Maan (Lekh) : Gurbakhsh Singh Preetlari

ਮਾਂ (ਲੇਖ) : ਗੁਰਬਖ਼ਸ਼ ਸਿੰਘ ਪ੍ਰੀਤਲੜੀ

ਜੇ ਕਿਤੇ ਇਕ ਜ਼ਿੰਦਗੀ ਦੂਜੀ ਕਿਸੇ ਜ਼ਿੰਦਗੀ ਵਿਚ ਜੀਵੀ ਜਾ ਸਕਦੀ ਹੈ, ਤਾਂ ਉਹਦਾ ਨਮੂਨਾ "ਮਾਂ" ਹੈ। ਬੱਚੇ ਦੀ ਸ਼ੁਹਰਤ ਅਛੂਤ ਹੋ ਗਈ ਹੈ, ਦੁਨੀਆਂ ਦੇ ਲੋਕਾਂ ਨੇ ਉਹਨੂੰ ਆਪਣੇ ਦਰਾਂ ਤੋਂ ਧ੍ਰਿਕਾਰ ਦਿਤਾ ਹੈ, ਤਾਂ ਭੀ ਮਾਂ, ਜੀਕਰ ਉਹ ਬੱਚੇ ਦੀ ਕਾਮਯਾਬੀ ਉਤੇ ਉਹਦੇ ਨਾਲੋਂ ਭੀ ਵਧੇਰੇ ਖ਼ੁਸ਼ ਹੁੰਦੀ ਸੀ, ਓਕਰ ਹੀ ਉਹਦੀ ਹਰ ਨਮੋਸ਼ੀ ਨੂੰ ਉਹਦੇ ਨਾਲੋਂ ਭੀ ਬਹੁਤਾ ਅਪਣਾਨ ਵਿਚ ਆਪਣੀ ਤਸੱਲੀ ਲਭਦੀ ਹੈ।

ਪਰ ਆਮ ਤੌਰ ਤੇ ਬਚਿਆਂ ਨੂੰ ਮਾਂ-ਪਿਆਰ ਦੀ ਮਹਾਨਤਾ ਦਾ ਪੂਰਾ ਪਤਾ ਓਦੋਂ ਹੀ ਲਗਦਾ ਹੈ, ਜਦੋਂ ਇਹ ਮਹਾਨ ਪਿਆਰ ਉਹਨਾਂ ਕੋਲੋਂ ਹਮੇਸ਼ਾਂ ਲਈ ਖੁਸ ਜਾਂਦਾ ਹੈ; ਜਦੋਂ ਉਹ ਆਪਣੀ ਮਾਂ ਨੂੰ ਆਪਣੀ ਪ੍ਰਸੰਸਾ ਦਸਣ ਦੀ ਖ਼ੁਸ਼ੀ ਜਾਂ ਮੌਕਾ ਗੁਆ ਚੁਕਦੇ ਹਨ।

ਬੱਚਿਆਂ ਦੇ ਖਰ੍ਹਵਿਆਂ ਰਾਹਾਂ ਰਸਤਿਆਂ ਉਤੇ ਮਾਂ ਆਪਣੇ ਲਾਸਾਨੀ ਪਿਆਰ ਦੇ ਫੁਲ ਬੁੱਕਾਂ ਮੂੰਹੀਂ ਖਲਾਰਦੀ ਰਹਿੰਦੀ ਹੈ, ਇਹਨਾਂ ਫੁੱਲਾਂ ਨਾਲ ਪਧਰਾਏ ਅਡੋ ਖੋੜੇ ਰਸਤਿਆਂ ਉਤੋਂ ਬੱਚੇ ਬੇਖ਼ੌਫ ਲੰਘਦੇ ਰਹਿੰਦੇ ਹਨ, ਏਸ ਗਲੋਂ ਬਿਲਕੁਲ ਬੇਪਤਾ ਕਿ ਕਿੰਨੀਆਂ ਮਚਕੋੜਾਂ ਤੋਂ ਇਹਨਾਂ ਫੁਲਾਂ ਦੀਆਂ ਮੋਟੀਆਂ ਤੈਹਾਂ ਨੇ ਉਹਨਾਂ ਨੂੰ ਬਚਾ ਕੇ ਰਖਿਆ ਹੈ।

ਹਾਦਸਿਆਂ ਭਰੀ ਜ਼ਿੰਦਗੀ ਦੀ ਫਿਲਮ ਛਪਾ ਛਪ ਤੁਰਦੀ ਜਾਂਦੀ ਹੈ, ਤੇ ਮਾਂ ਦਾ ਪਿਆਰ ਮੱਧਮ ਮਿੱਠਾ ਸੰਗੀਤ ਬਣ ਕੇ ਇਹਦੇ ਨਾਲ ਤਾਲ ਦੇਂਦਾ ਰਹਿੰਦਾ ਹੈ। ਇਸ ਤਾਲ ਦਾ ਜ਼ਿੰਦਗੀ ਦੀ ਸੁਖਾਲੀ ਰਵਾਨੀ ਨਾਲ ਕੀ ਸੰਬੰਧ ਹੈ, ਇਹਦਾ ਗਿਆਨ ਓਦੋਂ ਹੀ ਹੁੰਦਾ ਹੈ, ਜਦੋਂ ਇਹ ਤਾਲ ਟੁੱਟ ਜਾਂਦਾ ਹੈ, ਤੇ ਜ਼ਿੰਦਗੀ ਦੀ ਫ਼ਿਲਮ ਖ਼ੁਸ਼ਕ ਹੁੰਦੀਆਂ ਜਾਂਦੀਆਂ ਗਰਾਰੀਆਂ ਉਤੇ ਖੜਖੜਾਂਦੀ ਤੁਰਦੀ ਹੈ।
ਦੁਨੀਆਂ ਦੇ ਵਡੇ ਆਦਮੀ, ਐਬਰਾਹਮ ਲਿੰਕਨ, ਟੈਗੋਰ, ਬਰਨਾਰਡ ਸ਼ਾਅ ਤੇ ਅਨੇਕਾਂ ਹੋਰ ਆਪਣੀਆਂ ਮਾਵਾਂ ਨੂੰ ਲਿੰਕਨ ਦੇ ਲਫ਼ਜ਼ਾਂ ਵਿਚ ਯਾਦ ਕਰਦੇ ਹਨ:

"ਜੋ ਕੁਝ ਮੈਂ ਹਾਂ, ਜਾਂ ਹੋਣ ਦੀ ਆਸ ਰਖਦਾ ਹਾਂ, ਆਪਣੀ ਫ਼ਰਿਸ਼ਤਿਆਂ ਵਰਗੀ ਮਾਂ ਦਾ ਸਦਕਾ ਹਾਂ।"

ਸ਼ੁਰੂ ਉਮਰ ਵਿਚ ਹਰ ਬੱਚੇ ਨੂੰ ਆਪਣੇ ਏਸ ਖ਼ਜ਼ਾਨੇ ਦਾ ਅਚੇਤ ਜਿਹਾ ਅਹਿਸਾਸ ਹੁੰਦਾ ਹੈ। ਉਹ ਆਪਣੀ ਮਾਂ ਦੇ ਬਰਾਬਰ ਨਾ ਕਿਸੇ ਮਨੁਖ ਤੇ ਨਾ ਕਿਸੇ ਰਬ ਨੂੰ ਸੋਚ ਸਕਦਾ ਹੈ। ਉਹ ਆਪਣੀ ਮਾਂ ਦਾ ਨਿਰਾ ਦੁਧ ਹੀ ਨਹੀਂ ਪੀਂਦਾ, ਉਹਦੇ ਦਿਲ ਦੇ ਲਹੂ ਨੂੰ ਕਈ ਤ੍ਰੀਕਿਆਂ ਨਾਲ ਆਪਣੀ ਜਾਨ ਦਾ ਹਿੱਸਾ ਬਣਾਂਦਾ ਹੈ।

ਪਰ ਬਚਪਨ ਦੇ ਬਾਦ ਇਕ ਜ਼ਮਾਨਾ ਆ ਜਾਂਦਾ ਹੈ, ਜਦੋਂ ਮਾਂ ਦੇ ਦਿਲ ਦੇ ਲਹੂ ਦੀ ਮਨੁਖਾਂ ਨੂੰ ਲੋੜ ਨਹੀਂ ਰਹਿੰਦੀ। ਮਾਂ ਦੀ ਜ਼ਿੰਦਗੀ ਤੋਂ ਬਾਹਰ ਉਹਨਾਂ ਦੀ ਜ਼ਿੰਦਗੀ ਦਾ ਤਾਣਾ ਦੂਰ ਨੇੜੇ ਤਣਿਆਂ ਜਾਂਦਾ ਹੈ। ਉਹਨਾਂ ਨੂੰ ਕਈ ਪਿਆਰ ਤੇ ਕਈ ਸਾਥ ਮਿਲਦੇ ਹਨ। ਕਾਮਯਾਬੀਆਂ ਤੇ ਸ਼ੁਹਰਤ ਦਾ ਸਰੂਰ ਆਉਂਦਾ ਹੈ। ਉਦੋਂ ਉਹ ਕਿੰਨਾ ਕਿੰਨਾ ਸਮਾਂ ਆਪਣੀ ਮਾਂ ਦੀ ਹੋਂਦ ਨੂੰ ਭੁੱਲ ਜਾਂਦੇ ਹਨ। ਕਈ ਵਾਰੀ ਮਾਂ ਉਤੇ ਪਤਨੀ ਵਲੋਂ ਹੋਈਆਂ ਬੇਇਨਸਾਫ਼ੀਆਂ ਭੀ ਉਹ ਨਹੀਂ ਗੌਲਦੇ। ਮਾਂ ਆਪਣੇ ਪੁਤ੍ਰਾਂ ਦੀਆਂ ਕਾਮਯਾਬੀਆਂ ਬਾਰੇ ਜਾਣਨਾ ਚਾਹੁੰਦੀ ਹੈ, ਪੁਤ੍ਰ ਵਿਸਥਾਰ ਨਾਲ ਗਲ ਕਰਨ ਦਾ ਸਮਾਂ ਨਹੀਂ ਕੱਢ ਸਕਦੇ। ਮਾਂ ਆਪਣੇ ਪੁਤ੍ਰਾਂ ਦੀਆਂ ਚਿੰਤਾਆਂ ਵਿਚ ਹਿੱਸਾ ਲੈਣਾ ਚਾਹੁੰਦੀ ਹੈ -ਪੁਤ੍ਰ ਆਪਣੀਆਂ ਚਿੰਤਾਆਂ ਨੂੰ ਮਾਂ ਦੀ ਮੁਕ ਚੁਕੀ ਤਾਕਤ ਨਾਲੋਂ ਵੱਡਾ ਸਮਝ ਕੇ ਚੁਪ ਰਹਿੰਦੇ ਹਨ। ਮਾਂ ਨੂੰ ਮਿਲੇ ਬਗ਼ੈਰ ਹੀ ਕਈ ਵਾਰੀ ਉਹ ਬਾਹਰ ਚਲੇ ਜਾਂਦੇ ਹਨ - ਤੇ ਜਦੋਂ ਉਹ ਘਰ ਮੁੜਦੇ ਹਨ, ਕਈ ਵਾਰੀ ਮਾਂ ਦੀਆਂ ਬਾਹਾਂ ਅੱਡੀਆਂ ਰਹਿ ਜਾਂਦੀਆਂ ਹਨ ਤੇ ਪੁਤ੍ਰ ਕੋਲੋਂ ਦੀ ਸਿਰਫ ਨਮਸਕਾਰ ਕਰਕੇ ਕਾਹਲੀ ਕਾਹਲੀ ਲੰਘ ਜਾਂਦੇ ਹਨ।

ਮਨੁਖ ਬਣਿਆ ਪੁਤ੍ਰ ਸਮਝਦਾ ਹੈ, ਹੁਣ ਉਹਦੀ ਆਪਣੀ ਜ਼ਿੰਦਗੀ ਏਡੀ ਮਜ਼ਬੂਤ ਹੋ ਗਈ ਹੈ, ਕਿ ਬੁੱਢੀ ਮਾਂ ਹੁਣ ਉਹਨੂੰ ਕੋਈ ਤਾਕਤ ਨਹੀਂ ਦੇ ਸਕਦੀ। ਉਹ ਨਹੀਂ ਜਾਣਦਾ ਕਿ ਜ਼ਿੰਦਗੀ ਤਾਕਤ ਨਾਲੋਂ ਵੀ ਵਧੇਰੇ ਪ੍ਰਸੰਨ ਤੇ ਪਿਆਰ ਦੀ ਮੁਹਤਾਜ ਹੈ। ਤੇ ਮਾਂ ਤੋਂ ਛੁਟ ਕਿਦ੍ਹਾ ਪਿਆਰ ਸਦੀਵੀ ਹੈ, ਕਿਦ੍ਹੀ ਪ੍ਰਸੰਸਾ ਅਟੱਲ ਹੈ? ਚੰਗੇ ਚੰਗੇ ਦੋਸਤਾਂ ਦੀ ਪ੍ਰਸੰਨਤਾ ਵਿਚ ਵਟ ਪੈ ਜਾਂਦੇ ਹਨ, ਜੀਵਨ-ਸਾਥੀਆਂ ਦੀਆਂ ਵਫਾਆਂ ਡੋਲ ਜਾਂਦੀਆਂ ਹਨ।

ਤੁਹਾਡੇ ਘਰ ਦੀ ਉਹ ਥਾਂ ਜਿਥੋਂ ਤੁਹਾਡੀ ਮਾਂ ਤੁਹਾਡੇ ਕੰਮ ਵਿਚ ਦਖ਼ਲ ਨਾ ਦੇਂਦੀ ਹੋਈ ਵੀ ਤੁਹਾਡੇ ਲਈ ਵਾਧੇ ਮੰਗਦੀ ਰਹਿੰਦੇ ਹੈ, ਇਕ ਨਿਰਮਲ ਮਿੱਠਾ ਜਿਹਾ ਚਸ਼ਮਾ ਹੈ। ਜਦੋਂ ਤੁਸੀਂ ਹਸਦੇ ਆਉਂਦੇ ਹੋ, ਇਸ ਚਸ਼ਮੇ ਦੇ ਪਾਣੀਆਂ ਉਤੇ ਤੁਹਾਡੇ ਹਾਸੇ ਦੀ ਹਰ ਲਕੀਰ ਖੀਵੀ ਲਹਿਰ ਬਣ ਜਾਂਦੀ ਹੈ। ਪਰ ਜਦੋਂ ਤੁਸੀਂ ਉਦਾਸ ਮੂੰਹ ਨਾਲ ਇਹਦੇ ਵਿਚ ਤਕਦੇ ਹੋ, ਓਦੋਂ ਇਹਦੇ ਪਾਣੀ ਤੁਹਾਡੇ ਖਾਰੇ ਹੰਝੂਆਂ ਨੂੰ ਅਪਣੇ ਵਿਚ ਰਲਾ, ਤੁਹਾਡੀਆਂ ਰੁਨੀਆਂ ਅੱਖਾਂ ਵਿਚ ਨਵੀਂ ਮਿਠਾਸ ਭਰ ਦੇਂਦੇ ਹਨ।

ਬੁੱਢੀ ਮਾਂ ਭਾਵੇਂ ਅਜ ਤੁਹਾਡੇ ਘਰੋਗੀ ਜੀਵਨ ਵਿਚ ਕੋਈ ਅਮਲੀ ਹਿੱਸਾ ਨਹੀਂ ਪਾ ਸਕਦੀ, ਪਰ ਤੁਹਾਡੇ ਘਰ ਦੇ ਵਾਯੂ ਮੰਡਲ ਨੂੰ ਸੁਖਾਵਾਂ ਬਨਾਣ ਵਿਚ ਉਹਦੇ ਪਿਆਰ, ਓਹਦੀਆਂ ਅਸੀਸਾਂ, ਉਹਦੀਆਂ ਗਲਵੱਕੜੀਆਂ, ਉਹਦੀਆਂ ਹਮਦਰਦੀਆਂ ਦਾ ਅਜੇ ਭੀ ਸਭ ਤੋਂ ਬਹੁਤਾ ਹਿੱਸਾ ਹੈ। ਏਸ ਹਿੱਸੇ ਦੀ ਵਡਿਤਨ ਦਾ ਪਤਾ ਤੁਹਾਨੂੰ ਓਦਨ ਲਗੇਗਾ, ਜਿਦਨ ਤੁਹਾਡੇ ਘਰ ਦੀ ਪਿਆਰਾਂ ਭਰੀ ਇਹ ਨੁੱਕਰ ਅਚਾਨਕ ਸੁੰਝੀ ਹੋ ਜਾਏਗੀ, ਤੇ ਆਪ-ਮੁਹਾਰੀਆਂ ਅਸੀਸਾਂ ਤੇ ਸ਼ੁਭ-ਇਛਾਆਂ ਦਾ ਸੋਮਾ ਸੁਕ ਜਾਏਗਾ।

ਓਦੋਂ ਤੁਹਾਨੂੰ ਉਹ ਦਿਨ ਯਾਦ ਆਉਣਗੇ, ਜਦੋਂ ਤੁਸੀਂ ਮਾਂ ਦੇ ਕਮਰੇ ਵੜਦੇ ਸੌ ਤੇ ਉਹਦੀਆਂ ਕਮਜ਼ੋਰ ਅੱਖਾਂ ਵਿਚੋਂ ਇਕ ਲਿਸ਼ਕ ਉਠਦੀ, ਤੇ ਜਦੋਂ ਕਦੇ ਤੁਹਾਡੇ ਦਿਲ ਦੇ ਦਰ ਖੁਲ੍ਹੇ ਹੁੰਦੇ ਸਨ, ਤੁਹਾਡੀ ਸਾਰੀ ਦੁਨੀਆਂ ਝਮ ਝਮ ਕਰਨ ਲਗ ਪੈਂਦੀ ਸੀ। ਕਮਜ਼ੋਰ ਬਾਹਾਂ ਵਿਚੋਂ ਇਕ ਗਲਵਕੜੀ ਉਠਦੀ ਤੇ ਤੁਹਾਡੇ ਅੰਗ ਅੰਗ ਵਿਚੋਂ ਜ਼ਿੰਦਗੀ ਦੀ ਥਕਾਵਟ ਕਢ ਲੈਂਦੀ ਸੀ।

ਤੁਹਾਡੇ ਤੇ ਤੁਹਾਡੇ ਹਰ ਖ਼ਤਰੇ ਵਿਚਕਾਰ ਬਾਹਾਂ ਪਾ ਦੇਣ ਵਾਲੀ ਮਾਂ ਜਦੋਂ ਤੁਰ ਜਾਏਗੀ, ਓਦੋਂ ਤੁਸੀਂ ਉਹਨਾਂ ਬੇ-ਵਟਾਂਦਰੇ ਬੇ-ਸਕੈਚ ਤੇ ਬੇ-ਸ਼ਰਤ ਸ਼ੁਭ ਇਛਾਆਂ ਦੀ ਕਦਰ ਪਾ ਸਕੋਗੇ ਜਿਹੜੀਆਂ ਉਹਦੇ ਦਿਲੋਂ ਨਦੀ ਵਾਂਗ ਵਗਦੀਆਂ ਰਹਿੰਦੀਆਂ ਸਨ। ਜਿਉਣਾ ਭੀ ਇਕ ਵਾਰ ਤੇ ਮਾਂ-ਪਿਆਰ ਭੀ ਇਕੋ ਵਾਰ! ਏਸ ਪਿਆਰ ਦਾ ਸੋਮਾ ਜਦੋਂ ਸੁਕ ਗਿਆ, ਇਹੋ ਜਿਹੇ ਪਿਆਰ ਦੀ ਕੋਈ ਲਹਿਰ ਤੁਹਾਡੇ ਜੀਵਨ ਨੂੰ ਨਹੀਂ ਚੁੰਮੇਗੀ। ਹੋਰ ਸਾਰੇ ਪਿਆਰੇ ਕਮਾਏ ਜਾ ਸਕਦੇ ਹਨ, ਢੂੰਡੇ ਜਾਂ ਖ਼ਰੀਦੇ ਜਾ ਸਕਦੇ ਹਨ, ਪਰ ਮਾਂ-ਪਿਆਰ ਇਕ ਦਾਤ ਹੈ - ਜਿਨਾਂ ਚਿਰ ਹੈ - ਹੈ - ਜਦੋਂ ਖੋਹੀ ਗਈ - ਫਿਰ ਇਹਦਾ ਕੋਈ ਬਦਲ ਨਹੀਂ।

ਏਸ ਦਾਤ ਦਾ ਲਾਭ, ਥੋੜਾ ਜਾਂ ਬਹੁਤਾ, ਲਗ ਭਗ ਸਾਰੇ ਬੱਚੇ ਉਠਾਂਦੇ ਹਨ; ਪਰ ਇਹਦਾ ਸਵਰਗੀ ਸੁਆਦ ਉਹੀ ਬੱਚਾ ਮਾਣਦਾ ਹੈ, ਜਿਹੜਾ ਬਾਹਰ ਜਾਂਦਿਆਂ ਮਾਂ ਦੀ ਅਸੀਸ ਮੰਗਦਾ ਤੇ ਬਾਹਰੋਂ ਆਇਆਂ ਮਾਂ ਦੇ ਗਲ ਬਾਹਾਂ ਪਾਂਦਾ ਹੈ। ਉਹਦੇ ਕੋਲ ਬਹਿੰਦਾ, ਉਹਦੀਆਂ ਪਿਆਰ ਉਮਡੀਆਂ ਅੱਖਾਂ ਵਿਚ ਤਕਦਾ ਹੈ, ਤੇ ਜਦੋਂ ਮਾਂ ਬੜੀ ਉਮੰਗ ਨਾਲ ਕਹਿੰਦੀ ਹੈ: "ਪੁਤ੍ਰ, ਕੋਈ ਚੰਗੀ ਜਿਹੀ ਗਲ ਸਣਾ!" ਤਾਂ ਸੋਚੀ ਨਹੀਂ ਪੈ ਜਾਂਦਾ ਕਿ ਪਾਲਿਟਿਕਸ ਮਾਂ ਨੇ ਸਮਝਣਾ ਨਹੀਂ, ਨਵੇਂ ਸਾਹਿਤ ਨਾਲ ਉਹਦੀ ਦਿਲਚਸਪੀ ਨਹੀਂ। ਉਸ ਨੇ ਮਾਂ ਦੀ ਦੁਨੀਆਂ ਵਿਚ ਇਕ ਉਮਰ ਬਿਤਾਈ ਹੈ - ਏਸ ਦੁਨੀਆਂ ਦੀਆਂ ਕਈ ਸੁਹਣੀਆਂ ਯਾਦਾਂ ਹਨ, ਜਦੋਂ ਜ਼ਿੰਦਗੀ ਵਿਚ ਉਹਦੀ ਮਾਂ ਦੀ ਚੰਗੀ ਮੋਕਲੀ ਥਾਂ ਹੁੰਦੀ ਸੀ। ਕਿਸ ਤਰਾਂ ਮਾਂ ਨੇ ਆਪਣੇ ਸਾਰੇ ਗਹਿਣੇ ਵੇਚ ਕੇ ਉਹਨੂੰ ਕਾਲਜ ਘਲਿਆ ਸੀ। ਉਹ ਦਿਨ ਯਾਦ ਕਰਾਂਦਾ ਹੈ ਜਿਦਨ ਓਹਨੇ ਇਕ ਬੜਾ ਝੂਠ ਬੋਲਿਆ, ਤੇ ਸ਼ਰਮਿੰਦਗੀ ਦੇ ਮਾਰੇ ਮੌਤ ਪਿਆ ਮੰਗਦਾ ਸੀ - ਪਰ ਜਦੋਂ ਹੌਸਲਾ ਕਰਕੇ ਓਹਨੇ ਆਪਣੀ ਵੇਦਨਾ ਮਾਂ ਨੂੰ ਦਸ ਦਿਤੀ ਤੇ ਮਾਂ ਨੇ ਓਹਦੇ ਝੂਠ ਨੂੰ ਅਪਣਾ ਕੇ ਸਚ ਬਣਾ ਦਿਤਾ, ਨਾ ਪਿਓ ਨੂੰ ਤੇ ਨਾ ਭਰਾਵਾਂ ਨੂੰ ਓਹਦੇ ਝੂਠ ਦਾ ਕਦੇ ਪਤਾ ਲਗਾ।

ਮਾਵਾਂ ਦੀ ਅਖ਼ੀਰਲੀ ਮੰਗ ਇਹ ਹੁੰਦੀ ਹੈ ਕਿ ਉਹ ਆਪਣੇ ਪੁਤ੍ਰਾਂ ਦੇ ਹਥਾਂ ਵਿਚ ਅਖ਼ੀਰਲਾ ਸੁਆਸ ਲੈਣ, ਉਹਨਾਂ ਨੂੰ ਕਿਸੇ ਆਪਣੇ ਬਚੇ ਦਾ ਦੁਖ ਨਾ ਸਹਿਣਾ ਪਵੇ। ਕੁਦਰਤੀ ਹੋਣੀ ਭੀ ਇਹੋ ਹੈ, ਕਿ ਮਾਵਾਂ ਆਪਣੇ ਬਚਿਆਂ ਤੋਂ ਪਹਿਲਾਂ ਆਪਣੀ ਜੀਵਨ-ਪੰਧ ਮੁਕਾ ਲੈਣ। ਏਸ ਲਈ ਮਾਵਾਂ ਦਾ ਓੜਕ ਵਿੱਛੜ ਜਾਣਾ ਇਹੋ ਜਿਹੀ ਅਨ-ਹੋਣੀ ਗਲ ਨਹੀਂ, ਕਿ ਇਹਨੂੰ ਅਸਹਿ ਸਦਮਾ ਸਮਝਿਆ ਜਾਏ। ਭਾਗਾਂ ਵਾਲੀਆਂ ਮਾਵਾਂ ਪੁਤ੍ਰਾਂ ਦੀ ਗੋਦ ਵਿਚ ਹੀ ਅੱਖਾਂ ਮੀਟਦੀਆਂ ਹਨ। ਪਰ ਪੁਤ੍ਰ ਜੇ ਅਮਿਟ ਹਸਰਤਾਂ ਦੇ ਕੌੜੇ ਹੰਝੂਆਂ ਤੋਂ ਬਚਣਾ ਲੋੜਦੇ ਹਨ, ਤਾਂ ਉਹ ਅਜ ਹੀ ਆਪਣੀ ਮਾਂ ਦੇ ਕੋਲ ਜਾ ਕੇ ਉਹਦੀਆਂ ਆਪਣੇ ਬਚਿਆਂ ਲਈ ਧੜਕਦੀਆਂ ਬਾਹਾਂ ਗਲ ਵਿਚ ਪਾ ਲੈਣ, ਉਹਦਾ ਚੁੰਮਣ ਆਪਣੇ ਮੱਥੇ ਤੇ ਮਹਿਸੂਸ ਕਰਨ। ਏਸ ਚੁੰਮਣ ਨਾਲੋਂ ਵਧੇਰੇ ਸੱਚਾ ਅਮਲ ਹੋਰ ਜ਼ਿੰਦਗੀ ਨੇ ਕਦੇ ਨਹੀਂ ਵੇਖਿਆ।

ਆਪਣੀ ਮਾਂ ਨੂੰ ਇਹ ਦੱਸਣ ਦੀ ਖ਼ੁਸ਼ੀ ਲੈਣ, ਕਿ ਉਹਨਾਂ ਨੂੰ ਆਪਣੀ ਬੇ-ਬਹਾ ਦੌਲਤ ਦੀ ਕਦਰ ਹੈ। ਇਹ ਠੀਕ ਹੈ, ਤੁਹਾਡੇ ਨੌਕਰ ਜਾਂ ਤੁਹਾਡੇ ਬਚੇ ਤੁਹਾਡੀ ਮਾਂ ਦੀ ਸੇਵਾ ਕਰਦੇ ਹਨ-ਤੁਸੀਂ ਕਿਸੇ ਨੂੰ ਮਾਂ ਦਾ ਨਿਰਾਦਰ ਨਹੀਂ ਕਰਨ ਦੇਂਦੇ। ਪਰ ਇਹ ਬਿਲਕੁਲ ਕਾਫ਼ੀ ਨਹੀਂ। ਤੁਹਾਡੀ ਮਾਂ ਨੇ ਤੁਹਾਡਾ ਕੰਮ ਕਦੇ ਕਿਸੇ ਕੋਲੋਂ ਨਹੀਂ ਸੀ ਕਰਾਇਆ। ਉਹਨੂੰ ਤੇ ਇਤਬਾਰ ਹੀ ਨਹੀ ਸੀ, ਕਿ ਉਹਦੇ ਨਾਲੋਂ ਚੰਗੇਰਾ ਕੋਈ ਤੁਹਾਡਾ ਕੰਮ ਕਰ ਸਕਦਾ ਹੈ। ਜਦੋਂ ਤੁਸੀਂ ਕਹਾਣੀ ਸੁਣਨਾ ਚਾਹੁੰਦੇ ਸੋ, ਉਹਨੇ ਕਦੇ ਨਹੀਂ ਸੀ ਸੋਚਿਆ, ਉਹ ਕੀ ਸੁਣਾਵੇ। ਉਹਨੂੰ ਪਤਾ ਹੁੰਦਾ ਸੀ, ਕਿਹੜੇ ਵੇਲੇ ਤੁਹਾਨੂੰ ਕਿਹੜੀ ਕਹਾਣੀ ਚੰਗੀ ਲਗਦੀ ਹੈ।

ਤੁਹਾਡੇ ਬਚੇ ਚੰਗੇ ਹਨ, ਤੁਹਾਡੇ ਯਾਰ ਦੋਸਤ ਭੀ ਤੁਹਾਡੀ ਮਾਂ ਦਾ ਆਦਰ ਕਰਦੇ ਹਨ-ਪਰ ਭੁੱਲੋ ਨਾ ਕਿ ਇਹ ਦੁਨੀਆਂ ਤੁਹਾਡੀ ਮਾਂ ਲਈ ਦਿਨੋ ਦਿਨ ਓਪਰੀ ਹੁੰਦੀ ਜਾਂਦੀ ਹੈ-ਇਹਦੇ ਨਵੇਂ ਰਵਾਜ, ਇਹਦੇ ਨਵੇਂ ਚਾਲੇ, ਇਹਦੀਆਂ ਨਵੀਆਂ ਕਦਰਾਂ ਆਏ ਦਿਨ ਉਹਦੇ ਲਈ ਬੇ-ਪਛਾਣ ਹੁੰਦੇ ਜਾਂਦੇ ਹਨ। ਤੁਹਾਡੇ ਜਵਾਨ ਹੁੰਦੇ ਜਾਂਦੇ ਬਚੇ ਬੁਢੀ ਦਾਦੀ ਦਾ ਆਦਰ ਤਾਂ ਕਰ ਸਕਦੇ ਹਨ, ਪਰ ਉਹਦੇ ਨਾਲ ਗੱਲਾਂ ਨਹੀਂ ਕਰ ਸਕਦੇ, ਨਾ ਉਹਦੀਆਂ ਗਲਾਂ ਸ਼ੌਕ ਨਾਲ ਸੁਣ ਸਕਦੇ ਹਨ। ਸਿਰਫ ਤੁਸੀਂ ਇਕੋ ਹੀ ਸਾਰੇ ਘਰ ਵਿਚ ਮਾਂ ਦੀ ਦੁਨੀਆਂ ਦਾ ਹਿੱਸਾ ਹੋ, ਜਿਸ ਹਿੱਸੇ ਨੂੰ ਉਹ ਚੰਗੀ ਤਰਾਂ ਪਛਾਣਦੀ ਹੈ, ਤੇ ਇਹਨੂੰ ਇਕੱਲਿਆਂ ਮਿਲਣ ਦੀਆਂ ਘੜੀਆਂ ਉਹ ਉਡੀਕਦੀ ਰਹਿੰਦੀ ਹੈ।

ਜੇ ਤੁਸੀਂ ਉਹਦੀਆਂ ਗੱਲਾਂ ਹੁੰਗਾਰਾ ਦੇ ਕੇ ਨਾ ਸੁਣੀਆਂ, ਜੇ ਤੁਸੀਂ ਆਪਣੀ ਹਥੀਂ ਮਾਂ ਨੂੰ ਪੱਖਾ ਨਾ ਝਲਿਆ, ਉਹਦੇ ਬਿਸਤ੍ਰੇ ਦੇ ਵਟ ਨਾ ਕਢੇ, ਤਾਂ ਇਕ ਦਿਨ ਤੁਸੀਂ ਏਸ ਮੌਕੇ ਨੂੰ ਤਰਸੋਗੇ, ਮਾਂ ਦੀਆਂ ਚੀਜ਼ਾਂ ਨਾਲ ਗੱਲਾਂ ਕਰੋਗੇ, ਚੀਜ਼ਾਂ ਨੂੰ ਗਲ ਨਾਲ ਲਾਓਗੇ। ਪਰ-ਪਰ...ਮਾਂ ਹੁਣ ਤੁਹਾਡੇ ਕਾਫ਼ਲੇ ਨਾਲ ਨਹੀਂ। ਤੁਸੀਂ ਓਸ ਪਿਆਰੇ ਸ੍ਰੀਰ ਦਾ ਅਪਣੀ ਹਥੀਂ ਸਸਕਾਰ ਕਰ ਦਿੱਤਾ, ਜਿਸ ਸ੍ਰੀਰ ਵਿਚੋਂ ਤੁਹਾਡਾ ਸ੍ਰੀਰ ਪੈਦਾ ਹੋਇਆ ਸੀ। ਤੁਸੀਂ ਮਾਂ ਦੇ ਫੁਲ ਚੁਣ ਲਿਆਏ। ਇਹਨਾ ਫੁਲਾਂ ਨੂੰ ਤੁਸੀਂ ਸਾਂਭ ਸਾਂਭ ਰਖਣਾ ਚਾਹਿਆ, ਇਹਨਾਂ ਉਤੇ ਰੋਜ਼ਾਨਾ ਤੁਸਾਂ ਆਪਣੇ ਬਾਗ਼ ਚੋ ਤੋੜ ਕੇ ਤਾਜ਼ਾ ਫੁਲ ਚਾੜ੍ਹੇ। ਪਰ ਤੁਸੀਂ ਮਾਂ ਦੇ ਫੁੱਲਾਂ ਨੂੰ ਬਹੁਤਾ ਚਿਰ ਆਪਣੇ ਕਬਜ਼ੇ ਵਿਚ ਨਹੀਂ ਰੱਖ ਸਕਦੇ। ਕੁਦਰਤ ਇਹਨ ਫੁਲਾਂ ਨੂੰ ਮੁੜ ਆਪਣੇ ਖੇੜੇ ਵਿਚ ਸ਼ਾਮਲ ਕਰਨ ਲਈ ਵਾਪਸ ਮੰਗਦੀ ਹੈ। ਤੁਸੀਂ ਗੰਗਾ ਜੀ ਜਾਂ ਕਿਸੇ ਹੋਰ ਭਰ-ਵਗਦੀ ਨਦੀ ਵਿਚ ਆਪਣੀ ਮਾਂ ਦੀ ਅਖੀਰਲੀ ਨਿਸ਼ਾਨੀ ਪਰਵਾਹ ਆਏ। ਓਸ ਵੇਲੇ ਤੁਹਾਨੂੰ ਜਾਪੇਗਾ, ਤੁਹਾਡਾ ਇਕ ਹਿੱਸਾ ਅਜ ਮਰ ਗਿਆ ਹੈ-ਤੁਸੀਂ ਜੀਵੋਗੇ, ਪਰ ਅਪਣੇ ਆਪ ਵਿਚ ਮਹਿਸੂਸ ਨਹੀਂ ਕਰ ਸਕੋਗੇ।

ਪਰ ਜੇ ਤੁਸੀਂ ਉਹਨਾਂ ਵਿਰਲਿਆਂ ਵਿਚੋਂ ਹੋ ਜਿਨਾਂ ਆਪਣੀ ਮਾਂ ਦੇ ਅਖ਼ੀਰਲੇ ਸਾਲ ਸੁਖਾਵੇਂ ਬਣਾਨ ਵਿਚ ਰਤਾ ਕਸਰ ਨਹੀਂ ਛੱਡੀ ਤਾਂ ਤੁਹਾਡਾ ਮਨ ਹਸਰਤਾਂ ਤੋਂ ਖ਼ਾਲੀ ਸਦਾ ਏਉਂ ਹੀ ਮਹਿਸੂਸ ਕਰੇਗਾ, ਜਿਉਂ ਤੁਹਾਡੀ ਮਾਂ ਸਦਾ ਤੁਹਾਡੇ ਅੰਗ ਸੰਗ ਰਹਿੰਦੀ ਹੈ, ਤੇ ਜਿਸ ਦਿਨ ਤੁਸੀਂ ਏਸ ਦੁਨੀਆਂ ਉਤੇ ਆਪਣੀਆਂ ਅੱਖਾਂ ਮੀਟੋਗੇ ਤਾਂ ਮੁੜ ਇਕ ਵਾਰੀ ਆਪਣੀ ਮਾਂ ਦੀ ਸੁਖਾਂਲੱਦੀ ਗੋਦ ਵਿਚ ਬੱਚਾ ਬਣਿਆ ਮਹਿਸੂਸ ਕਰੋਗੇ, ਤੇ ਤੁਹਾਨੂੰ ਮੌਤ ਡਰਾਉਣੀ ਨਹੀਂ, ਸੁਹਾਉਣੀ ਲਗੇਗੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ