Punjabi Stories/Kahanian
ਨਵਤੇਜ ਸਿੰਘ
Navtej Singh
Punjabi Kavita
  

Mainu Manukhan Vich Shamil Kar Lao

ਮੈਨੂੰ ਮਨੁੱਖਾਂ ਵਿਚ ਸ਼ਾਮਲ ਕਰ ਲਓ

ਨੌਜਵਾਨ ਸਭਾ ਦੀ ਕਾਨਫ਼ਰੰਸ ਦੇ ਪ੍ਰਬੰਧਕ ਕੱਲ੍ਹ ਦਾ ਪ੍ਰੋਗਰਾਮ ਦੱਸ ਕੇ ਸਾਨੂੰ ਜੋਧਾ ਮੱਲ ਆੜ੍ਹਤੀ ਦੀ ਦੁਕਾਨ ਉੱਤੇ ਛੱਡ ਗਏ।
ਅਸੀਂ ਚਾਰ ਸਾਂ: ਇਕ ਕਵੀ, ਇਕ ਕਿਸਾਨਾਂ ਦਾ ਪ੍ਰਸਿੱਧ ਆਗੂ, ਇਕ ਜ਼ਿਲ੍ਹਾ ਨੌਜਵਾਨ ਸਭਾ ਦਾ ਸਕੱਤਰ, ਤੇ ਮੈ; ਇਕ ਦੂਜੇ ਦੇ ਪੁਰਾਣੇ ਵਾਕਫ਼, ਉਮਰ ਵਿਚ ਵੀ ਹਾਣੀ, ਅੱਜਕੱਲ੍ਹ ਕਾਨਫ਼ਰੰਸਾਂ ਉੱਤੇ ਅਕਸਰ ਮੇਲ ਹੁੰਦਾ ਰਹਿੰਦਾ ਸੀ।
ਬੜੀਆਂ ਭਾਂਤ ਭਾਂਤ ਦੀਆਂ ਥਾਵਾਂ ਉੱਤੇ ਅਸੀਂ ਇਕੱਠੇ ਰਹਿ ਚੁੱਕੇ ਸਾਂ, ਪਰ ਹਾਲੇ ਤੱਕ ਕਦੀ ਆੜ੍ਹਤੀ ਦੀ ਦੁਕਾਨ ਵਿਚ ਨਹੀਂ ਸਾਂ ਰਹੇ। ਬੜਾ ਵੱਡਾ ਕਮਰਾ, ਧੂੜ ਪੋਚੀ ਦਿਓ-ਕੱਦ ਇਕ ਲੋਹੇ ਦੀ ਅਲਮਾਰੀ, ਇਕ ਸੇਫ਼, ਸੱਜੇ ਪਾਸੇ ਗੌਤਕੀਏ, ਖੱਬੇ ਪਾਸੇ ਬੋਰੀਆਂ ਛੱਤ ਘਰੂੰਦੀਆਂ, ਤੇ ਪਿਛਲੇ ਪਾਸੇ ਦੋ ਗੁਦਾਮ ਹਨੇਰੇ ਵਿਚੋਂ ਝਾਕਦੇਇਕ ਵਿਚੋਂ ਮਰਚਾਂ ਦੀ ਫਟਕ, ਤੇ ਦੂਜੇ ਵਿਚੋਂ ਹਰ ਤਰ੍ਹਾਂ ਦੀ ਜਿਨਸ, ਗੁੜ, ਤੇਲ, ਆਦਿ ਦੀ ਰਲਗੱਡ ਦੁਸ਼ਾਂਦੇ ਵਰਗੀ ਹਵਾੜ। ਵਿਚਕਾਰ ਪੱਖੇ ਥੱਲੇ ਬੜੇ ਸੁਹਣੇ ਚਾਰ ਬਿਸਤਰੇ ਸਾਡੇ ਲਈ ਵਿਛੇ ਪਏ ਸਨ।
ਜੋਧਾ ਮੱਲ ਆੜ੍ਹਤੀ ਜਦੋਂ ਇਕ ਮਿੰਟ ਲਈ ਬਾਹਰ ਗਿਆ ਤਾਂ ਸਾਡੇ ਕਵੀ ਸਾਥੀ ਨੇ ਕਿਹਾ,
" ਇੱਥੇ ਚੂਹੇ ਬੜੇ ਹੋਣਗੇ!"
"ਕਿਆ ਕਾਵਿ-ਉਡਾਰੀ ਏ!"
ਅਸੀਂ ਸਾਰੇ ਹੱਸ ਰਹੇ ਸਾਂ ਕਿ ਜੋਧਾ ਮੱਲ ਆੜ੍ਹਤੀ ਤੌਲੀਆ ਤੇ ਪਾਣੀ ਦੀ ਗੜਵੀ ਲੈ ਕੇ ਆਪ ਸਾਡੇ ਹੱਥ ਧੁਆਣ ਆ ਗਿਆ, ਤੇ ਫੇਰ ਓਹਦੇ ਨੌਕਰ ਸਾਡੇ ਅੱਗੇ ਪ੍ਰੀਤ ਨਾਲ ਪਰੋਸੇ ਹੋਏ ਥਾਲ ਰੱਖ ਗਏ।
ਰੋਟੀ ਵਿਚ ਬੜੀ ਉਚੇਚ ਸੀ, ਤੇ ਘਰ ਦੀ ਰੋਟੀ ਵਰਗੀ ਮਿਠਾਸ।
"ਖਿਮਾ ਕਰਨਾ, ਇਹ ਦਾਲ ਸਬਜ਼ੀ ਹੀ ਏ। ਸਾਡੇ ਘਰ ਮਾਸ ਨਹੀਂ ਪੱਕਦਾ।"
ਰੋਟੀ ਦੇ ਪਿੱਛੋਂ ਦੁੱਧ ਦੇ ਚਾਰ ਗਲਾਸ ਆਏ। ਲਾਚੀਆਂ ਤੇ ਬਦਾਮ ਵਿਚ ਪਏ ਹੋਏ ਸਨ। ਖਾ ਪੀ ਕੇ ਜਦੋਂ ਅਸੀਂ ਲੇਟ ਗਏ, ਤਾਂ ਜੋਧਾ ਮੱਲ ਆੜ੍ਹਤੀ ਸਾਡੇ ਮੰਜਿਆਂ ਕੋਲ ਕੁਰਸੀ ਡਾਹ ਕੇ ਕਾਫ਼ੀ ਦੇਰ ਬੈਠਾ ਰਿਹਾ। ਉਹ ਕਿਸਾਨ ਸਭਾ ਦੇ ਆਗੂ ਕੋਲੋਂ ਕਿਸਾਨਾਂ ਦੇ ਮਸਲਿਆਂ ਬਾਰੇ, ਦੇਸੀ ਤੇ ਪ੍ਰਦੇਸੀ ਸਿਆਸਤ ਬਾਰੇ ਬੜੇ ਸਿਆਣੇ ਸਵਾਲ ਪੁੱਛਦਾ ਰਿਹਾ। ਉਸਦੇ ਸਵਾਲਾਂ ਤੋਂ ਲੱਭਦਾ ਸੀ ਉਹਦੀਆਂ ਆਸਾਂ ਤੇ ਸੰਸੇ ਲੋਕ ਹਿੱਤਾ ਨਾਲ ਬੱਝੇ ਹਨ। ਫੇਰ ਉਹਨੇ ਸਾਡੇ ਕਵੀ ਸਾਥੀ ਤੇ ਮੇਰੇ ਕੋਲੋਂ ਪੰਜਾਬੀ ਬੋਲੀ ਤੇ ਸਾਹਿਤ ਬਾਰੇ ਕੁਝ ਸਵਾਲ ਪੁੱਛੇ।
ਜਦੋਂ ਜੋਧਾ ਮੱਲ ਆੜ੍ਹਤੀ ਸਾਡੇ ਕੋਲੋਂ ਉੱਠਿਆ ਤਾਂ ਉਹਦਾ ਉੱਠਣ ਨੂੰ ਚਿੱਤ ਨਹੀਂ ਸੀ ਕਰ ਰਿਹਾ, ਪਰ, "ਤੁਸੀਂ ਕੱਲ੍ਹ ਸਾਰੀ ਰਾਤ ਗੱਡੀ ਵਿਚ ਬੇ-ਆਰਾਮ ਰਹੇ ਹੋ- ਤੇ ਅੱਜ ਜਲਸੇ ਦਾ ਥਕੇਵਾਂ। ਹੁਣ ਤੁਸੀਂ ਆਰਾਮ ਕਰੋ।"
ਅਸਾਂ ਬੱਤੀ ਬੁਝਾਈ ਹੀ ਸੀ ਕਿ ਚੂਹਿਆਂ ਦੀ ਜਿਵੇਂ ਲਾਮ ਛਿੜ ਪਈ। ਬੜੇ ਰਿਸ਼ਟ ਪੁਸ਼ਟ ਚੁਹੇ।
ਅਸਾਂ ਫੇਰ ਬੱਤੀ ਜਗਾ ਲਈ। ਚੂਹੇ ਕੁਝ ਮੱਠੇ ਪਏ।
ਕਿਸਾਨ ਸਭਾ ਦੇ ਆਗੂ ਨੇ ਕਿਹਾ, "ਚੂਹੇ ਵੀ ਫ਼ਿਰਕੂ ਲੀਡਰਾਂ ਦੀ ਤਰ੍ਹਾਂ ਰੌਸ਼ਨੀ ਤੋਂ ਤ੍ਰਹਿੰਦੇ ਨੇ।"
ਅਸਾਂ ਚੂਹਿਆਂ ਤੋਂ ਬਚਣ ਲਈ ਬੱਤੀ ਬਾਲ ਕੇ ਹੀ ਸੌਣ ਦਾ ਫ਼ੈਸਲਾ ਕਰ ਲਿਆ।
ਮੇਰੇ ਤਿੰਨੇ ਸਾਥੀ ਛੇਤੀ ਹੀ ਸੌਂ ਗਏ ਪਰ ਮੈਂ ਦੇਰ ਤੱਕ ਪਾਸੇ ਮਾਰਦਾ ਰਿਹਾ। ਬੱਤੀ ਜਗਦੀ ਹੋਵੇ ਤਾਂ ਨੀਂਦਰ ਮੇਰੇ ਕੋਲੋਂ ਬੜੇ ਤਰਲੇ ਕਰਾਂਦੀ ਹੈ।
ਹਾਰ ਕੇ ਮੈਂ ਓਸ ਕਮਰੇ ਵਿਚ ਕੁਝ ਪੜ੍ਹਨ ਲਈ ਲੱਭਣਾ ਚਾਹਿਆ। ਆੜ੍ਹਤੀ ਦਾ ਕਮਰਾ ਸੀ, ਹੋਰ ਕੀ ਲੱਭੇਗਾ, ਬਸ ਕੋਈ ਵਹੀ ਜਾਂ ਰੋਜ਼ਾਨਾ ਅਖਬਾਰ! ਪਰ ਮੈਨੂੰ ਆਪਣੀ ਮੰਜੀ ਦੇ ਨੇੜੇ ਆਲੇ ਵਿਚ ਪਈ ਇਕ ਕਾਪੀ ਲੱਭੀ, ਬੜੀ ਸੁਹਣੀ ਜਿਲਦ। ਪਹਿਲੇ ਸਫ਼ੇ ਉੱਤੇ ਨਾਂ ਲਿਖਿਆ ਸੀ: ਜੋਧਾ ਮੱਲ। ਦੂਜੇ ਸਫ਼ੇ ਉੱਤੇ:
"ਮੈਂ ਕਿਸੇ ਰਾਜੇ ਦਾ ਪੁਤ੍ਰ ਨਹੀਂ, ਕਿਸੇ ਮਿਲਖਾਂ ਜਗੀਰਾਂ ਦੇ ਵਾਲੀ ਦਾ ਪੁਤ੍ਰ ਨਹੀਂ, ਮੈਂ ਮਨੁੱਖ ਦਾ ਪੁਤ੍ਰ ਬਣਨਾ ਚਾਂਹਦਾ ਹਾਂ।"
ਅਗਲੇ ਸਫ਼ੇ ਉੱਤੇ ਲਿਖਿਆ ਸੀ:
"ਮਨੁੱਖ ਦੀ ਸਭ ਤੋਂ ਕੀਮਤੀ ਪੂੰਜੀ ਉਸਦੀ ਜ਼ਿੰਦਗੀ ਹੈ, ਤੇ ਇਹ ਜਿਊਣ ਲਈ ਉਸਨੂੰ ਸਿਰਫ਼ ਇੱਕੋ ਵਾਰ ਮਿਲਦੀ ਹੈ। ਮਨੁੱਖ ਨੂੰ ਆਪਣੀ ਜ਼ਿੰਦਗੀ ਇੰਜ ਜਿਊਣੀ ਚਾਹੀਦੀ ਹੈ ਕਿ ਬਾਅਦ ਵਿਚ ਅਜਾਈਂ ਬਿਤਾਏ ਵਰ੍ਹਿਆਂ ਲਈ ਉਸ ਨੂੰ ਪਛਤਾਣਾ ਨਾ ਪਏ।"
ਮੈਂ ਕਾਪੀ ਦੇ ਕੁਝ ਹੋਰ ਵਰਕੇ ਫੋਲੇ। ਅਗਲੇ ਵਰਕਿਆਂ ਉੱਤੇ ਪੰਜਾਬੀ ਤੇ ਉਰਦੂ ਦੇ ਚੋਣਵੇਂ ਸ਼ਿਅਰ ਸਨ। ਵਾਰਸ ਸੀ, ਗ਼ਾਲਿਬ ਸੀ,ਜਿਗਰ ਸੀ,ਮੋਹਨ ਸਿੰਘ ਸੀ, ਫ਼ੈਜ਼ ਸੀ, ਅੰਮ੍ਰਿਤਾ ਸੀ, ਤੇ ਹੋਰ ਕਈ ਕਵੀ।
ਇਕ ਸਫ਼ੇ ਉੱਤੇ ਬੜਾ ਸਾਦਾ ਤੇ ਪਿਆਰਾ ਸ਼ਿਅਰ ਸੀ:
ਗੋਰੀ ਸੋਵੇ ਸੇਜ ਪਰ ਮੁਖ ਪਰ ਡਾਰੇ ਕੇਸ,
ਚਲ ਖੁਸਰੋ ਘਰ ਆਪਨੇ, ਰੈਨ ਭਈ ਸਭ ਦੇਸ!
"ਰੈਨ ਭਈ ਸਭ ਦੇਸ"- ਤੇ ਮੈਂ ਵੀ ਜੋਧਾ ਮੱਲ ਆੜ੍ਹਤੀ ਦੀ ਸ਼ਿਅਰਾਂ ਵਾਲੀ ਕਾਪੀ ਓਸੇ ਆਲੇ ਵਿਚ ਰੱਖ, ਨੀਂਦ-ਪਰੀ ਨੂੰ ਉਡੀਕਣ ਲੱਗਾ।
ਸਵੇਰੇ ਸਵੇਰੇ ਅਸੀਂ ਹਾਲੇ ਨਹਾਤੇ ਹੀ ਸਾਂ ਕਿ ਜੋਧਾ ਮੱਲ ਚਾਹ ਤੇ ਮਠਿਆਈ ਸਾਡੇ ਲਈ ਲੈ ਆਇਆ। ਆਪ ਵੀ ਉਹ ਸਾਡੇ ਨਾਲ ਚਾਹ ਪੀਣ ਬੈਠ ਗਿਆ।
ਚਾਹ ਪੀਂਦੇ ਜੋਧਾ ਮੱਲ ਨੂੰ ਬਾਹਰ ਕਿਸੇ ਸੱਦਿਆ ਤੇ ਪਿੱਛੋਂ ਕਿਸਾਨ ਆਗੂ ਨੇ ਜ਼ਿਲ੍ਹੇ ਦੀ ਨੌਜਵਾਨ ਸਭਾ ਦੇ ਸਕੱਤ੍ਰ ਨੂੰ ਪੁੱਛਿਆ, "ਇਹ ਸੱਜਣ ਕੌਣ ਏਂ? ਇੰਜ ਖਾਤਰ ਕਰ ਰਿਹਾ ਏ ਜਿਵੇਂ ਕਿਤੇ ਇਹਨੇ ਸਾਡਾ ਕੁਝ ਦੇਣਾ ਹੋਏ!"
"ਬੜਾ ਚੰਗਾ ਬੰਦਾ ਏ। ਵੈਸੇ ਜਗੀਰਦਾਰ ਏ ਨੀਲੀ ਬਾਰ 'ਚ ਇਹਨਾਂ ਦੇ ਕਿੰਨੇ ਹੀ ਪਿੰਡ ਸਨ। ਏਥੇ ਆ ਕੇ ਜਿਹੜੀ ਜ਼ਮੀਨ ਇਹਨਾਂ ਨੂੰ ਮਿਲੀ, ਦੋ ਵਰ੍ਹੇ ਹੋਏ ਉਸ 'ਚੋਂ ਸੱਠ ਏਕੜ ਆਪਣੇ ਭਰਾ ਲਈ ਰੱਖ ਕੇ, ਬਾਕੀ ਦੀ ਇਹਨੇ ਆਪਣੇ ਮੁਜ਼ਾਰਿਆਂ ਵਿਚ ਵੰਡ ਦਿੱਤੀ ਏ। ਵੰਡਣ ਤੋਂ ਪਹਿਲਾਂ ਵੀ ਇਹਦਾ ਆਪਣੇ ਮੁਜ਼ਾਰਿਆਂ ਦੇ ਨਾਲ ਕਦੇ ਕੋਈ ਇੱਟ-ਖੜੱਕਾ ਨਹੀਂ ਸੀ ਹੋਇਆ। ਏਸ ਸਾਡੇ ਇਲਾਕੇ ਦਾ ਤਾਂ ਤੁਹਾਨੂੰ ਪਤਾ ਹੀ ਏ। ਜਗੀਰਦਾਰਾਂ ਨਾਲ ਬੜੇ ਜ਼ੋਰਾਂ ਦੀ ਟੱਕਰ ਰਹਿੰਦੀ ਏ। ਜਦੋਂ ਦੀ ਜੋਧਾ ਮੱਲ ਨੇ ਜ਼ਮੀਨ ਵੰਡੀ ਏ, ਓਦੋਂ ਦੀ ਆੜ੍ਹਤ ਦੀ ਦੁਕਾਨ ਏਥੇ ਪਾ ਲਈ ਸੂ। ਛੋਟਾ ਭਰਾ ਪਿੰਡ ਵਿਚ ਵਾਹੀ ਕਰਾਂਦਾ ਏ, ਤੇ ਇਹ ਏਥੇ ਦੁਕਾਨ ਚਲਾਂਦਾ ਹੈ। ਵਿਹਾਰ ਦਾ ਬੜਾ ਸੁੱਚਾ ਏ- ਤੇ ਕੰਮ ਬੜਾ ਚੰਗਾ ਚੱਲਿਆ ਸੂ। ਕਿਸਾਨ ਇਹਦੀ ਦੁਕਾਨ 'ਤੇ ਬੜੇ ਖੁਸ਼ ਹੋ ਕੇ ਜਿਨਸ ਲਿਆਂਦੇ ਨੇ।"
ਚਾਹ ਮੁਕਾਅ ਕੇ ਅਸੀਂ ਮਸਾਂ ਤਿਆਰ ਹੀ ਹੋਏ ਸਾਂ ਕਿ ਦੋ ਵਾਲੰਟੀਅਰ ਸਾਨੂੰ ਕਾਨਫ਼ਰੰਸ ਹਾਲ ਵੱਲ ਲਿਜਾਣ ਲਈ ਆ ਗਏ।
ਜੋਧਾ ਮੱਲ ਵੀ ਆਪਣੇ ਮੁਨੀਮ ਨੂੰ ਸਾਰੇ ਦਿਨ ਦਾ ਕੰਮ ਸਮਝਾਅ ਸਾਡੇ ਨਾਲ ਤੁਰ ਪਿਆ। ਉਹਦੀ ਤੋਰ ਬੜੀ ਅਜੀਬ ਸੀ। ਓਪਰੀ ਤੋਰ ਕਰਕੇ ਉਹਦੇ ਬੂਟਾਂ ਦੀ ਸ਼ਕਲ ਵੀ ਵਟ ਚੁੱਕੀ ਸੀ।
ਮੈਂ ਉਦੇ ਵੱਲ ਪਹਿਲੀ ਵਾਰ ਬੜੇ ਗਹੁ ਨਾਲ ਵੇਖਿਆ। ਉਹਦੀਆਂ ਸੌੜੀਆਂ ਸੌੜੀਆਂ ਅੱਖਾਂ ਤੇ ਉੱਭਰੀਆਂ ਉੱਭਰੀਆਂ ਗੱਲ੍ਹਾਂ ਮੰਗੋਲ ਨੁਹਾਰ ਦੀਆਂ ਸਨ। ਸਿਰ ਉੱਤੇ ਛੋਟੇ ਛੋਟੇ ਵਾਲ, ਖੜੋਤੇ ਹੋਏ, ਜਿਵੇਂ ਕਿਤੇ ਉਹਨੂੰ ਬੜੀ ਠੰਡ ਲੱਗ ਰਹੀ ਹੋਵੇ।
ਰਾਹ ਵਿਚ ਹਰ ਤਰ੍ਹਾਂ ਦੇ ਬੰਦੇ ਜੋਧਾ ਮੱਲ ਨੂੰ ਨਮਸਤੇ ਕਹਿੰਦੇ ਰਹੇ। ਹਰ ਨਮਸਤੇ ਤੋਂ ਜਾਪਦਾ ਸੀ ਕਿ ਜੋਧਾ ਮੱਲ ਨੂੰ ਲੋਕੀਂ ਬੜਾ ਚੰਗਾ ਬੰਦਾ ਸਮਝਦੇ ਸਨ।
ਕਈਆਂ ਨੂੰ ਉਹ ਸਾਡੇ ਨਾਲ ਵੀ ਮਿਲਾਂਦਾ: "ਇਹ ਏਥੋਂ ਦੇ ਕਾਂਗ੍ਰਸ ਮੰਡਲ ਦੇ ਪ੍ਰਧਾਨ ਨੇ। ਇਹ ਪੁਰਾਣੇ ਦੇਸ਼ ਭਗਤ ਨੇ, ਪਰਮਿਟ-ਮਾਰਕਾ ਕਾਂਗ੍ਰਸੀ ਨਹੀਂ।"
"ਇਹ ਏਥੋਂ ਦੀ ਪਰਜਾ ਸੋਸ਼ਲਿਸਟ ਪਾਰਟੀ ਦੇ ਸਕੱਤ੍ਰ ਨੇ, ਪਰ ਕਮਿਊਨਿਸਟਾਂ ਨੂੰ ਹਊਆ ਨਹੀਂ ਸਮਝਦੇ।"
"ਇਹ ਬੜੇ ਸਾਹਿਬੇ-ਜ਼ੌਕ ਹਨ।"
ਅਸੀਂ ਕਾਨਫ਼ਰੰਸ-ਹਾਲ ਵਿਚ ਪੁੱਜ ਗਏ। ਕਾਨਫ਼੍ਰੰਸ ਸ਼ੁਰੂ ਹੋਣ ਵਿਚ ਤਿੰਨ ਘੰਟੇ ਹਾਲੀ ਸਨ ਤੇ ਬੜਾ ਸੁਹਣਾ ਗ਼ੈਰ-ਰਸਮੀਆ ਪ੍ਰੋਗ੍ਰਾਮ ਚੱਲ ਰਿਹਾ ਸੀ। ਨੌਜਵਾਨ ਸਭਾ ਦੇ ਅਹੁਦੇਦਾਰ ਤੇ ਸਰਗਰਮ ਕਾਰਕੁਨ, ਸਭਿਆਚਾਰਕ ਪ੍ਰੋਗ੍ਰਾਮਾਂ ਵਿਚ ਹਿੱਸਾ ਲੈਣ ਵਾਲੇ ਕਲਾਕਾਰ ਤੇ ਖੇਡਾਂ ਦੇ ਮੁਕਾਬਲਿਆਂ ਲਈ ਆਈਆਂ ਟੀਮਾਂ, ਸ਼ਹਿਰ ਦੇ ਪਤਵੰਤੇ ਤੇ ਵੱਡੀ ਉਮਰ ਦੇ ਕੁਝ ਲੋਕ ਜਿਹੜੇ ਨੌਜਵਾਨ ਸਭਾ ਦੇ ਹਮਦਰਦ ਸਨ- ਸਾਰੇ ਦਰੀਆਂ ਉੱਤੇ ਇਕ ਪਿੜ ਵਿਚ ਬੈਠੇ ਸਨ। ਇਕ ਪਾਸੇ ਵਾਜਾ ਸੀ, ਇਕ ਢੋਲਕ ਸੀ, ਵਾਇਲਿਨ ਤੇ ਇਕ ਜੋੜੀ। ਕਿਸੇ ਦੇ ਪੈਰੀਂ ਘੁੰਗਰੂ ਸਨ, ਕਈਆਂ ਬਹੁ-ਰੰਗੀਆਂ ਪਰਾਚੀਨ ਪੁਸ਼ਾਕਾਂ ਪਾਈਆਂ ਹੋਈਆਂ ਸਨ।
ਇਕ ਪਾਸੇ ਕੁਝ ਪਹਿਲਵਾਨ ਬੈਠੇ ਹੋਏ ਸਨ,ਜਿਨ੍ਹਾਂ ਦੇ ਕਮਾਏ ਸਰੀਰਾਂ ਦੀ ਛੱਬ ਚਾਦਰ ਕੁੜਤੇ ਵਿਚੋਂ ਵੀ ਅਨੋਖੀ ਜਾਪ ਰਹੀ ਸੀ। ਉਨ੍ਹਾਂ ਦੇ ਨੇੜੇ ਹੀ ਬੁਨੈਣਾਂ ਤੇ ਫਾਂਟਾਂ ਵਾਲੀਆਂ ਨਿੱਕਰਾਂ ਪਾਈ ਵਾਲੀਬਾਲ ਦੇ ਖਿਡਾਰੀ ਬੈਠੇ ਸਨ।
ਬੜੀ ਜਾਨਦਾਰ, ਸੁਰੀਲੀ ਵਾਜ ਵਿਚ ਇਕ ਚੌੜੀ ਹਿੱਕ ਵਾਲਾ ਗੱਭਰੂ ਗੌਂ ਰਿਹਾ ਸੀ:
ਭਾਈਆਂ ਜੇਡ ਨਾ ਮਜਲਸਾਂ ਸੋਂਹਦੀਆਂ ਨੇ ,
ਅਤੇ ਭਾਈਆਂ ਜੇਡ ਬਹਾਰ ਨਾਹੀਂ।
ਫੇਰ ਨੀਲੀਬਾਰ ਤੋਂ ਆ ਕੇ ਏਸ ਜ਼ਿਲ੍ਹੇ ਵਿਚ ਵਸੇ ਸ਼ਰਨਾਰਥੀ ਗੱਭਰੂਆਂ ਦੇ ਇਕ ਟੋਲੇ ਨੇ ਝੁੰਮਰ ਨਾਚ ਨੱਚਿਆ।
ਤੇ ਇਸ ਝੁੰਮਰ ਨੇ ਸਾਨੂੰ ਉਸ ਕਾਨਫ਼੍ਰੰਸ-ਹਾਲ ਵਿਚੋਂ ਚੁੱਕ ਲਿਆ। ਨਾਚ ਮਘਦਾ ਗਿਆ, ਢੋਲੀ ਵਜਦ ਵਿਚ ਆਉਂਦਾ ਗਿਆ...ਇਸ਼ਕ ਦਾ ਤ੍ਰਿਖੜਾ ਤਾਲ ਵਲੇ ...ਤੇ ਜਿਵੇਂ ਉਹ ਛੱਤ ਉੱਤੇ ਨਹੀਂ ਸੀ ਰਹੀ, ਉਹ ਕੰਧਾਂ ਦੁਆਲੇ ਨਹੀਂ ਸੀ ਰਹੀਆਂ; ਨਿੰਮਲ ਅਸਮਾਨ ਸੀ, ਤਾਰੇ ਸਨ, ਨੀਲੀਬਾਰ ਦੀ ਧਰਤੀ ਉੱਤੇ ਚੰਨ-ਚਾਨਣੀ ਰਾਤ ਸੀ, ਨੀਲੀਬਾਰ ਦੇ ਪੁੱਤਰ ਨੱਚ ਰਹੇ ਸਨ, ਓਸ ਧਰਤੀ ਦੇ ਸਗਲੇ ਰੰਗ, ਉਹਦੇ ਸਗਲੇ ਸੁਹਜ, ਉਹਦੀ ਸਮੁੱਚੀ ਕਵਿਤਾ, ਉਹਦੀਆਂ ਸਾਰੀਆਂ ਖੁਸ਼ੀਆਂ, ਉਹਦੀਆਂ ਸਾਰੀਆਂ ਪੀੜਾਂ, ਉਹਦੇ ਸਾਰੇ ਘੋਲ ਤੇ ਉਹਦੀਆਂ ਸਭ ਸੱਧਰਾਂ ਉਹਦੇ ਪੁਤ੍ਰਾਂ ਦੇ ਅੰਗਾਂ ਵਿਚ ਨਾਚ ਬਣ ਕੇ ਮਚਲ ਪਈਆਂ ਸਨ...ਸ਼ੀਹ ਓ ਸ਼ੀਹ, ਸ਼ੀਹ ਓ ਸ਼ੀਹ...ਸਾਰੀ ਬਨਸਪਤੀ ਜਿਵੇਂ ਧਰਮ-ਪੁੱਤਰਾਂ ਦੇ ਨਾਲ ਸਰਸਰਾਅ ਰਹੀ ਸੀ...ਤੇ ਅਸੀਂ ਵੇਖਣ ਵਾਲੇ ਨਿਰੇ ਵੇਖਣ ਵਾਲੇ ਨਹੀਂ ਸਾਂ ਰਹੇ; ਸਾਡੇ ਨਾਚ-ਵਿਹੂਣੇ ਜਾਮ ਜਾਮ ਅੰਗ ਏਸ ਝੁੰਮਰ ਦੇ ਨਿੱਘ ਵਿਚ ਖੁੱਲ੍ਹਦੇ ਜਾ ਰਹੇ ਸਨ, ਕੋਈ ਚਿਰ ਪੁਰਾਣਾ ਕੱਕਰ ਪੰਘਰ ਰਿਹਾ ਸੀ, ਤੇ ਹੁਣ ਜਾਪਦਾ ਸੀ ਏਥੇ ਬੈਠੇ ਸਭਨਾਂ ਦੇ ਅੰਗਾਂ ਵਿਚ ਲਹੂ ਹੀ ਨਹੀਂ, ਕੋਈ ਨਾਚ ਵੀ ਗੇੜੇ ਲਾ ਰਿਹਾ ਸੀ।
ਨਾਚ ਮੁੱਕ ਗਿਆ। ਅਚਾਨਕ ਜੋਧਾ ਮੱਲ ਉੱਤੇ ਮੇਰੀ ਨਜ਼ਰ ਜਾ ਪਈ। ਉਹ ਵੀ ਨੀਲੀਬਾਰ ਦਾ ਹੀ ਜੰਮ-ਪਲ ਸੀ। ਉਹਦੀਆਂ ਸੌੜੀਆਂ ਤੇ ਮੰਗੋਲ ਨੁਹਾਰ ਦੀਆਂ ਅੱਖਾਂ ਬਹੁਤ ਡੂੰਘੀਆਂ ਹੋ ਗਈਆਂ ਜਾਪਦੀਆਂ ਸਨ। ਉਹਦੇ ਸਿਰ ਉਤਲੇ ਛੋਟੇ ਛੋਟੇ ਵਾਲ, ਪਹਿਲਾਂ ਤੋਂ ਵੱਧ ਖੜੋਤੇ। ਸਖ਼ਤ ਬੇ-ਚੈਨੀ ਵਿਚ ਉਹ ਆਪਣੀਆਂ ਉੱਭਰੀਆਂ ਗੱਲ੍ਹਾਂ ਉੱਤੇ ਹੱਥ ਫੇਰ ਰਿਹਾ ਸੀ।
ਫੇਰ ਨੌਜਵਾਨ ਸਭਾ ਦੇ ਸਥਾਨਕ ਸਕੱਤ੍ਰ ਨੇ ਖੜੋ ਕੇ ਉਥੇ ਬੈਠਿਆਂ ਦੀ ਜਾਣ ਪਛਾਣ ਕਰਾਣੀ ਸ਼ੁਰੂ ਕੀਤੀ। ਹਰ ਇਕ ਬਾਰੇ ਉਹ ਬੜਾ ਸੰਖੇਪ ਪਰ ਬੜਾ ਚੇਤੇ ਰਹਿ ਜਾਣ ਵਾਲਾ ਕੁਝ ਕਹਿੰਦਾ ਸੀ। ਜਿਹੜਾ ਝੁੰਮਰ ਵਿਚ ਸਭ ਤੋਂ ਅੱਗੇ ਨੱਚਦਾ ਸੀ, 'ਇਹ ਬਾਘ ਮੱਲ ਏ, ਕਿਸਾਨ ਸਭਾ ਦਾ ਬੜਾ ਸਰਗਰਮ ਕਾਰਕੁਨ। ਇਹਦਾ ਪਿਤਾ ਨੀਲੀਬਾਰ ਵਿਚ ਮੁਜ਼ਾਰਿਆਂ ਦੀ ਜੱਦੋਜਹਿਦ ਵਿਚ ਸ਼ਹੀਦ ਹੋਇਆ ਸੀ।"
ਜਦੋਂ ਜੋਧਾ ਮੱਲ ਆੜ੍ਹਤੀ ਬਾਰੇ ਕੁਝ ਕਹਿਣ ਦੀ ਵਾਰੀ ਆਈ, ਸਕੱਤ੍ਰ ਨੇ ਹਾਲੀ ਕਿਹਾ ਈ ਸੀ,"ਜੋਧਾ ਮੱਲ ਜੀ, ਉਹ ਅਨੋਖੇ ਜਗੀਰਦਾਰ ਨੇ ਜਿਨ੍ਹਾਂ ਆਪਣੇ ਮੁਜ਼ਾਰਿਆਂ ਨੂੰ ਜ਼ਮੀਨ ਵੰਡ ਦਿੱਤੀ ..." ਕਿ ਜੋਧਾ ਮੱਲ ਨੇ ਟੋਕ ਦਿੱਤਾ, "ਬੱਸ ..ਬੰਦ ਕਰੋ...।" ਜੋਧਾ ਮੱਲ ਦੀ 'ਵਾਜ ਚੀਕ ਵੀ ਨਹੀਂ ਸੀ, ਪਰ ਚੀਕ ਵੀ ਸੀ!
ਏਸ ਪਲ ਜੋਧਾ ਮੱਲ ਦਾ ਮੂੰਹ ਕੁਝ ਏਸ ਤਰ੍ਹਾਂ ਦਾ ਹੋ ਗਿਆ ਸੀ ਕਿ ਸਕੱਤ੍ਰ ਚੁੱਪ ਕਰ ਕੇ ਬਹਿ ਗਿਆ। ਹਾਲ ਵਿਚ ਇਕਦਮ ਸੰਨਾਟਾ ਛਾ ਗਿਆ। ਜੋਧਾ ਮੱਲ ਖੜੋਤਾ ਰਿਹਾ, ਤੇ ਡੌਰ ਭੌਰ ਹੋਇਆ ਉਹ ਬਾਘਾ ਮੱਲ ਵੱਲ ਤੱਕਦਾ ਰਿਹਾ।ਜੋਧਾ ਮੱਲ ਦੀਆਂ ਸੌੜੀਆਂ ਅੱਖਾਂ ਡੂੰਘੀਆਂ ਹੋ ਗਈਆਂ ਸਨ, ਡੂੰਘੀਆਂ ਤੇ ਪ੍ਰੇਤ-ਮੱਲੀਆਂ।
ਫੇਰ ਜੋਧਾ ਮੱਲ ਦੀ 'ਵਾਜ ਆਈ, "ਮੈਂ ਤੁਹਾਡੇ ਵਿਚ ਬਹਿਣ ਦੇ ਕਾਬਲ ਨਹੀਂ।" ਉਹ ਬਾਘਾ ਮੱਲ ਵੱਲ ਵੇਖੀ ਜਾ ਰਿਹਾ ਸੀ, ਤੇ ਉਹਨੇ ਫੇਰ ਕਿਹਾ, "ਮੈਨੂੰ ਤੁਸੀਂ ਕਿਓਂ ਆਪਣੇ ਵਿਚ ਥਾਂ ਦਿੱਤੀ ਏ!" ਕਦੇ ਉਹਦੀ 'ਵਾਜ ਬਹੁਤ ਦੂਰੋਂ ਆ ਰਹੀ ਜਾਪਦੀ ਸੀ, ਤੇ ਕਦੇ ਏਥੋਂ ਹੀ ਨੇੜਿਓਂ, "ਕੀ ਮੇਰਾ ਗੁਨਾਹ ਮੁਆਫ਼ ਕੀਤਾ ਜਾ ਸਕਦਾ ਏ?" ਕਦੇ ਜਾਪਦਾ ਸੀ ਕਿ ਉਹ ਸਿਰਫ਼ ਬਾਘਾ ਮੱਲ ਨਾਲ ਹੀ ਗੱਲ ਕਰ ਰਿਹਾ ਸੀ, ਤੇ ਕਦੇ ਸਾਰਿਆਂ ਨਾਲ਼..ਤੇ ਕਦੇ ਹੋਰ ਕਿਸੇ ਨਾਲ ਨਹੀਂ, ਆਪਣੇ ਆਪ ਨਾਲ ਹੀ।
"ਮੈਂ ਕਹਿ ਰਿਹਾ ਸਾਂ ਮੈਂ ਤੁਹਾਡੇ ਵਿਚ ਬਹਿਣ ਦੇ ਕਾਬਲ ਨਹੀਂ। ਸਵੇਰੇ ਜਦੋਂ ਮੈਂ ਆਪਣੇ ਮੁਅੱਜ਼ਿਜ਼ ਮਹਿਮਾਨਾਂ ਨੂੰ ਚਾਹ ਪਿਆ ਰਿਹਾ ਸਾਂ, ਤਾਂ ਇਹਨਾਂ ਵਿਚੋਂ ਇਕ ਦੀ ਗੱਲ ਮੇਰੇ ਕੰਨੀਂ ਪਈ। ਉਹ ਆਪਣੇ ਸਾਥੀ ਕੋਲੋਂ ਮੇਰੇ ਬਾਰੇ ਪੁੱਛ ਰਹੇ ਸਨ: ਮੈਂ ਕੌਣ ਸਾਂ? ਮੈਂ ਕਿਉਂ ਉਹਨਾਂ ਦੀ ਇੰਜ ਖਾਤਿਰ ਕਰ ਰਿਹਾ ਸਾਂ ਜਿਵੇਂ ਮੈਂ ਉਹਨਾਂ ਦਾ ਕੁਝ ਦੇਣਾ ਹੋਵੇ? ਖ਼ੈਰ ਇਹ ਤਾਂ ਉਹਨਾਂ ਦੀ ਜ਼ੱਰਾ-ਨਿਵਾਜ਼ੀ ਸੀ, ਪਰ ਦੋਸਤੋ ਇਹ ਸੱਚ ਏ ਕਿ ਮੈਂ ਤੁਹਾਡਾ ਸਭਨਾਂ ਦਾ ਕੁਝ ਦੇਣਾ ਏਂ। ਏਸ ਜਨਮ ਕੀ ਭਾਵੇਂ ਅਗਲੇ ਜਨਮ ਵੀ ਮੈਂ ਸੋਨੇ ਦਾ ਬਣ ਜਾਵਾਂ, ਇਹ ਦੇਣਾ ਕਦੇ ਪੂਰਾ ਨਹੀਂ ਹੋਣ ਲੱਗਾ।
"ਇਹ ਤਾਂ ਤੁਸੀਂ ਜਾਣਦੇ ਹੀ ਓ, ਮੈਂ ਜਗੀਰਦਾਰ ਪਿਓ ਦਾ ਪੁਤ੍ਰ ਹਾਂ। ਮੈਂ ਨੀਲੀਬਾਰ ਤੋਂ ਆਇਆ ਹਾਂ। ਜਿਸ ਸਰਜ਼ਮੀਨ ਉਤੇ ਅਜਿਹੇ ਨਾਚ ਪੈਦਾ ਹੋਏ, ਓਥੇ ਮੈਂ ਵੀ ਜੰਮਿਆ ਸਾਂ। 1946 ਦੇ ਅਖ਼ੀਰ ਦੀ ਗੱਲ ਏ, ਪਾਕਿਸਤਾਨ ਬਣਨ ਤੋਂ ਕੁਝ ਪਹਿਲਾਂ ਦੀ। ਸਾਡੀ ਬਾਰ ਦੇ ਪੁੱਤਰ ਜਾਗ ਪਏ ਸਨ। ਸਾਡੇ ਮੁਜ਼ਾਰਿਆਂ ਨੇ ਛੰਡ ਕੇ ਧੌਣਾਂ ਉੱਚੀਆਂ ਕਰ ਲਈਆਂ ਸਨ। ਪੈਲੀਆਂ ਵਿਚੋਂ, ਘਰਾਂ ਵਿਚੋਂ, ਪਰ੍ਹਿਆਂ ਤੇ ਜਲਸਿਆਂ ਵਿਚੋਂ ਇਕ ਆਵਾਜ਼ ਉੱਠੀ ਸੀ: 'ਬੀ ਬਿਆਨਾ ਅੱਧੋ ਅੱਧ, ਬੰਨੇ ਉੱਤੇ ਅੱਧੋ ਅੱਧ'।
"ਨਰਮੇ ਦੀ ਫ਼ਸਲ ਆ ਰਹੀ ਸੀ। ਉਹ ਚਿੱਟੀਆਂ ਚਿੱਟੀਆਂ ਫੁੱਟੀਆਂ- ਜਿਨ੍ਹਾਂ ਨੂੰ ਉਰਦੂ ਦੇ ਇਕ ਸ਼ਾਇਰ ਨੇ 'ਚਾਂਦ ਕੀ ਬੇਟੀ' ਕਿਹਾ ਏ- ਇਹ ਚੰਨ ਦੀ ਬੇਟੀ ਏ, ਜਾਂ ਕਿਸਾਨਾਂ ਦੀ, ਮੈਨੂੰ ਪਤਾ ਏ ਇਹ ਜਗੀਰਦਾਰਾਂ ਦੀ ਕੁਝ ਨਹੀਂ ਲਗਦੀ। ਪਰ ਉਹਨੀਂ ਦਿਨੀਂ ਮੈਂ ਇਹ ਹੀ ਸਮਝਦਾ ਸਾਂ ਕਿ ਇਹ ਭਾਵੇਂ ਜਿਦ੍ਹੀ ਵੀ ਬੇਟੀ ਏ, ਜਗੀਰਦਾਰ ਹੋਣ ਕਰਕੇ ਸਾਡਾ ਹੀ ਏਸ ਉੱਤੇ ਪਹਿਲਾ ਹੱਕ ਸੀ। ਸਦੀਆਂ ਤੋਂ ਏਸੇ ਤਰ੍ਹਾਂ ਚਲਿਆ ਆਇਆ ਸੀ।
"ਮੈਂ ਦੱਸ ਰਿਹਾ ਸਾਂ ਚਵ੍ਹੀਂ ਪਾਸੀਂ ਇਹੀ ਸ਼ੋਰ ਸੀ: 'ਬੀ ਬਿਆਨਾ ਅੱਧੋ ਅੱਧ, ਬੰਨੇ ਉੱਤੇ ਅੱਧੋ ਅੱਧ।'
"ਅਸੀਂ ਦੋ ਤਿਹਾਈ ਬਟਾਈ ਲੈਂਦੇ ਹੁੰਦੇ ਸਾਂ, ਤੇ ਬੀ ਬਿਆਨੇ ਦਾ ਕੁਝ ਨਹੀਂ ਸਾਂ ਦੇਂਦੇ। ਬਟਾਈ ਦੀ ਜਿਨਸ ਮੁਜ਼ਾਰੇ ਆਪ ਢੋ ਕੇ ਸਾਡੇ ਗੁਦਾਮਾਂ ਵਿਚ ਛੱਡ ਜਾਂਦੇ ਹੁੰਦੇ ਸਨ। ਤੇ ਹੁਣ ਉਹ ਵੰਗਾਰ ਰਹੇ ਸਨ: 'ਬੀ ਬਿਆਨਾ ਅੱਧੋ ਅੱਧ, ਬੰਨੇ ਉੱਤੇ ਅੱਧੋ ਅੱਧ।'
"ਸਾਡੇ ਮੁਜ਼ਾਰਿਆਂ ਸਾਨੂੰ ਬੁਲਾਇਆ। ਅਸੀਂ ਕੋਈ ਨਾ ਗਏ। ਸੂਰਜ ਮਗ਼ਰਬ ਤੋਂ ਚੜ੍ਹ ਸਕਦਾ ਸੀ, ਪਰ ਅਸੀਂ ਮਾਲਿਕ ਹੋ ਕੇ ਕੰਮੀਂ ਕਮੀਣਾਂ ਦੇ ਸੱਦੇ 'ਤੇ ਜਾਈਏ? ਉਨ੍ਹਾਂ ਆਪੇ ਅੱਧੋ ਅੱਧ ਬਟਾਈ ਕਰ ਕੇ ਸਾਡਾ ਹਿੱਸਾ ਪੈਲੀਆਂ ਵਿਚ ਰੱਖ ਦਿੱਤਾ ਤੇ ਆਪਣਾ ਘਰ ਲੈ ਗਏ। ਡੇਢ ਦੋ ਮਹੀਨੇ ਏਸੇ ਤਣਾ-ਤਣੀ ਵਿਚ ਲੰਘ ਗਏ। ਸਾਡੇ ਪਿੰਡ ਦੇ ਨੇੜੇ ਨਹਿਰ ਦੀ ਕੋਠੀ ਸੀ। ਓਥੇ ਡੀ.ਸੀ. ਦਾ ਦੌਰਾ ਸੀ। 3 ਜਨਵਰੀ 1947 ਦਾ ਵਾਕਿਆ ਏ। ਇਲਾਕੇ ਦੇ ਮੁਜ਼ਾਰੇ ਲਾਲ ਝੰਡੇ ਲੈ ਕੇ ਆਪਣੀਆਂ ਮੰਗਾਂ ਵੱਡੇ ਹਾਕਮ ਸਾਹਮਣੇ ਰੱਖਣ ਗਏ।'
"ਪੁਲਸ ਅਫ਼ਸਰ ਓਦੋਂ ਆਮ ਤੌਰ 'ਤੇ ਜਗੀਰਦਾਰਾਂ ਦੇ ਭਰਾ ਭਤੀਜੇ ਹੀ ਹੁੰਦੇ ਸਨ। ਪੁਰ-ਅਮਨ ਧਰਨਾ ਮਾਰੀ ਬੈਠੇ ਮੁਜ਼ਾਰਿਆਂ ਉੱਤੇ ਡੀ.ਐਸ.ਪੀ. ਨੇ ਗੋਲੀ ਚਲਾਅ ਦਿੱਤੀ। ਠੰਡੀ ਯਖ਼ ਸ਼ਾਮ ਨੂੰ ਨਹਿਰ ਦੀ ਕੋਠੀ ਸਾਹਮਣੇ ਤਿੰਨ ਮੁਜ਼ਾਰੇ ਗੋਲੀ ਨਾਲ ਸ਼ਹਦਿ ਹੋਏ। ਤਿੰਨੇ ਵੱਡੀ ਉਮਰ ਦੇ ਸਨ।
"ਡੀ.ਐੱਸ਼ਪੀ ਮੇਰੇ ਵਾਲਦ ਸਾਹਿਬ ਦਾ ਹਮਪਿਆਲਾ ਸੀ। ਉਹਨੇ ਵਾਲਦ ਸਾਹਿਬ ਨੂੰ ਸੁਨੇਹਾ ਭਿਜਵਾਅ ਕੇ ਮੈਨੂੰ ਬੁਲਾਅ ਲਿਆ। ਮੈਂ ਜਦੋਂ ਪੁੱਜਾ ਤਿੰਨ ਲਾਸ਼ਾਂ ਨਹਿਰ ਕੰਢੇ ਪਈਆਂ ਸਨ ਤੇ ਬੜੇ ਸਾਰੇ ਪੁਲਸੀਏ ਇੱਟਾਂ ਚੁੱਕ ਚੁੱਕ ਕੇ ਨੇੜੇ ਤੇੜੇ ਖਿਲਾਰ ਰਹੇ ਸਨ। "ਡੀ.ਐੱਸ ਪੀ ਨੇ ਮੈਨੂੰ ਕਿਹਾ, 'ਹੁਣ ਮੌਕਾ ਏ ਬਰਖੁਰਦਾਰ, ਬਦਲਾ ਲੈਣ ਦਾ। 182 ਬਣਾਅ ਦਿਆਂਗੇ। ਇਹ ਜਿਹੜੀਆਂ ਇੱਟਾਂ ਮੇਰੇ ਸਿਪਾਹੀ ਲਿਜਾਅ ਕੇ ਸੁੱਟ ਰਹੇ ਨੇ, ਯਾਦ ਰਹੇ ਇਹ ਇਨ੍ਹਾਂ ਬਲਵਈਆਂ ਨੇ ਪੁਲਸ ਉੱਤੇ ਅੱਜ ਦੁਪਹਿਰੇ ਵਰ੍ਹਾਈਆਂ ਸਨ, ਤੇ ਤੂੰ ਆਪਣੀਆਂ ਅੱਖਾਂ ਨਾਲ ਇਹ ਵੇਖਿਆ ਸੀ, ਤੇ ਫੇਰ ਆਪਣੀ ਜਾਨ ਬਚਾਉਣ ਲਈ ਪੁਲਸ ਨੂੰ ਮਜਬੂਰ ਹੋ ਕੇ ਗੋਲੀ ਚਲਾਉਣੀ ਪਏ ਸੀ। ਸਮਝੇ, ਬਰਖੁਰਦਾਰ, ਸਮਝੇ।' ਡੀ.ਐੱਸ.ਪੀ. ਨੇ ਮੇਰੀ ਪਿੱਠ ਉੱਤੇ ਥਾਪੀ ਦੇ ਕੇ ਮੈਨੂੰ ਜੱਫੀ ਵਿਚ ਲੈ ਲਿਆ ਸੀ। "ਕਚਹਿਰੀ ਵਿਚ ਮੇਰੀ ਗਵਾਹੀ ਨਾਲ ਤਿੰਨਾਂ ਸ਼ਹੀਦਾਂ ਦੇ ਕਾਤਲ ਬਰੀ ਹੋ ਗਏ ਤੇ ਮੁਜ਼ਾਰਾ ਆਗੂਆਂ ਨੂੰ ਸਜ਼ਾ ਮਿਲੀ। ਦੁੱਧ ਦਾ ਪਾਣੀ ਤੇ ਪਾਣੀ ਦਾ ਦੁੱਧ।
"ਸ਼ਹੀਦਾਂ ਵਿਚੋਂ ਇਕ...ਤੇ ਜੋਧਾ ਮੱਲ ਬਾਘਾ ਮੱਲ ਵੱਲ ਵਧਿਆ, "ਮੈਂ ਤੇਰੇ ਪਿਓ ਦਾ ਕਾਤਲ । ਮੈਂ ਤੁਹਾਡੇ ਵਿਚ ਬਹਿਣ ਦੇ ਕਾਬਲ ਨਹੀਂ ਮੈਨੂੰ ਤੁਸੀਂ ਕਿਓਂ ਆਪਣੇ ਵਿਚ ਥਾਂ ਦਿੱਤੀ ਹੈ!
" ਇਹ ਸੱਚ ਹੈ ਕਿ ਮੈਂ ਤੁਹਾਡਾ ਸਭਨਾ ਦਾ ਕੁਝ ਦੇਣਾ ਏ- ਪਰ ਬਾਘਾ ਮੱਲ, ਤੇਰਾ ਦੇਣਾ ਮੈਂ ਕਿਵੇਂ ਪੂਰਾ ਕਰ ਸਕਾਂਗਾ! ਤੈਨੂੰ ਮੈਂ ਆਪਣਾ ਇਹ ਮੂੰਹ..."
ਬਾਘਾ ਮੱਲ ਨੇ ਜੋਧਾ ਮੱਲ ਨੂੰ ਜੱਫੀ ਵਿਚ ਲੈ ਲਿਆ। ਦੋਵ੍ਹਾਂ ਦੇ ਅੱਥਰੂ ਵਹਿ ਤੁਰੇ। ਬਾਘਾ ਮੱਲ ਦੀ ਜੱਫੀ ਵਿਚੋਂ ਟੁੱਟ ਕੇ ਜਦੋਂ ਜੋਧਾ ਮੱਲ ਵਾਪਸ ਆਪਣੀ ਥਾਂ ਵੱਲ ਪਰਤਿਆ, ਤਾ ਉਹਦੇ ਵਾਲ ਪਹਿਲਾਂ ਵਾਂਗ ਨਹੀਂ ਸਨ ਖੜੋਤੇ ਹੋਏ ਜਾਪਦੇ, ਤੇ ਅੱਥਰੂਆਂ ਦੇ ਵਹਿਣ ਨਾਲ ਸੌੜੀਆਂ ਅੱਖਾਂ ਕੁਝ ਵੱਡੀਆਂ ਹੋ ਗਈਆਂ ਜਾਪਦੀਆਂ ਸਨ। ਉਹਦੀਆਂ ਅੱਖਾਂ ਤੱਕ ਕੇ ਅਚੇਤ ਹੀ ਮੈਨੂੰ ਉਹਦੀ ਕਾਪੀ ਦਾ ਚੇਤਾ ਆ ਗਿਆ, ਜਿਸ ਵਿਚ ਉਹਨੇ ਏਨਾ ਸੁਹੱਪਣ ਜੋੜ ਰੱਖਿਆ ਸੀ। ਜੋਧਾ ਮੱਲ ਦੀ 'ਵਾਜ ਵਿਚ ਹੁਣ ਸ਼ਾਂਤੀ ਸੀ, "ਮੈਂ ਕਿਸੇ ਰਾਜੇ ਦਾ ਨਹੀਂ , ਕਿਸੇ ਮਿਲਖਾਂ ਤੇ ਜਗੀਰਾਂ ਦੇ ਵਾਲੀ ਦਾ ਨਹੀਂ, ਮੈਂ ਮਨੁੱਖ ਦਾ ਪੁੱਤਰ ਬਣਨਾ ਚਾਂਹਦਾ ਹਾਂ।
"ਸਾਥੀਓ, ਮੈਨੂੰ ਮਨੁੱਖਾਂ ਵਿਚ ਸ਼ਾਮਲ ਕਰ ਲਓ।"


ਪੰਜਾਬੀ ਕਹਾਣੀਆਂ (ਮੁੱਖ ਪੰਨਾ)