੀ ਬਹਾਨੀ ਪੈਸੇ ਲੈਣੇ ਤੇ ਸਕੂਲੋਂ ਆਏ ਤੀਏ ਦਿਨ ਗੈਰ ਹਾਜ਼ਰੀ। ਮੈਥੋਂ ਇਸ ਨਾਲ ਰੋਜ਼ ਦਿਹਾੜੀ ਸਿਰ ਖਪਾਈ ਨਹੀਂ ਹੁੰਦੀ। ਨਾ ਹੀ ਇਸ ਤੋਂ ਸਿਨਮਾ ਦੇਖਣ ਲਈ ਰੁਪੈ ਚੋਰੀ ਕਰਵਾਏ ਜਾਂਦੇ ਹਨ। ਸੀਰੀਆਂ ਦੇ ਪੁੱਤਾਂ ਨੂੰ ਸਨੀਮਿਆਂ ਨਾਲ ਭਲਾ ਕੀ ? ਗਾੜੇ ਪਸੀਨੇ ਦੀ ਕਮਾਈ ਇਹ ਭੰਗ ਦੇ ਭਾੜੇ ਗਵਾਈ ਜਾਂਦੈ। ਬਚਨੋ ਤੈਨੂੰ ਆਖਰੀ ਇਕੋ ਗੱਲ ਕਹਿੰਦਾ ਹਾਂ। ਜੇ ਲੰਬੜਾਂ ਦੇ ਬੁੜੇ ਨੇ ਕਹੀ ਹੈ ਮੈਨੂੰ ਕਿ ਇਸ ਨੂੰ ਬੱਚਾ ਪਲਟਣ ਵਿਚ ਭਰਤੀ ਕਰਵਾ ਦੇਈਏ। ਨਹੀਂ ਮੈਂ ਇਸ ਹਥੋਂ ਤੰਗ ਆ ਕਿ ਕਿਸੇ ਖੂਹ ਖਾਤੇ ਵਿਚ ਛਾਲ ਮਾਰ ਦਿਆਂਗਾ।”

ਬਿਸ਼ਨੇ ਦੇ ਆਖਰੀ ਬੋਲਾਂ ਨੇ ਬਚਨੋ ਦੇ ਲੂੰ ਕੰਢੇ ਖੜੇ ਕਰ ਦਿਤੇ। ਤੇ ਉਸ ਨੂੰ ਆਪਣੇ ਪਤੀ ਦੇ ਫੈਸਲੇ ਨਾਲ ਸਹਿਮਤ ਹੋਣਾ ਹੀ ਪਿਆ। ਸੋ ਜੀਤੇ ਨੂੰ ਬੱਚਾ ਪਲਟਣ ਵਿਚ ਭਰਤੀ ਕਰਵਾ ਰੁੜਕੀ ਭੇਜ ਦਿੱਤਾ ਗਿਆ।

ਘਰੋਂ ਗਿਆ ਤਾਂ ਅਜੇ ਜੀਤੇ ਨੂੰ ਮਸਾਂ ਇਕ ਸਾਤਾ ਹੀ ਹੋਇਆ ਸੀ। ਪਰ ਬਚਨੋ ਦੀ ਨੀਂਦ ਤਾਂ ਉਸੇ ਦਿਨ ਤੋਂ ਹਰਾਮ ਹੋ ਗਈ ਸੀ ਜਿਸ ਦਿਨ ਉਸ ਨੇ ਆਪਣੇ ਸਖ਼ਤ ਸੁਭਾ ਦੇ ਪਤੀ ਦੀ ਹਾਂ ਵਿਚ ਹਾਂ ਮਿਲਾਈ ਸੀ।

ਹੁਣ ਉਹ ਅੱਧੀ ਅੱਧੀ ਰਾਤ ਤਕ, ਤਾਰੇ ਗਿਣਤੀ ਰਹਿੰਦੀ। ਤੇ ਫੇਰ ਆਪਣੇ ਪਤੀ ਬਿਸ਼ਨੇ ਦੇ ਮੰਜੇ ਵਲ ਨਿਗਾਹ ਮਾਰਦੀ ਤੇ ਧਿਆਨ ਨਾਲ ਉਸ ਦੇ ਘੁਰਾੜੇ ਸੁਣਦੀ। ਜਦ ਉਹ ਗੂੜੀ ਨੀਂਦ ਵਿਚ ਹੁੰਦਾ ਤਾਂ ਉਹ ਹੌਲੀ ਜਿਹੀ ਆਪਣੇ ਮੰਜੇ ਤੋਂ ਉਠਦੀ ਤੇ ਚੁਪਕੇ ਜਿਹੇ ਆਪਣੇ ਤੇਰਾਂ ਚੌਦਾਂ ਵਰਿ੍ਹਆਂ ਦੇ ਪੁੱਤ ਜੀਤੇ ਨਾਲ ਜਾ ਸਾਉਂਦੀ।

ਜੀਤਾ ਵੀ ਸਾਰਾ ਦਿਨ ਦੇ ਔਖੱਲ—ਬੱਤੇ ਕੰਮਾਂ ਤੋਂ ਥੱਕ ਟੁੱਟ ਕੇ ਘੂਕ ਸੁੱਤਾ ਪਿਆ ਹੁੰਦਾ। ਬਚਨੋ ਚੁਪਕੇ ਜਿਹੇ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਲੈਂਦੀ। ਉਹਦਾ ਜੀ ਮਮਤਾ ਨਾਲ ਭਰਿਆ ਕਿਸੇ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਲਹਿਰਾਂ ਮਾਰਨ ਲਗਦਾ। ਉਹ ਆਪ ਮੁਹਾਰੀ ਬੋਲ ਉਠਦੀ। ਜੀਤਿਆਂ ਨੂੰ ਭਾਵੇਂ ਕਿੰਨਾ ਵੀ ਤਪਾਉਂਦਾ ਏ ਮੈਨੂੰ ਪਰ ਮੇਰੇ ਦਿਲ ਵਿਚ ਤੇਰੇ ਲਈ ਬਹੁਤ ਮੋਹ ਹੈ। ਮਾਂ ਜੋ ਹੋਈ ਤੇਰੀ।

ਫੇਰ ਬਚਨੋ ਦੇ ਚੌੜੇ ਤੇ ਵਿਸ਼ਾਲ ਹਿਰਦੇ ਵਿਚੋਂ ਜੀਤੇ ਦੇ ਪਿਆਰ ਲਈ ਮਮਤਾ ਫੁੱਟ ਫੁੱਟ ਰੋਣ ਲਗ ਪੈਂਦੀ।

ਉਹ ਹੌਲੀ ਜਿਹੀ ਪਾਸਾ ਪਰਤ ਜੀਤੇ ਵਲੋਂ ਮੂੰਹ ਦੂਜੀ ਬਾਹੀ ਵਲ ਕਰ, ਹੌਲੀ ਜਿਹੀ ਆਪਣੀ ਚੁੰਨੀ ਨਾਲ ਪਲਕਾਂ ਵਿਚੋਂ ਗਿਰਦੇ ਹੰਝੂ ਪੂੰਝਦੀ। ਤੇ ਤੜਕਸਾਰ ਜਦੋਂ ਸ਼ਿਵ ਦੁਆਲੇ ਵਿਚ ਪੰਡਤ ਸ਼ੰਖ ਬਜਾਉਂਦਾ, ਖੜਤਾਲ ਖੜਕਾਉਂਦਾ ਤਾਂ ਬਚਨੋ ਜੀਤੇ ਨਾਲੋਂ ਉਠ ਕੇ ਆਪਣੇ ਮੰਜੇ ਉਤੇ ਇਉਂ ਲੇਟ ਜਾਂਦੀ ਜਿਵੇਂ ਸਿਰ ਉਤੇ ਆਏ ਸੂਰਜ ਦੀ ਉਸ ਨੂੰ ਭੋਰਾ ਸੁੱਧ ਹੀ ਨਾ ਹੋਵੇ।

ਕਿੰਨੀਆਂ ਹੀ ਰਾਤਾਂ ਜੀਤੇ ਦੇ ਭਰਤੀ ਹੋਣ ਤੋਂ ਪਹਿਲਾਂ ਬਚਨੋ ਨੇ ਇਸੇ ਤਰ੍ਹਾਂ ਲੰਘਾਈਆਂ ਸਨ। ਉਨ੍ਹਾਂ ਵਿਚੋਂ ਇਕ ਰਾਤ ਤਾਂ ਬਚਨੋ ਲੱਖ ਜਤਨ ਕਰਨ ਤੇ ਵੀ ਨਹੀਂ ਸੀ ਭੁੱਲਦੀ। ਪੂਰਨਮਾਸ਼ੀ ਦੀ ਉਹ ਰਾਤ ਜਦ ਚੰਨ ਦੀ ਚਾਨਣੀ ਆਪਣੇ ਪੂਰੇ ਜੋਬਨ ਵਿਚ ਖਿੜੀ ਹੋਈ ਸੀ। ਵੇਲਾ ਅੱਧੀ ਰਾਤ ਤੋਂ ਉਤੇ ਹੋ ਚੁਕਿਆ ਸੀ। ਬਚਨੋ ਨੇ ਏਧਰ ਓਧਰ, ਬੀਹੀ ਵਿਚ ਡੱਹੇ ਮੰਜਿਆਂ ਉਤੇ ਇਕ ਸਰਸਰੀ ਜਿਹੀ ਨਿਗਾ ਮਾਰੀ। ਸਾਰਾ ਆਂਢ—ਗੁਆਂਢ ਘੂਕ ਸੁੱਤਾ ਪਿਆ ਸੀ। ਬਸ ਜਾਗ ਰਹੇ ਸਨ ਇਹ ਦੋਵੇਂ ਚੰਨ ਚਾਨਣੀ ਰਾਤ ਤੇ ਬਚਨੋ।

ਉਸ ਰਾਤ ਜੀਤੇ ਦੇ ਜਾਣ ਵਿਚ ਅਜੇ ਤਿੰਨ ਦਿਨ ਤੇ ਦੋ ਰਾਤਾਂ ਬਾਕੀ ਸਨ। ਸਿਰਫ਼ ਦੋ ਰਾਤਾਂ ਹੋਰ ਬਚਨੋ ਜੀਤੇ ਨਾਲ ਸੌਂ ਸਕਦੀ ਸੀ।

ਇਹ ਸੋਚਦੀ ਹੋਈ ਬਚਨੋ ਪੋਲੇ ਜਿਹੇ ਆਪਣੇ ਮੰਜੇ ਤੋਂ ਉਠੀ ਤੇ ਝੱਟ ਜੀਤੇ ਨਾਲ ਜਾ ਕੇ ਲੇਟ ਗਈ। ਪਰ ਜਿਉਂ ਹੀ ਉਹ ਪਤੀ ਤੋਂ ਡਰਦੀ ਜੀਤੇ ਦੇ ਮੰਜੇ ਉਤੇ ਗਈ, ਜੀਤੇ ਦੇ ਮੂੰਹੋੋਂ ਉਭੜਵਾਹੇ ਨਿਕਲ ਗਿਆ। ਚੋਰ...ਚੋ...ਚੋ...ਝੱਟ ਬਚਨੋ ਉਠ ਕੇ ਬੈਠਦੀ ਹੋਈ ਬੋਲੀ, “ਚੋਰ ਨਹੀਂ ਪੁੱਤ ਮੈਂ ਹਾਂ ਤੇਰੀ ਬੇਬੇ।”

“ਬੇਬੇ ਤੂੰ ਸੁੱਤੀ ਨਹੀਂ ਅਜੇ ?”

ਜੀਤੇ ਦੀ ਅਵਾਜ਼ ਸੁਣ ਕੇ ਕੋਲ ਪਈ ਕੰਮੋ ਵੀ ਉਠ ਪਈ ਪਰ ਬਚਨੋ ਨੇ ਇਹ ਕਹਿਕੇ ਝੱਟ ਕੰਮੋ ਤੇ ਜੀਤੇ ਨੂੰ ਸੁਲਾ ਦਿੱਤਾ। “ਸੌਂ ਜਾਓ ਪੁੱਤ ਅਜੇ ਸਵੇਰ ਨਹੀਂ ਹੋਈ।” ਤੇ ਆਪ ਉਹ ਫੇਰ ਹੌਲੀ ਜਿਹੀ ਜੀਤੇ ਨਾਲ ਜਾ ਲੇਟੀ।

ਅੱਜ ਜੀਤੇ ਨੂੰ ਪਹਿਲੀ ਵਾਰ ਪਤਾ ਲਗਿਆ ਸੀ ਕਿ ਉਸ ਦੀ ਮਾਂ ਉਸ ਨਾਲ ਰੋਜ਼ ਰਾਤ ਨੂੰ ਚੋਰੀ ਚੋਰੀ ਆਪਣੇ ਮੰਜੇ ਤੋਂ ਉੱਠ ਕੇ ਸਾਊਂਦੀ ਹੈ। ਜੀਤੇ ਨੇ ਮਾਂ ਦੀਆਂ ਅੱਖਾਂ ਵਿਚ ਭਰੇ ਹੰਝੂਆਂ ਨੂੰ ਮਹਿਸੂਸ ਕਰਦਿਆਂ ਸਭ ਸਮਝ ਲਿਆ ਸੀ ਕਿ ਉਹ ਕਿਉਂ ਰੋਂਦੀ ਹੈ। ਤਾਂਹੀਓਂ ਉਸ ਨੇ ਵੀ ਘੁੱਟ ਕੇ ਆਪਣੀ ਮਾਂ ਨੂੰ ਜਫੀ ਪਾ ਲਈ। ਫਿਰ ਕਿੰਨਾ ਹੀ ਚਿਰ ਬਚਨੋ, ਜੀਤੇ ਦੀਆਂ ਗਲ੍ਹਾਂ ਨਾਲ ਮੂੰਹ ਲਾ ਕੇ ਉਨ੍ਹਾਂ ਉਤੇ ਕੋਸੇ ਕੋਸੇ ਹੰਝੂ ਵਹਾਉਂਦੀ ਰਹੀ ਸੀ।

ਬੁੱਧ, ਬੁੱਧ ਜੀਤੇ ਨੂੰ ਗਿਆਂ ਅੱਜ ਪੂਰੇ ਅੱਠ ਦਿਨ ਹੋ ਗਏ ਸਨ। ਜਿੱਦਣ ਦਾ ਜੀਤਾ ਗਿਆ ਸੀ। ਬਚਨੋ ਰੋਜ਼ ਰਾਤ ਦੇ ਪਹਿਲੇ ਪਹਿਰ ਬਾਂਹੀ ਉਤੇ ਮੂੰਹ ਰਖ ਇਕ ਵਾਰ ਤਾਂ ਜ਼ਰੂਰ ਰੋਂਦੀ ਸੀ। ਪਰ ਆਪਣੇ ਦੁਖ ਨੂੰ ਕਿਸੇ ਕੋਲ ਜ਼ਾਹਰ ਨਹੀਂ ਸੀ ਹੋਣ ਦਿੰਦੀ।

ਕਿਸ ਨੂੰ ਦਸੇ ? ਕੰਮੋ ਸਾਹਮਣੇ ਉਹ ਤਾਂ ਨਹੀਂ ਸੀ ਰੋਂਦੀ ਕਿ ਉਹ ਵੀ ਆਪਣੇ ਵੀਰ ਦੀ ਯਾਦ ਵਿਚ ਰੋ ਪਊਗੀ। ਤੇ ਆਪਣੇ ਪਤੀ ਬਿਸ਼ਨੇ ਅਗੇ ਤਾਂ ਅੱਖ ਗਿੱਲੀ ਕਰਨ ਦਾ ਸਵਾਲ ਹੀ ਨਹੀਂ ਸੀ। ਉਸ ਕੋਲੋਂ ਤਾਂ ਉਹ ਹਮੇਸ਼ਾਂ ਡਬ—ਡਬਾਈਆਂ ਅੱਖਾਂ ਵਿਚ ਵਹਿੰਦੇ ਹੰਝੂਆਂ ਨੂੰ ਲੁਕਾਉਂਦੀ ਰਹਿੰਦੀ ਕਿਉਂਕਿ ਉਸ ਨੂੰ ਮਾਂ ਦੇ ਦਿਲ ਦਾ ਕੀ ਪਤਾ, ਉਹ ਤਾਂ ਇਕ ਪਿਓ ਸੀ। ਉਹ ਵੀ ਪੱਥਰ ਦਿਲ ਪਿਓ ਜੋ ਨਾ ਕਦੇ ਕਿਸੇ ਲਈ ਪਿਘਲਿਆ ਸੀ ਨਾ ਪਿਲਘਣ ਦੀ ਆਸ ਹੀ ਸੀ। ਉਸ ਦੇ ਐਨੇ ਸਖ਼ਤ ਸੁਭਾ ਕਰਕੇ ਹੀ ਤਾਂ ਜੀਤਾ ਬਿਗੜਿਆ ਸੀ।

ਬਿਸ਼ਨਾ, ਜੀਤੇ ਦੇ ਬਿਘੜਨ ਦਾ ਸਾਰਾ ਦੋਸ਼ ਹਮੇਸ਼ਾਂ ਉਸ ਦੀ ਮਾਂ ਬਚਨੋ ਤੇ ਹੀ ਲਾਉਂਦਾ। ਜਦੋਂ ਵੀ ਜੀਤਾ ਕੋਈ ਪੁੱਠੀ ਸਿੱਧੀ ਇੱਲਤ ਕਰਦਾ ਤਾਂ ਬਿਸ਼ਨਾ ਜੀਤੇ ਨੂੰ ਧੌੜੀ ਦੀ ਜੁੱਤੀ ਨਾਲ ਕੁਟਦਾ ਤੇ ਪਿਛੋਂ ਇਹ ਗੱਲ ਜ਼ਰੂਰ ਕਹਿੰਦਾ, “ਬਚਨੀਏ ਤੈ ਏਸ ਕੁੱਤੇ ਨੂੰ ਸਿਰ ਚੜਾ ਰਖਿਆ ਹੈ। ਤੇਰੇ ਲਾਡਾਂ ਨੇ ਪਟਿਆ ਏਸ ਨੂੰ।” ਉਸ ਨੇ ਜੀਤੇ ਦੇ ਜਾਣ ਸਮੇਂ ਸਾਫ਼ ਬਚਨੋ ਨੂੰ ਕਹਿ ਦਿੱਤਾ ਸੀ। ਮਰਜ਼ੀ ਹੈ ਭਰਤੀ ਕਰਵਾ ਮਰਜ਼ੀ ਹੈ ਨਾ ਪਰ ਪਿਛੋਂ ਅੱਖਾਂ ਵਿਚ ਘਸੁੰਨ ਦੇ ਦੇ ਰੋਈ, ਮੈਥੋਂ ਬੁਰਾ ਕੋਈ ਨਹੀਂ ਹੋਣਾ।”

ਏਸੇ ਗਲੋਂ ਡਰਦੀ ਉਹ ਬਿਸ਼ਨੇ ਅਗੇ ਜੀਤੇ ਦੀ ਕੋਈ ਗੱਲ ਵੀ ਨਹੀਂ ਸੀ ਛੇੜਦੀ। ਰੋਣਾ ਤਾਂ ਇਕ ਪਾਸੇ ਰਿਹਾ। ਹੁਣ ਜਦੋਂ ਵੀ ਉਹ ਗਲ੍ਹੀ ਵਿਚ ਜੀਤੇ ਦੇ ਹਾਣੀਆਂ ਨੂੰ ਖੇਡਦਾ ਕੁੱਦਦਾ ਜਾਂ ਸਕੂਲ ਆਉਂਦੇ ਜਾਂਦੇ ਦੇਖਦੀ ਉਸ ਦਾ ਜੀਅ ਭਰ ਆਉਂਦਾ। ਉਹ ਹੱਥ ਦਾ ਕੰਮ ਵਿਚੇ ਛੱਡ ਦੂਰ ਤਕ ਜਾਂਦੇ ਨਿਆਣਿਆਂ ਵਲ ਦੇਖਦੀ ਰਹਿੰਦੀ। ਫੇਰ ਅੰਦਰਲੀ ਕੋਠੜੀ ਵਿਚ ਜਾ ਲੁਘ ਲੁਘ ਰੋਂਦੀ।

ਅੱਜ ਵੀ ਜਦੋਂ ਉਹ ਅੰਦਰਲੀ ਕੋਠੜੀ ਵਿਚ ਰੋ ਰਹੀ ਸੀ। ਉਸ ਨੂੰ ਬਾਹਰੋਂ ਫੇਰ ਜੀਤੇ ਦੀ ਉਹੀ ਅਵਾਜ਼ ਸੁਣਾਈ ਦਿੱਤੀ ਜੋ ਅਕਸਰ ਉਸ ਨੂੰ ਦਿਨ ’ਚ ਕਈ ਵਾਰ ਸੁਣਾਈ ਦਿੰਦੀ ਸੀ।

ਉਸ ਨੇ ਝੱਟ ਭੱਜ ਕੇ ਡਿਊੜੀ ਦਾ ਬੂਹਾ ਖੋਲਿਆ। ਬਾਹਰ ਤਾਂ ਸੱਚਮੁਚ ਕੋਈ ਵੀ ਨਹੀਂ ਸੀ। ਉਸ ਨੇ ਏਧਰ ਓਧਰ ਗਲ੍ਹੀ ਦੇ ਅੰਤ ਤਕ ਦੇਖਿਆ ਪਰ ਬੀਹੀ ਵਿਚ ਇਕ ਵੀ ਨਿਆਣਾ ਨਹੀਂ ਸੀ। ਪਤਾ ਨਹੀਂ ਇਹ ਨਿਆਣਿਆਂ ਦੀ ਅਵਾਜ਼ ਉਸ ਦੇ ਕੰਨੀਂ ਕਿਥੋਂ ਆ ਪੈਂਦੀ।

ਉਹ ਅੰਦਰ ਆ ਕੇ ਚੁਲ੍ਹੇ ਅਗੇ ਬੈਠ ਗਈ। ਐਨੇ ਵਿਚ ਕੰਮੋ ਵਾਪਸ ਮੁੜ ਆਈ। ਤੇ ਬੋਲੀ, “ਬੇਬੇ ਲਾਲ ਰੰਗ ਦੇ ਰੇਸ਼ਮ ਦੀ ਰੀਲ ਤਾਂ ਮੈਂ ਘਰ ਹੀ ਭੁੱਲ ਗਈ ਸੀ।” ਬਚਨੋ ਬਿਨਾਂ ਹਾਂ ਹੂੰ ਕੀਤਿਆਂ ਚੁਲ੍ਹੇ ਮੂਰੇ ਬੈਠੀ ਭਾਂਡੇ ਮਾਂਜਦੀ ਰਹੀ। ਕੰਮੋ ਨੇ ਰੀਲ ਅੰਦਰੋਂ ਲਿਆਉਂਦਿਆਂ ਮਾਂ ਦੀਆਂ ਅੱਖਾਂ ਵਿਚ ਝਾਕਣ ਦੀ ਕੋਸ਼ਿਸ਼ ਕੀਤੀ ਪਰ ਬਚਨੋ ਨੇ ਆਪਣੀਆਂ ਡਬ—ਡਬਾਈਆਂ ਅੱਖਾਂ ਨੂੰ ਕੰਮੋ ਕੋਲੋਂ ਲੁਕਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ। ਕੰਮੋ ਸਭ ਕੁਝ ਸਮਝ ਗਈ ਸੀ।

ਲਾਲ ਰੇਸ਼ਮ ਦੀ ਰੀਲ ਸੂਈ ਵਿਚ ਟੰਗਦੀ ਕੰਮੋ ਬੋਲੀ, “ਬੇਬੇ ਜੇ ਤੇਰਾ ਜੀਅ ਨਹੀਂ ਸੀ ਕਰਦਾ ਜੀਤੇ ਨੂੰ ਭੇਜਣ ਦਾ, ਤਾਂ ਤੂੰ ਬਾਪੂ ਨੂੰ ਸਾਫ਼ ਕਿਉਂ ਨਾ ਕਿਹਾ, ਕਿ ਅਸੀਂ ਨਹੀਂ ਜੀਤੇ ਨੂੰ ਬੱਚਾ—ਪਲਟਣ ਵਿਚ ਭਰਤੀ ਕਰਵਾਉਣਾ।”

“ਇਹ ਕਿਵੇਂ ਕਹਿ ਦਿੰਦੀ ਪੁੱਤ ਤੇਰੇ ਪਿਓ ਅਗੇ ਮੇਰੀ ਗਈ ਐ ਪੇਸ਼ ਕੋਈ। ਗੱਲ ਕਰਨ ਦੀ ਜੇ ਹਿੰਮਤ ਹੁੰਦੀ ਤਾਂ ਅੱਜ ਇਹ ਨੌਬਤ ਹੀ ਕਿਉਂ ਆਉਂਦੀ। ਮੇਰਾ ਤਾਂ ਡਰਦੀ ਦਾ ਸਾਹ ਨਹੀਂ ਨਿਕਲਦਾ ਉਸ ਦੇ ਅਗੇ। ਉਸ ਦੇ ਐਨੇ ਸਖ਼ਤ ਸੁਭਾ ਦਾ ਨਤੀਜਾ ਹੀ ਤਾਂ ਅੱਜ ਜੀਤਾ ਐਨਾ ਬਿਗੜਿਆ ਹੈ। ਹਦੋਂ ਵਧ ਸਖ਼ਤੀ ਬੰਦੇ ਨੂੰ ਬਿਗਾੜਦੀ ਹੈ ਧੀਏ ਤੇ ਪਿਆਰ ਉਸ ਨੂੰ ਸਵਾਰਦਾ ਹੈ।”

“ਪਰ ਸੱਚ ਤਾਂ ਇਹ ਹੈ ਬੇਬੇ ਕਿ ਹਦੋਂ ਵਧ ਪਿਆਰ ਵੀ ਬਹੁਤ ਮਾੜਾ ਹੁੰਦਾ ਹੈ। ਉਹ ਵੀ ਬੱਚੇ ਨੂੰ ਵਿਗਾੜਦਾ ਹੈ।”

ਕੰਮੋ ਹੁਣ ਆਪਣੀ ਬੇਬੇ ਬਚਨੋ ਨੂੰ ਸਮਝਾ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ, ਬਚਿੰਤ ਕੌਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •