Mahatma (Punjabi One-Act Play) : Sant Singh Sekhon

ਮਹਾਤਮਾ (ਇਕਾਂਗੀ ਨਾਟਕ) : ਸੰਤ ਸਿੰਘ ਸੇਖੋਂ

ਪਾਤਰ

1. ਰਾਧਾਂ - ਇੱਕ ਪੇਂਡੂ ਤੀਵੀਂ।
2. ਸ਼ਾਮੋ - ਰਾਧਾਂ ਦੀ ਮੁਟਿਆਰ ਧੀ ।
3. ਦਿਆਲ - ਰਾਧਾਂ ਦਾ ਚਾਰ ਵਰ੍ਹੇ ਦਾ ਪੁਤਰ ।
4. ਮਹਾਤਮਾ।
5. ਮਹਾਤਮਾ ਦਾ ਚੇਲਾ।
6, 7, 8, ਤਿੰਨ ਮੁਸਾਫ਼ਰ

ਮਹਾਤਮਾ (ਇਕਾਂਗੀ ਨਾਟਕ) : ਸੰਤ ਸਿੰਘ ਸੇਖੋਂ

ਪਹਿਲੀ ਝਾਕੀ

(ਇੱਕ ਪੇਂਡੂ ਕਾਰੀਗਰ ਦਾ ਵਿਹੜਾ।

ਪਿਛਲੇ ਪਾਸੇ ਕੱਚੀਆਂ ਇੱਟਾਂ ਦਾ ਮਕਾਨ, ਸੱਜੇ ਪਾਸੇ ਰਸੋਈ ਦਾ ਕਮਰਾ ਜਿਸ ਦੀ ਛੱਤ ਪਵਾਂਖੀ ਹੋਈ ਹੈ । ਰਾਧਾਂ ਤੇ ਸ਼ਾਮੋ ਇੱਕ ਦੂਸਰੀ ਦੇ ਸਾਹਮਣੇ ਬੈਠੀਆਂ ਚਰਖਾ ਕੱਤ ਰਹੀਆਂ ਹਨ, ਨਾਲ ਹੀ ਗੱਲਾਂ ਕਰੀ ਜਾਂਦੀਆਂ ਹਨ । ਕਦੀ ਕਦੀ ਗੱਲਾਂ ਦੇ ਜੋਸ਼ ਵਿੱਚ ਚਰਖਾ ਕੱਤਣਾ ਬੰਦ ਕਰ ਦੇਂਦੀਆਂ ਹਨ । ਰਾਧਾਂ ਦੀ ਉਮਰ ਲਗਪਗ ਚਾਲੀ ਸਾਲ ਤੇ ਸ਼ਾਮੋ ਦੀ ਪੰਦਰਾਂ ਸਾਲ ਹੈ ।)

ਸ਼ਾਮੋ - ਮਾਂ, ਤੂੰ ਸ਼ਾਂਤੀ ਦੀਆਂ ਬਾਲੀਆਂ ਦੇਖੀਆਂ ਨੇ ? ਬੜੀਆਂ ਸਹੁਣੀਆਂ ਨੇ, ਤੇ ਫੇਰ ਮੂਲ ਵੀ ਕੀ ਲਗਿਐ ? ਸ਼ਾਂਤੀ ਦੀ ਮਾਂ ਦਸਦੀ ਸੀ ਕੁੱਲ ਠਾਰਾਂ ਰੁਪਈਏ ਲਗੇ ਨੇ ।

ਰਾਧਾਂ - ਮੈਂ ਤਾਂ ਦੇਖਿਆ ਨੀ, ਚੰਗੀਆਂ ਈ ਹੋਣਗੀਆਂ, ਜਿਵੇਂ ਤੂੰ ਕਹਿੰਨੀਐ ।

ਸ਼ਾਮੋ - ਤੇ ਹੋਰ ਕੀ ਮਾਂ, ਚੰਗੀ ਚੀਜ਼ ਨੂੰ ਬੁਰਾ ਕਿਹਾ ਜਾਂਦੈ ? ਮਾਂ, ਜੇ ਤੂੰ ਦੇਖ ਲਵੇਂ ਤਾਂ ਮੰਨ ਜਾਵੇਂ, ਤੇ ਲਾਗਤ ਕੁਝ ਵੀ ਨੀਂ, ਕੁਲ ਨਾਰਾਂ ਰੁਪਈਏ। ਸ਼ਾਂਤੀ ਦੀ ਮਾਂ ਬੜੀ ਚੰਗੀ ਐ, ਉਹਦੀ ਗੱਲ ਨੀ ਮੋੜਦੀ ।

ਰਾਧਾਂ - ਮੈਂ ਤੇਰੇ ਦਿਲ ਦੀ ਬੁਝ ਗਈ ਆਂ।

ਸ਼ਾਮੋ - ਕੀ ਬੁਝ ਗਈ ਤੂੰ ?

ਰਾਧਾਂ - ਏਹੋ ਬਈ ਮੈਂ ਵੀ ਚੰਗੀ ਮਾਂ ਬਣ ਜਾਵਾਂ, ਸ਼ਾਂਤੀ ਦੀ ਮਾਂ ਆਙੂੰ । ਕਿਉਂ ਠੀਕ ਐ ਨਾ ?

ਸ਼ਾਮੋ - (ਬੁਲ੍ਹ ਢਿੱਲੇ ਕਰਕੇ) ਠੀਕ ਐ ਨਾ! ਮੈਂ ਤੈਨੂੰ ਥੋੜਾ ਲਾ ਕੇ ਕਿਹਾ ! ਮਾਂ, ਭਲਾ ਤੂੰ ਇਹ ਕੀ ਗੱਲਾਂ ਕਰਦੀ ਹੁੰਦੀ ਐਂ ? ਕਦੇ ਕਦੇ ਤਾਂ ਐਸੀ ਸੜੀ ਭੁੱਜੀ ਸੁਣਾਂਦੀ ਐਂ, ਬਈ ਰੱਬ ਈ ਭਲਾ।

ਰਾਧਾਂ - ਜਾਹ ਸਿਧਰੀ, ਮੈਂ ਇਹਨੂੰ ਸੜੀ ਭੁੱਜੀ ਸੁਣੌਣੀ ਸੀ । ਤੇਰੇ ਦਿਲ ਦੀ ਕਹਿ ਦਿੱਤੀ ਤਾਂ ਗਜਬ ਆ ਗਿਆ ? (ਲਾਡ ਨਾਲ) ਸ਼ਾਮੋ ! ਸੱਚੀਂ ਤੂੰ ਬੜੀ ਸਿਧਰੀ ਐਂ।

ਸ਼ਾਮੋ - (ਮਾਂ ਦੀ ਪਿਆਰ ਵਾਲੀ ਗੱਲ ਤੋਂ ਦਲੇਰ ਹੋਕੇ) ਅੱਛਾ, ਤਾਂ ਕੀ ਬੁਝਿਆ ਤੂੰ ? ਸਾਨੂੰ ਵੀ ਦਸ।

ਰਾਧਾਂ - ਬੁੱਝਣ ਨੂੰ ਇਹ ਬੜੀ ਗੁੰਝਲ ਵਾਲੀ ਗੱਲ ਸੀ ! ਜਿਹੜੀਆਂ ਤੇਰੇ ਢਿਡ 'ਚ ਨੇ ਉਹ ਮੇਰਿਆਂ ਨੌਹਾਂ ਵਿੱਚ ਨੇ ।

ਸ਼ਾਮੋ - ਦੱਸ ਤਾਂ ਸਹੀ।

ਰਾਧਾਂ - ਏਹੀ ਬਈ ਮੈਂ ਵੀ ਤੈਨੂੰ ਸ਼ਾਂਤੀ ਵਰਗੀਆਂ ਵਾਲੀਆਂ ਕਰਾ ਦਿਆਂ।

ਸ਼ਾਮੋ - (ਖ਼ੁਸ਼ੀ ਨਾਲ ਟੱਪਦੀ ਤੇ ਤਾੜੀ ਵਜਾਂਦੀ ਹੈ) ਹਾਂ, ਠੀਕ ਬੁਝਿਆ ਬਈ, ਆਹ ਤਾਂ ਦਿਲ ਦੀ ਬੁਝੀ, ਮਾਂ ਤੂੰ ਤਾਂ ਕੋਈ ਜੋਤਸ਼ਣ ਐਂ ।

ਰਾਧਾਂ - ਕੰਨਾਂ ਦੀਆਂ ਬਾਲੀਆਂ ਨੂੰ ਕੀ ਕਰੇਂਗੀ ? ਇਹ ਮਾੜੀਆਂ ਨੇ ? ਐਡੀਆਂ ਸੋਹਣੀਆਂ ਨੇ।

ਸ਼ਾਮੋ - ਸੋਹਣੀਆਂ ਨੇ ਜੀ ਬਹੁਤ, ਅਜ ਕਲ ਇਹਨਾਂ ਨੂੰ ਪਹਿਨਦਾ ਕੌਣ ਐ ? ਕੋਈ ਸਿਆਣਦਾ ਵੀ ਨੀਂ।

ਰਾਧਾਂ - ਓਹਿ ਨੀ ਫੈਸ਼ਨੋ ? ਕਿੱਥੋਂ ਆ ਗਈ ਤੂੰ ਵੱਡੀ ਭਾਰੀ ਫੈਸ਼ਨੋ ਕਿਤੋਂ ਦੀ ?

ਸ਼ਾਮੋ - ਦੇਖਿਆ, ਫੇਰ ਉਹੀ ਗੱਲਾਂ ? ਸਾਫ ਕਿਉਂ ਨੀਂ ਕਹਿ ਦਿੰਦੀ ਬਈ ਕਿਹੜਾ ਮੁਖਤ ਦੀ ਸੁਨਿਆਰ ਨੂੰ ਘੜਾਈ ਦੇਵੇ।

ਰਾਧਾਂ - ਅੱਛਾ, ਤਾਂ ਕੱਲੀ ਘੜਾਈ ਮੰਗਦੀ ਐਂ ? ਹੋਰ ਤਾਂ ਕੁਝ ਨੀਂ ਮੰਗੇਂਗੀ।

ਸ਼ਾਮੋ - ਮੇਰੀਆਂ ਬਾਲੀਆਂ ਤਾਂ ਕੁਲ ਚੌਦਾਂ ਦੀਆਂ ਨੇ, ਹੁਣ ਤਾਂ ਸੁਨਿਆਰ ਨੇ ਇਹਨਾਂ ਦੇ ਦਸ ਵੀ ਨੀਂ ਦੇਣੇ (ਬੜੀ ਧੀਮੀ ਹੋਕੇ) ਅੱਛਾ, ਬਈ ਜਾਦਾ ਨੀਂ, ਘੜਾਈ ਦੇ ਦੇ ਤੇ ਤਿੰਨਾਂ ਦਾ ਸੋਨਾ ਹੋਰ ਪਵਾ ਦੇ । ਏਦੂੰ ਜਾਦਾ ਕੁਸ਼ ਨੀ ਮੰਗਦੀ । ਦੇਵੇਂਗੀ ਨਾ ਮਾਂ ਰਾਣੀ ?

ਰਾਧਾਂ - ਇਉਂ ਤਾਂ ਕਈ ਰੁਪਈਏ ਬਣਨਗੇ, ਡੇੜ੍ਹ ਦੋ ਸੁਨਿਅਰ ਘੜਾਈ ਲਊ, ਤਿੰਨਾਂ ਦਾ ਸੋਨਾ, ਪੰਜ ਹੋਗੇ। ਕਿੱਥੋਂ ਲਿਆਵਾਂ ? ਕਿਹੜੀ ਧਜ ਪੱਟਾਂ ? ਧੀਏ, ਘਰ ਵੱਲ ਵੀ ਦੇਖ। ਨਾ, ਭਾਈ, ਘੜਾਈ ਲੈਣੀ ਐਂ ਤਾਂ ਲੈ ਲੈ, ਨਹੀਂ ਤਾਂ ਮੌਜ ਕਰ ।

ਸ਼ਾਮੋ - ਗਊਸ਼ਾਲਾ ਨੂੰ ਰੁਪਈਆ ਦੇ ਦਿੱਤਾ ਓਦਣ ! ਬਾਹਮਣੀ ਨੂੰ ਕਪੜੇ ਬਣਵਾ ਦੇਵੇਂਗੀ ! ਮੇਰੀਆਂ ਬਾਲੀਆਂ ਵੇਲੇ ਈ ਇਹਨੂੰ ਘਰ ਦਿੱਸਣ ਲਗ ਜਾਂਦੈ । (ਡੁਸਕਣ ਲਗ ਜਾਂਦੀ ਹੈ ।)

ਰਾਧਾਂ - ਬੁਲ੍ਹ ਕਿਉਂ ਟੇਰ ਲਿਆ ? ਡੁਸਕਣ ਲਗ ਪਈ ਝਟ । ਨੀ ਹੈਂ! ਤੂੰ ਤਾਂ ਰੋਨੀ ਐਂ, ਚੁਪ ਕਰ, ਕਮਲੀ, ਤੇਰਾ ਪਿਉ ਆਊ ਤਾਂ ਪੁਛੂੰਗੀ । ਮੰਨ ਜਊ ਤਾਂ ਕਰ ਲਈਂ ਫੈਸ਼ਨ ਜੀ ਭਉਂਦਾ । ਮੈਂ ਤੈਨੂੰ ਕਦੋਂ ਮਨ੍ਹਾ ਕਰਦੀ ਆਂ ?

ਸ਼ਾਮੋ - (ਡੁਸਕਦੀ ਡੁਸਕਦੀ) ਪਿਉ ਨੀ ਨਾਂਹ ਕਰਦਾ ਜੇ ਤੂੰ ਜ਼ੋਰ ਨਾਲ ਆਖੇਂ, ਪਰ ਜਦ ਤੂੰ ਹੀ ਢਿੱਲਾ ਆਖੇਂਗੀ...

ਰਾਧਾਂ - ਅੱਛਾ, ਫੇਰ ਤਸੱਲੀ ਰੱਖ, ਬਥੇਰਾ ਜ਼ੋਰ ਨਾਲ ਕਹਿ ਦਿਊਂਗੀ । ਚਰਖਾ ਕੱਤ, ਮਰੀ ਨਾ ਜਾ ।

ਸ਼ਾਮੋ - (ਖ਼ੁਸ਼ ਹੋ ਕੇ) ਲੈ, ਚਰਖਾ ਜਿੰਨਾ ਆਖੇਂ ਕੱਤ ਦਿੰਨੀ ਆਂ । (ਜ਼ੋਰ ਜ਼ੋਰ ਨਾਲ ਘੁਮਾਂਦੀ ਹੈ ਕੁਝ ਦੇਰ ਚੁਪ ਰਹਿ ਕੇ) ਮਾਂ ਕੋਈ ਗੀਤ ਗਾਈਏ।

ਰਾਧਾਂ - ਗਾ।

ਸ਼ਾਮੋ - (ਗਾਂਦੀ ਹੈ)

ਮੇਰੀ ਅੰਬੜੀ ਦੀ ਗੋਦ ਹਰੀ
ਤਿੰਨ ਦੁਲਾਰੇ ਇੱਕ ਧੀ, ਅੰਮਾਂ ਭਾਗ ਭਰੀ ।
ਅੰਬੜੀ ਦੇ ਸਭ ਲਾਡਲੇ, ਹੋਵੇ ਉਮਰ ਬੜੀ ।

(ਸਟੇਜ ਦੇ ਪਿਛਲੇ ਪਾਸਿਓਂ ਮਹਾਤਮਾ ਦੀ ਅਵਾਜ਼ ਆਉਂਦੀ ਹੈ ।) ਆਵਾਜ਼ - ਰਾਮ ਰਾਮ ! ਸੀਤਾ ਰਾਮ !!

ਰਾਧਾਂ – (ਕੰਨ ਚੁਕਕੇ) ਮਹਾਤਮਾ ਜੀ ਨੇ, ਪਰ ਉਹ ਰੋਟੀ ਲੈ ਗਏ ਸੀ । ਹੁਣ ਕੀ ਥੋੜ ਪੈ ਗਈ ? ਕੁਟੀਆ ਤੇ ਕੋਈ ਮੁਸਾਫਰ ਆ ਗੇ ਹੋਣਗੇ। ਬਚਾਰੇ ਦੁਪਹਿਰ ਦੀ ਕੜਕਵੀਂ ਧੁੱਪ 'ਚ ਫੇਰ ਪਿੰਡ ਨੂੰ ਆਏ ਨੇ।

ਸ਼ਾਮੋ - (ਮਹਾਤਮਾ ਦੀ ਸਦਾਅ ਨੂੰ ਆਪਣੇ ਰੰਗ ਵਿੱਚ ਭੰਗ ਸਮਝ ਕੇ ਤੇ ਖਿਝ ਕੇ) ਓਹੀ ਨੇ, ਚਲੇ ਜਾਣਗੇ ਤਾਂ ਗਾਊਂ। ਮਾਂ, ਇਹ ਗੀਤ ਮੈਂ ਤੈਨੂੰ ਜ਼ਰੂਰ ਸੁਣੌਣੈ। ਤੂੰ ਵੀ ਏਸ ਗੀਤ ਵਾਲੀ ਮਾਂ ਵਰਗੀ ਰਾਣੀ ਮਾਂ ਏਂ !

ਰਾਧਾਂ - ਅੱਛਾ, ਮੈਨੂੰ ਝੇਡਾਂ ਕਰਦੀ ਐਂ ? ਜੰਮ ਮੁਕੀ ਨੀ ਹਾਲੇ, ਸ਼ਤਾਨ ਕਿਤੇ ਦੀ । (ਕੱਤਣਾ ਛਡ ਕੇ ਮਹਾਤਮਾ ਦੀ ਨੇੜੇ ਆ ਰਹੀ ਅਵਾਜ਼ ਨੂੰ ਕੰਨ ਲਾਕੇ ਸੁਣਦੀ ਹੈ) ਠਹਿਰ, ਜ਼ਰਾ ਬੰਦ ਕਰ ਚਰਖੇ ਨੂੰ । (ਸ਼ਾਮੋ ਚਰਖੇ ਦੀ ਹੱਥੀ ਛਡ ਦੇਂਦੀ ਹੈ) !

ਸ਼ਾਮੋ - ਰਾਮੋ ਦੇ ਘਰ ਬੋਲਦੇ ਨੇ । ਉਹ ਵੀ ਰੋਟੀ ਦਿੰਦੀ ਹੁੰਦੀ ਐ ?

ਰਾਧਾਂ - ਹਾਂ, ਥੋੜੇ ਦਿਨਾਂ ਤੋਂ ਮੇਰੇ ਕਹਿਣ ਤੇ ਲੱਗੀ ਐ ? ਪਰਲੋਕ ਲਈ ਕੁਛ ਗੰਢ ਬੰਨ੍ਹ ਲੈ, ਮੈਂ ਕਿਹਾ, ਕੁਛ ਪੁੰਨ ਦਾਨ ਦਿਉ ਹੱਥੋਂ ਤਾਂ ਕੰਮ ਔਂਦੈ ਅੱਗੇ। ਮੈਨੂੰ ਤਾਂ ਉਮੈਦ ਨੀ ਸੀ ਪਰ ਮੰਨ ਗੀ ਤੇ ਓਦਣ ਤੋਂ ਉਹ ਵੀ ਰੋਟੀ ਦੇਣ ਲਗ ਗੀ ਮਹਾਤਮਾ ਨੂੰ ।

ਸ਼ਾਮੋ — ਤੈਨੂੰ ਤਾਂ ਲੋਕ ਦਾ ਸ਼ੁਦਾ ਹੋਇਆ ਹੋਇਐ । ਜਦੋਂ ਸੁਣੋ ਪ੍ਰਲੋਕ ਦੇ ਕਿੱਸੇ ।

ਰਾਧਾਂ - ਨੀ ਤੂੰ ਤਾਂ ਨਾਸਤਕ ਐਂ ਕਿਤੋਂ ਦੀ । ਤੈਨੂੰ ਮੇਰੇ ਕਿੱਸਿਆਂ ਨਾਲ ਕੀ ? ਤੂੰ ਆਪਣਾ ਕੰਮ ਕਰ । (ਸ਼ਾਮੋ ਮਾਂ ਦਾ ਗੁੱਸਾ ਹਟਾਣ ਲਈ ਖਿੜ ਖਿੜ ਹੱਸ ਦੇਂਦੀ ਹੈ ।) ਅੱਛਾ ਸੁਣ, ਆਪਣੇ ਘਰ ਤਾਂ ਮੱਕੀ ਦੀ ਰੋਟੀ ਐ, ਇਹ ਮਹਾਤਮਾ ਨੂੰ ਨਹੀਂ ਦੇਣੀ । ਇਹ ਲੈ ਜਾ ਤੇ ਇਹਦੇ ਬਦਲੇ ਸੁਰਸਤੀ ਦਿਉਂ ਕਣਕ ਦੀ ਰੋਟੀ ਲੈ ਆ। ਉਠ, ਛੇਤੀ ਕਰ । ਜਾਹ, ਉਠ !

ਸ਼ਾਮੋ - ਲੈ, ਹੁਣ ਸੁਰਸਤੀ ਦੇ ਮੰਗਣ ਜਾਵਾਂ ?

ਰਾਧਾਂ – (ਬੇਚੈਨੀ ਨਾਲ) ਨੀ ਮੰਗਣ ਕਾਹਦਾ ? ਬਦਲਾ ਕੇ ਰੋਟੀ ਲਿਆਉਣੀ ਐ ? (ਸ਼ਾਮੋ ਸੁਸਲਾਂਦੀ, ਊਂ ਊਂ ਕਰਦੀ, ਉਠਦੀ ਹੈ ।) ਨੀ ਹਾਲੇ ਏਥੇ ਹੀ ਖੜੀ ਹੈਂ ? ਜਾਂਦੀ ਨਹੀਂ ?

ਸ਼ਾਮੋ - (ਮਾਂ ਦੀ ਗੱਲ ਤੋਂ ਡਰਕੇ) ਲੈ ਜਾਨੀ ਆਂ, ਰਸੋਈ ਚੋਂ ਰੋਟੀ ਤਾਂ ਲੈ ਲਾਂ (ਸ਼ਾਮੋ ਕੰਧ ਟੱਪਕੇ ਸੁਰਸਤੀ ਦੇ ਘਰ ਜਾਂਦੀ ਹੈ ਤੇ ਅੱਖ ਦੇ ਫੋਰ ਵਿੱਚ ਵਾਪਸ ਆ ਜਾਂਦੀ ਹੈ) ਸੁਰਸਤੀ ਨੇ ਮੱਕੀ ਦੀ ਰੋਟੀ ਨਹੀਂ ਲਈ। ਉਹ ਕਹਿੰਦੀ ਐ ਇਹਨੂੰ ਵੀ ਲੈ ਜਾ ।

(ਰੋਟੀਆਂ ਮਾਂ ਨੂੰ ਪਕੜਾਂਦੀ ਹੈ)

ਰਾਧਾਂ - ਜਾਹ, ਰਸੋਈ 'ਚ ਰਖ ਦੇ। (ਸ਼ਾਮੋ ਰਸੋਈ ਵਿੱਚ ਨੂੰ ਜਾਂਦੀ ਹੈ)

ਮਹਾਤਮਾ - (ਦਰਵਾਜ਼ੇ ਤੇ) ਰਾਮ, ਰਾਮ ! ਸੀਤਾ ਰਾਮ !

ਰਾਧਾਂ – (ਬੇਚੈਨ ਹੋਕੇ) ਆਓ, ਮਹਾਤਮਾ ਜੀ, ਅੰਦਰ ਚਰਨ ਪਾਓ । (ਮਹਾਤਮਾ ਜੀ ਵਿਹੜੇ ਵਿੱਚ ਆ ਜਾਂਦੇ ਹਨ) ਸ਼ਾਮੋ ਰੋਟੀ ਲਿਆ ।

ਸ਼ਾਮੋ - (ਰੋਟੀ ਹੱਥ ਵਿੱਚ ਲੈਕੇ ਮਹਾਤਮਾਂ ਵੱਲ ਨੂੰ ਜਾਂਦੀ ਹੈ) ਮਹਾਤਮਾਂ ਜੀ, ਰੋਟੀ ।

ਰਾਧਾਂ - (ਆਜਿਜ਼ੀ ਨਾਲ) ਮਹਾਤਮਾਂ ਜੀ, ਰੁੱਖਾ ਸੁੱਖਾ ਹੈ ਪਰਵਾਨ ਕਰੋ ਜੀ । ਦਾਲ ਭਾਜੀ ਤਾਂ ਹੁਣ ਖਤਮ ਹੈ।

ਮਹਾਤਮਾ - ਬੇਟੀ, ਯਿਹ ਤੋ ਭ੍ਰਿਸ਼ਟ ਅਨਾਜ ਹੈ । ਇਸ ਕੋ ਸੰਤ ਨਹੀਂ ਲੇਂਗੇ। ਇਸ ਮੇਂ ਤੋ ਗਰੀਬੋਂ ਕਾ ਲਹੂ ਹੈ।

ਸ਼ਾਮੋ - (ਮਹਾਤਮਾ ਦੇ ਸ਼ਬਦਾਂ ਦਾ ਅਲੰਕਾਰ ਨਾ ਸਮਝਦੀ ਹੋਈ) ਕੀ ਆਖਿਆ ਲਹੂ ਐ ਏਸ ਰੋਟੀ 'ਚ ? ਮੈਨੂੰ ਤੇ ਕਿਤੇ ਦਿਸਦਾ ਨਹੀਂ। (ਰੋਟੀ ਨੂੰ ਜਾਣੋ ਬੜੇ ਗੌਹ ਨਾਲ ਪੜਤਾਲਦੀ ਹੈ !) ਚੰਗੀ ਭਲੀ ਐ, ਕੀ ਲੱਗਾ ਏ ਏਸ ਰੋਟੀ ਨੂੰ ?

ਰਾਧਾਂ - (ਜਿਹੜੀ ਆਪਣੇ ਚਰਖੇ ਤੋਂ ਉਠਕੇ ਹੁਣ ਤਕ ਹੈਰਾਨ ਖੜੀ ਰਹੀ ਹੈ ।) ਠੀਕ ਐ, ਮਹਾਰਾਜ, ਗਵਾਂਢੀ ਸ਼ਾਹੂਕਾਰਾਂ ਦੇ ਘਰ ਦਾ ਅੰਨ ਐ, ਸ਼ੁਧ ਨਹੀਂ ਹੋਊ ।

ਸ਼ਾਮੋ - ਸ਼ਾਹੂਕਾਰਾਂ ਦੇ ਘਰ ਦੀ ਰੋਟੀ ਭਲਾ ਕਿਵੇਂ ਬੁਰੀ ਹੋਈ ? ਉਹਨਾਂ ਦਾ ਘਰ ਸਾਥੋਂ ਸੁਥਰਾ, ਉਹਨਾਂ ਦੇ ਕਪੜੇ ਚਿੱਟੇ, ਸਾਡੇ ਮੈਲੇ, ਤੇ ਫੇਰ ਏਸ ਰੋਟੀ ਨੂੰ ਲੱਗਿਆ ਕੀ ਐ ?

ਮਹਾਤਮਾ - ਤੂੰ ਅਭੀ ਨਾਦਾਨ ਹੈ, ਬੱਚੀ ! ਤੂੰ ਕਿਆ ਜਾਨੇ ਇਸ ਅਨਾਜ ਕੀ ਅਪਵਿਤਾ ਕੋ ! ਪ੍ਰੰਤੂ ਹਮ ਤੁਮੇਂ ਦਿਖਾ ਦੇਤੇ ਹੈਂ। (ਰਾਧਾ ਨੂੰ ਸੰਬੋਧਨ ਕਰਕੇ) ਬੱਚੇ ਔਰ ਵਿਦਵਾਨ ਦੋਨੋਂ ਬੜੇ ਸ਼ੰਕਾਵਾਦੀ ਹੋਤੇ ਹੈਂ।

ਰਾਧਾਂ - ਠੀਕ ਆ, ਮਹਾਰਾਜ, ਜੋ ਤੁਸੀਂ ਕਹਿੰਦੇ ਓ, ਸੱਤ ਐ । ਅਸੀਂ ਥੋੜਾ ਪਰਤਿਆਵਾ ਲੈਣੈ ਕੋਈ।

ਮਹਾਤਮਾ - ਨਹੀਂ, ਹਮ ਦਿਖਾਏ ਦੇਤੇ ਹੈਂ । ਮੇਰੀ ਬੱਚੀ ਕਾ ਸੰਸਾ ਨਵਿਰਤ ਕਰਨਾ ਜ਼ਰੂਰੀ ਹੈ (ਸ਼ਾਮੋ ਦੇ ਹੱਥੋਂ ਰੋਟੀ ਪਕੜ ਕੇ ਮੁੱਠੀ ਵਿੱਚ ਨਪੀੜਦਾ ਹੈ, ਖ਼ੂਨ ਦੇ ਦੋ ਤੁਪਕੇ ਜ਼ਮੀਨ ਤੇ ਡਿਗਦੇ ਹਨ ।) ਯਿਹ ਦੇਖੋ, ਬੱਚਾ, ਰੁਦਰ ਹੈ ਨਾ !

ਸ਼ਾਮੋ - (ਚੀਕ ਮਾਰਕੇ) ਹੈਂ ਲਹੂ !

ਰਾਧਾਂ - (ਭੈ ਭੀਤ ਹੋਕੇ) ਪਾਪਣ ਕਿਸੇ ਜਮਾਨੇ, ਮਹਾਤਮਾ ਜੀ ਦਾ ਪਰਤਿਆਵਾ ਲੈਂਦੀ ਐ । ਮਹਾਰਾਜ, ਏਸ ਨਾਦਾਨ ਤੇ ਖਿਮਾ ਕਰੋ। ਮੈਂ ਤਾਂ ਜਾਣਦੀ ਸੀ ਤੁਸੀਂ ਸੱਤ ਓ, ਜਾਣੀ ਜਾਣ ਓ, ਪਰ ਏਸ ਨਦਾਨ ਬੁੱਧ ਨੂੰ ਕੀ ਪਤਾ ਇ ! ਏਸ ਨੂੰ ਖਿਮਾ ਕਰੋ, ਮਹਾਰਾਜ ।

ਮਹਾਤਮਾ - ਨਹੀਂ ਨਹੀਂ, ਮਾਤਾ, ਡਰੋ ਨਹੀਂ, ਯਿਹ ਤੋ ਨਾਦਾਨ ਬੱਚੀ ਹੈ। ਯਿਹ ਪਵਿਤ੍ਰ ਆਤਮਾ ਹੈ । ਇਸ ਕੋ ਅਬੀ ਪਾਪ ਕਾ ਲੇਸ ਨਹੀਂ ਲਗਾ। ਯਿਹ ਕਿਆ ਜਾਣੇ ਇਸ ਦੁਨੀਆਂ ਕੇ ਪਾਪੋਂ ਕੋ ! ਘੋਰ ਅਤਯਾਚਾਰੋਂ ਕੋ !

ਸ਼ਾਮੋ - (ਘਬਰਾਈ ਹੋਈ ਅਵਾਜ਼ ਵਿੱਚ) ਮੈਨੂੰ ਕੀ ਪਤਾ ਸੀ !

ਮਹਾਤਮਾ - ਇਨ ਗੂੜ੍ਹ ਬਾਤੋਂ ਕੋ ਤੂੰ ਨਾਦਾਨ ਕਿਆ ਜਾਨੋ, ਬੱਚੀ ! (ਸ਼ਾਮੋ ਦੇ ਸਿਰ ਤੇ ਹੱਥ ਰਖਕੇ) ਲੇ, ਸੰਤੋਂ ਕੀ ਅਸੀਰਬਾਦ ਲੇ । ਦੇਵ ਤੁਮ੍ਹੇਂ ਇਨ ਬਾਤੋਂ ਸੇ ਬਚਾਏ ਰੱਖੇ। ਤੂੰ ਸਦਾ ਅਬ ਜੈਸੀ ਪਵਿਤ੍ਰ ਆਤਮਾ ਵਾਲੀ ਰਹੇ। ਸੰਤ ਤੁਮ ਪਰ ਬਿਲਕੁਲ ਨਰਾਜ ਨਹੀਂ ਹੈਂ । ਤੂੰ ਤੇ ਆਪਣੀ ਮਾਤਾ ਜੈਸੀ ਉੱਚ ਆਤਮਾ ਹੋਗੀ । ਤੇਰੀ ਮਾਤਾ ਤੇ ਹਮ ਜੈਸੇ ਸੇਉਂ ਸਾਧਉਂ ਕੇ ਪਾਪ ਬਖਸ਼ਾ ਸਕਤੀ ਹੈ।

ਰਾਧਾਂ - (ਨਿਮਰਤਾ ਨਾਲ) ਮਹਾਤਮਾ ਜੀ, ਥੋਡੇ ਵਰਗੇ ਮਹਾਤਮਾ ਦਾ ਸਦਕਾ ਸਾਡਾ ਵੀ ਭਲਾ ਹੋ ਜੂ ।

ਮਹਾਤਮਾ - ਮਾਤਾ, ਤੂੰ ਧੰਨ ਹੈਂ। ਤੂੰ ਅਸਲੀ ਮਹਾਤਮਾ ਹੈਂ। ਨਾ ਮਾਲੂਮ ਹਮਾਰਾ ਤਪ ਸਾਧਨ ਤੇਰੇ ਜੈਸੀ ਉੱਚ ਮਹਾਤਮਾ ਕਾ ਬਦਲਾ ਭੀ ਦੇ ਸਕੇਗਾ ਯਾ ਨਹੀਂ।

ਰਾਧਾਂ - ਨਾ, ਮਹਾਰਾਜ ! ਐਸੀਆਂ ਗੱਲਾਂ ਨਾ ਕਰੋ, ਮੇਰਾ ਪਰਤਿਆਵਾ ਨਾ ਲਵੋ। ਮੈਂ ਜਗਿਆਸੂ ਜੀ ਆਂ, ਕਿਤੇ ਹੰਕਾਰ ਵਿੱਚ ਨ ਆ ਜਾਵਾਂ ।

ਮਹਾਤਮਾ - (ਸ਼ਾਮੋ ਨੂੰ) ਜਾਓ, ਬੱਚੀ, ਮੱਕੀ ਦੀ ਰੋਟੀ ਲੈ ਆਓ ਰਸੋਈ ਸੇ। ਸੰਤੋਂ ਕੋ ਦੇਰ ਹੋ ਰਹੀ ਹੈ। ਮੁਸਾਫ਼ਰ ਭੂਖੇ ਮੇਰੀ ਇੰਤਜ਼ਾਰ ਕਰਤੇ ਹੈਂ ।ਨਗਰ ਕਾ ਰਾਹ ਦੇਖ ਰਹੇ ਹੋਂਗੇ ।

ਸ਼ਾਮੋ - (ਇਉਂ ਸਮਝਦੀ ਹੈ ਜਿਵੇਂ ਸਭ ਗੁਨਾਹ ਮਾਫ਼ ਹੋ ਗਏ ਹੁੰਦੇ ਹਨ ।) ਲਿਔਨੀ ਹਾਂ। (ਦੌੜ ਕੇ ਮੱਕੀ ਦੀ ਲੈ ਆਉਂਦੀ ਹੈ ਤੇ ਮਹਾਤਮਾ ਵੱਲ ਵਧਕੇ ?) ਲਓ, ਮਹਾਤਮਾ ਜੀ।

ਮਹਾਤਮਾ - (ਰੋਟੀ ਲੈਕੇ) ਰਾਮ ਭਲਾ ਕਰੇ। (ਬਾਹਰ ਜਾਂਦੇ ਹੋਇ) ਰਾਮ ਰਾਮ ! ਸੀਤਾ ਰਾਮ !

ਰਾਧਾਂ - ਦੇਖ ਲੀ ਸੰਤਾਂ ਦੀ ਕਰਾਮਾਤ ! ਇਹ ਕਰਨੀ ਵਾਲੇ ਸਾਧੂ ਨੇ । ਤੂੰ ਬੜੀ ਨਾਸਤਕ ਬਣੀ ਫਿਰਦੀ ਐਂ, ਕੁਸ਼ ਨੀਂ ਜਾਣਦੀ ।

ਸ਼ਾਮੋ - ਨਾਸਤਕ ਕੀ ਹੁੰਦਾ ਇ, ਮਾਂ ?

ਰਾਧਾਂ - ਤੇਰੇ ਵਰਗਾ ਜਿਹੜਾ ਸਿਆਣਿਆਂ ਦੀ ਗੱਲ ਨਾ ਮੰਨੇ !

ਸ਼ਾਮੋ - ਮੈਂ ਤੇਰੀ ਕਿਹੜੀ ਗੱਲ ਮੋੜਦੀ ਆਂ ? ਐਵੇਂ ਹਾਸੇ ਦੀਆਂ ਗਲਾਂ ਨੂੰ ਵੀ ਤੂੰ ਤਾਂ ਸੱਚੀ ਲੈ ਲੈਨੀ ਐਂ ।

ਰਾਧਾਂ - ਚੰਗਾ, ਜਾਹ, ਇਹ ਰੋਟੀ ਸੁਰਸਤੀ ਨੂੰ ਈ ਦੇ ਆ। ਆਪਾਂ ਇਹਨੂੰ ਕੀ ਕਰਾਂਗੇ ?

ਸ਼ਾਮੋ - ਕੀ ਕਹੂੰ ਉਹਨੂੰ ?

ਰਾਧਾਂ - ਕਹੀਂ, ਮਹਾਤਮਾ ਮੱਕੀ ਦੀ ਰੋਟੀ ਲੈ ਗਏ ਜਿਹੜੀ ਸਾਡੇ ਸੀਗੀ। ਅਸੀਂ ਸਮਝਿਆ ਸੀ ਕਣਕ ਦੀ ਲਿਜਾਣਗੇ, ਪਰ ਓਹਨਾਂ ਨੇ ਲਈ ਨੀ ।

ਸ਼ਾਮੋ - (ਇਤਨੀ ਡਰੀ ਹੋਈ ਹੈ ਕਿ ਜੇ ਕੋਈ ਜਵਾਬ ਕਰਨਾ ਸੀ ਤਾਂ ਵੀ ਨਹੀਂ ਕਰਦੀ ।) ਚੰਗਾ, ਜਾਨੀ ਆਂ । (ਕੰਧ ਟੱਪ ਕੇ ਸੁਰਸਤੀ ਦੇ ਘਰ ਜਾਂਦੀ ਹੈ। ਵਾਪਸ ਆਕੇ ਚਰਖੇ ਤੇ ਬੈਠ ਜਾਂਦੀ ਹੈ।) ਦੇ ਆਈ। ਉਹ ਲੈਂਦੀ ਨਹੀਂ ਸੀ, ਮੈਂ ਉਹਨਾਂ ਦੀ ਰਸੋਈ 'ਚ ਰੱਖ ਆਈ। (ਕੁਝ ਚਿਰ ਮਾਂ ਧੀ ਚੁਪ ਚਾਪ ਬੈਠੀਆਂ ਰਹਿੰਦੀਆਂ ਹਨ । ਥੋੜੀ ਦੇਰ ਬਾਹਦ) ਮਾਂ, ਸ਼ਾਂਤੀ ਦੀਆਂ ਬਾਲੀਆਂ ਜਰੂਰ ਵੇਖੀਂ।

ਰਾਧਾਂ - ਬਾਬਾ, ਕੇਰਾਂ ਜੁ ਕਹਿ ਦਿੱਤਾ, ਕਹਿ ਦਿਊਂਗੀ ਤੇਰੇ ਪਿਉ ਨੂੰ। ਹੋਰ ਕੀ ਕਰਾਂ, ਹੁਣੇ ਲਿਆ ਦਿਆਂ ?

ਸ਼ਾਮੋ - (ਖ਼ੁਸ਼ੀ ਨਾਲ ਟੱਪ ਕੇ) ਹੁਣ ਜਬਾਨ ਹੋ ਗੀ ਨਾਂ ? ਹੁਣ ਫਿਰੀਂ ਨਾ ਕਰਾਰ ਤੋਂ, ਮੈਂ ਨੀ ਹੁਣ ਛਡਣਾ।

ਰਾਧਾਂ - ਮੰਨ ਗਈ, ਬਾਬਾ, ਛੱਡੇਂਗੀ ਵੀ ਏਸ ਗੱਲ ਨੂੰ ।ਮੈਨੂੰ ਤੇਰੀ ਇਹ ਗੱਲ ਨੀ ਚੰਗੀ ਲਗਦੀ, ਸ਼ਾਮੋ ਹਰ ਵਖਤ ਸ਼ਿੰਗਾਰ ਦੀਆਂ ਗੱਲਾਂ। ਕੋਈ ਧਰਮ ਕਰਮ ਦੀ ਗੱਲ ਵੀ ਕਰਿਆ ਕਰ ਕਦੇ । ਪਰਲੋਕ ਸੰਵਾਰਨ ਦਾ ਵੀ ਤੈਨੂੰ ਕਦੇ ਖਿਆਲ ਆਊਗਾ ਕਿ ਨਹੀਂ ?

ਸ਼ਾਮੋ - (ਫੇਰ ਅੱਗੇ ਵਰਗੀ ਬੇਪਰਵਾਹ ਹੋ ਕੇ) ਤੂੰ ਹੀ ਸੰਵਾਰੀ ਜਾ ਪਰਲੋਕ। ਸਾਨੂੰ ਏਹੀ ਜਹਾਨ ਚੰਗੈ । ਇਹ ਜੱਗ ਮਿਠਾ ਅਗਲਾ ਕਿਨੇ ਡਿੱਠਾ । ਮੈਂ ਤਾਂ ਓਦੋਂ ਜਾਣੂ ਜਦੋਂ ਤੂੰ ਦੇਖ ਲਏਂਗੀ । ਤੈਂ ਦੇਖਿਆ ਤਾਂ ਦੱਸ ?

ਰਾਧਾਂ - ਤੇਰੇ ਭਾ ਦਾ ਖੇਲ ਐ ।ਪਰਮਾਤਮਾ ਨੂੰ ਪਹੁੰਚੇ ਹੋਏ । ਸਾਧੂ ਮਹਾਤਮਾ ਕਿਤੇ ਆਮ ਫਿਰਦੇ ਨੇ ? ਮਾਇਆ ਤਿਆਗੇ, ਤਪ ਕਰੇ, ਨਾਮ ਜਪੇ, ਕਾਮ, ਕ੍ਰੋਧ ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਤੋਂ ਛੁਟੇ ਤਾਂ ਕੁਝ ਬਣਦਾ ਇ। ਇਹ ਅਲੂਣੀ ਸਿਲ ਐ, ਧੀਏ, ਚੱਟਣੀ ਬੜੀ ਔਖੀ ਐ । ਮੈਂ ਕਿੱਥੋਂ ਐਡੇ ਕਰਮਾਂ ਵਾਲੀ ?

ਸ਼ਾਮੋ - ਤੇ ਮੈਂ ਤਾਂ ਤੇਰਾ ਪਾਸਕ ਵੀ ਨੀ ! ਮੈਨੂੰ ਪਰਲੋਕ ਦਾ ਕਿੱਥੋਂ ਪਤਾ ਲੱਗੇ ?

ਰਾਧਾਂ - ਤੂੰ ਜਤਨ ਵੀ ਨੀ ਕਰਦੀ ।

ਸ਼ਾਮੋ - ਕੀ ਜਤਨ ਨੀ ਕਰਦੀ ?

ਰਾਧਾਂ - ਪਰਮਾਤਮਾਂ ਦਾ ਭਜਨ ਕਰਿਆ ਕਰ, ਸਾਧੂ ਸੰਤ ਦੀ ਸੇਵਾ ਕਰਿਆ ਕਰ, ਉਹਨਾਂ ਵਿੱਚ ਨਿਹਚਾ ਧਾਰ ।

ਸ਼ਾਮੋ - ਮੇਰਾ ਤਾਂ ਤੇਰੇ ਤੇ ਨਿਹਚਾ ਇ ।

ਰਾਧਾਂ - ਸੱਚ ਕਹਿਨੀ ਐਂ ? ਤਾਂ ਫੇਰ ਸੰਤਾਂ ਦੀ ਨਿੰਦਿਆ ਕਿਉਂ ਕਰਦੀ ਐਂ ?

ਸ਼ਾਮੋ - (ਇੱਕ ਮਿੰਟ ਲਈ ਸਚ ਮੁਚ ਪਸ਼ੇਮਾਨ ਹੋਕੇ) ਹੁਣ ਨੀ ਕਰਦੀ। (ਫੇਰ ਲਾਡਲੇ ਅੰਦਾਂਜ਼ ਵਿੱਚ) ਪਰ ਬਾਲੀਆਂ ਮੈਨੂੰ ਜ਼ਰੂਰ ਨਵੀਆਂ ਘੜਾ ਦੇ, ਅੱਛਾ ! ਗਲਾਂ ਵਿੱਚ ਨਾ ਟਾਲਦੀ ਰਹੀਂ।

ਰਾਧਾਂ - ਤੈਨੂੰ ਤਾਂ ਬਾਲੀਆਂ ਕਾਂਟਿਆਂ ਦੀ ਲੱਗੀ ਹੋਈ ਹੈ । ਜਪ ਲਿਆ ਪਰਮਾਤਮਾ ਦਾ ਨਾਉਂ ਕਰ ਲੀ ਸੇਵਾ ਸਾਧੂਆਂ ਸੰਤਾਂ ਦੀ !

ਸ਼ਾਮੋ - (ਬਚਪਨ ਵਾਲੀ ਬੇਪਰਵਾਹੀ ਨਾਲ) ਹਾਲੇ ਤਾਂ, ਮਾਂ, ਮੈਂ ਖੇਡੂੰਗੀ। ਇਹ ਉਮਰ ਕੋਈ ਸਦਾ ਥੋੜੀ ਰਹਿਣੀ ਐਂ ? ਬੁੜ੍ਹੀ ਹੋ ਜਾਊਂ ਤਾਂ ਬਥੇਰਾ ਕਰ ਲਊਂ ਭਜਨ ਪਾਠ। (ਇਕ ਦਮ ਉਦਾਸ ਹੋਕੇ) ਆਪਣੀ ਮਾਂ ਰਾਣੀ ਦੇ ਰਾਜ ਵਿੱਚ ਤਾਂ ਖੇਲਾਂਗੇ । (ਗਾਂਦੀ ਹੈ ।)

ਖੇਡਣ ਦੇ ਦਿਨ ਚਾਰ, ਨੀ ਮਾਏ,
ਖੇਡਣ ਦੇ ਦਿਨ ਚਾਰ ।
ਨੀ ਆਹ ਪਈਆਂ ਪੂਣੀਆਂ,
ਆਹ ਪਏ ਗੋਹੜੇ,
ਖੇਡਣ ਦੇ ਦਿਨ ਚਾਰ ।

ਰਾਧਾਂ - (ਅੱਖਾਂ ਵਿੱਚ ਹੰਝੂ ਭਰ ਕੇ) ਖੇਡ, ਧੀਏ, ਖੇਡ, ਮੈਂ ਕਿਉਂ ਰੋਕਣੈਂ ! ਸੌਹਰੀਂ ਚਲੀ ਜਾਏਂਗੀ ਤਾਂ ਕੀ ਪਤਾ ਕੀ ਸੁਖ ਦੁਖ ਹੋਣਗੇ ।

ਸ਼ਾਮੋ - (ਉਦਾਸ ਹੋਕੇ) ਮਾਂ, ਇਹ ਕੀ ਕਹਿਨੀ ਐਂ! ਇਹੀਆਂ ਜਿਹੀਆਂ ਗੱਲਾਂ ਨਾ ਕਰਿਆ ਕਰ । ਮੈਂ ਉਹ ਮਾਂ ਵਾਲਾ ਗੀਤ ਗੌਨੀ ਆਂ, ਫੇਰ ਤੇਰੀ ਬਾਰੀ ਆਊ। (ਗਾਂਦੀ ਹੈ)

ਮੇਰੀ ਅੰਬੜੀ ਦੀ ਗੋਦ ਹਰੀ
ਤਿੰਨ ਦੁਲਾਰੇ ਇੱਕ ਧੀ,
ਅੰਮੜੀ ਭਾਗ ਭਰੀ ।
ਅੰਮਾਂ ਦੇ ਸਭ ਲਾਡਲੇ
ਹੋਵੇ ਉਮਰ ਬੜੀ ।
ਪੁੱਤਾਂ ਨੇ ਵੰਡ ਲਈ ਮਿਲਖ ਜ਼ਮੀਨ,
ਨੋਹਾਂ ਦੀ ਝੋਲ ਭਰੀ ।
ਧੀ ਬਿਚਾਰੀ ਨੂੰ ਕੀ ਦਏਂਗੀ, ਮਾਂ
ਤੇਰੀ ਬੇਟੀ ਦਵਾਰ ਖੜੀ !
ਮੇਰੀ ਅੰਬੜੀ ਦੀ ਗੋਦ ਹਰੀ

ਰਾਧਾਂ – (ਗਾਂਦੀ ਹੈ ।)

ਮੇਰੀ ਬੇਟੀ ਕੀ ਮੰਗ ਰਹੀ ?
ਪੁੱਤਾਂ ਨੇ ਵੰਡ ਲਈ ਮਿਲਖ ਜ਼ਮੀਨ,
ਨੌਹਾਂ ਦੀ ਝੋਲ ਭਰੀ ।
ਕੰਤ ਤੈਨੂੰ ਕਾਹਨ ਮੈਂ ਟੋਲ ਕੇ ਦਿਊਂ,
ਪਹਿਨੇਗੀ ਜੇਵਰ ਜਰੀ !
ਜੁਗ ਜੁਗ ਦੋਵੇਂ ਜੀਵੋ, ਮੇਰੀ ਬਚੜੀ,
ਹੋਵੇ ਗੋਦ ਹਰੀ ।
ਮੇਰੀ ਬੇਟੀ ਕੀ ਮੰਗ ਰਹੀ ?

ਸ਼ਾਮੋ - (ਗਾਂਦੀ ਹੈ ।)

ਸੱਸ ਦਾ ਕੀ ਲਾਜ ਕਰੇਂਗੀ, ਨੀ ਮਾਏ,
ਹੋਊ ਜੇ ਬਹੁਤ ਬੁਰੀ ।

(ਰਾਧਾਂ ਦਾ ਚੌਂਹ ਸਾਲਾਂ ਦਾ ਪੁਤਰ ਦਾਖ਼ਿਲ ਹੁੰਦਾ ਹੈ ਤੇ ਸ਼ਾਮੋ ਦਾ ਗੀਤ ਕੱਟਿਆ ਜਾਂਦਾ ਹੈ ।)

ਦਿਆਲ - (ਭੁਖ ਤੇਹ ਨਾਲ ਵਿਆਕੁਲ ਹੋਇਆ ਹੋਇਆ, ਮਾਂ ਦੇ ਗਲ ਨੂੰ ਚੰਬੜਕੇ) ਮਾਂ, ਰੋਟੀ, ਭੁੱਖ ਲਗੀ ਐ ! ਰੋਟੀ ਦੇਹ ।

ਰਾਧਾਂ - ਹਾਏ, ਮਰ ਗਈ, ਵੇ ਗਰਦਣ ਤਾਂ ਛਡ। (ਦਿਆਲ ਗਰਦਨ ਛਡ ਦੇਂਦਾ ਹੈ ।) ਮੇਰੇ ਚੰਦ ਨੂੰ ਭੁੱਖ ਲੱਗੀ ਐ ?
(ਫੜਕੇ ਮੂੰਹ ਚੁੰਮ ਲੈਂਦੀ ਹੈ ।)

ਸ਼ਾਮੋ - ਦੇਖ, ਹੁਣ ਮੋਮੋ ਠਗਣੀਆਂ......

ਦਿਆਲ - (ਖਿਝਕੇ) ਚੰਦ ਚੰਦ ਲਾਈ ਐ, ਮੈਂ ਨੀ ਚੰਦ ਚੁੰਦ ਕੋਈ, ਰੋਟੀ ਦੇਹ ਮੈਂ ਭੁਖਾ ਮਰਿਆ ਜਾਨਾ ਤੇ ਇਹ ਗੱਲਾਂ ਕਰੀ ਜਾਂਦੀ ਐ ।

ਰਾਧਾਂ - ਮੇਰਾ ਚੰਦ ਕੀ ਖਾਊ ?

ਦਿਆਲ - ਰੋਟੀ, ਹੋਰ ਕੀ ?

ਰਾਧਾਂ - ਦੁਧ ਨੀ ਪੀਣਾ ?

ਦਿਆਲ - ਦੁੱਧ ਵੀ ਪੀਊਂ, ਰੋਟੀ ਵੀ ਖਾਊਂ ।

ਸ਼ਾਮੋ - (ਥੋੜੀ ਜਿਹੀ ਸ਼ਰਾਰਤ ਨਾਲ) ਰੋਟੀ ਘਰ ਹੈ ਹੀ ਨਹੀਂ ! ਮੈਂ ਤੇਰੇ ਲਈ ਰੋਟੀ ਰੱਖੀ ਸੀ ਇਕ, ਉਹ ਮਾਂ ਨੇ ਸਾਧੂ ਨੂੰ ਦੇ ਦਿੱਤੀ।

ਰਾਧਾਂ - (ਗੁੱਸੇ ਨਾਲ) ਕਮਜਾਤ ਉਹਨੂੰ ਰੁਔਂਦੀ ਐਂ । (ਦਿਆਲ ਰੋਣ ਲਗ ਜਾਂਦਾ ਹੈ ।)

ਸ਼ਾਮੋ - ਲੜਦੀ ਕਿਉਂ ਐਂ ? ਲਿਆ ਦਿੰਨੀ ਆਂ ਦੁੱਧ। (ਕਾੜ੍ਹਨੀ ਵਿੱਚੋਂ ਦੁੱਧ ਕਢਦੀ ਹੈ ।) ਆਪਣੀ ਮਾਂ ਬੜੀ ਬੁਰੀ ਹੈ, ਦਿਆਲ, ਮੇਰੇ ਕਹਿੰਦੀ ਕਹਿੰਦੀ ਤੋਂ ਤੇਰੇ ਵਾਲੀ ਰੋਟੀ ਕੁਟੀਆ ਵਾਲੇ ਸਾਧ ਨੂੰ ਦੇ ਦਿੱਤੀ।

ਦਿਆਲ - ਮਾਂ ਢਾਂ ਨਾ ਹੋਵੇ, ਕਿੰਨੀ ਬੁਰੀ ਐ।

ਸ਼ਾਮੋ - ਲੈ ਦੁੱਧ ਦਿਆਲ।

ਦਿਆਲ - (ਗੁੱਸੇ ਨਾਲ) ਮੈਂ ਨੀ ਦੁੱਧ ਪੀਣਾ, ਮੈਂ ਤਾਂ ਰੋਟੀ ਖਾਣੀ ਐ ।

ਸ਼ਾਮੋ - (ਬੇਬਸ ਜਹੀ ਹੋਕੇ) ਹੁਣ ਰੋਟੀ ਕਿੱਥੋਂ ਲਿਆਵਾਂ ?

ਰਾਧਾਂ - ਜਾਹ ਸੁਰਸਤੀ ਦਿਉਂ ਫੜ ਲਿਆ। ਏਸ ਨਾਦਾਨ ਲਈ ਸਭ ਅਨਾਜ ਚੰਗਾ ਏ ।

ਸ਼ਾਮੋ - ਮੈਂ ਕੋਈ ਨੀ ਹੁਣ ਜਾਂਦੀ ਸੁਰਸਤੀ ਦੇ ! ਮੈਨੂੰ ਹੁਣ ਸ਼ਰਮ ਨਾ ਆਊ ?

ਰਾਧਾਂ - ਬਸ, ਏਨਾ ਈ ਭਰਾ ਦਾ ਪਿਆਰ ਐ ? ਨਾਲੇ ਫੇਰ ਮੰਗੀਂ ਤੂੰ ਬਾਲੀਆਂ ।

ਸ਼ਾਮੋ - ਨੀ ਨਾ ਕਰਾਕੇ ਦੇਈਂ ਤੂੰ ਬਾਲੀਆਂ । ਮੈਨੂੰ ਪਤੈ ਤੂੰ ਬਹਾਨੇ ਈ ਭਾਲਦੀ ਐਂ ਜੁਬਾਨ ਤੋਂ ਫਿਰਨ ਦੇ, ਪਰ ਮੈਂ ਕੋਈ ਤੇਰੀ ਖਾਤਰ ਜਾਣੈ ? ਮੈਂ ਤਾਂ ਆਪਣੇ ਬੀਰ ਦੀ ਖਾਤਰ ਜਾਣੈ ? ਲੈ ਬੀਰ, ਜਾਨੀ ਆਂ, ਹੁਣੇ ਸੁਰਸਤੀ ਦਿਉਂ ਰੋਟੀ ਲਿਔਣੀ ਆਂ । (ਕੰਧ ਟੱਪਕੇ ਸੁਰਸਤੀ ਦੇ ਘਰ ਜਾਂਦੀ ਹੈ ।)

ਦਿਆਲ - ਮਾਂ ਢਾਂ, ਮੈਨੂੰ ਤੇਰਾ ਭੋਰਾ ਪਿਆਰ ਨੀ ਔਂਦਾ ।

ਰਾਧਾਂ - (ਹੱਸ ਕੇ) ਸ਼ਾਮੋ ਦਾ ਕਿੰਨਾ ਪਿਆਰ ਔਂਦੈ ?

ਦਿਆਲ - (ਬਾਹਾਂ ਖਿਲਾਰ ਕੇ) ਐਨਾ ਸਾਰਾ । ਸਾਰੇ ਜਗ ਜਿੰਨਾ। (ਰਾਧਾਂ ਹੱਸ ਦੇਂਦੀ ਹੈ।)

ਸ਼ਾਮੋ - (ਸੁਰਸਤੀ ਦਿਉਂ ਵਾਪਿਸ ਆਕੇ) ਹੁਣ ਉਨ੍ਹਾਂ ਦੇ ਵੀ ਨੀ ਰੋਟੀ । ਉਹ ਕਹਿੰਦੀ ਹੈ ਇਕ ਮੰਗਤਾ ਆ ਗਿਆ ਸੀ । ਉਹ ਲੈ ਗਿਆ । (ਦਿਆਲ ਫੇਰ ਰੋਣ ਲਗ ਜਾਂਦਾ ਹੈ, ਸ਼ਾਮੋ ਉਸਨੂੰ ਫੜਕੇ ਛਾਤੀ ਨਾਲ ਲਾਉਂਦੀ ਹੈ।) ਚਲ, ਬੀਰ, ਤੂੰ ਦੁਧ ਈ ਪੀ ਲੈ । (ਮੂੰਹ ਚੁੰਮ ਲੈਂਦੀ ਹੈ ।)

ਦਿਆਲ - (ਮਾਂ ਵੱਲ) ਮੈਂ ਵੀ ਤੈਨੂੰ ਬੁੜ੍ਹੀ ਹੋਈ ਨੂੰ ਰੋਟੀ ਨੀ ਦਿਆ ਕਰਨੀ। (ਸ਼ਾਮੋ ਤੋਂ ਫੜਕੇ ਦੁਧ ਪੀ ਲੈਂਦਾ ਹੈ।)

ਰਾਧਾਂ - ਇਹ ਤਾਂ ਮੈਨੂੰ ਪਤਾ ਹੀ ਹੈ, ਇਹ ਕੋਈ ਨਵੀਂ ਗੱਲ ਐ ? ਸਾਰੇ ਜਹਾਨ ਦੇ ਪੁਤਰ ਐਉਂ ਕਰਦੇ ਆਏ ਨੇ।

ਸ਼ਾਮੋ - (ਚਰਖੇ ਤੇ ਬੈਠਕੇ) ਆ, ਬੀਰ, ਮੇਰੀ ਗੋਦੀ ਵਿੱਚ। (ਦਿਆਲ ਭੈਣ ਦੀ ਗੋਦੀ ਵਿੱਚ ਆ ਬੈਠਦਾ ਹੈ ।) ਭੁਖ, ਬੀਰ, ਮੈਨੂੰ ਵੀ ਲੱਗੀ ਹੋਈ ਐ।

(ਆਪਣੇ ਪੱਟਾਂ ਤੇ ਢਿੱਡ ਵਿੱਚ ਘੁਟ ਲੈਂਦੀ ਹੈ ਜਿਸ ਨਾਲ ਕੁਝ ਉਸ ਦੀ ਭੁਖ ਵੀ ਘਟ ਜਾਂਦੀ ਹੈ ਤੇ ਦਿਆਲ ਨੂੰ ਵੀ ਨੀਂਦ ਆ ਜਾਂਦੀ ਹੈ।)

( ਦੂਜੀ ਝਾਕੀ )

(ਪਿੰਡ ਦੇ ਬਾਹਰ ਮਹਾਤਮਾ ਦੀ ਕੁਟੀਆ ਦਾ ਵਾਗਲਾ । ਤਿੰਨ ਹੱਟੇ ਕੱਟੇ ਮੁਸਾਫ਼ਰ ਦੁਪਹਿਰੇ ਅਰਾਮ ਕਰਨ ਲਈ ਠਹਿਰੇ ਹੋਏ ਹਨ ਤੇ ਸੂਹਾ ਬਾਹੀ ਖੇਡ ਰਹੇ ਹਨ । ਇਨ੍ਹਾਂ ਲਈ ਹੀ ਮਹਾਤਮਾ ਪਿੰਡੋਂ ਰੋਟੀ ਮੰਗਣ ਗਏ ਹਨ। ਮਹਾਤਮਾ ਦਾ ਚੇਲਾ ਫਿਰਦਾ ਫਿਰਦਾ ਇਨ੍ਹਾਂ ਕੋਲ ਆਉਂਦਾ ਹੈ ।)

ਚੇਲਾ - ਬਾਜੀ ਖੇਡਣ ਲਗ ਪਏ ਹੋ, ਆਉ, ਏਥੇ ਮੇਰੇ ਨਾਲ ਬੂਟਿਆਂ ਨੂੰ ਪਾਣੀ ਪੁਆਓ ।

ਪਹਿਲਾ ਮੁਸਾਫ਼ਰ - ਸੰਤ ਜੀ, ਬਹੁਤ ਭੁੱਖੇ ਤੋ ਥੱਕੇ ਹੋਏ ਹਾਂ। ਹੁਣ ਕਿੱਥੇ ਪਾਣੀ ਖਿੱਚ ਹੁੰਦੈ ?

ਚੇਲਾ - ਸੂਹਾ ਬਾਹੀ ਖੇਡ ਹੁੰਦਾ ਇ !

ਦੂਜਾ ਮੁਸਾਫ਼ਰ - ਉਹਦੇ ਤੇ ਵੀ ਕੋਈ ਜ਼ੋਰ ਲਗਦੈ ?

ਚੇਲਾ - ਰੋਟੀਆਂ ਨੂੰ ਭਜਕੇ ਪਉਂਗੇ ।

ਦੂਜਾ ਮੁਸਾਫ਼ਰ - ਤੂੰ ਕਿਹੜੀਆਂ ਲਿਆ ਦਿੱਤੀਆਂ ਨੇ ਸੰਤਾ, ਏਨੀ ਧੌਂਸ ਚਾੜ੍ਹਦੈਂ !

ਪਹਿਲਾ ਮੁਸਾਫ਼ਰ - ਚਲੋ, ਸੰਤ ਜੀ, ਰੋਟੀ ਖਾਕੇ ਥੋਡੇ ਬੂਟੇ ਭਰਾ ਦਿਆਂਗੇ ।

(ਚੇਲਾ ਆਪਣੇ ਕੰਮ ਵਿੱਚ ਰੁਝ ਜਾਂਦਾ ਹੈ ।)

ਤੀਜਾ ਮੁਸਾਫਰ - ਮੈਂ ਤੈਨੂੰ ਕਿਹਾ ਨੀ ਸੀ ਮੈਂ ਤੈਥੋਂ ਬਾਜੀ ਜਿੱਤ ਜਾਊਂ ! (ਉਹਦੀ ਬਾਜੀ ਬਹੁਤ ਚੜ੍ਹੀ ਹੋਈ ਹੈ ।)

ਦੂਜਾ ਮੁਸਾਫਰ - (ਟਾਹਣਾਂ ਸੁੱਟਕੇ) ਓਏ ਯਾਰ, ਬਾਜ਼ੀ ਪਈ ਖੂਹ ਵਿੱਚ, ਇੱਕ ਘੰਟਾ ਹੋ ਗਿਐ, ਸੌਹਰਾ ਹੁਣ ਤਾਈਂ ਨੀ ਮੁੜਿਆ, ਭੁੱਖ ਨਾਲ ਜਾਨ ਨਿਕਲਦੀ ਜਾਂਦੀ ਐ।

ਤੀਜਾ ਮੁਸਾਫਰ - ਕਿਸੇ ਨਾਲ ਅੱਖ ਮਟੱਕੇ ਲਗਦੇ ਹੋਣਗੇ, ਸਾਧ ਵੀ ਖ਼ੂਬ ਮੌਜਾਂ ਲੈਂਦੇ ਨੇ ।

ਪਹਿਲਾ ਮੁਸਾਫ਼ਰ - ਏਸ 'ਚ ਰਤੀ ਝੂਠ ਨੀਂ। ਰਾਂਝਾ ਐਵੇਂ ਤਾਂ ਨਹੀਂ ਸੀ ਸਾਧ ਹੋਇਆ ? ਸਿਰ ਮੂੰਹ ਮੁਨਾ ਲਓ, ਭਗਵੇਂ ਕਪੜੇ ਪਾ ਲਓ ਬਸ ਫੇਰ ਮੌਜਾਂ।

ਦੂਜਾ ਮੁਸਾਫ਼ਰ - ਆਪਣੇ ਮੋਟੇ ਲਿਸ਼ਕਦੇ ਪੱਟ ਦਿਖਾ ਕੇ ਕਿਸੇ ਗੱਠ ਦੀ ਪੂਰੀ ਤੇ ਅਕਲ ਦੀ ਅਧੂਰੀ ਤੇ ਡੋਰੇ ਸੁਟ ਰਿਹਾ ਹੋਣੈਂ। ਇਹੋ ਪਤਾ ਲਗੂ ਸਾਧ ਹੁਰੀਂ ਫਲਾਣੀ ਨਾਲ ਉਡੰਤਰ ਹੋ ਗਏ ।

ਤੀਜਾ ਮੁਸਾਫ਼ਰ - ਬਸ ਐਹੋ ਗੱਲ ਐ । ਇਹਨਾਂ ਸਾਧਾਂ ਤੋਂ ਕਲਜੁਗ ਵਿੱਚ ਸਭ ਕੁਸ਼ ਹੋ ਔਂਦੈ ।

ਪਹਿਲਾ ਮੁਸਾਫ਼ਰ - (ਕੋਲ ਫਿਰਦੇ ਚੇਲੇ ਨੂੰ ਸੁਣਾਕੇ) ਚੰਗਾ ਬਦਲਾ ਦੇ ਰਹੇ ਹੋ, ਬਿਚਾਰਾ ਕਾਂਉਂ ਅੱਖ ਨਿਕਲਦੀ 'ਚ ਦਰ ਦਰ ਤੋਂ ਮੰਗ ਕੇ ਥੋਡੇ ਰੋਟੀਆਂ ਲਿਆਊ ਤੇ ਤੁਸੀਂ ਆਹ ਗੁਣ ਜਾਨਣਾ ਇੰ !

ਦੂਜਾ ਮੁਸਾਫ਼ਰ - ਓ ਯਾਰ ਲਿਆ ਦੇਣ, ਫੇਰ ਗੁਣ ਵੀ ਮੰਨ ਲਾਂਗੇ ।

ਪਹਿਲਾ ਮੁਸਾਫ਼ਰ - ਜ਼ਰੂਰ ਲਿਆਊ, ਤਸੱਲੀ ਰਖੋ, ਦੇਰ ਹੋ ਜਾਏ ਤਾਂ ਕੀ ਕਹਿਣੈਂ, ਲਿਆਊ ਜ਼ਰੂਰ ।

ਚੇਲਾ — (ਗੁੱਸੇ ਵਿੱਚ ਲਾਲ ਪੀਲਾ ਹੋਕੇ) ਤੁਸੀਂ ਸਾਰੇ ਛਟੇ ਹੋਏ ਓ, ਬਦਮਾਸ਼ ਕਿਤੇ ਦੇ । ਥੋਡੀ ਬੁੱਧੀ ਬਹੁਤ ਮਲੀਨ ਹੈ। ਥੋਨੂੰ ਨੀ ਰੋਟੀ ਮਿਲਨੀ ਚਾਹੀਦੀ ਤੁਸੀਂ ਰੋਟੀ ਦੇ ਅਧਿਕਾਰੀ ਨਹੀਂ ।

ਪਹਿਲਾ ਮੁਸਾਫ਼ਰ - (ਸ਼ਰਾਰਤ ਨਾਲ) ਅੱਛਾ, ਸੰਤ ਜੀ, ਸਭ ਕੁਛ ਸੁਣਦੇ ਸੀ ? ਪਰ ਸੰਤ ਜੀ, ਮੈਂ ਤਾਂ ਮਹਾਤਮਾ ਦੇ ਖਿਲਾਫ ਕੁਸ਼ ਨੀਂ ਕਿਹਾ।

ਚੇਲਾ - ਤੂੰ ਵੀ ਘੱਟ ਨਹੀਂ, ਇਹਨਾਂ ਜੈਸਾ ਈ ਐਂ ।

ਤੀਜਾ ਮੁਸਾਫ਼ਰ - ਖਿਮਾ ਕਰੋ, ਸੰਤ ਜੀ, ਭੁੱਖਾ ਢਿੱਡ ਏਦੂੰ ਕਿਤੇ ਭੈੜੀਆਂ ਗੱਲਾਂ ਕਰਵਾ ਦਿੰਦਾ ਇ ।

ਚੇਲਾ - (ਹਾਲੀ ਤਕ ਗੁੱਸੇ ਵਿੱਚ) ਤਾਂ ਕੀ ਕਿਸੇ ਨੂੰ ਮਾਰ ਕੇ ਤੁਹਾਡੀ ਭੁੱਖ ਦੂਰ ਹੋ ਜਾਊ ! ਮਾਰ ਦਿਓ ਮੈਨੂੰ ਜੋ ਇਤਨੇ ਹੀ ਲਾਚਾਰ ਹੋ ਭੁੱਖ ਨਾਲ, ਅਰ ਬੈਠ ਕੇ ਖਾ ਜਾਓ ।

ਤੀਜਾ ਮੁਸਾਫ਼ਰ - ਮਹਾਰਾਜ, ਗੁੱਸਾ ਕਰਨ ਦੀ ਕਿਹੜੀ ਗੱਲ ਐ । ਜਵਾਨ ਉਮਰ ਵਿੱਚ ਮਖੌਲ ਬਾਜੀ ਹੁੰਦੀ ਓਈ ਐ। ਐਵੇਂ ਹਸਦੇ ਸੀ, ਹੁਣ ਨੀ ਕੁਸ਼ ਕਹਿੰਦੇ ਜੇ ਥੋਨੂੰ ਦੁਖ ਹੁੰਦਾ ਇ ਤਾਂ । ਅਸੀਂ ਤਾਂ ਹੁਣ ਸਾਹ ਨਹੀਂ ਭਰਦੇ, ਪਰ ਸਾਧੂ ਨੂੰ ਏਨਾਂ ਕ੍ਰੋਧ ਨਹੀਂ ਚਾਹੀਦਾ ।

ਚੇਲਾ - (ਨਰਮ ਹੋਕੇ) ਇਹ ਚੰਗਾ ਹਾਸਾ ਇ । ਪਰਮਾਤਮਾ ਐਸੇ ਹਾਸੇ ਤੋਂ ਸਾਨੂੰ ਬਚਾਈ ਰੱਖੇ ।

ਪਹਿਲਾ ਮੁਸਾਫ਼ਰ - ਔਹ ਲਓ, ਮਹਾਤਮਾ ਜੀ ਆ ਰਹੇ ਨੇ, ਹੱਥ ਮੂੰਹ ਧੋ ਲਓ, ਬਈ ।

(ਸਭ ਖੂਹ ਤੋਂ ਹੱਥ ਧੋਣ ਲਗ ਜਾਂਦੇ ਹਨ)

ਮਹਾਤਮਾ - (ਕੁਟੀਆ ਦੇ ਵਾਗਲੇ ਵਿੱਚ ਵੜਕੇ) ਰਾਮ, ਰਾਮ ! ਸੀਤਾਰਾਮ ! (ਮੁਸਾਫਰ ਇਕ ਇਕ ਕਰਕੇ ਆਉਂਦੇ ਹਨ ਤੇ ਮਹਾਤਮਾ ਜੀ ਨੂੰ ਨਮਸਕਾਰ ਕਰਦੇ ਹਨ, ਚੇਲਾ ਵੀ ਨਮਸਕਾਰ ਕਰਦਾ ਹੈ।) ਆਓ, ਭੱਦਰ ਪੁਰਸ਼ੋ, ਇਸ ਚਬੂਤਰੇ ਪਰ ਬਿਰਾਜ ਜਾਓ । ਛਿਮਾ ਕਰਨਾ, ਦੇਰੀ ਹੋ ਗਈ ਹੈ। (ਸਭ ਚਬੂਤਰੇ ਤੇ ਬੈਠ ਜਾਂਦੇ ਹਨ ।)

ਚੇਲਾ - ਗੁਰੂ ਜੀ ਇਹ ਲੋਕ ਭੋਜਨ ਦੇ ਅਧਿਕਾਰੀ ਨਹੀਂ। ਮੈਂ ਇਨ੍ਹਾਂ ਨੂੰ ਕਿਹਾ- ਆਓ, ਜਰਾ ਇਨ੍ਹਾਂ ਬੂਟਿਆਂ ਨੂੰ ਪਾਣੀ ਦੇ ਦੇਈਏ, ਤਾਂ ਕਹਿਣ ਲੱਗੇ-ਹਮਾਰੇ ਭੁੱਖਿਆਂ ਮੇਂ ਇਤਨਾ ਉਜਰ ਕਿੱਥੇ । ਫੇਰ ਜਬ ਆਪ ਨੂੰ ਕੁਝ ਦੇਰ ਲਗ ਗਈ ਤਾਂ ਗਾਲੀਆਂ ਦੇਣ ਲਗ ਪਏ । ਉਸ ਵਖਤ ਭਲਾ ਭੁੱਖ ਕਿੱਥੇ ਗਈ ਸੀ ?

ਤੀਜਾ ਮੁਸਾਫ਼ਰ ਜੀ - ਰੋਟੀ ਖਾ ਕੇ ਸਾਰੇ ਬੂਟੇ ਸਿੰਜ ਦਿਆਂਗੇ।

ਮਹਾਤਮਾ - ਬੇਟਾ, ਕੌਨ ਕਿਸ ਚੀਜ਼ ਦਾ ਅਧਿਕਾਰੀ ਹੈ ? ਕੌਨ ਕੁਛ ਲੇਨੇ ਕਾ ਪਾਤ੍ਰ ਹੈ ? ਅਗਰ ਰਾਮ ਅਧਿਕਾਰੀ ਨਿਰਾਧਿਕਾਰੀ ਦੇਖੇ ਤੋ ਹਮੇਂ ਉਦਰ ਭਰਨ ਕੋ ਵੀ ਭੋਜਨ ਮਿਲੇ ? ਔਰ ਫਿਰ ਦੇਨੇ ਵਾਲਾ ਕੌਣ ਹੈ ? ਹਮ ਇਨ੍ਹੇ ਰੋਟੀ ਦੇ ਰਹੇਂ ਹੈਂ ! ਹਮੇਂ ਰੋਟੀ ਕੌਨ ਦੇਤਾ ਹੈ ? ਬੇਟਾ, ਮੁਝੇ ਤੋ ਆਜ ਮਾਂਗਨੇ ਸੇ ਘਿਰਣਾ ਆ ਗਈ । ਕਿਆ ਪਤਾ ਕੈਸੀ ਕਮਾਈ ਕੀ ਰੋਟੀ ਹਮ ਤੁਮ ਖਾਤੇ ਹੈਂ ? ਪਾਪੀ ਕਾ ਅਨਾਜ ਬੁੱਧੀ ਕੋ ਭ੍ਰਿਸ਼ਟ ਕਰ ਦੇਤਾ ਹੈ ਖਾਨੇ ਵਾਲੇ ਕੀ। ਸਭ ਜਪ ਤਪ ਨੇਮ ਅਫਲ ਹੋਨੇ ਕਾ ਡਰ ਹੈ। ਇਸ ਦੁਨੀਆਂ ਮੇਂ ਕੌਨ ਲੇਨੇ ਵਾਲਾ ਹੈ, ਔਰ ਕੌਨ ਦੇਨੇ ਵਾਲਾ ? ਮੁਝੇ ਤੋਂ ਦੀਖ ਨਹੀਂ ਪੜਤਾ ਹਾਂ ਯਿਹ ਸੁਧ ਹੈ ਕਿ ਹਮ ਤੁਮ ਅਧਿਕਾਰੀ ਨਹੀਂ । (ਮੁਸਾਫ਼ਰ ਵੱਲ) ਆਓ ਭਦਰ ਪੁਰਸ਼ੋ, ਸੇਵਨ ਕਰੋ । (ਮੁਸਾਫਰ ਅੱਗੇ ਵਧ ਕੇ ਰੋਟੀਆਂ ਲੈਂਦੇ ਹਨ ।) ਯਿਹ ਮਕੀ ਕੀ ਰੋਟੀ ਮੈਂ ਖੁਦ ਖਾਊਂਗਾ । ਯਿਹ ਏਕ ਉੱਚ ਆਤਮਾ ਕਾ ਦੀਆ ਅਨਾਜ ਹੈ । (ਕੁਟੀਆ ਦੇ ਅੰਦਰ ਚਲਾ ਜਾਂਦਾ ਹੈ, ਦੂਜੇ ਪਲ ਘਾਬਰਿਆ ਹੋਇਆ ਬਾਹਰ ਨਿਕਲ ਕੇ) ਲਹੂ, ਲਹੂ, ਇਸ ਰੋਟੀ ਸੇ ਤੋ ਲਹੂ ਟਪਕਤਾ ਹੈ ।

ਦੂਜਾ ਮੁਸਾਫ਼ਰ - ਪਾਗਲ ਹੋ ਗਿਆ ਇ ਇਹ, ਧੁੱਪ ਚੜ੍ਹ ਗਈ ਇਹਦੇ ਦਿਮਾਗ ਨੂੰ । ਲੈ ਜਾਓ ਇਹਨੂੰ । (ਚੇਲਾ ਕੁਟੀਆ ਦੇ ਅੰਦਰ ਲੈ ਜਾਂਦਾ ਹੈ ।) ਆਓ ਯਾਰੋ, ਐਥੇ ਖੂਹ ਤੇ ਬਹਿ ਕੇ ਰੋਟੀ ਖਾਵਾਂਗੇ । (ਸਭ ਚਲੇ ਜਾਂਦੇ ਹਨ।

( ਪਰਦਾ )

  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਟਕ ਤੇ ਲੇਖ, ਸੰਤ ਸਿੰਘ ਸੇਖੋਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ