Punjabi Stories/Kahanian
ਓ ਹੈਨਰੀ
O Henry
Punjabi Kavita
  

Makes the Whole World Kin O Henry

ਦਰਦ ਦੀ ਸਾਂਝ ਓ ਹੈਨਰੀ

ਚੋਰ ਫੁਰਤੀ ਨਾਲ ਖਿੜਕੀ ਦੇ ਅੰਦਰ ਕੁੱਦਿਆ ਅਤੇ ਪਲ ਭਰ ਦਮ ਲੈਣ ਲਈ ਠਹਿਰ ਗਿਆ। ਸਿੱਕੇਬੰਦ ਚੋਰ ਚੋਰੀ ਵਾਲੇ ਘਰ ਵਿੱਚੋਂ ਕੁੱਝ ਲੈਣ ਤੋਂ ਪਹਿਲਾਂ ਥੋੜ੍ਹਾ ਦਮ ਜਰੂਰ ਲੈਂਦੇ ਹਨ। ਘਰ ਇੱਕ ਨਿਜੀ ਨਿਵਾਸ ਸੀ। ਚੋਰ ਨੇ ਘਰ ਦੇ ਫੱਟਿਆਂ ਦੇ ਬੂਹੇ ਅਤੇ ਬਿਨਾਂ ਕਟਾਈ ਕੀਤੀ ਇਸ਼ਕਪੇਚੇ ਦੀ ਵੇਲ ਤੋਂ ਭਾਂਪ ਲਿਆ ਸੀ ਕਿ ਘਰ ਦੀ ਮਾਲਕਣ ਇਸ ਵਕਤ ਸਾਗਰ ਕੰਢੇ ਕਿਸੇ ਹੋਟਲ ਵਿੱਚ ਬੈਠੀ ਕਿਸੇ ਹਮਦਰਦ ਦੇ ਨਾਲ ਬੈਠੀ ਰੋਣਾ ਰੋ ਰਹੀ ਹੋਵੇਗੀ ਕਿ ਅੱਜ ਤੱਕ ਉਸ ਦੇ ਦਿਲ ਦੀ ਥਾਹ ਕਿਸੇ ਨੇ ਨਹੀਂ ਪਾਈ, ਕਿਸੇ ਨੇ ਉਸ ਦੀ ਇਕੱਲ ਨੂੰ ਨਹੀਂ ਸਮਝਿਆ। ਚੌਥੀ ਮੰਜ਼ਿਲ ਦੇ ਸਾਹਮਣੇ ਵਾਲੀਆਂ ਬਾਰੀਆਂ ਵਿੱਚ ਰੋਸ਼ਨੀ ਦਾ ਮਤਲਬ ਇਹ ਸੀ ਕਿ ਘਰ ਦੇ ਮਾਲਕ ਘਰ ਆ ਗਏ ਹਨ ਅਤੇ ਛੇਤੀ ਹੀ ਬੱਤੀ ਬੁਝਾ ਕੇ ਸੌਂ ਜਾਣਗੇ। ਸਾਲ ਦਾ ਅਤੇ ਰੂਹ ਦਾ ਸਤੰਬਰ ਦਾ ਮਹੀਨਾ ਅਜਿਹਾ ਹੁੰਦਾ ਹੈ ਕਿ ਘਰੇਲੂ ਬੰਦਾ ਛੱਤ ਦੇ ਬਗੀਚਿਆਂ ਅਤੇ ਸਟੈਨੋਗ੍ਰਾਫਰਾਂ ਨੂੰ ਵਿਅਰਥ ਸਮਝਣ ਲੱਗਦਾ ਹੈ ਅਤੇ ਆਪਣੇ ਜੀਵਨ-ਸਾਥੀ ਦੇ ਪਰਤ ਆਉਣ ਅਤੇ ਸੁਹਣੇ ਸਲੀਕੇ ਅਤੇ ਨੈਤਿਕ ਸੁਹਜ ਦੀਆਂ ਹੰਡਣਸਾਰ ਬਖ਼ਸ਼ੀਸ਼ਾਂ ਦੀ ਤੀਬਰ ਇੱਛਾ ਕਰਨ ਲੱਗਦਾ ਹੈ।

ਚੋਰ ਨੇ ਸਿਗਰਟ ਜਲਾਈ। ਓਟ ਵਿੱਚ ਤੀਲੀ ਦੀ ਲੋਅ ਨੇ ਇਕ ਪਲ ਲਈ ਉਸਦੇ ਮੁੱਖ ਨੁਕਤੇ ਪ੍ਰਕਾਸ਼ਤ ਕਰ ਦਿੱਤੇ। ਉਹ ਤੀਜੀ ਕਿਸਮ ਦੇ ਚੋਰਾਂ ਵਿੱਚੋਂ ਸੀ। ਇਸ ਤੀਜੀ ਕਿਸਮ ਨੂੰ ਅਜੇ ਤੱਕ ਮਾਨਤਾ ਅਤੇ ਸਵੀਕ੍ਰਿਤੀ ਨਹੀਂ ਮਿਲੀ। ਪੁਲਿਸ ਨੇ ਸਾਨੂੰ ਪਹਿਲੀ ਅਤੇ ਦੂਜੀ ਕਿਸਮ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਦਾ ਵਰਗੀਕਰਨ ਸਰਲ ਹੈ। ਕਾਲਰ ਦੀ ਨਿਸ਼ਾਨੀ ਹੁੰਦੀ ਹੈ।

ਜਦੋਂ ਕੋਈ ਚੋਰ ਨੂੰ ਫੜਿਆ ਜਾਂਦਾ ਹੈ ਜੋ ਕਾਲਰ ਨਹੀਂ ਪਹਿਨਦਾ ਤਾਂ ਉਸ ਨੂੰ ਸਭ ਤੋਂ ਘਟੀਆ ਕਿਸਮ ਦਾ ਨਿਘਰਿਆ ਹੋਇਆ ਕਿਹਾ ਜਾਂਦਾ ਹੈ, ਜੋ ਖ਼ਾਸ ਤੌਰ ਤੇ ਹਿੰਸਕ ਅਤੇ ਭ੍ਰਿਸ਼ਟ ਹੁੰਦਾ ਹੈ, ਅਤੇ ਉਸ ਤੇ 1878 ਵਿਚ ਗ੍ਰਿਫਤਾਰੀ ਤੋਂ ਬਚਣ ਲਈ ਗਸ਼ਤ ਕਰ ਰਹੇ ਪੁਲਸੀਏ ਹੈਨੇਸੀ ਦੀ ਜੇਬ ਵਿਚੋਂ ਹੱਥਕੜੀਆਂ ਚੁਰਾ ਕੇ ਖਿਸਕ ਜਾਣ ਵਾਲੇ ਸ਼ੱਕੀ ਅਪਰਾਧੀ ਹੋਣ ਦਾ ਸ਼ੱਕ ਹੁੰਦਾ ਹੈ।

ਇਕ ਹੋਰ ਮਸ਼ਹੂਰ ਕਿਸਮ ਦਾ ਚੋਰ ਹੈ ਜੋ ਕਾਲਰ ਪਾਹਿਨਦਾ ਹੈ। ਅਸਲੀ ਜੀਵਨ ਵਿੱਚ ਉਸਦਾ ਹਮੇਸ਼ਾ ਰੈਫਲ ਦੇ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ। ਉਹ ਦਿਨੇ ਜੈਂਟਲਮੈਨ ਬਣਿਆ ਰਹਿੰਦਾ ਹੈ। ਉਮਦਾ ਲਿਬਾਸ ਪਾ ਕੇ ਚੰਗੇ ਹੋਟਲਾਂ ਵਿੱਚ ਭੋਜਨ ਕਰਦਾ ਹੈ। ਦੀਵਾਰਾਂ ਉੱਤੇ ਕਾਗ਼ਜ਼ ਮੜ੍ਹਨ ਅਤੇ ਸੋਫ਼ਾਸਾਜ਼ੀ ਦੇ ਬਹਾਨੇ ਘਰਾਂ ਦੇ ਚੱਕਰ ਲਗਾਉਂਦਾ ਹੈ ਅਤੇ ਹਨੇਰਾ ਹੁੰਦੇ ਹੀ ਚੋਰੀ ਦਾ ਆਪਣਾ ਨਾਪਾਕ ਧੰਦਾ ਸ਼ੁਰੂ ਕਰ ਲੈਂਦਾ ਹੈ। ਉਸ ਦੀ ਮਾਂ ਸਮੁੰਦਰ ਕਿਨਾਰੇ ਬਣੇ ਰਹਾਇਸ਼ੀ ਟਿਕਾਣੇ ਦੀ ਇੱਕ ਬਹੁਤ ਅਮੀਰ ਅਤੇ ਸਤਿਕਾਰਤ ਨਿਵਾਸੀ ਹੁੰਦੀ ਹੈ, ਅਤੇ ਜਦੋਂ ਉਸਨੂੰ ਉਸਦੇ ਸੈੱਲ ਵਿੱਚ ਲਿਜਾਇਆ ਜਾਂਦਾ ਹੈ ਤਾਂ ਉਹ ਤੁਰਤ ਨਹੁੰ-ਖੁਰਚਣੀ ਅਤੇ ਪੁਲਿਸ ਗਜ਼ਟ ਦੀ ਮੰਗ ਕਰਦਾ ਹੈ। ਯੂਨੀਅਨ ਦੇ ਹਰ ਸੂਬੇ ਵਿਚ ਉਸ ਦੀ ਇੱਕ ਪਤਨੀ ਹੁੰਦੀ ਹੈ ਅਤੇ ਸਾਰੇ ਇਲਾਕਿਆਂ ਵਿਚ ਮੰਗੇਤਰਾਂ ਹੁੰਦੀਆਂ ਹਨ। ਅਖ਼ਬਾਰਾਂ ਵਿੱਚ ਅਜਿਹੇ ਲੋਕਾਂ ਨੂੰ ਖ਼ੂਬ ਉਛਾਲਿਆ ਜਾਂਦਾ ਹੈ। ਉਸ ਦੇ ਉਨ੍ਹਾਂ ਮਹਿਲਾਵਾਂ ਦੇ ਸਟਾਕ ਵਿਚੋਂ ਮੈਟਰੀਮੋਨੀਅਲ ਛਾਪੇ ਜਾਂਦੇ ਹਨ, ਜਿਨ੍ਹਾਂ ਨੂੰ ਪੰਜ ਡਾਕਟਰਾਂ ਨੇ ਜਵਾਬ ਦੇ ਛੱਡਿਆ ਸੀ, ਪਰ ਇਸ ਦੇ ਬਾਅਦ ਕੇਵਲ ਇਕ ਬੋਤਲ ਨਾਲ ਸਿਹਤਯਾਬ ਹੋ ਗਈਆਂ ਸੀ, ਪਹਿਲੀ ਖੁਰਾਕ ਤੋਂ ਬਾਅਦ ਹੀ ਵਾਹਵਾ ਰਾਹਤ ਮਹਿਸੂਸ ਕੀਤੀ ਗਈ ਸੀ।

ਇਹ ਚੋਰ ਇਸ ਕਿਸਮ ਦਾ ਨਹੀਂ ਸੀ। ਇਸ ਨੇ ਨੀਲਾ ਸਵੈਟਰ ਪਾਇਆ ਹੋਇਆ ਸੀ। ਇਹ ਅਦਨਾ ਦਰਜੇ ਦਾ ਸੀ। ਇਸ ਦੀ ਠੁੱਕ ਵੱਡੇ ਚੋਰਾਂ ਵਰਗੀ ਨਹੀਂ ਸੀ।

ਨਾ ਲਾਲਟੈਨ, ਨਾ ਨਕਾਬ, ਨਾ ਬੇ-ਆਵਾਜ਼ ਤਲੇ ਵਾਲੀ ਜੁੱਤੀ। ਬਸ ਸਿੱਧਾ ਪੱਧਰਾ ਆਦਮੀ ਸੀ। ਉਸਨੇ ਆਪਣੀ ਜੇਬ ਵਿਚ 88 ਕੈਲੀਬਰ ਦਾ ਰਿਵਾਲਵਰ ਪਾ ਰੱਖਿਆ ਸੀ ਅਤੇ ਗੰਭੀਰ ਅੰਦਾਜ਼ ਵਿੱਚ ਪੁਦੀਨੇ ਦੇ ਰਸ ਵਾਲੀ ਮਿਠੀ ਗੋਲੀ ਚਬੋਲੀ ਜਾ ਰਿਹਾ ਸੀ।

ਹੁਨਾਲ ਦੀ ਗਰਦ ਤੋਂ ਬਚਾਓ ਲਈ ਫਰਨੀਚਰ ਢਕਿਆ ਹੋਇਆ ਸੀ। ਚੋਰ ਨੂੰ ਇਸ ਘਰੋਂ ਕੋਈ ਬਹੁਤ ਖ਼ਜ਼ਾਨਾ ਹਥ ਲੱਗਣ ਦੀ ਉਮੀਦ ਨਹੀਂ ਸੀ। ਉਸ ਦਾ ਨਿਸ਼ਾਨਾ ਮੱਧਮ ਰੋਸ਼ਨੀ ਵਾਲਾ ਉਹ ਕਮਰਾ ਸੀ ਜਿਸ ਵਿੱਚ ਘਰ ਦਾ ਮਾਲਕ ਆਪਣੀ ਇਕੱਲਤਾ ਦਾ ਬੋਝ ਹਲਕਾ ਕਰਨ ਲਈ ਜੋ ਵੀ ਦਵਾ ਦਾਰੂ ਕਰ ਸਕਦਾ ਸੀ, ਕਰ ਲੈਣ ਤੋਂ ਬਾਅਦ ਘੂਕ ਸੁੱਤਾ ਪਿਆ ਹੋਣਾ ਚਾਹੀਦਾ ਸੀ। ਜਾਇਜ਼, ਠੀਕ ਠੀਕ ਪੇਸ਼ੇਵਰ ਮੁਨਾਫ਼ੇ ਜਿੰਨਾ, ਹਥ ਫੇਰਿਆ ਜਾ ਸਕਦਾ ਸੀ - ਖੁੱਲ੍ਹੇ ਰੁਪਏ ਪੈਸੇ, ਇਕ ਘੜੀ, ਇੱਕ ਮੋਤੀਆਂ ਜੜਿਆ ਸਟਿੱਕ-ਪਿੰਨ -- ਬੇਲੋੜਾ ਜਾਂ ਬੇਵਜ੍ਹਾ ਕੁਝ ਨਹੀਂ। ਉਸਨੇ ਖਿੜਕੀ ਖੁਲ੍ਹੀ ਵੇਖੀ ਅਤੇ ਜੋਖਮ ਲੈ ਲਿਆ ਸੀ।

ਚੋਰ ਨੇ ਹੌਲੀ ਜਿਹੇ ਰੌਸ਼ਨੀ ਵਾਲੇ ਕਮਰੇ ਦਾ ਬੂਹਾ ਖੋਲ੍ਹਿਆ। ਗੈਸ ਘੱਟ ਕੀਤੀ ਹੋਈ ਸੀ। ਇਕ ਆਦਮੀ ਮੰਜੇ ਤੇ ਸੁੱਤਾ ਪਿਆ ਸੀ। ਡ੍ਰੈਸਰ ਤੇ ਬਹੁਤ ਸਾਰੀਆਂ ਚੀਜਾਂ ਖਿੰਡੀਆਂ ਪਈਆਂ ਸਨ। ਤੁਥ-ਮੁਥ ਬਿਲ, ਘੜੀ, ਕੁੰਜੀਆਂ, ਬੁਝੇ ਹੋਏ ਸਿਗਾਰਾਂ ਦੇ ਟੋਟੇ, ਤਿੰਨ ਪੋਕਰ ਚਿਪ, ਵਾਲ ਬੰਨ੍ਹਣ ਵਾਲਾ ਇੱਕ ਗੁਲਾਬੀ ਰੇਸ਼ਮੀ ਫ਼ੀਤਾ ਅਤੇ ਬਰੋਮੋ ਸੇਲਤਜ਼ਰ ਦੀ ਇਕ ਬੰਦ ਬੋਤਲ ਸਵੇਰੇ ਸਵੇਰੇ ਬਦਹਜ਼ਮੀ ਦੂਰ ਕਰਨ ਲਈ।

ਚੋਰ ਨੇ ਡ੍ਰੈਸਰ ਵੱਲ ਤਿੰਨ ਕਦਮ ਲਏ। ਬਿਸਤਰ ਵਿਚ ਪਏ ਆਦਮੀ ਨੇ ਅਚਾਨਕ ਇਕ ਚੀਕਵੀਂ ਕਰਾਹੁਣ ਦੀ ਆਵਾਜ਼ ਕਢੀ ਅਤੇ ਆਪਣੀਆਂ ਅੱਖਾਂ ਖੋਲ੍ਹ ਲਈਆਂ। ਉਸ ਦਾ ਸੱਜਾ ਹੱਥ ਉਸ ਦੇ ਸਿਰਹਾਣੇ ਹੇਠਾਂ ਸਰਕ ਗਿਆ, ਪਰ ਉਥੇ ਦਾ ਉਥੇ ਹੀ ਰਹਿ ਗਿਆ।

“ਟਿਕੇ ਪਏ ਰਹੋ,” ਚੋਰ ਨੇ ਗੱਲਬਾਤੀ ਅੰਦਾਜ਼ ਵਿੱਚ ਕਿਹਾ। ਤੀਜੀ ਕਿਸਮ ਦੇ ਚੋਰ ਫੁੰਕਾਰਿਆ ਨਹੀਂ ਕਰਦੇ। ਉਸ ਆਦਮੀ ਨੇ ਚੋਰ ਦੇ ਹੱਥ ਵਿੱਚ ਪਿਸਟਲ ਦੀ ਨਾਲੀ ਦੀ ਨੋਕ ਵੇਖੀ ਅਤੇ ਅਹਿੱਲ ਪਿਆ ਰਿਹਾ।

“ਹੁਣ ਆਪਣੇ ਦੋਨੋਂ ਹੱਥ ਉੱਪਰ ਚੁੱਕੋ।” ਚੋਰ ਨੇ ਹਾਕਮਾਨਾ ਲਹਿਜੇ ਵਿੱਚ ਕਿਹਾ।

ਇਸ ਆਦਮੀ ਦੀ ਛੋਟੀ ਜੇਹੀ ਚੂਚੀ ਖਿਚੜੀ ਦਾੜੀ ਸੀ, ਜਿਹੋ ਜੇਹੀ ਬਿਨਾਂ ਦਰਦ ਦੰਦ ਕੱਢਣ ਵਾਲੇ ਡਾਕਟਰ ਦੀ ਹੁੰਦੀ ਹੈ। ਉਹ ਠੋਸ, ਆਦਰਯੋਗ, ਅਤੇ ਝੁੰਝਲਾਇਆ ਜਿਹਾ ਲੱਗਦਾ ਸੀ। ਉਹ ਬਿਸਤਰ ਵਿਚ ਬੈਠ ਗਿਆ ਅਤੇ ਆਪਣਾ ਸੱਜਾ ਹੱਥ ਉੱਪਰ ਚੁੱਕਿਆ।

“ਦੂਜਾ ਹੱਥ ਵੀ ਉੱਪਰ ਚੁੱਕੋ, ਤੁਹਾਡਾ ਕੀ ਹੈ ਤੁਸੀਂ ਦੋਨੋਂ ਵਰਤ ਸਕਦੇ ਹੋਵੋ ਅਤੇ ਖੱਬੇ ਹੱਥ ਨਾਲ ਪਿਸਟਲ ਦਾਗ ਦੇਵੋ। ਤੁਸੀਂ ਦੋ ਤੱਕ ਗਿਣ ਸਕਦੇ ਹੋ ...ਹੈ ਕਿ ਨਹੀਂ..?”

“ਇਹ ਹੱਥ ਮੈਂ ਨਹੀਂ ਉਠਾ ਸਕਦਾ।” ਉਸ ਆਦਮੀ ਨੇ ਚਿਹਰੇ ਦੇ ਹਾਵ ਭਾਵ ਕੁਰੱਖਤ ਬਣਾਉਂਦੇ ਹੋਏ ਕਿਹਾ।

“ਕਿਉਂ, ਕੀ ਹੋਇਆ ਇਸਨੂੰ?” ਚੋਰ ਨੇ ਪੁੱਛਿਆ।

“ਗਠੀਏ ਦਾ ਦਰਦ ਹੈ ਮੋਢੇ ਵਿੱਚ।”

“ਜਲਣ ਦੇ ਨਾਲ?”

“ਪਹਿਲਾਂ ਜਲਣ ਸੀ, ਹੁਣ ਘਟ ਗਈ ਹੈ।”

ਚੋਰ ਇਸੇ ਤਰ੍ਹਾਂ ਦੋ ਪਲ ਅਟਕਿਆ ਰਿਹਾ। ਪਿਸਟਲ ਦੀ ਨਾਲੀ ਉਸੇ ਤਰ੍ਹਾਂ ਉਸ ਆਦਮੀ ਵੱਲ ਸੀ। ਉਸਨੇ ਡ੍ਰੈਸਰ ਦੀਆਂ ਚੀਜ਼ਾਂ ਉੱਤੇ ਨਜ਼ਰ ਦੌੜਾਈ। ਫਿਰ ਨੀਮ-ਨਮੋਸ਼ੀ ਦੇ ਲਹਿਜੇ ਵਿੱਚ ਉਸ ਆਦਮੀ ਵੱਲ ਦੇਖਿਆ ਅਤੇ ਫਿਰ ਉਸ ਨੇ ਵੀ ਅਚਾਨਕ ਭੈੜਾ ਜਿਹਾ ਮੂੰਹ ਬਣਾਇਆ।

“ਮੂੰਹ ਨਾ ਬਣਾ।” ਉਸ ਆਦਮੀ ਨੇ ਕਰੋਧਿਤ ਹੁੰਦੇ ਹੋਏ ਕਿਹਾ, “ਜੇਕਰ ਤੂੰ ਚੋਰੀ ਕਰਨ ਆਇਆ ਹੈਂ ਤਾਂ ਕਰ। ਇਹ ਆਸਪਾਸ ਕੁਝ ਚੀਜ਼ਾਂ ਪਈਆਂ ਹਨ।”

“ਮੁਆਫ਼ ਕਰਨਾ,” ਹਿੜ ਹਿੜ ਹੱਸਦੇ ਹੋਏ ਚੋਰ ਨੇ ਕਿਹਾ। “ਮੈਨੂੰ ਵੀ ਇਹੀ ਮਰਜ਼ ਹੈ। ਤੁਹਾਡੇ ਲਈ ਚੰਗਾ ਹੀ ਹੋਇਆ ਕਿ ਮੈਂ ਅਤੇ ਇਹ ਗਠੀਏ ਮਰਜ਼ ਪੁਰਾਣੇ ਸਾਥੀ ਹਾਂ। ਮੇਰੇ ਵੀ ਇਹ ਖੱਬੀ ਬਾਂਹ ਵਿੱਚ ਹੈ, ਕੋਈ ਹੋਰ ਹੁੰਦਾ ਤਾਂ ਤੁਹਾਡਾ ਖੱਬਾ ਪੰਜਾ ਉੱਠਦਾ ਨਾ ਵੇਖਕੇ ਫੜੱਕ ਦੇਣੀਂ ਗੋਲੀ ਦਾਗ ਦਿੰਦਾ।”

“ਤੈਨੂੰ ਇਹ ਦਰਦ ਕਦੋਂ ਤੋਂ ਹੈ?” ਉਸ ਆਦਮੀ ਨੇ ਪੁੱਛਿਆ।

“ਚਾਰ ਸਾਲ ਤੋਂ...ਗਠੀਆ ਤਾਂ ਮੈਂ ਸਮਝਦਾ ਹਾਂ ਕਿ ਅਜਿਹੀ ਚੀਜ਼ ਹੈ ਕਿ ਜਾਨ ਜਾਵੇ ਪਰ ਗਠੀਆ ਨਾ ਜਾਵੇ।”

“ਕਦੇ ਕੌਡੀਆਂ ਆਲੇ ਸੱਪ ਦਾ ਤੇਲ ਇਸਤੇਮਾਲ ਕੀਤਾ ਹੈ?” ਆਦਮੀ ਨੇ ਰੁਚੀ ਲੈਂਦੇ ਹੋਏ ਪੁਛਿਆ।

“ਪੀਪਿਆਂ ਦੇ ਪੀਪੇ।” ਜਿੰਨੇ ਸੱਪਾਂ ਦਾ ਤੇਲ ਮੈਂ ਇਸਤੇਮਾਲ ਕੀਤਾ ਹੈ ਜੇਕਰ ਉਨ੍ਹਾਂ ਨੂੰ ਬੰਨ੍ਹ ਕੇ ਲੱਜ ਬਣਾਈ ਜਾਵੇ ਤਾਂ ਅੱਠ ਵਾਰ ਇੱਥੋਂ ਸ਼ੁੱਕਰ ਤੱਕ ਅਤੇ ਸ਼ੁੱਕਰ ਤੋਂ ਜ਼ਮੀਨ ਤੱਕ ਆ ਸਕਦੀ ਹੈ।”

“ਚਿਜ਼ਲੇਅਮ ਦੀਆਂ ਗੋਲੀਆਂ ਵਰਤੀਆਂ?”

“ਪੰਜ ਮਹੀਨੇ ਨਿਰਵਿਘਨ!” ਚੋਰ ਨੇ ਜਵਾਬ ਦਿੱਤਾ। “ਕੋਈ ਫਾਇਦਾ ਨਹੀਂ ਹੋਇਆ। ਹਾਂ, ਜਿਸ ਸਾਲ ਮੈਂ ਫਿੰਕਲਹੈਮ ਐਕਸਟਰੈਕਟ, ਗਿਲਿਅਡ ਦੀ ਮਲ੍ਹਮ ਅਤੇ ਪੋਟ ਦਾ ਪੇਨ ਪਲਵਰਾਈਜ਼ਰ ਆਜਮਾਏ ਸਨ, ਇਨ੍ਹਾਂ ਨਾਲ ਕੁੱਝ ਫਾਇਦਾ ਹੋਇਆ।ਪਰ ਮੈਨੂੰ ਲਗਦਾ ਹੈ ਕਿ ਇਹ ਬੁਕੇਇਆ ਸੀ ਜਿਸ ਨੂੰ ਮੈਂ ਆਪਣੀ ਜੇਬ ਵਿਚ ਰੱਖਦਾ, ਜਿਸ ਨੇ ਕਮਾਲ ਕਰ ਦਿਖਾਈ।”

“ਤੈਨੂੰ ਦਰਦ ਸਵੇਰੇ ਜ਼ਿਆਦਾ ਹੁੰਦਾ ਹੈ ਜਾਂ ਰਾਤ ਨੂੰ?” ਉਸ ਆਦਮੀ ਨੇ ਪੁਛਿਆ।

“ਰਾਤ ਨੂੰ, ਜਦੋਂ ਮੇਰੇ ਕੰਮ ਧੰਦੇ ਦਾ ਵਕਤ ਹੁੰਦਾ ਹੈ।” ਚੋਰ ਬੋਲਿਆ, “ਅੱਛਾ, ਹੁਣ ਇਹ ਹੱਥ ਥੱਲੇ ਕਰ ਲਓ। ਹਾਂ ਹਾਂ ਕਰ ਲਓ। ਮੈਨੂੰ ਲੱਗਦਾ ਹੈ ਕਿ ਤੁਸੀਂ ਨਹੀਂ ...ਕਹੋ! ਕੀ ਤੁਸੀਂ ਕਦੇ ਬਲਿਕਰਸਟਾਫ ਦੇ ਬਲੱਡ ਬਿਲਡਰ ਨੂੰ ਵਰਤ ਕੇ ਦੇਖਿਆ ਹੈ?”

"ਹਾਂ, ਉਹ ਤਾਂ ਨਹੀਂ ਪੀਤਾ। ਤੂੰ ਇਹ ਦੱਸ, ਤੇਰੀ ਇਸ ਬਾਂਹ ਵਿੱਚ ਟੀਸ ਉੱਠਦੀ ਹੈ ਜਾਂ ਹਰ ਵਕਤ ਦਰਦ ਰਹਿੰਦਾ ਹੈ?”

ਹੁਣ ਚੋਰ ਮੰਜੇ ਦੀ ਪੈਂਦ ਬੈਠ ਗਿਆ ਅਤੇ ਪਿਸਟਲ ਆਪਣੇ ਗੋਡਿਆਂ ਉੱਤੇ ਰੱਖ ਲਿਆ।

“ਅਚਾਨਕ ਟੀਸ ਉੱਠਦੀ ਹੈ। ਅਚਿੰਤੇ ਹੀ। ਕਦੇ ਕਦੇ ਤਾਂ ਪੌੜੀਆਂ ਵੀ ਨਹੀਂ ਚੜ੍ਹ ਹੁੰਦਾ। ਬਸ ਅੱਧ ਵਿਚਾਲੇ ਆ ਦਬੋਚਦਾ ਹੈ। ਦੂਜੀ ਮੰਜ਼ਲ ਦਾ ਕੰਮ ਛੱਡਣਾ ਪੈਂਦਾ ਹੈ। ਮੈਂ ਤਾਂ ਕਹਿੰਦਾ ਹਾਂ ਡਾਕਟਰਾਂ ਡੂਕਟਰਾਂ ਨੂੰ ਵੀ ਕੁਝ ਨਹੀਂ ਪਤਾ। ਕਿਸੇ ਦੇ ਕੋਲ ਇਸ ਦਾ ਇਲਾਜ ਨਹੀਂ। ਸਭ ਤੁੱਕੇ ਲਾਉਂਦੇ ਹਨ।”

“ਮੇਰਾ ਵੀ ਇਹੀ ਖਿਆਲ ਹੈ। ਹਜ਼ਾਰਾਂ ਡਾਲਰ ਡਾਕਟਰਾਂ ਨੂੰ ਲੁਟਾ ਦਿੱਤੇ, ਧੇਲਾ ਭਰ ਆਰਾਮ ਨਹੀਂ। ਤੈਨੂੰ ਕਦੋਂ ਘੇਰਦਾ ਹੈ।”

“ਸਵੇਰੇ ਸਵੇਰੇ। ਅਤੇ ਬਰਸਾਤ ਹੋਣ ਲੱਗਦੀ ਹੈ ਤਾਂ ਜਾਨ ਨੂੰ ਆ ਬਣਦੀ ਹੈ।”

“ਇਹੀ ਹਾਲ ਏਧਰ ਹੈ। ਕੋਈ ਬੱਦਲੀ ਛੋਟੀ ਤੋਂ ਛੋਟੀ, ਮੇਜ਼ਪੋਸ਼ ਜਿੰਨੀ ਹੋਵੇ ਚਾਹੇ, ਮੈਂ ਦੱਸ ਸਕਦਾ ਹਾਂ ਕਦੋਂ ਇਹ ਫਲੋਰੀਡਾ ਤੋਂ ਨਿਊਯਾਰਕ ਨੂੰ ਚੱਲ ਪੈਂਦੀ ਹੈ। ਤੇ ਜੇ ਮੈਂ ਕਿਸੇ ਥੀਏਟਰ ਕੋਲੋਂ ਲੰਘਦਾ ਹਾਂ, ਜਿੱਥੇ ਕੋਈ 'ਈਸਟ ਲੀਨ' ਮੈਟਨੀ ਚੱਲ ਰਿਹਾ ਹੋਵੇ, ਇਸ ਦੀ ਨਮੀ ਸਿੱਧੀ ਮੇਰੀ ਖੱਬੀ ਬਾਂਹ ਵਿੱਚ ਆ ਵੜਦੀ ਹੈ ਅਤੇ ਫਿਰ ਜਾੜ੍ਹ ਦੇ ਦਰਦ ਦੀ ਤਰ੍ਹਾਂ ਚੀਕਾਂ ਕਢਾ ਦਿੰਦੀ ਹੈ।”

“ਇਹ ਨਿਰਾ - ਨਰਕ!" ਚੋਰ ਨੇ ਕਿਹਾ।

“ਜਾਨ ਨਿੱਕਲ ਜਾਂਦੀ ਹੈ," ਆਦਮੀ ਨੇ ਕਿਹਾ।

ਚੋਰ ਨੇ ਪਿਸਟਲ ਚੁੱਕਿਆ ਅਤੇ ਥੋੜੀ ਜਿਹੀ ਝਿਝਕ ਨਾਲ ਜੇਬ ਵਿੱਚ ਪਾ ਲਿਆ। ਥੋੜ੍ਹੇ ਠਹਿਰਾ ਦੇ ਬਾਅਦ ਉਹ ਬੋਲਿਆ, “ਅੱਛਾ ਇਹ ਦੱਸੋ ਬਜ਼ੁਰਗੋ, ਕਦੇ ਓਪੋਡੇਲਡੌਕ ਦੀ ਵੀ ਵਰਤੋਂ ਕੀਤੀ ਹੈ?”

“ਵਾਧੂ।" ਆਦਮੀ ਨੇ ਗੁੱਸੇ ਨਾਲ ਕਿਹਾ, “ਰੈਸਟੋਰੈਂਟ ਮੱਖਣ ਨਾਲ ਵੀ ਤਾਂ ਮਾਲਿਸ਼ ਕੀਤੀ ਜਾ ਸਕਦੀ ਹੈ।"

“ਠੀਕ ਕਹਿੰਦੇ ਹੋ, ਠੀਕ ਕਹਿੰਦੇ ਹੋ।” ਚੋਰ ਨੇ ਕਿਹਾ, “ਬਹੁਤ ਮਾਮੂਲੀ ਚੀਜ਼ ਹੈ। ਇਹ ਛੋਟੀ ਮਿੰਨੀ ਲਈ ਲਾਹੇਵੰਦ ਹੈ, ਜਦੋਂ ਬਿੱਲੀ ਉਸ ਦੀ ਉਂਗਲੀ ਨੂੰ ਖਰੋਂਚ ਮਾਰ ਜਾਂਦੀ ਹੈ। ਸਾਡੀ ਦੋਨਾਂ ਦੀ ਹਾਲਤ ਇਸ ਮਾਮਲੇ ਵਿੱਚ ਇੱਕੋ ਜਿਹੀ ਹੈ। ਬਸ ਉਸ ਦੀ ਤਾਂ ਇੱਕ ਹੀ ਦਵਾਈ ਹੈ। ਵਾਹ ਕਿਆ ਮੌਕੇ ਉੱਤੇ ਯਾਦ ਆਈ। ਸ਼ਰਾਬ ਦੇ ਦੋ ਘੁੱਟ ਜੋ ਕੰਮ ਕਰਦੇ ਹਨ ਉਹ ਇਨ੍ਹਾਂ ਤੇਲਾਂ ਮਾਜੂਨਾਂ ਦੇ ਬਸ ਦੀ ਗੱਲ ਨਹੀਂ। ਚਲੋ ਜਰਾ ਕੱਪੜੇ ਪਾਓ। ਬਾਹਰ ਕੋਈ ਠੇਕਾ ਖੁੱਲ੍ਹਾ ਹੋਇਆ ਤਾਂ ਦੋ ਦੋ ਘੁੱਟ ਲਾ ਆਈਏ।” ਚੋਰ ਨੇ ਕਿਹਾ।

“ਇੱਕ ਹਫਤੇ ਤੋਂ ਤਾਂ ਇਹ ਹਾਲ ਹੈ ਕਿ ਕੱਪੜੇ ਵੀ ਖ਼ੁਦ ਨਹੀਂ ਪਾ ਸਕਦਾ।” ਆਦਮੀ ਨੇ ਕਿਹਾ। “ਟੌਮ ਪਵਾ ਦਿੰਦਾ ਹੈ। ਉਹ ਇਸ ਵਕਤ ਸੌਂ ਰਿਹਾ ਹੋਣਾ।”

“ਇਸ ਦੀ ਫ਼ਿਕਰ ਨਾ ਕਰੋ, ਉਠੋ, ਮੈਂ ਪੁਆਉਂਦਾ ਹਾਂ ਕੱਪੜੇ। ਥੋੜਾ ਹੰਭਲਾ ਮਾਰੋ ਤੇ ਬਿਸਤਰ ਵਿੱਚੋਂ ਬਾਹਰ ਆਓ।”

ਰਵਾਇਤੀ ਪੀੜ ਲਹਿਰ ਦੇ ਵਾਂਗ ਪਰਤ ਆਈ ਅਤੇ ਆਦਮੀ ਤੇ ਸਵਾਰ ਹੋ ਗਈ। ਉਸ ਨੇ ਆਪਣੀ ਭੂਰੀ-ਅਤੇ-ਸਲੇਟੀ ਦਾੜ੍ਹੀ ਨੂੰ ਸਹਿਲਾਇਆ।

"ਇਹ ਬਹੁਤ ਹੀ ਅਜੀਬ ਹੈ -" ਉਹ ਕਹਿਣਾ ਲੱਗਿਆ।

“ਇਹ ਲਓ ਆਪਣੀ ਸ਼ਰਟ,” ਚੋਰ ਨੇ ਕਿਹਾ। “ਇੱਕ ਸਾਹਿਬ ਦੱਸਦੇ ਸਨ ਕਿ ਓਮਬੇਰੀ ਦੀ ਮਲ੍ਹਮ ਨੇ ਉਸਨੂੰ ਦੋ ਹਫਤਿਆਂ ਵਿੱਚ ਠੀਕ ਕਰ ਦਿੱਤਾ ਸੀ, ਉਹ ਦੋਨੋਂ ਹਥਾਂ ਨਾਲ ਆਪਣਾ ਕਾਰਜ ਸੋਧਣ ਲੱਗ ਪਿਆ ਸੀ।”

ਬੂਹੇ ਤੋਂ ਨਿਕਲਣ ਲੱਗੇ ਤਾਂ ਆਦਮੀ ਮੁੜ ਪਿਆ ਅਤੇ ਅੰਦਰ ਜਾਣ ਲੱਗਿਆ, “ਓਹੋ! ਮੈਂ ਪੈਸੇ ਤਾਂ ਭੁੱਲ ਹੀ ਚੱਲਿਆ ਸੀ। ਰੁਕੀਂ ਥੋੜਾ; ਬੀਤੀ ਰਾਤ ਮੈਂ ਡ੍ਰੈਸਰ ਤੇ ਰੱਖੇ ਸੀ। ਚੁੱਕ ਲਿਆਵਾਂ।”

“ਨਹੀਂ ਨਹੀਂ।” ਚੋਰ ਨੇ ਉਸ ਨੂੰ ਬਾਂਹ ਤੋਂ ਫੜ ਕੇ ਰੋਕਦੇ ਹੋਏ ਕਿਹਾ, “ਮੇਰੇ ਕੋਲ ਪੈਸੇ ਹਨ। ਫ਼ਿਕਰ ਨਾ ਕਰੋ। ਤੁਸੀਂ ਕਦੇ ‘ਵਿੱਚ ਹੇਜ਼ਲ’ ਅਤੇ ਵਿੰਟਰਗ੍ਰੀਨ ਦਾ ਤੇਲ ਵੀ ਵਰਤ ਕੇ ਦੇਖਿਆ ਹੈ।”

(ਅਨੁਵਾਦ: ਚਰਨ ਗਿੱਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)