Punjabi Stories/Kahanian
ਚਰਨਜੀਤ ਸਿੰਘ ਪੰਨੂ
Charanjit Singh Pannu
Punjabi Kavita
  

Mansik Haan Da Saath Charanjit Singh Pannu

ਮਾਨਸਿਕ ਹਾਣ ਦਾ ਸਾਥ ਚਰਨਜੀਤ ਸਿੰਘ ਪੰਨੂ

“ਕੰਜਰੀ ਭਾਵੇਂ ਬੁੱਢੀ ਹੋ ਜਾਵੇ; ਪਰ ਉਸ ਦੀ ਦਾਣਾ ਸੁੱਟਣ ਦੀ ਆਦਤ ਨਹੀਂ ਜਾਂਦੀ।”
ਹਾਸੇ-ਹਾਸੇ ਵਿਚ ਜੈਕੀ ਦੇ ਚਿੱਟੇ ਰੰਗ ਵਿਚ ਰੰਗੇ ਹੋਏ ਵਾਲਾਂ ਨੂੰ ਛੇੜਦੇ ਹੋਇਆਂ ਸ਼ਮਿੰਦਰ ਨੇ ਆਖਿਆ ਸੀ! ਜੈਕੀ ਵੀ ਕੋਈ ਘੱਟ ਨਹੀਂ ਸੀ। ਤਮ੍ਹਕ ਕੇ ਬੋਲੀ:
“ਉਜੜੇ ਬਾਗਾਂ ਦੀ ਬਹਾਰ ਦਾ ਆਪਣਾ ਹੀ ਰੰਗ, ਆਪਣਾ ਹੀ ਰੂਪ ਹੁੰਦਾ ਹੈ। ਰੌਲ ਕੀ ਜਾਣੇ ਚੌਲਾਂ ਦਾ ਭਾਅ? ਇਸ ਦੀ ਕਦਰ ਕੋਈ ਵੇਖਣ ਵਾਲੀ ਅੱਖ ਹੀ ਪਾ ਸਕਦੀ ਹੈ।”
ਸ਼ਮਿੰਦਰ ਸ਼ੀਸ਼ੇ ਸੌਹੇਂ ਇਕੱਲਾ ਬੈਠਾ ਸੀ। ਕਮਰੇ ਦੀ ਚਾਰਦੀਵਾਰੀ ਵਿਚ ਪ੍ਰਤੀਧੁਨੀ ਵਾਂਗ, ਢੇਰ ਚਿਰ ਪਹਿਲਾਂ ਕਹੇ ਹੋਏ, ਉਸ ਦੇ ਆਪਣੇ ਅਤੇ ਜੈਕੀ ਦੇ ਬੋਲ ਉਭਰੇ ਸਨ ਤੇ ਨਾਲ ਹੀ ਆਪਣੇ ਅੰਦਰ-ਬਾਹਰ ਤੇ ਚਾਰ-ਚੁਫੇਰੇ ਜੈਕੀ ਦੀ ਹਾਜ਼ਰੀ ਦਾ ਮੱਠਾ-ਮੱਠਾ ਅਹਿਸਾਸ ਵੀ ਉਹ ਮਹਿਸੂਸ ਕਰ ਰਿਹਾ ਸੀ। ਉਸ ਦੇ ਚਿਹਰੇ ਦੇ ਅਕਸ ਦੇ ਪਿਛਵਾੜਿਉਂ ਮਲਕੜੇ ਜਿਹੇ ਜੈਕੀ ਦੇ ਚਿਹਰੇ ਦਾ ਬਿੰਬ ਉਭਰਿਆ ਸੀ ਛਿਣ ਦੀ ਛਿਣ, ਤੇ ਫਿਰ ਇਹ ਬੋਲ:
“ਜੇ ਜਿਸਮ ਦੀ ਮਾਲਕੀ ਤੇਰੀ ਕਮਜ਼ੋਰੀ ਹੈ, ਤਾਂ ਇਸ ਦਾ ਤਿਆਗ ਮੇਰੀ ਸ਼ਕਤੀ।”
“ਮਾਲਕੀ ਤੇ ਤਿਆਗ ਤਾਂ ਪਰੰਪਰਾਗਤ ਸੰਕਲਪ ਹਨ ਮਾਨਵੀ ਸੰਚਾਰ ਦੇ। ਮੈਂ ਤਾਂ ਸਗਲੀ ਸਬੂਤੀ ਹੋਂਦ ਦੀ ਸੰਪੂਰਨ ਸ਼ਮੂਲੀਅਤ ਦਾ ਇੱਛੁਕ ਹਾਂ। ਜੇ ਤੇਰੀ ਹੋਂਦ ਕੇਵਲ ਤਲ ਤੱਕ ਸੀਮਤ ਹੈ, ਤਾਂ ਮੈਂ ਤੇਰੇ ਲਈ ਦੁਆ ਹੀ ਕਰ ਸਕਦਾ ਹਾਂ। ਮਨ ਦੀ ਸ਼ਮੂਲੀਅਤ ਬਿਨਾਂ ਤਨ ਦੀ ਸ਼ਮੂਲੀਅਤ ਅਧੂਰੀ ਹੈ, ਵੇਸਵਾਈ ਹੈ। ਤਨ ਤਾਂ ਮਾਧਿਅਮ ਹੀ ਹੈ ਨਾ। ਪ੍ਰੀਤ ਬਣ ਜੋ ਵਹਿ ਤੁਰੇ-ਉਹ ਵੇਗ ਤਾਂ ਮਾਨਸਿਕ, ਆਤਮਿਕ ਤੇ ਦਿਲੀ ਹੀ ਹੋ ਸਕਦਾ ਹੈ।”
“ਰਿਸ਼ਤੇ ਖੂਹ ਦੀ ਆਵਾਜ਼ ਹੁੰਦੇ ਹਨ, ਸ਼ੰਮੀ।”
ਸ਼ਮਿੰਦਰ ਨੂੰ ਪਿਆਰ ਨਾਲ ਜੈਕੀ ਸ਼ੰਮੀ ਹੀ ਕਹਿੰਦੀ ਸੀ। ਸ਼ਮਿੰਦਰ ਸ਼ੀਸ਼ੇ ਸਨਮੁੱਖ ਬੈਠਾ ਸੁਪਨ-ਅਵਸਥਾ ਵਿਚ ਜਿਵੇਂ ਆਪ-ਮੁਹਾਰਾ ਹੀ ਬੋਲ ਪਿਆ:
“ਪਿਆਰ, ਸਤਿਕਾਰ ਤੇ ਵਿਸ਼ਵਾਸ ਤੋਂ ਬਿਨਾਂ ਤਾਂ ਪੱਕੀਆਂ ਕੰਧਾਂ ਵੀ ਤਿੜਕ ਜਾਂਦੀਆਂ ਹਨ। ਫਿਰ ਇਨ੍ਹਾਂ ਕੱਚੇ ਧਾਗਿਆਂ ਦਾ ਕੀ ਭਰਵਾਸਾ? ਅੱਖ ਦੇ ਵਲ ਜਾਂ ਫਿਰ ਵਲ ਦੇ ਭਰਮ ਨਾਲ ਹੀ ਟੁੱਟ, ਝੜ, ਬਿਖਰ ਜਾਣ ਖਲਾਅ ਵਿਚ। ਖਲਾਅ ਦੀ ਦੀਵਾਰ ਉਸਰ ਆਵੇ ਚਾਰ-ਚੁਫੇਰੇ, ਆਪਣੀ ਹੀ ਇਕਾਂਕੀ ਆਵਾਜ਼ ਦੀ ਪ੍ਰਤੀਧੁਨੀ ਹੇਠ ਜ਼ਿਬਾਹ ਹੋਣ ਲਈ।”
ਪਲ ਦੀ ਪਲ ਕਮਰੇ ਵਿਚ ਜਿਵੇਂ ਚੁੱਪ ਤੇ ਖਲਾਅ ਦਾ ਪਹਿਰਾ ਹੋ ਗਿਆ ਹੋਵੇ। ਫਿਰ ਮਲਕੜੇ ਜਿਹੇ ਜਿਵੇਂ ਕੋਈ ਕੋਮਲ ਜਿਹੀ ਡੋਡੀ ਖੁੱਲ੍ਹ ਕੇ ਫੁੱਲ ਬਣ ਜਾਵੇ, ਜੈਕੀ ਦੇ ਬੋਲ ਮਹਿਕ ਵਾਂਗ ਚੁਫੇਰੇ ਫੈਲਦੇ ਚਲੇ ਗਏ:
“ਰਿਸ਼ਤੇ ਦੀਵਾਰ ਨਹੀਂ, ਝਰੋਖੇ ਹੁੰਦੇ ਹਨ। ਇਕ ਦੂਜੇ ਵੱਲ ਖੁੱਲ੍ਹਦੇ। ਇਕ ਦੂਜੇ ਨੂੰ ਨਿਹਾਰਦੇ। ਇਕ ਦੂਜੇ ਵਿਚ ਸੰਵਰਦੇ, ਇਕ ਦੂਜੇ ਨੂੰ ਸੰਵਾਰਦੇ, ਆਪਾ ਵਾਰਦੇ। ਰਿਸ਼ਤੇ ਗੰਢ ਨਹੀਂ, ਗੰਢ ਦਾ ਅਹਿਸਾਸ ਹੁੰਦੇ ਹਨ। ਦੋ ਲੜੀਆਂ ਜਿੱਥੇ ਇਕ ਹੋ ਜਾਂਦੀਆਂ ਹਨ, ਉਸੇ ਗੰਢ ਦਾ ਅਹਿਸਾਸ। ਜਿੱਧਰ ਜਾਈਏ ਇਹ ਲੜੀਆਂ ਇਸ ਗੰਢ ਦੇ ਅਹਿਸਾਸ ਵਿਚ ਫੈਲਦੀਆਂ ਚਲੀਆਂ ਜਾਂਦੀਆਂ ਹਨ। ਧਰਤੀ, ਆਕਾਸ਼, ਪਾਤਾਲ, ਪਰਬਤ, ਦਰਿਆ, ਸਾਗਰ ਅਤੇ ਅਹਿਸਾਸ ਵਿਚ ਬੱਝੇ ਹੋਏ ਹਨ। ਚੰਦ, ਤਾਰੇ, ਸੂਰਜ। ਪਿੰਡ, ਬ੍ਰਹਮੰਡ...।”
ਤੇ ਫਿਰ ਇਨ੍ਹਾਂ ਬੋਲਾਂ ਦੇ ਵਹਿਣ ਵਿਚ ਵਹਿ ਰਿਹਾ ਸ਼ਮਿੰਦਰ ਜਿਵੇਂ ਵੱਖਰੇ ਸ਼ਬਦ ਬੋਲਦਾ ਹੋਇਆ ਵੀ ਜੈਕੀ ਨਾਲ ਸਮ-ਅਰਥ, ਇਕ-ਜਾਨ ਹੋ ਗਿਆ ਹੋਵੇ:
“ਰਿਸ਼ਤੇ ਦਰਿਆ ਵੀ ਹਨ, ਦਿਸ਼ਾ ਵੀ ਤੇ ਹਾਅ ਵੀ। ਤੁਪਕਾ-ਤੁਪਕਾ ਕਰ ਕੇ, ਛਿਣ-ਛਿਣ ਵਿਚਰ ਕੇ, ਇਕ ਦਿਸ਼ਾ, ਇਕ ਰੋਂ ਵਿਚ ਇਕ ਦੂਜੇ ਵਿਚ ਵਹਿ ਤੁਰਨਾ। ਇਕ ਦੂਜੇ ਵਿਚ ਫਨਾਹ ਹੋ ਜਾਣਾ...।”
ਸ਼ਮਿੰਦਰ ਨੂੰ ਇਸ ਸਮੇਂ ਅਜੀਬ ਜਿਹਾ ਅਹਿਸਾਸ ਸੀ ਜਿਵੇਂ ਜੈਕੀ ਇਥੇ ਨਾ ਹੋ ਕੇ ਵੀ ਇਸ ਕਮਰੇ ਦੀ ਫਿਜ਼ਾ ਵਿਚ ਮਹਿਕ ਵਾਂਗ ਘੁਲ ਗਈ ਹੋਵੇ, ਹਾਜ਼ਰ ਹੋਵੇ।
“ਗ਼ੈਰ-ਹਾਜ਼ਰੀ ਵਿਚ, ਹਾਜ਼ਰੀ ਦਾ ਅਹਿਸਾਸ।” ਉਹ ਬੁੜਬੁੜਾਇਆ ਤੇ ਫਿਰ ਸਹਿਵਨ ਹੀ ਮੁਸਕਰਾਇਆ ਜਿਵੇਂ ਜੈਕੀ ਨੂੰ ਸੰਬੋਧਨ ਹੋਵੇ। ਉਸ ਦੇ ਸਿਮਰਨ ‘ਚੋਂ ਅਜਿਹੇ ਹੀ ਵਿਚਾਰਧਾਰਕ ਰੌਂ ਵਿਚ ਬੋਲੇ ਹੋਏ ਜੈਕੀ ਦੇ ਬੋਲ ਉਭਰੇ:
“ਆਧੁਨਿਕਤਾ ਦੇ ਪਰਦੇ ਹੇਠ, ਤੂੰ ਪਰੰਪਰਾਗਤ ਆਸ਼ਕ ਹੀ ਹੈਂ- ਅਫਲਾਤੂਨ ਵੀ ਤੇ ਅਫਲਾਤੂਨੀ ਵੀ। ਮਨ ਦੇ ਉਹਲੇ ‘ਚੋਂ ਕਦੇ ਤੂੰ ਜਿਸਮਾਂ ਦੀ ਬਾਤ ਪਾਉਂਦਾ ਹੈ ਅਤੇ ਕਦੇ ਜਿਸਮਾਂ ਦੇ ਪਰਦੇ ਹੇਠੋਂ ਮਨ, ਦਿਲ, ਦਿਮਾਗ਼ ਤੇ ਆਤਮਾ ਨੂੰ ਤਲਾਸ਼ ਕਰਦਾ ਹੈ। ਤੇਰੇ ਅੱਗੇ ਕੋਈ ਸਗਲਾ ਸਬੂਤਾ ਜਲ ਬਣ ਜਾਇ, ਤਾਂ ਤੇਰੀ ਪਿਆਸ ਉਸ ‘ਚੋਂ ਥਲ ਤੇ ਥਲਾਂ ਦੀਆਂ ਮ੍ਰਿਗਜਲੀਆਂ ਵੇਖਦੀ ਹੈ। ਤੈਨੂੰ ਖੋਪਰੀ ‘ਚੋਂ ਜੀਵਨ ਅਤੇ ਜੀਵਨ ‘ਚੋਂ ਖੋਪਰੀ ਵੇਖਣ ਦੀ ਆਦਤ ਕਿਉਂ ਪੈ ਗਈ ਹੈ? ਤੂੰ ਇਥੋਂ ਦੀ ਪੱਛਮੀ ਸੱਭਿਅਤਾ ਵਾਲਾ ਵਨ ਨਾਈਟ ਸਟੈਂਡ ਆਸ਼ਕ ਵੀ ਕਦਾਚਿਤ ਨਹੀਂ ਹੈ। ਰੈਣ ਹੰਢਾਉਣੀ ਤੇ ਰੈਣ-ਕੁੜੀ ਵੱਲ ਪਿੱਠ ਫੇਰ ਲੈਣੀ ਤੇਰੀ ਫਿਤਰਤ ਵਿਚ ਸ਼ਾਮਲ ਨਹੀਂ ਹੈ। ਇਹ ਤੇਰੇ ਵਸ ਦੀ ਗੱਲ ਨਹੀਂ। ਮਖੌਟਾ ਲਾਹ ਤੇ ਨਿਗ੍ਹਾ ਮਿਲਾ, ਇਸੇ ਵਿਚ ਤੇਰੀ ਮੁਕਤੀ ਹੈ।”
ਸ਼ਮਿੰਦਰ ਕੋਲ ਜਦੋਂ ਵੀ ਕਰਨ ਲਈ ਕੁਝ ਨਾ ਹੁੰਦਾ, ਤੇ ਖ਼ਾਸ ਕਰ ਕੇ, ਸਪਤਾਹ-ਅੰਤ ਉਤੇ ਜਦੋਂ ਉਹ ਇਕੱਲਾ ਹੁੰਦਾ ਤਾਂ ਜੈਕੀ ਦੇ ਸਾਥ ਵਿਚ ਹੰਢਾਏ ਛਿਣ ਸਾਖਸ਼ਾਤ ਬੋਲ ਬਣ ਕੇ ਉਸ ਦੀ ਅਗਲੀ ਸਬੂਤੀ ਹੋਂਦ ਵਿਚ ਆ ਹਾਜ਼ਰ ਹੁੰਦੇ। ਜੈਕੀ ਜੋ ਉਸ ਨੂੰ ਇਹ ਕਹਿ ਕੇ ਕਿਧਰੇ ਗੁੰਮ ਗੁਆਚ ਗਈ ਸੀ ਕਿ “ਪਹਿਲਾਂ ਤੂੰ ਆਪਣਾ ਮਨ ਬਣਾ ਕਿ ਤੂੰ ਮੇਰੇ ਵਿਚੋਂ, ਮੇਰੇ ਤੇ ਆਪਣੇ ਰਿਸ਼ਤੇ ਵਿਚੋਂ ਕੀ ਪਾਉਣਾ ਚਾਹੁੰਦਾ ਹੈ? ਮੈਂ ਫੇਰ ਆਵਾਂਗੀ। ਦੁਬਿਧਾ ਵਿਚ ਟੁੱਟ ਤੂੰ ਰਿਹਾ ਹੈ, ਤੇ ਖਿੰਡ ਮੈਂ। ਇਹ ਮੇਰੇ ਕੋਲੋਂ ਸਹਿਣ ਨਹੀਂ ਹੁੰਦਾ। ਖਿੰਡਾਓ ਵਿਚ ਖਿੰਡਾਓ ਅਤੇ ਇਕਾਗਰਤਾ ਵਿਚ ਇਕਾਗਰਤਾ ਦੇ ਫ਼ਲਸਫ਼ੇ ਨੂੰ ਸਮਝਣ ਤੇ ਫਿਰ ਅਪਣਾ ਕੇ ਜੀਣ-ਥੀਣ ਵਿਚ ਅਜੇ ਮੈਨੂੰ ਕੁਝ ਦੇਰ ਲੱਗੇਗੀ। ਤਦ ਤੱਕ ਲਈ ਤੇਰੇ ਕੋਲੋਂ ਆਗਿਆ ਮੰਗਦੀ ਹਾਂ ਮੈਂ, ਮੇਰੇ ਸ਼ੰਮੀ ਪਿਆਰੇ।”
ਇੰਝ ਹੀ ਗੱਲਾਂ ਕਰਦੀ-ਕਰਦੀ ਉਹ ਧੂੰਏਂ ਵਿਚ ਧੂੰਆਂ ਬਣੀ ਛਾਈਂ-ਮਾਈਂ ਹੋ ਗਈ ਸੀ। ਛਾਂ ਵਿਚ ਛਾਇਆ ਵਾਂਗ ਗਵਾਚ ਗਈ ਸੀ। ਕਦੇ-ਕਦੇ ਸ਼ਮਿੰਦਰ ਉਸ ਨੂੰ ਧੁੱਪ ਵਿਚ ਚਾਨਣ ਦਾ ਰੂਪ ਵੀ ਦੇ ਲੈਂਦਾ। ਆਪਣੇ ਸੌਹੇਂ ਹਾਜ਼ਰ ਕਰ ਲੈਂਦਾ। ਖ਼ਿਆਲਾਂ ਤੇ ਕਲਪਨਾ ਦੀ ਇਸ ਲੁਕਣ-ਮੀਟੀ ਹੇਠ ਸ਼ਮਿੰਦਰ ਦੇ ਦਿਲ ਜੈਕੀ ਤੋਂ ਬਿਨਾਂ ਵੀ, ਜੈਕੀ ਦੀ ਹਾਜ਼ਰੀ ਵਿਚ ਬੀਤੀ ਜਾ ਰਹੇ ਸਨ।
ਜੈਕੀ ਅੱਧਖੜ ਉਮਰ ਦੀ ਖ਼ੂਬਸੂਰਤ ਔਰਤ ਸੀ। ਭਰਵੀਆਂ ਤੇ ਮਰਮਰੀ ਛਾਤੀਆਂ ਜਿਵੇਂ ਤਾਜ ਮਹੱਲ ਦੀਆਂ ਸਭ ਗੋਲਾਈਆਂ ਉਨ੍ਹਾਂ ਵਿਚ ਸਮਾ ਗਈਆਂ ਹੋਣ। ਉਸ ਦਾ ਚਿਹਰਾ ਜਿਵੇਂ, ਦੁੱਧ ਵਿਚ ਕਿਸੇ ਨੇ ਕੇਸਰ ਘੋਲ ਦਿੱਤਾ ਹੋਵੇ। ਬਰਫ਼ ਉਤੇ ਸੰਧੂਰ ਧੂੜ ਦਿੱਤਾ ਹੋਵੇ। ਭਾਰੀ ਕਮਰ ਹੇਠਾਂ ਉਸ ਦੀਆਂ ਕਸਰਤੀ ਲੱਤਾਂ ਭਰ ਜਵਾਨ ਸਨ, ਉਮਰ ਨੂੰ ਝੁਠਲਾ ਰਹੀਆਂ। ਉਸ ਦੀਆਂ ਅੱਖਾਂ ਵਿਚ ਬਲਾ ਦੀ ਕਸ਼ਿਸ਼ ਸੀ, ਚੁਲਬਲਾਪਨ ਤੇ ਹੰਸੂ-ਹੰਸੂ ਕਰਦੀ ਜਿਉਣ ਦੀ ਅਦਾ। ਵਾਲਾਂ ਦੇ ਰੰਗ ਉਹ ਸਦਾ ਬਦਲਦੀ ਰਹਿੰਦੀ ਸੀ ਤੇ ਨਾਲ ਹੀ ਉਨ੍ਹਾਂ ਅਨੁਸਾਰ ਆਪਣੀਆਂ ਪੋਸ਼ਾਕਾਂ ਦਾ ਰੰਗ ਵੀ। ਵਾਲ ਉਸ ਦੇ ਕਦੇ ਸੁਨਹਿਰੀ ਹੁੰਦੇ, ਕਦੇ ਕਾਲੇ ਤੇ ਬਰਾਊਨ। ਜਿਨ੍ਹਾਂ ਦਿਨਾਂ ਵਿਚ ਉਹ ਉਸ ਨੂੰ ਪਹਿਲੀ ਵਾਰੀ ਮਿਲੀ ਸੀ, ਉਸ ਦੇ ਵਾਲਾਂ ਦਾ ਰੰਗ ਚਿੱਟਾ ਸੀ। ਚਿੱਟੀ ਟਾਪ ਤੇ ਚਿੱਟੀ ਹੀ ਸਕਰਟ। ਚਿੱਟੇ ਰੰਗ ਦੇ ਬੁੰਦੇ ਸਨ ਕੰਨਾਂ ਵਿਚ, ਤੇ ਮੱਥੇ ਦੇ ਵਿਚਕਾਰ ਵੱਡੀ ਸਾਰੀ ਚਿੱਟੀ ਬਿੰਦੀ। ਵੀਣੀ ਉਤੇ ਵੀ ਚਿੱਟੇ ਗਜਰੇ। ਉਚੀ ਅੱਡੀ ਵਾਲੀ ਚਿੱਟੀ ਜੁੱਤੀ ਪਾਈ ਉਹ ਆਲੇ-ਦੁਆਲੇ ਤੋਂ ਬੇਧਿਆਨ ਟੈਰਸ ਸ਼ਹਿਰ ਦੇ ਐਕੁਐਟਿਕ ਸੈਂਟਰ ਵੱਲ ਜਾ ਰਹੀ ਸੀ। ਉਸ ਨੇ ਮੋਢਿਆਂ ਉਤੇ ਚਿੱਟੇ ਰੰਗ ਦਾ ਰਕਸੈਕ ਬੰਨ੍ਹਿਆ ਹੋਇਆ ਸੀ ਜਿਸ ਵਿਚ ਉਸ ਦੀ ਸਵਿਮਿੰਗ ਕਾਸਟਿਊਮ, ਤੌਲੀਆ ਅਤੇ ਮੇਕਅੱਪ ਦਾ ਸਾਮਾਨ ਆਦਿ ਚੀਜ਼ਾਂ ਹੁੰਦੀਆਂ ਸਨ।
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਮਿੰਦਰ ਆਪਣੀ ਇਕੱਲ ਦੇ ਅਹਿਸਾਸ ਨੂੰ ਮਾਰਨ ਲਈ ਇਸ ਸ਼ਹਿਰ ਦੇ ਐਕੁਐਟਿਕ ਸੈਂਟਰ ਵਿਚ ਜਾਇਆ ਕਰਦਾ ਸੀ। ਮਿਉਂਸਿਪਲ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਇਸ ਐਕੁਐਟਿਕ ਸੈਂਟਰ ਵਿਚ ਸਵੇਰ ਦੇ ਛੇ ਵਜੇ ਤੋਂ ਲੈ ਕੇ ਰਾਤ ਦੇ ਨੌਂ-ਦਸ ਵਜੇ ਤੱਕ ਬੜੀਆਂ ਹੀ ਰੌਣਕਾਂ ਰਹਿੰਦੀਆਂ ਸਨ। ਬੱਚੇ, ਬੁੱਢੇ ਤੇ ਜਵਾਨ ਸਭ ਇਥੇ ਕਸਰਤ ਕਰਨ, ਤੈਰਾਕੀ ਸਿੱਖਣ ਜਾਂ ਤਰਨ ਅਤੇ ਭਾਫ਼ ਅਸ਼ਨਾਨ ਕਰਨ ਆਉਂਦੇ। ਭਾਰ ਘਟਾਉਣ ਅਤੇ ਜਿਸਮ ਕਮਾਉਣ ਦਾ ਸ਼ੌਕ ਇਥੇ ਫੈਸ਼ਨ ਬਣ ਗਿਆ ਸੀ। ਤੈਰਾਕਾਂ ਲਈ ਇਥੇ ਵੱਡਾ ਸਾਰਾ ਪੂਲ ਸੀ। ਇਸ ਪੂਲ ਜਾਂ ਤਾਲਾਬ ਦੇ ਨਾਲ ਹੀ ਵਰਲਪੂਲ ਬਣਿਆ ਹੋਇਆ ਸੀ ਜਿਸ ਵਿਚ ਲੱਗੇ ਗਰਮ ਪਾਣੀ ਦੇ ਫੁਆਰੇ ਜਿਸਮ ਦੀ ਮਾਲਸ਼ ਕਰਦੇ ਸਨ। ਇਸ ਪੂਲ ਦੇ ਗਰਮ ਪਾਣੀ ਵਿਚ ਬੈਠਿਆਂ ਨਰਵਸ ਸਿਸਟਮ ਰੌਂ ਵਿਚ ਹੋ ਜਾਂਦਾ ਸੀ। ਨਾਲ ਹੀ ਦੋ ਕਮਰੇ ਹੋਰ ਸਨ- ਇਕ ਜਿਸ ਵਿਚ ਨੌਰਡਿਕ ਡਰਾਲੀ ਸਾਊਨਾ ਸੀ ਤੇ ਦੂਜਾ ਜਿਸ ਵਿਚ ਸਵੀਡਿਸ਼ ਸਟੀਮ ਸਾਊਨਾ ਜਾਂ ਭਾਫ਼-ਅਸ਼ਨਾਨ। ਇਕ ਕਮਰੇ ਵਿਚ ਸਨ-ਲੈਂਪ ਲਾ ਕੇ ਬਾਰਾਂ ਮਹੀਨੇ ਹੀ ਅਲਟਰਾ ਵਾਇਲੈਟ ਕਿਰਨਾਂ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਕਿ ਚਮੜੀ ਦੀ ਟੈਨਿੰਗ ਕਰਨ ਵਾਲੇ ਇਸਤਰੀ ਪੁਰਸ਼ਾਂ ਦਾ ਸ਼ੌਕ ਪੂਰਾ ਹੋ ਸਕੇ।
ਇਥੇ ਨੌਜਵਾਨ ਇਸਤਰੀ ਪੁਰਸ਼ ਵੀ ਆਉਂਦੇ ਤੇ ਬੱਚੇ ਅਤੇ ਬੁੱਢੇ ਵੀ। ਮੇਲਾ ਜਿਹਾ ਲੱਗਾ ਰਹਿੰਦਾ ਹਰ ਸਮੇਂ। ਬੱਚਿਆਂ ਦਾ ਇਕ ਉਮਰ-ਸਮੂਹ ਤੈਰਾਕੀ ਦੇ ਸਬਕ ਲੈ ਕੇ ਤੁਰ ਜਾਂਦਾ, ਤਾਂ ਦੂਜਾ ਆ ਜਾਂਦਾ। ਵਿਚ-ਵਿਚ ਬਾਲਗਾਂ ਦੇ ਟੁੱਭੀਆਂ ਲਾਉਣ ਅਤੇ ਤਰਨ ਦੀ ਵਾਰੀ ਆ ਜਾਂਦੀ।
ਸ਼ਮਿੰਦਰ ਨੇ 35 ਡਾਲਰ ਵਿਚ ਤਿੰਨ ਮਹੀਨਿਆਂ ਦਾ ਪਾਸ ਖਰੀਦ ਲਿਆ ਸੀ ਤੇ ਜਦੋਂ ਵੀ ਇਕੱਲ ਦਾ ਅਹਿਸਾਸ ਸਤਾਉਂਦਾ, ਇਥੇ ਆ ਕੇ ਇਸ ਭਰੇ ਮੇਲੇ ਨੂੰ ਵੇਖਦਾ, ਇਸ ਦੇ ਕਾਰਜ ਵਿਚ ਸ਼ਾਮਲ ਹੋ ਜਾਂਦਾ। ਕਦੇ ਕਸਰਤ, ਕਦੇ ਭਾਫ਼-ਅਸ਼ਨਾਨ ਅਤੇ ਕਦੇ ਗੋਤਾ-ਖੋਰੀ ਤੇ ਤੈਰਾਕੀ। ਦਿਨ ਪਤਾ ਨਹੀਂ ਕਿਵੇਂ ਗੁਜ਼ਰ ਜਾਂਦਾ।
ਇਥੇ ਹੀ ਇਕ ਦਿਨ ਵਰਲਪੂਲ ਵਿਚ ਬੈਠਿਆਂ ਉਸ ਦਾ ਪੈਰ ਅਚਾਨਕ ਜੈਕੀ ਦੇ ਪੈਰ ਨੂੰ ਛੁਹ ਗਿਆ ਸੀ, ਬੇਧਿਆਨੀ ਵਿਚ। ਜੈਕੀ ਉਸ ਦੀਆਂ ਅੱਖਾਂ ਵਿਚ ਸਿੱਧਾ ਵੇਖ ਰਹੀ ਸੀ ਤੇ ਉਸ ਦਾ ਚਿਹਰਾ ਗੇਰੂਆ ਹੋਇਆ ਪਿਆ ਸੀ। ਹਯਾ ਦੀ ਇਕ ਪਰਛਾਈਂ ਆਉਂਦੀ, ਤੇ ਇਕ ਜਾਂਦੀ ਸੀ ਉਸ ਦੇ ਚਿਹਰੇ ਉਤੇ। ਅੱਖਾਂ ਦੀ ਸ਼ਕਤੀਸ਼ਾਲੀ ਐਕਸ-ਰੇ ਤੱਕਣੀ ਜਿਵੇਂ ਸ਼ਮਿੰਦਰ ਦੇ ਧੁਰ ਅੰਦਰ ਤੱਕ ਲੱਥ ਗਈ ਹੋਵੇ ਤੇ ਉਸ ਕੋਲੋਂ ਬੇਧਿਆਨੀ ਵਿਚ ਹੋਈ ਇਸ ਹਰਕਤ ਲਈ ਖਿਮਾ ਦੀ ਮੰਗ ਕਰ ਰਹੀ ਹੋਵੇ। “ਖਿਮਾ ਕਰਨਾ, ਮੈਂ ਕਿਧਰੇ ਗੁੰਮ ਗੁਆਚ ਗਿਆ ਸਾਂ ਖਿਆਲਾਂ ਦੇ ਸੰਸਾਰ ਵਿਚ, ਤੇ ਜਿਸਮ ਦਾ ਅਹਿਸਾਸ ਹੀ ਨਾ ਰਿਹਾ ਕਿ ਇਹ ਵੀ ਮੇਰੇ ਨਾਲ ਹੀ ਆਇਆ ਸੀ। ਮੈਥੋਂ ਭੁੱਲ ਹੋ ਗਈ। ਮੈਨੂੰ ਅਫ਼ਸੋਸ ਹੈ।”
“ਇਟ’ਜ਼ ਆਲ ਰਾਈਟ।”
ਕਹਿ ਕੇ ਜੈਕੀ ਨੇ ਆਪਣੀਆਂ ਨਜ਼ਰਾਂ ਦੂਜੇ ਪਾਸੇ ਭੁਆ ਲਈਆਂ ਪਰ ਸ਼ਮਿੰਦਰ ਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦਾ ਜਿਸਮ ਸਗਲੀ ਸਬੂਤੀ ਅੱਖ ਬਣਿਆ ਉਸ ਨੂੰ ਨਿਰੰਤਰ ਘੂਰ ਰਿਹਾ ਹੋਵੇ। ਚਿੱਟੇ ਦੁੱਧ ਵਾਲਾਂ ਹੇਠ, ਚਿੱਟੀ-ਦੁੱਧ ਤਰਨ-ਪੋਸ਼ਾਕ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦਾ ਇਹ ਜਵਾਨ ਤੇ ਕਮਾਇਆ ਹੋਇਆ ਜਿਸਮ ਸ਼ਮਿੰਦਰ ਦੀਆਂ ਨਜ਼ਰਾਂ ਨੂੰ ਕੀਲੀ ਬੈਠਾ ਸੀ।
“ਮੈਂ ਇਹ ਜ਼ਿਹਨੀ ਬਲਾਤਕਾਰ ਪਸੰਦ ਨਹੀਂ ਕਰਦੀ।” ਆਖਦੀ ਹੋਈ, ਬੁੜ-ਬੁੜ ਕਰਦੀ ਜੈਕੀ ਵਰਲਪੂਲ ‘ਚੋਂ ਉਠ ਕੇ ਔਰਤਾਂ ਦੇ ਅਸ਼ਨਾਨ-ਕਮਰੇ ਵੱਲ ਚਲੇ ਗਈ। ਸ਼ਮਿੰਦਰ ਨੂੰ ਇਸ ਬੇਬਾਕ ਬਿਆਨਬਾਜ਼ੀ ਨੇ ਝਟਕਾ ਜਿਹਾ ਮਾਰਿਆ ਸੀ। ਇਸ ਤੋਂ ਪਹਿਲਾਂ ਕਿ ਉਹ ਸੰਭਲਦਾ ਤੇ ਉਤਰ ਵਿਚ ਕੁਝ ਕਹਿੰਦਾ, ਜੈਕੀ ਉਥੋਂ ਜਾ ਚੁੱਕੀ ਸੀ।
ਸ਼ਮਿੰਦਰ ਦੀ ਇਕੱਲ ਨੂੰ ਇਸ ਘਟਨਾ ਨੇ ਜਿਵੇਂ ਕੋਈ ਮੰਤਵ ਦੇ ਦਿੱਤਾ ਹੋਵੇ। ਖਲਾਅ ਜਿਹੇ ਵਿਚ ਗੁੰਮ, ਲਟਕ ਰਹੀ ਜ਼ਿੰਦਗੀ ਨੂੰ ਜਿਵੇਂ ਕੋਈ ਦਿਸ਼ਾ ਮਿਲ ਗਈ ਹੋਵੇ। ਸ਼ਮਿੰਦਰ ਵਾਂਗ ਜੈਕੀ ਵੀ ਉਥੇ ਰੋਜ਼ ਆਉਂਦੀ ਸੀ। ਝਿਜਕ ਹੌਲੀ-ਹੌਲੀ ਦੁਆ ਸਲਾਮ ਵਿਚ ਬਦਲ ਗਈ ਅਤੇ ਚੁੱਪ ਬੋਲਾਂ ਅਤੇ ਹੁੰਗਾਰਿਆਂ ਵਿਚ:
“ਬੜੀ ਇਕੱਲੀ ਹਾਂ ਮੈਂ! ਦੋ ਬੱਚੇ ਹਨ ਮੇਰੇ, ਸਕੂਲ ਚਲੇ ਜਾਂਦੇ ਹਨ ਤਾਂ ਘਰ ਵੱਢ ਖਾਣ ਨੂੰ ਆਉਂਦਾ ਹੈ। ਇਥੇ ਆ ਜਾਂਦੀ ਹਾਂ ਅੱਕ ਕੇ। ਕੀ ਕਰਾਂ?”
“ਤੇਰਾ ਪਤੀ ਨਹੀਂ ਕੀ?”
“ਹੈ ਵੀ ਤੇ ਨਹੀਂ ਵੀ। ਲੰਮੇ ਰੂਟ ਦਾ ਟਰੱਕ ਡਰਾਈਵਰ ਹੈ ਉਹ। ਕਈ-ਕਈ ਹਫ਼ਤੇ ਵੈਨਕੂਵਰ ਤੇ ਉਥੋਂ ਅਮਰੀਕਾ ਵੱਲ ਨਿਕਲ ਜਾਂਦਾ ਹੈ। ਢੋ-ਢੁਆਈ ਦੇ ਕਿੱਤੇ ਵਿਚ ਬੜਾ ਓਵਰਟਾਈਮ ਲਾਉਂਦਾ ਹੈ। ਬੜੇ ਪੈਸੇ ਕਮਾਉਂਦਾ ਹੈ। ਜਦੋਂ ਮੁੜਦਾ ਹੈ ਤਾਂ ਜਾਪਦਾ ਹੈ ਕਿ ਮੈਂ ਕਿਸੇ ਅਜਨਬੀ ਨੂੰ ਮਿਲ ਰਹੀ ਹੋਵਾਂ। ਹਮਬਿਸਤਰੀ ਸਮੇਂ ਜਾਪਦਾ ਹੈ ਜਿਵੇਂ ਮੇਰਿਆਂ ਬੱਚਿਆਂ ਦਾ ਪਿਤਾ ਨਹੀਂ, ਸਗੋਂ ਕੋਈ ਅਜਨਬੀ ਮੇਰੇ ਜਿਸਮ, ਮੇਰੇ ਦਿਲ, ਦਿਮਾਗ਼ ਵਿਚ ਦਰਾੜਾਂ ਪਾ ਰਿਹਾ ਹੋਵੇ। ਮੈਨੂੰ ਆਪਣੇ ਆਪ ਤੋਂ, ਸਭ ਤੋਂ ਦੂਰ ਲਿਜਾ ਰਿਹਾ ਹੋਵੇ।”
“ਇਹ ਕੇਵਲ ਤੇਰਾ ਅਹਿਸਾਸ ਹੀ ਹੈ। ਆਖ਼ਰ ਉਹ ਤੇਰਾ ਪਤੀ ਤੇ ਤੇਰੇ ਬੱਚਿਆਂ ਦਾ ਪਿਤਾ ਹੈ। ਉਸ ਬਾਰੇ ਅਜਿਹੇ ਵਿਚਾਰ ਕਿਉਂ?”
ਪ੍ਰੇਮੀ ਜਦੋਂ ਪਤੀ ਅਤੇ ਪਤੀ ਕੇਵਲ ਮਰਦ ਬਣ ਜਾਵੇ ਤਾਂ ਅਕਸਰ ਇਵੇਂ ਹੀ ਹੁੰਦਾ ਹੈ। ਕੋਮਲ ਜਜ਼ਬਿਆਂ ਦਾ ਘਾਤ ਹੋ ਜਾਂਦਾ ਹੈ। ਮਰਦ ਨੂੰ ਸਿਰਫ਼ ਆਪਣਾ ਮਰਦਾਊਪੁਣਾ ਸੰਭੋਗ ਦੀ ਵਿਜੈ ‘ਚੋਂ ਹੀ ਨਜ਼ਰ ਆਉਂਦਾ ਹੈ, ਆਤਮਾ ਦੀ ਅਭੇਦਤਾ ‘ਚੋਂ ਨਹੀਂ! ਇਸ ਮਾਨਸਿਕ ਰੌਂ ਵਾਲਾ ਮਰਦ ਅਜਿਹਾ ਫੋੜਾ ਬਣ ਜਾਂਦਾ ਹੈ ਜਿਸ ਨੂੰ ਜੇ ਔਰਤ ਚਾਹੇ ਤਾਂ, ਇਸ ਖੇਡ ਵਿਚ ਤੁੰਭ ਲਾ ਕੇ ਵਗਾ ਸਕਦੀ ਹੈ। ਫਿੱਸਣ ਤੋਂ ਭਰਨ ਵਿਚਕਾਰ ਵਕਫ਼ਾ ਲੋੜਦਾ ਹੈ। ਪ੍ਰੇਮੀ ਤੇ ਪ੍ਰੇਮਿਕਾ ਦਾ ਰਿਸ਼ਤਾ ਭਰਨਾ-ਫਿਸਣਾ ਹੀ ਤਾਂ ਨਹੀਂ। ਇਹ ਕੋਮਲ ਭਾਵਾਂ ਤੇ ਕੋਮਲ ਅਹਿਸਾਸਾਂ ਦੀ ਸਾਂਝ ਦੀ ਮੰਗ ਕਰਦਾ ਹੈ ਪਰ ਮੇਰਾ ਪਤੀ ਇਹ ਸਮਝਦਾ ਹੈ ਕਿ ਉਸ ਦਾ ਘਰ ਮੁੜਨਾ ਮੇਰੀ ਜਿਸਮਾਨੀ ਲੋੜ ਲਈ ਫ਼ਰਜ਼ ਹੀ ਹੈ। ਤੇ ਮੈਂ ਅਕਸਰ ਸੋਚਦੀ ਹਾਂ ਕਿ ਟਰੱਕ ਚਲਾਉਂਦਾ-ਚਲਾਉਂਦਾ ਇਹ ਖ਼ੁਦ ਵੀ ਟਰੱਕ ਹੀ ਬਣ ਗਿਆ ਹੈ। ਇਥੋਂ ਭਰਿਆ ਤੇ ਉਥੇ ਖਾਲੀ ਹੋਇਆ, ਉਥੋਂ ਭਰਿਆ ਤੇ ਇਥੇ ਖਾਲੀ ਹੋਇਆ। ਮੇਰੇ ਕੋਲੋਂ ਆਪਣੇ ਦਿਲ ਦਾ ਇਹ ਬਲਾਤਕਾਰ ਸਹਿਨ ਨਹੀਂ ਹੁੰਦਾ। ਮੈਂ ਉਸ ਨੂੰ ਕੁਝ ਕਹਿ ਨਹੀਂ ਸਕਦੀ। ਆਖਾਂ ਵੀ, ਤਾਂ ਉਹ ਕੁਝ ਸਮਝ ਨਹੀਂ ਸਕੇਗਾ।”
ਜੈਕੀ ਦਾ ਪਤੀ ਜਦੋਂ ਪ੍ਰੇਮੀ ਦੇ ਰੂਪ ਵਿਚ ਪਹਿਲਾਂ-ਪਹਿਲ ਜੈਕੀ ਨੂੰ ਮਿਲਿਆ ਸੀ ਤਾਂ ਉਸ ਨੂੰ ਬੜਾ ਪਿਆਰ ਕਰਦਾ ਸੀ; ਦਿਨ ਰਾਤ ਘਰ ਬਾਹਰ, ਯਾਰਾਂ ਦੋਸਤਾਂ ਨਾਲ ਜੈਕੀ ਦੀਆਂ ਗੱਲਾਂ। ਜੈਕੀ ਦੇ ਸੁਫ਼ਨੇ। ਜੈਕੀ ਨੂੰ ਚੁੰਮਦਾ। ਘੁੱਟ-ਘੁੱਟ ਹਿੱਕ ਨਾਲ ਲਾਉਂਦਾ। ਘੰਟਿਆਂ ਬੱਧੀ ਉਸ ਨਾਲ ਗੱਲਾਂ ਕਰਦਾ ਨਾ ਥੱਕਦਾ। ਉਦੋਂ ਉਹ ਇਕੱਠੇ ਸਕੂਲ ਵਿਚ ਪੜ੍ਹਦੇ ਸਨ। ਸਕੂਲ ਡਾਂਸ ਦੀ ਉਹ ਚਹੇਤੀ ਤੇ ਮਾਹਰ ਜੋੜੀ ਸੀ। ਸਿਨਮੇ ਉਹ ਇਕੱਠੇ ਜਾਂਦੇ। ਸੈਰ ਉਹ ਇਕੱਠੇ ਕਰਦੇ। ਉਨ੍ਹਾਂ ਦੀ ਮੁਹੱਬਤ ਮਿਸਾਲੀ ਮੁਹੱਬਤ ਸੀ ਨਵੇਂ ਬਣ ਰਹੇ ਆਸ਼ਕਾਂ ਲਈ! ਵਿਆਹ ਉਪਰੰਤ ਜੈਕੀ ਦੇ ਪਤੀ ਨੂੰ ਗਰੋਸਰੀ ਸਟੋਰ ਵਿਚ ਛੋਟੀ ਜਿਹੀ ਨੌਕਰੀ ਮਿਲੀ। ਤੰਗੀ-ਤੁਰਸ਼ੀ ਦੇ ਇਨ੍ਹਾਂ ਦਿਨਾਂ ਨੂੰ ਮੁਹੱਬਤ ਦੀ ਅਮੀਰੀ ਆਪਣੇ ਖੰਭਾਂ ਉਤੇ ਕਲਪਨਾ ਦੇ ਦੇਸ਼ ਲੈ ਉਡਦੀ। ਜੈਕੀ ਕਿਰਾਏ ਦੀ ਨਿੱਕੀ ਜਿਹੀ ਬੇਸਮੈਂਟ ਵਿਚ ਆਪਣੇ ਪਤੀ ਦੀ ਉਡੀਕ ਕਰਦੀ। ਉਸ ਦੀ ਤਸਵੀਰ ਤੇ ਸ਼ੀਸ਼ੇ ਵਿਚੋਂ ਉਭਰੇ ਉਸ ਦੇ ਅਕਸ ਨਾਲ ਘੰਟਿਆਂ ਬੱਧੀ ਗੱਲਾਂ ਕਰਦੀ ਰਹਿੰਦੀ। ਸਵੇਰ ਚੜ੍ਹਦੀ, ਉਹ ਆਪਣੇ ਪਤੀ ਨੂੰ ਕੰਮ ਲਈ ਤੋਰਦੀ ਅਤੇ ਸ਼ਾਮ ਪੈਂਦੀ ਤਾਂ ਉਹ ਆਪਣੇ ਪਤੀ ਨੂੰ ਜੀ ਆਇਆਂ ਕਹਿੰਦੀ। ਉਡ ਕੇ ਮਿਲਦੀ। ਹਿੱਕ ਨਾਲ ਚਿੰਮੜ ਜਾਂਦੀ। ਚੁੰਮ-ਚੁੰਮ ਉਸ ਦੀ ਸਾਰੀ ਥਕਾਵਟ ਉਤਾਰ ਦਿੰਦੀ।
ਸੁਫ਼ਨੇ ਵਾਂਗ ਬੀਤ ਰਹੀ ਇਸ ਜ਼ਿੰਦਗੀ ਵਿਚ ਮਹਿੰਗਾਈ ਬੜੀ ਤੇਜ਼ੀ ਨਾਲ ਵਧੀ! ਬੱਚੇ ਹੋ ਗਏ! ਉਸ ਦੇ ਪਤੀ ਨੇ ਓਵਰਟਾਈਮ ਲਾਉਣਾ ਸ਼ੁਰੂ ਕੀਤਾ। ਕਈ ਕੰਮ ਬਦਲੇ। ਜੈਕੀ ਨੇ ਵੀ ਨੌਕਰੀ ਕਰ ਲਈ। ਬੱਚੇ ਬੇਬੀਸਿਟਰ ਕੋਲ ਰਹਿੰਦੇ। ਥੱਕੇ-ਟੁੱਟੇ ਉਹ ਮਿਲਦੇ ਪਰ ਖਾਨਾਪੂਰੀ ਜਿਹੀ ਵਾਂਗ। ਮਸ਼ੀਨੀ ਜਿਹੇ ਵਿਹਾਰ ਵਿਚ।
ਇਨ੍ਹਾਂ ਦਿਨਾਂ ਵਿਚ ਹੀ ਜੈਕੀ ਦਾ ਪਤੀ ਟਰੱਕ ਡਰਾਈਵਰ ਬਣ ਗਿਆ ਤੇ ਫਿਰ ਹੌਲੀ-ਹੌਲੀ ਉਹ ਨਵੇਂ ਟਰੱਕ ਦਾ ਮਾਲਕ ਅਤੇ ਚਾਲਕ ਵੀ ਹੋ ਗਿਆ। ਟਰੱਕ ਦੀਆਂ ਕਿਸ਼ਤਾਂ, ਨਵੇਂ ਲਏ ਵੱਡੇ ਸਾਰੇ ਘਰ ਦੀਆਂ ਕਿਸ਼ਤਾਂ, ਘਰ ਵਿਚ ਭਰੇ ਐਸ਼ੋ-ਆਰਾਮ ਅਤੇ ਦਿਲ ਪ੍ਰਚਾਵੇ ਦੇ ਸਾਮਾਨ ਦੀਆਂ ਕਿਸ਼ਤਾਂ! ਕਿਸ਼ਤਾਂ ਹੀ ਕਿਸ਼ਤਾਂ ਸਨ ਤੇ ਕਮਾਊ ‘ਕੱਲਾ ਜੈਕੀ ਦਾ ਪਤੀ ਹੀ ਰਹਿ ਗਿਆ। ਉਸ ਦੇ ਆਦੇਸ਼ ਅਨੁਸਾਰ ਜੈਕੀ ਦਾ ਕੰਮ ਹੁਣ ਕੇਵਲ ਘਰ ਅਤੇ ਬੱਚਿਆਂ ਦੀ ਸੰਭਾਲ ਹੀ ਸੀ।
ਵੱਡੇ ਸਾਰੇ ਘਰ ਵਿਚ ਸਭ ਕੁਝ ਦੇ ਹੁੰਦਿਆਂ ਜੈਕੀ ‘ਕੱਲੀ ਹੋ ਗਈ ਸੀ। ਉਸ ਦੇ ਪਤੀ ਦੇ ਟੱਰਕਾਂ ਦਾ ਕੰਮ-ਕਾਰ ਜਿਵੇਂ-ਜਿਵੇਂ ਵਧ ਰਿਹਾ ਸੀ, ਤਿਵੇਂ-ਤਿਵੇਂ ਜੈਕੀ ਉਸ ਤੋਂ, ਆਪਣੇ-ਆਪ ਤੋਂ, ਤੇ ਸਭ ਤੋਂ ਦੂਰ ਹੁੰਦੀ ਜਾ ਰਹੀ ਸੀ। ਉਸ ਦੇ ਅੰਦਰ ਉਸ ਨੂੰ ਗੰਢਾਂ ਹੀ ਗੰਢਾਂ ਨਜ਼ਰ ਆਉਂਦੀਆਂ। ਸਭ ਕੁਝ ਉਲਝ ਕੇ ਰਹਿ ਗਿਆ ਸੀ। ਇਕ ਇਕੱਲ ਸੀ ਚਾਰ-ਚੁਫੇਰੇ। ਬੱਚੇ ਵੱਡੇ ਹੋ ਗਏ ਸਨ। ਉਹ ਆਪਣੇ ਹਾਣ ਵਿਚ ਦਿਨ ਗੁਜ਼ਾਰਨੇ ਵਧੇਰੇ ਚੰਗੇ ਸਮਝਦੇ!
ਜੈਕੀ ਇਸ ਪਦਾਰਥਕ ਬਹੁਲਤਾ ਤੋਂ ਜਿਵੇਂ ਅੱਕ ਜਿਹੀ ਗਈ, ਤੇ ਇਸ ਅਕੇਵੇਂ ਦੀ ਹਾਲਤ ਵਿਚ ਹੀ ਉਸ ਦਾ ਰੁਖ ਐਕੁਐਟਿਕ ਸਂੈਟਰ ਵੱਲ ਹੋ ਗਿਆ ਸੀ। ਸ਼ਮਿੰਦਰ ਵੀ ਉਸ ਨੂੰ ਇਥੇ ਹੀ ਮਿਲਿਆ ਸੀ।
ਸ਼ਮਿੰਦਰ ਦੇ ਇੰਨਾ ਨੇੜੇ ਹੋ ਕੇ ਉਹ ਉਸ ਨੂੰ ਸਮਝ ਨਹੀਂ ਸੀ ਸਕੀ ਕਿ ਉਹ ਆਖ਼ਰ ਚਾਹੁੰਦਾ ਕੀ ਹੈ? ਉਸ ਦੀਆਂ ਗੱਲਾਂ ਸ੍ਵੈ-ਵਿਰੋਧੀ ਹੁੰਦੀਆਂ ਸਨ। ਉਸ ਦੇ ਫ਼ਲਸਫ਼ਈ ਅੰਦਾਜ਼ ਵਿਚ ਬੜਾ ਉਲਝਾਉ ਸੀ। ਜੈਕੀ ਨੇ ਜਿਸਮ ਅਤੇ ਮਨ ਦੇ ਰਿਸ਼ਤੇ ਨੂੰ ਇਕੋ ਪਤੀ ਦੇ ਮਾਧਿਅਮ ਦੁਆਰਾ ਹੱਡੀਂ ਹੰਢਾਇਆ ਸੀ! ਐਸੇ ਹਰ ਰਿਸ਼ਤੇ ਤੋਂ ਉਸ ਦਾ ਭਰਮ-ਖੰਡਨ ਹੋ ਚੁੱਕਾ ਸੀ। ਉਹ ਚਾਹੁੰਦੀ ਸੀ ਕਿ ਕੋਈ ਉਸ ਨੂੰ ਉਸ ਦੇ ਮਨ, ਉਸ ਦੀ ਇਕੱਲ ਦੇ ਹਾਣ ਦਾ ਹੋ ਕੇ ਮਿਲੇ। ਉਹ ਚਾਹੁੰਦੀ ਸੀ ਕਿ ਕੋਈ ਉਸ ਨੂੰ ਨਿਸ਼ਕਾਮ ਰੂਪ ਵਿਚ ਮਿਲੇ ਜਿਸ ਨੂੰ ਛੁਹਣ ਤੋਂ ਬਿਨਾਂ ਹੀ, ਉਸ ਦੀ ਛੁਹ ਦਾ ਮੱਠਾ-ਮੱਠਾ, ਮਿੱਠਾ-ਮਿੱਠਾ ਅਹਿਸਾਸ ਸਾਰੀ ਹੋਂਦ ਨੂੰ ਮਸਤ ਕਰ ਦੇਵੇ।
ਸ਼ਮਿੰਦਰ ਦੀਆਂ ਨਜ਼ਰਾਂ ਵਿਚ ਕਦੇ ਤਨ ਦੀ ਲਾਲਸਾ ਹੁੰਦੀ, ਕਦੇ ਮਨ ਦੇ ਭੰਬਲਭੂਸੇ। ਉਹ ਜਾਣਦਾ ਸੀ ਕਿ ਉਹ ਵੀ ਆਪਣੇ ਅੰਦਰ ਅੰਤਾਂ ਦਾ ਇਕੱਲਾ ਸੀ ਤੇ ਆਪਣੀ ਇਕੱਲ ਨੂੰ ਕਿਸੇ ਭਰਵੇਂ ਸਾਥ ਨਾਲ ਪੁਰ ਕਰਨ ਦਾ ਮੁਤਲਾਸ਼ੀ ਸੀ। ਕੀ ਇਕ ਕਿਸਮ ਦੀ ਇਕੱਲ ਨੂੰ ਦੂਜੀ ਕਿਸਮ ਦੀ ਇਕੱਲ ਦਾ ਸਾਥ ਕਾਫ਼ੀ ਨਹੀਂ? ਕੀ ਇਕੱਲ, ਕੇਵਲ ਇਕੱਲ ਨੂੰ, ਇਕੱਲ ਦੇ ਰੂਪ ਵਿਚ ਸਮਝ ਕੇ ਉਸ ਦਾ ਭਰਵਾਂ ਸਾਥ ਨਹੀਂ ਬਣ ਸਕਦੀ? ਉਹ ਅਕਸਰ ਇਹੋ ਜਿਹੇ ਪ੍ਰਸ਼ਨਾਂ ਵਿਚ ਉਲਝ ਜਾਂਦੀ ਤੇ ਸ਼ਮਿੰਦਰ ਉਸ ਨੂੰ ਆਪਣੇ ਕੋਲੋਂ ਹੋਰ ਵੀ ਦੂਰ ਹੋਇਆ ਜਾਪਦਾ। ਵਰਲਪੂਲ ਵਿਚ ਕੋਲ-ਕੋਲ ਬੈਠਿਆਂ ਵੀ ਜਿਵੇਂ ਉਨ੍ਹਾਂ ਵਿਚਕਾਰ ਕੋਈ ਦੀਵਾਰ ਉਸਰ ਆਉਂਦੀ। ਛੁਹ ਰਹੇ ਪੈਰਾਂ ਵਿਚ ਜਿਵੇਂ ਪੱਥਰ ਉਤਰ ਆਉਂਦੇ। ਆਪਸੀ ਵਾਰਤਾਲਾਪ ਵੀ ਜਿਵੇਂ ਇਕਾਲਾਪ ਬਣ ਕੇ ਰਹਿ ਜਾਂਦਾ।
ਇਹ ਇਨ੍ਹਾਂ ਦਿਨਾਂ ਦੀ ਹੀ ਗੱਲ ਹੈ ਕਿ ਜੈਕੀ, ਅਮਰੀਕਾ ਵਿਚ ਆਪਣੇ ਪਤੀ ਕੋਲ ਚਲੇ ਗਈ। ਉਨ੍ਹਾਂ ਦਿਨਾਂ ਵਿਚ ਉਸ ਨੂੰ ਢੋ-ਢੁਆਈ ਦੇ ਕੁਝ ਐਸੇ ਠੇਕੇ ਮਿਲੇ ਜਿਸ ਕਾਰਨ ਕੈਨੇਡਾ ਤੇ ਅਮਰੀਕਾ ਵਿਚ ਚੱਲਦੇ ਆਪਣੇ ਟਰੱਕਾਂ ਦੇ ਵਿਉਪਾਰ ਨੂੰ ਉਹ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਲਾਗੇ ਅਮਰੀਕਾ ਦੇ ਸ਼ਹਿਰ ਬੈਲਿੰਗਹੈਮ ਵਿਚ ਰਹਿ ਕੇ ਵਧੇਰੇ ਚੰਗੀ ਤਰ੍ਹਾਂ ਚਲਾ ਸਕਦਾ ਸੀ।
ਜੈਕੀ ਦੇ ਜਾਣ ਤੋਂ ਬਾਅਦ ਹੀ ਸ਼ਮਿੰਦਰ ਨੂੰ ਜੈਕੀ ਦੇ ਆਪਣੇ ਅੰਦਰ ਲੱਥ ਚੁੱਕੇ ਡੂੰਘੇ ਰਿਸ਼ਤੇ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਹੋਇਆ ਸੀ। ਸ਼ਮਿੰਦਰ ਆਪਣੇ-ਆਪ ਨਾਲ ਗੱਲ ਕਰ ਰਿਹਾ ਵੀ ਜਿਵੇਂ ਜੈਕੀ ਨੂੰ ਸੰਬੋਧਤ ਹੁੰਦਾ। ਫ਼ੋਨ ਵੱਲ ਲਗਾਤਾਰ ਵੇਖਦਾ ਰਹਿੰਦਾ, ਇਸ ਉਡੀਕ ਵਿਚ ਕਿ ਜੈਕੀ ਇਕ ਦਿਨ ਫ਼ੋਨ ਜ਼ਰੂਰ ਕਰੇਗੀ।
ਇਹ ਫ਼ੋਨ ਦੀ ਘੰਟੀ ਵੱਜੀ ਸੀ ਕਿ ਉਸ ਦਾ ਵਹਿਮ ਹੀ ਸੀ? ਸ਼ੀਸ਼ੇ ਸੌਹੇਂ ਬੈਠੇ ਸ਼ਮਿੰਦਰ ਨੇ ਸਹਿਵਨ ਹੀ ਫ਼ੋਨ ਚੁੱਕਿਆ।
“ਮੈਂ ਜੈਕੀ ਬੋਲ ਰਹੀ ਹਾਂ।”
“ਕਿੱਥੋਂ?”
“ਅਮਰੀਕਾ ਤੋਂ।”
“ਇਥੇ ਕਦੋਂ ਆਉਣਾ ਹੈ?”
“ਝੱਲਿਆ, ਮੈਂ ਇਥੋਂ ਗਈ ਹੀ ਕਦੋਂ ਸਾਂ?”
ਕਹਿ ਕੇ ਜੈਕੀ ਹੱਸੀ ਤੇ ਹੱਸਦੀ ਚਲੇ ਗਈ।
“ਤੇਰੇ ਪਤੀ ਦਾ ਕੀ ਹਾਲ ਹੈ?”
“ਠੀਕ ਹੈ।”
“ਉਸ ਦਾ ਕਾਰੋਬਾਰ ਕਿਵੇਂ ਚੱਲ ਰਿਹਾ ਹੈ?”
“ਧੜਾ-ਧੜ! ਮਾਇਆ ‘ਚ ਖੇਡ ਰਿਹਾ ਹੈ। ਹੁਣ ਉਸ ਨੂੰ ਮੇਰਾ ਨਹੀਂ, ਮਾਇਆ ਅਤੇ ਇਸ ਦੁਆਰਾ ਪ੍ਰਾਪਤ ਹੋਈ ਸ਼ਕਤੀ ਦੇ ਖੁੱਸ ਜਾਣ ਦਾ ਭੈਅ ਹੈ। ਚਿੰਤਾ ਉਸ ਨੂੰ ਹੋਰ ਵਧੇਰੇ ਮਾਇਆ ਜਮ੍ਹਾਂ ਕਰਨ ਦੀ ਹੈ। ਪੈਸਾ, ਪੈਸਾ ਹੀ ਵਰਤਦਾ ਤੇ ਪੈਸਾ ਹੀ ਜਣਦਾ ਹੈ।”
“ਇਸ ਪੂੰਜੀਵਾਦੀ ਨਿਜ਼ਾਮ ਵਿਚ ਪੈਸੇ ਬਿਨਾਂ ਵੀ ਤਾਂ ਗਤੀ ਨਹੀਂ।”
“ਹਾਂ, ਪੈਸਾ ਹੀ ਤਾਂ ਬਣ ਗਿਆ ਹੈ ਮੇਰਾ ਪਤੀ। ਹੁਣ ਤਾਂ ਹਰ ਰਾਤ ਬਿਸਤਰ ਉਤੇ ਵੀ ਟਰੱਕਾਂ ਦੇ ਵਿਉਪਾਰ ਦਾ ਸਾਰਾ ਤਾਣਾ ਪੇਟਾ ਚੁੱਕ ਲਿਆਉਂਦਾ ਹੈ। ਇਸ ਬੋਝ ਦੇ ਭੈਅ ਤੇ ਚਿੰਤਾ ਹੇਠੋਂ ਹੁਣ ਤਾਂ ਉਸ ਦੇ ਅੰਦਰਲਾ ਮਰਦ ਵੀ ਸਿਰ ਨਹੀਂ ਚੁੱਕਦਾ। ਭਰਨਾ-ਫਿਸਣਾ ਜਿਵੇਂ ਉਸ ਨੂੰ ਭੁੱਲ ਗਿਆ ਹੋਵੇ। ਉਸ ਅੰਦਰ ਪੈਸੇ ਦੀ ਹਉਂ ਜਿਉਂ-ਜਿਉਂ ਉਚੀ ਹੋ ਰਹੀ ਹੈ, ਤਿਉਂ-ਤਿਉਂ ਉਸ ਅੰਦਰਲਾ ਮਰਦ ਸਦਾ ਨਿਪੁੰਸਕਤਾ ਦੀ ਅਵਸਥਾ ਵਿਚ ਨਿਘਰਦਾ ਜਾ ਰਿਹਾ ਹੈ। ਇਹ ਕਿਹਾ ਪੜਾਅ ਹੈ ਜ਼ਿੰਦਗੀ ਦਾ? ਜ਼ਿੰਦਗੀ ਦੇ ਰੰਗ ਵੀ ਅਜੀਬ ਹਨ। ਪ੍ਰੇਮੀ ਪਹਿਲਾਂ ਪਤੀ ਬਣਦਾ ਹੈ। ਫਿਰ ਪਤੀ ਅੰਦਰਲਾ ਮਰਦਾਊਪੁਣਾ ਜਾਗਦਾ ਤੇ ਉਹ ਜਿਸਮਾਂ ਦੇ ਰਣ ਸਰ ਕਰਨ ਨੂੰ ਜੀਵਨ ਦਾ ਮਨੋਰਥ ਥਾਪ ਲੈਂਦਾ ਹੈ। ਇਸ ਦੌਰਾਨ ਬੱਚੇ ਹੋ ਜਾਂਦੇ ਹਨ। ਬੱਚਿਆਂ ਦੇ ਭਵਿੱਖ ਲਈ ਨਵੀਂ ਜੱਦੋ-ਜਹਿਦ ਸ਼ੁਰੂ ਹੁੰਦੀ ਹੈ। ਸਫ਼ਲਤਾ ਤੇ ਮਾਇਆ ਦਾ ਚਸਕਾ ਨਸ਼ੇ ਵਾਂਗ ਦਿਮਾਗ਼ ਨੂੰ ਚੜ੍ਹ ਜਾਂਦਾ ਹੈ ਤੇ ਮਨੁੱਖ ਆਲੇ-ਦੁਆਲੇ ਦੇ ਸੰਦਰਭ ਵਿਚੋਂ ਆਪਣੇ ਮੁੱਲਾਂ ਦੀ ਤਲਾਸ਼ ਵਿਚ ਉਲਝ ਜਾਂਦਾ ਹੈ। ਇੰਝ ਸ਼ੁਰੂ ਹੁੰਦੀ ਹੈ ਮੁਕਾਬਲੇ ਦੀ ਇਕ ਹੋਰ ਦੌੜ ਜੋ ਮਨੁੱਖ ਨੂੰ ਉਸ ਦੇ ਬੱਚਿਆਂ ਤੇ ਉਸ ਦੀ ਪਤਨੀ ਨਾਲੋਂ ਅਣਜਾਣੇ ਹੀ ਦੂਰੀ ‘ਤੇ ਖੜ੍ਹਿਆਂ ਕਰ ਦਿੰਦੀ ਹੈ ਤੇ ਪਹਿਲ ਸਦਾ ਕਿੱਤਾਕਾਰੀ ਰੁਝੇਵਿਆਂ ਨੂੰ ਮਿਲਦੀ ਹੈ। ਉਸ ਅੰਦਰਲੇ ਪ੍ਰੇਮੀ ਅਤੇ ਮਰਦ ਦਾ ਵਿਕਾਸ ਰੁਕ ਜਾਂਦਾ ਹੈ। ਉਹ ਆਪਣੀ ਪਤਨੀ, ਉਸ ਅੰਦਰਲੀ ਪ੍ਰੇਮਿਕਾ ਦੇ ਹਾਣ ਦਾ ਨਹੀਂ ਰਹਿੰਦਾ।”
“ਇਹ ਤੂੰ ਕਿਹੜੇ ਹਾਣ ਦੇ ਚੱਕਰਾਂ ਵਿਚ ਪੈ ਗਈ?”
“ਗੱਲ ਮਾਨਸਿਕ ਹਾਣ ਦੀ ਹੋ ਰਹੀ ਹੈ। ਤੇਰੀ ਤੇ ਤੇਰੀ ਪਤੀ ਦੀ ਹੋ ਰਹੀ ਹੈ। ਤੇਰੇ ਬੱਚਿਆਂ ਦੀ ਹੋ ਰਹੀ ਹੈ।”
“ਇਹ ਕੀ ਪਹੇਲੀਆਂ ਪਾ ਰਹੀ ਹੈਂ? ਠੀਕ, ਠੀਕ ਬੋਲ।”
“ਤੇਰਾ ਤੇ ਤੇਰੀ ਪਤਨੀ ਦਾ ਵਿਆਹ ਹੋਇਆ। ਭਰ ਜਵਾਨੀ ਵਿਚ ਜਿਸਮਾਂ ਦੀ ਭਾਸ਼ਾ ਦੇ ਡੂੰਘੇ ਅਰਥਾਂ ਦੀ ਥਾਹ ਪਾਉਣ ਲਈ ਯਤਨ ਕੁਦਰਤੀ ਗੱਲ ਸੀ। ਜਿਸਮਾਂ ਦੀ ਚੇਤਨਾ ਵਿਚ ਅਚੇਤ ਹੀ ਕਿਧਰੇ ਕੁਲ ਨੂੰ ਤੋਰੀ ਰੱਖਣ ਲਈ ਔਲਾਦ ਦੀ ਇੱਛਾ ਪਨਪਦੀ ਰਹੀ। ਤੇਰੇ ਬੱਚੇ ਹੋ ਗਏ। ਤੇਰੀ ਪਤਨੀ ਪੱਕੇ ਤੌਰ ਉਤੇ ਬੱਚਿਆਂ ਦੇ ਨਾਲ ਬੱਝ ਗਈ। ਤੂੰ ਬੱਚਿਆਂ ਦਾ ਦੁਜੈਲਾ ਜਾਂ ਘਟੀਆ ਬਦਲ ਬਣਦਾ ਗਿਆ ਉਸ ਲਈ ਪਰ ਤੇਰੇ ਲਈ ਉਸ ਅੰਦਰਲੀ ਪ੍ਰੇਮਿਕਾ ਤੇ ਔਰਤ ਵਿਕਾਸ ਦੀ ਬਹੁਮੁਖੀ ਗਤੀ ਨਾਲੋਂ ਟੁੱਟ ਕੇ ਸਦਾ ਲਈ ਰੁਕ ਗਈ। ਉਹ ਕੇਵਲ ਮਾਂ ਬਣ ਕੇ ਰਹਿ ਗਈ। ਉਮਰ ਦੇ ਬੀਤਣ ਨਾਲ ਤੂੰ ਇਸ ਦੇ ਹਰ ਪੜਾਅ ਅਨੁਸਾਰ ਉਸ ਅੰਦਰ ਵਧ-ਵਿਗਸ ਰਹੀ ਨਵੀਂ ਔਰਤ ਦੇ ਦੀਦਾਰ ਕਰਨੇ ਚਾਹੁੰਦਾ ਸੈਂ, ਪਰ ਇੰਝ ਨਾ ਹੋ ਸਕਿਆ। ਤੂੰ ਭਰੇ-ਭਕੁੰਨੇ ਘਰ ਵਿਚ ਲਗਾਤਾਰ ਇਕੱਲਾ ਹੁੰਦਾ ਚਲੇ ਗਿਆ। ਤੇਰੀ ਪੀੜ ਦੇ ਸੰਤਾਪ ਦਾ ਸਹਿਣ ਨਾ ਕਰਦੀ ਹੋਈ ਤੇਰੀ ਪਤਨੀ ਬੱਚਿਆਂ ਨੂੰ ਨਾਲ ਲੈ ਕੇ ਕੁਝ ਸਮੇਂ ਲਈ ਵਾਪਸ ਤੇਰੇ ਦੇਸ਼ ਚਲੇ ਗਈ; ਕਿਉਂਕਿ ਉਸ ਦਾ ਵਿਸ਼ਵਾਸ ਹੈ ਕਿ ਸਮਾਂ ਸਭ ਤੋਂ ਵੱਡਾ ਵੈਦ ਹੈ ਤੇ ਜੁਦਾਈ ਸ਼ਾਇਦ ਨਵੇਂ ਸੰਦਰਭਾਂ ਅਤੇ ਨਵੀਆਂ ਕੀਮਤਾਂ ਨੂੰ ਸਮਝਣ ਵਿਚ ਸਹਾਈ ਹੋਵੇ।”
ਉਹ ਕੁਝ ਦੇਰ ਲਈ ਰੁਕੀ ਜਿਵੇਂ ਉਸ ਦੀ ਚੁੱਪ ਨੂੰ ਸਹਿਮਤੀ ਦੇ ਹੁੰਗਾਰੇ ਦੀ ਪ੍ਰੋੜ੍ਹਤਾ ਦੇ ਰੂਪ ਵਿਚ ਵੇਖਣਾ-ਸੁਣਨਾ ਤੇ ਸਮਝਣਾ ਜ਼ਰੂਰੀ ਹੋਵੇ, ਸ਼ਮਿੰਦਰ ਨੂੰ ਆਸ ਨਹੀਂ ਸੀ ਕਿ ਉਸ ਨੇ ਉਸ ਬਾਰੇ ਇੰਨੀ ਖੋਜ ਕਰ ਰੱਖੀ ਹੈ ਤੇ ਇਹ ਖੋਜ ਅਚਨਚੇਤ ਉਸ ਉਤੇ ਟੈਲੀਫੋਨ ਦੀ ਗੱਲਬਾਤ ‘ਚੋਂ ਅਚੰਭਾ ਬਣ ਕੇ ਬਰਸੇਗੀ। ਜੈਕੀ ਨੇ ਆਪਣੀ ਗੱਲ ਮੁੜ ਜਾਰੀ ਕੀਤੀ:
“ਮੈਂ ਤੈਨੂੰ ਅਕਸਰ ਉਲਝਿਆ ਹੋਇਆ ਕਹਿੰਦੀ ਸਾਂ। ਮਨ ਅਤੇ ਤਨ ਵਿਚ ਪਾਟਿਆ ਹੋਇਆ ਸਮਝਦੀ ਸਾਂ। ਤੇਰੀਆਂ ਗੱਲਾਂ ਦੀ ਧੁੱਪ ਅਕਸਰ ਧੁੰਦ ਵਿਚ ਘਿਰ ਜਾਂਦੀ ਸੀ ਤਾਂ ਮੈਂ ਹੈਰਾਨ ਹੁੰਦੀ ਸਾਂ ਕਿ ਤੈਨੂੰ ਹੋ ਕੀ ਗਿਆ ਹੈ? ਤੂੰ ਸੂਰਜਾਂ ਨੂੰ ਸੀਨੇ ਵਿਚ ਛੁਪਾਈ ਨ੍ਹੇਰੇ ਵਿਚ ਠੇਢੇ ਖਾ ਰਿਹਾ ਸੈਂ। ਤੂੰ ਮਨ ਅਤੇ ਤਨ ਦੇ ਹਾਣ-ਹਾਣੀਆਂ ਦੇ ਸਾਥਾਂ ਦੀਆਂ ਗੱਲਾਂ ਕਰਦਾ ਸੈਂ, ਤੇ ਮੇਰੇ ਜਿਸਮ ਦੇ ਨਗਨ ਅੰਗਾਂ ਨੂੰ ਲਾਲਸਾ ਭਰੀਆਂ ਨਜ਼ਰਾਂ ਨਾਲ ਘੂਰਦਾ ਇਨ੍ਹਾਂ ਤੋਂ ਪਾਰ ਚਲੇ ਜਾਂਦਾ ਸੈਂ। ਨਿਰਲੇਪ ਹੋ ਜਾਂਦਾ ਸੈਂ। ਹੁਣ ਮੈਨੂੰ ਤੇਰੀ ਪੂਰੀ-ਪੂਰੀ ਸਮਝ ਪੈ ਰਹੀ ਹੈ। ਜਾਪਦਾ ਹੈ ਤੇਰੀਆਂ ਧੁੱਪਾਂ ਛਾਵਾਂ ਦਾ ਮੌਸਮ ਅਜੇ ਮੇਰੀ ਚੇਤਨਾ ਨੂੰ ਆਪਣੇ ਹਾਣ ਦਾ ਬਣਨ ਦੀ ਚੁਣੌਤੀ ਦੇ ਰਿਹਾ ਹੋਵੇ।”
“ਬੱਸ ਕਰੋ ਮਹਾਰਾਜ! ਭਾਸ਼ਨ ਬਹੁਤ ਹੋ ਗਿਆ। ਇਹ ਦੱਸ ਕਿ ਸਾਡੇ ਦੇਸ਼ ਸਾਨੂੰ ਆਪਣੇ ਹਾਣ ਵਿਚ ਕਰਨ ਹੁਣ ਕਦੋਂ ਆਉਣਾ ਹੈ?”
“ਮੈਂ ਤੇਰੇ ਨਹੀਂ, ਆਪਣੇ ਦੇਸੋਂ ਹੀ ਬੋਲ ਰਹੀ ਹਾਂ। ਏਅਰ ਪੋਰਟ ਤੋਂ ਸਿੱਧੀ ਹਾਟ ਸਪਰਿੰਗਜ਼ ਰੀਜ਼ੋਰਟ ਪਹੁੰਚੀ ਹਾਂ। ਇਥੇ ਕੁਦਰਤੀ ਚਸ਼ਮੇ ਦੇ ਗਰਮ ਪਾਣੀ ਦਾ ਤਰਨ-ਤਲਾਬ ਵੀ ਹੈ ਤੇ ਵਰਲਪੂਲ ਵੀ। ਸਾਊਨਾ ਵੀ ਹੈ ਤੇ ਕਸਰਤੀ ਸਾਮਾਨ ਵੀ। ਬਿਲਕੁਲ ਉਹ ਹੀ ਮਾਹੌਲ ਜਿਸ ਮਾਹੌਲ ਵਿਚ ਅਸੀਂ ਪਹਿਲਾਂ ਪਹਿਲ ਮਿਲੇ ਸਾਂ, ਮਿਲ ਕੇ ਇਕ ਦੂਜੇ ਵਿਚ ਪਰਵਾਨ ਚੜ੍ਹੇ ਸਾਂ। ਤੇਰੇ ਸ਼ਹਿਰੋਂ 152 ਮੀਲ ‘ਤੇ ਹੈ ਇਹ ਹੋਟਲ, ਇਹ ਰੀਜ਼ੋਰਟ। ਹੁਣੇ-ਹੁਣੇ ਬਣਿਆ ਤੇ ਸ਼ੁਰੂ ਹੋਇਆ ਹੈ। ਮੈਂ ਸੋਚਿਆ ਕਿ ਪੁਰਾਣੀਆਂ ਯਾਦਾਂ ਨੂੰ ਨਵੇਂ ਸੰਦਰਭ ਵਿਚ ਭੋਗਿਆ ਤੇ ਜੀਵਿਆ ਜਾਵੇ ਤਾਂ ਹੀ ਮਜ਼ਾ ਆਵੇਗਾ। ਮੈਂ ਕਮਰਾ ਨੰਬਰ ਤੇਰਾਂ ਵਿਚ ਠਹਿਰੀ ਹਾਂ। ਆ ਜਾ, ਤੇਰਾ ਹੀ ਇੰਤਜ਼ਾਰ ਹੈ। ਪੱਛਮ ਵਿਚ 13 ਨੰਬਰ ਨੂੰ ਲੋਕੀਂ ਨਹਿਸ਼ ਸਮਝਦੇ ਹਨ ਤੇ ਕਈਆਂ ਹੋਟਲਾਂ ਵਿਚ ਤੇਰਾ ਨੰਬਰ ਦਾ ਕਮਰਾ ਹੀ ਨਹੀਂ ਹੁੰਦਾ। ਮੈਂ ਚਾਹੁੰਦੀ ਹਾਂ ਕਿ ਤੇਰੇ ਸੰਗ-ਸਾਥ ਤੇ ਸ਼ਗਨ ਨਾਲ ਇਸ ਨੰਬਰ ਦੇ ਨਹਿਸ਼ਪੁਣੇ ਨੂੰ ਸਦਾ-ਸਦਾ ਲਈ ਧੋ ਦੋਵਾਂ।”
ਆਖ ਕੇ ਉਸ ਨੇ ਫੋਨ ਰੱਖ ਦਿੱਤਾ। ਉਸ ਨੂੰ ਪੂਰਾ ਭਰੋਸਾ ਸੀ ਕਿ ਸ਼ਮਿੰਦਰ ਉਸ ਕੋਲ ਜ਼ਰੂਰ ਪਹੁੰਚੇਗਾ। ਜੈਕੀ ਹਲਕੇ ਪਿਆਜ਼ੀ ਰੰਗ ਦੇ ਨਾਈਟ ਗਾਊਨ ਵਿਚ ਆਪਣੇ ਬਿਸਤਰ ਵਿਚ ਲੇਟੀ ਹੋਈ ਸੀ। ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਕਮਰੇ ਦੇ ਫਰਨੀਚਰ, ਪਰਦਿਆਂ ਤੇ ਪਲੰਘਾਂ ਦੀ ਚਾਦਰ ਆਦਿ ਸਭ ਦੀ ਕਲਰ ਸਕੀਮ ਹਲਕੇ ਪਿਆਜ਼ੀ ਰੰਗ ਦੀ ਹੀ ਸੀ। ਕੀ ਇਹ ਕੁਦਰਤੀ ਹੀ ਇੰਝ ਹੋਇਆ ਸੀ ਜਾਂ ਜੈਕੀ ਦੇ ਆਦੇਸ਼ ਉਤੇ ਇੰਝ ਕੀਤਾ ਗਿਆ ਸੀ? ਸ਼ਮਿੰਦਰ ਸੋਚ ਰਿਹਾ ਸੀ। ਜੈਕੀ ਨੂੰ ਪਤਾ ਸੀ ਕਿ ਸ਼ਮਿੰਦਰ ਦੀ ਸੱਭਿਅਤਾ ਵਿਚ ਪਿਆਜ਼ੀ ਰੰਗ ਨੂੰ ਸ਼ਗਨਾਂ ਦਾ ਰੰਗ ਸਮਝਿਆ ਜਾਂਦਾ ਹੈ।
ਸ਼ਮਿੰਦਰ ਨੂੰ ਆਪਣੇ ਉਪਰ ਝੁਕਿਆ ਮਹਿਸੂਸ ਕਰ ਕੇ ਉਸ ਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ। ਕਿਸੇ ਨਸ਼ੇ ਜਿਹੇ ਵਿਚ ਉਨ੍ਹਾਂ ਵਿਚ ਹਲਕੀ ਪਿਆਜ਼ੀ ਭਾ ਦੀ ਝਲਕ ਵਿਖਾਈ ਦੇ ਰਹੀ ਸੀ।
ਉਸ ਦੇ ਬੁੱਲ੍ਹ ਕੰਬੇ ਤੇ ਉਸ ਦੀਆਂ ਬਾਹਾਂ ਵਿਚ ਹਰਕਤ ਹੋਈ। ਸ਼ਮਿੰਦਰ ਦਾ ਸਗਲਾ ਵਜੂਦ ਉਸ ਦੇ ਆਲਿੰਗਨ ਤੇ ਉਸ ਦਾ ਭਖਦਾ ਮੱਥਾ ਉਸ ਦੇ ਤਪਦੇ ਹੋਏ ਹੋਠਾਂ ਦੇ ਚੁੰਮਣ ਹੇਠ ਸੀ। ਸ਼ਮਿੰਦਰ ਦੇ ਹੋਠਾਂ ‘ਤੇ ਉਂਗਲੀ ਰੱਖਦਿਆਂ ਉਸ ਨੇ ਚੁਪਕੇ ਜਿਹੇ ਉਸ ਨੂੰ ਆਪਣੇ ਨਾਲ ਲੇਟ ਜਾਣ ਦਾ ਆਦੇਸ਼ ਦਿੱਤਾ। ਇਹ ਸਭ ਕੁਝ ਚੁੱਪ-ਚਾਪ ਉਸ ਦੀਆਂ ਨਜ਼ਰਾਂ ਆਖ ਗਈਆਂ ਸਨ। ਨਾਲ-ਨਾਲ ਪਏ ਉਹ ਦੋਵੇਂ ਛੱਤ ਵੱਲ ਘੂਰ ਰਹੇ ਸਨ ਕਿ ਉਸ ਦੇ ਬੋਲ ਇਸ ਸੁਫ਼ਨਮਈ ਅਵਸਥਾ ਵਿਚੋਂ ਭਖਦੀ ਹੋਈ ਚੇਤਨਾ ਬਣ ਕੇ ਗੂੰਜੇ।
“ਮੇਰੇ ਮਰਦ ਨੂੰ ਮੇਰੇ ਜਿਸਮ ਦੀ ਲੋੜ ਨਹੀਂ ਰਹੀ ਹੁਣ। ਮੇਰੇ ਮਾਨਸਿਕ ਹਾਣ ਤੋਂ ਜਿਉਂ-ਜਿਉਂ ਉਹ ਪਛੜਦਾ ਗਿਆ, ਤਿਉਂ-ਤਿਉਂ ਇਹ ਝੋਰਾ ਗੰਢਾਂ ਬਣ ਕੇ ਉਸ ਦੇ ਜਿਸਮ ਵਿਚ ਲੱਥਦਾ ਗਿਆ। ਉਸ ਨੂੰ ਸਿਰਫ਼ ਬੱਚਿਆਂ ਦੇ ਭਵਿੱਖ ਦੀ ਚਿੰਤਾ ਤੇ ਮਾਇਆ ਦੀ ਸ਼ਕਤੀ ਦੇ ਖੁੱਸ ਜਾਣ ਦਾ ਭੈਅ ਹੈ। ਨਿਰੰਤਰ ਭੈਅ ਦੀ ਇਸ ਅਵਸਥਾ ਹੇਠ ਉਸ ਦੀ ਮਰਦਾਨਗੀ ਉਸ ਕੋਲੋਂ ਖੁੱਸ ਗਈ ਹੈ।”
ਉਹ ਸਾਹ ਲੈਣ ਲਈ ਰੁਕੀ। ਸ਼ਮਿੰਦਰ ਦੇ ਚਿਹਰੇ ਨੂੰ ਆਪਣੇ ਹੱਥਾਂ ਨਾਲ ਪੋਲੇ ਜਿਹੇ ਆਪਣੇ ਵੱਲ ਮੋੜਦੀ ਹੋਈ ਉਹ ਬੜੀ ਉਤੇਜਤ ਹੋ ਕੇ ਬੋਲੀ: “ਮੇਰੇ ਲਈ ਤੇਰੀ ਹੋਂਦ, ਤੇਰੀ ਹਾਜ਼ਰੀ ਤੇ ਤੇਰੀ ਪਛਾਣ ਦਾ ਮੱਠਾ-ਮੱਠਾ ਅਹਿਸਾਸ ਹੀ ਕਾਫ਼ੀ ਹੈ ਜੋ ਮਨ ਅੰਦਰ ਫੈਲੇ ਇਕੱਲ ਦੇ ਪਾੜੇ ਨੂੰ ਹਰ ਸਮੇਂ ਭਰੀ ਰੱਖਦਾ ਹੈ। ਮਨ ਤੇ ਤਨ ਦੇ ਪ੍ਰਸੰਗਾਂ ਵਿਚ ਤੂੰ ਅਕਸਰ ਦੁਬਿਧਾ ਵਿਚ ਰਿਹਾ ਹੈਂ। ਮੈਂ ਚਾਹੁੰਦੀ ਹਾਂ ਕਿ ਤੇਰੀ ਇਹ ਦੁਬਿਧਾ ਸਦਾ-ਸਦਾ ਲਈ ਮਿਟ ਜਾਏ, ਇਸ ਲਈ ਜਿਸਮ ਦੀ ਇਹ ਸਾਰੀ ਰਿਆਸਤ ਅੱਜ ਤੋਂ ਮੈਂ ਤੇਰੇ ਨਾਮ ਕਰ ਦਿੱਤੀ ਹੈ। ਉਂਝ ਤੇਰੇ ਮਾਨਸਿਕ ਹਾਣ ਦੇ ਸਾਥ ਤੋਂ ਬਿਨਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਉਮਰ ਦੇ ਹਰ ਪੜਾਅ ਨਾਲ ਨਿਰੰਤਰ ਵਿਗਸ ਰਿਹਾ ਇਕ ਐਸੇ ਮਾਨਸਿਕ ਹਾਣ ਦਾ ਸਾਥ ਜੋ ਮਨੁੱਖ ਅੰਦਰਲੇ ਪ੍ਰੇਮੀ ਅਤੇ ਔਰਤ ਅੰਦਰਲੀ ਪ੍ਰੇਮਿਕਾ ਨੂੰ, ਜ਼ਿੰਦਗੀ ਦੇ ਹਰ ਪੜਾਅ ‘ਤੇ, ਆਖ਼ਰੀ ਸਾਹਾਂ ਤੱਕ ਜਗਾਈ ਰੱਖੇ। ਸ਼ੌਕ ਤੇ ਦਿਲਚਸਪੀਆਂ ਦੀ ਸਾਂਝ ਬਣਾਈ ਰੱਖੇ। ਇਕ ਦੂਜੇ ਨੂੰ, ਇਕ ਦੂਜੇ ਵਿਚ ਜਗਾਈ ਰੱਖੇ, ਸਮਾਈ ਰੱਖੇ। ਬੋਲ, ਦੇ ਸਕੇਂਗਾ ਐਸਾ ਸਾਥ ਤੂੰ, ਮੈਨੂੰ???”
ਉਸ ਦੀਆਂ ਪਾਰਦਰਸ਼ੀ ਨਜ਼ਰਾਂ ਸ਼ਮਿੰਦਰ ਉਤੇ ਟਿਕੀਆਂ ਹੋਈਆਂ ਵੀ ਉਸ ਤੋਂ ਬਹੁਤ ਦੂਰ, ਉਸ ਤੋਂ ਪਾਰ ਵੇਖ ਰਹੀਆਂ ਸਨ। ਉਸ ਦੇ ਹੋਂਠ ਹਿੱਲ ਰਹੇ ਸਨ ਤੇ ਉਨ੍ਹਾਂ ‘ਚੋਂ ਮੌਨ ਭਾਸ਼ਾ ਝਰ ਰਹੀ ਸੀ ਜਿਸ ਦੇ ਅਰਥਾਂ ਦੀ ਪਛਾਣ ਕੇਵਲ ਸ਼ਮਿੰਦਰ ਹੀ ਕਰ ਸਕਦਾ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)