Punjabi Kavita
  

Macbeth : William Shakespeare
ਮੈਕਬੈਥ : ਵਿਲੀਅਮ ਸ਼ੈਕਸਪੀਅਰ



ਪਾਤਰ ਸੂਚੀ

ਡੰਕਨ ਸਕਾਟਲੈਂਡ ਦਾ ਰਾਜਾ ਮੈਲਕਾਲਮ ਰਾਜਕੁਮਾਰ ਡੋਨਲਬੇਨ ਰਾਜਕੁਮਾਰ ਮੈਕਬੈਥ ਫੌਜ ਦਾ ਜਰਨੈਲ ਬੈਂਕੋ ਫੌਜ ਦਾ ਜਰਨੈਲ ਮੈਕਡਫ, ਲੈਨੌਕਸ, ਰੌਸ, ਪਤਵੰਤੇ ਮੈਨਟੀਥ, ਅੰਗਸ, ਕੇਥਨੈਸ ਫਲੀਐਂਸ ਬੈਂਕੋ ਦਾ ਪੁੱਤਰ ਸੀਵਰਡ ਨੌਰਥੰਬਰਲੈਂਡ ਦਾ ਅਰਲ-ਅੰਗਰੇਜ਼ੀ ਫੌਜਾਂ ਦਾ ਜਰਨੈਲ ਕਾਕਾ ਸੀਵਰਡ ਜਰਨੈਲ ਸੀਵਰਡ ਦਾ ਬੇਟਾ ਸੈਟਨ ਮੈਕਬੈਥ ਦਾ ਸਹਾਇਕ ਅਫਸਰ ਮੈਕਡਫ ਦਾ ਪੁੱਤਰ; ਇੱਕ ਅੰਗਰੇਜ਼ ਡਾਕਟਰ; ਇੱਕ ਸਕੌਟ ਡਾਕਟਰ; ਇੱਕ ਸਿਪਾਹੀ; ਇੱਕ ਦਰਬਾਨ; ਇੱਕ ਬੁੱਢਾ ਬੇਗਮ ਮੈਕਬੈਥ; ਬੇਗਮ ਮੈਕਡਫ; ਬੇਗਮ ਮੈਕਬੈਥ ਦੀਆਂ ਬਾਂਦੀਆਂ ਹੀਕੇਟ (ਚੰਦਰਲੋਕ, ਪਾਤਾਲ, ਅਤੇ ਮਾਤਲੋਕ ਦੀ ਤਿੰਨ-ਸਿਰੀ ਮਹਾਂ ਡਾਕਣੀ) ਅਤੇ ਉਸ ਦੀਆਂ ਸਹਾਇਕ ਤਿੰਨ ਜਾਦੂਗਰ ਚੁੜੇਲਾਂ ਲਾਟ ਸਾਹਿਬਾਨ, ਪਤਵੰਤੇ, ਅਫਸਰਾਨ, ਸੈਨਿਕ, ਕਾਤਲ, ਸਹਾਇਕ, ਅਤੇ ਏਲਚੀ ਬੈਂਕੋ ਦਾ ਪ੍ਰੇਤ, ਅਤੇ ਕਈ ਹੋਰ ਪ੍ਰੇਤ ਛਾਯਾਵਾਂ

ਸਥਾਨ

{ਚੌਥੇ ਐਕਟ ਦਾ ਅੰਤਲਾ ਭਾਗ ਇੰਗਲੈਂਡ ਵਿੱਚ; ਬਾਕੀ ਸਾਰਾ ਨਾਟਕ ਸਕਾਟਲੈਂਡ ਵਿੱਚ; ਅਤੇ ਖਾਸ ਤੌਰ ਤੇ ਮੈਕਬੈਥ ਦੇ ਕਿਲੇ ਵਿੱਚ।}

ਐਕਟ-1 ਮੈਕਬੈਥ

ਸੀਨ-1-ਐਕਟ-1

ਖੁੱਲ੍ਹੀ ਥਾਂ-। ਬਿਜਲੀ ਦੀ ਚਮਕਾਰ ਅਤੇ ਗਰਜਣ; {ਜਾਦੂਗਰ-ਚੁੜੇਲ ਤਿੱਕੜੀ ਦਾ ਪ੍ਰਵੇਸ਼} ਪਹਿਲੀ ਚੁੜੇਲ:ਆਪਾਂ ਕਦ ਹੁਣ ਮਿਲਣਾ ਫੇਰ? ਗਰਜਣ ਘੋਰ, ਲਿਸ਼ਕਾਰਾਂ ਅੰਦਰ, ਜਾਂ ਵਰ੍ਹਦੇ ਮੀਂਹ-ਨ੍ਹੇਰਾਂ ਅੰਦਰ? ਦੂਜੀ ਚੁੜੇਲ:ਸਿੰਗ ਜਦ ਮਾੜੇ, ਤੱਗੜੇ, ਫੱਸਣ, ਭੇੜ-ਭੜੰਤ ਜਦ ਹੋ ਜੇ ਪੂਰਾ, ਜੰਗ ਜਦੋਂ ਫਿਰ ਜਿੱਤੀ ਜਾਵੇ, ਤੇ ਹਾਰ ਜਾਏ ਕੋਈ ਸੂਰਾ ਪੂਰਾ। ਤੀਜੀ ਚੁੜੇਲ :ਦਿਨ ਛਿਪਣ ਤੋਂ ਪਹਿਲਾਂ ਪਹਿਲਾਂ। ਪਹਿਲੀ ਚੁੜੇਲ:ਕਿਹੜੀ, ਕਿੱਥੇ, ਥਾਂ ਉਹ ਐਸੀ? ਦੂਜੀ ਚੁੜੇਲ:ਝਾੜ-ਖੰਡ ਦੇ ਉਹ ਵਿਚਕਾਰ। ਤੀਜੀ ਚੁੜੇਲ:ਮੈਕਬੈਥ ਨੂੰ ਮਿਲਣਾ ਓਥੇ। ਪਹਿਲੀ ਚੁੜੇਲ:ਧੌਲੀ-ਝਾਟੀ, ਲੁੱਚ-ਡਾਕਣੀ! ਮੈਂ ਵੀ ਆਈ । ਸਾਰੀਆਂ:ਮੋਟਾ ਡੱਡੂ ਮਾਰੇ ਹਾਕਾਂ: ਆ ਜੋ ਛੇਤੀ, ਛੇਤੀ ਆ ਜੋ, ਸੁਹਣਾ ਹੈ ਬਦ, ਬਦ ਹੀ ਸੁਹਣਾ; ਧੁੰਦ-ਗੰਦ ਦੀਆਂ ਪੌਣਾਂ ਵਿੱਚ ਹੀ ਚੰਗਾ ਭੌਣਾ। {ਅਲੋਪ ਹੋ ਜਾਂਦੀਆਂ ਹਨ}

ਸੀਨ-2-ਐਕਟ-1

ਫੋਰੈਸ ਨੇੜੇ ਇੱਕ ਪੜਾਅ। {ਅੰਦਰੋਂ 'ਖਬਰਦਾਰੀ' ਦੀ ਇਤਲਾਅ ਦੀ ਆਵਾਜ਼। ਪ੍ਰਵੇਸ਼ ਮਹਾਰਾਜ ਡੰਕਣ, ਲੈਨੌਕਸ, ਸਹਾਇਕਾਂ ਅਤੇ ਚਾਕਰਾਂ ਨਾਲ; ਇੱਕ ਲਹੂ-ਲਹਾਣ ਸੈਨਿਕ ਨੂੰ ਮਿਲਦੇ ਹਨ} ਡੰਕਣ:ਕਿਹੜਾ ਹੈ ਇਹ ਲਹੂ-ਲਹਾਣ? ਦੇ ਸਕਦੈ ਇਤਲਾਅ ਆਪਣੀ;- ਲਗਦੈ ਜਿਵੇਂ ਦਿੱਖ ਤੋਂ ਇਹਦੀ, ਤਾਜ਼ਾ ਅਤਿ ਖਬਰ ਲਿਆਇਐ: ਕਿ ਕਿੱਥੋਂ ਤੀਕ ਬਗ਼ਾਵਤ ਪੁੱਜੀ। ਮੈਲਕੌਲਮ:ਇਹ ਤਾਂ ਸਾਰਜੰਟ ਹੈ ਉਹੀ, ਬੜੇ ਹੀ ਜੇਰੇ, ਜੋਸ਼ ਨਾਲ ਜਿਸ, ਲੜ ਬਚਾਇਆ ਕੈਦ ਤੋਂ ਮੈਨੂੰ।- 'ਜੀ ਆਇਆਂ ਨੂੰ' ਬਹਾਦੁਰ ਮਿੱਤਰ! ਸ਼ਾਹ ਨੂੰ ਦੱਸ ਦੇ ਹਾਲਤ ਸਾਰੀ, ਓਸ ਲੜਾਈ ਵਾਲੀ,- ਓਸ ਘੜੀ ਤੱਕ, ਜਦ ਤੂੰ ਰਣ ਨੂੰ ਛੱਡ ਕੇ ਆਇਆ। ਸੈਨਿਕ:ਹਾਲਤ ਬੜੀ ਮਸ਼ਕੂਕ ਸੀ ਓਦੋਂ; ਥੱਕੇ ਹਾਰੇ ਦੋ ਤੈਰਾਕ, ਇੱਕ ਦੂਜੇ ਨੂੰ ਜੱਫੇ ਪਾਵਣ, ਚੰਬੜੀਂ ਜਾਵਣ, ਤੈਰਾਕੀ ਵਾਲੀ ਕਲਾ ਆਪਣੀ ਮੰਦੀ ਪਾਵਣ। ਨਿਰਦਈ ਮੈਕਡੋਨਾਲਡ ਹੋਇਆ ਆਕੀ, ਆਕੀ ਹੋਣ ਦੇ ਲਾਇਕ ਹੈ ਬੱਸ- ਕੁੱਲ ਦੁਸ਼ਟਤਾ ਪ੍ਰਕ੍ਰਿਤੀ ਦੀ- ਆਪੋ ਵਿੱਚ ਪਈ ਜ਼ਰਬਾਂ ਖਾਂਦੀ- ਸਿਰ ਤੇ ਜੀਹਦੇ ਨਾਜ਼ਲ ਹੋਈ; ਪੱਛਮੀ ਦੀਪਾਂ ਵੱਲੋਂ ਆਏ, ਸਹਾਇਕ ਉਹਦੇ ਬੇਸ਼ੁਮਾਰ,- ਅਣਗਿਣਤ ਪਿਆਦੇ, ਸ਼ਾਹਸਵਾਰ; 'ਹੋਣੀ' ਦੀ ਮੁਸਕਾਣ ਵੀ ਏਦਾਂ ਦੇਵੇ ਥਾਪੀ, ਜਿਉਂ ਬਾਗ਼ੀ ਦੀ ਰੰਡੀ ਹੋਵੇ! ਐਪਰ ਸਭ ਕਮਜ਼ੋਰ ਪਿਆ ਸੀ: ਸੂਰਾ ਪੂਰਾ ਮੈਕਬੈਥ ਜੋ , ਠੀਕ ਹੀ ਨਾਮ ਧਰਾਇਆ ਓਹਨੇ:-ਲਲਕਾਰ ਪਛਾੜਿਆ ਹੋਣੀ ਤਾਈਂ, ਖੜਗ ਫੌਲਾਦੀ ਐਸੀ ਵਾਹੀ, ਐਸੇ ਐਸੇ ਕੀਤੇ ਕਾਰੇ: ਖੱਪਰ ਲੱਥਣ, ਉੱਡਣ ਭਾਫਾਂ, ਲਹੂ ਤੇਜ਼ਾਬੀ ਧਰਤੀ ਸਾੜੇ;- ਆਪ 'ਵੀਰਤਾ' ਘੱਲਿਆ ਨਾਇਕ, ਵੱਢ-ਕੱਟ ਉਹਨੇ ਰਾਹ ਬਣਾਇਆ,- ਮਰਦੂਦ ਨਫਰ ਜਦ ਸਨਮੁਖ ਆਇਆ; ਤੇ ਫਿਰ ਹੱਥ ਮਿਲਾਇਆ ਨਾਂਹੀ, ਨਾਂ ਕੋਈ ਅਲਵਿਦਾਆ ਹੀ ਆਖੀ,- ਸਿਰ ਤੋਂ ਨਾਭੀ ਤੱਕ ਬੱਸ ਉਹਨੂੰ ਚੀਰ ਹੀ ਦਿੱਤਾ; ਵੱਢਿਆ ਫੇਰ ਸੀਸ ਓਸਦਾ, ਟੰਗਿਆ ਕਿੰਗਰੇ ਕਿਲੇ ਦੇ ਆ ਕੇ। ਮਹਾਰਾਜ ਡੰਕਣ:ਵਾਹ, ਬਹਾਦੁਰ ਭਰਾ ਚਚੇਰੇ! ਵਾਹ, ਪਤਵੰਤੇ ਭਾਈ ਮੇਰੇ! ਸੈਨਿਕ:ਜਿੱਥੋਂ ਰਵੀਰਾਜ ਦੀਆਂ ਰੌਸ਼ਨ ਕਿਰਨਾਂ, ਰਥ ਨੂਰ ਦਾ ਖਿੱਚ ਲਿਆਵਣ, ਓਥੋਂ ਹੀ ਤੂਫਾਨ-ਤਲਾਤੁਮ, ਰੋਹ ਸਾਗਰ ਦਾ, ਘੋਰ ਗਰਜਣਾ ਸੰਗ ਲਿਆਵਣ:- ਨਾਵਾਂ ਤੋੜਨ, ਪੋਤ ਪਲਟਾਵਣ, ਸਾਹਿਲ ਦੀ ਹਿੱਕ ਦਹਿਲਾਵਣ; ਬਿਲਕੁਲ ਏਵੇਂ ਉਸੇ ਸਰੋਤੋਂ, ਦੁੱਖ-ਦਰਦ ਵੀ ਝਰ ਝਰ ਆਉਂਦੇ, ਸੁੱਖ ਸਹਿਜ ਦੀ ਨਿਰਮਲ ਧਾਰਾ, ਜਿਸ ਸਰੋਤੋਂ ਫੁਟਦੀ ਲੱਗੇ। ਸਕਾਟਲੈਂਡ ਦੇ ਸ਼ਾਹ ਬਹਾਦੁਰ, ਧਿਆਨ ਦਿਓ ਇਸ ਵੱਲੇ:- 'ਵੀਰਤਾ' ਸੰਗ ਸੁਸ਼ਸਤਰ ਹੋ ਕੇ, ਰਣ-ਖੇਤਰ ਨੂੰ 'ਨਿਆਂ' ਜਦ ਧਾਇਆ: ਟਪੂਸੀਮਾਰ ਸਿਪਾਹ ਪੈਦਲ ਨੇ, ਪਿੱਠ ਨੂੰ ਅੱਡੀਆਂ ਨੂੰ ਲਾਇਆ; ਐਪਰ ਲਾਟ ਨੌਰਵੇ ਵਾਲਾ, ਤਾੜ ਰਿਹਾ ਸੀ ਪਾਸੇ ਮੌਕਾ , ਸਾਬਤ ਸਪਲਾਈ ਹਥਿਆਰਾਂ ਵਾਲੀ, ਬੰਦੇ ਹੋਰ ਨਰੋਏ ਲੈ ਕੇ, ਉਹ ਰਣਖੇਤਰ ਧਾਇਆ; ਪੂਰੇ ਜੋਸ਼ ਨਾ' ਲਸ਼ਕਰ ਉਹਦੇ, ਤਾਜ਼ਾ ਬੋਲਿਆ ਹੱਲਾ। ਮਹਾਰਾਜ ਡੰਕਣ:ਫਿਰ ਤਾਂ ਮੇਰੇ ਜਰਨੈਲਾਂ ਨੂੰ: ਬੈਂਕੋ ਬਹਾਦੁਰ ਮੈਕਬੈਥ ਨੂੰ ਬੜੀ ਮਾਯੂਸੀ ਹੋਈ ਹੋਣੀ? ਸੈਨਿਕ:ਜੀ ਸਰਕਾਰ; ਜਿੱਦਾਂ ਬਾਜ਼ਾਂ ਉੱਤੇ ਟੁੱਟਣ ਚਿੜੀਆਂ, ਜਾਂ ਖਰਗ਼ੋਸ਼ ਸ਼ੇਰ ਤੇ ਝਪਟੇ। ਸੱਚ ਕਹਾਂ ਤਾਂ ਕਹਿਣਾ ਪੈਂਦੈ:- ਦਗਣ ਦੁਨਾਲੀਆਂ ਤੋਪਾਂ ਜਿੱਦਾਂ, ਮੂੰਹ ਥੀਂ ਨਾਲ ਬਰੂਦ ਦੇ ਭਰੀਆਂ, ਦੋਹਰੇ ਚੌਹਰੇ ਵਾਰ ਉਨ੍ਹਾਂ ਨੇ, ਇਉਂ ਦੁਸ਼ਮਣ ਤੇ ਕੀਤੇ:- ਜਿਉਂ ਅਸ਼ਨਾਨ ਸੀ ਕਰਨਾ ਉਹਨਾਂ, ਵਗਦੇ ਜ਼ਖਮਾਂ ਥੱਲੇ; ਜਾਂ ਫਿਰ ਯਾਦ ਜ਼ੁਬਾਨੀ ਕਰਨਾ,ਲਾ ਲਾ ਪੁਸ਼ਤੇ ਕੁਸ਼ਿਤਆਂ ਵਾਲੇ ਹੱਡਮਹਿਲ (ਗੋਲਗੋਥਾ) ਦਾ ਤਾਜ਼ਾ ਨਕਸ਼ਾ,- ਇਸ ਬਾਰੇ ਕੁੱਝ ਕਹਿ ਨਹੀਂ ਸਕਦਾ:- ਐਪਰ ਹੁਣ ਤਾਂ ਮੂਰਛਾ ਪੈਂਦੀ; ਜ਼ਖਮ ਮੇਰੇ ਹੁਣ ਮਰਹਮ ਮੰਗਦੇ। ਡੰਕਣ ਮਹਾਰਾਜ:ਕਿੰਨੇ ਸੁਹਣੇ ਸ਼ਬਦ ਨੇ ਤੇਰੇ, ਸੋਂਹਦੇ ਤੈਨੂੰ ਜ਼ਖਮਾਂ ਵਾਂਗੂੰ; ਪਤ-ਪਤੀਜ ਦੀ ਖੁਸ਼ਬੂ ਆਉਂਦੀ, ਇਹਨਾਂ ਦੋਵਾਂ ਵਿੱਚੋਂ।- ਜਾਓ, ਹੋ--! ਜੱਰਾਹ ਬੁਲਵਾਓ, ਕਰਵਾਓ ਚਾਰਾ ਇਹਦਾ। {ਸਹਾਇਕ ਸੈਨਿਕ ਨੂੰ ਲੈ ਜਾਂਦੇ ਹਨ} ਆਹ ਭਲਾ ਹੁਣ ਕੌਣ ਆ ਰਿਹੈ? ਮੈਲਕੌਲਮ:ਸਰਦਾਰ ਜਗੀਰੂ, 'ਰਾਜ' ਦਾ ਅਦਨਾ, ਰੌਸ ਨਾਮ ਹੈ ਇਹਦਾ: ਬੜਾ ਪਤਵੰਤਾ, ਬੜਾ ਹੈ ਜੋਧਾ। ਲੈਨੌਕਸ:ਕਿੰਨੀ ਕਾਹਲੀ ਪਈ ਹੈ ਇਹਨੂੰ, ਨਜ਼ਰ ਅੱਖਾਂ ਚੋਂ ਆਵੇ! 'ਦਿੱਖ' ਵੀ ਵੇਖੋ, ਲੱਗੇ ਅਜਨਬੀ, ਅਜਬ ਹੀ ਬਾਤਾਂ ਪਾਵੇ! {ਪ੍ਰਵੇਸ਼ ਸਰਦਾਰ ਰੌਸ ਦਾ} ਰੌਸ:ਸ਼ਾਹ ਸਲਾਮਤ, ਜ਼ਿੰਦਾਬਾਦ! ਡੰਕਣ ਮਹਾਰਾਜ:ਕਿੱਧਰੋਂ ਆਇਐਂ ਬਹਾਦੁਰ ਸਰਦਾਰਾ? ਰੌਸ:ਮਹਾਰਾਜ ਅਧਿਰਾਜ, ਫਾਈਫ ਤੋਂ ਆਇਆਂ; ਪ੍ਰਚਮ ਜਿੱਥੇ ਨੌਰਵੇ ਵਾਲੇ, ਨੇਮ ਅੰਬਰ ਦੇ ਤੋੜੀਂ ਜਾਂਦੇ, ਸਾਡੇ ਲੋਕਾਂ ਨੂੰ ਮਾਰ ਕੇ ਪੱਖਾ, ਲਹੂ ਰਗਾਂ ਵਿੱਚ ਠਾਰੀਂ ਜਾਂਦੇ। ਟਿੱਡੀ ਦਲ ਲੈ ਚੜ੍ਹਿਆ ਨੌਰਵੇ, ਲੈ ਸਰਦਾਰ ਕਾਡਰ ਦਾ ਨਾਲੇ,- ਆਕੀ ਮਹਾਨ, ਦੇਸ਼ ਧ੍ਰੋਹੀ, ਕੂੜ, ਕਮੀਨਾ, ਮੱਕਾਰ ਕਮਾਲੇ ਵਿਸ਼ਵਾਸ ਘਾਤੀ, ਨਿਸ਼ਠਾਹੀਣ, ਮਹਾਂ ਵਿਦਰੋਹੀ,- ਦੋਵਾਂ ਰਲ਼ ਉਤਪਾਤ ਮਚਾਇਆ;- 'ਰਣ-ਚੰਡੀ' ਫਿਰ ਘੱਲਿਆ ਸੂਰਾ, ਪਹਿਰਨ ਲੋਹ-ਸੰਜੋਆ ਪਾ ਕੇ, ਜੀਹਨੇ ਜਾ ਫਿਰ ਆਢਾ ਲਾਇਆ: ਵਾਰ ਦੇ ਬਦਲੇ ਵਾਰ ਮੋੜਿਆ, ਹੱਥ-ਪਲੱਥਾ ਪੂਰਾ ਕੀਤਾ;- ਜੰਗ ਦੀ ਤੱਕੜੀ ਦੋਵੇਂ ਪੱਲੀਂ, ਪਾ ਕੇ ਖੁਦ ਨੂੰ ਨਾਲ ਓਸਦੇ, ਡੰਡੀ ਐਸੀ ਕਰ ਤੀ ਸਿੱਧੀ : ਜੋਸ਼ ਨੂੰ ਉਹਦੇ ਕਰ ਤਾ ਠੰਡਾ;- ਮੁੱਕੀ ਗੱਲ, ਬੱਸ ਜੰਗ ਜਿੱਤ ਲੀ। ਮਹਾਰਾਜ ਡੰਕਣ:ਵਾਹਵਾ! ਲੱਖ ਖੁਸ਼ੀਆਂ ਪਾਤਸ਼ਾਹੀਆਂ ! ਰੌਸ:ਤੇ ਹੁਣ ਸ਼ਾਹ ਸਵੀਨੋ ਨੌਰਵੇ ਵਾਲਾ, ਕਰੇ ਗੁਜ਼ਾਰਸ਼ ਸੁਲਹ ਕਰਨ ਦੀ, ਜੋ ਸਾਨੂੰ ਮਨਜ਼ੂਰ ਨਹੀਂ ਹੈ; ਇੰਚਕੌਮ ਚਰਚ 'ਚ ਲਾਸ਼ਾਂ, ਦਫਨਾਉਣ ਅਸੀਂ ਨਹੀਂ ਦਿੰਦੇ, ਮਹਾਰਾਜ ਡੰਕਣ:ਕਾਡਰ ਦੇ ਸਰਦਾਰ ਅਸਾਡੇ ਦਿਲੀ ਹਿਤਾਂ ਨੂੰ, ਹੁਣ ਹੋਰ ਦਗ਼ਾ ਨਹੀਂ ਦੇਣਾ ਏਦਾਂ:- ਜਾਓ, ਮੌਤ ਤੁਰੰਤ ਉਹਦੀ ਦਾ, ਆਮ ਐਲਾਨ ਕਰ ਦਿਓ ਜਾ ਕੇ, ਤੇ ਪਦਵੀ, ਜਾਗੀਰ ਓਸ ਦੀ, ਮਹਾਨ ਮੈਕਬੈਥ ਦੀ ਝੋਲੀ ਪਾਓ। ਰੌਸ:ਜੀ, ਹੁਕਮ ਸਰਕਾਰ! ਮਹਾਰਾਜ ਡੰਕਣ:ਜੋ ਉਸ ਖੋਇਆ, ਸਾਊ ਮੈਕਬੈਥ ਨੇ ਹੈ ਪਾਇਆ। {ਪ੍ਰਸਥਾਨ}

ਸੀਨ-3-ਐਕਟ-1

ਇੱਕ ਝਾੜ-ਖੰਡ {ਗੜਗੜਾਹਟ ਹੁੰਦੀ ਹੈ-ਪ੍ਰਵੇਸ਼ ਤਿੰਨ ਚੁੜੇਲਾਂ ਦਾ} ਪਹਿਲੀ ਚੁੜੇਲ:ਕਿੱਥੇ ਰਹੀ ਤੂੰ ਭੈਣ ਮੇਰੀਏ? ਦੂਜੀ ਚੁੜੇਲ:ਸੂਰ ਮਾਰਦੀ। ਤੀਜੀ ਚੁੜੇਲ:ਤੇ ਭੈਣੇਂ ਤੂੰ ਕਿੱਥੇ ਸੀ ਗੀ? ਪਹਿਲੀ ਚੁੜੇਲ:ਪੱਲੇ ਪਾ ਅਖਰੋਟ ਸੀ ਬੈਠੀ, ਇੱਕ ਨਾਵਕ ਦੀ ਬੀਵੀ ਚਬੜ ਚਬੜ ਸੀ ਚੱਬੀਂ ਜਾਂਦੀ, ਚੱਬੀਂ ਜਾਂਦੀ, ਚੱਬੀਂ ਜਾਂਦੀ : -ਦੇਹ ਮੈਨੂੰ ਵੀ , ਮੈਂ ਆਖਿਆ:- 'ਤਿੱਤਰ ਹੋ ਚੁੜੇਲੇ ਏਥੋਂ'! ਪੁੱਠ-ਰੱਜੀ ਹਰਾਂਬੜ ਚੀਕੀ । ਗਿਆ ਅਲੈਪੋ ਕੰਤ ਓਸਦਾ, 'ਸ਼ੇਰ' ਪੋਤ ਦਾ ਸੀ ਕਪਤਾਨ: ਐਪਰ ਛਾਨਣੀ ਹੋ ਸਵਾਰ, ਮੈਂ ਆਪੂੰ ਠਿੱਲ ਜਾਣਾ ਓਧਰ, ਬਿਲਕੁਲ 'ਲੰਡੂ' ਚੂਹੇ ਵਾਂਗੂ: ਇਹ ਕੁੱਝ ਕਰਨਾ, ਸੱਚੀਂ ਕਰਨਾ, ਹਾਂ, ਮੈਂ ਪੱਕਾ ਕਰਨਾ। ਦੂਜੀ ਚੁੜੇਲ:ਬਾਦਬਾਨ ਵਿੱਚ ਤੇਰੇ ਮੈਂ ਪੌਣ ਭਰੂੰਗੀ। ਪਹਿਲੀ ਚੁੜੇਲ:ਤੂੰ ਕਿਰਪਾਲੂ ਬੜੀ ਹੈਂ ਭੈਣੇਂ। ਤੀਜੀ ਚੁੜੇਲ:ਪੌਣ ਦੂਸਰੀ ਮੈਂ ਦਿਉਂਗੀ। ਪਹਿਲੀ ਚੂੜੇਲ:ਬਾਕੀ ਕੁੱਲ ਮੈਂ ਆਪ ਲਵਾਂ ਗੀ ; ਤੇ ਸੱਭੇ ਉਹ ਬੰਦਰਗਾਹਾਂ, ਵਗਦੀਆਂ ਜਿੱਥੇ ਉਹ ਹਵਾਵਾਂ, ਉਹ ਸਾਰੇ ਖੂੰਜੇ, ਸਾਰੀਆਂ ਥਾਵਾਂ, ਜੋ ਨਾਵਕ ਦੇ ਨਕਸ਼ੀਂ ਲਿਖੀਆਂ। ਸੁੱਕਾ ਘਾਹ ਬਣਾ ਦੂੰ ਉਹਨੂੰ, ਰਸ ਮੈਂ ਪੀ ਜੂੰ ਸਾਰਾ, ਰਾਤ ਦਿਨੇ ਉਹ ਰਹੂ ਉਣੀਂਦਾ, ਪਲਕਾਂ ਬੋਝਲ ਰਹਿਣੀਆਂ ਝੁਕੀਆਂ: ਬੰਧੂਏ ਵਾਂਗ ਰਹੂ ਉਹ ਬੰਦਾ, ਸੱਤ-ਰਾਤਾਂ ਉਹ ਥੱਕਾ-ਟੁੱਟਾ,- ਨੌਂ ਗੁਣਾ ਨੌਂ ਘਟਣਾ ਉਹਨੇ, ਸੁੱਕਦੇ, ਸੜਦੇ, ਝੁਰਦੇ ਰਹਿਣਾ, ਭਾਵੇਂ ਕਸ਼ਤੀ ਨਹੀਂ ਗ਼ਰਕਣੀ , ਝੱਖੜ ਤਾਂ ਪਰ ਝੱਲਣੇ ਪੈਣੇ; ਵੇਖੋ, ਆਹ ਕੀ ਮੈਂ ਲਿਆਈ। ਦੂਜੀ ਚੁੜੇਲ:ਵਖਾ ਖਾਂ ਮੈਨੂੰ; ਮੈਨੂੰ ਵਖਾ। ਪਹਿਲੀ ਚੁੜੇਲ:ਗੂਠਾ ਇੱਕ ਜਹਾਜ਼ੀ ਦਾ ਹੈ, ਡੁੱਬਾ ਸੀ ਜੋ ਘਰ ਨੂੰ ਮੁੜਦਾ। {ਅੰਦਰੋਂ ਨਗਾਰੇ ਦੀ ਆਵਾਜ਼} ਤੀਜੀ ਚੁੜੇਲ:ਨਗਾਰਾ ਵੱਜਦੈ, ਹਾਂ ਨਗਾਰਾ! ਮੈਕਬੈਥ ਆਉਂਦਾ ਲਗਦੈ। ਸਾਰੀਆਂ:'ਹੋਣੀ' ਜਾਈਓ ਡਾਕਣੀਓ, ਹੱਥ ਹੱਥਾਂ 'ਚ ਪਾਓ ਭੈਣੋ, ਜਲ-ਥਲ ਸਾਰੇ ਫੇਰੀ ਪਾਈਏ, ਏਦਾਂ, ਓਦਾਂ ਚੱਕਰ ਲਾਈਏ, ਤਿੰਨ ਤੇਰੇ ਵੱਲ, ਤਿੰਨ ਮੇਰੇ ਵੱਲ, ਤਿੰਨ ਦੁਬਾਰਾ ਨੌਂ ਤੱਕ ਗਿਣੀਏ:- ਖਾਮੋਸ਼!-ਕਿ ਮੰਤਰ ਪੂਰਾ ਹੋਇਆ। {ਪ੍ਰਵੇਸ਼ ਮੈਕਬੈਥ ਅਤੇ ਬੈਂਕੋ ਦਾ} ਮੈਕਬੈਥ:ਏਨਾ ਚੰਗਾ, ਏਨਾ ਮੰਦਾ ਦਿਹੁੰ ਕਦੇ ਨੀਂ ਡਿੱਠਾ। ਬੈਂਕੋ:ਕਿੰਨੀ ਦੂਰ ਹੈ ਫੌਰੈਸ ਏਥੋਂ?-ਪਰ ਆਹ ਕੌਣ ਨੇ, ਸੁੱਕੀਆਂ, ਸੜੀਆਂ; ਪਹਿਰਨ ਪਹਿਨੇ ਜੰਗਲੀ ਏਨੇ: ਏਸ ਦੁਨੀ ਦੀਆਂ ਨਹੀਂ ਇਹ ਵਾਸੀ; ਪਰ ਏਥੇ ਹੀ ਖੜੀਆਂ! ਹੋਰ ਗ੍ਰਹਿ ਤੋਂ ਆਈਆਂ ਲੱਗਣ? ਓ ਬੋਲੋ ! ਜੀਵਤ ਹੋ ਕਿ… ? ਜਾਂ ਫਿਰ ਹੋਂ ਕੁੱਝ ਐਸੀ 'ਮਾਇਆ', ਪੁੱਛੇ ਬੰਦਾ ਜੀਹਦੇ ਬਾਰੇ? ਲਗਦੈ ਗੱਲ ਸਮਝ ਲੀ ਮੇਰੀ , ਤਾਂ ਹੀ ਇੱਕ-ਦਮ ਹਰ ਇੱਕ ਨੇ, ਸੁੱਕੀ, ਸੜੀ ਉਂਗਲ ਆਪਣੀ, ਰੱਖ ਲੀ ਫਟਿਆਂ ਬੁੱਲ੍ਹਾਂ ਉੱਤੇ:- ਮੈਨੂੰ ਤਾਂ ਤੁਸੀਂ ਤੀਵੀਆਂ ਲੱਗੋਂ, ਦਾੜ੍ਹੀਆਂ ਉਲਟੀ ਦੇਣ ਗਵਾਹੀ: ਸਾਬਤ ਕਰਨ ਕੁੱਝ ਹੋਰ ਤੁਹਾਨੂੰ। ਮੈਕਬੈਥ:ਬੋਲੋ, ਜੇਕਰ ਜੀਭ ਮਿਲੀ ਹੈ:-ਕੌਣ ਤੁਸੀਂ ਹੋ? ਪਹਿਲੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਗਲਾਮਿਜ਼ ਦੇ ਸਰਦਾਰ! ਦੂਜੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਕਾਡਰ ਦੇ ਸਰਦਾਰ! ਤੀਜੀ ਚੁੜੇਲ:ਜ਼ਿੰਦਾਬਾਦ ਮੈਕਬੈਥ! ਜੈ ਹੋ ਤੇਰੀ, ਜਿਸ ਤਖਤ ਬੈਠਣਾ, ਤਾਜ ਪਹਿਨਣਾ! ਬੈਂਕੋ:ਸਾਊ ਸਾਹਿਬ, ਇਹ ਤ੍ਰਭਕਣ, ਚੌਂਕਾਹਟ ਕੈਸੀ? ਹਾਲਾਤ ਤਾਂ ਏਨੇ ਸੁਹਣੇ ਦਿੱਸਣ, ਡਰ ਕਿਉਂ ਤੁਹਾਨੂੰ ਲਗਦਾ ਜਾਪੇ?- ਧਰਮ ਨਾਲ ਤੁਸੀਂ ਆਖੋ: ਕਿ ਨਹੀਂ ਸੁਪਨਿਆਂ ਦੇ ਵਣਜਾਰੇ, ਜਾਂ ਫਿਰ ਅੰਦਰੋਂ ਬਾਹਰੋਂ ਇੱਕੋ, ਨਹੀਂ ਹੋ ਭੇਖਾਧਾਰੀ?- "ਭਾਈਵਾਲ ਪਤਵੰਤੇ ਦੀ ਤੁਸੀਂ ਜੈ-ਜੈਕਾਰ ਬੜੀ ਹੈ ਕੀਤੀ, ਵਰਤਮਾਨ ਦੀ ਮਿਹਰ-ਮਾਇਆ ਦਾ ਜ਼ਿਕਰ ਵੀ ਕੀਤੈ:- ਭਵਿੱਖਬਾਣੀ ਵੀ ਉੱਤਮ ਕੀਤੀ:- ਸੁਖ-ਸਮ੍ਰਿਧੀ , ਮਰਾਤਬ ਮਿਲਨੇ, ਤਖਤ-ਤਾਜ ਦੀ ਆਸ ਬੰਨ੍ਹਾਈ;- ਸੁੰਦਰ ਸੁਪਨ 'ਚ ਖੜਾ ਹੈ ਖੋਇਆ, ਹੋਸ਼ ਨਹੀਂ ਹੈ ਕਾਈ:- ਮੇਰੇ ਨਾਲ ਹੀ ਗੱਲ ਕਰੋ ਹੁਣ, ਬੀਜ ਸਮੇਂ ਦੇ ਜੇ ਪਹਿਚਾਣੋਂ, ਦੱਸੋ ਜੇ ਦੱਸ ਸੱਕੋਂ: ਕਿਹੜਾ ਅੰਕੁਰ ਕਦੋਂ ਫੁੱਟਣਾ, ਕਿਸ ਦਾਣੇ ਦੇ ਵਿੱਚੋਂ, ਤੇ ਕਿਹੜੇ ਦਾਣੇ ਫੋਕਾ ਜਾਣਾ? ਗੱਲ ਕਰੋ ਬੱਸ ਮੇਰੇ ਨਾਲ; ਨਾਂ ਤਾਂ ਕੋਈ ਮੰਗ ਹੈ ਮੇਰੀ, ਨਾਂਹੀ ਭੈ ਕਿਸੇ ਦੀ ਮੰਨਾਂ ਖੈਰਖਾਹੀ ਜਾਂ ਰੂ-ਰਿਆਇਤ ਕੁੱਝ ਨਾਂ ਤੁਹਾਤੋਂ ਚਾਹਾਂ, ਬਿਨਾਂ ਕਿਸੇ ਨਫਰਤ ਤੋਂ ਦੱਸੋ ਜੋ ਭਵਿੱਖ 'ਚ ਪੱਲੇ ਪੈਣੈ"। ਪਹਿਲੀ ਚੁੜੇਲ:'ਜੀ ਆਇਆਂ ਨੂੰ'! ਦੂਜੀ ਚੁੜੇਲ:'ਜੀ ਆਇਆਂ ਨੂੰ'! ਤੀਜੀ ਚੁੜੇਲ:'ਜੀ ਆਇਆਂ ਨੂ'! ਪਹਿਲੀ ਚੁੜੇਲ:ਮੈਕਬੈਥ ਨਾਲੋਂ ਘੱਟ ਹੈਂ ਥੋੜਾ, ਪਰ ਹੈਂ ਮਹਾਨ। ਦੂਜੀ ਚੁੜੇਲ:ਭਾਵੇਂ ਓਨਾਂ ਖੁਸ਼ ਨਹੀਂ ਹੈਂ, ਪਰ ਖੁਸ਼ ਬੜਾ ਹੈਂ। ਤੀਜੀ ਚੁੜੇਲ:ਸ਼ਾਹ ਜਣੇਂਗਾ, ਪਰ ਆਪ ਕਦੇ ਨਹੀਂ ਬਣਨਾ ਸ਼ਾਹ ਸੋ 'ਜੀ ਆਇਆਂ ਨੂੰ', ਮੈਕਬੈਥ ਅਤੇ ਬੈਂਕੋ! ਜੈ, ਦੋਵਾਂ ਦੀ। ਪਹਿਲੀ ਚੁੜੇਲ:ਬੈਂਕੋ ਅਤੇ ਮੈਕਬੈਥ, 'ਜੀ ਆਇਆਂ ਨੂੰ'! ਮੈਕਬੈਥ:ਠਹਿਰੋ ਜ਼ਰਾ ਅਪੂਰਨ ਵਕਤੇ, ਹੋਰ ਕੁੱਝ ਵੀ ਦੱਸੋ ਮੈਨੂੰ ਸਿੰਨਲ ਦੀ ਮੌਤ ਬਣਾਇਆ ਮੈਨੂੰ ਗਲਾਮਿਜ਼ ਦਾ ਸਰਦਾਰ,- ਏਨੀ ਗੱਲ ਤਾਂ ਮੈ ਜਾਣਦਾਂ; ਪਰ ਕਾਡਰ ਦੀ ਸਰਦਾਰੀ ਕਿੱਦਾਂ? ਕਾਡਰ ਸਰਦਾਰ ਤਾਂ ਹਾਲੀਂ ਜਿਉਂਦੈ, ਧਨੀ ਬੜਾ ਸ਼ਰੀਫ ਹੈ ਬੰਦਾ; ਤੇ ਤਖਤ ਨਸ਼ੀਨੀ?- ਕਾਡਰ ਦੀ ਸਰਦਾਰੀ ਨਾਲੋਂ ਕਿਤੇ ਘੱਟ ਵਿਸ਼ਵਾਸ ਹੈ ਆਉਂਦਾ। ਕੌਡੀ ਕਿੱਥੋਂ ਇਹ ਦੂਰ ਦੀ ਲੱਭੀ, ਦੱਸੋ ਮੈਨੂੰ ? ਕਿਉਂ ਫਿਰ ਏਸ ਵੀਰਾਨੇ ਅੰਦਰ ਰੋਕਿਆ ਸਾਨੂੰ, ਸਲਾਮ ਕਹਿਣ ਨੂੰ, ਅਜੀਬ-ਓ-ਗ਼ਰੀਬ ਭਵਿੱਖ ਕਹਿਣ ਨੂੰ? ਬੋਲੋ, ਹੁਕਮ ਹੈ ਮੇਰਾ ਤੁਹਾਨੂੰ। {ਚੁੜੇਲਾਂ ਅਲੋਪ ਹੋ ਜਾਂਦੀਆਂ ਹਨ} ਬੈਂਕੋ:ਜਲ ਦੇ ਹੋਣ ਬੁਲਬੁਲੇ ਜਿੱਦਾਂ, ਥਲ ਦੇ ਆਪਣੇ ਹੋਣ ਬੁਲਬੁਲੇ; ਇਹ ਵੀ ਹੈ ਸਨ ਉਹਨਾਂ ਵਿੱਚੋਂ-ਕਿੱਧਰ ਹੁਣ ਅਲੋਪ ਹੋ ਗੀਆਂ? ਮੈਕਬੈਥ:ਵਿੱਚ ਹਵਾ ਅਲੋਪ ਹੋਗੀਆਂ;- ਸਰੀਰ ਠੋਸ ਜੋ ਦਿੱਸੇ ਸਾਨੂੰ, ਖੁਰ ਗਏ ਵਾਂਗ ਪ੍ਰਾਣਾਂ, ਪੌਣ ਦੇ ਅੰਦਰ।- ਕਾਸ਼! ਕਿ ਥੋੜਾ ਹੋਰ ਰੁਕਦੀਆਂ! ਬੈਂਕੋ:ਸੱਚੀਂ ਸਨ ਉਹ ਸ਼ੈਆਂ ਏਥੇ, ਗੱਲ ਜਿਨ੍ਹਾਂ ਦੀ ਆਪਾਂ ਕਰਦੇ, ਜਾਂ ਜੜ੍ਹ ਧਤੂਰਾ ਘੋਟ ਕੇ ਪੀਤੀ, ਤਰਕ ਨੂੰ ਜਿਹੜੀ ਜੰਦਰਾ ਮਾਰੇ? ਮੈਕਬੈਥ:ਸ਼ਾਹ ਹੋਣਗੇ ਬੱਚੇ ਤੇਰੇ। ਬੈਂਕੋ:ਤੇ ਤੂੰ ਆਪੂੰ ਸ਼ਾਹ ਹੋ ਜਾਣੈ। ਮੈਕਬੈਥ:ਕਾਡਰ ਦਾ ਸਰਦਾਰ ਵੀ ਬਣਨੈ; ਗੱਲ ਨਹੀਂ ਸੀ ਏਦਾਂ ਤੁਰਦੀ? ਬੈਂਕੋ:ਸੁਰ, ਸ਼ਬਦ ਸੀ ਬਿਲਕੁਲ ਏਹੋ। ਪਰ ਕੌਣ ਇਹ ਆਉਂਦੈ? {ਪ੍ਰਵੇਸ਼ ਰੌਸ ਅਤੇ ਅੰਗਸ ਦਾ } ਰੌਸ:ਮੈਕਬੈਥ, ਜਿੱਤ ਤੇਰੀ ਤੇ ਸ਼ਾਹ ਨੇ, ਖੁਸ਼ੀ ਬੜੀ ਮਨਾਈ: ਨਿੱਜੀ ਤੌਰ ਤੇ ਜੋ ਤੂੰ ਕੀਤਾ ਇਹ ਬਗ਼ਾਵਤ ਠੱਲਣ ਖਾਤਰ, ਅਚੰਭਾ ਅਤੇ ਪ੍ਰਸੰਸਾ ਉਹਦੀ ਕਰਨ ਦਲੀਲਾਂ, ਕੀ ਦੇਵੇ ਕੀ ਰੱਖੇ ਸ਼ਾਂਤ ਹੋ ਖਾਮੋਸ਼ੀ ਅੰਦਰ, ਮਨ ਦੀ ਅੱਖੀਂ, ਰਹਿੰਦੇ ਦਿਨ ਜਦ ਤੱਕਿਆ ਉਹਨੇ ਸ਼ੱਤਰੂ-ਸਫਾਂ 'ਚ ਘਿਰਿਆਂ ਹੋਇਆ, ਨਿੱਡਰ ਸ਼ੇਰ ਸੀ ਤੂੰ ਧਾੜਦਾ,- ਪੂਰਨੇ ਜੋ ਤੁਧ ਸੂਰੇ ਪਾਏ, ਬਿੰਬ ਮਰਗ ਦੇ ਉਹ ਬਣਾਏ, ਵੇਖ 'ਅਚੰਭਾ' ਵੀ ਸ਼ਰਮਾਏ!- ਵਰ੍ਹਨ ਕਾਕੜੇ ਜਿਵੇਂ ਅਕਾਸ਼ੋਂ, ਹਰਕਾਰੇ ਚੜ੍ਹ ਹਰਕਾਰਾ ਆਏ; ਵਧ ਚੜ੍ਹ ਕਰਨ ਪ੍ਰਸੰਸਾ ਤੇਰੀ, ਹਰ ਕੋਈ ਤੇਰੇ ਸੋਹਲੇ ਗਾਏ, ਜ਼ਿੰਦਾਬਾਦ ਰਿਆਸਤ ਹੋਵੇ, ਤਾਂਹੀਓਂ ਤੂੰ ਇਹ ਪੂਰਨੇ ਪਾਏ ਅੰਬਰੋਂ ਜਿੱਦਾਂ ਵਰਖਾ ਡੁਲ੍ਹੇ, ਇਉਂ ਪ੍ਰਸੰਸਾ ਡੁੱਲ੍ਹੀਂ ਜਾਏ, ਸ਼ਾਹ ਖੁਸ਼ੀ ਨਾਲ ਫੁੱਲੀਂ ਜਾਏ। ਅੰਗਸ:ਸ਼ਾਹ ਮਾਲਿਕ ਨੇ ਭੇਜਿਐ ਸਾਨੂੰ, ਧੰਨਵਾਦ ਕਹਿਣ ਨੂੰ ਤੈਨੂੰ, ਵਾਜੇ-ਗਾਜੇ, ਸਨਮਾਨ ਸਹਿਤ ਹੁਣ, ਪੇਸ਼ ਹਜ਼ੂਰ ਦੇ ਕਰਨੈ ਤੈਨੂੰ; ਕੁੱਝ ਅਦਾ ਨਹੀਂ ਕਰਨਾ ਤੈਨੂੰ। ਰੌਸ:ਸਨਮਾਨ ਮਹਾਨ ਉਡੀਕੇ ਤੈਨੂੰ, ਪੇਸ਼ਗੀ ਵਜੋਂ ਹੁਕਮ ਹੈ ਸ਼ਾਹੀ- ਨਿਛਾਵਰ ਕੀਤੀ ਤੇਰੇ ਉੱਤੇ, ਕਾਡਰ ਦੀ ਸਰਦਾਰੀ,- ਨਾਂਅ ਤੇਰੇ ਨਾਲ ਜੋੜ ਨਵੇਲਾ ਰੁਤਬਾ, ਜੀ ਆਇਆਂ ਨੂੰ ਕਹੀਏ ਤੈਨੂੰ, ਕਾਡਰ ਦੇ ਸਰਦਾਰਾ! ਬੈਂਕੋ:ਆਹ ਕੀ ! ਸੱਚ ਭਲਾ ਸ਼ੈਤਾਨ ਕਿਹਾ ਸੀ? ਮੈਕਬੈਥ:ਕਾਡਰ ਦਾ ਸਰਦਾਰ ਜਿਉਂਦੈ ਅੰਗਸ:'ਹੈਸੀ' ਸਰਦਾਰ ਜੋ ਜਿਉਂਦੈ ਭਾਵੇਂ; ਕਿਉਂ ਪਹਿਰਨ ਪਹਿਨਾਓ ਮੈਨੂੰ, ਮੰਗਿਆ ਤੰਗਿਆ? ਪਰ ਸਖਤ ਨਿਆਂ ਦੀ ਨਜ਼ਰੀਂ, ਸੂਲ਼ੀ ਦਾ ਹੱਕਦਾਰ ਹੋ ਗਿਐ। ਭਾਵੇਂ ਗੁਪਤ ਸਹਾਇਤਾ ਦੇ ਕੇ, ਬਾਗ਼ੀ ਨੂੰ ਉਸ ਮੌਕਾ ਦਿੱਤਾ, ਜਾਂ ਫਿਰ ਨੌਰਵੇ ਨਾਲ ਸੀ ਰਲ਼ਿਆ, ਲੈ ਕੇ ਸਾਰੀ ਸੈਨਾ ਆਪਣੀ, ਮਹਾਂ ਮਸ਼ੱਕਤ ਕੀਤੀ ਉਹਨੇ,ਅਪਣਾ ਵਤਨ ਤਬਾਹ ਕਰਨ ਦੀ- ਪੱਕਾ ਮੈਂ ਕੁੱਝ ਕਹਿ ਨਹੀਂ ਸਕਦਾ ਪਰ ਪ੍ਰਮਾਣਤ, ਆਪ ਕਬੂਲੀ , ਗੱਦਾਰੀ ਨੇ ਟੀਸੀਓਂ ਥੱਲੇ ਲਾਹ ਲਿਆ ਉਹਨੂੰ। ਮੈਕਬੈਥ:ਕਾਡਰ ਦਾ ਸਰਦਾਰ ਗਲਾਮਿਜ਼! (ਪਾਸੇ ਹੋ ਕੇ) ਹਾਲੀਂ ਹੋਰ ਵੀ ਚੰਗਾ ਹੋਣੈ।- (ਰੌਸ ਵਗੈਰਾ ਨੂੰ) ਸ਼ੁਕਰੀਆ, ਤਕਲੀਫ ਤੁਸਾਂ ਨੇ ਕੀਤੀ। (ਬੈਂਕੋ ਨੂੰ) ਔਲਾਦ ਤੇਰੀ ਨੇ ਸ਼ਾਹ ਬਣ ਜਾਣੈ: ਆਸ ਨਹੀਂ ਕੀ ਤੈਨੂੰ? ਕਾਡਰ ਜਦ ਸੀ ਬਖਸ਼ਿਆ ਮੈਨੂੰ, ਘੱਟ ਵਚਨ ਨੀਂ ਦਿੱਤਾ ਉਹਨਾਂ,ਤੇਰੇ ਨਿੱਕਿਆਂ ਤਾਈਂ। ਬੈਂਕੋ:ਪੇਸ਼ੀਨਗੋਈ ਜੇ ਪੱਕੀ ਮੰਨੀਏ, ਰੌਸ਼ਨ ਮਕੱਦਰ ਹੋ ਵੀ ਸਕਦੈ ਤਖਤ-ਨਸ਼ੀਨੀ ਹੋ ਸਕਦੀ ਏ, ਕਾਡਰ ਦੀ ਸਰਦਾਰੀ ਨਾਲੇ। ਐਪਰ ਗੱਲ ਹੈਰਾਨੀ ਵਾਲੀ: ਅਕਸਰ ਨੁਕਸਾਨ ਕਰਨ ਨੂੰ ਸਾਡਾ, ਨ੍ਹੇਰ ਦੇ ਯੰਤਰ ਦੱਸਣ ਸਾਨੂੰ ਸੱਚੀਆਂ ਗੱਲਾਂ; ਭਰੋਸਾ ਸਾਡਾ ਜਿੱਤ ਲੈਂਦੇ ਨੇ, ਨਿੱਕੇ ਮੋਟੇ ਲਾਲਚ ਵਾਲੇ ਸੱਚ ਦੱਸ ਕੇ: ਅਤਿ ਗਹਿਰੇ ਇਨਜਾਮਾਂ ਤੀਕਰ ਦਗ਼ਾ ਦੇਣ ਨੂੰ ਸਾਨੂੰ। ਭਰਾਵੋ, ਬਿਨੇ ਕਰਾਂ ਮੈਂ, ਸੁਣੋ ਜ਼ਰਾ। ਮੈਕਬੈਥ:ਪੇਸ਼ੀਨਗੋਈਆਂ ਦੋ ਸੱਚੀਆਂ ਹੋਈਆਂ:- {ਪਾਸੇ ਹੋ ਕੇ}ਸ਼ੁਭ ਭੂਮਕਾ ਤਾਜ-ਤਖਤ ਦੇ ਵਿਸ਼ੇ ਮੁਬਾਰਕ ਵਾਲੀ, ਗਈ ਹੈ ਲਿੱਖੀ। ਸ਼ੁਕਰੀਆ, ਮੇਰੇ ਸਾਊ ਸੱਜਣੋਂ! {ਪਾਸੇ ਹੋ ਕੇ} ਪਰਾਲੌਕਿਕ ਸੱਦ ਜੋ ਏਹੇ, ਨਾਂ ਚੰਗੀ ਨਾਂ ਮਾੜੀ:- ਜੇ ਮਾੜੀ ਹੈ ਕਿਉਂ ਫਿਰ ਮੈਨੂੰ, ਸਫਲਤਾ ਵਾਲੀ ਮਿਲੀ ਪੇਸ਼ਗੀ? ਆਰੰਭ ਸੱਚ ਦਾ ਕਿਉਂ ਫਿਰ ਹੋਇਆ? ਕਾਡਰ ਦਾ ਸਰਦਾਰ ਅੱਜ ਹਾਂ। ਜੇ ਚੰਗੀ ਹੈ ਕਿਉਂ ਫਿਰ ਮੈਨੂੰ ਉਹ ਸੁਝਾਅ ਸਤਾਵੇ ਏਨਾ, ਮਹਾਂ ਭਿਅੰਕਰ ਬਿੰਬ ਇਹ ਜੀਹਦਾ, ਖੜੇ ਰੌਂਗਟੇ ਕਰਦਾ ਮੇਰੇ, ਬੈਠਾ ਬੈਠਾ ਦਿਲ ਇਹ ਮੇਰਾ, ਭੰਨ ਪਸਲੀਆਂ ਡਿੱਗਦਾ ਜਾਵੇ,- ਕਿਉਂ ਸੁਭਾਅ ਤੋਂ ਉਲਟਾ ਜਾਵੇ? ਵਰਤਮਾਨ ਦੇ ਡਰ ਭੌ ਸਾਰੇ, ਖੌਫਨਾਕ ਕਲਪਣਾ ਕੋਲੋਂ ਘੱਟ ਨੇ ਸਾਰੇ: ਵਿਚਾਰ ਉਸ ਕਤਲ ਦਾ ਜਿਹੜਾ, ਖਿਆਲੀ ਬੱਸ ਪਲਾਓ ਹੈ ਹਾਲੀਂ ਕਾਇਆ ਮੇਰੀ ਮਾਨਸ ਵਾਲੀ ਇਉਂ ਕੰਬਾਵੇ, ਅਮਲ, ਕਰਮ ਤਾਂ ਕਿਆਸ, ਅਟਕਲਾਂ ਅੰਦਰ ਹੀ ਬੱਸ ਦੱਬਿਆ ਜਾਵੇ; ਐਪਰ ਜੋ ਨਹੀਂ ਹੁੰਦਾ, ਬੱਸ ਕੁੱਝ ਨਹੀਂ ਹੁੰਦਾ । ਬੈਂਕੋ:ਸ਼ਰੀਕ ਮੇਰਾ ਇਹ ਵੇਖੋ, ਗੁੰਮ-ਸੁੰਮ ਕਿਵੇਂ ਖੜਾ ਏ। ਮੈਕਬੈਥ (ਪਾਸੇ):ਜੇ'ਅਵਸਰ' ਨੇ ਸ਼ਾਹ ਬਨਾਉਣੈ, ਤਾਜ ਵੀ ਅਵਸਰ ਨੇ ਪਹਿਨਾਉਣੈ, ਹਫੜਾਦਫੜੀ, ਭੱਜ-ਨੱਠ, ਤੇ ਹੜਕ-ਭੜਕ ਦੀ ਲੋੜ ਨਹੀਂ। ਬੈਂਕੋ:(ਪਾਸੇ) ਸਨਮਾਨ ਮਿਲੇ ਨੇ ਨਵੇਂ ਨਵੇਲੇ, ਆਦਤ ਨਹੀਂ ਏਨ੍ਹਾਂ ਦੀ ਇਹਨੂੰ, ਪਹਿਰਨ ਜਿਵੇਂ ਬਿਗਾਨੇ ਹੁੰਦੇ, ਕਾਂਟ-ਛਾਂਟ ਕੇ ਸੂਤ ਨੀਂ ਆਉਂਦੇ: ਬੱਸ ਆਦਤ ਪਾਉਣੀ ਪੈਂਦੀ। ਮੈਕਬੈਥ (ਪਾਸੇ):ਭਾਵੇਂ ਕੁੱਝ ਵੀ ਹੋਈਂ ਜਾਵੇ, ਰੇਤ ਘੜੀ ਦੀ ਰੁਕਦੀ ਨਾਹੀਂ ਉੱਬੜ-ਖਾਬੜ ਦਿਨਾਂ ਦੇ ਟੀਲੇ, ਸਮੇਂ ਦਾ ਚੱਕਰ ਚੜ੍ਹਦਾ ਜਾਵੇ। ਬੈਂਕੋ:ਮੈਕਬੈਥ ਮਾਨਯੁਗ ਜੀ, ਨਜ਼ਰਅੰਦਾਜ਼ ਕਰੋ ਨਾਂ ਏਦਾਂ, ਸੇਵਾ ਲਈ ਖੜੇ ਅਸੀਂ ਵੀ, ਸਾਡੇ ਲਈ ਵੀ ਫੁਰਸਤ ਕੱਢੋ। ਮੈਕਬੈਥ:ਖਿਮਾ ਕਰੋ ਕੁੱਝ ਮਿਹਰ ਉਪਾਵੋ: ਦਿਮਾਗ਼ ਕੁੰਦ ਸੀ ਹੋਇਆ ਮੇਰਾ, ਭੁੱਲੀਆਂ, ਵਿੱਸਰੀਆਂ ਯਾਦੀਂ ਖੋਇਆ। ਮਿਹਰਬਾਨ ਸਾਊ ਸੱਜਣੋ, ਤਕਲੀਫ ਤੁਸਾਂ ਨੇ ਜੋ ਵੀ ਕੀਤੀ, ਦਿਲ-ਦਿਮਾਗ਼ ਤੇ ਗਈ ਹੈ ਲਿੱਖੀ, ਤੇ ਮੈਂ ਰੋਜ਼ ਫੋਲ ਕੇ ਵਰਕੇ ਰਹੂੰ ਏਸ ਨੂੰ ਪੜ੍ਹਦਾ।-ਆਓ ਚੱਲੀਏ ਸ਼ਾਹ ਵੱਲ ਆਪਾਂ।- (ਬੈਂਕੋ ਨੂੰ) ਜੋ ਵਾਪਰਿਐ, ਇਤਫਾਕਨ ਹੋਇਐ, ਇਸ ਤੇ ਵੀ ਵਿਚਾਰ ਹੈ ਕਰਨਾ; ਸੋਚਣ, ਸਮਝਣ ਬਾਅਦ ਏਸ ਨੂੰ, ਆਪਾਂ ਰਲ ਮਿਲ ਗੱਲ ਕਰਾਂਗੇ। ਬੈਂਕੋ:ਬੜੀ ਖੁਸ਼ੀ ਨਾਲ। ਮੈਕਬੈਥ:ਓਦੋਂ ਤੱਕ ਬੱਸ ਏਨਾਂ ਕਾਫੀ:-ਆਓ, ਮਿੱਤਰੋ! ਚਾਲੇ ਪਾਈਏ। {ਪ੍ਰਸਥਾਨ}

ਸੀਨ-4-ਐਕਟ-1

ਫੌਰਿਸ। ਮਹਿਲ ਦਾ ਇੱਕ ਕਮਰਾ {ਬਿਗੁਲ ਦੀ ਆਵਾਜ਼: ਪ੍ਰਵੇਸ਼ ਮਹਾਰਾਜ ਡੰਕਣ, ਮੈਲਕੌਲਮ, ਡੋਨਲਬੇਨ, ਲੈਨੌਕਸ, ਅਤੇ ਸਹਾਇਕ} ਮਹਾਰਾਜ ਡੰਕਣ:ਚਾੜ੍ਹਿਆ ਸੂਲੀ ਕਾਡਰ? ਲੈ ਕੇ ਜੋ ਫਰਮਾਨ ਗਏ ਸੀ, ਮੁੜ ਆਏ ਕਿ? ਮੇਲਕੌਲਮ:ਉਹ ਹਾਲੇ ਨੀਂ ਆਏ ਮਾਲਿਕ। ਐਪਰ ਮੇਰੀ ਗੱਲ ਹੋਈ ਐ ਉਸ ਬੰਦੇ ਦੇ ਨਾਲ, ਜੀਹਨੇ ਉਹਦਾ ਕਤਲ ਵੇਖਿਆ: ਰਪਟ ਓਸਦੀ ਏਹੋ ਕਹਿੰਦੀ:- ਸਾਫ ਸਾਫ ਗੱਦਾਰੀ ਅਪਣੀ, ਖੁੱਲ੍ਹ ਕੇ ਕਰੀ ਕਬੂਲ਼ ਓਸਨੇ; ਬੜਾ ਪਛਤਾਵਾ ਕੀਤਾ; ਨਾਲੇ ਹਜ਼ੂਰ ਤੋਂ ਖਿਮਾ ਵੀ ਮੰਗੀ: ਜੀਵਨ ਵਿੱਚ ਕੁੱਝ ਨਹੀਂ ਸੀ ਏਨਾ ਸੋਂਹਦਾ, ਸ਼ਾਨ ਜਿੰਨੀ ਸੀ ਮਰਨ 'ਚ ਉਹਦੇ; ਏਦਾਂ ਮੋਇਆ ਮਰਦਾਂ ਵਾਂਗੂੰ, ਜਿਵੇਂ ਰੀਹਰਸਲ ਬੜੀ ਸੀ ਕੀਤੀ। ਅਤਿ ਪਿਆਰੀ ਸ਼ੈਅ ਜਾਨ ਸੀ, ਇਉਂ ਵਗਾਹ ਕੇ ਮਾਰੀ ਕਾਣੀ ਕੌਡੀ ਹੋਵੇ ਜਿੱਦਾਂ ਓਸ ਲਈ ਮਾਮੂਲੀ। ਮਹਾਰਾਜ ਡੰਕਣ:ਕੋਈ ਐਸਾ ਇਲਮ ਨਹੀਂ ਹੈ, ਚਿਹਰਾ ਪੜ੍ਹ ਕੇ ਮਨ ਦੀ ਦੱਸੇ ਸਾਊ, ਅਸੀਲ ਬੰਦਾ ਸੀ ਐਸਾ, ਪਰਮ ਵਿਸ਼ਵਾਸ ਸੀ ਮੇਰਾ ਉਸ ਤੇ। {ਪ੍ਰਵੇਸ਼ ਮੈਕਬੈਥ, ਬੈਂਕੋ, ਰੌਸ, ਅਤੇ ਅੰਗਸ ਦਾ} ਆਓ, ਅਤਿ ਸ੍ਰੇਸ਼ਟ, ਯੋਗ ਭਰਾਵਾ! ਨਾਸ਼ੁਕਰੀ ਦਾ ਪਾਪ ਸੀ ਬੋਝਲ, ਹੁਣ ਥੀਂ ਦਿਲ ਤੇ ਮੇਰੇ: ਲੰਘਿਆ ਸੀ ਤੂੰ ਏਨਾ ਮੂਹਰੇ, ਛੁਹ ਨਾਂਂ ਸਕੀ ਪੱਲਾ ਤੇਰਾ ਹਵਾ ਵਾਂਗ ਇਨਾਮ-ਕਰਾਮ, ਅਤੇ ਤਲਾਫੀ ਫੌਰਨ ਘੱਲੀ। ਘੱਟ ਦਾ ਵੀ ਹੱਕਦਾਰ ਜੇ ਹੁੰਦੋਂ, ਕਿੰਨਾ ਸ਼ੁਕਰ, ਖਜ਼ਾਨਾ ਕਿੰਨਾ, ਇਹ ਅਨੁਪਾਤ ਤਾਂ ਮੇਰਾ ਈ ਹੁੰਦਾ!- ਬੱਸ ਏਨਾ ਹੀ ਕਹਿਣਾ ਬਣਦੈ:-ਹੱਕ ਤੇਰਾ ਹੈ ਕਿਤੇ ਜ਼ਿਆਦਾ, ਵੱਧ ਤੋਂ ਵੱਧ ਜੋ ਦੇ ਸਕਦਾ ਹਾਂ। ਮੈਕਬੈਥ:ਖਿਦਮਤ ਸ਼ਾਹੀ , ਸੇਵਾ, ਬਦਲੇ ਜੋ ਇਵਜ਼ਾਨਾ ਮਿਲਦੈ, ਹੱਕ ਅਦਾ ਕਰੀਂ ਉਹ ਜਾਂਦੈ। ਮਹਾਰਾਜ ਅਧਿਰਾਜ ਦਾ ਕੰਮ ਹੈ: ਫਰਜ਼-ਫਰਾਇਜ਼ ਬੱਸ ਅਸਾਡੇ, ਕਰਦੇ ਰਹਿਣ ਕਬੂਲ।- ਫਰਜ਼-ਫਰਾਇਜ਼ ਬਣਦੇ ਸਾਡੇ, ਤਖਤ-ਤਾਜ, ਰਿਆਸਤ ਵੱਲੇ; ਨੌਕਰ, ਚਾਕਰ, ਮੁਸਾਹਿਬ, ਬੱਚੇ, ਫਰਜ਼ ਨਿਭਾਵਣ ਏਹੋ ਸਾਰੇ; ਪਤ ਸ਼ਾਹੀ ਤੇ ਮੋਹ ਦੀ ਖਾਤਰ, ਵਤਨਾਂ ਦੀ ਸੁਰੱਖਿਆ ਖਾਤਰ, ਉਹ ਸਭ ਕਰ ਕੇ ਜੋ ਉਹਨਾਂ ਨੂੰ ਕਰਨਾ ਬਣਦੈ। ਮਹਾਰਾਜ ਡੰਕਣ:ਜੀ ਆਇਆਂ ਨੂੰ! ਅੱਜ ਮੈਂ ਤੇਰਾ ਬੂਟਾ ਲਾ ਤਾ, ਕਰੂੰ ਮਸ਼ੱਕਤ, ਲਾਊਂ ਪਾਣੀ, ਫਲ਼ ਵੀ ਪੱਕਾ ਲੱਗੂ ਤੈਨੂੰ।- ਕੁਲੀਨ ਬੈਂਕੋ, ਤੇਰਾ ਹੱਕ ਵੀ ਘੱਟ ਨਹੀਂ ਹੈ, ਨਾਂ ਫਿਰ ਲੱਗੇ ਦੁਨੀਆ ਤਾਈਂ, ਏਦੂੰ ਘੱਟ ਕਮਾਈ ਕੀਤੀ:- ਆ ਤੈਨੂੰ ਮੈਂ ਜੱਫੀ ਪਾਵਾਂ, ਦਿਲ ਨਾਲ ਲਾ ਕੇ ਰੱਖਾਂ ਤੈਨੂੰ। ਬੈਂਕੋ:ਜੇ ਜੜ੍ਹ ਲੱਗੇ ਮੇਰੀ ਐਸੀ ਥਾਂਵੇਂ, ਵਧਾਂ, ਫੁੱਲਾਂ ਤੇ ਫਲ਼ ਤੇ ਆਵਾਂ! ਜੀਓ ਝਾੜ ਸਭ ਰਾਸ ਤਿਹਾਰੀ। ਮਹਾਰਾਜ ਡੰਕਣ:ਖੁਸ਼ੀਆਂ ਅਤਿਅੰਤ ਭਰਪੂਰ ਮੇਰੀਆਂ, ਚੰਚਲ, ਸ਼ੋਖ, ਸ਼ਰਾਰਤ ਭਰੀਆਂ, ਲੁੱਕਾ-ਛਿੱਪੀ ਖੇਡਦੀਆਂ ਨੇ ਗ਼ਮ ਦੇ ਤਰਦੇ ਹੰਝੂਆਂ ਨਾਲ। ਸੰਬੰਧੀਓ, ਪੁੱਤਰੋ, ਸੂਬੇਦਾਰੋ, ਤੇ ਮੇਰੇ ਨਜ਼ਦੀਕੀ ਸੱਜਣੋ! ਇਤਲਾਅ ਕੁੱਲ ਨੂੰ ਹੋਵੇ:- ਕਿ ਰਾਜ-ਭਾਗ ਦਾ ਵਾਰਸ ਅਸਾਂ ਸਥਾਪਤ ਕੀਤੈ:- ਜੇਠਾ ਪੁੱਤ ਮੈਲਕੌਲਮ ਜੋ ਯੁਵਰਾਜ ਅਸਾਡਾ, ਕੰਬਰਲੈਂਡ ਦਾ ਹੁਣ ਤੋਂ ਸ਼ਹਿਜ਼ਾਦਾ ਟਿੱਕਿਐ: ਇਹ ਸਨਮਾਨ ਇਕੱਲੇ ਤਾਈਂ ਐਪਰ ਨਹੀਓਂ ਮਿਲਿਆ, ਟਿੱਕੇ ਵੇਲੇ ਨਾਲ ਹੋਣਗੇ ਉਹ ਵੀ ਹਾਜ਼ਰ, ਪਤ, ਮਹਿਮਾ ਦੇ ਚਿੰਨ੍ਹ ਪਹਿਨਣ ਦਾ ਹੱਕ ਜੋ ਰੱਖਣ ਪੂਰਾ: ਤਾਰਿਆ ਵਾਂਗੂੰ ਚਮਕਣ ਗੇ ਇਹ, ਉਨ੍ਹਾਂ ਦੇ ਸੀਨੇ।- ਆਓ ਹੁਣ ਇਨਵਰਨਸ ਚੱਲੀਏ;- ਹੋਰ ਵੀ ਕਸ ਕੇ ਬੰਨ੍ਹ ਲੋ ਸਾਨੂੰ ਮੋਹ ਦੀ ਡੋਰੀ। ਮੈਕਬੈਥ:ਮਸ਼ੱਕਤ ਹੀ ਆਰਾਮ ਅਸਾਡਾ, ਨਿਰਾ ਆਰਾਮ ਹਰਾਮ ਹੈ ਸਾਨੂੰ, ਹਜ਼ੂਰ ਦੀ ਖਾਤਰ ਕਦੇ ਨਹੀਂ ਕਰਨਾ: ਆਪੂੰ ਮੈਂ ਹਰਕਾਰਾ ਬਣਨੈ, ਬੀਵੀ ਤਾਈਂ ਖੁਸ਼ਖਬਰੀ ਵਾਲੀ ਖੁਸ਼ੀ ਵੀ ਖੁਦ ਹੀ ਆਪਣੇ ਬੋਝੇ ਪਾਉਣੀ ਕਿ ਕਦਮ ਮੁਬਾਰਕ ਘਰ ਅਸਾਡੇ ਆਪ ਦੇ ਪੈਣੇ। ਸੋ, ਦੋ ਕਰ ਜੋੜ ਇਜਾਜ਼ਤ ਮੰਗਾਂ। ਮਹਾਰਾਜ:ਮੇਰੇ ਯੋਗ ਕਾਡਰ ਸਰਦਾਰ! ਮੈਕਬੈਥ(ਪਾਸੇ): ਕੰਬਰਲੈਂਡ ਦਾ ਸ਼ਹਿਜ਼ਾਦਾ!- ਏਹੋ ਤਾਂ ਉਹ ਕਦਮ ਹੈ ਐਸਾ, ਜਿਸ ਤੋਂ ਪਤਨ ਹੋ ਜਾਣਾ ਮੇਰਾ ਜਾਂ ਫਿਰ ਟੱਪ ਮੈਂ ਜਾਣਾ ਇਸ ਤੋਂ, ਰਾਹ ਮੇਰੇ ਦੀ ਹਰ ਰੁਕਾਵਟ। ਨੂਰੀ ਰਿਸ਼ਮਾਂ ਕੱਜੋ ਤਾਰਿਓ! ਘੋਰ ਅਕਾਂਖਿਆ ਸਿਆਹ ਮੇਰੀ ਨੂੰ, ਰੌਸ਼ਨ ਮੂਲ ਨਹੀਂ ਕਰਨਾ : ਅੱਖ ਇਸ਼ਾਰਾ ਕਰੇ ਹੱਥ ਨੂੰ ! ਕਰ ਛੱਡ ਉਹੀਓ ਕੁੱਝ ਜੋ ਹੋਣਾ, ਨਜ਼ਰ ਅਸਾਡੀ ਸਦਾ ਹੀ ਡਰਦੀ, ਜਿਸ ਕਾਰੇ ਨੂੰ ਤੱਕਣੋਂ। {ਪ੍ਰਸਥਾਨ} ਮਹਾਰਾਜ: ਸੱਚੀਂ, ਸਨਮਾਨਤ ਬੈਂਕੋ,-ਪੂਰਾ ਕਿੱਡਾ ਸੂਰਾ ਹੈ ਉਹ! ਪਰਮ ਪ੍ਰਸੰਸਾ ਨਾਲ ਓਸਦੀ , ਮੈਂ ਭਰਪੂਰ ਪਿਆ ਹਾਂ। ਆਓ ਉਹਦੇ ਮਗਰੇ ਚੱਲੀਏ, ਮਜ਼ੇ ਭੋਜ ਦੇ ਚੱਲ ਮਾਣੀਏ ਸੁਆਗਤ ਸਾਡਾ ਭਰਪੂਰ ਕਰਨ ਨੂੰ, ਨਾਲ ਫਿਕਰ ਦੇ ਗਿਐ ਅਗੇਤੇ: ਬੇਮਿਸਾਲ ਬੜਾ ਹੈ ਇਹ ਸੰਬੰਧੀ ਸਾਡਾ! {ਤੂਤੀਨਾਦ-ਪ੍ਰਸਥਾਨ}

ਸੀਨ-5-ਐਕਟ-1

ਇਨਵਰਨੈਸ ਮੈਕਬੈਥ ਦੇ ਕਿਲੇ 'ਚ ਇੱਕ ਕਮਰਾ {ਲੇਡੀ ਮੈਕਬੈਥ ਇੱਕ ਪੱਤਰ ਪੜ੍ਹਦਿਆਂ ਮੰਚ ਤੇ ਪ੍ਰਵੇਸ਼ ਕਰਦੀ ਹੈ} ਲੇਡੀ ਮੈਕਬੈਥ:"ਜਿੱਤਾਂ ਦੇ ਦਿਨ ਮਿਲੀਆਂ ਮੈਨੂੰ, ਪੂਰੀ ਮਾਲੂਮਾਤ ਕਰਨ ਤੋਂ ਮੈਨੂੰ ਪਤਾ ਵੀ ਲੱਗਾ, ਕਿ ਪਰਾਲੌਕਿਕ ਕੋਈ ਇਲਮ ਵੀ ਹੁੰਦੈ ਉਹਨਾਂ ਪੱਲੇ। ਸਵਾਲ ਪੁੱਛਣ ਨੂੰ ਹੋਰ ਵਧੇਰੇ, ਅੱਗ ਬਲ਼ਦੀ ਸੀ ਮੇਰੇ ਅੰਦਰ, ਪਰ ਅਕਸਮਾਤ ਉਹ ਹਵਾ ਹੋ ਗੱਈਆਂ, ਘੁਲਮਿਲ ਗਈਆਂ ਹਵਾ ਦੇ ਨਾਲੇ। ਅਚੰਭੇ-ਮੁਗਧ ਖੜਾ ਸੀ ਜਦ ਮੈਂ, ਫਰਮਾਨ ਸ਼ਾਹੀ ਉਹ ਲੈ ਕੇ ਆਏ:- 'ਕਾਡਰ ਦਾ ਸਰਦਾਰ' ਆਖ ਹਰਕਾਰੇ, ਜੈ ਜੈਕਾਰ ਸੀ ਕਰਦੇ ਆਏ: ਪੁਰਇਸਰਾਰ ਭੈਣਾਂ ਨੇ ਵੀ , ਸਲਾਮ ਕੀਤਾ ਸੀ ਏਹੋ ਕਹਿ ਕੇ: ਦੇਹ ਹਵਾਲਾ ਭਵਿੱਖ ਕਾਲ ਦਾ, ਜੈ ਜੈਕਾਰ ਬੁਲਾਈ ਮੇਰੀ: ਸਿਰ ਤੇ ਮੁਕਟ ਸਜਾਉਣਾ ਜੀਹਨੇ, ਸ਼ਹਿਨਸ਼ਾਹ ਅਖਵਾਉਣਾ ਅੱਗੇ!- ਮੈਂ ਸੋਚਿਆ ਅਰਧਾਂਗਣ ਮੇਰੀ, ਬੜੀ ਪਿਆਰੀ ਤਾਈਂਂ, ਦਿਆਂ ਖੁਸ਼ਖਬਰੀ ; ਤਾਂ ਜੋ ਲਾਇਲਮੀ ਦੇ ਕਾਰਨ ਰਹੇ ਨਾਂ ਵਾਂਝੀ, ਹਿੱਸੇ ਬਹਿੰਦੀਆਂ ਖੁਸ਼ੀਆਂ ਕੋਲੋਂ, ਵਡਭਾਗਾਂ ਦੇ ਏਸ ਵਚਨ ਜੋ ਬਖਸ਼ੀਆਂ ਸਾਨੂੰ। ਰਾਜ਼ ਏਸ ਨੂੰ ਰਾਜ਼ ਹੀ ਰੱਖੀਂ, ਸਾਂਭ ਲਵੀਂ ਦਿਲ ਆਪਣੇ; ਤੇ ਫਿਰ ਲੈ ਹੁਣ ਅਲਵਿਦਾਅ!" ਗਲਾਮਿਜ਼ ਤਾਂ ਤੂੰ ਪਹਿਲੋਂ ਹੀ ਹੈਂ, ਕਾਡਰ ਵੀ ਹੁਣ ਤੇਰਾ ਹੋਇਆ; ਜੋ ਵਚਨ ਭਵਿੱਖ ਦਾ ਹੋਇਆ, ਉਹ ਵੀ ਹੁਣ ਤੂੰ ਬਣ ਹੀ ਜਾਣੈਂ: ਸੁਭਾਅ ਤੇਰੇ ਤੋਂ ਪਰ ਡਰ ਲਗਦੈ; ਪਿਆਲਾ ਮਿਹਰਾਂ ਵਾਲਾ ਤੇਰਾ, ਖਲਕ-ਖੁਦਾ ਦੇ ਮੋਹ-ਅੰਮ੍ਰਿਤ ਨਾਲ, ਨੱਕੋ-ਨੱਕ ਹੈ ਏਨਾ ਭਰਿਆ ਕਿ ਰਾਹ ਛੁਟੇਰਾ ਫੜ ਨਹੀਂ ਸਕਣਾਂ! ਤੂੰ ਮਹਾਨ ਕਦੇ ਨਹੀਂ ਬਣਨਾ, ਭਾਵੇਂ ਅਕਾਂਖਿਆ ਬੜੀ ਹੈ ਤੇਰੀ : ਪਾਪ ਬਿਨਾਂ ਤੂੰ ਚਾਹੇਂ ਸਭ ਕੁਛ। ਜੋ ਚਾਹੇਂ ਤੂੰ ਸਭ ਤੋਂ ਜ਼ਿਆਦਾ, ਨੇਕੀ ਨਾਲ ਹੀ ਪਾਣਾ ਚਾਹੇਂ; ਧਰੋਹ-ਫਰੇਬ ਤੂੰ ਕਰਨਾ ਨਾਹੀਂ, ਨਹੱਕੀ ਫਿਰ ਵੀ ਜਿੱਤ ਜਿੱਤਣੀ : ਮਹਾਨ ਗਲਾਮਿਜ਼, ਮੌਕਾ ਵੇਖ, ਪੁਕਾਰੇ ਤੈਨੂੰ:- ਜੇ ਪਾਉਣੈ ਤਾਂ ਕਰਨਾ ਪੈਣੈ, ਉਹ ਜੋ ਤੂੰ ਕਰਨ ਤੋਂ ਡਰਦਾ, ਅਣਕੀਤਾ ਛੱਡਣ ਤੋਂ ਬਾਹਲ਼ਾ। ਆ ਜਾ ਛੇਤੀ ਪਾਸ ਮੇਰੇ ਤੂੰ, ਜੋਸ਼ ਆਪਣਾ ਕੰਨੀਂ ਤੇਰੇ, ਆ ਮੈਂ ਫੂੰਕਾਂ; ਜੁਰਅਤ ਵਾਲੇ ਬੋਲ ਬੋਲ ਕੇ,ਹਰ ਰੁਕਾਵਟ ਰਾਹ ਦੀ ਤੇਰੇ,ਦੂਰ ਕਰਾਂ ਮੈਂ, ਸੋਨ-ਚੱਕਰ ਜੋ ਪਾਣ ਤੋਂ ਤੈਨੂੰ ਰੋਕ ਰਹੀ ਹੈ:- ਅਲੌਕਿਕ ਮਿਲੀ ਸਹਾਇਤਾ ਤੈਨੂੰ, ਭਰੀ ਮੁਕੱਦਰ ਨੇ ਅੰਗੜਾਈ, ਸਿਰ ਸਜਾਉਣਾ ਸਭ ਚਾਹੁੰਦੇ ਨੇ, ਤਾਜ ਸੁਨਿਹਰੀ ਤੇਰੇ। {ਪ੍ਰਵੇਸ਼ ਇੱਕ ਸਹਾਇਕ ਦਾ} ਹੁਣ ਕੀ ਖਬਰ ਲਿਆਇਐਂ ਵੇ ਤੂੰ? ਸਹਾਇਕ:ਅੱਜ ਰਾਤੀਂ ਮਹਾਰਾਜ ਨੇ ਆਉਣੈ। ਲੇਡੀ ਮੈਕਬੈਥ:ਤੂੰ ਤਾਂ ਲਗਦੈ ਪਾਗਲ ਹੋਇਐਂ। ਸੁਆਮੀ ਤੇਰਾ ਨਹੀਂ ਕੀ ਸ਼ਾਹ ਦੇ ਕੋਲੇ? ਆਪ ਖਬਰ ਕਰਨੀ ਸੀ ਉਹਨੇ, ਤਾਂ ਜੋ ਹੋਏ ਤਿਆਰੀ ਏਥੇ। ਸਹਾਇਕ:ਜੇ ਭਾਵੇ ਇਹ ਗੱਲ ਆਪ ਨੂੰ, ਖਬਰ ਲਿਆਇਆਂ ਸੱਚੀ:- ਸੂਬੇਦਾਰ ਪਧਾਰ ਰਹੇ ਨੇ ਮਾਰੋ ਮਾਰੀ :- ਇੱਕ ਸਾਥੀ ਮੇਰਾ ਉਹਨਾਂ ਤਾਈਂ, ਛੱਡ ਕੇ ਪਿੱਛੇ ਆਇਐ ਸਾਹੋ ਸਾਹ ਉਹ ਹੁਣੇ ਅੱਪੜਿਐ, ਮਰਨ ਕਨਾਰੇ ਹੰਭਿਆ ਆਇਐ; ਬੱਸ ਮੁਸ਼ਕਲ ਨਾਲ ਸੁਨੇਹਾ ਦਿੱਤੈ। ਲੇਡੀ ਮੈਕਬੈਥ:ਸੇਵਾ, ਖਾਤਰ ਕਰੋ ਓਸਦੀ , ਏਡੀ ਵੱਡੀ ਖਬਰ ਲਿਆਇਐ! (ਸਹਾਇਕ ਜਾਂਦਾ ਹੈ) ਕੋਠੇ ਉੱਤੇ ਕਾਂ ਕਾਂ ਕਰਦੇ, ਢੋਢਰ ਕਾਂ ਦਾ ਗਲ਼ ਬੈਠਿਐ: ਬਾਰ ਬਾਰ ਐਲਾਨ ਕਰ ਰਿਹੈ,_ ਕਿਲੇ ਦੇ ਕਿੰਗਰਿਆਂ ਹੇਠ ਅਸਾਡੇ, ਮਰਨ ਆਰਿਹੈ ਡੰਕਣ ਰਾਜਾ।- ਆਓ ਪ੍ਰੇਤ-ਪਰਛਾਈਓਂ ਆਓ, ਕਤਲ, ਖੂਨ ਦੇ ਖਿਆਲ ਬਣਾਓ ਤੀਵੀਓਂ ਮਰਦ ਬਣਾ ਦਿਓ ਮੈਨੂੰ, ਲਿੰਗ ਬਦਲ ਦਿਓ ਮੇਰਾ; ਸਿਰ ਤੋਂ ਪੈਰ ਥੀਂ ਭਰ ਨਿਰਦੈਤਾ, ਲਬਾ-ਲਬ ਭਰਪੂਰ ਕਰ ਦਿਓ! ਰੱਤ ਕਰ ਦਿਓ ਗੂੜ੍ਹੀ ਗਾੜ੍ਹੀ: ਪਛਤਾਵੇ, ਹਮਦਰਦੀ ਵਾਲੇ ਰੋਕ ਦਿਓ ਰਾਹ ਸਾਰੇ: ਜ਼ਮੀਰ ਨਾਂ ਕੋਸੇ ਫਿਤ੍ਰਤ ਤਾਈਂ, ਮੰਤਵ ਘੋਰ 'ਚ ਵਿਘਨ ਨਾਂ ਪਾਵੇ, ਨਾਂ 'ਇਨਜਾਮ' ਤੇ 'ਏਸ' ਵਿਚਾਲੇ, ਕੋਈ ਸੁਲਾਹ ਕਰਾਵੇ ! ਆਓ ਓ, ਹੱਤਿਆਰੇ ਵਣਜਾਰਿਓ ਆਓ! ਤੀਆ-ਸਤਨੀਂ ਦੁੱਧ ਨਹੀਂ ਮੇਰੇ, ਆਪਣੇ ਅਦਿੱਖ ਪਦਾਰਥਾਂ ਅੰਦਰ, 'ਪਿੱਤ' ਵਿਸ਼ੈਲੀ ਭਰ ਲੈ ਜਾਓ: ਫਿਤਨੇ-ਫਤੂਰ ਤੇ ਸ਼ਰਅੰਗੇਜ਼ੀ ਕੁਦਰਤ ਵਾਲੀ ਖੜੀ ਉਡੀਕੇ, ਲੈ ਹਥਿਆਰ ਕੁੱਲ ਆਪਣੇ, ਭਰੋ ਹਾਜ਼ਰੀ, ਨੇੜੇ ਜਾਓ! ਆ ਨੀ, ਰਾਤ ਹਨੇਰੀ , ਕਾਲੀ-ਬੋਲੀ , ਕਾਲੇ ਭੂਰੇ ਧੂੰਏਂ ਵਾਲਾ ਤੱਪੜ ਪਹਿਰੀਂ ਆ ਜਾ-- ਛਾ ਜਾ, ਨੇਰ੍ਹ ਦੇ ਡੂੰਘੇ ਸਾਗਰ ਅੰਦਰ ਡੋਬ ਦੇ ਧਰਤੀ ! ਤਿੱਖੀ ਨਜ਼ਰ ਖੰਜਰ ਦੀ ਮੇਰੇ, ਵੇਖ ਸੱਕੇ ਨਾਂ ਘਾਓ ਜੋ ਕੀਤਾ, ਨਾਂ ਹੀ ਅੰਬਰ ਮਾਰੇ ਝਾਤੀ, ਕਾਲਖ ਦੇ ਕੰਬਲ ਨੂੰ ਫਾੜੇ: ਤੇ ਫਿਰ ਕੂਕੇ ਆਪਮੁਹਾਰਾ, "ਰੁਕ ਜਾ, ਰੁਕ ਜਾ, ਰੁਕ ਜਾ।" {ਪ੍ਰਵੇਸ਼ ਮੈਕਬੈਥ} ਮਹਾਨ ਗਲਾਮਿਜ਼! ਸਨਮਾਨਿਤ ਕਾਡਰ! ਦੋਵਾਂ ਨਾਲੋਂ ਕਿਤੇ ਮਹਾਨ! ਇਸ ਛਿਣ ਪਿੱਛੋਂ ਸਾਰਿਆਂ ਕਰਨੀ ਸਦਾ ਹੀ ਤੇਰੀ ਜੈ ਜੈਕਾਰ! ਤੇਰੇ ਖਤਾਂ ਨੇ ਚੁੱਕ ਪੁਚਾਇਐ, ਬੇਖਬਰ ਇਸ 'ਅੱਜ' ਦੇ ਪਾਰ, ਮਹਿਸੂਸ ਕਰਾਂ ਮੈਂ ਹਥਲੇ ਛਿਣ ਵਿੱਚ, ਭਵਿੱਖ ਦਾ ਖੁੱਲ੍ਹਾ ਦੁਆਰ। ਮੈਕਬੈਥ:ਪਰਮ ਪਿਆਰੀ ਮਹਿਬੂਬਾ ਮੇਰੀ, ਅੱਜ ਰਾਤੀਂ ਸ਼ਾਹ ਡੰਕਨ ਆਉਣੈ। ਲੇਡੀ ਮੈਕਬੈਥ:ਤੇ ਫਿਰ ਕਦ ਉਸ ਵਾਪਸ ਜਾਣੈ? ਮੈਕਬੈਥ:ਕੱਲ ਹੀ ਜਾਣ ਦੀ ਮਨਸ਼ਾ ਉਹਦੀ। ਲੇਡੀ ਮੈਕਬੈਥ: ਓ, ਕੱਲ ਦਾ ਸੂਰਜ ਕਦੇ ਨਹੀਂ ਚੜ੍ਹਨਾ! ਚਿਹਰਾ ਤੇਰਾ ਮੇਰੇ ਸਰਦਾਰਾ, ਖੁੱਲ੍ਹੀ ਪੋਥੀ ਐਸੀ, ਅਚਰਜ ਤੇਰੇ ਰਾਜ਼, ਮਾਮਲੇ, ਪੜ੍ਹ ਲੈਂਦਾ ਜੋ ਚਾਹੇ:- ਸਮੇਂ ਨਾਲ ਜੇ ਫਰੇਬ ਕਮਾਈਏ, ਸਮੇਂ ਵਾਂਗ ਹੀ ਹੋ ਕੇ ਰਹੀਏ; ਹੱਥ, ਨਜ਼ਰ, ਜ਼ੁਬਾਂ ਤਿੰਨੇ ਹੀ, 'ਜੀ ਆਇਆਂ ਨੂੰ ' ਆਖਣ ਕੱਠੇ: ਦਿੱਖ ਫੁੱਲ ਮਾਸੂਮਾਂ ਜਿਹੀ, ਵਿੱਚੋਂ ਰਹੀਏ ਨਾਗ ਨਿਖੱਟੇ। ਖਾਤਰ-ਸੇਵਾ ਕਰਨੀ ਪੈਣੀ, ਪ੍ਰਾਹੁਣਾ ਆਇਐ ਆਪਣੇ ਵਿਹੜੇ; ਕਾਰਜ ਮਹਾਨ ਇਸ ਰਾਤ੍ਰੀ ਵਾਲਾ, ਤੁਸੀਂ ਲਾ ਦਿਓ ਮੇਰੇ ਜ਼ਿੰਮੇ; ਦਿਨ-ਰੈਣ ਸਭ ਭਵਿੱਖ ਸਾਡੇ ਦੇ, ਰੌਸ਼ਨ ਇਹਨੇ ਕਰ ਨੇ ਦੇਣੇ ਸੰਪੂਰਨ ਸੱਤਾ ਸੁਲਤਾਨੀ ਦੇਣੀ, ਮੁਲਕ-ਮਿਲਖ ਕੁੱਲ ਦੇਣੇ ਇਹਨੇ। ਮੈਕਬੈਥ:ਅੱਛਾ, ਇਸ ਬਾਰੇ ਫਿਰ ਗੱਲ ਕਰਾਂਗੇ। ਲੇਡੀ ਮੈਕਬੈਥ:ਬੱਸ ਨਿਰਭੈ, ਨਿਰਛਲ਼ ਰੱਖੋ ਚਿਹਰਾ; ਕਰਮ ਤੇ ਕਿਰਪਾ ਸਜ਼ਾ ਹੋ ਜਾਂਦੇ, ਭੈ ਜੇ ਪੀਲ਼ਾ ਪਾਵੇ : ਬਾਕੀ ਗੱਲ ਮੇਰੇ ਤੇ ਛੱਡੋ। {ਪ੍ਰਸਥਾਨ}

ਸੀਨ-6-ਐਕਟ-1

ਉਹੀ, ਕਿਲੇ ਦੇ ਸਾਹਮਣੇ। {ਪੀਪਨੀ-ਵਾਦਕ ਮੁੰਡੇ, ਮੈਕਬੈਥ ਦੇ ਸਹਾਇਕ, ਹਜ਼ੂਰੀ ਵਿੱਚ। ਪ੍ਰਵੇਸ਼ ਮਹਾਰਾਜ ਡੰਕਨ, ਮੈਲਕੌਲਮ, ਡੋਨਲਬੇਨ, ਬੈਂਕੋ, ਲੈਨੌਕਸ, ਮੈਕਡਫ, ਰੌਸ, ਅੰਗਸ, ਅਤੇ ਸਹਾਇਕ} ਮਹਾਰਾਜ ਡੰਕਨ:ਕਿਲੇ ਦੀ ਕੁਰਸੀ, ਆਲ਼ਾ-ਦੁਆਲ਼ਾ ਬੜਾ ਹੀ ਸੁਹਣਾ, ਬੜਾ ਸੁਖਾਵਾਂ ਸਿਹਤ-ਬਖਸ਼, ਤੇਜ਼-ਅਸਰ, ਸੁਗੰਧਤ ਮਿੱਠੀਆਂ ਰੁਮਕਣ ਵਾਵਾਂ: ਸੂਖਮ ਸੁਹਜ ਅਹਿਸਾਸ ਜਗਾਵਣ, ਮਸਤ ਮਸਤ, ਲਤੀਫ ਹਵਾਵਾਂ। ਬੈਂਕੋ:ਪੰਖੇਰੂ ਪ੍ਰਾਹੁਣਾ ਹੁਨਾਲ ਦਾ ਏਹੇ, ਪ੍ਰੇਤ-ਭਾਂਤ ਜੋ ਮੰਦਰਗਮਨੀ, ਪੱਕੀ ਰਿਹਾਇਸ਼ ਬਣਾ ਫਸੀਲੇ, ਪ੍ਰਮਾਣਿਤ ਕਰਦੈ ਪ੍ਰੇਮ- ਸਚਾਈ:- ਖੁਸ਼ਬੂ ਖੁਸ਼ਬੂ ਸੁਆਸ ਸਵਰਗੀ, ਮੁੜ ਮੁੜ ਖਿੱਚ ਲਿਅਉਂਦੈ ਏਥੇ; ਨਾਂ ਕਿੰਗਰਾ ਨਾਂ ਕੋਈ ਬਨੇਰਾ, ਨਾਂ ਪੁਸ਼ਤਾ ਨਾਂ ਕੋਈ ਵਧੇਰਾ-, ਨਾਂ ਸੁਲੱਭਤ ਘੁਰਨਾ ਕੋਈ, ਇਸ ਪੰਖੀ ਨੇ ਖਾਲੀ ਛੱਡਿਐ ਏਸ ਫਸੀਲੇ, ਜਿੱਥੇ ਵੰਸ਼ ਵਧਾਵਣ ਖਾਤਰ ਪੀਂਘ-ਪੰਘੂੜਾ, ਹਾਰ-ਬਿਸਤਰਾ, ਹਾਲੀਂ ਨਹੀਂ ਬਣਾਇਆ ਇਹਨੇ: ਇਹ ਪੰਖੇਰੂ, ਮੈਂ ਵੇਖਿਐ, ਆਸ਼ਕ ਵਾਂਗੂੰ ਮੁੜ ਘਿੜ ਏਥੇ ਆਈਂ ਜਾਂਦੈ, ਨਸਲ ਆਪਣੀ ਹਰ ਵਰ੍ਹਿਆਏ, ਸ਼ਤ ਪ੍ਰਤੀ ਸ਼ਤ ਵਧਾਈਂ ਜਾਂਦੇ : ਪੌਣ-ਪਾਣੀ ਏਸ ਕਿਲੇ ਦਾ ਸਿਹਤਮੰਦ, ਨਫੀਸ ਹੈ ਏਨਾ। {ਪ੍ਰਵੇਸ਼ ਲੇਡੀ ਮੈਕਬੈਥ ਦਾ} ਮਹਾਰਾਜ ਡੰਕਨ:ਸਤਿਕਾਰਤ ਮੇਜ਼ਬਾਂ ਵੇਖੋ ਆਈ !- ਮੋਹ ਰੱਈਅਤ ਦਾ ਮਿਲੇ ਅਸਾਨੂੰ, ਅਕਸਰ ਇਹ ਤਕੱਲੁਫ ਹੁੰਦੈ, ਸ਼ੁਕਰ-ਗੁਜ਼ਾਰੀ ਤਕੱਲੁਫ ਦੀ ਵੀ, ਤਕੱਲੁਫ ਵੀ ਤਾਂ ਮੋਹ ਹੀ ਹੁੰਦੈ । ਇਸ ਵਿੱਚੋਂ ਹੀ ਦਿਆਂ ਨਸੀਹਤ: ਕਿਵੇਂ ਖੁਦਾ ਤੋਂ ਮੰਗੋਂ ਦਾਤਾਂ : 'ਕ੍ਰਿਪਾ-ਕਰਮ ਕਰੇ ਉਹ ਦਾਤਾ ਸਾਡਾ !', ਤਕੱਲੁਫ ਦਾ ਫਲ ਮਿਲੇ ਤੁਸਾਨੂੰ; ਤਾਂ ਤੇ ਕਰੋਂ ਸ਼ੁਕਰੀਆ ਸਾਡਾ: ਤਕਲੀਫ ਤਕੱਲੁਫ ਦੀ ਜੋ ਦਿੱਤੀ । ਲੇਡੀ ਮੈਕਬੈਥ:ਤਿਆਰੀ ਖਾਤਰਦਾਰੀ ਵਾਲੀ, ਨਿੱਕੇ ਮੋਟੇ ਹਰ ਪਹਿਲੂ ਤੋਂ, ਦੂਣੀ ਭਾਵੇਂ ਚੌਣੀ ਹੋਈ, ਐਪਰ ਸਨਮਾਨਾਂ, ਅਹਿਸਾਨਾਂ ਅੱਗੇ , ਹੀਣੀ , ਤੁੱਛ, ਤੇ ਹਲਕੀ ਹੋਈ, ਮਹਾਰਾਜ ਅਧਿਰਾਜ ਦੁਆਰਾ, ਕਰਮ, ਨਿਵਾਜ਼ਿਸ਼, ਰਹਿਮਤ ਹੋਈ, ਗ਼ਰੀਬ-ਖਾਨੇ ਤੇ ਮਰਾਤਬ ਵਾਲੀ , ਅੰਬਰ-ਫਾੜ ਜੋ ਬਾਰਸ਼ ਹੋਈ ਸਰਕੀ ਧਰਤ ਕੋਟ ਦੁਆਲੇ, ਨਿਵਾਜ਼ਿਸ਼ ਦੀ ਢਾਹ ਲਗਦੀ ਹੋਈ: ਪਹਿਲੋਂ ਈ ਢੇਰ ਬੜਾ ਸੀ ਲੱਗਾ, ਭੂਤ ਦੀਆਂ ਬਖਸ਼ੀਸ਼ਾਂ ਵਾਲਾ 'ਅੱਜ' ਦੀਆਂ ਜਦ ਜੁੜੀਆਂ ਆਕੇ, ਢੇਰ ਦਾ ਟਿੱਬਾ ਦਿੱਸਣ ਲੱਗਾ; ਹਾਜ਼ਰ ਸਦਾ ਹਜ਼ੂਰੀ ਮਾਲਿਕ! ਅਸੀਂ 'ਫਕੀਰ' ਹਾਂ ਦਰ ਦੇ ਤੇਰੇ-। ਮਹਾਰਾਜ ਡੰਕਨ:ਸੂਬੇਦਾਰ ਕਾਡਰ ਹੈ ਕਿੱਥੇ-? ਅੱਡੀਆਂ ਵੱਢਦੇ ਆਏ ਪਿੱਛੇ, ਮਾਨਣ ਲਈ ਮਹਿਮਾਨ-ਨਵਾਜ਼ੀ: ਉੱਤਮ ਸ਼ਾਹਸਵਾਰੀ ਉਹਦੀ, ਮੋਹ ਮਹਾਨ, ਬੜੇ ਹੀ ਤਿੱਖੇ ਤਿੱਖੀ ਅੱਡੀ ਵਰਗੇ ਮੰਜ਼ਲ ਤੇ ਪਹੁੰਚਾਇਆ ਉਹਨੂੰ, ਐਪਰ ਸਾਥੋਂ ਪਹਿਲਾਂ-। ਹੁਸਨ, ਜਮਾਲ ਕਮਾਲ ਦੀ ਮਾਲਿਕ, ਓ ਮੁਅਜ਼ਿਜ਼ ਮੇਜ਼ਬਾਨ ਅਸਾਡੀ, ਅੱਜ ਰਾਤੀਂ ਮਹਿਮਾਨ ਹਾਂ ਤੇਰੇ-। ਲੇਡੀ ਮੈਕਬੈਥ:ਹਾਜ਼ਰ ਸਦਾ ਹਜ਼ੂਰੀ, ਚਾਕਰ ਸਰਕਾਰੀ; ਤਨ, ਮਨ, ਧਨ ਤਾਂ ਸਭ ਆਪਦੇ, ਜੋ ਸਾਡੇ ਨੇ ਉਹ ਵੀ ਤੁਹਾਡੇ ਤਨ ਤੋਂ, ਮਨ ਤੋਂ, ਧਨ ਤੋਂ:- ਕੁੱਲ ਹਿਸਾਬ ਬਾ-ਤਫਸੀਲ ਕਰਜ਼ ਦਾ ਸਾਡੇ, ਬਾ-ਫੁਰਸਤ ਸ਼ਾਹੀ ਕਰ ਲੋ; ਰੋਮ ਰੋਮ ਜੇ ਖਿੱਚੋਂ ਸਾਡਾ, ਤਾਂ ਵੀ ਦੇਣ ਨਹੀਂ ਮੁੜਨਾ ਤੁਹਾਡਾ; ਰਿਣੀ ਸਦਾ ਰਹਾਂਗੇ ਤੁਹਾਡੇ। ਮਹਾਰਾਜ ਡੰਕਨ:ਇਜਾਜ਼ਤ ਚਾਹਾਂ ਮੇਜ਼ਬਾਂ ਬਾਨੋ! ਹੱਥ ਦਿਓ ਜ਼ਰਾ ਮੈਨੂੰ ਆਪਣਾ: ਮੇਜ਼ਬਾਂ ਤੱਕ ਲੈ ਕੇ ਚੱਲੋ : ਬੜਾ ਪ੍ਰੇਮ ਹੈ ਨਾਲ ਉਸਦੇ, ਕਰਮ, ਨਿਵਾਜਿਸ਼ ਸਾਡੇ ਉਸ ਤੇ, ਸਦਾ ਹੀ ਰਹਿਣੇ। {ਪ੍ਰਸਥਾਨ}

ਸੀਨ-7-ਐਕਟ-1

ਉਹੀ-ਕਿਲੇ ਵਿੱਚ ਇੱਕ ਛੋਟਾ ਹਾਲ। {ਪੀਪਨੀਵਾਦਕ ਮੁੰਡੇ, ਮਸ਼ਾਲਚੀ, ਅਤੇ ਭੋਜਨਆਲੇ ਦਾ ਇੱਕ ਅਫਸਰ ਅਤੇ ਭੋਜਨ ਪਰੋਸਨ ਵਾਲੇ ਕਈ ਨੌਕਰ ਚਾਕਰ ਭਿੰਨ ਭਿੰਨ ਵਿਅੰਜਨਾਂ ਦੇ ਥਾਲ ਆਦਕ ਲਈ ਐਧਰ ਓਧਰ ਫਿਰਦੇ ਨਜ਼ਰ ਆਉਂਦੇ ਹਨ।ਮੈਕਬੈਥ ਦਾ ਪ੍ਰਵੇਸ਼ ਹੁੰਦਾ ਹੈ।} ਮੈਕਬੈਥ:ਜੇ ਕਾਰਾ ਇਹ ਕਰਨੈ, ਜਦ ਕਦ ਕਰਨੈ, ਚੰਗਾ ਰਹੂਗਾ ਫੌਰਨ ਕਰਨਾ-। ਜੇ ਹੱਤਿਆ ਇਨਜਾਮ (ਪ੍ਰਭਾਵ) ਨੂੰ ਆਪਣੇ ਠੱਲ੍ਹ ਪਾ ਸੱਕੇ, ਅੰਤ ਓਸਦਾ ਸੁਲੱਭ ਸਫਲਤਾ ਪੱਲੇ ਪਾ ਸੱਕੇ; ਇੱਕੋ 'ਵਾਰ' ਆਹ ਕਾਰੀ ਮੇਰਾ, ਸਮੇਂ-ਸਾਗਰ ਦੇ ਰੇਤਲੇ ਤਟ ਤੋਂ, ਨਕਸ਼ ਓਸਦੀ ਹਸਤੀ ਵਾਲਾ, ਪੂੰਝ ਕੇ ਰੱਖ ਦੂ,- ਮਾਰ ਛੜੱਪਾ ਫਿਰ ਟੱਪ ਜਾਈਏ, ਆਉਂਦੇ ਅਸੀਂ ਭਵਿੱਖ ਨੂੰ। ਐਪਰ ਅਜਿਹੇ ਮਾਮਲਿਆਂ ਵਿੱਚ, ਹਾਲੀਂ ਨਿਆਂ ਦਾ ਦਖਲ ਵੀ ਹੁੰਦੈ; ਖੂਨਖਰਾਬੇ ਦੇ ਮਸ਼ਵਰੇ ਅਸੀਂ ਜੋ ਦਿੰਦੇ, ਪਲੇਗ ਵਾਂਗ ਉਹ ਮੁੜ ਆ ਪੈਂਦੇ ਸਾਡੇ ਹੀ ਸਿਰ: ਭਰਿਆ ਜ਼ਹਿਰ ਪਿਆਲਾ ਸਾਡਾ, ਸਾਡੇ ਹੀ ਮੂੰਹ ਨੂੰ ਮੁੜ ਆ ਲਗਦਾ, 'ਜੋ ਬੀਜੋ ਸੋ ਵੱਢੋ' ਵਾਲਾ, 'ਨਿਆਂ ਸਮਪੱਖੀ' ਨਿਆਂ ਹੀ ਕਰਦਾ-। ਦੋਹਰਾ ਹੈ ਵਿਸ਼ਵਾਸ ਓਸ ਨੂੰ, ਤਾਂਹੀਂ ਆਇਐ ਏਥੇ:- ਪਹਿਲਾ ਮੈਂ ਕੁਟੰਬੀ ਉਹਦਾ, ਫਿਰ ਮੈਂ ਉਹਦੀ ਰੱਈਅਤ; ਤੱਗੜੇ ਬੜੇ ਨੇ ਕਾਰਨ ਦੋਵੇਂ, ਇਸ ਕਾਰੇ ਨੂੰ ਰੋਕਣ ਖਾਤਰ: ਤੇ ਫਿਰ ਮੇਜ਼ਬਾਨ ਹੋ ਉਹਦਾ, ਕਾਤਲ ਨੂੰ ਨਾਂ ਵਾੜਾਂ ਅੰਦਰ, ਨਾਂ ਹੀ ਖੰਜਰ ਖੁਦ ਉਠਾਕੇ, ਭੰਗ ਭਰੋਸਾ ਕਰਾਂ ਓਸਦਾ-। ਨਾਲੇ ਡੰਕਨ ਨੇ ਕੁੱਝ ਏਦਾਂ, ਨਿਮਰਤਾ ਸਹਿਤ ਨਿਭਾਈ ਹਕੂਮਤ ਤਖਤ-ਤਾਜ, ਦਰਬਾਰ ਨੂੰ ਆਪਣੇ, ਲੀਕ ਕਦੇ ਨਹੀਂ ਲਾਈ; ਗੁਣ, ਵਸਫ ਸਭ ਫਰਿਸ਼ਤੇ ਉਹਦੇ, ਵਿੱਚ ਦਰਗਾਹੇ ਕਰਨ ਵਕਾਲਤ, ਅਸਰ ਭਰਪੂਰ ਦਲੀਲਾਂ ਅੰਦਰ, ਸਾਜ਼-ਨਫੀਰੀ-ਲੱਜ਼ਤ ਹੋਣੀ:- ਡੰਕਨ ਨੇਕ ਨੂੰ ਹਸ਼ਰ ਦੇ ਵੇਲ਼ੇ, ਦੋਜ਼ਖ ਉਹਨਾਂ ਜਾਣ ਨਹੀਂ ਦੇਣਾ: ਨਵ-ਜੰਮਾ, ਨੰਗਾ ਬਾਲ-ਗੋਪਾਲ 'ਤਰਸ' ਜੋ ਆਪਣਾ ਨਾਂਅ ਧਰਾਵੇ, ਬੇਮੁਹਾਰ ਤੂਫਾਨਾਂ ਸਿਰ ਜੋ ਚੜ੍ਹਿਆ ਆਵੇ, ਜਾਂ ਨੰਨ੍ਹਾ, ਮਾਸੂਮ ਫਰਿਸ਼ਤਾ, ਮੂੰਹ ਗੋਭਲਾ, ਮੋਹਣੀ ਮੂਰਤ, ਬੇਲਗਾਮ ਪਵਨ-ਅਸ਼ਵ ਦੀ ਕਰੇ ਸਵਾਰੀ, ਬੁੱਲ੍ਹਿਆਂ ਦੇ ਅਦ੍ਰਿਸ਼ ਹਰਕਾਰੇ, ਬੇਮੁਹਾਰ, ਬੇਸ਼ੁਮਾਰ ਅੱਗੇ ਲਾਈਂ ਆਵੇ:- ਖੇਹ ਕੌੜੀ ਉਸ 'ਦੁਰ- ਕਾਰੇ ਵਾਲੀ, ਮੈਂ ਜੋ ਕਰਨਾ, ਬੁਲ੍ਹਿਆਂ ਸੰਗ ਉਡਾਵੇ,- ਜਨ-ਅੱਖਾਂ ਵਿੱਚ ਐਸੀ ਪਾਵੇ, ਕੁੱਲ ਦੁਨੀ ਕੁਰਲਾਈਂ ਜਾਵੇ: ਵਾਯੂ ਦੇਵ ਨੂੰ ਹੜ੍ਹ ਹੰਝੂਆਂ ਦਾ ਡੂੰਘੀ ਖਾਈ ਜਾ ਡੁਬਾਵੇ।- ਮਨਸ਼ਾ-ਅਸ਼ਵ ਸਵਾਰੀ ਕਰਦਾਂ, ਪਰ ਲੋਹ-ਅੱਡੀ ਨਹੀਂ ਰਕਾਬੇ, ਕੀ ਚੋਭਾਂ ਹੁਣ ਇਹਦੀ ਵੱਖੀ, ਪੰਖ ਏਸ ਨੂੰ ਕਿੱਦਾਂ ਲਾਵਾਂ! ਅਕਾਂਖਿਆ ਤਾਂ ਕਠ-ਘੋੜੀ ਉਤੇ ਬੜਕੀ ਜਾਂਦੀ,ਟੱਪ ਖਲੋਣ ਨੂੰ ਫਿਰਦੀ ਉੱਤੋਂ, ਪਰ ਇਸ ਡਿੱਗਣਾ ਅਗਲੇ ਪਾਸੇ, ਧੌਣ ਭਨਾਉਣੀ ਭੋਂਏਂ ਪੈ ਕੇ। {ਪ੍ਰਵੇਸ਼ ਲੇਡੀ ਮੈਕਬੈਥ} ਕੀ ਏ ਹੁਣ ! ਖਬਰ ਏ ਕੋਈ? ਲੇਡੀ ਮੈਕਬੈਥ:ਭੋਜਨ ਲਗ ਭਗ ਕਰ ਲਿਐ ਉਹਨੇ। ਤੁਸੀਂ ਭਲਾ ਕਿਉਂ ਬਾਹਰ ਆਏ ? ਮੈਕਬੈਥ:ਕੀ ਉਸ ਪੁੱਛਿਐ ਮੇਰੇ ਬਾਰੇ ? ਲੇਡੀ ਮੈਕਬੈਥ:ਪਤਾ ਨਹੀਂ ਤੁਹਾਨੂੰ ? ਮੈਕਬੈਥ:ਹੁਣ ਨਹੀਂ ਅਸੀਂ ਇਹ 'ਕਾਰਾ' ਕਰਨਾ: ਹਾਲੀਂ ਹੁਣੇ ਤਾਂ ਸ਼ਾਹ ਸਨਮਾਨਿਐ ਮੈਨੂੰ; ਸੋਨ ਸੁਨਿਹਰੀ ਸ਼ਬਦਾਂ ਦੇ ਵਿੱਚ, ਹਰ ਤਬਕੇ ਦੇ ਲੋਕਾਂ ਅੰਦਰ, ਮਿਲੀਆਂ ਨੇ ਵਡਿਆਈਆਂ ਮੈਨੂੰ; ਨਵੀਂ ਨਵੇਲੀ ਲਿਸ਼ਕ-ਪੁਸ਼ਕ ਇਹ ਕਿਉਂ ਨਾਂ ਸੀਸ ਸਜਾਵਾਂ ਅਪਣੇ, ਏਡੀ ਛੇਤੀ ਦੱਸ ਭਲਾ ਕਿਉਂ ਇਹਨੂੰ ਮੁਫਤ ਗੁਆਵਾਂ ? ਲੇਡੀ ਮੈਕਬੈਥ:ਕੀ ਉਹ 'ਆਸ' ਸ਼ਰਾਬੀ ਹੈਸੀ, ਰੂਪ ਧਾਰ ਸੀ ਜੀਹਦਾ ਤੁਰਿਆ ? ਮਸਤ, ਮਖਮੂਰ, ਸੌਦਾਈ ਹੈਸੀ, ਜਦ ਇਹ ਫੁਰਨਾ ਫੁਰਿਆ? ਹਾਲਮਸਤ ਹੁਣ ਟੁੰਨ ਪਈ ਹੈ, ਜੱਗ ਜਹਾਨੇ ਹੋਸ਼ ਨਹੀਂ ਹੈ? ਹੁਣ ਜਦ ਆ ਜਗਾਵਣ ਲੱਗਾ, ਕਿੰਨੀ ਇਹ ਅਣਜਾਣ ਬਣੀ ਹੈ, ਪੀਲ਼ੀ ਭੂਕ ਡਰੀ ਡਰੀ ਹੈ, ਭੂਤ ਦੇ ਦ੍ਰਿੜ੍ਹ ਇਰਾਦਿਆਂ ਕੋਲੋਂ? ਇਹ ਪਲ ਕੇਹਾ ਆਇਆ ਵੇਖੋ, ਮੋਹ ਤੇਰੇ ਦਾ ਲੇਖਾ ਜਦ ਮੈਂ ਏਦਾਂ ਕਰਦੀ! ਆਪਣੇ 'ਕਾਜ, ਦਲੇਰੀ' ਕੋਲੋਂ, ਇੱਛਾ ਜੀਹਦੀ ਦਿਲ ਵਿੱਚ ਪਲ਼ਦੀ, ਹੁਣ ਤੈਨੂੰ ਕੀ ਭੈ ਆਉਂਦਾ ਹੈ? ਮੁਲੰਮੇ ਵਾਲੀ ਲਿਸ਼ਕ ਪੁਸ਼ਕ ਨੂੰ, ਜੋ ਜੀਵਨ ਦਾ ਗਹਿਣਾ ਸਮਝੇਂ ਮਾਨਣ ਨੂੰ ਤਰਜੀਹ ਦੇਵੇਂਗਾ, ਆਪਣੀ ਨਜ਼ਰੇ ਗਿਰ ਜਾਵੇਂ ਗਾ, ਕਾਇਰਤਾ ਨੂੰ ਗਲ਼ ਲਾਵੇਂਗਾ? 'ਮੈਂ ਕਰੂੰਗਾ' ਕਹਿਣ ਦੀ ਥਾਵੇਂ, 'ਜਿਗਰਾ ਨਹੀਂ' ਕਹਿ ਨੱਸੇਂਗਾ,- ਬੇਚਾਰੀ ਉਸ ਬਿੱਲੀ ਵਾਲੀ ਲੋਕ-ਕਹਾਵਤ ਸੱਚ ਕਰੇਂਗਾ-? ਮੈਕਬੈਥ:ਸ਼ਾਂਤ ਹੋ , ਗੁਜਾਰਿਸ਼ ਮੇਰੀ:ਸਭ ਕੁਝ ਕਰਨ ਦਾ ਜੇਰਾ ਹੈਸੀ, ਜੋ ਮਰਦਾਂ ਨੂੰ ਸੁੰਹਦਾ; ਕੋਈ ਨਹੀਂ ਹੈ ਦੁਨੀ 'ਚ ਐਸਾ, ਏਦੂੰ ਵੱਧ ਜੋ ਜੁਰਅਤ ਕਰਦਾ। ਲੇਡੀ ਮੈਕਬੈਥ:ਕੌਣ ਦਰਿੰਦਾ ਹੈ ਸੀ ਫਿਰ ਉਹ, ਜੀਹਨੇ ਤੈਥੋਂ ਮੇਰੇ ਅੱਗੇ ਇਸ ਕਾਰੇ ਦੇ ਪਰਯੋਜਨ ਦੀ, ਏਡੀ ਭਿਅੰਕਰ ਗੱਲ ਕਰਾਈ? ਜੁਰਅਤ ਐਸੀ ਕਰ ਕੇ ਹੀ ਤੂੰ 'ਮਰਦ' ਕਹੌਣੈ; ਐਪਰ 'ਮਰਦ' ਬਣਨ ਲਈ ਤੈਨੂੰ, ਬੰਦਿਓਂ ਵੱਧ ਕੁੱਝ ਬਣਨਾ ਪੈਣੈ। ਥਾਂ, ਸਮਾਂ ਅਨਕੂਲ ਨਹੀਂ ਸਨ, ਫਿਰ ਵੀ ਤੂੰ ਤਜਵੀਜ਼ ਬਣਾਈ; ਦੋਵੇਂ ਜਦ ਅਨਕੂਲ ਹੋਏ ਨੇ, ਫੂਕ ਆਪਣੀ ਤੂੰ ਸਰਕਾਈ-। ਕਿੰਨਾ ਸੂਖਮ ਮਜ਼ਾ ਰਸੀਲਾ! ਬਾਲ ਮਾਸੂਮ ਜੇ ਚੁੰਘੇ ਮੈਨੂੰ, ਮੁਸਕਾਵੇ ਮੇਰੇ ਨੈਣੀਂ ਤੱਕੇ, ਮਸਤ ਮਾਤ੍ਰੀ ਪ੍ਰੇਮ ਹੰਢਾਵੇ, ਮਾਰੇ ਢੁੱਡਾਂ, ਕਰੇ ਤ੍ਰਿਪਤੀ, ਪਰਮ ਆਨੰਦ ਮੇਰੀ ਰੂਹ ਨੂੰ ਆਵੇ: ਪਰ ਕਿਧਰੇ ਜੇ ਬਣਦੈਂ ਮੌਕਾ, ਸੌਂਹ ਚੁੱਕਾਂ ਜੇ ਤੇਰੇ ਵਾਂਗੂੰ, ਨੋਚਾਂ ਚੂਚੀ ਬੋੜੇ ਮੂੰਹੋਂ, ਧੋਬੀ ਵਾਂਗ ਪੱਥਰ ਤੇ ਮਾਰਾਂ ; ਰੇਸ਼ਾ ਰੇਸ਼ਾ ਮਗ਼ਜ਼ ਓਸਦਾ ਰੇਤ ਖਿੰਡਾਵਾਂ,ਫਾੜ ਦਿਆਂ ਖਰਬੂਜ਼ੇ ਵਾਂਗੂੰ। ਮੈਕਬੈਥ:ਪਰ ਜੇ ਸਫਲ ਨਾਂ ਹੋਏ ਆਪਾਂ? ਲੇਡੀ ਮੈਕਬੈਥ:ਅਸਫਲ-! 'ਢਿੰਬਰੀ' ਕਸੇਂ ਜੇ ਹੌਂਸਲੇ ਵਾਲੀ, ਜਿਉਂ ਇੱਕਤਾਰੇ ਤੰਦ ਕੱਸੀ ਦੀ: ਅਸਫਲ ਹੋਣ ਦਾ ਅਵਸਰ ਹੈ ਨਹੀਂ। ਲੰਮੀ ਬੜੀ ਮੁਸਾਫਤ ਪਿੱਛੋਂ, ਥੱਕ ਹਾਰ ਉਸ ਢਹਿਣੈ ਮੰਜੀ, ਮਿੱਠੜੀ ਨੀਂਦ ਨੇ ਗਾ ਗਾ ਲੋਰੀ, ਵਾਲੀਂ ਉਹਦੇ ਕਰਨੀ ਕੰਘੀ; ਸੌਂ ਜਾਣਾ ਜਦ ਡੰਕਨ ਰਾਜੇ, ਸੰਤਰੀਆਂ ਨੂੰ ਟੁੰਨ ਮੈਂ ਕਰ ਦੂੰ, ਪਹਿਲੇ ਤੋੜ ਦੀ ਦਾਰੂ ਵਾਲੇ, ਖੁਸ਼ਬੂ ਵਾਲਾ ਅਰਕ ਮਿਲਾ ਕੇ, ਜਾਮ ਜਸ਼ਨ ਦੇ ਭਰ ਭਰ ਦੇਣੇ, ਸਿੱਟੀ-ਵਿੱਟੀ ਮੈਂ ਗੁੰਮ ਕਰ ਦੂੰ; ਚੇਤਾ ਉਡ ਜੂ ਪੰਖ ਲਗਾਕੇ, ਮੱਥੀਂ ਧੂੰਆ ਭਰ ਜੂ, ਤਰਕ, ਦਲੀਲ, ਸਮਝ, ਤਮੀਜ਼, ਦਾਰੂ-ਭੱਠੀ ਭੱਖਦੀ ਪੈ ਜੂ : ਸੂਕਰ-ਨੀਂਦ ਜਦ ਸੌਂ ਗੇ ਪੇਟੂ, ਗੜੁੱਚ ਦਾਰੂ ਵਿੱਚ ਹੋ ਕੇ, ਮੁਰਦਿਆਂ ਵਾਂਗੂ ਲਿਟੇ ਰਹਿਣਗੇ, ਐਸੀ ਮਾੜੀ ਹਾਲਤ ਹੋ ਜੂ; ਅੰਗ-ਰੱਖਿਅਕ ਨਹੀਂ ਹੋਣਾ ਕੋਈ, ਡੰਕਨ ਰਾਜਾ ਨੰਗਾ ਹੋ ਜੂ; ਕੀ ਫਿਰ ਆਪਾਂ ਕਰ ਨਹੀਂ ਸਕਦੇ, ਇੱਕ ਦੂਜੇ ਸੰਗ ਮਿਲ ਕੇ? ਮਹਾਂ ਦੋਸ਼ ਏਸ ਕਤਲ ਦਾ, ਸਿਰ ਨਸ਼ੱਈਆਂ ਮੜ੍ਹ ਨਹੀਂ ਸਕਦੇ? ਮੈਕਬੈਥ:ਮਰਦ-ਬੱਚੇ ਹੀ ਪੈਦਾ ਕਰਨੇ ਅੱਗੇ ਲਈ ਵੀ ਤੂੰ, ਲੋਹ-ਅੰਸ਼ ਹੈ ਨਿਡਰ ਮਿੱਟੀ, ਨਰ ਉਪਜਾਵਣ ਵਾਲੀ ਤੇਰੀ! ਰੰਗ ਦੱਈਏ ਜੇ 'ਸੁੱਤਿਆਂ' ਤਾਈਂ, ਡੰਕਨ ਸ਼ਾਹ ਦੇ ਲਹੂ 'ਚ ਆਪਾਂ, ਸ਼ਾਹੀ ਆਰਾਮ-ਗਾਹ ਅੰਦਰ ਹੀ , ਏਨ੍ਹਾਂ ਦੇ ਹੀ ਵਰਤ ਕੇ ਖੰਜਰ, ਗਲ਼ ਡੰਕਨ ਦਾ ਵੱਢ ਦੱਈਏ ਜੇ, ਕਰੀਏ ਕੰਮ ਤਮਾਮ ਜੇ ਆਪਾਂ; ਮੰਨੂ ਨਹੀਂ ਕੀ ਦੁਨੀਆ ਸਾਰੀ, ਅੰਗ-ਰਕਸ਼ਕਾਂ ਕੀਤਾ ਕਾਰਾ? ਲੇਡੀ ਮੈਕਬੈਥ:ਹਿੰਮਤ ਕੌਣ ਕਰੂ ਕੁੱਝ ਹੋਰ ਕਹਿਣ ਦੀ, ਕੋਠੇ ਚੜ੍ਹ ਜਦ ਆਪਾਂ ਪਿੱਟਣੈ, ਕੁਹਰਾਮ ਮਚਾਉਣੈ, ਮਰਗ ਦਾ ਉਹਦੀ ਮਾਤਮ ਕਰਨੈ, ਰੌਲਾ ਪਾਉਣੈ? ਮੈਕਬੈਥ:ਮਨ ਮੇਰਾ ਹੁਣ ਪੱਕਾ ਬਣਿਐ, ਦੇਹ-ਧਨੁਖ ਦਾ ਚਿੱਲਾ ਚੜ੍ਹਿਐ, ਹਰ ਅੰਗ ਪੂਰਾ ਤਣਿਐ ਮੇਰਾ, ਏਸ ਭਿਅੰਕਰ ਕਾਰੇ ਦਾ ਜਿਸ ਕਾਰਕ ਬਣਨੈ। ਚਲ ਏਥੋਂ ਹੁਣ ਪਹਿਨ ਮਖੌਟਾ, ਖਿੱਲੀ ਸਮੇਂ ਦੀ ਜਾਹ ਉਡਾ, ਐਸਾ ਸੁੰਦਰ ਕਰ ਵਖਾਵਾ, ਸਮੇਂ ਦੇ ਅੱਖੀਂ ਘੱਟਾ ਪਾ: ਏੇਸ ਮਖੌਟੇ ਸਭ ਲੁਕ ਜਾਣਾ, ਦਿਲ ਅੰਦਰ ਜੋ ਫਰੇਬ, ਦਗ਼ਾ। {ਪ੍ਰਸਥਾਨ}

ਐਕਟ-2 ਮੈਕਬੈਥ

ਸੀਨ-1-ਐਕਟ-2

ਇਨਵਰਨੈਸ। ਕਿਲੇ ਦਾ ਵਿਹੜਾ {ਪ੍ਰਵੇਸ਼ ਮਸ਼ਾਲਚੀ, ਫਲੀਐਂਸ ਅਤੇ ਬੈਂਕੋ} ਬੈਂਕੋ:ਰਾਤ ਕਿੰਨੀ ਕੁ ਲੰਘੀ , ਬੇਟਾ? ਫਲੀਐਂਸ:ਚੰਨ ਲਹਿ ਗਿਆ ਥੱਲੇ, ਘੜਿਆਲ ਸੁਣੀ ਨਹੀਂ ਮੈਨੂੰ। ਬੈਂਕੋ:ਬਾਰਾਂ ਦਾ ਜਦ ਘੰਟਾ ਖੜਕੇ, ਚੰਨ ਛਿਪ ਜਾਂਦੈ। ਫਲੀਐਂਸ:ਲਗਦੈ ਥੋੜਾ ਪਿੱਛੋਂ, ਜੁਨਾਬ। ਬੈਂਕੋ:ਰੁਕ, ਫੜ ਜ਼ਰਾ ਤਲਵਾਰ ਮੇਰੀ ਤੂੰ।- ਅੰਬਰੀਂ ਬੜੀ ਹੈ ਬੱਚਤ ਚਲਦੀ , ਬੱਤੀਆਂ ਸੱਭੇ ਗੁਲ ਹੋ ਗਈਆਂ:- ਆਹ ਜ਼ਰਾ ਵੀ ਫੜ ਲੈ ਤੂੰਹੀ।- ਨੀਂਦ ਘੋਰ ਦਾ ਬੋਝਲ ਸੱਦਾ, ਜਿਉਂ ਢਲਿਆ ਸਿੱਕਾ ਮਸਤਕ ਪਾਇਐ, ਪਰ ਮੈਂ ਤਾਂ ਫਿਰ ਵੀ ਸੌਣਾ ਨਾਂਹੀਂ : ਰਹਿਮ ਕਰੋ ਅਦ੍ਰਿਸ਼ ਸ਼ਕਤੀਓ, ਸਰਾਪੇ ਖਿਆਲ ਨਾਂ ਮਨ 'ਚ ਆਵਣ, ਫਰਜ਼ੋਂ ਵੱਧ ਆਰਾਮ ਨੂੰ ਜਿਹੜੇ ਦੇਣ ਮਹੱਤਵ!- ਲਿਆ ਫੜਾ ਤਲਵਾਰ ਮੇਰੀ ਤੂੰ। ਕੌਣ ਐ ਬਈ---? {ਪ੍ਰਵੇਸ਼ ਮੈਕਬੈਥ ਅਤੇ ਮਸ਼ਾਲਚੀ } ਮੈਕਬੈਥ:ਇੱਕ ਦੋਸਤ। ਬੈਂਕੋ:ਵਾਹ, ਜੁਨਾਬ, ਸੁੱਤੇ ਨਹੀਂ ਹੋ ਹਾਲੀਂ? ਸ਼ਾਹ ਸੇਜੇ ਆਰਾਮ ਫਰਮਾਉਂਦੈ, ਖੁਸ਼ ਬੜਾ ਸੀ ਹੱਦੋਂ ਬਾਹਲ਼ਾ, ਇਨਾਮ-ਕਰਾਮ, ਬਖਸ਼ੀਸ਼ਾਂ ਘੱਲੀਐਂ, ਕਿਲੇ ਦੇ ਕੁੱਲ ਚਾਕਰਾਂ ਤਾਈਂ: ਹੀਰਾ ਆਹ ਨਾਯਾਬ ਜੋ ਦਿੱਤੈ, ਆਦਾਬ ਤਸਲੀਮ ਦਾ ਸ਼ਾਹਦ ਇਹੇ, ਤੁਹਾਡੀ ਸੁਘੜ ਸੁਪਤਨੀ ਤਾਈਂ, ਮਹਾਂ ਮਿਹਰਬਾਂ ਮੇਜ਼ਬਾਂ ਕਹਿੰਦੈ ; ਅਨੰਤ ਤਸੱਲੀ, ਪਰਮ ਆਨੰਦ ਦੀ, ਸੁਪਨੀਲੀ, ਗੂੜ੍ਹੀ ਨੀਂਦ ਮਾਣਦੈ-। ਮੈਕਬੈਥ:ਤਿਆਰੀ ਨਹੀਂ ਸੀ ਪੂਰੀ ਸਾਡੀ, 'ਇੱਛਾ' ਬਣੀ 'ਕਸਰ' ਦੀ ਦਾਸੀ ਸੇਵਾ-ਖਾਤਰ ਵਿੱਚ ਨਹੀਂ ਤਾਂ, ਘਾਟ ਨਹੀਂ ਸੀ ਬਿਲਕੁਲ ਰਹਿਣੀ । ਬੈਂਕੋ:ਸਭ ਕੁੱਝ ਠੀਕ ਠਾਕ ਹੋ ਗਿਐ-। ਰਾਤੀਂ ਮੈਨੂੰ ਖਾਬ 'ਚ ਦਿੱਸੀਆਂ, ਤਿੰਨੇ ਭੈਣਾਂ ਉਹ ਚੁੜੇਲਾਂ: ਜੀਵਨ ਦੇ ਇੱਕ 'ਸੱਚ' ਦੇ ਤੁਹਾਨੂੰ, ਜੀਹਨਾਂ ਦਰਸ ਕਰਾਏ। ਮੈਕਬੈਥ:ਉਹਨਾਂ ਬਾਰੇ ਮੈਂ ਨਾਂ ਸੋਚਾਂ: ਫੁਰਸਤ ਵੇਲ਼ੇ ਫੇਰ ਕਦੀ ਪਰ, ਇਸ ਬਾਰੇ ਕੋਈ ਗੱਲ ਕਰਾਂਗੇ, ਜੇ ਕੁੱਝ ਸਮਾਂ ਤੁਸਾਂ ਨੇ ਦਿੱਤਾ। ਬੈਂਕੋ:ਹਾਜ਼ਰਿ-ਖਿਦਮਤ ਸਦਾ ਆਪਦੀ! ਮੈਕਬੈਥ:ਬ-ਖੁਸ਼ੀ ਜੇ ਤੁਸੀਂ ਹਾਮੀ ਭਰ ਲੀ, ਮੰਨ ਲਈ ਜੇ ਮਰਜ਼ੀ ਮੇਰੀ , ਇੱਜ਼ਤ ਬਾਲਾ ਹੋ ਜੂ ਤੁਹਾਡੀ। ਬੈਂਕੋ:ਕੀ ਘਟਣਾ ਹੈ ਮੇਰਾ ਫਿਰ ਤਾਂ, ਜੇ ਐਸਾ ਮੈਂ ਚਾਹਾਂ, ਐਪਰ ਇਜ਼ੱਤ ਕਰਨ ਨੂੰ ਬਾਲਾ, ਸੋਚ-ਸਮਝ ਨਹੀਂ ਗਿਰਵੀ ਕਰਨੀ, ਵਫਾਦਾਰੀ ਨੂੰ ਦਾਗ਼ ਨਹੀਂ ਲਾਉਣਾ, ਬਾਕੀ ਜੋ ਵੀ ਹੁਕਮ ਤੁਹਾਡਾ। ਮੈਕਬੈਥ:ਚੰਗਾ ਫਿਰ ਆਰਾਮ ਕਰੋ; ਸ਼ੁਭ ਰਾਤ੍ਰੀ! ਬੈਂਕੋ:ਸ਼ੁਕਰੀਆ, ਜੁਨਾਬ, ਸ਼ੁਭ ਰਾਤ੍ਰੀ! {ਪ੍ਰਸਥਾਨ ਬੈਂਕੋ ਅਤੇ ਫਲੀਐਂਸ} ਮੈਕਬੈਥ (ਨੌਕਰ ਨੂੰ):ਜਾਹ ਮਾਲਕਿਨ ਨੂੰ ਹੁਕਮ ਸੁਣਾ: ਜਾਮ ਤਿਆਰ ਹੋਏ ਜਦ ਮੇਰਾ, ਟੱਲੀ ਮਾਰ ਬੁਲਾਵੈ ਮੈਨੂੰ। ਇਸ ਉਪ੍ਰੰਤ ਤੂੰ ਜਾ ਕੇ ਮੱਲਾ, ਮੰਜੀ ਮੱਲ। {ਨੌਕਰ ਜਾਂਦਾ ਹੈ} ਆਹ ਭਲਾ ਕੀ ਖੰਜਰ ਹੈਸੀ, ਹੱਥ ਵੱਲ ਮੇਰੇ ਦਸਤਾ ਜੀਹਦਾ,- ਸਾਹਵੇਂ ਨਜ਼ਰ ਜੋ ਆਈਂ ਜਾਂਦੈਂ? ਆ ਖਾਂ ਤੈਨੂੰ ਕੱਸ ਕੇ ਫੜ ਲਾ, ਤੱਗੜੇ ਹੱਥ 'ਚ ਆਪਣੇ : ਐਪਰ ਤੂੰ ਤਾਂ ਹੱਥ ਨਹੀਂ ਆਉਂਦਾ, ਭਾਵੇਂ ਦਿੱਸੀਂ ਜਾਨੈਂ-। ਮਾਰੂ, ਓ ਖਿਆਲ ਦੀ ਮੂਰਤ ਬਿਲਕੁਲ ਸੁਪਨ ਜਿਹੀ, ਨਜ਼ਰ ਨੂੰ ਜਿਉਂ ਅਹਿਸਾਸ ਹੈ ਤੇਰਾ, ਛੁਹ ਨੂੰ ਕਿਉਂ ਅਹਿਸਾਸ ਨਹੀਂ? ਜਾਂ ਫਿਰ ਹੈਂ ਤੂੰ ਬਿਰਥਾ ਕੋਈ, ਮਨ ਮੇਰੇ ਦੀ ਕਲਪਿਤ ਸਿਰਜਣ, ਦਗ਼ਦੇ ਜੋ ਦਿਮਾਗ਼ ਦੇ ਮੇਰੇ, ਭਖ-ਵਾਸ਼ਪਾਂ ਵਿੱਚੋਂ ਉਪਜੀ-? ਜੋ ਵੀ ਹੈਂ ਤੂੰ ਨਜ਼ਰੀਂ ਆਉਨੈਂ, ਓਨਾਂ ਹੀ ਅਹਿਸਾਸ ਹੈ ਤੇਰਾ, ਜਿੰਨਾਂ ਇਹਦਾ ਜਿਹੜਾ ਹੁਣ ਮੈਂ, ਮਿਆਨੋਂ ਸੱਚੀਂ ਸੂਤ ਰਿਹਾਂ-। ਮੰਜ਼ਲ ਆਪਣੀ ਵੱਲ ਜਿਸ ਰਾਹੇ, ਮੈਂ ਤੁਰਿਆ ਸੀ ਜਾਂਦਾ, ਉਤਵਲ ਮੈਨੂੰ ਲਈਂ ਜਾਨੈਂ, ਬਾਇੱਜ਼ਤ ਤੂੰ ਅਗਵਾਈ ਕਰਦੈਂ, ਇਹੋ ਜਿਹਾ ਹੀ ਯੰਤਰ ਕੋਈ ਮੈਂ ਵੀ ਸੀ ਗਾ ਵਰਤਣ ਵਾਲਾ। ਬਾਕੀ ਇੰਦ੍ਰੀਆਂ ਨੇ ਮਿਲ ਕੇ, ਮੂਰਖ ਮੇਰੇ ਨੈਣ ਬਣਾਏ, ਜਾਂ ਫਿਰ ਬਾਕੀ ਸਾਰੀਆਂ ਕੋਲੋਂ, ਬਾਹਲ਼ੇ ਯੋਗ ਇਹ ਸਾਬਤ ਹੋਏ। ਹਾਲੀਂ ਵੀ ਤੂੰ ਨਜ਼ਰ ਆ ਰਿਹੈਂ;- ਨਾਲੇ ਧਾਰ ਤੇ ਦਸਤੇ ਉੱਤੇ, ਲਹੂ ਦੇ ਧੱਬੇ ਲੱਗੇ ਹੋਏ,- ਜਿਹੜੇ ਪਹਿਲਾਂ ਨਹੀਂ ਸੀ ਏਥੇ।-ਐਪਰ ਐਸੀ ਗੱਲ ਨਹੀਂ ਹੈ: ਭਿਵਿੱਖ ਦਾ ਇਹ ਤਾਂ 'ਖੂਨੀ ਕਾਰਾ', ਜੋ ਅੱਖਾਂ ਅੱਗੇ ਆਈਂ ਜਾਂਦੈ।- ਹੁਣ ਤਾਂ ਅੱਧੀ ਦੁਨੀਆਂ ਉੱਤੇ, ਪ੍ਰਕ੍ਰਿਤੀ ਵੀ ਮੋਈ ਲਗਦੀ, ਨਾਲੇ ਸੁਪਨੇ ਪਾਪਾਂ ਵਾਲੇ, ਸੁਖ-ਪਰਦ ਨੀਂਦਰ ਤਾਈਂ ਕੋਹੀਂ ਜਾਂਦੇ; ਹੁਣ ਤਾਂ ਜਾਦੂ ਜਸ਼ਨ ਮਨਾਉਂਦਾ, ਆਕਾਸ਼-ਪਤਾਲ-ਧਰਤ ਦੀ ਦੇਵੀ,- ਪੀਲ਼ੀ ਭੂਕ, ਭਿਆਨਕ ਤਿੰਨਸਿਰੀ ਦਾ, ਜੱਗ ਕਰਾਉਂਦਾ,-ਬਲੀ ਚੜ੍ਹਾਉਂਦਾ: ਸਹਿਮ-ਸੁੱਕਿਆ ਬਲੀ ਦਾ ਬੱਕਰਾ, ਪਹਿਰੇਦਾਰ ਬਘਿਆੜ ਤੋਂ ਡਰਿਆ, ਬੜ੍ਹਕ ਜੀਹਦੀ ਐਲਾਨ ਪਈ ਕਰਦੀ, ਬਲੀ ਦੇ ਪੁੱਜੇ ਅੰਤ ਸਮੇਂ ਦਾ, ਪੋਲੇ ਪੈਰੀਂ, ਹੌਲ਼ੀ ਹੌਲੀ, ਚੋਰਾਂ ਵਾਂਗੂੰ, ਜਿਉਂ ਸਮਰਾਟ ਮਹਾਨ ਰੋਮ ਦਾ, ਤਾਰਕੁਇਨ ਮਹਾ ਭਿਅੰਕਰ ਨਾਮ ਧਰਾਵੇ, ਵਿਜੇ-ਮੰਤਵ ਲਈ ਆਪਣੇ, ਮਸਤ ਮਰਦਮੀ ਭਰੇ ਪਲਾਂਘਾਂ, ਪਰੇਤ ਕਿਸੇ ਪਰਛਾਈਂ ਵਾਂਗੂੰ ਵਧਦਾ ਜਾਵੇ-'ਮਤਲਬ' ਆਪਣਾ ਹੱਲ ਕਰਨ ਨੂੰ।- ਓ ਧਰਤੀ! ਮੇਰੇ ਪੈਰੀਂ ਪੱਕੀ, ਸ਼ੱਕ ਨਹੀਂ ਤੇਰੀ ਹੋਂਦ ਦਾ ਕੋਈ, ਪੈੜ-ਚਾਪ ਨਹੀਂ ਸੁਣਨੀ ਮੇਰੀ, ਕਿੱਧਰ ਜਾਨਾਂ, ਕਿੱਥੇ ਜਾਨਾਂ, ਪੱਥਰ, ਕੰਕਰ ਬੋਲ ਹੀ ਪੈਣੈ, ਦੱਸਣ ਪਤਾ-ਟਿਕਾਣਾ ਮੇਰਾ, ਖੌਫ ਭਿਅੰਕਰ ਵਰਤਮਾਨ ਦਾ, ਉਹਨਾਂ ਦੀ ਆਵਾਜ਼ ਸਮਾਉਨਾ;- ਜਿਹੜੀ ਹੁਣ ਅਨਕੂਲ ਏਸ ਦੇ।- ਖਤਰਾ ਬਣ ਮੈਂ ਸਿਰ ਮੰਡਲਾਵਾਂ, ਮਸਤ ਹਿਯਾਤੀ ਉਹ ਹੰਢਾਵੇ; ਸੀਤ ਅਤਿ ਸੁਆਸ ਇਹ ਜ਼ਾਲਿਮ, ਭਖਦੇ ਕਰਮੀਂ ਸ਼ਬਦ ਪਿਆ ਦੇਵੇ। {ਇੱਕ ਟੱਲੀ ਦੀ ਆਵਾਜ਼ ਸੁਣਦੀ ਹੈ} ਮੈਂ ਚੱਲਿਆਂ, ਸਮਝੋ ਕੰਮ ਮੁੱਕਿਆ; ਘੰਟੀ ਏਸ ਬੁਲਾਇਐ ਮੈਨੂੰ। ਸੁਣੀਂ ਮਤੇ ਡੰਕਨ ਆਵਾਜ਼, ਮੌਤ ਤੇਰੀ ਦੀ ਵੱਜੀ ਘੰਟੀ, ਸੱਦਾ ਸਵਰਗ ਜਾਂ ਨਰਕੋਂ ਆਇਐ।{ਪ੍ਰਸਥਾਨ} {ਪ੍ਰਵੇਸ਼ ਲੇਡੀ ਮੈਕਬੈਥ} ਲੇਡੀ ਮੈਕਬੈਥ:ਜਿਸ ਕਾਰਨ ਇਹ ਟੁੰਨ ਪਏ ਨੇ, ਉਸ ਕਾਰਨ ਮੈਂ ਨਿੱਡਰ ਏਨੀ: ਏਹਨਾਂ ਦੀ ਜਿਸ ਪਿਆਸ ਬੁਝਾਈ, ਮੇਰੇ ਅੰਦਰ ਅੱਗ ਭੜਕਾਈ। ਸੁਣੋ ਜ਼ਰਾ--!-ਖਾਮੋਸ਼ ਰਹੋ!- ਉੱਲੂ ਦੀ ਇਹ ਹੂਕ ਸੀ , ਜਾਂ ਫਿਰ ਮੌਤ ਦੀ ਘੰਟੀ ਵਾਲਾ ਕੋਈ , ਅਤਿ ਕੌੜੀ ਸ਼ੁਭਰਾਤ੍ਰੀ ਕਹਿੰਦੈ। ਉਹ ਤਾਂ ਆਪਣੇ ਕਾਰੇ ਲੱਗਾ, ਕੰਮ ਮੁੱਕਣ ਹੀ ਵਾਲਾ : ਦਰ-ਦਰਵਾਜ਼ੇ ਖੁੱਲ੍ਹੇ ਸਾਰੇ, ਰੱਜੇ-ਪੁਜੇ ਚਾਕਰ ਸਾਰੇ, ਮਾਰ ਘੁਰਾੜੇ, ਫਰਜ਼ ਨੂੰ ਕਰਨ ਮਖੌਲਾ : ਉਹਨਾਂ ਦੇ ਮਸ਼ਰੂਬ 'ਚ ਮੈਂ ਤਾਂ, ਬੇਹੋਸ਼ੀ ਦੀ ਦਵਾ ਮਿਲਾਈ , ਪ੍ਰਕ੍ਰਿਤੀ ਤੇ ਮਰਗ ਉਨ੍ਹਾਂ ਤੇ ਏਦਾਂ ਛਾਈ, ਜ਼ਿੰਦਾ ਹਨ ਜਾਂ ਮੁਰਦਾ, ਫਰਕ ਨਾਂ ਕਾਈ-। ਮੈਕਬੈਥ(ਅੰਦਰੋਂ):ਕੌਣ ਐ ਬਈ?-ਕਿਹੜੈਂ-ਓ! ਲੇਡੀ ਮੈਕਬੈਥ:ਡਰ ਹੈ ਮੈਨੂੰ ਜਾਗ ਪਏ ਉਹ, ਕੰਮ ਸਿਰੇ ਨਹੀਂ ਚੜ੍ਹਿਆ:- ਕੋਸ਼ਿਸ਼ ਕੀਤਿਆਂ ਕੰਮ ਨਾ ਹੋਵੇ, ਨਾਲ ਗੁੱਸੇ ਦੇ ਖਿਝ ਚੜ੍ਹ ਜਾਵੇ।- ਸੁਣੋ--!-ਖੰਜਰ ਓਹਨਾਂ ਵਾਲੇ, ਮੈਂ ਤਿਆਰ ਸੀ ਓਥੇ ਰੱਖੇ, ਸੌਖਿਆਂ ਉਹਨੂੰ ਲੱਭ ਪੈਣੇ ਸੀ।- ਜੇ ਕਿਧਰੇ ਉਹ ਸੁੱਤਾ ਹੋਇਆ, ਪਿਓ ਵਰਗਾ ਨਾਂ ਲਗਦਾ ਮੈਨੂੰ, ਮਈ੍ਹਂਓਂ ਕੰਮ ਮੁਕਾ ਦੇਣਾ ਸੀ।- ਆਹ ਆਇਆ ਈ 'ਕੰਤ ਹਮਾਰਾ'! {ਮੈਕਬੈਥ ਦਾ ਮੁੜ-ਪ੍ਰਵੇਸ਼} ਮੈਕਬੈਥ:ਮੈਂ ਤਾਂ ਕਰ ਦਿੱਤਾ ਈ ਕਾਰਾ।- ਸੁਣਿਆ ਨਹੀਂ ਤੂੰ ਕੋਈ ਰੌਲ਼ਾ? ਲੇਡੀ ਮੈਕਬੈਥ:ਮੈਂ ਉੱਲੂ ਦੀ ਹੂਕ ਸੁਣੀ ਸੀ, ਬਿੰਡਿਆਂ ਦਾ ਵਿਰਲਾਪ ਵੀ ਸੁਣਿਆ। ਤੁਸੀਂ ਤਾਂ ਕੁੱਝ ਨਹੀਂ ਬੋਲੇ? ਮੈਕਬੈਥ:ਕਦ? ਲੇਡੀ ਮੈਕਬੈਥ:ਹੁਣ, ਹੁਣੇ; ਜ਼ਰਾ ਕੁ ਪਹਿਲਾਂ? ਮੈਕਬੈਥ:ਜਦ ਮੈਂ ਪੌੜੀ ਉੱਤਰ ਰਿਹਾ ਸੀ? ਲੇਡੀ ਮੈਕਬੈਥ:ਜੀ। ਮੈਕਬੈਥ:ਸੁਣੋ--!-ਕੌਣ ਸੁੱਤਾ ਏ ਨਾਲ ਦੇ ਕਮਰੇ? ਲੇਡੀ ਮੈਕਬੈਥ:ਡੋਨਲਬੇਨ। ਮੈਕਬੈਥ:ਅਫਸੋਸਨਾਕ ਦ੍ਰਿਸ਼ ਬੜਾ ਹੈ। {ਲਹੂ ਭਿੱਜੇ ਹੱਥਾਂ ਵੱਲ ਵੇਖਦਾ ਹੈ} ਲੇਡੀ ਮੈਕਬੈਥ:ਬੇਵਕੂਫੀ ਦੀ ਗੱਲ ਹੈ ਇਹਨੂੰ, ਅਫਸੋਸਨਾਕ ਦ੍ਰਿਸ਼ ਆਖਣਾ। ਮੈਕਬੈਥ:ਇੱਕ ਸੀ ਨੀਂਦ 'ਚ ਹੱਸੀਂ ਜਾਂਦਾ, ਦੂਜਾ 'ਕਤਲ, ਕਤਲ' ਬਰੜਾਉਂਦਾ! ਇੱਕ ਦੂਜੇ ਨੂੰ ਉਨ੍ਹਾਂ ਜਗਾਇਆ, ਸੁਣਦਾ ਰਿਹਾ ਮੈਂ ਆਪ ਖਲੋਤਾ: ਐਪਰ ਕਰ ਅਰਦਾਸ ਉਹ ਦੋਵੇਂ, ਮੁੜਕੇ ਸੌਣ ਤਿਆਰੀ ਲੱਗੇ-। ਲੇਡੀ ਮੈਕਬੈਥ:ਉਹ ਦੋਵੇਂ ਜੋ ਕੱਠੇ ਸੁੱਤੇ। ਮੈਕਬੈਥ:ਇੱਕ ਚਿੱਲਾਇਆ 'ਰੱਬ ਨਿਵਾਜੇ '! ਦੂਜੇ ਫਿਰ 'ਆਮੀਨ' ਆਖਿਆ; ਵੇਖੇ ਉਹਨਾਂ ਹੱਥ ਜੱਲਾਦੀ ਮੇਰੇ, ਰੱਬ ਦੀ ਜਦ ਨਿਵਾਜ਼ਸ਼ ਮੰਗੀ 'ਆਮੀਨ' ਕਿਹਾ ਗਿਆ ਨਹੀਂ ਮੈਥੋਂ, ਸੁਣ ਸਹਿਮੀ ਆਵਾਜ਼ ਉਨ੍ਹਾਂ ਦੀ। ਲੇਡੀ ਮੈਕਬੈਥ:ਏਨੀ ਫਿਕਰ ਕਰੋ ਨਾਂ ਇਹਦੀ। ਮੈਕਬੈਥ:ਐਪਰ ਕਿਹੜੀ ਗੱਲੋਂ, 'ਆਮੀਨ' ਮੈਥੋਂ ਕਿਹਾ ਗਿਆ ਨਾਂ? ਮੈਨੂੰ ਲੋੜ ਬੜੀ ਸੀ 'ਰਹਿਮਤ' ਵਾਲੀ, ਕਿਉਂ ਫਿਰ ਆਮੀਨ ਗਲ਼ 'ਚ ਫਸਿਆ? ਲੇਡੀ ਮੈਕਬੈਥ:ਐਸੇ ਕਰਮ, ਤਰੀਕੇ ਐਸੇ, ਫਿਕਰ ਕਰਨ ਦਾ ਵਿਸ਼ਾ ਨਹੀਂ ਹੁੰਦੇ; ਨਹੀਂ ਤਾਂ ਪਾਗਲ ਹੋ ਜੇ ਬੰਦਾ। ਮੈਕਬੈਥ:ਮੈਨੂੰ ਲਗਦੈ ਆਵਾਜ਼ ਸੁਣੀ ਸੀ,-ਸੌਣਾ ਹੋਰ ਮਨਾਂ ਹੈ!- ਮੈਕਬੈਥ ਨੇ ਕਤਲ ਨੀਂਦ ਦਾ ਕੀਤੈ,- ਮਾਸੂਮ ਨੀਂਦ ਦਾ:- ਨੀਂਦ ਜੋ ਮੁੜ ਰਫੂ ਕਰ ਦੇਂਦੀ, ਆਸਤੀਨ ਫਿਕਰ ਦੀ ਫੀਤਾ ਫੀਤਾ, ਹਰ ਦਿਨ ਦਾ ਜੋ ਅੰਤ ਹੈ ਹੁਮਦਿ, ਮੁਸ਼ੱਕਤ ਨੂੰ ਅਸ਼ਨਾਨ ਕਰਾਉਂਦੀ, ਦੁਖੀ ਮਨਾਂ ਦੀ ਮਰਹਮ ਹੁਮਦਿ, ਪ੍ਰਕ੍ਰਿਤੀ ਦੇ ਭੋਜਨਾਲੇ ਦਾ ਦੋਮ ਪਰੋਸਾ, ਜੀਵਨ ਦੀ ਜ਼ਿਆਫਤ ਅੰਦਰ, ਪਰਮ ਪੌਸ਼ਟਿਕ ਸ਼ਕਤੀ ਦਾਤਾ-। ਲੇਡੀ ਮੈਕਬੈਥ:ਕੀ ਆਖਦੇ, ਮਤਲਬ ਕੀ ਏ? ਮੈਕਬੈਥ:ਫਿਰ ਵੀ ਉਹਨੇ ਪੂਰੇ ਘਰ ਨੂੰ ਕੂਕ ਸੁਣਾਇਆ:-'ਹੋਰ ਨਹੀਂ ਹੁਣ ਸੌਣਾ'! ਗਲਾਮਿਜ਼ ਨੇ ਨੀਂਦ ਮਾਰ ਤੀ : ਕਾਡਰ ਨੇ ਵੀ ਹੁਣ ਨਹੀਂ ਸੌਣਾ,- ਮੈਕਬੈਥ ਨੇ ਵੀ ਹੁਣ ਨਹੀਂ ਸੌਣਾ ! ਲੇਡੀ ਮੈਕਬੈਥ:ਕੌਣ ਸੀ ਉਹ ਜੋ ਇਉਂ ਚੀਖਿਆ? ਕਿਉਂ ਭਲਾ ਸਨਮਾਨਤ ਸਰਦਾਰਾ, ਜ਼ਿਹਨੀ ਕਿਸੇ ਬੀਮਾਰ ਵਾਂਗਰਾਂ, ਬੇਮਾਅਨੀ ਗੱਲਾਂ ਸੋਚ ਸਾਚ ਕੇ, ਉਤੱਮ ਆਪਣੀ ਸ਼ਕਤੀ ਤਾਈਂ ਢਿੱਲੀ ਛੱਡ ਕਮਜ਼ੋਰ ਬਣਾਉਨੇਂ?-ਜਾਹ ਕਿਧਰੋਂ ਕੁੱਝ ਪਾਣੀ ਲੈ ਕੇ ਗੰਦੀ ਇਹ ਗਵਾਹੀ ਧੋ ਦੇ, ਹੱਥ ਆਪਣੇ ਤੂੰ ਨਿਰਮਲ ਕਰ ਲੈ।- ਆਹ ਖੰਜਰ ਕਿਉਂ ਨਾਲ ਲਿਆਇਐਂ? ਉਥੇ ਹੀ ਛੱਡਣੇ ਸੀ ਇਹੇ: ਜਾਹ ਹੁਣ ਲੈ ਜਾ ਇਹ ਵੀ ਨਾਲੇ; ਸੁੱਤੇ ਚੌਕੀਦਾਰਾਂ ਨੂੰ ਜਾਹ ਰੱਤ ਲਬੇੜ। ਮੈਕਬੈਥ:ਹੁਣ ਤਾਂ ਮੈਂ ਨਹੀਂ ਜਾਣਾ ਉਥੇ:- ਇਸ ਕਾਰੇ ਨੂੰ ਸੋਚ ਕੇ ਹੀ ਹੁਣ ਤਾਂ ਡਰ ਪਿਆ ਆਉਂਦੈ ਫੇਰ ਨਜ਼ਰ ਭਰ ਵੇਖਾਂ ਇਹਨੂੰ, ਏਡਾ ਜਿਗਰ ਹੈ ਨਹੀਂ ਮੇਰਾ। ਲੇਡੀ ਮੈਕਬੈਥ:ਅਜ਼ਮ, ਇਰਾਦੇ ਦਾ ਹੈਂ ਕੱਚਾ-! ਲਿਆ ਫੜਾ ਇਹ ਖੰਜਰ ਮੈਨੂੰ: ਸੁੱਤੇ, ਮੋਏ, ਇੱਕ ਬਰਾਬਰ ਮੂਰਤਾਂ ਵਰਗੇ: ਅੱਖ ਬਚਪਨ ਦੀ ਡਰ ਜਾਂਦੀ ਹੈ, ਚਿੱਤਰੇ ਹੋਏ ਸ਼ੈਤਾਨ ਦੇ ਕੋਲੋਂ। ਜੇ ਖੂਨ ਟਪਕਦਾ ਹੋਇਆ, ਸੰਤਰੀਆਂ ਦੇ ਮੂੰਹ ਲਿਸ਼ਕਾ ਦੂੰ ਪੂਰੇ, ਲੱਗੇ ਉਹਨਾਂ ਕਾਰਾ ਕੀਤਾ। {ਪ੍ਰਸਥਾਨ। ਅੰਦਰੋਂ ਦਸਤਕ ਦੀ ਆਵਾਜ਼} ਮੈਕਬੈਥ:ਇਹ ਦਸਤਕ ਕਿੱਧਰੋਂ ਹੁੰਦੀ ਲੱਗੇ? ਆਹ ਮੇਰੀ ਕੀ ਹਾਲਤ ਹੋਈ, ਮਾਮੂਲੀ ਹਰ ਕਈ ਸ਼ੋਰ ਡਰਾਵੇ! ਹੱਥ ਇਹ ਕਿਹੜੇ ਦਿਸਦੇ ਮੈਨੂੰ-? ਹਾ-! ਇਹ ਤਾਂ ਨੈਣ ਨੋਚਦੇ ਮੇਰੇ! ਸਾਗਰ-ਦੇਵ ਦੇ ਸਾਰੇ ਪਾਣੀ , ਰੱਤ ਕੀ ਹੱਥੋਂ ਸਾਫ ਕਰਨਗੇ-? ਨਹੀਂ: ਕੁੱਲ ਦੁਨੀ ਦੇ ਸਾਗਰ ਸਾਰੇ, ਲਾਲ ਲਾਲ ਇਸ ਰੱਤ ਦੇ ਰੰਗੇ ਹਰਿਓਂ ਹੋਣ ਹਿਰਮਚੀ ਸਾਰੇ। {ਲੇਡੀ ਮੈਕਬੈਥ ਦਾ ਮੁੜ-ਪ੍ਰਵੇਸ਼} ਲੇਡੀ ਮੈਕਬੈਥ:ਹੱਥ ਹੁਣ ਮੇਰੇ ਤੇਰੇ ਹੱਥਾਂ ਵਾਂਗ ਨੇ ਰੰਗੇ; ਇਹ ਸੋਚ ਪਰ ਸ਼ਰਮਸਾਰ ਹਾਂ, ਏਨਾ ਚਿੱਟਾ ਦਿਲ ਏ ਮੇਰਾ! {ਅੰਦਰੋਂ ਦਸਤਕ ਦੀ ਆਵਾਜ਼} ਮੈਨੂੰ ਦਸਤਕ ਹੁੰਦੀ ਲਗਦੀ ਦੱਖਣ ਦੇ ਦਰਵਾਜ਼ੇ:- ਆਪਾਂ ਆਪਣੇ ਕਮਰੇ ਚੱਲੀਏ। ਇੱਕ ਚੁੱਲੀ ਭਰ ਪਾਣੀ ਨੇ ਬੱਸ, ਕਾਲਾ ਕਾਰਾ ਧੋ ਦੇਣਾ ਹੈ: ਫਿਰ ਤਾਂ ਸਭ ਕੁੱਝ ਸੌਖਾ ਹੋਣੈ; ਦ੍ਰਿੜ੍ਹਤਾ ਤੁਹਾਡੀ ਛੱਡਿਐ ਤੁਹਾਨੂੰ, ਡੋਲ ਗਿਐ ਮਨ ਪੂਰਾ।- {ਅੰਦਰੋਂ ਦਸਤਕ ਦੀ ਆਵਾਜ਼} ਸੁਣੋ!- ਦਸਤਕ ਫੇਰ ਹੋ ਰਹੀ : ਰਾਤ੍ਰੀ-ਚੋਗ਼ਾ ਪਹਿਨ ਲਵੋ ਹੁਣ, ਮਤ ਕਿਤੇ ਮੌਕਾ ਬਣ ਜਾਵੇ, ਚੌਕੀਦਾਰਾ ਕਰਦੇ ਲੱਗੀਏ:- ਏਨੀ ਬੁਰੀ ਤਰਾਂ ਨਾਂ ਖਿਆਲੀਂ ਖੋਵੋ, ਹੋਸ਼-ਹਵਾਸ ਦਰੁਸਤ ਕਰੋ। ਮੈਕਬੈਥ:ਇਸ ਕਾਰੇ ਦਾ ਇਲਮ ਹੋਣ ਤੋਂ, ਚੰਗੈ ਆਪਾ ਵਿੱਸਰ ਜਾਵਾਂ। {ਦਸਤਕ ਦੀ ਆਵਾਜ਼} ਦਸਤਕ ਦੇਹ ਜਗਾ ਲੈ ਡੰਕਨ, ਮੈਂ ਵੇਖਦਾਂ ਜੇ ਤੂੰ ਕਰ ਲੇਂ। {ਪ੍ਰਸਥਾਨ} {ਦਰਬਾਨ ਦਾ ਪ੍ਰਵੇਸ਼।-ਦਸਤਕ ਦੀ ਆਵਾਜ਼} ਦਰਬਾਨ:ਵਾਹ! ਕੀ ਸ਼ੋਰ ਮਚਾਇਐ ਦਸਤਕ ! ਦੁਆਰਪਾਲ ਜੇ ਹੋਵੇ ਬੰਦਾ, ਦੋਜ਼ਖ ਦੇ ਦਰਵਾਜ਼ੇ ਉੱਤੇ, ਚਾਬੀ ਘੁਮਾਉਂਦਿਆਂ ਉਮਰ ਬੀਤ ਜੇ, ਜੁਆਨੋਂ ਹੋ ਜੇ ਬੁੱਢਾ। {ਦਸਤਕ ਦੀ ਆਵਾਜ਼} ਠੱਕ ਠੱਕ, ਠੱਕ ਠੱਕ।- ਕੌਣ ਐ ਬਈ? ਸ਼ੈਤਾਨ ਦੇ ਨਾਂ ਦਾ ਸਦਕਾ, ਬੋਲ ! ਜੱਟ ਇੱਕ ਵੇਖੋ ਚੜ੍ਹਿਆ ਫਾਹੇ, ਬਹੁਤਾ ਧਨ ਕਮਾਵਣ ਅਇਆ: ਆਓ, ਵੇਲੇ ਸਿਰ ਆਓ, ਨੈਪਕਿਨ ਆਪਣੇ ਨਾਲ ਲਿਆਓ; ਏਥੇ ਇਸ ਲਈ ਬਹੂ ਪਸੀਨਾ।- {ਦਸਤਕ}ਠੱਕ ਠੱਕ, ਠੱਕ ਠੱਕ! ਸ਼ੈਤਾਨ ਦੋਮ ਦੇ ਨਾਂ ਦਾ ਸਦਕਾ! ਬੋਲੋ ਬਈ, ਹੁਣ- ਕੌਣ ਐ? ਧਰਮ ਨਾਲ, ਜੋ ਆਇਐ ਬੰਦਾ ਇਹ ਦੋ-ਅਰਥੀ ਗੱਲਾਂ ਕਰਦਾ, ਦੋਵੇਂ ਪੱਲੇ ਕਰ ਬਰਾਬਰ, ਦੋਵਾਂ ਦੀ ਇਹ ਸ਼ਾਹਦੀ ਭਰਦਾ; ਦੂਜੇ ਵਿਰੁੱਧ ਇੱਕ ਪੱਲੇ ਦੀ, ਡੰਡੀ ਨੀਵੀਂ ਕਰਦਾ, ਕਸਮਾਂ ਖਾਂਦਾ, ਓਸੇ ਸਾਹੇ ਕਰਮ ਉਲਟਾਕੇ, ਦੂਜਾ ਪਾਸਾ ਨੀਵਾਂ ਕਰਦਾ, ਕਸਮਾਂ ਖਾਂਦਾ; ਵਡ-ਗੱਦਾਰੀ ਕੀਤੀ ਇਹਨੇ, ਰਾਮ-ਰਹੀਮ, ਰੱਬ ਦੇ ਨਾਂਅ ਤੇ, ਪਰ ਦਰਗਾਹੇ ਪੈ ਗਿਆ ਛਿੱਥਾ, ਜੀਭ ਦੁਸਾਂਗੜ ਕੰਮ ਨਾਂ ਆਈ : ਆ ਜਾ ਬਈ ਤੂੰ ਕਹਿ ਦੋ-ਅਰਥੀ।(ਦਸਤਕ) ਠੱਕ ਠੱਕ, ਠੱਕ ਠੱਕ! ਹੁਣ ਕੌਣ ਐ! ਕਸਮ ਖੁਦਾ ਦੀ ! ਇਹ ਤਾਂ ਕੋਈ ਅੰਗਰੇਜ਼ੀ ਦਰਜ਼ੀ ਨਕਲ ਮਾਰਦਾ ਗਿਆ ਜੋ ਫੜਿਐ, ਫਰਾਂਸ ਦਿਆਂ ਲਿਬਾਸਾਂ ਵਾਲੀ: ਆ ਬਈ 'ਮਾਸਟਰ' ਆ ਜਾ ਏਥੇ, ਇਸਤ੍ਰੀ ਤੇਰੀ ਭਖਣੀ ਚੰਗੀ।- (ਦਸਤਕ) ਠੱਕ ਠੱਕ, ਠੱਕ ਠੱਕ : ਚੈਨ ਤਾਂ ਇਸ ਥਾਂ ਕਦੇ ਨਹੀਂ ਮਿਲਣੀ! ਕਿਹੜੈਂ ਬਈ ਹੁਣ?- ਐਪਰ ਥਾਂ ਇਹ ਸੀਤ ਹੈ ਏਨੀ, ਦੋਜ਼ਖ ਤਾਂ ਇਹ ਬਣ ਨਹੀਂ ਸਕਦੀ । ਇਹ ਸ਼ੈਤਾਨੀ ਦਰਬਾਨੀ ਹੁਣ ਤਾਂ ਨਹੀਂਓਂ ਕਰਨੀ:- ਸੋਚਿਆ ਸੀ ਕਿ ਹਰ ਕਿੱਤਿਓਂ, ਇੱਕ ਇੱਕ ਆਣ ਦਿਆਂ ਮੈਂ ਅੰਦਰ, ਪੁਸ਼ਪੀ-ਰਾਹ ਬਸੰਤੀ ਜੀਹਨਾਂ, ਅਮਰ ਧੂਏਂ ਤੇ ਸ਼ਿਵਾਂ ਦੇ ਪੁੱਜਣੈ-। (ਦਸਤਕ) ਆਇਆ ਜੀ, ਮੈਂ ਫੌਰਨ ਆਇਆ! ਅਰਜ਼ ਗੁਜ਼ਾਰਾਂ:-ਦਾਸ ਦਰਬਾਨ ਨੂੰ ਚੇਤੇ ਰੱਖਣਾ। {ਦਰਵਾਜ਼ਾ ਖੋਲ੍ਹਦਾ ਹੈ, ਲੈਨੌਕਸ ਅਤੇ ਮੈਕਡਫ ਪ੍ਰਵੇਸ਼ ਕਰਦੇ ਹਨ} ਮੈਕਡਫ:ਬੜਾ ਪਛੜ ਕੇ ਸੁੱਤਾ ਮਿੱਤਰਾ, ਜਾਂ ਫਿਰ ਸਦਾ ਹੀ ਦੇਰ ਨਾ' ਸੌਨੈਂ? ਦਰਬਾਨ:ਸਾਹਿਬ, ਨਾਲ ਈਮਾਨ ਕਹਾਂ ਮੈਂ, ਪੀਂਦਿਆਂ ਪੀਂਦਿਆਂ ਮੁਰਗ਼ ਬੋਲਿਆ: ਸਾਹਿਬ ਤੁਸੀਂ ਤਾਂ ਆਪ ਸਿਆਣੇ, ਦਾਰੂ ਤਿੰਨ ਚੀਜ਼ਾਂ ਨੂੰ ਬੜਾ ਉਕਸਾਉਂਦੀ। ਮੈਕਡਫ:ਕਿਹੜੀਆਂ ਖਾਸ ਨੇ ਤਿੰਨੇ ਚੀਜ਼ਾਂ, ਦਾਰੂ ਜੀਹਨਾਂ ਇਉਂ ਭੜਕਾਉਂਦੀ? ਦਰਬਾਨ:ਨੱਕ ਦੀ ਲਾਲੀ , ਨੀਂਦ ਪਿਆਰੀ , ਬਾਰ ਬਾਰ ਪੇਸ਼ਾਬ , ਜੁਨਾਬ। ਕਾਮਫੂਸ 'ਚ ਸੁੱਟੇ ਤੀਲੀ, ਪਰ ਛੇਤੀ ਹੀ ਛਿੜਕੇ ਆਬ; ਲਾ ਚੁਆਤੀ ਸ਼ਹਿਵਤ ਵਾਲੀ, ਸ਼ੀਘਰ ਪਤਨ ਦਾ ਹੱਲਾ ਕਰਦੀ , ਥੰਮ੍ਹੀ ਖਿੱਚ ਮਰਦਮੀ ਵਾਲੀ, ਥੋਥਾ ਟਾਂਡਾ ਮਰਦ ਦਾ ਕਰਦੀ : 'ਦਾਰੂ, ਕਾਮ' ਦੇ ਵਾਕਅੰਸ਼ ਹੀ, ਸਾਹਿਬ ! ਹਨ ਦੋ-ਅਰਥੇ:- (ਪਾਣੀ ਵਾਂਗੂੰ ਸਤਾਅ ਬਰਾਬਰ, ਊਂਚ, ਨੀਚ ਨਹੀਂ ਕਰਦੇ) ਏਹੋ ਇਹਨੂੰ ਹਯਾਤ ਬਖਸ਼ਦੀ, ਅਧਵਾਟੇ ਫਿਰ ਏਹੋ ਮਾਰੇ; ਫੌਰਨ ਕੱਸੇ ਸਰੀਰ ਏਸਦਾ, ਫੌਰਨ ਢਿੱਲਿਆਂ ਕਰਦੀ ; ਦੇਹ ਤਰਗ਼ੀਬ ਤਿਆਰ ਵੀ ਕਰਦੀ, ਦਿਲ ਵੀ ਛੋਟਾ ਕਰਦੀ; ਸਾਵਧਾਨ ਕਹਿ ਖੜਾ ਕਰੇ, ਵਿਸ਼ਰਾਮ ਵੀ ਝਬਦੇ ਕਰਦੀ : ਮੁਕਦੀ ਗੱਲ 'ਨੀਂਦ' ਵਿੱਚ ਵੀ, ਦੋ-ਅਰਥੀ ਹੀ ਗੱਲ ਇਹ ਕਰਦੀ : ਲੰਮਾ ਪਿਆ ਛੱਡ ਕੇ ਪਿੱਛੇ, ਕੋਰਾ ਝੂਠਾ ਬੰਦਾ ਕਰਦੀ । ਮੈਕਡਫ:ਤਾਂ ਤੇ ਫਿਰ ਯਕੀਨ ਏ ਮੈਨੂੰ, ਇਸ ਦਾਰੂ ਨੇ ਰਾਤੀਂ ਤੈਨੂੰ, ਆਪਾ ਵਿਸਰਾਇਆ, ਲੰਮਾ ਪਾਇਆ। ਦਰਬਾਨ:ਜੀ , ਜੁਨਾਬ, ਇੰਝ ਹੀ ਕੀਤਾ ਇਹਨੇ, ਗਲ਼ ਤੋਂ ਮੈਨੂੰ ਕਾਬੂ ਕੀਤਾ; ਐਪਰ ਮੈਂ ਵੀ ਘੱਟ ਨਹੀਂ ਸੀ, ਮੁੜਵਾਂ ਵਾਰ 'ਝੂਠ' ਤੇ ਕੀਤਾ; ਖਿਆਲ 'ਚ ਮੇਰੇ ਮੈਂ ਤੱਗੜਾ ਸੀ, ਕਿਤੇ ਜ਼ਿਆਦਾ ਇਹਦੇ ਨਾਲੋਂ, ਪੈਰੋਂ ਇਹਨੇ ਕੱਢ ਲਿਆ ਪਰ, ਬਦਲ ਪੈਂਤਰਾ ਮੈਂ ਡਟਿਆ ਸੀ, ਲਾਹ ਸੁੱਟਣ ਨੂੰ ਇਹਨੂੰ । ਮੈਕਡਫ:ਮਾਲਿਕ ਤੇਰੇ ਉੱਠ ਖਲੋਤੇ?- ਸਾਡੀ ਦਸਤਕ ਆਣ ਜਗਾਇਐ, ਆਉਂਦੇ ਨੇ ਉਹ ਸਾਹਵੇਂ। {ਪ੍ਰਵੇਸ਼ ਮੈਕਬੈਥ} ਲੈਨੌਕਸ:ਸ਼ੁਭ ਪ੍ਰਭਾਤ, ਸਾਊ ਸਰਕਾਰ! ਮੈਕਬੈਥ:ਦੋਵਾਂ ਨੂੰ ਹੀ ਸ਼ੁਭ ਪ੍ਰਭਾਤ! ਮੈਕਡਫ:ਮਹਾਰਾਜ ਜਾਗ ਪਏ, ਸਨਮਾਨਿਤ ਸਰਦਾਰ? ਮੈਕਬੈਥ:ਅਜੇ ਨਹੀਂ। ਮੈਕਡਫ:ਹੁਕਮ ਸੀ ਮੈਨੂੰ, ਵੇਲ਼ੇ ਸਿਰ ਆਵਾਂ, ਘੜੀ ਕੁ ਲਗਭਗ ਮੈਂ ਪਛੜਿਆਂ। ਮੈਕਬੈਥ:ਆਓ, ਮੈਂ ਲੈ ਚਲਦਾਂ ਤੁਹਾਨੂੰ। ਮੈਕਡਫ:ਜ਼ਹਿਮਤ ਮੁਆਫ; ਦਿੱਤੀ ਤਕਲੀਫ ਤੁਹਾਨੂੰ। ਮੈਕਬੈਥ:ਜੋ ਮਸ਼ੱਕਤ ਖੁਸ਼ੀਆਂ ਬਖਸ਼ੋ,ਆਪ ਬਣੇ ਤਕਲੀਫ਼ ਦੀ ਦਾਰੂ। ਆਹ ਰਿਹਾ ਦਰਵਾਜ਼ਾ। ਮੈਕਡਫ:ਗੁਸਤਾਖੀ ਕਰਦਾਂ,ਆਵਾਜ਼ ਦੇ ਰਿਹਾਂ। ਬੱਸ ਏਨੀ ਸੀ ਸੇਵਾ ਲੱਗੀ। {ਪ੍ਰਸਥਾਨ ਮੈਕਡਫ} ਲੈਨੌਕਸ:ਮੁੜ ਜਾਣੈਂ ਅੱਜ ਸ਼ਾਹ ਨੇ? ਮੈਕਬੈਥ:ਹਾਂ,ਏਹੋ ਸੀ ਹੁਕਮ ਉਨ੍ਹਾਂ ਦਾ। ਲੈਨੌਕਸ:ਰਾਤ ਬੜੀ 'ਆਵਾਰਾ' ਬੀਤੀ,ਬੜਾ ਸੀ ਝੱਖੜ,ਤੂਫਾਨ ਬੜਾ ਸੀ ਜਿਹੜੇ ਕਮਰੇ ਅਸੀਂ ਸੀ ਸੁੱਤੇ,ਚਿਮਨੀਆਂ ਹੀ ਉੱਡ ਗਈਆਂ ਓਥੇ: ਜਿਵੇਂ ਕਹਿੰਦੇ ਨੇ:ਵਾ' ਵਿਰਲਾਪੀ ਲਗ ਰਹੀ ਸੀ: ਵੈਣ,ਕੀਰਨੇ ਪੈਂਦੇ ਜਿੱਦਾਂ,ਮਰਗ ਕਿਸੇ ਤੇ:- ਖੌਫ਼ਨਾਕ ਅੰਦਾਜ਼ 'ਚ ਜਿੱਦਾਂ,ਭਵਿੱਖਬਾਣੀ ਸੀ ਕੋਈ ਹੁੰਦੀ: ਅਫਰਾਤਫਰੀ,ਖਾਨਾ-ਜੰਗੀ,ਅੱਗਾਂ ਨਾਲ ਤਬਾਹੀ ਵਾਲੀ: ਤਾਜ਼ਾਂ ਰਚੀਆਂ ਸਾਜ਼ਸ਼ਾਂ ਵਾਲੀ,ਬਦਬਖਤ, ਉਦਾਸ ਜ਼ਮਾਨੇ ਵਾਲੀ: ਬੂਦਮ ਬਦਨਾਮ ਨ੍ਹੇਰ ਦਾ ਪੰਛੀ,ਸਾਰੀ ਰਾਤ ਰਿਹਾ ਹੂਕਦਾ: ਕਈ ਤਾਂ ਕਹਿੰਦੇ ਧੂਆਂ ਸ਼ਿਵ ਦਾ ਜਾਗ ਪਿਆ ਸੀ: ਧਰਤ ਬੇਚਾਰੀ ਨਾਲ ਤਪਸ਼ ਦੇ ਕੰਬ ਰਹੀ ਸੀ-। ਮੈਕਬੈਥ:ਬੜੀ ਤੂਫਾਨੀ ਰਾਤ ਸੀ ਇਹੇ। ਲੈਨੌਕਸ:ਨਿੱਕੀ ਆਯੂ ਵਿੱਚ ਮੈਂ ਆਪਣੀ,ਸਾਨੀ ਰਾਤ ਨਾਂ ਇਹਦੀ ਵੇਖੀ। {ਮੈਕਡਫ ਦਾ ਮੁੜ ਪ੍ਰਵੇਸ਼} ਮੈਕਡਫ:ਓ ਭਿਆਨਕ,ਕਹਿਰ ਭਿਆਨਕ!- ਦਿਲ,ਜ਼ੁਬਾਂ ਤਾਂ ਚਿਤਵ ਨਹੀਂ ਸਕਦੇ, ਨਾਂ ਹੀ ਤੈਨੂੰ ਨਾਂਅ ਦੇ ਸਕਦੇ! ਮੈਕਬੈਥ/ਲੈਨੌਕਸ:ਕੀ ਹੋ ਗਿਆ? ਕਿ ਹੋ ਗਿਆ? ਮੈਕਡਫ:ਅਫਰਾਤਫਰੀ, ਘਬਰਾਹਟ ਨੇ ਹੁਣ,ਆਪਣਾ ਹੀ ਸ਼ਾਹਕਾਰ ਬਣਾਇਐ ਮਹਾਂ ਨਾਪਾਕ ਕਤਲ ਨੇ ਢਾਹ ਕੇ ਢੇਰੀ ਕੀਤੈ, ਪਰਮ ਪਿਤਾ ਦਾ ਅਭੀਸ਼ੇਕਤ ਮੰਦਰ,ਨਾਲੇ ਚੋਰੀ ਕਰ ਲੈਗਿਆ, ਇਮਾਰਤ ਵਾਲੀ ਜਿੰਦ-ਜਾਨ ਨੂੰ। ਮੈਕਬੈਥ:ਕੀ ਆਖਦੈਂ?--ਜਿੰਦ? ਲੈਨੌਕਸ:ਮਹਾਰਾਜ ਅਧਿਰਾਜ-ਮਤਲਬ ਹੈ ਤੇਰਾ? ਮੈਕਡਫ:ਕਮਰੇ ਅੰਦਰ ਜਾ ਕੇ ਵੇਖੋ, ਘੋਰ ਭਿਆਨਕ ਨਾਗਕੇਸ਼ੀ ਨਵੀਂ ਖੜੀ ਹੈ, ਦਰਸ ਕਰੋ: ਨਜ਼ਰ ਗੁਆਓ,ਅੰਨ੍ਹੇ ਹੋ ਜਾਓ,ਨੈਣੀਂ ਜ਼ਹਿਰ ਚੁਆਓ। ਮੈਥੋਂ ਕੁੱਝ ਨਾਂ ਪੁੱਛੋ; ਵੇਖੋ ਜਾ ਕੇ, ਫੇਰ ਕਰੋ ਗੱਲ ਕੋਈ ਆਪੇ। {ਪ੍ਰਸਥਾਨ ਲੈਨੌਕਸ ਅਤੇ ਮੈਕਬੈਥ ਦਾ} ਜਾਗੋ, ਹੋ, ਜਾਗੋ!-ਖਤਰੇ ਵਾਲਾ ਟੱਲ ਵਜਾਓ:- ਹੋ ਗਿਆ ਦੇਸ਼ ਧ੍ਰੋਹ, ਖੂਨ ਹੋਗਿਆ! ਡੋਨਲਬੇਨ, ਬੈਂਕੋ, ਮੈਲਕੌਲਮ ! ਜਾਗੋ-ਹੋ-ਜਾਗੋ ! ਖੰਭਾਂ ਭਰੇ ਨਰਮ, ਮੁਲਾਇਮ ਬਿਸਤਰ ਤਿਆਗੋ, ਮੌਤ ਜਿਹੀ ਇਹ ਨਿੰਦਰਾ ਲਾਹ ਕੇ ਸੁੱਟੋ, ਤੇ ਅਸਲ ਮੌਤ ਦੇ ਦਰਸ ਕਰੋ! ਉੱਠੋ, ਉੱਠੋ, ਆ ਕੇ ਵੇਖੋ: ਬਿੰਬ ਮਹਾਂ ਪਰਲੋ ਦਾ ਅੱਖੀਂ! ਮੈਲਕੌਲਮ! ਬੈਂਕੋ ! ਉੱਠੋਂ ਬਿਸਤਰ-ਕਬਰਾਂ ਵਿੱਚੋ, ਉੱਠੋ, ਰੂਹਾਂ ਵਾਂਗੂੰ ਟੁਰ ਕੇ ਆਓ, ਘੋਰ ਭਿਆਨਕ ਏਸ ਕਹਿਰ ਦਾ, ਕਰੋ ਟਾਕਰਾ ਸਾਹਵੇਂ ਆ ਕੇ! {ਖਤਰੇ ਦਾ ਘੜਿਆਲ ਵੱਜਦਾ ਹੈ} {ਲੇਡੀ ਮੈਕਬੈਥ ਦਾ ਮੁੜ ਪ੍ਰਵੇਸ਼} ਲੇਡੀ ਮੈਕਬੈਥ:ਇਹ ਕੀ ਕਾਰਾ ਹੋਇਆ? ਏਨੀ ਘੋਰ ਭਿਆਨਕ ਕਿਉਂ ਆਵਾਜ਼ ਤੂਤੀ ਦੀ, ਘਰੀਂ ਸੁੱਤਿਆਂ ਜਗਾ ਬੁਲਾਵੇ ? ਬੋਲੋ ਹੋ, ਕੁੱਝ ਤੇ ਬੋਲੋ! ਮੈਕਬੈਥ:ਬੇਗਮ ਸਾਹਿਬਾ, ਤੇਰੇ ਸੁਣਨ ਦੀ ਗੱਲ ਨਹੀਂ ਹੈ, ਮੈਂ ਦੱਸ ਨਾਂ ਸੱਕਾਂ, ਕੋਮਲ ਕਾਇਆ ਸਹਿ ਨਾਂ ਸੱਕੇ, ਮਾਰ ਮੁਕਾਊ ਕੰਨੀਂ ਪੈਂਦੀ । {ਬੈਂਕੋ ਦਾ ਮੁੜ ਪ੍ਰਵੇਸ਼} ਓ ਬੈਂਕੋ, ਬੈਂਕੋ ! ਸਾਡੇ ਮਹਾਰਾਜ ਦਾ ਖੂਨ ਹੋ ਗਿਆ ! ਲੇਡੀ ਮੈਕਬੈਥ:ਸਦ-ਅਫਸੋਸ, ਸਦ-ਅਫਸੋਸ! ਘਰੇ ਅਸਾਡੇ ! ਬੈਂਕੋ:ਜ਼ੁਲਮ ਬੜਾ ਹੈ, ਭਾਵੇਂ ਕਿਤੇ ਵੀ ਹੋਵੇ।- ਮੈਕਡਫ ਪਿਆਰੇ ਕਰਾਂ ਗੁਜ਼ਾਰਿਸ਼, ਖੰਡਨ ਕਰਦੇ ਗੱਲ ਕਹੀ ਦਾ, ਕਹਿ ਦੇ ਕੁੱਝ ਨਹੀਂ ਇੰਜ ਦਾ ਹੋਇਆ। {ਲੈਨੌਕਸ ਅਤੇ ਮੈਕਬੈਥ ਦਾ ਮੁੜ ਪ੍ਰਵੇਸ਼} ਜੇ ਮੈਂ ਘੜੀ ਕੁ ਇਸ ਹੋਣੀ ਤੋਂ ਪਹਿਲਾਂ ਮਰਦਾ, ਜੀ ਲਈ ਹੁੰਦੀ ਮੈਂ ਫਿਰ ਰੱਬ ਦੀ ਰਹਿਮਤ ਸਾਰੀ ; ਏਸ ਪਲ ਉਪ੍ਰੰਤ ਐਪਰ, ਨਸ਼ਵਰਤਾ ਬੇਮਾਅਨੀ ਹੋ ਗੀ : ਸਭ ਮਾਇਆ ਦਾ ਖੇਲ-ਪੰਡਾਰਾ, ਸ਼ੁਹਰਤ, ਸ਼ਾਨ, ਰਹਿਮਤ ਮੋਏ : ਜੀਵਨ-ਮਦਰਾ ਮੁੱਕੀ ਸਾਰੀ , ਸ਼ਰਾਬਖਾਨੇ ਦੀ ਸ਼ੇਖੀ ਜੋਗੀ , ਬੱਸ ਥੱਲੇ ਦੀ ਤਲਛਟ ਰਹਿ ਗੀ। {ਮੈਲਕੌਲਮ ਅਤੇ ਡੋਨਲਬੇਨ ਦਾ ਪ੍ਰਵੇਸ਼} ਡੋਨਲਬੇਨ:ਕੀ ਹੋ ਗਿਆ? ਮੈਕਬੈਥ:ਤਾਂ ਤੇ ਤੈਨੂੰ ਪਤਾ ਨਹੀਂ ਹੈ! ਉਹ ਝਰਨਾ ਜੋ ਸਿਰ ਸੀ ਤੇਰਾ, ਲਹੂ ਤੇਰੇ ਦਾ ਸੋਮਾ ਹੈਸੀ : ਬੰਦ ਹੋ ਗਿਆ; ਧੁਰੋਂ ਸਮਝ, ਸਰੋਤ ਏਸ ਦਾ ਠੱਪ ਹੋ ਗਿਆ। ਮੈਕਡਫ:ਪਿਤਾ ਮਹਾਰਾਜ ਤੁਹਾਡੇ ਦਾ ਅੱਜ ਕਤਲ ਹੋ ਗਿਆ। ਮੇਲਕੌਲਮ:ਓ, ਇਹ ਕਿਸ ਕੀਤਾ? ਲੈਨੌਕਸ:ਲਗਦੈ ਉਹਦੇ ਕਮਰੇ ਵਾਲਿਆਂ ਕੀਤਾ: ਮੂੰਹ, ਸਿਰ, ਹੱਥ ਉਨ੍ਹਾਂ ਦੇ ਸਾਰੇ, ਲਹੂ 'ਚ ਲਥਪਥ ਹੋਏ ਪਏ ਸੀ ; ਖੰਜਰ ਵੀ ਸਨ ਰੱਤ ਦੇ ਭਿੱਜੇ, ਅਣਪੂੰਝੇ ਮਿਲੇ ਸਰ੍ਹਾਣਿਆਂ ਉੱਤੇ: ਅੱਖਾਂ ਟੱਡੀਂ ਵੇਖ ਰਹੇ ਸੀ ਪਾਗਲਾਂ ਵਾਂਗੂੰ; ਭਰੋਸਾ ਨਹੀਂ ਸੀ ਕਿਸੇ ਜੀਵਨ ਦਾ, ਅਜਿਹੇ ਦੁਸ਼ਟਾਂ ਲਾਗੇ। ਮੈਕਬੈਥ:ਹਾਏ, ਹੁਣ ਪਛਤਾਵਾ ਹੁੰਦੈ, ਹੜ੍ਹ ਗ਼ੁੱਸੇ ਦਾ ਕਾਹਨੂੰ ਆਇਆ, ਤੈਸ਼ ਤੂਫਾਨੀ ਅੰਦਰ ਕਿਉਂ ਮੈਂ, ਇਉਂ ਦੁਸ਼ਟਾਂ ਨੂੰ ਮਾਰ ਮੁਕਾਇਆ। ਮੈਕਡਫ:ਇਹ ਕਿਉਂ ਕੀਤਾ? ਮੈਕਬੈਥ:ਹੈ ਕੋਈ ਐਸਾ? ਇੱਕੋ ਵੇਲ਼ੇ, ਹੈਰਾਨ, ਸਿਆਣਾ, ਧੀਰ ਵੀ ਹੋਵੇ, ਵਫਾਦਾਰ, ਸਮਪੱਖੀ ਵੀ , ਤੈਸ਼ 'ਚ ਅੰਨ੍ਹਾ ਵੀਰ ਵੀ ਹੋਵੇ। ਐਸਾ ਤਾਂ ਕੋਈ ਹੋ ਨਹੀਂ ਸਕਦਾ : ਪ੍ਰਚੰਡ ਪਿਆਰ ਮੇਰੇ ਦੀ ਤੇਜ਼ ਤੱਰਾਰੀ, ਤਰਕ-ਰੋਕ ਨੂੰ ਕਰ ਗਈ ਲਾਂਭੇ। ਡੰਕਨ ਮਿਰਤ ਪਿਆ ਸੀ ਓਥੇ: ਚਾਂਦੀ-ਰੰਗੀ ਚਮੜੀ ਉਹਦੀ, ਸੁਨਹਿਰੀ ਲਹੂ ਦੀ ਝਾਲਰ ਵਾਲੀ ; ਖੁੱਲ੍ਹੇ ਮੂੰਹ ਫੱਟਾਂ ਦੇ ਉਹਦੇ, ਪ੍ਰਕ੍ਰਿਤੀ ਵਿੱਚ ਪੈ ਗੇ ਪਾੜੇ: ਜਿਉਂ ਤਬਾਹਕੁਨ ਬਰਬਾਦੀ ਵਾਲੇ, ਕੱਢੇ ਹੋਣ ਦਰਵਾਜ਼ੇ: ਆਪਣੇ ਕਾਰੇ ਦੇ ਰੰਗ ਰੰਗੇ, ਖੰਜਰ ਗੁਸਤਾਖ ਰੱਤ ਦੇ ਭਿੱਜੇ, ਕਾਤਲਾਂ ਕੋਲ ਪਏ ਸੀ ਓਥੇ: ਫੇਰ ਭਲਾ ਰੁਕ ਸਕਦਾ ਕਿੱਦਾਂ, ਪਰੇਮੀ ਦਿਲ ਕੋਈ ਜੇਰੇ ਵਾਲਾ, ਜੁਰਅਤ ਜੋ ਕਰ ਸਕਦਾ ਹੋਵੇ, ਪਿਆਰ ਵਖਾਵਣ ਵਾਲੀ ? ਲੇਡੀ ਮੈਕਬੈਥ:ਮੈਨੂੰ ਕੋਈ ਲੈ ਚੱਲੋ ਏਥੋਂ, ਹੋ! ਮੈਕਡਫ:ਜਾਓ, ਸੰਭਾਲੋ ਬੇਗਮ ਤਾਈਂ। ਮੈਲਕੌਲਮ:ਸਾਡੇ ਮੂੰਹ ਭਲਾ ਕਿਉਂ ਬੰਦ, ਦਲੀਲਾਂ ਸਾਡੀਆਂ ਵਰਤਣ ਇਹੇ? ਡੋਨਲਬੇਨ:ਕੀ ਆਪਾਂ ਕਹਿ ਸਕਦੇ ਏਥੇ, ਬਰਮੇ ਦੇ ਸੁਰਾਖ 'ਚ ਜਿੱਥੇ ਲੁਕ ਬੈਠੀ ਹੈ ਹੋਣੀ ਸਾਡੀ , ਪਤਾ ਨੀਂ ਕਦ ਆ ਫੜੇ ਗਲਾਂ ਤੋਂ। ਆਓ ਏਥੋਂ ਚਲਦੇ ਹੋਈਏ, ਹਾਲੇ ਹੰਝੂ ਆਏ ਨਹੀਂ ਅੱਖੀਂ। ਮੈਲਕੌਲਮ:ਨਾਂ ਇਹ ਵੇਲਾ ਇਜ਼ਹਾਰ ਕਰਨ ਦਾ, ਡੂੰਘੀ ਸੋਗਵਾਰੀ ਨੂੰ ਆਪਣੀ। ਬੈਂਕੋ:ਬੇਗਮ ਨੂੰ ਸੰਭਾਲੋ ਕੋਈ! {ਸਹਾਇਕ ਲੇਡੀ ਮੈਕਬੈਥ ਨੂੰ ਲੈ ਕੇ ਜਾਂਦੇ ਹਨ} ਜਦ ਆਪਾਂ ਪਾ ਲਈਏ ਕਾਬੂ, ਖੁੱਲ੍ਹੇ ਆਮ ਰੋਣ-ਧੋਣ ਦੀ ਕਮਜ਼ੋਰੀ ਉੱਤੇ, ਬੇ-ਪਰਦਾ ਜੋ ਦੁੱਖ ਭੋਗਦੀ : ਮਿਲੀਏ ਫੇਰ, ਵਿਸ਼ਲੇਸ਼ਨ ਕਰੀਏ, ਖੂਨੀ ਏਸ ਮਹਾਂ ਕਾਰੇ ਦਾ ਸੱਚ ਖੋਜੀਏ। ਅੰਦਰ ਦੀ ਆਵਾਜ਼, ਡਰ, ਭੈ, ਨੈਤਕ ਸੰਕੋਚਾਂ, ਅੰਦਰੋਂ ਤੱਗ ਹਿਲਾਵਣ ਸਾਡਾ: ਪਰਮਪਿਤਾ ਦੀ ਛਤਰ-ਛਾਇਆ 'ਚ ਮੈਂ ਖੜਾ ਹਾਂ; ਉਸ ਥਾਂ ਤੋਂ, ਉਸ ਕਾਰਨ ਹੀ ਮੈਂ, ਹਥਿਆਰ ਚੁੱਕਨਾ ਦੋਖ, ਧਰੋਹ ਦੀ ਖਤਰਨਾਕ ਇਸ ਸਾਜ਼ਿਸ਼ ਨੂੰ ਹੈ ਨੰਗਿਆਂ ਕਰਨਾ-। ਮੈਕਡਫ:ਮੈਂ ਵੀ ਇਸ ਵਿੱਚ ਨਾਲ ਹਾਂ ਤੇਰੇ। ਸਾਰੇ:ਅਸੀਂ ਵੀ ਸਾਰੇ ਨਾਲ ਹਾਂ ਤੇਰੇ। ਮੈਕਬੈਥ:ਆਓ ਆਪਾਂ ਕੁਝ ਪਲ ਖਾਤਰ, ਓੜ੍ਹ ਲੱਬਾਦੇ ਮਰਦਾਂ ਵਾਲੇ, ਜੁੜ ਕੇ ਹਾਲ 'ਚ ਸਭਾ ਬੁਲਾਈਏ। ਸਾਰੇ:ਠੀਕ ਆਖਿਐ। {ਮੈਲਕੌਲਮ ਅਤੇ ਡੋਨਲਬੇਨ ਬਿਨਾਂ ਸਭ ਜਾਂਦੇ ਹਨ} ਮੈਲਕੌਲਮ:ਤੂੰ ਕੀ ਕਹਿਨੈ? ਇਹਨਾਂ ਨਾਲ ਨਾਂ ਰਲੀਏ ਆਪਾਂ : ਉੱਤੋਂ ਉੱਤੋਂ ਸੋਗ ਮਨਾਉਣਾ, ਫਰਜ਼ ਨਿਭਾਉਣਾ, ਝੂਠਿਆਂ ਨੂੰ ਤਾਂ ਸੌਖਾ ਲਗਦਾ। ਮੈਂ ਤਾਂ ਟੁਰ ਜਾਣੈ ਇੰਗਲੈਂਡੇ। ਡੋਨਲਬੇਨ:ਆਇਰਲੈਂਡ ਨੂੰ ਮੈਂ ਟੁਰ ਜਾਣੈ; ਵੱਖਰੇ ਥਾਵੀਂ, ਵੱਖਰੀ ਕਿਸਮਤ, ਰੱਖੂ ਸੁਰੱਖਿਅਤ ਸਾਨੂੰ: ਜਿੱਥੇ ਹੁਣ ਅਸੀਂ ਖੜੇ ਹਾਂ, ਆਸਤੀਨਾਂ, ਮੁਸਕਾਨਾਂ ਅੰਦਰ ਲੁਕੇ ਨੇ ਖੰਜਰ: ਜਿੰਨੇ ਖੂਨ ਦੇ ਨੇੜੇ, ਓਨੇ ਹੀ ਨੇ ਖੂਨ ਪਿਆਸੇ-। ਮੈਲਕੌਲਮ:ਆਹ ਜੋ ਘਾਤਕ ਤੀਰ ਛੁੱਟਿਐ, ਹਾਲੀਂ ਨਹੀਂ ਨਿਸ਼ਾਨੇ ਲੱਗਾ; ਏਸੇ ਵਿੱਚ ਸੁਰੱਖਿਆ ਸਾਡੀ, ਨਿਸ਼ਾਨਾ ਇਹਦਾ ਖਤਾ ਕਰਾਈਏ। ਚਲ ਫਿਰ ਮਾਰ ਅਸ਼ਵ ਨੂੰ ਅੱਡੀ, ਵਿਦਾਅ ਲੈਣ ਦੀ ਲੋੜ ਨਹੀਂ; ਬੱਸ ਹੁਣ ਖਿਸਕੀਏ ਏਥੋਂ। ਨਾਲੇ ਚੋਰੀ ਕਾਹਦੀ ਚੋਰੀ, ਬੇ ਰਹਿਮੀ ਦੇ ਚੁੰਗਲ ਵਿੱਚੋਂ ਖਿਸਕਾ ਜਾਣ ਦੀ, ਜੇ ਜ਼ਰੂਰੀ ਹੋ ਜੇ ਏਦਾਂ, ਆਪਣਾ ਆਪ ਬਚਾਵਣ ਖਾਤਰ। {ਪ੍ਰਸਥਾਨ}

ਸੀਨ-2-ਐਕਟ-2

ਓਹੀ-ਕਿਲੇ ਤੋਂ ਬਾਹਰ।- {ਪ੍ਰਵੇਸ਼ ਰੌਸ ਅਤੇ ਇੱਕ ਬੁੱਢੇ ਦਾ} ਬੁੱਢਾ:ਤਿੰਨ ਵੀਹਾਂ ਤੇ ਦਸ ਵਰ੍ਹਿਆਂ ਦੀ, ਹਰ ਗੱਲ ਚੰਗੀ ਯਾਦ ਹੈ ਮੈਨੂੰ: ਘੜੀਆਂ ਘੋਰ ਭਿਅੰਕਰ ਏਸ ਦੌਰਾਨ, ਗੱਲਾਂ ਅਜੀਬ ਅਨੇਕ ਵੇਖੀਆਂ; ਪਰ ਇਸ ਰਾਤ ਦੇ ਦੁੱਖ ਮਹਾਨ, ਸਾਰੀਆਂ ਉੱਤੇ ਮਿੱਟੀ ਪਾਈ। ਰੌਸ:ਚੰਗੇ ਬਾਪੂ ਵੇਖ ਲੈ ਆਪੇ: ਅੰਬਰ ਉੱਪਰ ਦੁਖੀ ਬੜੇ ਨੇ, ਬੰਦੇ ਦੀ ਬਦ-ਕਰਨੀ ਉੱਤੇ, ਲਹੂਲਹਾਣ ਮੰਚ ਤੇ ਉਹਦੇ, ਵੱਜਰ ਪੁਰਜ਼ੋਰ ਘੁਮਾਈਂ ਜਾਂਦੇ : ਘੜੀ ਤਾਂ ਆਖੇ ਦਿਨ ਹੈ ਚੜ੍ਹਿਆ, ਸਿੱਲ੍ਹੀ ਰਾਤ ਹਨੇਰੀ ਨੇ ਪਰ ਰਾਹੀ ਵਾਲਾ ਲੈਂਪ ਬੁਝਾਇਐ; ਨ੍ਹੇਰੀ ਰਾਤ ਨੇ ਕਾਬੂ ਪਾਇਐ, ਜਾਂ ਫਿਰ ਦਿਨ ਹੀ ਸ਼ਰਮਸਾਰ ਹੈ: ਕਿ ਰੌਸ਼ਨ ਚਿਹਰਾ ਘੋਰ ਨ੍ਹੇਰ ਨੇ, ਧਰਤੀ ਵਿੱਚ ਹੈ ਜਾ ਦਫਨਾਇਆ, ਜਿਸ ਚਿਹਰੇ ਨੇ ਏਸ ਧਰਤ ਦਾ, ਮੁਖੜਾ ਚੁੰਮ ਰੌਸ਼ਨਾਣਾ ਹੈ ਸੀ? ਬੁੱਢਾ:ਬੜਾ ਅਸੁਭਾਵਿਕ, ਗ਼ੈਰ-ਕੁਦਰਤੀ , ਬਿਲਕੁਲ 'ਕੀਤੇ ਕਾਰੇ' ਵਰਗਾ। ਪਿਛਲੇ ਮੰਗਲਵਾਰੇ ਇੱਕ ਸ਼ਿਕਰੇ ਨੂੰ, ਹੰਕਾਰੀ ਬੜੀ ਪਰਵਾਜ਼ 'ਚੋਂ ਉਹਦੀ, ਚੂਹੇ-ਖਾਣੇ ਇੱਕ ਉੱਲੂ ਨੇ, ਮਾਰ ਝਪੱਟਾ ਬਾਜ਼ ਵਾਂਗਰਾਂ ਮਾਰ ਸੁੱਟਿਆ। ਰੌਸ:ਤੇ ਡੰਕਨ ਦੇ ਅਸ਼ਵ ਅਨੋਖੇ,-ਅਚਰਜ ਬੜੀ ਪਰ ਪੱਕੀ ਗੱਲ ਹੈ- ਤੇਜ਼-ਤਰਾਰ ਤੇ ਸੁੰਦਰ, ਸੁਹਣੇ, ਅਸਲ ਨਸਲ ਦੇ ਪੱਕ-ਨਮੂਨੇ, ਬਦਲ ਅਚਾਨਕ ਫਿਤਰਤ ਅਪਣੀ, ਰਿਅ੍ਹਾ ਜਾਂਗਲੀ ਹੋ ਗੇ ਸਾਰੇ, ਤਬੇਲੇ, ਖੁਰਲੀ ਤੋੜ ਭੰਨ ਕੇ, ਮਾਰ ਛੜੱਪੇ ਭੱਜ ਗੇ ਸਾਰੇ, ਤਾਅਬੇਦਾਰੀ ਭੁੱਲੀ ਸਾਰੀ, ਇਨਸਾਨ ਵਿਰੁੱਧ ਜਿਉਂ ਜੰਗ ਐਲਾਨੀ। ਬੁੱਢਾ:ਸੁਣਿਐ ਇੱਕ ਦੂਜੇ ਨੂੰ ਵੱਢ ਰਹੇ ਸੀ? ਰੌਸ:ਇਹੋ ਉਹਨਾਂ ਕੀਤਾ; ਡੇਲੇ ਮੇਰੇ ਵੇਖ ਉਨ੍ਹਾਂ ਨੂੰ ਰਹਿਗੇ ਟੱਡੇ। ਮੈਕਡਫ ਸਾਊ ਆ ਰਿਹੈ ਸਾਹਮਣੇ। {ਪ੍ਰਵੇਸ਼ ਮੈਕਡਫ} ਕੀ ਹਾਲ ਜੁਨਾਬ, ਨੇ ਦੁਨੀਆਂ ਵਾਲੇ? ਮੈਕਡਫ:ਕੀ ਗੱਲ, ਪਤਾ ਨਹੀਂ ਤੁਹਾਨੂੰ? ਰੌਸ:ਪਤਾ ਲੱਗਿਐ ਕੀਹਨੇ ਕੀਤੈ ਇਹ ਅਤਿ ਖੂਨੀ ਕਾਰਾ? ਮੈਕਡਫ:ਉਹਨਾਂ ਜਿਹੜੇ ਕਤਲ ਹੋ ਗਏ ਮੈਕਬੈਥ ਹੱਥੋਂ। ਰੌਸ:ਸਦ-ਅਫਸੋਸ, ਮੰਦਭਾਗ ਦਿਹਾੜਾ ! ਕੀ ਇਰਾਦਾ ਸੀ ਉਨ੍ਹਾਂ ਦਾ? ਮੈਕਡਫ:ਲਗਦੈ ਸ਼ਹਿ ਸੀ ਕੋਈ ; ਗੰਢ-ਤੁਪ ਕਿਸੇ ਹੋਰ ਨਾਲ ਸੀ ਹੋਈ : ਮੈਲਕੌਲਮ ਤੇ ਡੋਨਲਬੇਨ, ਦੋਵੇਂ ਕਾਕੇ, ਚੋਰੀ ਚੋਰੀ ਭੱਜ ਗਏ ਨੇ, ਸ਼ੱਕ ਤਾਂ ਬੱਸ ਉਨ੍ਹਾਂ ਤੇ ਜਾਂਦੀ। ਬੁੱਢਾ:ਇਹ ਤਾਂ ਮੂਲੋਂ ਗ਼ੈਰ-ਕੁਦਰਤੀ! ਅਸੀਮ ਅਕਾਂਖਿਆ ਦਰਿੰਦ ਹਲਕਿਆ, ਖੁਦ ਅਪਣੇ ਹੀ ਜੀਵਨ-ਸਾਧਨ, ਆਪਣੇ ਹੱਥੀਂ ਨਸ਼ਟ ਕਰੇ ! ਬਹੁਤ ਸੰਭਵ ਹੈ ਫਿਰ ਤਾਂ, ਮੈਕਬੈਥ ਨੂੰ ਰਾਜ ਮਿਲੇ। ਮੈਕਡਫ:ਨਾਂਅ ਦਾ ਤਾਂ ਐਲਾਨ ਹੋ ਗਿਐ ; ਉਹ ਸਕੋਨੇ ਪੁੱਜ ਗਿਐ, ਰਾਜ ਅਭਿਸ਼ੇਕ ਦੀ ਖਾਤਰ। ਰੌਸ:ਦੇਹ ਡੰਕਨ ਦੀ ਕਿੱਥੇ ਹੈ ਹੁਣ? ਮੈਕਡਫ:ਕੌਲਮਕਿਲ ਲੈ ਗਏ ਨੇ ਉਹਨੂੰ, ਪੁਰਖਾਂ ਵਾਲੇ ਪਾਕ ਭੰਡਾਰ, ਜਿੱਥੇ 'ਫੁੱਲ' ਮਹਿਫੂਜ਼ ਉਨ੍ਹਾਂ ਦੇ। ਰੌਸ:ਤੁਸੀਂ ਵੀ ਚੱਲੇ ਸਕੋਨੇ ਵੱਲੇ? ਮੈਕਡਫ:ਨਹੀਂ ਭਰਾ ਚਚੇਰੇ; ਮੈਂ ਤਾਂ ਚੱਲਾਂ ਫਾਈਫ ਵੱਲੇ। ਰੌਸ:ਚੰਗਾ, ਮੈਂ ਤਾਂ ਓਧਰ ਚੱਲਾਂ। ਮੈਕਡਫ:ਅਲਵਿਦਾਅ, ਰੱਬ ਕਰੇ ਸਭ ਚੰਗਾ ਹੁੰਦਾ ਵੇਖੋਂ ਓਥੇ ! ਖਿਲਅਤ ਮਤੇ ਪੁਰਾਣੀ ਆਪਣੀ, ਨਵੀਂ ਤੋਂ ਮੇਚ ਸੁਖੱਲੀ ਆਵੇ! ਰੌਸ:ਬਾਪੂ, ਅਲਵਿਦਾਅ! ਬੁੱਢਾ:ਰੱਬ ਦੀ ਰਹਿਮਤ ਨਾਲ ਐ ਤੇਰੇ; ਉਹਨਾਂ ਤੇ ਵੀ, ਜੀਹਨਾਂ ਬਦੀ ਨੂੰ ਨੇਕੀ ਕਰਨਾ, ਸ਼ੱਤਰੂ ਮਿੱਤਰ ਬਣਾਉਨੇ ਆਪਣੇ ! {ਪ੍ਰਸਥਾਨ}

ਐਕਟ-3 ਮੈਕਬੈਥ

ਸੀਨ-1-ਐਕਟ-3

ਫੌਰੈਸ। ਮਹਿਲ ਦਾ ਇੱਕ ਕਮਰਾ {ਪ੍ਰਵੇਸ਼ ਬੈਂਕੋ} ਬੈਂਕੋ:ਹੁਣ ਤਾਂ ਸਭ ਕੁੱਝ ਮਿਲ ਗਿਐ ਤੈਨੂੰ, ਗਲਾਮਿਜ਼ ਕਾਡਰ ਦੀ ਸਰਦਾਰੀ ਸ਼ਾਹੀ ਤਖਤ-ਹਜ਼ਾਰੀ : ਡਾਕਣੀਆਂ ਜਿਵੇਂ ਵਚਨ ਸੀ ਕੀਤਾ ਸ਼ੰਕਾ ਪਰ ਹੈ, ਡਰ ਵੀ ਮੈਨੂੰ, ਅਤਿ ਮੰਦਾ ਤੂੰ ਖੇਡ ਖੇਡਿਆ; ਨਾਲੇ ਇਹ ਵੀ ਵਚਨ ਸੀ ਹੋਇਆ, ਵਾਰਸ ਤੇਰੀ ਔਲਾਦ ਨਹੀਂ ਹੋਣੀ; ਐਪਰ ਮੈਥੋਂ ਜੜ੍ਹ ਲੱਗਣੀ ਏ, ਪੁੱਤਰ ਮੇਰੇ ਕਈ ਸ਼ਾਹਾਂ ਦੀ । ਜੇ ਇਹਦੇ ਵਿੱਚ ਸੱਚ ਹੈ ਕਾਈ -ਜਿਵੇਂ ਮੈਕਬੈਥ ਤੇਰੀ ਹੋਈ- ਵਚਨ ਉਨ੍ਹਾਂ ਦੇ ਰੰਗ ਲਾਉਂਦੇ ਨੇ-ਤੈਨੂੰ ਕੀਤੇ ਸੱਚ ਵੀ ਹੋਏ- ਕਿਉਂ ਫਿਰ ਮੈਨੂੰ ਕਹੀ ਗੱਲ ਇਲਹਾਮੀ ਸੱਚ ਨਹੀਂ ਹੋਣੀ, ਨਾਲੇ ਆਸ, ਉਮੀਦ ਮੇਰੀ ਨੂੰ ਨਹੀਂ ਬੜ੍ਹਾਵਾ ਮਿਲਣਾ-? ਪਰ ਖਾਮੋਸ਼; ਹੋਰ ਨਹੀਂ ਹੁਣ। {ਵਾਜਿਆਂ ਦੀ ਆਵਾਜ਼। ਪ੍ਰਵੇਸ਼ ਬਾਦਸ਼ਾਹ ਮੈਕਬੈਥ, ਮਲਿਕਾ ਮੈਕਬੈਥ, ਲੈਨੌਕਸ, ਰੌਸ, ਲਾਟ ਸਾਹਿਬਾਨ, ਲਾਟਣੀਆਂ ਅਤੇ ਸਹਾਇਕ} ਮੈਕਬੈਥ:ਇਹ ਨੇ ਸਾਡੇ ਮੁਖ ਮਹਿਮਾਨ। ਲੇਡੀ ਮੈਕਬੈਥ:ਇਹਨਾਂ ਨੂੰ ਜੇ ਭੁੱਲ ਜਾਂਦੇ ਸੱਦਣਾ, ਮਹਾਂ ਭੋਜ 'ਚ ਅੱਜ ਅਸਾਡੇ, ਪੈ ਜਾਣਾਂ ਸੀ ਐਸਾ ਪਾੜਾ, ਸਭ ਕੁੱਝ ਗੜਬੜ ਹੋ ਜਾਣਾ ਸੀ। ਮੈਕਬੈਥ:ਅੱਜ ਰਾਤ੍ਰੀ-ਭੋਜ ਅਸਾਡੇ, ਬੜਾ ਹੈ ਰਸਮੀ , ਬੜਾ ਰਵਾਇਤੀ, ਹਾਜ਼ਰ ਹੋਕੇ ਆਪ ਜੁਨਾਬ,-ਕਰਾਂ ਗੁਜ਼ਾਰਿਸ਼,-ਸ਼ਾਨ ਵਧਾਓ। ਬੈਂਕੋ:ਸ਼ਾਹ ਦਾ ਹੁਕਮ ਸਦਾ ਸਿਰ-ਮੱਥੇ, ਤਾਅਬੇਦਾਰ ਖੜਾ ਮੈਂ ਹਾਜ਼ਰ, ਫਰਜ਼ ਮੇਰਾ ਤੇ ਹੁਕਮ ਆਪਦਾ, ਦੋਵੇਂ ਅਟੁੱਟ ਗੰਢ 'ਚ ਬੱਝੇ । ਮੈਕਬੈਥ:ਅੱਜ ਵੀ ਸ਼ਾਮ ਸਵਾਰੀ ਕਰਨੀ? ਬੈਂਕੋ:ਜੀ, ਮਾਲਿਕ ਮਿਹਰਬਾਨ। ਮੈਕਬੈਥ:ਨਹੀਂ ਤਾਂ ਅੱਜ ਦੀ ਬੈਠਕ ਅੰਦਰ, ਨਾਲ ਤੁਹਾਡੇ ਮਸ਼ਵਰਾ ਕਰਦੇ, ਗੰਭੀਰ ਸਲਾਹ ਹੁੰਦੀ ਏ ਤੁਹਾਡੀ, ਨਾਲੇ ਲਾਹੇਵੰਦ ਵੀ ; ਪਰ ਫਿਰ ਹੁਣ ਤਾਂ ਕੱਲ੍ਹ ਸਹੀ । ਕਿੰਨੀ ਲੰਮੀ ਦੌੜ ਤੇ ਜਾਣੈ? ਬੈਂਕੋ:ਰਾਤ੍ਰੀ-ਭੋਜ ਤੇ ਇਸ ਘੜੀ ਵਿਚਾਲੇ, ਵਕਤ ਹੈ ਜਿੰਨਾ, ਓਨਾ ਲਾਣੈ: ਜੋ ਘੋੜੇ ਨਾਂ ਚਾਲ ਵਖਾਈ, ਰਾਤ ਕਾਲੀ ਤੋਂ ਲਵਾਂ ਉਧਾਰ ਨ੍ਹੇਰ ਦੀਆਂ ਦੀ ਘੜੀਆਂ। ਮੈਕਬੈਥ:ਦਾਅਵਤ ਸਾਡੀ ਅਸਫਲ ਨਾਂ ਕਰਿਓ। ਬੈਂਕੋ:ਮਾਲਿਕ, ਐਸਾ ਮੈਂ ਨਹੀਂ ਕਰਦਾ। ਮੈਕਬੈਥ:ਸੁਣਿਐ ਖੂਨੀ ਚਚੇਰ ਭਰਾਵਾਂ, ਇੰਗਲੈਂਡ, ਆਇਰਲੈਂਡ 'ਚ ਲਈ ਪਨਾਹ। ਜ਼ੁਲਮੀ ਪਿਤਰ-ਘਾਤ ਕਬੂਲ ਨਹੀਂ ਕੀਤਾ, ਵਚਿੱਤਰ ਬੜੀਆਂ ਘੜ ਕਹਾਣੀਆਂ, ਲੋਕਾਂ ਵਿੱਚ ਅਫਵਾਹ ਫੈਲਾਈ: ਬਾਕੀ ਕਰਾਂਗੇ ਗੱਲ ਸਵੇਰੇ; ਨਾਲੇ ਹੋਰ ਬੜੇ ਨੇ ਰਿਆਸਤ ਵਾਲੇ ਮਸਲੇ, ਗ਼ੌਰ-ਤਲਬ ਜੋ ਸਾਡੇ ਸਭ ਦੇ। ਚਲੋ ਫੇਰ ਕਰੋ ਅਸਵਾਰੀ:ਅਲਵਿਦਾਅ, ਰਾਤੀਂ ਵਾਪਸੀ ਤੱਕ ਤੁਹਾਡੀ । ਫਲੀਐਂਸ ਵੀ ਚੱਲਿਐ ਨਾਲ ਤੁਹਾਡੇ? ਬੈਂਕੋ:ਜੀ ਸਰਕਾਰ! ਵੇਲ਼ਾ ਹੋ ਗਿਐ ਸਾਡਾ। ਮੈਕਬੈਥ:ਰੱਬ ਕਰੇ ਅਸ਼ਵ ਤੁਹਾਡੇ, ਤੇਜ਼ ਵੀ ਹੋਵਣ ਪੈਰੀਂ ਪੱਕੇ; ਤੇ ਫਿਰ ਜਾਓ, ਕਾਠੀ ਪਾਓ, ਮਾਰ ਪਲਾਕੀ ਚੜ੍ਹ ਜੋ ਉੱਤੇ। ਅਲਵਿਦਾਅ ! {ਪ੍ਰਸਥਾਨ ਬੈਂਕੋ} ਰਾਤੀਂ ਸੱਤ ਦੀ ਘੰਟੀ ਤੀਕਰ, ਹਰ ਕੋਈ ਮਾਲਿਕ ਸਮੇਂ ਦਾ ਅਪਣੇ; ਸੁਹਬਤ ਵਾਲੀ 'ਜੀ ਆਇਆਂ ਨੂੰ', ਹੋਰ ਵੀ ਮਿੱਠਾ ਕਰਨ ਦੀ ਖਾਤਰ, ਰਾਤ੍ਰੀ-ਭੋਜ ਥੀਂ ਅਸੀਂ ਵੀ ਰਹਿਣਾ, ਕੇਵਲ ਆਪਣੀ ਸੁਹਬਤ ਅੰਦਰ: ਉਦੋਂ ਤੀਕਰ ਰੱਬ ਮੁਹਾਫਿਜ਼ ! ਰਹੇ ਤਖਲੀਆ। {ਪ੍ਰਸਥਾਨ ਲੇਡੀ ਮੈਕਬੈਥ, ਲਾਟ ਸਾਹਿਬਾਨ,ਅਤੇ ਬੇਗਮਾਤ ਵਗੈਰਾ} ਸੁਣ ਓ ਵੱਡਿਆ! ਬੰਦੇ ਹੁਕਮ ਉਡੀਕਣ ਸਾਡਾ? ਨਫਰ:ਜੀ , ਸਰਕਾਰ! ਹਾਜ਼ਰ ਖੜੇ ਦਰਵਾਜ਼ੇ ਉੱਤੇ। ਮੈਕਬੈਥ:ਪੇਸ਼ ਕਰੋ। {ਨਫਰ ਜਾਂਦਾ ਹੈ} 'ਇੰਜ ਹੋਣਾ' ਮਾਅਨੇ 'ਕੁੱਝ ਨਹੀਂ ਹੋਣਾ'; 'ਇੰਜ ਹੋਣਾ' ਮਾਅਨੇ 'ਮਹਿਫੂਜ਼ ਵੀ ਹੋਣਾ': ਡਰ ਬੈਂਕੋ ਦਾ ਖਾਈਂ ਜਾਂਦੈ, ਧੁਰ ਦਿਲੇ ਵਿੱਚ ਵੱਸਦੈ; ਸ਼ਾਹੀ ਜੋ ਸੁਭਾਓ ਓਸਦਾ, ਹੁਕਮ ਚਲਾਵਣ ਵਾਲਾ, ਡਰ ਦਾ ਕਾਰਨ ਬਣਦੈ: ਹੌਸਲੇ ਬੜੇ ਬੁਲੰਦ ਓਸਦੇ; ਨਿੱਡਰਤਾ ਦੀ ਸ਼ਕਤੀ ਹੈ ਸਿਆਣਪ ਉਹਦੀ- ਰਹਿਬਰੀ ਕਰੇ ਵੀਰਤਾ ਵਾਲੀ, ਤਾਂ ਜੋ ਰਹੇ ਸੁਰੱਖਿਆ ਪੂਰੀ। ਉਹਦੇ ਬਿਨਾਂ ਨਹੀਂ ਕੋਈ ਐਸਾ, ਜੀਹਦੀ ਹੋਂਦ ਦਾ ਡਰ ਹੈ ਮੈਨੂੰ, ਪ੍ਰਤਿਭਾ ਮੇਰੀ ਮਾਂਦ ਪੈ ਜਾਵੇ, ਜਿੱਥੇ ਉਹ ਆ ਜਾਵੇ; ਜਿਵੇਂ ਆਖਦੇ : ਮਾਰਕ ਅੰਤਨੀ ਸੀਜ਼ਰ ਸਾਹਵੇਂ।(ਅੱਖ ਨਾਂ ਚੁੱਕੇ)। ਚੁੜੇਲਾਂ ਨੇ ਸੀ ਜਦ ਆਖਿਆ, ਪਹਿਲਾਂ ਮੈਨੂੰ ਭਵਿੱਖ ਦਾ ਰਾਜਾ, ਝਿੜਕ ਏਸ ਨੇ ਮਾਰੀ ਐਸੀ, ਖੁਦ ਬਾਰੇ ਬੁਲਵਾਇਆ;- ਪੈਗ਼ੰਬਰਾਂ ਵਾਂਗ ਉਨ ਜੈ ਜੈ ਕੀਤੀ, ਲੰਬੇ ਸ਼ਾਹੀ ਵੰਸ਼ ਦਾ ਇਹਨੂੰ ਪਿਤਾ ਦਰਸਾਇਆ: ਨਿਹਫਲ਼ ਤਾਜ ਮੇਰੇ ਸਿਰ ਧਰ ਕੇ, ਰਾਜਡੰਡ ਆਹ ਬਾਂਝ ਫੜਾਇਆ, ਅਣਵੰਸ਼ਤਾ ਵਾਲੇ ਮਾਰੂ ਹੱਥ ਨੇ, ਜਦ ਚਾਹੇ ਖੋਹ ਲੈਣਾ; ਕਦੇ ਵੀ ਮੇਰੇ ਪੁੱਤਰ, ਨਾਤੀ, ਵਾਰਸ ਨਹੀਂਓਂ ਮੇਰੇ ਹੋਣਾ: ਜੇ 'ਹੋਣੀ' ਸੀ ਏਦਾਂ ਹੋਣੀ : ਬੈਂਕੋ ਦੀ ਔਲਾਦ ਲਈ ਕਾਹਨੂੰ ਮਨ ਮੈਂ ਦੂਸ਼ਿਤ ਕੀਤਾ ? ਕਿਉਂ ਉਹਨਾਂ ਦੀ ਖਾਤਰ ਫਿਰ ਮੈਂ, ਕਤਲ ਕਿਰਪਾਲੂ ਡੰਕਨ ਕੀਤਾ? ਜਾਮ-ਏ-ਅਮਨ 'ਚ ਫਿਰ ਮੈਂ ਆਪਣੇ, ਸਿਰਫ ਉਨ੍ਹਾਂ ਦੀ ਖਾਤਰ, ਵੈਰ, ਵਖਾਧ ਦੀ ਵਿਸ਼ ਕਿਉਂ ਘੋਲ਼ੀ? ਨਾਲੇ ਆਪਣਾ 'ਰਤਨ ਸਦੀਵੀ ', ਸ਼ੈਤਾਨ ਹਵਾਲੇ ਇਸ ਲਈ ਕੀਤਾ, ਤਾਂ ਜੋ ਬੈਂਕੋ-ਬੀਜ ਤੋਂ ਉਪਜਣ, ਆਉਂਦੀ ਕੱਲ੍ਹ ਦੇ ਰਾਜੇ-! ਇਹਦੇ ਨਾਲੋਂ ਚੰਗਾ 'ਹੋਣੀ', ਤੂੰ ਵੀ ਆ ਡਟ 'ਪਾੜੇ' ਉੱਤੇ, ਸੂਰਿਆਂ ਵਾਂਗੂ ਪੁੱਛਾਂ ਤੈਨੂੰ, ਮੈਂ ਤੇਰਾ ਸਿਰਨਾਮਾਂ।- {ਦੋ ਕਾਤਲਾਂ ਨਾਲ ਸਹਾਇਕ ਦਾ ਪ੍ਰਵੇਸ਼} ਜਾਹ ਹੁਣ ਤੂੰ ਦਰਵਾਜ਼ੇ ਉੱਤੇ, ਜਿੰਨਾ ਚਿਰ ਆਵਾਜ਼ ਨਾਂ ਦੇਵਾਂ। {ਪ੍ਰਸਥਾਨ ਸਹਾਇਕ} ਕੱਲ ਕੀ ਗੱਲ੍ਹ ਨਹੀਂ ਕੀਤੀ ਆਪਾਂ? ਕਾਤਲ-1:ਕੀਤੀ ਸੀ , ਜਿਉਂ ਮਹਾਰਾਜ ਨੂੰ ਭਾਵੇ। ਮੈਕਬੈਥ:ਵਿਚਾਰ ਲਈਆਂ ਫਿਰ ਮੇਰੀਆਂ ਬਾਤਾਂ? ਜਾਣ ਲਿਆ ਤੁਸੀਂ, ਇਹ ਓਹੀ ਬੰਦਾ, ਜੀਹਨੇ ਪਿਛਲੇ ਸਮੀਂ ਤੁਹਾਨੂੰ, ਮੰਦਭਾਗਾ ਏਨਾ ਕਰੀਂ ਰੱਖਿਆ; ਐਪਰ ਸਾਨੂੰ ਨਿਰਦੋਸ਼ਾਂ ਨੂੰ, ਤੁਸੀਂ ਸਮਝਿਆ ਆਪਣਾ ਦੋਸ਼ੀ? ਏਨਾਂ ਤਾਂ ਸਮਝਾ ਦਿੱਤਾ ਸੀ, ਤੁਹਾਨੂੰ ਪਿਛਲੀ ਮਿਲਣੀ ਅੰਦਰ, ਸਬੂਤ ਵੀ ਸਾਰੇ ਦੇ ਦਿੱਤੇ ਸੀ, ਜੋ ਤੁਸਾਂ ਨੇ ਆਪੂੰ ਮੰਨੇ,- -ਕਿਵੇਂ ਤੁਹਾਨੂੰ ਹੱਥ 'ਚ ਰੱਖਿਆ, ਕਿਵੇਂ ਰਾਹ ਅੜਿੱਕੇ ਡਾਹ ਕੇ, ਕੀਹਨੇ, ਕਿਹੜਾ ਲਾਭ ਉਠਾਇਆ,- ਤੇ ਹੋਰ ਵੀ ਸਾਰੀਆਂ ਐਸੀਆਂ ਗੱਲਾਂ, ਸੁਣੇ ਕੋਈ ਵਿਚਾਰ-ਹੀਣ, ਨੀਮ-ਨਫਸ ਜੇ, ਜਾਂ ਫਿਰ ਕੋਈ ਦੀਵਾਨਾ, ਅਕਸਮਾਤ ਹੀ ਉੱਠ ਪੁਕਾਰੇ:'ਇੰਜ ਹੀ ਬੈਂਕੋ ਕੀਤਾ' । ਕਾਤਲ-1:ਇਹ ਸਭ ਸੀ ਸਮਝਾਇਆ ਸਾਨੂੰ। ਮੈਕਬੈਥ:ਹਾਂ, ਮੈਂ ਸੀ ਸਮਝਾਇਆ: ਨਾਲੇ ਹੋਰ ਕੁੱਝ ਵੀ ਦੱਸਿਆ ਤੁਹਾਨੂੰ, ਜੋ ਅੱਜ ਦੂਜੀ ਮੁਲਾਕਾਤ ਦਾ ਖਾਸ ਹੈ ਨੁਕਤਾ। ਕੀ ਤੁਹਾਡੀ ਫਿਤ੍ਰਤ ਉੱਤੇ, ਸਬਰ-ਸਬੂਰੀ ਏਨੀ ਭਾਰੂ, ਅੱਖੋਂ ਪ੍ਰੋਖੇ ਕਰ ਦੇਣਾ ਹੈ, ਅਨਿਆਂ ਜੋ ਉਹਨੇ ਕੀਤਾ? ਜਾਂ ਫਿਰ ਧਰਮ ਸ਼ਾਸਤਰ ਏਨਾਂ ਪੜ੍ਹਿਐ, ਕਿ ਇਸ ਨੇਕ ਬੰਦੇ ਦੀ ਖੈਰ ਸਦਾ ਹੀ ਮੰਗਦੇ ਰਹਿਣਾ, ਨਾਲੇ ਭਲਾ ਲੋੜਦੇ ਰਹਿਣਾ ਉਹਦੀਆਂ ਸੰਤਾਨਾਂ ਦਾ, ਜੀਹਦੇ ਭਾਰੀ, ਜ਼ੁਲਮੀ, ਹੱਥ ਨੇ, ਕਬਰਾਂ ਵਿੱਚ ਘਸੋਇਆ ਤੁਹਾਨੂੰ, ਨਾਲੇ ਤੁਹਾਡੇ ਬੱਚਿਆਂ ਤਾਈਂ, ਸਦਾ ਲਈ ਫਕੀਰ ਬਣਾਇਆ-? ਕਾਤਲ-1:ਬੰਦਿਆਂ ਵਰਗੇ ਬੰਦੇ ਅਸੀਂ ਵੀ , ਮਾਲਿਕ। ਮੈਕਬੈਥ:ਠੀਕ, ਬੰਦਿਆਂ ਵਾਲੀ ਸੂਚੀ ਅੰਦਰ, ਤੁਸੀਂ ਵੀ ਬੰਦੇ; ਜਿਵੇਂ ਸ਼ਿਕਾਰੀ, ਗਰੇ-ਹੌਂਡਜ਼, ਦੋਗਲੇ, ਸਪੇਨੀਅਲ, ਬੁੱਕਲ-ਕੁੱਤੇ, ਅਰਧ-ਬਘਿਆੜ, ਜਲ ਦੇ ਕੁੱਤੇ, ਤੇ ਗਲੀਆਂ ਦੇ ਕੂਕਰ ਕੁੱਤੇ, ਇੱਕੋ ਸੂਚੀ ਸਭ ਲਿਖੀਂਦੇ, ਸਭ ਕੁੱਤੇ, ਕੁੱਤੇ ਕਹਿਲਾਂਦੇ : ਐਪਰ ਗੁਣ-ਵਾਚੀ ਸੂਚੀ ਅੰਦਰ, ਪਰਖ ਉਨ੍ਹਾਂ ਦੀ ਕੀਤੀ ਹੁੰਦੀ : ਤੇਜ਼-ਤਰਾਰ, ਸੁਸਤ ਰਫਤਾਰ, ਸੁਬਕ ਚਲਾਕ, ਘਰ ਦਾ ਰਾਖਾ, ਜਾਂ ਫਿਰ ਲਿਖਣ ਸ਼ਿਕਾਰੀ ਕੁੱਤਾ: ਆਪਣੀ ਆਪਣੀ ਦਾਤ ਮੁਤਾਬਕ, ਜੋ ਕੁਦਰਤ ਨੇ ਬਖਸ਼ੀ ਹੁੰਦੀ, ਨਾਂਅ ਦੇ ਨਾਲ ਸੂਚੀ ਅੰਦਰ, ਗੁਣ ਵੀ ਲਿਖਿਆ ਜਾਂਦਾ: ਏਹੋ ਸੱਚ ਹੈ ਬੰਦਿਆਂ ਬਾਰੇ। ਜੇ ਹੁਣ ਬੰਦਿਆਂ ਵਾਲੀ ਸੂਚੀ ਅੰਦਰ, ਹੈ ਕੋਈ ਸਥਾਨ ਤੁਹਾਡਾ, ਨਾਮਰਦਾਂ ਦੀ ਸੂਚੀ ਅੰਦਰ ਜੋ ਨਹੀਂ ਪੈਂਦਾ, ਬੋਲੋ, ਦੱਸੋ ਮੈਨੂੰ; ਕਾਰਜ ਐਸਾ ਦਿਆਂ ਤੁਹਾਨੂੰ, ਕਰਨੀ ਜੀਹਦੀ ਮਾਰ ਮੁਕਾਏ ਦੁਸ਼ਮਣ ਤੁਹਾਡਾ; ਫੇਰ ਮੋਹ ਅਸਾਡੇ ਤੁਹਾਨੂੰ, ਘੁੱਟ ਕੇ ਸੀਨੇ ਲਾਉਣੈ; ਕਿਉਂਕਿ ਜੇ ਉਹ ਜੀਂਦੈ, ਅਸੀਂ ਹਾਂ ਡਿੱਗੜ, ਜੇ ਮਰਦੈ ਤਾਂ ਨੌਂ ਬਰ ਨੌਂ ਹਾਂ-। ਕਾਤਲ-2:ਮੈਂ ਤਾਂ ਮਾਲਿਕ, ਐਸਾ ਬੰਦਾ, ਖਾ ਥਪੇੜੇ ਏਸ ਦੁਨੀ ਦੇ, ਘਿਰਣਤ ਘੋਰ ਨਹੱਕੀਆਂ ਸੱਟਾਂ, ਏਨੀ ਚੀਹ ਚੜ੍ਹਾਈਂ ਬੈਠਾਂ, ਕਿ ਪਰਵਾਹ ਨਹੀਂ ਮੈਨੂੰ, ਕਿੰਜ ਦੁਨੀ ਦੀ ਖੁੰਭ ਠੱਪਣੀ। ਕਾਤਲ-1:ਮੈਂ ਇੱਕ ਹੋਰ ਹਾਂ ਐਸਾ ਬੰਦਾ, ਸਾਜ਼ਸ਼ਾਂ ਨਾਲ ਜੋ ਤੋੜਿਆ ਭੰਨਿਆ, ਕਰੂਰ ਹੋਣੀ ਦੇ ਪੱਹੀਏ ਬੱਝਾ, ਜੀਵਨ ਦੀ ਮੈਂ ਲਾ ਦੂੰ ਬਾਜ਼ੀ ਪਹਿਲੀ ਸੱਟੇ, ਪਾਣ ਨੂੰ ਇਹਨੂੰ ਸਿੱਧੀ ਰਾਹ; ਜਾਂ ਫਿਰ ਕਰ ਦੂੰ ਛੁੱਟੀ ਇਹਦੀ। ਮੈਕਬੈਥ:ਚੰਗੀ ਤਰਾਂ ਜਾਣਦੇ ਦੋਵੇਂ, ਬੈਂਕੋ ਤੁਹਾਡਾ ਦੁਸ਼ਮਣ ਹੈਸੀ। ਦੋਵੇਂ ਕਾਤਲ:ਠੀਕ, ਸਰਕਾਰ। ਮੈਕਬੈਥ:ਮੇਰਾ ਵੀ ਹੈ ਦੁਸ਼ਮਣ ਓਹੋ; ਤੇ ਖੂਨੀ ਫਾਸਲਾ ਵਿੱਚ ਵਿਚਾਲੇ ਬੱਸ ਕੁੱਝ ਏਨਾ, ਕਿ ਹਰ ਪਲ ਉਹਦੇ ਜੀਵਨ ਵਾਲਾ, ਸੱਲ ਸੀਨੇ ਜਿਉਂ ਵੱਜਦੈ ਮੇਰੇ: ਭਾਵੇਂ ਜੱਗ ਜਹਾਨੇ, ਸਭ ਦੇ ਸਾਹਵੇਂ, ਵਰਤ ਕੇ ਆਪਣੀ ਸ਼ਾਹੀ ਸ਼ਕਤੀ, ਹਰਫ-ਏ-ਗ਼ਲਤ ਵਾਂਗ ਮੈਂ ਉਹਦੀ, ਫੱਟੀ ਪੋਚ ਕੇ ਰੱਖ ਸਕਦਾ ਹਾਂ, ਸੀਨਾ ਤਾਣ ਕੇ ਕਹਿ ਵੀ ਸਕਨਾਂ, 'ਮਰਜ਼ੀ ਮੇਰੀ', ਪਰ ਐਸਾ ਮੈਂ ਕਰਨਾ ਨਾਂਹੀਂ, ਖਾਸ ਅਸਾਡੇ ਮਿੱਤਰਾਂ ਕਾਰਨ, ਜੋ ਸਾਂਝੇ ਨੇ, - ਮੋਹ ਜੀਹਨਾਂ ਦਾ ਤਿਆਗ ਨਹੀਂ ਹੁੰਦਾ, ਇਹਦੀ ਜਾਨ ਨੂੰ ਉਹਨਾਂ ਰੋਣੈ, ਜੀਹਨੂੰ ਹੱਥੀ ਮਾਰ ਮੈਂ ਸੁੱਟਣੈ: ਇਸੇ ਲਈ ਹੁਣ ਮੋਹ-ਸਹਾਇਤਾ ਤੁਹਾਡੀ ਚਾਹਾਂ; ਅਜਿਹੇ ਵਜ਼ਨੀ ਕਾਰਨਾਂ ਕਾਰਨ, ਪਰਦਾ ਪਾਕੇ ਕਾਰਜ ਉੱਤੇ, ਲੋਕ-ਨਜ਼ਰ ਨੂੰ ਫਰੇਬ ਹੈ ਦੇਣਾ। ਕਾਤਲ-2:ਮਾਲਿਕ, ਅਸੀਂ ਤਾਅਮੀਲ ਕਰਾਂਗੇ, ਜੋ ਵੀ ਹੁਕਮ ਦਿਓਂ ਅਸਾਨੂੰ। ਕਾਤਲ-1:ਭਾਵੇਂ ਸਾਡੀ ਜਾਨ ਹੀ---- ਮੈਕਬੈਥ:ਹੌਸਲੇ ਬੁਲੰਦ ਝਲਕ ਰਹੇ ਨੇ, ਤੁਹਾਡੇ ਚਿਹਰਿਆਂ ਉੱਤੋਂ। ਇੱਕ ਘੰਟੇ ਦੇ ਅੰਦਰ ਅੰਦਰ, ਮੈਂ ਦੱਸਾਂਗਾ ਤੁਹਾਨੂੰ, ਕਿੱਥੇ ਘਾਤ ਤੁਸਾਂ ਲਗਾਉਣੀ, ਕੀਹਨੇ ਪਲ ਪਲ ਪੱਕੀ ਦੇਣੀ, ਖਬਰ ਸਮੇਂ ਦੀ ਤੁਹਾਨੂੰ ; ਕਾਰਾ ਇਹ ਅੱਜ ਰਾਤ ਹੀ ਕਰਨੈ, ਮਹਿਲਾਂ ਤੋਂ ਜ਼ਰਾ ਹਟ ਕੇ ਕਰਨੈ; ਮੇਰੇ ਮਨ ਵਿੱਚ ਸਦਾ ਰਹੀ ਹੈ, ਲੋੜ ਸਫਾਈ ਵਾਲੀ : ਤਾਂ ਤੇ ਕੋਈ ਕਸਰ ਮਸਰ, ਰੋਕ, ਰੇੜ੍ਹਕਾ ਛੱਡਣਾ ਨਾਂਹੀਂ, ਅੱਧ-ਪਚੱਧਾ ਕੰਮ ਨਹੀਂ ਛੱਡਣਾ, ਗੱਲ ਸਿਰੇ ਹੀ ਲਾ ਦੇਣੀ ; ਨਾਲ ਫਲੀਐਂਸ ਪੁੱਤਰ ਹੋਣੈ, ਸੁਹਬਤ ਸਦਾ ਜੋ ਕਰਦਾ, ਪਿਓ ਤੋਂ ਵੱਧ ਜ਼ਰੂਰੀ ਮੈਨੂੰ, ਪੁੱਤਰ ਦਾ ਮਿਟ ਜਾਣਾ, ਤਾਂ ਤੇ ਉਹ ਵੀ ਬਣੇ ਨਿਵਾਲਾ ਨ੍ਹੇਰੇ ਓਸ ਪਹਿਰ ਦਾ। ਜਾਓ, ਕਰੋ ਮਨ ਪੱਕੇ ਆਪਣੇ ਆਪਣੇ, ਮੈਂ ਪਰਤ ਕੇ ਛੇਤੀ ਆਉਨਾ। ਦੋਵੇਂ ਕਾਤਲ:ਮਨ ਪੱਕੇ ਨੇ ਸਾਡੇ, ਮਾਲਿਕ। ਮੈਕਬੈਥ:ਮੈਂ ਹੁਣੇ ਬੁਲਵਾਊਂ ਤੁਹਾਨੂੰ, ਅੰਦਰ ਹੀ ਉਡੀਕੋ ਮੈਨੂੰ। {ਕਾਤਲ ਜਾਂਦੇ ਹਨ} ਇਹ ਗੱਲ ਤਾਂ ਚੜ੍ਹੀ ਨੇਪਰੇ:- ਜੇ ਬੈਂਕੋ ਤੇਰੀ ਜਿੰਦ ਪੰਖੇਰੂ, ਸੁਰਗੀਂ ਜਾਣੈ ਮਾਰ ਉਡਾਰੀ, ਅੱਜ ਹੀ ਰਾਤੀਂ ਫੇਰ ਸੱਜਣਾ, ਕਰ ਲੈ ਖੂਬ ਤਿਆਰੀ । {ਪ੍ਰਸਥਾਨ}

ਸੀਨ-2-ਐਕਟ-3

ਓਹੀ- ਮਹਿਲ ਦਾ ਹੋਰ ਕਮਰਾ। {ਪ੍ਰਵੇਸ਼ ਲੇਡੀ ਮੈਕਬੈਥ, ਅਤੇ ਇੱਕ ਗ਼ੁਲਾਮ।} ਲੇਡੀ ਮੈਕਬੈਥ:ਬੈਂਕੋ ਗਿਐ ਮਹਿਲੋਂ ਬਾਹਰ? ਗ਼ੁਲਾਮ:ਜੀ ਮਾਦਾਮ, ਪਰ ਉਸ ਰਾਤੀਂ ਹੀ ਮੁੜ ਆਉਣੈ। ਲੇਡੀ ਮੈਕਬੈਥ:ਜਾਹ ਸ਼ਾਹ ਨੂੰ ਕਰ ਅਰਜ਼ੋਈ, ਫੁਰਸਤ ਹੋਏ ਤਾਂ ਹਾਜ਼ਰ ਹੋਵਾਂ, ਇੱਕ ਦੋ ਗੱਲਾਂ ਕਰਨ ਜ਼ਰੂਰੀ। ਗ਼ੁਲਾਮ:ਹੁਕਮ, ਮਾਦਾਮ। {ਜਾਂਦਾ ਹੈ} ਲੇਡੀ ਮੈਕਬੈਥ:ਪੂਰਨ ਹੋ ਗਈ ਇੱਛਾ ਭਾਵੇਂ, ਪਰ ਸੰਤੁਸ਼ਟੀ ਮਿਲੀ ਨਹੀਂ ਹੈ, ਜੋ ਪੱਲੇ ਸੀ ਸੋ ਗੁਆਇਆ, ਕੁੱਝ ਵੀ ਹੱਥ ਪਿਆ ਨਹੀਂ ਹੈ: ਚੰਗਾ ਰਹਿੰਦਾ ਉੱਥੇ ਰਹਿੰਦੇ, ਜਿਹੜੀ ਥਾਂ ਨੂੰ ਹੱਥੀਂ ਢਾਇਐ ਢੇਰੀ ਕੀਤੀ ਥਾਵੇਂ ਬਹਿ ਕੇ, ਦੁਹਰੀ ਖੁਸ਼ੀ ਮਨਾਵਣ ਨਾਲੋਂ । {ਪ੍ਰਵੇਸ਼ ਮੈਕਬੈਥ} ਕਿੱਦਾਂ ਹੈ ਹੁਣ, ਸੁਆਮੀ ਮੇਰੇ! ਕੱਲਮ ਕੱਲੇ ਕਿਉਂ ਹੋਂ ਫਿਰਦੇ, ਮਾੜੀ ਸੁਹਬਤ ਚਿੰਤਾ ਚੰਦਰੀ, ਕਿਉਂ ਗਲ਼ ਆਪਣੇ ਪਾਈ ; ਬਦ ਖਿਆਲ ਜੋ ਮਾਰ ਦੇਣੇ ਸੀ ਨਾਲ ਉਨ੍ਹਾਂ ਦੇ, ਉਹਨਾਂ ਵਾਲੀ ਫਿਕਰ ਭਲਾ ਕਿਉਂ ਪੱਲੇ ਪਾਈ? ਲਾ-ਇਲਾਜ ਮਰਜ਼ ਜੇ ਹੋਵੇ, ਫਿਕਰ ਕਰਨ ਦੀ ਲੋੜ ਨਹੀਂ: ਜੋ ਹੋਈ, ਸੋ ਹੋਈ ਬੀਤੀ , ਮੁੱਕੀ ਗੱਲ ਹਵਾਏ ਖੋਈ-। ਮੈਕਬੈਥ:ਚਿੱਥਿਐ ਭਾਵੇਂ ਸਰਪ ਨੂੰ ਆਪਾਂ, ਪਰ ਉਹ ਮਰਿਆ ਨਾਂਹੀਂ, ਖੁਦ ਨੂੰ ਮੁੜ ਸਾਂਭਣੈਂ ਉਹਨੇ, ਨੇੜੇ ਆਉਣੈਂ, ਡੰਗ ਚਲਾਉਣੈਂ: ਅਸੀਂ ਬਿਚਾਰੇ ਜੋ ਬਾਕੀ ਹਾਂ, ਡੰਗ ਦੇ ਖਤਰੇ ਸਦਾ ਹੀ ਰਹਿਣੈ। ਡਰ 'ਚ ਖਾਈਏ, ਡਰ ਹੀ ਪੀਏ, ਡਰ 'ਚ ਸੰਵੀਏ ਤੇ ਬਰੜਾਈਏ, ਘੋਰ ਡਰਾਉਣੇ ਸਪਨ ਹੰਢਾਈਏ, ਡਰ ਨਾਲ ਕੰਬੀਂ ਜਾਈਏ; ਇਸ ਤੋਂ ਪਹਿਲਾਂ ਜੋੜਜੁਗਾੜ ਇਹ, ਕਿਉਂ ਨਾਂ ਭੰਨ ਮੁਕਾਈਏ, ਦੋਵੇਂ ਜੱਗੀਂ ਜੋ ਦੁੱਖਾਂ ਦਾ ਕਾਰਨ ਬਣਦੈ:- ਮੋਇਆਂ ਸੰਗ ਹੀ ਆਪਾਂ ਚੰਗੇ, ਮੌਤ ਦੀ ਨੀਂਦ ਸੁਲਾ ਜਿਨ੍ਹਾਂ ਨੂੰ , ਇਹ ਸਥਾਨ ਪ੍ਰਾਪਤ ਕੀਤੈ, ਸੱਲ, ਤਸੀਹੇ, ਮਨ ਦੀ ਪੀੜਾ, ਆਨੰਦ ਅਸ਼ਾਂਤ ਨੀਂਦਰ ਵਾਲਾ ਸਹਿਣ ਦੇ ਨਾਲੋਂ। ਸ਼ਹਿਰ-ਖਮੋਸ਼ਾਂ ਡੰਕਨ ਸੁੱਤਾ;- ਵਿਆਕੁਲ ਜੀਵਨ ਦੀ ਭਖ ਮੁੱਕੀ, ਨਿੱਘੀ ਨੀਂਦ ਆਰਾਮ ਦੀ ਸੁੱਤਾ;- ਧਰੋਹ, ਬਗ਼ਾਵਤ, ਗੱਦਾਰੀ ਨੇ, ਪੂਰੀ ਟਿੱਲ ਲਗਾ ਲੀ ਆਪਣੀ, ਜਿੰਨਾ ਹੋ ਸਕਦਾ ਸੀ ਮਾੜਾ ਕੀਤਾ: ਨਾਂ ਖੰਜਰ ਨਾਂ ਵਿਸ਼ ਕੋਈ ਮਾਰੂ, ਨਾ ਦੋਖ-ਦੁਵੈਖ ਘਰੇਲੂ ਕੋਈ , ਨਾਂ ਵਿਦੇਸ਼ੀ ਫੌਜਾਂ,- ਕੁੱਝ ਵੀ ਉਹਨੂੰ ਛੁਹ ਨਹੀਂ ਸਕਦਾ : ਏਨਾਂ ਉੱਚਾ, ਏਨਾਂ ਦੂਰ, ਪਰੇ ਹੈ ਸਭ ਤੋਂ। ਲੇਡੀ ਮੈਕਬੈਥ:ਛੱਡੋ; ਸੁਆਮੀ ਮੇਰੇ! ਅਸੀਲ ਬਣੋ; ਘਬਰਾਹਟ ਨੂੰ ਲਾਹ ਕੇ ਮੂੰਹੋਂ, ਚਿਹਰਾ ਨਰਮ ਕਰੋ, ਮਹਿਮਾਨਾਂ ਨੂੰ ਅੱਜ ਦੀ ਰਾਤੀਂ, ਹਸਮੁਖ ਲੱਗੋ, ਖੁਸ਼ੀ ਵਖਾਓ। ਮੈਕਬੈਥ:ਏਹੋ ਮੈਂ ਕਰੂੰਗਾ ਪਿਆਰੀ , ਗੁਜ਼ਾਰਿਸ਼ ਮੇਰੀ, ਤੂੰ ਵੀ ਏਵੇਂ ਕਰਨਾ; ਖੁਦ ਤੇ ਖੁਦ ਦਾ ਕਾਬੂ ਰੱਖੀਂ, ਬੱਸ ਬੈਂਕੋ ਨੂੰ ਚੇਤੇ ਰੱਖੀਂ; ਨਜ਼ਰ, ਜ਼ੁਬਾਂ, ਦੋਵਾਂ ਨਾਲ ਹੀ, ਬਖਸ਼ੀਂ ਪੂਰੀ ਇੱਜ਼ਤ ਉਹਨੂੰ- ਜਿੰਨਾ ਚਿਰ ਮਹਿਫੂਜ਼ ਨਹੀਂ ਹਾਂ- ਚਾਪਲੂਸੀ ਦੀ ਗੰਗ 'ਚ ਰੱਖੀਏ, ਧੋ ਕੇ ਆਪਣੀ ਮਹਿਮਾ, ਮੂੰਹ ਮੁਖੌਟੇ ਐਸੇ ਪਾਈਏੇ, ਕੱਜ ਦਿਲਾਂ ਦੀਆਂ ਰੱਖਣ ਅੰਦਰ, ਤਾਂ ਜੋ ਭੇਖ ਲਕੋਈਂ ਰੱਖੇ, ਅਸਲ ਇਰਾਦੇ ਆਪਣੇ। ਲੇਡੀ ਮੈਕਬੈਥ:ਛੱਡੋ ਤੁਸੀਂ, ਇਸ ਗੱਲ ਨੂੰ ਛੱਡੋ। ਮੈਕਬੈਥ:ਓ ਪਿਆਰੀ ਪਤਨੀ ਮੇਰੀ ! ਮੇਰੇ ਮਨ ਭਰੇ ਨੇ ਠੂੰਹੇ, ਬੈਂਕੋ ਅਤੇ ਫਲੀਐਂਸ ਪੁੱਤਰ, ਤੂੰ ਜਾਣਦੀ, ਜ਼ਿੰਦਾ ਦੋਵੇਂ। ਲੇਡੀ ਮੈਕਬੈਥ:ਪਰ ਪ੍ਰਕ੍ਰਿਤੀ ਕਿਹੜਾ ਜ਼ਾਮਨ ਹੋ ਗਈ , ਉਹਨਾਂ ਦੀ ਮੌਰੂਸੀ ਵਾਲੀ । ਮੈਕਬੈਥ:ਤਸੱਲੀਬਖਸ਼ ਬੜੀ ਹਕੀਕਤ, ਹੱਤਣ-ਜੋਗ ਨੇ ਹਾਲੀਂ ਦੋਵੇਂ; ਏਸ ਲਈ ਤੂੰ ਖੁਸ਼ੀ ਮਨਾ : ਇਸ ਤੋਂ ਪਹਿਲਾਂ ਚਾਮਚਿੜੱਕਾਂ, ਸਿਆਹ ਸਮਾਧੀਂ ਭਰਨ ਉਡਾਰੀ, ਕਾਲੀ ਦੇਵੀ ਤਿੰਨ ਸਿਰੀ ਦਾ ਆਏ ਬੁਲਾਵਾ; ਗੋਬਰ ਗੋਹਾ ਭੂੰਡ ਕਲੂਟਾ, ਗਾ ਗਾ ਗੀਤ ਊਂਘਦੇ ਰੈਣ ਜਗਾਵੇ, ਨ੍ਹੇਰ ਉਬਾਸੀ ਐਸੀ ਮਾਰੇ, ਰਾਤ ਭਰੇ ਅੰਗੜਾਈ ਐਸੀ , ਰਤਛੈਣੇ, ਸ਼ਹਿਨਾਈਆਂ ਵੱਜਣ, ਮਾਲਕੌਂਸ ਦੀ ਤਾਨ ਛਿੜੇ : 'ਹੋਣੀ' ਐਸੀ ਵਾਪਰ ਜਾਣੀ:- ਘੋਰ ਭਿਆਨਕ ਖੂਨੀ ਕਾਰਾ ਹੋ ਕੇ ਰਹਿਣੈ। ਲੇਡੀ ਮੈਕਬੈਥ:ਕਰਨਾ ਕੀ ਏ? ਮੈਕਬੈਥ:ਰਹਿ ਅਣਜਾਣ ਮੌਜ ਕਰ ਏਵੇਂ, ਪਰਮ ਪਿਆਰੀ ਘੁੱਗੀਏ! ਸ਼ਾਵਾ ਕਹਿ ਲੀਂ ਜਿੰਨੀ ਮਰਜ਼ੀ, ਸਿਰੇ ਚੜ੍ਹਨ ਦੇ ਕਾਰਾ। ਅਣਡਿੱਠ-ਕਰਨੀ ਰਾਤੇ! ਆਜਾ, ਬੰਨ੍ਹ ਦੇ ਪੱਟੀ ਰਵੀਰਾਜ ਦੇ ਕੋਮਲ ਨੈਣੀਂ, ਰੌਸ਼ਨ ਦਿਨ ਦੇ ਤਰਸ, ਰਹਿਮ ਦਾ, ਰਸਤਾ ਹੀ ਬੰਦ ਕਰ ਦੇ; ਇਨ ਅਦ੍ਰਿਸ਼ ਖੂਨੀ ਹੱਥੀਂ, ਟੁਕੜੇ ਕਰ 'ਇਕਰਾਰ-ਨਾਮੇ' ਦੇ, ਮੁਕਾ ਕਹਾਣੀ ਮਹਾਂ ਰਿਸ਼ਤੇ ਵਾਲੀ: ਮੂੰਹ ਮੇਰੇ ਦਾ ਰੰਗ ਸਦਾ ਜੋ, ਪੀਲ਼ਾ ਪਾਈਂ ਰੱਖਦੈ!- ਦਿਨ ਢਲਦੇ ਹੀ ਕਾਂ ਕਲੂਟੇ ਭਰ ਉਡਾਰੀ, ਢੋਡਰ-ਝਿੜ ਵੱਲ ਚੱਲੇ: ਰੌਸ਼ਨ ਚੀਜ਼ਾਂ ਦਿਹੁੰ ਵਾਲੀਆਂ, ਸਿਰ ਸੁੱਟ ਊਂਘਣ ਲੱਗੀਆਂ; ਕਾਲੇ-ਕਰਮੀ, ਰਾਤ-ਕਰਿੰਦੇ, ਆਖੇਟ ਜਾਣ ਦੀ ਕਰਨ ਤਿਆਰੀ । ਹੈਰਾਨ ਕਰਨ ਨਾਂ ਸ਼ਬਦ ਇਹ ਮੇਰੇ: ਠਹਿਰ ਜ਼ਰਾ ਤੂੰ, ਰੱਖ ਠ੍ਰੰਮਾ; ਮਾੜੀ ਹੋਏ ਆਰੰਭ ਜੇ ਸ਼ੈਆਂ ਦੀ, 'ਬਦੀ ' ਤੋਂ ਆਪੂੰ ਹੋਣ ਤੱਗੜੀਆਂ : ਏਸ ਲਈ ਮੈਂ ਕਰਾਂ ਗੁਜ਼ਾਰਿਸ਼: ਚੱਲ ਹੁਣ ਮੇਰੇ ਨਾਲ। {ਪ੍ਰਸਥਾਨ}

ਸੀਨ-3-ਐਕਟ-3

ਓਹੀ। {ਸ਼ਿਕਾਰਗਾਹ ਜਾਂ ਫਿਰ ਹਰਿਆਲੇ ਮੈਦਾਨੋਂ ਮਹਿਲ ਵੱਲ ਜਾਂਦਾ ਰਾਹ} {ਪ੍ਰਵੇਸ਼ ਤਿੰਨ ਕਾਤਲਾਂ ਦਾ} ਕਾਤਲ-1:ਕੀਹਦਾ ਹੁਕਮ ਸੀ , ਆ ਰਲਿਐਂ ਤੂੰ ਨਾਲ ਅਸਾਡੇ? ਕਾਤਲ-2:ਮੈਕਬੈਥ ਦਾ। ਕਾਤਲ-3:ਅਵਿਸ਼ਵਾਸ ਕਰਨ ਦੀ ਲੋੜ ਨਹੀਂ ਸਾਨੂੰ: ਸਾਡਾ ਹੀ ਇਹ ਹੱਥ ਵਟਾਉਂਦੈ, ਨਿਰਦੇਸ਼ਨ ਅਨਕੂਲ ਜਿਵੇਂ ਕਿ, ਆਪਾਂ ਜੋ ਵੀ ਕਰਨੈਂ। ਕਾਤਲ-1:ਆ ਫਿਰ ਨਾਲ ਖਲੋ ਅਸਾਡੇ। ਇੱਕ ਦੋ ਕਿਰਨਾਂ ਬਚੀਆਂ-ਖੁਚੀਆਂ, ਅਸਤ ਹੋ ਰਹੇ ਰਵੀ ਵਾਲੀਆਂ, ਪੱਛਮ ਨੂੰ ਲਿਸ਼ਕਾ ਰਹੀਆਂ ਨੇ, ਰਾਹੀ ਜਿਵੇਂ ਪਛੇਤਾ ਕੋਈ ਅਸ਼ਵ ਨੂੰ ਅੱਡੀ ਮਾਰੇ, ਵੇਲ਼ੇ ਨਾਲ ਤਾਂ ਜੋ ਅੱਪੜੇ, ਕਿਸੇ ਸਰਾਂ ਤੇ ਜਾਕੇ; ਅਤੇ ਅਸਾਂ ਦੀ ਨਿਗਰਾਨੀ ਵਾਲਾ, ਵਿਸ਼ਾ ਵੀ ਨੇੜੇ ਲੱਗ ਰਿਹੈ। ਕਾਤਲ-3:ਖਬਰਦਾਰ! ਪੌੜਾਂ ਦੀ ਆਵਾਜ਼ ਹੈ ਆਉਂਦੀ । ਬੈਂਕੋ(ਅੰਦਰੋਂ):ਮਸ਼ਾਲ, ਹੋ! ਮਸ਼ਾਲ ਲਿਆਓ। ਕਾਤਲ-2:ਇਹ ਫਿਰ ਓਹੀ ਆਇਐ; ਬਾਕੀ ਸੀ ਉਮੀਦ ਜਿਨ੍ਹਾਂ ਦੀ , ਪਹਿਲੋਂ ਈ ਪੁੱਜ ਚੁੱਕੇ ਦਰਬਾਰੇ। ਕਾਤਲ-1:ਘੁੜਸਵਾਰੀ ਕਰਦੈ। ਕਾਤਲ-3:ਬੱਸ ਮੀਲ ਕੁ ਹੀ ; ਬਾਕੀਆਂ ਵਾਂਗ ਹੀ ਆਮ ਤੌਰ ਤੇ, ਏਥੋਂ ਮਹਿਲਾਂ ਦੇ ਦਰਵਾਜ਼ੇ ਤੀਕਰ, ਪੈਦਲ ਹੀ ਟੁਰ ਜਾਂਦੈ। ਕਾਤਲ-2:ਮਸ਼ਾਲ ਆ ਰਹੀ ਰੌਸ਼ਨ ਰੌਸ਼ਨ! ਕਾਤਲ-3:ਓਹੀ ਆਉਂਦੈ। ਕਾਤਲ-1:ਸਾਵਿਧਾਨ! {ਪ੍ਰਵੇਸ਼ ਬੈਂਕੋ, ਅਤੇ ਫਲੀਐਂਸ, ਮਸ਼ਾਲ ਨਾਲ} ਬੈਂਕੋ:ਲਗਦੈ ਰਾਤੀਂ ਬਾਰਸ਼ ਆਉਣੀ। ਕਾਤਲ-1:ਵਰ੍ਹਣ ਦੇ ਮੋਹਲੇਧਾਰ ਏਸ ਨੂੰ। {ਕਾਤਲਾਨਾ ਹਮਲਾ ਕਰਦਾ ਹੈ} ਬੈਂਕੋ:ਹਾਏ ਧੋਖਾ! ਭੱਜ, ਫਲੀਐਂਸ ਭਲਿਆ, ਭੱਜ, ਉੱਡ ਜਾ ਏਥੋਂ। ਲੈ ਲੀਂ ਬਦਲਾ।-ਓਏ ਕਮੀਨੇ ਨਫਰਾ, ਆਹ ਕੀ ਕੀਤਾ! {ਮਰ ਜਾਂਦਾ ਹੈ। ਫਲੀਐਂਸ ਬਚਕੇ ਨਿੱਕਲ ਜਾਂਦਾ ਹੈ} ਕਾਤਲ-3:ਵਾਰ ਮਸ਼ਾਲ ਤੇ ਕਿਸ ਕੀਤਾ? ਕਾਤਲ-1:ਕੀ ਇਹ ਤੈਅ ਨਹੀਂ ਸੀ ਹੋਇਆ? ਕਾਤਲ-3:ਇੱਕ ਹੀ ਸਿੱਟਿਐ: ਪੁੱਤਰ ਭੱਜ ਖਲੋਇਐ। ਕਾਤਲ-2:ਅਪਣੇ ਕਾਰਜ ਦਾ ਆਪਾਂ ਵੱਡਾ ਅੱਧ ਗੁਆਇਐ। ਕਾਤਲ-1:ਬੱਸ ਹੁਣ ਚੱਲੋ ਏਥੋਂ, ਜੋ ਹੋਇਆ ਸੋ ਹੋਇਆ, ਦੱਸੀਏ ਚੱਲ ਕੇ ਕਿੰਨਾ ਹੋਇਆ। {ਪ੍ਰਸਥਾਨ}

ਸੀਨ-4-ਐਕਟ-3

ਓਹੀ-ਮਹਿਲ ਦਾ ਸਮਾਰੋਹੀ ਕਮਰਾ। {ਦਾਅਵਤ ਸਜੀ ਹੋਈ ਹੈ} {ਪ੍ਰਵੇਸ਼ ਮੈਕਬੈਥ, ਲੇਡੀ ਮੈਕਬੈਥ, ਰੌਸ, ਲੈਨੌਕਸ, ਲਾਟ ਸਾਹਿਬਾਨ ਅਤੇ ਸਹਾਇਕ} ਮੈਕਬੈਥ:ਦਰਜੇ, ਰੁਤਬੇ ਦਾ ਪਤੈ ਤੁਹਾਨੂੰ, ਆਪਣੇ ਆਪਣੇ ਆਸਨ ਮੱਲੋ: ਅੱਵਲ ਤੋਂ ਆਖਰ ਤੀਕਰ, ਸਭ ਨੂੰ ਨਿੱਘੀ ਜੀ ਆਇਆਂ ਨੂੰ। ਲਾਟ ਸਾਹਿਬਾਨ:ਧੰਨਵਾਦ ਮਹਾਰਾਜ ਅਧਿਰਾਜ! ਮੈਕਬੈਥ:ਫਿਰ, ਤੁਰ ਅਸਾਂ ਨੇ ਸੰਗਤ ਕਰਨੀ, ਮੇਜ਼ਬਾਨ ਮਸਕੀਨਾਂ ਵਾਂਗੂੰ। ਜਲਵਾ ਅਫਰੋਜ਼ ਸਿੰਘਾਸਨ ਉੱਤੇ, ਮਲਿਕਾ ਮੇਜ਼ਬਾਨ ਅਸਾਡੀ; ਵੇਲੇ ਸਿਰ ਪਰ ਕਹਾਂਗੇ ਉਹਨੂੰ, ਜੀ ਅਇਆਂ ਨੂੰ ਕਹੇ ਤਹਾਨੂੰ। ਲੇਡੀ ਮੈਕਬੈਥ:ਮੇਰੀ ਤਰਫੋਂ ਕਰੋ ਐਲਾਨ:- ਦਿਲ ਦੀਆਂ ਗਹਿਰਾਈਆਂ ਤੋਂ ਆਖਾਂ, ਕੁੱਲ ਮਿੱਤਰਾਂ ਨੂੰ ਜੀ ਅਇਆਂ ਨੂੰ। ਮੈਕਬੈਥ:ਵੇਖੋ, ਦਿਲ ਦੀਆਂ ਗਹਿਰਾਈਆਂ ਤੋਂ, ਧੰਨਵਾਦ ਉੁਹ ਕਰਨ ਤੁਹਾਡਾ।- ਦੋਵੇਂ ਧਿਰਾਂ ਬਰਾਬਰ ਹੋਈਆਂ: ਫੜੀਂ ਤਰਾਜ਼ੂ ਮੈਂ ਬੈਠਾਂ ਵਿਚਕਾਰ। {ਕਾਤਲ-1 ਦਰਵਾਜ਼ੇ ਤੇ ਆਉਂਦਾ ਹੈ} ਰੱਜ ਕੇ ਖ਼ੁਸ਼ੀਆਂ ਮਾਣੋ ਮਿਤਰੋ! ਗਲਾਸੀ ਫੌਰਨ ਗਰਦਸ਼ ਕਰਨੀ ਮੇਜ਼ ਦੁਆਲੇ।- (ਕਾਤਲ ਨੂੰ ਪਾਸੇ ਤੇ)-- ਰੱਤ ਲੱਗੀ ਆ ਮੂੰਹ ਤੇ ਤੇਰੇ। ਕਾਤਲ:ਬੈਂਕੋ ਦਾ ਹੀ ਲਹੂ ਹੈ ਤਾਂ ਤੇ। ਮੈਕਬੈਥ:ਤੂੰ ਹੀ ਚੰਗਾ ਅੰਦਰ ਆਇਆ ਉਹਦੇ ਨਾਲੋਂ। ਚਾੜ੍ਹ ਤਾ ਗੱਡੀ? ਕਾਤਲ:ਜੀ ਸਰਕਾਰ! ਗਲ਼ ਓਸਦਾ ਧੌਣੋਂ ਲਾਹ ਤਾ। ਇਹ ਕੀਤਾ ਮੈਂ ਉਹਦੇ ਨਾਲ। ਮੈਕਬੈਥ:ਗਲ਼-ਕਟੀਅਨ ਦਾ ਤੂੰ ਉਸਤਾਦ: ਐਪਰ ਉਹ ਵੀ ਘੱਟ ਨਹੀਂ, ਜਿਨ ਫਲੀਐਂਸ ਦਾ ਗਲ਼ ਵੱਢਿਆ: ਇਹ ਵੀ ਜੇ ਤੂੰਹੀ ਹੈ ਕੀਤਾ, ਤੇਰੀ ਕੋਈ ਮਿਸਾਲ ਨਹੀਂ। ਕਾਤਲ:ਮਹਾਰਾਜ ਅਧਿਰਾਜ ! ਫਲੀਐਂਸ ਤਾਂ ਸੀ ਬਚ ਨਿੱਕਲਿਆ। ਮੈਕਬੈਥ:ਫਿਰ ਤਾਂ ਮੁੜਕੇ ਦੌਰਾ ਪੈਣੈ : ਵਰਨਾ ਮੈਂ ਤਾਂ ਠੀਕ ਠਾਕ ਸੀ; ਮਰਮਰ ਵਾਂਗ ਸੀ ਪੂਰਾ ਸਾਲਮ, ਪੱਕਾ, ਠੋਸ ਚੱਟਾਨ ਜਿਹਾ; ਏਨਾ ਵਿਸ਼ਾਲ, ਵਿਆਪਕ ਏਨਾ, ਹਵਾਬੰਦ ਪ੍ਰਬੰਧ ਜਿਹਾ; ਐਪਰ ਮੈਂ ਹੁਣ ਕੋਠੀ ਲੱਗਾ, ਡੱਕਿਆ ਜੇਲ੍ਹ ਦੀ ਚਾਰਦੀਵਾਰੀ, ਡਰ ਖਾਂਦਾ ਹੈ, ਸ਼ੰਕੇ ਪੀਂਦੇ, ਸੰਸਿਆਂ ਦੀ ਹੋ ਗਿਆਂ ਨਿਹਾਰੀ। ਪਰ ਕੀ ਬੈਂਕੋ ਮਹਿਫੂਜ਼ ਪਿਆ ਹੈ? ਕਾਤਲ:ਜੀ ਸਰਕਾਰ! ਖਾਈ ਵਿੱਚ ਮਹਿਫੂਜ਼ ਪਿਆ ਹੈ, ਸਿਰ ਤੇ ਲੱਗੇ ਵੀਹ ਫੱਟ ਗਹਿਰੇ ਖਾਈਆਂ ਵਰਗੇ; ਮੌਤ ਲਈ ਤਾਂ ਕੁਦਰਤ ਅੰਦਰ, ਇੱਕੋ ਫੱਟ ਅਜਿਹਾ ਕਾਫੀ। ਮੈਕਬੈਥ:ਸ਼ੁਕਰਗੁਜ਼ਾਰ ਬੜਾ ਹਾਂ ਤੇਰਾ: ਨਾਗ ਨਰੋਆ ਪਿਆ ਹੈ ਚਿੱਥਿਆ, ਪਰ ਸਪੋਲ਼ਾ ਨੱਸ ਗਿਆ ਹੈ; ਸਮੇਂ ਨਾਲ ਉਸ ਫਣ ਫੈਲਾਉਣੈ, ਪ੍ਰਕ੍ਰਿਤੀ ਵਿੱਚ ਵਿਸ਼ ਘੋਲਣੀ, ਭਾਵੇਂ ਹਾਲੀਂ ਦੰਦ ਨਹੀਂ ਕੱਢੇ- ਚਲ ਤੂੰ ਏਥੋਂ; ਕੱਲ ਫਿਰ ਆਪਾਂ ਗੱਲ ਕਰਾਂਗੇ। {ਕਾਤਲ ਜਾਂਦਾ ਹੈ} ਲੇਡੀ ਮੈਕਬੈਥ:ਮਹਾਰਾਜ ਅਧਿਰਾਜ ਸੁਆਮੀ ਮੇਰੇ! ਤੁਸੀਂ ਤਾਂ ਜਾਮ ਟਕਰਾਇਆ ਨਾਂਹੀਂ: ਮੇਜ਼ਬਾਨ ਦਾ ਟੋਸਟ ਹੁੰਦਾ, ਦਾਅਵਤ ਦੀ ਸਚਿਆਈ ਦਾ ਜ਼ਾਮਨ, ਬਿਨਾਂ ਕਿਸੇ ਗਰੰਟੀ ਵਾਲੀ, ਨਹੀਂ ਤਾਂ ਇਹ ਬਿਕਵਾਲੀ ਹੁੰਦੀ ; ਜਦ ਕਦੇ ਵੀ ਦਿੱਤੀ ਜਾਂਦੀ,ਖੁਸ਼-ਆਮਦੀਦ,ਖੁਸ਼ਬਾਸ਼ੀ ਨਾਲ ਹੀ ਦਿੱਤੀ ਜਾਂਦੀ; ਖਾਣਾ ਤਾਂ ਘਰ ਰੋਜ਼ ਖਾਈਦਾ, ਘਰ ਖਾਣਾ ਹੀ ਫਿਰ ਤਾਂ ਚੰਗਾ: ਬਾਹਰ ਖਾਣ 'ਚ ਰਸਮ, ਰਵਾਜ ਦਾ ਜੇ ਕੋਈ ਮਜ਼ਾ ਨਾਂ ਹੋਵੇ; ਜਿਸ ਮਿਲ਼ਣੀ ਵਿੱਚ ਨਹੀਂ ਤਕੱਲੁਫ, ਉਹ ਮਿਲ਼ਣੀ ਬੱਸ ਫੋਕੀ ਮਿਲ਼ਣੀ। ਮੈਕਬੈਥ:ਯਾਦ ਕਰਾਵਣ ਵਾਲੀ ਮਿੱਠੀਏ ! ਭੁੱਖ ਦਾ ਚਾਕਰ ਹਾਜ਼ਮਾ ਤਗੜਾ, ਦੋਵਾਂ ਤੇ ਤੰਦਰੁਸਤੀ ਨਿਰਭਰ! ਲੈਨੌਕਸ:ਮਹਾਰਾਜ ਅਧਿਰਾਜ ਪਧਾਰੋ, ਰੱਖੋ ਤਸ਼ਰੀਫ। {ਬੈਂਕੋ ਦਾ ਪ੍ਰੇਤ ਉਭਰਦਾ ਹੈ ਅਤੇ ਮੈਕਬੈਥ ਦੀ ਕੁਰਸੀ ਮੱਲ ਬੈਠਦਾ ਹੈ} ਮੈਕਬੈਥ:ਸਾਡੇ ਦੇਸ਼ ਦੀ ਇੱਜ਼ਤ, ਕੋਠਿਓਂ ਬਾਲਾ ਹੋ ਜਾਣੀ ਸੀ, ਮਹਿਮਾਵੰਤਾ ਬੈਂਕੋ ਸਾਡਾ ਜੇ ਅੱਜ ਏਥੇ ਹੁੰਦਾ ; ਮੌਕਾ ਨਾਂ ਮਿਲਨ ਦੇ ਕਾਰਨ, ਤਰਸ ਕਰਨ ਤੋਂ ਬਿਹਤਰ ਸਮਝਾਂ, ਨਾ-ਮਿਹਰਬਾਨੀ ਉਹਦੀ ਉੱਤੇ, ਬੜੇ ਜ਼ੋਰ ਦਾ ਸ਼ਿਕਵਾ ਕਰਨਾ ! ਰੌਸ:ਗ਼ੈਰਹਾਜ਼ਰੀ ਉਹਦੀ ਮਾਲਿਕ, ਦੋਸ਼ ਓਸਦੇ ਵਚਨ ਨੂੰ ਦੇਂਦੀ। ਅਧਿਰਾਜ ਦੀ ਖੁਸ਼ੀ ਜੇ ਹੋਵੇ, ਤਸ਼ਰੀਫ ਰੱਖੋ ਵਿਚਕਾਰ ਅਸਾਡੇ, ਸੁਹਬਤ ਸ਼ਾਹੀ ਬਖਸ਼ੋ ਸਾਨੂੰ। ਮੈਕਬੈਥ: ਖਾਲੀ ਕੁਰਸੀ ਨਹੀਂ ਹੈ ਕੋਈ। ਲੈਨੌਕਸ:ਆਹ ਇੱਕ ਕੁਰਸੀ ਪਈ ਰਾਖਵੀਂ। ਮੈਕਬੈਥ:ਕਿੱਥੇ? ਲੈਨੌਕਸ:ਏਥੇ ਸਰਕਾਰ। ਕਿਉਂ ਏਨੇ ਹੋਂ ਭਾਵੁਕ ਹੋਏ? ਮੈਕਬੈਥ:ਕਿਹੜਾ ਹੈ ਤੁਹਾਡੇ ਵਿੱਚੋਂ, ਜਿਸ ਇਹ ਕਾਰਾ ਕੀਤਾ? ਲਾਟ ਸਾਹਿਬਾਨ:ਭਲੇ ਸਰਕਾਰ! ਕਿਹੜਾ ਕਾਰਾ? ਮੈਕਬੈਥ:ਤੂੰ ਤਾਂ ਕਹਿ ਨਹੀਂ ਸਕਦਾ, ਕਿ ਇਹ ਮੈਂ ਕੀਤਾ: ਛੱਟੀਂ ਕਦੇ ਨਾਂ ਏਦਾਂ ਮੇਰੇ ਉੱਤੇ, ਲਿਟਾਂ ਦੇ ਖੂਨੀ ਗੁੱਛੇ ਆਪਣੇ। ਰੌਸ:ਪਤਵੰਤਿਓ ਹੁਣ ਉੱਠੋ ਏਥੋਂ, ਵੱਲ ਨਹੀਂ ਤਬੀਅਤ ਮਹਾਰਾਜ ਦੀ। ਲੇਡੀ ਮੈਕਬੈਥ:ਬੈਠੋ, ਯੋਗ ਮਿੱਤਰੋ ਬੈਠੋ:-ਸੁਆਮੀ ਮੇਰੇ ਅਕਸਰ ਏਵੇਂ ਕਰਦੇ, ਜਵਾਨੀ ਤੋਂ ਹੀ ਚਲੀ ਆ ਰਹੀ ਇਹ ਬੀਮਾਰੀ: ਕਰਾਂ ਗੁਜ਼ਾਰਿਸ਼: ਆਸਨ ਨਾਂ ਤੁਸੀਂ ਛੱਡੋ ਆਪਣੇ, ਇਹ ਦੌਰਾ ਬੱਸ ਪਲ ਦੋ ਪਲ ਦਾ: ਪਲਕ ਝਪਕਦੇ ਹੀ ਇਹਨਾਂ ਨੇ ਠੀਕ ਹੋ ਜਾਣੈ:- ਅੱਖਾਂ ਵਿੱਚ ਅੱਖਾਂ ਪਾ ਕੇ, ਜਿੰਨਾ ਚਿਰ ਤੁਸੀਂ ਤੱਕੀਂ ਜਾਣੈ, ਓਨੀ ਇਹਨਾਂ ਚਿੜ ਚੜ੍ਹਨੀ ਐ, ਗ਼ੁੱਸਾ ਭੜਕੀਂ ਜਾਣੈ: ਬੱਸ ਖਾਣਾ ਖਾਓ, ਉੱਕਾ ਧਿਆਨ ਦਿਓ ਨਾਂ ਇਹਨਾਂ ਵੱਲੇ। (ਪਾਸੇ ਹੋ ਕੇ ਮੈਕਬੈਥ ਨੂੰ) ---ਬੰਦਾ ਹੈਂ ਤੂੰ-? ਮੈਕਬੈਥ:ਹਾਂ, ਤੇ ਮਰਦ ਵੀ ਪੂਰਾ, ਜੋ ਇਹਨੂੰ ਵੀ ਤੱਕ ਸਕਦਾ ਹੈ, ਜੀਹਨੂੰ ਵੇਖ ਸ਼ੈਤਾਨ ਵੀ ਡਰਦਾ। ਲੇਡੀ ਮੈਕਬੈਥ:ਵਾਹ, ਕੀ ਗੱਲ ਕਹੀ ! ਅੰਦਰ ਦਾ ਪਾਲ਼ਾ ਮਾਰੀਂ ਜਾਂਦੈ, ਚਿਹਰੇ ਉੱਤੇ ਸਾਫ ਉਕਰਿਆ; ਉਲੀਕਿਆ ਹਵਾ 'ਚ ਖੰਜਰ ਹੈ ਇਹ, ਜੋ ਤੂੰ ਆਖੇਂ ਲੈ ਗਿਆ ਤੈਨੂੰ ਡੰਕਨ ਤਾਈਂ। ਉਫ ਇਹ ਤੇਰੀ ਕਮੀ-ਬੇਸ਼ੀਆਂ, ਇਹ ਤ੍ਰਭਕਣ, ਇਹ ਡਰ ਦੇ ਦੌਰੇ,- ਅਸਲੀ ਡਰ ਅੰਦਰੂਨੀ ਵਾਲੇ ਭੇਖ ਨੇ ਸਾਰੇ,- ਆਤਸ਼ਦਾਨ ਦੁਆਲੇ ਬੈਠੀ,ਗੂੜ੍ਹ ਸਿਆਲੇ ਕੋਈ ਸੁਣਾਈ ਕਿੱਸਾ ਜਿਵੇਂ ਸੁਣਾਵੇਂ, ਦਾਦੀ ਮਾਂ ਤੋਂ ਜੋ ਉਸ ਸੁਣਿਆ। ਲਾਅਣਤ ਪਾ ਏਸ ਦੇ ਉੱਤੇ! ਏਦਾਂ ਭਲਾ ਕਿਉਂ ਮੂੰਹ ਬਣਾਇਐ? ਕਿੱਸਾ ਜਦੋਂ ਤਮਾਮ ਹੋ ਗਿਆ, ਤਖਤ ਤੇ ਆਪਣੇ ਰੱਖ ਧਿਆਨ। ਮੈਕਬੈਥ:ਕਰਾਂ ਗੁਜ਼ਾਰਿਸ਼, ਸਾਹਵੇਂ ਤੱਕੋ! ਵੇਖੋ! ਵੇਖੋ! ਆਹ ਲਓ, ਵੇਖੋ! ਬੋਲੋ, ਹੁਣ ਕੀ ਕਹਿਣੈ?- ਕੀ ? ਮੈਨੂੰ ਪਰ ਪਰਵਾਹ ਏ ਕਾਹਦੀ? ਹਾਂ 'ਚ ਸਿਰ ਹਲਾ ਨਹੀਂ ਸਕਦੇ, ਨਾਂ ਕੁੱਝ ਮੂੰਹੋਂ ਬੋਲ ਸੱਕੋਂ।- ਜੇਕਰ ਇਹਨਾਂ ਅਸਥੀ-ਭੰਡਾਰਾਂ, ਕਬਰਿਸਤਾਨਾਂ, ਦਫਨਾਏ ਮੁਰਦੇ ਵਾਪਸ ਕਰਨੇ ਏਦਾਂ, ਸਮਾਧ, ਸਮਾਰਕ ਫਿਰ ਤਾਂ ਸਾਡੇ, ਗਿੱਧ/ਗਿਰਝਾਂ ਦੇ ਪੋਟੇ ਹੋਸਨ। {ਪ੍ਰੇਤ ਅਲੋਪ ਹੋ ਜਾਂਦਾ ਹੈ} ਲੇਡੀ ਮੈਕਬੈਥ:ਹੈਂ-? ਨਾਮਰਦ ਬਣਾ ਤਾ ਮੂਰਖਤਾ ਨੇ? ਮੈਕਬੈਥ:ਜਿੱਦਾਂ ਸੱਚੀਂ ਮੈਂ ਖੜਾ ਹਾਂ, ਓਦਾਂ ਉਹਨੂੰ ਵੇਖਿਐ ਏਥੇ। ਲੇਡੀ ਮੈਕਬੈਥ:ਦੁਰਫਿੱਟੇ ਮੂੰਹ, ਕੁੱਝ ਤੇ ਸ਼ਰਮ ਕਰੋ! ਮੈਕਬੈਥ:ਹੁਣ ਤੋਂ ਪਹਿਲਾਂ ਗੁਜ਼ਰੇ ਵਕਤੀਂ, ਖੂਨ ਬਹਾਇਆ ਰਿਹਾ ਹੈ ਜਾਂਦਾ, ਮਨੁੱਖੀ ਨਿਆਂ ਨੇ ਜਦ ਤੱਕ, ਰਾਜਕਲਾ ਚੋਂ, ਜ਼ੁਲਮ/ਜਬਰ ਨੂੰ ਕੱਢ ਨੀਂ ਦਿਤਾ, ਲੋਕ-ਭਲਾਈ ਰਿਆਸਤ ਤਾਈਂ ਜਨਮ ਨਹੀਂ ਦਿੱਤਾ; ਐਪਰ ਉਸ ਉਪ੍ਰੰਤ ਵੀ ਵੇਖੋ, ਘੋਰ ਭਿਆਨਕ ਕਤਲ ਰਹੇ ਨੇ ਹੁੰਦੇ: ਖੌਫਨਾਕ ਖਬਰ ਜਿਨ੍ਹਾਂ ਦੀ ਸੁਣੀ ਨਹੀਂ ਜਾਂਦੀ: ਐਸੇ ਵਕਤ ਸਦਾ ਰਹੇ ਨੇ, ਫਟਿਆ ਮਗ਼ਜ਼ ਤੇ ਬੰਦਾ ਹੈ ਨਹੀਂ- ਮੁੱਕੀ ਕਹਾਣੀ; ਐਪਰ ਹੁਣ ਤਾਂ ਮੋਏ ਉੱਠ ਖਲੋਂਦੇ, ਘਾਤਕ ਕੋੜੀ ਜ਼ਖਮਾਂ ਵਾਲੀ ਲੈਕੇ ਸਿਰ ਤੇ, ਧੱਕ ਉਠਾਂਦੇ ਸਾਨੂੰ ਆਸਨਾਂ ਉੱਤੋਂ: ਅਚੰਬਾ ਇਹ ਵਡੇਰਾ ਲਗਦੈ,ਕਤਲ ਦੇ ਨਾਲੋਂ। ਲੇਡੀ ਮੈਕਬੈਥ:ਪਰਮ ਸਨਮਾਨਤ ਸੁਆਮੀ! ਸਾਊ ਮਿੱਤਰ ਤੁਹਾਡੇ, ਕਮੀ ਤੁਹਾਡੀ ਮਹਿਸੂਸ ਕਰ ਰਹੇ। ਮੈਕਬੈਥ:ਭੁੱਲ ਗਿਆ ਮੈਂ-ਮੇਰੀ ਫਿਕਰ ਕਰੋ ਨਾਂ, ਸਨਮਾਨਤ ਮਿੱਤ੍ਰੋ ; ਅਜਬ ਬੜੀ ਕਮਜ਼ੋਰੀ ਮੇਰੀ,ਐਪਰ ਮੇਰੇ ਵਾਕਫਾਂ ਲਈ ਇਹ ਕੁਝ ਖਾਸ ਨਹੀਂ। ਆਓ, ਜਾਮ-ਏ-ਸਿਹਤ/ਮੁਹੱਬਤ, ਪੇਸ਼ ਕਰਾਂ ਮੈਂ ਸਭ ਨੂੰ; ਤੇ ਹੁਣ ਬਹਿਨਾਂ ਨਾਲ ਤੁਹਾਡੇ।- ਪਿਆਲਾ ਦਿਓ ਸ਼ਰਾਬ ਦਾ ਮੈਨੂੰ, ਲਬਾ-ਲਬ ਭਰਿਆ।- ਮੇਜ਼ ਦੁਆਲੇ ਮਹਿਮਾਨਾਂ ਦੀ ਤੇ ਬੈਂਕੋ ਦੀ ਵੀ ਜਾਮ ਖੁਸ਼ੀ ਦਾ ਪੀਨਾਂ, ਘਾਟ ਬੜੀ ਹੈ ਉਹਦੀ ਲਗਦੀ, ਕਾਸ਼, ਅੱਜ ਉਹ ਏਥੇ ਹੁੰਦਾ ! ਆਹ ਜਾਮ ਸਭ ਦੇ ਨਾਮ, ਤੇ ਉਹਦੇ ਵੀ ; ਅਸੀਂ ਪਿਆਸੇ ਹਰ ਜਾਮ ਦੇ, ਹਰ ਕਿਸੇ ਦੇ ਨਾਮ ! ਲਾਟ ਸਾਹਿਬਾਨ:ਤਾਅਬੇਦਾਰੀ ਫਰਜ਼ ਅਸਾਡਾ, ਕਸਮ ਇਸੇ ਦੀ। {ਪ੍ਰੇਤ ਦਾ ਮੁੜ-ਪ੍ਰਵੇਸ਼} ਮੈਕਬੈਥ:ਦਫਾਅ ਹੋ ਏਥੋਂ! ਦੂਰ ਹੋ ਨਜ਼ਰ ਤੋਂ ਮੇਰੀ! ਬੁੱਕਲ਼ ਧਰਤ ਲਕੋਵੇ ਤੈਨੂੰ! ਹੱਡੀਆਂ ਵਿੱਚ ਮਿੱਝ ਨਹੀਂ ਹੈ, ਸੁੰਨ, ਸੀਤ, ਰੱਤ ਹੈ ਤੇਰੀ ; ਨੈਣ ਵੀ ਤੇਰੇ ਬਾਝ ਦ੍ਰਿਸ਼ਟੀ, ਮੁਰਦਾ ਹੋਏ: ਐਵੇਂ ਟੱਡੀਂ ਜਾਨੈ! ਲੇਡੀ ਮੈਕਬੈਥ:ਅਮੀਰ-ਵਜ਼ੀਰੋ ਏਸ ਗੱਲ ਨੂੰ, ਰੋਜ਼ ਦੀ ਗੱਲ ਹੀ ਸਮਝੋ, ਏਦੂੰ ਵੱਧ ਕੁੱਝ ਨਹੀਂ ਹੈ, ਬੱਸ ਵੇਲ਼ੇ ਦੀਆਂ ਖੁਸ਼ੀਆਂ ਉੱਤੇ ਪਾਉਣਾ ਪਾਣੀ। ਮੈਕਬੈਥ:ਬੁਲੰਦ-ਹੌਸਲਾ ਮਰਦਾਂ ਵਾਂਗੂ, ਮੈਂ ਵੀ ਜੁਰਅਤ ਕਰ ਸਕਦਾ ਹਾਂ: ਆ ਜਾ, ਕਰ ਟਾਕਰਾ ਮੇਰਾ, ਰੂਸੀ ਅਣਘੜ ਰਿੱਛ ਵਾਂਗਰਾਂ, ਤਿਖਸਿੰਗੇ ਕਿਸੇ ਗੈਂਡੇ ਵਾਂਗੂੰ,ਜਾਂ ਫਿਰ ਸ਼ੇਰ ਪਹਾੜੀ ਵਾਂਗੂੰ,ਚੜ੍ਹ ਆ ਮੇਰੇ ਉੱਤੇ; ਏਨ੍ਹਾਂ ਨੂੰ ਛੱਡ ਹੋਰ ਕੋਈ ਵੀ, ਰੂਪ ਭਿਆਨਕ ਧਾਰ ਕੇ ਆ ਜਾ, ਡਰ ਕੋਈ ਮੈਨੂੰ ਛੁਹ ਨੀਂ ਸਕਦਾ, ਪੈਰ ਨਹੀਂ ਕੰਬਣੇ ਮੇਰੇ: ਜਾਂ ਫਿਰ ਪੁਨਰ ਜਨਮ ਲੈ ਆ ਜਾ, ਧੂਹ ਤਲਵਾਰ, ਮਾਰ ਲਲਕਾਰਾ, ਖੌਫ ਦੀ ਕੰਪਨ ਨਜ਼ਰ ਜੇ ਆਵੇ, ਛਾਈ ਮੇਰੇ ਮੂੰਹ ਤੇ, ਮਰਦ ਨਹੀਂ ਮੈਂ, ਨਿੱਕੀ ਕੁੜੀ ਦੀ ਗੁੱਡੀ ਆਖੀਂ। ਤਾਂ ਤੇ ਓ, ਭਿਅੰਕਰ ਪ੍ਰਛਾਵੇਂ,-ਹਵਾ 'ਚ ਉੱਕਰੇ, ਮਖੌਲ ਅਸਲ ਦੇ,- ਦਫਾਅ ਹੋ ਏਥੋਂ, ਉਡ ਪੁਡ ਜਾਹ! {ਪ੍ਰੇਤ-ਪਰਛਾਈਂ ਅਲੋਪ ਹੋ ਜਾਂਦੀ ਹੈ} ਇਹ ਕੀ ?- ਉਹ ਗਿਆ?-- ਮੈਂ ਮੁੜ ਬੰਦਾ ਬਣਿਆ ! ਗੁਜ਼ਾਰਿਸ਼ ਮੇਰੀ,-ਤਸ਼ਰੀਫ ਹੀ ਰੱਖੋ। ਲੇਡੀ ਮੈਕਬੈਥ:ਖੁਸ਼ੀਆਂ ਦੇ ਸਿਰ ਸੁਆਹ ਪਾ ਛੱਡੀ, ਚੰਗੀ ਭਲੀ ਸਭਾ ਤੋੜ ਤੀ, ਅਜਬ ਹੈ ਅਫਰਾਤਫਰੀ। ਮੈਕਬੈਥ:ਸੱਚਮੁੱਚ ਸ਼ੈਆਂ ਹੈਨ ਐਸੀਆਂ, ਜੋ ਛਾ ਜਾਵਣ ਸਾਡੇ ਉੱਤੇ, ਹਾੜ, ਸਾਉਣ ਦੇ ਬੱਦਲ ਵਾਂਗੂੰ, ਬੜੀ ਕਿਸੇ ਹੈਰਾਨੀ ਬਾਝੋਂ? ਤੈਨੂੰ ਵੇਖ ਤਬੀਅਤ ਆਪਣੀ, ਮੈਨੂੰ ਬੜੀ ਬੇਗਾਨੀ ਲਗਦੀ, ਜਦ ਮੈਂ ਸੋਚਾਂ: ਮੰਜ਼ਰ ਅਜਿਹੇ ਵੇਖ ਕੇ ਵੀ ਤੂੰ, ਅਹਿਲ ਹੀ ਰਹਿੰਦੀ, ਟਹਿਕ ਗੱਲ੍ਹਾਂ ਦੀ ਘੱਟ ਨਹੀਂ ਹੁੰਦੀ, ਪਰ ਖੌਫ ਨਾਲ ਰੰਗ ਉਡਦੈ ਮੇਰਾ ਰੌਸ:ਕਿਹੜੇ ਮੰਜ਼ਰ, ਮੇਰੇ ਸਾਈਂਆਂ? ਲੇਡੀ ਮੈਕਬੈਥ:ਕਿਰਪਾ ਕਰੋ, ਰਹੋ ਖਾਮੋਸ਼; ਹਾਲਤ ਹੋਰ ਵਿਗੜਦੀ ਜਾਂਦੀ ; ਸਵਾਲ ਪੁੱਛੋ ਤਾਂ ਗੁੱਸਾ ਹੋਰ ਵੀ ਚੜ੍ਹਦੈ: ਯਕਦਮ ਆਖੋ ਸ਼ੁਭ ਰਾਤ੍ਰੀ:- ਮਰਾਤਬ ਅਨੁਸਾਰ ਥਾਂ ਛੱਡਣ ਦੀ ਲੋੜ ਨਹੀਂ ਕੋਈ, ਬੱਸ ਹੁਣ ਫੌਰਨ ਜਾਓ। ਲੈਨੌਕਸ:ਸ਼ੁਭ ਰਾਤ੍ਰੀ ; ਮਿਹਰ ਹੋਵੇ ਮਹਾਰਾਜ ਤੇ ਰੱਬੀ , ਛੇਤੀ ਹੋਵੇ ਸਿਹਤਯਾਬੀ। ਲੇਡੀ ਮੈਕਬੈਥ:ਸਭ ਨੂੰ ਨਿੱਘੀ ਸ਼ੁਭ ਰਾਤ੍ਰੀ! {ਲਾਟ ਸਾਹਿਬਾਨ ਅਤੇ ਸਹਾਇਕਾਂ ਦਾ ਪ੍ਰਸਥਾਨ} ਮੈਕਬੈਥ:ਖੂਨ ਖੂਨ ਇਹ ਮੰਗੀਂ ਜਾਂਦੈ; ਲੋਕੀ ਆਖਣ, ਖੂਨ ਦਾ ਬਦਲਾ ਖੂਨ ਹੀ ਹੁੰਦੈ: ਪੱਥਰ ਸੁਣਿਐ ਰੋ ਪੈਂਦੇ ਨੇ, ਦਰਖਤ ਵੀ ਗੱਲਾਂ ਕਰਦੇ; ਸ਼ਗਨ-ਸ਼ਗੂਨ, ਚਿਹਨ-ਚੱਕਰ, ਭਵਿੱਖਬਾਣੀਆਂ, ਆਮ-ਫਹਿਮ ਸੰਬੰਧ ਸ਼ੈਆਂ ਦੇ, ਭੂੰਡ, ਕੀੜੀਆਂ, ਲਾਲੜੀਆਂ, ਰੱਤਟੰਗਿਆਂ, ਢੋਡਰ ਕਾਂਵਾ ਰਲ ਕੇ, ਕਰ ਦਿੱਤੇ ਨੇ ਕਾਤਲ ਨੰਗੇ, ਬੜੇ ਪੋਸ਼ੀਦਾ ਕਤਲ ਵੀ ਨਾਲੇ।- ਕਿੰਨੀ ਬੀਤੀ ਰਾਤ ਭਲਾ ਹੁਣ? ਲੇਡੀ ਮੈਕਬੈਥ:ਗਲ਼ ਆ ਪਈ ਸਵੇਰ ਦੇ ਲਗਦੀ; ਪਤਾ ਨਹੀਂ ਲਗਦਾ ਕੌਣ ਹੈ ਕਿਹੜੀ। ਮੈਕਬੈਥ:ਕੀ ਕਹਿੰਦੇ ਹੋ, ਮੈਕਡਫ ਹਾਜ਼ਰ ਨਹੀਂ ਆਇਆ, ਸਾਡੇ ਮਹਾਂ ਬੁਲਾਵੇ ਉੱਤੇ? ਲੇਡੀ ਮੈਕਬੈਥ:ਘੱਲਿਐ ਕੋਈ ਬੁਲਾਵਾ ਉਹਨੂੰ, ਤੁਸੀਂ ਜੁਨਾਬ? ਮੈਕਬੈਥ:ਮੈਨੂੰ ਲੱਗਾ ਮੈਂ ਇਉਂ ਸੁਣਿਐਂ: ਪਰ ਮੈਂ ਬੁਲਾਵਾ ਭੇਜਣੈ ਉਹਨੂੰ: ਕੋਈ ਨਹੀਂ ਦਰਬਾਰੀ ਐਸਾ, ਜੀਹਦੇ ਘਰ 'ਚ ਚਾਕਰ ਕੋਈ, ਕੰਮ ਨਹੀਂ ਕਰਦਾ ਮੇਰੇ ਪੈਸਿਆਂ ਉੱਤੇ। ਕੱਲ ਸਵੇਰੇ, ਵੇਲ਼ੇ ਨਾਲ ਹੀ , ਚੁੜੇਲ ਭੈਣਾਂ ਨੂੰ ਜਾ ਕੇ ਮਿਲਣੈ, ਬੜਾ ਕੁੱਝ ਉਹਨਾਂ ਹੋਰ ਵੀ ਦੱਸਣੈ; ਕਿਉਂਕਿ ਮੈਂ ਹੁਣ ਇਸ ਗੱਲ ਤੇ ਤੁਲਿਆਂ:- ਮੰਦੇ ਕੰਮੀਂ ਜਾਨਣੈ ਸਭ ਕੁੱਝ, ਜੋ ਅਤਿ ਮੰਦਾ ਹੋਣੈ। ਮੇਰੇ ਨਿੱਜ ਭਲੇ ਦੀ ਰਾਹ ਦੇ ਰੋੜੇ, ਸਭ ਖਤਾ ਹੋ ਜਾਣੇ: ਹੁਣ ਮੈਂ ਏਨਾਂ ਅੱਗੇ ਆ ਗਿਆਂ, ਮਿੱਝ,ਰੱਤ ਦੀ ਧਾਰਾ ਵਿੱਚੀਂ, ਜੇ ਕਿਧਰੇ ਹੁਣ ਰੁਕਣਾਂ ਚਾਹਾਂ, ਵਾਪਸੀ ਓਨੀ ਔਖੀ ਹੋਣੀ, ਜਿੰਨਾ ਅੱਗੇ ਜਾਣਾ। ਅਜੀਬ-ਓ-ਗ਼ਰੀਬ ਬੜੀਆਂ ਗੱਲਾਂ ਮਸਤਕ ਮੇਰੇ, ਹੱਥ 'ਚ ਫੌਰਨ ਲੈਣ ਵਾਲੀਆਂ; ਵਿਚਾਰ,ਵਿਸ਼ਲੇਸ਼ਨ, ਕਰਨੋਂ ਪਹਿਲਾਂ, ਅਮਲ ਇਨ੍ਹਾਂ ਤੇ ਕਰਨਾ ਪੈਣੈ। ਲੇਡੀ ਮੈਕਬੈਥ:ਜੀਵ-ਸੁਭਾਅ ਦੀ ਬਹਾਰ ਕਹਾਵੇ, ਨੀਂਦ ਖੁਮਾਰੀ ਨਾਮ ਧਰਾਵੇ, ਬੜੀ ਕਮੀ ਹੈ ਉਹਦੀ ਤੁਹਾਨੂੰ। ਮੈਕਬੈਥ:ਆਓ ਤਾਂ ਸੌਂ ਜਾਈਏ ਆਪਾਂ; ਆਤਮ ਤ੍ਰਿਸਕਾਰ ਅਜੀਬ ਹਮਾਰਾ, ਸ਼ੁਰੂਆਤੀ ਡਰ ਹੈ, ਜੀਹਨੂੰ ਦੱਬ ਕੇ ਰੱਖਣਾ ਪੈਂਦੈ : ਕੱਚੇ ਹਾਂ ਖਡਾਰੀ ਹਾਲੀਂ, ਏਸ ਨਵੇਲੀ ਖੇਡ ਦੇ ਆਪਾਂ। {ਪ੍ਰਸਥਾਨ}

ਸੀਨ-5-ਐਕਟ-3

ਝਿੜੀ {ਚੁੜੇਲਾਂ ਦੀ ਤਿੱਕੜੀ ਤਿੰਨ-ਸਿਰੀ ਮਹਾਂਦੇਵੀ ਦੇ ਪੇਸ਼ ਹੁੰਦੀ ਹੈ} ਚੁੜੇਲ-1:ਤਿੰਨ-ਸਿਰੀ, ਤ੍ਰੈਕਾਲੀ, ਮਹਾਂ ਕਾਲੀ ਮਾਤਾ ! ਕਿਉਂ ਇੰਜ ਅੱਗ-ਬਗੋਲਾ ਵੇਖੇਂ ? ਮਹਾਂ ਕਾਲੀ:ਕਿਉਂ! ਮੇਰੇ ਕੋਲ ਨਹੀਂ ਕੋਈ ਕਾਰਨ? ਬੁੱਢੀਆਂ ਖੂਸਟ ਤੁਹਾਡੇ ਜਿਹੀਆਂ, ਢੀਠ ਏਨੀਆਂ, ਏਨੀਆਂ ਗੁਸਤਾਖ-! ਜੁਰਅਤ ਕਿਵੇਂ ਤੁਸਾਂ ਨੇ ਕੀਤੀ : ਮੌਤ-ਮਾਮਲੇ, ਬੁਝਾਰਤਾਂ ਵਾਲਾ, ਵਣਜ ਵਧਾਇਆ ਮੈਕਬੈਥ ਨਾਲ; ਮੈਂ ਮਹਾਂ ਦੇਵੀ , ਟੂਣੇ ਟਾਮਣ ਦੀ ਉਸਤਾਦ, ਕਾਲੇ ਇਲਮ ਦੀ ਮਹਾਂ ਜੁਗਾੜੂ, ਕਰੇ ਜੋ ਕੁੱਲ ਨੁਕਸਾਨ, ਕੀਤੀ ਨਹੀਂ ਅਰਜ਼ੋਈ ਮੈਨੂੰ, ਆਪਣਾ ਰੋਲ ਪੁਗਾਵਾਂ, ਕਾਲੇ ਇਲਮ ਦੀ ਕਲਾ ਆਪਣੀ ਦਾ ਸੋਨ ਸਿਖਰ ਵਖਾਵਾਂ ਇਸ ਨਾਲੋਂ ਵੀ ਐਪਰ, ਗੱਲ ਬੜੀ ਇਹ ਮਾੜੀ : ਗੁਸਤਾਖ, ਢੀਠ, ਪੁੱਤ ਅਨਾੜੀ, ਕਰੋਧੀ, ਦੋਖੀ, ਮਹਾਂ ਪੁਆੜੀ, ਅਤਿ ਖੁਦਗ਼ਰਜ਼, ਸਦਾ ਹੀ ਜਿਹੜਾ ਆਪਣੇ ਬਾਰੇ ਸੋਚੇ, ਆਪਣੀ ਖਿੱਦੋ ਆਪ ਹੀ ਖੇਡੇ, ਆਪ ਉਛਾਲੇ ਆਪ ਹੀ ਬੋਚੇ, ਤੁਹਾਡੇ ਬਾਰੇ ਕਦੇ ਨਾਂ ਸੋਚੇ ! ਜਾਓ, ਹੁਣ ਸਥਿਤੀ ਸੰਭਾਲੋ : ਦਫਾਅ ਹੋ ਜਾਓ, ਕੱਲ੍ਹ ਸਵੇਰੇ ਮੁੜ ਕੇ ਆਓ, ਵੈਤਰਨੀ ਦੇ ਖਾਤੇ ਟੱਕਰੋ: ਕੱਲ ਓਥੇ ਮੈਕਬੈਥ ਨੇ ਆਉਣੈ, ਲੈਣ ਪੁੱਛਿਆ 'ਹੋਣੀ ' ਬਾਰੇ, ਜਾਦੂ, ਮੰਤਰ, ਤੰਤਰ ਸਾਰੇ, ਨਾਲੇ ਭਾਂਡੇ ਟੂਣਿਆਂ-ਹਾਰੇ, ਚੁੱਕ ਲਿਆਉਣੇ ਸਭ ਸਾਰੇ ਦੇ ਸਾਰੇ। ਪੌਣ ਤੇ ਹੁਣ ਮੈਂ ਕਰਾਂ ਸਵਾਰੀ; ਕਾਲੀ ਰੈਣ ਲੰਘਾਉਣੀ ਭਾਰੀ , ਖੂਨੀ, ਮਨਹੂਸ ਕਾਰਿਆਂ ਵਾਲੀ, ਕਰਨੀ ਬੜੀ ਤਿਆਰੀ-। ਦੁਪਹਿਰੋਂ ਪਹਿਲਾਂ ਕਰਨਾ ਪੈਣੈ, 'ਕਾਰਾ' ਇਹ ਮਹਾਨ; ਚੰਦ੍ਰਮਾਂ ਦੀ ਅਬਰੂ ਲਟਕੇ, ਦੀਰਘ ਵਾਸ਼ਪੀ ਤਾਰ ਦਾ ਤੁਪਕਾ; ਭੋਏਂ ਡਿੱਗਣੋਂ ਪਹਿਲਾਂ ਪਹਿਲਾਂ, ਮੈਂ ਓਸ ਨੂੰ ਫੜਨੈ: ਭੱਠੀ ਚਾੜ੍ਹ ਕਸ਼ੀਦ ਵੀ ਕਰਨੈ, ਜਾਦੂ ਕਾਲਾ ਮਾਰ ਕੇ ਐਸਾ ਮੰਤਰ ਪੜ੍ਹਨੈ, ਭਾਫ ਨਾਲ ਹੀ ਉੱਠਣ ਲੱਗਣੇ, ਪ੍ਰੇਤ-ਪ੍ਰਛਾਂਵੇਂ ਬੇਸ਼ੁਮਾਰ, ਮਾਯਾ ਸ਼ਕਤੀ ਨਾਲ ਜਿਨ੍ਹਾਂ ਨੇ ਮਨ ਉਹਦਾ ਧੁੰਧਲਾਉਣੈ, ਘੁੰਮਣਘੇਰੀ, ਚੱਕਰਾਂ ਅੰਦਰ, ਉਹਨੂੰ ਬੁਰਾ ਫਸਾਉਣੈ: 'ਹੋਣੀ' ਨੂੰ ਉਸ ਲੱਤ ਮਾਰਨੀ, ਮੌਤ ਨੂੰ ਦੰਦੀਆਂ ਕੱਢੂ, ਰਹਿਮ, ਕਰਮ, ਡਰ, ਅਕਲ ਦੇ ਉੱਤੇ, ਆਸ, ਉਮੀਦ ਦਾ ਬੋਝਾ ਲੱਦੂ: ਚੰਗੀ ਤਰਾਂ ਪਤਾ ਹੈ ਤੁਹਾਨੂੰ: ਚਿੰਤਾ ਆਪਣੀ ਸੁਰੱਖਿਆ ਵਾਲੀ, ਸਭ ਤੋਂ ਵੱਡੀ ਦੁਸ਼ਮਣ ਹੁੰਦੀ, ਫਾਨੀ ਮਾਨਵ ਵਾਲੀ। {ਅੰਦਰੋਂ ਗੀਤ-ਸੰਗੀਤ ਦੀ ਆਵਾਜ਼} 'ਆਓ, ਆਓ, ਆਓ ਨੀ ਹੁਣ ਆ ਵੀ ਜਾਓ--- ਸੁਣੋ! ਬੁਲਾਵਾ ਅਇਐ ਮੈਨੂੰ; ਵੇਖੋ! ਨਿੱਕੀ, ਨੰਨ੍ਹੀ ਪ੍ਰੇਤ-ਪ੍ਰਛਾਂਈਂ, ਧੁੰਧਾਲੇ ਬੱਦਲ ਕਰੇ ਸਵਾਰੀ, ਕਰੇ ਉਡੀਕਾਂ, ਹਾਕਾਂ ਮਾਰੇ, ਮੈਨੂੰ ਪਈ ਪੁਕਾਰੇ-------। {ਪ੍ਰਸਥਾਨ} ਚੁੜੇਲ-1:ਆਓ, ਆਪਾਂ ਕਾਹਲੀ ਕਰੀਏ; ਪਰਤ ਕੇ ਉਹਨੇ ਹੁਣੇ ਆ ਜਾਣੈ। {ਪ੍ਰਸਥਾਨ}

ਸੀਨ-6-ਐਕਟ-3

ਫੌਰੈਸ {ਮਹਿਲ 'ਚ ਇੱਕ ਕਮਰਾ। ਲੈਨੌਕਸ ਅਤੇ ਇੱਕ ਲਾਟ ਦਾ ਪ੍ਰਵੇਸ਼} ਲੈਨੌਕਸ:ਜੋ ਮੈਂ ਪਹਿਲਾਂ ਬੋਲਿਆ ਚਾਲਿਆ, ਸਮਝ ਤੁਹਾਡੀ ਆ ਹੀ ਗਿਆ ਹੈ, ਗੱਲ ਅੱਗੇ ਹੁਣ ਤੁਰ ਸਕਦੀ ਹੈ: ਮੈਂ ਤਾਂ ਕੇਵਲ ਏਨਾਂ ਕਹਿਣੈ, ਕਹਾਣੀ ਬੜੀ ਅਜੀਬ ਘਟੀ ਹੈ। ਡੰਕਨ ਬੜਾ ਕਿਰਪਾਲੂ ਸ਼ਾਹ ਸੀ, ਕਸਮ ਜਣਨੀ ਦੀ, ਗਿਆ ਮਾਰਿਆ- ਤਰਸ ਬੜਾ ਮੈਕਬੈਥ ਨੂੰ ਆਇਆ- ਵੀਰ ਬਹਾਦੁਰ ਬੈਂਕੋ ਸੁੱਚਾ, ਕੁਵੇਲੇ ਸੈਰ ਨੂੰ ਨਿੱਕਲ ਤੁਰਿਆ; ਜੀਹਨੂੰ,-ਜੇ ਚਾਹੋਂ ਤਾਂ ਕਹਿ ਸਕਦੇ ਹੋਂ,-ਫਲੀਐਂਸ ਨੇ ਹੀ ਮਾਰ ਮੁਕਾਇਆ, ਕਿਉਂਕਿ ਫਲੀਐਂਸ ਭੱਜ ਖਲੋਇਆ। ਉਹ ਤਾਂ ਕਦੇ ਕੁਵੇਲੇ ਸੈਰ ਕਰਨ ਨਾਂ, ਜਿਹੜੇ ਸੋਚ ਨਹੀਂ ਇਹ ਸਕਦੇ: ਕਿ ਮੈਲਕੌਲਮ, ਡੋਨਲਬੇਨ ਨੇ, ਕਿਉਂ ਕਿਰਪਾਲੂ ਪਿਓ ਮਾਰਿਆ? ਸਰਾਪਿਆ ਕਿੱਡਾ ਸੱਚ ਹੈ ਇਹੇ! ਕਿੱਡਾ ਗ਼ਮ ਮੈਕਬੈਥ ਨੂੰ ਲੱਗਾ! ਆਓ ਵੇਖਿਆ ਨਾ ਤਾਓ ਉਹਨੇ, ਐਸਾ ਪਾਵਨ ਰੋਹ ਚੜ੍ਹਾਇਆ, ਚੀਰ ਕੇ ਰੱਖ ਨਹੀਂ ਸੀ ਦਿੱਤੇ ਦੋਵੇਂ ਦੋਸ਼ੀ, ਸ਼ਰਾਬ 'ਚ ਜਿਹੜੇ ਟੁੰਨ ਪਏ ਸੀ, ਨੀਂਦ ਨੂੰ ਜੱਫੀ ਪਾ ਕੇ-? ਹੈ ਕਿ ਨਹੀਂ,ਕੰਮ ਮਰਦਾਂ ਵਾਲਾ?ਹਾਂ, ਬੜੀ ਸਿਆਣਪ ਨਾਲ ਵੀ ਕੀਤਾ; ਕਿਉਂਕਿ ਗੱਲ ਬੜੀ ਮਸ਼ਕੂਕ ਹੋਣੀ ਸੀ, ਹਰ ਬੰਦੇ ਨੂੰ ਰੋਹ ਚੜ੍ਹਨਾ ਸੀ, ਜੇ ਦੋਸ਼ੀ ਕਿਧਰੇ ਮੁਨਕਰ ਹੁੰਦੇ, ਗੁਨਾਹ ਕਬੂਲ ਨਾਂ ਕਰਦੇ ਆਪਣਾ। ਇਸੇ ਲਈ ਯਕੀਨ ਹੈ ਮੈਨੂੰ, ਸਭ ਕੁੱਝ ਸੋਚ ਸਮਝ ਉਸ ਕੀਤੈ: ਜੇ ਡੰਕਨ ਦੇ ਪੁਤ੍ਰ ਕਿੱਧਰੇ, ਉਹਦੇ ਕਾਬੂ ਆਉਂਦੇ, ਅੰਬਰ ਹੋਣ ਦਿਆਲ ਐਸਾ ਕਦੇ ਨਾਂ ਹੋਵੇ, ਮਜ਼ਾ ਉਹਨਾਂ ਵੀ ਚਖ ਲੈਣਾ ਸੀ ਪਿਓ ਮਾਰਨ ਦਾ! ਤੇ ਫਲੀਐਂਸ ਨਾਲ ਵੀ ਏਹੋ ਹੁੰਦਾ। ਪਰ ਸ਼ਾਂਤ!-ਕਿਉਂਕਿ ਮੈਂ ਤਾਂ ਇਹ ਵੀ ਸੁਣਿਐ-ਲੋਕੀ ਗੱਲਾਂ ਕਰਦੇ- ਜ਼ੁਲਮ,ਜਬਰ ਦੇ ਰਾਜ-ਭੋਜ ਤੇ, ਮੈਕਡਫ ਨਹੀਂ ਸੀ ਹਾਜ਼ਰ ਆਇਆ, ਇਸੇ ਲਈ ਦੁਰਕਾਰਿਆਂ ਵਾਂਗੂੰ ਤ੍ਰਿਸਕਾਰਤ ਜੀਵਨ ਜੀਂਦੈ। ਕੀ ਜਨਾਬ, ਪਤੈ ਤੁਹਾਨੂੰ, ਕਿੱਥੇ ਅੱਜ ਕੱਲ ਰਹਿੰਦੈ? ਲਾਟ:ਡੰਕਨ ਦਾ 'ਮਹਾਰਾਜ ਕੁਮਾਰ' ਵੱਡਾ ਪੁੱਤਰ ਉਹਦਾ, ਜਨਮ-ਸਿੱਢ ਅਧਿਕਾਰ ਜੀਹਦਾ ਇਸ ਜ਼ਾਲਮ ਨੇ ਖੋਹਿਐ: ਦਰਬਾਰ ਅੰਗਰੇਜ਼ੀ ਦੇ ਵਿੱਚ ਰਹਿੰਦੈ, ਐਡਵਰਡ ਨੇਕ ਨੇ ਗਲ ਨੂੰ ਲਾਇਐ, ਏਨੀ ਸ਼ੋਭਾ,ਮਹਿਮਾ ਏਨੀ ਹਿੱਸੇ ਉਹਦੇ ਆਈ, ਬਦਬਖਤੀ ਵੀ ਖੋਹ ਨਹੀਂ ਸੱਕੀ, ਹੱਥ ਉਹਦੇ ਸਨਮਾਨ ਜੋ ਆਇਐ: ਮੈਕਡਫ ਵੀ ਓਧਰ ਹੀ ਧਾਇਐ,ਕਰਨ ਬੇਨਤੀ ਸ਼ਾਹ ਪਾਕ ਨੂੰ, ਨੌਰਖੰਬਰਾਂ ਨੂੰ ਜਗਾਵਣ ਖਾਤਰ, ਕਰੇ ਸਹਾਇਤਾ: ਵੀਰ ਯੋਧੇ ਸੂਬੇਦਾਰ ਸੀਵਾਰਡ ਤਾਈਂ,ਆਖੇ ਹੱਲਾ ਬੋਲਣ, ਤੇ ਆਪਣੀ ਮਨਜ਼ੂਰੀ ਵਾਲੀ,ਸ਼ਾਹ ਵੀ ਮੋਹਰ ਲਗਾਵੇ ਉੱਤੇ; ਤਾਂ ਜੋ ਮੁੜ ਅਸੀਂ ਵੀ ਸਾਰੇ, ਆਪਣੇ ਚੁਲ੍ਹੀਂ ਅੱਗ ਬਾਲ਼ੀਏ, ਸ਼ਰਧਾ ਭੇਂਟ ਵਫ਼ਾ ਦੀ ਕਰੀਏ,ਸਿਸ ਉਠਾ ਸਨਮਾਨ ਵੀ ਪਾਈਏ, ਰੋਟੀ ਖਾਂਦੇ ਹੋਈਏ,ਆਪਣੀ ਮੰਜੀ,ਆਪਣਾ ਕੋਠਾ,ਆਪਣੀ ਨੀਂਦ ਹੰਢਾਈਏ, ਰਾਜ-ਭੋਜਾਂ ਦੇ ਖੂਨੀ ਖੰਜਰ, ਤਣੇ ਰਹਿਣ ਨਾਂ ਸਿਰੀਂ ਅਸਾਡੇ; ਜਿਸ ਲਈ ਹੁਣ ਤਾਂ ਤਰਸ ਰਹੇ ਹਾਂ: ਐਪਰ ਇਸ ਖਬਰ ਨੇ ਹੁਣ ਤਾਂ, ਐਸਾ ਸ਼ਾਹ ਨੂੰ ਰੋਹ ਚੜ੍ਹਾਇਐ, ਜ਼ੋਰ ਸ਼ੋਰ ਨਾਲ ਕਰਨ ਲੱਗ ਪਿਐ,ਖੁੱਲ੍ਹੀ ਜੰਗ ਦੀ ਕੁੱਲ ਤਿਆਰੀ। ਲੈਨੌਕਸ:ਭੇਜਿਆ ਸੀ ਪਰਵਾਨਾ ਕੋਈ ਮੈਕਡਫ ਤਾਈਂ? ਲਾਟ:ਜੀ, ਭੇਜਿਆ:ਐਪਰ ਤੋੜ ਜਵਾਬ ਜੋ ਦਿੱਤਾ ਨਹੀਂ ਜਨਾਬ, ਮੈਂ ਨਹੀਂ ਆਉਣਾ, ਹਰਕਾਰੇ ਨੇ ਪਿੱਠ ਘੁਮਾਈ, ਗੁਣਗੁਣਾਵਣ ਲੱਗਾ, ਜਿਵੇਂ ਕਹਿਂਦੇ ਨੇ, 'ਵੇਲ਼ੇ ਨੂੰ ਪਛਤਾਏਂਗਾ ਮਿੱਤਰਾ, ਜਿਨ ਪੈਰ ਮੇਰੇ ਇੰਜ ਭਾਰੀ ਕੀਤੇ, ਕਾਠ ਦਾ ਜੁੱਤ ਪੁਆਕੇ' । ਲੈਨੌਕਸ:ਫਿਰ ਤਾਂ ਇਹ ਨਸੀਹਤ ਉਹਨੂੰ, ਖਬਰਦਾਰ, ਮੁਹਤਾਤ ਰਹੇ, ਕਰੇ ਸਿਆਣਪ, ਫਾਸਲਾ ਰੱਖੇ, ਦੂਰ ਰਹੇ, ਆਬਾਦ ਰਹੇ । ਰੱਬ ਕਰੇ ਕੋਈ ਪਾਕ ਫਰਿਸ਼ਤਾ, ਮਾਰ ਉਡਾਰੀ ਇੰਗਲੈਂਡ ਜਾਵੇ, ਉਹਦੇ ਆਉਣ ਤੋਂ ਪਹਿਲਾ ਪਹਿਲਾਂ, ਰੱਬੀ ਹੁਕਮ ਪੁਜਾਵੇ: ਪੌਣ ਦੇ ਪੰਖੀਂ ਤੀਰ ਵਾਂਗ, ਰੱਬੀ ਰਹਿਮਤ ਉੱਡਦੀ ਆਵੇ, ਦੁਖੀ ਅਸਾਡੇ ਮੁਲਕ ਦੇ ਅੰਦਰ, ਜਬਰ ਦੇ ਹੱਥੇ ਜੋ ਫਸਿਆ ਹੈ, ਖੁਸ਼ੀ ਦਾ ਹੜ੍ਹ ਲਿਆਵੇ ! ਲਾਟ:ਦੁਆ ਮੇਰੀ ਵੀ ਨਾਲ ਓਸਦੇ! {ਪ੍ਰਸਥਾਨ}

ਐਕਟ-4 ਮੈਕਬੈਥ

ਸੀਨ-1-ਐਕਟ-4

ਇੱਕ ਨ੍ਹੇਰੀ ਗੁਫਾ। ਵਿਚਕਾਰ ਇਕ ਉਬਲਦਾ ਕੜਾਹਾ {ਗਰਜਣ ਦੀ ਭਿਆਨਕ ਆਵਾਜ਼; ਪ੍ਰਵੇਸ਼ ਤਿੰਨਾਂ ਚੁੜੇਲਾਂ ਦਾ} ਚੁੜੇਲ-1:ਚਿੱਤੀ ਬਿੱਲੀ ਤਿਹਰ ਮਿਆਊਂ ਚੁੜੇਲ-2:ਚੀਕਿਆ ਸੂਕਰ ਤਿਹਰ ਟਿਆਂਊਂ ਚੁੜੇਲ-3:ਵਾਦਕ ਚੀਕੇ : ਆ ਗਿਆ ਵੇਲ਼ਾ, ਆ ਗਿਆ ਵੇਲ਼ਾ ਚੁੜੇਲ-1:ਪ੍ਰਕਰਮਾ ਕਰੋ ਕੜਾਹੀ ਵਾਲੀ ; ਵਿਸ਼ ਭਰ ਅੰਤੜੀਆਂ ਵਿੱਚ ਪਾਓ।- ਇੱਕ-ਸਿੰਗਾ ਡੱਡੂ, ਠੰਡੇ, ਯੱਖ ਪੱਥਰ ਦੇ ਥੱਲੇ, ਨੀਂਦ 'ਚ ਗੁੰਮ, ਪਸੀਨੇ ਭਿੱਜਾ, ਰਾਤ ਦਿਨੇ, ਮਹੀਨਾ ਪੂਰਾ, ਵਿਸ਼ ਜੋ ਘੋਲੇ, ਦਿਨ ਇਕੱਤੀ ਜਦ ਨਿੱਕਲ ਚੱਲੇ, ਸ਼ੀਸ਼ੀ ਭਰੋ ਤੇ ਪਾਓ ਪਤੀਲੇ, ਜਾਦੂ ਦੇ ਇਸ ਬਰਤਨ ਅੰਦਰ ਦਿਓ ਉਬਾਲ਼ੇ ! ਤਿੰਨੇ ਚੁੜੇਲਾਂ:ਦੋਹਰੀ, ਦੋਹਰੀ, ਕਰੋ ਮੁਸ਼ੱਕਤ ਤਿਹਰੀ; ਮਾਰੋ ਫੂਕਾਂ, ਭੱਠ ਭਖਾਓ ; ਬਾਲ਼ੋ ਅੱਗ ਕੜਾਹੀ ਥੱਲੇ, ਨੱਚਣ ਬੁਲਬੁਲੇ, ਆਏ ਉਬਾਲ਼ੀ ; ਚੁੜੇਲ-2:ਸੱਪ ਦਲਦਲੀ ਫਿਰ ਸੁੱਟੋ ਅੰਦਰ, ਤਲ਼ੋ ਖੂਬ ਬਣਾਓ ਪਕੌੜਾ; ਡੇਲੇ ਕੱਢੋ ਕਿਰਲੀ ਵਾਲੇ, ਮਾਰ ਹਥੌੜਾ; ਡੱਡੂ ਵਾਲਾ ਪੰਜਾ ਭੰਨੋ, ਚਮਗਿੱਦੜ ਦੀ ਉੱਨ ਲਿਆਓ, ਦੁਸਾਂਗੀ ਜੀਭ 'ਜਲੇਬੀ ' ਵਾਲੀ, ਹਲ਼ਕੇ ਹੋਏ ਕਤੂਰੇ ਵਾਲੀ, ਖੁਸ਼ਕ ਜ਼ੁਬਾਂ ਦਾ ਟੋਟਾ ਪਾਓ; ਗੋਹ ਦੀ ਟੰਗ, ਦੰਦ ਗੰਡੋਆ, ਪੰਖ ਉੱਲੂ ਦਾ ਝੜਿਆ ਹੋਇਆ: ਕੱਠੇ ਕਰ ਕੜਾਹੀ ਪਾਓ: ਤਰੀ ਕਰਾਰੀ, ਨਰਕਾਂ ਵਾਲੀ, ਖੂਬ ਉਬਾਲ਼ੋ , ਪਿਆਲੇ ਪਾਓ, ਜਾਦੂ ਨਵਾਂ ਇੱਕ ਘੋਰ ਸੰਕਟ ਦਾ, ਆਪਣੀ ਝੋਲੀ ਪਾਓ। ਤਿੰਨੋ ਕੱਠੀਆਂ:ਦੋਹਰੀ, ਦੋਹਰੀ, ਕਰੋ ਮੁਸ਼ੱਕਤ ਤਿਹਰੀ, ਮਾਰੋ ਫੂਕਾਂ, ਭੱਠ ਭਖਾਓ; ਬਾਲ਼ੋ ਅੱਗ ਕੜਾਹੀ ਥੱਲੇ, ਨੱਚਣ ਬੁਲਬੁਲੇ, ਆਏ ਉਬਾਲ਼ੀ। ਚੁੜੇਲ-3:ਉਡਣੇ ਸਰਪ ਮਿਥਹਾਸਕ ਵਾਲੀ, ਅਧਕੱਚੀ ਜਿਹੀ ਕੰਜ ਲਿਆਓ, ਦੰਦ-ਬਘਿਆੜੀ, ਲੋਥ-ਚੁੜੇਲੀ, ਖਾਰੇ ਸਾਗਰ ਭ੍ਰਮਣ ਕਰਦੀ ਭੁੱਖੀ ਸ਼ਾਰਕ ਦੀ ਆਂਤ ਤੇ ਪੋਟਾ, ਨ੍ਹੇਰ 'ਚ ਪੁੱਟੀ ਜੜ੍ਹੀ ਧਤੂਰਾ, ਕਾਫਰ ਕਿਸੇ ਯਹੂਦੀ ਵਾਲਾ, ਤਾਜ਼ਾ ਜਿਗਰ ਲਿਆਓ; ਪਿੱਤ ਵਿਸ਼ੈਲੀ ਬੱਕਰੇ ਵਾਲੀ, ਚੰਦਰ ਗ੍ਰਹਿਣ 'ਚ ਕਾਂਟ ਛਾਂਟੀਆਂ, ਸਦਾਬਹਾਰੀ ਬਿਰਖ ਵਾਲੀਆਂ, ਇੱਕੋ ਜਿਹੀਆਂ ਤਿੰਨ ਛਿਲਤਰਾਂ, ਨੱਕ ਤੁਰਕ ਦਾ, ਬੁੱਲ ਰੰਗੀਲੇ ਤਾਰਤਾਰ ਦੇ; ਨ੍ਹੇਰੇ ਖਾਤੇ ਰੰਨ ਫੁਹੜ ਦੇ ਜਾਏ, ਪ੍ਰਸੂਤੀਂ ਮੋਏ ਸ਼ਿਸ਼ੂ ਦੀ ਇੱਕੋ ਉਂਗਲ ਨਿੱਕੀ, ਪਾ ਪਕਾਓ ਦਲੀਆ ਗਾੜ੍ਹਾ-ਮੋਟਾ; ਬਾਘ ਦੀਅ ਫਿਰ ਆਂਤਾਂ ਪਾਓ, ਸਭੇ ਸ਼ੈਆਂ, ਕੁੱਲ ਮਸਾਲੇ, ਘੋਟੋ ਖੂਬ, ਮਕਸੂਦ ਚਲਾਓ: ਕੜਾਹੀ ਹੋਈ ਤਿਆਰ ਅਸਾਡੀ। ਸਾਰੀਆਂ:ਦੋਹਰੀ, ਦੋਹਰੀ, ਕਰੋ ਮੁਸ਼ੱਕਤ ਤਿਹਰੀ; ਮਾਰੋ ਫੂਕਾਂ, ਭੱਠ ਭਖਾਓ, ਬਾਲ਼ੋ ਅੱਗ ਕੜਾਹੀ ਥੱਲੇ, ਨੱਚਣ ਬੁਲਬੁਲੇ, ਆਏ ਉਬਾਲ਼ੀ ਚੁੜੇਲ-2:ਲਹੂ ਲੰਗੂਰ ਦਾ ਠੰਡੀ ਕਰ ਦੂ, ਜਾਦੂ, ਮੰਤਰ,ਜੰਤਰ ਵਾਲੀ ਸ਼ਕਤੀ ਪੂਰੀ ਭਰ ਦੂ। {ਪ੍ਰਵੇਸ਼ ਤਿੰਨਸਿਰੀ ਮਹਾਂਕਾਲੀ ਦਾ} ਮਹਾਂਕਾਲੀ:ਸ਼ਾਵਾ, ਕੰਮ ਖਰਾ ਹੈ ਕੀਤਾ, ਪ੍ਰਸੰਸਾ ਅਤਿ, ਮੁਸ਼ੱਕਤ ਵਾਲੀ! ਹਿੱਸਾ ਸਭ ਦਾ ਇੱਕੋ ਜਿਹਾ। ਭੱਠੀ ਦੁਆਲੇ ਘੁੰਮੋ, ਗਾਓ, ਘੇਰਾ ਪਾ ਗਿਠਮੁਠੀਆਂ ਵਾਲਾ, ਸੰਗ ਪਰੀਆਂ ਦੇ ਨੱਚੀ ਜਾਓ, ਜਾਦੂ ਟੂਣੇ, ਮੰਤਰ ਜੰਤਰ, ਸਭ ਇਹਦੇ ਵਿੱਚ ਪਾਓ। ਗੀਤ:ਸਫੇਦ, ਕਾਲੀਆਂ, ਸੁਰਖ, ਸਲੇਟੀ, ਕੱਠੀਆਂ ਹੋ ਕੇ ਸੱਭੇ ਰੂਹਾਂ, ਨੱਚੀ ਜਾਓ, ਮਿਲ਼ਕੇ ਮੌਜ ਮਨਾਓ। {ਪ੍ਰਸਥਾਨ ਮਹਾਂਕਾਲੀ ਦਾ} ਚੁੜੇਲ-2:ਚੁਟਕੀ ਮਾਰ ਬੁਲਾਵਾਂ ਜੇਕਰ, ਬਦ ਰੂਹ ਕੋਈ ਆਵੇ ਚੱਲ ਘਰ: ਬੂਹਾ ਜੇ ਖੜਕਾਏ ਕੋਈ, ਕੁੰਡਾ ਖੋਹਲੋ! {ਪ੍ਰਵੇਸ਼ ਮੈਕਬੈਥ ਦਾ} ਮੈਕਬੈਥ:ਕਾਲੀ, ਬੋਲ਼ੀ ਅੱਧਰੈਣੀ ਬੁੱਢੀਓ! ਕੀ ਗਾਹ ਪਾਇਐ ਆਹ ਕੁਵੇਲੇ? ਚੁੜੇਲਾਂ:ਏਸ ਕੰਮ ਦਾ ਨਾਂਅ ਨਹੀਂ ਕੋਈ । ਮੈਕਬੈਥ:ਤੁਹਾਡੇ ਕਿੱਤੇ ਦੇ ਨਾਂਅ ਸਦਕੇ ਅਰਜ਼ ਕਰਾਂ ਮੈਂ ਤੁਹਾਨੂੰ: ਪਰਗਟ ਹੋਵੋ, ਸਭ ਕੁੱਝ ਦੱਸੋ, ਜੋ ਵੀ ਪਤਾ ਤੁਹਾਨੂੰ: ਪੌਣ ਦੀਆਂ ਗੰਢਾਂ ਖੋਹਲੋਂ ਭਾਵੇਂ, ਗਿਰਜਿਆਂ ਸਿਰ ਤੂਫਾਨ ਝੁਲਾਵੋਂ, ਝੱਘੋ ਝੱਘ ਕਰੋਂ ਸਾਗਰ ਨੂੰ, ਪੋਤ, ਬੇੜੀਏਂ ਵੱਟੇ ਪਾਵੋਂ; ਮੱਲੀ ਭਾਵੇਂ ਮੱਕੀ ਢਾਹਵੋਂ, ਬਿਰਖਾਂ ਧਰਤ ਚਟਾਵੋਂ; ਰਾਖਿਆਂ ਦੇ ਸਿਰ ਭਾਵੇਂ ਸੁੱਟੋ, ਢਾਹ ਕੇ ਕੋਟ ਫਸੀਲਾਂ, ਭਾਵੇਂ ਮਹਿਲ, ਮਾੜੀਆਂ, ਮਿਸਰੀ ਕੋਣ-ਮਕਬਰੇ ਸਾਰੇ, ਮੂਧੇ-ਮੂੰਹ ਨੀਹਾਂ ਵਿੱਚ ਲਾਹੋ; ਭਾਵੇਂ ਭਰੂਣ-ਭੰਡਾਰ ਪ੍ਰਕ੍ਰਿਤੀ ਵਾਲਾ, ਮੂਧਾ ਹੋ ਜੇ; ਤਹਿਸ ਨਹਿਸ ਸਭ ਅੰਕੁਰ ਹੋਵਣ, 'ਬਰਬਾਦੀ ' ਵੀ ਵੇਖ ਨਾਂ ਸੱਕੇ, ਕਰੇ ਉਲਟੀਆਂ, ਹੋਏ ਬੀਮਾਰ: ਉੱਤਰ ਦਿਓ ਸਵਾਲ ਦਾ ਮੇਰੇ, ਜੋ ਵੀ ਪੁੱਛਾਂ। ਚੁੜੇਲ-1:ਬੋਲ, ਕੀ ਏ ਪੁੱਛਣਾ? ਚੁੜੇਲ-2:ਮੰਗ, ਕੀ ਮੰਗਣੈ? ਚੁੜੇਲ-3:ਉੱਤਰ ਅਸੀਂ ਦਿਆਂਗੇ। ਚੁੜੇਲ-1:ਸੁਣੇਂਗਾ ਸਾਡੇ ਮੂੰਹੋ ਜਾਂ ਫਿਰ ਗੁਰੂ ਜਨਾਂ ਤੋਂ? ਮੈਕਬੈਥ:ਉਹਨਾਂ ਨੂੰ ਹੀ ਸੱਦ ਬੁਲਵਾਓ; ਮੈਂ ਵੀ ਦਰਸ ਕਰਾਂ। ਚੁੜੇਲ-:ਫਿਰ ਤਾਂ ਉਸ ਸੂਰੀ ਦੀ ਰੱਤ ਵੀ ਪਾਓ, ਨਿਆਣੇ ਨੌਂ ਜਿਸ ਆਪਣੇ ਖਾਧੇ; ਮਿੱਝ, ਮੁੜ੍ਹਕਾ ਉਸ ਕਾਤਲ ਵਾਲਾ, ਫਾਹੇ ਲੱਗਦਿਆਂ ਚੋਇਆ ਹੋਇਆ, ਪਾਓ ਆਹੂਤੀ ਅਗਨ-ਕੁੰਡ 'ਚ, ਕਰੋ ਸੁਆਹ। ਸਾਰੀਆਂ:ਉੱਚੇ, ਨੀਵੇਂ, ਸੱਭੇ ਆਓ, ਜਾਤ, ਕੁਜਾਤ, ਕਿੱਤਾ ਆਪਣਾ, ਆਪ ਜਣਾਓ! {ਘੋਰ ਗਰਜ ਦਾ ਸ਼ੋਰ; ਨੇਜ਼ੇ ਉੱਤੇ ਟੰਗੇ ਸਿਰ ਦੀ ਪ੍ਰਛਾਂਈਂ ਉਭਰਦੀ ਹੈ} ਮੈਕਬੈਥ:ਓ, ਅਣਜਾਣੀ ਸ਼ਕਤੀ ! ਦੱਸ ਖਾਂ ਮੈਨੂੰ--- ਚੁੜੇਲ-1:ਤੇਰੇ ਮਨ ਦਾ ਪਤਾ ਹੈ ਉਹਨੂੰ: ਬੱਸ ਗੱਲ ਸੁਣ ਉਹਦੀ ; ਬੋਲੀਂ ਕੁੱਝ ਨਾਂ। ਪ੍ਰੇਤ ਪ੍ਰਛਾਈਂ:ਮੈਕਬੈਥ! ਮੈਕਬੈਥ! ਮੈਕਬੈਥ! ਖਬਰਦਾਰ ਮੈਕਡਫ ਕੋਲੋਂ; ਸੂਬੇਦਾਰ ਫਾਈਫ ਦੇ ਕੋਲੋਂ; ਏਨੀ ਗੱਲ ਬੱਸ ਹਾਲੇ ਕਾਫੀ , ਹੁਣ ਦੇਹ ਤੂੰ ਮੈਨੂੰ ਮਾਫੀ : {ਪ੍ਰਛਾਂਈ ਥੱਲੇ ਲਹਿੰਦੀ ਹੈ} ਮੈਕਬੈਥ:ਜੋ ਵੀ ਹੈਂ ਤੂੰ, ਖਬਰਦਾਰ ਹੈ ਕੀਤਾ ਮੈਨੂੰ, ਮੇਰੇ ਡਰ ਦੀ ਪੁਸ਼ਟੀ ਕੀਤੀ, ਏਸ ਲਈ ਮੈਂ ਕਰਾਂ ਸ਼ੁਕਰੀਆ- ਐਪਰ ਅਰਜ਼ ਸੁਣੋ ਇੱਕ ਹੋਰ,-- ਚੁੜੇਲ-1:ਹੁਕਮ ਆਪਦਾ ਚੱਲਣਾ ਨਾਂਹੀ, ਇਸ ਦੇ ਉੱਤੇ; ਲੈ,ਇੱਕ ਸ਼ਕਤੀ ਹੋਰ ਆ ਗਈ, ਪਹਿਲੀ ਨਾਲੋਂ ਤੱਗੜੀ , {ਗੜਗੜਾਹਟ- ਲਹੂ 'ਚ ਗੜੁੱਚ ਬੱਚੇ ਦੀ ਪਛਾਂਈਂ ਉਭਰਦੀ ਹੈ} ਪ੍ਰਛਾਈਂ:ਮੈਕਬੈਥ! ਮੈਕਬੈਥ! ਮੈਕਬੈਥ! ਮੈਕਬੈਥ:ਤਿੰਨ ਕੰਨ ਜੇ ਹੁੰਦੇ ਮੇਰੇ, ਏਹੋ ਸੁਣਦੇ। ਪ੍ਰਛਾਈਂ:ਖੂਨੀ ਹੋ ਜਾ, ਕਾਤਲ ਹੋ ਜਾ, ਬੇਸ਼ਰਮ, ਬਹਾਦੁਰ, ਢੀਠ ਵੀ ਹੋ ਜਾ; ਪੱਕਾ ਕਰ ਇਰਾਦਾ ਏਨਾਂ, ਕਰ ਅਟਹਾਸ ਮਨੁੱਖ ਸ਼ਕਤੀ ਦਾ; ਐਸਾ ਮਾਂ ਦਾ ਲਾਲ ਨਹੀਂ ਹੈ, ਬਾਂਹ ਤੇਰੀ ਨੂੰ ਹੱਥ ਜੋ ਪਾਵੇ। {ਪ੍ਰਛਾਂਈਂ ਥੱਲੇ ਲਹਿੰਦੀ ਹੈ} ਮੈਕਬੈਥ:ਜਾਹ ਬਈ ਮੈਕਡਫ, ਜੀਂਦਾ ਰਹਿ ਤੂੰ, ਡਰ ਤੇਰਾ ਫਿਰ ਕਾਹਦਾ ! ਐਪਰ ਦੋਹਰੀ ਪੁਸ਼ਟੀ ਖਾਤਰ, ਵਚਨ ' ਹੋਣੀ ' ਤੋਂ ਲਿਖਤੀ ਲੈਣੈ, ਉਸ ਵਿਸ਼ਵਾਸ ਦਾ ਜੋ ਮੈਨੂੰ ਉਸ ਦਿੱਤੈ : ਕਿ ਤੂੰ ਚਿਰਜੀਵੀ ਨਹੀਂਓਂ ਹੋਣਾ; ਤਾਂ ਜੋ 'ਡਰ ਪੀਲੇ' ਨੂੰ ਮੂੰਹ ਤੇ ਆਖਾਂ:- "ਜਾਹ, ਝੂਠਿਆ"! ਨਾਲੇ ਸੌਂਵਾਂ ਗੂੜ੍ਹੀ ਨੀਂਦੇ, ਬੇ-ਪਰਵਾਹਾ ਗਰਜ, ਘੋਰ ਤੋਂ। ਪਰ ਹੁਣ ਆਹ ਕੀ ਆਉਂਦੈ,--? {ਘੋਰ ਗਰਜਣਾ।ਤੀਜੀ ਪ੍ਰਛਾਂਈਂ ਉਭਰਦੀ ਹੈ:ਇੱਕ ਬੱਚਾ ਮੱਥੇ ਮੁਕਟ, ਹੱਥ 'ਚ ਰੁੱਖ} ਸ਼ਾਹ ਕਿਸੇ ਦੇ ਜਾਏ ਵਾਂਗ ਜੋ ਉਭਰਿਆਂ ਆਉਂਦੈ, ਬਾਲ-ਭਾਲ ਦੁਆਲੇ ਸੁਹੰਦੈ ਆਭਾ-ਮੰਡਲ, ਪ੍ਰਭੂਸੱਤਾ ਦੀ ਚੋਟੀ ਵਾਲਾ? ਚੁੜੇਲਾਂ:ਸੁਣ ਏਸ ਦੀ ; ਬੋਲੀਂ ਨਾਂ। ਪਰਛਾਈਂ:ਸ਼ੇਰ ਜਿਹਾ ਫੌਲਾਦੀ ਹੋ ਜਾ, ਪੂਰਨ ਅਭਿਮਾਨੀ , ਖਿਝੇ ਕੋਈ ਜਾਂ ਰੌਲਾ ਪਾਵੇ, ਲਾਲ ਪੀਲ਼ਾ ਜਾਂ ਹੋਵੇ ਕੋਈ, ਜਾਂ ਫਿਰ ਕਰੇ ਕੋਈ ਗੱਦਾਰੀ, ਸਾਜ਼ਿਸ਼ ਕਰੇ, ਮਾਰਨ ਨੂੰ ਆਵੇ, ਮੈਕਬੈਥ ਐਪਰ ਹਰੇ ਕਦੇ ਨਾਂ, ਕਦੇ ਨਾਂ ਹੋਵੇ ਉਹਦੀ ਹਾਨੀ , ਬਰਨਮ ਬਣੀ ਮਹਾਨ 'ਚ, ਡਨਸੀਨਾਨ ਦੀ ਚੋਟੀ ਉੱਤੋਂ, ਜਿੰਨਾ ਚਿਰ ਨਾਂ ਕੋਈ ਸੂਰਾ, ਵਿਰੁੱਧ ਓਸਦੇ ਧਾ ਕੇ ਆਵੇ। {ਥੱਲੇ ਲਹਿੰਦੀ ਹੈ} ਮੈਕਬੈਥ:ਇੰਜ ਕਦੇ ਨਹੀਂ ਹੋਣਾ; ਕੌਣ 'ਬਣਾਂ' ਨੂੰ ਕਰ ਲੂ ਭਰਤੀ , ਕੌਣ ਰੁੱਖ ਤੇ ਹੁਕਮ ਚਲਾਵੇ : 'ਖਿੱਚ ਜੜ੍ਹਾਂ ਧਰਤੀ ਜੜੀਆਂ, ਤੁਰ ਪੈ ਸੈਨਿਕ ਬਣ ਕੇ'? ਸ਼ਗਨ-ਸ਼ਗੂਨ ਇਹ ਬੜੇ ਨੇ ਮਿੱਠੇ, ਬੜੇ ਨੇ ਸੁਹਣੇ ! ਬਗ਼ਾਵਤ ਦਾ ਸਿਰ ਮੁੜ ਨਹੀਂ ਉੱਠਣਾ, ਬਣ ਬਿਰਨਮ ਦਾ ਉਠ ਨਹੀਂ ਤੁਰਨਾ, ਭੋਗੂ ਮੈਕਬੈਥ ਸਿੰਘ ਆਸਨ ਨੂੰ, ਪ੍ਰਕ੍ਰਿਤੀ ਜੋ ਮੌਕਾ ਦਿੱਤਾ, ਦਮ ਆਖਰੀ ਰਸਮ-ਏ-ਫਾਨੀ, ਕਾਲ ਨੇ ਜਦ ਥੀਂ ਲੇਖਾ ਮੰਗਣਾ।- ਐਪਰ ਰਿਦਾ ਧੜਕਦੈ ਮੇਰਾ, ਇਹ ਜਾਨਣ ਲਈ -ਜੇ ਦੱਸ ਸਕਨੈ- ਕਿ ਬੈਂਕੋ ਦੀ ਔਲਾਦ ਕਿਸੇ ਨੇ, ਕਦੇ ਦੇਸ਼ ਤੇ ਰਾਜ ਵੀ ਕਰਨੈ-? ਚੁੜੇਲਾਂ:ਹੋਰ ਨਾਂ ਪੁੱਛ ਹੁਣ। ਮੈਕਬੈਥ:ਪੱਕੀ ਕਰਾਓ ਤਸੱਲੀ ਮੇਰੀ , ਨਹੀਂ ਤਾਂ ਸ਼ਾਪ ਸਦੀਵੀ ਸਿਰੀਂ ਤੁਹਾਡੇ! ਦੱਸੋ ਮੈਨੂੰ:ਹੁਣ ਭੱਠੀ ਕਿਉਂ ਇਹ ਬਹਿੰਦੀ ਜਾਂਦੀ? ਤੇ ਕੇਹਾ ਇਹ ਸ਼ੋਰ ਸ਼ਰਾਬਾ? {ਸ਼ਹਿਨਾਈ ਵਾਦਕਾਂ ਦਾ ਪ੍ਰਵੇਸ਼} ਚੁੜੇਲ-1:ਵਖਾਓ ਇਹਨੂੰ! ਚੁੜੇਲ-2:ਵਖਾਓ! ਚੁੜੇਲ-3:ਵਖਾਓ! ਸਾਰੀਆਂ:ਵਖਾਓ ਅੱਖਾਂ ਨੂੰ, ਰਿਦਾ ਰੁਲਾਓ; ਆਓ ਬਣੋ ਪਰਛਾਵੇਂ,ਤੇ ਫਿਰ ਕੂਚ ਕਰੋ! {ਅੱਠ ਬਾਦਸ਼ਾਹਾਂ ਦਾ ਜਲੂਸ ਨਜ਼ਰ ਆਉਂਦਾ ਹੈ, ਆਖਰੀ ਦੇ ਹੱਥ ਦਰਪਨ ਹੈ, ਪਿੱਛੇ ਬੈਂਕੋ ਚੱਲ ਰਿਹੈ} ਮੈਕਬੈਥ:ਰੂਹ ਬੈਂਕੋ ਦੀ ਵਰਗਾ ਲਗਦੈਂ; ਜਾਹ ਕਿਧਰੇ ਮਰ ਖਪ ਜਾ ਜਾਕੇ! ਮੁਕਟ ਤੇਰਾ ਇਹ ਨੈਣੀਂ ਮੇਰੇ, ਅਗਨ ਚੁਆਤੀ ਲਾਵੇ: ਤੇ ਦੂਜੇ ਦੇ ਵਾਲ਼ ਸੁਨਹਿਰੀ, ਮਸਤਕ ਆਭਾ ਪਹਿਲੇ ਵਰਗੀ : ਤੀਜਾ ਵੀ ਹੈ ਦੂਜੇ ਵਰਗਾ। ਮਲੀਨ ਖੂਸਟੋ! ਕਿਉਂ ਇਹ ਤੁਸੀਂ ਵਖਾਇਐ ਮੈਨੂੰ? ਚੌਥਾ ਵੀ ਏ ਓਹੀ !-ਅੱਖੀਓ ਪਾਟੋ ! ਕੀ ਇਹ ਪਾਲ਼ ਹਸ਼ਰ ਥੀਂ ਚੱਲੂ? ਆਹ ਇੱਕ ਹੋਰ!-ਆਹ ਸੱਤਵਾਂ?-ਮੈਂ ਨਹੀਂ ਹੋਰ ਵੇਖਣਾ ਇਹਨੂੰ: ਐਪਰ ਆਹ ਅੱਠਵਾਂ ਆਉਂਦੈ ! ਹੱਥ 'ਚ ਫੜਿਐ ਦਰਪਨ ਉਹਦੇ, ਪਾਲ਼ ਜੋ ਹੋਰ ਵਖਾਏ ਲਮੇਰੀ ; ਕਈਆਂ ਦੇ ਹੱਥ ਪ੍ਰਭੂਸੱਤਾ ਦੇ ਦੁਹਰੇ ਗੋਲ਼ੇ, ਰਾਜਡੰਡ ਤਿੰਨ ਫੜੇ ਨੇ; ਘੋਰ ਭਿਆਨਕ ਦ੍ਰਿਸ਼ ਇਹ ਕਿੰਨਾ! ਹੁਣ ਪਰ ਸਮਝ ਗਿਆਂ ਇਹ ਸੱਚ ਹੈ; ਲਹੂ 'ਚ ਲਥਪਥ, ਲਟਾਂ ਉਲਝੀਆਂ ਗਲ਼ ਵਿੱਚ ਪਾਈਂ, ਪ੍ਰੇਤ ਬੈਂਕੋ ਦਾ ਤਾਂਹੀ,ਵੇਖ ਮੈਨੂੰ ਮੁਸਕਾਈਂ ਜਾਂਦੈ, ਨਾਲੇ ਕਰੇ ਇਸ਼ਾਰੇ ਇਨ ਸ਼ਾਹਾਂ ਵੱਲ, ਕਿ ਇਹ ਹਨ ਵਾਰਿਸ ਪੁੱਤਰ ਉਹਦੇ। ਹੈਂ! ਕੀ ਇਹ ਸੱਚੀਂ ਸੱਚ ਹੈ? ਚੁੜੇਲ-1:ਜੀ , ਜਨਾਬ, ਇਹ ਸਭ ਸੱਚ ਹੈ: ਐਪਰ ਕਿਉਂ ਖੜਾ ਹੈ ਮੈਕਬੈਥ, ਹੈਰਾਨ ਅਤੇ ਘਬਰਾਇਆ ਹੋਇਆ? ਆਓ ਭੈਣੋ ਰਲ਼ ਮਿਲ਼ ਆਪਾਂ, ਇਹਦੀ ਧੀਰ ਬੰਨ੍ਹਾਈਏ, ਮੁੱਖ ਤੇ ਇਹਦੇ ਆਵੇ ਖੇੜਾ, ਇਹਨੂੰ ਜ਼ਰਾ ਹਸਾਈਏ, ਸਭੇ ਖੁਸ਼ੀਆਂ ਕੋਲ ਜੋ ਸਾਡੇ, ਇਹਦੇ ਪੱਲੇ ਪਾਈਏ ; ਮੰਤਰ ਮਾਰਾਂ ਪੌਣ ਤੇ ਐਸਾ, ਸਾਜ਼ ਸੰਗੀਤ ਦਾ ਰੁਮਕਾ ਆਵੇ, ਪਾਓ ਧਮਾਲਾਂ ਤੁਸੀਂ ਦੁਆਲੇ, ਮਜ਼ਾ ਮਹਾਰਾਜ ਨੂੰ ਐਸਾ ਆਵੇ, ਮਿਹਰਬਾਨ ਹੋ ਕਹਿ ਉੱਠਣ ਇਹ: ਖੂਬ 'ਜੀ ਆਇਆਂ' ਆਖੀ ਸਾਨੂੰ । {ਚੁੜੇਲਾਂ ਨੱਚਦੀਆਂ ਨੱਚਦੀਆਂ ਅਲੋਪ ਹੋ ਜਾਂਦੀਆਂ ਹਨ} ਮੈਕਬੈਥ:ਕਿੱਧਰ ਗੱਈਆਂ? ਬੱਸ,- ਗਈਆਂ? ਕਾਸ਼, ਇਹ ਘੜੀ ਵਿਨਾਸ਼ੀ, ਸਦਾ ਰਹੇ ਸਰਾਪੀ, ਦੁਨੀਆ ਦੇ ਪੰਚਾਂਗਾਂ ਅੰਦਰ! ਕੌਣ ਐ ਬਾਹਰ? ਆ ਜਾਓ ਅੰਦਰ। {ਪ੍ਰਵੇਸ਼ ਲੈਨੌਕਸ ਦਾ} ਲੈਨੌਕਸ:ਹੁਕਮ, ਸਰਕਾਰ! ਮੈਕਬੈਥ]:ਵੇਖੀਆਂ ਭਿਅੰਕਰ ਭੈਣ-ਚੁੜੇਲਾਂ? ਲੈਨੌਕਸ:ਨਹੀਂ, ਮਾਲਿਕ। ਮੈਕਬੈਥ:ਰਾਹੇ ਵੀ ਨਹੀਂ ਮਿਲੀਆਂ ਤੈਨੂੰ? ਲੈਨੌਕਸ:ਸੱਚੀਂ ਨਹੀਂ, ਮਾਲਿਕ ਮੇਰੇ। ਮੈਕਬੈਥ:ਦੂਸ਼ਤ ਹੋਣ ਉਹ ਵਾਅਵਆਂ, ਜੀਹਨਾਂ ਉੱਤੇ ਕਰਨ ਸਵਾਰੀ; ਨਰਕੀਂ ਪੈਣ ਉਹ ਬੰਦੇ ਸਾਰੇ, ਉਹਨਾਂ ਦਾ ਜੋ ਕਰਨ ਭਰੋਸਾ!- ਸਰਪਟ ਆਉਂਦੇ ਘੁੜ-ਪੌੜਾਂ ਦੀ ਆਵਾਜ਼ ਸੁਣੀ ਸੀ, ਕੌਣ ਸੀ ਆਇਆ? ਲੈਨੌਕਸ:ਦੋ ਤਿੰਨ ਕੱਠੇ ਆਏ ਹਰਕਾਰੇ, ਜੀ ਸਰਕਾਰ, ਖਬਰ ਲਿਆਏ ਆਪਦੀ ਖਾਤਰ: ਮੈਕਡਫ ਭੱਜ ਗਿਆ ਇੰਗਲੈਂਡੇ। ਮੈਕਬੈਥ:ਭੱਜ ਗਿਐ ਇੰਗਲਿਸਤਾਨੇ ? ਲੈਨੌਕਸ:ਜੀ, ਭਲੇ ਸਰਕਾਰ। ਮੈਕਬੈਥ:ਸਮੇਂ, ਤੂੰ ਬੜਾ ਬਲਵਾਨ!ਡਰ ਮੇਰੇ ਦੇ ਮਾਅਰਕੇ ਚਿਤਵੇ, ਮਨ ਵਿੱਚ ਹੀ ਅਟਕਾਵੇਂ; ਕਰ ਗੱਦਾਰੀ ਭੱਜਣ ਵਾਲਾ ਮੰਤਵ, ਡਾਹ ਕਦੇ ਨਹੀਂ ਦਿੰਦਾ, ਜਦ ਥੀਂ ਕਰਮ-ਅਮਲ ਨਾਂ ਇਹਨੂੰ, ਵੇਲ਼ੇ ਸਿਰ ਹੱਥ ਪਾਵੇ: ਐਪਰ ਇਸ ਉਪ੍ਰੰਤ ਹੱਥ ਵੀ ਚੱਲੂ ਮਨ ਦੇ ਨਾਲੇ, ਜੋ ਵੀ ਆਊ ਦਿਲ 'ਚ ਪਹਿਲਾਂ, ਓਹੀ ਹੱਥ ਕਰੂਗਾ ਪਹਿਲਾਂ। ਤੇ ਹੁਣ 'ਸੋਚ' ਦੇ ਸਿਰ 'ਕਰਮ' ਦਾ ਸਿਹਰਾ ਬੰਨ੍ਹਣ ਖਾਤਰ, ਜੋ ਸੋਚਣੈ, ਸੋਚਣ ਸਾਰ ਬੱਸ ਕਰ ਹੀ ਦੇਣੈ: ਮੈਕਡਫ ਕਿਲੇ ਅਚਾਨਕ ਜਾ ਕੇ ਧਾਵਾ ਕਰਨੈ; ਫਿਰ ਫਾਈਫ ਤੇ ਕਬਜ਼ਾ ਕਰਨੈ; ਤਲਵਾਰ ਦੀ ਧਾਰ ਉਤਾਰ ਦੇਣੇ ਨੇ, ਤੀਵੀਂ ਉਹਦੀ, ਬੱਚੇ ਉਹਦੇ, ਨਾਲੇ ਬਦਬਖਤ ਸਾਰੀਆਂ ਜਿੰਦਾਂ, ਜੋ ਕਹਿਲਾਵਣ ਵਾਰਸ ਉਹਦੇ। ਮੂਰਖ ਵਾਲੀ ਨਹੀਂ ਇਹ ਸ਼ੇਖੀ ; ਠੰਡਾ ਮਕਸਦ ਹੋਣ ਤੋਂ ਪਹਿਲਾਂ, ਇਹ 'ਕਾਰਾ' ਮੈਂ ਕਰ ਹੀ ਦੇਣੈ: ਐਪਰ ਹੋਰ ਨਹੀਂ ਹੁਣ ਮਨ ਦੇ ਮੰਜ਼ਰ! ਕਿੱਥੇ ਨੇ ਉਹ ਹਰਕਾਰੇ? ਆਓ, ਲੈ ਕੇ ਚੱਲੋ ਮੈਨੂੰ ਉਹਨਾਂ ਕੋਲੇ। {ਪ੍ਰਸਥਾਨ}

ਸੀਨ-2-ਐਕਟ-4

ਫਾਈਫ- {ਮੈਕਡਫ ਦੇ ਕਿਲੇ 'ਚ ਇਕ ਕਮਰਾ} {ਪ੍ਰਵੇਸ਼ ਲੇਡੀ ਮੈਕਡਫ, ਉਹਦਾ ਪੁੱਤਰ, ਅਤੇ ਰੌਸ} ਲੇਡੀ ਮੈਕਡਫ:ਕੀ ਕੀਤੈ ਉਸ, ਜੋ ਭੱਜਿਐ ਦੇਸੋਂ? ਰੌਸ:ਸ਼ਾਂਤ ਰਹੋ ਮਾਦਾਮ, ਰੱਖੋ ਸਬਰ ਸਬੂਰੀ । ਲੇਡੀ ਮੈਕਡਫ:ਕੁੱਝ ਨਹੀਂ ਸੀ ਉਹਨੇ ਕੀਤਾ: ਪਾਗਲਪਣ ਸੀ ਪਲਾਇਨ ਉਹਦਾ: ਕਰਮੀਂ ਅਸੀਂ ਗੱਦਾਰ ਨਹੀਂ ਹੁੰਦੇ, ਡਰ ਸਾਨੂੰ ਗੱਦਾਰ ਬਣਾਉਂਦਾ। ਰੌਸ:ਕਹਿ ਨਹੀਂ ਸਕਦੇ ਤੁਸੀਂ ਡਰ ਸੀ ਜਾਂ ਸਿਆਣਪ ਉਹਦੀ। ਲੇਡੀ ਮੈਕਡਫ:ਸਿਆਣਪ! ਆਪਣੇ ਬੀਵੀ ਬੱਚਿਆਂ ਤਾਂਈਂ ਮੰਝਧਾਰੇ ਛੱਡਣਾ, ਆਪਣਾ ਘਰ-ਘਾਟ, ਜਗੀਰਾਂ, ਰੁਤਬੇ, ਪਿੱਛੇ ਛੱਡ ਕੇ ਆਪੂੰ ਭੱਜਣਾ! ਸਾਡੇ ਨਾਲ ਪਿਆਰ ਨਹੀਂ ਉਹਨੂੰ; ਪ੍ਰਕ੍ਰਿਤੀ ਵਾਲੀ ਫਿਤ੍ਰਤ ਦੀ ਘਾਟ ਹੈ ਉਸ ਵਿੱਚ; ਸਾਰੇ ਪੰਛੀਆਂ ਨਾਲੋਂ ਨਿੱਕੀ, ਇੱਕ ਮਾਮੂਲੀ ਚਿੜੀਆ, ਬੱਚਿਆਂ ਨੂੰ ਬਚਾਵਣ ਖਾਤਰ, ਉੱਲੂ ਨਾਲ ਵੀ ਲੜ ਜਾਂਦੀ ਹੈ, ਜੋ ਆਲ੍ਹਣੇ ਉਸ ਦੇ ਹੱਲਾ ਕਰਦਾ। ਇਹ ਤਾਂ ਨਿਰੋਲ ਡਰ ਹੈ ਉਹਦਾ, ਪਿਆਰ ਤੋਂ ਬਿਲਕੁਲ ਕੋਰਾ; ਸਿਆਣਪ-ਵਿਆਣਪ ਕੁੱਝ ਨਹੀਂ ਹੈ, ਪਲਾਇਨ ਉਲਟ ਹੈ ਹਰ ਤਰਕ ਦੇ। ਰੌਸ:ਭੈਣ ਮੇਰੀਏ, ਚਾਚੇ ਜਾਈਏ, ਅਰਜ਼ ਕਰਾਂ: ਸਮਝਾ ਲੈ ਖੁਦ ਨੂੰ: ਕੰਤ ਤੇਰਾ ਕੁਲੀਨ, ਸਿਆਣਾ, ਨਿਆਂ-ਪਸੰਦ ਤੇ ਦਾਨਾ-ਬੀਨਾ, ਨਜ਼ਾਕਤ ਵਕਤ ਦੀ ਖੂਬ ਪਛਾਣੇ। ਹੋਰ ਕਹਿਣ ਦੀ ਨਹੀਂ ਹੈ ਹਿੰਮਤ: ਸਮਾਂ ਬੜਾ ਕਰੂਰ ਹੋ ਗਿਐ, ਅਣਜਾਣੇ ਗੱਦਾਰ ਹੋ ਜਾਈਏ; ਜਦ ਅਸੀਂ ਅਫਵਾਹ ਕੋਈ ਸੁਣਦੇ, ਜਿਸ ਦਾ ਸਾਨੂੰ ਡਰ ਹੁੰਦਾ ਹੈ; ਫਿਰ ਵੀ ਸਾਨੂੰ ਪਤਾ ਨਹੀਂ ਹੁੰਦਾ, ਡਰ ਕਿਸ ਸ਼ੈਅ ਦਾ ਹੁੰਦੈ, ਐਪਰ ਖਾਈਏ ਡੱਕੇ ਡੋਲੇ, ਜਿਉਂ ਤੂਫਾਨੀ ਸਾਗਰ ਅੰਦਰ ਪੈਣ ਥਪੇੜੇ। ਮੈਨੂੰ ਹੁਣ ਇਜਾਜ਼ਤ ਦੇਵੋ: ਝਬਦੇ ਗੇੜਾ ਫੇਰ ਮੈਂ ਮਾਰੂੰ: ਮੰਦੇ ਹਾਲ ਅੰਤ ਮੁੱਕ ਜਾਂਦੇ, ਜਾਂ ਫਿਰ ਬਦਤਰ ਹੁੰਦੇ ਪਹਿਲਾਂ ਨਾਲੋਂ।- ਚੰਗਾ, ਮੇਰੀ ਭੈਣ ਪਿਆਰੀ , ਰੱਬ ਦੀ ਤੁਧ ਤੇ ਰਹਿਮਤ ਹੋਵੇ! ਲੇਡੀ ਮੈਕਡਫ:ਭਾਵੇਂ ਬੀਜ ਹੈ ਆਪਣੇ ਪਿਓ ਦਾ, ਪਿਓ ਬਾਹਰਾ ਪਰ ਅੱਜ ਖੜਾ ਹੈ। ਰੌਸ:ਮੇਰੇ ਜਿਹਾ ਨਹੀਂ ਮੂਰਖ ਹੋਣਾ, ਜੇ ਮੈਂ ਹੋਰ ਅਟਕਿਆ ਏਥੇ, ਜ਼ਿੱਲਤ, ਘਿਰਣਾ ਮੇਰੇ ਪੱਲੇ, ਦੁੱਖ, ਤਕਲੀਫਾਂ, ਤਸੀਹੇ ਤੈਨੂੰ: ਤਾਂ ਤੇ ਤੁਰੰਤ ਆਗਿਆ ਮੰਗਦਾਂ। {ਪ੍ਰਸਥਾਨ} ਲੇਡੀ ਮੈਕਡਫ:ਪਿਓ ਮੋਇਆ ਏ ਤੇਰਾ ਬੱਚੇ; ਬਿਨਾਂ ਬਾਪ ਹੁਣ ਕੀ ਕਰੇਂਗਾ? ਕਿੱਦਾਂ ਉਮਰ ਲੰਘਾਉਣੀ? ਬੇਟਾ:ਜਿੱਦਾਂ ਜੀਂਦੇ ਪੰਛੀ, ਮਾਮਾ। ਲੇਡੀ ਮੈਕਡਫ:ਮੱਖੀਆਂ ਕੀੜੇ ਖਾ ਕੇ? ਬੇਟਾ:ਮੇਰਾ ਮਤਲਬ ਜਿੱਦਾਂ ਕਿੱਦਾਂ ਕਰੂੰ ਗੁਜ਼ਾਰਾ, ਜਿਉਂ ਪੰਛੀ ਨੇ ਕਰਦੇ। ਲੇਡੀ ਮੈਕਡਫ:ਨੰਨ੍ਹੇ ਪੰਛੀ! ਪਤਾ ਨਹੀਂ ਤੈਨੂੰ, ਚੂਨਾ-ਚੀੜ੍ਹ ਤੇ ਜਾਲ, ਕੜੱਕੀ, ਖਾਤਾ, ਫੰਦਾ ਕੀ ਹੁੰਦੇ ਨੇ। ਬੇਟਾ:ਮੈਨੂੰ ਲੋੜ ਭਲਾ ਕੀ ਮਾਮਾ, ਇਹ ਸਭ ਜਾਣਾਂ ? ਮਾੜੇ ਮੋਟੇ ਪੰਛੀ ਬੇਚਾਰੇ, ਇਹਨਾਂ ਲਈ ਨਹੀਂ ਰਾਖਵੇਂ ਹੁੰਦੇ। ਨਾਲੇ ਬਾਪ ਮੇਰਾ ਨਹੀਂ ਮੋਇਆ ਹਾਲੇ, ਤੂੰ ਭਾਵੇਂ ਜੋ ਵੀ ਆਖੇਂ। ਲੇਡੀ ਮੈਕਡਫ:ਹਾਂ, ਉਹ ਤਾਂ ਸੱਚੀਂ ਮੋਇਐ: ਹੁਣ ਤੂੰ ਕੀ ਕਰੇਂਗਾ ਪਿਓ ਦੇ ਬਾਝੋਂ? ਬੇਟਾ:ਨਹੀਂ, ਪਰ ਤੂੰ ਕੀ ਕਰੇਂਗਾ ਕੰਤ ਦੇ ਬਾਝੋਂ? ਲੇਡੀ ਮੈਕਡਫ:ਕਿਉਂ! ਮੰਡੀਓਂ ਭਾਵੇਂ ਵੀਹ ਲੈ ਆਵਾਂ। ਬੇਟਾ:ਫਿਰ ਤਾਂ ਤੂੰ ਵਣਜ ਕਰੇਂਗੀ। ਲੇਡੀ ਮੈਕਡਫ:ਆਹ ਸਿਆਣੀ ਗੱਲ ਕੀਤੀ ਤੂੰ; ਇਸ ਉਮਰੇ ਬੱਸ ਏਨੀ ਕਾਫੀ। ਬੇਟਾ:ਕੀ ਮੇਰਾ ਪਿਓ ਗੱਦਾਰ ਸੀ , ਮਾਮਾ? ਲੇਡੀ ਮੈਕਡਫ:ਹਾਂ, ਗੱਦਾਰ ਸੀ ਉਹੋ। ਬੇਟਾ:ਗੱਦਾਰ ਕੀ ਹੁੰਦੈ? ਲੇਡੀ ਮੈਕਡਫ:ਜੋ ਸੌਂਹ ਖਾਵੇ ਝੂਠ ਵੀ ਬੋਲੇ। ਬੇਟਾ:ਕੀ ਸਾਰੇ ਗੱਦਾਰ ਏਵੇਂ ਕਰਦੇ? ਲੇਡੀ ਮੈਕਡਫ:ਜੋ ਵੀ ਕਰੇ ਅਜਿਹਾ, ਗੱਦਾਰ ਹੀ ਹੁੰਦੈ, ਫਾਂਸੀ ਦਾ ਹੱਕਦਾਰ ਵੀ ਹੁੰਦੈ। ਬੇਟਾ:ਕੀ ਫਿਰ ਸਾਰਿਆਂ ਫਾਹੇ ਲੱਗਣਾ, ਜੋ ਸੌਂਹ ਝੂਠੀ ਖਾਂਦੇ? ਲੇਡੀ ਮੈਕਡਫ:ਹਰ ਉਹ ਫਾਹੇ ਲੱਗਣੈ। ਬੇਟਾ:ਕੌਣ ਉਨ੍ਹਾਂ ਨੂੰ ਲਾਊ ਫਾਹੇ? ਲੇਡੀ ਮੈਕਡਫ:ਕਿਉਂ ਪੁੱਛਨੈਂ? ਸੱਚੇ ਬੰਦੇ ਲਾਉਣਗੇ ਫਾਹੇ। ਬੇਟਾ:ਫਿਰ ਤਾਂ ਕਸਮਾਂ ਖਾ ਕੇ ਝੂਠ ਜੋ ਬੋਲਣ, ਮੂਰਖ ਨਹੀਂ ਹੋ ਸਕਦੇ; ਗਿਣਤੀ ਉਨ੍ਹਾਂ ਦੀ ਏਨੀ ਜ਼ਿਆਦਾ, ਸੱਚਿਆਂ ਨੂੰ ਲਾ ਸਕਦੇ ਫਾਹੇ। ਲੇਡੀ ਮੈਕਡਫ:ਰੱਬ ਹਿਫਾਜ਼ਤ ਕਰੇ ਤਿਹਾਰੀ, ਨਿੱਕੇ ਬੰਦਰ! ਪਰ ਪਿਓ ਬਿਨਾਂ ਹੁਣ ਕੀ ਕਰੇਂਗਾ? ਬੇਟਾ:ਜੇ ਉਹ ਮੋਇਆ ਹੁੰਦਾ, ਤੂੰ ਰੋਣਾ ਸੀ ਉਹਨੂੰ: ਤੂੰ ਰੋਈ ਨੀ, ਸਾਫ ਜ਼ਾਹਰ ਹੈ, ਛੇਤੀ ਨਵਾਂ ਮਿਲੂਗਾ ਮੈਨੂੰ। ਲੇਡੀ ਮੈਕਡਫ:ਬੇਚਾਰੇ ਬਕਵਾਸੀ ਬੱਚੇ! ਕਿੱਦਾਂ ਗੱਲਾਂ ਕਰਦੈਂ। {ਇੱਕ ਹਰਕਾਰਾ ਹਾਜ਼ਰ ਹੁੰਦਾ ਹੈ} ਹਰਕਾਰਾ:ਰੱਬ ਦੀ ਰਹਿਮਤ ਹੋਏ ਮਾਦਾਮ! ਤੁਸੀਂ ਨਹੀਂ ਹੋ ਵਾਕਫ ਮੇਰੇ, ਭਾਵੇਂ ਚੰਗੀ ਤਰਾਂ ਜਾਣਦਾਂ, ਕੀ ਹੈਸੀਅਤ, ਰੁਤਬਾ ਤੁਹਾਡਾ। ਮੈਨੂੰ ਡਰ ਹੈ ਘੋਰ ਕੋਈ ਖਤਰਾ ਢੁੱਕ ਰਿਹੈ ਆਪਦੇ ਨੇੜੇ; ਸਾਦਾ ਬੰਦੇ ਦੀ ਸਪਸ਼ਟ ਨਸੀਹਤ, ਜੇਕਰ ਮੰਨੋ: ਤੁਰਦੇ ਹੋਵੋ; ਬਾਲ-ਬੱਚੇ ਵੀ ਲੈ ਜੋ ਨਾਲੇ। ਤੁਹਾਨੂੰ ਇਉਂ ਡਰਾਵਣ ਖਾਤਰ, ਮੈਂ ਸਮਝਦਾਂ ਵਹਿਸ਼ੀ ਹਾਂ ਮੈਂ; ਏਦੂੰ ਬਦਤਰ ਸਿਤਮ ਹੈ ਐਪਰ, ਜੋ ਤੁਹਾਡੇ ਨਿੱਜ ਤੇ ਚੜ੍ਹਿਆ ਆਉਂਦੈ। ਅੰਬਰ ਰਾਖਾ ਹੋਏ ਤੁਹਾਡਾ! ਹੋਰ ਰੁਕਣ ਦੀ ਜੁਰਅਤ ਨਹੀਂ ਹੈ। {ਪ੍ਰਸਥਾਨ} ਲੇਡੀ ਮੈਕਡਫ:ਹੁਣ ਦੱਸੋ, ਮੈਂ ਕਿੱਧਰ ਉਡ ਜਾਂ? ਮੈਂ ਤਾਂ ਕੁੱਝ ਨਹੀਂ ਮਾੜਾ ਕੀਤਾ। ਐਪਰ ਹੁਣ ਮੈਂ ਸਮਝ ਗਈ ਹਾਂ, ਮੈਂ ਉਸ ਧਰਤੀ ਦੀ ਹਾਂ ਵਾਸੀ; ਜਿੱਥੇ ਅਕਸਰ ਮਾੜਾ ਕਰਨ ਤੇ, ਵਾਹਵਾਹ ਹੁੰਦੀ; ਚੰਗਾ ਕਰੋ ਤਾਂ ਅਕਸਰ ਮੂਰਖਾਂ ਅੰਦਰ ਗਿਣਤੀ ਹੁੰਦੀ: ਫੇਰ ਭਲਾ ਕਿਉਂ ਮੈਂ ਆਪਣੀ ਰੱਖਿਆ ਖਾਤਰ, ਤੀਵੀਂਆਂ ਵਾਲੀਆਂ ਦਿਆਂ ਦਲੀਲਾਂ: ਆਖਾਂ ਕੁੱਝ ਨਹੀਂ ਮੈਂ ਮਾੜਾ ਕੀਤਾ?- ਆਹ ਕਿਹੜੇ ਨੇ ਆਉਂਦੇ ਸਾਹਵੇਂ? {ਕਾਤਲ ਪ੍ਰਵੇਸ਼ ਕਰਦੇ ਹਨ} ਕਾਤਲ-1:ਕਿੱਥੇ ਕੰਤ ਹੈ ਤੇਰਾ? ਲੇਡੀ ਮੈਕਬੈਥ:ਨਾਪਾਕ ਅਜਿਹੀ ਥਾਂ ਨਹੀਂ ਹੋਣੀ, ਜਿੱਥੇ ਲੱਭੇ ਤੇਰੇ ਜਿਹਾਂ ਨੂੰ। ਕਾਤਲ-1:ਦੇਸ਼ ਧਰੋਹੀ ਗੱਦਾਰ ਹੈ ਉਹੋ। ਬੇਟਾ:ਬਕਦੈਂ ਜੱਤਲ ਬਦਮਾਸ਼ਾ! ਕਾਤਲ-1:ਕੀ ਬੋਲੇਂ ਤੂੰ, ਸੜੀਅਲ ਆਂਡੇ, ਗੱਦਾਰੀ ਦੇ ਤੇਲ ਤਲ਼ਾਏ?(ਖੰਜਰ ਘੋਂਪਦਾ ਹੈ) ਬੇਟਾ:ਮਾਰ ਦਿੱਤਾ ਨੀ ਹਾਏ, ਅਮੜੀਏ: ਨੱਸ ਜਾ ਏਥੋਂ, ਅਰਜ਼ ਕਰਾਂ ਮੈਂ! {ਮਰ ਜਾਂਦਾ ਹੈ; ਲੇਡੀ ਮੈਕਡਫ "ਖੂਨ, ਖੂਨ" ਦਾ ਰੌਲ਼ਾ ਪਾਉਂਦੀ ਦੌੜਦੀ ਹੈ, ਕਾਤਲ ਪਿੱਛਾ ਕਰਦੇ ਹਨ}

ਸੀਨ-3-ਐਕਟ-4

ਇੰਗਲੈਂਡ। ਰਾਜ ਮਹਿਲ ਦੇ ਸਾਹਵੇਂ {ਪ੍ਰਵੇਸ਼ ਮੈਲਕੌਲਮ ਅਤੇ ਮੈਕਡਫ ਦਾ} ਮੈਲਕੌਲਮ:ਕੱਲੀ ਕਾਰੀ ਛਾਂ ਕੋਈ ਲੱਭੀਏ, ਦੁਖੜੇ ਰੋਈਏ ਸਾਰੇ, ਹੌਲ਼ਾ ਕਰੀਏ ਭਾਰ ਦਿਲਾਂ ਦਾ। ਮੈਕਡਫ:ਚੰਗਾ ਹੋ ਸੀ ਖੜਗਾਂ ਘਾਤਕ, ਘੁੱਟ ਕੇ ਫੜੀਏ ਮਰਦਾਂ ਵਾਂਗੂੰ, ਖੁੱਸੀ, ਹਾਰੀ ਜਨਮ ਭੂਮੀ ਦੇ ਪੰਧ ਨਾਪੀਏ; ਹਰ ਨਵੇਂ ਦਿਨ ਨਵੀਆਂ ਵਿਧਵਾਵਾਂ ਵੈਣ ਪਾਉਂਦੀਆਂ; ਨਵੇਂ ਅਨਾਥ ਪਾਉਣ ਕੀਰਨੇ; ਨਵੇਂ ਸੋਗ, ਰੰਜ ਨਵੇਂ ਨਿੱਤ ਅੰਬਰ ਦਾ ਮੂੰ੍ਹਹ ਇਉਂ ਥਪੜਾਉਂਦੇ, ਸੱਟ ਜਿਉਂ ਲੱਗੇ ਸਕਾਟਲੈਂਡ ਨੂੰ, ਦੁੱਖ ਅੰਬਰਾਂ ਨੂੰ ਹੋਵੇ: ਵਿਲਕੀਂ ਜਾਵੇ, ਧਾਹਾਂ ਮਾਰੇ, ਐਸਾ ਗ਼ਮ ਦਾ ਸ਼ਬਦ ਸੁਣਾਵੇ। ਮੈਲਕੌਲਮ:ਜੋ ਵਾਪਰਿਐ, ਵਿਸ਼ਵਾਸ ਹੈ ਮੈਨੂੰ, ਉਸ ਦਾ ਮੈਂ ਵਿਰਲਾਪ ਹੈ ਕਰਨਾ; ਜੋ ਵੀ ਹੋਰ ਖਬਰ ਮਿਲੂਗੀ, ਉਸ ਤੇ ਵੀ ਵਿਸ਼ਵਾਸ ਕਰੂੰਂਗਾ; ਚਾਰਾ ਜੋ ਵੀ ਕਰ ਸਕਦਾ ਹਾਂ, ਵਕਤ ਦਾ ਲੈ ਸਹਾਰਾ, ਕਰੂੰਗਾ ਪੱਕਾ। ਆਪ ਨੇ ਜੋ ਵੀ ਦੱਸਿਐ ਮੈਨੂੰ, ਹੋ ਸੱਕਦੈ ਸਭ ਠੀਕ ਹੀ ਹੋਵੇ, ਇਸ ਜ਼ਾਲਮ ਨੂੰ, ਜੀਹਦਾ ਨਾਂਅ ਲੈਂਦਿਆਂ ਜੀਭ ਤੇ ਸਾਡੀ ਛਾਲੇ ਪੈਂਦੇ, ਕਦੇ ਲੋਕ ਸੀ ਧਰਮੀ ਕਹਿੰਦੇ : ਤੁਸੀਂ ਵੀ ਉਹਨੂੰ ਮੋਹ ਬੜਾ ਸੀ ਕਰਦੇ; ਉਹਨੇ ਤੁਹਾਨੂੰ ਹੱਥ ਨਹੀਂ ਪਾਇਆ। ਮੈਂ ਹਾਂ ਉਮਰ, ਅਕਲ ਦਾ ਕੱਚਾ; ਐਪਰ ਮੇਰੇ ਬਦਲੇ ਇਨਾਮ ਕਰਾਮ ਬੜਾ ਮਿਲੂ ਤੁਹਾਨੂੰ ਉਹਦੇ ਕੋਲੋਂ; ਨਾਲੇ ਸਿਆਣਪ ਰਹੀ ਇਸੇ ਵਿੱਚ, ਮਾਸੂਮ ਲੇਲ਼ੇ ਦੀ ਦਿਓ ਕੁਰਬਾਨੀ : ਕਰੋਧੀ ਦੇਵ ਮਨਾਵਣ ਖਾਤਰ। ਮੈਕਡਫ:ਮੈਂ ਐਸਾ ਮੱਕਾਰ ਨਹੀਂ ਹਾਂ। ਮੈਲਕੌਲਮ:ਐਪਰ ਮੈਕਬੈਥ ਮੱਕਾਰ ਹੈ ਪੂਰਾ। ਫਿਤ੍ਰਤ ਨੇਕ, ਭਲੀ ਆਤਮਾ, ਸ਼ਾਹੀ ਹੁਕਮਾਂ ਥੱਲੇ, ਅਕਸਰ ਰੂਪ ਬਦਲਦੇ ਆਪਣਾ; ਐਪਰ ਮੈਂ ਖਿਮਾਂ ਦਾ ਜਾਚਕ : ਸੋਚ ਤਾਂ ਮੇਰੀ ਬਦਲ ਨਹੀਂ ਸਕਦੀ : ਅਸਲ 'ਚ ਤੁਸੀਂ ਜੋ ਰਹੇ ਹੋ, ਉੱਜਲ-ਮੁਖ ਫਰਿਸ਼ਤੇ ਅੱਜ ਵੀ ਹੈਸਨ, ਭਾਵੇਂ ਉੱਜਲਤਮ ਹੀ ਸੀ ਜੋ ਮੈਲਾ ਹੋਇਆ: ਕੁੱਲ ਮੰਦੀਆਂ ਸ਼ੈਆਂ ਭਾਵੇਂ ਰਹਿਮਤ ਮੱਥੇ ਜਾਵਣ ਲਿਖੀਆਂ, ਫਿਰ ਵੀ ਰਹਿਮਤ ਰਹਿਮਤ ਰਹਿਣੀ, ਕਾਲਖ ਕਦੇ ਨਹੀਂ ਚੰਨ ਲੁਕਾਣਾ। ਮੈਕਡਫ:ਫਿਰ ਤਾਂ ਮੇਰੀਆਂ ਆਸਾਂ ਉੱਤੇ, ਫਿਰ ਗਿਐ ਪਾਣੀ। ਮੈਲਕੌਲਮ:ਸ਼ਾਇਦ ਮੇਰੀਆਂ ਸ਼ੰਕਾਵਾਂ ਦਾ ਕਾਰਨ ਸੀ ਉਹ ਤੇਜ਼ੀ, ਜਿਸ ਵਿੱਚ ਸੋਚ ਸਮਝ ਬਿਨਾਂ ਹੀ, ਬੀਵੀ ਬੱਚੇ ਤੁਸਾਂ ਨੇ ਛੱਡੇ, ਜੀਵਨ ਦੇ ਵਡਮੁੱਲੇ ਮਕਸਦ, ਮੋਹ ਪਿਆਰ ਦੀਆਂ ਪੀਢੀਆਂ ਗੰਢਾਂ, ਉਹ ਵੀ ਬਿਨਾਂ ਅਲਵਿਦਾਅ ਆਖੇ ! ਇਹ ਤਾਂ ਸਿਰਫ ਨੇ ਸ਼ੰਕੇ, ਸੰਸੇ, ਅਪਮਾਨ ਤੁਹਾਡਾ ਨਹੀਂ ਹੈ ਲਾਜ਼ਿਮ, ਬੱਸ ਨਿੱਜ ਹਿਫਾਜ਼ਤ ਵਾਲੀ ਗੱਲ ਹੈ; ਠੀਕ ਤੁਸੀਂ ਵੀ ਹੋ ਸਕਦੇ ਹੋ, ਮੈਂ ਤਾਂ ਭਾਵੇਂ ਕੁੱਝ ਵੀ ਸੋਚਾਂ। ਮੈਕਡਫ:ਲਹੂ ਲੁਹਾਣ, ਲਥਪਥ ਰਹਿ ਤੂੰ ਦੇਸ ਬੇਚਾਰੇ! ਮਹਾਂ ਜ਼ੁਲਮ, ਮਹਾਂ ਦਮਨ, ਓ ਤਾਨਾਸ਼ਾਹੀ , ਆਪਣੀ ਨੀਂਹ ਤੂੰ ਪੱਕੀ ਕਰ ਲੈ, ਨੇਕੀ ਤੈਨੂੰ ਰੋਕ ਨਹੀਂ ਸਕਦੀ ! ਮੰਦ-ਕਰਮੀ ਦਾ ਪਹਿਨ ਲਿਬਾਸ, 'ਖੌਫਨਾਕ' ਨਾਂਅ ਧਰਵਾ ਲੈ।- ਅਲਵਿਦਾਅ, ਫਿਰ ਲਾਟ ਸੁਆਮੀ : ਉਹ ਬਦਮਾਸ਼ ਮੈਂ ਨਹੀਂ ਹਾਂ, ਜੋ ਤੂੰ ਸਮਝੇਂ ਮੈਨੂੰ, ਭਾਵੇਂ ਸਭ ਕੁੱਝ ਮਿਲਦਾ ਹੋਵੇ, ਤਾਨਾ ਸ਼ਾਹ ਦੇ ਹੱਥ ਜੋ ਆਇਐ, ਨਾਲੇ ਕੁੱਲ ਪੂਰਬ ਵੀ, ਹੱਥ ਝੂੰਗੇ ਵਿੱਚ ਆਵੇ। ਮੈਲਕੌਲਮ:ਬੁਰਾ ਮਨਾ ਨਾਂ, ਕਰ ਨਾਂ ਗੁੱਸਾ: ਪੱਕਾ ਸ਼ੱਕ ਨਹੀਂ ਹੈ ਮੇਰਾ, ਡਰ ਨਹੀਂ ਹੈ ਪੂਰਨ ਤੇਰਾ; ਮੈਂ ਸਮਝਦਾਂ ਦੇਸ ਅਸਾਡਾ, ਗ਼ੁਲਾਮੀ ਅੰਦਰ ਧਸਦਾ ਜਾਂਦੈ; ਲਹੂ 'ਚ ਲਥਪਥ ਰੋਈਂ ਜਾਂਦੈ; ਨਿੱਤ ਨਵੇਂ ਦਿਨ ਘਾਓ ਅਵੱਲੇ ਖਾਈਂ ਜਾਂਦੈ, ਜ਼ਖਮਾਂ ਵਾਲੀ ਗਿਣਤੀ ਆਪਣੀ ਹੋਰ ਵਧਾਈਂ ਜਾਂਦੈ: ਮੈਂ ਜਾਣਦਾਂ ਹੱਕ 'ਚ ਮੇਰੇ, ਹੱਥ ਉੱਠਣ ਗੇ ਹੋਰ ਵੀ ਓਥੇ; ਨਾਲੇ ਮਿਹਰਬਾਨ ਬਰਤਾਨੀ ਸ਼ਾਹ ਨੇ, ਪੇਸ਼ ਕੀਤੇ ਨੇ ਹਜ਼ਾਰਾਂ ਸੈਨਿਕ: ਐਪਰ ਇਹ ਸਭ ਹੁੰਦਿਆਂ ਸੁੰਦਿਆਂ,ਜਦ ਮੈਂ ਕੁਚਲੂੰ ਸਿਰ ਜ਼ੁਲਮੀ ਦਾ, ਜਾਂ ਤਲਵਾਰ ਦੀ ਧਾਰ ਤੇ ਰੱਖੂੰ; ਦੇਸ ਤਾਂ ਮੇਰਾ ਹੋਰ ਵਧੇਰੇ ਝੱਲੂ, ਪਹਿਲਾਂ ਨਾਲੋਂ ਵੱਡੀਆਂ ਬਦੀਆਂ; ਬਰਦਾਸ਼ਤ ਹੋਰ ਵੀ ਕਰਨੇ ਪੈਣੇ ਉਹਨੂੰ, ਦੁੱਖ ਦਰਦ ਅਨੇਕ ਕਿਸਮ ਦੇ, ਜੋ ਵੀ ਮੁਕਟ ਕੰਡਿਆਂ ਵਾਲਾ ਸੀਸ ਸਜਾਊ। ਮੈਕਡਫ:ਕੌਣ ਹੋਊਗਾ ਐਸਾ ਕੋਈ? ਮੈਲਕੌਲਮ:ਮੇਰਾ ਮਤਲਬ ਮੈਂ ਹੀ ਹੋਊਂ: ਮੈਂ ਜਾਣਦਾਂ ਰਿਦੇ 'ਚ ਮੇਰੇ,'ਕਲਮਾਂ' ਕਿੰਨੀਆਂ ਬਦੀ ਦੀਆਂ ਲੱਗੀਆਂ, ਜਦ ਉਹ ਫੁੱਟੀਆਂ ਮੈਕਬੈਥ ਕਾਲਾ, ਕੋਹਰੇ ਵਰਗਾ ਪਾਕ ਹੀ ਦਿਸਣੈ; ਤੁਲਣਾ ਜਦ ਲਾਚਾਰ ਰਿਆਸਤ ਕੀਤੀ, ਲੇਲ਼ੇ ਜਿਹਾ ਮਾਸੂਮ ਲੱਗਣੈ, ਬੇਸ਼ੁਮਾਰ ਮੇਰੇ ਨੁਕਸਾਂ ਨਾਲ। ਮੈਕਡਫ:ਘੋਰ ਭਿਆਨਕ ਨਰਕ ਦੇ ਅੰਦਰ, ਬੇਸ਼ੁਮਾਰ ਸ਼ੈਤਾਨ ਜੋ ਰਹਿੰਦੇ, ਉਹਨਾਂ ਦਾ ਸਿਰਤਾਜ ਵੀ ਕੋਈ, ਮੈਕਬੈਥ ਨਾਲੋਂ ਨਹੀਂ ਭਿਆਨਕ। ਮੈਲਕੌਲਮ:ਮੈਂ ਮੰਨਦਾਂ ਉਹ ਖੂਨੀ , ਕਾਤਲ, ਅਯਾਸ਼, ਲਫੰਗਾ, ਧੋਖੇਬਾਜ਼ ਬੜਾ ਹੀ ਝੂਠਾ, ਲਾਲਚੀ ਕੁੱਤਾ, ਮਹਾਂ ਕਮੀਨਾ, ਮੌਤ ਭਿਅੰਕਰ, ਹੱਥ ਦਾ ਕਾਹਲਾ, ਦੋਸ਼ ਦੁਵੈਖ ਦਾ ਭਰਿਆ ਭਾਂਡਾ, ਬੂ ਮਾਰਦਾ ਹਰ ਬਦੀ ਦੀ , ਜੋ ਵੀ ਦੁਨੀ 'ਚ ਨਾਂਅ ਧਰਾਵੇ: ਐਪਰ ਮੇਰੇ ਹਵਸ, ਨਫਸ ਦਾ ਪੇਂਦਾ ਹੈ ਨਹੀਂ, ਥਾਹ ਨਹੀਂ ਕੋਈ: ਰਈਅਤ ਦੀਆਂ ਸਭ ਬਹੂ ਬੇਟੀਆਂ, ਸੁਆਣੀਆਂ ਸੁੰਦਰ, ਅੱਲੜ ਮੁਟਿਆਰਾਂ, ਖਾਤਾ ਮੇਰੀ ਸ਼ਹਿਵਤ ਵਾਲਾ, ਸਭ ਤੋਂ ਮਿਲ ਕੇ ਭਰ ਨਹੀਂ ਹੋਣਾ: ਬੇਸ਼ੁਮਾਰ ਭੁੱਖਾਂ ਬਾਕੀ ਨੇ ਫਿਰ, ਰੋਕ ਰੁਕਾਵਟ, ਕੁੱਲ ਬੰਦਸ਼ਾਂ, ਅੜਾਖੋਟ ਸਭ ਟੱਪ ਜਾਣੇ ਨੇ, ਜੋ ਨਫਸ ਮੇਰੇ ਦੇ ਰਾਹ ਵਿੱਚ ਆਏ: ਕਿਤੇ ਜ਼ਿਆਦਾ ਚੰਗਾ ਮੈਕਬੈਥ, ਅਜਿਹੇ ਰਾਜੇ ਨਾਲੋਂ। ਮੈਕਡਫ:ਅਸੀਮ, ਅਸੰਜਮ ਸੁਭਾਅ ਤਾਂ ਮੰਨੋ, ਜ਼ੁਲਮ ਹੀ ਹੁੰਦੈ; ਹਸਦੇ ਵਸਦੇ ਤਖਤ ਬੜੇ ਇਸ, ਬੇਵਕਤੇ ਹੀ ਸੁੰਨੇ ਕੀਤੇ, ਬੜੇ ਸ਼ਾਹਾਂ ਦਾ ਪਤਨ ਕਰਾਇਐ। ਐਪਰ ਫਿਕਰ ਦੀ ਲੋੜ ਨਹੀਂ ਹੈ, ਆਪਣੀ ਸ਼ੈਅ ਤੇ ਕਾਬੂ ਕਰਨੈ: ਪਰਦੇ ਪਿੱਛੇ ਕਰੋ ਅੱਯਾਸ਼ੀ, ਕਰੋ ਵਖਾਵਾ ਸੀਤ, ਸੰਜਮੀ ਵਾਲਾ, --ਅੱਖੀਂ ਘੱਟਾ ਪਾਓ ਸਮੇਂ ਦੇ। ਦਿਲ ਤਲ਼ੀ ਤੇ ਰੱਖੀਂ ਨੱਢੀਆਂ, ਕਈ ਫਰਦੀਆਂ ਮੰਗੋ ਇੱਕ, ਹਜ਼ਾਰ ਮਿਲਦੀਆਂ; ਮੈਂ ਨਹੀੰ ਮੰਨਦਾ ਤੇਰੇ ਅੰਦਰ, ਗਿੱਧ ਕੋਈ ਏਡਾ ਭੁੱਖੜ ਵੱਸਦੈ, ਖਾ ਜਾਵੇ ਜੋ ਸਭ ਐਸੀਆਂ, ਮਨ ਦੀ ਮੌਜ 'ਚ ਆਕੇ ਜੀਹਨਾਂ, ਹਜ਼ੂਰ ਦੇ ਆ ਸਮਰਪਿਤ ਹੋਣੈ। ਮੈਲਕੌਲਮ:ਇਹਦੇ ਨਾਲ ਹੀ ਅਤਿ ਮੰਦੇ ਸੁਭਾਅ 'ਚ ਮੇਰੇ, ਅਤ੍ਰਿਪਤ ਲਾਲਸਾ ਕੁੱਝ ਐਸੀ ਉਪਜ ਰਹੀ ਹੈ: ਕਿ ਜੇ ਕਿਧਰੇ ਮੈਂ ਬਣਾਂ ਬਾਦਸ਼ਾਹ, ਅਮੀਰ, ਵਜ਼ੀਰ ਕਤਲ ਕਰਾਵਾਂ, ਉਹਨਾਂ ਦੀਆਂ ਜ਼ਮੀਨਾਂ ਖਾਤਰ; ਹੀਰੇ ਕਿਸੇ ਦੇ, ਘਰ ਕਿਸੇ ਦਾ, ਜੰਗਲ ਅਤੇ ਜਾਇਦਾਦਾਂ ਖਾਤਰ; ਲੁੱਟ-ਖਸੁੱਟ ਕਰੂੰ ਮੈਂ ਜਿੰਨੀ, ਮਜ਼ੇਦਾਰ ਉਹ ਚਟਣੀ ਵਾਂਗੂੰ, ਲਾਲਸਾ ਹੋਰ ਵਧਾਊ ਮੇਰੀ; ਅਨਿਆਈਂ ਝਗੜੇ, ਬੜੇ ਬਣਾਉਟੀ, ਸੱਜਣ ਪੁਰਸ਼, ਵਫਾਦਾਰਾਂ ਦੇ, ਗਲ਼ ਮੈਂ ਪਾਊਂ, ਕਰੂੰ ਬਹਾਨੇ, ਮਿਲਖ, ਖਜ਼ਾਨੇ ਖੋਹਣ ਖਾਤਰ। ਮੈਕਡਫ:ਇਹ ਲਾਲਸਾ ਡੂੰਘੀ ਜਾਂਦੀ; ਵਾਂਗ ਹੁਨਾਲੇ ਅਸਥਿਰ, ਕਾਮ ਲਾਲਸਾ ਨਾਲੋਂ ਕਿਤੇ ਵੱਧ ਵਿਨਾਸ਼ਕ ਜੜ੍ਹ ਹੈ ਇਹਦੀ; ਕਈ ਮਕਤੂਲ ਸ਼ਾਹਾਂ ਦੀ ਆਪਣੇ, ਇਹੋ ਖੜਗ ਰਹੀ ਹੈ: ਐਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ; ਲਾਲਸਾ ਤ੍ਰਿਪਤ ਕਰਨ ਨੂੰ ਤੇਰੀ, ਸਕਾਟਲੈਂਡ'ਚ ਬਹੁਲ਼ ਬੜੀ ਹੈ, ਜੋ ਕੱਲੇ ਦੀ ਤੇਰੀ ਹੋਣੀ : ਇਹ ਸਭ ਕੁੱਝ ਤਾਂ ਬੱਸ ਚਲਦਾ ਰਹਿੰਦੈ, ਸਦਗੁਣ ਵਾਲਾ ਜੇਕਰ ਹੋਵੇ ਪੱਲੜਾ ਭਾਰੀ। ਮੈਲਕੌਲਮ:ਪਰ ਮੇਰੇ ਪੱਲੇ ਸਦਗੁਣ ਹੈ ਨਹੀਂ। ਸ਼ਾਹਾਂ ਵਾਲੀਆਂ ਮਿਹਰਾਂ ਹੋਵਣ: ਨਿਆਂ, ਸੱਚ, ਸੰਜਮ, ਸਥਿਰਤਾ, ਉਦਾਰਤਾ ਅਤੇ ਦ੍ਰਿੜ੍ਹਤਾ ਪੂਰੀ, ਸ਼ਰਧਾ, ਧੀਰਜ, ਜੇਰਾ ਪੂਰਾ, ਦਯਾਵਾਨ ਮਸਕੀਨੀ, ਤੇ ਸਬਰ ਸਬੂਰੀ-ਰਸ ਇਨ੍ਹਾਂ ਦਾ ਮੈਂ ਨਹੀਂ ਮਾਣਿਆ; ਮੰਦਕਰਮੀ ਦੀ ਹਰ ਭਾਅ ਮਾਣੀ , ਕਈ ਤਰੀਕੇ , ਸਾਧਨ ਵਰਤੇ, ਅਕਸਰ ਜੁਰਮ ਫੋਲ ਕੇ ਵੇਖੇ, ਉਲਟੇ ਪੁਲਟੇ ਕਰ ਕੇ। ਨਾਂ, ਨਾਂ! ਜੇ ਕਿੱਧਰੇ ਸੱਤਾ ਵੀ ਮਿਲਗੀ, ਦੁੱਧ ਨੇਕੜੂ ਸਹਿਮਤੀ ਵਾਲਾ, ਨਰਕੀ ਖਾਤੇ ਜਾ ਮੈਂ ਪਾਉਣੈ, ਵਿਸ਼ਵ ਸ਼ਾਂਤੀ ਭੰਗ ਕਰ ਦੇਣੀ , ਗੌਗਾ, ਸ਼ੋਰ, ਅਜਿਹਾ ਪਾਉਣੈ; ਕੁੱਲ ਜਹਾਨ ਦੀ ਕੁੱਲ ਏਕਤਾ,ਭੰਗ ਕਰਨੀ,ਤਰਥੱਲ ਮਚਾਉਣੈ। ਮੈਕਡਫ:ਓ ਸਕਾਟਲੈਂਡ! ਹਾਏ ਓ ਸਕਾਟਲੈਂਡ, ਫੁੱਟੀ ਕਿਸਮਤ ਤੇਰੀ! ਮੈਕਲਕੌਲਮ:ਮੇਰੇ ਜਹੇ ਨੂੰ ਰਾਜ ਕਰਨ ਦੇ ਯੋਗ ਜੇ ਸਮਝੋਂ, ਤਾਂ ਫਿਰ ਬੋਲੋ: ਪਰ ਮੈਂ ਉਹੀ ਹਾਂ ਜੋ ਮੈਂ ਦੱਸਿਐ। ਮੈਕਡਫ:ਰਾਜ ਦੇ ਯੋਗ!- ਨਹੀਂ, ਬਿਲਕੁਲ ਨਹੀਂ: ਜੀਵਤ ਰਹਿਣ ਦੇ ਯੋਗ ਨਹੀਂ।- ਹਾਏ ਨੀਂ ਦੁਖਿਆਰੀ ਕੌਮੇ!- ਅਣਅਧਿਕਾਰਤ ਇੱਕ ਜ਼ਾਲਮ ਨੇ, ਖੂਨੀ ਰਾਜ-ਡੰਡ ਹੈ ਫੜਿਆ, ਅਸਲੀ ਵਾਰਸ ਤਾਜ-ਤਖਤ ਦਾ, ਨਿੱਜ-ਰੋਕ-ਸਰਾਪ ਗ੍ਰੱਸਿਆ, ਨਸਲ ਆਪਣੀ, ਖਾਨਦਾਨੀ ਨੂੰ, ਆਪਣੇ ਮੂੰਹ ਤ੍ਰਿਸਕਾਰਿਤ ਕਰਦੈ; ਕਦ ਫਿਰ ਤੇਰੇ ਦਿਨ ਫਿਰਨਗੇ, ਕਦ ਫਿਰ ਪਰਤਣ ਖੁਸ਼ੀਆਂ?- ਤੇਰਾ ਸ਼ਾਹ ਪਿਤਾ ਸੀ ਜਿਹੜਾ, ਸੱਚਾ ਸੰਤਸਿਪਾਹੀ ਸੀ ਉਹ ਰਾਜਾ, ਜਿਸ ਮਲਿਕਾ ਨੇ ਜਾਇਆ ਤੈਨੂੰ, ਅਕਸਰ ਸਜਦੇ ਡਿੱਗੀ ਦਿਸਦੀ, ਸਿੱਧੀ ਖੜੀ ਘੱਟ ਹੀ ਦਿਸਦੀ , ਜੀਵਨ ਪੂਰਾ ਲੰਘਿਆ ਏਦਾਂ। ਅਲਵਿਦਾਅ!-ਜੋ ਬਦੀਆਂ ਤੂੰ ਸਿਰ ਲਾਈਐਂ ਆਪਣੇ, ਸਕਾਟਲੈਂਡ ਤੋਂ ਦੇਸ ਨਿਕਾਲਾ, ਇਹ ਮੇਰਾ ਬਣ ਗਈਆਂ।- ਹਾਏ ਦਿਲਾ! ਹੁਣ ਆਸ਼ਾ ਮੋਈ , ਖਤਮ ਕਹਾਣੀ ਪੂਰੀ ਹੋਈ! ਮੈਲਕੌਲਮ:ਮੈਕਡਫ, ਅਤਿ ਸ੍ਰੇਸ਼ਟ ਇਸ ਜਜ਼ਬੇ ਤੇਰੇ, ਈਮਾਨ, ਧਰਮ, ਨੇਕੀ ਦੇ ਜਾਏ, ਸ਼ੰਕਿਆਂ ਵਾਲੀ ਕਾਲਖ ਸਾਰੀ , ਰੂਹ ਮੇਰੀ ਤੋਂ ਧੋ ਛੱਡੀ ਹੈ; ਆਤਮ-ਸਨਮਾਨ, ਸੱਚਾਈ ਤੇਰੀ , ਸੋਚ ਨੂੰ ਮੇਰੀ ਟੁੰਬ ਗਈ ਹੈ। ਸ਼ੈਤਾਨ-ਦਿਮਾਗ਼ ਮੈਕਬੈਥ ਨੇ , ਚੱਲ ਕੇ ਬੜੀਆਂ ਦੀਰਘ ਚਾਲਾਂ, ਕਈ ਵਾਰ ਫਸਾ ਕੇ ਮੈਨੂੰ, ਕਾਬੂ ਕਰਨ ਦੀ ਕੋਸ਼ਿਸ਼ ਕੀਤੀ ; ਐਪਰ ਸਿੱਧੜ ਸਿਆਣਪ ਮੇਰੀ, ਭੋਲੇਪਣ ਵਿਸ਼ਵਾਸ ਕਰਨ ਦੀ ਕਾਹਲ ਨੂੰ ਨੱਥ ਪਾਈਂ ਰੱਖੇ : ਰਬ ਗਵਾਹ ਇਸ ਸਮਝੌਤੇ ਦਾ, ਜੋ ਆਪਣੇ ਵਿੱਚ ਹੋਇਐ ! ਹੁਣ ਮੈਂ ਏਸੇ ਪਲ ਤੋਂ ਕਰਦਾਂ, ਖੁਦ ਨੂੰ ਤੇਰੀ ਹਦਾਇਤ ਹਵਾਲੇ, ਨਾਲੇ ਨਿੰਦ-ਨਿਰਾਦਰ ਸਾਰਾ ਵਾਪਸ ਲੈਨਾ, ਜੋ ਮੈਂ ਆਪੂੰ ਆਪਣਾ ਕੀਤਾ; ਦਾਗ਼, ਧੱਬੇ, ਦੋਸ਼ ਜੋ ਸਾਰੇ, ਸਿਰ ਆਪਣੇ ਸੀ ਪਹਿਲਾਂ ਲਾਏ, ਮੇਰੀ ਫਿਤ੍ਰਤ ਵਿੱਚ ਨਹੀਂ ਹਨ, ਇਸੇ ਲਈ ਇਨਕਾਰੀ ਹੁੰਨਾਂ। ਔਰਤ ਹੁਣ ਥੀਂ ਕਦੇ ਨਹੀਂ ਮਾਣੀ; ਝੂਠੀ ਕਸਮ ਕਦੇ ਨਹੀਂ ਖਾਧੀ ਆਪਣੀ ਕਿਸੇ ਵਸਤ ਲਈ ਵੀ, ਮਨ ਕਦੇ ਲਲਚਾਇਆ ਨਾਂਹੀਂ; ਧਰਮ/ਈਮਾਨ ਦਾ ਕਦੇ ਵੀ ਪੱਲਾ, ਹਾਲੇ ਤੱਕ ਤਾਂ ਛੱਡਿਆ ਨਾਂਹੀਂ; ਸ਼ੈਤਾਨ ਦੇ ਸਾਥੀ ਕੋਲ ਵੀ ਉਹਦੀ, ਚੁਗ਼ਲੀ ਕਦੇ ਕਰਾਂ ਨਾਂ; ਆਪਣੀ ਮਿੱਠੀ ਜਿੰਦੜੀ ਨਾਲੋਂ, ਸੱਚ ਨੂੰ ਘੱਟ ਪਿਆਰ ਕਰਾਂ ਨਾਂ: ਪਹਿਲਾ ਝੂਠ ਇਸ ਜੀਵਨ ਦਾ, ਨਿੰਦਿਆ ਖੁਦ ਨੂੰ ਤੇਰੇ ਸਾਹਵੇਂ: ਜੋ ਮੈਂ ਹਾਂ ਸੋ ਹਾਂ, ਨਾਲੇ ਮੇਰਾ ਦੇਸ ਬੇਚਾਰਾ, ਬੱਸ ਤੇਰੇ ਹਾਂ ਦੋਵੇਂ, ਜਿੱਧਰ ਤੋਰੇਂ ਤੁਰੀਏ ਓਧਰ, ਜੋ ਬੋਲੇਂ ਸੋ ਕਰੀਏ, ਹੁਕਮ ਬਜਾਈਏ ਤੇਰਾ; ਬਜ਼ੁਰਗ ਸੀਵਰਡ ਲੈ ਗਿਐ ਨਾਲੇ, ਦਸ ਹਜ਼ਾਰ ਜੋਧੇ, ਜੰਗਜੂ ਭਾਰੇ, ਜੰਗ ਦੀ ਬੜੀ ਤਿਆਰੀ ਉਹਦੀ, ਹਮਲੇ ਲਈ ਤਿਆਰ ਖੜਾ ਹੈ: ਹੁਣ ਆਪਾਂ ਵੀ ਹੋਗੇ ਕੱਠੇ, ਤੇ ਭਲਿਆਈ ਦਾ ਅਵਸਰ ਫਲ਼ਣੈ, ਜੀਹਦੇ ਲਈ ਸੰਘਰਸ਼ ਹਾਂ ਕਰਦੇ। ਐਪਰ ਚੁੱਪ ਹੈਂ ਕਾਹਦੀ ਖਾਤਰ? ਮੈਕਡਫ:'ਦੁਰ, ਦੁਰ' ਨਾਲੇ 'ਜੀ ਆਇਆਂ ਨੂੰ' ਇੱਕੋ ਵੇਲ਼ੇ ਇੱਕ ਜ਼ੁਬਾਨੋਂ! ਗੱਲ ਕੁੱਝ ਮੇਰੇ ਦਿਲ ਨਹੀਂ ਲੱਗਦੀ । {ਪ੍ਰਵੇਸ਼ ਇੱਕ ਵੈਦ ਦਾ} ਮੈਲਕੌਲਮ:ਚੰਗਾ ਫੇਰ, ਬਾਕੀ ਗੱਲ ਕਰਾਂਗੇ ਫੌਰਨ ਇਸ ਤੋਂ ਪਿੱਛੋਂ।- (ਵੈਦ ਨੂੰ):ਅਰਜ਼ ਗੁਜ਼ਾਰਾਂ ਦੱਸੋ ਮੈਨੂੰ, ਪਧਾਰ ਰਹੇ ਨੇ ਸ਼ਾਹ ਸਲਾਮਤ? ਵੈਦ:ਜੀ ਸਰਕਾਰ: ਬਦਬਖਤ ਰੂਹਾਂ ਦਾ ਝੁੰਡ ਜੁੜ ਗਿਐ, ਸ਼ਫਾਯਾਬੀ ਦੀਆਂ ਸ਼ਾਹ ਦੇ ਕੋਲੋਂ ਕਰਨ ਉਡੀਕਾਂ: ਦੀਰਘ ਰੋਗ ਉਨ੍ਹਾਂ ਦਾ, ਹਿਕਮਤ ਵਾਲੇ ਹੁਨਰ ਸ਼ਾਹੀ ਨੂੰ, ਮੰਨਤਾਂ ਕਰ ਮਨਾਉਂਦੈ; ਪਰ 'ਉੱਪਰ ਵਾਲੇ' ਹੱਥ ਸ਼ਾਹੀ ਨੂੰ, ਅਜਿਹਾ ਪਾਕ ਬਣਾਇਐ, ਬੱਸ ਮਾਮੂਲੀ ਛੁਹ 'ਚ ਉਹਦੀ, ਤੁਰੰਤ ਸੰਪੂਰਨ ਸ਼ਫਾਯਾਬੀ ਦਾ ਸੁਨਿਹਰੀ ਰਾਜ਼ ਲਕਾਇਐ। ਮੈਲਕੌਲਮ:ਧੰਨਵਾਦ ਵੈਦ ਜੀ ਤੁਹਾਡਾ। {ਵੈਦ ਜਾਂਦਾ ਹੈ} ਮੈਕਡਫ:ਕਿਸ ਰੋਗ ਦੀ ਗੱਲ ਇਹ ਕਰਦੈ? ਮੈਲਕੌਲਮ:ਇਸ ਨੂੰ ਲੋਕੀ ਕਹਿਣ ਹਜੀਰਾਂ, ਗ਼ਦੂਦਾਂ ਦੀ ਇਹ ਤਪਦਿੱਕ ਹੁੰਦੀ: ਏਥੇ ਰਹਿੰਦਿਆਂ ਅਕਸਰ ਵੇਖਿਐ, ਇਲਾਜ ਕਰਦਿਆਂ ਆਪੂੰ ਸ਼ਾਹ ਨੂੰ। ਕਿੱਦਾਂ ਮੰਗੇ ਰਿਹਮਤ ਅੰਬਰੀ , ਕਿੱਦਾਂ ਬਖਸ਼ਿਸ਼ ਹੁੰਦੀ ਇਹਨੂੰ, ਇਹ ਤਾਂ ਬੱਸ ਪਤਾ ਹੈ ਇਹਨੂੰ:- ਅਜੀਬ-ਓ-ਗ਼ਰੀਬ ਨਾਸੂਰੀ ਫੋੜਿਆਂ ਵਾਲੇ, ਰੋਗੀ ਐਸੇ ਆਉਂਦੇ, ਵੇਖਿਆਂ ਤਰਸ ਜਿਨ੍ਹਾਂ ਤੇ ਆਵੇ, ਜੱਰਾਹੀ ਵੀ ਜੁਆਬ ਦੇ ਜਾਂਦੀ, ਐਪਰ ਸ਼ਫਾਯਾਬ ਹੋ ਜਾਂਦੇ, ਸ਼ਾਹ ਦੇ ਹੱਥ ਸ਼ਫਾ ਹੈ ਐਸੀ-; ਰੋਗੀ ਦੇ ਗਲ਼ ਪਾਉਂਦੈ, ਸ਼ਾਹਮੁਖੀ ਸੋਨ-ਪੱਤਰਾ ਪ੍ਰਾਰਥਨਾਵਾਂ ਦਾ: ਨਾਲੇ ਕਹਿੰਦੇ ਸ਼ਾਹੀ ਵਾਰਸਾਂ ਤਾਈਂ, ਸ਼ਫਾਯਾਬੀ ਦੀ ਇਹ ਬਖਸ਼ਿਸ਼, ਸ਼ਾਹ ਤੋਂ ਵਿਰਸੇ ਵਿੱਚ ਹੈ ਮਿਲਣੀ। ਅਦਭੁਤ ਬੜਾ ਹੋਰ ਵੀ ਸਦਗੁਣ, ਅੰਬਰਾਂ ਬਖਸ਼ਿਸ਼ ਕੀਤੈ ਇਹਨੂੰ: ਭਵਿੱਖ ਵਕਤਾ ਵੀ ਸ਼ਾਹ ਹੈ ਸਾਡਾ; ਕਈ ਹੋਰ ਅਜਿਹੀਆਂ ਬਖਸ਼ੀਸ਼ਾਂ, ਤਖਤ ਦੇ ਪਾਏ ਨਾਲ ਨੇ ਜੁੜੀਆਂ, ਜੋ ਦਾਤੇ ਦੀ ਨਦਰ-ਨਿਹਾਲੀ ਵਾਲੀ ਦੇਣ ਗਵਾਹੀ। ਮੈਕਡਫ:ਵੇਖੋ ਤਾਂ ਸਹੀ, ਕੌਣ ਆ ਰਿਹੈ? ਮੈਲਕੌਲਮ:ਮੇਰਾ ਦੇਸੀ ਭਰਾ ਕੋਈ ਲਗਦੈ; ਐਪਰ ਮੈਂ ਨਾਂ ਜਾਣਾਂ ਇਹਨੂੰ। {ਪ੍ਰਵੇਸ਼ ਰੌਸ} ਮੈਕਡਫ:ਆ ਓ ਸਾਊ ਭਰਾ ਚਚੇਰੇ, 'ਜੀ ਆਇਆਂ ਨੂੰ' ਆਖਾਂ ਤੈਨੂੰ। ਮੈਲਕੌਲਮ:ਹੁਣ ਪਛਾਣ ਲਿਆ ਹੈ ਇਹਨੂੰ। ਸਮੇਂ ਦੀ ਅਦਭੁਤ ਕਰਨੀ ਵੇਖੋ,ਅਜਨਬੀਅਤ ਕਿੱਦਾਂ ਦੂਰ ਕਰੇ ਹੈ! ਰੌਸ:ਆਮੀਨ, ਜਨਾਬ! ਮੈਕਡਫ:ਕਾਇਮ ਦਾਇਮ ਸਕਾਟਲੈਂਡ ਹੈ? ਰੌਸ:ਸਦ ਅਫਸੋਸ, ਵਤਨ ਬੇਚਾਰਾ, ਹੁਣ ਤਾਂ ਡਰਦੈ ਖੁਦ ਨੂੰ ਪਹਿਚਾਨਣ ਤੋਂ ਵੀ! ਮਾਤਭੂਮੀ ਤਾਂ ਹੁਣ ਇਹਨੂੰ ਕਹਿ ਨਹੀਂ ਸਕਦੇ, ਬੱਸ ਹੁਣ ਕਬਰਿਸਤਾਨ ਹੀ ਲਗਦੈ: ਹਾਲਤ ਹੁਣ ਤਾਂ ਐਸੀ ਹੋ ਗਈ:- 'ਯਾ ਤੋ ਦੀਵਾਨਾ ਹੰਸੇ, ਯਾ ਤੂ ਜਿਸੇ ਤੌਫੀਕ ਦੇ,' ਨਹੀਂ ਤਾਂ ਐਸੇ ਦੇਸ ਤਿਹਾਰੇ, ਕੀਹਨੂੰ ਹਾਸਾ ਆਉਂਦੈ! ਵੈਣ, ਵਿਰਲਾਪ, ਤੇ ਹਾਅਵੇ, ਹੂਕਾਂ ਅੰਬਰ ਫਾੜਨ ਜਿੱਥੇ, ਕੁੱਲ ਕੰਨਾਂ ਵਿੱਚ ਐਪਰ, ਤੁੰਨ ਕੇ ਰੂੰ ਭਰੀ ਹੈ ਜਿੱਥੇ: ਸੁਣੀਆਂ ਹੋ ਜਾਵਣ ਅਣਸੁਣੀਆਂ, ਜੂੰ ਨਾਂ ਰਿੰਗੇ ਕਿਸੇ ਕੰਨ ਤੇ; ਜਿੱਥੇ ਗ਼ਮ ਜੋ ਪੱਲੇ ਪਾਇਐ, ਜ਼ੁਲਮ, ਜਬਰ, ਤਸ਼ੱਦਦ ਸ਼ਾਹੀ, ਆਧੁਨਿਕ ਆਨੰਦ ਹੋ ਨਿਬੜਐ, ਹਸ ਹਸ ਸਹਿੰਦੀ ਕੁੱਲ ਲੁਕਾਈ; ਮੌਤ ਦਾ ਘੰਟਾ ਵੱਜਦਾ ਰਹਿੰਦੈ, ਬਿਨ ਆਖੇ, ਬਿਨਾਂ ਗੁਜ਼ਾਰਿਸ਼; ਟੋਪੀਆਂ ਵਿੱਚ ਫੁੱਲ ਜੋ ਟੰਗੇ, ਮੁਰਝਾਵਣ ਜਿੱਥੇ ਮਰਨ ਤੋਂ ਪਹਿਲਾਂ, ਬੰਦੇ ਮਰਨ ਅਜਾਈਂ ਜਿੱਥੇ, ਮੌਤ ਰੋਜ਼ ਅਣਿਆਈ। ਮੈਕਡਫ:ਹਾਏ ਓ ਬੰਧੂ, ਹਾਲਤ ਕੇਹੀ ਦੇਸ ਦੀ ਹੋਗੀ!- ਨਿਯੰਤਰਣਹੀਨ, ਬੇਕਾਬੂ, ਤੂੰ ਆ ਜਿੰਨਾ ਦੱਸਿਐ, ਓਡਾ ਈ ਵੱਡਾ ਸੱਚ ਬਖਾਨਿਐ। ਮੈਲਕੌਲਮ:ਜ਼ੁਲਮ, ਜਬਰ ਕੋਈ ਢਾਇਆ ਤਾਜ਼ਾ? ਰੌਸ:ਘੰਟੇ ਭਰ ਦੀ ਉਮਰ ਬਾਲੜੀ, ਲੱਖ ਲਾਅਣਤ ਪਾਏ ਬੁਲਾਰੇ ਉੱਤੇ, ਲਾਅਣਤ, ਲਾਅਣਤ, ਲਾਅਣਤ, ਹਰ ਪਲ਼ ਨਵੀਂ ਓ ਨਵੀਂ ਹੈ ਲਾਅਣਤ! ਮੈਕਡਫ:ਬੀਵੀ ਮੇਰੀ ਦਾ ਹਾਲ ਸੁਣਾ। ਰੌਸ:ਬੱਸ ਠੀਕ ਹੈ। ਮੈਕਡਫ:ਤੇ ਬੱਚੇ ਮੇਰੇ? ਰੌਸ:ਠੀਕ ਨੇ ਉਹ ਵੀ। ਮੈਕਡਫ:ਕੀ ਜ਼ਾਲਮ ਨੇ ਅਮਨ ਉਨ੍ਹਾਂ ਦਾ ਭੰਗ ਨਹੀਂ ਕੀਤਾ? ਰੌਸ:ਨਹੀਂ; ਮੈਂ ਜਦ ਤੁਰਿਆ ਠੀਕ ਸਨ ਉਹੋ। ਮੈਕਡਫ:ਖੁਲ੍ਹ ਕੇ ਬੋਲ, ਸ਼ਬਦਾਂ ਦਾ ਸੰਕੋਚ ਨਾਂ ਕਰ: ਅਸਲ ਹਾਲ ਤੂੰ ਦੱਸ ਅਸਾਨੂੰ। ਰੌਸ:ਜਦ ਮੈਂ ਏਧਰ ਤੁਰਿਆ, ਲੈ ਕੇ ਬੋਝਾ ਖਬਰਾਂ ਵਾਲਾ, ਗੱਠ ਗ਼ਮਾਂ ਦੀ ਬੜੀ ਸੀ ਭਾਰੀ; ਸਾਰੇ ਇਹ ਅਫਵਾਹ ਫੈਲੀ ਸੀ:ਭਲੇ ਪੁਰਸ਼ਾਂ ਦੀ ਗਿਣਤੀ ਭਾਰੀ, ਬਗ਼ਾਵਤ ਦੀ ਸੀ ਪੱਕ ਪਕਾਈ; ਇਸ ਗੱਲ ਵਿੱਚ ਵਿਸ਼ਵਾਸ ਮੇਰੇ ਦੀ, ਫੌਜ ਜ਼ਾਲਿਮ ਦੀ ਸ਼ਾਹਦ ਆਈ, ਨਿਕਲ ਪਈ ਸੀ ਸੜਕਾਂ ਉੱਤੇ, ਨੱਪਣ ਏਸ ਬਗ਼ਾਵਤ ਤਾਈਂ: ਹੁਣ ਵੇਲ਼ਾ ਹੈ ਮਾਰੋ ਹੰਬਲਾ, ਕਰੋ ਸਹਾਇਤਾ; ਤੁਹਾਡੀ ਨਦਰ, ਦਰਸ ਤੁਹਾਡੇ, ਸਕਾਟਲੈਂਡ 'ਚ ਪੈਦਾ ਕਰਨ ਯੋਧੇ, ਵੀਰਾਂਗਣਾਂ ਬਣਾਉਣ ਸੁਆਣੀਆਂ ਤਾਈਂ, ਦੀਰਘ ਰੋਗ ਸੁਆਹ ਕਰਨ ਨੂੰ। ਮੈਲਕੌਲਮ:ਖੁਸ਼ਖਬਰੀ ਖੁਸ਼ਵਖਤੀ ਹੋਵੇ, ਅਸੀਂ ਆਪ ਉਨ੍ਹਾਂ ਵੱਲ ਚੱਲੇ: ਕਿਰਪਾਲੂ ਇੰਗਲੈਂਡ ਨਦਰ ਨਿਹਾਲੀ, ਦਸ ਹਜ਼ਾਰ ਦੀ ਸੈਨਾ ਭਾਰੀ, ਸਾਊ ਸੀਵਾਰਡ ਕੁਮੇਦਾਨ ਸੰਭਾਲੀ; ਮਹਾਂ ਤਜਰਬੇਕਾਰ ਪੁਰਾਣਾ, ਕੁਮੇਦਾਨ ਬੜਾ ਸਿਆਣਾ, ਪੂਰੇ ਏਸ ਈਸਾਈ ਜਗਤ ਵਿੱਚ, ਜੀਹਦਾ ਸਾਨੀ ਨਹੀਂ ਹੈ ਕੋਈ। ਰੌਸ:ਕਾਸ਼, ਮੈਂ ਵੀ ਉੱਤਰ ਦੇ ਸਕਦਾ, ਏਨਾਂ ਹੀ ਸੁਖਦਾਈ, ਇਸ ਸੁਖਦਾਈ ਸਮਾਚਾਰ ਦਾ ! ਐਪਰ ਸ਼ਬਦ, ਬੋਲ ਇਹ ਮੇਰੇ, ਬੱਸ ਰੋਹੀ ਦੀ ਨ੍ਹੇਰੀ ਅੰਦਰ, ਮੂੰਹ ਫਾੜ ਕੇ ਮਾਰੀਆਂ ਚੀਕਾਂ: ਕੰਨ ਜਿਨ੍ਹਾਂ ਨੂੰ ਫੜ ਨਹੀਂ ਸਕਦੇ। ਮੈਕਡਫ:ਕੀਹਦੇ ਬਾਰੇ ਬੋਲ ਨੇ ਇਹੇ? ਹੈ ਨੇ ਦੁੱਖ ਅਵਾਮੀ ਬਾਰੇ? ਜਾਂ ਜੁਰਮਾਨਾ ਰੰਜ ਨਿੱਜੀ ਦਾ, ਇੱਕੋ ਹਿਰਦੇ ਭਰਨਾ ਜੋਈ? ਰੌਸ:ਕੋਈ ਨਹੀਂ ਅਜਿਹਾ ਭੱਦਰ, ਜਿਸ ਦੀ ਗ਼ਮ 'ਚ ਸਾਂਝ ਨਹੀਂ; ਵੱਡਾ ਹਿੱਸਾ ਭਾਵੇਂ ਇਹਦਾ, ਤੇਰੇ ਭਾਗੀਂ ਆਉਂਦੈ। ਮੈਕਡਫ:ਜੇ ਇਹ ਰੰਜ-ਓ-ਗ਼ਮ ਹੈ ਮੇਰਾ, ਮਤ ਲੁਕਾ ਫਿਰ ਮੈਥੋਂ, ਫੌਰਨ ਬੋਲ, ਦੱਸ ਖੁਲ੍ਹ ਕੇ ਕਿਹੜਾ ਲੋਹੜਾ ਆਇਐ? ਰੌਸ:ਮੈਂ ਨਹੀਂ ਚਾਹੁੰਦਾ ਕੰਨ ਤੁਹਾਡੇ, ਘਿਰਣਾ ਕਰਨ ਜੀਭ ਨੂੰ ਮੇਰੀ, ਜੀਹਨੇ ਘੋਰ ਖਬਰ ਦਾ ਬਲ਼ਦਾ ਲਾਵਾ, ਇਹਨਾਂ ਦੇ ਵਿੱਚ ਪਾਉਣੈ, ਜੀਹਤੋਂ ਮਾੜੀ, ਮੰਦਭਾਗੀ ਇਹਨਾਂ, ਕਦੇ ਸੁਣੀ ਨਹੀਂ ਕਿਸੇ ਜੀਭ ਤੋਂ। ਮੈਕਡਫ:ਹੱਮ--! ਅੰਦਾਜ਼ਾ ਜਿਹਾ ਤਾਂ ਲੱਗੀਂ ਜਾਂਦੈ। ਰੌਸ:ਅਚਾਨਕ ਕਿਲੇ ਤੇ ਕਰਕੇ ਹਮਲਾ, ਬੀਵੀ ਬੱਚੇ ਮਾਰ ਮੁਕਾਏ, ਵਹਿਸ਼ੀ ਕਰਨ ਜ਼ਿਬ੍ਹਾ ਜਿਸ ਤਰਾਂ, ਕੱਟ ਸੁੱਟੇ ਇਉਂ ਪੋਰੀ ਪੋਰੀ: ਪੁੱਛੇ ਜਾਣ ਤੇ ਇਹ ਸਭ ਦੱਸਣਾ, ਕਿੱਦਾਂ ਕੀਤੇ ਕਤਲ ਪਿਆਰੇ, ਮੌਤ ਤੇਰੀ ਨੂੰ ਕਤਲਾਂ ਅੰਦਰ, ਸ਼ਾਮਲ ਕਰਨ ਤੋਂ ਘੱਟ ਨਹੀਂ ਹੈ। ਮੈਲਕੌਲਮ:ਦੁਹਾਈ ਓ ਮਾਲਿਕ ! ਰਹਿਮ ਓ ਅੰਬਰ! ਇਹ ਕੀ, ਬੰਦਿਆ! ਇਉਂ ਟੋਪੀ ਨਾਂ ਖਿੱਚ ਭਵਾਂ ਤੇ: ਸੋਗ ਨੂੰ ਆਪਣੇ ਮਰਦਾਂ ਵਾਂਗੂੰ, ਰੂਪ ਦੇਹ ਤੂੰ ਸ਼ਬਦਾਂ ਵਾਲਾ: ਰੰਜ ਜੋ ਬੱਸ ਗੱਲਾਂ ਕਰਦਾ, ਲਬਾਲਬ ਭਰੇ ਰਿਦੇ ਨਾਲ ਹੀ, ਹੱਥੀਂ ਉਹਨੂੰ ਤੋੜ ਹੀ ਬਹਿੰਦਾ। ਮੈਕਡਫ:ਬੱਚੇ ਵੀ ਉਸ ਮਾਰਤੇ ਮੇਰੇ? ਰੌਸ:ਬੀਵੀ, ਬੱਚੇ, ਨੌਕਰ, ਚਾਕਰ, ਜੋ ਮਿਲੇ ਸੋ ਮਾਰਤੇ ਸਾਰੇ। ਮੈਕਡਫ:ਤੇ ਮੈਂ ਆਪ ਨਹੀਂ ਸਾਂ ਉਥੇ !- ਬੇਗਮ ਵੀ ਮੇਰੀ ਮਾਰ ਹੀ ਛੱਡੀ? ਰੌਸ:ਦੱਸ ਚੁੱਕਿਆਂ ਮੈਂ ਇਹ ਤੁਹਾਨੂੰ। ਮੈਲਕੌਲਮ:ਕਰੋ ਹੌਸਲਾ, ਰੱਖੋ ਪੱਥਰ ਛਾਤੀ ਉੱਤੇ; ਬਦਲਾ ਮਹਾਨ ਜੋ ਲੈਣਾ ਆਪਾਂ, ਚਾਰਾ ਸਮਝ ਦਰਦ ਦਾ ਉਹਨੂੰ, ਮਾਰੂ ਰੋਗ ਦਾ 'ਦਰਮਾਂ' ਕਰੀਏ। ਮੈਕਡਫ:ਪੁੱਤਰ ਧੀ ਨਹੀਂ ਕੋਈ ਉਹਦੇ।- ਨਿੱਕੇ ਨੰਨ੍ਹੇ ਮੇਰੇ ਸਾਰੇ,- ਕੀ ਕਿਹੈ ਤੁਸੀਂ?- ਸਾਰੇ ਦੇ ਸਾਰੇ- ਓ, ਯਮਰਾਜ ਦੇ ਨਰਕੀ ਸ਼ਿਕਰੇ!- ਚੁੱਕ ਲੇ ਸਾਰੇ? ਨੰਨ੍ਹੇ ਮੁੰਨ੍ਹੇ, ਬਾਲ ਇਯਾਣੇ, ਨਾਲੇ ਮਾਂ ਪਿਆਰੀ , ਮਾਰ ਝਪੱਟਾ ਇੱਕੋ ਵਾਰੀ , ਚੁੱਕ ਲੇ ਸਾਰੇ ! ਮੈਲਕੌਲਮ:ਮਰਦਾਂ ਵਾਂਗੂੰ ਨਿੱਬੜ ਹੁਣ ਤਾਂ, ਰੋਣ ਧੋਣ ਦਾ ਕੰਮ ਨਹੀਂ ਹੈ । ਮੈਕਡਫ:ਇਹ ਤਾਂ ਮੈਂ ਹੁਣ ਪੱਕਾ ਕਰਨੈ; ਐਪਰ ਬੰਦਿਆਂ ਵਾਂਗੂੰ ਰੰਜ ਆਪਣਾ, ਮਹਿਸੂਸ ਵੀ ਕਰਨੈ: ਰਹਿ ਨਹੀਂ ਸਕਦਾ ਯਾਦ ਕਰਨ ਤੋਂ, ਸ਼ੈਆਂ ਜੋ ਸਨ ਰਿਦੇ ਦੇ ਨੇੜੇ, ਅਤਿ ਨਾਯਾਬ, ਅਤਿ ਅਨਮੋਲ , ਮੁੜ ਮੁੜ ਆਵਣ ਨਜ਼ਰਾਂ ਸਾਹਵੇਂ। ਵੇਖਿਆ ਰੱਬ ਨੇ ਕੁੱਲ ਨਜ਼ਾਰਾ, ਫਿਰ ਵੀ ਤਰਸ ਨਾਂ ਆਇਆ ਉਹਨੂੰ, ਮਜ਼ਲੂਮਾਂ ਦਾ ਹੱਥ ਨਾਂ ਫੜਿਆ! ਹਾਏ ਓ, ਪਾਪੀ ਮੈਕਡਫ ਬੰਦਿਆ, ਤੇਰੀ ਕੀਤੀ ਗਏ ਸਭ ਵੱਢੇ ! ਆਪਣੇ ਔਗੁਣ, ਆਪਣੇ ਦੋਸ਼ੀਂ ਨਹੀਂ ਮਰੇ ਉਹ, ਔਗੁਣਹਾਰਾ, ਗੁਣ ਨਹੀਂ ਕੋਈ, ਮੇਰੇ ਦੋਸ਼ੀਂ ਗਏ ਉਹ ਹੱਤੇ: ਅੰਬਰ ਬਖਸ਼ਣ ਚੈਨ, ਸ਼ਾਂਤੀ , ਹੱਤੀਆਂ ਉਨ ਰੂਹਾਂ ਨੂੰ ! ਮੈਲਕੌਲਮ:ਬੱਸ ਏਸੇ ਨੂੰ 'ਸਾਣ' ਬਣਾ ਲੈ, ਤਲਵਾਰ ਆਪਣੀ ਦੀ ਧਾਰ ਲਗਾ ਲੈ; ਰੰਜ-ਓ-ਗ਼ਮ ਨੂੰ ਗ਼ੁੱਸਾ ਕਰ ਲੈ; ਖੁੰਢਾ ਕਰ ਨਾਂ ਰਿਦੇ ਨੂੰ ਆਪਣੇ, ਰੋਹ, ਬਦਲੇ ਦੀਆਂ ਲਾਟਾਂ ਭਰ ਲੈ। ਮੈਕਡਫ:ਤੀਵੀਆਂ ਵਾਂਗ ਵਗਾਵਾਂ ਅੱਥਰੂ, ਨਾਲ ਜੀਭ ਦੇ ਸ਼ੇਖੀ ਮਾਰਾਂ ! ਐਪਰ ਹਾਏ ਓ ਡਾਢਿਆ ਰੱਬਾਂ, ਕਰ ਕਟੌਤੀ 'ਅੰਤਰਾਲ' ਦੀ ; ਸਕਾਟਲੈਂਡ ਦੇ 'ਰਾਕਸ਼' ਤਾਈਂ, ਆਮੋ ਸਾਹਮਣੇ ਕਰ ਦੇ ਮੇਰੇ; ਖੜਗ ਮੇਰੀ ਦੀ ਵਿੱਥ ਤੇ ਲਿਆ ਕੇ, ਕਰ ਖੜਾ ਸ਼ੈਤਾਨ ਓਸ ਨੂੰ, ਜੇ ਫਿਰ ਬਚ ਜੇ ਵਾਰ ਮੇਰੇ ਤੋਂ, ਅੰਬਰ ਬਖਸ਼ਣ ਖਤਾ ਓਸ ਦੀ ! ਮੈਲਕੌਲਮ:ਗੱਲ ਹੋਈ ਨਾਂ ਮਰਦਾਂ ਵਾਲੀ! ਆ ਹੁਣ ਸ਼ਾਹ ਦੀ ਖਿਦਮਤ ਚੱਲੀਏ; ਸੈਨਾ ਸਾਡੀ ਤਿਆਰ ਖੜੀ ਹੈ; ਕੋਈ ਕਸਰ ਬਚੀ ਨਹੀਂ ਹੈ, ਕੇਵਲ ਕੂਚ ਬਜਾਉਣਾ ਬਾਕੀ : ਮੈਕਬੈਥ ਦਾ ਹੁਣ ਬੇੜਾ ਭਰਿਐ, ਪਾਪ ਦਾ ਉਹਦੇ ਬੂਟਾ ਫਲਿਐ, ਉੱਪਰ ਵਾਲੀਆਂ ਸੱਭੇ ਸ਼ਕਤੀਆਂ, ਤੂਫਾਨਾਂ ਦੇ ਸਾਧਨ-ਯੰਤਰ, ਵਾ'ਵਰੋਲੇ ਅੰਨ੍ਹੀ ਵਾਲੇ ਲੈ ਆਈਆਂ ਨੇ, ਬੱਸ ਝੁੱਲਣ ਦੀ ਦੇਰ ਹੈ ਬਾਕੀ । ਫੜ ਹੌਸਲਾ, ਤੱਗੜਾ ਹੋ ਜਾ, ਨ੍ਹੇਰੀ ਰਾਤ ਬੜੀ ਹੈ ਲੰਮੀ, ਸਵੇਰ ਏਸ ਦੀ ਦੂਰ ਬੜੀ ਹੈ। {ਪ੍ਰਸਥਾਨ}

ਐਕਟ-5 ਮੈਕਬੈਥ

ਸੀਨ-1 ਐਕਟ-5

ਡਨਸੀਨਾਨ। ਕਿਲੇ 'ਚ ਇੱਕ ਕਮਰਾ। {ਪ੍ਰਵੇਸ਼ ਇੱਕ ਹਕੀਮ ਅਤੇ ਹਜ਼ੂਰੀ ਲੌਂਡੀ ਦਾ} ਹਕੀਮ:ਦੋ ਰਾਤਾਂ ਮੈਂ ਬਹਿ ਕੇ ਨਾਲ ਤੇਰੇ, ਇਹਦੀ ਹੈ ਨਿਗਰਾਨੀ ਕੀਤੀ, ਇਤਲਾਹ ਤੇਰੀ 'ਚ ਸੱਚ ਨਹੀਂ ਦਿੱਸਿਆ; ਆਖਰੀ ਵਾਰ ਕਦੋਂ ਭਲਾ ਇਹ, ਨੀਂਦ 'ਚ ਉੱਠ ਤੁਰੀ ਸੀ ? ਹਜ਼ੂਰੀ ਲੌਂਡੀ:ਮਹਾਰਾਜ ਅਧਿਰਾਜ ਜਦ ਦੇ ਰਣਖੇਤਰ ਨੇ ਧਾਏ, ਬਿਸਤਰ ਛੱਡ ਇਹ ਉੱਠ ਪੈਂਦੀ ਹੈ, ਪਾ ਕੇ ਮੋਢੀਂ ਰੈਣ-ਲੱਬਾਦਾ, ਖੋਲ੍ਹ ਅਲਮਾਰੀ , ਕਾਗਜ਼ ਕੱਢੇ, ਤਹਿ ਕਰਕੇ ਫਿਰ ਉੱਪਰ ਲਿੱਖੇ, ਪੜ੍ਹ ਕੇ ਮੁਹਰ ਲਗਾਵੇ, ਮੁੜ ਬਿਸਤਰ ਜਾ ਡਿੱਗੇ; ਤੇ ਇਹ ਸਭ ਕਰਦੀ ਗੂੜ੍ਹੀ ਨੀਂਦਰ। ਹਕੀਮ:ਬੜੀ ਬੇਚੈਨੀ, ਵਿਆਕੁਲਤਾ ਹੈ ਸੁਭਾਅ 'ਚ ਆਈ , ਮਿੱਠੀ ਨੀਂਦ ਮਾਨਣੀ ਨਾਲੇ, ਜਾਗਣ ਦੇ ਸਭ ਅਸਰ ਹੰਢਾਉਣੇ! ਇਸ ਨਿੰਦ੍ਰਾਲੀ ਹਾਲਤ ਅੰਦਰ, ਤੁਰਨ ਫਿਰਨ ਤੇ ਕਰਮ ਇਲਾਵਾ, ਕਹਿੰਦਿਆਂ ਕਰਦਿਆਂ ਹੋਰ ਕੁੱਝ ਵੀ, ਸੁਣਿਐ, ਵੇਖਿਐ ਹੋਰ ਕਦੇ ? ਲੌਂਡੀ:ਇਹ ਜਨਾਬ, ਮੈਂ ਕਹਿ ਨਹੀਂ ਸਕਦੀ ਉਹਦੀ ਪਿੱਠ ਦੇ ਪਿੱਛੇ। ਹਕੀਮ:ਐਪਰ ਮੈਨੂੰ ਤਾਂ ਦੱਸ ਸਕਨੀ ਏਂ ਤੂੰ; ਤੇ ਵਾਜਬ ਵੀ ਏਹੋ ਹੈਸੀ । ਲੌਂਡੀ:ਨਾਂ ਹੀ ਤੁਹਾਨੂੰ ਨਾਂ ਹੋਰ ਕਿਸੇ ਨੂੰ: 'ਟੋਭੇ ਮੂਤਿਆ ਕੌਣ ਗੁਆਹੀ'? ਲਓ, ਆਪ ਵੇਖ ਲੌ : ਤੁਰੀ ਹੈ ਆਉਂਦੀ : ਹੱਥ ਕੰਗਣ ਨੂੰ ਆਰਸੀ ਕਾਹਦੀ ! {ਪ੍ਰਵੇਸ਼ ਲੇਡੀ ਮੈਕਬੈਥ, ਹੱਥ 'ਚ ਬੱਤੀ } ਏਹੋ ਵੇਸ ਹਮੇਸ਼ਾ ਹੁੰਦੈ, ਸੌਹ ਜਿੰਦ ਦੀ, ਗੂੜ੍ਹੀ ਨੀਂਦੇ। ਵੇਖੋ ਇਹਨੂੰ; ਖਲੋ ਕੇ ਨੇੜੇ। ਹਕੀਮ:ਕਿੱਥੋਂ ਸ਼ਮਾਅ ਲਿਆਈ ਇਹ? ਲੌਂਡੀ:ਕਿਉਂ, ਬਿਸਤਰ ਨਾਲ ਖੜੀ ਸੀ ਇਹ ਤਾਂ: ਬੱਤੀ ਸਦਾ ਹੀ ਬਲਦੀ ਰੱਖੋ: ਹੁਕਮ ਹੈ ਇਹਦਾ। ਹਕੀਮ:ਵੇਖ, ਅੱਖਾਂ ਬਿਲਕੁਲ ਖੁੱਲ੍ਹੀਆਂ! ਲੌਂਡੀ:ਹਾਂ, ਪਰ ਹੋਸ਼ ਹੈ ਸੁੱਤੀ । ਹਕੀਮ:ਹੁਣ ਭਲਾ ਕੀ ਕਰਦੀ? ਵੇਖ, ਕਿਵੇਂ ਹੱਥ ਮਲਦੀ ਆਪਣੇ। ਲੌਂਡੀ:ਇਹ ਤਾਂ ਪੱਕੀ ਆਦਤ ਇਹਦੀ, ਲਗਦੀ ਜਿੱਦਾਂ ਹੱਥ ਹੈ ਧੋਂਦੀ: ਵੀਹ, ਵੀਹ ਮਿੰਟ ਲੱਗੀ ਇਉਂ ਰਹਿੰਦੀ। ਲੇਡੀ ਮੈਕਬੈਥ:ਹਾਲੀਂ ਵੀ ਆਹ ਧੱਬੈ ਏਥੇ। ਹਕੀਮ:ਸੁਣ ਜ਼ਰਾ, ਕੁੱਝ ਬੋਲ ਰਹੀ ਹੈ: ਮੈਂ ਲਿਖ ਲੈਣੈ ਜੋ ਇਸ ਕਹਿਣੈ, ਤਾਂ ਜੋ ਚੇਤਾ ਰਹਿ ਜੇ ਪੂਰਾ। ਲੇਡੀ ਮੈਕਬੈਥ:ਓ ਸਰਾਪੇ ਧੱਬੇ! ਮਿਟ ਜਾ, ਦੂਰ ਹੋ ਨਜ਼ਰਾਂ ਤੋਂ, ਹੁਕਮ ਹੈ ਮੇਰਾ!- ਇੱਕ, ਦੋ, ਕਿਉਂ- ਕਿੱਸਾ ਖਤਮ ਕਰਨ ਦਾ ਇਹ ਵੇਲਾ : ਨਰਕ ਵੀ ਹੁਣ ਤਾਂ ਘੋਰ ਉਦਾਸ, ਨਿਰਾਨੰਦ ਹੈ! ਲਾਅਣਤ ਮੇਰੇ ਕੰਤ ਸੁਆਮੀ, ਲਾਅਣਤ! ਸੈਨਕ ਹੋ ਕੇ ਵੀ ਤੂੰ ਡਰਦੈਂ? ਕੀ ਖਬਰ ਭਲਾ ਕਿਸੇ ਨੂੰ, ਡਰਨ ਦੀ ਸਾਨੂੰ ਲੋੜ ਏ ਕਿਹੜੀ, ਕਿਤੇ ਨਹੀਂ ਜਦ ਐਸਾ ਕੋਈ, ਸੱਤਾ ਤੋਂ ਜੋ ਮੰਗੇ ਲੇਖਾ? ਫਿਰ ਵੀ ਕੀਹਨੂੰ ਪਤਾ ਸੀ, ਕੌਣ ਜਾਣਦਾ, ਬੁੱਢੜੇ ਵਿੱਚ ਲਹੂ ਸੀ ਏਨਾ? ਹਕੀਮ:ਗੱਲ ਸੁਣੀ ਆਹ? ਲੇਡੀ ਮੈਕਬੈਥ:ਸੂਬੇਦਾਰ ਫਾਈਫ ਦੀ ਵੀ ਬੀਵੀ ਸੀਗੀ ; ਕਿੱਥੇ ਹੁਣ ਗਈ ਭਲਾ ਉਹ?- ਕੀ ਇਹ ਹੱਥ ਨਿਰਮਲ ਨਹੀਂ ਹੋਣੇ?- ਹੋਰ ਨਹੀਂ ਹੁਣ ਮੇਰੇ ਸੁਆਮੀ, ਹੋਰ ਗੱਲ ਨਹੀਂ ਕਰਨੀ ਏਹੇ: ਤ੍ਰਭਕ ਤ੍ਰਭਕ ਕੇ ਤੁਸੀਂ ਤਾਂ ਸਾਰਾ ਕੰਮ ਵਿਗਾੜੀਂ ਜਾਂਦੇ। ਹਕੀਮ:ਚੱਲ, ਚੱਲ ਤੂੰ; ਤੂੰ ਤਾਂ ਹੁਣ ਸਭ ਜਾਣ ਗਈ ਹੈਂ, ਜੋ ਨਾਂ ਜਾਨਣਾ ਚਾਹੀਏ ਤੈਨੂੰ। ਲੌਂਡੀ ਹਜ਼ੂਰੀ:ਬੋਲ ਗਈ ਹੈ ਗੱਲ ਇਹ ਉਹੋ, ਨਾਂ ਕਹਿੰਦੀ ਤਾਂ ਚੰਗਾ ਹੁੰਦਾ: ਰੱਬ ਜਾਣਦੈ ਕੀ ਕੀ ਹੋਰ ਪਤਾ ਹੈ ਇਹਨੂੰ। ਲੇਡੀ ਮੈਕਬੈਥ:ਰੱਤ ਦੀ ਬੂ ਪਈ ਆਉਂਦੀ ਹਾਲੇ: ਅਤਰ-ਫਲੇਲ ਕੁੱਲ ਅਰਬ ਦੇ, ਸੁਗੰਧਤ ਨਹੀਂ ਕਰ ਸਕਦੇ ਮੇਰੇ ਨਿੱਕੇ ਹੱਥ ਨੂੰ। ਓਹ, ਓਹ, ਓਹ! ਹਕੀਮ:ਕੇਹਾ ਹੌਂਕਾ, ਕਿੱਡਾ ਹਾਵਾ! ਦਿਲ ਦੁਖੀ ਤਾਂ ਭਰਿਆ ਲਗਦੈ। ਲੌਂਡੀ:ਮੈਂ ਤਾਂ ਕਦੇ ਨਾਂ ਰੱਖਾਂ ਸੀਨੇ, ਦੁਖੀਆ ਦਿਲ ਅਜਿਹਾ, ਭਾਵੇਂ ਦੇਹ ਮੇਰੀ ਨੂੰ, ਸ਼ਾਨ ਸੁਨਹਿਰੀ ਮਿਲੇ ਜੇ ਸਾਰੀ । ਹਕੀਮ:ਠੀਕ, ਠੀਕ, ਠੀਕ ਆਖਿਐ। ਲੌਂਡੀ ਹਜ਼ੂਰੀ:ਦੁਆ ਕਰੋ ਰੱਬ ਨੂੰ ਸਾਹਿਬ, ਸਭ ਕੁੱਝ ਠੀਕ ਹੀ ਹੋਵੇ! ਹਕੀਮ:ਮੇਰੇ ਵੱਸ ਦਾ ਰੋਗ ਨਹੀਂ ਇਹ: ਐਪਰ ਜਾਣਾਂ ਕੁੱਝ ਐਸੇ ਬੰਦੇ, ਭਾਵੇਂ ਨੀਂਦ 'ਚ ਤੁਰਦੇ ਸਨ, ਪਰ ਮੌਤ ਪਾਕ ਨੂੰ ਹੋਏ ਪਿਆਰੇ ਬਿਸਤਰ ਤੇ ਹੀ। ਲੇਡੀ ਮੈਕਬੈਥ:ਧੋਵੋ ਹੱਥ, ਲੱਬਾਦਾ ਪਹਿਨੋ; ਪਿਲੱਤਣ ਲਾਹਵੋ ਚਿਹਰੇ ਉੱਤੋ:- ਦੋ-ਬਾਰਾ ਮੈਂ ਦੱਸਾਂ ਤੁਹਾਨੂੰ, ਬੈਂਕੋ ਦਫਨ ਪਿਆ ਹੈ ਕਬਰੇ; ਮੁੜ ਕੇ ਆ ਨਹੀਂ ਸਕਦਾ ਬਾਹਰ। ਹਕੀਮ:ਇਹ ਵੀ? ਲੇਡੀ ਮੈਕਬੈਥ:ਜਾਓ, ਜਾ ਕੇ ਸੌਂ ਜੋ ਬਿਸਤਰ; ਦਰਵਾਜ਼ੇ ਤੇ ਦਸਤਕ ਹੁੰਦੀ : ਆਓ, ਆਓ, ਆਓ, ਆਓ, ਮੈਨੂੰ ਆਪਣਾ ਹੱਥ ਫੜਾਓ: ਕੀਤਾ ਅਣਕੀਤਾ ਨਹੀਂ ਹੋਣਾ: ਚੱਲੋ ਸੇਜੇ, ਬਿਸਤਰ ਮੱਲੋ। ਹਕੀਮ:ਕੀ ਹੁਣ ਜਾਊ ਬਿਸਤਰ ਆਪਣੇ? ਲੌਂਡੀ ਹਜ਼ੂਰੀ:ਬਿਲਕੁਲ ਸਿੱਧੀ। ਹਕੀਮ:ਕਾਨਾਫੂਸੀ ਕਰੇ ਲੁਕਾਈ, ਮੰਦੀਆਂ ਅਫਵਾਹਾਂ ਵਾਲੀ ਖੇਹ ਉਡਾਈ : ਗ਼ੈਰਕੁਦਰਤੀ ਕਰਮ ਜੋ ਮੰਦੇ, ਗ਼ੈਰਕੁਦਰਤੀ ਰੋਗ ਲਿਆਵਣ: ਦੂਸ਼ਤ ਮਨ ਜੋ ਰੋਗੀ ਹੁੰਦੇ, ਬੋਲ਼ਣ ਮੂਕ ਸਰਹਾਣਿਆਂ ਤਾਈਂ, ਰਾਜ਼ ਦਿਲੇ ਦੇ ਸਾਰੇ ਆਖਣ। ਰਹਿਮਤ ਰੱਬ ਦੀ ਲੋੜੇ ਇਹੇ, ਵੈਦ ਹਕੀਮ ਤੋਂ ਕਿਤੇ ਜ਼ਿਆਦਾ।- ਓ ਰੱਬਾ, ਮੇਰਿਆ ਰੱਬਾ, ਮਾਫ ਕਰੀਂ ਤੂੰ ਸਭ ਨੂੰ!- ਇਹਦੇ ਚਿੜਨ ਚਿੜਾਵਣ ਵਾਲੇ, ਸਾਧਨ ਸੱਭੇ ਦੂਰ ਕਰੋ, ਫਿਰ ਵੀ ਰੱਖੋ ਚੌਕਸੀ ਪੂਰੀ;-ਬੱਸ ਫਿਰ ਆਖਾਂ ਸ਼ੁਭ ਰਾਤ੍ਰੀ : ਮਨ ਮੇਰਾ ਇਸ ਕਾਬੂ ਕੀਤੈ, ਨਜ਼ਰ ਮੇਰੀ ਭਰਮਾਈ : ਜੋ ਮੈਂ ਸੋਚਾਂ ਕਹਿ ਨਹੀਂ ਸਕਦਾ, ਜੁਰਅਤ ਨਹੀਂ ਹੈ ਕਾਈ। ਲੌਂਡੀ ਹਜ਼ੂਰੀ:ਸ਼ੁਭ ਰਾਤ੍ਰੀ, ਹਕੀਮ ਸਾਹਿਬ। {ਪ੍ਰਸਥਾਨ}

ਸੀਨ-2 ਐਕਟ-5

ਡਨਸੀਨਾਨ ਦਾ ਪੇਂਡੂ ਇਲਾਕਾ {ਪ੍ਰਵੇਸ਼ ਨਗਾਰਿਆਂ ਅਤੇ ਪਰਚਮਾਂ ਸਹਿਤ ਮੈਂਟੀਥ, ਕੇਥਨੈਸ, ਅੰਗਸ, ਲੈਨੌਕਸ ਅਤੇ ਸੈਨਿਕ} ਮੈਂਟੀਥ:ਅੰਗਰੇਜ਼ੀ ਫੌਜ ਹੈ ਨੇੜੇ ਢੁੱਕੀ, ਮੈਲਕੌਲਮ ਕਰੇ ਅਗਵਾਈ, ਚਾਚਾ ਜਾਨੀ ਸੀਵਾਰਡ ਉਹਦਾ, ਮੈਕਡਫ ਸਾਊ ਕੁਮੇਦਾਨ ਨੇ। ਅੱਗ ਬਦਲੇ ਦੀ ਭਖਦੀ ਮੱਥੀਂ; ਜੋ ਉਹਨਾਂ ਨੂੰ ਕਾਜ ਪਿਆਰੇ, ਪੀੜਤ ਅਤੇ ਦੁਖਿਆਰਾਂ ਦੇ, ਦਹਿਸ਼ਤਨਾਕ ਜੋ ਜ਼ਾਲਮਾਂ ਕੀਤੀ , ਮੁਰਦਾ ਦਿਲ ਸੁਣ ਉੱਠ ਖਲੋਂਦੇ, ਚੁੱਕ ਹਥਿਆਰ ਨਾਲ ਆ ਰਲਦੇ, ਰੋਹ, ਜੋਸ਼ 'ਚ ਭਰੇ ਭਰਾਏ। ਅੰਗਸ:ਬਿਰਨਮ ਬਣ ਦੇ ਕੋਲ ਮਿਲਾਂਗੇ; ਉਹ ਰਸਤਾ ਹੈ ਉਨ ਅਪਣਾਇਆ। ਕੇਥ:ਕੌਣ ਜਾਣੇ ਡੋਨਲਬੇਨ ਵੀ , ਨਾਲ ਭਰਾ ਦੇ ਹੋਵੇ ਆਇਆ? ਲੈਨੌਕਸ:ਨਹੀਂ ਜੁਨਾਬ, ਉਹ ਸੱਚੀਂ ਨਹੀਂ ਆਇਆ; ਮੇਰੇ ਕੋਲ ਕੁੱਲ ਭੱਦਰਾਂ ਦੀ ਸੂਚੀ ਆਈ : ਸੀਵਾਰਡ ਦਾ ਪੁੱਤਰ ਵੀ ਆਇਐ, ਨਾਲ ਕਈ ਨੇ ਮਸਫੁਟ ਮੁੰਡੇ, ਦਿਹਲ਼ੀ ਚੜ੍ਹਨ ਦਾ ਮਰਦਪੁਣੇ ਦੀ, ਜੋ ਵਿਗਿਆਪਨ ਕਰਦੇ ਆਉਂਦੇ। ਮੈਂਟੀਥ:ਜ਼ਾਲਿਮ ਹੁਣ ਕੀ ਕਰਦੈ? ਕੇਥ:ਡਨਸੀਨਾਨ ਦਾ ਗੜ੍ਹ ਓਸਨੇ, ਬੜਾ ਹੀ ਤੱਗੜਾ ਕੀਤੈ: ਕੁੱਝ ਕਹਿੰਦੇ ਨੇ ਪਾਗਲ ਹੋਇਐ; ਜੋ ਘੱਟ ਕਰਦੇ ਘਿਰਣਾ ਉਹਨੂੰ, ਤੁੰਦੀ, ਗ਼ੈਜ਼, ਦਲੇਰੀ ਵਾਲਾ ਤੈਸ਼ ਆਖਦੇ: ਐਪਰ ਗੱਲ ਇਹ ਪੱਕੀ ਲਗਦੀ, ਆਪਣੇ ਵਿਗੜੇ ਤੇਵਰ ਦੇ ਮੂੰਹ, ਨੇਮ-ਕੰਡਿਆਲਾ ਪਾ ਨਹੀਂ ਸਕਦਾ। ਅੰਗਸ:ਹੁਣ ਉਹਨੂੰ ਅਹਿਸਾਸ ਹੈ ਲਗਦਾ, ਗੁਪਤ ਕਤਲ ਹੱਥਾਂ ਨੂੰ ਚਿਪਕੇ; ਹਰ ਪਲ ਹੁਣ ਬਗ਼ਾਵਤ ਉੱਠਦੀ, ਇਲਜ਼ਾਮ ਦਗ਼ੇ ਦਾ ਦੇਵਣ ਉਹਨੂੰ; ਜਿਹਨਾਂ ਤੇ ਉਹ ਕਰੇ ਹਕੂਮਤ, ਜਬਰੀ ਮੰਨਦੇ ਹੁਕਮ ਓਸਦਾ, ਮੋਹ ਨਹੀਂ ਕਰਦੇ: ਲਗਦੈ ਉਹਨੂੰ ਮੁਕਟ ਓਸਦਾ, ਲਟਕੇ ਢਿੱਲਾ ਮੱਥੇ ਉੱਤੇ, ਦੈਂਤ ਕਿਸੇ ਦਾ ਚੋਗ਼ਾ ਜਿੱਦਾਂ, ਬੌਨੇ ਚੋਰ ਨੂੰ ਫਿੱਟ ਨਾਂ ਆਵੇ। ਮੈਂਟੀਥ:ਕੌਣ ਦਿਊ ਇਲਜ਼ਾਮ ਫਿਰ ਉਹਦੀ, ਅਤਿ ਪੀੜਤ ਸੁਧ ਬੁਧ ਤਾਈਂ, ਕਿ ਤ੍ਰੱਭਕੇ ਤੇ ਮੁੜਦੀ ਹੋਵੇ, ਜਦ ਕਿ ਉਹਦਾ ਨਿੱਜ-ਅੰਤਰ ਹੀ, ਆਪਣੀ ਹੋਂਦ ਨੂੰ ਨਿੰਦੀਂ ਜਾਂਦੈ? ਕੇਥ:ਠੀਕ; ਆਪਾਂ ਚੱਲੋ, ਵਧਦੇ ਚੱਲੀਏ, ਤਾਅਬੇਦਾਰੀ ਪੇਸ਼ ਕਰਨ ਨੂੰ, ਉਸ ਨੂੰ ਜੀਹਦਾ ਹੱਕ ਵੀ ਬਣਦੈ; ਜਾ ਲੱਭੀਏ ਉਸ ਦਾਰੂ ਤਾਈਂ, ਰੋਗ ਮੇਟ ਕਲਿਆਣ ਕਰੇ ਜੋ, ਸੁਖ-ਸਮ੍ਰਿਧੀ ਨੂੰ ਮੋੜ ਲਿਆਵੇ, ਸਾਫ ਕਰਨ ਨੂੰ ਦੇਸ਼ ਅਸਾਡਾ; ਉਹਦੇ ਨਾਲ ਫਿਰ ਮਿਲਕੇ ਆਪਾਂ, ਆਖਰੀ ਕਤਰੇ ਰੱਤ ਦੇ ਆਪਣੀ, ਆਜ਼ਾਦੀ ਦੇ ਦੀਪ 'ਚ ਪਾਈਏ। ਲੈਨੌਕਸ:ਜਾਂ ਫਿਰ ਜਿੰਨਾ ਪ੍ਰਭੂਸੱਤਾ ਦਾ ਫੁੱਲ ਗੁਲਾਬੀ, ਖਿੜਨ ਜਾਂ ਨਦੀਨ ਮਾਰਨ ਨੂੰ, ਸ਼ਬਨਮ, ਤਰਲ ਤਰੇਲ ਲੋੜਦਾ। ਵਹੀਰਾਂ ਘੱਤੋ ਬਿਰਨਮ ਬਣ ਨੂੰ। {ਮਾਰਚ ਕਰਦੇ ਜਾਂਦੇ ਹਨ}

ਸੀਨ-3 ਐਕਟ-5

ਡਨਸੀਨਾਨ ਕਿਲੇ ਦਾ ਇੱਕ ਕਮਰਾ {ਪ੍ਰਵੇਸ਼ ਮੈਕਬੈਥ, ਹਕੀਮ ਅਤੇ ਨੌਕਰ ਚਾਕਰ} ਮੈਕਬੈਥ:ਹੁਣ ਰਪਟਾਂ ਦੀ ਲੋੜ ਨਹੀਂ ਹੈ; ਬੰਦ ਕਰੋ ਹਰਕਾਰੇ ਸਾਰੇ; ਭੱਜਣ ਦਿਓ ਜੋ ਭੱਜੀਂ ਜਾਂਦੇ, ਸਭ ਨੂੰ ਜਾਣ ਦਿਓ: ਜਦ ਤੱਕ ਬਿਰਨਮ ਬਣ ਨਹੀਂ ਆਉਂਦਾ, ਡਨਸੀਨਾਨ ਨੂੰ ਆਪੂੰ ਟੁਰ ਕੇ, ਮੈਨੂੰ ਡਰ ਭੈ ਛੁਹ ਨਹੀਂ ਸਕਦਾ। ਕੀ ਏ ਭਲਾ ਮੈਲਕੌਲਮ ਮੁੰਡਾ, ਕੀ ਤੀਵੀਂ ਨੇ ਉਹ ਨਹੀਂ ਜਾਇਆ? ਬਦ ਰੂਹਾਂ ਨੇ ਫਤਵਾ ਦਿੱਤੈ, ਨਸ਼ਵਰ ਜੋ ਨਤੀਜੇ ਜਾਨਣ:- "ਡਰ ਨਾਂ ਮੈਕਬੈਥ; ਤੀਵੀਂ ਜਣਿਆ ਕਦੇ ਵੀ ਕੋਈ , ਕਾਬੂ ਤੈਨੂੰ ਕਰ ਨਹੀਂ ਸਕਦਾ। ਜਾਓ ਭੱਜੋ ਝੂਠੇ ਸਰਦਾਰੋ, ਜਾ ਮਿਲੋ ਛਤਖੋਰੇ, ਰਸੀਏ ਅੰਗਰੇਜ਼ੀ ਖੁਸ਼ਖੋਰਾਂ ਤਾਈ: ਮਨ ਜੋ ਮੇਰਾ ਦ੍ਰਿੜ੍ਹ ਬਣਿਆ ਹੈ, ਸ਼ੇਰ ਜਿਹਾ ਹੈ ਜੇਰਾ ਮੇਰਾ, ਸ਼ੰਕੇ, ਸੰਸੇ ਪਾਉਣ ਨਾਂ ਛਿੱਥਾ, ਡਰ ਭੈ ਕੋਈ ਹਿਲਾ ਨਹੀਂ ਸਕਦੇ। {ਇੱਕ ਨੌਕਰ ਦਾ ਪ੍ਰਵੇਸ਼} ਸ਼ੈਤਾਨ ਕਰੇ ਮੂੰਹ ਕਾਲਾ ਤੇਰਾ, ਓ ਚਿਕਨੇ ਸੌਦਾਈ , ਦੀਵਾਨੇ! ਮੂਰਖ ਮੂੰਹ ਇਹ ਕਿੱਥੋਂ ਲੱਭਾ? ਨਫਰ:ਦਸ ਹਜ਼ਾਰ ਨੇ ਓਥੇ ਮੈਕਬੈਥ:ਮੂਰਖ ਮੂੰਹ? ਬਦਮਾਸ਼ਾ! ਨਫਰ:ਨਹੀਂ ਜਨਾਬ, ਸੈਨਕ ਨੇ ਉਹ। ਮੈਕਬੈਥ:ਜਾਹ, ਨੋਚ ਮੂੰਹ ਆਪਣਾ ਜਾ ਕੇ, ਓ ਡਰਪੋਕ, ਕਾਇਰ ਕਾਕੇ, ਭੈ ਦੀ ਲਾਲਿਮਾ ਕਰ ਲੈ ਗਹਿਰੀ। ਕਿਹੜੇ ਸੈਨਿਕ, ਦੱਸ ਓ ਜੋਕਰ? ਮੌਤ ਪਵੇ ਤੇਰੀ ਇਸ ਰੂਹ ਤਾਈਂ! ਰੱਤਹੀਣ ਇਹ ਤੇਰੀਆਂ ਗੱਲ੍ਹਾਂ, ਡਰ ਤੇਰੇ ਦੀ ਦੇਣ ਗਵਾਹੀ। ਕਿਹੜੇ ਸੈਨਿਕ, ਲੱਸੀ-ਮੂੰਹੇ? ਨਫਰ:ਅੰਗਰੇਜ਼ੀ ਸੈਨਾ ਦੇ ਸੈਨਿਕ; ਹੁਕਮ ਜੁਨਾਬ। ਮੈਕਬੈਥ:ਚੱਲ, ਦਫਾਅ ਹੋ, ਮੂੰਹ ਕਾਲਾ ਕਰ ਆਪਣਾ ਏਥੋਂ। {ਪ੍ਰਸਥਾਨ ਨਫਰ} ਸੀਟਨ!- ਦਿਲੋਂ ਵੱਲ ਨਹੀਂ ਹਾਂ ਮੈਂ ਤਾਂ, ਜਦ ਮੈਂ ਵੇਹਨਾਂ, ਸੀਟਨ, ਮੈਂ ਕਹਿਨਾਂ!- ਆਹ ਧੱਕਾ ਕਰ ਦੂ ਤਖਤਨਸ਼ੀਨ ਸਦਾ ਲਈ, ਜਾਂ ਹੁਣ ਗੱਦੀਓਂ ਲਾਹ ਦੂ ਮੈਨੂੰ। ਲੰਮੀ ਬੜੀ ਉਮਰ ਭੋਗ ਲੀ : ਜੀਵਨ-ਪੰਧ ਸੋਕੇ ਤੇ ਪੁੱਜੈ, ਪੱਤਰ ਪੈਗੇ ਪੀਲੇ ਮੇਰੇ, ਉਹ ਜੋ ਵੱਡੀ ਉਮਰ ਦੀ ਸ਼ੋਭਾ ਹੁੰਦੇ: ਸਤਿਕਾਰ, ਪਿਆਰ, ਤਾਅਬੇਦਾਰੀ, ਝੁੰਡ ਮਿੱਤਰਾਂ ਦੇ, ਆਸ ਇਨ੍ਹਾਂ ਦੀ ਕਰ ਨਹੀਂ ਸਕਦਾ; ਥਾਂ ਏਨਾਂ ਦੀ ਮਿਲ ਰਹੀਆਂ ਨੇ, ਮੰਦੀਆਂ, ਦੀਰਘ ਦੁਰ-ਆਸੀਸਾਂ, ਤੇ ਦਮੋ ਦਮੀ ਸਨਮਾਨ ਜ਼ੁਬਾਨੀ ; ਦਿਲ ਚਾਹੇ ਇਨਕਾਰ ਕਰਨ ਨੂੰ, ਪਰ ਬੇਚਾਰਾ ਜੁਰਅਤ ਕਰੇ ਨਾਂ। ਸੀਟਨ-!-ਹੋ! {ਪ੍ਰਵੇਸ਼ ਸੀਟਨ} ਸੀਟਨ:ਦਿਆਲੂ ਮਾਲਿਕ, ਹੁਕਮ ਫਰਮਾਓ! ਮੈਕਬੈਥ:ਖਬਰ ਕੋਈ ਹੋਰ ਵੀ ਆਈ? ਸੀਟਨ:ਜੋ ਮਾਲਿਕ ਇਤਲਾਹਾਂ ਆਈਆਂ, ਸਭ ਦੀ ਪੁਸ਼ਟੀ ਹੋਗੀ। ਮੈਕਬੈਥ:ਆਖਰ ਤੱਕ ਲੜੂੰਗਾ ਮੈਂ ਤਾਂ, ਕੱਟ ਕੱਟ ਜਦ ਥੀਂ ਮਾਸ ਨਹੀਂ ਲਾਹੁੰਦੇ, ਮੇਰੀਆਂ ਹੱਡੀਆਂ ਉੱਤੋਂ। ਲਿਆ ਬਕਤਰ ਪਹਿਨਾ ਦੇ ਮੈਨੂੰ। ਸੀਟਨ:ਹਾਲੀਂ ਇਸ ਦੀ ਲੋੜ ਨਹੀਂ ਹੈ। ਮੈਕਬੈਥ:ਮੈਂ ਪਹਿਨੂੰਗਾ ਇਹਨੂੰ। ਘੋੜਸਵਾਰ ਹੋਰ ਵੀ ਭੇਜੋ, ਆਲਾ ਦੁਆਲਾ ਖੋਜੋ ਸਾਰਾ; ਜੋ ਡਰਦੇ ਨੇ ਫਾਹੇ ਲਾਓ।-ਬਕਤਰ ਮੇਰਾ ਹੁਣੇ ਲਿਆਓ। ਹਕੀਮ ਸਾਹਿਬ, ਕਿਵੇਂ ਮਰੀਜ਼ ਤੁਹਾਡਾ? ਹਕੀਮ:ਏਨੀ ਨਹੀਂ ਬੀਮਾਰ ਉਹ, ਮਾਲਿਕ, ਦੀਰਘ, ਸੰਘਣੀ ਬੱਸ ਕਲਪਣਾ, ਨੀਂਦ ਚੈਨ ਦੀ ਸੌਣ ਨਹੀਂ ਦੇਂਦੀ। ਮੈਕਬੈਥ:ਇਲਾਜ ਕਰ ਉਹਦਾ: ਕਰ ਨਹੀਂ ਸਕਦਾ ਮਨੋਰੋਗ ਦਾ ਚਾਰਾ ਕੋਈ ; ਯਾਦ ਚੋਂ ਉਹਦੀ ਜੜ੍ਹ ਸੋਗ ਦੀ ਪੁੱਟ ਨਹੀਂ ਸਕਦਾ; ਜ਼ਿਹਨ ਦੀ ਪੱਟੀ ਜੋ ਲਿਖੀਆਂ ਨੇ, ਉਹ ਤਕਲੀਫਾਂ ਪੋਚ ਨਹੀਂ ਸਕਦਾ; ਮਿੱਠੀ ਕੋਈ ਤੁਗ਼ਾਫਲ ਵਾਲੀ, ਜ਼ਹਿਰ ਨਿਵਾਰਕ ਬੂਟੀ ਕੋਈ ਸਾਫ ਕਰਨ ਨੂੰ ਰਿਦੇ ਤੋਂ ਉਹਦੇ, ਖਤਰਨਾਕ ਮੁਵਾਦ ਜਿਹੇ ਨੂੰ, ਦੇ ਨਹੀਂ ਸਕਦਾ, ਤਾਂ ਜੋ ਬੋਝ ਘਟੇ ਕੁੱਛ ਸੀਨੇ ਦਾ? ਹਕੀਮ:ਐਸੀ ਹਾਲਤ ਅੰਦਰ ਰੋਗੀ, ਖੁਦ ਹੀ ਆਪਣਾ ਚਾਰਾ ਕਰਦੈ। ਮੈਕਬੈਥ:ਪਾ ਕੁੱਤਿਆਂ ਨੂੰ ਹਿਕਮਤ ਆਪਣੀ, ਮੈਨੂੰ ਇਹਦੀ ਲੋੜ ਨਹੀਂ ਹੈ। ਆ ਸੀਟਨ ਪਹਿਨਾ ਦੇ ਬਕਤਰ; ਖੂੰਡਾ ਹੱਥ ਫੜਾ, ਨਾਲੇ ਭੇਜੋ ਸ਼ਹਿਸਵਾਰ। ਸਰਦਾਰ ਤਾਂ ਮੇਰੇ, ਓ ਤਬੀਬਾ! ਨੱਸੀਂ ਜਾਂਦੇ।- ਆ ਤਾਂ ਵੱਡਿਆ, ਕੂਚ ਬਣਾਈਏ। ਜੇ ਹਕੀਮਾਂ, ਦੇਸ਼ ਮੇਰੇ ਦੇ ਜਲ ਦਾ ਛਿੱਟਾ,ਪੜ ਕੇ ਮਾਰੇਂ, ਰੋਗ ਤਲਾਸ਼ੇ ਇਹਦਾ, ਕਰਕੇ ਰੋਗ-ਮੁਕਤ ਫਿਰ ਇਹਨੂੰ, ਨਵੀਂ ਨਰੋਈ ਸਿਹਤ ਬਖਸ਼ ਦੇਂ, ਐਸੀ ਕਰੂੰ ਪ੍ਰਸੰਸਾ ਗੁੰਬਦ-ਗੂੰਜੀ , ਮੁੜ ਮੁੜ ਗੂੰਜੂ ਕੰਨੀਂ ਤੇਰੇ।- ਕਰ ਕੁੱਝ ਕ੍ਰਿਸ਼ਮਾ ਐਸਾ, ਹੱਥੀਂ ਸਰ੍ਹੋਂ ਜਮਾਦੇ- ਹੁਕਮ ਹੈ ਮੇਰਾ! ਹੈ ਕੋਈ ਰਿਉਂਦ, ਸ੍ਰਨਾਂਅ ਦਾ ਕਾੜ੍ਹਾ, ਜਾਂ ਕੋਈ ਹੋਰ ਜੁਲਾਬ ਅਜਿਹਾ, ਅੰਗਰੇਜ਼ਾਂ ਦੀ ਕਰੇ ਸਫਾਈ, ਦੇਸ ਮੇਰੇ ਨੂੰ ਤੱਗੜਾ ਕਰ ਦੇ? ਸੁਣਿਐ ਕੁੱਝ ਤੂੰ ਉਹਨਾਂ ਬਾਰੇ? ਹਕੀਮ:ਜੀ, ਸਰਕਾਰ; ਸ਼ਾਹੀ ਤਿਆਰੀ ਜਿਵੇਂ ਹੋ ਰਹੀ, ਸਾਡੇ ਵੀ ਕੁੱਝ ਕੰਨੀਂ ਪੈਂਦੈ। ਮੈਕਬੈਥ:ਲੈ ਆ ਇਹਨੂੰ ਮਗਰੇ ਮੇਰੇ। ਉਜਾੜੇ, ਮੌਤ, ਦਾ ਡਰ ਨਹੀਂ ਮੈਨੂੰ, ਜਦ ਥੀਂ ਬਿਰਨਮ ਬਣ ਨਹੀਂ, ਡਨਸੀਨਾਨ ਦੇ ਅੰਦਰ ਵੜਦਾ। {ਹਕੀਮ ਬਿਨਾਂ ਸਭ ਦਾ ਪ੍ਰਸਥਾਨ} ਹਕੀਮ:ਡਨਸੀਨਾਨ ਤੋਂ ਦੂਰ ਸੁਰੱਖਿਅਤ, ਹੋਰ ਕਿਤੇ ਜੇ ਮੈਂ ਹੋਵਾਂ, ਲਾਲਚ ਕਿਸੇ ਨਫੇ ਦੇ ਕਾਰਨ, ਕਦੇ ਨਾਂ ਮੁੜਦਾ ਹੋਵਾਂ। {ਪ੍ਰਸਥਾਨ}

ਸੀਨ-4 ਐਕਟ-5

ਡਨਸੀਨਾਨ ਦੇ ਨੇੜੇ ਪੇਂਡੂ ਇਲਾਕਾ ਜੰਗਲ ਨਜ਼ਰ ਆਉਂਦਾ ਹੈ {ਪ੍ਰਵੇਸ਼ ਮੈਲਕੌਲਮ ਨਗਾਰਿਆਂ, ਝੰਡਿਆਂ ਸਹਿਤ, ਬਜ਼ੁਰਗ ਸੀਵਾਰਡ ਤੇ ਪੁੱਤਰ ਉਹਦਾ, ਮੈਕਡਫ, ਮੈਂਟੀਥ, ਕੇਥਨੈਸ, ਅੰਗਸ, ਲੈਨੌਕਸ, ਰੌਸ, ਤੇ ਮਾਰਚ ਕਰਦੇ ਸੈਨਿਕ} ਮੈਲਕੌਲਮ:ਚਚੇਰ, ਮਸੇਰ ਭਰਾਵੋ! ਲਗਦੈ ਮਾੜੇ ਦਿਨ ਹੁਣ ਨੇੜੇ ਲੱਗੇ, ਘਰ ਸੁਰੱਖਿਅਤ ਮਿਲਣਗੇ ਸਾਡੇ। ਮੈਂਟੀਥ:ਇਸ ਵਿੱਚ ਸ਼ੱਕ ਨਹੀਂ ਸਾਨੂੰ ਕੋਈ । ਸੀਵਾਰਡ:ਆਹ ਸਾਹਮਣੇ ਬਣ ਹੈ ਕਿਹੜਾ? ਮੈਂਟੀਥ:ਬਿਰਨਮ ਬਣ ਇਹ ਨਾਮ ਕਹਾਵੇ। ਮੈਲਕੌਲਮ:ਹਰ ਸੈਨਿਕ ਇੱਕ ਟਾਹਣੀ ਵੱਢੇ, ਅੱਗੇ ਲਾ ਕੇ ਤੁਰੇ ਓਸ ਨੂੰ; ਏਸ ਤਰਾਂ ਗੁਪਤ ਰਹੂਗੀ ਗਿਣਤੀ ਸਾਡੀ, ਇਤਲਾਵਾਂ,ਰਪਟਾਂ ਹੋਣ ਝੂਠੀਆਂ, ਬੱਸ ਪੁੱਜਣ ਤੇ ਪਤਾ ਲੱਗਣਾ। ਸੈਨਿਕ:ਹੁਕਮ ਦੀ ਤਾਅਮੀਲ ਕਰਾਂ ਗੇ। ਸੀਵਾਰਡ:ਏਦੂੰ ਵੱਧ ਖਬਰ ਨਹੀਂ ਸਾਨੂੰ, ਤਸੱਲੀ ਨਾਲ ਉਡੀਕੇ ਜਾਬਰ, ਡਨਸੀਨਾਨ 'ਚ ਬੈਠਾ ਦੜ ਕੇ; ਘੱਤਣ ਦਊੂ ਗਾ ਕੋਟ ਨੂੰ ਘੇਰਾ ਲਗਦੈ ਸਾਨੂੰ ਚੜ੍ਹ ਕੇ। ਮੈਲਕੌਲਮ:ਵੱਡੀ ਆਸ ਬੱਸ ਕਿਲਾ ਹੈ ਉਹਦੀ, ਕੋਟ ਫਸੀਲਾਂ ਦਾ ਮਹੁਤਾਜ, ਚੰਗੇ, ਮਾੜੇ, ਕੁੱਲ ਬਾਗ਼ੀ ਹੋਏ, ਨਾਲ ਨਹੀਂ ਹੈ ਕੋਈ, ਨਾਂ ਕੋਈ ਉਹਦੀ ਸੇਵਾ ਹਾਜ਼ਰ, ਨਾਂ ਕੋਈ ਕਰੇ ਸਹਾਇਤਾ ਕੁੱਝ ਕੁ ਬੱਸ ਮਜਬੂਰ ਨੇ ਬੰਦੇ, ਦਿਲ ਜਿਨ੍ਹਾਂ ਦੇ ਸਾਡੇ ਨਾਲ। ਮੈਕਡਫ:ਜਿਹੜੀ ਅਸਾਂ ਨੇ ਰੇਕੀ ਕੀਤੀ, ਪ੍ਰਮਾਣਤ ਕਰੇ ਇਨਜਾਮ ਵੀ ਉਹਨੂੰ, ਆਪਾਂ ਤਾਂ ਬੱਸ ਪੂਰੇ ਦਿਲ ਨਾ', ਸੂਰਮਗਤੀ ਵਖਾਈਏ ਆਪਣੀ। ਸੀਵਾਰਡ:ਨੇੜੇ ਢੁੱਕ ਰਿਹਾ ਹੈ ਵੇਲ਼ਾ, ਨਿਰਣਾ ਜਦ ਪੱਕਾ ਹੋ ਜਾਣੈ, ਖੱਟਿਆ ਕੀ ਤੇ ਕੀ ਗੁਆਇਆ, ਲੇਖਾ ਜੋਖਾ ਸਭ ਹੋ ਜਾਣੈ, ਕਲਪਣ ਖਾਲੀ, ਕੱਚੀਆਂ ਆਸਾਂ, ਕੁੱਝ ਨਹੀਂ ਪੱਲੇ ਪੈਂਦਾ, ਜੋ ਫੈਸਲਾ ਜੰਗ ਦਾ ਹੋਣੈ, ਤਲਵਾਰਾਂ ਦੀ ਕਾਟ ਨੇ ਕਰਨੈ। {ਪ੍ਰਸਥਾਨ ਮਾਰਚ ਕਰਦਿਆਂ}

ਸੀਨ-5 ਐਕਟ-5

ਡਨਸੀਨਾਨ ਕਿਲੇ ਦੇ ਅੰਦਰ {ਝੰਡੇ, ਨਗਾਰੇ ਨਾਲ ਮੈਕਬੈਥ, ਸੀਟਨ, ਅਤੇ ਸੈਨਿਕਾਂ ਦਾ ਪ੍ਰਵੇਸ਼} ਮੈਕਬੈਥ:ਝੰਡੇ ਸਭ ਲਟਕਾ ਦੋ ਸਾਡੇ, ਬਾਹਰ ਵਾਲੀਆਂ ਕੰਧਾਂ ਉੱਤੇ; ਹਾਲੀਂ ਸ਼ੋਰ ਸੁਣਾਈ ਦਿੰਦਾ, ਉਹ ਆਏ, ਉਹ ਆਏ: ਕੋਟ ਦੀ ਮਜ਼ਬੂਤੀ ਸਾਡੀ, ਘਿਰਣਾ ਨਾਲ ਘੇਰੇ ਤੇ ਹੱਸੂ: ਸੜਦੇ ਰਹਿਣ ਪਏ ਉਹੋ ਏਥੇ, ਭੁਖਮਰੀ, ਤਾਪ ਨੇ ਆਖਰ ਖਾ ਹੀ ਲੈਣੈ। ਜੇ ਬਾਗ਼ੀ ਸਾਡੇ ਰਲ਼ੇ ਨਾ ਹੁੰਦੇ, ਸ਼ਕਤੀ ਉਨ੍ਹਾਂ ਦੀ ਵਧੀ ਨਾਂ ਹੁੰਦੀ, ਅਸੀਂ ਵੀ ਹੱਥੋ ਹੱਥੀ ਭਿੜਨਾ ਸੀ ਫਿਰ, ਦਾੜ੍ਹੀਓ ਦਾੜ੍ਹੀ ਹੋ ਜਾਣਾ ਸੀ, ਕੁੱਟ ਕੇ ਘਰਾਂ ਦੇ ਰਾਹ ਪਾਉਣੇ ਸੀ। {ਅੰਦਰੋਂ ਤੀਵੀਆਂ ਦੀ ਹਾਹਾਕਾਰ ਸੁਣਦੀ ਹੈ} ਇਹ ਕੀ ਸ਼ੋਰ ਪਿਆ ਹੈ ਅੰਦਰ? ਸੀਟਨ:ਔਰਤਾਂ ਵੈਣ ਪਾਉਂਦੀਆਂ ਮਾਲਿਕ। {ਜਾਂਦਾ ਹੈ} ਮੈਕਬੈਥ:ਤਕਰੀਬਨ ਜ਼ਾਇਕਾ ਭੁੱਲ ਗਿਆਂ ਹਾਂ ਡਰ, ਭੈ, ਵਾਲਾ: ਅਜਿਹਾ ਵਕਤ ਵੀ ਹੁੰਦਾ ਸੀ ਜਦ, ਸਿਹਰਨ ਸੀਤ ਸੀ ਅੰਦਰ ਹੁੰਦੀ , ਠਰ ਜਾਂਦੀ ਸੀ ਰੀੜ੍ਹ ਦੀ ਹੱਡੀ, ਰਾਤੀਂ ਸੁਣ ਕੇ ਚੀਖ ਅਜਿਹੀ ; ਲੂਈਂ ਵੀ ਕੰਡਿਆਉਂਦੀ ਮੇਰੀ, ਚੰਮੜੀ ਕੰਬਣ ਲੱਗਦੀ ਏਦਾਂ , ਸੁਣ ਕੇ ਐਸਾ ਚੀਕ ਚਿਹਾੜਾ, ਜਿਉਂ ਏਨ੍ਹਾਂ ਵਿੱਚ ਜਾਨ ਪਈ ਹੈ: ਜਾਮ ਖੌਫ ਦੇ ਭਰ ਭਰ ਪੀਤੇ; ਦਹਿਸ਼ਤ ਐਸੀ ਮਿੱਤਰ ਹੋਈ , ਮੇਰੀਆਂ ਕਾਤਲ ਸੋਚਾਂ ਵਾਲੀ, ਕਿ ਤ੍ਰਾਹ ਹੁਣ ਮੇਰਾ ਕਦੇ ਨਾਂ ਨਿਕਲੇ। {ਸੀਟਨ ਦਾ ਮੁੜ ਪ੍ਰਵੇਸ਼} ਕਿਹਾ ਸ਼ੋਰ ਸੀ? ਕਿੱਧਰੋਂ ਆਇਆ? ਸੀਟਨ:ਮਹਾਰਾਣੀ, ਮਾਲਿਕ, ਗੁਜ਼ਰ ਗਈ ਹੈ। ਮੈਕਬੈਥ:ਚੰਗਾ ਹੁੰਦਾ ਠਹਿਰ ਕੇ ਜਾਂਦੀ। ਮੌਤ ਜਿਹੇ ਇਸ ਸ਼ਬਦ ਦੀ ਖਾਤਰ, ਵੇਲ਼ਾ ਹੋਰ ਕਦੇ ਹੋਣਾ ਸੀ।- ਕੱਲ੍ਹ, ਅਤੇ ਕੱਲ੍ਹ, ਅਤੇ ਕੱਲ੍ਹ, ਹੌਲੀ ਹੌਲੀ ਤੁਰਿਆ ਰਹਿੰਦੈ ਵਕਤ ਰੋਜ਼ਾਨਾ, ਵਕਤ-ਏ-ਹਸ਼ਰ ਦੇ ਆਖਰੀ ਅੱਖਰ ਤੀਕਰ; ਨਾਲੇ ਸਾਡੀਆਂ ਬੀਤੀਆਂ ਕੱਲ੍ਹਾਂ, ਮੂਰਖਾਂ ਖਾਤਰ ਰਾਹ ਰੁਸ਼ਨਾਏ, ਕਬਰਾਂ ਵੱਲ ਜੋ ਜਾਂਦੇ। ਜੋਬਨ-ਮਰਨੀ ਸ਼ਮਾਅ, ਜਾਹ, ਗੁਲ ਹੋ ਜਾ ! ਇਹ ਜੀਵਨ ਪ੍ਰਛਾਵਾਂ, ਚਲਦੇ ਚਿੱਤਰ ਵਾਂਗੂੰ, ਮੰਚ ਤੇ ਜਿਉਂ ਅਭਿਨੇਤਾ ਕੋਈ, ਘੜੀ, ਪਲ ਲਈ ਰੋਲ ਨਿਭਾਉਂਦਾ, ਇਤਰਾ ਕੇ ਤੁਰਦਾ ਤੀਸਮਾਰ ਖਾਂ, ਲੁੱਡੀ ਪਾਉਂਦਾ, ਸ਼ੋਰ ਮਚਾਉਂਦਾ, ਗੁੱਸੇ ਹੁੰਦਾ, ਭੜਕ ਵਖਾਉਂਦਾ, ਤੇ ਫਿਰ ਕਿਧਰੇ ਨਜ਼ਰ ਨਹੀਂ ਆਉਂਦਾ, ਨਾਂ ਫਿਰ ਸੁਣੇ ਆਵਾਜ਼ ਓਸ ਦੀ;- ਇਹ ਤਾਂ ਬਾਤ ਜਿਵੇਂ ਦੀਵਾਨੇ ਪਾਈ, ਰੌਲ਼ਾ, ਗੌਗਾ, ਸ਼ੋਰ ਸ਼ਰਾਬਾ, ਅਰਥ ਨਹੀਂ ਪਰ ਕਾਈ । {ਪ੍ਰਵੇਸ਼ ਸੰਦੇਸਾ-ਵਾਹਕ} ਤੂੰ ਵੀ ਆਇਐਂ ਜੀਭ ਚਲਾਉਣ; ਪਾ ਕਹਾਣੀ ਕਾਹਲੀ ਆਪਣੀ। ਸੰਦੇਸਾ-ਵਾਹਕ:ਕਿਰਪਾਲੂ ਮਹਾਰਾਜ, ਜੋ ਵੇਖਿਐ ਸੋਈ ਕਹਿਣੈ, ਪਰ ਪਤਾ ਨਹੀਂ ਕਿਵੇਂ ਕਹਾਂ ਮੈਂ। ਮੈਕਬੈਥ:ਠੀਕ ਹੈ; ਹੁਣ ਬੋਲ ਨਵਾਬਾ! ਸੰਦੇਸਾ-ਵਾਹਕ:ਪਹਾੜੀ ਤੇ ਸੀ ਪਹਿਰਾ ਮੇਰਾ, ਬਿਰਨਮ ਬਣ ਵੱਲ ਨਜ਼ਰ ਸੀ ਮੇਰੀ, ਇੱਕ ਦਮ ਬੜਾ ਅਚੰਭਾ ਹੋਇਆ, ਮੈਨੂੰ ਲੱਗਾ ਬਣ ਤੁਰਿਆ ਆਉਂਦੈ। ਮੈਕਬੈਥ:ਝੂਠੇ, ਮੱਕਾਰ ਗ਼ੁਲਾਮਾਂ!{ਮਾਰਦਾ ਹੈ} ਸੰਦੇਸਾ-ਵਾਹਕ:ਮਾਰੋ ਮੈਨੂੰ ਝੂਠ ਜੇ ਬੋਲਾਂ। ਤਿੰਨ ਮੀਲਾਂ ਦੇ ਅੰਦਰ ਵੇਖੋ ਕੀ ਪਿਆ ਤੁਰਿਆ ਆਉਂਦੈ; ਮੈਨੂੰ ਲਗਦੈ ਬਣ ਹੀ ਆਉਂਦੈ। ਮੈਕਬੈਥ:ਜੇ ਤੇਰੀ ਗੱਲ ਝੂਠੀ ਹੋਈ, ਅਗਲੇ ਰੁੱਖ ਤੇ ਰਹੇਂਗਾ ਟੰਗਿਆ, ਜਦ ਥੀਂ ਭੁੱਖਮਰੀ ਨਹੀਂ ਖਾਂਦੀ ; ਜੇ ਗੱਲ ਸੱਚੀ ਨਿੱਕਲੀ ਤੇਰੀ, ਪਰਵਾਹ ਨਹੀਂ ਮੈਨੂੰ ਕਾਈ, ਜੇ ਨਾਲ ਮੇਰੇ ਵੀ ਕਰੇਂ ਅਜਿਹਾ। ਡੋਰ ਦ੍ਰਿੜ੍ਹਤਾ ਵਾਲੀ ਫਿਰ ਮੈਂ ਖਿੱਚ ਹੀ ਲੈਣੀ; ਤੇ ਸ਼ੱਕ ਸ਼ੁਰੂ ਹੋ ਜਾਣੀ, ਕਿ ਸ਼ੈਤਾਨੀ ਬਾਣੀ ਸੀ ਦੁਅਰਥੀ, ਭਾਵੇਂ ਸੱਚੀ ਬੜੀ ਸੀ ਲਗਦੀ : 'ਭੈ ਨਾਂ ਕਰ ਜਦ ਥੀਂ ਬਿਰਨਮ ਬਣ ਨਹੀਂ ਚੱਲ ਕੇ ਆਉਂਦਾ, ਡਨਸੀਨਾਨ ਦਰਵਾਜ਼ੇ ਤੀਕਰ;- ਤੇ ਹੁਣ ਬਣ ਇੱਕ ਤੁਰਿਆ ਆਉਂਦੈ, ਡਨਸੀਨਾਨ ਦਰਵਾਜ਼ੇ ਵੱਲੇ।- ਅਸਤਰ, ਸ਼ਸਤਰ, ਹਥਿਆਰ ਉਠਾਓ, ਨਿਕਲੋ ਬਾਹਰ!- ਜੇ ਆ ਗਿਆ ਨਜ਼ਰੀਂ ਉਹ ਕੁੱਝ, ਸੌਂਹ ਜੀਹਦੀ ਇਹ ਖਾਂਦੈ, ਨਾਂ ਰੁਕਿਆਂ ਗੱਲ ਬਣਨੀ ਏਥੇ, ਨਾਂ ਨੱਸਿਆਂ ਹੀ ਬਣਨੀ। ਹੁਣ ਤਾਂ ਨਿੱਤ ਨਵੇਂ ਦਿਨ ਉਹੀਓ ਸੂਰਜ, ਵੇਖ ਵੇਖ ਜੀ ਅੱਕਿਐ, ਕਾਸ਼, ਸੰਰਚਨਾ ਜੱਗ ਵਾਲੀ ਇਹ, ਢਹਿ ਢੇਰੀ ਹੋ ਜਾਵੇ!- ਖਤਰੇ ਦਾ ਹੁਣ ਵੱਜੇ ਘੰਟਾ!-ਵਾਹਵਾ ਨ੍ਹੇਰੀ ਝੁੱਲੇ! ਤਬਾਹੀ ਤੇ ਬਰਬਾਦੀ ਆਵੇ! ਐਪਰ ਅਸੀਂ ਤਾਂ ਮਰਨੈ, ਰਣ-ਖੇਤਰ ਵਿੱਚ ਲੜਦੇ ਲੜਦੇ। {ਪ੍ਰਸਥਾਨ}

ਸੀਨ-6 ਐਕਟ-5

ਓਹੀ {ਕਿਲੇ ਮੂਹਰੇ ਇੱਕ ਮੈਦਾਨ} {ਪ੍ਰਵੇਸ਼ ਮੈਲਕੌਲਮ, ਬਜ਼ੁਰਗ ਸੀਵਾਰਡ, ਮੈਕਡਫ ਵਗ਼ੈਰਾ ਅਤੇ ਸੈਨਿਕ ਨਗਾਰੇ, ਪਰਚਮਾਂ ਸਹਿਤ। ਸੈਨਿਕਾਂ ਨੇ ਟਾਹਣੀਆਂ ਚੁੱਕ ਰੱਖੀਆਂ ਹਨ।} ਮੈਲਕੌਲਮ:ਕਾਫੀ ਨੇੜੇ ਆ ਗੇ ਹੁਣ ਤਾਂ, ਲਾਹ ਸੁੱਟੋ ਹੁਣ ਪੱਤਾਂ ਦੇ ਓਹਲੇ, ਸਾਫ ਸਾਹਮਣੇ ਆਓ ਸਾਰੇ, ਆਪਣਾ ਆਪ ਵਖਾਓ ਸਭ ਨੂੰ।- ਬਜ਼ੁਰਗਵਾਰ ਮੇਰੇ ਚਾਚਾ ਜਾਨੀ, ਆਪਣੇ ਯੋਗ ਫਰਜ਼ੰਦ-ਭਰਾ ਮੇਰੇ ਨੂੰ, ਨਾਲ ਲਓ ਤੇ ਬੋਲੋ ਆਪਣਾ, ਪਹਿਲਾ ਹੱਲਾ ਦੁਸ਼ਮਣ ਉੱਤੇ: ਮੈਕਡਫ ਯੋਗ, ਤੇ ਅਸੀਂ ਸਾਰੇ ਹੀ, ਆਪਣੇ ਅਪਣੇ ਰੁਤਬੇ ਅਨੁਸਾਰ, ਬਾਕੀ ਕੰਮ ਸਭ ਸਾਂਭ ਲਵਾਂਗੇ, ਰਹੀ ਅਸਾਡੀ ਜ਼ਿੰਮੇਵਾਰੀ । ਸੀਵਾਰਡ:ਅਲਵਿਦਾਅ!- ਅੱਜ ਦੀ ਰਾਤੀਂ, ਜ਼ਾਲਮ ਵਾਲੀ ਸੱਤਾ ਨੂੰ ਹੱਥ ਪਾਉਣੈ, ਵੀਰ ਨਹੀਂ ਜੇ ਅਸੀਂ ਜੁਝਾਰੂ, ਬੇਸ਼ੱਕ ਰੱਬ ਹਰਾਵੇ ਸਾਨੂੰ। ਮੈਕਡਫ:ਰਣਭੀਰੀ, ਬਿਗੁਲ ਵਜਾਓ ਸਾਰੇ, ਸੰਖ-ਨਾਦ ਵੀ ਹੋਏ ਪੂਰਾ, ਫੇਫੜੇ ਖੂਬ ਫੁਲਾਓ ਅਪਣੇ, ਲਾ ਦਿਓ ਦਮ ਇਨ੍ਹਾਂ ਤੇ ਪੂਰਾ; ਇਹ ਵਣਜਾਰੇ ਰੱਤ ਤਾਜ਼ੀ ਦੇ, ਮਾਰਨ ਹੋਕੇ ਮੌਤ-ਹਰਕਾਰੇ। {ਪ੍ਰਸਥਾਨ}

ਸੀਨ-7 ਐਕਟ-5

ਓਹੀ ਮੈਦਾਨ ਦਾ ਇੱਕ ਹੋਰ ਭਾਗ; ਰਣ-ਖੇਤਰ ਦਾ ਸ਼ੋਰ-ਸ਼ਰਾਬਾ। {ਪ੍ਰਵੇਸ਼ ਮੈਕਬੈਥ} ਮੈਕਬੈਥ:ਤੱਗੜੇ ਕਿੱਲੇ ਬੰਨ੍ਹਿਆ ਮੈਨੂੰ, ਭੱਜਣ ਦੀ ਗੁੰਜਾਇਸ਼ ਨਹੀਂ: ਰਿੱਛ ਵਾਂਗ ਹੁਣ ਲੜ-ਭਿੜ ਕੇ ਹੀ, ਕੁੱਤੇ ਭੁੱਖੇ ਰੱਖਣੇ ਪਾਸੇ।- ਕੌਣ ਅਜਿਹਾ, ਜੋ ਇਸ ਧਰਤੀ ਰੰਨ ਕਿਸੇ ਨੇ ਜਣਿਆ ਨਾਹੀਂ? ਬੱਸ ਐਸੇ ਤੋਂ ਡਰ ਹੈ ਮੈਨੂੰ, ਹੋਰ ਕਿਸੇ ਤੋਂ ਨਾਹੀਂ। {ਪ੍ਰਵੇਸ਼ ਗੱਭਰੂ ਸੀਵਾਰਡ} ਸੀਵਾਰਡ:ਨਾਂਅ ਕੀ ਤੇਰਾ? ਬੋਲ। ਮੈਕਬੈਥ:ਤ੍ਰਾਹ ਨਿੱਕਲ ਜੂ ਤੇਰਾ, ਸੁਣ ਕੇ। ਸੀਵਾਰਡ:ਬਿਲਕੁਲ ਨਹੀਂ; ਭਾਵੇਂ ਦੋਜ਼ਖ ਦੇ ਨਾਵਾਂ ਚੋਂ, ਮਹਾਂ ਭਿਅੰਕਰ ਲਾਟ ਕਹਾਵੇਂ। ਮੈਕਬੈਥ:ਮੈਕਬੈਥ ਕਹਿੰਦੇ ਨੇ ਮੈਨੂੰ। ਸੀਵਾਰਡ:ਸ਼ੈਤਾਨ ਵੀ ਕਦੇ ਉਚਾਰ ਨਹੀਂ ਸਕਦਾ, ਨਾਂਅ ਕੋਈ ਐਸਾ, ਏਦੂੰ ਵੱਧ ਜੋ ਕੰਨ ਨੂੰ ਮੇਰੇ, ਵਿਸ਼ ਦਾ ਭਰਿਆ ਲੱਗੇ। ਮੈਕਬੈਥ:ਨਹੀਂ; ਨਾਂ ਹੀ ਇਸ ਤੋਂ ਵੱਧ ਡਰਾਉਣਾ। ਸੀਵਾਰਡ:ਘਿਰਣਤ ਜਾਬਰ ਝੂਠ ਬੋਲਦੈਂ; ਆਹ ਤਿੱਖੀ ਤਲਵਾਰ ਜੋ ਮੇਰੀ, ਝੂਠ ਦਾ ਸੀਨਾ ਪਾੜ ਕੇ ਰੱਖ ਦੂ। {ਲੜਦੇ ਹਨ। ਸੀਵਾਰਡ ਗੱਭਰੂ ਮਾਰਿਆ ਜਾਂਦਾ ਹੈ} ਮੈਕਬੈਥ:ਜਣਿਆ ਸੀ ਤੂੰ ਰੰਨ ਕਿਸੇ ਦਾ। ਮੁਸਕਾ ਛੱਡਦਾਂ ਤਲਵਾਰਾਂ ਉੱਤੇ, ਹਥਿਆਰਾਂ ਨੂੰ ਟਿੱਚ ਜਾਣਦਾਂ, ਉਲਾਰਨ ਜਿਹੜੇ ਹੱਥ ਕਿਸੇ ਦੇ, ਜੋ ਤੀਵੀਂ ਨੇ ਜਣਿਆ। {ਪ੍ਰਸਥਾਨ} {ਜੰਗ ਦਾ ਸ਼ੋਰ-ਸ਼ਰਾਬਾ। ਪ੍ਰਵੇਸ਼ ਮੈਕਡਫ} ਮੈਕਡਫ:ਓਧਰ ਰੌਲ਼ਾ ਪੈਂਦਾ ਸੁਣਦੈ।-ਓ ਜ਼ਾਲਿਮ, ਜ਼ਰਾ ਸ਼ਕਲ ਵਖਾ! ਪਹਿਲੋਂ ਈ ਜੇ ਤੂੰ ਕਤਲ ਹੋ ਜਾਨੈਂ, ਮੇਰੀ ਖੜਗ ਉੱਠਣ ਤੋਂ, ਪ੍ਰੇਤ-ਪਰਛਾਈਆਂ ਮੇਰੀ ਬੀਵੀ ਤੇ ਔਲਾਦ ਵਾਲੀਆਂ, ਨਿਸਦਿਨ ਹੋਣ ਮਸੱਲਤ, ਆ ਆ ਮੇਰੇ ਉੱਤੇ। ਆਹ, ਹੀਣੇ ਬਦਬਖਤ ਓ 'ਕਰਨਾ', ਅਇਰਲੈਂਡ ਤੋਂ ਭਰਤੀ ਕੀਤੇ, ਭਾੜੇ ਦੀਆਂ ਇਨ ਬਾਹਵਾਂ ਹੱਥੇ ਤੂੰ ਪਕੜਾਏ ਸੋਟੇ; ਹੱਥ ਨਹੀਂ ਚੁੱਕਣਾ ਇਹਨਾਂ ਉੱਤੇ, ਹੱਥ ਬੱਸ ਤੈਨੂੰ ਪਾਉਣੈ, ਮੁੰਡੀ ਵੱਢਣੀ ਮੈਕਬੈਥ ਤੇਰੀ, ਐਵੇਂ ਧਾਰ ਕੁੰਦ ਨਹੀਂ ਕਰਨੀ, ਨਹੀਂ ਤਾਂ ਖੜਗ ਅਣਲੋੜੀ ਆਪਣੀ, ਵਿੱਚ ਮਿਆਨੇ ਏਵੇਂ ਰੱਖਣੀ । ਹੋਣਾ ਚਾਹੀਏ ਪੱਕਾ ਤੈਨੂੰ, ਓਧਰ, ਪਰੇ, ਉਸ ਥਾਵੇਂ, ਖੌਫਨਾਕ ਖਟ ਖਟ ਜਿੱਧਰੋਂ, ਤਲਵਾਰਾਂ ਦੀ ਆਉਂਦੀ ਲੱਗੇ, ਸ਼ੋਰ ਬੜਾ ਪੈਂਦਾ ਜਿੱਧਰ, ਓਧਰ ਲਗਦੈਂ ਫਿਰਦਾ ਤੂੰ। ਓ ਮੁਕੱਦਰ ਦੇਹ ਸਹਾਰਾ, ਲੱਭ ਲਵਾਂ ਮੈਂ ਉਹਨੂੰ ਓਧਰ, ਏਦੂੰ ਵੱਧ ਹੋਰ ਨਹੀਂ ਮੈਂ ਕੁੱਝ ਵੀ ਤੈਥੋਂ ਮੰਗਦਾ। {ਪ੍ਰਸਥਾਨ} {ਜੰਗੀ ਸ਼ੋਰ-ਸ਼ਰਾਬਾ; ਪ੍ਰਵੇਸ਼ ਮੈਲਕੌਲਮ ਅਤੇ ਬਜ਼ੁਰਗ ਸੀਵਾਰਡ} ਸੀਵਾਰਡ:ਇਸ ਪਾਸੇ ਵੱਲ ਆਓ, ਮਾਲਿਕ;- ਸੌਖਿਆਂ ਕਿਲਾ ਹਵਾਲੇ ਹੋਇਐ: ਜਾਬਰ ਸ਼ਾਹ ਦੇ ਸੈਨਕ ਏਥੇ, ਦੋਵੇਂ ਪੱਖੋਂ ਲੜੀਂ ਨੇ ਜਾਂਦੇ; ਕੁਲੀਨ ਸੱਭੇ ਸਰਦਾਰ ਅਸਾਡੇ, ਜੰਗ 'ਚ ਮੱਲਾਂ ਮਾਰੀਂ ਜਾਂਦੇ; ਦਿਨ ਵੀ ਆਪ ਐਲਾਨ ਕਰ ਰਿਹੈ: ਫਤਿਹ ਆਪਦੀ ਹੋਈ ਸਮਝੋ , ਕੁੱਝ ਵੀ ਕਰਨ ਨੂੰ ਰਿਹਾ ਨਹੀਂ ਬਾਕੀ। ਮੈਲਕੌਲਮ:ਸਾਨੂੰ ਐਸੇ ਦੁਸ਼ਮਣ ਟੱਕਰੇ, ਵਾਰ ਕਰਨ ਜੋ ਆਸੇ ਪਾਸੇ। ਸੀਵਾਰਡ:ਪਧਾਰੋ ਸਰਕਾਰ, ਕਿਲਾ ਤੁਹਾਡਾ। {ਪ੍ਰਸਥਾਨ। ਸ਼ੋਰ-ਸ਼ਰਾਬਾ}

ਸੀਨ-8 ਐਕਟ-5

ਓਹੀ {ਮੈਦਾਨ ਦਾ ਇੱਕ ਹੋਰ ਹਿੱਸਾ} {ਪ੍ਰਵੇਸ਼ ਮੈਕਬੈਥ।} ਮੈਕਬੈਥ:ਮੈਂ ਬਣਾਂ ਕਿਉਂ ਰੋਮਨ ਮੂਰਖ, ਆਪਣੀ ਹੀ ਤਲਵਾਰ ਤੇ ਡਿੱਗਾਂ? ਜਦ ਥੀਂ ਦੁਸ਼ਮਣ ਨਜ਼ਰਾਂ ਸਾਹਵੇਂ, ਬਦਨ ਪਾੜਨੇ ਚੰਗੇ ਲਗਦੇ। {ਪ੍ਰਵੇਸ਼ ਮੈਕਡਫ} ਮੈਕਡਫ:ਘੁੰਮ ਜ਼ਰਾ, ਕਰ ਮੂੰਹ ਏਧਰ, ਓ ਸ਼ਿਕਾਰੀ ਨਰਕੀ ਕੁੱਤੇ! ਮੈਕਬੈਥ:ਸਾਰੇ ਹੋਰ ਲੋਕਾਂ ਵਿੱਚੋਂ, ਤੈਥੋਂ ਹੀ ਬੱਸ ਮੂੰਹ ਲੁਕਾਵਾਂ। ਐਪਰ ਮੁੜ ਜਾ ਪਿੱਛੇ; ਹੁਣ ਹੋਰ ਨਹੀਂ, ਏਨਾਂ ਲਹੂ ਪੀ ਲਿਆ ਤੇਰੀ ਨਸਲ ਦਾ, ਰੂਹ ਡਕਾਡਕ ਭਰ ਗੀ ਮੇਰੀ। ਮੈਕਡਫ:ਸ਼ਬਦ ਨਹੀਂ ਕੋਈ ਮੇਰੇ ਕੋਲੇ, ਬੱਸ ਮੇਰੀ ਤਲਵਾਰ ਹੀ ਬੋਲੇ: ਬਦਮਾਸ਼ ਕਮੀਨਾ ਹੈਂ ਤੂੰ ਏਨਾਂ, ਸ਼ਬਦ ਬਿਆਨ ਨਹੀਂ ਕਰ ਸਕਦੇ । {ਲੜਦੇ ਹਨ} ਮੈਕਬੈਥ:ਐਵੇਂ ਪਿਆ ਮਸ਼ੱਕਤ ਕਰਦੈਂ, ਨਿਹਫਲ਼ ਜਾਣੀ ਸਾਰੀ, ਤਿੱਖਧਾਰੀ ਤਲਵਾਰ ਇਹ ਤੇਰੀ, ਹਵਾ ਜਿਵੇਂ ਨਹੀਂ ਕੱਟ ਸਕਦੀ, ਓਵੇਂ ਸ਼ਰੀਰ ਮੇਰੇ ਤੇ ਇਹਨੇ, ਜ਼ਖਮ ਕਦੇ ਨਹੀਂ ਲਾਉਣਾ: ਅਸੁਰੱਖਿਅਤ ਕੱਟ ਚੋਟੀਆਂ, ਧਾਰ ਆਜ਼ਮਾ ਤੂੰ ਆਪਣੀ ਜਾ ਕੇ; ਤਲਿਸਮਾਤੀ ਹੈ ਜੀਵਨ ਮੇਰਾ, ਜੀਹਨੇ ਜ਼ੇਰ ਨਹੀਂ ਹੋਣਾ ਉਸ ਤੋਂ, ਜੋ ਵੀ ਔਰਤ ਜਣਿਆ। ਮੈਕਡਫ:ਖੇਹ ਪਾ ਸਿਰ ਤਲਿਸਮ ਦੇ ਐਸੇ, ਰੱਬ ਨੂੰ ਕਰ ਹੁਣ ਯਾਦ ਤੂੰ ਆਪਣੇ; ਜਾਹ ਪੁੱਛ ਓਸ ਫਰਿਸ਼ਤੇ ਨੂੰ ਹੁਣ, ਜੀਹਦੀ ਹੁਣ ਥੀਂ ਪੂਜਾ ਕੀਤੀ, ਓਹੀ ਦੱਸੂ ਮੈਕਡਫ ਹੀ ਹੈ ਉਹੀ ਬੰਦਾ, ਦਿਨ ਪੁੱਗਣ ਤੋਂ ਪਹਿਲਾਂ ਜੀਹਨੂੰ, ਮਾਂ ਦਾ ਢਿੱਢ ਪਾੜ ਕੇ ਕੱਢਿਆ। ਮੈਕਬੈਥ:ਨਰਕੀ ਅੱਗ ਸੜੇ ਉਹ ਜੀਭਾ, ਜਿਹੜੀ ਇਹ ਗੱਲ ਦੱਸੇ ਮੈਨੂੰ, ਮੇਰੇ ਅੰਦਰ 'ਮਰਦ' ਦਾ ਇਹਨੇ, ਵੱਡਾ ਹਿੱਸਾ ਬੁਜ਼ਦਿਲ ਕੀਤਾ! ਟੂਣੇਹਾਰ ਚੁੜੇਲਾਂ ਏਹੇ, ਨਹੀਂ ਵਿਸ਼ਵਾਸ ਦੇ ਕਾਬਲ ਸਾਡੇ, ਹਰ ਗੱਲ ਕਰਨ ਦੁਵੱਲੀ/ਦੁਅਰਥੀ, ਚਿੱਤ ਵੀ ਰੱਖਣ ਪੱਟ ਵੀ ਰੱਖਣ, ਪੱਲੇ ਪਾਵਣ ਠੈਂਗਾ; ਖੋਟਾ ਸ਼ਬਦ ਵਚਨ ਦਿੱਤੇ ਦਾ ਕੰਨੀਂ ਗੂੰਜੀਂ ਜਾਂਦਾ, ਵੇਲ਼ੇ ਸਿਰ ਪਰ ਆਸ ਤੋੜਦਾ, ਅਰਸ਼ੋਂ ਭੁੰਜੇ ਖਿੱਚ ਕੇ ਲਾਹੁੰਦਾ!- ਮੈਂ ਨਹੀਂ ਲੜਨਾ ਨਾਲ ਤੇਰੇ ਹੁਣ। ਮੈਕਡਫ:ਸੁੱਟ ਹਥਿਆਰ ਫਿਰ ਬੁਜ਼ਦਿਲ ਬੰਦੇ, ਕਰ ਹਵਾਲੇ ਖੁਦ ਨੂੰ, ਜੀਂਦੇ ਜੀ ਬਣੀਂ ਨੁਮਾਇਸ਼, ਵੇਖਣ ਲੋਕ ਤਮਾਸ਼ਾ ਆ ਕੇ: ਆਪਣੇ ਖਾਸ ਦਰਿੰਦਿਆ ਵਾਂਗੂੰ, ਰੱਖੀਏ ਤੈਨੂੰ ਪਿੰਜਰੇ ਪਾ ਕੇ, ਲਿਖ ਲਟਕਾਈਏ ਤਖਤੀ , ਉਹਦੇ ਮੁੰਨੇ ਉੱਤੇ: "ਵੇਖੋ ਜਾਬਰ ਐਸਾ ਹੁੰਦਾ" ਮੈਕਬੈਥ:ਈਨ ਕਦੇ ਨਾਂ ਮੰਨਾਂ ਏਦਾਂ, ਮੁੰਡੇ ਮੈਲਕੌਲਮ ਮੂਹਰੇ ਕਰਾਂ ਨਾਂ ਸਜਦੇ, ਹਾਰੀ ਸਾਰੀ ਲਾਅਣਤ ਪਾਵੇ, ਮੈਂ ਇਹ ਜਰ ਨਹੀਂ ਸਕਦਾ; ਭਾਵੇਂ ਬਿਰਨਮ ਬਣ ਚੱਲ ਆਇਐ, ਕਿਲੇ ਦੇ ਦਰਵਾਜ਼ੇ ਉੱਤੇ, ਤੂੰ ਜੋ ਆਇਆ ਸਾਹਮਣੇ ਮੇਰੇ, ਰੰਨ ਕਿਸੇ ਨਹੀਂ ਜਣਿਆ, ਤਾਂ ਵੀ ਲੜੂੰਗਾ ਆਖਰ ਤੀਕਰ, ਨਹੀਂ ਮੈਦਾਨੋਂ ਭੱਜਣਾ। ਜੰਗਜੂ ਢਾਲ ਮੇਰੀ ਹੈ ਅੱਗੇ: ਵਾਰ ਕਰੀਂ ਜਾ ਜਿੰਨੇ ਕਰਨੇ, ਜਾਏ ਜਹੱਨਮ ਉਹ ਜੋ ਪਹਿਲਾਂ, ਖੜੇ ਕਰ ਕੇ ਹੱਥ ਚਿੱਲਾਵੇ:- "ਬੱਸ ਭਰਾਵਾ, ਏਹੋ ਕਾਫੀ"! {ਲੜਦੇ ਲੜਦੇ ਨਿੱਕਲ ਜਾਂਦੇ ਹਨ} ਪੂਰਨ ਪਸਪਾਈ। ਤੂਤੀਨਾਦ। ਢੋਲ, ਨਗਾਰਿਆਂ, ਅਤੇ ਪਰਚਮਾਂ ਸਹਿਤ ਪ੍ਰਵੇਸ਼ ਮੈਲਕੌਲਮ, ਬਜ਼ੁਰਗ ਸੀਵਾਰਡ, ਰੌਸ, ਲੈਨੌਕਸ, ਅੰਗਸ, ਕੇਥਨੈਸ, ਮੈਂਟੀਥ, ਅਤੇ ਸੈਨਿਕ।} ਮੈਲਕੌਲਮ:ਮਾਲਿਕ ਮੂਹਰੇ ਪ੍ਰਾਰਥਨਾ ਮੇਰੀ, ਮਿੱਤਰ ਹਾਜ਼ਰ ਹੈ ਨੀਂ ਜਿਹੜੇ, ਸੁੱਖੀਂ ਸਾਂਦੀ ਮੁੜ ਕੇ ਆਵਣ! ਸੀਵਾਰਡ:ਕਈਆਂ ਨੂੰ ਤਾਂ 'ਜਾਣਾ' ਈ ਪੈਂਦੈ; ਐਪਰ ਜੋ ਵੀ ਦੀਂਹਦੇ ਏਥੇ, ਲਗਦੈ ਫਤਿਹ ਦਾ ਦਿਨ ਇਹ ਵੱਡਾ, ਸਸਤੇ ਭਾਅ ਈ ਮਿਲਿਐ। ਮੈਲਕੌਲਮ:ਮੈਕਡਫ ਨਹੀਂਓਂ ਦੀਂਹਦਾ ਮੈਨੂੰ, ਨਾਂ ਹੀ ਤੁਹਾਡਾ ਪੁੱਤਰ ਦੀਂਹਦੈ। ਰੌਸ:ਪੁੱਤਰ ਤੁਹਾਡੇ, ਲਾਟ ਸਾਹਿਬ, ਸੈਨਿਕ ਵਾਲਾ ਕਰਜ਼ ਚੁਕਾਇਐ: ਓਦੋਂ ਤੱਕ ਹੀ ਜੀਵਿਐ ਉਹੋ, ਜਦ ਥੀਂ ਮਰਦ ਕਹਾਇਐ; ਮਰਦਪੁਣਾ ਪ੍ਰਮਾਣਤ ਕੀਤਾ, ਰਣ-ਖੇਤਰ ਨਹੀਂ ਪਿੱਠ ਵਖਾਈ, ਮਰਦਾਂ ਵਾਂਗੂੰ ਲੜਦਿਆਂ ਉਹਨੇ, ਜਾਮ ਸ਼ਹਾਦਤ ਪੀਤੈ। ਸੀਵਾਰਡ:ਮਰ ਗਿਆ ਫਿਰ ਤਾਂ? ਰੌਸ:ਜੀ; ਲਾਸ਼ ਮੁੜੀ ਏ ਖੇਤੋਂ: ਤੁਹਾਡੇ ਸੋਗ ਦਾ ਕਾਰਨ ਆਪਾਂ, ਉਹਦੀ ਯੋਗਤਾ ਬਰਾਬਰ ਨਹੀਂ ਤੋਲਣਾ, ਜੇ ਕਿੱਧਰੇ ਹੋ ਜਾਏ ਐਸਾ, ਫਿਰ ਤਾਂ ਸੋਗ ਦਾ ਅੰਤ ਨਹੀਂ। ਸੀਵਾਰਡ:ਜ਼ਖਮ ਤਾਂ ਸਾਰੇ ਲੱਗੇ ਸੀਨੇ? ਰੌਸ:ਸਾਰੇ ਛਾਤੀ ਲੱਗੇ। ਸੀਵਾਰਡ:ਫਿਰ ਤਾਂ ਰੱਬੀ ਸੈਨਿਕ ਹੋਇਆ! ਮੇਰੇ ਰੋਮਾਂ ਜਿੰਨੇ ਜੇਕਰ ਪੁੱਤਰ ਮੇਰੇ ਹੋਵਣ, ਏਦੂੰ ਚੰਗੀ ਮੌਤ ਕਿਸੇ ਦੀ, ਮੈਂ ਕਦੇ ਨਾਂ ਚਿਤਵਾਂ: ਸੁਹਣਾ ਪੈ ਗਿਆ ਭੋਗ ਓਸਦਾ। ਮੈਲਕੌਲਮ:ਉਹਦੇ ਸੋਗ ਦਾ ਮੁੱਲ ਵਧੇਰੇ, ਮੈਂ ਤਾਰੂੰਗਾ ਇਹੇ। ਸੀਵਾਰਡ:ਏਦੂੰ ਵੱਧ ਮੁੱਲ ਨਹੀਂ ਕੋਈ: ਵਧੀਆ ਕਹੋ ਵਿਦਾਈ ਉਹਦੀ, ਸੈਨਿਕ ਵਾਲਾ ਕਰਜ਼ਾ ਲਾਹਿਆ: ਰੂਹ ਨੂੰ ਰੱਬ ਸ਼ਾਂਤੀ ਬਖਸ਼ੇ, ਰਹਿਮਤ ਦਾ ਹੱਥ ਰੱਖੇ!- ਆਹ ਵੇਖੋ, ਖਬਰ ਨਵੀਂ ਸੁਖਦਾਈ ਆਈ। {ਮੈਕਡਫ ਮੈਕਬੈਥ ਦਾ ਸਿਰ ਨੇਜ਼ੇ ਤੇ ਟੰਗੀਂ ਆਉਂਦਾ ਹੈ} ਮੈਕਡਫ:ਜ਼ਿੰਦਾਬਾਦ ਸ਼ਾਹ ਸਲਾਮਤ! ਪਾਤਸ਼ਾਹੀ ਹੁਣ ਹੋਈ ਤੁਹਾਡੀ: ਵੇਖੋ, ਸਰਾਪੀ ਮੁੰਡੀ ਅਪਹਾਰਕ ਦੀ ਕਿੱਥੇ ਟੰਗੀ: ਰਤਨ, ਜਵਾਹਰ ਬਾਦਸ਼ਾਹਤ ਦੇ ਆਲੇ ਦੁਆਲੇ ਬੈਠੇ ਤੇਰੇ, ਮੇਰੇ ਆਦਾਬ, ਅਭਿਵਾਦਨ ਨੂੰ, ਮਨੋਂ ਮਨੀਂ ਦੁਹਰਾਉਂਦੇ; ਮੈਂ ਚਾਹਾਂ ਆਵਾਜ਼ ਉਨ੍ਹਾਂ ਦੀ, ਮੇਰੀ ਵਾਂਗ ਹੀ ਉੱਚੀ ਹੋਵੇ।- ਜੈ ਬੋਲੋ! ਮਹਾਰਾਜ ਸਕਾਟਲੈਂਡ ਦੀ! ਸਾਰੇ ਇੱਕ ਆਵਾਜ਼:ਜੈ ਹੋ ਮਹਾਰਾਜ ਸਕਾਟਲੈਂਡ ਦੀ ! {ਤੂਤੀਨਾਦ}



(ਅਨੁਵਾਦਕ: ਐਚ.ਐਸ.ਗਿੱਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)