Main Kahani Kionkar Likhda Haan : Saadat Hasan Manto

ਮੈਂ ਕਹਾਣੀ ਕਿਉਂਕਰ ਲਿਖਦਾ ਹਾਂ : ਸਆਦਤ ਹਸਨ ਮੰਟੋ

ਸਤਿਕਾਰਤ ਬੀਬੀਓ ਤੇ ਸਾਹਿਬੋ !
ਮੈਨੂੰ ਕਿਹਾ ਗਿਆ ਹੈ ਕਿ ਮੈਂ ਇਹ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ ।
ਇਹ 'ਕਿਉਂਕਰ' ਮੇਰੀ ਸਮਝ ਵਿੱਚ ਨਹੀਂ ਆਇਆ । 'ਕਿਉਂਕਰ' ਦੇ ਅਰਥ ਸ਼ਬਦ ਕੋਸ਼ ਵਿਚ ਤਾਂ ਇਹ ਮਿਲਦੇ ਨੇ : 'ਕਿਵੇਂ ਤੇ ਕਿਸ ਤਰਾਂ' ।
ਹੁਣ ਤੁਹਾਨੂੰ ਕੀ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ । ਇਹ ਬੜੀ ਉਲਝਣ ਦੀ ਗੱਲ ਹੈ । ਜੇ 'ਕਿਸ ਤਰਾਂ' ਨੂੰ ਸਾਹਮਣੇ ਰੱਖਾਂ ਤਾਂ ਇਹ ਜਵਾਬ ਦੇ ਸਕਦਾ ਹਾਂ, "ਮੈਂ ਆਪਣੇ ਕਮਰੇ ਵਿਚ ਸੋਫੇ ਉਤੇ ਬੈਠ ਜਾਂਦਾ ਹਾਂ, ਕਾਗਜ-ਕਲਮ ਫੜਦਾ ਹਾਂ ਅਤੇ ਬਿਸਮਿੱਲਾਹ ਕਰਕੇ ਕਹਾਣੀ ਲਿਖਣੀ ਸੁਰੂ ਕਰ ਦਿੰਦਾ ਹਾਂ-ਮੇਰੀਆਂ ਤਿੰਨੇ ਬੱਚੀਆਂ ਰੌਲਾਂ ਪਾ ਰਹੀਆਂ ਹੁੰਦੀਆਂ ਨੇ । ਮੈਂ ਉਹਨਾਂ ਨਾਲ ਗੱਲਾਂ ਵੀ ਕਰਦਾ ਹਾਂ, ਉਹਨਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾ ਵੀ ਕਰਦਾ ਹਾਂ । ਆਪਣੇ ਵਾਸਤੇ ਸਲਾਦ ਵੀ ਤਿਆਰ ਕਰਦਾ ਹਾਂ । ਕੋਈ ਮਿਲਣ ਵਾਲਾ ਆ ਜਾਏ ਤਾਂ ਉਹਦੀ ਸੇਵਾ ਵੀ ਕਰਦਾ ਹਾਂ……ਪਰ ਕਹਾਣੀ ਲਿਖੀ ਜਾਂਦਾ ਹਾਂ ।"
ਹੁਣ 'ਕਿਵੇਂ' ਦਾ ਸਵਾਲ ਆਏ ਤਾਂ ਮੈਂ ਇਹ ਕਹਾਂਗਾ : "ਮੈ ਓਦਾਂ ਹੀ ਕਹਾਣੀ ਲਿਖਦਾ ਹਾਂ, ਜਿੱਦਾਂ ਖਾਣਾ ਖਾਂਦਾ ਹਾਂ, ਨਹਾਉਂਦਾਂ ਹਾਂ, ਸਿਗਰਟ ਪੀਦਾਂ ਹਾਂ ਅਤੇ ਝੱਖ ਮਾਰਦਾ ਹਾਂ ।"
ਜੇ ਇਹ ਪੁਛਿਆ ਜਾਏ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ ਤਾਂ ਇਸਦਾ ਜਵਾਬ ਹਾਜ਼ਿਰ ਹੈ ।
"ਮੈਂ ਕਹਾਣੀ ਅੱਵਲ ਤਾਂ ਇਸ ਵਾਸਤੇ ਲਿਖਦਾ ਹਾਂ ਕਿ ਮੈਨੂੰ ਕਹਾਣੀਕਾਰੀ ਦੀ ਸ਼ਰਾਬ ਵਾਂਗ ਬਾਣ ਪੈ ਗਈ ਹੈ ।"
ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਨਹਾਤਾ ਨਹੀਂ ਜਾਂ ਮੈਂ ਸ਼ਰਾਬ ਨਹੀਂ ਪੀਤੀ ।
ਮੈਂ ਕਹਾਣੀ ਨਹੀਂ ਲਿਖਦਾ, ਹਕੀਕਤ ਇਹ ਹੈ ਕਿ ਕਹਾਣੀ ਮੈਨੂੰ ਲਿਖਦੀ ਹੈ ।
ਮੈਂ ਬੁਹਤ ਘੱਟ ਪੜ੍ਹਿਆ ਲਿਖਿਆ ਆਦਮੀ ਹਾਂ…ਉਂਝ ਤਾਂ ਵੀਹ ਤੋਂ ਉਤੇ ਕਿਤਾਬਾਂ ਲਿਖੀਆਂ ਨੇ, ਪਰ ਮੈਨੂੰ ਕਦੇ ਕਦੇ ਹੈਰਾਨੀ ਹੁੰਦੀ ਹੈ ਕਿ ਇਹ ਕੌਣ ਹੈ, ਜੀਹਨੇ ਏਨੀਆਂ ਅੱਛੀਆਂ ਕਹਾਣੀਆਂ ਲਿਖੀਆਂ ਨੇ, ਜਿਹਨਾਂ ਉਤੇ ਨਿਤ ਮੁਕੱਦਮੇ ਚਲਦੇ ਰਹਿੰਦੇ ਨੇ ।
ਜਦੋ ਕਲਮ ਮੇਰੇ ਹੱਥ ਵਿਚ ਨਾ ਹੋਵੇ ਤਾਂ ਮੈਂ ਕੇਵਲ ਸਆਦਤ ਹਸਨ ਹੁੰਦਾ ਹਾਂ, ਜਿਹਨੂੰ ਉਰਦੂ ਆਉਂਦੀ ਹੈ, ਨਾ ਫਾਰਸੀ, ਅੰਗਰੇਜ਼ੀ ਨਾ ਫ੍ਰਾਂਸੀਸੀ ।
ਕਹਾਣੀ ਮੇਰੇ ਦਿਮਾਗ 'ਚ ਨਹੀਂ, ਜੇਬ ਚ ਹੁੰਦੀ ਹੈ, ਜਿਸਦੀ ਮੈਨੂੰ ਕੋਈ ਖ਼ਬਰ ਨਹੀਂ ਹੁੰਦੀ । ਮੈਂ ਆਪਣੇ ਦਿਮਾਗ 'ਤੇ ਜੋਰ ਦਿੰਦਾ ਹਾਂ ਕਿ ਕੋਈ ਕਹਾਣੀ ਨਿਕਲ ਆਏ ਕਹਾਣੀਕਾਰ ਬਣਨ ਦੀ ਵੀ ਬੁਹਤ ਕੋਸ਼ਿਸ਼ ਕਰਦਾ ਹਾਂ । ਸਿਗਰਟ ਤੇ ਸਿਗਰਟ ਫੂਕੀ ਜਾਂਦਾ ਹਾਂ ।
ਅਣਲਿਖੀ ਕਹਾਣੀ ਦੇ ਪੈਸੇ ਪੇਸ਼ਗੀ ਵਸੂਲ ਕਰ ਚੁਕਿਆ ਹੁੰਦਾ ਹਾਂ, ਇਸ ਲਈ ਬੜੀ ਕੋਫ਼ਤ ਹੁੰਦੀ ਹੈ ।
ਪਾਸੇ ਬਦਲਦਾ ਹਾਂ, ਉਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਦਾਂ ਹਾਂ, ਬੱਚੀਆਂ ਨੂੰ ਝੂਲਾ ਝੁਲਾਉਂਦਾ ਹਾਂ, ਘਰ ਦਾ ਕੂੜਾ-ਕਬਾੜਾ ਸਾਫ਼ ਕਰਦਾ ਹਾਂ, ਨੰਨੇ ਮੁੰਨੇ ਜੁੱਤੇ, ਜੋ ਘਰ 'ਚ ਥਾਂ-ਕੁਥਾਂ ਖਿੰਡੇ ਪਏ ਹੁੰਦੇ ਨੇ; ਚੁੱਕ ਕੇ ਇਕ ਥਾਂ 'ਤੇ ਰੱਖਦਾ ਹਾਂ-ਪਰ ਕੰਬਖਤ ਕਹਾਣੀ, ਜੋ ਮੇਰੀ ਜੇਬ 'ਚ ਪਈ ਰਹਿੰਦੀ ਹੈ, ਮੇਰੇ ਜ਼ਿਹਨ 'ਚ ਉਤਰਦੀ ਨਹੀਂ ਅਤੇ ਮੈਂ ਤਿਲਮਿਲਾਉਦਾ ਰਹਿੰਦਾ ਹਾਂ ।
ਜਦੋਂ ਬਹੁਤ ਜ਼ਿਆਦਾ ਕੋਫ਼ਤ ਹੁੰਦੀ ਹੈ ਤਾਂ ਬਾਥਰੂਮ 'ਚ ਚਲਿਆ ਜਾਂਦਾ ਹਾਂ, ਪਰ ਉਥੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ । ਸੁਣਿਆ ਹੈ ਕਿ ਹਰ ਬੜਾ ਆਦਮੀ ਗੁਸਲਖ਼ਾਨੇ ਵਿਚ ਸੋਚਦਾ ਹੈ-ਮੈਂ ਗੁਸਲਖ਼ਾਨੇ ਵਿਚ ਵੀ ਨਹੀਂ ਸੋਚ ਸਕਦਾ ।
ਹੈਰਤ ਹੈ ਕਿ ਫੇਰ ਵੀ ਮੈਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਹੁਤ ਬੜਾ ਕਹਾਣੀਕਾਰ ਹਾਂ ।
ਮੈਂ ਇਹੀ ਕਹਿ ਸਕਦਾ ਹਾਂ ਕਿ ਮੇਰੇ ਆਲੋਚਕਾਂ ਦੀ ਖ਼ੁਸ਼ਫਹਿਮੀ ਹੈ ਜਾਂ ਮੈਂ ਉਨਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ ਹਾਂ, ਉਹਨਾਂ ਉਤੇ ਕੋਈ ਜਾਦੂ ਕਰ ਰਿਹਾ ਹਾਂ ।
ਕਿੱਸਾ ਇਹ ਹੈ ਕਿ ਮੈਂ ਖ਼ੁਦਾ ਨੂੰ ਹਾਜ਼ਿਰ ਨਾਜ਼ਿਰ ਰੱਖ ਕੇ ਕਹਿੰਦਾ ਹਾਂ ਕਿ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ ਅਤੇ ਕਿਵੇਂ ਲਿਖਦਾ ਹਾਂ ।
ਅਕਸਰ ਮੌਕਿਆਂ 'ਤੇ ਅਜਿਹਾ ਹੋਇਆ ਹੈ ਕਿ ਜਦੋਂ ਮੈਂ ਨਿਰਾਸ਼ ਹੋਇਆ ਤਾਂ ਮੇਰੀ ਪਤਨੀ ਨੇ ਮੈਨੂੰ ਕਿਹਾ: "ਤੁਸੀਂ ਸੋਚੋ ਨਾ…ਕਲਮ ਚੁੱਕੋ ਅਤੇ ਲਿਖਣਾ ਸ਼ੁਰੂ ਕਰ ਦਿਓ ।"
ਮੈਂ ਉਹਦੇ ਕਹਿਣ 'ਤੇ ਪੈਂਸਿਲ ਜਾਂ ਕਲਮ ਚੁੱਕਦਾ ਹਾਂ ਅਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ ।
ਦਿਮਾਗ ਬਿਲਕੁਲ ਖਾਲੀ ਹੁੰਦਾ ਹੈ, ਪਰ ਜੇਬ ਭਰੀ ਹੁੰਦੀ ਹੈ ਅਤੇ ਆਪਣੇ ਆਪ ਕੋਈ ਕਹਾਣੀ ਉਛਲ ਕੇ ਬਾਹਰ ਆ ਜਾਂਦੀ ਹੈ ।
ਮੈਂ ਆਪਣੇ ਆਪ ਨੂੰ ਇਸ ਪੱਖੋਂ ਕਹਾਣੀਕਾਰ ਨਹੀਂ, ਜੇਬ ਕਤਰਾ ਸਮਝਦਾ ਹਾਂ, ਜੋ ਆਪਣੀ ਜੇਬ ਆਪ ਹੀ ਕੱਟਦਾ ਹੈ ਅਤੇ ਤੁਹਾਡੇ ਹਵਾਲੇ ਕਰ ਦਿੰਦਾ ਹੈ।
ਮੇਰੇ ਵਰਗਾ ਬੱਧੂ ਵੀ ਦੁਨੀਆਂ 'ਚ ਕੋਈ ਹੋਰ ਹੋਊਗਾ ?

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ