Maan Vihune (Punjabi Story) : S. Saki
ਮਾਂ ਵਿਹੂਣੇ (ਕਹਾਣੀ) : ਐਸ ਸਾਕੀ
ਬੈਂਕ ਦੇ ਵੱਡੇ ਦਰਵਾਜ਼ੇ ਰਾਹੀਂ ਅੰਦਰ ਲੰਘ ਮੈਂ ਹਾਲ ਵਿਚ ਆ ਗਿਆ। ਮਲਹੋਤਰਾ ਸਾਹਮਣੇ ਬੈਠਾ ਦਿਸਿਆ। ਉਸ ਅੱਗੇ ਵੱਡਾ ਸਾਰਾ ਰਜਿਸਟਰ ਪਿਆ ਸੀ ਜਿਸ ਵਿਚ ਉਹ ਸਿਰ ਝੁਕਾਈ ਕੁਝ ਲਿਖ ਰਿਹਾ ਸੀ। ਉਸ ਨੂੰ ਦੂਰੋਂ ਵੇਖ ਕੇ ਮੈਂ ਆਪਣਾ ਮੂੰਹ ਲਮਕਾ ਲੰਬਾ ਕਰ ਲਿਆ।
‘‘ਮਲਹੋਤਰਾ ਸਾਹਿਬ ਨਮਸਕਾਰ।’’
ਮੇਰੀ ਆਵਾਜ਼ ਸੁਣ ਕੇ ਉਸ ਨੇ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ। ਫਿਰ ਉਹ ਆਪਣੀ ਸੀਟ ਤੋਂ ਉੱਠ ਖੜ੍ਹੋਤਾ।
‘‘ਬੜਾ ਮਾੜਾ ਹੋਇਆ ਮਲਹੋਤਰਾ ਸਾਹਿਬ।’’ ਮੈਂ ਆਵਾਜ਼ ਨੂੰ ਦੁਖੀ ਬਣਾਉਂਦਿਆਂ ਕਿਹਾ। ਮੇਰੀ ਗੱਲ ਸੁਣ ਉਹ ਕੁਝ ਨਹੀਂ ਬੋਲਿਆ। ਬੱਸ ਕੁਝ ਪਲਾਂ ਲਈ ਬਿੱਟ-ਬਿੱਟ ਮੇਰੇ ਵੱਲ ਵੇਖਦਾ ਰਿਹਾ।
‘‘ਇਹ ਕਿਵੇਂ ਹੋਇਆ?’’ ਮੈਂ ਉਸੇ ਤਰ੍ਹਾਂ ਉਦਾਸ ਲਹਿਜੇ ਨਾਲ ਉਸ ਨੂੰ ਦੂਜਾ ਸਵਾਲ ਕੀਤਾ।
‘‘ਨਹੀਂ ਗੱਲ ਤਾਂ ਕੋਈ ਖ਼ਾਸ ਨਹੀਂ। ਪਹਿਲਾਂ ਤਾਪ ਚੜ੍ਹਿਆ ਜਿਹੜਾ ਵਿਗੜ ਕੇ ਟਾਈਫਾਇਡ ਬਣ ਗਿਆ। ਬਹੁਤੇਰਾ ਇਲਾਜ ਕਰਵਾਇਆ ਪਰ ਤਾਪ ਟੁੱਟਿਆ ਹੀ ਨਹੀਂ। ਅਤੇ ਫੇਰ…’’ ਇਹ ਕਹਿੰਦਿਆਂ ਉਸ ਦਾ ਚਿਹਰਾ ਇੰਜ ਹੋ ਗਿਆ ਜਿਵੇਂ ਉਹ ਰੋ ਦੇਣਾ ਚਾਹੁੰਦਾ ਹੋਵੇ।
‘‘ਮਲਹੋਤਰਾ ਸਾਹਿਬ, ਇਹ ਤਾਂ ਸੱਚਮੁੱਚ ਹੀ ਮਾੜੀ ਗੱਲ ਹੋ ਗਈ। ਪਤਨੀ ਦੇ ਸੁਰਗਵਾਸ ਹੋਇਆਂ ਤਾਂ ਬੰਦਾ ਪੂਰਾ ਟੁੱਟ ਜਾਂਦੈ। ਉਹ ਵੀ ਫੇਰ ਉਮਰ ਚਾਲੀ ਦੀ ਹੀ ਹੋਵੇ। ਠੀਕ ਹੈ ਬਈ ਵਕਤ ਪਿਆ ਤਾਂ ਹਰ ਇਕ ਨੇ ਟੁਰ ਜਾਣੈ, ਪਰ ਅਜੇ ਉਹਦੇ ਜਾਣ ਦਾ ਵੇਲਾ ਥੋੜ੍ਹਾ ਆਇਆ ਸੀ।’’ ਮਲਹੋਤਰਾ ਨੂੰ ਢਾਰਸ ਬੰਨ੍ਹਾਉਂਦਿਆ ਮੈਂ ਇਕ ਲੰਮਾ ਭਾਸ਼ਨ ਝਾੜ ਸੁੱਟਿਆ। ਮਲਹੋਤਰਾ ਮੇਰੇ ਵੱਲ ਦੇਖਦਾ ਰਿਹਾ, ਪਰ ਬੋਲਿਆ ਕੁਝ ਨਾ।
‘‘ਹੋਰ ਬਬਲੂ ਤੇ ਗੁੱਡੀ ਕਿਵੇਂ ਨੇ?’’ ਮੈਂ ਗੱਲ ਬਦਲਦਿਆਂ ਕਿਹਾ।
‘‘ਠੀਕ ਨੇ… ਵਿਚਾਰੇ ਮਾਂ ਵਿਹੂਣੇ ਹੋ ਗਏ।’’ ਮਲਹੋਤਰਾ ਨੇ ਆਪਣੇ ਦੋਵੇਂ ਬੱਚਿਆਂ ਬਾਰੇ ਕਿਹਾ। ਕੁਝ ਚਿਰ ਏਧਰ-ਓਧਰ ਦੀਆਂ ਗੱਲਾਂ ਚਲਦੀਆਂ ਰਹੀਆਂ। ਫਿਰ ਉਸ ਕੋਲੋਂ ਵਿਦਾ ਲੈ ਕੇ ਚੈੱਕ ਜਮ੍ਹਾਂ ਕਰਵਾਉਣ ਲਈ ਮੈਂ ਕਾਊਂਟਰ ਵੱਲ ਟੁਰ ਪਿਆ।
ਮਲਹੋਤਰਾ ਨੂੰ ਤਾਂ ਮੈਂ ਕਦੇ ਵੀ ਨਹੀਂ ਸੀ ਜਾਣਨਾ ਜੇ ਕਿਤੇ ਉਸ ਦਾ ਮੁੰਡਾ ਸਾਡੇ ਸਕੂਲ ਨਾ ਪੜ੍ਹਦਾ ਹੁੰਦਾ ਅਤੇ ਛਿਮਾਹੀ ਇਮਤਿਹਾਨ ਵਿਚ ਹਿਸਾਬ ’ਚ ਫੇਲ੍ਹ ਨਾ ਹੁੰਦਾ। ਉਸ ਵੇਲੇ ਮੈਂ ਛੇਵੀਂ ਕਲਾਸ ਨੂੰ ਪੜ੍ਹਾਉਂਦਾ ਸੀ। ਮਲਹੋਤਰਾ ਆਇਆ ਤਾਂ ਪ੍ਰਿੰਸੀਪਲ ਨੂੰ ਮਿਲਣ ਸੀ, ਪਰ ਉਸ ਘੱਲ ਦਿੱਤਾ ਮੇਰੇ ਕੋਲ। ਮਲਹੋਤਰਾ ਨੂੰ ਮੁੰਡੇ ਲਈ ਹਿਸਾਬ ਦੇ ਟਿਊਟਰ ਦੀ ਲੋੜ ਸੀ। ਉਨ੍ਹਾਂ ਦਿਨਾਂ ਵਿਚ ਮੇਰਾ ਹੱਥ ਬਹੁਤ ਤੰਗ ਸੀ। ਉਸ ਮੈਨੂੰ ਹਿਸਾਬ ਪੜ੍ਹਾਉਣ ਲਈ ਕਿਹਾ। ਇਕ ਵਾਰੀ ਮਨ ’ਚ ਆਇਆ ਵੀ ਕਿ ਹਿਸਾਬ ਤਾਂ ਮੇਰਾ ਵਿਸ਼ਾ ਨਹੀਂ, ਪਰ ਫਿਰ ਆਪੇ ਹੀ ਘੁੰਡੀ ਖੁੱਲ੍ਹ ਗਈ।
‘ਉਸ ਦੇ ਮੁੰਡੇ ਨਾਲੋਂ ਤਾਂ ਮੈਨੂੰ ਵੱਧ ਸਵਾਲ ਆਉਂਦੇ ਨੇ। ਆਪੇ ਪੜ੍ਹਾ ਦਿਆਂਗਾ। ਘਰੋਂ ਪਹਿਲਾਂ ਹੀ ਪੰਜ-ਛੇ ਸਵਾਲ ਹੱਲ ਕਰਕੇ ਲੈ ਜਾਇਆ ਕਰੂੰ’। ਇਹ ਸੋਚ ਕੇ ਮੈਂ ਪਲ ਵਿਚ ਬਬਲੂ ਨੂੰ ਪੜ੍ਹਾਉਣ ਦੀ ਹਾਮੀ ਭਰ ਦਿੱਤੀ। ਗੱਲ ਸੱਤ ਸੌ ਰੁਪਏ ਵਿਚ ਤੈਅ ਹੋਈ।
ਮਲਹੋਤਰਾ ਇਕ ਗੰਦੇ ਜਿਹੇ ਮੁਹੱਲੇ ਵਿਚ ਰਹਿੰਦਾ ਸੀ। ਘਰ ਦਾ ਰਹਿਣ-ਸਹਿਣ ਵੀ ਬਸ ਐਵੇਂ ਸੀ। ਕੁਝ ਦਿਨਾਂ ਵਿਚ ਹੀ ਮੈਨੂੰ ਉਹਦੇ ਘਰ ਦੇ ਮਾਹੌਲ ਦਾ ਪਤਾ ਲੱਗ ਗਿਆ। ਮਲਹੋਤਰਾ ਜਿੰਨਾ ਸਨਕੀ, ਉਸ ਦੀ ਪਤਨੀ ਓਨੀ ਹੀ ਆਜ਼ਾਦ ਖ਼ਿਆਲਾਂ ਦੀ ਸੀ। ਉਸ ਦੀਆਂ ਗੱਲਾਂ ਤੋਂ ਲੱਗੇ ਕਿ ਕਿਸੇ ਵੱਡੇ ਘਰੋਂ ਸੀ। ਪਤਾ ਨਹੀਂ ਮਲਹੋਤਰਾ ਜਿਹੇ ਬੰਦੇ ਨਾਲ ਕਿਵੇਂ ਬੰਨ੍ਹੀ ਗਈ।
ਮੈਂ ਉਨ੍ਹਾਂ ਦੇ ਮੁੰਡੇ ਨੂੰ ਇਕ ਘੰਟਾ ਪੜ੍ਹਾਉਂਦਾ। ਉਹ ਰੋਜ਼ ਮੈਨੂੰ ਚਾਹ ਦਾ ਕੱਪ ਬਣਾ ਦਿੰਦੀ ਅਤੇ ਨਾਲ ਬਿਸਕੁਟ ਵੀ। ਪਰ ਮਲਹੋਤਰਾ ਨੂੰ ਇਹ ਸਭ ਚੰਗਾ ਨਾ ਲੱਗਦਾ। ਜੇ ਉਸ ਦੀ ਪਤਨੀ ਦੋ ਮਿੰਟਾਂ ਲਈ ਵੀ ਕਿਤੇ ਮੇਰੇ ਕੋਲ ਬੈਠ ਜਾਂਦੀ ਤਾਂ ਉਹ ਆਲੇ-ਦੁਆਲੇ ਘੁੰਮਦਾ ਰਹਿੰਦਾ। ਸਾਡੀ ਹਰ ਗੱਲ ਨੂੰ ਸ਼ੱਕ ਦੇ ਕੰਨਾਂ ਨਾਲ ਸੁਣਦਾ।
ਫਿਰ ਹੌਲੀ ਹੌਲੀ ਮੈਨੂੰ ਉਨ੍ਹਾਂ ਦੇ ਦੋਵਾਂ ਦੇ ਸੁਭਾਅ ਦਾ ਪਤਾ ਲੱਗ ਗਿਆ। ਮੈਂ ਵੇਖਦਾ ਕਿ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਕਦੇ-ਕਦਾਈਂ ਉਨ੍ਹਾਂ ਦਾ ਬੋਲ-ਬੁਲਾਰਾ ਵੀ ਹੋ ਜਾਂਦਾ। ਮੈਨੂੰ ਸਾਹਮਣੇ ਵੇਖ ਕੇ ਪਤਨੀ ਤਾਂ ਭਾਵੇਂ ਸ਼ਰਮ ਦੀ ਮਾਰੀ ਕੁਝ ਨਾ ਕਹਿੰਦੀ, ਪਰ ਮਲਹੋਤਰਾ ਇਸ ਦੀ ਕੋਈ ਪਰਵਾਹ ਨਾ ਕਰਦਾ। ਪਤਨੀ ਦਾ ਮਾਨਸਿਕ ਸਤਰ ਜਿੰਨਾ ਉੱਚਾ ਸੀ, ਮਲਹੋਤਰਾ ਉਸ ਦੇ ਬਿਲਕੁਲ ਵੀ ਤੁੱਲ ਨਹੀਂ ਸੀ। ਉਸ ਦਾ ਖ਼ਿਆਲ ਸੀ ਕਿ ਬੰਦੇ ਨੂੰ ਓਨੇ ’ਚ ਹੀ ਰਹਿਣਾ ਚਾਹੀਦਾ ਹੈ ਜਿੰਨੇ ਨਾਲ ਉਹਦਾ ਕੰਮ ਸਰ ਜਾਵੇ।
ਮੈਂ ਪੰਜ-ਛੇ ਮਹੀਨੇ ਟਿਊਸ਼ਨ ਪੜ੍ਹਾਈ। ਬਬਲੂ ਛੇਵੀਂ ਪਾਸ ਕਰ ਗਿਆ। ਮਲਹੋਤਰਾ ਦੀ ਪਤਨੀ ਨੇ ਮੈਨੂੰ ਇਕ ਕਿਲੋ ਵਾਲਾ ਮਠਿਆਈ ਦਾ ਡੱਬਾ ਦਿੱਤਾ ਜਦੋਂਕਿ ਮਲਹੋਤਰਾ ਨੂੰ ਇਹ ਵੀ ਚੰਗਾ ਨਹੀਂ ਲੱਗਿਆ।
ਪਹਿਲੀ ਵਾਰੀ ਮਲਹੋਤਰਾ ਨੂੰ ਮਿਲ ਕੇ ਜਦੋਂ ਮੈਂ ਬੈਂਕ ’ਚੋਂ ਬਾਹਰ ਨਿਕਲਿਆ ਤਾਂ ਮਨ ਬਹੁਤ ਭਾਰਾ-ਭਾਰਾ ਲੱਗਾ। ਉਸ ਔਰਤ ਦੀ ਸ਼ਕਲ ਵਾਰ ਵਾਰ ਅੱਖਾਂ ਸਾਹਮਣੇ ਆਈ ਜਾਵੇ ਜਿਸ ਨੇ ਕਿੰਨੀ ਵਾਰੀ ਮੈਨੂੰ ਚਾਹ ਪਿਲਾਈ ਸੀ। ਇਕ ਵਾਰੀ ਤਾਂ ਇਹ ਸੋਚ ਮਨ ’ਚ ਆਈ ਕਿ ਚੰਗਾ ਹੋਇਆ ਮਰ ਕੇ ਵਿਚਾਰੀ ਦਾ ਅਜਿਹੇ ਸਨਕੀ ਬੰਦੇ ਕੋਲੋਂ ਖਹਿੜਾ ਛੁਟਿਆ, ਪਰ ਫਿਰ ਉਸ ਦੇ ਬੱਚਿਆਂ ਦਾ ਖ਼ਿਆਲ ਆਉਂਦਿਆਂ ਜੀਅ ਖਰਾਬ ਹੋ ਗਿਆ।
ਹੌਲੀ ਹੌਲੀ ਦਿਨ ਲੰਘਦਿਆਂ ਮਲਹੋਤਰਾ ਦੀ ਪਤਨੀ ਦੀ ਗੱਲ ਮਨੋਂ ਨਿਕਲ ਗਈ। ਪਰ ਫਿਰ ਅਗਲੇ ਮਹੀਨੇ ਮੈਨੂੰ ਤਨਖਾਹ ਦਾ ਚੈੱਕ ਜਮ੍ਹਾਂ ਕਰਵਾਉਣ ਲਈ ਬੈਂਕ ਜਾਣਾ ਪਿਆ। ਬੈਂਕ ਦਾ ਵੱਡਾ ਦਰਵਾਜ਼ਾ ਲੰਘ ਕੇ ਹਾਲ ਵਿਚ ਮਲਹੋਤਰਾ ਦੇ ਮੇਜ਼ ਵੱਲ ਨਜ਼ਰ ਚਲੀ ਗਈ। ਉਹ ਕੁਰਸੀ ਦੀ ਬੈਕ ਨੂੰ ਪਿੱਠ ਲਾਈ ਵਿਹਲਾ ਬੈਠਾ ਸੀ। ਇਨਸਾਨੀ ਫ਼ਿਤਰਤ ਮੁਤਾਬਿਕ ਮੈਂ ਆਪਣਾ ਚਿਹਰਾ ਫਿਰ ਪਹਿਲਾਂ ਵਾਂਗ ਢਿੱਲਾ ਕਰ ਲਿਆ। ਮਲਹੋਤਰਾ ਨੂੰ ਵੇਖ ਉਹਦੀ ਪਤਨੀ ਦਾ ਖਿਆਲ ਆਇਆ। ਮਨ ਆਪੇ ਕਹਿਣ ਲੱਗਾ, ‘ਵਿਚਾਰੇ ਦੀ ਤਰੀਮਤ ਟੁਰ ਗਈ ਕਿੰਨਾ ਦੁਖੀ ਹੋਵੇਗਾ ਇਹ। ਫੇਰ ਬੱਚੇ…?’
‘‘ਮਲਹੋਤਰਾ ਸਾਹਿਬ ਨਮਸਤੇ।’’ ਮੈਂ ਮਨ ’ਚ ਆਏ ਵਿਚਾਰਾਂ ਨੂੰ ਰੋਕ ਉਸ ਦੀ ਕੁਰਸੀ ਨੇੜੇ ਜਾ ਕੇ ਨਮਸਤੇ ਕਹੀ। ਭਾਵੇਂ ਉਹਦੀ ਪਤਨੀ ਗੁਜ਼ਰਿਆਂ ਇਕ ਮਹੀਨੇ ਤੋਂ ਉਪਰ ਹੋ ਗਿਆ ਸੀ, ਪਰ ਮਲਹੋਤਰਾ ਤਾਂ ਵੀ ਮੈਨੂੰ ਉਹ ਦੁਖੀ ਬੰਦਾ ਲੱਗਾ ਜਿਹੜਾ ਮੈਂ ਪਿਛਲੇ ਮਹੀਨੇ ਦੇਖਿਆ ਸੀ। ਫਿਰ ਉਸ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਮੈਨੂੰ ਆਪਣਾ ਚਿਹਰਾ ਦੁਖੀ ਅਤੇ ਗੰਭੀਰ ਬਣਾਉਣਾ ਪਿਆ। ਮੈਂ ਦੋਵਾਂ ਬੱਚਿਆਂ ਬਾਰੇ ਪੁੱਛਿਆ। ਮਲਹੋਤਰਾ ਇਸ ਦੇ ਜਵਾਬ ਵਿਚ ਤਾਂ ਕੁਝ ਵੀ ਨਹੀਂ ਬੋਲਿਆ, ਪਰ ਅਚਾਨਕ ਉਸ ਦੇ ਮੂੰਹੋਂ ਨਿਕਲਿਆ, ‘‘ਤੁਹਾਨੂੰ ਪਤਾ ਨਹੀਂ ਮੇਰੀ ਪਤਨੀ ਦਾ ਸੁਰਗਵਾਸ ਹੋ ਗਿਆ।’’
‘‘ਹਾਂ, ਮਲਹੋਤਰਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ, ਬੱਚੇ ਮਾਂ ਵਿਹੂਣੇ ਹੋ ਗਏ।’’ ਮੈਂ ਜਵਾਬ ਦਿੱਤਾ। ਕੁਝ ਚਿਰ ਏਧਰ-ਓਧਰ ਦੀਆਂ ਗੱਲਾਂ ਚਲਦੀਆਂ ਰਹੀਆਂ। ਮੈਂ ਉਸ ਕੋਲੋਂ ਵਿਦਾ ਲੈ ਕੇ ਚੈੱਕ ਜਮ੍ਹਾਂ ਕਰਵਾਉਣ ਵਾਲੇ ਕਾਊਂਟਰ ਵੱਲ ਟੁਰ ਪਿਆ।
ਹੁਣ ਹਰ ਮਹੀਨੇ ਇਸੇ ਤਰ੍ਹਾਂ ਹੁੰਦਾ। ਜਦੋਂ ਮੈਂ ਮਲਹੋਤਰਾ ਸਾਹਮਣੇ ਹੁੰਦਾ ਉਹ ਮੇਰੇ ਨਾਲ ਪਤਨੀ ਦੀ ਸੁਰਗਵਾਸ ਹੋਣ ਵਾਲੀ ਗੱਲ ਜ਼ਰੂਰ ਕਰਦਾ ਅਤੇ ਮੇਰਾ ਵੀ ਓਹੀ ਜਵਾਬ ਹੁੰਦਾ, ‘‘ਹਾਂ ਮਲਹੋਤਰਾ ਸਾਹਿਬ, ਤੁਸੀਂ ਪਿਛਲੇ ਮਹੀਨੇ ਵੀ ਦੱਸਿਆ ਸੀ।’’
ਇਹ ਕਹਿ ਕੇ ਮੈਂ ਆਪਣਾ ਚਿਹਰਾ ਬਦੋ-ਬਦੀ ਦੁਖੀ ਕਰ ਲੈਂਦਾ। ਫਿਰ ਰਸਮੀ ਤੌਰ ’ਤੇ ਗੱਲਾਂ ਹੁੰਦੀਆਂ, ਕੁਝ ਮਲਹੋਤਰਾ ਦੀ ਪਤਨੀ ਬਾਰੇ ਅਤੇ ਕੁਝ ਉਸ ਦੀ ਕੁੜੀ ਬਾਰੇ। ਮੈਂ ਉਸ ਨੂੰ ਨਸੀਹਤ ਦਿੰਦਾ ਕਿ ਕੁੜੀ ਸਿਆਣੀ ਹੋ ਗਈ ਹੈ ਧਿਆਨ ਰੱਖੇ। ਪਿੱਛੇ ਇਕੱਲੀ ਘਰ ’ਚ ਰਹਿੰਦੀ ਹੈ।
ਇਉਂ ਹੀ ਕਈ ਮਹੀਨੇ ਲੰਘ ਗਏ। ਜਦੋਂ ਵੀ ਮੈਂ ਉਸ ਸਾਹਮਣੇ ਹੋਵਾਂ ਪਤਨੀ ਦੇ ਟੁਰ ਜਾਣ ਦੀ ਗੱਲ ਕਰਨੀ ਨਾ ਭੁੱਲੇ ਜਿਵੇਂ ਉਸ ਦੀ ਮੌਤ ਬਾਰੇ ਪਹਿਲੀ ਵਾਰੀ ਦੱਸ ਰਿਹਾ ਹੋਵੇ।
ਕੁਝ ਮਹੀਨੇ ਬਾਅਦ ਤਾਂ ਹਾਲਤ ਇਹ ਹੋ ਗਈ ਕਿ ਮੈਂ ਬੈਂਕ ਤਾਂ ਜਾਣਾ, ਪਰ ਉਸ ਕੋਲੋਂ ਬਚ ਕੇ ਨਿਕਲਣਾ ਚਾਹਾਂ। ਜੇ ਕਦੇ ਉਹ ਮਿਲ ਵੀ ਪਵੇ ਤਾਂ ਪਤਾ ਨਹੀਂ ਕਿਉਂ ਮੇਰਾ ਮਨ ਸੱਚਮੁੱਚ ਹੀ ਦੁੱਖ ਨਾਲ ਭਰ ਜਾਵੇ। ਉਸ ਦੀ ਪਤਨੀ ਦਾ ਚਿਹਰਾ ਅੱਖਾਂ ਸਾਹਮਣੇ ਘੁੰਮਣ ਲੱਗੇ। ਫਿਰ ਬੱਚਿਆਂ ਦਾ ਖ਼ਿਆਲ ਆਵੇ ਅਤੇ ਆਪੇ ਮਲਹੋਤਰਾ ਨਾਲ ਹਮਦਰਦੀ ਜਾਗ ਪਵੇ ਸੋਚਾਂ, ‘ਕਿਵੇਂ ਕਰਦਾ ਹੋਵੇਗਾ ਇਹ ਵਿਚਾਰਾ? ਕੁੜੀ ਵੱਡੀ ਹੁੰਦੀ ਜਾ ਰਹੀ ਹੈ। ਫਿਰ ਮੁੰਡਾ ਵੀ ਇਕੱਲਾ ਹੈ। ਇਸ ਦੇ ਬੈਂਕ ਆਇਆਂ ਬੱਚੇ ਕਿਵੇਂ ਰਹਿੰਦੇ ਹੋਣਗੇ?’ ਅਜਿਹੇ ਕਿੰਨੇ ਸਵਾਲ ਦਿਮਾਗ਼ ਵਿਚ ਆ ਵੜਨ, ਪਰ ਇਨ੍ਹਾਂ ਨਾਲ ਮਨ ਨੂੰ ਤਸੱਲੀ ਵੀ ਹੋਵੇ ਕਿ ਚਲੋ ਹੋਰ ਨਹੀਂ ਤਾਂ ਗੱਲਾਂ ਨਾਲ ਮੈਂ ਕਿਸੇ ਦਾ ਥੋੜ੍ਹਾ ਬਹੁਤਾ ਦੁੱਖ ਤਾਂ ਵੰਡਦਾ ਹੀ ਹਾਂ। ਇਹ ਵੀ ਪੁੰਨ ਦਾ ਹੀ ਕੰਮ ਹੈ।
ਅਗਲੇ ਮਹੀਨੇ ਮੈਂ ਫਿਰ ਚੈੱਕ ਜਮ੍ਹਾਂ ਕਰਵਾਉਣ ਗਿਆ। ਹਾਲ ਦਾ ਦਰਵਾਜ਼ਾ ਲੰਘਦਿਆਂ ਸਾਹਮਣੇ ਬੈਠੇ ਮਲਹੋਤਰਾ ’ਤੇ ਨਜ਼ਰ ਪਈ। ਉਸ ਦਿਨ ਬੈਂਕ ਵਿਚ ਬਹੁਤ ਭੀੜ ਸੀ। ਡੀਡੀਏ ਦੇ ਫਲੈਟਾਂ ਲਈ ਫਾਰਮ ਜਮ੍ਹਾਂ ਹੋ ਰਹੇ ਸਨ। ਲੰਮੀਆਂ ਲੰਮੀਆਂ ਕਤਾਰਾਂ ਅਤੇ ਉਸ ਵਿਚ ਖੜ੍ਹੇ ਗੱਪਾਂ ਮਾਰਦੇ ਲੋਕ। ਮਲਹੋਤਰਾ ਵਿਹਲਾ ਬੈਠਾ ਸੀ।
‘‘ਨਮਸਤੇ ਮਲਹੋਤਰਾ ਸਾਹਿਬ।’’ ਬਾਹਰੋਂ ਭਾਵੇਂ ਮੈਂ ਸੋਹਣੇ ਮੂਡ ਨਾਲ ਆਇਆ ਸੀ, ਪਰ ਉਸ ਨੂੰ ਸਾਹਮਣੇ ਦੇਖ ਹਰ ਵਾਰੀ ਵਾਂਗ ਮੂੰਹ ਢਿੱਲਾ ਕਰਨਾ ਪਿਆ ਕਿਉਂਕਿ ਮੇਰੇ ਸਾਹਮਣੇ ਓਹੀ ਦੁਖੀ ਬੰਦਾ ਬੈਠਾ ਸੀ ਜਿਸ ਦੀ ਪਤਨੀ ਮਰ ਗਈ ਸੀ। ਫਿਰ ਕਿਸੇ ਦੇ ਦੁੱਖ ਵਿਚ ਸ਼ਰੀਕ ਹੋਣਾ ਇਨਸਾਨੀਅਤ ਵੀ ਸੀ।
‘‘ਹੋਰ ਮਲਹੋਤਰਾ ਸਾਹਿਬ, ਬਬਲੂ ਤੇ ਗੁੱਡੀ ਕਿਵੇਂ ਨੇ?’’ ਇਹ ਕਹਿੰਦਿਆਂ ਮੇਰੇ ਮਨ ਸਾਹਮਣੇ ਦੋ ਮਾਂ ਵਿਹੂਣੇ ਬੱਚੇ ਆ ਗਏ ਜਿਹੜੇ ਛੋਟੀ ਉਮਰੇ ਇਕੱਠੇ ਹੋ ਘਰ ਦਾ ਸਾਰਾ ਭਾਰੀ ਚੁੱਕੀ ਖੜ੍ਹੇ ਸਨ।
‘‘ਠੀਕ ਨੇ,’’ ਇਹ ਕਹਿੰਦਿਆਂ ਮਲਹੋਤਰਾ ਸਾਹਿਬ ਦੀ ਆਵਾਜ਼ ਵਿਚ ਅੱਜ ਬਹੁਤ ਠਹਿਰਾਅ ਸੀ।
‘‘ਸੱਚਮੁੱਚ ਬਹੁਤ ਦੁੱਖ ਹੁੰਦਾ ਹੈ ਮਲਹੋਤਰਾ ਸਾਹਿਬ, ਜਦੋਂ ਵੀ ਮੈਂ ਤੁਹਾਨੂੰ ਮਿਲਦਾ ਹਾਂ।’’ ਮੈਂ ਹਮਦਰਦੀ ਜਤਾਉਂਦਿਆਂ ਕਿਹਾ। ਮੈਂ ਜਾਣਬੁੱਝ ਕੇ ਚਿਹਰੇ ਨੂੰ ਬਹੁਤ ਦੁਖੀ ਬਣਾ ਰੱਖਿਆ ਸੀ ਅਤੇ ਆਵਾਜ਼ ਨੂੰ ਬਹੁਤ ਭਾਰੀ। ਭਾਵੇਂ ਮਲਹੋਤਰਾ ਦੀ ਪਤਨੀ ਗੁਜ਼ਰਿਆਂ ਵਰ੍ਹਾ ਹੋ ਚੱਲਿਆ ਸੀ, ਪਰ ਮੇਰੇ ਮਨ ’ਚ ਤਾਂ ਇਕੋ ਗੱਲ ਕਿ ਬੰਦਾ ਕਦੋਂ ਆਪਣਿਆਂ ਨੂੰ ਭੁੱਲਦਾ ਹੈ। ਇਸ ਦੇ ਦਿਲੋਂ ਪਤਨੀ ਦੀ ਮੌਤ ਦਾ ਸੱਲ੍ਹ ਥੋੜ੍ਹੇ ਹੀ ਮਿਟਿਆ ਹੋਣੈ? ਹਰ ਰੋਜ਼ ਯਾਦ ਕਰਦਾ ਹੋਣੈ ਉਸ ਨੂੰ।
‘‘ਹੋਰ ਕਿਵੇਂ ਕਟਦੀ ਹੈ ਮਲਹੋਤਰਾ ਸਾਹਿਬ? ਤੁਹਾਨੂੰ ਦੇਖ ਤਾਂ ਸੱਚਮੁੱਚ ਹਰ ਵਾਰੀ ਮਨ ਖ਼ਰਾਬ ਹੁੰਦੈ,’’ ਮੈਂ ਤਾਂ ਬੋਲੀ ਜਾਵਾਂ, ਪਰ ਮਲਹੋਤਰਾ ਦਾ ਚਿਹਰਾ ਪਹਿਲਾਂ ਵਾਂਗ ਉਦਾਸ ਨਾ। ਫਿਰ ਮੇਰੀ ਗੱਲ ਹਰ ਵਾਰੀ ਵਾਂਗ ਮੁੜ ਬੱਚਿਆਂ ’ਤੇ ਜਾ ਪਹੁੰਚੀ।
‘‘ਬੱਚਿਆਂ ਨੂੰ ਤਾਂ ਬਹੁਤ ਔਖਾ ਹੁੰਦਾ ਹੋਣਾ ਤੁਹਾਡੇ ਬੈਂਕ ਆਇਆਂ। ਇਕੱਲੇ ਜੋ ਰਹਿ ਜਾਂਦੇ ਹੋਣਗੇ। ਬਈ ਮਾਂ ਵਿਹੂਣੇ ਜੋ ਹੋਏ ਫਿਰ ਕਰਨ ਵੀ ਕੀ?’’ ‘‘ਨਹੀਂ ਨਹੀਂ, ਇੰਜ ਨਾ ਕਹੋ ਭਾਈ ਸਾਹਿਬ। ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ। ਸ਼ਾਇਦ ਤੁਹਾਨੂੰ ਪਤਾ ਨਹੀਂ, ਮੈਂ ਦੂਜਾ ਵਿਆਹ ਕਰਵਾ ਲਿਆ।’’
ਇੰਨਾ ਕਹਿ ਮਲਹੋਤਰਾ ਟਹਿਕਦਾ ਹੋਇਆ ਆਪਣੇ ਵਿਆਹ ਦੀ ਕਹਾਣੀ ਦੱਸਣ ਲੱਗਾ ਕਿ ਵਿਆਹ ਕਿਵੇਂ ਹੋਇਆ ਅਤੇ ਵਹੁਟੀ ਕਿਹੋ ਜਿਹੀ ਹੈ? ਪਰ ਮੈਨੂੰ ਤਾਂ ਜਿਵੇਂ ਇਸ ਤੋਂ ਅੱਗੇ ਕੁਝ ਸੁਣਾਈ ਹੀ ਨਾ ਦੇਵੇ। ਹਾਲ ਵਿਚ ਲੱਗੀਆਂ ਲੰਮੀਆਂ ਲੰਮੀਆਂ ਕਤਾਰਾਂ ਦੇ ਸ਼ੋਰ ਵਿਚ ਉਸ ਦੀ ਆਵਾਜ਼ ਗੁਆਚੀ ਜਾਵੇ ਅਤੇ ਦੋਵੇਂ ਮਾਂ ਵਿਹੂਣੇ ਬੱਚੇ ਮੇਰੀਆਂ ਅੱਖਾਂ ਸਾਹਮਣੇ ਖੜ੍ਹੇ ਡੁਸਕੀ ਜਾਣ।