Makkhi (English Story in Punjabi) : Katherine Mansfield
ਮੱਖੀ (ਕਹਾਣੀ) : ਕੈਥਰੀਨ ਮੈਂਸਫੀਲਡ
"ਵਾਹ ਇਹ ਤਾਂ ਬਹੁਤ ਆਰਾਮਦਾਇਕ ਹੈ," ਬੁੱਢੇ ਵੂਡੀਫ਼ੀਲਡ ਨੇ ਕਿਹਾ ਅਤੇ ਆਪਣੇ ਦੋਸਤ ਅਤੇ ਬੌਸ ਦੀ ਮੇਜ਼ ਦੇ ਕੋਲ ਪਈ ਵੱਡੀ ਹਰੇ ਰੰਗ ਦੇ ਚਮੜੇ ਦੀਆਂ ਬਾਹਾਂ ਵਾਲੀ ਕੁਰਸੀ ਵਿੱਚੋਂ ਇਵੇਂ ਸਿਰ ਉਠਾ ਕੇ ਵੇਖਿਆ ਜਿਵੇਂ ਬੱਚਾ ਆਪਣੀ ਗਡੀਰਾ-ਗੱਡੀ ਵਿੱਚੋਂ ਦੇਖਦਾ ਹੈ। ਉਸ ਦੀਆਂ ਗੱਲਾਂ ਖ਼ਤਮ ਹੋ ਗਈਆਂ ਸਨ ਅਤੇ ਹੁਣ ਉਸ ਦੇ ਜਾਣ ਦਾ ਵੇਲਾ ਹੋ ਗਿਆ ਸੀ ਪਰ ਉਹ ਜਾਣਾ ਨਹੀਂ ਚਾਹੁੰਦਾ ਸੀ। ਜਦੋਂ ਤੋਂ ਉਹ ਰਟਾਇਰ ਹੋਇਆ ਹੈ ਅਤੇ... ਉਸ ਨੂੰ ਸਟਰੋਕ ਹੋਇਆ ਸੀ ਉਸ ਦੀ ਪਤਨੀ ਅਤੇ ਬੇਟੀਆਂ ਉਸਨੂੰ ਮੰਗਲਵਾਰ ਨੂੰ ਛੱਡ ਕੇ ਕਿਸੇ ਦਿਨ ਘਰ ਤੋਂ ਬਾਹਰ ਨਾ ਨਿਕਲਣ ਦਿੰਦੀਆਂ। ਮੰਗਲਵਾਰ ਨੂੰ ਉਸਨੂੰ ਬਣ ਸੰਵਰ ਕੇ ਸ਼ਹਿਰ ਘੁੰਮਣ ਜਾਣ ਦੀ ਇਜਾਜ਼ਤ ਹੁੰਦੀ। ਉਸ ਦੀ ਪਤਨੀ ਅਤੇ ਬੇਟੀਆਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਉਹ ਸ਼ਹਿਰ ਜਾ ਕੇ ਕਰਦਾ ਕੀ ਸੀ। ਉਨ੍ਹਾਂ ਨੇ ਇਹ ਸੋਚ ਰੱਖਿਆ ਸੀ ਕਿ ਉਹ ਦੋਸਤਾਂ ਨੂੰ ਮਿਲਕੇ ਖ਼ੁਦ ਲਈ ਪਰੇਸ਼ਾਨੀਆਂ ਹੀ ਸਹੇੜਦਾ ਹੋਵੇਗਾ... ਸ਼ਾਇਦ ਅਜਿਹਾ ਹੀ ਸੀ। ਅਤੇ ਜਿਵੇਂ ਕਹਿੰਦੇ ਹਨ ਅਸੀਂ ਸਭ ਆਪਣੀਆਂ ਬੀਤੀਆਂ ਖ਼ੁਸ਼ੀਆਂ ਨੂੰ ਇਸੇ ਤਰ੍ਹਾਂ ਚਿਪਕੇ ਰਹਿੰਦੇ ਹਨ ਜਿਵੇਂ ਦਰਖ਼ਤ ਆਪਣੇ ਆਖ਼ਰੀ ਪੱਤਿਆਂ ਨੂੰ ਚਿਪਕਦੇ ਹਨ। ਤਾਂ ਅਜਿਹਾ ਹੀ ਕੁੱਝ ਸੀ ਕਿ ਬੁੱਢਾ ਵੂਡੀਫ਼ੀਲਡ ਉੱਥੇ ਬੈਠਾ ਸਿਗਾਰ ਪੀ ਰਿਹਾ ਸੀ ਅਤੇ ਕੁੱਝ ਲਲਚਾਈਆਂ ਜਿਹੀਆਂ ਨਜ਼ਰਾਂ ਨਾਲ ਬੌਸ ਨੂੰ ਘੂਰ ਰਿਹਾ ਸੀ ਜੋ ਆਪਣੀ ਦਫ਼ਤਰੀ ਕੁਰਸੀ ਤੇ ਬੈਠਾ ਏਧਰ ਉੱਧਰ ਹਿਲ ਰਿਹਾ ਸੀ; ਉਹ ਹੱਟਾ-ਕੱਟਾ ਸੀ ਅਤੇ ਉਸ ਦੀਆਂ ਗੱਲ੍ਹਾਂ ਉੱਤੇ ਲਾਲੀ ਟਪਕਦੀ ਸੀ, ਉਸ ਨਾਲੋਂ ਪੰਜ ਸਾਲ ਵੱਡਾ ਹੋਣ ਦੇ ਬਾਵਜੂਦ ਤਾਕਤਵਰ ਸੀ ਅਤੇ ਹੁਣ ਤੱਕ ਵਾਗਡੋਰ ਸੰਭਾਲੀ ਬੈਠਾ ਸੀ। ਹਸਰਤ ਭਰੀ ਅਤੇ ਪ੍ਰਸ਼ੰਸਾਮਈ ਬੁੱਢੀ ਆਵਾਜ਼ ਨੇ ਹੋਰ ਕਿਹਾ; "ਰੱਬ ਦੀ ਸਹੁੰ ...ਬੜਾ ਆਰਾਮਦਾਇਕ ਹੈ ਏਥੇ!"
"ਹਾਂ ਇਹ ਕਾਫ਼ੀ ਆਰਾਮਦਾਇਕ ਹੈ।" ਬੌਸ ਨੇ ਵੀ ਕਿਹਾ ਅਤੇ ਉਸਨੇ ਕਾਗ਼ਜ਼ ਕੱਟਣ ਵਾਲੇ ਚਾਕੂ ਨਾਲ ਫਾਈਨੈਂਸ਼ੀਅਲ ਟਾਈਮਜ਼ ਦਾ ਵਰਕਾ ਪਲਟਿਆ। ਅਸਲ ਵਿੱਚ ਉਸਨੂੰ ਆਪਣੇ ਕਮਰੇ ਉੱਤੇ ਨਾਜ਼ ਸੀ; ਉਸਨੂੰ ਇਹ ਵੀ ਚਾਹੁੰਦਾ ਸੀ ਕਿ ਇਸ ਦੇ ਕਮਰੇ ਦੀ ਤਾਰੀਫ਼ ਕੀਤੀ ਜਾਵੇ, ਖਾਸ ਕਰਕੇ ਬੁੱਢਾ ਵੂਡੀਫ਼ੀਲਡ ਤਾਂ ਜ਼ਰੂਰ ਕਰੇ। ਅਤੇ ਜਦੋਂ ਮਫ਼ਲਰ ਪਹਿਨੇ ਉਸ ਬੁੱਢੇ ਨੇ ਅਜਿਹਾ ਕਿਹਾ ਤਾਂ ਉਸਨੇ ਵੂਡੀਫ਼ੀਲਡ ਉੱਤੇ ਭਰਪੂਰ ਨਜ਼ਰ ਮਾਰਦੇ ਹੋਏ ਡੂੰਘੀ ਅਤੇ ਨਿੱਗਰ ਸੰਤੁਸ਼ਟੀ ਮਹਿਸੂਸ ਕੀਤੀ।
"ਮੈਂ ਹਾਲ ਹੀ ਵਿੱਚ ਇਸ ਦੀ ਦੁਬਾਰਾ ਮੁਰੰਮਤ ਕਰਵਾਈ ਹੈ।" ਉਸਨੇ ਵਜਾਹਤ ਕੀਤੀ, ਉਂਜ ਹੀ ਜਿਵੇਂ ਉਹ ਪਹਿਲਾਂ ਵੀ ਕਿੰਨੇ ਹਫਤਿਆਂ ਤੋਂ ਕਰਦਾ ਆ ਰਿਹਾ ਸੀ। "ਨਵਾਂ ਕਾਲੀਨ" ਉਸਨੇ ਲਿਸ਼ਕਾਂ ਮਾਰ ਰਹੇ ਸੁਰਖ਼ ਕਾਲੀਨ ਵੱਲ ਇਸ਼ਾਰਾ ਕੀਤਾ ਜਿਸ ਉੱਤੇ ਵੱਡੇ ਚਿੱਟੇ ਚੱਕਰਾਂ ਦਾ ਡੀਜ਼ਾਇਨ ਬਣਿਆ ਹੋਇਆ ਸੀ। "ਨਵਾਂ ਫਰਨੀਚਰ" ਉਸਨੇ ਕਿਤਾਬਾਂ ਦੀ ਵੱਡੀ ਅਲਮਾਰੀ ਅਤੇ ਮੇਜ਼ ਵੱਲ ਇਸ਼ਾਰਾ ਕੀਤਾ ਜਿਸਦੀਆਂ ਟੰਗਾਂ ਗੁੜ ਦੀ ਚਾਸ਼ਣੀ ਵਰਗੇ ਗੂੜ੍ਹੇ ਰੰਗ ਦੀਆਂ ਸਨ।
"ਇਲੈਕਟ੍ਰਿਕ ਹੀਟਿੰਗ!" ਉਸਨੇ ਸਰੂਰ ਵਿੱਚ ਆਉਂਦੇ ਹੋਏ ਤਾਂਬੇ ਦੇ ਇੱਕ ਵਲ਼ਦਾਰ ਤਗਾਰ ਵਿੱਚ ਪੰਜ ਪਾਰਦਰਸ਼ੀ ਮੋਤੀਆਂ ਵਾਂਗ ਮਟਕ ਮਟਕ ਚਮਕਦੇ ਕਟੋਰਿਆਂ ਵੱਲ ਹੱਥ ਲਹਿਰਾਇਆ। ਪਰ ਉਸਨੇ ਬੁੱਢੇ ਵੂਡੀਫ਼ੀਲਡ ਦਾ ਧਿਆਨ ਮੇਜ਼ ਉੱਤੇ ਧਰੀ ਉਸ ਤਸਵੀਰ ਨਾ ਦਵਾਇਆ ਜਿਸ ਵਿੱਚ ਸੋਚ ਵਿੱਚ ਡੁੱਬਿਆ ਇੱਕ ਗਹਿਰ ਗੰਭੀਰ ਨੌਜਵਾਨ ਇੱਕ ਅਜਿਹੇ ਫੋਟੋਗਰਾਫਰਾਂ ਦੇ ਬਾਗ਼ ਵਿੱਚ ਖੜਾ ਸੀ ਜਿਸ ਦੇ ਪਿੱਛੇ ਫੋਟੋਗਰਾਫਰਾਂ ਦੇ ਪਸੰਦੀਦਾ ਤੂਫਾਨੀ ਬੱਦਲ ਸਨ। ਇਹ ਨਵੀਂ ਨਹੀਂ ਸੀ। ਇਹ ਉੱਥੇ ਛੇ ਸਾਲ ਤੋਂ ਪਈ ਸੀ।
"ਕੁੱਝ ਅਜਿਹਾ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ" ਵੂਡੀਫ਼ੀਲਡ ਨੇ ਕਿਹਾ ਅਤੇ ਉਸ ਦੀਆਂ ਅੱਖਾਂ ਕੁੱਝ ਇਸ ਤਰ੍ਹਾਂ ਸੁੰਗੜ ਗਈਆਂ ਜਿਵੇਂ ਉਹ ਕੁੱਝ ਯਾਦ ਕਰ ਰਿਹਾ ਹੋਵੇ। ਇਹ ਕੀ ਸੀ? "ਮੈਂ ਜਦੋਂ ਸਵੇਰੇ ਘਰੋਂ ਨਿਕਲਿਆ ਤਾਂ ਮੈਨੂੰ ਇਹ ਯਾਦ ਸੀ।" ਉਸ ਦੇ ਹੱਥ ਕੰਬਣ ਲੱਗੇ ਅਤੇ ਅਤੇ ਲਾਲ ਦਾਗ਼ ਉਸ ਦੀ ਦਾੜ੍ਹੀ ਦੇ ਉੱਪਰ ਦਿਖਾਈ ਦਿੱਤੇ।
‘ਵਿਚਾਰੇ ਬੁੱਢੇ ਦਾ ਅਖ਼ੀਰ ਹੁਣ ਨੇੜੇ ਆ ਗਿਆ ਹੈ,’ ਬੌਸ ਨੇ ਸੋਚਿਆ ਅਤੇ ਬੜੀ ਹਮਦਰਦੀ ਨਾਲ ਬੁੱਢੇ ਵੱਲ ਝਾਕਿਆ, ਅਤੇ ਮਖੌਲ ਨਾਲ ਬੋਲਿਆ, "ਮੈਂ ਤੈਨੂੰ ਦੱਸਦਾ ਹਾਂ। ਮੇਰੇ ਕੋਲ ਇੱਕ ਚੀਜ਼ ਦੇ ਕੁੱਝ ਕਤਰੇ ਹਨ, ਜੋ ਤੈਨੂੰ ਠੰਡ ਵਿੱਚ ਦੁਬਾਰਾ ਘਿਰ ਜਾਣ ਤੋਂ ਪਹਿਲਾਂ ਤੇਰੇ ਲਈ ਮੁਫ਼ੀਦ ਰਹਿਣਗੇ। ਇਹ ਬਹੁਤ ਹੀ ਉਮਦਾ ਚੀਜ਼ ਹੈ। ਇਹ ਤਾਂ ਕਿਸੇ ਬੱਚੇ ਨੂੰ ਵੀ ਨੁਕਸਾਨ ਨਹੀਂ ਕਰ ਸਕਦੀ।" ਉਸਨੇ ਆਪਣੀ ਘੜੀ ਦੀ ਚੇਨ ਨਾਲ ਬੱਝੀ ਇੱਕ ਕੁੰਜੀ ਖੋਲ੍ਹੀ ਅਤੇ ਆਪਣੀ ਮੇਜ਼ ਦੇ ਇੱਕ ਦਰਾਜ਼ ਦਾ ਤਾਲਾ ਖੋਲ੍ਹਿਆ ਅਤੇ ਇੱਕ ਗੂੜ੍ਹੇ ਸਰਬਤੀ ਰੰਗ ਦੀ ਛੋਟੀ ਚਪਟੀ ਅਤੇ ਮੋਟੀ ਬੋਤਲ ਕੱਢੀ। "ਇਹ ਨਿਰੀ ਦਵਾਈ ਹੈ।" ਉਹ ਬੋਲਿਆ, "ਅਤੇ ਮੈਂ ਜਿਸ ਆਦਮੀ ਕੋਲੋਂ ਇਹ ਲਈ ਹੈਂ ਉਸਨੇ ਮੈਨੂੰ ਸਖ਼ਤ ਰਾਜ਼ਦਾਰੀ ਨਾਲ ਇਹ ਦੱਸਿਆ ਸੀ ਕਿ ਇਹ ਵਿੰਡਸਰ ਕਾਸਲ ਦੇ ਤਹਿਖ਼ਾਨਿਆਂ ਵਿੱਚੋਂ ਲਿਆਂਦੀ ਗਈ ਸੀ।"
ਬੁੱਢੇ ਵੂਡੀਫ਼ੀਲਡ ਦਾ ਮੂੰਹ ਉਸਨੂੰ ਵੇਖਕੇ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਹ ਸ਼ਾਇਦ ਓਨਾ ਹੈਰਾਨ ਨਾ ਹੁੰਦਾ ਜੇਕਰ ਬੌਸ ਨੇ ਦਰਾਜ਼ ਵਿੱਚੋਂ ਇੱਕ ਖ਼ਰਗੋਸ਼ ਕੱਢਿਆ ਹੁੰਦਾ।
"ਇਹ ਤਾਂ ਵਿਸਕੀ ਹੈ, ਹੈ ਨਾ?" ਉਸਨੇ ਹੌਲੀ ਜਿਹੇ ਕਿਹਾ।
ਬੌਸ ਨੇ ਬੋਤਲ ਘੁਮਾਈ ਅਤੇ ਮੁਹੱਬਤ ਭਰੇ ਅੰਦਾਜ਼ ਵਿੱਚ ਉਸ ਦਾ ਲੇਬਲ ਵਿਖਾਇਆ। ਇਹ ਵਿਸਕੀ ਹੀ ਸੀ।
"ਤੁਹਾਨੂੰ ਪਤਾ ਹੈ," ਉਹ ਬੌਸ ਨੂੰ ਹੈਰਤ ਨਾਲ ਵੇਖਦੇ ਹੋਏ ਬੋਲਿਆ। ਉਹ ਘਰ ਵਿੱਚ ਮੈਨੂੰ ਇਸਨੂੰ ਛੂਹਣ ਵੀ ਨਾ ਦੇਣ।" ਲੱਗਦਾ ਸੀ ਜਿਵੇਂ ਉਹ ਰੋ ਪਵੇਗਾ।
"ਆਹ, ਇਹੀ ਤਾਂ ਹੈ ਜਿੱਥੇ ਅਸੀਂ ਮਰਦ ਔਰਤਾਂ ਨਲੋਂ ਕੁੱਝ ਜ਼ਿਆਦਾ ਜਾਣਦੇ ਹਾਂ।" ਬੌਸ ਬੁੜ੍ਹਕਿਆ ਅਤੇ ਉਨ੍ਹਾਂ ਦੋ ਗਲਾਸਾਂ ਵੱਲ ਝਪਟਿਆ ਜੋ ਮੇਜ਼ ਉੱਤੇ ਪਾਣੀ ਦੀ ਬੋਤਲ ਦੇ ਕੋਲ ਪਏ ਸਨ ਅਤੇ ਇਨ੍ਹਾਂ ਦੋਨਾਂ ਵਿੱਚ ਫ਼ਰਾਖ਼ਦਿਲੀ ਨਾਲ ਉਂਗਲ ਉਂਗਲ ਸ਼ਰਾਬ ਪਾਈ। ਪੀ ਜਾਉ। ਇਹ ਤੁਹਾਡੇ ਲਈ ਚੰਗੀ ਰਹੇਗੀ। ਅਤੇ ਇਸ ਵਿੱਚ ਪਾਣੀ ਨਾ ਪਾਉਣਾ। ਇਸ ਵਰਗੀਆਂ ਉੱਚ ਪਾਏ ਦੀਆਂ ਚੀਜ਼ਾਂ ਨਾਲ ਛੇੜਛਾੜ ਕਰਨਾ ਉਨ੍ਹਾਂ ਦੀ ਬੇਅਦਬੀ ਕਰਨਾ ਹੁੰਦਾ ਹੈ। ਆਹੋ!" ਉਸਨੇ ਇੱਕਵਾਰਗੀ ਹੀ ਆਪਣਾ ਗਲਾਸ ਖਾਲੀ ਕੀਤਾ, ਆਪਣਾ ਰੂਮਾਲ ਕੱਢਿਆ ਅਤੇ ਤੇਜ਼ੀ ਨਾਲ ਆਪਣੀਆਂ ਮੁੱਛਾਂ ਸਾਫ਼ ਕੀਤੀਆਂ ਅਤੇ ਬੁੱਢੇ ਵੂਡੀਫ਼ੀਲਡ ਉੱਤੇ ਨਜ਼ਰਾਂ ਗੱਡ ਦਿੱਤੀਆਂ ਜੋ ਆਪਣਾ ਗਲਾਸ ਆਪਣੀ ਪਤਲੂਨ ਦੇ ਨਾਲ ਘਸਾ ਰਿਹਾ ਸੀ।
ਬੁੱਢੇ ਨੇ ਗਲਾਸ ਬੁੱਲ੍ਹਾਂ ਨੂੰ ਲਾਇਆ ਅਤੇ ਡੀਕ ਲਾਕੇ ਪੀ ਗਿਆ, ਕੁੱਝ ਦੇਰ ਖ਼ਾਮੋਸ਼ ਰਿਹਾ ਅਤੇ ਫਿਰ ਢਿੱਲੜ ਜਿਹੇ ਢੰਗ ਨਾਲ ਬੋਲਿਆ, "ਤਿੱਖੀ ਹੈ।"
ਇਸ ਨਾਲ ਉਸਨੂੰ ਤਰਾਰਾ ਆ ਗਿਆ ਅਤੇ ਜਦੋਂ ਇਹ ਉਸ ਦੇ ਠੰਡੇ ਦਿਮਾਗ਼ ਨੂੰ ਚੜ੍ਹ ਗਈ... ਤਾਂ ਉਸਨੂੰ ਭੁੱਲੀ ਗੱਲ ਚੇਤੇ ਆ ਗਈ।
"ਹਾਂ, ਇਹੀ ਤਾਂ ਸੀ," ਉਸਨੇ ਕੁਰਸੀ ਤੋਂ ਉਛਲਦੇ ਹੋਏ ਕਿਹਾ।" ਮੇਰਾ ਖ਼ਿਆਲ ਸੀ ਕਿ ਤੁਸੀਂ ਇਹ ਜਾਣ ਕੇ ਖ਼ੁਸ਼ ਹੋਵੋਗੇ ਕਿ ਮੇਰੀਆਂ ਬੇਟੀਆਂ ਪਿਛਲੇ ਹਫਤੇ ਬੈਲਜੀਅਮ ਵਿੱਚ ਸਨ ਅਤੇ ਬੇਚਾਰੇ ਰੇਗੀ ਦੀ ਕਬਰ ਉੱਤੇ ਗਈਆਂ। ਉਦੋਂ ਉਹ ਤੁਹਾਡੇ ਬੇਟੇ ਦੀ ਕਬਰ ਦੇ ਕੋਲੋਂ ਵੀ ਲੰਘੀਆਂ। ਦੋਨੋਂ ਕੋਲ ਕੋਲ ਹੀ ਹਨ, ਸ਼ਾਇਦ!"
ਵੂਡੀਫ਼ੀਲਡ ਰੁਕਿਆ, ਪਰ ਬੌਸ ਨੇ ਕੋਈ ਜਵਾਬ ਨਾ ਦਿੱਤਾ। ਪਰ ਉਸ ਦੀਆਂ ਪਲਕਾਂ ਦੀ ਲਰਜ਼ ਇਸ ਗੱਲ ਦੀ ਗਵਾਹ ਸੀ ਕਿ ਉਸਨੇ ਬੁੱਢੇ ਦੀ ਗੱਲ ਸੁਣ ਲਈ ਸੀ।
"ਕੁੜੀਆਂ ਇਸ ਗੱਲ `ਤੇ ਖ਼ੁਸ਼ ਸਨ ਕਿ ਉਨ੍ਹਾਂ ਨੇ ਇਸ ਜਗ੍ਹਾ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਸੀ।" ਉਸ ਦੀ ਬੁੱਢੀ ਆਵਾਜ਼ ਕਮਰੇ ਵਿੱਚ ਉਭਰੀ। "ਉਨ੍ਹਾਂ ਨੇ ਉਮਦਾ ਵੇਖ-ਭਾਲ ਕਰ ਰੱਖੀ ਸੀ। ਜੇਕਰ ਇਹ ਕਬਰਾਂ ਆਪਣੇ ਵਤਨ ਵਿੱਚ ਹੁੰਦੀਆਂ ਤਾਂ ਵੀ ਸ਼ਾਇਦ ਉਨ੍ਹਾਂ ਦੀ ਇਤਨੀ ਵੇਖ-ਭਾਲ ਨਾ ਹੋਈ ਹੁੰਦੀ। ਤੁਸੀਂ ਉੱਥੇ ਨਹੀਂ ਗਏ, ਜਾਂ ਗਏ ਹੋ?"
"ਨਹੀਂ, ਨਹੀਂ" ਕਈ ਕਾਰਨ ਸਨ ਬੌਸ ਉੱਥੇ ਨਹੀਂ ਜਾ ਸਕਿਆ ਸੀ।
"ਇਹ ਕਬਰਿਸਤਾਨ ਮੀਲਾਂ ਤੱਕ ਫੈਲਿਆ ਹੋਇਆ ਹੈ।" ਵੂਡੀਫ਼ੀਲਡ ਦੀ ਆਵਾਜ਼ ਵਿੱਚ ਤਰਲਤਾ ਸੀ, "ਅਤੇ ਇਹ ਇੱਕ ਬਾਗ ਦੀ ਤਰ੍ਹਾਂ ਸਾਫ਼ ਸੁਥਰਾ ਹੈ। ਕਬਰਾਂ ਉੱਤੇ ਫੁਲ ਖਿੜੇ ਹੋਏ ਹਨ ਅਤੇ ਉੱਥੇ ਚੌੜੀਆਂ ਰਾਹਦਾਰੀਆਂ ਵੀ ਬਣੀਆਂ ਹਨ।" ਉਸ ਦੀ ਅਵਾਜ਼ ਤੋਂ ਸਪਸ਼ਟ ਸੀ ਕਿ ਉਸਨੂੰ ਚੰਗੇ ਚੌੜੇ ਰਸਤੇ ਬਹੁਤ ਪਸੰਦ ਸਨ।
"ਤੁਹਾਨੂੰ ਪਤਾ ਹੈ ਕਿ ਹੋਟਲ ਵਾਲਿਆਂ ਨੇ ਮੁਰੱਬੇ ਦੇ ਇੱਕ ਮਰਤਬਾਨ ਲਈ ਕੁੜੀਆਂ ਤੋਂ ਕਿੰਨੀ ਕੀਮਤ ਵਸੂਲ ਕੀਤੀ?" ਉਹ ਬੋਲਿਆ, "ਦਸ ਫਰਾਂਕ! ਮੈਂ ਇਸਨੂੰ ਲੁੱਟ ਕਹਾਂਗਾ। ਛੋਟਾ ਮਰਤਬਾਨ ਸੀ। ਇਸ ਲਈ ਗਰਟਰੋਡ ਕਹਿੰਦੀ ਕਿ ਇਸ ਦੀ ਕੀਮਤ ਅੱਧੇ ਕਰਾਊਨ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਤੇ ਉਸਨੇ ਇਸ ਵਿੱਚੋਂ ਇੱਕ ਚੱਮਚ ਹੀ ਮੁਰੱਬਾ ਲਿਆ ਸੀ ਜਿਸਦੇ ਉਨ੍ਹਾਂ ਨੇ ਦਸ ਫਰਾਂਕ ਵਸੂਲ ਲਏ, ਗਰਟਰੋਡ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਮਰਤਬਾਨ ਹੀ ਨਾਲ ਲੈ ਆਈ ਸੀ। ਉਸ ਦਾ ਅਜਿਹਾ ਕਰਨਾ ਠੀਕ ਵੀ ਸੀ; ਉਹ ਸਾਡੇ ਜਜ਼ਬਿਆਂ ਦੇ ਨਾਲ ਧੰਦਾ ਕਰਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਅਸੀਂ ਉੱਥੇ ਆਏ ਹਾਂ ਤਾਂਕਿ ਆਪਣੇ ਪਿਆਰਿਆਂ ਦੀਆਂ ਕਬਰਾਂ ਨੂੰ ਵੇਖ ਸਕੀਏ, ਤੇ ਅਸੀਂ ਕੁੱਝ ਵੀ ਅਦਾ ਕਰਨ ਲਈ ਤਿਆਰ ਹਾਂ। ਇਹ ਸਭ ਕੁੱਝ ਇਸੇ ਤਰ੍ਹਾਂ ਹੀ ਹੈ।" ਏਨਾ ਕਹਿ ਕੇ ਉਹ ਦਰਵਾਜ਼ੇ ਵੱਲ ਵੱਧ ਗਿਆ।
"ਬਿਲਕੁਲ ਠੀਕ, ਬਿਲਕੁਲ ਠੀਕ" ਬੌਸ ਬੋਲਿਆ। ਭਾਵੇਂ ਉਸਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਬਿਲਕੁਲ ਠੀਕ ਕੀ ਸੀ। ਉਹ ਉੱਠਿਆ, ਮੇਜ਼ ਦੇ ਗਿਰਦ ਦਬੇ ਕਦਮੀਂ ਚੱਲਦਾ ਦਰਵਾਜ਼ੇ ਤੱਕ ਆਇਆ ਅਤੇ ਆਪਣੇ ਬੁੱਢੇ ਬੇਲੀ ਨੂੰ ਅਲਵਿਦਾ ਕਿਹਾ।
ਵੂਡੀਫ਼ੀਲਡ ਚਲਾ ਗਿਆ।
ਬੌਸ ਕੁੱਝ ਦੇਰ ਲਈ ਉਥੇ ਹੀ ਖੜਾ ਰਿਹਾ ਅਤੇ ਖ਼ਲਾਅ ਵਿੱਚ ਘੂਰਦਾ ਰਿਹਾ, ਦਫ਼ਤਰ ਦਾ ਸੁਰਮਈ ਵਾਲਾਂ ਵਾਲਾ ਹਰਕਾਰਾ ਉਸਨੂੰ ਵੇਖ ਰਿਹਾ ਸੀ ਅਤੇ ਆਪਣੇ ਘੁਰਨੇ ਵਿੱਚੋਂ ਇਵੇਂ ਵੜ ਨਿੱਕਲ ਰਿਹਾ ਸੀ ਜਿਵੇਂ ਇੱਕ ਅਜਿਹਾ ਕੁੱਤਾ ਹੋਵੇ ਜਿਹੜਾ ਚਾਹੁੰਦਾ ਹੋਵੇ ਕਿ ਉਸਨੂੰ ਦੌੜਾਉਣ ਲਈ ਲਿਜਾਇਆ ਜਾਵੇ। ਫਿਰ; "ਮੈਸੀ, ਮੈਂ ਅੱਧੇ ਘੰਟੇ ਲਈ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ," ਬੌਸ ਨੇ ਕਿਹਾ। "ਸਮਝ ਗਿਆ ਨਾ? ਕਿਸੇ ਨੂੰ ਵੀ ਨਹੀਂ।"
"ਬਹੁਤ ਅੱਛਾ, ਜਨਾਬ।"
ਦਰਵਾਜ਼ਾ ਬੰਦ ਹੋ ਗਿਆ, ਭਾਰੀ ਕਦਮਾਂ ਨੇ ਦੁਬਾਰਾ ਲਿਸ਼ਕਦੇ ਕਾਲੀਨ ਨੂੰ ਪਾਰ ਕੀਤਾ ਅਤੇ ਉਸ ਦਾ ਭਰਵਾਂ ਜਿਸਮ ਸਪ੍ਰਿੰਗ ਵਾਲੀ ਕੁਰਸੀ ਵਿੱਚ ਢੇਰ ਹੋ ਗਿਆ। ਬੌਸ ਅੱਗੇ ਦੀ ਤਰਫ਼ ਝੁੱਕਿਆ ਅਤੇ ਆਪਣੇ ਚਿਹਰੇ ਨੂੰ ਹੱਥਾਂ ਨਾਲ ਢਕਿਆ। ਉਹ ਰੋਣਾ ਚਾਹੁੰਦਾ ਸੀ ਅਤੇ ਉਸਨੇ ਰੋਣ ਲਈ ਖ਼ੁਦ ਨੂੰ ਤਿਆਰ ਕਰ ਲਿਆ ਸੀ।
ਜਦੋਂ ਬੁੱਢੇ ਵੂਡੀਫ਼ੀਲਡ ਨੇ ਉਸ ਦੇ ਬੇਟੇ ਦੀ ਕਬਰ ਦੇ ਬਾਰੇ ਗੱਲ ਕੀਤੀ ਸੀ ਤਾਂ ਉਸਨੂੰ ਭਿਅੰਕਰ ਸਦਮਾ ਪਹੁੰਚਿਆ ਸੀ। ਇਹ ਬਿਲਕੁਲ ਇਸ ਤਰ੍ਹਾਂ ਸੀ ਜਿਵੇਂ ਜ਼ਮੀਨ ਫਟ ਗਈ ਹੋਵੇ ਅਤੇ ਉਹ ਆਪਣੇ ਬੇਟੇ ਨੂੰ ਕਬਰ ਵਿੱਚ ਲਿਟੇ ਵੇਖ ਰਿਹਾ ਹੋਵੇ, ਜਿਸਨੂੰ ਵੂਡੀਫ਼ੀਲਡ ਦੀਆਂ ਬੇਟੀਆਂ ਟਿਕਟਿਕੀ ਬੰਨ੍ਹ ਵੇਖ ਰਹੀਆਂ ਹੋਣ। ਇਹ ਉਸ ਲਈ ਅਜੀਬ ਸੀ। ਭਾਵੇਂ ਛੇ ਸਾਲ ਬੀਤ ਚੁੱਕੇ ਸਨ ਪਰ ਬੌਸ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਦਾ ਪੁੱਤਰ ਇਵੇਂ ਆਪਣੀ ਯੂਨੀਫਾਰਮ ਵਿੱਚ, ਬਿਨਾਂ ਕਿਸੇ ਤਬਦੀਲੀ ਅਤੇ ਦਾਗ਼ ਧੱਬਿਆਂ ਦੇ ਹਮੇਸ਼ਾ ਲਈ ਇਵੇਂ ਸੌਂ ਰਿਹਾ ਹੋਵੇਗਾ। "ਮੇਰੇ ਬੇਟੇ!" ਬੌਸ ਨੇ ਧਾਹ ਮਾਰੀ ਪਰ ਅਜੇ ਵੀ ਅੱਖੋਂ ਇੱਕ ਅੱਥਰੂ ਵੀ ਨਾ ਨਿਕਲਿਆ। ਬੀਤੇ ਵਿੱਚ, ਬੇਟੇ ਦੇ ਮਰਨ ਦੇ ਬਾਅਦ, ਪਹਿਲੇ ਮਹੀਨਿਆਂ ਵਿੱਚ, ਸਗੋਂ ਸਾਲਾਂ ਤੱਕ ਉਹ ਆਪਣੇ ਗ਼ਮ ਉੱਤੇ ਕਾਬੂ ਪਾਉਣ ਲਈ ਇਹੀ ਕਹਿੰਦਾ ਰਿਹਾ ਸੀ ਕਿ ਜਦੋਂ ਤੱਕ ਉਹ ਖੁੱਲ੍ਹ ਕੇ ਰੋਵੇਗਾ ਨਹੀਂ ਉਸ ਦਾ ਦੁੱਖ ਖ਼ਤਮ ਨਹੀਂ ਹੋਵੇਗਾ। ਵਕਤ, ਉਸਨੇ ਸਾਰਿਆਂ ਨੂੰ ਕਿਹਾ ਅਤੇ ਸਪਸ਼ਟ ਕੀਤਾ ਸੀ ਕਿ ਵਕਤ ਬੀਤ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਦੂਜੇ ਲੋਕ ਸ਼ਾਇਦ ਵਕਤ ਨਾਲ ਸਦਮੇ ਤੋਂ ਬਾਹਰ ਨਿਕਲ ਆਉਂਦੇ ਹੋਣ, ਆਪਣੇ ਅਜਿਹੇ ਜ਼ਾਤੀ ਘਾਟੇ ਦੇ ਬਾਵਜੂਦ ਜੀ ਲੈਂਦੇ ਹੋਣ ਪਰ ਉਸ ਲਈ ਇਹ ਮੁਮਕਿਨ ਨਹੀਂ ਸੀ। ਅਤੇ ਹੁੰਦਾ ਵੀ ਕਿਵੇਂ? ਉਸ ਦਾ ਮੁੰਡਾ ਉਸ ਦਾ ਇਕਲੌਤਾ ਪੁੱਤਰ ਸੀ। ਜਦੋਂ ਤੋਂ ਉਹ ਪੈਦਾ ਹੋਇਆ ਸੀ, ਉਸਨੇ ਇਹ ਬਿਜਨਿਸ ਉਸੇ ਲਈ ਖੜ੍ਹਾ ਕਰਨਾ ਸ਼ੁਰੂ ਕੀਤਾ ਸੀ; ਜੇਕਰ ਇਹ ਬਿਜਨਿਸ ਉਸ ਦੇ ਬੇਟੇ ਲਈ ਨਹੀਂ ਸੀ ਤਾਂ ਇਸ ਦਾ ਕੋਈ ਹੋਰ ਮਕਸਦ ਹੀ ਕੋਈ ਨਹੀਂ ਸੀ। ਜ਼ਿੰਦਗੀ ਦਾ ਹੋਰ ਕੋਈ ਮਤਲਬ ਹੀ ਨਹੀਂ ਸੀ। ਉਸਨੇ ਖ਼ੁਦ ਨੂੰ ਗ਼ੁਲਾਮ ਬਣਾ ਲਿਆ ਸੀ, ਆਪਣੇ ਆਪ ਨੂੰ ਮਿਟਾ ਲਿਆ ਸੀ ਅਤੇ ਸਾਲੋ ਸਾਲ ਇਹੀ ਸੋਚ ਕੇ ਚੱਲਦਾ ਰਿਹਾ ਸੀ ਕਿ ਇੱਕ ਦਿਨ ਉਸ ਦਾ ਪੁੱਤਰ ਉਸ ਦੀ ਜਗ੍ਹਾ ਲਵੇਗਾ ਅਤੇ ਜਿੱਥੇ ਉਹ ਉਸ ਲਈ ਛੱਡ ਕੇ ਜਾਏਗਾ ਉਥੋਂ ਕੰਮ ਅੱਗੇ ਲੈ ਕੇ ਜਾਵੇਗਾ।
ਅਤੇ ਜਦੋਂ ਇਸ ਸੁਪਨੇ ਦੇ ਪੂਰਾ ਹੋਣ ਦਾ ਵਕਤ ਨੇੜੇ ਆਇਆ ਅਤੇ ਉਸ ਦੇ ਬੇਟੇ ਨੇ ਦਫ਼ਤਰੀ ਕੰਮ ਦੇ ਗੁਰ ਸਿੱਖਣੇ ਸ਼ੁਰੂ ਕੀਤੇ ਤਾਂ ਸਾਲ ਬਾਅਦ ਹੀ ਜੰਗ ਛਿੜ ਗਈ ਸੀ। ਉਹ ਨਿੱਤ ਇੱਕਠੇ ਕੰਮ ਲਈ ਨਿਕਲਦੇ\; ਇੱਕਠੇ ਹੀ ਇੱਕੋ ਰੇਲ-ਗੱਡੀ ਉੱਤੇ ਵਾਪਸ ਆਉਂਦੇ। ਅਤੇ ਅਜਿਹੇ ਬੇਟੇ ਦਾ ਬਾਪ ਹੋਣ ਤੇ ਉਸ ਨੂੰ ਕਿੰਨੀਆਂ ਵਧਾਈਆਂ ਮਿਲੀਆਂ ਸਨ! ਇਹ ਹੈਰਾਨੀ ਨਹੀਂ ਸੀ ਕਿ ਉਸਨੇ ਕੰਮ ਨੂੰ ਸ਼ਾਨਦਾਰ ਢੰਗ ਨਾਲ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ। ਉਹ ਸਾਰੇ ਅਮਲੇ, ਹਰ ਆਦਮੀ ਇੱਥੇ ਤੱਕ ਜੈਕ ਤੋਂ ਮੈਸੀ ਤੱਕ, ਵਿੱਚ ਬਹੁਤ ਮਕਬੂਲ ਸੀ। ਅਤੇ ਉਸ ਵਿੱਚ ਜ਼ਰਾ ਜਿੰਨੀ ਵੀ ਕੋਈ ਬੁਰੀ ਆਦਤ ਜਾਂ ਗੱਲ ਨਹੀਂ ਸੀ। ਬਿਲਕੁਲ ਵੀ ਨਹੀਂ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਅਤੇ ਜ਼ਹੀਨ ਬੜਾ ਸੀ। ਛੋਟੇ ਬੱਚਿਆਂ ਵਰਗੀ ਤੱਕਣੀ ਸੀ ਉਸਦੀ ਅਤੇ ਉਸ ਕੋਲ ਹਰ ਬੰਦੇ ਲਈ ਕਹਿਣ ਨੂੰ ਢੁਕਵੇਂ ਲਫ਼ਜ਼ ਸਨ। ਉਹ ‘ਬਹੁਤ ਹੀ ਜ਼ਬਰਦਸਤ’ ਕਹਿਣ ਦਾ ਆਦੀ ਸੀ।
ਪਰ ਇਹ ਸਭ ਖ਼ਤਮ ਹੋ ਗਿਆ ਅਤੇ ਮੁੱਕ ਗਿਆ ਜਿਵੇਂ ਪਹਿਲਾਂ ਕਦੇ ਹੈ ਹੀ ਨਹੀਂ ਸੀ। ਅਤੇ ਫਿਰ ਉਹ ਦਿਨ ਆ ਗਿਆ ਜਦੋਂ ਮੈਸੀ ਨੇ ਉਸਨੂੰ ਉਹ ਤਾਰ ਫੜਾਈ ਜਿਸ ਨੇ ਉਸ ਦੇ ਮਨ ਵਿੱਚਲੀ ਹਰ ਚੀਜ਼ ਨੂੰ ਤਹਿਸ ਨਹਿਸ ਕਰ ਦਿੱਤਾ ਸੀ। "ਅਸੀਂ ਤੁਹਾਨੂੰ ਡੂੰਘੇ ਅਫ਼ਸੋਸ ਨਾਲ ਇੱਤਲਾਹ ਦਿੰਦੇ ਹਾਂ......" ਅਤੇ ਉਹ ਇੱਕ ਟੁੱਟੇ ਹੋਏ ਬੰਦੇ ਵਾਂਗ ਦਫ਼ਤਰ ਤੋਂ ਨਿਕਲ ਗਿਆ ਸੀ, ਜ਼ਿੰਦਗੀ ਬਰਬਾਦ ਹੋ ਚੁੱਕੀ ਸੀ।
ਛੇ ਸਾਲ ਪਹਿਲਾਂ, ਛੇ ਸਾਲ... ਵਕਤ ਕਿੰਨੀ ਜਲਦੀ ਬੀਤ ਗਿਆ ਸੀ। ਲੱਗਦਾ ਸੀ ਜਿਵੇਂ ਇਹ ਅਜੇ ਕੱਲ੍ਹ ਦੀ ਗੱਲ ਹੋਵੇ। ਬੌਸ ਨੇ ਆਪਣੇ ਚਿਹਰੇ ਤੋਂ ਹੱਥ ਹਟਾਏ; ਉਹ ਪਰੇਸ਼ਾਨ ਸੀ ਅਤੇ ਉਸ ਦੇ ਅੰਦਰ ਕੁੱਝ ਖ਼ਰਾਬੀ ਹੋ ਰਹੀ ਸੀ। ਉਹ ਉਵੇਂ ਮਹਿਸੂਸ ਨਹੀਂ ਹੋ ਰਿਹਾ ਸੀ ਜਿਵੇਂ ਕਰਨਾ ਉਹ ਚਾਹੁੰਦਾ ਸੀ। ਉਸਨੇ ਫੈਸਲਾ ਕੀਤਾ ਕਿ ਉਹ ਉੱਠੇ ਅਤੇ ਆਪਣੇ ਬੇਟੇ ਦੀ ਤਸਵੀਰ ਇੱਕ ਨਜ਼ਰ ਵੇਖੇ ਪਰ ਇਹ ਉਸ ਦੀਆਂ ਪਸੰਦੀਦਾ ਤਸਵੀਰਾਂ ਵਿੱਚੋਂ ਨਹੀਂ ਸੀ; ਇਸ ਵਿੱਚ ਬੇਟੇ ਦੇ ਚਿਹਰੇ ਉੱਤੇ ਸੁਭਾਵਕ ਹਾਵ-ਭਾਵ ਨਹੀਂ ਸਨ। ਇਹ ਠੰਡਾ ਅਤੇ ਕਠੋਰ ਵੀ ਲੱਗਦਾ ਸੀ। ਅਸਲ ਜ਼ਿੰਦਗੀ ਵਿੱਚ ਉਸ ਦਾ ਪੁੱਤਰ ਕਦੇ ਵੀ ਅਜਿਹਾ ਵਿਖਾਈ ਨਹੀਂ ਦਿੰਦਾ ਸੀ।
ਇਸ ਪਲ, ਬੌਸ ਨੇ ਵੇਖਿਆ ਕਿ ਇੱਕ ਮੱਖੀ ਉਸ ਦੀ ਖੁੱਲ੍ਹੇ ਮੂੰਹ ਵਾਲੀ ਦਵਾਤ ਵਿੱਚ ਡਿੱਗੀ ਹੋਈ ਸੀ ਅਤੇ ਬਾਹਰ ਨਿਕਲਣ ਦੀ ਕਮਜ਼ੋਰ ਪਰ ਪੁਰਜ਼ੋਰ ਕੋਸ਼ਿਸ਼ ਕਰ ਰਹੀ ਸੀ। ਉਸ ਦੀਆਂ ਸੰਘਰਸ਼ਸ਼ੀਲ ਲੱਤਾਂ ‘ਮਦਦ, ਮਦਦ’ ਪੁਕਾਰ ਰਹੀਆਂ ਸਨ। ਪਰ ਦਵਾਤ ਦੇ ਪਾਸੇ ਗਿੱਲੇ ਅਤੇ ਤਿਲਕਵੇਂ ਸਨ; ਉਹ ਦੁਬਾਰਾ ਸਿਆਹੀ ਵਿੱਚ ਡਿੱਗ ਜਾਂਦੀ ਅਤੇ ਉਸ ਵਿੱਚ ਤੈਰਨ ਲੱਗਦੀ। ਬੌਸ ਨੇ ਇੱਕ ਕਲਮ ਚੁੱਕੀ, ਸਿਆਹੀ ਵਿੱਚੋਂ ਮੱਖੀ ਨੂੰ ਬਾਹਰ ਕੱਢਿਆ ਅਤੇ ਸਿਆਹੀ ਚੂਸ ਦੇ ਇੱਕ ਟੁਕੜੇ ਉੱਤੇ ਰੱਖ ਕੇ ਹਿਲਾਇਆ। ਇੱਕ ਪਲ ਲਈ ਉਹ ਆਪਣੇ ਇਰਦ ਗਿਰਦ ਫੈਲੇ ਸਿਆਹੀ ਦੇ ਡੂੰਘੇ ਧੱਬੇ ਦੇ ਦਰਮਿਆਨ ਅਹਿੱਲ ਪਈ ਰਹੀ। ਫਿਰ ਉਸ ਦੀਆਂ ਅਗਲੀਆਂ ਲੱਤਾਂ ਹਿੱਲੀਆਂ ਅਤੇ ਤਣ ਗਈਆਂ, ਫਿਰ ਉਸਨੇ ਆਪਣੇ ਛੋਟੇ ਜਿਹੇ ਭਿੱਜੇ-ਲਿੱਬੜੇ ਜਿਸਮ ਨੂੰ ਉੱਪਰ ਚੁੱਕਿਆ ਅਤੇ ਆਪਣੇ ਪਰਾਂ ਤੋਂ ਸਿਆਹੀ ਝਟਕਣ ਦਾ ਭਾਰੀ ਭਰਕਮ ਕੰਮ ਕਰਨ ਲੱਗੀ। ਉੱਤੇ ਥੱਲੇ, ਉੱਤੇ ਥੱਲੇ, ਇੱਕ ਲੱਤ ਇੱਕ ਪਰ ਦੇ ਨਾਲ ਘਸਾਇਆ, ਉਵੇਂ ਕਿ ਜਿਵੇਂ ਪੱਥਰ, ਦਾਤਰੀ ਦੇ ਉੱਤੇ ਅਤੇ ਹੇਠਾਂ ਫੇਰੀ ਦਾ ਹੈ। ਅਤੇ ਫਿਰ ਰੁਕਣ ਤੋਂ ਬਾਅਦ, ਲੱਗਦਾ ਸੀ ਕਿ ਮੱਖੀ ਆਪਣੀਆਂ ਅੱਡੀਆਂ ਭਾਰ ਖੜੀ ਹੋ ਚੁੱਕੀ ਸੀ, ਉਸਨੇ ਆਪਣਾ ਇੱਕ ਪਰ ਫੈਲਾਇਆ ਅਤੇ ਫਿਰ ਦੂਜਾ। ਉਹ ਆਖ਼ਰਕਾਰ ਇਸ ਵਿੱਚ ਕਾਮਯਾਬ ਹੋ ਗਈ ਅਤੇ ਉਹ, ਇੱਕ ਨਿੱਕੀ ਬਿੱਲੀ ਵਾਂਗ, ਬੈਠੀ ਆਪਣਾ ਚਿਹਰਾ ਸਾਫ਼ ਕਰਨ ਲੱਗੀ। ਹੁਣ ਬੰਦਾ ਇਹ ਸਮਝ ਸਕਦਾ ਸੀ ਕਿ ਉਹ ਆਪਣੀਆਂ ਅਗਲੀਆਂ ਛੋਟੀਆਂ ਲੱਤਾਂ ਨੂੰ ਖੁਸ਼ੀ ਖੁਸ਼ੀ ਅਤੇ ਸਹਿਜੇ ਸਹਿਜੇ ਇੱਕ ਦੂਜੇ ਦੇ ਨਾਲ ਘਸਾ ਰਹੀ ਸੀ। ਖੌਫ਼ਨਾਕ ਖ਼ਤਰਾ ਟਲ ਚੁੱਕਿਆ ਸੀ; ਉਹ ਬੱਚ ਗਈ ਸੀ; ਅਤੇ ਉਹ ਇੱਕ-ਵਾਰ ਫਿਰ ਆਪਣੀ ਜ਼ਿੰਦਗੀ ਜੀਣ ਲਈ ਤਿਆਰ ਸੀ।
ਉਦੋਂ, ਬੌਸ ਨੂੰ ਇੱਕ ਖ਼ਿਆਲ ਆਇਆ। ਉਸਨੇ ਆਪਣੀ ਕਲਮ ਸਿਆਹੀ ਵਿੱਚ ਡੁਬੋਈ ਅਤੇ ਆਪਣੀ ਕਲਾਈ ਨੂੰ ਸਿਆਹੀ ਚੂਸ ਉੱਤੇ ਝੁਕਾਇਆ ਅਤੇ ਜਿਵੇਂ ਹੀ ਮੱਖੀ ਨੇ ਆਪਣੇ ਪਰ ਹੇਠਾਂ ਕੀਤੇ ਇਸ ਉੱਤੇ ਸਿਆਹੀ ਦਾ ਇੱਕ ਮੋਟਾ ਤੁਪਕਾ ਡਿਗਿਆ। ਇਹ ਹੁਣ ਕੀ ਕਰੇਗੀ? ਇਹ ਕੀ ਸਮਝਦੀ, ਲੱਗਦਾ ਸੀ ਕਿ ਬੇਚਾਰੀ, ਜ਼ਿੰਦਗੀ ਦੀ ਭਿੱਖ ਮੰਗਣ ਵਾਲੀ ਛੋਟੀ ਜਾਨ ਦੁਬਕ ਗਈ, ਹੈਰਾਨ ਰਹਿ ਗਈ ਅਤੇ ਇੰਨੀ ਖ਼ੌਫ਼ਜ਼ਦਾ ਹੋਈ ਕਿ ਹਰਕਤ ਕਰਨੀ ਬੰਦ ਕਰ ਦਿੱਤੀ ਕਿ ਪਤਾ ਨਹੀਂ ਹੋਰ ਕੀ ਹੋਣ ਵਾਲਾ ਸੀ। ਪਰ ਫਿਰ ਉਸਨੇ ਜਿਵੇਂ ਕਿਵੇਂ ਖ਼ੁਦ ਨੂੰ ਅੱਗੇ ਵੱਲ ਸਰਕਾਇਆ। ਅਗਲੀਆਂ ਲੱਤਾਂ ਲਹਿਰਾਈਆਂ ਤੇ ਫਿਰ ਟਿਕਾਈਆਂ ਅਤੇ ਇੱਕ-ਵਾਰ ਫਿਰ, ਕੰਮ ਮੁਢ ਤੋਂ ਸ਼ੁਰੂ ਹੋ ਗਿਆ ਭਾਵੇਂ ਇਹ ਪਹਿਲਾਂ ਦੇ ਮੁਕਾਬਲੇ ਵਿੱਚ ਕਾਫ਼ੀ ਸੁਸਤ ਸੀ।
"ਇਹ ਛੋਟੀ ਸ਼ੈਤਾਨ ਤਾਂ ਬੜੀ ਸਿਰੜੀ ਹੈ।" ਬੌਸ ਨੇ ਸੋਚਿਆ ਅਤੇ ਉਸ ਨੂੰ ਮੱਖੀ ਦੀ ਹਿੰਮਤ ਵੇਖਕੇ ਸੱਚੀ ਪ੍ਰਸ਼ੰਸਾ ਦਾ ਅਹਿਸਾਸ ਹੋਇਆ। ਚੀਜ਼ਾਂ ਨੂੰ ਇਸ ਤਰੀਕੇ ਨਾਲ ਨਿਪਟਨਾ ਚਾਹੀਦਾ ਹੈ; ਇਹੀ ਠੀਕ ਜਜ਼ਬਾ ਹੈ। ਮਤ ਕਹੋ ਕਿ ਮਰਨਾ ਹੈ; ਇਹ ਤਾਂ ਬਸ ਇੱਕ ਸਵਾਲ ਸੀ...ਪਰ ਮੱਖੀ ਨੇ ਥਕਾ ਦੇਣ ਵਾਲਾ ਕੰਮ ਫਿਰ ਮੁਕੰਮਲ ਕਰ ਲਿਆ ਅਤੇ ਬੌਸ ਨੂੰ ਵੀ ਏਨਾ ਵਕਤ ਮਿਲਿਆ ਸੀ ਕਿ ਆਪਣੀ ਕਲਮ ਨੂੰ ਸਿਆਹੀ ਵਿੱਚ ਡੁਬੋ ਸਕੇ ਅਤੇ ਮੱਖੀ ਦੇ ਮੁੜ ਸਾਫ਼ ਕੀਤੇ ਜਿਸਮ ਉੱਤੇ ਇੱਕ ਹੋਰ ਤੁਬਕਾ ਚੋ ਸਕੇ। ਇਸ ਵਾਰ ਕੀ ਹੋਵੇਗਾ? ਇੱਕ ਤਕਲੀਫ਼-ਦੇਹ ਪਲ ਬੇਕਰਾਰੀ ਵਿੱਚ ਬੀਤਿਆ। ਪਰ ਮੱਖੀ ਦੀਆਂ ਅਗਲੀਆਂ ਲੱਤਾਂ ਭਾਰ ਤੋਲ ਰਹੀਆਂ ਸਨ; ਬੌਸ ਨੂੰ ਇੱਕ ਦਮ ਰਾਹਤ ਦਾ ਅਹਿਸਾਸ ਹੋਇਆ। ਉਹ ਮੱਖੀ ਉੱਤੇ ਝੁੱਕਿਆ ਅਤੇ ਨਰਮਾਈ ਨਾਲ ਉਸਨੂੰ ਕਿਹਾ, "ਤੂੰ ਇੱਕ ਛੋਟੀ ਹੋਸ਼ਿਆਰ..." ਅਤੇ ਉਸ ਦਾ ਜੀਅ ਕੀਤਾ ਕਿ ਉਹ ਇਸ ਉੱਤੇ ਫੂਕਾਂ ਮਾਰ ਕੇ ਖੁਸ਼ਕ ਹੋਣ ਵਿੱਚ ਉਸਦੀ ਮਦਦ ਕਰੇ। ਫਿਰ ਉਹੀ ਸਾਰਾ ਕੁਝ, ਪਰ ਇਸ ਵਾਰ ਮੱਖੀ ਦੇ ਹੰਭਲੇ ਵਿੱਚ ਪਹਿਲਾਂ ਵਾਲੀ ਹਿੰਮਤ ਅਤੇ ਪਹਿਲਾਂ ਵਾਲੀ ਜਾਨ ਵਿਖਾਈ ਨਹੀਂ ਸੀ ਦੇ ਰਹੀ। ਬੌਸ ਨੇ ਇੱਕ ਵਾਰ ਫੇਰ ਕਲਮ ਸਿਆਹੀ ਵਿੱਚ ਡੁਬੋਂਦੇ ਹੋਏ ਫੈਸਲਾ ਕੀਤਾ ਕਿ ਬਸ ਇਹ ਆਖ਼ਰੀ ਵਾਰ।
ਅਤੇ ਇਹ ਆਖ਼ਰੀ ਵਾਰ ਹੀ ਸੀ। ਗਿੱਲੇ ਸਿਆਹੀ ਚੂਸ ਉੱਤੇ ਇਹ ਆਖ਼ਰੀ ਧੱਬਾ ਹੀ ਸਾਬਤ ਹੋਇਆ, ਸਿਆਹੀ ਨਾਲ ਭਰੀ ਮੱਖੀ ਇਸ ਵਿੱਚ ਪਈ ਰਹੀ ਅਤੇ ਬਿਲਕੁਲ ਨਾ ਹਿੱਲੀ। ਉਸ ਦੀਆਂ ਪਿੱਛਲੀਆਂ ਲੱਤਾਂ ਜਿਸਮ ਨਾਲ ਚਿਪਕੀਆਂ ਹੋਈਆਂ ਸਨ ਅਤੇ ਅਗਲੀਆਂ ਤਾਂ ਨਜ਼ਰ ਹੀ ਨਹੀਂ ਆ ਰਹੀਆਂ ਸਨ।
"ਉੱਠ, ਹਿੰਮਤ ਕਰ," ਬੌਸ ਨੇ ਕਿਹਾ, "ਢੇਰੀ ਨਾ ਢਾਹ!" ਅਤੇ ਉਸਨੇ ਕਲਮ ਦੀ ਨੋਕ ਨਾਲ ਉਸਨੂੰ ਹਿਲਾਇਆ ਵੀ... ਇਹ ਕੋਸ਼ਿਸ਼ ਵੀ ਨਾਕਾਮ ਗਈ। ਕੁੱਝ ਨਾ ਹੋਇਆ ਅਤੇ ਕੁੱਝ ਹੋਣ ਵਾਲਾ ਵੀ ਨਹੀਂ ਸੀ। ਮੱਖੀ ਮਰ ਚੁੱਕੀ ਸੀ। ਬੌਸ ਨੇ ਮੁਰਦਾ ਮੱਖੀ ਨੂੰ ਕਾਗ਼ਜ਼ ਕੱਟਣ ਵਾਲੇ ਚਾਕੂ ਦੀ ਨੋਕ ਨਾਲ ਚੁੱਕਿਆ ਅਤੇ ਉਸਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ। ਪਰ ਉਸ ਉੱਤੇ ਬਦਬਖ਼ਤੀ ਦੀ ਪੀਹ ਕੇ ਰੱਖ ਦੇਣ ਵਾਲੀ ਭਾਵਨਾ ਕੁਝ ਇਸ ਤਰ੍ਹਾਂ ਤਾਰੀ ਹੋਈ ਕਿ ਉਹ ਯਕੀਨਨ ਡਰ ਗਿਆ। ਉਹ ਅੱਗੇ ਹੋਇਆ ਅਤੇ ਮੈਸੀ ਨੂੰ ਬੁਲਾਣ ਲਈ ਘੰਟੀ ਦਬਾਈ।
"ਮੇਰੇ ਲਈ ਕੁੱਝ ਨਵੇਂ ਸਿਆਹੀ ਚੂਸ ਲਿਆਓ।" ਉਸਨੇ ਕਠੋਰ ਲਹਿਜ਼ੇ ਵਿੱਚ ਕਿਹਾ, "ਤੇ ਜਲਦੀ ਕਰੋ," ਅਤੇ ਜਦੋਂ ਬੁੱਢਾ ਕੁਤੀੜ ਉੱਥੋਂ ਚਲਾ ਗਿਆ ਤਾਂ ਉਹ ਬੈਠਾ ਇਹ ਸੋਚਦਾ ਰਿਹਾ ਕਿ ਇਸ ਤੋਂ ਪਹਿਲਾਂ ਉਹ ਕੀ ਸੋਚ ਰਿਹਾ ਸੀ। ਕੀ ਗੱਲ ਸੀ ਇਹ? "ਇਹ ਸੀ...।" ਉਸਨੇ ਆਪਣਾ ਰੁਮਾਲ ਕੱਢਿਆ ਅਤੇ ਇਸ ਦੀ ਤੈਹ ਆਪਣੀ ਕਮੀਜ ਦੇ ਕਾਲਰ ਵਿੱਚ ਲਗਾਈ। ਉਸਨੂੰ ਇਹ ਗੱਲ ਜ਼ਿੰਦਗੀ-ਭਰ ਯਾਦ ਨਾ ਆਈ।
(ਅਨੁਵਾਦਕ : ਚਰਨ ਗਿੱਲ)